ਗੁਰੂ ਗੋਬਿੰਦ ਸਿੰਘ ਜੀ – ਆਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ

ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੇ ਬਾਅਦ ਗੁਰਿਆਈ ਧਾਰਨ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਜੱਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ। ਇਸ ਸਮੇਂ ਦੀਆਂ ਕਾਰਵਾਈਆਂ ਬਾਰੇ ‘ਬਚਿੱਤ੍ਰ ਨਾਟਕ” ਵਿਚ ਬਹੁਤ ਹੀ ਸੰਖੇਪ ਇਸ਼ਾਰਾ ਕੀਤਾ ਗਿਆ ਹੈ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ : “ਰਾਜ ਸਾਜ ਹਮ ਪਰ ਜਬ ਆਯੋ ॥ ਜਥਾ ਸਕਤ ਤਬ ਧਰਮ ਚਲਾਯੋ । ਭਾਂਤਿ ਭਾਂਤਿ ਬਨ ਖੇਲ ਸਿਕਾਰਾ । ਮਾਰੇ ਰੀਛ ਰੋਝ ਝੰਖਾਰਾ ।” ਇਸ ਸੰਖੇਪ ਜਾਣਕਾਰੀ ਤੋਂ ਬਾਅਦ ਇਕ ਦਮ ਪਾਉਂਟਾ ਸਾਹਿਬ ਜਾਣ ਦੀ ਗੱਲ ਲਿਖੀ ਗਈ ਹੈ । ਉਕਤ ਤੁਕਾਂ ਦਾ ਮਤਲਬ ਹੈ ਕਿ “ਜਦੋਂ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੇ ਜਿੰਮੇ ਰਾਜ-ਸਾਜ ਦਾ ਕੰਮ ਆ ਪਿਆ ਤਾਂ ਉਨ੍ਹਾਂ ਨੇ ਆਪਣੀ ਸ਼ਕਤੀ ਮੁਤਾਬਕ ਧਰਮ ਨੂੰ ਸੰਗਠਿਤ ਕੀਤਾ । ਜੰਗਲ ਵਿਚ ਭਾਂਤ ਭਾਂਤ ਦੇ ਸ਼ਿਕਾਰ ਖੇਡੇ ਜਾਂਦੇ ਸਨ ਅਤੇ ਰਿੱਛ, ਰੋਝ ਅਤੇ ਬਾਰਾਂ ਸਿੰਗਿਆਂ ਨੂੰ ਮਾਰਿਆ ਜਾਂਦਾ ਸੀ ।” ਵੈਸੇ ਇਨ੍ਹਾਂ ਤਕਾਂ ਵਿਚਲੇ ਸ਼ਬਦ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ ਅਤੇ ਨਾ ਹੀ ਇਕ ਦੂਜੇ ਨਾਲ ਮੇਲ ਖਾਂਦੇ ਹਨ। ਰਾਜ-ਸਾਜ ਦਾ ਸਬੰਧ ਧਰਮ ਚਲਾਯੋ ਨਾਲ ਮੇਲ ਨਹੀਂ ਖਾਂਦਾ ਅਤੇ ਜੰਗਲ ਵਿਚ ਸ਼ਿਕਾਰ ਖੇਡਣ ਦੀ ਗੱਲ ਗੁਰੂ ਤੇਗ ਬਹਾਦੁਰ ਜੀ ਦੀ ਦਿਲ-ਕੰਬਾਊ ਸ਼ਹਾਦਤ ਦੇ ਗੰਭੀਰ ਮਾਹੌਲ ਨਾਲ ਨਹੀਂ ਢੁੱਕਦੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਸ਼ਹਾਦਤ ਤੋਂ ਪਿੱਛੋਂ ਗੁਰਿਆਈ ਧਾਰਨ ਕੀਤੀ ਸੀ । ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਸਮੁੱਚੇ ਸਿੱਖ ਜਗਤ ਨੂੰ ਹਲੂਣਾ ਦੇ ਗਈ ਸੀ । ਐਸੇ ਸੋਗਮਈ ਅਤੇ ਗੰਭੀਰ ਮਾਹੌਲ ਵਿਚ ਸਿੱਖ ਜਗਤ ਨੂੰ ਆਪਣੀ ਰੱਖਿਆ ਦੀ ਸਭ ਤੋਂ ਵੱਡੀ ਚਿੰਤਾ ਸੀ। ਲੋੜ ਆਪਣੇ ਆਪ ਨੂੰ ਔਰੰਗਜ਼ੇਬ ਦੇ ਰੂਪ ਵਿਚ ਸਾਹਮਣੇ ਦਿੱਸ ਰਹੇ ਖਤਰੇ ਤੋਂ ਬਚਾ ਕੇ ਰੱਖਣ ਦੀ ਸੀ। ਅਜਿਹੇ ਖਤਰੇ ਅਤੇ ਗੰਭੀਰਤਾ ਭਰੇ ਮਾਹੌਲ ਵਿਚ ਰਾਜ-ਸਾਜ ਅਤੇ ਸ਼ਿਕਾਰ ਖੇਡਣ ਦੀਆਂ ਗੱਲਾਂ ਤੋਂ ਕੋਈ ਢੁਕਵੀਂ ਤਸਵੀਰ ਨਹੀਂ ਉਲੀਕੀ ਜਾ ਸਕਦੀ । ਨਿਸ਼ਚੇ ਹੀ ਇਸ ਤੋਂ ਇਲਾਵਾ ਹੋਰ ਘਟਨਾ-ਕਰੱਮ ਚਲਿਆ ਹੋਣਾ ਹੈ

ਬਿਲਾਸਪੁਰ ਦੀ ਰਿਆਸਤ ਬੇਸ਼ੱਕ ਮੁਗ਼ਲ ਹਕੂਮਤ ਤੋਂ ਸੁਤੰਤਰ ਰਿਆਸਤ ਸੀ ਪਰ ਆਖਰ ਇਹ ਵੀ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਅਧੀਨ ਸੀਹੋਰਨਾਂ ਪਹਾੜੀ ਰਿਆਸਤਾਂ ਵਾਂਗ ਇਹ ਵੀ ਬਾਦਸ਼ਾਹ ਨੂੰ ਸਾਲਾਨਾ ਕਰ ਭਰਦੀ ਸੀ। ਅੰਤਮ ਸ਼ਕਤੀ ਮੁਗ਼ਲ ਬਾਦਸ਼ਾਹ ਹੀ ਸੀ । ਇਨ੍ਹਾਂ ਨੂੰ ਆਪਣਾ ਸਿੱਕਾ ਜਾਰੀ ਕਰਨ ਦੀ ਵੀ ਸੁਤੰਤਰਤਾ ਨਹੀਂ ਸੀ। ਇਸ ਲਈ ਬਾਦਸ਼ਾਹ ਦੇ ਹੁਕਮਾਂ ਨੂੰ ਇਹ ਰਿਆਸਤ ਨਜ਼ਰਅੰਦਾਜ਼ ਨਹੀਂ ਕਰ ਸਕਦੀ ਸੀ ਅਤੇ ਨਾ ਹੀ ਇਹ ਰਿਆਸਤ ਸੈਨਿਕ ਤੌਰ ‘ਤੇ ਇਤਨੀ ਮਜ਼ਬੂਤ ਸੀ ਕਿ ਇਸ ਬਾਰੇ ਇਹ ਸੋਚਿਆ ਜਾ ਸਕੇ ਕਿ ਇਹ ਮੁਗ਼ਲ ਹਕੂਮਤ ਦੀ ਵਿਸ਼ਾਲ ਤਾਕਤ ਨਾਲ ਮੱਥਾ ਲਾਉਣ ਦੀ ਸਮਰੱਥਾ ਰੱਖਦੀ ਸੀ । ਵੈਸੇ ਤਾਂ ਬਾਈ ਧਾਰਾਂ ਦੀਆਂ ਸਾਰੀਆਂ ਹੀ ਰਾਜਪੂਤ ਰਿਆਸਤਾਂ ਕਮਜ਼ੋਰ ਸਨ ਅਤੇ ਬਿਲਾਸਪੁਰ (ਕਹਿਲੂਰ) ਵੀ ਇਕ ਸਾਧਾਰਨ ਰਿਆਸਤ ਸੀ । ਅਜਿਹੀ ਸਾਧਾਰਨ ਰਿਆਸਤ ਕਦੇ ਵੀ ਔਰੰਗਜ਼ੇਬ ਜੈਸੇ ਸ਼ਕਤੀਸ਼ਾਲੀ ਬਾਦਸ਼ਾਹ ਨਾਲ ਵਿਰੋਧਤਾ ਵਿਚ ਆਉਣ ਬਾਰੇ ਨਹੀਂ ਸੋਚ ਸਕਦੀ ਸੀ । ਗੁਰੂ ਸਾਹਿਬ ਦੇ ਮੁਤੱਲਕ ਔਰੰਗਜ਼ੇਬ ਦਾ ਇਕੋ ਇਸ਼ਾਰਾ ਇਨ੍ਹਾਂ ਰਿਆਸਤਾਂ ਦੇ ਰਾਜਿਆਂ ਲਈ ਵਾਧੂ ਹੋਣਾ ਸੀ ।

ਦੂਸਰੀ ਗੱਲ ਇਹ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਨ੍ਹਾਂ ਰਿਆਸਤਾਂ ਨਾਲ ਗੁਰੂ ਘਰ ਦੇ ਸਬੰਧ ਮੁੱਢ ਤੋਂ ਹੀ ਬਹੁਤ ਅੱਛੇ ਰਹੇ ਸਨ । ਇਹ ਅੱਛੇ ਸਬੰਧਾਂ ਕਰਕੇ ਹੀ ਸੀ ਕਿ ਪਹਿਲਾਂ ਕੀਰਤਪੁਰ ਸਾਹਿਬ ਅਤੇ ਪਿੱਛੋਂ ਆਨੰਦਪੁਰ ਸਾਹਿਬ ਜੈਸੇ ਨਗਰ ਇਸ ਰਿਆਸਤ ਵਿਚ ਵਸਾਏ ਗਏ ਸਨ । ਇਸ ਲਈ ਗੁਰੂ ਜੀ ਦੀ ਹਰ ਕਾਰਵਾਈ ਅਤੇ ਹਰ ਕਦਮ ਨੂੰ ਇਸੇ ਮਾਹੌਲ ਅਨੁਸਾਰ ਦੇਖਿਆ ਜਾਣਾ ਚਾਹੀਂਦਾ ਹੈ

ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਾਉਂਟਾ ਸਾਹਿਬ ਵਿਖੇ ਜਾਇਆ ਗਿਆ ਸੀ ਤਾਂ ਇਸ ਦੇ ਕਾਰਣਾਂ ਵਿਚ ਸਾਡੀਆਂ ਮੁੱਢਲੀਆਂ ਗੁਰਮੁੱਖੀ ਦੀਆਂ ਲਿਖਤਾਂ’ ਵਿਚ ਜੋ ਹਵਾਲੇ ਦਿੱਤੇ ਗਏ ਹਨ ਉਹ ਉਪਰੋਕਤ ਰੌਸ਼ਨੀ ਵਿਚ ਰੱਖਿਆਂ ਸਹੀ ਨਹੀਂ ਮੰਨੇ ਜਾ ਸਕਦੇ। ਇਨ੍ਹਾਂ ਮੁਤਾਬਕ ਬਿਲਾਸਪੁਰ ਦੇ ਰਾਜੇ ਵੱਲੋਂ ਆਪਣੇ ਪੁੱਤਰ ਦੀ ਸ਼ਾਦੀ ਵਿਚ ਗੁਰੂ ਜੀ ਪਾਸੋਂ ਕੁਝ ਵਸਤਾਂ ਉਧਾਰੀਆਂ ਮੰਗੀਆਂ ਗਈਆਂ ਸਨ ਅਤੇ ਗੁਰੂ ਜੀ ਵੱਲੋਂ ਇਹ ਵਸਤਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਗੱਲ ਬਿਲਕੁਲ ਤਰਕ-ਰਹਿਤ ਅਤੇ ਕਲਪਿਤ ਹੈ । ਪਹਿਲੀ ਗੱਲ, ਨਾ ਹੀ ਤਾਂ ਕੋਈ ਰਾਜਾ ਇਉਂ ਉਧਾਰੀਆਂ ਵਸਤਾਂ ਮੰਗੇਗਾ ਅਤੇ ਨਾ ਹੀ ਗੁਰੂ ਸਾਹਿਬ ਇਉਂ ਦੇਣ ਤੋਂ ਇਨਕਾਰ ਕਰਨਗੇ । ਇਸ ਦਲੀਲ ਵਿਚ ਕੋਈ ਵੀ ਵਜ਼ਨ ਜਾਂ ਤਰਕ ਨਹੀਂ ਹੈ । ਇਸੇ ਤਰ੍ਹਾਂ ਦੂਜਾ ਕਾਰਣ ਇਹ ਦੱਸਿਆ ਗਿਆ ਹੈ ਕਿ ਗੁਰੂ ਜੀ ਨੇ ਕਿਉਂਕਿ ਆਪਣੇ ਪਿਤਾ ਗੁਰੂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜੰਗੀ ਤਿਆਰੀਆਂ ਕਰਨੀਆਂ ਸਨ ਇਸ ਲਈ ਆਨੰਦਪੁਰ ਸਾਹਿਬ ਜਿਆਦਾ ਸੁਰੱਖਿਅਤ ਥਾਂ ਨਹੀਂ ਸੀ । ਪਾਉਂਟਾ ਸਾਹਿਬ ਇਸ ਨਾਲੋਂ ਵੱਧ ਸੁਰੱਖਿਅਤ ਥਾਂ ਸੀ । ਇਹ ਗੱਲ ਵੀ ਉਕਤ ਗੱਲ ਦੀ ਤਰ੍ਹਾਂ ਗਲਤ ਹੈ। ਗੁਰੂ ਸਾਹਿਬ ਨੇ ਤਾਂ ਜੰਗੀ ਤਿਆਰੀਆਂ ਕੀਤੀਆਂ ਹੀ ਨਹੀਂ ਸਨ ਅਤੇ ਨਾ ਹੀ ਗੁਰੂ ਸਾਹਿਬ ਦਾ ਇਹ ਮਿਸ਼ਨ ਹੀ ਸੀ । ਜੰਗੀ ਤਿਆਰੀਆਂ ਕਰਨ ਦਾ ਮਤਲਬ ਸੀ ਗੁਰੂ ਜੀ ਵੱਲੋਂ ਮੁਗ਼ਲ ਹਕੂਮਤ ਉਪਰ ਹਮਲਾ ਕਰਨ ਦਾ ਇਰਾਦਾ ਸੀ । ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਤਿਆਰੀਆਂ ਕਰਕੇ ਮੁਗ਼ਲ ਹਕੂਮਤ ਉਪਰ ਹਮਲਾ ਕਰਨਾ ਮੀ ਫਿਰ ਤਾਂ ਇਹ ਧਾਰਮਿਕ ਮਿਸ਼ਨ ਨਾ ਹੋਇਆ? ਜਦੋਂ ਕਿ ਗੁਰੂ ਸਾਹਿਬ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ। ਗੁਰੂ ਸਾਹਿਬ ਦੇ ਜੀਵਨ ਦੀਆਂ ਅਗਲੀਆ ਘਟਨਾਵਾਂ ਨੇ ਵੀ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਉਨ੍ਹਾਂ ਦੀਆਂ ਮੁੱਢਲੀਆਂ ਲੜਾਈਆਂ ਮੁਗ਼ਲ ਹਕੂਮਤ ਨਾਲ ਨਹੀਂ ਸਨ ਸਗੋਂ ਪਹਾੜੀ ਰਾਜਪੂਤ ਰਾਜਿਆਂ ਨਾਲ ਹੀ ਹੋਈਆਂ ਸਨ । ਮੁਗ਼ਲ ਹਕੂਮਤ ਨਾਲ ਤਾਂ ਸਿੱਧੀ ਲੜਾਈ ਕੋਈ ਵੀ ਨਹੀਂ ਹੋਈ ਸੀ ਅਤੇ ਹਰ ਲੜਾਈ ਗੁਰੂ ਸਾਹਿਬ ਨੂੰ ਆਪਣੀ ਰੱਖਿਆ ਲਈ ਕਰਨੀ ਪਈ ਸੀ । ਜੰਗੀ ਤਿਆਰੀਆਂ ਦਾ ਮਤਲਬ ਸਿਰਫ ਇਕ ਨੀਅਤ ਸਮੇਂ ਵਿਚ ਸੈਨਿਕ ਤਾਕਤ ਇਕੱਠੀ ਕਰਕੇ ਦੁਸ਼ਮਣ ਉਪਰ ਹਮਲਾ ਕਰਨ ਦਾ ਹੀ ਹੁੰਦਾ ਹੈ। ਇਹ ਗੱਲ ਗੁਰੂ ਸਾਹਿਬ ਨੇ ਇਕ ਵਾਰ ਵੀ ਨਹੀਂ ਕੀਤੀ ਸਗੋਂ ਗੁਰੂ ਸਾਹਿਬ ਆਪਣੇ ਬਚਾਓ ਲਈ ਇਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਤੀਜੀ ਥਾਂ ਨੂੰ ਛੱਡਦੇ ਰਹੇ ਸਨ । ਇਸ ਕਰਕੇ ਇਹ ਜੰਗੀ ਤਿਆਰੀਆਂ ਕਰਨ ਦੀ ਗੱਲ ਵੀ ਉਸੇ ਤਰ੍ਹਾਂ ਹੀ ਗਲਤ ਹੈ ਜਿਸ ਤਰ੍ਹਾਂ ਰਾਜੇ ਵੱਲੋਂ ਆਪਣੇ ਪੁੱਤਰ ਦੀ ਸ਼ਾਦੀ ਵਿਚ ਵਸਤਾਂ ਉਧਾਰ ਮੰਗਣ ਦੀ ਗੱਲ ਗਲਤ वै।

ਸੰਭਵ ਤੌਰ ‘ਤੇ ਮੁੱਖ ਕਾਰਣ ਇਹ ਜਾਪਦਾ ਹੈ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਪਿੱਛੋਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਉਪਰ ਸਖ਼ਤ ਨਿਗਰਾਨੀ ਰੱਖੀ ਹੋਵੇ ਅਤੇ ਇਸ ਸਖ਼ਤ ਨਿਗਰਾਨੀ ਲਈ ਬਿਲਾਸਪੁਰ ਦੇ ਰਾਜੇ ਨੂੰ ਲੋੜੀਂਦੇ ਹੁਕਮ ਕੀਤੇ ਗਏ ਹੋਣ । ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਅਤੇ ਬਿਲਾਸਪੁਰ ਦੇ ਰਾਜੇ ਦੇ ਵਿਚਕਾਰ ਆਪਸੀ ਸਹਿਮਤੀ ਨਾਲ ਆਨੰਦਪੁਰ ਸਾਹਿਬ ਦੀ ਰਿਹਾਇਸ਼ ਕੁਝ ਸਮੇਂ ਲਈ ਛੱਡ ਜਾਣ ਦੀ ਗੱਲ ਤਹਿ ਕਰ ਲਈ ਗਈ ਹੋਵੇ। ਰਹਿਣ ਲਈ ਤਾਂ ਹਿੰਡੂਰ ਦੀ ਰਿਆਸਤ ਵੀ ਆਨੰਦਪੁਰ ਸਾਹਿਬ ਦੇ ਨੇੜੇ ਸੀ ਅਤੇ ਬਸੋਲੀ ਦੀ ਰਿਆਸਤ ਵੀ। ਪਰ ਕਿਉਂਕਿ ਆਨੰਦਪੁਰ ਸਾਹਿਬ ਵਿਖੇ ਅਤੇ ਇਸ ਦੇ ਨੇੜੇ ਦੇ ਵੀ ਕਿਸੇ ਅਸਥਾਨ ‘ਤੇ ਗੁਰੂ ਜੀ ਨੇ ਰਹਿਣਾ ਨਹੀਂ ਸੀ ਇਸ ਲਈ ਆਨੰਦਪੁਰ ਸਾਹਿਬ ਤੋਂ ਦੂਰ ਨਾਹਨ ਰਿਆਸਤ ਵਿਚ ਪਾਉਂਟਾ ਸਾਹਿਬ ਵਿਖੇ ਰਿਹਾਇਸ਼ ਕੀਤੀ ਗਈ ਸੀ।

ਆਨੰਦਪੁਰ ਸਾਹਿਬ ਤੋਂ ਲੈ ਕੇ ਪਾਉਂਟਾ ਸਾਹਿਬ ਤੱਕ ਦਾ ਜਿਹੜਾ ਰਸਤਾ ਅਪਣਾਇਆ ਗਿਆ ਸੀ ਉਸ ਰਸਤੇ ਵਿਚ ਅੱਜ ਅਨੇਕਾਂ ਹੀ ਅਸਥਾਨ ਸਾਡੇ ਸਾਹਮਣੇ ਹਨ ਜਿਨ੍ਹਾਂ ਵਿਖੇ ਗੁਰੂ ਸਾਹਿਬ ਅਤੇ ਉਹਨਾਂ ਦੇ ਵਹੀਰ ਦੇ ਠਹਿਰਣ ਦੀਆਂ ਰਵਾਇਤਾਂ ਮਿਲਦੀਆਂ ਹਨ । ਇਨ੍ਹਾਂ ਸਭ ਥਾਵਾਂ ਉਪਰ ਗੁਰਦੁਆਰੇ ਵੀ ਸ਼ਸ਼ੋਭਤ ਹਨ। ਭਾਵੇਂ ਕਿ ਕਈ ਥਾਵਾਂ ਉਪਰ ਗੁਰੂ ਜੀ ਦੇ ਇਕ ਤੋਂ ਵੱਧ ਵਾਰ ਆਉਣ ਦੀਆਂ ਰਵਾਇਤਾਂ ਹਨ । ਆਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਦਾ ਮਾਰਗ ਇਕੋ ਹੀ ਸੀ । ਇਧਰੋਂ ਆਉਣ ਸਮੇਂ ਅਤੇ ਇਧਰ ਨੂੰ ਜਾਣ ਸਮੇਂ ਇਹ ਇਕੋ ਹੀ ਮਾਰਗ ਸੀ। ਇਸ ਕਰਕੇ ਇਸ ਮਾਰਗ ਉਪਰਲੇ ਅਸਥਾਨਾਂ ਨਾਲ ਗੁਰੂ ਸਾਹਿਬ ਦੇ ਆਉਣ ਜਾਣ ਦੇ ਵਖਰੇਵੇਂ ਨੂੰ ਬਿਆਨ ਕਰਨਾ ਕੁਝ ਮੁਸ਼ਕਲ ਹੈ। ਰੋਪੜ ਤੋਂ ਅੱਗੇ ਦਾ ਮਾਰਗ ਦੋ ਜਾਂ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇੱਥੋਂ ਸਿੱਧਾ ਅੰਬਾਲੇ ਰਾਹੀਂ ਵੀ ਵੱਖ ਵੱਖ ਪਿੰਡਾਂ ਵਿਚੋਂ ਦੀ ਕੋਈ ਸਥਾਨਕ ਮਾਰਗ ਅਪਣਾਇਆ ਜਾ ਸਕਦਾ ਸੀ ਜਾਂ ਰੋਪੜ ਤੋਂ ਕੁਰਾਲੀ, ਮਨੀ ਮਾਜਰਾ (ਵਰਤਮਾਨ ਚੰਡੀਗੜ੍ਹ) ਅਤੇ ਨਾਡਾ ਸਾਹਿਬ ਰਾਹੀਂ ਵੀ ਮਾਰਗ ਅਪਣਾਇਆ ਜਾ ਸਕਦਾ ਸੀ । ਤੀਜਾ ਜਿਹੜਾ ਇਕ ਹੋਰ ਮਾਰਗ ਉਲੀਕਿਆ ਜਾ ਸਕਦਾ ਹੈ ਉਹ ਹਰਿਆਣੇ ਅਤੇ ਹਿਮਾਚਲ ਪਰਦੇਸ਼ ਦੀ ਸਾਂਝੀ ਹੱਦ ਉਪਰ ਵਸੇ ਕਾਲਾ ਅੰਬ ਤੋਂ ਵੱਖਰਾ ਹੋ ਜਾਂਦਾ ਹੈ । ਇਕ ਉਪ-ਮਾਰਗ ਕਾਲਾ ਅੰਬ ਤੋਂ ਨਾਹਨ ਵੱਲ ਦਾ ਬਣਦਾ ਹੈ ਅਤੇ ਦੂਜਾ ਕਾਲਾ ਅੰਬ ਤੋਂ ਸਢੌਰੇ ਅਤੇ ਕਪਾਲ ਮੋਚਨ ਵੱਲ ਦਾ ਬਣਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਨੂੰ ਜਾਣ ਸਮੇਂ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੋਪੜ, ਕੁਰਾਲੀ, ਮੁਹਾਲੀ ਵਿਚੋਂ ਦੀ (ਅੰਬਾਲਾ ਜਿਲ੍ਹੇ ਵਿਚਲਾ) ਨਰਾਇਣਗੜ੍ਹ, ਟੋਕਾ ਸਾਹਿਬ, ਕਾਲਾ ਅੰਬ ਅਤੇ ਨਾਹਨ ਵਿਚਲਾ ਮਾਰਗ ਅਪਣਾਇਆ ਸੀ। ਇਸ ਭਾਵ ਦੀਆਂ ਰਵਾਇਤਾਂ ਉਕਤ ਦੱਸੇ ਅਸਥਾਨਾਂ ਨਾਲ ਸਬੰਧਤ ਹਨ । ਪਾਉਂਟਾ ਸਾਹਿਬ ਤੋਂ ਵਾਪਸ ਆਨੰਦਪੁਰ ਸਾਹਿਬ ਨੂੰ ਆਉਣ ਸਮੇਂ ਦਾ ਰਸਤਾ ਇਸ ਪਹਿਲੇ ਮਾਰਗ ਨਾਲੋਂ ਵੱਖਰਾ ਸੀ । ਇਹ ਪਾਉਂਟਾ ਸਾਹਿਬ ਤੋਂ ਸਿੱਧਾ ਬੂੜੀਆਂ, ਜਗਾਧਰੀ ਅਤੇ ਕਪਾਲ ਮੋਚਨ ਵਿਚੋਂ ਦੀ ਸਢੌਰਾ, ਕਾਲਾ ਅੰਬ, ਰਾਣੀ ਕਾ ਰਾਏਪੁਰ, ਨਾਡਾ ਸਾਹਿਬ ਅਤੇ ਮਨੀਮਾਜਰਾ ਵਿਚੋਂ ਦੀ ਸੀ । ਭਾਵ ਕਿ ਪਾਉਂਟਾ ਸਾਹਿਬ ਨੂੰ ਜਾਣ ਸਮੇਂ ਰਸਤਾ ਛੁਟੇਰਾ ਸੀ ਅਤੇ ਆਉਣ ਸਮੇਂ ਲੰਮੇਰਾ ਸੀ । ਇਸ ਤਰ੍ਹਾਂ ਇਨ੍ਹਾਂ ਛੁਟੇਰੇ ਅਤੇ ਲੰਮੇਰੇ ਰਸਤਿਆਂ ਤੋਂ ਗੁਰੂ ਜੀ ਦੇ ਅੰਦਾਜ਼ ਦਾ ਵੀ ਅੰਦਾਜਾ ਲਗਾ ਸਕਦੇ ਹਾਂ । ਜਾਣ ਸਮੇਂ ਕਿਉਂਕਿ ਇਕ ਨਵੀਂ ਥਾਂ ਰਿਹਾਇਸ਼ ਲਈ ਸਥਾਪਤ ਕਰਨੀ ਸੀ ਇਸ ਲਈ ਛੁਟੇਰਾ ਰਸਤਾ ਅਪਣਾਇਆ ਗਿਆ ਸੀ ਪਰ ਆਉਣ ਸਮੇਂ ਗੁਰੂ ਜੀ ਭੰਗਾਣੀ ਦੀ ਲੜਾਈ ਜਿੱਤਣ ਕਰਕੇ ਜੇਤੂ ਅੰਦਾਜ ਵਿਚ ਸਨ ਇਸ ਲਈ ਇਸ ਸਮੇਂ ਵੱਧ ਤੋਂ ਵੱਧ ਪਿੰਡਾਂ ਵਿਚੋਂ ਦੀ ਹੋ ਕੇ ਚਲਦੇ ਸਨ ।

