ਗ਼ਦਰ ਲਹਿਰ ਦਾ ਬੱਬਰ ਅਕਾਲੀ ਲਹਿਰ ‘ਤੇ ਪ੍ਰਭਾਵ | Gadar lehar da Babar Akali Lehar te Facts |

ਹਿੰਦੁਸਤਾਨ ਦੀ ਆਜ਼ਾਦੀ ਲਈ ਗਦਰ ਲਹਿਰ ਦਾ ਆਰੰਭ ਸੰਨ 1913 ਵਿਚ ਅਮਰੀਕਾ ਦੀ ਸਟੇਟ ਐਰੇਗਨ ਵਿਚ ਹੋਇਆ, ਜਿਸ ਦੇ ਮੋਢੀ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਪਿਰਥੀ ਸਿੰਘ ਆਜ਼ਾਦ ਵਗੈਰਾ ਸਨ । ਪ੍ਰਚਾਰ ਲਈ ਗਦਰ ਨਾਂਅ ਦਾ ਅਖ਼ਬਾਰ ਸ਼ੁਰੂ ਕਰਨ ਕਰਕੇ ਇਸ ਲਹਿਰ ਦਾ ਨਾਂਅ ਹੀ ਗ਼ਦਰ ਲਹਿਰ ਪੈ ਗਿਆ। ਗ਼ਦਰ ਲਹਿਰ ਦੇ ਮੋਢੀਆਂ ਨੇ ਵਿਉਂਤ ਬਣਾਈ ਸੀ ਕਿ ਸੱਤ ਅੱਠ ਸਾਲ ਅੰਗਰੇਜ਼ੀ ਸਰਕਾਰ ਦੇ ਜ਼ੁਲਮਾਂ ਨੂੰ ਨਸ਼ਰ ਕਰਕੇ ਹਿੰਦੁਸਤਾਨ ਦੀ ਆਮ ਜਨਤਾ ਵਿਚ ਅੰਗਰੇਜ਼ਾਂ ਦੀ ਗੁਲਾਮੀ ਦਾ ਜੂਲਾ ਲਾਹੁਣ ਲਈ ਤਿਆਰ ਕਰਕੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇ। ਪਰ 14 ਅਗਸਤ 1914 ਨੂੰ ਜਰਮਨੀ ਨੇ ਪਹਿਲਾ ਸੰਸਾਰ ਯੁੱਧ ਸ਼ੁਰੂ ਕਰ ਦਿੱਤਾ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦਾ ਸਾਰਾ ਧਿਆਨ ਇਸ ਵਿਸ਼ਵ ਯੁੱਧ ਵਿਚ ਹੋਣ ਨੂੰ ਕੁਝ ਗਰਮ ਖਿਆਲੀ ਗ਼ਦਰੀਆਂ ਨੇ ਇਸ ਨੂੰ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦਾ ਢੁੱਕਵਾਂ ਸਮਾਂ ਜਾਣਿਆ ਤੇ ਸਭ ਨੇ ਜੋ ਵੀ ਕਿਸੇ ਨੂੰ ਪਹਿਲਾ ਜਹਾਜ਼ ਮਿਲਿਆ ਫੜ ਕੇ ਹਿੰਦੁਸਤਾਨ ਨੂੰ ਵਹੀਰਾਂ ਘੱਤ ਲਈਆਂ । ਕਾਹਲੀ ਨਾਲ ਸ਼ੁਰੂ ਕੀਤੇ ਇਸ ਹਥਿਆਰਬੰਦ ਸੰਘਰਸ਼ ਨੂੰ ਅੰਗਰੇਜ਼ ਸਰਕਾਰ ਨੇ ਦਬਾ ਦਿੱਤਾ ਕਿਉਂਕਿ ਆਮ ਹਿੰਦੁਸਤਾਨੀਆਂ ਨੇ ਉਹਨਾਂ ਦਾ ਸਾਥ ਨਾ ਦਿੱਤਾ । ਹਿੰਦੁਸਤਾਨ ਨੇ ਸਭ ਰਾਜੇ, ਮਹਾਰਾਜੇ, ਜਾਗੀਰਦਾਰ ਅਤੇ ਰਾਏ ਬਹਾਦਰ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ। ਅੰਗਰੇਜ਼ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਹਰ ਪਿੰਡ ਦਾ ਇਕ ਹੀ ਚੌਧਰੀ ਹੁੰਦਾ ਸੀ ਪਰ ਅੰਗਰੇਜ਼ਾਂ ਨੇ ਹਰ ਪਿੰਡ ਵਿਚ ਕਈ ਕਈ ਨੰਬਰਦਾਰ ਨਿਯੁਕਤ ਕਰ ਦਿੱਤੇ ਜੋ ਇਕ ਦੂਜੇ ਤੋਂ ਅੱਗੇ ਹੋ ਅੰਗਰੇਜ਼ ਅਫ਼ਸਰਾਂ ਨੂੰ ਖ਼ੁਸ਼ ਕਰਨ ਲਈ ਕਾਹਲੇ ਸਨ । ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਉਹ ਪੁਲਿਸ ਤੋਂ ਕੁਟਾਪਾ ਚੜ੍ਹਾ ਦਿੰਦੇ । ਲੰਬੜਦਾਰਾਂ ਤੋਂ ਉਪਰ ਸਫੈਦ ਪੋਸ਼ ਅਤੇ ਜ਼ੈਲਦਾਰਾਂ ਦੀਆਂ ਆਸਾਮੀਆਂ ਵੀ ਬਣਾਈਆਂ। ਪਿੰਡਾਂ ਦੇ ਗਰੀਬ ਮਜ਼ਦੂਰਾਂ ਤੋਂ ਇਹ ਜ਼ਬਰਦਸਤੀ ਵਗਾਰ ਲੈਂਦੇ । ਕਚਹਿਰੀ ਅਤੇ ਥਾਣੇ ਇਹਨਾਂ ਦੀ ਪੂਰੀ ਚਲਦੀ ਸੀ । ਕਰਤਾਰ ਸਿੰਘ ਸਰਾਭਾ ਹੋਰਾਂ ਦੀ ਸ਼ਹੀਦੀ ਤੋਂ ਬਾਅਦ ਇਹ ਲਹਿਰ ਦਬ ਹੀ ਗਈ ਪਰ ਬਹੁਤ ਸਾਰੇ ਗ਼ਦਰੀ ਸਜ਼ਾਵਾਂ ਤੋਂ ਬਚ ਗਏ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਵਿਚ ਹਿੱਸਾ ਨਹੀਂ ਲਿਆ। ਸੀ । ਪਰ ਗ਼ਦਰੀਆਂ ਨੂੰ ਫਾਂਸੀਆਂ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਅਤੇ ਜਾਇਦਾਦ ਦੀ ਕੁਰਕੀ ਦੀਆਂ ਸਖ਼ਤ ਸਜ਼ਾਵਾਂ ਨੇ ਆਮ ਲੋਕਾਂ ਵਿਚ ਰੋਹ ਤਾਂ ਜ਼ਰੂਰ ਪੈਦਾ ਕੀਤਾ। ਗ਼ਦਰ ਸੰਘਰਸ਼ ਦੀ ਅੱਗ ਸੁਲਘਦੀ ਰਹੀ। ਮਾਰਚ 1921 ਵਿਚ ਹੁਸ਼ਿਆਰਪੁਰ ਵਿਖੇ ਇਕ ਸਿੱਖ

ਐਜੂਕੇਸ਼ਨਲ ਕਾਨਫ਼ਰੰਸ ਰੱਖੀ ਗਈ। ਇਸ ਕਾਨਫ਼ਰੰਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਦਫ਼ਾ 144 ਲਾਗੂ ਕਰ ਦਿੱਤੀ। ਜਿਸ ਅਨੁਸਾਰ ਚਾਰ ਪੰਜ ਵਿਅਕਤੀਆਂ ਦੇ ਇਕ ਥਾਂ ਇਕੱਠੇ ਹੋਣ ਤੇ ਪਾਬੰਦੀ ਸੀ। ਇਸ ਲਈ ਇਹ ਕਾਨਫਰੰਸ ਪਿੰਡ ਪੁਰ ਹੀਰਾਂ ਜੋ ਹੁਸ਼ਿਆਰਪੁਰ ਸ਼ਹਿਰ ਤੋਂ ਇਕ ਮੀਲ ਤੇ ਫਗਵਾੜੇ ਨੂੰ ਜਾਣ ਵਾਲੀ ਸੜਕ ‘ਤੇ ਹੈ ਤੇ ਖਾਲਸਾ ਹਾਈ ਸਕੂਲ ਵਿਚ ਆਯੋਜਿਤ

