ਗੁਰੂ-ਕਾਲ ਦੇ ਪਰਮੁੱਖ ਸਰੋਤ

ਗੁਰੂ-ਕਾਲ ਦਾ ਇਤਿਹਾਸ ਲਿਖਣ ਲਈ ਸਾਡੇ ਪਾਸ ਕਈ ਕਿਸਮ ਦੇ ਸਰੋਤ ਉਪਲਬਧ ਹਨ । ਇਨ੍ਹਾਂ ਵਿਚ ਸ਼ਾਮਲ ਹਨ ਮੌਲਿਕ ਜਾਂ ਬੁਨਿਆਦੀ ਸਰੋਤ, ਸਹਾਇਕ ਸਰੋਤ ਅਤੇ ਪਿਛਲੇਰੇ ਵਿਆਖਿਆ ਭਰਪੂਰ ਸਰੋਤ । ਮੌਲਿਕ ਜਾਂ ਬੁਨਿਆਦੀ ਸਰੋਤ ਉਨ੍ਹਾਂ ਨੂੰ ਕਿਹਾ ਗਿਆ ਹੈ ਜਿਹੜੇ ਗੁਰੂ ਸਾਹਿਬਾਨ ਦਾ ਜੀਵਨ-ਬਿਰਤਾਂਤ ਲਿਖਣ ਲਈ ਮੁੱਖ ਆਧਾਰ ਬਣਾਏ ਜਾਣ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚ ਉਹ ਲਿਖਤਾਂ ਸ਼ਾਮਲ ਹਨ ਜਿਹੜੀਆਂ ਜਾਂ ਤਾਂ ਗੁਰੂ ਸਾਹਿਬਾਨ ਰਾਹੀਂ ਆਪ ਲਿਖੀਆਂ ਗਈਆਂ ਸਨ ਤੇ ਜਾਂ ਉਨ੍ਹਾਂ ਵੱਲੋਂ ਲਿਖਵਾਈਆਂ ਗਈਆਂ ਸਨ । ਅਜਿਹੀਆਂ ਲਿਖਤਾਂ ਵਿਚ ਸੰਬੰਧਤ ਵਿਸ਼ੇ ਨਾਲ ਉਪਲਬਧ ਪਹਿਲੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਇਹ ਇਤਿਹਾਸ ਲਈ ਸਭ ਤੋਂ ਵੱਧ ਭਰੋਸੇਯੋਗ ਸਰੋਤ ਹੁੰਦੇ ਹਨ ਜਿਵੇਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਹੁਕਮਨਾਮੇ ਅਤੇ ਜਫ਼ਰਨਾਮਾ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਸਮੇਂ ਹੀ ਉਨ੍ਹਾਂ ਦੇ ਆਪਣੇ ਸ਼ਰਧਾਲੂਆਂ ਵੱਲੋਂ ਲਿਖੀਆਂ ਗਈਆਂ ਲਿਖਤਾਂ ਹਨ ਜਿਨ੍ਹਾਂ ਨੂੰ ਸਮਕਾਲੀ ਲਿਖਤਾਂ ਕਿਹਾ ਜਾ ਸਕਦਾ ਹੈ ਜਿਵੇਂ ਕਿ ਭਾਈ ਗੁਰਦਾਸ ਦੀਆਂ ਵਾਰਾਂ, ਕਵੀ ਸੈਨਾਪਤਿ ਦੀ ਸ੍ਰੀ ਗੁਰੂ ਸੋਭਾ, ਅਤੇ ਦਸਮ ਗ੍ਰੰਥ ਆਦਿ । ਇਨ੍ਹਾਂ ਲਿਖਤਾਂ ਵਿਚ ਭਾਵੇਂ ਪਹਿਲੀ ਜਾਣਕਾਰੀ ਦੀ ਥਾਂ ਤੇ ਕਿਸੇ ਦੂਸਰੇ ਵਿਅਕਤੀ ਵੱਲੋਂ ਆਪਣੀ ਅੱਖੀਂ ਦੇਖੀ ਅਤੇ ਕੰਨੀਂ ਸੁਣੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿਚ ਹਰ ਵਿਅਕਤੀ ਦੀ ਆਪਣੀ ਸੋਚ, ਸੁਭਾਅ ਅਤੇ ਨਜ਼ਰੀਆ ਭਾਰੂ ਹੁੰਦਾ ਹੈ। ਇਸ ਕਰਕੇ ਇਸ ਤਰ੍ਹਾਂ ਦੀ ਜਾਣਕਾਰੀ ਪਹਿਲੀ-ਜਾਣਕਾਰੀ ਜਿੰਨੀ ਮਹੱਤਵਪੂਰਨ ਤਾਂ ਨਹੀਂ ਹੁੰਦੀ ਪਰ ਫਿਰ ਵੀ ਉਸ ਤੋਂ ਦੂਜੇ ਨੰਬਰ ਦੀ ਮਹੱਤਵਪੂਰਨ ਜਾਣਕਾਰੀ ਦਾ ਦਰਜਾ ਰੱਖਦੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਲਿਖਤਾਂ ਵਿਚਲੀਆਂ ਕੁਝ ਗੱਲਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਇਤਿਹਾਸਕ ਤੌਰ ‘ਤੇ ਸਮਕਾਲੀ ਲਿਖਤਾਂ ਨੂੰ ਵੀ ਇਤਿਹਾਸ ਦਾ ਮਹੱਤਵਪੂਰਨ ਸਰੋਤ ਕਰਾਰ ਦਿੱਤਾ ਗਿਆ ਹੈ । ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਪਾਸ ਇਸ ਕਿਸਮ ਦੇ ਸਰੋਤਾਂ ਦੀ ਸ਼ਰੇਣੀ ਵਿਚ ਕਾਫੀ ਲਿਖਤਾਂ ਹਨ। ਇਨ੍ਹਾਂ ਦਾ ਵਿਸਥਾਰ ਸਹਿਤ ਵੇਰਵਾ ਇਸ ਤਰ੍ਹਾਂ ਹੈ

ਗੁਰਮੁੱਖੀ

ਗੁਰੂ-ਕਾਲ (1469-1708) ਦਾ ਇਤਿਹਾਸ ਲਿਖਣ ਵਿਚ ਗੁਰਮੁੱਖੀ ਲਿਖਤਾਂ ਦੀ ਬਹੁਤ ਮਹੱਤਤਾ ਹੈ। ਕਿਉਂਕਿ ਗੁਰਮੁੱਖੀ ਲਿਪੀ ਅਤੇ ਗੁਰਮੁੱਖੀ ਲਿਖਤਾਂ ਦੀ ਸ਼ੁਰੂਆਤ ਹੀ ਗੁਰੂ-ਕਾਲ (ਸਿੱਖ ਧਰਮ) ਦੇ ਉੱਥਾਨ ਦੇ ਨਾਲ ਹੀ ਹੋਈ ਹੈ। ਇਸ ਕਰਕੇ ਗੁਰਮੁੱਖੀ ਲਿਖਤਾਂ ਦਾ ਗੁਰੂ-ਕਾਲ ਦੇ ਇਤਿਹਾਸ ਲਿਖਣ ਵਿਚ ਵਿਸ਼ੇਸ਼ ਮਹੱਤਵ ਹੋਣਾ ਕੁਦਰਤੀ ਗੱਲ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਿੱਖ ਧਰਮ ਦੇ ਉੱਥਾਨ ਤੋਂ ਪਹਿਲਾਂ ਦੀ, ਗੁਰਮੁੱਖੀ ਲਿਪੀ ਵਿਚ ਲਿਖੀ ਹੋਈ ਕੋਈ ਲਿਖਤ ਮਿਲੀ ਹੋਵੇ ਭਾਵੇਂ ਕਿ ਕੁਝ ਕੁ ਗੁਰਮੁੱਖੀ ਅੱਖਰਾਂ ਦਾ ਦੇਵਨਾਗਰੀ, ਸ਼ਾਰਦਾ ਜਾਂ ਟਾਕਰੀ ਲਿਪੀ ਦੇ ਕੁੱਝ ਅੱਖਰਾਂ ਨਾਲ ਸ਼ਕਲ-ਸੂਰਤ ਮਿਲਦੀ ਹੈ। ਇਹ ਆਮ ਜਿਹਾ ਵਰਤਾਰਾ ਹੈ। ਇਹ ਗੱਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਚਾਨਕ ਹੀ ਦੋ ਅਲੱਗ ਅਲੱਗ ਜਾਤਾਂ, ਕਬੀਲਿਆਂ ਜਾਂ ਨਸਲਾਂ ਦੇ ਵਿਅਕਤੀਆਂ ਦੇ ਨੈਣ-ਨਕਸ਼ ਆਪਸ ਵਿਚ ਮਿਲ ਜਾਣ। ਇਸ ਗੱਲ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਕ ਦੂਜੇ ਦਾ ਸਾਂਝਾ ਪਿਛੋਕੜ ਰੱਖਦੇ ਹੋਣ। ਸਿੱਖ ਧਰਮ ਮੁੱਢੋਂ-ਸੁੱਢੋਂ ਹੀ ਇਕ ਨਵੀਂ ਸਥਾਪਨਾ ਸੀ। ਸਿੱਖ ਧਰਮ ਭਗਤੀ ਲਹਿਰ ਦਾ ਸਮਕਾਲੀ ਜ਼ਰੂਰ ਸੀ ਪਰ ਉਸ ਦਾ ਹਿੱਸਾ ਜਾਂ ਪਦਾਇਸ਼ ਨਹੀਂ ਸੀ। ਸਿਧਾਂਤ, ਫਲਸਫਾ, ਵਿਚਾਰ, ਸੰਸਥਾਵਾਂ, ਪਰੰਪਰਾਵਾਂ ਸਭ ਕੁਝ ਹੀ ਨਵੀਆਂ ਸਥਾਪਤ ਕੀਤੀਆਂ ਗਈਆਂ ਸਨ । ਬਿਲਕੁੱਲ ਇਸੇ ਤਰ੍ਹਾਂ ਗੁਰੂ ਸਾਹਿਬਾਨ ਨੇ ਆਪਣੀ ਬੋਲੀ ਦੀ ਲਿਪੀ ਵੀ ਨਵੀਂ ਸਥਾਪਤ ਕੀਤੀ ਸੀ । ਗੁਰੂ ਨਾਨਕ ਦੇਵ ਜੀ ਦੀ ਹਜੂਰੀ ਵਿਚ ਕਰਤਾਰਪੁਰ ਸਾਹਿਬ ਵਿਖੇ ਭਾਈ ਲਹਿਣਾ (ਜੋ ਪਿੱਛੋਂ ਗੁਰੂ ਅੰਗਦ ਦੇਵ ਜੀ ਬਣੇ) ਨੇ ਗੁਰਮੁੱਖੀ ਅੱਖਰਾਂ ਦੀ ਕਾਢ ਕੱਢ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਕਲਮਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਗੱਲ ਦੀ ਅਸਿੱਧੀ ਜਿਹੀ ਜਾਣਕਾਰੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਵਾਰ ਪਹਿਲੀ ਅਤੇ ਪਉੜੀ 38ਵੀਂ ਤੋਂ ਮਿਲਦੀ ਹੈ । ਭਾਈ ਲਹਿਣਾ ਨੇ ਗੁਰੂ ਬਣਨ ਉਪਰੰਤ ਇਸ ਲਿਪੀ ਨੂੰ ਹੋਰ ਵਿਕਸਤ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਗੁਰਮੁੱਖੀ ਲਿਪੀ ਵਿਚ ਅਤੇ ਪੰਜਾਬੀ ਬੋਲੀ ਵਿਚ ਸਿੱਖ ਧਰਮ ਦਾ ਪਹਿਲਾ ਗਰੰਥ ਸੰਪਾਦਤ ਕਰਕੇ ਅਤੇ ਲਿਖਵਾ ਕੇ ਗੁਰਮੁੱਖੀ ਲਿਪੀ ਦੀ ਇਕ ਬਾਕਾਇਦਾ ਲਿਖਤ ਦਾ ਆਗਾਜ ਕਰ ਦਿੱਤਾ ਸੀ। ਇੱਥੋਂ ਹੀ ਗੁਰਮੁੱਖੀ ਇਤਿਹਾਸਕਾਰੀ ਸ਼ੁਰੂ ਹੁੰਦੀ ਹੈ। ਭਾਵੇਂ 1604 ਈ. ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੁਆਰਾ ਲਿਖਤੀ ਪੋਥੀਆਂ, ਫਿਰ ਗੁਰੂ ਅਮਰ ਦਾਸ ਦੁਆਰਾ ਤੇ ਫਿਰ ਗੁਰੂ ਰਾਮ ਦਾਸ ਦੁਆਰਾ ਲਿਖਤੀ ਪੇਥੀਆਂ ਹੋਂਦ ਵਿਚ ਸਨ ਪਰ ਉਨ੍ਹਾਂ ਨੂੰ ਇਕ ਬਾਕਾਇਦਾ ਪੁਸਤਕ (ਗਰੰਥ) ਦਾ ਰੂਪ ਦਿੱਤੇ ਜਾਣ ਦਾ ਸਾਡੇ ਪਾਸ ਸਬੂਤ ਨਹੀਂ ਹੈ ਜਦੋਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਬਾਕਾਇਦਾ ਪੁਸਤਕ ਰੂਪ ਵਿਚ ਅਤੇ ਵੱਖ ਵੱਖ ਜਿਲਦਾਂ ਦੇ ਰੂਪ ਵਿਚ ਪਹਿਲੀ ਵਾਰ ਹੋਂਦ ਵਿਚ ਆਇਆ ਸੀ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ :

