ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ

ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ ਆਮ ਤੌਰ ‘ਤੇ ਹਫੜਾ-ਦਫ਼ੜੀ ਵਾਲੇ ਹੀ ਸਨ ਕਿਉਂਕਿ ਦਿੱਲੀ ਵਿਚਲੀ ਰਾਜਨੀਤਕ ਅਵਸਥਾ ਸਥਿਰ ਨਹੀਂ ਸੀ। ਦਿੱਲੀ ਵਿਚ ਬਹਿਲੋਲ ਲੋਧੀ ਦਾ ਰਾਜ ਸੀ । ਇਸ ਨੇ 1489 ਈ. ਤੱਕ ਰਾਜ ਕੀਤਾ। ਇਸ ਪਿੱਛੋਂ ਇਸ ਦਾ ਪੁੱਤਰ ਸਿਕੰਦਰ ਲੋਧੀ ਬਾਦਸ਼ਾਹ ਬਣਿਆ। ਇਸ ਨੇ 1517 ਈ. ਤੱਕ ਰਾਜ ਕੀਤਾ। ਇਸ ਪਿੱਛੋਂ ਇਬਰਾਹੀਮ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਅਤੇ ਇਸ ਨੇ 1526 ਤੱਕ ਰਾਜ ਕੀਤਾ। ਭਾਵੇਂ ਲੋਧੀ ਹਾਕਮ ਪੰਜਾਬ ਵਿਚੋਂ ਹੀ ਮੁੱਖ ਤੌਰ ‘ਤੇ ਆਪਣੀ ਸੈਨਕ ਤਾਕਤ ਖੜੀ ਕਰਦੇ ਸਨ ਪਰ ਸਾਰਾ ਪੰਜਾਬ ਉਨ੍ਹਾਂ ਦੇ ਹੁਕਮ ਅਧੀਨ ਨਹੀਂ ਸੀ । ਪੰਜਾਬ ਭੂਗੋਲਕ ਤੌਰ ‘ਤੇ ਇਕ ਇਕਾਈ ਵਿਚ ਨਹੀਂ ਸੀ ਬਲਕਿ ਇਸ ਨੂੰ ਕੁਝ ਖੇਤਰਾਂ ਵਿਚ ਵੰਡ ਕੇ ਇਸ ਦਾ ਪਰਬੰਧ ਕੀਤਾ ਜਾਂਦਾ ਸੀ ਇਹ ਖੇਤਰ ਸਨ : ਲਾਹੌਰ, ਮੁਲਤਾਨ, ਦੀਪਾਲਪੁਰ, ਸਰਹਿੰਦ ਅਤੇ ਜਲੰਧਰ । ਇਨ੍ਹਾਂ ਸਭ ਖੇਤਰਾਂ ਦੇ ਅਲੱਗ ਅਲੱਗ ਗਵਰਨਰ ਨੀਯਤ ਕੀਤੇ ਹੁੰਦੇ ਸਨ ਪਰ ਲਾਹੌਰ ਦੇ ਗਵਰਨਰ ਨੂੰ ਆਮ ਤੋਰ ‘ਤੇ ਬਾਕੀ ਦੇ ਸਾਰੇ ਖੇਤਰਾਂ ਉਪਰ ਨਿਗਰਾਨੀ ਕਰਨ ਦੇ ਅਧਿਕਾਰ ਪਰਾਪਤ ਹੁੰਦੇ ਸਨ । ਪੰਜਾਬ ਦੀ ਪੱਛਮੀ ਹੱਦ ਮੁੱਖ ਤੌਰ ‘ਤੇ ਜਿਹਲਮ ਦਰਿਆ ਹੀ ਸੀ ਪਰ ਕਈ ਵਾਰ ਦਿੱਲੀ ਅਤੇ ਪੰਜਾਬ ਦੇ ਚੰਗੇਰੇ ਤਾਲਮੇਲ ਹੋਣ ਕਾਰਣ ਜਿਹਲਮ ਦਰਿਆ ਦੇ ਪਾਰ ਦਾ ਇਲਾਕਾ ਵੀ ਪੰਜਾਬ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ ਲੋਧੀ ਬਾਦਸ਼ਾਹਾਂ ਸਮੇਂ ਸਿਰਫ ਬਹਿਲੋਲ ਲੋਧੀ ਦੇ ਅਖੀਰਲੇ ਸਮੇਂ ਹੀ ਜਿਹਲਮ ਦਰਿਆ ਦੇ ਪਾਰ ਦਾ ਇਲਾਕਾ, ਜਿਸ ਨੂੰ ਭੇਰਾ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ, ਪੰਜਾਬ ਵਿਚ ਸ਼ਾਮਲ ਕੀਤਾ ਗਿਆ ਸੀ ।

ਗੁਰੂ ਨਾਨਕ ਦੇਵ ਜੀ

ਲੋਧੀ ਸੁਲਤਾਨਾਂ ਦਾ ਮੁਲਤਾਨ ਦੇ ਖੇਤਰ ਉਪਰ ਵੀ ਪੂਰਾ ਕੰਟਰੋਲ ਨਹੀਂ ਹੋ ਸਕਿਆ। ਇੱਥੇ 1469 ਈ. ਵਿਚ, ਜਦੋਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਕੁਤਬਦੀਨ ਲੰਗਾਹ ਦਾ ਪੁੱਤਰ ਸ਼ਾਹ ਹੁਸੈਨ ਲੰਗਾਹ ਸੁਤੰਤਰ ਹਾਕਮ ਬਣਿਆ ਹੋਇਆ ਸੀ । ਇਸ ਦੇ ਰਾਜ ਨੂੰ ਮੁਲਤਾਨ ਦੀ ਬਾਦਸ਼ਾਹਤ ਵੀ ਕਿਹਾ ਜਾਂਦਾ ਸੀ ਇਸ ਤੋਂ ਸਪਸ਼ਟ ਹੈ ਕਿ ਮੁਲਤਾਨ ਦਾ ਹਾਕਮ ਆਪਣੇ ਆਪ ਨੂੰ ਲੋਧੀ ਹਾਕਮਾਂ ਦੀ ਅਧੀਨਤਾ ਤੋਂ ਸੁਤੰਤਰ ਸਮਝਦਾ ਸੀ । ਨਾ ਹੀ ਬਹਿਲੋਲ ਲੋਧੀ ਇਸ ਨੂੰ ਹਰਾ ਸਕਿਆ ਅਤੇ ਨਾ ਹੀ ਉਸ ਦੇ ਉਤਰਅਧਿਕਾਰੀ। ਸ਼ਾਹ ਹੁਸੈਨ 1502 ਤੱਕ ਮੁਲਤਾਨ ‘ਤੇ ਰਾਜ ਕਰਦਾ ਰਿਹਾ । ਇਸ ਤੋਂ ਪਿੱਛੋਂ ਇਸ ਦਾ ਪੁੱਤਰ ਮਹਿਮੂਦ ਸ਼ਾਹ 1525 ਤੱਕ ਮੁਲਤਾਨ ‘ਤੇ ਰਾਜ ਕਰਦਾ ਰਿਹਾ। ਬਾਬਰ ਨੇ ਫਰਵਰੀ, 1530 ਈ. ਵਿਚ ਮੁਲਤਾਨ ਦਾ ਸੂਬਾ ਵੀ ਕਾਮਰਾਨ ਨੂੰ ਸੌਂਪ ਦਿੱਤਾ ਗਿਆ ਸੀ। ਇਸ ਕਰਕੇ ਕਾਮਰਾਨ ਨੇ ਤੁਰੰਤ ਹੀ ਮੁਲਤਾਨ ਵਿਚੋਂ ਮਹਿਮੂਦ ਦੇ ਉਤਰਅਧਿਕਾਰੀ ਲੰਗਾਹ ਖ਼ਾਨ ਨੂੰ ਮੁਲਤਾਨ ਵਿਚੋਂ ਕੱਢ ਦਿੱਤਾ ਸੀ ।

