ਗ਼ਦਰੀ ਬਾਬੇ ਕੌਣ ਸਨ ? ਅਨਮਤੀਆਂ ਦੇ ਕੂੜ ਦਾਅਵਿਆਂ ਦਾ ਖੰਡਨ

ਗ਼ਦਰੀ ਬਾਬਿਆਂ ਦੀ ਪ੍ਰੇਰਨਾ ਸਿੱਖੀ ਦੀ ਵਿਰਾਸਤ ਸੀ (ਇਕ ਖੁੱਲ੍ਹੀ ਗੱਲਬਾਤ)

Contents hide
5 ਗ਼ਦਰ ਲਹਿਰ ਦੀ ਇਤਿਹਾਸਕਾਰੀ ਦਾ ਸੱਚ ਤੇ ਕੱਚ

? ਸਿੱਖ ਸੰਘਰਸ਼ ਬਾਰੇ ਤੁਹਾਡੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਦੇ ਸੰਘਰਸ਼ ਨੂੰ ਅਧਿਐਨ ਦਾ ਹਿੱਸਾ ਬਣਾਇਆ ਗਿਆ ਹੈ। 20ਵੀਂ ਸਦੀ ਵਿਚ ਤਕਰੀਬਨ ਚਾਰ ਵਾਰ ਹਥਿਆਰਬੰਦ ਵਿਰੋਧ ਉਠਿਆ ਤੇ 1947 ਅਤੇ 1984 ਦੇ ਵੱਡੇ ਸਾਕੇ ਵਾਪਰੇ । ਇਹਨਾਂ ਸਾਰਿਆਂ ਨਾਲ ਸਿੱਖਾਂ ਦਾ ਸਿੱਧਾ ਸੰਬੰਧ ਜੁੜਦਾ ਹੈ। ਗ਼ਦਰ ਲਹਿਰ 20ਵੀਂ ਸਦੀ ਦੀ ਪਹਿਲੀ ਲਹਿਰ ਸੀ, ਤੁਸੀਂ ਸਿੱਖ ਸੰਘਰਸ਼ ਅਤੇ ਗ਼ਦਰ ਲਹਿਰ ਵਿਚ ਕਿਸ ਤਰ੍ਹਾਂ ਦਾ ਸੰਬੰਧ ਸਮਝਦੇ ਹੋ ?

ਬਹੁਤ ਅਹਿਮ ਮੁੱਦੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਕੁਝ ਨੁਕਤੇ ਸਾਫ਼ ਹੋਣੇ ਚਾਹੀਦੇ ਹਨ, ਤਾਂ ਹੀ ਕੁਝ ਠੀਕ ਗੱਲ ਬਾਤ ਹੋ ਸਕਦੀ ਹੈ। ਪਹਿਲਾ ਨੁਕਤਾ ਕਿ ਗੱਲ ਸਮਝਣ ਦਾ ਤਰੀਕਾ ਕੀ ਹੋਵੇ ? ਸਾਡੇ ਕੋਲ ਗੱਲ ਨੂੰ ਸਮਝਣ ਦੇ ਦੋ ਤਰੀਕੇ ਹੋ ਸਕਦੇ ਨੇ: ਇਕ ਪਹਿਲਾਂ ਤੋਂ ਤੈਅ ਹੋ ਚੁੱਕਿਆ ਤਰੀਕਾ ਜੋ ਅਕਸਰ ਗਾਲਬ ਧਿਰ ਦਾ ਹੁੰਦਾ ਹੈ। ਸਾਡੇ ਇਥੇ ਲੋਕਤੰਤਰੀ ਢਾਂਚੇ ਦੇ ਨਾਂ ਹੇਠ ਇਕਸਾਰਵਾਦੀ (unitarian) ਬ੍ਰਾਹਮਣੀ ਨਿਜ਼ਾਮ ਦੀਆਂ ਬੁਨਿਆਦੀ ਮਾਨਤਾਵਾਂ ਦਾ ਚੌਖਟਾ ਲਾਗੂ ਹੈ। ਇਸ ਵਿਚ ਭਾਰਤੀ ਰਾਸ਼ਟਰਵਾਦ ਅੰਤਮ ਸੱਚ ਹੈ। ਧਰਮ, ਨਿਆਂ, ਕਾਨੂੰਨ ਅਤੇ ਕੌਮ ਆਦਿ ਸਭ ਚੀਜ਼ਾਂ ਦੇ ਅਰਥ ਇਸੇ ਬੁਨਿਆਦੀ ਸੇਧ ਨਾਲ ਘੜੇ, ਉਸਾਰੇ, ਪ੍ਰਚਾਰੇ ਤੇ ਮਨਵਾਏ ਜਾਂਦੇ ਹਨ। ਸਿੱਖ ਸੰਘਰਸ਼ ਤੇ ਗ਼ਦਰ ਲਹਿਰ ਬਾਰੇ ਹੁਣ ਤਕ ਇਸੇ ਨੁਕਤੇ ਤੋਂ ਵਿਚਾਰਿਆ ਤੇ ਲਿਖਿਆ ਗਿਆ ਹੈ। ਦੂਜਾ ਤਰੀਕਾ ਕਿਸੇ ਮਹਿਕੂਮ ਜਾਂ ਲੜ ਰਹੀ ਧਿਰ ਦਾ ਹੁੰਦਾ ਹੈ। ਇਹ ਤੁਹਾਡਾ ਆਪਣਾ ਸਿੱਖਾਂ ਵਾਲਾ ਹੋ ਸਕਦਾ ਹੈ, ਜਿਥੋਂ ਤੁਸੀਂ ਸਿੱਖ ਦ੍ਰਿਸ਼ਟੀਕੋਣ ਤੋਂ ਅਤੇ ਆਪਣੇ ਵਿਰਸੇ ਦੀਆਂ ਲੀਹਾਂ ਮੁਤਾਬਕ ਚੀਜ਼ਾਂ, ਘਟਨਾਵਾਂ ਅਤੇ ਵਰਤਾਰਿਆਂ ਦੇ ਸੱਚ-ਝੂਠ ਨੂੰ ਨਿਤਾਰ ਸਕਦੇ ਹੈ। ਪਰ ਇਹ ਗੱਲ ਕਹਿਣ-ਸੁਣਨ ਨੂੰ ਜਿੰਨੀ ਸੌਖੀ ਲੱਗਦੀ ਐ, ਕਰਨ ਵੇਲੇ ਐਨ ਓਦੂੰ ਉਲਟ ਵਾਪਰਦਾ ਹੈ, ਕਿਉਂਕਿ ਗਾਲਬ ਧਿਰ ਨੇ ਆਪਣਾ ਸੱਚ ਫੈਲਾਅ ਲਿਆ ਹੁੰਦੈ। ਭਾਰੂ ਰੁਝਾਣ ਦੇ ਖ਼ਿਲਾਫ਼ ਲੀਹ ਪਾੜ ਕੇ ਚੱਲਣਾ ਸੌਖਾ ਨਹੀਂ ਹੁੰਦਾ। ਸਾਡੇ ਕੋਲ ਉਸ ਤਰ੍ਹਾਂ ਦੇ ਬਣੇ ਬਣਾਏ ਚੌਖਟੇ ਨਹੀਂ ਕਿ ਗੱਲਾਂ ਨੂੰ ਸਾਂਚੇ ਵਾਂਗ ਕੱਟ ਵੱਢ ਕੇ, ਮੈਚ ਕਰਕੇ ਤਿਆਰ ਕਰੀ ਜਾਓ । ਭਾਵ ਤੁਹਾਨੂੰ ਆਪਣਾ ਤਰੀਕਾ ਤੈਅ ਕਰਨਾ ਪੈਂਦਾ ਹੈ ।

? (ਟੋਕ ਕੇ) ਤੁਹਾਡਾ ਮਤਲਬ ਸਿੱਖਾਂ ਦਾ ਆਪਣਾ ਪਰਖ ਪੜਚੋਲ ਦਾ ਕੋਈ ਢੰਗ ਤਰੀਕਾ ਨਹੀਂ ਏ ?

ਨਹੀਂ ਨਹੀਂ, ਇਸ ਤਰ੍ਹਾਂ ਨਹੀਂ। ਇਹ ਗੱਲ ਤਾਂ ਤੁਸੀਂ ਕਿਸੇ ਬਾਰੇ ਵੀ ਨਹੀਂ ਕਹਿ ਸਕਦੇ ਕਿ ਫਲਾਣੇ ਕਬੀਲੇ, ਕੌਮ ਜਾਂ ਸਮਾਜ ਦੀ ਕੋਈ ਵਿਚਾਰਧਾਰਾ ਨਹੀਂ ਹੈ ਜਾਂ ਉਹਨਾਂ ਦਾ ਨਿਰਖਣ-ਪਰਖਣ ਦਾ ਕੋਈ ਢੰਗ ਤਰੀਕਾ ਨਹੀਂ ਹੈ। ਇਹ ਕਹਿਣਾ ਨਾ ਸਿਰਫ਼ ਗੱਲ- ਬਾਤ ਨੂੰ ਨਕਾਰਨ ਵਾਲਾ ਤਰੀਕਾ ਹੈ, ਸਗੋਂ ਅਗਲੇ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ। ਹੋਣ ਦਾ ਜਾਂ ਇਸ ਤੋਂ ਵੀ ਵੱਧ ਅਗਲੇ ਨਾਲ ਨਫ਼ਰਤ ਕਰਨ ਵਾਲਾ ਹੈ। ਤਰੀਕੇ ਹਮੇਸ਼ਾ ਜੀਵੰਤ ਹੁੰਦੇ ਨੇ। ਇਹ ਪੱਕੇ ਪਕਾਏ ਸਾਂਚੇ ਵਰਗੇ ਤਰੀਕੇ ਦਾ ਰੌਲਾ ਹਕੂਮਤੀ ਧਿਰ ਜਾਂ ਫਿਰ ਮਾਰਕਸ ਦਾ ਨਾਂ ਵਰਤਣ ਵਾਲੇ ਲੋਕਾਂ ਨੇ ਪਾਇਐ, ਜਿਹੜਾ ਹਾਕਮਾਂ ਨੂੰ ਠੀਕ ਬੈਠਦਾ ਏ।

ਸਾਡੇ ਸਭ ਤੋਂ ਵੱਡੀ ਗੜਬੜ ਈ ਇਹ ਹੋਈ ਕਿ ਸਾਡੇ ਲੋਕਾਂ ਨੇ, ਖ਼ਾਸ ਕਰਕੇ ਪੜ੍ਹਿਆਂ ਹੋਇਆਂ ਨੇ ਅੰਗਰੇਜ਼ਾਂ ਕੋਲੋਂ ਇਹ ਮੰਨ ਲਿਆ ਕਿ ਸਾਡੇ ਕੋਲ ਆਪਣਾ ਇਸ ਤਰ੍ਹਾਂ ਦਾ ਪੱਕੇ ਸਾਂਚੇ ਵਰਗਾ ਕੁਝ ਨਹੀਂ ਹੈ। ਇਹ ਜਿਹੜਾ ਹੀਣਤਾ ਦਾ ਪਾਠ ਸਿੱਖਿਐ, ਇਹਦੇ ਅਸਰ ਹੇਠ ਉਹਨਾਂ ਨੇ ਆਪਣੀ ਅਗਲੀ ਨਸਲ ਨੂੰ ਇਹ ਗੱਲ ਸਿਖਾਣ ‘ਤੇ ਜ਼ਿਆਦਾ। ਹੀ ਜ਼ੋਰ ਦਿੱਤਾ ਕਿ ਜ਼ਿੰਦਗੀ ਦਾ ਤਰੀਕਾ ਹਾਕਮਾਂ ਤੋਂ ਸਿੱਖੋ ਤੇ ਜਿਵੇਂ ਪ੍ਰੋ. ਕਿਸ਼ਨ ਸਿੰਘ ਨੇ ਲਿਖਿਐ ਕਿ ਹਾਕਮ ਦੀ ਅਸਲ ਜਿੱਤ ਹੀ ਓਦੋਂ ਹੁੰਦੀ ਏ ਜਦੋਂ ਮਹਿਕੂਮ ਧਿਰ ਆਪਣੀ ਹਰ ਚੀਜ਼ ਨੂੰ ਮਾੜੀ ਤੇ ਹਾਕਮਾਂ ਦੀ ਹਰ ਚੀਜ਼ ਨੂੰ ਚੰਗੀ ਮੰਨਣ ਲੱਗ ਪਏ। ਪਰ ਇਹ ਗੱਲ ਸਿਰਫ਼ ਅੰਗਰੇਜ਼ਾਂ ਦੀ ਨਹੀਂ ਏ, ਇਹ ਦਸਤੂਰ ਮੁੱਢੋਂ ਚੱਲਦਾ ਏ। ਪੁਰਾਣੇ ਸਮਿਆਂ ‘ਚ ਯੂਨਾਨ ਵਾਲਿਆਂ ਨੇ, ਰੋਮ ਵਾਲਿਆਂ ਨੇ, ਆਪਣੇ ਅਧੀਨ ਲੋਕਾਂ ਨੂੰ ਇਸੇ ਤਰ੍ਹਾਂ ਹੀ ਸਿਖਾਇਆ ਸੀ। ਦੂਰ ਕੀ ਜਾਣੈ, ਅਜੇ ਤਕ ਇਥੋਂ ਦੇ ਹਾਕਮ ਸਿੱਖਾਂ ਨੂੰ ਇਹੀ ਸਿਖਾਈ ਜਾਂਦੇ ਨੇ ਕਿ ਸਿੱਖ ਹਿੰਦੂ ਨੇ । (ਥੋੜ੍ਹਾ ਮੁਸਕਰਾ ਕੇ) ਇਹ ਵੀ ਉਹਨਾਂ ਦਾ ਆਪਣਾ ਖ਼ਾਸੋ- ਖ਼ਾਸ ਤਰੀਕਾ ਏ, ਹੋਰ ਕੋਈ ਏਦਾਂ ਕਦੇ ਦਾਅਵੇਦਾਰੀ ਨ੍ਹੀਂ ਕਰਦਾ ਕਿ ਫ਼ਲਾਣੇ ਵੀ ਸਾਡਾ ਹਿੱਸਾ ਨੇ।

? ਜੋ ਇਸ ਤਰ੍ਹਾਂ ਮੰਨ ਲਿਆ ਜਾਵੇ ਕਿ ਹਰੇਕ ਦਾ ਆਪਣਾ ਤਰੀਕਾ ਹੈ ਤੇ ਆਪਣੇ ਤਰੀਕੇ ਮੁਤਾਬਕ ਤਾਂ ਹਰੇਕ ਆਪਣੇ ਆਪ ਨੂੰ ਸਹੀ ਹੀ ਮੰਨਦਾ ਹੈ। ਇਸ ਤਰ੍ਹਾਂ ਸਚਾਈ ਦਾ ਰੂਪ ਕੀ ਹੋਏਗਾ, ਹਰੇਕ ਦਾ ਆਪਣਾ ਸੱਚ ਹੋਏਗਾ। ਫਿਰ ਸਹੀ ਗ਼ਲਤ ਦਾ ਅਸਲ ਨਿਰਣਾ ਕਿਵੇਂ ਹੋ ਸਕੇਗਾ ?

ਹਾਂ, ਇਹੀ ਸਵਾਲ ਸਾਨੂੰ ਅਸਲ ਮੁੱਦੇ ਵੱਲ ਲੈ ਕੇ ਜਾਏਗਾ ਕਿ ਗਲਤ ਠੀਕ ਦਾ ਨਿਰਣਾ ਕਿਵੇਂ ਹੋਵੇਗਾ ? ਇਹ ਦੂਜਾ ਨੁਕਤਾ ਹੈ ਕਿ ਅਸੀਂ ਕਿਸੇ ਮਸਲੇ ਦੀ ਵਿਚਾਰ ਕਿਸ ਮਕਸਦ ਲਈ ਕਰ ਰਹੇ ਹਾਂ, ਭਲਾ ਸਾਨੂੰ ਲੋੜ ਕਿਉਂ ਪਈ ਕਿ ਅਸੀਂ ਗ਼ਦਰ ਲਹਿਰ ਬਾਰੇ ਗੱਲ ਕਰੀਏ ? ਸੱਚ ਦਾ ਇਕ ਨੰਗਾ ਰੂਪ ਸਾਡੀਆਂ ਅੱਖਾਂ ਸਾਹਮਣੇ ਵਾਪਰਦਾ ਹੈ ਜੀਹਨੂੰ ਜ਼ਮੀਨੀ ਹਕੀਕਤ ਕਿਹਾ ਜਾਂਦੈ। ਕੋਈ ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਜਦੋਂ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਇਹਦੇ ਨਾਲ ਜੁੜਦੇ ਹੋ ਤਾਂ ਫਿਰ ਹੋਰ ਪਰਤਾਂ ਖੁੱਲ੍ਹਦੀਆਂ ਨੇ। ਹੁਣ ਇਕ ਪਾਸੇ ਤਾਂ ਗ਼ਦਰ ਲਹਿਰ ਬਾਰੇ ਜੋ ਕਿਤਾਬਾਂ ਆਈਆਂ ਤੇ ਆ ਰਹੀਆਂ ਨੇ, ਉਹਨਾਂ ਤੋਂ ਇਹ ਪ੍ਰਭਾਵ ਬਣਦੈ ਕਿ ਗ਼ਦਰੀ ਬਾਬੇ ‘ਕਾਮਰੇਡ’ ਸਨ, ਇਕ ਪਾਸੇ ਉਹ ਕਿਤਾਬਾਂ ਨੇ ਜਿਥੋਂ ਉਹ ਨਿਰੇ ‘ਭਾਰਤੀ’, ਸ਼ੁੱਧ ‘ਹਿੰਦੀ’ ਜਾਂ ‘ਹਿੰਦੁਸਤਾਨੀ’ ਨਜ਼ਰ ਆਉਂਦੇ ਨੇ, ਗ਼ਦਰ ਲਹਿਰ ਦੇ ਯੋਧਿਆਂ ਨੂੰ ਸਿਰਫ ਪੰਜਾਬੀਆਂ ਵਜੋਂ ਪੇਸ਼ ਕਰਨ ਦਾ ਵੀ ਬਥੇਰਿਆ ਨੇ ਜ਼ੋਰ ਲਾਇਐ ਪਰ ਜਿਹੜੀ ਠੋਸ ਹਕੀਕਤ ਹੈ ਉਸ ਦਾ ਰੰਗ ਅਜੇ ਇਹਨਾਂ ਸਾਰਿਆਂ ਤੋਂ ਵੱਖਰਾ ਹੈ।

ਇਹ ਗਨੀਮਤ ਸਮਝੋ ਕਿ ਗ਼ਦਰੀ ਬਾਬਿਆਂ ਨੇ ਸਾਨੂੰ ਕੁਝ ਨਾ ਕੁਝ, ਅਸਲ ਵਿਚ ਕਾਫ਼ੀ ਕੁਝ, ਲਿਖਤੀ ਵੀ ਦੇ ਛੱਡਿਐ। ਉਸ ਤੋਂ ਕੋਈ ਵੀ ਪਾਠਕ ਬੜੇ ਆਰਾਮ ਨਾਲ ਅੰਦਾਜ਼ਾ ਲਾ ਸਕਦੈ ਕਿ ਘੱਟੋ-ਘੱਟ ਤਿੰਨ ਗੱਲਾਂ ਗ਼ਦਰ ਲਹਿਰ ਬਾਰੇ ਬਹੁਤ ਉਘੜਵੀਆਂ ਹਨ ਜੋ ਇਤਿਹਾਸ ਲਿਖਣ ਵਾਲੇ ਵਿਦਵਾਨਾਂ ਨੇ ਇਸ ਤਰ੍ਹਾਂ ਛੱਡੀਆਂ ਹਨ ਕਿ ਇਹ ਸਹਿਜ ਸੁਭਾਅ ਰਹਿ ਗਈਆਂ ਨਹੀਂ ਜਾਪਦੀਆਂ।

ਪਹਿਲੀ, ਇਹ ਗੱਲ ਬੜੇ ਕੁਚੱਜੇ ਢੰਗ ਨਾਲ ਛੁਪਾਈ ਗਈ ਏ ਕਿ ਗ਼ਦਰ ਲਹਿਰ ਦਾ ਮੁੱਢ ਬੰਨ੍ਹਣ ਵਾਲੇ ਸਿੱਖ ਸਨ। ਅਮਰੀਕਾ ਕੈਨੇਡਾ ਗਏ ਸਿੱਖਾਂ ਨੂੰ ਵਾਰ ਵਾਰ ‘ਪੰਜਾਬੀ’ ਜਾਂ ‘ਹਿੰਦੀ” ਹੀ ਲਿਖਿਆ ਹੈ। ਦੂਜੀ ਗੱਲ, ਉਨ੍ਹਾਂ ਨੂੰ ਇਨਕਲਾਬੀ ਜੱਦੋ-ਜਹਿਦ ਲਈ ਪ੍ਰੇਰਨ ਵਾਲਾ ਤੱਤ ਸਿੱਖ ਫਲਸਫਾ ਤੇ ਸਿੱਖ ਰਵਾਇਤਾਂ ਸਨ । ਤੀਜੀ ਗੱਲ, ਜੇਲ੍ਹਾਂ ਵਿਚ ਬੰਦ ਹੋਣ ਮਗਰੋਂ ਉਹਨਾਂ (ਗ਼ਦਰੀਆਂ) ਨੇ ਜਿਸ ਤਰ੍ਹਾਂ ਸਿੱਖ ਰਹਿਤ ਲਈ ਕਠੋਰ ਸੰਘਰਸ਼ ਕੀਤਾ, ਉਹਦਾ ਜ਼ਿਕਰ ਉੱਕਾ ਹੀ ਗਾਇਬ ਕੀਤਾ ਗਿਆ ਹੈ। ਹਾਲਾਂਕਿ ਇਕ ਵਿਦਵਾਨ ਨੇ ਇਸ ਸੱਚ ਨੂੰ ਫੜਿਆ ਹੈ ਕਿ ਬੰਦੇ ਦਾ ਅਸਲੀ ਕਿਰਦਾਰ ਜੇਲ੍ਹ ਵਿਚ ਹੀ ਪਤਾ ਚੱਲਦਾ ਹੈ ਜਦੋਂ ਕਿਰਦਾਰ ਦੀਆਂ ਘਾਟਾਂ ਬੰਦੇ ਨੂੰ ਹੰਢਾਉਂਦੀਆਂ ਹਨ। ਉਹ ਭਲਾ ਇਹਨਾਂ ਗੱਲਾਂ ਤੋਂ ਕਿਉਂ ਮੁਨਕਰ ਹੁੰਦੇ ਨੇ ?

ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹਾਂ ਕਿ ਗ਼ਦਰੀ ਉਸੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੇ, ਜੀਹਦੇ ਲਈ ਭਗਤ ਸਿੰਘ ਲੜਦਾ ਸੀ, ਜੀਹਦੇ ਲਈ ‘ਮਹਾਤਮਾ’ ਗਾਂਧੀ ਲੜਦਾ ਸੀ। ਸ਼ਹੀਦ ਭਗਤ ਸਿੰਘ ਅਤੇ ਗਾਂਧੀ, ਜਿਨ੍ਹਾਂ ਬਾਰੇ ਅਕਸਰ ਚਰਚਾ ਹੁੰਦੀ ਹੈ। ਕਿ ਭਾਰਤੀ ਆਜ਼ਾਦੀ ਲਹਿਰ ਦੇ ਦੋ ਸਿਰੇ ਸਨ। ਉਹ ਦੋਵੇਂ ਇਸ ਨੁਕਤੇ ‘ਤੇ ਜੁੜਦੇ ਹਨ। ਕਿ ਉਹ ਦੋਵੇਂ ਹੀ ਗ਼ਦਰੀਆਂ ਨੂੰ, ਆਪੋ-ਆਪਣੇ ਨੁਕਤਾਨਜ਼ਰ ਤੋਂ ਅਤੇ ਆਪੋ-ਆਪਣੇ ਤਰੀਕੇ ਨਾਲ, ਇਕ ਤਰ੍ਹਾਂ ਆਪਣੇ ਨਾਲੋਂ ਛੋਟੇ ਸਮਝਦੇ ਸਨ। ਇਹੀ ਗੱਲ ਇਹਨਾਂ ਦਾ ਇਤਿਹਾਸ ਲਿਖਣ ਵਾਲੇ ਪੇਸ਼ ਕਰਦੇ ਨੇ । ਭਾਰਤੀ ਆਜ਼ਾਦੀ ਦੇ ਨਾਇਕ ਕਹਾਉਣ ਵਾਲੇ ਅਤੇ ਇਹਨਾਂ ਨੂੰ ਨਾਇਕ ਕਹਿਣ ਵਾਲਿਆਂ ਦਾ ਗ਼ਦਰੀਆਂ ਬਾਰੇ ਸਾਂਝਾ ਨੁਕਤਾ ਸੱਚ ਦੇ ਸੂਖਮ ਰੂਪ ਦੇ ਦਰਸ਼ਨ ਕਰਾਉਂਦਾ ਹੈ।

ਇਹ ਨੁਕਤੇ ਹੀ ਸਹੀ ਗ਼ਲਤ ਦਾ ਅਸਲ ਨਿਰਣਾ ਕਰਨ ਵਿਚ ਸਾਡੀ ਸਹਾਇਤਾ ਕਰਨਗੇ ਕਿ ਅਸਲ ਵਿਚ ਸਿੱਖ ਸੰਘਰਸ਼ ਜਾਂ ਗ਼ਦਰ ਲਹਿਰ ਨੂੰ ਕਿਵੇਂ ਤੋੜ-ਭੰਨ ਕੇ ਪੇਸ਼ ਕੀਤਾ ਗਿਆ ਅਤੇ ਕਾਹਦੇ ਵਾਸਤੇ ?

? ਸ਼ਹੀਦ ਭਗਤ ਸਿੰਘ ਤੇ ਗਾਂਧੀ ਨੂੰ ਇਸ ਤਰ੍ਹਾਂ ਮੇਲਣਾ ਅਜੀਬ ਜਿਹਾ ਲੱਗਦੈ। ਕਿਉਂਕਿ ਗਾਂਧੀ ਨੇ ਗ਼ਦਰੀਆਂ ਦਾ ਬਹੁਤ ਸਿੱਧਾ ਤੇ ਨੰਗਾ ਵਿਰੋਧ ਕੀਤਾ ਸੀ, ਜਦੋਂ ਕਿ ਸ਼ਹੀਦ ਭਗਤ ਸਿੰਘ ਗ਼ਦਰੀ ਬਾਬਿਆਂ ਪ੍ਰਤੀ ਅਥਾਹ ਸ਼ਰਧਾ ਰੱਖਦਾ ਸੀ।

ਕਿਸੇ ਪ੍ਰਤੀ ਸ਼ਰਧਾ ਰੱਖਣੀ ਇਕ ਗੱਲ ਐ, ਪਰ ਕਿਸੇ ਦੀ ਸੋਚ ਅਤੇ ਵਿਚਾਰਧਾਰਾ ਨਾਲ ਇਕਮੱਤ ਹੋਣਾ ਵੱਖਰੀ ਗੱਲ ਐ। ਗੱਲ ਨੂੰ ਸੌਖੀ ਤਰ੍ਹਾਂ ਸਮਝਣ ਲਈ ਇਕ ਉਦਾਹਰਣ ਲਈ ਜਾ ਸਕਦੀ ਐ। ਸ਼ਾਇਦ ਹੀ ਕੋਈ ਖਾੜਕੂ ਸਿੰਘ ਹੋਵੇਗਾ ਜੋ ਸ਼ਹੀਦ ਭਗਤ ਸਿੰਘ ਪ੍ਰਤੀ ਸ਼ਰਧਾ ਤੇ ਸਤਿਕਾਰ ਨਾ ਰੱਖਦਾ ਹੋਵੇ। ਪਰ ਕੀ ਜੁਝਾਰੂ ਸਿੰਘ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਨਾਲ ਮੁਤਫ਼ਿਕ ਹੋ ਸਕਦੇ ਹਨ ? ਇਕ ਇਨਕਲਾਬੀ ਹੋਣ ਦੇ ਨਾਤੇ ਸ਼ਹੀਦ ਭਗਤ ਸਿੰਘ ਗਦਰੀ ਇਨਕਲਾਬੀਆਂ ਦੀ ਕਦਰ ਕਰਦਾ ਸੀ। ਪਰ ਸੋਚਣ ਵਾਲੀ ਗੱਲ ਇਹ ਐ ਬਈ ਉਹ ਆਪਣੇ ਸਮਕਾਲੀ ਗਦਰੀ ਇਨਕਲਾਬੀਆਂ ਦੇ ਨਾਲ ਕਿਉਂ ਨਾ ਰਲਿਆ ? ਉਸ ਨੇ ਗ਼ਦਰੀ ਬਾਬਿਆਂ ਨੂੰ ਛੱਡ ਕੇ ਆਪਣੀ ਵੱਖਰੀ ਜਥੇਬੰਦੀ ਖੜੀ ਕਰਨੀ ਕਿਉਂ ਜ਼ਰੂਰੀ ਸਮਝੀ ? ਸਾਫ਼ ਹੈ ਕਿ ਉਸ ਨੂੰ ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ, ਭਾਈ ਊਧਮ ਸਿੰਘ ਕਸੇਲ ਅਤੇ ਬਾਬਾ ਗੁਰਮੁਖ ਸਿੰਘ ਲਲਤੋਂ ਵਰਗੇ ਗ਼ਦਰੀ ਬਾਬਿਆਂ ਵਿਚ ਕੋਈ ਸਿਧਾਂਤਕ ਊਣਤਾਈ ਨਜ਼ਰ ਆਈ ਹੋਵੇਗੀ। ਇਹ ਘੁੰਡੀ ਸਮਝਣੀ ਬਹੁਤ ਜ਼ਰੂਰੀ ਹੈ। ਸ਼ਚਿੰਦਰਨਾਥ ਸਾਨਿਆਲ ਅਤੇ ਵੀਰੇਂਦਰ ਸੰਧੂ (ਸ਼ਹੀਦ ਭਗਤ ਸਿੰਘ ਦੀ ਭਤੀਜੀ) ਦੀਆਂ ਲਿਖਤਾਂ ਵਿੱਚੋਂ ਇਸ ਬਾਰੇ ਭਰਪੂਰ ਇਸ਼ਾਰੇ ਮਿਲਦੇ ਨੇ । ਬਾਬਾ ਭਗਤ ਸਿੰਘ ਬਿਲਗਾ ਨੇ ਵੀ ਲਿਖਿਐ ਕਿ ਉਸ ਵੇਲੇ ਦੀ ਕਮਿਊਨਿਸਟ ਲੀਡਰਸ਼ਿੱਪ ਗ਼ਦਰੀ ਬਾਬਿਆਂ ਬਾਰੇ ਇਹ ਧਾਰਨਾ ਰੱਖਦੀ ਸੀ ਕਿ ਉਹ ਬੌਧਿਕ ਪੱਖੋਂ ਪੱਛੜੇ ਅਥਵਾ ‘ਅਨਪੜ੍ਹ’ ਹਨ, ਜਿਸ ਕਰਕੇ ਉਹ ਸਾਮਰਾਜ ਵਿਰੋਧੀ ਜਜ਼ਬਾ ਰੱਖਣ ਦੇ ਬਾਵਜੂਦ ਕਮਿਊਨਿਸਟ ਫਲਸਫੇ ਨੂੰ ਸਮਝਣ ਤੋਂ ਅਸਮਰੱਥ ਹਨ। ਅਸਲੀ ਗੱਲ ਤਾਂ ਇਹ ਹੈ ਕਿ ਅੰਗਰੇਜ਼ੀ ਪੜ੍ਹੇ- ਲਿਖੇ ਲੋਕਾਂ ਦੀਆਂ ਨਜ਼ਰਾਂ ਵਿਚ ਆਪਣੇ ਵਿਰਸੇ ਨਾਲ ਜੁੜੇ ਹੋਣਾ ‘ਪਛੜੇਵੇਂ ਦੀ ਅਲਾਮਤ ਸਮਝਿਆ ਜਾਂਦਾ ਸੀ । ਸ਼ਹੀਦ ਭਗਤ ਸਿੰਘ ਵੀ ਗ਼ਦਰੀ ਬਾਬਿਆਂ ਬਾਰੇ ਇਸ ਨਕਾਰੀ ਭਾਵਨਾ ਤੋਂ ਮੁਕਤ ਨਹੀਂ ਸੀ। ਇਹ ਗੱਲ ਥੋੜ੍ਹੀ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਇਸ ਬਾਰੇ ਬੜੀਆਂ ਠੋਸ ਗੱਲਾਂ ਪਈਆਂ ਹਨ। ਇਹ ਆਪਣੇ ਆਪ ਵਿਚ ਇਕ ਪੂਰੀ ਸੂਰੀ ਬਹਿਸ ਦਾ ਵਿਸ਼ਾ ਬਣਦਾ ਹੈ।

? ਚਲੋ ਇਹ ਮਸਲਾ ਆਪਾਂ ਕਦੇ ਫਿਰ ਵਿਚਾਰਾਂਗੇ। ਆਪਾਂ ਆਪਣੀ ਚੱਲ ਰਹੀ ਗੱਲ ਦੀ ਲੜੀ ਅੱਗੇ ਤੋਰੀਏ। ਮੂਲ ਰੂਪ ਵਿਚ ਅਸੀਂ ਗ਼ਦਰੀ ਬਾਬਿਆਂ ਦੇ ਮਾਮਲੇ ਵਿਚ ਅਜਿਹਾ ਕੀ ਵੱਖਰਾ ਵੇਖਦੇ ਹਾਂ ਜੋ ਹੁਣ ਤਕ ਸਾਹਮਣੇ ਨਹੀਂ ਲਿਆਂਦਾ ਗਿਆ ?

ਜੇ ਆਪਾਂ ਸਿੱਖ ਸੰਘਰਸ਼ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਸਿਰਫ਼ 18ਵੀਂ ਸਦੀ ਵਿਚ ਨਹੀਂ, ਸਗੋਂ 1849 ਤੋਂ ਬਾਅਦ ਦੇ ਸਿੱਖ ਸੰਘਰਸ਼ ਵਿਚ ਵੀ ਇਕ ਲਗਾਤਾਰਤਾ ਹੈ। ਪਰ ਇਸ ਬਾਅਦ ਵਾਲੇ ਸੰਘਰਸ਼ ਦੀ ਕਿਸਮ ਵਿਚ ਜੋ ਫ਼ਰਕ ਹੈ, ਉਹਨੂੰ ਸਮੇਂ, ਹਾਲਾਤ ਅਤੇ ਥਾਂ ਦੇ ਹਿਸਾਬ ਨਾਲ ਸਮਝਣ ਦੀ ਲੋੜ ਏ। ਇਥੋਂ ਗ਼ਦਰ ਲਹਿਰ ਨੂੰ ਜਾਂਦੀਆਂ ਪੈੜਾਂ ਦੀ ਨਿਸ਼ਾਨਦੇਹੀ ਵੀ ਮਿਲੇਗੀ।

ਕੂਕਾ ਲਹਿਰ ਸਿੱਖ ਰਾਜ ਦੇ ਸੁਪਨੇ ਨੂੰ ਲੈ ਕੇ ਲੜੀ ਗਈ ਆਖ਼ਰੀ ਲੜਾਈ ਸੀ । ਇਸ ਤੋਂ ਬਾਅਦ ਸਿੱਖਾਂ ਨੇ ਹਾਰ ਨੂੰ ਦਿਸਦੇ ਰੂਪ ਵਿਚ ਮੰਨ ਲਿਆ, ਪਰ ਧੁਰ ਅੰਦਰੋਂ ਗ਼ੁਲਾਮੀ ਕਬੂਲੀ ਨਹੀਂ ਸੀ। ਇਹ ਜਿਹੜੀ ਸਿਰਤਾਜਗੀ (ਸੌਵਰਨਿਟੀ) ਖੁੱਸ ਜਾਣ ਦੀ ਤੜਪ ਸੀ, ਉਹਨੇ ਸਿੱਖਾਂ ਨੂੰ ਕਦੇ ਵੀ ਟਿਕਣ ਨਹੀਂ ਦਿੱਤਾ। ਕਦੇ ਕਿਸੇ ਸ਼ਕਲ ਵਿਚ, ਕਦੇ ਕਿਸੇ ਸ਼ਕਲ ਵਿਚ, ਕਦੇ ਛੋਟੇ ਰੂਪ ਵਿਚ, ਕਦੇ ਤਕੜੇ ਉਭਾਰ ਵਜੋਂ ਇਹ ਤਾਂਘ ਉਨ੍ਹਾਂ ਅੰਦਰ ਲਗਾਤਾਰ ਉਸਲਵੱਟੇ ਲੈਂਦੀ ਰਹੀ, ਅੱਸੀਵਿਆਂ ਦੀ ਖਾੜਕੂ ਲਹਿਰ ਦੇ ਉਠਣ ਤਕ। ਅੱਸੀਵਿਆਂ ਦੇ ਸਿੱਖ ਖਾੜਕੂ ਸੰਘਰਸ਼ ਦੇ ਇਸ ਤੱਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੂਕਾ ਲਹਿਰ ਤੋਂ ਲੰਮੇ ਸਮੇਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਸਿੱਖਾਂ ਨੇ ਸਪੱਸ਼ਟ ਰੂਪ ਵਿਚ ਆਪਣੀ ਆਜ਼ਾਦੀ ਦੇ ਨਾਂ ‘ਤੇ ਲੜਾਈ ਲੜੀ। ਇਹਦੇ ਵਿਚ-ਵਿਚਾਲੇ ਜੋ ਵਾਪਰਿਐ, ਉਹ ਵੀ ਇਸੇ ਨਿਰੰਤਰਤਾ ਦਾ ਹਿੱਸਾ ਏ। ਗ਼ਦਰ ਲਹਿਰ ਨੂੰ ਇਸ ਨਿਰੰਤਰਤਾ ਤੋਂ ਅੱਡ ਕਰਕੇ ਨਹੀਂ ਸਮਝਿਆ ਜਾ ਸਕਦਾ।

? ਤੁਹਾਡਾ ਮਤਲਬ ਗ਼ਦਰ ਲਹਿਰ ਭਾਰਤ ਦੀ ਆਜ਼ਾਦੀ ਦੀ ਥਾਂ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਸੀ?

ਆਪਾਂ ਤਾਂ ਇਹ ਜਾਨਣਾ ਚਾਹੁੰਨੇ ਆਂ ਕਿ ਭਲਾ ਸਿੱਖਾਂ ਨੂੰ ਹੀ ਗੁਲਾਮੀ ਕਿਉਂ ਚੁੱਭੀ, ਬਾਹਰਲੇ ਮੁਲਕਾਂ ‘ਚ ਤਾਂ ਦੂਜੇ ਭਾਈਚਾਰਿਆਂ ਦੇ ਲੋਕ ਵੀ ਗਏ ਸੀ? ਬੇਇਜ਼ਤੀ ਤਾਂ ਦੂਜਿਆਂ ਦੀ ਇਹਨਾਂ ਤੋਂ ਜ਼ਿਆਦਾ ਹੁੰਦੀ ਸੀ। ਸਿੱਖ ਤਾਂ ਲੜ-ਭਿੜ ਕੇ ਹਿਸਾਬ ਬਰਾਬਰ ਵੀ ਕਰ ਲੈਂਦੇ ਸਨ। ਭਲਾ ਉਹ ਲੋਕ ਕਿਉਂ ਨ੍ਹੀਂ ਵਾਪਸ ਆ ਗਏ ‘ਭਾਰਤ ਮਾਤਾ’ ਦੀਆਂ ਜ਼ੰਜੀਰਾਂ ਕੱਟਣ ਲਈ ?

? (ਵਿੱਚੋਂ ਟੋਕ ਕੇ) ਪਰ ਗ਼ਦਰ ਲਹਿਰ ਦੀਆਂ ਸਫ਼ਾਂ ਵਿਚ ਕੁਛ ਹਿੰਦੂ ਤੇ ਮੁਸਲਮਾਨ ਵੀ ਤਾਂ ਸ਼ਾਮਲ ਸਨ ?

ਸਾਨਿਆਲ (ਸ਼ਚਿੰਦਰਨਾਥ) ਕਹਿੰਦੈ ਕਿ ਅਮਰੀਕਾ ਤੇ ਕੈਨੇਡਾ ਤੋਂ ਗ਼ਦਰ ਕਰਨ ਆਏ ਇਨਕਲਾਬੀਆਂ ਦੀ ਗਿਣਤੀ ਛੇ ਸੱਤ ਹਜ਼ਾਰ ਸੀ, ਜਿਨ੍ਹਾਂ ‘ਚੋਂ ਮਸਾਂ 25-30 ਗ਼ੈਰ-ਸਿੱਖ ਸਨ। ਜੇ ਕਿਸੇ ਲਹਿਰ ਵਿਚ 99% ਲੋਕ ਇੱਕੋ ਵਰਗ ਦੇ ਹੋਣ ਤਾਂ ਤੁਸੀਂ ਇਸ ਨੂੰ ਕੀ ਕਹੋਗੇ ?

ਇਥੇ ਸਮਝਣ ਵਾਲਾ ਨੁਕਤਾ ਇਹ ਐ ਬਈ ਜਿਹੜੀ ਤੜਫ਼ (ਤੇ ਰੜਕ) ਸਿੱਖਾਂ ਅੰਦਰ ਕਿਤੇ ਵੀ ਧੱਕਾ ਵੇਖ ਕੇ ਝੱਟ ਸਿਰ ਚੁੱਕ ਲੈਂਦੀ ਏ, ਉਹ ਅਸਲ ਵਿਚ ਕੀ ਏ ? ਇਹਦਾ ਜ਼ਿਕਰ ਸਾਨਿਆਲ ਵੀ ਕਰਦਾ ਏ ਕਿ ਇਸ ਖ਼ਾਸੀਅਤ ਲਈ ਸਿੱਖ ਭਾਰਤ ਦੀਆਂ ਹੋਰ ਸਾਰੀਆਂ ਕੌਮਾਂ ਨਾਲੋਂ ਵੱਖਰੇ ਨੇ। ਇਸ ਖ਼ਾਸੀਅਤ ਨੂੰ ਜਾਣੇ ਬਿਨਾਂ ਤੁਸੀਂ ਨਹੀਂ ਸਮਝ ਸਕਦੇ ਕਿ ਸਿੱਖ ਚੀਨ ਦੇ 1911 ਵਾਲੇ ਇਨਕਲਾਬ ਲਈ ਵੀ ਕਿਉਂ ਜਾ ਸਿਰ ਡਾਹੁੰਦੇ ਨੇ। ਭਾਰਤ ਦੀ ਆਜ਼ਾਦੀ ਤੋਂ ਅੱਗੇ ਵਧ ਕੇ ਅੰਗਰੇਜ਼ਾਂ ਦੇ ਪੂਰੇ-ਸੂਰੇ ਰਾਜ ਨੂੰ ਪਲਟਣ ਦਾ ਖ਼ਿਆਲ ਸਭ ਤੋਂ ਪਹਿਲਾਂ ਸਿੱਖਾਂ ਨੂੰ ਹੀ ਕਿਉਂ ਆਇਆ, ਜਦੋਂ ਕਿ ਲਗਾਤਾਰ ਇਹ ਪ੍ਰਚਾਰ ਹੋਈ ਜਾ ਰਿਹੈ ਕਿ ਸਿੱਖਾਂ ਦੀ ਅੰਗਰੇਜ਼ਾਂ ਨਾਲ ਵਫ਼ਾਦਾਰੀ ਕਾਰਨ ਭਾਰਤ ਗ਼ੁਲਾਮ ਹੋਇਆ ?

ਅਸਲ ਵਿਚ ਗੁਰੂ ਸਾਹਿਬ ਨੇ ਸਿੱਖਾਂ ਦੇ ਧੁਰ ਅੰਦਰ ਆਜ਼ਾਦੀ ਦਾ ਅਹਿਸਾਸ ਭਰ ਦਿੱਤਾ ਸੀ। ਪੰਜਾਬ ਵਿਚ ਚੱਲੀਆਂ ਸਾਰੀਆਂ ਲਹਿਰਾਂ ਦੀ ਪ੍ਰੇਰਨਾ ਇਸੇ ਗ਼ੁਲਾਮੀ ਤੋਂ ਨਾਬਰੀ ਵਾਲੇ ਅਹਿਸਾਸ ਦੀ ਨਿਰੰਤਰਤਾ ਸੀ। ਵਕਤੀ ਕਾਰਨ ਕੋਈ ਵੀ ਬਣਿਆ ਹੋਵੇ ਪਰ ਪਿੱਛੇ ਇਹੀ ਭਾਵਨਾ ਕੰਮ ਕਰਦੀ ਸੀ । ਗ਼ਦਰੀ ਜਾਂ ਬੱਬਰ ਅਕਾਲੀ ਹੀ ਨਹੀਂ, ਤੁਸੀਂ ਨਕਸਲੀਆਂ (ਜਿਨ੍ਹਾਂ ‘ਚੋਂ ਬਹੁਤੇ ਸਿੱਖੀ ਤੋਂ ਮਿੱਥ ਕੇ ਮੁਨਕਰ ਹੋਏ ਸਨ) ਦੀ ਟੇਕ ਵੀ ਸਿੱਖ ਵਿਰਸੇ ‘ਤੇ ਵੇਖ ਸਕਦੇ ਹੋ। ਨਹੀਂ ਤਾਂ ਕੀ ਵਜ੍ਹਾ ਹੈ ਕਿ ਗ਼ਦਰ ਲਹਿਰ ਵਾਂਗੂੰ ਨਕਸਲੀ ਲਹਿਰ ਵਿਚ ਵੀ ਗ਼ੈਰ-ਸਿੱਖਾਂ ਦੀ ਸ਼ਮੂਲੀਅਤ, ਉਨ੍ਹਾਂ ਦੀ ਵਸੋਂ ਦੇ ਮੁਕਾਬਲੇ, ਬੇਹੱਦ ਨਿਗੂਣੀ ਸੀ ? ਇਸ ਮੂਲ ਵਜ੍ਹਾ ਦੀ ਤਾਸੀਰ ਜਾਣੇ ਬਿਨਾਂ ਸਿੱਖ ਸੰਘਰਸ਼ ਅਤੇ ਪੰਜਾਬ ਦੀਆਂ ਵੱਖ- ਵੱਖ ਉੱਠੀਆਂ ਲਹਿਰਾਂ ਦਾ (ਹਥਿਆਰਬੰਦ ਹੀ ਨਹੀਂ, ਦੂਜੀਆਂ ਲੋਕ ਲਹਿਰਾਂ ਦਾ ਵੀ) ਠੀਕ ਤਰ੍ਹਾਂ ਲੇਖਾ-ਜੋਖਾ ਨਹੀਂ ਕਰ ਸਕਦੇ।

? ਤੁਸੀਂ ਇਹ ਕਹਿ ਰਹੇ ਹੋ ਕਿ ਲੜਨ ਦਾ ਜਜ਼ਬਾ ਸਿੱਖੀ ਦੀ ਦੇਣ ਹੈ। ਇਸ ਗੱਲ ਲਈ ਤਾਂ ਪਹਿਲਾਂ ਹੀ ਸਿੱਖਾਂ ਦੀ ਖ਼ਾਸੀ ਨਿੰਦਿਆ ਹੋ ਰਹੀ ਹੈ ਕਿ ਇਹਨਾਂ ਨੂੰ ਲੜਨ ਤੋਂ ਬਿਨਾਂ ਹੋਰ ਕੁਝ ਨ੍ਹੀਂ ਆਉਂਦਾ । ਡਾ. ਹਰੀਸ਼ ਪੁਰੀ ਨੇ ਗ਼ਦਰੀਆਂ ਅਤੇ ਇਹਨਾਂ ਦਾ ਇਤਿਹਾਸ ਲਿਖਣ ਵਾਲੇ ਪੰਜਾਬੀਆਂ ਦੀ ਭੰਡੀ ਕੀਤੀ ਹੈ ਕਿ ਉਹ ਬਹਾਦਰੀ ਦੇ ਸੋਹਲੇ ਹੀ ਗਾਉਂਦੇ ਨੇ। ਗ਼ਦਰ ਲਹਿਰ ਤੋਂ ਵੀ ਪਹਿਲਾਂ ਟੈਗੋਰ ਨੇ ਗੁਰੂ ਗੋਬਿੰਦ ਸਿੰਘ, ਮਹਾਰਾਜਾ ਰਣਜੀਤ ਸਿੰਘ ਸਮੇਤ ਸਿੱਖਾਂ ਨਾਲ ਇਸੇ ਗੱਲ ਤੋਂ ਨਫ਼ਰਤ ਪ੍ਰਗਟਾਈ ਸੀ ਕਿ ਇਹ ਲੜਦੇ ਰਹੇ। ਹੁਣੇ ਸਿਰਸੇ ਵਾਲੇ ਮਾਮਲੇ ਵਿਚ ਅੰਗਰੇਜ਼ੀ ਅਖ਼ਬਾਰਾਂ ਨੇ ਸਿੱਖਾਂ ਸਿਰ ਇਹੀ ਦੋਸਾ ਅੜਿਆ ਹੈ ਕਿ ਇਹ ਹਰ ਗੱਲ ‘ਤੇ ਮਰਨ ਮਾਰਨ ‘ਤੇ ਉਤਰ ਆਉਂਦੇ ਨੇ ?

ਇਕ ਤਾਂ ਗੁਰੂ ਸਾਹਿਬ ਨੇ ਹਥਿਆਰ ਚੁੱਕਣ ਨੂੰ ਆਖ਼ਰੀ ਹੀਲਾ ਕਿਹਾ ਏ ਤੇ ਮੇਰਾ ਖ਼ਿਆਲ ਏ ਠੀਕ ਇਸੇ ਤਰ੍ਹਾਂ ਹੋਇਐ ਕਿ ਸਿੱਖਾਂ ਨੇ ਸਿਰੋਂ ਪਾਣੀ ਲੰਘਣ ਮਗਰੋਂ ਈ ਸਿਰ ਚੁੱਕਿਐ। ਦੂਜਾ, ਲੜਨਾ ਐਨਾ ਸੌਖਾ ਨਹੀਂ ਹੁੰਦਾ ਜਿੰਨਾ ਸਿਰਫ਼ ਕਲਮ ਝਰੀਟਣ ਵਾਲੇ ਸਮਝਦੇ ਨੇ। ਬਿਨਾਂ ਗੱਲ ਤੋਂ ਲੜਨਾ ਤਾਂ ਦੂਰ, ਹਰ ਲੜਨ ਵਾਲੀ ਗੱਲ ‘ਤੇ ਵੀ ਨਹੀਂ ਲੜਿਆ ਜਾ ਸਕਦਾ। ਮਸਲਨ ਗ਼ਦਰੀ ਸਿੱਖਾਂ ਨੂੰ ਵੇਖ ਲਵੋ : ਇਕ ਪਾਸੇ ਉਹ ਅਮਰੀਕਾ ਕੈਨੇਡਾ ਤੋਂ ਸਿਰ ‘ਤੇ ਖਫ਼ਣ ਬੰਨ੍ਹ ਕੇ ਨਿਕਲੇ, ਦੂਜੇ ਪਾਸੇ ਪੰਜਾਬ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਨੂੰ ਛੱਡ ਕੇ, ਸਿੱਖ ਸਮਾਜ ਵਿੱਚੋਂ ਉਨ੍ਹਾਂ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ । ਜੇ ਤੁਸੀਂ ਗ਼ਦਰੀਆਂ ਦੇ ਮਾਮਲੇ ਵਿਚ ਅੰਗਰੇਜ਼ ਅਫ਼ਸਰ ਦੀ ਟਿੱਪਣੀ ਵੇਖੋ ਤਾਂ ਗੱਲ ਸਮਝ ਪੈਂਦੀ ਏ ਕਿ ਇੱਕੋ ਕੌਮ ਦੇ ਲੋਕਾਂ ਨਾਲ, ਇੱਕੋ ਸਮੇਂ ਦੋ ਵੱਖ-ਵੱਖ ਥਾਵਾਂ ‘ਤੇ ਕੀ ਵਾਪਰ ਗਿਆ। ਉਹ ਅਫ਼ਸਰ ਆਪਣੀ ਰਾਇ ਲਿਖਦਾ ਏ ਕਿ ‘ਇਹਨਾਂ ਅਨਪੜ੍ਹ ਸਿੱਖ ਕਿਸਾਨਾਂ ਨੇ ਬੜੇ ਬੇਢੱਬੇ ਢੰਗ ਨਾਲ ਆਜ਼ਾਦੀ ਅਤੇ ਬਰਾਬਰੀ ਦਾ ਸਬਕ ਸਿੱਖ ਲਿਆ ਏ। ਇਹ ਆਪਣੇ ਨਾਲ ਬੜੀ ਖ਼ਤਰਨਾਕ ਲਾਗ ਲੈ ਕੇ ਆਏ ਨੇ।’ ਇਹ ਲਾਗ ਆਜ਼ਾਦੀ ਦੀ ਲਾਗ ਸੀ । ਜਦੋਂ ਉਹ ਆਜ਼ਾਦ ਮੁਲਕ ਵਿਚ ਗਏ ਤਾਂ ਉਹਨਾਂ ਨੇ ਆਜ਼ਾਦੀ ਦੇ ਫ਼ਰਕ ਨੂੰ ਵੇਖਿਆ ਤੇ ਮਹਿਸੂਸ ਕੀਤਾ ਅਤੇ ਇਸ ਨਾਲ ਭੇਡਾਂ ਵਿਚ ਰਲੇ ਸ਼ੇਰ ਦੇ ਬੱਚੇ ਵਾਂਗ ਉਹਨਾਂ ਅੰਦਰਲੀ ਆਪਣੀ ਆਜ਼ਾਦੀ ਦੀ ਇੱਛਾ ਜਾਗ ਪਈ। ਜਦੋਂ ਉਹ ਇਹ ਇੱਛਾ ਲੈ ਕੇ ਆਏ ਤਾਂ ਇਥੇ ਉਨ੍ਹਾਂ ਨੂੰ ਵੱਖਰੀ ਹਾਲਤ ਦਾ ਸਾਹਮਣਾ ਕਰਨਾ ਪਿਆ। ਉਹ ‘ਭਾਰਤ ਦੀ ਆਜ਼ਾਦੀ’ ਦਾ ਸੰਕਲਪ ਲੈ ਕੇ ਆਏ ਸਨ ਪਰ ਜਿਸ ਤਰ੍ਹਾਂ ਡਾ. ਦਰਸ਼ਨ ਸਿੰਘ ਤਾਤਲਾ ਨੇ ਲਿਖਿਐ ਕਿ ਪੰਜਾਬ ਅੰਦਰ ਉਦੋਂ ਅਜੇ ਸਿੱਖਾਂ ਅੰਦਰ ਭਾਰਤ ਨੂੰ ਆਪਣਾ ਵਤਨ ਸਮਝਣ ਦੀ ਸੋਚ ਪ੍ਰਫੁਲਤ ਨਹੀਂ ਸੀ ਹੋਈ। ਉਨ੍ਹਾਂ ਕੋਲੋਂ ਅੰਗਰੇਜ਼ਾਂ ਨੇ ਉਨ੍ਹਾਂ ਦਾ ਜਿਹੜਾ ਵਤਨ ਖੋਹਿਆ ਸੀ, ਉਹ ਭਾਰਤ ਨਹੀਂ, ‘ਕੋਈ ਹੋਰ’ ਸੀ। ਇਸ ਕਰਕੇ ਉਨ੍ਹਾਂ ਨੂੰ ‘ਭਾਰਤ ਦੀ ਆਜ਼ਾਦੀ’ ਦਾ ਨਾਹਰਾ ਓਨੀ ਸ਼ਿੱਦਤ ਨਾਲ ਨਹੀਂ ਟੁੰਬਦਾ ਸੀ, ਜਿੰਨੀ ਸ਼ਿੱਦਤ ਨਾਲ ਸਿੱਖ ਪਛਾਣ ਦੀ ਰੱਖਿਆ ਤੇ ਖ਼ਾਲਸਾ ਰਾਜ ਦੀ ਪੁਨਰ-ਸਥਾਪਨਾ ਦਾ ਵਿਚਾਰ ਉਨ੍ਹਾਂ ਅੰਦਰ ਬਿਜਲੀ ਦੀਆਂ ਤਰੰਗਾਂ ਛੇੜ ਦਿੰਦਾ ਸੀ। ਇਹ ਗੱਲ ਸਮਝੇ ਬਿਨਾਂ 1849 ਤੋਂ ਬਾਅਦ ਪੰਜਾਬ ਅੰਦਰ ਵਾਪਰੇ ਕਿਸੇ ਵੀ ਸਿਆਸੀ ਵਰਤਾਰੇ ਨੂੰ ਠੀਕ ਤਰ੍ਹਾਂ ਨਾਲ ਨਹੀਂ ਸਮਝਿਆ ਜਾ ਸਕਦਾ। ਸਿੱਧੀ ਜਿਹੀ ਗੱਲ ਐ, ਜਿੰਨਾ ਚਿਰ ਸਿੱਖਾਂ ਦੀ ਸਾਹ ਰਗ ਨੂੰ ਹੱਥ ਨਹੀਂ ਪੈਂਦਾ, ਓਨਾ ਚਿਰ ਇਹ ਭਬੂਕਾ ਬਣ ਕੇ ਨਹੀਂ ਉੱਠਦੇ । ਜਦੋਂ ਅੰਗਰੇਜ਼ਾਂ ਨੇ ਗੁਰਦੁਆਰਿਆਂ ਵਿਚ ਵਧਵਾਂ ਦਖ਼ਲ ਦਿੱਤਾ ਜਾਂ ਬ੍ਰਾਹਮਣਾਂ ਨੇ ਮੂਰਤੀ ਪੂਜਾ ਦੀ ਅੱਤ ਕਰ ਦਿੱਤੀ ਤੇ ਸ੍ਰੀ ਦਰਬਾਰ ਸਾਹਿਬ ‘ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ, ਫੇਰ ਈ ਪੰਥ ਨੇ ਪਾਸਾ ਪਰਤਿਆ। ਹਥਿਆਰਬੰਦ ਲੜਾਈ ਦਾ ਖ਼ਿਆਲ ਵੀ ਬਾਹਰ ਗਿਆਂ ਨੇ ਸੋਚਿਆ। ਇਥੇ ਉਸ ਵੇਲੇ ਸਿੱਖ ਪੰਥ ਸਾਹਮਣੇ ਸਰੋਕਾਰ ਵੱਖਰੇ ਸਨ ਅਤੇ ਉਨ੍ਹਾਂ ਦੀ ਲੜਾਈ ਦੇ ਢੰਗ ਤਰੀਕੇ ਵੀ ਵੱਖਰੇ ਸਨ। ਇਸ ਕਰਕੇ ਭਾਵੇਂ ਕਿ ਸਿੱਖ ਆਗੂਆਂ ਨੇ ਗ਼ਦਰੀਆਂ ਨੂੰ ਆਪਣੀ ਪੁਰਜ਼ੋਰ ਨੈਤਿਕ ਤੇ ਅਮਲੀ ਹਮਾਇਤ ਤਾਂ ਜੁਟਾਈ, ਪਰ ਉਨ੍ਹਾਂ ਦੇ ਹਥਿਆਰਬੰਦ ਲੜਾਈ ਦੇ ਪੈਂਤੜੇ ਦਾ ਸਮਰਥਨ ਕਰਨ ਤੋਂ ਸਪੱਸ਼ਟ ਰੂਪ ਵਿਚ ਝਿਜਕ ਵਿਖਾਈ। ਇਸ ਕਰਕੇ ਇਹ ਕਹਿਣਾ ਗ਼ਲਤ ਹੈ ਕਿ ਸਿੱਖ ਹਰ ਵੇਲੇ ਲੜ ਮਰਨ ਨੂੰ ਤਿਆਰ ਰਹਿੰਦੇ ਨੇ। ਪਰ ਇਹ ਜ਼ਰੂਰ ਐ ਕਿ ਉਹਨਾਂ ‘ਤੇ ਇਹ ਦੋਸ਼ ਓਨਾ ਚਿਰ ਲੱਗਦਾ ਰਹੇਗਾ, ਜਿੰਨਾ ਚਿਰ ਉਹ ਆਪਣੀ ਹੋਣੀ ਦੇ ਮਾਲਕ ਨਹੀਂ ਹੋ ਜਾਂਦੇ।

 ? ਮੇਰੇ ਖ਼ਿਆਲ ਵਿਚ ਤੁਸੀਂ ਫਿਰ ਉਸੇ ਨੁਕਤੇ ‘ਤੇ ਆ ਗਏ ਕਿ ਸਿੱਖ ਆਜ਼ਾਦੀ ਦਾ ਮਸਲਾ..…?

ਮੈਂ ਜੋ ਪੜ੍ਹਦਿਆਂ ਲਿਖਦਿਆਂ ਅਤੇ ਆਪਣੇ ਅਭਿਆਸ ਵਿੱਚੋਂ ਸਿੱਖਿਐ, ਜਿੰਨਾ ਕੁ ਮੇਰੀ ਸਮਝ ਆਇਐ, ਉਸ ਮੁਤਾਬਕ ਮੇਰੀ ਰਾਇ ਇਹੀ ਬਣਦੀ ਏ ਕਿ ਇਸ (ਗ਼ਦਰ) ਲਹਿਰ ਦੀ ਪ੍ਰੇਰਨਾ ਸਿੱਖੀ ਦੀ ਵਿਰਾਸਤ ਸੀ ਪਰ ਉਹਨਾਂ ਨੂੰ ਇਹ ਗੱਲ ਸਿਧਾਂਤਕ ਰੂਪ ਵਿਚ ਸਪੱਸ਼ਟ ਨਹੀਂ ਸੀ। ਜੇ ਤੁਸੀਂ ਉਸ ਸਮੇਂ ਦੇ ਹਾਲਾਤ ਵੇਖੋ ਤਾਂ ਇਥੇ ਸਾਰੀ ਅਗਵਾਈ ਨਵ- ਬ੍ਰਾਹਮਣਵਾਦ ਦੇ ਹੱਥ ਵਿਚ ਸੀ। ਸਿੱਖਾਂ ਨਾਲੋਂ ਸਦੀ ਡੇਢ ਸਦੀ ਪਹਿਲਾਂ ਗੁਲਾਮ ਹੋਣ ਨਾਲ ਉਹਨਾਂ ਨੇ ਨਵੇਂ ਰਾਜਨੀਤਿਕ ਸਿਧਾਂਤ ਦਾ ਲਾਹਾ ਲਿਆ ਜੋ ਸਬੱਬੀ ਉਹਨਾਂ ਦੇ ਰਾਸ ਬੈਠਦਾ ਸੀ। ਅੰਗਰੇਜ਼ਾਂ ਵੱਲੋਂ ਇਥੋਂ ਬਾਹਰ ਜਾਣ ਵਾਲੇ ਸਾਰੇ ਲੋਕਾਂ ਨੂੰ ‘ਹਿੰਦੂ’ ਕਹਿਣ ਕਰਕੇ ਇਹ ਗੱਲ ਸਿੱਖਾਂ ਦੇ ਵਿਰੁੱਧ ਅਤੇ ਹਿੰਦੂਆਂ ਦੇ ਹੱਕ ਵਿਚ ਜਾਂਦੀ ਸੀ। ਇਹਦੇ ਨਾਲ ਹਿੰਦੂਆਂ ਵੱਲੋਂ ਸਿੱਖਾਂ ਨੂੰ ਹਿੰਦੂ ਮੰਨਣ ਦੀ ਗੱਲ ਨੂੰ ਹੋਰ ਬਲ ਮਿਲਿਆ। ਜਿਸ ਤਰ੍ਹਾਂ ਓਥੇ ਨਸਲੀ ਵਿਤਕਰਾ ਸੀ, ਉਸ ਨੇ ਸਿੱਖਾਂ ਨੂੰ ਗੋਰਿਆਂ ਦੇ ਖ਼ਿਲਾਫ਼ ਤਾਂ ਪੱਕਾ ਕੀਤਾ ਈ ਕੀਤਾ, ਇਥੇ ਭਾਰਤ ਅੰਦਰ ਹਿੰਦੂਆਂ ਨਾਲ ਹੁੰਦੇ ਧੱਕੇ ਨੇ ਸਿੱਖਾਂ ਨੂੰ ਉਹਨਾਂ ਦੇ ਹਮਦਰਦ ਬਣਾ ਦਿੱਤਾ।

ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੀਆਂ ਪਰਉਪਕਾਰੀ ਮਿਸਾਲਾਂ ਉਹਨਾਂ ਦੇ ਸਾਹਮਣੇ मठ। ਦੂਜਿਆਂ ਨੂੰ ਆਪਣੇ ਬਰਾਬਰ ਸਮਝਣ ਅਤੇ ਦੂਜਿਆਂ ਦਾ ਭਲਾ ਕਰਨ ਦੀ ਰੀਤ ਸਿੱਖਾਂ ਨੂੰ ਵਿਰਸੇ ਵਿਚ ਪਰਾਪਤ ਹੈ। ਇਸ ਕਰਕੇ ਉਹਨਾਂ ਨੂੰ ਇਸ ਗੱਲ ਵਿਚ ਕੋਈ ਮੁਸ਼ਕਲ ਨਹੀਂ ਆਈ ਕਿ ਉਹ ਸਾਰੇ ਨਿਰੋਲ ਆਪਣੀ ਖ਼ਾਤਰ ਨਾ ਲੜ ਕੇ ਦੂਜਿਆਂ ਦੀ ਆਜ਼ਾਦੀ ਲਈ ਲੜਨ। ਉਹਨਾਂ ਨੂੰ ਅਜਿਹਾ ਕਰਦਿਆਂ ਇਤਿਹਾਸ ਦੀ ਪੁਨਰ ਸੁਰਜੀਤੀ ਦਾ ਅਹਿਸਾਸ ਹੁੰਦਾ ਸੀ । ਨਾਲੇ ਉਹਨਾਂ ਨੇ ਨਵ-ਬ੍ਰਾਹਮਣਵਾਦ ਦਾ ਉਹ ਕੋਝਾ ਰੂਪ ਨਹੀਂ ਸੀ ਵੇਖਿਆ ਜੋ ਉਹਨਾਂ ਮਗਰੋਂ, ਖ਼ਾਸ ਕਰਕੇ ਆਜ਼ਾਦੀ ਮਗਰੋਂ, ਸਿੱਖਾਂ ਨੂੰ ਵੇਖਣ ਨੂੰ ਮਿਲਿਆ । ਜਿਥੇ ਲਾਲਾ ਹਰਦਿਆਲ, ਵੀ.ਡੀ. ਸਾਵਰਕਰ ਤੇ ਲਾਲਾ ਲਾਜਪਤ ਰਾਏ ਵਰਗੇ ਲੋਕ ਹਿੰਦੂ ਰਾਸ਼ਟਰਵਾਦ ਲਈ ਪੂਰੇ ਚੇਤੰਨ ਸਨ, ਓਥੇ ਗ਼ਦਰੀ ਬਾਬੇ ਕੁਰਬਾਨੀ ਦੇ ਧਾਰਮਿਕ ਰੰਗ ਵਿਚ ਇਸ ਗੱਲ ਤੋਂ ਬੇਲਾਗ ਤੇ ਬੇਖ਼ਬਰ ਸਨ ਕਿ ਉਹਨਾਂ ਦੀ ਕੁਰਬਾਨੀ ਦੀ ਭਾਵਨਾ ਨੂੰ ਰਾਸ਼ਟਰਵਾਦ ਦਾ ਕੜਿਆਲਾ ਚਾੜ੍ਹਿਆ ਜਾ ਰਿਹਾ ਹੈ। ਤੁਸੀਂ ਉਹਨਾਂ (ਬਾਬਿਆਂ) ਦੇ ਕੰਮਾਂ ਨੂੰ ਵੇਖੋ, ਖ਼ਾਸ ਕਰਕੇ ਜੇਲ੍ਹ ਦੇ ਜੀਵਨ ਨੂੰ, ਤਾਂ ਤੁਹਾਨੂੰ ਉਹ ਸਿੱਖੀ ਦੇ ਰੰਗ ਵਿਚ ਰੰਗੇ ਨਜ਼ਰ ਆਉਣਗੇ। ਉਹਨਾਂ ਦੀਆਂ ਲਿਖਤਾਂ ਵਿਚ ਇਹ ਗੱਲਾਂ ਮਿਲਣਗੀਆਂ।

ਇਸ ਗੱਲ ਨੂੰ ਤੁਸੀਂ ਐਵੇਂ ਨ੍ਹੀਂ ਸੁੱਟ ਸਕਦੇ ਕਿ ਇਸ ਲਹਿਰ ਦਾ ਮੁੱਢ ਬੰਨ੍ਹਣ ਤੋਂ ਪਹਿਲਾਂ ਉਹਨਾਂ ਨੇ ਹੋਲਟ ਫ਼ਾਰਮ ਦੇ ਗੁਰਦੁਆਰੇ ਵਿਚ ਅਰਦਾਸ ਕਰ ਕੇ ਹੁਕਮਨਾਮਾ ਲਿਆ ਕਿ ਕੀ ਕੀਤਾ ਜਾਵੇ ? ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਬੜੀ ਧੂਮ ਧਾਮ ਨਾਲ ਮਨਾਇਆ, ਸਾਰਿਆਂ ਨੂੰ ਸੱਦਿਆ, ਓਥੇ ਵਿਚਾਰ ਕਰ ਕੇ ਫ਼ੈਸਲਾ ਲਿਆ ਜਥੇਬੰਦੀ ਬਣਾਉਣ ਦਾ। ਇਹੀ ਗੱਲ ਓਦੋਂ ਵਾਪਰੀ ਜਦੋਂ ਭਾਈ ਸੰਤੋਖ ਸਿੰਘ ਹੁਣਾਂ ਨੇ 1926 ਵਿਚ ਕਿਰਤੀ ਰਸਾਲਾ ਸ਼ੁਰੂ ਕੀਤਾ। ਸੋਹਨ ਸਿੰਘ ਜੋਸ਼ ਨੇ ਲਿਖਿਐ ਕਿ ਰਸਾਲਾ ਸ਼ੁਰੂ ਕਰਨ ਵੇਲੇ ਸਾਰੀਆਂ ਸਿੱਖ ਧਾਰਮਿਕ ਰਸਮਾਂ ਕੀਤੀਆਂ ਗਈਆਂ, ਮੈਨੂੰ ਬਹੁਤ ਬੁਰਾ ਲੱਗਿਆ। ਉਹਨੇ ਆਪਣੀ ਸਵੈ-ਜੀਵਨੀ ਵਿਚ ਇਹ ਵੀ ਲਿਖਿਐ ਕਿ ਰਸਾਲੇ ਉਪਰ ਗੁਰਬਾਣੀ ਦੀ ਪੰਕਤੀ (‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’) ਜੋ ਭਾਈ ਸੰਤੋਖ ਸਿੰਘ ਨੇ ਲਿਖਣੀ ਸ਼ੁਰੂ ਕੀਤੀ ਸੀ, ਮੈਂ (1927 ਵਿਚ) ਸੰਪਾਦਕ ਬਣ ਕੇ ਉਹਦੀ ਥਾਂ ਮਾਰਕਸ ਦਾ ਕਥਨ ਲਿਖਿਆ: ‘ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਓ। ਨਾ ਸਿਰਫ਼ ਗ਼ਦਰੀਆਂ ਦਾ ਪਹਿਲਾ ਪੂਰ, ਸਗੋਂ ਦੂਜੇ ਪੂਰ ਦੇ ਕਾਮਰੇਡ ਬਣੇ ‘ਕਿਰਤੀ’ ਸੰਗਰਾਮੀਏ ਵੀ ਸਿੱਖੀ ਪ੍ਰੇਰਨਾ ਨਾਲ ਜੁੜੇ ਸਨ। ਇਹ ਸਿੱਖੀ ਨੂੰ ਸੋਧਾ ਲਾਉਣ ਵਾਲਾ ਕੰਮ 1927 ਤੋਂ ਜੋਸ਼ ਹੋਰਾਂ ਵੱਲੋਂ ਸ਼ੁਰੂ ਹੁੰਦਾ ਹੈ ਤੇ ਨਕਸਲਬਾੜੀ ਲਹਿਰ ਦਾ ਵੇਲਾ ਇਸ ਦਾ ਸਿਰਾ ਸੀ। ਪਰ ਤੁਸੀਂ ਵੇਖੋ ਕਿ ਪਰੰਪਰਾ ਪਿੱਛਾ ਨਹੀਂ ਛੱਡਦੀ ਹੁੰਦੀ। ਜਦੋਂ ਅਸੀਂ 1978 ਵਿਚ ਨਕਸਲੀ ਲਹਿਰ ਦੇ ਸੱਚੇ-ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਕੁੱਲ ਸ਼ਹੀਦਾਂ ਦੀ ਸੂਚੀ ਛਾਪਣੀ ਸੀ, ਤਾਂ ਉਸ ਉਪਰ ਕੋਈ ਭਾਵਪੂਰਤ ਗੱਲ ਲਿਖਣੀ ਸੀ। ਇਸ ‘ਤੇ ਬਹਿਸ ਹੋਈ। ਦੂਜੇ ਕਾਮਰੇਡ ਮਾਓ ਜ਼ੇ ਤੁੰਗ ਦੀ ‘ਪਰਬਤੋਂ ਭਾਰੀ ਮੌਤ’ ਵਾਲੀ ਪੰਕਤੀ ਲਿਖਣੀ ਚਾਹੁੰਦੇ ਸਨ ਜਿਹੜੀ ਉਦੋਂ ਲਹਿਰ ਅੰਦਰ ਆਮ ਪ੍ਰਚਲਿਤ ਸੀ । ਪਰ ਮੈਂ ਜ਼ਫ਼ਰਨਾਮੇ ਵਿੱਚੋਂ ਚੜ੍ਹਦੀ ਕਲਾ ਵਾਲੀ ਟੂਕ ਦੇਣਾ ਚਾਹੁੰਦਾ ਸੀ । ਬਹੁਤ ਅੜਫਸ ਤੋਂ ਬਾਅਦ ਹੀ ਮੈਂ ਆਪਣੀ ਗੱਲ ਮਨਵਾ ਸਕਿਆ ਸਾਂ । ਇਸੇ ਤਰ੍ਹਾਂ ਜਦੋਂ ਮਾਰਚ 1970 ਵਿਚ ਨਕਸਲੀਆਂ ਦਾ ਪਹਿਲਾ ਝੂਠਾ ਮੁਕਾਬਲਾ ਬਣਾਇਆ ਗਿਆ ਤਾਂ ਪਾਰਟੀ ਦੇ ਸਕੱਤਰ ਕਾਮਰੇਡ ਹਾਕਮ ਸਿੰਘ ਸਮਾਓ ਨੇ ਪਾਰਟੀ ਦੇ ਪਰਚੇ ਦੀ ਸੰਪਾਦਕੀ ਲਿਖਣ ਲੱਗਿਆਂ ਪੂਰੇ ਜੋਸ਼ ਵਿਚ ਇਕ ਤਰ੍ਹਾਂ ਵੰਗਾਰ ਕੇ ਲਿਖਿਆ: ‘ਚਾਰ ਮੂਏ ਤੋ ਕਿਆ ਹੂਆ’। ਨਕਸਲੀ ਦੌਰ ਦੀਆਂ ਜੁਝਾਰੂ ਕਵਿਤਾਵਾਂ ਵਿੱਚੋਂ ਵੀ ਸਿੱਖ ਵਿਰਸੇ ਦਾ ਰੰਗ ਸਾਫ਼ ਝਲਕਦਾ ਸੀ । ਮੈਨੂੰ ਤਾਂ ਇਹ ਸਿੱਖੀ ਦਾ ਅਸਰ ਹੀ ਨਜ਼ਰ ਆਉਂਦੈ। ਕੋਈ ਜੇ ਨਾ ਮੰਨੇ, ਸਚਾਈ ਨੇ ਬਦਲ ਤਾਂ ਨ੍ਹੀਂ ਜਾਣਾ।

? ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਗ਼ਦਰੀ ਬਾਬਿਆਂ ਨੂੰ ਦੇਸ਼ ਦੀ ਆਜ਼ਾਦੀ ਦੀ ਲਾਗ ਆਜ਼ਾਦ ਮੁਲਕ ਵਿੱਚੋਂ ਲੱਗੀ। ਪਰ ਜਿਵੇਂ ਤੁਸੀਂ ਕਿਹੈ ਕਿ ਉਹ ਸਿੱਖ ਸਨ ਤੇ ਸਿੱਖੀ ਤਾਂ ਇਥੋਂ ਈ ਪਰਾਪਤ ਹੋਈ ਸੀ। ਜੋ ਹਵਾਲੇ ਡਾ. ਹਰੀਸ਼ ਪੁਰੀ ਅਤੇ ਹੋਰ ਵਿਦਵਾਨਾਂ ਨੇ ਦਿੱਤੇ ਹਨ ਕਿ ਪੰਜਾਬ ਦੇ ਸਿੱਖਾਂ ਨੇ ਗ਼ਦਰ ਲਹਿਰ ਦਾ ਪੁਰਜ਼ੋਰ ਵਿਰੋਧ ਕੀਤਾ, ਇਥੋਂ ਤਕ ਕਿ ਅਕਾਲ ਤਖ਼ਤ ਸਾਹਿਬ ਤੋਂ ਗ਼ਦਰੀਆਂ ਵਿਰੁੱਧ ਹੁਕਮਨਾਮਾ ਵੀ ਜਾਰੀ ਹੋਇਆ। ਇਹ ਕਿਹੜੀ ਸਿੱਖ ਪਰੰਪਰਾ ਸੀ, ਇਹਦੇ ਬਾਰੇ ਕੀ ਕਿਹਾ ਜਾਵੇਗਾ?

ਕੁਝ ਗੱਲਾਂ ਬਾਰੇ ਸਾਨੂੰ ਸਪੱਸ਼ਟ ਹੋਣਾ ਚਾਹੀਦੈ। ਪਹਿਲੀ ਗੱਲ ਇਹ ਕਿ ਜਿਹੜੀ ਧਿਰ ਕਿਸੇ ਦੂਜੇ ਦੇ ਅਧੀਨ ਹੁੰਦੀ ਹੈ, ਉਸ ਦਾ ਇਕ ਛੋਟਾ ਹਿੱਸਾ ਹਾਕਮਾਂ ਦੀ ਸੇਵਾ ਵਿਚ ਹੁੰਦੈ। ਇਹ ਇਕ ਆਮ ਸਚਾਈ ਐ। ਇਹ ਸਿੱਖਾਂ ਦੇ ਮਾਮਲੇ ਵਿਚ ਵੀ ਹੋਇਆ ਅਤੇ ਹੁਣ ਸਗੋਂ ਪਹਿਲਾਂ ਨਾਲੋਂ ਵਧ ਕੇ ਹੋ ਰਿਹੈ। ਦੂਜੀ ਗੱਲ ਕਿਸੇ ਇਤਿਹਾਸ ਨੂੰ ਰਿੜਕਣ ਵਾਲੇ ਵਿਦਵਾਨ ਦੀ ਨੈਤਿਕ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਤੱਥਾਂ ਦੀ ਸਹੀ ਵਰਤੋਂ ਕਰੇ ਅਤੇ ਪਰਖ ਦੇ ਮਾਪਦੰਡ ਵਿਚ ਕਿਸੇ ਇਕ ਨੂੰ ਰਿਆਇਤ ਤੇ ਦੂਜੇ ਦੀ ਵਧਵੀਂ ਬਦਖੋਈ ਨਾ ਕਰੇ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਦਾ ਸਵਾਲ ਬਹੁਤ ਅਹਿਮ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲੈ ਕੇ ਸਿੱਖੀ ਦੇ ਦੁਸ਼ਮਣਾਂ ਦੋਸਤਾਂ ਦੀ ਪਛਾਣ ਬਹੁਤ ਸੌਖੀ ਹੋ ਜਾਂਦੀ ਹੈ, ਜਿਵੇਂ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਨੇ ਇਹਦੇ ਦੁਸ਼ਮਣਾਂ ਅਤੇ ਪੈਰੋਕਾਰਾਂ ਬਾਰੇ ਕੋਈ ਓਹਲਾ ਨਹੀਂ ਰਹਿਣ ਦਿੱਤਾ। ਸਿੰਘ ਸਭਾ ਲਹਿਰ ਵੱਲੋਂ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਤੋਂ ਪਹਿਲਾਂ ਇਥੇ ਹਿੰਦੂ ਮਹੰਤਾਂ ਅਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਜਿੰਨਾ ਜ਼ੋਰ ਅੰਗਰੇਜ਼ਾਂ ਨੇ ਸ੍ਰੀ ਦਰਬਾਰ ਸਾਹਿਬ ਉਪਰ ਕਬਜ਼ੇ ਲਈ ਲਾਇਆ ਹੋਇਆ ਸੀ, ਉਸ ਤੋਂ ਵੱਧ ਜ਼ੋਰ ਬ੍ਰਾਹਮਣੀ ਧਿਰਾਂ ਨੇ ਲਾਇਆ ਹੋਇਆ ਸੀ। ਸਾਡੇ ਲਈ ਇਹ ਗੱਲ ਬੜੀ ਅਹਿਮ ਹੈ ਕਿ ਜਿਸ ਦਿਨ (12 ਅਕਤੂਬਰ 1920) ਖ਼ਾਲਸਾ ਪੰਥ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਹਾਸਲ ਹੋਈ, ਉਸੇ ਦਿਨ ਸਭ ਤੋਂ ਪਹਿਲਾ

ਗੁਰਮਤਾ ਜੋ ਸਚਮੁੱਚ ਗੁਰਮਤਾ ਸੀ, ਗ਼ਦਰੀਆਂ ਬਾਰੇ ਹੀ ਸੀ। ਇਹ ਵਿਸ਼ਾਲ ਭਰੇ ਇਕੱਠ ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋਂ ਗ਼ਦਰੀਆਂ (ਉਹ ਬਜਬਜ ਘਾਟ ਵਾਲੇ ਕਹਿੰਦਾ ਹੈ) ਦੇ ਰਹਿਤ ਵਿਚ ਪਰਪੱਕ ਹੋਣ ਬਾਰੇ ਦਿੱਤੀ ਗਈ ਦਿਲ ਧੂਹਵੀਂ ਤਕਰੀਰ ਮਗਰੋਂ ਪੇਸ਼ ਕੀਤਾ ਗਿਆ।

ਜਿਹੜਾ ਅਕਾਲ ਤਖ਼ਤ ਦਾ ਗ਼ਦਰੀਆਂ ਵਿਰੁੱਧ ਹੁਕਮਨਾਮਾ ਕਿਹਾ ਜਾ ਰਿਹਾ ਹੈ, ਉਹ ਸਰਬਰਾਹ ਅਰੂੜ ਸਿੰਘ ਦੀ ਅੰਗਰੇਜ਼ਾਂ ਦੇ ਆਖੇ ਕੀਤੀ ਗਈ ਬਿਆਨਬਾਜ਼ੀ ਸੀ। ਅੰਗਰੇਜ਼ਾਂ ਆਖੇ ਲੱਗ ਕੇ ਅਰੂੜ ਸਿੰਘ ਅਤੇ ਸਾਥੀ ਪੁਜਾਰੀਆਂ ਦੇ ਬਿਆਨ ਅਤੇ ਇਹਨਾਂ ਪੁਜਾਰੀਆਂ ਨੂੰ ਭਜਾਉਣ ਮਗਰੋਂ ਜੁੜੀ ਸੰਗਤ ਵੱਲੋਂ ਕੀਤੇ ਗੁਰਮਤੇ ਦਾ ਫ਼ਰਕ ਹੈ। ਕਿਸੇ ਆਮ ਬੰਦੇ ਨੂੰ ਘੱਟ ਪਤਾ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ, ਪਰ ਇਕ ਵਿਦਵਾਨ ਵੱਲੋਂ ਏਡੀ ਕੁਤਾਹੀ ਜੋ ਕਿਸੇ ਧਰਮ, ਕੌਮ ਦੀ ਸ਼ਾਨ ਨੂੰ ਵੱਟਾ ਲਾਉਣ ਵਾਲੀ ਹੋਵੇ, ਇਹ ਗ਼ੈਰ ਮਾਮੂਲੀ ਵਰਤਾਰਾ ਹੈ।

ਗ਼ਦਰੀਆਂ ਦੀ ਉਸ ਸਮੇਂ ਖ਼ਾਲਸਾ ਪੰਥ ਵਿਚ ਕਿੰਨੀ ਇੱਜ਼ਤ ਸੀ, ਇਸ ਦਾ ਵੇਰਵਾ ਕਾਮਰੇਡ ਜਗਜੀਤ ਸਿੰਘ ਅਨੰਦ ਨੇ ਆਪਣੇ ਪਿਤਾ ਦੇ ਹਵਾਲੇ ਨਾਲ ਦਿੱਤਾ ਹੈ ਕਿ ਜਦੋਂ ਦੋ ਅਕਾਲੀ ਧੜਿਆਂ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮਤਭੇਦ ਹੋ ਗਿਆ ਤਾਂ ਸਾਲਸ ਵਜੋਂ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਨੂੰ ਬੁਲਾਇਆ ਗਿਆ ਤੇ ਉਸ ਨੇ 100 ਬੰਦਿਆਂ ਦੇ ਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਜੋਂ ਪੇਸ਼ ਕੀਤੇ ਜਿਹੜੇ ਬਿਨਾਂ ਮੁਕਾਬਲੇ ਚੁਣੇ ਗਏ। ਆਗੂਆਂ ਤੋਂ ਲੈ ਕੇ ਆਮ ਸਿੱਖਾਂ ਤਕ ਉਹਨਾਂ (ਗ਼ਦਰੀਆਂ) ਦੇ ਸਤਿਕਾਰ ਦੀ ਇਸ ਤੋਂ ਵੱਡੀ ਹੋਰ ਮਿਸਾਲ ਕੀ ਹੋ ਸਕਦੀ ਹੈ, ਜਿਨ੍ਹਾਂ ‘ਤੇ ਇਹ ਦੋਸ਼ ਲਾਇਆ ਜਾ ਰਿਹੈ ਕਿ ਉਹਨਾਂ ਨੇ ਹਕੂਮਤ ਦੇ ਹੱਕ ਵਿਚ ਗ਼ਦਰੀਆਂ ਨੂੰ ਫੜਿਆ ਜਾਂ ਫੜਵਾਇਆ ? ਹਾਂ, ਹਰ ਸਮਾਜ ਵਿਚ ਹੀ ਕੁਝ ਲੋਕ ਹੁੰਦੇ ਨੇ, ਜੋ ਹਕੂਮਤ ਨਾਲ ਮਿਲ ਕੇ ਚੱਲਦੇ ਨੇ। ਅਜਿਹੇ ਲੋਕਾਂ ਦੀ ਹਿੰਦੂ ਸਮਾਜ ਵਿਚ ਵੀ ਕੋਈ ਕਮੀ ਨਹੀਂ ਸੀ । ਖ਼ਾਸ ਕਰਕੇ ਪੰਡਤ-ਪੁਜਾਰੀ ਅੰਗਰੇਜ਼ਾਂ ਦੇ ਪੱਕੇ ਪਿੱਠੂ ਸਨ । ਫਿਰ ਵੀ ਅਜਿਹੇ ਲੋਕਾਂ ਦੇ ਆਧਾਰ ‘ਤੇ ਹੂੰਝਾ-ਫੇਰੂ ਬਿਆਨ ਨਹੀਂ ਦਿੱਤਾ ਜਾ ਸਕਦਾ ਕਿ ਸਾਰੀ ਸਿੱਖ ਕੌਮ ਗ਼ਦਰੀਆਂ ਵਿਰੁੱਧ ਉੱਠ ਪਈ ਸੀ।

? ਤੁਸੀਂ ਗ਼ਦਰ ਲਹਿਰ ਬਾਰੇ ਆਪਣੇ ਵੱਖਰੇ ਵਿਚਾਰ ਦੇ ਹਿਸਾਬ ਨਾਲ ਇਸ ਲਹਿਰ ਦੀ ਕੀ ਥਾਂ ਮਿਥਦੇ ਹੋ ? ਉਹਨਾਂ ਦੀ ਰਣਨੀਤੀ, ਉਹਨਾਂ ਦਾ ਨਿਸ਼ਾਨਾ, ਉਹਨਾਂ ਦੀ ਜਥੇਬੰਦਕ ਯੋਗਤਾ, ਉਹਨਾਂ ਦਾ ਪਿਛਲਿਆਂ ‘ਤੇ ਪ੍ਰਭਾਵ, ਇਹ ਸਾਰੇ ਨੁਕਤਿਆਂ ਦੀ ਕਿਸ ਤਰਤੀਬ ਵਿਚ ਕਿੰਨੀ ਕੁ ਅਹਿਮੀਅਤ ਸਮਝਦੇ ਹੋ ?

ਇਸ ਤਰ੍ਹਾਂ ਲਹਿਰ ਦਾ ਤੱਤ ਨਿਚੋੜ ਕੱਢਣ ਦਾ ਕੰਮ ਕਾਹਲੀ ਵਾਲਾ ਹੋਏਗਾ। ਜਿਹੜੀਆਂ ਇਕ ਦੋ ਗੱਲਾਂ ਇਸ ਮਾਮਲੇ ਵਿਚ ਵੇਖਣ ਵਾਲੀਆਂ ਹਨ ਕਿ ਆਮ ਤੌਰ ‘ਤੇ ਜਦੋਂ ਲਹਿਰਾਂ ਦਾ ਮੁਲੰਕਣ ਕੀਤਾ ਜਾਂਦੈ ਤਾਂ ਜ਼ਿਆਦਾ ਜ਼ੋਰ ਇਹਨਾਂ ਗੱਲਾਂ ‘ਤੇ ਦਿੱਤਾ ਜਾਂਦੈ ਕਿ ਵਿਚਾਰਧਾਰਕ ਤੌਰ ‘ਤੇ ਇਹ ਕਿੰਨਾ ਕੁ ਸਪੱਸ਼ਟ ਸਨ, ਉਹਨਾਂ ਦਾ ਨਿਸ਼ਾਨਾ ਉਹਨਾਂ ਨੂੰ ਕਿੰਨਾ ਕੁ ਸਾਫ਼ ਸੀ ਜਾਂ ਹੋਰ ਕਈ ਗੱਲਾਂ, ਜਿਵੇਂ ਤੁਸੀਂ ਕਿਹੈ।

ਪਹਿਲਾਂ ਤਾਂ ਇਹ ਵਿਚਾਰਧਾਰਾ ਵਾਲਾ ਨੁਕਤਾ ਮਸਾਂ ਦੋ ਚਾਰ ਫ਼ੀਸਦੀ ਲੋਕਾਂ ‘ਤੇ ਲਾਗੂ ਹੋ ਸਕਦੈ। ਦੁਨੀਆਂ ਵਿਚ ਅਜਿਹੀ ਕੋਈ ਲਹਿਰ ਨ੍ਹੀਂ ਲੱਭਣੀ, ਜੀਹਦੇ ਹਿੱਸੇਦਾਰਾਂ ਨੂੰ ਸਿਰਫ਼ ਵਿਚਾਰਧਾਰਾ ਨੇ ਖਿੱਚਿਆ ਹੋਵੇ। ਚਾਹੇ ਤੁਸੀਂ ਮਾਰਕਸੀ ਲਹਿਰਾਂ ਨੂੰ ਵੇਖ ਲਓ। ਸੱਤਰਵਿਆਂ ਵਿਚ ਜਦੋਂ ਨਕਸਲਬਾੜੀ ਲਹਿਰ ਦੇ ਖ਼ਿਲਾਫ਼ ਪ੍ਰਚਾਰ ਸ਼ੁਰੂ ਹੋਇਆ ਤਾਂ ਵਿਰੋਧੀਆਂ ਵੱਲੋਂ ਇਸ ਤਰ੍ਹਾਂ ਦੇ ਲੇਖ ਆਏ ਕਿ ‘ਅਸੀਂ’ ਜਾ ਕੇ ਗੁਰੀਲਿਆਂ ਨਾਲ ਮੁਲਾਕਾਤ ਕੀਤੀ, ਉਹਨਾਂ ਨੇ ਮਾਰਕਸ ਦੀ ਕੈਪੀਟਲ ਕਿਤਾਬ ਨਹੀਂ ਪੜ੍ਹੀ ਸੀ, ਉਹਨਾਂ ਨੂੰ ਦਵੰਦਵਾਦੀ ਫਲਸਫੇ ਦੀ ਸਮਝ ਨਹੀਂ ਸੀ’ ਆਦਿ ਆਦਿ। ਹੁਣ ਖਾੜਕੂ ਲਹਿਰ ਬਾਰੇ ਵੀ ਲੋਕਾਂ ਨੇ ਏਦਾਂ ਈ ਲਿਖਿਆ ਕਿ ‘ਉਹਨਾਂ ਨੇ ਗੁਰਬਾਣੀ ਨਹੀਂ ਸੀ ਪੜ੍ਹੀ, ਉਹਨਾਂ ਨੂੰ ਸਿੱਖ-ਇਤਿਹਾਸ ਦੀ ਫ਼ਲਾਣੀ ਗੱਲ ਪਤਾ ਨਹੀਂ ਸੀ, ਉਹਨਾਂ ਨੂੰ ਖ਼ਾਲਸਤਾਨ ਦੀ ਰੂਪ- ਰੇਖਾ ਬਾਰੇ ਕੋਈ ਗਿਆਨ ਨਹੀਂ ਸੀ।’

ਜਦੋਂ ਲੋਕ ਲੜਦੇ ਨੇ, ਜ਼ਰੂਰੀ ਨਹੀਂ ਕਿ ਸਭ ਕੁਝ ਪਹਿਲਾਂ ਪਤਾ ਹੋਵੇ । ਮਨੁੱਖ ਬਹੁਤਾ ਕੁਝ ਤਜਰਬੇ ਵਿੱਚੋਂ ਹੀ ਸਿੱਖਦਾ ਹੈ। ਬੰਗਾਲੀ ਜਿਹੜੇ ਗ਼ਦਰੀਆਂ ਤੋਂ ਪਹਿਲਾਂ ਹਥਿਆਰਬੰਦ ਲੜਾਈ ਸ਼ੁਰੂ ਕਰ ਚੁੱਕੇ ਸਨ ਅਤੇ ਬੇਹਤਰ ਤਰੀਕੇ ਨਾਲ ਜਥੇਬੰਦ ਸਨ, ਉਹ ਅੰਗਰੇਜ਼ਾਂ ‘ਤੇ ਵਿਰੋਧੀ ਹਮਲੇ ਹੀ ਕਰਦੇ ਰਹੇ। ਉਹਨਾਂ ਨੂੰ ਪੂਰਾ ਰਾਜ ਪਲਟ ਦੇਣ ਦਾ ਸੁਪਨਾ ਨਹੀਂ ਆਇਆ ਕਦੇ । ਜਦੋਂ ਉਹਨਾਂ ਦੇ ਹਿਸਾਬ ਨਾਲ ਮੂਲੋਂ ਅਨਾੜੀ ਗ਼ਦਰੀ ਛਾਉਣੀਆਂ ਵਿਚ ਜਾ ਕੇ ਗ਼ਦਰ ਦੀ ਤਿਆਰੀ ਕਰਨ ਲੱਗੇ ਤਾਂ ਉਹ ਅਣਮੰਨੀ ਹੈਰਾਨੀ ਨਾਲ ਵੇਖਣ ਲੱਗੇ। ਇਹ ਗੱਲ ਉਹਨਾਂ ਨੂੰ ਅਲੋਕਾਰ ਲੱਗਦੀ ਸੀ । ਤੁਸੀਂ ਰੂਸ ਦੇ ਇਨਕਲਾਬ ਨੂੰ ਵੇਖੋ, ਲੈਨਿਨ ਵਰਗੇ ਵੱਡੇ ਬੰਦੇ ਸਫਲਤਾ ਮਗਰੋਂ ਮੁੱਢਲੇ ਦਿਨਾਂ ਵਿਚ ਕਿਵੇਂ ਕੰਮ ਕਰਦੇ ਹਨ, ਕਿਵੇਂ ਦਿਨਾਂ ਤੇ ਘੰਟਿਆਂ ਵਿਚ ਕਿੰਨਾ ਕੁਝ ਨਵਾਂ ਸਿੱਖਦੇ ਹਨ ਤੇ ਕਿਵੇਂ ਪੁਰਾਣੀਆਂ ਸਮਝਾਂ ਨੂੰ ਤੇਜ਼ੀ ਨਾਲ ਗਲੋਂ ਲਾਹ ਕੇ ਪਰ੍ਹਾਂ ਵਗਾਹ ਮਾਰਦੇ ਹਨ। ਲਹਿਰਾਂ ਦੇ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਵੇਖੋਗੇ ਤਾਂ ਸਾਫ਼ ਹੋ ਜਾਏਗਾ ਕਿ ਬਹੁਤਾ ਕੁਝ ਪਹਿਲਾਂ ਤੈਅ ਨਹੀਂ ਹੁੰਦਾ।

ਜਿਹੜੀ ਵੀ ਲਹਿਰ ਲੋਕ ਲਹਿਰ ਬਣਦੀ ਹੈ, ਉਹਦੇ ਪਿੱਛੇ ਮੂਲ ਰੂਪ ਵਿਚ ਜਜ਼ਬਾ ਕੰਮ ਕਰਦਾ ਹੈ, ਲੋਕਾਂ ਦੀ ਆਪਣੀ ਵਿਰਾਸਤ ਦਾ ਜਜ਼ਬਾ। ਆਪਣੇ ਸਾਂਝੇ ਕੌਮੀ ਕਿਰਦਾਰ ਨਾਲ ਹੀ ਲੋਕ ਮੈਦਾਨ ਵਿਚ ਨਿਤਰਦੇ ਨੇ, ਬਹੁਤਾ ਕੁਝ ਮੌਕੇ ‘ਤੇ ਤੈਅ ਹੁੰਦਾ ਹੈ। ਲੰਘੇ ਸਮੇਂ ਮਗਰੋਂ ਅਸੀਂ ਬੜੇ ਆਰਾਮ ਨਾਲ ਨੁਕਸ ਕੱਢ ਸਕਦੇ ਹਾਂ, ਜਿਵੇਂ ਹੈਨਰੀ ਕਸਿੰਜਰ ਨੇ ਕਿਹਾ ਸੀ ਕਿ ਵਿਦਵਾਨ ਕੋਲ ਸਮਾਂ ਹੁੰਦਾ ਹੈ, ਉਹ ਆਪਣੀਆਂ ਧਾਰਨਾਵਾਂ ਨੂੰ ਮੁੜ ਸੋਧ ਸਕਦਾ ਹੈ ਪਰ ਇਕ ਆਗੂ ਕੋਲ ਮੌਕੇ ‘ਤੇ ਲਏ ਫ਼ੈਸਲੇ ਨੂੰ ਬਦਲਣ ਦੀ ਗੁੰਜਾਇਸ਼ ਨਹੀਂ ਹੁੰਦੀ। ਗ਼ਦਰ ਲਹਿਰ ਦਾ ਇਹ ਨੁਕਸ ਕੱਢਣਾ ਕਿ ਉਹਨਾਂ ਦਾ ਦਾਰੋਮਦਾਰ ਭਾਵੁਕਤਾ ਸੀ, ਇਕ ਤਰ੍ਹਾਂ ਨਾਲ ਇਨਕਲਾਬੀ ਜੰਗ ਬਾਰੇ ਆਪਣੀ ਅਗਿਆਨਤਾ ਪ੍ਰਗਟ ਕਰਨਾ ਹੈ ਜਾਂ ਫਿਰ ਮਨ ਅੰਦਰ ਉਸ ਵਿਰਾਸਤ ਬਾਰੇ ਕੋਈ ਔਖ ਦੱਬੀ ਪਈ ਹੈ ਜਿਸ ਤੋਂ ਉਹ ਸੇਧ ਲੈਂਦੇ ਸਨ।

? ਜੇ ਕੋਈ ਮਾਰਕਸੀ ਨਜ਼ਰੀਏ ਤੋਂ ਕਿਸੇ ਲਹਿਰ ਦਾ ਲੇਖਾ-ਜੋਖਾ ਕਰੇ, ਤਾਂ ਕੀ ਇਹ ਜ਼ਰੂਰੀ ਏ ਕਿ ਉਹ ਵਿਰਾਸਤ ਜਾਂ ਪਛਾਣ ਵਰਗੀਆਂ ਗੱਲਾਂ ਨੂੰ ਮਾਨਤਾ ਦੇਵੇ ?

ਕ੍ਰਾਂਤੀਆਂ ਕਿਤੇ ਖ਼ਲਾਅ ‘ਚ ਤਾਂ ਨ੍ਹੀਂ ਹੁੰਦੀਆਂ। ਮੈਂ ਤਾਂ ਅੱਜ ਤਕ ਨ੍ਹੀਂ ਪੜ੍ਹਿਆ ਕਿ ਮਾਰਕਸ, ਲੈਨਿਨ ਜਾਂ ਮਾਓ ਨੇ ਏਦਾਂ ਕਿਹਾ ਹੋਵੇ ਕਿ ਵਿਰਾਸਤ ਛੱਡੇ ਬਿਨਾਂ ਇਨਕਲਾਬ ਸੰਭਵ ਹੋ ਸਕਦੈ । ਹਾਂ, ਇਹਦੇ ਉਲਟ ਤੁਹਾਨੂੰ ਬੜੇ ਹਵਾਲੇ ਮਿਲ ਜਾਣਗੇ। ਮਾਓ ਤਾਂ ਗੱਲ ਈ ਵਿਰਸੇ ਨਾਲ ਜੁੜਨ ਦੀ ਕਰਦੈ। ਭਲਾ ਬੰਦਾ ਵਿਰਸੇ ਬਿਨਾਂ ਹੈ ਵੀ ਕੀ? ਇਨਕਲਾਬੀ ਵਿਚਾਰਾਂ ਦੀ ਸਾਣ ਕਿਹੜੀ ਚੀਜ਼ ਨੂੰ ਚੜ੍ਹੇਗੀ, ਜਜ਼ਬੇ ਨੂੰ ਹੀ ਚੜ੍ਹੇਗੀ ਤੇ ਜਜ਼ਬਾ ਬੰਦੇ ਨੂੰ ਆਪਣੀ ਵਿਰਾਸਤ ‘ਚੋਂ ਮਿਲਦੈ, ਹੋਰ ਕਿਤੋਂ ਸੰਭਵ ਨਹੀਂ। ਇਸ ਬਾਰੇ ਪ੍ਰੋ. ਕਿਸ਼ਨ ਸਿੰਘ ਹੋਰਾਂ ਨੇ ਖ਼ੂਬ ਲਿਖਿਐ। ਜਿਥੋਂ ਤਕ ਪਛਾਣ ਦੀ ਗੱਲ ਹੈ, ਕਮਿਊਨਿਸਟ ਇਤਿਹਾਸ ਵਿਚ ਕਾਮਰੇਡ ਲੈਨਿਨ ਨੂੰ ਵੇਖੋ, ਜਦੋਂ ਰੂਸ ਵਿਚ ਘੱਟ-ਗਿਣਤੀਆਂ ਦੀ ਪਛਾਣ ਦਾ ਮਸਲਾ ਉਹਦੇ ਸਾਹਮਣੇ ਆਇਆ, ਤਾਂ ਉਹਨੇ ਤੁਰੰਤ ਆਪਣੀ ਪਹਿਲੀ ਪੁਜ਼ੀਸ਼ਨ (ਪੈਂਤੜੇ) ਨੂੰ ਦਰੁਸਤ ਕੀਤਾ। ਇਸ ਮਸਲੇ ‘ਤੇ ਉਸ ਨੇ ਸਟਾਲਿਨ ਤੇ ਬੁਖ਼ਾਰਨ ਦੀ ਤਿੱਖੀ ਆਲੋਚਨਾ ਕੀਤੀ ਸੀ। ਇਸ ਸਭ ਕੁਝ ਦੇ ਬਾਵਜੂਦ ਇਥੇ ਪੰਜਾਬ ਦੇ ਕਾਮਰੇਡਾਂ ਦਾ (ਪਹਿਲੇ ਗ਼ਦਰੀਆਂ ਨੂੰ ਛੱਡ ਕੇ) ਪੈਂਤੜਾ ਵੇਖ ਲਓ।

ਮਾਰਕਸੀ ਸਮਝ ਬਾਰੇ ਆਪਾਂ ਰੂਸ ਵਾਲਿਆਂ ਨਾਲ ਕਾਹਨੂੰ ਤੁਲਨਾ ਕਰੀਏ, ਇਸੇ ਮੁਲਕ ਵਿਚ ਈ ਵੇਖ ਲਓ। ਮੈਂ ਤੁਹਾਨੂੰ ਸਾਡੇ ਵੇਲੇ ਦੀਆਂ ਕੁਝ ਮਿਸਾਲਾਂ ਦਿੰਨਾਂ, ਜਿਸ ਤੋਂ ਪ੍ਰੈਕਟੀਕਲ (ਵਿਹਾਰਕ) ਮਾਰਕਸੀ ਸਮਝ ਦਾ ਅੰਦਾਜ਼ਾ ਲੱਗਜੂਗਾ ਤੇ ਹੁਣ ਦੀ ਸਮਝ ਬਾਰੇ ਤੁਸੀਂ ਆਪੇ ਅੰਦਾਜ਼ਾ ਲਾ ਲਿਓ। 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਪੰਜਾਬ ਦੇ ਕਾਮਰੇਡਾਂ ਦੀ ਸਮਝ ਨੇ ਦੱਖਣ ਦੇ ਮਾਓਵਾਦੀਆਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ। ਇਥੇ ਸਾਡੇ ਨਾਲ ਦੇ ਕਾਮਰੇਡ ਦਰਬਾਰ ਸਾਹਿਬ ਉੱਤੇ ਹਮਲੇ ‘ਤੇ ਬਾਗ਼ੋ ਬਾਗ਼, ਓਧਰ ਦੱਖਣ ਵਾਲੇ ਕਾਮਰੇਡ ਸੰਤਾਂ ਦੇ ਸਤਿਕਾਰ ਵਿਚ ਕੰਧਾਂ ‘ਤੇ ਲਾਲ ਸਲਾਮ ਲਿਖੀ ਜਾਣ। ਹਮਲੇ ਕਾਰਨ ਸਿੱਖਾਂ ਦੀ ਚਰਚਾ ਬਹੁਤ ਸੀ। ਇਸ ਤਰ੍ਹਾਂ ਮਦਰਾਸ ਦੇ ਇਕ ਬਜ਼ੁਰਗ ਕਮਿਊਨਿਸਟ ਆਗੂ ਨੇ ਸਾਡੇ ਇਕ ਕਾਮਰੇਡ ਨੂੰ ਗੁਰਬਾਣੀ ਬਾਰੇ ਪੁੱਛ ਲਿਆ। ਸਾਡੇ ਬੰਦੇ ਦੀ ਕੋਰੀ ਨਾਂਹ ਸੁਣ ਕੇ ਉਹਨੂੰ ਯਕੀਨ ਨਾ ਆਵੇ ਕਿ ਪੰਜਾਬ ਦਾ ਆਗੂ ਕਾਮਰੇਡ ਆਪਣੇ ਵਿਰਸੇ ਤੋਂ ਏਨਾ ਟੁੱਟਿਆ ਹੋਇਐ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਪੜ੍ਹਿਆ। ਪਰ ਸਾਡੀ ਤਾਂ ਸਾਰਿਆਂ ਦੀ ਇਹੀ ਹਾਲਤ ਸੀ, ਮੇਰੇ ਖ਼ਿਆਲ ‘ਚ ਉਹਨੂੰ ਇਹ ਗੱਲ ਪਤਾ ਨ੍ਹੀਂ ਸੀ। ਅਸੀਂ ਜਦੋਂ ਇੰਦਰਾ ਗਾਂਧੀ ਦੇ ਕਤਲ ਬਾਰੇ ਅੰਗਰੇਜ਼ੀ ਵਿਚ ਬਿਆਨ ਦੇਣਾ ਸੀ ਤਾਂ ਮੈਂ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਕਾਰਨਾਮੇ ਦੀ ‘ਡੇਰਿੰਗ ਅਟੈਕ’ (daring attack), ਯਾਨੀ ਕਿ ‘ਇਕ ਦਲੇਰਾਨਾ ਹਮਲਾ’ ਕਹਿ ਕੇ ਪ੍ਰਸੰਸਾ ਕੀਤੀ ਸੀ। ਇਹਦੇ ਬਾਰੇ ਪਾਰਟੀ ਅੰਦਰ ਬਹੁਤ ਬਹਿਸ ਹੋਈ ਕਿ ‘ਜਨੂੰਨੀ’ ਲੋਕਾਂ ਦੇ ਕੰਮ ਨੂੰ ਬਹਾਦਰੀ ਕਿਵੇਂ ਕਿਹਾ ਜਾ ਸਕਦੈ। ਸਿੱਖੀ ਵਿਰਸੇ ਤੋਂ ਬੇਮੁਖ ਹੋਏ ਕਾਮਰੇਡਾਂ ਨੂੰ ਮੇਰੀ ਗੱਲ ਵਿਹੁ ਵਰਗੀ ਲੱਗੀ। ਹਾਲਾਂਕਿ ਉਦੋਂ ਅਸੀਂ ਸਿੱਖੀ ਦੇ ਪੈਂਤੜੇ ਦੀ ਗੱਲ ਕਰਦੇ ਸੌ ਵਾਰ ਝਕਦੇ ਸੀ। ਜਦੋਂ ਅਸੀਂ ਇਸ (ਸਿੱਖੀ ਵਾਲੇ) ਪਾਸੇ ਆ ਗਏ, ਓਦੋਂ ਵੀ ਸਾਡੇ ਉੱਤੇ ਪੁਰਾਣੀ ਸੋਚ ਦਾ ਏਨਾ ਅਸਰ ਸੀ ਕਿ ਜਦੋਂ ਐਸ.ਐਸ.ਪੀ. ਗੋਬਿੰਦ ਰਾਮ ਦੇ ਵੇਲੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਸਿੱਖ ਔਰਤਾਂ ‘ਤੇ ਬਹੁਤ ਜ਼ੁਲਮ ਹੋਏ ਤਾਂ ਅਸੀਂ ‘ਦੇਸ ਪੰਜਾਬ ਸਟੂਡੈਂਟਸ ਯੂਨੀਅਨ’ ਵੱਲੋਂ ਇਹਨਾਂ ਜ਼ੁਲਮਾਂ ਬਾਰੇ ਰਿਪੋਟ ਛਾਪਣੀ ਸੀ। ਅਸੀਂ ਪਹਿਲਾਂ ‘ਪੰਜਾਬੀ ਔਰਤਾਂ’ ਲਫ਼ਜ਼ ਲਿਖਿਆ। ਬੜੀ ਦੇਰ ਲਾ ਕੇ ਮਸਾਂ ਜਾ ਕੇ ‘ਸਿੱਖ ਬੀਬੀਆਂ’ ਲਿਖ ਹੋਇਆ। ਸਾਨੂੰ ਏਨੀ ਝਿਜਕ ਸੀ। ਕਿਸੇ ਨੇ ਕੋਈ ਹੱਥ ਨ੍ਹੀਂ ਸੀ ਫੜਿਆ ਸਾਡਾ, ਪਰ ਮਨ ‘ਚ ਉਹ ਘੁੰਡੀ ਨ੍ਹੀਂ ਸੀ ਜਾਂਦੀ ਰਾਸ਼ਟਰਵਾਦੀ ਕਾਮਰੇਡੀ ਵਾਲੀ!

ਇਹ ਤਾਂ ਮੈਂ ਤੁਹਾਨੂੰ ਕੁਝ ਉਹ ਗੱਲਾਂ ਸੁਣਾਈਆਂ ਨੇ, ਜਿਹੜੀਆਂ ਦਾ ਮੈਂ ਗਵਾਹ ਹਾਂ। ਬਾਕੀ ਜੋ ਕੁਝ ਜਿਵੇਂ ਖੱਬੇ ਪੱਖੀਆਂ ਨੇ ਸੋਚਿਆ, ਸਮਝਿਆ ਤੇ ਕਰਿਆ, ਉਹਦਾ ਲੇਖਾ-ਜੋਖਾ ਕਰ ਕੇ ਬੜੀ ਭੈੜੀ ਤਸਵੀਰ ਬਣਦੀ ਏ। ਅਸੀਂ ਜੋ ਆਪਣੇ ਆਪ ਨੂੰ ਪਹਿਲੀ ਕਤਾਰ ਦੇ ਕਾਮਰੇਡ ਸਮਝਦੇ ਸਾਂ, ਸਾਨੂੰ ਕਿਸੇ ਨੂੰ ਭਾਈ ਸੰਤੋਖ ਸਿੰਘ ਗ਼ਦਰੀ ਬਾਰੇ ਪਤਾ ਨਹੀਂ ਸੀ ਕਿ ਅਸਲ ਵਿਚ ਪੰਜਾਬ ਵਿਚ ਮਾਰਕਸੀ ਵਿਚਾਰ ਦਾ ਮੋਢੀ ਉਹ ਸੀ। ਅਸੀਂ ਸਿਰਫ਼ ਭਗਤ ਸਿੰਘ ਨੂੰ ਜਾਣਦੇ ਸਾਂ । ਗ਼ਦਰ ਲਹਿਰ ਬਾਰੇ ਸਾਡੀ ਸਮਝ ਅਤੇ ਜਾਣਕਾਰੀ ਅਗਿਆਨੀਆਂ ਵਾਲੀ ਹੀ ਸੀ, ਹਾਲਾਂਕਿ ਅਸੀਂ ਬਾਬਾ ਸੋਹਣ ਸਿੰਘ ਭਕਨਾ, ਹਰੀ ਸਿੰਘ ਉਸਮਾਨ, ਸੱਜਣ ਸਿੰਘ ਨਾਰੰਗਵਾਲ ਤੇ ਗੁਰਮੁਖ ਸਿੰਘ ਲਲਤੋਂ ਨੂੰ ਕਿੰਨੇ ਵਾਰ ਮਿਲੇ ਸੀ। ਵਿਰਸੇ ਨੂੰ ਨਾ ਜਾਣਨ ਦੀ ਇੱਛਾ ਹੀ ਵਿਰਸੇ ਨਾਲੋਂ ਟੁੱਟਣਾ ਹੁੰਦੈ ਤੇ ਪੰਜਾਬ ਵਿਚ ਕਾਮਰੇਡ ਹੋਣ ਦਾ ਅਰਥ ਈ ਇਹ ਐ ਕਿ ਵਿਰਸੇ ਨਾਲੋਂ ਟੁੱਟਣਾ, ਹਾਲਾਂਕਿ ਮਾਰਕਸਵਾਦ ਵਿਚ ਅਜਿਹੀ ਕੋਈ ਗੱਲ ਨ੍ਹੀਂ ਕਿ ਬੰਦਾ ਆਪਣਾ ਵਿਰਸਾ ਛੱਡ ਦੇਵੇ । ਨਾ ਹੀ ਮਾਰਕਸੀ ਅਧਿਐਨ ਦੀ ਕੋਈ ਸ਼ਰਤ ਏ ਕਿ ਵਿਰਸੇ ਜਾਂ ਪਛਾਣ ਦਾ ਨਿਖੇਧ ਕੀਤਾ ਜਾਵੇ। ਪੰਜਾਬ ਵਿਚ ਮਾਰਕਸਵਾਦੀ ਵਿਚਾਰ ਦੇ ਨਾਂ ਹੇਠ ਜਿਹੜੀ ਕਸਰਤ ਹੋਈ ਹੈ ਤੇ ਹੋ ਰਹੀ ਹੈ, ਬੜੇ ਧਿਆਨ ਦੀ ਮੰਗ ਕਰਦੀ ਏ ਕਿ ਇਹ ਵਰਤਾਰਾ ਅਸਲ ਵਿਚ ਕੀ ਏ, ਜਿਹੜਾ ਦੁਨੀਆਂ ਦੇ ਸਭ ਤੋਂ ਅਣਮਨੁੱਖੀ ਪ੍ਰਬੰਧ ਬ੍ਰਾਹਮਣੀ ਢਾਂਚੇ ਦੇ ਖ਼ਿਲਾਫ਼ ਕਦੇ ਨਹੀਂ ਖੜ੍ਹਦਾ ਤੇ ਸਿੱਖਾਂ ਨੂੰ ਅੱਗੋਂ

ਹੋ ਹੋ ਘੇਰਦੈ, ਕਿਸੇ ਮੋੜ ‘ਤੇ ਨ੍ਹੀਂ ਬਖ਼ਸ਼ਦਾ। ਇਸ ਰੋਗ-ਚੱਕਰ (syndrome) ਨੂੰ ਸਮਝਣ ਦੀ ਲੋੜ ਹੈ।

? ਆਪਾਂ ਗ਼ਦਰ ਲਹਿਰ ਬਾਰੇ ਗੱਲ ਕਰ ਰਹੇ ਹਾਂ ਤੇ ਪੰਜਾਬ ਵਿਚ ਜਿਵੇਂ ਤੁਸੀਂ ਕਿਹੈ ਕਿ ਮਾਰਕਸੀ ਬੀਜ ਗ਼ਦਰੀ ਹੀ ਲੈ ਕੇ ਆਏ ਤੇ ਮੁੜ ਕੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਪੰਜਾਬ ਦੇ ਮਾਰਕਸੀਆਂ ਦਾ ਰੋਲ ਮਾੜਾ ਏ। ਸਿੱਖੀ, ਮਾਰਕਸਵਾਦ ਅਤੇ ਭਾਰਤੀ ਰਾਸ਼ਟਰਵਾਦ ਨਾਲ ਗ਼ਦਰੀਆਂ ਦਾ ਕਿਸ ਤਰ੍ਹਾਂ ਦਾ ਸੰਬੰਧ ਬਣਦਾ ਹੈ ?

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਗ਼ਦਰੀ ਬਾਬੇ ਸਿੱਖ ਸਨ, ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਗ਼ਦਰ ਦੀ ਅਸਫਲਤਾ ਤੋਂ ਬਾਅਦ ਉਨ੍ਹਾਂ ‘ਚੋਂ ਕੁਝ ਮਾਰਕਸੀ ਵਿਚਾਰ ਨੂੰ ਪੰਜਾਬ ਲਿਆਏ ਤੇ ਇਸ ਦੀ ਮੁੱਢਲੀ ਪ੍ਰੈਕਟਿਸ ਵੀ ਸ਼ੁਰੂ ਕੀਤੀ, ਤੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਬਾਅਦ ਵਿਚ ਪੰਜਾਬ ਵਿਚ ਬਹੁਤੇ ਮਾਰਕਸੀ ਕਹਾਉਣ ਵਾਲੇ ਲੋਕਾਂ ਦਾ ਰੋਲ ਖ਼ਾਸ ਕਰਕੇ ਸਿੱਖੀ ਪ੍ਰਤੀ ਨਾਂਹਮੁਖੀ ਰਿਹਾ ਏ। ਜਿਹੜੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ, ਮੇਰਾ ਖ਼ਿਆਲ ਤੁਸੀਂ ਸਿੱਧੀ ਜਿਹੀ ਵੰਡ ਚਾਹੁੰਦੇ ਹੋ ਕਿ ਉਹ ਕਿੰਨੇ ਪ੍ਰਸੈਂਟ ਸਿੱਖ ਸਨ, ਕਿੰਨੇ ਪ੍ਰਸੈਂਟ ਭਾਰਤੀ ਤੇ ਕਿੰਨੇ ਪ੍ਰਸੈਂਟ ਕਾਮਰੇਡ ?

ਗ਼ਦਰ ਦੀ ਅਸਫਲਤਾ ਮਗਰੋਂ ਬਾਬਿਆਂ ਦੇ ਸਾਹਮਣੇ ਦੋ ਰਾਹ ਸਨ-ਇਕ ਰਾਹ ਸੀ ਕਮਿਊਨਿਸਟ ਇਨਕਲਾਬ। 1917 ਦੀ ਰੂਸ ਦੀ ਕ੍ਰਾਂਤੀ ਨੇ ਦੁਨੀਆਂ ਭਰ ਵਿਚ ਲੋਕਾਂ ਨੂੰ ਆਪਣੇ ਅਸਰ ਹੇਠ ਲੈ ਲਿਆ ਸੀ ਜਿਹੜਾ ਗ਼ਦਰੀਆਂ ‘ਤੇ ਵੀ ਪਿਆ। ਆਪਣੀ ਅਸਫਲਤਾ ਕਾਰਨ ਉਹਨਾਂ ਨੇ ਬੜੀ ਸ਼ਿੱਦਤ ਨਾਲ ਇਸ ਨੂੰ ਸਮਝਣ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਸਾਨਿਆਲ ਨੇ ਲਿਖਿਐ ਕਿ ਇਹ ਬਾਬੇ ਮਾਰਕਸੀ ਖ਼ਿਆਲ ਨੂੰ ਆਪਣੇ ਅਨੁਸਾਰ ਲਾਗੂ ਕਰਨਾ ਚਾਹੁੰਦੇ ਸਨ, ਮਤਲਬ ਸਿੱਖੀ ਨਾਲ ਮੇਲ ਕਰ ਕੇ। ਦੂਜਾ ਰਾਹ ਸੀ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਬਰੀਕ ਜਿਹੇ ਓਹਲੇ ਵਿਚ ਹਿੰਦੂ ਰਾਸ਼ਟਰਵਾਦ ਸੀ। ਭਾਈ ਸੰਤੋਖ ਸਿੰਘ ਅਤੇ ਮਾਸਟਰ ਊਧਮ ਸਿੰਘ ਕਸੇਲ ਦੀ ਮੌਤ ਮਗਰੋਂ 1928 ਤਕ ਸਿੱਖੀ ਭਾਵਨਾ ਵਾਲੇ ਗ਼ਦਰੀਆਂ ਦਾ ਪਲੇਟਫ਼ਾਰਮ ਇਕ ਤਰ੍ਹਾਂ ਨਾਲ ਟੁੱਟ ਗਿਆ। ਜਿਵੇਂ ਸੋਹਨ ਸਿੰਘ ਜੋਸ਼ ਨੇ ਲਿਖਿਆ ਕਿ ਉਹਨਾਂ ਨੇ ਸੁਚੇਤ ਪੱਧਰ ‘ਤੇ ਸਿੱਖੀ ਭਾਵਨਾ ਵਾਲੇ ਤੱਤ ਚਿੰਨ੍ਹ ਸਾਰੇ ਮਾਰਕਸੀ ਲਹਿਰ ਵਿੱਚੋਂ ਖ਼ਤਮ ਕਰਨੇ ਸ਼ੁਰੂ ਕਰ ਦਿੱਤੇ। ਇਹ ਇਕ ਤਰ੍ਹਾਂ ਨਾਲ ਹਿੰਦੂ ਰਾਸ਼ਟਰਵਾਦ ਵੱਲ ਝੁਕਾਅ ਸੀ ਜਿਹੜਾ ਫਿਰ ਵਧਦਾ ਹੈ। ਗਿਆ । ਪੰਜਾਬ ਵਿਚ ਗ਼ਦਰੀ ਬਾਬਿਆਂ ਤੋਂ ਲਾਂਭੇ ਹੋ ਕੇ ਜਿਹੜੀ ਮਾਰਕਸਵਾਦੀ ਲਹਿਰ ਉਭਰੀ, ਉਹ ਭਾਰਤੀ ਰਾਸ਼ਟਰਵਾਦ ਨਾਲ ਨੇੜਤਾ ਵਾਲੀ ਅਤੇ ਸਿੱਖੀ ਪ੍ਰਤੀ ਨਾਂਹਮੁਖੀ ਰਵੱਈਏ ਵਾਲੀ ਸੀ । ਭਾਈ ਸੰਤੋਖ ਸਿੰਘ ਹੋਰੀਂ ਆਲ ਇੰਡੀਆ ਪਾਰਟੀ ਵਿਚ ਨਹੀਂ ਰਲੇ, ਜਿਥੋਂ ਉਹਨਾਂ ਦੀ ਭਾਰਤੀ ਰਾਸ਼ਟਰਵਾਦ ਨਾਲ ਵਿੱਥ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਸਿੱਖ ਵਿਰਸੇ ਨਾਲ ਮੋਹ ਉਨ੍ਹਾਂ ਨੂੰ ਨਾ ਤਾਂ ‘ਸ਼ੁੱਧ’ ਰਾਸ਼ਟਰਵਾਦੀ ਬਣਨ ਦਿੰਦੈ ਤੇ ਨਾ ਹੀ ਵਿਰਸੇ ਨਾਲੋਂ ਟੁੱਟੇ ‘ਸ਼ੁੱਧ’ ਕਮਿਊਨਿਸਟ।

? ਜੇ ਤੁਹਾਡੇ ਨੁਕਤਿਆਂ ਨੂੰ ਮੰਨ ਲਿਆ ਜਾਵੇ ਕਿ ਪੰਜਾਬ ਦੀਆਂ ਵਾਰ ਵਾਰ ਉੱਠਦੀਆਂ ਲਹਿਰਾਂ ਪਿੱਛੇ ਸਿੱਖ ਆਜ਼ਾਦੀ ਦੀ ਤੜਪ ਏ, ਤਾਂ ਵੀ ਸਿੱਖ ਰਾਜ ਲਈ ਜੱਦੋ-ਜਹਿਦ ਕਰਨ ਤੋਂ ਤਿਰੰਗੇ ਲਈ ਕੁਰਬਾਨੀ ਦੇਣ ਤਕ ਵਿਚ-ਵਿਚਾਲੇ ਵੱਡਾ ਫ਼ਾਸਲਾ ਏ। ਇਹ ਸਫ਼ਰ ਸਿੱਖਾਂ ਨੇ ਕਿਵੇਂ ਕਰ ਲਿਆ ?

ਇਹ ਘੱਟੋ-ਘੱਟ ਪੂਰੀ ਕਿਤਾਬ ਦਾ ਵਿਸ਼ਾ ਬਣਦੈ ਕਿ ਇਹ ਭਾਣਾ ਕਿਵੇਂ ਵਾਪਰ ਗਿਆ ? ਸਾਡੀ ਇਤਿਹਾਸ ਬਾਰੇ ਜਾਣਕਾਰੀ ਵਿਚ ਅਜੇ ਖੱਪੇ ਨੇ ਕਿ ਅੰਗਰੇਜ਼ਾਂ ਨਾਲ ਦੂਜੀ ਜੰਗ ਹਾਰਨ ਮਗਰੋਂ ਸਿੱਖਾਂ ਨੇ ਕਿੰਨੀਆਂ ਤੇ ਕਿਵੇਂ ਕਿਵੇਂ ਕੋਸ਼ਿਸ਼ਾਂ ਕੀਤੀਆਂ । ਭਾਈ ਮਹਾਰਾਜ ਸਿੰਘ ਤੋਂ ਮਗਰੋਂ ਮਹਾਰਾਣੀ ਜਿੰਦਾਂ ਦੀਆਂ ਤਿੰਨ ਕੋਸ਼ਿਸ਼ਾਂ ਅਤੇ ਮਹਾਰਾਜਾ ਦਲੀਪ ਸਿੰਘ ਦੀ ਕੋਸ਼ਿਸ਼ ਤੋਂ ਬਿਨਾਂ ਪੰਜਾਬ ਵਿਚ ਅਨੇਕਾਂ ਥਾਂ ਛੋਟੀਆਂ ਛੋਟੀਆਂ ਅਤੇ ਖਿੰਡੀਆਂ ਪੁੰਡੀਆਂ ਸਿੱਧੀਆਂ ਫ਼ੌਜੀ ਟੱਕਰਾਂ ਹੋਈਆਂ, ਜਿਵੇਂ ਬਟਾਲੇ ਕੋਲ ਢੀਂਡਸੇ ਸਰਦਾਰਾਂ ਦਾ ਢੱਠਾ ਕਿਲ੍ਹਾ, ਤਪੇ ਕੋਲ ਬਾਬਾ ਪੰਜਾਬ ਸਿੰਘ ਦਾ ਡੇਰਾ, ਚੰਡੀਗੜ੍ਹ 44 ਸੈਕਟਰ ਦਾ ਗੁਰਦੁਆਰਾ ਸ਼ਹੀਦਾਂ, ਸੋਹਾਣੇ ਕੋਲ ਗੁਰਦੁਆਰਾ ਸ਼ਹੀਦਾਂ ਆਦਿ। ਛੋਟੇ ਛੋਟੇ ਸਰਦਾਰਾਂ ਵਲੋਂ ਨਿੱਜੀ ਪੱਧਰ ਦੀਆਂ ਟੱਕਰਾਂ ਵਿਚ ਅੰਗਰੇਜ਼ ਸਰਕਾਰ ਨੇ ਲੜਨ ਵਾਲੇ ਅਤੇ ਅਗਵਾਈ ਕਰਨ ਵਾਲੇ ਲੋਕ ਚੁਣ- ਚੁਣ ਮਾਰੇ। ਇਹ ਗੱਲ ਵੀ ਉਭਰ ਕੇ ਸਾਹਮਣੇ ਨਹੀਂ ਆਈ ਕਿ ਇਹਨਾਂ ਲੋਕਾਂ ਦੇ ਘਰ- ਬਾਰ, ਰਿਸ਼ਤੇਦਾਰ ਤਕ ਕਿਵੇਂ ਉਜਾੜ ਦਿੱਤੇ ਗਏ, ਉਹੀ ਬਚ ਸਕੇ ਜਿਹੜੇ ਜਾਂ ਤਾਂ ਸਰਕਾਰ ਨਾਲ ਰਲ ਗਏ ਜਾਂ ਚੁੱਪ ਰਹੇ। ਮਤਲਬ ਸਿੱਖਾਂ ਦੀ ਤਾਕਤ ਨੂੰ ਅਸਲੋਂ ਮਲੀਆਮੇਟ ਕਰ ਦਿੱਤਾ ਗਿਆ। ਇਥੋਂ ਤਕ ਕਿ ਆਮ ਲੋਕਾਂ ਤੋਂ ਰਵਾਇਤੀ ਹਥਿਆਰ ਤਕ ਜਮ੍ਹਾਂ ਕਰਵਾ ਲਏ ਗਏ। ਜਿਵੇਂ ਅੰਗਰੇਜ਼ਾਂ ਨੇ ਜਿਸ ਹੱਦ ਤਕ ਜਾ ਕੇ ਕੂਕਾ ਲਹਿਰ ‘ਤੇ ਜਬਰ ਕੀਤਾ, ਇਸ ਸਾਰੇ ਕੁਝ ਨੇ ਇਕ ਤਰ੍ਹਾਂ ਨਾਲ ਸਿੱਖਾਂ ਦੇ ਮਨ ‘ਤੇ ਹਾਰ ਦੀ ਛਾਪ ਛੱਡੀ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਰਾਜ ਲੈਣਾ ਸੰਭਵ ਨਹੀਂ ਹੈ। ਸਿੱਖਾਂ ਨੇ ਇਹ ਤਾਂ ਸਿੱਖ ਲਿਆ ਕਿ ਆਪਣਾ ਰਾਜ ਹੁਣ ਸੰਭਵ ਨਹੀਂ, ਪਰ ਇਹ ਭਾਵਨਾ ਅੰਦਰੋਂ ਮਰੀ ਨਹੀਂ ਸੀ। ਮਸਲਨ ਇਹ ਭਾਵਨਾ ਮਹਾਰਾਜਾ ਦਲੀਪ ਸਿੰਘ ਦੇ ਆਉਣ ਦੀ ਖ਼ਬਰ ਨਾਲ ਕਿਵੇਂ ਮੂੰਹ- ਜ਼ੋਰ ਉੱਠਦੀ ਹੈ, ਇਸ ਦੀ ਮਿਸਾਲ ਸਿੱਖ ਫ਼ੌਜਾਂ ਅਤੇ ਬਾਬਾ ਖੇਮ ਸਿੰਘ ਬੇਦੀ ਅਤੇ ਸੰਧਾਵਾਲੀਏ ਸਰਦਾਰ ਹਨ ਜਿਹੜੇ ਆਪਣੇ ਰਾਜ ਦੇ ਨਾਂ ‘ਤੇ ਇਕਦਮ ਪੂਰੇ ਦੇ ਪੂਰੇ ਤਿਆਰ ਹੋ ਜਾਂਦੇ ਨੇ, ਪਰ ਭਾਰਤ ਦੀ ਆਜ਼ਾਦੀ ਵਿਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ। ਇਸ ਲਈ ਉਹਨਾਂ ਨੂੰ ਅੰਗਰੇਜ਼ਾਂ ਦੇ ‘ਝੋਲੀਚੁੱਕ’ ਕਿਹਾ ਜਾ ਰਿਹੈ।

ਜਦੋਂ ਕੋਈ ਕੌਮ ਲਗਾਤਾਰ ਹਾਰਾਂ ਨਾਲ ਵੱਡੇ ਸਦਮੇ ਜਾਂ ਨਾ-ਉਮੀਦੀ ਦੀ ਹਾਲਤ ਵਿਚ ਪਹੁੰਚ ਜਾਵੇ, ਫਿਰ ਉਹ ਸਿੱਧੇ ਵਿਰੋਧ ਦੀ ਥਾਂ ਆਪਣੇ ਤਰੀਕੇ ਬਦਲ ਲੈਂਦੀ ਹੈ। ਅਜਿਹੀ ਹਾਲਤ ਵਿਚ ਹੀ ਸਿੰਘ ਸਭਾ ਲਹਿਰ ਨੇ ਇਕ ਕਦਮ ਪਿੱਛੇ ਹਟਦਿਆਂ ਆਪਣਾ ਰਾਜ ਲੈਣ ਦੀ ਥਾਂ ਆਪਣੀ ਪਛਾਣ ਬਚਾਉਣ ਤਕ ਸੀਮਤ ਕਰ ਲਿਆ। ਇਹ ਨਹੀਂ ਸੀ ਕਿ ਉਹਨਾਂ ਨੂੰ ਆਪਣੇ ਰਾਜ ਦੀ ਗੱਲ ਚੰਗੀ ਨਹੀਂ ਸੀ ਲੱਗਦੀ, ਪਰ ਹਾਲਾਤ ਉੱਕਾ ਹੀ ਨਾਮੁਮਕਿਨ ਲੱਗਦੇ ਸਨ ਕਿ ਐਡੀ ਵੱਡੀ ਤਾਕਤ ਐ, ਲੜਾਈ ਕਰ ਕਰ ਕੇ ਹਾਰ ਗਏ ਆਂ, ਓਹ ਤਾਕਤ ਪੱਕੇ ਪੈਰੀਂ ਹੋ ਗਈ ਸੀ, ਸਿੱਖ ਛੋਟੀ ਜਿਹੀ ਗਿਣਤੀ ਸਨ, ਤੇ ਦੇਸ਼ ਵਿੱਚੋਂ ਕਿਤੋਂ ਹਿਮਾਇਤ ਮਿਲਣੀ ਨਹੀਂ ਸੀ। ਕਿਸੇ ਤਰ੍ਹਾਂ ਵੀ ਆਪਣਾ ਰਾਜ ਸੰਭਵ ਹੀ ਨਹੀਂ ਸੀ ਲੱਗਦਾ। ਇਸ ਕਰਕੇ ਇਹ ਸਿੱਖਾਂ ਦੀ ਆਗੂ ਜਮਾਤ ਦਾ ਚੇਤੰਨ ਫੈਸਲਾ ਸੀ ਕਿਉਂਕਿ ਰਾਹ ਤਾਂ ਓਸੇ ਨੇ ਹੀ ਵਿਖਾਉਣਾ ਹੁੰਦੈ, ਉਹਨਾਂ ਨੇ ਮੁੱਦੇ ਤੈਅ ਕਰਨੇ ਹੁੰਦੇ ਐ, ਇਸ ਲਈ ਉਹਨਾਂ ਨੇ ਸਿੱਧੀ ਲੜਾਈ ਬੰਦ ਕਰਨ ਦਾ ਫੈਸਲਾ ਲੈ ਲਿਆ। ਦੂਜੇ ਪਾਸੇ ਸਚਮੁੱਚ ਹੀ ਪਛਾਣ ਦਾ ਖ਼ਤਰਾ ਖੜਾ ਹੋ ਗਿਆ । ਸਿੱਖਾਂ ਦੀ ਰਾਜਸੀ ਤਾਕਤ ਖੁੱਸਣ ਮਗਰੋਂ

ਬ੍ਰਾਹਮਣਵਾਦ ਨੇ ਆਪਣਾ ਹਮਲਾ ਹੋਰ ਤਿੱਖਾ ਕਰ ਦਿੱਤਾ। ਇਸ ਤਰ੍ਹਾਂ ਕੌਮ ਸਾਹਮਣੇ ਚੋਣ ਕਰਨ ਦੀ ਸਮੱਸਿਆ ਆ ਗਈ ਕਿ ਕੀਹਦੇ ਖ਼ਿਲਾਫ਼ ਲੜੀਏ? ਆਰੀਆ ਸਮਾਜ ‘ ਨੇ ਧਾਰਮਿਕ ਪਾਸਿਓਂ ਹਮਲਾ ਕੀਤਾ, ਜਿਹੜਾ ਜ਼ਿਆਦਾ ਅਸਹਿ ਤੇ ਜਾਨ-ਲੇਵਾ ਸੀ। ਇਹ ਸੰਭਵ ਨਹੀਂ ਸੀ ਕਿ ਵੇਲੇ ਦੀ ਹਕੂਮਤ ਨਾਲ ਅਤੇ ਪਛਾਣ ‘ਤੇ ਹਮਲਾ ਕਰਨ ਵਾਲੀ ਧਿਰ ਨਾਲ ਇੱਕੋ ਵੇਲੇ ਲੜਿਆ ਜਾ ਸਕਦਾ । ਬ੍ਰਾਹਮਣੀ ਧਿਰ ਨਾਲ ਟਾਕਰੇ ਵਿਚ ਅੰਗਰੇਜ਼ ਇਕ ਤਰ੍ਹਾਂ ਨਿਰਪੱਖ ਵੀ ਲੱਗਦੇ ਸਨ ਤੇ ਮੌਕੇ ਦੀ ਹੁਕਮਰਾਨ ਤਾਕਤ ਵੀ ਸਨ, ਇਸ ਕਰਕੇ ਇਸ ਗਿਣਤੀ ਮਿਣਤੀ ਵਿੱਚੋਂ ਉਹਨਾਂ ਨੇ ਇਹ ਪੈਂਤੜਾ ਲਿਆ ਕਿ ਹਾਲ ਦੀ ਘੜੀ ਅੰਗਰੇਜ਼ਾਂ ਦਾ ਸਿੱਧਾ ਵਿਰੋਧ ਬੰਦ ਕਰ ਕੇ ਪਛਾਣ ਦੀ ਰੱਖਿਆ ਦੇ ਮੁਹਾਜ਼ ‘ਤੇ ਡਟਿਆ ਜਾਵੇ।

ਦੂਜੇ ਪਾਸੇ ਹਿੰਦੂ ਪੁਨਰ ਜਾਗਰਤੀ ਦੀਆਂ ਲਹਿਰਾਂ ਉੱਠੀਆਂ, ਜਿਹੜੀਆਂ ਹਿੰਦੂ ਰਾਸ਼ਟਰਵਾਦ ਦੀਆਂ ਅਗਵਾਨੂੰ ਸਨ । ਇਹਨਾਂ ਨੇ ਇਹ ਨਿਰਣਾ ਕੱਢ ਲਿਆ ਬਈ ਜਿਹੜਾ ਅੰਗਰੇਜ਼ਾਂ ਨਾਲ ਮੇਲ-ਜੋਲ ਕਰੁ, ਉਹ ਸਾਡਾ ਦੁਸ਼ਮਣ ਤੇ ਜਿਹੜਾ ਸਾਡੇ ਨਾਲ, ਉਹ ਸਾਡਾ ਹਿੱਸਾ। ਸਿੱਖ ਜਿਧਰ ਜਾਣ ਮਰੇ ਈ ਮਰੇ ਸਨ। ਇਸ ਕਰਕੇ ਬਹੁਗਿਣਤੀ ਵਰਗ ਨੇ ਆਪਣੇ ਰਾਸ਼ਟਰਵਾਦ ਦੇ ਨਜ਼ਰੀਏ ਤੋਂ ਉਹਨਾਂ ਸਿੱਖਾਂ ਲਈ ‘ਟੋਡੀ’ ਵਰਗੇ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਜਿਨ੍ਹਾਂ ਨੇ ਲੜਾਈ ਦੀ ਚੋਣ ਅੰਗਰੇਜ਼ਾਂ ਦੇ ਖ਼ਿਲਾਫ਼ ਦੀ ਥਾਂ ਆਪਣੀਆਂ ਕਦਰਾਂ-ਕੀਮਤਾਂ ਅਤੇ ਚਿੰਨ੍ਹਾਂ ਦੇ ਨੁਕਤੇ ਤੋਂ ਹਿੰਦੂ ਪੁਨਰ ਜਾਗਰਣ ਦੇ ਹਮਲੇ ਖ਼ਿਲਾਫ਼ ਕੀਤੀ। ਡਾ. ਅੰਬੇਦਕਰ ਨਾਲ ਵੀ ਇਵੇਂ ਹੋਇਆ। ਕਿਸੇ ਲੜ ਰਹੀ ਧਿਰ ਦੇ ਉੱਚ ਵਰਗ ਨੇ ਤਾਂ ਫ਼ੈਸਲਾ ਸਾਰਾ ਕੁਝ ਨਾਪ ਤੋਲ ਕੇ ਕਰਨਾ ਹੁੰਦੈ, ਪਰ ਆਮ ਲੋਕਾਂ ਨੇ ਤਾਂ ਭਾਵਨਾ ਮਗਰ ਜਾਣਾ ਹੁੰਦੈ। ਆਮ ਸਿੱਖਾਂ ਨੂੰ ਬਹੁਗਿਣਤੀ ਦੀ ਇਹ ਗੱਲ ਜਚਦੀ ਸੀ ਕਿ ਅੰਗਰੇਜ਼ ਸਾਨੂੰ ਗ਼ੁਲਾਮ ਤਾਂ ਕਰੀ ਬੈਠੇ ਨੇ, ਇਹਨਾਂ ਨਾਲ ਕਾਹਦਾ ਮੇਲ-ਜੋਲ ? ਇਸ ਮੇਲ-ਜੋਲ ਖ਼ਿਲਾਫ਼ ਸਿੱਖ ਭਾਵਨਾ ਨੂੰ ਹਿੰਦੂ ਪੈਂਤੜਾ ਸਹੀ ਜਾਪਦਾ ਸੀ ਜੋ ਉਹਨਾਂ ਦੇ ਲੀਡਰਾਂ ਦੀ ਨੁਕਤਾਚੀਨੀ ਕਰਦਾ ਸੀ। ਇਹ ਗੱਲ ਓਦੋਂ ਸਿੱਖਾਂ ਨੂੰ ਹਜ਼ਮ ਨਹੀਂ ਸੀ ਹੋ ਸਕਦੀ ਕਿ ਜੀਹਨੇ ਸਾਡਾ ਰਾਜ ਖੋਹਿਆ, ਉਹਦੇ ਨਾਲ ਮੇਲ ਕਿਵੇਂ? ਗ਼ਦਰੀ ਵੀ ਇਸੇ ਪ੍ਰਚਾਰ ਦੇ ਅਸਰ ਹੇਠ ਆਏ ਕਿ ਅੰਗਰੇਜ਼ ਖ਼ਿਲਾਫ਼ ਆਰ ਪਾਰ ਦੀ ਲੜਾਈ ਕਰੋ ਕਿਉਂਕਿ ਘਰੋਂ ਬਾਹਰ ਗਿਆਂ ਜ਼ਿਆਦਾ ਧੱਕਾ ਪੈਂਦਾ ਸੀ। ਇਥੇ (ਪੰਜਾਬ ਵਿਚ) ਤਾਂ ਪੇਂਡੂ ਜ਼ਿੰਦਗੀ ਵਿਚ ਐਨਾ ਦਖ਼ਲ ਨਹੀਂ ਸੀ ਅੰਗਰੇਜ਼ ਦਾ, ਓਥੇ ਪੈਰ ਪੈਰ ‘ਤੇ ਮਹਿਸੂਸ ਹੁੰਦਾ ਸੀ ਤੇ ਇਕ ਪਹਿਲਾਂ ਹੀ ਇਹ ਭਾਵਨਾ ਪਈ ਸੀ ਕਿ ਸਾਡਾ ਰਾਜ ਖੋਹਿਆ, ਬੱਸ ਇਹਨੂੰ ਵਰਤਿਆ ਗਿਆ ਰੱਜ ਕੇ। ਤੇ ਉੱਤੋਂ ਵਧਵਾਂ ਪ੍ਰਚਾਰ ਸਾਵਰਕਰ ਦੀ ਕਿਤਾਬ ਦਾ ਸੀ ਕਿ 1857 ਦਾ ਗ਼ਦਰ ਸਿੱਖਾਂ ਦੀ ਗ਼ਦਾਰੀ ਕਾਰਨ ਫ਼ੇਲ੍ਹ ਹੋਇਆ, ਸਿੱਖ ਇਸ ਦਬਾਓ ਥੱਲੇ ਵੀ ਆਏ। ਤੁਸੀਂ ਗ਼ਦਰੀਆਂ ਦੀਆਂ ਲਿਖਤਾਂ ਵਿਚ ਇਹ ਭਾਵਨਾ ਵੇਖ ਸਕਦੇ ਹੋ। ਗ਼ੈਰਾਂ ਵਲੋਂ ਕੀਤੀ ‘ਟੋਡੀ’ ਵਰਗੇ ਸ਼ਬਦਾਂ ਦੀ ਚੋਣ ਸਿੱਖਾਂ ਨੂੰ ਆਪਣੇ ਆਗੂਆਂ ਲਈ ਪਰਵਾਨ ਹੋਣ ਲੱਗੀ। ਇਹ ‘ਟੋਡੀ’ ਵਰਗੇ ਸ਼ਬਦ ਕਵਿਤਾ ਵਿਚ, ਸਾਹਿਤ ਵਿਚ ਆ ਗਏ। ਇਹ ਇਕ ਵੱਡੀ ਢਾਹ ਸੀ ਸਿੱਖ ਪੈਂਤੜੇ ਲਈ ਕਿ ਬਹੁਗਿਣਤੀ ਦੀ ਐਨਕ ਰਾਹੀਂ ਆਪਣੇ ਆਪ ਨੂੰ ਵੇਖਣਾ।

? ਪਰ ਕੀ ਕੁਝ ਸਿੱਖ ਅਨਸਰ ਅਜਿਹੇ ਨਹੀਂ ਸਨ ਜਿਨ੍ਹਾਂ ਦਾ ਸਿੱਖਾਂ ਦੇ ਕਿਸੇ ਮਸਲੇ ਨਾਲ ਕੋਈ ਸਰੋਕਾਰ ਨਹੀਂ ਸੀ ਅਤੇ ਉਹ ਨਿਰੋਲ ਨਿੱਜੀ ਗ਼ਰਜ਼ਾਂ ਵਿੱਚੋਂ ਅੰਗਰੇਜ਼ ਹਕੂਮਤ ਦੇ ਝੋਲੀ-ਚੁੱਕ ਬਣੇ ਹੋਏ ਸਨ ?