ਗੁਰੂ-ਕਾਲ ਦਾ ਇਤਿਹਾਸ ਲਿਖਣ ਵਿਚ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਵਰਨਣ ਕਰਨ ਵਾਲੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਪਰਮੁੱਖ ਸਰੋਤ ਲਿਖਤ ਹੈ। ਇਸ ਵਿਚ ਸਿੱਖ ਵਿਚਾਰਧਾਰਾ ਤਾਂ ਸਮੁੱਚੇ ਰੂਪ ਵਿਚ ਹੈ ਹੀ ਜਿਸ ਦੀ ਕਿ ਹੋਰ ਕਿਸੇ ਵੀ ਪਾਸਿਉਂ ਜਾਣਕਾਰੀ ਨਹੀਂ ਮਿਲਦੀ। ਇਸ ਦੇ ਨਾਲ ਨਾਲ ਸੋਲਵੀਂ ਸਦੀ ਦੇ ਪੰਜਾਬ ਦੀ ਸਮਾਜਕ ਹਾਲਤ, ਕੁਝ ਹੱਦ ਤੱਕ ਆਰਥਕ ਅਤੇ ਰਾਜਨੀਤਕ ਹਾਲਤ ਬਾਰੇ ਵੀ ਭਰਪੂਰ ਜਾਣਕਾਰੀ ਹੈ । ਬਾਬਰ ਦੇ ਹਮਲੇ ਦਾ ਅੱਖੀਂ ਦੇਖਿਆ ਹਾਲ ਵਰਨਣ ਕਰਨ ਵਾਲੀ ਪੰਜਾਬੀ ਵਿਚ ਸਿਰਫ ਇਹੀ ਪੁਸਤਕ (ਗਰੰਥ) ਹੈ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਦਰਜ ਵੇਰਵੇ ਬਾਬਰ ਦੀ ਆਪਣੀ ਲਿਖਤ ਤੁਜਕੇ-ਬਾਬਰੀ ਵਿਚਲੇ ਸਵੈ-ਲਿਖਤ ਵੇਰਵਿਆਂ ਨੂੰ ਵੀ ਝੁਠਲਾਉਂਦੇ ਹਨ । ਤੁਜਕੇ-ਬਾਬਰੀ ਵਿਚ ਬਾਬਰ ਦਾ ਲਿਖਣਾ ਹੈ ਕਿ ਉਸ ਨੇ ਆਪਣੀ ਫ਼ੌਜ ਨੂੰ ਲੋਕਾਂ ਦੀ ਸੂਈ ਤੱਕ ਵੀ ਖੋਹਣ ਤੋਂ ਰੋਕਣ ਦੇ ਹੁਕਮ ਕੀਤੇ ਹੋਏ ਸਨ ਪਰ ਗੁਰੂ ਨਾਨਕ ਦੇਵ ਜੀ ਦੀ ਬਾਬਰ ਬਾਣੀ ਵਿਚਲੇ ਵੇਰਵੇ ਦੱਸਦੇ ਹਨ ਕਿ ਬਿਨਾਂ ਕਿਸੇ ਹਿੰਦੂ ਮੁਸਲਿਮ ਦੀ ਪਛਾਣ ਕੀਤੇ ਸਭ ਅਮੀਰ ਘਰਾਣੇ ਲੁੱਟ ਲਏ ਗਏ ਸਨ ਅਤੇ ਔਰਤਾਂ ਦਾ ਬੁਰਾ ਹਾਲ ਕਰ ਦਿੱਤਾ ਗਿਆ ਸੀ । ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਬਚਪਨ ਨਾਲ ਸੰਬੰਧਤ ਅਨੇਕਾਂ ਜੀਵਨ ਘਟਨਾਵਾਂ ਨਾਲ ਸੰਬੰਧਤ ਵੇਰਵੇ ਇਸ ਵਿਚ ਦਰਜ ਹਨ। ਸਿੱਖ ਧਰਮ ਦੇ ਵਿਚ ਉੱਤਰ- ਅਧਿਕਾਰਤਾ ਦੀ ਪਰੰਪਰਾ ਬਾਰੇ ਸਮਕਾਲੀ ਜਾਣਕਾਰੀ ਸਤੇ ਤੇ ਬਲਵੰਡ ਦੀ ਵਾਰ ਵਿਚ ਦਿੱਤੀ ਗਈ ਹੈ। ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਹੋਰ ਕਿਸੇ ਵੀ ਸਮਕਾਲੀ (ਫਾਰਸੀ ਜਾਂ ਦੇਵ ਨਾਗਰੀ) ਲਿਖਤ ਵਿਚ ਨਹੀਂ ਹੈ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸੇ ਗੁਰੂ ਸਾਹਿਬਾਨ ਰਾਹੀਂ ਪਰਵਾਣਤ ਅਤੇ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ ਸੰਪੂਰਣ ਹੋਇਆ ਗਰੰਥ (ਲਿਖਤ) ਹੈ। ਇਸ ਕਰਕੇ ਇਸ ਵਿਚ ਕਿਸੇ ਵੀ ਰਲਾਵਟ ਜਾਂ ਕਿਸੇ ਆਖੇਪ ਲਿਖਤ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਬਾਣੀ ਦੀ ਸੰਭਾਲ ਹੋਣੀ ਸ਼ੁਰੂ ਹੋ ਗਈ ਸੀ। ਹਰ ਉੱਤਰ-ਅਧਿਕਾਰੀ ਗੁਰੂ ਨੂੰ ਵਿਰਸੇ ਵਿਚ ਗੁਰਗੱਦੀ ਮਿਲਣ ਦੇ ਸਮੇਂ ਪੂਰਵ ਗੁਰੂ ਦੀ ਬਾਣੀ ਵੀ ਪਰਾਪਤ ਹੁੰਦੀ ਸੀ। ਇਸ ਤਰ੍ਹਾਂ ਦੂਸਰੇ, ਤੀਸਰੇ ਅਤੇ ਚੌਥੇ ਗੁਰੂ ਦੇ ਸਮੇਂ ਪਰਵਾਣਤ ਲਿਖਤ ਸੰਭਾਲ ਕੇ ਰੱਖੀ ਜਾਂਦੀ ਸੀ । ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ, ਸਮੇਤ ਬਾਕੀ ਪਿਛਲੇ ਚਾਰ ਗੁਰੂ ਸਾਹਿਬਾਨ ਦੇ, ਪਹਿਲੀ ਵਾਰ ਸੰਪਾਦਤ ਕਰਕੇ 1604 ਈ. ਵਿਚ ਬਾਕਾਇਦਾ ਗ੍ਰੰਥ ਦਾ ਰੂਪ ਦੇ ਦਿੱਤਾ ਸੀ । ਗੁਰੂ ਹਰਿ ਗੋਬਿੰਦ ਸਾਹਿਬ, ਗੁਰੂ ਹਰਿ ਰਾਇ ਜੀ ਅਤੇ ਗੁਰੂ ਹਰਿ ਕਰਿਸ਼ਨ ਜੀ ਨੇ ਬਾਣੀ ਰਚੀ ਨਹੀਂ ਸੀ । ਇਸ ਕਰਕੇ ਉਨ੍ਹਾਂ ਦੀ ਕੋਈ ਰਚਨਾ ਇਸ ਵਿਚ ਨਹੀਂ ਹੈ ਪਰ ਉਨ੍ਹਾਂ ਵੱਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ- ਗੁਰੂ ਦੇ ਤੌਰ ‘ਤੇ ਪਰਵਾਣ ਕੀਤਾ ਗਿਆ ਸੀ । ਉਹ ਇਸ ਵਿਚਲੀ ਬਾਣੀ ਦਾ ਪਾਠ ਕਰਦੇ ਸਨ ਅਤੇ ਇਸ ਨੂੰ ਪਰਚਾਰਦੇ ਸਨ । ਗੁਰੂ ਤੇਗ ਬਹਾਦੁਰ ਜੀ ਨੇ ਆਪਣੀ ਬਾਣੀ ਰਚੀ ਸੀ ਪਰ ਉਨ੍ਹਾਂ ਦੇ ਜੀਵਨ-ਕਾਲ ਵਿਚ ਇਸ ਨੂੰ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਸ ਨੂੰ ਗ੍ਰੰਥ ਸਾਹਿਬ ਵਿਚ ਦਰਜ ਕਰਨ ਦਾ ਕੰਮ ਗੁਰੂ ਗੋਬਿੰਦ ਸਿੰਘ ਜੀ ਨੇ 1706 ਈ. ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁੜ ਤੋਂ ਸੰਪਾਦਿਤ ਕਰਕੇ ਕੀਤਾ। ਸਿੱਖ ਧਰਮ ਵਿਚ ਸ਼ਬਦ-ਗੁਰੂ ਦੇ ਸਿਧਾਂਤ ਦੀ ਸਰਬਉੱਚਤਾ ਹੋਣ ਕਰਕੇ ਅਤੇ ਗ੍ਰੰਥ ਸਾਹਿਬ ਨੂੰ ਦਸਾਂ ਗੁਰੂ ਸਾਹਿਬਾਨ ਵੱਲੋਂ ਪਰਵਾਣਤ ਹੋਣ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਆਖਰ ਸਿੱਖਾਂ ਦੇ ਆਤਮਿਕ ਗੁਰੂ ਦੇ ਤੌਰ ‘ਤੇ ਮੰਨਿਆ ਗਿਆ ਹੈ। ਇਸ ਲਈ ਜਿੱਥੋਂ ਤੱਕ ਸਿੱਖ ਵਿਚਾਰਧਾਰਾ ਦਾ ਸਿੱਖ ਸਿਧਾਂਤਾਂ ਦਾ ਅਤੇ ਉਨ੍ਹਾਂ ਵੇਰਵਿਆਂ ਦਾ ਸੰਬੰਧ ਹੈ ਜਿਹੜੇ ਗੁਰੂ ਸਾਹਿਬਾਨ ਦੀਆਂ ਜੀਵਨ-ਘਟਨਾਵਾਂ ਬਾਰੇ ਇਤਿਹਾਸਕ ਜਾਣਕਾਰੀ ਦਿੰਦੇ ਹਨ, ਉਨ੍ਹਾਂ ਸਭ ਦੇ ਸੰਬੰਧ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਅੰਤਮ ਹੈ। ਇਸ ਨੂੰ ਨਜਰ ਅੰਦਾਜ ਕਰਕੇ ਦਸ ਗੁਰੂ ਸਾਹਿਬਾਨ ਦਾ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ। ਇਸੇ ਸੰਦਰਭ ਵਿਚ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਗੁਰੂ ਸਾਹਿਬਾਨ ਪਰੱਤੀ ਆਦਿ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਲਿਖਤ ਵਿਚ ਆਏ ਐਸੇ ਵੇਰਵੇ ਨੂੰ ਵੀ ਸੱਚ ਨਹੀਂ ਮੰਨਿਆ ਜਾ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਵਿਰੋਧ ਵਿਚ ਹੋਵੇ । ਬਾਣੀ, ਗੁਰੂ ਸਾਹਿਬਾਨ ਦੀ ਕਥਨੀ ਹੈ। ਇਤਿਹਾਸ ਗੁਰੂ ਸਾਹਿਬਾਨ ਦੀ ਕਰਨੀ (ਅਮਲ) ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਕਥਨੀ ਅਤੇ ਕਰਨੀ ਵਿਚ ਫਰਕ ਨਹੀਂ ਹੋ ਸਕਦਾ ਇਸੇ ਤਰ੍ਹਾਂ ਗੁਰਬਾਣੀ ਅਤੇ ਗੁਰੂ-ਇਤਿਹਾਸ ਵਿਚ ਵੀ ਫਰਕ ਨਹੀਂ ਹੋ ਸਕਦਾ। ਗੁਰਬਾਣੀ ਅਤੇ ਗੁਰ-ਇਤਿਹਾਸ ਇਕ ਦੂਜੇ ਦੇ ਪੂਰਕ ਹਨ ਵਿਰੋਧੀ ਨਹੀਂ। ਇਸ ਰੋਸ਼ਨੀ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ, ਗੁਰ-ਇਤਿਹਾਸ ਨਾਲ ਸੰਬੰਧਤ ਵੇਰਵਿਆਂ ਨੂੰ ਪਰਖਣ ਲਈ ਇਕ ਪਾਰਖੂ ਦਸਤਾਵੇਜ ਵੀ ਹੈ । ਇਸ ਤਰ੍ਹਾਂ ਗੁਰੂ-ਕਾਲ ਦਾ ਇਤਿਹਾਸ ਲਿਖਣ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਹਿਮ ਅਤੇ ਅੰਤਮ ਲਿਖਤ ਹੈ।

ਵਾਰਾਂ ਭਾਈ ਗੁਰਦਾਸ ਜੀ :

