ਸ਼੍ਰੀ ਗੁਰੂ ਹਰਿ ਰਾਇ ਜੀ ਦਾ ਜਨਮ 13 ਮਾਘ, ਸੰਮਤ 1686 ਬਿ. ਮੁਤਾਬਕ 30 ਜਨਵਰੀ, 1630 ਈ. ਨੂੰ ਹੋਇਆ ਸੀ । ਆਪ ਜੀ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਜੀ ਸੀ ਜੋ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ ਸਨ । ਆਪ ਜੀ ਦੀ ਮਾਤਾ ਦਾ ਨਾਂ ਨਿਹਾਲ ਕੌਰ ਜੀ ਸੀ । ਇਨ੍ਹਾਂ ਨੂੰ ਕਰਮਭਰੀ ਜਾਂ ਬਸੀ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਸੀ । ਬਾਬਾ ਗੁਰਦਿੱਤਾ ਜੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ-ਕਾਲ ਦੌਰਾਨ ਹੀ ਸਵਰਗ ਸਿਧਾਰ ਗਏ ਸਨ । ਬਾਬਾ ਗੁਰਦਿੱਤਾ ਜੀ ਦੇ ਦੋ ਸਪੁੱਤਰ ਸਨ, ਵੱਡੇ ਧੀਰ ਮੱਲ ਜੀ ਅਤੇ ਛੋਟੇ ਹਰਿ ਰਾਇ ਜੀ । ਧੀਰ ਮੱਲ ਗੁਰਗੱਦੀ ਦਾ ਵਾਰਸ ਬਣਨ ਦੇ ਯੋਗ ਨਹੀਂ ਸੀ । ਇਸ ਕਰਕੇ ਛੇਵੇਂ ਪਾਤਸ਼ਾਹ ਨੇ ਸੱਤਵਾਂ ਉੱਤਰਅਧਿਕਾਰੀ ਹਰਿ ਰਾਇ ਜੀ ਨੂੰ ਥਾਪਿਆ । ਆਪ ਉਸ ਸਮੇਂ 14 ਸਾਲ ਦੀ ਉਮਰ ਦੇ ਬਾਲ ਸਨ ।
ਗੁਰੂ ਹਰਿ ਰਾਇ ਜੀ ਦਾ ਵਿਆਹ ਤਕਰੀਬਨ 10 ਸਾਲ ਦੀ ਉਮਰ ਸਮੇਂ 1640 ਈ. ਵਿਚ ਅਨੂਪ ਨਗਰ, ਜ਼ਿਲ੍ਹਾ ਬੁਲੰਦ ਸ਼ਹਿਰ, ਉੱਤਰ ਪਰਦੇਸ਼ ਦੇ ਦਿਆ ਰਾਮ ਸਿੱਲੀ ਖੱਤਰੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ । ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖੋਂ ਰਾਮ ਰਾਇ, ਇਕ ਲੜਕੀ ਅਤੇ ਹਰਿ ਕਰਿਸ਼ਨ ਜੀ ਪੈਦਾ ਹੋਏ ਸਨ । ਮਾਤਾ ਸੁਲੱਖਣੀ ਜੀ ਨੂੰ ਕੋਟ ਕਲਿਆਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ । ਗੁਰੂ ਹਰਿ ਰਾਇ ਜੀ ਦੇ ਵਿਆਹ ਦੇ ਮੁਤੱਲਕ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ ਜੋ ਕੁਝ ਵੀ ਲਿਖਿਆ ਗਿਆ ਹੈ ਉਹ ਨਾ ਹੀ ਭਰੋਸੇਯੋਗ ਹੈ ਅਤੇ ਨਾ ਹੀ ਮੰਨਣਯੋਗ । ਸਿਰਫ ਗੁਰੂ ਕੀਆਂ ਸਾਖੀਆਂ ਵਿਚਲਾ ਬਿਰਤਾਂਤ ਹੀ ਮੰਨਣਯੋਗ ਅਤੇ ਤਰਕਸੰਗਤ ਹੈ।
ਬਾਬਾ ਗੁਰਦਿੱਤਾ ਜੀ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸਨ ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਦਾ ਅਗਲਾ ਉੱਤਰਅਧਿਕਾਰੀ ਬਾਬਾ ਗੁਰਦਿੱਤਾ ਜੀ ਨੂੰ ਹੀ ਮੰਨਿਆ ਜਾਂਦਾ ਸੀ । ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸਿਰੀ ਚੰਦ ਜੀ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦਾ ਵਾਰਸ ਬਣਨ ਦੇ ਯੋਗ ਨਹੀਂ ਸੀ ਮੰਨੇ ਗਏ, ਹੁਣ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ, ਆਪਣੇ ਚੇਲਿਆਂ ਤੋਂ ਅਤੇ ਆਪਣੇ ਵੱਖਰੇ ਮਾਰਗ ਤੋਂ ਨਿਰਾਸ਼ ਹੋ ਕੇ ਸਿੱਖ ਧਰਮ ਦੀ ਮੁੱਖ-ਧਾਰਾ ਵਿਚ ਸ਼ਾਮਲ ਹੋ ਗਏ ਸਨ । ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਦੇ ਵੱਡੇ ਥਾਂ ‘ਤੇ ਹੋਣ ਦਾ ਸਤਿਕਾਰ ਕਰਦਿਆਂ, ਉਨ੍ਹਾਂ ਨੂੰ ਸਤਿਕਾਰਯੋਗ ਥਾਂ ਦਿੱਤਾ ਅਤੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ । ਬਾਬਾ ਸਿਰੀ ਚੰਦ ਜੀ ਨੇ ਵੀ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਵਾਰਿਸ ਮੰਨ ਲਿਆ । ਇਉਂ ਬਾਬਾ ਗੁਰਦਿੱਤਾ ਜੀ ਦੇ ਰੂਪ ਵਿਚ ਸਿੱਖ ਧਰਮ ਦੀ ਸੱਤਵੀਂ ਪਾਤਸ਼ਾਹੀ ਅਤੇ ਬਾਬਾ ਸਿਰੀ ਚੰਦ ਜੀ ਦੀ ਉਦਾਸੀ ਸੰਪਰਦਾ ਦਾ ਅਗਲਾ ਵਾਰਿਸ ਦੇਖਿਆ ਗਿਆ ਸੀ । ਬਾਬਾ ਸਿਰੀ ਚੰਦ ਜੀ ਦਾ ਵਾਰਸ ਹੋਣ ਕਰਕੇ ਗੁਰਦਿੱਤਾ ਜੀ ਨੂੰ ਬਾਬੇ ਕਾ ਕਿਹਾ ਜਾਣ ਲੱਗ ਪਿਆ ਸੀ । ਇਸ ਤਰ੍ਹਾਂ ਉਨ੍ਹਾਂ ਦੇ ਨਾਂ ਨਾਲ ‘ਬਾਬਾ’ ਸ਼ਬਦ ਦਾ ਵਿਸ਼ੇਸ਼ਣ ਜੁੜ ਗਿਆ ਸੀ । ਪਰ ਬਾਬਾ ਗੁਰਦਿੱਤਾ ਜੀ ਛੇਤੀ ਹੀ ਸਵਰਗਵਾਸ ਹੋ ਗਏ ਸਨ। ਇਸ ਤਰ੍ਹਾਂ ਉਨ੍ਹਾਂ ਦੇ ਅਕਾਲ ਚਲਾਣੇ ਕਾਰਣ ਗੁਰੂ ਹਰਿਗੋਬਿੰਦ ਸਾਹਿਬ ਅਤੇ ਬਾਬਾ ਸਿਰੀ ਚੰਦ ਜੀ ਦੀ ਸੰਯੁਕਤ ਭਾਵਨਾ ਪੂਰੀ ਨਹੀਂ ਹੋ ਸਕੀ । ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ : ਧੀਰ ਮੱਲ ਅਤੇ ਹਰਿ ਰਾਇ ਜੀ। ਕਿਉਂਕਿ ਵਾਰਿਸ ਬਾਬਾ ਗੁਰਦਿੱਤਾ ਜੀ ਦੀ ਅੰਸ਼ ਵਿਚੋਂ ਹੀ ਚੁਣਿਆ ਜਾਣਾ ਸੀ । ਧੀਰ ਮੱਲ ਜੀ ਕੁਝ ਕਾਰਣਾਂ ਕਰਕੇ ਗੁਰਗੱਦੀ ਦੇ ਸੱਤਵੇਂ ਵਾਰਿਸ ਬਣਨ ਦੇ ਯੋਗ ਨਹੀਂ ਸਨ ਮੰਨੇ ਗਏ ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਆਪਣਾ ਅਗਲਾ ਵਾਰਿਸ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਹਰਿ ਰਾਇ ਜੀ ਨੂੰ ਥਾਪਿਆ ਗਿਆ। ਗੁਰੂ ਹਰਿਗੋਬਿੰਦ ਸਾਹਿਬ 1944 ਵਿਚ ਜੋਤੀ-ਜੋਤ ਸਮਾ ਗਏ ਸਨ ਅਤੇ ਇਸ ਸਮੇਂ ਹਰਿ ਰਾਇ ਜੀ 14 ਕੁ ਸਾਲ ਦੀ ਉਮਰ ਦੇ ਬਾਲ ਸਨ । ਇਸ ਤਰ੍ਹਾਂ ਉਹ ਛੋਟੀ ਉਮਰ ਵਿਚ ਹੀ ਆਪਣੇ ਦਾਦਾ ਗੁਰੂ ਜੀ ਦੇ ਸੱਤਵੇਂ ਉੱਤਰਅਧਿਕਾਰੀ ਬਣੇ।