ਲਾਹੌਰ ਜਿਹੜਾ ਕਿ ਸਾਰੇ ਪੰਜਾਬ ਦਾ ਕੇਂਦਰੀ ਅਸਥਾਨ ਸੀ ਅਤੇ ਇਸ ਦਾ ਗਵਰਨਰ ਤਾਤਾਰ ਖ਼ਾਨ ਲੋਧੀ, ਪੰਜਾਬ ਦੇ ਸਾਰੇ ਖੇਤਰਾਂ ਦੇ ਹਾਕਮਾਂ ‘ਤੇ ਨਿਗਰਾਨੀ ਰੱਖਣ ਦਾ ਅਧਿਕਾਰ ਰੱਖਦਾ ਸੀ। ਉਹ ਸਮੁੱਚੇ ਪੰਜਾਬ ਉਪਰ ਇਕ ਸੁਪਰੀਮ ਕਮਾਂਡਰ ਦੇ ਤੌਰ ‘ਤੇ ਨਿਗਰਾਨੀ ਰੱਖਣ ਵਾਲਾ ਸੈਨਾਪਤੀ ਸੀ ।P ਇਹ ਇਕ ਬਹੁਤ ਯੋਗ ਗਵਰਨਰ ਸੀ। ਉਸ ਨੇ ਸਰਹਿੰਦ ਨੂੰ ਵੀ ਆਪਣੇ ਕਬਜ਼ੇ ਵਿਚ ਕਰਕੇ ਕਾਫੀ ਹਿੱਸਾ ਉਸ ਖਾਲਸਾ ਜਮੀਨ ਦਾ ਵੀ ਆਪਣੇ ਅਧੀਨ ਕਰ ਲਿਆ ਸੀ ਜਿਹੜੀ ਬਦਾਸ਼ਾਹ ਸਿਕੰਦਰ ਲੋਧੀ ਦੀ ਆਪਣੀ ਮਲਕੀਅਤ ਸੀ । ਇਹ ਖਾਲਸਾ ਜਮੀਨ ਘੱਗਰ ਦੇ ਖੇਤਰ ਵਿਚ ਸੀ। ਇਨ੍ਹਾਂ ਕਾਰਵਾਈਆਂ ਤੋਂ ਤੰਗ ਆ ਕੇ ਬਹਿਲੋਲ ਲੋਧੀ ਨੇ ਆਪਣੇ ਪੁੱਤਰ ਨਿਜਾਮ (ਸਿਕੰਦਰ ਲੋਧੀ) ਦੀ ਕਮਾਂਡ ਹੇਠ ਪਾਣੀਪਤ ਤੋਂ ਤਕੜੀ ਫ਼ੌਜ ਭੇਜੀ । ਤਾਤਾਰ ਖ਼ਾਨ ਲੋਧੀ ਨੇ ਅੰਬਾਲੇ ਨੇੜੇ ਇਸ ਫ਼ੌਜ ਦਾ ਮੁਕਾਬਲਾ ਕੀਤਾ ਪਰ ਉਹ ਇਸ ਲੜਾਈ ਵਿਚ ਮਾਰਿਆ ਗਿਆ। ਫਲਸਰੂਪ ਉਮਰ ਖ਼ਾਨ ਸਰਵਾਣੀ ਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ। ਇਸ ਦਾ ਪੁੱਤਰ ਸੈਦ ਖ਼ਾਨ ਸਰਵਾਣੀ ਕਿਉਂਕਿ ਸੁਤੰਤਰ ਰੁਚੀਆਂ ਵਾਲਾ ਵਿਅਕਤੀ ਸੀ । ਇਸ ਕਰਕੇ ਉਸ ਨੇ ਆਪਣੇ ਪਿਤਾ ਉਮਰ ਖ਼ਾਨ ਸਰਵਾਣੀ ਦੇ ਜਿਉਂਦੇ ਜੀ ਹੀ ਸਿਕੰਦਰ ਲੋਧੀ ਨੂੰ ਨਾਰਾਜ ਕਰ ਲਿਆ ਸੀ । ਸਿੱਟੇ ਵਜੋਂ ਸਿਕੰਦਰ ਖ਼ਾਨ ਲੋਧੀ ਨੇ 1500 ਈ. ਵਿਚ ਤਾਤਾਰ ਖ਼ਾਨ ਲੋਧੀ ਦੇ ਹੀ ਪੁੱਤਰ ਦੌਲਤ ਖ਼ਾਨ ਲੋਧੀ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਸੀ । ਦੌਲਤ ਖਾਨ ਲੋਧੀ ਨੇ ਆਪਣੀ ਯੋਗਤਾ ਅਤੇ ਵਫਾਦਾਰੀ ਸਦਕਾ ਸਿਕੰਦਰ ਲੋਧੀ ਨੂੰ ਖੁਸ਼ ਕਰ ਦਿੱਤਾ ਸੀ । ਇਉਂ ਉਹ ਅਫਗਾਨ ਬਾਦਸ਼ਾਹ ਦਾ ਵਿਸ਼ਵਾਸਪਾਤਰ ਬਣ ਗਿਆ ਸੀ । ਇਸ ਨੇ ਜਿਹਲਮ ਤੋਂ ਪਾਰ ਦਾ ਭੋਰਾ ਦਾ ਖੇਤਰ ਵੀ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਪਰ ਦੌਲਤ ਖ਼ਾਨ ਲੋਧੀ ਨੂੰ ਸਰਹਿੰਦ ਅਤੇ ਦੀਪਾਲਪੁਰ ਦੇ ਪਰਗਨੇ ਨਹੀਂ ਦਿੱਤੇ ਗਏ ਸਨ।