ਕੀਤੀ ਗਈ । ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਇਹ ਪਿੰਡ ਪੁਰ ਹੀਰਾਂ ਜੰਮਣ ਤੋਂ ਹੈ। ਲੇਖਕ ਨੂੰ ਉਹਨਾਂ ਨਾਲ ਕਈ ਵਾਰੀ ਬੱਸ ਵਿਚ ਸਫ਼ਰ ਕਰਨ ਦਾ ਅਵਸਰ ਪ੍ਰਾਪਤ ਹੋਇਆ ਜਦੋਂ ਡਾ. ਸਾਹਿਬ ਪਟਿਆਲੇ ਸਨ ਅਤੇ ਲੇਖਕ ਨਾਭਾ ਵਿਖੇ ਕੈਆਪ ਟਰੇਨਿੰਗ ਸੈਂਟਰ ਵਿਚ ਲੈਕਚਰਾਰ ਸੀ। ਮੇਰੀ ਇਤਿਹਾਸ ਵਿਚ ਦਿਲਚਸਪੀ ਦੇਖ ਕੇ ਉਹ ਮੈਨੂੰ ਕਿਹਾ ਕਰਦੇ ਸਨ ਕਿ ਤੁਸੀਂ ਕੁਝ ਲਿਖਿਆ ਕਰੋ ਪਰ ਮੈਨੂੰ ਅਫਸੋਸ ਹੈ ਕਿ ਸਰਕਾਰੀ ਨੌਕਰੀ ਦੌਰਾਨ ਮੈਂ ਕੁਝ ਖਾਸ ਨਾ ਲਿਖਿਆ। ਡਾ.ਗੰਡਾ ਸਿੰਘ ਜੀ ਨਾਲ ਵੀ ਮੈਂ ਗ਼ਦਰ ਲਹਿਰ ਦੇ ਫੇਲ ਹੋਣ ਦੇ ਕਾਰਨਾਂ ਬਾਰੇ ਪੁੱਛ ਗਿੱਛ ਕਰਦਾ ਰਹਿੰਦਾ ਸੀ । ਉਹਨਾਂ ਨੇ ਸਿੱਟਾ ਕੱਢਿਆ ਕਿ ਬਿਨਾਂ ਕਿਸੇ ਤਿਆਰੀ ਦੇ ਐਡੀ ਵੱਡੀ ਸਲਤਨਤ ਜਿਸ ਵਿਚ ਸੂਰਜ ਕਦੇ ਡੁੱਬਦਾ ਨਹੀਂ ਸੀ, ਨਾਲ ਕੁਝ ਸੈਂਕੜੇ ਗ਼ਦਰੀ ਕਿਵੇਂ ਟੱਕਰ ਲੈ ਸਕਦੇ ਸਨ, ਜਦੋਂ ਕਿ ਹਿੰਦੁਸਤਾਨ ਦੇ ਰਾਜੇ ਮਹਾਰਾਜੇ, ਰਈਸ, ਰਾਏ ਬਹਾਦਰ, ਸਰਦਾਰ ਬਹਾਦਰ, ਜ਼ੈਲਦਾਰ ਅਤੇ ਲੰਬੜਦਾਰ ਸਭ ਅੰਗਰੇਜ਼ ਸਰਕਾਰ ਦੀ ਚਾਪਲੂਸੀ ਕਰਕੇ ਆਪਣਾ ਮਾਣ ਵਧਾ ਰਹੇ ਸਨ । ਡਾ.ਗੰਡਾ ਸਿੰਘ ਹੁਰਾਂ ਦਾ ਕਹਿਣਾ ਸੀ ਕਿ ਲਹਿਰਾਂ ਕਈ ਵਾਰੀ ਵਕਤੀ ਤੌਰ ‘ਤੇ ਦਬ ਜਾਂਦੀਆਂ ਹਨ ਪਰ ਉਹਨਾਂ ਦਾ ਬੀਜ ਨਾਸ ਨਹੀਂ ਹੁੰਦਾ। ਸੋ, ਇਹੀ ਗੱਲ ਗ਼ਦਰ ਲਹਿਰ ਤੋਂ ਬਾਅਦ ਉਠੀ ਬੱਬਰ ਅਕਾਲੀ ਲਹਿਰ ਬਾਰੇ ਢੁਕਦੀ ਹੈ ਜਾਂ ਦੂਸਰੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਗ਼ਦਰ ਲਹਿਰ ਦੇ ਬੀਜ਼ ਤੋਂ ਹੀ ਬੱਬਰ ਲਹਿਰ ਉਪਜੀ। ਇਕ ਗੱਲ ਜੋ ਅੱਜ ਤਕ ਜਾਣ ਬੁਝ ਲੁਕੋਈ ਗਈ ਹੈ ਕਿ ਗ਼ਦਰ ਲਹਿਰ ਵਿਚ ਭਾਗ ਲੈਣ ਵਾਲੇ 99.1% ਪੰਜਾਬੀ ਸਿੱਖ ਸਨ। ਇਹ ਗੱਲ ਮੈਂ ਨਹੀਂ ਲਿਖ ਰਿਹਾ. ਸਚਿੰਦਰ ਲਾਲ ਸਨਿਆਲ ਵਲੋਂ ਲਿਖੇ ਅੰਕੜਿਆਂ ‘ਤੇ ਅਧਾਰਿਤ ਹੈ। ਇਹੀ ਇਕ ਕਾਰਨ ਹੈ। ਕਿ ਗ਼ਦਰ ਲਹਿਰ ਤੋਂ ਬਾਅਦ ਬੱਬਰ ਅਕਾਲੀ ਲਹਿਰ ਜਿਹੀ ਲਹਿਰ ਬਾਕੀ ਹਿੰਦੁਸਤਾਨ ਵਿਚ ਕਿਉਂ ਨਾ ਉੱਠੀ।

ਬੱਬਰ ਅਕਾਲੀ ਲਹਿਰ ਦੇ ਮੋਢੀਆਂ ਨੇ ਪੁਰ ਹੀਰਾਂ ਵਾਲੀ ਸੰਨ 1921 ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਸਮੇਂ ਹੀ ਆਪਣੀ ਵੱਖਰੀ ਮੀਟਿੰਗ ਕਰਕੇ ਸਰਕਾਰ ਦੇ ਝੋਲੀ ਚੁੱਕਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ । ਬੱਬਰ ਅਕਾਲੀ ਜਥੇ ਵਿਚ ਹਰ ਐਰੇ ਗੈਰੇ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸੀ । ਹਰ ਇਕ ਬੱਬਰ ਲਈ ਇਹ ਯੋਗਤਾਵਾਂ ਤੈਅ ਕੀਤੀਆਂ ਗਈਆਂ:-

1) ਉਹ ਗੁਰਬਾਣੀ ਦਾ ਨਿਤਨੇਮੀ ਹੋਵੇ ।

2) ਆਪਣੀ ਪਾਰਟੀ ਦੇ ਮੈਂਬਰ ਦੀ ਵਿਰੋਧਤਾ ਕਰਨ ਵਾਲਾ ਨਾ ਹੋਵੇ। 3) ਕਿਸੇ ਇਸਤਰੀ ਦੀ ਇੱਜ਼ਤ ਨੂੰ ਹੱਥ ਨਾ ਪਾਵੇ ਜਦੋਂ ਕੋਈ ਐਕਸ਼ਨ ਕਰੇ।

4) ਵਾਰਦਾਤ ਸਮੇਂ ਜਥੇਦਾਰ ਦੀ ਆਗਿਆ ਤੋਂ ਬਿਨਾਂ ਕੋਈ ਚੀਜ਼ ਨਹੀਂ ਚੁੱਕੇਗਾ। ਆਮ ਤੌਰ ‘ਤੇ ਜਥੇਦਾਰ ਨਕਦੀ ਅਤੇ ਗਹਿਣੇ ਚੁੱਕਣ ਲਈ ਹੀ ਆਖਦੇ।

5) ਜਥੇਦਾਰ ਅਤੇ ਪਾਰਟੀ ਦੇ ਨਿਯਮਾਂ ਦੀ ਹਰ ਸਮੇਂ ਪਾਲਣਾ ਕਰਨਾ।

6) ਬੱਬਰ ਅਕਾਲੀ ਕਿਸੇ ਜਾਤ ਪਾਤ ਨਾਲ ਵਿਤਕਰਾ ਨਹੀਂ ਕਰੇਗਾ।

7) ਹਥਿਆਰ ਚਲਾਉਣਾ ਜਾਣਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

8) ਜਥੇਦਾਰ ਨੂੰ ਯਕੀਨ ਦੁਆਉਣਾ ਪਵੇਗਾ ਕਿ ਉਹ ਪਾਰਟੀ ਨਾਲ ਗੱਦਾਰੀ ਨਹੀਂ ਕਰੇਗਾ।

ਭਾਵੇਂ ਬੱਬਰ ਅਕਾਲੀ ਪਾਰਟੀ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਹੀ ਭਰਤੀ ਕੀਤੇ ਗਏ ਪਰ ਅਨੂਪ ਸਿੰਘ ਮਾਣਕੋ ਅਤੇ ਵਤਨ ਸਿੰਘ ਪੰਡੋਰੀ ਨਿੱਜਰਾਂ ਜਿਹੇ ਗੱਦਾਰਾਂ ਨੇ ਸਰਕਾਰ ਵਲੋਂ ਰੱਖੇ ਇਨਾਮਾਂ ਦੇ ਲਾਲਚ ਵਿਚ ਆ ਕੇ ਲਹਿਰ ਨੂੰ ਬਹੁਤ ਭਾਰੀ ਸੱਟ ਮਾਰੀ। ਅਨੂਪ ਸਿੰਘ ਮਾਣਕੋ ਨੇ ਘੁੜਿਆਲ ਦੇ ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੀ ਵਾਰਦਾਤ ਵਿਚ ਹਿੱਸਾ ਲਿਆ ਸੀ। ਜਦੋਂ ਬੱਬਰਾਂ ਨੇ ਅਨੂਪ ਸਿੰਘ ਨੂੰ ਸੋਧਿਆ ਤਾਂ ਸੂਬੇਦਾਰ ਗੇਂਦਾ ਸਿੰਘ ਘੁੜਿਆਲ ਦੀ ਘਰਵਾਲੀ ਨੇ ਖੁਸ਼ੀ ਵਿਚ ਲੱਡੂ ਵੰਡੇ ਸਨ ਕਿ ਅੱਜ ਮੇਰੇ ਪਤੀ ਦਾ ਕਾਤਲ ਮਾਰਿਆ ਗਿਆ ਹੈ। ਇਸੇ ਤਰ੍ਹਾਂ ਵਤਨ ਸਿੰਘ ਝੀਰ ਪੰਡੋਰੀ ਨਿੱਜਰਾਂ ਨੇ ਵੀ ਕਈ ਕਤਲ ਦੀਆਂ ਵਾਰਦਾਤਾਂ ਵਿਚ ਹਿੱਸਾ ਲਿਆ ਸੀ । ਆਪਣੇ ਭਰਾਵਾਂ ਦੇ ਕਹਿਣ ‘ਤੇ ਉਹ ਵਾਅਦਾ ਮੁਆਫ ਬਣ ਗਿਆ। ਉਸ ਨੇ ਸਾਰੀਆਂ ਵਾਰਦਾਤਾਂ ਵਿਚ ਹਿੱਸਾ ਲੈਣ ਵਾਲੇ ਬੱਬਰਾਂ ਦੇ ਪਤੇ ਪੁਲਿਸ ਨੂੰ ਦੱਸ ਦਿੱਤੇ। ਬੱਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਚਿੱਠੀ ਦੇ ਬੱਬਰ ਵਤਨ ਸਿੰਘ ਪੰਡੋਰੀ ਨਿੱਜਰਾਂ ਨੂੰ ਭੇਜਿਆ ਸੀ ਕਿ ਗੁਰੂ ਕੇ ਬਾਗ ਵਿਚ ਸ਼ਾਂਤਮਈ ਜਥੇ ਭੇਜਣ ਦੀ ਬਜਾਏ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਜਾਵੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਥਿਆਰਬੰਦ ਸੰਘਰਸ਼ ਛੱਡ ਦੇਣ ਲਈ ਬੱਬਰਾਂ ਨੂੰ ਆਖਿਆ ਅਤੇ ਆਪਣੇ ਆਪ ਨੂੰ ਬੱਬਰਾਂ ਦੀਆਂ ਕਾਰਵਾਈਆਂ ਤੋਂ ਹਰ ਤਰ੍ਹਾਂ ਪਰ੍ਹੇ ਰੱਖਿਆ।

ਗ਼ਦਰ ਲਹਿਰ ਦਾ ਇਕ ਪ੍ਰਭਾਵ ਬੱਬਰ ਅਕਾਲੀ ਲਹਿਰ ਤੇ ਪਰਚਾਰ ਲਈ ਅਖਬਾਰ ਕੱਢਣ ਦਾ ਸੀ। ਜਿਸ ਤਰ੍ਹਾਂ ਗਦਰ ਲਹਿਰ ਦਾ ਰਜਿਸਟਰਡ ਨਾਂਅ ਇੰਡੀਅਨ ਐਸੋਸੀਏਸ਼ਨ ਆਫ਼ ਪੈਸਿਫਿਕ ਕੌਂਸਲ ਸੀ। ਗ਼ਦਰ ਅਖਬਾਰ ਦੇ ਪਰਚਾਰ ਨੇ ਅੰਗਰੇਜ਼ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ । ਗ਼ਦਰ ਗੂੰਜ ਦੀਆਂ ਕਵਿਤਾਵਾਂ ਲੋਕਾਂ ਦੀ ਜ਼ੁਬਾਨ ‘ਤੇ ਚੜ ਗਈਆਂ। ਲੁਧਿਆਣਾ ਸਕੂਲ ਦੇ ਕਈ ਵਿਦਿਆਰਥੀਆਂ ਨੂੰ ਗ਼ਦਰ ਗੂੰਜ ਦੀਆਂ ਕਵਿਤਾਵਾਂ ਦੀਆਂ ਨਕਲਾਂ ਹੱਥਾਂ ਨਾਲ ਲਿਖ ਕੇ ਵੰਡਣ ਕਰਕੇ ਮੁਕੱਦਮਾ ਚਲਾਇਆ ਗਿਆ। ਬੱਬਰਾਂ ਨੇ ਵੀ ਆਪਣਾ ਪਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਜਿਸ ਵਾਸਤੇ ਮਾਇਆ ਦੇਣ ਵਾਲੇ ਦਾਨੀ ਤਾਂ ਹੈ ਨਹੀਂ ਸਨ ਇਸ ਲਈ ਬੱਬਰਾਂ ਨੇ ਅਮੀਰ ਝੋਲੀ ਚੁੱਕਾਂ ਨੂੰ ਲੁੱਟ ਕੇ ਡੁਪਲੀਕੇਟਰ ਖਰੀਦਣ ਦੀ ਯੋਜਨਾ ਬਣਾਈ। 3 ਜੁਲਾਈ ਸੰਨ 1922 ਨੂੰ ਪਿੰਡ ਬਿਛੋੜੀ ਦੇ ਕਾਕੇ ਲੰਬੜਦਾਰ ਤੋਂ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟੇ । ਇਸ ਨਾਲ ਇਕ ਮਸ਼ੀਨ ਖਰੀਦੀ ਗਈ ਜਿਸ ਨਾਲ 22 ਅਗਸਤ 1922 ਨੂੰ ‘ਬੱਬਰ ਅਕਾਲੀ ਦੁਆਬਾ’ ਨਾਂਅ ਦਾ ਪਹਿਲਾਂ ਪਰਚਾ ਕੱਢਿਆ ਗਿਆ। ਇਹ ਇਕ ਸਟੈਂਸਲ ਤੇ ਹੱਥ ਨਾਲ ਲਿਖ ਕੇ ਡੁਪਲੀਕੇਟਰ ਨੂੰ ਹੱਥਾਂ ਨਾਲ ਚਲਾ ਕੇ ਛਾਪਿਆ ਗਿਆ। ਇਸ ਤੋਂ ਵੱਧ ਗ਼ਦਰ ਲਹਿਰ ਦੇ ਬੱਬਰ ਅਕਾਲੀ ਲਹਿਰ ‘ਤੇ ਪ੍ਰਭਾਵ ਬਾਰੇ ਕੀ ਲਿਖੀਏ ? ਇਹ ਪਰਚਾ ਕੁਲ ਗਿਣਤੀ ਵਿਚ ਹੀ ਛਾਪਿਆ ਜਾਂਦਾ। ਪਿੰਡਾਂ ਦੀਆਂ ਸੱਥਾਂ ਵਿਚ ਇਕ ਬੰਦਾ ਖੜ੍ਹਾ ਹੋ ਕੇ ਹਾਜ਼ਰ ਇਕੱਠ ਨੂੰ ਇਹ ਪੜ੍ਹ ਕੇ ਸੁਣਾਉਂਦਾ । ਯੋਗ ਥਾਵਾਂ ‘ਤੇ ਇਹ ਪਰਚੇ ਕੰਧਾਂ ‘ਤੇ ਚਿਪਕਾਏ ਵੀ ਜਾਂਦੇ । ਪਰ ਝੋਲੀ ਚੁੱਕ ਤੁਰੰਤ ਕੰਧਾਂ ਤੋਂ ਲਾਹ ਕੇ ਪੁਲਿਸ ਨੂੰ ਪਹੁੰਚਾਉਣਾ ਆਪਣਾ ਫਰਜ਼ ਸਮਝਦੇ। ਕੰਧਾਂ ਤੋਂ ਲਾਹੇ ਪਰਚੇ ਪੁਲਿਸ ਨੇ ਬੱਬਰਾਂ ਵਿਰੁੱਧ ਅਦਾਲਤ ਵਿਚ ਪੇਸ਼ ਕੀਤੇ।