ਗੁਰੂ ਹਰਿ ਰਾਇ ਜੀ ਵੱਲੋਂ ਗੁਰਿਆਈ ਧਾਰਨ ਕਰਨ ਦਾ ਸਮਾਂ ਭਾਵੇਂ ਸ਼ਾਂਤੀ ਵਾਲਾ ਸੀ ਅਤੇ ਮੁਗ਼ਲ ਹਕੂਮਤ ਵੀ ਸਿੱਖ ਧਰਮ ਪਰੱਤੀ ਕੋਈ ਬੁਰਿਆਈ ਨਹੀਂ ਰੱਖ ਰਹੀ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਭਾਵ ਇਕ ਸੂਰਮੇ ਅਤੇ ਸ਼ਕਤੀਸ਼ਾਲੀ ਗੁਰੂ ਦੇ ਤੌਰ ‘ਤੇ ਪਿਆ ਹੋਇਆ ਸੀ । ਗੁਰੂ ਹਰਿ ਰਾਇ ਜੀ ਉਨ੍ਹਾਂ ਦੇ ਪਰਭਾਵ ਤੋਂ ਬਿਲਕੁੱਲ ਅਲੱਗ ਇਕ ਬਹੁਤ ਹੀ ਸਾਊ ਸੁਭਾਅ ਵਾਲੇ ਬਾਲ ਸਨ । ਇਸ ਲਈ ਸਿੱਖ ਧਰਮ ਦੇ ਇਸ ਫੈਸਲਾਕੁਨ ਦੌਰ ਨੂੰ ਅਤੀ ਸੰਭਾਲ ਕੇ ਰੱਖਣ ਦੀ ਲੋੜ ਸੀ। ਕੀਰਤਪੁਰ ਸਾਹਿਬ ਇਕ ਐਸੇ ਥਾਂ ‘ਤੇ ਸਥਿਤ ਸੀ ਜਿੱਥੇ ਤਿੰਨ ਰਿਆਸਤਾਂ ਦੀਆਂ ਹੱਦਾਂ ਲੱਗਦੀਆਂ ਸਨ। ਪਹਿਲੀ ਕਹਿਲੂਰ ਦੀ, ਦੂਜੀ ਹਿੰਡਰ ਜਾਂ ਨਾਲਾਗੜ੍ਹ ਦੀ ਅਤੇ ਤੀਜੀ ਮੁਗ਼ਲ ਹਕੂਮਤ ਦੀ। ਗੁਰੂ ਹਰਿਗੋਬਿੰਦ ਸਾਹਿਬ ਤਿੰਨਾਂ ਧਿਰਾਂ ਵਿਚਕਾਰ ਇਕ ਨਿਰਪੱਖ ਧਿਰ ਦੇ ਤੌਰ ‘ਤੇ ਵਿਚਰਦੇ ਰਹੇ ਸਨ । ਗੁਰੂ ਹਰਿ ਰਾਇ ਜੀ ਨੂੰ ਵੀ ਇਹੀ ਨੀਤੀ ਅਪਣਾਉਣੀ ਪੈਣੀ ਸੀ । ਭਾਵੇਂ ਆਪ ਜੀ ਦੇ ਸਮੇਂ ਕੋਈ ਐਸੀ ਘਟਨਾ ਨਹੀਂ ਵਾਪਰੀ ਪਰ ਆਪ ਹਮੇਸ਼ਾਂ ਹੀ ਸ਼ਾਂਤਮਈ ਅਤੇ ਨਿਰਪੱਖ ਧਿਰ ਵਾਲਾ ਰੋਲ ਹੀ ਅਦਾ ਕਰਦੇ ਰਹੇ ਸਨ।
ਗੁਰੂ ਹਰਿ ਰਾਇ ਜੀ ਦਾ ਸਮਾਂ ਬਾਦਸ਼ਾਹ ਸ਼ਾਹ ਜਹਾਨ ਦਾ ਸਮਾਂ ਸੀ । ਸ਼ਾਹ ਜਹਾਨ ਪਹਿਲਾਂ ਪਹਿਲਾਂ ਤਾਂ ਭਾਵੇਂ ਗੁਰੂ ਘਰ ਪਰਤੀ ਚੰਗਾ ਰਵੱਈਆ ਨਹੀਂ ਸੀ ਰੱਖਦਾ ਪਰ ਕੁਝ ਸਾਲਾਂ ਦੀ ਕਸ਼ਮਕਸ਼ੀ ਬਾਅਦ ਪੰਜਾਬ ਵਿਚ ਸ਼ਾਂਤੀ ਹੋ ਗਈ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਆ ਕੇ ਰਹਿਣ ਲੱਗ ਪਏ ਸਨ। ਇਸ ਪਿੱਛੋਂ ਪੰਜਾਬ ਵਿਚ ਗੁਰੂ ਸਾਹਿਬ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਸੀ ਆਈ। ਇਸ ਸ਼ਾਂਤੀ ਦੇ ਸਮੇਂ ਵਿਚ ਗੁਰੂ ਹਰਿ ਰਾਇ ਜੀ ਨੇ ਸਿੱਖ ਧਰਮ ਦੇ ਪਰਚਾਰ ਨੂੰ ਜੱਥੇਬੰਦ ਕੀਤਾ । ਬਾਬਾ ਸਿਰੀ ਚੰਦ ਜੀ ਦੇ ਉਦਾਸੀ ਸੰਤ ਸਿੱਖ ਧਰਮ ਵਿਚ ਸ਼ਾਮਲ ਹੋ ਚੁੱਕੇ ਸਨ। ਇਨ੍ਹਾਂ ਨੂੰ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਪਰਚਾਰਕ ਬਣਾ ਕੇ ਪੰਜਾਬ ਤੋਂ ਬਾਹਰਲੇ ਇਲਾਕਿਆਂ ਵਿਚ ਭੇਜਿਆ ਸੀ। ਹੁਣ ਗੁਰੂ ਹਰਿ ਰਾਇ ਜੀ ਨੇ ਵੀ ਕੁਝ ਉਦਾਸੀ ਸੰਤਾਂ ਨੂੰ ਪਰਚਾਰਕ ਥਾਪ ਕੇ ਬਾਹਰ ਭੇਜਿਆ ਸੀ । ਗੁਰੂ ਸਾਹਿਬ ਖੁਦ ਵੀ ਕੀਰਤਪੁਰ ਸਾਹਿਬ ਤੋਂ ਬਾਹਰ ਪੰਜਾਬ ਦੀਆਂ ਅਲੱਗ ਅਲੱਗ ਥਾਵਾਂ ‘ਤੇ ਧਰਮ ਪਰਚਾਰ ਲਈ ਗਏ ਸਨ।
ਗੁਰੂ ਹਰਿ ਰਾਇ ਜੀ ਦਾ ਪਹਿਲਾ ਦੌਰਾ ਤਕਰੀਬਨ 1651 ਈ. ਦੇ ਸਾਲ ਵਿਚ ਕੀਤਾ ਗਿਆ ਸੀ। ਕੀਰਤਪੁਰ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ। ਇੱਥੇ 1634-35 ਈ. ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਨਹੀਂ ਆ ਸਕੇ ਸਨ। ਇਸ ਕਰਕੇ ਅੰਮ੍ਰਿਤਸਰ ਦੇ ਧਾਰਮਕ ਅਸਥਾਨਾਂ ਦਾ ਪਰਬੰਧ ਪਿਰਥੀ ਚੰਦ ਦੀ ਔਲਾਦ ਨੇ ਸੰਭਾਲ ਲਿਆ ਸੀ। ਗੁਰੂ ਜੀ ਨੇ ਇੱਥੇ ਪਹੁੰਚ ਕੇ ਸਿਰੀ ਦਰਬਾਰ ਸਾਹਿਬ ਅਤੇ ਸਿਰੀ ਅਕਾਲ ਤਖਤ ਸਾਹਿਬ ਜੀ ਦਾ ਪਰਬੰਧ ਕਰਨ ਲਈ ਨਵੇਂ ਸੇਵਾਦਾਰ ਨਿਯੁਕਤ ਕੀਤੇ । ਇੱਥੋਂ ਚੱਲ ਕੇ ਗੁਰੂ ਸਾਹਿਬ ਗੋਇੰਦਵਾਲ ਸਾਹਿਬ ਪਹੁੰਚੇ। ਉੱਥੇ ਬਾਉਲੀ ਸਾਹਿਬ ਪਹੁੰਚ ਕੇ ਇਸ਼ਨਾਨ-ਪਾਠ ਕੀਤਾ । ਗੁਰੂ ਅਮਰ ਦਾਸ ਜੀ ਦੇ ਚੁਬਾਰੇ ਵਿਖੇ ਜਾ ਕੇ ਨਮਸਕਾਰ ਕੀਤੀ। ਉੱਥੇ ਬੈਠ ਕੇ ਕੀਰਤਨ ਸੁਣਿਆ । ਗੁਰੂ ਅਮਰ ਦਾਸ ਜੀ ਦੇ ਅੰਸ਼ ਦੇ ਸਾਰੇ ਮੈਂਬਰਾਂ ਨੂੰ ਮਿਲੇ ਅਤੇ ਸਭ ਨੇ ਗੁਰੂ ਜੀ ਦਾ ਸਤਿਕਾਰ ਕੀਤਾ । ਇਕ ਦੂਜੇ ਨੂੰ ਸਤਿਕਾਰ ਵਜੋਂ ਧਨ ਬਸਤਰ ਭੇਂਟ ਕੀਤੇ ਗਏ।