ਇਬਰਾਹੀਮ ਲੋਧੀ

21 ਨਵੰਬਰ, 1517 ਵਿਚ ਇਬਰਾਹੀਮ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਅਤੇ ਉਸ ਨੇ ਆਪਣੇ ਘੁਮੰਡੀ ਵਰਤਾਓ ਕਾਰਣ ਅਫਗਾਨ ਸਰਦਾਰਾਂ ਨੂੰ ਛੇਤੀ ਹੀ ਆਪਣੇ ਖਿਲਾਫ ਕਰ ਲਿਆ ਸੀ । ਦੌਲਤ ਖ਼ਾਨ ਲੋਧੀ ਇਕ ਤਕੜਾ ਅਤੇ ਕਾਬਲ ਗਵਰਨਰ ਸੀ। ਉਸ ਦੇ ਕੁਝ ਵਿਰੋਧੀਆਂ ਵੱਲੋਂ ਇਬਰਾਹੀਮ ਦੇ ਕੋਲ ਕੁਝ ਚੁਗਲੀਆਂ ਕਰਨ ‘ਤੇ ਇਬਰਾਹੀਮ ਨੇ ਉਸ ਨੂੰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ । ਇਸ ਨਾਲ ਦੌਲਤ ਖ਼ਾਨ ਲੋਧੀ ਡਰ ਗਿਆ ਸੀ ਅਤੇ ਉਸ ਨੇ ਆਪਣੇ ਪੁੱਤਰ ਦਿਲਾਵਰ ਖ਼ਾਨ ਨੂੰ ਦਿੱਲੀ ਭੇਜ ਦਿੱਤਾ ਪਰ ਆਪ ਨਾ ਗਿਆ । ਇਸ ਨਾਲ ਇਬਰਾਹੀਮ ਲੋਧੀ ਹੋਰ ਟੈਸ਼ ਵਿਚ ਆ ਗਿਆ ਅਤੇ ਦਿਲਾਵਰ ਖ਼ਾਨ ਲੋਧੀ ਦੀ ਵੀ ਬੇਇੱਜਤੀ ਕੀਤੀ । ਦਿਲਾਵਰ ਖ਼ਾਨ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਦਰਬਾਰ ਵਿਚੋਂ ਨਿਕਲਣ ਵਿਚ ਸਫਲ ਹੋ ਗਿਆ ਅਤੇ ਲਾਹੌਰ ਨੂੰ ਵਾਪਸ ਮੁੜ ਆਇਆ। ਇਸ ਘਟਨਾ ਪਿੱਛੋਂ ਦੌਲਤ ਖ਼ਾਨ ਲੋਧੀ ਨੇ ਕਿਸੇ ਹੋਰ ਸਹਾਰੇ ਦੀ ਲੋੜ ਮਹਿਸੂਸ ਕੀਤੀ । ਬਾਬਰ ਇਸ ਸਮੇਂ ਤੱਕ ਕਾਬਲ ‘ਤੇ ਕਾਬਜ਼ ਹੋ ਕੇ ਜਿਹਲਮ ਤੱਕ ਦਾ ਇਲਾਕਾ ਆਪਣੇ ਰਾਜ ਵਿਚ ਮਿਲਾ ਚੁੱਕਿਆ ਸੀ । ਜਿਹਲਮ ਦੇ ਪਾਰ ਦਾ ਭੋਰਾ ਦਾ ਇਲਾਕਾ ਜੋ ਪੰਜਾਬ ਪਰਾਂਤ ਦਾ ਦਿੱਲੀ ਸਲਤਨਤ ਦੇ ਅਧੀਨ ਸੀ, ਬਾਬਰ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਇਹ 1519 ਈ. ਦੀ ਗੱਲ ਹੈ। 1520 ਈ. ਵਿਚ ਵੀ ਬਾਬਰ ਜਿਹਲਮ ਪਾਰ ਕਰ ਕੇ ਪੰਜਾਬ ਦੇ ਕਾਫੀ ਅੰਦਰ ਤੱਕ ਆ ਚੁੱਕਿਆ ਸੀ ਅਤੇ ਇਉਂ ਸਿਆਲਕੋਟ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ । ਇਸ ਨਾਲ ਦੌਲਤ ਖ਼ਾਨ ਲੋਧੀ ਨੂੰ ਬਾਬਰ ਦੇ ਨਾਲ ਦੋਸਤੀ ਪਾਉਣ ਵਿਚ ਉਤਸੁਕਤਾ ਪੈਦਾ ਹੋਈ। ਦੂਜੇ ਪਾਸੇ ਇਬਰਾਹੀਮ ਲੋਧੀ ਦਾ ਚਾਚਾ ਆਲਮ ਖ਼ਾਨ ਲੋਧੀ ਵੀ ਬਾਬਰ ਨਾਲ ਗੰਢ-ਸੰਢ ਕਰ ਕੇ ਦਿੱਲੀ ਦਾ ਤਖਤ ਆਪ ਪਰਾਪਤ ਕਰਨਾ ਚਾਹੁੰਦਾ ਸੀ।

ਦੌਲਤ ਖ਼ਾਨ ਲੋਧੀ

1523 ਈ. ਵਿਚ ਜਦੋਂ ਇਬਰਾਹੀਮ ਲੋਧੀ ਨੇ ਦੇਖਿਆ ਕਿ ਦੌਲਤ ਖ਼ਾਨ ਲੋਧੀ ਬਾਬਰ ਨੂੰ ਬੁਲਾਉਣ ਵਾਲਿਆਂ ਵਿਚ ਹੈ ਤਾਂ ਉਸ ਨੇ ਦੌਲਤ ਖ਼ਾਨ ਦੇ ਖਿਲਾਫ਼ ਬਿਹਾਰ ਖ਼ਾਨ, ਭੀਖਣ ਖ਼ਾਨ ਨੂਰਾਨੀ ਅਤੇ ਮੁਬਾਰਕ ਖ਼ਾਨ ਦੀ ਅਗਵਾਈ ਹੇਠ ਇਕ ਫ਼ੌਜ ਭੇਜੀ । ਦੌਲਤ ਖ਼ਾਨ ਇਨ੍ਹਾਂ ਦੇ ਆਉਣ ਤੇ ਬਿਨਾਂ ਲੜੇ ਹੀ ਲਾਹੌਰ ਖਾਲੀ ਕਰਕੇ ਦੌੜ ਗਿਆ । ਪਰ ਇਸੀ ਸਮੇਂ ਬਾਬਰ ਸਿੰਧ ਦਰਿਆ ਨੂੰ ਪਾਰ ਕਰ ਚੁੱਕਿਆ ਸੀ । ਉਸ ਨੇ ਤੇਜੀ ਨਾਲ ਸਿੱਧਾ ਹੀ ਲਾਹੌਰ ‘ਤੇ ਹਮਲਾ ਕੀਤਾ ਅਤੇ ਇਬਰਾਹੀਮ ਲੋਧੀ ਦੇ ਭੇਜੇ ਜਰਨੈਲਾਂ ਨੂੰ ਇੱਥੋਂ ਕੱਢ ਦਿੱਤਾ ਸੀ । ਲਾਹੌਰ ਸ਼ਹਿਰ ਨੂੰ ਰੱਜ ਕੇ ਲੁੱਟਿਆ ਗਿਆ ਅਤੇ ਅੱਗਾਂ ਲਾ ਕੇ ਇਸ ਦੇ ਬਾਜ਼ਾਰ ਸਾੜ ਦਿੱਤੇ ਗਏ।” ਦੀਪਾਲਪੁਰ ਦੇ ਸ਼ਹਿਰ ਨੂੰ ਵੀ ਲੁੱਟਿਆ ਤੇ ਉਜਾੜ ਦਿੱਤਾ ਗਿਆ ਸੀ । ਲਾਹੌਰ ਅਤੇ ਇਸ ਦੇ ਆਲੇ-ਦੁਆਲੇ ਦੇ ਪਰਾਂਤਾਂ ਉਪਰ ਕਬਜਾ ਕਰਨ ਦੇ ਬਾਵਜੂਦ ਵੀ ਬਾਬਰ ਅੱਗੇ ਦਿੱਲੀ ਵੱਲ ਨਹੀਂ ਵਧਿਆ ਸੀ ਬਲਕਿ ਉਹ ਪੰਜਾਬ ਵਿਚ ਆਪਣੇ ਅਧਿਕਾਰੀ ਨਿਯੁਕਤ ਕਰਕੇ ਕਾਬੁਲ ਨੂੰ ਵਾਪਸ ਮੁੜ ਗਿਆ ਸੀ ।