ਦੋ ਗੱਲਾਂ ਨੇ। ਇਕ ਤਾਂ ਅਜਿਹੇ ਅਨਸਰ ‘ਕੱਲੇ ਸਿੱਖਾਂ ‘ਚੋਂ ਨਹੀਂ, ਸਾਰੇ ਵਰਗਾਂ ਵਿੱਚੋਂ ਸਨ। ਦੂਜਾ, ਅਜਿਹੇ ਸਿੱਖ ਅਨਸਰਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਨਾਲੋਂ ਨਿਖੇੜ ਕੇ ਵੇਖਣਾ ਚਾਹੀਦੈ। ਚੀਫ਼ ਖ਼ਾਲਸਾ ਦੀਵਾਨ ਦਾ ਅੰਗਰੇਜ਼ਾਂ ਨਾਲ ਮੇਲ- ਜੋਲ ਦਾ ਪੈਂਤੜਾ ਇਕ ਬਾਕਾਇਦਾ ਏਜੰਡੇ ਵਿੱਚੋਂ ਨਿਕਲਿਆ ਸੀ । ਇਹ ਏਜੰਡਾ ਆਪਣੀ ਪਛਾਣ ਦੀ ਰੱਖਿਆ ਕਰਨਾ ਸੀ । ਉਸ ਏਜੰਡੇ ਨੂੰ ਅੱਖੋਂ-ਪਰੋਖੇ ਕਰ ਕੇ ਉਨ੍ਹਾਂ ਨੂੰ ‘ਟੋਡੀ’ ਕਹਿ ਕੇ ਨਿੰਦੀ ਜਾਣਾ ਹਿੰਦੂ ਵਰਗ ਦੇ ਆਗੂਆਂ ਦੀ ਸੋਚੀ ਸਮਝੀ ਅਤੇ ਖਚਰੀ ਰਣਨੀਤੀ ਸੀ ਅਤੇ ਇਸ ਸ਼ਰਾਰਤ ਦੀ ਪਛਾਣ ਨਾ ਕਰ ਸਕਣਾ ਸਿੱਖਾਂ ਦੀ ਬਹੁਤ ਵੱਡੀ ਸਿਧਾਂਤਕ ਕਮਜ਼ੋਰੀ। ਮੈਂ ਤਾਂ ਕਹਾਂਗਾ ਕੁਤਾਹੀ ਸੀ । ਵੇਖੋ, ਜਦੋਂ ਤੁਸੀਂ ਗੱਲਾਂ ਨੂੰ ਦੂਜਿਆਂ ਵਾਂਗ ਵੇਖਣ ਲੱਗੋ, ਮੁੱਦਿਆਂ ਤੇ ਮਸਲਿਆਂ ਦੇ ਅਰਥ ਉਹਨਾਂ ਵਰਗੇ ਕਰਨ ਲੱਗੋ ਤਾਂ ਤੁਹਾਡੇ ਦੂਜਿਆਂ ਵਿਚ ਗੁੰਮ ਜਾਣ ਦੇ ਰਾਹ ਖੁੱਲ੍ਹ ਜਾਂਦੇ ਹਨ।

ਸਿੱਖ ਉੱਚ ਵਰਗ (ਚੀਫ਼ੀਏ ਤੇ ਹੋਰ) ਰਾਸ਼ਟਰਵਾਦੀ ਵਰਤਾਰੇ ਦਾ ਸਿੱਧਾ ਵਿਰੋਧ ਨਹੀਂ ਸੀ ਕਰ ਰਿਹਾ ਪਰ ਉਹ ਇਹਦੇ ਨਾਲ ਮਿਲ ਕੇ ਵੀ ਨ੍ਹੀਂ ਚੱਲਦਾ ਸੀ, ਕਿਉਂਕਿ ਮਿਲਣ ਨਾਲ ਤਾਂ ਪਛਾਣ ਵਾਲਾ ਕੰਮ ਈ ਖ਼ਤਮ ਹੋ ਜਾਣਾ ਸੀ। ਉਹਨਾਂ ਦਾ ਇਹ ਕਹਿਣਾ ਕਿ ‘ਹਮ ਹਿੰਦੂ ਨਹੀਂ” ਇਕ ਤਰ੍ਹਾਂ ਭਾਰਤੀ ਰਾਸ਼ਟਰਵਾਦ ਨੂੰ ਨਕਾਰੀ ਜਾਂਦਾ ਸੀ। ਅਸਲ ਤਕਲੀਫ਼ ਹਿੰਦੂ ਹੋਣ ਤੋਂ ਇਨਕਾਰੀ ਹੋਣ ਦੀ ਸੀ ਕਿਉਂਕਿ ਇਹ ਭਵਿੱਖ ਦੀ ‘ਇਕ ਭਾਰਤੀ ਕੌਮ’ ਦੀ ਮਨਸ਼ਾ ਨੂੰ ਸੱਟ ਮਾਰਦਾ ਸੀ । ਸਿੱਖਾਂ ਦੇ ਉੱਚ ਵਰਗ ਉੱਤੇ ਅੰਗਰੇਜ਼ਾਂ ਨਾਲ ਮਿਲਣ ਦਾ ਜਾਂ ਉਹਨਾਂ ਦਾ ਵਿਰੋਧ ਨਾ ਕਰਨ ਦਾ ਦੋਸ਼ ਤਾਂ ਆਮ ਸਿੱਖਾਂ ਨੂੰ ਮੂਰਖ ਬਣਾਉਣ ਲਈ ਸੀ ਕਿਉਂਕਿ ਜੇ ਇਹ ਗੱਲ ਸਹੀ ਹੁੰਦੀ ਤਾਂ ਹਿੰਦੂਆਂ ਨੇ ਕਿਤੇ ਵਧੇਰੇ ਅੰਗਰੇਜ਼ ਦਾ ਸਾਥ ਦਿੱਤਾ। ਕਿੰਨੇ ਹੀ ਹਿੰਦੂ ਰਜਵਾੜਿਆਂ, ਜ਼ਿਮੀਂਦਾਰਾਂ ਅਤੇ ਧਾਰਮਿਕ ਸੰਸਥਾਵਾਂ ਨੇ, ਇਥੋਂ ਤਕ ਕਿ ਗਾਂਧੀ ਤੇ ਬਾਲ ਗੰਗਾਧਰ ਤਿਲਕ ਵਰਗੇ ਉੱਚ ਕੋਟੀ ਦੇ ਹਿੰਦੂ ਆਗੂਆਂ ਨੇ ਗ਼ਦਰੀ ਇਨਕਲਾਬੀਆਂ ਦੀ ਪੁੱਜ ਕੇ ਨਿੰਦਿਆ ਕੀਤੀ ਸੀ ਤੇ ਜੰਗ ਦੌਰਾਨ ਅੰਗਰੇਜ਼ਾਂ ਦੀ ਪੁਰ-ਜੋਸ਼ ਹਮਾਇਤ ਕੀਤੀ ਸੀ। ਉਹਨਾਂ ਦਾ ਵਿਰੋਧ ਵੀ ਹੋਣਾ ਚਾਹੀਦਾ ਸੀ ਪਰ ਇਹ ਕਦੇ ਨਾ ਹੋਇਆ।

? ਜੇ ਆਪਾਂ ਇਹ ਮੰਨ ਸਕਦੇ ਹਾਂ ਕਿ ਅੰਗਰੇਜ਼ਾਂ ਨਾਲ ਮੇਲ-ਜੋਲ ਮੌਕੇ ਮੁਤਾਬਕ ਸੁਚੇਤ ਰਣਨੀਤੀ ਸੀ, ਤਾਂ ਕੀ ਇਹ ਸੰਭਾਵਨਾ ਨਹੀਂ ਹੋ ਸਕਦੀ ਕਿ ਸਿੱਖਾਂ ਨੇ ਉਸ ਵੇਲੇ ਹਿੰਦੁਸਤਾਨ ਦੀ ਆਜ਼ਾਦੀ ਨੂੰ ਵੀ ਇਸੇ ਪੈਂਤੜੇ ਤੋਂ ਅਪਣਾਇਆ ਹੋਵੇ ?

ਮੇਰੇ ਖ਼ਿਆਲ ਵਿਚ ਬਿਲਕੁਲ ਉਲਟਾ ਵਾਪਰਿਆ। ਜਦੋਂ ਅੰਗਰੇਜ਼ੀ ਪ੍ਰਬੰਧ ਦਾ ਪੜ੍ਹਿਆ ਸਿੱਖ ਵਰਗ ਅੱਗੇ ਆਇਆ ਤਾਂ ਉਹਨੇ ਨਾ ਕੇਵਲ ਪੱਛਮ ਦੇ ਉਦਾਰਵਾਦੀ, ਵਿਗਿਆਨਿਕ ਤੇ ਧਰਮ ਨਿਰਪੱਖਤਾ ਵਰਗੇ ਰੁਝਾਣਾਂ ਨੂੰ ਅਪਣਾਅ ਲਿਆ, ਸਗੋਂ ਓਸੇ ਰਾਜਸੀ ਤਰਜ਼ ਦਾ ਭਾਰਤੀ ਰਾਸ਼ਟਰਵਾਦ ਵੀ ਆਪਣੀ ਮੰਜ਼ਲ ਮੰਨ ਲਿਆ। ਮੇਰਾ ਨ੍ਹੀਂ ਖ਼ਿਆਲ ਇਸ ਅਖੌਤੀ ਰਾਸ਼ਟਰਵਾਦੀ ਸਮਝ ਦੀ ਚੜ੍ਹਤ ਸਮੇਂ ਕਿਸੇ ਸਿੱਖ ਨੇ ਸਾਰੇ ਕਾਸੇ ਦੀ ਇਹ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਆਹ ਸਿੱਖ ਨਜ਼ਰੀਆ ਹੈ। ਸਿੱਖ ਪ੍ਰਸੰਗ ਈ ਖ਼ਤਮ ਹੋ ਗਿਆ ਸਾਰੇ ਕੁਝ ਦਾ। ਸਗੋਂ ਉਲਟਾ ਸਿੱਖ ਸਿਧਾਂਤ, ਇਤਿਹਾਸ ਤੇ ਹੋਰ ਸਭ ਕੁਝ ਦੀ ਇਸ ਤਰ੍ਹਾਂ ਵਿਆਖਿਆ ਹੋਣ ਲੱਗੀ ਕਿ ਆਪਣੇ ਆਪ ਨੂੰ ਉਹਨਾਂ ਵਰਗਾ ਵਿਖਾਓ। ਇਥੋਂ ਸਾਰੀ ਸਿੱਖੀ ਦੀ ਵਿਆਖਿਆ ਵਿਗਿਆਨਕ, ਉਦਾਰਵਾਦੀ, ਅਗਾਂਹਵਧੂ, ਸੈਕੁਲਰ ਵਰਗੇ ਪੈਂਤੜੇ ਤੋਂ ਹੋਣ ਲੱਗੀ। ਇਹਦੇ ਵਿੱਚੋਂ ਆਪਣੀ ਪਛਾਣ ਤੇ ਜ਼ੋਰ ਘਟਣ ਲੱਗਾ ਕਿਉਂਕਿ ਕੁਦਰਤੀ ਤੌਰ ‘ਤੇ ਸਿੱਖ ਧਰਮ ਨੇ ਇਹਨਾਂ ਲੀਹਾਂ ‘ਤੇ ਮੇਚ ਨਹੀਂ ਸੀ ਆਉਣਾ। ਇਸ ਸਾਰੇ ਸਿਲਸਿਲੇ ਵਿੱਚੋਂ ਕਈ ਧਾਰਾਵਾਂ ਫੁੱਟੀਆਂ, ਕਮਿਊਨਿਸਟ ਲਹਿਰ ਇਹਦਾ ਸਿਰੈ, ਬਈ ਧਰਮ ਵਾਲੀ ਗੱਲ ਈ ਛੱਡੋ। ਦੂਜੇ ਪਾਸੇ ਜਿਹੜੇ ਮੱਧ ਵਰਗੀ ਸਿੱਖ ਬੁੱਧੀਜੀਵੀ ਸਨ, ਉਹ ਕਾਮਰੇਡੀ ਪੈਂਤੜਾ ਤਾਂ ਨਹੀਂ ਲੈ ਸਕਦੇ ਸਨ ਪਰ ਆਪਣੀ ਵਿਆਖਿਆ ਇਕ ਤਰ੍ਹਾਂ ਨਾਲ ਸਮਝੌਤੇ ਵਰਗੀ ਕਰਨ ਲੱਗ ਗਏ ਜਿਥੇ ਧਰਮ ਦਾ ਅਸਰ ਪੇਤਲਾ ਪੈਣ ਲੱਗਾ। ਜਿਵੇਂ ਇਕ ਵਕਤ ਇਹ ਆਇਆ ਕਿ ਸਿੱਖਾਂ ਵੱਲੋਂ ਜਦੋਂ ‘ਹਮ ਹਿੰਦੂ ਨਹੀਂ” ਦਾ ਜ਼ਿਕਰ ਕਰਨ ਦੀ ਬਜਾਇ ਸਗੋਂ ‘ਸਾਂਝ ਦੇ ਨੁਕਤੇ’ ਲੱਭੇ ਗਏ। ਜਦੋ ਪ੍ਰਿ. ਤੇਜਾ ਸਿੰਘ ਤੇ ਭਾਈ ਜੋਧ ਸਿੰਘ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਪਰਮ ਮਨੁੱਖ ਬਹੁਤੀ ਗਲਤ ਨਾ ਲੱਗੀ ਤਾਂ ਮਤਲਬ ਉਹ ਦੋਵੇਂ ਇਕ ਤਰ੍ਹਾਂ ਦੀ ਸਮਝ ਲੈ ਕੇ ਚੱਲ ਰਹੇ ਸਨ, ਥੋੜ੍ਹੇ ਮੋਟੇ ਫ਼ਰਕ ਨਾਲ। ਤੇ ਇਹ ਸਮਝ ਭਾਰਤੀ ਰਾਸ਼ਟਰਵਾਦ ਵਾਲੀ ਸੀ ਜਿਥੇ ਗੁਰਬਖ਼ਸ਼ ਸਿੰਘ ਨੂੰ ਗੁਰੂ ਗੋਬਿੰਦ ਸਿੰਘ, ਮਹਾਤਮਾ ਗਾਂਧੀ ਅਤੇ ਭਗਤ ਸਿੰਘ ਵਰਗਾ ਦੇਸ਼ ਭਗਤ ਨਜ਼ਰ ਆਉਂਦਾ ਏ।

ਜਿਥੇ ਸਿੱਖ ਪਹਿਲੇ ਦੌਰ ਵਿਚ ਹਿੰਦੂ ਪੁਨਰ ਜਾਗਰਣ ਅਤੇ ਰਾਸ਼ਟਰਵਾਦ ਦੇ ਬਰੋ- ਬਰਾਬਰ ਚੱਲ ਰਹੇ ਸਨ, ਹੁਣ ਇਕ ਤਰ੍ਹਾਂ ਨਾਲ ਸਮਝੌਤੇ ‘ਤੇ ਗੱਲ ਪਹੁੰਚ ਗਈ। ਜਿਹੜੀ ਗੱਲ ਪਹਿਲਾਂ ਆਪਣੇ ਰਾਜ ਤੋਂ ਘੱਟ ਕੇ ਪਛਾਣ ‘ਤੇ ਆ ਗਈ ਸੀ ਉਹ ਵੀ ਜਾਂਦੀ ਰਹੀ, ਹੁਣ ਮਿਲ ਕੇ ਚੱਲਣ ਦਾ ਰਾਸ਼ਟਰਵਾਦੀ ਦੇਸ਼ਭਗਤ ਵਰਤਾਰਾ ਸ਼ੁਰੂ ਹੋ ਗਿਆ। ਜਿਥੇ ਫਿਰ ਇਹ ਰੁਝਾਨ ਪੈਦਾ ਹੋਇਆ ਕਿ ਦੇਸ ਦੇ ਹਿੱਤਾਂ ਨੂੰ ਮੁੱਖ ਰੱਖ ਕੇ ‘ਸਿੱਖ’ ਸ਼ਬਦ ਦੀ ਵਰਤੋਂ ਘੱਟ ਤੋਂ ਘੱਟ ਹੋਣ ਲੱਗੀ ਤੇ ਇਹਦੀ ਥਾਂ ਪਹਿਲਾਂ ‘ਪੰਜਾਬੀ’, ਅਖ਼ੀਰ ਨੂੰ ਸਿੱਧਾ ‘ਹਿੰਦੁਸਤਾਨੀ’ ਲਫ਼ਜ਼ ਵਰਤਣਾ ਸ਼ੁਰੂ ਹੋ ਗਿਆ। ਤੁਸੀਂ ਪ੍ਰੋ. ਰਣਧੀਰ ਸਿੰਘ (ਜਿਹੜੇ ਬੜੇ ਵੱਡੇ ਮਾਰਕਸੀ ਵਿਦਵਾਨ ਤੇ ਬਹੁਤ ਜ਼ਹੀਨ ਇਨਸਾਨ ਹਨ) ਦਾ ਕਿਤਾਬਚਾ ਪੜ੍ਹੋ ਗ਼ਦਰ ਲਹਿਰ ਬਾਰੇ, 1947 ਤੋਂ ਪਹਿਲਾਂ ਛਪਿਆ ਸੀ ਜਿਹੜਾ, ਉਸ ਵਿਚ ਬੱਸ ‘ਹਿੰਦੁਸਤਾਨੀ’ ‘ਹਿੰਦੁਸਤਾਨੀ’ ਹੀ ਲਿਖਿਐ: ‘ਹਿੰਦੁਸਤਾਨੀ ਕਾਮਾਗਾਟਾ ਮਾਰੂ ‘ਚ ਆਏ,.. ਫਿਰ ਹਿੰਦੁਸਤਾਨੀਆਂ ਨੇ ਆਹ ਕੀਤਾ’, ਐਦਾਂ। ‘ਪੰਜਾਬੀ’ ਪਦ ਵੀ ਬਹੁਤ ਘੱਟ ਵਰਤਿਐ। ਇਹ ਸੁਚੇਤ ਕੋਸ਼ਿਸ਼ ਇਥੋਂ ਨਿਕਲਦੀ ਐ ਕਿ ਉਹਨਾਂ ਦੇ ਸਾਹਮਣੇ ਇਕ ਵੱਡੀ ਪਛਾਣ (ਭਾਰਤੀ) ਸਾਜਣ ਦਾ ਖ਼ਿਆਲ ਐ। ਉਹਨਾਂ ਨੂੰ ਲੱਗਦਾ ਸੀ ਕਿ ‘ਸਿੱਖ’ ਪਦ ਵਰਤਣ ਨਾਲ ਗੱਲ ਛੋਟੀ ਲੱਗਦੀ ਐ ਤੇ ‘ਭਾਰਤੀ’ ਪਛਾਣ ਨੂੰ ਢਾਹ ਲੱਗਦੀ ਐ। ਇਹ ਕੋਈ ਨਿਰੀ ਬੇਈਮਾਨੀ ਨ੍ਹੀਂ, ਇਹ ਧਾਰਨਾਵਾਂ ਸਾਡੇ ਲੋਕਾਂ ਦੇ ਮਨਾਂ ਅੰਦਰ ਬਹੁਤ ਡੂੰਘੀਆਂ ਧੱਸ ਗਈਆਂ ਨੇ।

ਗ਼ਦਰ ਲਹਿਰ ਦੀ ਗੱਲ ਕਰੀਏ ਤਾਂ ਜਿਵੇਂ ਮੈਂ ਪਹਿਲਾਂ ਕਿਹੈ ਕਿ ਅਗਵਾਈ ਨਵ- ਬ੍ਰਾਹਮਣਵਾਦ ਦੇ ਹੱਥ ਸੀ, ਇਸ ਦੀ ਸ਼ੁਰੂਆਤ ਵੇਲੇ ਬਾਬਾ ਭਕਨਾ, ਊਧਮ ਸਿੰਘ ਕਸੇਲ ਅਤੇ ਉਨ੍ਹਾਂ ਦੇ ਸਾਥੀ ਕੋਈ ਅਜਿਹਾ ਵਿਦਵਾਨ ਲੱਭਦੇ ਨਜ਼ਰ ਆਉਂਦੇ ਹਨ ਜਿਹੜਾ ਉਹਨਾਂ ਦਾ ਪ੍ਰਚਾਰ ਕਰ ਸਕੇ। ਕਿਵੇਂ ਲਾਲਾ ਹਰਦਿਆਲ ਲੱਭ ਜਾਂਦਾ ਹੈ ਤੇ ਉਹ ਕਿਵੇਂ ਦਾ ਪ੍ਰਚਾਰ ਕਰਦਾ ਹੈ, ਕਿਵੇਂ ਪਰਚੇ ਦਾ ਨਾਂ ਗ਼ਦਰ ਹੋ ਜਾਂਦਾ ਹੈ, ਕਿਵੇਂ ਹਿੰਦੂ ਮਹਾਂ-ਸਭਾ ਦੇ ਮਨਪਸੰਦ ਵਿਚਾਰਕ ਸਾਵਰਕਰ ਦੀ ਹਿੰਦੂ ਹਕੂਮਤ ਕਾਇਮ ਕਰਨ ਬਾਰੇ ਕਿਤਾਬ ਗ਼ਦਰ ਪਾਰਟੀ ਵੱਲੋਂ ਛਾਪੀ ਜਾਂਦੀ ਹੈ, ਅਤੇ ਪੰਜਾਬ ਆ ਕੇ ਗ਼ਦਰ ਕਰਨ ਲਈ ਕਿਵੇਂ ਦੂਸਰੇ ਭਾਈਚਾਰਿਆਂ ‘ਚੋਂ ਵਧੇਰੇ ਤਜਰਬਾਕਾਰ ਰਾਜਸੀ ਆਗੂ ਲੱਭਦੇ ਹਨ, ਜਿਹੜਾ ਜਾ ਕੇ ਬੰਗਾਲ ਤੋਂ ਰਾਸ ਬਿਹਾਰੀ ਬੋਸ ਦੇ ਰੂਪ ਵਿਚ ਲੱਭਦਾ ਹੈ। ਮੁੜ 30 ਸਾਲਾਂ ਬਾਅਦ ਆਜ਼ਾਦ ਹਿੰਦ ਫੌਜ ਨੂੰ, ਜਿਹੜੀ ਫਿਰ ਸਿੱਖ ਫ਼ੌਜ ਹੀ ਸੀ, ਸੁਭਾਸ਼ ਚੰਦਰ ਬੋਸ ਦੀ ਅਗਵਾਈ ਕਬੂਲਣੀ ਪੈਂਦੀ ਹੈ। ਸੁਭਾਸ਼ ਚੰਦਰ ਬੋਸ ਵੀ ਸਾਵਰਕਰ ਦੀ ਉਹੀ ਕਿਤਾਬ ਛਾਪਦਾ ਹੈ। ਪੰਜਾਬ ਵਿਚ ਅਜੋਕੇ ਮਾਰਕਸੀ ਖ਼ਿਆਲ ਦਾ ਰੂਹੇ-ਰਵਾਂ ਭਗਤ ਸਿੰਘ ਵੀ 1928 ਵਿਚ ਸਾਵਰਕਰ ਦੀ ਕਿਤਾਬ ਛਾਪ ਕੇ ਇਨਕਲਾਬ ਦੀ ਸ਼ੁਰੂਆਤ ਕਰਦਾ ਹੈ। ਇਸ ਸਾਵਰਕਰ ਨੇ ਅੰਗਰੇਜ਼ਾਂ ਤੋਂ ਲਿਖਤੀ ਮੁਆਫ਼ੀ ਮੰਗੀ ਸੀ । ਇਹਨੂੰ ਕਿਸੇ ਨੇ ‘ਟੋਡੀ’ ਨਾ ਕਿਹਾ ਪਰ ਸਿੰਘ ਸਭਾ ਵਾਲੇ ਸਿੱਖ (ਸਾਵਰਕਰੀ ਰਾਸ਼ਟਰਵਾਦੀ ਹਿੰਦੂ ਹੋਣ ਤੋਂ ਇਨਕਾਰੀ ਹੋਣ ਕਾਰਨ) ਹੁਣ ਤਕ ਨਿੰਦੇ ਜਾ ਰਹੇ ਨੇ।

ਇਹ ਸਾਰੇ ਹਾਲਾਤ ਇਤਿਹਾਸ ਦੀ ਉਹ ਗਵਾਹੀ ਹਨ ਜਿਥੋਂ ਪਤਾ ਲੱਗਦਾ ਹੈ ਕਿ ਬੌਧਿਕ ਅਤੇ ਰਾਜਸੀ ਅਗਵਾਈ ਤੋਂ ਸੱਖਣੇ ਸਿੱਖਾਂ ਦੀ ਆਜ਼ਾਦੀ ਦੀ ਤੜਪ ਕਿਵੇਂ ‘ਰਾਜ ਕਰੇਗਾ ਖ਼ਾਲਸਾ’ ਦੇ ਕੇਸਰੀ ਨਿਸ਼ਾਨ ਲੱਭਦੀ ਲੱਭਦੀ ਪੰਜਾਬ ਤੋਂ ਬੰਗਾਲ, ਕਾਬਲ, ਤੁਰਕੀ, ਮਾਸਕੋ, ਅਮਰੀਕਾ ਵਿਚ ਗ਼ਦਰੀਆਂ, ਕਾਮਰੇਡਾਂ ਅਤੇ ਰਾਸ਼ਟਰਵਾਦੀ ਅਕਾਲੀਆਂ ਦੇ ਰੂਪ ਵਿਚ ਭਟਕਦੀ ਹੋਈ ‘ਵੰਦੇ ਮਾਤਰਮ’ ਦੀ ਛਾਂ ਹੇਠ ਜਾ ਖੜ੍ਹਦੀ ਹੈ ਕਿ ‘ਆਪਣਾ ਮਾਰੂ ਤਾਂ ਛਾਂਵੇਂ ਸੁੱਟੂ’। ਤੇ ਜਿਵੇਂ ਉਹਨਾਂ 1984 ‘ਚ ਮਾਰ ਕੇ ਧੁੱਪੇ ਸੁੱਟਿਆ ਤੇ ਫਿਰ 15 ਵਰ੍ਹੇ ਵਗਦਾ ਲਹੂ ਸਭ ਨੇ ਵੇਖਿਐ, ਇਹ ਸਿਰਸੇ ਭਨਿਆਰੇ ਵਾਲੇ ਇਹੀ ਲਹੂ ਪੀ ਕੇ ਤਕੜੇ ਹੋਏ ਨੇ। ਇਸ ਛਾਂ ਦਾ ਪਰਛਾਵਾਂ ਅਜੇ ਲੱਥਾ ਨਹੀਂ।

? ਇਸ ਦ੍ਰਿਸ਼ਟੀ ਤੋਂ ਵੇਖਣ ਲੱਗੀਏ ਫਿਰ ਤਾਂ ਸੁਆਲ ਹੀ ਬੜੇ ਉੱਠ ਖੜੇ ਹੁੰਦੇ ਨੇ ?

ਮੇਰੇ ਖ਼ਿਆਲ ਵਿਚ ਸਾਨੂੰ ਇਹ ਸ਼ੁਰੂਆਤ ਸਮਝਣੀ ਚਾਹੀਦੀ ਹੈ, ਅਜੇ ਹੋਰ ਬਹੁਤ ਸਾਰੀ ਸੰਭਾਵਨਾ ਪਈ ਏ, ਆਪਾਂ ਮਿਲਦੇ ਰਹਾਂਗੇ। ਬੜੀਆਂ ਗੱਲਾਂ ਹੋਣਗੀਆਂ, ਜੋ ਰਹਿ ਗਈਆਂ ਉਹ ਵੀ ਹੋਣਗੀਆਂ। ਇਤਿਹਾਸ ਦਾ ਇਹ ਮੋੜ ਬਹੁਤ ਵੱਡੈ, ਇੱਕੋ ਵਾਰ ਸਾਰਾ ਕੁਝ ਕਲਾਵੇ ‘ਚ ਨਹੀਂ ਲਿਆ ਜਾ ਸਕਦਾ, ਇਹ ਤਾਂ ਮੁੜ-ਮੁੜ ਕੇ ਸਮਝਣਾ ਪਵੇਗਾ।

ਜਿਹੜੀ ਗੱਲ ਦਾ ਇਸ ਮਾਮਲੇ ਵਿਚ ਸਾਨੂੰ ਧਿਆਨ ਰੱਖਣ ਦੀ ਲੋੜ ਐ, ਉਹ ਇਹ ਐ ਕਿ ਜਦੋਂ ਤੁਸੀਂ ਇਤਿਹਾਸ ਦੀ ਗਰਦ ਝਾੜਦੇ ਹੋ ਤਾਂ ਆਪਣੀ ਧਿਰ ਦੀਆਂ ਘਾਟਾਂ ਗ਼ਲਤੀਆਂ ਵੀ ਨੰਗੀਆਂ ਹੋ ਜਾਂਦੀਆਂ ਨੇ, ਜੋ ਪਹਿਲਾਂ ਸਾਹਮਣੇ ਨਹੀਂ ਆਈਆਂ ਹੁੰਦੀਆਂ। ਇਹਨਾਂ ਦਾ ਗੁੱਡਾ ਨਹੀਂ ਬੰਨ੍ਹਣਾ ਚਾਹੀਦਾ, ਸਗੋਂ ਇਹਨਾਂ ਤੋਂ ਸਿੱਖਣਾ ਚਾਹੀਦੈ। ਜਿਵੇਂ ਕਿਸੇ ਵਿਦਵਾਨ ਨੇ ਕਿਹੈ ਕਿ ‘ਜਿਹੜੇ ਲੋਕ ਆਪਣੇ ਬੀਤੇ ਦੀਆਂ ਗ਼ਲਤੀਆਂ ਤੋਂ ਨਹੀਂ ਸਿੱਖਦੇ, ਉਹ ਭਵਿੱਖ ਵਿਚ ਉਹਨਾਂ ਤੋਂ ਵੱਡੀਆਂ ਗ਼ਲਤੀਆਂ ਲਈ ਸਰਾਪੇ ਜਾਂਦੇ ਹਨ।’ ਇਤਿਹਾਸ ਵਿਚਲੀਆਂ ਗ਼ਲਤੀਆਂ ਲਈ ਇਸੇ ਨਜ਼ਰੀਏ ਤੋਂ ਕੰਮ ਲੈਣਾ ਚਾਹੀਦੈ। ਸਚਾਈ ਨੂੰ ਜਾਣਨ ਲਈ ਵੱਡੇ ਤਹੱਮਲ ਦੀ ਲੋੜ ਹੁੰਦੀ ਐ। ਸਾਡੇ ਇਥੇ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਤੁਰ ਸਕੀ। ਇਸ ਲਈ ਕਿਸੇ ਨਾ ਕਿਸੇ ਰੂਪ ਵਿਚ ਸਾਨੂੰ ਸਭ ਨੂੰ ਤਕਲੀਫ਼ ਹੋ ਸਕਦੀ ਹੈ ਪਰ ਇਹ ਗੱਲ ਸਾਡੇ ਲਈ ਬਹੁਤ ਵੱਡੀ ਰਹਿਮਤ ਏ ਕਿ ਸਾਨੂੰ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਵਿਚ ਪੂਰਨੇ ਪਾ ਕੇ ਸਿਖਾਇਐ ਕਿ ਕਿਸੇ ਵੀ ਹਾਲ ਵਿਚ ਸਚਾਈ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਇਸ ਗੱਲ ਤੋਂ ਸਾਨੂੰ ਵਾਰ ਵਾਰ ਸੇਧ ਲੈਣੀ ਚਾਹੀਦੀ ਹੈ।

ਸਿੱਖ ਵਿਰਾਸਤ ਦਾ ਗੌਰਵ : ਗ਼ਦਰ ਲਹਿਰ

? ਸਰਦਾਰ ਅਜਮੇਰ ਸਿੰਘ ਜੀ, ਇਹ ਜਿਹੜਾ ਸਟਾਕਟਨ ਗੁਰੂ ਘਰ ਹੈ, ਇਹ ਅਮਰੀਕਾ ਅੰਦਰ ਗ਼ਦਰ ਲਹਿਰ ਦਾ ਮੁੱਖ ਸੈਂਟਰ ਰਿਹਾ ਹੈ। ਲਹਿਰ ਦਾ ਮੁੱਢ ਬੰਨ੍ਹਣ ਤੋਂ ਪਹਿਲਾਂ ਗ਼ਦਰੀ ਬਾਬਿਆਂ ਵੱਲੋਂ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਦੀ ਵੀ ਗੱਲ ਆਉਂਦੀ ਹੈ। ਗ਼ਦਰੀ ਬਾਬਿਆਂ ਦੀ ਵੱਡੀ ਬਹੁ-ਗਿਣਤੀ ਸਿੱਖੀ ਵਿਚਾਰਧਾਰਾ ਵਾਲਿਆਂ ਦੀ ਸੀ । ਜਦੋਂ 1926 ਵਿਚ ਭਾਈ ਸੰਤੋਖ ਸਿੰਘ ਜੀ ਨੇ, ਜੋ ਗ਼ਦਰ ਪਾਰਟੀ ਦੇ ਸਕੱਤਰ ਸਨ, ‘ਕਿਰਤੀ’ ਰਸਾਲਾ ਸ਼ੁਰੂ ਕੀਤਾ ਤਾਂ ਪੂਰੀਆਂ ਸਿੱਖ ਰਹੁ-ਰੀਤਾਂ ਨਾਲ ਕੀਤਾ। ਇਸ ਦੇ ਬਾਵਜੂਦ ਇਹ ਕਿਵੇਂ ਹੋ ਗਿਆ ਕਿ ਇਸ ਲਹਿਰ ਨੂੰ ਕਮਿਊਨਿਸਟ ਵਿਚਾਰਧਾਰਾ ਵਾਲੀ ਗਰਦਾਨਿਆ ਅਤੇ ਸਮਝਿਆ ਜਾਣ ਲੱਗ ਪਿਆ ? ਤੁਹਾਡੇ ਮਨ ਵਿਚ ਵੱਖਰਾ ਵਿਚਾਰ ਕਦੋਂ ਤੇ ਕਿਵੇਂ ਆਇਆ ?

ਇਹ ਕਹਾਣੀ ਆਪਣੇ ਆਪ ਵਿਚ ਹੀ ਦਿਲਚਸਪ ਅਤੇ ਸਿੱਖਿਆਦਾਇਕ ਹੈ। ਗ਼ਦਰੀ ਬਾਬਿਆਂ ਵਿਚ ਮੇਰੀ ਰੁਚੀ 1967 ਵਿਚ ਹੀ ਜਾਗ ਪਈ ਸੀ। ਉਦੋਂ ਅਸੀਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣੇ ਪੜ੍ਹਦੇ ਸੀ। ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਸਾਡੇ ਟੀਚਰ ਸਨ। ਉਹਨਾਂ ਦਾ ਇਹ ਮਿਸ਼ਨ ਸੀ ਕਿ ਗ਼ਦਰੀ ਬਾਬਿਆਂ ਜਾਂ ਦੂਸਰੇ ਦੇਸ਼ਭਗਤਾਂ ਬਾਰੇ ਜਿਥੋਂ ਵੀ, ਜੋ ਕੁਝ ਵੀ- ਫੋਟੋ, ਲਿਖਤ ਆਦਿ-ਮਿਲਦਾ ਹੋਵੇ, ਲੈ ਕੇ ਆਉਣਾ ਅਤੇ ਅਗਾਂਹ ਆਪਣੇ ਹਮ-ਖ਼ਿਆਲਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰਨਾ। ਉਥੇ ਸਾਡਾ ਇਕ ਸਰਕਲ ਬਣ ਗਿਆ ਸੀ। ਕਰਦੇ ਕਰਦੇ ਕੁਝ ਬਾਬਿਆਂ ਨਾਲ ਮੁਲਾਕਾਤਾਂ ਵੀ ਹੋਈਆਂ। ਬਾਬਾ ਸੋਹਣ ਸਿੰਘ ਭਕਨਾ ਨਾਲ ਮੇਰੀ ਦੋ ਵਾਰ ਮੁਲਾਕਾਤ ਹੋਈ। ਅਸੀਂ ਉਹਨਾਂ ਕੋਲੋਂ ਇਕ ਪ੍ਰੋਗਰਾਮ ਦੀ ਪ੍ਰਧਾਨਗੀ ਵੀ ਕਰਵਾਈ। ਲੁਧਿਆਣੇ ਦੇ ਇਕ ਸਕੂਲ ਵਿਚ ਹੋਇਆ ਸੀ ਇਹ ਪ੍ਰੋਗਰਾਮ। ਇਸੇ ਤਰ੍ਹਾਂ ਬਾਬਾ ਗੁਰਮੁਖ ਸਿੰਘ ਲਲਤੋਂ ਦੇਸ਼ਭਗਤ ਯਾਦਗਾਰ ਹਾਲ, ਜਲੰਧਰ ਵਿਚ ਹੁੰਦੇ ਸੀ । ਬਾਬਾ ਸੱਜਣ ਸਿੰਘ ਨਾਰੰਗਵਾਲ ਵੀ ਉਦੋਂ ਜਿਊਂਦੇ ਸਨ, ਉਹਨਾਂ ਨਾਲ ਵੀ ਮੁਲਾਕਾਤਾਂ ਹੋਈਆਂ। ਬਾਬਾ ਹਰੀ ਸਿੰਘ ਉਸਮਾਨ ਬੱਦੋਵਾਲ ਰਹਿੰਦੇ ਸਨ । ਇਹਨਾਂ ਦੀ ਡਿਊਟੀ ਅਮਰੀਕਾ ਤੋਂ ਹਥਿਆਰਾਂ ਦਾ ਜਹਾਜ਼ ਭਰ ਕੇ ਦੇਸ਼ ‘ਚ ਲਿਆਉਣ ਦੀ ਲੱਗੀ ਸੀ। ਉਹ ਜਹਾਜ਼ ਭਰ ਕੇ ਤੁਰ ਤਾਂ ਪਏ ਸਨ, ਪਰ ਕਾਮਯਾਬ ਨਾ ਹੋ ਸਕੇ। ਉਹਨਾਂ ਨੂੰ ਇੰਡੋਨੇਸ਼ੀਆ ਦੇ ਟਾਪੂਆਂ ‘ਤੇ ਟਿਕਣਾ ਪਿਆ। ਉਮਰ ਦਾ ਵੱਡਾ ਹਿੱਸਾ ਉਥੇ ਹੀ ਗੁਜ਼ਾਰਨ ਲਈ ਮਜਬੂਰ ਹੋ ਗਏ। ਆਜ਼ਾਦੀ ਤੋਂ ਬਾਅਦ ਬੱਦੋਵਾਲ ਰਹਿਣ ਲੱਗ ਪਏ। ਉਹਨਾਂ ਨਾਲ ਸਾਡੀਆਂ ਕਈ ਮੁਲਾਕਾਤਾਂ ਹੋਈਆਂ। ਉਸ ਵੇਲੇ ਸਮਝਿਆ ਜਾਂਦਾ ਸੀ, ਜਿਹੜਾ ਕਮਿਊਨਿਸਟ ਲਹਿਰ ਦਾ ਵਿਰਸਾ ਉਹ ਗ਼ਦਰੀ ਬਾਬਿਆਂ ਨਾਲ ਸ਼ੁਰੂ ਹੁੰਦਾ ਏ। ਅਸੀਂ ਵੀ ਇਸੇ ਤਰ੍ਹਾਂ ਹੀ ਸਮਝਦੇ ਸੀ ਕਿ ਪੰਜਾਬ ਅੰਦਰ ਕਮਿਊਨਿਸਟ ਲਹਿਰ ਦਾ ਸਰੋਤ ਜਾਂ ਬਾਨੀ ਬਾਬੇ ਈ ਨੇ।

? ਸੋ 1969-70 ਤਕ ਤੁਸੀਂ ਵੀ ਇਸੇ ਤਰ੍ਹਾਂ ਹੀ ਸਮਝਦੇ ਰਹੇ।

ਨਹੀਂ, 1970 ਤਕ ਹੀ ਨਹੀਂ। ਜੇ ਤੁਸੀਂ ਸੱਚ ਪੁੱਛੋ ਤਾਂ ਮੈਂ 2006 ਤਕ ਇਹੀ ਸਮਝਦਾ ਰਿਹਾ। ਜਦੋਂ ਮੈਂ ਕਿਸ ਬਿਧ ਰੁਲੀ ਪਾਤਸ਼ਾਹੀ ਲਿਖੀ, ਉਦੋਂ ਤਕ ਮੇਰੇ ਮਨ ਵਿਚ ਇਹੋ ਧਾਰਨਾ ਸੀ ਕਿ ਗ਼ਦਰੀ ਬਾਬਿਆਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਅਸਲ ਵਿਚ ਜਦੋਂ ਮੈਂ ਇੰਡੀਅਨ ਨੈਸ਼ਨਲਿਜ਼ਮ ਬਾਰੇ ਹੋਰ ਡੂੰਘਾਈ ਵਿਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹ ਗੱਲ ਮਨ ਵਿਚ ਆਈ ਕਿ ਜੋ ਬੰਦੇ ਇੰਡੀਅਨ ਨੈਸ਼ਨਲਿਜ਼ਮ ਦੇ ਪ੍ਰਭਾਵ ਹੇਠ ਨੇ, ਉਹਨਾਂ ਨੇ ਸਾਰਾ ਸਿੱਖ-ਇਤਿਹਾਸ ਵਿਗਾੜ ਦਿੱਤਾ ਹੈ, ਸਿੱਖ ਧਰਮ, ਸਿੱਖ ਗੁਰੂਆਂ ਤੇ ਗੁਰਬਾਣੀ ਦੀ ਵਿਆਖਿਆ ਵੀ ਆਪਣੇ ਇਸ ਨੁਕਤੇ ਤੋਂ ਕੀਤੀ ਹੈ, ਸਿੱਖ- ਇਤਿਹਾਸ ਵੀ ਇਸੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। ਜਿਸ ਕਿਸੇ ਨੇ ਵੀ ਕਿਸ ਬਿਧ ਰੁਲੀ ਪਾਤਸ਼ਾਹੀ ਪੜ੍ਹੀ ਹੈ, ਉਹ ਇਹ ਜਾਣਦੇ ਹਨ। ਇਸੇ ਸਮੇਂ ਲੱਗਿਆ ਕਿ ਜਿਹੜਾ ਪਰਚਾ ਕਿਰਤੀ ਭਾਈ ਸੰਤੋਖ ਸਿੰਘ ਜੀ ਨੇ ਸ਼ੁਰੂ ਕੀਤਾ ਸੀ, ਉਹ ਵੀ ਕਿਉਂ ਨਾ ਦੇਖ ਲਿਆ ਜਾਵੇ। ਦੇਸ਼ਭਗਤ ਯਾਦਗਾਰ ਹਾਲ, ਜਲੰਧਰ ਵਿਚ ਉਹਦੀਆਂ ਜੋ ਕਾਪੀਆਂ ਸਾਨੂੰ ਦੇਖਣ ਨੂੰ ਮਿਲੀਆਂ, ਖ਼ਾਸ ਕਰਕੇ 1926 ਅਤੇ ਅੱਧ 1927 ਦੀਆਂ, ਤਾਂ ਇਕ ਲੀਡ ਮਿਲ ਗਈ, ਇਕ ਹਿੰਟ ਮਿਲ ਗਿਆ ਕਿ ਬਾਬੇ ਤਾਂ ਸਿੱਖੀ ਤੋਂ ਬਹੁਤ ਪ੍ਰਭਾਵਿਤ ਸਨ। ਨਾਲ ਹੀ ਕਈ ਸਵਾਲ ਖੜ੍ਹੇ ਹੋ ਗਏ। ਉਸ ਵੇਲੇ ਸ. ਸੇਵਕ ਸਿੰਘ ਨਾਲ, ਜੋ ਪੰਜਾਬੀ ਯੂਨੀਵਰਸਿਟੀ ਵਿਚ ਪੀਐੱਚ.ਡੀ. ਕਰਦਾ ਸੀ, ਇਹ ਮਸਲਾ ਵਿਚਾਰਿਆ ਗਿਆ। ਉਸ ਨੇ ਉਸ ਮੌਕੇ ਸਿੱਖ ਸ਼ਹਾਦਤ (ਲੁਧਿਆਣਾ) ਅਤੇ ਅੰਮ੍ਰਿਤਸਰ ਟਾਈਮਜ਼ ਵਿਚ ਇਕ ਲੇਖ ਲਿਖਿਆ। ਇਹ ਕਰਦਿਆਂ ਕਰਦਿਆਂ ਹੋਰ ਕਈ ਨਵੇਂ ਤੱਥ ਸਾਡੇ ਸਾਹਮਣੇ ਆ ਗਏ, ਜੋ ਚੌਕਾਅ ਦੇਣ ਵਾਲੇ ਸਨ। ਇਹ ਲੱਗਿਆ ਕਿ ਏਨੀ ਬੇਈਮਾਨੀ ਵੀ ਹੋ ਸਕਦੀ ਏ, ਇਕ ਸਾਹਮਣੇ ਪਈ ਚੀਜ਼ ਹੈ, ਬਹੁਤ ਚਿਰ ਵੀ ਨਹੀਂ ਹੋਇਆ, ਅਜੇ ਅਖ਼ਬਾਰਾਂ ਪਈਆਂ ਨੇ, ਦਸਤਾਵੇਜ਼ ਪਏ ਨੇ, ਬਾਬੇ ਜਿਊਂਦੇ ਨੇ । ਉਹਨਾਂ ਨੂੰ ਏਸ ਤਰ੍ਹਾਂ ਵੀ ਪੇਸ਼ ਕੀਤਾ ਜਾ ਸਕਦਾ ਏ। ਜਦੋਂ ਅਸੀਂ ਯਕੀਨ ਕਰ ਕੇ ਤੁਰ ਪੈਂਦੇ ਹਾਂ ਤਾਂ ਉਸ ਯਕੀਨ ਦੀ ਬਹੁਤ ਗ਼ਲਤ ਵਰਤੋਂ ਕੀਤੀ ਜਾਂਦੀ ਹੈ। ਫੇਰ ਅਸੀਂ ਏਸ ਮਸਲੇ ਨੂੰ ਹੱਥ ਲਿਆ ਤੇ ਕੁਝ ਮੈਂ ਆਪ ਵੀ ਪੜ੍ਹਿਆ, ਪਰ ਮੈਂ ਆਪਣਾ ਦੂਜਾ ਕੰਮ ਕਰ ਰਿਹਾ ਸੀ। ਜਦੋਂ ਸੇਵਕ ਸਿੰਘ ਦਾ ਲੇਖ ਛਪਿਆ ਤਾਂ ਰਾਜਵਿੰਦਰ ਸਿੰਘ ਰਾਹੀ ਦੀ ਰੁਚੀ ਜਾਗ ਉੱਠੀ । ਉਸ ਨੂੰ ਲੱਗਿਆ ਕਿ ਸਾਡੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋਈ ਏ। ਸਿੱਖ ਧਰਮ ਨਾਲ, ਬਾਬਿਆਂ ਨਾਲ, ਸਾਰੇ ਕੁਝ ਨਾਲ ਹੀ। ਫਿਰ ਉਹਨੇ ਜਿਹੜੀ ਖੋਜ ਕੀਤੀ, ਉਹ ਕਾਬਲੇਤਾਰੀਫ਼ ਹੈ। ਇਕ ਕਿਰਤੀ ਪਰਿਵਾਰ ‘ਚੋਂ ਉੱਠਿਆ ਬੰਦਾ, ਕਦੇ ਕਾਲਜ ਨਹੀਂ ਗਿਆ, ਇਕ ਸਾਧਾਰਨ activist, ਲਗਾਤਾਰ ਘਰ ਦੇ ਵਿਚ ਮੁਸ਼ਕਲਾਂ ਵੀ ਬਹੁਤ, ਗ਼ਰੀਬੀ ਵੀ ਹੈ, ਕੋਈ ਕੰਮ ਕਰਨ ਦੀ ਜਗ੍ਹਾ ਵੀ ਨਹੀਂ। ਪਰ ਉਹਨੇ ਜਿਥੋਂ ਵੀ ਕੁਝ ਮਿਲਿਆ, ਤੁਸੀਂ ਉਹਦੀਆਂ ਕਿਤਾਬਾਂ ਪੜ੍ਹ ਕੇ ਦੇਖੋ, ਹਰ ਚੀਜ਼ ਖੋਜ ਕੇ ਛਾਣ ਮਾਰੀ । ਉਸ ਨੇ ਮੌਲਿਕ ਦਸਤਾਵੇਜ਼ ਦੇਖੇ ਕਿ ਬਾਬੇ ਕੀ ਕਹਿੰਦੇ ਨੇ, ਬਾਬਿਆਂ ਨੇ ਕੀ ਲਿਖਿਆ ਹੈ, ਇਹ ਛੱਡੋ ਬਾਬਿਆਂ ਬਾਰੇ ਦੂਜਿਆਂ ਨੇ ਕੀ ਲਿਖਿਆ ਹੈ। ਜਦੋਂ ਅਸੀਂ ਉਹ ਮੌਲਿਕ ਲਿਖਤਾਂ ਸਾਹਮਣੇ ਲਿਆਂਦੀਆਂ, ਤਿੰਨ ਕਿਤਾਬਾਂ ਉਹਦੀਆਂ ਆ ਗਈਆਂ ਨੇ, ਜੇ ਤੁਸੀਂ ਉਹ ਪੜ੍ਹ ਕੇ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ. ਕਿ ਸੱਚਾਈ ਕੀ ਸੀ ਅਤੇ ਉਸ ਦੀ ਪੇਸ਼ਕਾਰੀ ਕਿਵੇਂ ਹੋਈ।

? ਅਮਰੀਕਾ ਤੇ ਕੈਨੇਡਾ ਤੋਂ ਲਗਭਗ ਛੇ-ਸੱਤ ਹਜ਼ਾਰ ਦੇ ਕਰੀਬ ਇਨਕਲਾਬੀ ਯੋਧੇ ਵਾਪਸ ਇੰਡੀਆ ਗ਼ਦਰ ਕਰਨ ਗਏ ਸਨ । ਜੇ ਥੋੜ੍ਹਾ ਜਿਹਾ ਇਤਿਹਾਸ ਪੜ੍ਹਿਆ ਜਾਵੇ ਤਾਂ ਉਸ ਵਿਚ ਆਉਂਦਾ ਹੈ ਕਿ ਉਹਨਾਂ ਵਿੱਚੋਂ 25-30 ਹੀ ਗ਼ੈਰ-ਸਿੱਖ ਸਨ, ਭਾਵ 95-96 ਫ਼ੀਸਦੀ ਸਿੱਖ ਹੀ ਸਨ। ਕੀ ਇਸ ਤੋਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਗ਼ਦਰ ਲਹਿਰ ਭਾਰਤ ਦੀ ਆਜ਼ਾਦੀ ਦੀ ਥਾਂ ‘ਤੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਸੀ ?

ਇਹ ਮਸਲਾ ਕਾਫ਼ੀ ਗੁੰਝਲਦਾਰ ਏ। ਭਾਰਤ ਦੀ ਆਜ਼ਾਦੀ ਵੀ ਸੀ ਤੇ ਨਾਲ ਸਿੱਖਾਂ ਦੀ ਆਜ਼ਾਦੀ ਦਾ ਮਸਲਾ ਵੀ ਕਿਸੇ ਨਾ ਕਿਸੇ ਪੱਧਰ ‘ਤੇ ਸੀ। ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਕਿ ਵੱਖਰਾ ਵਿਚਾਰ ਕਿਵੇਂ ਮਨ ਵਿਚ ਆਇਆ। ਮੈਂ ਸਭ ਤੋਂ ਪਹਿਲੀ ਜਿਹੜੀ ਕਿਤਾਬ ਪੜ੍ਹੀ, ਜਿਸ ਨੇ ਮੇਰੇ ‘ਤੇ ਬਹੁਤ ਅਸਰ ਪਾਇਆ, ਜ਼ਿੰਦਗੀ ਦਾ ਮੁਹਾਣ ਹੀ ਬਦਲ ਦਿੱਤਾ, ਉਹ ਸੀ ਸ਼ਚਿੰਦਰਨਾਥ ਸਾਨਿਆਲ ਦੀ ਬੰਦੀ ਜੀਵਨ। ਉਹ ਮੈਂ 1967 ਵਿਚ ਪੜ੍ਹੀ ਸੀ। ਮੈਨੂੰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਨੇ ਦਿੱਤੀ ਸੀ । ਸ਼ਚਿੰਦਰਨਾਥ ਸਾਨਿਆਲ ਬੰਗਾਲ ਦਾ ਇਨਕਲਾਬੀ ਸੀ। ਚੰਗਾ ਪੜ੍ਹਿਆ-ਲਿਖਿਆ, ਵਿਦਵਾਨ, ਬੁੱਧੀਮਾਨ ਤੇ ਕਰਮਯੋਗੀ ਵੀ ਸੀ। ਉਸ ਦੀ ਕਰਤਾਰ ਸਿੰਘ ਸਰਾਭੇ ਨਾਲ ਮੁਲਾਕਾਤ ਹੋ ਗਈ। ਸਰਾਭਾ ਹਿੰਦੁਸਤਾਨ ਆ ਕੇ ਉਹਨਾਂ ਤਾਕਤਾਂ ਨੂੰ ਲੱਭਦਾ ਫਿਰ ਰਿਹਾ ਸੀ, ਜਿਹਨਾਂ ਨਾਲ ਤਾਲ-ਮੇਲ ਕਰ ਕੇ ਚੱਲਿਆ ਜਾ ਸਕਦਾ ਹੈ। ਜੋ ਕਲਪੇ ਗਏ ਗ਼ਦਰ ਵਿਚ ਰੋਲ ਅਦਾ ਕਰ ਸਕਦੀਆਂ ਹਨ। ਸ਼ਚਿੰਦਰਨਾਥ ਉਹਦੇ ਸੰਪਰਕ ਵਿਚ ਆਇਆ ਤੇ ਉਸ ਨਾਲ ਸਹਿਮਤ ਹੋ ਗਿਆ। ਉਹ ਰਾਸ ਬਿਹਾਰੀ ਬੋਸ ਨੂੰ ਪੰਜਾਬ ਲੈ ਆਇਆ। ਰਾਸ ਬਿਹਾਰੀ ਉਸ ਸਮੇਂ ਦਾ ਇਕ ਸਿਰਕੱਢ ਇਨਕਲਾਬੀ ਆਗੂ ਸੀ । ਉਸ ਨੇ ਲਾਰਡ ਹਾਰਡਿੰਗ ’ਤੇ ਬੰਬ ਨਾਲ ਹਮਲਾ ਕੀਤਾ ਸੀ। ਹਾਰਡਿੰਗ ਤਾਂ ਬਚ ਗਿਆ, ਮਰਿਆ ਨਹੀਂ ਸੀ, ਪਰ ਰਾਸ ਬਿਹਾਰੀ ਅੰਡਰਗਰਾਊਂਡ ਹੋ ਗਿਆ। ਸ਼ਚਿੰਦਰਨਾਥ ਸਾਨਿਆਲ ਨੇ ਰਾਸ ਬਿਹਾਰੀ ਅਤੇ ਗ਼ਦਰੀਆਂ ਦਰਮਿਆਨ ਲਿੰਕ ਦਾ ਕੰਮ ਕੀਤਾ। ਉਹ 1915 ਵਿਚ ਗ੍ਰਿਫ਼ਤਾਰ ਹੋਇਆ, ਉਸ ਨੂੰ ਬਹੁਤ ਤਸੀਹੇ ਦਿੱਤੇ ਗਏ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਅੰਡੇਮਾਨ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। 1924 ਵਿਚ ਬਾਹਰ ਆਇਆ ਅਤੇ 1925 ਵਿਚ ਫਿਰ ਕਾਕੋਰੀ ਕੇਸ ਵਿਚ ਫੜ ਲਿਆ ਗਿਆ। ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਉਹ ਕੋਈ ਸਾਧਾਰਨ ਬੰਦਾ ਨਹੀਂ ਸੀ। 1925 ਵਿਚ ਉਸ ਨੂੰ ਜੇਲ੍ਹ ਵਿਚ ਹੀ ਟੀ.ਬੀ. ਹੋ ਗਈ। ਬਾਰ੍ਹਾਂ ਸਾਲਾਂ ਬਾਅਦ 1937 ਵਿਚ ਫੇਰ ਰਿਹਾਅ ਕਰ ਦਿੱਤਾ ਗਿਆ। ਟੀ.ਬੀ. ਹੋਣ ਦੇ ਬਾਵਜੂਦ ਉਸ ਨੇ ਬਾਹਰ ਆ ਕੇ ਸਰਗਰਮੀਆਂ ਬੰਦ ਨਾ ਕੀਤੀਆਂ ਤੇ ਉਹਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਗੋਰਖਪੁਰ ਜੇਲ੍ਹ ਭੇਜ ਦਿੱਤਾ ਗਿਆ । ਉਥੇ ਕੁਝ ਮਹੀਨਿਆਂ ਬਾਅਦ ਹੀ 1942 ਵਿਚ ਉਸ ਦੀ ਮੌਤ ਹੋ ਗਈ। ਉਹਨੇ ਆਪਣੀ ਸਵੈ-ਜੀਵਨੀ ਲਿਖੀ ਸੀ ਬੰਦੀ ਜੀਵਨ। ਜਦੋਂ ਮੈਂ 1967 ਵਿਚ ਇਹ ਪੜ੍ਹੀ ਸੀ, ਉਦੋਂ ਹੋਰ ਨਜ਼ਰੀਏ ਨਾਲ ਪੜ੍ਹੀ ਸੀ। ਕਈ ਗੱਲਾਂ ਨਜ਼ਰ-ਅੰਦਾਜ਼ ਹੋ ਗਈਆਂ। ਜਦੋਂ ਦੁਬਾਰਾ ਰੁਚੀ ਪੈਦਾ ਹੋਈ ਤਾਂ ਮੈਂ ਉਸ ਨੂੰ ਫਿਰ ਪੜ੍ਹਿਆ । ਉਹ ਬੰਦਾ ਮੌਲਿਕ ਤੇ ਪ੍ਰਮਾਣਿਕ ਹੈ। ਕਿਤੇ ਝੂਠ ਨਹੀਂ ਬੋਲ ਰਿਹਾ। ਜੋ ਵੀ ਉਸ ਨੇ ਦੇਖਿਆ, ਮਹਿਸੂਸ ਕੀਤਾ, ਉਹੀ ਗੱਲਾਂ ਕਹਿ ਰਿਹਾ ਹੈ। ਕਿਤੇ ਮੰਦ ਭਾਵਨਾ ਨਹੀਂ । ਉਹਨੇ ਲਿਖਿਆ ਹੈ ਕਿ ਜਦੋਂ ਗ਼ਦਰ ਕਰਨਾ ਸੀ, ਝੰਡਾ ਬਣਾਉਣ ਦੀ ਗੱਲ ਆਈ। ਲਾਹੌਰ ਮੀਟਿੰਗ ਹੋਈ। ਰਾਸ ਬਿਹਾਰੀ ਬੋਸ, ਕਰਤਾਰ ਸਿੰਘ ਸਰਾਭਾ ਅਤੇ ਹੋਰ ਸਾਰੇ ਉੱਘੇ ਲੀਡਰ ਮੌਜੂਦ ਸਨ। ਉਹ ਕਹਿੰਦਾ ਹੈ ਕਿ ਸਿੱਖ ਬਹੁਤ ਅੜੇ ਕਿ ਝੰਡੇ ਵਿਚ ਸਾਡਾ ਕੇਸਰੀ ਰੰਗ ਹੋਣਾ ਚਾਹੀਦਾ ਹੈ। ਇਥੋਂ ਮੈਨੂੰ ਵਿਚਾਰ ਆਇਆ ਕਿ ਜੇ ਉਹ ਕਹਿ ਰਹੇ ਨੇ ਕਿ ਸਾਡਾ ਰੰਗ ਹੋਣਾ ਚਾਹੀਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀ ਪਹਿਚਾਣ ਬਾਰੇ ਸੁਚੇਤ ਨੇ। ਉਹਨਾਂ ਦੇ ਮਨ ਵਿਚ ਇਹ ਗੱਲ ਪਈ ਹੈ ਕਿ ਆਜ਼ਾਦ ਭਾਰਤ ਵਿਚ ਸਾਡਾ ਸਿੱਖਾਂ ਦਾ ਕੀ ਸਥਾਨ ਹੋਵੇਗਾ ? ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਸੀ। ਸਾਨਿਆਲ ਇਹ ਵੀ ਲਿਖਦਾ ਏ ਕਿ ਬਹੁਤਿਆਂ ਦੀ ਇੱਛਾ ਸੀ ਕਿ ਪੰਜਾਬ ਵਿਚ ਖ਼ਾਲਸਾ ਰਾਜ ਫੇਰ ਤੋਂ ਸਥਾਪਤ ਕੀਤਾ ਜਾਵੇ। ਗ਼ਦਰ ਫ਼ੇਲ੍ਹ ਹੋ ਜਾਣ ਤੋਂ ਬਾਅਦ ਉਸ ਦਾ ਬਾਬਾ ਗੁਰਮੁਖ ਸਿੰਘ ਲਲਤੋਂ ਨਾਲ ਕਾਫ਼ੀ ਵਾਹ ਰਿਹਾ। ਉਹ ਲਿਖਦਾ ਹੈ ਕਿ ਗੁਰਮੁਖ ਸਿੰਘ ਨਾਲ ਗੱਲਬਾਤ ਕਰ ਕੇ ਮੈਂ ਅਨੁਭਵ ਕੀਤਾ ਕਿ ਹੁਣ ਇਹ ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੌਮ ਨਾਲ ਮਿਲ ਕੇ ਕੰਮ ਕਰਨਾ ਨਹੀਂ ਚਾਹੁੰਦੇ। ਹੁਣ ਦੇਖੋ, ਸ਼ਚਿੰਦਰਨਾਥ ਸਾਨਿਆਲ ਝੂਠ ਤਾਂ ਨਹੀਂ ਬੋਲ ਸਕਦਾ, ਉਹ ਕੋਈ ਸਾਧਾਰਨ ਬੰਦਾ ਤਾਂ ਹੈ ਨਹੀਂ, ਅਨੁਭਵੀ ਹੈ, ਬੁੱਧੀਮਾਨ ਹੈ, prejudiced ਵੀ ਨਹੀਂ ਹੈ। ਜੇ ਉਹਦਾ ਬਾਬਾ ਗੁਰਮੁਖ ਸਿੰਘ ਲਲਤੋਂ ਬਾਰੇ ਇਹ ਪ੍ਰਭਾਵ ਬਣ ਗਿਆ ਅਤੇ ਨਾਲ ਹੀ ਉਹ ਕਹਿੰਦਾ ਹੈ ਕਿ ਜਿਹੜਾ ਗੁਰਮੁਖ ਸਿੰਘ ਅਤੇ ਭਾਈ ਸੰਤੋਖ ਸਿੰਘ ਦਾ ਮਾਰਕਸਵਾਦ ਸੀ, ਉਹ ਵੱਖਰੀ ਤਰ੍ਹਾਂ ਦਾ ਸੀ । ਉਹ ਫਿਲਾਸਫੀ ਦੀ ਪੱਧਰ ‘ਤੇ ਪਦਾਰਥਵਾਦ ਵੱਲ ਨਹੀਂ ਗਏ, ਅਧਿਆਤਮਵਾਦੀ ਬਣੇ ਰਹੇ। ਹੁਣ ਜਦੋਂ ਉਹ ਗਵਾਹੀ ਦੇ ਰਿਹਾ ਹੈ, ਜਿਸ ਦਾ ਗ਼ਦਰੀ ਬਾਬਿਆਂ ਨਾਲ ਸੰਘਰਸ਼ ਦੌਰਾਨ ਬਹੁਤ ਹੀ ਨੇੜਲਾ ਸੰਬੰਧ ਰਿਹਾ ਹੈ, ਜਿਸ ਨੂੰ ਸ਼ਹੀਦ ਚੰਦਰ ਸ਼ੇਖਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ, ਸਾਰਿਆਂ ਦਾ ਹੀ mentor (ਰਾਜਸੀ ਗੁਰੂ) ਕਿਹਾ ਜਾਂਦਾ ਹੈ, ਜਦੋਂ ਉਹ ਬੰਦਾ ਇਹ ਗੱਲ ਆਪਣੇ ਮੂੰਹੋਂ ਕਹਿ ਰਿਹਾ ਹੈ ਕਿ ਇਨ੍ਹਾਂ ਦੇ ਅੰਦਰ ਸਾਰੀ ਸਿੱਖੀ ਪਈ ਸੀ ਤਾਂ ਇਹ ਇਕ ਬਹੁਤ ਵੱਡੀ ਲੀਡ ਸੀ, ਜੋ ਖੋਲ੍ਹਣੀ ਬਣਦੀ ਸੀ ਤੇ ਉਹ ਗੱਲਾਂ ਜਦੋਂ ਖੁੱਲ੍ਹੀਆਂ, ਜਦੋਂ ਬਾਬਿਆਂ ਦੀਆਂ ਆਪਣੀਆਂ ਲਿਖਤਾਂ ਪੜ੍ਹੀਆਂ। ਲਿਖਤਾਂ ਆਪਣੇ ਸਾਹਮਣੇ ਨੇ, ਕਿਸੇ ਨੂੰ ਵੀ ਕੁਝ ਕਹਿਣ ਦੀ ਲੋੜ ਨਹੀਂ। ਸੋ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਉਹ ਭਾਰਤ ਦੀ ਆਜ਼ਾਦੀ ਵਾਸਤੇ ਵੀ ਲੜ ਰਹੇ ਸੀ ਤਾਂ ਉਹਨਾਂ ਦੇ ਜਿਹੜੇ ਸਿੱਖ ਸਰੋਕਾਰ ਸੀ, ਉਹ ਕਿਤੇ ਵੀ ਮਨ ਤੋਂ ਪਾਸੇ ਨਹੀਂ ਹੋਏ। ਪਰ ਜਿਹੜੀ ਉਹਨਾਂ ਦੇ ਅੰਦਰ ਸਿੱਖੀ ਦੀ ਸਪਿਰਟ ਸੀ, spirit of universalism ਕਿ ਤੁਸੀਂ ਸਿਰਫ਼ ਆਪਣੇ ਬਾਰੇ ਨਹੀਂ ਸੋਚਦੇ, ਸਰਬੱਤ ਦਾ ਭਲਾ ਲੋਚਦੇ ਹੋ, ਇਸ ਤੋਂ ਉਹ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਵੀ ਲੜੇ ਕਿ ਸਾਰਾ ਦੇਸ਼ ਹੀ ਆਜ਼ਾਦ ਹੋਵੇ । ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਕਿਸਮ ਦੇ ਲੀਡਰਾਂ ਨਾਲ ਉਹਨਾਂ ਦਾ ਵਾਹ ਪਿਆ ਹੈ, ਉਹਨਾਂ ਦੇ ਸਰੋਕਾਰ ਹੋਰ ਨੇ, ਉਹਨਾਂ ਦਾ ਆਜ਼ਾਦੀ ਤੋਂ ਭਾਵ ਹੋਰ ਹੈ। ਸੋ ਇਹ ਉਹਨਾਂ ‘ਤੇ ਕੁਝ ਹੱਦ ਤਕ ਵਿਸ਼ਵਾਸ ਕਰ ਕੇ ਚੱਲੇ ਤੇ ਕੁਝ ਹੱਦ ਤਕ ਉਹਨਾਂ ਦੇ ਮਨ ਬੁੱਝੇ ਵੀ। ਉਹਨਾਂ ‘ਚ ਮਤਭੇਦ ਵੀ ਆਏ ਤੇ ਅਖ਼ੀਰ ਵਿਚ ਉਹਨਾਂ ਦੇ ਵਿਚਾਰਾਂ ਦੇ ਵੱਖਰੇਵੇਂ ਵੀ ਪੈਦਾ ਹੋਏ । ਸ਼ਚਿੰਦਰਨਾਥ ਸਾਨਿਆਲ ਦੀ ਕਹੀ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਬਾਬਾ ਗੁਰਮੁਖ ਸਿੰਘ ਲਲਤੋਂ ਤੇ ਬਾਕੀ ਬਚੇ ਗ਼ਦਰੀ ਇਹ ਕਹਿੰਦੇ ਸਨ। ਕਿ ਅਸੀਂ ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੌਮ ਨਾਲ ਮਿਲ ਕੇ ਕੰਮ ਨਹੀਂ ਕਰਨਾ। ਅਸੀਂ ਤਾਂ ਆਪਣੀ ਸਿੱਖ ਆਜ਼ਾਦੀ ਲਈ ਸਿੱਖਾਂ ਅੰਦਰ ਹੀ ਆਪਣਾ ਸੰਗਠਨ ਬਣਾਉਣਾ ਹੈ। ਉਹ ਕਿਸੇ ਕਮਿਊਨਿਸਟ ਪਾਰਟੀ ਵਿਚ ਵੀ ਨਹੀਂ ਗਏ। ਬਹੁਤ ਲੰਬਾ ਚਿਰ ਅੜੇ ਰਹੇ। ਕਮਿਊਨਿਸਟ ਪਾਰਟੀ ਵਿਚ ਸੋਹਨ ਸਿੰਘ ਜੋਸ਼ ਵਰਗੇ ਨਵੇਂ ਬੰਦੇ ਹੀ ਗਏ। ਤੁਸੀਂ ਲਿਖਤਾਂ ਦੇਖੋ, ਉਸ ਸਮੇਂ ਕੋਈ ਵੀ ਅਜਿਹੀ ਕਾਰਵਾਈ ਨਹੀਂ, ਜੋ ਗੁਰੂ ਦਾ ਵਾਕ ਲੈਣ ਤੋਂ ਬਿਨਾਂ ਆਰੰਭ ਹੋਈ ਹੋਵੇ। ਅਰਦਾਸ ਕਰ ਕੇ ਤੁਰਦੇ ਸਨ। ਇਥੋਂ ਤਕ ਕਿ ਜਦੋਂ ਬਰਮਾ ਦੇ ਵਿਚ ਜਿਹੜੀ ਉਹਨਾਂ ਨੇ ਬਗ਼ਾਵਤ ਕਰਨੀ ਸੀ ਤਾਂ ਉਥੇ ਗੁਰਦੁਆਰੇ ਵਿਚ ਪੁਲਿਸ ਲੱਗੀ ਹੋਈ ਸੀ । ਪਾਬੰਦੀ ਲਾ ਦਿੱਤੀ ਗਈ ਸੀ ਕਿ ਗੁਰਦੁਆਰੇ ਵਿਚ ਕੁਝ ਨਹੀਂ ਹੋ ਸਕਦਾ। ਕਾਰਵਾਈ ਦੀ ਕਮਾਂਡ ਸੋਹਨ ਲਾਲ ਪਾਠਕ ਆਦਿ ਦੇ ਹੱਥ ਸੀ। ਹਾਲਾਂਕਿ ਉਹ ਹਿੰਦੂ ਸੀ, ਜੰਗਲ ਦੇ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਥੇ ਅਖੰਡ ਪਾਠ ਰੱਖਿਆ ਗਿਆ, ਭੋਗ ਪਿਆ, ਅਰਦਾਸ ਹੋਈ। ਮੇਰਾ ਖ਼ਿਆਲ ਨਹੀਂ ਕਿ ਅਠਾਰ੍ਹਵੀਂ ਸਦੀ ਤੋਂ ਬਾਅਦ ਹੋਰ ਕੋਈ ਮਿਸਾਲ ਇਹੋ ਜਿਹੀ ਮਿਲਦੀ ਹੋਵੇ, ਜਦੋਂ ਜੰਗਲ ਦੇ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ । ਹੁਣ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ। ਹੈ ਕਿ ਉਹਨਾਂ ਅੰਦਰ ਸਿੱਖੀ ਦਾ, ਧਰਮ ਦਾ ਜਜ਼ਬਾ ਮੌਜੂਦ ਸੀ, ਪਰ ਸਾਨੂੰ ਸਾਰਿਆਂ ਨੂੰ ਬਣਾ ਇਹ ਦਿੱਤਾ ਗਿਆ ਕਿ ਉਹ ਤਾਂ ਧਰਮ ਨੂੰ ਛੱਡ ਗਏ ਸਨ।

? ਰਾਜਵਿੰਦਰ ਸਿੰਘ ਰਾਹੀ ਨੇ ‘ਅੰਮ੍ਰਿਤਸਰ ਟਾਈਮਜ਼’ ਵਿਚ ਗ਼ਦਰੀ ਬਾਬਿਆਂ ਬਾਰੇ ਕਾਫ਼ੀ ਲੇਖ ਲਿਖੇ ਹਨ। ਉਸ ਦਾ ਕਹਿਣਾ ਹੈ ਕਿ ਗ਼ਦਰ ਲਹਿਰ ਵਿਚ ਗੁਰੂ-ਘਰਾਂ ਅਤੇ ਗੁਰੂ- ਘਰਾਂ ਦੇ ਗ੍ਰੰਥੀਆਂ ਦੀ ਕੇਂਦਰੀ ਭੂਮਿਕਾ ਰਹੀ ਹੈ। ਬਾਬਾ ਸੋਹਣ ਸਿੰਘ ਭਕਨਾ ਦੀ ਆਤਮ ਕਥਾ ਤੋਂ ਵੀ ਇਸ ਬਾਰੇ ਕੁਝ ਇਸ਼ਾਰੇ ਮਿਲਦੇ ਹਨ । ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ?

ਜਦੋਂ ਅਸੀਂ ਗ਼ਦਰ ਲਹਿਰ ‘ਤੇ ਕੰਮ ਕਰਨ ਲੱਗੇ ਤਾਂ ਸਾਨੂੰ ਇਹ ਲੱਗਿਆ ਕਿ ਸਾਰੀ ਲਹਿਰ ਹੀ ਗੁਰਦੁਆਰਿਆਂ ਤੋਂ ਚੱਲ ਰਹੀ ਹੈ। ‘ਰਾਹੀ’ ਨੇ ਇਹਨਾਂ ਸਾਰਿਆਂ ਗੁਰਦੁਆਰਿਆਂ ਦੀ ਲਿਸਟ ਤਿਆਰ ਕੀਤੀ। ਇਹ ਲਿਸਟ ਅੰਮ੍ਰਿਤਸਰ ਟਾਈਮਜ਼ ਵਿਚ ਵੀ ਛਪੀ ਹੈ। ਇਹ ਤਾਂ ਉਹ ਗੁਰਦੁਆਰੇ ਹਨ, ਜੋ ਰਿਕਾਰਡ ਵਿਚ ਆ ਚੁੱਕੇ ਹਨ। ਕਈ ਅਜਿਹੇ ਵੀ ਹੋਣਗੇ, ਜਿਹੜੇ ਨਹੀਂ ਆਏ। ਝਾੜ ਸਾਹਿਬ (ਅੰਮ੍ਰਿਤਸਰ) ਦੇ ਗੁਰਦੁਆਰੇ ਬਾਰੇ ਵਰਿਆਮ ਸਿੰਘ ਸੰਧੂ ਨੇ ਇਕ ਲੇਖ ਲਿਖਿਆ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਇਹ ਗੁਰੂ- ਘਰ ਲਹਿਰ ਦਾ ਕਿੰਨਾ ਵੱਡਾ ਕੇਂਦਰ ਸੀ। 30 ਦੇ ਲਗਭਗ ਲਿਸਟ ਬਣਦੀ ਹੈ ਗ੍ਰੰਥੀ ਸਿੰਘਾਂ ਦੀ, ਜਿਨ੍ਹਾਂ ਮੂਹਰਲੀਆਂ ਸਫ਼ਾਂ ਵਿਚ ਕੰਮ ਕੀਤਾ ਤੇ ਘੱਟੋ-ਘੱਟ ਤਿੰਨ ਗੁਰਦੁਆਰਾ ਕਮੇਟੀਆਂ ਅਜਿਹੀਆਂ ਹੋਣਗੀਆਂ, ਜਿਹੜੀਆਂ ਬਣੀਆਂ-ਤਣੀਆਂ ਪਾਰਟੀ ਦੀਆਂ ਬਰਾਂਚਾਂ ਵਿਚ ਤਬਦੀਲ ਹੋ ਗਈਆਂ। ਗੁਰਦੁਆਰਿਆਂ ਦੀ ਕੇਂਦਰੀ ਭੂਮਿਕਾ ਰਹੀ ਹੈ ਲਹਿਰ ਵਿਚ ਤੇ ਇਹਨਾਂ ਤੋਂ ਬਿਨਾਂ ਲਹਿਰ ਚਿਤਵੀ ਵੀ ਨਹੀਂ ਸੀ ਜਾ ਸਕਦੀ। ਮੈਂ ਇਕ ਮਿਸਾਲ ਦੇਂਦਾ ਹਾਂ, ਤੁਸੀਂ ਦੇਖ ਲਿਓ ਕਿ ਬਾਬਿਆਂ ਦਾ ਜੀਵਨ ਕੀ ਸੀ, ਧਰਮ ਦਾ ਕਿੰਨਾ ਜਜ਼ਬਾ ਸੀ । ਇਕ ਜਗਰਾਓਂ ਦਾ ਮੁਸਲਮਾਨ ਸੀ, ਮੌਲਵੀ ਅਬਦੁੱਲਾ । ਉਹ ਮਨੀਲਾ ਤੋਂ ਆਇਆ ਸੀ ਗ਼ਦਰ ਕਰਨ, ਪਰ ਗ੍ਰਿਫ਼ਤਾਰ ਹੋ ਗਿਆ। ਉਹਨੂੰ ਫਾਂਸੀ ਦੀ ਸਜ਼ਾ ਹੋਈ। ਉਹ ਜੇਲ੍ਹ ਵਿਚ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਕਰਤਾਰ ਸਿੰਘ ਨਵਾਂ ਚੰਦ ਕੋਲ ਰਿਹਾ। ਇਹਨਾਂ ਦੋਹਾਂ ਦੀ ਸੰਗਤ ਦਾ ਮੌਲਵੀ ਅਬਦੁੱਲਾ ‘ਤੇ ਏਨਾ ਅਸਰ ਹੋਇਆ ਕਿ ਉਸ ਨੇ ਆਪ ਵੀ ਇਹਨਾਂ ਵਾਂਗ ਪਾਠ ਕਰਨ ਦਾ ਮਨ ਬਣਾ ਲਿਆ। ਪਹਿਲਾਂ ਗੁਰਮੁਖੀ ਸਿੱਖੀ ਤੇ ਫਿਰ ਗੁਰਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ । ਏਨੇ ਚਿਰ ਨੂੰ ਫਾਂਸੀ ਦਾ ਦਿਨ ਆ ਗਿਆ। ਭਾਈ ਕਰਤਾਰ ਸਿੰਘ ਦੇ ਦੱਸਣ ਮੁਤਾਬਕ ਉਹ ਕਹਿਣ ਲੱਗਾ, “ਹੁਣ ਜ਼ਿੰਦਗੀ ਦਾ ਲੁਤਰ ਆਉਣ ਲੱਗਾ ਸੀ ਤੇ ਪਤਾ ਲੱਗਾ ਸੀ ਕਿ ਜ਼ਿੰਦਗੀ ਕੀ ਹੈ ? ਪਰ ਹੁਣ ਜ਼ਿੰਦਗੀ ਹੀ ਨਹੀਂ ਰਹੀ।” ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਉਹਨਾਂ ਦੇ ਜਥੇ ਦੇ ਕੁਝ ਸਿੰਘ ਹਜ਼ਾਰੀਬਾਗ਼ (ਬਿਹਾਰ) ਦੀ ਜੇਲ੍ਹ ਵਿਚ ਲੰਬਾ ਸਮਾਂ ਬੰਦ ਰਹੇ। ਉਹਨਾਂ ਅਤੇ ਦੂਸਰੇ ਗ਼ਦਰੀ ਬਾਬਿਆਂ ਨੇ ਜੇਲ੍ਹ ਨੂੰ ਇਕ ਕਿਸਮ ਦੇ ਗੁਰਦੁਆਰੇ ਵਿਚ ਹੀ ਬਦਲ ਦਿੱਤਾ ਸੀ। 24 ਘੰਟੇ ਉਥੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਚੱਲਦਾ ਰਹਿੰਦਾ ਸੀ। ਇਸ ਮਾਹੌਲ ਦਾ ਅਸਰ ਦੇਖੋ। ਉਥੇ ਕਈ ਬਿਹਾਰੀ ਸਿਪਾਹੀ ਸਿੰਘ ਸੱਜ ਗਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗ਼ਦਰ ਲਹਿਰ ਵਿਚ ਬਹੁਤ ਵੱਡਾ ਰੋਲ ਹੈ।

? ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਲਿਖੇ ਗਏ ਇਤਿਹਾਸ ਵਿਚ ਤਾਂ ਕਿਤੇ ਮਿਲਦੀਆਂ ਨਹੀਂ, ਸਗੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਤਾਂ ਨਾਮ ਸਿਮਰਨ ਵਿਚ ਯਕੀਨ ਰੱਖਦੇ ਸਨ, ਉਹਨਾਂ ਦਾ ਕਿਸੇ ਅੰਗਰੇਜ਼ ਵਿਰੋਧੀ ਲਹਿਰ ਨਾਲ ਕੀ ਲਾਗਾ-ਦੇਗਾ ਹੋ ਸਕਦਾ ਹੈ ? ਕਹਿੰਦੇ ਨੇ ਧਰਮ ਤਾਂ ਬੰਦੇ ਨੂੰ ਸਥਾਪਤੀ ਦਾ ਹਮਾਇਤੀ ਬਣਾ ਦੇਂਦਾ ਹੈ ?

ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਰੋਲ ਨੂੰ ਹਜ਼ਮ ਕਰਨਾ ਕਾਮਰੇਡ ਲੇਖਕਾਂ ਅਤੇ ਪਾਠਕਾਂ ਵਾਸਤੇ ਕਾਫ਼ੀ ਮੁਸ਼ਕਲ ਹੈ। ਇਕ ਤਾਂ ਉਹਨਾਂ ਦੇ ਨਾਮ-ਰੱਤੀ ਸ਼ਖ਼ਸੀਅਤ ਹੋਣ ਕਰਕੇ ਅਤੇ ਦੂਸਰਾ ਜਿਹੜਾ ਉਹਨਾਂ ਸ਼ਹੀਦ ਭਗਤ ਸਿੰਘ ਨਾਲ ਹੋਈ ਆਪਣੀ ਮੁਲਾਕਾਤ ਦਾ ਵੇਰਵਾ ਦਿੱਤਾ ਹੈ। ਉਹਨਾਂ ਦੀ ਕਰਤਾਰ ਸਿੰਘ ਸਰਾਭਾ ਅਤੇ ਦੂਸਰੇ ਗ਼ਦਰੀ ਬਾਬਿਆਂ ਨਾਲ ਮੁਲਾਕਾਤ ਹੋਈ। ਉਹ ਪਹਿਲੀ ਵਾਰ ਹੀ ਗ਼ਦਰ ਵਿਚ ਭਾਗ ਲੈਣ ਲਈ ਤਿਆਰ ਹੋ ਗਏ। ਆਪਣੇ ਪਿੰਡ ਨਾਰੰਗਵਾਲ ਤੋਂ ਇਕ ਵੱਡਾ ਜਥਾ ਲੈ ਕੇ, ਅਰਦਾਸ ਕਰ ਕੇ, ਫ਼ਿਰੋਜ਼ਪੁਰ ਛਾਉਣੀ ਨੂੰ ਤੁਰੇ । ਸਾਰਾ ਰਾਹ ਹਾਰਮੋਨੀਅਮ ਨਾਲ ਕੀਰਤਨ ਕਰਦੇ ਅਤੇ ਚੌਪਈ ਸਾਹਿਬ ਦਾ ਪਾਠ ਕਰਦੇ ਰਹੇ। ਉਥੇ ਉਹਨਾਂ ਨੇ ਗ਼ਦਰ ਦੀ ਸ਼ੁਰੂਆਤ ਕਰਨੀ ਸੀ, ਪਰ ਮੁਖ਼ਬਰ ਵੱਲੋਂ ਸਰਕਾਰ ਨੂੰ ਸਾਰੀ ਜਾਣਕਾਰੀ ਦੇ ਦਿੱਤੇ ਜਾਣ ਕਰਕੇ ਇਹ ਕੋਸ਼ਿਸ਼ ਫ਼ੇਲ੍ਹ ਹੋ ਗਈ । ਉਸ ਤੋਂ ਬਾਅਦ ਗ੍ਰਿਫ਼ਤਾਰੀਆਂ ਹੋਈਆਂ। ਜੇਲ੍ਹ ਚਿੱਠੀਆਂ ਪੜ੍ਹ ਕੇ ਦੇਖੋ, ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਅਤੇ ਉਹਨਾਂ ਨੇ ਸਭ ਕੁਝ ਨੂੰ ਕਿੰਨੀ ਚੜ੍ਹਦੀ ਕਲਾ ਵਿਚ ਰਹਿ ਕੇ ਜਰਿਆ। ਜਿਹੋ ਜਿਹੀਆਂ ਭੁੱਖ ਹੜਤਾਲਾਂ ਉਹਨਾਂ ਨੂੰ ਜੇਲ੍ਹ ਅੰਦਰ ਕਰਨੀਆਂ ਪਈਆਂ, ਉਹਦੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਧਰੇ ਮਿਲਦੀ ਹੋਵੇ। ਗ਼ਦਰੀ ਤਾਂ ਸਭ ਬਾਹਰੋਂ ਆਏ ਸਨ। ਭਾਰਤ ਅੰਦਰ ਉਹਨਾਂ ਨੂੰ ਇਕ ਸੰਗਠਿਤ ਗਰੁੱਪ ਦੇ ਰੂਪ ਵਿਚ ਸਭ ਤੋਂ ਵੱਡੀ ਹਮਾਇਤ ਜੇ ਕਿਸੇ ਵੱਲੋਂ ਮਿਲੀ ਤਾਂ ਉਹ ਸਿਰਫ਼ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਉਹਨਾਂ ਦੇ ਜਥੇ ਵੱਲੋਂ ਹੀ ਸੀ। ਭਾਈ ਸਾਹਿਬ ਲਗਭਗ ਸਤਾਰਾਂ ਸਾਲ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਰਹੇ। ਜਿਸ ਕਿਸੇ ਨੂੰ ਇਹਨਾਂ ਤੱਥਾਂ ਦਾ ਪਤਾ ਹੈ, ਮੇਰਾ ਨਹੀਂ ਖ਼ਿਆਲ ਕਿ ਉਹ ਕਹਿ ਸਕਦਾ ਹੈ ਕਿ ਧਰਮ ਬੰਦੇ ਨੂੰ ਸਥਾਪਤੀ ਦਾ ਹਮਾਇਤੀ ਬਣਾ ਦੇਂਦਾ ਹੈ।

ਖੱਬੀ ਧਿਰ ਵਾਲਿਆਂ ਵੱਲੋਂ ਜੋ ਕੁਝ ਲਿਖਿਆ ਜਾਂ ਬੋਲਿਆ ਗਿਆ ਹੈ, ਉਹ ਇੰਡੀਅਨ ਨੈਸ਼ਨਲਿਜ਼ਮ ਦੇ ਚੌਖਟੇ ਤੇ ਪੈਂਤੜੇ ਤੋਂ ਲਿਖਿਆ ਜਾਂ ਬੋਲਿਆ ਗਿਆ ਹੈ। ਇਸ ਪੈਂਤੜੇ ਵਾਲੇ ਲੋਕਾਂ ਦੀ ਲੋੜ ਬਣ ਜਾਂਦੀ ਹੈ ਕਿ ਘੱਟ-ਗਿਣਤੀ ਪਹਿਚਾਣਾਂ ਨੂੰ ਜਾਂ ਉਹਨਾਂ ਦੇ ਧਰਮਾਂ ਨੂੰ ਪਾਸੇ ਕਰ ਦੇਣ ਜਾਂ ਵਿਗਾੜ ਕੇ ਪੇਸ਼ ਕਰਨ। ਜਿਹੜਾ ਗ਼ਦਰ ਲਹਿਰ ਦਾ ਇਤਿਹਾਸ ਲਿਖਿਆ ਗਿਆ ਹੈ ਉਹ ਖੱਬੇ ਪੱਖੀਆਂ ਵੱਲੋਂ ਹੀ ਲਿਖਿਆ ਗਿਆ ਹੈ। ਉਹਨਾਂ ਨੇ ਗਿਣ-ਮਿਥ ਕੇ, ਉਹ ਗੱਲਾਂ ਜਿਹਨਾਂ ਵਿੱਚੋਂ ਧਰਮ ਵਾਲੀ ਗੱਲ ਉਭਰਦੀ ਸੀ, ਬਿਲਕੁਲ ਹੀ ਪਾਸੇ ਕਰ ਦਿੱਤੀਆਂ। ਤੁਸੀਂ ਹੈਰਾਨ ਹੋਵੋਗੇ, ਕਈ ਗੱਲਾਂ ਤਾਂ ਚੌਕਾਅ ਦੇਣ ਵਾਲੀਆਂ ਨੇ, ਬੇਚੈਨ ਵੀ ਕਰਦੀਆਂ ਨੇ ਕਿ ਏਨੀ ਬੇਈਮਾਨੀ ਵੀ ਹੋ ਸਕਦੀ ਹੈ ਕਿਤੇ। ਇਕ ਮਿਸਾਲ ਦੇਂਦਾ ਹਾਂ। ਭਾਈ ਊਧਮ ਸਿੰਘ ਕਸੇਲ ਨੇ, ਜਦੋਂ ਉਹ ਜੇਲ੍ਹ ਵਿੱਚੋਂ ਭੱਜ ਆਏ ਸਨ, ਅਫ਼ਗ਼ਾਨਿਸਤਾਨ ਵਿਚ ਆਪਣਾ ਅੱਡਾ ਕਾਇਮ ਕਰ ਲਿਆ ਸੀ । ਉਹ ਰੂਸ ਅਤੇ ਤੁਰਕੀ ਤੋਂ ਹਥਿਆਰ ਹਾਸਲ ਕਰ ਕੇ ਅਫ਼ਗ਼ਾਨਿਸਤਾਨ ਦੀ ਸਰਕਾਰ ਦੀ ਮਦਦ ਨਾਲ ਪੰਜਾਬ ਪਹੁੰਚਾਉਣਾ ਚਾਹੁੰਦੇ ਸਨ। ਉਹਨਾਂ ਦੇ ਨਾਲ ਬਾਬਾ ਗੁਰਮੁਖ ਸਿੰਘ ਲਲਤੋਂ, ਤੇਜਾ ਸਿੰਘ ਸੁਤੰਤਰ, ਵਾਸਦੇਵ ਸਿੰਘ ਵਗ਼ੈਰਾ ਵਗ਼ੈਰਾ ਸਨ। ਜਦੋਂ ਉਹਨਾਂ ਦੀ ਮੌਤ ਹੋਈ, ਮੌਤ ਵੀ ਬਹੁਤ ਦੁਖਦਾਈ ਹੋਈ, ਲੁਟੇਰਿਆਂ ਨੇ ਲੁੱਟਣ ਦੇ ਮਕਸਦ ਨਾਲ ਮਾਰ ਦਿੱਤਾ। ਜਦੋਂ ਅਫ਼ਗ਼ਾਨੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਜਿਸ ਥਾਂ ਪੁਰ ਭਾਈ ਸਾਹਿਬ ਦੀ ਸ਼ਹਾਦਤ ਹੋਈ ਸੀ, ਅਫ਼ਗ਼ਾਨਾਂ ਨੇ ਉਥੇ ਇਕ ਸਮਾਰਕ ਬਣਾ ਦਿੱਤਾ। ਭਾਈ ਸਾਹਿਬ ਅਫ਼ਗ਼ਾਨਾਂ ਵਿਚ ਵੀ ਬਹੁਤ ਹਰਮਨ ਪਿਆਰੇ ਸਨ। ਅਫ਼ਗ਼ਾਨਾਂ ਨੇ ਹੀ ਮੁਖੀ ਕਾਤਲ ਦਾ ਘਰ ਸਾੜ ਦਿੱਤਾ, ਉਸ ਦੇ ਪਰਿਵਾਰ ਨੂੰ ਉਥੋਂ ਕੱਢ ਦਿੱਤਾ। ਉਸ ਸਮੇਂ ਕਿਰਤੀ ਪਰਚੇ ਵਿਚ ਭਾਈ ਕਸੇਲ ਨੂੰ ਜਿਹੜੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਸਨ, ਉਹਨਾਂ ਵਿਚ ਕਿਹਾ ਗਿਆ ਸੀ ਕਿ ਭਾਈ ਸਾਹਿਬ ਗੁਰੂ-ਘਰ ਦੇ ਏਨੇ ਪ੍ਰੇਮੀ ਸਨ ਕਿ ਹਰ ਸਾਲ ਖ਼ਤਰਾ ਮੁੱਲ ਲੈ ਕੇ ਅਫ਼ਗ਼ਾਨਿਸਤਾਨ ਦੀ ਸਰਹੱਦ ਟੱਪ ਕੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਦਰਸ਼ਨ ਕਰਨ ਜ਼ਰੂਰ ਜਾਇਆ ਕਰਦੇ ਸਨ। ਇਸ ਤੋਂ ਥੋੜ੍ਹਾ ਚਿਰ ਬਾਅਦ ਕਿਰਤੀ ਦੇ ਸੰਚਾਲਕ ਭਾਈ ਸੰਤੋਖ ਸਿੰਘ ਜੀ ਅਕਾਲ ਚਲਾਣਾ ਕਰ ਗਏ। ਪਰਚਾ ਸੋਹਨ ਸਿੰਘ ਜੋਸ਼ ਦੇ ਹੱਥ ਆ ਗਿਆ। ਉਹੀ ਕਿਰਤੀ, ਜਦੋਂ ਅਗਲੇ ਸਾਲ ਉਹਦੀ ਬਰਸੀ ‘ਤੇ ਲੇਖ ਲਿਖ ਰਿਹਾ ਸੀ ਤਾਂ ਕਹਿ ਰਿਹਾ ਸੀ ਕਿ ਉਹ ਏਨੇ ਦੇਸ਼ਭਗਤ ਸਨ ਕਿ ਹਰ ਸਾਲ ਅਫ਼ਗ਼ਾਨਿਸਤਾਨ ਤੋਂ ਆ ਕੇ ਮਾਤ੍ਰੀ ਭੂਮੀ ਦੀ ਮਿੱਟੀ ਚੁੰਮਦੇ ਸੀ। ਹੁਣ ਤੁਸੀਂ ਦੇਖ ਲਓ, ਉਹੀ ਪੇਪਰ ਹੈ, ਸਾਹਮਣੇ ਪਏ ਤੱਥ ਨੂੰ ਕਿੰਨਾ ਵਿਗਾੜ ਕੇ ਪੇਸ਼ ਕੀਤਾ ਗਿਆ। ਇਹ ਕਹਿ ਲਓ ਕਿ ਧਰਮ ਦੇ ਖ਼ਿਲਾਫ਼ ਮਨਾਂ ‘ਚ ਨਫ਼ਰਤ ਪਈ ਹੈ, ਜਿਹੜੀ ਬਿਮਾਰੀ ਦੀ ਹੱਦ ਤਕ ਹੈ। ਕੀ ਅਜਿਹੇ ਵਿਅਕਤੀਆਂ ਦਾ ਕਿਸੇ ਗੱਲ ‘ਤੇ ਯਕੀਨ ਕੀਤਾ ਜਾ ਸਕਦਾ ਹੈ ? ਇਹ ਕੋਈ ‘ਕੱਲੀ-ਕਹਿਰੀ ਮਿਸਾਲ ਨਹੀਂ। ਪੂਰੇ ਗ੍ਰੰਥ ਲਿਖੇ ਜਾ ਸਕਦੇ ਹਨ, ਇਸ ਮਸਲੇ ‘ਤੇ।

? ਤੁਸੀਂ ਬੜੇ ਇਤਿਹਾਸਕ ਤੱਥਾਂ ਨਾਲ ਇਹ ਦਾਅਵਾ ਕਰਦੇ ਹੋ ਕਿ ਗ਼ਦਰ ਲਹਿਰ ਦੀ ਜਿਹੜੀ ਲੀਡਰਸ਼ਿਪ ਸੀ, ਉਸ ਵਿਚ ਵੱਡੀ ਬਹੁ-ਗਿਣਤੀ ਸਿੱਖੀ ਵਿਚਾਰਧਾਰਾ ਵਾਲਿਆਂ ਦੀ ਸੀ। ਬਾਬਾ ਜਵਾਲਾ ਸਿੰਘ ਸਨ, ਬਾਬਾ ਨਿਧਾਨ ਸਿੰਘ ਚੁੱਘਾ ਸਨ, ਭਾਈ ਬਲਵੰਤ ਸਿੰਘ ਖੁਰਦਪੁਰ ਸਨ, ਭਾਈ ਭਾਗ ਸਿੰਘ ਭਿੱਖੀਵਿੰਡ ਸਨ, ਆਦਿ ਆਦਿ। ਪਰ ਇਸ ਸਭ ਕੁਝ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ਼ਦਰੀ ਬਾਬਿਆਂ ਦੇ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ, ਇਸ ਦਾ ਕੀ ਕਾਰਨ ਸੀ ?

ਇਕ ਤਾਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ। ਹੁਕਮਨਾਮੇ ਦਾ ਇਹ ਸ਼ਬਦ ਗ਼ਲਤ ਪ੍ਰਚਲਿਤ ਹੋ ਗਿਆ। ਇਹ ਖੱਬਿਆਂ ਨੇ ਕੀਤਾ। ਹਰ ਚੀਜ਼ ਨੂੰ ਹੁਕਮਨਾਮਾ ਕਹਿ ਦੇਣਾ ਠੀਕ ਨਹੀਂ ਹੁੰਦਾ। ਹੁਕਮਨਾਮਾ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਹਨਾਂ ਨੂੰ ਕੁਝ ਪਤਾ ਨਹੀਂ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਸੀ। ਅਰੂੜ ਸਿੰਘ, ਉਹਨਾਂ ਵੱਲੋਂ ਇਸ ਦਾ ਥਾਪਿਆ ਹੋਇਆ ਸਰਬਰਾਹ ਸੀ। ਜੇ ਉਹ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਬਾਰੇ ਕੋਈ ਪ੍ਰਚਾਰ ਕਰਦਾ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਨਹੀਂ ਬਣ ਜਾਂਦਾ ।

? ਪਿਛਲੇ ਦੋ ਕੁ ਸਾਲਾਂ ਦੌਰਾਨ ਲਾਲਾ ਲਾਜਪਤ ਰਾਏ ਅਤੇ ਲਾਲਾ ਹਰਦਿਆਲ ਬਾਰੇ ਰਾਜਵਿੰਦਰ ਸਿੰਘ ਰਾਹੀ ਦੇ ਕੁਝ ਲੇਖ ਇਥੇ ਅਮਰੀਕਾ ਦੇ ਕੁਝ ਪਰਚਿਆਂ ਵਿਚ ਪੜ੍ਹੜ੍ਹ ਨੂੰ ਮਿਲੇ ਹਨ। ਕਿਸੇ ਨੇ ਵੀ ਉਸ ਦੀ ਗੱਲ ਨੂੰ ਕੱਟਿਆ ਨਹੀਂ। ਇਸ ਤੋਂ ਬਾਅਦ ਕੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਕੁਝ ਐਸੀ ਲਾਲਿਆ ਬਾਰੇ ਹਾਈ ਸਕੂਲ ਦੀਆਂ ਕਿਤਾਬਾਂ ਵਿਚ ਪੜ੍ਹਦੇ ਰਹੇ ਹਾਂ ਜਾਂ ਅੱਜ ਵੀ ਪੜ੍ਹਾਇਆ ਜਾ ਰਿਹਾ ਹੈ, ਸਿੱਧਾ ਝੂਠ ਹੈ?

ਸਾਨੂੰ ਵੀ ਇਹੀ ਸੀ ਕਿ ਲਾਲਾ ਹਰਦਿਆਲ ਹੀ ਲਹਿਰ ਦਾ ਅਸਲ ਲੀਡਰ ਸੀ। ਉਹੀ ਸਾਰੀ ਲਹਿਰ ਦਾ ਦਿਮਾਗ਼ ਸੀ । ਕਿਤਾਬਾਂ ਵਿਚ ਰਾਸ਼ਟਰਵਾਦੀਆਂ ਅਤੇ ਖੱਬਿਆਂ ਨੇ ਇਹ ਤੱਥ ਸਥਾਪਤ ਕਰ ਦਿੱਤਾ ਹੈ, ਪੱਕਾ ਬਣਾ ਦਿੱਤਾ ਹੈ। ਪਰ ਜਦੋਂ ਲਹਿਰ ਬਾਰੇ ਘੋਖ ਕਰਨੀ ਸ਼ੁਰੂ ਕੀਤੀ, ਖ਼ਾਸ ਕਰਕੇ ‘ਰਾਹੀ’ ਨੇ ਸਾਰਾ ਦੇਖਿਆ, ਸਾਰੀਆਂ ਲਿਖਤਾਂ ਫਰੋਲੀਆਂ ਤਾਂ ਵਿੱਚੋਂ ਇਹ ਨਿਕਲਿਆ ਕਿ ਉਹ ਤਾਂ ਸਿਰਫ਼ ਪੰਜ ਮਹੀਨੇ ਹੀ ਲਹਿਰ ਦੇ ਨਾਲ ਰਿਹਾ। ਇਹਨਾਂ ਪੰਜਾਂ ਮਹੀਨਿਆਂ ਦੇ ਕੰਮ ਨੂੰ ਹੀ ਇਹ ਬਣਾ ਦਿੱਤਾ ਗਿਆ ਕਿ ਲਹਿਰ ਦੇ ਸਾਰੇ ਵਿਚਾਰ ਉਹਦੇ ਹੀ ਸਨ। ਬਾਬੇ ਤਾਂ ਉਸ ਤੋਂ ਪਹਿਲਾਂ ਹੀ ਵਿਚਾਰ ਬਣਾਈ ਬੈਠੇ ਸਨ । ਉਹਨਾਂ ਨੂੰ ਅਖ਼ਬਾਰ ਚਾਲੂ ਕਰਨ ਵਾਸਤੇ ਇਕ ਪੜ੍ਹਿਆ-ਲਿਖਿਆ ਬੰਦਾ ਚਾਹੀਦਾ ਸੀ, ਜੋ ਸੰਪਾਦਕ ਦਾ ਕੰਮ ਦੇ ਸਕੇ । ਬਾਬਾ ਸੋਹਣ ਸਿੰਘ ਭਕਨਾ ਦੀ ਰਾਮ ਕਹਾਣੀ ਪੜ੍ਹ ਕੇ ਦੇਖੋ, ਇਸ ਨੂੰ ਕਿਵੇਂ ਪਾਰਟੀ ਵਿਚ ਲਿਆਂਦਾ ਗਿਆ। ਜਦੋਂ ਇਸ ਨੂੰ ਪਾਰਟੀ ਵਿਚ ਲਿਆਂਦਾ ਜਾ ਰਿਹਾ ਸੀ ਤਾਂ ਉਥੇ ਲਾਹੌਰ ਵਾਲਾ ਪਰਮਾਨੰਦ ਵੀ ਮੌਜੂਦ ਸੀ। ਉਸ ਨੇ ਮੂੰਹ ‘ਤੇ ਹੀ ਕਹਿ ਦਿੱਤਾ ਸੀ ਕਿ ਤੁਸੀਂ ਇਸ ਨੂੰ ਲੈ ਤਾਂ ਚੱਲੇ ਹੋ, ਪਰ ਇਹਦਾ ਕੋਈ ਪਤਾ ਨਹੀਂ, ਕਦੋਂ ਸਭ ਕੁਝ ਛੱਡ ਛਡਾ ਕੇ ਭੱਜ ਜਾਵੇ। ਓਹੀ ਗੱਲ ਹੋਈ। ਅਮਰੀਕੀ ਸਰਕਾਰ ਨੇ ਮਾੜਾ- ਮੋਟਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਵਿਟਜ਼ਰਲੈਂਡ ਚਲੇ ਗਏ। ਫਿਰ ਜਰਮਨੀ, ਤੁਰਕੀ ਅਤੇ ਸਵੀਡਨ। ਇਸ ਅਰਸੇ ਦੌਰਾਨ ਉਸ ਨੇ ਗ਼ਦਰ ਪਾਰਟੀ ਨਾਲੋਂ ਸੰਬੰਧ ਤੋੜ ਲਏ। ਸਵੀਡਨ ਵਿਚ ਰਹਿੰਦਿਆਂ ਉਸ ਨੇ ਜਰਮਨੀ ਅਤੇ ਤੁਰਕੀ ਵਿਚ 44 ਮਹੀਨੇ ਨਾਂ ਦੀ ਜਿਹੜੀ ਕਿਤਾਬ ਲਿਖੀ, ਉਸ ਵਿਚ ਅੰਗਰੇਜ਼ੀ ਸਾਮਰਾਜ ਦੇ ਏਨੇ ਸੋਹਲੇ ਗਾਏ ਹਨ ਕਿ ਪੜ੍ਹ ਕੇ ਕਚਿਆਣ ਆਉਂਦੀ ਹੈ। ਇਸੇ ਸਮੇਂ ਉਸ ਅੰਦਰਲਾ ਹਿੰਦੂ ਖੁੱਲ੍ਹ ਕੇ ਬੋਲਿਆ । ਉਸ ਦੀਆਂ ਲਿਖਤਾਂ ਵਿੱਚੋਂ ਹਿੰਦੂ ਰਾਸ਼ਟਰਵਾਦ ਦੀ ਝਲਕ ਸਪੱਸ਼ਟ ਦੇਖੀ ਜਾ ਸਕਦੀ ਹੈ। ਲਾਲਾ ਹਰਦਿਆਲ ਬਾਰੇ ਬਹੁਤ ਝੂਠ ਬੋਲਿਆ ਗਿਆ ਹੈ ਕਿ ਉਹ ਹੀ ਲਹਿਰ ਦਾ ਹੀਰੋ ਸੀ। ਕਿਸ ਨੂੰ ਹੀਰੋ ਸਥਾਪਤ ਕਰਨਾ ਹੈ ਅਤੇ ਕਿਸ ਨੂੰ ਨਹੀਂ ਕਰਨਾ, ਇਸ ਦੇ ਫ਼ੈਸਲੇ ਇਹਨਾਂ ਨੇ ਆਪਣੇ ਇੰਡੀਅਨ ਨੈਸ਼ਨਲਿਜ਼ਮ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਕੀਤੇ ਹਨ। ਇਤਿਹਾਸ ਨਾਲ ਅਜਿਹਾ ਅਨਾਚਾਰ ਬਹੁਤ ਹੋਇਆ ਹੈ। ਇਹ ਸਾਰੇ ਵਲ ਕੱਢਣ ਵਾਲੇ ਹਨ। ਸਿੱਖਾਂ ਨੂੰ ਇਕੱਲਾ ਫ਼ਿਜ਼ੀਕਲੀ ਨਹੀਂ ਮਾਰਿਆ ਗਿਆ। ਸਾਨੂੰ ਸਿਰਫ਼ ਇਹ ਦਿੱਖ ਜਾਂਦਾ ਹੈ ਕਿ 50 ਹਜ਼ਾਰ ਮਾਰ ਦਿੱਤੇ, 60 ਹਜ਼ਾਰ ਮਾਰ ਦਿੱਤੇ। ‘ਕੱਲਾ ਗੋਲੀ ਨਾਲ ਨਹੀਂ ਮਾਰਿਆ ਜਾ ਰਿਹਾ ਸਾਡਾ ਸਾਰਾ ਇਤਿਹਾਸ, ਸਾਡੀ ਸਾਰੀ ਵਿਰਾਸਤ ਖ਼ਤਮ ਕੀਤੀ ਜਾ ਰਹੀ ਹੈ। ਗ਼ਦਰ ਪਾਰਟੀ ਵਾਲੇ ਸਾਰੇ ਸਿੱਖੀ ਰੰਗ ਵਿਚ ਰੰਗੇ ਹੋਏ ਸਨ। ਉਹਨਾਂ ਸਾਰਾ ਜੀਵਨ ਸਿੱਖੀ ‘ਤੇ ਖੜ੍ਹ ਕੇ ਬਤੀਤ ਕੀਤਾ। ਪਰ ਇਕ ਹੋਰ ਗੜਬੜ ਕਰ ਦਿੱਤੀ ਗਈ ਹੈ। ਕਹਿ ਰਹੇ ਹਨ ਕਿ ਇਕ ਬਾਬੇ ਪਹਿਲੇ ਪੋਚ ਦੇ ਨੇ ਤੇ ਇਕ ਦੂਸੇ ਪੋਚ ਦੇ । ਦੂਜੇ ਪੋਚ ਦੇ ਕਿਰਤੀ ਪਾਰਟੀ ਵਾਲਿਆਂ ਨੂੰ ਕਹਿ ਰਹੇ ਨੇ । ਕਿਰਤੀ ਪਾਰਟੀ ਵਾਲਿਆਂ ਨੂੰ ਗ਼ਦਰੀ ਬਾਬੇ ਕਹਿਣਾ, ਟੈਕਨੀਕਲੀ ਠੀਕ ਨਹੀਂ। ਬਾਬਾ ਭਗਤ ਸਿੰਘ ਬਿਲਗਾ ਨੂੰ ਇਹਨਾਂ ਨੇ ਕਾਫ਼ੀ ਉਭਾਰਿਆ ਹੈ, icon ਦੇ ਤੌਰ ‘ਤੇ। ਪਰ ਭਗਤ ਸਿੰਘ ਬਿਲਗਾ ਗ਼ਦਰੀ ਨਹੀਂ ਸੀ। ਉਸ ਨੇ ਕਿਸੇ ਵੀ ਗ਼ਦਰ ਵਿਚ ਹਿੱਸਾ ਨਹੀਂ ਲਿਆ। ਉਹ ‘ਕਿਰਤੀ’ ਸੀ। ਕਿਰਤੀ ਪਾਰਟੀ ਬਾਅਦ ਵਿਚ ਹੋਂਦ ਵਿਚ ਆਈ ਸੀ। ਇਹ ਠੀਕ ਹੈ ਕਿ ਬਾਬੇ ਬਿਲਗੇ ਦੀ ਕਿਰਤੀ ਪਾਰਟੀ ਵਿਚ ਕਾਫ਼ੀ ਘਾਲਣਾ ਹੈ, ਵੱਡੀ ਕੁਰਬਾਨੀ ਹੈ, ਜਿਸ ਦਾ ਸਤਿਕਾਰ ਵੀ ਕਰਨਾ ਬਣਦਾ ਹੈ, ਪਰ ਇਸ ਨਾਲ ਉਹ ਗ਼ਦਰੀ ਤਾਂ ਨਹੀਂ ਬਣ ਜਾਂਦਾ । ਬਾਬਾ ਬੂਝਾ ਸਿੰਘ ਵੀ ਗ਼ਦਰੀ ਨਹੀਂ ਸੀ। ਉਹ ਵੀ ਕਿਰਤੀ ਪਾਰਟੀ ਦੇ ਵਿਚ ਹੀ ਆਇਆ। ਸੋ ਇਹ ਵੱਖਰੇਵਾਂ ਨਾ ਕਰਨਾ, ਹਰ ਇਕ ਦੇ ਮੂਹਰੇ ਗ਼ਦਰੀ ਲਗਾ ਦੇਣਾ, ਅਸਲੀ ਗ਼ਦਰੀਆਂ ਨੂੰ ਪਾਸੇ ਕਰ ਦੇਣਾ ਹੈ। ਇਸ ਕਿਸਮ ਦੀਆਂ ਬੜੀਆਂ ਸ਼ਰਾਰਤਾਂ ਹੋਈਆਂ ਹਨ।

? ਤੁਸਾਂ ਬਾਬੇ ਭਗਤ ਸਿੰਘ ਬਿਲਗੇ ਦਾ ਨਾਮ ਲਿਆ ਹੈ। ਮੈਂ ਉਹਨਾਂ ਦੀ ਇਕ ਕਿਤਾਬ ਪੜ੍ਹ ਰਿਹਾ ਸੀ, ਜਿਸ ਵਿਚ ਇਕ ਜਗ੍ਹਾ ਉਹਨਾਂ ਨੇ ਲਿਖਿਆ ਹੈ ਕਿ ਕਮਿਊਨਿਸਟ ਪਾਰਟੀ ਵਾਲੇ ਗ਼ਦਰੀ ਬਾਬਿਆਂ ਨੂੰ ਅਨਪੜ੍ਹ ਅਤੇ ਬੌਧਿਕ ਪੱਖੋਂ ਪੱਛੜੇ ਹੋਏ ਕਿਹਾ ਕਰਦੇ ਸਨ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ?

ਇਹ ਜਿਹੜੀ ਗੱਲ ਬਾਬੇ ਬਿਲਗੇ ਨੇ ਲਿਖੀ ਹੈ ਕਿ ਕਮਿਊਨਿਸਟ ਪਾਰਟੀ ਵਾਲੇ ਗ਼ਦਰੀ ਬਾਬਿਆਂ ਨੂੰ ਅਨਪੜ੍ਹ ਅਤੇ ਬੌਧਿਕ ਪੱਖੋਂ ਪੱਛੜੇ ਕਹਿੰਦੇ ਹੁੰਦੇ ਸਨ, ਇਹ ਬਹੁਤ ਹੀ ਆਮ perception ਬਣ ਗਈ ਹੈ। ਅਸਲ ਨੁਕਤਾ ਪੜ੍ਹਾਈ ਪ੍ਰਤੀ ਸਾਡੇ ਨਜ਼ਰੀਏ ਦਾ ਹੈ। ਅਸੀਂ ਪੜ੍ਹਾਈ ਨੂੰ ਕੀ ਲੈਂਦੇ ਹਾਂ ? ਬਹੁਤੇ ਲੋਕ ਪੜ੍ਹਾਈ ਨੂੰ ਸਿਰਫ਼ ਦੁਨਿਆਵੀ ਵਿੱਦਿਆ ਵਜੋਂ ਹੀ ਲੈਂਦੇ ਹਨ। ਉਹ ਦੇਖਦੇ ਹਨ ਕਿ ਕਿਸੇ ਨੇ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਲਈ ਹੋਈ ਹੈ ? ਪਰ ਅਸਲ ਵਿਚ ਜੇ ਅਸੀਂ ਦੇਖੀਏ ਤਾਂ ਸਾਡੀ ਪਰੰਪਰਾ ਵਿਚ ਦੁਨਿਆਵੀ ਪੜ੍ਹਾਈ ਇਕ ਪੱਖ ਹੈ। ਜਿਹੜਾ ਮਨੁੱਖ ਆਤਮਿਕ ਤੌਰ ‘ਤੇ ਜਾਗਿਆ ਹੈ, ਹਕੀਕਤ ਵਿਚ ਉਹ ਹੀ ਪੜ੍ਹਿਆ ਹੈ। ਦੁਨਿਆਵੀ ਪੜ੍ਹਾਈ ਦੀਆਂ ਬੜੀਆਂ ਸੀਮਤਾਈਆਂ ਨੇ । ਤੁਸੀਂ ਵੱਡੇ-ਵੱਡੇ ਪੜ੍ਹਿਆਂ ਨੂੰ ਦੇਖੋ, ਉਹਨਾਂ ਦਾ ਕਿਰਦਾਰ ਦੇਖੋ, ਇਤਿਹਾਸ ਦੇ ਵਿਚ ਉਹਨਾਂ ਦਾ ਰੋਲ ਦੇਖੋ, ਪਰ ਇਸ ਦੇ ਮੁਕਾਬਲੇ ਵਿਚ ਬਿਲਕੁਲ ਅਨਪੜ੍ਹ ਬੰਦਾ, ਭਾਵੇਂ ਉਹ ਭੇਡਾਂ ਬੱਕਰੀਆਂ ਵੀ ਚਾਰਦਾ ਹੋਵੇ, ਜੇ ਉਹ ਆਤਮਿਕ ਤੌਰ ‘ਤੇ ਜਾਗਿਆ ਹੋਇਆ ਹੈ ਤਾਂ ਮੈਂ ਸਮਝਦਾ ਹਾਂ। ਕਿ ਉਹ ਵਿਦਵਾਨ ਹੈ। ਬਾਬਿਆਂ ਬਾਰੇ ਜਿਹੜਾ ਇਹ ਅਨਪੜ੍ਹ ਅਤੇ ਬੌਧਿਕ ਤੌਰ ‘ਤੇ ਪੱਛੜੇ ਹੋਣ ਦਾ ਵਿਚਾਰ ਹੈ, ਇਹ ਸ਼ਹੀਦ ਭਗਤ ਸਿੰਘ ਦਾ ਵੀ ਵਿਚਾਰ ਸੀ। ‘ਕੱਲੇ ਸ਼ਹੀਦ ਭਗਤ ਸਿੰਘ ਦਾ ਹੀ ਨਹੀਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ, ਇਹ ਆਮ ਹੀ perception ਬਣ ਚੁੱਕੀ ਹੈ। ਮੇਰੇ ਮੁਤਾਬਕ ਭਾਈ ਸੰਤੋਖ ਸਿੰਘ ਜੀ ਨੂੰ ਤੁਸੀਂ ਕਿਸੇ ਵੀ ਪੱਖੋਂ ਨਹੀਂ ਕਹਿ ਸਕਦੇ ਕਿ ਉਹ ਘੱਟ ਵਿਦਵਾਨ ਸਨ । ਉਹ ਬਹੁਤ ਹੀ ਜੀਨੀਅਸ ਕਿਸਮ ਦੇ ਵਿਅਕਤੀ ਸਨ । ਬਾਬਿਆਂ ਵਿਚ ਭਾਈ ਸੰਤੋਖ ਸਿੰਘ ਵਰਗੇ ਦੂਰ-ਦ੍ਰਿਸ਼ਟੀ ਵਾਲੇ, ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਜਵਾਲਾ ਸਿੰਘ ਵਰਗੇ ਕਰਮਯੋਗੀ, ਬਾਬਾ ਵਸਾਖਾ ਸਿੰਘ ਵਰਗੇ ਧਰਮਚਾਰੀ ਸ਼ਾਮਲ ਸਨ। ਕਰਤਾਰ ਸਿੰਘ ਸਰਾਭਾ ਬਹੁਤ ਹੀ ਨਿਪੁੰਨ ਸੀ। ਸਿਆਸੀ ਸੂਝ ਉਹਨਾਂ ਜਿੰਨੀ ਕਿਸੇ ਵਿਚ ਨਹੀਂ ਸੀ। ਇਸ ‘ਤੇ ਕਈ ਘੰਟੇ ਗੱਲ ਹੋ ਸਕਦੀ ਹੈ। ਤੁਸੀਂ ਇਕ ਇਕ ਲਾਈਨ ਪੜ੍ਹੋ, ਗ਼ਦਰੀ ਬਾਬਿਆਂ ਦੀ। ਇਕ ਤਾਂ ਕਿਤਾਬਾਂ ਕਹਾਣੀ ਦੇ ਤੌਰ ‘ਤੇ ਪੜ੍ਹਨੀਆਂ ਹੁੰਦੀਆਂ ਨੇ। ਜਿਹੜੇ ਬੰਦੇ ਦਾ ਜ਼ਿੰਦਗੀ ਵਿਚ ਕਿਸੇ ਸੰਘਰਸ਼ ਦਾ ਅਨੁਭਵ ਹੈ, ਜਦੋਂ ਉਹ ਬਾਬਿਆਂ ਨੂੰ ਪੜ੍ਹੇਗਾ ਤਾਂ ਹਰ ਲਾਈਨ ਦੇ ਹੋਰ ਅਰਥ, ਹੋਰ ਪੱਖ ਸਾਹਮਣੇ ਆਉਣਗੇ। ਮੈਂ ਅੱਜ ਫੇਰ ਬਾਬੇ ਭਕਨੇ ਦੀ ਰਾਮ ਕਹਾਣੀ ਖੋਲ੍ਹ ਕੇ ਦੇਖੀ ਹੈ। ਮੈਨੂੰ ਲੱਗ ਰਿਹਾ ਹੈ ਕਿ ਅਸੀਂ ਤਾਂ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਜਿੰਨੀ ਸੂਝ ਉਹਨਾਂ ਵਿਚ ਸੀ, ਸਿਆਸੀ ਸੂਝ, ਉਸ ਦੇ ਹਿਸਾਬ ਨਾਲ ਸਾਡੇ ਜਿਹੜੇ ਵਿਦਵਾਨ ਲੋਕ ਨੇ, ਉਹਨਾਂ ਦੇ ਸਾਹਮਣੇ ਬਿਲਕੁਲ ਹੀ ਅਨਪੜ੍ਹ ਨਜ਼ਰ ਆਉਂਦੇ ਨੇ।

? ਤੁਹਾਡੇ ਮੁਤਾਬਕ ਗ਼ਦਰੀ ਬਾਬੇ ਵਿਚਾਰਧਾਰਕ ਤੌਰ ‘ਤੇ ਕਿੰਨੇ ਕੁ ਸਪੱਸ਼ਟ ਸਨ ? ਉਹਨਾਂ ਨੂੰ ਨਿਸ਼ਾਨਾ ਕਿੰਨਾ ਕੁ ਸਾਫ਼ ਸੀ ?

ਗ਼ਦਰੀ ਸੂਰਮੇ ਤਰਕਸ਼ੀਲ ਵਿਚਾਰਾਂ ਨਾਲੋਂ ਵੱਧ ਆਪਣੇ ਜਜ਼ਬੇ ਤੇ ਅੰਤਰ-ਪ੍ਰੇਰਨਾ ਦੇ ਆਸਰੇ ਲੜੇ ਸਨ। ਉਨ੍ਹਾਂ ਦਾ ਫ਼ੌਰੀ ਨਿਸ਼ਾਨਾ ਬਸਤੀਵਾਦੀ ਰਾਜ਼ ਨੂੰ ਖ਼ਤਮ ਕਰਨਾ ਸੀ । ਦੁਸ਼ਮਣ ਸਾਂਝਾ ਸੀ। ਹਰ ਇਕ ਵਰਗ ਆਪਣੀ ਆਪਣੀ ਆਜ਼ਾਦੀ ਵਾਸਤੇ ਲੜ ਰਿਹਾ ਸੀ। ਉਸ ਵੇਲੇ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਦੇਸ਼ ਦੀ ਆਜ਼ਾਦੀ ਵਿੱਚੋਂ ਸਾਨੂੰ ਕੀ ਮਿਲੇਗਾ ? ਜਿਵੇਂ ਡਾ. ਭੀਮ ਰਾਓ ਅੰਬੇਦਕਰ ਸਨ, ਜਦੋਂ ਵੀ ਕਿਤੇ ਗਾਂਧੀ ਜਾਂ ਕਿਸੇ ਵੀ ਹੋਰ ਨੈਸ਼ਨਲਿਸਟ ਆਗੂ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਤਾਂ ਉਹ ਸਿੱਧਾ ਪੁੱਛਦੇ ਕਿ ਸਾਨੂੰ ਇਹ ਸਮਝਾ ਦਿਓ ਕਿ ਆਜ਼ਾਦੀ ਵਿੱਚੋਂ ਸਾਨੂੰ ਕੀ ਮਿਲੇਗਾ ? ਜਦੋਂ ਸਾਡੀ ਤਸੱਲੀ ਕਰਵਾ ਦਿਓਗੇ, ਅਸੀਂ ਤੁਹਾਡੇ ਨਾਲ ਚੱਲ ਪਵਾਂਗੇ। ਜਿਹੜਾ ਤੁਸੀਂ ਅਜੇ ਤਕ ਭਵਿੱਖ-ਨਕਸ਼ਾ ਪੇਸ਼ ਕੀਤਾ ਹੈ, ਉਸ ਵਿਚ ਤਾਂ ਸਾਡੇ ਲਈ ਕੁਝ ਵੀ ਨਹੀਂ। ਤਾਕਤ ਤਾਂ ਤੁਹਾਡੇ ਹੱਥ ਵਿਚ ਆ ਜਾਵੇਗੀ। ਆਜ਼ਾਦੀ ਦੀ ਲਹਿਰ ਸਮੇਂ ਸਿੱਖਾਂ ਅੰਦਰ ਇਸ ਪਾਏ ਦੀ ਚੇਤਨਾ ਨਹੀਂ ਸੀ। ਗ਼ਦਰ ਲਹਿਰ ਵੇਲੇ ਵੀ ਨਹੀਂ ਸੀ। ਪਰ ਜਿਹੜੇ ਬਾਬੇ ਸਨ, ਉਹ ਏਨੇ ਵੀ ਅਨਜਾਣ ਨਹੀਂ ਸਨ। ਜਿਵੇਂ ਜਦੋਂ ਝੰਡਾ ਬਣਾਉਣ ਦੀ ਗੱਲ ਆਈ ਤਾਂ ਉਹਨਾਂ ਨੇ ਬਾਕਾਇਦਾ ਯਕੀਨੀ ਬਣਾਇਆ ਕਿ ਇਸ ਵਿਚ ਸਾਡਾ ਰੰਗ ਹੋਵੇ। ਇਕ ਪੂਰਾ ਪ੍ਰੋਗਰਾਮ ਤੇ ਨਕਸ਼ਾ ਤਿਆਰ ਕਰਨਾ ਚਾਹੀਦਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਾਰਾ ਢਾਂਚਾ ਕੀ ਹੋਵੇਗਾ ? ਉਹਨਾਂ ਦੇ ਮਨ ਵਿਚ ਪੱਕਾ ਸੀ ਕਿ ਅਸੀਂ ਸਿੱਖਾਂ ਵਾਸਤੇ ਆਜ਼ਾਦੀ ਲੈਣੀ ਹੈ। ਪਰ ਉਹ ਕਿਸੇ ਲਿਖਤ ਜਾਂ ਦਸਤਾਵੇਜ਼ ਦੀ ਸ਼ਕਲ ਵਿਚ ਨਹੀਂ ਆ ਸਕਿਆ।

ਜਿਹੜੀਆਂ ਸਾਰੀਆਂ ਗੱਲਾਂ ਅਸੀਂ ਅੱਜ ਕਰ ਰਹੇ ਹਾਂ, ਉਹ ਪਿਛਲੇ ਤੋਂ ਸਿੱਖਣ ਦਾ ਮਾਮਲਾ ਹੀ ਹੈ। ਇਸ ਤੋਂ ਵੀ ਸਿੱਖੀਏ ਤੇ ਜਿਹੜਾ ਸੰਘਰਸ਼ ਅਸੀਂ ਹੁਣ ਲੜ ਕੇ ਹਟੇ ਹਾਂ ਜਾਂ ਚੱਲ ਰਿਹਾ ਹੈ, ਉਸ ਤੋਂ ਵੀ ਸਿੱਖੀਏ। ਜੋ ਵੀ ਕਮੀਆਂ-ਪੇਸ਼ੀਆਂ ਨੇ, ਉਹਨਾਂ ਨੂੰ ਮੰਨੀਏ ਤੇ ਦੂਰ ਕਰੀਏ। ਅਜਿਹਾ ਕਰਦਿਆਂ ਹੀ ਅਸੀਂ ਅਜੋਕੀ ਕਮਜ਼ੋਰ ਅਤੇ ਬੇਵਸੀ ਵਾਲੀ ਹਾਲਤ ਵਿੱਚੋਂ ਨਿਕਲ ਕੇ ਸ਼ਕਤੀਸ਼ਾਲੀ ਬਣ ਸਕਦੇ ਹਾਂ।

? ਆਖ਼ਰੀ ਸਵਾਲ, ਅੱਜ ਦਾ ਜਿਹੜਾ ਭਾਰਤ ਹੈ, ਜਿਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ, ਕੀ ਗ਼ਦਰੀ ਬਾਬਿਆਂ ਦਾ ਇਹੀ ਸੁਪਨਾ ਸੀ ?

ਨਹੀਂ, ਬਿਲਕੁਲ ਨਹੀਂ। ਮੈਂ ਆਪਣੇ ਬੀਤੇ ‘ਤੇ ਕਈ ਵਾਰ ਝਾਤ ਮਾਰਦਾ ਹਾਂ ਕਿ ਮੈਂ ਇਨਕਲਾਬ ਦੇ ਰਾਹ ‘ਤੇ ਕਿਵੇਂ ਤੁਰਿਆ? ਜਿਵੇਂ ਪਹਿਲਾਂ ਦੱਸ ਆਇਆ ਹਾਂ ਕਿ ਜਦੋਂ ਅਸੀਂ ਲੁਧਿਆਣੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦੇ ਸੀ ਤਾਂ ਅਸੀਂ ਜਿਹੜਾ ਸਭ ਤੋਂ ਪਹਿਲਾ ਸਿਆਸੀ ਫ਼ੈਕਸ਼ਨ ਕੀਤਾ, ਉਸ ਦੀ ਪ੍ਰਧਾਨਗੀ ਬਾਬਾ ਭਕਨਾ ਨੇ ਕੀਤੀ ਸੀ। ਉਥੇ ਜਦੋਂ ਉਹਨਾਂ ਨੇ ਕਿਹਾ ਕਿ ਇਹ, ਜਿਸ ਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ, ਇਹ ਉਹ ਆਜ਼ਾਦੀ ਨਹੀਂ ਜਿਸ ਵਾਸਤੇ ਅਸੀਂ ਜੂਝੇ ਸੀ। ਤੇ ਜਦੋਂ ਉਹਨਾਂ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮਨ ਅੰਦਰ ਵੱਡਾ ਸੁਆਲ ਖੜਾ ਹੋ ਗਿਆ । ਅਗਲੇ ਸਾਲ 23 ਮਾਰਚ, 1968 ਨੂੰ ਅਸੀਂ ਕਾਲਜ ਵਿਚ ਹੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਨ ਮਨਾਇਆ। ਉਥੇ ਪੰਡਿਤ ਕਿਸ਼ੋਰੀ ਲਾਲ, ਜੋ ਸ਼ਹੀਦ ਭਗਤ ਸਿੰਘ ਦੇ ਸਾਥੀ ਸਨ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਉਹ ਵੀ ਆਏ ਸਨ । ਉਹਨਾਂ ਵੀ ਇਹੀ ਗੱਲ ਕਹੀ ਕਿ ਇਹ ਉਹ ਆਜ਼ਾਦੀ ਨਹੀਂ, ਜਿਸ ਦੇ ਵਾਸਤੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਜਾਨਾਂ ਦਿੱਤੀਆਂ ਸਨ। ਇਹੀ ਗੱਲਾਂ ਬਾਬਾ ਗੁਰਮੁਖ ਸਿੰਘ ਲਲਤੋਂ ਬਾਰ ਬਾਰ ਕਹਿੰਦੇ ਹੁੰਦੇ ਸਨ। ਜਿਸ ਕਿਸੇ ਵੀ ਬਾਬੇ ਨੂੰ ਮਿਲਣਾ, ਜਦੋਂ ਬਾਬਿਆਂ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਸਾਡੇ ਮਨਾਂ ‘ਤੇ ਬਹੁਤ ਅਸਰ ਹੋਇਆ। ਪਹਿਲਾਂ ਅਸੀਂ ਵੀ ਸਮਝਦੇ ਸੀ ਕਿ ਦੇਸ਼ ਆਜ਼ਾਦ ਹੈ। ਉਥੋਂ ਹੀ ਸਾਡੇ ਮਨ ਵਿਚ ਇਹ ਗੱਲ ਆਈ ਕਿ ਦੇਸ਼ ਆਜ਼ਾਦ ਨਹੀਂ ਤੇ ਕੁਰਬਾਨੀਆਂ ਅਜਾਈਂ ਗਈਆਂ ਹਨ, ਤਾਂ ਫਿਰ ਇਸ ਨੂੰ ਆਜ਼ਾਦ ਕਰਵਾਉਣ ਲਈ ਲੜਿਆ ਜਾਵੇ। ਸੋ ਉਦੋਂ ਅਸੀਂ ਦੇਸ਼ ਨੂੰ ਜਾਗੀਰਦਾਰਾਂ, ਅਜਾਰੇਦਾਰਾਂ ਅਤੇ ਨਵ-ਬਸਤੀਵਾਦੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਭਾਵ ਇਨਕਲਾਬ ਵਾਸਤੇ ਜੂਝਣ ਲਈ ਤਿਆਰ ਹੋ ਗਏ। ਪਰ ਜਦੋਂ ਜੂਨ 1984 ਵਿਚ ਦੇਖਿਆ ਕਿ ਇਸ ਦੇਸ਼ ਅੰਦਰ ਸਿੱਖ ਧਰਮ ਦੀ ਹੋਂਦ ਹੀ ਖ਼ਤਰੇ ਵਿਚ ਆਈ ਪਈ ਹੈ ਤਾਂ ਫਿਰ ਲੱਗਿਆ ਕਿ ਸਭ ਤੋਂ ਪਹਿਲਾ ਕੰਮ, ਦੇਸ਼ ਦੀ ਆਜ਼ਾਦੀ ਤੇ ਧਰਮ ਦੀ ਰੱਖਿਆ ਦਾ ਕੀ ਸੰਬੰਧ ਜੁੜਦਾ ਹੈ, ਇਸ ਨੂੰ ਪੜਤਾਲਿਆ ਜਾਵੇ। ਉਸ ਵਿੱਚੋਂ ਜੋ ਕਰਤੱਵ ਬਣਦੇ ਹਨ, ਜੋ ਕਾਰਜ ਨਿਕਲਦੇ ਹਨ, ਉਸ ਮੁਤਾਬਕ ਕੰਮ ਕੀਤਾ ਜਾਵੇ। ਇਹ ਤਾਂ ਮੇਰਾ ਖ਼ਿਆਲ ਹੈ ਕਿ ਜਿਸ ਆਜ਼ਾਦੀ ਵਾਸਤੇ ਬਾਬੇ ਜੂਝੇ ਸਨ, ਮੌਜੂਦਾ ਆਜ਼ਾਦੀ ਉਹ ਨਹੀਂ ਹੈ। ਇਸ ਵਿਚ ਤਾਂ ਸਿਰਫ਼ ਸਿਆਸੀ ਤਾਕਤ ਦਾ ਹੀ ਕੁਝ ਲੈਣ-ਦੇਣ ਹੋਇਆ ਹੈ। ਆਜ਼ਾਦੀ ਸੰਗਰਾਮ ਦੀ ਮੁੱਖ ਧਾਰਾ ਵਾਲਿਆਂ ਦਾ ਮਕਸਦ ਵੀ ਏਨਾ ਕੁ ਹੀ ਸੀ। ਉਹਨਾਂ ਲਈ ਰੌਲਾ ਸਿਰਫ਼ ਤਾਕਤ ਦਾ ਹੀ ਸੀ। ਉਹ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਸਿਆਸੀ ਤਾਕਤ ਉਹਨਾਂ ਦੇ ਹੱਥ ਆ ਜਾਵੇ । ਉਦੋਂ ਕੁਝ ਮੁਸਲਮਾਨ ਆਗੂ ਸਿੱਖ ਆਗੂਆਂ ਨੂੰ ਇਹ ਕਹਿ ਰਹੇ ਸਨ ਕਿ ਤੁਸੀਂ ਅਜੇ ਇਨ੍ਹਾਂ ਨੂੰ ਦੇਖਿਆ ਨਹੀਂ। ਤੁਸੀਂ ਇਹਨਾਂ ਨੂੰ ਗ਼ੁਲਾਮਾਂ ਦੇ ਤੌਰ ‘ਤੇ ਹੀ ਦੇਖਿਆ ਹੈ। ਜਦੋਂ ਇਹਨਾਂ ਦੇ ਹੱਥ ਸਿਆਸੀ ਤਾਕਤ ਆ ਗਈ, ਉਦੋਂ ਇਹਨਾਂ ਦਾ ਅਸਲੀ ਰੂਪ ਦੇਖਣਾ। ਉਦੋਂ ਇਹ ਗੱਲ ਬੁੱਝਣੀ ਕਾਫ਼ੀ ਔਖੀ ਸੀ। ਜਦੋਂ 1947 ਵਿਚ ਇਹਨਾਂ ਦੇ ਹੱਥ ਤਾਕਤ ਆਈ ਤਾਂ ਸਿੱਖਾਂ ਦੇ ਕੁਝ ਕੁ ਹਿੱਸਿਆਂ ਨੂੰ ਹੀ ਸੋਝੀ ਆਈ, ਬਹੁਤਿਆਂ ਨੂੰ ਨਹੀਂ ਆਈ । ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਜਿਨ੍ਹਾਂ ਨੂੰ ਉਦੋਂ ਨਹੀਂ ਸੀ ਆਈ, ਉਹਨਾਂ ਨੂੰ ਹੁਣ ਆ ਗਈ। ਫਿਰ ਨਵੰਬਰ 1984 ਦਾ ਸਿੱਖ ਕਤਲੇਆਮ ਹੋਇਆ। ਉਸ ਤੋਂ ਬਾਅਦ ਹੋਰ ਵੀ ਜਿੰਨੇ ਜ਼ੁਲਮ ਹੋਏ, ਉਹ ਪੜਾਅ ਦਰ-ਪੜਾਅ ਅੱਖਾਂ ਖੋਲ੍ਹਦੇ ਗਏ। ਅਜੇ ਵੀ ਬਹੁਤ ਲੋਕਾਂ ਦੀਆਂ ਅੱਖਾਂ ਬੰਦ ਨੇ। ਆਪਣਾ ਕਾਰਜ ਹੀ ਇਹ ਹੈ, ਜੋ ਗ਼ਦਰੀ ਬਾਬਿਆਂ ਦੀ ਯਾਦ ਵਿਚ ਸਮਾਗਮ ਕਰ ਰਹੇ ਹਾਂ, ਜਿਨ੍ਹਾਂ ਦੀਆਂ ਅੱਖਾਂ ਅਜੇ ਵੀ ਬੰਦ ਨੇ, ਉਹ ਵੀ ਖੋਲ੍ਹੀਆਂ ਜਾਣ।

ਗ਼ਦਰ ਪਾਰਟੀ ਲਹਿਰ ਅਤੇ ਰਾਸ਼ਟਰਵਾਦੀ ਪ੍ਰਵਚਨ

ਇਤਿਹਾਸਕਾਰਾਂ ਨੂੰ ਉਨ੍ਹਾਂ ਕਾਰਨਾਂ ਦਾ ਬਾਰੀਕ ਗਿਆਨ ਹੋਣਾ ਚਾਹੀਦੈ, ਜਿਹੜੇ ਕਿਸੇ ਤੱਥ ਦੀ ਸ਼ੁੱਧ ਅਸਲੀਅਤ ਨੂੰ ਸਮੇਂ ਦੇ ਦਿਸਹੱਦੇ ਉੱਤੇ ਮੁਸਤਕਿਲ ਰੂਪ ਵਿਚ ਖੜਾ ਕਰ ਦਿੰਦੇ ਹਨ, ਜਾਂ ਜਿਹਨਾਂ ਕਰਕੇ ਕੋਈ ਤੱਥ ਵਿਗੜ ਕੇ ਹਜ਼ਾਰਾਂ ਸ਼ਕਲਾਂ ਵਿਚ ਬਦਲ ਜਾਂਦਾ ਹੈ, ਅਤੇ ਸਿੱਟੇ ਵਜੋਂ ਉਸ ਦਾ ਇੱਕੋ-ਇਕ ਮੌਲਿਕ ਰੂਪ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਇਆਗੋ (lago) ਫ਼ਿਤਰਤ ਅੱਖਾਂ ਦੇ ਸਾਹਮਣੇ ਹੀ ਤੱਥ ਨੂੰ ਹੋਰ ਦਾ ਹੋਰ ਬਣਾ ਦਿੰਦੀ ਹੈ…ਉਪਰੋਕਤ ਦਾ ਇਹ ਮਤਲਬ ਨਹੀਂ ਕਿ ਮੈਨੂੰ ਇਤਿਹਾਸਕ ਤੱਥਾਂ ਦੀ ਮਹਾਨਤਾ ਤੋਂ ਇਨਕਾਰ ਹੈ। ਮੈਂ ਸਿਰਫ਼ ਇਹੋ ਕਹਿੰਦਾ ਹਾਂ ਕਿ ਸੱਚ ਦੇ ਮਾਹੌਲ ਵਿਚ ਤੱਥ ਉੱਤੇ ਯਕੀਨ ਵੀ ਕਰੋ, ਪਰ ਲੋੜੀਂਦੀਆਂ ਹਾਲਤਾਂ ਵਿਚ ਤੱਥਾਂ ਦੀ ਬੇਵਫ਼ਾਈ ਤੋਂ ਖ਼ਬਰਦਾਰ ਵੀ ਰਹੋ।

ਆਧੁਨਿਕ ਵਿਦਵਾਨਾਂ ਵੱਲੋਂ ਗ਼ਦਰ ਪਾਰਟੀ ਲਹਿਰ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ, ਜਾਣੇ ਜਾਂ ਅਨਜਾਣੇ ਰੂਪ ਵਿਚ, ਭਾਰਤੀ ਰਾਸ਼ਟਰਵਾਦ ਦੇ ਨਜ਼ਰੀਏ ਤੋਂ ਲਿਖੀਆਂ ਗਈਆਂ ਹਨ। ਜਿਸ ਦਾ ਭਾਵ ਹੈ ਕਿ ਗ਼ਦਰ ਪਾਰਟੀ ਲਹਿਰ ਨੂੰ, ਮੂਲ ਰੂਪ ਵਿਚ, ਭਾਰਤ ਦੀ ਆਜ਼ਾਦੀ ਦੇ ਰਾਸ਼ਟਰਵਾਦੀ ਅੰਦੋਲਨ ਦੀ ਵਿਚਾਰਧਾਰਾ ਦੇ ਅਨੁਕੂਲ ਪੇਸ਼ ਕੀਤਾ ਗਿਆ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਨੂੰ ਅੱਵਲ ਤਾਂ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ ਹੈ ਅਤੇ ਜਾਂ ਫਿਰ ਸੈਕੁਲਰ-ਰਾਸ਼ਟਰਵਾਦ ਦੇ ਸਿਧਾਂਤਕ ਚੌਖਟੇ ਵਿਚ ਫਿੱਟ ਕਰਨ ਦੇ ਯਤਨ ਕੀਤੇ ਗਏ ਹਨ। ਠੋਸ ਅਰਥਾਂ ਵਿਚ ਗੱਲ ਕਰਨੀ ਹੋਵੇ ਤਾਂ ਗ਼ਦਰ ਪਾਰਟੀ ਲਹਿਰ ਅੰਦਰ ਸਿੱਖ ਅੰਸ਼ ਦੀ ਪ੍ਰਧਾਨਤਾ ਦੇ ਤੱਥ ਨੂੰ ਪੂਰਨ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਲਹਿਰ ਅੰਦਰ ਦੂਸਰੇ ਭਾਈਚਾਰਿਆਂ ਦੀ ਤੁਲਨਾ ਵਿਚ ਸਿੱਖਾਂ ਦੀ ਅਤਿ ਅਧਿਕ ਸ਼ਮੂਲੀਅਤ ਦੇ ਜ਼ਾਹਰਾ ਸੱਚ ਨੂੰ ਖੁੱਲ੍ਹੇ ਮਨ ਨਾਲ ਕਬੂਲ ਕਰਨ ਤੋਂ ਸੁਚੇਤ ਰੂਪ ਵਿਚ ਇਨਕਾਰ ਕੀਤਾ ਗਿਆ ਹੈ। ਗ਼ਦਰੀ ਯੋਧਿਆਂ ਦੀ ‘ਸਿੱਖ ਪਛਾਣ’ ਨੂੰ ਲੁਕੋਣ ਦੇ ਮੰਤਵ ਲਈ, ਉਨ੍ਹਾਂ ਬਾਰੇ ‘ਪੰਜਾਬੀ’ ਤੇ ‘ਭਾਰਤੀ’ ਪਦਾਂ ਦੀ ਵਰਤੋਂ ਕਰਨ ਨੂੰ ਉਚੇਚੀ ਤਰਜੀਹ ਦਿੱਤੀ ਗਈ ਹੈ। ਗ਼ਦਰੀ ਸੂਰਮਿਆਂ ਦੀ ਕੁਰਬਾਨੀ ਦੀ ਬੇਮਿਸਾਲ ਸਪਿਰਟ ਦੀ ਜ਼ਾਹਰਾ ਸਚਾਈ ਨੂੰ ਤਾਂ ਭਲੇ ਹੀ ਪ੍ਰਵਾਨ ਕੀਤਾ ਤੇ ਸਲਾਹਿਆ ਗਿਆ ਹੈ, ਪਰ ਇਸ ਸਪਿਰਟ ਦੇ ਪਿੱਛੇ ਕੰਮ ਕਰਦੀ ਪ੍ਰੇਰਨਾ-ਸ਼ਕਤੀ ਦੀ ਸਹੀ ਪਛਾਣ ਕਰਨ ਤੋਂ, ਜਾਣ ਬੁੱਝ ਕੇ ਜਾਂ ਅਗਿਆਨਤਾ ਵੱਸ, ਗੁਰੇਜ਼ ਕੀਤਾ ਗਿਆ ਹੈ। ਅਜਿਹਾ ਕਰਨ ਵੇਲੇ ਦੁਹਰੀ ਗੜਬੜ ਕੀਤੀ ਗਈ ਹੈ। ਇਕ ਤਾਂ ਦੇਸ਼ਭਗਤੀ ਦੇ ਆਮ ਜਜ਼ਬੇ ਨੂੰ ਹੀ ਗ਼ਦਰੀ ਯੋਧਿਆਂ ਦੀ ਕੁਰਬਾਨੀ ਦੀ ਸਪਿਰਟ ਦਾ ਮੂਲ ਸੋਮਾ ਮੰਨ ਲਿਆ ਗਿਆ ਹੈ। ਦੂਜਾ, ਦੇਸ਼ਭਗਤੀ (patriotism) ਤੇ ਰਾਸ਼ਟਰਵਾਦ (nationalism) ਨੂੰ ਸਮ-ਅਰਥੀ ਸਮਝ ਲੈਣ ਦੀ ਬੌਧਿਕ ਨਾਦਾਨੀ ਤੇ ਕੁਤਾਹੀ ਹੋਈ ਹੈ। ਗ਼ਦਰੀ ਬਾਬਿਆਂ ਦਾ ਆਜ਼ਾਦ ਭਾਰਤ ਬਾਰੇ ਜੋ ਵਿਜ਼ਨ ਸੀ, ਉਸ ਨੂੰ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਗਿਆ। ਸਭ ਤੋਂ ਰੜਕਵੀਂ ਤੇ ਅਨੈਤਿਕ ਗੱਲ, ਗ਼ਦਰ ਪਾਰਟੀ ਲਹਿਰ ਦੇ ਬਾਨੀ ਤੇ ਮੋਹਰੀ ਸਿੱਖ ਗ਼ਦਰੀਆਂ ਦੇ ਧਾਰਮਿਕ ਅਕੀਦਿਆਂ ਤੇ ਅਮਲਾਂ ਨੂੰ ਨਾ ਸਿਰਫ਼ ਉਭਾਰ ਕੇ ਪੇਸ਼ ਕਰਨ ਤੋਂ ਟਾਲਾ ਵੱਟਿਆ ਗਿਆ ਹੈ, ਸਗੋਂ ਇਸ ਸਚਾਈ ਨੂੰ ਦਬਾਉਣ ਤੇ ਭੁਲਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ ਹਨ। ਇਸ ਕਰਕੇ ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਗ਼ਦਰ ਪਾਰਟੀ ਲਹਿਰ ਦਾ ਅਸਲੀ ਸੱਚ ਪੂਰਨ ਰੂਪ ਵਿਚ ਸਾਹਮਣੇ ਨਹੀਂ ਆ ਸਕਿਆ। ਇਸ ਉੱਤੇ ਰਾਸ਼ਟਰਵਾਦ ਦਾ ਗੂੜ੍ਹਾ ਮੁਲੰਮਾ ਚੜ੍ਹ ਗਿਆ ਹੈ, ਜਿਸ ਨੇ ਇਸ ਦੇ ਮੌਲਿਕ ਸਰੂਪ ਤੇ ਅਰਥਾਂ ਨੂੰ ਬੇਪਛਾਣ ਕਰ ਦਿੱਤਾ ਹੈ। ਇਸ ਕਰਕੇ ਗ਼ਦਰ ਲਹਿਰ ਨੂੰ, ਇਸ ਦੇ ਅਸਲੀ ਸਰੂਪ ਤੇ ਹਕੀਕੀ ਅਰਥਾਂ ਵਿਚ ਸਮਝਣ ਲਈ, ਇਸ ਉੱਤੋਂ ਰਾਸ਼ਟਰਵਾਦ ਦਾ ਮੁਲੰਮਾ ਲਾਹੁਣਾ ਜ਼ਰੂਰੀ ਹੈ। ਇਸ ਮਕਸਦ ਵਾਸਤੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਤੇ ਲਹਿਰ ਦੀ, ਇਤਿਹਾਸਕ ਸੰਦਰਭ ਵਿਚ ਰੱਖ ਕੇ, ਪੜਚੋਲਵੀਂ ਛਾਣਬੀਣ ਕਰਨੀ ਅਤੇ ਇਸ ਦੇ ਅਸਲੀ ਖ਼ਾਸੇ ਤੇ ਮਨਸੂਬਿਆਂ ਦਾ ਪਾਜ ਖੋਲ੍ਹਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਸਿਰਫ਼ ਇਸ ਜ਼ਰੀਏ ਹੀ, ਇਤਿਹਾਸ ਦੀ ਇਸ ਲਾਸਾਨੀ ਤੇ ਗੌਰਵਸ਼ਾਲੀ ਲਹਿਰ ਨਾਲ ਹੋਈ ਬੇਇਨਸਾਫ਼ੀ ਦੂਰ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਬਣਦੀ ਠੁੱਕ ਬਹਾਲ ਹੋ ਸਕਦੀ ਹੈ।

ਸਹੀ ਸਿਧਾਂਤਕ ਦ੍ਰਿਸ਼ਟੀਕੋਣ

ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੀ ਕਹਾਣੀ ਏਨੀ ਸਿੱਧੀ ਤੇ ਸਰਲ-ਪੱਧਰੀ ਨਹੀਂ ਹੈ, ਜਿਵੇਂ ਇਸ ਨੂੰ ਇਤਿਹਾਸ ਦੀਆਂ ਪ੍ਰਚਲਿਤ ਕਿਤਾਬਾਂ ਵਿਚ ਦਰਸਾਇਆ ਗਿਆ ਹੈ। ਭਾਰਤ ਦੀ ਆਜ਼ਾਦੀ ਦੀ ਕਥਾ ਦੇ ਪ੍ਰਵਚਨ ਦੀ ਪ੍ਰਧਾਨ ਸੁਰ ‘ਰਾਸ਼ਟਰਵਾਦੀ’ ਹੈ, ਅਰਥਾਤ ਸਮੁੱਚਾ ਬਿਰਤਾਂਤ ‘ਰਾਸ਼ਟਰਵਾਦ’ ਦੇ ਸੁਆਮੀ ਸੰਕਲਪ (master concept) ਦੁਆਲੇ ਬੁਣਿਆ ਗਿਆ ਹੈ।

ਕਿਸੇ ਵੀ ‘ਜਗ੍ਹਾ ਰਾਸ਼ਟਰਵਾਦ ੲ ਦੇ ਵਰਤਾਰੇ ਨੂੰ ਸਮੁੱਚਤਾ ਵਿਚ ਸਮਝਣ ਲਈ ਇਸ ਦੇ ਸਾਰੇ ਪੱਖਾਂ—ਇਸ ਦੀ ਵਿਚਾਰਧਾਰਾ, ਲਹਿਰ ਤੇ ਜਥੇਬੰਦੀ, ਆਦਿ ਦਾ ਗੂੜ੍ਹ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਵਰਤਾਰਾ ਭਾਰਤ ਅੰਦਰ ਖ਼ਾਸ ਕਰਕੇ ਵੱਧ ਗੁੰਝਲਦਾਰ ਰੂਪ ਵਿਚ ਪ੍ਰਗਟ ਹੋਇਆ। ਇਸ ਮਾਮਲੇ ਵਿਚ, ਚੇਤੇ ਰੱਖਣ ਵਾਲਾ ਬੁਨਿਆਦੀ ਸੱਚ ਇਹ ਹੈ ਕਿ ‘ਬਰਤਾਨੀਆ ਤੇ ਭਾਰਤ ਦਰਮਿਆਨ ਚੇਤੇ ਰੱਖਣ ਵਾਲਾ ਮਨਿਦੇ ਮਹਾਨ ਤ੍ਰੇੜਾ ਰਹਿਤ ਵਜੂਦਾਂ ਵਿਚਕਾਰ ਹੋਈ ਇਕਹਿਰੀ ਮੁੱਠ-ਭੇੜ ਨਹੀਂ” (The interaction between Britain and India is not a single encounter between two great monoliths) रिव हिंबे-टिग्विी मग्य-रि जाग्य (a single all India story) ਨਹੀਂ, ਰਵਾਇਤੀ ਰਾਸ਼ਟਰਵਾਦੀ ਇਤਿਹਾਸ ਵਿਚ ਇਸ ਨੂੰ ਜਿਸ ਤਰ੍ਹਾਂ ਦਰਸਾਇਆ ਗਿਆ ਹੈ। ਇਹ ਕਈ ਸਾਰੀਆਂ ਸਥਾਨਕ/ਖੇਤਰੀ ਤਵਾਰੀਆ, ਜੋ ਇਕ ਦੂਜੇ ਤੋਂ ਨਿਖੜਵੀਆਂ ਵੀ ਹਨ ਤੇ ਅੰਤਰ-ਸੰਬੰਧਿਤ ਵੀ ਹਨ, ਦੀ ਬਹੁ-ਲੜੀ ਵਾਰਤਾ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਨੂੰ ਰਾਸ਼ਟਰਵਾਦੀ ਅੰਦੋਲਨ ਦੇ ਇਕ-ਰੰਗੇ ਸਿਰਨਾਵੇਂ ਹੇਠ ਸਹੀ ਰੂਪ ਵਿਚ ਨਹੀਂ ਸਮਝਿਆ ਜਾ ਸਕਦਾ। ਸਰਬ-ਹਿੰਦ ਰਾਸ਼ਟਰਵਾਦੀ ਅੰਦੋਲਨ ਦੇ ਨਾਲੋ-ਨਾਲ, ਕਈ ਸਾਰੀਆਂ ਤੇ ਕਈ ਕਿਸਮਾਂ ਦੀਆਂ, ਹੋਰ ਸਮਾਜੀ ਤੇ ਰਾਜਸੀ ਲਹਿਰਾਂ ਚੱਲ ਰਹੀਆਂ ਸਨ, ਜਿਨ੍ਹਾਂ ਦੇ ਵਹਿਣ ਕਈ ਵਾਰ ਰਾਸ਼ਟਰਵਾਦੀ ਧਾਰਾ ਨਾਲ ਟਕਰਾਅ ਵਿਚ ਆਉਂਦੇ ਰਹੇ। ਇਸ ਤਰ੍ਹਾਂ, ਇਹ ਵਰਤਾਰਾ ਗੁੰਝਲਦਾਰ ਹੈ ਜਿਸ ਨੂੰ ਇਕਹਿਰੀ ਦ੍ਰਿਸ਼ਟੀ ਨਾਲ ਨਹੀਂ ਸਮਝਿਆ/ਨਜਿੱਠਿਆ ਜਾ ਸਕਦਾ। ਇਸ ਨੂੰ ਸਮਝਣ ਲਈ ਇਤਿਹਾਸਕਾਰੀ ਦਾ ਸਮਾਜ-ਸ਼ਾਸਤਰ (sociology) ਨਾਲ ਸੰਯੋਗ ਕਰਨਾ ਜ਼ਰੂਰੀ ਹੈ। ਸਮਾਜ-ਸ਼ਾਸਤਰ ਦੇ ਝਰੋਖੇ ਰਾਹੀਂ ਦੇਖਿਆਂ ਭਾਰਤ ਅੰਦਰ ਰਾਸ਼ਟਰਵਾਦ ਦੀ ਜੋ ਤਸਵੀਰ ਉਘੜਦੀ ਹੈ, ਉਹ ਰਵਾਇਤੀ ਇਤਿਹਾਸ ਦੀ ਤਸਵੀਰ ਨਾਲੋਂ ਬਹੁਤ ਵੱਖਰੀ ਹੈ।

‘ਦੇਸ਼ਭਗਤੀ’ ਤੇ ‘ਰਾਸ਼ਟਰਵਾਦ’ ਵਿਚਕਾਰ ਸਿਧਾਂਤਕ ਵਖਰੇਵਾਂ

ਕੌਮਾਂਤਰੀ ਪੱਧਰ ‘ਤੇ ਹੀ ਵਿਦਵਾਨਾਂ ਅੰਦਰ ਦੋ ਤੱਥਾਂ ਬਾਰੇ ਲਗਭਗ ਆਮ ਸਹਿਮਤੀ ਬਣ ਚੁੱਕੀ ਹੈ। ਇਕ ਇਹ ਕਿ ਰਾਸ਼ਟਰਵਾਦ ਦਾ ਆਧੁਨਿਕ ਸੰਕਲਪ ਪਹਿਲ-ਪ੍ਰਿਥਮੇ, ਸਤਾਰ੍ਹਵੀਂ ਸਦੀ ਵਿਚ, ਪੱਛਮੀ ਯੂਰਪ ਅੰਦਰ ਪੈਦਾ ਹੋਇਆ ਸੀ। ਇਹ ਗਿਆਨਵਾਦੀ ਲਹਿਰ (enlightenment) ਦੀ ਸੰਤਾਨ (offspring) ਸੀ। ਦੂਜਾ ਇਹ ਕਿ ਇਸ ਦਾ ਪੂਰਬ ਦੇ ਮੁਲਕਾਂ ਅੰਦਰ ਦਾਖ਼ਲਾ, ਬਾਅਦ ਵਿਚ ਜਾ ਕੇ, ਬਸਤੀਵਾਦ ਦੇ ਵਰਤਾਰੇ ਨਾਲ ਜੁੜ ਕੇ ਹੋਇਆ। ਸੋ ਭਾਰਤ ਅੰਦਰ ਰਾਸ਼ਟਰਵਾਦ ਦੇ ਵਿਚਾਰ ਦਾ ਜਨਮ ਬਰਤਾਨਵੀ ਬਸਤੀਵਾਦ ਦੇ ਪ੍ਰਭਾਵ ਹੇਠ ਤੇ ਇਸ ਦੀ ਸਾਂਝ-ਭਿਆਲੀ ਨਾਲ ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿਚ ਹੋਇਆ ਸੀ। ਇਸ ਦਾ ਭਾਵ ਇਹ ਨਹੀਂ ਕਿ ਇਸ ਤੋਂ ਪਹਿਲਾਂ ਲੋਕ ਆਪਣੀ ਜਨਮ-ਭੂਮੀ ਜਾਂ ਆਪਣੇ ਦੇਸ ਨੂੰ ਪਿਆਰ ਨਹੀਂ ਕਰਦੇ ਸਨ । ਆਪਣੀ ਜਨਮ-ਭੋਇੰ ਨਾਲ ਪਿਆਰ ਦਾ ਜਜ਼ਬਾ ਆਦਿ-ਅਨਾਦੀ ਹੈ। ਇਸ ਦੇ ਵਾਸਤੇ ਲੋਕ ਪ੍ਰਾਚੀਨ ਵੇਲਿਆਂ ਤੋਂ ਹੀ ਲੜਦੇ ਤੇ ਲਹੂ ਡੋਲ੍ਹਦੇ ਰਹੇ ਹਨ, ਪਰ ਪਹਿਲੇ ਸਮਿਆਂ ਵਿਚ ਦੇਸ ਦਾ ਤਸੱਵਰ ਬਹੁਤ ਧੁੰਦਲਾ ਸੀ । ਦੇਸਾਂ ਦੀਆਂ ਹੱਦਾਂ ਬਹੁਤੀਆਂ ਨਿਸਚਤ ਤੇ ਸਥਿਰ ਨਹੀਂ ਸੀ ਹੁੰਦੀਆਂ। ਇਹ ਰਾਜਾਂ ਦੀ ਸੈਨਿਕ ਸ਼ਕਤੀ ਤੇ ਹੋਰਨਾਂ ਤੱਥਾਂ ਦੇ ਪ੍ਰਭਾਵ ਹੇਠ ਫੈਲਦੀਆਂ ਸੁੰਗੜਦੀਆਂ ਰਹਿੰਦੀਆਂ ਸਨ। ਦੇਸਾਂ ਦੀਆਂ ਪੱਕੀਆਂ, ਨਿਸਚਤ ਖੇਤਰੀ ਹੱਦਬੰਦੀਆਂ ਰਾਸ਼ਟਰਵਾਦ ਦੇ ਆਧੁਨਿਕ ਸੰਕਲਪ ਦੀ ਦੇਣ ਹਨ। ਸੋ ਆਧੁਨਿਕ ਰਾਸ਼ਟਰਵਾਦ, ਆਪਣੀ ਜਨਮ- ਭੂਮੀ ਨਾਲ ਪਿਆਰ (ਹੁਬ-ਉਲ-ਵਤਨੀ) ਦੇ ਆਦਿ-ਅਨਾਦੀ ਤੇ ਅਣਘੜੇ (primeval and rudimentary) ਜਜ਼ਬੇ ਨਾਲੋਂ ਵਧ ਕੇ, ਇਕ ਨਵੀਨ ਵਿਚਾਰਧਾਰਾ ਹੈ, ਜਿਸ ਵਿਚ ਭੂਗੋਲਿਕ ਸਾਂਝ ਨਾਲੋਂ ਸਭਿਆਚਾਰਕ ਇਕਰੂਪਤਾ ਇੱਕੋ ਸਾਂਝੇ ਰਾਜ ਦੀ ਪਰਜਾ ਹੋਣ ਦੀ ਇਤਫ਼ਾਕੀਆ ਸਾਂਝ ਨਾਲੋਂ, ਇਤਿਹਾਸ ਦੇ ਲੰਮੇ ਤੇ ਗਾੜ੍ਹੇ ਅਮਲ ਦੀ ਪੱਕੀ-ਗੂੜ੍ਹੀ ਸਾਂਝ; ਅਤੇ ਰੰਗ-ਰੂਪ ਤੇ ਮੁਹਾਂਦਰੇ ਦੀ ਬਾਹਰੀ ਸਮਾਨਤਾ ਨਾਲੋਂ ਅੰਤਰੀਵ ਮਾਨਸਿਕ ਤੇ ਰੂਹਾਨੀ ਸਾਂਝਾਂ ਨੂੰ ਵਧੇਰੇ ਅਹਿਮ ਮੰਨਿਆ ਜਾਂਦਾ ਹੈ। ਇਹ ਵਿਚਾਰਧਾਰਾ ਸਭਿਆਚਾਰਕ ਵਿਲੱਖਣਤਾਵਾਂ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਦੇਖਦੀ ਹੈ ਅਤੇ ‘ਇਕ ਦੇਸ- ਇਕ ਕੌਮ’ ਦੀ ਧਾਰਨਾ ਉੱਤੇ ਆਧਾਰਿਤ ਨੇਸ਼ਨ-ਸਟੇਟ ਸਿਰਜਣ ਦਾ ਰਾਜਸੀ ਅਜੰਡਾ ਤੇ ਮੰਜ਼ਲ ਮਿਥਦੀ ਹੈ। ਇਸ ਤਰੀਕੇ ਨਾਲ, ਇਹ ਵਿਚਾਰਧਾਰਾ ਲੋਕਾਂ ਤੇ ਭਾਈਚਾਰਿਆਂ ਦੀ ਸਭਿਆਚਾਰਕ ਹਸਤੀ ਨੂੰ ਮਲੀਆਮੇਟ ਕਰਨ ਦੀ ਵਿਨਾਸ਼ਕਾਰੀ ਪ੍ਰਵਿਰਤੀ ਰੱਖਦੀ ਹੈ ਅਤੇ ਆਮ ਰੂਪ ਵਿਚ ਹੀ ਵਿਅਕਤੀਆਂ ਅੰਦਰ ਸਭਿਆਚਾਰ ਪ੍ਰਤੀ ਬੇਰੁਖ਼ੀ ਤੇ ਬੇਤਰਸੀ ਦੇ ਭਾਵ ਉਪਜਾਉਂਦੀ ਹੈ। ਰਾਸ਼ਟਰਵਾਦ ਦੀ ਆਧੁਨਿਕ ਵਿਚਾਰਧਾਰਾ ਧਰਮ-ਨਿਰਪੱਖਤਾ ਨੂੰ ਉਚਿਤਤਾ ਤੇ ਆਦਰ ਮਾਣ ਬਖ਼ਸ਼ਦੀ ਹੈ ਅਤੇ ਧਰਮ ਪ੍ਰਤੀ ਤੁਅੱਸਬ ਪੈਦਾ ਕਰਦੀ ਹੈ।

ਭਾਰਤੀ ਰਾਸ਼ਟਰਵਾਦ – ਇਕ ਪੂਰਬਵਾਦੀ (Orientalist) ਘਾੜਤਾ

ਬਰਤਾਨਵੀ ਬਸਤੀਵਾਦੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਇਤਿਹਾਸ ਵਿਚ ਕਦੇ ਵੀ ਸਮੁੱਚਾ ਭਾਰਤ ਇੱਕੋ-ਸਾਂਝੇ ਰਾਜ ਦੀ ਛਤਰ-ਛਾਇਆ ਹੇਠ ਨਹੀਂ ਆਇਆ ਸੀ। ਸਮੁੱਚਾ ਉਪ-ਮਹਾਂਦੀਪ ਅਨੇਕਾਂ ਵੱਡੇ ਛੋਟੇ ਸੁਤੰਤਰ ਸਮਰਾਟਸ਼ਾਹੀ ਰਾਜਾਂ ਵਿਚ ਵੰਡਿਆ ਹੋਇਆ ਸੀ, ਜਿਹੜੇ ਆਪਸ ਵਿਚ ਲਗਾਤਾਰ ਲੜਦੇ ਝਗੜਦੇ ਰਹਿੰਦੇ ਸਨ। ਇਸ ਕਰਕੇ ਸਮੁੱਚੇ ਉਪ-ਮਹਾਂਦੀਪ ਦੇ ਲੋਕਾਂ ਨੇ ਕਦੇ ਵੀ ਆਪਣੇ ਆਪ ਨੂੰ ਇੱਕੋ-ਸਾਂਝੇ ਦੇਸ ਦੇ ਵਾਸੀ ਨਹੀਂ ਸਮਝਿਆ ਸੀ। ਹਰ ਖੇਤਰ ਦੇ ਲੋਕਾਂ ਦੇ ਮਨਾਂ ਅੰਦਰ ‘ਦੇਸ’ ਦਾ ਤਸੱਵਰ ਵੱਖਰਾ-ਵੱਖਰਾ ਸੀ। ‘ਭਾਰਤ’ ਤੋਂ ਮੁਰਾਦ ਕਦੇ ਵੀ ਸਮੁੱਚਾ ਉਪ-ਮਹਾਂਦੀਪ ਨਹੀਂ ਸੀ । ਬਸਤੀਵਾਦੀ ਰਾਜ ਦੀ ਸਥਾਪਨਾ ਤੋਂ ਬਾਅਦ ਹੀ ਭਾਰਤ ਦੇ ਸਵਰਨ-ਜਾਤੀ ਹਿੰਦੂ ਵਰਗਾਂ ਅੰਦਰ, ਉੱਤਰ ਵਿਚ ਹਿੰਦੂ-ਕੁਸ਼ ਤੋਂ ਲੈ ਕੇ ਦੱਖਣ ਵਿਚ ਕੰਨਿਆ ਕੁਮਾਰੀ ਤਕ ਫੈਲੇ ਸਮੁੱਚੇ ਭੂ-ਖੰਡ ਨੂੰ ਆਪਣਾ ਜੱਦੀ ਪੁਸ਼ਤੀ ਘਰ ਚਿਤਵਨ ਅਤੇ ਇਸ ਉੱਤੇ ਆਪਣੀ ਪੁਸ਼ਤੈਨੀ ਮਾਲਕੀ ਦਾ ਦਾਅਵਾ ਜਤਾਉਣ ਦੀ ਸੋਚ ਤੇ ਭਾਵਨਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ ਸੀ। ਬਸਤੀਵਾਦੀ ਹਾਕਮਾਂ ਨੇ, ਆਪਣੇ ਢੰਗ ਨਾਲ, ਆਪਣੇ ਹੀ ਹਿਤਾਂ ਦੇ ਅਨੁਕੂਲ, ਇਸ ਸੋਚ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾਇਆ।

ਭਾਰਤ ਅੰਦਰ ਬਸਤੀਵਾਦ ਰਾਜ ਨੂੰ ਪੱਕੇ ਪੈਰੀਂ ਕਰਨ ਲਈ, ਬਰਤਾਨਵੀ ਹਾਕਮਾਂ ਸਾਹਮਣੇ ਭਾਰਤ ਦੇ ਰਵਾਇਤੀ ਸਮਾਜਾਂ ਤੇ ਭਾਈਚਾਰਿਆਂ ਬਾਰੇ ਪ੍ਰਮਾਣਿਕ ਗਿਆਨ ਹਾਸਲ ਕਰਨ ਦੀ ਵਿਹਾਰਕ ਲੋੜ ਪੈਦਾ ਹੋ ਗਈ ਸੀ। ਉਨ੍ਹਾਂ ਸਾਹਮਣੇ ਸਭ ਨਾਲੋਂ ਪ੍ਰਮੁੱਖ ਤੇ ਗੁੰਝਲਦਾਰ ਸਮੱਸਿਆ ਭਾਰਤ ਦੇ ਸਭਿਆਚਾਰ ਜਾਂ ਸਭਿਆਚਾਰਾਂ ਨੂੰ ਸਮਝਣਾ ਅਤੇ ਇਸ ਦੀ ਸਭਿਆਚਾਰਕ ਹਸਤੀ ਨੂੰ ਪ੍ਰੀਭਾਸ਼ਤ ਕਰਨਾ ਸੀ। ਭਾਰਤ ਬਾਰੇ ਦੋ ਅੰਤਰ-ਵਿਰੋਧੀ ਗੱਲਾਂ ਨੇ ਉਨ੍ਹਾਂ ਨੂੰ ਬਹੁਤ ਹੀ ਹੈਰਾਨੀ ਤੇ ਉਲਝਣ ਵਿਚ ਪਾਇਆ। ਉਨ੍ਹਾਂ ਦੇਖਿਆ ਕਿ ਮਹਾਂਦੀਪ ਦੇ ਆਕਾਰ ਵਾਲੇ ਇਸ ਭੂ-ਖੰਡ ਦੇ ਸਾਰੇ ਲੋਕਾਂ ਦਾ, ਨਾ ਤਾਂ ਪ੍ਰਤੱਖ ਰੂਪ ਵਿਚ ਧਰਮ ਇਕ ਹੈ, ਨਾ ਭਾਸ਼ਾ ਏਕ ਹੈ ਅਤੇ ਨਾ ਹੀ ਨਸਲ ਅਥਵਾ ਜਾਤੀ ਕੇਵਲ ਇਕ ਹੈ। ਸਭਿਆਚਾਰਕ ਤੇ ਨਸਲੀ ਵੱਖਰੇਵਿਆਂ ਪੱਖੋਂ ਭਾਰਤ ਦੀ ਤਸਵੀਰ ਯੂਰਪੀ ਮਹਾਂਦੀਪ ਨਾਲ ਹੀ ਮਿਲਦੀ-ਜੁਲਦੀ ਸੀ ਜਾਂ ਹਕੀਕਤ ਵਿਚ ਯੂਰਪ ਨਾਲੋਂ ਵੀ ਵੱਧ ਉਲਝਵੀਂ ਸੀ। ਪਰ ਏਨੇ ਸਾਰੇ ਉਘੜਵੇਂ ਵੱਖਰੇਵਿਆਂ ਦੇ ਹੁੰਦਿਆਂ ਵੀ, ਭਾਰਤ ਦੇ ਲੋਕ ਇਤਿਹਾਸਕ ਤੌਰ ‘ਤੇ ਫਿਰ ਵੀ ‘ਇਕੱਠੇ’ ਕਿਵੇਂ ਰਹਿ ਸਕੇ ? ਉਹ ਆਪਸ ਵਿਚ ਲੜ-ਭਿੜ ਕੇ, ਇਕ ਦੂਜੇ ਦੇ ਜਾਨੀ ਦੁਸ਼ਮਣ ਬਣਨ ਤੋਂ ਕਿਵੇਂ ਬਚੇ ਰਹੇ ? ਇਹ ਸੁਆਲ ਬਰਤਾਨਵੀ ਹਾਕਮਾਂ ਤੇ ਯੂਰਪੀ ਵਿਦਵਾਨਾਂ ਲਈ ਹੈਰਾਨੀ ਤੇ ਉਲਝਣ ਖੜੀ ਕਰਆ ਸਬਰ ਉਹ ਸਾਰੇ ਮਸਲੇ ਨੂੰ ਆਪਣੇ ਯੂਰਪ ਦੇ ਅਨੁਭਵ ਰਾਹੀਂ ਦੇਖਦੇ ਸਨ। ਇਸ ਕਰਕੇ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦਾ, ਏਨੇ ਉਘੜਵੇਂ ਵੱਖਰੇਵਿਆਂ ਦੇ ਬਾਵਜੂਦ, ਸਦੀਆਂ ਤਕ ਮੁਕਾਬਲਤਨ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦਾ ਤੱਥ ਬੇਹੱਦ ਅੜਾਉਣੀ ਭਰਿਆ ਜਾਪਿਆ। ਉਨ੍ਹਾਂ ਨੇ ਇਸ ਅਲੋਕਾਰੇ ਵਰਤਾਰੇ ਦੀ ਸਤਹ ਹੇਠਾਂ ਕੰਮ ਕਰਦੀ ਅੰਤਰੀਵ ਸ਼ਕਤੀ ਨੂੰ ਜਾਣਨਾ ਚਾਹਿਆ। ਉਨ੍ਹਾਂ ਦੀ ਇਸ ਜਗਿਆਸਾ ਨੇ ਉਨ੍ਹਾਂ ਅੰਦਰ ਹਿੰਦੂ ਧਰਮ ਬਾਰੇ ਡੂੰਘੀ ਖੋਜ ਤੇ ਜਾਣਕਾਰੀ ਹਾਸਲ ਕਰਨ ਦੀ ਉਤੇਜਨਾ ਪੈਦਾ ਕਰ ਦਿੱਤੀ, ਕਿਉਂਕਿ ਜ਼ਾਹਰਾ ਤੌਰ ‘ਤੇ ਹਿੰਦੂ ਧਰਮ ਹੀ ਭਾਰਤ ਦਾ ਸਭ ਨਾਲੋਂ ਪੁਰਾਣਾ ਤੇ ਪੈਰੋਕਾਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਸਭ ਨਾਲੋਂ ਵੱਡਾ ਧਰਮ ਹੈ। ਰਾਜਸੀ ਸੱਤਾ ਕਿਸੇ ਕੋਲ ਵੀ ਹੋਵੇ, ਸਮਾਜਿਕ ਖੇਤਰ ਅੰਦਰ ਬ੍ਰਾਹਮਣਵਾਦ ਦਾ ਹੀ ਦਬਦਬਾ ਬਣਿਆ ਰਹਿੰਦਾ ਹੈ। ਇਸ ਕਰਕੇ ਬਸਤੀਵਾਦੀ ਹਾਕਮਾਂ ਅੰਦਰ, ਆਰੰਭ ਵਿਚ ਹੀ, ਭਾਰਤੀ ਸਮਾਜ ਅੰਦਰ ਦਿਖਾਈ ਦੇ ਰਹੇ ਏਕਤਾ ਦੇ ਭਾਵ ਦਾ ਸਿਹਰਾ ਹਿੰਦੂ ਧਰਮ ਨੂੰ ਦੇਣ ਦਾ ਮਾਨਸਿਕ ਝੁਕਾਅ ਪੈਦਾ ਹੋ ਗਿਆ ਸੀ। (ਇਸਲਾਮ ਧਰਮ ਪੱਛਮੀ ਵਿਦਵਾਨਾਂ ਲਈ ਬਹੁਤਾ ਓਪਰਾ ਨਹੀਂ ਸੀ। ਜਹਾਦੀ ਜੰਗਾਂ ਦੇ ਅਨੁਭਵ ਵਿੱਚੋਂ ਇਸਲਾਮ ਬਾਰੇ ਉਨ੍ਹਾਂ ਦੀ ਪਹਿਲਾਂ ਹੀ ਇਕ ਨਿਸਚਤ ਰਾਇ ਬਣ ਚੁੱਕੀ ਹੋਈ ਸੀ। ਵੈਸੇ ਵੀ ਬਰਤਾਨੀਆਂ ਨੇ ਭਾਰਤ ਅੰਦਰ ਮੁਸਲਿਮ ਹੁਕਮਰਾਨਾਂ ਕੋਲੋਂ ਸੱਤਾ ਹਥਿਆਈ ਸੀ। ਇਸ ਕਰਕੇ ਉਹ ਹਿੰਦੂ ਧਰਮ ਦੇ ਮੁਕਾਬਲੇ ਇਸਲਾਮ ਪ੍ਰਤੀ ਉਦਾਰਦਿਲ ਨਹੀਂ ਹੋ ਸਕਦੇ ਸਨ।)

ਇਸ ਤਰ੍ਹਾਂ, ਬਰਤਾਨਵੀ ਅਧਿਕਾਰੀਆਂ ਤੇ ਪੱਛਮੀ ਵਿਦਵਾਨਾਂ ਨੇ, ਹਿੰਦੂ ਧਰਮ ਪ੍ਰਤੀ ਤਰਫ਼ਦਾਰੀ ਦੇ ਮਨੋ-ਭਾਵਾਂ ਦੇ ਤਹਿਤ, ਹਿੰਦੂ ਧਰਮ-ਸ਼ਾਸਤਰਾਂ ਦੇ ਅਧਿਐਨ ਵਿਚ ਉਚੇਚੀ ਰੁਚੀ ਪ੍ਰਗਟਾਈ। ਇਹ ਸ਼ਾਸਤਰ ਸੰਸਕ੍ਰਿਤ ਭਾਸ਼ਾ ਵਿਚ ਲਿਖੇ ਹੋਣ ਕਰਕੇ ਪੱਛਮੀ ਵਿਦਵਾਨਾਂ ਨੂੰ ਪੰਡਤਾਂ ਦਾ ਸਹਿਯੋਗ ਲੈਣਾ ਪਿਆ। (ਬ੍ਰਾਹਮਣ ਵਰਗ ਨੇ ਸੰਸਕ੍ਰਿਤ ਉੱਤੇ ਆਪਣੀ ਅਜਾਰੇਦਾਰੀ ਦੇ ਜ਼ਰੀਏ, ਗਿਆਨ ਉੱਤੇ ਅਜਾਰੇਦਾਰੀ ਕਾਇਮ ਕੀਤੀ ਹੋਈ ਸੀ।) ਭਾਰਤ ਅੰਦਰ ਬਸਤੀਵਾਦ ਦੀ ਸੇਵਾ ਨਿਭਾਅ ਰਹੇ ਜ਼ਿਆਦਾਤਰ ਅੰਗਰੇਜ਼ ਵਿਦਵਾਨ ਤੇ ਪ੍ਰਸ਼ਾਸਕ ਆਪਣੀ ਟਰੇਨਿੰਗ ਸਦਕਾ ਸਾਹਿਤਕ ਰੁਝਾਣ ਰੱਖਦੇ ਸਨ। ਇਸ ਕਰਕੇ ਉਨ੍ਹਾਂ ਨੇ ਭਾਰਤੀ ਸਭਿਆਚਾਰ ਨੂੰ ਜਾਣਨ/ਸਮਝਣ ਲਈ ਹਿੰਦੂ ਧਰਮ-ਗ੍ਰੰਥਾਂ ਨੂੰ ਕੁੰਜੀਵਤ ਸ੍ਰੋਤ ਮੰਨ ਲੈਣ ਦੀ ਪਹੁੰਚ ਅਪਣਾਅ ਲਈ। ਉਨ੍ਹਾਂ ਨੇ ਪੰਡਤਾਂ ਦੀ ਮੱਦਦ ਨਾਲ ਧਰਮ ਗ੍ਰੰਥਾਂ ਨੂੰ ਅੰਗਰੇਜ਼ੀ ਵਿਚ ਉਲਥਾਉਣ ਦਾ ਮਹਾਂ-ਕਾਰਜ ਆਰੰਭਿਆ। ਇਹ ਦੱਸਣ ਦੀ ਲੋੜ ਨਹੀਂ ਕਿ ਸੰਸਕ੍ਰਿਤ ਵਿਚ ਰਚੇ ਧਰਮ-ਗ੍ਰੰਥ ਬ੍ਰਾਹਮਣ ਵਰਗ ਦੇ ਸੰਸਾਰ ਨਜ਼ਰੀਏ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਗ੍ਰੰਥਾਂ ਵਿਚ ਦਰਜ ਗਿਆਨ ਦੇ ਆਧਾਰ ‘ਤੇ, ਯੂਰਪੀ ਵਿਦਵਾਨਾਂ ਨੇ ਭਾਰਤ ਬਾਰੇ ਬੁਨਿਆਦ-ਰੂਪੀ (foundation) ਧਾਰਨਾਵਾਂ ਸਿਰਜੀਆਂ, ਜਿਹੜੀਆਂ ਭਾਰਤ ਬਾਰੇ ਸਿਰਜੇ ਗਏ ਬਸਤੀਵਾਦੀ ਇਲਮ (colonial knowledge) ਦੀ ਬੁਨਿਆਦ ਬਣੀਆਂ।

ਯੂਰਪੀ ਵਿਦਵਾਨਾਂ ਵੱਲੋਂ ਸੰਸਕ੍ਰਿਤ-ਪ੍ਰਧਾਨੀ ਧਰਮ-ਸ਼ਾਸਤਰਾਂ ਨੂੰ ਹਿੰਦੂ ਧਰਮ ਦਾ ਪ੍ਰਮਾਣਿਕ ਸੋਮਾ ਤੇ ਆਧਾਰ ਮੰਨ ਲਿਆ ਗਿਆ। ਵੈਦਿਕ ਤੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਅਮਲਾਂ ਨੂੰ ਹਿੰਦੂ ਧਰਮ ਦਾ ‘ਕੇਂਦਰੀ ਤੱਤ’ ਤਸੱਵਰ ਕਰ ਲਿਆ। ਬਸਤੀਵਾਦੀ ਹਾਕਮਾਂ ਤੇ ਪੱਛਮੀ ਵਿਦਵਾਨਾਂ ਨੇ ਇਹ ਗ਼ਲਤ ਮਨੌਤ ਬਣਾ ਲਈ ਕਿ ਭਾਰਤ ਦੇ ਸਾਰੇ ਮੂਲ ਬਾਸ਼ਿੰਦੇ – ਬ੍ਰਾਹਮਣ ਹੋਣ ਜਾਂ ਅਛੂਤ; ਬੋਧੀ, ਜੈਨੀ ਹੋਣ ਜਾਂ ਸਿੱਖ, ਤੇ ਜਾਂ ਆਦੀਵਾਸੀ ਕਬੀਲੇ – ਸਾਰੇ ਬ੍ਰਾਹਮਣਵਾਦੀ ਧਰਮ-ਸ਼ਾਸਤਰਾਂ ਵਿਚ ਬਰਾਬਰ ਨਿਸ਼ਠਾ ਰੱਖਦੇ ਹਨ। ਉਨ੍ਹਾਂ ਨੇ ਇਹ ਤਸੱਵਰ ਕਰ ਲਿਆ ਕਿ ਭਾਰਤ ਅੰਦਰ ਉਨ੍ਹਾਂ ਦਾ ਵਾਹ ਇੱਕੋ-ਗਠਵੇਂ ਧਰਮ ਨਾਲ ਪੈ ਰਿਹਾ ਸੀ, ਨਾ ਕਿ ਵੰਨ-ਸੁਵੰਨੀਆਂ ਧਾਰਮਿਕ ਪਰੰਪਰਾਵਾਂ ਨਾਲ । ਈਸਾਈ ਪਰੰਪਰਾ ਵਿਚ ਵਾਹਦ ਸੱਚ ਦਾ ਮੁਕੰਮਲ ਦਾਅਵਾ, ਸਮਾਜ ਉੱਤੇ ਗਾਲਬ ਸ਼ਕਤੀਵਰ ਚਰਚ ਦੀ ਹੋਂਦ ਤੇ ਇਸ ਦੀ ਹੋਰਨਾਂ ਮੱਤਾਂ/ਫ਼ਿਰਕਿਆਂ ਨਾਲ ਟੱਕਰ ਨੇ ਪੱਛਮੀ ਵਿਦਵਾਨਾਂ ਦੀ ਹਿੰਦੂ ਧਰਮ ਬਾਰੇ ਇਸ ਸਮਝ ਨੂੰ ਪ੍ਰਭਾਵਿਤ ਕੀਤਾ। ਇਸ ‘ਚੋਂ ਭਾਰਤ ਦੀ ਸਤਹ ਹੇਠਲੀ ਧਾਰਮਿਕ ਤੇ ਸਭਿਆਚਾਰਕ ਏਕਤਾ ਦੀ ਧਾਰਨਾ ਵਿਕਸਤ ਹੋ ਗਈ। ਉਨ੍ਹਾਂ ਨੇ ਹਿੰਦੂ ਧਰਮ ਨੂੰ ਏਕਤਾ ਦਾ ਸੂਤਰ ਤਸੱਵਰ ਕਰ ਲਿਆ, ਜਦੋਂ ਕਿ ਹਕੀਕਤ ਵਿਚ ਇਹ ਸਮਾਜ ਅੰਦਰ ਵੰਡੀਆਂ ਤੇ ਬਖੇੜੇ ਪੈਦਾ ਕਰਦਾ ਹੈ। ਬਸਤੀਵਾਦ ਦੇ ਮੁੱਢਲੇ ਦੌਰ ਅੰਦਰ ਯੂਰਪੀ ਵਿਦਵਾਨਾਂ ਨੇ ਹਿੰਦੂ ਧਰਮ-ਗ੍ਰੰਥਾਂ ਤੇ ਇਨ੍ਹਾਂ ਦੇ ਭਾਸ਼ਾਈ ਗੁਣਾਂ-ਤੱਤਾਂ ਦਾ ਉੱਚੀ ਸੁਰ ਵਿਚ ਗੁਣ-ਗਾਣ ਕੀਤਾ। ਉਨ੍ਹਾਂ ਨੇ ਭਾਰਤ ਦਾ ਇਕ ਰੋਮਾਂਚਕਾਰੀ ਅਕਸ ਸਿਰਜਿਆ – ਉਦਾਤ ਰੂਹਾਨੀਅਤ ਤੇ ਵੇਦਾਂ-ਉਪਨਿਸ਼ਦਾਂ ਦੇ ਪਰਤਾਪ ਵਾਲਾ ਭਾਰਤ, ਅਤੇ ਨਾਇਕਾਂ ਦੀਆਂ ਵੀਰ-ਗਾਥਾਵਾਂ ਦੀ ਭੂਮੀ ! ਵੈਦਿਕ ਕਾਲ ਨੂੰ ਭਾਰਤ ਦਾ ‘ਸੁਨਹਿਰੀ ਯੁਗ’ ਕਹਿ ਕੇ ਵਡਿਆਇਆ ਗਿਆ ਅਤੇ ਇਸ ਦਾ ਬਾਅਦ ਵਿਚ ਜਾ ਕੇ, ‘ਮਲੇਛਾਂ’ ਦੇ ਹਮਲਿਆਂ ਸਦਕਾ, ਪਤਨ ਹੋ ਜਾਣ ਦੀ ਤੁਅੱਸਬੀ ਧਾਰਨਾ ਸਿਰਜੀ ਤੇ ਪ੍ਰਚਾਰੀ ਗਈ।

ਬਰਤਾਨਵੀ ਹਾਕਮਾਂ ਤੇ ਯੂਰਪੀ ਵਿਦਵਾਨਾਂ ਦੁਆਰਾ ਭਾਰਤ ਬਾਰੇ ਸਿਰਜੀਆਂ ਗਈਆਂ ਇਹ ਧਾਰਨਾਵਾਂ, ਦੋਨੋਂ-ਯੂਰਪੀ ਤੇ ਭਾਰਤੀ-ਕੁਲੀਨ ਵਰਗਾਂ ਦੇ ਹਿਤਾਂ ਦੇ ਅਨੁਕੂਲ ਸਨ। ਇਸ ਨਾਲ ਇਕ ਪਾਸੇ ਭਾਰਤ ਅੰਦਰ ਬਸਤੀਵਾਦੀ ਰਾਜ ਨੂੰ ਵਾਜਬੀਅਤ (legitimacy) ਮਿਲਦੀ ਸੀ। ਬਰਤਾਨਵੀਆਂ ਨੇ ਹਿੰਦੂਆਂ ਨੂੰ ਇਹ ਗੱਲ ਜਚਾ ਦਿੱਤੀ ਕਿ ਉਨ੍ਹਾਂ ਨੇ ਹਿੰਦੂ ਸਮਾਜ ਦੀ ਮੁਸਲਮਾਨਾਂ ਦੇ ਗ਼ਲਬੇ ਤੇ ਅੱਤਿਆਚਾਰਾਂ ਤੋਂ ਬੰਦਖ਼ਲਾਸੀ ਕਰਵਾਈ ਸੀ। ਦੂਜੇ ਪਾਸੇ, ਇਸ ਨਾਲ ਭਾਰਤੀ ਸਮਾਜ ਅੰਦਰ ਰਵਾਇਤੀ ਉੱਚ-ਜਾਤੀ ਹਿੰਦੂ ਵਰਗਾਂ ਦੀ ਚੌਧਰ-ਜਕੜ ਸੁਰੱਖਿਅਤ ਹੁੰਦੀ ਸੀ। ਜਾਤ-ਪਾਤੀ ਪ੍ਰਬੰਧ ਤੇ ਬ੍ਰਾਹਮਣਵਾਦੀ ਫਲਸਫਾ ਬਸਤੀਵਾਦੀ ਹਾਕਮਾਂ ਦੇ ਹਿਤ ਪੂਰਦਾ ਸੀ। ਉਨ੍ਹਾਂ ਲਈ ਇਹ ਆਮ ਜਨਤਾ ਨੂੰ ਪਾੜ ਕੇ ਤੇ ਦਬਾ ਕੇ ਰੱਖਣ ਦਾ ਬਹੁਤ ਹੀ ਕਾਰਗਰ ਸੰਦ ਨਜ਼ਰ ਆਇਆ। ਇਸ ਦੇ ਨਾਲ ਹੀ ਇਨ੍ਹਾਂ ਪੂਰਬਵਾਦੀ ਘਾੜਤਾਂ ਨਾਲ ਬ੍ਰਾਹਮਣਵਾਦ ਨੂੰ ਨਵਾਂ ਜੀਵਨ ਮਿਲਿਆ। ਇਸ ਨਾਲ ਬ੍ਰਾਹਮਣ ਵਰਗ ਦੇ ਗੌਰਵ ਵਿਚ ਹੋਰ ਵਾਧਾ ਹੋਇਆ। ਬ੍ਰਾਹਮਣ ਵਰਗ ਦੇ ਆਗੂਆਂ ਵੱਲੋਂ ਇਹ ਖੁੱਲ੍ਹੇਆਮ ਕਿਹਾ ਜਾਣ ਲੱਗਾ ਕਿ ‘ਬਰਤਾਨਵੀ ਕੌਮ ਦੀ ਆਮਦ ਵਿੱਚੋਂ ਸਾਨੂੰ ਚਿਰਾਂ ਤੋਂ ਵਿਛੜੇ ਚਚੇਰੇ ਭਰਾਵਾਂ ਦਾ ਮੁੜ-ਮਿਲਾਪ ਹੋਇਆ ਨਜ਼ਰ ਆਉਂਦਾ ਹੈ।” ਇਸ ਦੇ ਨਤੀਜੇ ਵਜੋਂ ਬ੍ਰਾਹਮਣ ਵਰਗ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਣ ਦੀ ਹੰਕਾਰ-ਭਾਵਨਾ ਹੋਰ ਪ੍ਰਚੰਡ ਹੋ ਗਈ। ਭਾਰਤੀ ਸਮਾਜ ਦੇ ‘ਨੀਵੇਂ” ਸਮਝੇ ਜਾਂਦੇ ਵਰਗਾਂ ਉੱਤੇ ਗ਼ਲਬੇ ਨੂੰ ਸਿਧਾਂਤਕ ਤੇ ਨੈਤਿਕ ਵਾਜਬੀਅਤ ਮਿਲ ਗਈ। ਇਸ ਨਾਲ ਬ੍ਰਾਹਮਣ ਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਅੰਦਰ ਆਪਣੇ ਆਪ ਨੂੰ ਭਾਰਤੀ ਸਮਾਜ ਦੇ ‘ਕੁਦਰਤੀ ਆਗੂ ਸਮਝਣ ਦੀ ਭਾਵਨਾ ਨੂੰ ਨਵਾਂ ਬਲ ਮਿਲਿਆ। ਸੋ ਇਨ੍ਹਾਂ ਕਾਰਨਾਂ ਕਰਕੇ, ਹਿੰਦੂ ਕੁਲੀਨ ਵਰਗ ਨੇ ਹਿੰਦੂ ਧਰਮ ਦੀ ਇਸ ਪੁਰਬਵਾਦੀ ਵਿਆਖਿਆ ਨਾਲ ਪੂਰਨ ਸਹਿਮਤ ਕਲੀਨ ਵਰਗ ਨੇ ਹਿੰਦੂਆ ਪਛਾਣ’ ਲਈ ਤਰਲੋਮੱਛੀ ਹੋ ਰਹੇ ਹਿੰਦੂ ਵਰਗ ਨੂੰ ਭਾਰਤ ਦੀ ਧਾਰਮਿਕ ਤੇ ਸਭਿਆਚਾਰਕ ਏਕਤਾ ਦੀ ਧਾਰਨਾ ਪੁੱਜ ਕੇ ਪਸੰਦ ਤੇ ਰਾਸ ਆਈ। ਉਹ ਇਸ ਨਾਲ ਗੱਦ-ਗੱਦ ਹੋ ਉੱਠੇ ਅਤੇ ਬਰਤਾਨਵੀ ਹਾਕਮਾਂ ਦਾ ਲੱਖ ਲੱਖ ਸ਼ੁਕਰ ਕਰਨ ਲੱਗਾ ਬਰਤਾਨਵੀ ਵਿਦਵਾਨਾਂ ਨੂੰ, ਪੰਡਤਾਂ-ਪ੍ਰੋਹਿਤਾਂ ਦੇ ਰੂਪ ਵਿਚ ਬੇਹੱਦ ਉਪਯੋਗੀ ਤੇ ਆਗਿਆਕਾਰੀ ਸੁਦੇਸ਼ੀ ਕੁਲੀਨ ਕੋੜਮਾ ਨਸੀਬ ਹੋ ਗਿਆ। ਇਸ ਤਰ੍ਹਾਂ ਬਦੇਸ਼ੀ (ਯੂਰਪੀ) ਤੇ ਸੁਦੇਸ਼ੀ (ਭਾਰਤੀ) ਕੁਲੀਨ ਵਰਗਾਂ ਦੀ ਸਾਂਝ-ਭਿਆਲੀ ਨਾਲ ‘ਹਿੰਦੂਵਾਦ’ ਦੀ ਸਿਲਸਿਲੇਬੱਧ ਵਿਆਖਿਆ ਕੀਤੀ ਗਈ, ਇਸ ਨੂੰ ਪ੍ਰੀਭਾਸ਼ਤ ਕੀਤਾ ਗਿਆ ਅਤੇ ਇਸ ਦਾ ਭਾਰਤ ਅੰਦਰਲੀਆਂ ਹੋਰਨਾਂ ਧਾਰਮਿਕ ਪਰੰਪਰਾਵਾਂ ਦੇ ਸੰਬੰਧ ਵਿਚ ਖੁੱਲ੍ਹੇਆਮ ਪੱਖ ਪੂਰਿਆ ਗਿਆ।

ਜ਼ਾਹਰਾ ਤੌਰ ‘ਤੇ ਹਿੰਦੂਵਾਦ ਦੀ ਇਹ ਬਸਤੀਵਾਦੀ ਘਾੜਤ ਬਹੁਵਾਦੀ (pluralistic) ਨਹੀਂ ਸੀ, ਇਹ ਬ੍ਰਾਹਮਣਵਾਦ ਦੀ ਮੂਲ ਖ਼ਸਲਤ ਮੁਤਾਬਕ ਇਕਵਾਦੀ ਸੀ ਅਤੇ ਭਾਰਤ ਦੀਆਂ ਹਿੰਦੂਵਾਦ ਨਾਲੋਂ ਅੱਡਰੀਆਂ ਧਾਰਮਿਕ ਪਰੰਪਰਾਵਾਂ ਦੀ ਸੁਤੰਤਰ ਹਸਤੀ ਦਾ ਨਿਖੇਧ ਕਰਦੀ ਸੀ। ਇਸ ਕਰਕੇ ਇਹ ਅੰਤਮ ਤੌਰ ‘ਤੇ ਭਾਰਤ ਦੀ ਸਭਿਆਚਾਰਕ ਅਨੇਕਤਾ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਦੀ ਥਾਵੇਂ, ਇਸ ਨੂੰ ਘਾਤ ਪੁਚਾਉਣ ਦਾ ਸਬੱਬ ਤੇ ਸਾਧਨ ਹੋ ਨਿਬੜੀ। ਬਸਤੀਵਾਦੀ ਪ੍ਰਵਚਨ ਅੰਦਰ ‘ਇੰਡੀਆ’ ਤੇ ‘ਹਿੰਦੂ’ ਸਮ-ਅਰਥੀ ਬਣ ਗਏ। ‘ਭਾਰਤੀ ਸਭਿਅਤਾ’, ‘ਭਾਰਤੀ ਸੰਸਕ੍ਰਿਤੀ’, ‘ਭਾਰਤੀ ਧਾਰਮਿਕ ਪਰੰਪਰਾਵਾਂ’ – ਆਦਿ ਟਰਮਾਂ ਹਿੰਦੂ ਤੱਤ ਗ੍ਰਹਿਣ ਕਰ ਗਈਆਂ। ਮਿਸਾਲ ਵਜੋਂ, 1792 ਈ. ਵਿਚ ਬਨਾਰਸ ਵਿਖੇ ਤੈਨਾਤ ਜੋਨਾਥਨ ਡੰਕਨ ਨਾਂ ਦੇ ਬ੍ਰਿਟਿਸ਼ ਰੈਜ਼ੀਡੈਂਟ ਨੇ, ਬਨਾਰਸ ਵਿਖੇ ਹਿੰਦੂ ਕਾਲਜ ਜਾਂ ਅਕੈਡਮੀ ਸਥਾਪਤ ਕੀਤੇ ਜਾਣ ਦੀ ਸਿਫ਼ਾਰਸ਼ ਇਹ ਕਹਿੰਦਿਆਂ ਕੀਤੀ ਸੀ ਕਿ ਇਸ ਨਾਲ ‘ਇਸ ਰਾਸ਼ਟਰ (ਨੇਸ਼ਨ) ਦੇ ਕਾਨੂੰਨਾਂ, ਸਾਹਿਤ ਤੇ ਧਰਮ ਦੀ, ਇਸ ਦੇ ਆਪਣੇ ਹੀ ਧਰਮ ਦੇ ਏਸ ਕੇਂਦਰ ਤੇ ਇਨ੍ਹਾਂ ਦੇ ਸਭਨਾਂ ਫ਼ਿਰਕਿਆਂ/ ਕਬੀਲਿਆਂ ਦੀ ਇਸ ਸਾਂਝੀ ਤਫ਼ਰੀਹਗਾਹ (resort) ਵਿਚ ਸੇਵਾ-ਸੰਭਾਲ ਤੇ ਪਾਲਣਾ ਹੋ ਸਕੇਗੀ।* ਇਸ ‘ਚੋਂ ਦੋ ਗੱਲਾਂ ਭਲੀਭਾਂਤ ਸਪੱਸ਼ਟ ਹੋ ਜਾਂਦੀਆਂ ਹਨ। ਇਕ ਇਹ, ਕਿ ਬਰਤਾਨਵੀ ਅਧਿਕਾਰੀ ਹਿੰਦੂ ਧਰਮ ਨੂੰ ਭਾਰਤ ਦੇ ਇਕ ਜਾਂ ਬਹੁਗਿਣਤੀ ਵਰਗ ਦਾ ਧਰਮ ਨਹੀਂ, ਸਗੋਂ ਸਮੁੱਚੇ ‘ਰਾਸ਼ਟਰ’ (ਨੇਸ਼ਨ) ਦਾ ਸਰਬ-ਸਾਂਝਾ ਧਰਮ ਮੰਨ ਕੇ ਚੱਲ ਰਹੇ ਸਨ। ਇਸੇ ਹੀ ਤਰ੍ਹਾਂ, ਉਹ ਬਨਾਰਸ ਨੂੰ ਹਿੰਦੂ ਵਰਗ ਦੇ ਧਰਮ ਦਾ ਕੇਂਦਰ ਨਹੀਂ, ਸਗੋਂ ਸਾਰੇ ਰਾਸ਼ਟਰ ਦੇ ਸਾਂਝੇ ਧਰਮ ਦਾ ਕੇਂਦਰ ਅਤੇ ‘ਭਾਰਤ ਦੇ ਸਭਨਾਂ ਫ਼ਿਰਕਿਆਂ/ਕਬੀਲਿਆਂ ਦੀ ਸਾਂਝੀ ਤਫ਼ਰੀਹਗਾਹ’ ਮੰਨ ਕੇ ਚੱਲ ਰਹੇ ਸਨ। ਬਸਤੀਵਾਦੀ ਹਾਕਮਾਂ ਤੇ ਪੱਛਮੀ ਵਿਦਵਾਨਾਂ ਦੀ ਭਾਰਤ ਬਾਰੇ ਬਣੀ ਇਹ ਧਾਰਨਾ ਹੀ ਬਾਅਦ ਵਿਚ ਜਾ ਕੇ ‘ਸਰਬ-ਸਾਂਝੀ ਭਾਰਤੀ ਕੌਮ’ ਦੇ ਸੰਕਲਪ ਦੀ ਸਿਧਾਂਤਕ ਬੁਨਿਆਦ ਬਣੀ। ਉੱਨੀਵੀਂ ਸਦੀ ਤੋਂ ਆਰੰਭ ਹੋਏ ਰਾਸ਼ਟਰਵਾਦੀ ਪ੍ਰਵਚਨ ਅੰਦਰ ਇਸ ਧਾਰਨਾ ਨੂੰ ਵਾਰ ਵਾਰ ਦੁਹਰਾਇਆ ਤੇ ਦ੍ਰਿੜਾਇਆ ਗਿਆ। ‘ਹਿੰਦੂ’ ਕੌਣ ਹੈ ਤੇ ‘ਹਿੰਦੂਵਾਦ’ ਕੀ ਹੈ, ਇਨ੍ਹਾਂ ਦੋ ਜੁੜਵੇਂ ਸੁਆਲਾਂ ਬਾਰੇ, ਸਾਰੇ ਅਰਸੇ ਦੌਰਾਨ, ਲਗਾਤਾਰ ਗਾੜ੍ਹੀ ਚਰਚਾ ਹੁੰਦੀ ਰਹੀ। ਇਨ੍ਹਾਂ ਦੀ ਵਾਰ ਵਾਰ ਪ੍ਰੀਭਾਸ਼ਾ ਦਿੱਤੀ ਗਈ ਅਤੇ ਮੁੜ ਮੁੜ ਵਿਆਖਿਆ ਕੀਤੀ ਗਈ। ਇਸ ਤਰ੍ਹਾਂ, ਇਸ ਅਮਲ ਦੇ ਜ਼ਰੀਏ ਆਧੁਨਿਕ ਰਾਜਸੀ ‘ਹਿੰਦੂ’ ਤੇ ‘ਹਿੰਦੂਵਾਦ’ ਦੀ ਸਿਰਜਣਾ ਕੀਤੀ ਗਈ। ਇਨ੍ਹਾਂ ਦੇ ਹਵਾਲੇ ਨਾਲ ਕੌਮ ਤੇ ਰਾਸ਼ਟਰਵਾਦ ਦੀ ਪ੍ਰੀਭਾਸ਼ਾ ਤੇ ਵਿਆਖਿਆ ਕੀਤੀ ਗਈ। ਲਗਭਗ ਪੂਰੀ ਇਕ ਸਦੀ ਰਾਸ਼ਟਰਵਾਦ ਦਾ ਇਹ ਪ੍ਰਵਚਨ ਨਿਰਵਿਘਨ ਚੱਲਿਆ ਅਤੇ ਇਹ ਕੋਈ ਇਤਫ਼ਾਕੀਆ ਗੱਲ ਨਹੀਂ ਕਿ ਸਾਰੇ ਪ੍ਰਵਚਨ-ਕਰਤਾ ਉੱਚ-ਜਾਤੀਆਂ ਨਾਲ ਸੰਬੰਧਿਤ ਸਨ। ਜ਼ਿਆਦਾਤਰ ਬ੍ਰਾਹਮਣ ਜਾਂ ਫਿਰ ਖੱਤਰੀ, ਬਾਣੀਏ ਜਾਂ ਰਾਜਪੂਤ ਆਦਿ ਸਨ।

ਆਜ਼ਾਦੀ ਤੋਂ ਬਾਅਦ, ਭਾਰਤ ਦੇ ਸਵਰਨ-ਜਾਤੀ ਹਿੰਦੂ ਹਾਕਮ ਵਰਗਾਂ ਨੇ ਇਸ ਧਾਰਨਾ ਨੂੰ, ਭਾਰਤੀ ਸੰਵਿਧਾਨ ਦੀ ਧਾਰਾ 25-2(b) ਦੇ ਰੂਪ ਵਿਚ ਕਾਨੂੰਨੀ ਰੁਤਬਾ ਪ੍ਰਦਾਨ ਕਰ ਦਿੱਤਾ, ਜਿਸ ਅਨੁਸਾਰ ਬੋਧੀਆਂ, ਜੈਨੀਆਂ ਤੇ ਸਿੱਖਾਂ ਨੂੰ ਵਿਸ਼ਾਲ ਹਿੰਦੂ ਧਰਮ ਦੇ ਹੀ ਲਘੂ ਅੰਗ ਕਰਾਰ ਦੇ ਕੇ, ਉਨ੍ਹਾਂ ਦੀ ਸੁਤੰਤਰ ਹਸਤੀ ਨਕਾਰ ਦਿੱਤੀ ਗਈ। ਅਸਲ ਵਿਚ, ਹਿੰਦੂ ਰਾਸ਼ਟਰਵਾਦੀਆਂ ਦੇ ਮਨਾਂ ਅੰਦਰ ਸ਼ੁਰੂ ਤੋਂ ਹੀ ਭਾਰਤੀ ਪਛਾਣ ਦੀ ਇਕ- ਵਚਨੀ ਭਾਸ਼ਾ ਮੜ੍ਹਨ ਦੀ ਤਮੰਨਾ ਉਸਲਵੱਟੇ ਲੈਂਦੀ ਰਹੀ ਸੀ। ਇਸ ਮੰਤਵ ਲਈ ਉਨ੍ਹਾਂ ਨੇ ਹਮੇਸ਼ਾ ਹੀ ਇਕ ਮਜ਼ਬੂਤ ਕੇਂਦਰ-ਪ੍ਰਧਾਨ (centralized) ਰਾਜ ਦੀ ਲੋੜ ਮਹਿਸੂਸ ਕੀਤੀ, ਜੀਹਨੂੰ ਅਸਰਦਾਰ ਸੰਦ (ਟੂਲ) ਵਜੋਂ ਵਰਤਿਆ ਜਾ ਸਕੇ। ਭਾਰਤ ਅੰਦਰ ਬਸਤੀਵਾਦੀ ਰਾਜ ਦੇ ਖ਼ਾਤਮੇ ਉਪਰੰਤ ਹਿੰਦੂ ਰਾਸ਼ਟਰਵਾਦੀਆਂ ਦੀ ਇਹ ਦਿਲੀ ਤਮੰਨਾ ਪੂਰੀ ਹੋ ਗਈ। ਆਜ਼ਾਦੀ ਤੋਂ ਬਾਅਦ ਉੱਚ-ਜਾਤੀ ਹਿੰਦੂ ਵਰਗ ਦੀ ਅਜਾਰੇਦਾਰਾਨਾ ਚੜ੍ਹਤਲ ਤੇ ਚੌਧਰ (hegemony) ਹੇਠ ਸਥਾਪਤ ਹੋਈ ਨੇਸ਼ਨ-ਸਟੇਟ, ਹਕੀਕਤ ਵਿਚ ਬਹੁਗਿਣਤੀ ਵਰਗ ਦੀ ਕਰੂਰ ਤਾਨਾਸ਼ਾਹੀ ਹੈ। ਘੱਟ-ਗਿਣਤੀ ਧਾਰਮਿਕ ਭਾਈਚਾਰਿਆਂ ਨੂੰ ਸਟੇਟ ਤੇ ਬਹੁਗਿਣਤੀ ਭਾਈਚਾਰਾ, ਦੋਵਾਂ ਦੀ ਰਲਵੀਂ ਧੱਕੇਸ਼ਾਹੀ ਅਤੇ ਦੋਵਾਂ ਦੀ ਇਕ ਦੂਜੇ ਨਾਲ ਰਲਗੱਡ ਹੋਈ ਵਿਚਾਰਧਾਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੰਦਰੂਨੀ ਸਮਾਜਿਕ ਤੇ ਵਿਚਾਰਧਾਰਕ ਵਿਰੋਧਤਾਈਆਂ

ਇੱਕੋ ਸਮਾਜ ਦੇ ਅੰਦਰ, ‘ਕੌਮ’ ਤੇ ‘ਕੌਮਪ੍ਰਸਤੀ’ ਬਾਰੇ ਅਲੱਗ ਅਲੱਗ ਵਰਗਾਂ ਦੀ ਸਮਝ ਤੇ ਨਜ਼ਰੀਆ ਅਲੱਗ ਅਲੱਗ ਹੁੰਦਾ ਹੈ। ਹਰ ਜਗ੍ਹਾ, ਹਰ ਸਮਾਜ ਅੰਦਰ ਹੀ, ਰਾਸ਼ਟਰਵਾਦ ਦੀ ਲੜਾਈ ਦੋਨੋਂ, ਅੰਦਰਲੇ ਤੇ ਬਾਹਰਲੇ, ਮੋਰਚਿਆਂ ’ਤੇ ਨਾਲੋ-ਨਾਲ ਲੜੀ ਜਾਂਦੀ ਹੈ। ਬਾਹਰਲੇ ਮੋਰਚੇ ‘ਤੇ ਲੜੀ ਜਾ ਰਹੀ ਲੜਾਈ ਅੰਦਰੂਨੀ ਕਸ਼ਮਕਸ਼ ਨਾਲੋਂ ਨਿਖੜੀ ਨਹੀਂ ਹੁੰਦੀ। ਜਿਥੇ ਇਕ ਪਾਸੇ ਗ਼ੈਰਾਂ ਕੋਲੋਂ ਸੱਤਾ ਖੋਹਣ ਦਾ ਰਾਜਸੀ ਅਜੰਡਾ ਦਰਪੇਸ਼ ਹੁੰਦਾ ਹੈ, ਦੂਜੇ ਪਾਸੇ ਇਸ ਸੱਤਾ ਦੀ ਸਾਰੇ ਵਰਗਾਂ ਅੰਦਰ ਸਾਵੀਂ ਵੰਡ ਦਾ ਮੁੱਦਾ ਹੁੰਦਾ ਹੈ। ਆਮ ਨਿਯਮ ਵਜੋਂ ਹੀ, ਸਮਾਜਿਕ ਤੌਰ ‘ਤੇ ਭਾਰੂ ਵਰਗਾਂ ਵੱਲੋਂ ਲੜਾਈ ਦੇ ਬਾਹਰੀ ਪੱਖ ਉੱਤੇ ਇਕਪਾਸੜ ਤੇ ਵਧਵਾਂ ਜ਼ੋਰ ਦਿੱਤਾ ਜਾਂਦਾ ਹੈ ਅਤੇ ਅੰਦਰੂਨੀ ਆਰਥਿਕ-ਸਮਾਜੀ ਪਾੜਿਆਂ ਤੇ ਵਿਰੋਧਾਂ ਉੱਤੇ ਮਿੱਟੀ ਪਾਉਣ ਦੇ ਯਤਨ ਕੀਤੇ ਜਾਂਦੇ ਹਨ। ਆਧੁਨਿਕ ਰਾਸ਼ਟਰਵਾਦ ਦੇ ਪ੍ਰਸੰਗ ਅੰਦਰ, ਹਰ ਸਮਾਜ ਅੰਦਰ ਹੀ, ਸੰਘਰਸ਼ ਦੇ ਅਹਿਮ ਮੁੱਦੇ ਅੰਦਰੂਨੀ ਹੁੰਦੇ ਹਨ ਜਿਹੜੇ ਕਿ ਉਸ ਸਮਾਜ ਦੇ ਵਿਕਾਸ ਦੇ ਵਿਸ਼ੇਸ਼ ਰੂਪ ਦੁਆਰਾ ਨਿਰਧਾਰਤ ਹੁੰਦੇ ਹਨ। ਇਸ ਤੋਂ ਹੀ ਰਾਸ਼ਟਰਵਾਦੀ ਲਹਿਰ ਦਾ ਮੂਲ ਚਰਿੱਤਰ ਪਛਾਣਿਆ ਜਾ ਸਕਦਾ ਹੈ। ਅਤੇ ਇਸ ਦੀ ਸਮੁੱਚੀ ਅਮਲ-ਗਤੀ (dynamics) ਦੀ ਸਮਝ ਪੈ ਸਕਦੀ ਹੈ।

ਬਸਤੀਵਾਦੀ ਕਾਲ ਦੌਰਾਨ ਭਾਰਤੀ ਉਪ-ਮਹਾਂਦੀਪ ਦੀ ਸਭਿਆਚਾਰਕ ਵੰਨ- ਸੁਵੰਨਤਾ ਦੀ ਗੱਲ ਤਾਂ ਆਮ ਕੀਤੀ ਜਾਂਦੀ ਰਹੀ, ਪਰ ਇਹ ਤੱਥ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਕਿ ਯੂਰਪੀ ਉਪ-ਮਹਾਂਦੀਪ ਵਾਂਗੂੰ ਹੀ, ਭਾਰਤੀ ਉਪ-ਮਹਾਂਦੀਪ ਵੀ, ਜਨਮਆਪਣੀ ਵਿਲੱਖਣ ਪਛਾਣ ਰੱਖਦੀਆਂ ਅਤੇ ਨਿਸਰਰਤ ਭੂ-ਮੰਡਲਾਂ ਵਿਚ ਕਾਮ ਜਿਹੇ ਵਿਗਸੀਆਂ, ਵੱਖ ਵੱਖ ਕੌਮਾਂ ਜੀ ਕੰਮ ਅਤੇ ਨਿਸਚਿਤ ਕੀ ਤਬਹੁਤ ਦੇ ਆਮ ਜਿਹੇ ਅਰਥਾਂ ਵਿਚ ਇਸ ਨੂੰ ਵੱਖ-ਵੱਖ ਧਰਮਾਂ, ਬੋਲੀਆਂ ਤੇ ਸਭਿਆਚਾਰਾਂ ਦੀ ਧਰਤੀ ਵਿਰਗ ਜਾਂਦਾ ਰਿਹਾ। ਬਾਹਰਮੁਖੀ ਯਥਾ ਰੱਖ ਧਰਮਾਂ ਬੋਲੀਆਂ ਤੇ ਸਭਿਅਕ ਸ ਦੇਸੀ ਕੁਲੀਨ ਵਰਗ ਆਪੋ-ਆਪਣੇ ਢੰਗਾਂ ਨਾਲ ਮੁਨਕਰ ਹੁੰਦੇ ਰਹੇ। ਦੋਨਾਂ ਦੇ ਆਪੋ-ਆਪਣੇ ਕਾਰਨ ਤੇ ਮੁਫ਼ਾਦ ਸਨ। ਬਸਤੀਵਾਦ ਨੇ ਭਾਰਤ ਅੰਦਰ ਅਲੱਗ ਅਲੱਗ ਕੌਮੀਅਤਾਂ ਦੇ ਸੁਤੰਤਰ ਵਿਕਾਸ ਦੇ ਅਮਲ ਨੂੰ ਢਾਹ ਲਾਈ ਸੀ। ਇਕਰੂਪ ਤੇ ਸਰਬ-ਹਿੰਦ ਪ੍ਰਬੰਧਕੀ ਢਾਂਚੇ ਨੇ ਇਸ ਅਮਲ ਨੂੰ ਗ੍ਰਹਿਣ ਲਾ ਦਿੱਤਾ ਸੀ । ਦੂਜੇ ਪਾਸੇ, ਸੁਦੇਸ਼ੀ ਕੁਲੀਨ ਵਰਗ ਵੀ ਆਪਣੀ ਸਮਾਜੀ ਚੌਧਰ-ਹਸਤੀ ਬਣਾਈ ਰੱਖਣ ਤੇ ਰਾਜਸੀ ਗ਼ਲਬੇ ਨੂੰ ਯਕੀਨੀ ਬਣਾਉਣ ਲਈ ਭਾਰਤ ਦੀ ਸਭਿਆਚਾਰਕ ਵੰਨ-ਸੁਵੰਨਤਾ ਦੇ ਤੱਤ ਨੂੰ ਉਭਾਰਨ ਤੋਂ ਟਲਦੇ ਤੇ ਤ੍ਰਭਕਦੇ ਰਹੇ। ਇਸ ਵਜ੍ਹਾ ਕਰਕੇ, ਇਸ ਘਾਟੇਬੰਦੀ ਸਥਿਤੀ ਵਿਚ ਨਸਲੀ-ਸਭਿਆਚਾਰਕ ਤੇ ਭਾਸ਼ਾਈ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਮਜ਼ੋਰ ਰੂਪ ਵਿਚ ਅਤੇ ਅਸਿੱਧੇ ਢੰਗਾਂ ਨਾਲ ਹੀ ਹੋ ਸਕਿਆ। ਖੇਤਰੀ ਰਾਸ਼ਟਰਵਾਦੀ ਆਵਾਜ਼ਾਂ ਉੱਠੀਆਂ ਜ਼ਰੂਰ, ਪਰ ਇਕ ਤਾਂ ਇਹ ਖੇਤਰੀ ਲਹਿਰਾਂ ਕਾਫ਼ੀ ਪੱਛੜ ਗਈਆਂ ਸਨ । ਸਰਬ-ਹਿੰਦ ਉੱਚ-ਜਾਤੀ ਰਾਸ਼ਟਰਵਾਦ ਨੇ ਉਦੋਂ ਤਕ ਪਿੜ ਪੂਰੀ ਤਰ੍ਹਾਂ ਮੱਲ ਲਿਆ ਹੋਇਆ ਸੀ। ਦੂਜਾ, ਇਹ ਲਹਿਰਾਂ ਉਪ- ਮਹਾਂਦੀਪ ਦੀ ਸਮੁੱਚੀ ਸਮਾਜੀ-ਰਾਜਸੀ ਅਮਲ-ਗਤੀ ਵਿਚ ਨਿਗੂਣੀ ਹੈਸੀਅਤ ਰੱਖਦੀਆਂ ਸਨ। ਇਸ ਕਰਕੇ ਇਨ੍ਹਾਂ ਲਹਿਰਾਂ ਨੂੰ ਘੱਟ ਹੀ ਗੌਲਿਆ ਗਿਆ। ਬਸਤੀਵਾਦੀ ਦੌਰ ਅੰਦਰ, ਰਾਜਸੀ ਜਾਗ੍ਰਤੀ ਦੀਆਂ ਇਹ ਖੇਤਰੀ ਤਰੰਗਾਂ ਅਤੇ ਇਨ੍ਹਾਂ ਦੇ ਰਾਸ਼ਟਰਵਾਦੀ ਪੈਗ਼ਾਮ ਬਹੁਤਾ ਪਸਾਰ ਨਾ ਕਰ ਸਕੇ ਤੇ ਨਾ ਹੀ ਬਹੁਤੀ ਦੇਰ ਤਕ ਟਿਕੇ ਰਹਿ ਸਕੇ। ਸਰਬ-ਭਾਰਤੀ ਰਾਸ਼ਟਰਵਾਦ ਦੇ ਜ਼ੋਰਾਵਰ ਪ੍ਰਵਚਨ, ਜਿਹੜਾ ਆਪਣੇ ਤਾਣੇ-ਬਾਣੇ ਤੇ ਵਿਚਾਰਧਾਰਾ ਪੱਖੋਂ ਸਰਬ-ਭਾਰਤੀ ਸੀ, ਨੇ ਖੇਤਰੀ ਰਾਸ਼ਟਰਵਾਦ ਦੇ ਵਰਤਾਰੇ ਦੇ ਪੈਰ ਨਾ ਲੱਗਣ ਦਿੱਤੇ। ਇਸ ‘ਸੌੜੇ ਖੇਤਰਵਾਦ’ ਦਾ ਕੁਨਾਂਅ ਦੇ ਕੇ ਬਦੂ ਕੀਤਾ ਗਿਆ।

ਨੂੰ ਭਾਰਤੀ ਸਮਾਜ ਅੰਦਰਲੇ ਦੱਬੇ ਕੁਚਲੇ ਵਰਗ ਬ੍ਰਾਹਮਣਵਾਦੀ ਸਮਾਜੀ ਪ੍ਰਬੰਧ ਨੂੰ ਤਹਿਸ-ਨਹਿਸ ਕਰਨਾ ਚਾਹੁੰਦੇ ਸਨ, ਜਦੋਂ ਕਿ ਸਵਰਨ ਜਾਤੀਆਂ ਇਸ ਨੂੰ ਉਦਾਰ ਪੱਛਮੀ ਸ਼੍ਰੇਣੀਆਂ (liberal western categories) ਦੇ ਜ਼ਰੀਏ ਰਾਸ਼ਟਰਵਾਦੀ ਵਿਚਾਰਧਾਰਾ ਦਾ ਨਵਾਂ ਜਾਮਾ ਪਹਿਨਾਉਣ ਲਈ ਯਤਨਸ਼ੀਲ ਸਨ। ‘ਏਕਤਾ ਤੇ ਅਖੰਡਤਾ’ ਦੇ ਦਾਰਸ਼ਨਿਕ ਚੋਲੇ ਹੇਠਾਂ ਜਾਤ-ਅਭਿਮਾਨੀ ਹਿੰਦੂ ਵਰਗਾਂ ਦੀ ਰਾਜਨੀਤਕ ਅਭਿਲਾਸ਼ਾ ਛੁਪੀ ਹੋਈ ਸੀ, ਜਿਸ ਦਾ ਮਨੋਰਥ ਦੂਸਰਿਆਂ ਨੂੰ ਆਪਣੇ ਅੰਦਰ ਜਜ਼ਬ ਕਰਨਾ ਜਾਂ ਅਧੀਨ ਕਰਨਾ ਸੀ। ਦੱਬੇ ਕੁਚਲੇ ਵਰਗ ਤੇ ਕਬਾਇਲੀ ਭਾਈਚਾਰੇ ਜਗੀਰੂ ਤਾਣੇ-ਬਾਣੇ ਦੇ ਖ਼ਿਲਾਫ਼ ਲਾਮਬੰਦ ਜ਼ਰੂਰ ਹੋਏ ਅਤੇ ਉਨ੍ਹਾਂ ਨੇ ਅਲੱਗ ਅਲੱਗ ਥਾਵਾਂ ‘ਤੇ, ਅਲੱਗ ਅਲੱਗ ਰੂਪਾਂ ਵਿਚ, ਸੰਘਰਸ਼ ਦਾ ਰਾਹ ਵੀ ਅਖ਼ਤਿਆਰ ਕੀਤਾ। ਪਰੰਤੂ ਇਹ ਖਿੰਡੇ ਬਿਖਰੇ ਸੰਘਰਸ਼ ਇਕ ਸਾਂਝੀ ਜ਼ੋਰਾਵਰ ਧਾਰਾ ਨਾ ਬਣ ਸਕੇ ਅਤੇ ਰਾਸ਼ਟਰਵਾਦੀ ਅੰਦੋਲਨ ਦੇ ਮੁਕਾਬਲੇ ਵਿਚ ਸਰਬ-ਹਿੰਦ ਪੈਮਾਨੇ ‘ਤੇ ਜਥੇਬੰਦ ਨਾ ਹੋ ਸਕੇ, ਜਿਸ ਕਰਕੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਤੇ ਲਹਿਰ ਵੱਲੋਂ ਇਨ੍ਹਾਂ ਨੂੰ ਸੌਖ ਤੇ ਸਫਲਤਾ ਨਾਲ ਹਾਸ਼ੀਆਗਤ ਕਰ ਦਿੱਤਾ ਗਿਆ।

ਗ਼ਦਰ ਪਾਰਟੀ ਲਹਿਰ ਅਤੇ ਰਾਸ਼ਟਰਵਾਦੀ ਵਿਚਾਰਧਾਰਾ

ਗ਼ਦਰ ਪਾਰਟੀ ਦੇ ਸਿਧਾਂਤਕ ਖ਼ਾਸੇ ਬਾਰੇ ਚਰਚਾ ਕਰਨ ਵੇਲੇ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਜਾਪਦੀਆਂ ਹਨ। ਗ਼ਦਰ ਪਾਰਟੀ ਦੀ ਸਥਾਪਨਾ ਬਹੁਤ ਹੀ ਅਸਾਧਾਰਨ ਹਾਲਤਾਂ ਵਿਚ ਹੋਈ ਸੀ। ਇਹ ਕਿਸੇ ਪੂਰਵ ਵਿਚਾਰੀ ਯੋਜਨਾ ਤੇ ਸਹਿਜ ਕਿਰਿਆ ਦੀ ਪੈਦਾਇਸ਼ ਨਹੀਂ ਸੀ । ਇਸ ਦਾ ਜਨਮ ਇਕ ਤਰ੍ਹਾਂ ਨਾਲ ਤੂਫ਼ਾਨੀ ਵਾਤਾਵਰਨ ਵਿਚ ਹੋਇਆ ਸੀ। ਉੱਤਰੀ ਅਮਰੀਕਾ ਵਿਚ ਰੋਜ਼ੀ-ਰੋਟੀ ਲਈ ਗਏ ਪੰਜਾਬੀਆਂ, ਜਿਨ੍ਹਾਂ ਵਿੱਚੋਂ ਭਾਰੀ ਬਹੁਗਿਣਤੀ ਪੇਂਡੂ ਖੇਤਰ ਵਿੱਚੋਂ ਆਏ ਸਿੱਖ ਕਿਸਾਨਾਂ ਦੀ ਸੀ, ਨੂੰ ਆਉਂਦਿਆਂ ਹੀ ਨਸਲਪ੍ਰਸਤੀ ਵਿਰੁੱਧ ਲੜਾਈ ਦੇ ਮੋਰਚੇ ਮੱਲਣੇ ਪੈ ਗਏ ਸਨ। ਉਨ੍ਹਾਂ ਦੇ ਬਿਗਾਨੀ ਧਰਤੀ ਉੱਤੇ ਅਜੇ ਚੱਜ ਨਾਲ ਪੈਰ ਵੀ ਨਹੀਂ ਲੱਗੇ ਸਨ, ਜਿਸ ਕਰਕੇ ਉਨ੍ਹਾਂ ਨੂੰ ਲੜਨ ਲਈ ਤਿਆਰੀ ਦਾ ਮੌਕਾ ਵੀ ਨਹੀਂ ਮਿਲਿਆ ਸੀ । ਲੜਾਈ ਉਨ੍ਹਾਂ ਦੇ ਗਲ ਪੈ ਗਈ ਸੀ। ਉਨ੍ਹਾਂ ਦਾ ਮੁੱਢਲਾ ਪ੍ਰਤੀਕਰਮ ਨਿਰੋਲ ਆਪ-ਮੁਹਾਰਾ ਸੀ, ਭਾਵੇਂ ਕਿ ਛੇਤੀ ਹੀ ਇਸ ਨੂੰ ਜਥੇਬੰਦਕ ਸਰੂਪ ਦੇਣ ਦੇ ਯਤਨ ਆਰੰਭ ਹੋ ਗਏ ਸਨ। ਪਹਿਲ-ਕਦਮੀਂ ਕਰਨ ਵਾਲਿਆ ‘ਚੋਂ ਕਿਸੇ ਕੋਲ ਵੀ ਜਥੇਬੰਦੀ ਦਾ ਕੋਈ ਪੂਰਵ ਤਜਰਬਾ ਨਹੀਂ ਸੀ । ਸਾਰੇ ਅਨਾੜੀ ਤੇ ਸਿਖਾਂਦਰੂ ਹੀ ਸਨ। ਫਿਰ ਸਾਰਾ ਕੁਝ ਤੇਜ਼ੀ ਨਾਲ ਤੇ ਕਾਹਲੀ ਵਿਚ, ਤੱਤ-ਭੜੱਥੇ ਕਰਨਾ ਪਿਆ ਸੀ । ਇਨ੍ਹਾਂ ਸਾਰੇ ਕਾਰਨਾਂ ਕਰਕੇ, ਗ਼ਦਰ ਪਾਰਟੀ ਦੀ ਸਥਾਪਨਾ ਕਰਨ ਤੋਂ ਪਹਿਲਾਂ ਇਸ ਦੀ ਰਾਹ-ਦਰਸਾਊ ਵਿਚਾਰਧਾਰਾ ਤੇ ਯੁੱਧਨੀਤਕ ਕਾਰਜਾਂ-ਉਦੇਸ਼ਾਂ ਬਾਰੇ ਨਿੱਠ ਕੇ ਵਿਚਾਰ-ਚਰਚਾ ਨਹੀਂ ਹੋ ਸਕੀ ਸੀ । ਬੁਨਿਆਦੀ ਸਿਧਾਂਤਕ ਮਸਲਿਆਂ ਬਾਰੇ ਚੇਤੰਨ ਪੱਧਰ ‘ਤੇ, ਤੇ ਨਿਖਰਵੇਂ ਰੂਪ ਵਿਚ, ਆਮ ਸਹਿਮਤੀ ਨਹੀਂ ਹੋਈ ਸੀ । ਬਾਹਰਮੁਖੀ ਹਾਲਤਾਂ ਹੀ ਇਸ ਦਾ ਇਕ-ਮਾਤਰ ਕਾਰਨ ਨਹੀਂ ਸੀ। ਆਮ ਨਿਯਮ ਵਜੋਂ ਹੀ, ਅਲੱਗ ਅਲੱਗ ਸਮਾਜੀ ਵਰਗਾਂ ਦਾ ਲੜਨ ਦਾ ਤੌਰ-ਤਰੀਕਾ ਵੱਖੋ-ਵੱਖਰਾ ਹੋਇਆ ਕਰਦਾ ਹੈ। ਆਮ ਤੌਰ ‘ਤੇ, ਸਮਾਜ ਦੀਆਂ ਉਪਰਲੀਆਂ ਪਰਤਾਂ ਆਪਣੇ ਹਿਤਾਂ ਬਾਰੇ ਮੁਕਾਬਲਤਨ ਵੱਧ ਸੁਚੇਤ ਹੁੰਦੀਆਂ ਹਨ ਅਤੇ ਉਹ ਆਮ ਕਰਕੇ ਸੋਚੀ-ਵਿਚਾਰੀ ਦਿਸ਼ਾ ਤੇ ਰਣਨੀਤੀ ਅਪਣਾਅ ਕੇ ਚੱਲਦੀਆਂ ਹਨ। ਉਨ੍ਹਾਂ ਨੂੰ ਆਪਣੇ ਯੁੱਧਨੀਤਕ ਕਾਰਜਾਂ-ਉਦੇਸ਼ਾਂ ਬਾਰੇ ਪੂਰੀ ਸੋਝੀ ਹੁੰਦੀ ਹੈ ਅਤੇ ਉਨ੍ਹਾਂ ਦਾ ਹਰ ਅਮਲ ਤੇ ਪੈਂਤੜਾ ਇਸ ਦਿਸ਼ਾ ਵਿਚ ਹੁੰਦਾ ਹੈ। ਭਾਵ ਇਹ ਕਿ ਉਨ੍ਹਾਂ ਦੀ ਹਰ ਸਰਗਰਮੀ ਚੇਤੰਨ-ਰੂਪ ਹੁੰਦੀ ਹੈ। ਆਪ-ਮੁਹਾਰਾ ਜਾਂ ਬੇਮੁਹਾਰਾ ਕੁਝ ਨਹੀਂ ਹੁੰਦਾ। ਉਹ ਹਰ ਮਾਮਲੇ ਵਿਚ ਨਫ਼ਾ ਨੁਕਸਾਨ ਮੂਹਰੇ ਰੱਖ ਕੇ ਚੱਲਦੇ ਹਨ। ਇਸ ਦੀ ਤੁਲਨਾ ਵਿਚ, ਆਮ ਲੋਕ ਅਤੇ ਖ਼ਾਸ ਕਰਕੇ ਪੇਂਡੂ ਕਿਸਾਨ ਵਰਗ ਆਪਣੇ ਮੂਲ ਸੁਭਾਅ ਪੱਖੋਂ ਹੀ ਖ਼ੁਦ-ਰੌਂਅ ਤੇ ਲਾਪ੍ਰਵਾਹ ਹੁੰਦੇ ਹਨ, ਜੋ ਹਮੇਸ਼ਾ ਪੂਰਾ ਸੋਚ ਵਿਚਾਰ ਕੇ ਲੜਾਈ ਦੇ ਮੈਦਾਨ ਵਿਚ ਨਹੀਂ ਕੁੱਦਦੇ। ਉਹ ਮੌਕੇ ਦੀਆਂ ਲੋੜਾਂ ਤੇ ਰੌਂਅ ਮੁਤਾਬਕ ਸਰਗਰਮੀ ਵਿੱਢ ਲੈਂਦੇ ਹਨ। ਉਹ ਬਹੁਤੀਆਂ ਸਿਧਾਂਤਕ ਜਾਂ ਅਮਲੀ ਬਰੀਕੀਆਂ ਵਿਚ ਨਹੀਂ ਪੈਂਦੇ। ਉਹ ਤਰਕਸ਼ੀਲ ਵਿਚਾਰਾਂ ਨਾਲੋਂ ਅੰਤਰਮੁਖੀ ਭਾਵਨਾਵਾਂ (reflexive feelings) ਦਾ ਪ੍ਰਭਾਵ ਵੱਧ ਕਬੂਲਦੇ ਹਨ। ਉਹ ਕਿਸੇ ਰੈਸ਼ਨਲ ਵਿਚਾਰਧਾਰਾ ਦੀ ਥਾਵੇਂ, ਮੁੱਖ ਤੌਰ ‘ਤੇ ਆਪਣੇ ਸੰਸਕਾਰਾਂ ਤੇ ਜਜ਼ਬਿਆਂ ਦੇ ਆਸਰੇ ਲੜਦੇ ਹਨ।

ਗ਼ਦਰ ਪਾਰਟੀ ਅੰਦਰ ਉਪਰੋਕਤ ਦੋਨੋਂ ਤਰ੍ਹਾਂ ਦੇ ਅੰਸ਼ ਸ਼ਾਮਲ ਸਨ। ਦੋਵਾਂ ਵਿਚਕਾਰ ਏਕਤਾ ਤੇ ਜੱਦੋ-ਜਹਿਦ ਦਾ ਸਿਲਸਿਲਾ ਚੱਲਿਆ। ਲਗਭਗ ਸਾਰੀ ਦੀ ਸਾਰੀ ਲੜਾਕੂ ਸ਼ਕਤੀ ਪੇਂਡੂ ਸਿੱਖ ਸਨ। ਉਨ੍ਹਾਂ ਨੇ ਆਪਣੀ ਪਹਿਲ-ਕਦਮੀਂ ਤੇ ਹਿੰਮਤ ਨਾਲ ਪਾਰਟੀ ਦਾ ਮੁੱਢਲਾ ਸਰੂਪ ਤੇ ਢਾਂਚਾ ਖੜਾ ਕਰ ਲਿਆ ਸੀ । ਆਮ ਪ੍ਰਚਲਿਤ ਪੇਂਡੂ ਸੋਚ ਦੇ ਅਧੀਨ, ਉਨ੍ਹਾਂ ਅੰਦਰ ਲਹਿਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੜ੍ਹੇ-ਲਿਖੇ ਲੋਕਾਂ ਦੀ ਮੱਦਦ ਲੈਣ ਦਾ ਵਿਚਾਰ ਪੈਦਾ ਹੋਇਆ। ਇਸ ਵਿੱਚੋਂ ਉਨ੍ਹਾਂ ਦਾ ਮੇਲ ਲਾਲਾ ਹਰਦਿਆਲ ਤੇ ਕੁਝ ਹੋਰਨਾਂ ਪੜ੍ਹੇ-ਲਿਖੇ ਸ਼ਹਿਰੀ ਹਿੰਦੂ ਬੁੱਧੀਮਾਨਾਂ (ਜਿਵੇਂ ਕਿ ਰਾਮਚੰਦਰ, ਤਾਰਕਨਾਥ, ਠਾਕੁਰ ਦਾਸ, ਜੀ.ਡੀ. ਕੁਮਾਰ, ਗੋਬਿੰਦ ਬਿਹਾਰੀ ਲਾਲ ਆਦਿ) ਨਾਲ ਹੋ ਗਿਆ। ਪਾਰਟੀ ਦੇ ਯੁੱਧਨੀਤਕ ਉਦੇਸ਼ਾਂ ਤੇ ਨੀਤੀਆਂ ਨੂੰ ਕਲਮਬੰਦ ਕਰਨ ਤੇ ਇਨ੍ਹਾਂ ਦਾ ਪ੍ਰਚਾਰ-ਪਰਸਾਰ ਕਰਨ ਲਈ ਉਹ ਇਨ੍ਹਾਂ ਬੁੱਧੀਮਾਨਾਂ ਦੇ ਮੁਥਾਜ ਬਣ ਗਏ । ਇਹ ਬੁੱਧੀਮਾਨ ਕੋਈ ਸਾਧਾਰਨ ਜਾਂ ਭੋਲੇ-ਭਾਲੇ ਲੋਕ ਨਹੀਂ ਸਨ। ਉਹ ਸਾਰੇ ਤੀਖਣ ਬੁੱਧੀ ਵਾਲੇ ਤੇ ਰਾਸ਼ਟਰਵਾਦੀ ਵਿਚਾਰਧਾਰਾ ਦੇ ਧਾਰਨੀ ਸਨ। ਉਸ ਵੇਲੇ ਭਾਰਤ ਅੰਦਰ ਹਿੰਦੂ ਪੁਨਰ-ਜਾਗ੍ਰਤੀ ਦੀ ਲਹਿਰ ਦਾ ਜ਼ੋਰ ਚੜ੍ਹਿਆ ਹੋਇਆ ਸੀ। ਇਸ ਦਾ ਖ਼ਾਸਾ ਹਿੰਦੂ ਰਾਸ਼ਟਰਵਾਦੀ ਸੀ। ਇਸ ਦਾ ਪ੍ਰਗਟਾਵਾ ਬਹੁ-ਗੁਣ ਰੂਪਾਂ (multiple forms) ਵਿਚ ਹੋ ਰਿਹਾ ਸੀ । ਬੰਗਾਲ ਇਸ ਰੁਝਾਣ ਦੀ ਜਨਮ-ਭੂਮੀ ਤੇ ਸਦਰ-ਕੇਂਦਰ ਸੀ, ਜਦ ਕਿ ਪੰਜਾਬ ਦੇ ਸ਼ਹਿਰਾਂ ਅੰਦਰ ਇਸ ਦਾ ਤਕੜਾ ਪ੍ਰਭਾਵ ਸੀ। ਬ੍ਰਹਮੋ-ਸਮਾਜ ਤੇ ਆਰੀਆ ਸਮਾਜ ਇਸ ਦੇ ਪ੍ਰਮੁੱਖ ਵਿਚਾਰਧਾਰਕ ਪ੍ਰੇਰਨਾ- ਸ੍ਰੋਤ ਸਨ। ਅਮਰੀਕਾ ਅੰਦਰ ਗ਼ਦਰ ਪਾਰਟੀ ਨਾਲ ਜੁੜੇ ਹਿੰਦੂ ਬੁੱਧੀਮਾਨ ਇਸ ਵਿਚਾਰਧਾਰਕ ਤੇ ਰਾਜਸੀ ਰੁਝਾਣ ਦੇ ਪ੍ਰਤੀਨਿਧ ਸਨ । ਇਨ੍ਹਾਂ ‘ਚੋਂ ਬਹੁਤਿਆਂ ਦਾ ਪਿਛੋਕੜ ਆਰੀਆ ਸਮਾਜੀ ਸੀ ਅਤੇ ਉਨ੍ਹਾਂ ਉੱਤੇ ਇਸ ਦਾ ਅਲੱਗ ਅਲੱਗ ਦਰਜੇ ਤਕ, ਵਿਚਾਰਧਾਰਕ ਪ੍ਰਭਾਵ ਸੀ। ਉਹ ਆਪਣੇ ਉਦੇਸ਼ਾਂ ਬਾਰੇ ਪੂਰੇ ਚੇਤੰਨ ਸਨ। ਇਸ ਕਰਕੇ ਉਹ ਹਰ ਕੰਮ ਪੂਰਾ ਸੋਚ ਵਿਚਾਰ ਕੇ, ਸਿਧਾਂਤਕ ਤੇ ਰਾਜਸੀ ਦ੍ਰਿਸ਼ਟੀ ਤੋਂ ਲਾਹਾ ਲੈਣ ਦੀ ਬਿਰਤੀ ਨਾਲ ਕਰਦੇ ਸਨ । ਉਨ੍ਹਾਂ ਦਾ ਵਾਹ ਲੜਾਕੂ ਜਜ਼ਬੇ ਨਾਲ ਉੱਛਲ ਰਹੇ ਭੋਲੇ- ਭਾਲੇ ਪੇਂਡੂ ਸਿੱਖਾਂ ਨਾਲ ਪੈ ਗਿਆ ਸੀ, ਜੋ ਹੱਦ ਦਰਜੇ ਦੇ ਇਮਾਨਦਾਰ ਤੇ ਸਾਦਾ-ਦਿਲ ਲੋਕ ਸਨ।

ਗ਼ਦਰ ਪਾਰਟੀ ਦਾ ਸਿਧਾਂਤਕ ਦ੍ਰਿਸ਼ਟੀ ਤੋਂ ਮੁਲੰਕਣ ਕਰਨ ਲੱਗਿਆਂ ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਪਾਰਟੀ ਦੇ ਉਦੇਸ਼ਾਂ, ਨੀਤੀਆਂ ਤੇ ਕਾਰਜਾਂ ਸੰਬੰਧੀ ਪਾਰਟੀ ਲਿਖਤਾਂ ਉੱਤੇ ਅੰਨ੍ਹੇਵਾਹ ਨਿਰਭਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲਿਖਤਾਂ ਪ੍ਰਤੀ ਘੋਖਵੀਂ ਤੇ ਸੋਘਵੀਂ ਪਹੁੰਚ ਅਪਨਾਉਣੀ ਜ਼ਰੂਰੀ ਹੈ। ਇਹ ਪਛਾਣ ਕਰਨੀ ਜ਼ਰੂਰੀ ਹੈ ਕਿ ਕਿਹੜੀ ਲਿਖਤ, ਕਿਸ ਵਿਅਕਤੀ ਨੇ, ਕਿਸ ਮੌਕੇ ‘ਤੇ ਲਿਖੀ। ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਵਿਚਾਰਧਾਰਾ ਪੱਖੋਂ ਗ਼ਦਰ ਪਾਰਟੀ ਇਕ-ਜਿਨਸੀ (homogeneous) ਨਹੀਂ ਸੀ। ਇਸ ਨੂੰ ਬੌਧਿਕ ਅਗਵਾਈ ਦੇਣ ਵਾਲੇ ਹਿੰਦੂ ਤੱਤ ਮੂਲ ਰੂਪ ਵਿਚ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਧਾਰਨੀ ਸਨ। ਇਸ ਕਰਕੇ ਉਨ੍ਹਾਂ ਨੇ ਪਾਰਟੀ ਤੇ ਇਸ ਦੇ ਸਦਰ-ਕੇਂਦਰ ਦੇ ਨਾਂਵਾਂ ਦੀ ਚੋਣ ਕਰਨ ਤੋਂ ਲੈ ਕੇ, ਪਾਰਟੀ ਦੇ ਨਾਹਰਿਆਂ, ਚਿੰਨ੍ਹਾਂ, ਰੂਪਕਾਂ (motifs) ਤੇ ਦੁਆ-ਸਲਾਮ (salutation) ਤਕ, ਹਰ ਮਾਮਲੇ ਵਿਚ ਹਿੰਦੂਤਵੀ ਅੰਸ਼ ਭਰਨ ਦੇ ਸੁਚੇਤ ਤੇ ਸ਼ਾਤਰ ਯਤਨ ਕੀਤੇ। ਉਨ੍ਹਾਂ ਨੇ ਪੇਂਡੂ ਸਿੱਖਾਂ, ਜਿਹੜੇ ਕਿ ਪਾਰਟੀ ਦੀ ਜਿੰਦ-ਜਾਨ ਸਨ, ਦੇ ਭੋਲੇਪਣ ਦਾ ਨਾਜਾਇਜ਼ ਫ਼ਾਇਦਾ ਲਿਆ। ਉਨ੍ਹਾਂ ਨੇ ਆਪਣੀਆਂ ਲਿਖਤਾਂ ਅੰਦਰ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਘੁਸੇੜਨ ਦਾ ਹਰ ਸੰਭਵ ਯਤਨ ਕੀਤਾ। ਇਥੋਂ ਤਕ ਕਿ ਲਾਲਾ ਹਰਦਿਆਲ ਤੋਂ ਬਾਅਦ ਜਦੋਂ ਰਾਮਚੰਦਰ ਗ਼ਦਰ ਅਖ਼ਬਾਰ ਦਾ ਸੰਪਾਦਕ ਬਣਿਆ ਤਾਂ ਖ਼ੁਦ ਲਾਲਾ ਹਰਦਿਆਲ ਨੇ ਪਾਰਟੀ ਦੇ ਆਗੂਆਂ ਨੂੰ ਸੁਚੇਤ ਕੀਤਾ ਸੀ ਕਿ ਰਾਮਚੰਦਰ ਦੀ ਹਰ ਲਿਖਤ ਨੂੰ ਗਹੁ ਨਾਲ ਘੋਖਿਆ ਜਾਵੇ, ਕਿਉਂਕਿ ਰਾਮਚੰਦਰ ਅੰਦਰ ਪਾਰਟੀ ਦੀਆਂ ਲਿਖਤਾਂ ਵਿਚ ਅਛੋਪਲੇ ਹੀ ਆਪਣੇ ਵਿਚਾਰਾਂ ਨੂੰ ਘੁਸੇੜ ਦੇਣ ਦੀ ਪਰਬਲ ਬਿਰਤੀ ਸੀ।”

ਅਸਲ ਵਿਚ ਸਿੱਖ ਭਾਈਚਾਰੇ ਨੂੰ ਹਿੰਦੂ ਰਾਸ਼ਟਰਵਾਦੀ ਧਾਰਾ ਦੇ ਪਿਛਲੱਗ ਬਣਾਉਣ ਦੇ ਯਤਨ ਚਿਰੋਕਣੇ ਸ਼ੁਰੂ ਹੋ ਚੁੱਕੇ ਸਨ। ਵੀਹਵੀਂ ਸਦੀ ਦੇ ਆਰੰਭ ਵਿਚ ਹੀ, ਇੰਗਲੈਂਡ ਵਿਖੇ ਰਹਿ ਰਹੇ ਪ੍ਰਮੁੱਖ ਹਿੰਦੂ ਰਾਸ਼ਟਰਵਾਦੀਆਂ – ਜਿਵੇਂ ਕਿ ਵਿਨਾਇਕ ਦਮੋਦਰ ਸਾਵਰਕਰ, ਸ਼ਿਆਮਜੀ ਕ੍ਰਿਸ਼ਨ ਵਰਮਾ, ਲਾਲਾ ਲਾਜਪਤ ਰਾਇ, ਬਿਪਨ ਚੰਦਰਪਾਲ, ਪ੍ਰੋ. ਗੋਕਲ ਚੰਦ ਨਾਰੰਗ ਆਦਿ – ਵੱਲੋਂ ਇਸ ਮਨੋਰਥ ਅਧੀਨ ਵਿਉਂਤਬੱਧ ਯਤਨ ਸ਼ੁਰੂ ਕਰ ਦਿੱਤੇ ਗਏ। ਸਨ। ਇਨ੍ਹਾਂ ਯਤਨਾਂ ਦੀ ਕੜੀ ਵਜੋਂ 29 ਦਸੰਬਰ 1908 ਨੂੰ ਲੰਡਨ ਦੇ ਕੈਕਸਟਨ ਹਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਵਿਚ ਇਕ ਉਚੇਚੀ ਸਭਾ ਬੁਲਾਈ ਗਈ ਸੀ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਬੰਗਾਲੀ ਦੇਸ਼ਭਗਤ ਬਿਪਨ ਚੰਦਰਪਾਲ ਨੇ ਕੀਤੀ। ਸੀ। ਉਪਰ ਗਿਣੇ ਸਭਨਾਂ ਹਿੰਦੂ ਰਾਸ਼ਟਰਵਾਦੀਆਂ ਨੇ ਇਸ ਸਭਾ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ, ਗੁਰੂ ਸਾਹਿਬ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ‘ਦੇਸ਼ ਦੀ ਖ਼ਾਤਰ ਜਾਨਾਂ ਕੁਰਬਾਨ ਕਰਨ’ ਲਈ ਉਤੇਜਿਤ ਕੀਤਾ ਸੀ। ਇਸ ਮੌਕੇ ‘ਵੰਦੇ ਮਾਤਰਮ ਖ਼ਾਲਸਾ’ ਦੇ ਗੁਮਰਾਹਕੁਨ ਅਨੁਵਾਨ ਦੇ ਹੇਠਾਂ ਇਕ ਉਚੇਚਾ ਪਰਚਾ ਛਾਪ ਕੇ ਵੰਡਿਆ ਗਿਆ, ਜਿਸ ਵਿਚ ਖ਼ਾਲਸਾ ਪੰਥ ਦੀ ਉਪਮਾ ‘ਭਾਰਤ ਮਾਂ ਦੇ ਹੱਥ ਵਿਚ ਫੜੀ ਸ਼ਮਸ਼ੀਰ’ ਨਾਲ ਕੀਤੀ ਗਈ ਸੀ ਅਤੇ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦਾ ਜਜ਼ਬਾ ਭਰਨ ਲਈ ਸਿੱਖ ਗੁਰੂਆਂ ਨੂੰ ਰਾਸ਼ਟਰਵਾਦੀ ਦਰਸਾਉਣ ਦੇ ਮੰਤਵ ਨਾਲ ਭਾਵਕ ਦਲੀਲਾਂ ਤੇ ਦ੍ਰਿਸ਼ਟਾਂਤਾਂ ਦਾ ਪੁਰਜ਼ੋਰ ਇਸਤੇਮਾਲ ਕੀਤਾ ਗਿਆ ਸੀ। ਇਸ ਸਮਾਗਮ ਦੀ ਸਮਾਪਤੀ ਉਪਰੰਤ ਸਿੱਖਾਂ ਨੂੰ ਇੰਡੀਆ ਹਾਊਸ ਵਿਖੇ ਖਾਣੇ ਦੀ ਦਾਅਵਤ ਦਿੱਤੀ ਗਈ ਸੀ। ਇਸੇ ਲੜੀ ਨੂੰ ਜਾਰੀ ਰੱਖਦੇ ਹੋਏ, 1909 ਈ. ਵਿਚ, ਭਾਰਤੀ ਫ਼ੌਜ ਅੰਦਰ ਨੌਕਰੀ ਕਰ ਰਹੇ ਸਿੱਖ ਸੈਨਿਕਾਂ ਦੇ ਨਾਂ ਇਕ ਚਿੱਠੀ ਜਾਰੀ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੂੰ ਬਰਤਾਨਵੀ ਹਕੂਮਤ ਦੀ ਸੇਵਾ ਕਰਨ ਦੀ ਬਜਾਇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਨਿਛਾਵਰ ਕਰਨ ਦੀਆਂ ਉਤੇਜਨਾਪੂਰਨ ਅਪੀਲਾਂ ਕੀਤੀਆਂ ਗਈਆਂ ਸਨ।

ਪਾਰਟੀ ਦੇ ਅਖ਼ਬਾਰ ਦਾ ਨਾਂ ਗ਼ਦਰ ਲਾਲਾ ਹਰਦਿਆਲ ਦੀ ਸਿਫ਼ਾਰਸ਼ ਉੱਤੇ ਰੱਖਿਆ ਗਿਆ ਸੀ। ਉਸ ਵੇਲੇ ਹਿੰਦੂ ਰਾਸ਼ਟਰਵਾਦੀਆਂ ਅੰਦਰ ਸਾਵਰਕਰ ਦੀ 1857 ਦੇ ਗ਼ਦਰ ਬਾਰੇ ਲਿਖੀ ਪੁਸਤਕ ਬਹੁਤ ਮਕਬੂਲ ਹੋਈ ਸੀ । ਸਾਵਰਕਰ ਨੇ ਇਹ ਪੁਸਤਕ 1857 ਦੇ ਗ਼ਦਰ ਦੀ ਵਿਰਾਸਤ ਨੂੰ ਹਿੰਦੂਵਾਦ ਦੇ ਪੁਨਰ-ਉਥਾਨ ਦੇ ਲੇਖੇ ਲਾਉਣ ਦੀ ਭਾਵਨਾ ਨਾਲ ਲਿਖੀ ਸੀ । ਲਾਲਾ ਹਰਦਿਆਲ ਵੱਲੋਂ ਪਾਰਟੀ ਦੇ ਅਖ਼ਬਾਰ ਦਾ ਇਹ ਨਾਉਂ ਤਜਵੀਜ਼ ਕੀਤੇ ਜਾਣ ਪਿੱਛੇ ਵੀ ਉਸ ਦੀ ਇਹੋ ਭਾਵਨਾ ਕੰਮ ਕਰਦੀ ਸੀ।

ਇਸੇ ਤਰ੍ਹਾਂ, ਪਾਰਟੀ ਦੇ ਸਦਰ-ਕੇਂਦਰ ਦਾ ਨਾਂ ‘ਯੁਗਾਂਤਰ ਆਸ਼ਰਮ’ ਵੀ ਇਸੇ ਸੋਚ ਤੇ ਭਾਵਨਾ ਵਿੱਚੋਂ ਹੀ ਨਿਕਲਿਆ ਸੀ। ਰਾਜਵਿੰਦਰ ਸਿੰਘ ਰਾਹੀ ਨੇ ਗ਼ਦਰ ਪਾਰਟੀ ਬਾਰੇ ਆਪਣੀਆਂ ਖੋਜ ਭਰਪੂਰ ਲਿਖਤਾਂ ਵਿਚ ਇਸ ਤੱਥ ਦੀ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਅੰਦਰ “ਬੰਗਾਲ ਵਿਚ ਹਿੰਦੂ ਰਾਸ਼ਟਰਵਾਦੀਆਂ ਦੇ ਦੋ ਗਰੁੱਪ ਸਨ, ਇਕ ‘ਅਨੁਸ਼ੀਲਨ ਸੰਮਤੀ’ ਤੇ ਦੂਜਾ ‘ਵਿਪਲਵੀ’ ਅਥਵਾ ‘ਯੁਗਾਂਤਰ’ ਗਰੁੱਪ। ਦੋਵਾਂ ਦੇ ਹੀ ਧਰਮ ਕਰਮ ਦਾ ਆਧਾਰ ‘ਗੀਤਾ’ ਸੀ। ਅਨੁਸ਼ੀਲਨ ਸ਼ਬਦ ਬੰਕਿਮ ਚੰਦਰ ਚੈਟਰਜੀ ਨੇ ਸਥਾਪਤ ਕੀਤਾ ਸੀ ਜਿਸ ਦਾ ਅਰਥ ਤਨ ਤੇ ਮਨ ਨੂੰ ਸਾਧਣਾ ਸੀ। ਇਹ ਦੋਵੇਂ ਗਰੁੱਪ ਹੀ ਬੰਗਾਲ ਮਾਤਰ ਭੂਮੀ ਨੂੰ ਬ੍ਰਿਟਿਸ਼ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਟੁੱਟਵੀਆਂ ਖਿੰਡਵੀਆਂ ਹਥਿਆਰਬੰਦ ਕਾਰਵਾਈਆਂ ਕਰਦੇ ਸਨ। ਦੋਵਾਂ ਗਰੁੱਪਾਂ ਦਾ ਮਕਸਦ ਹੀ ਮਾਤਰ ਭੂਮੀ ਨੂੰ ਆਜ਼ਾਦ ਕਰਵਾ ਕੇ ‘ਹਿੰਦੂ ਗੌਰਵ ਦਾ ਪੁਨਰਉਥਾਨ’ ਕਰਨਾ ਸੀ। ਇਸ ਗਰੁੱਪ ਦੇ ਪਹਿਲੇ ਪਰਚੇ ਦਾ ਨਾਂ ਵੰਦੇ ਮਾਤਰਮ ਸੀ, ਜਿਸ ਦਾ 1906 ਵਿਚ ਸੰਪਾਦਕ ਅਰਬਿੰਦੋ ਘੋਸ਼ ਸੀ। ਜਦ ਇਹ ਪਰਚਾ ਬੰਦ ਹੋ ਗਿਆ ਤਾਂ ਇਸ ਗਰੁੱਪ ਵਲੋਂ ਯੁਗਾਂਤਰ ਨਾਂ ਦਾ ਪਰਚਾ ਕੱਢਿਆ ਗਿਆ ਜਿਸ ਦਾ ਸੰਪਾਦਕ ਅਰਬਿੰਦੋ ਘੋਸ਼ ਹੀ ਬਣਿਆ। ‘ਯੁਗਾਂਤਰ’ ਦਾ ਅਰਥ ਬਣਦਾ ਹੈ ਯੁੱਗ ਦਾ ਅੰਤਰ, ਇਸੇ ਲਈ ਹਿੰਦੂ ਰਾਸ਼ਟਰਵਾਦੀ ਜੋ ਯੁੱਗ ਲਿਆਉਣ ਦੇ ਚਾਹਵਾਨ, ਯਤਨਸ਼ੀਲ ਤੇ ਸੰਘਰਸ਼ਸ਼ੀਲ ਸਨ, ਉਹ ਯੁੱਗ ਹੋਣਾ ਸੀ, ਹਿੰਦੂ ਗੌਰਵ ਦੇ ਪੁਨਰ ਉਥਾਨ ਦਾ, ਜਿਸ ਵਿਚ ਸਨਾਤਨੀ ਵੈਦਿਕ ਧਰਮ ਦੀ ਜੈ ਜੈਕਾਰ ਹੋਣੀ ਸੀ । ਲਾਲਾ ਹਰਦਿਆਲ ਵਲੋਂ ਬੰਗਾਲੀਆਂ ਦੇ ਇਸੇ ‘ਯੁਗਾਂਤਰ’ ਦੀ ਠੁੱਕ ਬਣਾਉਣ ਲਈ ਹੀ ਗ਼ਦਰ ਪਾਰਟੀ ਦੇ ਹੈੱਡ-ਕੁਆਟਰ ਦਾ ਨਾਉਂ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ ਸੀ।”

ਗ਼ਦਰ ਪਾਰਟੀ ਬਾਰੇ ਲਿਖੀਆਂ ਗਈਆਂ ਲਗਭਗ ਸਾਰੀਆਂ ਹੀ ਇਤਿਹਾਸਕ ਲਿਖਤਾਂ ਅੰਦਰ ਇਸ ਤੱਥ ਨੂੰ ਹੱਦੋਂ ਵੱਧ ਉਭਾਰ ਕੇ ਪੇਸ਼ ਕੀਤਾ ਗਿਆ ਹੈ ਕਿ ਗ਼ਦਰ ਪਾਰਟੀ ਦੇ ਬਾਨੀਆਂ ਨੇ, ਆਪਣੀ ਧਰਮ-ਨਿਰਪੱਖਤਾ ਦਾ ਸਬੂਤ ਤੇ ਸੰਦੇਸ਼ ਦੇਣ ਲਈ, ਕਿਸੇ ਵਿਸ਼ੇਸ਼ ਧਰਮ ਨਾਲ ਜੁੜੇ ਕਿਸੇ ਨਾਹਰੇ ਨੂੰ ਪਰਵਾਨ ਕਰਨ ਤੋਂ ਇਨਕਾਰੀ ਹੋ ਕੇ, ਸੁਚੇਤ ਪੱਧਰ ‘ਤੇ, ‘ਵੰਦੇ ਮਾਤਰਮ’ ਨੂੰ ਪਾਰਟੀ ਦੇ ਕੇਂਦਰੀ ਨਾਹਰੇ ਅਤੇ ਧਰਮ-ਨਿਰਪੱਖਤਾ ਦੇ ਚਿੰਨ੍ਹ ਵਜੋਂ ਪਰਵਾਨ ਤੇ ਪ੍ਰਚਲਿਤ ਕੀਤਾ ਸੀ। ਰਾਜਵਿੰਦਰ ਸਿੰਘ ਰਾਹੀ ਨੇ ਇਸ ਪ੍ਰਚਲਿਤ ਧਾਰਨਾ ਨੂੰ ਕਈ ਪੱਖਾਂ ਤੋਂ ਝੁਠਲਾਇਆ ਹੈ। ਗ਼ਦਰ ਪਾਰਟੀ ਦੇ ਸਮੁੱਚੇ ਇਤਿਹਾਸ ਤੇ ਸਰਗਰਮੀਆਂ ਦੀ ਘੋਖਵੀਂ ਛਾਣਬੀਣ ਕਰਨ ਤੋਂ ਬਾਅਦ, ਉਸ ਨੇ ਇਸ ਬਾਰੇ ਕਈ ਅਹਿਮ ਤੇ ਨਵੇਂ ਤੱਥ ਸਾਹਮਣੇ ਲਿਆਂਦੇ ਹਨ। ਉਸ ਨੇ ਬਾ-ਦਲੀਲ ਢੰਗ ਤੇ ਦ੍ਰਿੜ੍ਹ ਅੰਦਾਜ਼ ਨਾਲ ਇਹ ਦਰਸਾਇਆ ਹੈ ਕਿ ‘ਵੰਦੇ ਮਾਤਰਮ’ ਦੇ ਨਾਹਰੇ ਦਾ ਜਨਮ ਕਦੋਂ, ਕਿਹੜੀ ਕੁੱਖ ਵਿੱਚੋਂ ਤੇ ਕਿਹੜੀ ਦਾਈ ਹੱਥੋਂ ਹੋਇਆ ਸੀ ਅਤੇ ਇਸ ਦੀ ਪਰਵਰਿਸ਼ ਕਿਹੋ ਜਿਹੇ ਸਭਿਆਚਾਰਕ ਤੇ ਰਾਜਸੀ ਮਾਹੌਲ ਵਿਚ ਹੋਈ ਸੀ। ਇਸ ਦੇ ਨਾਲ ਹੀ ਉਸ ਨੇ ਇਤਿਹਾਸ ਵਿੱਚੋਂ ਠੋਸ ਤੱਥਾਂ ਤੇ ਹਵਾਲਿਆਂ ਦੀ ਮੱਦਦ ਨਾਲ ਇਹ ਗੱਲ ਸਾਬਤ ਕਰਨ ਦਾ ਵੀ ਪ੍ਰਭਾਵਸ਼ਾਲੀ ਯਤਨ ਕੀਤਾ ਹੈ ਕਿ ਸਿੱਖ ਗ਼ਦਰੀ ਦੇਸ਼ਭਗਤਾਂ ਦੀ ਅੰਤਰ-ਆਤਮਾ ਨੇ ਇਸ ਨਾਅਰੇ ਨੂੰ ਕਦੇ ਵੀ ਪੂਰੀ ਤਰ੍ਹਾਂ ਪਰਵਾਨ ਨਹੀਂ ਕੀਤਾ ਸੀ ਅਤੇ ਇਹ ਕਦੇ ਵੀ ਉਨ੍ਹਾਂ ਦੀ ਅੰਤਰ-ਚੇਤਨਾ ਦਾ ਅੰਗ ਨਹੀਂ ਬਣਿਆ ਸੀ । ਲੇਖਕ ਨੇ ਇਤਿਹਾਸ ਵਿੱਚੋਂ ਠੋਸ ਹਵਾਲਿਆਂ ਨਾਲ ਦਰਸਾਇਆ ਹੈ ਕਿ ‘ਵੰਦੇ ਮਾਤਰਮ’ ਦਾ ਨਾਹਰਾ ਹਕੀਕਤ ਵਿਚ ਇਕ ਫ਼ਿਰਕੂ ਨਾਹਰਾ ਹੈ ਜਿਸ ਦੀ ਕਾਢ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਨੇ ਵੀਹਵੀਂ ਸਦੀ ਦੇ ਆਰੰਭਕ ਸਾਲਾਂ ਵਿਚ ਮੁਸਲਿਮ ਵਿਰੋਧੀ ਫ਼ਿਰਕੂ ਉਦੇਸ਼ਾਂ ਨੂੰ ਮੁੱਖ ਰੱਖ ਕੇ ਕੱਢੀ ਸੀ। ਉਸ ਨੇ ਦੱਸਿਆ ਹੈ ਕਿ ਪ੍ਰਸਿੱਧ ਬੰਗਾਲੀ ਲੇਖਕ ਬੰਕਿਮ ਚੰਦਰ ਚੈਟਰਜੀ, ਜਿਹੜਾ ਕਿ ਕੱਟੜ ਹਿੰਦੂ ਸੋਚ ਦਾ ਮਾਲਕ ਸੀ, ਨੇ 1870 ਵਿਚ ‘ਵੰਦੇ ਮਾਤਰਮ’ ਦੇ ਅਨੁਵਾਨ ਹੇਠ ਇਕ ਗੀਤ ਲਿਖਿਆ ਸੀ। ਬਾਅਦ ਵਿਚ, 1882 ਈ. ਵਿਚ ਉਸ ਦਾ ਨਾਵਲ ਅਨੰਦ ਮੱਠ ਪ੍ਰਕਾਸ਼ਤ ਹੋਇਆ, ਜਿਸ ਵਿਚ ਇਹ ਗੀਤ ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ ਸੀ। ਇਹ ਨਾਵਲ ਮੁਸਲਿਮ ਵਿਰੋਧੀ ਨਫ਼ਰਤ ਨਾਲ ਭਰਿਆ ਹੋਇਆ ਹੈ। ਜਿਸ ਵਿਚ ਹਿੰਦੂਆਂ ਦੀ ਮੁਸਲਮਾਨਾਂ ਉੱਤੇ ਕਾਲਪਨਿਕ ਜਿੱਤ ਦੀ ਜੈ ਜੈਕਾਰ ਕੀਤੀ ਗਈ ਹੈ।