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੋਂ ਭਾਈ ਗੁਰਦਾਸ ਦੀਆਂ ਵਾਰਾਂ ਗੁਰਮੁਖੀ ਦੀ ਇਕ ਐਸੀ ਲਿਖਤ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਬਿਰਤਾਂਤ ਬਾਰੇ ਅਹਿਮ ਅਤੇ ਭਰੋਸੇਯੋਗ ਜਾਣਕਾਰੀ ਦਿੰਦੀ ਹੈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮ ਦਾਸ ਜੀ ਦੇ ਸਮੇਂ ਦੇ ਮੁਖੀ ਸਿੱਖਾਂ ਬਾਰੇ ਬਹੁਤ ਅੱਛੀ ਜਾਣਕਾਰੀ ਦਿੱਤੀ ਗਈ ਹੈ । ਗੁਰੂ ਹਰਿ ਗੋਬਿੰਦ ਸਾਹਿਬ ਬਾਰੇ ਇਹ ਇਕ ਸਮਕਾਲੀ ਲਿਖਤ ਹੈ। ਬੇਸ਼ੱਕ ਭਾਈ ਗੁਰਦਾਸ ਵੱਲੋਂ ਦਿੱਤੀ ਗਈ ਜਾਣਕਾਰੀ ਬਹੁਤ ਸੰਖੇਪ ਹੈ ਪਰ ਜਿਤਨੀ ਵੀ ਹੈ ਉਹ ਭਰੋਸੇਯੋਗ ਹੈ । ਗੁਰੂ ਨਾਨਕ ਦੇਵ ਜੀ ਦਾ ਬਿਰਤਾਂਤ ਲਿਖਣ ਲੱਗਿਆਂ ਕਿਸੇ ਵੀ ਤਰ੍ਹਾਂ ਇਸ ਲਿਖਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ । ਸਿੱਖ ਧਰਮ ਦੀ ਵਿਆਖਿਆ ਸਿਰਫ ਇਸੇ ਹੀ ਲਿਖਤ ਵਿਚ ਸਹੀ ਤੌਰ ਤੇ ਕੀਤੀ ਗਈ ਮਿਲਦੀ ਹੈ। ਭਾਈ ਗੁਰਦਾਸ ਵੱਲੋਂ ਕੀਤੀ ਗਈ ਸਿੱਖ ਧਰਮ ਦੀ ਵਿਆਖਿਆ ਇਤਨੇ ਦਰੁਸਤ ਤਰੀਕੇ ਅਨੁਸਾਰ ਕੀਤੀ ਗਈ ਹੈ ਕਿ ਆਮ ਤੌਰ ‘ਤੇ ਭਾਈ ਸਾਹਿਬ ਦੀਆਂ ਵਾਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਹਿ ਦਿੱਤਾ ਜਾਂਦਾ ਹੈ। ਇਨ੍ਹਾਂ ਵਾਰਾਂ ਦਾ ਲਿਖੇ ਜਾਣ ਦਾ ਸਮਾਂ ਸੰਭਵ ਤੌਰ ‘ਤੇ 1620 ਈ. ਤੋਂ ਲੈ ਕੇ 1629 ਈ. ਤੱਕ ਦਾ ਮੰਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦੀ ਕੋਈ ਵੀ ਹੋਰ ਐਸੀ ਲਿਖਤ ਨਹੀਂ ਹੈ ਜੋ ਗੁਰੂ ਸਾਹਿਬਾਨ ਬਾਰੇ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੰਦੀ ਹੋਵੇ । ਨਿਰਸੰਦੇਹ ਭਾਈ ਗੁਰਦਾਸ ਦੀਆਂ ਵਾਰਾਂ ਦਾ ਵੀ ਸਿੱਖ ਇਤਿਹਾਸ ਅੰਕਤ ਕਰਨ ਵਿਚ ਗੁਰੂ ਗ੍ਰੰਥ ਸਾਹਿਬ ਜੈਸਾ ਹੀ ਮਹੱਤਵ ਹੈ।

ਦਸਮ ਗ੍ਰੰਥ :

ਦਸਮ ਗ੍ਰੰਥ ਗੁਰੂ-ਕਾਲ ਦੇ ਇਤਿਹਾਸ ਦਾ ਇਕ ਬਹੁਤ ਹੀ ਮਹੱਤਵਪੂਰਨ ਸਮਕਾਲੀ ਸਰੋਤ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ, ਖਾਲਸੇ ਦੀ ਸਾਜਨਾ ਤੋਂ ਪਹਿਲਾਂ ਦੀਆਂ ਲੜਾਈਆਂ ਬਾਰੇ, ਗੁਰੂ ਸਾਹਿਬ ਦੀ ਸਮਾਜਿਕ ਅਤੇ ਧਾਰਮਿਕ ਵਿਚਾਰਧਾਰਾ ਬਾਰੇ ਅਤੀ ਮਹੱਤਵਪੂਰਨ ਜਾਣਕਾਰੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਇਸ ਸਮੇਂ ਤੋਂ ਪਹਿਲਾਂ ਦੀ ਹੋਰ ਕਿਸੇ ਵੀ ਲਿਖਤ ਵਿਚੋਂ ਨਹੀਂ ਮਿਲਦੀ। ਇਤਨੀ ਮਹੱਤਵਪੂਰਨ ਲਿਖਤ ਹੋਣ ਦੇ ਬਾਵਜੂਦ ਵੀ ਦਸਮ ਗ੍ਰੰਥ ਵਿਵਾਦ-ਰਹਿਤ ਲਿਖਤ ਨਹੀਂ ਹੈ, ਇਸ ਦੇ ਕਈ ਕਾਰਣ ਹਨ । ਵਿਦਵਾਨਾਂ ਦਾ ਇਕ ਹਿੱਸਾ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦਾ ਹੈ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ। ਇਸ ਨੂੰ ਦਸਮ ਪਾਤਸ਼ਾਹ ਦਾ ਗ੍ਰੰਥ ਸਮਝਿਆ ਜਾਂਦਾ ਹੋਣ ਕਰਕੇ ਦਸਮ ਗ੍ਰੰਥ ਕਿਹਾ ਜਾਂਦਾ ਹੈ। ਵਿਦਵਾਨਾਂ ਦਾ ਦੂਸਰਾ ਹਿੱਸਾ ਇਸ ਮੱਤ ਦਾ ਹੈ ਕਿ ਇਸ ਦੀ ਸਮੁੱਚੀ ਲਿਖਤ ਸਾਰੀ ਦੀ ਸਾਰੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ ਸਗੋਂ ਇਸ ਵਿਚੋਂ ਚੋਣਵੀਆਂ ਲਿਖਤਾਂ ਹੀ ਗੁਰੂ ਸਾਹਿਬ ਦੀਆਂ ਹਨ। ਜਿਵੇਂ ਕਿ ਜਾਪ ਸਾਹਿਬ, ਸਵੱਯੇ, ਬਚਿੱਤ੍ਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ ਆਦਿ। ਜਾਪ ਸਾਹਿਬ, ਸਵੱਯੇ ਅਤੇ ਚੌਪਈ ਜੈਸੀਆਂ ਰਚਨਾਵਾਂ ਤਾਂ ਖਾਲਸੇ ਦੀ ਰਚਿਤ ਮਰਯਾਦਾ ਦਾ ਅਟੁੱਟ ਅੰਗ ਵੀ ਬਣੀਆਂ ਹੋਈਆਂ ਹਨ। ਇਤਨਾ ਪੱਕਾ ਵਿਸ਼ਵਾਸ ਹੋਣ ਦੇ ਬਾਵਜੂਦ ਵੀ ਵਿਦਵਾਨਾ ਵਿਚ ਇਕ ਐਸਾ ਤੀਸਰਾ ਹਿੱਸਾ ਵੀ ਉਭਰ ਰਿਹਾ ਹੈ ਜਿਸ ਦਾ ਮੱਤ ਹੈ ਕਿ ਸਿਵਾਏ ਜਫ਼ਰਨਾਮੇ ਤੋਂ ਦਸਮ ਗ੍ਰੰਥ ਦੀ ਹੋਰ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ। ਇਸ ਗੱਲ ਦੇ ਕਈ ਸਬੂਤ ਪੇਸ਼ ਕੀਤੇ ਜਾਂਦੇ ਹਨ । ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਹ ਰਚਨਾਵਾਂ ਗੁਰੂ ਸਾਹਿਬ ਦੀ ਲਿਖਤ ਹੁੰਦੀਆਂ ਤਾਂ ਇਹ 1706 ਈ. ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਨਰ-ਸੰਪਾਦਨਾ ਕਰਨ ਸਮੇਂ ਉਸ ਵਿਚ ਦਰਜ ਕਰ ਦਿੱਤੀਆਂ ਜਾਣੀਆਂ ਸਨ ਜਦੋਂ ਕਿ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਸੀ । ਜੇਕਰ ਦਸਮ ਗ੍ਰੰਥ ਦੀ ਕੋਈ ਲਿਖਤ ਆਦਿ ਗ੍ਰੰਥ ਵਿਚ ਦਰਜ ਨਹੀਂ ਕੀਤੀ ਗਈ ਇਸ ਦਾ ਸਿੱਧਾ ਜਿਹਾ ਮਤਲਬ ਇਹ ਹੀ ਹੈ ਕਿ ਇਹ ਰਚਨਾਵਾਂ ਗੁਰੂ ਸਾਹਿਬ ਦੀਆਂ ਨਹੀਂ ਹਨ।

ਦੂਜੀ ਦਲੀਲ ਇਹ ਹੈ ਕਿ ਜਿੰਨੇ ਵੀ ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ ਉਹ ਸਭ ਨਾਨਕ ਨਾਂ ਦੇ ਹੇਠ ਹੀ ਉਚਾਰੀ ਹੈ। ਪਰ ਦਸਮ ਗ੍ਰੰਥ ਦੀ ਕਿਸੇ ਵੀ ਰਚਨਾ ਦੇ ਕਿਸੇ ਵੀ ਸ਼ਬਦ ਜਾਂ ਪਉੜੀ ਵਿਚ ਨਾਨਕ ਨਾਂ ਨਹੀਂ ਵਰਤਿਆ ਗਿਆ ਹੈ। ਇੱਥੋਂ ਤੱਕ ਕੁਝ ਮੁੱਢਲੀਆਂ ਬੀੜਾਂ (ਦਸਮ ਗ੍ਰੰਥ) ਵਿਚ ‘ੴ ਸਤਿਗੁਰ ਪ੍ਰਸਾਦਿ’ ਦਾ ਗੁਰ-ਮੰਤਰ ਵੀ ਨਹੀਂ ਮਿਲਦਾ। ਇਹ ਵੀ ਆਧੁਨਿਕ ਬੀੜਾਂ ਵਿਚ ਹੁਣ ਪਿੱਛੋਂ ਪਾਇਆ ਜਾਣਾ ਸ਼ੁਰੂ ਹੋਇਆ ਹੈ।

ਤੀਜਾ, ਇਸ ਵਿਚ ਕੁਝ ਇਸ ਤਰ੍ਹਾਂ ਦੀਆਂ ਰਚਨਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਬਿਲਕੁੱਲ ਵਿਰੁੱਧ ਹਨ ਕੁਝ ਬਹੁਤ ਹੀ ਅਸ਼ਲੀਲ ਕਿਸਮ ਦੀਆਂ ਹਨ ਅਤੇ ਕੁਝ ਬਿਨਾਂ ਕਿਸੇ ਸਿਰ-ਪੈਰ ਦੇ ਬਹੁਤ ਹੀ ਹਲਕੇ ਪੱਧਰ ਦੀਆਂ ਹਨ। ਔਰਤ ਦੀ ਜੋ ਸਤਿਕਾਰਯੋਗ ਪਦਵੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੁਆਰਾ ਸਥਾਪਤ ਕੀਤੀ ਹੈ ਉਸ ਦੀ ਥਾਂ ‘ਤੇ ਦਸਮ ਗ੍ਰੰਥ ਦੇ ਚਰਿਤ੍ਰੋ ਪਖਯਾਨ ਅਤੇ ਤ੍ਰਿਆ ਚਰਿੱਤਰ ਵਿਚ ਬਹੁਤ ਹੀ ਭੱਦੀ, ਮਜਾਕਭਰੀ ਅਤੇ ਘਟੀਆ ਕਿਸਮ ਦੀ ਦਰਸਾਈ ਗਈ ਹੈ।

ਚੌਥਾ, ਦਸਮ ਗ੍ਰੰਥ ਦਾ ਬਹੁਤ ਵੱਡਾ ਹਿੱਸਾ ਹਿੰਦੂ ਮਿਥਿਹਾਸ ਦਾ ਹੀ ਉਲਥਾ ਕਰਕੇ ਭਰਿਆ ਗਿਆ ਹੈ । ਇਸ ਹਿੰਦੂ ਮਿਥਿਹਾਸ ਨਾਲ ਨਾ ਹੀ ਸਿੱਖ ਵਿਚਾਰਧਾਰਾ ਦਾ ਕੋਈ ਸੰਬੰਧ ਹੈ ਅਤੇ ਨਾ ਹੀ ਸਿੱਖ ਸਮਾਜ ਦਾ । ਇਨ੍ਹਾਂ ਮੋਟੇ ਜਿਹੇ ਕਾਰਣਾਂ ਕਰਕੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਮੰਨਿਆ ਜਾਂਦਾ । ‘ਬਚਿੱਤ੍ਰ ਨਾਟਕ’ ਭਾਵੇਂ ਉਤਮ ਪੁਰਸ਼ ਦੀ ਬੋਲੀ ਵਿਚ ਲਿਖਿਆ ਗਿਆ ਹੈ ਪਰ ਇਸ ਵਿਚ ਪਰਗਟਾਏ ਗਏ ਵਿਚਾਰਾਂ ਦਾ ਗੁਰੂ ਸਾਹਿਬ ਦੀ ਜੀਵਨ ਧਾਰਾ ਨਾਲ ਕੋਈ ਸੰਬੰਧ ਨਹੀਂ ਬਣ ਸਕਦਾ। ਇਸ ਕਰਕੇ ਦਸਮ ਗ੍ਰੰਥ ਦੀਆਂ ਰਚਨਾਵਾਂ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹਨ ਸਗੋਂ ਇਹ ਉਨ੍ਹਾਂ ਦੇ ਵੱਖ ਵੱਖ ਦਰਬਾਰੀ ਕਵੀਆਂ ਦੀਆਂ ਹਨ। ਕੁਝ ਕੁ ਰਚਨਾਵਾਂ ਵਿਚ ਤਾਂ ਉਨ੍ਹਾਂ ਨੂੰ ਰਚਨ ਵਾਲਿਆਂ ਦੇ ਨਾਂ ਵੀ ਮਿਲਦੇ ਹਨ। ਵੈਸੇ ਜੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਾ ਮੰਨ ਕੇ ਉਨ੍ਹਾਂ ਦੇ ਸਮਕਾਲੀ ਕਵੀਆਂ ਦੀ ਲਿਖਤ ਮੰਨ ਲਿਆ ਜਾਵੇ ਤਾਂ ਵੀ ਇਸ ਲਿਖਤ ਦੀ ਇਤਿਹਾਸਕ ਮਹੱਤਤਾ ਘੱਟਦੀ ਨਹੀਂ ਹੈ। ਮਹੱਤਤਾ ਇਸ ਦੀ ਉਤਨੀ ਹੀ ਰਹਿਣੀ ਹੈ। ਸਾਡਾ ਸੰਬੰਧ ਇਕ ਸਮਕਾਲੀ ਗਵਾਹੀ ਨਾਲ ਹੈ। ਸਮਕਾਲੀ ਗਵਾਹੀ ਵੀ ਉਤਨੀ ਹੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰ ਸਕਦੀ ਹੈ ਜਿਤਨੀ ਕਿ ਗੁਰੂ ਸਾਹਿਬ ਦੀ ਆਪਣੀ ਲਿਖਤ । ਇਸ ਕਰਕੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਸਮਕਾਲੀ ਲਿਖਤ ਮੰਨ ਕੇ ਚੱਲਣਾ ਚਾਹੀਂਦਾ ਹੈ।

