ਗੁਰੂ ਗੋਬਿੰਦ ਸਿੰਘ ਜੀ ਸਿੱਖ ਰਾਸ਼ਟਰ ਦੇ ਦਸਵੇਂ ਗੁਰੂ ਹੋਏ ਹਨ। ਆਪ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈ. ਵਿਚ ਗੁਰਗੱਦੀ ਪਰਾਪਤ ਕੀਤੀ ਅਤੇ 1708 ਈ. ਤੱਕ ਗੁਰਿਆਈ ਕੀਤੀ ਸੀ । ਆਪ ਜੀ ਦੇ ਸਮੇਂ ਦੋ ਮੁਗ਼ਲ ਬਾਦਸ਼ਾਹ ਹੋਏ ਸਨ । ਪਹਿਲਾ ਔਰੰਗਜ਼ੇਬ ਅਤੇ ਦੂਜਾ ਬਹਾਦੁਰ ਸ਼ਾਹ । ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਹੋਣ ਕਰਕੇ ਔਰੰਗਜ਼ੇਬ ਨਾਲ ਸਿੱਖ ਜਜ਼ਬਾਤਾਂ ਦੀ ਨੇੜਤਾ ਨਹੀਂ ਹੋ ਸਕੀ ਪਰ ਉਸ ਦੇ ਉੱਤਰਅਧਿਕਾਰੀ ਬਹਾਦੁਰ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਅੱਛੇ ਸਬੰਧ ਸਨ । ਗੁਰੂ ਜੀ ਨੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਪਿੱਛੋਂ ਭਾਵੇਂ ਪੰਜਾਬ ਦੇ ਪਹਾੜੀ ਹਿੰਦੂ ਹਾਕਮਾਂ ਦੀਆਂ ਰਿਆਸਤਾਂ ਵਿਚ ਹੀ ਆਪਣੀ ਰਿਹਾਇਸ਼ ਕੀਤੀ ਪਰ ਗੁਰੂ ਜੀ ਨੂੰ ਆਪਣੀਆਂ ਮੁੱਢਲੀਆਂ ਲੜਾਈਆਂ ਵੀ ਪਹਾੜੀ ਹਿੰਦੂ ਰਿਆਸਤਾਂ ਨਾਲ ਹੀ ਕਰਨੀਆਂ ਪਈਆਂ ਸਨ । 1699 ਈ. ਦੀ ਵਿਸਾਖੀ ‘ਤੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ । ਇਸ ਅਲੌਕਿਕ ਘਟਨਾ ਦੇ ਨਾਲ ਆਨੰਦਪੁਰ ਸਾਹਿਬ ਵਿਚ ਇਕ ਕਿਸਮ ਦਾ ਖਾਲਸਈ ਗਣਤੰਤਰ ਸਥਾਪਤ ਹੋ ਗਿਆ ਸੀ ਜਿਸ ਨੂੰ ਪਹਾੜੀ ਰਾਜੇ ਸਹਿਣ ਨਹੀਂ ਕਰ ਸਕੇ ਸਨ। ਆਖ਼ਰਕਾਰ ਸਮੂਹ ਪਹਾੜੀ ਰਿਆਸਤਾਂ ਦੀ ਮਿਲਵੀਂ ਸ਼ਕਤੀ ਕਾਰਣ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਨਗਰ ਤਿਆਗਣਾ ਪਿਆ ਸੀ । ਇਸ ਦੇਸਬਦਰ ਵਿਚ ਗੁਰੂ ਜੀ ਨੂੰ ਆਪਣੇ ਚਾਰੇ ਸਾਹਿਬਜ਼ਾਦੇ, ਮਾਤਾ, ਸੈਂਕੜੇ ਸਿੰਘ ਅਤੇ ਸਕੇ-ਸਬੰਧੀਆਂ ਦੀ ਕੁਰਬਾਨੀ ਦੇਣੀ ਪਈ। ਪਰ ਇਨ੍ਹਾਂ ਮੁਸੀਬਤਾਂ ਵਿਚੋਂ ਅਖ਼ੀਰ ਆਪ ਫ਼ਤਿਹ ਪਰਾਪਤ ਕਰਕੇ ਸਾਹਮਣੇ ਆਏ । ਜੀਵਨ ਦੇ ਅਖ਼ੀਰਲੇ ਸਾਲਾਂ ਵਿਚ ਗੁਰੂ ਜੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਸਬੰਧ ਅੱਛੇ ਰਹੇ ਸਨ ਜਿਸ ਦੇ ਫਲਸਰੂਪ ਬਾਦਸ਼ਾਹ ਵੱਲੋਂ ਇਕ ਮੁਲਾਕਾਤ ਵਿਚ ਗੁਰੂ ਜੀ ਦਾ ਵਿਸ਼ਾਲ ਸੁਆਗਤ ਅਤੇ ਸਤਿਕਾਰ ਕੀਤਾ ਗਿਆ ਸੀ । ਖਾਲਸਾ ਮਿਸ਼ਨ ਨੂੰ ਚਲਦਾ ਰੱਖਣ ਲਈ ਗੁਰੂ ਜੀ ਨੇ ਆਪਣੇ ਪਿੱਛੋਂ ਬੰਦਾ ਸਿੰਘ ਬਹਾਦੁਰ ਨੂੰ ਖਾਲਸੇ ਦਾ ਨੇਤਾ ਨਿਯੁਕਤ ਕੀਤਾ ਅਤੇ ਅਕਤੂਬਰ, 1708 ਵਿਚ ਆਪ ਜੋਤੀ-ਜੋਤ ਸਮਾ ਗਏ ਸਨ ।