ਗ਼ਦਰੀ ਸਿੱਖ ਦੇਸ਼ਭਗਤਾਂ ਨੂੰ ਕਿਉਂਕਿ ‘ਵੰਦੇ ਮਾਤਰਮ’ ਦੇ ਨਾਅਰੇ ਦੇ ਇਸ ਪਿਛੋਕੜ ਤੇ ਇਸ ਦੇ ਅਰਥਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਇਸ ਕਰਕੇ ਉਨ੍ਹਾਂ ਵੱਲੋਂ ਇਸ ਨੂੰ ਅਗਿਆਨਤਾ ਤੇ ਅਨਾੜੀਪੁਣੇ ਵਿਚ ਅਪਣਾਅ ਲਿਆ ਗਿਆ ਪ੍ਰਤੀਤ ਹੁੰਦਾ ਹੈ। ਇਸ ਗੱਲ ਦਾ ਸੰਕੇਤ ਬਾਬਾ ਸੋਹਣ ਸਿੰਘ ਭਕਨਾ ਦੀ ਇਕ ਲਿਖਤ ਵਿੱਚੋਂ ਮਿਲਦਾ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਗ਼ਦਰ ਪਾਰਟੀ ਵਲੋਂ ‘ਵੰਦੇ ਮਾਤਰਮ’ ਦਾ ਨਾਹਰਾ ਅਪਣਾਉਣ ਦੀ ਵਜ੍ਹਾ ਇਹ ਦਰਸਾਈ ਹੈ ਕਿ, ‘ਕਿਸੇ ਹੋਰ ਚੀਜ਼ ਨਾਲੋਂ ਇਹ ਇਨਕਲਾਬੀ ਨਾਅਰਾ ਅੰਗਰੇਜ਼ਾਂ ਨੂੰ ਸਭ ਤੋਂ ਵੱਧ ਗੁੱਸਾ ਦੁਆਉਂਦਾ ਹੈ। ਇਸ ਤੋਂ ਸਿੱਖ ਗ਼ਦਰੀ ਦੇਸ਼ ਭਗਤਾਂ ਦੀ ਸਾਦਗੀ ਤੇ ਲਾਲਾ ਹਰਦਿਆਲ ਵਰਗੇ ਸ਼ਾਤਰ ਆਗੂਆਂ ਦੀ ਚੁਸਤੀ ਚਲਾਕੀ ਸਪੱਸ਼ਟ ਹੋ ਜਾਂਦੀ ਹੈ।

ਗ਼ਦਰ ਲਹਿਰ ਦਾ ਪ੍ਰਮੁੱਖ ਇਤਿਹਾਸਕਾਰ ਡਾ. ਹਰੀਸ਼ ਪੁਰੀ ਇਸ ਵਿੱਚੋਂ ਇਹ ਸਿੱਟਾ ਕੱਢਦਾ ਹੈ ਕਿ ਸਿੱਖ ਗ਼ਦਰੀਆਂ ਨੇ ‘ਵੰਦੇ ਮਾਤਰਮ’ ਦੇ ਨਾਹਰੇ ਦੇ ਵਿਚਾਰਧਾਰਕ ਪ੍ਰਭਾਵ ਅਧੀਨ ਸਿੱਖ ਜੈਕਾਰੇ ਪੂਰੀ ਤਰ੍ਹਾਂ ਤਿਆਗ ਦਿੱਤੇ ਸਨ। ਉਸ ਦੇ ਲਿਖਣ ਮੁਤਾਬਕ :

ਐਸੀ ਗਵਾਹੀ ਸ਼ਾਇਦ ਹੀ ਮਿਲਦੀ ਹੋਵੇ ਕਿ ਗ਼ਦਰੀਆਂ ਨੇ ਸਿੱਖਾਂ ਦਾ ਮੁਤਵਾਜ਼ੀ ਧਾਰਮਿਕ ਜਾਂ ਜੰਗੀ ਨਾਅਰਾ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਅਤੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਕਦੀ ਵੀ ਵਰਤਿਆ ਹੋਵੇ। ਇਸ ਦੀ ਥਾਂ ਹਮੇਸ਼ਾ ਹੀ ‘ਬੰਦੇ ਮਾਤਰਮ’ ਦੇ ਨਾਅਰੇ ਦੀ ਵਰਤੋਂ ਕੀਤੀ ਲੱਗਦੀ ਹੈ, ਜਿਸ ਤੋਂ ਇਹਨਾਂ ਲੋਕਾਂ ਵਿਚਕਾਰ ਕੌਮੀਅਤ ਬਾਰੇ ਵੱਖਰੇ ਅਤੇ ਵਿਸ਼ਾਲ ਅਪੀਲ ਰੱਖਦੇ ਹੋਣ ਦਾ ਸੁਝਾਅ ਮਿਲਦਾ ਹੈ।

ਡਾ. ਪੁਰੀ ਦਾ ਸਿੱਖ ਗ਼ਦਰੀ ਦੇਸ਼ਭਗਤਾਂ ਬਾਰੇ ਇਹ ਨਿਰਣਾ ਅੰਤਰਮੁਖੀ (subjective) ਹੈ, ਜੋ ਕਿ ਪੂਰੀ ਤਰ੍ਹਾਂ ਝੂਠਾ ਹੈ। ਇਹ ਸਿੱਖ ਗ਼ਦਰੀਆਂ ਦੇ ਸਿਧਾਂਤਕ ਨਜ਼ਰੀਏ ਦੀ ਤਰਜਮਾਨੀ ਨਹੀਂ ਕਰਦਾ, ਬਲਕਿ ਲੇਖਕ ਦੇ ਆਪਣੇ, ਸਿੱਖ ਪਛਾਣ ਪ੍ਰਤੀ ਤੁਅੱਸਬੀ ਵਤੀਰੇ ਦੀ ਚੁਗ਼ਲੀ ਕਰਦਾ ਹੈ। ਇਸ ਗੱਲ ਬਾਰੇ ਰੱਤੀ ਸੰਦੇਹ ਨਹੀਂ ਕਿ ਗ਼ਦਰੀਆਂ ਦਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਅਫ਼ਿਰਕੂ ਸੀ । ਪਰ ਉਨ੍ਹਾਂ ਦਾ ਇਹ ਨਜ਼ਰੀਆ ਲਿਬਰਲ ਫਲਸਫੇ ਵਿੱਚੋਂ ਉਪਜੇ ਸੈਕੁਲਰਿਜ਼ਮ (ਧਰਮ-ਨਿਰਪੱਖਤਾ) ਦੇ ਆਧੁਨਿਕ ਸੰਕਲਪ ਨਾਲੋਂ ਬਹੁਤ ਵੱਖਰਾ ਸੀ। ਲਿਬਰਲ ਫਲਸਫਾ ਧਰਮ ਨੂੰ ਵਿਅਕਤੀ ਦਾ ਨਿੱਜੀ ਮਾਮਲਾ ਕਰਾਰ ਦਿੰਦਾ ਹੈ ਅਤੇ ਇਸ ਦੇ ਜਨਤਕ ਜੀਵਨ ਅੰਦਰ ਪ੍ਰਗਟਾਵੇ ਦਾ ਵਿਰੋਧ ਕਰਦਾ ਹੈ, ਜਿਸ ਦਾ ਭਾਵ ਇਹ ਬਣਦਾ ਹੈ ਕਿ ਵਿਅਕਤੀ ਦੇ ਧਾਰਮਿਕ ਅਕੀਦੇ ਜੋ ਮਰਜ਼ੀ ਹੋਣ, ਉਸ ਦਾ ਸਮਾਜੀ ਵਿਹਾਰ ਇਸ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਉਸ ਦੇ ਧਾਰਮਿਕ ਵਿਸ਼ਵਾਸਾਂ ਦਾ ਉਸ ਦੇ ਸਮਾਜੀ ਵਤੀਰੇ ਉੱਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਉਸ ਦਾ ਸਮਾਜੀ ਵਤੀਰਾ ਨਿਰੋਲ ਸੈਕੁਲਰ ਵਿਸ਼ਵਾਸਾਂ ‘ਤੇ ਨਿਰਧਾਰਤ ਹੋਣਾ ਚਾਹੀਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਭਾਈ ਜੋਧ ਸਿੰਘ ਨੇ ਬਾ-ਦਲੀਲ ਢੰਗ ਨਾਲ ਦਰਸਾਇਆ ਹੈ ਕਿ ਸੈਕੁਲਰਿਜ਼ਮ ਦੀ ਅਜਿਹੀ ਸਮਝ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਨਾਲ ਟਕਰਾਉਂਦੀ ਹੈ ਅਤੇ ਸਿੱਖੀ ਦੀ ਮੂਲ ਸਪਿਰਟ ਦਾ ਨਿਖੇਧ ਕਰਦੀ ਹੈ:

ਧਰਮ ਅਮਲੀ ਜੀਵਨ ਦੇ ਆਦਰਸ਼ ਮਨੁੱਖਾਂ ਦੇ ਸਾਹਮਣੇ ਰੱਖਦਾ ਹੈ ਤੇ ਸਾਡੇ ਆਦਰਸ਼ ਹੀ ਸਾਡੀ ਕਿਰਿਆ ਨੂੰ ਮੁੱਢਲੇ ਸੁਭਾਵਾਂ ਦੀ ਪਕੜ ਵਿੱਚੋਂ ਕੱਢ ਕੇ ਉੱਚਾ ਕਰਦੇ ਹਨ। ਜੇ ਧਰਮ ਸੱਚਮੁੱਚ ਸਾਡਾ ਧਰਮ ਹੈ ਤਾਂ ਉਹ ਸਾਡੇ ਅਮਲਾਂ ਥਾਣੀਂ ਪ੍ਰਗਟ ਹੋਣੋ ਨਹੀਂ ਰਹਿ ਸਕਦਾ ਤੇ ਇਹ ਗੱਲ ਕਿਸੇ ਸਬੂਤ ਦੀ ਮੁਥਾਜ ਨਹੀਂ ਕਿ ਸਾਡੇ ਅਮਲਾਂ ਦਾ ਅਸਰ ਸਾਡੇ ਸਾਥੀਆਂ ਉਪਰ ਹੋਂਦਾ ਹੈ। ਇਕੁਰ ਹੀ ਦੂਸਰੇ ਮਨੁੱਖਾਂ ਦਾ ਅਸਰ ਸਾਡੇ ‘ਤੇ ਹੁੰਦਾ ਹੈ। ਇਸ ਲਈ ਇਹ ਮਨੌਤ ਕਿ “ਧਰਮ ਇਕ ਜਾਤੀ ਗੱਲ ਹੈ, ਦੂਜਿਆਂ ਨਾਲ ਇਸ ਦਾ ਕੋਈ ਸੰਬੰਧ ਨਹੀਂ”, ਯੁਕਤੀ ਦੇ ਤੱਕੜ ਪੁਰ ਨਹੀਂ ਟਿਕਦੀ ।

ਸੋ ਇਹ ਕਤਈ ਨਹੀਂ ਹੋ ਸਕਦਾ ਕਿ ਕੋਈ ਸਿੱਖ ਆਪਣੇ ਘਰ ਤੇ ਗੁਰਦੁਆਰੇ ਦੀ ਚਾਰ-ਦੀਵਾਰੀ ਦੇ ਅੰਦਰ ਤਾਂ ਸਿੱਖ ਧਰਮ ਤੋਂ ਪ੍ਰੇਰਨਾ ਲਵੇ, ਪਰੰਤੂ ਬਾਹਰ ਸਮਾਜ ਵਿਚ ਵਿਚਰਨ ਵੇਲੇ ਉਹ ਸਿੱਖ ਧਰਮ ਤੋਂ ਪ੍ਰੇਰਨਾ ਲੈਣੀ ਬੰਦ ਕਰ ਦੇਵੇ, ਜਿਸ ਦਾ ਭਾਵ ਅਰਥ ਇਹ ਬਣਦਾ ਹੈ ਕਿ ਉਹ ਸਮਾਜ ਅੰਦਰ ਵਿਚਰਨ ਵੇਲੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਭੁੱਲ ਕੇ, ਕਿਸੇ ਹੋਰ ਫਲਸਫੇ ਕੋਲੋਂ ਸੇਧ ਲੈਣੀ ਸ਼ੁਰੂ ਕਰ ਦੇਵੇ। ਗੁਰੂ ਵਿਚ ਸੱਚੀ ਸ਼ਰਧਾ ਰੱਖਣ ਵਾਲਾ ਕੋਈ ਸਿੱਖ ਅਜਿਹਾ ਦੋਗਲਾ ਜੀਵਨ ਨਹੀਂ ਜਿਉਂ ਸਕਦਾ। ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਉਹ ਆਪਣੇ ਆਪ ਨੂੰ ਸੱਚਾ ਸਿੱਖ ਨਹੀਂ ਅਖਵਾ ਸਕਦਾ। ਸਿੱਖ ਗ਼ਦਰੀਆਂ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਅਸਰ ਹੇਠ ਹੀ ਅਮਰੀਕਾ-ਕੈਨੇਡਾ ਦੀ ਧਰਤੀ ਉੱਤੇ ਨਸਲਪ੍ਰਸਤੀ ਦੇ ਵਿਰੁੱਧ ਸੰਘਰਸ਼ ਦਾ ਮੋਰਚਾ ਮੱਲਿਆ ਸੀ। ਸਿੱਖ ਫਲਸਫੇ ਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਹੀ ਉਨ੍ਹਾਂ ਨੇ ਦੇਸ ਨੂੰ ਗ਼ੁਲਾਮੀ ਦੇ ਜੂਲੇ ਤੋਂ ਆਜ਼ਾਦ ਕਰਾਉਣ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਦਾ ਤਹੱਈਆ ਕੀਤਾ ਸੀ । ਜੇਕਰ ਉਨ੍ਹਾਂ ਨੇ ਧਰਮ ਨੂੰ ਜਨਤਕ ਜੀਵਨ ਤੋਂ ਦੂਰ ਰੱਖਣ ਦੀ ਗੱਲ ਮੰਨ ਲਈ ਹੁੰਦੀ, ਤਾਂ ਉਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀਆਂ ਰਾਜਸੀ ਸਰਗਰਮੀਆਂ ਦੇ ਕੇਂਦਰ ਨਹੀਂ ਬਣਾਉਣਾ ਸੀ। ਸੱਚਾਈ ਤਾਂ ਇਹ ਹੈ ਕਿ ਆਰੰਭ ਵਿਚ ਇਹ ਇਕ ਧਾਰਮਿਕ ਲਹਿਰ ਸੀ, ਜਿਸ ਦਾ ਮੂਲ ਮਨੋਰਥ ਬਿਗਾਨੀ ਧਰਤੀ ਉੱਤੇ, ਬਿਗਾਨੇ ਸਭਿਆਚਾਰ ਦੇ ਦਬਾਅ ਤੇ ਹਮਲੇ ਹੇਠ ਆਏ ਸਿੱਖ ਧਰਮ ਤੇ ਸਭਿਆਚਾਰ ਦੀ ਰੱਖਿਆ ਕਰਨਾ ਸੀ। ਬਾਅਦ ਵਿਚ ਜਾ ਕੇ ਇਹ ਧਾਰਮਿਕ ਲਹਿਰ, ਬਣੀ ਤਣੀ, ਦੇਸ ਦੀ ਆਜ਼ਾਦੀ ਲਈ ਇਕ ਰਾਜਸੀ ਅੰਦੋਲਨ ਵਿਚ ਪਲਟ ਗਈ ਸੀ।

ਅਜਿਹਾ ਕੋਈ ਸਬੂਤ ਨਹੀਂ ਮਿਲਦਾ ਜਿਥੋਂ ਇਹ ਨਿਰਣਾ ਕੱਢਿਆ ਜਾ ਸਕੇ ਕਿ ਸਿੱਖ ਗ਼ਦਰੀਆਂ ਨੇ, ‘ਵੰਦੇ ਮਾਤਰਮ’ ਦਾ ਨਾਅਰਾ ਪ੍ਰਵਾਨ ਕਰ ਲੈਣ ਤੋਂ ਬਾਅਦ ਆਪਣੇ ਧਾਰਮਿਕ ਜੈਕਾਰਿਆਂ ਨੂੰ ਤਿਲਾਂਜਲੀ ਦੇ ਦਿੱਤੀ ਸੀ। ਇਸ ਦੇ ਉਲਟ, ਅਜਿਹੀਆਂ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਸਿੱਖ ਗ਼ਦਰੀਆਂ ਨੂੰ ਜਦੋਂ ਵੀ ਕਿਸੇ ਵੱਡੀ ਚੁਣੌਤੀ ਤੇ ਆਫ਼ਤ ਦਾ ਸਾਹਮਣਾ ਕਰਨਾ ਪਿਆ, ਤਾਂ ਉਨ੍ਹਾਂ ਨੇ ਹਮੇਸ਼ਾ ਆਪਣੀ ਜੰਗਜੂ ਸਪਿਰਟ ਦਾ ਪ੍ਰਗਟਾਵਾ ਆਪਣੇ ਧਾਰਮਿਕ ਜੈਕਾਰਿਆਂ ਰਾਹੀਂ ਕੀਤਾ। ‘ਵੰਦੇ ਮਾਤਰਮ’ ਦੇ ਨਾਹਰੇ ਨੂੰ ਉਨ੍ਹਾਂ ਨੇ ਰਸਮੀ ਕਿਰਿਆ ਨਾਲੋਂ ਵਧ ਕੇ ਹੋਰ ਕੋਈ ਅਹਿਮੀਅਤ ਨਹੀਂ ਦਿੱਤੀ ਸੀ।

ਇਸ ਕਰਕੇ ਸੱਚਾਈ ਇਹ ਹੈ ਕਿ ਸਿੱਖ ਗ਼ਦਰੀਆਂ ਦਾ ਅਫ਼ਿਰਕੂ ਦ੍ਰਿਸ਼ਟੀਕੋਣ ਸੈਕੁਲਰਿਜ਼ਮ ਦੇ ਆਧੁਨਿਕ ਸਿਧਾਂਤ ਦੀ ਦੇਣ ਨਹੀਂ ਸੀ। ਇਹ ਸਿੱਖ ਧਰਮ ਦੇ “ਸਭੇ ਸਾਝੀਵਾਲ ਸਦਾਇਨਿ” ਦੇ ਸਰਬੱਤ-ਹਿਤਕਾਰੀ ਅਸੂਲਾਂ (universalism) ਦੀ ਪੈਦਾਇਸ਼ ਸੀ। ਸਿੱਖ ਗ਼ਦਰੀ ਦੇਸ਼ਭਗਤ ਜਿਥੇ ਆਪਣੇ ਧਰਮ ਵਿਚ ਪੂਰੇ ਸੱਚੇ ਤੇ ਪੱਕੇ ਸਨ, ਉਥੇ ਉਹ ਕਿਸੇ ਵੀ ਧਰਮ ਨੂੰ ਤ੍ਰਿਸਕਾਰ ਦੇ ਭਾਵ ਨਾਲ ਨਹੀਂ ਦੇਖਦੇ ਸਨ। ਨਾ ਉਹ ਕਿਸੇ ਵਿਸ਼ੇਸ਼ ਧਾਰਮਿਕ ਫ਼ਿਰਕੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੇ ਸਨ। ਆਪਣੇ ਸਮਕਾਲੀ ਹਿੰਦੂ ਰਾਸ਼ਟਰਵਾਦੀਆਂ ਨਾਲੋਂ ਇਹ ਉਨ੍ਹਾਂ ਦਾ ਬਹੁਤ ਹੀ ਅਹਿਮ ਤੇ ਬੁਨਿਆਦੀ ਸਿਧਾਂਤਕ ਵਖਰੇਵਾਂ ਸੀ।

ਰਾਜਵਿੰਦਰ ਸਿੰਘ ਰਾਹੀ ਨੇ ਇਹ ਤੱਥ ਵੀ ਬਾਖ਼ੂਬ ਸਥਾਪਤ ਕੀਤਾ ਹੈ ਕਿ ‘ਭਾਰਤ ਮਾਤਾ’ ਦਾ ਸੰਕਲਪ ਵੀ ਇਕ ਹਿੰਦੂਵਾਦੀ ਘਾੜਤ ਹੈ, ਜੀਹਨੂੰ ਸਭ ਨਾਲੋਂ ਪਹਿਲਾਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਨੇ ਪ੍ਰਚਲਿਤ ਕੀਤਾ ਸੀ। ਬੰਕਿਮ ਚੰਦਰ ਚੈਟਰਜੀ ਨੇ ਆਪਣੇ ਨਾਵਲ ਅਨੰਦ ਮੱਠ ਵਿਚ ਬੰਗਾਲ ਨੂੰ ‘ਮਾਤਾ’ ਕਹਿ ਕੇ ਨਿਵਾਜਿਆ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ‘ਭਾਰਤ ਮਾਤਾ’ ਦੇ ਰੂਪ ਵਿਚ ਤਬਦੀਲ ਕਰ ਲਿਆ ਗਿਆ। ‘ਭਾਰਤ ਮਾਤਾ’ ਦੀ ਦੇਵੀ-ਰੂਪ ਤਸਵੀਰ ਸਭ ਤੋਂ ਪਹਿਲਾਂ ਰਾਬਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ 1906 ‘ਚ ਬਣਾਈ ਗਈ ਸੀ। ‘ਭਾਰਤ ਮਾਤਾ’ ਦੇ ਸਿਰਲੇਖ ਵਾਲਾ ਇਹ ਚਿੱਤਰ ਇਕ ਬੰਗਾਲੀ ਮੈਗ਼ਜ਼ੀਨ ਵਿਚ ਛਪਿਆ ਸੀ ਤੇ ਬਾਅਦ ਵਿਚ ਇਸ ਨੂੰ ਕਈ ਰੂਪਾਂ ਵਿਚ ਛਾਪਿਆ ਗਿਆ। ਸੁਆਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਤਾ ਵਲੋਂ ਇਸ ਚਿੱਤਰ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕੀਤੀ ਗਈ ਸੀ। ਉਸ ਨੇ ਕਿਹਾ ਸੀ, ‘ਇਸ ਵਿਚ ਮਾਤਭੂਮੀ ਦੀ ਆਤਮਾ ਨੂੰ ਚਿਤਰਿਆ ਗਿਆ ਹੈ। ਇਹ ਮਾਤਭੂਮੀ ਆਸਥਾ ਅਤੇ ਵਿਸ਼ਵਾਸ ਦਿੰਦੀ ਹੈ, ਭੋਜਨ ਅਤੇ ਬਸਤਰ ਦਿੰਦੀ ਹੈ।’ ‘ਭਾਰਤ ਮਾਤਾ’ ਦੇ ਇਸ ਦੇਵੀ-ਨੁਮਾ ਚਿੱਤਰ ਵਿਚ ਮਾਤਾ ਦੀਆਂ ਚਾਰ ਬਾਹਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਦੇ ਹੱਥ ਵਿਚ ਖਾਣ-ਪੀਣ ਵਾਲੀਆਂ ਵੱਖ-ਵੱਖ ਵਸਤਾਂ ਫੜੀਆਂ ਹੋਈਆਂ ਸਨ। ਪਰ ਬਾਅਦ ਵਿਚ ਰਾਸ਼ਟਰਵਾਦੀਆਂ ਵਲੋਂ, ਹਿੰਦੂ ਸਮਾਜ ਦਾ ਸੈਨਿਕੀਕਰਨ ਕਰਨ ਦੇ ਉਦੇਸ਼ ਨਾਲ, ਉਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾ ਦਿੱਤੀ ਗਈ ਸੀ।

ਹਾਂ, ਏਨੀ ਗੱਲ ਜ਼ਰੂਰ ਸੱਚੀ ਹੈ ਕਿ ਸਿੱਖ ਗ਼ਦਰੀਆਂ ਵਿੱਚੋਂ ਵੀ ਇੱਕਾ-ਦੁੱਕਾ ਵਿਅਕਤੀ, ਅਨਜਾਣੇ ਤੌਰ ‘ਤੇ, ਹਿੰਦੂਵਾਦ ਦੀ ਵਿਚਾਰਧਾਰਕ ਲਾਗ ਤੋਂ ਪ੍ਰਭਾਵਿਤ ਸਨ। ਇਸ ਵਿੱਚੋਂ ਉਨ੍ਹਾਂ ਨੇ ‘ਵੰਦੇ ਮਾਤਰਮ’ ਦੇ ਨਾਹਰੇ ਦੀ ਪੁਰਜੋਸ਼ ਵਕਾਲਤ ਕੀਤੀ ਅਤੇ ਇਸ ਨੂੰ ਪਾਰਟੀ ਅੰਦਰ ਪ੍ਰਚਲਿਤ ਕਰਨ ਲਈ ਪੂਰੀ ਵਾਹ ਲਾਈ। ਇਨ੍ਹਾਂ ਭੁੱਲੜ ਸਿੱਖ ਗ਼ਦਰੀਆਂ ਵਿੱਚੋਂ ਭਾਈ ਭਗਵਾਨ ਸਿੰਘ ਪ੍ਰੀਤਮ ਦਾ ਨਾਂ ਲਿਆ ਜਾ ਸਕਦਾ ਹੈ, ਜਿਹੜਾ ਕਿ ਥੋੜ੍ਹੇ ਸਾਲ ਸਰਗਰਮ ਰਹਿਣ ਤੋਂ ਬਾਅਦ ਲਹਿਰ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਗਿਆ ਸੀ। ਸੋ ਅਜਿਹੇ ਭੁੱਲੜ ਸਿੱਖ ਦੇਸ਼ਭਗਤਾਂ ਦੀ ਕਿਸੇ ਲਿਖਤ ਜਾਂ ਕਵਿਤਾ ਨੂੰ ਆਧਾਰ ਬਣਾ ਕੇ ਸਮੁੱਚੀ ਲਹਿਰ ਬਾਰੇ ਆਮ ਨਿਰਣਾ ਨਹੀਂ ਕੱਢਿਆ ਜਾ ਸਕਦਾ। ਅਜਿਹਾ ਕਰਨਾ ਇਤਿਹਾਸਕਾਰੀ ਦੇ ਨਿਯਮਾਂ ਤੇ ਸਦਾਚਾਰ ਦੀ ਉਲੰਘਣਾ ਹੈ।

ਗ਼ਦਰੀਆਂ ਦਾ ਦੇਸ਼ਭਗਤੀ ਦਾ ਸੰਕਲਪ

ਗ਼ਦਰੀ ਦੇਸ਼ਭਗਤ ਤੇ ਹਿੰਦੂ ਰਾਸ਼ਟਰਵਾਦੀਏ, ਦੋਨੋਂ ਬਰਤਾਨਵੀ ਬਸਤੀਵਾਦੀ ਰਾਜ ਦੇ ਬਰਾਬਰ ਵਿਰੋਧੀ ਸਨ ਅਤੇ ਇਸ ਦਾ ਖ਼ਾਤਮਾ ਕਰ ਕੇ ਭਾਰਤ ਅੰਦਰ ਸੁਦੇਸ਼ੀ ਰਾਜ ਸਥਾਪਤ ਕਰਨ ਦੀ ਤਮੰਨਾ ਤੇ ਤਾਂਘ ਰੱਖਦੇ ਸਨ। ਪਰੰਤੂ ਦੋਵਾਂ ਦੇ ਬਸਤੀਵਾਦ ਦੇ ਵਿਰੋਧ ਦਾ ਆਧਾਰ ਅਲੱਗ ਅਲੱਗ ਸੀ ਅਤੇ ਸੁਦੇਸ਼ੀ ਰਾਜ ਬਾਰੇ ਦੋਵਾਂ ਦਾ ਨਜ਼ਰੀਆ ਵੀ ਵੱਖੋ- ਵੱਖਰਾ ਸੀ। ਗ਼ਦਰੀ ਦੇਸ਼ਭਗਤਾਂ ਦੇ ਬਸਤੀਵਾਦੀ ਰਾਜ ਦੇ ਵਿਰੋਧ ਦਾ ਆਧਾਰ ਰਾਸ਼ਟਰਵਾਦ ਦਾ ਸੰਕੀਰਣ ਜਜ਼ਬਾ ਨਹੀਂ ਸੀ । ਉਨ੍ਹਾਂ ਦਾ ਵਿਰੋਧ ਮੂਲ ਰੂਪ ਵਿਚ ਉਨ੍ਹਾਂ ਦੀ ਜਮਹੂਰੀ ਆਕਾਂਖਿਆ, ਜਿਹੜੀ ਕਿ ਸਿੱਖੀ ਸਪਿਰਟ ਦੀ ਦੇਣ ਸੀ, ਵਿੱਚੋਂ ਪੈਦਾ ਹੋਇਆ ਸੀ। ਕੋਈ ਸਿਰੇ ਦਾ ਤੁਅੱਸਬੀ ਹੀ ਇਸ ਤੱਥ ਤੋਂ ਮੁਨਕਰ ਹੋ ਸਕਦਾ ਹੈ ਕਿ ਸਿੱਖਾਂ ਅੰਦਰ, ਭਾਰਤ ਦੇ ਹੋਰ ਕਿਸੇ ਵੀ ਵਰਗ ਦੀ ਤੁਲਨਾ ਵਿਚ, ਜਮਹੂਰੀਅਤ ਦੀ ਜ਼ੋਰਦਾਰ ਅੰਤਰੀਵ ਭਾਵਨਾ (instinct) ਹੈ। ਇਸ ਦੀ ਵਜ੍ਹਾ ਸਿੱਖ ਧਰਮ ਦਾ ਨਿਆਰਾ ਫਲਸਫਾ ਤੇ ਇਸ ਵਿੱਚੋਂ ਪ੍ਰਗਟ ਹੋਇਆ ਉਨ੍ਹਾਂ ਦਾ ਨਿਆਰਾ ਤੇ ਗੌਰਵਸ਼ਾਲੀ ਇਤਿਹਾਸ ਹੈ। ਇਸ ਕਰਕੇ ਸਿੱਖ ਸੁਤੇ-ਸਿੱਧ ਹੀ ਜ਼ੁਲਮ ਤੇ ਧੱਕੇਸ਼ਾਹੀ ਦੇ ਖ਼ਿਲਾਫ਼ ਲੜਨ ਲਈ ਤਤਪਰ ਹੋ ਜਾਂਦੇ ਹਨ। ‘ਸਿੱਖ ਦਰਸ਼ਨ ਤੇ ਸੰਗਠਨ ਦਾ ਲਖਸ਼ ਮਨੁੱਖ ਦੀ ਭਰਪੂਰਤਾ ਹੈ ਅਤੇ ਇਸ ਦੇ ਰਾਹ ਵਿਚ ਰੁਕਾਵਟ ਬਣਨ ਵਾਲੇ ਜ਼ਾਲਮ ਸ਼ਾਸਕ ਗ੍ਰੋਹਾਂ ਦਾ ਨਾਸ਼ ਕਰਨਾ ਇਸ ਲਖਸ਼ ਵਿਚ ਸ਼ਾਮਲ ਹੈ। ਭਰਪੂਰਤਾ ਤਕ ਪਹੁੰਚਣ ਲਈ ਜੋ ਵਿਰੋਧ ਆਉਂਦੇ ਹਨ, ਉਨ੍ਹਾਂ ਨੂੰ ਹਟਾਉਣਾ ਸਿੱਖ ਮਾਰਗ ਦੀ ਵਚਨਬੱਧਤਾ ਹੈ।… ਸਿੱਖ ਗੁਰੂਆਂ ਨੇ ਮਨੁੱਖ ਨੂੰ ਆਜ਼ਾਦੀ ਦਾ ਸੁਪਨਾ ਦਿੱਤਾ। ਇਹ ਆਜ਼ਾਦੀ ਪੱਛਮੀ ਤਰਜ਼ ਦੀ ਨਹੀਂ ਸੀ, ਰੂਸੋ ਵਾਲੀ (ਨਹੀਂ)…ਇਹ ਆਜ਼ਾਦੀ ਦਾ ਸੁਪਨਾ ਸ੍ਰਿਸ਼ਟੀ ਦੇ ਨਿਯਮਾਂ ਤੇ ਸੌਦਰਯ ਨਾਲ ਜੁੜਿਆ ਹੋਇਆ ਸੀ।16 ਸਿੱਖ ਗ਼ਦਰੀ ਇਸ ਸਿੱਖੀ ਗੁਣ ਦੀ ਬਦੌਲਤ ਹੀ ਪਹਿਲਾਂ ਅਮਰੀਕਾ-ਕੈਨੇਡਾ ਅੰਦਰ ਗੋਰਿਆਂ ਦੀ ਨਸਲਪ੍ਰਸਤੀ ਦੇ ਖ਼ਿਲਾਫ਼ ਤਣ ਗਏ ਸਨ ਅਤੇ ਫਿਰ ਭਾਰਤ ਅੰਦਰੋਂ ਬਸਤੀਵਾਦ ਦਾ ਬੋਰੀ- ਬਿਸਤਰਾ ਗੋਲ ਕਰਨ ਲਈ ਵਿਆਪਕ ਪੈਮਾਨੇ ‘ਤੇ ਲਾਮਬੰਦ ਹੋ ਗਏ ਸਨ। ਉਨ੍ਹਾਂ ਦੇ ਸਰੋਕਾਰ ਨਿਰੋਲ ਭਾਰਤ ਦੀ ਆਜ਼ਾਦੀ ਤਕ ਹੀ ਸੀਮਤ ਨਹੀਂ ਸਨ। ਇਸ ਕਰਕੇ ਉਹ ਜਿਸ ਧਰਤੀ ਉੱਤੇ ਸਨ, ਚੀਨ ਸੀ ਜਾਂ ਫਿਲਪੀਨ, ਸਿੰਗਾਪੁਰ ਸੀ ਜਾਂ ਥਾਈਲੈਂਡ, ਬਰਮਾ ਸੀ ਜਾਂ ਮਲਾਇਆ, ਉਨ੍ਹਾਂ ਹਰ ਜਗ੍ਹਾ ਸਥਾਪਤੀ ਵਿਰੁੱਧ ਬਗ਼ਾਵਤ ਕੀਤੀ।

ਇਸ ਦੀ ਤੁਲਨਾ ਵਿਚ, ਹਿੰਦੂ ਰਾਸ਼ਟਰਵਾਦੀਆਂ ਦੀ ਬਰਤਾਨਵੀ ਰਾਜ ਦੀ ਵਿਰੋਧਤਾ ਕਿਸੇ ਵੱਡੇ ਤੇ ਪਵਿੱਤਰ ਖ਼ਿਆਲ ਜਾਂ ਜਜ਼ਬੇ ਵਿੱਚੋਂ ਪੈਦਾ ਨਹੀਂ ਹੋਈ ਸੀ। ਇਸ ਦਾ ਆਧਾਰ ਗ਼ੈਰਾਂ ਕੋਲੋਂ ਤਾਕਤ ਖੋਹਣ ਦੇ ਤਰਕ ਵਿੱਚੋਂ ਉਪਜਿਆ ਰਾਸ਼ਟਰਵਾਦ ਦਾ ਸੰਕੀਰਣ ਜਜ਼ਬਾ ਸੀ। ਹਿੰਦੂ ਰਾਸ਼ਟਰਵਾਦ ਦੇ ਰੁਝਾਣ ਦੀ ਅਗਵਾਈ ਕਰਨ ਵਾਲੇ ਜਾਤ-ਅਭਿਮਾਨੀ ਵਰਗਾਂ ਅੰਦਰ ਜਮਹੂਰੀਅਤ ਦੀ ਭਾਵਨਾ ਦਾ ਕੋਈ ਅੰਸ਼ ਨਹੀਂ ਸੀ। ਜਾਤ-ਪਾਤੀ ਪ੍ਰਬੰਧ ਜਮਹੂਰੀਅਤ ਤੇ ਬਰਾਬਰੀ ਦੀ ਭਾਵਨਾ ਦਾ ਨਿਖੇਧ ਹੈ। ਗ਼ਦਰੀ ਦੇਸ਼ਭਗਤਾਂ ਦੇ ਸਮਕਾਲੀ ਹਿੰਦੂ ਰਾਸ਼ਟਰਵਾਦੀਏ ਜਾਤ-ਪਾਤੀ ਪ੍ਰਬੰਧ ਦੀ ਖੁੱਲ੍ਹਮ-ਖੁੱਲ੍ਹੀ ਵਕਾਲਤ ਕਰਦੇ ਸਨ।” ਸਿੱਖ ਗ਼ਦਰੀ ਦੇਸ਼ਭਗਤਾਂ ਦੀ ਉਨ੍ਹਾਂ ਨਾਲ ਜਿੰਨੀ ਕੁ ਵੀ ਸਾਂਝ ਸੀ, ਉਸ ਦਾ ਆਧਾਰ ਵਿਚਾਰਧਾਰਕ ਨਹੀਂ, ਨਿਰੋਲ ਰਾਜਸੀ ਸੀ, ਭਾਵ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਸਾਂਝੀ ਲੜਾਈ ਲੜਨ ਦਾ ਰਾਜਸੀ ਅਸੂਲ ਤੇ ਦਾਅ-ਪੇਚਕ ਪੈਂਤੜਾ!

ਵਿਚਾਰਧਾਰਕ ਦ੍ਰਿਸ਼ਟੀਕੋਣ ਦੇ ਉਪਰੋਕਤ ਵੱਖਰੇਵਿਆਂ ਦੀ ਵਜ੍ਹਾ ਕਰਕੇ, ਭਾਰਤ ਦੀ ਏਕਤਾ ਤੇ ਅਖੰਡਤਾ ਬਾਰੇ ਵੀ ਦੋਵਾਂ ਵਰਗਾਂ ਦਾ ਨਜ਼ਰੀਆ ਬਹੁਤ ਹੀ ਅਲੱਗ ਅਲੱਗ ਸੀ। ਗ਼ਦਰੀ ਦੇਸ਼ਭਗਤ ਜ਼ਾਹਰਾ ਤੌਰ ‘ਤੇ ਭਾਰਤ ਦੀ ਏਕਤਾ ਦੇ ਹਾਮੀ ਸਨ । ਪਰ ਉਨ੍ਹਾਂ ਲਈ ਭਾਰਤ ਦੀ ਏਕਤਾ ਮੁੱਖ ਰੂਪ ਵਿਚ ਇਕ ਸਮਾਜੀ ਯਥਾਰਥ ਸੀ, ਉਨ੍ਹਾਂ ਨੇ ਇਸ ਨੂੰ ਹਿੰਦੂ ਰਾਸ਼ਟਰਵਾਦੀਆਂ ਵਾਂਗੂੰ ਇਕ ਰਾਜਸੀ ਅਜੰਡੇ ਦੇ ਤੌਰ ‘ਤੇ ਨਹੀਂ ਲਿਆ ਸੀ। ਉਨ੍ਹਾਂ ਦੇ ਦਿਲੋ-ਦਿਮਾਗ਼ ਅੰਦਰ ਇਕ ਵਿਸ਼ਾਲ ਤੇ ਬਹੁ-ਵਾਦੀ (plural) ਭਾਰਤ ਦਾ ਸੰਕਲਪ ਸੀ । ਉਹ ਹਿੰਦੂ ਰਾਸ਼ਟਰਵਾਦੀਆਂ ਦੀ ‘ਇਕ ਦੇਸ਼-ਇਕ ਕੌਮ-ਇਕ ਭਾਸ਼ਾ’ ਦੀ ਧਾਰਨਾ ਨਾਲ ਮੁਤਫ਼ਿਕ ਨਹੀਂ ਸਨ। 15 ਮਾਰਚ 1916 ਦੇ ਗ਼ਦਰ ਅਖ਼ਬਾਰ ਵਿਚ ਛਪੇ ਇਕ ਲੇਖ ਵਿਚ ਗ਼ਦਰੀਆਂ ਨੇ ਇਸ ਧਾਰਨਾ ਦਾ ਨਿਖੇਧ ਕੀਤਾ ਕਿ ਕੌਮੀ ਇਤਫ਼ਾਕ ਦੇ ਵਾਸਤੇ ਦੇਸ ਅੰਦਰ ਇੱਕੋ ਸਾਂਝੀ ਭਾਸ਼ਾ ਜ਼ਰੂਰੀ ਹੈ । ਉਨ੍ਹਾਂ ਸਵਿਟਜ਼ਰਲੈਂਡ ਦੀ ਮਿਸਾਲ ਦਿੱਤੀ ਤੇ ਕਿਹਾ ਕਿ ‘ਉਥੇ ਤਿੰਨ ਨਸਲਾਂ ਦੇ ਆਦਮੀ ਰਹਿੰਦੇ ਹਨ। ਅਰਥਾਤ ਜਰਮਨ, ਇਟਾਲੀਅਨ ਤੇ ਫ਼ਰਾਂਸੀਸੀ ਲੋਕ । ਉਥੇ ਤਿੰਨ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ਅਤੇ ਪਰਜਾ ਜੁਦਾ ਜੁਦਾ ਮਜ਼ਹਬਾਂ ਨੂੰ ਮੰਨਦੀ ਹੈ। ਅਮਰੀਕਾ ਵਿਚ ਯੂਰਪ ਦੀਆਂ ਸਭ ਕੌਮਾਂ ਤੇ ਮਜ਼ਹਬਾਂ ਦੇ ਲੋਕ ਵੱਸੇ ਹੋਏ ਹਨ…(ਪਰ ਫਿਰ ਵੀ ਉਥੇ ਇਤਫ਼ਾਕ ਹੈ) ਸਾਡੇ ਖ਼ਿਆਲ ਵਿਚ ਹਿੰਦੁਸਤਾਨ ਵਿਚ ਫੁੱਟ ਦੀ ਕੇਵਲ ਇਕ ਵਜ੍ਹਾ ਹੈ ਕਿ ਲੋਕਾਂ ਨੂੰ ਇਤਫ਼ਾਕ ਦੇ ਅਰਥਾਂ ਦਾ ਪਤਾ ਨਹੀਂ ਹੈ ਅਤੇ ਨਾ ਇਨ੍ਹਾਂ ਨੂੰ ਇਤਫ਼ਾਕ ਪੈਦਾ ਕਰਨ ਦੇ ਅਮਲੀ ਤਰੀਕੇ ਦਾ ਹੀ ਗਿਆਨ ਹੈ।’ ਸੋ ‘ਕੌਮੀ ਏਕਤਾ’ ਤੋਂ ਗ਼ਦਰੀ ਦੇਸ਼ਭਗਤਾਂ ਦੀ ਮੁਰਾਦ ‘ਕੌਮੀਅਤਾਂ ਦੀ ਏਕਤਾ’ ਸੀ । ਸਿੱਖ ਗ਼ਦਰੀ ਦੇਸ਼ਭਗਤਾਂ ਦੇ ਭਾਰਤ ਦੀ ਏਕਤਾ ਦੇ ਇਸ ਬਹੁ-ਵਾਦੀ ਸੰਕਲਪ ਦੀਆਂ ਜੜ੍ਹਾਂ ਸਿੱਖ ਫਲਸਫੇ ਵਿਚ ਲੱਗੀਆਂ ਹੋਈਆਂ ਹਨ। ਇਸਲਾਮ ਤੇ ਬ੍ਰਾਹਮਣਵਾਦ ਦੇ ਇਕਹਿਰੇ ਕੇਂਦਰਵਾਦ (uni-centralism) ਦੇ ਉਲਟ ‘ਸਿੱਖ ਧਰਮ ਬਹੁ-ਮੁਖੀ ਕੇਂਦਰਵਾਦ ਦਾ ਧਾਰਨੀ ਹੈ। ਇਸ ਦਾ ਉਦੇਸ਼ ਏਕਤਾ (union) ਹੈ, ਨਾ ਕਿ ਇਕਮਿਕਤਾ (unity)। ਇਹ ਸਹਿਣਸ਼ੀਲਤਾ ਦਾ ਮੁਦਈ ਹੈ। (ਨਾਲ ਹੀ) ਇਹ ਸਮਾਜੀ ਊਚ-ਨੀਚ ਤੇ ਭੇਦ-ਭਾਵ ਦਾ ਤਾਂ ਵਿਰੋਧੀ ਹੈ ਹੀ।

ਤੱਤ ਨਿਚੋੜ ਇਹ ਹੈ ਕਿ ਸਿੱਖ ਗ਼ਦਰੀ ਦੇਸ਼ਭਗਤਾਂ ਦੀ ਸਮੁੱਚੀ ਰਾਜਨੀਤੀ ਤੇ ਸਮਾਜੀ ਵਿਚਾਰਧਾਰਾ ਉਨ੍ਹਾਂ ਦੇ ਸਦਾਚਾਰਕ ਆਲਮ (moral universe) ਵਿਚ ਆਧਾਰਿਤ ਸੀ। ਉਨ੍ਹਾਂ ਦੀ ਸਿਆਸੀ ਰਣਨੀਤੀ ਤੇ ਕਾਰਜਵਿਧੀ ਉਨ੍ਹਾਂ ਦੇ ਸਭਿਆਚਾਰ ਨਾਲ ਇਕਸੁਰ ਸੀ। ਉਹ ਆਪਣੇ ਸਭਿਆਚਾਰਕ ਆਤਮ (cultural self-hood) ਨੂੰ ਪ੍ਰਮੁੱਖ ਰੱਖਦੇ ਸਨ। ਉਨ੍ਹਾਂ ਦਾ ਸਾਰਾ ਰਾਜਸੀ ਆਚਾਰ ਵਿਹਾਰ ਇਥੋਂ ਨਿਰਧਾਰਤ ਹੁੰਦਾ ਸੀ। ਇਸ ਕਰਕੇ ਲਹਿਰ ਲਈ ਪੈਸੇ ਦੀ ਲੋੜ ਪੂਰੀ ਕਰਨ ਵਾਸਤੇ ਡਾਕੇ ਮਾਰਨ ਦੀ ਤਜਵੀਜ਼ ਬਾਰੇ ਉਨ੍ਹਾਂ ਦੇ ਬੰਗਾਲੀ ਹਿੰਦੂ ਕ੍ਰਾਂਤੀਕਾਰੀਆਂ ਨਾਲ ਤਿੱਖੇ ਮੱਤ-ਭੇਦ ਪ੍ਰਗਟ ਹੋ ਗਏ ਸਨ।

ਅੰਤ ਵਿਚ ਗ਼ਦਰੀਆਂ ਨਾਲ ਨੇੜਲਾ ਵਾਹ-ਵਾਸਤਾ ਰੱਖਣ ਵਾਲੇ ਬੰਗਾਲੀ ਕ੍ਰਾਂਤੀਕਾਰੀ ਸ਼ਚਿੰਦਰਨਾਥ ਸਾਨਿਆਲ, ਜਿਹੜਾ ਕਿ ਰਾਸ ਬਿਹਾਰੀ ਬੋਸ ਦਾ ਨੇੜਲਾ ਸਾਥੀ ਤੇ ਵਿਸ਼ਵਾਸ ਪਾਤਰ ਸੀ, ਦੇ ਸਿੱਖ ਗ਼ਦਰੀਆਂ ਬਾਰੇ ਗ੍ਰਹਿਣ ਕੀਤੇ ਪ੍ਰਭਾਵ-ਨਿਰਣਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦੇ ਮਨੋਜਗਤ ਨੂੰ ਸਮਝਣ ਵਿਚ ਵੱਡੀ ਮੱਦਦ ਮਿਲ ਸਕਦੀ ਹੈ। ਹਰਿੰਦਰ ਸਿੰਘ ਮਹਿਬੂਬ ਨੇ ਇਤਿਹਾਸ-ਲੇਖਣੀ ਵਿਚ ਮਨੋਵਿਗਿਆਨਕ ਪੱਖ ਦੀ ਮਹੱਤਤਾ ਇਸ ਤਰ੍ਹਾਂ ਦਰਸਾਈ ਹੈ : ‘ਮਨੁੱਖੀ ਮਨ ਦੇ ਕਾਇਦੇ-ਕਾਨੂੰਨ ਅਤੇ ਕੁਦਰਤੀ ਚਾਲ ਜਾਣੇ ਬਿਨਾਂ ਇਤਿਹਾਸਕਾਰ ਬਾਹਰਲੇ ਸਬੂਤਾਂ ਦੀ ਠੀਕ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਮਨੋਜਗਤ ਦੇ ਸ਼ੁੱਧ ਦਰਸ਼ਨ ਬਿਨਾਂ ਕਿਸੇ ਵਿਅਕਤੀ ਦਾ ਇਤਿਹਾਸਕ ਅਮਲ ਸਹੀ ਚਾਨਣ ਵਿਚ ਦਿਸਣਾ ਅਸੰਭਵ ਹੈ। ਸੋ ਮਨੋਜਗਤ ਦੀ ਸੂਝ ਵੀ ਇਤਿਹਾਸਕਾਰ ਲਈ ਇਕ ਤੱਥ, ਬਲਕਿ ਇਕ ਸੂਖਮ ਤੱਥ, ਹੀ ਹੋਣਾ ਚਾਹੀਦਾ ਹੈ।20

ਪੇਸ਼ ਹਨ ਸਾਨਿਆਲ ਦੀ ਸਵੈ-ਜੀਵਨੀ ਵਿੱਚੋਂ ਕੁਝ ਢੁਕਵੇਂ ਅੰਸ਼:

ਪੰਜਾਬ ਵਿਚ ਭਾਰਤ ਦਾ ਰਾਸ਼ਟਰੀ ਝੰਡਾ* ਬਣਾ ਲਿਆ ਗਿਆ। ਉਸ ਝੰਡੇ ਵਿਚ ਆਪਣੀ ਵਿਸ਼ੇਸ਼ਤਾ ਦੱਸਣ ਵਾਲੇ ਖ਼ਾਸ ਰੰਗ ਨੂੰ ਸਥਾਨ ਦਿਵਾਉਣ ਲਈ ਸਿੱਖਾਂ ਨੇ ਬੜਾ ਜ਼ੋਰ ਪਾਇਆ ।

ਪੰਜਾਬ ਦੇ ਸਿੱਖਾਂ ਵਿੱਚੋਂ ਅਨੇਕ ਦੀ ਇੱਛਾ ਸੀ ਕਿ ਪੰਜਾਬ ਵਿਚ ਖ਼ਾਲਸਾ ਰਾਜ ਫਿਰ ਤੋਂ ਸਥਾਪਤ ਕੀਤਾ ਜਾਵੇ ।

ਸਿੱਖਾਂ ਦੀ ਇਸ ਰਾਜਸੀ ਆਕਾਂਖਿਆ ਨੂੰ ਗ਼ਲਤ ਠਹਿਰਾਉਣ ਲਈ ਸਾਨਿਆਲ, ਆਪਣੇ ਵਲੋਂ ਪੂਰੀ ਇਮਾਨਦਾਰੀ ਨਾਲ, ਹਿੰਦੂ ਰਾਸ਼ਟਰਵਾਦ ਦੇ ਅਸਲੀ ਤੱਤ ਉੱਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਲਿਖਦਾ ਹੈ ਕਿ :

ਕ੍ਰਾਂਤੀਕਾਰੀਆਂ ਵਿੱਚੋਂ ਬਹੁਤੇ ਹਿੰਦੂ ਅਜਿਹੇ ਸਨ…ਉਨ੍ਹਾਂ ਵਿਚਕਾਰ ਕਿਸੇ ਨਾ ਕਿਸੇ ਦੇ ਦਿਲ ਵਿਚ ਇਹ ਇੱਛਾ ਗੁਪਤ ਰੂਪ ਵਿਚ ਸੀ ਕਿ ਭਾਰਤ ਦੇ ਆਜ਼ਾਦ ਹੋਣ ਦਾ ਮਤਲਬ ਹਿੰਦੂ ਰਾਜ ਦੀ ਪੁਨਰ ਸਥਾਪਨਾ ਹੋਵੇਗੀ। ਪਰ ਹੌਲੀ-ਹੌਲੀ ਇਹ ਭਾਵ ਬਿਲਕੁਲ ਅਲੋਪ ਹੋ ਜਾਂਦਾ ਏ ਅਤੇ ਅੰਤ ਵਿਚ ਹਾਲਾਂਕਿ ਉਹ ਮੁੱਖ ਰੂਪ ਵਿਚ ਹਿੰਦੂਆਂ ਦੇ ਉਪਰ ਹੀ ਭਰੋਸਾ ਕਰ ਕੇ ਅੱਗੇ ਵਧਦੇ ਸਨ, ਫਿਰ ਵੀ ਭਾਰਤ ਦੀ ਆਜ਼ਾਦੀ ਦੀ ਕਲਪਨਾ ਵਿਚ ਭਾਰਤ ਦੀ ਕਿਸੇ ਵੀ ਜਾਤੀ (ਕੌਮ) ਨੂੰ ਦੂਸਰੀ ਜਾਤੀ ਦੇ ਅਧੀਨ ਰੱਖਣ ਦਾ ਸੰਕਲਪ ਨਹੀਂ ਰੱਖਿਆ। ਅਰਥਾਤ ਭਾਰਤ ਦੀ ਆਜ਼ਾਦੀ ਲਈ ਭਾਵੇਂ ਹਿੰਦੂ ਮੁੱਖ ਰੂਪ ਨਾਲ ਸੰਘਰਸ਼ ਕਰਨ ਵਾਲੇ ਸਨ, ਫੇਰ ਵੀ ਉਹ ਮੰਨਦੇ ਸਨ ਕਿ ਆਜ਼ਾਦ ਭਾਰਤ ਵਿਚ ਹਰੇਕ ਜਾਤੀ ਦਾ ਸਮਾਨ ਅਧਿਕਾਰ ਹੋਵੇਗਾ ਅਤੇ ਹਰੇਕ ਜਾਤੀ ਦੇ ਅਧਿਕਾਰ ਸੁਰੱਖਿਅਤ ਰਹਿਣਗੇ। ਇਹੀ ਸੀ ਭਾਰਤੀ ਕ੍ਰਾਂਤੀਕਾਰੀਆਂ ਦਾ ਰਾਜਨੀਤਕ ਆਦਰਸ਼ । 

ਮੈਂ…ਪੰਜਾਬ ਜਾ ਕੇ ਲਾਹੌਰ ਦੇ ਪ੍ਰੋਫ਼ੈਸਰ ਜੈਚੰਦਰ ਜੀ ਵਿਦਿਆਲੰਕਾਰ…ਕੋਲ ਠਹਿਰਿਆ। ਮੈਨੂੰ ਠੀਕ ਯਾਦ ਨਹੀਂ ਹੈ ਕਿ ਉਸ ਵਾਰ ਜਾਂ ਇਹਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਸਰਦਾਰ ਗੁਰਮੁਖ ਸਿੰਘ ਜੀ ਆਦਿ ਜਿਹੜੇ ਆਪਣਾ ਅਲੱਗ ਸੰਗਠਨ ਬਣਾ ਰਹੇ ਸਨ, ਉਹ ਇਹ ਨਹੀਂ ਸਨ ਚਾਹੁੰਦੇ ਕਿ ਏਸ ਵਾਰ ਗ਼ੈਰ-ਸਿੱਖ ਸੰਸਥਾਵਾਂ ਦੇ ਨਾਲ ਮਿਲ ਕੇ ਭਾਰਤੀ ਕ੍ਰਾਂਤੀਕਾਰੀ ਅੰਦੋਲਨ ਵਿਚ ਹਿੱਸਾ ਲਿਆ ਜਾਵੇ। ਇਥੋਂ ਤਕ ਕਿ ਸਰਦਾਰ ਗੁਰਮੁਖ ਸਿੰਘ ਨੇ ਚਾਹਿਆ ਕਿ ਸਾਡੇ ਸੱਚੇ ਸਾਥੀ ਸਰਦਾਰ ਭਗਤ ਸਿੰਘ ਨੂੰ ਵੀ ਸਾਡੇ ਨਾਲੋਂ ਤੋੜ ਕੇ ਆਪਣੀ ਸੰਸਥਾ ਵਿਚ ਸ਼ਾਮਲ ਕਰ ਲੈਣ…ਗੁਰਮੁਖ ਸਿੰਘ ਜੀ ਜਿੰਨੀਆਂ ਵੀ ਗੱਲਾਂ ਭਗਤ ਸਿੰਘ ਨੂੰ ਕਹਿੰਦੇ ਸਨ ਉਹ ਸਾਰੀਆਂ (ਭਗਤ ਸਿੰਘ) ਸਾਨੂੰ ਆ ਕੇ ਦੱਸ ਦਿੰਦੇ ਸਨ । ਬਹੁਤ ਪੁੱਠੇ ਰਾਹ ਪਾਉਣ ‘ਤੇ ਵੀ ਭਗਤ ਸਿੰਘ ਨੇ ਸਾਡਾ ਸਾਥ ਨਹੀਂ ਛੱਡਿਆ। ਮੈਂ ਵੀ ਗੁਰਮੁਖ ਸਿੰਘ ਨੂੰ ਮਿਲਦਾ ਰਿਹਾ। ਆਪਣੀ ਸੰਸਥਾ ਦੇ ਛਪੇ ਹੋਏ ਕਾਇਦੇ ਕਾਨੂੰਨ ਗੁਰਮੁਖ ਸਿੰਘ ਨੇ ਮੈਨੂੰ ਦਿੱਤੇ ਸਨ। ਉਨ੍ਹਾਂ ਤੋਂ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਸੰਸਥਾ ਰੂਸ ਦੀ ਸਾਮਵਾਦੀ ਨੀਤੀ ‘ਤੇ ਸੰਗਠਿਤ ਏ। ਸਾਮਵਾਦ ਦੀ ਨੀਤੀ ਬਾਰੇ ਗੁਰਮੁਖ ਸਿੰਘ ਨਾਲ ਬਹੁਤ ਗੱਲਬਾਤ ਹੋਈ। ਜਿਥੋਂ ਤਕ ਮੈਨੂੰ ਯਾਦ ਏ ਉਸ ਸਮੇਂ ਗੁਰਮੁਖ ਸਿੰਘ ਜੀ ਪੂਰਨ ਤੌਰ ‘ਤੇ ਮਾਰਕਸਵਾਦੀ ਨਹੀਂ ਸਨ । ਕਾਰਨ ਇਹ ਕਿ ਭੌਤਿਕਵਾਦ ਵਿਚ ਉਨ੍ਹਾਂ ਦਾ ਪੂਰਨ ਵਿਸ਼ਵਾਸ ਨਹੀਂ ਸੀ। ਜੇਕਰ ਮੈਂ ਭੁੱਲ ਨਹੀਂ ਕਰ ਰਿਹਾ ਤਾਂ ਸੰਭਵ ਏ ਕਿ ਗੁਰਮੁਖ ਸਿੰਘ ਜੀ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਰੂਸ ਦੀ ਪੂਰੀ ਨਕਲ ਕਰਨ ਦੀ ਕੋਈ ਲੋੜ ਨਹੀਂ ਏ।

ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਮੁਖ ਸਿੰਘ ਰੂਸ ਹੋ ਕੇ ਆਏ ਹਨ। ਕਾਬੁਲ ਵਿਚ ਵੀ ਇਨ੍ਹਾਂ ਦੇ ਅੱਡੇ ਮੌਜੂਦ ਹਨ। ਗੁਰਮੁਖ ਸਿੰਘ ਕਈ ਵਾਰ ਕਾਬੁਲ ਗਏ ਸਨ । ਗੁਰਮੁਖ ਸਿੰਘ ਬੌਲਸ਼ਿਵਕਾਂ ਦੇ ਸਿਧਾਂਤ ਦੇ ਆਧਾਰ ‘ਤੇ ਸਿੱਖਾਂ ਵਿਚ ਆਪਣਾ ਸੰਗਠਨ ਕਰਨਾ ਚਾਹੁੰਦੇ ਸਨ। ਉਨ੍ਹਾਂ ਨਾਲ ਗੱਲਬਾਤ ਕਰ ਕੇ ਮੈਂ ਅਨੁਭਵ ਕੀਤਾ ਕਿ ਉਹ ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੌਮ ਨਾਲ ਮਿਲ ਕੇ ਕੰਮ ਕਰਨਾ ਨਹੀਂ ਚਾਹੁੰਦੇ। ਮੈਨੂੰ ਬੜਾ ਦੁੱਖ ਹੋਇਆ ਪਰ ਮੈਂ ਸਮਝ ਗਿਆ ਕਿ ਕ੍ਰਾਂਤੀਕਾਰੀ ਅੰਦੋਲਨ ਵਿਚ ਵੀ ਸੰਪਰਦਾਇਕਤਾ ਦਾ ਜ਼ਹਿਰ ਆਪਣਾ ਰੰਗ ਦਿਖਾਉਣ ਲੱਗ ਪਿਆ ਏ। ਮੈਂ ਸਮਝ ਗਿਆ ਕਿ ਗੁਰਮੁਖ ਸਿੰਘ ਹੁਣ ਮੇਰੇ ਨਾਲ ਰਲ ਕੇ ਕੋਈ ਕੰਮ ਨਹੀਂ ਕਰਨਗੇ।

ਉਪਰੋਕਤ ਹਵਾਲਿਆਂ ‘ਚੋਂ ਸਿੱਖ ਗ਼ਦਰੀਆਂ ਦੇ ਮਨੋ-ਭਾਵਾਂ ਦੀ ਜੋ ਤਸਵੀਰ ਉਘੜਦੀ ਹੈ, ਉਸ ਤੋਂ ਲੋਕ-ਲਹਿਰਾਂ ਬਾਰੇ ਇਹ ਸੱਚਾਈ ਦ੍ਰਿੜ੍ਹ ਹੁੰਦੀ ਹੈ ਕਿ ਜਿਹੜੀ ਵੀ ਲਹਿਰ ਲੋਕ-ਲਹਿਰ ਬਣਦੀ ਹੈ, ਉਹਦੇ ਪਿੱਛੇ ਮੂਲ ਰੂਪ ਵਿਚ ਜਜ਼ਬਾ ਕੰਮ ਕਰਦਾ ਹੈ, ਲੋਕਾਂ ਦੀ ਆਪਣੀ ਵਿਰਾਸਤ ਦਾ ਜਜ਼ਬਾ। ਆਪਣੇ ਸਾਂਝੇ ਕੌਮੀ ਕਿਰਦਾਰ ਨਾਲ ਹੀ ਲੋਕ ਮੈਦਾਨ ਵਿਚ ਨਿਤਰਦੇ ਹਨ।

ਗ਼ਦਰ ਦੀ ਅਸਫਲਤਾ ਮਗਰੋਂ ਬਾਬਿਆਂ ਦੇ ਸਾਹਮਣੇ ਦੋ ਰਾਹ ਸਨ। ਇਕ ਸੀ ਕਮਿਊਨਿਸਟ ਇਨਕਲਾਬ ਦੇ ਰਾਹੇ ਪੈਣਾ। 1917 ਦੇ ਰੂਸ ਦੇ ਇਨਕਲਾਬ ਨੇ ਦੁਨੀਆਂ ਭਰ ਵਿਚ ਲੋਕਾਂ ਨੂੰ ਆਪਣੇ ਅਸਰ ਹੇਠ ਲੈ ਲਿਆ ਸੀ ਜਿਹੜਾ ਗ਼ਦਰੀਆਂ ‘ਤੇ ਵੀ ਪਿਆ। ਆਪਣੀ ਅਸਫਲਤਾ ਕਾਰਨ ਉਹਨਾਂ ਨੇ ਬੜੀ ਸ਼ਿੱਦਤ ਨਾਲ ਇਸਨੂੰ ਸਮਝਣ ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਸਾਨਿਆਲ ਨੇ ਲਿਖਿਆ ਹੈ ਕਿ ਇਹ ਬਾਬੇ ਮਾਰਕਸੀ ਖ਼ਿਆਲ ਨੂੰ ਆਪਣੇ ਅਨੁਸਾਰ ਲਾਗੂ ਕਰਨਾ ਚਾਹੁੰਦੇ ਸਨ, ਮਤਲਬ ਸਿੱਖੀ ਨਾਲ ਮੇਲ ਕਰ ਕੇ। ਦੂਜਾ ਰਾਹ ਸੀ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਬਰੀਕ ਜਿਹੇ ਓਹਲੇ ਵਿਚ ਹਿੰਦੂ ਰਾਸ਼ਟਰਵਾਦ ਸੀ । ਭਾਈ ਸੰਤੋਖ ਸਿੰਘ ਅਤੇ ਬਾਬਾ ਊਧਮ ਸਿੰਘ ਕਸੇਲ ਦੀ ਮੌਤ ਮਗਰੋਂ 1928 ਤਕ ਸਿੱਖੀ ਭਾਵਨਾ ਵਾਲੇ ਗ਼ਦਰੀਆਂ ਦਾ ਪਲੇਟਫਾਰਮ ਇਕ ਤਰ੍ਹਾਂ ਨਾਲ ਟੁੱਟ ਗਿਆ। ਜਿਵੇਂ ਸੋਹਨ ਸਿੰਘ ਜੋਸ਼ ਨੇ ਲਿਖਿਆ ਕਿ ਉਸ ਨੇ ਸੁਚੇਤ ਪੱਧਰ ‘ਤੇ ਸਿੱਖੀ ਭਾਵਨਾ ਵਾਲੇ ਤੱਤ ਚਿੰਨ੍ਹ ਸਾਰੇ ਮਾਰਕਸੀ ਲਹਿਰ ਵਿੱਚੋਂ ਖ਼ਤਮ ਕਰਨੇ ਸ਼ੁਰੂ ਕਰ ਦਿੱਤੇ। ਇਹ ਇਕ ਤਰ੍ਹਾਂ ਨਾਲ ਹਿੰਦੂ ਰਾਸ਼ਟਰਵਾਦ ਵੱਲ ਝੁਕਾਅ ਸੀ ਜਿਹੜਾ ਫਿਰ ਵਧਦਾ ਹੀ ਗਿਆ। ਪੰਜਾਬ ਵਿਚ ਗਦਰੀ ਬਾਬਿਆਂ ਤੋਂ ਲਾਂਭੇ ਹੋ ਕੇ ਜਿਹੜੀ ਮਾਰਕਸਵਾਦੀ ਲਹਿਰ ਉਭਰੀ ਉਹ ਭਾਰਤੀ ਰਾਸ਼ਟਰਵਾਦ ਨਾਲ ਨੇੜਤਾ ਵਾਲੀ ਅਤੇ ਸਿੱਖੀ ਪ੍ਰਤੀ ਨਾਂਹ-ਮੁਖੀ ਰਵੱਈਏ ਵਾਲੀ ਸੀ। ਭਾਈ ਸੰਤੋਖ ਸਿੰਘ ਹੁਰੀਂ ਆਲ ਇੰਡੀਆ ਪਾਰਟੀ ਵਿਚ ਨਹੀਂ ਰਲੇ, ਜਿਥੋਂ ਉਹਨਾਂ ਦੀ ਭਾਰਤੀ ਰਾਸ਼ਟਰਵਾਦ ਨਾਲ ਵਿੱਥ ਨਜ਼ਰ ਆਉਂਦੀ ਹੈ। ਉਨ੍ਹਾਂ ਦੇ ਸਿੱਖ ਵਿਰਸੇ ਨਾਲ ਮੋਹ ਨੇ ਉਨ੍ਹਾਂ ਨੂੰ ਨਾ ਤਾਂ ‘ਬੁੱਧ ਰਾਸ਼ਟਰਵਾਦੀ ਬਣਨ ਦਿੱਤਾ ਤੇ ਨਾ ਹੀ ਵਿਰਸੇ ਨਾਲੋਂ ਟੁੱਟੇ ‘ਬੁੱਧ ਕਮਿਊਨਿਸਟ ਉਹ ਸਿੱਖ ਪਹਿਲਾਂ ਸਨ ਤੇ ਮਾਰਕਸਵਾਦੀ ਜਾਂ ਕਮਿਊਨਿਸਟ ਪਿੱਛੋਂ ਸਨ।

ਅਕਾਲ ਤਖ਼ਤ ਵੱਲੋਂ ਗ਼ਦਰੀਆਂ ਵਿਰੁੱਧ ਜਾਰੀ ਕੀਤੇ ‘ਹੁਕਮਨਾਮੇ’ ਦਾ ਸੱਚ ਕੀ ਹੈ ?

ਖੱਬੇ ਪੱਖੀਆਂ ਵੱਲੋਂ ਇਹ ਗੱਲ ਵਿਆਪਕ ਪੈਮਾਨੇ ‘ਤੇ ਪ੍ਰਚਾਰੀ ਤੇ ਉਛਾਲੀ ਗਈ ਹੈ ਕਿ ਅਕਾਲ ਤਖ਼ਤ ਵੱਲੋਂ ਸਿੱਖ ਗ਼ਦਰੀਆਂ ਖ਼ਿਲਾਫ਼ ‘ਹੁਕਮਨਾਮਾ’ ਜਾਰੀ ਕਰ ਕੇ, ਉਨ੍ਹਾਂ ਨੂੰ ‘ਅਸਿੱਖ’ ਕਰਾਰ ਦਿੱਤਾ ਗਿਆ ਸੀ । ਇਸ ‘ਤੱਥ’ ਦੀ ਓਟ ਲੈ ਕੇ ਨਾ ਕੇਵਲ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ, ਸਗੋਂ ਇਸ ਦੀ ਆੜ ਹੇਠ ਆਮ ਰੂਪ ਵਿਚ ਹੀ ਸਿੱਖ ਧਰਮ ਵਿਰੁੱਧ ਮਨੋਭਾਵ ਪੈਦਾ ਕਰਨ ਦੇ ਯਤਨ ਕੀਤੇ ਗਏ ਤੇ ਕੀਤੇ ਜਾ ਰਹੇ ਹਨ।

ਪਰ ਸੱਚ ਕੀ ਹੈ ?

ਕਾਮਾਗਾਟਾ ਮਾਰੂ (ਗੁਰੂ ਨਾਨਕ ਜਹਾਜ਼) 26 ਸਤੰਬਰ 1914 ਨੂੰ ਕਲਕੱਤੇ ਬਜਬਜ ਘਾਟ ‘ਤੇ ਪੁੱਜਾ ਸੀ। 29 ਸਤੰਬਰ ਨੂੰ ਅੰਗਰੇਜ਼ ਹਕੂਮਤ ਦੀ ਪੁਲਿਸ ਨੇ ਇਸ ਦੇ ਮੁਸਾਫ਼ਰਾਂ ਉੱਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਡੇਢ ਦਰਜਨ ਤੋਂ ਵੱਧ ਮੁਸਾਫ਼ਰਾਂ ਦੀ ਮੌਤ ਹੋ ਗਈ ਤੇ ਇਸ ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਇਸ ਖੂਨੀ ਸਾਕੇ ਵਿਰੁੱਧ ਦੇਸ ਦੇ ਲੋਕਾਂ, ਖ਼ਾਸ ਕਰਕੇ ਸਿੱਖ ਭਾਈਚਾਰੇ ਅੰਦਰ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਰੋਸ ਤੇ ਗ਼ੁੱਸੇ ਦੀ ਜ਼ਬਰਦਸਤ ਲਹਿਰ ਪੈਦਾ ਹੋ ਗਈ ਸੀ। ਇਸ ਹਾਲਤ ਤੋਂ ਘਬਰਾ ਕੇ ਅੰਗਰੇਜ਼ ਹਾਕਮਾਂ ਨੇ ਆਪਣੇ ਸਿੱਖ ਸਮਾਜ ਅੰਦਰਲੇ ਵਫ਼ਾਦਾਰ ਵਰਗ ਦੀਆਂ ਸੇਵਾਵਾਂ ਲੈਣ ਦਾ ਪੈਂਤੜਾ ਧਾਰਨ ਕੀਤਾ। ਉਸ ਵੇਲੇ ਅਰੂੜ ਸਿੰਘ ਦਰਬਾਰ ਸਾਹਿਬ ਦਾ ਸਰਕਾਰ ਵੱਲੋਂ ਥਾਪਿਆ ਸਰਬਰਾਹ (ਮੈਨੇਜਰ) ਸੀ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਚੀਫ਼ ਖ਼ਾਲਸਾ ਦੀਵਾਨ ਦਾ ਕਰਤਾ-ਧਰਤਾ ਸੀ । 6 ਅਕਤੂਬਰ ਨੂੰ ਕੁਝ ਪੰਜਾਬੀ ਅਖ਼ਬਾਰਾਂ ਵਿਚ ਸ. ਅਰੂੜ ਸਿੰਘ ਵੱਲੋਂ ਅਕਾਲ ਬੁੰਗੇ ਦੇ ਸਾਹਮਣੇ ਗਿਆਨੀ ਗੁਰਬਖ਼ਸ਼ ਸਿੰਘ ਦੀ ਸਕੱਤਰੀ ਹੇਠ ਇਕ ਜਲਸਾ ਕੀਤੇ ਜਾਣ ਦੀ ਖ਼ਬਰ ਛਪੀ ਸੀ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਜਲਸੇ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਵਿਰੁੱਧ ਪਾਸ ਕੀਤੇ ਇਕ ਮਤੇ ਰਾਹੀਂ ਉਨ੍ਹਾਂ ਨੂੰ ‘ਅਸਿੱਖ’ ਕਹਿ ਕੇ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ ਹੈ। ਦੇਸ਼ ਅਖ਼ਬਾਰ ਵਿਚ ਛਪੀ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਦਾਰ ਸੁੰਦਰ ਸਿੰਘ ਮਜੀਠੀਏ ਦੇ ਪੁੱਤਰ ਨੇ ਜਲਸੇ ਅੰਦਰ ਇਸ ਮਤੇ ਦੀ ਪ੍ਰੋੜ੍ਹਤਾ ਕੀਤੀ। ਇਸ ਖ਼ਬਰ ਦੇ ਛਪਣ ਤੋਂ ਤੀਸਰੇ ਦਿਨ 8 ਅਕਤੂਬਰ ਨੂੰ ਮਜੀਠੀਆ ਪਰਿਵਾਰ ਨੇ ਖ਼ਾਲਸਾ ਸਮਾਚਾਰ ਅਖ਼ਬਾਰ ਰਾਹੀਂ ਇਸ ਖ਼ਬਰ ਦੀ ਤਰਦੀਦ ਕਰ ਕੇ ਸਪੱਸ਼ਟ ਕਰ ਦਿੱਤਾ ਕਿ ਸੁੰਦਰ ਸਿੰਘ ਮਜੀਠਿਆ ਦਾ ਪੁੱਤਰ ਤਾਂ ਉਸ ਦਿਨ ਅੰਮ੍ਰਿਤਸਰ ਹਾਜ਼ਰ ਹੀ ਨਹੀਂ ਸੀ । ਭਾਵੇਂ ਕਿ ਸੁੰਦਰ ਸਿੰਘ ਮਜੀਠੀਆ ਨੇ ਵੀ ਚੀਫ਼ ਖ਼ਾਲਸਾ ਦੀਵਾਨ ਵੱਲੋਂ ਜਾਰੀ ਕੀਤੇ ਇਕ ਗੁਪਤ ਪੱਤਰ ਵਿਚ ਕਾਮਾਗਾਟਾ ਮਾਰੂ ਜਹਾਜ਼ ਦੇ ਮਜ਼ਲੂਮ ਮੁਸਾਫ਼ਰਾਂ ਵਿਰੁੱਧ ਸਰਕਾਰੀ ਪੱਖ ਦੀ ਪ੍ਰੋੜ੍ਹਤਾ ਕੀਤੀ ਸੀ। ਅਕਾਲ ਬੁੰਗੇ ਸਾਹਮਣੇ ਹੋਏ ਦੱਸੇ ਜਾਂਦੇ ਜਲਸੇ ਵਿਚ ਥੋੜ੍ਹੀ ਜਿਹੀ ਗਿਣਤੀ ਵਿਚ ਸਰਕਾਰ ਪੱਖੀ ਸਿੱਖ ਹੀ ਸ਼ਾਮਲ ਹੋਏ ਸਨ। ਇਸ ਕਰਕੇ ਇਸ ਵਿਚ ਪਾਸ ਕੀਤੇ ਮਤੇ ਨੂੰ ਥੋੜ੍ਹੇ ਜਿਹੇ ਸਰਕਾਰ- ਭਗਤ ਵਿਅਕਤੀਆਂ ਵੱਲੋਂ ਆਪ-ਹੁਦਰੇ ਢੰਗ ਨਾਲ ਜਾਰੀ ਕੀਤਾ ਗਿਆ ਫ਼ਤਵਾ ਜਾਂ ਬਿਆਨ ਤਾਂ ਕਿਹਾ ਜਾ ਸਕਦਾ ਹੈ, ਪਰ ਇਸ ਨੂੰ ‘ਹੁਕਮਨਾਮਾ’ ਕਹਿਣਾ ਉੱਕਾ ਹੀ ਉਚਿਤ ਨਹੀਂ। ਕਿਉਂਕਿ ਹੁਕਮਨਾਮਾ ਜਾਰੀ ਕਰਨ ਦਾ ਪੰਥ ਵੱਲੋਂ ਇਕ ਬਾਕਾਇਦਾ ਅਮਲ ਤਰੀਕਾ ਤੈਅ ਕੀਤਾ ਗਿਆ ਹੈ। ਇਥੇ ਇਹ ਗੱਲ ਸਪੱਸ਼ਟ ਕਰਨੀ ਵੀ ਜ਼ਰੂਰੀ ਹੈ ਕਿ ਬਜਬਜ ਘਾਟ ਦੇ ਮੁਸਾਫ਼ਰਾਂ ਵਿਰੁੱਧ ਜਾਰੀ ਕੀਤੇ ਇਸ ‘ਫ਼ਤਵੇ’ ਨੂੰ ਖੱਬੇ ਪੱਖੀ ਧਰਮ-ਨਿੰਦਕਾਂ ਨੇ ਆਪਣੇ ਵੱਲੋਂ ਹੀ ਸਾਰੀ ਗ਼ਦਰ ਲਹਿਰ ਨਾਲ ਜੋੜ ਦਿੱਤਾ, ਹਾਲਾਂਕਿ ਇਸ ‘ਫ਼ਤਵੇ’ ਵਿਚ ਗ਼ਦਰ ਪਾਰਟੀ ਜਾਂ ਲਹਿਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਗੁਰਚਰਨ ਸਿੰਘ ਸੈਂਸਰਾ ਨੇ ਗ਼ਦਰ ਲਹਿਰ ਦਾ ਜੋ ਇਤਿਹਾਸ ਲਿਖਿਆ ਹੈ, ਉਸ ਵਿਚ ਉਸ ਨੇ ਕਿਹਾ ਹੈ ਕਿ ਕਲਕੱਤੇ ਹੈਰੀਸਨ ਗੁਰਦੁਆਰੇ ਵਿਚ ਹੋਏ ਸਿੱਖ ਦੀਵਾਨ ਨੇ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ‘ਫ਼ਸਾਦੀ’ ਕਹਿ ਕੇ ਉਨ੍ਹਾਂ ਦੀ ਨਿੰਦਿਆ ਕੀਤੀ। ਉਸ ਨੇ ਇਸ ਦੀਵਾਨ ਦੇ ਮੋਢੀ ਜਿਨ੍ਹਾਂ ਵਿਅਕਤੀਆਂ/ਪ੍ਰਬੰਧਕਾਂ ਦੇ ਨਾਂ ਗਿਣਾਏ ਹਨ, ਉਨ੍ਹਾਂ ਵਿੱਚੋਂ ਦੋ ਹਿੰਦੂ (ਸੁੰਦਰ ਲਾਲ ਮਿਸਰ ਤੇ ਪੰਡਤ ਅਮਰਨਾਥ ਸ਼ਰਮਾ) ਤੇ ਦੋ ਸਰਕਾਰ-ਭਗਤ ਸਿੱਖ ਸਨ। ਇਸ ਕਰਕੇ ਥੋੜ੍ਹੇ ਜਿਹੇ ਸਰਕਾਰੀ ਸਿੱਖਾਂ ਦੀ ਇਸ ਕਾਰਵਾਈ ਨੂੰ ਸਿੱਖ ਸੰਗਤ ਜਾਂ ਦੀਵਾਨ ਦਾ ਫ਼ੈਸਲਾ ਕਹਿਣਾ ਸਰਾਸਰ ਗ਼ਲਤ ਹੈ।

ਪਰ ਇਸ ਤਕਨੀਕੀ ਨੁਕਤੇ ਤੋਂ ਇਲਾਵਾ ਇਸ ਮਾਮਲੇ ਦਾ ਸਮਾਜੀ ਤੇ ਰਾਜਸੀ ਪਹਿਲੂ ਜ਼ਿਆਦਾ ਮਹੱਤਵਪੂਰਨ ਹੈ। ਜਿਸ ਵਿਅਕਤੀ ਨੂੰ ‘ਅਸਿੱਖ’ ਕਹਿ ਕੇ ਸਿੱਖ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ ਜਾਂਦਾ ਹੈ, ਕਿਸੇ ਸਿੱਖ ਵਿਅਕਤੀ ਤੇ ਸੰਸਥਾ ਵੱਲੋਂ ਉਸ ਨਾਲ ਕਿਸੇ ਪ੍ਰਕਾਰ ਦਾ ਮੇਲ-ਜੋਲ ਰੱਖਣਾ ਹੁਕਮਨਾਮੇ ਦੀ ਅਵੱਗਿਆ ਗਿਣੀ ਜਾਂਦੀ ਹੈ ਅਤੇ ਇਸ ਦੋਸ਼ ਦੀ ਸਜ਼ਾ ਤੈਅ ਕੀਤੀ ਜਾਂਦੀ ਹੈ। ਆਓ ਦੇਖੀਏ, ਸਿੱਖ ਪੰਥ ਨੇ ਤੇ ਜਿਨ੍ਹਾਂ ਵਿਰੁੱਧ ਇਹ ‘ਫ਼ਤਵਾ’ ਜਾਰੀ ਹੋਇਆ, ਉਨ੍ਹਾਂ ਲੋਕਾਂ ਨੇ ਇਸ ਬਾਰੇ ਕਿਹੋ ਜਿਹਾ ਪ੍ਰਤਿਕਰਮ ਪ੍ਰਗਟਾਇਆ ਸੀ ?

ਬਾਬਾ ਗੁਰਦਿਤ ਸਿੰਘ : ਬਾਬਾ ਜੀ ਜਦੋਂ ਜੇਲ੍ਹ ਤੋਂ ਰਿਹਾਅ ਹੋ ਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਸਨ ਤਾਂ ਅੰਮ੍ਰਿਤਸਰ ਦੇ ਲੋਕਾਂ ਨੇ ਉਨ੍ਹਾਂ ਦੇ ਸਨਮਾਨ ਵਿਚ ਰਸਤੇ ਵਿਚ ਥਾਂ ਥਾਂ ਸਜੀਲੇ ਗੇਟ ਬਣਾਏ ਹੋਏ ਸਨ ਅਤੇ ਮਕਾਨਾਂ ਤੇ ਦੁਕਾਨਾਂ ਨੂੰ ਵੀ ਕੀਮਤੀ ਸਾਮਾਨ ਨਾਲ ਸਜਾਇਆ ਗਿਆ ਸੀ। ਸਾਰੇ ਰਸਤੇ ਵਿਚ ਫੁੱਲਾਂ ਦੀ ਛਹਿਬਰ ਲਾਈ ਹੋਈ ਸੀ ਅਤੇ ਅਤਰ ਛਿੜਕਿਆ ਗਿਆ ਸੀ। ਲੋਕਾਂ ਦੇ ਇਸ ਉਤਸ਼ਾਹ ਨੂੰ ਦੇਖ ਕੇ ਅੰਗਰੇਜ਼ ਸਰਕਾਰ ਨੇ ਬਾਬਾ ਜੀ ਨੂੰ ਰਾਹ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦਰਬਾਰ ਸਾਹਿਬ ਜਾਣ ਤੋਂ ਰੋਕ ਦਿੱਤਾ ਸੀ। ਇਸ ਬਾਰੇ ਬਾਬਾ ਗੁਰਦਿਤ ਸਿੰਘ ਨੇ ਆਪਣੇ ਦਿਲੀ ਜਜ਼ਬਾਤ ਇਨ੍ਹਾਂ ਲਫ਼ਜ਼ਾਂ ਵਿਚ ਪ੍ਰਗਟ ਕੀਤੇ ਸਨ : ‘ਸਰਕਾਰ ਨੇ ਮੇਰਾ ਮਾਲੀ ਨੁਕਸਾਨ ਕਰ ਕੇ ਹੀ ਬੱਸ ਨਹੀਂ ਕਰ ਦਿੱਤੀ, ਸਗੋਂ ਮੇਰੇ ਧਰਮ ਅਤੇ ਜਜ਼ਬਾਤ ਨੂੰ ਉਹ ਸੱਟ ਮਾਰੀ ਹੈ ਜੋ ਲਿਖਣੀ ਅਸੰਭਵ ਹੈ। ਸਰਕਾਰ ਨੇ ਦੁਨੀਆਂ ਵਿਚ ਮੈਨੂੰ ਠੱਗ ਅਤੇ ਬਾਗ਼ੀ ਬਲਵਾਖ਼ੋਰ ਬਣਾ ਕੇ ਬਦਨਾਮ ਕਰਨ ਦੀ ਨਿਸਫਲ ਕੋਸ਼ਿਸ਼ ਕਰ ਕੇ ਭੀ ਸਬਰ ਨਹੀਂ ਕੀਤਾ, ਸਗੋਂ ਮੇਰੇ ਨਾਮ ਧਰੀਕ ਧਰਮ-ਵੇਚੂ ਸਿੱਖਾਂ ਪਾਸੋਂ ਫ਼ਤਵਾ ਦਿਲਾਇਆ ਕਿ ਸ੍ਰੀ ਗੁਰੂ ਨਾਨਕ ਜਹਾਜ਼ ਵਾਲੇ ਮੁਸਾਫ਼ਰ ਸਿੱਖ ਨਹੀਂ ਹਨ…ਹੁਣ ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਸਿੱਖ ਧਰਮ ਅਨੁਸਾਰ ਰਸਮ ਰਿਵਾਜ ਕਰ ਨਹੀਂ ਸਕਦਾ ਜੋ ਪਰਦੇਸ ਤੋਂ ਆਏ ਹੋ ਕੇ (ਸਿੱਖ) ਕਰਵਾਉਂਦੇ ਹਨ। ਮੈਨੂੰ ਸ਼ਾਇਦ ਇਸ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਕਿ ਮੈਨੂੰ ਪਿਛਲੀ ਗੱਲ

ਛੇੜਨ ਦਾ ਮੌਕਾ ਨਾ ਮਿਲੇ ਜਿਸ ਦੀ ਜ਼ੁੰਮੇਵਾਰ ਸਰਕਾਰ ਹੈ ਜਿਸ ਨੇ ਮਹਾਰਾਜਾ ਪਟਿਆਲਾ, ਅਰੂੜ ਸਿੰਘ ਸਰਬਰਾਹ ਦਰਬਾਰ ਸਾਹਿਬ ਅਤੇ ਹੋਰ ਖ਼ੁਸ਼ਾਮਦੀ ਸਿੱਖਾਂ ਪਾਸੋਂ ਮੇਰੇ ਅਤੇ ਸਾਥੀਆਂ ਦੇ ਧਰਮ ‘ਤੇ ਬੇਹੂਦਾ ਹਮਲਾ ਕਰਵਾਇਆ ਤੇ ਸਰਕਾਰ ਨੂੰ ਸ਼ੱਕ ਸੀ ਕਿ ਮੈਂ ਸਰਕਾਰ ਪਾਸੋਂ ਇਸ ਦਾ ਜੁਆਬ ਪੁੱਛਾਂਗਾ ਕਿ ਸਾਡੇ ਵਿਚ ਕਿਹੜਾ ਘਾਟਾ (ਗੁਨਾਹ) ਹੈ ਜਿਸ ਕਰਕੇ ਸਰਕਾਰ ਨੇ ਸਾਨੂੰ ਸਿੱਖੀ ਤੋਂ ਖ਼ਾਰਜ ਕਰਵਾਇਆ। ਸਿੱਖ ਨੂੰ ਅਸਿੱਖ ਆਖਣਾ ਉਸ ਦੇ ਸਿਰ ਕੱਟ ਲੈਣ ਨਾਲੋਂ ਅਧਿਕ ਬੁਰਾ ਹੈ, ਪੰਜ ਪਿਆਰਿਆਂ ਨੇ ਸਿੱਖ ਬਣਨ ਲਈ ਸੀਸ ਭੇਟ ਕੀਤੇ ਸਨ। ਹਜ਼ਾਰਹਾ ਮਿਸਾਲਾਂ ਐਸੀਆਂ ਮਿਲਦੀਆਂ ਹਨ ਜੋ ਸਿੱਖਾਂ ਨੇ ਅਸਿੱਖ ਬਣਨ ਨਾਲੋਂ ਮਰਨਾ ਪਸੰਦ ਕੀਤਾ’।”

ਬਾਬਾ ਸੋਹਣ ਸਿੰਘ ਭਕਨਾ : ਪ੍ਰੋ. ਪ੍ਰੇਮ ਸਿੰਘ ਬਜਾਜ ਨਾਲ ਗੱਲਬਾਤ ਕਰਦਿਆਂ ਬਾਬਾ ਭਕਨਾ ਨੇ ਜਦੋਂ ਜੇਲ੍ਹਾਂ ਅੰਦਰ ਉਨ੍ਹਾਂ ਵੱਲੋਂ ਸਿੱਖ ਮਰਯਾਦਾ ਦੀ ਰੱਖਿਆ ਲਈ ਝੱਲੇ ਕਸ਼ਟਾਂ ਦੀ ਵਿਥਿਆ ਸੁਣਾਈ, ਤਾਂ ਪ੍ਰੋ. ਬਜਾਜ ਨੇ ਇਕਦਮ ਅੱਗੋਂ ਸੁਆਲ ਕੀਤਾ ਕਿ ‘ਤੁਸੀਂ ਤਾਂ ਸਿੱਖੀ ਦੀ ਖ਼ਾਤਰ ਲੜਦੇ ਰਹੇ । ਪਰ ਕੀ ਉਨ੍ਹਾਂ ਦਿਨਾਂ (1915) ਵਿਚ ਗ਼ਦਰੀਆਂ ਨੂੰ ਅਕਾਲ ਤਖ਼ਤ ਤੋਂ ਸਿੱਖ ਨਾ ਹੋਣ ਦਾ ਫ਼ਤਵਾ ਨਹੀਂ ਸੀ ਮਿਲਿਆ ?’ ਬਾਬਾ ਜੀ ਦਾ ਸ਼ਾਂਤ ਪਰ ਦ੍ਰਿੜ੍ਹ ਜੁਆਬ ਸੀ: ‘ਜਿਥੇ ਕੌਮੀ ਅਣਖ ਤੇ ਧਰਮ ਦੀ ਹਾਨੀ ਹੋਵੇ, ਅਸੀਂ ਸਦਾ ਅੜ ਜਾਂਦੇ ਸਾਂ। ਉਹ ਫ਼ਤਵਾ ਦਿਵਾਉਣ ਵਿਚ ਤਾਂ ਸਰਕਾਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਵਾਲੇ ਕੁਝ ਝੋਲੀਚੁੱਕਾਂ ਦਾ ਹੱਥ ਸੀ।

ਉਪਰੋਕਤ ਦੋਵਾਂ ਹਵਾਲਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਗ਼ਦਰੀ ਬਾਬਿਆਂ ਨੇ ਇਸ ਫ਼ਤਵੇ ਲਈ ਅੰਗਰੇਜ਼ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਿਸ ਨੇ ਆਪਣੇ ਗਿਣਤੀ ਦੇ ਖ਼ੁਸ਼ਾਮਦੀ ਸਿੱਖਾਂ ਕੋਲੋਂ ਇਹ ਕਾਰਾ ਕਰਵਾਇਆ ਸੀ । ਬਾਬਿਆਂ ਨੇ ਆਪਣੇ ਸਾਰੇ ਜੀਵਨ ਦੌਰਾਨ ਕਿਤੇ ਵੀ ਇਸ ਦੇ ਲਈ ਕਿਸੇ ਸਿੱਖ ਸੰਸਥਾ ਨੂੰ ਦੋਸ਼ ਨਹੀਂ ਦਿੱਤਾ । ਉਨ੍ਹਾਂ ਨੇ ਕਦੇ ਵੀ ਕਿਸੇ ਸਿੱਖ ਸੰਸਥਾ ਦੀ ਨੁਕਤਾਚੀਨੀ ਨਹੀਂ ਕੀਤੀ, ਹਮੇਸ਼ਾ ਸਰਕਾਰ ਪੱਖੀ ਵਿਅਕਤੀਆਂ ਨੂੰ ਹੀ ਨਿੰਦਿਆ।

ਇਸ ਦੀ ਤੁਲਨਾ ਵਿਚ ਗ਼ਦਰੀਆਂ ਨੇ ਸਰਕਾਰ ਦੀ ਪਿੱਠ ਪੂਰਨ ਵਾਲੇ ਹਿੰਦੂ ਲੀਡਰਾਂ ਤੇ ਸੰਸਥਾਵਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਸੀ। ਅੰਗਰੇਜ਼ ਸਰਕਾਰ ਨੇ ਗ਼ਦਰੀਆਂ ਖ਼ਿਲਾਫ਼ ਦਰਜ ਕੀਤੇ ਮੁਕੱਦਮਿਆਂ ਵਿਚ, ਉਨ੍ਹਾਂ ਦੇ ਪਰਚਿਆਂ ਤੇ ਪੈਂਫ਼ਲਿਟਾਂ ਵਿੱਚੋਂ ਵੱਡੀ ਗਿਣਤੀ ਵਿਚ ਹਵਾਲੇ ਦੇ ਕੇ ਇਹ ਦਰਸਾਇਆ ਸੀ ਕਿ ਉਨ੍ਹਾਂ ਨੇ ਦੇਸ਼ ਦੇ ਸਨਮਾਨਜਨਕ ਆਗੂਆਂ ਖ਼ਿਲਾਫ਼ ਗੰਦੀ ਭਾਸ਼ਾ ਵਰਤੀ ਸੀ। ਇਸ ਭਾਸ਼ਾ ਦੇ ਕੁਝ ਨਮੂਨੇ ਇਸ ਤਰ੍ਹਾਂ ਹਨ: ‘ਲਾਲਾ ਲਾਜਪਤ ਰਾਇ ਬਾਰੇ ਇਹ ਕਿਹਾ ਗਿਆ ਹੈ ਕਿ ਉਹ ਹਰ ਨਾਜ਼ਕ ਮੌਕੇ ਤੇ ‘ਬਿੱਲੀ ਵਾਂਗੂੰ ਮਿਆਊਂ ਮਿਆਊਂ ਕਰਨ ਲੱਗ ਪੈਂਦਾ ਹੈ। (ਗੋਪਾਲ ਕਿਸ਼ਨ) ਗੋਖ਼ਲੇ ’

ਨੂੰ ‘ਬੁਜ਼ਦਿਲ’ ਕਿਹਾ ਗਿਆ ਹੈ। ਆਰੀਆ ਸਮਾਜ ਦੇ ਆਗੂ ਲਾਲਾ ਮੁਨਸ਼ੀ ਰਾਮ ਵੱਲੋਂ ਆਪਣੇ ਗੁਰੂਕੁਲ ਵਿਚ ਵਾਇਸਰਾਇ ਨੂੰ ਸੱਦਣ ਕਰਕੇ ਅਤੇ ਉਸ ਵੱਲੋਂ ਇਹ ਦਾਅਵਾ ਕੀਤੇ ਜਾਣ ਕਰਕੇ ਕਿ ਹਿੰਦੂ ਧਰਮ ਖ਼ੁਦਮੁਖ਼ਤਾਰ ਰਾਜ ਵਿਰੁੱਧ ਬਗ਼ਾਵਤ ਕਰਨ ਦੀ ਆਗਿਆ ਨਹੀਂ ਦਿੰਦਾ, ਉਸ ਦੀ ਭਾਰੀ ਲਾਹ ਪਾਹ ਕੀਤੀ ਗਈ। ਇਸ ਤੋਂ ਅੱਗੇ ਹਿੰਦੂਆਂ ਦੀ ਇਕ ਜਾਣੀ ਪਛਾਣੀ ਸੰਸਥਾ, ਜੀਹਨੂੰ ਪੰਜਾਬ ਦੀ ਹਿੰਦੂ ਸਭਾ ਕਿਹਾ ਜਾਂਦਾ ਹੈ, ਦਾ ਮਾਮਲਾ ਆਉਂਦਾ ਹੈ। (ਗ਼ਦਰੀਆਂ ਦੇ ਪਰਚੇ ਵਿਚ) ਇਸ ਹਿੰਦੂ ਸੰਸਥਾ ਨੂੰ ਹਿੰਦੂ ‘ਮੂਰਖਾਂ ਦੀ ਸਭਾ’ ਕਹਿ ਕੇ ਭੰਡਿਆ ਗਿਆ ਹੈ। ਇਕ ਹੋਰ ਜਗ੍ਹਾ ਇਸ ਦੇ ਮੈਂਬਰਾਂ ਨੂੰ ‘ਗੰਦਗੀ ਦੇ ਕੀੜੇ’ ਕਿਹਾ ਗਿਆ ਹੈ…ਇਸ ਦੇ ਸਮੁੱਚੇ ਪ੍ਰਚਾਰ ਦੀ ਨਿੰਦਿਆ ਕੀਤੀ ਗਈ ਹੈ। ਰਾਇ ਬਹਾਦਰਾਂ ਨੂੰ ‘ਰਾਇ ਬਾਂਦਰ’ ਕਿਹਾ ਗਿਆ ਹੈ, ਆਦਿ ਆਦਿ।

ਪੰਥਕ ਮੁੱਖ ਧਾਰਾ

ਪੰਥ ਦੀ ਮੁੱਖ ਧਾਰਾ ਨੇ ਇਸ ਕਥਿਤ ਫ਼ਤਵੇ ਦੇ ਖ਼ਿਲਾਫ਼ ਬਹੁਤ ਹੀ ਗ਼ੁੱਸੇ ਭਰਿਆ ਪ੍ਰਤਿਕਰਮ ਪ੍ਰਗਟਾਇਆ ਸੀ । ਸਿੱਖ ਸੰਗਤਾਂ ਨੇ ਜਗ੍ਹਾ ਜਗ੍ਹਾ ਭਰਵੇਂ ਇਕੱਠ (ਦੀਵਾਨ) ਕਰ ਕੇ ਇਸ ਫ਼ਤਵੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਗੁਰਮਤੇ ਪਾਸ ਕਰਨ ਦੀ ਮੁਹਿੰਮ ਵਿੱਢ ਦਿੱਤੀ ਸੀ ਅਤੇ ਸਰਕਾਰ ਦੇ ਮਿਲਵਰਤਨੀਏ ਸਿੱਖ ਆਗੂਆਂ ਨੂੰ ਭਰੇ ਦੀਵਾਨਾਂ ਅੰਦਰ ਫਿਟ ਲਾਹਨਤਾਂ ਪਾਈਆਂ, ਜਿਸ ਸਦਕਾ ਅਰੂੜ ਸਿੰਘ ਤੇ ਸੁੰਦਰ ਸਿੰਘ ਮਜੀਠੀਆ ਨੂੰ ਸਿੱਖ ਪੰਥ ਕੋਲੋਂ ਦੋਵੇਂ ਹੱਥ ਜੋੜ ਕੇ ਮਾਫ਼ੀਆਂ ਮੰਗਣੀਆਂ ਪਈਆਂ ਸਨ। ਬਾਬਾ ਗੁਰਦਿਤ ਸਿੰਘ ਜੀ ਨੇ ਆਪਣੀ ਜ਼ੁਲਮੀ ਕਥਾ ਵਿਚ ਲਿਖਿਆ ਹੈ ਕਿ, 26-11-1921 ਨੂੰ ਮੈਂ ਨਣਕਾਣੇ ਸਾਹਿਬ ਵਿਖੇ ਆਪ ਹੀ ਪੁਲੀਸ ਦੇ ਹਵਾਲੇ ਹੋਣ ਗਿਆ ਅਤੇ ਲੱਖ ਸਵਾ ਲੱਖ ਦੇ ਲਗਭਗ ਆਦਮੀਆਂ ਦਾ ਇਕੱਠ ਮੇਰੇ ਨਾਲ ਸੀ ਜੋ ਬਗ਼ੈਰ ਕਿਸੇ ਦੇ ਬੁਲਾਏ ਕੁਦਰਤੀ ਹੀ ਹਮਦਰਦੀ ਲਈ ਆ ਗਏ ਸਨ ਅਤੇ ਜਿਨ੍ਹਾਂ ਦੀ ਮੁਰਾਦ ਮੈਨੂੰ ਆਪਣੇ ਪਾਸ ਰੱਖਣ ਦੀ ਅਤੇ ਪੁਲੀਸ ਦੇ ਹਵਾਲੇ ਨਾ ਹੋਣ ਦੇਣ ਦੀ ਸੀ।” ਇਸ ਤੋਂ ਪਤਾ ਚੱਲਦਾ ਹੈ ਕਿ ਸਿੱਖ ਪੰਥ ਨੇ ਫ਼ਤਵੇ ਨੂੰ ਸਮੂਹਕ ਤੌਰ ‘ਤੇ ਹਿਕਾਰਤ ਨਾਲ ਠੁਕਰਾ ਦਿੱਤਾ ਸੀ ਅਤੇ ਸਿੱਖ ਜਗਤ ਅੰਦਰ ਬਾਬਾ ਗੁਰਦਿਤ ਸਿੰਘ ਤੇ ਦੂਸਰੇ ਗ਼ਦਰੀ ਦੇਸ਼ਭਗਤਾਂ ਦੇ ਪੱਖ ਵਿਚ ਜ਼ਬਰਦਸਤ ਲਹਿਰ ਪੈਦਾ ਹੋ ਗਈ ਸੀ। 1920-21 ਦੇ ਅਕਾਲੀ ਅਖ਼ਬਾਰ ਵਿੱਚੋਂ ਇਸ ਲਹਿਰ ਦੀਆਂ ਕੁਝ ਕੁ ਝਲਕੀਆਂ ਹਾਜ਼ਰ ਹਨ :

ਅਕਾਲੀ ਲਾਹੌਰ ਅਖ਼ਬਾਰ ਨੇ 16 ਜੂਨ 1920 ਦੇ ਅੰਕ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਵਿਰੁੱਧ ਇਕ ਕਵਿਤਾ ਛਾਪੀ ਜਿਸ ਦਾ ਅਨੁਵਾਨ ਸੀ: ‘ਚੀਫ਼ ਖ਼ਾਲਸਾ ਨਾ ਕਰ ਤਬਾਹ ਸਾਨੂੰ !’ ਇਸ ਵਿਚ ਕਾਮਾਗਾਟਾ ਮਾਰੂ ਦੇ ਸਾਕੇ ਦੌਰਾਨ ਦੀਵਾਨ ਦੇ ਆਗੂਆਂ ਵੱਲੋਂ ਸਰਕਾਰ ਦੀ ਹਮਾਇਤ ਵਿਚ ‘ਗੁਪਤ ਚਿੱਠੀਆਂ’ ਜਾਰੀ ਕਰ ਕੇ ਪੰਥ ਨੂੰ ‘ਫ਼ਨਾਹ ਕਰਨ’ ਦੇ ਜ਼ਿੰਮੇਵਾਰ ਠਹਿਰਾਇਆ।

20 ਜੂਨ 1920 : ਫ਼ਜ਼ਲਾਬਾਦ ਜ਼ਿਲ੍ਹਾ ਗੁਰਦਾਸਪੁਰ ਵਿਚ ਸਿੰਘ ਸਭਾ ਵੱਲੋਂ ਪਹਿਲਾ ਸਾਲਾਨਾ ਦੀਵਾਨ ਪੂਰਨ ਕਾਮਯਾਬੀ ਸਹਿਤ ਸਮਾਪਤ ਹੋਇਆ । ਸ੍ਰੀਮਾਨ ਮਾਸਟਰ ਮੋਤਾ ਸਿੰਘ ਜੀ, ਸ੍ਰੀਮਾਨ ਭਾਈ ਰਾਮ ਸਿੰਘ ਜੀ, ਭਾਈ ਕਰਤਾਰ ਸਿੰਘ ਜੀ ਝੱਬਰ (ਆਦਿ) ਦੇ ਬੜੇ ਜ਼ੋਰਦਾਰ ਤੇ ਅਸਰ ਭਰੇ ਲੈਕਚਰ ਹੋਏ ਤੇ ਲੈਕਚਰਾਂ ਦੇ ਅਸਰ ਨਾਲ ਲੋਕਾਂ ਦੀਆਂ ਆਪਣੇ ਰਾਜਨੀਤਕ ਹੱਕਾਂ ਸੰਬੰਧੀ ਅੱਖਾਂ ਖੁੱਲ੍ਹ ਗਈਆਂ। ਹੇਠ ਲਿਖੇ ਗੁਰਮਤੇ ਖੂਬ ਜ਼ੋਰ- ਸ਼ੋਰ ਤੇ ਸਰਬ-ਸੰਮਤੀ ਨਾਲ ਪਾਸ ਹੋਏ :

ਇਹ ਕਿ ਸਿੱਖ ਕੈਦੀਆਂ ਨੂੰ ਜੇਲ-ਖ਼ਾਨਿਆਂ ਵਿਚ ਪੰਜ ਕਕਾਰ ਤੇ ਦਸਤਾਰ ਧਾਰਨ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਜਾਵੇ।

. ਇਹ ਕਿ ਸ਼ਾਹੀ ਐਲਾਨ ਅਨੁਸਾਰ ਸਮੂਹ ਸਿੱਖ ਤੇ ਹੋਰ ਰਾਜਸੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ।

ਇਹ ਕਿ ਹਜ਼ੂਰ ਮਹਾਰਾਜਾ ਸਾਹਿਬ ਪਟਿਆਲਾ ਦੀ ਓਡਵਾਇਰ ਫ਼ੰਡ ਵਿਚ ਵੀਹ ਹਜ਼ਾਰ ਦਾਨ ਦੇਣ ਦੀ ਕਾਰਵਾਈ ਅਤਿਅੰਤ ਘਿਰਣਾ ਦੇ ਯੋਗ ਹੈ।

ਇਹ ਕਿ ਪੰਜਾਬ ਦੇ ਪਹਿਲੇ ਲਾਟ ਸਰ ਮਾਈਕਲ ਓਡਵਾਇਰ ਨੂੰ ਪੰਜਾਬ ਤੋਂ ਜਾਣ ਲੱਗਿਆਂ ਮਾਨ-ਪੱਤਰ ਪੇਸ਼ ਕਰਨ ਵਾਲੇ ਸਿੱਖ ਆਗੂ ਯਥਾ ਸੁੰਦਰ ਸਿੰਘ ਮਜੀਠੀਆ, ਗੱਜਣ ਸਿੰਘ ਲੁਦੇਹਾਣਾ, ਗੁਪਾਲ ਸਿੰਘ ਭਾਗੋਵਾਲਾ, ਅਰੂੜ ਸਿੰਘ ਸਰਬਰਾਹ, ਗੁਰਬਖ਼ਸ਼ ਸਿੰਘ ਸਕੱਤਰ ਸਿੱਖ ਲੀਗ ਆਦਿਕ ਤਨਖ਼ਾਹੀਏ ਹਨ ਤੇ ਇਨ੍ਹਾਂ ਦੇ ਨਾਮ ਨਾਲ ‘ਸਰਦਾਰ’ ਜਾਂ ‘ਭਾਈ’ ਪਦ ਨਾ ਵਰਤਿਆ ਜਾਵੇ।

24 ਜੂਨ 1920 ਨੂੰ ਵਿਛੋਏ ਵਿਖੇ ਇਕ ਅਦੁੱਤੀ ਦੀਵਾਨ ਵਿਚ ਪੰਜ ਤੋਂ ਦਸ ਹਜ਼ਾਰ ਸੰਗਤਾਂ ਸ਼ਾਮਲ ਹੋਈਆਂ ਅਤੇ ਇਸ ਵਿਚ ਸਰਕਾਰ ਦੇ ਝੋਲੀਚੁੱਕਾਂ ਨੂੰ ਪੰਜ-ਪੰਜ ਲਾਹਨਤਾਂ ਪਾਈਆਂ ਗਈਆਂ ਅਤੇ ਹੇਠ ਦਿੱਤੇ ਗੁਰਮਤੇ ਪਾਸ ਕੀਤੇ ਗਏ :

ਮਤਾ ਨੰਬਰ 3 : ਸਿੱਖ ਕੈਦੀਆਂ ਨੂੰ ਜੇਲ੍ਹ-ਖ਼ਾਨਿਆਂ ਵਿਚ ਪੰਜ ਕਕਾਰ ਤੇ ਦਸਤਾਰ ਧਾਰਨ ਕਰਨ ਤੋਂ ਸਖ਼ਤੀ ਨਾਲ ਰੋਕ ਕੇ ਸਰਕਾਰ ਵਲੋਂ ਧਾਰਮਿਕ ਆਜ਼ਾਦੀ ਵਿਚ ਦਖ਼ਲ ਨਾ ਦੇਣ ਵਾਲੀ ਪਾਲਸੀ ਦੇ ਵਿਰੁੱਧ ਵਰਤਾਵ ਹੋ ਰਿਹਾ ਹੈ, ਜਿਸ ਨੂੰ ਸਿੱਖ ਕੌਮ ਅਯੋਗ ਖ਼ਿਆਲ ਕਰਦੀ ਹੋਈ ਇਸ ਦੀ ਪੂਰੀ ਖੁੱਲ੍ਹ ਹੋਣ ‘ਤੇ ਜ਼ੋਰ ਦਿੰਦੀ ਹੈ…।

ਮਤਾ ਨੰ: 6 ਸਾਰੇ ਦੇ ਸਾਰੇ ਸਿੱਖ ਨਜ਼ਰਬੰਦ ਆਜ਼ਾਦ ਕੀਤੇ ਜਾਣ।

ਮਤਾ ਨੰ: 8 ਮਹਾਰਾਜਾ ਪਟਿਆਲਾ ਦੀ ਓਡਵਾਇਰ ਫ਼ੰਡ ਵਿਚ ਵੀਹ ਹਜ਼ਾਰ ਰੁਪਿਆ ਦੇਣ ਦੀ ਕਾਰਵਾਈ ਸਖ਼ਤ ਘਿਰਣਾ ਦੇਣ ਦੇ ਯੋਗ ਹੈ।

ਮਤਾ ਨੰ: 9 ਪੰਜਾਬ ਦੇ ਪਿਛਲੇ ਲਾਟ (ਓਡਵਾਇਰ) ਨੂੰ ਪੰਜਾਬ ਤੋਂ ਜਾਣ ਲੱਗਿਆਂ ਮਾਨ ਪਤਰ ਪੇਸ਼ ਕਰਨ ਵਾਲੇ ਸਿੱਖ ਯਥਾ ਸੁੰਦਰ ਸਿੰਘ ਮਜੀਠੀਆ, ਗੁਪਾਲ ਸਿੰਘ ਭਾਗੋਵਾਲ, ਅਰੂੜ ਸਿੰਘ ਸਰਬਰਾਹ, ਗੁਰਬਖ਼ਸ਼ ਸਿੰਘ ਸਕੱਤਰ ਸਿੱਖ ਲੀਗ ਆਦਿਕ ਤਨਖ਼ਾਹੀਏ ਹਨ ਤੇ ਇਨ੍ਹਾਂ ਦੇ ਨਾਮ ਨਾਲ ‘ਸਰਦਾਰ’ ਜਾਂ ‘ਭਾਈ’ ਪਦ ਨਾ ਵਰਤਿਆ ਜਾਵੇ।

ਮਤਾ ਨੰ: 11 ਭਾਈ ਤੇਜਾ ਸਿੰਘ ਚੂਹੜਕਾਣੇ ਨੇ ਹਜ਼ਾਰੀਬਾਗ਼ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਹੋਏ ਸਿੱਖ ਕੈਦੀਆਂ ਵਿੱਚੋਂ ਭਾਈ ਹਰੀ ਸਿੰਘ ਜੀ ਨੂੰ ਸੰਗਤ ਦੇ ਪੇਸ਼ ਕੀਤਾ ਤੇ ਬੜੇ ਦਰਦ ਭਰੇ ਲਫ਼ਜ਼ਾਂ ਵਿਚ ਕਿਹਾ ਕਿ ਹਜ਼ਾਰੀਬਾਗ਼ ਜੇਲ੍ਹ ਵਿੱਚੋਂ ਰਿਹਾਅ ਹੋਏ 17 ਸਿੱਖ ਕੈਦੀਆਂ ਵਿੱਚੋਂ ਪੰਜ ਸਿੱਖ ਰਾਹ ਵਿਚ ਹੀ ਬੀਮਾਰ ਹੋ ਕੇ ਘਰ ਆਉਂਦੇ ਹੀ ਚਲਾਣਾ ਕਰ ਗਏ, ਜਿਸ ਦਾ ਕਾਰਨ ਜੇਲ੍ਹ ਵਿਚ ਅਧੂਰੀ ਖ਼ੁਰਾਕ ਤੇ ਘੱਟ ਕੱਪੜੇ ਹੈ।

ਮਤਾ ਨੰ: 13 ਜੇਲ੍ਹ ਵਿਚ ਸਖ਼ਤੀਆਂ ਕਰਨ ਵਾਲੇ ਅਫ਼ਸਰਾਂ ‘ਤੇ ਨਫ਼ਰਤ ਪ੍ਰਗਟ ਕੀਤੀ ਜਾਵੇ ਤੇ ਹਜ਼ਾਰੀਬਾਗ਼ ਜੇਲ੍ਹ ਵਿੱਚੋਂ ਛੁੱਟ ਕੇ ਘਰਾਂ ਵਿਚ ਆ ਕੇ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਵੇ ਤੇ ਕਾਮਾਗਾਟਾ ਮਾਰੂ ਤੇ ਹੋਰ ਸਾਰੇ ਸਿੱਖ ਮੁਲਕੀ ਕੈਦੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਵੇ.ਯੂਰਪ ਦੇ ਪੋਲੀਟੀਕਲ ਕੈਦੀਆਂ ਦੇ ਟਾਕਰੇ ਵਿਚ ਸਿੱਖ ਪੋਲੀਟੀਕਲ ਕੈਦੀਆਂ ਨੂੰ ਬੜੀਆਂ ਤਕਲੀਫ਼ਾਂ ਜੇਲ੍ਹਾਂ ਵਿਚ ਦਿੱਤੀਆਂ ਹਨ। ਅੰਡੇਮਾਨ ਦੇ ਸਿੱਖ ਕੈਦੀ ਪੱਕੇ ਸਿੱਖ ਤੇ ਬਾਣੀ ਦੇ ਪ੍ਰੇਮੀ ਹਨ। ਜਿਨ੍ਹਾਂ ਸਿੱਖ ਕੁਦਰਤੀ ਲੀਡਰਾਂ ਨੇ ਉਨ੍ਹਾਂ ਦੀ ਵਿਰੋਧਤਾ ਕੀਤੀ ਤੇ ਉਨ੍ਹਾਂ ਦੇ ਵਿਰੁੱਧ ਗੁਪਤ ਪੱਤਰ ਕੱਢੇ ਸਨ, ਉਹ ਖ਼ੁਦ ਸਿੱਖ ਨਹੀਂ ਹਨ। ਤਾਂ ਤੇ ਸਾਰੇ ਪੰਜ ਵੇਰਾਂ ਆਖੋ ਕਿ ਅਰੂੜ ਸਿੰਘ ਸਰਬਰਾਹ, ਸਿੱਖ ਨਹੀਂ ਹੈ ਤੇ ਉਸ ਨੂੰ ਲਾਹਨਤ ਹੈ । ਸੁੰਦਰ ਸਿੰਘ ਮਜੀਠੀਆ ਜਿਸ ਨੇ ਗੁਪਤ ਪੱਤਰ ਕਢਾਇਆ ਸੀ, ਸਿੱਖ ਨਹੀਂ ਹੈ ਤੇ ਉਸ ਨੂੰ ਵੀ ਲਾਹਨਤ ਆਖੋ । ਸਾਡੇ ਲੀਡਰ ਤਾਂ ਇਨ੍ਹਾਂ ਨੇ ਕੀ ਹੋਣਾ ਸੀ, ਇਹ ਤਾਂ ਸਿੱਖ ਹੀ ਨਹੀਂ ਹਨ । ਸਾਰੀ ਸੰਗਤ ਨੇ ਜ਼ੋਰਦਾਰ ਨਾਹਰਿਆਂ ਨਾਲ ਪੰਜ ਵੇਰਾਂ ਇਨ੍ਹਾਂ ‘ਤੇ ਲਾਹਨਤ ਪਾਈ ਤੇ ਕਿਹਾ ਕਿ ਇਹ ਸਿੱਖ ਨਹੀਂ ਹਨ। 7 ਜੂਨ 1920 ਨੂੰ ਝਬਾਲ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਦੀ ਯਾਦਗਾਰ ਦੇ ਮੇਲੇ ਉੱਤੇ ਡਿਸਟ੍ਰਿਕਟ ਸਿੱਖ ਲੀਗ ਵਲੋਂ ਖ਼ਾਲਸਾ ਜੀ ਦਾ ਬੜਾ ਭਾਰੀ ਦੀਵਾਨ ਹੋਇਆ ਜਿਸ ਵਿਚ ਇਕ ਵਾਰ ਫਿਰ ਜੇਲ੍ਹਾਂ ਵਿਚ ਸਿੱਖ ਕੈਦੀਆਂ ਨੂੰ ਦਿੱਤੇ ਜਾ ਰਹੇ ਕਸ਼ਟਾਂ ਦੀ ਨਿੰਦਿਆ ਕਰਦੇ ਹੋਏ ਉਨ੍ਹਾਂ ਦੀ ਰਿਹਾਈ ਲਈ ਮਤੇ ਪਾਏ ਗਏ।

ਇਸ ਤੋਂ ਪਿੱਛੋਂ ਗੁਜਰਖ਼ਾਨ ਵਿਖੇ ਹੋਏ ਇਕੱਠ (ਦੀਵਾਨ) ਵਿਚ ਵੀ ਇਸੇ ਭਾਵ ਦੇ ਮਤੇ ਪਾਸ ਕੀਤੇ ਗਏ।

ਅਕਾਲੀ, 2 ਜੁਲਾਈ 1920 : ਆਨਰੇਬਲ ਸੁੰਦਰ ਸਿੰਘ ਮਜੀਠੀਏ ਦੇ ਸੰਬੰਧ ਵਿਚ ਚੀਫ਼ ਖ਼ਾਲਸਾ ਦੀਵਾਨ ਵਲੋਂ ਇਕ ਚਿੱਠੀ ਛਪੀ ਹੈ ਜਿਸ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਓਡਵਾਇਰ ਮੈਮੋਰੀਅਲ ਕਮੇਟੀ ਵਿੱਚੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਫ਼ੰਡ ਵਿਚ ਇਨ੍ਹਾਂ ਨੇ ਇਕ ਕੌਡੀ ਵੀ ਨਹੀਂ ਦਿੱਤੀ। ਅਸੀਂ ਖੁਸ਼ ਹਾਂ ਕਿ ਉਪਰੋਕਤ ਦੋਸ਼ਾਂ ਤੋਂ ਉਹ ਬਰੀ ਹਨ ਪਰ ਉਨ੍ਹਾਂ ਉੱਤੇ ਦੋ ਬੱਜਰ ਦੋਸ਼ ਹੋਰ ਹਨ ਜਿਨ੍ਹਾਂ ਦੀ ਸਫ਼ਾਈ ਨਹੀਂ ਕੀਤੀ ਗਈ :

  1. ਜ਼ਾਲਮਾਂ ਦੇ ਸਿਰਤਾਜ ਓਡਵਾਇਰ ਨੂੰ ਐਡਰੈੱਸ (ਵਿਦਾਇਗੀ ਪੱਤਰ) ਦੇਣਾ;
  2. ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਦਾ ਦਰਦ ਨਾ ਵੰਡਾਣਾ, ਸਗੋਂ ਗਸ਼ਤੀ ਚਿੱਠੀ ਦੁਆਰਾ ਸਭ ਨੂੰ ਚੁੱਪ ਕਰਾ ਦੇਣਾ।

ਜੇ ਉਨ੍ਹਾਂ ਨੂੰ ਪੰਥ ਦੀ ਕੁਝ ਵੀ ਪ੍ਰਵਾਹ ਹੈ, ਤਾਂ ਉਹ ਆਪਣੀ ਸਫ਼ਾਈ ਆਪ ਪੇਸ਼ ਕਰਨ। ਕੀ ਉਪਰੋਕਤ ਦੋ ਬੱਜਰ ਦੋਸ਼ਾਂ ਲਈ ਉਨ੍ਹਾਂ ਪਾਸ ਕੋਈ ਉੱਤਰ ਹੈ ? ਜੇ ਹੈ ਤਾਂ ਪੰਥ ਪ੍ਰਤਿ ਪ੍ਰਗਟ ਕੀਤਾ ਜਾਵੇ। ਪਰ ਸਾਡਾ ਨਿਸਚਾ ਹੈ ਕਿ (ਉਹ) ਇਨ੍ਹਾਂ ਬੱਜਰ ਪਾਪਾਂ ਤੋਂ ਬਰੀ ਨਹੀਂ ਹਨ। ਇਸ ਲਈ ਜੇ ਉਹ ਆਪਣੇ ਆਪ ਨੂੰ ਮਨੁੱਖ ਅਤੇ ‘ਭੁੱਲਣਹਾਰ’ ਸਮਝਦੇ ਹਨ ਤਾਂ ਗੁਰੂ ਪੰਥ ਪਾਸੋਂ ਇਨ੍ਹਾਂ ਅਪਰਾਧਾਂ ਦੀ ਭੁੱਲ ਬਖ਼ਸ਼ਾ ਲੈਣ। ਉਨ੍ਹਾਂ ਦੀ ਇਹ ਇਖ਼ਲਾਕੀ ਦਲੇਰੀ ਸੰਭਵ ਹੈ ਕਿ ਪੰਥ ਦੀ ਨਰਾਜ਼ਗੀ ਨੂੰ ਕੁਝ ਘਟਾ ਸਕੇ।

ਇਸੇ ਵੇਲੇ ਰੋੜੀ ਸਾਹਿਬ (ਗੁਜਰਾਂਵਾਲਾ) ਵਿਖੇ ਪੂਰਨਮਾਸ਼ੀ ਦੇ ਭਾਰੀ ਦੀਵਾਨ ਵਿਚ ਵੀ ਸਾਰੇ ਰਾਜਸੀ ਕੈਦੀਆਂ ਦੀ ਰਿਹਾਈ ਲਈ ਮਤੇ ਪਾਏ ਗਏ । ਖ਼ਾਸ ਕਰਕੇ ਭਾਈ ਰਣਧੀਰ ਸਿੰਘ ਤੇ ਭਾਈ (ਮਾਸਟਰ) ਚਤਰ ਸਿੰਘ ਜੀ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਗਈ।

ਅਕਾਲੀ ਦੇ 2 ਜੁਲਾਈ 1920 ਦੇ ਅੰਕ ਵਿਚ ਚੀਫ਼ ਖ਼ਾਲਸਾ ਦੀਵਾਨ ਬਾਰੇ ਫਿਰ ਇਕ ਲੇਖ ਛਪਿਆ ਜਿਸ ਵਿਚ ਜਿਥੇ ਪਹਿਲੇ ਸਮਿਆਂ ਅੰਦਰ ਇਸ ਦੀਆਂ ਪੰਥ ਪ੍ਰਤਿ ਘਾਲਣਾਵਾਂ ਦੀ ਸ਼ਲਾਘਾ ਕੀਤੀ ਗਈ, ਉਥੇ ਬਾਅਦ ਵਿਚ ਇਸ ਦੇ ਰਾਜਸੀ ਰੋਲ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ। ਇਸ ਗੱਲ ‘ਤੇ ਭਾਰੀ ਰੋਸ ਜਤਾਇਆ ਗਿਆ ਕਿ ਇਸ ਦੇ ‘ਪਤਵੰਤੇ’ ਬਹਾਦਰਾਂ ਨੇ ਲਾਹੌਰ ਆ ਕੇ ਓਡਵਾਇਰ ਜਿਹੇ ਜ਼ਾਲਮ ਹਾਕਮਾਂ ਨੂੰ ਵੀ ਵਿਦਾਇਗੀ ਪੱਤਰ ਦਿੱਤਾ । ਇਸ ਤੋਂ ਇਲਾਵਾ ਲੇਖ ਵਿਚ ਇਹ ਕਿਹਾ ਗਿਆ: ‘ਕੌਮ ਦੀਵਾਨ ਉੱਤੇ ਇਕ ਹੋਰ ਦੋਸ਼ ਲਾਉਂਦੀ ਹੈ। ਉਹ ਇਹ ਹੈ ਕਿ ਸਾਡੇ ਪਰਦੇਸਾਂ ਵਿਚ ਗਏ ਹੋਏ ਵੀਰਾਂ ਦੇ ਦਿਲਾਂ ਵਿਚ ਕੌਮੀ ਜੋਸ਼, ਪੰਥਕ ਪਿਆਰ ਅਤੇ ਦੇਸ਼ ਸੇਵਾ ਦਾ ਚਾਉ ਅਤੇ -ਉਤਸ਼ਾਹ ਠਾਠਾਂ ਮਾਰ ਰਿਹਾ ਸੀ । ਬਹੁਤ ਸਾਰਿਆਂ ਦਾ ਹਿਰਦਾ ਇਤਨਾ ਪਵਿੱਤਰ ਅਤੇ ਉੱਚਾ ਸੀ ਕਿ ਉਹ ਕੌਮ ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਵਿਚ ਸੱਚੀ ਖ਼ੁਸ਼ੀ ਅਤੇ ਪੂਰਨ ਅਨੰਦ ਸਮਝਦੇ ਸੀ । ਉਹ ਵਿਚਾਰੇ ਜਦੋਂ ਕਈ ਸਾਲਾਂ ਤੋਂ ਕੈਨੇਡਾ ਅਤੇ ਅੰਗਰੇਜ਼ੀ ਇਨਸਾਫ਼ ਤੋਂ ਸਤੇ ਹੋਏ ਜਦੋਂ ‘ ਮੁੜ ਆਪਣੇ ਪਿਆਰੇ ਵਤਨ * ਨੂੰ ਆਏ ਜਦੋਂ ਉਨ੍ਹਾਂ ਸੋਹਣੀਆਂ ਸੂਰਤਾਂ, ਪਵਿੱਤਰ ਆਤਮਾਵਾਂ ਅਤੇ ਖ਼ਾਲਸਾ ਕੌਮ ਦੇ ਫੁੱਲਾਂ ਦਾ ਬੰਦੂਕਾਂ ਨਾਲ ਸੁਆਗਤ ਕੀਤਾ ਗਿਆ ਤਾਂ ਪੰਥ ਦੇ ਪਤਵੰਤਿਆਂ ਨੇ ਪੰਥ ਦੀ ਪੱਤ ਕਿਵੇਂ ਰੱਖੀ ਅਤੇ ਕੀ ਕੀ ਨੀਚਤਾਈਆਂ ਕੀਤੀਆਂ, ਕਿਸੇ ਕੋਲੋਂ ਗੁੱਝੀਆਂ ਨਹੀਂ। ਉਫ਼ ! ਪੱਥਰ-ਦਿਲ (ਚੀਫ਼ ਖ਼ਾਲਸਾ) ਦੀਵਾਨ ਨੇ ਆਪਣੇ ਜਿਗਰ ਦੇ ਟੋਟੇ ਨੂੰ, ਆਪਣੇ ਲਹੂ ਨੂੰ, ਆਖ ਦਿੱਤਾ ਕਿ ਇਹ ਤਾਂ ਸਿੱਖ ਹੀ ਨਹੀਂ…ਇਸ ਦਾ ਨਤੀਜਾ ਇਹ ਹੋਇਆ ਕਿ ਕਈ ਤਾਂ ਫਾਂਸੀ ਲਟਕਾਏ ਗਏ, ਕਈ ਜੇਲ੍ਹਾਂ ਵਿਚ ਤੜਫ਼ਦੇ ਰਹੇ ਅਤੇ ਕਈ ਪਿੰਡਾਂ ਵਿਚ ਨਜ਼ਰਬੰਦ ਪਏ ਹਨ।

(“ਸੋਹਣੀਆਂ ਸੂਰਤਾਂ, ਪਵਿੱਤਰ ਆਤਮਾਵਾਂ, ਖ਼ਾਲਸਾ ਕੌਮ ਦੇ ਫੁੱਲ”, “ਆਪਣੇ ਜਿਗਰ ਦਾ ਟੋਟਾ”, “ਆਪਣਾ ਖੂਨ”, ਕਿੰਨਾ ਪਿਆਰ, ਅਦਬ ਸਤਿਕਾਰ, ਅਪਣੱਤ ਤੇ ਦਰਦ ਹੈ ਇਨ੍ਹਾਂ ਸ਼ਬਦਾਂ ਵਿਚ! ਪੰਥਕ ਮੁੱਖ ਧਾਰਾ ਦੇ ਜਜ਼ਬਾਤ ਦੀ ਇਸ ਨਾਲੋਂ ਫਬਵੀਂ ਤਸਵੀਰ ਹੋਰ ਕੀ ਹੋ ਸਕਦੀ ਹੈ ?)