ਇੱਥੋਂ ਵਿਦਾਇਗੀ ਲੈ ਕੇ ਗੁਰੂ ਸਾਹਿਬ ਖਡੂਰ ਸਾਹਿਬ ਪਹੁੰਚੇ। ਇੱਥੋਂ ਦੇ ਗੁਰੂ ਅਸਥਾਨਾਂ ਦੀ ਯਥਾਯੋਗ ਸੰਭਾਲ ਕਰਵਾਈ। ਗੁਰੂ ਅੰਗਦ ਦੇਵ ਜੀ ਦੀ ਅੰਸ਼ ਦੇ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਸੁੱਖ-ਦੁੱਖ ਪੁੱਛਿਆ। ਇੱਥੇ ਲੰਗਰ ਚਲਾਉਣ ਦਾ ਹੁਕਮ ਕੀਤਾ। ਗੁਰੂ ਸਾਹਿਬ ਦਾ ਹੁਕਮ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਕਿਉਂਕਿ ਲੰਗਰ ਦੀ ਸੰਸਥਾ ਸਥਾਪਤ ਕੀਤੀ ਸੀ ਇਸ ਲਈ ਉਨ੍ਹਾਂ ਦੇ ਅਸਥਾਨ ‘ਤੇ ਇਸ ਸੰਸਥਾ ਦਾ ਸਦਾ ਚਲਦੇ ਰਹਿਣਾ ਚਾਹੀਂਦਾ ਹੈ । ਗੁਰੂ ਅੰਗਦ ਦੇਵ ਜੀ ਦੇ ਪੁੱਤਰ ਕੁਝ ਸਮਾਂ ਗੁਰੂ-ਘਰ ਦੀ ਵਿਰੋਧਤਾ ਕਰਦੇ ਰਹੇ ਸਨ ਪਰ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਹ ਪਰਿਵਾਰ ਵੀ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਗਿਆ ਸੀ ।’ ਇੱਥੇ ਕੁਝ ਸਮਾਂ ਠਹਿਰਣ ਉਪਰੰਤ ਗੁਰੂ ਹਰਿ ਰਾਇ ਜੀ ਜਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਵੱਡੀ ਲਹਿਲ ਵਿਖੇ ਪਹੁੰਚੇ। ਇਹ ਪਿੰਡ ਹੁਸ਼ਿਆਰਪੁਰ ਤੋਂ ਦੱਖਣ ਵੱਲ 20 ਕਿਲੋਮੀਟਰ ਦੀ ਵਿੱਥ ‘ਤੇ ਸੀ । ਇੱਥੇ ਗੁਰੂ ਜੀ ਦਾ ਵੱਡਾ ਭਰਾ ਧੀਰ ਮੱਲ ਰਹਿੰਦਾ ਸੀ। ਇਹ ਗੁਰੂ-ਘਰ ਤੋਂ ਆਕੀ ਹੋਇਆ ਬੈਠਾ ਸੀ । ਗੁਰੂ ਸਾਹਿਬ ਉਸ ਦੇ ਪਾਸ ਵੱਡੀ ਲਹਿਲ ਗਏ ਸਨ। ਇੱਥੇ ਨੇੜੇ ਹੀ ਹਰੀਆਂ ਵੇਲਾਂ ਵਾਲਾ ਅਸਥਾਨ ਹੈ। ਵੱਡੀ ਲਹਿਲ ਤੋਂ ਗੁਰੂ ਸਾਹਿਬ ਇਸ ਅਸਥਾਨ ‘ਤੇ ਪਹੁੰਚੇ। ਇੱਥੇ ਹਰ ਸਮੇਂ ਹਰੀਆਂ ਵੇਲਾਂ ਲੱਗੀਆਂ ਰਹਿੰਦੀਆਂ ਸਨ । ਇੱਥੋਂ ਦੇ ਲੋਕ ਵੀ ਸਦਾ ਖੁਸ਼ੀਆਂ-ਖੇੜਿਆਂ ਵਿਚ ਹੀ ਰਹਿੰਦੇ ਸਨ । ਇਲਾਕੇ ਦੇ ਲੋਕਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਨੇ ਵੀ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜਿਵੇਂ ਇੱਥੇ ਸਾਰਾ ਸਾਲ ਹਰੀਆਂ ਵੇਲਾਂ ਕਾਇਮ ਰਹਿੰਦੀਆਂ ਹਨ ਉਸੇ ਤਰ੍ਹਾਂ ਇੱਥੋਂ ਦੇ ਲੋਕ ਵੀ ਸਦਾ ਹਰੇ-ਭਰੇ ਰਹਿਣਗੇ ।
ਹਰੀਆਂ ਵੇਲਾਂ ਤੋਂ ਵਾਪਸ ਹੋਏ ਗੁਰੂ ਸਾਹਿਬ ਭੁੰਗਰਨੀ ਅਤੇ ਬੰਬੇਲੀ ਪਿੰਡਾਂ ਵਿਚ ਵੀ ਠਹਿਰੇ ਸਨ । ਭੁੰਗਰਨੀ ਵਿਖੇ ਰਾਜਪੂਤ ਸਿੱਖ ਰਹਿੰਦੇ ਸਨ । ਇਹ ਪਛੜੀਆਂ ਜਾਤਾਂ ਨਾਲ ਸੰਬੰਧਤ ਸਨ । ਇਨ੍ਹਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਇਨ੍ਹਾਂ ਰਾਜਪੂਤ ਲੋਕਾਂ ਨੇ ਹੀ ਗੁਰੂ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਬਣਾਇਆ ਸੀ । ਇਸ ਗੁਰਦੁਆਰੇ ਦੀ ਸੇਵਾ ਇੱਥੋਂ ਦੇ ਮਰਾਸੀ ਵੀ ਕਰਦੇ ਸਨ । ਬੰਬੇਲੀ ਪਿੰਡ ਵੀ ਇੱਥੇ ਨਜਦੀਕ ਹੀ ਹੈ। ਇੱਥੋਂ ਦੇ ਲੋਕ ਵੀ ਜ਼ਿਆਦਾਤਰ ਪਛੜੀਆਂ ਜਾਤਾਂ ਨਾਲ ਸੰਬੰਧਤ ਸਨ । ਗੁਰੂ ਸਾਹਿਬ ਇੱਥੇ ਰਹੇ ਅਤੇ ਇਨ੍ਹਾਂ ਲੋਕਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕੀਤਾ। ਗੁਰੂ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਚੌਂਤੇ ਜੀ ਸਾਹਿਬ ਹੈ। ਇਨ੍ਹਾਂ ਪਿੰਡਾਂ ਵਿਚ ਕੁਝ ਸਮਾਂ ਠਹਿਰਦੇ ਹੋਏ ਅਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਕਰਤਾਰਪੁਰ ਪਹੁੰਚੇ । ਇਹ ਅਸਥਾਨ ਗੁਰੂ ਜੀ ਦਾ ਨਾਨਕਾ ਘਰ ਸੀ । ਇੱਥੇ ਵੀ ਧੀਰ ਮੱਲ ਦੀ ਰਿਹਾਇਸ਼ ਸੀ। ਧੀਰ ਮੱਲ ਕਿਉਂਕਿ ਗੁਰੂ-ਘਰ ਦੀ ਵਿਰੋਧਤਾ ਤਿਆਗ ਚੁੱਕਿਆ ਸੀ ਇਸ ਕਰਕੇ ਗੁਰੂ ਹਰਿ ਰਾਇ ਜੀ ਨੇ ਇੱਥੋਂ ਦੀ ਸਿੱਖ ਸੰਗਤ ਨੂੰ ਧੀਰ ਮੱਲ ਦੇ ਹੀ ਸਪੁਰਦ ਕੀਤਾ ਸੀ। ਕਰਤਾਰਪੁਰ ਵਾਪਸ ਆਉਂਦੇ ਹੋਏ ਗੁਰੂ ਜੀ ਨੂਰਮਹਿਲ ਪਹੁੰਚੇ । ਇਹ ਕਰਤਾਰਪੁਰ ਤੋਂ 40 ਕਿਲੋਮੀਟਰ ਦੀ ਵਿੱਥ ‘ਤੇ ਪੂਰਬ ਵੱਲ ਹੈ। ਇੱਥੇ ਸਾਈਂ ਫਤੇ ਸ਼ਾਹ ਇਕ ਉਦਾਸੀ ਸੰਤ ਸਿੱਖ ਧਰਮ ਦਾ ਪਰਚਾਰਕ ਸੀ। ਗੁਰੂ ਸਾਹਿਬ ਇਸ ਪਾਸ ਠਹਿਰੇ ਸਨ । ਇੱਥੇ ਗੁਰੂ ਸਾਹਿਬ ਦੀ ਯਾਦ ਵਿਚ ਦੋ ਅਸਥਾਨ ਹਨ। ਮੁੱਖ ਅਸਥਾਨ ਛੀਂਬਿਆਂ ਦੀ ਧਰਮਸ਼ਾਲਾ ਪਾਸ ਹੈ। ਇੱਥੋਂ ਗੁਰੂ ਸਾਹਿਬ ਪੂਰੇ ਲਸ਼ਕਰ ਸਮੇਤ ਪੰਜਾਬ ਦੇ ਮਾਲਵੇ ਦੇ ਇਲਾਕੇ ਵਿਚ ਦਾਖ਼ਲ ਹੋਏ । ਰਸਤੇ ਵਿਚ ਪਿੰਡ ਪੁਆਦੜੇ ਵਿਖੇ ਕੁਝ ਸਮਾਂ ਠਹਿਰਾਅ ਕੀਤਾ ਸੀ ।
