ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ (1469-1539 : )

ਗੁਰੂ ਨਾਨਕ ਪੰਜਾਬ ਦੀ ਸੰਸਾਰ ਨੂੰ ਅਦੁੱਤੀ ਦੇਣ ਹੈ। ਗੁਰੂ ਨਾਨਕ ਰਾਹੀਂ ਪੰਜਾਬ ਸਾਰੇ ਭਾਰਤ ਤੇ ਦੁਨੀਆ ਦੀ ਸੰਸਕ੍ਰਿਤੀ ਵਿਚ ਆਪਣਾ ਅਤਿਅੰਤ ਕੀਮਤੀ ਭਾਗ ਪੇਸ਼ ਕਰਨ ਦੇ ਸਮਰੱਥ ਹੋਇਆ ਹੈ। ਪੰਜਾਬ ਦੀ ਧਰਤੀ ਨੇ ਗੁਰੂ ਨਾਨਕ ਵਰਗੇ ਸਪੁੱਤਰ ਨੂੰ ਜਨਮ ਦੇ ਕੇ ਆਪਣੇ ਉਪਜਾਊ ਤੱਤਾਂ ਦੀ ਮਹਾਨ ਸ਼ਕਤੀ ਦਾ ਸਬੂਤ ਦਿੱਤਾ । ਪੰਜਾਬ ਦਾ ਸਭਿਆਚਾਰਕ ਵਾਯੂ-ਮੰਡਲ ਕਈਆਂ ਸਦੀਆਂ ਦੇ ਜਿਨ੍ਹਾਂ ਜੀਵਨ-ਵਧਾਊ ਅੰਸ਼ਾਂ ਨੂੰ ਸਾਂਭਦਾ ਆ ਰਿਹਾ ਸੀ ਉਹ ਪੰਜਾਬ ਦੇ ਇਸ ਸਪੁੱਤਰ ਨੂੰ ਇਕ ਵਡਮੁੱਲੇ ਵਿਰਸੇ ਦੇ ਰੂਪ ਵਿਚ ਪ੍ਰਾਪਤ ਹੋਏ ਤੇ ਉਸ ਦੇ ਹੱਥਾਂ ਵਿਚ ਕਈ ਗੁਣਾਂ ਵੱਧ ਫੁਲ ਕੇ ਬਾਅਦ ਦੇ ਪੰਜਾਬੀ ਸਭਿਆਚਾਰ ਨੂੰ ਅਮੀਰ ਕਰਨ ਵਿਚ ਅਤਿ ਸਫਲ ਬਣੇ । ਉਂਜ ਤਾਂ ਹਰ ਮਹਾਂਪੁਰਖ ਸਾਰੀ ਮਨੁੱਖਤਾ ਦੀ ਸਾਂਝੀ ਦੌਲਤ ਹੁੰਦਾ ਹੈ ਪਰ ਆਪਣੇ ਜੀਵਨ ਵਿਚ ਉਹ ਕਿਸੇ ਖ਼ਾਸ ਵੱਡੇ ਜਾਂ ਛੋਟੇ ਇਲਾਕੇ ਦੇ ਲੋਕਾਂ ਨੂੰ ਆਪਣੀ ਸੇਵਾ ਦਾ ਪਾਤਰ ਬਣਾਉਂਦਾ ਹੈ ਤੇ ਉਹ ਲੋਕ ਸਭ ਦੁਨੀਆ ਨਾਲੋਂ ਵੱਧ ਉਸ ਦੇ ਰਿਣੀ ਮਹਿਸੂਸ ਕਰਦੇ ਹਨ। ਗੁਰੂ ਨਾਨਕ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਜਾਬੋਂ ਬਾਹਰ ਭਾਰਤ ਦੇ ਉੱਤਰ, ਦੱਖਣ ਤੇ ਪੂਰਬ ਵਿਚ ਰਟਨ ਕਰਨ ਜਾਂ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਦੀ ਯਾਤਰਾ ਕਰਨ ਵਿਚ ਖ਼ਰਚ ਕੀਤਾ ਤੇ ਹਰ ਥਾਂ ਉਹ ਆਪਣੇ ਵਿਚਾਰਾਂ ਨਾਲ ਕਈ ਵਿਅਕਤੀਆਂ ਦੇ ਜੀਵਨ ਨੂੰ ਪਲਟਣ ਵਿਚ ਸਫਲ ਹੁੰਦੇ ਰਹੇ ਜਿਸ ਕਰਕੇ ਉਨ੍ਹਾਂ ਨੂੰ ਭਾਰਤ ਜਾਂ ਏਸ਼ੀਆ ਦਾ ਹਮਦਰਦ ਨੇਤਾ ਕਹਿਣਾ ਗਲਤ ਨਹੀਂ ਹੋ ਸਕਦਾ । ਪਰ ਪੰਜਾਬ ਨਾਲ ਉਨ੍ਹਾਂ ਦੇ ਨਾਂ ਨੂੰ ਜੋ ਖ਼ਾਸ ਤੌਰ ਤੇ ਸਬੰਧਤ ਕੀਤਾ ਜਾਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਇਸ ਪ੍ਰਾਂਤ ਦੇ ਲੋਕਾਂ ਨੇ ਆਪਣੇ ਨਾਲ ਉਨ੍ਹਾਂ ਦੀ ਉਚੇਚੀ ਦਿਲਚਸਪੀ ਮਹਿਸੂਸ ਕੀਤੀ ਤੇ ਇਸੇ ਲਈ ਸਭ ਤੋਂ ਵੱਧ ਉਨ੍ਹਾਂ ਦਾ ਪ੍ਰਭਾਵ ਕਬੂਲ ਕੀਤਾ । ਗੁਰੂ ਨਾਨਕ ਨੂੰ ‘ਜਗਤ ਗੁਰੂ’ ਕਹਿਣ ਵਿਚ ਵੀ ਭਾਵੇਂ ਇਸ ਹੱਦ ਤੱਕ ਸਚਾਈ ਹੈ ਕਿ ਉਨ੍ਹਾਂ ਦੇ ਉਪਦੇਸ਼ ਸਭ ਦੇਸ਼ਾਂ ਲਈ ਗੁਣਕਾਰੀ ਹੋ ਸਕਦੇ ਹਨ ਪਰ ਪੰਜਾਬ ਦੇ ਤਾਂ ਉਹ ਨਿਰੇ ਉਪਦੇਸ਼-ਦਾਤਾ ਹੀ ਨਹੀਂ ਸਨ ਬਲਕਿ ਅਮਲੀ ਮਿਸਾਲਾਂ ਨਾਲ ਇੱਥੋਂ ਦੇ ਲੋਕਾਂ ਨੂੰ ਨਵੇਂ ਰਾਹ ਤੇ ਚਲਾਉਣ ਲਈ ਉਪਰਾਲੇ ਕਰਦੇ ਰਹਿੰਦੇ ਸਨ । ਹਰਦੁਆਰ ਜਾ ਕੇ ਪੱਛਮ ਵੱਲ ਪਾਣੀ ਉਛਾਲਣਾ ਜਾਂ ਮੱਕੇ ਪਹੁੰਚ ਕੇ ਕਾਅਬੇ ਵਲ ਪੈਰ ਕਰ ਕੇ ਸੌਂ ਜਾਣਾ ਉਨ੍ਹਾਂ ਦੇ ਉਪਦੇਸ਼ ਦੇਣ ਦੇ ਕੇਵਲ ਨਾਟਕੀ ਢੰਗ ਸਨ ਪਰ ਉਮਰ ਦੇ ਮੁੱਢ ਵਿਚ ਮੋਦੀਖਾਨੇ ਦਾ ਕਿੱਤਾ ਨਿਭਾ ਕੇ ਤੇ ਅੰਤਲੇ ਸਾਲ ਖੇਤੀ ਵਿਚ ਖਰਚ ਕਰ ਕੇ ਉਨ੍ਹਾਂ ਨੇ ਪੰਜਾਬ ਨੂੰ ਨੌਕਰੀ ਤੇ ਕਿਰਸਾਣੀ ਦੇ ਆਦਰਸ਼ਕ ਨਮੂਨੇ ਦੱਸੇ ਤੇ ਜੀਵਨ-ਜਾਚ ਦੇ ਦੋਵੇਂ ਪੱਖ ਸਿਖਾਏ । ਪੰਜਾਬ ਉਨ੍ਹਾਂ ਦੀ ਜਨਮ-ਭੂਮੀ ਹੋਣ ਕਰਕੇ ਹੀ ਉਨ੍ਹਾਂ ਨੂੰ ਨਹੀਂ ਅਪਣਾਉਂਦਾ ਸਗੋਂ ਇਸ ਕਰਕੇ ਵੀ ਕਿ ਆਪਣੇ ਅਨੁਭਵ, ਸੋਚ, ਸਫ਼ਰ, ਮੇਲ ਜੋਲ ਤੇ ਵਿਚਾਰ-ਵਟਾਂਦਰੇ ਤੋਂ ਜੋ ਕੁਝ ਉਨ੍ਹਾਂ ਨੇ ਜੀਵਨ ਨੂੰ ਸਾਰਥਕ ਬਣਾਉਣ ਲਈ ਸਿਖਿਆ ਉਸ ਸਭ ਕਾਸੇ ਦਾ ਨਿਚੋੜ ਪੰਜਾਬ ਦੇ ਲੋਕਾਂ ਨੂੰ ਚੰਗੇਰੇ ਜੀਵਨ ਦੇ ਕਾਬਲ ਬਣਾਉਣ ਲਈ ਵਰਤਿਆ। ਉਨ੍ਹਾਂ ਦੇ ਸਭ ਉਪਦੇਸ਼ਾਂ ਦਾ ਆਧਾਰ ਰੱਬ ਦੀ ਹੋਂਦ ਤੇ ਸ੍ਰਿਸ਼ਟੀ ਦੀ ਆਤਮਕ ਏਕਤਾ ਸੀ ਤੇ ਪੰਜਾਬੋਂ ਬਾਹਰ ਉਹ ਥਾਂ ਥਾਂ ਇਹੋ ਉਪਦੇਸ਼ ਦੇਂਦੇ ਰਹੇ ਪਰ ਇਨ੍ਹਾਂ ਬੁਨਿਆਦੀ ਨਿਸਚਿਆਂ ਨੂੰ ਧਾਰਨ ਕਰਨ ਵਾਲੇ ਮਨੁੱਖ ਦੇ ਹੋਰਨਾਂ ਮਨੁੱਖਾਂ ਨਾਲ ਸਮਾਜਕ ਰਿਸ਼ਤਿਆਂ ਵਿਚ ਜੋ ਤਬਦੀਲੀਆਂ ਅਵੱਸ਼ ਹੋ ਜਾਂਦੀਆਂ ਹਨ, ਪੰਜਾਬ ਵਿਚ ਉਨ੍ਹਾਂ ਤਬਦੀਲੀਆਂ ਨੂੰ ਵਰਤਾਉਣ ਲਈ ਉਹ ਨਵੀਆਂ ਸਮਾਜਕ ਸੰਸਥਾਵਾਂ ਦਾ ਮੁੱਢ ਵੀ ਬੰਨ੍ਹਦੇ ਰਹੇ ਜਿਸ ਕਰਕੇ ਪੰਜਾਬ ਵਿਚ ਉਨ੍ਹਾਂ ਦਾ ਪ੍ਰਭਾਵ ਬਹੁਤ ਚਿਰ ਬਾਅਦ ਤਕ ਵੀ ਕਾਇਮ ਰਿਹਾ ਤੇ ਇਥੋਂ ਦੇ ਸਮਾਜਕ ਜੀਵਨ ਉੱਤੇ ਵੀ ਉਨ੍ਹਾਂ ਦੇ ਵਿਚਾਰਾਂ ਦਾ ਡੂੰਘਾ ਅਸਰ ਪਿਆ । ਸਾਰੇ ਜਗਤ, ਏਸ਼ੀਆ ਜਾਂ ਭਾਰਤ ਲਈ ਉਹ ਇਕ ਰਹੱਸਵਾਦੀ ਮਹਾਂ ਪੁਰਖ ਸਨ ਪਰ ਪੰਜਾਬ ਦੇ ਕੌਮੀ ਜੀਵਨ ਦਾ ਤਾਂ ਉਨ੍ਹਾਂ ਨੂੰ ਉਸਰੱਈਆ ਤੇ ਆਗੂ ਮੰਨਣਾ ਪੈਂਦਾ ਹੈ। ਮੁਸਲਮਾਨੀ ਰਾਜ ਤੋਂ ਪਹਿਲੋਂ ਭਾਰਤੀ ਸਮਾਜ ਵਿਚ ਮਨੁੱਖੀ ਸਬੰਧਾਂ ਨੂੰ ਤਰਤੀਬ ਦੇਣ ਦੇ ਜੋ ਨਿਯਮ ਸਨ ਉਹ ਨੀਅਤ ਭਾਵੇਂ ਵਿਚਾਰਵਾਨ ਸ੍ਰੇਣੀ ਵੱਲੋਂ ਹੁੰਦੇ ਹੋਣ ਲੇਕਿਨ ਪ੍ਰਚਲਿਤ, ਰਾਜ-ਅਧਿਕਾਰੀਆਂ ਦੀ ਸ਼ਕਤੀ ਨਾਲ ਹੀ ਹੁੰਦੇ ਸਨ । ਜਦ ਤਕ ਰਾਜ-ਅਧਿਕਾਰੀ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦੇ ਰਹਿੰਦੇ, ਅਜੇਹੇ ਨਿਯਮ ਬਦਲਦੀਆਂ ਸਮਾਜਕ ਲੋੜਾਂ ਦੇ ਨਾਲ ਨਾਲ ਤਬਦੀਲ ਹੁੰਦੇ ਜਾਂਦੇ । ਮੁਸਲਮਾਨਾਂ ਦੇ ਆਉਣ ਬਾਅਦ ਭਾਰਤ ਵਿਚ ਜਿੱਥੇ ਜਿੱਥੇ ਹਿੰਦੂ ਰਾਜ ਖਤਮ ਹੋ ਗਿਆ, ਉਥੇ ਉਥੇ ਹਿੰਦੂ ਸਮਾਜ ਦੇ ਨਿਯਮ ਬਦਲਣ ਦੀ ਮਸ਼ੀਨਰੀ ਬੰਦ ਹੋ ਗਈ । ਮੁਸਲਮਾਨ ਲੋਕਾਂ ਲਈ ਸਮਾਜਕ ਕਾਨੂੰਨ ਇਸਲਾਮੀ ਸ਼ਰ੍ਹਾ ਅਨੁਸਾਰ ਨੀਅਤ ਕੀਤੇ ਜਾਂਦੇ ਸਨ ਤੇ ਮੌਲਵੀਆਂ ਤੇ ਕਾਜ਼ੀਆਂ ਦੀ ਅਗਵਾਈ ਹੇਠ ਮੁਸਲਮ ਹਕੂਮਤ ਵੱਲੋਂ ਲਾਗੂ ਕੀਤੇ ਜਾਂਦੇ ਸਨ । ਮੁਸਲਮਾਨ ਹਕੂਮਤ ਹਿੰਦੂ ਸਮਾਜ ਦੇ ਕਾਨੂੰਨ ਬਦਲਣ ਵਿਚ ਦਿਲਚਸਪੀ ਨਹੀਂ ਲੈਂਦੀ ਸੀ। ਮੁਹੰਮਦ ਸਾਹਿਬ ਦੇ ਸਮੇਂ ਤੋਂ ਇਕ ਰਵਾਇਤ ਚਲਦੀ ਆ ਰਹੀ ਸੀ ਕਿ ਮੁਸਲਮਾਨਾਂ ਫੌਜਾਂ ਜਦ ਕਿਸੇ ਦੇਸ਼ ਵਿਚ ਇਸਲਾਮੀ ਹਕੂਮਤ ਸਥਾਪਤ ਕਰਦੀਆਂ ਤਾਂ ਪਰਜਾ ਨੂੰ ਇਸਲਾਮੀ ਸ਼ਰ੍ਹਾ ਦੇ ਕਾਨੂੰਨ ਅਪਣਾਉਣ ਜਾਂ ਆਪਣੇ ਪੁਰਾਣੇ ਕਾਨੂੰਨ ਵਰਤਣ ਦੀ ਖੁਲ੍ਹ ਦੇ ਦੇਂਦੀਆਂ। ਭਾਰਤ ਦੇ ਜਿਨ੍ਹਾਂ ਲੋਕਾਂ ਨੇ ਇਸਲਾਮ ਧਾਰਨ ਕਰ ਲਿਆ ਉਹ ਸ਼ਰ੍ਹਾ ਦੇ ਕਾਨੂੰਨਾਂ ਦੇ ਲਾਭਾਂ ਜਾਂ ਹਾਨਾਂ ਦੇ ਹੱਕਦਾਰ ਹੋ ਗਏ ਪਰ ਬਾਕੀ ਲੋਕ ਪੁਰਾਣੇ ਸ਼ਾਸਤਰੀ ਨਿਯਮਾਂ ਅਨੁਸਾਰ ਹੀ ਜੀਵਨ ਬਤੀਤ ਕਰਦੇ ਰਹੇ । ਸ਼ਾਸਤਰੀ ਕਾਨੂੰਨਾਂ ਨੂੰ ਪ੍ਰਚੱਲਿਤ ਕਰਨ ਵਾਲੀ ਰਾਜਸੀ ਸ਼ਕਤੀ ਖਤਮ ਹੋ ਜਾਣ ਕਰਕੇ ਇਨ੍ਹਾਂ ਵਿਚ ਤਬਦੀਲੀ ਹੋਣੀ ਬੰਦ ਹੋ ਗਈ। ਹੌਲੀ ਹੌਲੀ ਇਹ ਨਿਯਮ ਜੀਵਨ ਰੋ ਤੋਂ ਬਹੁਤ ਪਿੱਛੇ ਰਹਿ ਗਏ ਤੇ ਹਿੰਦੂ ਸਮਾਜ ਦੇ ਪੈਰਾਂ ਨੂੰ ਬੋਝਲ ਕਰਨ ਲਗ ਪਏ। ਇਨ੍ਹਾਂ ਨਿਯਮਾਂ ਦੀ ਵਿਆਖਿਆ ਕਰਨ ਦਾ ਅਧਿਕਾਰ ਬ੍ਰਾਹਮਣਾਂ ਦੇ ਹੱਥ ਆ ਚੁੱਕਾ ਸੀ ਜਿਨ੍ਹਾਂ ਨੇ ਇਨ੍ਹਾਂ ਨੂੰ ਐਸੀ ਰੰਗਤ ਦਿੱਤੀ ਕਿ ਉਨ੍ਹਾਂ ਦੇ ਆਪਣੇ ਹੱਕ ਅੱਗੇ ਨਾਲੋਂ ਵੱਧ ਗਏ ਤੇ ਹੇਠਲੀਆਂ ਸ਼੍ਰੇਣੀਆ ਦਾ ਦਰਜਾ ਹੋਰ ਨੀਵਾਂ ਹੋ ਗਿਆ। ਕਿਰਤੀਆਂ ਤੇ ਇਸਤਰੀਆਂ ਲਈ ਇਹ ਨਿਯਮ ਅਤਿਅੰਤ ਕਠੋਰ ਬਣਾ ਦਿੱਤੇ ਗਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੂਆਂ ਦੀਆਂ ਕਿਰਤੀ ਸ਼੍ਰੇਣੀਆਂ ਨੂੰ ਇਸਲਾਮੀ ਕਾਨੂੰਨਾਂ ਦੀ ਖਿੱਚ ਪੈਣੀ ਸ਼ੁਰੂ ਹੋ ਗਈ ਤੇ ਉਨ੍ਹਾਂ ਦਾ ਲਾਭ ਉਠਾਉਣ ਲਈ ਉਹ ਇਸਲਾਮ ਧਾਰਨ ਕਰਨ ਲੱਗ ਪਏ। ਹਿੰਦੂ ਸਮਾਜ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਇਕ ਪੀਡੇ ਸ਼ਿਕੰਜੇ ਵਿਚ ਕੱਸਿਆ ਹੋਇਆ ਸੀ । ਗੁਰੂ ਨਾਨਕ ਤੇ ਹੋਰ ਗੁਰੂਆਂ ਨੇ ਪੰਜਾਬ ਦੇ ਹਿੰਦੂ ਸਮਾਜ ਨੂੰ ਬ੍ਰਾਹਮਣਾਂ ਦੀ ਕੈਦ ਵਿੱਚੋਂ ਮੁਕਤ ਕਰਕੇ ਐਸੇ ਸਮਾਜਕ ਵਤੀਰੇ ਪ੍ਰਚੱਲਿਤ ਕਰਨ ਦਾ ਯਤਨ ਕੀਤਾ ਜੋ ਨਵੇਂ ਹਾਲਾਤ ਦੇ ਵਧੇਰੇ ਅਨੁਕੂਲ ਸਨ । ਗੁਰੂ ਨਾਨਕ ਦਾ ਭਾਰਤ ਤੋਂ ਬਾਹਰ ਜਾਣਾ ਹੀ ਬ੍ਰਾਹਮਣੀ ਨਿਯਮਾਂ ਵਿਰੁੱਧ ਜਿਨ੍ਹਾਂ ਵਿਚ ਪ੍ਰਦੇਸ-ਯਾਤਰਾ ਵਿਵਰਜਤ ਸੀ, ਇਕ ਵਿਦ੍ਰੋਹ-ਭਰਿਆ ਕਦਮ ਸੀ । ਬ੍ਰਾਹਮਣ ਦ੍ਰਿਸ਼ਟੀ ਅਨੁਸਾਰ ਭਾਰਤ ਦੇ ਮੁਕਾਬਲੇ ਤੇ ਬਾਕੀ ਸਭ ਦੇਸ਼ਾਂ ਦੇ ਲੋਕ ਭ੍ਰਿਸ਼ਟ ਸਨ ਜਿਨ੍ਹਾਂ ਨਾਲ ਵਰਤਣਾ ਨੀਚਤਾ ਦੇ ਭਾਗੀ ਹੋਣਾ ਸੀ। ਇਸੇ ਦ੍ਰਿਸ਼ਟੀ ਨੇ ਬਾਹਰੋਂ ਆਏ ਸਭ ਮੁਸਲਮਾਨਾਂ ਨੂੰ ਬਗੈਰ ਚੰਗੇ ਮੰਦੇ ਦੀ ਪਰਖ ਕੀਤੇ, ਮਲੇਛ ਕਰਾਰ ਦੇ ਦਿੱਤਾ ਸੀ । ਮੁਸਲਮਾਨਾਂ ਨਾਲ ਇਹ ਨਵਰਤ ਉਨ੍ਹਾਂ ਦੇ ਰਾਜਸੀ ਜਬਰ ਦਾ ਪ੍ਰਤੀਕਰਮ ਨਹੀਂ ਸੀ ਜਿੰਨਾ ਉਹ ਘਾਟਾ ਸੀ । ਜੋ ਹੇਠਲੀਆਂ ਸ਼੍ਰੇਣੀਆਂ ਨੂੰ ਇਸਲਾਮ ਦੀ ਖਿੱਚ ਪੈ ਜਾਣ ਕਰਕੇ ਬ੍ਰਾਹਮਣੀ ਹਿਤਾਂ ਨੂੰ ਪੈ ਰਿਹਾ ਸੀ । ਗੁਰੂ ਨਾਨਕ ਨੇ ਮੁਸਲਮਾਨੀ – ਦੇਸ਼ਾਂ ਦੀ ਯਾਤਰਾ ਕਰ ਕੇ ਨਾ ਸਿਰਫ ਅੰਤਰ-ਰਾਸ਼ਟਰੀ ਮੇਲ ਜੋਲ ਦੀ ਬਾਧਕ ਤੰਗ ਦ੍ਰਿਸ਼ਟੀ ਦਾ ਵਿਰੋਧ ਕੀਤਾ. ਬਲਕਿ ਮੁਸਲਮਾਨਾਂ ਨੂੰ ਮਲੇਛ ਕਹਿਣ ਵਾਲੀ ਬਿਰਤੀ ਦੀ ਵੀ ਨਿਖੇਧ ਕੀਤੀ। ਗੁਰੂ ਨਾਨਕ ਦੀ ਚਲਾਈ ਲਹਿਰ ਵਿਚ ਗੁਰੂ ਦੀ ਸੰਸਥਾ ਜਿਸ ਜ਼ੋਰ ਨਾਲ ਸਥਾਪਤ ਕੀਤੀ ਗਈ ਉਸ ਦਾ ਇਕ ਮਕਸਦ ਹਿੰਦੂ ਸਮਾਜ ਦੀ ਅਗਵਾਈ ਬ੍ਰਾਹਮਣਾਂ ਦੇ ਹੱਥੋਂ ਕੱਢਣਾ ਸੀ। ਹਿੰਦੂ ਸਮਾਜਕ ਜੀਵਨ ਵਿੱਚੋਂ ਬ੍ਰਾਹਮਣਾਂ ਦਾ ਰੁਤਬਾ ਘਟਾਏ ਬਗੈਰ ਇਸ ਵਿਚ ਕੋਈ ਬੁਨਿਆਦੀ ਤਬਦੀਲੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ ਸਨ । ਗੁਰੂ ਨਾਨਕ ਦੇ ਚਲਾਏ ਲੰਗਰ ਵਿਚ ਨੀਚ ਜਾਤੀਆਂ ਨੂੰ ਉੱਚ ਜਾਤੀਆਂ ਨਾਲ ਬੈਠਣ ਦਾ ਅਧਿਕਾਰ ਤਦੇ ਮਿਲ ਸਕਦਾ ਸੀ ਜੇ ਲੋਕ ਗੁਰੂ ਦੇ ਹੁਕਮ ਨੂੰ ਬ੍ਰਾਹਮਣਾਂ ਦੇ ਉਪਦੇਸ਼ਾਂ ਤੋਂ ਵਧੀਕ ਪ੍ਰਮਾਣਿਕ ਮੰਨਦੇ । ਬ੍ਰਾਹਮਣ ਆਪਣੇ ਉਪਦੇਸ਼ਾਂ, ਨਿਯਮਾਂ ਤੇ ਰੀਤਾਂ ਦੀ ਪ੍ਰੋੜ੍ਹਤਾ ਵੈਦਿਕ ਸਿਧਾਂਤਾਂ ਦੇ ਆਧਾਰ ਤੇ ਕਰਦੇ ਸਨ ਜਿਨ੍ਹਾਂ ਨੂੰ ਈਸ਼ਵਰੀ ਹੁਕਮ ਮੰਨ ਕੇ ਸਤਿਕਾਰਿਆ ਜਾਂਦਾ ਸੀ । ਗੁਰੂ ਨਾਨਕ ਨੇ ਵੇਦਾਂ ਦੀ ਵਿਆਖਿਆ ਦੇ ਅਧਿਕਾਰ ਬ੍ਰਾਹਮਣਾਂ ਦੇ ਹੱਥੋਂ ਕੱਢਣ ਲਈ ਲੋਕਾਂ ਦੀ ਬੋਲੀ ਵਿਚ ਕਵਿਤਾ ਰਚੀ ਤੇ ਉਸ ਨੂੰ ਵੇਦਾਂ ਦੀ ਅਸਲ ਸਪਿਰਿਟ ਦਾ ਸਾਕਾਰ ਰੂਪ ਦਸਿਆ। ਗੁਰੂ ਨਾਨਕ ਦੇ ਸਮੇਂ ਤੋਂ ਹੀ ਗੁਰਬਾਣੀ ਦੀ ਮਹੱਤਤਾ ਦ੍ਰਿੜ ਕਰਾਉਣ ਦਾ ਸਮਾਜਕ ਮੰਤਵ, ਬ੍ਰਾਹਮਣਾਂ ਦਾ ਅਸਰ ਰਸੂਖ ਖ਼ਤਮ ਕਰਨਾ ਸੀ । ਗੁਰੂ ਦੀ ਸ਼ਖ਼ਸੀਅਤ ਤੇ ਗੁਰਬਾਣੀ ਨੂੰ ਲੋਕਾਂ ਵਿਚ ਬ੍ਰਾਹਮਣਾਂ ਤੇ ਵੇਦਾਂ ਜਿੰਨਾ ਪ੍ਰਮਾਣਿਕ ਦਰਜਾ ਦਿਵਾਏ ਬਗੈਰ ਜਾਤ ਪਾਤ, ਛੂਤ ਛਾਤ, ਇਸਤਰੀ ਦੇ ਸਥਾਨ, ਸ਼ਾਦੀ ਆਦਿਕ ਬਾਬਤ ਹਿੰਦੂ ਸਮਾਜ ਦੇ ਨਿਯਮ ਤੇ ਵਰਤਾਰੇ ਬਦਲੇ ਨਹੀਂ ਸਨ ਜਾ ਸਕਦੇ ਨਾ ਲੰਗਰ ਤੇ ਸੰਗਤ ਵਰਗੀਆ ਸੰਸਥਾਵਾਂ ਕਾਮਯਾਬ ਹੋ ਸਕਦੀਆਂ ਸਨ । ਭਾਰਤ ਦੀ ਭਗਤੀ ਲਹਿਰ ਦੇ ਹੋਰ ਕਿਸੇ ਭਾਗ ਵਿਚ ਸਿੱਖ ਲਹਿਰ ਦੀ ਤਰ੍ਹਾਂ ਸਮਾਜਕ ਵਤੀਰਿਆਂ ਵਿਚ ਤਬਦੀਲੀਆਂ ਨਹੀਂ ਆਈਆਂ । ਕਿਉਂਕਿ ਗੁਰੂ ਦੀ ਸੰਸਥਾ ਹੋਰ ਕਿਧਰੇ ਵੀ ਉਸ ਗੰਭੀਰਤਾ, ਨਿਰੰਤਰਤਾ ਤੇ ਦ੍ਰਿੜ੍ਹਤਾ ਨਾਲ ਕਾਇਮ ਨਹੀਂ ਕੀਤੀ ਗਈ ਜਿਸ ਨਾਲ ਇਸ ਲਹਿਰ ਵਿਚ ਤੇ ਕਿਧਰੇ ਵੀ ਇਸ ਸੰਸਥਾ ਦਾ ਵਿਕਾਸ ਉਸ ਤਰ੍ਹਾਂ ਦੀ ਮਾਨਵਵਾਦੀ ਸੇਧ ਵਿਚ ਨਹੀਂ ਹੋ ਸਕਿਆ ਜਿਸ ਤਰ੍ਹਾਂ ਪੰਜਾਬ ਵਿਚ ਹੋਇਆ । ਗੁਰੂ ਨਾਨਕ ਨੇ ਆਸਾ ਦੀ ਵਾਰ ਵਿਚ ਜਿਸ ਵਿਸਥਾਰ ਨਾਲ ਬ੍ਰਾਹਮਣਾਂ ਦੇ ਦੰਭੀ ਤੇ ਆਚਾਰਹੀਨ ਜੀਵਨ ਦਾ ਪਾਜ ਉਘਾੜਿਆ ਉਹ ਸਮਾਜਕ ਕੁਰੀਤੀਆਂ ਦੇ ਸੁਧਾਰ ਕਰਨ ਨਾਲੋਂ ਵੀ ਵੱਧ ਸਮਾਜ ਦੀ ਇਸ ਪ੍ਰਧਾਨ ਸ਼੍ਰੇਣੀ ਦਾ ਜਾਦੂ ਲੋਕਾਂ ਦੇ ਸਿਰੋਂ ਉਤਾਰਣ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਲਗਦਾ ਹੈ।

ਗੁਰੂ ਨਾਨਕ ਦੇਵ ਜੀ

ਬ੍ਰਾਹਮਣਾਂ ਦੀਆਂ ਵਰਨ-ਆਸ਼ਰਮੀ ਵਧੀਕੀਆਂ ਵਿਰੁੱਧ ਬੁੱਧ ਮੱਤ ਨੇ ਜੋ ਸਾਧਾਰਨ ਜਨਤਾ ਦਾ ਪੱਖ ਲਿਆ ਸੀ, ਉਸ ਰਵਾਇਤ ਨੂੰ ਮੁਸਲਮਾਨੀ ਸਮੇਂ ਵਿਚ ਚਲਦਿਆਂ ਰੱਖਣ ਵਾਲੀ ਇਕ ਸੰਪ੍ਰਦਾ ਨਾਥ ਜੋਗੀਆਂ ਦੀ ਸੀ ‘ਜਿਸ ਦੀ ਸੈਵ ਮਤ ਨਾਲ ਸਾਂਝ ਦਾ ਆਧਾਰ ਵੀ ਸ਼ਾਇਦ ਦੋਹਾਂ ਵਿਚ ਵਰਨ-ਆਸ਼ਰਮ ਦੀ ਅਸਵੀਕਾਰਤਾ ਹੀ ਸੀ । ਨਾਥ ਜੋਗੀਆਂ ਦਾ ਪ੍ਰਭਾਵ ਕਿਰਤੀ ਸ਼ਰੇਣੀਆਂ ਉੱਤੇ ਬਹੁਤ ਵਧ ਜਾਂਦਾ ਤੇ ਉਨ੍ਹਾਂ ਨੂੰ ਇਸਲਾਮ ਦੀ ਸ਼ਰਨ ਲੈਣ ਦੀ ਲੋੜ ਬਹੁਤ ਘੱਟ ਮਹਿਸੂਸ ਹੋਣ ਦੇਂਦਾ ਜੇ ਇਨ੍ਹਾਂ ਵਿਚ ਕਿਰਤੀ ਤੇ ਗ੍ਰਿਹਸਤੀ ਜੀਵਨ ਨੂੰ ਉਸੇ ਤਰ੍ਹਾਂ ਸਤਿਕਾਰ ਦਿੱਤਾ ਜਾਂਦਾ ਜਿਸ ਤਰ੍ਹਾਂ ਇਸਲਾਮ ਵਿਚ ਮਿਲਦਾ ਸੀ । ਗੁਰੂ ਨਾਨਕ ਨੇ ਜੋਗੀਆਂ ਦੇ ਵਰਨ-ਆਸ਼ਰਮ ਤੋਂ ਮੁਕਤੀ ਪ੍ਰਾਪਤ ਕਰਨ ਦੇ ਪ੍ਰੋਗਰਾਮ ਨੂੰ ਅਪਣਾ ਲਿਆ ਪਰ ਉਨ੍ਹਾਂ ਦੇ ਵਿਹਾਰਕ ਤੇ ਘਰੋਗੀ ਜੀਵਨ ਤੋਂ ਉਦਾਸੀਨਤਾ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਨਿਖੇਧਿਆ, ਜਿਵੇਂ :-

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੂ । ।

ਆਸਾ ਦੀ ਵਾਰ ਵਿਚ ਜਿੱਥੇ ਬ੍ਰਾਹਮਣਾਂ ਦੇ ਪ੍ਰਭਾਵ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਣ ਦਾ ਯਤਨ ਹੈ ਉੱਥੇ ਜੋਗੀਆਂ ਦੀ ਲੀਡਰਸ਼ਿਪ ਨੂੰ ਵੀ ਕਾਫੀ ਸੱਟਾਂ ਲਾਈਆਂ ਗਈਆਂ ਹਨ । ਪੰਜਾਬ ਵਿਚ ਕਈ ਸਦੀਆਂ ਇਸ ਸੰਪ੍ਰਦਾ ਦਾ ਬੋਲ ਬਾਲਾ ਰਹਿ ਚੁੱਕਾ ਸੀ ਤੇ ਇਸ ਨੂੰ ਵੀ ਘਟਾਏ ਬਰੀਰ ਕਈ ਸਮਾਜਕ ਕੀਮਤਾਂ ਨੂੰ ਬਦਲਣਾ ਕਠਿਨ ਸੀ । ਸਮਾਜਕ ਦ੍ਰਿਸ਼ਟੀਕੋਣ ਤੋਂ ਆਸਾ ਦੀ ਵਾਰ ਦਾ ਪਾਠ ਕਰੀਏ ਤਾ ਸਪਸ਼ਟ ਹੋ ਜਾਂਦਾ ਹੈ ਕਿ ਪੰਡਤਾਂ, ਜੋਗੀਆਂ, ਅਵਤਾਰ-ਪੂਜਕਾਂ ਤੇ ਹੋਰ ਕਈ ਤਰ੍ਹਾਂ ਦੇ ਧਾਰਮਕ ਆਗੂਆਂ ਦੇ ਮੁਕਾਬਲੇ ਤੇ ਗੁਰੂ ਦੀ ਉੱਤਮਤਾ ਦ੍ਰਿੜ ਕਰਾਉਣ ਦਾ ਅਸਲ ਪ੍ਰਯੋਜਨ ਨਵੇਂ ਸਮਾਜਕ ਨਿਯਮਾਂ ਤੇ ਰਿਵਾਜਾਂ ਦੀ ਪ੍ਰਚਲਿਤਤਾ ਲਈ ਲੋਕਾਂ ਵਿਚ ਪ੍ਰਮਾਣਿਕਤਾ ਪ੍ਰਾਪਤ ਕਰਨਾ ਸੀ ।

ਗੁਰੂ ਨਾਨਕ ਨੇ ਦੇਸ਼ਵਾਸੀ ਤੇ ਪਰਦੇਸੀ, ਬ੍ਰਾਹਮਣ ਦੇ ਸੂਦਰ, ਹਿੰਦੂ ਤੇ ਮੁਸਲਮਾਨ, ਇਸਤਰੀ ਤੇ ਮਰਦ, ਧਨੀ ਤੇ ਨਿਰਧਨ ਨੂੰ ਸਮਾਨ ਸਤਿਕਾਰ ਦੇਣ ਦਾ ਆਧਾਰ ਰੱਬ ਦੀ ਵਿਆਪਕਤਾ ਦੇ ਸਿਧਾਂਤ ਨੂੰ ਬਣਾਇਆ। ਇਹ ਸਿਧਾਂਤ ਵੈਦਿਕ ਕਾਲ ਦੇ ਅੰਤਲੇ ਸਮੇਂ ਤੋਂ ਭਾਰਤ ਵਿਚ ਚਲਦਾ ਆ ਰਿਹਾ ਸੀ ਤੇ ਕਈ ਵਾਰੀ ਇਸ ਨੂੰ ਮਨੁੱਖ ਮਾਤਰ ਦੀ ਏਕਤਾ ਦ੍ਰਿੜ੍ਹ ਕਰਾਉਣ ਲਈ ਵਰਤਿਆ ਜਾ ਚੁੱਕਾ ਸੀ । ਗੁਰੂ ਨਾਨਕ ਨੇ ਜਿੱਥੇ ਇਸ ਦੇ ਆਧਾਰ ਉੱਤੇ ਮਾਨਵਵਾਦੀ ਸਮਾਜਕ ਸੰਸਥਾਵਾਂ ਖੜੀਆਂ ਕਰਨ ਵਲ ਅੱਗੇ ਨਾਲੋਂ ਬਹੁਤ ਵਧ ਤੇ ਬਾਕਾਇਦਾ ਧਿਆਨ ਦਿੱਤਾ, ਉੱਥੇ ਇਸ ਸਿਧਾਂਤ ਨੂੰ ਆਪਣੇ ਸਾਹਿਤ ਵਿਚ ਵਰਣਨ ਕਰਨ ਲਗਿਆਂ ਇਸ ਦੇ ਐਸੇ ਪੱਖਾਂ ਨੂੰ ਉਘਾੜਿਆ ਜਿਹੜੇ ਨਵੀਆਂ ਸੰਸਥਾਵਾਂ ਦੀ ਉਸਾਰੀ ਵਿਚ ਆਸਾਨੀ ਨਾਲ ਕੰਮ ਆ ਸਕਣ । ਵਿਆਪਕ ਰੱਬ ਸ੍ਰਿਸ਼ਟੀ ਦੇ ਕਣ ਕਣ ਵਿਚ ਮੌਜੂਦ ਹੈ ਇਸ ਲਈ ਮਨੁੱਖ ਦੇ ਅੰਦਰ ਵੀ ਮੌਜੂਦ ਹੈ । ਕੁਦਰਤ ਤੇ ਸਮਾਜ ਦੀ ਹਰ ਵਸਤ ਤੇ ਹਰ ਘਟਨਾ ਜਿਸ ਰੱਬ ਦੇ ਅਧੀਨ ਹੈ, ਉਹ ਮਨੁੱਖ ਦੇ ਧੁਰ ਅੰਦਰਲੇ ਆਪੇ ਵਿਚ ਵਰਤ ਰਿਹਾ ਹੈ। ਜਦੋਂ ਸਮਾਜ ਦੀਆਂ ਪ੍ਰਧਾਨ ਸ਼੍ਰੇਣੀਆਂ ਮਨੁੱਖ ਨੂੰ ਬਲਹੀਨ ਬਣਾਉਣ ਵਿਚ ਰੁੱਝੀਆਂ ਹੋਣ ਉਦੋਂ ਅੰਤਰ-ਵਿਆਪੀ ਰੱਬ ਦਾ ਸਿਧਾਂਤ ਲੋਕਾਂ ਵਿਚ ਸ੍ਵੈ-ਭਰੋਸਾ ਪੈਦਾ ਕਰਨ ਦਾ ਉੱਤਮ ਵਿਚਾਰ ਸਾਬਤ ਹੁੰਦਾ ਹੈ । ਬਲਵਾਨ ਸ਼੍ਰੇਣੀ ਦਾ ਪ੍ਰਚਾਰ ਲੋਕਾਂ ਵਿਚ ਐਸੇ ਵਿਚਾਰ ਫੈਲਾਉਂਦਾ ਹੈ ਜਿਹੜੇ ਜੀਵਨ ਦੀ ਨਿਰਣਾ-ਜਨਕ ਸ਼ਕਤੀ ਨੂੰ ਮਨੁੱਖ ਤੋਂ ਬਾਹਰਲੇ ਕਿਸੇ ਕੇਂਦਰ ਵਿਚ ਸੀਮਤ ਦਰਸਾਉਣ। ਕਿਸਮਤ ਦਾ ਵਿਚਾਰ ਮਨੁੱਖ ਦੇ ਜੀਵਨ ਨੂੰ ਆਪਣੇ ਤੋਂ ਬਾਹਰਲੀ ਸ਼ਕਤੀ ਦੇ ਪੂਰੀ ਤਰ੍ਹਾਂ ਅਧੀਨ ਸਿੱਧ ਕਰਦਾ ਹੈ । ਇਸ ਵਿਚਾਰ ਨਾਲ ਆਪਣੀ ਬੇਬਸੀ ਦੇ ਜੋ ਸੰਸਕਾਰ ਮਨੁੱਖ ਦੇ ਮਨ ਵਿਚ ਉਪਜਦੇ ਰਹਿੰਦੇ ਹਨ, ਉਹ ਰਾਜਾ ਜਾਂ ਬ੍ਰਾਹਮਣ ਦੇ ਹੁਕਮ ਅੱਗੇ ਮਨੁੱਖ ਨੂੰ ਬੇਬਸ ਮਹਿਸੂਸ ਕਰਾਉਣ ਵਿਚ ਡੂੰਘੀ ਸਹਾਇਤਾ ਕਰਦੇ ਹਨ ਤੇ ਇਨ੍ਹਾਂ ਅਹਿਸਾਸਾਂ ਦੇ ਆਸਰੇ ਹੀ ਅਧਿਕਾਰੀਆਂ ਦਾ ਰੋਹਬ ਕਾਇਮ ਰਹਿੰਦਾ ਹੈ । ਜਦੋਂ ਕੋਈ ਗਰੀਬ ਜਾਂ ਛੋਟੀ ਜਾਤ ਦਾ ਮਨੁੱਖ ਆਪਣੇ ਆਪ ਨੂੰ ਵੱਡੇ ਲੋਕਾਂ ਦੀ ਧੱਕੇਸ਼ਾਹੀ ਅੱਗੇ ਮਜਬੂਰ ਮਹਿਸੂਸ ਕਰਦਾ ਹੈ ਤਾਂ ਕਿਸਮਤ ਦੇ ਸਿਰ ਦੋਸ਼ ਮੜ੍ਹ ਕੇ ਸਬਰ ਦਾ ਘੁੱਟ ਭਰ ਛੱਡਦਾ ਹੈ । ਬੇਬਸੀ ਵਿੱਚੋਂ ਪੈਦਾ ਹੋਏ ਅਜੇਹੇ ਸਬਰ ਨੂੰ ਸਮਾਜਕ ਸਿਹਤ ਲਈ ਹਾਨੀਕਾਰਕ ਮੰਨ ਕੇ ਰਹੱਸਵਾਦੀ ਪੁਰਸ ਇਸ ਦਾ ਹਮੇਸ਼ਾ ਖੰਡਨ ਕਰਦੇ ਰਹੇ ਹਨ। ਬਾਦਸ਼ਾਹ ਆਦਿ ਅਧਿਕਾਰੀ ਵਿਅਕਤੀ ਸ਼ਕਤੀ ਦਾ ਇਕ ਐਸਾ ਕੇਂਦਰ ਹੈ ਜਿਸ ਉੱਤੇ ਸਾਧਾਰਣ ਮਨੁੱਖ ਦਾ ਕੋਈ ਵਸੀਕਾਰ ਨਹੀਂ ਜਿਵੇਂ ਕਿਸਮਤ ਅੱਗੇ ਉਸ ਦਾ ਜ਼ੋਰ ਨਹੀਂ ਪਰ ਰੱਬ ਸ਼ਕਤੀ ਦਾ ਸਭ ਤੋਂ ਵੱਡਾ ਕੇਂਦਰ ਹੁੰਦਾ ਹੋਇਆ ਵੀ ਮਨੁੱਖ ਦੇ ਆਪਣੇ ਅੰਦਰ ਹੈ ਤੇ ਉਸ ਦੀ ਸ਼ਕਤੀ ਮਨੁੱਖ ਦੀ ਪਹੁੰਚ ਵਿਚ ਹੈ। ਗੁਰੂ ਨੇ ਆਪਣੇ ਵਿਚਾਰਾਂ ਦੇ ਤੱਤਸਾਰ ਨੂੰ ਪ੍ਰਗਟ ਕਰਨ ਵਾਲੀ ਬਾਣੀ-ਜਪੁਜੀ ਵਿਚ ਸਭ ਸ਼ਕਤੀਆਂ ਦੇ ਸੋਮੇ ਨਾਲ ਮਨੁੱਖ ਦੇ ਦਿਲੀ ਸਬੰਧ ਕਾਇਮ ਹੋ ਸਕਣ ਦੀ ਸੰਭਾਵਨਾ ਨੂੰ ਦ੍ਰਿੜ ਕਰਾਉਣ ਦਾ ਯਤਨ ਕੀਤਾ । ਜਿਹੜਾ ਨਿਤਾਣਾ ਮਨੁੱਖ ਕਦੀ ਵੀ, ਉੱਪਰਲੀ ਸ਼੍ਰੇਣੀ ਦੇ ਮੈਂਬਰਾਂ ਤੱਕ ਸੀਮਤ ਸਮਾਜਕ ਸ਼ਕਤੀ ਦਾ ਭਾਈਵਾਲ ਬਣਨ ਦੀ ਆਸ ਨਹੀ ਕਰ ਸਕਦਾ ਸੀ, ਉਸ ਨੂੰ ਸ਼ਕਤੀ ਦੇ ਇਕ ਐਸੇ ਸੋਮੇ ਦਾ ਖੁਲ੍ਹਾ ਦਰ ਦਿਖਾ ਦਿੱਤਾ ਗਿਆ ਜਿਸ ਅੰਦਰ ਦਾਖ਼ਲ ਹੋ ਕੇ ਉਹ ਬੇਅੰਤ ਸ਼ਕਤੀ ਦਾ ਮਾਲਕ ਬਣ ਸਕਦਾ ਸੀ ਤੇ ਆਪਣੀ ਨਿਤਾਣਤਾ ਦੇ ਅਹਿਸਾਸ ਤੋਂ ਮੁਕਤ ਹੋ ਸਕਦਾ ਸੀ । ‘ਜਪੁਜੀ’ ਦਾ ਬਹੁਤਾ ਭਾਗ ਰੱਬ ਦੀ ਸ਼ਕਤੀ ਦੀ ਬੇਅੰਤਤਾ ਦਾ ਪ੍ਰਭਾਵ ਪਾਉਣ ਵਾਲੀਆਂ ਕਲਾਮਈ ਕਵਿਤਾਵਾਂ ਦਾ ਸੰਗ੍ਰਹਿ ਹੈ। ਸ਼ਕਤੀ ਦੇ ਇਸ ਕੇਂਦਰ ਦੀ ਤੁਲਨਾ ਦੁਨਿਆਵੀ ਸ਼ਕਤੀ-ਕੇਂਦਰਾਂ ਨਾਲ ਕਰ ਕੇ ਇਸ ਦੀ ਸਮਰੱਥਾ ਨੂੰ ਅਤਿਅੰਤ ਵਿਸ਼ਾਲ ਮਹਿਸੂਸ ਕਰਵਾਇਆ ਗਿਆ ਹੈ :-