ਅਕਾਲੀ, 5 ਜੁਲਾਈ 1920 : ਕਿਸੇ ਸੱਚੇ ਸੁੱਚੇ ਸਿੱਖ ਨੇ ‘ਗੁਰੂ ਪੰਥ ਦੀ ਸੇਵਾ ਵਿਚ ਬੇਨਤੀਆਂ’ ਕਰਦੇ ਹੋਏ ਲਿਖਿਆ: ‘ਸੱਜਣੋਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਦਰਦੀ ਪੰਥ ਦੇ ਆਗੂ ਨਾ ਹੋਵਣ ਕਰਕੇ ਪੰਥ ਨੂੰ ਕਿਨ੍ਹਾਂ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਹੈ….ਅਸਾਡੀਆਂ ਆਪਣੀਆਂ ਕਈ ਭੁੱਲਾਂ ਹਨ, ਅਤੇ ਉਨ੍ਹਾਂ ਦੀ ਸਜ਼ਾ ਅਸਾਂ ਨੂੰ ਚੁੱਪ ਕਰ ਕੇ ਬੜੀ ਗੰਭੀਰਤਾ ਨਾਲ ਭੁਗਤਣੀ ਚਾਹੀਦੀ ਹੈ । ਅਸੀਂ ਖ਼ੁਸ਼ਾਮਦੀ ਸੀ, ਮਾਇਆ ਵਿਚ ਰਚਿਤ ਸੀ, ਹਰ ਵੇਲੇ ਝੂਠ ਅਤੇ ਕਪਟ ਵਿਚ ਅਸਾਡਾ ਗੁਜ਼ਾਰਾ ਸੀ, ਅਸਾਡਾ ਆਧਾਰ ਗਿਰਨੇ ਕਰਕੇ ਅਸਾਡੇ ਵਿੱਚੋਂ ਪਿਛਲੇ ਸਿੰਘਾਂ ਵਰਗੀ ਗੰਭੀਰਤਾ ਉੱਡ ਗਈ ਅਤੇ ਸਰਕਾਰੀ ਖ਼ੁਸ਼ਾਮਦੀ, ਚੁਗ਼ਲ ਅਤੇ “ਜੀ ਹਜ਼ੂਰੀਏ” ਕੁਦਰਤੀ ਲੀਡਰ ਥਾਪੇ ਗਏ ਅਤੇ ਪੁਰਾਣੀ ਜਥੇਬੰਦੀ, ਸਿੰਘ ਸਭਾਵਾਂ ਆਦਿਕ ਨੇ ਉਨ੍ਹਾਂ ਦੇ ਕੰਮਾਂ ਵੱਲ ਕੁਝ ਧਿਆਨ ਨਾ ਦਿੱਤਾ ਅਤੇ ਨਾ ਹੀ ਹੋਰ ਅਸਾਡੇ ਸੱਜਣਾਂ ਨੇ ਉਨ੍ਹਾਂ ਦੀ ਕਾਰਵਾਈ ਦੇ ਵਿਰੁੱਧ ਆਵਾਜ਼ ਉਠਾਈ। ਇਸ ਅਣਗਹਿਲੀ ਦਾ ਨਤੀਜਾ ਇਹ ਹੋਇਆ ਕਿ ਅਸਾਡੇ ਕੁਦਰਤੀ ਲੀਡਰਾਂ ਦੀ ਸ਼ਹਿ ਨਾਲ ਅਸਾਡੇ ਭਰਾ, ਜਿਨ੍ਹਾਂ ਨੇ ਕੌਮ ਤੇ ਦੇਸ਼ ਦੀ ਸੇਵਾ ਦਾ ਬੀੜਾ ਚੁੱਕਿਆ ਸੀ, ਕੁਝ ਫਾਂਸੀ ਉੱਤੇ ਚੜ੍ਹਾਏ ਗਏ, ਕੁਝ ਬੰਦੂਕਾਂ ਦਾ ਨਿਸ਼ਾਨਾ ਹੋਏ ਅਤੇ ਕਈਆਂ ਨੂੰ ਕਾਲੇਪਾਣੀ ਭੇਜਿਆ ਗਿਆ। ਅੱਜ ਜੇ ਪੂਰਾ-ਪੂਰਾ ਹਿਸਾਬ ਕੀਤਾ ਜਾਵੇ, ਤਾਂ ਅਸੀਂ ਦੱਸ ਸਕਦੇ ਹਾਂ ਕਿ ਪਿਛਲੇ 7-8 ਸਾਲਾਂ ਵਿਚ ਜਿੰਨੀਆਂ ਕੁਰਬਾਨੀਆਂ ਅਸੀਂ ਦਿੱਤੀਆਂ ਹਨ, ਨਾ ਹੀ ਏਨੀਆਂ ਅਸਾਡੇ ਭਰਾਵਾਂ ਮੁਸਲਮਾਨਾਂ ਵਿਚ ਹਨ, ਅਤੇ ਨਾ ਹੀ ਅਸਾਡੇ ਮਾਨਯੋਗ ਹਿੰਦੂਆਂ ਵਿਚ।’

ਅਕਾਲੀ, 9 ਜੁਲਾਈ, 1920 : ‘ਹਰਿਮੰਦਰ ਜੀ ਦਾ ਵਿਵਹਾਰਕ ਪ੍ਰਬੰਧ ਭਾਵੇਂ ਇਕ ਨਾਮ ਧਰੀਕ ਸਿੱਖ ਦੇ ਹੱਥ ਦਿੱਤਾ ਜਾਂਦਾ ਹੈ, ਜਿਸ ਨੂੰ ਹਰਿਮੰਦਰ ਜੀ ਦਾ ਪ੍ਰਬੰਧਕ ਬੋਲਦੇ ਹਨ, ਪਰ ਇਹ ਪ੍ਰਬੰਧਕ ਜੀ ਮਹਾਤਮਾ ਤਾਂ ਕੇਵਲ ਇਕ ਸੁਆਰਥੀ ਪੁਤਲੇ ਹੁੰਦੇ ਹਨ, ਜਿਸ ਨੂੰ ਪੁਤਲੀਗਰ ਜ਼ਿਲ੍ਹੇ ਦਾ ਹਾਕਮ ਜਿਵੇਂ ਨਚਾਵੇ, ਉਸੇ ਤਰ੍ਹਾਂ ਨੱਚਦੇ ਹਨ ਅਤੇ ਜੋ ਇਸ ਧੁਨ ਦਾ ਰਾਗ ਉਕਤ ਸਾਹਿਬ ਬਹਾਦਰ ਸੁਣਨਾ ਪਸੰਦ ਕਰੇ, ਉਹੀ ਆਵਾਜ਼ ਇਸ ਪੁਤਲੀ ਦੇ ਮੂੰਹੋਂ ਨਿਕਲਦੀ ਹੈ।’

ਜੁਲਾਈ ਵਿਚ ਸ਼ਾਹਜ਼ਾਦਾ ਬਰਤਾਨੀਆ (ਪ੍ਰਿੰਸ ਆਫ਼ ਵੇਲਜ਼) ਦੇ ਆਉਣ ‘ਤੇ ਅਕਾਲੀ ਨੇ 10 ਜੁਲਾਈ ਦੇ ਅੰਕ ਵਿਚ ਸਿੱਖ ਕੈਦੀਆਂ ਦਾ ਮਸਲਾ ਫਿਰ ਉਭਾਰਿਆ। ਅਕਾਲੀ, 15 ਜੁਲਾਈ, 1920 : ਗਿਆਨੀ ਗੁਰਬਖ਼ਸ਼ ਸਿੰਘ ਸਕੱਤਰ ਸਿੱਖ ਲੀਗ

ਬਾਰੇ ਕਈ ਦੀਵਾਨਾਂ ਵਿਚ ਫ਼ੈਸਲਾ ਹੋ ਚੁੱਕਾ ਹੈ ਕਿ ਇਨ੍ਹਾਂ ਦੇ ਨਾਉਂ ਨਾਲ ‘ਸਰਦਾਰ’ ਜਾਂ ‘ਭਾਈ’ ਪਦ ਨਾ ਵਰਤਿਆ ਜਾਵੇ… ਅਸੀਂ ਗਿਆਨੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਮਾਮਲਾ ਸਾਫ਼ ਕਰਨ। ਕਿਉਂਕਿ ਇਕ ਪਾਸੇ ਗੁਰਮਤੇ ਹੋ ਰਹੇ ਹਨ, ਦੂਜੇ ਪਾਸੇ ਆਪ ਸਕੱਤਰ ਹਨ। ਆਪੋ ਵਿਚ ਉਲਟ ਗੱਲਾਂ ਕਿਸ ਤਰ੍ਹਾਂ ਨਿਭ ਸਕਣਗੀਆਂ।

ਅਕਾਲੀ, 17 ਜੁਲਾਈ, 1920 : ਅਸੀਂ ਨਿਮ੍ਰਤਾ ਨਾਲ ਪੁੱਛਦੇ ਹਾਂ ਕਿ ਸਿੱਖ ਰਾਜਸੀ ਕੈਦੀਆਂ ਅਤੇ ਨਜ਼ਰਬੰਦਾਂ ਲਈ ਚੀਫ਼ ਖ਼ਾਲਸਾ ਦੀਵਾਨ ਨੇ ਕੀ ਕੀਤਾ ਹੈ ? ਕੀ ਦੀਵਾਨ ਨੇ ਕੋਈ ਗੁਰਮਤਾ ਪਾਸ ਕਰ ਕੇ ਲਾਟ ਸਾਹਿਬ, ਵਾਇਸਰਾਇ ਸਾਹਿਬ ਅਤੇ ਵਜ਼ੀਰ ਹਿੰਦ ਨੂੰ ਭੇਜਿਆ ਹੈ ? ਕੀ ਆਪਣੇ ਉਪਦੇਸ਼ਕ ਭੇਜ ਕੇ ਦੀਵਾਨ ਨੇ ਆਪਣੀਆਂ ਸੰਬੰਧਿਤ ਸਿੰਘ ਸਭਾਵਾਂ ਤੇ ਜਥਿਆਂ ਵੱਲੋਂ ਪਰਿਵਾਰ ਸਹਾਇਕ ਫ਼ੰਡ ਲਈ ਕੋਈ ਉੱਦਮ ਕੀਤਾ ਹੈ ? ਕੀ ਕੋਈ ਉਪਦੇਸ਼ਕ ਜਾਂ ਦੀਵਾਨ ਦਾ ਮੈਂਬਰ ਰਾਜਸੀ ਕੈਦੀ ਭਰਾਵਾਂ ਦੇ ਦੁਖੀ ਪਰਿਵਾਰਾਂ ਦੀ ਸੁਰਤ ਲੈਣ ਲਈ ਭੇਜਿਆ ਹੈ ? ਅਸੀਂ ਆਸ ਰੱਖਦੇ ਹਾਂ ਕਿ ਦੀਵਾਨ ਵੱਲੋਂ ਇਸ ਵਿਸ਼ੇ ‘ਤੇ ਵੀ ਪੂਰਾ ਚਾਨਣਾ ਪਾਇਆ ਜਾਵੇਗਾ।

24 ਜੁਲਾਈ : ਪਿੰਡਾਂ-ਪਿੰਡਾਂ ਸ਼ਹਿਰਾਂ ਗੱਲ ਕੀ, ਦੇਸ਼ ਦੇ ਦੂਰ-ਦੁਰਾਡੇ ਨੁੱਕਰਾਂ ਤੋਂ ਵੀ ਜ਼ੋਰਦਾਰ ਆਵਾਜ਼ੇ ਆ ਰਹੇ ਹਨ। ਥਾਂ ਥਾਂ ਤੋਂ ਖ਼ਾਲਸਾ ਜੀ ਵੱਲੋਂ ਗੁਰਮਤੇ ਧੜਾ ਧੜ ਆ ਰਹੇ ਹਨ ਕਿ ਖ਼ਾਲਸਾ ਕਾਲਜ …ਸਿੱਖਾਂ ਦੇ ਆਪਣੇ ਹੱਥ ਦਿੱਤਾ ਜਾਵੇ। ਸ਼ਾਹੀ ਐਲਾਨ ਹੋਏ ਨੂੰ ਅੱਜ ਸੱਤ ਮਹੀਨੇ ਹੋ ਗਏ ਹਨ ਪਰ ਰਾਜਸੀ ਕੈਦੀ ਅਜੇ ਤਕ ਅੰਡੇਮਾਨ (ਕਾਲੇਪਾਣੀ) ਦੀਆਂ ਜੇਲ੍ਹਾਂ ਵਿਚ ਤੜਫ਼ ਰਹੇ ਹਨ। ਪਰੰਤੂ ਸਰਕਾਰ ਨੇ ਇੱਕੋ ਚੁੱਪ ਵੱਟੀ ਹੋਈ ਹੈ।

26 ਜੂਨ 1920 ਨੂੰ ਖ਼ਾਲਸਾ ਯੰਗਮੈਨ ਐਸੋਸੀਏਸ਼ਨ ਦੀ ਸਰਗੋਧਾ ਵਿਖੇ ਹੋਈ ਮੀਟਿੰਗ ਵਿਚ ਸਾਰੇ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਸਿੱਖ ਕੈਦੀਆਂ ਨੂੰ ਪਗੜੀ ਤੇ ਰਹਿਤ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ ਗਈ। 15 ਜੁਲਾਈ ਨੂੰ ਸਿੱਖ ਲੀਗ ਵੱਲੋਂ ਤਰਨਤਾਰਨ ਦੀ ਮੱਸਿਆ ਉੱਤੇ ਜਲਸਾ ਕੀਤਾ ਗਿਆ ਜਿਸ ਵਿਚ ਸਿੱਖਾਂ ਸਮੇਤ ਸਾਰੇ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਮਤਾ ਪਾਇਆ ਗਿਆ।

18 ਜੁਲਾਈ ਨੂੰ ਲਾਲਾਮੂਸਾ ਦੇ ਖ਼ਾਸ ਜੋੜ ਮੇਲੇ ਵਿਚ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਤੇ ਜੇਲ੍ਹਾਂ ਅੰਦਰ ਧਾਰਮਿਕ ਚਿੰਨ੍ਹਾਂ ਦੀ ਖੁੱਲ੍ਹ ਦੇਣ ਬਾਰੇ ਮਤਾ ਪਾਇਆ ਗਿਆ ।

ਬਾਵਾ ਗੁਰਬਖ਼ਸ਼ ਸਿੰਘ ਤੇ ਸਰਬਰਾਹ ਅਰੂੜ ਸਿੰਘ ਨੂੰ ਸਿੱਖਾਂ ਦੇ ਪ੍ਰਤਿਨਿਧ ਮੰਨਣ ਤੋਂ ਇਨਕਾਰ ਕੀਤਾ ਗਿਆ।

14 ਅਗਸਤ ਦੇ ਅਖ਼ਬਾਰ ਵਿਚ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਲਿਖਿਆ : ਓਡਵਾਇਰ ਨੇ ਆਪਣੇ ਹਮੈਤੀ ਚੀਫ਼ ਖ਼ਾਲਸਾ ਦੀਵਾਨ ਦੇ ਬੇਸ਼ਰਮ ਆਗੂਆਂ ਤੋਂ ਬਹੁਤ ਸਾਰੇ ਗੁਰਮੁਖ ਅਤੇ ਵਤਨ ਸੇਵਕ ਸਿੱਖਾਂ ਨੂੰ ਅਸਿੱਖੀ ਦਾ ਫ਼ਤਵਾ ਦਿਵਾਇਆ…ਕੁਝ ਲਾਲਚੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਇਸ ਲਾਟ ਸਾਹਿਬ ਨੂੰ ਤੁਰਨ ਲੱਗਿਆਂ ਐਡਰੈੱਸ (ਵਿਦਾਇਗੀ ਪੱਤਰ) ਦਿੱਤਾ। ਪਰ ਉਨ੍ਹਾਂ ਦਾ ਐਡਰੈੱਸ ਦੇਣਾ ਏਡਾ ਮਾੜਾ ਨਹੀਂ ਸੀ, ਕਿਉਂਕਿ ਇਸ ਲਾਟ ਸਾਹਿਬ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਉਹ ਖ਼ਾਸ ਜ਼ੁਲਮ ਨਹੀਂ ਸੀ ਕੀਤਾ ਜਿਹੜਾ ਕਿ ਸਿੱਖਾਂ ਨਾਲ। ਇਹ ਸ਼ਰਮ ਦੀ ਗੱਲ ਹੈ ਕਿ ਐਸੇ ਲਾਟ ਸਾਹਿਬ ਦੇ ਹਮੈਤੀ ਕੋਈ ਸਿੱਖਾਂ ਵਿੱਚੋਂ ਵੀ ਨਿਕਲਣ।

18 ਅਗਸਤ 1920 ਨੂੰ ਅਰੂੜ ਸਿੰਘ ਨੂੰ ਹਟਾ ਕੇ ਸਰਦਾਰ ਸੁੰਦਰ ਸਿੰਘ ਜੀ ਰਾਮਗੜ੍ਹੀਆ ਨੂੰ ਸਰਬਰਾਹ ਬਣਾਇਆ ਗਿਆ।

23 ਅਗਸਤ ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਭਾਰੀ ਜੋੜ ਮੇਲਾ ਹੋਇਆ। ਸ. ਜਸਵੰਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੁਣ ਅਰੂੜ ਸਿੰਘ ਦਾ ਛੁਟਕਾਰਾ ਹੋਣਾ ਕਠਨ ਹੈ । ਉਸ ਨੂੰ ਦਰਬਾਰ ਸਾਹਿਬ ਦਾ ਪੂਰਾ ਪੂਰਾ ਹਿਸਾਬ ਦੇਣਾ ਪਵੇਗਾ । ਡਾਇਰ ਜ਼ਾਲਮ ਨੂੰ ਗੁਰੂ ਪਿਆਰਿਆਂ ਦੀ ਸ਼ਰਧਾ ਦੀ ਭੇਟਾ ਵਿੱਚੋਂ ਹਜ਼ਾਰਾਂ ਰੁਪਏ ਦੇ ਕੇ ਸਿੱਖਾਂ ਦੇ ਦਿਲਾਂ ਨੂੰ ਚੀਰਨ ਦਾ ਬਦਲਾ ਦੇਣਾ ਪਵੇਗਾ।

ਇਸ ਤੋਂ 24 ਘੰਟੇ ਬਾਅਦ ਹੀ ਅਰੂੜ ਸਿੰਘ ਨੇ ਮੁਆਫ਼ੀ ਮੰਗ ਲਈ, ਜਿਸ ਬਾਰੇ 27 ਅਗਸਤ ਦੇ ਅਕਾਲੀ ਅਖ਼ਬਾਰ ਵਿਚ ਹੇਠ ਲਿਖੀ ਰਿਪੋਰਟ ਛਪੀ :

ਕੱਲ੍ਹ 24 ਤਰੀਕ ਸ਼ਾਮ ਦੇ 6 ਵਜੇ ਜਲ੍ਹਿਆਂ ਵਾਲੇ ਬਾਗ਼ ਵਿਚ ਗੁਰਦੁਆਰਾ ਸੇਵਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਭਾਰੀ ਦੀਵਾਨ ਸਜਿਆ। ਅਜੇ ਦੀਵਾਨ ਸੱਜਣਾ ਹੀ ਸੀ ਕਿ ਸਰਦਾਰ ਬਸੰਤ ਸਿੰਘ ਰਸਾਲਦਾਰ ਤੇ ਸ. ਚੰਦਾ ਸਿੰਘ ਅਟਾਰੀ ਵਾਲੇ ਸੇਵਕਾਂ ਕੋਲ ਆਏ ਕਿ ਜੇਕਰ ਅਰੂੜ ਸਿੰਘ ਆ ਕੇ ਮੁਆਫ਼ੀ ਮੰਗ ਲਵੇ ਤਾਂ ਤੁਸੀਂ ਜਨਾਜ਼ਾ ਤਾਂ ਨਾ ਕੱਢੋਗੇ ਤੇ ਜੇ ਉਹ ਏਥੇ ਆਵੇ ਤਾਂ ਉਹਦੀ ਬੇਅਦਬੀ ਤਾਂ ਨਾ ਕਰੋਗੇ । ਜਿਸ ਪਰ ਮਾਸਟਰ ਚੰਦਾ ਸਿੰਘ ਜੀ ਨੇ ਸਭ ਸੰਗਤ ‘ਤੇ ਭਰੋਸਾ ਰੱਖਦੇ ਹੋਏ ਬਚਨ ਦਿੱਤਾ ਕਿ ਜੇਕਰ ਅਰੂੜ ਸਿੰਘ ਆ ਕੇ ਮੁਆਫ਼ੀ ਮੰਗੇ ਤਾਂ ਬੇਅਦਬੀ ਵੀ ਨਹੀਂ ਕਰਾਂਗੇ ਤੇ ਜਨਾਜ਼ਾ ਵੀ ਨਹੀਂ ਕੱਢਾਂਗੇ। ਸਵਾ ਘੰਟੇ ਦੀ ਮੁਹਲਤ ਉਨ੍ਹਾਂ ਨੂੰ ਦਿੱਤੀ ਗਈ ਤੇ ਦੀਵਾਨ ਸਜ ਕੇ ਕੀਰਤਨ ਹੋਣ ਲੱਗ ਪਇਆ। ਅੱਧੇ ਘੰਟੇ ਬਾਅਦ ਜਦ ਦੀਵਾਨ ਆਰੰਭ ਹੋਣ ਦਾ ਅਰਦਾਸਾ ਹੋਣਾ ਸ਼ੁਰੂ ਹੋਇਆ ਤਾਂ ਅਰੂੜ ਸਿੰਘ ਵੀ ਆ ਪੁੱਜਾ। ਅਰਦਾਸ ਤੋਂ ਪਿੱਛੋਂ ਮਾਸਟਰ ਚੰਦਾ ਸਿੰਘ, ਸ. ਸੇਵਾ ਸਿੰਘ, ਸ. ਜਸਵੰਤ ਸਿੰਘ…ਆਦਿ ਬੋਲੇ। ਉਸ ਤੋਂ ਪਿੱਛੋਂ ਅਰੂੜ ਸਿੰਘ ਨੇ ਖੜੋ ਕੇ ਹੱਥ ਜੋੜ ਕੇ ਆਖਿਆ ਕਿ ਖ਼ਾਲਸਾ ਜੀ ਮੈਂ ਅਠਾਰਾਂ ਵਰ੍ਹੇ ਗੁਰੂ ਰਾਮਦਾਸ ਜੀ ਦੀ ਤੇ ਖ਼ਾਲਸੇ ਦੀ ਸੇਵਾ ਕੀਤੀ ਹੈ। ਚੰਗੀ ਕੀਤੀ ਜਾਂ ਮੰਦੀ, ਆਪ ਪਰਵਾਨ ਕਰੋ ਤੇ ਹੁਣ ਮੈਂ ਅਸਤੀਫ਼ਾ ਦੇਂਦਾ ਹਾਂ ਤੇ ਆਪ ਜਨਾਜ਼ਾ ਨਾ ਕੱਢੋ। ਜਿਸ ਪਰ ਸੰਗਤ ਨੇ ਫ਼ੈਸਲਾ ਦੇ ਦਿੱਤਾ ਕਿ ਜਨਾਜ਼ਾ ਨਹੀਂ ਕੱਢਿਆ ਜਾਵੇਗਾ।

ਏਸ ਫ਼ੈਸਲੇ ਦਾ ਮਤਲਬ ਖ਼ਾਲਸੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ 18 ਸਾਲਾ ਕਾਰਵਾਈ ਦਾ ਹਿਸਾਬ ਅਰੂੜ ਸਿੰਘ ਨੂੰ ਛੱਡ ਦਿੱਤਾ ਗਇਆ ਹੈ ਜਾਂ ਉਹਦੇ ਔਗੁਣ ਮੁਆਫ਼ ਹੋ ਗਏ ਹਨ। 24 ਤਰੀਕ ਦੀ ਕਾਰਵਾਈ ਸਿਰਫ਼ ਏਨੀ ਹੀ ਸੀ ਕਿ ਅਰੂੜ ਸਿੰਘ ਨੇ ਸਰਬਰਾਹੀ ਛੱਡ ਦਿੱਤੀ ਤੇ ਖ਼ਾਲਸੇ ਨੇ ਜਨਾਜ਼ਾ ਨਹੀਂ ਕੱਢਣਾ। ਹੁਣ ਜਨਾਜ਼ਾ (ਤਾਂ) ਨਹੀਂ ਨਿਕਲੇਗਾ ਪਰ ਹਿਸਾਬ ਦੀ ਪੜਤਾਲ ਜਾਂ ਔਗੁਣਾਂ ਦੀ ਮੁਆਫ਼ੀ ਦਾ ਫ਼ੈਸਲਾ ਪਿੱਛੋਂ ਹੋਵੇਗਾ ਜਦ ਉਹ ਹਿਸਾਬ ਦੇ ਦੇਵੇਗਾ ਤੇ ਮੁਆਫ਼ੀ ਮੰਗੇਗਾ।

27 ਅਗਸਤ ਦਾ ਅਖ਼ਬਾਰ : ਹੁਣ ਅਰੂੜ ਸਿੰਘ ਤੇ ਬੂੜ ਸਿੰਘ ਅੰਮ੍ਰਿਤਸਰ ਵਾਲਿਆਂ ਦੀਆਂ ਚੋਟਾਂ ਨੇ ਪੰਥ ਵਿਚ ਖ਼ਾਲਸਈ ਜੋਸ਼ ਦੀ ਲਹਿਰ ਪੈਦਾ ਕਰ ਦਿੱਤੀ ਹੈ। ਹੁਣ ਇਹ ਗੱਲ ਅਸੰਭਵ ਹੈ ਕਿ ਗੁਰੂ ਸੰਗਤਾਂ ਦੀ ਹੱਤਕ ਕਰਨ ਵਾਲੇ ਤੇ ਪੰਥ ਧ੍ਰੋਹੀ ਆਪਣੀਆਂ ਕਰਤੂਤਾਂ ਦਾ ਫਲ ਭੋਗੇ ਬਿਨਾਂ ਬਚ ਰਹਿਣ।

ਇਸ ਤੋਂ 24 ਘੰਟੇ ਬਾਅਦ ਹੀ 24 ਅਗਸਤ ਨੂੰ ਜਲ੍ਹਿਆਂਵਾਲਾ ਬਾਗ਼ ਵਿਚ ਗੁਰਦੁਆਰਾ ਸੇਵਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਭਾਰੀ ਦੀਵਾਨ ਸਜਿਆ। ਰਾਇਕੋਟ ਖ਼ਿਆਲੀ ਤੇ ਭੈਣੀ ਬੜਿੰਗ (ਲੁਧਿਆਣਾ) ਵਿਖੇ ਖ਼ਾਲਸੇ ਜੀ ਵੱਲੋਂ ਦੀਵਾਨ ਕਰ ਕੇ ਭਾਈ ਰਣਧੀਰ ਸਿੰਘ ਜੀ ਤੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਦੇ ਮਤੇ ਪਾਏ ਗਏ।

ਮਿਰਜੇਵਾਲੀ (ਜ਼ਿਲ੍ਹਾ ਗੁਰਦਾਸਪੁਰ) ਵਿਚ 15-16 ਭਾਦੋਂ (ਸਤੰਬਰ 1920) ਨੂੰ ਦੀਵਾਨ ਹੋਏ ਤੇ ਸਰਕਾਰੀ ਖ਼ੁਸ਼ਾਮਦੀਆਂ ਦੇ ਵਿਰੁੱਧ ਤੇ ਸਿੱਖ ਕੈਦੀਆਂ ਦੀ ਹਮਾਇਤ ਵਿਚ ਮਤੇ ਪਾਏ ਗਏ। ਇਸੇ ਹੀ ਹਫ਼ਤੇ ਸਯਦ ਕਸਰਾਂ ਵਿਖੇ ਤੇ ਚੀਮਾ ਵਿਖੇ ਸਿੰਘ ਸਭਾ ਦੇ ਦੀਵਾਨਾਂ ਵਿਚ ਅਤੇ ਪਠਾਨਵਾਲੀ (ਸਿਆਲਕੋਟ) ਵਿਚ 12 ਸਤੰਬਰ ਨੂੰ ਇਸੇ ਭਾਵ ਦੇ ਮਤੇ ਪਏ।

25 ਸਤੰਬਰ ਨੂੰ ਛੇਹਰਟੇ ਡੇਢ ਦੋ ਹਜ਼ਾਰ ਦਾ ਇਕੱਠ: ਤਕਰੀਬਨ ਸਾਰੀਆਂ ਸਿੰਘਣੀਆਂ ਦੇ ਗਾਤਰੇ ਕ੍ਰਿਪਾਨਾਂ ਅਤੇ ਸਿਰ ‘ਤੇ ਦਸਤਾਰੇ ਸਜੇ ਹੋਏ ਸਨ। ਇਸ ਦੀਵਾਨ ਵਿਚ ਹਰ ਪਾਸਿਓਂ ਸੇਵਾ ਤੇ ਕੁਰਬਾਨੀ ਟਪਕ ਰਹੀ ਸੀ। 26 ਸਵੇਰ ਛੇ ਵਜੇ ਤੋਂ ਪਹਿਲਾਂ ਸਾਰੀ ਸੰਗਤ ਇਸ਼ਨਾਨ ਨਿਤਨੇਮ ਕਰਕੇ ਦੀਵਾਨ ਵਿਚ ਸਜ ਚੁੱਕੀ ਸੀ । ਸ਼ਾਮ ਦੇ ਦੀਵਾਨ ਵਿਚ ਗੁਰਮਤਾ ਪੇਸ਼ ਹੋਇਆ ਕਿ “ਚੂੰਕਿ ਚੀਫ਼ ਖ਼ਾਲਸਾ ਦੀਵਾਨ ਹਮੇਸ਼ਾ ਸਰਕਾਰੀ ਹਾਂ ਵਿਚ ਹਾਂ ਮਿਲਾਉਂਦਾ ਰਿਹਾ ਹੈ ਇਸ ਲਈ ਇਸ ਦਾ ਬਾਈਕਾਟ (ਤਨਖ਼ਾਹੀਆ) ਕੀਤਾ। ਜਾਵੇ।” ਇਸ ਦੇ ਨਾਲ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਖ਼ਿਲਾਫ਼ ਗੁਪਤ ਪੱਤਰ ਜਾਰੀ ਕਰਨ ਦੇ ਦੋਸ਼ ਦੀ ਪੁਸ਼ਟੀ ਕੀਤੀ ਗਈ। ਹੀਰਾ ਸਿੰਘ ਦਰਦ ਨੇ ਚਿੱਠੀ ਲਿਖੀ ਕਿ ਗੁਪਤ ਪੱਤਰ ਕੱਢਣ ਕਰਕੇ ਸਾਰਾ ਦੀਵਾਨ ਤਨਖ਼ਾਹੀਆ ਨਹੀਂ ਹੋ ਸਕਦਾ। ਇਸ ਦੇ ਵਾਸਤੇ ਸਾਬਤ ਕਰਨਾ ਜ਼ਰੂਰੀ ਹੈ ਕਿ ਪੱਤਰ ਦੀਵਾਨ ਦੀ ਅੰਤ੍ਰਿੰਗ ਜਾਂ ਜਨਰਲ ਕਮੇਟੀ ਵਿਚ ਪਾਸ ਕਰ ਕੇ ਭੇਜਿਆ ਗਿਆ ਸੀ ਜਾਂ ਇਕੱਲੇ ਸੈਕਟਰੀ ਨੇ ਹੀ ਛਪਵਾ ਕੇ ਭੇਜ ਦਿੱਤਾ ਸੀ ? ਇਕ ਆਦਮੀ ਜਾਂ ਦੋ ਚਾਰ ਆਦਮੀਆਂ ਦੇ ਮਿਲ ਕੇ ਪੱਤਰ ਕੱਢਣ ਨਾਲ ਸਾਰੇ ਮੈਂਬਰ ਕਿਸ ਤਰ੍ਹਾਂ ਤਨਖ਼ਾਹੀਏ ਹੋ ਗਏ ?’

ਖ਼ਾਲਸਾ ਦੀਵਾਨ ਸਿਆਲਕੋਟ ਦੇ ਸਕੱਤਰ ਭਾਈ ਸੱਜਣ ਸਿੰਘ ਨੇ ‘ਸਰਬਰਾਹਾਂ, ਮਹੰਤਾਂ ਤੇ ਪੁਜਾਰੀਆਂ’ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ : ਤੁਸਾਂ ਸਰਕਾਰੀ ਅਫ਼ਸਰਾਂ ਤੇ ਝੋਲੀ- ਚੁੱਕਾਂ ਨਾਲ ਮਿਲ ਕੇ ਜਾਂ ਉਨ੍ਹਾਂ ਦੇ ਦਬਾ ਹੇਠਾਂ ਆ ਕੇ ਪੰਥ ਦੇ ਸੁੱਚੇ ਹੀਰਿਆਂ ਤੇ ਸ਼ਹੀਦ ਸਿੰਘਾਂ ਨੂੰ ਅਸਿੱਖ ਆਖਿਆ’ ।

(ਖੱਬੇ ਪੱਖੀ ਧਰਮ-ਨਿੰਦਕਾਂ ਨੇ ਪੰਥ-ਵੇਚੂ ਮੁੱਠੀ ਭਰ ਵਿਅਕਤੀਆਂ ਦੇ ‘ਫ਼ਤਵੇ’ ਨੂੰ ਤਾਂ ਕਿੰਨਾ ਉਛਾਲਿਆ ਹੈ, ਪਰ ਇਸ ‘ਫ਼ਤਵੇ’ ਦੇ ਖ਼ਿਲਾਫ਼ ਪੰਥ ਦਰਦੀਆਂ ਵੱਲੋਂ ਭਰਵੇਂ ਦੀਵਾਨਾਂ ਵਿਚ ਪਾਏ ਗਏ ਸੈਂਕੜੇ ਗੁਰਮਤੇ ਉਨ੍ਹਾਂ ਨੂੰ ਕਿਤੇ ਦਿਖਾਈ ਨਹੀਂ ਦਿੱਤੇ ।)

ਬਾਬਾ ਹਰਨਾਮ ਸਿੰਘ ਕਾਲਾ ਸੰਘਿਆ ਨੂੰ ਅਪ੍ਰੈਲ 1929 ਵਿਚ ਮਦਰਾਸ ਦੀ ਵੈਲੂਰ ਜੇਲ੍ਹ ਤੋਂ ਬਦਲ ਕੇ ਲਾਹੌਰ ਸੈਂਟਰਲ ਜੇਲ੍ਹ ਵਿਚ ਲਿਆਂਦਾ ਗਿਆ। ਜਦ ਉਹ ਦਿੱਲੀ ਪਹੁੰਚੇ ਤਾਂ ਉਹ ਨੇਮ ਮੁਤਾਬਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਗਏ। ਉਥੇ ਉਨ੍ਹਾਂ ਨੂੰ ਬਹੁਤ ਸਤਿਕਾਰ ਨਾਲ ਸਿਰੋਪਾ (ਦਸਤਾਰ) ਬਖ਼ਸ਼ਿਆ ਗਿਆ। ਫਿਰ ਜਦ ਉਹ 1935 ਵਿਚ ਰਿਹਾਅ ਹੋ ਕੇ ਆਪਣੇ ਪਿੰਡ ਪਹੁੰਚੇ ਤਾਂ ਨਗਰ ਨਿਵਾਸੀਆਂ ਨੇ ਆਪ ਜੀ ਨੂੰ ਸਿਰੋਪਾ (ਦਸਤਾਰ ਤੇ ਤਿੰਨ ਫ਼ੁੱਟੀ ਕਿਰਪਾਨ) ਦੇ ਕੇ ਸਨਮਾਨਤ ਕੀਤਾ। ਇਸ ਉਪਰੰਤ ਕਪੂਰਥਲਾ ਵਿਖੇ ਗ਼ਦਰ ਪਾਰਟੀ ਤੇ ਅਕਾਲੀ ਦਲ ਨੇ ਬਾਬਾ ਜੀ ਦਾ ਸਾਂਝੇ ਤੌਰ ‘ਤੇ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਦਸਤਾਰ ਤੇ ਕ੍ਰਿਪਾਨ ਭੇਟ ਕੀਤੀ। ਜਦ ਬਾਬਾ ਹਰਨਾਮ ਸਿੰਘ (ਕੋਟਲਾ ਨੌਧ ਸਿੰਘ) ਕਾਲਾ ਸੰਘਿਆ ਬਾਬਾ ਹਰਨਾਮ ਸਿੰਘ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਪਧਾਰੇ ਤਾਂ ਉਨ੍ਹਾਂ ਵੀ ਬਾਬਾ ਜੀ ਦੇ ਸਨਮਾਨ ਹਿਤ ਇਕ ਕ੍ਰਿਪਾਨ, ਇਕ ਦਸਤਾਰ ਤੇ ਸੌ ਰੁਪੈ ਨਕਦ ਭੇਟ ਕੀਤੇ। ਅਗਲੇ ਸਾਲ 1936 ਵਿਚ ਗ਼ਦਰ ਪਾਰਟੀ ਨੇ ਬਾਬਾ ਜੀ ਨੂੰ ਅੰਮ੍ਰਿਤਸਰ ਵਿਖੇ ਬੁਲਾ ਕੇ ਸਨਮਾਨਤ ਕੀਤਾ। ਉਨ੍ਹਾਂ ਨੂੰ ਇਕ ਕ੍ਰਿਪਾਨ ਤੇ ਦਸਤਾਰ ਭੇਟ ਕੀਤੀ ਗਈ । ਸਨਮਾਨ ਕਰਨ ਵੇਲੇ ਬਾਬਾ ਸੋਹਣ ਸਿੰਘ ਜੀ ਭਕਨਾ, ਸ਼ੇਰ ਸਿੰਘ ਵੇਈਂ ਪੋਈਂ, ਬਾਬਾ ਜਵਾਲਾ ਸਿੰਘ ਠੱਠੀਆਂ, ਹਰਨਾਮ ਸਿੰਘ ਕੋਟਲਾ (ਟੁੰਡੀਲਾਟ), ਬਾਬਾ ਵਸਾਖਾ ਸਿੰਘ ਦਦੇਹਰ ਆਦਿ ਗ਼ਦਰੀ ਬਾਬੇ ਮੌਜੂਦ ਸਨ। 1937 ਵਿਚ ਬਾਬਾ ਹਰਨਾਮ ਸਿੰਘ ਜੀ ਨੂੰ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਕਾਰ ਸਹਿਤ ਕ੍ਰਿਪਾਨ ਭੇਟ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਵਾਰ ਫਿਰ ਮਾਲਵਾ ਦੀਵਾਨ ਦੀ ਤਰਫ਼ੋਂ ਬਾਬਾ ਜੀ ਨੂੰ ਸਿਰੋਪਾ ਦਿੱਤਾ ਗਿਆ। ਬਾਬਾ ਹਰਨਾਮ ਸਿੰਘ ਕਾਲਾ ਸੰਘਿਆ ਸਮੇਤ ਅੱਠ ਗ਼ਦਰੀ ਬਾਬੇ (ਬਾਬਾ ਭਕਨਾ, ਸ਼ੇਰ ਸਿੰਘ ਵੇਈ ਪੋਈਂ, ਬਾਬਾ ਜਵਾਲਾ ਸਿੰਘ, ਪਾਖਰ ਸਿੰਘ ਢੁੱਡੀਕੇ ਤੇ ਬਾਬਾ ਵਸਾਖਾ ਸਿੰਘ ਆਦਿ) ਸਟੇਜ ਉੱਤੇ ਸੁਸ਼ੋਭਿਤ ਸਨ । 20 ਅਕਤੂਬਰ 1920 ਨੂੰ ਲਾਹੌਰ ਬੈਡਲੇ ਹਾਲ ਵਿਚ ਹੋਏ ਸਿੱਖ ਲੀਗ ਦੇ ਸਮਾਗਮਦੀ ਰਿਪੋਰਟ : ‘ਕੌਮੀ ਅਣਖ ਨੂੰ ਜਗਾਣ ਵਾਲਾ ਤੇ ਕੁਰਬਾਨੀ ਦੀ ਜੋਤ ਜਗਾਣ ਵਾਲਾ ਸਭ ਤੋਂ ਅਦੁੱਤੀ ਨਜ਼ਾਰਾ ਕਾਮਾਗਾਟਾਮਾਰੂ ਅਤੇ ਹੋਰ ਅਮਰੀਕਾ ਕੈਨੇਡਾ ਵਾਸੀ ਗੁਰੂ ਦੁਲਾਰਿਆਂ ਦਾ ਸੀ, ਜਿਨ੍ਹਾਂ ਵਿਚ ਭਾਈ ਪਿਆਰਾ ਸਿੰਘ ਜੀ ਲੰਗੇਰੀ, ਭਾਈ ਬਖ਼ਤਾਵਰ ਸਿੰਘ ਜੀ ਆਦਿਕ 50 ਦੇ ਕਰੀਬ ਇਕੱਠੇ ਸਟੇਜ ਦੇ ਸੱਜੇ ਪਾਸੇ ਸਜ ਰਹੇ ਸਨ। ਸੱਤ ਕੁਰਸੀਆਂ ਖ਼ਾਲੀ ਪਈਆਂ ਸਨ ਤੇ ਜਦ ਵੀ ਉਨ੍ਹਾਂ ਵੱਲ ਨਿਗਾਹ ਪੈਂਦੀ ਸੀ, ਦਿਲ ਤੜਫ਼ ਉੱਠਦਾ ਸੀ। ਇਕ ਵੇਰਾਂ ਭਰਿਆ ਹੋਇਆ ਪੰਡਾਲ ਸੁੰਨਾ ਮਾਲੂਮ ਹੋਣ ਲੱਗ ਪੈਂਦਾ ਸੀ। ਇਹ ਕੁਰਸੀਆਂ ਭਾਈ ਰਣਧੀਰ ਸਿੰਘ ਜੀ, ਭਾਈ ਚਤਰ ਸਿੰਘ ਜੀ, ਭਾਈ ਅਮਰ ਸਿੰਘ ਜੀ, ਭਾਈ ਨਿਧਾਨ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਜਵਾਲਾ ਸਿੰਘ ਜੀ, ਭਾਈ ਊਧਮ ਸਿੰਘ ਕਸੇਲ ਨੂੰ ਆਪਣੇ ’ਤੇ ਬੈਠਣ ਲਈ ਸੱਦ ਰਹੀਆਂ ਸਨ । ਜੋ ਇਸ ਵੇਲੇ ਜੇਲ੍ਹਾਂ ਵਿਚ ਬੈਠੇ ਭਾਵੇਂ ਸਾਡੇ ਵਿਚ ਆ ਕੇ ਕੰਮ ਨਹੀਂ ਕਰ ਰਹੇ, ਪਰ ਆਪਣਾ ਲਹੂ ਕੌਮੀ ਬੂਟੇ ਲਈ ਸੁਕਾ ਰਹੇ ਹਨ। ਇਸ ਮੌਕੇ ਸ. ਹਰਚੰਦ ਸਿੰਘ ਜੀ ਨੇ ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਅਤੇ ਕੈਨੇਡਾ ਵਾਸੀ ਉਨ੍ਹਾਂ ਸਿੱਖ ਵੀਰਾਂ ਦੇ ਦਰਸ਼ਨ ਕਰਾਏ ਜਿਨ੍ਹਾਂ ਨੇ ਕੌਮ ਤੇ ਮੁਲਕ ਦੀ ਖ਼ਾਤਰ ਅਸਹਿ ਕਸ਼ਟ ਸਹੇ, ਘਰ-ਘਾਟ ਗਵਾਏ, ਕੈਦਾਂ ਕੱਟੀਆਂ ਅਤੇ ਆਪਣੀ ਕੁਰਬਾਨੀ ਨਾਲ ਮੁਲਕ ਵਿਚ ਇਕ ਜੀਵਨ ਪੈਦਾ ਕਰ ਦਿੱਤਾ। ਇਨ੍ਹਾਂ ਵੀਰਾਂ ਅਤੇ ਕੁਰਬਾਨੀ ਦਿਆਂ ਪੁਤਲਿਆਂ ਨੂੰ ਸਟੇਜ ‘ਤੇ ਖੜਾ ਕਰਕੇ ਸਰਦਾਰ ਜੀ ਨੇ ਆਖਿਆ, ‘ਭਰਾਵੋ ਇਨ੍ਹਾਂ ਵੀਰਾਂ ਨੇ ਉਸ ਵੇਲੇ ਅੰਗਰੇਜ਼ੀ ਨਿਆਂ ਦਾ ਪਾਜ ਖੋਲ੍ਹਿਆ ਜਿਸ ਵੇਲੇ ਹਿੰਦ ਵਿਚ ਅੱਜ ਵਰਗੀ ਜਾਗ ਨਹੀਂ ਸੀ। ਇਨ੍ਹਾਂ ਨੇ ਕਾਨੂੰਨ ਅਨੁਸਾਰ ਕੈਨੇਡਾ ਵਿਚ ਜਹਾਜ਼ ਖੜਿਆ ਅਤੇ ਸਮੁੰਦਰਾਂ ਵਿਚ ਕਈ ਦਿਨ ਧੱਕੇ ਖਾ ਖਾ ਕੇ ਖੱਜਲ ਹੁੰਦੇ ਰਹੇ। ਜਦ ਮੁੜ ਘਰ ਆਏ, ਅੱਗੋਂ ਗੋਲੀਆਂ ਦੇ ਮੀਂਹ ਨਾਲ ਇਨ੍ਹਾਂ ਦੀ ਆਜ਼ਾਦੀ ਦੀ ਪਿਆਸ ਬੁਝਾਈ ਗਈ । ਭਰਾਵੋ ਸਾਡੇ ਵੱਡੇ ਲੀਡਰਾਂ ਉਸ ਵੇਲੇ ਕਿਹਾ, ਇਹ ਸਿੱਖ ਨਹੀਂ ਹਨ। (ਲਾਹਨਤ!) ਕੀ ਇਹ ਸਿੱਖ ਨਹੀਂ ਹਨ ? ਅਤੇ ਕੀ ਉਹ ਸਿੱਖ ਪੰਥ ਤੇ ਦੇਸ਼ ਖ਼ਾਤਰ ਸਦਕੇ ਹੋ ਜਾਣ ਵਾਲੇ ਸਿੱਖ ਨਹੀਂ ਹਨ ? ਅਤੇ ਕੀ ਉਹ ਸਿੱਖ ਹਨ ਜਿਹੜੇ ਦੋ ਚਾਰ ਮੁਰੱਬਿਆਂ ਦੀ ਖ਼ਾਤਰ ਭਰਾਵਾਂ ਦਾ ਗਲਾ ਕੱਟਦੇ ਹਨ?

(ਬਿਲਕੁਲ ਨਹੀਂ)। ਇਹ ਤਾਂ ਸੱਚੇ ਸਿੱਖ ਤੇ ਕਲਗੀਧਰ ਦੇ ਸਪੁੱਤਰ ਹਨ। ਇਹ ਨਜ਼ਾਰਾ ਵੇਖ ਕੇ ਹਰੇਕ ਦਿਲ ਦਰਦ ਨਾਲ ਭਰ ਰਿਹਾ ਸੀ ਅਤੇ ਜਿਹੜੇ ਇਨ੍ਹਾਂ ਨੂੰ ਸਿੱਖ ਨਾ ਹੋਣ ਦੇ ਫ਼ਤਵੇ ਦੇਣ ਵਿਚ ਸ਼ਾਮਲ ਸਨ, ਉਹ ਸ਼ਰਮ ਨਾਲ ਪਾਣੀ ਪਾਣੀ ਹੋ ਰਹੇ ਸਨ। ਖ਼ਾਸ ਕਰ ਗਿਆਨੀ ਗੁਰਬਖ਼ਸ਼ ਸਿੰਘ ਦੀ ਹਾਲਤ ਡਾਢੀ ਤਰਸਯੋਗ ਸੀ।”

ਇਸ ਪੰਥਕ ਇਕੱਠ ਵਿਚ ਬਾਬਾ ਵਸਾਖਾ ਸਿੰਘ ਦਦੇਹਰ ਤੋਂ ਇਲਾਵਾ, ਬਾਬਾ ਭਾਗ ਸਿੰਘ ਕੈਨੇਡੀਅਨ, ਭਾਈ ਪਿਆਰਾ ਸਿੰਘ ਲੰਗੇਰੀ, ਮਾਸਟਰ ਮੋਤਾ ਸਿੰਘ ਅਤੇ ਕਰਤਾਰ ਸਿੰਘ ਝੱਬਰ ਸ਼ਾਮਲ ਸਨ। ਇਸ ਸਮਾਗਮ ਵਿਚ ਬਾਬਾ ਵਸਾਖਾ ਸਿੰਘ ਜੀ ਨੇ ਜੇਲ੍ਹਾਂ ਵਿਚ ਬੰਦ ਗ਼ਦਰੀਆਂ ਦੇ ਦੁਖੀ ਪਰਿਵਾਰਾਂ ਦੇ ਦੁਖੜੇ ਸੁਣਾਏ ਤੇ ਖਾਲਸਾ ਪੰਥ ਨੂੰ ਇਨ੍ਹਾਂ ਦੁਖੀ ਪਰਿਵਾਰਾਂ ਦੇ ਰੁਲ ਰਹੇ ਬਾਲ ਬੱਚਿਆਂ ਦੀ ਸਾਰ ਲੈਣ ਦੀ ਪ੍ਰੇਰਨਾ ਕੀਤੀ ਗਈ। ਬਾਬਾ ਜੀ ਦੀ ਅਪੀਲ ਦਾ ਹਾਜ਼ਰ ਸਿੱਖਾਂ ਦੇ ਹਿਰਦਿਆਂ ਉਪਰ ਬੜਾ ਹੀ ਗਹਿਰਾ ਅਸਰ ਹੋਇਆ। ਇਨ੍ਹਾਂ ਦੇ ਸੁਝਾਅ ਉਪਰ ‘ਸਿੱਖ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ’ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਸ. ਹਰਚੰਦ ਸਿੰਘ ਰਈਸ ਲਾਇਲਪੁਰੀ ਨੂੰ ਬਣਾਇਆ ਗਿਆ। ਕਮੇਟੀ ਵਿਚ ਕੁੱਲ 9 ਮੈਂਬਰ ਲਏ ਗਏ। ਇਨ੍ਹਾਂ ਵਿਚ ਮਾਸਟਰ ਸੁੰਦਰ ਸਿੰਘ ਜੀ ਲਾਇਲਪੁਰੀ, ਜਸਵੰਤ ਸਿੰਘ ਝਬਾਲ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਸਮੁੰਦਰੀ ਆਦਿ ਉੱਘੀਆਂ ਸਿੱਖ ਹਸਤੀਆਂ ਸ਼ਾਮਲ ਕੀਤੀਆਂ ਗਈਆਂ।

ਸ. ਅਮਰ ਸਿੰਘ ਜੀ ਝਬਾਲ ਭਾਵੇਂ ਬੀਮਾਰ ਸਨ ਪਰ ਫਿਰ ਵੀ ਉੱਠੇ ਤੇ ਬੋਲੇ : ‘ਖ਼ਾਲਸਾ ਜੀ ਤੁਸੀਂ ਭੁੱਖੇ ਰਹਿ ਕੇ ਦੂਜਿਆਂ ਨੂੰ ਖਵਾਂਦੇ ਹੁੰਦੇ ਸਾਓ। ਹੁਣ ਆਪਣੇ ਭਰਾਵਾਂ ਦੇ ਕੌਮੀ ਸ਼ਹੀਦਾਂ ਦੇ, ਗੁਰੂ ਦੇ ਲਾਲਾਂ ਦੇ ਬੱਚੇ ਯਤੀਮ ਹੋਏ ਰੁਲ ਰਹੇ ਹਨ। ਪਿਆਰੇ ਸਰਦਾਰ ਗੁਰਦਿਤ ਸਿੰਘ ਜੀ ਦਾ ਪੁੱਤਰ ਮੈਂ ਸੁਣਿਆ ਹੈ ਕਿ ਡੰਗਰ ਚਾਰ ਕੇ ਰੋਟੀ ਖਾਂਦਾ ਹੈ (ਇਹ ਸੁਣ ਕੇ ਸਭ ਦੇ ਅੱਥਰੂ ਫੁੱਟ ਪਏ) ਤੁਸੀਂ ਇਨ੍ਹਾਂ ਦੇ ਪ੍ਰਬੰਧ ਕੀਤੇ ਬਿਨਾਂ ਰੋਟੀ ਨਾ ਖਾਓ।

ਫਿਰ ਸਰਦਾਰ ਹਰਚੰਦ ਸਿੰਘ ਜੀ ਨੇ ਅਪੀਲ ਕੀਤੀ ਕਿ ‘ਵੱਡਿਆਂ ਦਾ ਅਤੇ ਵੱਡੀਆਂ ਰਕਮਾਂ ਦਾ ਖ਼ਿਆਲ ਛੱਡੋ, ਜੋ ਦੇ ਸਕਦੇ ਹੋ, ਦਿਓ। ਵੇਖੋ ਇਹ ਬਲਵੰਤ ਸਿੰਘ ਜੀ ਦਾ ਭੁਝੰਗੀ ਹੈ (ਛੋਟੇ ਭੁਝੰਗੀ ਨੂੰ ਮੇਜ਼ ‘ਤੇ ਖੜਾ ਕਰਨ ਦੀ ਢਿੱਲ ਸੀ ਕਿ ਦਰਦ ਭਰੇ ਦਿਲਾਂ ਵਿਚ ਫੁੱਟ ਕੇ ਅਖੀਂ ਵਹਿ ਤੁਰੀਆਂ) ਕੌਮੀ ਸ਼ਹੀਦ ਦਾ ਸਪੁੱਤਰ ਹੈ। ਜੋ ਫਾਂਸੀ ਲੱਗ ਚੁੱਕਾ ਹੈ। ਵੇਖੋ ਇਸ ਦਾ ਕੀ ਹਾਲ ਹੈ ? (ਸਰਦਾਰ ਜੀ ਦਾ ਗਲਾ ਰੁਕ ਗਿਆ ਤੇ ਬੋਲ ਨਾ ਸਕੇ)

ਇਸ ਉਪਰੰਤ ਭਾਈ ਪਿਆਰਾ ਸਿੰਘ ਜੀ ਲੰਗੇਰੀ, ਜੋ ਥੋੜ੍ਹੇ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ, ਸਟੇਜ ਉੱਤੇ ਆਏ। ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਏ ਗਏ।

ਆਪ ਨੇ ਕਿਹਾ: ‘ਖ਼ਾਲਸਾ ਜੀ…ਸਮਾਂ ਥੋੜ੍ਹਾ ਹੈ ਨਹੀਂ ਤਾਂ ਮੈਂ ਦੱਸਾਂ ਅਸਾਂ ਕੈਨੇਡਾ ਵਾਸੀ ਵੀਰਾਂ ਉੱਤੇ ਕਿਸ ਤਰ੍ਹਾਂ ਝੂਠੇ ਦੂਸ਼ਣ ਥੱਪੇ ਗਏ। ਕਹਿੰਦੇ ਹਨ ਸਾਨੂੰ ਹਰਦਿਆਲ ਨੇ ਭੜਕਾ ਕੇ ਭੇਜਿਆ, ਇਹ ਕੋਰਾ ਝੂਠ ਹੈ। ਜੇ ਮੈਂ ਸਾਰੇ ਹਾਲ ਫੋਲਾਂ ਤਾਂ ਆਪ ਨੂੰ ਪਤਾ ਲੱਗੇ ਕਿਸ ਤਰ੍ਹਾਂ ਸਾਨੂੰ ਕੈਨੇਡਾ ਵਿਚ ਸਤਾਇਆ ਗਿਆ। ਤੀਵੀਆਂ ਤੇ ਬੱਚੇ ਉਥੇ ਲੈ ਜਾਣ ਤੋਂ ਰੋਕ ਦਿੱਤਾ… ਇਹ ਕਿਥੋਂ ਦਾ ਨਿਆਇ ਹੈ ? ਅਸੀਂ ਵਲਾਇਤ ਤਕ ਤਾਰਾਂ ਤੇ ਮੇਜਰਨਾਮੇ ਭੇਜੇ..ਕਿਸੇ ਨਾ ਸੁਣੀ…ਕਾਮਾਗਾਟਾ ਮਾਰੂ ਦੇ ਭਿਆਨਕ ਕਾਰੇ ਨੇ ਸਾਡੇ ਕਾਲਜੇ ਵਿੰਨ੍ਹ ਦਿੱਤੇ ਅਤੇ ਅਸੀਂ ਉਹ ਦੇਸ਼ ਛੱਡ ਕੇ ਆਪਣੇ ਵਤਨ ਆ ਗਏ ਕਿ ਦੇਸ਼ ਵਾਸੀਆਂ ਨੂੰ ਕੋਈ ਗ਼ੈਰਤ ਦਵਾਈਏ ਤੇ ਜਗਾਈਏ। ਪਰ ਸਾਨੂੰ ਆਉਂਦਿਆਂ ਨੂੰ ਜੇਲ੍ਹਾਂ ਵਿਚ ਪਾ ਦਿੱਤਾ ਗਿਆ… ।’

ਮਾਸਟਰ ਮੋਤਾ ਸਿੰਘ ਜੀ ਨੇ ਸਟੇਜ ‘ਤੇ ਆ ਕੇ ਜੁੱਤੀ ਲਾਹ ਦਿੱਤੀ ਤੇ ਆਖਿਆ ਭਾਵੇਂ ਤੁਸੀਂ ਆਖੋ ਕਿ ਮੈਂ ਪਖੰਡ ਕਰਨ ਲੱਗਾ ਹਾਂ ਪਰ ਮੈਥੋਂ ਹੁਣ ਰਿਹਾ ਨਹੀਂ ਜਾਂਦਾ। ਭਾਈ ਰਣਧੀਰ ਸਿੰਘ ਜੀ ਦੀ ਸੁਪਤਨੀ ਦੀ ਚਿੱਠੀ ਮੇਰੇ ਹੱਥ ਵਿਚ ਹੈ ਜੋ ਮੈਂ ਸੁਣਾਵਾਂਗਾ। “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥” ਦੁੱਖ ਇਤਨਾ ਵਧ ਗਿਆ ਹੈ ਕਿ ਮੈਂ ਜੁੱਤੀ ਲਾਹ ਦਿੱਤੀ ਹੈ ਤੇ ਉਦੋਂ ਤਕ ਨਹੀਂ ਪਾਵਾਂਗਾ ਜਦ ਤਕ ਮੇਰੇ ਭਰਾ ਬਾਹਰ ਨਾ ਆ ਜਾਣਗੇ। ਮੈਂ ਰੋਟੀ ਵੀ ਇਕ ਡੰਗ ਖਾਵਾਂਗਾ। ਮੈਂ ਕੱਪੜੇ ਵੀ ਲਾਹ ਦਿੰਦਾ ਪਰ ਕਹਿੰਦੇ ਹਨ ਇਹ ਸਿੱਖੀ ਦੇ ਉਲਟ ਹੈ।

ਭਾਈ ਰਣਧੀਰ ਸਿੰਘ ਕੇਵਲ ਮਾਲਵੇ ਦਾ ਸ਼ੇਰ ਹੀ ਨਹੀਂ ਸੀ, ਪੰਜਾਬ ਅਤੇ ਹਿੰਦ ਦਾ ਹੀ ਬੀਰ ਨਹੀਂ ਸੀ, ਉਹ ਅਸੂਲ ਉੱਤੇ ਜਾਨ ਦੇਣ ਵਾਲਾ ਸ਼ੇਰ ਬੱਬਰ ਸੀ। ਉਨ੍ਹਾਂ ਦੀ ਸਿੰਘਣੀ ‘ਤੇ ਬੜੇ ਕਸ਼ਟ ਆਏ ਪਰ ਉਨ੍ਹਾਂ ਆਖਿਆ ਕਿ ਭਾਈ ਸਾਹਿਬ ਦੀ ਗ਼ੈਰਤ ਉਨ੍ਹਾਂ ਨੂੰ ਪ੍ਰਗਟ ਕਰਨ ਦੀ ਆਗਿਆ ਨਹੀਂ ਦਿੰਦੀ। ਪਰ ਹੁਣ ਹੱਦ ਹੋ ਗਈ ਹੈ.. ਰੱਬਾ ਤੂੰ ਅੰਗਰੇਜ਼ੀ ਕਾਨੂੰਨ ਕੈਸਾ ਬਣਾ ਦਿੱਤਾ ਜਿਸ ਵਿਚ ਅਸੀਂ ਤੇਰੇ ਅੰਮ੍ਰਿਤ ਦੀ ਸ਼ਕਤੀ ਵੀ ਨਹੀਂ ਵਿਖਾ ਸਕਦੇ…ਹੋਰ ਕੀ ਦੱਸਾਂ ? ਭਾਈ ਕਰਤਾਰ ਸਿੰਘ ਤੇ ਰੂੜ ਸਿੰਘ ਨੂੰ ਜੇਲ੍ਹ ਵਿਚ ਇਸ ਵਾਸਤੇ ਬੈਂਤ ਮਾਰ ਮਾਰ ਕੇ ਹੀ ਮਾਰ ਦਿੱਤਾ ਕਿ ਉਹ ਬਹੁਤੀ ਬਾਣੀ ਪੜ੍ਹਦੇ ਤੇ ਨਾਮ ਜਪਦੇ ਸਨ। ਹਜ਼ਾਰੀਬਾਗ਼ ਤੋਂ ਛੁੱਟੇ ਹੋਏ ਛੇ ਕੈਦੀ ਰਾਹ ਵਿਚ ਹੀ ਮਰ ਗਏ, ਕਮਜ਼ੋਰੀ ਅਤੇ ਉੱਤੇ ਕੱਪੜਾ ਨਾ ਮਿਲਣ ਕਰਕੇ। ਜੇ ਉਹ ਜੇਲ੍ਹਾਂ ਵਿਚ ਹਨ ਤਾਂ ਸਾਡਾ ਬਾਹਰ ਰਹਿਣਾ ਧਰਮ ਨਹੀਂ।

ਗੁਰਮਤਾ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਪਾਸ ਹੋਇਆ।

ਰੁਪਿਆ ਮੀਂਹ ਵਾਂਗ ਵਰ੍ਹਨਾ ਸ਼ੁਰੂ ਹੋ ਗਿਆ…

ਉਪਰੰਤ ਗੰਗਾ ਸਿੰਘ ਉਪਦੇਸ਼ਕ ਨੇ ਆਖਿਆ ਕਿ ਮੈਂ ਵੀ ਆਪਣੇ ਆਪ ਨੂੰ ਇਸ ਮੈਦਾਨ ਵਿਚ ਉਤਾਰਦਾ ਹਾਂ ਅਤੇ ਹਰ ਸਾਲ ਪੂਰਾ ਇਕ ਮਹੀਨਾ ਸੇਵਾ ਕਰਿਆ ਕਰਾਂਗਾ। ਸੰਤੋਖ ਸਿੰਘ ਵਿਦਿਆਰਥੀ ਨੇ ਮੈਡੀਕਲ ਕਾਲਜ ਵਿੱਚੋਂ ਪੜ੍ਹਨਾ ਛੱਡ ਕੇ ਆਪਣੀ ਸੇਵਾ ਸਿੱਖ ਲੀਗ ਦੇ ਹਵਾਲੇ ਕੀਤੀ।

ਦੇਸ਼ਭਗਤਾਂ ਦੇ ਪਰਿਵਾਰਾਂ ਦੀ ਸਾਰ ਲੈਣ ਦਾ ਉਪਰਾਲਾ

‘ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ’ ਦੇ ਪ੍ਰਧਾਨ ਬਾਬਾ ਵਸਾਖਾ ਸਿੰਘ ਜੀ ਵਲੋਂ ਪਿੰਡ ਪਿੰਡ ਤੇ ਸ਼ਹਿਰਾਂ ਵਿਚ ਦੂਰ-ਦੁਰਾਡਿਆਂ ਥਾਵਾਂ ‘ਤੇ ਜਾ ਕੇ ਲੋਕਾਂ ਅੱਗੇ ਝੋਲੀ ਅੱਡ ਕੇ ਇਨ੍ਹਾਂ ਦੁਖੀ ਪਰਿਵਾਰਾਂ ਲਈ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਸ ਉਪਰੰਤ 1926 ਵਿਚ ਗ਼ਦਰੀ ਬਾਬਿਆਂ ਅਤੇ ਅਕਾਲੀਆਂ ਵਲੋਂ ਫ਼ੰਡ ਇਕੱਠਾ ਕਰਨ ਲਈ ਹੇਠ ਦਿੱਤੀ ਸਾਂਝੀ ਅਪੀਲ ਕੀਤੀ ਗਈ :

ਦੇਸ਼ ਭਗਤਾਂ ਦੇ ਦੁਖੀ ਪਰਿਵਾਰਾਂ ਦੀ ਸਾਰ ਲਓ! ਕਿਸੇ ਕੌਮ ਜਾਂ ਮੁਲਕ ਦਾ ਸਭ ਤੋਂ ਪਵਿੱਤਰ ਫ਼ਰਜ਼ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਲਣਾ ਕਰਨਾ ਹੈ। ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ 1920 ਦੇ ਸਿੱਖ ਲੀਗ ਦੇ ਇਜਲਾਸ ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਯਥਾਸ਼ਕਤ ਦੁਖੀ ਪਰਿਵਾਰਾਂ ਦਾ ਦੁੱਖ ਵੰਡਾਇਆ ਤੇ ਯਤੀਮ ਬੱਚਿਆਂ ਦੀ ਪਾਲਣਾ ਕੀਤੀ। ਇਸ ਵੇਲੇ ਇਸ ਫ਼ੰਡ ਵਿਚ ਮਾਇਆ ਦੀ ਥੁੜ ਪ੍ਰਤੀਤ ਹੋ ਰਹੀ ਹੈ ਤੇ ਲੋੜਵੰਦਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਇਸ ਲਈ ਅਸੀਂ ਸਭ ਦੇਸ਼ ਹਿਤੈਸ਼ੀਆਂ ਅੱਗੇ ਅਪੀਲ ਕਰਦੇ ਹਾਂ ਕਿ ਉਹ ਇਸ ਪਵਿੱਤਰ ਫ਼ੰਡ ਵਿਚ ਤਰੋ-ਤਰੀ ਗੱਫ਼ੇ ਦੇ ਕੇ ਆਪਣੀ ਮਾਇਆ ਦਾ ਚੰਗਾ ਇਸਤੇਮਾਲ ਕਰਨ । ਸੰਗਤਾਂ ਨੂੰ ਇਹ ਸੁਣ ਕੇ ਵੱਡੀ ਖ਼ੁਸ਼ੀ ਹੋਵੇਗੀ ਕਿ ਇਸ ਸ਼ੁਭ ਕੰਮ ਨੂੰ ਸਿਰੇ ਚਾੜ੍ਹਨ ਲਈ ਬਾਬਾ ਵਿਸਾਖਾ ਸਿੰਘ ਜੀ ਅਮਰੀਕਾ ਵਾਲਿਆਂ ਨੇ ਆਪਣਾ ਸਾਰਾ ਸਮਾਂ ਇਸ ਕੰਮ ਲਈ ਦੇਣ ਦਾ ਪ੍ਰਣ ਧਾਰਿਆ ਹੈ। ਆਪਣੇ ਹੋਰ ਸਾਥੀਆਂ ਸਮੇਤ ਥਾਂ ਥਾਂ ਪੁੱਜ ਕੇ ਬਾਬਾ ਜੀ ਇਸ ਫ਼ੰਡ ਲਈ ਮਾਇਆ ਇਕੱਤਰ ਕਰਨਗੇ। ਸਾਨੂੰ ਨਿਸਚਾ ਹੈ ਕਿ ਬਾਕੀ ਸਭ ਦੇਸ਼ ਵਾਸੀ ਇਸ ਫ਼ੰਡ ਵਿਚ ਖੁੱਲ੍ਹੇ ਗੱਫ਼ੇ ਦੇ ਕੇ ਬਾਬਾ ਜੀ ਦਾ ਹੌਂਸਲਾ ਵਧਾਉਣਗੇ।

ਅਸੀਂ ਹਾਂ ਦੇਸ਼ ਦੇ ਸੇਵਕ: ਅਮਰ ਸਿੰਘ ਝਬਾਲ, ਭਾਈ ਸੰਤੋਖ ਸਿੰਘ ਅਮਰੀਕਨ, ਮੰਗਲ ਸਿੰਘ ਬੀ.ਏ. ਐਡੀਟਰ ਅਕਾਲੀ, ਕਰਮ ਸਿੰਘ ਚੀਮਾ ਅਮਰੀਕਨ, ਤਾਰਾ ਸਿੰਘ ਮੀਤ ਪ੍ਰਧਾਨ ਸੈਂਟਰਲ ਬੋਰਡ, ਸੱਜਨ ਸਿੰਘ ਕੈਨੇਡੀਅਨ, ਭਾਗ ਸਿੰਘ, ਬਾਬਾ ਕਰਤਾਰ ਸਿੰਘ ਬੇਦੀ, ਗੁਰਬਚਨ ਸਿੰਘ, ਗੋਪਾਲ ਸਿੰਘ ਕੌਮੀ, ਗਿਆਨੀ ਹੀਰਾ ਸਿੰਘ ਦਰਦ, ਮਾਸਟਰ ਸੋਹਣ ਸਿੰਘ ਜੋਸ਼, ਬੂਟਾ ਸਿੰਘ ਵਕੀਲ ਸੇਖੂਪੁਰਾ, ਸਰਮੁਖ ਸਿੰਘ ਝਬਾਲ, ਦਾਨ ਸਿੰਘ ਵਿਛੋਆ, ਹਰਚੰਦ ਸਿੰਘ ਲਾਇਲਪੁਰ, ਸਰਦੂਲ ਸਿੰਘ ਕਵੀਸ਼ਰ, ਪ੍ਰੋ. ਨਿਰੰਜਨ ਸਿੰਘ ਜੀ, ਬਾਬਾ ਗੁਰਦਿਤ ਸਿੰਘ, ਭਾਗ ਸਿੰਘ ਕੈਨੇਡੀਅਨ, ਕਰਤਾਰ ਸਿੰਘ ਅਮਰੀਕਨ ਲਤਾਲਾ, ਬਾਬਾ ਵਸਾਖਾ ਸਿੰਘ, ਭਗਵਾਨ ਸਿੰਘ ਜਥੇਦਾਰ ਕੈਨੇਡੀਅਨ ਜਥਾ।

ਬਾਬਾ ਜੀ ਹੋਰਾਂ ਦੀ ਅਪੀਲ ‘ਤੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਕੋਲੋਂ ਵੀ ਰੱਜਵੀਂ ਸਹਾਇਤਾ ਆਉਣ ਲੱਗ ਪਈ ਅਤੇ ਬਾਬਾ ਜੀ ਵਲੋਂ ਇਹ ਸਹਾਇਤਾ ਲੋੜ ਅਨੁਸਾਰ ਦੁਖੀ ਪਰਿਵਾਰਾਂ ਕੋਲ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ। ਬਾਬਾ ਜੀ ਨਾਲ ਅਕਾਲੀ ਲੀਡਰ ਸ. ਗੁਰਮੁਖ ਸਿੰਘ ਤੇ ਜਥੇਦਾਰ ਤੇਜਾ ਸਿੰਘ ਸਮੁੰਦਰੀ ਆਦਿ ਵੀ ਜੁੜ ਗਏ ਸਨ। ਕਿਰਤੀ ਗਰੁੱਪ ਦੇ ਭਾਈ ਸੰਤੋਖ ਸਿੰਘ, ਭਾਈ ਈਸ਼ਰ ਸਿੰਘ ਮਰਹਾਣਾ ਤੇ ਇੰਦਰ ਸਿੰਘ ਸੁਰਸਿੰਘ ਵੀ ਬਾਬਾ ਜੀ ਨਾਲ ਇਸ ਕਾਰਜ ਵਿਚ ਸਰਗਰਮ ਸਨ । ਬਾਬਾ ਜੀ ਵਲੋਂ ਦੇਸ਼ ਦਾ ਦੌਰਾ ਕਰ ਕੇ ਵੱਖ-ਵੱਖ ਜੇਲ੍ਹਾਂ ਵਿਚ ਡੱਕੇ ਗਏ ਗ਼ਦਰੀ ਬਾਬਿਆਂ ਨਾਲ ਮੁਲਾਕਾਤਾਂ ਕਰਨ ਦਾ ਸਿਲਸਿਲਾ ਆਰੰਭ ਕੀਤਾ ਗਿਆ। ਉਨ੍ਹਾਂ ਦੱਖਣ ਦੀਆਂ ਜੇਲ੍ਹਾਂ ਵਿਚ ਜਾ ਕੇ ਗ਼ਦਰੀ ਸਾਥੀਆਂ ਨਾਲ ਮੁਲਾਕਾਤਾਂ ਕੀਤੀਆਂ। ਭੰਡਾਰਾ ਜੇਲ੍ਹ ਵਿਚ ਜਾ ਕੇ ਉਹ ਆਪਣੇ ਪੁਰਾਣੇ ਸਾਥੀ ਬਾਬਾ ਜਵਾਲਾ ਸਿੰਘ ਨੂੰ ਮਿਲੇ, ਜੋ ਡੇਢ ਸਾਲ ਤੋਂ ਲਗਾਤਾਰ ਸੁੱਕੀ ਖ਼ੁਰਾਕ ‘ਤੇ ਗੁਜ਼ਾਰਾ ਕਰਦੇ ਆ ਰਹੇ ਸਨ। ਮਹਾਰਾਸ਼ਟਰ ਦੀ ਯਰਵਦਾ ਜੇਲ੍ਹ ਵਿਚ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਬਾਬਾ ਕੇਸਰ ਸਿੰਘ ਠੱਠਗੜ੍ਹ ਤੇ ਭਾਈ ਹਰੀ ਸਿੰਘ ਕੱਕੜ ਵਲੋਂ ਸਿੱਖ ਕਕਾਰਾਂ ਕਛਹਿਰਿਆਂ ਅਤੇ ਦਸਤਾਰਾਂ ਦੀ ਪ੍ਰਾਪਤੀ ਲਈ ਭੁੱਖ ਹੜਤਾਲ ਕੀਤੀ ਹੋਈ ਸੀ। ਬਾਬਾ ਵਸਾਖਾ ਸਿੰਘ ਜੀ ਨੇ 8 ਸਤੰਬਰ 1925 ਨੂੰ ਇਨ੍ਹਾਂ ਸਾਥੀਆਂ ਨਾਲ ਮੁਲਾਕਾਤ ਕੀਤੀ। ਗ਼ਦਰੀ ਕੈਦੀਆਂ ਨੇ ਦੁੱਖ ਸੁੱਖ ਫੋਲੇ ਤੇ ਸੁਨੇਹੇ ਦਿੱਤੇ ਲਏ। ਸੰਤ ਵਸਾਖਾ ਸਿੰਘ ਹੁਰਾਂ ਨੇ ਜੇਲ੍ਹ ਅੰਦਰਲੇ ਸਾਥੀਆਂ ਨੂੰ ਅਕਾਲੀ ਲਹਿਰ ਵਿਚ ਸਿੰਘਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਹਾਲ ਵੇਰਵੇ ਨਾਲ ਸੁਣਾਏ। ਦੇਸ਼ ਭਗਤ ਕੈਦੀ, ਪੰਥ ਦੀਆਂ ਕੁਰਬਾਨੀਆਂ ਸੁਣ ਕੇ ਗਦਗਦ ਹੋ ਗਏ। ਬਾਬਾ ਸੋਹਣ ਸਿੰਘ ਭਕਨਾ ਦੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ, ‘ਅਸੀਂ ਕਿੱਡੇ ਅਭਾਗੇ ਹਾਂ, ਇਸ ਮੌਕੇ ‘ਤੇ ਪੰਥ ਤੇ ਦੇਸ਼ ਦੇ ਕੰਮ ਨਹੀਂ ਆ ਸਕੇ ।’8

ਬਾਬਾ ਵਸਾਖਾ ਸਿੰਘ ਜੀ ਵਲੋਂ 1929 ਵਿਚ ਜੱਬਲਪੁਰ ਜੇਲ੍ਹ ਵਿਚ ਜਾ ਕੇ ਬਾਬਾ ਨਿਧਾਨ ਸਿੰਘ ਚੁੱਘਾ ਨਾਲ ਮੁਲਾਕਾਤ ਕੀਤੀ ਗਈ ਅਤੇ ਨਾਗਪੁਰ ਜੇਲ੍ਹ ਵਿਚ ਜਾ ਕੇ ਸੰਤ ਰਣਧੀਰ ਸਿੰਘ ਜੀ ਨਾਲ ਮੁਲਾਕਾਤ ਕਰਨ ਦਾ ਯਤਨ ਕੀਤਾ ਗਿਆ, ਪਰ ਜੇਲ੍ਹ ਵਾਲਿਆਂ ਦੀ ਹਠਧਰਮੀ ਕਾਰਨ ਇਹ ਮੁਲਾਕਾਤ ਨਾ ਹੋ ਸਕੀ । ਬਾਬਾ ਜੀ ਵੱਖ- ਵੱਖ ਜੇਲ੍ਹਾਂ ਵਿਚ ਇਨ੍ਹਾਂ ਗ਼ਦਰੀਆਂ ਨਾਲ ਮੁਲਾਕਾਤਾਂ ਕਰ ਕੇ ਪੰਜਾਬ ਪਹੁੰਚੇ।

ਗ਼ਦਰੀ ਬਾਬੇ ਜਦੋਂ ਸਜ਼ਾਵਾਂ ਕੱਟ ਕੇ ਜੇਲ੍ਹਾਂ ‘ਚੋਂ ਬਾਹਰ ਆਉਣੇ ਸ਼ੁਰੂ ਹੋ ਗਏ ਤਾਂ ਹਰ ਇਕ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨ ਸਤਿਕਾਰ ਸਹਿਤ ਸਨਮਾਨਤ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਰੇ ਪ੍ਰਮੁੱਖ ਗ਼ਦਰੀ ਆਗੂਆਂ, ਜਿਵੇਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਸਾਖਾ ਸਿੰਘ, ਬਾਬਾ ਜਵਾਲਾ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਆਦਿ ਆਦਿ ਨੂੰ ਆਪ ਸਨਮਾਨਤ ਕੀਤਾ । ਬਾਬਾ ਵਸਾਖਾ ਸਿੰਘ ਜੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ।

ਗ਼ਦਰ ਲਹਿਰ ਦੀ ਇਤਿਹਾਸਕਾਰੀ ਦਾ ਸੱਚ ਤੇ ਕੱਚ

(ਇਕ ਲੰਮੀ ਤੇ ਖੁੱਲ੍ਹੀ ਗੱਲਬਾਤ)

ਪਹਿਲਾ ਖੰਡ

? ਤੁਸੀਂ ਪਿਛਲੇ ਦਿਨੀਂ ਅਮਰੀਕਾ ਵਿਚ ਸਟਾਕਟਨ ਵਿਖੇ ਗ਼ਦਰ ਪਾਰਟੀ ਦੇ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਏ ਸੀ। ਆਮ ਦੇਖਣ ‘ਚ ਆਉਂਦੈ ਕਿ ਅਜਿਹੇ ਸਮਾਗਮ ਬਹੁਤੇ ਸਾਰਥਿਕ ਨਹੀਂ ਹੋਇਆ ਕਰਦੇ। ਇਹ ਰਸਮ ਪੂਰਤੀ (ritual) ਬਣ ਕੇ ਰਹਿ ਜਾਂਦੇ ਹਨ। ਸਟਾਕਟਨ ਵਿਖੇ ਹੋਏ ਸਮਾਗਮਾਂ ਬਾਰੇ ਤੁਹਾਡਾ ਸਮੁੱਚਾ ਪ੍ਰਭਾਵ-ਜਾਇਜ਼ਾ ਕੀ ਹੈ ?

ਮੈਂ ਵੀ ਪਹਿਲਾਂ ਏਸੇ ਤਰ੍ਹਾਂ ਸੋਚਦਾ ਸੀ। ਪਰ ਸਟਾਕਟਨ ਵਾਲੇ ਸਮਾਗਮਾਂ ਨੇ ਮੇਰੀ ਇਹ ਧਾਰਨਾ ਬਦਲ ਦਿੱਤੀ ਹੈ। ਇਹ ਸ਼ਤਾਬਦੀ ਸਮਾਗਮ ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਥੇਬੰਦ ਕੀਤੇ ਗਏ ਸਨ। ਇਸ ਵਾਸਤੇ ਉਨ੍ਹਾਂ ਨੇ ਤਕਰੀਬਨ ਇਕ ਸਾਲ ਪਹਿਲਾਂ ਠੋਸ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਵੇਲੇ ਸਭ ਤੋਂ ਅਹਿਮ ਗੱਲ ਇਹ ਹੋਈ ਕਿ ਉਨ੍ਹਾਂ ਨੇ ਬਣੀਆਂ ਬਣਾਈਆਂ ਧਾਰਨਾਵਾਂ ਉੱਤੇ ਟੇਕ ਰੱਖਣ ਦੀ ਥਾਵੇਂ ਇਤਿਹਾਸ ਦੀ ਆਪ ਡੂੰਘੀ ਖੋਜ ਕਰਨ ਦਾ ਕਾਰਜ ਮਿਥਿਆ। ਗੁਰਦੁਆਰਾ ਕਮੇਟੀ ਨੇ ਇਕ ਸਾਲ ਪਹਿਲਾਂ ਹੀ ਬਾਕਾਇਦਾ ਮਤਾ ਪਾ ਕੇ ਇਕ ਵਿਦਵਾਨ ਡਾ. ਅਮਰੀਕ ਸਿੰਘ ਨੂੰ, ਜਿਹੜੇ ਕਈ ਸਾਲਾਂ ਤੋਂ ਸੈਕਰਾਮੈਂਟੋ ਵਿਖੇ ਯੂਨੀਵਰਸਿਟੀ ਵਿਚ ਪੜ੍ਹਾ ਰਹੇ ਹਨ, ਇਤਿਹਾਸ ਦੀ ਖੋਜ ਦਾ ਇਹ ਉਚੇਚਾ ਕਾਰਜ ਸੌਂਪ ਦਿੱਤਾ ਸੀ।

? ਪਰ ਇਤਿਹਾਸ ਦੀ ਨਵੇਂ ਸਿਰਿਓਂ ਖੋਜ ਕਰਨ ਦਾ ਇਹ ਖ਼ਿਆਲ ਕਿਥੋਂ ਆਇਆ, ਕਿਉਂਕਿ ਗ਼ਦਰ ਪਾਰਟੀ ਬਾਰੇ ਪਹਿਲਾਂ ਕਿੰਨੇ ਹੀ ਵਿਦਵਾਨਾਂ ਨੇ ਚੰਗੀ ਖ਼ਾਸੀ ਛਾਣਬੀਣ ਕਰ ਕੇ ਕਿੰਨੀਆਂ ਸਾਰੀਆਂ ਕਿਤਾਬਾਂ ਲਿਖੀਆਂ ਹਨ। ਫਿਰ ਨਵੀਂ ਖੋਜ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ ?

ਅਸਲ ਗੱਲ ਇਹ ਹੈ ਕਿ ਗ਼ਦਰ ਪਾਰਟੀ ਦਾ ਹੁਣ ਤਕ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਹ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਇਸ ਦ੍ਰਿਸ਼ਟੀਕੋਣ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਧਰਮ ਦੇ ਪੱਖ ਨੂੰ ਨਾ ਸਿਰਫ਼ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ, ਸਗੋਂ ਧਰਮ ਬਾਰੇ ਰੁੱਖਾ ਨਾਂਹ-ਪੱਖੀ ਵਤੀਰਾ ਅਪਣਾਇਆ ਜਾਂਦਾ ਹੈ । ਧਰਮ ਨੂੰ ਆਮ ਅਰਥਾਂ ਵਿਚ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ । ਇਸ ਨੂੰ ਪਿਛਲੇ ਜ਼ਮਾਨੇ ਦੀ ‘ਰਹਿੰਦ-ਖੂੰਹਦ’ ਅਤੇ ਤਰੱਕੀ ਦੀ ਧਾਰਾ ਦਾ ਵਿਰੋਧੀ ਤੇ ‘ਪਿਛਾਖੜੀ’ ਤੱਤ ਸਮਝਿਆ ਜਾਂਦੈ । ਇਸ ਕਰਕੇ ਅਜਿਹੇ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਗ਼ਦਰੀਆਂ ਨੂੰ ਧਰਮ ਤੋਂ ਮੁਕਤ ਜਾਂ ਨਿਰਲੇਪ ਦਿਖਾਉਣ ਦੇ ਯਤਨ ਕੀਤੇ ਗਏ ਹਨ। ਇਸ ਸਚਾਈ ਉੱਤੇ ਜਾਣ-ਬੁੱਝ ਕੇ ਪੜਦਾ ਪਾਉਣ ਦੇ ਯਤਨ ਕੀਤੇ ਗਏ ਹਨ ਕਿ ਗ਼ਦਰੀ ਯੋਧਿਆਂ ਦੀ ਵੱਡੀ ਬਹੁਗਿਣਤੀ ਸਿੱਖ ਧਰਮ ਤੋਂ ਗੂੜ੍ਹੀ ਤਰ੍ਹਾਂ ਪ੍ਰੇਰਿਤ (religiously motivated) ਸੀ। ਉਨ੍ਹਾਂ ਦਾ ਹਰ ਖ਼ਿਆਲ ਤੇ ਕਰਮ ਸਿੱਖ ਸਿਧਾਂਤਾਂ ਦੇ ਅਨੁਸਾਰੀ ਸੀ। ਲਗਭਗ ਅੱਧੀ ਸਦੀ ਤਕ ਅਕਾਦਮਿਕ ਤੇ ਆਮ ਜਨਤਕ ਜੀਵਨ ਅੰਦਰ ਇਸ ਇਤਿਹਾਸ ਦੀ ਕਿੰਤੂ ਰਹਿਤ ਮਾਨਤਾ ਬਣੀ ਰਹੀ। ਗ਼ੈਰ-ਸਿੱਖ ਵਰਗਾਂ ਨੂੰ ਤਾਂ ਗ਼ਦਰ ਲਹਿਰ ਦੀ ਅਜਿਹੀ ਪੇਸ਼ਕਾਰੀ ਚੰਗੀ ਲੱਗਣੀ ਹੀ ਸੀ, ਲੋਹੜਾ ਇਹ ਵੱਜਿਆ ਕਿ ਸਿੱਖ ਪੰਥ ਦੇ ਵੱਡੇ ਵਰਗ ਨੇ ਵੀ ਇਸ ਸਿੱਖ-ਦੋਖੀ ਇਤਿਹਾਸ ਦਾ ਦੁਸ਼ ਪ੍ਰਭਾਵ ਗ੍ਰਹਿਣ ਕਰ ਲਿਆ ਹੈ। ਅਜਿਹਾ ਹੋਣਾ ਸੁਭਾਵਕ ਹੈ। ਇਸ ਦੁਸ਼ ਪ੍ਰਭਾਵ ਦਾ ਹੀ ਸਿੱਟਾ ਹੈ ਕਿ ਸਿੱਖਾਂ ਦੇ ਕੁਝ ਵਰਗਾਂ ਅੰਦਰ, ਗ਼ਦਰੀ ਬਾਬਿਆਂ ਨੂੰ ਨਾਸਤਿਕ ਜਾਂ ਕਮਿਊਨਿਸਟ ਸਮਝ ਕੇ, ਉਨ੍ਹਾਂ ਪ੍ਰਤੀ ਹਲਕੀ ਜਿਹੀ ਬੇਗਾਨਗੀ ਦੇ ਭਾਵ ਪੈਦਾ ਹੋ ਗਏ ਹਨ। ਇਸ ਦਾ ਪ੍ਰਗਟਾਵਾ ਉਦੋਂ ਹੋਇਆ ਜਦੋਂ ਅਮਰੀਕਾ ਅੰਦਰਲੇ ਕੁਝ ਸਿੱਖ ਅਨਸਰਾਂ ਨੇ ਗ਼ਦਰੀ ਪਾਰਟੀ ਦੀ ਸ਼ਤਾਬਦੀ ਮਨਾਉਣ ਦੇ ਵਿਚਾਰ ਦਾ ਬਹੁਤੀ ਗਰਮਜੋਸ਼ੀ ਨਾਲ ਸੁਆਗਤ ਨਾ ਕੀਤਾ। ਉਨ੍ਹਾਂ ਨੂੰ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਮਨਾਉਣ ਦਾ ਖ਼ਿਆਲ ਹੀ ਵੱਧ ਖਿੱਚ ਪਾਉਂਦਾ ਸੀ। ਪਰ ਹੌਲੀ ਹੌਲੀ ਜਦੋਂ ਅਸਲੀ ਤੱਥ ਸਾਹਮਣੇ ਆਉਣ ਲੱਗੇ ਤਾਂ ਉਨ੍ਹਾਂ ਦਾ ਰਵੱਈਆ ਇਕਦਮ ਬਦਲ ਗਿਆ। ਇਹ ਸਾਰਾ ਅਮਲ ਬਹੁਤ ਹੀ ਸਿੱਖਿਆਦਾਇਕ ਹੈ ਕਿ ਇਤਿਹਾਸ ਲੋਕਾਂ ਦੇ ਮਨਾਂ ਨੂੰ ਕਿਸ ਤਰ੍ਹਾਂ ਦੂਸ਼ਿਤ ਕਰ ਦਿੰਦਾ ਹੈ।

ਇਸ ਪੱਖੋਂ ਦੇਖਿਆਂ ਪਿਛਲੇ ਕੁਝ ਅਰਸੇ ਤੋਂ ਸਿੱਖ ਵਿਦਵਾਨਾਂ ਅੰਦਰ ਗ਼ਦਰ ਲਹਿਰ ਦੇ ਹੁਣ ਤਕ ਲਿਖੇ ਗਏ ਇਤਿਹਾਸ ਨੂੰ ਪੜਚੋਲਵੀਂ ਨਜ਼ਰ ਨਾਲ ਵੇਖਣ ਦਾ ਸੁਲੱਖਣਾ ਰੁਝਾਣ ਪੈਦਾ ਹੋਇਆ ਹੈ। ਅਮਰੀਕਾ ਤੋਂ ਛਪਦੇ ਹਫ਼ਤਾਵਾਰੀ ਅਖ਼ਬਾਰ ਅੰਮ੍ਰਿਤਸਰ ਟਾਈਮਜ਼ ਵਿਚ ਪਿਛਲੇ ਦੋ ਕੁ ਸਾਲਾਂ ਦੌਰਾਨ ਇਸ ਦਿਸ਼ਾ ਵਿਚ ਕੁਝ ਲਾਭਕਾਰੀ ਲਿਖਤਾਂ ਛਪਦੀਆਂ ਰਹੀਆਂ ਹਨ। ਖ਼ਾਸ ਕਰਕੇ ਰਾਜਿੰਦਰ (ਉਰਫ਼ ਰਾਜਵਿੰਦਰ) ਸਿੰਘ ਰਾਹੀ ਨੇ ਇਸ ਇਤਿਹਾਸ ਦੀ ਗਹਿਰੀ ਤੇ ਸਿਲਸਿਲੇਬੱਧ ਪੁਣ-ਛਾਣ ਕਰਕੇ, ਇਸ ਵਿਚਲੇ ਗੰਭੀਰ ਦੋਸ਼ਾਂ ਨੂੰ ਉਜਾਗਰ ਕੀਤਾ ਹੈ। ਇਸ ਸਿਲਸਿਲੇ ਵਿਚ ਉਸ ਦੀਆਂ ਲਿਖਤਾਂ ਅੰਮ੍ਰਿਤਸਰ ਟਾਈਮਜ਼ ਵਿਚ ਲਗਾਤਾਰ ਸਾਲ ਭਰ ਛਪਦੀਆਂ ਰਹੀਆਂ। ਇਨ੍ਹਾਂ ਲਿਖਤਾਂ ਦੇ ਪ੍ਰਭਾਵ ਸਦਕਾ ਹੀ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਮਨਾਂ ਅੰਦਰ ਗ਼ਦਰ ਪਾਰਟੀ ਬਾਰੇ ਨਵੇਂ ਸਿਰਿਓਂ ਖੋਜ ਕਰਨ ਅਤੇ ਇਸ ਨੂੰ ਲੋਕਾਂ ਸਾਹਮਣੇ ਸਿਲਸਿਲੇਬੱਧ ਰੂਪ ਵਿਚ ਪੇਸ਼ ਕਰਨ ਦਾ ਵਿਚਾਰ ਪੈਦਾ ਹੋਇਆ । ਤਸੱਲੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਕਾਰਜ ਨੂੰ ਪੂਰੀ ਗੰਭੀਰਤਾ ਨਾਲ ਹੱਥ ਪਾਇਆ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਡਾ. ਅਮਰੀਕ ਸਿੰਘ ਨੇ ਸਾਲ ਭਰ ਕਰੜੀ ਮਿਹਨਤ ਕਰ ਕੇ ਆਪਣੇ ਜ਼ਿੰਮੇ ਲੱਗਿਆ।

ਕਾਰਜ ਪੂਰੀ ਲਗਨ ਤੇ ਸਾਧਨਾ ਨਾਲ ਪੂਰਾ ਕੀਤਾ। ਉਨ੍ਹਾਂ ਨੇ ਗ਼ਦਰ ਪਾਰਟੀ ਬਾਰੇ ਭਰਵੇਂ ਰੂਪ ਵਿਚ ਤੱਥ-ਸਮੱਗਰੀ ਇਕੱਠੀ ਕੀਤੀ ਅਤੇ ਡਾ. ਜਸਬੀਰ ਸਿੰਘ ਮਾਨ, ਜਿਹੜੇ ਚੰਗੇ ਸਰਜਨ ਹੋਣ ਦੇ ਨਾਲ-ਨਾਲ ਸੁਲਝੇ ਹੋਏ ਵਿਦਵਾਨ ਵੀ ਹਨ, ਦੇ ਸਹਿਯੋਗ ਨਾਲ ਇਹ ਸਾਰੀ ਸਮੱਗਰੀ ਉਨ੍ਹਾਂ ਸਾਰਿਆਂ ਵਿਦਵਾਨਾਂ ਨਾਲ ਸਾਂਝੀ ਕੀਤੀ, ਜਿਨ੍ਹਾਂ ਨੂੰ ਵਿਚਾਰ ਸੰਮੇਲਨਾਂ (ਕਾਨਫ਼ਰੰਸਾਂ) ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ । ਚੰਗੇ ਭਾਗਾਂ ਨੂੰ ਇਸ ਖੋਜ ਦੌਰਾਨ ਸਟਾਕਟਨ ਦੇ ਗੁਰਦੁਆਰਾ ਸਾਹਿਬ ਦਾ ਕਾਰਵਾਈ ਰਜਿਸਟਰ ਸਹੀ ਸਲਾਮਤ ਅਵਸਥਾ ਵਿਚ ਪਾਇਆ ਗਿਆ। ਇਸ ਰਜਿਸਟਰ ਵਿਚ ਗੁਰਦੁਆਰੇ ਦੀ ਸਥਾਪਨਾ ਤੋਂ ਲੈ ਕੇ ਪ੍ਰਬੰਧਕ ਕਮੇਟੀ ਦੀਆਂ ਮੀਟਿੰਗਾਂ ਤੇ ਮਤਿਆਂ ਦਾ ਪੂਰਾ ਵੇਰਵਾ ਦਰਜ ਹੈ। ਇਸ ਨਾਲ ਇਤਿਹਾਸਕ ਤੱਥਾਂ ਵਿਚ ਕੀਤੀ ਗਈ ਤਰੋੜ-ਮਰੋੜ ਨੂੰ ਦਰੁਸਤ ਕਰਨਾ ਸੰਭਵ ਤੇ ਸੁਖਾਲਾ ਹੋ ਸਕੇਗਾ।

? ਤੁਸੀਂ ਸਟਾਕਟਨ ਵਿਖੇ ਹੋਈਆਂ ਕਾਨਫ਼ਰੰਸਾਂ ਦੀ ਗੱਲ ਕੀਤੀ ਹੈ। ਇਨ੍ਹਾਂ ਕਾਨਫ਼ਰੰਸਾਂ ਦੀ ਰੂਪ-ਰੇਖਾ ਕਿਹੋ ਜਿਹੀ ਸੀ ? ਇਨ੍ਹਾਂ ਦਾ ਮੁੱਖ ਥੀਮ ਕੀ ਸੀ ?

ਪ੍ਰਬੰਧਕਾਂ ਨੇ ਕਾਨਫ਼ਰੰਸਾਂ ਨੂੰ ਦੋ ਭਾਗਾਂ ਵਿਚ ਵੰਡਿਆ। ਪਹਿਲੀ ਕਾਨਫ਼ਰੰਸ 22 ਸਤੰਬਰ ਨੂੰ ‘ਯੂਨੀਵਰਸਿਟੀ ਔਫ਼ ਦੀ ਪੈਸਿਫਿਕ’ ਵਿਖੇ ਕਰਵਾਈ ਗਈ ਜਿਸ ਨੂੰ ‘ਵੈਸਟਰਨ ਸਪੈਕਟਿਵ ਕਾਨਫ਼ਰੰਸ’ ਦਾ ਨਾਉਂ ਦਿੱਤਾ ਗਿਆ। ਇਸ ਵਿਚ ਜ਼ਿਆਦਾਤਰ ਅਮਰੀਕਾ ਤੇ ਕੈਨੇਡਾ ਵਿਚ ਕੰਮ ਕਰਦੇ ਵਿਦਵਾਨਾਂ ਨੂੰ ਸੱਦਿਆ ਗਿਆ ਸੀ । ਕੁਝ ਗੋਰੇ ਵਿਦਵਾਨਾਂ, ਜਿਨ੍ਹਾਂ ਨੇ ਸਿੱਖਾਂ ਬਾਰੇ ਅਤੇ/ਜਾਂ ਗ਼ਦਰ ਪਾਰਟੀ ਬਾਰੇ ਖੋਜ ਭਰਪੂਰ ਕੰਮ ਕੀਤਾ ਹੈ, ਨੂੰ ਉਚੇਚਾ ਬੁਲਾਇਆ ਗਿਆ। ਇਸ ਕਰਕੇ ਇਸ ਕਾਨਫ਼ਰੰਸ ਦੀ ਕਾਰਵਾਈ ਅੰਗਰੇਜ਼ੀ ਭਾਸ਼ਾ ਵਿਚ ਹੀ ਚੱਲੀ। ਦੂਜੀ ਕਾਨਫ਼ਰੰਸ 30 ਸਤੰਬਰ ਨੂੰ ਉਸੇ ਯੂਨੀਵਰਸਿਟੀ ਅੰਦਰ ਕੀਤੀ ਗਈ, ਜਿਸ ਨੂੰ ‘ਈਸਟਰਨ ਪ੍ਰਸਪੈਕਟਿਵ’ ਦਾ ਨਾਂ ਦਿੱਤਾ ਗਿਆ । ਇਸ ਵਿਚ ਜ਼ਿਆਦਾਤਰ ਪੰਜਾਬ ਦੇ ਵਿਦਵਾਨਾਂ ਨੇ ਹਿੱਸਾ ਲਿਆ ਅਤੇ ਸਾਰੀ ਕਾਰਵਾਈ ਪੰਜਾਬੀ ਵਿਚ ਚੱਲੀ। ਦੋਵਾਂ ਕਾਨਫ਼ਰੰਸਾਂ ਦਾ ਵਿਸ਼ਾ ਲਗਭਗ ਇੱਕੋ ਹੀ ਸੀ – ਅਮਰੀਕੀ ਮਹਾਂਦੀਪ ਅੰਦਰ ਸਿੱਖਾਂ ਦੇ ਆਵਾਸ ਦੇ ਸਿਲਸਿਲੇ ਨਾਲ ਜੋੜ ਕੇ ਗ਼ਦਰ ਪਾਰਟੀ ਦੇ ਜਨਮ ਤੇ ਵਿਕਾਸ ਦੇ ਕਰਮ ਨੂੰ ਸਹੀ ਪ੍ਰਸੰਗ ਵਿਚ ਸਮਝਣਾ ਤੇ ਪੇਸ਼ ਕਰਨਾ। ਇਨ੍ਹਾਂ ਕਾਨਫ਼ਰੰਸਾਂ ਦੀ ਖ਼ਾਸ ਗੱਲ ਇਹ ਸੀ ਕਿ ਇਨ੍ਹਾਂ ਦਾ ਆਰੰਭ ਸਿੱਖ ਮਰਯਾਦਾ ਅਨੁਸਾਰ ਅਰਦਾਸ ਨਾਲ ਹੋਇਆ। ਅਰਦਾਸ ਵਿਚ ਖੱਬੇ ਪੱਖੀ ਵਿਦਵਾਨਾਂ ਵੱਲੋਂ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਵਿਗਾੜਨ ਦੇ ਵਰਤਾਰੇ ਦਾ ਉਚੇਚਾ ਜ਼ਿਕਰ ਕੀਤਾ ਗਿਆ ਅਤੇ ਵਾਹਿਗੁਰੂ ਅੱਗੇ ਸਿੱਖ ਵਿਦਵਾਨਾਂ ਉੱਤੇ ਰਹਿਮਤ ਕਰਨ ਅਤੇ ਉਨ੍ਹਾਂ ਨੂੰ ਸੱਚੇ ਇਤਿਹਾਸ ਦੀ ਖੋਜ ਕਰਨ ਦਾ ਬਲ ਬਖ਼ਸ਼ਣ ਦੀ ਦੁਆ ਕੀਤੀ ਗਈ। ਇਹ ਕਾਫ਼ੀ ਨਵੀਂ ਗੱਲ ਸੀ। ਅਜੋਕੇ ਇਤਿਹਾਸ ਅੰਦਰ ਪਹਿਲਾਂ ਅਜਿਹਾ ਕਦੇ ਸ਼ਾਇਦ ਹੀ ਹੋਇਆ ਹੋਵੇ।

ਇਨ੍ਹਾਂ ਕਾਨਫ਼ਰੰਸਾਂ ਤੋਂ ਇਲਾਵਾ 23 ਸਤੰਬਰ ਨੂੰ ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਗ਼ਦਰ ਪਾਰਟੀ ਬਾਰੇ ਮਿਊਜ਼ੀਅਮ ਦਾ ਉਦਘਾਟਨ ਕੀਤਾ। ਗਿਆ। ਉਹ ਇਤਿਹਾਸਕ ਪ੍ਰੈਸ ਜਿਸ ਉੱਤੇ ‘ਗ਼ਦਰ’ ਅਖ਼ਬਾਰ ਛਾਪਿਆ ਜਾਂਦਾ ਸੀ, ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ-ਬਿੰਦੂ ਬਣੀ। ਅਖ਼ੀਰ ਵਿਚ 13 ਤੇ 14 ਅਕਤੂਬਰ ਨੂੰ ਸ਼ਤਾਬਦੀ ਸਮਾਗਮਾਂ ਦੇ ਸਮਾਪਤੀ ਸਮਾਰੋਹ ਹੋਏ। 13 ਅਕਤੂਬਰ ਨੂੰ ਗੁਰਦੁਆਰੇ ਅੰਦਰ ਭਾਰੀ ਦੀਵਾਨ ਸਜਾਏ ਗਏ ਜਿਥੇ ਅਮਰੀਕਾ ਅੰਦਰ ਸਿੱਖ ਕੌਮ ਦੀਆਂ ਨਾਮਵਰ ਹਸਤੀਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। 14 ਅਕਤੂਬਰ ਨੂੰ ਸ਼ਹਿਰ ਅੰਦਰ ਬਹੁਤ ਹੀ ਵਿਸ਼ਾਲ ਤੇ ਪ੍ਰਭਾਵਸ਼ਾਲੀ ਨਗਰ ਕੀਰਤਨ ਸਜਾਇਆ ਗਿਆ। ਖ਼ਾਸ ਗੱਲ ਇਹ ਸੀ ਕਿ ਇਨ੍ਹਾਂ ਅੰਤਲੇ ਸਮਾਗਮਾਂ ਵਿਚ ਅਮਰੀਕੀ ਭਾਈਚਾਰੇ ਦੇ ਚੁਣੇ ਹੋਏ ਨੁਮਾਇੰਦਿਆਂ ਤੇ ਨਾਮਵਰ ਵਿਅਕਤੀਆਂ ਨੇ ਆਪਣੀ ਭਰਪੂਰ ਹਾਜ਼ਰੀ ਲੁਆਈ ਅਤੇ ਅਮਰੀਕਾ ਅੰਦਰ ਸਿੱਖ ਭਾਈਚਾਰੇ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਕੁਰਬਾਨੀ ਭਰੇ ਸੰਘਰਸ਼ਾਂ ਦੀ ਪੁਰਜ਼ੋਰ ਸ਼ਲਾਘਾ बीडी।

ਕਾਨਫ਼ਰੰਸਾਂ ਅੰਦਰ ਹੋਈ ਚਰਚਾ ਦੌਰਾਨ ਗ਼ਦਰ ਲਹਿਰ ਦੇ ਲਿਖੇ ਗਏ ਇਤਿਹਾਸ ਨੂੰ ਦੋ ਪੱਖਾਂ ਤੋਂ ਦੋਸ਼ੀ ਗਰਦਾਨਿਆ ਗਿਆ। ਇਕ, ਇਸ ਇਤਿਹਾਸ ਅੰਦਰ ਕੁਝ ਅਜਿਹੇ ਵਿਅਕਤੀਆਂ ਨੂੰ ਨਾਇਕਾਂ ਵਜੋਂ ਉਭਾਰਿਆ ਗਿਆ ਹੈ, ਜਿਨ੍ਹਾਂ ਦਾ ਲਹਿਰ ਵਿਚ ਰੋਲ ਜਾਂ ਤਾਂ ਬਹੁਤ ਹੀ ਨਿਗੂਣਾ ਸੀ ਅਤੇ ਜਾਂ ਗ਼ਲਤ ਕਿਸਮ ਦਾ ਸੀ। ਕਾਨਫ਼ਰੰਸਾਂ ਅੰਦਰ ਵਿਦਵਾਨਾਂ ਨੇ ਅਜਿਹੇ ਅਖੌਤੀ ਨਾਇਕਾਂ ਦੇ ਅਸਲੀ ਰੋਲ ਤੇ ਕਿਰਦਾਰ ਬਾਰੇ ਭਰਪੂਰ ਚਾਨਣਾ ਪਾਇਆ। ਮਿਸਾਲ ਵਜੋਂ ਇਤਿਹਾਸ ਅੰਦਰ ਲਾਲਾ ਹਰਦਿਆਲ ਨੂੰ ਗ਼ਦਰ ਲਹਿਰ ਦਾ ਮੋਢੀ ਤੇ ਰੂਹੇ-ਰਵਾਂ ਪੇਸ਼ ਕੀਤਾ ਗਿਆ ਹੈ। ਉਸ ਨਾਲ ਬੜੀਆਂ ਕਥਾਵਾਂ ਜੋੜੀਆਂ ਗਈਆਂ ਹਨ। ਕਾਨਫ਼ਰੰਸਾਂ ਅੰਦਰ ਅਲੱਗ ਅਲੱਗ ਬੁਲਾਰਿਆਂ ਵੱਲੋਂ ਇਸ ਝੂਠ ਦਾ ਠੋਸ ਤੱਥਾਂ ਨਾਲ ਪਰਦਾਫ਼ਾਸ਼ ਕੀਤਾ ਗਿਆ। ਇਸੇ ਤਰ੍ਹਾਂ ਜੀ.ਡੀ. (ਗੁਰੂ ਦੱਤ) ਕੁਮਾਰ, ਭਾਈ ਪਰਮਾਨੰਦ (ਲਾਹੌਰ), ਲਾਲਾ ਠਾਕਰ ਦਾਸ, ਤਾਰਕਨਾਥ ਆਦਿ ਵਿਅਕਤੀਆਂ, ਇਤਿਹਾਸ ਅੰਦਰ ਜਿਨ੍ਹਾਂ ਦੇ ਰੋਲ ਨੂੰ ਬੇਹੱਦ ਵਧਾਅ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ, ਬਾਰੇ ਵੀ ਅਸਲੀ ਤਸਵੀਰ ਪ੍ਰਗਟ ਕੀਤੀ ਗਈ। ਦੂਜੀ ਇਸ ਨਾਲੋਂ ਵੱਧ ਅਹਿਮ ਗੱਲ, ਠੋਸ ਤੱਥਾਂ ਤੇ ਨਿੱਗਰ ਦਲੀਲਾਂ ਨਾਲ ਇਹ ਸਾਬਤ ਕੀਤਾ ਗਿਆ ਕਿ ਗ਼ਦਰ ਲਹਿਰ ਮੂਲ ਰੂਪ ਵਿਚ ਸਿੱਖ ਧਰਮ ਤੇ ਵਿਰਸੇ ਤੋਂ ਪ੍ਰੇਰਿਤ ਸੀ। ਇਸ ਗੱਲ ਉੱਤੇ ਭਾਰੀ ਰੋਸ ਜਤਾਇਆ ਗਿਆ ਕਿ ਇਤਿਹਾਸ ਅੰਦਰ ਇਸ ਹਕੀਕਤ ਨੂੰ ਮੰਨਣ ਤੋਂ ਲਗਭਗ ਸਮੂਹਕ ਤੌਰ ‘ਤੇ ਇਨਕਾਰ ਕੀਤਾ ਗਿਆ ਹੈ।

? ਤੁਹਾਡੇ ਮੁਤਾਬਕ ਅਜਿਹਾ ਕਿਉਂ ਹੋਇਆ ? ਕੀ ਇਹ ਇਤਫ਼ਾਕੀਆ ਹੀ ਹੋ ਗਿਆ ਜਾਂ ਇਸ ਦੇ ਕੋਈ ਠੋਸ ਕਾਰਨ ਹਨ ?

ਨਹੀਂ, ਇਹ ਬੌਧਿਕ ਅਨਾਚਾਰ ਇਤਫ਼ਾਕੀਆ ਨਹੀਂ ਹੋਇਆ। ਇਸ ਦੇ ਕਾਰਨ ਬੜੇ ਠੋਸ ਤੇ ਸਪੱਸ਼ਟ ਹਨ। ਕੁਝ ਕਾਰਨ ਸਾਂਝੇ ਹਨ, ਜਿਨ੍ਹਾਂ ਦਾ ਅਸਰ, ਵੱਧ ਜਾਂ ਘੱਟ ਮਾਤਰਾ ਵਿਚ, ਲਗਭਗ ਸਾਰੇ ਹੀ ਲੇਖਕਾਂ ‘ਚ ਦੇਖਿਆ ਜਾ ਸਕਦਾ ਹੈ। ਕੁਝ ਕਾਰਨ ਵਿਅਕਤੀ-ਵਿਸ਼ੇਸ਼ ਮੰਨੇ ਜਾ ਸਕਦੇ ਹਨ, ਜਿਨ੍ਹਾਂ ਦਾ ਸੰਬੰਧ ਵਿਸ਼ੇਸ਼ ਲੇਖਕ ਦੇ ਨਜ਼ਰੀਏ ਤੇ ਮਾਨਸਿਕ ਝੁਕਾਵਾਂ ਨਾਲ ਜੁੜਿਆ ਹੋਇਆ ਹੈ। ਮਗਰਲੇ ਦੇ ਮੁਕਾਬਲੇ ਪਹਿਲੀ ਗੱਲ ਜ਼ਿਆਦਾ ਮਹੱਤਵਪੂਰਨ ਹੈ। ਇਸ ਦਾ ਸੰਬੰਧ ਇਤਿਹਾਸਕਾਰੀ ਨਾਲ ਹੈ। ਇਹ ਵੱਡਾ ਸਿਧਾਂਤਕ ਮਸਲਾ ਹੈ। ਇਸ ਕਰਕੇ ਇਸ ਬਾਰੇ ਥੋੜ੍ਹਾ ਵਿਸਥਾਰ ਵਿਚ ਗੱਲ ਕਰਨ ਦੀ ਲੋੜ ਹੈ।

ਇਤਿਹਾਸਕਾਰੀ ਬਾਰੇ : ਭਰਮ ਤੇ ਹਕੀਕਤ

ਇਤਿਹਾਸ ਬਾਰੇ ਆਮ ਸੂਝ ਦੀ ਪੱਧਰ ‘ਤੇ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਅਤੀਤ ਬਾਰੇ ਵੱਧ ਤੋਂ ਵੱਧ ਸੰਖਿਆ ਵਿਚ ਅਖੰਡਨੀ ਅਤੇ ਸ਼ੁੱਧ ਨਿਰਮਲ ਤੱਥਾਂ ਦਾ ਸੰਪਾਦਨ ਹੁੰਦਾ ਹੈ। ਭਾਵ ਇਤਿਹਾਸਕਾਰ ਪਹਿਲਾਂ ਲੋੜੀਂਦੇ ਤੱਥ ਇਕੱਠੇ ਕਰਦਾ ਹੈ, ਫਿਰ ਉਨ੍ਹਾਂ ਦੀ ਨਿਰਖ-ਪਰਖ ਕਰਦਾ ਹੈ ਅਤੇ ਅਖ਼ੀਰ ਵਿਚ ਉਨ੍ਹਾਂ ‘ਚੋਂ ਆਪਣੇ ਤੱਤ ਤੇ ਨਿਰਣੇ ਕੱਢਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਇਤਿਹਾਸਕਾਰ ਇਹ ਸਮੁੱਚੀ ਕਿਰਿਆ ਨਿਰਪੱਖ ਤੇ ਨਿਰਲੇਪ ਭਾਵਨਾ ਨਾਲ ਕਰਦਾ ਹੈ ਅਤੇ ਉਸ ਦਾ ਇਕਮਾਤਰ ਉਦੇਸ਼ ਸਚਾਈ ਨੂੰ, ਭਾਵ ਇਤਿਹਾਸ ਨਾਲ ਸੰਬੰਧਿਤ ਤੱਥਾਂ ਨੂੰ ਸ਼ੁੱਧ ਰੂਪ ਵਿਚ ਸਾਹਮਣੇ ਲਿਆਉਣਾ ਹੈ। ਉੱਨੀਵੀਂ ਸਦੀ ਤਕ ਇਤਿਹਾਸ ਬਾਰੇ ਇਸ ਧਾਰਨਾ ਦਾ ਬੋਲਬਾਲਾ ਰਿਹਾ। ਪਰ ਵੀਹਵੀਂ ਸਦੀ ਵਿਚ ਜਾ ਕੇ ਇਤਿਹਾਸ-ਸ਼ਾਸਤਰੀਆਂ ਨੇ ਇਸ ਧਾਰਨਾ ਬਾਰੇ ਗੰਭੀਰ ਸ਼ੰਕੇ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ। ਹਾਸਲ ਕੀਤੇ ਨਵੇਂ ਅਨੁਭਵ ਦੀ ਰੋਸ਼ਨੀ ਵਿਚ ਉਨ੍ਹਾਂ ਨੇ ਇਤਿਹਾਸਕਾਰੀ ਨੂੰ ਨਵੀਂ ਦ੍ਰਿਸ਼ਟੀ ਨਾਲ ਦੇਖਣਾ ਪਰਖਣਾ ਸ਼ੁਰੂ ਕਰ ਦਿੱਤਾ । ਸੰਸਾਰ ਪ੍ਰਸਿੱਧ ਇਤਿਹਾਸ-ਸ਼ਾਸਤਰੀ ਈ.ਐਚ. ਕਾਰ ਨੇ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਲਿਖੀ ਆਪਣੀ ਮਸ਼ਹੂਰ ਕਿਰਤ What is History ? ਵਿਚ ਇਤਿਹਾਸਕਾਰੀ ਬਾਰੇ ਇਸ ਨਵੇਂ ਨਜ਼ਰੀਏ ਦੀ ਭਰਵੀਂ ਵਿਆਖਿਆ ਕੀਤੀ ਹੈ। ਉਸ ਦੇ ਵਿਚਾਰਾਂ ਦਾ ਸਾਰ ਕੁਝ ਇਸ ਤਰ੍ਹਾਂ ਹੈ :

ਇਤਿਹਾਸਕਾਰ ਦੇ ਸਾਹਮਣੇ ਸਭ ਤੋਂ ਪਹਿਲਾ ਕੰਮ ਵਿਸ਼ੇ ਨਾਲ ਸੰਬੰਧਿਤ ਤੱਥ ਇਕੱਠੇ ਕਰਨਾ ਹੁੰਦਾ ਹੈ। ਕੋਈ ਵੀ ਇਤਿਹਾਸਕਾਰ ਸਾਰੇ ਹਾਸਲ ਤੱਥਾਂ ਦੀ ਬੇਦਰੇਗ਼ ਵਰਤੋਂ ਨਹੀਂ ਕਰ ਸਕਦਾ। ਉਸ ਨੂੰ ਤੱਥਾਂ ਦੀ ਚੋਣ ਕਰਨੀ ਪੈਂਦੀ ਹੈ। ਇਤਿਹਾਸਕਾਰ ਆਪਣੇ ਹਿਸਾਬ ਨਾਲ ਤੱਥਾਂ ਦੀ ਚੋਣ ਕਰਦਾ ਹੈ, ਆਪਣੇ ਹੀ ਹਿਸਾਬ ਨਾਲ ਉਨ੍ਹਾਂ ਦੀ ਅਰਥ- ਪੇਸ਼ਕਾਰੀ ਕਰਦਾ ਹੈ, ਅਤੇ ਅਖ਼ੀਰ ਵਿਚ ਆਪਣੇ ਹੀ ਹਿਸਾਬ ਨਾਲ ਉਨ੍ਹਾਂ ਨੂੰ ਪਰੋਸ ਕੇ ਪਾਠਕ ਅੱਗੇ ਪੇਸ਼ ਕਰਦਾ ਹੈ। ਕਿਹੜਾ ਤੱਥ ਚੁਣਨਾ ਤੇ ਕਿਹੜਾ ਛੱਡਣਾ ਹੈ, ਕਿਹੜੇ ਤੱਥ ਨੂੰ ਉਭਾਰਨਾ ਤੇ ਕਿਹੜੇ ਨੂੰ ਮੱਧਮ ਪਾਉਣਾ ਹੈ, ਤੱਥਾਂ ਨੂੰ ਕੀ ਤਰਤੀਬ ਦੇਣੀ ਹੈ ਤੇ ਇਨ੍ਹਾਂ ਦੀ ਵਿਆਖਿਆ ਕਿਵੇਂ ਕਰਨੀ ਹੈ, ਇਹ ਸਾਰਾ ਕੁਝ ਇਤਿਹਾਸਕਾਰ ਦੀ ਮਰਜ਼ੀ ‘ਤੇ ਨਿਰਭਰ ਕਰਦੈ। ਹੁਣ ਦੇਖਣਾ ਇਹ ਹੈ ਕਿ ਇਤਿਹਾਸਕਾਰ ਦੀ ਇਸ ਮਰਜ਼ੀ ਨੂੰ ਕਿਹੜੀਆਂ ਗੱਲਾਂ ਨਿਰਧਾਰਤ (determine) ਕਰਦੀਆਂ ਹਨ।

ਮਨੁੱਖ ਹੋਣ ਦੇ ਨਾਤੇ ਇਤਿਹਾਸਕਾਰ ਮਨੁੱਖੀ ਹੋਂਦ (ਅਸਤਿਤਵ) ਦੀਆਂ ਹਾਲਤਾਂ ਤੋਂ ਨਿਰਲੇਪ ਨਹੀਂ ਹੋ ਸਕਦਾ। ਉਸ ਦੇ ਆਪਣੇ ਖ਼ਾਸ ਅਕੀਦੇ, ਵਿਚਾਰ ਅਤੇ ਮਾਨਸਿਕ ਝੁਕਾਅ ਜਾਂ ਮਨੋਬਿਰਤੀਆਂ ਹੁੰਦੇ ਹਨ। ਇਤਿਹਾਸਕਾਰ ਜਦੋਂ ਅਤੀਤ ਬਾਰੇ ਲਿਖ ਰਿਹਾ ਹੁੰਦਾ ਹੈ, ਤਾਂ ਉਹ ਅਸਲ ਵਿਚ ਵਿਚਰ ਰਿਹਾ ਵਰਤਮਾਨ ਵਿਚ ਹੁੰਦਾ ਹੈ। ਉਹ ਅਤੀਤ ਦਾ ਨਹੀਂ, ਵਰਤਮਾਨ ਦਾ ਵਾਸੀ ਹੁੰਦਾ ਹੈ। ਉਸ ਦਾ ਸਮਕਾਲ ਉਸ ਉੱਤੇ ਅਨੇਕਾਂ ਰੂਪਾਂ ਵਿਚ – ਪਦਾਰਥਕ, ਬੌਧਿਕ (ਵਿਚਾਰਧਾਰਕ) ਤੇ ਮਨੋਵਿਗਿਆਨਕ – ਪ੍ਰਭਾਵ ਪਾ ਰਿਹਾ – ਹੁੰਦਾ ਹੈ। ਇਸ ਕਰਕੇ ਇਤਿਹਾਸ ਅਸਲ ਵਿਚ ਅਤੀਤ ਨੂੰ ਵਰਤਮਾਨ ਦੀਆਂ ਨਜ਼ਰਾਂ ਰਾਹੀਂ ਅਤੇ ਇਸ ਦੀਆਂ ਸਮੱਸਿਆਵਾਂ ਦੀ ਰੋਸ਼ਨੀ ਵਿਚ ਦੇਖਣਾ ਹੈ। ਇਸ ਤਰ੍ਹਾਂ ਇਤਿਹਾਸ ਅਤੀਤ ਤੇ ਵਰਤਮਾਨ ਵਿਚ ਅਮੁੱਕ ਵਾਰਤਾਲਾਪ ਹੈ।

ਇਤਿਹਾਸ ਦੇ ਲੇਖਕ ਦੀ ਹਕੀਕਤ ਬਾਰੇ ਆਪਣੀ ਇਕ ਦ੍ਰਿਸ਼ਟੀ (ਵਿਜ਼ਨ) ਹੁੰਦੀ ਹੈ। ਉਸ ਦੇ ਜ਼ਹਿਨ ਅੰਦਰ ਆਪਣੇ ਪਸੰਦੀਦਾ ਸਮਾਜ ਦਾ ਸੁਪਨਾ ਜਾਂ ਨਕਸ਼ਾ ਹੁੰਦਾ ਹੈ। ਉਸ ਦੀਆਂ ਦਾਰਸ਼ਨਿਕ ਮਨੌਤਾਂ, ਕਦਰਾਂ-ਕੀਮਤਾਂ, ਸਿਧਾਂਤਾਂ ਅਤੇ ਵਿਧੀਆਂ ਦੀ ਜੜ੍ਹ ਇਸ ਦ੍ਰਿਸ਼ਟੀ ਅੰਦਰ ਹੀ ਹੁੰਦੀ ਹੈ। ਉਹ ਆਪਣੇ ਇਸ ਵਿਜ਼ਨ ਦੇ ਅਨੁਸਾਰ ਅਤੀਤ ਦਾ ਮੁਲਾਂਕਣ ਕਰਦਾ, ਅਤੀਤ ਬਾਰੇ ਆਪਣੀਆਂ ਰਾਵਾਂ ਬਣਾਉਂਦਾ ਹੈ। ਇਤਿਹਾਸਕਾਰ ਕਿਹੜੀਆਂ ਕਦਰਾਂ-ਕੀਮਤਾਂ, ਕਿਹੜੇ ਆਦਰਸ਼ਾਂ ਤੇ ਮੱਤਾਂ-ਸਿਧਾਂਤਾਂ ਨੂੰ ਮਹੱਤਤਾ ਦਿੰਦੈ, ਇਸ ਤੋਂ ਉਸ ਦੀ ਤੱਥਾਂ ਦੀ ਚੋਣ, ਤਰਤੀਬ ਤੇ ਪੇਸ਼ਕਾਰੀ ਨਿਰਧਾਰਤ ਹੁੰਦੀ ਹੈ। ਉਹ ਇਸ ਮੁਤਾਬਕ ਹੀ ਤੱਥਾਂ ‘ਚੋਂ ਆਪਣੇ ਨਿਰਣੇ ਕੱਢਦਾ ਹੈ। ਉਸ ਦਾ ਭਵਿੱਖ ਦਾ ਸੰਕਲਪ, ਉਸ ਦੇ ਅਤੀਤ ਦਾ ਸੰਕਲਪ ਘੜਦਾ ਹੈ। ਉਸ ਦੇ ਭਵਿੱਖ ਦੇ ਟੀਚੇ ਉਸ ਦੀ ਅਤੀਤ ਦੀ ਅਰਥ-ਵਿਆਖਿਆ ਉੱਤੇ ਅਸਰ-ਅੰਦਾਜ਼ ਹੁੰਦੇ ਹਨ। ਇਤਿਹਾਸ ਬਾਰੇ ਸਾਡੇ ਖ਼ਿਆਲ, ਸਾਡੇ ਵਰਤਮਾਨ ਸਮਾਜ ਬਾਰੇ ਖ਼ਿਆਲਾਂ ਦਾ ਹੀ ਪ੍ਰਤੀਬਿੰਬ ਹੁੰਦਾ ਹੈ। ਅਮਰਜੀਤ ਗਰੇਵਾਲ ਨੇ ਇਹ ਸੱਚ ਇਸ ਤਰ੍ਹਾਂ ਬਿਆਨ ਕੀਤਾ ਹੈ: ‘ਇਤਿਹਾਸ ਅਤੀਤ ਦਾ ਪ੍ਰਤੀਬਿੰਬ ਨਹੀਂ ਹੁੰਦਾ, ਸਗੋਂ ਅਤੀਤ ਬਾਰੇ, ਵਰਤਮਾਨ, ਸਮਾਂ, ਸਥਾਨ ਤੇ ਵਰਤਮਾਨ ਪ੍ਰਸਥਿਤੀਆਂ ਅਧੀਨ ਕਿਸੇ ਵਰਤਮਾਨ ਲੇਖਕ-ਇਤਿਹਾਸਕਾਰ ਦੁਆਰਾ ਰਚਿਆ ਗਿਆ ਬ੍ਰਿਤਾਂਤ ਹੁੰਦਾ ਹੈ। ਇਸ ਲਈ ਬ੍ਰਿਤਾਂਤ ਰਚਨਾ ਇਕ ਪੋਲੀਟੀਕਲ ਐਕਟੀਵਿਟੀ ਹੋ ਨਿਬੜਦੀ ਹੈ। ਇਸ ਪਿੱਛੇ ਲੇਖਕ-ਇਤਿਹਾਸਕਾਰ ਦੀ ਆਪਣੀ ਇਕ ਨੈਤਿਕ ਚੋਣ ਅਤੇ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ।2

ਸੋ ਸਪੱਸ਼ਟ ਹੈ ਕਿ ਜਿਹੜੇ ਲੋਕ ਧਰਮ ਤੋਂ ਮੁਕਤ ਸਮਾਜ ਦੀ ਸਿਰਜਣਾ ਦਾ ਟੀਚਾ ਮਿਥ ਕੇ ਚੱਲਦੇ ਹਨ, ਜਿਹੜੇ ਧਰਮ ਨੂੰ ‘ਬੁਰਾਈ’ ਦੇ ਰੂਪ ਵਿਚ ਦੇਖਦੇ ਅੰਗਦੇ ਹਨ, ਉਨ੍ਹਾਂ ਦੁਆਰਾ ਲਿਖਿਆ ਇਤਿਹਾਸ ਉਨ੍ਹਾਂ ਦੇ ਇਨ੍ਹਾਂ ਤਅੱਸਬਾਂ ਤੋਂ ਮੁਕਤ ਨਹੀਂ ਹੋ ਸਕਦਾ। ਉਹ ਆਪਣੀ ਇਤਿਹਾਸ ਰਚਨਾ ਅੰਦਰ ਧਰਮ ਨਾਲ ਇਨਸਾਫ਼ ਨਹੀਂ ਕਰ ਸਕਦੇ। ਈ.ਐਚ. ਕਾਰ ਦਾ ਇਹ ਕਥਨ ਬਹੁਤ ਹੀ ਅਹਿਮ ਹੈ ਕਿ ਇਤਿਹਾਸ ਪੜ੍ਹਨ ਵੇਲੇ ਤੱਥਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਇਤਿਹਾਸਕਾਰ ਦਾ ਅਧਿਐਨ ਕਰੋ। ਜਦੋਂ ਅਸੀਂ ਇਤਿਹਾਸ ਦੀ ਕੋਈ ਲਿਖਤ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੇਖਣ ਤੋਂ ਪਹਿਲਾਂ ਕਿ ਇਸ ਵਿਚ ਦਰਜ ਤੱਥ ਕਿਹੜੇ ਹਨ, ਇਹ ਦੇਖਣਾ ਚਾਹੀਦੈ ਕਿ ਇਸ ਦਾ ਲੇਖਕ ਕੌਣ ਹੈ। ਭਾਵ ਤੱਥਾਂ ਤੋਂ ਪਹਿਲਾਂ ਇਤਿਹਾਸਕਾਰ ਦੀ ਜ਼ਾਤ (ਜਾਤ ਨਹੀਂ) ਵੱਲ ਦੇਖੋ, ਉਹ ਕੌਣ ਹੈ, ਉਸ ਦੇ ਸਿਧਾਂਤਕ ਅਕੀਦੇ ਤੇ ਮਾਨਸਿਕ ਝੁਕਾਅ ਕਿਹੋ ਜਿਹੇ ਹਨ ਅਤੇ ਉਸ ਨੇ ਆਪਣੀ ਰਚਨਾ ਇਤਿਹਾਸ ਦੇ ਕਿਸ ਦੌਰ ਅੰਦਰ ਲਿਖੀ। ਫਿਰ ਹੀ ਤੁਸੀਂ ਉਸ ਦੁਆਰਾ ਲਿਖੇ ਇਤਿਹਾਸ ਦੀ ਰਮਜ਼ ਪਛਾਣ ਸਕੋਗੇ। ਇਤਿਹਾਸਕਾਰ ਜਿਹੜੀ ਭਾਸ਼ਾ ਵਰਤਦੈ, ਜਿਹੜੇ ਸ਼ਬਦਾਂ ਦਾ ਇਸਤੇਮਾਲ ਕਰਦੈ, ਉਨ੍ਹਾਂ ਦੇ ਸਮਕਾਲ ਵਿਚ ਵਿਸ਼ੇਸ਼ ਅਰਥ ਹੁੰਦੇ ਹਨ। ਇਸ ਕਰਕੇ ਈ.ਐਚ. ਕਾਰ ਮੁਤਾਬਕ ਇਤਿਹਾਸਕਾਰ ਦੀ ਭਾਸ਼ਾ, ਉਸ ਦੇ ਰਾਜਸੀ ਧੜੇ ਦਾ ਮਨੋਰਥ-ਪੱਤਰ (ਮੈਨੀਫ਼ੈਸਟੋ) ਹੁੰਦੈ। ਪਰ ਕਿਉਂਕਿ ਇਤਿਹਾਸਕਾਰ ਨੇ ਕੋਈ ਭਾਸ਼ਾ ਵਰਤਣੀ ਹੁੰਦੀ ਐ, ਇਸ ਕਰਕੇ ਭਾਸ਼ਾ ਦੀ ਇਹ ਚੋਣ ਇਤਿਹਾਸਕਾਰ ਨੂੰ ਨਿਰਪੱਖ ਨਹੀਂ ਰਹਿਣ ਦਿੰਦੀ। ਇਹ ਗੱਲ ਪੱਕੀ ਐ। ਬਸਤੀਵਾਦ ਦੇ ਸਮਰੱਥਕ ਇਤਿਹਾਸਕਾਰ ਬਸਤੀਵਾਦ ਵਿਰੁੱਧ ਲੜਨ ਵਾਲੇ ਸੰਗਰਾਮੀਆਂ ਨੂੰ ‘ਦੇਸ਼ਭਗਤਾਂ’ ਦਾ ਮਾਣਯੋਗ ਰੁਤਬਾ ਨਹੀਂ ਦੇ ਸਕਦੇ। ਉਹ ਉਨ੍ਹਾਂ ਲਈ ਨਿੰਦਵੀਂ ਭਾਸ਼ਾ ਵਰਤਦੇ ਨੇ । ਜਿਵੇਂ ਉਨ੍ਹਾਂ ਨੂੰ ‘ਉਪੱਦਰੀ’, ‘ਬਲਵਈ’, ‘ਕਾਤਲ’, ‘ਲੁਟੇਰੇ’ ਆਦਿ ਕਹਿਣਾ। ਇਸ ਦਸਤੂਰ ਦੇ ਅਨੁਸਾਰ ਹੀ ਮੌਜੂਦਾ ਭਾਰਤੀ ਹਾਕਮ ਉਨ੍ਹਾਂ ਦੇ ਗ਼ਲਬੇ ਤੇ ਲੁੱਟ-ਖਸੁੱਟ ਵਿਰੁੱਧ ਜੂਝਣ ਵਾਲੇ ਸੰਗਰਾਮੀਆਂ ਨੂੰ ‘ਅੱਤਵਾਦੀ’, ‘ਆਤੰਕਵਾਦੀ’, ‘ਦਹਿਸ਼ਤਗਰਦ’, ‘ਵੱਖਵਾਦੀ’, ‘ਦੇਸ਼ ਵਿਰੋਧੀ’, ‘ਹਤਿਆਰੇ’, ‘ਲੁਟੇਰੇ’ ਆਦਿ ਲਾਂਛਣਾਂ ਨਾਲ ਨਿਵਾਜਦੇ ਹਨ। ਅੰਗਰੇਜ਼ ਹਕੂਮਤ ਨੇ ਗ਼ਦਰੀ ਸੰਗਰਾਮੀਆਂ ਖ਼ਿਲਾਫ਼ ਦਾਇਰ ਕੀਤੇ ਮੁਕੱਦਮਿਆਂ ਵਿਚ, ਇਨਕਲਾਬੀਆਂ ਦੇ ਜਥਿਆਂ ਲਈ, ਘਿਰਣਾ ‘ਚੋਂ ‘ਗਰੋਹ’ ਲਫ਼ਜ਼ ਇਸਤੇਮਾਲ ਕੀਤਾ ਸੀ । ਹੈਰਾਨੀ ਭਰੀ ਗੱਲ ਇਹ ਹੈ ਕਿ ਗੁਰਚਰਨ ਸਿੰਘ ਸੈਂਸਰੇ ਨੇ ਵੀ ਧਰਮ ਤੋਂ ਪ੍ਰੇਰਿਤ ਗ਼ਦਰੀ ਇਨਕਲਾਬੀਆਂ ਲਈ ਇਹੀ ਲਫ਼ਜ਼ ਇਸਤੇਮਾਲ ਕੀਤਾ ਹੈ। ਉਸ ਨੇ ਘੱਟ-ਗਿਣਤੀ ਭਾਈਚਾਰਿਆਂ ਨੂੰ ‘ਮਜ਼ਹਬੀ ਫ਼ਿਰਕੇ’ ਲਿਖਣ ਦੀ ਬਜਾਇ ‘ਮਜ਼ਹਬੀ ਗਰੋਹ’ ਲਿਖਿਆ ਹੈ ਅਤੇ ਇਸ ਗੱਲ ਉੱਤੇ ਭਾਰੀ ਇਤਰਾਜ਼ ਕੀਤਾ ਹੈ ਕਿ ਇਹ ‘ਮਜ਼ਹਬੀ ਗਰੋਹ’ ਆਪਣੇ ਆਪ ਨੂੰ ‘ਕੌਮ’ ਕਿਉਂ ਕਹਿੰਦੇ ਹਨ। ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣ ਵਿਰੁੱਧ ਸਿੱਖਾਂ ਅੰਦਰ ਪੈਦਾ ਹੋਈ ਰੋਸ ਲਹਿਰ ਦਾ ਹਵਾਲਾ ਦਿੰਦਾ ਉਹ ਲਿਖਦਾ ਹੈ : ‘ਇਸ ਐਜ਼ੀਟੇਸ਼ਨ ਦਾ ਮਾਲਵੇ ਵਿਚ ਜ਼ਿਆਦਾ ਜ਼ੋਰ ਸੀ । ਏਥੇ ਇਸ ਦੇ ਆਗੂ ਸੰਤ ਰਣਧੀਰ ਸਿੰਘ ਨਾਰੰਗਵਾਲ ਤੇ ਲੋਹਟਬੱਧੀ ਵਾਲੇ ਭਸੌੜੀਏ ਸਨ। ਇਹ ਦੋਵੇਂ ਗਰੋਹ ਤਾਂ ਸਮੁੱਚ ਹੀ ਗ਼ਦਰ ਲਹਿਰ ਵਿਚ ਸ਼ਾਮਲ ਹੋ ਗਏ ਸਨ।” ਭਾਰਤੀ ਸਮਾਜ ਦੇ ਜਿਹੜੇ ਵਰਗਾਂ ਨੇ ਭਾਰਤੀ ਸਟੇਟ ਦੀ ਰਾਜਸੀ ਵਿਚਾਰਧਾਰਾ ਦਾ ਆਤਮੀਕਰਣ (internalise) ਕਰ ਲਿਆ ਹੈ, ਉਨ੍ਹਾਂ ਨੇ ਆਗਿਆਕਾਰੀ ਢੰਗ ਨਾਲ ਇਸ ਸਟੇਟ ਦੀ ਭਾਸ਼ਾ ਅਪਣਾਅ ਲਈ ਹੈ। ਇਨ੍ਹਾਂ ਵਰਗਾਂ ਵਿਚ ਭਾਰਤ ਦਾ ਮੇਨਸਟਰੀਮ ਮੀਡੀਆ, ਮੇਨਸਟਰੀਮ ਬੁੱਧੀਜੀਵੀ ਅਤੇ ਮੇਨਸਟਰੀਮ ਰਾਜਸੀ ਹਲਕੇ, ਸਮੇਤ ਖੱਬੇ-ਪੱਖੀਆਂ ਦੇ, ਸ਼ਾਮਲ ਹਨ। ਪੰਜਾਬ ਦੇ ਖੱਬੇ ਪੱਖੀਆਂ ਵੱਲੋਂ ਸਿੱਖ ਜੁਝਾਰੂਆਂ ਬਾਰੇ ਵਰਤੀ ਜਾਂਦੀ ਭਾਸ਼ਾ ਦਾ ਭਾਰਤ ਦੇ ਰਾਜਸੀ ਹੁਕਮਰਾਨਾਂ ਦੀ ਭਾਸ਼ਾ ਨਾਲੋਂ ਨਹੁੰ ਜਿੰਨਾ ਵੀ ਫ਼ਰਕ ਨਹੀਂ। ਇਸ ਦੀ ਤੁਲਨਾ ਵਿਚ ਫ਼ਰਾਂਸੀਸੀ ਮੂਲ ਦੇ ਸੰਸਾਰ ਪ੍ਰਸਿੱਧ ਵਿਦਵਾਨ ਦੈਰਿਦਾ, ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਨੇ 11 ਸਤੰਬਰ 2001 ਦੇ ਦਿਨ ਅਰਬੀ ਮੂਲ ਦੇ ਮੁਸਲਿਮ ਜੁਝਾਰੂਆਂ ਵੱਲੋਂ ਅਮਰੀਕਾ ਦੇ ਵਿਸ਼ਵ ਵਪਾਰ ਸੈਂਟਰ ਦੇ ਬਹੁ-ਮੰਜ਼ਲੇ ਟਾਵਰਾਂ ਨੂੰ ਹਵਾਈ ਜਹਾਜ਼ਾਂ ਦੀ ਟੱਕਰ ਮਾਰ ਕੇ ਢਹਿ ਢੇਰੀ ਕਰ ਦੇਣ ਦੀ ਕਾਰਵਾਈ ਨੂੰ ‘ਦਹਿਸ਼ਤਗਰਦੀ’ ਦਾ ਨਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਉਸ ਨੇ ਇਸ ਨੂੰ ਉਸੇ ਤਰ੍ਹਾਂ ਦਾ ਤੱਥ ਸੱਚ ਮੰਨਣ ਤੋਂ ਇਨਕਾਰ ਕੀਤਾ ਜੋ ਦੁਨੀਆਂ ਦਾ ਇੱਕੋ ਇਕ ਸ਼ਕਤੀਸ਼ਾਲੀ ਨਿਜ਼ਾਮ ਚਾਹੁੰਦਾ ਸੀ। ਪੰਜਾਬ ਦੇ ਖੱਬੇ ਪੱਖੀ ਇਸ ‘ਸ਼ੀਸ਼ੇ’ ਵਿਚ ਆਪਣੇ ਦਾਗ਼ੋ-ਦਾਗ਼ ਹੋਏ ਚਿਹਰੇ ਦੇਖ ਸਕਦੇ ਹਨ!