ਮਾਲਵੇ ਵਿਚ ਗੁਰੂ ਸਾਹਿਬ ਸਿੱਧਾ ਡਰੋਲੀ ਭਾਈ ਕੀ ਪਹੁੰਚੇ । ਇੱਥੇ ਉਨ੍ਹਾਂ ਦੇ ਮਾਸੀ ਜੀ ਅਤੇ ਮਾਸੜ ਜੀ ਰਹਿੰਦੇ ਸਨ । ਇਲਾਕੇ ਦੀਆਂ ਸਭ ਸੰਗਤਾਂ ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣ ਕੇ ਭਾਈ ਕੀ ਡਰੌਲੀ ਪਹੁੰਚੀਆਂ। ਮਾਲਵੇ ਦੇ ਮੁੱਖ ਪਰਚਾਰਕਾਂ ਵਿਚੋਂ ਭਾਈ ਬਹਿਲੋ, ਭਾਈ ਰੂਪ ਚੰਦ, ਭਾਈ ਭਗਤੂ, ਭਾਈ ਭੂੰਦੜ, ਭਾਈ ਕਿਰਪਾਲ, ਭਾਈ ਬਿਧੀ ਚੰਦ ਆਪੋ ਆਪਣੀਆਂ ਸੰਗਤਾਂ ਲੈ ਕੇ ਪਹੁੰਚੇ ਸਨ । ਗੁਰੂ ਜੀ ਇੱਥੇ ਸਾਰੇ ਲਸ਼ਕਰ ਦਾ ਠਹਿਰਾਅ ਕਰਵਾ ਕੇ ਆਪ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਦੇ ਪਾਸ ਗਏ । ਇੱਥੋਂ ਕੁਝ ਦੂਰ ਭਦੌੜ ਵੱਲ ਇਕ ਪਿੰਡ ਗਹਿਲ ਹੈ। ਇੱਥੇ ਵੀ ਗੁਰੂ ਹਰਿ ਰਾਇ ਜੀ ਦੇ ਆਉਣ ਦੀ ਰਵਾਇਤ ਮਿਲਦੀ ਹੈ। ਡਰੌਲੀ ਭਾਈ ਕੀ ਤੋਂ ਹੀ ਗੁਰੂ ਸਾਹਿਬ ਭਾਈ ਰੂਪੇ ਪਿੰਡ ਪਹੁੰਚੇ। ਇੱਥੋਂ ਦੀਆਂ ਸਿੱਖ ਸੰਗਤਾਂ ਨੂੰ ਧਰਮ ਉਪਦੇਸ਼ ਦਿੱਤਾ । ਇਸ ਇਲਾਕੇ ਵਿਚ ਸਰਵਰੀਆਂ ਦਾ ਜ਼ੋਰ ਹੋਣ ਕਰਕੇ ਲੋਕ ਪੀਰਖਾਨਿਆਂ ਨੂੰ ਪੂਜਦੇ ਸਨ । ਭਾਈ ਰੂਪ ਚੰਦ ਨੇ ਲੋਕਾਂ ਨੂੰ ਸਰਵਰੀਆਂ ਵੱਲੋਂ ਹਟਾ ਕੇ ਸਿੱਖ ਧਰਮ ਵੱਲ ਪਰੇਰਿਤ ਕੀਤਾ।”
ਭਾਈ ਰੂਪੇ ਤੋਂ ਬਾਘਾਪੁਰਾਣਾ, ਸੰਗਤਪੁਰਾ, ਥਰਾਜ, ਕੋਠਾ ਗੁਰੂ ਆਦਿ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਪਿੰਡ ਮਾੜੀ ਪਹੁੰਚੇ। ਇੱਥੇ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਮੁਸ਼ਕਲ ਸੀ। ਗੁਰੂ ਸਾਹਿਬ ਨੇ ਇੱਥੇ ਇਕ ਖੂਹ ਲਗਵਾਇਆ। ਇਸ ਖੂਹ ਤੋਂ ਸਾਰੇ ਪਿੰਡ ਵਾਸੀ ਪਾਣੀ ਲੈਂਦੇ ਸਨ।” ਇਸੇ ਪਿੰਡ ਵਿਚ ਹੀ ਮਰਾਝ ਦੇ ਬਰਾੜ ਕਬੀਲੇ ਦੇ ਲੋਕ ਕਾਲੇ ਬਰਾੜ ਦੀ ਅਗਵਾਈ ਹੇਠ ਗੁਰੂ ਜੀ ਨੂੰ ਆ ਕੇ ਮਿਲੇ । ਉਨ੍ਹਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਕੌੜੇ ਭੁੱਲਰ ਅਤੇ ਜੈਦ ਪੁਰਾਣਾ ਉਨ੍ਹਾਂ ਨੂੰ ਚੈਨ ਨਾਲ ਨਹੀਂ ਰਹਿਣ ਦਿੰਦੇ ਅਤੇ ਆਪਣੇ ਖੂਹਾਂ ਤੋਂ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੰਦੇ । ਗੁਰੂ ਸਾਹਿਬ ਨੇ ਉਨ੍ਹਾਂ ਦੀ ਬੇਨਤੀ ’ਤੇ ਭੁੱਲਰਾਂ ਅਤੇ ਜੈਦ ਪੁਰਾਣੇ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਉਹ ਸਿਧੂ-ਬਰਾੜਾਂ ਨੂੰ ਤੰਗ ਨਾ ਕਰਨ ਅਤੇ ਉਨ੍ਹਾਂ ਦੀ ਰਿਹਾਇਸ਼ ਲਈ ਕੁਝ ਥਾਂ ਮੁਹੱਈਆ ਕਰਨ। ਗੁਰੂ ਜੀ ਦੀ ਹਦਾਇਤ ਮੁਤਾਬਕ ਉਹ ਸਿਧੂ-ਬਰਾੜਾਂ ਨੂੰ ਪਿੰਡ ਬੰਨ੍ਹਣ ਲਈ ਕੁਝ ਥਾਂ ਦੇਣਾ ਤਾਂ ਮੰਨ ਗਏ। ਸਨ ਪਰ ਉਨ੍ਹਾਂ ਦਾ ਬਤੀਰਾ ਸਿਧੂ-ਬਰਾੜਾਂ ਪਰੱਤੀ ਪਹਿਲਾਂ ਵਾਲਾ ਹੀ ਰਿਹਾ। ਅਖੀਰ ਨੌਬਤ ਦੋਹਾਂ ਧਿਰਾਂ ਦੀ ਲੜਾਈ ਤੱਕ ਪਹੁੰਚ ਗਈ। ਸਿੱਖ ਸੰਗਤਾਂ ਦੀ ਹਮਦਰਦੀ ਸਿਧੂ-ਬਰਾੜਾਂ ਦੇ ਕਬੀਲੇ ਨਾਲ ਸੀ । ਪਰ ਭੁੱਲਰ ਅਤੇ ਜੈਦ ਪੁਰਾਣਾ ਵੀ ਗੁਰੂ ਘਰ ਦੇ ਸ਼ਰਧਾਲੂ ਸਨ। ਇਸ ਲਈ ਸਿੱਖ ਸੰਗਤਾਂ ਨੇ ਦੋਹਾਂ ਧਿਰਾਂ ਵਿਚਕਾਰ ਨਿਰਪੱਖਤਾ ਵਾਲਾ ਝੁਕਾਅ ਰੱਖਿਆ ਸੀ । ਇਸ ਸਥਾਨਕ ਲੜਾਈ ਵਿਚ ਜੈਦ ਪੁਰਾਣਾ ਮਾਰਿਆ ਗਿਆ ਇਸ ਕਰਕੇ ਭੁੱਲਰ ਹਾਰ ਗਏ ਸਨ । ਗੁਰੂ ਸਾਹਿਬ ਨੇ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਕਰਵਾਇਆ।”
ਮਰਾਝ ਦੇ ਸਿੱਧੂ ਕਬੀਲੇ ਨੇ ਗੁਰੂ ਸਾਹਿਬ ਨੂੰ ਮਰਾਝ ਆਉਣ ਦੀ ਬੇਨਤੀ ਕੀਤੀ ਸੀ। ਗੁਰੂ ਸਾਹਿਬ ਮਾੜੀ ਪਿੰਡ ਤੋਂ ਮਰਾਝ ਪਹੁੰਚੇ । ਮਰਾਝ ਪਿੰਡ ਵੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਸ਼ੀਰਵਾਦ ਨਾਲ ਵਸਾਇਆ ਗਿਆ ਸੀ । ਕਾਲੇ ਬਰਾੜ ਦਾ ਭਰਾ ਰੂਪ ਚੰਦ ਜਿਸ ਨੂੰ ਕਰਮ ਚੰਦ ਵੀ ਕਿਹਾ ਜਾਂਦਾ ਸੀ, ਗੁਰੂ ਹਰਿਗੋਬਿੰਦ ਸਾਹਿਬ ਦੀ ਇਕ ਲੜਾਈ ਵਿਚ ਮਦਦ ਕਰਦਾ ਹੋਇਆ ਮਾਰਿਆ ਗਿਆ ਸੀ। ਕਾਲਾ ਉਸ ਦੇ ਦੋ ਪੁੱਤਰਾਂ ਫੂਲ ਅਤੇ ਸੰਦਲੀ ਨੂੰ ਨਾਲ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿਚ ਲੈ ਕੇ ਆਇਆ ਅਤੇ ਇਨ੍ਹਾਂ ਦੇ ਪਿਤਾ ਵੱਲੋਂ ਗੁਰੂ-ਘਰ ਲਈ ਦਿੱਤੀ ਗਈ ਕੁਰਬਾਨੀ ਬਾਰੇ ਦੱਸਿਆ । ਗੁਰੂ ਜੀ ਨੇ ਇਨ੍ਹਾਂ ਦੋਵੇਂ ਭਰਾਵਾਂ (ਫੂਲ ਅਤੇ ਸੰਦਲੀ) ਦੀ ਮਦਦ ਲਈ ਇਕ ਵੱਖਰਾ ਪਿੰਡ ਵਸਾਉਣ ਲਈ ਜ਼ਮੀਨ ਦਿੱਤੀ । ਉਨ੍ਹਾਂ ਨੇ ਇਸ ਜ਼ਮੀਨ ਵਿਚ ਫੂਲ ਦੇ ਨਾਂ ‘ਤੇ ਹੀ ਇਕ ਪਿੰਡ ਵਸਾਇਆ। ਇਹ ਦੋਵੇਂ ਪਿੰਡ ਫੂਲ ਅਤੇ ਮਰਾਝ ਇਕ ਦੂਜੇ ਦੇ ਨੇੜੇ ਹੀ ਹਨ। ਗਯਾਨ ਸਿੰਘ ਅਨੁਸਾਰ ਇਸ ਪਿੰਡ ਦੀ ਸ਼ੁਰੂਆਤ ਸੰਮਤ 1711 ਬਿ. ਮੁਤਾਬਕ 1654 ਈ. ਨੂੰ ਰੱਖੀ ਗਈ ਸੀ।“