ਬੱਬਰ ਲਹਿਰ ਸ਼ੁਰੂ ਹੋਣ ਸਮੇਂ ਸਾਰੇ ਬੱਬਰ ਇਕ ਦੂਜੇ ਤੋਂ ਵਾਕਫ਼ ਹੀ ਨਹੀਂ ਸਨ । ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਬਿਨਿੰਗ (ਨੇੜੇ ਜਲੰਧਰ ਛਾਉਣੀ) ਦਾ ਚੱਕਰਵਰਤੀ ਜਥਾ ਜਲੰਧਰ ਤੋਂ ਹੁਸ਼ਿਆਰਪੁਰ ਵਲ ਦੇ ਇਲਾਕੇ ਵਿਚ ਕਾਰਵਾਈਆਂ ਕਰਦਾ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਦਾ ਜਥਾ ਨਵਾਂ ਸ਼ਹਿਰ ਅਤੇ ਗੜਸ਼ੰਕਰ ਦੇ ਇਲਾਕੇ ਵਿਚ ਕਾਰਵਾਈਆਂ ਕਰਦਾ ਸੀ। ਬੱਬਰ ਕਰਮ ਸਿੰਘ ਝਿੰਗੜ ਨੇ ਉੱਦਮ ਕਰਕੇ ਦੋਨਾਂ ਜਥਿਆਂ ਦਾ ਮੇਲ ਕਰਵਾ ਦਿੱਤਾ ਅਤੇ ਫੇਰ ਸਾਰੇ ਦੁਆਬੇ ਵਿਚ ਇਕ ਹੀ ਬੱਬਰ ਅਕਾਲੀ ਜਥਾ ਕਾਰਵਾਈਆਂ ਕਰਦਾ ਰਿਹਾ। ਬੱਬਰ ਕਰਮ ਸਿੰਘ ਦੌਲਤਪੁਰ ਗ਼ਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਸੰਨ 1914 ਵਿਚ ਪੰਜਾਬ ਪਰਤੇ ਸਨ। ਕਈ ਸਾਲ ਜੂਹ ਬੰਦ ਰਹੇ। ਸੰਨ 1921 ਵਿਚ ਨਨਕਾਣਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ। ਬੱਬਰਾਂ ਨੇ ਆਪਣੀ ਪ੍ਰੈੱਸ ਜਿਸ ਨਾਲ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਸੀ, ਦਾ ਪਹਿਲਾ ਨਾਂਅ ਸਫਰੀ ਪ੍ਰੈਸ ਅਤੇ ਫਿਰ ਉਡਾਰੂ ਪ੍ਰੈਸ ਰੱਖਿਆ। ਇਹ ਡੁਪਲੀਕੇਟਿੰਗ ਮਸ਼ੀਨ ਘੋੜੀ ‘ਤੇ ਰੱਖ ਕੇ ਗਾਹੇ ਬਗਾਹੇ ਹੋਰ ਤੋਂ ਹੋਰ ਟਿਕਾਣੇ ਪਹੁੰਚਾਉਂਦੇ। ਕਦੇ ਇਹ ਪਿੰਡ ਰਾਜੋਵਾਲ, ਕਦੇ ਫਤੇਹਪੁਰ ਕੋਠੀ, ਕਦੇ ਕਿਸੇ ਹੋਰ ਪਿੰਡ ਲੈ ਜਾਂਦੇ। ਬੱਬਰਾਂ ਨੇ ਕੁਝ ਕੁ ਨਾਮੀਂ ਝੋਲੀ ਚੁੱਕ ਜੈਲਦਾਰ ਰਾਣੀ ਥੂਹਾ, ਗੇਂਦਾ ਸਿੰਘ ਸੂਬੇਦਾਰ ਘੁੜਿਆਲ, ਨੰਗਲ ਸ਼ਾਮਾ ਦੇ ਬੂਟਾ ਸਿੰਘ ਲੰਬੜਦਾਰ ਦੇ ਕਤਲ ਕਰਕੇ ਦੁਆਬੇ ਵਿਚ ਅੰਗਰੇਜ਼ ਸਰਕਾਰ ਦੀ ਮਸ਼ੀਨਰੀ ਫੈਲ ਕਰ ਦਿੱਤੀ। ਪਿੰਡਾਂ ਦੇ ਲੰਬੜਦਾਰ, ਜੈਲਦਾਰ, ਪਟਵਾਰੀ ਆਦਿ ਸਰਕਾਰੀ ਮਸ਼ੀਨਰੀ ਦੇ ਅਹਿਮ ਪੁਰਜ਼ੇ ਸਨ। ਉਹ ਐਨੇ ਭੈਭੀਤ ਹੋ ਗਏ ਕਿ ਬੱਬਰਾਂ ਵਿਰੁੱਧ ਜ਼ੁਬਾਨ ਖੋਲ੍ਹਣ ਤੋਂ ਵੀ ਡਰਦੇ । ਡਿਪਟੀ ਕਮਿਸ਼ਨਰ ਜਲੰਧਰ ਨੇ ਗਵਰਨਰ ਨੂੰ ਲਿਖਿਆ ਕਿ ਜ਼ੈਲਦਾਰ ਜਾਂ ਲੰਬੜਦਾਰ ਪਹਿਲਾਂ ਮੇਰੀ ਕੋਠੀ ਆ ਕੇ ਖੁੱਲ ਕੇ ਗੱਲਾਂ ਕਰਿਆ ਕਰਦੇ ਸਨ ਪਰ ਹੁਣ। ਸਹਿਮੇ ਹੋਏ ਆਉਂਦੇ ਹਨ ਤੇ ਪਹਿਲਾਂ ਆਲਾ ਦੁਆਲਾ ਦੇਖ ਕੇ ਮੇਰੇ ਕੰਨ ਵਿਚ ਖਬਰਾਂ ਦਸਦੇ ਹਨ ਕਿ ਕੋਈ ਹੋਰ ਨਾ ਸੁਣ ਲਵੇ। ਸਰਕਾਰ ਨੇ ਦੋ ਸੌ ਘੋੜਸਵਾਰਾਂ ਦੀ ਇਕ ਸਪੈਸ਼ਲ ਪੁਲਸ ਫੋਰਸ ਡਿਪਟੀ ਕਮਿਸ਼ਨਰ ਜਲੰਧਰ ਦੀ ਕਮਾਨ ਹੇਠ ਨਿਯੁਕਤ ਕਰ ਦਿੱਤੀ। ਇਸ ਵਿਚ ਤਕਰੀਬਨ ਸਾਰੇ ਹੀ ਮੁਸਲਮਾਨ ਸਨ ਤੇ ਇਹ ਪਿੰਡਾਂ ਵਿਚ ਗਸ਼ਤ ਕਰਦੇ ਸਮੇਂ ਐਵੇਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ । ਲੋਕਾਂ ਦੀ ਹਮਦਰਦੀ ਬੱਬਰਾਂ ਨਾਲ ਸੀ ਤੇ ਬੱਬਰ ਇਕ ਰਾਤ ਤੋਂ ਵੱਧ ਕਿਸੇ ਵੀ ਇਕ ਟਿਕਾਣੇ ‘ਤੇ ਨਹੀਂ ਠਹਿਰਦੇ ਸਨ । ਦੁਆਬੇ ਦੀ ਅੱਧੀ ਕੁ ਜ਼ਮੀਨ ਉਸ ਸਮੇਂ ਬੇਆਬਾਦ ਪਈ ਸੀ ਜਿਸ ਵਿਚ ਬੂਝੇ, ਨੜੇ ਅਤੇ ਦਰਖਤਾਂ ਦੀਆਂ ਝਿੜੀਆਂ ਸਨ, ਜੋ ਬੱਬਰਾਂ ਦੀਆਂ ਚੰਗੀਆਂ ਛੁਪਣਗਾਹਾਂ ਸਨ । ਕਈ ਵਾਰੀ ਬੱਬਰ ਵਾਰਦਾਤ ਕਰਕੇ ਸ਼ਿਕਾਰੀਆਂ ਦੇ ਭੇਸ ਵਿਚ ਸ਼ਿਵਾਲਕ ਦੇ ਕੰਢੀ ਏਰੀਏ ਜੇਜੋ ਤੋਂ ਨੰਗਲ ਵਲ ਨੂੰ ਸੰਤੋਖਗੜ੍ਹ ਵਗੈਰਾ ਵਲ ਨਿਕਲ ਜਾਂਦੇ। ਰੋਟੀ-ਪਾਣੀ ਦੀ ਸੇਵਾ ਪਿੰਡਾਂ ਦੇ ਲੋਕ ਕਰ ਦਿੰਦੇ।