ਇਸ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਛੋਟਾ ਅਤੇ ਸਿੱਧਾ ਰਸਤਾ ਅਪਣਾਉਂਦੇ ਹੋਏ ਗੁਰੂ ਸਾਹਿਬ ਆਪਣੇ ਵਹੀਰ ਨਾਲ ਨਾਹਨ ਸ਼ਹਿਰ ਪਹੁੰਚੇ । ਇਹ ਸਮਾਂ1684-85 ਈ. ਦਾ ਸੀ । ਭਾਵੇਂ ਇਹ ਮਿਤੀ ਕਿਸੇ ਵੀ ਭਰੋਸੇਯੋਗ ਸਰੋਤ ਤੋਂ ਨਹੀਂ ਮਿਲਦੀ ਪਰ ਪਿਛਲੇਰੇ ਸਰੋਤਾਂ ਵਿਚ ਦਿੱਤੀ ਗਈ ਜਿਸ ਮਿਤੀ ‘ਤੇ ਨਿਰਭਰ ਕੀਤਾ ਜਾ ਸਕਦਾ ਹੈ ਉਸ ਅਨੁਸਾਰ ਇਹ ਹੀ ਸਮਾਂ ਬਣਦਾ ਹੈ। ਇਹ ਮਿਤੀਆਂ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਅਤੇ ਤਵਾਰੀਖ ਗੁਰੂ ਖਾਲਸਾ ਵਿਚ ਦਿੱਤੀਆਂ ਗਈਆਂ ਹਨ। ਪਹਿਲੀ ਲਿਖਤ ਵਿਚ ਨਾਹਨ ਪਹੁੰਚਣ ਦੀ ਮਿਤੀ 17 ਵਿਸਾਖ, ਸੰਮਤ 1742 ਬਿ. ਮੁਤਾਬਕ ਅਪਰੈਲ, 1685 ਈ. ਦਿੱਤੀ ਗਈ ਹੈ। ਦੂਜੀ ਵਿਚ ਕੁਝ ਅਸਿੱਧੇ ਜਿਹੇ ਢੰਗ ਨਾਲ ਲਿਖਿਆ ਗਿਆ ਹੈ। ਗਯਾਨ ਸਿੰਘ ਲਿਖਦਾ ਹੈ ਕਿ 7 ਵਿਸਾਖ, ਸੰਮਤ 1741 ਬਿ. ਨੂੰ ਗੁਰੂ ਜੀ ਦੀ ਮਾਤਾ ਸੁੰਦਰੀ ਜੀ ਨਾਲ ਸ਼ਾਦੀ ਹੋਈ ਅਤੇ ਇਸੇ ਸਾਲ ਦੇ ਜੇਠ ਮਹੀਨੇ ਗੁਰੂ ਸਾਹਿਬ ਨਾਹਨ ਜਾ ਠਹਿਰੇ ਸਨ । ਇਸ ਹਿਸਾਬ ਨਾਲ ਇਹ ਮਿਤੀ ਅਪਰੈਲ, 1784 ਈ. ਬਣਦੀ ਹੈ। ਗੁਰੂ ਕੀਆ ਸਾਖੀਆਂ ਵਿਚ ਵੀ ਇਹ ਮਿਤੀ ਸ਼ਾਹੀਦ ਬਿਲਾਸ ਵਿਚਲੀ ਮਿਤੀ ਨਾਲ ਮਿਲਦੀ ਜੁਲਦੀ ਦਿੱਤੀ ਗਈ ਹੈ । ਇਸ ਤਰ੍ਹਾਂ ਮੰਨਣਯੋਗ ਮਿਤੀ 1785 ਈ. ਦੀ ਵਿਸਾਖੀ ਹੀ ਅਪਣਾਈ ਜਾ ਸਕਦੀ ਹੈ।

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਫਲਸਰੂਪ 1685 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਾਉਂਟਾ ਸਾਹਿਬ ਜਾਣ ਦੀ ਤਿਆਰੀ ਕੀਤੀ। ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦੇ ਕਾਰਣਾ ਨੂੰ ਪਿੱਛੇ ਵਿਚਾਰਿਆ ਜਾ ਚੁੱਕਿਆ ਹੈ। ਨਾਹਨ ਦੀ ਰਿਆਸਤ ਨਾਲ ਗੁਰੂ ਘਰ ਦੇ ਮੁੱਢ ਤੋਂ ਹੀ ਬਹੁਤ ਅੱਛੇ ਸਬੰਧ ਸਨ। ਗੁਰੂ ਕੀਆਂ ਸਾਖੀਆਂ ਵਿਚ ਦੱਸਿਆ ਗਿਆ ਹੈ ਕਿ 1685 ਈ. ਦੀ ਵਿਸਾਖੀ ਆਨੰਦਪੁਰ ਸਾਹਿਬ ਵਿਚ ਮਨਾਉਣ ਤੋਂ ਪਿੱਛੋਂ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਨੂੰ ਰਵਾਨਗੀ ਕੀਤੀ ਸੀ; ਰਸਤਾ ਬਹੁਤ ਲੰਮਾ ਸੀ । ਅਜੋਕੇ ਯੁੱਗ ਦੀਆਂ ਸੜਕਾਂ ਮੁਤਾਬਕ ਪਾਉਂਟਾ ਸਾਹਿਬ ਦੀ ਦੂਰੀ ਆਨੰਦਪੁਰ ਸਾਹਿਬ ਤੋਂ ਤਕਰੀਬਨ ਦੋ ਸੌ ਕਿਲੋਮੀਟਰ ਬਣਦੀ ਹੈ। ਉਸ ਸਮੇਂ ਇਹ ਸਾਰਾ ਕੱਚਾ ਅਤੇ ਵਿੰਗ-ਵਲੇਵਿਆਂ ਵਾਲਾ ਰਸਤਾ ਸੀ । ਗੁਰੂ ਜੀ ਨੇ ਘੋੜਿਆਂ, ਊਠਾਂ, ਰੱਥਾਂ ਅਤੇ ਗੱਡਿਆਂ ਉਪਰ ਮਾਲ-ਅਸਬਾਬ ਲਦਾ ਕੇ ਪਾਉਂਟਾ ਸਾਹਿਬ ਨੂੰ ਜਾਣ ਲਈ ਨੇੜੇ ਤੋਂ ਨੇੜੇ ਦੇ ਰਸਤੇ ਨੂੰ ਅਪਣਾਇਆ। ਕੀਰਤਪੁਰ ਸਾਹਿਬ, ਭਰਤਗੜ੍ਹ, ਰੋਪੜ, ਖਰੜ, ਮਨੀਮਾਜਰਾ, ਨਾਡਾ ਸਾਹਿਬ, ਮਾਣਕ ਟਬਰਾ, ਰਾਣੀ ਕਾ ਰਾਏਪੁਰ, ਨਾਰਾਇਣਗੜ੍ਹ ਅਤੇ ਕਾਲਾ ਅੰਬ ਰਾਹੀਂ ਹੁੰਦੇ ਹੋਏ ਗੁਰੂ ਸਾਹਿਬ ਦਾ ਵਹੀਰ ਨਾਹਨ ਪਹੁੰਚਿਆ ਸੀ । ਨਾਹਨ ਖਾਸ ਵਿਖੇ ਰਾਜਾ ਮੇਦਨੀ ਪਰਕਾਸ਼ ਨੇ ਵਰਤਮਾਨ ਕਾਲਜ ਦੇ ਗਰਾਊਂਡਾਂ ਵਾਲੀ ਥਾਂ ‘ਤੇ ਗੁਰੂ ਜੀ ਨੂੰ ਜੀ ਆਇਆਂ ਕਿਹਾ। ਇਸ ਸਬੰਧ ਵਿਚ ਭਾਈ ਸੁੱਖਾ ਸਿੰਘ ਦੀਆਂ ਇਨ੍ਹਾਂ ਸਤਰਾਂ ਨੂੰ ਬਿਆਨਿਆ ਜਾ ਸਕਦਾ ਹੈ :

ਕਰਤ ਕੂਚ ਦਰ ਕੂਚ ਸਿਧਾਏ ॥ ਨਾਹਿਨ ਕੇ ਦੇਸਨ ਮਹਿ ਆਏ ॥

ਭੇਦ ਨਰੇਸ ਸੁਬੈ ਸੁਨ ਧਾਯੋ ॥ ਲੈਨ ਆਗਮਨੇ ਆਪੁ ਸਿਧਾਯੋ ॥

ਇੱਥੇ ਹੀ ਇਸ ਸਮੇਂ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਹੈ। ਗੁਰੂ ਜੀ ਦੇ ਕੈਂਪ ਲਈ ਇੱਥੇ ਚਾਰ ਖੂਹ ਲਗਵਾਏ ਗਏ ਸਨ। ਇਨ੍ਹਾਂ ਵਿਚੋਂ ਤਿੰਨ ਖੂਹ ਤਾਂ ਗਰਾਊਂਡ ਦੇ ਵਿਚ ਆਉਣ ਕਰਕੇ ਬੰਦ ਕਰ ਦਿੱਤੇ ਗਏ ਹਨ ਪਰ ਇਕ ਖੂਹ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਵਿਚ ਅਜੇ ਵੀ ਸੁਰੱਖਿਅਤ ਰੱਖਿਆ ਹੋਇਆ ਹੈ । ਕਿਉਂਕਿ ਇੱਥੇ ਪਾਣੀ ਦਾ ਹੋਰ ਕੋਈ ਸਰੋਤ ਨਹੀਂ ਸੀ। ਗੁਰੂ ਸਾਹਿਬ ਇੱਥੇ ਕਾਫੀ ਲੰਮਾ ਅਰਸਾ ਰਹੇ ਮਹਿਸੂਸ ਹੁੰਦੇ ਹਨ। ਇਸੇ ਸਮੇਂ ਦੌਰਾਨ ਪਾਉਂਟਾ ਸਾਹਿਬ ਵਾਲੀ ਥਾਂ ਦੀ ਚੋਣ ਕੀਤੀ ਗਈ । ਪਾਉਂਟਾ ਸਾਹਿਬ ਜਮੁਨਾ ਨਦੀ ਦੇ ਬਿਲਕੁੱਲ ਕੰਢੇ ਉਪਰ ਸਥਿਤ ਸੀ। ਇਹ ਜਮੁਨਾ ਨਦੀ ਦਾ ਮੁੱਖ ਘਾਟ ਵੀ ਸੀ ਅਤੇ ਇਹ ਨਦੀ ਨਾਹਨ ਅਤੇ ਗੜਵਾਲ ਰਿਆਸਤਾਂ ਦੀ ਆਪਸੀ ਸਾਂਝੀ ਹੱਦ ਸੀ। ਇਸ ਤਰ੍ਹਾਂ ਪਾਉਂਟਾ ਸਾਹਿਬ ਭਾਵੇਂ ਦੋਹਾਂ ਰਿਆਸਤਾਂ ਦੀ ਸਾਂਝੀ ਹੱਦ ਉਪਰ ਸੀ ਪਰ ਤਕਨੀਕੀ ਤੌਰ ‘ਤੇ ਨਦੀ ਦੇ ਸੱਜੇ ਕੰਢੇ ‘ਤੇ ਹੋਣ ਕਰਕੇ ਇਹ ਥਾਂ ਨਾਹਨ ਰਿਆਸਤ ਦੀ ਸੀ। ਕੁਝ ਲੇਖਕਾਂ ਦਾ ਇਹ ਵੀ ਮੱਤ ਹੈ ਕਿ ਰਾਜਾ ਮੇਦਨੀ ਪਰਕਾਸ਼ ਦੀ ਕਿਉਂਕਿ ਗੜ੍ਹਵਾਲ ਦੇ ਰਾਜਾ ਫਤਿਹ ਸ਼ਾਹ ਨਾਲ ਦੁਸ਼ਮਣੀ ਸੀ ਇਸ ਲਈ ਉਸ ਨੇ ਆਪਣੀ ਇਸ ਕਮਜ਼ੋਰ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਗੁਰੂ ਜੀ ਦਾ ਕੈਂਪ ਪਾਉਂਟਾ ਸਾਹਿਬ ਵਾਲੀ ਥਾਂ ‘ਤੇ ਲਗਵਾ ਦਿੱਤਾ ਸੀ । ਇਹ ਗੱਲਾਂ ਦੁਰੱਸਤ ਨਹੀਂ ਹਨ। ਗੁਰੂ ਸਾਹਿਬ ਕਿਸੇ ਇਕ ਰਿਆਸਤ ਦੇ ਹਮਾਇਤੀ ਤਾਂ ਹੈ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਨਾਹਨ ਰਿਆਸਤ ਦੀ ਕਮਜੋਰ ਹੱਦ ਨੂੰ ਸੁਰੱਖਿਅਤ ਰੱਖਣ ਦੀ ਕੋਈ ਸ਼ਰਤ ਹੀ ਮੰਨੀ ਹੋਈ ਸੀ । ਭੰਗਾਣੀ ਦੀ ਲੜਾਈ ਵਿਚ, ਜਿਹੜੀ ਕਿ ਇੱਥੇ ਰਹਿੰਦਿਆਂ 1688 ਈ. ਵਿਚ ਹੋਈ ਸੀ, ਰਾਜਾ ਮੇਦਨੀ ਪਰਕਾਸ਼ ਵੱਲੋਂ ਕੋਈ ਭਾਗ ਨਹੀਂ ਸੀ ਲਿਆ ਗਿਆ ਅਤੇ ਨਾ ਹੀ ਗੁਰੂ ਸਾਹਿਬ ਦੀ ਕੋਈ ਹੋਰ ਮੱਦਦ ਹੀ ਕੀਤੀ ਗਈ ਸੀ । ਜੇਕਰ ਦੋਹਾਂ ਰਿਆਸਤਾਂ ਵਿਚ ਦੁਸ਼ਮਣੀ ਹੁੰਦੀ ਅਤੇ ਗੁਰੂ ਜੀ ਨੂੰ ਇਸ ਮਕਸਦ ਨਾਲ ਸਾਂਝੀ ਹੱਦ ਦੇ ਉਪਰ ਵਸਾਇਆ ਹੁੰਦਾ ਤਾਂ ਕੋਈ ਕਾਰਣ ਨਹੀਂ ਸੀ ਕਿ ਆਪਣੇ ਦੁਸ਼ਮਣ ਰਾਜੇ ਦੇ ਖਿਲਾਫ਼ ਨਾਹਨ ਦਾ ਰਾਜਾ ਗੁਰੂ ਜੀ ਦੀ ਕੋਈ ਮਦਦ ਨਾ ਕਰਦਾ।

ਗੁਰੂ ਜੀ ਦਾ ਕੈਂਪ ਬਹੁਤ ਵਿਸ਼ਾਲ ਸੀ । ਜੇਕਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਹੀਂ ਹੋਣਗੇ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਤਾਂ ਨਿਸ਼ਚਿਤ ਤੌਰ ‘ਤੇ ਹੀ ਸਨ। ਸੈਂਕੜੇ ਹੀ ਘੋੜੇ ਅਤੇ ਊਠ ਹੋਣੇ ਸਨ । ਇਤਨੀ ਤਾਦਾਦ ਵਿਚ ਆਦਮੀਆਂ ਅਤੇ ਜਾਨਵਰਾਂ ਨੂੰ ਰਿਹਾਇਸ਼ ਦੇਣ ਲਈ ਅਤੇ ਹਰ ਸਮੇਂ ਅੰਨ-ਪਾਣੀ ਅਤੇ ਚਾਰਾ-ਪੱਠਾ ਦੇਣ ਲਈ ਬੜੀ ਵਿਸ਼ਾਲ ਭੂਮੀ ਦੀ ਲੋੜ ਹੁੰਦੀ ਹੈ। ਇਹ ਸਾਰਾ ਜੰਗਲੀ ਇਲਾਕਾ ਸੀ, ਨਦੀ ਦਾ ਤੱਟ ਸੀ ਅਤੇ ਖੁਲ੍ਹੀ ਥਾਂ ਸੀ । ਇੱਥੇ ਪਸ਼ੂਆਂ ਲਈ ਪਾਣੀ ਅਤੇ ਪੱਠਿਆਂ ਦੀ ਕੋਈ ਕਿੱਲਤ ਨਹੀਂ ਸੀ । ਪਾਣੀ ਖੁੱਲ੍ਹਾ ਸੀ । ਇਸ ਕਰਕੇ ਉਪਰੋਕਤ ਗੱਲਾਂ ਦੀ ਸਹੂਲਤ ਲਈ ਪਾਉਂਟਾ ਸਾਹਿਬ ਵਾਲੀ ਥਾਂ ਦੀ ਚੋਣ ਕੀਤੀ ਗਈ ਸੀ । ਗੁਰੂ ਕੀਆਂ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਜੀ 1685 ਈ. ਦੇ ਵਿਸਾਖ ਮਹੀਨੇ ਦੇ ਅਖ਼ੀਰ ਵਿਚ ਪਾਉਂਟਾ ਸਾਹਿਬ ਵਿਖੇ ਪਹੁੰਚੇ 1 ਜੇਠ ਮਹੀਨੇ ਦੀ ਸੰਗਰਾਂਦ ਨੂੰ ਦੀਵਾਨ ਨੰਦ ਚੰਦ ਨੇ ਅਰਦਾਸ ਕੀਤੀ ਅਤੇ ਭਾਈ ਰਾਮ ਕੋਇਰ ਨੇ ਆਪਣੇ ਹੱਥਾਂ ਨਾਲ ਨਵੇਂ ਮਕਾਨ ਦੀ ਨੀਂਹ ਰੱਖੀ।” ਕੁਝ ਹੀ ਸਮੇਂ ਵਿਚ ਪਾਉਂਟਾ ਸਾਹਿਬ ਵਿਖੇ ਰਿਹਾਇਸ਼ੀ ਮਕਾਨ ਉਸਾਰ ਦਿੱਤੇ ਗਏ ਸਨ । ਸਾਰੇ ਮਕਾਨ ਕਿਲਾ-ਨੁਮਾ ਸਨ । ਕਿਉਂਕਿ ਗੁਰੂ ਜੀ ਦਾ ਸਮੁੱਚਾ ਕੈਂਪ ਇਕ ਛਾਉਣੀ ਦਾ ਰੂਪ ਸੀ ਇਸ ਲਈ ਕੁੱਝ ਲੇਖਕਾਂ ਨੇ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਵੱਲੋਂ ਕਿਲਾ ਉਸਾਰਨ ਦੀ ਗੱਲ ਵੀ ਦੱਸੀ ਗਈ ਹੈ। ਪਰ ਅੱਜ ਕਲ੍ਹ ਇੱਥੇ ਕਿਲੇ ਦੇ ਕੋਈ ਨਿਸ਼ਾਨ ਨਹੀਂ ਹਨ ਅਤੇ ਨਾ ਹੀ ਇੱਥੇ ਕਿਲ੍ਹਾ ਢਹਿ ਜਾਣ ਕਰਕੇ ਕੋਈ ਥੇਹ ਹੀ ਹੈ। ਜੇਕਰ ਇੱਥੇ ਕਿਲਾ ਹੁੰਦਾ ਤਾਂ ਉਸ ਦੇ ਢਹਿ ਜਾਣ ਨਾਲ ਉਸ ਥਾਂ ਨੇ ਇਕ ਉੱਚੇ ਥੇਹ ਦਾ ਰੂਪ ਧਾਰ ਲੈਣਾ ਸੀ । ਛੇਤੀ ਹੀ ਪਾਉਂਟਾ ਸਾਹਿਬ ਵਿਖੇ ਉਸੇ ਤਰ੍ਹਾਂ ਦੀਆਂ ਹੀ ਰੌਣਕਾਂ ਲੱਗ ਗਈਆਂ ਸਨ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਸਨ। ਜਿਵੇਂ ਕਿ ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ ਕਿ :

ਕਾਲਿੰਦ੍ਰੀ ਤਟ ਕਰੇ ਬਿਲਾਸਾ। ਅਨਿਕ ਭਾਂਤ ਕੇ ਪੇਖ ਤਮਾਸਾ।

ਤਹ ਕੇ ਸਿੰਘ ਘਨੇ ਚੁਨ ਮਾਰੇ । ਰੋਝ ਰੀਛ ਬਹੁ ਭਾਂਤ ਬਿਦਾਰੇ।

ਭਾਵ ਕਿ ਨਾਗਿਨ ਵਾਂਗ ਵੱਲ ਖਾਂਦੀ ਜਾਂਦੀ ਨਦੀ (ਜਮੁਨਾ) ਦੇ ਕਿਨਾਰੇ ਉਪਰ ਰਹਿੰਦਿਆਂ ਅਨੇਕਾਂ ਤਰ੍ਹਾਂ ਦੇ ਸੁੱਖਾਂ ਦਾ ਆਨੰਦ ਮਾਣਿਆ ਸੀ ਅਤੇ ਅਨੇਕਾਂ ਤਰ੍ਹਾਂ ਦੇ ਕਰਤੱਵ ਦੇਖੇ ਸਨ । ਉੱਥੋਂ ਦੇ ਜੰਗਲਾਂ ਵਿਚੋਂ ਅਨੇਕਾਂ ਸ਼ੇਰਾਂ ਨੂੰ ਚੁਣ ਚੁਣ ਕੇ ਮਾਰਿਆ ਸੀ ਅਤੇ ਰੋਝਾਂ, ਰਿੱਛਾਂ ਅਤੇ ਹੋਰ ਬਹੁਤ ਕਿਸਮ ਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ । ਆਨੰਦਪੁਰ ਸਾਹਿਬ ਵਿਖੇ ਰਹਿੰਦੇ ਹੋਣ ਸਮੇਂ ਦੇ ਕਰਤੱਵਾਂ ਬਾਰੇ ਵੀ ‘ਬਚਿੱਤ੍ਰ ਨਾਟਕ’ ਵਿਚ ਲਗਪਗ ਇਸੇ ਤਰ੍ਹਾਂ ਲਿਖਿਆ ਹੋਇਆ ਹੈ। ਇਸ ਤੋਂ ਭਾਵ ਸਿਰਫ ਇਹ ਹੀ ਹੈ ਕਿ ਗੁਰੂ ਜੀ ਨੇ ਜਲਦੀ ਹੀ ਪਾਉਂਟਾ ਸਾਹਿਬ ਨੂੰ ਆਨੰਦਪੁਰ ਸਾਹਿਬ ਦੀ ਤਰ੍ਹਾਂ ਹੀ ਆਬਾਦ ਕਰ ਲਿਆ ਸੀ। ਆਨੰਦਪੁਰ ਸਾਹਿਬ ਵੀ ਸਤਲੁਜ ਦੇ ਕੰਢੇ ਉੱਪਰ ਸਥਿਤ ਸੀ ਅਤੇ ਪਾਉਂਟਾ ਸਾਹਿਬ ਵੀ ਜਮੁਨਾ ਨਦੀ ਦੇ ਕੰਢੇ ਉੱਪਰ ਸੀ। ਆਨੰਦਪੁਰ ਸਾਹਿਬ ਵੀ ਨੀਮ-ਪਹਾੜੀ ਇਲਾਕਾ ਸੀ ਅਤੇ ਪਾਉਂਟਾ ਸਾਹਿਬ ਵੀ ਨੀਮ-ਪਹਾੜੀ ਇਲਾਕਾ ਸੀ। ਇਧਰ ਵੀ ਜੰਗਲ ਸਨ ਉਧਰ ਵੀ ਜੰਗਲ ਸਨ । ਦੋਵੇਂ ਅਸਥਾਨ ਹੀ ਰਾਜਪੂਤੂ ਰਾਜਿਆਂ ਦੀਆਂ ਰਿਆਸਤਾਂ ਵਿਚ ਸਥਿਤ ਸਨ । ਕੋਇਰ ਸਿੰਘ ਲਿਖਦਾ ਹੈ ਕਿ ਗੁਰੂ ਜੀ ਨੇ ਆਨੰਦਪੁਰ ਤੋਂ ਸੌ ਗੁਣਾਂ ਜ਼ਿਆਦਾ ਇੱਥੋਂ ਦਾ ਵਿਕਾਸ ਕੀਤਾ ਸੀ ਅਤੇ ਇਕ ਸ਼ਿਰੋਮਣੀ ਕਿਲਾ ਵੀ ਉਸਾਰ ਲਿਆ ਗਿਆ ਸੀ । ਭਾਵੇਂ ਇਸ ਦੇ ਹੁਣ ਕੋਈ ਪਰਮਾਣ ਨਹੀਂ ਮਿਲਦੇ ।