ਦਸਮ ਗ੍ਰੰਥ ਦੀ ਸੰਪਾਦਨਾ ਕਦੋਂ ਕੀਤੀ ਗਈ ਇਸ ਦੀ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ । ਆਮ ਧਾਰਨਾ ਇਹ ਹੀ ਹੈ ਕਿ ਇਸ ਦੀ ਸੰਪਾਦਨਾ ਅਠਾਰਵੀਂ ਸਦੀ ਦੇ ਦੂਜੇ ਦਹਾਕੇ ਵਿਚ ਕੀਤੀ ਗਈ ਸੀ । ਇਹ ਸੰਪਾਦਨਾ ਕਿਸ ਨੇ ਕੀਤੀ ਸੀ? ਇਸ ਬਾਰੇ ਵੀ ਕੋਈ ਨਿਸ਼ਚਤ ਜਾਣਕਾਰੀ ਨਹੀਂ ਹੈ । ਆਮ ਵਿਸ਼ਵਾਸ ਅਨੁਸਾਰ ਇਹ ਕੰਮ ਭਾਈ ਮਨੀ ਸਿੰਘ ਦੁਆਰਾ ਕੀਤਾ ਮੰਨਿਆ ਜਾਂਦਾ ਹੈ। ਇਹ ਧਾਰਨਾ ਵੀ ਉਸ ਚਿੱਠੀ ਤੋਂ ਬਣਾਈ ਗਈ ਹੈ ਜਿਹੜੀ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ ਦਿੱਤੀ ਗਈ ਹੈ ਜਿਸ ਨੂੰ ਭਾਈ ਸਾਹਿਬ ਵੱਲੋਂ ਮਾਤਾ ਸੁੰਦਰੀ ਨੂੰ ਭੇਜੀ ਗਈ ਚਿੱਠੀ ਮੰਨਿਆ ਜਾਂਦਾ ਹੈ। ਇਸ ਵਿਚ ਦਸਮ ਗ੍ਰੰਥ ਦੀਆਂ ਰਚਨਾਵਾਂ ਇਕੱਠੀਆਂ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਵੈਸੇ ਇਸ ਚਿੱਠੀ ਦੀ ਪਰਮਾਣੀਕਤਾ ਕੋਈ ਨਹੀਂ ਹੈ। ਇਸ ਨੂੰ ਜਾਅਲੀ ਹੀ ਸਮਝਿਆ ਜਾਦਾ ਹੈ । ਇਹ ਕਿਸੇ ਐਸੇ ਪਰੇਮੀ ਵੱਲੋਂ ਲਿਖੀ ਗਈ ਜਾਪਦੀ ਹੈ ਜਿਹੜਾ ਕਿ ਦਸਮ ਗ੍ਰੰਥ ਨੂੰ ਦਸਮ ਪਾਤਸ਼ਾਹ ਦੀ ਰਚਨਾ ਦਰਸਾਉਣਾ ਚਾਹੁੰਦਾ ਹੈ । ਵੈਸੇ ਜਿਸ ਤਰ੍ਹਾਂ ਦਾ ਗੁਰਮਤਿ ਵਿਰੋਧੀ ਸਾਹਿਤ ਦਸਮ ਗ੍ਰੰਥ ਵਿਚ ਦਿੱਤਾ ਗਿਆ ਹੈ ਭਾਈ ਸਾਹਿਬ ਦੀ ਵਿਦਵਤਾ ਨੂੰ ਦੇਖ ਕੇ ਇਹ ਬਿਲਕੁੱਲ ਨਹੀਂ ਮੰਨਿਆ ਜਾ ਸਕਦਾ ਕਿ ਉਹ ਇਸ ਤਰ੍ਹਾਂ ਦੇ ਸਾਹਿਤ ਨੂੰ ਦਸਮ ਗੁਰੂ ਦੇ ਨਾਂ ਹੇਠ ਸੰਪਾਦਿਤ ਕਰਦੇ । ਹੁਣ ਤੱਕ ਦਸਮ ਗ੍ਰੰਥ ਦੀਆਂ ਜਿੰਨੀਆਂ ਵੀ ਬੀੜਾਂ ਮਿਲਦੀਆਂ ਹਨ ਉਨ੍ਹਾਂ ਸਭ ਵਿਚ ਕੋਈ ਇਕਮਿਕਤਾ ਨਹੀਂ ਹੈ। ਕਿਸੇ ਵੀ ਬੀੜ ਦੇ ਪੰਨੇ ਇਕੋ ਜਿੰਨੇ ਨਹੀਂ ਹਨ, ਕਿਸੇ ਵੀ ਬੀੜ ਵਿਚ ਰਚਨਾਵਾਂ ਦੀ ਸਥਿਤੀ ਇਕੋ ਜਿਹੀ ਨਹੀਂ ਹੈ ਅਤੇ ਕਿਸੇ ਵੀ ਬੀੜ ਵਿਚ ਨਾ ਸੰਪਾਦਿਕ ਦੀ ਅਤੇ ਨਾ ਸੰਪਾਦਨਾ ਕਰਨ ਦੇ ਸਾਲ ਦੀ ਕੋਈ ਜਾਣਕਾਰੀ ਦਿੱਤੀ ਗਈ ਹੈ।

ਜਫਰਨਾਮਾ :

ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ। ਇਹ ਉਨ੍ਹਾਂ ਵੱਲੋਂ ਬਾਦਸ਼ਾਹ ਔਰੰਗਜੇਬ ਨੂੰ ਜਨਵਰੀ, 1706 ਈ. ਵਿਚ ਮੁਕਤਸਰ ਦੀ ਜੰਗ ਵਿਚ ਫਤਿਹ ਪਰਾਪਤ ਕਰਨ ਤੋਂ ਪਿੱਛੋਂ ਲਿਖੀ ਗਈ ਜਿੱਤ ਦੀ ਚਿੱਠੀ ਹੈ। ਇਸ ਨੂੰ ਦਸਮ ਗ੍ਰੰਥ ਦੀ ਲਿਖਤ ਤੋਂ ਅਲੱਗ ਇਸ ਕਰਕੇ ਦਿੱਤਾ ਗਿਆ ਹੈ ਕਿ ਉਹ ਤਾਂ ਦਸਮ ਪਾਤਸ਼ਾਹ ਦੀ ਲਿਖਤ ਨਹੀਂ ਹੈ ਪਰ ਜ਼ਫਰਨਾਮਾ ਉਨ੍ਹਾਂ ਦੀ ਲਿਖਤ ਹੈ। ਦਸਮ-ਗ੍ਰੰਥ ਦੀਆਂ ਬੀੜਾਂ ਵਿਚ ਜੋ ਜਫਰਨਾਮਾ ਦਿੱਤਾ ਗਿਆ ਹੈ ਉਸ ਵਿਚ ਬਹੁਤ ਜਿਆਦਾ ਵਧਾ-ਚੜ੍ਹਾ ਕੀਤਾ ਗਿਆ ਹੈ। ਇਹ ਵਧਾ-ਚੜ੍ਹਾ ਵੀ ਬਿਨਾਂ ਸਿਰ-ਪੈਰ ਦੀਆਂ ਦਲੀਲਾਂ ਦਾ ਹੈ ਜਿਨ੍ਹਾਂ ਦੀ ਮਨੁੱਖ ਦੇ ਅਮਲੀ ਜੀਵਨ ਵਿਚ ਕੋਈ ਸਾਰਥਿਕਤਾ ਨਹੀਂ ਬਣਦੀ । ਇਸ ਵਧਾ-ਚੜਾ ਦੇ ਸਾਹਮਣੇ ਗੁਰੂ ਸਾਹਿਬ ਦੀ ਜ਼ਫਰਨਾਮੇ ਦੀ ਮੌਲਿਕਤਾ ਹੀ ਅਲੋਪ ਹੋ ਕੇ ਰਹਿ ਗਈ ਹੈ। ਅਖੀਰ 1966 ਈ. ਵਿਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਵਿਦਵਾਨਾਂ ਦੀ ਸਲਾਹ ਨਾਲ ਜਫਰਨਾਮਾ ਅਲੱਗ ਤੌਰ ‘ਤੇ ਛਾਪਿਆ ਗਿਆ ਹੈ ਜਿਸ ਵਿਚ ਉਹ ਚੌਣਵੇਂ ਸ਼ੇਅਰ ਰੱਖੇ ਗਏ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਲਿਖਿਆ ਗਿਆ ਮੰਨਿਆ ਜਾ ਸਕਦਾ ਹੈ । ਇਹ ਸਾਰਾ ਪੱਤਰ ਫਾਰਸੀ ਬੋਲੀ ਵਿਚ ਹੈ। ਇਸ ਨੂੰ ਮਾਲਵੇ ਦੇ ਪਿੰਡਾਂ ਦੀਨਾ-ਕਾਂਗੜਾ ਵਿਖੇ ਬੈਠ ਕੇ ਲਿਖਿਆ ਗਿਆ ਸੀ । ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਇਹ ਪੱਤਰ ਦੇ ਕੇ ਬਾਦਸ਼ਾਹ ਔਰੰਗਜੇਬ ਵੱਲ ਭੇਜਿਆ ਗਿਆ ਸੀ। ਬਾਦਸ਼ਾਹ ਉਸ ਸਮੇਂ ਦੱਖਣ ਵਿਚ ਸੀ । ਇਸ ਕਰਕੇ ਬਾਦਸ਼ਾਹ ਤੱਕ ਪਹੁੰਚਣ ਲਈ ਅਤੇ ਉਸ ਨਾਲ ਮੁਲਾਕਾਤ ਕਰਨ ਲਈ ਕਾਫੀ ਸਮਾਂ ਲੱਗ ਗਿਆ ਸੀ ।

ਜ਼ਫਰਨਾਮੇ ਦੇ ਵਿਸ਼ਾ-ਵਸਤੂ ਤੋਂ ਜਾਪਦਾ ਹੈ ਕਿ ਔਰੰਗਜ਼ੇਬ ਅਤੇ ਗੁਰੂ ਸਾਹਿਬ ਵਿਚਕਾਰ ਚਿੱਠੀ-ਪੱਤਰਾਂ ਦਾ ਆਪਸੀ ਆਦਾਨ-ਪਰਦਾਨ ਸੀ ਅਤੇ ਬਾਦਸ਼ਾਹਾਂ ਵੱਲੋਂ ਯਕੀਨ ਦਿਵਾਇਆ ਗਿਆ ਸੀ ਕਿ ਗੁਰੂ ਸਾਹਿਬ ਦੇ ਧਨ-ਮਾਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਪਰ ਸੰਕਟ ਸਮੇਂ ਪੰਜਾਬ ਦੇ ਮੁਗ਼ਲ ਅਧਿਕਾਰੀਆਂ ਵੱਲੋਂ ਨਾ ਹੀ ਸਿਰਫ਼ ਗੁਰੂ ਸਾਹਿਬ ਦੇ ਘਰ-ਬਾਰ ਨੂੰ ਉਜਾੜਿਆ ਹੀ ਗਿਆ ਸੀ ਸਗੋਂ ਉਨ੍ਹਾਂ ਨੂੰ ਜਾਨੀ ਤੌਰ ‘ਤੇ ਵੀ ਬਹੁਤ ਨੁਕਸਾਨ ਪਹੁੰਚਾਇਆ ਸੀ। ਜ਼ਫਰਨਾਮੇ ਵਿਚ ਇਸ ਸਾਰੇ ਪੂਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਚਮਕੌਰ ਸਾਹਿਬ ਦੇ ਘੇਰੇ ਸਮੇਂ ਹੋਈ ਲੜਾਈ ਬਾਰੇ ਵੀ ਇਸ ਵਿਚ ਕਾਫੀ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਮੌਲਿਕ ਹੈ ਅਤੇ ਗੁਰੂ-ਇਤਿਹਾਸ ਲਈ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਜਫਰਨਾਮਾ ਗੁਰੂ ਇਤਿਹਾਸ ਲਈ ਇਕ ਮੌਲਿਕ ਸੋਮੇ ਦੇ ਸਮਾਨ ਹੈ।

ਹੁਕਮਨਾਮੇ :