ਗ਼ਦਰ ਲਹਿਰ ਦਾ ਬੱਬਰ ਅਕਾਲੀ ਲਹਿਰ 'ਤੇ ਪ੍ਰਭਾਵ | Gadar lehar da Babar Akali Lehar te Facts |

ਝੋਲੀ ਚੁੱਕਾਂ ਵਿਚੋਂ ਪਿੰਡ ਢੱਡਾ ਫਤਹਿ ਸਿੰਘ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਲਾਭ ਸਿੰਘ ਨੇ ਆਪਣੇ ਜਵਾਈ ਕਾਬਲ ਸਿੰਘ ਦੇ ਰਾਹੀਂ ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਆਪਣੇ ਘਰ ਬੁਲਾ ਕੇ ਗਿ੍ਫ਼ਤਾਰ ਕਰਵਾ ਦਿੱਤਾ । ਇਹ ਕਾਬਲ ਸਿੰਘ, ਬੱਬਰ ਕਿਸ਼ਨ ਸਿੰਘ ਗੜਗੱਜ ਦੇ ਚਾਚੇ ਦਾ ਪੁੱਤਰ ਸੀ। ਝੋਲੀ ਚੁੱਕ ਲਾਭ ਸਿੰਘ ਨੂੰ ਮਾਰਨ ਦੀਆਂ ਬੱਬਰਾਂ ਨੇ ਤਿੰਨ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬ ਨਾ ਹੋਏ। ਬੱਬਰ ਕਿਸ਼ਨ ਸਿੰਘ ਗੜਗੱਜ ਜਦੋਂ ਸਟੇਜਾਂ ਤੋਂ ਤਕਰੀਰਾਂ ਕਰਦਾ ਤਾਂ ਮੁਰਦਾ ਰੂਹਾਂ ਵਿਚ ਜਾਨ ਪਾ ਦਿੰਦਾ । ਉਸ ਦੀ ਗ੍ਰਿਫ਼ਤਾਰੀ ਨਾਲ ਲਹਿਰ ਨੂੰ ਇਕ ਵੱਡੀ ਸੱਟ ਵੱਜੀ। ਬੱਬਰ ਕਰਮ ਸਿੰਘ ਹੋਰੀਂ ਆਪਣੇ ਜਥੇ ਸਮੇਤ ਪਿੰਡੋਂ ਬਾਹਰ ਠਹਿਰੇ ਹੋਏ। ਸਨ। ਉਸ ਰਾਤ ਉਹਨਾਂ ਨੇ ਪਿੰਡ ਬਬੇਲੀ ਵਿਚ ਠਹਿਰਨਾ ਸੀ। ਗੱਦਾਰ ਅਨੂਪ ਸਿੰਘ ਦੇ ਚੇਹਰੇ ਦੇ ਹਾਵ ਭਾਵ ਤੋਂ ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਕੁਝ ਸ਼ੱਕ ਹੋਇਆ ਤੇ ਜਦੋਂ ਅਨੂਪ ਸਿੰਘ ਨੇ ਨਾਲ ਜਾਣ ਤੋਂ ਬਹਾਨਾ ਬਣਾਇਆ ਕਿ ਮੈਨੂੰ ਮਰੋੜ ਲੱਗੀਆਂ ਹੋਈਆਂ ਹਨ ਤੇ ਬਾਹਰ ਖੇਤਾਂ ਨੂੰ ਜਾਣਾ ਪੈਂਦਾ ਹੈ, ਮੈਨੂੰ ਇਥੇ ਡੁਮੋਲੀ ਹੀ ਰਹਿਣ ਦਿਓ ਮੈਂ ਆਪਣੀ ਭੂਆ ਦੇ ਘਰ ਰਹਿ ਲਵਾਂਗਾ। ਜਦੋਂ ਤੁਰਨ ਲੱਗੇ ਤਾਂ ਬੱਬਰ ਧੰਨਾ ਸਿੰਘ ਨੇ ਬੱਬਰ ਕਰਮ ਸਿੰਘ ਨੂੰ ਕਿਹਾ ਕਿ ਜਥੇਦਾਰ ਜੀ ਮੈਨੂੰ ਦਾਲ ਵਿਚ ਕੁਝ ਕਾਲਾ ਨਜ਼ਰ ਆਉਂਦਾ ਹੈ ਤੇ ਇਹ ਅਨੂਪ ਸਿੰਘ ਅੱਜ ਕੋਈ ਕਾਰਾ ਕਰੇਗਾ। ਬੱਬਰ ਕਰਮ ਸਿੰਘ ਬੋਲੇ, ” ਤੂੰ ਤੇ ਐਵੇਂ ਸ਼ੱਕ ਕਰਦਾ ਏਂ, ਅਨੂਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਕਸਮ ਖਾ ਕੇ ਜਥੇ ਦਾ ਵਫ਼ਾਦਾਰ ਰਹਿਣ ਅਤੇ ਆਪਣਾ ਧਰਮ-ਪਿਉ ਸਮਝਣ ਦਾ ਪ੍ਰਣ ਲਿਆ ਹੈ। ਉਹ ਸਾਡੇ ਨਾਲ ਧੋਖਾ ਨਹੀਂ ਕਰੇਗਾ।” ਬੱਬਰ ਧੰਨਾ ਸਿੰਘ ਨੇ ਫੇਰ ਕਿਹਾ ਕਿ ਅੱਜ ਦੀ ਰਾਤ ਅਨੂਪ ਸਿੰਘ ਨੂੰ ਦੱਸੇ ਟਿਕਾਣੇ ਭਾਰ ਬਬੇਲੀ ਨਾ ਜਾਈਏ ਪਰ ਬੱਬਰ ਕਰਮ ਸਿੰਘ ਨੇ ਕਿਹਾ ਕੁਝ ਨਹੀਂ ਹੁੰਦਾ। ਜਦੋਂ ਉਹ ਅਤੇ ਬਾਕੀ ਸਾਥੀ ਤੁਰ ਪਏ ਤਾਂ ਬੱਬਰ ਧੰਨਾ ਸਿੰਘ ਨੇ ਦਲੀਪ ਧਾਮੀਆ ਨੂੰ ਬਾਹੋਂ ਫੜ ਕੇ ਕਿਹਾ,