ਆਨੰਦ ਪੁਰ ਤੇ ਸੌ ਗੁਨ ਕਹੀਏ। ਪਾਂਵਟਾ ਨਗਰ ਬਸੈ ਧਰ ਛਹੀਏ।

ਦੁਰਗ ਸਿਰੋਮਣਿ ਕਿਲਾ ਬਨਾਯੋ। ਅਪ੍ਰਮਾਨ ਜਸ ਜਗ ਤਿਹ ਛਾਯੋ ।

ਨੇੜੇ ਹੀ ਡੇਹਰਾਦੂਨ ਵਿਖੇ ਬਾਬਾ ਰਾਮ ਰਾਇ ਦਾ ਡੇਰਾ ਸੀ । ਇਹ ਥਾਂ ਉਸ ਨੂੰ ਬਾਦਸ਼ਾਹ ਔਰੰਗਜ਼ੇਬ ਵੱਲੋਂ ਦਿੱਤੀ ਗਈ ਸੀ । ਇਸ ਡੇਰੇ ਦੀਆਂ ਇਮਾਰਤਾਂ ਦੀ ਸਾਰੀ ਬਣਤਰ ਮੁਸਲਮਾਨੀ ਤਰੀਕੇ ਅਨੁਸਾਰ ਬਣਾਈ ਗਈ ਹੈ । ਬਾਬਾ ਰਾਮ ਰਾਇ ਗੁਰੂ ਗੋਬਿੰਦ ਸਿੰਘ ਜੀ ਦੇ ਭਤੀਜੇ ਲੱਗਦੇ ਸਨ । ਉਹ ਗੁਰੂ ਹਰਿ ਰਾਇ ਜੀ ਦੇ ਵੱਡੇ ਸਪੁੱਤਰ ਸਨ । ਗੁਰੂ ਜੀ ਦਾ ਪਾਉਂਟਾ ਸਾਹਿਬ ਵਿਖੇ ਆਉਣਾ ਸੁਣ ਕੇ ਬਾਬਾ ਰਾਮ ਰਾਇ ਨੇ ਵੀ ਸਿੱਖ ਧਰਮ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕਰ ਲਿਆ ਸੀ। ਫਲਸਰੂਪ ਬਾਬਾ ਰਾਮ ਰਾਇ ਆਪਣੇ ਦੀਵਾਨ ਭਾਈ ਗੁਰਦਾਸ ਬਹਿਲੋ ਕੇ ਨੂੰ ਨਾਲ ਲੈ ਕੇ ਪਾਉਂਟਾ ਸਾਹਿਬ ਪਹੁੰਚਿਆ ਅਤੇ ਗੁਰੂ ਜੀ ਨੂੰ ਮਿਲਿਆ ! ਬਾਬਾ ਰਾਮ ਰਾਇ ਜੀ ਨੇ ਗੁਰੂ ਜੀ ਨੂੰ ਡੇਹਰਾਦੂਨ ਆਉਣ ਦਾ ਸੱਦਾ ਦਿੱਤਾ । ਸਿੱਟੇ ਵਜੋਂ ਗੁਰੂ ਸਾਹਿਬ ਵੀ ਇਸੇ ਸਮੇਂ ਦੌਰਾਨ ਡੇਹਰਾਦੂਨ ਗਏ ਸਨ । ਉੱਥੇ ਡੇਰਾ ਬਾਬਾ ਰਾਮ ਰਾਇ ਦੇ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਕ ਥੜ੍ਹਾ ਬਣਾਇਆ ਹੋਇਆ ਹੈ।

ਬਾਬਾ ਰਾਮ ਰਾਇ ਭਾਦੋਂ ਸੁਦੀ ਅੱਠਵੀਂ, ਸੰਮਤ 1744 ਬਿ. ਮੁਤਾਬਕ ਸਤੰਬਰ, 1687 ਈ. ਵਿਚ ਪਰਲੋਕ ਸਿਧਾਰ ਗਏ ਸਨ । ਉਸ ਦੇ ਮਾਤਮੀ ਭੋਗ ’ਤੇ ਗੁਰੂ ਗੋਬਿੰਦ ਸਿੰਘ ਜੀ, ਸਮੇਤ ਮੁੱਖੀ ਸਿੱਖਾਂ ਦੇ, ਪਹੁੰਚੇ ਸਨ । ਇਸ ਸਮੇਂ ਬਾਬਾ ਰਾਮ ਰਾਇ ਦੀ ਵਿਧਵਾ ਪਤਨੀ ਬੀਬੀ ਪੰਜਾਬ ਕੌਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕੁਝ ਮਸੰਦਾਂ ਦਾ ਹੱਥ ਬਾਬਾ ਰਾਮ ਰਾਇ ਦੀ ਮੌਤ ਵਿਚ ਵੀ ਮਹਿਸੂਸ ਹੁੰਦਾ ਹੈ ਅਤੇ ਉਹ ਡੇਰੇ ਦਾ ਪਰਬੰਧ ਵੀ ਆਪ ਸੰਭਾਲ ਲੈਣਾ ਚਾਹੁੰਦੇ ਹਨ। ਅਜਿਹੇ ਮਸੰਦਾਂ ਦਾ ਮੁੱਖੀ ਮਹੰਤ ਗੁਰਬਖ਼ਸ਼ ਰਾਏ ਸੀ । ਗੁਰੂ ਜੀ ਨੇ ਭਾਈ ਮਨੀ ਸਿੰਘ ਅਤੇ ਦੀਵਾਨ ਨੰਦ ਚੰਦ ਜੈਸੇ ਮੁਖੀ ਸਿੱਖਾਂ ਦੀ ਡਿਊਟੀ ਲਗਾਈ ਕਿ ਉਹ ਡੇਰੇ ਦਾ ਸਾਰਾ ਕਬਜ਼ਾ ਮਹੰਤ ਗੁਰਬਖ਼ਸ਼ ਰਾਏ ਦੇ ਮਸੰਦਾਂ ਤੋਂ ਮੁਕਤ ਕਰਵਾਉਣ। ਸਿੱਟੇ ਵਜੋਂ ਗੁਰੂ ਜੀ ਨੇ ਡੇਰੇ ਦੀ ਸਾਰੀ ਜਾਇਦਾਦ ਬੀਬੀ ਪੰਜਾਬ ਕੌਰ ਦੇ ਹਵਾਲੇ ਕਰਵਾ ਦਿੱਤੀ।

ਗੁਰੂ ਕੀਆਂ ਸਾਖੀਆਂ ਵਿਚ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਗੁਰੂ ਜੀ ਵੱਲੋਂ ਬਾਬਾ ਰਾਮ ਰਾਇ ਦੇ ਡੇਰੇ ਦਾ ਪਰਬੰਧ ਮੁੱਖੀ ਸਿੱਖਾਂ ਦੀ ਅਗਵਾਈ ਹੇਠ ਬੀਬੀ ਪੰਜਾਬ ਕੌਰ ਨੂੰ ਸੰਭਾਲ ਦਿੱਤੇ ਜਾਣ ਨਾਲ ਗੁਰੂ ਘਰ ਦੇ ਵਿਰੋਧੀ ਮਸੰਦਾਂ ਵਿਚ ਇਹ ਗੱਲ ਫੈਲ ਗਈ ਸੀ ਕਿ ਕਿਤੇ ਗੁਰੂ ਸਾਹਿਬ ਇਸ ਡੇਰੇ ‘ਤੇ ਮੁਕੰਮਲ ਕਬਜ਼ਾ ਕਰਕੇ ਖੁਦ ਆਪ ਹੀ ਨਾ ਇੱਥੇ ਰਹਿਣ ਲੱਗ ਪੈਣ । ਇਸ ਗੱਲ ਨੂੰ ਉਨ੍ਹਾਂ ਨੇ ਗੜ੍ਹਵਾਲ ਰਿਆਸਤ ਦੇ ਰਾਜਾ ਫ਼ਤਿਹ ਸ਼ਾਹ ਪਾਸ ਪਹੁੰਚਾਇਆ ਅਤੇ ਦੱਸਿਆ ਗਿਆ ਕਿ ਗੁਰੂ ਜੀ ਦੇ ਇਸ ਕਦਮ ਨਾਲ ਗੜ੍ਹਵਾਲ ਸਟੇਟ ਵਿਚ ਵੀ ਗੁਰੂ ਜੀ ਦਾ ਦਬਦਬਾ ਬੈਠ ਜਾਵੇਗਾ। ਫਤਿਹ ਸ਼ਾਹ ਨੇ ਇਸ ਪਰਬੰਧ ਦੀ ਵਿਰੋਧਤਾ ਕੀਤੀ ਅਤੇ ਸੰਤ ਗੁਰਬਖ਼ਸ਼ ਰਾਏ ਨੂੰ ਬਾਬਾ ਰਾਮ ਰਾਇ ਦਾ ਅਸਲ ਉੱਤਰਅਧਿਕਾਰੀ ਵਜੋਂ ਮਾਨਤਾ ਦੇਣ ਦੀ ਗੱਲ ਚਲਾਈ। ਇਸ ਗੱਲ ਨੂੰ ਸਿੱਖ ਸੰਗਤਾਂ ਮਨਜ਼ੂਰ ਨਹੀਂ ਕਰ ਸਕਦੀਆਂ ਸਨ । ਸਿੱਟੇ ਵਜੋਂ ਗੁਰੂ ਜੀ ਅਤੇ ਰਾਜਾ ਫਤਿਹ ਸ਼ਾਹ ਵਿਚਕਾਰ ਇਸ ਗੱਲ ਦਾ ਝਗੜਾ ਖੜਾ ਹੋ ਗਿਆ ਕਿ ਗੜ੍ਹਵਾਲ ਰਿਆਸਤ ਵਿਚਲੇ ਡੇਰਿਆਂ ਜਾਂ ਧਾਰਮਕ ਅਸਥਾਨਾਂ ਦਾ ਪਰਬੰਧ ਕਰਨ ਵਿਚ ਕਿਹੜੀ ਤਾਕਤ ਸੁਪਰੀਮ ਹੈ। ਕੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤਾ ਗਿਆ ਪਰਬੰਧ ਅੰਤਮ ਫੈਸਲਾ ਮੰਨਿਆ ਜਾਣਾ ਹੈ ਜਾਂ ਰਾਜਾ ਫਤਿਹ ਸ਼ਾਹ ਦੇ ਫ਼ੈਸਲੇ ਨੂੰ ਅੰਤਮ ਫੈਸਲਾ ਮੰਨਿਆ ਜਾਣਾ ਹੈ? ਇਸ ਗੱਲ ਨੇ ਭੰਗਾਣੀ ਦੀ ਲੜਾਈ ਦੇ ਹਾਲਾਤ ਪੈਦਾ ਕਰ ਦਿੱਤੇ ਸਨ।

ਭੰਗਾਣੀ ਦੀ ਲੜਾਈ 18 ਸਤੰਬਰ, 1688 :

ਭੰਗਾਣੀ ਦੀ ਲੜਾਈ ਦੀ ਹੁਣ ਤੱਕ ਦੀ ਪਰਵਾਣਤ ਮਿਤੀ 18 ਅਸੂ, ਸੰਮਤ 1745 ਬਿ. ਮੁਤਾਬਕ 18 ਸਤੰਬਰ, 1688 ਈ. ਹੈ। ਇਹ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਗੜ੍ਹਵਾਲ ਰਿਆਸਤ ਦੇ ਰਾਜਾ ਫਤਿਹ ਸ਼ਾਹ ਵਿਚਕਾਰ ਭੰਗਾਣੀ ਦੇ ਅਸਥਾਨ ‘ਤੇ ਹੋਈ ਸੀ। ਭੰਗਾਣੀ ਦਾ ਅਸਥਾਨ, ਪਾਉਂਟਾ ਸਾਹਿਬ ਤੋਂ ਵਰਤਮਾਨ ਸੜਕਾਂ ਰਾਹੀਂ 18 ਕਿਲੋਮੀਟਰ ਦੀ ਦੂਰੀ ‘ਤੇ ਗਿਰੀ ਨਦੀ ਦੇ ਕੰਢੇ ਉਪਰ ਸਥਿਤ ਹੈ । ਇਸ ਲੜਾਈ ਦੇ ਬਿਰਤਾਂਤ ਦੇ ਮੁੱਖ ਸੋਮੇ ‘ਬਚਿੱਤ੍ਰ ਨਾਟਕ’ ਅਤੇ ਕਵੀ ਸੈਨਾਪਤਿ ਦੀ ਲਿਖਤ ਸ੍ਰੀ ਗੁਰ ਸੋਭਾ ਹੀ ਹਨ । ਇਹ ਦੋਵੇਂ ਲਿਖਤਾਂ ਸਮਕਾਲੀ ਹਨ ਅਤੇ ਭਰੋਸੇਯੋਗ ਹਨ। ਪਿਛਲੇਰੀਆਂ ਗੁਰਮੁਖੀ ਲਿਖਤਾਂ, ਜਿਨ੍ਹਾਂ ਵਿਚ ਸੁੱਖਾ ਸਿੰਘ, ਕੋਇਰ ਸਿੰਘ ਅਤੇ ਗਯਾਨ ਸਿੰਘ ਦੀਆਂ ਲਿਖਤਾਂ ਸ਼ਾਮਲ ਹਨ ਜੋ ਭਰੋਸੇਯੋਗ ਨਹੀਂ ਹਨ। ਭੱਟ ਵਹੀਆਂ ਅਤੇ ਗੁਰੂ ਕੀਆਂ ਸਾਖੀਆਂ ਸਹਾਇਤਾ ਲੈਣ ਯੋਗ ਲਿਖਤਾਂ ਹਨ। ਇਸ ਲੜਾਈ ਦੀ ਮਿਤੀ ਮੁੱਖ ਤੌਰ ‘ਤੇ ਇਨ੍ਹਾਂ ਹੀ ਲਿਖਤਾਂ ਤੋਂ ਲਈ ਗਈ ਹੈ । ਜਿੱਥੋਂ ਤੱਕ ਇਸ ਲੜਾਈ ਦੇ ਕਾਰਣਾਂ ਬਾਰੇ ਅਤੇ ਲੜਾਈ ਵਿਚ ਹਿੱਸਾ ਲੈਣ ਵਾਲੀਆਂ ਧਿਰਾਂ ਬਾਰੇ ਗੱਲ ਹੈ ਉਸ ਬਾਰੇ ਨਾ ਹੀ ਤਾਂ ‘ਬਚਿੱਤ੍ਰ ਨਾਟਕ’ ਅਤੇ ਸ੍ਰੀ ਗੁਰ ਸੋਭਾ ਵਿਚ ਕੋਈ ਸੰਤੋਸ਼ਜਨਕ ਜਾਣਕਾਰੀ ਹੈ ਅਤੇ ਨਾ ਹੀ ਪਿਛਲੇਰੀਆਂ ਗੁਰਮੁਖੀ ਲਿਖਤਾਂ ਵਿਚ ਦਿੱਤੀ ਗਈ ਜਾਣਕਾਰੀ ਮੰਨਣਯੋਗ ਹੈ। ਗੁਰੂ ਕੀਆਂ ਸਾਖੀਆਂ ਵਿਚ ਦਿੱਤੀ ਗਈ ਜਾਣਕਾਰੀ ਕੁਝ ਹੱਦ ਤੱਕ ਮੰਨਣਯੋਗ ਹੈ। ਇੱਥੇ ਕੁਝ ਵਿਚਾਰ ਲੜਾਈ ਦੇ ਕਾਰਣਾਂ ਬਾਰੇ ਕਰ ਲੈਣੀ ਜ਼ਰੂਰੀ ਜਾਪਦੀ ਹੈ।

ਭਗਾਣੀ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ (1675-1708 ਈ .)

‘ਬਚਿੱਤ੍ਰ ਨਾਟਕ’ ਅਤੇ ਸ੍ਰੀ ਗੁਰ ਸੋਭਾ ਵਿਚ ਕਾਰਣਾਂ ਬਾਰੇ ਸਿਰਫ ਇਤਨਾ ਹੀ ਲਿਖਿਆ ਗਿਆ ਹੈ ਕਿ ਫਤਿਹ ਸ਼ਾਹ ਰਾਜਾ ਬਿਨਾਂ ਕਿਸੇ ਕਾਰਣ ਕਰਕੇ ਹੀ ਲੜਾਈ ਲਈ ਉਤਰ ਆਇਆ ਸੀ ।

ਫਤੇ ਸ਼ਾਹ ਕੋਪਾ ਤਬਿ ਰਾਜਾ । ਲੋਹ ਪਰਾ ਹਮ ਸੋ ਬਿਨੁ ਕਾਜਾ ।

ਸੈਨਾਪਤਿ ਲਿਖਦਾ ਹੈ : (ਬਚਿੱਤ੍ਰ ਨਾਟਕ)

ਅਨਿਕ ਭਾਂਤਿ ਲੀਲਾ ਤਹ ਕਰੀ । ਫਤੇ ਸ਼ਾਹ ਸੁਨਿ ਕੈ ਮਨਿ ਧਰੀ ॥

ਬਹੁਤ ਕੋਪ ਮਨ ਮਾਹਿ ਬਸਾਯੋ। ਫਉਜ ਬਨਾਇ ਜੁਧ ਕਉ ਆਯੋ । (ਸ੍ਰੀ ਗੁਰ ਸੋਭਾ)

ਇਨ੍ਹਾਂ ਟੂਕਾਂ ਤੋਂ ਲੜਾਈ ਦੇ ਕਾਰਣਾਂ ਬਾਰੇ ਕੁਝ ਵੀ ਨਹੀਂ ਸਮਝਿਆ ਜਾ ਸਕਦਾ । ਲੇਕਿਨ ਇਤਨੀ ਵੱਡੀ ਲੜਾਈ, ਜਿਸ ਨੇ ਫਤਿਹ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖ ਨੂੰ ਕਰਮਵਾਰ ਹਾਰਨ ਅਤੇ ਜਿੱਤਣ ਦੇ ਰੂਪ ਵਿਚ ਜ਼ਬਰਦਸਤ ਪਰਭਾਵਤ ਕੀਤਾ ਸੀ ਅਤੇ ਜਿਸ ਵਿਚ ਸੈਂਕੜੇ ਬੰਦੇ ਮਾਰੇ ਗਏ ਸਨ, ਨਾ ਹੀ ਤਾਂ ਬਿਨਾਂ ਕਾਰਣਾਂ ਤੋਂ ਹੋ ਸਕਦੀ ਸੀ ਅਤੇ ਨਾ ਹੀ ਬਿਨਾਂ ਕਿਸੇ ਵਿਸ਼ੇਸ ਤਿਆਰੀ ਦੇ ਹੋ ਸਕਦੀ ਸੀ । ਸੁੱਖਾ ਸਿੰਘ, ਕੋਇਰ ਸਿੰਘ ਅਤੇ ਗਯਾਨ ਸਿੰਘ ਨੇ ਇਸ ਲੜਾਈ ਦਾ ਮੁੱਖ ਕਾਰਣ ਕਹਿਲੂਰ ਰਿਆਸਤ ਦੇ ਰਾਜਾ ਭੀਮ ਚੰਦ ਦੇ ਪੁੱਤਰ ਦੀ ਪਾਉਂਟਾ ਸਾਹਿਬ ਦੇ ਘਾਟ ਰਾਹੀਂ ਬਰਾਤ ਨਾ ਲੰਘਣ ਦੇਣ ਦੀ ਗੱਲ ਨੂੰ ਦੱਸਿਆ ਹੈ। ਇਨ੍ਹਾਂ ਲੇਖਕਾਂ ਅਨੁਸਾਰ ਜਦੋਂ ਭੀਮ ਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਪਾਉਂਟਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਗੁਰੂ ਜੀ ਨੇ ਉਸ ਦੇ ਪੁੱਤਰ ਨੂੰ ਤਾਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਪਰ ਬਰਾਤ ਨੂੰ ਨਹੀਂ। ਸਿੱਟੇ ਵਜੋਂ ਬਰਾਤ ਕਿਸੇ ਹੋਰ ਲੰਮੇ ਰਸਤੇ ਰਾਹੀਂ ਸ੍ਰੀ ਨਗਰ ਪਹੁੰਚੀ ਸੀ । ਦੂਜੇ ਪਾਸੇ ਇਹੀ ਲੇਖਕ ਇਹ ਵੀ ਲਿਖਦੇ ਹਨ ਕਿ ਫਤਿਹ ਸ਼ਾਹ ਨੇ, ਜਿਸ ਦੀ ਲੜਕੀ ਨੂੰ ਵਿਆਹੁਣ ਲਈ ਭੀਮ ਚੰਦ ਆਪਣੇ ਪੁੱਤਰ ਨੂੰ ਲੈ ਕੇ ਆ ਰਿਹਾ ਸੀ, ਗੁਰੂ ਜੀ ਨੂੰ ਵਿਆਹ ਵਿਚ ਸ਼ਾਮਲ ਹੋਣ ਲਈ ਬੁਲਾਇਆ ਹੋਇਆ ਸੀ । ਇਹ ਆਪਾ ਵਿਰੋਧੀ ਅਤੇ ਸਮਾਜਕ ਭਾਈਚਾਰੇ ਦੀ ਪਰੰਪਰਾ ਤੋਂ ਇਕਦਮ ਉਲਟ ਵਿਚਾਰ ਹਨ। ਪਹਿਲੀ ਗੱਲ ਤਾਂ ਇਹ ਕਿ ਜਿਸ ਥਾਂ ‘ਤੇ ਗੁਰੂ ਸਾਹਿਬ ਰਹਿ ਰਹੇ ਸਨ ਉਹ ਨਾਹਨ ਰਿਆਸਤ ਦੀ ਥਾਂ ਸੀ । ਇਹ ਅਧਿਕਾਰ ਨਾਹਨ ਦੇ ਰਾਜੇ ਦਾ ਸੀ ਕਿ ਉਹ ਆਪਣੀ ਰਿਆਸਤ ਵਿਚੋਂ ਕਿਸੇ ਦੂਸਰੇ ਰਾਜੇ ਦੀ ਫ਼ੌਜ ਨੂੰ ਜਾਂ ਬਰਾਤ ਨੂੰ ਲੰਘਣ ਦੇਵੇ ਜਾਂ ਨਾ । ਰਾਜਿਆਂ ਦੇ ਆਪਣੇ ਸਬੰਧ ਹੁੰਦੇ ਹਨ। ਫਿਰ ਕਿਸੇ ਦੀ ਲੜਕੀ ਦੀ ਆ ਰਹੀ ਬਰਾਤ ਨੂੰ ਰੋਕਣਾ ਜਾਂ ਕਿਸੇ ਦੇ ਲੜਕੇ ਦੀ ਜਾ ਰਹੀ ਬਰਾਤ ਨੂੰ ਰੋਕਣਾ ਇਕ ਬਹੁਤ ਵੱਡਾ ਸਮਾਜਕ ਪਾਪ ਹੈ। ਪਿੰਡਾਂ ਵਿਚ ਜੇਕਰ ਇਹ ਗੱਲ ਵਾਪਰ ਜਾਵੇ ਤਾਂ ਕਈ ਪੀੜ੍ਹੀਆਂ ਤੱਕ ਦੁਸ਼ਮਣੀ ਖ਼ਤਮ ਨਹੀਂ ਹੁੰਦੀ। ਇੱਥੇ ਤਾਂ ਫਿਰ ਵੀ ਦੋ ਰਾਜਿਆਂ ਦੀ ਗੱਲ ਸੀ । ਦੂਜਾ, ਗੁਰੂ ਸਾਹਿਬ ਨੂੰ ਲੜਕੀ ਦੇ ਪਿਤਾ ਕੋਲੋਂ ਆਪਣੀ ਲੜਕੀ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਅਤੇ ਗੁਰੂ ਸਾਹਿਬ ਨੇ ਆਪਣੇ ਮੁਖੀ ਸਿੱਖ ਉੱਥੇ ਭੇਜੇ ਵੀ ਸਨ। ਇਕ ਪਾਸੇ ਤਾਂ ਗੁਰੂ ਸਾਹਿਬ ਲੜਕੀ ਦੀ ਸ਼ਾਦੀ ਵਿਚ ਸ਼ਾਮਲ ਵੀ ਹੋ ਰਹੇ ਹਨ ਪਰ ਦੂਜੇ ਪਾਸੇ ਉਸੇ ਲੜਕੀ ਦੀ ਆ ਰਹੀ ਬਰਾਤ ਨੂੰ ਰੋਕ ਵੀ ਰਹੇ ਹਨ। ਇਹ ਕਿੱਧਰ ਦੀ ਦਲੀਲ ਹੋਈ ਅਤੇ ਕਿਹੜਾ ਤੱਥ ਹੋਇਆ? ਇਸ ਕਰਕੇ ਇਹ ਸਾਰੀ ਗੱਲ ਹੀ ਇਤਿਹਾਸਕ ਸੱਚਾਈ ਨਹੀਂ ਹੈ ਅਤੇ ਮੰਨਣਯੋਗ ਨਹੀਂ ਹੈ।

