ਗ਼ਦਰ ਲਹਿਰ ਦੇ ਗੁੱਝੇ ਅਧਿਆਤਮਕ ਰਹੱਸ

ਗ਼ਦਰ ਅਥਵਾ ਇਨਕਲਾਬੀ ਲਹਿਰ ਵਿਸ਼ਵ ਦੇ ਵੱਖਰੇ-ਵੱਖਰੇ ਦੇਸ਼ਾਂ ਵਿਚ ਇਨ੍ਹਾਂ ਦੇਸ਼ਾਂ ਦੇ ਪ੍ਰੰਪਰਾਵਾਦੀ ਖਿਆਲਾਂ ਦੇ ਆਧਾਰ ਤੇ ਦੋ ਤਰ੍ਹਾਂ ਨਾਲ ਰੂਪਮਾਨ ਹੋਈ। ਇਕ ਤਾਂ ਇਸ ਇਨਕਲਾਬੀ ਲਹਿਰ ਨੂੰ ਅਪਨਾਉਣ ਦਾ ਉਹ ਪਾਕ ਜਜ਼ਬਾ ਸੀ ਜਿਸ ਰਾਹੀਂ ਇਹਨਾਂ ਦੇਸ਼ਾਂ ਨੇ ਆਪਣੇ ਪ੍ਰੰਪਰਾਵਾਦੀ ਖਿਆਲ ਨੂੰ ਤਿਆਗ ਕੇ ਮੁਕੰਮਲ ਰੂਪ ਵਿਚ ਮਾਰਕਸਵਾਦੀ ਦ੍ਰਿਸ਼ਟੀ ਕੋਨ ਦੇ ਸਮੂਹਿਕ ਰੂਪ ਵਿਚ ਆਪਣੇ ਆਪ ਨੂੰ ਸਪੁਰਦ ਕਰ ਦਿੱਤਾ। ਇਹ ਦੇਸ਼ ਮੁੱਖ ਰੂਪ ਵਿਚ ਸਨ ਜਿਵੇਂ ਕਿ ਚੀਨ, ਰੂਸ, ਵੀਅਤਨਾਮ, ਈਸਟ ਜਰਮਨੀ, ਰੁਮਾਨੀਆਂ, ਬਲਗਾਰੀਆ, ਕਿਊਬਾ ਅਤੇ ਪੋਲੈਂਡ ਆਦਿ। ਦੂਸਰਾ ਜਜ਼ਬਾ ਇਸ ਇਨਕਲਾਬੀ ਲਹਿਰ ਨੂੰ ਅਪਨਾਉਣ ਦਾ ਇਹ ਸੀ ਕਿ ਇਸ ਲਹਿਰ ਨੂੰ ਆਪਣੀ ਧਾਰਮਿਕ ਪਹਿਚਾਣ ਨੂੰ ਸਲਾਮਤ ਰੱਖ ਕੇ, ਇਸ ਦੀ ਸਫਲਤਾ ਲਈ ਪੂਰੀ ਇਮਾਨਦਾਰੀ, ਕੁਰਬਾਨੀ ਅਤੇ ਨਿਰ ਸੁਆਰਥ ਸੇਵਾ ਰਾਹੀਂ ਇਸ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ, ਤਾਂ ਕਿ ਇਨਕਲਾਬੀ ਲਹਿਰ ਦੇ ਜੋ ਸਿਧਾਂਤਕ ਦਾਵੇ ਮਨੁਖਤਾ ਦੇ ਕਲਿਆਣ ਲਈ ਹਨ, ਉਹਨੂੰ ਨੇਪਰੇ ਚਾੜ੍ਹ ਕੇ ਮਨੁੱਖ ਦੀ ਸਮੂਹਿਕ ਖੁਸ਼ਹਾਲੀ ਦਾ ਇਸਦੇ ਦਾਅਵਿਆਂ ਅਨੁਸਾਰ ਹੀ ਮੁਕੰਮਲ ਰੂਪ ਵਿਚ ਜ਼ਹੂਰ ਕੀਤਾ। ਜਾ ਸਕੇ। ਭਾਰਤ ਵਿਚ ਇਸ ਇਨਕਲਾਬੀ ਲਹਿਰ ਦਾ ਸਾਥ ਸਭ ਤੋਂ ਵੱਧ ਪੰਜਾਬ ਦੇ ਸਿੱਖ ਲੋਕਾਂ ਨੇ ਦਿੱਤਾ । ਪੰਜਾਬ ਦੇ ਸਿੱਖ ਲੋਕ ਆਪਣੀ ਸਿੱਖ ਪਹਿਚਾਣ ਨੂੰ ਕਾਇਮ ਰੱਖਦਿਆਂ ਇਸ ਲਹਿਰ ਵਿਚ ਜਿਸ ਕੁਰਬਾਨੀ ਭਰੀ ਅਦਾ ਨਾਲ ਸ਼ਾਮਿਲ ਹੋਏ, ਉਸ ਦਾ ਸਾਥ ਕਰਨ ਪ੍ਰਤੀ ਭਾਰਤ ਵਿਚ ਹੋਰ ਕੋਈ ਵੀ ਸੂਬਾ ਇੰਨੀ ਭਰਵੀਂ ਅਤੇ ਨਿਸੰਗ ਦਲੇਰੀ ਨਾਲ ਇਸ ਲਹਿਰ ਵਿਚ ਸ਼ਾਮਿਲ ਨਹੀਂ ਹੋਇਆ। ਇਹ ਹੀ ਕਾਰਨ ਹੈ ਕਿ ਸ੍ਰੀ ਰਾਸ ਬਿਹਾਰੀ ਬੋਸ ਅਤੇ ਸ੍ਰੀ ਵੈਸ਼ਨੋ ਗਨੇਸ਼ ਪਿੰਗਲੇ ਆਦਿ ਨੇ ਇਹ ਗਲ ਨਿਸੰਗ ਹੋ ਕੇ ਪਰਵਾਨ ਕੀਤੀ ਕਿ ਪੰਜਾਬ ਦੇ ਸਿੱਖ ਲੋਕ ਇਨਕਲਾਬੀ ਲਹਿਰ ਵਿਚ ਜਿਸ ਜੋਸ਼ ਅਤੇ ਕੁਰਬਾਨੀ ਨਾਲ ਸ਼ਾਮਿਲ ਹੋ ਰਹੇ ਹਨ, ਉਸ ਦੀ ਮਿਸਾਲ ਭਾਰਤ ਦੇ ਕਿਸੇ ਵੀ ਹੋਰ ਪ੍ਰਾਂਤ ਵਿਚ ਇਸ ਤਰ੍ਹਾਂ ਨਾਲ ਉਪਲਬੱਧ ਨਹੀਂ। ਇਸ ਇਨਕਲਾਬੀ ਲਹਿਰ ਨੂੰ ਸਮਝਣ ਦੇ ਦੋ ਤਰੀਕੇ ਸਨ। ਇੱਕ ਤਾਂ ਇਹ ਢੰਗ ਸੀ। ਜਿਸ ਰਾਹੀਂ ਇਸ ਲਹਿਰ ਨੂੰ ਸਮਝਣ ਲਈ ਗ੍ਰਹਿਣਸ਼ੀਲਤਾ (Susceptibly) ਦੀ ਦਾਤ ਦੀ ਜ਼ਰੂਰਤ ਸੀ । ਪੰਜਾਬ ਦੇ ਸਿੱਖਾਂ ਨੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਖਾਲਸੇ ਦੀ ਸਿਰਜਣਾ ਨੂੰ ਇਲਮ ਰਾਹੀਂ ਨਹੀਂ ਸਗੋਂ ਗ੍ਰਹਿਣਸ਼ੀਲਤਾ ਰਾਹੀਂ ਹੀ ਧਾਰਨ ਕੀਤਾ। ਇਸੇ ਗ੍ਰਹਿਣਸ਼ੀਲਤਾ ਰਾਹੀਂ ਹੀ ਭਾਰਤ, ਅਮਰੀਕਾ ਅਤੇ ਕੈਨੇਡਾ ਆਦਿ ਵਿਚ ਵੱਸਦੇ ਸਿੱਖਾਂ ਨੇ ਇਨਕਲਾਬੀ ਲਹਿਰ ਨੂੰ ਧਾਰਨ ਕੀਤਾ। ਇਸ ਇਲਮ ਤੋਂ ਨਿਰਲੇਖ ਗ੍ਰਹਿਣਸ਼ੀਲਤਾ ਦੀ ਅਮੁੱਲਦਾਤ ਨੂੰ ਸਮਝਦਿਆਂ ਹੀ ਉਸ ਵੇਲੇ ਦੇ ਇਨਕਲਾਬੀਆਂ ਨੇ ਅੱਗੇ ਲਿਖਿਆ ਨਿਰਣਾ ਕੀਤਾ:

ਯੂਨੀਵਰਸਿਟੀਆਂ ਦੀਆਂ ਡਿਗਰੀਆਂ ਹੀ ਇਲਮੀ ਲਿਆਕਤ ਨੂੰ ਜਾਚਣ ਦਾ ਮਿਆਰ ਨਹੀਂ। ਮਾਂਡਲੇ ਕੇਸ ਵਿਚ ਮੰਤਰੀਆਂ ਬਾਰੇ ਵਧੇਰੇ ਵਿਸਥਾਰ ਨਾਲ ਰਾਏਜ਼ਨੀ ਕੀਤੀ ਗਈ. ਸੀ । ਇਸ ਵਾਸਤੇ ਇਸਦੀ ਮਿਸਾਲ ਚੁਣੀ ਗਈ ਹੈ। ਇਸ ਦੇ ਫੈਸਲੇ ਵਿਚ ਲਿਖਿਆ ਗਿਆ। ਹੈ ਕਿ ਸ੍ਰੀ ਹਰਨਾਮ ਸਿੰਘ ਕਾਹਰੀ ਸਾਹਰੀ ਚੰਗੇ ਸਿਆਣੇ ਸਨ ਅਤੇ ਅੰਗਰੇਜ਼ੀ ਬਿਨਾਂ ਅਟਕੇ ਰਵਾਨੀ ਨਾਲ ਬੋਲ ਸਕਦੇ ਸਨ।….

ਗ਼ਦਰ ਲਹਿਰ

ਗ਼ਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਵਾਲੇ ਪੜ੍ਹੇ ਸਨ ਜਾਂ ਅਨਪੜ੍ਹ, ਉਹ ਸਭ ਉੱਚੇ ਅਤੇ ਸੁੱਚੇ ਆਦਰਸ਼ ਅਤੇ ਵੱਲਵਲਿਆਂ ਨਾਲ ਪ੍ਰੇਰਤ ਹੋ ਕੇ ਕੰਮ ਕਰਦੇ ਸਨ। ਤੀਜੇ ਕਾਂਡ ਵਿਚ ਨਿਰਪੱਖ ਗਵਾਹੀਆਂ ਦੇ ਹਵਾਲਿਆਂ ਨਾਲ ਵੇਖਿਆ ਜਾ ਚੁੱਕਾ ਹੈ ਕਿ ਅਮਰੀਕਾ, ਕੈਨੇਡਾ ਗਏ ਹਿੰਦੀ ਕਾਮਿਆਂ ਦਾ ਕਿਵੇਂ ਵਿਅਕਤੀਗਤ ਜਾਂ ਤੰਗ ਫਿਰਕੂ ਨਜ਼ਰੀਆ ਨਹੀਂ ਸੀ ਰਿਹਾ। ਛੇਵੇਂ ਕਾਂਡ (ਪੰਨਾ 185) ਵਿਚ ਦੱਸਿਆ ਜਾ ਚੁੱਕਾ ਹੈ ਗ਼ਦਰ ਪਾਰਟੀ ਦਾ ਆਦਰਸ਼ ‘ਆਜ਼ਾਦੀ ਅਤੇ ਬਰਾਬਰੀ ਸੀ, ਅਤੇ ਗ਼ਦਰੀ ਸਿਪਾਹੀ ਹਿੰਦੁਸਤਾਨ ਤੋਂ ਇਲਾਵਾ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਵੀ ਗੁਲਾਮੀ ਵਿਰੁੱਧ ਹੋਏ ਯਤਨਾਂ ਵਿਚ ਸਹਾਇਤਾ ਕਰਨ ਬਾਰੇ ਸੋਚਦੇ ਸਨ । (ਪੰਨਾ 186)। ਹਿੰਦ ਨੂੰ ਆਉਣ ਵਾਲੀ ਗ਼ਦਰੀ ਮੁਹਿੰਮ ਵਿਚ ਚੰਦ ਇੱਕ ਅਮਰੀਕਨ ਵੀ ਸ਼ਾਮਿਲ ਹੋ ਕੇ ਹਿੰਦ ਨੂੰ ਆਏ ਅਤੇ ਇਹ ਜ਼ਾਹਿਰ ਕਰਦਾ ਹੈ ਕਿ ਗ਼ਦਰ ਪਾਰਟੀ ਲਹਿਰ ਵਿਚ ਕੰਮ ਕਰ ਰਹੀ ਸਪਿਰਟ ਦੀ ਖਿੱਚ ਦਾ ਦਾਇਰਾ ਕਿੰਨਾ ਵੱਡਾ ਸੀ….