ਹੁਕਮਨਾਮੇ ਗੁਰੂ-ਕਾਲ ਦੇ ਇਤਿਹਾਸ ਦਾ ਮੌਲਿਕ ਸਰੋਤ ਹਨ। ਇਹ ਗੁਰੂ ਸਾਹਿਬਾਨ ਦੇ ਉਹ ਚਿੱਠੀ ਪੱਤਰ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਕੋਈ ਹੁਕਮ ਪੂਰਾ ਕਰਨ ਲਈ ਕਿਹਾ ਸੀ। ਜਿਵੇਂ ਕਿ ਕੁਝ ਵਸਤਾਂ ਭੇਜਣ ਬਾਰੇ, ਸੋਨਾ ਜਾਂ ਧਨ ਭੇਜਣ ਬਾਰੇ, ਵਰਤੋਂ ਵਿਚ ਆਉਣ ਵਾਲਾ ਕੋਈ ਜਾਨਵਰ ਭੇਜਣ ਬਾਰੇ ਆਦਿ, ਆਦਿ। ਸਿੱਖ ਸੰਗਤਾਂ ਗੁਰੂ ਸਾਹਿਬਾਨ ਦੇ ਅਜਿਹੇ ਲਿਖਤੀ ਚਿੱਠੀ-ਪੱਤਰਾਂ ਨੂੰ ਉਨ੍ਹਾਂ ਦਾ ਪਵਿੱਤਰ ਹੁਕਮ ਸਮਝ ਕੇ ਪੂਰਾ ਕਰਦੀਆਂ ਸਨ। ਇਸੇ ਕਰਕੇ ਇਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਹੁਕਮਨਾਮੇ ਕਿਹਾ ਗਿਆ ਹੈ।

ਹੁਣ ਤੱਕ ਦੇ ਹੁਕਮਨਾਮਿਆਂ ਵਿਚ ਸਿਰਫ ਛੇਵੇਂ, ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਹੀ ਹੁਕਮਨਾਮੇ ਮਿਲੇ ਹਨ। ਇਹ ਵੀ ਸਾਰੇ ਹੁਕਮ-ਨਾਮੇ ਨਹੀਂ। ਜਿਹੜੇ ਮਿਲ ਸਕਦੇ ਸਨ ਸਿਰਫ ਉਹ ਹੀ ਹਨ। ਇਹ ਵੀ ਆਮ ਤੌਰ ‘ਤੇ ਪੂਰਬੀ ਭਾਰਤ ਦੀਆਂ ਸਿੱਖ ਸੰਗਤਾਂ ਨੂੰ ਭੇਜੇ ਹੋਏ ਹੀ ਮਿਲੇ ਹਨ। ਬਹੁਤ ਘੱਟ ਹੁਕਮਨਾਮੇ ਪੰਜਾਬ ਦੀਆਂ ਜਾਂ ਉੱਤਰੀ ਭਾਰਤ ਦੀਆਂ ਸਿੱਖ ਸੰਗਤਾਂ ਨੂੰ ਭੇਜੇ ਹੋਏ ਮਿਲੇ ਹਨ। ਇਨ੍ਹਾਂ ਉਪਲਭਧ ਹੁਕਮਨਾਮਿਆਂ ਨੂੰ ਹੁਣ ਤੱਕ ਸਿਰਫ ਤਿੰਨ ਇਤਿਹਾਸਕਾਰਾਂ ਵੱਲੋਂ ਸੰਪਾਦਤ ਕਰਕੇ ਛਪਵਾਇਆ ਗਿਆ ਹੈ। ਸਭ ਤੋਂ ਪਹਿਲਾਂ ਸਮਸ਼ੇਰ ਸਿੰਘ ਅਸ਼ੋਕ ਵੱਲੋਂ ਸੰਪਾਦਿਤ ਕੀਤੇ ਗਏ ਸਨ। ਇਨ੍ਹਾਂ ਨੂੰ ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅੰਮ੍ਰਿਤਸਰ ਨੇ ਛਾਪਿਆ ਹੈ। ਫਿਰ ਡਾ. ਗੰਡਾ ਸਿੰਘ ਤੋਂ ਸੰਪਾਦਿਤ ਕਰਾ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ (1967) ਪਰਕਾਸ਼ਤ ਕੀਤਾ ਹੈ । ਡਾ. ਫ਼ੌਜਾ ਸਿੰਘ ਨੇ ਸਿਰਫ ਗੁਰੂ ਤੇਗ ਬਹਾਦੁਰ ਜੀ ਦੇ ਹੁਕਮਨਾਮਿਆਂ ਨੂੰ ਹੀ ਪੰਜਾਬੀ, ਅੰਗਰੇਜ਼ੀ, ਅਤੇ ਹਿੰਦੀ ਤਰਜਮੇ ਕਰਕੇ ਇਕੱਠਿਆਂ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ (1976) ਪਰਕਾਸ਼ਿਤ ਕਰਵਾਇਆ ਹੈ।

ਇਹ ਹੁਕਮਨਾਮੇ ਗੁਰੂ-ਕਾਲ ਦਾ ਮੌਲਿਕ ਸਰੋਤ ਹਨ। ਇਨ੍ਹਾਂ ਰਾਹੀਂ ਕਈ ਐਸੇ ਮਸਲੇ ਹੱਲ ਕਰਨ ਵਿਚ ਸਹਾਇਤਾ ਮਿਲਦੀ ਹੈ ਜਿਹੜੇ ਬੜੇ ਹੀ ਮਹੱਤਵਪੂਰਨ ਹਨ। ਗੁਰੂ ਹਰਿ ਗੋਬਿੰਦ ਸਾਹਿਬ ਦੇ ਹੁਕਮਨਾਮਿਆਂ ਤੋਂ ਇਹ ਅਹਿਮ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਦੇ ਸਮੇਂ ਵੀ ਕੁਝ ਸੰਗਤਾਂ, ਖਾਲਸਾ ਸਨ । ਗੁਰੂ ਤੇਗ ਬਹਾਦੁਰ ਜੀ ਦੇ ਹੁਕਮਨਾਮਿਆਂ ਤੋਂ ਮੁੱਖ ਰੂਪ ਵਿਚ ਉਨ੍ਹਾਂ ਵੱਲੋਂ ਪੂਰਬੀ ਭਾਰਤ ਦੇ ਅਸਥਾਨਾਂ ਦੀ ਯਾਤਰਾ ਕਰਨ ਦੀ ਜਾਣਕਾਰੀ ਮਿਲਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਤੋਂ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਆਪਸੀ ਸੰਬੰਧਾਂ ਦੀ, ਵੱਖ ਵੱਖ ਖੇਤਰਾਂ ਦੀਆਂ ਸਿੱਖ ਸੰਗਤਾਂ ਵੱਲੋਂ ਪਾਏ ਗਏ ਯੋਗਦਾਨ ਦੀ ਅਤੇ ਮਸੰਦਾਂ ਨਾਲ ਕੀਤੇ ਗਏ ਬਹਿਸ਼ਕਾਰ ਦੀ ਮੁੱਖ ਜਾਣਕਾਰੀ ਮਿਲਦੀ ਹੈ। ਸਭ ਤੋਂ ਮਹੱਤਵਪੂਰਨ ਜਾਣਕਾਰੀ ਲਿਪੀ ਦੇ ਖੇਤਰ ਵਿਚ ਮਿਲਦੀ ਹੈ। ਇਹ ਗੁਰੂ ਸਾਹਿਬਾਨ ਦੇ ਆਪਣੇ ਕਰ-ਕਮਲਾਂ ਰਾਹੀਂ ਅਤੇ ਉਨ੍ਹਾਂ ਦੀ ਹਜੂਰੀ ਵਿਚ ਬੈਠ ਕੇ ਉਨ੍ਹਾਂ ਦੇ ਮੁਨਸ਼ੀਆਂ ਰਾਹੀਂ ਲਿਖੇ ਜਾਂਦੇ ਸਨ । ਉਨ੍ਹਾਂ ਸਮੇਂ ਗੁਰਮੁਖੀ ਲਿਪੀ ਦੀ ਵਰਤੋਂ ਦੀ, ਇਸ ਲਿਪੀ ਦੇ ਅੱਖਰਾਂ ਦੀ ਬਣਤਰ ਦੀ ਅਤੇ ਉਨ੍ਹਾਂ ਦੇ ਦਸਖਤਾਂ ਦੀ ਪਹਿਚਾਣ ਹੁੰਦੀ ਹੈ। ਇਸ ਤਰ੍ਹਾਂ ਹੁਕਮਨਾਮੇ ਸਿੱਖ ਇਤਿਹਾਸ ਦਾ ਅਹਿਮ ਸਰੋਤ ਹੋ ਨਿਬੜੇ ਹਨ।

ਸ੍ਰੀ ਗੁਰੂ ਸੋਭਾ :

ਸ੍ਰੀ ਗੁਰੂ ਸੋਭਾ, ਕਵੀ ਸੈਨਾਪਤਿ ਦੀ ਲਿਖੀ ਹੋਈ ਲਿਖਤ ਹੈ। ਸੈਨਾਪਤਿ ਮਾਨ ਗੋਤ ਦਾ ਜੱਟ ਸਿੱਖ ਸੀ । ਉਹ ਦਿੱਲੀ ਦੇ ਨੇੜੇ ਹਸਤਨਾਪੁਰ ਦਾ ਨਿਵਾਸੀ ਸੀ। ਉਹ ਗੁਰੂ ਗੋਬਿੰਦ ਸਿੰਘ ਦਾ ਇਕ ਦਰਬਾਰੀ ਕਵੀ ਸੀ । ਜਾਪਦਾ ਹੈ ਕਿ ਉਹ ਖਾਲਸੇ ਦੀ ਸਾਜਨਾ ਸਮੇਂ ਹੀ ਗੁਰੂ ਜੀ ਦੀ ਹਜੂਰੀ ਵਿਚ ਪਹੁੰਚਿਆ ਸੀ । ਫਿਰ ਉਹ ਲਗਾਤਾਰ ਗੁਰੂ ਜੀ ਦੀ ਹਜੂਰੀ ਵਿਚ ਹੀ ਰਿਹਾ। ਗੁਰੂ ਜੀ ਦੇ ਜੋਤੀ-ਜੋਤ ਸਮਾ ਜਾਣ ਬਾਅਦ ਉਹ ਪੰਜਾਬ ਵਿਚੋਂ ਵਾਪਸ ਆਪਣੇ ਨਗਰ ਹਸਤਨਾਪੁਰ ਚਲਾ ਗਿਆ ਜਾਪਦਾ ਹੈ। ਗੁਰੂ ਜੀ ਦੇ ਵਿਛੋੜੇ ਨੂੰ ਸਹਿ ਸਕਣਾ ਉਸ ਲਈ ਬਹੁਤ ਮੁਸ਼ਕਲ ਸੀ । ਇਸ ਕਰਕੇ ਉਹ ਇਸ ਪਿੱਛੋਂ ਬਿਲਕੁਲ ਹੀ ਅਲੋਪ ਜਿਹੀ ਜਿੰਦਗੀ ਗੁਜ਼ਾਰਦਾ ਮਾਲੂਮ ਹੁੰਦਾ ਹੈ।