ਇਸ ਰੋਸ਼ਨੀ ਵਿਚ, ਹੁਣ ਆਪਾਂ ਗ਼ਦਰ ਲਹਿਰ ਦੇ ਇਤਿਹਾਸ ਦੇ ਲੇਖਕਾਂ ਦੁਆਰਾ ਵਰਤੀ ਗਈ ਭਾਸ਼ਾ ਦੀ ਨਿਰਖ-ਪਰਖ ਕਰਦੇ ਹਾਂ। ਅਸੀਂ ਮੁੱਖ ਤੌਰ ‘ਤੇ ਚਾਰ ਪ੍ਰਸਿੱਧ ਵਿਦਵਾਨਾਂ ਦੀਆਂ ਲਿਖਤਾਂ ਦਾ ਵਿਸ਼ਲੇਸ਼ਣ ਕਰਾਂਗੇ। ਇਹ ਚਾਰ ਵਿਦਵਾਨ ਹਨ : ਸ. ਜਗਜੀਤ ਸਿੰਘ, ਗੁਰਚਰਨ ਸਿੰਘ ਸੈਂਸਰਾ, ਹਰੀਸ਼ ਕੇ. ਪੁਰੀ ਅਤੇ ਸੋਹਨ ਸਿੰਘ ਜੋਸ਼ । ਇਨ੍ਹਾਂ ਸਾਰੇ ਵਿਦਵਾਨਾਂ ਦੀ ਸਾਂਝੀ ਗੱਲ ਇਹ ਹੈ ਕਿ ਇਨ੍ਹਾਂ ਨੇ ਗ਼ਦਰੀਆਂ ਦੀ ਧਾਰਮਿਕ ਸ਼ਨਾਖ਼ਤ ਕਰਨ ਤੋਂ ਪਰਹੇਜ਼ ਕੀਤਾ ਹੈ। ਇਸ ਤੱਥ ਦੇ ਬਾਵਜੂਦ ਕਿ ਗ਼ਦਰੀਆਂ ਵਿੱਚੋਂ 95% ਤੋਂ ਵੀ ਜ਼ਿਆਦਾ ਸਿੱਖ ਸਨ, ਉਪਰੋਕਤ ਸਾਰੇ ਹੀ ਵਿਦਵਾਨਾਂ ਨੇ ਉਨ੍ਹਾਂ ਨੂੰ ‘ਹਿੰਦੀ’ ਜਾਂ ‘ਪੰਜਾਬੀ’ ਲਿਖਣਾ ਪਸੰਦ ਕੀਤਾ ਹੈ। ਉਨ੍ਹਾਂ ਦੀ ਕਲਮ ਸਿੱਖ ਗ਼ਦਰੀਆਂ ਨੂੰ ‘ਸਿੱਖ’ ਲਿਖਣ ਤੋਂ ਜੁਆਬ ਦੇ ਗਈ। ਅਜਿਹਾ ਅਕਾਰਨ ਨਹੀਂ ਹੋ ਸਕਦਾ। ਇਹ ਸਾਰੇ ਵਿਦਵਾਨ ਇੱਕੋ ਸਿਧਾਂਤਕ-ਰਾਜਸੀ ਧੜੇ ਦੇ ਨਹੀਂ। ਸ. ਜਗਜੀਤ ਸਿੰਘ ਸਿੱਖ ਧਰਮ ਦੇ ਪੱਕੇ ਪੈਰੋਕਾਰ ਸਨ । ਸੋਹਨ ਸਿੰਘ ਜੋਸ਼ ਤੇ ਸੈਂਸਰਾ ਪੱਕੇ ਕਮਿਊਨਿਸਟ ਕਾਰਕੁੰਨ ਸਨ । ਹਰੀਸ਼ ਪੁਰੀ ਨੂੰ ਖੱਬੇ ਪੱਖੀ ਵਿਦਵਾਨਾਂ ਦੀ ਵੰਨਗੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਕਰਕੇ ਬਿਨਾਂ ਵੱਡੇ ਕਾਰਨ ਤੋਂ, ਅਲੱਗ ਅਲੱਗ ਵੰਨਗੀ ਦੇ ਇਨ੍ਹਾਂ ਵਿਦਵਾਨਾਂ ਅੰਦਰ ਭਾਸ਼ਾ ਦੀ ਇਹ ਸਾਂਝ ਪੈਦਾ ਨਹੀਂ ਹੋ ਸਕਦੀ। ਸਿਧਾਂਤਕ ਦ੍ਰਿਸ਼ਟੀ ਤੋਂ ਇਸ ਵੱਡੇ ਕਾਰਨ ਦੀ ਨਿਸ਼ਾਨਦੇਹੀ ਕਰਨੀ ਬੇਹੱਦ ਜ਼ਰੂਰੀ ਤੇ ਅਹਿਮ ਹੈ।

? ਤੁਹਾਡੇ ਮੁਤਾਬਕ ਇਹ ਸਿਧਾਂਤਕ ਕਾਰਨ ਕਿਹੜਾ ਹੈ ਜਿਹੜਾ ਵੱਖ-ਵੱਖ ਸਿਧਾਂਤਕ ਵੰਨਗੀਆਂ ਦੇ ਇਤਿਹਾਸਕਾਰਾਂ ਨੂੰ ਇੱਕੋ ਭਾਸ਼ਾ ਵਰਤਣ ਲਈ ਪ੍ਰੇਰਦਾ ਹੈ ?

ਜੇਕਰ ਅੱਜ ਕਿਸੇ ਪੜ੍ਹੇ-ਲਿਖੇ ਵਿਅਕਤੀ ਨੂੰ ਇਹ ਸੁਆਲ ਪੁੱਛਿਆ ਜਾਵੇ ਕਿ ਉਹ ਮੌਡਰਨਿਸਟ (ਆਧੁਨਿਕਵਾਦੀ) ਹੈ ਜਾਂ ਪਰੰਪਰਾਵਾਦੀ (traditionalist), ਤਾਂ ਉਸ ਦੇ ਜੁਆਬ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਕੋਈ ਵੀ ਆਪਣੇ ਆਪ ਨੂੰ ‘ਮੌਡਰਨਿਸਟ’ ਛੱਡ ਕੇ ‘ਪਰੰਪਰਾਵਾਦੀ’ ਕਹਾਉਣਾ ਪਸੰਦ ਨਹੀਂ ਕਰੇਗਾ, ਕਿਉਂਕਿ ਮੌਡਰਨਿਸਟ ਕਹਾਉਣਾ ਸ਼ਾਨ ਸਮਝੀ ਜਾਂਦੀ ਹੈ, ਜਦੋਂ ਕਿ ਪਰੰਪਰਾਵਾਦੀ ਕਹਾਉਣਾ ਹੇਠੀ ਵਾਲੀ ਗੱਲ ਹੈ। ਇਹ ਸਮਝ ਸੁਤੇ-ਸਿੱਧ ਨਹੀਂ ਬਣ ਗਈ। ਇਸ ਦੇ ਪਿੱਛੇ ਇਕ ਪੂਰਾ ਸੂਰਾ ਨਜ਼ਰੀਆ ਕੰਮ ਕਰਦਾ ਹੈ। ਇਹ ਨਜ਼ਰੀਆ ਇਤਿਹਾਸਕ ਪੜਾਵਾਂ ਦੇ ਸਿਧਾਂਤ ਉੱਤੇ ਉਸਰਿਆ ਹੋਇਆ ਹੈ। ਇਸ ਨਜ਼ਰੀਏ ਤੇ ਸਿਧਾਂਤ ਦੀ ਜੜ੍ਹ ਪੱਛਮੀ ਯੂਰਪ ਦੇ ਗਿਆਨ-ਚਿੰਤਨ (enlightenment) ਵਿਚ ਲੱਗੀ ਹੋਈ ਹੈ।

ਆਧੁਨਿਕਤਾ ਬਨਾਮ ਪਰੰਪਰਾ

ਇਤਿਹਾਸਕ ਪੜਾਵਾਂ ਦਾ ਇਹ ਸਿਧਾਂਤ ਹੇਠ ਲਿਖੇ ਤਿੰਨ ਵਿਸ਼ਵਾਸਾਂ ਉੱਤੇ ਟਿਕਿਆ ਹੋਇਆ ਹੈ। ਪਹਿਲਾ ਇਹ, ਕਿ ਸਮਾਜੀ ਵਿਕਾਸ ਦਾ ਇਹ ਨਿਯਮ ਹੈ ਕਿ ਇਸ ਦੀ ਗਤੀ ਦਾ ਰੁਖ਼ ਪਿਛਾਂਹ ਤੋਂ ਅਗਾਂਹ ਵੱਲ ਹੈ। ਸਮਾਜੀ ਵਿਕਾਸ ਦੀ ਧਾਰਾ ਵੱਖ-ਵੱਖ ਇਤਿਹਾਸਕ ਪੜਾਵਾਂ ਵਿੱਚੋਂ ਦੀ ਗੁਜ਼ਰਦੀ ਹੋਈ ਅਜੋਕੇ ਸਭਿਅਤਾ ਦੇ ਯੁਗ ਵਿਚ ਦਾਖ਼ਲ ਹੋਈ ਹੈ। ਭਾਵ ਵਿਕਾਸ ਦੀ ਇਸ ਧਾਰਾ ਦਾ ਰੁਖ਼ ਪਛੜੇਵੇਂ ਤੋਂ ਉੱਨਤੀ ਵੱਲ ਅਤੇ ਬਰਬਰਤਾ ਤੋਂ ਸਭਿਅਤਾ ਵੱਲ ਹੈ। (ਇਸ ਮੁਤਾਬਕ ਮੱਧਯੁਗ ‘ਪਛੜੇਵੇਂ’ ਤੇ ‘ਅਗਿਆਨਤਾ’ ਦਾ ਚਿੰਨ੍ਹ ਅਤੇ ਅਜੋਕੀ ਪੱਛਮੀ ਸਭਿਅਤਾ ‘ਗਿਆਨ ਤੇ ਰੋਸ਼ਨ-ਖ਼ਿਆਲੀ’ ਦੀ ਪ੍ਰਤੀਕ ਬਣ ਗਈ। ਆਧੁਨਿਕ ਗਿਆਨ ਦੇ ਮੁਕਾਬਲੇ ਪਿਛਲੀਆਂ ਸਦੀਆਂ ਦਾ ਸਮੁੱਚਾ ਰਵਾਇਤੀ ਗਿਆਨ ਬੇਕਾਰ ਹੋ ਗਿਆ)। ਦੂਜਾ ਇਹ ਕਿ ਸੰਸਾਰ ਦੇ ਹਰ ਸਮਾਜ ਦਾ ਨਿਖਰਵੇਂ ਇਤਿਹਾਸਕ ਪੜਾਵਾਂ ‘ਚੋਂ ਦੀ ਗੁਜ਼ਰਨਾ ਅਤੇ ਅਖ਼ੀਰ ਵਿਚ ਸੰਸਾਰ ਭਰ ਅੰਦਰ ਭਾਰੂ ਤੌਰ ’ਤੇ ਪ੍ਰਚਲਿਤ ਤੇ ਮਕਬੂਲ ਹੋ ਚੁੱਕੇ ਨੇਸ਼ਨ-ਸਟੇਟ ਦੇ ਅਜੋਕੇ ਮਾਡਲ ਨੂੰ ਅਪਨਾਉਣਾ ਲਾਜ਼ਮੀ ਹੈ। ਤੀਜਾ ਇਹ ਕਿ ਇਨ੍ਹਾਂ ਜ਼ਰੂਰੀ ਇਤਿਹਾਸਕ ਪੜਾਵਾਂ ਵਿੱਚੋਂ ਗੁਜ਼ਰਦਿਆਂ ਹਰ ਸਮਾਜ ਨੂੰ ਆਪਣੇ ਸਭਿਆਚਾਰ ਨੂੰ ਨਵੇਂ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਬਦਲਣਾ ਤੇ ਢਾਲਣਾ ਪੈਣਾ ਹੈ। ਸਭਿਆਚਾਰ ਦੇ ਜਿਹੜੇ ਅੰਸ਼ ਆਧੁਨਿਕ ਨੇਸ਼ਨ-ਸਟੇਟ ਦੇ ਅਨੁਕੂਲ ਨਹੀਂ, ਉਹ ‘ਪਿਛਾਂਹਖਿੱਚੂ’ ਹਨ, ਸਮਾਜਿਕ ਤਰੱਕੀ ਦੇ ਰਾਹ ਦੀ ਰੁਕਾਵਟ ਹਨ। ਇਸ ਕਰਕੇ ਸਭਿਆਚਾਰ ਦੇ ਇਨ੍ਹਾਂ ਅੰਸ਼ਾਂ ਨੂੰ ਤਿਆਗਣਾ ਜ਼ਰੂਰੀ ਹੈ। ਦੂਜੇ ਬੰਨੇ, ਜਿਹੜੇ ਸਭਿਆਚਾਰਕ ਗੁਣ-ਤੱਤ ਆਧੁਨਿਕ ਸਟੇਟ ਦੇ ਅਨੁਕੂਲ ਹਨ, ਉਨ੍ਹਾਂ ਦੀ ਉਚੇਚੇ ਤੌਰ ‘ਤੇ ਪਰਵਰਿਸ਼ ਕੀਤੇ ਜਾਣ ਦੀ ਲੋੜ ਹੈ।

ਇਸ ਤਰ੍ਹਾਂ ਇਤਿਹਾਸ ਦੇ ਕੁਝ ਖ਼ਾਸ ਦੌਰ ਅਗਾਂਹਵਧੂ ਤੇ ਕੁਝ ਪਿਛਾਂਹਖਿੱਚੂ ਗਰਦਾਨ ਦਿੱਤੇ ਗਏ। ਇਸੇ ਹਿਸਾਬ ਨਾਲ ਕੁਝ ਸਭਿਆਚਾਰ ਉੱਤਮ ਦਰਜੇ ਦੇ ਤੇ ਕੁਝ ਘਟੀਆ ਦਰਜੇ ਦੇ ਬਣ ਗਏ। ਇਸ ਤਰ੍ਹਾਂ ਜਦੋਂ ਸਭਿਆਚਾਰਾਂ ਦੇ ਦਰਜੇ (hierarchical order) ਮਿਥ ਦਿੱਤੇ ਗਏ, ਤਾਂ ਇਸ ਵਿੱਚੋਂ ਊਚ-ਨੀਚ ਪੈਦਾ ਹੋਣੀ ਸੁਭਾਵਕ ਸੀ । ਇਸ ਨੂੰ ਪੁਰਾਤਨ ਬ੍ਰਾਹਮਣਵਾਦ ਦੀ ਆਧੁਨਿਕ ਜਾਂ ਪੱਛਮੀ ਵੰਨਗੀ ਦਾ ਨਾਂ ਦਿੱਤਾ ਜਾ ਸਕਦਾ ਹੈ। ਜਿਵੇਂ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਪੁਰਾਤਨ ਭਾਰਤੀ ਸਮਾਜ ਅੰਦਰ ਆਪਣੀ ਅਜਾਰੇਦਾਰਾਨਾ ਚੌਧਰ ਤੇ ਹਸਤੀ (hegemony) ਸਥਾਪਤ ਕਰ ਲਈ ਸੀ, ਠੀਕ ਉਵੇਂ ਪੱਛਮ ਦੀ ਆਧੁਨਿਕ ਵਿਚਾਰਧਾਰਾ ਨੇ ਸੰਸਾਰ ਭਰ ਅੰਦਰ ਆਪਣੀ ਅਜਾਰੇਦਾਰਾਨਾ ਚੌਧਰ ਤੇ ਹਸਤੀ (hegemony) ਸਥਾਪਤ ਕਰ ਲਈ ਹੈ। ਗ਼ੈਰ ਪੱਛਮੀ ਸਮਾਜਾਂ ਦੇ ਕੁਝ ਵਰਗਾਂ, ਖ਼ਾਸ ਕਰਕੇ ਪੜ੍ਹੇ-ਲਿਖੇ ਵਰਗਾਂ ਨੇ ਪੱਛਮ ਦੀ ਆਧੁਨਿਕ ਵਿਚਾਰਧਾਰਾ ਦਾ ਆਤਮੀਕਰਣ ਕਰ ਲਿਆ ਹੈ। ਆਧੁਨਿਕ ਮਨ ਸੁਤੇ-ਸਿੱਧ ਹੀ ਇਸ ਇਤਿਹਾਸਕ ਚੇਤਨਾ ਦੇ ਅਨੁਸਾਰ ਕੰਮ ਕਰਦਾ ਹੈ।

ਇਤਿਹਾਸਕ ਪੜਾਵਾਂ ਦੇ ਸਿਧਾਂਤ ਅਨੁਸਾਰ ਧਰਮ ਦਾ ਮੱਧਯੁਗੀ ਵਰਤਾਰੇ ਵਜੋਂ ਖਾਸਾ ਨਿਰਧਾਰਨ (characterization) ਕੀਤਾ ਗਿਆ। ਇਸ ਤਰ੍ਹਾਂ ਧਰਮ ਨੂੰ ਬੀਤ ਚੁੱਕੇ ਜ਼ਮਾਨੇ ਦੀ, ਵੇਲਾ ਵਿਹਾਅ ਚੁੱਕੀ ਫ਼ਜ਼ੂਲ ਵਸਤੂ ਵਜੋਂ ਦੇਖਿਆ ਜਾਣ ਲੱਗਾ। ਇਸ ਨੂੰ ਮੱਧਯੁਗੀ ਸਭਿਆਚਾਰ ਦੀ ‘ਰਹਿੰਦ-ਖੂੰਹਦ’ ਕਹਿ ਕੇ ਤ੍ਰਿਸਕਾਰਿਆ ਜਾਣ ਲੱਗਾ। ਇਸ ਆਧੁਨਿਕਵਾਦੀ ਸੋਚ ਦੇ ਅਸਰ ਹੇਠ ਰਾਜਸੀ ਵਿਸ਼ਲੇਸ਼ਣ ਦੀ ਇਕ ਵਿਸ਼ੇਸ਼ ਪੈਰਾਡਾਈਮ (ਸਾਂਝਾ ਨਜ਼ਰੀਆ) ਵਿਕਸਤ ਹੋਈ। ਇਸ ਨੇ ਖ਼ਾਸ ਸ਼੍ਰੇਣੀਆਂ (categories) ਨੂੰ ਜਨਮ ਦਿੱਤਾ ਅਤੇ ਇਨ੍ਹਾਂ ਦੀ ਚੜ੍ਹਤਲ ਤੇ ਚੌਧਰ ਸਥਾਪਤ ਕੀਤੀ। ਸੈਕੁਲਰਿਜ਼ਮ (ਧਰਮ- ਨਿਰਲੇਪਤਾ), ਨੈਸ਼ਨਲਿਜ਼ਮ (ਰਾਸ਼ਟਰਵਾਦ), ਲਿਬਰਲਿਜ਼ਮ (ਉਦਾਰਵਾਦ), ਲੋਕਤੰਤਰ, ਰੋਸ਼ਨ ਖ਼ਿਆਲੀ, ਪ੍ਰਗਤੀਵਾਦ ਆਦਿ ਸ਼੍ਰੇਣੀਆਂ ਨੂੰ ਚੰਗਿਆਈ ਤੇ ਵਡਿਆਈ ਦੀਆਂ ਪ੍ਰਤੀਕ ਅਤੇ ਇਸ ਦੇ ਐਨ ਉਲਟ ‘ਧਾਰਮਿਕ ਕੱਟੜਪੁਣਾ’, ‘ਸੰਕੀਰਨਵਾਦ’/ ‘ਸਥਾਨਕਵਾਦ’ (parochialism), ‘ਰੂੜ੍ਹੀਵਾਦ’ (conservatism), ‘ਨਿਰੰਕੁਸ਼ਵਾਦ’ (despotism), ਅੰਧ-ਗਿਆਨ (obscurantism), ‘ਪਿਛਾਖੜਪੁਣਾ’ ਆਦਿ ਸ਼੍ਰੇਣੀਆਂ ਬੁਰਿਆਈ ਦੀਆਂ ਪ੍ਰਤੀਕ ਮੰਨੀਆਂ ਜਾਣ ਲੱਗ ਪਈਆਂ। ਰਾਜਸੀ ਵਿਸ਼ਲੇਸ਼ਣ ਦੀ ਇਸ ਪੈਰਾਡਾਈਮ ਨੇ ਸੰਸਾਰ-ਵਿਆਪੀ ਚੜ੍ਹਤਲ ਤੇ ਚੌਧਰ ਸਥਾਪਤ ਕਰ ਲਈ ਹੈ। ਗ਼ੈਰ-ਪੱਛਮੀ ਸਮਾਜਾਂ ਦੇ ਪੜ੍ਹੇ-ਲਿਖੇ ਵਰਗਾਂ, ਉਦਾਰਪੰਥੀ ਹੋਣ ਜਾਂ ਕਮਿਊਨਿਸਟ, ਵਾਸਤੇ ਇਨ੍ਹਾਂ ਸ਼੍ਰੇਣੀਆਂ ਤੋਂ ਲਾਂਭੇ ਹਟ ਕੇ ਸੋਚਣਾ ਔਖਾ ਜਾਂ ਇਕ ਤਰ੍ਹਾਂ ਨਾਲ ਅਸੰਭਵ ਜਿਹਾ ਹੋ ਗਿਆ ਹੈ। ਉਹ ਇਸ ਦੇ ਪੱਕੇ ਆਦੀ ਹੋ ਗਏ ਹਨ। ਅਜੋਕੀ ਕੰਪਿਊਟਰੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਉਨ੍ਹਾਂ ਦੀ ਵਿਸ਼ੇਸ਼ ‘ਪ੍ਰੋਗਰਾਮਿੰਗ’ ਹੋ ਗਈ ਹੈ। ਉਹ ਅਤੀਤ ਤੇ ਵਰਤਮਾਨ ਦੇ ਹਰ ਘਟਨਾ ਵਰਤਾਰੇ ਨੂੰ ਇਸੇ ਨਜ਼ਰੀਏ ਤੋਂ ਅੰਗਦੇ-ਤੋਲਦੇ ਹਨ। ਗ਼ਦਰ ਪਾਰਟੀ ਦਾ ਇਤਿਹਾਸ ਮੁੱਖ ਰੂਪ ਵਿਚ ਇਸ ਨਜ਼ਰੀਏ ਤੋਂ ਹੀ ਲਿਖਿਆ ਗਿਆ ਹੈ।

ਆਧੁਨਿਕ ਵਿਚਾਰਾਂ ਦੇ ਸਾਂਚੇ ਵਿਚ ਢਲਿਆ ਮਨ ਗ਼ੈਰ-ਆਧੁਨਿਕ ਰਾਜਸੀ ਸਭਿਆਚਾਰਾਂ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ, ਇਨ੍ਹਾਂ ਨੂੰ ਹੀਣ ਸਮਝਦਾ ਹੈ। ਰਾਜਸੀ ਸਭਿਆਚਾਰ ਵਿਚ ਧਰਮ ਦਾ ਅੰਸ਼ ਉਨ੍ਹਾਂ ਨੂੰ ਬੱਜਰ ਕੁਰਹਿਤ ਜਾਪਦੀ ਹੈ। ਇਸ ਵਿੱਚੋਂ ਉਨ੍ਹਾਂ ਨੂੰ ਪਿਛਾਖੜਵਾਦ ਦੀ ਬਦਬੂ ਆਉਣ ਲੱਗ ਪੈਂਦੀ ਹੈ। ਉਹ ਇਸ ‘ਤੇ ਨੱਕ ਚਾੜ੍ਹਦੇ ਤੇ ਆਪਣੇ ਤਅੱਸਬਾਂ ਦਾ ਖੁੱਲ੍ਹਮ-ਖੁੱਲ੍ਹਾ ਪ੍ਰਗਟਾਵਾ ਕਰਦੇ ਹਨ। ਅਸਲ ਵਿਚ ਆਮ ਰੂਪ ਵਿਚ ਹੀ ਸਭਿਆਚਾਰਕ ਵਿਲੱਖਣਤਾਵਾਂ ਉੱਤੇ ਜ਼ੋਰ ਦੇਣਾ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਉਨ੍ਹਾਂ ਦੀ ਪਸੰਦ ਵਿਲੱਖਣਤਾਵਾਂ (particularities) ਨਹੀਂ, ਵਿਆਪਕਤਾ (generality) ਹੈ। ਸਭਿਆਚਾਰਾਂ ਦੇ ਮਾਮਲੇ ਵਿਚ ਉਹ ਵੰਨ-ਸੁਵੰਨਤਾ (diversity) ਨਾਲੋਂ ਸਮਰੂਪਤਾ (uniformity) ਦੇ ਵੱਧ ਉਪਾਸ਼ਕ ਹਨ। ਉਨ੍ਹਾਂ ਦੇ ਮਨਾਂ ਨੂੰ ਆਮ ਰੂਪ ਵਿਚ ਹੀ ਵਡੇਰੀਆਂ ਪਛਾਣਾਂ ਵੱਧ ਮੋਂਹਦੀਆਂ ਹਨ। ਛੋਟੀਆਂ ਪਛਾਣਾਂ ਉਨ੍ਹਾਂ ਨੂੰ ਤੰਗਦਿਲੀ ਦਾ ਇਜ਼ਹਾਰ ਲੱਗਦੀਆਂ ਹਨ। ਇਸ ਕਰਕੇ ਉਹ ਰਾਜਸੀ ਬਿਰਤਾਂਤ ਅੰਦਰ ਜਾਤੀ-ਵਿਸ਼ੇਸ਼ (ethnic specific) ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹਨ। ਇਸ ਦੀ ਥਾਵੇਂ ਉਨ੍ਹਾਂ ਨੂੰ ਜਾਤੀ-ਨਿਰਲੇਪ (ethnic neutral) ਸ਼ਬਦਾਵਲੀ ਵੱਧ ਅਪੀਲ ਕਰਦੀ ਹੈ। ਗ਼ਦਰ ਪਾਰਟੀ ਦੇ ਇਤਿਹਾਸ ਦੇ ਜਿਨ੍ਹਾਂ ਚਾਰ ਲੇਖਕ ਵਿਦਵਾਨਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਸਿੱਖ ਗ਼ਦਰੀਆਂ ਨੂੰ ‘ਸਿੱਖ’ ਕਹਿਣ ਤੋਂ ਗੁਰੇਜ਼ ਕਰਨ ਅਤੇ ਇਸ ਦੀ ਥਾਵੇਂ ਉਨ੍ਹਾਂ ਨੂੰ ‘ਹਿੰਦੀ’ ਜਾਂ ‘ਪੰਜਾਬੀ’ ਕਹਿਣ ਨੂੰ ਤਰਜੀਹ ਦੇਣੀ ਇਥੋਂ ਸਮਝ ਪੈਂਦੀ ਹੈ। ਇਹ ਸਾਰਾ ਆਧੁਨਿਕ ਵਿਚਾਰਧਾਰਾ ਦਾ ਪਰਤਾਪ ਹੈ।

? ਬਾਕੀ ਤਿੰਨ ਵਿਦਵਾਨਾਂ ਦੀ ਤਾਂ ਇਸ ਤੋਂ ਸਮਝ ਪੈ ਜਾਂਦੀ ਹੈ, ਪਰ ਸਰਦਾਰ ਜਗਜੀਤ ਸਿੰਘ ਨੂੰ ਉਨ੍ਹਾਂ ਨਾਲ ਜੋੜਨਾ ਕਿੰਨਾ ਕੁ ਵਾਜਿਬ ਹੈ ? ਕਿਉਂਕਿ ਉਹ ਤਾਂ ਆਪਣੇ ਅਕੀਦਿਆਂ ਪੱਖੋਂ ਸੱਚੇ ਸਿੱਖ ਸਨ । ਬਾਅਦ ਵਿਚ ਉਨ੍ਹਾਂ ਨੇ ‘ਸਿੱਖ ਇਨਕਲਾਬ’ ਦੇ ਸਿਰਲੇਖ ਹੇਠ ਕਿੰਨੀ ਸ਼ਾਨਦਾਰ ਕਿਤਾਬ ਲਿਖੀ ਹੈ। ਇਸ ਗੱਲ ਦੀ ਕੀ ਵਿਆਖਿਆ ਬਣਦੀ ਹੈ ?

ਮੇਰੀ ਜਾਚੇ ਸ. ਜਗਜੀਤ ਸਿੰਘ ਨੂੰ ਬਾਕੀ ਤਿੰਨ ਵਿਦਵਾਨਾਂ ਨਾਲ ਪੂਰਨ ਰੂਪ ਵਿਚ ਨਹੀਂ, ਅੰਸ਼ਕ ਰੂਪ ਵਿਚ ਹੀ ਜੋੜਿਆ ਜਾ ਸਕਦਾ ਹੈ। ਬਾਕੀ ਤਿੰਨ ਵਿਦਵਾਨਾਂ ਨਾਲੋਂ ਉਨ੍ਹਾਂ ਦਾ ਫ਼ਰਕ ਇਹ ਹੈ ਕਿ ਜਿਥੇ ਇਹ ਤਿੰਨੇ ਵਿਦਵਾਨ ਆਧੁਨਿਕ ਵਿਚਾਰਧਾਰਾ (ਤੇ ਇਸ ਅਨੁਸਾਰ ਹੀ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ) ਦੇ ਜੋਸ਼ੀਲੇ ਪੈਰੋਕਾਰ ਹਨ, ਉਥੇ ਸ. ਜਗਜੀਤ ਸਿੰਘ ਇਸ ਵਿਚਾਰਧਾਰਾ ਦਾ ਪ੍ਰਤੱਖ ਰੂਪ ਵਿਚ ਥੋੜ੍ਹਾ ਅਸਰ ਤੇ ਬਹੁਤਾ ਦਬਾਅ ਕਬੂਲ ਕਰਦੇ ਪ੍ਰਤੀਤ ਹੁੰਦੇ ਹਨ। ਇਹ ਗੱਲ ਇਕੱਲੇ ਸ. ਜਗਜੀਤ ਸਿੰਘ ਉੱਤੇ ਹੀ ਨਹੀਂ, ਹਕੀਕਤ ਵਿਚ ਸਿੱਖ ਵਿਦਵਾਨਾਂ ਦੇ ਵੱਡੇ ਵਰਗ ਉੱਤੇ ਢੁਕਦੀ ਹੈ। ਉਨ੍ਹਾਂ ਦੇ ਮਨਾਂ ਉੱਤੇ ਜ਼ਮਾਨੇ ਦੀ ਭਾਰੂ ਵਿਚਾਰਧਾਰਾ ਦਾ ਪ੍ਰਭਾਵ ਤੇ ਛੱਪਾ ਸਾਫ਼ ਪਛਾਣਿਆ ਜਾਂਦਾ ਹੈ। ਇਹ ਕੋਈ ਬਾਹਲੀ ਅਜੀਬ ਗੱਲ ਨਹੀਂ। ਜਿਹੜਾ ਫਲਸਫਾ ਪਿਛਲੇ ਤਿੰਨ ਸੌ ਸਾਲਾਂ ਤੋਂ ਸੰਸਾਰ ਭਰ ਅੰਦਰ ਲੋਹੜੇ ਦੀ ਹੱਦ ਤਕ ਆਪਣਾ ਤੇਜ ਪਰਤਾਪ ਫੈਲਾਉਣ ਵਿਚ ਸਫਲ ਹੋ ਨਿਬੜਿਆ ਹੈ ਅਤੇ ਜਿਸ ਸਦਕਾ ਪੱਛਮ ਨੇ ਨਾ ਸਿਰਫ਼ ਗਿਆਨ ਦੇ ਖੇਤਰ ਅੰਦਰ ਆਪਣੀ ਕਿੰਤੂ-ਰਹਿਤ ਮਾਨਤਾ (ਅਥਾਰਟੀ) ਸਥਾਪਤ ਕਰ ਲਈ ਹੈ, ਸਗੋਂ ਨਾਲ ਹੀ ਆਰਥਿਕ, ਰਾਜਸੀ ਤੇ ਸਭਿਆਚਾਰਕ ਖੇਤਰਾਂ ਅੰਦਰ ਵੀ ਸਾਰੇ ਸੰਸਾਰ ਉੱਤੇ ਆਪਣੀ ਧਾਂਕ ਤੇ ਧੌਂਸ ਜਮਾ ਰੱਖੀ ਹੈ, ਗ਼ੈਰ-ਪੱਛਮੀ ਸਮਾਜਾਂ ਦੇ ਪੱਛਮੀ ਵਿੱਦਿਆ ਵਿਚ ਪ੍ਰਬੀਨ ਹੋਏ ਵਿਦਵਾਨਾਂ ਦਾ ਪੱਛਮੀ ਫਲਸਫੇ ਤੇ ਸਭਿਅਤਾ ਦੇ ਪ੍ਰਭਾਵ ਤੇ ਦਬਾਅ ਹੇਠ ਆ ਜਾਣਾ ਕੋਈ ਅਚੰਭੇ ਵਾਲੀ ਗੱਲ ਨਹੀਂ। ਸ. ਜਗਜੀਤ ਸਿੰਘ ਵੱਲੋਂ ਲਿਖੇ ਗ਼ਦਰ ਪਾਰਟੀ ਲਹਿਰ ਦੇ ਇਤਿਹਾਸ ਅਤੇ ਸਿੱਖ ਇਨਕਲਾਬ ਵਿਚ 20 ਸਾਲਾਂ ਦਾ ਵਕਫ਼ਾ ਹੈ। ‘ਸਿੱਖ ਇਨਕਲਾਬ’ ਲਿਖਣ ਵੇਲੇ ਉਹ ਇਸ ਵਿਚਾਰਧਾਰਾ ਤੋਂ ਵੱਡੀ ਹੱਦ ਤਕ ਸੁਰਖ਼ੁਰੂ ਹੋ ਚੁੱਕੇ ਸਨ। ਇਸ ਨੂੰ ਇਸ ਤਰ੍ਹਾਂ ਦੇਖਣਾ ਚਾਹੀਦੈ।

ਸਿੱਖ ਸਭਿਆਚਾਰ ਅੰਦਰ ‘ਭਾਈ’ ਸ਼ਬਦ ਦੀ ਅਹਿਮੀਅਤ ਅਤੇ ਗ਼ਦਰ ਲਹਿਰ

ਸ. ਜਗਜੀਤ ਸਿੰਘ ਦੁਆਰਾ ਲਿਖਿਆ ਗ਼ਦਰ ਪਾਰਟੀ ਲਹਿਰ ਦਾ ਇਤਿਹਾਸ ਪੜ੍ਹਦਿਆਂ ਕੁਝ ਗੱਲਾਂ ਸਾਫ਼ ਰੜਕਦੀਆਂ ਹਨ। ਇਕ ਤਾਂ ਉਨ੍ਹਾਂ ਨੇ ਸਿੱਖ ਗ਼ਦਰੀਆਂ ਦੇ ਨਾਵਾਂ ਨਾਲ ਹਰ ਜਗ੍ਹਾ ‘ਸ੍ਰੀ’ ਅਗੇਤਰ ਲਾਇਆ ਹੈ। ਜਿਵੇਂ ਸ੍ਰੀ ਸੋਹਣ ਸਿੰਘ ਭਕਨਾ, ਸ੍ਰੀ ਕਰਤਾਰ ਸਿੰਘ ਸਰਾਭਾ, ਸ੍ਰੀ ਹਰਨਾਮ ਸਿੰਘ ਆਦਿ ਆਦਿ। ਤੁਸੀਂ ਗ਼ਦਰੀ ਬਾਬਿਆਂ ਦੀਆਂ ਆਪਣੀਆਂ ਲਿਖਤਾਂ ਪੜ੍ਹ ਕੇ ਦੇਖੋ। ਉਹ ਇਕ ਦੂਜੇ ਨੂੰ ਹਮੇਸ਼ਾ ‘ਭਾਈ’ ਕਹਿ ਕੇ ਬੁਲਾਉਂਦੇ ਸੀ। ਇਹ ਤੱਥ ਏਨਾ ਉਘੜਵਾਂ ਹੈ ਕਿ ਇਸ ਨੂੰ ਕੋਈ ਨਹੀਂ ਝੁਠਲਾ ਸਕਦਾ। ਕਿਸੇ ਵੀ ਗ਼ਦਰੀ ਬਾਬੇ ਦੀ ਸਵੈ-ਜੀਵਨੀ ਜਾਂ ਸਵੈ-ਵਿਥਿਆ ਪੜ੍ਹ ਕੇ ਦੇਖ ਲਵੋ, ਤੁਹਾਨੂੰ ਕਿਤੇ ਵੀ ਨਾਵਾਂ ਅੱਗੇ ‘ਭਾਈ’ ਤੋਂ ਇਲਾਵਾ ਹੋਰ ਕੋਈ ਪਦ ਨਜ਼ਰ ਨਹੀਂ ਆਵੇਗਾ। ਉਹ ਤਾਂ ਲਾਲਾ ਹਰਦਿਆਲ ਨੂੰ ਵੀ ‘ਭਾਈ ਹਰਦਿਆਲ’ ਲਿਖਦੇ ਹਨ। ਬਾਬਾ ਸੋਹਣ ਸਿੰਘ ਭਕਨਾ ਨੇ 1930 ਵਿਚ ਲਾਹੌਰ ਜੇਲ੍ਹ ਵਿੱਚੋਂ ਭੁੱਖ ਹੜਤਾਲ ਸਮੇਂ ਦੇਸ ਵਾਸੀਆਂ ਦੇ ਨਾਂ ਭੇਜੇ ਸੁਨੇਹੇ ਵਿਚ (ਸ਼ਹੀਦ) ਭਗਤ ਸਿੰਘ ਨੂੰ ਵੀ ‘ਭਾਈ ਭਗਤ ਸਿੰਘ’ ਲਿਖਿਆ ਹੈ। ਸ਼ਚਿੰਦਰਨਾਥ ਸਾਨਿਆਲ ਨੇ ਸਾਫ਼ ਸਾਫ਼ ਲਫ਼ਜ਼ਾਂ ਵਿਚ ਲਿਖਿਆ ਹੈ ਕਿ “ਸਿੱਖਾਂ ਵਿਚ ‘ਭਾਈ’ ਸ਼ਬਦ ਬੜਾ ਸਨਮਾਨਜਨਕ ਹੈ। ਇਸ ਲਈ ਅਸੀਂ ਸਿੱਖਾਂ ਨੂੰ ਉਨ੍ਹਾਂ ਦੇ ਨਾਂਵਾਂ ਨਾਲ ‘ਭਾਈ’ ਸ਼ਬਦ ਲਾ ਕੇ ਬੁਲਾਇਆ ਕਰਦੇ ਸਾਂ।” ਉਸ ਨੇ ਆਪਣੀ ਸਵੈ-ਜੀਵਨੀ ਵਿਚ ਸਿੱਖ ਗ਼ਦਰੀਆਂ ਦੇ ਨਾਵਾਂ ਅੱਗੇ ਇਸੇ ਪਦ ਦੀ ਵਰਤੋਂ ਕੀਤੀ ਹੈ। ਉਸ ਨੇ ਕਰਤਾਰ ਸਿੰਘ ਸਰਾਭੇ ਨੂੰ ਕਈ ਥਾਵਾਂ ‘ਤੇ ‘ਭਾਈ ਕਰਤਾਰ ਸਿੰਘ’ ਲਿਖਿਆ ਹੈ। ਬਾਬਾ ਭਗਤ ਸਿੰਘ ਬਿਲਗਾ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ‘ਗ਼ਦਰ ਪਾਰਟੀ ਦੇ ਕਾਰਕੁੰਨ ਪਿਆਰ ਨਾਲ ਇਕ-ਦੂਜੇ ਨੂੰ ਭਾਈ ਕਹਿ ਕੇ ਹੀ ਬੁਲਾਇਆ ਕਰਦੇ ਸਨ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ, ਜਿਨ੍ਹਾਂ ਦੇ ਹਿਰਦੇ ਅੰਦਰ ਗ਼ਦਰੀ ਬਾਬਿਆਂ ਪ੍ਰਤਿ ਸਤਿਕਾਰ ਦੀ ਸੱਚੀ ਤੇ ਸੁੱਚੀ ਭਾਵਨਾ ਬਾਰੇ ਕੁਝ ਵੀ ਕਹਿਣ ਦੱਸਣ ਦੀ ਲੋੜ ਨਹੀਂ ਹੈ ਅਤੇ ਜਿਨ੍ਹਾਂ ਨੇ ਗ਼ਦਰੀ ਬਾਬਿਆਂ ਦੀ ਭੁੱਲੀ ਵਿਸਰੀ ਯਾਦ ਨੂੰ ਮੁੜ ਸੁਰਜੀਤ ਕਰਨ ਲਈ ਜ਼ਿੰਦਗੀ ਦੇ ਪੰਜਾਹ ਸਾਲ ਨਿਸ਼ਕਾਮ ਭਾਵਨਾ ਨਾਲ ਅਰਪਤ ਕਰ ਦਿੱਤੇ ਹਨ, ਉਨ੍ਹਾਂ ਨੇ ਗ਼ਦਰੀ ਬਾਬਿਆਂ ਵੱਲੋਂ ‘ਭਾਈ’ ਸ਼ਬਦ ਦੀ ਵਰਤੋਂ ਕੀਤੇ ਜਾਣ ਦੇ ਤੱਥ ਦੀ ਪੁਸ਼ਟੀ ਤੇ ਨਾਲ ਹੀ ਫਬਵੀਂ ਵਿਆਖਿਆ ਵੀ, ਇਸ ਤਰ੍ਹਾਂ ਕੀਤੀ ਹੈ: ‘ਗ਼ਦਰੀ ਬਾਬੇ ਇਕ ਦੂਜੇ ਨੂੰ ਭਾਈ ਕਹਿ ਕੇ ਬੁਲਾਉਂਦੇ ਸਨ ਤੇ (ਇਕ ਦੂਜੇ ਦਾ) ਜ਼ਿਕਰ ਕਰਦਿਆਂ ਵੀ ਇੰਜ ਹੀ ਕਰਦੇ ਸਨ…“ਭਾਈ ਸੋਹਣ ਸਿੰਘ ਭਕਨਾ” ਅਤੇ “ਭਾਈ ਕੇਸਰ ਸਿੰਘ ਠੱਠਗੜ੍ਹ”। ਦਾਸ ਨੂੰ ਬਾਬਾ ਸੋਹਣ ਸਿੰਘ ਜੀ ਦੀ ਜੂਨ 1966 ਤੋਂ ਦਸੰਬਰ 1968 ਤਕ ਸੰਗਤ ਦਾ ਸੁਭਾਗ ਮਿਲਿਆ ਹੈ ਤੇ ਹੋਰ ਵੀ 10-15 ਗ਼ਦਰੀ ਬਾਬਿਆਂ ਦੇ ਦਰਸ਼ਨ ਕੀਤੇ ਹਨ। ਇਸ ਦੌਰਾਨ ਇਹ ਸ਼ਬਦ ‘ਭਾਈ’ ਬਹੁਤ ਹੀ ਪਿਆਰਾ ਲੱਗਣ ਲੱਗ ਪਿਆ। ਕਿਉਂਕਿ ਜਿਸ ਰੀਝ ਤੇ ਅਪਣੱਤ ਨਾਲ ਇਹ ਬਾਬੇ ਇਸ ਸ਼ਬਦ ਦਾ ਉਚਾਰਨ ਕਰਦੇ ਸਨ, ਉਹ ਹੈ ਹੀ ਦਿਲ ਨੂੰ ਟੁੰਬਣ ਵਾਲੀ ਸੀ।” ਗ਼ਦਰੀਆਂ ਵੱਲੋਂ ‘ਭਾਈ’ ਸ਼ਬਦ ਦੀ ਵਰਤੋਂ ਐਵੇਂ ਇਤਫ਼ਾਕੀਆ ਨਹੀਂ ਹੋ ਸਕਦੀ, ਕਿਉਂਕਿ ਸ਼ਬਦ ਕੋਈ ਐਵੇਂ ਦੀ ਵਸਤੂ ਨਹੀਂ ਹੁੰਦੇ। ਅਮਰਜੀਤ ਚੰਦਨ ਪੰਜਾਬੀ ਸਾਹਿਤਕ ਜਗਤ ਅੰਦਰ ਜਾਣਿਆ ਪਛਾਣਿਆ ਨਾਂ ਹੈ। ਉਸ ਨੇ ਇਕ ਜਗ੍ਹਾ ਸ਼ਬਦਾਂ ਦੀ ਅਹਿਮੀਅਤ ਦਰਸਾਉਂਦਿਆਂ ਲਿਖਿਆ ਹੈ : ‘ਸਾਡਾ ਮਨ ਹਰ ਸ਼ਬਦ ਨਾਲ ਸੁਰ ਹੋਇਆ ਹੁੰਦਾ ਹੈ। ਕਿਸੇ ਬੋਲ ਦੇ ਉਚਰਨ ਨਾਲ, ਸੁਣਨ ਨਾਲ ਜਾਂ ਪੜ੍ਹਨ ਨਾਲ ਮਨ ਦੀਆਂ ਤਰਬਾਂ ਛਿੜ ਜਾਂਦੀਆਂ ਹਨ। ਹਰ ਸ਼ਬਦ ਦਾ ਇਤਿਹਾਸ ਹੁੰਦਾ ਹੈ…ਕਿਹਾ ਜਾਂਦਾ ਹੈ ਕਿ ਸ਼ਬਦ ਹਥਿਆਰ ਹੁੰਦੇ ਹਨ। ਹਥਿਆਰ ਕਾਹਦੇ ਲਈ ਹੁੰਦੇ ਹਨ ? ਆਪਣੀ ਹਿਫ਼ਾਜ਼ਤ ਲਈ ਤੇ/ਜਾਂ ਦੁਸ਼ਮਣ ਨੂੰ ਮਾਰਨ ਲਈ। ਦੁਸ਼ਮਣ ਕੌਣ ਹੁੰਦਾ ਹੈ? ਦੁਸ਼ਮਣ ਉਹ ਹੁੰਦਾ ਹੈ, ਜੋ ਆਜ਼ਾਦੀ ਖੋਹਵੇ । ਦੁਸ਼ਮਣ ਦਾ ਵਸੀਲਾ ਵੀ ਤਾਂ ਸ਼ਬਦ ਹੀ ਹੁੰਦੇ ਹਨ। ਆਜ਼ਾਦੀ ਦਾ ਵੈਰੀ ਭਾਸ਼ਾ ਹੀ ਨਹੀਂ, ਹਰ ਸ਼ੈਅ ਭਿੱਟ ਦਿੰਦਾ ਹੈ । ਹੁਣ ਤਕ ਸਾਰੇ ਜਾਬਰ ਇੰਜ ਹੀ ਕਰਦੇ ਆਏ ਹਨ।’ ਸੋ ‘ਭਾਈ’ ਸ਼ਬਦ ਦਾ ਸਿੱਖ ਧਰਮ ਤੇ ਸਭਿਆਚਾਰ ਅੰਦਰ ਇਕ ਵਿਸ਼ੇਸ਼ ਥਾਂ ਹੈ। ਇਸ ਸ਼ਬਦ ਦਾ ਆਪਣਾ ਇਕ ਇਤਿਹਾਸ ਹੈ। ਵਿਹਾਰਕ ਰੂਪ ਵਿਚ ਡਾਈ’ ਸ਼ਬਦ ਨੂੰ ਨਾਂ ਤੋਂ ਪਹਿਲਾਂ ਜੋੜਨ ਦੀ ਪਰੰਪਰਾ ਸਿੱਖ ਧਰਮ ਦੀ ਵਿਲੱਖਣਤਾ ਹੈ। ਦੁਨੀਆਂ ਅੰਦਰ ਹੋਰ ਕਿਸੇ ਵੀ ਧਰਮ, ਨਾ ਭਾਰਤੀ ਤੇ ਨਾ ਗ਼ੈਰ-ਭਾਰਤੀ, ਵਿਚ ਅਜਿਹੀ ਕੋਈ ਪਰੰਪਰਾ ਮੌਜੂਦ ਨਹੀਂ। ਇਹ ਸ਼ਬਦ ਸਿੱਖ ਸਭਿਆਚਾਰ ਅੰਦਰ ਆਪਸੀ ਪਿਆਰ, ਸਤਿਕਾਰ ਤੇ ਸਹਿਚਾਰ ਦਾ ਪ੍ਰਤੀਕ ਹੈ। ਸਾਰੇ ਸਿੱਖ ਸ਼ਹੀਦਾਂ ਦੇ ਨਾਵਾਂ ਅੱਗੇ ਬਿਨਾਂ ਛੋਟ ‘ਭਾਈ’ ਅਗੇਤਰ ਵਰਤਿਆ ਜਾਂਦਾ ਹੈ । ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ… । ਜ਼ਰਾ ਸੋਚੋ ਕਿ ਜੇਕਰ ਭਾਈ ਮਨੀ ਸਿੰਘ ਨੂੰ ਕੋਈ ‘ਸ੍ਰੀ ਮਨੀ ਸਿੰਘ’ ਲਿਖੇ ਜਾਂ ਭਾਈ ਕਾਨ੍ਹ ਸਿੰਘ ਨਾਭਾ ਨੂੰ ‘ਸ੍ਰੀ ਕਾਨ੍ਹ ਸਿੰਘ ਨਾਭਾ’ ਲਿਖਿਆ ਜਾਵੇ ਤਾਂ ਕਿਹੋ ਜਿਹਾ ਲੱਗੇਗਾ ?

? ਪਰ ਸਿੱਖ ਗੁਰੂਆਂ ਦੇ ਨਾਵਾਂ ਅੱਗੇ ਤਾਂ ‘ਸ੍ਰੀ’ ਪਦ ਦੀ ਵਰਤੋਂ ਆਮ ਕੀਤੀ ਜਾਂਦੀ ਹੈ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ?

ਸਿੱਖ ਖਾੜਕੂ ਸੰਘਰਸ਼ ਦੌਰਾਨ ਇਕ ਵਾਰ ਜਨਰਲ ਨਰਿੰਦਰ ਸਿੰਘ ਨੇ ਮੇਰੇ ਸਾਹਮਣੇ ਪੰਜਾਬੀ ਟ੍ਰਿਬਿਊਨ ਦੇ ਤਤਕਾਲੀ ਸੰਪਾਦਕ ਹਰਭਜਨ ਸਿੰਘ ਹਲਵਾਰਵੀ ਕੋਲ ਇਹ ਰੋਸ ਜਤਾਇਆ ਸੀ ਕਿ ਉਨ੍ਹਾਂ ਵੱਲੋਂ ਭੇਜੇ ਜਾਂਦੇ ਪ੍ਰੈਸ ਬਿਆਨਾਂ ਅੰਦਰ ਸਿੱਖ ਨਾਵਾਂ ਅੱਗੇ ਉਨ੍ਹਾਂ ਵੱਲੋਂ ਲਾਏ ‘ਸਰਦਾਰ’ ਜਾਂ ‘ਭਾਈ’ ਸ਼ਬਦ ਨੂੰ ਕੱਟ ਕੇ ‘ਸ੍ਰੀ’ ਕਰ ਦਿੱਤਾ ਜਾਂਦਾ ਹੈ, ਜੋ ਕਿ ਸਰਾਸਰ ਨਾਜਾਇਜ਼ ਹੈ। ਜਿਵੇਂ ਸਰਦਾਰ ਗੁਰਤੇਜ ਸਿੰਘ ਨੂੰ ‘ਸ੍ਰੀ ਗੁਰਤੇਜ ਸਿੰਘ’ ਅਤੇ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਨੂੰ ‘ਸ੍ਰੀ ਗੁਰਜੰਟ ਸਿੰਘ’ ਕਰ ਦਿੱਤਾ ਜਾਂਦਾ ਸੀ। ਹਰਭਜਨ ਹਲਵਾਰਵੀ ਨੇ ਉਸ ਵੇਲੇ ਜਨਰਲ ਸਾਹਿਬ ਨੂੰ ਚੁੱਪ ਕਰਾਉਣ ਲਈ ਇਹੀ ਗੁਰੂਆਂ ਦੀ ਉਦਾਹਰਣ ਦਿੱਤੀ ਸੀ। ਪਰ ਇਹ ਦਲੀਲ ਉਚਿਤ ਨਹੀਂ ਠਹਿਰਾਈ ਜਾ ਸਕਦੀ । ਕਿਉਂਕਿ ਇਹ ਠੀਕ ਹੈ ਕਿ ਗੁਰੂ ਸਾਹਿਬਾਨ ਦੇ ਨਾਵਾਂ ਦੇ ਅੱਗੇ ਇਹ ਅਗੇਤਰ ਲਾਉਣ ਦੀ ਰੀਤ ਕਿਵੇਂ ਨਾ ਕਿਵੇਂ ਪ੍ਰਚਲਿਤ ਹੋ ਗਈ, ਜੋ ਸਮਾਂ ਪੈਣ ਨਾਲ ਸਥਾਪਤ ਹੋ ਗਈ। ਪਰ ਨਾਲ ਹੀ ਏਡਾ ਹੀ ਜ਼ੋਰਾਵਰ ਤੱਥ ਇਹ ਹੈ ਕਿ ਸਿੱਖ ਗੁਰੂਆਂ ਨੂੰ ਛੱਡ ਕੇ ਸਿੱਖ ਪੁਰਾਤਨ ਵੇਲੇ ਤੋਂ ਹੀ ਆਪਣੇ ਸ਼ਹੀਦਾਂ ਤੇ ਮੁਰੀਦਾਂ ਲਈ ਸਤਿਕਾਰ ਵਜੋਂ ‘ਭਾਈ’ ਸ਼ਬਦ ਦਾ ਹੀ ਇਸਤੇਮਾਲ ਕਰਦੇ ਆ ਰਹੇ ਹਨ। ਜਿਵੇਂ ਭਾਈ ਬਾਲਾ, ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਬਿਧੀਚੰਦ, ਭਾਈ ਬਚਿਤਰ ਸਿੰਘ ਆਦਿ ਆਦਿ। ਹੁਣ ਜੇਕਰ ਕੋਈ ਧਰਮ-ਨਿਰਪੱਖਤਾ ਦਾ ਤੱਤਾ ਉਪਾਸ਼ਕ ਭਾਈ ਮਰਦਾਨਾ ਨੂੰ ‘ਸ੍ਰੀ ਮਰਦਾਨਾ’ ਤੇ ਭਾਈ ਗੁਰਦਾਸ ਜੀ ਨੂੰ ‘ਸ੍ਰੀ ਗੁਰਦਾਸ’ ਲਿਖਣਾ ਸ਼ੁਰੂ ਕਰ ਦੇਵੇ ਤਾਂ ਕਿੰਨਾ ਭੈੜਾ ਲੱਗੇਗਾ ! ਗੁਰੂਆਂ ਦੇ ਨਾਵਾਂ ਮੂਹਰੇ ‘ਸ੍ਰੀ’ ਲਾਉਣ ਦੀ ਰੀਤ ਬਿਨਾਂ ਸ਼ੱਕ ਹਿੰਦੂ ਪਰੰਪਰਾ ਵਿੱਚੋਂ ਆਈ ਹੈ, ਜਿਵੇਂ ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਸ੍ਰੀ ਭਗਵਤ ਗੀਤਾ ਆਦਿ। ਗੁਰੂਆਂ ਦਾ ਉਨ੍ਹਾਂ ਦੇ ਮੁਰੀਦਾਂ ਨਾਲੋਂ ਵਖਰੇਵਾਂ ਕਰਨ ਲਈ ਸਿੱਖਾਂ ਨੇ ਉਨ੍ਹਾਂ ਪ੍ਰਤਿ ਵਧਵਾਂ ਸਤਿਕਾਰ ਪ੍ਰਗਟਾਉਣ ਵਾਸਤੇ ‘ਭਾਈ’ ਦੀ ਥਾਂ ਹਿੰਦੂ ਪਰੰਪਰਾ ‘ਚੋਂ ‘ਸ੍ਰੀ’ ਸ਼ਬਦ ਦੀ ਵਰਤੋਂ ਸ਼ੁਰੂ ਕੀਤੀ ਹੋ ਸਕਦੀ ਹੈ। ਆਪਣੇ ਆਪ ਵਿਚ ਇਹ ਗੱਲ ਇਤਰਾਜ਼ਯੋਗ ਨਹੀਂ ਬਣਦੀ। (ਭਾਵੇਂ ਕਿ ਭਾਰਤੀ ਮੁਸਲਮਾਨਾਂ ਨੇ ਆਪਣੀ ਸੁਤੰਤਰ ਪਛਾਣ ਬਣਾਈ ਰੱਖਣ ਲਈ ਇਸ ਮਾਮਲੇ ਵਿਚ ਵੀ ਕੋਈ ਸਮਝੌਤਾ ਨਹੀਂ ਕੀਤਾ। ਕਿਸੇ ਮੁਸਲਮਾਨ ਦੇ ਨਾਂ ਅੱਗੇ ‘ਸ੍ਰੀ’ ਦਾ ਅਗੇਤਰ ਲਾਉਣ ਦੀ ਕੋਈ ਮਿਸਾਲ ਨਹੀਂ ਮਿਲਦੀ।)। ਪਰ ਗੁਰੂਆਂ ਦੇ ਮਾਮਲੇ ਵਿਚ ਸਥਾਪਤ ਹੋ ਚੁੱਕੀ ਰੀਤ ਦੇ ਹਵਾਲੇ ਨਾਲ, ਇਕ ਏਨੀ ਹੀ ਸਥਾਪਤ ਹੋ ਚੁੱਕੀ ਦੂਸਰੀ ਰੀਤ ਨੂੰ ਬਦਲਣਾ ਕਿਵੇਂ ਯੋਗ ਠਹਿਰਾਇਆ ਜਾ ਸਕਦਾ ਹੈ ? ਗ਼ਦਰੀ ਬਾਬਿਆਂ ਨੇ ‘ਭਾਈ’ ਸ਼ਬਦ ਦਾ ਇਸਤੇਮਾਲ ਕਰਨ ਦੀ ਰੀਤ ਚੇਤਨ ਰੂਪ ਵਿਚ ਆਰੰਭ ਕੀਤੀ ਸੀ ਅਤੇ ਜੀਵਨ ਭਰ ਇਸ ਦੀ ਪੂਰੀ ਪਾਲਣਾ ਕੀਤੀ ਸੀ। ਇਸ ਤੋਂ ਉਨ੍ਹਾਂ ਦਾ ਆਪਣੇ ਧਰਮ ਤੇ ਸਭਿਆਚਾਰ ਨਾਲ ਲਗਾਉ ਪ੍ਰਗਟ ਹੁੰਦਾ ਹੈ। ਇਸ ਰੀਤ ਨੂੰ ਬਦਲਣ ਦੀ ਕੋਈ ਵਜ੍ਹਾ ਤਾਂ ਹੋਣੀ ਚਾਹੀਦੀ ਹੈ ? ਗ਼ਦਰੀ ਬਾਬਿਆਂ ਨੂੰ ਛੱਡ ਕੇ ਜਾਂ ਉਨ੍ਹਾਂ ਤੋਂ ਬਾਅਦ (ਕਿਉਂਕਿ ਉਨ੍ਹਾਂ ਨਾਲ ਨੇੜਿਓਂ ਵਿਚਰਨ ਵਾਲਾ ਸ਼ਚਿੰਦਰਨਾਥ ਸਾਨਿਆਲ ਉਨ੍ਹਾਂ ਦੇ ਨਾਂ ਲਿਖਣ ਵੇਲੇ ਇਸ ਮਰਯਾਦਾ ਦਾ ਪੂਰਾ ਪਾਲਣ ਕਰਦਾ ਹੈ) ਗ਼ਦਰ ਲਹਿਰ ਬਾਰੇ ਜੋ ਵੀ ਲਿਖਿਆ ਗਿਆ, ਉਸ ਵਿੱਚੋਂ ‘ਭਾਈ’ ਸ਼ਬਦ ਲਗਭਗ ਗ਼ਾਇਬ ਹੋ ਗਿਆ। ਗੱਲ ਇਕ ਸ਼ਬਦ ਦੀ ਨਹੀਂ। ਜਿਵੇਂ ਗੱਲ ਹੋਈ ਹੈ, ਸ਼ਬਦਾਂ ਦੇ ਪਿੱਛੇ ਸਭਿਆਚਾਰ ਖੜਾ ਹੁੰਦੈ। ਕਿਸੇ ਸ਼ਬਦ ਨੂੰ ਖ਼ਤਮ ਕਰਨਾ, ਉਸ ਪਿੱਛੇ ਖੜੇ ਸਭਿਆਚਾਰ ਨੂੰ ਵਾਢਾ ਧਰਨਾ ਹੈ । ਪ੍ਰੋ. ਮਲਵਿੰਦਰਜੀਤ ਸਿੰਘ ਜੀ ਦੀ ਉਪਰੋਕਤ ਟੂਕ ਪੜ੍ਹ ਕੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਗੱਲ ਗ਼ਦਰੀ ਬਾਬਿਆਂ ਦੀ ਆਤਮਾ ਨੂੰ ਕਤਲ ਕਰਨ ਦੇ ਤੁਲ ਹੈ। ਜੂਨ 1920 ਵਿਚ ਫ਼ਜ਼ਲਾਬਾਦ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਕ ਭਾਰੀ ਦੀਵਾਨ ਵਿਚ ਸਿੱਖ ਸੰਗਤ ਵੱਲੋਂ ਇਹ ਗੁਰਮਤਾ ਪ੍ਰਵਾਨ ਕੀਤਾ ਗਿਆ ਸੀ ਕਿ ‘ਮਾਈਕਲ ਓਡਵਾਇਰ ਨੂੰ ਪੰਜਾਬ ਤੋਂ ਜਾਣ ਲੱਗਿਆਂ ਮਾਣ ਪੱਤਰ ਪੇਸ਼ ਕਰਨ ਵਾਲੇ ਸਿੱਖ ਆਗੂ ਯਥਾ ਸੁੰਦਰ ਸਿੰਘ ਮਜੀਠੀਆ, ਗੱਜਣ ਸਿੰਘ ਲੁਦੇਹਾਣਾ, ਗੁਪਾਲ ਸਿੰਘ ਭਾਗੋਵਾਲੀਆ, ਰੂੜ ਸਿੰਘ ਸਰਬਰਾਹ, ਗੁਰਬਖ਼ਸ਼ ਸਿੰਘ ਸਕੱਤਰ ਸਿੱਖ ਲੀਗ ਆਦਿਕ ਤਨਖ਼ਾਹੀਏ ਹਨ ਤੇ ਇਨ੍ਹਾਂ ਦੇ ਨਾਮ ਨਾਲ ਸਰਦਾਰ ਜਾਂ ਭਾਈ ਪਦ ਨਾ ਵਰਤਿਆ ਜਾਵੇ’ ।* ਜਦੋਂ ਅਕਾਲੀ ਅਖ਼ਬਾਰ ਵੱਲੋਂ ਆਪਣੇ 9 ਜੁਲਾਈ ਦੇ ਅੰਕ ਵਿਚ ਭੁਲੇਖੇ ਨਾਲ ਗੁਰਬਖ਼ਸ਼ ਸਿੰਘ ਦੇ ਨਾਂਅ ਨਾਲ ‘ਭਾਈ’ ਸ਼ਬਦ ਵਰਤਿਆ ਗਿਆ ਤਾਂ ਉਨ੍ਹਾਂ ਨੇ 15 ਜੁਲਾਈ ਦੇ ਪਰਚੇ ਵਿਚ ਮਾਫ਼ੀ ਮੰਗ ਲਈ ਸੀ ਅਤੇ ਸਿੱਖ ਸੰਗਤ ਨੂੰ ਖਿਮਾਂ ਬਖ਼ਸ਼ਣ ਦੀ ਜਾਚਨਾ ਕੀਤੀ ਸੀ।

? ਫਿਰ ਸ. ਜਗਜੀਤ ਸਿੰਘ ਕੋਲੋਂ ਇਹ ਐਡੀ ਵੱਡੀ ਭੁੱਲ ਕਿਸ ਤਰ੍ਹਾਂ ਹੋ ਗਈ ?

ਏਡੀ ਵੱਡੀ ਗੱਲ ਐਵੇਂ ਸੁਤੇ-ਸਿੱਧ ਤਾਂ ਹੋ ਨ੍ਹੀਂ ਸਕਦੀ। ਸਪੱਸ਼ਟ ਹੈ ਕਿ ਇਸ ਪਿੱਛੇ ਇਕ ਨਿਸਚਤ ਸੋਚ ਕੰਮ ਕਰਦੀ ਹੈ। ਉਹੀ ਸੋਚ ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ। ਸ. ਜਗਜੀਤ ਸਿੰਘ ਵੱਲੋਂ ‘ਭਾਈ’ ਦੀ ਥਾਂ ‘ਸ੍ਰੀ’ ਸ਼ਬਦ ਦੀ ਵਰਤੋਂ ਇਸ ਕਰਕੇ ਕੀਤੀ ਮਾਲੂਮ ਹੁੰਦੀ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ਵਿਚ ‘ਭਾਈ’ ਇਕ ਜਾਤੀ-ਵਿਸ਼ੇਸ਼ ਸ਼ਬਦ ਹੈ। ਇਸ ਦਾ ਸੰਬੰਧ ਸਿੱਖ ਧਰਮ ਤੇ ਸਿੱਖ ਸਭਿਆਚਾਰ ਨਾਲ ਹੈ । ਪਰ ਕਿਉਂਕਿ ਧਰਮ-ਨਿਰਪੱਖਤਾ ਦਾ ‘ਧਰਮ’, ਜਾਤੀ-ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਨੂੰ ਬੱਜਰ ਕੁਰਹਿਤ ਗਿਣਦਾ ਹੈ, ਇਸ ਕਰਕੇ ਸ. ਜਗਜੀਤ ਸਿੰਘ ਨੇ ‘ਸ੍ਰੀ’ ਦੇ ਰੂਪ ਵਿਚ ਜਾਤੀ-ਨਿਰਲੇਪ ਸ਼ਬਦ ਵਰਤਣ ਨੂੰ ਤਰਜੀਹ ਦਿੱਤੀ ਹੋ ਸਕਦੀ ਹੈ। ਉਨ੍ਹਾਂ ਨੂੰ ਜਾਪਿਆ ਹੋਵੇਗਾ ਕਿ ‘ਭਾਈ’ ਸ਼ਬਦ ਕਿਉਂਕਿ ਇਕ ਵਿਸ਼ੇਸ਼ ਧਰਮ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਇਸ ਦੀ ਵਰਤੋਂ ਨਾਲ ‘ਧਾਰਮਿਕ ਤੰਗਨਜ਼ਰੀ’ ਦਾ ਪ੍ਰਭਾਵ ਪੈ ਸਕਦਾ ਹੈ। ਅਜੋਕੇ ਯੁਗ ਅੰਦਰ, ਜਦੋਂ ਧਰਮ-ਨਿਰਪੱਖਤਾ ਦੀ ਵਿਚਾਰਧਾਰਾ ਇਸ਼ਟ ਦੀ ਪਦਵੀ ਗ੍ਰਹਿਣ ਕਰ ਗਈ ਹੈ, ਤਾਂ ਕੋਈ ਵੀ ਸੁਜਾਨ ਵਿਅਕਤੀ ਆਪਣੇ ਸਿਰ ‘ਧਾਰਮਿਕ ਤੰਗਨਜ਼ਰੀ’ ਦਾ ਦੋਸ਼ ਲੈਣ ਦੀ ਗੁਸਤਾਖ਼ੀ ਨਹੀਂ ਕਰ ਸਕਦਾ। ਮੇਰੇ ਖ਼ਿਆਲ ਵਿਚ ਸ. ਜਗਜੀਤ ਸਿੰਘ ਕੋਲੋਂ ਹੋਈ ਇਸ ਕੁਤਾਹੀ ਨੂੰ ਇਸ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ। ਪਰ ਇਕ ਗੱਲ ਪੱਕੀ ਐ ਕਿ ਸ. ਜਗਜੀਤ ਸਿੰਘ ਨੇ ਅਜਿਹਾ ਕਿਸੇ ਮੰਦਭਾਵਨਾ ਤਹਿਤ ਨਹੀਂ ਕੀਤਾ। ਉਨ੍ਹਾਂ ਕੋਲੋਂ ਇਹ ਕੁਤਾਹੀ ਇਕ ਗ਼ਲਤ ਵਿਸ਼ਵਾਸ ਅਧੀਨ ਹੋਈ ਹੈ। ਪਰ ਜਿਥੋਂ ਤਕ ਬਾਕੀ ਦੇ ਤਿੰਨ ਵਿਦਵਾਨਾਂ ਦਾ ਮਾਮਲਾ ਹੈ, ਉਨ੍ਹਾਂ ਨੇ ਇਹ ਅਨਾਚਾਰ, ਸੁਚੇਤ ਰੂਪ ਵਿਚ, ਮੰਦ ਭਾਵਨਾ ਨਾਲ ਕੀਤਾ ਹੈ। ਉਨ੍ਹਾਂ ਨੂੰ ਸਿੱਖ ਧਰਮ ਦੀ ਚੜ੍ਹਤਲ ਫੁੱਟੀ ਅੱਖ ਨਹੀਂ ਭਾਉਂਦੀ। ਉਨ੍ਹਾਂ ਨੂੰ ਇਸ ਤੋਂ ਭੈਅ ਆਉਂਦਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦਾ ਭਾਰਤ ਅੰਦਰ ਇੱਕੋ-ਇਕਹਿਰੀ ਕੌਮ ਦੀ ਸਿਰਜਣਾ ਕਰਨ ਤੇ ਇਸਦੇ ਵਾਸਤੇ ਸਾਰੇ ਦੇਸ ਅੰਦਰ ਇਕ-ਜਿਨਸੀ (homogenuos) ਸਭਿਆਚਾਰ ਪੈਦਾ ਕਰਨ ਦਾ ਸੁਪਨਾ ਤੇ ਪ੍ਰੋਜੈਕਟ ਢਹਿ-ਢੇਰੀ ਹੁੰਦਾ ਹੈ। ਹਰਭਜਨ ਹਲਵਾਰਵੀ ਨੇ ਬਾਅਦ ਵਿਚ ਮੇਰੇ ਨਾਲ ਗੱਲਬਾਤ ਦੌਰਾਨ ਸਾਫ਼ ਮੰਨਿਆ ਸੀ ਕਿ ਉਨ੍ਹਾਂ ਨੂੰ ‘ਉਪਰੋਂ” ਇਹ ਜ਼ੁਬਾਨੀ ਕਲਾਮੀ ਹਦਾਇਤ ਮਿਲੀ ਸੀ ਕਿ ਸਿੱਖ ਨਾਵਾਂ ਦੇ ਅੱਗੇ ‘ਸਰਦਾਰ’ ਜਾਂ ‘ਭਾਈ’ ਦੇ ਅਗੇਤਰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਨ੍ਹਾਂ ਦੀ ਜਗ੍ਹਾ ‘ਸ੍ਰੀ’ ਸ਼ਬਦ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਜਾਵੇ । ਇਹ, ਨਿਸਚਤ ਰੂਪ ਵਿਚ, ਗਿਣ ਮਿਥ ਕੇ ਸਿੱਖ ਸਭਿਆਚਾਰ ਨੂੰ ਢਾਹ ਲਾਉਣ ਦੀ ਤਰਕੀਬ ਹੈ। ਇਹ ਸਭਿਆਚਾਰਕ ਵਿਲੱਖਣਤਾਵਾਂ ਨੂੰ ਖ਼ਤਮ ਕਰ ਕੇ ਇਕਸਾਰਤਾ ਲਿਆਉਣ ਦੀ ਚਲਾਕੀ ਹੈ। ਇਸ ਮਸਲੇ ਵਿਚ ਉਦਾਰਪੰਥੀ ਤੇ ਖੱਬੇ-ਪੱਖੀ ਵਿਦਵਾਨਾਂ ਵਿਚ ਪੂਰਨ ਸੰਮਤੀ ਹੈ। ਦੋਨੋ ਕਿਸਮਾਂ ਦੇ ਇਤਿਹਾਸਕਾਰਾਂ ਨੇ ਗ਼ਦਰ ਲਹਿਰ ਅੰਦਰ ਸਿੱਖ ਤੱਤ ਦੀ ਪ੍ਰਧਾਨਤਾ ਹੋਣ ਦੀ ਹਕੀਕਤ ਨੂੰ ਨਾ ਸਿਰਫ਼ ਅਣਗੌਲਾ ਕਰਨ, ਸਗੋਂ ਇਸ ਨੂੰ ਝੁਠਲਾਉਣ ਜਾਂ ਰੋਲਣ ਲਈ ਪੂਰੀ ਵਾਹ ਲਾਈ ਹੈ। ਇਸ ਮੰਤਵ ਵਾਸਤੇ ਉਨ੍ਹਾਂ ਨੇ ਅਣਸੁਖਾਵੇਂ ਇਤਿਹਾਸਕ ਤੱਥਾਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਨ ਜਾਂ ਉਨ੍ਹਾਂ ਨੂੰ ਤੋੜ-ਭੰਨ ਕੇ ਆਪਣੇ ਸਿਧਾਂਤਕ ਨਜ਼ਰੀਏ ਦੇ ਅਨੁਕੂਲ ਕਰਨ ਦੇ ਹੱਥਕੰਡੇ ਆਮ ਵਰਤੇ ਹਨ। ਕਈ ਥਾਵਾਂ ‘ਤੇ ਤਾਂ ਝੂਠ ਬੋਲਣ ਦਾ ਅਨੈਤਿਕ

ਕਰਮ ਵੀ ਕੀਤਾ ਹੈ। ਸ਼ਚਿੰਦਰਨਾਥ ਸਾਨਿਆਲ ਆਪਣੀ ਸਵੈ-ਜੀਵਨੀ ਅੰਦਰ ਗ਼ਦਰੀਆਂ ਦੀ ਸ਼ਨਾਖ਼ਤ ਸਾਫ਼ ਸਾਫ਼ ‘ਸਿੱਖਾਂ’ ਵਜੋਂ ਕਰਦਾ ਹੈ।* ਉਹ ਕਿਤੇ ਵੀ ਉਨ੍ਹਾਂ ਦੀ ਇਸ ਸ਼ਨਾਖ਼ਤ ਤੋਂ ਇਨਕਾਰੀ ਹੋਣ ਜਾਂ ਇਸ ਸਚਾਈ ਤੋਂ ਪਾਸਾ ਵੱਟ ਕੇ ਲੰਘਣ ਦਾ ਯਤਨ ਨਹੀਂ ਕਰਦਾ। ਸਾਨਿਆਲ ਕੋਈ ਆਮ ਵਿਅਕਤੀ ਨਹੀਂ, ਉਹ ਆਪਣੇ ਵੇਲੇ ਦਾ ਉੱਘਾ ਕ੍ਰਾਂਤੀਕਾਰੀ ਸੀ ਅਤੇ ਉਸ ਨੇ ਬੰਗਾਲ ਤੋਂ ਚੱਲ ਕੇ ਪੰਜਾਬ ਅੰਦਰ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਦਾ ਬੰਗਾਲ ਦੀ ਕ੍ਰਾਂਤੀਕਾਰੀ ਧਾਰਾ ਨਾਲ ਸੁਮੇਲ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਸੀ। ਉਹ ਪ੍ਰਸਿੱਧ ਬੰਗਾਲੀ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਦਾ ਲਫਟੈਣ ਸੀ ਅਤੇ ਬੋਸ ਨੂੰ ਪੰਜਾਬ ਲਿਆਉਣ ਵਾਲਾ ਉਹੀ ਸੀ। ਕਹਿਣ ਦਾ ਭਾਵ ਹੈ ਕਿ ਉਸ ਦਾ ਗ਼ਦਰ ਪਾਰਟੀ ਨਾਲ, ਬਹੁਤ ਹੀ ਨਿਰਣਾਕਾਰੀ ਸਮੇਂ ਅੰਦਰ, ਗੂੜਾ ਵਾਹ-ਵਾਸਤਾ ਰਿਹਾ ਸੀ। ਜਿਸ ਆਦਮੀ ਦਾ ਗ਼ਦਰ ਪਾਰਟੀ ਬਾਰੇ ਏਨਾ ਗੂੜ੍ਹਾ ਅਨੁਭਵ ਹੋਵੇ ਅਤੇ ਜਿਸ ਨੇ ਜੀਵਨ ਭਰ ਆਪਣੇ ਆਦਰਸ਼ਾਂ ਤੇ ਅਕੀਦਿਆਂ ਉੱਤੇ ਅਡੋਲ ਰਹਿੰਦਿਆਂ ਹਕੂਮਤੀ ਕਰੋਪੀ ਦਾ ਪੂਰੀ ਸਿਦਕਦਿਲੀ ਤੇ ਸੂਰਬੀਰਤਾ ਨਾਲ ਸਾਹਮਣਾ ਕੀਤਾ ਹੋਵੇ, ਉਸ ਦੀ ਗਵਾਹੀ ਨੂੰ ਬਣਦੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਇਹ ਨਿਰਾ ਸਦਾਚਾਰ ਦਾ ਮਾਮਲਾ ਨਹੀਂ, ਇਤਿਹਾਸਕਾਰੀ ਦਾ ਧਰਮ ਵੀ ਹੈ। ਪਰ ਕਿਉਂਕਿ ਉਸ ਦੀ ਇਹ ਗਵਾਹੀ ਉਪਰੋਕਤ ਇਤਿਹਾਸਕਾਰਾਂ ਦੇ ਸਿਧਾਂਤਕ ਨਜ਼ਰੀਏ ਦੇ ਨਾ ਸਿਰਫ਼ ਅਨੁਕੂਲ ਹੀ ਨਹੀਂ, ਸਗੋਂ ਇਸ ਦਾ ਖੋਖਲਾਪਣ ਉਘਾੜਦੀ ਹੈ, ਇਸ ਕਰਕੇ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ। ਆਪਣੀਆਂ ਲਿਖਤਾਂ ਅੰਦਰ ਇਸ ਬਾਰੇ ਚੁੱਪ ਹੀ ਸਾਧ ਲਈ ਹੈ।

ਭਾਈ ਰਣਧੀਰ ਸਿੰਘ ਪ੍ਰਤਿ ਕੋਹਜਾ ਵਤੀਰਾ

ਅਨਮਤੀਆਂ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ * ਨੂੰ ਇਤਿਹਾਸ ‘ਚੋਂ ਅਲੋਪ ਕਰ ਦਿੱਤਾ ਹੈ। ਹਾਲਾਂਕਿ ਭਾਈ ਸਾਹਿਬ ਦੀ ਮਿਸਾਲ ਬਹੁਤ ਹੀ ਅਹਿਮ ਤੇ ਵਿਲੱਖਣ ਹੈ। ਇਸ ਸਚਾਈ ਦਾ ਸਾਰੇ ਇਤਿਹਾਸਕਾਰਾਂ ਨੇ ਉਚੇਚਾ ਜ਼ਿਕਰ ਕੀਤਾ ਹੈ ਕਿ ਗ਼ਦਰੀ ਦੇਸ਼ਭਗਤਾਂ ਨੂੰ ਪਰਦੇਸਾਂ ਤੋਂ ਵਾਪਸ ਆ ਕੇ ਆਪਣੇ ਦੇਸ ਦੇ ਲੋਕਾਂ ਦਾ ਸਮਰਥਨ ਨਹੀਂ ਮਿਲਿਆ ਸੀ ਅਤੇ ਦੇਸ ਦੀ ਕਿਸੇ ਵੀ ਰਾਜਸੀ ਸੰਸਥਾ ਜਾਂ ਸਭਾ ਸੁਸਾਇਟੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਇੱਕੋ-ਇਕ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਪੂਰੇ ਜਥੇ ਸਮੇਤ, ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਗ਼ਦਰੀ ਸੂਰਬੀਰਾਂ ਦਾ ਗਹਿ-ਗੱਡਵਾਂ ਸਾਥ ਦਿੱਤਾ ਸੀ । ਭਾਈ ਸਾਹਿਬ ਜੀ 19 ਫ਼ਰਵਰੀ 1915, ਜੋ ਗ਼ਦਰ ਦੀ ਤਾਰੀਕ ਮਿਥੀ ਗਈ ਸੀ, ਨੂੰ ਆਪਣੇ ਜਥੇ ਸਮੇਤ ਫ਼ਿਰੋਜ਼ਪੁਰ ਛਾਉਣੀ ‘ਤੇ ਧਾਵਾ ਕਰਨ ਵਾਸਤੇ ਪਹੁੰਚੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਈ ਕਿਸ਼ਨ ਸਿੰਘ ਗੜਗੱਜ ਦੇ ਰਾਹੀਂ ਰਾਵਲਪਿੰਡੀ ਦੀ ਸਿੱਖ ਪਲਟਣ ਅੰਦਰ ਵੀ ਬਗ਼ਾਵਤ ਕਰਾਉਣ ਦੇ ਇੰਤਜ਼ਾਮ ਕੀਤੇ ਹੋਏ ਸਨ। ਮੁਖ਼ਬਰ ਦੇ ਵਿਸ਼ਵਾਸਘਾਤ ਕਰਕੇ ਗ਼ਦਰ ਦੀ ਯੋਜਨਾ ਦੇ ਫ਼ੇਲ੍ਹ ਹੋ ਜਾਣ ਤੋਂ ਬਾਅਦ ਵੀ ਭਾਈ ਨਿਧਾਨ ਸਿੰਘ ਚੁੱਘਾ ਨੇ ਭਾਈ ਰਣਧੀਰ ਸਿੰਘ ਦੇ ਜਥੇ ਦੀ ਮੱਦਦ ਨਾਲ ਪਹਾੜਾਂ ਵਿਚ ਮੰਡੀ ਸੁਕੇਤ ਦੀ ਰਿਆਸਤ, ਜਿਹੜੀ ਅੰਗਰੇਜ਼ੀ ਸਰਕਾਰ ਦੇ ਪ੍ਰਬੰਧ ਹੇਠ ਸੀ ਤੇ ਅੰਗਰੇਜ਼ ਅਫ਼ਸਰ ਰਾਣੀ ਨੂੰ ਤੰਗ ਕਰਦੇ ਸਨ, ਵਿਚ ਬਗ਼ਾਵਤ ਕਰਨ ਦੀ ਵਿਉਂਤ ਬਣਾਈ ਸੀ ਜੋ ਉਨ੍ਹਾਂ ਨੂੰ ਭਾਈ ਰੂੜ੍ਹ ਸਿੰਘ ਚੂਹੜਚੱਕ ਸਮੇਤ ਕਮਾਲਪੁਰਾ ਪਿੰਡ ‘ਚੋਂ ਗ੍ਰਿਫ਼ਤਾਰ ਕਰ ਲਏ ਜਾਣ ਸਦਕਾ ਨੇਪਰੇ ਨਾ ਚੜ੍ਹ ਸਕੀ। ਬਾਅਦ ਵਿਚ ਜਾ ਕੇ ਜਦੋਂ ਭਾਈ ਸਾਹਿਬ ਬਾਰੇ ਸਾਰਾ ਭੇਦ ਉਜਾਗਰ ਹੋ ਗਿਆ ਤਾਂ ਉਨ੍ਹਾਂ ਨੂੰ ਜਥੇ ਦੇ ਦੋ ਦਰਜਨ ਤੋਂ ਵਧੀਕ ਮੈਂਬਰਾਂ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉੱਤੇ ਲਾਹੌਰ ਸਾਜ਼ਸ਼ ਕੇਸ (ਦੂਜਾ), ਸਰਕਾਰੀ ਫ਼ਾਈਲਾਂ ਵਿਚ ਜੀਹਨੂੰ ਪਹਿਲਾ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਕਿਹਾ ਗਿਆ ਹੈ, ਦਾ ਮੁਕੱਦਮਾ ਚਲਾਇਆ ਗਿਆ ਅਤੇ 30 ਮਾਰਚ 1916 ਨੂੰ ਸਰਕਾਰ ਅੰਗਰੇਜ਼ੀ ਵਿਰੁੱਧ ਬਗ਼ਾਵਤ ਦੇ ਦੋਸ਼ ਵਿਚ ਉਮਰ ਕੈਦ ਤੇ ਜ਼ਬਤੀ ਜਾਇਦਾਦ ਦੀ ਸਜ਼ਾ ਸੁਣਾਈ ਗਈ । ਆਪ ਜੀ ਨੇ ਲਗਾਤਾਰ 15 ਸਾਲ ਤੇ 7 ਮਹੀਨੇ ਮੁਲਤਾਨ, ਨਾਗਪੁਰ, ਹਜ਼ਾਰੀਬਾਗ਼ ਤੇ ਰਾਜਮੰਦਰੀ ਜੇਲ੍ਹਾਂ ਅੰਦਰ ਨਰਕ ਭਰੀ ਕੈਦ ਕੱਟੀ। ਜੇਲ੍ਹਾਂ ਅੰਦਰ ਆਪ ਉੱਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਪਰ ਹੋਰਨਾਂ ਗ਼ਦਰੀ ਸੂਰਬੀਰਾਂ ਦੀ ਤਰ੍ਹਾਂ ਆਪ ਨੇ ਵੀ ਸਾਰੀਆਂ ਦੁੱਖ ਮੁਸੀਬਤਾਂ ਦਾ ਖਿੜੇ ਮੱਥੇ ਸਾਹਮਣਾ ਕਰ ਕੇ ਦਿਖਾ ਦਿੱਤਾ ਕਿ ਬਿਪਤਕਾਲ ਵਿਚ ਗੁਰੂ ਦੇ ਸੱਚੇ ਸਿੱਖ ਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਹੁੰਦੀ ਹੈ ਅਤੇ ਉਹ ਆਈ ਮੁਸੀਬਤ ਨੂੰ ਕਿਵੇਂ ਝੱਲਦਾ ਹੈ। ਭਾਈ ਸਾਹਿਬ ਨੇ ਜੇਲ੍ਹ ਵਿਚ ਬੈਠਿਆਂ ਪੁਲੀਸ ਦੀ ਪੁੱਛਗਿੱਛ ਤੇ ਜੇਲ੍ਹ ਦਾ ਅਨੁਭਵ ਚਿੱਠੀਆਂ ਦੇ ਜ਼ਰੀਏ ਆਪਣੇ ਇਕ ਪ੍ਰੇਮੀ ਭਾਈ ਨਾਹਰ ਸਿੰਘ ਨਾਲ ਸਾਂਝਾ ਕੀਤਾ, ਜਿਸ ਨੂੰ ਭਾਈ ਨਾਹਰ ਸਿੰਘ ਨੇ ਬਾਅਦ ਵਿਚ ਜੇਲ ਚਿੱਠੀਆਂ ਦੇ ਸਿਰਲੇਖ ਥੱਲੇ ਕਿਤਾਬ ਦੀ ਸ਼ਕਲ ਵਿਚ ਛਾਪਿਆ। ਹੈਰਾਨੀ ਦੀ ਗੱਲ ਹੈ ਕਿ ਸ. ਜਗਜੀਤ ਸਿੰਘ ਤੋਂ ਬਿਨਾਂ ਉਪਰ ਬਿਆਨੇ ਤਿੰਨਾਂ ਇਤਿਹਾਸਕਾਰਾਂ ਨੇ ਗ਼ਦਰ ਪਾਰਟੀ ਦਾ ਇਤਿਹਾਸ ਲਿਖਣ ਵੇਲੇ ਭਾਈ ਸਾਹਿਬ ਦੀ ਇਸ ਕਿਤਾਬ ਨੂੰ ਵਿਚਾਰਨਾ ਜ਼ਰੂਰੀ ਜਾਂ ਯੋਗ ਨਹੀਂ ਸਮਝਿਆ। ਉਨ੍ਹਾਂ ਨੇ ਕਿਤੇ ਵੀ ਇਸ ਰਚਨਾ ਦਾ ਜ਼ਿਕਰ ਨਹੀਂ ਕੀਤਾ। ਗੁਰਚਰਨ ਸਿੰਘ ਸੈਂਸਰਾ ਨੇ ਗ਼ਦਰ ਲਹਿਰ ਨਾਲ ਮਾਮੂਲੀ ਵਾਸਤਾ ਰੱਖਣ ਵਾਲੇ ਵਿਅਕਤੀਆਂ, ਜਿਵੇਂ ਭਾਈ ਪਰਮਾਨੰਦ (ਲਾਹੋਰ), ਰਾਜਾ ਮਹਿੰਦਰ ਪਰਤਾਪ ਆਦਿ, ਦੀਆਂ ਸਵੈ-ਜੀਵਨੀਆਂ ਤਾਂ ਪੂਰੀ ਨੀਝ ਲਾ ਕੇ ਪੜ੍ਹੀਆਂ ਹਨ ਅਤੇ ਇਨ੍ਹਾਂ ਨੂੰ ਪੁਸਤਕ ਸੂਚੀ ਵਿਚ ਵੀ ਯੋਗ ਥਾਂ ਦਿੱਤੀ ਹੈ, ਪਰ ਗ਼ਦਰ ਦੀ ਯੋਜਨਾ ਵਿਚ ਅਹਿਮ ਸਥਾਨ ਰੱਖਣ ਵਾਲੇ ਤੇ ਇਸ ਦੇ ਬਦਲੇ ਭਾਰੀ ਕਸ਼ਟ ਭੋਗਣ ਵਾਲੇ ਭਾਈ ਰਣਧੀਰ ਸਿੰਘ ਦੇ ਅਨੁਭਵਾਂ (ਜੇਲ੍ਹ ਚਿੱਠੀਆਂ) ਨੂੰ ਪੜ੍ਹਨ ਦੀ ਲੋੜ ਨਹੀਂ ਸਮਝੀ। ਇਹੀ ਹਾਲ ਹਰੀਸ਼ ਪੁਰੀ ਦਾ ਹੈ। ਉਸ ਨੇ ਆਪਣੀ ਕਿਤਾਬ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੋਮਿਆਂ ਦੀ ਵਰਤੋਂ ਕੀਤੀ ਹੈ ਪਰ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ, ਜੋ ਕਿ ਇਤਿਹਾਸ ਲਈ ਮੁੱਢਲੇ ਸੋਮੇ ਦੀ ਮਹੱਤਤਾ ਰੱਖਦੀਆਂ ਹਨ, ਨੂੰ ਅਛੂਤ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਸੋਹਨ ਸਿੰਘ ਜੋਸ਼ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਉਸ ਦੀ 600 ਤੋਂ ਵੱਧ ਸਫ਼ਿਆਂ ਦੀ ਕਿਤਾਬ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਨਾਂ ਪੂਰੀ ਤਰ੍ਹਾਂ ਗ਼ਾਇਬ ਹੈ। ਇਸ ਦਾ ਜ਼ਿਕਰ ਇਕ ਵੀ ਜਗ੍ਹਾ ਨਹੀਂ ਮਿਲਦਾ। ਇਥੋਂ ਤਕ ਕਿ ਫ਼ਿਰੋਜ਼ਪੁਰ ਛਾਉਣੀ ਉੱਤੇ ਹਮਲਾ ਕਰਨ ਦੀ ਅਸਫਲ ਰਹੀ ਕੋਸ਼ਿਸ਼ ਦਾ ਵਰਣਨ ਕਰਨ ਵੇਲੇ ਵੀ ਉਸ ਨੇ ਭਾਈ ਸਾਹਿਬ ਤੇ ਉਨ੍ਹਾਂ ਦੇ ਜਥੇ ਦਾ ਕਿਤੇ ਜ਼ਿਕਰ ਨਹੀਂ ਕੀਤਾ, ਜਦੋਂ ਕਿ ਛਾਉਣੀ ਉੱਤੇ ਹਮਲਾ ਕਰਨ ਦੀ ਵਿਉਂਤ ਵਿਚ ਇਸ ਜਥੇ ਦੀ ਮੋਹਰੀ ਭੂਮਿਕਾ ਮਿਥੀ ਗਈ ਸੀ, ਜਿਸ ਕਰਕੇ ਹੀ ਉਨ੍ਹਾਂ ਨੂੰ ਏਨੀ ਸਖ਼ਤ ਸਜ਼ਾ ਸੁਣਾਈ ਗਈ ਸੀ। ਇਤਿਹਾਸਕਾਰ ਨੂੰ ਏਨਾ ਤਅੱਸਬ ਕੀ ਆਖੇ! ਉਪਰੋਕਤ ਇਤਿਹਾਸਕਾਰਾਂ ਤੇ ਉਨ੍ਹਾਂ ਦੇ ਕੋੜਮੇ ਦੇ ਹੋਰਨਾਂ ਕਈ ਵਿਦਵਾਨਾਂ/ਲੇਖਕਾਂ ਨੇ ਗ਼ਦਰੀਆਂ ਉੱਤੇ ਜੇਲ੍ਹਾਂ ਅੰਦਰ ਢਾਹੇ ਗਏ ਵਹਿਸ਼ੀ ਜ਼ੁਲਮਾਂ ਬਾਰੇ ਬਹੁਤ ਵਿਸਥਾਰ ਵਿਚ ਲਿਖਿਆ ਹੈ, ਪਰ ਇਨ੍ਹਾਂ ਵਿਚ ਹਜ਼ਾਰੀਬਾਗ਼ ਦੀ ਜੇਲ੍ਹ, ਜਿਥੇ ਭਾਈ ਸਾਹਿਬ ਨੂੰ ਲੰਮਾ ਸਮਾਂ ਜਥੇ ਦੇ ਮੈਂਬਰਾਂ ਸਮੇਤ ਕੈਦ ਵਿਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਬੇਹੱਦ ਕਸ਼ਟ ਦਿੱਤੇ ਗਏ ਸਨ, ਦਾ ਵਰਣਨ ਕਰਨ ਤੋਂ ਪਰਹੇਜ਼ ਕੀਤਾ ਗਿਆ ਹੈ। ਇਨ੍ਹਾਂ ਇਤਿਹਾਸਕਾਰਾਂ ਦੁਆਰਾ ਲਿਖੇ ਗਏ ਇਤਿਹਾਸ ਤੋਂ ਕੋਈ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਭਾਈ ਰਣਧੀਰ ਸਿੰਘ ਨੇ ਆਪਣੇ ਜਥੇ ਦੇ ਮੈਂਬਰਾਂ ਸਮੇਤ 15 ਸਾਲਾਂ ਤੋਂ ਵੱਧ ਸਮੇਂ ਤਕ ਜੇਲ੍ਹਾਂ ਵਿਚ ਨਰਕੀ ਜੀਵਨ ਭੋਗਿਆ ਸੀ। ਏਨੀ ਤੰਗਨਜ਼ਰ ਸੋਚ ਰੱਖਣ ਵਾਲੇ ਲੋਕ ਜੇਕਰ ਆਪਣੇ ਆਪ ਨੂੰ ‘ਅਗਾਂਹਵਧੂ’ ਤੇ ‘ਰੋਸ਼ਨ ਖ਼ਿਆਲ’ ਸਮਝਦੇ ਤੇ ਅਖਵਾਉਂਦੇ ਹਨ ਅਤੇ ਧਰਮ ਅੰਦਰ ‘ਤੰਗਨਜ਼ਰੀ’ ਦੇ ਬੀਜ ਪਰਖਦੇ ਹਨ, ਤਾਂ ਇਸ ਨੂੰ ਦੰਭ ਤੋਂ ਬਿਨਾਂ ਹੋਰ ਕੀ ਕਿਹਾ ਜਾ ਸਕਦਾ ਹੈ! ਇਹ ਦੰਭ ਨਿਜੀਗਤ ਨਹੀਂ, ਇਸ ਦੀ ਜੜ੍ਹ ਆਧੁਨਿਕ ਵਿਚਾਰਧਾਰਾ ਤੇ ਸਭਿਆਚਾਰ ਅੰਦਰ ਲੱਗੀ ਹੋਈ ਹੈ। ਇਹ ਇਸ ਵਿਚਾਰਧਾਰਾ ਦਾ ਜਮਾਂਦਰੂ ਖ਼ਾਸਾ ਹੈ।

ਇਸ ਸਿਲਸਿਲੇ ਵਿਚ ਡਾ. ਰਘਬੀਰ ਸਿੰਘ (ਸਿਰਜਣਾ) ਵੱਲੋਂ ਗ਼ਦਰੀ ਕੈਦੀਆਂ ਨੂੰ ਜੇਲ੍ਹਾਂ ਅੰਦਰ ਦਿੱਤੇ ਗਏ ਕਸ਼ਟਾਂ ਬਾਰੇ ਲਿਖਿਆ ਇਕ ਲੰਮਾ ਲੇਖ ਖੱਬੇ ਪੱਖੀ ਵਿਦਵਾਨਾਂ ਦੀ ਤੰਗਨਜ਼ਰ ਸੋਚ ਦੀ ਸ਼ੁੱਧ ਵੰਨਗੀ ਮੁਹੱਈਆ ਕਰਦਾ ਹੈ। ਇਸ ਲੇਖ ਅੰਦਰ ਲੇਖਕ ਨੇ ਹੋਰ ਸਭਨਾਂ ਜੇਲ੍ਹਾਂ ਬਾਰੇ ਲਿਖਿਆ ਹੈ ਪਰ ਹਜ਼ਾਰੀਬਾਗ਼ ਦੀ ਜੇਲ੍ਹ ਬਾਰੇ ਇਕ ਸ਼ਬਦ ਵੀ ਨਹੀਂ ਲਿਖਿਆ। ਹਾਲਾਂਕਿ ਇਹ ਜੇਲ੍ਹ, ਅੰਡੇਮਾਨ ਦੀ ਸੈਲੂਲਰ ਜੇਲ੍ਹ ਤੋਂ ਬਾਅਦ, ਸਭ ਨਾਲੋਂ ਭੈੜੇ ਨਰਕ ਦਾ ਨਮੂਨਾ ਸੀ। ਸ਼ੁੱਧ ਸੱਚੇ ਸੰਗਰਾਮੀਆਂ ਨਾਲ ਇਸ ਕਦਰ ਵਿਤਕਰਾ ਕਰਨਾ ਨੈਤਿਕ ਅਨਾਚਾਰ ਹੈ।

? ਹਰੀਸ਼ ਪੁਰੀ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਉਨ੍ਹਾਂ ਨਾਲ ਗੱਲਬਾਤ ਦੇ ਦੌਰਾਨ ਗ਼ਦਰੀਆਂ ਨੂੰ ‘ਪੰਜਾਬੀ’ ਜਾਂ ‘ਸਿੱਖ’ ਕਹੇ ਜਾਣ ਉੱਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ‘ਅਸੀਂ ਹਿੰਦੁਸਤਾਨੀ ਸਾਂ ਅਤੇ ਸਾਡਾ ਧਰਮ ਦੇਸ਼ਭਗਤੀ ਸੀ।’ ਇਸ ਭਾਵ ਦੀ ਗੱਲ ਬਾਬਾ ਜੀ ਨੇ ‘ਮੇਰੀ ਰਾਮ ਕਹਾਣੀ’ ਵਿਚ ਵੀ ਕਹੀ ਹੈ ਕਿ ‘ਮੈਨੂੰ ਕਿਸੇ ਖ਼ਾਸ ਫਿਰਕੇ ਜਾਂ ਮਜ਼ਹਬ ਦਾ ਕੋਈ ਖ਼ਾਸ ਲਿਹਾਜ਼ ਨਹੀਂ ਹੈ। ਮੈਂ ਖ਼ਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼ਹਬੀ ਧੜੇਬੰਦੀਆਂ ਤੋਂ ਨਿਰਲੇਪ ਹਾਂ।’ ਬਾਬਾ ਜੀ ਦੇ ਇਨ੍ਹਾਂ ਕਥਨਾਂ ਤੋਂ ਤਾਂ ਜ਼ਾਹਰਾ ਤੌਰ ‘ਤੇ ਉਪਰੋਕਤ ਵਿਦਵਾਨਾਂ ਦੇ ਨਜ਼ਰੀਏ ਦੀ ਪੁਸ਼ਟੀ ਹੁੰਦੀ ਹੈ। ਇਸ ਦੀ ਕੀ ਵਿਆਖਿਆ ਹੈ?

ਇਹ ਬਹੁਤ ਢੁਕਵਾਂ ਸੁਆਲ ਹੈ। ਇਸ ਨਾਲ ਕਈ ਗੁੰਝਲਾਂ ਹੱਲ ਹੋ ਜਾਣਗੀਆਂ। ਇਸ ਨਾਲ ਗ਼ਦਰੀ ਬਾਬਿਆਂ ਦੀ ਸੋਚ ਜਾਂ ਵਿਚਾਰਧਾਰਾ ਦੀ ਗੁੱਥੀ ਸੁਲਝਾਉਣ, ਉਨ੍ਹਾਂ ਦੇ ਕਥਨਾਂ ਨੂੰ ‘ਡੀਕੋਡ’ ਕਰਨ ਵਿਚ ਮੱਦਦ ਮਿਲੇਗੀ।

ਇਥੇ ਦੋ ਗੱਲਾਂ ‘ਚ ਨਖੇੜਾ ਕਰਨਾ ਪਊਗਾ। ਇਕ ਹਰੀਸ਼ ਪੁਰੀ ਦਾ ਦਾਅਵਾ ਅਤੇ ਦੂਜਾ ਬਾਬਾ ਜੀ ਦੀ ਸਵੈ-ਲਿਖਤ। ਪਿਛਲੀ ਗੱਲ ਦੀ ਸਚਾਈ ਅਥਵਾ ਪ੍ਰਮਾਣਿਕਤਾ ਬਾਰੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਕ ਤਾਂ ਇਹ ਗੱਲ ਬਾਬਾ ਜੀ ਨੇ ਸਿੱਧੀ ਆਪ ਲਿਖੀ ਹੈ। ਕਿਸੇ ਦੂਸਰੇ ਰਾਹੀਂ ਸਾਡੇ ਕੋਲ ਨਹੀਂ ਪਹੁੰਚੀ। ਦੂਜਾ, ਉਨ੍ਹਾਂ ਇਹ ਗੱਲ ਜਿਸ ਲਿਖਤ ਵਿਚ ਲਿਖੀ ਹੈ, ਉਸ ਦਾ ਪੂਰਾ ਮਜ਼ਮੂਨ (text) ਸਾਡੇ ਸਾਹਮਣੇ ਹੈ। ਜਿਸ ਕਰਕੇ ਅਸੀਂ ਇਹ ਨਿਰਣਾ ਕਰ ਸਕਦੇ ਹਾਂ ਕਿ ਉਨ੍ਹਾਂ ਇਹ ਗੱਲ ਕਿਹੜੇ ਪ੍ਰਸੰਗ ਵਿਚ ਕਹੀ ਹੈ। ਬਾਬਾ ਜੀ ਨੇ ਆਪਣੇ ਉਪਰੋਕਤ ਕਥਨ ਦਾ ਭਾਵ ਸਪੱਸ਼ਟ ਕਰਦਿਆਂ ਲਿਖਿਆ ਹੈ ਕਿ ‘ਮੇਰੇ ਇਸ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ ਕੋਈ ਪਿਆਰ ਨਹੀਂ।” ਇਸ ਤੋਂ ਅੱਗੇ ਉਨ੍ਹਾਂ ਨੇ ਧਰਮ ਦੀ ਜੋ ਵਿਆਖਿਆ ਕੀਤੀ ਹੈ, ਉਹ ਸਿੱਖ ਧਰਮ ਨਾਲ ਪੂਰਨ ਮੇਲ ਖਾਂਦੀ ਹੈ, ਜਿਸ ਤੋਂ ਉਨ੍ਹਾਂ ਦੀ ਸਿੱਖ ਧਰਮ ਵਿਚ ਆਸਥਾ ਤੇ ਗੂੜ੍ਹੀ ਮੁਹੱਬਤ ਦੀ ਪੁਸ਼ਟੀ ਹੁੰਦੀ ਹੈ। ਹਰੀਸ਼ ਪੁਰੀ ਦੇ ਦਾਅਵੇ ਦੀ ਵੱਡੀ ਸਮੱਸਿਆ ਇਹ ਹੈ ਕਿ ਬਾਬਾ ਜੀ ਨਾਲ ਉਨ੍ਹਾਂ ਦੀ ਹੋਈ ਦੱਸੀ ਜਾਂਦੀ ਗੱਲਬਾਤ ਦਾ ਸਾਡੇ ਕੋਲ ਕੋਈ ਵਿਸਤਰਤ ਵੇਰਵਾ ਨਹੀਂ ਹੈ। ਇਸ ਗੱਲਬਾਤ ਦਾ ਪੂਰਾ ਮਜ਼ਮੂਨ ਸਾਹਮਣੇ ਹੁੰਦਾ ਤਾਂ ਇਹ ਪਤਾ ਲਾਉਣਾ ਆਸਾਨ ਹੋ ਜਾਂਦਾ ਕਿ ਬਾਬਾ ਜੀ ਨੇ ਇਹ ਗੱਲ ਕਿਸ ਪ੍ਰਸੰਗ ਵਿਚ ਕਹੀ ਸੀ। ਇਸ ਨਾਲ ਪੁਰੀ ਜੀ ਦੇ ਸੁਆਲਨਾਮੇ ਦਾ ਵਿਸ਼ਲੇਸ਼ਣ ਕਰਨਾ ਵੀ ਸੌਖਾ ਹੋ ਜਾਂਦਾ, ਕਿ ਉਨ੍ਹਾਂ ਦੇ ਸੁਆਲਾਂ ਦਾ ਰੁਖ਼ ਤੇ ਤਰਜ਼ (tenor) ਕੀ ਸੀ। ਕਿਉਂਕਿ ਪੁਰੀ ਜੀ ਦੀ ਕਿਤਾਬ ਪੜ੍ਹ ਕੇ ਲੇਖਕ ਦੇ ਝੁਕਾਵਾਂ ਦੀ ਤਸਵੀਰ ਉਜਾਗਰ ਹੋ ਜਾਂਦੀ ਹੈ। ਬਾਬਾ ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਪ੍ਰਧਾਨ ਹੀ ਨਹੀਂ, ਇਕ ਤਰ੍ਹਾਂ ਨਾਲ ਇਸ ਦੀ ਲੀਡਰਸ਼ਿੱਪ ਦਾ ਧੁਰਾ ਸਨ। ਪਾਰਟੀ ਨੇ ਜੋ ਵੀ ਅਹਿਮ ਫ਼ੈਸਲੇ ਲਏ, ਉਹ ਉਨ੍ਹਾਂ ਵਿਚ ਸਿੱਧੇ ਰੂਪ ਵਿਚ ਸ਼ਾਮਲ ਸਨ। ਉਨ੍ਹਾਂ ਕੋਲ ਪਾਰਟੀ ਦੀਆਂ ਅਹਿਮ ਸਰਗਰਮੀਆਂ ਬਾਰੇ ਪ੍ਰਮਾਣਿਕ ਜਾਣਕਾਰੀ ਸੀ। ਪੁਰੀ ਜੀ ਨੇ ਬਾਬਾ ਜੀ ਨਾਲ ਲੰਮੀ ਚੌੜੀ ਗੱਲਬਾਤ ਕਰਨ ਦਾ ਦਾਅਵਾ ਤਾਂ ਕੀਤਾ ਹੈ, ਪਰ ਕਿਤਾਬ ਵਿੱਚੋਂ ਕਿਤੋਂ ਵੀ ਇਸ ਦੀ ਝਲਕ ਨਹੀਂ ਮਿਲਦੀ। ਬਹੁਤ ਸਾਰੇ ਤੱਥ ਅਜਿਹੇ ਹਨ ਜਿਨ੍ਹਾਂ ਬਾਰੇ ਬਾਬਾ ਜੀ ਕੋਲੋਂ ਤਸਦੀਕ ਕਰਾਉਣੀ ਜ਼ਰੂਰੀ ਸੀ। ਖ਼ਾਸ ਕਰਕੇ ਅਜਿਹੇ ਮਾਮਲਿਆਂ ‘ਚ ਜੋ ਲੇਖਕ ਦੀਆਂ ਨਜ਼ਰਾਂ ‘ਚ ਵਿਵਾਦਪੂਰਨ ਹਨ ਅਤੇ ਜਿਵੇਂ ਅਸੀਂ ਅੱਗੇ ਜਾ ਕੇ ਦੇਖਾਂਗੇ, ਜਿਨ੍ਹਾਂ ਨੂੰ ਲੈ ਕੇ ਲੇਖਕ ਨੇ ਗ਼ਦਰ ਪਾਰਟੀ ਦੀ ਲੀਡਰਸ਼ਿੱਪ ਦੀ ਤਿੱਖੀ ਪੜਚੋਲ, ਅਸਲ ਵਿਚ ਭੰਡੀ, ਕੀਤੀ ਹੈ। ਗ਼ਦਰ ਲਹਿਰ ਦੇ ਇਤਿਹਾਸ ਦੇ ਮਾਮਲੇ ਵਿਚ ਬਾਬਾ ਜੀ ਨਾਲੋਂ ਵੱਧ ਪ੍ਰਮਾਣਿਕ ਸੋਮਾ ਹੋਰ ਕੋਈ ਨਹੀਂ ਸੀ ਹੋ ਸਕਦਾ ਅਤੇ ਇਸ ਨੂੰ ਪੂਰੀ ਜੀ ਦਾ ਸੁਭਾਗ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰਮਾਣਿਕ ਸੋਮੇ ਤਕ ਪਹੁੰਚ ਕਰਨ ਦਾ ਮੌਕਾ ਤੇ ਖੁੱਲ੍ਹਾ ਸਮਾਂ ਨਸੀਬ ਹੋ ਗਿਆ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਇਸ ਉਚੇਚੀ ਸਹੂਲਤ ਦਾ ਯੋਗ ਫ਼ਾਇਦਾ ਨਹੀਂ ਲਿਆ। ਇਕ ਉਦਾਹਰਣ: ਲੇਖਕ ਨੇ ਗ਼ਦਰ ਪਾਰਟੀ ਦੀ ਭਾਰਤ ਅੰਦਰ ਬਗ਼ਾਵਤ ਕਰਨ ਦੀ ਰਣਨੀਤੀ ਤੇ ਕਾਰਗੁਜ਼ਾਰੀ ਦੀ ਆਪਣੇ ਵੱਲੋਂ ਪੂਰੀ ਜੰਮ ਕੇ ਨੁਕਤਾਚੀਨੀ ਕੀਤੀ ਹੈ। ਇਕ ਤਰ੍ਹਾਂ ਨਾਲ ਪਾਰਟੀ ਦੇ ਆਗੂਆਂ ਦਾ ਮਜ਼ਾਕ ਹੀ ਉਡਾਇਆ ਹੈ। ਅਜਿਹਾ ਉਸ ਨੇ ਜੇਕਰ ਤੱਥਾਂ ਦੀ ਭਰਵੀਂ ਤੇ ਮੁਕੰਮਲ ਛਾਣਬੀਣ ਕਰਨ ਤੋਂ ਬਾਅਦ, ਪੂਰੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੀਤਾ ਹੁੰਦਾ, ਤਾਂ ਇਸ ‘ਤੇ ਇਤਰਾਜ਼ ਕਰਨ ਦੀ ਕੋਈ ਉਚਿਤ ਵਜ੍ਹਾ ਨਹੀਂ ਹੋਣੀ ਸੀ। ਪਰ ਤੁਸੀਂ ਪੁਰੀ ਜੀ ਦੀ ਕਿਤਾਬ ਦਾ ਇਹ ਚੈਪਟਰ ਪੜ੍ਹ ਕੇ ਦੇਖੋ, ਬਹੁਤ ਥਾਵਾਂ ‘ਤੇ ਉਸ ਨੇ ਗ਼ਦਰ ਪਾਰਟੀ ਦੀ ਰਣਨੀਤੀ ਤੇ ਕਾਰਗੁਜ਼ਾਰੀ ਬਾਰੇ ਆਪਣੀਆਂ ਹੀ ਅੰਤਰਮੁਖੀ ਧਾਰਨਾਵਾਂ ਨੂੰ ਆਧਾਰ ਬਣਾ ਕੇ ਬਹੁਤ ਹੀ ਤਿੱਖੀ ਤੇ ਨਿਹੱਕੀ ਪੜਚੋਲ ਕੀਤੀ ਹੈ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਬਾਬਾ ਜੀ ਕੋਲੋਂ ਤੱਥਾਂ ਦੀ ਤਸਦੀਕ ਕਰਨੀ ਜਾਂ ਤਾਂ ਜ਼ਰੂਰੀ ਨਹੀਂ ਸਮਝੀ ਜਾਂ ਬਾਬਾ ਜੀ ਉੱਤੇ ਯਕੀਨ ਕਰਨ ਨਾਲੋਂ ਆਪਣੀਆਂ ਅੰਤਰਮੁਖੀ ਧਾਰਨਾਵਾਂ ਨੂੰ ਪਹਿਲ-ਵਿਸ਼ੇਸ਼ਤਾ ਦਿੱਤੀ ਹੈ। ਮਿਸਾਲ ਵਜੋਂ ਗ਼ਦਰ ਪਾਰਟੀ ਦੇ ‘ਖ਼ੁਫ਼ੀਆ ਕਮਿਸ਼ਨ’ ਦੇ ਗਠਨ ਬਾਰੇ ਪੁਰੀ ਜੀ ਨੇ ਬਾਬਾ ਭਕਨਾ ਦੇ ਬਿਆਨ ਉੱਤੇ ਯਕੀਨ ਕਰਨਾ ਯੋਗ ਨਹੀਂ ਸਮਝਿਆ ਅਤੇ ਉਸ ਨੇ ਬਾਬਾ ਜੀ ਉੱਤੇ ‘ਅਤਕਥਨੀ’ ਦਾ ਇਲਜ਼ਾਮ ਲਾਉਣ ਤੋਂ ਸੰਕੋਚ ਨਹੀਂ ਕੀਤਾ ਅਤੇ ਉਹ ਵੀ ਬੇਹੱਦ ਕੱਚੇ ਆਧਾਰ ‘ਤੇ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਲੇਖਕ ਨੇ ਇਸ ਚੈਪਟਰ ਵਿਚ ਸੌ ਤੋਂ ਉਪਰ ਹਵਾਲੇ ਦਿੱਤੇ ਹਨ, ਪਰ ਬਾਬਾ ਜੀ ਨਾਲ ਹੋਈ ਗੱਲਬਾਤ ਦਾ ਜ਼ਿਕਰ ਕੇਵਲ ਦੋ ਥਾਵਾਂ ‘ਤੇ ਆਇਆ ਹੈ। ਕਿਤਾਬ ਵਿਚ ਲੇਖਕ ਨੇ ਕਈ ਥਾਵਾਂ ‘ਤੇ ਬਾਬਾ ਜੀ ਵੱਲੋਂ ਕਹੀਆਂ/ਦੱਸੀਆਂ ਅਜਿਹੀਆਂ ਗੱਲਾਂ, ਜਿਹੜੀਆਂ ਲੇਖਕ ਦੇ ਸਿਧਾਂਤਕ ਚੌਖਟੇ ਤੇ ਉਸ ਦੀਆਂ ਅੰਤਰਮੁਖੀ ਧਾਰਨਾਵਾਂ ਦੇ ਅਨੁਕੂਲ ਨਹੀਂ, ਦੀ ਭਰੋਸੇਯੋਗਤਾ ਬਾਰੇ ਸ਼ੰਕਾ ਜ਼ਾਹਰ ਕਰਨ ਤੋਂ ਰਤੀ ਸੰਕੋਚ ਨਹੀਂ ਕੀਤਾ। ਲੇਖਕ ਦੇ ਇਸ ਵਤੀਰੇ ਤੋਂ ਸਾਫ਼ ਜ਼ਾਹਰ ਹੁੰਦੈ ਕਿ ਉਸ ਦੀ ਰੁਚੀ ਸੱਚ ਨੂੰ ਜਾਣਨ ਵਿਚ ਘੱਟ ਅਤੇ ਆਪਣੀਆਂ ਅੰਤਰਮੁਖੀ ਧਾਰਨਾਵਾਂ ਨੂੰ ਮੰਨਣਯੋਗ ਬਣਾਉਣ ਵਿਚ ਵਧੇਰੇ ਹੈ। ਇਸ ਕਰਕੇ ਬਾਬਾ ਭਕਨਾ ਦੇ ਉਪਰੋਕਤ ਕਥਨ ਬਾਰੇ ਪੁਰੀ ਜੀ ਦੇ ਦਾਅਵੇ ਉੱਤੇ ਇੰਨ-ਬਿੰਨ ਯਕੀਨ ਕਰਨਾ ਔਖਾ ਹੈ।

? ਤੁਹਾਡੀ ਗੱਲ ਵਿਚੇ ਐ । ਤੁਸੀਂ ਵੀ ਤਾਂ ਅਜੇ ਹੁਣੇ ਆਪਣੇ ਪੱਖ ਦੀ ਪੁਸ਼ਟੀ ਵਜੋਂ ਹਰਭਜਨ ਹਲਵਾਰਵੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿਤੈ। ਜੋ ਗੱਲ ਤੁਸੀਂ ਹਰੀਸ਼ ਪੁਰੀ ਬਾਰੇ ਕਹਿ ਰਹੇ ਹੋ, ਇਹੋ ਗੱਲ ਕੋਈ ਤੁਹਾਡੇ ਬਾਰੇ ਵੀ ਤਾਂ ਕਹਿ ਸਕਦਾ ਹੈ । ਇਸ ਬਾਰੇ ਤੁਹਾਡੀ ਕੀ ਵਿਆਖਿਆ ਹੈ ?

ਤੁਸੀਂ ਠੀਕ ਕੀਤਾ, ਇਹੋ ਗੱਲ ਮੈਂ ਆਪ ਕਰਨੀ ਸੀ। ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਹਰੀਸ਼ ਪੁਰੀ ਨੇ ਬਾਬਾ ਭਕਨਾ ਦੇ ਕਥਨਾਂ ਨੂੰ ਪੂਰੀ ਸਚਾਈ ਤੇ ਈਮਾਨਦਾਰੀ ਨਾਲ ਪੇਸ਼ ਕੀਤਾ ਹੈ, ਫਿਰ ਵੀ ਇਸ ਮਾਮਲੇ ਨੂੰ ਇਕ ਹੋਰ ਪੱਖ ਤੋਂ ਜਾਚਣ ਦੀ ਲੋੜ ਹੈ। ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਵਿਅਕਤੀ ਆਪਣੇ ਬਾਰੇ ਜੋ ਗੱਲ ਕਹਿੰਦਾ ਹੈ, ਉਹ ਉਸ ਬਾਰੇ ਪੂਰਾ ਸਪੱਸ਼ਟ ਤੇ ਚੇਤੰਨ ਹੋਵੇ । ਕਈ ਵਾਰ ਉਸ ਦੀ ਆਪਣੀ ਸਮਝ ਵਿਚ ਘਚੋਲਾ ਤੇ ਸਵੈ-ਵਿਰੋਧ ਹੋ ਸਕਦੇ ਹਨ। ਅਜਿਹੀ ਸੰਭਾਵਨਾ ਬਹੁਤ ਆਮ ਹੁੰਦੀ ਹੈ। ਇਸ ਕਰਕੇ ਨਿਰਾ ਪੂਰਾ ਕਿਸੇ ਵਿਅਕਤੀ ਦੇ ਕਥਨਾਂ ਉੱਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਉਸ ਦੇ ਕਥਨਾਂ ਨੂੰ ਉਸ ਦੇ ਸਮੁੱਚੇ ਅਭਿਆਸ ਦੇ ਚਾਨਣ ਵਿਚ ਰੱਖ ਕੇ ਦੇਖਣ ਦੀ ਲੋੜ ਹੁੰਦੀ ਹੈ। ਤੁਸੀਂ ਹਰਭਜਨ ਹਲਵਾਰਵੀ ਦੀ ਗੱਲਬਾਤ ਬਾਰੇ ਸੁਆਲ ਕੀਤੈ। ਜੇਕਰ ਕਿਸੇ ਦੇ ਮਨ ਅੰਦਰ ਇਸ ਦੀ ਪ੍ਰਮਾਣਿਕਤਾ ਬਾਰੇ ਕੋਈ ਸ਼ੱਕ ਖੜਾ ਹੁੰਦੈ, ਤਾਂ ਉਹ ਉਸ ਦੌਰ ਦੇ ਪੰਜਾਬੀ ਟ੍ਰਿਬਿਊਨ ਦੀਆਂ ਜਿਲਦਾਂ ਫਰੋਲ ਕੇ ਦੇਖ ਲਵੇ। ਇਸ ਵਿਚ ਛਪੀਆਂ ਖ਼ਬਰਾਂ ਦੀ ਤੁਲਨਾ ਅਜੀਤ ਅਖ਼ਬਾਰ ਵਿਚ ਛਪੀਆਂ ਖ਼ਬਰਾਂ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਆਪੇ ਪਤਾ ਚੱਲ ਜਾਊਗਾ ਕਿ ਇੱਕੋ ਖ਼ਬਰ ਜਦੋਂ ਅਜੀਤ ਅਖ਼ਬਾਰ ਵਿਚ ਛਪਦੀ ਹੈ, ਤਾਂ ਸਿੱਖ ਨਾਵਾਂ ਅੱਗੇ ‘ਭਾਈ’ ਜਾਂ ‘ਸਰਦਾਰ’ ਅਗੇਤਰ ਲੱਗਾ ਹੋਇਐ ਅਤੇ ਪੰਜਾਬੀ ਟ੍ਰਿਬਿਊਨ ਵਿਚ ਉਸੇ ਖ਼ਬਰ ਵਿਚ ‘ਭਾਈ’ ਜਾਂ ‘ਸਰਦਾਰ’ ਦੀ ਥਾਂ ਹਰ ਜਗ੍ਹਾ ‘ਸ੍ਰੀ’ ਲੱਗਾ ਹੋਇਐ। ਸੋ ਕਹਿਣ ਦਾ ਭਾਵ ਹੈ ਕਿ ਅਸਲੀਅਤ ਨੂੰ ਜਾਣਨ ਲਈ ਕਿਸੇ ਵਿਅਕਤੀ ਨਾਲ ਹੋਈ ਗੱਲਬਾਤ ਨੂੰ ਕਈ ਸਾਰੇ ਪੱਖਾਂ ਨਾਲ ਜੋੜ ਕੇ ਦੇਖਣ ਦੀ ਲੋੜ ਹੁੰਦੀ ਹੈ। ਕਿਸੇ ਵਿਅਕਤੀ ਦੀ ਸਮੁੱਚੀ ਸ਼ਖ਼ਸੀਅਤ ਤੇ ਸਥਿਤੀ ਨੂੰ ਪੂਰੀ ਤਰ੍ਹਾਂ ਜਾਣੇ ਬਿਨਾਂ ਉਸ ਦੇ ਸ਼ਬਦਾਂ ਦਾ ਸਹੀ ਭਾਵ ਸਮਝਣਾ ਤੇ ਇਨ੍ਹਾਂ ਦੀ ਠੀਕ ਵਿਆਖਿਆ ਕਰਨੀ ਔਖੀ ਹੋ ਜਾਂਦੀ ਹੈ। ਪਰ ਖੋਜ ਪ੍ਰਤਿ ਅਜਿਹੀ ਜ਼ਿੰਮੇਵਾਰ ਪਹੁੰਚ ਅਪਨਾਉਣ ਲਈ ਮਨ ਅੰਦਰ ਯਥਾਰਥ ਨੂੰ ਸਮਝਣ ਦੀ ਸੁੱਚੀ ਰੀਝ ਤੇ ਜਗਿਆਸਾ ਹੋਣੀ ਜ਼ਰੂਰੀ ਹੈ। ਅਜਿਹੀ ਸੱਚੀ ਸੁੱਚੀ ਤੇ ਬੁਨਿਆਦੀ ਭਾਵਨਾ ਬਿਨਾਂ ਖੋਜ ਕਾਰਜ ਪ੍ਰਤਿ ਦਰੁਸਤ ਵਤੀਰਾ ਨਹੀਂ ਅਪਣਾਇਆ ਜਾ ਸਕਦਾ। ਜਿਸ ਵਿਦਵਾਨ ਦਾ ਮੁੱਖ ਸਰੋਕਾਰ ਯਥਾਰਥ ਨੂੰ ਸਮਝਣਾ ਨਹੀਂ, ਬਲਕਿ ਇਸ ਨੂੰ ਆਪਣੇ ਅੰਤਰਮੁਖੀ ਵਿਚਾਰਾਂ, ਮਨੌਤਾਂ ਤੇ ਧਾਰਨਾਵਾਂ ਦੇ ਅਨੁਕੂਲ ਪੇਸ਼ ਕਰਨਾ ਹੈ, ਉਸ ਦੀ ਗੱਲਬਾਤ ਦਾ ਤੌਰ-ਤਰੀਕਾ ਵੱਖਰਾ ਹੁੰਦਾ ਹੈ ਅਤੇ ਨਾਲ ਹੀ ਜੇਕਰ ਉਹ ਵਿਦਵਾਨ ਬੌਧਿਕ ਤੌਰ ‘ਤੇ ਤੇਜ਼-ਤਰਾਰ ਹੋਵੇ, ਤਾਂ ਉਹ ਆਪਣੇ ਮੁਲਾਕਾਤੀ ਦੇ ਭੋਲੇਪਣ ਦਾ ਗ਼ਲਤ ਲਾਭ ਲੈਣ ਤੋਂ ਸੰਕੋਚ ਨਹੀਂ ਕਰਦਾ। ਖ਼ਾਸ ਕਰਕੇ ਉਸ ਹਾਲਤ ਵਿਚ ਜਦੋਂ ਮੁਲਾਕਾਤੀ ਨੂੰ ਉਸ ਦੀ ਸੁਹਿਰਦਤਾ ਬਾਰੇ ਕੋਈ ਸ਼ੱਕ ਸੁਬਾ ਨਾ ਹੋਵੇ। ਜੇ ਮੁਲਾਕਾਤੀ ਉਸ ਦੀ ਖ਼ਸਲਤ ਦਾ ਜਾਣੂੰ ਹੋਵੇ ਤਾਂ ਉਹ ਅਜਿਹੇ ਝੂਠੇ ਖੋਜ-ਵਿਗਿਆਨੀ ਦੀ ਚਾਲ ਵਿਚ ਨਹੀਂ ਆਉਂਦਾ। ਇਸ ਪ੍ਰਥਾਇ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਸੋਹਨ ਸਿੰਘ ਜੋਸ਼ ਵਿਚਕਾਰ ਹੋਈ ‘ਮੁੱਠਭੇੜ’ ਬਹੁਤ ਰੌਚਿਕ ਤੇ ਸਿੱਖਿਆ ਭਰਪੂਰ ਹੈ। ਬਾਬਾ ਭਗਤ ਸਿੰਘ ਬਿਲਗਾ ਦੇ ਦੱਸਣ ਮੁਤਾਬਕ ਸੋਹਨ ਸਿੰਘ ਜੋਸ਼ ਨੇ ਗ਼ਦਰ ਪਾਰਟੀ ਦਾ ਇਤਿਹਾਸ ਲਿਖਣ ਲਈ ਹੋਰਨਾਂ ਗ਼ਦਰੀ ਬਾਬਿਆਂ ਵਾਂਗ ਹੀ ਇਕ ਵਾਰ ਦੇਸ਼ਭਗਤ ਯਾਦਗਾਰ ਹਾਲ (ਜਲੰਧਰ) ਵਿਖੇ ਬਾਬਾ ਗੁਰਮੁਖ ਸਿੰਘ ਲਲਤੋਂ ਨਾਲ ਵੀ ਗੱਲਬਾਤ ਕਰਨ ਦਾ ਯਤਨ ਕੀਤਾ ਸੀ। ਦੋਵੇਂ ਕੁਰਸੀਆਂ ਲੈ। ਕੇ ਗੱਲਬਾਤ ਲਈ ਬੈਠ ਗਏ ਸਨ । ਬਾਬਾ ਬਿਲਗਾ ਨੇ ਉਸ ਮੌਕੇ ਦਾ ਦ੍ਰਿਸ਼ ਇਸ ਤਰ੍ਹਾਂ ਚਿਤਰਿਆ ਹੈ : ਬਾਬਾ ਗੁਰਮੁਖ ਸਿੰਘ ਜੀ ਦੇ ਬਿਆਨ ਲੈਣ ਸੋਹਣ ਸਿੰਘ ਜੋਸ਼ ਆਏ। ਆਪ ਸੀ.ਪੀ.ਆਈ. ਦੇ ਮਹਾਨ ਲੀਡਰ ਸਨ । ਬਾਬਾ ਹਜ਼ਾਰਾ ਸਿੰਘ ਹਮਦਮ, ਜੋ ਉਸ ਵੇਲੇ ਬਾਬਾ ਗੁਰਮੁਖ ਸਿੰਘ ਜੀ ਦੇ ਜ਼ਿਆਦਾ ਨਜ਼ਦੀਕ ਸਨ, ਉਹ ਵੀ ਸੀ.ਪੀ.ਆਈ. ਦੇ ਕੱਟੜ ਹਮਾਇਤੀ ਸਨ। ਦੇਸ਼ਭਗਤ ਯਾਦਗਾਰ ਹਾਲ ਦੇ ਵਿਹੜੇ ਵਿਚ ਕੁਰਸੀਆਂ ਡਾਹੀਆਂ ਗਈਆਂ ਤੇ ਜੋਸ਼ ਜੀ ਨੇ ਬਾਬਾ ਜੀ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ । ਬਾਬਾ ਜੀ ਨੂੰ ਅਨੁਭਵ ਹੋ ਗਿਆ ਕਿ ਜੋਸ਼ ਜੀ ਸੀ.ਪੀ.ਆਈ. ਦੀਆਂ ਗੱਲਾਂ ਉਨ੍ਹਾਂ ਦੇ ਮੂੰਹ ਵਿਚ ਪਾ ਰਹੇ ਹਨ। ਇਹ ਬਿਆਨ ਨਹੀਂ ਸਗੋਂ ਸੀ.ਪੀ.ਆਈ. ਦੇ ਹੱਕ ਵਿਚ ਬਾਬਾ ਗੁਰਮੁਖ ਸਿੰਘ ਵੱਲੋਂ ਇਕ ਸਟੇਟਮੈਂਟ ਲੈਣ ਦੀ ਕੋਸ਼ਿਸ਼ ਹੈ ਜਿਸ ਨਾਲ ਸੀ.ਪੀ.ਆਈ. ਨੂੰ ਪ੍ਰੋੜ੍ਹਤਾ ਮਿਲੇ। ਬਾਬਾ ਗੁਰਮੁਖ ਸਿੰਘ ਜੀ ਇਹ ਕਹਿੰਦੇ ਹੋਏ ਉਠ ਕੇ ਤੁਰ ਪਏ: ‘ਜਾਹ ਓਏ ਜਾਹ, ਮੇਰੇ ਮੂੰਹ ਵਿਚ ਗੱਲਾਂ ਪਾ ਕੇ ਮੈਥੋਂ ਕੁਝ ਕਹਾਉਣਾ ਚਾਹੁੰਦਾ ਹੈ ? ਮੈਂ ਇਸ ਜਾਲ ਵਿਚ ਨਹੀਂ ਫਸ ਸਕਦਾ । 20 ਬਾਬਾ ਗੁਰਮੁਖ ਸਿੰਘ ਜੀ ਸੋਹਨ ਸਿੰਘ ਜੋਸ਼ ਦੇ ਪੂਰੇ ਭੇਤੀ ਸਨ। ਠੇਠ ਮੁਹਾਵਰੇ ‘ਚ ਗੱਲ ਕਰਨੀ ਹੋਵੇ ਤਾਂ ਉਹ ਉਸ ਦੀ ਰਗ ਰਗ ਦੇ ਵਾਕਿਫ਼ ਸਨ। ਇਸ ਕਰਕੇ ਉਨ੍ਹਾਂ ਨੇ ਉਸ ਦੇ ‘ਜਾਲ ਵਿਚ ਫਸਣ’ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੱਤਾ ਸੀ। ਇਸ ਦ੍ਰਿਸ਼ਟਾਂਤ ਤੋਂ ਇਹ ਸਹੀ ਹੁੰਦਾ ਹੈ ਕਿ ਜਿਹੜੇ ਵਿਦਵਾਨ ਅੰਦਰ ਸੱਚ ਨੂੰ ਜਾਣਨ ਦੀ ਨਿਰਮਲ ਰੁਚੀ ਤੇ ਨਿਰਛਲ ਭਾਵਨਾ ਨਹੀਂ, ਉਹ ਆਪਣੇ ਮੁਲਾਕਾਤੀ ਦੇ ਮੂੰਹੋਂ ਚਲਾਕੀ ਨਾਲ ਆਪਣੇ ਮਤਲਬ ਤੇ ਪਸੰਦ ਦੀ ਗੱਲ ਕਢਾਉਣ ਦਾ ਯਤਨ ਕਰਦਾ ਹੈ। ਇਹ ਵਰਤਾਰਾ ਆਮ ਵਾਪਰਦੈ। ਆਮ ਸਿੱਧੇ ਸਾਦੇ ਲੋਕਾਂ ਦੇ ਮੁਕਾਬਲੇ ਇਹ ਸਦਾਚਾਰਕ ਐਬ ਪੜ੍ਹੇ-ਲਿਖੇ ਲੋਕਾਂ ਅੰਦਰ ਬਹੁਤਾ ਹੁੰਦੈ। ਬਾਬਾ ਸੋਹਣ ਸਿੰਘ ਭਕਨਾ ਨੇ ਅਮਰੀਕਾ ਅੰਦਰ ਆਪਣੇ ਕੌੜੇ ਅਨੁਭਵ ‘ਚੋਂ ਇਸ ਕਿਸਮ ਦੇ ‘ਪੜ੍ਹੇ-ਲਿਖਿਆਂ’ ਬਾਰੇ ਬਹੁਤ ਖਰ੍ਹਵੀਆਂ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕੈਲੇਫ਼ੋਰਨੀਆ ਦੇ ‘ਸਿੱਧੇ ਸਾਦੇ ਹਿੰਦੀਆਂ’ ਦੇ ‘ਪੜ੍ਹੇ- ਲਿਖੇ ਚਲਾਕ ਲੋਕਾਂ ਹੱਥੋਂ ਠੱਗੇ ਜਾਣ’ ਦਾ ਜ਼ਿਕਰ ਬੜੇ ਦੁੱਖ ਨਾਲ ਕੀਤਾ ਹੈ।

ਦੂਜਾ ਖੰਡ

‘ਹਿੰਦੀ ਕੌਮੀਅਤ’ ਦੀ ਨੁਕਸਦਾਰ ਧਾਰਨਾ

? ਤੁਹਾਡੀ ਗੱਲਬਾਤ ‘ਚੋਂ ਇਹ ਪ੍ਰਭਾਵ ਬਣਦਾ ਹੈ ਕਿ ਤੁਸੀਂ ਇਹ ਗੱਲ ਮੰਨ ਕੇ ਚੱਲਦੇ ਹੋ ਕਿ ਗ਼ਦਰੀ ਬਾਬਿਆਂ ਦੀ ਕੁਛ ਮਾਮਲਿਆਂ ਵਿਚ ਸਮਝ ਪੂਰੀ ਸਪੱਸ਼ਟ ਤੇ ਪਰਪੱਕ ਨਹੀਂ ਸੀ । ਕੀ ਇਹ ਗ਼ਦਰੀ ਆਗੂਆਂ ਨੂੰ ਨੀਵੇਂ ਦਿਖਾਉਣ ਵਰਗੀ ਗੱਲ ਨਹੀਂ ਬਣ ਜਾਂਦੀ ?