ਮਰਾਝ ਤੋਂ ਚੱਲ ਕੇ ਗੁਰੂ ਹਰਿ ਰਾਇ ਸਾਹਿਬ ਮੀਂਝੇ ਕੀ ਮੌੜੀ ਪਿੰਡ ਪਹੁੰਚੇ ।ਇੱਥੇ ਭਾਈ ਭਗਤੂ ਆਪਣੇ ਇਲਾਕੇ ਦੀ ਸੰਗਤ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ। ਗੁਰੂ ਜੀ ਨੇ ਹਦਾਇਤ ਕਰਦਿਆਂ ਕਿਹਾ ਕਿ ਲੰਗਰ ਦੀ ਪਰੱਥਾ ਨੂੰ ਹਰ ਸਮੇਂ ਜਾਰੀ ਰੱਖਿਆ ਜਾਵੇ ! ਭਾਈ ਭਗਤੂ ਹਰ ਸਮੇਂ ਦੇਸੀ ਘੀ ਦਾ ਲੰਗਰ ਵਰਤਾਇਆ ਕਰਦਾ ਸੀ । ਉਸ ਦਾ ਇਹ ਨਿੱਤ ਦਾ ਕਰੱਮ ਇਤਨਾ ਦਰਿੜ ਸੀ ਕਿ ਉਸ ਨੇ ਆਪਣੇ ਲੰਗਰ ਵਿਚੋਂ ਦੇਸੀ ਘੀ ਕਦੇ ਮੁੱਕਣ ਹੀ ਨਹੀਂ ਦਿੱਤਾ ਸੀ । ਭਾਈ ਫਿਰੰਦਾ ਨਾਂ ਦਾ ਇਕ ਘਿਉ ਦਾ ਵਪਾਰੀ ਵੀ ਆਪਣੀ ਸ਼ਰਧਾ ਅਨੁਸਾਰ ਇੱਥੇ ਗੁਰੂ ਕੇ ਲੰਗਰ ਲਈ ਭਾਈ ਭਗਤੂ ਨੂੰ ਮੁਫ਼ਤ ਘਿਉ ਮੁਹੱਈਆ ਕਰਦਾ ਰਹਿੰਦਾ ਸੀ। ਇਹ ਲਾਹੌਰ ਦੇ ਇਲਾਕੇ ਦਾ ਰਹਿਣ ਵਾਲਾ ਸੀ । ਇਸ ਦੀ ਸਿੱਖੀ ਸ਼ਰਧਾ ਵੇਖ ਕੇ ਗੁਰੂ ਹਰਿ ਰਾਇ ਜੀ ਨੇ ਇਸ ਨੂੰ ਲਾਹੌਰ ਤੇ ਮੁਲਤਾਨ ਵਿਚਲੇ ਇਲਾਕੇ ਦੀ ਸੰਗਤ ਦਾ ਮੁਖੀ ਥਾਪ ਦਿੱਤਾ ਸੀ । ਇੱਥੇ ਹੀ ਇਸ ਦਾ ਡੇਰਾ ਸੀ।
ਮਾਲਵੇ ਦੇ ਸਫ਼ਰਾਂ ਤੋਂ ਵਿਹਲੇ ਹੋ ਕੇ ਗੁਰੂ ਜੀ ਪਲਾਹੀ ਨਗਰ (ਫਗਵਾੜੇ), ਫਗਲ ਸੰਧਵਾਂ ਅਤੇ ਦੁਸਾਂਝ ਮਸੰਦਾਂ ਕੇ, ਹਕੀਮਪੁਰ, ਚੰਦ ਪੁਰ ਅਤੇ ਦੌਲੇਵਾਲ ਆਦਿ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅਤੇ ਇਨ੍ਹਾਂ ਪਿੰਡਾਂ ਦੀਆਂ ਸਿੱਖ ਸੰਗਤਾਂ ਨੂੰ ਧਰਮ ਉਪਦੇਸ਼ ਦਿੰਦੇ ਹੋਏ ਵਾਪਸ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਰਹਿੰਦੇ ਸਮੇਂ ਆਲੇ ਦੁਆਲੇ ਦੀਆਂ ਨੇੜੇ ਦੀਆਂ ਥਾਵਾਂ ‘ਤੇ ਗੁਰੂ ਸਾਹਿਬ ਆਉਂਦੇ ਜਾਂਦੇ ਰਹਿੰਦੇ ਸਨ । ਅੱਜ ਕੱਲ ਕੀਰਤਪੁਰ ਸਾਹਿਬ ਤੋਂ ਰੋਪੜ ਵੱਲ ਮੁੱਖ ਸੜਕ ਅਤੇ ਨਹਿਰ ਦੇ ਉੱਪਰ ਇਕ ਬੁੰਗਾ ਸਾਹਿਬ ਗੁਰਦੁਆਰਾ ਹੈ । ਇੱਥੇ ਗੁਰੂ ਸਾਹਿਬ ਦਾ ਅਸਤਬਲ ਬਣਾਇਆ ਹੋਇਆ ਸੀ। ਰੋਪੜ ਵਿਖੇ ਵੀ ਗੁਰੂ ਜੀ ਦੇ ਆਉਣ ਦੀ ਜਾਣਕਾਰੀ ਮਿਲਦੀ ਹੈ । ਪਰਸਿੱਧ ਹਿੰਦੂ ਤੀਰਥਾਂ ਪਿਹੋਵਾ ਅਤੇ ਥਾਨੇਸਰ ਆਦਿ ਥਾਵਾਂ ‘ਤੇ ਵੀ ਗੁਰੂ ਸਾਹਿਬ ਧਰਮ ਉਪਦੇਸ਼ ਦੇਣ ਲਈ ਗਏ ਸਨ । ਜੰਮੂ ਅਤੇ ਸਿਰੀ ਨਗਰ ਵਿਖੇ ਵੀ ਗੁਰੂ ਜੀ ਦੇ ਜਾਣ ਦਾ ਜ਼ਿਕਰ ਭੱਟ ਵਹੀਆਂ ਅਤੇ ਗੁਰੂ ਕੀਆਂ ਸਾਖੀਆਂ ਵਿਚ ਮਿਲਦਾ ਹੈ । ਜੰਮੂ ਜਾਣ ਸਮੇਂ ਭਾਈ ਮੱਖਣ ਸ਼ਾਹ ਦਾ ਸਾਰਾ ਵਹੀਰ ਵੀ ਆਪ ਜੀ ਦੇ ਨਾਲ ਸੀ । ਜੰਮੂ ਤੋਂ ਅੱਗੇ ਸਾਰਾ ਵਹੀਰ ਹੀ ਸਿਰੀ ਨਗਰ ਪਹੁੰਚਿਆ। ਸਿਰੀ ਨਗਰ ਵਿਖੇ ਗੁਰੂ ਸਾਹਿਬ ਚਾਰ ਮਹੀਨੇ ਦੇ ਕਰੀਬ ਸਮਾਂ ਠਹਿਰੇ ਸਨ । ਜੰਮੂ ਤੇ ਸਿਰੀ ਨਗਰ ਵਿਚ ਪਹਿਲਾਂ ਆਪ ਦੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਵੀ ਜਾ ਚੁੱਕੇ ਸਨ । ਜਾਪਦਾ ਹੈ ਕਿ ਇੱਥੋਂ ਦੇ ਇਲਾਕੇ ਵਿਚ ਧਰਮ ਪਰਚਾਰ ਕਰਨ ਲਈ ਗੁਰੂ ਸਾਹਿਬਾਨ ਦੀ ਵਿਸ਼ੇਸ਼ ਰੁਚੀ ਸੀ।
ਭਾਈ ਭਗਤੂ ਅਤੇ ਗੋਰਾ :
ਭਾਈ ਭਗਤੂ ਮਾਲਵੇ ਦਾ ਸਿਰਕੱਢ ਪਰਚਾਰਕ ਸੀ । ਇਸ ਨੂੰ ਗੁਰੂ ਸਾਹਿਬ ਨੇ ਆਪਣੀ ਹਜੂਰੀ ਵਿਚ ਰੱਖਿਆ ਹੋਇਆ ਸੀ । ਭਾਈ ਭਗਤੂ ਦਾ ਪੁੱਤਰ ਗੋਰਾ ਸੀ । ਗੌਰਾ ਬਹੁਤ ਦਲੇਰ ਅਤੇ ਜੁਆਨ ਲੜਕਾ ਸੀ । ਇਹ ਵੀ ਗੁਰੂ ਜੀ ਦੀ ਹਜੂਰੀ ਵਿਚ ਹੀ ਰਹਿੰਦਾ ਸੀ। ਇਹ ਵੀ ਜਾਣਕਾਰੀ ਮਿਲਦੀ ਹੈ ਕਿ ਗੋਰੇ ਦੇ ਅਧੀਨ ਸੂਰਬੀਰ ਅਤੇ ਘੋੜਸੁਆਰ ਸਿੱਖਾਂ ਦਾ ਇਕ ਤਕੜਾ ਜੱਥਾ ਵੀ ਸੀ । ਗੁਰੂ ਜੀ ਦੀ ਹਜੂਰੀ ਵਿਚ ਹੀ ਭਾਈ ਭਗਤੂ ਦੀ ਮੋਤ ਹੋ ਗਈ ਸੀ । ਮੌਤ ਦੇ ਕੁਝ ਸਮੇਂ ਬਾਅਦ ਗੁਰੂ ਜੀ ਦੇ ਇਕ ਹੋਰ ਹਜੂਰੀ ਸਿੱਖ ਜੱਸੇ ਨੇ ਗੌਰੇ ਦੀ ਵਿਧਵਾ ਮਾਂ ਨਾਲ ਸ਼ਾਦੀ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ। ਇਹ ਗੱਲ ਗੌਰੇ ਨੂੰ ਚੰਗੀ ਨਾ ਲੱਗੀ । ਦੋਹਾਂ ਵਿਚਕਾਰ ਤਕਰਾਰ ਇਸ ਹੱਦ ਤੱਕ ਵੱਧ ਗਿਆ ਸੀ ਕਿ ਅਖ਼ੀਰ ਗੁਰੂ ਸਾਹਿਬ ਨੂੰ ਦੋਹਾਂ ਦਾ ਸਮਝੌਤਾ ਕਰਵਾਉਣਾ ਪਿਆ ਸੀ । ਸਮਝੌਤੇ ਦੇ ਬਾਵਜੂਦ ਵੀ ਜੱਸੇ ਪਰੱਤੀ ਰੜਕ ਗੋਰੇ ਦੇ ਮਨ ਵਿਚੋਂ ਨਾ ਨਿਕਲੀ। ਆਖੀਰ ਇਕ ਦਿਨ ਬਾਹਰ ਫਿਰਦਿਆਂ ਮੌਕਾ ਤਾੜ ਕੇ ਗੌਰੇ ਨੇ ਜੱਸੇ ਨੂੰ ਮਾਰ ਦਿੱਤਾ । ਇਸ ਕਤਲ ਦੀ ਗੱਲ ਗੁਰੂ ਸਾਹਿਬ ਤੱਕ ਪਹੁੰਚੀ । ਗੁਰੂ ਜੀ ਨੇ ਗੌਰੇ ਨੂੰ ਝਾੜ ਪਾਉਂਦਿਆ ਕਿਹਾ ਕਿ ਉਸ ਨੇ ਉਨ੍ਹਾਂ ਦੀ ਹੁਕਮ ਅਦੂਲੀ ਕੀਤੀ ਹੈ ਇਸ ਲਈ ਉਸ ਲਈ ਉਨ੍ਹਾਂ ਦੇ ਦਰਬਾਰ ਵਿਚ ਕੋਈ ਥਾਂ ਨਹੀਂ ਹੈ। ਗੌਰਾ ਆਪਣੇ ਬੰਦੇ ਲੈ ਕੇ ਗੁਰੂ ਜੀ ਦੇ ਦਰਬਾਰ ਵਿਚੋਂ ਨਿਕਲ ਕੇ ਅਲੱਗ ਰਹਿਣ ਲੱਗ ਪਿਆ ਪਰ ਰਹਿੰਦਾ ਗੁਰੂ ਜੀ ਦੇ ਕੈਂਪ ਦੇ ਨੇੜੇ-ਤੇੜੇ ਹੀ ਸੀ । ਉਹ ਗੁਰੂ ਜੀ ਦਾ ਸੱਚਾ ਸਿੱਖ ਸੀ ਇਸ ਲਈ ਦਰਬਾਰ ਵਿਚੋਂ ਕੱਢੇ ਜਾਣ ਦੇ ਬਾਅਦ ਵੀ ਉਹ ਗੁਰੂ ਜੀ ਤੋਂ ਦੂਰ ਨਹੀਂ ਗਿਆ। ਇਕ ਦਿਨ ਅਚਾਨਕ ਵਾਪਰੀ ਘਟਨਾ ਵਿਚ ਗੁਰੂ ਜੀ ਦਾ ਪਰਿਵਾਰ ਮੁੱਖ ਵਹੀਰ ਨਾਲੋਂ ਅਲੱਗ ਹੋ ਕੇ ਕਿਸੇ ਹੋਰ ਰਸਤੇ ਚਲਿਆ ਗਿਆ। ਰਸਤੇ ਵਿਚ ਕੁਝ ਲੁਟੇਰਿਆਂ ਨੇ ਗੁਰੂ ਜੀ ਦੇ ਪਰਿਵਾਰ ਨੂੰ ਘੇਰ ਕੇ ਲੁੱਟਣਾ ਚਾਹਿਆ। ਉਧਰ ਗੋਰਾ ਵੀ ਕਿਉਂਕਿ ਗੁਰੂ ਜੀ ਦੇ ਕੈਂਪ ਦੇ ਨੇੜੇ-ਤੇੜੇ ਹੀ ਰਹਿੰਦਾ ਸੀ । ਗੁਰੂ-ਪਰਿਵਾਰ ਦੇ ਇਕੱਲਾ ਜਾਣ ਕਰਕੇ ਗੋਰਾ ਵੀ ਆਪਣੀ ਧਾੜ ਨਾਲ ਗੁਰੂ ਜੀ ਦੇ ਕੈਂਪ ਤੋਂ ਅਲੱਗ ਹੋ ਕੇ ਇਸ ਪਰਿਵਾਰ ਦੇ ਪਿੱਛੇ ਪਿੱਛੇ ਚਲ ਪਿਆ ਸੀ । ਜਦੋਂ ਲੁਟੇਰਿਆਂ ਨੇ ਗੁਰੂ-ਪਰਿਵਾਰ ਨੂੰ ਲੁੱਟਣ ਲਈ ਧਾਵਾ ਬੋਲਿਆ ਤਾਂ ਗੌਰੇ ਦੀ ਧਾੜ ਨੇ ਧਾੜਵੀਆਂ ਉੱਪਰ ਜਵਾਬੀ ਹਮਲਾ ਕਰ ਕੇ ਭਜਾ ਦਿੱਤਾ ਅਤੇ ਗੁਰੂ-ਪਰਿਵਾਰ ਨੂੰ ਸਹੀ ਸਲਾਮਤ ਕੀਰਤਪੁਰ ਸਾਹਿਬ ਪਹੁੰਚਾ ਦਿੱਤਾ ਸੀ । ਇਸ ਗੱਲ ਦੀ ਖ਼ਬਰ ਗੁਰੂ ਜੀ ਨੂੰ ਦਿੱਤੀ ਗਈ । ਗੁਰੂ ਜੀ ਨੇ ਖ਼ੁਸ਼ ਹੋ ਕੇ ਗੋਰੇ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਦੀ ਗਲਤੀ ਨੂੰ ਮੁਆਫ਼ ਕਰਕੇ ਉਸ ਨੂੰ ਆਪਣੀ ਹਜੂਰੀ ਵਿਚ ਫਿਰ ਤੋਂ ਰੱਖ ਲਿਆ ਸੀ ।
ਦਾਰਾ ਸ਼ਿਕੋਹ ਦਾ ਮਾਮਲਾ :
ਗੁਰੂ ਹਰਿ ਰਾਏ ਜੀ ਦੇ ਜੀਵਨ ਨਾਲ ਉਸ ਸਮੇਂ ਦੀ ਇਕ ਬਹੁਤ ਵੱਡੀ ਰਾਜਸੀ ਘਟਨਾ ਨੂੰ ਵੀ ਜੋੜਿਆ ਜਾਂਦਾ ਹੈ । ਇਹ ਘਟਨਾ ਹੈ ਬਾਦਸ਼ਾਹ ਸ਼ਾਹ ਜਹਾਨ ਦੇ ਵਲੀ ਅਹਿਦ ਦਾਰਾ ਸ਼ਿਕੋਹ ਦੇ ਸੰਬੰਧਾਂ ਦੀ ਅਤੇ ਉਸ ਦੀ ਸੈਨਿਕ ਮਦਦ ਕਰਨ ਦੀ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਤਾਂ ਇਸ ਘਟਨਾ ਨੂੰ ਇਸ ਹੱਦ ਤੱਕ ਵਧਾ ਚੜਾ ਕੇ ਬਿਆਨ ਕਰਦੀਆਂ ਹਨ ਜਿਵੇਂ ਕਿ ਗੁਰੂ ਜੀ ਦੇ ਸਿੱਖਾਂ ਨੇ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਡਟ ਕੇ ਨਿਰਣਈ ਜੰਗ ਲੜੀ ਹੋਵੇ। ਇਹ ਗੱਲ ਉਸੇ ਤਰ੍ਹਾਂ ਹੀ ਗਲਤ ਹੈ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨਾਲ ਸ਼ਹਿਜ਼ਾਦਾ ਖੁਸਰੋ ਨੂੰ ਦਿੱਤੀ ਗਈ ਮਦਦ ਦੀ ਗੱਲ ਜੋੜੀ ਜਾਂਦੀ ਹੈ । ਇਹ ਹੋ ਸਕਦਾ ਹੈ ਕਿ ਦਾਰਾ ਸ਼ਿਕੋਹ ਦੇ ਸੰਬੰਧ ਗੁਰੂ ਜੀ ਨਾਲ ਅੱਛੇ ਹੋਣ ਕਿਉਂਕਿ ਦਾਰਾ ਉਧਾਰਵਾਦੀ ਰੁਚੀਆਂ ਦਾ ਮਾਲਕ ਸੀ ਅਤੇ ਉਹ ਗ਼ੈਰ-ਮੁਸਲਿਮ ਸੰਤਾਂ ਨਾਲ ਮਿਲਦਾ-ਜੁਲਦਾ ਰਹਿੰਦਾ ਸੀ। ਇਹ ਵੀ ਹੋ ਸਕਦਾ ਹੈ ਕਿ ਗੁਰੂ ਹਰਿ ਰਾਏ ਜੀ ਵੱਲੋਂ ਭੇਜੀ ਗਈ ਇਕ ਵਿਸ਼ੇਸ਼ ਕਿਸਮ ਦੀ ਦਵਾਈ ਨਾਲ ਦਾਰਾ ਸ਼ਿਕੋਹ ਦੀ ਕਿਸੇ ਬਿਮਾਰੀ ਦਾ ਇਲਾਜ ਹੋ ਗਿਆ ਹੋਵੇ । ਪਰ ਇਸ ਗੱਲ ਵਿਚ ਰੱਤਾ ਭਰ ਵੀ ਸੱਚਾਈ ਨਹੀਂ ਹੋ ਸਕਦੀ ਕਿ ਦਾਰਾ ਸ਼ਿਕੋਹ ਦੇ ਪੰਜਾਬ ਵਿਚ ਆਉਣ ਸਮੇਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਔਰੰਗਜੇਬ ਦੀਆਂ ਜੇਤੂ ਫ਼ੌਜਾਂ ਨਾਲ ਜਮ ਕੇ ਲੜਾਈ ਲੜੀ ਹੋਵੇ । ਗੁਰਮੁੱਖੀ ਦੀਆਂ ਲਿਖਤਾਂ ਇਸ ਬਾਰੇ ਕਿਤਨਾ ਕੁਫਰ ਲਿਖਦੀਆਂ ਹਨ ਇਸ ਬਾਰੇ ਉਨ੍ਹਾਂ ਵਿਚਲੇ ਦਰਜ ਬਿਆਨਾਂ ਤੋਂ ਅੰਦਾਜਾ ਲੱਗ ਸਕਦਾ ਹੈ। ਪਹਿਲਾਂ ਇਨ੍ਹਾਂ ਲਿਖਤਾਂ ਦੇ ਕਥਨ ਦਰਜ ਕਰਦੇ ਹਾਂ । ਸਰੂਪ ਦਾਸ ਭੱਲਾ ਲਿਖਦਾ ਹੈ ਕਿ ਦਾਰਾ ਸ਼ਿਕੋਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸ ਦੇ ਪਿੱਛੇ ਆ ਰਹੀ ਫ਼ੌਜ ਨੂੰ ਦਰਿਆ ਬਿਆਸ ਦੇ ਕੰਢੇ ‘ਤੇ ਦੋ ਪਹਰ ਰੋਕ ਕੇ ਰੱਖੋ ਤਾਂ ਕਿ ਉਹ ਛੇਤੀ ਛੇਤੀ ਦੂਰ ਨਿਕਲ ਸਕੇ । ਇਹ ਕਹਿ ਕੇ ਦਾਰਾ ਤਾਂ ਘੋੜਾ ਦੌੜਾ ਕੇ ਦੂਰ ਨਿਕਲ ਗਿਆ ਅਤੇ ਗੁਰੂ ਸਾਹਿਬ ਦਰਿਆ ਦੇ ਕੰਢੇ ‘ਤੇ ਡਟੇ ਰਹੇ। ਜਦੋਂ ਪਿੱਛਾ ਕਰਦੀ ਹੋਈ ਫ਼ੌਜ ਦਰਿਆ ‘ਤੇ ਪਹੁੰਚੀ ਤਾਂ ਗੁਰੂ ਜੀ ਨੇ ਦਰਿਆ ਦਾ ਰਸਤਾ ਬੰਦ ਕਰਕੇ ਤੋਪਖਾਨੇ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਦੋ ਪਹਿਰ ਤੱਕ ਕਿਸੇ ਸੈਨਿਕ ਨੂੰ ਦਰਿਆ ਪਾਰ ਕਰਨ ਨਹੀਂ ਦਿੱਤਾ ।
ਭਾਈ ਸੰਤੋਖ ਸਿੰਘ ਲਿਖਦਾ ਹੈ ਕਿ ਦਾਰਾ ਨੇ ਗੁਰੂ ਜੀ ਨੂੰ ਕਿਹਾ ਕਿ ਉਸ ਦਾ ਇਰਾਦਾ ਲਾਹੌਰ ਪਹੁੰਚਣ ਦਾ ਹੈ। ਪਿੱਛੇ ਆ ਰਹੀ ਫ਼ੌਜ ਨੂੰ ਉਸ ਦੇ ਨੇੜੇ ਨਾ ਲੱਗਣ ਦਿੱਤਾ ਜਾਵੇ ਅਤੇ ਸਾਰੀ ਫ਼ੌਜ ਨੂੰ ਇੱਥੇ ਰੋਕ ਕੇ ਰੱਖਿਆ ਜਾਵੇ । ਗੁਰੂ ਜੀ ਨੇ ਇਸ ਦੇ ਜਵਾਬ ਵੱਜੋਂ ਕਿਹਾ ਕਿ ਉਹ ਉਸ ਨੂੰ ਜੁੱਧ ਕਰਕੇ ਤਖਤ ਦਿਵਾਉਣਗੇ। ਉਹ ਸਾਰੇ ਦੇਸ਼ ਵਿਚ ਰਾਜ ਕਰੇਗਾ । ਹੁਣ ਉਹ ਬੇਫਿਕਰ ਹੋ ਕੇ ਘੁੰਮਦਾ ਰਹੇ, ਪਿੱਛੇ ਆ ਰਹੀ ਫ਼ੌਜ ਨੂੰ ਉਹ ਰੋਕ ਕੇ ਰੱਖਣਗੇ। ਗੁਰੂ ਜੀ ਪੰਜ ਹਜਾਰ ਫ਼ੌਜ ਅਤੇ ਤੋਪ ਖਾਨਾ ਨਾਲ ਲੈ ਕੇ ਬਿਆਸ ਦੇ ਕੰਢੇ ‘ਤੇ ਪਹੁੰਚ ਗਏ। ਉੱਥੇ ਪਹੁੰਚ ਕੇ ਦੁਸ਼ਮਣ ਦੀ ਫ਼ੌਜ ਉੱਪਰ ਤੋਪਾਂ ਅਤੇ ਬੰਦੂਕਾਂ ਦੀ ਐਸੀ ਬੁਛਾੜ ਕੀਤੀ ਕਿ ਸਾਰੀ ਫ਼ੌਜ ਪੂਰਾ ਇਕ ਦਿਨ ਰੁਕੀ ਰਹੀ ਅਤੇ ਕੋਈ ਵੀ ਦਰਿਆ ਪਾਰ ਨਾ ਕਰ ਸਕਿਆ।”