ਸ੍ਰੀ ਗੁਰੂ ਸੋਭਾ ਉਸ ਨੇ ਗੁਰੂ ਜੀ ਦੇ ਜੋਤੀ-ਜੋਤ ਸਮਾ ਜਾਣ ਦੇ ਤੁਰੰਤ ਬਾਅਦ ਹੀ ਲਿਖ ਕੇ ਸੰਪੂਰਣ ਕੀਤੀ ਸੀ। ਵੈਸੇ ਇਸ ਲਿਖਤ ਦੀ ਸੰਪੂਰਨਤਾ ਦਾ ਸਾਲ 1711 ਈ. ਮੰਨਿਆ ਜਾਂਦਾ ਹੈ ਪਰ ਮੇਰਾ ਖਿਆਲ ਹੈ ਕਿ ਇਹ ਲਿਖਤ 1708-09 ਵਿਚ ਹੀ ਲਿਖ ਕੇ ਸੰਪੂਰਣ ਕਰ ਲਈ ਗਈ ਸੀ। ਸ੍ਰੀ ਗੁਰੂ ਸੋਭਾ ਦੇ ਮੁੱਢ ਵਿਚ ਜੋ ਲਿਖਣ ਸਾਲ ਦਿੱਤਾ ਗਿਆ ਹੈ ਉਸ ਬਾਰੇ ਸਿੱਖ ਇਤਿਹਾਸ ਦੇ ਲੇਖਕਾਂ ਵਿਚ ਵਿਵਾਦ ਹੈ। ਮੁੱਢਲੇ ਖਰੜਿਆਂ ਵਿਚ ਇਹ ਸਾਲ 1758 ਬਿ. ਦਿੱਤਾ ਗਿਆ ਹੈ ਜਿਹੜਾ 1701 ਈ. ਬਣਦਾ ਹੈ। ਅਕਾਲੀ ਕੌਰ ਸਿੰਘ ਅਤੇ ਡਾ. ਗੰਡਾ ਸਿੰਘ ਨੇ ਇਸ ਨੂੰ 1768 ਬਿ. ਦਾ ਸਾਲ ਮੰਨ ਕੇ 1711 ਈ. ਬਣਾ ਲਿਆ ਹੈ। ਉਨ੍ਹਾਂ ਦਾ ਮੱਤ ਹੈ ਕਿ 1701 ਈ. ਵਿਚ ਤਾਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਲਿਖੀ ਹੀ ਨਹੀਂ ਜਾ ਸਕਦੀ ਸੀ ਇਸ ਲਈ 1758 (ਬਰਖ ਅਠਾਵਨ) ਭੁੱਲ ਕੇ ਲਿਖਿਆ ਗਿਆ ਹੈ ਅਸਲ ਵਿਚ ਇਹ ਸ਼ਬਦ ਬਰਖ ਅਠਾਸਠ ਚਾਹੀਂਦਾ ਸੀ। ਇਹ ਅਠਾਵਨ ਸ਼ਬਦ ਨੂੰ ਉਹ ਅਠਾਨਵ ਵੀ ਕਹਿੰਦੇ ਹਨ ਪਰ ਉਨ੍ਹਾਂ ਨੇ ਇਸ ਨੂੰ ਅਠਾਸਠ ਦੇ ਤੌਰ ‘ਤੇ ਹੀ ਅਪਣਾਇਆ ਹੈ। ਮੇਰਾ ਨਿਸ਼ਚਾ ਇਹ ਹੈ ਕਿ ਲਿਖਤ ਦੇ ਮੁੱਢ ਵਿਚ ਦਿੱਤਾ ਗਿਆ ਸ਼ਬਦ ਅਠਾਵਨ ਬਿਲਕੁਲ ਦਰੁਸਤ ਹੈ। ਇਹ 1758 ਦਾ ਪਰਤੀਕ ਹੈ। ਇਸ ਦਾ ਭਾਵ ਸਿਰਫ ਲਿਖਤ ਨੂੰ ਸ਼ੁਰੂ ਕਰਨ ਦਾ ਹੈ। ਲਿਖਤ ਦੇ ਮੁੱਢ ਵਿਚ ਦਿੱਤਾ ਗਿਆ ਸਾਲ ਲਿਖਤ ਨੂੰ ਸ਼ੁਰੂ ਕਰਨ ਦਾ ਪਰਤੀਕ ਹੁੰਦਾ ਹੈ ਅਤੇ ਅਖੀਰ ਵਿਚ ਦਿੱਤਾ ਗਿਆ ਸਾਲ ਲਿਖਤ ਨੂੰ ਸੰਪੂਰਨ ਕਰਨ ਦਾ ਪਰਤੀਕ ਹੁੰਦਾ ਹੈ ਅਤੇ ਸੈਨਾਪਤਿ ਨੇ ਲਿਖਤ ਦੇ ਅਖੀਰ ਵਿਚ ਸਾਲ ਨਹੀਂ ਦਿੱਤਾ । ਸਿੱਟੇ ਦੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰ ਸੋਭਾ ਨੂੰ 1758 ਬਿ. ਮੁਤਾਬਕ 1701 ਈ. ਵਿਚ ਲਿਖਣਾ ਸ਼ੁਰੂ ਕੀਤਾ ਗਿਆ ਸੀ ਅਤੇ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਸਾਲ 1708 ਈ. ਵਿਚ ਸੰਪੂਰਨ ਕਰ ਦਿੱਤਾ ਗਿਆ ਸੀ । 1708 ਈ. ਵਿਚ ਹੀ ਸੰਪੂਰਨ ਕਰਨ ਦੇ ਹੱਕ ਵਿਚ ਦੋ ਮੁੱਖ ਦਲੀਲਾਂ ਹਨ। ਇਕ ਇਹ ਕਿ ਲਿਖਤ ਦਾ ਅਖੀਰਲਾ ਚੈਪਟਰ ਦੱਸਦਾ ਹੈ ਕਿ ਕਵੀ ਸੈਨਾਪਤਿ ਗੁਰੂ ਜੀ ਦੇ ਵਿਛੋੜੇ ਵਿਚ ਬਹੁਤ ਹੀ ਵਿਆਕੁਲ ਹੈ। ਇਸ ਅਧਿਆਇ ਵਿਚ ਕਵੀ ਨੇ ਜਜਬਾਤੀ ਹੋ ਕੇ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀ ਗੱਲ ਨੂੰ ਭੁਲਾ ਹੀ ਦਿੱਤਾ ਹੈ ਬਸ ਉਹ ਸਿਰਫ ਇਹ ਹੀ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਜਲਦੀ ਹੀ ਵਾਪਸ ਆਨੰਦਗੜ੍ਹ ਵਿਚ ਆਉਣਗੇ ਅਤੇ ਇਸ ਨੂੰ ਫਿਰ ਤੋਂ ਵਸਾਉਣਗੇ । ਇਹ ਜਜ਼ਬਾਤੀ ਵਿਚਾਰ ਹਨ ਜੋ ਇਹ ਦਰਸਾਉਂਦੇ ਹਨ ਕਿ ਇਹ ਸੱਤਰਾਂ ਗੁਰੂ ਜੀ ਦੇ ਵਿਛੋੜੇ ਦੇ ਤੁਰੰਤ ਬਾਅਦ ਹੀ ਲਿਖੀਆਂ ਗਈਆਂ ਹਨ । ਦੂਜੀ ਇਹ ਕਿ ਸ੍ਰੀ ਗੁਰ ਸੋਭਾ ਵਿਚ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਇਸ਼ਾਰੇ ਮਾਤਰ ਵੀ ਨਹੀਂ ਹੈ। ਸੈਨਾਪਤਿ ਜੈਸਾ ਕਵੀ ਜਿਸ ਨੂੰ ਇਤਿਹਾਸ ਲਿਖਣ ਦੀ ਸੋਝੀ ਸੀ ਅਤੇ ਜਿਸ ਦੀ ਲਿਖਤ ਗੁਰੂ ਸਾਹਿਬ ਬਾਰੇ ਇਕ ਪਰਮਾਣੀਕ ਲਿਖਤ ਮੰਨੀ ਜਾਂਦੀ ਹੈ ਗੁਰੂ ਸਾਹਿਬ ਵੱਲੋਂ ਆਪਣਾ ਉਤਰ-ਅਧਿਕਾਰੀ ਨਿਯੁਕਤ ਕੀਤੇ ਹੋਏ ਵਿਅਕਤੀ ਬਾਰੇ ਨਾ ਜਾਣਦਾ ਹੋਵੇ ਇਹ ਗੱਲ ਮੰਨੀ ਨਹੀਂ ਜਾ ਸਕਦੀ। ਇਸ ਦਾ ਸਿਰਫ ਇਹੋ ਇਕ ਕਾਰਣ ਹੀ ਹੋ ਸਕਦਾ ਹੈ ਕਿ ਸੈਨਾਪਤਿ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੇ ਤੁਰੰਤ ਬਾਅਦ ਹੀ ਗੁਰੂ ਜੀ ਦੇ ਵਿਛੋੜੇ ਤੋਂ ਵਿਆਕੁਲ ਹੋਇਆ ਆਪਣੇ ਵਤਨ ਵਾਪਸ ਪਰਤ ਆਇਆ ਅਤੇ ਉੱਥੇ ਉਸ ਨੇ ਤੁਰੰਤ ਹੀ ਆਪਣੀ ਲਿਖਤ ਸੰਪੂਰਣ ਕੀਤੀ। ਵਿਛੋੜੇ ਵਿਚ ਵਿਆਕੁਲ ਹੋਏ ਸੈਨਾਪਤਿ ਨੂੰ ਹੋਰ ਕਿਸੇ ਘਟਨਾ ਦੀ ਸੁੱਧ-ਬੁੱਧ ਹੀ ਨਹੀਂ ਰਹੀ ਸੀ। ਇਸ ਲਈ ਸਿੱਟੇ ਦੇ ਤੌਰ ‘ਤੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਸੈਨਾਪਤਿ

ਨੇ 1701 ਈਵਿਚ ਆਪਣੀ ਲਿਖਤ ਸ਼ੁਰੂ ਕਰਕੇ 1708 ਈ. ਦੇ ਅਖੀਰ ਵਿਚ ਪੂਰੀ ਕਰ ਦਿੱਤੀ ਸੀ। ਸ੍ਰੀ ਗੁਰੂ ਸੋਭਾ ਦਾ ਮੁੱਖ ਵਿਸ਼ਾ ਗੁਰੂ ਗੋਬਿੰਦ ਸਿੰਘ ਦੇ ਜੀਵਨ-ਵਾਕਿਆਤ ਨੂੰ ਵਰਨਣ ਕਰਨ ਦਾ ਹੈ। ਇਹ ਜੀਵਨ-ਵਾਕਿਆਤ ਅਸਲ ਵਿਚ ਖਾਲਸੇ ਦੀ ਸਾਜਨਾ ਤੋਂ ਹੀ ਸ਼ੁਰੂ ਹੁੰਦੇ ਹਨ । ਖਾਲਸੇ ਦੀ ਸਾਜਨਾ ਤੋਂ ਪਹਿਲਾਂ ਦਾ ਬਿਰਤਾਂਤ ਸਿਰਫ ‘ਬਚਿੱਤ੍ਰ ਨਾਟਕ’ ਉਪਰ ਹੀ ਆਧਾਰਤ ਹੈ ਉਹ ਵੀ ਬਹੁਤ ਸੰਖੇਪ । ਖਾਲਸੇ ਦੀ ਸਾਜਨਾ ਦਾ ਜੋ ਬਿਰਤਾਂਤ ਕਵੀ ਸੈਨਾਪਤਿ ਨੇ ਦਿੱਤਾ ਹੈ ਉਹ ਸਭ ਤੋਂ ਪਹਿਲਾ ਲਿਖਤੀ ਬਿਰਤਾਂਤ ਹੈ। ਭਾਵੇਂ ਇਹ ਸੰਖੇਪ ਹੈ ਅਤੇ ਇਸ ਵਿਚਲੇ ਕਈ ਪੱਖ ਅਣਛੋਹੇ ਵੀ ਹਨ ਪਰ ਜਿਤਨਾ ਵੀ ਬਿਰਤਾਂਤ ਹੈ ਉਹ ਇਤਿਹਾਸਕ ਦਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ।

ਇਸੇ ਤਰ੍ਹਾਂ ਖਾਲਸੇ ਦੇ ਯੁੱਧਾਂ ਦਾ ਬਿਰਤਾਂਤ, ਆਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਦੀ ਲੜਾਈ ਦਾ ਅਤੇ ਅੱਗੇ ਮਾਲਵੇ ਵੱਲ ਜਾਣ ਦਾ ਬਿਰਤਾਂਤ ਬਹੁਤ ਮਹੱਤਵਪੂਰਨ ਹੈ। ਮੁਕਤਸਰ ਦੀ ਜੰਗ, ਜ਼ਫਰਨਾਮੇ ਦਾ ਲਿਖਿਆ ਜਾਣਾ, ਤਲਵੰਡੀ ਸਾਬੋ ਵਿਖੇ ਠਹਿਰਾਅ, ਫਿਰ ਦੱਖਣ ਵੱਲ ਜਾਣਾ, ਬਾਦਸ਼ਾਹ ਬਹਾਦੁਰ ਸ਼ਾਹ ਨਾਲ ਮੁਲਾਕਾਤ, ਬਾਦਸ਼ਾਹ ਨਾਲ ਫਿਰ ਦੱਖਣ ਵੱਲ ਜਾਣਾ ਅਤੇ ਅੰਤਮ ਸਮੇਂ ਦਾ ਬਿਰਤਾਂਤ ਬਹੁਤ ਹੀ ਸੰਕੋਚਵੇਂ ਸ਼ਬਦਾਂ ਵਿਚ ਦਿੱਤਾ ਗਿਆ ਹੈ। ਇਸ ਤਰ੍ਹਾਂ ਸ੍ਰੀ ਗੁਰੂ ਸੋਭਾ ਗੁਰੂ ਸਾਹਿਬ ਦੀ ਸਮਕਾਲੀ ਲਿਖਤ ਬਣ ਕੇ ਉਨ੍ਹਾਂ ਦੇ ਇਤਿਹਾਸ ਦਾ ਇਕ ਅਤੀ ਮਹੱਤਵਪੂਰਨ ਸਰੋਤ वै।

ਇਸ ਲਿਖਤ ਨੂੰ ਦੋ ਲੇਖਕਾਂ ਨੇ ਸੰਪਾਦਿਤ ਕੀਤਾ ਹੈ। 1925 ਈ. ਵਿਚ ਅਕਾਲੀ ਕੌਰ ਸਿੰਘ ਨੇ ਅਤੇ 1965 ਈ. ਵਿਚ ਡਾ. ਗੰਡਾ ਸਿੰਘ ਨੇ । ਅਕਾਲੀ ਕੌਰ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਬਿਨਾਂ ਕਿਸੇ ਜਾਣਕਾਰੀ ਅਤੇ ਪਦ-ਵੇਰਵਿਆਂ ਦੇ ਹੈ ਜਦੋਂ ਕਿ ਡਾ. ਗੰਡਾ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ਵਿਸਥਾਰਤ ਜਾਣਕਾਰੀ ਅਤੇ ਪਦ-ਵੇਰਵਿਆਂ ਦੇ ਸਮੇਤ वै।

ਭੱਟ ਵਹੀਆਂ :