ਨਹੀਂ, ਇਸ ਮਸਲੇ ਨੂੰ ਯਥਾਰਥਮੁਖੀ ਹੋ ਕੇ ਦੇਖਣ ਤੇ ਸਮਝਣ ਦੀ ਲੋੜ ਹੈ। ਇਥੇ ਜੋ ਗੱਲ ਗ਼ਦਰੀ ਬਾਬਿਆਂ ਬਾਰੇ ਕਹੀ ਗਈ ਹੈ, ਉਹ ਕਿਸੇ ਵੀ ਪੱਖੋਂ ਓਪਰੀ ਜਾਂ ਗ਼ੈਰ-ਕੁਦਰਤੀ ਨਹੀਂ। ਵਿਚਾਰਾਂ ਅੰਦਰ ਸਪੱਸ਼ਟਤਾ ਤੇ ਪਰਪੱਕਤਾ ਇੱਕੋ ਦਮ ਕਦੇ ਵੀ ਨਹੀਂ ਆਉਂਦੀ। ਇਹ ਇਕ ਅਮਲ ਦੌਰਾਨ ਹੀ, ਅਭਿਆਸ ਦੇ ਜ਼ਰੀਏ ਆਉਂਦੀ ਹੈ। ਇਹ ਸਚਾਈ ਹਰ ਵਿਅਕਤੀ ਅਤੇ ਹਰ ਲਹਿਰ ਦੇ ਆਗੂਆਂ ਉੱਤੇ ਪੂਰੀ ਢੁੱਕਦੀ ਹੈ। ਜਿਹੜੀ ਗੱਲ ਕੁਦਰਤੀ ਨਿਯਮ ਹੈ, ਉਸ ਨੂੰ ਪਰਵਾਨ ਕਰ ਲੈਣ ਨਾਲ ਕੋਈ ਨੀਵਾਂ ਜਾਂ ਹੀਣਾ ਨਹੀਂ ਹੋ ਜਾਂਦਾ। ਇਸ ਦੇ ਉਲਟ, ਇਸ ਸਚਾਈ ਨੂੰ ਪਰਵਾਨ ਨਾ ਕਰਨਾ, ਝੂਠੇ ਘੁਮੰਡ ਦਾ ਪ੍ਰਗਟਾਵਾ ਕਰਨਾ ਹੈ।

ਗ਼ਦਰੀ ਆਗੂਆਂ ਦੀਆਂ ਸਮੁੱਚੀਆਂ ਲਿਖਤਾਂ ਪੜ੍ਹਨ ਤੋਂ ਇਸ ਸਿੱਟੇ ‘ਤੇ ਅਪੜਨਾ ਔਖਾ ਨਹੀਂ ਕਿ ਕੁਛ ਮਸਲਿਆਂ ਬਾਰੇ ਉਨ੍ਹਾਂ ਦੀ ਸਮਝ ਨਿਸਚਤ ਰੂਪ ਵਿਚ ਅਸਪੱਸ਼ਟ, ਅਪੂਰਨ ਤੇ ਘਚੋਲੇ-ਗੁੱਸੀ ਸੀ । ਇਸ ਦੀ ਸਭ ਤੋਂ ਉਘੜਵੀਂ ਮਿਸਾਲ ਕੌਮੀਅਤ ਬਾਰੇ ਉਨ੍ਹਾਂ ਦੇ ਸਵੈ-ਵਿਰੋਧੀ ਕਥਨ ਹਨ। ਅਤੇ ਇਹ ਮਸਲਾ ਅਜਿਹਾ ਹੈ ਜਿਸ ਬਾਰੇ ਉਸ ਵਕਤ ਪੂਰੀ ਸਿਧਾਂਤਕ ਸਪੱਸ਼ਟਤਾ ਹੋਣੀ ਜੇਕਰ ਅਸੰਭਵ ਨਹੀਂ, ਤਾਂ ਬੇਹੱਦ ਮੁਸ਼ਕਲ ਜ਼ਰੂਰ ਸੀ। ਜਿਵੇਂ ਕਿ ਹੁਣ ਤਕ ਦੇ ਅਮਲ ਨੇ ਸਾਬਤ ਕਰ ਦਿੱਤਾ ਹੈ ਕਿ ਕੌਮੀਅਤ ਅਤੇ ਕੌਮਵਾਦ ਦਾ ਮਸਲਾ ਜਿੰਨਾ ਗੁੰਝਲਦਾਰ ਹੈ, ਓਨਾ ਹੀ ਛਲ-ਭਰਿਆ ਹੈ। ਇਸ ਵਿਚ ਜਿੰਨੀਆਂ ਸਿਧਾਂਤਕ ਗੁੰਝਲਾਂ ਹਨ, ਓਨੀਆਂ ਹੀ ਅਮਲੀ ਔਕੜਾਂ ਤੇ ਘੁੰਮਣਘੇਰੀਆਂ ਹਨ। ਇਸ ਵਿਚ ਵਿਅਕਤੀਆਂ ਦੇ ਲੀਹੋਂ ਥਿੜਕ ਜਾਣ ਦੇ ਬੇਸ਼ੁਮਾਰ ਖ਼ਤਰੇ ਹਨ। ਜਿਵੇਂ ਗੁਰਬਾਣੀ ਅੰਦਰ ਮਾਇਆ ਨੂੰ, ਇਸ ਦੀ ਭਰਮਾਊ (seductive) ਸਮਰੱਥਾ ਤੇ ਸ਼ਕਤੀ ਕਰਕੇ, ‘ਨਾਗਣੀ’ ਕਿਹਾ ਗਿਆ ਹੈ, ਠੀਕ ਉਵੇਂ ਕੌਮਵਾਦ ਜਾਂ ਰਾਸ਼ਟਰਵਾਦ ਨੂੰ ਆਧੁਨਿਕ ਜਗਤ ਦੀ ਸਭ ਤੋਂ ਵੱਡੀ ਰਾਜਸੀ ਬੁਰਿਆਈ ਕਿਹਾ ਜਾ ਸਕਦਾ ਹੈ। ਪਿਛਲੀਆਂ ਲਗਭਗ ਦੋ ਸਦੀਆਂ ਦੇ ਦੌਰਾਨ ਦੁਨੀਆਂ ਅੰਦਰ ਜੋ ਵੀ ਵੱਡੀਆਂ ਖੂਨੀ ਜੰਗਾਂ ਲੜੀਆਂ ਗਈਆਂ ਹਨ, ਅਤੇ ਜੋ ਵੀ ਵੱਡੇ ਮਨੁੱਖੀ ਕਤਲੇਆਮ ਹੋਏ ਹਨ, ਦੇਸਾਂ ਦਰਮਿਆਨ ਹੋਏ ਜਾਂ ਦੇਸਾਂ ਦੇ ਅੰਦਰ, ਉਨ੍ਹਾਂ ਸਾਰਿਆਂ ਦਾ ਸੰਬੰਧ ਸਿੱਧੇ ਜਾਂ ਅਸਿੱਧੇ ਰੂਪ ਵਿਚ ‘ਰਾਸ਼ਟਰਵਾਦ’ ਨਾਲ ਜੁੜਿਆ ਹੋਇਆ ਹੈ। ਬਸਤੀਵਾਦ, ਸਾਮਰਾਜਵਾਦ, ਫ਼ਾਸ਼ੀਵਾਦ, ਨਾਜ਼ੀਵਾਦ ਵਰਗੇ ਕਿਸੇ ਵੀ ਨਾਮੁਰਾਦ ਰਾਜਸੀ ਵਰਤਾਰੇ ਨੂੰ ਰਾਸ਼ਟਰਵਾਦ ਦੇ ਹਵਾਲੇ ਬਗ਼ੈਰ ਸਮਝ ਸਕਣਾ ਨਾਮੁਮਕਿਨ ਹੈ। ਭਾਰਤ ਅੰਦਰ ਕਮਿਊਨਿਸਟ ਲਹਿਰ ਦੇ ਪਤਨ ਤੇ ਨਿਘਾਰ ਦੇ ਕਈ ਕਾਰਨਾਂ ‘ਚੋਂ ਸਭ ਤੋਂ ਵੱਡਾ ਕਾਰਨ ਰਾਸ਼ਟਰਵਾਦ ਬਾਰੇ ਇਸ ਦੇ ਆਗੂਆਂ ਦੀ ਸਿਧਾਂਤਕ ਸਮਝ ਤੇ ਸੇਧ ਗ਼ਲਤ ਹੋਣਾ ਹੈ। ਇਹ ਸਿਧਾਂਤਕ ਕੁਰਾਹਾ ਹੀ ਪੰਜਾਬ ਅੰਦਰ ਸਿੱਖ ਖਾੜਕੂ ਸੰਘਰਸ਼ ਦੌਰਾਨ ਦਰਜਨਾਂ ਦੀ ਗਿਣਤੀ ਵਿਚ ਖੱਬੇ ਪੱਖੀ ਆਗੂਆਂ ਤੇ ਕਾਰਕੁੰਨਾਂ ਦੇ ਸਿੱਖ ਜੁਝਾਰੂਆਂ ਹੱਥੋਂ ਕਤਲ ਹੋ ਜਾਣ ਦੇ ਦੁਖਾਂਤ ਦਾ ਕਾਰਨ ਬਣਿਆ। ਏਨੇ ਅਹਿਮ ਤੇ ਗੁੰਝਲਦਾਰ ਮਸਲੇ ਬਾਰੇ ਬਹੁਤ ਵਿਸਥਾਰ ਵਿਚ ਚਰਚਾ ਕਰਨ ਦੀ ਲੋੜ ਹੈ। ਪਰ ਇਥੇ ਅਜਿਹੀ ਚਰਚਾ ਕਰ ਸਕਣੀ ਨਾ ਸੰਭਵ ਹੈ ਤੇ ਨਾ ਢੁੱਕਵੀਂ। ਮੈਂ ਆਪਣੀਆਂ ਪਹਿਲੀਆਂ ਕਿਤਾਬਾਂ ਵਿਚ ਇਸ ਮਸਲੇ ਦੇ ਅਲੱਗ ਅਲੱਗ ਪਹਿਲੂਆਂ ਬਾਰੇ ਕੁਝ ਚਰਚਾ ਕਰ ਚੁੱਕਾ ਹਾਂ ਅਤੇ ਇਹ ਚਰਚਾ ਅਜੇ ਮੁਕੰਮਲ ਨਹੀਂ ਹੋਈ। ਲੋੜ ਮੁਤਾਬਕ ਇਸ ਬਾਰੇ ਭਵਿੱਖ ਅੰਦਰ ਹੋਰ ਵੀ ਚਰਚਾ ਹੁੰਦੀ ਰਹੇਗੀ। ਪਰ ਏਥੇ ਗ਼ਦਰੀ ਆਗੂਆਂ ਦੀਆਂ ਸਿਧਾਂਤਕ ਸੀਮਤਾਈਆਂ ਨੂੰ ਸਮਝਣ ਲਈ ਇਸ ਮਸਲੇ ਦੇ ਕੁਝ ਸਿਧਾਂਤਕ ਪਹਿਲੂਆਂ ਬਾਰੇ ਸੰਖੇਪ ਵਿਚ ਗੱਲ ਕਰਨੀ ਜ਼ਰੂਰੀ ਹੈ।

ਗ਼ਦਰੀ ਬਾਬਿਆਂ ਦੀ ਸਿਧਾਂਤਕ ਉਕਾਈ

ਜਿਸ ਵੇਲੇ ਗ਼ਦਰ ਪਾਰਟੀ ਦਾ ਬਾਨ੍ਹਣੂੰ ਬੰਨ੍ਹਿਆ ਗਿਆ ਸੀ, ਉਸ ਵੇਲੇ ਕੌਮੀਅਤ ਦੇ ਵਿਚਾਰ ਤੇ ਜਜ਼ਬੇ ਨੂੰ ਰਾਜਸੀ ਸਭਿਆਚਾਰ ਅੰਦਰ ਸਤਿਕਾਰ ਭਰਿਆ ਦਰਜਾ ਹਾਸਲ ਸੀ। ਇਹ ਜਜ਼ਬਾ ਕੌਮੀ ਆਜ਼ਾਦੀ ਤੇ ਤਰੱਕੀ ਦਾ ਸਾਧਨ ਤੇ ਜ਼ਾਮਨ ਮੰਨਿਆ ਜਾਂਦਾ ਸੀ। ਇਹ ਗ਼ੁਲਾਮ ਦੇਸਾਂ ਲਈ ਗ਼ੁਲਾਮੀ ਦੇ ਬੰਧਨਾਂ ਤੋ ਛੁਟਕਾਰਾ ਪਾਉਣ ਅਤੇ ਆਜ਼ਾਦ ਦੇਸਾਂ ਲਈ ਆਪਣੇ ‘ਕੌਮੀ ਗੌਰਵ ਤੇ ਹਿਤਾਂ’ ਦੀ ਰੱਖਿਆ ਕਰਨ ਤੇ ਇਨ੍ਹਾਂ ਦੀ ਚੜ੍ਹਤਲ ਕਾਇਮ ਕਰਨ ਦਾ ਅਧਿਕਾਰਗਤ ਨੁਸਖ਼ਾ ਸਮਝਿਆ ਜਾਂਦਾ ਸੀ । ਗੱਲ ਕੀ, ਸੰਸਾਰ ਅੰਦਰ ਇਸ ਦੀ ਪੂਰਨ ਮਾਨਤਾ ਸਥਾਪਤ ਹੋ ਗਈ ਸੀ। ਇਸ ਕਰਕੇ ਗ਼ਦਰੀ ਆਗੂਆਂ ਵੱਲੋਂ ਕੌਮੀਅਤ ਦੇ ਵਿਚਾਰ ਤੇ ਜਜ਼ਬੇ ਨੂੰ ਜੀਅ ਜਾਨ ਨਾਲ ਅਪਣਾਅ ਲੈਣਾ ਤੇ ਇਸ ਦੇ ਦੀਵਾਨੇ ਹੋ ਜਾਣਾ ਕੋਈ ਅਸਚਰਜਤਾ ਵਾਲੀ ਗੱਲ ਨਹੀਂ ਸੀ ਅਤੇ ਇਹ ਗੱਲ ਆਪਣੇ ਆਪ ਵਿਚ ਬਹੁਤੀ ਗ਼ਲਤ ਵੀ ਨਹੀਂ ਸੀ। ਸਮੱਸਿਆ ਵਾਲੀ ਗੱਲ ਜੋ ਉਦੋਂ ਵੀ ਸੀ ਤੇ ਅੱਜ ਵੀ ਹੈ, ਉਹ ਕੌਮੀਅਤ ਦੇ ਠੋਸ ਸਰੂਪ ਦਾ ਮਸਲਾ ਹੈ। ਉਸ ਵੇਲੇ ਸੰਸਾਰ ਦੇ ਲੋਕਾਂ ਸਾਹਮਣੇ ਕੌਮੀਅਤ ਦਾ ਜੋ ਮਾਡਲ ਮਕਬੂਲ ਹੋਇਆ, ਉਹ ਪੱਛਮੀ ਯੂਰਪ ਦੇ ਦੇਸ ਸਨ। ਮੱਧਯੁਗ ਅੰਦਰ ਇਨ੍ਹਾਂ ਦੇਸਾਂ ਦਾ ਸਰੂਪ ਅਜੋਕਾ ਨਹੀਂ ਸੀ । ਕਾਫ਼ੀ ਸਾਰੇ ਸਾਂਝੇ ਕੌਮੀ ਲੱਛਣਾਂ ਵਾਲੇ ਲੋਕ ਅਲੱਗ ਅਲੱਗ ਰਾਜਸੀ ਰਾਜਾਂ (ਰਿਆਸਤਾਂ) ਵਿਚ ਵੰਡੇ ਹੋਏ ਸਨ, ਜਿਨ੍ਹਾਂ ਵਿਚਕਾਰ ਅਕਸਰ ਰਾਜਸੀ ਕਲੇਸ਼ ਤੇ ਝਗੜੇ ਚੱਲਦੇ ਰਹਿੰਦੇ ਸਨ। ਅਖ਼ੀਰ ਵਿਚ ਪੱਛਮੀ ਯੂਰਪ ਦੇ ਭੂ-ਖੰਡ ਅੰਦਰ, ਇੱਕੋ ਸਾਂਝੀ ਬੋਲੀ ਤੇ ਸਾਂਝੇ ਸਭਿਆਚਾਰ ਨੂੰ ਪ੍ਰਣਾਏ ਲੋਕਾਂ ਦੇ, ਆਪਸੀ ਆਰਥਿਕ, ਸਮਾਜਿਕ ਤੇ ਸਭਿਆਚਾਰਕ ਵਖਰੇਵੇਂ ਤੇ ਵਿਰੋਧ ਭੁਲਾ ਕੇ, ਇੱਕੋ ਸਾਂਝੇ ਰਾਜਸੀ ਭਾਈਚਾਰੇ, ਭਾਵ ਸਾਂਝੀ ਕੌਮੀਅਤ ਦੇ ਰੂਪ ਵਿਚ ਜੁੜ ਜਾਣ ਤੇ ਆਪਣੇ ਆਪ ਨੂੰ ‘ਨੇਸ਼ਨ ਸਟੇਟ’ ਦੇ ਰੂਪ ਵਿਚ ਪੱਕੇ ਪੈਰੀਂ ਕਰਨ ਦਾ ਵਿਚਾਰ ਤੇ ਜਜ਼ਬਾ ਜ਼ੋਰ ਫੜ ਗਿਆ। ਇਸ ਤਰ੍ਹਾਂ ਇਕ ਲੰਮੇ ਤੇ ਬਿਖੜੇ ਅਮਲ ਦੇ ਜ਼ਰੀਏ ਪੱਛਮੀ ਯੂਰਪ ਅੰਦਰ ਭਿੰਨ ਭਿੰਨ ਸੁਤੰਤਰ ਤੇ ਪ੍ਰਭੁਤਾ-ਸੰਪੰਨ (sovereign) ਰਾਜ ਹੋਂਦ ਵਿਚ ਆ ਗਏ। ਇਹ ਭੂ-ਖੰਡ ਗਿਆਨਵਾਦੀ ਲਹਿਰ (enlightenment) ਦਾ ਜਨਮ ਖੇਤਰ ਤੇ ਇਸ ਦਾ ਗੜ੍ਹ ਹੋਣ ਕਰਕੇ, ਅਤੇ ਵਿਗਿਆਨ ਤੇ ਤਕਨਾਲੋਜੀ ਦੇ ਵਿਕਾਸ ਦਾ ਅਗਰਦੂਤ ਤੇ ਆਗੂ ਬਣ ਕੇ ਉਭਰ ਆਉਣ ਸਦਕਾ, ਇਸ ਨੇ ਸੰਸਾਰ ਭਰ ਅੰਦਰ ਆਰਥਿਕ, ਰਾਜਸੀ ਤੇ ਸਭਿਆਚਾਰਕ ਖੇਤਰਾਂ ਅੰਦਰ ਆਪਣੀ ਧਾਂਕ ਤੇ ਚੜ੍ਹਤਲ ਕਾਇਮ ਕਰ ਲਈ। ਇਸ ਨੂੰ ਤਰੱਕੀ ਤੇ ਸਭਿਅਤਾ ਦਾ ਮਿਸਾਲੀ ਨਮੂਨਾ ਮੰਨ ਕੇ, ਸੰਸਾਰ ਦੇ ‘ਪਛੜੇ’ ਮੁਲਕਾਂ ਦੇ ਲੋਕਾਂ, ਖ਼ਾਸ ਕਰਕੇ ਪੜ੍ਹੇ-ਲਿਖੇ ਵਰਗਾਂ ਅੰਦਰ, ਹਰ ਖੇਤਰ (ਆਰਥਿਕ, ਰਾਜਸੀ ਤੇ ਸਭਿਆਚਾਰਕ) ਅੰਦਰ ਇਸ ਦੀ ਬਾਂਦਰ- ਨਕਲ ਕਰਨ ਦੀ ਰੁਚੀ ਜ਼ੋਰ ਫੜ ਗਈ। ਇਸ ‘ਚੋਂ ਕਈ ਸਾਰੀਆਂ ਰਾਜਸੀ ਉਲਝਣਾਂ ਪੈਦਾ ਹੋ ਗਈਆਂ।

ਪੱਛਮੀ ਯੂਰਪ ਦੇ ਇਹ ਦੇਸ ਮੂਲ ਰੂਪ ਵਿਚ ਇਕ-ਜਿਨਸੀ (uni-ethnic) ਸਨ। ਭਾਵ ਉਥੇ ਕੋਈ ਬਹੁਤੇ ਉਘੜਵੇਂ ਨਸਲੀ (ethnic) ਤੇ ਧਾਰਮਿਕ-ਸਭਿਆਚਾਰਕ ਵਖਰੇਵੇਂ ਤੇ ਵਿਰੋਧ ਨਹੀਂ ਸਨ। ਇਹ ਮੂਲ ਰੂਪ ਵਿਚ ਇੱਕੋ ਧਰਮ (ਈਸਾਈਅਤ) ਤੇ ਇੱਕੋ ਨਸਲ- ਜਾਤ (ਐਂਗਲੋ-ਸੈਕਸਨ) ਵਾਲੇ ਸਾਂਝੇ ਭਾਸ਼ਾਈ ਭਾਈਚਾਰਿਆਂ ਦੇ ਇੱਕੋ-ਸਾਂਝੀ ਕੌਮੀਅਤ ਵਿਚ ਜੁੜਨ ਦਾ ਮਾਮਲਾ ਸੀ। ਪਰ ਜਦੋਂ ਇਸ ਖੇਤਰ-ਵਿਸ਼ੇਸ਼ (region-specific) ਤਜਰਬੇ ਨੂੰ ਸੰਸਾਰ ਦੇ ਅਜਿਹੇ ਖੇਤਰਾਂ ਵਿਚ ਲਾਗੂ ਕੀਤਾ ਜਾਣ ਲੱਗਾ, ਜਿਥੇ ਧਾਰਮਿਕ, ਭਾਸ਼ਾਈ ਤੇ ਨਸਲੀ-ਸਭਿਆਚਾਰਕ ਵਖਰੇਵੇਂ ਬੇਹੱਦ ਉਘੜਵੇਂ ਤੇ ਉਲਝਵੇਂ ਹਨ, ਤਾਂ ਇਸ ਨਾਲ ਕਈ ਗੰਭੀਰ ਰਾਜਸੀ ਸਮੱਸਿਆਵਾਂ ਖੜੀਆਂ ਹੋ ਗਈਆਂ । ਸ. ਜਗਜੀਤ ਸਿੰਘ ਨੇ ਆਪਣੀ ਕਿਤਾਬ ਅੰਦਰ ਅਮਰੀਕਾ ਅੰਦਰ ਸਾਂਝੀ ਕੌਮ ਦੀ ਉਸਾਰੀ ਦੇ ਸਿਲਸਿਲੇ ਤੇ ਇਸ ਨਾਲ ਜੁੜਵੀਆਂ ਰਾਜਸੀ ਉਲਝਣਾਂ ਦਾ ਬੜਾ ਸੁੰਦਰ ਵਰਣਨ ਕੀਤਾ ਹੈ। ਇਸ ਪ੍ਰਥਾਇ ਉਨ੍ਹਾਂ ਦੀ ਲਿਖਤ ‘ਚੋਂ ਲੰਮਾ ਹਵਾਲਾ ਦੇਣ ਦੀ ਗੁਸਤਾਖ਼ੀ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਇਸ ਨਾਲ ਭਾਰਤ ਅੰਦਰ ਸਾਂਝੀ ਕੌਮੀਅਤ ਦੀ ਉਸਾਰੀ ਕਰਨ ਦੇ ਸੰਕਲਪ ਦੀਆਂ ਵਜੂਦ-ਸਮੋਈਆਂ (inherent) ਕਮਜ਼ੋਰੀਆਂ ਤੇ ਉਲਝਣਾਂ ਨੂੰ ਸਮਝਣਾ ਸੁਖਾਲਾ ਹੋ ਜਾਵੇਗਾ। ਉਨ੍ਹਾਂ ਲਿਖਿਆ ਹੈ : ‘ਸੰਨ 1880 ਤੋਂ ਪਹਿਲੋਂ ਯੂਰਪ ਵਿੱਚੋਂ ਅਮਰੀਕਾ ਆਉਣ ਵਾਲੇ ਬਹੁਤੇ ਆਬਾਦਕਾਰ ਐਂਗਲੋ-ਸੈਕਸਨ ਨਸਲ ਦੇ ਸਨ, ਜੋ ਆਇਰਲੈਂਡ, ਇੰਗਲੈਂਡ, ਜਰਮਨੀ ਅਤੇ ਸਕੈਂਡਨੇਵੀਆ ਦੇ ਮੁਲਕਾਂ ਵਿੱਚੋਂ ਆਏ ਸਨ। ਇਸ ਤੋਂ ਪਿੱਛੋਂ ਯੂਰਪ ਵਿੱਚੋਂ ਆਉਣ ਵਾਲਿਆਂ ਆਬਾਦਕਾਰਾਂ ਦੀ ਵਧੇਰੇ ਗਿਣਤੀ ਪੂਰਬੀ ਅਤੇ ਦੱਖਣ- ਪੂਰਬੀ ਯੂਰਪ ਦੇ ਮੁਲਕਾਂ ਵਿੱਚੋਂ ਸੀ। ਐਂਗਲੋ-ਸੈਕਸਨ ਨਸਲ ਦੇ ਅਮਰੀਕਨ ਆਪਣੇ ਆਪ ਨੂੰ ਸਭਿਆਚਾਰ ਅਤੇ ਵਿੱਦਿਆ ਵਿਚ ਵਧੀਆ ਅਤੇ ਅਮਰੀਕਾ ਦੇ ਪੁਰਾਣੇ ਵਸਨੀਕ ਸਮਝਦੇ ਸਨ, ਅਤੇ ਸੰਨ 1880 ਤੋਂ ਪਿੱਛੋਂ ਪੂਰਬੀ ਅਤੇ : ਦੱਖਣ ਦੱਖਣ-ਪੂਰਬੀ ਯੂਰਪ ਤੋਂ ਆਏ ਨਵੇਂ ਆਬਾਦਕਾਰਾਂ’ ‘ ਨੂੰ ਸਭਿਆਚਾਰ ਅਤੇ ਵਿੱਦਿਆ ਦੇ ਲਿਹਾਜ਼ ਨਾਲ ਘਟੀਆ ਸਮਝਦੇ ਸਨ…ਅਮਰੀਕਾ ਵਿਚ ਯੂਰਪੀਨ ਨਵੇਂ ਆਬਾਦਕਾਰਾਂ ਵਿਰੁੱਧ ਜਜ਼ਬੇ ਦੀ ਤਹਿ ਵਿਚ ਇਕ ਵੱਡਾ ਰਾਜਸੀ ਕਾਰਨ ਵੀ ਸੀ। ਅਮਰੀਕਾ ਦੀਆਂ ਘਰੋਗੀ ਲੜਾਈਆਂ ਨੇ ਭਿੰਨ ਭਿੰਨ ਕੌਮਾਂ ਅਤੇ ਜਾਤੀਆਂ ਦੇ ਮਿਲਗੋਭਾ ਭਾਈਚਾਰੇ ਦੀਆਂ ਕਮਜ਼ੋਰੀਆਂ ਨੂੰ ਸਪੱਸ਼ਟ ਕੀਤਾ ਸੀ ਅਤੇ ਨਿਗਰ ਕੌਮ ਬਣਾਉਣ ਦਾ ਵਿਚਾਰ ਇਹ ਮੰਗ ਕਰਦਾ ਸੀ ਕਿ ਇਕ ਸੋਚੀ ਸਮਝੀ ਹੋਈ ਨੀਤੀ ਉੱਤੇ ਚੱਲਿਆ ਜਾਏ । ਇਸ ਵਾਸਤੇ ਕੌਮੀ ਨਿਗਰਤਾ ਦੇ ਖ਼ਿਆਲ ਤੋਂ ਐਂਗਲੋ- ਸੈਕਸਨ ਨਸਲ ਦੇ ਧੁਰੇ ਉਦਾਲੇ ਅਮਰੀਕਨ ਕੌਮ ਦੀ ਉਸਾਰੀ ਕਰਨ ਦੀ ਨੀਤੀ ਧਾਰਨ ਕੀਤੀ ਗਈ ।

ਉਪਰੋਕਤ ਹਵਾਲੇ ਦੀ ਰੋਸ਼ਨੀ ਵਿਚ ਭਾਰਤ ਅੰਦਰ ਸਾਂਝੀ ਕੌਮ ਦੀ ਉਸਾਰੀ ਦੇ ਵਿਚਾਰ ਤੇ ਜਜ਼ਬੇ ਦਾ ਅਸਲੀ ਖ਼ਾਸਾ ਪਛਾਣਨਾ ਅਤੇ ਇਸ ਨਾਲ ਦੇਸ ਦੇ ਘੱਟ-ਗਿਣਤੀ ਧਾਰਮਿਕ ਭਾਈਚਾਰਿਆਂ ਤੇ ਜਾਤੀਆਂ (ethnic communities) ਅੰਦਰ ਪੈਦਾ ਹੋਣ ਵਾਲੇ ਡਰਾਂ ਤੇ ਖ਼ਦਸ਼ਿਆਂ ਨੂੰ ਸਮਝਣਾ ਸੁਖਾਲਾ ਹੋ ਜਾਵੇਗਾ। ਕਿਉਂਕਿ ਇਸ ਤੋਂ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਜਦੋਂ ਭਾਰਤ ਵਰਗੇ ਕਿਸੇ ਬਹੁ-ਭਾਂਤੀ ਸਮਾਜ, ਜਿਥੇ ਅਲੱਗ ਅਲੱਗ ਧਰਮਾਂ, ਨਸਲਾਂ ਤੇ ਜਾਤੀਆਂ ਦੇ ਲੋਕ ਵੱਸਦੇ ਹਨ, ਅੰਦਰ ਇੱਕੋ-ਸਾਂਝੀ ਕੰਮ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਤਾਂ ਇਹ ਅਮਲ ਕਦੇ ਵੀ ਧਰਮ-ਨਿਰਪੱਖ, ਨਸਲ- ਨਿਰਪੱਖ ਤੇ ਜਾਤੀ-ਨਿਰਪੱਖ (ethnic neutral) ਨਹੀਂ ਹੋ ਸਕਦਾ। ਕਿਉਂਕਿ ਇਹ ਸਾਂਝੀ ਕੌਮ ਕਿਸੇ ਖ਼ਲਾਅ ‘ਚੋਂ ਪੈਦਾ ਨਹੀਂ ਕੀਤੀ ਜਾ ਸਕਦੀ, ਅਮਰੀਕਾ ਵਾਂਗ ਇਹ ਅਲੱਗ ਅਲੱਗ ਧਾਰਮਿਕ ਅਤੇ ਨਸਲੀ-ਸਭਿਆਚਾਰਕ ਸਮੂਹਾਂ ਵਿੱਚੋਂ ਕਿਸੇ ਇਕ ਨਸਲ-ਜਾਤੀ ਸਮੂਹ (ethnic group) ਦੇ ਧੁਰੇ ਉਦਾਲੇ ਹੀ ਉਸਰ ਸਕਦੀ ਹੈ। ਇਹ ਇਕ ਅਟੱਲ ਸਚਾਈ ਹੈ, ਕਿਉਂਜੋ ਇਹ ਸਾਂਝ ਭੌਤਿਕ ਨਹੀਂ, ਰਸਾਇਣਕ ਹੁੰਦੀ ਹੈ। ਅੰਤਮ ਨਿਸ਼ਾਨਾ ਅਲੱਗ ਅਲੱਗ ਤੱਤਾਂ ਦਾ ਭੌਤਿਕ ਮਿਸ਼ਰਨ ਨਹੀਂ, ਰਸਾਇਣਕ ਘੋਲ ਬਣਾਉਣਾ ਹੁੰਦਾ ਹੈ। ਇਸ ਕਰਕੇ ਅਮਰੀਕਾ ਨੂੰ ‘ਸਲਾਦ ਦਾ ਕਟੋਰਾ’ (bowl of salad) ਨਹੀਂ, ਅਲੱਗ ਅਲੱਗ ਸਭਿਆਚਾਰਾਂ ਦੀ ‘ਕੁਠਾਲੀ’ (melting pot) ਦੀ ਸੰਗਿਆ ਦਿੱਤੀ ਜਾਂਦੀ ਹੈ। ਸ਼੍ਰੀਲੰਕਾ ਵਿਚ ਬਹੁਗਿਣਤੀ ਸਿੰਹਾਲੀ (ਬੋਧੀ) ਭਾਈਚਾਰੇ ਦੇ ਧੁਰੇ ਉਦਾਲੇ ਸਾਂਝੀ ਕੌਮ ਦੀ ਉਸਾਰੀ ਕਰਨ ਦਾ ਪ੍ਰੋਜੈਕਟ ਘੱਟ-ਗਿਣਤੀ ਤਾਮਿਲ ਤੇ ਮੁਸਲਿਮ ਭਾਈਚਾਰਿਆਂ ਉੱਤੇ ਬਹੁਗਿਣਤੀ ਵਰਗ ਦਾ ਰਾਜਸੀ ਤੇ ਸਭਿਆਚਾਰਕ ਗ਼ਲਬਾ ਸਥਾਪਤ ਕਰਨ ਦੀ ਹੀ ਚਾਲਬਾਜ਼ੀ ਹੈ। ਚੀਨ ਵਿਚ ਵੀ ਸਾਂਝੀ ਚੀਨੀ ਕੌਮ ਦਾ ਧੁਰਾ ਬਹੁਗਿਣਤੀ ਹਾਨ ਕੌਮੀਅਤ ਹੈ ਜਿਸ ਨੇ ਮੁਸਲਿਮ ਤੇ ਹੋਰਨਾਂ ਘੱਟ-ਗਿਣਤੀ ਭਾਈਚਾਰਿਆਂ ਉੱਤੇ ਆਪਣਾ ਗ਼ਲਬਾ ਪਾਇਆ ਹੋਇਆ ਹੈ। ਇਸੇ ਤਰ੍ਹਾਂ ਸੰਸਾਰ ਦੇ ਹੋਰਨਾਂ ਦੇਸਾਂ ਦੀਆਂ ਵੀ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

‘ਹਿੰਦੀ ਕੌਮੀਅਤ’ ਦਾ ਹਿੰਦੂ-ਪ੍ਰਧਾਨ ਖ਼ਾਸਾ

ਡੂੰਘਾ ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਪ੍ਰਸੰਗ ਵਿਚ ‘ਸਾਂਝੀ ਕੌਮ ਦਾ ਧੁਰਾ’ ਬਣਨ ਦਾ ਦਾਅਵੇਦਾਰ ਕਿਹੜਾ ਵਰਗ ਹੋ ਸਕਦਾ ਹੈ ? ਅਮਰੀਕਾ ਦੇ ਤਜਰਬੇ ਦੀ ਰੋਸ਼ਨੀ ਵਿਚ ਦੇਖਿਆ ਜਾਵੇ ਤਾਂ ਇਹ ਵਰਗ ਉਹੀ ਹੋ ਸਕਦਾ ਹੈ ਜਿਹੜਾ ‘ਆਪਣੇ ਆਪ ਨੂੰ ਸਭਿਆਚਾਰ ਅਤੇ ਵਿੱਦਿਆ ਵਿਚ ਵਧੀਆ’ ਅਤੇ ‘ਭਾਰਤ ਦਾ ਸਭ ਤੋਂ ਪੁਰਾਣਾ ਵਸਨੀਕ’ ਸਮਝਦਾ ਹੋਵੇ। ਹਿੰਦੂ ਸਵਰਨ ਜਾਤੀਆਂ ਤੋਂ ਬਿਨਾਂ ਇਹ ਦਾਅਵਾ ਹੋਰ ਕੋਈ ਵਰਗ ਨਹੀਂ ਕਰ ਸਕਦਾ – ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ ਤੇ ਨਾ ਹਿੰਦੂ ਸਮਾਜ ਦੇ ‘ਅਛੂਤ’ ਕਹਿ ਕੇ ਦੁਰਕਾਰੇ ਗਏ ਹਿੱਸੇ। ਆਪਣੇ ਆਪ ਨੂੰ ਹੋਰਨਾਂ ਨਾਲੋਂ ਉੱਤਮ ਸਮਝਣ ਦੀ ਭਾਵਨਾ ਹਿੰਦੂ ਸਵਰਨ ਜਾਤੀਆਂ ਦਾ ਜਮਾਂਦਰੂ ਲੱਛਣ ਹੈ। ਇਹ ਭਾਵਨਾ ਉਨ੍ਹਾਂ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ। ਉਨ੍ਹਾਂ ਨੇ ਨਾ ਸਿਰਫ਼ ‘ਵਰਣ ਭੇਦ’ ਦੇ ਕਪਟਪੂਰਨ ਸਿਧਾਂਤ ਦੀ ਬਦੌਲਤ ਹਜ਼ਾਰਾਂ ਸਾਲਾਂ ਤਕ ਗਿਆਨ ਉੱਤੇ ਆਪਣੀ ਪਰੰਪਰਾਗਤ ਅਜਾਰੇਦਾਰੀ ਬਣਾਈ ਰੱਖੀ, ਸਗੋਂ ਅੰਗਰੇਜ਼ਾਂ ਦੇ ਭਾਰਤ ਉੱਤੇ ਕਾਬਜ਼ ਹੋ ਜਾਣ ਤੋਂ ਬਾਅਦ ਵੀ ਇਸ ਵਰਗ ਨੇ, ਆਪਣੇ ਜਮਾਂਦਰੂ ਲੱਛਣ ਮੁਤਾਬਕ ਬਸਤੀਵਾਦੀ ਰਾਜ ਨਾਲ ਸਹਿਯੋਗ ਤੇ ਭਾਈਵਾਲੀ ਦੇ ਜ਼ਰੀਏ ਅੰਗਰੇਜ਼ੀ ਵਿੱਦਿਆ ਗ੍ਰਹਿਣ ਕਰਨ ਦਾ ਸਭ ਤੋਂ ਵੱਧ ਲਾਹਾ ਖੱਟਿਆ। ਅੰਗਰੇਜ਼ੀ ਰਾਜ ਸਭ ਤੋਂ ਪਹਿਲਾਂ ਕਿਉਂਕਿ ਬੰਗਾਲ ਵਿਚ ਕਾਇਮ ਹੋਇਆ, ਇਸ ਕਰਕੇ ਬੰਗਾਲੀ ਹਿੰਦੂ ਸਵਰਨ ਜਾਤੀਆਂ ਦੇ ਕੁਝ ਚੁਣਵੇਂ ਤੱਤਾਂ, ਖ਼ਾਸ ਕਰਕੇ ਬ੍ਰਾਹਮਣਾਂ ਨੇ ਅੰਗਰੇਜ਼ੀ ਵਿੱਦਿਆ ਗ੍ਰਹਿਣ ਕਰਨ ਵਿਚ ਸਭ ਨਾਲੋਂ ਫੁਰਤੀ ਕੀਤੀ ਅਤੇ ਇਸ ਮਾਮਲੇ ਵਿਚ ਉਹ ਬਾਕੀ ਖੇਤਰਾਂ ਤੇ ਵਰਗਾਂ ਤੋਂ ਕਿਤੇ ਅਗਾਂਹ ਲੰਘ ਗਏ। ਜਦੋਂ ਜਾ ਕੇ ਪੰਜਾਬ ਅੰਦਰ ਅੰਗਰੇਜ਼ੀ ਵਿੱਦਿਆ ਆਰੰਭ ਹੋਈ, ਉਸ ਵੇਲੇ ਤਕ ਤਾਂ ਬੰਗਾਲੀ ਬ੍ਰਾਹਮਣਾਂ ਤੇ ਉਨ੍ਹਾਂ ਦੀਆਂ ਸਹਿਯੋਗੀ ਦੂਸਰੀਆਂ ਸਵਰਨ ਜਾਤੀਆਂ ਦੀਆਂ ਤਿੰਨ ਪੁਸ਼ਤਾਂ ਪੜ੍ਹ-ਲਿਖ ਚੁੱਕੀਆਂ ਸਨ। ‘ਭਦਰ ਲੋਕ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਬੰਗਾਲੀ ਬਾਬੂ ਤਬਕਾ ਹੀ ਸੀ ਜਿਹੜਾ ਭਾਰਤ ਅੰਦਰ ਰਾਸ਼ਟਰਵਾਦ ਦਾ ਅਗਰਦੂਤ ਬਣਿਆ। ਇਹ ਸੁਭਾਵਕ ਹੀ ਸੀ ਕਿ ਇਸ ਵੱਲੋਂ ਹਿੰਦੂ ਸਵਰਨ ਜਾਤੀਆਂ ਦੇ ਧੁਰੇ ਉਦਾਲੇ ‘ਸਾਂਝੀ ਭਾਰਤੀ ਕੌਮ’ ਦੀ ਸਿਰਜਣਾ ਕਰਨ ਦਾ ਵਿਚਾਰ-ਨਕਸ਼ਾ ਤਿਆਰ ਕੀਤਾ ਗਿਆ ਅਤੇ ਇਸ ਉੱਤੇ ਜ਼ੋਰ ਸ਼ੋਰ ਨਾਲ ਸਰਗਰਮੀ ਵਿੱਢੀ ਗਈ।

ਇਹ ਬੜੀ ਸੁਭਾਵਕ ਜਿਹੀ ਗੱਲ ਹੈ ਕਿ ਕੌਮ ਦੀ ਉਸਾਰੀ ਜਿਸ ਵਰਗ-ਵਿਸ਼ੇਸ਼ ਦੇ ਧੁਰੇ ਉਦਾਲੇ ਹੁੰਦੀ ਹੈ, ਉਸਰਨ ਵਾਲੇ ਸਾਂਝੇ ਕੌਮੀ ਸਭਿਆਚਾਰ ਦਾ ਖ਼ਾਸਾ ਤੇ ਸਰੂਪ ਉਸ ਵਰਗ-ਵਿਸ਼ੇਸ਼ ਦੇ ਧਰਮ ਤੇ ਸਭਿਆਚਾਰ ਤੋਂ ਹੀ ਨਿਰਧਾਰਤ ਹੁੰਦਾ ਹੈ। ਰਾਸ਼ਟਰਵਾਦੀ ਲਹਿਰ ਅੰਦਰ ਇਸ ਦਾ ਜ਼ਹੂਰ ਕੌਮੀ ਨਾਇਕਾਂ, ਨਿਸ਼ਾਨਾਂ (ਝੰਡੇ), ਚਿੰਨ੍ਹਾਂ, ਰੂਪਕਾਂ, ਨਾਹਰਿਆਂ ਤੇ ਪੂਜਾ ਪ੍ਰਾਰਥਨਾ ਦੀਆਂ ਵਿਧੀਆਂ ਆਦਿ ਦੇ ਰੂਪ ਵਿਚ ਹੁੰਦਾ ਹੈ। ਲਹਿਰ ਦੇ ਜੇਤੂ ਹੋ ਜਾਣ ਉਪਰੰਤ ਰਾਜ ਦਾ ਸਭਿਆਚਾਰਕ ਤੱਤ ਸਾਰ (essence) ਇਸ ਦੀਆਂ ਰਾਜਸੀ ਸੰਸਥਾਵਾਂ ਤੇ ਸਰਕਾਰੀ ਭਾਸ਼ਾ ਦੇ ਰੂਪ ਵਿਚ ਅਤੇ ਚਿੰਨ੍ਹ ਖੇਤਰ ਅੰਦਰ ਕੌਮੀ ਨਾਇਕਾਂ, ਕੌਮੀ ਨਿਸ਼ਾਨਾਂ (emblem), ਰਹੁ-ਰੀਤਾਂ, ਛੁੱਟੀਆਂ ਤੇ ਤਿੱਥਾਂ ਤਿਉਹਾਰਾਂ ਦੀ ਚੋਣ ਦੇ ਰੂਪ ਵਿਚ ਉਜਾਗਰ ਹੁੰਦਾ ਹੈ। ਇਸ ਰੋਸ਼ਨੀ ਵਿਚ ਦੇਖਿਆਂ, ਗ਼ਦਰ ਪਾਰਟੀ ਵੱਲੋਂ ਅਪਣਾਏ ਗਏ ਚਿੰਨ੍ਹਾਂ ਤੇ ਨਾਹਰਿਆਂ ਦਾ ਹਿੰਦੂ ਖ਼ਾਸਾ ਸਾਫ਼ ਉਜਾਗਰ ਹੋ ਜਾਂਦਾ ਹੈ। ਪਾਰਟੀ ਦੇ ਦਫ਼ਤਰ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖਣਾ, ਦੇਸ ਵਾਸਤੇ ‘ਭਾਰਤ ਮਾਤਾ’ ਦਾ ਰੂਪਕ ਵਰਤਣਾ, ਦੁਆ ਸਲਾਮ ਲਈ ‘ਵੰਦੇ ਮਾਤਰਮ’ ਦੀ ਚੋਣ ਕਰਨੀ, ਆਦਿ ‘ਚੋਂ ਕਿਸੇ ਨੂੰ ਵੀ ਸਹੀ ਅਰਥਾਂ ਵਿਚ ਧਰਮ ਨਿਰਪੱਖ (ਧਰਮ ਨਿਊਟਰਲ) ਨਹੀਂ ਕਿਹਾ ਜਾ ਸਕਦਾ। ਸਾਰਿਆਂ ਦਾ ਜੋੜ ਹਿੰਦੂ ਧਰਮ ਤੇ ਪਰੰਪਰਾ ਨਾਲ ਬਹਿੰਦਾ ਹੈ। ਇਹ ਸਾਰੇ ਨਾਂ ਤੇ ਚਿੰਨ੍ਹ ਬੰਗਾਲੀ ਹਿੰਦੂ ਕੌਮਪ੍ਰਸਤਾਂ, ਜੋ ਲਾ-ਵਾਢਿਓਂ ‘ਸਵਰਨ ਵਰਗਾਂ’ ’ਚੋਂ ਸਨ, ਦੁਆਰਾ ਘੜੇ ਗਏ ਸਨ। ਗ਼ਦਰ ਪਾਰਟੀ ਅੰਦਰ ਇਨ੍ਹਾਂ ਦੀ ਘੁਸਪੈਠ ਲਾਲਾ ਹਰਦਿਆਲ ਦੇ ਮਾਰਫ਼ਤ ਹੋਈ ਸੀ। ‘ਵੰਦੇ ਮਾਤਰਮ’ ਦਾ ਨਾਅਰਾ ਬੰਕਿਮ ਚੰਦਰ ਚੈਟਰਜੀ ਦੇ ਨਾਵਲ ਅਨੰਦ ਮੱਠ ਵਿੱਚੋਂ ਲਿਆ ਗਿਆ ਹੈ। ਇਸ ਨਾਵਲ ਅੰਦਰ ਹਿੰਦੂ ਧਰਮ ਤੇ ਸੰਸਕ੍ਰਿਤੀ ਦੀ ਬਹੁਤ ਹੀ ਅਸ਼ਲੀਲ ਢੰਗ ਨਾਲ ਜੈ ਜੈਕਾਰ ਕੀਤੀ ਗਈ ਹੈ ਅਤੇ ਇਸਲਾਮ ਤੇ ਮੁਸਲਿਮ ਭਾਈਚਾਰੇ ਦੀ ਖੁੱਲ੍ਹ ਕੇ ਭੰਡੀ ਕੀਤੀ ਗਈ ਹੈ। ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਬੰਗਾਲ ਅੰਦਰ ਹਿੰਦੂ ਭੀੜਾਂ ਵੱਲੋਂ ‘ਵੰਦੇ ਮਾਤਰਮ’ ਦੇ ਨਾਅਰੇ ਦੀ ਵਰਤੋਂ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਪ੍ਰਗਟਾਉਣ ਤੇ ਭੜਕਾਉਣ ਅਤੇ ਉਨਾਂ ਨੂੰ ਡਰਾਉਣ ਧਮਕਾਉਣ ਲਈ ਕੀਤੀ ਜਾਂਦੀ ਰਹੀ ਸੀ, ਜਿਸ ਕਰਕੇ ਇਹ ਨਾਅਰਾ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਫਸਾਦ ਕਰਾਉਣ ਦਾ ਕਾਰਨ ਬਣ ਗਿਆ ਸੀ । ਸੋ ਇਸ ਹਿਸਾਬ ਨਾਲ ਗ਼ਦਰ ਪਾਰਟੀ ਵੱਲੋਂ ਇਨ੍ਹਾਂ ਹਿੰਦੂ ਚਿੰਨ੍ਹਾਂ ਤੇ ਨਾਅਰਿਆਂ ਨੂੰ ਅਪਨਾਉਣਾ, ਧਰਮ-ਨਿਰਪੱਖਤਾ ਦੇ ਆਪਣੇ ਹੀ ਐਲਾਨੀਆ ਉਦੇਸ਼ਾਂ ਦੀ ਖੁੱਲ੍ਹਮ-ਖੁੱਲ੍ਹੀ ਖ਼ਿਲਾਫ਼ਵਰਜ਼ੀ ਸੀ। ਇਹ ਜੋ ਦੇਸ਼ਭਗਤੀ ਨੂੰ ‘ਸਭ ਤੋਂ ਵੱਡਾ ਧਰਮ’ ਕਹਿਣ ਦੀ ਗੱਲ ਹੈ, ਇਹ ਧਾਰਨਾ ਸਭ ਤੋਂ ਪਹਿਲਾਂ ਬੰਕਿਮ ਚੰਦਰ ਚੈਟਰਜੀ ਨੇ

ਈਜਾਦ ਕੀਤੀ ਸੀ। ਬਾਅਦ ਵਿਚ ਅਰਬਿੰਦੋ ਘੋਸ਼ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਤਕ, ਭਾਰਤੀ ਰਾਸ਼ਟਰਵਾਦ ਦਾ ਪੜੁੱਲ ਬੰਨ੍ਹਣ ਵਾਲੀਆਂ ਸਾਰੀਆਂ ਪ੍ਰਮੁੱਖ ਹਿੰਦੂ ਹਸਤੀਆਂ ਨੇ ਇਸ ਧਾਰਨਾ ਦਾ ਅਲਾਪ ਕਰਨ ਦੀ ਰੀਤ ਪ੍ਰਚਲਿਤ ਕੀਤੀ। ਸਵਾਮੀ ਵਿਵੇਕਾਨੰਦ ਨੇ ਭਾਰਤ ਦੇ ਲੋਕਾਂ ਨੂੰ, ਆਰਜ਼ੀ ਤੌਰ ‘ਤੇ, ਆਪਣੇ ਹੋਰ ਸਭਨਾਂ ਇਸ਼ਟਾਂ ਨੂੰ ਭੁਲਾ ਕੇ ਕੇਵਲ ਤੇ ਕੇਵਲ ‘ਭਾਰਤ ਮਾਤਾ’ ਦੀ ਹੀ ਪੂਜਾ ਕਰਨ ਦਾ ਉਤੇਜਨਾ-ਭਰਿਆ ਸੱਦਾ ਦਿੱਤਾ ਸੀ। ਲਾਲਾ ਹਰਦਿਆਲ ਤੇ ਹੋਰਨਾਂ ਹਿੰਦੂ ਕੌਮਪ੍ਰਸਤਾਂ ਨੇ ਗ਼ਦਰ ਪਾਰਟੀ ਅੰਦਰ ਇਨ੍ਹਾਂ ਹਿੰਦੂਵਾਦੀ ਧਾਰਨਾਵਾਂ ਨੂੰ ਪ੍ਰਚਲਿਤ ਕਰਨ ਵਿਚ ਉਚੇਚਾ ਉਤਸ਼ਾਹ ਦਿਖਾਇਆ। ਸੋ ਕੁਦਰਤੀ ਤੌਰ ‘ਤੇ ਗ਼ਦਰੀ ਬਾਬਿਆਂ ਉੱਤੇ ਇਨ੍ਹਾਂ ਗੱਲਾਂ ਦਾ ਪ੍ਰਭਾਵ ਪਿਆ।

? ਇਥੇ ਮਨ ਅੰਦਰ ਇਕ ਸੁਆਲ ਖੜਾ ਹੁੰਦਾ ਹੈ ਕਿ ਗ਼ਦਰੀ ਬਾਬੇ, ਜਿਹੜੇ ਸਿੱਖੀ ਵਿਚ ਪੂਰੇ ਪਰਪੱਕ ਤੇ ਧਰਮ-ਨਿਰਪੱਖਤਾ ਦੇ ਪੱਕੇ ਮੁਦਈ ਸਨ, ਉਨ੍ਹਾਂ ਨੇ ਇਹ ਗੱਲਾਂ ਕਿਵੇਂ ਪ੍ਰਵਾਨ ਕਰ ਲਈਆਂ ? ਕੀ ਉਹ ਇਸ ਬਾਰੇ ਚੇਤੰਨ ਨਹੀਂ ਸਨ ? ਕੀ ਉਹ ਇਹ ਗੱਲ ਨਾ ਭਾਂਪ ਸਕੇ ਕਿ ਉਹ ਜਿਹੜੀ ‘ਹਿੰਦੀ ਕੌਮ’ ਪ੍ਰਤਿ ਏਨਾ ਉਤਸ਼ਾਹ ਦਿਖਾ ਰਹੇ ਸਨ, ਉਹ ਅਸਲ ਵਿਚ ਹਿੰਦੂ ਸਵਰਨ ਜਾਤੀਆਂ ਦੀ ਰਾਜਸੀ ਚੜ੍ਹਤਲ ਦਾ ਹੀ ਵਸੀਲਾ ਤੇ ਪਲੇਟਫ਼ਾਰਮ ਤਿਆਰ ਹੋ ਰਿਹਾ ਸੀ ? ਕੀ ਇਹ ਉਨ੍ਹਾਂ ਦੀ ਸਿਧਾਂਤਕ ਕਮਜ਼ੋਰੀ ਜਾਂ ਨਾਦਾਨੀ ਨਹੀਂ ਸੀ ?

ਗ਼ਦਰੀ ਬਾਬਿਆਂ ਬਾਰੇ ਨਿਆਂਪੂਰਕ ਹੋ ਕੇ ਸੋਚਿਆ ਜਾਵੇ ਤਾਂ ਉਸ ਵੇਲੇ ਇਨ੍ਹਾਂ ਗੱਲਾਂ ਦੀ ਪਛਾਣ ਕਰ ਸਕਣੀ ਜੇਕਰ ਅਸੰਭਵ ਨਹੀਂ ਤਾਂ ਬੇਹੱਦ ਔਖੀ ਜ਼ਰੂਰ ਸੀ । ਸਾਨੂੰ ਉਨ੍ਹਾਂ ਦੀ ਸਮੁੱਚੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਹੀ ਉਨ੍ਹਾਂ ਬਾਰੇ ਕੋਈ ਰਾਇ ਬਣਾਉਣੀ ਚਾਹੀਦੀ ਹੈ। ਇਕ ਤਾਂ ਉਸ ਵੇਲੇ ਕੌਮਾਂ ਦੇ ਸਿਧਾਂਤ ਬਾਰੇ ਗਿਆਨ ਅਜੇ ਮੁੱਢਲੇ ਪੜਾਅ ’ਤੇ ਹੀ ਸੀ। ਉਸ ਵੇਲੇ ਸਾਂਝੀ ਕੌਮੀਅਤ ਦੀ ਭਾਵਨਾ ਨੂੰ ਬਹੁਤ ਹੀ ਉੱਚਾ ਅੰਗਿਆ ਜਾਂਦਾ ਸੀ । ਇਸ ਨੂੰ ਇਕ ਪਵਿੱਤਰ ਤੇ ਪੂਜਣਯੋਗ ਖ਼ਿਆਲ ਸਮਝਿਆ ਜਾਂਦਾ ਸੀ। ਇਸ ਨਾਲ ਜੁੜੇ ਖ਼ਤਰਿਆਂ ਬਾਰੇ ਆਮ ਲੋਕਾਂ ‘ ਨੂੰ ਤਾਂ * ਕੀ, ਵਿੱਦਿਅਕ ਹਲਕਿਆਂ (academia) ਨੂੰ ਵੀ ਬਹੁਤੀ ਸੋਝੀ ਨਹੀਂ ਸੀ। ਇਹ ਸੋਝੀ ਦੂਜੀ ਵੱਡੀ ਜੰਗ ਤੋਂ ਬਾਅਦ ਹੀ ਆਉਣੀ ਸ਼ੁਰੂ ਹੋਈ, ਜਦੋਂ ਠੋਸ ਅਨੁਭਵ ਦੀ ਰੋਸ਼ਨੀ ਵਿਚ ਰਾਸ਼ਟਰਵਾਦ ਦੇ ਵਰਤਾਰੇ ਬਾਰੇ ਪੜਚੋਲਵਾਂ ਨਜ਼ਰੀਆ ਵਿਕਸਤ ਹੋਇਆ ਅਤੇ ਕਈ ਸਾਰੀਆਂ ਪੁਰਾਣੀਆਂ ਧਾਰਨਾਵਾਂ ਨੂੰ ਜਾਂ ਤਾਂ ਗ਼ਲਤ ਠਹਿਰਾਇਆ ਗਿਆ ਜਾਂ ਅਹਿਮ ਰੂਪ ਵਿਚ ਸੋਧਿਆ ਗਿਆ। ਪਿਛਲੇ ਤਿੰਨ ਕੁ ਦਹਾਕਿਆਂ ਅੰਦਰ ਖ਼ੁਦ ਪੱਛਮ ਦੇ ਹੀ ਬੌਧਿਕ ਹਲਕਿਆਂ ਅੰਦਰ ਇਸ ਬਾਰੇ ਇਕ ਨਵਾਂ ਨਜ਼ਰੀਆ ਪੈਦਾ ਹੋਇਆ ਹੈ ਅਤੇ ਇਸ ਬਾਰੇ ਵਿਦਵਾਨਾਂ ਅੰਦਰ ਬਹੁਤ ਹੀ ਭਖਵੀਂ ਤੇ ਮੁੱਲਵਾਨ ਬਹਿਸ ਚੱਲੀ ਹੈ। ਇਸ ਕਰਕੇ ਅੱਜ ਸਾਨੂੰ ਇਸ ਗੱਲ ‘ਤੇ ਹੈਰਾਨ ਜਾਂ ਖ਼ਫ਼ਾ ਨਹੀਂ ਹੋਣਾ ਚਾਹੀਦਾ ਕਿ ਗ਼ਦਰੀ ਬਾਬਿਆਂ ਨੂੰ ਉਸ ਵੇਲੇ, ਵੀਹਵੀਂ ਸਦੀ ਦੇ ਆਰੰਭ ਵਿਚ, ਇਹ ਸੋਝੀ ਕਿਉਂ ਨਾ ਆਈ। ਹੈਰਾਨੀ ਤੇ ਗਿਲਾਨੀ ਤਾਂ ਇਸ ਗੱਲ ‘ਤੇ ਹੁੰਦੀ ਹੈ ਕਿ ਜਿਹੜੇ ਲੋਕ ਅੱਜ-ਕੱਲ੍ਹ ਗ਼ਦਰੀ ਬਾਬਿਆਂ ਦੀ ਵਿਰਾਸਤ ਦੇ ਦਾਅਵੇਦਾਰ ਬਣੇ ਫਿਰਦੇ ਹਨ, ਉਨ੍ਹਾਂ ਨੂੰ ਅਜੇ ਤਕ, ਬਾਬਿਆਂ ਤੋਂ ਸੌ ਸਾਲਾਂ ਬਾਅਦ ਵੀ, ਇਹ ਸੋਝੀ ਨਹੀਂ ਆਈ। ਜਦੋਂ ਕਿ ਇਸ ਮਸਲੇ ਬਾਰੇ ਗਿਆਨ ਕਿੰਨਾ ਪ੍ਰਫੁੱਲਤ ਹੋ ਗਿਆ ਹੈ ਅਤੇ ਇਸ ਪ੍ਰਥਾਇ ਭਾਰੀ ਮਾਤਰਾ ਵਿਚ ਨਵਾਂ ਤੇ ਰੁਸ਼ਨਾਉ ਸਾਹਿਤ ਛੱਪ ਚੁੱਕਾ ਹੈ । ਉਹ ਅਜੇ ਵੀ ਪੁਰਾਣਾ ਜੰਗਾਲ ਖਾਧਾ ਗਿਆਨ ਚੁੱਕੀ ਫਿਰਦੇ ਨੇ। ਸੋਚਣ ਤੇ ਖ਼ਫ਼ਾ ਹੋਣ ਵਾਲੀ ਗੱਲ ਇਹ ਐ।

? ਸੱਚਮੁਚ ਹੀ ਇਹ ਇਕ ਗੰਭੀਰ ਮਸਲਾ ਹੈ । ਬਾਬੇ ਤਾਂ ਮੰਨਿਆ ‘ਅਨਪੜ’ ਸਨ ਜਾਂ ਬਹੁਤੇ ਪੜ੍ਹੇ-ਲਿਖੇ ਨਹੀਂ ਸਨ, ਪਰ ਇਹ ਲੋਕ ਤਾਂ ਸੁੱਖ ਨਾਲ ਚੰਗੇ ਪੜ੍ਹੇ-ਲਿਖੇ ਹਨ, ਆਪਣੇ ਆਪ ਨੂੰ ਦਾਨਸ਼ਵਰ ਸਮਝਦੇ ਹਨ । ਫਿਰ ਇਨ੍ਹਾਂ ਦੀ ਇਸ ਘੋਰ ਅਗਿਆਨਤਾ ਦੀ ਵਜ੍ਹਾ ਕੀ ਹੈ ?

ਸਭ ਤੋਂ ਵੱਡੀ ਵਜ੍ਹਾ ਇਨ੍ਹਾਂ ਲੋਕਾਂ ਵਲੋਂ ਆਪਣੇ ਬਾਰੇ ਪਾਲ ਰੱਖਿਆ ਇਹ ਭਰਮ ਹੈ ਕਿ ਉਹ ਬਹੁਤ ਸੋਝੀਵਾਨ ਤੇ ਗਿਆਨਵਾਨ ਹਨ ਅਤੇ ਵਾਹਦ ਸੱਚ ਕੇਵਲ ਤੇ ਕੇਵਲ ਉਨ੍ਹਾਂ ਕੋਲ ਹੀ ਹੈ। ਇਹ ਘੁਮੰਡ ਉਨ੍ਹਾਂ ਲਈ ਸਰਾਪ ਬਣ ਗਿਆ ਹੈ। ਗਿਆਨ ਦਾ ਹੰਕਾਰ ਦੌਲਤ ਤੇ ਰੁਤਬੇ ਦੇ ਘੁਮੰਡ ਨਾਲੋਂ ਵੱਧ ਖ਼ਤਰਨਾਕ ਹੁੰਦੈ। ਇਸ ਨਾਲ ਸੱਜਰੇ ਗਿਆਨ ਦੇ ਰਾਹ ਬੰਦ ਹੋ ਜਾਂਦੇ ਨੇ, ਇਨ੍ਹਾਂ ਨੂੰ ਮੋਂਦਾ ਲੱਗ ਜਾਂਦਾ ਹੈ। ਨਵਾਂ ਜਾਣਨ ਤੇ ਸਿੱਖਣ ਦੀ ਰੁਚੀ ਤੇ ਜਗਿਆਸਾ ਮਰ ਜਾਂਦੀ ਐ। ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਨੂੰ ਇਸ ਮਰਜ਼ ਨੇ ਨਕਾਰਾ ਕਰ ਦਿੱਤਾ ਹੈ। ਉਹ ਪੜ੍ਹਦੇ ਜ਼ਰੂਰ ਨੇ ਪਰ ਅੱਖਾਂ ਉੱਤੇ ਖੋਪੇ ਲਾ ਕੇ ਤੇ ਮਨ ਦੇ ਦਰਵਾਜ਼ੇ ਬੰਦ ਕਰ ਕੇ ਪੜ੍ਹਦੇ ਨੇ। ਜੇਕਰ ਬੰਦੇ ਅੰਦਰ ਨਵਾਂ ਸਿੱਖਣ ਦੀ ਜਗਿਆਸਾ ਤੇ ਨਾਲ ਹਿੰਮਤ ਤੇ ਦਲੇਰੀ ਨਹੀਂ, ਤਾਂ ਉਸ ਦਾ ਪੜ੍ਹਿਆ ਨਾ ਪੜ੍ਹਿਆ ਇਕ ਬਰਾਬਰ ਹੈ। ਕਾਂਤ (ਪ੍ਰਸਿੱਧ ਜਰਮਨ ਫਿਲਾਸਫਰ) ਨੇ ਕਿਹਾ ਸੀ, ‘ਬੰਦੇ ਨੂੰ ਗਿਆਨ ਹਾਸਲ ਕਰਨ ਲਈ ਦਲੇਰੀ ਦਿਖਾਉਣੀ ਚਾਹੀਦੀ ਹੈ।’ ਮਾਓ ਜ਼ੇ ਤੁੰਗ ਨੇ ਆਪਣੇ ਪੈਰੋਕਾਰਾਂ ਨੂੰ ਵੰਗਾਰਿਆ ਸੀ : ਸੋਚਣ ਤੇ ਅਮਲ ਕਰਨ ਦੀ ਜੁਰਅਤ ਕਰੋ! dare to think, dare to act ! ਭਾਵ ਜੁਰਅਤ ਨਿਰਾ ਅਮਲ ਕਰਨ ਵਾਸਤੇ ਹੀ ਨਹੀਂ, ਸੋਚਣ ਵਾਸਤੇ ਵੀ ਚਾਹੀਦੀ ਐ। ਇਹ ਜੁਰਅਤ ਖਰੀ ਤੇ ਉੱਚ ਪਾਏ ਦੀ ਪ੍ਰਤਿਬੱਧਤਾ ਨਾਲ, ਅਝੁੱਕ ਨਿਸ਼ਠਾ ਨਾਲ ਹੀ ਆ ਸਕਦੀ ਹੈ। ਜਿਨ੍ਹਾਂ ਲੋਕਾਂ ਅੰਦਰੋਂ ਇਨਕਲਾਬੀ ਕਣ ਮਰ ਜਾਂਦਾ ਹੈ, ਇਨਕਲਾਬੀ ਜਜ਼ਬਾਤ ਦੇ ਸੋਮੇ ਸੁੱਕ ਜਾਂਦੇ ਹਨ, ਤੇ ਜਿਹੜੇ ਸਥਾਪਤੀ ਨਾਲ ਸਮਝੌਤਾ ਕਰਨ ਤੇ ਇਸ ਦੀਆਂ ਰਹਿਮਤਾਂ ਮਾਨਣ ਤੇ ਨਿਆਮਤਾਂ ਭੋਗਣ ਦੇ ਆਦੀ ਹੋ ਜਾਂਦੇ ਨੇ, ਉਹ ਸਥਾਪਤ ਲੀਹ ਨਾਲੋਂ ਹਟ ਕੇ ਸੋਚਣ ਦੀ ਜੁਰਅਤ ਨਹੀਂ ਕਰ ਸਕਦੇ। ਲੀਹ ਨਾਲੋਂ ਹਟ ਕੇ ਸੋਚੇ ਬਿਨਾਂ ਗਿਆਨ ਨੂੰ ਨਵਿਆਇਆ ਨਹੀਂ ਜਾ ਸਕਦਾ। ਗਿਆਨ ਨੂੰ ਨਵਿਆਇਆ ਨਾ ਜਾਵੇ ਤਾਂ ਇਹ ਖੁੰਢਾ ਅਥਵਾ ਬੁੱਢਾ ਹੋ ਜਾਂਦੈ ਅਤੇ ਖੁੰਢਾ ਗਿਆਨ ਅਗਿਆਨਤਾ ਨਾਲੋਂ ਵੱਧ ਖ਼ਤਰਨਾਕ ਹੁੰਦੈ। ਗ਼ਦਰੀ ਬਾਬਿਆਂ ਤੇ ਉਨ੍ਹਾਂ ਦੇ ਅਖੌਤੀ ਵਾਰਸਾਂ ਵਿਚ ਇਹ ਫ਼ਰਕ ਹੈ। ਬਾਬੇ ਕੁਛ ਮਾਮਲਿਆਂ ਵਿਚ ਅਗਿਆਨੀ ਜ਼ਰੂਰ ਸਨ ਪਰ ਉਹ ਝੂਠੇ ਗਿਆਨੀ ਨਹੀਂ ਸਨ। ਅਗਿਆਨੀ ਅੰਦਰ ਸਿੱਖਣ ਦੀ ਭਾਵਨਾ ਤੇ ਸੰਭਾਵਨਾ ਬਣੀ ਰਹਿੰਦੀ ਐ, ਪਰ ਝੂਠਾ ਗਿਆਨੀ ਨਵਾਂ ਸਿੱਖਣ, ਆਪਣੇ ਗ਼ਲਤ ਸਾਬਤ ਹੋਏ ਜਾਂ ਬੋਦੇ ਹੋ ਚੁੱਕੇ ਵਿਚਾਰਾਂ ਨੂੰ ਸੋਧਣ ਜਾਂ ਬਦਲਣ ਲਈ ਤਿਆਰ ਨਹੀਂ ਹੁੰਦਾ। ਅਜਿਹੇ ਲੋਕਾਂ ਉੱਤੇ ਫ਼ਾਰਸੀ ਦਾ ਇਹ ਅਖਾਣ ਪੂਰਾ ਢੁਕਦਾ ਹੈ: ‘ਜ਼ਮੀਂ ਜੁੰਬਦ ਨ ਜੁੰਬਦ ਗੁਲ ਮੁਹੰਮਦ’, ਭਾਵ ਜ਼ਮੀਨ ਹਿੱਲਦੀ ਏ ਤਾਂ ਪਈ ਹਿੱਲੇ ਪਰ ਗੁਲ ਮੁਹੰਮਦ ਨਹੀਂ ਹਿੱਲੇਗਾ। ਸਿੱਖ ਖਾੜਕੂ ਸੰਘਰਸ਼ ਦੇ ਸਮੇਂ ਇਕ ਪੰਜਾਬੀ ਵਿਦਵਾਨ (ਡਾ. ਗੁਰਬਚਨ) ਨੇ, ਕੈਨੇਡਾ ਦੇ ਇਕ ਖੱਬੇ ਪੱਖੀ ਪਰਵਾਸੀ ਕਵੀ (ਸੁਖਿੰਦਰ) ਦੀਆਂ ਸਿੱਖ ਸੰਘਰਸ਼ ਤੋਂ ਚਿੜ੍ਹ ਕੇ ਲਿਖੀਆਂ ਕਵਿਤਾਵਾਂ ਦੀ ਪੜਚੋਲ ਕਰਦੇ ਹੋਏ ਸਮੂਹ ਖੱਬੇ ਪੱਖੀ ਬੁੱਧੀਜੀਵੀ ਵਰਗ ਦੇ ਬੌਧਿਕ ਖੋਖਲੇਪਣ ਉੱਤੇ ਕਰਾਰੀ ਚੋਟ ਕੀਤੀ ਸੀ । ਉਸ ਨੇ ਕਿਹਾ ਸੀ, ‘ਸਤਹਿ ਹੇਠ ਤਹਿ ਦਰ ਤਹਿ ਤਕ ਨਾ ਪੁੱਜਣਾ ਵੀ ਅਨਾਚਾਰ ਹੈ। ਇਸ ਅਨਾਚਾਰ ਦੇ ਦੋਸ਼ੀ ਉਹ ਲੋਕ ਹਨ ਜਿਨ੍ਹਾਂ ਨੂੰ ਅਮੂਰਤ ਵਿਚਾਰਧਾਰਾ ਜਾਂ ਸਤਹੀ ਸੂਝ ਦਾ ਰੱਬ ਜਿੰਨਾ ਆਸਰਾ ਹੈ। ਮਜ਼ਬੀ ਜਨੂੰਨੀਆਂ ਵਾਂਗ ਉਨ੍ਹਾਂ ਦਾ ਰਿਜ਼ਕ ਵੀ ਅੱਧੇ ਸੱਚ ਦੇ ਆਸਰੇ ਚੱਲਦਾ ਹੈ। ਸਭ ਜਾਣਦੇ ਹਨ ਕਿ ਅੱਧਾ ਸੱਚ ਪੂਰੇ ਝੂਠ ਨਾਲੋਂ ਵੱਧ ਖ਼ਤਰਨਾਕ ਹੁੰਦਾ ਹੈ।’13 ਹੁਣ ਆਪਾਂ ਗ਼ਦਰੀ ਬਾਬਿਆਂ ਤੇ ਉਨ੍ਹਾਂ ਦੀ ਵਿਰਾਸਤ ਦੇ ਅਜੋਕੇ ਦਾਅਵੇਦਾਰਾਂ ਵਿਚ ਇਕ ਵੱਡੇ ਤੇ ਬੁਨਿਆਦੀ ਅੰਤਰ ਦੀ ਗੱਲ ਕਰਦੇ ਹਾਂ।

ਤੀਜਾ ਖੰਡ

ਅਮੂਰਤ ਵਿਚਾਰਧਾਰਾ ਤੇ ਕੁਦਰਤੀ ਜਜ਼ਬੇ

ਗ਼ਦਰੀ ਬਾਬਿਆਂ ਦੇ ਸਮੁੱਚੇ ਅਮਲ ਵਿਹਾਰ ‘ਚੋਂ ਇਹ ਗੱਲ ਸਪੱਸ਼ਟ ਰੂਪਮਾਨ ਹੁੰਦੀ ਹੈ। ਕਿ ਉਨ੍ਹਾਂ ਦੀਆਂ ਕੁਝ ਕੁ ਫ਼ਰਜ਼ੀ ਮਨੌਤਾਂ ਤੇ ਉਨ੍ਹਾਂ ਦੇ ਕੁਦਰਤੀ ਜਜ਼ਬਿਆਂ (reflexive feelings) ਵਿਚਕਾਰ ਇਕ ਦਵੰਧ ਦੀ ਅਵਸਥਾ ਲਗਾਤਾਰ ਬਣੀ ਰਹੀ। ਉਹ ਰਸਮੀ ਤੌਰ ‘ਤੇ ‘ਸਰਬ-ਸਾਂਝੀ ਹਿੰਦੀ ਕੌਮ’ ਦੀ ਧਾਰਨਾ ਵਿਚ ਆਸਥਾ ਪ੍ਰਗਟਾਉਂਦੇ ਸਨ। ਇਹ ਪੋਜ਼ੀਸ਼ਨ ਉਨ੍ਹਾਂ ਉੱਤੇ ਇਕ ਸਿਧਾਂਤਕ ਮਰਯਾਦਾ ਠੋਸਦੀ ਸੀ, ਜਿਸ ਅਨੁਸਾਰ ਉਨ੍ਹਾਂ ਨੂੰ ਧਰਮ-ਨਿਰਲੇਪਤਾ ਵਿਚ ਆਪਣਾ ਯਕੀਨ ਵਾਰ ਵਾਰ ਦ੍ਰਿੜਾਉਣਾ ਪੈਂਦਾ ਸੀ ਅਤੇ ਆਪਣੇ ਧਰਮ ਤੇ ਭਾਈਚਾਰੇ ਦੇ ਸਰੋਕਾਰਾਂ ਨੂੰ ‘ਦੇਸ ਦੀ ਆਜ਼ਾਦੀ ਦੇ ਵੱਡੇ ਸਰੋਕਾਰਾਂ’ ਦੇ ਅਧੀਨ ਰੱਖਣ ਦਾ ਜ਼ਾਹਰਾ ਅੰਦਾਜ਼ ਪ੍ਰਗਟਾਉਣਾ ਪੈਂਦਾ ਸੀ। ਉਹ ਆਪਣੀ ਈਮਾਨਦਾਰੀ ਤੇ ਸੁਹਿਰਦਤਾ ਕਰਕੇ ਇਸ ਮਸਲੇ ਬਾਰੇ ਬੇਹੱਦ ਸੰਵੇਦਨਸ਼ੀਲ ਤੇ ਸੁਚੇਤ ਸਨ। ਕਿਉਂਕਿ ਉਹ ਦੇਸ ਦੀ ਆਜ਼ਾਦੀ ਦੇ ਕਾਜ਼ ਨੂੰ ਸੱਚੇ ਦਿਲੋਂ ਸਮਰਪਤ ਸਨ। ਉਨ੍ਹਾਂ ਦਾ ਇਹ ਇਖ਼ਲਾਕੀ ਗੁਣ ਉਨ੍ਹਾਂ ਨੂੰ ਹਿੰਦੂ ਕੌਮਪ੍ਰਸਤਾਂ ਨਾਲੋਂ ਨਖੇੜਦਾ ਸੀ। ਹਿੰਦੂ ਕੌਮਪ੍ਰਸਤਾਂ ਦੀ ਦੇਸ਼ਭਗਤੀ ਅੰਦਰ ਉਨ੍ਹਾਂ ਦੇ ਸੌੜੇ ਸੰਪਰਦਾਇਕ ਹਿਤ ਛੁਪੇ ਹੋਏ ਸਨ। ਉਨ੍ਹਾਂ ਦਾ ਅਸਲੀ ਸਰੋਕਾਰ ਹਿੰਦੂ ਧਰਮ ਤੇ ਸੰਸਕ੍ਰਿਤੀ ਦੀ ਚੜ੍ਹਤਲ ਤੇ ਚੌਧਰ ਹਸਤੀ ਕਾਇਮ ਕਰਨਾ ਸੀ। ਉਨ੍ਹਾਂ ਵਾਸਤੇ ਭਾਰਤੀ ਰਾਸ਼ਟਰਵਾਦ ਦਾ ਵਿਚਾਰ ਤੇ ਜਜ਼ਬਾ ਇਸ ਸੰਪਰਦਾਇਕ ਮਨੋਰਥ ਦੀ ਪੂਰਤੀ ਦਾ ਉਪਯੋਗੀ ਸੰਦ ਵਸੀਲਾ ਸੀ। ਉਨ੍ਹਾਂ ਦੇ ਦੇਸ਼ਭਗਤੀ ਦੇ ਜਜ਼ਬੇ ਵਿਚ ਇਸ ਖੋਟ ਤੇ ਦੰਭ ਦੀ ਮਿਲਾਵਟ ਸੀ। ਉਨ੍ਹਾਂ ਦਾ ਧਰਮ-ਨਿਰਪੱਖਤਾ ਦਾ ਦਾਅਵਾ ਤੇ ਅੰਦਾਜ਼ ਝੂਠਾ ਸੀ ਅਤੇ ਉਹ ਇਸ ਬਾਰੇ ਚੇਤੰਨ ਸਨ (conscious lie), ਜਦ ਕਿ ਸਿੱਖ ਗ਼ਦਰੀਆਂ ਦੇ ਮਾਮਲੇ ਵਿਚ ਇਹ ਇਕ ਭੁਲੇਖਾ (illusion) ਸੀ ਜਿਸ ਬਾਰੇ ਉਹ ਸੁਚੇਤ ਨਹੀਂ ਸਨ।

ਸਿੱਖ ਗ਼ਦਰੀਆਂ ਤੇ ਹਿੰਦੂ ਕੌਮਪ੍ਰਸਤਾਂ, ਦੋਵਾਂ ਦੇ ਹੀ ਠੋਸ ਵਿਹਾਰ ਤੋਂ ਇਹ ਸੱਚ ਸਹੀ ਹੁੰਦਾ ਹੈ ਕਿ ਇਨਕਲਾਬੀ ਲਹਿਰਾਂ ਦਾ ਲੇਖਾ-ਜੋਖਾ ਕਰਨ ਵੇਲੇ ਇਨ੍ਹਾਂ ਦੀ ਅਮੂਰਤ ਵਿਚਾਰਧਾਰਾ ਨੂੰ ਹੀ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ, ਕਿਉਂਕਿ ਲਹਿਰਾਂ ਦਾ ਅਸਲਾ ਨਿਰਾ ਇਨ੍ਹਾਂ ਦੀ ਅਮੂਰਤ ਵਿਚਾਰਧਾਰਾ ਤੋਂ ਨਿਰਧਾਰਤ ਨਹੀਂ ਹੁੰਦਾ। ਇਸ ਮਾਮਲੇ ਵਿਚ ਸਭ ਤੋਂ ਅਹਿਮ ਤੱਤ ਉਹ ਮਨੁੱਖੀ ਪਾਤਰ ਹੁੰਦੇ ਹਨ ਜਿਹੜੇ ਅਮੂਰਤ ਵਿਚਾਰਾਂ ਨੂੰ ਅਮਲੀ ਜਾਮਾ ਪ੍ਰਦਾਨ ਕਰਦੇ ਹਨ। ਇਸ ਕਰਕੇ ਕਿਸੇ ਲਹਿਰ ਨੂੰ ਹਕੀਕੀ ਰੂਪ ਵਿਚ ਸਮਝਣ ਲਈ ਉਸ ਵਿਚ ਸ਼ਾਮਲ ਮਨੁੱਖੀ ਪਾਤਰਾਂ ਨੂੰ ਸਮਝਣਾ ਜ਼ਰੂਰੀ ਹੈ। ਇਹ ਬਹੁਤ ਅਹਿਮ ਗੱਲ ਹੈ।

? ਪਰ ਕੀ ਕਿਸੇ ਲਹਿਰ ਦੀ ਮਨੁੱਖੀ ਤੱਥ ਸਮੱਗਰੀ ਨੂੰ ਇਸ ਦੀ ਵਿਚਾਰਧਾਰਾ ਨਾਲੋਂ ਨਿਖੇੜ ਕੇ ਸਮਝਿਆ ਜਾ ਸਕਦੈ ? ਇਹ ਵਿਚਾਰਧਾਰਾ ਦੀ ਕਦਰ ਘਟਾਉਣ ਵਾਲੀ ਗੱਲ ਨਹੀਂ?

ਤੁਸੀਂ ਅਮਲੀ ਰੂਪ ਵਿਚ ਦੇਖੋ, ਇੱਕੋ ਹੀ ਲਹਿਰ ਅੰਦਰ ਤੇ ਇੱਕੋ ਹੀ ਅਮੂਰਤ ਵਿਚਾਰਧਾਰਾ ਨੂੰ ਪ੍ਰਣਾਏ ਅਲੱਗ ਅਲੱਗ ਵਿਅਕਤੀਆਂ ਤੇ ਵਰਗਾਂ ਦੇ ਅਮਲੀ ਕਿਰਦਾਰ ਤੇ ਵਿਹਾਰ ਵਿਚ ਪੂਰੀ ਸਮਾਨਤਾ ਨਹੀਂ ਹੁੰਦੀ। ਇਸ ਵਿਚ ਉਘੜਵੇਂ ਵਖਰੇਵੇਂ ਹੁੰਦੇ ਹਨ। ਇਨ੍ਹਾਂ ਵਖਰੇਵਿਆਂ ਦਾ ਮੂਲ ਕਾਰਨ ਉਨ੍ਹਾਂ ਦੇ ਸ਼ਖ਼ਸੀ ਕਿਰਦਾਰ ਭਾਵ ਉਨ੍ਹਾਂ ਦੇ ਮੂਲ (ਕੁਦਰਤੀ) ਝੁਕਾਵਾਂ ਵਿਚ ਅੰਤਰ ਭੇਦ ਹੁੰਦੇ ਹਨ। ਵਿਅਕਤੀ ਦੇ ਸ਼ਖ਼ਸੀ ਕਿਰਦਾਰ ਵਿਚ ਉਸ ਦੇ ਮੂਲ ਜਜ਼ਬਿਆਂ ਦਾ ਕੇਂਦਰੀ ਸਥਾਨ ਹੁੰਦਾ ਹੈ। ਸ਼ਖ਼ਸੀ ਕਿਰਦਾਰ ਤੇ ਮੂਲ ਜਜ਼ਬਿਆਂ ਦੀ ਸਿਰਜਣਾ ਵਿਚ ਵਿਰਸੇ ਦਾ ਰੋਲ ਨਿਰਣਾਇਕ ਹੁੰਦੈ। ਇਹ ਅਕੱਟ ਸਚਾਈ ਹੈ ਕਿ ਲਹਿਰਾਂ ਅੰਦਰ ਲੋਕ ਅਮੂਰਤ ਵਿਚਾਰਾਂ ਦੇ ਸਿਰ ‘ਤੇ ਨਹੀਂ, ਆਪਣੇ ਜਜ਼ਬਿਆਂ ਦੇ ਜ਼ੋਰ ਨਾਲ ਲੜਦੇ ਨੇ। ਇਸ ਕਰਕੇ ਕਿਸੇ ਲਹਿਰ ਨੂੰ ਸਮਝਣ ਲਈ ਇਸ ਵਿਚ ਲੜਨ ਵਾਲੇ ਲੋਕਾਂ ਦੇ ਜਜ਼ਬਿਆਂ ਦੀ ਤਾਸੀਰ ਨੂੰ ਸਮਝਣਾ ਜ਼ਰੂਰੀ ਹੈ। ਈ.ਐਚ. ਕਾਰ ਨੇ ਇਸ ਕਰਕੇ ਹੀ ਕਿਹਾ ਸੀ ਕਿ ‘ਇਤਿਹਾਸ ਓਨਾ ਚਿਰ ਨਹੀਂ ਲਿਖਿਆ ਜਾ ਸਕਦਾ, ਜਿੰਨਾ ਚਿਰ ਇਤਿਹਾਸਕਾਰ ਉਨ੍ਹਾਂ ਲੋਕਾਂ ਦੇ ਮਨਾਂ ਨਾਲ ਨਹੀਂ ਜੁੜ ਪਾਉਂਦਾ ਜਿਨ੍ਹਾਂ ਬਾਰੇ ਉਹ ਲਿਖਣਾ ਚਾਹੁੰਦਾ ਹੈ।’ ਈ.ਐਚ. ਕਾਰ ਦੇ ਇਸ ਕਥਨ ਦੀ ਰੋਸ਼ਨੀ ਵਿਚ ਦੇਖਿਆਂ, ਗ਼ਦਰ ਲਹਿਰ ਦੇ ਹੁਣ ਤਕ ਲਿਖੇ ਗਏ ਇਤਿਹਾਸ ਦਾ ਮੂਲ ਨੁਕਸ ਪਛਾਣਨਾ ਔਖਾ ਨਹੀਂ। ਬੁਨਿਆਦੀ ਜਿਹੀ ਗੱਲ ਐ, ਇਤਿਹਾਸ ਵਿਅਕਤੀਆਂ ਦੇ ਨਹੀਂ, ਭਾਈਚਾਰਿਆਂ ਦੇ ਹੁੰਦੇ ਹਨ। ਭਾਈਚਾਰਿਆਂ ਦੇ ਕੁਝ ਜਮਾਂਦਰੂ ਗੁਣ ਲੱਛਣ ਹੁੰਦੇ ਹਨ ਜਿਨ੍ਹਾਂ ਦਾ ਇਤਿਹਾਸ ਵਿਚ ਜ਼ਹੂਰ ਹੁੰਦਾ ਹੈ। ਇਹ ਜਮਾਂਦਰੂ ਗੁਣ ਲੱਛਣ ਇਤਿਹਾਸ ਦੇ ਇਕ ਲੰਮੇ ਤੇ ਗੁੰਝਲਦਾਰ ਸਿਲਸਿਲੇ ਵਿੱਚੋਂ ਨਕਸ਼ ਧਾਰਦੇ ਨੇ। ਇਸ ਕਰਕੇ ਕਿਸੇ ਲਹਿਰ ਨੂੰ ਸਮਝਣ ਲਈ ਇਸ ਵਿਚ ਲੜਨ ਵਾਲੇ ਲੋਕਾਂ ਨੂੰ ਸਵੈ-ਸੁਤੰਤਰ (autonomous) ਆਤਮ-ਮੁਖੀ ਵਿਅਕਤੀ ਇਕਾਈਆਂ ਦੇ ਰੂਪ ਵਿਚ ਨਹੀਂ, ਵਿਸ਼ੇਸ਼ ਭਾਈਚਾਰਿਆਂ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਦੇਖਿਆ ਜਾਣਾ ਚਾਹੀਦੈ। ਇਤਿਹਾਸ ਤੇ ਵਿਰਸੇ ਦੀ ਅਹਿਮੀਅਤ ਇਥੋਂ ਹੀ ਸਮਝ ਪੈਂਦੀ ਐ। ਜੇ ਇਹ ਸੱਚ ਤਸਲੀਮ ਨਹੀਂ ਕੀਤਾ ਜਾਂਦਾ ਤਾਂ ਨਾ ਅਤੀਤ ਨੂੰ ਸਮਝਿਆ ਜਾ ਸਕਦੈ ਤੇ ਨਾ ਸਮਕਾਲ ਨੂੰ ਸਮਝਣ ਤੇ ਭਵਿੱਖ ਨੂੰ ਚਿਤਵਨ ਲਈ ਇਸ ਤੋਂ ਰੋਸ਼ਨੀ ਲਈ ਜਾ ਸਕਦੀ ਐ। ਪਰੰਤੂ ਇਥੇ ਦੋ ਗੱਲਾਂ ਧਿਆਨ ‘ਚ ਰਹਿਣੀਆਂ ਚਾਹੀਦੀਆਂ ਹਨ। ਇਕ ਇਹ, ਕਿ ਜਦੋਂ ਕਿਸੇ ਭਾਈਚਾਰੇ ਦੇ ਜਮਾਂਦਰੂ ਲੱਛਣਾਂ ਦੀ ਗੱਲ ਕੀਤੀ ਜਾਂਦੀ ਐ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਸਾਰੇ ਮੈਂਬਰਾਂ ਵਿਚ ਇਹ ਗੁਣ ਲੱਛਣ ਇੱਕੋ ਜਿੰਨੀ ਮਾਤਰਾ ਜਾਂ ਇੱਕੋ ਜਿੰਨੀ ਤੀਬਰਤਾ ਵਿਚ ਰੂਪਮਾਨ ਹੁੰਦੇ ਹਨ। ਅਜਿਹੀ ਆਦਰਸ਼ਕ ਹਾਲਤ ਕਦੇ ਨਹੀਂ ਹੋ ਸਕਦੀ। ਅਜਿਹੀ ਉਮੀਦ ਜਾਂ ਕਲਪਨਾ ਕਰਨਾ ਮੂਰਖਤਾ ਹੋਵੇਗੀ। ਇਹ ਗੁੰਝਲਦਾਰ ਸਚਾਈ ਨੂੰ ਹੱਦੋਂ ਵੱਧ ਸਰਲ ਕਰਕੇ ਦੇਖਣਾ ਹੋਵੇਗਾ। ਸਾਂਝੇ ਕੌਮੀ ਵਿਰਸੇ ਦੀ ਪਾਣ ਕਿਸੇ ਨੂੰ ਵੱਧ ਮਾਤਰਾ ਵਿਚ ਤੇ ਕਿਸੇ ਨੂੰ ਘੱਟ ਮਾਤਰਾ ਵਿਚ ਚੜ੍ਹੀ ਹੋ ਸਕਦੀ ਐ। ਇਸੇ ਕਰਕੇ ਇੱਕੋ ਭਾਈਚਾਰੇ ਦੇ ਅੰਦਰ ਵੀ ਵੱਖ-ਵੱਖ ਵਿਅਕਤੀਆਂ ਦੀਆਂ ਕੁਦਰਤੀ ਰੁਚੀਆਂ ਤੇ ਕਿਰਦਾਰਾਂ ਵਿਚ ਵੱਡੇ ਅੰਤਰ ਭੇਦ ਹੋ ਸਕਦੇ ਨੇ, ਤੇ ਪੱਕ ਨਾਲ ਹੁੰਦੇ ਨੇ। ਹੋਰ ਦੂਜੀ ਗੱਲ ਇਹ, ਕਿ ਭਾਈਚਾਰਿਆਂ ਦੇ ਜਮਾਂਦਰੂ ਸਮੂਹਕ ਲੱਛਣਾਂ ਦਾ ਇਤਿਹਾਸ ਵਿਚ ਜ਼ਹੂਰ ਸਿੱਧਮ-ਸਿੱਧਾ (one to one) ਨਹੀਂ ਹੁੰਦਾ, ਇਹ ਵੇਲੇ ਦੀਆਂ ਸਮੁੱਚੀਆਂ ਹਾਲਤਾਂ (circumstances) ਨਾਲ ਉਲਝ ਕੇ ਹੁੰਦੈ। ਭਾਈਚਾਰਿਆਂ ਦਾ ਅਸਲਾ, ਅਸਲੀ ਤੇ ਸ਼ੁੱਧ ਰੂਪ ਵਿਚ, ਸੰਕਟ ਦੀਆਂ ਹਾਲਤਾਂ ਵਿਚ ਹੀ ਪ੍ਰਗਟ ਹੁੰਦੈ। ਆਮ ਹਾਲਤਾਂ ਵਿਚ ਉਨ੍ਹਾਂ ਦੀ ਚੇਤਨਾ ਸਮੇਂ ਦੇ ਪ੍ਰਭਾਵ ਕਬੂਲ ਰਹੀ ਹੁੰਦੀ ਐ ਤੇ ਉਨ੍ਹਾਂ ਦਾ ਅਮਲ ਔਸਤ ਪੱਧਰ ਦਾ ਈ ਹੁੰਦੈ। ਇਸ ਕਰਕੇ ਲਹਿਰ ਅੰਦਰ ਸ਼ਾਮਲ ਵਿਅਕਤੀਆਂ ਦੇ ਰੋਲ ਨੂੰ ਇਕ ਤਾਂ ਵੇਲੇ ਦੀਆਂ ਠੋਸ ਹਾਲਤਾਂ ਦੇ ਪ੍ਰਸੰਗ ਵਿਚ ਅਤੇ ਦੂਜਾ ਉਨ੍ਹਾਂ ਦੇ ਸਾਂਝੇ ਖ਼ਾਸੋ-ਖ਼ਾਸ ਲੱਛਣਾਂ, ਯਾਨੀ ਕਿ ਕੌਮੀ ਵਿਸ਼ੇਸ਼ਤਾਵਾਂ, ਦੀ ਰੋਸ਼ਨੀ ਵਿਚ ਰੱਖ ਕੇ ਹੀ ਠੀਕ ਤਰ੍ਹਾਂ ਅੰਗਿਆ ਤੋਲਿਆ ਜਾ ਸਕਦੈ। ਇਕੱਲੇ ਸ. ਜਗਜੀਤ ਸਿੰਘ ਦੀ ਅੱਧ-ਪਚੱਧੀ ਕੋਸ਼ਿਸ਼ ਨੂੰ ਛੱਡ ਕੇ, ਉਪਰ ਦਰਸਾਏ ਹੋਰ ਕਿਸੇ ਵੀ ਇਤਿਹਾਸਕਾਰ ਲੇਖਕ ਨੇ ਗ਼ਦਰ ਲਹਿਰ ਦੇ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਸਮਝਣ ਦਾ ਯਤਨ ਨਹੀਂ ਕੀਤਾ। ਉਨ੍ਹਾਂ ਨੇ ਸਿੱਖ ਕੌਮ ਦੇ ਵਿਸ਼ੇਸ਼ ਗੁਣਾਂ

ਲੱਛਣਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਅਤੇ ਗ਼ਦਰ ਲਹਿਰ ਦੀ ਵਿਆਖਿਆ ਆਪਣੀਆਂ ਅੰਤਰਮੁਖੀ ਧਾਰਨਾਵਾਂ ਦੇ ਹਿਸਾਬ ਨਾਲ ਕੀਤੀ ਐ। ਇਸ ਕਰਕੇ ਉਨ੍ਹਾਂ ਦੀ ਇਹ ਇਤਿਹਾਸ ਰਚਨਾ ਕਿਸੇ ਵੀ ਪੱਖੋਂ ਤਸੱਲੀਬਖ਼ਸ਼ ਤੇ ਭਰੋਸੇਯੋਗ ਨਹੀਂ ਕਹੀ/ਮੰਨੀ ਜਾ ਸਕਦੀ। ਜਦੋਂ ਗ਼ਦਰ ਲਹਿਰ ਵਿਚ ਕੇਂਦਰੀ ਭੂਮਿਕਾ ਮਿਕਾ ਨਿਭਾਉਣ ਵਾਲੇ ਵਰਗ ਦੀ ਭਾਈਚਾਰਕ ਪਛਾਣ ਕਰਨ ਉੱਤੇ ਹੀ ਨੱਕ ਚਾੜ੍ਹਿਆ ਜਾਂਦੈ, ਤਾਂ ਤੁਸੀਂ ਆਪ ਹੀ ਸੋਚੋ, ਇਸ ਦੋਸ਼ਪੂਰਨ ਨਜ਼ਰੀਏ ਤੋਂ ਲਿਖਿਆ ਗਿਆ ਇਤਿਹਾਸ ਸੱਚਾ ਤੇ ਸਹੀ ਕਿਵੇਂ ਹੋ ਸਕਦੈ ? ਗ਼ਦਰੀ ਯੋਧਿਆਂ ਦੇ ਮਨੋਜਗਤ ਨੂੰ ਸਮਝੇ ਬਿਨਾਂ ਲਹਿਰ ਦੀ ਰੂਹ ਤਕ ਨਹੀਂ ਪਹੁੰਚਿਆ ਜਾ ਸਕਦਾ, ਇਸ ਦੀ ਦਿਲ ਦੀ ਧੜਕਣ ਨਹੀਂ ਸੁਣੀ ਜਾ ਸਕਦੀ।

? ਤੁਹਾਡਾ ਕਹਿਣ ਦਾ ਭਾਵ ਹੈ ਗ਼ਦਰ ਲਹਿਰ ਨੂੰ ਸਹੀ ਰੂਪ ਵਿਚ ਸਮਝਣ ਲਈ ਇਸ ਦੀ ਅਮੂਰਤ ਵਿਚਾਰਧਾਰਾ ਨੂੰ ਨਿਰਣਾਇਕ ਤੱਤ ਨਹੀਂ ਮੰਨਿਆ ਜਾ ਸਕਦਾ । ਇਸ ਦੀ ਤੁਲਨਾ ਵਿਚ ਜਜ਼ਬਿਆਂ ਨੂੰ ਨਿਰਣਾਇਕ ਤੱਤ ਗਿਣਿਆ ਜਾਣਾ ਚਾਹੀਦੈ ਅਤੇ ਇਸ ਕਾਰਨ ਕਰਕੇ ਇਸ ਲਹਿਰ ਵਿਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਵਰਗ ਦੀ ਸਾਫ਼ ਤੇ ਨਿਖਰਵੇਂ ਰੂਪ ਵਿਚ ਭਾਈਚਾਰਕ ਪਛਾਣ ਦੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ ।

ਬਿਲਕੁਲ! ਬੜੀ ਸਿੱਧੀ ਜਿਹੀ ਗੱਲ ਐ, ਜੇਕਰ ਅਮੂਰਤ ਵਿਚਾਰਾਂ ਦੀ ਤੁਲਨਾ ਵਿਚ ਜਜ਼ਬਿਆਂ ਨੂੰ ਨਿਰਣਾਇਕ ਤੱਤ ਨਹੀਂ ਮੰਨਿਆ ਜਾਂਦਾ ਤਾਂ ਕਿਸੇ ਲਹਿਰ ਦਾ ਇਤਿਹਾਸ ਲਿਖਣ ਦਾ ਕਾਰਜ ‘ਸ਼ੁਗ਼ਲ’ ਜਿੰਨਾ ਸੁਖਾਲਾ ਹੋ ਜਾਂਦੈ। ਲਹਿਰ ਦੇ ਮਿਥੇ ਗਏ ਨਿਸ਼ਾਨਿਆਂ, ਉਦੇਸ਼ਾਂ ਤੇ ਅਸੂਲਾਂ ਦੀ ਸੂਚੀ ਬਣਾ ਲਓ; ਇਸ ਦੇ ਦਸਤਾਵੇਜ਼ਾਂ, ਬਿਆਨਾਂ ਤੇ ਮਤਿਆਂ ਦਾ ਚਿੱਠਾ ਤਿਆਰ ਕਰ ਲਓ; ਇਸ ਦੀਆਂ ਅਮਲੀ ਸਰਗਰਮੀਆਂ ਦੀ ਤਰਤੀਬਵਾਰ ਤਫ਼ਸੀਲ ਦੇ ਦਿਓ; ਅਤੇ ਆਪਣੀਆਂ ਅੰਤਰਮੁਖੀ ਧਾਰਨਾਵਾਂ ਤੇ ਆਪਣੇ ਰੌਂਅ ਤੇ ਸ਼ੌਕ ਮੁਤਾਬਕ ਇਸ ਬਾਰੇ ਆਪਣੇ ਨਿਰਣੇ ਤੇ ਫ਼ਤਵੇ ਦੇ ਦਿਓ – ਬੱਸ ‘ਮੁਕੰਮਲ ਇਤਿਹਾਸ’ ਸਿਰਜਿਆ ਗਿਆ! ਲਹਿਰ ਦੇ ਅੰਦਰ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਵਰਗ ਦੀ ਭਾਈਚਾਰਕ ਹਸਤੀ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਦੇ ਕੁਦਰਤੀ ਗੁਣਾਂ ਲੱਛਣਾਂ ਨੂੰ ਸਮਝਣ ਲਈ ਇਸ ਦੇ ਇਤਿਹਾਸ ਤੇ ਵਿਰਸੇ ਦਾ ਡੂੰਘਾ ਅਧਿਐਨ ਕਰਨ ਦਾ ਸਾਰਾ ਝੰਜਟ ਹੀ ਖ਼ਤਮ ਹੋ ਜਾਂਦੈ!!

ਕੁਦਰਤੀ ਹੈ ਕਿ ਇਸ ਨੁਕਸਦਾਰ ਦ੍ਰਿਸ਼ਟੀਕੋਣ ਤੋਂ ਗ਼ਦਰ ਲਹਿਰ ਦਾ ਜੋ ਇਤਿਹਾਸ ਲਿਖਿਆ ਗਿਐ, ਉਹ ਲਹਿਰ ਨਾਲ ਸੰਬੰਧਿਤ ਅਹਿਮ ਤੱਥਾਂ ਤੇ ਵਰਤਾਰਿਆਂ ਦੀ ਸਹੀ ਵਿਆਖਿਆ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਹੋਇਐ। ਗ਼ਦਰ ਲਹਿਰ ਦਾ ਸਭ ਤੋਂ ਉਘੜਵਾਂ ਤੱਥ ਇਹ ਹੈ ਕਿ ਭਾਰਤ ਦੇ ਜਿਹੜੇ ਵਰਗ ਦੀ ਵੱਸੋਂ ਕਰੋੜਾਂ ਵਿਚ ਸੀ, ਉਸ ਵਿੱਚੋਂ ਤਾਂ ਲਹਿਰ ਵਿਚ ਮਸੀਂ ਦਰਜਨਾਂ ਦੀ ਸੰਖਿਆ ਵਿਚ ਹੀ ਲੋਕ ਸ਼ਾਮਲ ਹੋਏ ਅਤੇ ਜਿਹੜੇ ਵਰਗ ਦੀ ਵੱਸੋਂ ਸਿਰਫ਼ ਲੱਖਾਂ ਵਿਚ ਸੀ, ਉਸ ਵਿੱਚੋਂ ਹਜ਼ਾਰਾਂ ਦੀ ਤਦਾਦ ਵਿਚ ਪਰਵਾਨੇ ਨਿਤਰ ਆਏ। ਏਡੀ ਵੱਡੀ ਅਸਮਾਨਤਾ ਦਾ ਕਾਰਨ ਕੋਈ ਮਾਮੂਲੀ ਤਾਂ ਹੋ ਨਹੀਂ ਸਕਦਾ । ਸੁਭਾਵਕ ਹੀ ਇਸ ਪਿੱਛੇ ਕੋਈ ਵੱਡਾ ਤੇ ਬੁਨਿਆਦੀ ਕਾਰਨ ਹੋਵੇਗਾ। ਜਿਹੜਾ ਵੀ ਵਿਦਵਾਨ ਇਸ ਕਾਰਨ ਦਾ ਪੂਰੀ ਇਮਾਨਦਾਰੀ ਨਾਲ ਪਤਾ ਲਾਉਣ ਦਾ ਯਤਨ ਕਰੇਗਾ, ਉਹ ਇਸ ਨਿਰਣੇ ‘ਤੇ ਪਹੁੰਚਣ ਤੋਂ ਨਹੀਂ ਰਹਿ ਸਕਦਾ ਕਿ ‘ਕਰੋੜਾਂ ਵਾਲਿਆਂ’ ਤੇ ‘ਲੱਖਾਂ ਵਾਲਿਆਂ’ ਦੇ ਮਨਾਂ ਦੇ ਵਿਧਾਨ ਬਹੁਤ ਹੀ ਅਲੱਗ ਅਲੱਗ ਨੇ, ਦੋਵਾਂ ਦੀਆਂ ਇਤਿਹਾਸਕ ਰਵਾਇਤਾਂ ਬਹੁਤ ਹੀ ਵੱਖੋ-ਵੱਖਰੀਆਂ ਨੇ। ਇਸ ਕਰਕੇ ਇੱਕੋ ਜਿਹੀਆਂ। ਬਾਹਰੀ ਹਾਲਤਾਂ ਦੋਵਾਂ ਅੰਦਰ ਅਲੱਗ ਅਲੱਗ ਤਰ੍ਹਾਂ ਦਾ ਪ੍ਰਤਿਕਰਮ (response) ਉਪਜਾਉਂਦੀਆਂ ਨੇ। ਜੇਕਰ ਕਿਸੇ ਵਿਦਵਾਨ ਨੂੰ ਇਸ ਭਾਸ਼ਾ ਵਿਚ ਗੱਲ ਕਰਨੀ ‘ਫ਼ਿਰਕਾਪ੍ਰਸਤੀ’ ਨਜ਼ਰ ਆਉਂਦੀ ਐ, ਤਾਂ ਇਹ ਉਸ ਦੀ ਆਪਣੀ ਨਜ਼ਰ ਦਾ ਦੋਸ਼ ਐ। ਇਹ ਆਧੁਨਿਕਵਾਦੀ ਵਿਚਾਰਧਾਰਾ ਦੀ ਵਜ੍ਹਾ ਕਰਕੇ ਨਜ਼ਰ ਵਿਚ ਪਏ ਉਸ ‘ਟੀਰ’ ਦਾ ਪਰਿਣਾਮ ਹੈ ਜਿਸ ਨਾਲ ਵਿਲੱਖਣਤਾ ਬੁਰੀ ਦਿਖਣ ਲੱਗ ਪੈਂਦੀ ਐ।

ਸਿੱਖ ਕੌਮ ਦੇ ਵਿਸ਼ੇਸ਼ ਗੁਣ ਤੇ ਲੱਛਣ

? ਕੀ ਇਹ ਕਿਸੇ ਦੂਸਰੇ ਵਰਗ ਨੂੰ ਨੀਵਾਂ ਦਿਖਾਉਣ ਵਾਲੀ ਸੌੜੀ ਤੇ ਹੰਕਾਰੀ ਬਿਰਤੀ ਨਹੀਂ ? ਸਿਧਾਂਤਕ ਮੁਹਾਵਰੇ ਵਿਚ ਗੱਲ ਕਰਨੀ ਹੋਵੇ ਤਾਂ ਕੀ ਇਹ essentialism ਨਹੀਂ ?

ਨਹੀਂ, ਇਸ ਤਰ੍ਹਾਂ ਸੋਚਣਾ ਠੀਕ ਨਹੀਂ। ਇਹ ਜਿਹੜੀ ਆਧੁਨਿਕਵਾਦ ਦੀ ਭਾਸ਼ਾ ਐ ਨਾ, ਜਿਸ ਨੂੰ ਸਿਧਾਂਤਕ ਸ਼ਬਦਾਵਲੀ ਦਾ ਮਾਣਯੋਗ ਰੁਤਬਾ ਦਿੱਤਾ ਗਿਐ, ਇਹ ਬਹੁਤ ਗੜਬੜ ਕਰਦੀ ਐ। ਜਿਸ ਵਿਚਾਰ ਤੇ ਨਜ਼ਰੀਏ ਨੂੰ ਨਿੰਦਣਾ ਹੋਵੇ, ਉਸ ਨੂੰ ਕੋਈ ਹੇਠੀ ਭਰਿਆ (derogatory) ਨਾਂ ਦੇ ਦਿੱਤਾ ਜਾਂਦੈ। ਇਸ ਨਾਲ ਉਸ ਨੂੰ ਬਦਨਾਮ ਕਰਨਾ ਤੇ ਘੇਰਨਾ ਸੌਖਾ ਹੋ ਜਾਂਦੈ। ਇਕ ਸਾਬਕਾ ਖੱਬੇ ਪੱਖੀ ਵਿਦਵਾਨ ਦਲੀਪ ਸਿਮੀਓਂ ਨੇ ਆਪਣੇ ਹੱਡੀਂ ਹੰਢਾਏ ਤਜਰਬੇ ਦੇ ਆਧਾਰ ‘ਤੇ, ਖੱਬੇ ਪੱਖੀਆਂ ਦੀ ਇਸ ਬੌਧਿਕ ਕੁਰੀਤੀ ਦੀ ਠੀਕ ਪਛਾਣ ਕੀਤੀ ਐ ਕਿ ‘ਉਹ ਨਵੇਂ ਵਿਚਾਰਾਂ ਉੱਤੇ ਨੱਕ ਚਾੜ੍ਹਦੇ ਨੇ..(ਅਤੇ) ਉਨ੍ਹਾਂ ਨੇ ਇਕ ਅਜਿਹੀ ਭਾਸ਼ਾ ਸਿਰਜ ਲਈ ਐ ਜਿਹੜੀ ਉਨ੍ਹਾਂ ਦੀ ਸਚਾਈ ਤੋਂ ਟਾਲਾ ਵੱਟਣ ਵਿਚ ਮੱਦਦ ਕਰਦੀ ਐ।’ ਖੱਬੇ ਪੱਖੀਆਂ ਕੋਲ ਇਸ ਭਾਸ਼ਾ ਦਾ ਪੂਰਾ ਅਸਲਾਖ਼ਾਨਾ ਐ। ਜਿਵੇਂ ਫ਼ਿਰਕਾਪ੍ਰਸਤੀ, ਅੱਤਵਾਦ, ਵੱਖਵਾਦ, ਮੂਲਵਾਦ, ਰੂੜ੍ਹੀਵਾਦ, ਦਹਿਸ਼ਤਵਾਦ, ਪੁਰਾਤਨਵਾਦ, ਕੱਟੜਵਾਦ, ਫ਼ਾਸ਼ੀਵਾਦ, ਪਿਛਾਖੜਵਾਦ, ਵਗ਼ੈਰਾ ਵਗ਼ੈਰਾ। ਇਨ੍ਹਾਂ ਦੇ ਹਿਸਾਬ ਨਾਲ ਬਾਬਾ ਭਕਨਾ ਉੱਤੇ essentialism ਦਾ ਦੋਸ਼ ਬੜੀ ਸੌਖ ਨਾਲ ਲਾਇਆ ਜਾ ਸਕਦੈ। ਕਿਉਂਕਿ ਬਾਬਾ ਜੀ ਸਿੱਖਾਂ ਦੇ ਕੁਦਰਤੀ ਗੁਣਾਂ ਦੀ ਵਡਿਆਈ ਕਰਦੇ ਲਿਖਦੇ ਨੇ: ‘ਕੈਨੇਡਾ ਤੇ ਅਮਰੀਕਾ ਦੇ ਹਿੰਦੀਆਂ ਵਿਚ ਲਗਭਗ ਸੌ ਪਿੱਛੇ ਨੱਬੇ ਪੰਜਾਬੀ ਸਿੱਖ ਸਨ, ਜੋ ਕੁਦਰਤੀ ਤੌਰ ਪਰ ਹੀ ਅਕਸਰ ਬਹਾਦਰ ਤੇ ਦਲੇਰ ਹੁੰਦੇ ਹਨ।4 ਇਸੇ ਤਰ੍ਹਾਂ ਉਹ ਅੰਗਰੇਜ਼ਾਂ ਤੇ ਜਪਾਨੀਆਂ ਦੇ ਕੁਦਰਤੀ ਔਗੁਣਾਂ ਦਾ ਖ਼ੁਲਾਸਾ ਕਰਦੇ ਹਨ : ‘ਅੰਗਰੇਜ਼ਾਂ ਤੇ ਜਪਾਨੀਆਂ ਦੀ ਕੱਟੜ ਕੌਮ ਪੂਜਾ ਅਕਸਰ ਸੰਸਾਰ ਵਿਚ ਮਸ਼ਹੂਰ ਹੈ। ਇਹ ਦੋਵੇਂ ਕੌਮਾਂ ਸਦਾ ਆਪਣੇ ਗੌਂਅ ਨੂੰ ਸਾਹਮਣੇ ਰੱਖਦੀਆਂ ਨੇ।’15 ਸ਼ਚਿੰਦਰਨਾਥ ਸਾਨਿਆਲ ਦੀ ਵੀ ਸੁਣ ਲਵੋ : ‘ਮੇਰੀ ਸਮਝ ਨਾਲ ਤਾਂ ਸਿੱਖ ਭਾਰਤ ਦੀ ਇਕ ਵਿਲੱਖਣ ਤੇ ਲਾਸਾਨੀ ਬਹਾਦਰ ਕੌਮ ਐ…ਭਾਰਤ ਦੀਆਂ ਅਨੇਕਾਂ ਕੌਮਾਂ ਨਾਲ ਮਿਲ-ਜੁਲ ਕੇ ਮੈਂ ਇਹ ਸਮਝ ਸਕਿਆ ਹਾਂ ਕਿ ਸਿੱਖਾਂ ਵਾਂਗ ਮਜ਼ਬੂਤ, ਸਮਰੱਥ ਤੇ ਭਾਵੁਕ ਕੌਮ ਭਾਰਤ ਵਿਚ ਹੋਰ ਕੋਈ ਨਹੀਂ । ‘ 6 ਪਰ ਸਭ ਨਾਲੋਂ ਹੈਰਾਨੀ ਵਾਲੀ ਤੇ ਅਹਿਮ ਗੱਲ ਇਹ ਐ ਕਿ ਸਿੱਖਾਂ ਦੀ ਵਿਲੱਖਣਤਾ ਤਾਂ ਕਾਰਲ ਮਾਰਕਸ ਨੇ ਵੀ ਮੰਨੀ ਐ। ਉਹ ਦੂਜੀ ਐਂਗਲੋ-ਸਿੱਖ ਜੰਗ ਬਾਰੇ ਟਿਪਣੀ ਕਰਦਾ ਲਿਖਦੈ: ‘(ਜਨਰਲ) ਗਫ਼ ਦੀ ਇਹ ਮੂਰਖਤਾ ਹੀ ਸੀ ਜਿਸ ਨੇ ਇਹ ਸੋਚ ਲਿਆ ਸੀ ਕਿ ਸਿੱਖਾਂ ਨਾਲ ਦੱਖਣ ਦੇ ਦੂਜੇ ਹਿੰਦੂਆਂ ਵਾਂਗ ਹੀ ਰਾਈਫ਼ਲ ਦਾ ਕੁੰਦਾ (ਮੁੱਠਾ) ਦਿਖਾ ਕੇ ਸਭ ਕੁਝ ਹਾਸਲ ਕਰ ਸਕਦਾ ਹੈ।’

? ਮਾਰਕਸ ਬਾਰੇ ਅਜਿਹਾ ਪਹਿਲਾਂ ਕਦੇ ਨਹੀਂ ਪੜ੍ਹਿਆ ਜਾਂ ਸੁਣਿਆ। ਇਹ ਕਾਫ਼ੀ ਹੈਰਾਨੀਜਨਕ ਗੱਲ ਐ। ਮਾਰਕਸ ਦਾ ਇਹ ਕਥਨ ਤੁਸੀਂ ਕਿਥੇ ਪੜ੍ਹਿਐ ?

ਮੈਂ ਆਪ ਨ੍ਹੀਂ ਪੜ੍ਹਿਆ, ਪੰਜਾਬੀ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫ਼ੈਸਰ ਅਜਮੇਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਪੰਜਾਬੀ ਸਾਹਿਤ ਦੇ ਸਿਰਲੇਖ ਹੇਠ ਲਿਖੀ ਇਕ ਕਿਤਾਬ ਵਿਚ ਸਫ਼ਾ 107 ਉੱਤੇ ਇਸ ਦਾ ਹਵਾਲਾ ਦਿੱਤਾ ਹੈ। ਉਸ ਨੇ ਮਾਰਕਸ ਦੀ ਉਸ ਲਿਖਤ ਦਾ ਬਕਾਇਦਾ ਹਵਾਲਾ ਦਿਤੈ,” ਜਿਥੋਂ ਉਸ ਨੇ ਇਹ ਟੂਕ ਪੜ੍ਹੀ ਹੈ । ਕੁਝ ਵੀ ਹੋਵੇ, ਮਾਰਕਸ ਦੀ ਇਹ ਟਿੱਪਣੀ ਹੈ ਬੜੀ ਅਹਿਮ, ਕਿ ‘ਦੱਖਣ ਦੇ ਹਿੰਦੂਆਂ’ ਨੂੰ ਅੰਗਰੇਜ਼ਾਂ ਨੇ ਰਾਈਫ਼ਲਾਂ ਦੇ ਮੁੱਠੇ ਦਿਖਾ ਕੇ ਹੀ ਜੰਗਾਂ ਜਿੱਤ ਲਈਆਂ ਸਨ, ਪਰ ਜਿਹੜੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ’ ਵਿੱਚੋਂ ਹੋਇਆ ਸੀ, ਉਸ ਉੱਤੇ ਅੰਗਰੇਜ਼ਾਂ ਦਾ ਇਹ ਦਾਉ ਕਿਸ ਤਰ੍ਹਾਂ ਕਾਰਗਰ ਹੋ ਸਕਦਾ ਸੀ ?

ਜਿਹੜੀ ਸਚਾਈ ਐ, ਤੁਸੀਂ ਉਸ ਤੋਂ ਮੁਨਕਰ ਕਿਵੇਂ ਹੋ ਸਕਦੇ ਓ ? ਨਾਲੇ ਜੇਕਰ ਏਨੀ ਗੱਲ ਵੀ ਨਹੀਂ ਮੰਨਣੀ ਕਿ ਹਰ ਭਾਈਚਾਰੇ ਦੇ ਆਪਣੇ ਕੁਝ ਵਿਸ਼ੇਸ਼ ਲੱਛਣ ਹੁੰਦੇ ਨੇ, ਆਪਣੀ ਵਿਸ਼ੇਸ਼ ਪ੍ਰਕਿਰਤੀ ਜਾਂ ਸੁਭਾਅ ਹੁੰਦਾ ਏ, ਆਪਣੀ ਇਕ ਖ਼ਾਸ ਆਤਮਾ ਹੁੰਦੀ ਏ, ਤਾਂ ਫਿਰ ਅਲੱਗ ਅਲੱਗ ਸਭਿਆਚਾਰਕ ਭਾਈਚਾਰਿਆਂ ਦੀ ਹੋਂਦ ਤੇ ਹਸਤੀ ਨੂੰ ਮੰਨਣ ਦਾ ਅਰਥ ਕੀ ਰਹਿ ਜਾਂਦੈ ? ਸਭਿਆਚਾਰਕ ਵਖਰੇਵਿਆਂ ਦੀ ਹਕੀਕਤ ਨੂੰ ਮੰਨਣ ਦੀ ਅਮਲੀ ਮਹੱਤਤਾ ਕੀ ਰਹਿ ਜਾਂਦੀ ਐ ? ਸਭਿਆਚਾਰਕ ਵੰਨ-ਸੁਵੰਨਤਾ ਦੇ ਮਾਅਨੇ ਕੀ ਰਹਿ ਜਾਂਦੇ ਨੇ ? ਅਸਲ ਵਿਚ ਸਚਾਈ ਇਹ ਐ ਕਿ ਆਧੁਨਿਕਵਾਦੀ ਵਿਚਾਰਧਾਰਾ ਕਿਉਂਕਿ ਸਭਿਆਚਾਰਕ ਵਖਰੇਵਿਆਂ ਨੂੰ ਖ਼ਤਮ ਕਰਨ ਦਾ ਟੀਚਾ ਤੇ ਆਦਰਸ਼ ਮਿਥ ਕੇ ਚੱਲਦੀ ਐ, ਇਸ ਕਰਕੇ ਇਹ ਇਨ੍ਹਾਂ ਵਖਰੇਵਿਆਂ ਨੂੰ ਅਮਲ ਵਿਚ ਕੋਈ ਮਹੱਤਤਾ ਜਾ ਵੁੱਕਤ ਨਹੀਂ ਦਿੰਦੀ। ਅਸਲ ਵਿਚ ਇਸ ਦਾ ਟੀਚਾ ਸਭਿਆਚਾਰਕ ਵਿਲੱਖਣਤਾਵਾਂ ਨੂੰ ਖ਼ਤਮ ਕਰਨੈ। ਆਧੁਨਿਕਵਾਦੀ ਇਸ ਨੂੰ ਇਤਿਹਾਸਕ ਤੌਰ ’ਤੇ ‘ਅਗਾਂਹਵਧੂ’ ਕਰਮ ਸਮਝਦੇ ਨੇ। ਇਹ ਗੱਲ ਆਧੁਨਿਕਵਾਦੀਆਂ ਦੀਆਂ ਦੋਨੋਂ, ਉਦਾਰਪੰਥੀ ਤੇ ਮਾਰਕਸਵਾਦੀ ਵੰਨਗੀਆਂ ਉੱਤੇ ਬਰਾਬਰ ਢੁਕਦੀ ਐ। ਇਸ ਕਰਕੇ ਕਾਰਲ ਮਾਰਕਸ ਨੇ ਤੇ ਉਸ ਨਾਲੋਂ ਵਧ ਕੇ ਉਸਦੇ ਸਾਥੀ ਫ਼ਰੈਡਰਿਕ ਏਂਗਲਜ਼ ਨੇ ਆਪਣੀਆਂ ਲਿਖਤਾਂ ਵਿਚ, ਜਗ੍ਹਾ ਜਗ੍ਹਾ, ਪੂਰਬੀ ਯੂਰਪ ਦੇ ਛੋਟੇ ਤੇ ਉਨ੍ਹਾਂ ਵੱਲੋਂ ‘ਅਸਭਿਅਕ’ ਕਹਿ ਕੇ ਤ੍ਰਿਸਕਾਰੇ ਗਏ ਕੌਮੀ ਭਾਈਚਾਰਿਆਂ ਪ੍ਰਤਿ ਘਿਰਣਾ ਤੇ ਅਸਹਿਣਸ਼ੀਲਤਾ ਦਾ ਬੇਬਾਕ ਇਜ਼ਹਾਰ ਕੀਤੈ।

ਗ਼ਦਰ ਲਹਿਰ ਦੇ ਸੰਬੰਧ ਵਿਚ ਮੈਂ ਉਪਰ ਜਿਹੜੀ ਗੱਲ ਕਹੀ ਐ, ਉਥੇ ਅਸਲੀ ਸਰੋਕਾਰ ਸਚਾਈ ਦਾ ਪਤਾ ਲਾਉਣੈ, ਕਿਸੇ ਨੂੰ ਸਲਾਹੁਣਾ ਜਾਂ ਨਿੰਦਣਾ ਨਹੀਂ। ਹੁਣ ਸੁਆਲ ਇਹ ਹੈ ਕਿ ਜੋ ਸੱਚ ਹੈ ਉਸ ਨੂੰ ਮੰਨਿਆ ਜਾਵੇ ਜਾਂ ਨਹੀਂ ? ਮਸਲਾ ਲਹਿਰ ਬਾਰੇ ਸਚਾਈ ਜਾਣਨ, ਸੱਚ ਦੀ ਤੈਅ ਤਕ ਪਹੁੰਚਣ ਦਾ ਏ। ਇਸ ਬਾਰੇ ਦੋ ਰਾਹ ਨੇ। ਇਕ ਤਾਂ ਇਹ ਹੈ ਕਿ ਸਚਾਈ ਨੂੰ ਜਿਵੇਂ ਹੈ ਉਵੇਂ ਮੰਨ ਲਿਆ ਜਾਵੇ। ਇਸ ਨੂੰ ਕੋਈ ਵੀ, ਚੰਗਾ ਜਾਂ ਮਾੜਾ, ਨਾਉਂ ਨਾ ਦਿੱਤਾ ਜਾਵੇ। ਦੂਜਾ ਇਹ ਸੋਚ ਕੇ ਕਿ ਧਰਮ-ਨਿਰਪੱਖਤਾ ਦੀ ਵਿਚਾਰਧਾਰਾ ਤੇ ਇਸ ਦਾ ‘ਧਰਮ’ ਸਚਾਈ ਨੂੰ ਇਸ ਰੂਪ ਵਿਚ ਪਰਵਾਨ ਕਰਨਾ ਚੰਗਾ ਨਹੀਂ ਗਿਣਦਾ, ਇਸ ਨਾਲ ਧਰਮ-ਨਿਰਪੱਖਤਾ ਦੇ ਆਦਰਸ਼ ਨੂੰ ਢਾਹ ਲੱਗਦੀ ਐ, ਇਸ ਕਰਕੇ ਇਸ ਸਚਾਈ ਤੋਂ ਮੂੰਹ ਫੇਰ ਲਿਆ ਜਾਵੇ, ਇਸ ‘ਤੇ ਮਿੱਟੀ ਪਾਈ ਜਾਵੇ ਅਤੇ ਇਸ ਦੀ ਕੋਈ ਬਣਾਉਟੀ ਤੋ ਝੂਠੀ ਵਿਆਖਿਆ ਸਿਰਜ ਲਈ ਜਾਵੇ। ਇਹ ਬੌਧਿਕ ਬਦਦਿਆਨਤਦਾਰੀ ਹੈ। ਉਪਰੋਕਤ ਇਤਿਹਾਸਕਾਰਾਂ ਦੀਆਂ ਲਿਖਤਾਂ ‘ਚੋਂ ਇਸ ਬਦਦਿਆਨਤਦਾਰੀ ਦੀ ਕਰੂਪ ਤਸਵੀਰ ਉਘੜਦੀ ਐ। ਅਨੇਕਾਂ ਥਾਵਾਂ ‘ਤੇ ਸਿੱਖਾਂ ਦੇ ਕੌਮੀ ਗੁਣਾਂ ਦੀ ਗੱਲ ਕਰਨ ਤੋਂ ਟਲਣ ਵਾਸਤੇ ਬੇਸਿਰ ਪੈਰ ਗੱਲਾਂ ਦਾ ਆਸਰਾ ਲਿਆ ਗਿਐ।

ਉਪਰ ਮੈਂ ਇਹੀ ਗੱਲ ਕਹੀ ਹੈ ਨਾ, ਕਿ ਹਿੰਦੂਆਂ ਤੇ ਸਿੱਖਾਂ ਦੇ ਮਨਾਂ ਦੇ ਵਿਧਾਨ ਅਲੱਗ ਅਲੱਗ ਨੇ, ਉਨ੍ਹਾਂ ਦੀਆਂ ਇਤਿਹਾਸਕ ਰਵਾਇਤਾਂ ਅਲੱਗ ਅਲੱਗ ਨੇ । ਬਾਬਾ ਹਰਨਾਮ ਸਿੰਘ ਕਾਲਾ ਸੰਘਿਆ ਦੀ ਆਤਮਕਥਾ ਵਿੱਚੋਂ ਇਕ ਠੋਸ ਉਦਾਹਰਣ ਦੀ ਮੱਦਦ ਨਾਲ ਮਸਲਾ ਹੋਰ ਸਾਫ਼ ਹੋ ਸਕਦੈ। ਬਾਬਾ ਜੀ ਅੰਗਰੇਜ਼ ਰਾਜ ਹੇਠ ਭਾਰਤੀ ਫ਼ੌਜ ਵਿਚ ਨੌਕਰ ਸਨ। ਉਨ੍ਹਾਂ ਦੀ 26ਵੀਂ ਪੰਜਾਬੀ ਰਜਮੈਂਟ 1912 ਦੇ ਅੰਤ ਵਿਚ, ਚੀਨ ਵਿਚ ਯੁੱਧ ਸ਼ੁਰੂ ਹੋਣ ਕਰਕੇ ਹਾਂਗਕਾਂਗ ਭੇਜੀ ਗਈ ਸੀ। ਉਥੋਂ ਦਾ ਗੁਰਦੁਆਰਾ ਗ਼ਦਰੀਆਂ ਦਾ ਗੜ੍ਹ ਸੀ। ਸਿੱਖ ਫ਼ੌਜੀ ਨੇਮ ਅਨੁਸਾਰ ਗੁਰਦੁਆਰੇ ਜਾਂਦੇ ਅਤੇ ਕਥਾ ਕੀਰਤਨ ਸੁਣਦੇ। ਇਕ ਦਿਨ 26ਵੀਂ ਪੰਜਾਬੀ ਰਜਮੈਂਟ ਦੇ ਗੱਭਰੂਆਂ ਅੱਗੇ ਭਾਈ ਭਗਵਾਨ ਸਿੰਘ ਜੀ ਗ੍ਰੰਥੀ ਨੇ ਇਸ ਪ੍ਰਕਾਰ ਤਕਰੀਰ ਕੀਤੀ: ‘ਖ਼ਾਲਸਾ ਜੀ! ਤੁਹਾਨੂੰ ਦਸਮੇਸ਼ ਪਿਤਾ ਨੇ ਅੰਮ੍ਰਿਤ ਦੀ ਦਾਤ ਇਸ ਲਈ ਨਹੀਂ ਬਖ਼ਸ਼ੀ ਕਿ ਤੁਸੀਂ ਫ਼ਰੰਗੀ ਦੇ ਗੋਲੇ ਬਣ ਜਾਓ। ਖ਼ਾਲਸਾ ਜੀ, ਉੱਠੋ ਤੇ ਮੌਕਾ ਸੰਭਾਲੋ। “ਵਖਤੁ ਵੀਚਾਰੇ ਸੁ ਬੰਦਾ ਹੋਇ” ਦੇ ਗੁਰਵਾਕ ਅਨੁਸਾਰ ਮੌਕੇ ਦੀ ਨਜ਼ਾਕਤ ਸਮਝੋ। ਇਸ ਸਮੇਂ ਜਰਮਨ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਛਿੜਨ ਵਾਲੀ ਹੈ। ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ?’ ਫ਼ੌਜ ਦੇ ਗੋਰੇ ਅਫ਼ਸਰਾਂ ਨੂੰ ਜਦ ਇਸ ਗੱਲ ਦੀ ਸੂਹ ਮਿਲੀ ਤਾਂ ਉਨ੍ਹਾਂ ਫ਼ੌਜੀਆਂ ਦਾ ਗੁਰਦੁਆਰੇ ਜਾਣਾ ਬੰਦ ਕਰ ਦਿੱਤਾ। ਪਰ ਨੌਕਰਸ਼ਾਹੀ ਤੇ ਸਰਕਾਰੀ ਚਮਚਿਆਂ ਦੇ ਕਹਿਣ ‘ਤੇ ਫ਼ੌਜੀ ਗੱਭਰੂ ਆਪਣੇ ਧਰਮ ਅਸਥਾਨ ਵਿਚ ਜਾਣੋ ਕਿਵੇਂ ਰੁਕ ਸਕਦੇ ਸਨ ? ਫ਼ੌਜੀ ਰੰਗਰੂਟ ਕਿਸੇ ਨਾ ਕਿਸੇ ਬਹਾਨੇ ਗੁਰਦੁਆਰੇ ਆਉਂਦੇ ਹੀ ਰਹੇ। ਬਾਅਦ ਵਿਚ ਇਸ ਰਜਮੈਂਟ ਨੂੰ ਵਾਪਸ ਬੁਲਾ ਲਿਆ ਅਤੇ ਪਹਿਲਾਂ ਕਰਾਚੀ ਤੇ ਫਿਰ ਫ਼ਿਰੋਜ਼ਪੁਰ ਭੇਜ ਦਿੱਤਾ। ਇਸ ਰਜਮੈਂਟ ਦੀ ਮੱਦਦ ਨਾਲ ਹੀ ਫ਼ਿਰੋਜ਼ਪੁਰ ਦੀ ਛਾਉਣੀ ਅੰਦਰ ਬਗ਼ਾਵਤ ਕਰਨ ਦੀ ਯੋਜਨਾ ਬਣਾਈ ਗਈ ਸੀ। ਤੁਸੀਂ ਸੋਚੋ, ਸਿੱਖ ਫ਼ੌਜੀਆਂ ਨੂੰ ਗ਼ਦਰੀਆਂ ਦੀ ਹਮਾਇਤ ਵਿਚ ਨਿਤਰਨ ਲਈ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ, ਉਨ੍ਹਾਂ ਦੀ ਰਾਜਸੀ ਚੇਤਨਾ ਨੇ ਜਾਂ ਧਾਰਮਿਕ ਜਜ਼ਬੇ ਨੇ ? ਕੀ ਉਹ ਸਿਰਫ਼ ਏਨੀ ਗੱਲ ਸੁਣ ਕੇ ਬਗ਼ਾਵਤ ਕਰਨ ਲਈ ਰਜ਼ਾਮੰਦ ਹੋ ਗਏ ਕਿ ਬਰਤਾਨੀਆ ਤੇ ਜਰਮਨੀ ਵਿਚਕਾਰ ਜੰਗ ਲੱਗਣ ਵਾਲੀ ਸੀ? ਇਸ ਗੱਲ ਦਾ ਪਤਾ ਤਾਂ ਦੇਸ ਦੇ ਹੋਰ ਕਿੰਨੇ ਵਰਗਾਂ ਨੂੰ ਸੀ। ਪਰ ਉਨ੍ਹਾਂ ਵਿੱਚੋਂ ਕੋਈ ਬਗ਼ਾਵਤ ਕਰਨ ਲਈ ਤਿਆਰ ਨਾ ਹੋਇਆ। ਅਸਲ ਗੱਲ ਇਹ ਸੀ ਕਿ ਭਾਈ ਭਗਵਾਨ ਸਿੰਘ ਦੀ ਤਕਰੀਰ ਨੇ ਸਿੱਖ ਫ਼ੌਜੀਆਂ ਅੰਦਰ ਧਾਰਮਿਕ ਜੋਸ਼ ਪੈਦਾ ਕਰ ਦਿੱਤਾ ਸੀ । ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਸੁਣ ਕੇ ਉਨ੍ਹਾਂ ਦੇ ਜਜ਼ਬਾਤ ਹਲੂਣੇ ਗਏ ਸਨ। ਇਸ ਕਰਕੇ ਉਨ੍ਹਾਂ ਨੇ ਏਡਾ ਜੋਖਮ ਭਰਿਆ ਫ਼ੈਸਲਾ ਕਰ ਲਿਆ ‘ ਸੀ । ਸੋ ਇਥੇ ਰਾਜਸੀ ਚੇਤਨਾ ਨਹੀਂ, ਧਾਰਮਿਕ ਜਜ਼ਬਾਤ ਸਨ ਜਿਹੜੇ ਨਿਰਣਾਕਾਰੀ ਬਣੇ। ਇਥੋਂ ਹੀ ਸਿੱਖਾਂ ਦੀ ਵਿਸ਼ੇਸ਼ਤਾ ਸਮਝ ਪੈਂਦੀ ਐ। ਸਮਕਾਲੀ ਦੌਰ ਅੰਦਰ ਦੂਸਰੇ ਧਾਰਮਿਕ ਵਰਗਾਂ, ਹਿੰਦੂਆਂ ਜਾਂ ਮੁਸਲਮਾਨਾਂ, ਅੰਦਰ ਅਜਿਹਾ ਇਨਕਲਾਬੀ ਪ੍ਰਤਿਕਰਮ ਪੈਦਾ ਨਹੀਂ ਸੀ ਹੋ ਸਕਿਆ। ਕਿਉਂਕਿ ਉਨ੍ਹਾਂ ਦੇ ਮਨਾਂ ਦੇ ਵਿਧਾਨ ਸਿੱਖਾਂ ਨਾਲੋਂ ਅਲੱਗ ਨੇ। ਇਹ ਗੱਲ ਕਿਸੇ ਨੂੰ ਨਿੰਦਣ ਜਾਂ ਨੀਵਾਂ ਦਿਖਾਉਣ ਦੀ ਨੀਤ ਨਾਲ ਨਹੀਂ, ਲਹਿਰ ਨੂੰ ਸਮਝਣ ਦੀ ਲੋੜ ਤੇ ਭਾਵਨਾ ‘ਚੋਂ ਕਹੀ ਗਈ ਹੈ। ਕਿਸੇ ਨੂੰ ਨੀਵਾਂ ਦਿਖਾਉਣ ਦੀ ਨੀਤ ਨਾਲ ਕਹੀ ਹੁੰਦੀ ਤਾਂ ਜ਼ਰੂਰ ਗਲਤ (ਅਨੈਤਿਕ) ਹੋਣੀ ਸੀ।

ਮੇਰੀ ਰਾਮ ਕਹਾਣੀ ਲਿਖਣ ਦਾ ਪ੍ਰਸੰਗ ਤੇ ਮਨੋਰਥ

ਤੁਸੀਂ ਬਾਬਾ ਭਕਨਾ ਦੀ ਮੇਰੀ ਰਾਮ ਕਹਾਣੀ ਨੂੰ ਪੂਰੀ ਨੀਝ ਨਾਲ ਪੜ੍ਹੋ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਹ ਕੋਈ ਸੁਤੇ-ਸਿੱਧ ਲਿਖੀ ਲਿਖਤ ਨਹੀਂ। ਇਹ ਕੁਝ ਲਿਖਾਰੀਆਂ ਵਲੋਂ ਗ਼ਦਰ ਲਹਿਰ ਦੀ ਅਸਲੀਅਤ ਨੂੰ ਵਿਗਾੜੇ ਜਾਣ ਦੀਆਂ ਕੋਸ਼ਿਸ਼ਾਂ ਦੇ ਜੁਆਬ ਵਿਚ ਲਿਖੀ ਸਾਫ਼ ਮਾਲੂਮ ਹੁੰਦੀ ਹੈ। ਬਾਬਾ ਜੀ ਮੁਤਾਬਕ ਇਹ ਲਿਖਤ ਜੇਲ੍ਹ ਵਿਚ ਬੈਠੇ ਹੋਏ, ਜੇਲ੍ਹ ਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਅਤੇ ਇਸ ਤਰ੍ਹਾਂ ‘ਹੋਰ ਵੀ ਦੁੱਖਾ ਦੇ ਖ਼ਤਰੇ ਸਹੇੜ ਕੇ ਤੇ ‘ਜਾਨ ਜੋਖੋਂ ਵਿਚ ਪਾ ਕੇ’ ਲਿਖੀ ਗਈ ਸੀ । ਆਮ ਹਾਲਤਾਂ ਵਿਚ ਕੋਈ ਵੀ ਸਮਝਦਾਰ ਵਿਅਕਤੀ ਬੇਲੋੜਾ ਖ਼ਤਰਾ ਮੁੱਲ ਲੈਣ ਦੀ ਨਾਦਾਨੀ ਨਹੀਂ ਕਰਦਾ। ਬਾਬਾ ਜੀ ਨੇ ਜੇਕਰ ਏਡਾ ਵੱਡਾ ਖ਼ਤਰਾ ਮੁੱਲ ਲੈਣ ਦਾ ਫ਼ੈਸਲਾ ਲਿਆ ਤਾਂ ਸਪੱਸ਼ਟ ਹੈ। ਕਿ ਉਨ੍ਹਾਂ ਨੂੰ ਅਜਿਹਾ ਕਰਨ ਦੀ ਜ਼ਰੂਰੀ ਲੋੜ ਮਹਿਸੂਸ ਹੋਈ ਹੋਵੇਗੀ। ਕਿਤਾਬ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹ ਕੇ ਸਾਫ਼ ਮਾਲੂਮ ਹੋ ਜਾਂਦੈ ਕਿ ਇਹ ਲੋੜ ਉਨ੍ਹਾਂ ਨੂੰ ਇਸ ਕਰਕੇ ਮਹਿਸੂਸ ਹੋਈ ਕਿ ਕੁਝ ਲਿਖਾਰੀਆਂ ਦੁਆਰਾ ਲਹਿਰ ਬਾਰੇ ਗ਼ਲਤ ਬਿਆਨੀਆਂ ਕਰਕੇ ਭੁਲੇਖੇ ਖੜੇ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ਬਾਬਾ ਜੀ ਨੂੰ ਜਿਸ ਗੱਲ ਨੇ ਸਭ ਤੋਂ ਵੱਧ ਔਖਾ ਕੀਤਾ, ਉਹ ਇਹ ਸੀ ਕਿ ਫ਼ਿਰਕੂ ਪੱਖਪਾਤ ਦੀ ਭਾਵਨਾ ਨਾਲ ਗ਼ਦਰ ਲਹਿਰ ਅੰਦਰ ਇਕ ਵਿਸ਼ੇਸ਼ ਫ਼ਿਰਕੇ ਦੇ ਲੋਕਾਂ ਦੇ ਰੋਲ ਨੂੰ ਹਕੀਕਤ ਨਾਲੋਂ ਕਿਤੇ ਜ਼ਿਆਦਾ ਵਧਾਅ ਚੜ੍ਹਾਅ ਕੇ ਪੇਸ਼ ਕੀਤਾ ਜਾ ਰਿਹਾ ਸੀ ਅਤੇ ਕੁਝ ਖ਼ਾਸ ਹਸਤੀਆਂ – ਜਿਵੇਂ ਲਾਲਾ ਹਰਦਿਆਲ ਤੇ ਰਾਮਚੰਦਰ ਆਦਿ – ਨੂੰ ਗ਼ਦਰ ਲਹਿਰ ਦੇ ਅਸਲੀ ਆਗੂ ਸਾਬਤ ਕਰਨ ਲਈ ਤੱਥਾਂ ਨੂੰ ਵਿਗਾੜਿਆ ਜਾ ਰਿਹਾ ਸੀ ਜਾਂ ਕਈ ਝੂਠੇ ਤੱਥ ਸਿਰਜੇ ਜਾ ਰਹੇ ਸਨ। ਭਾਵੇਂ ਬਾਬਾ ਜੀ ਨੇ ਆਪਣੇ ਸੁਭਾਅ ਤੇ ਸਦਾਚਾਰ ਅਨੁਸਾਰ ਇਨ੍ਹਾਂ ਲਿਖਾਰੀਆਂ ਦੇ ਨਾਂਵਾਂ ਦਾ ਜ਼ਿਕਰ ਕਰਨ ਤੋਂ ਵਾਹ ਲੱਗਦੀ ਸੰਕੋਚ ਕੀਤੈ ਪਰ ਫਿਰ ਵੀ ਕੁਝ ਕੁ ਥਾਵਾਂ ‘ਤੇ ਅਣਸਰਦੇ ਨੂੰ ਖ਼ਾਸ ਵਿਅਕਤੀਆਂ ਦੇ ਬਾਕਾਇਦਾ ਨਾਉਂ ਲੈ ਕੇ, ਉਨ੍ਹਾਂ ਵੱਲੋਂ ਕੀਤੀਆਂ ਗ਼ਲਤ ਬਿਆਨੀਆਂ ਦੇ ਪਾਜ ਉਘਾੜੇ ਗਏ ਨੇ। ਮਿਸਾਲ ਵਜੋਂ, ਬਾਬਾ ਜੀ ਨੇ ਦੋ ਤਿੰਨ ਥਾਵਾਂ ‘ਤੇ8 ਭਾਈ ਪਰਮਾਨੰਦ (ਲਾਹੌਰ) ਵੱਲੋਂ ‘ਹਿੰਦੂਪੁਣੇ ਦੇ ਪੱਖਪਾਤ’ ਦੇ ਅਸਰ ਹੇਠ ਸਿੱਖ ਭਾਈਚਾਰੇ ਨੂੰ ਨੀਵਾਂ ਦਿਖਾਉਣ ਲਈ ਕੀਤੀ ਝੂਠ ਬਿਆਨੀ ਦਾ ਪਰਦਾਫ਼ਾਸ਼ ਕੀਤੈ। ਇਸੇ ਤਰ੍ਹਾਂ, ਉਨ੍ਹਾਂ ਨੇ ਲਾਲਾ ਲਾਜਪਤ ਰਾਇ ਦੀ ਸਿੱਖ ਵਿਰੋਧੀ ਫ਼ਿਰਕੂ ਜ਼ਹਿਨੀਅਤ ਨੂੰ ਵੀ ਕਰੜੇ ਹੱਥੀਂ ਲਿਐ। ਉਹ ਗ਼ੁੱਸੇ ਭਰੇ ਅੰਦਾਜ਼ ਵਿਚ ਲਿਖਦੇ ਹਨ : ‘ਲਾਲਾ ਲਾਜਪਤ ਰਾਇ ਆਦਿਕਾਂ ਨੇ ਅਮਰੀਕਾ ਦੇ ਹਿੰਦੀਆਂ ਖ਼ਾਸ ਕਰਕੇ ਸਿੱਖਾਂ ਬਾਰੇ ਜੋ ਘਿਰਣਾ ਭਰੇ ਲਫ਼ਜ਼ ਆਪਣੀਆਂ ਕਿਤਾਬਾਂ ਵਿਚ ਲਿਖੇ ਹਨ, ਮੇਰੀ ਜਾਚੇ ਤਾਂ ਉਹਨਾਂ ਨੇ ਪੁੱਜ ਕੇ ਭੁਲੇਖਾ ਖਾਧਾ ਹੈ ਤੇ ਨਿਆਂ ਦੇ ਗਲ ਛੁਰੀ ਫੇਰੀ ਹੈ।” ਬਾਬਾ ਜੀ ਨੇ ਦੋ ਥਾਵਾਂ ‘ਤੇ ਸ਼ਚਿੰਦਰਨਾਥ ਸਾਨਿਆਲ ਵੱਲੋਂ, ਭੁਲੇਖੇ ਵੱਸ ਜਾਂ ਕਿਸੇ ਹੋਰ ਕਾਰਨ ਕਰਕੇ, ਗ਼ਲਤ ਤੱਥ ਬਿਆਨ ਕੀਤੇ ਜਾਣ ਦਾ ਵੀ ਤਿੱਖਾ ਨੋਟਿਸ ਲਿਆ।20 ਨੋਟ ਕਰਨ ਵਾਲੀ ਗੱਲ ਇਹ ਐ ਕਿ ਬਾਬਾ ਜੀ ਨੂੰ ਜਿਥੇ ਵੀ, ਕਿਸੇ ਗਲਤ ਬਿਆਨੀ ਦੇ ਪਿੱਛੇ ‘ਕਿਸੇ ਕੌਮ ਨੂੰ ਬਦਨਾਮ ਕਰਨ ਜਾਂ ਕਿਸੇ ਕੌਮ ਦੀ ਸਲਾਹੁਤ ਕਰਨ’ ਦੀ ਪੱਖਪਾਤੀ ਭਾਵਨਾ ਦਾ ਆਭਾਸ ਹੋਇਆ, ਉਥੇ ਉਨ੍ਹਾਂ ਆਪਣੀ ਤਿੱਖੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਖਰ੍ਹਵੀ ਭਾਸ਼ਾ ਵਰਤਣ ਤੋਂ ਗੁਰੇਜ਼ ਨਹੀਂ ਕੀਤਾ। ਜਿਵੇਂ, ਜਦੋਂ ਭਾਈ ਪਰਮਾਨੰਦ ਨੇ ਆਪਣੀ ਕੌਮੀ ਸੰਘਟਨ ਨਾਂ ਦੀ ਕਿਤਾਬ ਵਿਚ (ਸਿੱਖ) ਕੌਮ ਨੂੰ ਬਦਨਾਮ ਕਰਨ ਤੇ (ਹਿੰਦੂ) ਕੌਮ ਦੀ ਸਲਾਹੁਤਾ ਕਰਨ’ ਦੀ ਮਨਸ਼ਾ ਨਾਲ ਇਹ ਗੱਲ ਸਾਬਤ ਕਰਨ ਦਾ ਖੋਟਾ ਯਤਨ ਕੀਤਾ ਕਿ ਲਾਹੌਰ ਸਾਜ਼ਸ਼ ਕੇਸ ਵਿਚ ਹਿੰਦੂਆਂ ਦੇ ਮੁਕਾਬਲੇ ਸਿੱਖ ਜ਼ਿਆਦਾ ਸੰਖਿਆ ਵਿਚ ਵਾਅਦਾ ਮਾਫ਼ ਬਣੇ ਅਤੇ ਇਸ ਤੋਂ ਉਸ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ‘ਹਿੰਦੂ ਬਹਾਦਰ ਤੇ ਸਿੱਖ ਡਰਾਕਲ’ ਹਨ, ਤਾਂ ਬਾਬਾ ਭਕਨਾ ਨੇ ਨਾ ਸਿਰਫ਼ ਠੋਸ ਤੱਥ ਦੇ ਕੇ ਪਰਮਾਨੰਦ ਦੇ ਇਸ ਫ਼ਿਰਕੂ ਦਾਅਵੇ ਦੀ ਫੂਕ ਕੱਢ ਦਿੱਤੀ, ਸਗੋਂ ਉਨ੍ਹਾਂ ਨੇ, ਮੋੜਵੇਂ ਰੂਪ ਵਿਚ, ਦਿੱਲੀ ਬੰਬ ਕਾਂਡ ਦਾ ਹਵਾਲਾ ਦੇ ਕੈ ਭਾਈ ਪਰਮਾਨੰਦ ਨੂੰ, ਉਸ ਦੀ ‘ਦਲੇਰ ਕੌਮ’ ਦੀ ਅਸਲੀ ਔਕਾਤ ਦਰਸਾਉਣ ਤੋਂ ਸੰਕੋਚ ਨਹੀਂ ਕੀਤਾ। ਇਥੇ ਬਾਬਾ ਜੀ ਵੱਲੋਂ ਵਰਤੀ ਸਮੁੱਚੀ ਸ਼ਬਦਾਵਲੀ ‘ਚੋਂ, ਪਰਮਾਨੰਦ ਦੇ ਫ਼ਿਰਕੂ ਡੰਗ ਨਾਲ ਉਨ੍ਹਾਂ ਦੇ ਸਿੱਖ ਜਜ਼ਬਾਤ ਨੂੰ ਪਹੁੰਚੇ ਘਾਤ ਦੀ ਸਾਫ਼ ਝਲਕ ਪੈਂਦੀ ਐ।* ਅਸਲ ਵਿਚ ਸਿਰਫ਼ ਇਥੇ ਹੀ ਨਹੀਂ, ਜਿਥੇ ਵੀ ਕਿਸੇ ਨੇ ਸਿੱਖ ਧਰਮ ਦੀ ਨਿਰਾਦਰੀ ਜਾਂ ਸਿੱਖ ਭਾਈਚਾਰੇ ਦੀ ਨ-ਕਦਰੀ ਕਰਨ ਦਾ ਯਤਨ ਕੀਤਾ, ਗ਼ਦਰੀ ਬਾਬੇ ਉਥੇ ਰੋਹ ਵਿਚ ਆ ਕੇ ਆਪਣੇ ਧਰਮ ਤੇ ਭਾਈਚਾਰੇ ਦੀ ਰੱਖਿਆ ਲਈ ਤਣ ਜਾਂਦੇ ਸਨ। ਉਦੋਂ ਉਹ ਆਪਣੀ ਪੰਥ-ਪ੍ਰਸਤੀ ਦਾ ਪ੍ਰਗਟਾਵਾ ਬੇਬਾਕ ਹੋ ਕੇ ਕਰਦੇ ਸਨ। ਇਸ ਦੀਆਂ ਦਰਜਨਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ । ਬਾਬਾ ਭਕਨਾ ਨੇ ਸੰਨ 1967 ਵਿਚ ਪ੍ਰਿੰ. ਬਜਾਜ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਸੀ ਕਿ ‘ਲਾਹੌਰ ਕੇਸ ਵਿਚ ਜਦੋਂ ਸਾਨੂੰ ਮੌਤ ਦੀ ਸਜ਼ਾ ਹੋਈ ਤਾਂ ਅਸੀਂ ਫ਼ੈਸਲਾ ਕੀਤਾ ਕਿ ਜੇਲ੍ਹ ਵਿਚ ਟੋਪੀ ਨਹੀਂ ਪਾਉਣੀ ਕਿਉਂਕਿ ਇਹ ਸਿੱਖੀ ਰਹਿਤ ਦੇ ਖ਼ਿਲਾਫ਼ ਹੈ।’

? (ਵਿੱਚੋਂ ਟੋਕ ਕੇ) ਪਰ ਇਕ ਖੱਬੇ ਪੱਖੀ ਵਿਦਵਾਨ ਡਾ. ਰਘਬੀਰ ਸਿੰਘ (ਸਿਰਜਣਾ) ਨੇ ਤਾਂ ਇਸ ਟੋਪੀ ਵਾਲੇ ਮਸਲੇ ਨੂੰ ਧਾਰਮਿਕ ਮੁੱਦਾ ਮੰਨਣ ਤੋਂ ਇਨਕਾਰ ਕੀਤਾ ਹੈ। ਉਹ ਤਾਂ ਪੱਗ ਨੂੰ ‘ਰਾਸ਼ਟਰੀ ਪਤ ਦਾ ਪ੍ਰਤੀਕ’ ਦੱਸਦਾ ਹੈ ?