ਪੰਜਾਬ ਸਰਕਾਰ ਨੇ ਹਿੰਦ ਨੂੰ ਭੇਜੀ ਇਕ ਰਿਪੋਰਟ ਵਿਚ ਇਹ ਲਿਖਿਆ ਹੈ ਕਿ ਜੋ ਸਾਥੀ ਲਾਹੌਰ ਫੜੇ ਗਏ ਹਨ, ਉਹ ਬਹੁਤੇ ਅਨਾੜੀ ਸਿੱਖ ਕਿਸਾਨ ਹਨ, ਜਿਨ੍ਹਾਂ ਨੇ ਅਮਰੀਕਾ ਵਿਚ ਬਰਾਬਰੀ ਅਤੇ ਜਮਹੂਰੀਅਤ ਦੇ ਅਸੂਲਾਂ ਨੂੰ ਬੇਢੱਬੀ ਹਾਲਤ ਵਿਚ ਗ੍ਰਹਿਣ ਕਰ ਲਿਆ ਹੈ। (ਜਗਜੀਤ ਸਿੰਘ : ਗਦਰ ਪਾਰਟੀ ਲਹਿਰ, ਸਫ਼ਾ 407, 408)।

ਭਾਰਤ ਦੀ ਗ਼ਦਰ ਲਹਿਰ ਵਿਚ ਪੰਜਾਬ ਦੇ ਸਿੱਖ ਲੋਕਾਂ ਦਾ ਆਪਣੇ ਸਿੱਖ ਵਿਰਸੇ ਨੂੰ ਕਾਇਮ ਰੱਖਦਿਆਂ ਇਸ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣਾ ਅਤੇ ਹਰ ਕਿਸਮ ਦੀ ਕੁਰਬਾਨੀ ਤੋਂ ਕਿਸੇ ਵੀ ਪੜਾਅ ਤੇ ਬੇਮੁੱਖ ਨਾ ਹੋਣਾ, ਸਿੱਖ ਅੰਤਰੀਵ ਸੁਭਾ ਵਿੱਚ ਹੀ ਸ਼ਾਮਿਲ ਹੈ। ਜਿਵੇਂ ਨੌਵੇਂ ਗੁਰੂ ਨੇ ਆਪਣੇ ਬੇਟੇ ਨੂੰ ਦਸਵਾਂ ਗੁਰੂ ਥਾਪ ਕੇ ਆਪਣੇ ਸਿੱਖ ਆਦਰਸ਼ ਨੂੰ ਪਹਿਲ ਦਿੰਦਿਆਂ ਭਾਰਤ ਦੇ ਕਸ਼ਮੀਰੀ ਹਿੰਦੂਆਂ ਦੇ ਕਹੇ ਤੇ ਸ਼ਹਾਦਤ ਦਿੱਤੀ ਸੀ, ਪ੍ਰੰਤੂ ਆਪਣੇ ਸਿੱਖ ਮੂਲ ਨੂੰ ਸਥਾਪਤ ਰੱਖਦਿਆਂ ਇਸ ਗ਼ਦਰ ਲਹਿਰ ਦੀ ਸਫਲਤਾ ਲਈ ਭਾਰਤ ਦੇ ਬਾਕੀ ਪ੍ਰਾਂਤਾ ਨਾਲੋਂ ਸਭ ਤੋਂ ਵੱਧ ਯੋਗਦਾਨ ਦਿੱਤਾ। ਇਸ ਮੁੱਖ ਯੋਗਦਾਨ ਨੂੰ ਰਾਸ ਬਿਹਾਰੀ ਬੋਸ, ਸ੍ਰੀ ਪਿੰਗਲੇ ਅਤੇ ਸਾਨਿਯਾਲ ਆਦਿ ਵਿਸ਼ੇਸ਼ ਤੌਰ ਤੇ ਪ੍ਰਵਾਨ ਕਰਦੇ ਹਨ। ਸ੍ਰੀ ਸਾਨਿਯਾਲ ਦੇ ਆਪਣੇ ਸ਼ਬਦਾਂ ਵਿਚ :

ਮੈਂ ਕਿਹਾ-‘ਵੇਖੋ, ਜਿਸ ਤਰ੍ਹਾਂ ਇਥੇ ਆਪ ਨੂੰ ਫ਼ੌਜੀਆਂ ਵਿਚ ਜਾ ਵੜ੍ਹਨ ਦਾ ਅਵਸਰ ਪ੍ਰਾਪਤ ਹੁੰਦਾ ਹੈ, ਜੇ ਸਾਨੂੰ ਫੌਜੀਆਂ ਵਿਚ ਵੜ੍ਹਨ ਦੀ ਸੌਖਿਆਈ ਹੁੰਦੀ ਤਾਂ ਹੁਣ ਨੂੰ ਕਦੇ ਦਾ ਮਹਾਂ ਗ਼ਦਰ ਮਚ ਗਿਆ ਹੁੰਦਾ । ਬੰਗਾਲ ਦੇ ਦਲ ਦੇ ਮੈਂਬਰਾਂ ਦੀ ਅਧਿਕਤਾ ਬੱਚਿਆਂ ਅਤੇ ਨੌਜਵਾਨਾਂ ਦੀ ਹੈ, ਤੇ ਅਸੀਂ ਲੋਕ ਬੜੀ ਸਾਵਧਾਨੀ ਨਾਲ ਬਹੁਤ ਛਾਨਬੀਨ ਦੇ ਉਪਰੰਤ ਅਜਿਹੇ ਲੋਕਾਂ ਨੂੰ ਭਰਤੀ ਕਰਦੇ ਹਾਂ ਜੋ ਕਿ ਹਰ ਘੜੀ ਮਰਨ ਲਈ ਤਿਆਰ ਰਹਿੰਦੇ ਹਨ। ਇਸ ਲਈ ਸਾਡੇ ਦਲ ਵਿਚ ਬਹੁਤੇ ਆਦਮੀ ਨਹੀਂ ਹਨ। ਸ਼ਾਇਦ ਹਜ਼ਾਰ ਦੋ ਹਜ਼ਾਰ ਤੋਂ ਵੱਧ ਨਾ ਹੋਣ।

ਇਸ ਗ਼ਦਰ ਲਹਿਰ ਵਿਚ ਸਿੱਖਾਂ ਨੇ ਆਪਣੀ ਅਸਲ ਸਿੱਖ ਹੋਂਦ ਅਤੇ ਬਹੁਗਿਣਤੀ ਵਿੱਚ ਆਪਣੀ ਸਿੱਖ ਪਹਿਚਾਣ ਨੂੰ ਸਲਾਮਤ ਰੱਖਦਿਆਂ ਇਸ ਗ਼ਦਰ ਲਹਿਰ ਦਾ ਸਫ਼ਲਤਾ ਲਈ ਆਪਣੇ ਧਾਰਮਿਕ ਸੁਭਾਅ ਅਨੁਸਾਰ ਅਥਾਹ ਕੁਰਬਾਨੀਆਂ ਦਿੱਤੀਆਂ । ਜੇਕਰ ਇਹਨਾ ਗ਼ਦਰੀ ਸਿੱਖਾਂ ਦੇ ਸਿੱਖ ਪਹਿਰਾਵੇ ਦੀ ਸਾਦਗੀ ਦੇ ਨਾਲ ਉਹਨਾਂ ਦੀ ਅੰਦਰੂਨੀ ਵਫ਼ਾਦਾਰੀ ਨੂੰ ਧਿਆਨ ਵਿਚ ਰੱਖੀਏ ਤਾਂ ਨਿਰਸੰਦੇਹ ਇਹਨਾਂ ਗ਼ਦਰੀ ਸਿੱਖਾਂ ਦੇ ਸਿੱਖ ਪਹਿਰਾਵੇ ਅਤੇ ਸਾਦੀਆਂ ਤੇ ਸਰਲ ਖੁੱਲ੍ਹੀਆਂ ਡੁਲ੍ਹੀਆਂ ਪਗੜੀਆਂ ਤੋਂ ਸੱਚ ਮੁੱਚ ਇਹ ਦੇਵਤੇ ਜਾਪਦੇ ਹਨ। ਆਪਣੇ ਧਰਮ ਤੋਂ ਨਿਰਲੇਪ ਹੋ ਕੇ ਕਿਸੇ ਦੂਸਰੇ ਆਦਰਸ਼ ਦੀ ਪੂਰਤੀ ਲਈ ਇਹਨਾਂ ਗਦਰੀ ਸਿੱਖਾਂ ਨੇ ਕੀ ਯੋਗਦਾਨ ਪਾਇਆ, ਇਸ ਦੀਆਂ ਢੇਰ ਕੁਰਬਾਨੀਆਂ ਦਾ ਜ਼ਿਕਰ ਥਾਂ ਥਾਂ ਆਉਂਦਾ ਹੈ, ਅਤੇ ਉਸ ਵੇਲੇ ਦੀ ਸਰਕਾਰ ਇਹ ਵੀ ਮੰਨਦੀ ਹੈ ਕਿ ਜੇਕਰ ਕ੍ਰਿਪਾਲ ਸਿੰਘ ਜਿਹੇ ਗ਼ਦਰ ਸੂਹੀਏ ਵਰਗੇ ਸਾਡੇ ਸਹਾਇਕ ਨਾ ਹੁੰਦੇ, ਤਾਂ ਭਾਰਤ ਦੀ ਅੰਗਰੇਜ਼ ਹਕੂਮਤ ਦਾ

ਤਖਤਾ ਪਲਟ ਹੀ ਜਾਣਾ ਸੀ: ਮੀਆਂ ਮੀਰ ਦੇ ਫੌਜੀਆਂ ਦੀ ਬਲਵੇ ਵਾਲੇ ਦਿਨ ਵੀ ਮਾਨਸਕ ਹਾਲਤ ਬਾਰੇ ਦੂਸਰੇ ਸਾਜਿਸ਼ ਕੇਸ ਵਿਚ ਗਵਾਹੀ ਮਿਲਦੀ ਹੈ ਕਿ 19 ਫਰਵਰੀ ਨੂੰ ਸ਼ਾਮ ਨੂੰ ਜਦ ਰਜਮੈਂਟ ਨੂੰ ਫਾਲਇਨ ਕਰਨ ਦਾ ਹੁਕਮ ਦਿੱਤਾ ਗਿਆ ਅਤੇ ਇਨਕਲਾਬੀਆਂ ਉੱਤੇ ਗੋਲੀ ਚਲਾਉਣ ਲਈ ਦਾਰੂ ਸਿੱਕਾ ਵੰਡਿਆ ਗਿਆ ਤਾਂ ਉਹਨਾਂ (ਹਿੰਦੀ ਫੌਜੀਆਂ) ਪੱਕਾ ਇਰਾਦਾ ਕੀਤਾ ਕਿ ਕਦੇ ਇਨਕਲਾਬੀਆਂ ਦੀਆਂ ਟੋਲੀਆਂ ਆਉਣ, ਤਾਂ ਇਨਕਲਾਬੀਆਂ ਦੀ ਬਜਾਏ ਆਪਣੇ ਅਫਸਰਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਏ ।

ਇਸ ਵਾਸਤੇ ਗ਼ਦਰੀ ਇਨਕਲਾਬੀਆਂ ਦੇ ਬਲਵਾ ਕਰਾਉਣ ਦੇ ਯਤਨ ਬੱਚਿਆਂ ਦੇ ਖੇਲ ਨਹੀਂ ਸਨ। ਕੇਵਲ ਕ੍ਰਿਪਾਲ ਸਿੰਘ ਸੂਹੀਏ ਦੇ ਐਨ ਵੇਲੇ ਸਿਰ ਭੇਦ ਪ੍ਰਗਟ ਕਰਨ ਦੇ ਕਾਰਨ ਪੁਲਿਸ ਇਨਕਲਾਬੀਆਂ ਦੇ ਸੈਂਟਰ ਉੱਤੇ ਛਾਪਾ ਮਾਰਨ ਵਿਚ ਸਫਲ ਹੋ ਗਈ। “ਸੈਂਟਰ ਦੇ ਟੁੱਟ ਜਾਣ ਕਰਕੇ, ਲਾਹੌਰ ਵਿਚ ਬਗਾਵਤ ਨਾ ਹੋਈ ਅਤੇ ਬਾਕੀ ਹਿੰਦ ਵਿੱਚ ਤਜਵੀਜ਼ ਕੀਤੀਆਂ ਬਗਾਵਤਾਂ ਇਸ ਕਰਕੇ ਰਹਿ ਗਈਆਂ, ਕਿਉਂ ਕਿ ਲਾਹੌਰ ਵਿਚ ਬਗਾਵਤ ਸ਼ੁਰੂ ਹੋਣ ਵਾਲਾ ਸਿਗਨਲ ਨਾ ਮਿਲਿਆ।