ਭੱਟ ਵਹੀਆਂ ਇਕ ਐਸਾ ਸਰੋਤ ਹੈ ਜਿਸ ਬਾਰੇ ਇਤਿਹਾਸਕਾਰਾਂ ਵਿਚ ਪੂਰਾ ਵਿਵਾਦ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਇਨ੍ਹਾਂ ਨੂੰ ਵਰਤਿਆ ਹੈ ਉਹ ਇਸ ਨੂੰ ਗੁਰੂ ਸਾਹਿਬਾਨ ਦੇ ਸਮਕਾਲੀ ਭੱਟਾਂ ਦੇ ਲਿਖੇ ਹੋਏ ਅਤੇ ਪੂਰੇ ਭਰੋਸੇਯੋਗ ਦਸਤਾਵੇਜ਼ ਮੰਨਦੇ ਹਨ। ਜਿਨ੍ਹਾਂ ਲਈ ਇਹ ਉਪਲਬਧ ਨਹੀਂ ਹਨ ਉਹ ਇਨ੍ਹਾਂ ਨੂੰ ਐਵੇਂ ਕਲਪਿਤ ਅਤੇ ਮਨਘੜਤ ਦਸਤਾਵੇਜ਼ ਮੰਨਦੇ ਹਨ । ਉਨ੍ਹਾਂ ਦਾ ਤਰਕ ਹੈ ਕਿ ਉਹ ਅਨੇਕਾਂ ਭੱਟਾਂ ਦੇ ਘਰਾਂ ਵਿਚ ਹੋ ਆਏ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਭੱਟ ਨੇ ਅਜਿਹੀ ਕੋਈ ਲਿਖਤ ਨਹੀਂ ਦਿਖਾਈ। ਅਸਲ ਵਿਚ ਭੱਟ-ਵਹੀਆਂ ਦਾ ਖੋਜ਼ਕਾਰ ਸਵਰਗਵਾਸੀ ਗਿਆਨੀ ਗਰਜਾ ਸਿੰਘ ਸੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵਿਚ ਇਕ ਖੋਜਕਾਰ ਦੇ ਤੌਰ ‘ਤੇ ਰੱਖੇ ਹੋਏ ਸਨ । ਉਹ ਹਰਿਦੁਆਰ, ਰਿਸ਼ੀਕੇਸ਼, ਪਿਹੋਵੇ ਆਦਿ ਥਾਵਾਂ ਤੇ ਵੱਖ ਵੱਖ ਭੱਟਾਂ ਦੇ ਪਾਸ ਗਏ ਸਨ । ਉਨ੍ਹਾਂ ਕੋਲੋਂ ਉਸ ਨੇ ਕਾਫੀ ਖੱਜਲ-ਖੁਆਰੀ ਅਤੇ ਮਿਹਨਤ ਦੇ ਬਾਅਦ ਇਹ ਲਿਖਤਾਂ ਹਾਸਲ ਕੀਤੀਆਂ ਸਨ । ਇਹ ਲਿਖਤਾਂ ਮੂਲ ਤੌਰ ‘ਤੇ ਭੱਟ ਅੱਖਰਾਂ ਵਿਚ ਸਨ ਪਰ ਗਰਜਾ ਸਿੰਘ ਨੇ ਭੱਟ-ਅੱਖਰੀ ਤੋਂ ਗੁਰਮੁਖੀ ਅੱਖਰਾਂ ਵਿਚ ਆਪ ਉਤਾਰਾ ਕੀਤਾ ਸੀ। ਇਸ ਉਤਾਰੇ ਸਮੇਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲੇ ਨੇ ਕੁਝ ਵਾਧਾ ਘਾਟਾ ਕਰ ਦਿੱਤਾ ਹੋਵੇ ਪਰ ਇਨ੍ਹਾਂ ਸਭ ਨੂੰ ਕਲਪਿਤ ਜਾਂ ਮਨਘੜਤ ਕਹਿ ਦੇਣਾ ਠੀਕ ਨਹੀਂ ਹੈ।

ਭੱਟ ਵਹੀਆਂ ਦੇ ਅੰਦਰਾਜ ਹੁਣ ਤੱਕ ਗੁਰੂ-ਇਤਿਹਾਸ ਬਾਰੇ ਜਾਣਕਾਰੀ ਦੇਣ ਵਿਚ ਬਹੁਤ ਸਹਾਈ ਹੋਏ ਹਨ। ਇਨ੍ਹਾਂ ਵਿਚ ਦਿੱਤੀਆਂ ਗਈਆਂ ਮਿਤੀਆਂ ਜ਼ਿਆਦਾਤਰ ਠੀਕ ਮੰਨੀਆਂ ਗਈਆਂ ਹਨ। ਭੱਟ, ਅਕਸਰ ਗੁਰੂ ਸਾਹਿਬਾਨ ਦੇ ਦਰਬਾਰਾਂ ਵਿਚ ਹੀ ਰਿਹਾ ਕਰਦੇ ਸਨ । ਉਹ ਗੁਰੂ ਸਾਹਿਬਾਨ ਦੀ ਪਰਸੰਸਾ ਵਿਚ ਦੋਹੇ ਜਾਂ ਕਬਿੱਤ ਉਚਾਰਦੇ ਰਹਿੰਦੇ ਸਨ । ਉਹ ਹਰ ਜੰਮਣ ਅਤੇ ਮਰਨ ਵਾਲੇ ਦਾ ਅੰਦਰਾਜ਼ ਵੀ ਬਣਾਉਂਦੇ ਰਹਿੰਦੇ ਸਨ । ਜਨਮ ਸਮੇਂ ਉਹ ਘਰੋਂ ਘਰੀਂ ਜਾਂ ਕੇ ਵਧਾਈਆਂ ਵਸੂਲਦੇ ਸਨ । ਇਸ ਤਰ੍ਹਾਂ ਦੇ ਅੰਦਰਾਜ ਉਹ ਆਪਣੀਆਂ ਵਹੀਆਂ ਵਿਚ ਦਰਜ ਕਰ ਲੈਂਦੇ ਸਨ। ਇਨ੍ਹਾਂ ਹੀ ਅੰਦਰਾਜ਼ਾਂ ਨੂੰ ਭੱਟ ਵਹੀਆਂ ਕਿਹਾ ਗਿਆ ਹੈ। ਇਸ ਬਾਰੇ ਹੋਰ ਖੋਜ ਦੀ ਲੋੜ ਹੈ। ਜੇ ਤਾਂ ਇਹ ਸਚਮੁੱਚ ਹੀ ਭੱਟਾਂ ਦੀਆਂ ਵਹੀਆਂ ਵਿਚੋਂ ਨੋਟ ਕੀਤੇ ਗਏ ਹਨ ਫਿਰ ਤਾਂ ਇਹ ਬਹੁਤ ਹੀ ਭਰੋਸੇਯੋਗ ਸਮਕਾਲੀ ਸਰੋਤ ਹਨ । ਜੇਕਰ ਇਨ੍ਹਾਂ ਦੇ ਅੰਦਰਾਜ਼ ਭੱਟ ਵਹੀਆਂ ਵਿਚ ਨਹੀਂ ਹਨ ਫਿਰ ਇਨ੍ਹਾਂ ਦੀ ਕੋਈ ਮਹੱਤਤਾ ਨਹੀਂ ਹੈ। ਨਾ ਹੀ ਮੈਂ ਅਤੇ ਨਾ ਹੀ ਇਨ੍ਹਾਂ ਨੂੰ ਵਰਤਣ ਵਾਲੇ ਕਿਸੇ ਇਤਿਹਾਸਕਾਰ ਨੇ ਭੱਟਾਂ ਦੀਆਂ ਵਹੀਆਂ ਨੂੰ ਦੇਖਿਆ ਹੈ। ਸਭ ਨੇ ਗਿਆਨੀ ਗਰਜਾ ਸਿੰਘ ਵੱਲੋਂ ਲਿਖੇ ਗਏ ਅੰਦਰਾਜਾਂ ਨੂੰ ਹੀ ਅਪਣਾਇਆ ਹੈ। ਹੁਣ ਤੱਕ ਸਿਰਫ ਡਾ. ਫੌਜਾ ਸਿੰਘ ਨੇ ਅਤੇ ਪਿਆਰਾ ਸਿੰਘ ਪਦਮ ਨੇ ਹੀ ਇਨ੍ਹਾਂ ਨੂੰ ਆਪਣੀਆਂ ਲਿਖਤਾਂ ਵਿਚ ਵਰਤਿਆ ਹੈ। ਭੱਟ ਵਹੀਆਂ ਗੁਰੂ ਹਰਿ ਗੋਬਿੰਦ ਸਾਹਿਬ, ਗੁਰੂ ਹਰਿ ਕਰਿਸ਼ਨ, ਗੁਰੂ ਤੇਗ ਬਹਾਦੁਰ, ਗੁਰੂ ਗੋਬਿੰਦ ਸਿੰਘ ਦੇ ਸੰਬੰਧ ਵਿਚ ਖਿੰਡਵੀਂ ਜਿਹੀ ਜਾਣਕਾਰੀ ਦਿੰਦੀਆਂ ਹਨ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਭੱਟ ਵਹੀਆਂ ਦੀ ਕੋਈ ਵੀ ਲਿਖਤ ਗੁਰਮਤਿ ਆਸ਼ਿਆਂ ਦੇ ਵਿਰੁੱਧ ਨਹੀਂ ਹੈ।

ਫਾਰਸੀ ਲਿਖਤਾਂ

ਗੁਰੂ ਕਾਲ ਦੇ ਸਮੇਂ ਵਿਚ ਲਿਖੀਆਂ ਗਈਆਂ ਕੁਝ ਇਕ ਫਾਰਸੀ ਦੀਆਂ ਐਸੀਆਂ ਲਿਖਤਾਂ ਵੀ ਮਿਲਦੀਆਂ ਹਨ। ਜਿਨ੍ਹਾਂ ਵਿਚ ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਦਾ ਵੇਰਵਾ ਮਿਲਦਾ ਹੈ ਭਾਵੇਂ ਇਹ ਲਿਖਤਾਂ ਨਾ ਹੀ ਤਾਂ ਸਿੱਖ ਸ਼ਰਧਾਲੂਆਂ ਵੱਲੋਂ ਲਿਖੀਆਂ ਗਈਆਂ ਸਨ ਅਤੇ ਨਾ ਹੀ ਸਿੱਖਾਂ ਲਈ ਲਿਖੀਆਂ ਗਈਆਂ ਸਨ ਜਿਵੇਂ ਕਿ ਗੁਰਮੁੱਖੀ ਲਿਖਤਾਂ ਦੇ ਸੰਬੰਧ ਵਿਚ ਕਿਹਾ ਜਾ ਸਕਦਾ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਲਿਖਤਾਂ ਵਿਚ ਬਹੁਤ ਘੱਟ ਐਸੇ ਵੇਰਵੇ ਹਨ ਜਿਨ੍ਹਾਂ ਨੂੰ ਇੰਨ-ਬਿੰਨ, ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਮੰਨਿਆ ਜਾ ਸਕਦਾ ਹੋਵੇ । ਦੁੱਖ ਦੀ ਗੱਲ ਇਹ ਹੈ ਕਿ ਅਜੇ ਤੱਕ ਸਾਡੇ ਸਾਹਮਣੇ ਸਿਰਫ ਤਿੰਨ-ਚਾਰ ਕੁ ਹੀ ਲਿਖਤਾਂ ਐਸੀਆਂ ਹਨ ਜਿਨ੍ਹਾਂ ਨੂੰ ਇਸ ਸ਼ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਇਕ ਹੈ ਮੋਬੀਦ ਅਰਧਿਸਤਾਨੀ (ਮੋਹਸਿਨ ਫਾਨੀ) ਦੀ ਦਬੇਸਤਾਨ-ਇ-ਮਜਾਹਿਬ। ਦੂਸਰੀ ਹੈ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਤੁਜਕਿ-ਜਹਾਂਗੀਰੀ ਅਤੇ ਤੀਜੀ ਹੈ ਸੁਜਾਨ ਰਾਇ ਭੰਡਾਰੀ ਦੀ ਖੁਲਾਸਤੁਤ ਤਵਾਰੀਖ। ਇਨ੍ਹਾਂ ਵਿਚ ਚੌਥਾ, ਦਸਤਾਵੇਜ ਹਨ ਅਖਬਾਰਾਤ-ਇ-ਦਰਬਾਰ ਮੁਅੱਲਾ ।

ਮੋਬੀਦ ਜੁਲਿਫ਼ਕਾਰ ਅਰਧਿਸਤਾਨੀ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਦਾ ਸਮਕਾਲੀ ਅਤੇ ਦੋਸਤ ਲੇਖਕ ਸੀ। ਉਸ ਨੇ ਕੁਝ ਸਮਾਂ ਗੁਰੂ ਸਾਹਿਬ ਪਾਸ ਰਹਿ ਕੇ ਉਨ੍ਹਾਂ ਦੇ ਰੋਜਾਨਾ ਦੇ ਕਾਰ-ਵਿਹਾਰ ਨੂੰ ਨੇੜਿਓਂ ਤੱਕਿਆ ਸੀ। ਪਿੱਛੋਂ ਇਨ੍ਹਾਂ ਹੀ ਤੱਕੀਆਂ ਗੱਲਾਂ ਨੂੰ ਉਸ ਨੇ ਆਪਣੀ ਲਿਖਤ ਵਿਚ ਦਰਜ ਕਰ ਲਿਆ ਸੀ । ਇਸ ਤਰ੍ਹਾਂ ਜੁਲਿਫ਼ਕਾਰ ਵੱਲੋਂ ਦਿੱਤੇ ਗਏ ਵੇਰਵੇ ਅੱਖੀਂ ਦੇਖੇ ਹੋਏ ਅਤੇ ਕੰਨੀ ਸੁਣੇ ਹੋਏ ਸਮਝੇ ਜਾਣੇ ਚਾਹੀਦੇ ਹਨ ਪਰ ਉਸ ਦੀ ਲਿਖਤ ਵਿਚ ਆਏ ਹੋਏ ਵੇਰਵਿਆਂ ਨੂੰ ਇੰਨ-ਬਿੰਨ ਅਤੇ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਅਪਣਾਇਆ ਨਹੀਂ ਜਾ ਸਕਦਾ । ਹੋ ਸਕਦਾ ਹੈ ਕਿ ਜੁਲਿਫ਼ਕਾਰ ਦੀ ਆਪਣੀ ਮੌਲਿਕ ਲਿਖਤ, ਜਿਸ ਬਾਰੇ ਪਤਾ ਨਹੀਂ ਹੈ ਕਿ ਉਹ ਕਿਹੜੀ ਲਿਪੀ ਵਿਚ ਸੀ, ਤੋਂ ਫਾਰਸੀ ਵਿਚ ਅਤੇ ਫਾਰਸੀ ਤੋਂ ਅੰਗਰੇਜੀ ਵਿਚ ਤਰਜ਼ਮਾ ਕਰਨ ਸਮੇਂ ਇਹ ਭਰਮ-ਭੁਲੇਖੇ ਪੈ ਗਏ ਹੋਣ । ਫਿਰ ਵੀ ਇਹ ਲਿਖਤ ਗੁਰੂ ਅਰਜਨ ਦੇਵ ਜੀ