ਬਾਬਰ

ਨਵੇਂ ਪਰਬੰਧ ਅਨੁਸਾਰ ਬਾਬਰ ਵੱਲੋਂ ਲਾਹੌਰ ਦਾ ਪਰਬੰਧ ਮੀਰ ਅਬਦੁਲ ਅਜੀਜ ਨੂੰ; ਦੀਪਾਲਪੁਰ ਆਲਮ ਖ਼ਾਨ ਲੋਧੀ ਨੂੰ; ਸਿਆਲਕੋਟ ਖੁਸਰੋ ਕੋਕਲਤਾਸ਼ ਨੂੰ ਅਤੇ ਕਲਾਨੌਰ ਦਾ ਇਲਾਕਾ ਮੁਹੰਮਦ ਅਲੀ ਤਾਜ਼ੁਕ ਨੂੰ ਦਿੱਤਾ ਗਿਆ ਸੀ । ਦੌਲਤ ਖ਼ਾਨ ਲੋਧੀ ਨੂੰ ਸਿਰਫ ਸੁਲਤਾਨਪੁਰ ਅਤੇ ਜਲੰਧਰ ਦਾ ਇਲਾਕਾ ਦਿੱਤਾ ਗਿਆ ਸੀ । ਦੌਲਤ ਖ਼ਾਨ ਤਾਂ ਬਾਬਰ ਨਾਲ ਮਿਲ ਕੇ ਸਾਰੇ ਪੰਜਾਬ ਦੀ ਗਵਰਨਰੀ ਲੈਣਾ ਚਾਹੁੰਦਾ ਸੀ ਪਰ ਦਿੱਤਾ ਗਿਆ ਸੀ ਉਸ ਨੂੰ ਸਿਰਫ ਸੁਲਤਾਨਪੁਰ ਅਤੇ ਜਲੰਧਰ ਦਾ ਇਲਾਕਾ। ਇਸ ਨਾਲ ਦੌਲਤ ਖ਼ਾਨ ਨੇ ਆਪਣੀ ਬੇਇੱਜਤੀ ਮਹਿਸੂਸ ਕੀਤੀ। ਇਸ ਕਰਕੇ ਉਸ ਨੇ ਬਾਬਰ ਦੇ ਮੁੜ ਜਾਣ ਬਾਅਦ ਉਸ ਵੱਲੋਂ ਕੀਤੇ ਪਰਬੰਧ ਦੇ ਖਿਲਾਫ ਬਗ਼ਾਵਤ ਕਰ ਦਿੱਤੀ। ਇਸ ਤਹਿਤ ਉਸ ਨੇ ਦੀਪਾਲਪੁਰ ਉਪਰ ਹਮਲਾ ਕਰਕੇ ਆਲਮ ਖ਼ਾਨ ਨੂੰ ਭਜਾ ਦਿੱਤਾ । ਬਾਬਰ ਨਾਲ ਮਿਲਾਪ ਕਰਨ ਵਿਚ ਭਾਵੇਂ ਦੋਲਤ ਖ਼ਾਨ ਤੇ ਆਲਮ ਖ਼ਾਨ ਦੋਵੇਂ ਇਕੱਠੇ ਸਨ ਪਰ ਦੌਲਤ ਖ਼ਾਨ ਸਾਰੇ ਪੰਜਾਬ ਨੂੰ ਸਿਰਫ ਆਪਣੇ ਲਈ ਹੀ ਸਮਝਦਾ ਸੀ। ਆਲਮ ਖ਼ਾਨ ਭੱਜ ਕੇ ਕਾਬੁਲ ਚਲਾ ਗਿਆ ਸੀ ਜਿੱਥੇ ਜਾ ਕੇ ਉਸ ਨੇ ਦੌਲਤ ਖ਼ਾਨ ਦੀ ਬਗ਼ਾਵਤ ਬਾਰੇ ਬਾਬਰ ਨੂੰ ਜਾਣੂ ਕਰਵਾਇਆ । ਭਾਵੇਂ ਬਾਬਰ ਨੇ ਆਲਮ ਖ਼ਾਨ ਨੂੰ ਲਾਹੌਰ ਵਿਚਲੇ ਮੁਗ਼ਲ ਫ਼ੌਜਦਾਰਾਂ ਦੇ ਨਾਂ ਪੱਤਰ ਲਿਖ ਕੇ ਦਿੱਤੇ ਸਨ ਜਿਨ੍ਹਾਂ ਵਿਚ ਉਸ ਨੇ ਉਨ੍ਹਾਂ ਨੂੰ ਆਲਮ ਖ਼ਾਨ ਦੀ ਮਦਦ ਕਰਨ ਲਈ ਹਦਾਇਤ ਕੀਤੀ ਸੀ । ਪਰ ਜਦੋਂ ਆਲਮ ਖ਼ਾਨ ਵਾਪਸ ਪੰਜਾਬ ਵਿਚ ਆਇਆ ਤਾਂ ਉਸ ਨੂੰ ਦੌਲਤ ਖ਼ਾਨ ਦੀ ਹਦਾਇਤ ‘ਤੇ ਉਸ ਦੇ ਪੁੱਤਰ ਗਾਜ਼ੀ ਖ਼ਾਨ ਨੇ ਆਪਣੇ ਨਾਲ ਮਿਲਾ ਲਿਆ ਸੀ ।

ਆਲਮ ਖ਼ਾਨ ਦਾ ਮੁੱਖ ਨਿਸ਼ਾਨਾ ਸਿਰਫ ਦਿੱਲੀ ਦਾ ਤਖਤ ਪਰਾਪਤ ਕਰਨ ਦਾ ਸੀ । ਪੰਜਾਬ ਵਿਚ ਤਾਂ ਉਹ ਸਿਰਫ ਆਪਣਾ ਗੁਜਾਰਾ ਕਰਨ ਜੋਗਾ ਹੀ ਠਹਿਰਾ ਕਰਨਾ ਚਾਹੁੰਦਾ ਸੀ। ਇਸੇ ਗੱਲ ਉਪਰ ਵਿਸ਼ਵਾਸ ਦਿਵਾ ਕੇ ਗਾਜ਼ੀ ਖ਼ਾਨ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੀ । ਕਿਉਂਕਿ ਆਲਮ ਖ਼ਾਨ ਅਤੇ ਦੌਲਤ ਖ਼ਾਨ ਇਕੋ ਵਿਚਾਰਾਂ ਵਾਲੇ ਅਫਗਾਨ ਸਰਦਾਰ ਸਨ ਇਸ ਕਰਕੇ ਇਨ੍ਹਾਂ ਦਾ ਦੁਬਾਰਾ ਇਕੱਠਿਆਂ ਹੋਣਾ ਨਾਮੁਮਕਿਨ ਜਾਂ ਮੁਸ਼ਕਲ ਨਹੀਂ ਸੀ । ਆਲਮ ਖ਼ਾਨ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਹ ਦੋਵੇਂ ਮਿਲਵੀਂ ਤਾਕਤ ਨਾਲ ਦਿੱਲੀ ‘ਤੇ ਹਮਲਾ ਕਰਨਗੇ । ਇਸ ਤਰ੍ਹਾਂ ਇਬਰਾਹੀਮ ਨੂੰ ਹਰਾ ਕੇ ਦਿੱਲੀ ਆਲਮ ਖ਼ਾਨ ਨੂੰ ਅਤੇ ਪੰਜਾਬ ਦੌਲਤ ਖ਼ਾਨ ਨੂੰ ਦਿੱਤਾ ਜਾਵੇਗਾ। ਇਬਰਾਹੀਮ ਉਨ੍ਹਾਂ ਦੋਵਾਂ ਦੀ ਜੁੜਵੀਂ ਤਾਕਤ ਨਾਲੋਂ ਜ਼ਿਆਦਾ ਤਾਕਤਵਰ ਸੀ। ਇਸ ਕਰਕੇ ਉਹ ਉਸ ਨੂੰ ਹਰਾ ਨਾ ਸਕੇ । ਪਰ ਇਨ੍ਹਾਂ ਨੇ ਕਲਾਨੌਰ ਅਤੇ ਸਿਆਲਕੋਟ ਨੂੰ ਬਾਬਰ ਦੇ ਮੁਗ਼ਲ ਜਰਨੈਲਾਂ ਕੋਲੋਂ ਜ਼ਰੂਰ ਖੋਹ ਲਿਆ ਸੀ। ਇਸ ਤਰ੍ਹਾਂ ਬਾਬਰ ਵੱਲੋਂ ਕੀਤਾ ਗਿਆ ਪੰਜਾਬ ਦਾ ਸਾਰਾ ਰਾਜ-ਪਰਬੰਧ-ਦੌਲਤ ਖ਼ਾਨ ਅਤੇ ਉਸ ਦੇ ਪੁੱਤਰਾਂ ਵੱਲੋਂ ਖ਼ਤਮ ਕਰ ਦਿੱਤਾ ਗਿਆ ਸੀ । ਇਹ ਖਬਰਾਂ ਸੁਣ ਕੇ ਬਾਬਰ 1525 ਈ. ਵਿਚ ਫਿਰ ਹਮਲਾਵਰ ਹੋ ਕੇ ਆਇਆ।