ਰਾਸ ਬਿਹਾਰੀ ਬੋਸ, ਸ੍ਰੀ ਸਾਨਿਯਾਲ ਅਤੇ ਸ੍ਰੀ ਵੈਸ਼ਨੋ ਗਣੇਸ਼ ਪਿੰਗਲੇ ਨੇ ਚਾਲੀਆ ਰਾਮ, ਸ੍ਰੀ ਬਰਕਤੁੱਲਾ, ਨਵਾਬ ਖਾਨ, ਰਾਸ਼ੀ ਰਾਮ, ਸ੍ਰੀ ਰਹਿਮਤ ਅਲੀ, ਪੰਡਿਤ ਜਗਤ ਰਾਮ, ਪ੍ਰਿਥੀ ਸਿੰਘ, ਅਮਰ ਸਿੰਘ, ਰਾਮ ਰੱਖਾ ਆਦਿ ਮੁਸਲਮਾਨ ਅਤੇ ਹਿੰਦੂ ਭਰਾ ਜੋ ਇਸ ਗ਼ਦਰ ਲਹਿਰ ਵਿਚ ਸ਼ਾਮਿਲ ਹੋਏ ਅਤੇ ਸਿੱਖਾਂ ਵਾਂਗ ਹੀ ਅਤਿ ਦਲੇਰੀ ਸਹਿਤ ਸ਼ਹੀਦੀਆਂ ਦਿੱਤੀਆਂ, “ਇਹਨਾਂ ਦੀ ਗਿਣਤੀ ਸਿੱਖ ਇਨਕਲਾਬੀਆਂ ਦੇ ਮੁਕਾਬਲੇ ਵਿਚ ਬਹੁਤ ਘੱਟ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਬਹੁਗਿਣਤੀ ਸੂਝਵਾਨ ਹਿੰਦੂ ਸਿਆਸੀ ਨੇਤਾਵਾਂ ਅਤੇ ਮੁਸਲਮਾਨ ਸਿਆਸੀ ਨੇਤਾਵਾਂ ਦੇ ਮਨੋਰਥ ਆਪਣੇ-ਆਪਣੇ ਧਰਮ ਅਨੁਸਾਰ ਅਤਿ ਨਿੱਜੀ ਅਤੇ ਇਸ ਤੋਂ ਬੇਮੁੱਖ ਹੋ ਕੇ ਸਗੋਂ ਇਸ ਦਾ ਸਿਆਸੀ ਲਾਭ ਲੈ ਕੇ ਇਸ ਲਹਿਰ ਪ੍ਰਤੀ ਸ਼ੁਕਰਗੁਜ਼ਾਰੀ ਦੀ ਥਾਂ ਇਹਨਾਂ ਕੁਰਬਾਨੀਆਂ ਨੂੰ ਤਅਸਬੀ ਨਿਗਾਹਾਂ ਨਾਲ ਨਾ ਵੇਖਣ ਕਾਰਨ ਸਗੋਂ ਇਸ ਲਹਿਰ ਦੀ ਅਸਫਲਤਾ ਹੀ ਇਹਨਾਂ ਦਾ ਮੁੱਖ ਮਨੋਰਥ ਸੀ । ਪ੍ਰੋ: ਪੂਰਨ ਸਿੰਘ ਨੂੰ ਲਾਲ ਹਰਦਿਆਲ ਅਤੇ ਰਾਸ ਬਿਹਾਰੀ ਬੋਸ ਆਦਿ ਅਕਸਰ ਹੀ ਗ਼ਦਰ ਲਹਿਰ ਸੰਬੰਧੀ ਮਿਲਦੇ ਰਹਿੰਦੇ ਸਨ। ਪ੍ਰੋ: ਪੂਰਨ ਸਿੰਘ ਵਿਸ਼ਵ ਦੇ ਪ੍ਰਤਿਭਾਵਾਨ ਸਾਹਿਤਕਾਰਾਂ ਵਿੱਚ ਇਕ ਵਿਲੱਖਣ ਪ੍ਰਤਿਭਾ ਹੋਣ ਕਾਰਨ ਉਹਨਾਂ ਨੇ ਇਸ ਗ਼ਦਰ ਲਹਿਰ ਦੇ ਪ੍ਰਸੰਗ ਵਿਚ ਭਾਰਤੀ ਨੇਤਾਵਾਂ ਦੇ ਅੰਦਰੂਨੀ ਮਨੋਰਥ ਨੂੰ ਜੋ ਕਿ ਤਅੱਸਬ ਦੀ ਇੰਨਤਹਾ ਤੱਕ ਪਹੁੰਚਿਆ ਹੋਇਆ ਸੀ, ਇਹਨਾਂ ਦੇ ਅੰਦਰੂਨੀ ਸੰਕੀਰਣ ਮਨੋਰਥ ਨੂੰ ਵੱਖ-ਵੱਖ ਥਾਵਾਂ ਤੇ ਆਪਣੀਆਂ ਲਿਖਤਾਂ ਨਾਲ ਅਤਿ ਮੰਨਣ ਯੋਗ ਢੰਗ ਨਾਲ ਪੇਸ਼ ਕੀਤਾ ਹੈ।