‘ਬਚਿੱਤ੍ਰ ਨਾਟਕ’, ਸ੍ਰੀ ਗੁਰ ਸੋਭਾ ਅਤੇ ਗੁਰੂ ਕੀਆਂ ਸਾਖੀਆਂ ਵਿਚ ਜੋ ਭੰਗਾਣੀ ਦੀ ਲੜਾਈ ਦਾ ਵੇਰਵਾ ਹੈ ਉਸ ਵਿਚ ਰਾਜਾ ਭੀਮ ਚੰਦ ਦਾ ਜਾਂ ਉਸ ਦੇ ਕਿਸੇ ਵੀ ਜਰਨੈਲ ਦਾ ਕੋਈ ਇਸ਼ਾਰੇ ਮਾਤਰ ਵੀ ਵੇਰਵਾ ਨਹੀਂ ਹੈ। ਇਸ ਕਰਕੇ ਇਹ ਗੱਲ ਮੰਨਣੀ ਹੀ ਪਵੇਗੀ ਕਿ ਭੰਗਾਣੀ ਦੀ ਲੜਾਈ ਵਿਚ ਬਿਲਾਸਪੁਰ ਦੇ ਰਾਜਾ ਭੀਮ ਚੰਦ ਦਾ ਕੋਈ ਲਾਗਾ-ਤੇਗਾ ਨਹੀਂ ਸੀ। ਇਹ ਗੱਲ ਕਿ ਭੀਮ ਚੰਦ ਰਾਜਾ ਫਤਿਹ ਸ਼ਾਹ ਨੂੰ ਉਸ ਦੀ ਲੜਕੀ ਨੂੰ ਛੱਡ ਜਾਣ ਦੀ ਧਮਕੀ ਦੇ ਕੇ ਆਪ ਤਾਂ ਚਲਿਆ ਗਿਆ ਸੀ ਪਰ ਫਤਿਹ ਸ਼ਾਹ ਨੂੰ ਹਮਲਾ ਕਰਨ ਦਾ ਹੁਕਮ ਕਰ ਗਿਆ ਸੀ, ਜਿਵੇਂ ਕਿ ਪਿਛਲੇਰੇ ਗੁਰਮੁੱਖੀ ਲਿਖਤਾਂ ਦੇ ਲੇਖਕ ਕਹਿੰਦੇ ਹਨ, ਸਿਵਾਏ ਇਕ ਮਨੋਕਲਪਿਤ ਮਖੌਲ ਤੋਂ ਵੱਧ ਹੋਰ ਕੁਝ ਨਹੀਂ ਹੈ। ਗੱਲ ਅਸਲ ਵਿਚ ਇਹ ਸੀ, ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਅਤੇ ਜਿਸ ਦਾ ਕੁਝ ਵੇਰਵਾ ਗੁਰੂ ਕੀਆਂ ਸਾਖੀਆਂ ਵਿਚ ਵੀ ਆਇਆ ਹੈ, ਫਤਿਹ ਸ਼ਾਹ ਦੀ ਰਿਆਸਤ ਵਿਚ ਬਾਬਾ ਰਾਮ ਰਾਇ ਦਾ ਡੇਰਾ ਸੀ। ਇਹ ਬਹੁਤ ਵੱਡੀ ਜਾਗੀਰ ਸੀ । ਬਾਬਾ ਰਾਮ ਰਾਇ ਦੇ ਮਸੰਦ ਕਾਫੀ ਵੱਡੀ ਗਿਣਤੀ ਵਿਚ ਉਸ ਦੇ ਖਿਲਾਫ਼ ਹੋ ਚੁੱਕੇ ਸਨ । ਇਨ੍ਹਾਂ ਨੂੰ ਗੜ੍ਹਵਾਲ ਦੇ ਰਾਜੇ ਫਤਿਹ ਸ਼ਾਹ ਦੀ ਸ਼ਹਿ ਸੀ । ਬਾਬਾ ਰਾਮ ਰਾਇ ਅਤੇ ਉਸ ਦਾ ਪਰਿਵਾਰ ਇਨ੍ਹਾਂ ਮਸੰਦਾਂ ਦੇ ਪੂਰੀ ਤਰ੍ਹਾਂ ਜਾਲ ਵਿਚ ਫਸਿਆ ਹੋਇਆ ਸੀ। ਇਹ ਮਸੰਦ ਇੱਥੋਂ ਤੱਕ ਹਾਵੀ ਸਨ ਕਿ ਇਨ੍ਹਾਂ ਨੇ ਬਾਬਾ ਰਾਮ ਰਾਇ ਨੂੰ ਸਮਾਧੀ ਵਿਚ ਬੈਠੇ ਨੂੰ ਹੀ ਮਰਿਆ ਕਰਾਰ ਦੇ ਦਿੱਤਾ ਸੀ ਅਤੇ ਉਸ ਨੂੰ ਮਾਰ ਕੇ ਸੰਸਕਾਰ ਕਰ ਦਿੱਤਾ ਸੀ। ਇਨ੍ਹਾਂ ਮਸੰਦਾਂ ਤੋਂ ਦੁਖੀ ਹੋਇਆ ਹੀ ਬਾਬਾ ਰਾਮ ਰਾਇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਇਆ ਸੀ। ਬਾਬਾ ਰਾਮ ਰਾਇ ਦੇ ਭੋਗ ਸਮੇਂ ਮਿਰਫ ਗੁਰੂ ਜੀ ਵੱਲੋਂ ਭੇਜੇ ਹੋਏ ਮੁੱਖੀ ਸਿੱਖਾਂ ਦੀ ਮਦਦ ਨਾਲ ਹੀ ਡੇਰੇ ਦਾ ਪਰਬੰਧ ਬਾਬਾ ਰਾਮ ਰਾਇ ਦੀ ਵਿਧਵਾ ਪਤਨੀ ਬੀਬੀ ਪੰਜਾਬ ਕੌਰ ਨੂੰ ਮਿਲਿਆ ਸੀ । ਨਹੀਂ ਤਾਂ ਉਸ ਦੇ ਮਸੰਦਾਂ ਨੇ ਡੇਰੇ ਦਾ ਪਰਬੰਧ ਸੰਭਾਲਣ ਲਈ ਪੂਰੀ ਤਿਆਰੀ ਕੀਤੀ ਹੋਈ ਸੀ । ਮਸੰਦਾਂ ਨੂੰ ਰਾਜੇ ਦੀ ਸ਼ਹਿ ਸੀ । ਪਿੱਛੋਂ, ਅਸਫ਼ਲ ਰਹਿਣ ਕਰਕੇ ਇਹ ਮਸੰਦ ਰਾਜਾ ਫਤਿਹ ਸ਼ਾਹ ਕੋਲ ਫਰਿਆਦ ਲੈ ਕੇ ਗਏ ਸਨ ਅਤੇ ਗੁਰੂ ਜੀ ਦੇ ਦਖ਼ਲ ਦੀ ਸ਼ਿਕਾਇਤ ਵੀ ਇਨ੍ਹਾਂ ਨੇ ਕੀਤੀ ਸੀ। ਇਸ ਕਾਰਵਾਈ ਵਿਚ ਗੁਰੂ ਜੀ ਕਾਮਯਾਬ ਰਹੇ ਸਨ ਅਤੇ ਰਾਜਾ ਫਤਿਹ ਸ਼ਾਹ ਆਪਣੀ ਧਿਰ ਲਈ ਕੁਝ ਨਹੀਂ ਕਰ ਸਕਿਆ ਸੀ। ਇਹ ਹੀ ਲੜਾਈ ਦਾ ਮੁੱਖ ਕਾਰਣ ਸੀ । ਰਾਜਾ ਆਪਣੀ ਰਿਆਸਤ ਵਿਚਲੇ ਡੇਰੇ ਦਾ ਪਰਬੰਧ ਕਰਨ ਵਿਚ ਆਪਣੀ ਸੁਪਰੀਮ ਅਥਾਰਟੀ ਸਮਝਦਾ ਸੀ ਪਰ ਗੁਰੂ ਸਾਹਿਬ ਸਿੱਖ ਸੰਗਤਾਂ ਦੀ ਜਾਇਦਾਦ ਵਿਚ ਆਪਣੀ ਸੁਪਰੀਮ ਅਥਾਰਟੀ ਸਮਝਦੇ ਸਨ। ਸਿੱਟਾ ਇਸ ਦਾ ਲੜਾਈ ਵਿਚ ਨਿਕਲਿਆ ਸੀ।

ਭੱਟ ਵਹੀਆਂ ਅਤੇ ਗੁਰੂ ਕੀਆਂ ਸਾਖੀਆਂ ਦੇ ਅਨੁਸਾਰ 18 ਅਸੂ, ਸੰਮਤ 1745 ਬਿ. ਮੁਤਾਬਕ 18 ਸਤੰਬਰ, 1688 ਈ. ਦਿਨ ਮੰਗਲਵਾਰ ਨੂੰ ਭੰਗਾਣੀ ਦੇ ਅਸਥਾਨ ‘ਤੇ ਲੜਾਈ ਸ਼ੁਰੂ ਹੋਈ । ਗੁਰੂ ਸਾਹਿਬ ਵੱਲੋਂ ਸਿੱਖ ਸੰਗਤਾਂ ਦੀ ਅਗਵਾਈ ਗੁਰੂ ਜੀ ਦੀ ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ (ਸੰਗਰਾਮ ਸ਼ਾਹ) ਕਰ ਰਹੇ ਸਨ। ਇਸ ਦੇ ਨਾਲ ਇਸ ਦੇ ਬਾਕੀ ਦੇ ਭਰਾ ਜੀਤ ਮੱਲ, ਗੋਪਾਲ ਚੰਦ, ਗੰਗਾ ਰਾਮ ਅਤੇ ਮੇਹਰੀ ਚੰਦ ਵੀ ਸਨ । ਇਨ੍ਹਾਂ ਤੋਂ ਇਲਾਵਾ ਉਦਾਸੀ ਮਹੰਤ ਕਿਰਪਾਲ ਚੰਦ, ਹਲਵਾਈ ਦਯਾ ਰਾਮ, ਸਾਹਿਬ ਚੰਦ ਅਤੇ ਦੀਵਾਨ ਨੰਦ ਚੰਦ ਵੀ ਆਪੋ ਆਪਣੇ ਜੱਥਿਆਂ ਸਮੇਤ ਜੂਝ ਰਹੇ ਸਨ । ਗੁਰੂ ਜੀ ਦੇ ਮਾਮਾ ਕਿਰਪਾਲ ਜੀ ਅੱਗੇ ਹੋ ਕੇ ਸਿੱਖ ਸੰਗਤਾਂ ਦੀ ਅਗਵਾਈ ਕਰ ਰਹੇ ਸਨ। ਫਤਿਹ ਸ਼ਾਹ ਰਾਜਾ ਆਪਣੀ ਸੈਨਾ ਦੀ ਕਮਾਂਡ ਕਰ ਰਿਹਾ ਸੀ। ਉਸ ਦੇ ਨਾਲ ਗੁਲੇਰੀਆ ਰਾਜਾ ਗੋਪਾਲ, ਰਾਜਾ ਹਰੀ ਚੰਦ, ਜਸਵਾਲ ਦੇ ਰਾਜਾ ਕੇਸਰੀ ਚੰਦ ਅਤੇ ਡਢਵਾਲ ਦੇ ਰਾਜਾ ਮਧੁਕਰ ਸ਼ਾਹ ਅਤੇ ਨਜਾਬਤ ਖ਼ਾਨ ਅਤੇ ਹਯਾਤ ਖ਼ਾਨ ਦੀ ਅਗਵਾਈ ਹੇਠ ਕੁਝ ਪਠਾਣ ਟੁਕੜੀਆਂ ਵੀ ਸਨ । ਇਸ ਲੜਾਈ ਦਾ ਵੇਰਵਾ ‘ਬਚਿੱਤ੍ਰ ਨਾਟਕ’ ਵਿਚ ਬੜੇ ਵਿਸਥਾਰ ਸਹਿਤ ਦਿੱਤਾ ਗਿਆ ਹੈ । ਗੁਰੂ ਜੀ ਦੇ ਉਨ੍ਹਾਂ ਸਿੱਖਾਂ ਨੇ, ਜਿਨ੍ਹਾਂ ਨੇ ਪਹਿਲਾਂ ਕਦੇ ਵੀ ਤਲਵਾਰ ਪਕੜ ਕੇ ਨਹੀਂ ਦੇਖੀ ਸੀ, ਆਪਣੇ ਗੁਰੂ ਦੀ ਆਨ ਤੇ ਸ਼ਾਨ ਲਈ ਇਸ ਤਰ੍ਹਾਂ ਬਹਾਦਰੀ ਭਰੇ ਕਾਰਨਾਮੇ ਕਰ ਕੇ ਦਿਖਾਏ ਜਿਵੇਂ ਕਿ ਉਹ ਬੜੇ ਚਿਰ ਤੋਂ ਜੰਗਬਾਜ ਲੋਕ ਹੁੰਦੇ ਹੋਣ। ਸਿੱਖਾਂ ਵਿਚ ਆਪਣੇ ਇਸ਼ਟ ਦੀ ਰਾਖੀ ਦੇ ਜਜ਼ਬਾਤ ਸਨ ਜਦੋਂ ਕਿ ਰਾਜਿਆਂ ਦੇ ਫ਼ੌਜੀ ਸਿਪਾਹੀਆਂ ਦੇ ਮਨ ਵਿਚ ਆਪਣੀ ਨੌਕਰੀ ਦੀ ਡਿਊਟੀ ਪੂਰੀ ਕਰਨ ਦਾ ਅਹਿਸਾਸ ਸੀ । ਇਸ ਲਈ ਇਸ਼ਟ ਦੀ ਰਾਖੀ ਦੇ ਜਜਬਾਤ ਨੌਕਰੀ ਪੇਸ਼ਾ ਸਿਪਾਹੀਆਂ ਦੀ ਡਿਊਟੀ ਦੇ ਅਹਿਸਾਸ ਨੂੰ ਛੇਤੀ ਹੀ ਦੱਬ ਕੇ ਲੈ ਗਏ । ਲੜਾਈ ਤਕਰੀਬਨ ਦੋ ਪਹਿਰ ਹੋਈ । ਜੰਗ ਦੇ ਮੈਦਾਨ ਦਾ ਯੁੱਧ-ਨੀਤੀ ਵਜੋਂ ਵਧੀਆ ਹਿੱਸਾ ਗੁਰੂ ਜੀ ਦੇ ਕਬਜ਼ੇ ਵਿਚ ਸੀ । ਸਿੱਖ ਸੰਗਤਾਂ ਦੀ ਬਹੁਤਾਤ ਅਤੇ ਲੜ-ਮਰਨ ਦੇ ਦਰਿੜ ਇਰਾਦੇ ਨੇ ਛੇਤੀ ਹੀ ਪਹਾੜੀ ਰਾਜਿਆਂ ਦੀ ਸੈਨਾ ਦੇ ਪੈਰ ਹਿਲਾ ਦਿੱਤੇ। ਸਿੱਟੇ ਵਜੋਂ ਪਹਾੜੀ ਸੈਨਾ ਭੱਜ ਗਈ ਅਤੇ ਸਿੱਖ ਸੰਗਤਾਂ ਜਿੱਤ ਦੇ ਜੈਕਾਰੇ ਬੁਲਾਉਣ ਲੱਗ ਪਈਆਂ । ਗੁਰੂ ਜੀ ਦੀ ਭੂਆ ਦੇ ਸਾਰੇ ਪੁੱਤਰ, ਸਮੇਤ ਸੰਗੋ ਸ਼ਾਹ ਦੇ, ਲੜਾਈ ਵਿਚ ਸ਼ਹੀਦੀਆਂ ਪਰਾਪਤ ਕਰ ਗਏ ਸਨ। ਰਾਜਾ ਫਤਿਹ ਸ਼ਾਹ ਵੱਲੋਂ ਰਾਜਾ ਹਰੀ ਚੰਦ, ਨਜਾਬਤ ਖ਼ਾਨ, ਭੀਖਣ ਖ਼ਾਨ ਆਦਿ ਰਾਜਪੂਤ ਅਤੇ ਪਠਾਣ ਜਰਨੈਲ ਮਾਰੇ ਗਏ ਸਨ। ਜਾਪਦਾ ਹੈ ਕਿ ਫਤਿਹ ਸ਼ਾਹ ਦੇ ਸਾਥੀ ਪਹਾੜੀ ਰਾਜੇ ਸਿਰਫ ਇਕ ਰਵਾਜਨੀ ਦੋਸਤੀ ਵਜੋਂ ਫਤਿਹ ਸ਼ਾਹ ਨਾਲ ਮਿਲ ਕੇ ਜੰਗ ਵਿਚ ਭਾਗ ਲੈ ਰਹੇ ਸਨ । ਉਨ੍ਹਾਂ ਦੀ ਇਸ ਖਾਹਮੁਖਾਹ ਦੀ ਲੜਾਈ ਵਿਚ ਕੋਈ ਰੁਚੀ ਨਹੀਂ ਸੀ। ਇਹੀ ਕਾਰਣ ਸੀ ਕਿ ਸਿੱਖ ਸੰਗਤਾਂ ਨੇ ਇਨ੍ਹਾਂ ਦੋ-ਚਿੱਤੀ ਵਿਚ ਡੁੱਬੇ ਰਾਜਿਆਂ ਦੀ ਸੈਨਾ ਨੂੰ ਦੋ ਪਹਿਰ ਦੀ ਗਹਿਗੱਚਵੀਂ ਲੜਾਈ ਵਿਚ ਬੜੀ ਆਸਾਨੀ ਨਾਲ ਹਰਾ ਦਿੱਤਾ ਸੀ।

ਭੰਗਾਣੀ ਦੀ ਇਕ ਦਿਨ ਦੀ ਫੈਸਲਾਕੁਨ ਲੜਾਈ ਵਿਚੋਂ ਕਈ ਬੜੇ ਭਾਵਪੂਰਨ ਨੁਕਤੇ ਪੈਦਾ ਹੁੰਦੇ ਹਨ । ਇਕ ਇਹ ਕਿ ਭੰਗਾਣੀ ਦਾ ਮੈਦਾਨ ਨਾਹਨ ਰਿਆਸਤ ਵਿਚ ਹੀ ਸੀ। ਇਸ ਦਾ ਮਤਲਬ ਹੈ ਕਿ ਗੜ੍ਹਵਾਲ ਦੇ ਰਾਜੇ ਨੇ ਆਪਣੀ ਰਿਆਸਤ ਤੋਂ ਬਾਹਰ ਆ ਕੇ ਇਕ ਦੂਸਰੀ ਰਿਆਸਤ ਵਿਚ ਦਾਖ਼ਲ ਹੋ ਕੇ ਗੁਰੂ ਜੀ ਦੀ ਸਿੱਖ ਸੰਗਤ ਉਪਰ ਹਮਲਾ ਕੀਤਾ ਸੀ । ਜੇਕਰ ਗੁਰੂ ਜੀ ਹਮਲਾਵਰ ਹੁੰਦੇ ਤਾਂ ਉਨ੍ਹਾਂ ਨੇ ਗੜ੍ਹਵਾਲ ਰਿਆਸਤ ਵਿਚ ਦਾਖ਼ਲ ਹੋ ਕੇ ਹਮਲਾ ਕਰਨਾ ਸੀ । ਪਰ ਇਹ ਨਹੀਂ ਹੋਇਆ ਸਗੋਂ ਇਸ ਦੇ ਉਲਟ ਹੋਇਆ ਸੀ। ਹਮਲਾਵਰ ਫਤਿਹ ਸ਼ਾਹ ਸੀ ਅਤੇ ਗੁਰੂ ਸਾਹਿਬ ਆਤਮ ਰੱਖਿਆ ਦੀ ਲੜਾਈ ਲੜ ਰਹੇ ਸਨ।

ਦੂਜਾ ਨੁਕਤਾ ਇਹ ਹੈ ਕਿ ਜਿਵੇਂ ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਗਿਆ ਹੈ ਕਿ ਉਦਾਸੀ ਮਹੰਤ ਕਿਰਪਾਲ ਅਤੇ ਹਲਵਾਈ ਦਯਾ ਰਾਮ ਵਰਗੇ ਸਾਧਾਰਨ ਲੋਕ, ਜਿਨ੍ਹਾਂ ਨੇ ਕਦੇ ਵੀ ਤਲਵਾਰ ਨਹੀਂ ਵਾਹੀ ਸੀ, ਉਹ ਵੀ ਇਸ ਲੜਾਈ ਵਿਚ ਆਪਣੇ ਰਵਾਇਤੀ ਹਥਿਆਰ ਕੁਤਕਾ ਅਤੇ ਚਿਮਟਿਆਂ ਨਾਲ ਹੀ ਲੜ ਰਹੇ ਸਨ । ਇਸ ਤੋਂ ਇਸ਼ਾਰਾ ਮਿਲਦਾ ਹੈ ਕਿ ਸਿੱਖ ਸੰਗਤਾਂ ਵਿਚ ਆਮ ਸਾਧਾਰਨ ਅਤੇ ਪਛੜੀਆਂ ਜਾਤਾਂ ਦੇ ਗਰੀਬ ਲੋਕ ਅਤੇ ਦੁਕਾਨਦਾਰ ਆਦਿ ਹੀ ਸਨ । ਦੂਜੇ ਪਾਸੇ ਟਰੇਂਡ ਫ਼ੌਜ ਸੀ। ਇਹ ਗੁਰੂ ਜੀ ਦੀ ਮਹਾਨ ਮਿਕਨਾਤੀਸੀ ਖਿੱਚ ਦਾ ਅਤੇ ਪਰੇਰਨਾ ਦਾ ਹੀ ਸਿੱਟਾ ਸੀ ਕਿ ਜਨ-ਸਾਧਾਰਨ ਸਮੂਹ ਕਿਵੇਂ ਟਰੇਂਡ ਫ਼ੌਜਾਂ ਉੱਤੇ ਭਾਰੂ ਹੋ ਗਿਆ ਸੀ ।

ਤੀਜਾ ਨੁਕਤਾ ਇਹ ਕਿ ਇਸ ਲੜਾਈ ਵਿਚ ਨਾਹਨ ਦੇ ਰਾਜੇ ਦੀ ਕੋਈ ਸ਼ਮੂਲੀਅਤ ਨਹੀਂ ਸੀ । ਇਸ ਤੋਂ ਇਸ ਮੱਤ ਨੂੰ ਮਦਦ ਮਿਲਦੀ ਹੈ ਕਿ ਇਹ ਲੜਾਈ ਨਾ ਹੀ ਤਾਂ ਗੜ੍ਹਵਾਲ ਅਤੇ ਨਾਹਨ ਰਿਆਸਤਾਂ ਦੀ ਆਪਸੀ ਦੁਸ਼ਮਣੀ ਕਰਕੇ ਸੀ, ਜਿਵੇਂ ਕਿ ਮੁੱਢਲੀਆਂ ਗੁਰਮੁੱਖੀ ਲਿਖਤਾਂ ਦੇ ਲੇਖਕਾਂ ਨੇ ਬੜੇ ਜੋਰ ਨਾਲ ਲਿਖਿਆ ਹੈ ਅਤੇ ਨਾ ਹੀ ਇਹ ਲੜਾਈ ਨਾਹਨ ਰਿਆਸਤ ਦੀ ਸੁਰੱਖਿਆ ਵਾਸਤੇ ਹੀ ਸੀ। ਇਹ ਨਿਰੋਲ ਫਤਿਹ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਵਿਚਕਾਰ ਹੋਈ ਲੜਾਈ ਸੀ ਜਿਸ ਵਿਚੋਂ ਸਿਰਫ ਉਹੀ ਧਿਰ ਫਤਿਹ ਪਰਾਪਤ ਕਰ ਕੇ ਨਿਕਲੀ ਸੀ ਜਿਹੜੀ ਸੱਚ ਦੇ ਉਪਰ ਪਹਿਰਾ ਦੇ ਰਹੀ ਸੀ।

ਚੌਥਾ, ਇਸ ਲੜਾਈ ਵਿਚ ਸਪਸ਼ਟ ਫਤਿਹ ਪਰਾਪਤ ਕਰ ਲੈਣ ਤੋਂ ਬਾਅਦ ਵੀ ਗੁਰੂ ਸਾਹਿਬ ਪਾਉਂਟਾ ਸਾਹਿਬ ਨਹੀਂ ਰਹੇ ਸਨ । ਉਹ ਲੜਾਈ ਦੇ ਕੁਝ ਹੀ ਸਮੇਂ ਬਾਅਦ ਪਾਉਂਟਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਨੂੰ ਵਾਪਸ ਆ ਗਏ ਸਨ। ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਨਾ ਹੀ ਜ਼ਮੀਨ ਹੜੱਪਣ ਲਈ ਲੜਾਈਆਂ ਕਰਦੇ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਣ ਲਈ । ਉਹ ਤਾਂ ਹਰ ਸਮੇਂ ਲੜਾਈ ਤੋਂ ਟਲ ਕੇ ਰਹਿੰਦੇ ਸਨ । ਪਾਉਂਟਾ ਸਾਹਿਬ ਵਿਖੇ ਰਹਿੰਦਿਆਂ, ਫਤਿਹ ਸ਼ਾਹ ਦੇ ਮਨ ਵਿਚ ਈਰਖਾ ਵੱਸ ਹੋ ਕੇ ਕਦੇ ਫਿਰ ਤੋਂ ਹਮਲਾ ਕਰਨ ਦਾ ਵਿਚਾਰ ਨਾ ਪੈਦਾ ਹੋ ਜਾਵੇ, ਇਸ ਗੱਲ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਪਾਉਂਟਾ ਸਾਹਿਬ ਨੂੰ ਹੀ ਛੱਡ ਕੇ ਚਲੇ ਗਏ ਸਨ।

ਲੜਾਈ ਤੋਂ ਪਿੱਛੋਂ ਗੁਰੂ ਸਾਹਿਬ ਨੇ ਵਾਪਸ ਆਨੰਦਪੁਰ ਸਾਹਿਬ ਨੂੰ ਆਉਣ ਲਈ ਚਾਲੇ ਪਾ ਦਿੱਤੇ ਸਨ । ਸਿੱਖ ਸੰਗਤਾਂ ਨੂੰ ਸਿੱਧੇ ਰਸਤੇ ਰਾਹੀਂ ਮਾਲ ਅਸਬਾਬ ਦੇ ਨਾਲ ਭੇਜ ਦਿੱਤਾ ਸੀ ਪਰ ਗੁਰੂ ਸਾਹਿਬ ਖੁਦ ਕੁਝ ਚੋਣਵੇਂ ਸਿੱਖਾਂ ਨਾਲ ਵੱਖ ਵੱਖ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਚੱਲੇ ਸਨ । ਪਾਉਂਟਾ ਸਾਹਿਬ ਤੋਂ ਰਵਾਨਾ ਹੋ ਕੇ ਗੁਰੂ ਸਾਹਿਬ ਕਪਾਲ ਮੋਚਨ ਵਾਲੀ ਜਗਾਹ ‘ਤੇ ਪਹੁੰਚੇ । ਕਪਾਲ ਮੋਚਨ ਜਗਾਧਾਰੀ, ਸਢੌਰਾ ਅਤੇ ਕਾਲਾ ਅੰਬ ਦੇ ਵਿਚਕਾਰ ਇਕੋ ਜਿੰਨੀ ਦੂਰੀ ‘ਤੇ ਸਥਿਤ ਹੈ। ਇਹ ਹਿੰਦੂਆਂ ਦਾ ਤੀਰਥ ਅਸਥਾਨ ਹੈ। ਇੱਥੇ ਵਿਸ਼ਾਲ ਤਲਾਬ ਅਤੇ ਮੰਦਰ ਸਨ । ਗੁਰੂ ਨਾਨਕ ਦੇਵ ਜੀ ਵੀ ਇੱਥੇ ਆ ਚੁੱਕੇ ਸਨ । ਗੁਰੂ ਜੀ ਨੇ ਇੱਥੇ ਠਹਿਰਾਅ ਕੀਤਾ । ਲੜਾਈ ਵਿਚ ਹਿੱਸਾ ਲੈਣ ਵਾਲੇ ਸੂਰਮਿਆਂ ਨੂੰ ਅਤੇ ਵੱਖ ਵੱਖ ਪਿੰਡਾਂ ਵਿਚੋਂ ਸ਼ਾਮਲ ਹੋਏ ਲੋਕਾਂ ਨੂੰ ਗੁਰੂ ਜੀ ਨੇ ਇੱਥੇ ਵਿਸ਼ਾਲ ਦਰਬਾਰ ਲਗਾ ਕੇ ਸਿਰੋਪਾਓ ਬਖ਼ਸ਼ੇ ਸਨ । ਸਿਰੋਪਾਓ ਲਈ ਨਵੇਂ ਕੱਪੜੇ ਜਗਾਧਰੀ ਦੇ ਦੁਕਾਨਦਾਰਾਂ ਕੋਲੋਂ ਮੁੱਲ ਲੈ ਕੇ ਬੂੜੀਏ ਦੇ ਲਲਾਰੀਆਂ ਪਾਸੋਂ ਰੰਗਵਾਏ ਸਨ । ਪਿੰਡਾਂ ਦੇ ਮੁੱਖੀ ਲੋਕ ਵੀ ਪੱਗਾਂ ਅਤੇ ਨਜ਼ਰਾਨੇ ਲੈ ਕੇ ਗੁਰੂ ਜੀ ਦੇ ਦਰਬਾਰ ਵਿਚ ਆਏ ਸਨ । ਭੰਗਾਣੀ ਦੀ ਲੜਾਈ ਵਿਚ ਮਿਲੀ ਫਤਿਹ ਨੇ ਅਤੇ ਹਥਿਆਰਾਂ ਦੀ ਤਾਕਤ ਨੇ ਜਦੋਂ ਗੁਰੂ ਜੀ ਦੀ ਪਰਸਿੱਧੀ ਦੂਰ ਦੂਰ ਤਕ ਫੈਲਾ ਦਿੱਤੀ ਸੀ ਤਾਂ ਇਲਾਕੇ ਦੇ ਮੁੱਖੀ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ ਸਨ । ਗੁਰੂ ਜੀ ਦੀ ਭੰਗਾਣੀ ਦੀ ਲੜਾਈ ਵਿਚ ਫਤਿਹ ਕਾਰਣ ਹੀ ਆਮ ਜਨਤਾ ਦਾ ਝੁਕਾਅ ਗੁਰੂ ਜੀ ਵੱਲ ਹੋ ਗਿਆ ਸੀ । ਉਹ ਗੁਰੂ ਜੀ ਨੂੰ ਆਪਣਾ ਨਵਾਂ ਨੇਤਾ ਸਵੀਕਾਰ ਰਹੇ ਸਨ । ਸਿੱਖਾਂ ਦੇ ਹੌਂਸਲੇ ਇਸ ਜਿੱਤ ਤੋਂ ਬਾਅਦ ਇਤਨੇ ਵੱਧ ਗਏ ਸਨ ਕਿ ਉਹ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਦੇ ਸਭ ਰਾਜਿਆਂ ਅਤੇ ਰਜਵਾੜਿਆਂ ਨੂੰ ਫਤਿਹ ਕਰ ਲੈਣ ਦੀਆਂ ਗੱਲਾਂ ਕਰ ਰਹੇ ਸਨ। ਸਿੱਖਾਂ ਦੇ ਇਨ੍ਹਾਂ ਹੀ ਇਰਾਦਿਆਂ ਨੂੰ ਜ਼ਾਹਰ ਕਰਦੀਆਂ ਸੁੱਖਾ ਸਿੰਘ ਦੀਆਂ ਇਹ ਤੁਕਾਂ ਹਨ :