ਦੀ ਸ਼ਹਾਦਤ ਬਾਰੇ ਅਤੇ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਦੀ ਜੇਲ੍ਹ-ਯਾਤਰਾ ਬਾਰੇ ਅੱਛੀ ਜਾਣਕਾਰੀ ਮੁਹੱਈਆ ਕਰਦੀ ਹੈ। ਦੂਜੀ ਲਿਖਤ ਹੈ ਜਹਾਂਗੀਰ ਦੀ ਆਪਣੀ ਲਿਖੀ ਹੋਈ ਤੁਜ਼ਕਿ-ਜਹਾਂਗੀਰੀ। ਇਸ ਵਿਚ ਭਾਵੇਂ ਸਿਰਫ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਣ ਬਾਰੇ ਜਹਾਂਗੀਰ ਦਾ ਆਪਣਾ ਬਿਆਨ ਦਰਜ ਹੈ ਪਰ ਇਹ ਬਹੁਤ ਭਰੋਸੇਯੋਗ ਅਤੇ ਪਰਮਾਣੀਕ ਹੈ। ਇਸ ਬਿਆਨ ਦੀ, ਗੁਰੂ ਜੀ ਦੀ ਸ਼ਹਾਦਤ ਦੇ ਕਾਰਣਾਂ ਨੂੰ ਉਲੀਕਣ ਵਿਚ ਬਹੁਤ ਤੱਕੜੀ ਮਹੱਤਤਾ ਹੈ। ਤੀਜੀ ਲਿਖਤ ਸੁਜਾਨ ਰਾਏ ਭੰਡਾਰੀ ਦੀ ਖੁਲਾਸਤੁਤ ਤਵਾਰੀਖ 1696 ਈ ਦੀ ਹੈ। ਇਸ ਵਿਚ ਗੁਰੂ ਸਾਹਿਬਾਨ ਬਾਰੇ ਸੰਖੇਪ ਵੇਰਵੇ ਦਰਜ ਹਨ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿ ਰਾਇ ਜੀ ਬਾਰੇ ਵੇਰਵੇ ਤਾਂ ਇਤਿਹਾਸਕਾਰਾਂ ਦੀ ਪੂਰੀ ਪਰਮਾਣੀਕਤਾ ਰੱਖਦੇ ਹਨ। ਇਸ ਕਰਕੇ ਗੁਰੂ-ਕਾਲ ਦਾ ਇਤਿਹਾਸ ਲਿਖਣ ਵਿਚ ਇਨ੍ਹਾਂ ਵੇਰਵਿਆਂ ਤੋਂ ਚੰਗੀ ਜਾਣਕਾਰੀ ਲਈ ਜਾ ਸਕਦੀ ਹੈ।

ਚੌਥਾ, ਉਹ ਦਸਤਾਵੇਜ ਹਨ ਜੋ ਅਖਬਾਰਾਤ-ਇ-ਦਰਬਾਰ ਮੁਅੱਲਾ ਦੀਆਂ ਰੋਜ਼ਾਨਾ ਦੀਆਂ ਖ਼ਬਰਾਂ ਵਿਚੋਂ ਪਰਾਪਤ ਕੀਤੇ ਜਾ ਸਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਕੁਝ ਪੱਖਾਂ ਬਾਰੇ ਇਨ੍ਹਾਂ ਤੋਂ ਕੁਝ ਜਾਣਕਾਰੀ ਮਿਲ ਸਕਦੀ ਹੈ। ਇਸ ਕਰਕੇ ਇਹ ਦਸਤਾਵੇਜ ਵੀ ਗੁਰੂ-ਕਾਲ ਦੇ ਇਤਿਹਾਸ ਵਿਚ ਅਹਿਮ ਥਾਂ ਰੱਖਦੇ ਹਨ। ਵੈਸੇ ਇਹ ਸਾਰੀਆਂ ਲਿਖਤਾਂ ਦੇ ਵੱਖ ਵੱਖ ਜਿਲਦਾਂ ਵਿਚ ਅੰਗਰੇਜ਼ੀ ਦਰਜਮੇ ਹੋ ਚੁੱਕੇ ਹਨ ਪਰ ਡਾ. ਗੰਡਾ ਸਿੰਘ ਨੇ ਇਨ੍ਹਾਂ ਸਾਰੀਆਂ ਲਿਖਤਾਂ ਦੇ ਵੇਰਵਿਆਂ ਨੂੰ ਇਕੱਠਿਆਂ ਕਰਕੇ ਮਾਖਜ਼ੇ ਤਵਾਰੀਖ ਸਿੱਖਾਂ ਦੇ ਸਿਰਲੇਖ ਹੇਠ ਵੱਖਰੀ ਪੁਸਤਕ ਵਿਚ ਸੰਪਾਦਿਤ ਕਰ ਦਿੱਤੇ ਗਏ ਹਨ।

ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਫਾਰਸੀ ਦੀਆਂ ਇਹ ਲਿਖਤਾਂ ਸਿੱਖ ਧਰਮ ਤੋਂ ਬਾਹਰਲੇ ਲੇਖਕਾਂ ਨੇ ਲਿਖੀਆਂ ਹਨ ਅਤੇ ਉਨ੍ਹਾਂ ਨੇ ਸਿੱਖ ਧਰਮ ਬਾਰੇ ਸਿਰਫ ਚਲੰਤ ਵੇਰਵਿਆਂ ਦੇ ਤੌਰ ‘ਤੇ ਹੀ ਆਪਣੇ ਬਿਆਨ ਦਰਜ ਕੀਤੇ ਹਨ। ਇਸ ਕਰਕੇ ਇਨ੍ਹਾਂ ਨੂੰ ਸਿਰਫ ਉਸ ਸਮੇਂ ਹੀ ਅਪਣਾਇਆ ਜਾ ਸਕਦਾ ਹੈ ਜਦੋਂ ਕਿ ਇਨ੍ਹਾਂ ਦਾ ਗੁਰਮਤਿ ਫਲਸਫੇ ਨਾਲ ਵਿਰੋਧ ਨਾ ਹੋਵੇ। ਗੁਰਮਤਿ ਫਲਸਫੇ ਨਾਲ ਇਨ੍ਹਾਂ ਵੇਰਵਿਆਂ ਦੀ ਵਿਰੋਧਤਾ ਕੋਈ ਗੈਰ-ਕੁਦਰਤੀ ਨਹੀਂ ਹੈ। ਇਨ੍ਹਾਂ ਤੋਂ ਸਹਾਇਕ ਜਾਣਕਾਰੀ ਤਾਂ ਲਈ ਜਾ ਸਕਦੀ ਹੈ ਪਰ ਇਹ ਲਿਖਤਾਂ ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਦੀ ਬੁਨਿਆਦ ਨਹੀਂ ਬਣ ਸਕਦੀਆਂ।

ਸਹਾਇਕ ਸਰੋਤ

ਸਹਾਇਕ ਸਰੋਤ ਉਨ੍ਹਾਂ ਨੂੰ ਕਿਹਾ ਗਿਆ ਹੈ ਜਿਹੜੇ ਨਾ ਹੀ ਤਾਂ ਗੁਰੂ ਸਾਹਿਬਾਨ ਦੇ ਸਮਕਾਲੀ ਹਨ ਅਤੇ ਨਾ ਹੀ ਨਿਕਟ-ਸਮਕਾਲੀ । ਇਨ੍ਹਾਂ ਦੀ ਪਰਮਾਣੀਕਤਾ ਵੀ ਕੁਝ ਹੱਦ ਤੱਕ ਸ਼ੱਕੀ ਹੁੰਦੀ ਹੈ। ਫਿਰ ਵੀ ਕਿਉਂਕਿ ਇਹ ਸਰੋਤ ਮੁੱਢਲੀਆਂ ਲਿਖਤਾਂ ਦੇ ਰੂਪ ਵਿਚ ਹਨ ਇਸ ਕਰਕੇ ਇਨ੍ਹਾਂ ਦੀ ਪਰਾਚੀਨਤਾ ਵੱਲ ਵੇਖ ਕੇ ਘੱਟੋ-ਘੱਟ ਉਸ ਸਮੇਂ ਦੀ ਸੋਚ ਦਾ ਪਰਗਟਾਵਾ ਇਨ੍ਹਾਂ ਵਿਚ ਕੀਤਾ ਗਿਆ ਹੁੰਦਾ ਹੈ। ਅਜੇਹੇ ਸਰੋਤਾਂ ਵਿਚਲਾ ਵਿਸ਼ਾ-ਵਸਤੂ ਵੀ ਅੱਧ-ਪਚੱਧ ਹੀ ਸੱਚਾ ਜਾਂ ਇਤਿਹਾਸਕ ਤੌਰ ‘ਤੇ ਠੀਕ ਹੁੰਦਾ ਹੈ। ਜਿਤਨਾ ਕੁ ਸਾਨੂੰ ਠੀਕ ਲੱਗਦਾ ਹੈ ਉਸ ਨੂੰ ਅਸੀਂ ਅਪਣਾ ਲੈਂਦੇ ਹਾਂ ਅਤੇ ਜਿੰਨਾ ਕੁ ਗਲਤ ਹੁੰਦਾ ਹੈ ਉਸ ਨੂੰ ਅਸੀਂ ਛੱਡ ਦਿੰਦੇ ਹਾਂ । ਅਜਿਹੇ ਸਰੋਤ, ਇਤਿਹਾਸ ਲਿਖਣ ਦਾ ਆਧਾਰ ਜਾਂ ਬੁਨਿਆਦ ਨਹੀਂ ਬਣ ਸਕਦੇ । ਹਾਂ ਇਨ੍ਹਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ। ਜਿਵੇਂ ਕਿ ਅਸੀਂ ਆਪਣੇ ਥੀਸਿਸ ਵਿਚ ਜਦੋਂ ਕਿਸੇ ਤੱਥ ਨੂੰ ਸਥਾਪਤ ਕਰਨਾ ਹੈ ਉਸ ਦਾ ਆਧਾਰ ਤਾਂ ਬਣਾਵਾਂਗੇ ਬੁਨਿਆਦੀ ਜਾਂ ਮੌਲਿਕ ਸਰੋਤਾਂ ਨੂੰ ਪਰ ਇਸ ਦੀ ਹੋਰ ਵਿਆਖਿਆ ਲਈ ਅਸੀਂ ਪਿਛਲੇਰੇ ਜਾਂ ਸਹਾਇਕ ਸਰੋਤਾਂ ਤੋਂ ਜਾਣਕਾਰੀ ਲਵਾਂਗੇ । ਜਿੱਥੇ ਕਿਤੇ ਮੌਲਿਕ ਸਰੋਤ ਕਿਸੇ ਤੱਥ ਦੀ ਜਾਣਕਾਰੀ ਦੇਣ ਤੋਂ ਚੁੱਪ ਹੋਣ ਜਾਂ ਅਸਮਰਥ ਹੋਣ ਉੱਥੇ ਜ਼ਰੂਰ ਪਿਛਲੇਰੇ ਸਰੋਤਾਂ ਤੋਂ ਬੁਨਿਆਦੀ ਕੰਮ ਲਿਆ ਜਾ ਸਕਦਾ ਹੈ । ਪਰ ਇਸ ਤਰ੍ਹਾਂ ਦਾ ਤੱਥ ਹਮੇਸ਼ਾਂ ਵਿਵਾਦ ਵਾਲਾ ਹੁੰਦਾ ਹੈ। ਉਸ ਬਾਰੇ ਕਿਸੇ ਕਿਸਮ ਦਾ ਵੀ ਕਿੰਤੂ-ਪਰੰਤੂ ਹੋ ਸਕਦਾ ਹੈ। ਇਸ ਸ਼ਰੇਣੀ ਦੇ ਸਰੋਤਾਂ ਵਿਚ ਗੁਰਮੁਖੀ ਦੇ ਇਹ ਇਹ ਸਰੋਤ ਸ਼ਾਮਲ ਹਨ:

ਗੁਰਬਿਲਾਸ ਛੇਵੀਂ ਪਾਤਸ਼ਾਹੀ, ਜਨਮ ਸਾਖੀਆਂ, ਬੰਸਾਵਲੀ ਨਾਮਾਂ ਦਸਾਂ ਪਾਤਸ਼ਾਹੀਆਂ ਕਾ, ਮਹਿਮਾ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ 10 ਸੁੱਖਾ ਸਿੰਘ, ਗੁਰ ਕੀਰਤ ਪ੍ਰਕਾਸ਼, ਸਿੰਘ ਸਾਗਰ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਗੁਰਬਿਲਾਸ ਪਾਤਸ਼ਾਹੀ 10 ਕੋਇਰ ਸਿੰਘ, ਸ੍ਰੀ ਗੁਰ ਤੀਰਥ ਸੰਗ੍ਰਹਿ, ਸ੍ਰੀ ਗੁਰ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ ਅਤੇ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ।

ਗੁਰੂ-ਕਾਲ ਦੇ ਪਰਮੁੱਖ ਸਰੋਤ

Leave a comment