ਗੁਰੂ ਹਰਿਕਰਿਸ਼ਨ ਜੀ (1661-1664 ਈ .)

ਗੁਰੂ ਹਰਿਕਰਿਸ਼ਨ ਜੀ ਅੱਠਵੇਂ ਗੁਰੂ ਸਨ। ਆਪ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਦੇ ਛੋਟੇ ਸਪੁੱਤਰ ਸਨ । ਆਪ ਤੋਂ ਵੱਡੇ ਰਾਮ ਰਾਇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਗੁਰਦਿੱਤਾ ਜੀ ਸਨ । ਗੁਰਦਿੱਤਾ ਜੀ ਦੇ ਅੱਗੇ ਦੋ ਸਪੁੱਤਰ ਸਨ । ਇਹ ਸਨ : ਧੀਰ ਮੱਲ ਅਤੇ ਗੁਰੂ ਹਰਿ ਰਾਇ । ਧੀਰ ਮੱਲ ਵੱਡੇ ਸਨ । ਗੁਰਦਿੱਤਾ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹੀ ਸਵਰਗ ਸਿਧਾਰ ਗਏ ਸਨ। ਸੱਤਵੀਂ ਗੁਰਗੱਦੀ ਗੁਰਦਿੱਤਾ ਸਾਹਿਬ ਦੇ ਛੋਟੇ ਪੁੱਤਰ ਹਰਿ ਰਾਇ ਨੂੰ ਮਿਲੀ। ਧੀਰ ਮੱਲ ਨਾਰਾਜ ਹੋ ਗਿਆ ਸੀ ਅਤੇ ਰੁੱਸ ਕੇ ਕਰਤਾਰਪੁਰ ਆ ਕੇ ਰਹਿਣ ਲੱਗ ਪਿਆ ਸੀ । ਗੁਰੂ ਹਰਿ ਰਾਏ ਜੀ ਦੇ ਅੱਗੋਂ ਦੋ ਪੁੱਤਰ ਸਨ : ਰਾਮ ਰਾਇ ਅਤੇ ਹਰਿ ਕਰਿਸ਼ਨ । ਰਾਮ ਰਾਇ ਕੁਝ ਗਲਤੀਆਂ ਕਰ ਜਾਣ ਕਰਕੇ ਗੁਰਗੱਦੀ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਗਿਆ ਸੀ। ਨਿਸ਼ਚੇ ਹੀ ਦੂਸਰਾ ਹੱਕਦਾਰ ਹਰਿਕਰਿਸ਼ਨ ਜੀ ਨੇ ਹੋਣਾ ਸੀ । ਗੁਰੂ ਹਰਿ ਰਾਏ ਜੀ 1661 ਈ. ਵਿਚ ਜੋਤੀ-ਜੋਤ ਸਮਾ ਗਏ ਸਨ । ਉਨ੍ਹਾਂ ਦੇ ਉੱਤਰਅਧਿਕਾਰੀ ਗੁਰੂ ਹਰਿ ਕਰਿਸ਼ਨ ਜੀ ਬਣੇ।

ਗੁਰੂ ਹਰਿ ਕਰਿਸ਼ਨ ਜੀ ਦਾ ਜਨਮ ਨੋ ਸਾਵਣ, ਵਦੀ 10, ਦਿਨ ਬੁੱਧਵਾਰ, ਸੰਮਤ 1713 ਬਿ. ਮੁਤਾਬਕ 7 ਜੁਲਾਈ, 1656 ਈ. ਨੂੰ ਮਾਤਾ ਕਰਿਸ਼ਨ ਕੌਰ ਦੀ ਪਵਿੱਤਰ ਕੁੱਖ ਵਿਚੋਂ, ਕੀਰਤਪੁਰ ਸਾਹਿਬ ਵਿਖੇ ਹੋਇਆ” ਜਿਸ ਸਮੇਂ ਆਪ ਗੁਰਗੱਦੀ ਦੇ ਵਾਰਸ ਬਣੇ ਉਸ ਸਮੇਂ ਆਪ ਦੀ ਉਮਰ ਪੰਜ ਸਾਲ ਛੇ ਮਹੀਨੇ ਦੋ ਦਿਨ ਦੀ ਸੀ । ਆਪ ਦੀ ਉਮਰ ਬਹੁਤ ਛੋਟੀ ਸੀ ਅਤੇ ਛੋਟੀ ਉਮਰ ਵਿਚ ਹੀ ਆਪ ਜੋਤੀ-ਜੋਤ ਸਮਾ ਗਏ ਸਨ। ਇਸ ਕਰਕੇ ਆਪ ਦੀ ਗੁਰੂ ਦੇ ਤੌਰ ‘ਤੇ ਪਰਾਪਤੀਆਂ ਦੀ ਗੱਲ ਇਤਿਹਾਸ ਵਿਚ ਐਸੀ ਨਹੀਂ ਮਿਲਦੀ ਜਿਹੜੀ ਦਰਜ ਹੋ ਸਕੀ ਹੋਵੇ । ਆਪ ਦੀ ਗੁਰਿਆਈ ਸਮੇਂ ਇਕੋ ਹੀ ਮੁੱਖ ਗੱਲ ਸਾਹਮਣੇ ਆਉਂਦੀ ਹੈ ਅਤੇ ਉਹ ਹੈ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ‘ਤੇ ਉਸ ਨੂੰ ਮਿਲਣ ਲਈ ਦਿੱਲੀ ਜਾਣ ਦੀ ਗੱਲ। ਇਸੇ ਗੱਲ ਨਾਲ ਸੰਬੰਧਤ ਹੈ ਰਸਤੇ ਵਿਚ ਪੰਜੋਖਰਾ ਸਾਹਿਬ ਵਿਖੇ ਇਕ ਛੱਜੂ ਝਿਉਰ ਵੱਲੋਂ ਗੀਤਾ ਦੇ ਅਰਥ ਕਰਵਾਉਣਾ।

ਰਾਮ ਰਾਇ ਕਿਉਂਕਿ ਆਪ ਤੋਂ ਵੱਡੇ ਸਨ ਇਸ ਲਈ ਗੁਰਗੱਦੀ ਦਾ ਉਸ ਨੂੰ ਨਾ ਮਿਲਣਾ ਉਸ ਦੇ ਰੋਸੇ ਦਾ ਕਾਰਣ ਹੋ ਸਕਦਾ ਸੀ। ਜਾਣਕਾਰੀ ਇਹੀ ਮਿਲਦੀ ਹੈ ਕਿ ਉਸ ਨੇ ਔਰੰਗਜ਼ੇਬ ਦੇ ਦਰਬਾਰ ਤੱਕ ਪਹੁੰਚ ਕੀਤੀ ਸੀ ਤਾਂ ਕਿ ਉਹ ਗੁਰਿਆਈ ਦਾ ਹੱਕਦਾਰ ਬਣ ਸਕੇ ਪਰ ਗੁਰਿਆਈ ਨਾ ਹੀ ਤਾਂ ਬਾਦਸ਼ਾਹ ਵੱਲੋਂ ਦਿਵਾਈ ਮਿਲਦੀ ਹੈ ਅਤੇ ਨਾ ਹੀ ਕਿਸੇ ਅਦਾਲਤ ਵੱਲੋਂ। ਇਹ ਤਾਂ ਸੰਗਤ ਦੀ ਸਰਬਉੱਚਤਾ ਦਾ ਮਾਮਲਾ ਹੈ। ਜਿਧਰ ਸੰਗਤ ਦੀ ਇੱਛਾ ਹੁੰਦੀ ਹੈ ਉਧਰ ਹੀ ਗੁਰਗੱਦੀ ਸਥਾਪਤ ਹੋ ਜਾਂਦੀ ਹੈ । ਸਿੱਖ ਧਰਮ ਵਿਚ ਯੋਗਤਾ ਮੁੱਖ ਆਧਾਰ ਮੰਨੀ ਗਈ ਸੀ ਗੁਰਗੱਦੀ ਦਾ ਵਾਰਸ ਨੀਯਤ ਕਰਨ ਲਈ । ਯੋਗਤਾ ਦੇ ਪੱਖੋਂ ਰਾਮ ਰਾਇ ਨਕਾਰਿਆ ਜਾ ਚੁੱਕਾ ਸੀ । ਗੁਰੂ ਜੀ ਦੇ ਹੁਕਮ ਅਨੁਸਾਰ ਗੁਰਗੱਦੀ ਉਸ ਦੇ ਛੋਟੇ ਭਰਾ ਨੂੰ ਯੋਗ ਸਮਝ ਕੇ ਦਿੱਤੀ ਜਾ ਚੁੱਕੀ ਸੀ । ਸਿੱਖ ਸੰਗਤ ਨੇ ਆਪਣੇ ਗੁਰੂ ਦੇ ਹੁਕਮਾਂ ਤੇ ਫੁੱਲ ਚੜਾਉਂਦਿਆਂ ਉਨ੍ਹਾਂ ਦੇ ਹੁਕਮ ਨੂੰ ਅਗੰਮੀ ਹੁਕਮ ਮੰਨ ਕੇ ਹਰਿ ਕਰਿਸ਼ਨ ਜੀ ਨੂੰ ਗੁਰੂ ਮੰਨ ਲਿਆ ਸੀ।

ਗੁਰੂ ਹਰਿਕਰਿਸ਼ਨ ਜੀ (1661-1664 ਈ .)