ਬਾਬਰ ਨੇ ਜਿਉਂ ਹੀ ਪੰਜਾਬ ਵਿਚ ਪੈਰ ਰੱਖਿਆ, ਦੋਲਤ ਖ਼ਾਨ ਲੋਧੀ ਅਤੇ ਇਸ ਦੇ ਪੁੱਤਰ, ਸਾਰਾ ਪੰਜਾਬ ਖਾਲੀ ਕਰਕੇ ਪਹਾੜਾਂ ਵਿਚ ਛੁਪ ਗਏ ਸਨ । ਬਾਬਰ ਨੇ ਬਿਨਾਂ ਕਿਸੇ ਖ਼ਾਸ ਲੜਾਈ ਕੀਤੇ ਦੇ ਲਾਹੋਰ ਅਤੇ ਲਾਗਲੇ ਖੇਤਰਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ । ਪੰਜਾਬ ਵਿਚ ਪੈਰ ਜਮਾ ਲੈਣ ਬਾਅਦ ਬਾਬਰ ਨੇ ਦਿੱਲੀ ਵੱਲ ਵਧਣ ਦੀ ਤਿਆਰੀ ਕੀਤੀ । ਉਸ ਨੂੰ ਰੋਕਣ ਲਈ ਦਿੱਲੀ ਤੋਂ ਸੁਲਤਾਨ ਇਬਰਾਹੀਮ ਲੋਧੀ ਵੀ ਵਿਸ਼ਾਲ ਫ਼ੌਜ ਲੈ ਕੇ ਅੱਗੇ ਨੂੰ ਆ ਗਿਆ। ਸਿੱਟੇ ਵਜੋਂ 21 ਅਪਰੈਲ, 1526 ਨੂੰ ਪਾਣੀਪਤ ਦੇ ਅਸਥਾਨ ‘ਤੇ ਦੋਹਾਂ ਧਿਰਾਂ ਵਿਚਕਾਰ ਗਹਿਗੱਚਵੀਂ ਲੜਾਈ ਹੋਈ । ਅੱਧੇ ਦਿਨ ਦੀ ਲੜਾਈ ਵਿਚ ਹੀ ਇਬਰਾਹੀਮ ਮਾਰਿਆ ਗਿਆ ਅਤੇ ਉਸ ਦੀ ਫ਼ੌਜ ਮੈਦਾਨ ਵਿਚੋਂ ਭੱਜ ਗਈ ਸੀ।` ਬਾਬਰ ਜੇਤੂ ਹੋ ਕੇ ਦਿੱਲੀ ਵਿਚ ਦਾਖ਼ਲ ਹੋਇਆ ਅਤੇ ਪੱਕੇ ਤੌਰ ਤੇ ਦਿੱਲੀ ਦੇ ਤਖਤ ‘ਤੇ ਕਬਜ਼ਾ ਕਰਕੇ ਉੱਥੇ ਹੀ ਰਹਿਣ ਲੱਗ ਪਿਆ।

ਪੰਜਾਬ ਵਿਚ ਉਸ ਨੇ ਆਪਣੇ ਜਰਨੈਲ ਅਤੇ ਗਵਰਨਰ ਨਿਯੁਕਤ ਕੀਤੇ । ਲਾਹੌਰ ਫਿਰ ਤੋਂ ਮੀਰ ਅਬਦੁਲ ਅਜੀਜ ਨੂੰ ਸੌਂਪਿਆ ਗਿਆ । ਦੋ ਕੁ ਸਾਲਾਂ ਬਾਅਦ ਇਸ ਦੀ ਥਾਂ ‘ਤੇ ਮੀਰ ਯੂਨਸ ਅਲੀ ਲਾਹੌਰ ਦਾ ਗਵਰਨਰ ਬਣਾਇਆ ਗਿਆ । ਪਰ 1529 ਵਿਚ ਬਾਬਰ ਨੇ ਆਪਣੇ ਦੂਜੇ ਪੁੱਤਰ ਕਾਮਰਾਨ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ। ਇਸੇ ਹੀ ਸਾਲ ਕਾਮਰਾਨ ਨੇ ਬਾਬਰ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ । ਅਹਿਮਦ ਯਾਦਗਾਰ ਬਾਬਰ ਦੀ ਇਸ ਸਰਕਾਰੀ ਯਾਤਰਾ ਬਾਰੇ ਇਸ ਤਰ੍ਹਾਂ ਲਿਖਦਾ ਹੈ ; ਸਰਹਿੰਦ ਵਿਖੇ ਕਹਿਲੂਰ ਦਾ ਰਾਜਾ ਬਾਬਰ ਦੇ ਅੱਗੇ ਪੇਸ਼ ਹੋਇਆ। ਉਸ ਨੇ ਸੱਤ ਬਾਜ ਅਤੇ ਇਕ ਸੌ ਵੀਹ ਸੇਰ ਸੋਨਾ ਨਜ਼ਰਾਨੇ ਵਜੋਂ ਪੇਸ਼ ਕੀਤਾ। ਲਾਹੌਰ ਵਿਚ ਬਾਬਰ ਦਾ ਬਹੁਤ ਵਧੀਆ ਸੁਆਗਤ ਕੀਤਾ ਗਿਆ । ਸਾਰਾ ਸ਼ਹਿਰ ਰੰਗਦਾਰ ਝੰਡੇ-ਝੰਡੀਆਂ ਨਾਲ ਸ਼ਿੰਗਾਰਿਆ ਗਿਆ ਸੀ । ਕੱਚੇ ਰਸਤਿਆਂ ਦੀ ਧੂੜ ਨੂੰ ਰੋਕਣ ਲਈ ਪਾਣੀ ਛਿੜਕਿਆ ਗਿਆ ਸੀ। ਤਿੰਨ ਵੱਡੇ ਹਾਥੀ ਸੋਨੇ ਦੇ ਗਹਿਣਿਆਂ ਨਾਲ ਭਰੇ ਕੱਪੜਿਆਂ ਨਾਲ ਸ਼ਿੰਗਾਰੇ ਹੋਏ, ਮਧੁਰ ਆਵਾਜ ਵਿਚ ਖੜਕਦੀਆਂ ਟੱਲੀਆਂ ਦੀ ਆਵਾਜ਼ ਨਾਲ ਤੁਰਦੇ ਸਨ । ਬਹੁਤ ਹੀ ਵਧੀਆ ਸ਼ਿੰਗਾਰੇ ਹੋਏ ਘੋੜਿਆਂ ਦਾ ਕਾਫਲਾ ਬਾਬਰ ਨੂੰ ਅਗਵਾਈ ਕਰਦਾ ਹੋਇਆ ਬਾਗ ਵਿਚ ਲੈ ਗਿਆ । ਰਸਤਿਆਂ ਦੇ ਦੋਵੇਂ ਪਾਸੇ ਧੁਰ ਤੀਕ ਖੜੇ ਲੋਕਾਂ ਨੇ ਊਚੀ ਉਚੀ ਤਾੜੀਆਂ ਮਾਰ ਕੇ ਅਤੇ ਨਾਅਰੇ ਗੂੰਜਾ ਕੇ ਉਸ ਦਾ ਸੁਆਗਤ ਕੀਤਾ । ਬਾਬਰ ਦੇ ਸਿਰ ਉਤੋਂ ਦੀ ਸੋਨੇ ਅਤੇ ਚਾਂਦੀ ਦੇ ਸਿੱਕੇ ਵਾਰ ਕੇ ਸੁੱਟੇ ਗਏ ਤਾਂ ਕਿ ਗਰੀਬ ਲੋਕ ਇਨ੍ਹਾਂ ਨੂੰ ਚੁੱਕ ਸਕਣ।”

1530 ਈ. ਵਿਚ ਹੀ ਬਾਬਰ ਦੀ ਮੌਤ ਹੋ ਗਈ ਸੀ। ਉਸ ਤੋਂ ਪਿੱਛੋਂ ਉਸ ਦਾ ਵੱਡਾ ਪੁੱਤਰ ਹੁਮਾਯੂੰ ਬਾਦਸ਼ਾਹ ਬਣਿਆ। ਇਸ ਦੇ ਸਮੇਂ ਹੀ ਪੰਜਾਬ ਕਾਮਰਾਨ ਦੇ ਅਧੀਨ ਹੀ ਰਿਹਾ। 1539 ਤੱਕ ਜਦੋਂ ਹਮਾਯੂੰ ਵਾਰ ਵਾਰ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਦਾ ਸਾਹਮਣਾ ਕਰਕੇ ਭਾਰਤ ਵਿਚੋਂ ਕਾਬਲ ਨੂੰ ਵਾਪਸ ਦੌੜ ਰਿਹਾ ਸੀ ਤਾਂ ਉਸੀ ਸਮੇਂ ਹੀ ਕਾਮਰਾਨ ਨੇ ਵੀ ਪੰਜਾਬ ਨੂੰ ਖਾਲੀ ਕਰ ਦਿੱਤਾ ਸੀ। ਪੰਜਾਬ ਵਿਚ ਸ਼ੇਰ ਸ਼ਾਹ ਸੂਰੀ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਸਨ ।

ਇੱਥੇ ਇਕ ਗੱਲ ਵਿਸ਼ੇਸ ਤੌਰ ‘ਤੇ ਮਹੱਤਵਪੂਰਨ ਹੈ ਕਿ 1520 ਈਤੋਂ ਲੈ ਕੇ 1526 ਈ. ਦੇ ਵਿਚਕਾਰਲੇ ਸਮੇਂ ਦੀ ਪੰਜਾਬ ਦੀ ਰਾਜਨੀਤਕ ਹਾਲਤ ਬਾਰੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਅਤੇ ਇਸ ਸਮੇਂ ਦੇ ਹਾਲਾਤ ਬਾਰੇ ਬਾਬਰ ਨੇ ਵੀ ਆਪਣੇ ਰੋਜ਼ਨਾਮਚੇ ਵਿਚ ਬਿਆਨ ਦਰਜ ਕੀਤੇ ਹਨ। ਪਰ ਦੋਹਾਂ ਦੇ ਬਿਆਨਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਬਾਬਰ ਦੇ ਬਿਆਨਾਂ ਮੁਤਾਬਕ ਜਦੋਂ ਉਸ ਨੇ ਭੇਰਾ ਦੇ ਇਲਾਕੇ ਨੂੰ ਫਤਿਹ ਕੀਤਾ ਸੀ ਤਾਂ ਇਹ ਸਭ ਕੁਝ ਸ਼ਾਂਤਮਈ ਢੰਗ ਨਾਲ ਹੀ ਪੂਰ ਚੜ੍ਹ ਗਿਆ ਸੀ। ਉਸ ਨੇ ਆਪਣੀਆਂ ਫ਼ੌਜਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਸਨ ਕਿ ਇੱਥੋਂ ਦੇ ਲੋਕਾਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਕੀਤਾ ਜਾਵੇ । ਨਾ ਹੀ ਇਨ੍ਹਾਂ ਦੇ ਪਸ਼ੂਆਂ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇ ਅਤੇ ਨਾ ਹੀ ਇਨ੍ਹਾਂ ਦੀਆਂ ਫਸਲਾਂ ਨੂੰ । ਇੱਥੋਂ ਤੱਕ ਕਿ ਇਨ੍ਹਾਂ ਲੋਕਾਂ ਦੀਆਂ ਟੁੱਟੀ ਹੋਈ ਸੂਈ ਤੱਕ ਵੀ ਨਾ ਛੇੜੀ ਜਾਵੇ ।” ਪਰ ਜਦੋਂ ਇਨ੍ਹਾਂ ਹੁਕਮਾਂ ਦੇ ਬਾਵਜੂਦ ਵੀ ਫ਼ੌਜੀਆਂ ਨੇ ਲੁੱਟ ਮਾਰ ਜਾਰੀ ਰੱਖੀ ਅਤੇ ਇਸ ਦੀ ਰਿਪੋਰਟ ਬਾਬਰ ਨੂੰ ਦਿੱਤੀ ਗਈ ਤਾਂ ਬਾਬਰ ਨੇ ਸਜ਼ਾ ਦੇਣ ਵਜੋਂ ਅਜਿਹੇ ਫ਼ੌਜੀਆਂ ਦੇ ਨੱਕ, ਕੰਨ ਕਟਵਾ ਦਿੱਤੇ ਸਨ। ਇਸੇ ਤਰ੍ਹਾਂ ਚੌਥੇ ਹਮਲੇ ਵੇਲੇ ਜਦੋਂ ਮੁਲਵਾਨ ਦੇ ਅਸਥਾਨ ‘ਤੇ ਦੌਲਤ ਖ਼ਾਨ ਨੇ ਆਪਣੇ ਆਪ ਨੂੰ ਬਾਬਰ ਦੇ ਸਾਹਮਣੇ ਪੇਸ਼ ਕੀਤਾ ਸੀ ਤਾਂ ਉਸ ਸਮੇਂ ਬਾਬਰ ਦੇ ਕੁਝ ਸੈਨਿਕਾਂ ਵੱਲੋਂ ਉਸ ਦੇ ਪਰਿਵਾਰ ਨਾਲ ਛੇੜਖਾਨੀ ਕੀਤੇ ਜਾਣ ‘ਤੇ ਬਾਬਰ ਨੇ ਇਨ੍ਹਾਂ ਵਿਚੋਂ ਕੁਝ ਨੂੰ ਆਪਣੇ ਤੀਰ ਕਮਾਨ ਨਾਲ ਮਾਰ ਦਿੱਤਾ ਸੀ।