(ੳ) ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ । ।

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ । ।

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ।

ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ। । ੨੭। ।

(ਅ) ਜਿਸੁ ਹਥਿ ਜੋਰੁ ਕਰਿ ਵੇਖੈ ਸੋਇ । ।

ਨਾਨਕ ਉਤਮੁ ਨੀਚੁ ਨ ਕੋਇ । ।੩੩। । (ਜਪੁਜੀ)

ਜਿਸ ਸ਼ਕਤੀਵਰ ਰੱਬ ਅੱਗੇ ਕਿਸੇ ਜ਼ੋਰਾਵਰ ਮਨੁੱਖ ਦੀ ਕੋਈ ਕਾਇਆ ਨਹੀਂ ਉਸ ਨੂੰ ਸਾਧਾਰਣ ਮਨੁੱਖ ਆਪਣਾ ਮਿੱਤਰ, ਦਰਦੀ, ਪ੍ਰਿਤਪਾਲਕ ਮਹਿਸੂਸ ਕਰ ਸਕਦਾ ਹੈ। ‘ਜਪੁਜੀ’ ਵਿਚ ਜਿਹੜਾ ਰੱਬ ਅਨੇਕ ਸ੍ਰਿਸ਼ਟੀਆਂ, ਧਰਤੀਆਂ, ਜੀਆਂ ਜੰਤਾਂ ਤੇ ਮਨੁੱਖਾਂ ਦਾ ਰਚਣਹਾਰਾ ਹੋਣ ਕਰਕੇ ਬੇਅੰਤ ਸ਼ਕਤੀ ਦਾ ਮਾਲਕ ਹੈ ਉਹ ਹੀ ਹਰ ਮਨੁੱਖ ਦੇ ਅੰਦਰ ਵੱਸਿਆ ਹੋਣ ਕਰਕੇ ਉਸ ਨੂੰ ਆਪਣਾ ਦਾਤਾਰ, ਦਇਆਲੂ ਤੇ ਪ੍ਰੇਮੀ ਪ੍ਰਤੀਤ ਹੁੰਦਾ ਹੈ। ਸ੍ਰਿਸ਼ਟੀ ਵਿਚ ਵਿਆਪਕ ਰੱਬ ਦੇ ਸ਼ਕਤੀ-ਸਰੂਪ ਨੂੰ ਮਨੁੱਖ ਦੇ ਹਿਰਦੇ ਵਿਚ ਪ੍ਰਵੇਸ਼ਕ ਪ੍ਰੇਮ-ਸਰੂਪ ਰੱਬ ਵਿਚ ਪਲਟ ਦੇਣਾ ‘ਜਪੁਜੀ’ ਦੀ ਕਲਾ ਦਾ ਅਸਲ ਮਨੋਰਥ ਹੈ। ਜਦੋਂ ਮਨੁੱਖ ਆਪਣੇ ਅੰਦਰ ਬ੍ਰਹਿਮੰਡੀ ਸ਼ਕਤੀ ਅਨੁਭਵ ਕਰਨ ਲਗ ਜਾਵੇ, ਉਹ ਨਿਰਭੈ ਹੋ ਜਾਂਦਾ ਹੈ ਤੇ ਦੁਨਿਆਵੀ ਜਬਰ ਅੱਗੇ ਸਬਰ ਕਰਨ ਦੀ ਮਜਬੂਰੀ ਵਿਚ ਨਹੀਂ ਰਹਿੰਦਾ । ਰੱਬ ਦੇ ਸਰੂਪ ਨੂੰ ਜਿਸ ਹੁਨਰ ਦੀ ਪਕਿਆਈ ਨਾਲ ਗੁਰੂ ਨਾਨਕ ਨੇ ਤੇਜੱਸਵੀ ਸ਼ਕਤੀ ਦਾ ਚਿੱਤਰ ਦਿੱਤਾ ਉਹ ‘ਪੰਜਾਬੀ’ ਸਾਹਿਤ ਵਿਚ ਇਕ ਅਣਛੂਹ ਸਿਖਰ ਹੈ ਤੇ ਸ਼ਾਇਦ ਸਮੁੱਚੇ ਭਾਰਤੀ ਸਾਹਿਤ ਦੀ ਵੀ ਇਕ ਵਿਸ਼ੇਸ਼ ਕਲਾਤਮਕ ਪ੍ਰਾਪਤੀ । ਬੇਅੰਤ ਸ਼ਕਤੀ ਦੇ ਇਹ ਚਿੱਤਰ ਮਨੁੱਖ ਦੀ ਕਲਪਨਾ ਨੂੰ ਹੁਲਾਰੇ ਵਿਚ ਲਿਆ ਕੇ ਵਿਸਮਾਦਕ ਭਾਵਾਂ ਦੀ ਉਤਪਤੀ ਦਾ ਕਾਰਨ ਬਣਦੇ ਹਨ ਤੇ ਇਹ ਭਾਵ ਮਨੁੱਖੀ ਬੁਧੀ ਦੀ ਤੁੱਛਤਾ ਪ੍ਰਤੀਤ ਕਰਵਾ ਕੇ ਨਿਮਰਤਾ ਦੀ ਅਵਸਥਾ ਰਾਹੀਂ ਪ੍ਰੇਮ-ਭਾਵਾਂ ਨੂੰ ਉਭਾਰਦੇ ਹਨ ਜਿਨ੍ਹਾ ਦਾ ਸਦਕਾ ਮਨੁੱਖ ਅਨੰਤ ਸ਼ਕਤੀ ਨਾਲ

ਅਭੇਦ ਹੋ ਸਕਦਾ ਹੈ :-

ਏਹੁ ਲੇਖਾ ਲਿਖਿ ਜਾਣੈ ਕੋਇ । ।

ਲੇਖਾ ਲਿਖਿਆ ਕੇਤਾ ਹੋਇ । ।

ਕੇਤਾ ਤਾਣੁ ਸੁਆਲਿਹੁ ਰੂਪੁ । ।

ਕੇਤੀ ਦਾਤਿ ਜਾਣੈ ਕੌਣੁ ਕੂਤੁ । ।

ਕੀਤਾ ਪਸਾਉ ਏਕੋ ਕਵਾਉ । ।

ਤਿਸ ਤੇ ਹੋਏ ਲਖ ਦਰੀਆਉ । ।

ਕੁਦਰਤਿ ਕਵਣ ਕਹਾ ਵੀਚਾਰੁ ।।

ਵਾਰਿਆ ਨ ਜਾਵਾ ਏਕ ਵਾਰ।। ।

ਜੋ ਤੁਧੁ ਭਾਵੈ ਸਾਈ ਭਲੀ ਕਾਰ । ।

ਤੂ ਸਦਾ ਸਲਾਮਤਿ ਨਿਰੰਕਾਰ । ॥੧੬।।

‘ਜਪੁਜੀ’ ਵਿਚ ਇਕ ਪਾਸੇ ਰੱਬ ਦੀ ਬੇਅੰਤ ਸ਼ਕਤੀ ਦਾ ਵਰਣਨ ਕਰ ਕੇ ਵਿਸਮਾਦਕ ਭਾਵਾਂ ਦੁਆਰਾ ਮਨੁੱਖ ਅੰਦਰ ਪ੍ਰੇਮ-ਭਾਵ ਜਗਾਉਣ ਦਾ ਯਤਨ ਹੈ ਤੇ ਦੂਸਰੇ ਪਾਸੇ ਰੱਬ ਨੂੰ ਸਭ ਕੀਮਤਾਂ ਦਾ ਸੋਮਾ ਦਸ ਕੇ ਹੋਰ ਵੀ ਵਧੇਰੇ ਖਿੱਚ ਨਾਲ ਮਨੁੱਖ ਨੂੰ ਉਸ ਦਾ ਪ੍ਰੇਮੀ ਬਣਾਉਣ ਦਾ । ਪ੍ਰੇਮ-ਭਾਵਾਂ ਨੂੰ ਜਗਾਉਣ ਦਾ ਪ੍ਰਯੋਜਨ ਇਹ ਜਾਪਦਾ ਹੈ ਕਿ ਬ੍ਰਹਿਮੰਡਾਂ ਵਿਚ ਵਿਆਪ ਰਹੇ ਰੱਬ ਨੂੰ ਮਨੁੱਖ ਦੂਰ ਨਾ ਮਹਿਸੂਸ ਕਰੇ ਤੇ ਆਪਣੇ ਨਾਲ ਸਬੰਧਤ ਸਮਝੇ । ਰੱਬ ਦੀ ਸ਼ਕਤੀ ਤਕ ਪਹੁੰਚਣ ਲਈ ਮਨੁੱਖ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਸਿਵਾ ਇਸ ਅਸਲੀਅਤ ਤੋਂ ਚੇਤੰਨ ਹੋ ਜਾਣ ਦੇ ਕਿ ਉਹ ਸ਼ਕਤੀ ਉਸ ਦੇ ਅੰਦਰ ਮੌਜੂਦ ਹੈ। ਉਸ ਨੇ ਬਾਹਰੋਂ ਆਪਣੇ ਅੰਦਰ ਕੁਝ ਨਹੀਂ ਲਿਆਉਣਾ, ‘ਰਤਨ ਜਵਾਹਰ ਮਾਣਿਕ’ ਵਰਗੀਆਂ ਕੀਮਤੀ ਵਸਤਾਂ ਦੇ ਸੋਮੇ ਨੂੰ ਆਪਣੇ ਅੰਦਰ ਮੰਨ ਲੈਣਾ ਹੈ ਤੇ ਇਸ ਯਕੀਨ ਨੂੰ ਲਗਾਤਾਰ ਮਨ ਵਿਚ ਟਿਕਾਉਣਾ ਹੈ। ਇਸ ਤਰ੍ਹਾਂ ਦੀ ਲਗਾਤਾਰ ਚੇਤੰਨਤਾ ਮਨੁੱਖ ਦੀ ਕਾਇਆ ਪਲਟਦੀ ਹੈ। ਰੱਬ ਦੀ ਯਾਦ ਮਨੁੱਖ ਦੇ ਸ਼ਖ਼ਸੀ ਜੀਵਨ ਤੇ ਸਮਾਜਕ ਵਤੀਰੇ ਨੂੰ ਪਲਟਾ ਦੇਂਦੀ ਹੈ, ਜੇ ਰੱਬ ਦਾ ਕੋਈ ਜੀਉਂਦਾ ਤਸੱਵਰ ਉਸ ਦੇ ਅੰਦਰ ਸਮਾਇਆ ਹੋਵੇ । ਗੁਰੂ ਨਾਨਕ ਨੇ ਰੱਬ ਨੂੰ ਸਭ ਕੀਮਤਾਂ ਦਾ ਦਾਤਾ ਦਰਸਾਉਣ ਦੇ ਨਾਲ ਨਾਲ ਉਸ ਦੀ ਯਾਦ ਨੂੰ ਵੀ ਪਦਾਰਥਕ ਤੇ ਪਰਮਾਰਥਕ ਮਨੋਰਥਾਂ ਦੀ ਸਿੱਧੀ ਦਾ ਸਰਬੋਤਮ ਢੰਗ ਦਸਿਆ। ਨਾਮ, ਸਿਮਰਨ ਜਾਂ ਜਪ ਕੋਈ ਗੁਪਤ ਮੰਤਰ ਨਹੀਂ, ਮਨੁੱਖ ਦਾ ਆਪਣੇ ਵਿਗਸਤੀ ਖਜ਼ਾਨਿਆ ਤੋਂ ਹਰ ਵਕਤ ਜਾਣੂ ਰਹਿਣ ਦਾ ਪ੍ਰਯਤਨ ਹੈ ਕਿਉਂਕਿ ਇਨ੍ਹਾਂ ਨੂੰ ਭੁੱਲ ਕੇ ਉਹ ਆਪਣੇ ਆਪ ਨੂੰ ਬਲਹੀਨ, ਮਜਬੂਰ, ਚਿੰਤਾਤੁਰ ਤੇ ਪ੍ਰਾਧੀਨ ਸਮਝਣ ਲਗ ਪੈਂਦਾ ਹੈ ਤੇ ਮਾਮੂਲੀ ਕੀਮਤਾਂ ਦੀ ਪ੍ਰਾਪਤੀ ਲਈ ਪ੍ਰਭੁਤਾ ਦੇ ਸੁਆਮੀ ਮਨੁੱਖਾਂ ਅੱਗੇ ਆਪ ਨੂੰ ਜਲੀਲ ਕਰਦਾ ਹੈ ਜਾਂ ਅਪ੍ਰਾਪਤੀ ਦੀ ਹਾਲਤ ਵਿਚ ਉਨ੍ਹਾਂ ਨਾਲ ਲੋੜੀਂਦੀ ਟੱਕਰ ਲੈਣੋਂ ਡਰਦਾ ਹੈ । ਸ਼ਕਤੀ-ਸਰੂਪ ਤੇ ਪ੍ਰੇਮ-ਸਰੂਪ ਰੱਬ ਦੀ ਅੰਤਰ-ਵਿਆਪਕਤਾ ਦਾ ਸਿਧਾਂਤ ਮਨੁੱਖ ਨੂੰ ਆਸ਼ਾਵਾਦੀ, ਉਤਸ਼ਾਹ-ਭਰਪੂਰ, ਦਲੇਰ, ਨਿਰਭੈ ਤੇ ਨਿਰਵੈਰ ਬਣਾਉਣ ਲਈ ਅਤਿਅੰਤ ਸਾਰਥਕ