ਪ੍ਰੋ: ਪੂਰਨ ਸਿੰਘ ਦੀ ਧਰਮ ਪਤਨੀ ਮਾਇਆ ਦੇਵੀ ਜੀ ਨੇ ਉਹਨਾਂ ਦੀ ਜੀਵਨੀ ਵਿਚ ਇਹ ਜ਼ਿਕਰ ਕੀਤਾ ਹੈ ਕਿ ਲਾਲਾ ਹਰਦਿਆਲ ਐਮ.ਏ. ਅਤੇ ਰਾਸ ਬਿਹਾਰੀ ਬੋਸ ਆਦਿ ਗ਼ਦਰ ਲਹਿਰ ਦੇ ਪ੍ਰਮੁੱਖ ਸਮਰਥਕ ਅਕਸਰ ਹੀ ਉਹਨਾਂ ਦੇ ਘਰ ਆਇਆ ਕਰਦੇ ਸਨ । ਰਾਸ ਬਿਹਾਰੀ ਬੋਸ ਤਾਂ ਉਹਨਾਂ ਦੇ ਆਪਣੇ ਹੀ ਦੇਹਰਾਦੂਨ ਦੇ ਜੰਗਲਾਤ ਵਿਭਾਗ ਵਿਚ ਇਕ ਕਲਰਕ ਦੇ ਤੌਰ ਤੇ ਨੌਕਰ ਸਨ, ਜਦੋਂ ਕਿ ਪੂਰਨ ਸਿੰਘ ਇਸ ਜੰਗਲਾਤ ਵਿਭਾਗ ਦੇ ਮੁੱਖ ਅਫਸਰ ਸਨ। ਮੈਂ ਪਿਛੇ ਦਸ ਆਇਆ ਹਾਂ ਕਿ ਉਹਨਾਂ ਦੇ ਗ਼ਦਰ ਲਹਿਰ ਵਿਚ ਸ਼ਾਮਿਲ ਹੋਣ ਪ੍ਰਤੀ ਉਹਨਾਂ ਤੇ ਦਿੱਲੀ ਵਿਖੇ ਮੁਕੱਦਮਾ ਵੀ ਦਰਜ ਹੋਇਆ ਸੀ, ਜਿਸ ਵਿਚ ਉਸ ਵੇਲੇ ਦੇ ਅੰਗਰੇਜ਼ ਵਾਇਸ ਰਾਇ ਨੇ ਦਖਲ ਦੇ ਕੇ ਉਹਨਾਂ ਨੂੰ ਬਚਾ ਲਿਆ ਸੀ । (ਪੂਰਨ ਸਿੰਘ ਦੇ ਜੁਆਈ ਅਮਰ ਸਿੰਘ ਮਲਿਕ ਜੀ ਦੇ ਕਹਿਣ ਅਨੁਸਾਰ) ਜਲ੍ਹਿਆਂ ਵਾਲੇ ਬਾਗ ਦਾ ਅਤਿ ਘਾਤਕ ਸਾਕਾ ਵੀ ਗ਼ਦਰ ਲਹਿਰ ਦੇ ਆਗੂਆਂ ਰਾਹੀਂ ਅੰਗਰੇਜ਼ ਅਫਸਰਾਂ ਦੇ ਮਨਾਂ ਵਿਚ ਪੈਦਾ ਹੋਏ ਕਲਪਿਤ ਡਰ (Imagined Fears) ਕਾਰਨ ਹੀ ਜਨਰਲ ਓਡਵਾਇਰ ਨੇ ਜਲ੍ਹਿਆਂ ਵਾਲੇ ਬਾਗ ਵਿੱਚ 1500 ਦੇ ਕਰੀਬ ਬਹੁਤ ਗਿਣਤੀ ਵਿਚ ਸਿੱਖਾਂ ਜਿਨਾਂ ਨੂੰ ਇਸਤਰੀਆਂ ਅਤੇ ਬੱਚੇ ਵੀ ਸ਼ਾਮਿਲ ਸਨ, ਘਬਰਾ ਕੇ ਜਾਨੋਂ ਮਾਰਿਆ ਅਤੇ ਬਹੁਤ ਸਾਰਿਆਂ ਨੂੰ ਇਹਨਾ ਕੁੱਲ ਦੋ ਹਜ਼ਾਰ ਬੰਦਿਆਂ ਵਿਚੋਂ ਗੰਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ। ਇਸ ਦਾ ਮੂਲ ਕਾਰਨ ਗ਼ਦਰੀ ਬਾਬਿਆਂ ਦੀਆਂ ਨਿਰਸੁਆਰਥ ਕੁਰਬਾਨੀਆਂ ਅਤੇ ਅਜਾਦੀ ਦੀ ਸੱਚੀ ਲਗਨ ਸੀ। ਇਹਨਾਂ ਗ਼ਦਰੀ ਬਾਬਿਆਂ ਵਿਚੋਂ ਸਭ ਤੋਂ ਵੱਧ ਭਾਰੂ ਗਿਣਤੀ ਸਿੱਖਾਂ ਦੀ ਹੋਣ ਕਾਰਨ ਹੀ ਜਲ੍ਹਿਆਂ ਵਾਲੇ ਬਾਗ ਵਿਚ ਸਿੱਖਾਂ ਤੇ ਹੀ ਵਿਸ਼ੇਸ਼ ਕਰਕੇ ਜ਼ੁਲਮ ਕੀਤਾ ਗਿਆ, ਭਾਵੇਂ ਕਿ ਥੋੜੀ ਗਿਣਤੀ ਵਿਚ ਹੋਰ ਧਰਮਾਂ ਦੇ ਲੋਕ ਵੀ ਸ਼ਾਮਿਲ ਸਨ।