ਇਸ ਤਰ੍ਹਾਂ ਦੀਆਂ ਗੱਲਾਂ ਵਿਚ ਸਪਸ਼ਟ ਤੌਰ ‘ਤੇ ਅਤਿਕਥਨੀ ਜਾਪਦੀ ਹੈ। ਕਿਉਂਕਿ ਬਾਬਰ ਦੇ ਇਕ ਹਮਲੇ ਸਮੇਂ, ਜਿਹੜਾ ਕਿ ਸੈਦਪੁਰ (ਐਮਨਾਬਾਦ) ਦੇ ਨਗਰ ਨਾਲ ਸੰਬੰਧਤ ਹੈ, ਜੋ ਬਿਰਤਾਂਤ ਲੋਕਾਂ ਦੀ ਦੁਰਦਸ਼ਾ ਦਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ ਉਸ ਤੋਂ ਤਾਂ ਬਾਬਰ ਦੀ ਫ਼ੌਜ ਨਿਰੀ ਜਮਾਂ ਦਾ ਰੂਪ ਜਾਪਦੀ ਹੈ। ਇਹ ਵਿਵਰਣ ਇਸ ਤਰ੍ਹਾਂ ਹੈ :

“ਹੇ ਲਾਲੋ, ਜਿਸ ਤਰ੍ਹਾਂ ਦਾ ਗਿਆਨ ਉਨ੍ਹਾਂ ਨੂੰ ਪਰਮਾਤਮਾ ਵੱਲੋਂ ਮਿਲ ਰਿਹਾ ਹੈ ਉਸ ਦੇ ਅਨੁਸਾਰ ਹੀ ਉਹ ਇਸ ਹਾਲਤ ਦਾ ਵਰਨਣ ਕਰ ਰਹੇ ਹਨ। ਬਾਬਰ ਪਾਪਾਂ ਦੀ ਜੰਞ ਅਰਥਾਤ ਜ਼ਾਲਮ ਫ਼ੌਜ ਨਾਲ ਲੈ ਕੇ ਕਾਬਲ ਤੋਂ ਆ ਗਿਆ ਹੈ ਅਤੇ ਆਪਣੀ ਤਾਕਤ ਦੇ ਜ਼ੋਰ ਨਾਲ ਨਜਰਾਨੇ ਲੈ ਰਿਹਾ ਹੈ। ਸ਼ਰਮ ਅਤੇ ਧਰਮ ਦੋਵੇਂ ਹੀ ਖ਼ਤਮ ਹੋ ਗਏ ਹਨ ਅਤੇ ਸਿਰਫ ਝੂਠ ਹੀ ਸਭ ਪਾਸੇ ਮੋਹਰੀ ਹੈ । ਹੁਣ ਕਾਜ਼ੀ ਅਤੇ ਬਰਾਹਮਣ ਤਾਂ ਧਾਰਮਕ ਸਿੱਖਿਆ ਦੇਣ ਲਈ ਇਕ ਪਾਸੇ ਕਰ ਦਿੱਤੇ ਹਨ, ਉਨ੍ਹਾਂ ਦੀ ਥਾਂ ਸ਼ੈਤਾਨ ਲੋਕਾਂ ਨੇ ਲੈ ਲਈ ਹੈ। ਇਹ ਬਾਹਮਣਾਂ ਅਤੇ ਕਾਜੀਆਂ ਦਾ ਭੇਸ ਧਾਰ ਕੇ ਧਾਰਮਿਕ ਸਿੱਖਿਆ ਦਿੰਦੇ ਹਨ। ਇਸ ਜ਼ੁਲਮ ਤੋਂ ਬਚਣ ਲਈ ਲੋਕ ਇਸਲਾਮ ਦੀਆਂ ਪੁਸਤਕਾਂ ਪੜ੍ਹ ਰਹੇ ਹਨ ਅਤੇ ਖੁਦਾ ਖੁਦਾ ਅਲਾਪ ਰਹੇ ਹਨ। ਇਨ੍ਹਾਂ ਦੇ ਨਾਲ ਹੀ ਹੋਰ ਜਾਤੀ ਦੀਆਂ ਹਿੰਦੁਸਤਾਨੀ ਔਰਤਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਸਾਰੇ ਪਾਸੇ ਖੂਨ ਦੀਆਂ ਗੱਲਾਂ ਹੀ ਹੋ ਰਹੀਆਂ ਹਨ ਅਤੇ ਕੇਸਰ ਦੀ ਥਾਂ ਖੂਨ ਦੇ ਟਿੱਕੇ ਹੀ ਲੱਗ ਰਹੇ ਹਨ। ਬਾਬਰ ਨੇ ਖੁਰਾਸਾਨ ਤੋਂ ਆ ਕੇ ਹਿੰਦੁਸਤਾਨ ਨੂੰ ਧਮਕਾ ਸੁੱਟਿਆ ਹੈ। ਇਸ ਗੱਲ ਦਾ ਦੋਸ਼ ਪਰਮਾਤਮਾ ਆਪਣੇ ਉਪਰ ਤਾਂ ਲੈਂਦਾ ਨਹੀਂ ਹੈ ਉਸ ਨੇ ਲੋਕਾਂ ਨੂੰ ਸਜਾ ਦੇਣ ਲਈ ਇਨ੍ਹਾਂ ਮੁਗ਼ਲਾਂ ਨੂੰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਭੇਜ ਦਿੱਤਾ ਹੈ। ਇਨ੍ਹਾਂ ਦੇ ਆਉਣ ਨਾਲ ਲੋਕਾਂ ਨੂੰ ਇਤਨੀ ਮਾਰ ਪਈ ਹੈ ਕਿ ਸਭ ਪਾਸੇ ਕੁਰਲਾਹਟ ਮੱਚੀ ਹੋਈ ਹੈ। ਪਰ ਹੋ ਪਰਮਾਤਮਾ, ਤੈਨੂੰ ਅਜੇ ਵੀ ਲੋਕਾਂ ਉਪਰ ਤਰਸ ਨਹੀਂ ਆ ਰਿਹਾ?