ਰਾਮ ਰਾਇ ਦੀ ਬੇਨਤੀ ‘ਤੇ ਬਾਦਸ਼ਾਹ ਔਰੰਗਜੇਬ ਨੇ ਗੁਰੂ ਹਰਿ ਕਰਿਸ਼ਨ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਅਤੇ ਉਹ ਮੁਖੀ ਸਿੱਖਾਂ ਸਮੇਤ ਦਿੱਲੀ ਪਹੁੰਚੇ। ਇਹ ਸਾਰਾ ਕੰਮ ਜੈਪੁਰ ਦੇ ਰਾਜਾ ਰਾਮ ਸਿੰਘ ਦੇ ਜੁੰਮੇ ਸੀ । ਗੁਰੂ ਹਰਿ ਕਰਿਸ਼ਨ ਜੀ ਦਾ ਉਤਾਰਾ ਰਾਜਾ ਸਾਹਿਬ ਦੀ ਹਵੇਲੀ ਵਿਚ ਹੀ ਕੀਤਾ ਗਿਆ ਸੀ । ਇਸ ਹਵੇਲੀ ਨੂੰ ਰਾਜਾ ਸਾਹਿਬ ਨੇ ਪਿੱਛੋਂ ਗੁਰੂ ਹਰਿ ਕਰਿਸ਼ਨ ਜੀ ਦੀ ਯਾਦ ਨੂੰ ਹੀ ਸਮਰਪਿਤ ਕਰ ਦਿੱਤਾ ਸੀ ਅਤੇ ਅੱਜ ਕੱਲ੍ਹ ਇਸ ਹਵੇਲੀ ਵਾਲੀ ਥਾਂ ‘ਤੇ ਗੁਰਦੁਆਰਾ ਬੰਗਲਾ ਸਾਹਿਬ ਸ਼ਸ਼ੋਭਤ ਹੈ ਜੋ ਗੁਰੂ ਹਰਿ ਕਰਿਸ਼ਨ ਜੀ ਦੀ ਯਾਦ ਵਿਚ ਹੈ।

ਦਿੱਲੀ ਵੱਲ ਨੂੰ ਆਉਂਦਿਆਂ ਰਸਤੇ ਵਿਚ ਅੰਬਾਲੇ ਨਜਦੀਕ ਪੰਜੋਖਰਾ ਪਿੰਡ ਵਿਖੇ ਗੁਰੂ ਹਰਿ ਕਰਿਸ਼ਨ ਜੀ ਨਾਲ ਇਕ ਪਰੰਪਰਾ ਜੁੜੀ ਹੋਈ ਹੈ। ਜਿਸ ਸਮੇਂ ਗੁਰੂ ਜੀ ਇੱਥੇ ਠਹਿਰੇ ਹੋਏ ਸਨ ਤਾਂ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਲੇ-ਦੁਆਲੇ ਦੀਆਂ ਸੰਗਤਾਂ ਆ ਰਹੀਆਂ ਸਨ। ਦਰਸ਼ਨ ਕਰਨ ਲਈ ਹੀ ਸਥਾਨਕ ਵਾਸੀ ਇਕ ਪੰਡਿਤ ਵੀ ਆਇਆ ਸੀ। ਉਸ ਨੇ ਦਰਸ਼ਨ ਕਰਦਿਆਂ ਗੁਰੂ ਜੀ ਨੂੰ ਮੁਖ਼ਾਤਿਬ ਹੁੰਦਿਆ ਕਿਹਾ ਕਿ ਆਪ ਜੀ ਦਾ ਨਾਂ ਹਰਿ ਕਰਿਸ਼ਨ ਹੈ। ਕਰਿਸ਼ਨ ਭਗਵਾਨ ਨੇ ਗੀਤਾ ਉਚਾਰੀ ਸੀ। ਆਪ ਜੀ ਨੂੰ ਵੀ ਭਗਵਾਨ ਦਾ ਰੂਪ ਕਿਹਾ ਜਾਂਦਾ ਹੈ। ਕੀ ਆਪ ਵੀ ਉਸ ਗੀਤਾ ਦੇ ਅਰਥ ਕਰ ਸਕਦੇ ਹੋ? ਗੁਰੂ ਜੀ ਨੇ ਕਿਹਾ ਕਿ ਉਹ ਤਾਂ ਅਰਥ ਕਰ ਹੀ ਸਕਦੇ ਹਨ ਸਗੋਂ ਉਹ ਕਿਸੇ ਅਜਿਹੇ ਅਣਜਾਣ ਵਿਅਕਤੀ ਕੋਲੋਂ ਵੀ ਗੀਤਾ ਦੇ ਅਰਥ ਕਰਵਾ ਸਕਦੇ ਹਨ ਜਿਹੜਾ ਬਿਲਕੁੱਲ ਹੀ ਅਨਪੜ੍ਹ ਹੋਵੇ । ਪੰਡਿਤ ਨੇ ਇਕ ਸਥਾਨਕ ਵਾਸੀ ਛੱਜੂ ਝਿਉਰ ਨੂੰ ਲੈ ਆਂਦਾ ਜਿਹੜਾ ਮੂਰਖ ਕਿਸਮ ਦਾ ਪਾਗਲ ਜਿਹਾ ਬੰਦਾ ਸੀ । ਗੁਰੂ ਜੀ ਨੇ ਉਸ ਦੇ ਸਿਰ ’ਤੇ ਆਪਣੀ ਛਟੀ ਰੱਖੀ । ਜਿਉਂ ਹੀ ਪੰਡਿਤ ਗੀਤਾ ਦੇ ਸਲੋਕ ਉਚਾਰਦਾ ਉਹ ਛੱਜੂ ਝਿਉਰ ਤੁਰੰਤ ਹੀ ਉਸ ਦੇ ਅਰਥ ਕਰਕੇ ਸੁਣਾ ਦਿੰਦਾ ਸੀ । ਇਹ ਕੌਤਕ ਦੇਖ ਕੇ ਪੰਡਿਤ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਸੀ।

ਇਹ ਕਥਾ, ਬਿਨਾਂ ਸ਼ੱਕ, ਬਰਾਹਮਣਵਾਦ ਨੂੰ ਛੁਟਿਆਉਣ ਲਈ ਹੈ । ਜੰਤਰ-ਮੰਤਰ ਨਾਲ ਜਾਂ ਕਿਸੇ ਹੋਰ ਕਰਾਮਾਤ ਨਾਲ ਕਿਸੇ ਨੂੰ ਗਿਆਨ ਕਰਵਾ ਦੇਣਾ ਸਿਰਫ਼ ਇਕ ਮਿਥਿਹਾਸ ਹੀ ਹੁੰਦਾ ਹੈ। ਸਿੱਖ ਧਰਮ ਇਕ ਵਿਗਿਆਨਕ ਦਰਿਸ਼ਟੀ ਕੋਣ ਰੱਖਣ ਵਾਲਾ ਅਤੇ ਵਿਵਹਾਰਕ ਸਿਧਾਂਤ ਪਰਚਾਰਨ ਵਾਲਾ ਧਰਮ ਸੀ । ਇਸ ਗੱਲ ਵਿਚ ਨਾ ਹੀ ਸਿੱਖ ਧਰਮ ਦੀ ਵਡਿਆਈ ਹੈ ਅਤੇ ਨਾ ਹੀ ਗੁਰੂ ਹਰਿ ਕਰਿਸ਼ਨ ਜੀ ਦੀ ਕਿ ਉਨ੍ਹਾਂ ਨੇ ਇਕ ਮੂਰਖ ਬੰਦੇ ਕੋਲੋਂ ਵੀ ਗੀਤਾ ਦੇ ਅਰਥ ਕਰਵਾ ਦਿੱਤੇ ਸਨ। ਗੀਤਾ ਕੋਈ ਐਸੀ ਅਗੰਮੀ ਬਾਣੀ ਨਹੀਂ ਸੀ ਜਿਸ ਦੇ ਅਰਥ ਕਰਕੇ ਹੀ ਕਿਸੇ ਪੀਰ-ਪੈਗੰਬਰ ਦੀ ਧਾਰਮਿਕ ਸਰਬ-ਉੱਚਤਾ ਸਥਾਪਤ ਹੁੰਦੀ ਹੋਵੇ। ਗੁਰੂ ਸਾਹਿਬ ਦੀ ਅਤੇ ਸਿੱਖ ਧਰਮ ਦੀ ਵਡਿਆਈ ਤਾਂ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਝਿਉਰ ਜਾਤੀ ਦੇ ਸ਼ੂਦਰ ਲੋਕਾਂ ਨੂੰ ਵੀ ਧਾਰਮਿਕ ਉਪਦੇਸ਼ ਦਿੱਤੇ ਸਨ । ਸੂਦਰ ਲੋਕ ਬ੍ਰਾਹਮਣਵਾਦ ਵੱਲੋਂ ਧਾਰਮਿਕ ਗਰੰਥਾਂ ਨੂੰ ਪੜ੍ਹਨ ਤੋਂ ਰੋਕੇ ਹੋਏ ਸਨ। ਇਸ ਕਥਾ ਦੀ ਇਹ ਹੀ ਮਹੱਤਤਾ ਹੋ ਸਕਦੀ ਹੈ ਕਿ ਗੁਰੂ ਜੀ ਨੇ ਬਰਾਹਮਣਵਾਦ ਦਾ ਹੰਕਾਰ ਤੋੜਨ ਲਈ ਸ਼ੂਦਰ ਲੋਕਾਂ ਨੂੰ ਵੀ ਧਾਰਮਿਕ ਗਰੰਥ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ । ਦਿੱਲੀ ਵਿਖੇ ਪਹੁੰਚਣ ‘ਤੇ ਗੁਰੂ ਹਰਿ ਕਰਿਸ਼ਨ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ । ਬੁਖਾਰ ਵਿਚ ਹੀ ਗੁਰੂ ਜੀ ਦੇ ਚੇਚਕ ਨਿਕਲ ਆਈ । ਇਸ ਚੇਚਕ ਦਾ ਹਮਲਾ ਇਤਨਾ ਘਾਤਕ ਸੀ ਕਿ ਗੁਰੂ ਜੀ ਬਾਲ ਅਵਸਥਾ ਵਿਚ ਹੀ ਸਵਰਗ ਸਿਧਾਰ ਗਏ ਸਨ। ਤਿੰਨ ਸਾਲ, ਪੰਜ ਮਹੀਨੇ, ਗਿਆਰਾਂ ਦਿਨ ਗੁਰਿਆਈ ਕਰਕੇ ਗੁਰੂ ਸਾਹਿਬ ਅੱਠ ਸਾਲ, ਅੱਠ ਮਹੀਨੇ ਅਤੇ ਉਨ੍ਹੀ ਦਿਨਾਂ ਦੀ ਕੁੱਲ ਉਮਰ ਭੋਗ ਕੇ ਚੇਤ ਸ਼ੁਦੀ 14, ਸੰਮਤ 1721 ਬਿ. ਮੁਤਾਬਕ ਦਿਨ ਬੁੱਧਵਾਰ, 30 ਮਾਰਚ, 1664 ਈ. ਨੂੰ ਜੋਤੀ-ਜੋਤ ਸਮਾ ਗਏ ਸਨ।

ਇਸ ਤਰ੍ਹਾਂ ਗੁਰੂ ਹਰਿ ਕਰਿਸ਼ਨ ਜੀ ਦਾ ਸਮਾਂ ਇਤਿਹਾਸਕ ਤੌਰ ‘ਤੇ ਕੋਈ ਐਸੀ ਪਰਾਪਤੀ ਵਾਲਾ ਤਾਂ ਭਾਵੇਂ ਨਹੀਂ ਸੀ ਜਿਸ ਨੂੰ ਸਿੱਖ ਧਰਮ ਦੇ ਵਿਕਾਸ ਵੱਜੋਂ ਜਾਣਿਆ ਜਾ ਸਕਦਾ ਹੋਵੇ । ਗੁਰੂ ਜੀ ਬਹੁਤ ਹੀ ਛੋਟੀ ਅਵਸਥਾ ਵਿਚ ਸਨ । ਛੋਟੀ ਅਵਸਥਾ ਵਿਚ ਹੀ ਬਾਦਸ਼ਾਹ ਨੂੰ ਮਿਲਣ ਦਾ ਇਕ ਵੱਡਾ ਸਵਾਲ ਸਾਹਮਣੇ ਆ ਗਿਆ ਸੀ । ਗੁਰੂ ਜੀ ਦਾ ਵੱਡਾ ਭਰਾ ਰਾਮ ਰਾਇ ਸਰਗਰਮ ਵਿਰੋਧਤਾ ਕਰ ਰਿਹਾ ਸੀ । ਉਸ ਦੀ ਵਿਰੋਧਤਾ ਨੇ ਹੀ ਗੁਰੂ ਜੀ ਦੀ ਬਾਦਸ਼ਾਹ ਦੇ ਦਰਬਾਰ ਵਿਚ ਸ਼ਕਾਇਤ ਪਹੁੰਚਾਈ ਸੀ । ਭਾਵੇਂ ਬਾਦਸ਼ਾਹ ਰਾਮ ਰਾਇ ਨੂੰ ਗੁਰਗੱਦੀ ਤਾਂ ਨਾ ਦਿਵਾ ਸਕਿਆ ਪਰ ਉਸ ਨੇ ਡੇਹਰਾਦੂਨ ਵਿਖੇ ਰਾਮ ਰਾਏ ਲਈ ਇਕ ਤਕੜੀ ਜਾਗੀਰ ਜਰੂਰ ਦੇ ਦਿੱਤੀ ਸੀ । ਇਸ ਜਾਗੀਰ ਵਿਚ ਰਾਮ ਰਾਏ ਦਾ ਡੇਰਾ ਸੀ । ਇਸ ਡੇਰੇ ਕਰਕੇ ਹੀ ਇਸ ਥਾਂ ਨੂੰ ਡੇਹਰਾਦੂਨ ਕਿਹਾ ਜਾਣ ਲੱਗ ਪਿਆ ਸੀ । ਦੂਨ ਦਾ ਭਾਵ ਇਕ ਵਾਦੀ ਤੋਂ ਹੈ। ਡੇਹਰਾ ਸ਼ਬਦ ਡੇਰੇ ਨੂੰ ਦਰਸਾਉਂਦਾ ਹੈ। ਡੇਹਰਾਦੂਨ ਦਾ ਸਮੁੱਚਾ ਭਾਵ ਹੈ ਡੇਰੇ ਵਾਲੀ ਦੂਨ । ਇਸ ਵਿਚ ਜੋ ਰਾਮ ਰਾਇ ਦਾ ਡੇਰਾ ਹੈ ਉਸ ਦੀ ਸ਼ਕਲ ਸੂਰਤ ਮੱਕੇ ਨਾਲ ਮਿਲਦੀ ਹੈ। ਇਸ ਦਾ ਇਕ ਭਾਵ ਇਹ ਵੀ ਲਿਆ ਜਾ ਸਕਦਾ ਹੈ ਕਿ ਇੱਥੇ ਇਮਾਰਤਾਂ ਬਣਾਉਣ ਸਮੇਂ ਇਸਲਾਮੀ ਇਮਾਰਤਸਾਜ਼ੀ ਨੂੰ ਸਾਹਮਣੇ ਰੱਖਿਆ ਗਿਆ ਸੀ । ਇਸ ਲਈ ਜਾਂ ਤਾਂ ਔਰੰਗਜ਼ੇਬ ਦੀ ਦਖ਼ਲਅੰਦਾਜ਼ੀ ਹੋਣੀ ਹੈ ਤੇ ਜਾਂ ਫਿਰ ਡੇਰੇ ਦੇ ਮਾਲਕ ਨੇ ਹੀ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਮੁਸਲਮਾਨੀ ਇਮਾਰਤਸਾਜ਼ੀ ਨੂੰ ਅਪਣਾਇਆ ਹੋਵੇਗਾ। ਮੋਟੇ ਤੌਰ ‘ਤੇ ਸਿੱਖ ਧਰਮ ਦਾ ਇਹ ਸਮਾਂ ਇਕ ਸੰਕਟ ਵਾਲਾ ਹੀ ਸੀ। ਇਸ ਸਮੇਂ ਵਿਚ ਹੀ ਮਸੰਦ ਪਰਣਾਲੀ ਕਮਜ਼ੋਰ ਅਤੇ ਮੌਕਾ-ਪਰੱਸਤ ਹੋ ਗਈ ਸੀ।

Leave a comment

error: Content is protected !!