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਵਾਕਿਆਤ ਬਾਰੇ ਚਾਨਣਾ ਪਾਉਣ ਲਈ ਭਾਵੇਂ ਸਾਡੇ ਪਾਸ ਸੰਤੋਸ਼ਜਨਕ ਮੌਲਿਕ, ਸਮਕਾਲੀ ਅਤੇ ਨਿਕਟ-ਸਮਕਾਲੀ ਸਰੋਤ ਉਪਲਭਦ ਹਨ ਪਰ ਇਨ੍ਹਾਂ ਵਿਚ ਮਿਤੀਆਂ ਦੀ ਘਾਟ ਹੋਣ ਕਰਕੇ ਗੁਰੂ ਸਾਹਿਬ ਦੀਆਂ ਜੀਵਨ-ਘਟਨਾਵਾਂ ਦੀਆਂ ਮਿਤੀਆਂ ਬਾਰੇ ਨਿਸ਼ਚਤ ਮੱਤ ਧਾਰਨ ਕਰਨਾ ਇਕ ਮੁੱਖ ਸਮੱਸਿਆ ਹੈ। ਬਾਹਰਲੇ ਗ਼ੈਰ-ਸਿੱਖ ਅਤੇ ਗ਼ੈਰ-ਗੁਰਮੁੱਖੀ ਸਰੋਤਾਂ ਦੇ ਸਹਿਯੋਗ ਨਾਲ ਇਨ੍ਹਾਂ ਮਿਤੀਆਂ ਦੀ ਨਿਸ਼ਚਤਤਾ ਕੀਤੀ ਗਈ ਹੈ ਪਰ ਕਿਸੇ ਹੋਰ ਭਰੋਸੇਯੋਗ ਵਸੀਲੇ ਦੇ ਲੱਭ ਜਾਣ ਨਾਲ ਇਨ੍ਹਾਂ ਮਿਤੀਆਂ ਵਿਚ ਤਬਦੀਲੀ ਵੀ ਹੋ ਸਕਦੀ ਹੈ। ਸਭ ਤੋਂ ਪਰਮੁੱਖ ਮੌਲਿਕ ਸਰੋਤ, ਜੋ ਗੁਰੂ ਸਾਹਿਬ ਦੇ ਮੁੱਢਲੇ ਜੀਵਨ ਬਾਰੇ ਚਾਨਣਾ ਪਾਉਂਦਾ ਹੈ, ਉਹ ਹੈ ‘ਬਚਿੱਤ੍ਰ ਨਾਟਕ’ । ‘ਬਚਿੱਤ੍ਰ ਨਾਟਕ’ ਦਸਮ ਗ੍ਰੰਥ ਦੇ ਵਿਚ ਦਰਜ ਕੀਤੀ ਗਈ ਰਚਨਾ ਹੈ ਜੋ ਬਾਹਰੀ ਸਰੂਪ ਵਿਚ ਗੁਰੂ ਜੀ ਦੀ ਸਵੈ-ਜੀਵਨੀ ਪਰਤੀਤ ਹੁੰਦੀ ਹੈ। ਪਰ ਇਸ ਨੂੰ ਗੁਰੂ ਜੀ ਦੀ ਸਵੈ-ਜੀਵਨੀ ਕਹਿਣਾ ਇਤਿਹਾਸਕ ਸੱਚਾਈ ਨਹੀਂ ਹੈ। ਇਹ ਗੁਰੂ ਜੀ ਦੇ ਕਿਸੇ ਸ਼ਰਧਾਲੂ ਸਿੱਖ ਦੀ ਜਾਂ ਫਿਰ ਪਿੱਛੋਂ ਸੋਢੀ ਖ਼ਾਨਦਾਨ ਦੇ ਕਿਸੇ ਵਿਦਵਾਨ ਦੀ ਲਿਖੀ ਹੋਈ ਰਚਨਾ ਹੈ ਜਿਸ ਨੂੰ ਗੁਰੂ ਜੀ ਦੇ ਮੁਖਾਰਬਿੰਦ ਵਿਚੋਂ ਉਚਰੀ ਹੋਈ ਰਚਨਾ ਬਣਾ ਕੇ ਪੇਸ਼ ਕੀਤਾ ਗਿਆ ਹੈ। ਭਾਵੇਂ ਅੱਜ ਸਮੁੱਚੇ ਸਿੱਖ ਜਗਤ ਵਿਚ ਇਹ ਵਿਸ਼ਵਾਸ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੈ ਅਤੇ ਇਸ ਵਿਸ਼ਵਾਸ ਨੂੰ ਰੱਦ ਕਰਨ ਵਿਚ ਕੋਈ ਵਡਿਆਈ ਵੀ ਨਹੀਂ ਹੈ ਪਰ ਜਦੋਂ ਅਸੀਂ ਇਤਿਹਾਸਕ ਤੌਰ ‘ਤੇ ਅਤੇ ਗੁਰਮੱਤ ਅਨੁਸਾਰ ਇਕ ਨਿਸ਼ਚਤ ਸੇਧ ਲੈ ਕੇ ਚਲਦੇ ਹਾਂ ਤਾਂ ਇਹ ਗੱਲ ਮੰਨਣੀ ਹੀ ਪੈਣੀ ਹੈ। ਜਿਵੇਂ ਦਸਮ ਗ੍ਰੰਥ ਗੁਰੂ ਸਾਹਿਬ ਦਾ ਨਾ ਹੀ ਸੰਪਾਦਿਤ ਕੀਤਾ ਹੋਇਆ ਹੈ ਅਤੇ ਨਾ ਹੀ ਲਿਖਿਆ ਹੋਇਆ ਹੈ, ਉਸੇ ਤਰ੍ਹਾਂ ‘ਬਚਿੱਤ੍ਰ ਨਾਟਕ’ ਵੀ ਗੁਰੂ ਜੀ ਦੀ ਆਪਣੀ ਲਿਖਤ ਨਹੀਂ ਹੈ । ਹਾਂ ਇਹ ਲਿਖਤ ਗੁਰੂ ਜੀ ਵੱਲੋਂ ਦੱਸੀਆਂ ਗਈਆਂ ਗੱਲਾਂ ਉਪਰ ਆਧਾਰਤ ਹੋ ਸਕਦੀ ਹੈ। ਇਸ ਨਾਲ ਇਸ ਲਿਖਤ ਦੀ ਨਾ ਹੀ ਇਤਿਹਾਸਕ ਮਹੱਤਤਾ ਵਿਚ ਕੋਈ ਫ਼ਰਕ ਪੈਂਦਾ ਹੈ ਅਤੇ ਨਾ ਹੀ ਇਸ ਦੀ ਪਰਮਾਣੀਕਤਾ ਵਿਚ। ਗੁਰੂ ਜੀ ਦੇ ਮੁੱਢਲੇ ਜੀਵਨ ਬਾਰੇ, ਖ਼ਾਲਸੇ ਦੀ ਸਾਜਨਾ ਤੋਂ ਪਹਿਲਾਂ ਦੇ ਸਮੇਂ ਦੀਆਂ ਲੜਾਈਆਂ ਬਾਰੇ ਇਹ ਲਿਖਤ ਸੰਖੇਪ ਪਰ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ।
ਗੁਰੂ ਤੇਗ ਬਹਾਦੁਰ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੁਕਮਨਾਮੇ ਬਹੁਤ ਅੱਛੇ ਮੌਲਿਕ ਸਰੋਤ ਹਨ। ਇਹ ਗੁਰੂ ਜੀ ਦੇ ਜੀਵਨ ਵਾਕਿਆਤ ਨਾਲ ਸਬੰਧਤ ਅਨੇਕਾਂ ਮੁਸ਼ਕਲਾਂ ਦਾ ਹੱਲ ਮੁਹੱਈਆ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ‘ਜ਼ਫ਼ਰਨਾਮਾ’ ਬਹੁਤ ਵਧੀਆ ਇਤਿਹਾਸਕ ਦਸਤਾਵੇਜ਼ ਹੈ। ਕਵੀ ਸੈਨਾਪਤਿ ਦੀ ਲਿਖਤ ਸ੍ਰੀ ਗੁਰ ਸੋਭਾ, ਬਹੁਤ ਮਹੱਤਵਪੂਰਨ ਸਮਕਾਲੀ ਸਰੋਤ ਹੈ। ਇਹ ਲਿਖਤ ਖ਼ਾਲਸੇ ਦੀ ਸਾਜਨਾ ਬਾਰੇ ਅਤੇ ਇਸ ਤੋਂ ਪਿੱਛੋਂ ਦੇ ਸਮੇਂ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ। ਇਸ ਦੇ ਨਾਲ ਨਾਲ ਭਾਈ ਗੁਰਦਾਸ ਦੂਜੇ ਦੀ ਵਾਰ ਜੋ ਭਾਈ ਗੁਰਦਾਸ ਭੱਲੇ ਦੀਆਂ ਵਾਰਾਂ ਦੇ ਨਾਲ ਹੀ ਦਰਜ ਕੀਤੀ ਗਈ ਹੈ, ਇਕ ਮਹੱਤਵਪੂਰਨ ਸਮਕਾਲੀ ਦਸਤਾਵੇਜ ਹੈ। ਇਨ੍ਹਾਂ ਤੋਂ ਇਲਾਵਾ ਗੁਰਮੁੱਖੀ ਦੀਆਂ ਹੋਰ ਵੀ ਅਨੇਕਾਂ ਲਿਖਤਾਂ ਹਨ ਜੋ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਂਦੀਆਂ ਹਨ। ਇਨ੍ਹਾਂ ਵਿਚ ਸ਼ਾਮਲ ਹਨ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ, ਸਰੂਪ ਦਾਸ ਭੱਲਾ ਦੀ ਮਹਿਮਾ ਪ੍ਰਕਾਸ਼, ਭਾਈ ਸੁੱਖਾ ਸਿੰਘ ਅਤੇ ਕੋਇਰ ਸਿੰਘ ਦੇ ਗੁਰਬਿਲਾਸ ਅਤੇ ਗਯਾਨੀ ਗਯਾਨ ਸਿੰਘ ਦੀਆਂ ਲਿਖਤਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ । ਇਹ ਲਿਖਤਾਂ ਕਿਉਂਕਿ ਨਾ ਹੀ ਤਾਂ ਸਮਕਾਲੀ ਹਨ ਅਤੇ ਨਾ ਹੀ ਨਿਕਟ-ਸਮਕਾਲੀ । ਇਸ ਲਈ ਇਨ੍ਹਾਂ ਵਿਚ ਦਿੱਤੀ ਗਈ ਜਾਣਕਾਰੀ ਇਨ੍ਹਾਂ ਲੇਖਕਾਂ ਦੀ ਆਪਣੀ ਵਿਚਾਰਧਾਰਾ ਹੈ ਜਿਸ ਨੂੰ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਮੰਨਿਆਂ ਨਹੀਂ ਜਾ ਸਕਦਾ। ਅਜਿਹੇ ਸਰੋਤਾਂ ਤੋਂ ਸਿਰਫ ਉੱਥੇ ਹੀ ਸਹਾਇਤਾ ਲਈ ਗਈ ਹੈ ਜਿੱਥੇ ਹੋਰ ਸਾਰੇ ਸਰੋਤ ਚੁੱਪ ਹਨ। ਗੁਰੂ ਜੀ ਦੇ ਸਫ਼ਰਾਂ ਬਾਰੇ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ, ਪੰਡਿਤ ਤਾਰਾ ਸਿੰਘ ਦਾ ਸ੍ਰੀ ਗੁਰ ਤੀਰਥ ਸੰਗ੍ਰਹਿ ਅਤੇ ਗਯਾਨੀ ਗਯਾਨ ਸਿੰਘ ਦਾ ਗੁਰਧਾਮ ਸੰਗ੍ਰਹਿ ਅੱਛੀ ਜਾਣਕਾਰੀ ਪੇਸ਼ ਕਰਦੇ ਹਨ।
ਜਦੋਂ ਤੱਕ ਯੂਰਪੀਅਨ ਅਤੇ ਬਰਿਟਸ਼ ਲੇਖਕਾਂ ਦੀਆਂ ਲਿਖਤਾਂ ਨੂੰ ਬਿਆਨਿਆਂ ਨਹੀਂ ਜਾਂਦਾ ਉਦੋਂ ਤੱਕ ਗੁਰੂ ਸਾਹਿਬ ਦਾ ਜੀਵਨ ਸੰਪੂਰਨ ਇਤਿਹਾਸਕ ਪੱਧਰ ਪਰਾਪਤ ਨਹੀਂ ਕਰ ਸਕਦਾ। ਅਸਲ ਵਿਚ ਯੂਰਪੀਅਨ ਅਤੇ ਬਰਿਟਿਸ਼ ਲੇਖਕਾਂ ਨੇ ਫ਼ਾਰਸੀ ਅਤੇ ਗੁਰਮੁੱਖੀ ਲਿਖਤਾਂ ਦੀ ਇਕ ਪਾਸੜ ਸੋਚ ਨੂੰ ਅਨੂਪਾਤਿਕ ਪੱਧਰ ਪਰਦਾਨ ਕੀਤਾ ਹੈ। ਇਨ੍ਹਾਂ ਵਿਚ ਸ਼ਾਮਲ ਹਨ : ਮੈਲਕਾਮ, ਗਾਰਡਨ, ਗਰੈਗਰ, ਕਨਿੰਘਮ, ਅਤੇ ਮੈਕਾਲਿਫ਼ ।
ਪਰ ਗੁਰੂ ਸਾਹਿਬ ਦੇ ਜੀਵਨ-ਵਾਕਿਆਤ ਨੂੰ ਵਰਨਣ ਕਰਨ ਵਾਲੇ ਮੁੱਖ ਸਰੋਤਾਂ ਦੀ ਪਰਮਾਣੀਕਤਾ ਨੂੰ ਪਰਖਣ ਦਾ ਮੁੱਖ ਆਧਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੈ। ਜੇ ਕਿਸੇ ਸਰੋਤ ਦਾ ਕਥਨ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਵਿਰੁੱਧ ਜਾਂਦਾ ਹੈ ਤਾਂ ਉਸ ਕਥਨ ਦੀ ਸਿੱਖ ਇਤਿਹਾਸ ਵਿਚ ਕੋਈ ਥਾਂ ਨਹੀਂ ਹੈ । ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਪਾਤਸ਼ਾਹ ਹਨ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਦੀ ਕਥਨੀ ਤੇ ਕਰਨੀ ਦੀ ਸੁਮੇਲਤਾ ਹੈ। ਗੁਰਬਾਣੀ ਗੁਰੂ ਸਾਹਿਬਾਨ ਦੀ ਕਥਨੀ ਹੈ ਅਤੇ ਸਿੱਖ ਇਤਿਹਾਸ ਕਰਨੀ ਹੈ। ਇਸ ਕਥਨੀ ਅਤੇ ਕਰਨੀ ਦੀ ਸੁਮੇਲਤਾ ਧਰਮ ਅਤੇ ਇਤਿਹਾਸ ਦੇ ਰੂਪ ਵਿਚ ਪੂਰ ਚੜ੍ਹਦੀ ਹੈ। ਇਸ ਲਈ ਗੁਰੂ ਸਾਹਿਬਾਨ ਦੇ ਨਾਲ ਸਬੰਧਤ ਇਤਿਹਾਸ ਦੀ ਘਟਨਾ ਜਾਂ ਘਟਨਾ ਦੀ ਵਿਆਖਿਆ ਉਹ ਹੀ ਠੀਕ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਅਨੁਕੂਲ ਹੈ । ਸੋਮੇ ਭਾਵੇਂ ਮੌਲਿਕ ਹੋਣ, ਭਾਵੇਂ ਸਵੈ-ਜੀਵਨੀ ਵਾਲੇ ਹੋਣ ਅਤੇ ਭਾਵੇਂ ਸਮਕਾਲੀ ਜਾਂ ਪਿਛਲੇਰੇ ਹੋਣ, ਪਰਮਾਣਿਤ ਕਥਨ ਉਹ ਹੀ ਮੰਨੇ ਜਾਣੇ ਹਨ ਜੋ ਗੁਰਬਾਣੀ ਦੇ ਸਿਧਾਂਤਾਂ ਉਪਰ ਪੂਰੇ ਉਤਰਦੇ ਹਨ। ਜਿਸ ਵੀ ਲਿਖਤ ਬਾਰੇ ਕੋਈ ਸ਼ੰਕਾ ਪਰਗਟ ਹੋਇਆ ਹੈ ਜਾਂ ਜਿਸ ਨੂੰ ਵੀ ਰੱਦ ਕੀਤਾ ਗਿਆ ਹੈ ਉਹ ਸਭ ਕੁਝ ਇਸੇ ਆਧਾਰ ਉਪਰ ਹੀ ਕੀਤਾ ਹੈ। ਸਿੱਖ ਇਤਿਹਾਸ ਨਾਲ ਸਬੰਧਤ ਇਕ ਇਤਿਹਾਸਕ ਸੋਮੇ ਨੂੰ ਇਸ ਨਜੱਰੀਏ ਤੋਂ ਹੀ ਦੇਖਣਾ ਚਾਹੀਂਦਾ ਹੈ। ਇਸ ਗੱਲ ਨੂੰ ਇਕ ਹੋਰ ਢੰਗ ਨਾਲ ਵੀ ਬਿਆਨ ਕੀਤਾ ਜਾ ਸਕਦਾ ਹੈ, ਉਹ ਹੈ ਰਵਾਇਤਾਂ ਨੂੰ ਅਪਣਾਉਣ ਦਾ। ਖ਼ਾਲਸੇ ਦਾ ਬਹੁਤ ਸਾਰਾ ਵਰਨਣ ਰਵਾਇਤਾਂ ਉਪਰ ਆਧਾਰਤ ਹੈ । ਰਵਾਇਤ ਇਤਿਹਾਸ ਦਾ ਇਕ ਮਹੱਤਵਪੂਰਨ ਆਧਾਰ ਹੈ। ਜਿਵੇਂ ਇੰਗਲੈਂਡ ਦਾ ਸਾਰਾ ਸੰਵਿਧਾਨਕ ਢਾਂਚਾ ਹੀ ਰਵਾਇਤਾਂ ਉਪਰ ਆਧਾਰਤ ਹੈ ਉਸੇ ਤਰ੍ਹਾਂ ਖ਼ਾਲਸੇ ਦੀ ਮਰਯਾਦਾ ਵੀ ਰਵਾਇਤਾਂ ਉਪਰ ਆਧਾਰਤ ਹੈ । ਭਾਵੇਂ ਅਣਜਾਣਪੁਣੇ ਵਿਚ ਰਵਾਇਤ ਅਤੇ ਅਫ਼ਵਾਹ (ਦੰਦ ਕਥਾ) ਵਿਚਲੇ ਫ਼ਰਕ ਨੂੰ ਪਛਾਣਿਆ ਨਹੀਂ ਜਾਂਦਾ ਪਰ ਸਾਨੂੰ ਇਤਿਹਾਸਕ ਪੜਚੋਲ ਸਮੇਂ ਅਜਿਹੀਆਂ ਗੱਲਾਂ ਤੋਂ ਖਬਰਦਾਰ ਹੋ ਕੇ ਚੱਲਣਾ ਚਾਹੀਂਦਾ ਹੈ। ਰਵਾਇਤ ਵਿਸ਼ਵਾਸ ਵਿਚੋਂ ਪੈਦਾ ਹੁੰਦੀ ਹੈ ਅਤੇ ਵਿਸ਼ਵਾਸ ਧਰਮ ਵਿਚੋਂ ਉਗਮਦਾ ਹੈ। ਇਸ ਤਰ੍ਹਾਂ ਰਵਾਇਤਾਂ, ਵਿਸ਼ਵਾਸ ਅਤੇ ਧਰਮ ਇਕ ਦੂਜੇ ਨਾਲ ਅੰਤਰ-ਸਬੰਧਤ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ-ਬਿਰਤਾਂਤ ਨੂੰ ਉਪਰੋਕਤ ਕਥਨਾਂ ਦੀ ਰੌਸ਼ਨੀ ਵਿਚ ਰੱਖ ਕੇ ਹੀ ਬਿਆਨਿਆ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਸਰਬ ਪਰਮਾਣਤ ਮਿਤੀ ਪੋਹ ਸੁਦੀ ਸੱਤਮੀ, ਸੰਮਤ 1723 ਬਿ. ਹੈ। ਈਸਵੀ ਸੰਨ ਦੇ ਅਨੁਸਾਰ ਇਹ ਮਿਤੀ 22 ਦਸੰਬਰ, 1666 ਈ. ਬਣਦੀ ਹੈ ਪਰ ਮਹੀਨੇ ਦੀ ਤਾਰੀਕ ਹਰ ਸਾਲ ਬਦਲ ਜਾਂਦੀ ਹੈ। ਇਸ ਕਰਕੇ ਈਸਵੀ ਸਾਲ ਦੇ ਮਹੀਨਿਆਂ ਦੇ ਅਨੁਸਾਰ ਗੁਰੂ ਜੀ ਦੇ ਜਨਮ ਦੀ ਇਕ ਮਿਤੀ ਨਿਸ਼ਚਤ ਨਹੀਂ ਕੀਤੀ ਜਾ ਸਕਦੀ। ਕਈ ਵਾਰ ਤਾਂ ਐਸਾ ਮੌਕਾ ਵੀ ਆਇਆ ਹੈ ਕਿ ਕਿਸੇ ਸਾਲ ਵਿਚ ਗੁਰੂ ਜੀ ਦਾ ਜਨਮ ਦਿਨ ਆਉਂਦਾ ਹੀ ਨਹੀਂ ਹੈ ਪਰ ਕਿਸੇ ਸਾਲ ਵਿਚ ਦੋ ਜਨਮ ਦਿਨ ਆ ਜਾਂਦੇ ਹਨ। ਇਹ ਸਭ ਇਸ ਕਰਕੇ ਹੁੰਦਾ ਹੈ ਕਿਉਂਕਿ ਪੋਹ ਦੇ ਮਹੀਨੇ ਦਾ ਸੁਦੀ ਪੱਖ ਈਸਵੀ ਸਾਲ ਦੇ ਅਖ਼ੀਰ ਵਿਚ ਆਉਂਦਾ ਹੈ। ਇਹ ਅਖ਼ੀਰਲੇ ਦਿਨ ਵੱਧਦੇ-ਘੱਟਦੇ ਅੱਗੇ-ਪਿੱਛੇ ਹੋ ਜਾਂਦੇ ਹਨ । ਇਸ ਲਈ ਪਰਚੱਲਤ ਰਵਾਇਤ ਅਨੁਸਾਰ ਇਕ ਨਿਸ਼ਚਤ ਮਿਤੀ ਤਾਂ ਸਿਰਫ ਬਿਕਰਮੀ ਸੰਮਤ ਦੀ ਹੀ ਹੈ ਅਤੇ ਸਾਰੇ ਗੁਰਪੁਰਬ ਇਸੇ ਮਿਤੀ ਅਨੁਸਾਰ ਮਨਾਏ ਜਾਂਦੇ ਹਨ ।
ਇਸ ਤੋਂ ਇਲਾਵਾ ਇਕ ਹੋਰ ਮੱਤ ਅਨੁਸਾਰ ਗੁਰੂ ਜੀ ਦੇ ਜਨਮ ਦਾ ਸਾਲ 1661 ਈ. ਵੀ ਮੰਨਿਆ ਜਾਂਦਾ ਹੈ। ਇਸ ਮੱਤ ਨੂੰ ਮੰਨਣ ਵਾਲੇ ਹਨ : ਭੱਟ ਵਹੀਆਂ, ਗੁਰੂ ਕੀਆਂ ਸਾਖੀਆਂ, ਕੇਸਰ ਸਿੰਘ ਛਿੱਬਰ ਅਤੇ ਕਨਿੰਘਮ ਆਦਿ । ਜਿਵੇਂ ਕਿ ਇਨ੍ਹਾਂ ਲਿਖਤਾਂ ਅਤੇ ਲੇਖਕਾਂ ਦਾ ਆਧਾਰ ਕੋਈ ਮੌਲਿਕ ਜਾਂ ਸਮਕਾਲੀ ਸਰੋਤ ਨਹੀਂ ਹੈ ਉਸੇ ਤਰ੍ਹਾਂ ਮੌਲਿਕ ਅਤੇ ਸਮਕਾਲੀ ਸਰੋਤ 1666 ਈ. ਸਾਲ ਦਾ ਵੀ ਨਹੀਂ ਹੈ। ਪਰ ਕਿਉਂਕਿ 1666 ਈ. ਦਾ ਸਾਲ ਸਿੱਖ ਰਵਾਇਤਾਂ ਅਨੁਸਾਰ ਅਪਣਾਇਆ ਜਾ ਚੁੱਕਿਆ ਹੈ ਅਤੇ 1661 ਈ. ਦਾ ਸਾਲ ਅਪਣਾਇਆ ਨਹੀਂ ਗਿਆ ਇਸ ਲਈ 1661 ਈ. ਦੀ ਥਾਂ 1666 ਈ. ਦਾ ਸਾਲ ਹੀ ਪਰਵਾਣਤ ਹੋ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਣਾ ਸਾਹਿਬ (ਬਿਹਾਰ) ਵਿਖੇ ਹੋਇਆ। ਇਹ ਗੱਲ ‘ਬਚਿੱਤ੍ਰ ਨਾਟਕ’ ਵਿਚ ਸਪਸ਼ਟ ਤੌਰ ‘ਤੇ ਬਿਆਨੀ ਗਈ ਹੈ । ਇਸ ਅਨੁਸਾਰ ਜਦੋਂ ਗੁਰੂ ਤੇਗ ਬਹਾਦੁਰ ਜੀ ਪੂਰਬੀ ਭਾਰਤ ਦੇ ਤੀਰਥ ਅਸਥਾਨਾਂ ਦੇ ਦੌਰੇ ‘ਤੇ ਸਨ ਤਾਂ ਤਿਰਬੈਣੀ (ਗੰਗਾ, ਜਮੁਨਾ ਅਤੇ ਸਰਸਵਤੀ ਦੀ ਸੰਗਮ ਵਾਲੀ ਥਾਂ) ਪਹੁੰਚ ਕੇ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਕਾਸ਼ ਹੋਇਆ। ਇਸ ਗਰਭ ਧਾਰਨ ਕਰਨ ਦੀ ਖੁਸ਼ੀ ਵਿਚ ਗੁਰੂ ਤੇਗ ਬਹਾਦੁਰ ਜੀ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਬਹੁਤ ਦਾਨ-ਪੁੰਨ ਕੀਤਾ ਗਿਆ । ਜਨਮ ਹੋਣ ਤੱਕ ਦੇ ਸਮੇਂ ਵਿਚ ਗੁਰੂ ਜੀ ਸਾਰੇ ਪਰਿਵਾਰ ਨੂੰ ਲੈ ਕੇ ਪਟਣਾ ਸਾਹਿਬ ਪਹੁੰਚ ਗਏ ਸਨ । ਇੱਥੇ ਹੀ ਪੋਹ ਸੁਦੀ ਸੱਤਮੀਂ, ਸੰਮਤ 1723 ਬਿ. ਨੂੰ ਬਾਲ ਗੋਬਿੰਦ ਜੀ ਦਾ ਜਨਮ ਹੋਇਆ । ਗੁਰੂ ਤੇਗ ਬਹਾਦੁਰ ਜੀ, ਇਸ ਸਮੇਂ, ਜਿਵੇਂ ਕਿ ਉਨ੍ਹਾਂ ਦੇ ਕੁਝ ਹੁਕਮਨਾਮਿਆਂ ਤੋਂ ਪਤਾ ਲੱਗਦਾ ਹੈ ਕਿ ਪਟਣਾ ਤੋਂ ਬਾਹਰ ਪੂਰਬ ਵਾਲੇ ਪਾਸੇ ਗਏ ਹੋਏ ਹਨ । ਬਾਲ ਗੋਬਿੰਦ ਜੀ ਦੇ ਜਨਮ ਦੀਆਂ ਵਧਾਈਆਂ ਵੀ ਸੰਗਤਾਂ ਵੱਲੋਂ ਉਨ੍ਹਾਂ ਨੂੰ ਪੂਰਬ ਵੱਲ ਜਾਂਦਿਆਂ ਨੂੰ ਮਿਲੀਆਂ ਸਨ । ਆਪਣੇ ਪਰਿਵਾਰ ਦੇ ਠਹਿਰਾਅ ਦਾ ਅੱਛਾ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਵੀ ਉਹ ਪੂਰਬ ਵੱਲ ਜਾਂਦਿਆਂ ਹੀ ਕਰਦੇ ਜਾਂਦੇ ਹਨ। ਇਹ ਗੱਲਾਂ ਉਨ੍ਹਾਂ ਦੇ ਹੁਕਮਨਾਮਿਆਂ ਵਿਚ ਦਰਜ ਹਨ। ਸੰਭਾਵਨਾ ਇਸ ਗੱਲ ਦੀ ਇਹ ਹੀ ਹੈ ਕਿ ਗੁਰੂ ਤੇਗ ਬਹਾਦੁਰ ਜੀ ਮਿਰਜਾ ਰਾਜਾ ਰਾਮ ਸਿੰਘ ਦੀ ਸੈਨਾ ਦੇ ਨਾਲ ਨਾਲ ਆਪਣਾ ਅਲੱਗ ਕੈਂਪ ਰੱਖਦੇ ਹੋਏ ਦਿੱਲੀ ਤੋਂ ਹੀ ਪੂਰਬ ਵੱਲ ਆਸਾਮ ਦੀਆਂ ਸਿੱਖ ਸੰਗਤਾਂ ਵੱਲ ਜਾ ਰਹੇ ਸਨ। ਭਾਵੇਂ ਆਸਾਮ ਦੀ ਮੁਹਿੰਮ ਨਾਲ ਗੁਰੂ ਜੀ ਦਾ ਕੋਈ ਸਰੋਕਾਰ ਨਹੀਂ ਸੀ ਪਰ ਗੁਰੂ ਸਾਹਿਬ ਇਸ ਸਮੇਂ ਪੂਰਬੀ ਭਾਰਤ ਦੇ ਇਲਾਕਿਆਂ ਦੀਆਂ ਸਿੱਖ ਸੰਗਤਾਂ ਨੂੰ ਵੀ ਜੱਥੇਬੰਦ ਕਰਦੇ ਜਾ ਰਹੇ ਸਨ । ਮਿਰਜ਼ਾ ਰਾਜਾ ਰਾਮ ਸਿੰਘ ਨਾਲ ਜਾਣ ਦੇ ਦੋ ਕਾਰਣ ਹੋ ਸਕਦੇ ਹਨ । ਇਕ ਇਹ ਕਿ ਗੁਰੂ ਜੀ ਉਸ ਦੀ ਹਿਰਾਸਤ ਵਿਚ ਹੋਣ ਅਤੇ ਦੂਸਰਾ ਇਹ ਕਿ ਗੁਰੂ ਜੀ ਨੂੰ ਰਾਜਾ ਸਾਹਿਬ ਆਪਣੀ ਮਾਨਸਿਕ ਤਸੱਲੀ ਲਈ ਨਾਲ ਲੈ ਕੇ ਜਾ ਰਹੇ ਹੋਣ । ਗੁਰੂ ਜੀ ਦੇ ਜੈਪੁਰ ਦੇ ਰਾਜ ਘਰਾਣੇ ਨਾਲ ਸੰਬੰਧ ਬਹੁਤ ਚੰਗੇ ਸਨ। ਇਸ ਲਈ ਇਹ ਸੰਭਵ ਹੈ ਕਿ ਰਾਜਾ ਸਾਹਿਬ ਦੀ ਮਾਨਸਿਕ ਸਹਾਇਤਾ ਕਰਨ ਲਈ ਗੁਰੂ ਸਾਹਿਬ ਨਾਲ ਚਲੇ ਗਏ ਹੋਣ। ਕਾਰਣ ਭਾਵੇਂ ਕੁਝ ਵੀ ਹੋਣ ਪਰ ਗੁਰੂ ਜੀ ਦਾ ਉਨ੍ਹਾਂ ਦੂਰ-ਦੁਰਾਡੇ ਦੇ ਇਲਾਕਿਆਂ ਵੱਲ ਜਾਣਾ ਉੱਥੋਂ ਦੀਆਂ ਸਿੱਖ ਸੰਗਤਾਂ ਲਈ ਬਹੁਤ ਲਾਭਦਾਇਕ ਸੀ । ਗੁਰੂ ਸਾਹਿਬ ਉਧਰੋਂ ਵਾਪਸ ਮੁੜਦਿਆਂ ਹੋਇਆਂ ਵੀ ਪਟਣੇ ਨਹੀਂ ਠਹਿਰੇ ਸਨ ਸਗੋਂ ਆਪਣੇ ਕੁਝ ਮੁਖੀ ਸਿੱਖਾਂ ਨੂੰ ਪਟਣਾ ਸਾਹਿਬ ਭੇਜਿਆ ਸੀ ਤਾਂ ਕਿ ਉਹ ਪਰਿਵਾਰ ਨੂੰ ਪੰਜਾਬ ਵਿਚ ਲੈ ਕੇ ਜਾ ਸਕਣ।