ਸ. ਜਗਜੀਤ ਸਿੰਘ ਨੇ ਪੰਜਾਬ ਦੀ ਗ਼ਦਰ ਲਹਿਰ ਦੇ ਸੰਬੰਧ ਵਿਚ ਉਸ ਵੇਲੇ ਦੇ ਕਾਂਗਰਸ ਪਾਰਟੀ ਦਾ ਜੋ ਰਵੱਈਆ ਸੀ, ਉਸਨੂੰ ਨਿਰਾਸ਼ਾਜਨਕ ਦਰਸਾਇਆ ਹੈ । ਸ. ਜਗਜੀਤ ਸਿੰਘ ਦੇ ਤੱਥਾਂ ਤੇ ਆਧਾਰਤ ਵਿਚਾਰਾਂ ਅਨੁਸਾਰ ਕਾਂਗਰਸ ਪਾਰਟੀ ਸਿੱਖ ਗਦਰੀਆਂ ਜਾਂ ਇਕ ਵਿਚ ਥੋੜੀ ਗਿਣਤੀ ਵਿਚ ਸ਼ਾਮਿਲ ਦੂਸਰੇ ਧਰਮਾਂ ਨਾਲ ਸੰਬੰਧਤ ਲੋਕਾਂ ਦੇ ਗ਼ਦਰ ਦੀ ਨੀਤੀ ਨੂੰ ਅਪਨਾਉਣ ਦੇ ਖਿਲਾਫ਼ ਸੀ । ਪ੍ਰੰਤੂ ਕਾਂਗਰਸ ਪਾਰਟੀ ਪ੍ਰਧਾਨ ਰੂਪ ਵਿਚ ਹਿੰਦੂ ਧਰਮ ਨਾਲ ਸੰਬੰਧਤ ਸੀ, ਇਸ ਲਈ ਇਹ ਪਾਰਟੀ ਇਕ ਪਾਸੇ ਸਿੱਖਾਂ ਦੀਆਂ ਆਜ਼ਾਦੀ ਲਈ ਕੀਤੀਆਂ ਜਾ ਰਹੀਆਂ ਹਿੰਸਕ ਕਾਰਵਾਈਆਂ ਦੇ ਖਿਲਾਫ਼ ਸੀ, ਪ੍ਰੰਤੂ ਦੂਸਰੇ ਪਾਸੇ ਅੰਗਰੇਜ਼ ਹਕੂਮਤ ਦਾ ਸਿੱਖਾਂ ਦੀਆਂ ਕਾਰਵਾਈਆਂ ਕਾਰਨ ਰਾਜ ਕਰਨ ਦਾ ਸੰਤੁਲਨ ਡੋਲ ਗਿਆ ਸੀ । ਸੋ ਕੁਦਰਤੀ ਸੀ ਕਿ ਅੰਗਰੇਜ਼ਾਂ ਦੇ ਰਾਜ ਛੱਡਣ ਵੇਲੇ ਜੁਝਾਰੂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਦੇ ਸ਼ਾਂਤਮਈ ਰਵੱਈਏ ਵਾਲੇ ਲੋਕਾਂ ਨੂੰ ਆਜ਼ਾਦੀ ਦੇਣ ਪ੍ਰਤੀ ਪਹਿਲ ਦਿੰਦੀ । ਕਾਂਗਰਸ ਪਾਰਟੀ (ਹਿੰਦੂ ਤੱਅਸਵੀ ਪਾਰਟੀ) ਇਸੇ ਮੌਕੇ ਨੂੰ ਸ਼ਹਿ ਲਾ ਕੇ ਉਡੀਕ ਰਹੀ ਸੀ । ਕਾਂਗਰਸ ਪਾਰਟੀ ਭਾਵੇਂ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਲੈਣ ਪ੍ਰਤੀ ਸਫ਼ਲ ਹੋਈ, ਪ੍ਰੰਤੂ ਇਹ ਕਿਸੇ ਤਰ੍ਹਾਂ ਵੀ ਜੁਝਾਰੂ ਸਿੱਖ ਦੀ ਅਹਿਸਾਨਮੰਦ ਹੋਣ ਦੇ ਸਮਰੱਥ ਨਾ ਹੋਣ ਕਾਰਨ, ਸਗੋਂ ਇਸ ਨੇ ਲਗਾਤਾਰ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਅਕਿਰਤਘਣਤਾ ਹੀ ਜ਼ਾਹਿਰ ਕੀਤੀ ਹੈ।

ਪੰਜਾਬ ਦੇ ਸਿੱਖ ਗ਼ਦਰੀਆਂ ਨੂੰ ਜ਼ਿਆਦਾ ਗਿਣਤੀ ਵਿਚ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਸ ਵੇਲੇ ਦੇ ਹਿੰਦੂ ਗ਼ਦਰੀਆਂ ਨੇ ਅਤਿ ਸਿਆਣੇ ਅਤੇ ਸਹਿਨਸ਼ੀਲਤਾ ਵਾਲੇ ਮੰਨਿਆ ਹੈ। ਇਸ ਗ਼ਦਰੀ ਲਹਿਰ ਦੇ ਸਿੱਖਾਂ ਦਾ ਅਨਪੜ੍ਹ ਹੋਣ ਦੇ ਬਾਵਜੂਦ ਅਤੇ ਸਿਆਣੇ ਤੇ ਸੂਝਵਾਨ ਹੋਣ ਪਿੱਛੇ ਕਿਹੜਾ ਗੰਭੀਰ ਰਾਜ ਹੈ, ਇਸ ਦਾ ਜੁਆਬ ਪੂਰਨ ਸਿੰਘ ਨੇ ਹੀ ਦਿੱਤਾ ਹੈ ਕਿ ਸਿੱਖਾਂ ਕੋਲ ਦੁਨਿਆਵੀ ਇਲਮ ਜੋ ਕਿ “ਉੱਚੀ ਮੱਤ” ਨੂੰ ਮੈਲ੍ਹਾ ਕਰਦਾ ਹੈ, ਦੀ ਥਾਂ ਗ੍ਰਹਿਣਸ਼ੀਲਤਾ ਹੈ, ਜੋ ਕਿ ਇਕ ਅਮੁੱਲ ਦਾਤ ਵਜੋਂ ਆਦਿ ਵਾਸੀ ਮਨੁੱਖ ਦੀ ਵਿਸਮਾਦੀ ਅਵਸਥਾ ਨੂੰ ਪ੍ਰਾਪਤ ਹੈ। ਪ੍ਰੋ: ਪੂਰਨ ਸਿੰਘ ਨੇ ਪੰਜਾਬ ਦੇ ਸਿੱਖਾਂ ਦੀ ਇਲਮ ਨਾਲੋਂ ਵਡੇਰਾ ਰੁਤਬਾ ਰੱਖਣ ਵਾਲੀ ਗ੍ਰਹਿਣਸ਼ੀਲਤਾ ਨੂੰ ਜੋ ਕਿ ਗ਼ਦਰੀ ਬਾਬਿਆਂ ਦੀ ਅਮੁਲ ਵਰਾਸਤ ਸੀ, ਪੜ੍ਹਿਆ ਹੋਇਆਂ ਨਾਲੋਂ ਵਧੇਰੇ ਗੁਣਕਾਰੀ ਅਤੇ ਦੂਰਦਰਸ਼ੀ ਸੂਝ ‘ ਵਾਲੀ ਮੰਨਿਆ ਹੈ, ਜਿਸ ਦਾ ਹਵਾਲਾ ਉਹਨਾਂ ਦੀ ਪੁਸਤਕ “ਸਪਿਰਟ ਆਫ ਦੀ ਸਿੱਖ” ਵਿਚੋਂ ਦੇਖ ਸਕਦੇ ਹਾਂ।