“ਇਹ ਉਜਾੜਾ ਇਸ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਦੇ ਸਿਰਾਂ ‘ਤੇ ਪਟੀਆਂ ਅਤੇ ਚੀਰ ਕੱਢੇ ਹੋਏ ਸਨ ਅਤੇ ਚੀਰਾਂ ਵਿਚ ਸੰਧੂਰ ਸੌਂਹਦਾ ਹੁੰਦਾ ਸੀ ਉਹੀ ਸੁੰਦਰ ਸਿਰ ਹੁਣ ਮੁੰਨੇ ਗਏ ਹਨ ਅਤੇ ਮਿੱਟੀ ਘੱਟਾ ਇਨ੍ਹਾਂ ਦੀਆਂ ਗਰਦਨਾਂ ਵਿਚ ਪੈ ਰਿਹਾ ਹੈ। ਜਿਹੜੀਆਂ ਔਰਤਾਂ ਪਹਿਲਾਂ ਆਪਣੇ ਮਹਿਲਾਂ ਵਿਚ ਐਸ਼ ਕਰਦੀਆਂ ਸਨ ਉਨ੍ਹਾਂ ਨੂੰ ਹੁਣ ਬਾਹਰ ਬੈਠਣ ਨੂੰ ਵੀ ਥਾਂ ਨਹੀਂ ਮਿਲਦੀ । ਮਹਿਲਾਂ ਦੀਆਂ ਸੁੰਦਰ ਇਸਤਰੀਆਂ ਜਿਹੜੀਆਂ ਆਪਣੀ ਸੁੰਦਰਤਾ ਦੀ ਮਿਸਾਲ ਆਪ ਸਨ ਅਤੇ ਜਿਹੜੀਆਂ ਹੀਰੇ, ਮੋਤੀਆਂ ਵਿਚ ਜੜੀਆਂ ਰਹਿੰਦੀਆਂ ਸਨ ਤੇ ਫਲਾਂ ਅਤੇ ਮੇਵਿਆਂ ਨਾਲ ਪਲਦੀਆਂ ਸਨ ਉਨ੍ਹਾਂ ਦੇ ਗਲਾਂ ਵਿਚ ਰੱਸੀਆਂ ਪੈ ਗਈਆਂ ਹਨ, ਮੋਤੀਆਂ ਦੀਆਂ ਮਾਲਾਂ ਤੋੜ ਦਿੱਤੀਆਂ ਗਈਆਂ ਹਨ ਸਾਰੇ ਪਾਸੇ ਬਾਬਰ ਦਾ ਹੀ ਬੋਲਬਾਲਾ ਹੈ। ਕੁੱਤਿਆਂ ਨੂੰ ਵੀ ਰੋਟੀ ਨਸੀਬ ਨਹੀਂ ਹੋ ਰਹੀ। ਸਭ ਲੋਕ ਆਪਣੇ ਪਾਠ ਪੂਜਾ ਦੇ ਨੇਮ ਭੁੱਲ ਗਏ ਹਨ । ਸਭ ਇਕ ਦੂਜੇ ਨੂੰ ਮਿਲ ਕੇ ਆਪਣੇ ਆਪਣੇ ਦੁੱਖ ਅਲਾਪ ਰਹੇ ਹਨ।” (ਗੁਰੂ ਗ੍ਰੰਥ ਸਾਹਿਬ, ਪੰਨਾ 417) ਇਕ ਪਾਸੇ ਬਾਬਰ ਦੇ ਬਿਆਨ ਵਿਚ ਇਹ ਹੁਕਮ ਹੈ ਕਿ ਉਸ ਦੇ ਫ਼ੌਜੀ, ਲੋਕਾਂ ਦੀ ਟੁੱਟੀ ਸੂਈ ਤੱਕ ਵੀ ਨਾ ਚੁੱਕਣ ਅਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਇਹ ਗੱਲ ਦਰਜ ਹੈ ਕਿ ਬਾਬਰ ਦੇ ਰਾਜ ਵਿਚ ਕੁੱਤਿਆਂ ਤੱਕ ਨੂੰ ਵੀ ਰੋਟੀ ਨਸੀਬ ਨਹੀਂ ਹੁੰਦੀ ਸੀ। ਇਨ੍ਹਾਂ ਦੋਵੇਂ ਕਥਨਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਬਾਬਰ ਸਿਆਸਤਦਾਨ ਸੀ ਅਤੇ ਇਕ ਹਮਲਾਵਰ ਸੀ। ਇਸ ਕਰਕੇ ਉਸ ਦੇ ਬਿਆਨਾਂ ਵਿਚ ਅਤਿਕਥਨੀ ਮੰਨੀ ਜਾ ਸਕਦੀ ਹੈ ਜਾਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਬਾਬਰ ਨੂੰ ਅਸਲੀਅਤ ਦਾ ਗਯਾਨ ਹੀ ਨਾ ਹੋਵੇ। ਗੁਰੂ ਨਾਨਕ ਦੇਵ ਜੀ ਨਾ ਹੀ ਤਾਂ ਸਿਆਸਤਦਾਨ ਸਨ ਅਤੇ ਨਾ ਹੀ ਮੁਗ਼ਲਾਂ ਤੇ ਪਠਾਣਾਂ ਵਿਚੋਂ ਕਿਸੇ ਇਕ ਧਿਰ ਨਾਲ ਸੰਬੰਧਤ ਸਨ । ਉਹ ਤਾਂ ਆਪਣੀ ਧਰਤੀ ਦੇ ਲੋਕਾਂ ਦੇ ਹਮਦਰਦ ਸਨ ਅਤੇ ਇਕ ਧਾਰਮਕ ਨੇਤਾ ਦੀ ਤਰ੍ਹਾਂ ਲੋਕਾਂ ਦੇ ਹਾਲਾਤ ਵਰਨਣ ਕਰਨ ਵਾਲੇ ਸਨ। ਜਿੱਥੇ ਉਨ੍ਹਾਂ ਨੇ ਬਾਬਰ ਦੇ ਜੁਲਮਾਂ ਦੇ ਵਿਰੁੱਧ ਬੋਲਿਆ ਹੈ ਉੱਥੇ ਉਨ੍ਹਾਂ ਨੇ ਲੋਧੀਆਂ ਦੀ ਵੀ ਇਸ ਗੱਲੋਂ ਨਿੰਦਿਆ ਕੀਤੀ ਹੈ ਕਿ ਇਨ੍ਹਾਂ ਕੁੱਤਿਆਂ ਨੇ ਰਤਨਾਂ ਵਰਗੇ ਦੇਸ਼ ਨੂੰ ਉਜਾੜ ਸੁੱਟਿਆ ਹੈ, ਇਨ੍ਹਾਂ ਦੀ ਮੌਤ ਦੇ ਪਿੱਛੋਂ ਕਿਸੇ ਨੇ ਵੀ ਇਨ੍ਹਾਂ ਦੀ ਸਾਰ ਨਹੀਂ ਲੈਣੀ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦਾ ਬਿਆਨ ਸੱਚਾਈ ਦੇ ਨੇੜੇ ਹੈ ਅਤੇ ਇਕ ਨਿਰਪੱਖ ਬੌਧਿਕ ਨੇਤਾ ਵੱਲੋਂ ਇਹ ਕਥਨ ਉਚਾਰੇ ਗਏ ਹਨ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਆਪਣੇ ਸਮੇਂ ਦੇ ਜਿਹੜੇ ਦਰਦਨਾਕ ਬਿਆਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਦਰਜ ਕੀਤੇ ਹਨ ਉਹ ਉਸ ਸਮੇਂ ਦੇ ਪੰਜਾਬ ਦੀ ਮੂੰਹ-ਬੋਲਦੀ ਤਸਵੀਰ ਹਨ

Leave a comment

error: Content is protected !!