ਗਯਾਨ ਸਿੰਘ ਅਨੁਸਾਰ “ਜਦੋਂ ਦਾਰਾ ਹਾਰ ਖਾ ਕੇ ਗੋਇੰਦਵਾਲ ਗੁਰੂ ਹਰਿ ਰਾਇ ਜੀ ਕੋਲ ਆਇਆ ਤਾਂ ਸੈਨਿਕ ਮਦਦ ਮੰਗੀ। ਗੁਰੂ ਜੀ ਨੇ ਦਯਾ ਕਰਕੇ 2200 ਸਵਾਰ ਤੇ ਦੋ ਤਿੰਨ ਤੋਪਾਂ ਭੇਜ ਕੇ ਪੱਤਣ ਪਰ ਦੋ ਚਾਰ ਫੈਲ ਕਰਾਇ ਦਿੱਤੇ ਅਤੇ ਬੇੜੀਆਂ ਰੋਕ ਦਿੱਤੀਆਂ ਸਨ । ਜਿਸ ਕਰਕੇ ਸ਼ਾਹੀ ਫ਼ੌਜ ਉੱਥੇ ਇਕ ਦਿਨ ਰੁਕ ਕੇ ਫੇਰ ਪਿੱਛੇ ਨੂੰ ਵਾਪਸ ਹੋ ਗਈ ।
ਉਕਤ ਬਿਆਨਾਂ ਵਿਚ ਕੋਈ ਵੀ ਇਤਿਹਾਸਕ ਸੱਚਾਈ ਨਹੀਂ ਹੈ। ਨਾ ਹੀ ਗੁਰੂ ਹਰਿ ਰਾਏ ਜੀ ਦਾ ਮੁਗ਼ਲ ਬਾਦਸ਼ਾਹੀ ਦੇ ਉਤਰਾਵਾਂ-ਚੜਾਵਾਂ ਨਾਲ ਕੋਈ ਸੰਬੰਧ ਸੀ ਅਤੇ ਨਾ ਹੀ ਇਸ ਗੱਲ ਨਾਲ ਕਿ ਬਾਦਸ਼ਾਹ ਕੌਣ ਬਣਦਾ ਹੈ ਜਾਂ ਕੌਣ ਨਹੀਂ। ਸਿੱਖ ਗੁਰੂ ਸਾਹਿਬਾਨ ਮੁੱਢ ਤੋਂ ਹੀ ਰਾਜਨੀਤੀ ਤੋਂ ਪਰੇ ਰਹੇ ਸਨ । ਦਾਰਾ ਸ਼ਿਕੋਹ ਪੰਜਾਬ ਵਿਚ ਆਉਣ ਤੋਂ ਪਹਿਲਾਂ ਹੀ ਨਿਰਣਈ ਤੌਰ ‘ਤੇ ਹਾਰ ਚੁੱਕਿਆ ਸੀ । ਔਰੰਗਜ਼ੇਬ ਬਾਦਸ਼ਾਹ ਬਣਨ ਦਾ ਐਲਾਨ ਕਰ ਚੁੱਕਿਆ ਸੀ । ਜਿਸ ਸਮੇਂ ਦਾਰਾ ਪੰਜਾਬ ਵਿਚ ਆਇਆ ਸੀ ਉਸ ਸਮੇਂ ਉਹ ਸਿਰਫ ਇਕ ਭੱਜੇ ਜਾ ਰਹੇ ਜਰਨੈਲ ਦੀ ਤਰ੍ਹਾਂ ਸੀ । ਉਸ ਦੇ ਨਾਲ 20,000 ਫ਼ੌਜ ਸੀ ਜਿਸ ਦਾ ਮਨੋਰਥ ਸਿਰਫ਼ ਉਸ ਨੂੰ ਸਹੀ ਸਲਾਮਤ ਪੰਜਾਬ ਵਿਚੋਂ ਦੀ ਲੰਘਾਉਣ ਦਾ ਸੀ । ਨਾ ਹੀ ਦਾਰਾ ਦੀ ਮਨਸ਼ਾ ਪੰਜਾਬ ਵਿਚ ਠਹਿਰ ਕੇ ਲੜਾਈ ਕਰਨ ਦੀ ਸੀ ਅਤੇ ਨਾ ਹੀ ਉਸ ਪਾਸ ਇਤਨੀ ਸਮਰੱਥਾ ਹੀ ਸੀ ਕਿ ਉਹ ਬਾਦਸ਼ਾਹ ਬਣ ਚੁੱਕੇ ਔਰੰਗਜ਼ੇਬ ਨਾਲ ਡਟ ਕੇ ਲੜਾਈ ਕਰ ਸਕੇ । ਔਰੰਗਜ਼ੇਬ ਕਾਫੀ ਦੇਰ ਬਾਅਦ ਪੰਜਾਬ ਵਿਚ ਆਇਆ ਸੀ । ਜਿਸ ਸਮੇਂ ਉਹ ਪੰਜਾਬ ਵਿਚ ਆਇਆ ਸੀ ਉਸ ਸਮੇਂ ਤੱਕ ਦਾਰਾ ਫੜਿਆ ਜਾ ਚੁੱਕਿਆ ਸੀ ਅਤੇ ਉਸ ਦੇ ਹਮਾਇਤੀ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਸਨ। ਉਸ ਸਮੇਂ ਦਾ ਸਮਕਾਲੀ ਲੇਖਕ ਸੁਜਾਨ ਰਾਇ ਭੰਡਾਰੀ ਲਿਖਦਾ ਹੈ “ਦਾਰਾ ਸ਼ਿਕੋਹ ਭਾਵੇਂ ਉੱਤੋਂ ਲੜਾਈ ਦਾ ਸਾਮਾਨ ਇਕੱਠਾ ਕਰ ਰਿਹਾ ਸੀ ਪਰ ਅਸਲ ਵਿਚ ਉਸ ਉੱਤੇ ਔਰੰਗਜ਼ੇਬ ਦਾ ਡਰ ਇਸ ਤਰ੍ਹਾਂ ਛਾ ਗਿਆ ਸੀ ਕਿ ਉਹ ਉਸ ਦਾ ਟਾਕਰਾ ਆਪਣੀ ਸਤਾ ਤੋਂ ਬਾਹਰ ਸਮਝਦਾ ਸੀ । ਉਸ ਦੀ ਮੁਲਤਾਨ ਤੇ ਕੰਧਾਰ ਵੱਲ ਨਿਕਲ ਜਾਣ ਦੀ ਨੀਅਤ ਸੀ। ਸਗੋਂ ਉਹ ਭੇਤੀਆਂ ਨੂੰ ਇਹ ਗੱਲ ਇਸ਼ਾਰੇ ਨਾਲ ਕਹਿ ਵੀ ਦਿੰਦਾ ਸੀ । ਲੋਕ ਚੰਗੀ ਤਰ੍ਹਾਂ ਸਮਝਦੇ ਸਨ ਕਿ ਜਦ ਔਰੰਗਜ਼ੇਬ ਪੰਜਾਬ ਵੱਲ ਆਇਆ, ਦਾਰਾ ਸ਼ਿਕੋਹ ਲੜਨ-ਭਿੜਨ ਤੋਂ ਬਿਨਾਂ ਹੀ ਭੱਜ ਜਾਵੇਗਾ। ਇਸੇ ਲਈ ਲੋਕ ਉਸ ਦਾ ਸਾਥ ਛੱਡਣ ਦਾ ਇਰਾਦਾ ਰੱਖਦੇ ਸਨ । ਰਾਜਾ ਰੂਪ ਚੰਦ ਇਹ ਬਹਾਨਾ ਕਰਕੇ ਵਿਦਾ ਹੋ ਗਿਆ ਕਿ ਦੇਸ਼ ਪਹੁੰਚ ਕੇ ਫ਼ੌਜ ਦਾ ਸਾਮਾਨ ਠੀਕ ਕਰਨਾ ਅਤੇ ਪਹਾੜ ਦੇ ਜਿਮੀਂਦਾਰਾਂ ਦੀ ਹਾਰਦਿਕ ਪਰਸੰਨਤਾ ਪਰਾਪਤ ਕਰਨੀ ਜ਼ਰੂਰੀ ਹੈ । ਭਲਾਈ ਨੂੰ ਮੁੱਖ ਰੱਖ ਕੇ ਉਹ ਆਪਣੇ ਪੁੱਤਰ ਅਤੇ ਵਕੀਲ ਨੂੰ ਲਾਹੌਰ ਵਿਚ ਛੱਡ ਗਿਆ । ਕੁਝ ਦਿਨਾਂ ਮਗਰੋਂ ਉਸ ਦਾ ਪੁੱਤਰ ਵੀ ਰਾਤ ਦੇ ਸਮੇਂ ਨਿਕਲ ਗਿਆ ।…… ਇਸ ਤਰ੍ਹਾਂ ਸਾਰੇ ਸਾਥੀ ਵੱਖ ਹੋ ਗਏ । ਦਾਰਾ ਸ਼ਿਕੋਹ ਆਪਣੇ ਵੱਡੇ ਪੁੱਤਰ ਸੁਲੇਮਾਨ ਸ਼ਿਕੋਹ ਦੀ ਉਡੀਕ ਵਿਚ ਲਾਹੌਰ ਠਹਿਰਿਆ ਰਿਹਾ।”
ਭਾਵੇਂ ਸੁਜਾਨ ਰਾਇ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਹਰਿ ਰਾਏ ਜੀ ਵੀ ਤਕੜੀ ਸੈਨਾ ਲੈ ਕੇ ਆਏ ਸਨ ਪਰ ਹੋਰ ਫ਼ੌਜ ਇਕੱਠੀ ਕਰਨ ਦਾ ਬਹਾਨਾ ਲਾ ਕੇ ਚਲੇ ਗਏ ਸਨ । ਇਹ ਗੱਲ ਗਲਤ ਹੈ। ਉਸ ਦੇ ਉਕਤ ਬਿਆਨ ਵਿਚੋਂ ਸਿਰਫ਼ ਦਾਰਾ ਸ਼ਿਕੋਹ ਦੇ ਕਮਜੋਰ ਪੱਖ ਦੀ ਅਤੇ ਉਸ ਦੀ ਡਾਵਾਂਡੋਲ ਸਥਿਤੀ ਦੀ ਜਾਣਕਾਰੀ ਲਈ ਜਾ ਸਕਦੀ ਹੈ । ਗੁਰੂ ਹਰਿ ਰਾਏ ਜੀ ਦੀ ਸਿੱਖ ਸੰਗਤ ਨੂੰ ਫ਼ੌਜ ਕਹਿਣਾ ਗਲਤ ਗੱਲ ਹੈ। ਗੋਇੰਦਵਾਲ ਸਿੱਖ ਧਰਮ ਦਾ ਮੁੱਢਲਾ ਅਤੇ ਪਰਸਿੱਧ ਕੇਂਦਰ ਸੀ । ਉੱਥੇ ਗੁਰੂ ਜੀ ਦਾ ਅਤੇ ਸਿੱਖ ਸੰਗਤਾਂ ਦਾ ਰਹਿਣਾ ਕੁਦਰਤੀ ਗੱਲ ਸੀ । ਗੋਇੰਦਵਾਲ ਬਿਆਸ ਦਰਿਆ ਦੇ ਉਸ ਲਾਂਘੇ ਉੱਪਰ ਸਥਿਤ ਸੀ ਜਿੱਥੋਂ ਦੀ ਲਾਹੌਰ ਨੂੰ ਰਸਤਾ ਗੁਜ਼ਰਦਾ ਹੈ। ਦਾਰਾ ਸ਼ਿਕੋਹ ਇੱਥੋਂ ਦੀ ਲੰਘਣ ਸਮੇਂ ਗੁਰੂ ਜੀ ਨੂੰ ਮਿਲਿਆ ਹੋਵੇਗਾ ਪਰ ਗੁਰੂ ਸਾਹਿਬ ਉਸ ਨਾਲ ਸੰਬੰਧਤ ਰਾਜਸੀ ਗੜਬੜ ਤੋਂ ਨਿਰਲੇਪ ਰਹਿਣ ਲਈ ਗੋਇੰਦਵਾਲ ਛੱਡ ਕੇ ਕੀਰਤਪੁਰ ਸਾਹਿਬ ਜਾਂ ਕਿਸੇ ਹੋਰ ਦੁਰਾਡੇ ਅਸਥਾਨ ‘ਤੇ ਚਲੇ ਗਏ ਹੋਣਗੇ। ਪਰ ਕਿਸੇ ਵੀ ਤਰੀਕੇ ਨਾਲ ਗੁਰੂ ਜੀ ਦਾ ਦਾਰੇ ਦੀ ਹਾਰੀ ਜਾ ਚੁੱਕੀ ਖੇਡ ਵਿਚ ਉਲਝਨ ਦਾ ਕੋਈ ਕਾਰਣ ਨਹੀਂ ਸੀ।