ਪ੍ਰਭੂ ਹੁਕਮੰ ਕੀਜੀਯੈ । ਦਿਸੰ ਜੁ ਜੀਤ ਲੀਜੀਯੈ ।

ਦਿੱਲੀ ਲਾਹੌਰ ਕਾਬਲੀ । ਸਢੌਰ ਬੂਰ ਦਾਮਲੀ ।

ਪਰੰ ਆਨੰਦ ਪਾਂਵਟਾ। ਬਿਚੈ ਅਰੈ ਜੁ ਰਾਵਟਾ।

ਤਿਸੈ ਜੁ ਕਾਠ ਦੇਹਗੇ। ਮਲੇਛ ਲੂਟ ਲੈਹਗੇ।

ਜਿਤੇ ਗਿਰੇਸ ਈਸਨੰ। ਕਟੇ ਖਗੇਸ ਤੀਛਨੰ।

……….ਅਬ ਹਮ ਕੋ ਆਇਸ ਕਰ ਦੀਜੈ। ਜੀਤ ਧਰਨ ਸਗਰੀ ਕਰ ਲੀਜੈ ।

ਸਿਰੀ ਨਗਰ ਪਰ ਕੋ ਚੜ ਜਾਵੈ। ਦਿਲੀ ਕਹੋ ਲੂਟ ਲੈ ਆਵੇ।

ਜੋ ਹਮ ਸੋ ਅਵਧ ਰਨ ਧਰੈ । ਤਾ ਕੋ ਕਤਲ ਖਾਲਸਾ ਕਰੈ।

ਆਨੰਦਪੁਰ ਇਹ ਠੋਰ ਮਝਾਰਾ। ਏਕ ਰਾਜ ਕਰਿਯੈ ਬਿਸਥਾਰਾ।”

ਕਪਾਲ ਮੋਚਨ ਵਿਖੇ ਪੱਗਾਂ ਇੱਕਠੀਆਂ ਕਰਨ ਅਤੇ ਸਿਰੋਪਾਓ ਦੇਣ ਬਾਰੇ ਦਸਮ ਗ੍ਰੰਥ ਦੀ ਚਰਿਤ੍ਰੋ ਪਖਯਾਨ ਰਚਨਾ ਵਿਚ ਇਕ ਗੱਲ ਹੋਰ ਵੀ ਮਿਲਦੀ ਹੈ। ਇਸ ਰਚਨਾ ਵਿਚ ਇਸ ਗੱਲ ਨੂੰ ਐਸੀ ਭੱਦੀ ਵਿਆਖਿਆ ਸਹਿਤ ਬਿਆਨ ਕੀਤਾ ਗਿਆ ਹੈ ਜਿਸ ਬਾਰੇ ਕੁਝ ਨਾ ਕੁਝ ਜ਼ਰੂਰ ਲਿਖਣਾ ਬਣਦਾ ਹੈ। ਲਿਖਿਆ ਹੈ ਕਿ ਜਦੋਂ ਗੁਰੂ ਸਾਹਿਬ ਕਪਾਲ ਮੋਚਨ ਪਹੁੰਚੇ ਤਾਂ ਉਨ੍ਹਾਂ ਨੇ ਸਿੱਖ ਸੂਰਬੀਰਾਂ ਨੂੰ ਸਿਰੋਪਾਓ ਦੇਣ ਲਈ ਜਗਾਧਰੀ ਅਤੇ ਬੂੜੀਏ ਤੋਂ ਪੱਗਾਂ ਲਿਆਉਣ ਲਈ ਕੁਝ ਸਿੱਖ ਭੇਜੇ ਪਰ ਉਨ੍ਹਾਂ ਨੂੰ ਕਿਤੋਂ ਵੀ ਪੱਗਾਂ ਨਾ ਮਿਲੀਆਂ। ਅਖ਼ੀਰ ਨੂੰ ਇਕ ਸਕੀਮ ਸੋਚੀ ਗਈ। ਸਕੀਮ ਸੀ ਕਿ ਜਿਹੜਾ ਵੀ ਆਦਮੀ ਸਵੇਰੇ-ਸਵੇਰੇ ਕਪਾਲ ਮੋਚਨ ਦੇ ਸਰੋਵਰ ਪਾਸ ਪਿਸ਼ਾਬ-ਟੱਟੀ ਕਰੇਗਾ ਉਸ ਦੀ ਪੱਗ ਲਾਹ ਲਈ ਜਾਵੇ। ਇਸੇ ਤਰ੍ਹਾਂ ਕੀਤਾ ਗਿਆ । ਸਿੱਖ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਝਾੜੀਆਂ ਵਿਚ ਛੁਪ ਕੇ ਬੈਠ ਗਏ । ਜਦੋਂ ਲੋਕ ਆਪੋ ਆਪਣੇ ਘਰਾਂ ਵਿਚੋਂ ਬਾਹਰ ਆ ਕੇ ਤੀਰਥ ਦੇ ਕਿਨਾਰੇ ਟੁੱਟੀ-ਪਿਸ਼ਾਬ ਕਰਨ ਲੱਗੇ ਤਾਂ ਸਿੱਖ ਝਾੜੀਆਂ ਵਿਚੋਂ ਨਿਕਲ ਕੇ ਉਨ੍ਹਾਂ ਦੀ ਬੈਠੇ-ਬਿਠਾਇਆਂ ਦੀ ਪੱਗ ਲਾਹ ਲੈਂਦੇ ਸੀ ਇਸ ਤਰ੍ਹਾਂ 800 ਪੱਗਾਂ ਇਕੱਠੀਆਂ ਹੋ ਗਈਆਂ। ਗੁਰੂ ਸਾਹਿਬ ਨੇ ਉਹ ਧੁਆ ਕੇ ਸਿੱਖ ਸੂਰਬੀਰਾਂ ਨੂੰ ਸ਼ਿਰੋਪਾਓ ਵਜੋਂ ਦੇ ਦਿੱਤੀਆਂ । ਜਿਹੜੀਆਂ ਪੱਗਾਂ ਸਿਰੋਪਾਓ ਦੇਣ ਪਿੱਛੋਂ ਬਾਕੀ ਬਚ ਗਈਆਂ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਅਤੇ ਕੁਝ ਪੈਦਲ ਸਿਪਾਹੀਆਂ ਨੂੰ ਦੇ ਦਿੱਤੀਆਂ ਗਈਆਂ ਸਨ ।

ਹੁਣ ਦੇਖਿਆ ਜਾਵੇ ਕਿ ਇਸ ਗੱਲ ਵਿਚ ਕੋਈ ਰਤਾ ਭਰ ਵੀ ਵਜ਼ਨ ਜਾਂ ਗੰਭੀਰਤਾ ਹੈ? ਕਿੰਨੀ ਭੱਦੀ, ਹਾਸੋਹੀਣੀ ਅਤੇ ਕਿਰਦਾਰ ਤੋਂ ਗਿਰੀ ਹੋਈ ਗੱਲ ਕੀਤੀ ਗਈ ਹੈ। ਇਸ ਦੇ ਕਿਸੇ ਵੀ ਪੱਖ ਬਾਰੇ ਬਹਿਸ ਕਰਨੀ ਫਜੂਲ ਹੈ। ਇਹ ਗੱਲ ਮੂਲੋਂ ਹੀ ਗਲਤ ਹੈ ਅਤੇ ਕਿਸੇ ਐਸੇ ਸ਼ਰਾਰਤੀ ਦਿਮਾਗ ਦੀ ਕਾਢ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਬਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕਪਾਲ ਮੋਚਨ ਤੋਂ ਚਲ ਕੇ ਗੁਰੂ ਸਾਹਿਬ ਸਢੌਰੇ ਠਹਿਰੇ। ਇੱਥੇ ਮੁਸਲਿਮ ਸੂਫੀ ਫਕੀਰ ਪੀਰ ਬੁੱਧੂ ਸ਼ਾਹ ਦਾ ਡੇਰਾ ਸੀ । ਇਸ ਦਾ ਗੁਰੂ ਘਰ ਨਾਲ ਬਹੁਤ ਅੱਛਾ ਸਬੰਧ ਸੀ । ਰਵਾਇਤ ਤਾਂ ਇਹ ਵੀ ਹੈ ਕਿ ਪੀਰ ਬੁੱਧੂ ਸ਼ਾਹ ਅਤੇ ਉਸ ਦੇ ਪੁੱਤਰਾਂ ਨੇ ਭੰਗਾਣੀ ਦੀ ਲੜਾਈ ਵਿਚ ਭਾਗ ਲਿਆ ਸੀ ਅਤੇ ਇਸ ਦੇ ਪੁੱਤਰ ਲੜਾਈ ਵਿਚ ਸ਼ਹੀਦ ਹੋ ਗਏ ਸਨ। ਪਰ ‘ਬਚਿੱਤ੍ਰ ਨਾਟਕ’ ਵਿਚ ਇਸ ਗੱਲ ਦਾ ਕੋਈ ਵੀ ਇਸ਼ਾਰਾ ਨਹੀਂ ਹੈ। ਗੁਰੂ ਜੀ ਪੀਰ ਬੁੱਧੂ ਸ਼ਾਹ ਨੂੰ ਮਿਲੇ ਅਤੇ ਧਾਰਮਕ ਵਿਚਾਰ-ਚਰਚਾ ਕੀਤੀ । ਇੱਥੋਂ ਚਲ ਕੇ ਰਾਣੀ ਕਾ ਰਾਇਪੁਰ ਪਹੁੰਚੇ । ਰਾਇਪੁਰ ਦੀ ਰਾਣੀ ਆਪਣੇ ਦਰਬਾਰੀਆਂ ਸਮੇਤ ਗੁਰੂ ਜੀ ਨੂੰ ਅੱਗੋਂ ਆ ਕੇ ਮਿਲੀ । ਗੁਰੂ ਜੀ ਉਸ ਦੇ ਮਹਿਲਾਂ ਵਿਚ ਗਏ ਸਨ ਅਤੇ ਕੁਝ ਸਮਾਂ ਉੱਥੇ ਠਹਿਰਾ ਕੀਤਾ ਸੀ । ਇੱਥੋਂ ਅੱਗੇ ਚਲਦੇ ਹੋਏ ਮਾਣਕ ਟਬਰਾ, ਲਾਹੜਪੁਰ, ਟੋਕਾ, ਨਾਡਾ ਸਾਹਿਬ, ਮਨੀਮਾਜਰਾ, ਰੋਪੜ ਅਤੇ ਕੀਰਤਪੁਰ ਸਾਹਿਬ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚ ਗਏ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ ਕਿ ਪਾਉਂਟਾ ਸਾਹਿਬ ਤੋਂ ਵਾਪਸ ਆ ਕੇ ਆਨੰਦਪੁਰ ਸਾਹਿਬ ਦੇ ਨਗਰ ਨੂੰ ਸਥਾਪਤ ਕੀਤਾ। ਇਸ ਦਾ ਭਾਵ ਇਹ ਹੀ ਹੈ ਕਿ ਇਸ ਸਮੇਂ ਆਨੰਦਗੜ੍ਹ ਸਮੇਤ ਹੋਰ ਕਿਲੇ ਉਸਾਰੇ ਗਏ ਅਤੇ ਉਨ੍ਹਾਂ ਵਿਚ ਸੁਰੱਖਿਆ ਦਾ ਸਾਰਾ ਸਾਮਾਨ ਰੱਖਿਆ ਗਿਆ ਸੀ ਤਾਂ ਕਿ ਬਾਹਰਲਾ ਕੋਈ ਦੁਸ਼ਮਣ ਆਨੰਦਪੁਰ ਸਾਹਿਬ ‘ਤੇ ਹਮਲਾ ਕਰਕੇ ਸਿੱਖ ਸੰਗਤਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ।

ਨਾਦੌਣ ਦੀ ਜੰਗ:

ਨਾਦੌਣ, ਹਿਮਾਚਲ ਪਰਦੇਸ਼ ਪਰਾਂਤ ਦੇ ਜਿਲਾ ਹਮੀਰਪੁਰ ਦੀ ਤਹਿਸੀਲ ਹੈ। ਇਹ ਸ਼ਹਿਰ ਬਿਆਸ ਦਰਿਆ ਦੇ ਖੱਬੇ ਕੰਢੇ ਉਪਰ ਸਥਿਤ ਹੈ। ਹਮੀਰਪੁਰ ਤੋਂ 28 ਕਿਲੋਮੀਟਰ ਅਤੇ ਕਾਂਗੜੇ ਤੋਂ 32 ਕਿਲੋਮੀਟਰ ਦੀ ਵਿੱਥ ’ਤੇ ਹੈ। ਇੱਥੋਂ ਦੀ ਲੜਾਈ 20 ਮਾਰਚ, 1690 ਈ. ਨੂੰ ਲੜੀ ਗਈ ਸੀ । ਲੜਾਈ ਮੁੱਖ ਤੌਰ ‘ਤੇ ਅਲਫ਼ ਖ਼ਾਨ ਅਤੇ ਭੀਮ ਚੰਦ ਵਿਚਕਾਰ ਸੀ । ਅਲਫ਼ ਖ਼ਾਨ ਸੰਭਵ ਤੌਰ ‘ਤੇ ਕਾਂਗੜੇ ਦੇ ਫ਼ੌਜਦਾਰ ਮੀਆਂ ਖ਼ਾਨ ਦਾ ਸਹਾਇਕ ਕਮਾਂਡਰ ਸੀ । ਇੱਥੋਂ ਜੰਮੂ ਵੀ ਬਹੁਤ ਦੂਰ ਹੈ ਅਤੇ ਲਾਹੌਰ ਵੀ । ਇਸ ਕਰਕੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਨਾ ਹੀ ਤਾਂ ਲਾਹੌਰ ਦੇ ਸੂਬੇਦਾਰ ਦੇ ਅਧੀਨ ਸਨ ਅਤੇ ਨਾ ਹੀ ਜੰਮੂ ਦੇ ਫ਼ੌਜਦਾਰ ਦੇ । ਕਾਂਗੜਾ, ਜਿਹੜਾ ਕਿ ਅਕਬਰ ਦੇ ਸਮੇਂ ਤੋਂ ਹੀ ਮੁਗ਼ਲ ਸਰਕਾਰ ਦੇ ਅਧੀਨ ਸੀ, ਪੰਜਾਬ ਦੀਆਂ ਪਹਾੜੀ ਰਿਆਸਤਾਂ ਉਪਰ ਨਿਗਰਾਨੀ ਕਰਦਾ ਸੀ । ਦੂਸਰੀ ਸੰਭਾਵਨਾ ਸਰਹਿੰਦ ਦੇ ਫ਼ੌਜਦਾਰ ਦੀ ਹੋ ਸਕਦੀ ਹੈ ਕਿਉਂਕਿ ਇਹ ਪਹਾੜੀ ਰਿਆਸਤਾਂ ਸਰਹਿੰਦ ਦੇ ਕਾਫੀ ਨਜ਼ਦੀਕ ਸਨ । ਪਰ ਨਾਦੌਣ ਤੱਕ ਸਰਹਿੰਦ ਦੇ ਫ਼ੌਜਦਾਰ ਨੂੰ ਵੀ ਫ਼ੌਜ ਭੇਜਣੀ ਬਹੁਤ ਔਖੀ ਸੀ । ਇਸ ਕਰਕੇ ਨਿਸ਼ਚਤ ਤੌਰ ‘ਤੇ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਕਾਂਗੜਾ ਦੇ ਫ਼ੌਜਦਾਰ ਨੇ ਅਲਫ਼ ਖ਼ਾਨ ਨੂੰ ਪਹਾੜੀ ਰਿਆਸਤਾਂ ਤੋਂ ਮੁਆਮਲਾ ਵਸੂਲਣ ਲਈ ਭੇਜਿਆ ਸੀ । ਖੁਦ ਮੀਆਂ ਖ਼ਾਨ ਜੰਮੂ ਵੱਲ ਚਲਿਆ ਗਿਆ ਸੀ । ਕੁਝ ਕੁ ਲੇਖਕਾਂ ਨੇ ਇਹ ਵੀ ਲਿਖਿਆ ਹੈ ਕਿ ਔਰੰਗਜ਼ੇਬ ਦੇ ਕਾਫੀ ਸਮੇਂ ਤੋਂ ਦੱਖਣ ਵਿਚ ਹੋਣ ਕਰਕੇ ਪੰਜਾਬ ਦੇ ਪਹਾੜੀ ਰਾਜੇ ਬਾਗੀ ਹੋ ਗਏ ਸਨ । ਇਸ ਕਰਕੇ ਮੀਆਂ ਖ਼ਾਨ ਅਤੇ ਅਲਫ਼ ਖ਼ਾਨ ਨੂੰ ਇਸ ਮੁਹਿੰਮ ‘ਤੇ ਆਉਣਾ ਪਿਆ ਸੀ । ਇਹ ਗੱਲ ਦਰੁਸਤ ਨਹੀਂ ਹੈ । ਪਹਿਲੀ ਗੱਲ ਤਾਂ ਇਹ ਕਿ ਪਹਾੜੀ ਰਾਜਿਆਂ ਦੀ ਨਾ ਹੀ ਤਾਂ ਇਤਨੀ ਤਾਕਤ ਸੀ ਕਿ ਉਹ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਵਿਰੁੱਧ ਬਗ਼ਾਵਤ ਕਰ ਸਕਦੇ ਅਤੇ ਨਾ ਹੀ ਇਨ੍ਹਾਂ ਨੂੰ ਬਾਗੀ ਹੋਣ ਵਿਚ ਕੋਈ ਫਾਇਦਾ ਹੀ ਸੀ। ਇਨ੍ਹਾਂ ਦੀ ਅੰਦਰੂਨੀ ਸੁਤੰਤਰਤਾ ਬਰਕਰਾਰ ਸੀ । ਮੁਗ਼ਲ ਕੇਂਦਰ ਤੋਂ ਇਹ ਰਿਆਸਤਾਂ ਬਹੁਤ ਦੂਰ ਸਨ । ਮੁਗ਼ਲ ਸਰਕਾਰ ਦਾ ਇਨ੍ਹਾਂ ਕੋਲੋਂ ਛਿਮਾਹੀ ਮੁਆਮਲਾ ਲੈਣ ਤੋਂ ਬਿਨਾਂ ਇਨ੍ਹਾਂ ਨਾਲ ਹੋਰ ਕੋਈ ਵੀ ਦਿਲਚਸਪੀ ਵਾਲਾ ਸਬੰਧ ਨਹੀਂ ਸੀ । ਨਾਦੌਣ ਦੀ ਲੜਾਈ ਵਿਚੋਂ ਫਤਿਹ ਪਰਾਪਤ ਕਰ ਲੈਣ ਦੇ ਬਾਵਜੂਦ ਵੀ, ਜਿਵੇਂ ਕਿ ਅੱਗੇ ਚਲ ਕੇ ਪਤਾ ਲੱਗੇਗਾ, ਰਾਜਾ ਭੀਮ ਚੰਦ ਨੇ ਅਲਫ਼ ਖ਼ਾਨ ਨਾਲ ਸਮਝੌਤਾ ਕਰ ਲਿਆ ਸੀ । ਇਸ ਤੋਂ ਉਕਤ ਗੱਲ ਭਲੀ-ਭਾਂਤ ਸਾਬਤ ਹੁੰਦੀ ਹੈ। ਗੱਲ ਅਸਲ ਵਿਚ ਇਹ ਸੀ ਕਿ ਮੁਗ਼ਲ ਸਾਮਰਾਜ ਦੇ ਖੇਤਰੀ ਫ਼ੌਜਦਾਰ ਆਪਣੀ ਲੋੜ ਮੁਤਾਬਕ ਸਮੇਂ ਸਮੇਂ ‘ਤੇ ਸਾਲ ਵਿਚ ਦੋ ਵਾਰ ਤੋਂ ਜ਼ਿਆਦਾ ਵੀ, ਆਪਣੀ ਤਾਕਤ ਦੇ ਜ਼ੋਰ ਨਾਲ, ਪਹਾੜੀ ਰਿਆਸਤਾਂ ਵਿਚੋਂ ਮੁਆਮਲਾ ਉਗਰਾਹ ਲੈਂਦੇ ਸਨ । ਇਹ ਮੁਹਿੰਮ ਵੀ ਸਿਰਫ ਮੁਆਮਲਾ ਉਗਰਾਹੁਣ ਖਾਤਰ ਹੀ ਸੀ । ਨੀਯਤ ਮੁਆਮਲਾ ਤਾਂ ਹਰ ਰਿਆਸਤ ਦੇਣ ਨੂੰ ਤਿਆਰ ਹੁੰਦੀ ਸੀ, ਪਰ ਜਦੋਂ ਨੀਯਤ ਹੱਦ ਤੋਂ ਜ਼ਿਆਦਾ ਮੰਗ ਕੀਤੀ ਜਾਂਦੀ ਸੀ ਤਾਂ ਮੁਸ਼ਕਲ ਹੁੰਦੀ ਸੀ। ਇਸ ਵਾਰ ਵੀ ਨੀਯਤ ਹੱਦ ਨਾਲੋਂ ਜਿਆਦਾ ਮੰਗ ਕੀਤੀ ਗਈ ਸੀ। ਅੱਗੇ ਚੱਲ ਕੇ ਪਤਾ ਲੱਗੇਗਾ ਕਿ ਹੁਸੈਨੀ ਸ਼ਾਹ ਨੇ ਵੀ ਖਾਹਮੁਖਾਹ ਜ਼ਿਆਦਾ ਮੁਆਮਲਾ ਲੈਣ ਕਰਕੇ ਪਹਾੜੀ ਰਾਜਿਆਂ ਨਾਲ ਲੜਾਈ ਸਹੇੜ ਲਈ ਸੀ । ਮੀਆਂ ਖ਼ਾਨ ਜੰਮੂ ਵੱਲ ਮੁਆਮਲਾ ਉਗਰਾਹੁਣ ਚਲਾ ਗਿਆ ਸੀ ਅਤੇ ਅਲਫ਼ ਖ਼ਾਨ ਇਧਰ ਪੰਜਾਬੀ ਪਹਾੜੀ ਰਿਆਸਤਾਂ ਵੱਲ ਆ ਗਿਆ ਸੀ।

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਇਸ ਲੜਾਈ ਦਾ ਵੇਰਵਾ ਸਿਰਫ ‘ਬਚਿੱਤ੍ਰ ਨਾਟਕ’ ਵਿਚ ਹੀ ਮਿਲਦਾ ਹੈ ਅਤੇ ਉਸ ਤੋਂ ਪਿੱਛੋਂ ਦੀਆਂ ਗੁਰਮੁੱਖੀ ਲਿਖਤਾਂ ਵੀ ਤਕਰੀਬਨ ‘ਬਚਿੱਤ੍ਰ ਨਾਟਕ’ ਵਿਚਲੀ ਜਾਣਕਾਰੀ ਦੁਆਲੇ ਹੀ ਕੇਂਦਰਿਤ ਹਨ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ ਕਿ ਜਦੋਂ ਅਲਫ਼ ਖ਼ਾਨ ਨੇ ਨਾਦੌਣ ਪਹੁੰਚ ਕੇ ਰਾਜਾ ਭੀਮ ਚੰਦ ਨਾਲ ਲੜਾਈ ਸ਼ੁਰੂ ਕੀਤੀ ਤਾਂ ਰਾਜੇ ਨੇ ਗੁਰੂ ਜੀ ਨੂੰ ਆਪਣੀ ਸਹਾਇਤਾ ਲਈ ਬੁਲਾ ਭੇਜਿਆ। ਲਿਖਿਆ ਇਹ ਵੀ ਹੈ ਕਿ ਉਸ ਨੇ ਹੋਰ ਰਾਜਿਆਂ ਦੇ ਨਾਲ ਗੁਰੂ ਜੀ ਨੂੰ ਬੁਲਾਇਆ (ਸਬੈ ਬੀਰ ਬੋਲੇ ਹਮੈ ਭੀ ਬੁਲਾਯੰ) । ਇਸ ਬੁਲਾਵੇ ਅਨੁਸਾਰ ਗੁਰੂ ਜੀ ਨੇ ਖ਼ੁਦ ਜੰਗ ਵਿਚ ਸ਼ਮੂਲੀਅਤ ਕੀਤੀ ਅਤੇ ਅਲਫ਼ ਖ਼ਾਨ ਦੇ ਖਿਲਾਫ਼ ਛਿੜੀ ਲੜਾਈ ਵਿਚ ਗੁਰੂ ਜੀ ਨੇ ਰਾਜਾ ਭੀਮ ਚੰਦ ਦਾ ਸਾਥ ਦਿੱਤਾ ।