ਔਜ਼ਾਰ ਹੈ। ਗੁਰੂ ਦੀ ਪ੍ਰਮਾਣਿਕਤਾ ਤੇ ਰੱਬ ਦੀ ਸ਼ਕਤੀ ਦੇ ਐਸੇ ਵਿਚਾਰ ਸਨ ਜਿਹੜੇ ਗੁਰੂ ਨਾਨਕ ਨੇ ਧਾਰਮਕ ਤੇ ਰਾਜਸੀ ਦਮਨ ਦੇ ਭੈਅ ਦੂਰ ਕਰਨ ਲਈ ਸਫ਼ਲਤਾ ਨਾਲ ਵਰਤੇ । ਉਨ੍ਹਾਂ ਦਾ ਸਮੁੱਚਾ ਸਾਹਿਤ ਗੁਰੂ ਤੇ ਰੱਬ ਦੇ ਦੋ ਸਿਰਿਆਂ ਦੇ ਦਰਮਿਆਨ ਚਲਦਾ ਰਹਿੰਦਾ ਹੈ । ਪਰ ਇਸ ਸਾਹਿਤ ਦਾ ਅੰਤਮ ਮਨੋਰਥ ਕੇਵਲ ਪੰਜਾਬ ਦੇ ਕੌਮੀ ਜਾਂ ਸਮਾਜਕ ਜੀਵਨ ਦੀ ਉਸਾਰੀ ਕਰਨਾ ਨਹੀਂ ਸੀ। ਗੁਰੂ ਨਾਨਕ ਦੇ ਮਿਸ਼ਨ ਦੇ ਸਮਾਜਕ ਪੱਖ ਨੂੰ ਉਨ੍ਹਾਂ ਦੇ ਜੀਵਨ ਜਾਂ ਸਾਹਿਤ ਦਾ ਇਕ ਉਪ-ਪੱਖ ਹੀ ਮੰਨਿਆ ਜਾ ਸਕਦਾ ਹੈ ਪ੍ਰਧਾਨ ਪੱਖ ਨਹੀਂ । ਪ੍ਰਧਾਨ ਪੱਖ ਉਹੋ ਬਾਬਾ ਫਰੀਦ ਵਾਲਾ ਸੀ – ਰਹੱਸਵਾਦੀ ਅਨੁਭਵ ਨੂੰ ਵੱਧ ਤੋਂ ਵੱਧ ਮਨੁੱਖਾਂ ਅੰਦਰ ਪਰਚਲਤ ਕਰਨਾ । ਰਹੱਸਵਾਦ ਨੂੰ ਗੁਰੂ ਨਾਨਕ ਨੇ ਕੇਵਲ ਸਮਾਜਕ ਵਿਕਾਸ ਦਾ ਸਾਧਨ ਮੰਨ ਕੇ ਨਹੀਂ ਪ੍ਰਚਾਰਿਆ, ਸੱਚ ਦੀ ਪ੍ਰਾਪਤੀ ਦੀ ਖ਼ਾਤਰ ਅਪਣਾਇਆ ਹੈ । ਸ੍ਰਿਸ਼ਟੀ ਦੀ ਅਸਲੀਅਤ ਜਾਂ ਸੱਚ ਨੂੰ ਉਹ ਆਤਮਕ ਰੂਪ ਵਿਚ ਸਵੀਕਾਰ ਕਰਦੇ ਸਨ, ਪਦਾਰਥਕ ਰੂਪ ਵਿਚ ਨਹੀਂ । ਉਹ ਮਨੁੱਖੀ ਜੀਵਨ ਦਾ ਮਨੋਰਥ ਨਾ ਪਦਾਰਥਕ ਲੋੜਾਂ ਦੀ ਤ੍ਰਿਪਤੀ ਮੰਨਦੇ ਸਨ, ਨਾ ਸਮਾਜਕ ਤਰੱਕੀ । ਪਦਾਰਥਕ ਤੇ ਸਮਾਜਕ ਪੱਖਾਂ ਦੀ ਮਹੱਤਤਾ ਸਵੀਕਾਰ ਕਰਨ ਦੇ ਬਾਵਜੂਦ ਉਹ ਸਭ ਤੋਂ ਵੱਧ ਜ਼ੋਰ ਵਿਸ਼ਵਾਰਥੀ ਇੱਛਾ ਨਾਲ ਮਨੁੱਖ ਦੀ ਇਕਸੁਰਤਾ ਜਾਂ ਰੱਬ ਨਾਲ ਅਭੇਦਤਾ ਉੱਤੇ ਦਿੰਦੇ ਸਨ । ਇਸ ਇਕਸੁਰਤਾ ਜਾਂ ਅਭੇਦਤਾ ਦੇ ਸਾਧਨਾਂ ਨੂੰ ਉਨ੍ਹਾਂ ਨੇ ਐਸੀ ਵਿਉਂਤ ਦਿੱਤੀ ਕਿ ਜਿਸ ਨਾਲ ਪਦਾਰਥਕ ਤੇ ਸਮਾਜਕ ਜੀਵਨ ਵੀ ਮੌਲ ਸਕੇ ਪਰ ਇਹ ਮੌਲਣਾ ਰਹੱਸਵਾਦੀ ਜੀਵਨ ਦਾ ਇਕ ਫਲ ਸੀ, ਨਿਸ਼ਾਨਾ ਨਹੀਂ ਸੀ । ਇਹੋ ਕਾਰਨ ਹੈ ਕਿ ਉਨ੍ਹਾਂ ਦੇ ਸਾਹਿਤ ਦੇ ਤਕਰੀਬਨ ਸਾਰੇ ਭਾਗ ਨਿਰੋਲ ਰਹੱਸਵਾਦੀ ਸਿਧਾਂਤਾਂ, ਜੁਗਤੀਆਂ ਤੇ ਉਪਦੇਸ਼ਾਂ ਨੂੰ ਮੁੱਖ ਰੱਖ ਕੇ ਰਚੇ ਗਏ ਹਨ, ਸਮਾਜਕ ਸਮੱਸਿਆਵਾਂ ਨਾਲ ਸਿੱਧਾ ਸਬੰਧ ਰੱਖਣ ਵਾਲੇ ਭਾਗ ਨਿਹਾਇਤ ਥੋੜੇ ਹਨ। ਉਨ੍ਹਾਂ ਦੇ ਸਾਹਿਤ ਤੋਂ ਪਤਾ ਲਗਾ ਹੈ ਕਿ ਉਨ੍ਹਾਂ ਨੂੰ ਜੀਵਨ ਦੇ ਅਨੇਕ ਪੱਖਾਂ ਦਾ ਅਨੁਭਵ ਸੀ – ਕੁਦਰਤ ਦੀਆਂ ਵੰਨਗੀਆਂ, ਇਸਤਰੀ ਦੀ ਸੁੰਦਰਤਾ, ਕੋਮਲਤਾ ਤੇ ਪਿਆਰ-ਬਿਹਬਲਤਾ, ਹਾਕਮ ਸ਼੍ਰੇਣੀ ਦੀ ਐਸ਼ ਇਸ਼ਰਤ, ਬਦੇਸੀ ਜਰਵਾਣਿਆਂ ਦੇ ਹੱਲਿਆਂ ਵੇਲੇ ਲੋਕਾਂ ਦੀ ਕੁਰਲਾਹਟ ਤੇ ਧਾਰਮਕ ਅਧਿਕਾਰੀਆਂ ਦੀ ਗਿਰਾਵਟ, ਇਨ੍ਹਾਂ ਸਭ ਦਾ ਉਨ੍ਹਾਂ ਨੂੰ ਨਿੱਜੀ ਤੌਰ ਤੇ ਡੂੰਘਾ ਗਿਆਨ ਜਾਂ ਅਹਿਸਾਸ ਸੀ । ਅਜਿਹੇ ਅਨੁਭਵਾਂ ਨੂੰ ਸਿਰਫ਼ ਇਨ੍ਹਾਂ ਦੀ ਆਪਣੀ ਖ਼ਾਤਰ ਪ੍ਰਗਟਾਉਣਾ ਸ਼ਾਇਦ ਹੀ ਉਨ੍ਹਾਂ ਨੇ ਆਪਣੀ ਕਿਸੇ ਕਵਿਤਾ ਦਾ ਵਿਸ਼ਾ ਬਣਾਇਆ ਹੋਵੇ । ਉਹ ਹਰ ਅਜਿਹਾ ਅਨੁਭਵ ਰੱਬ ਜਾਂ ਗੁਰੂ ਨੂੰ ਵਡਿਆਉਣ, ਸ਼ਕਤੀਵਰ ਨੂੰ ਦ੍ਰਿੜ੍ਹ ਕਰਾਉਣ ਜਾਂ ਮਨੁੱਖੀ ਹਿਰਦੇ ਵਿਚ ਵਸਾਉਣ ਦਾ ਸਹਾਇਕ ਬਣਾ ਕੇ ਵਰਤਦੇ ਰਹੇ । ਐਮਨਾਬਾਦ ਉਤੇ ਬਾਬਰ ਦੇ ਹਮਲੇ ਵੇਲੇ ਭਾਰਤੀ ਇਸਤਰੀਆਂ ਮਰਦਾਂ ਦੀ ਦੁਰਦਸ਼ਾ ਦੇਖ ਕੇ ਉਹ ਆਪ ਤੜਪ ਉਠੇ ਸਨ ਤੇ ਰੱਬ ਦਾ ਭਾਣਾ ਮੰਨਣ ਦੀ ਬਜਾਇ ਉਸ ਨੂੰ ਉਲਾਂਭਾ ਦੇਣ ਦੀ ਹੱਦ ਤਕ ਵੀ ਪਹੁੰਚ ਗਏ ਸਨ ਜਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸਿੱਧ ਸਤਰ ਤੋਂ ਪ੍ਰਤੱਖ ਹੈ :-

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ । ।

ਪਰ ਇਹ ਤੁਕ ਜਿੱਥੇ ਉਨ੍ਹਾਂ ਦੀ ਦੁਖੀ ਮਨੁੱਖਤਾ ਨਾਲ ਸਾਂਝ ਦਾ ਸਬੂਤ ਹੈ, ਉੱਥੇ ਉਨ੍ਹਾਂ ਦੇ ਅਧਿਆਤਮਕ ਦ੍ਰਿਸ਼ਟੀਕੋਣ ਦੀ ਵੀ ਲਖਾਇਕ ਹੈ ਕਿ ਜ਼ਿੰਦਗੀ ਦੀ ਹਰ ਘਟਨਾ ਅੰਤਮ ਨਿਖੇੜੇ ਵਿਚ ਰੱਬ ਦੀ ਇੱਛਾ ਅਧੀਨ ਹੈ। ਉਨ੍ਹਾਂ ਦਾ ਰੱਬ ਦਾ ਭਾਣਾ ਮੰਨਣ ਦਾ ਅਸੂਲ ਕੋਈ ਦਿਮਾਗੀ ਮਨੌਤ ਤਾਂ ਸੀ ਨਹੀਂ ਕਿ ਉਹ ਇਸ ਦਾ ਖਿਆਲ ਕਰ ਕੇ ਮਨੁੱਖੀ ਦੁੱਖ ਵੱਲੋਂ ਅੱਖਾਂ ਮੀਟ ਛਡਦੇ। ਜੀਉਂਦਾ ਅਸੂਲ ਹਮੇਸ਼ਾ ਮਨੁੱਖ ਨੂੰ ਜੀਵਨ ਦੀਆਂ ਘਟਨਾਵਾਂ ਤੇ ਅਸਲੀਅਤਾਂ ਵੱਲ ਸਹੀ ਪ੍ਰਤੀਕਰਮ ਧਾਰਨ ਦੇ ਯੋਗ ਬਣਾਉਂਦਾ ਹੈ । ਇਸ ਤੁਕ ਵਿਚ ਉਨ੍ਹਾਂ ਦੇ ਹਿਰਦੇ ਦੀ ਵੇਦਨਾ ਤੇ ਰੱਬੀ ਇੱਛਾ ਦੀ ਪ੍ਰਧਾਨਤਾ ਦੇ ਦੋਵੇਂ ਭਾਵ ਇਕੱਠੇ ਸਾਕਾਰ ਹੋਏ ਹਨ । ਇਹ ਤੁਕ ਉਨ੍ਹਾਂ ਦੇ ਸਮੁੱਚੇ ਸਾਹਿਤ ਦੀ ਸਪਿਰਿਟ ਦੀ, ਇਕ ਤਰ੍ਹਾਂ ਨਾਲ, ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਦਾ ਜੀਵਨ ਤੇ ਸਾਹਿਤ ਦੋਵੇਂ ਇਹ ਦ੍ਰਿੜ ਕਰਾਉਣ ਦਾ ਉਪਰਾਲਾ ਸਨ ਕਿ ਰੱਬ ਦੇ ਹੁਕਮ, ਉਸ ਦੀ ਨਦਰ, ਉਸ ਦੀ ਬਖਸ਼ਿਸ਼ ਜਾਂ ਉਸ ਦੇ ਪ੍ਰੇਮ ਦੀ ਆਰਾਧਨਾ ਕਰਨ ਵਾਲੇ ਰਹੱਸਵਾਦੀ, ਮਨੁੱਖੀ ਦਰਦ ਤੇ ਇਸ ਦੀ ਨਵਿਰਤੀ ਵੱਲੋਂ ਬੇਪਰਵਾਹ ਨਹੀਂ ਹੋ ਸਕਦੇ । ਰਹੱਸਵਾਦ ਮਨੁੱਖਵਾਦ ਦਾ ਸਾਧਨ ਭਾਵੇਂ ਨਹੀਂ ਪਰ ਮਨੁੱਖਵਾਦ ਸੁੱਚੇ ਰਹੱਸਵਾਦ ਦੀ ਪਰਖ ਜ਼ਰੂਰ ਹੈ।