ਗੁਰੂ ਤੇਗ ਬਹਾਦੁਰ ਜੀ ਦੀਆਂ ਹਦਾਇਤਾਂ ਮੁਤਾਬਕ ਸਾਰਾ ਪਰਿਵਾਰ, ਸਮੇਤ ਬਾਲ ਗੋਬਿੰਦ ਜੀ ਦੇ, ਪਟਣਾ ਸਾਹਿਬ ਤੋਂ ਚੱਲ ਕੇ, ਰੱਥਾਂ ਅਤੇ ਘੋੜਿਆਂ ਉਪਰ ਪੈਂਡਾ ਤਹਿ ਕਰਦਾ ਹੋਇਆ, 1670 ਈ. ਦੇ ਸਤੰਬਰ-ਅਕਤੂਬਰ ਦੇ ਮਹੀਨੇ ਵਿਚ ਲਖਨੌਰ ਸਾਹਿਬ (ਅੰਬਾਲਾ) ਪਹੁੰਚ ਗਿਆ ਸੀ । ਲਖਨੌਰ ਗੁਰੂ ਤੇਗ ਬਹਾਦੁਰ ਜੀ ਦੇ ਸਹੁਰੇ ਸਨ । ਇੱਥੇ ਪਰਿਵਾਰ ਕੁਝ ਸਮਾਂ ਰਹਿ ਕੇ 1671 ਈ. ਦੇ ਅਖ਼ੀਰ ਵਿਚ ਜਾਂ 1672 ਈ. ਦੇ ਸ਼ੁਰੂ ਵਿਚ ਡਰੋਲੀ ਭਾਈ ਕੀ, ਮੱਲਾ ਅਤੇ ਬਾਬਾ ਬਕਾਲਾ ਵਿਖੇ ਠਹਿਰਦਾ ਹੋਇਆ ਚੱਕ-ਨਾਨਕੀ (ਆਨੰਦਪੁਰ ਸਾਹਿਬ) ਵਿਖੇ ਪਹੁੰਚਿਆ । 1672 ਈ. ਦੀ ਵਿਸਾਖੀ ਨੂੰ ਸਾਰਾ ਪਰਿਵਾਰ, ਸਮੇਤ ਗੁਰੂ ਤੇਗ ਬਹਾਦੁਰ ਜੀ ਦੇ, ਚੱਕ-ਨਾਨਕੀ ਵਿਖੇ ਸੀ। ਗੁਰੂ ਤੇਗ ਬਹਾਦੁਰ ਜੀ ਨੂੰ ਮੱਘਰ ਸੁਦੀ ਪੰਚਮੀ, ਸੰਮਤ 1732 ਬਿ. ਮੁਤਾਬਕ 11 ਨਵੰਬਰ, 1675 ਈ. ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ । ਗੁਰੂ ਜੀ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਰੰਘਰੇਟਾ ਦਿੱਲੀ ਤੋਂ ਲੈ ਕੇ 15 ਨਵੰਬਰ ਨੂੰ ਚੱਕ-ਨਾਨਕੀ ਪਹੁੰਚਿਆ ਅਤੇ ਇਸੇ ਦਿਨ ਹੀ ਇੱਥੇ ਵਰਤਮਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੀ ਥਾਂ ‘ਤੇ ਸੰਸਕਾਰ ਕਰ ਦਿੱਤਾ ਗਿਆ ਸੀ । ਗੁਰੂ ਜੀ ਦੇ ਧੜ ਦਾ ਸੰਸਕਾਰ ਦਿੱਲੀ ਵਿਖੇ ਹੀ ਕਰ ਦਿੱਤਾ ਗਿਆ ਸੀ।
ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਗੁਰਿਆਈ ਦੀਆਂ ਸਭ ਜ਼ਿੰਮੇਵਾਰੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਭਾਲ ਲਈਆਂ ਸਨ । ਉਨ੍ਹਾਂ ਦੀ ਉਮਰ ਇਸ ਸਮੇਂ ਤਕਰੀਬਨ ਨੌ ਸਾਲਾਂ ਦੀ ਸੀ। ਭਾਵੇਂ ਬਾਲ ਗੋਬਿੰਦ ਜੀ ਨੂੰ ਗੁਰਿਆਈ ਦੀ ਰਸਮ, ਗੁਰੂ ਤੇਗ ਬਹਾਦੁਰ ਜੀ, ਦਿੱਲੀ ਨੂੰ ਜਾਣ ਤੋਂ ਪਹਿਲਾਂ ਹੀ ਪੂਰੀ ਕਰ ਗਏ ਸਨ ਪਰ ਗੁਰੂ ਜੀ ਦੀ ਸ਼ਹਾਦਤ ਦੇ ਭੋਗ ਸਮੇਂ ਹੀ ਇਹ ਰਸਮ ਅਮਲੀ ਰੂਪ ਵਿਚ ਸੰਪੂਰਨ ਹੋਈ ਸੀ।