ਗੁਰੂ ਜੀ ਇਕ ਧਾਰਮਿਕ ਨੇਤਾ ਸਨ। ਨਾ ਹੀ ਉਨ੍ਹਾਂ ਦੀ ਕਿਸੇ ਕਿਸਮ ਦੀ ਰਾਜਨੀਤੀ ਵਿਚ ਦਿਲਚਸਪੀ ਸੀ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਵਰਗ ਨਾਲ ਵੈਰ-ਵਿਰੋਧ ਸੀ। ਉਹ ਹਿੰਦੂ ਰਾਜਿਆਂ ਲਈ ਵੀ ਗੁਰੂ ਸਨ ਅਤੇ ਮੁਸਲਿਮ ਜਰਨੈਲਾਂ ਲਈ ਵੀ। ਅਲਫ਼ ਖ਼ਾਨ ਦੀ ਮੁਹਿੰਮ ਨਿਰੋਲ ਰਾਜਨੀਤਕ ਸੀ। ਭੀਮ ਚੰਦ ਦਾ ਵਤੀਰਾ ਨਿਸ਼ਚਤ ਨਹੀਂ ਸੀ । ਫਿਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਲੜਾਈ ਵਿਚ ਕਿਉਂ ਇਕ ਧਿਰ ਦਾ ਸਾਥ ਦਿੱਤਾ? ਇਨ੍ਹਾਂ ਸਵਾਲਾਂ ਦਾ ‘ਬਚਿੱਤ੍ਰ ਨਾਟਕ’ ਵਿਚ ਤਾਂ ਕੋਈ ਵੀ ਉੱਤਰ ਨਹੀਂ ਹੈ ਅਤੇ ਹੋਰ ਕਿਸੇ ਲਿਖਤ ਵਿਚ ਇਹ ਨੁਕਤਾ ਉਭਾਰਿਆ ਹੀ ਨਹੀਂ ਗਿਆ। ਜਿੱਥੋਂ ਤੱਕ ‘ਬਚਿੱਤ੍ਰ ਨਾਟਕ’ ਵਿਚਲੇ ਵੇਰਵੇ ਦਾ ਸਬੰਧ ਹੈ ਉਹ ਸਾਰੀ ਗੱਲ ਨੂੰ ਸਪਸ਼ਟ ਨਹੀਂ ਕਰਦਾ।

ਇਕ ਹੋਰ ਆਪਾ-ਵਿਰੋਧ ਇਹ ਹੈ ਕਿ ਲੜਾਈ ਵਿਚ ਜਿੱਤ ਪਰਾਪਤ ਕਰ ਲੈਣ ਦੇ ਬਾਵਜੂਦ ਵੀ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਦੱਸੇ ਬਗ਼ੈਰ ਅਲਫ਼ ਖ਼ਾਨ ਨਾਲ ਸਮਝੌਤਾ ਕਰ ਲਿਆ ਸੀ। ਇਤਨੇ ਕੱਚੇ ਵਿਅਕਤੀ ਦੀ ਗੁਰੂ ਸਾਹਿਬ ਨੇ ਵੱਡੀ ਪੱਧਰ ‘ਤੇ ਜੰਗੀ ਸਹਾਇਤਾ ਕੀਤੀ? ਮੁਗ਼ਲ ਸਰਕਾਰ ਦੇ ਇਕ ਅਹਿਮ ਜਰਨੈਲ ਨਾਲ ਸਿੱਧੀ ਲੜਾਈ ਵਿਚ ਗੁਰੂ ਜੀ ਦੀ ਸ਼ਮੂਲੀਅਤ ਹਕੂਮਤ ਲਈ ਇਕ ਬਹੁਤ ਵੱਡਾ ਬਾਗੀ ਕਦਮ ਸਮਝਿਆ ਜਾ ਸਕਦਾ ਸੀ। ਇਹ ਵੀ ਇਕ ਡਾਵਾਂਡੋਲ ਅਤੇ ਦੋਚਿੱਤੇ ਰਾਜਾ ਭੀਮ ਚੰਦ ਦੀ ਮਦਦ ਕਰਨ ਲਈ? ਇਸ ਗੱਲ ਨੂੰ ਸਮਝਣਾ ਬਹੁਤ ਔਖਾ ਹੈ। ਫਿਰ ਗੁਰੂ ਸਾਹਿਬ ਗਏ ਤਾਂ ਸਨ ਰਾਜਾ ਭੀਮ ਚੰਦ ਦੀ ਸਹਾਇਤਾ ਕਰਨ ਲਈ ਪਰ ਲੜਾਈ ਦੇ ਸਿੱਟੇ ਵਜੋਂ ਗੁਰੂ ਜੀ ਦੀ ਉਸ ਨਾਲ ਬਹੁਤ ਭਾਰੀ ਦੁਸ਼ਮਣੀ ਪੈ ਗਈ ਸੀ ਕਿਉਂਕਿ ਗੁਰੂ ਸਾਹਿਬ ਲੜਾਈ ਵਿਚੋਂ ਵਿਹਲੇ ਹੋ ਕੇ ਅਤੇ ਭੀਮ ਚੰਦ ਵੱਲੋਂ ਅਲਫ਼ ਖ਼ਾਨ ਨਾਲ ਸਮਝੌਤਾ ਕਰ ਲੈਣ ਬਾਅਦ ਕਾਂਗੜਾ ਰਿਆਸਤ ਦੇ ਹੀ ਇਕ ਪਿੰਡ ਅਲਸੂਨ ਵਿਚ ਸਥਿਤ ਉਸ ਦੀ ਇਕ ਸੈਨਿਕ ਛਾਉਣੀ ਨੂੰ ਉਜਾੜ ਆਏ ਸਨ। ਅਲਸੂਨ ਦੀ ਇਹ ਝੜੱਪ ਸਿਰਫ ਭੀਮ ਚੰਦ ਨਾਲ ਰੋਸ ਪਰਗਟ ਕਰਨ ਕਰਕੇ ਹੀ ਸੀ । ਅਲਸੂਨ ਰਾਜਪੂਤਾਂ ਅਤੇ ਬਰਾਹਮਣ ਤਬਕੇ ਦੀ ਆਬਾਦੀ ਵਾਲਾ ਪਿੰਡ ਸੀ । ਜੋ ਸੰਧੀ ਭੀਮ ਚੰਦ ਨੇ ਅਲਫ਼ ਖ਼ਾਨ ਨਾਲ ਕੀਤੀ ਸੀ ਗੁਰੂ ਜੀ ਨੇ ਉਸ ਦੇ ਖਿਲਾਫ਼ ਆਪਣਾ ਪਰੱਤੀਕਰਮ ਪਰਗਟ ਕਰਦੇ ਹੋਏ ਰਾਜਾ ਭੀਮ ਚੰਦ ਦੀ ਆਪਣੀ ਰਿਆਸਤ ਦੇ ਪਿੰਡ ਵਿਚ ਸਥਿਤ ਸੈਨਿਕ ਕੈਂਪ ਨੂੰ ਉਜਾੜਿਆ ਸੀ । ਬਚਿੱਤ੍ਰ ਨਾਟਕ ਵਿਚ ਲਿਖਿਆ ਹੈ:

ਇਤ ਹਮ ਹੋਇ ਬਿਦਾ ਘਰ ਆਏ।

ਸੁਲਹ ਨਮਿਤ ਵੇ ਵੇ ਉਤਹਿ ਸਿਧਾਏ।

ਸੰਧਿ ਇਨੈ ਉਨ ਕੇ ਸੰਗਿ ਕਈ । ਹੇਤ ਕਥਾ ਪੂਰਨ ਇਤ ਭਈ।

ਆਲਸੁਨ ਕੱਹ ਮਾਰਿ ਕੈ ਇਹ ਦਿਸਿ ਕੀਓ ਪਯਾਨ।

ਭਾਂਤ ਅਨੇਕਨ ਕੇ ਕਰੇ ਪੁਰ ਅਨੰਦ ਸੁਖ ਆਨ ॥੯ ॥੧੨੩-੨੪।

ਜਿਸ ਲੜਾਈ ਦਾ ਸਿੱਟਾ ਹੀ ਉਸੇ ਰਾਜੇ ਨਾਲ ਪੱਕੀ ਦੁਸ਼ਮਣੀ ਪੈਣ ਵਿਚ ਨਿਕਲਿਆ ਹੋਵੇ ਜਿਸ ਦੀ ਮਦਦ ਲਈ ਗੁਰੂ ਜੀ ਗਏ ਸਨ ਤਾਂ ਐਸੀ ਲੜਾਈ ਵਿਚ ਸਿੱਧੀ ਸ਼ਮੂਲੀਅਤ ਕਰਨਾ, ਗੱਲ ਨੂੰ ਵਿਵਾਦਪੂਰਨ ਅਤੇ ਗੁੰਝਲਮਈ ਬਣਾ ਦਿੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਬਾਰੇ ਹੋਰ ਖੋਜ ਕੀਤੀ ਜਾਵੇ । ਵਰਤਮਾਨ ਖੋਜ ਨਾਲ ਇਹ ਗੱਲਾਂ ਸਪਸ਼ਟ ਨਹੀਂ ਹੁੰਦੀਆਂ । ਨਾਦੌਣ ਦੀ ਲੜਾਈ ਇਤਿਹਾਸਕ ਤੱਥ ਵਜੋਂ ਅਤੇ ਗੁਰੂ ਜੀ ਦੀ ਸ਼ਮੂਲੀਅਤ ਵਜੋਂ ਸ਼ੱਕੀ ਜਾਪਦੀ ਹੈ। ਨਿਸ਼ਚੇ ਹੀ ਹਾਲਾਤ ਕੁਝ ਵੱਖਰੇ ਹੋਣਗੇ। ਗੱਲ ਅਸਲ ਵਿਚ ਇਹ ਹੈ ਕਿ ਅਲਫ਼ ਖ਼ਾਨ ਦੀ ਲੜਾਈ ਜਿਸ ਭੀਮ ਚੰਦ ਦੇ ਖਿਲਾਫ਼ ਸੀ ਉਹ ਕਹਿਲੂਰ ਰਿਆਸਤ ਦਾ ਰਾਜਾ ਨਹੀਂ ਸੀ । ਜਿਹੜੇ ਵੀ ਇਤਿਹਾਸਕਾਰਾਂ ਨੇ ਇਸ ਬਾਰੇ ਲਿਖਿਆ ਹੈ ਉਨ੍ਹਾਂ ਸਭ ਨੇ ਇਸ ਲੜਾਈ ਵਿਚ ਹਿੱਸਾ ਲੈਣ ਵਾਲੇ ਰਾਜੇ ਭੀਮ ਚੰਦ ਨੂੰ ਕਹਿਲੂਰ ਦਾ ਹੀ ਰਾਜਾ ਲਿਖਿਆ ਹੈ। ਇਹ ਗੱਲ ਗ਼ਲਤ ਹੈ। ਨਾ ਹੀ ਤਾਂ ਇਹ ਭੀਮ ਚੰਦ ਕਹਿਲੂਰ ਦਾ ਰਾਜਾ ਸੀ ਅਤੇ ਨਾ ਹੀ ਨਾਦੌਣ ਸ਼ਹਿਰ ਕਹਿਲੂਰ ਰਿਆਸਤ ਵਿਚ ਸੀ । ਕਹਿਲੂਰ ਦੀ ਰਿਆਸਤ ਦੀ ਹੱਦ ਤਾਂ ਇੱਥੋਂ ਬਹੁਤ ਦੂਰ ਉੱਤਰ-ਪੂਰਬ ਵੱਲ ਸੀ । ਉਸ ਸਮੇਂ ਕਾਂਗੜੇ ਦਾ ਰਾਜਾ ਭੀਮ ਚੰਦ ਕਟੋਚ ਸੀ । 6 ਸਾਡੇ ਇਤਿਹਾਸਕਾਰ ‘ਬਚਿੱਤ੍ਰ ਨਾਟਕ’ ਵਿਚ ਵਾਰ ਵਾਰ ਆਏ ਨਾਂ ਕਿਰਪਾਲ ਕਟੋਚ ਨੂੰ ਹੀ ਕਾਂਗੜੇ ਦਾ ਰਾਜਾ ਮੰਨੀਂ ਜਾਂਦੇ ਹਨ। ਕਿਰਪਾਲ ਚੰਦ ਨਾਂ ਦਾ ਕੋਈ ਵੀ ਵਿਅਕਤੀ ਕਾਂਗੜੇ ਦਾ ਰਾਜਾ ਨਹੀਂ ਹੋਇਆ। ਇਹ ਕਾਂਗੜੇ ਦੇ ਰਾਜੇ ਦਾ ਭਰਾ, ਜਰਨੈਲ ਜਾਂ ਕੋਈ ਹੋਰ ਅਧਿਕਾਰੀ ਤਾਂ ਹੋ ਸਕਦਾ ਹੈ।

ਦੂਸਰੀ ਗੱਲ, ਨਾਦੌਣ ਸ਼ਹਿਰ ਵਿਚ ਕਾਂਗੜੇ ਦੇ ਰਾਜੇ ਦੇ ਰਿਹਾਇਸ਼ੀ ਮਹਿਲ ਸਨ। ਕਾਂਗੜੇ ਦਾ ਕਿਲ੍ਹਾ ਮੁਗ਼ਲ ਫ਼ੌਜਦਾਰ ਦੇ ਕਬਜੇ ਵਿਚ ਸੀ । ਕਾਂਗੜਾ ਰਿਆਸਤ ਦੇ ਸਾਰੇ ਦਫ਼ਤਰ ਇਸ ਕਿਲ੍ਹੇ ਵਿਚ ਸਨ ਅਤੇ ਰਾਜਿਆਂ ਦੇ ਰਿਹਾਇਸ਼ੀ ਮਹਿਲ ਵੀ ਇਸੇ ਕਿਲ੍ਹੇ ਵਿਚ ਸਨ । ਪਰ ਕਿਉਂਕਿ ਇਹ ਕਿਲ੍ਹਾ ਮੁਗ਼ਲ ਫ਼ੌਜਦਾਰ ਦੇ ਕਬਜ਼ੇ ਵਿਚ ਸੀ ਇਸ ਕਰਕੇ ਰਾਜਾ ਹਰ ਸਮੇਂ ਮੁਗ਼ਲ ਫ਼ੌਜਦਾਰ ਦੇ ਰੋਅਬ ਹੇਠ ਜਾਂ ਉਸ ਦੀ ਨਿਗਾਹ ਹੇਠ ਨਹੀਂ ਰਹਿਣਾ ਚਾਹੁੰਦਾ ਸੀ । ਇਸ ਲਈ ਉਸ ਨੇ ਆਪਣੀ ਰਿਹਾਇਸ਼ ਅਤੇ ਆਪਣੇ ਦਫ਼ਤਰ ਸਾਰੇ ਦੇ ਸਾਰੇ ਨਾਦੌਣ ਸ਼ਹਿਰ ਵਿਚ ਤਬਦੀਲ ਕਰ ਲਏ ਸਨ । ਇਹ ਜਾਣਕਾਰੀ ਮੈਂ ਕਾਂਗੜੇ ਜਾ ਕੇ ਉੱਥੋਂ ਦੇ ਬਜ਼ੁਰਗਾਂ ਨਾਲ ਗੱਲਾਂ ਕਰਕੇ ਪਰਾਪਤ ਕੀਤੀ ਹੈ। ਜਿਸ ਸਮੇਂ ਅਲਫ਼ ਖ਼ਾਂ ਨੇ ਨਾਦੌਣ ਪਹੁੰਚ ਕੇ ਬਿਆਸ ਦਰਿਆ ਦੇ ਇਕ ਕੰਢੇ ‘ਤੇ ਆਪਣਾ ਕੈਂਪ ਲਾਇਆ ਸੀ ਉਸ ਸਮੇਂ ਕਾਂਗੜੇ ਦਾ ਰਾਜਾ ਭੀਮ ਚੰਦ ਨਾਦੌਣ ਵਿਖੇ ਹੀ ਰਹਿ ਰਿਹਾ ਸੀ। ਇੱਥੇ ਪਹੁੰਚ ਕੇ ਅਲਫ਼ ਖ਼ਾਨ ਨੇ ਰਾਜੇ ਕੋਲੋਂ ਨਜ਼ਰਾਨਾ ਮੰਗਿਆ। ਨੀਅਤ ਹੱਦ ਤੱਕ ਤਾਂ ਰਾਜਾ ਭੀਮ ਚੰਦ ਨਜ਼ਰਾਨਾ ਦੇਣ ਲਈ ਰਾਜ਼ੀ ਸੀ ਪਰ ਨੀਅਤ ਹੱਦ ਤੋਂ ਵੱਧ ਦੇਣ ਲਈ ਉਹ ਤਿਆਰ ਨਹੀਂ ਸੀ । ਅਲਫ਼ ਖ਼ਾਨ ਆਪਣੀ ਮਰਜ਼ੀ ਅਨੁਸਾਰ ਉਗਰਾਹੀ ਕਰਨੀ ਚਾਹੁੰਦਾ ਸੀ। ਜਿਸ ਦਾ ਸਿੱਟਾ ਲੜਾਈ ਵਿਚ ਨਿਕਲਿਆ।

‘ਬਚਿੱਤ੍ਰ ਨਾਟਕ’ ਵਿਚ ਗੁਰੂ ਜੀ ਦੇ ਸ਼ਾਮਲ ਹੋਣ ਦੀ ਗੱਲ ਕੀਤੀ ਗਈ ਹੈ। ਇਸ ਗੱਲ ਨੂੰ ਗਲਤ ਤਾਂ ਨਹੀਂ ਕਿਹਾ ਜਾ ਸਕਦਾ ਪਰ ‘ਬਚਿੱਤ੍ਰ ਨਾਟਕ’ ਵਿਚਲਾ ਜੋ ਨਾਦੌਣ ਦੀ ਲੜਾਈ ਦਾ ਵੇਰਵਾ ਹੈ ਉਹ ਸਪਸ਼ਟ ਨਹੀਂ ਹੈ। ਇਸ ਬਾਰੇ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿਉਂਕਿ ਹੋਰ ਕਿਸੇ ਵੀ ਸਰੋਤ ਤੋਂ ਇਸ ਲੜਾਈ ਦਾ ਵੇਰਵਾ ਪਰਾਪਤ ਨਹੀਂ ਹੈ। ਅੰਦਾਜਾ ਇਹ ਹੀ ਹੈ ਕਿ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇਸ ਕਰਕੇ ਬੁਲਾਇਆ ਹੋਵੇਗਾ ਕਿ ਉਹ ਉਸ ਦੇ ਅਤੇ ਅਲਫ਼ ਖ਼ਾਨ ਦੇ ਵਿਚਕਾਰ ਕੋਈ ਸਮਝੌਤਾ ਕਰਵਾ ਦੇਣ । ਸਮਝੌਤਾ ਹੋ ਨਹੀਂ ਸਕਿਆ ਹੋਣਾ ਅਤੇ ਮਜਬੂਰਨ ਗੁਰੂ ਜੀ ਨੂੰ ਰਾਜੇ ਦੀ ਮਦਦ ਕਰਨੀ ਪਈ ਹੋਵੇਗੀ। ਨਹੀਂ ਤਾਂ ਰਾਜਨੀਤੀ ਦੇ ਇਸ ਭੇੜ ਵਿਚ ਗੁਰੂ ਜੀ ਨੂੰ ਖਾਹਮੁਖਾਹ ਸ਼ਾਮਲ ਹੋਣ ਦੀ ਕੀ ਲੋੜ ਸੀ ?

ਦਿਲਾਵਰ ਖ਼ਾਨ ਦੇ ਪੁੱਤਰ ਦੀ ਮੁਹਿੰਮ :

ਬਚਿੱਤ੍ਰ ਨਾਟਕ’ ਵਿਚ ਨਾਦੌਣ ਦੀ ਲੜਾਈ ਦੇ ਵਰਨਣ ਤੋਂ ਪਿੱਛੋਂ ਦਿਲਾਵਰ ਖ਼ਾਨ ਦੇ ਪੁੱਤਰ, ਜਿਸ ਨੂੰ ਇਸ ਲਿਖਤ ਵਿਚ ਖਾਨਜਾਦਾ ਕਰਕੇ ਲਿਖਿਆ ਗਿਆ ਹੈ, ਦੀ ਮੁਹਿੰਮ ਦਾ ਵੇਰਵਾ ਮਿਲਦਾ ਹੈ। ਦੱਸਿਆ ਗਿਆ ਹੈ ਕਿ ਨਾਦੌਣ ਦੀ ਲੜਾਈ ਤੋਂ ਪਿੱਛੋਂ ਕਈ ਸਾਲ ਇਸੀ ਤਰ੍ਹਾਂ ਹੀ ਸ਼ਾਂਤੀ ਨਾਲ ਬੀਤ ਗਏ ਸਨ । ਇਸ ਸਮੇਂ ਦੌਰਾਨ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਵਿਚੋਂ ਚੋਰਾਂ-ਡਾਕੂਆਂ ਨੂੰ ਚੁਣ ਚੁਣ ਕੇ ਮਾਰਿਆ ਗਿਆ । ਇਸ ਮਾਰ ਤੋਂ ਡਰਦੇ ਹੋਏ ਕੁਝ ਚੋਰ ਤਾਂ ਸ਼ਹਿਰ ਛੱਡ ਕੇ ਭੱਜ ਗਏ ਸਨ ਪਰ ਜਦੋਂ ਬਾਹਰ ਗਏ ਹੋਏ ਭੁੱਖੇ ਮਰਨ ਲੱਗੇ ਤਾਂ ਉਹ ਮੁੜ ਕੇ ਫਿਰ ਸ਼ਹਿਰ ਵਿਚ ਆ ਗਏ ਸਨ। ਇਤਨੇ ਨੂੰ ਦਿਲਾਵਰ ਖ਼ਾਨ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਉਪਰ ਹਮਲਾ ਕਰਨ ਲਈ ਭੇਜਿਆ। ਅਜੇ ਰਾਤ ਦੋ ਕੁ ਘੜੀ ਹੀ ਬੀਤੀ ਸੀ, ਭਾਵ ਕਿ ਅਜੇ ਅੰਨ੍ਹੇਰਾ ਹੋਇਆ ਹੀ ਸੀ ਕਿ ਇਹ ਧਾੜਵੀ ਫ਼ੌਜ ਸਤਲੁਜ ਦਰਿਆ ਦੇ ਬਾਹਰਲੇ ਕੰਢੇ ‘ਤੇ ਆ ਪਹੁੰਚੀ। ਇਸ ਸਮੇਂ ਉੱਥੇ ਭਾਈ ਆਲਮ ਸਿੰਘ ਨਾਂ ਦਾ ਸਿੰਘ ਪਹਿਰਾ ਦੇ ਰਿਹਾ ਸੀ । ਇਸ ਪਹਿਰੇਦਾਰ ਨੇ ਝੱਟ ਆ ਕੇ ਗੁਰੂ ਜੀ ਨੂੰ ਇਸ ਹਮਲੇ ਦੀ ਖ਼ਬਰ ਦਿੱਤੀ । ਛੇਤੀ ਹੀ ਸਾਰੇ ਪਾਸੇ ਸ਼ੋਰ ਮੱਚ ਗਿਆ ਅਤੇ ਸਭ ਲੋਕ ਆਪੋ ਆਪਣੇ ਹੱਥਾਂ ਵਿਚ ਹਥਿਆਰ ਪਕੜ ਕੇ ਬਾਹਰ ਨਿਕਲ ਆਏ। ਦੋਵਾਂ ਧਿਰਾਂ ਵੱਲੋਂ ਜਦੋਂ ਤੋੜੇਦਾਰ ਬੰਦੂਕਾਂ ਚਲਾਉਣੀਆਂ ਸ਼ੁਰੂ ਹੋਈਆਂ ਤਾਂ ਬੜਾ ਭਿਆਨਕ ਸ਼ੋਰ-ਸ਼ਰਾਬਾ ਹੋਣ ਲੱਗਿਆ । ਛੇਤੀ ਹੀ ਸਿੱਖ ਸੰਗਤਾਂ ਦਾ ਜੋਰ ਪੈ ਗਿਆ ਅਤੇ ਹਮਲਾਵਰ ਦੁਸ਼ਮਣ ਵਾਪਸ ਭੱਜ ਗਿਆ । ਦੁਸ਼ਮਣ ਨੇ ਵਾਪਸ ਮੁੜਦੇ ਸਮੇਂ ਰਸਤੇ ਵਿਚਲੇ ਇਕ ਬਰਵਾ ਨਾਂ ਦੇ ਪਿੰਡ ਨੂੰ ਉਜਾੜ ਦਿੱਤਾ। ਇਹ ਇਸ ਕਰਕੇ ਕੀਤਾ ਗਿਆ ਸੀ ਤਾਂ ਕਿ ਇਸ ਮੁਹਿੰਮ ਦੀ ਕੁਝ ਨਾ ਕੁਝ ਕਾਰਗੁਜ਼ਾਰੀ ਦਿਖਾਈ ਜਾ ਸਕੇ । ਬਰਵਾ” ਵੀ ਸਾਰਾ ਹੀ ਹਿੰਦੂ ਰਾਜਪੂਤਾਂ ਅਤੇ ਬਰਾਹਮਣਾਂ ਦੀ ਆਬਾਦੀ ਵਾਲਾ ਪਿੰਡ ਸੀ ।

ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਿਲਾਵਰ ਖ਼ਾਨ ਕੌਣ ਸੀ? ਅਤੇ ਉਸ ਨੇ ਇਕੱਲੇ ਗੁਰੂ ਸਾਹਿਬ ਉਪਰ ਹਮਲਾ ਕਰਨ ਲਈ ਆਪਣਾ ਪੁੱਤਰ ਕਿਉਂ ਭੇਜਿਆ ਸੀ? ਜਿਸ ਤਰ੍ਹਾਂ ਦਾ ਰਸਤਾ ਦਿਲਾਵਰ ਖ਼ਾਨ ਦੇ ਪੁੱਤਰ ਨੇ ਆਉਂਦੇ ਹੋਏ ਅਤੇ ਜਾਂਦੇ ਹੋਏ ਅਪਣਾਇਆ ਸੀ ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਉਹ ਕਾਂਗੜੇ ਦੇ ਕਿਲ੍ਹੇ ਦਾ ਕੋਈ ਫ਼ੌਜਦਾਰ ਜਾਂ ਉਸ ਦਾ ਜ਼ਿੰਮੇਵਾਰ ਸਹਾਇਕ ਅਤੇ ਜਾਂ ਸਰਕਾਰੀ ਤੌਰ ‘ਤੇ ਨਿਯੁਕਤ ਕੀਤਾ ਗਿਆ ਕੋਈ ਕਮਾਂਡਰ ਸੀ। ਆਨੰਦਪੁਰ ਸਾਹਿਬ ਨੂੰ ਆਉਂਦਾ ਹੋਇਆ ਵੀ ਉਹ ਭਲਾਣ ਪਿੰਡ ਵੱਲ ਦੀ ਆਇਆ ਸੀ ਅਤੇ ਇਧਰੋਂ ਆਉਣ ਸਮੇਂ ਹੀ ਆਨੰਦਪੁਰ ਸਾਹਿਬ ਵਿਚ ਦਾਖ਼ਲ ਹੋਣ ਲਈ ਸਤਲੁਜ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ । ਵਾਪਸ ਮੁੜਦੇ ਸਮੇਂ ਵੀ ਉਹ ਭਲਾਣ ਵੱਲ ਦੀ ਹੀ ਮੁੜਿਆ ਸੀ ਅਤੇ ਭਲਾਣ ਦੇ ਅੱਗੇ ਉਨੇ ਵੱਲ ਸਥਿਤ ਬਰਵਾ ਪਿੰਡ ਨੂੰ ਉਜਾੜਿਆ ਸੀ । ਇਸ ਰਸਤੇ ਨਾਲ ਇਹ ਗੱਲ ਤਹਿ ਹੋ ਜਾਂਦੀ ਹੈ ਕਿ ਦਿਲਾਵਰ ਖ਼ਾਨ ਦਾ ਪੁੱਤਰ ਨਾ ਹੀ ਸਰਹਿੰਦ ਵੱਲੋਂ ਗਿਆ ਸੀ, ਕਿਉਂਕਿ ਇਹ ਰਸਤਾ ਉਧਰ ਨਹੀਂ ਜਾਂਦਾ ਅਤੇ ਨਾ ਹੀ ਜੰਮੂ ਤੋਂ ਆਇਆ ਸੀ, ਕਿਉਂਕਿ ਜੰਮੂ ਆਨੰਦਪੁਰ ਸਾਹਿਬ ਤੋਂ ਬਹੁਤ ਹੀ ਜਿਆਦਾ ਦੂਰ ਹੈ। ਆਨੰਦਪੁਰ ਸਾਹਿਬ ਅਤੇ ਜੰਮੂ ਦੇ ਵਿਚਕਾਰ ਤਕਰੀਬਨ ਅੱਧ ਤੋਂ ਵੀ ਕਾਫੀ ਪਹਿਲਾਂ ਕਾਂਗੜਾ ਸਥਿਤ ਹੈ ਅਤੇ ਕਾਂਗੜੇ ਦਾ ਕਿਲ੍ਹਾ ਮੁਗ਼ਲ ਬਾਦਸ਼ਾਹ ਦੇ ਫ਼ੌਜਦਾਰ ਪਾਸ ਸੀ। ਪੰਜਾਬ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਉਪਰ ਇਹ ਫ਼ੌਜਦਾਰ ਹੀ ਨਿਗਰਾਨੀ ਕਰਦਾ ਸੀ।

ਇਸ ਖਾਨਜ਼ਾਦੇ ਦੀ ਆਮਦ ਪਹਾੜੀ ਇਲਾਕੇ ਤੋਂ ਹੇਠਾਂ ਦੀ ਮੈਦਾਨੀ ਇਲਾਕੇ ਵਿਚੋਂ ਦੀ ਹੀ ਸੀ । ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਉਹ ਰਸਤੇ ਵਿਚਲੀਆਂ ਪਹਾੜੀ ਰਿਆਸਤਾਂ ਦੇ ਕੇਂਦਰਾਂ ਤੋਂ ਪਰੇ ਹੱਟ ਕੇ ਸਿੱਧਾ ਆਨੰਦਪੁਰ ਸਾਹਿਬ ਉਪਰ ਹਮਲਾ ਕਰਨਾ ਚਾਹੁੰਦਾ ਸੀ। ਹੋ ਸਕਦਾ ਹੈ ਕਿ ਇਸ ਲਈ ਇਹ ਸੋਚ ਕੰਮ ਕਰਦੀ ਹੋਵੇ ਕਿ ਪਹਿਲਾਂ ਇਕੱਲੇ ਗੁਰੂ ਨੂੰ, ਹਮਲਾ ਕਰਕੇ ਹਰਾ ਲਿਆ ਜਾਵੇ ਅਤੇ ਫਿਰ ਪਹਾੜੀ ਰਿਆਸਤਾਂ ਉਪਰ ਹਮਲੇ ਕੀਤੇ ਜਾਣ । ਪਰ ਇਹ ਮੁਹਿੰਮ ਇਤਨੀ ਕੱਚੀ ਸਾਬਤ ਹੋਈ ਕਿ ਸਿੱਖਾਂ ਨੇ ਰਾਤ ਦੇ ਥੋੜ੍ਹੇ ਸਮੇਂ ਦੀ ਲੜਾਈ ਵਿਚ ਹੀ ਇਸ ਨੂੰ ਹਰਾ ਦਿੱਤਾ ਸੀ।

ਹੁਸੈਨ ਖ਼ਾਨ ਦੀ ਮੁਹਿੰਮ :

ਦਿਲਾਵਰ ਖ਼ਾਨ ਦੇ ਪੁੱਤਰ ਦੀ ਮੁਹਿੰਮ ਦੇ ਅਸਫ਼ਲ ਹੋ ਜਾਣ ਬਾਅਦ ਦਿਲਾਵਰ ਖ਼ਾਨ ਦੇ ਹੀ ਇਕ ਹੋਰ ਜਰਨੈਲ ਹੁਸੈਨ ਖ਼ਾਨ ਨੇ ਆਨੰਦਪੁਰ ਸਾਹਿਬ ‘ਤੇ ਹਮਲਾ ਕਰਨ ਦਾ ਬੀੜਾ ਚੁੱਕਿਆ। ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਖਾਨਜ਼ਾਦੇ ਨੇ ਤਾਂ ਪਹਾੜੀ ਰਿਆਸਤਾਂ ਦੇ ਕੇਂਦਰਾਂ ਤੋਂ ਬਚ ਕੇ ਮੈਦਾਨੀ ਇਲਾਕੇ ਵਿਚੋਂ ਦੀ ਲੰਘ ਕੇ ਆਨੰਦਪੁਰ ਸਾਹਿਬ ‘ਤੇ ਚੜ੍ਹਾਈ ਕੀਤੀ ਸੀ। ਉਹ ਰਸਤੇ ਵਿਚਲੇ ਪਹਾੜੀ ਰਾਜਿਆਂ ਨਾਲ ਨਹੀਂ ਉਲਝਣਾ ਚਾਹੁੰਦਾ ਸੀ, ਪਰ ਹੁਸੈਨ ਖ਼ਾਨ ਇਹ ਗਲਤੀ ਕਰ ਬੈਠਾ । ਬਿਨਾਂ ਸ਼ੱਕ ਇਸ ਦੇ ਪਾਸ ਪਹਿਲੀ ਮੁਹਿੰਮ ਨਾਲੋਂ, ਜ਼ਿਆਦਾ ਸੈਨਾ ਸੀ ਅਤੇ ਇਹ ਵਧੇਰੇ ਜ਼ੋਸੀਲਾ ਵੀ ਸੀ ਪਰ ਇਹ ਪਹਾੜੀ ਰਾਜਿਆਂ ਤੋਂ ਬਚ ਕੇ ਨਿਕਲਣ ਦੀ ਬਜਾਏ ਰਸਤੇ ਵਿਚ ਉਨ੍ਹਾਂ ਨਾਲ ਹੀ ਉਲਝ ਪਿਆ ਸੀ। ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਗਿਆ ਹੈ ਕਿ ਹੁਸੈਨ ਖ਼ਾਨ ਆਪਣੀ ਸੈਨਿਕ ਤਾਕਤ ਦੇਖ ਕੇ ਇਤਨਾ ਹੰਕਾਰ ਗਿਆ ਸੀ ਕਿ ਉਹ ਰਸਤੇ ਵਿਚਲੇ ਹਰ ਰਾਜੇ ਪਾਸੋਂ ਮੂੰਹ ਮੰਗੀ ਰਕਮ ਪੇਸ਼ ਕਰਨ ਦੇ ਹੁਕਮ ਦੇਣ ਲੱਗ ਪਿਆ ਸੀ । ਮੂੰਹ ਮੰਗੀ ਰਕਮ ਨਾ ਦਿੱਤੇ ਜਾਣ ‘ਤੇ ਉਸ ਰਾਜੇ ਨੂੰ ਉਸ ਦੀ ਸੈਨਾ ਦੇ ਹਮਲੇ ਦਾ ਕਰੋਪ ਝੱਲਣਾ ਪੈਂਦਾ ਸੀ । ਇਸ ਕਰਕੇ ਕੁਝ ਰਾਜਿਆਂ ਨੇ ਤਾਂ ਡਰ ਕੇ ਉਸ ਨੂੰ ਮੂੰਹ ਮੰਗੀ ਰਕਮ ਦੇ ਦਿੱਤੀ ਸੀ ਪਰ ਕੁਝ ਕੁ ਆਕੀ ਹੋ ਕੇ ਬੈਠ ਗਏ ਸਨ । ਸਿੱਟਾ ਲੜਾਈ ਵਿਚ ਨਿਕਲਿਆ। ਪਰ ਲੜਾਈ ਵਿਚ ਹੋਰ ਹਮਾਇਤੀ ਰਾਜਿਆਂ ਦੇ ਨਾਲ ਇਹ ਹੁਸੈਨ ਖ਼ਾਨ ਵੀ ਮਾਰਿਆ ਗਿਆ ਸੀ । ਇਸ ਤਰ੍ਹਾਂ ਜਿਹੜੀ ਮੁਹਿੰਮ ਇਕ ਕਾਲੇ ਬੱਦਲ ਵਾਂਗ ਗੁਰੂ ਜੀ ‘ਤੇ ਚੜ੍ਹ ਕੇ ਆਈ ਸੀ ਉਹ ਕਿਤੇ ਹੋਰ ਥਾਂ ਬਰਸ ਕੇ ਹੀ ਖ਼ਤਮ ਹੋ ਗਈ मी।की

ਇਸ ਲੜਾਈ ਵਿਚਲੀ ਇਕ ਗੱਲ ਜੋ ਸਪਸ਼ਟ ਨਹੀਂ ਹੈ ਅਤੇ ਵਿਵਾਦਪੂਰਨ ਹੈ, ਉਹ ਇਹ ਹੈ ਕਿ ਜਦੋਂ ਗੁਰੂ ਜੀ ਨੂੰ ਇਹ ਪਤਾ ਸੀ ਕਿ ਹੁਸੈਨ ਖ਼ਾਨ ਆਨੰਦਪੁਰ ਸਾਹਿਬ ਉਪਰ ਹਮਲਾ ਕਰਨ ਲਈ ਆ ਰਿਹਾ ਹੈ, ਜਿਵੇਂ ਕਿ ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਹੈ, ਤਾਂ ਜਦੋਂ ਹੁਸੈਨ ਖ਼ਾਨ ਅਤੇ ਰਾਜਾ ਗੋਪਾਲ ਚੰਦ ਵਿਚਕਾਰ ਵੱਧ-ਘੱਟ ਰਕਮ ਦੇਣ ਕਰਕੇ ਤਕਰਾਰ ਪੈਦਾ ਹੋ ਗਿਆ ਸੀ ਅਤੇ ਤਕਰਾਰ ਲੜਾਈ ਦੀ ਨੌਬਤ ਤੱਕ ਪਹੁੰਚ ਗਿਆ ਸੀ ਤਾਂ ਗੁਰੂ ਜੀ ਨੇ ਭਾਈ ਸੰਗਤੀਏ ਨੂੰ ਆਪਣੇ ਸਿੱਖ ਦੇ ਕੇ ਦੋਹਾਂ ਵਿਚ ਸਮਝੌਤਾ ਕਰਵਾਉਣ ਲਈ ਕਿਉਂ ਭੇਜਿਆ ਸੀ? ਭਾਈ ਸੰਗਤੀਆ ਉੱਥੇ ਪਹੁੰਚ ਕੇ ਰਾਜਾ ਗੋਪਾਲ ਚੰਦ ਨੂੰ ਸਮਝਾ ਬੁਝਾ ਕੇ ਹੁਸੈਨ ਖ਼ਾਨ ਦੇ ਪਾਸ ਲੈ ਆਇਆ ਅਤੇ ਉਸ ਦੇ ਪਾਸ ਪਹੁੰਚ ਕੇ ਕੋਈ ਸਮਝੌਤਾ ਹੋ ਨਾ ਸਕਿਆ। ਸਿੱਟੇ ਵਜੋਂ ਰਾਜਾ ਗੋਪਾਲ ਤਾਂ ਭੱਜ ਗਿਆ ਪਰ ਸਾਰੇ ਸਿੱਖਾਂ ਸਮੇਤ ਭਾਈ ਸੰਗਤੀਆ ਮਾਰਿਆ ਗਿਆ ਸੀ।

ਦੂਜੀ ਗੱਲ ਇਕ ਹੋਰ ਇਸ ਲੜਾਈ ਵਿਚੋਂ ਸਪਸ਼ਟ ਹੁੰਦੀ ਹੈ, ਉਹ ਇਹ ਕਿ ਇਸ ਲੜਾਈ ਵਿਚ ਮੁੱਢ ਕਦੀਮੋਂ ਉਸ ਭਾਰਤੀ ਰਵਾਇਤ ਨੂੰ ਖ਼ਤਮ ਕਰ ਦਿੱਤਾ ਗਿਆ ਸੀ ਕਿ ਜ਼ਖ਼ਮੀ ਪਏ ਦੁਸ਼ਮਣ ‘ਤੇ ਜੋਧਾ ਕਦੇ ਵਾਰ ਨਹੀਂ ਕਰਦਾ । ਪਰ ਇੱਥੇ ਇਸ ਦੀ ਕੋਈ ਪਾਲਣਾ ਨਹੀਂ ਕੀਤੀ ਗਈ । ਜਦੋਂ ਕਿਰਪਾਲ ਅਤੇ ਗੋਪਾਲ ਵਿਚਾਲੇ ਹੋਈ ਲੜਾਈ ਵਿਚ ਹਿੰਮਤ ਚੰਦ ਜ਼ਖ਼ਮੀ ਹੋ ਕੇ ਡਿੱਗ ਪਿਆ ਸੀ ਤਾਂ ਉਹ ਉਸੇ ਤਰ੍ਹਾਂ ਧਰਤੀ ‘ਤੇ ਡਿੱਗਿਆ ਪਿਆ ਸੀ । ਲੜਾਈ ਖ਼ਤਮ ਹੋਣ ਬਾਅਦ ਜਦੋਂ ਰਾਮ ਸਿੰਘ ਅਤੇ ਰਾਜਾ ਗੋਪਾਲ ਆਪੋ ਆਪਣੇ ਸੈਨਕਾਂ ਦੀ ਭਾਲ ਕਰਦੇ ਫਿਰ ਰਹੇ ਹਨ ਤਾਂ ਉਨ੍ਹਾਂ ਨੇ ਜਖ਼ਮੀਆਂ ਵਿਚ ਰਾਜਾ ਹਿੰਮਤ ਚੰਦ ਨੂੰ ਵੀ ਜ਼ਖ਼ਮੀ ਪਿਆ ਦੇਖਿਆ। ਵਜਾਏ ਇਸ ਦੇ ਕਿ ਉਸ ਨਿਤਾਣੇ ਅਤੇ ਦੁਖੀ ਜ਼ਖ਼ਮੀ ਨੂੰ ਪਾਣੀ ਪਿਆਇਆ ਜਾਂਦਾ ਅਤੇ ਮਲ੍ਹਮ-ਪੱਟੀ ਕੀਤੀ ਜਾਂਦੀ ਸਗੋਂ ਉਸ ਨੂੰ ਦੇਖ ਕੇ ਰਾਮ ਸਿੰਘ ਨੇ ਗੋਪਾਲ ਚੰਦ ਨੂੰ ਕਿਹਾ ਕਿ ਹਿੰਮਤ ਚੰਦ ਜ਼ਖ਼ਮੀ ਹੋਇਆ ਪਿਆ ਹੈ ਅਤੇ ਇਹੀ ਇਸ ਲੜਾਈ ਦੀ ਜੜ੍ਹ ਹੈ ਇਸ ਕਰਕੇ ਇਸ ਨੂੰ ਮਾਰਨ ਦਾ ਇਸ ਤੋਂ ਵਧੀਆ ਮੌਕਾ ਫਿਰ ਨਹੀਂ ਮਿਲੇਗਾ। ਸਿੱਟੇ ਵਜੋਂ ਰਾਮ ਸਿੰਘ ਅਤੇ ਗੋਪਾਲ ਚੰਦ ਨੇ ਜ਼ਖ਼ਮਾਂ ਨਾਲ ਕੁਰਾਹ ਰਹੇ ਰਾਜਾ ਹਿੰਮਤ ਚੰਦ ਨੂੰ ਮਾਰ ਦਿੱਤਾ । ਗੁਰੂ ਸਾਹਿਬ ਨੇ ਤਾਂ ਭਾਈ ਘਨੱਈਆ ਜੈਸੇ ਵਿਅਕਤੀਆਂ ਨੂੰ ਇਸ ਕੰਮ ਲਈ ਨਿਯੁਕਤ ਕਰ ਰੱਖਿਆ ਸੀ ਕਿ ਉਹ ਲੜਾਈ ਵਿਚ ਹਰ ਜ਼ਖ਼ਮੀ ਦੀ, ਭਾਵੇਂ ਕਿ ਉਹ ਕਿਸੇ ਵੀ ਧਿਰ ਦਾ ਹੋਵੇ, ਪਾਣੀ ਨਾਲ ਸੇਵਾ ਕਰੇ ਅਤੇ ਉਸ ਦੇ ਜ਼ਖ਼ਮਾਂ ‘ਤੇ ਮੱਲਮ-ਪੱਟੀ ਕਰੇ । ਲੜਾਈ ਦੇ ਮੈਦਾਨ ਦਾ ਮਨੁੱਖੀ ਹੱਕਾਂ ਦੇ ਤੌਰ ‘ਤੇ ਇਹ ਅਸੂਲ ਵੀ ਹੁੰਦਾ ਹੈ ਕਿ ਉੱਥੇ ਜਖ਼ਮੀ ਪਏ ਹਰ ਸਿਪਾਹੀ ਦੀ, ਬਿਨਾਂ ਕਿਸੇ ਭੇਦ-ਭਾਵ ਦੇ ਸਹਾਇਤਾ ਕੀਤੀ ਜਾਵੇ । ਜਦੋਂ ਤੱਕ ਸਿਪਾਹੀ ਲੜਦਾ ਹੈ, ਦੁਸ਼ਮਣ ਹੈ, ਪਰ ਜਦੋਂ ਜਖ਼ਮੀ ਹੋ ਕੇ ਅਤੇ ਨਿਢਾਲ ਹੋ ਕੇ ਉਹ ਡਿੱਗ ਪੈਂਦਾ ਹੈ ਅਤੇ ਉੱਠ ਨਹੀਂ ਸਕਦਾ, ਫਿਰ ਉਹ ਸਹਾਇਤਾ ਦਾ ਹੱਕਦਾਰ ਹੈ । ਲੜਾਈ ਦੇ ਇਸ ਮਹਾਨ ਅਸੂਲ ਨੂੰ ਇਸ ਲੜਾਈ ਵਿਚ ਪੂਰੀ ਤਰ੍ਹਾਂ ਭੰਗ ਕੀਤਾ ਗਿਆ ਸੀ ਅਤੇ ਹਰ ਧੋਖੇ ਫਰੇਬ ਤੋਂ ਕੰਮ ਲਿਆ ਗਿਆ ਸੀ।

ਹੁਸੈਨ ਖ਼ਾਨ ਦੀ ਅਸਫਲ ਮੁਹਿੰਮ ਤੋਂ ਪਿੱਛੋਂ ਭਾਵੇਂ ‘ਬਚਿੱਤ੍ਰ ਨਾਟਕ’ ਵਿਚ ਜੁਝਾਰ ਸਿੰਘ ਦੀ ਮੁਹਿੰਮ ਬਾਰੇ ਵੀ ਵੇਰਵਾ ਦਿੱਤਾ ਹੋਇਆ ਹੈ ਪਰ ਇਸ ਲੜਾਈ ਦਾ ਵੀ ਗੁਰੂ ਜੀ ਨਾਲ ਕੋਈ ਸਬੰਧ ਨਹੀਂ ਸੀ। ਭਾਵੇਂ ਜੁਝਾਰ ਸਿੰਘ ਭਲਾਣ ਪਿੰਡ ਵਿਚਲੇ ਕਿਲ੍ਹੇ ਵਿਚ ਕਬਜ਼ਾ ਜਮਾ ਕੇ ਬੈਠਾ ਸੀ ਅਤੇ ਭਲਾਣ ਪਿੰਡ ਆਨੰਦਪੁਰ ਸਾਹਿਬ ਤੋਂ ਪੱਛਮ-ਦੱਖਣ ਵੱਲ ਸਿਰਫ 35-40 ਕੁ ਕਿਲੋਮੀਟਰ ਦੀ ਵਿੱਥ ‘ਤੇ ਹੀ ਸੀ ਪਰ ਲੜਾਈ ਉਸ ਦੀ ਕਹਿਲੂਰ ਦੀ ਸਟੇਟ ਨਾਲ ਹੀ ਹੋਈ ਸੀ । ਛੋਟੀ ਜਿਹੀ ਝੜੱਪ ਵਿਚ ਹੀ ਜੁਝਾਰ ਸਿੰਘ ਮਾਰਿਆ ਗਿਆ ਸੀ ।

ਸਭ ਤੋਂ ਦਿਲਚਸਪ ਮੁਹਿੰਮ ਸ਼ਾਹਜ਼ਾਦਾ ਮੁੱਅਜ਼ਮ ਦੀ ਹੈ। ਜਿਵੇਂ ਕਿ ‘ਬਚਿੱਤ੍ਰ ਨਾਟਕ’ ਵਿਚ ਵੇਰਵਾ ਦਿੱਤਾ ਗਿਆ ਹੈ। ਇਸ ਅਨੁਸਾਰ ਜਦੋਂ ਅਲਫ਼ ਖ਼ਾਨ, ਦਿਲਾਵਰ ਖ਼ਾਨ ਦੇ ਪੁੱਤਰ, ਹੁਸੈਨ ਖ਼ਾਨ ਅਤੇ ਜੁਝਾਰ ਸਿੰਘ ਦੀਆਂ ਸਾਰੀਆਂ ਮੁਹਿੰਮਾਂ ਪਹਾੜੀ ਰਾਜਿਆਂ ਕੋਲੋਂ ਮੁਆਮਲਾ ਉਗਰਾਹੁਣ ਵਿਚ ਅਸਫਲ ਰਹਿ ਗਈਆਂ ਸਨ ਅਤੇ ਇਨ੍ਹਾਂ ਅਸਫਲਤਾਵਾਂ ਦੀਆਂ ਖ਼ਬਰਾਂ ਦੱਖਣ ਵਿਚ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੀਆਂ ਤਾਂ ਉਸ ਨੇ ਕਰੋਧ ਵਿਚ ਆ ਕੇ ਆਪਣੇ ਵੱਡੇ ਪੁੱਤਰ ਸ਼ਾਹਜ਼ਾਦਾ ਮੁਅੱਜ਼ਮ (ਪਿੱਛੋਂ ਬਹਾਦੁਰ ਸ਼ਾਹ) ਦੀ ਅਗਵਾਈ ਹੇਠ ਇਕ ਸ਼ਕਤੀਸ਼ਾਲੀ ਮੁਹਿੰਮ ਭੇਜਣ ਦੇ ਹੁਕਮ ਜਾਰੀ ਕੀਤੇ । ਸ਼ਾਹਜ਼ਾਦਾ ਮੁਅੱਜ਼ਮ ਦੀ ਇਹ ਆਮਦ ਤਕਰੀਬਨ 1698 ਈ. ਦੀ ਸੀ। ਸ਼ਾਹਜ਼ਾਦੇ ਨੇ ਆਪਣਾ ਮੁੱਖ ਠਹਿਰਾਅ ਲਾਹੌਰ ਕੀਤਾ ਅਤੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਵੱਲ ਆਪਣਾ ਇਕ ਅਹਿਦੀਆ ਮਿਰਜ਼ਾ ਬੇਗ ਇਕ ਤਕੜੀ ਫ਼ੌਜ ਦੇ ਕੇ ਭੇਜ ਦਿੱਤਾ। ਸ਼ਾਹਜ਼ਾਦੇ ਦੀ ਆਮਦ ਬਾਰੇ ਅਤੇ ਇਸ ਅਹਿਦੀਏ ਦੀ ਮੁਹਿੰਮ ਬਾਰੇ ਪਹਾੜੀ ਰਿਆਸਤਾਂ ਵਿਚ ਖ਼ਬਰ ਪਹੁੰਚੀ ਤਾਂ ਸਾਰੇ ਪਾਸੇ ਖਲਬਲੀ ਮੱਚ ਗਈ। ਰਾਜਿਆਂ ਵਿਚ ਇਤਨੀ ਸਮਰੱਥਾ ਨਹੀਂ ਸੀ ਕਿ ਉਹ ਬਾਦਸ਼ਾਹ ਦੇ ਵਲੀ-ਅਹਿਦ ਦੀ ਭੇਜੀ ਗਈ ਮੁਹਿੰਮ ਦਾ ਮੁਕਾਬਲਾ ਕਰ ਸਕਦੇ । ਇਹ ਖਲਬਲੀ ਕਹਿਲੂਰ ਰਿਆਸਤ ਅਤੇ ਇੱਥੋਂ ਤੱਕ ਕਿ ਖਾਸ ਆਨੰਦਪੁਰ ਸਾਹਿਬ ਵਿਖੇ ਵੀ ਮੱਚ ਗਈ ਸੀ। ਰਾਜਿਆਂ ਨੇ ਆਪਣੇ ਪਰਿਵਾਰ ਦੂਰ ਦੁਰਾਡੇ ਦੀਆਂ ਥਾਵਾਂ ‘ਤੇ ਭੇਜ ਦਿੱਤੇ ਸਨ ਤਾਂ ਕਿ ਉਹ ਇੱਧਰ ਆਉਣ ਵਾਲੇ ਅਹਿਦੀਏ ਦੀ ਮਾਰ ਤੋਂ ਬਚ ਸਕਣ। ਆਨੰਦਪੁਰ ਸਾਹਿਬ ਦੇ ਵਿਚ ਵੀ ਲੋਕ ਭੱਜਣ ਦੀਆਂ ਗੱਲਾਂ ਕਰਦੇ ਸਨ। ਉਹ ਗੁਰੂ ਸਾਹਿਬ ਨੂੰ ਵੀ ਇਸ ਸਮੇਂ ਬਚਾਅ ਕਰਨ ਦੀਆਂ ਸਲਾਹਾਂ ਦੇ ਰਹੇ ਸਨ । ਪਰ ਗੁਰੂ ਸਾਹਿਬ ਪਰਬਤ ਦੀ ਤਰ੍ਹਾਂ ਅਡੋਲ ਰਹੇ ਸਨ । ਉਨ੍ਹਾਂ ਨੂੰ ਯਕੀਨ ਸੀ ਕਿ ਸ਼ਾਹਜ਼ਾਦਾ ਮੁਅੱਜਮ ਦਾ ਇਹ ਆਉਣ ਵਾਲਾ ਅਹਿਦੀਆ ਸਿਰਫ ਪਹਾੜੀ ਰਾਜਿਆਂ ਨਾਲ ਹੀ ਲੜਾਈ ਕਰੇਗਾ । ਸ਼ਾਹਜਾਦਾ ਮੁਅੱਜਮ ਪਹਿਲਾਂ ਵੀ ਪੰਜਾਬ ਅਤੇ ਕਾਬਲ ਦਾ ਸਾਂਝਾ ਗਵਰਨਰ ਰਹਿ ਚੁੱਕਿਆ ਸੀ ਅਤੇ ਹੁਣ ਵੀ ਉਹ ਇਸੇ ਖੇਤਰ ਦਾ ਪਰਬੰਧਕ ਥਾਪਿਆ ਗਿਆ ਸੀ। ਉਸ ਦੀ ਗੁਰੂ ਸਾਹਿਬ ਨਾਲ ਬਹੁਤ ਨੇੜਤਾ ਸੀ ਅਤੇ ਇੱਥੋਂ ਤੱਕ ਕਿ ਉਸ ਦੀ ਫ਼ੌਜ ਵਿਚ ਸਿੱਖਾਂ ਦੀ ਵੀ ਇਕ ਤਕੜੀ ਸੈਨਿਕ ਟੁੱਕੜੀ ਸੀ। ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਹੁਕਮਨਾਮੇ ਤੋਂ ਵੀ ਸਾਬਤ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਸਿਰਫ ਭਰੋਸਾ ਹੀ ਨਹੀਂ ਸੀ ਸਗੋਂ ਉਨ੍ਹਾਂ ਦਾ ਪੱਕਾ ਨਿਸ਼ਚਾ ਵੀ ਸੀ ਕਿ ਸ਼ਾਹਜਾਦੇ ਦੀ ਫ਼ੌਜ ਸਿਰਫ ਉਨ੍ਹਾਂ ਦੇ ਦੁਸ਼ਮਣਾਂ ਨੂੰ ਹੀ ਮਾਰੇਗੀ ।