ਗ਼ਦਰ ਲਹਿਰ ਦੀਆਂ ਬੇਗਰਜ਼ ਢੇਰਾਂ ਦੇ ਢੇਰ ਕੁਰਬਾਨੀਆਂ ਦੇ ਬਾਵਜੂਦ ਇਹ ਲਹਿਰ ਸਫਲਤਾ ਦੇ ਆਖਰੀ ਮੁਕਾਮ ਤੱਕ ਪਹੁੰਚ ਕੇ ਵੀ ਕਾਮਯਾਬ ਕਿਉਂ ਨਾ ਹੋ ਸਕੀ ? ਇਸ ਦਾ ਮੂਲ ਕਾਰਨ ਹਿੰਦੂ ਧਰਮ ਦੀ ਉਪਰੋਕਤ ਤਅਸੱਬੀ ਅਤੇ ਖੁਣਸਭਰੀ ਨੀਤੀ ਦਾ ਵਿਆਪਕ ਹੋਣਾ ਸੀ, ਅਤੇ ਇਹਨਾਂ ਨੂੰ ਆਜ਼ਾਦੀ ਵਿਚ ਪਹਿਲ ਮਿਲਣੀ ਵੀ ਇਹਨਾਂ ਦੀ ਦੂਸਰੇ ਧਰਮਾਂ ਦੀਆਂ ਕੁਰਬਾਨੀਆਂ ਨੂੰ ਜਾਂ ਤਾਂ ਨਿਗੁਣੀਆਂ ਸਾਬਤ ਕਰਨਾ ਸੀ, ਜਾਂ ਇਹਨਾਂ ਦਾ ਸ਼ਹਿ ਲਾ ਕੇ ਫਾਇਦਾ ਉਠਾਉਣ ਵਿਚ ਸੀ | ਸੋ ਕੁਦਰਤੀ ਹੈ ਕਿ ਗ਼ਦਰ ਲਹਿਰ ਤੇ ਇਸ ਪਿੱਛੋਂ ਦੀਆਂ ਇਨਕਲਾਬੀ ਲਹਿਰਾਂ ਦੀਆਂ ਢੇਰ ਕੁਰਬਾਨੀਆਂ ਦੇ ਪ੍ਰਸੰਗ ਵਿਚ ਹਿੰਦੂ ਧਰਮ ਨੂੰ ਆਜ਼ਾਦੀ ਮਿਲਣ ਵਿਚ ਪ੍ਰਮੁੱਖਤਾ ਮਿਲਣੀ ਇਹਨਾਂ ਦੀ ਜੁਝਾਰੂ ਜੱਥੇਬੰਦੀਆਂ ਪ੍ਰਤੀ ਗ਼ਦਾਰੀ ਅਤੇ ਅਕਿਰਤਘਣਤਾ ਦਾ ਹੀ ਮੁੱਖ ਸਿੱਟਾ ਸੀ। ਇਸ ਸੰਬੰਧ ਵਿਚ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਦੇ ਪ੍ਰਸੰਗ ਵਿਚ ਪੂਰਨ ਸਿੰਘ ਨੇ ਸਿੱਖ ਕੌਮ ਜਾਂ ਉਸ ਨਾਲ ਜੁੜੇ ਚੰਦ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਸ ਵਿਚ ਸ਼ਾਮਿਲ ਹੋਣ ਦੇ ਬਾਵਜੂਦ ਇਹਨਾਂ ਨੂੰ ਸਫ਼ਲਤਾ ਨਾ ਮਿਲਣ ਦੇ ਕਾਰਨਾਂ ਨੂੰ ਅਤਿ ਗੰਭੀਰ ਦ੍ਰਿਸ਼ਟੀਕੋਣ ਰਾਹੀਂ ਬੇਨਕਾਬ ਕੀਤਾ ਹੈ, ਕਿਉਂਕਿ ਪੂਰਨ ਸਿੰਘ ਨੂੰ ਇਹਨਾਂ ਆਜ਼ਾਦੀ ਲਹਿਰਾਂ ਦੇ ਸਮੁੱਚੇ ਕਾਰਜ ਦੀ ਪੂਰੀ ਤਰ੍ਹਾਂ ਨਾਲ ਸੂਖਮ ਜਾਣਕਾਰੀ ਸੀ:

Liberty is the very breath of ture culture. The Sikhs raised by the guru fought for freedom. They were defeated, they might be de- feated again; all attempts at liberty generally end in defeat. But their very fighting for liberty is the mark of the new soul-consciousness that the Guru had awakened in them. (Puran Singh, Spirit of the Sikh, Part-II, Volume-I).

ਸੋ ਕੁਦਰਤੀ ਹੈ ਕਿ ਗ਼ਦਰ ਲਹਿਰ ਦੀ ਆਜ਼ਾਦੀ ਵਿਚ ਸਿੱਖਾਂ ਨੇ ਆਪਣੇ ਧਰਮ ਦੀ ਪਹਿਚਾਣ ਨੂੰ ਕਾਇਮ ਰੱਖਦਿਆਂ, ਇਸ ਆਜ਼ਾਦੀ ਵਿਚ ਇਸ ਲਈ ਅਥਾਹ ਕੁਰਬਾਨੀਆਂ ਰਾਹੀਂ ਹਿੱਸਾ ਪਾਉਣਾ ਸੀ, ਕਿਉਂਕਿ ਪਹਿਲਾ ਮੁੱਖ ਮਨੋਰਥ ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦ ਕਰਾਉਣਾ ਸੀ, ਜਿਸ ਵਿਚ ਮੁੱਖ ਸਫਲਤਾ ਪ੍ਰਾਪਤ ਕਰਨ ਵਿਚ ਉਹਨਾਂ ਦਾ ਬਾਕੀ ਧਰਮਾਂ ਨਾਲੋਂ ਸੱਭ ਤੋਂ ਵੱਧ ਯੋਗਦਾਨ ਹੈ । ਪ੍ਰੰਤੂ ਇਸ ਆਜ਼ਾਦੀ ਦੇ ਨਾਲ ਹੀ ਸਿੱਖ ਮਨੁੱਖ ਦੀ ਇਸ ਤੋਂ ਅਗਲੀ ਭਾਵ ਅਸਲੀ ਆਜ਼ਾਦੀ ਲਈ ਵੀ ਗ਼ਦਰੀਆਂ ਵਾਂਗ ਹੀ ਜਤਨਸ਼ੀਲ ਹੈ, ਭਾਵੇਂ ਵਕਤੀ ਤੌਰ ਤੇ ਸਿੱਖ ਕੌਮ ਵਿਚ ਇਕ ਡਰਾਉਣਾ ਪਤਨ ਆਇਆ ਹੋਇਆ ਹੈ। ਪ੍ਰੰਤੂ ਗੁਰੂ ਇਸ ਕੌਮ ਨੂੰ ਸੰਭਾਲੇਗਾ ਅਤੇ ਇਹ ਕੌਮ ਮਨੁੱਖ ਦੀ ਅਸਲ ਆਜ਼ਾਦੀ ਪ੍ਰਾਪਤ ਕਰਕੇ ਹੀ ਅਗਲੇ ਮਾਰਗ ਦੇ ਨਿਸ਼ਾਨ ਬਿੰਦੂ ਸਥਾਪਤ ਕਰੇਗੀ।

 

 

 

Credit –  ਗੁਰਤਰਨ ਸਿੰਘ (ਡਾ.)

Leave a comment

error: Content is protected !!