“ਚਲ, ਆਪਾਂ ਦੋਵੇਂ ਅਜ ਕਿਸੇ ਹੋਰ ਥਾਂ ਚਲਦੇ ਹਾਂ, ਇਹਨਾਂ ਦਾ ਧਰਮ ਪੁੱਤਰ ਇਹਨਾਂ ਨੂੰ ਜ਼ਰੂਰ ਅੱਜ ਧਰਮ ਰਾਜ ਕੋਲ ਪਹੁੰਚਾਵੇਗਾ।” ਸੋ, ਇਸੇ ਤਰ੍ਹਾਂ ਹੋਇਆ। ਅਨੂਪ ਸਿੰਘ ਨੇ ਪਿੰਡ ਮਾਣਕੇ ਜੋ ਡੁਮੇਲੀ ਤੋਂ ਛੇ ਕੁ ਮੀਲ ਉੱਤਰ ਵਲ ਹੈ, ਬੱਬਰਾਂ ਦੇ ਬਬੇਲੀ ਠਹਿਰਣ ਬਾਰੇ ਆਪਣੇ ਚਾਚੇ ਤੇ ਪੁੱਤ ਕੇਵਲ ਸਿੰਘ ਜੋ ਡੁਮੇਲੀ ਹੀ ਆਪਣੇ ਹਮ-ਜਮਾਤੀ ਕਾਲਜ ਪੜ੍ਹ ਦੇ ਦੋਸਤ ਨਰੰਜਣ ਸਿੰਘ ਰੁਮੇਲੀ ਕੋਲ ਆਇਆ ਸੀ, ਸੁਨੇਹਾ ਆਪਣੇ ਚਾਚੇ ਬੋਘ ਸਿੰਘ ਨੂੰ ਭੇਜ ਦਿੱਤਾ। ਇਹ ਬੋਘ ਸਿੰਘ ਪੁਲਿਸ ਦੀ ਸੀ.ਆਈ.ਡੀ. ਵਿਚ ਸੀ ਤੇ ਉਹ ਅੱਧੀ ਰਾਤ ਨੂੰ ਜਲੰਧਰ ਪਹੁੰਚ ਗਿਆ ਅਤੇ ਪੁਲਿਸ ਦੇ ਅਫ਼ਸਰ ਮਿਸਟਰ ਸਮਿਥ ਨੂੰ ਜਾਂ ਖ਼ਬਰ ਦਿੱਤੀ। ਜਿਸ ਨੇ ਤੜਕੇ ਹੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਸੁੱਤੇ ਪਏ ਨੂੰ ਜਗਾਇਆ। ਉਸਨੇ ਰਸਾਲੇ ਦੇ ਕਰਨਲ ਨੂੰ ਬਬੇਲੀ ਘੇਰਨ ਦਾ ਹੁਕਮ ਦੇ ਦਿੱਤਾ ਅਤੇ ਨਾਲੇ ਹੀ ਰਿਆਸਤ ਕਪੂਰਥਲਾ ਦੇ ਦੀਵਾਨ ਦੁਰਗਾਦਾਸ ਨੂੰ ਵੀ ਮੌਕੇ ‘ਤੇ ਪਹੁੰਚਣ ਦਾ ਹੁਕਮ ਦਿੱਤਾ । ਬਬੇਲੀ ਭਾਵੇਂ ਰਿਆਸਤ ਕਪੂਰਥਲਾ ਦਾ ਪਿੰਡ ਸੀ ਤੇ ਮਹਾਰਾਜਾ ਕਪੂਰਥਲਾ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਵੀ ਡਰਦਾ ਸੀ। ਗੱਦਾਰ ਅਨੂਪ ਸਿੰਘ ਤੜਕੇ ਹੀ ਬਬੇਲੀ ਜਾ ਪੁੱਜਾ । ਬੱਬਰ ਅਜੇ ਸੁੱਤੇ ਪਏ ਸਨ। ਉਸਨੇ ਬੱਬਰ ਕਰਮ ਸਿੰਘ ਦਾ ਝੋਲਾ ਖਿਸਕਾ ਲਿਆ ਜਿਸ ਵਿਚ ਦੋ ਬੰਬ ਸਨ ਤੇ ਉਦੈ ਸਿੰਘ ਦੀ ਸ਼ਾਟ ਗੰਨ ਵੀ ਖਰਾਬ ਕਰ ਦਿੱਤੀ । ਬੱਬਰ ਕਰਮ ਸਿੰਘ ਇਕ ਬੰਦੂਕ ਆਪਣੀ ਛਾਤੀ ਨਾਲ ਲਾ ਕੇ ਸੁੱਤਾ ਪਿਆ ਸੀ ਜੋ ਇਹ ਗਦਾਰ ਖਿਸਕਾ ਨਾ ਸਕਿਆ। ਬੱਬਰਾਂ ਨੇ ਉੱਠ ਕੇ ਦੇਖਿਆ ਕਿ ਉਹ ਘੇਰੇ ਗਏ ਹਨ ਤਾਂ ਉਹ ਪਿੰਡੋਂ ਬਾਹਰ ਗੁਰਦੁਆਰਾ ਸਾਹਿਬ ਵਲ ਨੂੰ ਦੌੜ ਪਏ ਜੋ ਚੋ ਦੇ ਦੂਜੇ ਪਾਸੇ ਸੀ । ਬੱਬਰਾਂ ਕੋਲ ਕਿਰਪਾਨਾਂ ਹੀ ਸਨ। ਬੱਬਰ ਕਰਮ ਸਿੰਘ ਨੇ ਆਪਣੀ ਬੰਦੂਕ ਨਾਲ ਮਿਸਟਰ ਸਮਿਥ ‘ਤੇ ਫਾਇਰ ਕੀਤਾ ਪਰ ਗੋਲੀ ਉਸਨੂੰ ਨਾ ਲੱਗੀ ਤੇ ਉਸਨੇ ਆਪਣੀ 303 ਪੱਕੀ ਰਾਈਫਲ ਨਾਲ ਗੋਲੀ ਚਲਾਈ ਜੋ ਬੱਬਰ ਕਰਮ ਸਿੰਘ ਦੇ ਮੱਥੇ ਵਿਚ ਲੱਗੀ। ਚਾਰੇ ਬੱਬਰ ਜੋ ਇਥੇ ਸ਼ਹੀਦ ਹੋਏ, ਉਹ ਸਨ: ਬੱਬਰ ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ ਮਾਗਟਾਂ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਅਤੇ ਉਦੈ ਸਿੰਘ ਰਾਮਗੜ ਬੁੰਗੀਆਂ। ਇਕ ਸਾਕਾ 1 ਸਤੰਬਰ 1923 ਨੂੰ ਵਾਪਰਿਆ ਤੇ ਇਸ ਨਾਲ ਬੱਬਰ ਅਕਾਲੀ ਲਹਿਰ ਦਾ ਲੱਕ ਟੁੱਟ ਗਿਆ। ਹੁਣ ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪਾ ਧਾਮੀਆ ਨੂੰ ਗ੍ਰਿਫਤਾਰ ਕਰਾਉਣ ਲਈ ਗ਼ਦਰ ਲਹਿਰ ਦਾ ਵਿਲੇਨ (ਖਲਨਾਇਕ) ਬੇਲਾ ਸਿੰਘ ਜਿਆਣ ਵੀ ਵੈਨਕੂਵਰ ਤੋਂ ਪੰਜਾਬ ਆ ਚੁੱਕਾ ਸੀ । ਧੰਨਾ ਸਿੰਘ ਦੇ ਉਸਦੇ ਪਿੰਡ ਦੇ ਨੰਬਰਦਾਰ ਹਜਾਰਾ ਸਿੰਘ ਨੇ ਵਾਰੰਟ ਜਾਰੀ ਕਰਵਾ ਰੱਖੇ ਸਨ । ਉਹ ਵਾਰੰਟ ਕੈਂਸਲ ਕਰਾਉਣ ਲਈ ਧੰਨਾ ਸਿੰਘ ਨੇ ਬੇਲਾ ਸਿੰਘ ਦੇ ਕਿਸੇ ਰਿਸ਼ਤੇਦਾਰ ਰਾਹੀਂ ਉਸ ਤਕ ਪਹੁੰਚ ਕੀਤੀ। ਬੇਲਾ ਸਿੰਘ ਕਨੇਡਾ ਦੀ ਤਰ੍ਹਾਂ ਇਥੇ ਦੇ ਪੁਲਿਸ ਅਫ਼ਸਰਾਂ ਨਾਲ ਮੇਲ ਮਿਲਾਪ ਰਖਦਾ ਸੀ। ਬੇਲਾ ਸਿੰਘ ਦੇ ਭਰਾ ਜੁਆਲਾ ਸਿੰਘ ਨੇ ਧੰਨਾ ਸਿੰਘ ਨੂੰ ਯਕੀਨ ਦੁਆਇਆ ਕਿ ਮੈਂ ਅਤੇ ਮੇਰਾ ਭਰਾ ਬੱਬਰਾਂ ਦੀ ਹਰ ਤਰ੍ਹਾਂ ਮਦਦ ਕਰਾਂਗੇ ਤੇ ਜਿਆਣ ਦੇ ਗੁਰਦੁਆਰੇ ਸਵਾ ਪੰਜ ਰੁਪਏ ਦੀ ਦੇਗ ਕਰਵਾ ਕੇ ਸੰਤ ਹਰੀ ਸਿੰਘ ਹੁਰਾਂ ਤੋਂ ਅਰਦਾਸ ਕਰਵਾਈ ਕਿ ਮੇਰਾ ਭਰਾ ਕਨੇਡਾ ਵਿਚ ਗ਼ਦਰੀਆਂ ਨੂੰ ਫੜ੍ਹਾ ਕੇ ਜੋ ਕਲੰਕ ਖੱਟ ਚੁੱਕਾ ਹੈ, ਬੱਬਰਾਂ ਦੀ ਸਹਾਇਤਾ ਕਰਕੇ ਉਸਨੂੰ ਧੋਣਾ ਚਾਹੁੰਦਾ ਹੈ। ਧੰਨਾ ਸਿੰਘ ਨੇ ਉਸਦੀ ਗੁਰੂ ਗ੍ਰੰਥ ਸਾਹਿਬ ਅੱਗੇ ਕੀਤੀ ਅਰਦਾਸ ‘ਤੇ ਯਕੀਨ ਕਰ ਲਿਆ । ਜੁਆਲਾ ਸਿੰਘ ਨੇ ਸਕੀਮ ਬਣਾਈ ਕਿ ਪਹਿਲਾਂ ਇਕੱਲੇ ਦਲੀਪੇ ਨੂੰ ਉਹ ਆਪਣੀ ਚੱਕ ਨੰ. 96 ਜ਼ਿਲ੍ਹਾ ਮੁਲਤਾਨ ਵਾਲੀ ਜ਼ਮੀਨ ਦੀ ਦੇਖ ਭਾਲ ਲਈ ਛੱਡ ਆਵੇਗਾ ਤੇ ਟਿਕ ਟਿਕਾਅ ਹੋਣ ‘ਤੇ ਧੰਨਾ ਸਿੰਘ ਨੂੰ ਉਧਰ ਲੈ ਜਾਵੇਗਾ । ਉਧਰ ਤੁਹਾਨੂੰ ਕੋਈ ਨਹੀਂ ਜਾਣਦਾ ਪਛਾਣਦਾ। ਦੇ ਹਫ਼ਤੇ ਦਾ ਸਫ਼ਰ ਗੱਡੇ ਤੋਂ ਤੈਅ ਕਰਕੇ ਜੁਆਲਾ ਸਿੰਘ ਅਤੇ ਦਲੀਪਾ ਚੱਕ ਨੰ. 96 ਪਹੁੰਚੇ। ਇਹ ਪਿੰਡ ਮੀਆਂ ਚਨੂੰ ਮੰਡੀ ਤੋਂ ਤਿੰਨ ਚਾਰ ਮੀਲ ਸੀ । ਕੁਝ ਦਿਨਾਂ ਬਾਅਦ ਬੇਲਾ ਸਿੰਘ ਨੇ ਮਾਹਲਪੁਰ ਦੇ ਥਾਣੇਦਾਰ ਗੁਲਜ਼ਾਰ ਸਿੰਘ ਨੂੰ ਉਧਰ ਭੇਜ ਦਿੱਤਾ ਕਿ ਜਾ ਕੇ ਦਲੀਪੇ ਨੂੰ ਗ੍ਰਿਫ਼ਤਾਰ ਕਰ ਲਵੇ। ਗੁਲਜ਼ਾਰ ਸਿੰਘ ਥਾਣੇਦਾਰ ਆਪਣੇ ਨਾਲ ਹੌਲਦਾਰ ਹਮੀਰ ਸਿੰਘ ਨੂੰ ਲੈ ਕੇ ਮੀਆਂ ਚਨੂੰ ਪਹੁੰਚਿਆ ਤੇ ਉਥੋਂ ਹਮੀਰ ਸਿੰਘ ਨੂੰ ਚੱਕ ਨੰ.96 ਜੁਆਲਾ ਸਿੰਘ ਪਾਸ ਭੇਜਿਆ ਕਿ ਦਲੀਪੇ ਨੂੰ ਲੈ ਕੇ ਮੀਆਂ ਚਨੂੰ ਆ ਜਾਵੇ । ਜੁਆਲਾ ਸਿੰਘ ਕਿਸੇ ਬਹਾਨੇ ਨਾਲ ਦਲੀਪੇ ਨੂੰ ਮੀਆਂ ਚਨੂੰ ਲੈ ਗਿਆ, ਦੋਨੋਂ ਜਣੇ ਰੇਲੂ ਬਿਉਰ ਦੇ ਢਾਬੇ ‘ਤੇ ਖਾਣਾ ਖਾਂਦਿਆਂ ਨੂੰ ਥਾਣੇਦਾਰ ਨੇ ਗ੍ਰਿਫਤਾਰ ਕਰ ਲਿਆ। ਦੋਨਾਂ ਦੇ ਹੱਥਕੜੀਆਂ ਲਾ ਕੇ ਮੁਲਤਾਨ ਲੈ ਗਏ ਅਤੇ ਜੁਆਲਾ ਸਿੰਘ ਨੂੰ ਛੱਡ ਦਿੱਤਾ। ਦੁਆਬੇ ਵਲ ਆ ਕੇ ਜੁਆਲਾ ਸਿੰਘ ਨੇ ਧੰਨਾ ਸਿੰਘ ਨੂੰ ਆਖਿਆ ਕਿ ਦਲੀਪਾ ਬੜੇ ਮਜ਼ੇ ਵਿਚ ਹੈ ਤੇ ਤੈਨੂੰ ਵੀ ਚਾਹੁੰਦਾ ਹੈ ਕਿ ਤੂੰ ਵੀ ਚੱਕ ਨੰ.96 ਚਲੇ ਚੱਲ। ਉਹ ਧੰਨਾ ਸਿੰਘ ਨੂੰ ਆਪਣੇ ਪਿੰਡ ਜਿਆਣ ਲੈ ਆਇਆ ਤੇ ਰਾਤ ਉਸ ਆਪਣੇ ਕਮਾਦ ਦੇ ਖੇਤ ਵਿਚ ਠਹਿਰਾ ਕੇ ਆਪ ਪੁਲਸ ਕਪਤਾਨ ਮਿਸਟਰ ਹਾਰਟਨ ਦੱਸਿਆ ਕਿ ਉਹ ਧੰਨਾ ਸਿੰਘ ਨੂੰ ਵੀ ਚੱਕ ਨੰ. 96 ਲੈ ਜਾ ਰਿਹਾ ਹੈ ਤਾਂ ਮਿਸਟਰ ਹਾਰਟਨ ਨੇ। ਕਿਹਾ ਕਿ ਉਹ ਉਸਨੂੰ ਆਪਣੇ ਜ਼ਿਲ੍ਹੇ ਵਿਚ ਹੀ ਗ੍ਰਿਤਾਰ ਕਰਨਾ ਚਾਹੁੰਦਾ ਹੈ। ਨਾਲੇ ਤੈ ਕਰ ਲਿਆ ਕਿ ਕੱਲ ਰਾਤ ਨੂੰ ਉਹ ਧੰਨਾ ਸਿੰਘ ਨੂੰ ਆਪਣੇ ਰਿਸ਼ਤੇਦਾਰ ਕਰਮ ਸਿੰਘ ਮੰਨਣਹਾਨੇ ਦੇ ਵਾੜੇ ਲੈ ਜਾਵੇਗਾ । ਧੰਨਾ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਜਿਉਂਦਾ ਪੁਲਿਸ ਦੇ ਹੱਥ ਨਹੀਂ ਆਵੇਗਾ ਤੇ ਆਪਣੀ ਜੇਬ ਵਿਚ ਬੰਬ ਲੁਕੋ ਕੇ ਰੱਖਦਾ ਸੀ, ਜੋ ਕੂਹਣੀ ਮਾਰਨ ‘ਤੇ ਫਟ ਸਕਦਾ ਸੀ। ਮਿਸਟਰ ਹਾਰਟਨ ਪੁਲਿਸ ਕਪਤਾਨ ਅਤੇ ਜੈਨਕਿਨ ਉਪ ਪੁਲਿਸ ਕਪਤਾਨ ਮਾਹਲਪੁਰ ਦੇ ਥਾਣੇਦਾਰ ਗੁਲਜ਼ਾਰ ਸਿੰਘ ਅਤੇ 50 ਦੇ ਕਰੀਬ ਹੋਰ ਪੁਲਿਸ ਸਿਪਾਹੀ ਲੈ ਕੇ ਮੰਨਣਹਾਨੇ ਪਹੁੰਚ ਗਏ । ਉਹਨਾਂ ਦੀ ਪੈਛਲ ਸੁਣ ਕੇ ਇਕ ਆਦਮੀ ਪਹਿਲਾਂ ਪਿੰਡ ਵਲ ਦੌੜਿਆ ਜੋ ਜੁਆਲਾ ਸਿੰਘ ਸੀ ਤੇ ਫੇਰ ਦੂਜਾ ਦੌੜਿਆ ਜੋ ਕਿ ਕਰਮ ਸਿੰਘ ਸੀ । ਜਦੋਂ ਧੰਨਾ ਸਿੰਘ ਦੌੜਨ ਲੱਗਾ ਤਾਂ ਠੇਡਾ ਖਾ ਕੇ ਡਿੱਗ ਪਿਆ ਅਤੇ ਪੁਲਿਸ ਵਾਲੇ ਉਸ ਨਾਲ ਗੁੱਥਮ ਗੁੱਥਾ ਹੋ ਗਏ ਅਤੇ ਉਸਦੇ ਹੱਥਕੜੀ ਲਾ ਲਈ । ਧੰਨਾ ਸਿੰਘ ਜ਼ਮੀਨ ‘ਤੇ ਬੈਠ ਗਿਆ। ਉਸਦਾ ਰਿਵਾਲਵਰ ਤਾਂ ਉਸ ਦੇ ਗਲੋਂ ਲਾਹ ਲਿਆ ਪਰ ਧੰਨਾ ਸਿੰਘ ਨੇ ਹੱਥਕੜੀ ਦੀ ਜੰਜ਼ੀਰ ਐਨੇ ਜ਼ੋਰ ਨਾਲ ਖਿੱਚੀ ਅਤੇ ਉਹ ਬੰਬ ਵਿਚ ਇਸ ਤਰ੍ਹਾਂ ਦਬਾਈ ਕਿ ਬੰਬ ਇਕ ਜ਼ਬਰਦਸਤ ਧਮਾਕੇ ਨਾਲ ਫਟ ਗਿਆ ਤੇ ਬੱਬਰ ਦਾ ਅੱਧਾ ਪਾਸਾ ਉਡ ਗਿਆ । ਪੰਜ ਬੰਦੇ ਧੰਨਾ ਸਿੰਘ ਦੇ ਨਾਲ ਹੀ ਤੂੰਬੇ ਤੂੰਬੇ ਹੋ ਕੇ ਉਡ ਗਏ। ਉਹ ਸਨ ਮੁਲਤਾਨ ਅਲੀ ਹੈਡ ਕਾਂਸਟੇਬਲ, ਗੁਲਾਮ ਰਸੂਲ, ਦਫੈਦਾਰ ਵਰਿਆਮਾ, ਬਸੰਤ ਸਿੰਘ ਅਤੇ ਸਿਰੀ ਰਾਮ (ਤਿੰਨੇ ਸਿਪਾਹੀ)। ਮਿਸਟਰ ਹਾਰਟਨ ਅਤੇ ਜੈਨਕਿਨ ਜ਼ਖਮੀ ਹੋਏ । ਮੁਦਰੀ ਖਾਂ ਸਿਪਾਹੀ ਵੀ ਜ਼ਖਮੀ ਹੋਇਆ ਪਰ ਥੋੜ੍ਹੀ ਦੇਰ ਬਾਅਦ ਮਰ ਗਿਆ। ਮਿ. ਹਾਰਟਨ ਵੀ ਹਸਪਤਾਲ ਬਹੁਤ ਦੇਰ ਜ਼ੇਰੇ ਇਲਾਜ ਰਿਹਾ ਪਰ ਬਚ ਨਾ ਸਕਿਆ। ਮਿ.ਜੈਨਕਿਨ ਦੀਆਂ ਦੋਨੇ ਲੱਤਾਂ ਪੈਰਾਂ ਕੋਲੋਂ ਕੱਟੀਆਂ ਗਈਆਂ। ਥਾਣੇਦਾਰ ਗੁਲਜ਼ਾਰ ਸਿੰਘ ਵੀ ਜ਼ਖਮੀ ਹੋਇਆ ਪਰ ਬਚ ਗਿਆ । ਬੱਬਰਾਂ ਦੇ ਕਾਰਨਾਮਿਆਂ ਨੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਮੁੱਖ ਤੌਰ ‘ਤੇ ਇਹ ਲਹਿਰ ਦੁਆਬੇ ਤਕ ਹੀ ਸੀਮਤ ਰਹੀ। ਜੇਕਰ ਸਾਰੇ ਪੰਜਾਬ ਵਿਚ ਫੈਲ ਜਾਂਦੀ ਤਾਂ ਅੰਗਰੇਜ਼ ਸਰਕਾਰ ਦਾ ਬਿਸਤਰਾ ਗੋਲ ਛੇਤੀ ਹੋ ਜਾਂਦਾ।

ਪਿੰਡ ਬੰਦਾ ਸਿੰਘ ਬਹਾਦਰ ਨਗਰ

ਡਾ. ਕਾਲਰਾ, ਜ਼ਿਲ੍ਹਾ ਜਲੰਧਰ

(ਪੰਜਾਬ, ਭਾਰਤ)

 

 

 

 

 

Credit – *ਵਾਸਦੇਵ ਸਿੰਘ ਪਰਹਾਰ

Leave a comment

error: Content is protected !!