ਗੁਰੂ ਅੰਗਦ ਤੋਂ ਗੁਰੂ ਅਰਜਨ ਤਕ

ਗੁਰੂ ਨਾਨਕ ਨੇ ਪੰਜਾਬ ਦੇ ਲੋਕਾਂ ਨੂੰ ਸੱਚੇ, ਸੁੱਚੇ ਤੇ ਸਾਰਥਕ ਜੀਵਨ ਦਾ ਜੋ ਰਾਹ ਦੱਸਿਆ ਸੀ ਤੇ ਜਿਸ ਰਾਹ ਤੋਂ ਉਨ੍ਹਾਂ ਨੂੰ ਭਟਕਾਉਣ ਵਾਲੇ ਧਾਰਮਕ ਜਾਂ ਰਾਜਸੀ ਆਗੂਆਂ ਦੀ ਉਨ੍ਹਾਂ ਨੇ ਵਾਰ ਵਾਰ ਨਿਧੜਕ ਨਿਖੇਧੀ ਕੀਤੀ ਸੀ ਉਸ ਰਾਹ ਉੱਤੇ ਲੋਕਾਂ ਦੀ ਵੱਡੀ ਗਿਣਤੀ ਨੂੰ ਚਲਦੇ ਰੱਖਣ ਲਈ ਜ਼ਰੂਰੀ ਸੀ ਕਿ ਕੁਝ ਵਿਅਕਤੀ ਉਸ ਰਾਹ ਦੀ ਸੇਧ ਨੂੰ ਪੱਕੀ ਤਰ੍ਹਾਂ ਦ੍ਰਿੜ੍ਹ ਕਰ ਲੈਣ ਤਾਂ ਕਿ ਸੁਆਰਥੀ ਲੋਕਾਂ ਦੀਆਂ ਭੁਲੇਖੇ-ਉਪਜਾਊ ਚਾਲਾਂ ਸਫਲ ਨਾ ਹੋ ਸਕਣ । ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿਚ ਆਪ ਵਸਾਏ ਨਗਰ, ‘ਕਰਤਾਰਪੁਰ’ ਵਿਚ ਨਿਵਾਸ ਸਮੇਂ ਉਨ੍ਹਾਂ ਨੇ ਉਚੇਚਾ ਧਿਆਨ ਦੇ ਕੇ ਐਸੇ ਨਵੇਂ ਆਗੂ ਤਿਆਰ ਕਰਨ ਦਾ ਯਤਨ ਕੀਤਾ ਜੋ ਉਨ੍ਹਾਂ ਦੇ ਆਦਰਸ਼, ਪ੍ਰੋਗਰਾਮ, ਵਿਚਾਰਧਾਰਾ ਤੇ ਸਪਿਰਿਟ ਨੂੰ ਸਹੀ ਤੌਰ ਤੇ ਸਮਝ ਤੇ ਸਵੀਕਾਰ ਕਰ ਲੈਣ। ਨਵੇਂ ਆਗੂਆਂ ਵਿੱਚੋਂ ਸਭ ਤੋਂ ਸਿਰਕੱਢ ਭਾਈ ਲਹਿਣਾ ਸੀ ਜਿਸ ਦਾ ਉਨ੍ਹਾਂ ਨਾਲ ਅਤੁੱਟ ਪ੍ਰੇਮ ਸੀ । ਗੁਰੂ ਨਾਨਕ ਦੀ ਸ਼ਖਸੀਅਤ ਦੀ ਵਡਿਆਈ ਦਾ ਇਕ ਇਹ ਪ੍ਰਮਾਣ ਹੈ ਕਿ ਜਿੱਥੇ ਉਨ੍ਹਾਂ ਨੇ ਆਪਣੇ ਜੀਵਨ-ਕਰਤੱਵ ਨੂੰ ਪਹਿਲੋਂ ਸਾਰੇ ਭਾਰਤ ਤੇ ਪੱਛਮੀ ਏਸ਼ੀਆ ਦੇ ਵਿਸ਼ਾਲ ਘੇਰੇ ਤੱਕ ਫੈਲਾਉਣ ਦੀ ਜੁਗਤ ਵਰਤੀ, ਉੱਥੇ ਪਿੱਛੋਂ ਇਕ ਵਿਅਕਤੀ ਦੀ ਸਿਖਲਾਈ ਤੇ ਆਚਰਣ-ਉਸਾਰੀ ਉਤੇ ਆਪਣੇ ਧਿਆਨ ਨੂੰ ਤੇ ਸਮੇਂ ਨੂੰ ਡੂੰਘੀ ਤਰ੍ਹਾਂ ਕੇਂਦਰਿਤ ਕੀਤਾ ਤਾਂ ਕਿ ਉਨ੍ਹਾਂ ਦਾ ਸ਼ੁਰੂ ਕੀਤਾ ਕੰਮ ਜਾਰੀ ਰਹੇ । ਭਾਈ ਲਹਿਣੇ ਨੇ ਰੱਬ ਤੇ ਗੁਰੂ ਨੂੰ ਆਪਣੇ ਜੀਵਨ ਵਿਚ ਪ੍ਰਧਾਨ ਥਾਂ ਦੇ ਕੇ ਹੋਰ ਸਭ ਐਸੇ ਅਸਰਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਜੋ ਉਸਦੇ ਮਨ ਨੂੰ ਦੁਚਿੱਤੀ ਵਿਚ ਪਾ ਸਕਦੇ ਸਨ । ਇਸ ਪੰਜਾਬੀ ਨੇ ਗੁਰੂ ਨਾਨਕ ਦੀ ਸਿਖਿਆ ਨੂੰ ਗ੍ਰਹਿਣ ਕਰਕੇ ਜਿਸ ਤੀਬਰਤਾ ਨਾਲ ਪੁਰਾਣੇ ਵਿਚਾਰਾਂ, ਰਸਮਾਂ ਤੇ ਆਗੂਆਂ ਤੋਂ ਪੱਲਾ ਛੁਡਾਇਆ ਉਹ ਬਾਅਦ ਦੀਆਂ ਨਸਲਾਂ ਦੇ ਅਨੇਕ ਪੰਜਾਬੀਆਂ ਲਈ ਇਕ ਮਿਸਾਲ ਬਣ ਗਿਆ। ਗੁਰੂ ਨਾਨਕ ਦੇ ਜੀਵਨ ਬਾਅਦ ਵੀ, ਉਨ੍ਹਾਂ ਦੇ ਜਾਨਸ਼ੀਨ ਦੇ ਰੂਪ ਵਿਚ, ਗੁਰੂ ਅੰਗਦ ਬਣ ਕੇ, ਉਸ ਨੇ ਪੰਜਾਬ ਵਿਚ ਆਪਣੇ ਗੁਰੂ ਦੇ ਨਾਂ ਦਾ ਸਤਿਕਾਰ ਵਧਾਉਣ ਵੱਲ ਹੀ ਬਹੁਤਾ ਧਿਆਨ ਦਿੱਤਾ ਤਾਂ ਕਿ ਲੋਕ ਨਵੇਂ ਜੀਵਨ ਦੇ ਨਿਆਰੇਪਣ ਨੂੰ ਭੁੱਲ ਨਾ ਜਾਣ । ਗੁਰੂ ਨਾਨਕ ਦੇ ਸੁਨੇਹੇ ਨੂੰ ਜੀਉਂਦਿਆਂ ਰੱਖਣ ਲਈ ਉਨ੍ਹਾਂ ਦੀ ਸ਼ਖਸੀਅਤ ਨੂੰ ਲੋਕਾਂ ਦੀ ਚੇਤੰਨਤਾ ਵਿਚ ਡੂੰਘੀ ਥਾਂ ਦਿਵਾਉਣੀ ਬਹੁਤ ਜ਼ਰੂਰੀ ਸੀ । ਸੁਆਰਥੀ ਧਾਰਮਕ ਆਗੂਆਂ ਦੇ ਅਸਰ ਤੋਂ ਉਸ ਮਿਕਦਾਰ ਵਿਚ ਹੀ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਜਿਸ ਜ਼ੋਰ ਨਾਲ ਉਹ ਮਾਨਸਕ ਤੇ ਭਾਵੁਕ ਤੌਰ ਤੇ ਗੁਰੂ ਨਾਨਕ ਦੀ ਬਲਵਾਨ ਸ਼ਖਸੀਅਤ ਵੱਲ ਖਿੱਚ ਖਾਂਦੇ ਰਹਿੰਦੇ । ਗੁਰੂ ਅੰਗਦ ਨੇ ਗੁਰੂ ਨਾਨਕ ਨੂੰ ਪੰਜਾਬ ਦੀ ਇਕ ਜੀਉਂਦੀ ਰਵਾਇਤ ਬਣਾਉਣ ਵਿਚ ਬਹੁਤ ਵੱਡਾ ਹਿੱਸਾ ਅਦਾ ਕੀਤਾ। ਗੁਰੂ ਨਾਨਕ ਦੀ ਤੇਜਸਵੀ ਸ਼ਖਸੀਅਤ ਨੇ ਪੰਜਾਬ ਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ ਸੀ । ਦੇਸ ਪਰਦੇਸ਼ ਵਿਚ ਉਨ੍ਹਾਂ ਦੀਆਂ ਰਾਜਿਆਂ, ਨਵਾਬਾਂ, ਪੀਰਾਂ, ਪੰਡਤਾਂ ਤੇ ਕਿਰਤੀ ਕਿਸਾਨਾਂ ਨਾਲ ਹੋਈਆਂ ਗੱਲਾਂ ਤੇ ਗੋਸ਼ਟੀਆਂ ਨੂੰ ਪੰਜਾਬ ਦੇ ਬਹੁਤ ਲੋਕ ਫਖ਼ਰ ਨਾਲ ਯਾਦ ਕਰਦੇ ਸਨ । ਉਨ੍ਹਾਂ ਦੇ ਇਸ ਵਤਨ ਦੀ ਪ੍ਰਸਿੱਧੀ ਨੇ ਸਭ ਦਾ ਸਿਰ ਉੱਚਾ ਕੀਤਾ ਸੀ । ਗੁਰੂ ਅੰਗਦ ਨੇ ਗੁਰੂ ਨਾਨਕ ਦੀਆਂ ਗੱਲਾਂ ਤੇ ਗੋਸ਼ਟੀਆਂ ਦੀ ਯਾਦ ਨੂੰ ਪੱਕਿਆਂ ਕਰਨ ਦਾ ਉਪਰਾਲਾ ਕੀਤਾ ਤੇ ਉਨ੍ਹਾਂ ਨੂੰ ਸਹੀ ਰੰਗ ਵਿਚ ਸਮਝਣ ਦਾ ਵੱਲ ਵੀ ਲੋਕਾਂ ਨੂੰ ਸਿਖਾਇਆ। ਗੁਰੂ ਨਾਨਕ ਦੀ ਪ੍ਰਸਿੱਧੀ ਬਹੁਤ ਤੇਜ਼ੀ ਨਾਲ ਹੋਣ ਕਰਕੇ ਐਨ ਸੰਭਵ ਸੀ ਕਿ ਉਨ੍ਹਾਂ ਦੇ ਉਪਦੇਸ਼ਾਂ ਨੂੰ ਪੁਰਾਣੇ ਵਿਚਾਰਾਂ ਦੇ ਚੌਖਟਿਆਂ ਵਿਚ ਹੀ ਜੜਿਆ ਜਾਂਦਾ । ਗੁਰੂ ਅੰਗਦ ਵਰਗੇ ਪੱਕੀ ਤਰ੍ਹਾਂ ਸੁਸਿਖਿਅਤ ਹੋਏ ਚੇਤੰਨ ਪੈਰੋਕਾਰ ਹੀ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪੁਰਾਣੇ ਵਿਚਾਰਾਂ ਨਾਲ ਰਲਗੱਡ ਹੋਣੋਂ ਬਚਾ ਸਕਦੇ ਸਨ । ਇਸ ਮੰਤਵ ਲਈ ਗੁਰੂ ਅੰਗਦ ਨੇ ਗੁਰੂ ਨਾਨਕ ਦੀ ਬਾਣੀ ਦੀ ਸੰਭਾਲ ਕਰਨ, ਉਨ੍ਹਾਂ ਦੀਆਂ ਜੀਵਨ-ਕਥਾਵਾਂ ਇਕੱਤਰ ਕਰਨ ਤੇ ਦੋਹਾਂ ਨੂੰ ਵੱਧ ਤੋਂ ਵੱਧ ਲੋਕਾਂ ਵਿਚ ਫੈਲਾਉਣ ਦਾ ਉੱਦਮ ਆਰੰਭਿਆ। ਇਸ ਉੱਦਮ ਨਾਲ ਗੁਰੂ ਨਾਨਕ ਦੇ ਵਿਚਾਰ ਤੇ ਮਿਸਾਲਾਂ ਸਦੀਆਂ ਤੱਕ ਪੰਜਾਬ ਦੇ ਜੀਵਨ ਦੀ ਉਸਾਰੀ ਕਰਨ ਲਈ ਸੁਰੱਖਿਅਤ ਹੋ ਗਏ। ਗੁਰੂ ਅੰਗਦ ਤੋਂ ਬਾਅਦ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਤੇ ਭਾਈ ਗੁਰਦਾਸ ਨੇ ਪੰਜਾਬੀ ਲੋਕਾਂ ਨੂੰ ਇਹ ਯਕੀਨ ਕਰਵਾਉਣ ਦੇ ਯਤਨ ਜਾਰੀ ਰੱਖੇ ਕਿ ਗੁਰੂ ਨਾਨਕ ਇਕ ਸਾਧਾਰਨ ਸਾਧੂ, ਤਪੱਸਵੀ ਜਾਂ ਫਕੀਰ ਨਹੀਂ ਸੀ ਬਲਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਾਨ ਤੇ ਅਲੌਕਿਕ ਵਿਅਕਤੀ ਸੀ ਜਿਸ ਦੇ ਉਪਦੇਸ਼ ਨਿਰਾਲੇ, ਨਰੋਏ ਤੇ ਸਭ ਤੋਂ ਸ੍ਰੇਸ਼ਟ ਸਨ । ਬ੍ਰਾਹਮਣਾਂ, ਜੋਗੀਆਂ ਆਦਿ ਦਾ ਜੋ ਸਨਮਾਨ ਤੇ ਡਰ ਲੋਕਾਂ ਦੇ ਦਿਲਾਂ ਤੇ ਛਾਇਆ ਹੋਇਆ ਸੀ ਉਸ ਨੂੰ ਉਤਾਰਨ ਲਈ ਹਰ ਗੁਰੂ ਨੂੰ ਸਖ਼ਤ ਤਰੱਦਦ ਕਰਨਾ ਪਿਆ । ਗੁਰੂ ਵਿਅਕਤੀਆਂ ਦਾ ਸਤਿਕਾਰ ਲੋਕਾਂ ਦੀ ਸਮੂਹਕ ਸ਼ਖਸੀਅਤ ਦਾ ਸਤਿਕਾਰ ਵਧਾਉਣ ਵਿਚ ਬਹੁਤ ਸਹਾਈ ਹੋਇਆ । ਬ੍ਰਾਹਮਣ ਕਿਰਤੀਆਂ ਨਾਲ ਤੇ ਜੋਗੀ ਗ੍ਰਹਿਸਤੀਆਂ ਨਾਲ ਆਪਣੇ ਆਪ ਨੂੰ ਵਧੀਆ ਮੰਨਦੇ ਸਨ ਤੇ ਉਨ੍ਹਾਂ ਦੀ ਅਗਵਾਈ ਕਰਨੀ ਆਪਣਾ ਹੱਕ ਸਮਝਦੇ ਸਨ । ਲੋਕ ਗੁਰੂ ਸਾਹਿਬਾਂ ਦਾ ਸਤਿਕਾਰ ਭਾਵੇਂ ਬ੍ਰਾਹਮਣਾਂ ਤੇ ਜੋਗੀਆਂ ਦੀ ਤਰ੍ਹਾਂ ਹੀ ਕਰਨ ਲੱਗ ਪਏ ਪਰ ਗੁਰੂ ਸਾਹਿਬ ਲੋਕਾਂ ਦਾ ਦਰਜਾ ਆਪਣੇ ਤੋਂ ਨੀਵਾਂ ਕਰਾਰ ਨਹੀਂ ਦੇਂਦੇ ਸਨ ਬਲਕਿ ਹਰ ਸੰਭਵ ਢੰਗ ਨਾਲ ਉਨ੍ਹਾਂ ਨੂੰ ਉਚਿਆਉਂਦੇ ਰਹਿੰਦੇ ਸਨ । ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਗੱਦੀ ਦੇਣ ਲੱਗਿਆਂ ਉਸ ਦੇ ਪੈਰਾਂ ਤੇ ਮੱਥਾ ਟੇਕ ਕੇ ਆਪਣੇ ਸਮਕਾਲੀਆਂ ਨੂੰ ਹੈਰਾਨ ਕੀਤਾ ਸੀ । ਅਜਿਹੀਆਂ ਨਵੀਆਂ ਲੀਹਾਂ ਪੈਂਦੀਆਂ ਦੇਖ ਕੇ ਬ੍ਰਾਹਮਣ ਬਹੁਤ ਘਬਰਾਉਂਦੇ ਸਨ। ਉਨ੍ਹਾਂ ਨੇ ਗੁਰੂ ਸਾਹਿਬਾਂ ਦੇ ਪ੍ਰਚਾਰ ਨੂੰ ਰੋਕਣ ਤੇ ਬਦਨਾਮ ਕਰਨ ਦੇ ਅਨੇਕ ਯਤਨ ਕੀਤੇ । ਸੰਗਤ ਤੇ ਲੰਗਰ ਵਿਚ ਛੂਤ ਛਾਤ ਤੇ ਸੁੱਚ ਭਿੱਟ ਦੇ ਨਿਯਮਾਂ ਦੀ ਜਿਸ ਦਲੇਰੀ ਨਾਲ ਉਲੰਘਣਾ ਹੋ ਰਹੀ ਸੀ ਉਸ ਵਿਚ ਬ੍ਰਾਹਮਣਾਂ ਨੂੰ ਆਪਣੀਆਂ ਪਦਵੀਆਂ ਦੀ ਮੋਤ ਨਜ਼ਰ ਆਉਂਦੀ ਸੀ । ਲੰਗਰ ਵਿਚ ਤੇ ਹੋਰ ਕਈ ਤਰ੍ਹਾਂ ਨਾਲ ਸੰਗਤ ਦੀ ਹੱਥਾਂ ਨਾਲ ਸੇਵਾ ਕਰਨ ਦਾ ਰਿਵਾਜ ਟੋਰ ਕੇ ਕਿਰਤ ਤੇ ਕਿਰਤੀਆਂ ਦੀ ਹੌਂਸਲਾ-ਵਧਾਈ ਕੀਤੀ ਜਾ ਰਹੀ ਸੀ । ਗੁਰੁ ਸਾਹਿਬਾਨ ਖੁਦ ਸੰਗਤਾਂ ਦੀ ਸੇਵਾ ਕਰ ਕੇ ਜਾਤ-ਅਭਿਮਾਨੀਆਂ ਨੂੰ ਸ਼ਰਮਿੰਦਾ ਕਰ ਰਹੇ ਸਨ । ਦਰਅਸਲ ਗੁਰੂ ਨਾਨਕ ਦੇ ਸਮੇਂ ਤੋਂ ਹੀ ਜਿੱਥੇ ਇਕ ਪਾਸੇ ਗੁਰੂ ਦੀ ਸੰਸਥਾ ਦਾ ਸਨਮਾਨ ਵਧਾ ਕੇ ਸਮਾਜਕ ਅਗਵਾਈ ਬ੍ਰਾਹਮਣਾਂ ਜੋਗੀਆ ਦੇ ਹੱਥੋਂ ਕੱਢੀ ਜਾ ਰਹੀ ਸੀ, ਉੱਥੇ ਦੂਸਰੇ ਪਾਸੇ ਸਿੱਖ ਜਾਂ ਗੁਰਮੁਖ ਦਾ ਜੱਸ ਤੇ ਵਡਿਆਈ ਕਰ ਕੇ ਇਹ ਅਗਵਾਈ ਗੁਰੂਆਂ ਦੇ ਹੱਥੋਂ ਵੀ ਹੌਲੀ ਹੌਲੀ ਜਾਗ੍ਰਿਤ ਜਨਤਾ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਸੀ । ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਤ ਤੇ ਜੀਵਨ-ਕਥਾ ਦੀ ਸੰਭਾਲ ਤੋਂ ਛੁੱਟ ਉਨ੍ਹਾਂ ਦੇ ਪ੍ਰਭਾਵ ਹੇਠ ਆਏ ਸਿੱਖਾਂ ਨਾਲ ਮੇਲ-ਜੋਲ ਜਾਰੀ ਰੱਖਣ ਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨ ਦਾ ਸਿਲਸਿਲਾ ਵੀ ਤੋਰਿਆ। ਗੁਰੂ ਅਮਰਦਾਸ ਜੀ ਨੇ ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਇਆਂ ਦੂਰ ਦੂਰ ਖਿੰਡੀਆਂ ਹੋਈਆਂ ਸੰਗਤਾਂ ਨੂੰ ਇਕ ਜੱਥੇਬੰਦੀ ਦੀ ਲੜੀ ਵਿਚ ਪ੍ਰੋਣ ਦਾ ਯਤਨ ਆਰੰਭ ਕੀਤਾ । ਭਾਈ ਗੁਰਦਾਸ ਵਰਗੇ ਸਿਆਣੇ ਸਿੱਖਾਂ ਨੇ ਇਨ੍ਹਾਂ ਯਤਨਾਂ ਨੂੰ ਸਫਲ ਕਰਨ ਲਈ ਲੰਮੇ ਲੰਮੇ ਸਫਰ ਕੀਤੇ ਤੇ ਉਮਰ ਦਾ ਬਹੁਤਾ ਭਾਗ ਜੱਥੇਬੰਦੀ ਕਾਇਮ ਕਰਨ ਲਈ ਅਰਪਨ ਕੀਤਾ। ਗੁਰੂ ਰਾਮਦਾਸ ਨੇ ਅੰਮ੍ਰਿਤਸਰ ਦੇ ਹਰਿਮੰਦਰ ਦੀ ਵਿਉਂਤ ਜਿਸ ਢੰਗ ਨਾਲ ਬਣਾਈ ਉਸ ਤੋਂ ਮਲੂਮ ਹੁੰਦਾ ਹੈ ਕਿ ਬ੍ਰਾਹਮਣਾਂ ਦੇ ਤੀਰਥਾਂ ਵੱਲੋਂ ਲੋਕਾਂ ਦੀ ਰੁਚੀ ਹਟਾਉਣ ਲਈ ਇਕ ਨਵੀਂ ਕਿਸਮ ਦਾ ਤੀਰਥ ਹੋਂਦ ਵਿਚ ਲਿਆਂਦਾ ਜਾ ਰਿਹਾ ਸੀ ਜਿਸ ਦੇ ਦੁਆਲੇ ਵਰਨ-ਆਸ਼ਰਮਾਂ ਤੋਂ ਰਹਿਤ ਭਾਈਚਾਰੇ ਦਾ ਇਕ ਨਮੂਨਾ ਪੈਦਾ ਕੀਤਾ ਜਾ ਸਕਦਾ ਸੀ। ਹੱਥੀਂ ਸੇਵਾ, ਦੇਸ ਪਰਦੇਸ ਦੀਆਂ ਸੰਗਤਾਂ ਨਾਲ ਤਾਲ-ਮੇਲ ਤੇ ਇਕ ਕੇਂਦਰੀ ਤੀਰਥ ਦੀ ਰਚਨਾ ਸਭ ਨਵੇਂ ਧਰਮ ਦੇ ਪ੍ਰਚਾਰ ਦੇ ਵੀ ਸਾਧਨ ਸਨ ਪਰ ਇਨ੍ਹਾਂ ਰਾਹੀਂ ਗੁਰੂ ਨਾਨਕ ਦੇ ਪੈਰੋਕਾਰਾਂ ਵਿਚ ਇਕ ਸਮੂਹਕ ਚੇਤਨਤਾ ਪੈਦਾ ਹੋ ਰਹੀ ਸੀ ਤੇ ਇਸ ਤਰ੍ਹਾਂ ਇਕਾਗਰ ਹੋਣ ਬਾਅਦ ਉਹ ਆਪਣੇ ਵਿਚ ਸਮੂਹਿਕ ਸ਼ਕਤੀ ਦਾ ਪ੍ਰਵੇਸ਼ ਮਹਿਸੂਸ ਕਰਨ ਲਗ ਪਏ ਸਨ ।

ਗੁਰੂ ਅਮਰਦਾਸ ਜੀ ਨੇ ਇਸਤਰੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਉਨ੍ਹਾਂ ਵਿਚ ਵੀ ਨਵੀਂ ਲਹਿਰ ਲਈ ਉਤਸ਼ਾਹ ਪੈਦਾ ਕਰ ਦਿੱਤਾ । ਕਿਰਤ, ਇਸਤਰੀ ਤੇ ਗ੍ਰਿਹਸਤ ਦਾ ਦਰਜਾ ਉੱਚਾ ਹੋਣ ਨਾਲ ਸਾਧਾਰਨ ਮਨੁੱਖ ਦੇ ਅਹਿਸਾਸਾਂ ਵਿਚ ਬੁਨਿਆਦੀ ਤਬਦੀਲੀਆਂ ਆ ਰਹੀਆਂ ਸਨ । ਸਰੀਰਕ ਤੌਰ ਤੇ ਅਤਿਅੰਤ ਬਲਵਾਨ ਤੇ ਅਰੋਗ ਪੰਜਾਬੀਆਂ ਨੂੰ ਬ੍ਰਾਹਮਣਾਂ ਤੇ ਜੋਗੀਆਂ ਦੇ ਪ੍ਰਚਾਰ ਨੇ ਘਟੀਆਪਣ ਤੇ ਤੁੱਛਤਾ ਦੇ ਅਹਿਸਾਸਾਂ ਨਾਲ ਭਰ ਛੱਡਿਆ ਸੀ । ਇਨ੍ਹਾਂ ਅਹਿਸਾਸਾਂ ਨੇ ਉਨ੍ਹਾਂ ਦੀਆਂ ਸ਼ਕਤੀ-ਸੰਭਾਵਨਾਵਾਂ ਨੂੰ ਡੱਕਾ ਲਾਇਆ ਹੋਇਆ. ਸੀ ਜਿਸ ਕਰਕੇ ਉਨ੍ਹਾਂ ਦੀ ਕਿਰਤ ਕਰਨ ਦੀ ਸਮਰੱਥਾ ਤੇ ਜੰਗੀ ਸਪਿਰਿਟ ਕਮਜ਼ੋਰ ਹੋ ਚੁੱਕੀ ਸੀ । ਗੁਰੂ ਸਾਹਿਬਾਂ ਨੇ ਇਨ੍ਹਾਂ ਸਨਮਾਨ-ਹੀਣ ਕਿਰਤੀਆਂ ਤੇ ਗ੍ਰਿਹਸਤੀਆਂ ਵਿਚੋਂ ਨਿਗੁਣਤਾ ਦੇ ਵਿਚਾਰ ਕੱਢ ਕੇ ਉਨ੍ਹਾਂ ਵਿਚ. ਸ੍ਵੈ-ਸਨਮਾਨ ਦੇ ਭਾਵ ਉਤਪੰਨ ਕਰਨ ਲਈ ਕਈ ਤਰੀਕੇ ਵਰਤੇ। ਗੁਰਮੁਖ ਦੇ ਦਰਜੇ ਨੂੰ ਗੁਰੂ ਜਾਂ ਰੱਬ ਦੇ ਬਰਾਬਰ ਦ੍ਰਿੜ੍ਹ ਕਰਾਉਣ ਵਾਲੇ ਅਨੇਕ ਵਾਕ ਉਨ੍ਹਾਂ ਦੇ ਸਾਹਿਤ ਵਿਚ ਮਿਲਦੇ ਹਨ। ਨੀਵਿਆਂ ਵਿੱਚੋਂ ਨੀਵਾਂ ਮਨੁੱਖ ਵੀ ਆਪਣੀ ਸੁਤੰਤਰ ਚੋਣ ਨਾਲ ਜਦੋਂ ਚਾਹੇ ਗੁਰੂ ਦੀ ਅਗਵਾਈ ਤੇ ਆਪਣੇ ਯਤਨ ਨਾਲ ਗੁਰਮੁਖ ਬਣ ਸਕਦਾ ਸੀ । ਜਨਮ, ਜਾਇਦਾਦ ਜਾਂ ਵਿਦਿਆ ਦੀਆ ਕਸੌਟੀਆਂ ਉਤੇ ਹੱਲੇ ਉਤਰਨ ਵਾਲੇ ਮਨੁੱਖਾਂ ਨੂੰ ਬੜੀ ਗੰਭੀਰਤਾ ਨਾਲ ਆਪਣਾ ਗੌਰਵ ਮਹਿਸੂਸ ਕਰਨ ਦੀ ਪ੍ਰੇਰਣਾ ਦਿੱਤੀ ਗਈ । ਸਮਾਜ ਵਿਚ ‘ਕੀਰੇ ਕਿਰਮ’ ਸਮਝੇ ਜਾਣ ਵਾਲੇ ਮਨੁੱਖਾਂ ਵਿਚ ‘ਸੇਖ ਪੀਰ ਪਾਤਸ਼ਾਹ ਬਣ ਸਕਣ ਦਾ ਸੰਕਲਪ ਜਗਾਇਆ ਗਿਆ । ਇਕ ਪਾਸੇ ਸ਼ਕਤੀ-ਸਰੂਪ ਰੱਬ ਦੀ ਹੋਂਦ ਨੂੰ ਵਿਅਕਤੀ ਦੇ ਅੰਦਰ ਅਨੁਭਵ ਕਰਵਾ ਕੇ ਤੇ ਦੂਸਰੇ ਪਾਸੇ ਅਨੇਕ ਵਿਅਕਤੀਆਂ ਨੂੰ ਇਕ ਸੰਘਣੀ ਤਰ੍ਹਾਂ ਪ੍ਰੋਤੀ ਹੋਈ ਜੱਥੇਬੰਦੀ ਵਿਚ ਇਕਾਗਰ ਕਰ ਕੇ ਉਨ੍ਹਾਂ ਨੂੰ ਮਹਿਸੂਸ ਕਰਵਾ ਦਿੱਤਾ ਕਿ ਉਹ ਇਕ ਐਸੀ ਸਮਾਜਕ ਤਾਕਤ ਹਨ ਜੋ ਆਪਣੇ ਜੀਵਨ ਦੀ ਵਾਗ ਡੋਰ ਆਪਣੇ ਹੱਥਾਂ ਵਿਚ ਲੈ ਸਕਦੀ ਹੈ। ਨਿਤਾਣਤਾ ਦੇ ਭਾਵਾਂ ਤੋਂ ਜ਼ਿੰਮੇਵਾਰੀ ਦੇ ਅਹਿਸਾਸਾਂ ਤੱਕ ਪਹੁੰਚਣਾ ਲੋਕਾਂ ਲਈ ਇੱਕ ਲੰਮਾ ਸਫਰ ਸੀ । ਗੁਰੂ ਨਾਨਕ ਦੇ ਵੇਲੇ ਉੱਚੀ ਮਨੁੱਖਤਾ ਨੂੰ ਛੋਹਣ ਵਾਲੀਆਂ ਵਿਅਕਤੀਆਂ ਤਾਂ ਕਾਫੀ ਗਿਣਤੀ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਸਨ ਪਰ ਸਿੱਖ ਲਹਿਰ ਵਿਚ ਸਮੂਹਿਕ ਸ਼ਕਤੀ ਦਾ ਅਹਿਸਾਸ ਗੁਰੂ ਅਰਜਨ ਦੇ ਸਮੇਂ ਹੀ ਪੈਦਾ ਹੋਇਆ ਸਹੀ ਹੁੰਦਾ ਹੈ। ਦਿੱਲੀ ਦੀ ਸੰਗਤ ਵੱਲੋਂ ਗੁਰੂ ਅਰਜਨ ਨੂੰ ਆਪਣੇ ਲੜਕੇ ਹਰਿਗੋਬਿੰਦ ਦੀ ਮੰਗਣੀ ਮਨਸੂਖ ਕਰ ਦੇਣ ਦਾ ਫੈਸਲਾ ਲਿਖ ਭੇਜਣਾ ਗੁਰੂਆਂ ਦੇ ਜਨਤਾ ਵਿਚ ਸ੍ਵੈ-ਭਰੋਸਾ ਪੈਦਾ ਕਰਨ ਦੇ ਯਤਨਾਂ ਦੀ ਸਫਲਤਾ ਦਾ ਚਿੰਨ੍ਹ ਸੀ । ‘ਗੁਰੂ ਵੀਹ ਵਿਸਵੇ ਤੇ ਸੰਗਤ ਇੱਕੀ ਵਿਸਵੇ ਦਾ ਅਸੂਲ ਅਮਲ ਵਿਚ ਵਰਤ ਕੇ ਗੁਰੂ ਸਾਹਿਬ ਜਨਤਾ ਦੀ ਮਹੱਤਤਾ ਵਧਾ ਰਹੇ ਸਨ। ਜਨਤਾ ਨੂੰ ਜੱਥੇਬੰਦ ਕਰ ਕੇ ਸਮੂਹਕ ਸ਼ਕਤੀ ਮਹਿਸੂਸ ਕਰਨ ਦੇ ਯੋਗ ਬਣਾਉਣ ਲਈ ਗੁਰੂ ਵਿਅਕਤੀਆਂ ਸ਼ੁਰੂ ਵਿਚ ਇਕ ਕੇਂਦਰ ਦਾ ਕੰਮ ਦੇਂਦੀਆ ਰਹੀਆਂ ਪਰ ਜਿਵੇਂ ਜਿਵੇਂ ਜਨਤਾ ਆਪਣੀ ਮਹੱਤਤਾ ਪਛਾਣਨ ਦੇ ਕਾਬਲ ਹੁੰਦੀ ਗਈ, ਇਸ ਕੇਂਦਰ ਦੀ ਲੋੜ ਘਟਦੀ ਗਈ। ਗੁਰੂ ਅਰਜਨ ਤੋਂ ਬਾਅਦ ਗੁਰੂ ਵਿਅਕਤੀਆਂ ਨੇ ਆਪਣਾ ਬਹੁਤਾ ਧਿਆਨ ਲੋਕਾਂ ਦੀ ਜੱਥੇਬੰਦੀ ਨੂੰ ਸਮਾਜਕ ਮਨੋਰਥਾਂ ਦੀ ਸੇਧ ਦੇਣ ਵੱਲ ਲਾਇਆ। ਗੁਰੂ ਨਾਨਕ ਦੇ ਸਮੇਂ ਸੰਗਤਾਂ ਬਣਨੀਆਂ ਸ਼ੁਰੂ ਹੋਈਆਂ ਸਨ ਤੇ ਗੁਰੂ ਅਮਰਦਾਸ ਦੇ ਸਮੇਂ ਖਿੰਡੀਆ ਹੋਈਆਂ ਸੰਗਤਾਂ ਨੂੰ ਜੱਥੇਬੰਦ ਕਰਨ ਦੇ ਯਤਨ ਸ਼ੁਰੂ ਹੋਏ ਸਨ । ਗੁਰੂ ਅਰਜਨ ਜੀ ਨੇ ਆਪਣੀ ਸ਼ਹੀਦੀ ਦੁਆਰਾ ਰਾਜਸੀ ਤਾਕਤ ਨਾਲ ਮੱਥਾ ਡਾਹ ਕੇ ਸੰਗਤਾਂ ਦੀ ਜੱਥੇਬੰਦੀ ਨੂੰ ਰਾਜਸੀ ਦਿਸ਼ਾ ਵੱਲ ਝੁਕਾ ਦਿੱਤਾ । ਜਨਤਾ ਵਿਚ ਆਪਣੀ ਸ਼ਕਤੀ ਦਾ ਅਹਿਸਾਸ ਪੈਦਾ ਕਰਨਾ ਤੇ ਉਨ੍ਹਾਂ ਨੂੰ ਠੀਕ ਸੇਧ ਦੇਣਾ ਉਨ੍ਹਾਂ ਦੇ ਸ੍ਵੈ-ਰਾਜ ਦੇ ਸਫਰ ਵਿਚ ਦੇ ਬੜੇ ਵੱਡੇ ਮੀਲ-ਪੱਥਰ ਸਨ । ਕੌਮੀ ਜਾਗਰਤੀ, ਕੌਮੀ ਇਕਾਗਰਤਾ ਤੇ ਕੌਮੀ ਸੰਗਰਾਮ ਦੀ ਜੋ ਵਿਉਂਤ ਸਮੁੱਚੇ ਤੌਰ ਤੇ ਗੁਰੂ ਸਾਹਿਬਾਂ ਨੇ ਵਰਤੀ, ਉਹ ਦੁਨੀਆ ਦੇ ਸਮਾਜਕ ਇਤਿਹਾਸ ਵਿਚ ਇਕ ਸਿਰਕੱਢਵੀਂ ਮਿਸਾਲ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਨਿਕਟ ਕਾਰਨ ਭਾਵੇਂ ਕੁਝ ਹੋਣ, ਅਸਲ ਤੇ ਡੂੰਘਾ ਕਾਰਨ ਲੋਕਾਂ ਵਿਚ ਵੱਧ ਰਿਹਾ ਸਮੂਹਿਕ ਸਕਤੀ ਦਾ ਅਹਿਸਾਸ ਤੇ ਸ੍ਵੈ-ਭਰੋਸਾ ਸੀ ਜਿਸ ਤੋਂ ਘਾਬਰ ਕੇ ਜਹਾਂਗੀਰ ਨੇ ਲੋਕਾਂ ਦੇ ਆਗੂ ਤੋਂ ਬਦਲਾ ਲੈਣ ਦਾ ਪ੍ਰਣ ਧਾਰ ਲਿਆ । ਪਰ ਹੁਣ ਲੋਕ ਆਪਣੇ ਆਗੂ ਦੀ ਸ਼ਹੀਦੀ ਤੋਂ ਸਹਿਮ ਖਾਣ ਦੀ ਅਵਸਥਾ ਤੋਂ ਬਹੁਤ ਉੱਪਰ ਉਠ ਚੁੱਕੇ ਸਨ । ਗੁਰੂ ਅਰਜਨ ਨੇ ਉਨ੍ਹਾਂ ਦੀ ਚੇਤੰਨਤਾ ਨੂੰ ਐਸੀ ਪਾਣ ਚੜ੍ਹਾਈ ਸੀ ਕਿ ਉਹ ਵੱਡੀ ਤੋਂ ਵੱਡੀ ਤਾਕਤ ਨੂੰ ਵੀ ਆਪਣੇ ਤੇ ਭਾਰੂ ਨਹੀਂ ਸਮਝਦੇ ਸਨ ਤੇ ਰੱਬ ਨੂੰ ਆਪਣੇ ਨਾਲ ਜਾਂ ਅੰਦਰ ਅਨੁਭਵ ਕਰਨ ਕਰਕੇ ਉਹ ਬੇਅੰਤ ਉਤਸ਼ਾਹ ਵਿਚ ਰਹਿੰਦੇ । ਗੁਰੂ ਸਾਹਿਬ ਨੇ ਰੱਬ ਨੂੰ ਉਨ੍ਹਾਂ ਦੇ ਜੀਵਨ ਦੇ ਸਭ ਪੱਖਾਂ ਨਾਲ ਬਹੁਤ ਡੂੰਘੀ ਤਰ੍ਹਾਂ ਜੋੜ ਦਿੱਤਾ ਸੀ । ਰੱਬ ਦੇ ਹੁਕਮ ਦੇ ਵਿਚਾਰ ਨੂੰ ਜਿਸ ਨਿਪੁੰਨਤਾ ਨਾਲ ਗੁਰੂ ਅਰਜਨ ਸਾਹਿਬ ਨੇ ਵਿਸਥਾਰ-ਪੂਰਵਕ ਆਪਣੀ ਕਵਿਤਾ ਵਿਚ ਵਿਆਖਿਆ ਤੇ ਜਿਸ ਸਪਸ਼ਟਤਾ ਨਾਲ ਆਪਣੇ ਨਿੱਜੀ ਜੀਵਨ ਨੂੰ ਰੱਬ ਦੇ ਹੁਕਮ ਨਾਲ ਉਨ੍ਹਾਂ ਨੇ ਸਬੰਧਤ ਕਰ ਕੇ ਦੱਸਿਆ, ਉਸ ਤਰ੍ਹਾਂ ਘੱਟ ਹੀ ਕਿਸੇ ਕਵੀ ਨੇ ਕੀਤਾ ਹੋਵੇਗਾ । ਆਪਣੇ ਘਰ ਵਿਚ ਲੜਕੇ ਦਾ ਜਨਮ, ਉਸਦਾ ਰੋਗ ਤੋਂ ਛੁਟਕਾਰਾ, ਘਰੋਗੀ ਈਰਖਾ ਦੇ ਕਾਰਨ ਵਾਪਰੇ ਸਰਕਾਰੀ ਕਸ਼ਟਾਂ ਤੋਂ ਸੁਰਖਰੂਈ ਸਭ ਰੱਬ ਦੀ ਮਿਹਰ ਦਾ ਫਲ ਦਰਸਾਏ ਗਏ। ਬਿਲਾਵਲ, ਸੋਰਠ ਤੇ ਗੂਜਰੀ ਰਾਗ ਵਿਚ ਉਨ੍ਹਾਂ ਦੀ ਰਚੀ ਕਵਿਤਾ ਦਾ ਪਾਠ ਮਨੁੱਖ ਦੇ ਮਨ ਨੂੰ ਅਤਿਅੰਤ ਸੰਤੁਸ਼ਟਤਾ ਤੇ ਆਸ਼ਾ ਦੇ ਭਾਵਾਂ ਨਾਲ ਭਰਦਾ ਹੈ । ‘ਸੁਖਮਨੀਂ ਵਿਚ ਉਨ੍ਹਾਂ ਨੇ ਮਨੁੱਖ ਦੇ ਖਾਣ ਪੀਣ, ਪਹਿਰਣ, ਘਰੋਗੀ ਅਨੰਦ ਮਾਣਨ, ਜੱਸ ਪ੍ਰਾਪਤ ਕਰਨ ਤੇ ਸ਼ਕਤੀਵਰ ਹੋਣ ਨੂੰ ਨਿੰਦਿਆ ਨਹੀਂ ਪਰ ਅਜਿਹੇ ਸਭ ਸੁੱਖ ਸਾਧਨਾਂ ਦਾ ਸੋਮਾ ਰੱਬ ਨੂੰ ਮੰਨ ਕੇ ਉਸ ਨੂੰ ਧੰਨਵਾਦ ਦੇ ਭਾਵਾਂ ਨਾਲ ਯਾਦ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਉਪਦੇਸ਼ ਦਾ ਸਿੱਧਾ ਮੰਤਵ ਤਾਂ ਮਨੁੱਖ ਨੂੰ ਵਿਸਵਾਰਥੀ ਇੱਛਾ ਦਾ ਵਿਸ਼ਵਾਸੀ ਤੇ ਅਨੁਭਵੀ ਬਣਾਉਣਾ ਹੀ ਸੀ ਪਰ ਸਮਾਜਕ ਜੀਵਨ ਵਿਚ ਇਸ ਦਾ ਫਲ ਇਹ ਸੀ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਆਰਥਕ ਕੀਮਤਾਂ ਲਈ ਆਪਣੇ ਆਪ ਨੂੰ ਦੁਨਿਆਵੀ ਅਧਿਕਾਰੀਆਂ ਤੋਂ ਬੇਮੁਹਤਾਜ ਮੰਨਦੇ ਸਨ ਤੇ ਰਾਜਸੀ ਤਾਕਤ ਵੱਲੋਂ ਕਸ਼ਟ ਮਿਲਣ ਤੇ ਘਬਰਾਉਂਦੇ ਨਹੀਂ ਸਨ, ਕਿਉਂਕਿ ਸੁੱਖ ਦੁੱਖ ਦੋਹਾਂ ਦਾ ਸੋਮਾ ਰੱਬ ਸੀ । ਉਨ੍ਹਾਂ ਨੂੰ ਯਕੀਨ ਹੁੰਦਾ ਸੀ ਕਿ ਉਨ੍ਹਾਂ ਦੇ ਬਰਦਾਸਤ ਕੀਤੇ ਕਸ਼ਟਾਂ ਦਾ ਅੰਤਮ ਸਿੱਟਾ ਉਨ੍ਹਾਂ ਦੀ ਜਿੱਤ ਹੋਵੇਗਾ ਕਿਉਂਕਿ ਰੱਬ ਆਪਣੇ ਸੇਵਕਾਂ ਨੂੰ ਨਿਰਾਰਥਕ ਕਸ਼ਟ ਵਿਚ ਨਹੀਂ ਪਾਉਂਦਾ । ਪੰਜਾਬੀ ਚੇਤਨਤਾ ਨੇ ਗੁਰੂ ਅਰਜਨ ਦੀ ਸ਼ਹੀਦੀ ਦੇ ਜਿਸ ਪੱਖ ਨੂੰ ਸਭ ਤੋਂ ਵੱਧ ਸੰਭਾਲ ਨਾਲ ਯਾਦ ਰੱਖਿਆ ਹੈ ਉਹ ਉਨ੍ਹਾਂ ਦਾ ਰੱਬ ਦੇ ਭਾਣੇ ਵਿਚ ਅਡੋਲ ਰਹਿਣਾ ਹੈ । ਗੁਰੂ ਅਰਜਨ ਸਾਹਿਬ ਜੀ ਦੀ ਅਡੋਲਤਾ ਰੱਬ ਦੇ ਹੁਕਮ ਨਾਲ ਉਨ੍ਹਾਂ ਦੀ ਇਕਸੁਰਤਾ ਦਾ ਪ੍ਰਤੱਖ ਸਬੂਤ ਤੇ ਲੋਕ-ਲਹਿਰ ਦੀ ਅੰਤਮ ਸਫਲਤਾ ਵਿਚ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਦਾ ਫਲ ਸੀ ਤੇ ਇਸ ਮਿਸਾਲ ਨੇ ਪੰਜਾਬੀ ਜਨਤਾ ਦੀ ਮਾਨਸਿਕਤਾ ਨੂੰ ਸਹਿਮ ਛਡਾਉਣ ਤੇ ਭੱਦੇ ਭਾਵਾਂ ਤੋਂ ਮੁਕਤ ਕਰਨ ਵਿਚ ਬੇਹਦ ਅਸਰ ਪਾਇਆ। ਗੁਰੂ ਅਰਜਨ ਦੇ ਸਾਹਿਤ ਤੇ ਸ਼ਹੀਦੀ ਦੋਵੇਂ ਗੈਰ-ਮੁਸਲਮ ਪੰਜਾਬ ਨੂੰ ਇਸਲਾਮ ਨਾਲ ਵੈਰ-ਭਾਵ ਸਿਖਾਏ ਬਗੈਰ ਕੱਟੜਪੰਥੀ ਮੁਗਲ ਹਕੂਮਤ ਨਾਲ ਸਾਵੇਂ ਤੁਲਣ ਲਈ ਤਿਆਰ ਕਰਦੇ ਰਹੇ । ਉਨ੍ਹਾਂ ਦੀ ਸ਼ਹੀਦੀ ਤੋਂ ਵੀ ਵਧ ਮਹਾਨ ਕੰਮ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪਾਦਨ ਕਰਨਾ ਸੀ ਜਿਸ ਵਿਚ ਸੰਪ੍ਰਦਾਇਕ ਨਿਰਪੱਖਤਾ ਦੇ ਅਸੂਲ ਨੂੰ ਪੂਰੀ ਤਰ੍ਹਾਂ ਵਰਤ ਕੇ ਪੰਜਾਬੀਆਂ ਨੂੰ ਸਾਂਝੇ ਜੀਵਨ ਦਾ ਆਦਰਸ਼ ਦ੍ਰਿੜ੍ਹ ਕਰਾਉਣ ਦਾ ਚਿਰੰਜੀਵ ਸਾਧਨ ਹੋਂਦ ਵਿਚ ਲਿਆਂਦਾ ਗਿਆ ਤੇ ਨਵੀਂ ਲਹਿਰ ਨੂੰ ਆਪਣੇ ਸਿਧਾਂਤ ਨਿਖਰਵੇਂ ਰੂਪ ਵਿਚ ਜਾਣਨ ਦੀ ਸਹੂਲਤ ਮੁਹੱਈਆ ਕਰ ਕੇ ਉਸ ਦੇ ਦੁਬਾਰਾ ਬ੍ਰਾਹਮਣੀ ਹੜ੍ਹ ਵਿਚ ਰੁੜ੍ਹ ਜਾਣ ਤੋਂ ਬਚਣ ਦਾ ਪ੍ਰਬੰਧ ਕਰ ਦਿੱਤਾ ਗਿਆ ।

Leave a comment

error: Content is protected !!