ਰਾਮ ਰਾਇ ਦਾ ਦਿੱਲੀ ਜਾਣਾ :
ਦਾਰਾ ਸ਼ਿਕੋਹ ਨੂੰ ਕੁਚਲ ਦੇਣ ਪਿੱਛੋਂ ਜਦੋਂ ਔਰੰਗਜੇਬ ਰਾਜਸੀ ਝਮੇਲਿਆਂ ਤੋਂ ਕੁਝ ਮੁਕਤ ਹੋਇਆ ਤਾਂ ਉਸ ਨੇ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਵਿਚ ਕੁਝ ਦਖ਼ਲਅੰਦਾਜੀ ਕਰਨ ਦੀ ਕੋਸ਼ਿਸ਼ ਕੀਤੀ । ਇਹ ਦਖ਼ਲ ਅੰਦਾਜੀ ਭਾਵੇਂ ਤਾਂ ਗੁਰੂ-ਘਰ ਦੀਆਂ ਵਿਰੋਧੀ ਤਾਕਤਾਂ ਦੀ ਉਕਸਾਹਟ ਕਰਕੇ ਸੀ ਜਾਂ ਔਰੰਗਜੇਬ ਦੀ ਆਪਣੀ ਸ਼ੱਕੀ ਨੀਤੀ ਕਰਕੇ ਪਰ ਨਿਸ਼ਚੇ ਹੀ ਇਹ ਗੱਲ ਦਾਰਾ ਸ਼ਿਕੋਹ ਦੀ ਗੁਰੂ ਹਰਿ ਰਾਏ ਜੀ ਵੱਲੋਂ ਕੀਤੀ ਗਈ ਕਿਸੇ ਅਖਾਉਤੀ ਮਦਦ ਦੇ ਪਰੱਤੀਕਰਮ ਵੱਜੋਂ ਨਹੀਂ ਸੀ । ਸਰੂਪ ਦਾਸ ਭੱਲਾ ਦੀ ਲਿਖਤ ਅਨੁਸਾਰ ਔਰੰਗਜੇਬ ਦਾ ਇਕ ਅਮੀਰ ਗੁਰੂ ਜੀ ਦੇ ਦਰਬਾਰ ਵਿਚ ਆਇਆ ਅਤੇ ਉਸ ਨੇ ਦੱਸਿਆ ਕਿ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਆਪਣੇ ਪਾਸ ਬੁਲਾਇਆ ਹੈ । ਗੁਰੂ ਜੀ ਨੇ ਸਿੱਖ ਸੰਗਤਾਂ ਨਾਲ ਮਸ਼ਵਰਾ ਕੀਤਾ। ਅਖ਼ੀਰ ਫੈਸਲਾ ਲਿਆ ਗਿਆ ਕਿ ਗੁਰੂ ਜੀ ਖ਼ੁਦ ਦਿੱਲੀ ਨਹੀਂ ਜਾਣਗੇ ਸਗੋਂ ਆਪਣੇ ਵੱਡੇ ਸਾਹਿਬਜ਼ਾਦੇ ਰਾਮ ਰਾਇ ਨੂੰ ਭੇਜਣਗੇ । ਫਲਸਰੂਪ, ਗੁਰੂ ਜੀ ਨੇ ਰਾਮ ਰਾਇ ਨੂੰ ਕੁਝ ਸਪਸ਼ਟ ਨਸੀਹਤਾਂ ਦੇ ਕੇ ਦਿੱਲੀ ਤੋਰਿਆ। ਨਸੀਹਤਾਂ ਇਹ ਸਨ ਕਿ ਜੋ ਕੁਝ ਪੁੱਛਿਆ ਜਾਵੇ ਉਹ ਸਭ ਕੁਝ ਪੂਰੀ ਸੱਚਾਈ ਨਾਲ ਬਿਆਨ ਕਰਨਾ ਹੈ ਅਤੇ ਮਨ ਵਿਚ ਕਿਸੇ ਕਿਸਮ ਦਾ ਭੈਅ ਨਹੀਂ ਰੱਖਣਾ ।” ਸਿੱਖ ਰਵਾਇਤਾਂ ਅਨੁਸਾਰ ਬਾਦਸ਼ਾਹ ਨੇ ਰਾਮ ਰਾਇ ਦਾ ਆਦਰ ਸਤਿਕਾਰ ਕਰਨ ਬਾਅਦ ਗੁਰੂ ਗ੍ਰੰਥ ਸਾਹਿਬ ਵਿਚਲੀਆ ਕੁਝ ਤੁਕਾਂ ਬਾਰੇ ਸਪਸ਼ਟੀਕਰਣ ਮੰਗਿਆ। ਇਨ੍ਹਾਂ ਵਿਚੋਂ ਇਕ ਤੁਕ “ਮਿਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ” ਵਾਲੀ ਸੀ ਜਿਸ ਦਾ ਸਪਸ਼ਟੀਕਰਣ ਦਿੰਦੇ ਹੋਏ ਰਾਮ ਰਾਇ ਨੇ ਦੱਸਿਆ ਕਿ ਇਸ ਤੁਕ ਵਿਚ ਸ਼ਬਦ ਮੁਸਲਮਾਨ ਗਲਤੀ ਨਾਲ ਪੈ ਗਿਆ ਹੈ ਸਗੋਂ ਇਸ ਥਾਂ ਸ਼ਬਦ ਬੇਈਮਾਨ ਹੋਣਾ ਚਾਹੀਂਦਾ ਹੈ। ਬਾਦਸ਼ਾਹ ਦੀ ਸੰਤੁਸ਼ਟੀ ਤਾਂ ਇਸ ਉੱਤਰ ਨਾਲ ਹੋ ਗਈ ਸੀ ਪਰ ਰਾਮ ਰਾਇ ਦੀ ਇਸ ਕਾਰਵਾਈ ਤੋਂ ਗੁਰੂ ਹਰਿ ਰਾਏ ਜੀ ਜਰੂਰ ਨਾਰਾਜ ਹੋ ਗਏ ਸਨ । ਗੁਰੂ ਜੀ ਨੇ ਸਮਝਿਆ ਕਿ ਰਾਮ ਰਾਇ ਨੇ ਬਾਦਸ਼ਾਹ ਪਾਸ ਸਪਸ਼ਟੀਕਰਣ ਦਿੰਦੇ ਹੋਏ ਨਿਡਰਤਾ ਅਤੇ ਸੱਚਾਈ ਨੂੰ ਨਹੀਂ ਅਪਣਾਇਆ ਇਸ ਕਰਕੇ ਉਹ ਗੁਰੂ ਕਹਿਲਾਉਣ ਦਾ ਵੀ ਹੱਕਦਾਰ ਨਹੀਂ ਹੈ । ਫਲਸਰੂਪ, ਗੁਰੂ ਜੀ ਨੇ ਉਸ ਨੂੰ ਆਪਣਾ ਵਾਰਸ ਹੋਣ ਤੋਂ ਆਯੋਗ ਸਮਝ ਕੇ ਉਸ ਨੂੰ ਉੱਤਰਅਧਿਕਾਰਤਾ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ। ਜਿਸ ਸਮੇਂ ਗੁਰੂ ਜੀ 31 ਸਾਲਾਂ ਦੀ ਭਰ ਜੁਆਨੀ ਦੀ ਉਮਰ ਵਿਚ 6 ਅਕਤੂਬਰ 1661 ਈ. ਨੂੰ ਜੋਤੀ ਜੋਤ ਸਮਾ ਗਏ ਸਨ ਤਾਂ ਅੰਤਮ ਸਮੇਂ ਆਪਣਾ ਅੱਠਵਾਂ ਉੱਤਰਅਧਿਕਾਰੀ ਰਾਮ ਰਾਇ ਦੀ ਥਾਂ ‘ਤੇ ਆਪਣੇ ਛੋਟੇ ਪੁੱਤਰ ਹਰਿ ਕਰਿਸ਼ਨ ਜੀ ਨੂੰ ਥਾਪ ਦਿੱਤਾ ਸੀ ।
ਇਸ ਤਰ੍ਹਾਂ ਗੁਰੂ ਹਰਿ ਰਾਏ ਜੀ ਛੋਟੀ ਉਮਰ ਵਿਚ ਹੀ ਗੁਰੂ ਬਣੇ ਸਨ ਅਤੇ ਛੋਟੀ ਉਮਰ ਵਿਚ ਉਹ ਜੋਤੀ-ਜੋਤ ਸਮਾ ਗਏ ਸਨ। 14 ਸਾਲ ਤੋਂ ਲੈ ਕੇ 31 ਸਾਲ ਦੀ ਉਮਰ ਤੱਕ ਆਪ ਜੀ ਨੇ ਗੁਰਿਆਈ ਕੀਤੀ। ਜਿਸ ਤਰ੍ਹਾਂ ਸਿੱਖ ਧਰਮ ਦੀ ਇਹ ਬਹੁਤ ਤਕੜੀ ਰਵਾਇਤ ਸੀ ਕਿ ਸਿੱਖ ਗੁਰੂ ਸਾਹਿਬਾਨ ਆਪਣੀ ਸਮਕਾਲੀ ਰਾਜਨੀਤੀ ਤੋਂ ਪੂਰੀ ਤਰ੍ਹਾਂ ਨਿਰਲੇਪ ਰਹੇ ਸਨ ਉਸੇ ਤਰ੍ਹਾਂ ਗੁਰੂ ਹਰਿ ਰਾਏ ਜੀ ਵੀ ਰਾਜਨੀਤੀ ਤੋਂ ਪੂਰੀ ਤਰ੍ਹਾਂ ਨਿਰਲੇਪ ਰਹੇ ਸਨ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਿਰਫ਼ ਧਾਰਮਿਕ ਸੇਧ ਹੀ ਦਿੱਤੀ ਸੀ । ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਦੀ ਆਪਸੀ ਲੜਾਈ ਤੋਂ ਉਹ ਪੂਰੀ ਤਰ੍ਹਾਂ ਨਿਰਲੇਪ ਰਹੇ ਸਨ। ਕਹਿਲੂਰ, ਹਿੰਡੂਰ ਅਤੇ ਰੋਪੜ ਦੇ ਹਾਕਮਾਂ ਦੀ ਆਪਸੀ ਦੁਸ਼ਮਣੀ ਤੋਂ ਵੀ ਗੁਰੂ ਹਰਿ ਰਾਏ ਜੀ ਨੇ ਆਪਣੇ ਆਪ ਨੂੰ ਨਿਰਲੇਪ ਰੱਖਿਆ ਸੀ। ਉਨ੍ਹਾਂ ਦਾ ਸਮਾਂ ਸ਼ਾਂਤੀ ਦਾ ਸਮਾਂ ਸੀ । ਉਨ੍ਹਾਂ ਨੇ ਪੰਜਾਬ ਦੇ ਮਾਲਵੇ ਖੇਤਰ ਵਿਚ ਅਤੇ ਜੰਮੂ ਕਸ਼ਮੀਰ ਦੀਆਂ ਕੁਝ ਥਾਵਾਂ ‘ਤੇ ਫਿਰ ਕੇ ਸਿੱਖ ਸੰਗਤਾਂ ਵਿਚ ਧਰਮ ਪਰਚਾਰ ਵੀ ਕੀਤਾ। ਆਪ ਫੁੱਲ ਦੀ ਤਰ੍ਹਾਂ ਕੋਮਲ ਸੁਭਾਅ ਵਿਚ ਪੂਰੀ ਦਰਿੜ੍ਹਤਾ ਭਰਿਆ ਫੈਸਲਾ ਕਰ ਸਕਦੇ ਸਨ ਅਤੇ ਰਾਜਸੀ ਤੌਰ ‘ਤੇ ਗੜਬੜੀ ਭਰਪੂਰ ਮਾਹੌਲ ਵਿਚ ਇਕ ਪਰਬਤ ਦੀ ਤਰ੍ਹਾਂ ਅਡੋਲ ਰਹਿ ਸਕਦੇ ਸਨ।