ਜਦੋਂ ਅਹਿਦੀਆ ਆਪਣੀ ਫ਼ੌਜ ਲੈ ਕੇ ਕਹਿਲੂਰ ਦੀ ਰਿਆਸਤ ਵਿਚ ਦਾਖ਼ਲ ਹੋਇਆ ਤਾਂ ਉਸ ਨੇ ਚਾਰੇ ਪਾਸੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ । ਆਨੰਦਪੁਰ ਸਾਹਿਬ ਪਹੁੰਚ ਕੇ ਉਨ੍ਹਾਂ ਲੋਕਾਂ ਨੂੰ ਮਾਰਿਆ ਗਿਆ ਜੋ ਗੁਰੂ ਸਾਹਿਬ ਦੇ ਖਿਲਾਫ਼ ਸਨ, ਗੁਰੂ ਘਰ ਦੇ ਖਿਲਾਫ਼ ਵਿਚਰ ਰਹੀਆਂ ਸਭ ਤਾਕਤਾਂ ਦਾ ਮਲੀਆਮੇਟ ਕਰ ਦਿੱਤਾ ਗਿਆ । ਗੁਰੂ ਜੀ ਦੇ ਸਿੱਖਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤਾ ਪਰਦਾਨ ਕੀਤੀ ਗਈ ਸੀ । ਪਹਾੜੀ ਰਾਜਿਆਂ ਅਤੇ ਉਨ੍ਹਾਂ ਦੀਆਂ ਹਮਾਇਤੀ ਧਿਰਾਂ ਦੀ ਪੂਰੀ ਤਬਾਹੀ ਕੀਤੀ ਗਈ ਸੀ।

ਇਹ ਤਬਾਹੀ ਤਾਂ ਪਹਿਲੇ ਅਹਿਦੀਏ ਦੀ ਆਮਦ ਵੇਲੇ ਦੀ ਸੀ । ਇਸ ਪਿੱਛੋਂ ਇਹ ਸੋਚ ਕੇ ਕਿ ਹੁਣੇ ਹੀ ਲੱਗਦੇ ਹੱਥ ਸਭ ਰਿਆਸਤਾਂ ਨੂੰ ਚੰਗੀ ਤਰ੍ਹਾਂ ਝੰਜੋੜ ਕੇ ਮੁੜ ਤੋਂ ਉੱਠਣ ਜੋਗੀਆਂ ਨਾ ਛੱਡਿਆ ਜਾਵੇ, ਚਾਰ ਅਹਿਦੀਏ ਹੋਰ ਫ਼ੌਜ ਦੇ ਕੇ ਭੇਜੇ ਗਏ ਸਨ। ਇਨ੍ਹਾਂ ਚਾਰ ਅਹਿਦੀਆਂ ਨੇ ਆਉਣ ਸਾਰ ਹੋਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਜਿਹੜੀ ਥਾਂ ਪਹਿਲੇ ਅਹਿਦੀਏ ਦੀ ਮੁਹਿੰਮ ਤੋਂ ਬਚ ਗਈ ਸੀ, ਇਨ੍ਹਾਂ ਚਾਰ ਅਹਿਦੀਆਂ ਨੇ ਉਸ ਥਾਂ ਨੂੰ ਵੀ ਤਬਾਹ ਕਰ ਦਿੱਤਾ ਸੀ। ਗੱਲ ਕੀ ਪਹਾੜੀ ਰਿਆਸਤਾਂ ਦਾ ਅਤੇ ਗੁਰੂ ਘਰ ਦੇ ਵਿਰੋਧੀਆਂ ਦਾ ਕਚੂਮਰ ਕੱਢ ਦਿੱਤਾ ਗਿਆ ਸੀ।

ਇਨ੍ਹਾਂ ਅਹਿਦੀਆਂ ਦੀ ਉਕਤ ਕਾਰਵਾਈ ਨੂੰ ਦਰਸਾਉਂਦਿਆਂ ‘ਬਚਿੱਤ੍ਰ ਨਾਟਕ’ ਵਿਚ ਲਿਖਿਆ ਗਿਆ ਹੈ ਕਿ ਗੁਰੂ ਨਾਨਕ ਦਾ ਘਰ ਅਤੇ ਮੁਗ਼ਲਾਂ ਦਾ ਰਾਜ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਇੱਛਾ ਅਨੁਸਾਰ ਹੀ ਸਥਾਪਤ ਹੋਏ ਹਨ। ਬਾਬੇ (ਗੁਰੂ) ਦੇ ਘਰ ਦੀ ਇਹ ਮਰਯਾਦਾ ਹੈ ਕਿ ਉਸ ਨੇ ਧਰਮ ਦਾ ਪਰਚਾਰ ਕਰਨਾ ਹੈ ਜਦੋਂ ਕਿ ਮੁਗ਼ਲ ਰਾਜ ਨੇ ਰਾਜ-ਭਾਗ (ਦੁਨੀ ਪੱਤ) ਦੀ ਸੰਭਾਲ ਕਰਨੀ ਹੈ । ਜੋ ਕਾਰ ਭੇਟ ਗੁਰੂ ਦੇ ਘਰ ਵਿਚ ਨਹੀਂ ਆ ਸਕਦੀ ਉਹ ਸਰਕਾਰ ਦੇ ਖ਼ਜ਼ਾਨੇ ਵਿਚ ਚਲੀ ਜਾਂਦੀ ਹੈ। ਅਜਿਹੇ ਮਾਇਆਧਾਰੀਆਂ ਨੂੰ ਵੱਡੀਆਂ ਵੱਡੀਆਂ ਸਜਾਵਾਂ ਦੇ ਕੇ ਉਨ੍ਹਾਂ ਦੇ ਘਰਾਂ ਨੂੰ ਲੁੱਟਿਆ ਜਾਂਦਾ ਹੈ। ਇਸ ਤਰ੍ਹਾਂ ਇਹ ਮਾਰ-ਧਾੜ ਗੁਰੂ ਜੀ ਦੇ ਹੱਕ ਵਿਚ ਅਤੇ ਪਹਾੜੀ ਰਾਜਿਆਂ ਦੀ ਤਬਾਹੀ ਦੇ ਰੂਪ ਵਿਚ ਖ਼ਤਮ ਹੋ ਗਈ ਸੀ।

ਸਿੱਟਾ :

ਦੇਖਿਆ ਗਿਆ ਹੈ ਕਿ ਅੰਦਾਜ਼ਨ 1688 ਈ. ਤੋਂ ਲੈ ਕੇ 1696 ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲੜਾਈਆਂ ਕੀਤੀਆਂ ਜਾਂ ਇਨ੍ਹਾਂ ਲੜਾਈਆਂ ਵਿਚ ਸ਼ਮੂਲੀਅਤ ਕੀਤੀ ਜਾਂ ਜਿਨ੍ਹਾਂ ਲੜਾਈਆਂ ਨੂੰ ‘ਬਚਿੱਤ੍ਰ ਨਾਟਕ’ ਵਿਚ ਉਨ੍ਹਾਂ ਦੇ ਨਾਂ ਨਾਲ ਜੋੜਿਆ ਗਿਆ ਹੈ ਉਹ ਕੁੱਲ ਛੋਟੀਆਂ ਵੱਡੀਆਂ ਛੇ ਹਨ। ਇਨ੍ਹਾਂ ਵਿਚ ਸ਼ਾਮਲ ਹਨ : ਭੰਗਾਣੀ ਦੀ ਲੜਾਈ, ਨਾਦੌਣ ਦੀ ਲੜਾਈ, ਖਾਨਜ਼ਾਦੇ ਦੀ ਮੁਹਿੰਮ, ਹੁਸੈਨ ਖ਼ਾਨ ਦੀ ਮੁਹਿੰਮ, ਜੁਝਾਰ ਸਿੰਘ ਦੀ ਮੁਹਿੰਮ ਅਤੇ ਸ਼ਾਹਜ਼ਾਦਾ ਮੁਅੱਜ਼ਮ ਵੱਲੋਂ ਭੇਜੇ ਗਏ ਅਹਿਦੀਆਂ ਦੀ ਮੁਹਿੰਮ । ਇਨ੍ਹਾਂ ਸਾਰੀਆਂ ਲੜਾਈਆਂ ਜਾਂ ਮੁਹਿੰਮਾਂ ਨੂੰ ਇਕੋ ਲੜੀ ਵਿਚ ਨਹੀਂ ਰੱਖਿਆ ਜਾ ਸਕਦਾ, ਭਾਵੇਂ ਕਿ ‘ਬਚਿੱਤ੍ਰ ਨਾਟਕ’ ਅਤੇ ਹੋਰ ਗੁਰਮੁਖੀ ਲਿਖਤਾਂ ਵਿਚ ਇਨ੍ਹਾਂ ਨੂੰ ਇਕੋ ਲੜੀ ਵਿਚ ਰੱਖਿਆ ਗਿਆ ਹੈ।

ਇਨ੍ਹਾਂ ਸਾਰੀਆਂ ਲੜਾਈਆਂ ਦੇ ਕਾਰਣ ਵੱਖਰੇ ਸਨ, ਸਿੱਟੇ ਅਤੇ ਪਰਭਾਵ ਵੱਖਰੇ ਸਨ । ਭੰਗਾਣੀ ਦੀ ਲੜਾਈ ਨਿਰੋਲ ਗੁਰੂ ਗੋਬਿੰਦ ਸਿੰਘ ਅਤੇ ਗੜ੍ਹਵਾਲ ਰਿਆਸਤ ਦੇ ਰਾਜਾ ਫਤਿਹ ਸ਼ਾਹ ਦੇ ਵਿਚਕਾਰ ਸੀ । ਇਸ ਦਾ ਮੁੱਖ ਕਾਰਣ ਡੇਹਰਾਦੂਨ ਵਿਚਲੀ ਬਾਬਾ ਰਾਮ ਰਾਇ ਦੀ ਜਾਗੀਰ ਅਤੇ ਡੇਰੇ ਦਾ ਪਰਬੰਧ ਸੀ। ਫਤਿਹ ਸ਼ਾਹ ਸਮਝਦਾ ਸੀ ਕਿ ਉਸ ਦੀ ਰਿਆਸਤ ਵਿਚ ਅੰਤਮ ਫ਼ੈਸਲਾ ਰਾਜੇ ਦਾ ਅਧਿਕਾਰ ਹੈ ਜਦੋਂ ਕਿ ਗੁਰੂ ਜੀ ਸਮਝਦੇ ਸਨ ਕਿ ਸਿੱਖ ਸੰਗਤਾਂ ਦੀ ਜਾਇਦਾਦ ਉਪਰ ਅੰਤਮ ਫ਼ੈਸਲਾ ਸਿਰਫ ਸਿੱਖਾਂ ਦੇ ਗੁਰੂ ਦਾ ਹੀ ਹੋਵੇਗਾ। ਇਸ ਲੜਾਈ ਦਾ ਸਿੱਟਾ ਗੁਰੂ ਜੀ ਦੀ ਫਤਿਹ ਵਿਚ ਨਿਕਲਿਆ ਸੀ ਅਤੇ ਉਹ ਆਪਣੇ ਆਲੇ ਦੁਆਲੇ ਦੀਆਂ ਪਹਾੜੀ ਰਿਆਸਤਾਂ ਵਿਚ ਇਕ ਤਾਕਤ ਮੰਨੇ ਜਾਣ ਲੱਗ ਪਏ ਸਨ।

ਭੰਗਾਣੀ ਦੀ ਲੜਾਈ ਤੋਂ ਪਿੱਛੋਂ ਨਾਦੋਣ ਦੀ ਲੜਾਈ ਹੋਈ ਸੀ । ਇਹ ਉਸ ਤਰ੍ਹਾਂ ਦੀ ਲੜਾਈ ਨਹੀਂ ਸੀ ਜਿਸ ਤਰ੍ਹਾਂ ਭੰਗਾਣੀ ਦੀ ਸੀ। ਨਾ ਹੀ ਇਹ ਲੜਾਈ ਗੁਰੂ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਸੀ ਅਤੇ ਨਾ ਹੀ ਇਹ ਲੜਾਈ ਗੁਰੂ ਜੀ ਉਪਰ ਥੋਪੀ ਗਈ ਸੀ । ਇਸ ਲੜਾਈ ਦਾ ਜਿਕਰ ਵੀ ਸਿਰਫ ‘ਬਚਿੱਤ੍ਰ ਨਾਟਕ’ ਅਤੇ ਉਸ ਤੋਂ ਪਿੱਛੋਂ ਦੀਆਂ ਗੁਰਮੁੱਖੀ ਦੀਆਂ ਲਿਖਤਾਂ ਵਿਚ ਹੀ ਆਉਂਦਾ ਹੈ । ਇਨ੍ਹਾਂ ਤੋਂ ਬਿਨਾਂ ਇਸ ਦਾ ਜ਼ਿਕਰ ਹੋਰ ਕਿਸੇ ਵੀ ਰਿਕਾਰਡ ਵਿਚ ਨਹੀਂ ਆਉਂਦਾ। ‘ਬਚਿੱਤ੍ਰ ਨਾਟਕ’ ਅਨੁਸਾਰ ਇਸ ਲੜਾਈ ਵਿਚ ਫਤਿਹ ਕਾਂਗੜੇ ਦੇ ਰਾਜਾ ਭੀਮ ਚੰਦ ਦੀ ਹੋਈ ਸੀ। ਇਸ ਤਰ੍ਹਾਂ ਕਿਸੇ ਰਾਜੇ ਦੀ ਫਤਿਹ ਪਰਾਪਤ ਲੜਾਈ ਬਾਰੇ ਵੀ ਉਸ ਰਿਆਸਤ ਦੇ ਕਿਸੇ ਰਿਕਾਰਡ ਵਿਚ ਐਸੀ ਸਫਲ ਲੜਾਈ ਦਾ ਜ਼ਿਕਰ ਨਾ ਹੋਵੇ, ਇਹ ਇਕ ਹੈਰਾਨੀ ਵਾਲੀ ਗੱਲ ਹੈ । ਕਾਂਗੜਾ ਰਿਆਸਤ ਦੇ ਕਿਸੇ ਵੀ ਰਿਕਾਰਡ ਵਿਚ ਨਾਦੌਣ ਦੀ ਲੜਾਈ ਦਾ ਜ਼ਿਕਰ ਨਹੀਂ ਹੈ। ਇਹ ਲੜਾਈ ਅਲਫ਼ ਖ਼ਾਨ ਵੱਲੋਂ ਪਹਾੜੀ ਰਾਜਿਆਂ ਉਪਰ ਹਮਲਾ ਕਰਨ ਕਾਰਣ ਹੋਈ ਸੀ । ਗੁਰੂ ਸਾਹਿਬ ਨਾਲ ਅਲਫ਼ ਖ਼ਾਨ ਦੀ ਮੁਹਿੰਮ ਦਾ ਕੋਈ ਸਬੰਧ ਨਹੀਂ ਸੀ। ਇਹ ਤਾਂ ਹੋ ਸਕਦਾ ਹੈ ਕਿ ਰਾਜਾ ਭੀਮ ਚੰਦ ਖ਼ਤਰੇ ਵਿਚ ਘਿਰਿਆ ਗੁਰੂ ਸਾਹਿਬ ਦੀ ਅਤੇ ਹੋਰ ਗੁਆਂਢੀ ਰਾਜਿਆਂ ਦੀ ਸਹਾਇਤਾ ਪਰਾਪਤ ਕਰਨ ਬਾਰੇ ਸੋਚੇ, ਪਰ ਇਹ ਹੋਣਾ ਸੰਭਵ ਨਹੀਂ ਕਿ ਗੁਰੂ ਸਾਹਿਬ ਅਜਿਹੀ ਰਾਜਨੀਤਕ ਲੜਾਈ ਵਿਚ ਖਾਹਮੁਖਾਹ ਹੀ ਜਾ ਕੇ ਉਲਝ ਪੈਣ। ਅਲਫ਼ ਖ਼ਾਨ ਦੀ ਮੁਹਿੰਮ ਨਿਰੋਲ ਰਾਜਨੀਤਕ ਸੀ ਅਤੇ ਇਸ ਦਾ ਸਬੰਧ ਵੀ ਗੁਰੂ ਸਾਹਿਬ ਨਾਲ ਕੋਈ ਨਹੀਂ ਸੀ । ਇਸ ਕਰਕੇ ਇਹ ਸ਼ੰਕਾ ਵਾਰ ਵਾਰ ਉੱਠਦੀ ਹੈ ਕਿ ਕੀ ਇਸ ਲੜਾਈ ਦੀ ਕੋਈ ਇਤਿਹਾਸਕ ਹੋਂਦ ਵੀ ਹੈ ਜਾਂ ਨਹੀਂ?

ਇਸ ਦੇ ਕੁਝ ਸਮੇਂ ਪਿੱਛੋਂ ਦਿਲਾਵਰ ਖ਼ਾਨ ਦੇ ਪੁੱਤਰ ਦੀ ਮੁਹਿੰਮ, ਫਿਰ ਹੁਸੈਨ ਖ਼ਾਨ ਅਤੇ ਜੁਝਾਰ ਸਿੰਘ ਦੀਆਂ ਮੁਹਿੰਮਾਂ ਵਿਚ ਸਿਰਫ ਪਹਿਲੀ ਖ਼ਾਨਜ਼ਾਦੇ ਦੀ ਮੁਹਿੰਮ ਤੋਂ ਬਿਨਾਂ ਹੋਰ ਕਿਸੇ ਵਿਚ ਗੁਰੂ ਸਾਹਿਬ ਖ਼ੁਦ ਸ਼ਾਮਲ ਨਹੀਂ ਹੋਏ। ਇਨ੍ਹਾਂ ਮੁਹਿੰਮਾਂ ਦੇ ਅਸਫ਼ਲ ਰਹਿਣ ਨਾਲ ਸਗੋਂ ਪਹਾੜੀ ਰਾਜਿਆਂ ਦੀ ਤਾਕਤ ਵਧੀ ਸੀ । ਉਹ ਇਨ੍ਹਾਂ ਮੁਹਿੰਮਾਂ ਵਿਚ ਜੇਤੂ ਰਹੇ ਸਨ ਇਸ ਕਰਕੇ ਉਨ੍ਹਾਂ ਦੀਆਂ ਫ਼ੌਜਾਂ ਦੇ ਹੌਸਲੇ ਬੁਲੰਦ ਸਨ । ਰਾਜਿਆਂ ਦੀ ਇਸ ਤਾਕਤ ਦਾ ਨੁਕਸਾਨ ਗੁਰੂ ਸਾਹਿਬ ਨੂੰ ਜਰੂਰ ਹੋਣਾ ਸੀ । ਜਦੋਂ ਸ਼ਾਹਜਾਦਾ ਮੁਅੱਜਮ ਦੇ ਅਹਿਦੀਏ ਪਹਾੜੀ ਰਿਆਸਤਾਂ ਵਿਚ ਆਏ ਸਨ ਉਸ ਸਮੇਂ ਉਨ੍ਹਾਂ ਨੇ ਐਸੇ ਤਰੀਕੇ ਨਾਲ ਆਪਣੀ ਮੁਹਿੰਮ ਚਲਾਈ ਸੀ ਜਿਸ ਵਿਚ ਪਹਾੜੀ ਰਿਆਸਤਾਂ ਦਾ ਤਾਂ ਕਚੂਮਰ ਕੱਢ ਦਿੱਤਾ ਗਿਆ ਸੀ ਪਰ ਗੁਰੂ ਸਾਹਿਬ ਦੀਆਂ ਸਿੱਖ ਸੰਗਤਾਂ ਅਤੇ ਆਨੰਦਪੁਰ ਸਾਹਿਬ ਦੀ ਪੂਰੀ ਰਾਖੀ ਕੀਤੀ ਗਈ ਸੀ। ਇਸ ਕਾਰਵਾਈ ਦੇ ਪਿੱਛੇ ਭਾਵਨਾ ਇਹੀ ਕੰਮ ਕਰਦੀ ਹੋਵੇਗੀ ਕਿ ਲਗਾਤਾਰ ਤਿੰਨ ਮੁਹਿੰਮਾਂ (ਅਲਫ਼ ਖ਼ਾਨ, ਹੁਸੈਨ ਖ਼ਾਨ ਅਤੇ ਜੁਝਾਰ ਸਿੰਘ) ਵਿਚ ਪਰਾਪਤ ਕੀਤੀਆਂ ਸਫ਼ਲਤਾਵਾਂ ਕਰਕੇ ਪਹਾੜੀ ਰਾਜਿਆਂ ਦੀ ਤਾਕਤ ਇਤਨੀ ਵੱਧ ਗਈ ਸੀ ਕਿ ਉਹ ਗੁਰੂ ਜੀ ਲਈ ਵੀ ਅਤੇ ਮੁਗ਼ਲ ਅਥਾਰਟੀ ਲਈ ਵੀ ਖਤਰਾ ਬਣ ਗਏ ਸਨ। ਅਹਿਦੀਆਂ ਦੀ ਮੁਹਿੰਮ ਸਮੇਂ ਪਹਾੜੀ ਰਿਆਸਤਾਂ ਦੀ ਕੀਤੀ ਗਈ ਤਬਾਹੀ ਨੂੰ ਇਸੇ ਰੌਸ਼ਨੀ ਵਿਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਹਿਦੀਆਂ ਦੀ ਉਕਤ ਕਾਰਵਾਈ ਦੀ ਪਰਸੰਸਾ ਵਿਚ ਕਹੇ ਗਏ ਇਹ ਕਥਨ ਕਿ ਬਾਬੇ ਕੇ ਅਤੇ ਬਾਬਰ ਕੇ ਦੋਵੇਂ ਹੀ ਅਕਾਲ ਪੁਰਖ ਦੀ ਪਦਾਇਸ਼ ਹਨ, ਇਸੇ ਤੱਥ ਦੀ ਪਰੋੜਤਾ ਕਰਦੇ ਹਨ। ਸ਼ਾਹਜ਼ਾਦਾ ਮੁਅੱਜਮ ਜਦੋਂ ਵੀ ਗੁਰੂ ਜੀ ਦੇ ਸਮੇਂ ਪੰਜਾਬ ਵਿਚ ਆਇਆ, ਭਾਵੇਂ ਉਹ ਸ਼ਾਹਜਾਦੇ ਦੇ ਤੌਰ ‘ਤੇ ਅਤੇ ਭਾਵੇਂ ਬਾਦਸ਼ਾਹ ਦੇ ਤੌਰ ‘ਤੇ ਉਸ ਨੇ ਗੁਰੂ ਜੀ ਨੂੰ ਧਾਰਮਿਕ ਮਾਣਤਾ ਦਿੱਤੀ ਸੀ । ਇਸ ਦੇ ਉਲਟ ਜਦੋਂ ਵੀ ਪਹਾੜੀ ਰਾਜੇ ਤਾਕਤਵਰ ਹੋਏ ਸਨ ਉਹ ਉਦੋਂ ਹੀ ਗੁਰੂ ਜੀ ਲਈ ਖ਼ਤਰਾ ਬਣ ਗਏ ਸਨ । ਗੁਰੂ ਜੀ ਵੱਲੋਂ ਆਖੀਰ ਨੂੰ 1705 ਈ. ਵਿਚ ਆਨੰਦਪੁਰ ਸਾਹਿਬ ਨੂੰ ਛੱਡ ਜਾਣ ਦੀ ਗੱਲ ਇਸੇ ਤੱਥ ਦੀ ਪਰੋੜ੍ਹਤਾ ਕਰਦੀ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਲੜਾਈਆਂ ਜੋ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜੀਆਂ ਸਨ ਅਤੇ ਜਿਨ੍ਹਾਂ ਦਾ ਜਿਕਰ ‘ਬਚਿੱਤ੍ਰ ਨਾਟਕ’ ਵਿਚ ਆਇਆ ਹੈ ਉਹ ਨਾ ਹੀ ਤਾਂ ਇਕੋ ਲੜੀ ਵਿਚ ਰੱਖੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਉਨ੍ਹਾਂ ਸਾਰੀਆਂ ਦਾ ਗੁਰੂ ਜੀ ਨਾਲ ਕੋਈ ਸਬੰਧ ਹੀ ਸੀ। ਇਨ੍ਹਾਂ ਦੇ ਕਾਰਣ ਅਤੇ ਪਰਭਾਵ ਵੱਖਰੇ ਵੱਖਰੇ ਸਨ।

Leave a comment

error: Content is protected !!