ਤੁਸੀਂ ਆਪ ਹੀ ਨਿਰਣਾ ਕਰੋ, ਬਾਬਾ ਭਕਨਾ ਤੇ ਡਾ. ਰਘਬੀਰ ਸਿੰਘ ਵਿੱਚੋਂ ਸਾਨੂੰ ਕਿਸ ਦੀ ਗੱਲ ‘ਤੇ ਯਕੀਨ ਕਰਨਾ ਚਾਹੀਦੈ ? ਬਾਬਾ ਜੀ ਜੋ ਕਹਿੰਦੇ ਹਨ ਉਹ ਨਿਸ਼ਕਪਟ ਭਾਵਨਾ ਨਾਲ, ਕੁਦਰਤੀ ਜਜ਼ਬੇ ਅਧੀਨ ਕਹਿੰਦੇ ਹਨ । ਡਾ. ਰਘਬੀਰ ਸਿੰਘ ਜਾਂ ਹੋਰ ਕੋਈ ਵੀ ਖੱਬੇ ਪੱਖੀ ਵਿਦਵਾਨ ਜੋ ਲਿਖਦਾ ਹੈ, ਉਹ ਇਕ ਖ਼ਾਸ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਤੇ ਉਸ ਦੀ ਲੋੜ ਤੇ ਮਰਯਾਦਾ ਦੇ ਅਨੁਸਾਰ ਲਿਖਦਾ ਹੈ । ਹੁਣ ਤੁਸੀਂ ਆਪ ਹੀ ਅਨੁਮਾਨ ਲਾ ਲਓ ਕਿ ਦੋਵਾਂ ਵਿੱਚੋਂ ਸੱਚਾ ਕੌਣ ਹੋ ਸਕਦਾ ਏ ? ਡਾ. ਰਘਬੀਰ ਸਿੰਘ ਨੂੰ ਪੁੱਛਿਆ ਜਾ ਸਕਦੈ ਕਿ ਜੇਕਰ ਪੱਗ ਸਿੱਖਾਂ ਦੀ ਧਾਰਮਿਕ ਰਹਿਤ ਨਾਲ ਨਹੀਂ, ‘ਰਾਸ਼ਟਰੀ ਪਤ’ ਨਾਲ ਜੁੜੀ ਹੋਈ ਐ, ਤਾਂ ਇਸ ‘ਰਾਸ਼ਟਰੀ ਪਤ’ ਲਈ ਸਿੱਖਾਂ ਨੂੰ ਹੀ ਨੰਗੇ ਧੜ ਕਿਉਂ ਲੜਨਾ ਪਿਆ ? ਜੇਲ੍ਹਾਂ ਦੀ ਗੱਲ ਹੋਵੇ ਜਾਂ ਬਿਗਾਨੇ ਮੁਲਕਾਂ ਦੀ, ਕਿਸੇ ਵੀ ਜਗ੍ਹਾ ਇਹ ਲੜਾਈ ਗ਼ੈਰ-ਸਿੱਖ ਵਰਗਾਂ ਨੇ ਕਿਉਂ ਨਾ ਲੜੀ? ਕੀ ਇਕ ਵੀ ਮਿਸਾਲ ਅਜਿਹੀ ਹੈ ਜਦ ਸਿੱਖਾਂ ਨੂੰ ਛੱਡ ਕੇ ਦੇਸ ਦੇ ਹੋਰ ਕਿਸੇ ਵਰਗ ਨੇ, ਹਿੰਦੂ ਹੋਵੇ ਜਾਂ ਮੁਸਲਮਾਨ, ਈਸਾਈ ਹੋਵੇ ਜਾਂ ਬੋਧੀ, ਖੱਬੇ ਪੱਖੀ ਹੋਵੇ ਜਾਂ ਗਾਂਧੀਵਾਦੀ, ਪੱਗ ਦੇ ਮਸਲੇ ਨੂੰ ‘ਰਾਸ਼ਟਰੀ ਪਤ’ ਦਾ ਮੁੱਦਾ ਮੰਨ ਕੇ ਜ਼ਿੰਦਗੀ ਮੌਤ ਦੀ ਲੜਾਈ ਲੜੀ ਹੋਵੇ ? ਗਾਂਧੀ ਨੇ ਤਾਂ ਪੂਨਾ (ਯਰਵਦਾ) ਜੇਲ੍ਹ ਅੰਦਰ ਦਸਤਾਰ ਦੇ ਮੁੱਦੇ ‘ਤੇ ਲੜਾਈ ਲੜ ਰਹੇ ਸਿੱਖ ਗ਼ਦਰੀਆਂ ਦੀ ਮੱਦਦ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ‘ਇਹ ਸਿੱਖਾਂ ਦਾ ਧਾਰਮਿਕ ਮਾਮਲਾ ਹੈ।’ਸੋ ਅਜਿਹੀਆਂ ਬੇਥਵੀਆਂ ਗੱਲਾਂ ਤੰਗ ਸੋਚ ਵਿੱਚੋਂ ਨਿਕਲਦੀਆਂ ਨੇ। ਖੱਬੇ ਪੱਖੀ ਵਿਦਵਾਨਾਂ ਵੱਲੋਂ ਕੀਤੇ ਅਨਾਚਾਰ ਦੀ ਇਹ ਇਕਲੌਤੀ ਉਦਾਹਰਣ ਨਹੀਂ, ਇਸ ਭਾਂਤ ਦੀਆਂ ਮਿਸਾਲਾਂ ਬੇਸ਼ੁਮਾਰ ਹਨ। ਇਹ ਹਰ ਮਸਲੇ ਤੇ ਘਟਨਾ ਨੂੰ ਧਰਮ-ਨਿਰਲੇਪ ਰਾਸ਼ਟਰਵਾਦ ਦੇ ਸਿਧਾਂਤਕ ਫ਼ਰੇਮ ਵਿਚ ਫਿੱਟ ਕਰਨ ਦਾ ਜਨੂੰਨ ਹੈ। ਜਨੂੰਨ ਕੋਈ ਵੀ ਹੋਵੇ, ਧਾਰਮਿਕ ਜਾਂ ਸੈਕੂਲਰ, ਬੰਦੇ ਨੂੰ ਵਿਵੇਕਸ਼ੀਲ ਨਹੀਂ ਰਹਿਣ ਦਿੰਦਾ। ਇਹ ਪੱਕੀ ਗੱਲ ਐ। ਆਸ਼ੀਸ ਨੰਦੀ ਨੇ ਇਸ ਨੂੰ ਮਨੋਰੋਗ (psychopathology) ਕਿਹਾ ਹੈ।

ਚੌਥਾ ਖੰਡ

ਸਿੱਖੀ ਤੇ ਗ਼ਦਰੀ ਬਾਬੇ

? ਮੂਲ ਰੌਲਾ ਕਿਸ ਗੱਲ ਦਾ ਹੈ ? ਏਨੀ ਗੱਲ ਤਾਂ ਸ਼ਾਇਦ ਸਾਰੇ ਈ ਮੰਨਦੇ ਨੇ ਕਿ ਗ਼ਦਰੀ ਬਾਬਿਆਂ ਨੂੰ, ਉਨ੍ਹਾਂ ਦੇ ਧਾਰਮਿਕ ਪਿਛੋਕੜ ਤੇ ਰਹਿਤ-ਬਹਿਤ ਦੇ ਲਿਹਾਜ਼ ਨਾਲ ‘ਸਿੱਖ’ ਕਹਿਣ ਵਿਚ ਕੋਈ ਇਤਰਾਜ਼ ਨਹੀਂ ਏ। ਇਹ ਇਕ ਜ਼ਾਹਰਾ ਤੱਥ ਐ ਜਿਸ ਤੋਂ ਸ਼ਾਇਦ ਕੋਈ ਵੀ ਮੁਨਕਰ ਨਹੀਂ ਹੋ ਸਕਦਾ । ਪਰ ਉਦਾਰਪੰਥੀ ਤੇ ਖੱਬੇ ਪੱਖੀ, ਦੋਨੋਂ ਹੀ ਵੰਨਗੀਆਂ ਦੇ ਵਿਦਵਾਨਾਂ ਦਾ ਦਾਅਵਾ ਇਹ ਐ ਕਿ ਗ਼ਦਰੀ ਬਾਬੇ ਜਦੋਂ ਗ਼ਦਰ ਪਾਰਟੀ ਵਿਚ ਸਰਗਰਮ ਹੋਏ ਤਾਂ ਉਹ ਧਾਰਮਿਕ ਸਰੋਕਾਰਾਂ ਤੋਂ ਉਪਰ ਉੱਠ ਗਏ ਸਨ। ਉਨ੍ਹਾਂ ਦੇ ਸਰੋਕਾਰ ਸੌੜੇ ਨਹੀਂ ਰਹੇ ਸਨ, ਵਿਸ਼ਾਲ ਹੋ ਗਏ ਸਨ। ਉਨ੍ਹਾਂ ਦੇ ਵਿਚਾਰ ਖੁੱਲ੍ਹ-ਦਿਲੇ ਤੇ ਧਰਮ-ਨਿਰਪੱਖ ਹੋ ਗਏ ਸਨ। ਉਨ੍ਹਾਂ ਦੇ ਟੀਚੇ ਉਚੇਰੇ ਹੋ ਗਏ ਸਨ । ਇਸ ਕਰਕੇ ਗ਼ਦਰ ਦੀ ਅਸਫਲਤਾ ਤੋਂ ਬਾਅਦ ਉਹ, ਇੱਕਾ ਦੁੱਕਾ ਨੂੰ ਛੱਡ ਕੇ, ਲਗਭਗ ਸਾਰੇ ਕਮਿਊਨਿਸਟ ਲਹਿਰ ਦਾ ਅੰਗ ਬਣ ਗਏ ਸਨ । ਅਸਲੀ ਰੌਲਾ ਸ਼ਾਇਦ ਇਹ ਹੈ। ਇਸ ਬਾਰੇ ਆਪਣਾ ਮੱਤ/ਪੱਖ ਸਪੱਸ਼ਟ ਕਰੋਗੇ ?

ਠੀਕ ਹੈ, ਮਸਲਾ ਨਿਖਰਵੇਂ ਰੂਪ ਵਿਚ ਪੇਸ਼ ਹੋ ਗਿਆ ਐ। ਇਸ ਨੂੰ ਥੋੜ੍ਹਾ ਹੋਰ ਖੋਲ੍ਹਣ ਦੀ ਲੋੜ ਐ। ਜਿਹੜਾ ਇਹ ਦਾਅਵਾ ਕੀਤਾ ਜਾਂਦੈ ਕਿ ਬਾਬੇ ਧਾਰਮਿਕ ਸਰੋਕਾਰਾਂ ਤੋਂ ਉਪਰ ਉੱਠ ਗਏ ਸਨ, ਇਸ ਨੂੰ ਦੋ ਪੱਖਾਂ ਤੋਂ ਜਾਂਚਣ ਦੀ ਲੋੜ ਐ। ਇਕ ਤੱਥਾਂ ਦੇ ਪੱਧਰ ’ਤੇ, ਦੂਜਾ ਸਿਧਾਂਤਕ ਦ੍ਰਿਸ਼ਟੀ ਤੋਂ। ਪਹਿਲਾਂ ਤੱਥਾਂ ਦੀ ਗੱਲ ਕਰਦੇ ਆਂ। ਕੀ ਕੋਈ ਅਜਿਹੀ ਠੋਸ ਉਦਾਹਰਣ ਮਿਲਦੀ ਐ, ਜਦੋਂ ਗ਼ਦਰੀ ਬਾਬਿਆਂ ਨੇ ਸਿੱਖ ਪੰਥ ਦੇ ਕਿਸੇ ਉਭਰੇ ਹੋਏ ਤੇ ਸੰਘਰਸ਼ ਦਾ ਮੁੱਦਾ ਬਣੇ ਧਾਰਮਿਕ ਮਸਲੇ ‘ਤੋਂ ਆਪਣੇ ਆਪ ਨੂੰ ਇਸ ਕਰਕੇ ਵੱਖ ਕਰ ਲਿਆ ਹੋਵੇ ਕਿ ਇਸ ਨਾਲ ਉਨ੍ਹਾਂ ਨੂੰ ਦੇਸ ਦੀ ਆਜ਼ਾਦੀ ਦੇ ਵਡੋਰੇ ਤੇ ਉਚੇਰੇ ਕਾਜ਼ ਦੀ ਹਾਨੀ ਹੋਣ ਦਾ ਖ਼ਤਰਾ ਭਾਸਦਾ ਸੀ ? ਜੇਕਰ ਇਸ ਦੀ ਕੋਈ ਵੀ ਠੋਸ ਅਤੇ ਪ੍ਰਮਾਣਿਕ ਉਦਾਹਰਣ ਮਿਲਦੀ ਹੋਵੇ, ਤਾਂ ਉਪਰੋਕਤ ਦਾਅਵੇ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਸਕਦੈ। ਜੇਕਰ ਅਜਿਹੀ ਇਕ ਵੀ ਉਦਾਹਰਣ ਨਹੀਂ ਮਿਲਦੀ ਤਾਂ ਇਹ ਦਾਅਵਾ ਆਪਣੇ ਆਪ ਹੀ ਗ਼ਲਤ ਤੇ ਖੋਖਲਾ ਸਿੱਧ ਹੋ ਜਾਂਦੈ । ਮੈਂ ਗ਼ਦਰ ਲਹਿਰ ਬਾਰੇ ਜਿੰਨਾ ਕੁ ਵੀ ਪੜ੍ਹਿਆ ਵਿਚਾਰਿਐ, ਮੈਨੂੰ ਅਜਿਹੀ ਕੋਈ ਉਦਾਹਰਣ ਨਜ਼ਰ ਨਹੀਂ ਆਈ। ਇਸ ਦੇ ਉਲਟ ਅਨੇਕਾਂ ਉਦਾਹਰਣਾਂ ਮਿਲਦੀਆਂ ਨੇ। ਦੇਸ ਦੀ ਆਜ਼ਾਦੀ ਤੋਂ ਪਹਿਲਾਂ ਸਿੱਖ ਪੰਥ ਦਾ ਜਿਹੜਾ ਵੀ ਮਸਲਾ ਉਭਰਿਆ, ਧਾਰਮਿਕ ਸੀ ਜਾਂ ਵਿਦਿਅਕ ਜਾਂ ਰਾਜਸੀ, ਦੇਸ਼ ਵਿਚ ਸੀ ਜਾਂ ਵਿਦੇਸ਼ਾਂ ਵਿਚ, ਗ਼ਦਰੀ ਸੰਗਰਾਮੀਏ ਉਸ ਨੂੰ ਪ੍ਰਚਾਰ ਤੇ ਲਾਮਬੰਦੀ ਦਾ ਮੁੱਦਾ ਬਣਾਉਣ ਵਿਚ ਕਦੇ ਨਹੀਂ ਖੁੰਝੇ ਸਨ। ਅੰਗਰੇਜ਼ ਹਾਕਮਾਂ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣ ਦਾ ਮਸਲਾ ਸੀ ਜਾਂ ਅੰਮ੍ਰਿਤਸਰ ਖ਼ਾਲਸਾ ਕਾਲਜ ਵਿਚ ਹਕੂਮਤੀ ਦਖ਼ਲ- ਅੰਦਾਜ਼ੀ ਦਾ, ਅੰਗਰੇਜ਼ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪਾਣੀ ਦੀ ਸਪਲਾਈ ਵਿਚ ਅੜਿਕੇ ਡਾਹੁਣ ਦਾ ਯਤਨ ਸੀ ਜਾਂ ਸਿੱਖਾਂ ਦੇ ਕ੍ਰਿਪਾਨ ਪਹਿਨਣ ਉੱਤੇ ਬੰਦਸ਼ਾਂ ਲਾਉਣ ਦਾ, ਕੈਨੇਡਾ ਵਿੱਚੋਂ ਸਿੱਖਾਂ ਨੂੰ ਆਨੀ ਬਹਾਨੀ ਬਾਹਰ ਕੱਢਣ ਦੀਆਂ ਸਾਮਰਾਜੀ ਸਾਜ਼ਸ਼ਾਂ ਨੂੰ ਭਾਂਜ ਦੇਣ ਦਾ ਚੁਣੌਤੀ ਭਰਿਆ ਕਾਰਜ ਸੀ ਜਾਂ ਭਾਰਤ ਦੀਆਂ ਜੇਲ੍ਹਾਂ ਅੰਦਰ ਸਿੱਖ ਰਹਿਤ ਮਰਯਾਦਾ ਦੀ ਰੱਖਿਆ ਕਰਨ ਦਾ ਮਾਮਲਾ ਸੀ, ਗ਼ਦਰੀ ਬਾਬਿਆਂ ਨੇ ਹਰ ਮਸਲੇ ‘ਤੇ ਤਿੱਖਾ ਸਰੋਕਾਰ ਪ੍ਰਗਟਾਇਆ ਅਤੇ ਸਮੇਂ, ਸਥਾਨ ਤੇ ਸਥਿਤੀ ਦੇ ਹਿਸਾਬ ਨਾਲ ਅਮਲੀ ਸਰਗਰਮੀ ਕੀਤੀ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਤਾਂ ਦੇਸ ਤੇ ਵਿਦੇਸ਼ਾਂ ਅੰਦਰ ਗ਼ਦਰੀ ਯੋਧਿਆਂ ਨੇ ਇਸ ਦੀ ਹਮਾਇਤ ਵਿਚ ਭਖਵੀਂ ਪ੍ਰਚਾਰ ਮੁਹਿੰਮ ਵਿੱਢ ਦਿੱਤੀ ਅਤੇ ਸਿੱਖ ਕੌਮ ਦੇ ਧਰਮ ਯੁੱਧ ਦੀ ਹਰ ਢੰਗ ਨਾਲ ਇਮਦਾਦ ਕੀਤੀ। 12 ਅਪ੍ਰੈਲ 1924 ਨੂੰ ਖ਼ਾਲਸਾ ਦੀਵਾਨ ਵਿਕਟੋਰੀਆ ਦੇ ਭਰੇ ਦੀਵਾਨ ਵਿਚ ਇਕ ਸ਼ਹੀਦੀ ਜਥਾ ਜੈਤੋ ਦੇ ਖੰਡਿਤ ਹੋਏ ਪਾਠ ਨੂੰ ਮੁੜ ਆਰੰਭ ਕਰਨ ਵਾਸਤੇ ਤਿਆਰ ਹੋਇਆ। ਇਹ ਜਥਾ 17 ਜੁਲਾਈ ਨੂੰ ਵਿਕਟੋਰੀਆ ਦੀ ਬੰਦਰਗਾਹ ਤੋਂ ਭਾਰਤ ਲਈ ਰਵਾਨਾ ਹੋਇਆ। ਇਸੇ ਤਰ੍ਹਾਂ ਸਟਾਕਟਨ ਤੋਂ ਸ਼ਹੀਦੀ ਜਥਾ ਤੁਰਿਆ। ਗ਼ਦਰੀ ਬਾਬਿਆਂ ਦੀਆਂ ਸਮੁੱਚੀਆਂ ਲਿਖਤਾਂ ਅਤੇ ਅਮਲੀ ਸਰਗਰਮੀਆਂ ਦਾ ਘੋਖਵਾਂ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਹੇਠ ਲਿਖੇ ਤੱਥ ਸਪੱਸ਼ਟ ਰੂਪ ਵਿਚ ਉਘੜ ਆਉਂਦੇ ਹਨ :

  1. ਸਵੈ-ਪਛਾਣ ਬਾਰੇ : ਗ਼ਦਰੀ ਬਾਬੇ ਆਪਣੀ ਸਿੱਖ ਪਛਾਣ ਬਾਰੇ ਪੂਰੇ ਚੇਤੰਨ ਸਨ। ਬਾਬਾ ਭਕਨਾ ਜਦੋਂ ਸਹਿਜ ਭਾਅ ਇਹ ਸਤਰ ਲਿਖਦੇ ਹਨ ਕਿ ‘ਅੰਮ੍ਰਿਤਸਰ ਸਟੇਸ਼ਨ ਪੁਰ ਅਮਰੀਕਾ ਨੂੰ ਜਾਣ ਵਾਲੇ ਅਸੀਂ ਪੰਜ ਸਿੰਘ, ਵੱਖੋ-ਵੱਖਰੇ ਪਿੰਡਾਂ ਤੋਂ ਆ ਕੇ ਇਕੱਠੇ ਹੋਏ’,21 ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ ਆਪਣੀ ਸਿੱਖ ਪਛਾਣ ਦਾ ਅਹਿਸਾਸ ਕਿੰਨਾ ਕੁਦਰਤੀ ਤੇ ਡੂੰਘਾ ਸੀ। ਇਹ ਸਚਾਈ ਸਾਰੇ ਬਾਬਿਆਂ ਦੀਆਂ ਲਿਖਤਾਂ ‘ਚੋਂ ਪ੍ਰਗਟ ਹੁੰਦੀ ਐ।
  2. ਸਿੱਖੀ ਸਰੂਪ ਬਾਰੇ : ਗ਼ਦਰੀ ਬਾਬਿਆਂ ਦੀ ਸਿੱਖੀ ਸਰੂਪ ਵਿਚ ਸ਼ਰਧਾ ਤੇ ਨਿਹਚਾ ਪੂਰਨ ਤੇ ਅਡੋਲ ਸੀ । ਬਾਬਾ ਭਕਨਾ ਨੇ ਅਮਰੀਕਾ ਜਾ ਕੇ ‘ਬੁਰੀ ਸੰਗਤ’ ਦੇ ਅਸਰ ਥੱਲੇ, ਪ੍ਰਚਲਿਤ ਫ਼ੈਸ਼ਨ ਅਨੁਸਾਰ, ਆਪਣੇ ਕੇਸ ਕਟਾ ਦਿੱਤੇ ਸਨ। ਪਰ ਛੇਤੀ ਹੀ ਉਨ੍ਹਾਂ ਨੂੰ ਆਪਣੀ ਕੁਰਹਿਤ ਦਾ ਅਹਿਸਾਸ ਹੋ ਗਿਆ ਸੀ। ਇਸ ਦਾ ਜ਼ਿਕਰ ਉਨ੍ਹਾਂ ਇਸ ਤਰ੍ਹਾਂ ਕੀਤਾ ਹੈ : ‘ਮੈਂ ਨਾਮਧਾਰੀ ਰਹਿ ਚੁੱਕਿਆ ਸਾਂ । ਨਾਮ ਵੱਲ ਮੇਰਾ ਝੁਕਾਉ ਸੀ । ਗੁਰਬਾਣੀ ਦੇ ਅਭਿਆਸੀ ਦੇ ਤੌਰ ‘ਤੇ ਲੋਕੀਂ ਮੈਨੂੰ ਜਾਣਦੇ ਸਨ । ਉਹ ਕਹਿਣ ਤੁਹਾਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਮੈਂ ਵੀ ਮਹਿਸੂਸ ਕੀਤਾ ਤੇ ਛੇ ਕੁ ਮਹੀਨੇ ਪਿੱਛੋਂ ਹੀ ਫਿਰ ਸਾਬਤ-ਸਰੂਪ ਹੋ ਗਿਆ।22 ਸ਼ਾਇਦ ਹੀ ਕੋਈ ਗ਼ਦਰੀ ਬਾਬਾ ਹੋਵੇਗਾ ਜਿਸ ਨੇ ਮਹਿਜ਼ ਸ਼ੌਕ ਵਜੋਂ ਸਿੱਖੀ ਸਰੂਪ ਤਿਆਗਣ ਦੀ ਕੁਤਾਹੀ ਕੀਤੀ ਹੋਵੇ । ਖ਼ਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਦੀ ਪ੍ਰਬੰਧਕੀ ਕਮੇਟੀ ਨੇ ‘ਗੁਰੂ ਪੰਥ ਦੀ ਪਰੰਪਰਾ ‘ਤੇ ਪਹਿਰਾ ਦੇਣ ਲਈ’ ਸਰਬ-ਸੰਮਤੀ ਨਾਲ ਇਹ ਫੈਸਲਾ ਕੀਤਾ ਸੀ ਕਿ ਕੋਈ ਵੀ ਸਿੱਖੀ ਸਰੂਪ ਤੋਂ ਰਹਿਤ ਦੀਵਾਨ ਦਾ ਮੈਂਬਰ ਨਹੀਂ ਬਣ ਸਕਦਾ।2> ਦੀਵਾਨ ਸੁਸਾਇਟੀ ਦੇ ਸਾਰੇ ਅਹਿਮ ਮੈਂਬਰ ਗ਼ਦਰ ਪਾਰਟੀ ਦੇ ਮੋਹਰੀ ਸਨ ਅਤੇ ਉਨ੍ਹਾਂ ਨੇ ਲਾਸਾਨੀ ਕੁਰਬਾਨੀਆਂ ਕੀਤੀਆਂ। ਇਸ ਨਾਲ ਸੰਬੰਧਿਤ ਦਰਜਨ ਤੋਂ ਵਧੇਰੇ ਸਿੱਖ ਸ਼ਹੀਦ ਹੋਏ। ਗ਼ਦਰੀ ਕੈਦੀਆਂ ਨੇ ਜੇਲ੍ਹਾਂ ਅੰਦਰ ਸਿੱਖ ਰਹਿਤ ਮਰਯਾਦਾ ਦੀ ਰੱਖਿਆ ਕਰਨ ਲਈ ਭਾਰੀ ਕਸ਼ਟ ਝੱਲੇ। ਉਨ੍ਹਾਂ ਨੇ ਸਿਰ ‘ਤੇ ਦਸਤਾਰ ਦੀ ਜਗ੍ਹਾ ਟੋਪੀ ਪਾਉਣ ਨਾਲੋਂ ਮਰ ਜਾਣਾ ਬਿਹਤਰ ਸਮਝਿਆ। ਬਾਬਾ ਨਿਧਾਨ ਸਿੰਘ ਚੁੱਘਾ ਨੂੰ ਜਦੋਂ ਕਿਸੇ ਨੇ ‘ਕੁਸੰਗ ਦੇ ਅਸਰ ਕਰਕੇ’ ਮੀਟਿੰਗ ਅੰਦਰ ਇਹ ਸੁਝਾ ਦਿੱਤਾ ਸੀ ਕਿ ਉਹ ਆਪਣਾ ਹੁਲੀਆ ਬਦਲਣ ਲਈ ਆਪਣੀ ਦਾੜ੍ਹੀ, ਜੋ ਕਾਫ਼ੀ ਚਿੱਟੀ ਹੋ ਗਈ ਸੀ, ਵਸਮਾ ਲਾ ਕੇ ਕਾਲੀ ਕਰ ਲਵੇ, ਤਾਂ ਬਾਬੇ ਦਾ ਤੁਰਤਪੈਰਾ ਜੁਆਬ ਪਤਾ ਕੀ ਸੀ ? ਜੁਆਬ ਸੀ : ਮੈਂ ਮੂੰਹ ਕਾਲਾ ਕਰਕੇ ਤੇ ਚਮਕਦੇ ਹੀਰਿਆਂ ਉੱਤੇ ਗੋਹੇ ਦਾ ਪਰੋਲਾ ਫੇਰ ਕੇ ਆਪਣੀ ਬੀਰਤਾ ਨੂੰ ਕਲੰਕਤ ਨਹੀਂ ਕਰਨਾ ਚਾਹੁੰਦਾ। ਮੈਥੋਂ ਜੋ ਕੁਝ ਕੰਮ ਲੈਣਾ ਹੈ ਏਸੇ ਵੇਸ ਵਿਚ ਲਵੋ ਅਤੇ ਮੇਰੇ ਅੰਦਰ ਕਾਇਰਤਾ ਮੱਤ ਪੈਦਾ ਕਰੋ । ‘

ਜਿਹੜੇ ਅਨਮਤੀਏ ਗ਼ਦਰੀ ਬਾਬਿਆਂ ਦੀ ਵਿਰਾਸਤ ਦੇ ਦਾਅਵੇਦਾਰ ਬਣੇ ਬੈਠੇ ਹਨ, ਇਸ ‘ਸ਼ੀਸ਼ੇ’ ਵਿਚ ਉਹ ਆਪਣੀਆਂ ਸੂਰਤਾਂ ਵੱਲ ਦੇਖਣ ਅਤੇ ਇਸ ਦਾ ਮੁਕਾਬਲਾ ਬਾਬਿਆਂ ਦੀ ਜੇਲ੍ਹਾਂ ਤੋਂ ਰਿਹਾਅ ਹੋਣ ਉਪਰੰਤ ਖਿੱਚੀ ਗਈ ਗਰੁੱਪ ਤਸਵੀਰ (ਫੋਟੋ ਸਫ਼ੇ 184-185 ਦਰਮਿਆਨ) ਨਾਲ ਕਰਨ!

  1. ਪੰਥਕ ਪਿਆਰ : ਗ਼ਦਰੀ ਬਾਬਿਆਂ ਦੇ ਹਿਰਦਿਆਂ ਅੰਦਰ ਸਿੱਖ ਪੰਥ ਪ੍ਰਤਿ ਡੂੰਘਾ ਪਿਆਰ ਤੇ ਸਤਿਕਾਰ ਸੀ ਅਤੇ ਪੰਥ ਵਿਚ ਪਈਆਂ ਵੰਡੀਆਂ ਉਨ੍ਹਾਂ ਨੂੰ ਉਦਾਸ ਕਰਦੀਆਂ ਸਨ। ਇਸ ਕਰਕੇ ਉਹ ਹਮੇਸ਼ਾ ਪੰਥਕ ਏਕਤਾ ਦੇ ਅਭਿਲਾਸ਼ੀ ਬਣੇ ਰਹੇ ਅਤੇ ਇਸ ਵਾਸਤੇ ਸ਼ੁੱਧ ਹਿਰਦਿਆਂ ਨਾਲ ਯਤਨ ਕਰਦੇ ਰਹੇ। ਬਾਬਾ ਭਕਨਾ ਨੇ ਆਪਣੀ ‘ਆਤਮ ਕਥਾ’ ਵਿਚ ਪੰਥ ਦੀ ਏਕਤਾ ਬਾਰੇ ਆਪਣੇ ਦਿਲੀ ਭਾਵਾਂ ਦਾ ਪ੍ਰਗਟਾਉ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ : ‘ਪੂਰਨ ਪੰਥਕ ਤੇ ਆਜ਼ਾਦ ਜੀਵਨ ਤਦੇ ਹੀ ਪ੍ਰਾਪਤ ਹੋਵੇਗਾ, ਜਦ ਤੱਤ ਖ਼ਾਲਸਾ ਤੇ ਨਾਮਧਾਰੀ ਖ਼ਾਲਸਾ ਇੱਕੋ ਪੰਥਕ ਝੰਡੇ ਥੱਲੇ ਇਕੱਤ੍ਰ ਹੋ ਕੇ ਦੇਸ਼ ਕੌਮ ਦੀ ਸੇਵਾ ਪੂਰੇ ਪ੍ਰੇਮ ਨਾਲ ਮਿਲ ਕੇ ਕਰਨਗੇ।’25 ਇਸ ਤੋਂ ਪੰਥਕ ਏਕਤਾ ਬਾਰੇ ਉਨ੍ਹਾਂ ਦੇ ਗੂੜ੍ਹੇ ਸਰੋਕਾਰਾਂ ਦੀ ਤਸਵੀਰ ਸਾਫ਼ ਉਘੜ ਆਉਂਦੀ ਐ। 1936 ਵਿਚ ਗ਼ਦਰੀ ਬਾਬਿਆਂ ਦੀ ਪਹਿਲ- ਕਦਮੀ ਨਾਲ, ਸਿੱਖ ਪੰਥ ਵਿਚ ਏਕਤਾ ਬਣਾਈ ਰੱਖਣ ਦੇ ਸਰੋਕਾਰ ਵਿੱਚੋਂ, ਬਾਬਾ ਸੋਹਣ ਸਿੰਘ ਭਕਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਬ ਸੰਮਤੀ ਨਾਲ ਪ੍ਰਧਾਨ ਬਣਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ ਸਨ, ਜੋ ਕੁਝ ਅਕਾਲੀ ਆਗੂਆਂ ਦੇ ਜਾਤੀ ਮੁਫ਼ਾਦਾਂ ਤੇ ਕੁਝ ਸਰਕਾਰੀ ਅਧਿਕਾਰੀਆਂ ਦੀ ਮੰਦਭਾਵਨਾ ਕਰਕੇ ਕਾਮਯਾਬ ਨਾ ਹੋ ਸਕੇ।
  2. ਅਕਾਲੀਆਂ ਨਾਲ ਸਾਂਝ-ਪਿਆਰ: ਗ਼ਦਰੀ ਬਾਬਿਆਂ ਦੇ ਆਪਣੇ ਸਮਕਾਲੀ ਅਕਾਲੀਆਂ ਨਾਲ ਸੰਬੰਧ ਹਮੇਸ਼ਾ ਨਿੱਘੇ ਤੇ ਆਪਸੀ ਪਿਆਰ ਸਤਿਕਾਰ ਵਾਲੇ ਬਣੇ ਰਹੇ। ਉਨ੍ਹਾਂ ਦੇ ਮਨਾਂ ਅੰਦਰ ਸਮਕਾਲੀ ਅਕਾਲੀਆਂ ਬਾਰੇ ਕਿੰਨੀ ਉੱਚੀ ਧਾਰਨਾ ਸੀ, ਇਸ ਦੀ ਝਲਕ ਬਾਬਾ ਸੋਹਣ ਸਿੰਘ ਭਕਨਾ ਵੱਲੋਂ 1930 ਵਿਚ ਲਿਖੇ ਹੇਠ ਦਿੱਤੇ ਸ਼ਬਦਾਂ ਤੋਂ ਮਿਲਦੀ ਹੈ। ਜਿਸ ਨਾਮਧਾਰੀ ਬਜ਼ੁਰਗ ਬਾਬਾ ਕੇਸਰ ਸਿੰਘ ਨੇ ਬਾਬਾ ਭਕਨਾ ਜੀ ਨੂੰ ‘ਸਿੱਖੀ ਦੇ ਗਾਡੀ ਰਾਹ’ ਉੱਤੇ ਚੱਲਣ ਦੀ ਮੱਤ-ਪ੍ਰੇਰਨਾ ਦਿੱਤੀ, ਉਸ ਦਾ ਜ਼ਿਕਰ ਕਰਦੇ ਉਨ੍ਹਾਂ ਲਿਖਿਆ : ‘ਬਾਬਾ ਜੀ ਜਦ ਕਿਸੇ ਅਕਾਲੀ ਨੂੰ ਵੇਂਹਦੇ ਸਨ ਤਾਂ ਡਾਹਢਾ ਖ਼ੁਸ਼ ਹੁੰਦੇ ਸਨ। ਉਹ ਫ਼ੁਰਮਾਇਆ ਕਰਦੇ ਸਨ ਕਿ ਇਹ ਪੰਥ ਦੇ ਨਿਸ਼ਕਾਮ ਸੇਵਕ ਹਨ। ਜੇ ਉਹ ਅੱਜ ਪੰਜ ਭੂਤਕ ਸਰੀਰ ਵਿਚ ਹੁੰਦੇ ਤਾਂ ਅੱਜ ਕੱਲ੍ਹ ਦੇ ਅਕਾਲੀਆਂ ਨੂੰ ਵੇਖ ਕੇ ਬਹੁਤ ਹੀ ਗਦਗਦ ਹੁੰਦੇ।”26 ਸ਼ਚਿੰਦਰਨਾਥ ਸਾਨਿਆਲ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਗ਼ਦਰੀ ਬਾਬਿਆਂ ਦੇ ਅਕਾਲੀ ਆਗੂਆਂ ਨਾਲ ਨੇੜਲੇ ਸੰਬੰਧ ਸਨ । ਬਾਬਾ ਵਸਾਖਾ ਸਿੰਘ ਨੇ ਰਿਹਾਈ ਤੋਂ ਬਾਅਦ ਉਨ੍ਹਾਂ ਨੂੰ ਪੰਥ ਵੱਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਬਾਰੇ ਆਪਣੇ ਦਿਲ ਦੇ ਭਾਵ ਕਵਿਤਾ ਦੇ ਰੂਪ ਵਿਚ ਇਸ ਤਰ੍ਹਾਂ ਪ੍ਰਗਟ ਕੀਤੇ ਹਨ:

ਸਾਰਾ ਪੰਥ ਲਾਹੌਰ ਸੀ ਇਕੱਠਾ ਹੋਇਆ, ਸਾਰੇ ਪੰਥ ਨੇ ਸਾਨੂੰ ਬੁਲਾਇਆ ਜੈਸੇ। ਸਿੱਖ ਲੀਗ ਮੇਂ ਸਾਨੂੰ ਖਲਿਆਰ ਕਰਕੇ, ਸਾਰੇ ਪੰਥ ਨੇ ਸਾਨੂੰ ਵਡਿਆਇਆ ਜੈਸੇ ।

ਭਾਈ ਸੰਤੋਖ ਸਿੰਘ ਦੇ ਅਫ਼ਗ਼ਾਨਿਸਤਾਨ ‘ਚੋਂ ਭਾਰਤ ਅੰਦਰ ਦਾਖ਼ਲ ਹੋਣ ਸਮੇਂ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਪੂਰੇ ਜੋਬਨ ‘ਤੇ ਚੱਲ ਰਹੀ ਸੀ। ਭਾਈ ਸੰਤੋਖ ਸਿੰਘ ਦੀ ਕੁਝ ਸਿਰਕੱਢ ਅਕਾਲੀ ਆਗੂਆਂ ਨਾਲ ਨੇੜਲੀ ਸਾਂਝ ਬਣ ਗਈ ਸੀ ਅਤੇ ਉਹਨਾਂ ਦੇ ਯਤਨਾਂ ਸਦਕਾ ਹੀ ਉਹ ਛੇ ਮਹੀਨੇ ਜੇਲ੍ਹ ਵਿਚ ਰਹਿਣ ਪਿੱਛੋਂ ਡੇਢ ਸਾਲ ਲਈ ਨੇਕ ਚੱਲਨੀ ਦੀ ਜ਼ਮਾਨਤ ਦੇ ਕੇ ਰਿਹਾਅ ਹੋ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਸੰਤੋਖ ਸਿੰਘ ਦੀ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਅੰਮ੍ਰਿਤਸਰ ਦੇ ਸਿੱਖ ਮਿਸ਼ਨਰੀ ਕਾਲਜ ਵਿਚ ਕੀਤਾ ਹੋਇਆ ਸੀ।

  1. ਵਾਹਿਗੁਰੂ ਵਿਚ ਅਡੋਲ ਨਿਹਚਾ : ਬਾਬਾ ਭਕਨਾ ਨੇ ਆਪਣੇ ਅਮਰੀਕਾ ਜਾਣ ਦੇ ਸਫ਼ਰ ਦਾ ਵਰਣਨ ਕਰਦੇ ਹੋਏ ਲਿਖਿਆ ਹੈ: ‘ਹਾਂਗਕਾਂਗ ਵਿਚ, ਡਾਕਟਰੀ ਮੁਲਾਹਜ਼ੇ ਵਾਲੇ ਅਸੀਂ ਅੱਠ ਜਣੇ ਸਾਂ । ਬਾਕੀ.. ਸੱਤੇ ਫ਼ੇਲ੍ਹ ਹੋ ਗਏ ਤੇ ਮੈਂ ਇਕੱਲਾ ਹੀ ਪਾਸ ਹੋਇਆ। ਭਾਈ ਕੇਹਰ ਸਿੰਘ ਜੀ ਹਾਂਗਕਾਂਗ ਵਾਲਿਆਂ ਨੇ ਮੈਨੂੰ ਦੂਜੇ ਜਹਾਜ਼ ਤਕ ਅਟਕਣ ਦੀ ਸਲਾਹ ਦਿੱਤੀ। ਅਖੇ : ਉਸ ਜਹਾਜ਼ ਵਿਚ ਆਪਣੇ ਨਾਲ ਕੋਈ ਹੋਰ ਸਾਥੀ ਲੈ ਕੇ ਚੜ੍ਹੋ! ਕਿਉਂ ਜੋ ਏਨਾ ਲੰਮਾ ਸਫ਼ਰ ਇਕੱਲੇ ਆਦਮੀ ਲਈ ਮੁਸ਼ਕਲ ਹੈ। ਮੈਂ ਉਨ੍ਹਾਂ ਦੀ ਹਮਦਰਦੀ ਦਾ ਧੰਨਵਾਦ ਕਰਦਿਆਂ ਹੋਇਆਂ ਬੇਨਤੀ ਕੀਤੀ ਕਿ ਆਪ ਠੀਕ ਫ਼ੁਰਮਾ ਰਹੇ ਹੋ। ਪਰ ਮੈਂ ਇਕੱਲਾ ਨਹੀਂ ਹਾਂ, ਵਾਹਿਗੁਰੂ ਮੇਰੇ ਅੰਗ ਸੰਗ ਹੈ, ਜਿਸ ਦੇ ਭਰੋਸੇ ਪੁਰ ਮੈਂ ਘਰੋਂ ਨਿਕਲਿਆ ਹਾਂ । ਇਸ ਲਈ ਆਪ ਕੋਈ ਫ਼ਿਕਰ ਨਾ ਕਰੋ ਤੇ ਮੈਨੂੰ ਇਸੇ ਜਹਾਜ਼ ਵਿਚ ਜਾਣ ਦੀ ਆਗਿਆ रिठ। 28

ਗ਼ਦਰੀ ਬਾਬਿਆਂ ਦੀਆਂ ਲਿਖਤਾਂ ‘ਚੋਂ ਇਸ ਭਾਵ ਦੀਆਂ ਅਨੇਕਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਬਿਹਾਰ ਦੀ ਹਜ਼ਾਰੀਬਾਗ਼ ਜੇਲ੍ਹ ਵਿੱਚੋਂ ਫ਼ਰਾਰ ਹੋਏ ਤੇ ਪੈਦਲ ਲੰਮੇ ਤੇ ਔਖੇ ਪੈਂਡੇ ਝਾਗਦੇ ਗ਼ਦਰੀਆਂ ਦੀ ਇਕ ਵਿਥਿਆ ਸੁਣੋ: ‘ਇਸੇ ਤਰ੍ਹਾਂ ਘੁੰਮਦੇ ਘੁੰਮਾਂਦੇ ਸੋਨ ਦਰਿਆ ‘ਤੇ ਆ ਗਏ। ਪੁਲ ‘ਤੇ ਫ਼ੌਜ ਦਾ ਪਹਿਰਾ ਸੀ । ਇਸ ਦਰਿਆ ਦਾ ਪਾੜ ਕਈ ਮੀਲਾਂ ਵਿਚ ਫੈਲਿਆ ਹੋਇਆ ਹੈ। ਬਗ਼ੈਰ ਕਿਸੇ ਸਹਾਇਤਾ ਦੇ ਇਸ ਨੂੰ ਪਾਰ ਕਰਨਾ ਅਸੰਭਵ ਸੀ । ਹੋਰ ਕੋਈ ਰਾਹ ਨਾ ਦੇਖ ਕੇ ਇਨ੍ਹਾਂ ਨੇ ਅਰਦਾਸਾ ਕੀਤਾ, “ਐ ਗੁਰੂ ਕਲਗੀਆਂ ਵਾਲੇ ਤੂੰ ਭਵ ਸਾਗਰ ‘ਚੋਂ ਪਾਰ ਕਰ ਸਕਦਾ ਏਂ, ਸਾਨੂੰ ਸੋਨ ਦਰਿਆ ‘ਚੋਂ ਪਾਰ ਕਰ ।” ਵਾਹਿਗੁਰੂ ਵਾਹਿਗੁਰੂ ਕਰਦੇ ਦਰਿਆ ‘ਚ ਪੈ ਗਏ। ਸਭ ਲੰਘ ਗਏ ਪਰ ਸੀਸ ਨਿਵਾਣ ਲੱਗਿਆਂ ਭਾਈ ਹਰੀ ਸਿੰਘ ਕੱਕੜ ਦਾ ਗੁਟਕਾ ਪਾਣੀ ਦੇ ਤੇਜ਼ ਵਹਾਉ ਵਿਚ ਰੁੜ੍ਹ ਗਿਆ ਤੇ ਮੁੜ ਹੱਥ ਨਾ ਆਇਆ। ਪਾਣੀ ਗਲ ਗਲ ਰਿਹਾ, ਉਤਾਂਹ ਨਾ ਆਇਆ। ਇਹ ਜਦ ਪਕੜੇ ਗਏ ਤੇ ਪੜਤਾਲੀਆ ਕਮਿਸ਼ਨ ਨੇ ਜਦ ਦਰਿਆ ਪਾਰ ਕਰਨ ਦੀ ਗੱਲ ਸੁਣੀ ਤਾਂ ਉਹ ਹੈਰਾਨੀ ‘ਚ ਬੁੱਲ੍ਹ ਟੁੱਕਣ ਲੱਗੇ।29

  1. ਵਿਰਸੇ ਦਾ ਗੌਰਵ : ਆਪਣੇ ਕੌਮੀ ਵਿਰਸੇ ਦਾ ਗੌਰਵ ਭਾਈਚਾਰੇ ਨਾਲ ਸਾਂਝ ਤੇ ਲਗਾਉ ਦਾ ਲਖਾਇਕ ਹੁੰਦਾ ਹੈ। ਜਿਸ ਨੂੰ ਆਪਣੇ ਭਾਈਚਾਰੇ ਨਾਲ ਦਿਲੀ ਲਗਾਉ ਹੋਵੇ, ਉਹ ਆਪਣੇ ਭਾਈਚਾਰੇ ਦੀਆਂ ਇਤਿਹਾਸ ਅੰਦਰ ਮਾਰੀਆਂ ਮੱਲਾਂ ਉੱਤੇ ਉਚੇਚਾ ਫ਼ਖ਼ਰ ਮਹਿਸੂਸ ਕਰਦਾ ਹੈ। ਅਠਾਰ੍ਹਵੀਂ ਸਦੀ ਦੇ ਅੰਤਮ ਗੇੜ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਖ਼ਾਲਸੇ ਦੀਆਂ ਜਿੱਤਾਂ ਨੂੰ ਪੱਕੇ ਪੈਰੀਂ ਕਰਦੇ ਹੋਏ ਪੰਜਾਬ ਦੀ ਸਰਜ਼ਮੀਨ ਉੱਤੇ ਸੁਤੰਤਰ ਖ਼ਾਲਸਾ ਰਾਜ ਦੇ ਨਿਸ਼ਾਨ ਝੁਲਾਉਣੇ ਸਿੱਖ ਕੌਮ ਦੀ ਇਤਿਹਾਸਕ ਤੇ ਗੌਰਵਮਈ ਪ੍ਰਾਪਤੀ ਸੀ। ਗ਼ਦਰੀ ਬਾਬਿਆਂ ਦੇ ਹਿਰਦਿਆਂ ਅੰਦਰੋਂ ਆਪਣੇ ਇਸ ਗੌਰਵਸ਼ਾਲੀ ਵਿਰਸੇ ਦਾ ਮੋਹ ਤੇ ਮਾਣ ਕਿਵੇਂ ਡੁੱਲ੍ਹ ਡੁੱਲ੍ਹ ਪੈਂਦਾ ਸੀ, ਇਹ ਉਨ੍ਹਾਂ ਦੀਆਂ ਲਿਖਤਾਂ, ਕਵਿਤਾਵਾਂ ਤੇ ਅਮਲਾਂ ‘ਚੋਂ ਸਾਫ਼ ਉਜਾਗਰ ਹੁੰਦਾ ਹੈ। ਬਾਬਾ ਭਕਨਾ ਦੇ ਇਨ੍ਹਾਂ ਸ਼ਬਦਾਂ ‘ਚੋਂ ਉਸ ਦੇ ਮਨੋਭਾਵ ਸਾਫ਼ ਬੋਲਦੇ ਪ੍ਰਤੀਤ ਹੁੰਦੇ ਨੇ: ‘ਕੈਨੇਡਾ ਦੇ ਹਿੰਦੀ ਹਿੰਦੁਸਤਾਨ ਦੀ ਅਦਨਾ ਜਾਤੀ ਦੇ ਨਹੀਂ ਸਨ…ਉਨ੍ਹਾਂ ਵਿਚ ਵਧੇਰੇ ਪੰਜਾਬੀ (ਸਿੱਖ) ਜ਼ਿਮੀਂਦਾਰ ਸਨ…ਜਿਨ੍ਹਾਂ ਦੇ ਬਾਪ ਦਾਦੇ ਥੋੜ੍ਹਾ ਚਿਰ ਪਹਿਲਾਂ ਪੰਜਾਬ ਉੱਤੇ ਹਕੂਮਤ ਚਲਾਉਂਦੇ ਸਨ।3° ਖ਼ੁਦ ਹਰੀਸ਼ ਪੁਰੀ ਦੀ ਲਿਖਤ ਗ਼ਦਰੀ ਬਾਬਿਆਂ ਦੇ ਆਪਣੇ ਵਿਰਸੇ ਵਿਚ ਗੌਰਵ ਜਤਾਉਣ ਦੇ ਤੱਥ ਦੀ ਪੁਸ਼ਟੀ ਕਰਦੀ ਐ। ਉਸ ਨੇ ਲਿਖਿਐ ਕਿ 23 ਦਸੰਬਰ 1913 (ਜੋ ਕਿ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਣ ਦੀ ਵਰ੍ਹੇ ਗੰਢ ਵੀ ਸੀ) ਦਾ ਗ਼ਦਰ (ਉਰਦੂ) ਦਾ ਅੰਕ ਪੀਲੇ ਕਾਗ਼ਜ਼ ਉੱਤੇ ਛਾਪਿਆ ਗਿਆ ਸੀ ਅਤੇ ਇਸ ਦੇ ਸੰਪਾਦਕੀ ਦਾ ਸਿਰਲੇਖ ਸੀ-“ਹਮਾਰਾ ਕੇਸਰੀ ਲਿਬਾਸ”। ਲਾਲਾ ਹਰਦਿਆਲ ਨੇ ਇਸ ਸੰਪਾਦਕੀ ਵਿਚ ‘ਕੇਸਰੀ ਲਿਬਾਸ’ ਦਾ ਸ਼ਹੀਦਾਂ ਤੇ ਬਹਾਦਰਾਂ ਨਾਲ ਨਾਤਾ ਦਰਸਾਉਂਦਿਆਂ ਪਾਠਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਲਈ ਅਲੰਕਾਰਕ ਭਾਸ਼ਾ ਦੀ ਭਰਪੂਰ ਵਰਤੋਂ ਕੀਤੀ ਸੀ ਅਤੇ ਪਾਠਕਾਂ ਨੂੰ ‘ਕੇਸਰੀ ਲਿਬਾਸ ਪਾ ਕੇ’ ਤੇ ‘ਦੁਨਿਆਵੀ ਸੁਖ ਸਹੂਲਤਾਂ ਨੂੰ ਲੱਤ ਮਾਰ ਕੇ’ ਅੰਗਰਜ਼ ਸਰਕਾਰ ਦੇ ਖ਼ਿਲਾਫ਼ ਜੰਗ ਛੇੜ ਦੇਣ ਦਾ ਜੰਗਜੂ ਹੋਕਾ ਦਿੱਤਾ ਗਿਆ ਸੀ। ਇਥੇ ਨੋਟ ਕਰਨ ਵਾਲੀ ਖ਼ਾਸ ਗੱਲ ਇਹ ਐ ਕਿ ਇਸ ਅੰਕ ਦੇ ਗੁਰਮੁਖੀ ਐਡੀਸ਼ਨ ਵਿਚ, ਇਸ ਸੰਪਾਦਕੀ ਦੇ ਗੁਰਮੁਖੀ ਅਨੁਵਾਦ ਵਿਚ ਸੁਚੇਤ ਰੂਪ ਵਿਚ ਸਿੱਖ ਤੱਤ ਸ਼ਾਮਲ ਕੀਤਾ ਗਿਆ। ਇਕ ਤਾਂ ਸਿਰਲੇਖ ਹੀ ‘ਹਮਾਰਾ ਕੇਸਰੀ ਲਿਬਾਸ’ ਦੀ ਥਾਂ ‘ਸਾਡਾ ਕੇਸਰੀ ਬਾਣਾ’ ਲਿਖਿਆ ਗਿਆ। ਦੂਜਾ, ਪੁਰੀ ਦੇ ਆਪਣੇ ਕਹਿਣ ਮੁਤਾਬਕ, ਇਸ ਵਿਚ ਨਾਲ ਇਕ ਹੋਰ ਘਟਨਾ ਸ਼ਾਮਲ ਕੀਤੀ ਗਈ। 1849 ਦੀ ਦੂਸਰੀ ਐਂਗਲੋ-ਸਿੱਖ ਜੰਗ ਦੇ ਦੌਰਾਨ ਚੇਲਿਆਂ ਵਾਲੀ ਦੀ ਇਤਿਹਾਸਕ ਲੜਾਈ ਦਾ ਹਵਾਲਾ ਦਿੰਦਿਆਂ ਅਤੇ ਲੋਕ-ਗਾਥਾ ਬਣ ਚੁੱਕੀ ਸਿੱਖ ਯੋਧਿਆਂ ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਕਰਦਿਆਂ ਇਹ ਨਿਸਚਾ ਦ੍ਰਿੜਾਇਆ ਗਿਆ ਸੀ ਕਿ, ‘ਉਨ੍ਹਾਂ ਸਿੱਖਾਂ ਦੇ ਵਾਰਸ ਇਕ ਵਾਰੀ ਫਿਰ ਆਜ਼ਾਦੀ ਦੀ ਜੰਗ ਲੜਨਗੇ ।

31 ਮਈ 1914 ਨੂੰ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀਆਂ ਦੁੱਖ ਤਕਲੀਫ਼ਾਂ ਬਾਰੇ ਵਿਚਾਰਾਂ ਕਰਨ ਲਈ ਵੈਨਕੂਵਰ ਵਿਚ ਇਕ ਭਰਵਾਂ ਇਕੱਠ ਹੋਇਆ ਸੀ, ਜਿਸ ਵਿਚ ਭਾਈ ਬਲਵੰਤ ਸਿੰਘ ਜੀ ਨੇ ਸਿੱਖਾਂ ਦੀਆਂ ਅੰਗਰੇਜ਼ਾਂ ਖ਼ਿਲਾਫ਼ ਲੜੀਆਂ ਜੰਗਾਂ ਦਾ ਹਵਾਲਾ ਦੇ ਕੇ ਸਿੱਖਾਂ ਨੂੰ ਆਪਣੇ ਇਸ ਵਿਰਸੇ ਤੋਂ ਪ੍ਰੇਰਨਾ ਲੈਣ ਅਤੇ ਅੰਗਰੇਜ਼ਾਂ ਦੇ ਖ਼ਿਲਾਫ਼ ਡੱਟ ਜਾਣ ਦਾ ਸੱਦਾ ਦਿੱਤਾ ਸੀ।

ਮਾ: ਚਤਰ ਸਿੰਘ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਗੋਰੇ ਪ੍ਰਿੰਸੀਪਲ ਉੱਤੇ ਜਾਨੀ ਹਮਲਾ ਕਰਨ ਦਾ ਅਦਾਲਤ ਸਾਹਮਣੇ ਆਪਣਾ ਦੋਸ਼ ਕਬੂਲ ਕਰਦਿਆਂ ਸਿੱਖਾਂ ਦੀ ਫਰੰਗੀਆਂ ਪ੍ਰਤਿ ਮਜਮੂਈ (ਸਮੂਹਿਕ) ਰੰਜਸ਼ ਦਾ ਵੱਡਾ ਕਾਰਨ ਇਹ ਦੱਸਿਆ ਸੀ ਕਿ ਅੰਗਰੇਜ਼ਾਂ ਨੇ ‘ਸਾਡਾ (ਸਿੱਖਾਂ ਦਾ) ਪੰਜਾਬ’ ਧੋਖੇ ਤੇ ਧੱਕੇ ਨਾਲ ਮੱਲ ਲਿਆ ਸੀ।” ਇਥੋਂ ਗੌਰ ਕਰਨ ਵਾਲੀ ਖ਼ਾਸ ਗੱਲ ਇਹ ਹੈ ਕਿ ਕੀ ਪੰਜਾਬ ਦਾ ਕੋਈ ਹੋਰ ਭਾਈਚਾਰਾ, ਹਿੰਦੂ ਜਾਂ ਮੁਸਲਮਾਨ, ਇਸ ਤਰ੍ਹਾਂ ਦੇ ਅਹਿਸਾਸ ਪ੍ਰਗਟਾ ਸਕਦਾ ਏ ? ਕੀ ਉਨ੍ਹਾਂ ਦੇ ਹਿਰਦਿਆਂ ‘ਚੋਂ ਇਹ ਹਉਕਾ ਨਿਕਲ ਸਕਦਾ ਏ ਕਿ ‘ਅੰਗਰੇਜ਼ਾਂ ਨੇ ਸਾਡਾ ਪੰਜਾਬ ਮੱਲ ਲਿਆ ?” ਆਪਣਾ ਰਾਜ ਖੁੱਸ ਜਾਣ ਦਾ ਹਉਕਾ ਉਨ੍ਹਾਂ ਲੋਕਾਂ ਦੇ ਹਿਰਦਿਆਂ ‘ਚੋਂ ਹੀ ਨਿਕਲ ਸਕਦਾ ਏ, ਜਿਨ੍ਹਾਂ ਨੇ ਆਪਣਾ ਰਾਜ ਸਥਾਪਤ ਕਰਨ ਲਈ ਪੁਸ਼ਤ ਦਰ ਪੁਸ਼ਤ ਆਪਣਾ ਖੂਨ ਡੋਲ੍ਹਿਆ ਹੋਵੇ। ਇਹ ਕਮਾਈਆਂ ਦੇ ਮਾਮਲੇ ਨੇ । ਜਿਨ੍ਹਾਂ ਨੇ ਇਹ ਕਮਾਈਆਂ ਕੀਤੀਆਂ ਹੋਣਗੀਆਂ, ਇਨ੍ਹਾਂ ਦੇ ਖੁੱਸ ਜਾਣ ਦੀ ਵੇਦਨਾ ਉਹੀ ਜਾਣ ਸਕਦੇ ਨੇ ਤੇ ਇਸ ਦਾ ਵਿਗੋਚਾ ਉਨ੍ਹਾਂ ਦੀਆਂ ਰੂਹਾਂ ਨੂੰ ਹੀ ਬੇਚੈਨ ਕਰਦਾ ਏ। ਅੰਗਰੇਜ਼ੀ ਰਾਜ ਦੇ ਵਿਰੁੱਧ ਗ਼ਦਰ ਪਾਰਟੀ ਦੇ ਸਮੁੱਚੇ ਪ੍ਰਾਪੇਗੰਡੇ ‘ਚੋਂ ਇਸ ਵਿਗੋਚੇ ਦੇ ਅੰਸ਼ ਜਗ੍ਹਾ ਜਗ੍ਹਾ ਨਜ਼ਰ ਆਉਂਦੇ ਨੇ।

ਗ਼ਦਰੀ ਬਾਬੇ ਆਪਣੇ ਜੁਝਾਰੂ ਵਿਰਸੇ ਉੱਤੇ ਕਿਸ ਕਦਰ ਫ਼ਖ਼ਰ ਕਰਦੇ ਸਨ, ਇਹ ਦਰਸਾਉਣ ਲਈ ਭਾਈ ਸੱਜਣ ਸਿੰਘ ਨਾਰੰਗਵਾਲ ਦੀ ਕਵਿਤਾ ‘ਚੋਂ ਇਕ ਨਮੂਨਾ ਹਾਜ਼ਰ ਐ:

ਸਿੰਘ ਸੁਰਮੇ ਜਾਣਨ ਲੋਕੀਂ, ਮੁੱਢੋਂ ਸ਼ੇਰ ਬਹਾਦਰ,

ਹਿੰਦ ਲੁੱਟ ਕੇ ਮੁੜਿਆ ਜਾਂਦਾ, ਲੁੱਟਿਆ ਇਨ੍ਹਾਂ ਨਾਦਰ।

ਨਿਡਰ ਇਹ ਮਸ਼ਹੂਰ ਬਹਾਦਰ, ਗੁਰੂ ਗੋਬਿੰਦ ਦੇ ਚੇਲੇ,

ਧਰਮ ਦੀ ਖ਼ਾਤਰ ਪਿਓ ਪੁੱਤ ਜਿਸ ਨੇ, ਮੌਤ ਨਦੀ ਵਿਚ ਠੇਲ੍ਹੇ।

ਫੜੀਆਂ ਹੋਈਆਂ ਬੰਦੀ ਬਾਂਦਾਂ, ਇਹਨਾਂ ਕਈ ਛੁਡਾਈਆਂ,

ਕਈ ਦਰੋਪਦੀ ਵਰਗੀਆਂ ਰੂਹਾਂ, ਮੋੜ ਕੇ ਘਰੀਂ ਪੁਚਾਈਆਂ।

ਇਸੇ ਤਰ੍ਹਾਂ ਬਾਬਾ ਵਸਾਖਾ ਸਿੰਘ ਜੀ ਦੀ ‘ਆਤਮ ਕਥਾ’ ਵਿੱਚੋਂ ਕੁਝ ਅੰਸ਼ ਹਾਜ਼ਰ ਹਨ :

ਸ੍ਰੀਮਾਨ ਪਿਆਰਿਆ ਗੁਰੂ ਪੰਥਾ, ਤੂੰ ਨਿਮਾਣਿਆਂ ਮਾਣ ਦਵੌਣ ਵਾਲਾ ।

ਜੋ ਸਰਨ ਆਵੇ ਤਿਸ ਕੰਠ ਲਾਵੇ, ਤੂੰ ਹੀ ਗੁਰਾਂ ਦਾ ਬਚਨ ਕਮਾਉਣ ਵਾਲਾ।

ਗੁਰੂ ਰੂਪ ਤੂੰਹੀਂ ਤੂੰਹੀਂ ਪੰਥ ਹੈਂ ਤੂੰ, ਤੂੰ ਹੀ ਜ਼ੁਲਮ ਦੀ ਜੜ੍ਹ ਪੁਟਾਉਣ ਵਾਲਾ।

ਤੂੰਹੀਂ ਰੋਂਦਿਆਂ ਧੀਰ ਧਰਾਉਣ ਵਾਲਾ, ਮਜ਼ਾ ਜ਼ਾਲਮਾਂ ਤੂੰ ਹੀ ਚਖਾਉਣ ਵਾਲਾ।

ਅਕਾਲ ਬੁੰਗੇ ਸੀ ਜਦੋਂ ਦੀਵਾਨ ਲੱਗਾ, ਤੇਰਾ ਖ਼ਿਆਲ ਸੀ ਨਾਮ ਧਿਆਉਣ ਵਾਲਾ।

ਤਦੋਂ ਕੀਤੀ ਪੁਕਾਰ ਸੀ ਬਰਾਹਮਣਾਂ ਨੇ, ਨਾਲ ਤੁਰਿਓਂ ਤੂੰ ਦੁੱਖ ਵੰਡਾਉਣ ਵਾਲਾ ।

ਜ਼ਾਲਮ ਮਾਰ ਕੇ ਸ਼ੇਰਾ ਵਜੀਦੇ ਤਾਈਂ, ਇੱਟ ਇੱਟ ਸਰਹਿੰਦ ਖੜਕਾਉਣ ਵਾਲਾ।

ਸੁਦਾਸਰ ਤੂੰ ਹੀ ਜਾ ਗੱਜਿਆ ਸੀ, ਕੱਟ ਮੱਸੇ ਦਾ ਸਿਰ ਲਿਆਉਣ ਵਾਲਾ।

ਤੂੰ ਹੀ ਕਾਬਲ ਤੇ ਦਿੱਲੀ ਨੂੰ ਜੈਰ ਕੀਤਾ, ਜ਼ਾਲਮ ਮੁਲਕ ‘ਚੋਂ ਮਾਰ ਮੁਕਾਉਣ ਵਾਲਾ। ਝੰਡਾ ਤੂੰ ਹੀ ਅਮਰੀਕਾ ਮੇਂ ਗੱਡ ਕਰਕੇ, ਸੁੱਤੇ ਭਾਰਤ ਨੂੰ ਤੂੰ ਹੀ ਜਗਾਉਣ ਵਾਲਾ।

  1. ਵਡੇਰੇ ਪੰਥਕ ਸਰੋਕਾਰ : ਗ਼ਦਰੀ ਬਾਬੇ ਨਿਰਾ ਦੇਸ ਦੀ ਆਜ਼ਾਦੀ ਲਈ ਹੀ ਨਹੀਂ ਲੜੇ, ਉਨ੍ਹਾਂ ਦੀਆਂ ਸਰਗਰਮੀਆਂ ਤੇ ਸਰੋਕਾਰਾਂ ਦਾ ਦਾਇਰਾ ਬਹੁਤ ਵਿਸ਼ਾਲ ਸੀ। ਉਹ ਪੰਥ ਦੀ ਹਰ ਖੇਤਰ ਅੰਦਰ ਤਰੱਕੀ ਦੇ ਚਾਹਵਾਨ ਸਨ ਤੇ ਇਸ ਮੰਤਵ ਲਈ ਉਨ੍ਹਾਂ ਆਪਣਾ ਤਨ, ਮਨ, ਧਨ ਅਰਪਿਤ ਕੀਤਾ ਹੋਇਆ ਸੀ । ‘ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਖ਼ਾਲਸਾ ਸਕੂਲ ਹੋਵੇਗਾ ਜਿਸ ਨੂੰ ਕੈਨੇਡਾ ਤੇ ਅਮੈਰਿਕਾ ਦੇ ਖ਼ਾਲਸਾ ਜੀ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਖੁਲ੍ਹੇ ਗੱਫ਼ੇ ਬਖ਼ਸ਼ ਕੇ ਸਹੈਤਾ ਨਾ ਕੀਤੀ ਹੋਵੇ ।” ਗ਼ਦਰੀ ਸੂਰਮੇ ਸਿੱਖ ਕੌਮ ਨੂੰ ਵਿੱਦਿਆ ਦੇ ਖੇਤਰ ਅੰਦਰ ਅੱਗੇ ਵਧਿਆ ਦੇਖਣਾ ਚਾਹੁੰਦੇ ਸਨ। ਭਾਈ ਬਲਵੰਤ ਸਿੰਘ (ਖ਼ੁਰਦਪੁਰ) ਜਦੋਂ ਕੈਨੇਡਾ ਤੋਂ ਡੈਪੂਟੇਸ਼ਨ ਨਾਲ ਆਏ ਸਨ ਤਾਂ ‘ ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਦੀਵਾਨ ਦੇ ਮੌਕੇ ‘ਤੇ ਸੰਗਤਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਦੇ ਕਾਰਜ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਸੀ, ਕਿ “ਜੇ ਖ਼ਾਲਸਾ ਜੀ ਅੱਜ ਇਸੇ ਘੜੀ ਤੋਂ ਇਕ ਆਜ਼ਾਦ ਕਾਲਜ ਬਣਾਉਣਾ ਸ਼ੁਰੂ ਕਰ ਦੇਣ ਤਾਂ ਵੀ ਭਾਰਤ ਵਰਸ਼ ਦੀਆਂ ਦੂਸਰੀਆਂ ਕੌਮਾਂ ਨਾਲੋਂ ਪੰਜਾਹ ਸਾਲ ਪਿੱਛੇ ਹੋਣਗੇ।” ਅਕਾਲੀ ਅਖ਼ਬਾਰ ਨੇ ਬਾਅਦ ਵਿਚ ਭਾਈ ਸਾਹਿਬ ਦੇ ਇਨ੍ਹਾਂ ਵਿਚਾਰਾਂ ਦੀ ਸਿਫ਼ਤ ਵਿਚ ਇਹ ਸ਼ਬਦ ਲਿਖੇ ਸਨ: ‘ਉਸ ਸ਼ਹੀਦ ਵੀਰ ਦੇ ਇਹ ਸ਼ਬਦ ਸੋਨੇ ਵਿਚ ਲਿਖੇ ਜਾਣ ਵਾਲੇ ਹਨ। ਉਹ ਜਗ੍ਹਾ ਜਿਥੋਂ ਕੌਮ ਦੇ ਨੌਜਵਾਨ ਆਪਣੇ ਕੌਮੀ ਵਲਵਲਿਆਂ ਅਤੇ ਕੌਮੀ ਤਹਿਜ਼ੀਬ ਨੂੰ ਬਾਹਰ ਦੁਨੀਆਂ ਤਕ

ਲੈ ਜਾਣਗੇ, ਉਹ ਵੀ ਬੜੀ ਉੱਚੀ ਤੇ ਪਵਿੱਤਰ ਥਾਂ ਹੈ।

8. ਪ੍ਰਚਾਰ ਅੰਦਰ ਸਿੱਖੀ ਅੰਸ਼: ਗ਼ਦਰੀਆਂ ਵੱਲੋਂ ਕੀਤਾ ਜਾਂਦਾ ਪ੍ਰਚਾਰ ਤੱਥ ਸਮੱਗਰੀ ਤੇ ਸ਼ੈਲੀ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਸਿੱਖੀ ਰੰਗ ਵਿਚ ਰੰਗਿਆ ਹੋਇਆ ਸੀ। ਇਸ ਦੀ ਝਲਕ ਬਾਬਾ ਵਸਾਖਾ ਸਿੰਘ ਜੀ ਦੀ ਕਵਿਤਾ ਵਿੱਚੋਂ ਮਿਲਦੀ ਹੈ।

ਦਿਨ ਦੂਸਰੇ ਪਹਿਰ ਕੁ ਰਾਤ ਰਹਿੰਦੀ, ਸੁੱਤੇ ਵੀਰਾਂ ਨੂੰ ਅਸਾਂ ਉਠਾਇਆ ਜੀ। ਕੀਰਤਨ ਹੋਇਆ ਬਹੁਤ ਪ੍ਰੇਮ ਸੇ ਜੀ, ਅੰਮ੍ਰਿਤ ਸਿੰਘਾਂ ਨੂੰ ਫੇਰ ਛਕਾਇਆ ਜੀ। ਅਸਾਂ ਆਖਿਆ ਨਿਤਰੋ ਵੀਰ ਮੇਰੇ, ਸਾਨੂੰ ਆਪ ਕਰਤਾਰ ਭੁਆਇਆ ਜੀ। ਆਵੋ ਰਲ ਕੇ ਮੁਲਕ ਦੀ ਸੇਵ ਕਰੀਏ, ਭਾਰਤ ਵਰਸ਼ ਨੂੰ ਬਹੁਤ ਦਬਾਇਆ ਜੀ। ਲਾਏ ਜੇਜ਼ੀਏ ਬਹੁਤ ਜੀ ਜ਼ਾਲਮਾਂ ਨੇ, ਸਾਡਾ ਮਾਰ ਕਰ ਮੁਲਕ ਗਿਰਾਇਆ ਜੀ। ਉਠੋ ਰਲ ਕੇ ਵੀਰ ਜੀ ਹੋ ਤਕੜੇ, ਕਾਹਨੂੰ ਤੁਸਾਂ ਨੇ ਹੌਂਸਲਾ ਢਾਇਆ ਜੀ। ਏਸ ਜਿਉਣ ਤੋਂ ਵੀਰ ਜੀ ਮਰਨ ਚੰਗਾ, ਗੁਲਾਮ ਬਣ ਕਰ ਜਨਮ ਗਵਾਇਆ ਜੀ। ਅੱਗੇ ਤੁਸਾਂ ਦੇ ਕੀ ਫ਼ਰੰਗੜੇ ਨੇ, ਤੁਸਾਂ ਆਪਣਾ ਫ਼ਰਜ਼ ਭੁਲਾਇਆ ਜੀ। ਹਿੰਦੂ ਮੋਮਨ ਸਿੰਘ ਰਲ ਜਾਓ ਸਾਰੇ, ਫੁੱਟ ਤੁਸਾਂ ਨੂੰ ਮਾਰ ਖਪਾਇਆ ਜੀ। ਮਜ਼ਾ ਦੇਈਏ ਚਖ਼ਾ ਹੁਣ ਜ਼ਾਲਮਾਂ ਨੂੰ, ਸਾਨੂੰ ਮੌਕਾ ਮਹਾਰਾਜ ਦੁਆਇਆ ਜੀ। ਏਨੇ ਬਚਨ ਜਾਂ ਕੀਤੇ ਅਸਾਂ ਵੀਰੋ, ਸਿੰਘਾਂ ਸੋਹਣਾ ਜੈ ਕਾਰਾ ਬੁਲਾਇਆ ਜੀ। ਕਈ ਮਿਲਗੇ ਸਿੰਘ ਤਿਆਰ ਹੋ ਕੇ, ਸਾਥ ਸਾਡਾ ਸੀ ਉਹਨਾਂ ਬਣਾਇਆ ਜੀ।”

  1. ਵਿਕਾਸ ਤੇ ਤਰੱਕੀ ਬਾਰੇ: ਗ਼ਦਰੀ ਬਾਬਿਆਂ ਦਾ ਵਿਕਾਸ ਤੇ ਤਰੱਕੀ ਬਾਰੇ ਨਜ਼ਰੀਆ ਆਧੁਨਿਕਵਾਦੀਆਂ ਨਾਲੋਂ ਇਕਦਮ ਵੱਖਰਾ ਸੀ ਵਿਕਾਸ ਤੋਂ ਉਨ੍ਹਾਂ ਦਾ ਭਾਵ ਨਿਰੋਲ ਪਦਾਰਥਕ ਤਰੱਕੀ ਨਹੀਂ ਸੀ । ਉਹ ਪਦਾਰਥਕ ਉੱਨਤੀ ਨਾਲੋਂ ਆਤਮਿਕ ਵਿਗਾਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ । ਬਾਬਾ ਜਵਾਲਾ ਸਿੰਘ ਨੇ ਅਮਰੀਕਾ-ਕੈਨੇਡਾ ਅੰਦਰ ਸਿੱਖਾਂ ਦੇ ਹੋ ਰਹੇ ਵਿਕਾਸ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਸਨ: ‘ਸਾਡੀ ਦੁਨਿਆਵੀ ਤਰੱਕੀ ਬੜੀ ਤੇਜ਼ੀ ਨਾਲ ਵਧ ਰਹੀ ਹੈ. ਸਾਡੀ ਧਾਰਮਿਕ ਉੱਨਤੀ ਵੀ ਨਾਲੋ- ਨਾਲ ਹੁੰਦੀ ਜਾਂਦੀ ਹੈ। ਸਾਡੇ ਧਾਰਮਿਕ ਅਸਥਾਨ ਗੁਰਦੁਆਰੇ ਵੈਨਕੂਵਰ, ਵਿਕਟੋਰੀਆ ਤੇ ਨਿਊ ਵੈਸਟਮਿਨਸਟਰ ‘ਚ ਬੜੇ ਆਲੀਸ਼ਾਨ ਬਣ ਰਹੇ ਹਨ ਤੇ ਦੂਸਰੇ ਦਰਜੇ ਵਿਚ ਅਬਸਫੋਰਡ ਤੇ ਮਿੱਲਸਾਈਡ ਤੇ ਹੋਰ ਕਈ ਥਾਂਵਾਂ ‘ਤੇ ਹਨ ਅਤੇ ਖੇਤੀ ਕਰਨ ਵਾਲੇ ਵੀ ਦਿਨੋ-ਦਿਨ ਵਧਦੇ ਜਾਂਦੇ ਹਨ। 36
  2. ਧਰਮ ਤੇ ਰਾਜਨੀਤੀ ਦਾ ਸੁਮੇਲ : ਗ਼ਦਰੀ ਬਾਬਿਆਂ ਨੇ ਆਪਣੇ ਸਮਾਜਿਕ ਤੇ ਰਾਜਸੀ ਜੀਵਨ ਦਾ ਕੋਈ ਵੀ ਅਹਿਮ ਫ਼ੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸਾ ਸੋਧੇ ਬਗ਼ੈਰ ਨਹੀਂ ਲਿਆ ਸੀ। ਭਾਈ ਸੰਤੋਖ ਸਿੰਘ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਜਦੋਂ ਆਪਣਾ ਜੀਵਨ ਦੇਸ ਕੌਮ ਦੀ ਸੇਵਾ ਲਈ ਅਰਪਨ ਕਰਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਬਾਬਾ ਵਸਾਖਾ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮਾ ਲੈਣ ਲਈ ਅਰਜ਼ ਕੀਤੀ ਸੀ। ਵਾਹਿਗੁਰੂ ਵੱਲੋਂ ਹੁਕਮਨਾਮੇ ਦੇ ਰੂਪ ਵਿਚ ਪਰਵਾਨਗੀ ਮਿਲ ਜਾਣ ਉਪਰੰਤ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕੀਤੀ ਅਤੇ ਕੌਮੀ ਸੇਵਾ ਦੇ ਕਾਰਜ ਵਿਚ ਜੁਟ ਗਏ। ਬਾਅਦ ਵਿਚ ਬਾਬਾ ਵਸਾਖਾ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਬਾਕਾਇਦਾ ਵਾਹਿਗੁਰੂ ਵੱਲੋਂ ਪਰਵਾਨਗੀ ਲਈ ਤੇ ਅਰਦਾਸ ਕਰ ਕੇ ਆਪਣੇ ਭਾਈਆਂ ਦੇ ਸੰਗ ਹੋ ਤੁਰੇ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗ਼ਦਰੀ ਬਾਬੇ ਧਰਮ ਤੇ ਰਾਜਨੀਤੀ ਨੂੰ ਵੱਖੋ-ਵੱਖ ਨਹੀਂ ਸਮਝਦੇ ਸਨ। ਇਸੇ ਕਰਕੇ ਉਨ੍ਹਾਂ ਨੇ ਜੀਵਨ ਨੂੰ ਕੌਮ ਲਈ ਅਰਪਨ ਕਰਨ ਦਾ ਰਾਜਸੀ ਫ਼ੈਸਲਾ ਧਰਮ ਦੀ ਪ੍ਰਵਾਨਗੀ ਨਾਲ ਹੀ ਲਿਆ ਸੀ। ਸਾਰੇ ਹੀ ਗ਼ਦਰੀ ਬਾਬਿਆਂ ਨੇ ਇਹੀ ਦਸਤੂਰ ਅਪਣਾਇਆ ਸੀ । ਗ਼ਦਰ ਕਰਨ ਲਈ ਦੇਸ ਨੂੰ ਚਾਲੇ ਪਾਉਣ ਤੋਂ ਪਹਿਲਾਂ ਹਰ ਜਗ੍ਹਾ, ਅਮਰੀਕਾ, ਕੈਨੇਡਾ ਤੇ ਟਾਪੂਆਂ ਉੱਤੇ, ਗ਼ਦਰੀ ਇਨਕਲਾਬੀਆਂ ਨੇ ਗੁਰਦੁਆਰਿਆਂ ਵਿਚ ਇਕੱਠੇ ਹੋ ਕੇ ਅਰਦਾਸੇ ਸੋਧੇ ਸਨ ਅਤੇ ਉਹ ਜੈਕਾਰੇ ਗੁੰਜਾਉਂਦੇ ਹੀ ਜਹਾਜ਼ਾਂ ਵਿਚ ਚੜ੍ਹੇ ਸਨ। ਇਸ ਤਰ੍ਹਾਂ ਦੀਆਂ ਮਿਸਾਲਾਂ ਦੀ ਲੜੀ ਅਮੁੱਕ ਹੈ। ਬਾਬੇ ਧਰਮ ਤੇ ਰਾਜਨੀਤੀ ਵਿਚ ਵਖਰੇਵਾਂ ਨਹੀਂ ਕਰਦੇ ਸਨ ਅਤੇ ਜਦੋਂ ਵੀ ਕਿਤੇ ਦੋਵਾਂ ਵਿੱਚੋਂ ਚੋਣ ਕਰਨ ਦੀ ਨੌਬਤ ਆਈ ਤਾਂ ਉਨ੍ਹਾਂ ਹਮੇਸ਼ਾ ਧਰਮ ਨੂੰ ਮੂਹਰੇ ਤੇ ਰਾਜਨੀਤੀ ਨੂੰ ਪਿੱਛੇ ਰੱਖਿਆ। ਇਸ ਦੀਆਂ ਉਘੜਵੀਆਂ ਮਿਸਾਲਾਂ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਹਰਨਾਮ ਸਿੰਘ ਕਾਲਾਸੰਘਿਆ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਅਪ੍ਰੈਲ 1930 ਵਿਚ ਜਦੋਂ ਬਾਬਾ ਭਕਨਾ ਦੀ ਕੈਦ ਦੀ ਮਿਆਦ ਪੂਰੀ ਹੋ ਗਈ ਸੀ ਅਤੇ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਤੋਂ ਟਾਲ ਮਟੋਲ ਕਰਨ ਲੱਗੀ ਤਾਂ ਬਾਬਾ ਜੀ ਨੇ ਜੇਲ੍ਹ ਵਿਚ ਭੁੱਖ ਹੜਤਾਲ ਕਰ ਦਿੱਤੀ ਸੀ । ਜਦੋਂ ਭੁੱਖ ਹੜਤਾਲ ਨੂੰ ਦੋ ਮਹੀਨੇ ਗੁਜ਼ਰ ਗਏ ਤਾਂ ਬਾਬਾ ਜੀ ਦੀ ਹਾਲਤ ਬਹੁਤ ਖ਼ਰਾਬ ਹੋ ਗਈ। ਜਦ ਸਰਕਾਰ ਉੱਤੇ ਇਸ ਗੱਲ ਦਾ ਦਬਾਅ ਵਧ ਗਿਆ ਤਾਂ ਉਨ੍ਹਾਂ ਬਾਬਾ ਜੀ ਨੂੰ ਕੁਝ ਸ਼ਰਤਾਂ ਲਾ ਕੇ ਰਿਹਾ ਕਰਨ ਦਾ ਫ਼ੈਸਲਾ ਕਰ ਲਿਆ । ਬਾਬਾ ਜੀ ਨੇ ਇਹ ਸ਼ਰਤਾਂ ਠੁਕਰਾ ਦਿੱਤੀਆਂ। ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ। ਜੇਲ੍ਹ ਦੇ ਸੁਪ੍ਰਿੰਟੈਂਡੈਂਟ ਨੇ ਬਾਬਾ ਜੀ ਨੂੰ ਬਹੁਤ ਵਿਸ਼ਵਾਸ ਦੁਆਇਆ ਕਿ ਸਰਕਾਰ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਮੰਨ ਲਿਆ ਹੈ ਅਤੇ ਉਹ ਰਿਹਾਈ ਦੇ ਕਾਗ਼ਜ਼ਾਂ ਉੱਤੇ ਦਸਖ਼ਤ ਕਰ ਦੇਣ। ਪਰ ਬਾਬਾ ਜੀ ਨੂੰ ਸਰਕਾਰ ਉੱਤੇ ਰਤੀ ਭਰੋਸਾ ਨਹੀਂ ਸੀ ਅਤੇ ਉਹ ਆਪਣੀ ਗੱਲ ਉੱਤੇ ਹੀ ਅੜੇ ਰਹੇ। ਅਖ਼ੀਰ ਵਿਚ ਜਦੋਂ ਅਖ਼ਬਾਰਾਂ ਵਿਚ ਰੌਲਾ ਪੈ ਗਿਆ ਤਾਂ ਬਾਬਾ ਵਸਾਖਾ ਸਿੰਘ, ਪ੍ਰਸਿੱਧ ਅਕਾਲੀ ਆਗੂ ਸਰਦਾਰ ਖੜਕ ਸਿੰਘ ਅਤੇ ਸ਼ੇਰੇ ਪੰਜਾਬ ਅਖ਼ਬਾਰ ਦੇ ਐਡੀਟਰ ਸਰਦਾਰ ਅਮਰ ਸਿੰਘ ਬਾਬਾ ਜੀ ਕੋਲ ਮਿਓ ਹਸਪਤਾਲ ਗਏ ਅਤੇ ਉਨ੍ਹਾਂ ਨੇ ਬਾਬਾ ਜੀ ਨੂੰ ਦੱਸਿਆ ਕਿ ‘ਮੋਰਚਾ ਬਿਨਾਂ ਸ਼ਰਤ ਫ਼ਤਿਹ ਹੋ ਗਿਆ ਹੈ ਤੇ ਅਸੀਂ ਅਕਾਲ ਤਖ਼ਤ ਤੋਂ ਹੁਕਮ ਲੈ ਕੇ ਆਏ ਹਾਂ। ਪੰਥ ਦਾ ਹੁਕਮ ਹੈ ਕਿ ਭੁੱਖ ਹੜਤਾਲ ਤੋੜ ਦਿੱਤੀ ਜਾਏ ਤੇ ਰਿਹਾਈ ਮੰਨ ਲਈ ਜਾਏ। ਤਦ ਮੈਂ ਸੰਗਤ ਦਾ ਹੁਕਮ ਮੰਨ ਕੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਇਸ ਮਿਸਾਲ ਤੋਂ ਕਿੰਨਾ ਸਪੱਸ਼ਟ ਹੋ ਜਾਂਦਾ ਹੈ ਕਿ ਬਾਬਾ ਭਕਨਾ ਜੀ ਨੇ ਭੁੱਖ ਹੜਤਾਲ ਤੋੜਨ ਦਾ ਰਾਜਸੀ ਨਿਰਣਾ ਅਕਾਲ ਤਖ਼ਤ ਸਾਹਿਬ ਦੇ ਹੁਕਮ ਕਰਨ ‘ਤੇ ਹੀ ਲਿਆ ਸੀ । ਜੇਕਰ ਇਹ ਧਰਮ ਤੇ ਰਾਜਨੀਤੀ ਦਾ ਸੁਮੇਲ ਨਹੀਂ, ਤਾਂ ਹੋਰ ਕੀ ਐ?

ਬਾਬਾ ਹਰਨਾਮ ਸਿੰਘ ਕਾਲਾਸੰਘਿਆ ਦੀ ਮਿਸਾਲ ਇਸ ਨਾਲੋਂ ਵੀ ਅੱਗੇ ਵਧ ਕੇ ਹੈ। ਉਸ ਨੇ ਵੀ ਜੇਲ੍ਹ ਅੰਦਰ ਅਰਦਾਸ ਕੀਤੀ ਸੀ ਕਿ ਉਹ ਸਰਕਾਰ ਦੀਆਂ ਸ਼ਰਤਾਂ ਉੱਤੇ ਰਿਹਾਅ ਨਹੀਂ ਹੋਣਗੇ। ਪਰ ਉਨ੍ਹਾਂ ਵੱਲੋਂ ਕੱਟੀ ਲੰਮੀ ਕੈਦ ਤੇ ਸਮੁੱਚੇ ਹਾਲਾਤ ਨੂੰ ਵੇਖਦਿਆਂ ਗ਼ਦਰੀ ਬਾਬਿਆਂ ਨੇ ਬਾਬਾ ਵਸਾਖਾ ਸਿੰਘ ਨੂੰ ਉਨ੍ਹਾਂ ਕੋਲ ਭੇਜਿਆ ਅਤੇ ਉਨ੍ਹਾਂ ਨੂੰ ਰਿਹਾਈ ਮਨਜ਼ੂਰ ਕਰ ਲੈਣ ਦੀ ਬੇਨਤੀ ਕੀਤੀ। ਪਰ ਬਾਬਾ ਜੀ ਨੇ ਕਿਹਾ ਕਿ ਉਹ ਅਰਦਾਸ ਕਰ ਚੁੱਕੇ ਹਨ ਅਤੇ ਅਰਦਾਸ ਭੰਗ ਕਰ ਕੇ ਉਹ ਵਾਹਿਗੁਰੂ ਅੱਗੇ ਝੂਠੇ ਨਹੀਂ ਪੈਣਾ ਚਾਹੁੰਦੇ। ਬਾਬਿਆਂ ਨੇ ਉਨ੍ਹਾਂ ਨੂੰ ਮਨਾਉਣ ਦੇ ਬੜੇ ਯਤਨ ਕੀਤੇ ਅਤੇ ਪਾਰਟੀ ਦਾ ਫ਼ੈਸਲਾ ਨਾ ਮੰਨਣ ਕਰਕੇ ਪਾਰਟੀ ਵਿੱਚੋਂ ਖਾਰਜ ਕਰਨ ਦਾ ਡਰਾਵਾ ਵੀ ਦਿੱਤਾ। ਪਰ ਬਾਬਾ ਜੀ ਆਪਣੀ ਅਰਦਾਸ ਉੱਤੇ ਡਟੇ ਰਹੇ ਅਤੇ ਅਖ਼ੀਰ ਵਿਚ ਬਿਨਾਂ ਸ਼ਰਤ ਰਿਹਾਅ ਹੋ ਕੇ ਹੀ ਬਾਹਰ ਆਏ ਸਨ। ਬਾਹਰ ਆਉਂਦਿਆਂ ਹੀ ਗ਼ਦਰੀ ਬਾਬਿਆਂ ਤੇ ਸਿੱਖ ਸੰਗਤਾਂ ਨੇ ਉਨ੍ਹਾਂ ਦਾ ਪੂਰਾ ਮਾਣ ਸਨਮਾਨ ਕੀਤਾ ਅਤੇ ਜਗ੍ਹਾ ਜਗ੍ਹਾ ਸਿਰੋਪਿਆਂ ਨਾਲ ਨਿਵਾਜਿਆ।

ਗ਼ਦਰੀ ਬਾਬਿਆਂ ਦਾ ‘ਸ਼ੀਸ਼ਾ’ ਤੇ ਅਨਮਤੀਆਂ ਦਾ ‘ਚਿਹਰਾ’

ਜਿਹੜੇ ਲੋਕ ਅੱਜ ਆਪਣੇ ਆਪ ਨੂੰ ਗ਼ਦਰੀ ਬਾਬਿਆਂ ਦੇ ਵਾਰਸ ਅਖਵਾਉਂਦੇ ਹਨ, ਉਪਰੋਕਤ ਤੱਥਾਂ ਦੀ ਰੋਸ਼ਨੀ ਵਿਚ ਉਹ ਆਪ ਹੀ ਦੇਖ ਸਕਦੇ ਨੇ ਕਿ ਉਹ ਗ਼ਦਰੀ ਬਾਬਿਆਂ ਦੇ ਕੀ ਲੱਗਦੇ ਹਨ ? ਗ਼ਦਰੀ ਬਾਬਿਆਂ ਨਾਲ ਉਨ੍ਹਾਂ ਦਾ ਕੀ ਮੇਲ ਬਣਦਾ ਹੈ ? ਉਪਰ ਦਰਸਾਏ ਦਸਾਂ ਪੱਖਾਂ ‘ਚੋਂ ਉਹ ਕਿਹੜੇ ਪੱਖ ਉੱਤੇ ਖਰੇ ਉਤਰਦੇ ਹਨ? ਕੀ ਉਨ੍ਹਾਂ ਨੂੰ ਆਪਣੇ ਸਿੱਖ ਹੋਣ ‘ਤੇ ਮਾਣ ਹੈ ? ਉਹ ਆਪ ਹੀ ਦੱਸਣ ਕਿ ਸਿੱਖੀ ਸਰੂਪ ਦੇ ਮਾਮਲੇ ਵਿਚ ਉਹ ਕਿਥੇ ਜਾ ਡਿੱਗੇ ਹਨ ? ਸਿੱਖ ਵਿਰਸੇ ਨਾਲ ਉਨ੍ਹਾਂ ਨੂੰ ਕਿੰਨਾ ਕੁ ਮੋਹ ਪਿਆਰ ਹੈ ? ਜਿਹੜੇ ਬੰਦੇ ਆਪਣੇ ਨਾਵਾਂ ਪਿੱਛੇ ‘ਸਿੰਘ’ ਲਾਉਣਾ ਬੱਜਰ ਗੁਨਾਹ ਸਮਝਦੇ ਹਨ, ਉਹ ਆਪਣੇ ਆਪ ਨੂੰ ਗ਼ਦਰੀ ਬਾਬਿਆਂ ਦੇ ਵਾਰਸ ਕਿਹੜੇ ਮੂੰਹ ਨਾਲ ਕਹਿੰਦੇ ਹਨ?

ਵੈਸੇ ਤਾਂ ਗ਼ਦਰੀ ਬਾਬਿਆਂ ਦੇ ਉਪਰੋਕਤ ‘ਸ਼ੀਸ਼ੇ’ ‘ਚੋਂ ਅਨਮਤੀਆਂ ਦੇ ਅਸਲੀ ਚਿਹਰੇ ਆਸਾਨੀ ਨਾਲ ਦੇਖੇ ਜਾ ਸਕਦੇ ਹਨ, ਪਰ ਇਸ ਬਾਰੇ ਉਨ੍ਹਾਂ ਦੇ ਹੀ ਇਕ ਸਹਿਯੋਗੀ ਦੀ ਗਵਾਹੀ ਵੱਧ ਫ਼ਾਇਦੇਮੰਦ ਹੋਵੇਗੀ। ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਜਿਹੜੇ ਇਸ ਵੇਲੇ ‘ਦੇਸ਼ਭਗਤ ਯਾਦਗਾਰ ਕਮੇਟੀ, ਜਲੰਧਰ’ ਦੇ ਟਰੱਸਟੀ ਹਨ, ਨੇ ਆਪਣੀ ਸਾਹਿਤਕ ਸਵੈ-ਜੀਵਨੀ ਅੰਦਰ, ਆਪਣੇ ਜਾਤੀ ਅਨੁਭਵ ਦੇ ਆਧਾਰ ‘ਤੇ, ਪੰਜਾਬ ਦੀ ਖੱਬੇ ਪੱਖੀ ਧਿਰ ਅਤੇ ਇਸ ਦੇ ਗ਼ਲਬੇ ਹੇਠਲੀ ‘ਦੇਸ਼ਭਗਤ ਯਾਦਗਾਰ ਕਮੇਟੀ’ ਬਾਰੇ ਕੁਝ ਅਜਿਹੇ ਇਕਬਾਲ ਕੀਤੇ ਹਨ ਜਿਹਨਾਂ ਤੋਂ ਤੁਸੀਂ ਇਸ ਧਿਰ ਦੀ ਸਿੱਖ ਵਿਰੋਧੀ ਮਾਨਸਿਕਤਾ ਬਾਰੇ ਸਹੀ ਅੰਦਾਜ਼ਾ ਲਾ ਸਕਦੇ ਹੋ।

ਵਰਿਆਮ ਸਿੰਘ ਸੰਧੂ ਨੇ ਜਲੰਧਰ ਵਿਖੇ ਗ਼ਦਰੀ ਦੇਸ਼ਭਗਤਾਂ ਦੀ ਯਾਦ ਵਿਚ ਲੱਗਦੇ ਸਾਲਾਨਾ ਮੇਲੇ ‘ਤੇ ਗਾਈ ਗਈ ਇਕ ਕਵੀਸ਼ਰੀ ਦਾ ਬਹੁਤ ਦਿਲਚਸਪ ਪ੍ਰਸੰਗ ਬਿਆਨ ਕੀਤਾ ਹੈ। ਲੇਖਕ ਅਨੁਸਾਰ ਕਵੀਸ਼ਰੀ ਵਿਚ ਦੇਸ਼ ਕੌਮ ਲਈ ਸ਼ਹੀਦ ਹੋਏ ਸੂਰਮਿਆਂ ਨੂੰ ਨਮਸਕਾਰ ਕੀਤੀ ਗਈ ਸੀ। ਕੁਰਬਾਨੀ ਦੀ ਲੜੀ ਦੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਹੁੰਦੀ ਸੀ । ਫਿਰ ਗੁਰੂ ਤੇਗ਼ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀਆਂ ਸ਼ਹੀਦੀਆਂ, ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਬਿਰਤਾਂਤ ਸੀ ਅਤੇ ਅਖ਼ੀਰ ਵਿਚ ਜਾ ਕੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੀ ਗਾਥਾ ਸੀ। ਕਿਉਂਕਿ ਇਸ ਕਵੀਸ਼ਰੀ ਵਿਚ ਸਿੱਖ-ਇਤਿਹਾਸ ਤੇ ਗੁਰੂਆਂ ਦਾ ਜ਼ਿਕਰ ਕੀਤਾ ਗਿਆ ਸੀ, ਇਸ ਕਰਕੇ ਦੇਸ਼ਭਗਤ ਯਾਦਗਾਰ ਕਮੇਟੀ ਨੂੰ ਇਹ ਕਵੀਸ਼ਰੀ ਸਿੱਧੀ ਮੇਲੇ ਵਿਚ ਗਾਉਣ ਤੋਂ ਪਹਿਲਾਂ ਆਪਣੇ ‘ਸੈਂਸਰ ਬੋਰਡ’ ਤੋਂ ਪਾਸ ਕਰਵਾਉਣੀ ਪਈ ਸੀ। ਜਿਸ ਦਿਨ ਇਹ ਕਵੀਸ਼ਰੀ ‘ਸੈਂਸਰ ਬੋਰਡ’ ਸਾਹਮਣੇ ਗਾਈ ਸੀ, ਉਸ ਦਿਨ ਇਕ ਸੀਨੀਅਰ ਕਾਮਰੇਡ ਦੇਰ ਨਾਲ ਪਹੁੰਚਣ ਕਰਕੇ ਇਸ ਦਾ ਪਹਿਲਾ ਹਿੱਸਾ ਨਹੀਂ ਸੁਣ ਸਕਿਆ ਸੀ ਤੇ ਉਸ ਨੇ ਪਿਛਲਾ ਹਿੱਸਾ ਸੁਣ ਕੇ ਹੀ ਇਸ ਆਈਟਮ ਨੂੰ ਮੇਲੇ ਵਿਚ ਗਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਪਰ ਮੇਲੇ ਵਿਚ ਜਦੋਂ ਉਸ ਨੇ ਪਹਿਲਾ ਹਿੱਸਾ, ਜਿਸ ਵਿਚ ਗੁਰੂਆਂ ਦੀਆਂ ਕੁਰਬਾਨੀਆਂ ਦਾ ਬਿਰਤਾਂਤ ਸੀ, ਸੁਣਿਆ ਤਾਂ ਉਸ ਨੂੰ ਏਨੀ ਔਖ ਹੋਈ ਕਿ ਉਹ ਇਕਦਮ ਭੱਜ ਕੇ ਸਟੇਜ ਸਕੱਤਰ ਕੋਲ ਗਿਆ ਤੇ ਉਸ ਕੋਲ ਸ਼ਿਕਾਇਤ ਕੀਤੀ ਕਿ ‘ਇਹ ਕੀ ਗਾਈ ਜਾ ਰਹੇ ਨੇ ? ਉਸ ਦਿਨ ਤਾਂ ਇਹ ਗ਼ਦਰੀ ਬਾਬਿਆਂ ਤੇ ਭਗਤ ਸਿੰਘ ਹੁਰਾਂ ਬਾਰੇ ਗਾ ਰਹੇ ਸਨ, ਅੱਜ ਗੁਰੂਆਂ ਦਾ ਪ੍ਰਸੰਗ ਲੈ ਕੇ ਬਹਿ ਗਏ ? ਇਸ ਕਾਂਡ ਬਾਰੇ ਲਿਖਦਿਆਂ ਵਰਿਆਮ ਸੰਧੂ ਨੇ ਕਮਿਊਨਿਸਟਾਂ ਦੇ ਇਕ ਵਰਗ (‘ਖੱਬੀ ਧਿਰ ਦਾ ਬਹੁਤ ਵੱਡਾ ਹਿੱਸਾ’) ਦੀ ਕੁਰਾਹੇ-ਗੁੱਸੀ ਸੋਚ ਦਾ ਭਾਂਡਾ ਭੰਨਿਆ ਹੈ। ਉਸ ਮੁਤਾਬਕ ਇਹਨਾਂ ਕਮਿਊਨਿਸਟਾਂ ਨੂੰ ਇਤਿਹਾਸ ਦਾ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਾਲਾ ਕਾਲ-ਖੰਡ ਹੀ “ਆਪਣਾ” ਲੱਗਦਾ ਹੈ। “ਗੁਰੂਆਂ ਦੀ ਕੁਰਬਾਨੀ ਵਾਲਾ ਹਿੱਸਾ ਉਹਨਾਂ ਨੂੰ ‘ਆਪਣੇ ਇਤਿਹਾਸ’ ਦਾ ਹਿੱਸਾ ਨਹੀਂ ਲੱਗਦਾ।”38 ਉਹ ਇਸ ਦੀ ਵਿਆਖਿਆ ਕਰਦਾ ਲਿਖਦਾ ਹੈ ਕਿ, ‘ਅਸਲ ਵਿਚ ਸਾਡੀ ਖੱਬੀ ਧਿਰ ਦਾ ਬਹੁਤ ਵੱਡਾ ਹਿੱਸਾ ਸਾਡੇ ਮੱਧਕਾਲੀਨ ਇਨਕਲਾਬੀ ਇਤਿਹਾਸ ਨੂੰ ਆਪਣੇ ਵਿਰਸੇ ਵਜੋਂ ਸਵੀਕਾਰਨ ਦੀ ਥਾਂ ਉਸ ਤੋਂ ਇਕ ਵਿੱਥ ਥਾਪ ਕੇ ਚੱਲਣ ਦਾ ਵਿਸ਼ਵਾਸੀ ਰਿਹਾ ਹੈ ਅਤੇ ਆਪਣੇ ਇਤਿਹਾਸ ਨੂੰ ਰੂਸ ਜਾਂ ਚੀਨ ਵਰਗੇ ਇਨਕਲਾਬਾਂ ਦੇ ਇਤਿਹਾਸ ਨਾਲ ਜੋੜ ਕੇ, ਕੇਵਲ ਤੇ ਕੇਵਲ ਉਹਨਾਂ ਦੇ ਇਤਿਹਾਸ ਨੂੰ ਹੀ ਆਪਣਾ ਪ੍ਰੇਰਨਾ- ਸ੍ਰੋਤ ਸਮਝਦਾ/ਸਮਝਾਉਂਦਾ ਰਿਹਾ ਹੈ.. ਅਸੀਂ ਭਾਵੇਂ ਇਸ ਇਨਕਲਾਬੀ ਇਤਿਹਾਸ ਤੋਂ ਬੇਮੁਖ ਹੋਏ ਰਹੇ ਪਰ ਸਾਡੇ ਗ਼ਦਰੀ ਸੂਰਬੀਰ ਤੇ ਕਿਰਤੀ-ਕਿਸਾਨ ਲਹਿਰ ਦੇ ਆਗੂ ਆਪਣੇ ਸਜਿੰਦ ਇਤਿਹਾਸ ਨਾਲ ਨਾਤਾ ਜੋੜ ਕੇ, ਉਸ ਤੋਂ ਸਦਾ ਪ੍ਰੇਰਨਾ ਤੇ ਉਤਸ਼ਾਹ ਲੈ ਕੇ ਚੱਲਦੇ ਤੇ ਲੜਦੇ ਰਹੇ। ਉਹ ਜਾਣਦੇ ਸਨ ਕਿ ਸਾਡਾ ਆਪਣਾ ਜਾਨਦਾਰ ਇਤਿਹਾਸ ਹੀ ਸਾਡੇ ਪੈਰਾਂ ਹੇਠਲੀ ਜ਼ਮੀਨ ਬਣਦਾ ਹੈ, ਜਿਸ ਉੱਤੇ ਖਲੋ ਕੇ ਅਸੀਂ ਆਪਣੇ ਸੁਪਨਿਆਂ ਦੇ ਆਕਾਸ਼ ‘ਚੋਂ ਮਨ-ਚਾਹੇ ਤਾਰੇ ਤੋੜਨ ਦਾ ਉੱਦਮ ਕਰ ਸਕਦੇ ਹਾਂ। ਜਿਹੜੇ ਲੋਕ ਆਪਣੇ ਇਤਿਹਾਸ ਨਾਲ ਸਜਿੰਦ ਰਿਸ਼ਤਾ ਸਥਾਪਤ ਕਰਨ ਤੋਂ ਉੱਕ ਜਾਂਦੇ ਹਨ, ਉਹ ਆਪਣੇ ਪੈਰਾਂ ਹੇਠਲੀ ਜ਼ਮੀਨ ਗਵਾ ਬੈਠਦੇ ਹਨ। ਪੈਰਾਂ ਥੱਲਿਓਂ ਜ਼ਮੀਨ ਖਿਸਕਣ ਨਾਲ ਬੰਦੇ, ਧਿਰਾਂ ਤੇ ਲਹਿਰਾਂ ਪਤਾਲ ਵਿਚ ਗ਼ਰਕ ਹੋ ਜਾਂਦੇ ਹਨ।

ਵਰਿਆਮ ਸਿੰਘ ਸੰਧੂ ਦੇ ਇਸ ਬ੍ਰਿਤਾਂਤ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਵੋ ਕਿ ਖੱਬੇ ਪੱਖੀ ਧਿਰ ਗ਼ਰਕ ਕੇ ਕਿਹੜੇ ਪਤਾਲ ਵਿਚ ਜਾ ਡਿੱਗੀ ਹੈ!

? ਏਨੇ ਪ੍ਰਤੱਖ ਤੱਥਾਂ ਦੇ ਸਨਮੁਖ ਕੋਈ ਹਕੀਕਤ ਨੂੰ ਕਿਵੇਂ ਝੁਠਲਾ ਸਕਦੈ, ਏਸ ਗੱਲ ‘ਤੇ ਥੋੜ੍ਹੀ ਹੈਰਾਨੀ ਹੁੰਦੀ ਐ ?

ਹੈਰਾਨੀ ਦੀ ਗੱਲ ਈ ਐ ਕਿ ਗ਼ਦਰੀ ਬਾਬਿਆਂ ਦੇ ਸਮਕਾਲੀਆਂ ‘ਚੋਂ ਕਿਸੇ ਨੂੰ ਵੀ ਇਸ ਗੱਲ ਵਿਚ ਭੋਰਾ ਜਿੰਨਾ ਵੀ ਸ਼ੱਕ ਨਹੀਂ ਸੀ ਕਿ ਗ਼ਦਰੀ ਬਾਬੇ ਸਿੱਖ ਸਨ । ਬਾਬਾ ਜਵਾਲਾ ਸਿੰਘ ਜੀ ਨੇ ਭਾਰਤ ਦੇ ਜਿਨ੍ਹਾਂ ਚੁਣਵੇਂ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਲਈ ‘ਗੁਰੂ ਗੋਬਿੰਦ ਸਿੰਘ ਵਜ਼ੀਫ਼ੇ’ ਨਾਲ ਨਿਵਾਜਿਆ ਸੀ, ਉਨ੍ਹਾਂ ‘ਚੋਂ ਇਕ ਦਾਰੀਸੀ ਚੇਨਚੇਈਆ ਨਾਂ ਦਾ ਤੇਲਗੂ ਨੌਜਵਾਨ ਸੀ। ਭਾਵੇਂ ਉਹ ਬਾਅਦ ਵਿਚ ਗ਼ਦਰੀ ਬਾਬਿਆਂ ਦੀਆਂ ਉਮੀਦਾਂ ਉੱਤੇ ਪੂਰਾ ਨਾ ਉਤਰਿਆ ਅਤੇ ਛੇਤੀ ਹੀ ਪਾਰਟੀ ਤੋਂ ਕਿਨਾਰਾ ਕਰ ਗਿਆ, ਪਰ ਉਸ ਨੇ ਇਹ ਤੱਥ ਸਹੀ ਨੋਟ ਕੀਤਾ ਹੈ ਕਿ ਗ਼ਦਰ ਲਹਿਰ ਵਿਚ ‘ਵਧੇਰੇ ਕਰਕੇ ਸਿੱਖ ਅੱਗੇ ਆਏ ਅਤੇ ਲਹਿਰ ਲਗਭਗ ਉਨ੍ਹਾਂ ਦੀ ਹੀ ਹੋ ਗਈ। 4° ਇਸ ਸਚਾਈ ਨੂੰ ਕੋਈ ਨਹੀਂ ਝੁਠਲਾ ਸਕਦਾ ਕਿ ਗ਼ਦਰ ਅਖ਼ਬਾਰ ਸਿੱਖ ਭਾਈਚਾਰੇ ਵਿਚ ਹੀ ਪੜ੍ਹਿਆ ਤੇ ਵੰਡਿਆ ਜਾਂਦਾ ਸੀ। ਵਿਦੇਸ਼ਾਂ ਵਿਚਲੇ ਸਾਰੇ ਗੁਰਦੁਆਰਿਆਂ ਵਿਚ ਇਹ ਅਖ਼ਬਾਰ ਪਹੁੰਚਦਾ ਤੇ ਪੜ੍ਹਿਆ ਜਾਂਦਾ ਸੀ । ਸਰ ਚਾਰਲਸ ਟੈਗਰਟ ਨਾਂ ਦੇ ਇਕ ਸਮਕਾਲੀ ਗੋਰੇ ਪੱਤਰਕਾਰ ਨੇ ਗ਼ਦਰ ਅਖ਼ਬਾਰ ਦੇ ‘ਸਿੱਖ ਆਵਾਸੀਆਂ’ ਅੰਦਰ ਪੜ੍ਹੇ ਜਾਣ ‘ਤੇ ਇਸ ਦਾ ਉਨ੍ਹਾਂ ਉੱਤੇ ‘ਤਬਾਹਕੁਨ ਅਸਰ’ ਹੋਣ ਦੀ ਹਕੀਕਤ ਉੱਤੇ ਗਹਿਰੀ ਚਿੰਤਾ ਜ਼ਾਹਰ बीडी मी। 42

? ਪਰ ‘ਗ਼ਦਰ’ ਅਖ਼ਬਾਰ ਤਾਂ ਸੁਣਿਐ, ਪੰਜਾਬੀ ਤੋਂ ਬਿਨਾਂ ਉਰਦੂ, ਹਿੰਦੀ ਤੇ ਗੁਜਰਾਤੀ ਵਿਚ ਵੀ ਛਪਦਾ ਸੀ । ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਸਿੱਖਾਂ ਅੰਦਰ ਹੀ ਪੜ੍ਹਿਆ ਜਾਂਦਾ ਸੀ ?

ਜਿਥੋਂ ਤਕ ਤਾਂ ਉਰਦੂ ਦੀ ਗੱਲ ਐ, ਉਸ ਵੇਲੇ ਸਿੱਖਾਂ ਵਿਚ ਉਰਦੂ ਤੇ ਪੰਜਾਬੀ ਦੋਨੋਂ ਬੋਲੀਆਂ ਚੱਲਦੀਆਂ ਸਨ। ਇਸ ਕਰਕੇ ਉਰਦੂ ‘ਚ ਛਪਦਾ ਗ਼ਦਰ ਵੀ ਬਹੁਤਾ ਸਿੱਖਾਂ ਵਿਚ ਹੀ ਪੜ੍ਹਿਆ ਜਾਂਦਾ ਸੀ। ਬਾਕੀ ਗੁਜਰਾਤੀ ਤੇ ਹਿੰਦੀ ਵਿਚ ਗ਼ਦਰ ਦੇ ਕਿੰਨੇ ਕੁ ਅੰਕ ਛਪੇ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ। ਆਮ ਪ੍ਰਭਾਵ ਇਹ ਹੈ ਕਿ ਹਿੰਦੀ ਵਿਚ ਇਕ ਅੱਧਾ ਅੰਕ ਹੀ ਛਪਿਆ ਹੋਵੇਗਾ। ਗੁਜਰਾਤੀ ਵਿਚ ਵੀ ਐਵੇਂ ਗਿਣਤੀ ਦੇ ਅੰਕ ਹੀ ਨਿਕਲੇ ਸੀ। ਕਿਸੇ ਵੀ ਵਿਅਕਤੀ ਨੇ ਕਿਤੇ ਨਹੀਂ ਦੱਸਿਆ ਕਿ ਹਿੰਦੀ ਜਾਂ ਗੁਜਰਾਤੀ ਦੇ ਅੰਕ ਕਿਹੜੇ ਵਰਗਾਂ ਵਿਚ ਪੜ੍ਹੇ ਜਾਂਦੇ ਸੀ ਅਤੇ ਉਨ੍ਹਾਂ ਵਰਗਾਂ ਉੱਤੇ ਇਸ ਦਾ ਕੀ ਪ੍ਰਭਾਵ ਪਿਆ। ਸਿੱਖਾਂ ਅੰਦਰ ਗ਼ਦਰ ਦੇ ਪੜ੍ਹੇ ਜਾਣ ਬਾਰੇ ਆਮ ਰਿਪੋਰਟਾਂ ਮਿਲਦੀਆਂ ਹਨ ਅਤੇ ਇਸ ਦਾ ਅਸਰ ਵੀ ਸਾਹਮਣੇ ਆ ਗਿਆ ਸੀ। ਪਰ ਹਿੰਦੀ ਤੇ ਗੁਜਰਾਤੀ ਵਿਚ ਛਪਦੇ ਗ਼ਦਰ ਦੇ ਨਾ ਤਾਂ ਪੜ੍ਹੇ ਜਾਣ ਬਾਰੇ ਤੇ ਨਾ ਹੀ ਇਸ ਦੇ ਪਏ ਪ੍ਰਭਾਵਾਂ ਬਾਰੇ ਕਿਤੇ ਕੋਈ ਰਿਪੋਰਟ ਮਿਲਦੀ ਏ। ਸੋ ਇਹ ਐਵੇਂ ਇਕ ਕਹਿਣ ਦੀ ਗੱਲ ਈ ਐ, ਜਿਸ ਦੀ ਕੋਈ ਅਮਲੀ ਅਹਿਮੀਅਤ ਨਹੀਂ।

ਆਪਾਂ ਗ਼ਦਰੀ ਬਾਬਿਆਂ ਦੇ ਸਿੱਖ ਹੋਣ ਬਾਰੇ ਗੱਲ ਕਰ ਰਹੇ ਸੀ। ਸ਼ਚਿੰਦਰਨਾਥ ਸਾਨਿਆਲ ਨੂੰ ਇਸ ਸਚਾਈ ਬਾਰੇ ਭੋਰਾ ਜਿੰਨਾ ਵੀ ਸ਼ੱਕ-ਸ਼ੁਝਾ ਨਹੀਂ ਸੀ ਕਿ ਗ਼ਦਰੀ ਬਾਬੇ ਆਪਣੇ ਮੂਲ ਖ਼ਾਸੇ ਪੱਖੋਂ ਸਿੱਖ ਸਨ । ਉਸ ਨੇ ਇਸ ਸਚਾਈ ਦਾ ਜ਼ਿਕਰ ਇਕ ਜਗ੍ਹਾ ਨਹੀਂ, ਕਿੰਨੀਆਂ ਥਾਵਾਂ ‘ਤੇ ਕੀਤਾ ਹੈ। ਉਸ ਨੇ ਸਾਫ਼ ਲਿਖਿਆ ਹੈ ਕਿ ਜਦੋਂ ਭਾਰਤ ਦਾ ਝੰਡਾ ਤਿਆਰ ਕਰਨ ਲਈ ਲਾਹੌਰ ਵਿਖੇ ਰਾਸ ਬਿਹਾਰੀ ਬੋਸ ਦੀ ਮੌਜੂਦਗੀ ਵਿਚ ਉਚੇਚੀ ਮੀਟਿੰਗ ਹੋਈ ਸੀ ਤਾਂ ਸਿੱਖ ਗ਼ਦਰੀਆਂ ਨੇ ਝੰਡੇ ਵਿਚ ਸਿੱਖ ਧਰਮ ਦੀ ਤਰਜਮਾਨੀ ਕਰਦਾ ਕੇਸਰੀ ਰੰਗ ਸ਼ਾਮਲ ਕਰਨ ਲਈ ਪੂਰਾ ਜ਼ੋਰ ਪਾਇਆ ਸੀ । ਸਾਨਿਆਲ ਦੀ ਇਹ ਗਵਾਹੀ ਬੇਹੱਦ ਅਹਿਮ ਹੈ ਕਿਉਂਕਿ ਉਹ ਇਹ ਗੱਲ ਐਵੇਂ ਨਹੀਂ ਲਿਖ ਸਕਦਾ। ਅਤੇ ਜੇਕਰ ਸਿੱਖ ਗ਼ਦਰੀ ਝੰਡੇ ਵਿਚ ਆਪਣੇ ਧਰਮ ਦਾ ਰੰਗ ਸ਼ਾਮਲ ਕਰਨ ਲਈ ਜ਼ੋਰ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਆਧੁਨਿਕਵਾਦੀ ਨਜ਼ਰੀਏ ਤੋਂ ‘ਧਰਮ-ਨਿਰਪੱਖ’ ਕਹਿਣਾ ਕਿੰਨਾ ਕੁ ਵਾਜਿਬ ਹੈ ? ਗ਼ਦਰੀ ਬਾਬੇ ਜੇਕਰ ਆਧੁਨਿਕਵਾਦੀ ਨਜ਼ਰੀਏ ਤੋਂ ‘ਧਰਮ-ਨਿਰਪੱਖ’ ਹੁੰਦੇ ਤਾਂ ਉਨ੍ਹਾਂ ਨੂੰ ਝੰਡਾ ਤਿਆਰ ਕਰਨ ਵੇਲੇ ਧਰਮ ਦਾ ਵੇਰਵਾ ਪਾਉਣ ਦੀ ਲੋੜ ਨਹੀਂ ਸੀ। ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਗ਼ਦਰੀ ਬਾਬੇ ਉਨ੍ਹਾਂ ਅਰਥਾਂ ਵਿਚ ਧਰਮ-ਨਿਰਪੱਖ ਨਹੀਂ ਸਨ, ਅਨਮਤੀਆਂ ਵੱਲੋਂ ਜਿਵੇਂ ਉਨ੍ਹਾਂ ਨੂੰ ਪੇਸ਼ ਕੀਤਾ ਜਾਂਦੈ। ਹਾਂ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਉਹ ਧਾਰਮਿਕ ਭੇਦ-ਭਾਵ ਤੇ ਤੰਗ-ਨਜ਼ਰੀ ਤੋਂ ਸੁਰਖ਼ੁਰੂ ਸਨ, ਜਿਵੇਂ ਕਿ ਹਰ ਸੱਚਾ ਸਿੱਖ ਹੁੰਦੈ ਜਾਂ ਹੋਣਾ ਚਾਹੀਦੈ। ਇਨ੍ਹਾਂ ਦੋਨੋਂ ਗੱਲਾਂ ਵਿਚ ਬਹੁਤ ਵੱਡਾ ਫ਼ਰਕ ਐ।

ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ 1927-28 ਵਿਚ ਲਾਲਾ ਲਾਜਪਤ ਰਾਏ ਨਾਲ ਇਕ ਅਖ਼ਬਾਰੀ ਬਹਿਸ ਰਚਾਈ ਸੀ। ਜਨਵਰੀ 1928 ਵਿਚ ਉਨ੍ਹਾਂ ਨੇ ਲਾਲੇ ਦੀ ਆਲੋਚਨਾ ਕਰਦਾ ਇਕ ਲੇਖ ਕਿਰਤੀ ਅਖ਼ਬਾਰ ਵਿਚ ਛਪਵਾਇਆ ਸੀ, ਜਿਸ ਵਿਚ ਉਨ੍ਹਾਂ ਨੇ ਗ਼ਦਰੀਆਂ ਦੀ ਸ਼ਨਾਖ਼ਤ ‘ਸਿੱਖ ਭਾਈਆਂ’ ਵਜੋਂ ਕੀਤੀ ਸੀ। ਉਨ੍ਹਾਂ ਲਿਖਿਆ ਸੀ : ਲਾਲਾ ਜੀ ਤੁਹਾਨੂੰ ਸਭ ਗਿਆਨ ਹੈ। ਤੁਹਾਡੇ ਸਾਹਮਣੇ ਹੀ ਤੁਹਾਥੋਂ ਅਨਪੜ੍ਹ ਸਿੱਖ ਭਾਈ ਅਮਰੀਕਾ ਵਿੱਚੋਂ ਜਥੇ ਬਣਾ ਬਣਾ ਕੇ ਇਥੇ ਆਏ ਅਤੇ ਉਨ੍ਹਾਂ ਦੁਹਾਈ ਪਾਈ ਕਿ ‘ਲੋਕੋ ਜੰਗ ਵਿਚ ਕੋਈ ਮੱਦਦ ਨਾ ਦਿਉ ਹੁਣ ਲੋਹਾ ਗਰਮ ਜੇ, ਸੱਟ ਮਾਰੋ ।

ਅੰਗਰੇਜ਼ ਸਰਕਾਰ ਵੀ ਗ਼ਦਰੀਆਂ ਦੀ ਧਾਰਮਿਕ ਪਛਾਣ ਬਾਰੇ ਕਿਸੇ ਘਚੋਲੇ ਜਾਂ ਭੁਲੇਖੇ ਵਿਚ ਨਹੀਂ ਸੀ। ਗ਼ਦਰ ਲਹਿਰ ਨੂੰ ਹਕੂਮਤੀ ਤਾਕਤ ਨਾਲ ਕੁਚਲ ਦੇਣ ਤੋਂ ਬਾਅਦ ਵੀ ਬਰਤਾਨਵੀ ਖ਼ੁਫ਼ੀਆ ਮਹਿਕਮੇ ਦੇ ਡਾਇਰੈਕਟਰ-ਜਨਰਲ ਡੀ. ਪੈਟਰੀ ਨੂੰ ਇਹ ਧੁੜਕੂ ਲੱਗਾ ਹੋਇਆ ਸੀ ਕਿ ‘ਬੇਸ਼ੱਕ ਜੰਗ ਦੇ ਦੌਰਾਨ ਲਹਿਰ ਨੂੰ ਦਬਾ ਦਿੱਤਾ ਗਿਆ ਸੀ ਪਰ ਇਸ ਦਾ ਪੂਰੀ ਤਰ੍ਹਾਂ ਸਫ਼ਾਇਆ ਨਹੀਂ ਹੋਇਆ ਅਤੇ ਅਜੇ ਵੀ ਪੰਜਾਬ ਵਿਚ ਬਾਹਰੋਂ ਪਰਤੇ ਕਾਫ਼ੀ ਸਿੱਖ ਹਨ, ਜਿਨ੍ਹਾਂ ਦੀ ਸਾਡੇ ਰਾਜ ਦੇ ਖ਼ਿਲਾਫ਼ ਤਿੱਖੀ ਨਫ਼ਰਤ ਉਨ੍ਹਾਂ ਨੂੰ, ਸਾਡੀ ਸੱਤਾ ਨੂੰ ਉਲਟਾਉਣ ਦਾ ਮਨਸ਼ਾ ਰੱਖਣ ਵਾਲੀ ਕਿਸੇ ਵੀ ਸਾਜ਼ਸ਼ ਵਿਚ ਪੂਰੀ ਗਰਮਜੋਸ਼ੀ ਨਾਲ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ। * ਸੈਂਸਰਾ ਨੇ ਖ਼ੁਦ ਲਿਖਿਆ ਹੈ ਕਿ ਅੰਗਰੇਜ਼ ਹਾਕਮ ਇਸ ਨੂੰ ਸਿੱਖਾਂ ਦੀ ਲਹਿਰ ਸਮਝਦੇ ਸਨ, ਇਸ ਕਰਕੇ ਬਾਹਰੋਂ ਆਏ ਗੈਰ-ਸਿੱਖਾਂ ਨੂੰ ਪੁੱਛਗਿੱਛ ਸਮੇਂ ਬਹੁਤਾ ਨਾ ਗੌਲਿਆ ਅਤੇ ਉਹ ਬਚ ਕੇ ਨਿਕਲ ਗਏ ਜਿਵੇਂ ਪਰਮਾਨੰਦ ਝਾਂਸੀ, ਜਗਤ ਰਾਮ, ਪ੍ਰਿਥਵੀ ਸਿੰਘ ਲਾਲੜੂ ਆਦਿ। ਭਾਈ ਪਰਮਾਨੰਦ (ਲਾਹੌਰ) ਆਪ ਮੰਨਦਾ ਹੈ ਕਿ ਗ਼ਦਰੀ ਬਾਬੇ ਪੱਕੇ ਸਿੱਖ ਸਨ। ਹਰੀਸ਼ ਪੁਰੀ ਭਾਵੇਂ ਇਸ ਸਚਾਈ ਨੂੰ ਛੁਪਾਉਣ ਲਈ ਪੂਰਾ ਸੁਚੇਤ ਤੇ ਸੁਦ੍ਰਿੜ ਹੈ ਅਤੇ ਆਪਣੀ ਲਿਖਤ ਵਿਚ ਗ਼ਦਰੀਆਂ ਦਾ ਜ਼ਿਕਰ ‘ਪੰਜਾਬੀ ਆਵਾਸੀ’ ਜਾਂ ‘ਪੰਜਾਬੀ ਕਿਸਾਨਾਂ’ ਵਜੋਂ ਹੀ ਕਰਦਾ ਹੈ, ਪਰ ਇਸ ਦੇ ਬਾਵਜੂਦ ਉਸ ਦੀ ਲਿਖਤ ਵਿੱਚੋਂ ਵੀ ਸਚਾਈ ਸੰਕੇਤਕ ਰੂਪ ਵਿਚ ਪ੍ਰਗਟ ਹੋ ਜਾਂਦੀ ਹੈ। ਮਿਸਾਲ ਵਜੋਂ, ਉਹ ਗ਼ਦਰ ਪਾਰਟੀ ਵਿਚ ਸ਼ਾਮਲ ਵਿਅਕਤੀਆਂ ਨੂੰ ਦੋ ਵਰਗਾਂ ਵਿਚ ਵੰਡਦਾ ਹੈ। ਇਕ ਅਮਰੀਕਾ ਵਿਚ ਵਿੱਦਿਆ ਹਾਸਲ ਕਰਨ ਗਏ ਵਿਦਿਆਰਥੀ, ਜਿਹੜੇ ਤਕਰੀਬਨ ਸਾਰੇ ਹਿੰਦੂ ਮੱਧਵਰਗ ਵਿੱਚੋਂ ਸਨ । ਦੂਜਾ, ਪੰਜਾਬੀ ਕਿਸਾਨ ਤੇ ਕਿਰਤੀ। ਪੁਰੀ ਲਿਖਦਾ ਹੈ ਕਿ ‘ਉਨ੍ਹਾਂ ਦੀ ਇਨਕਲਾਬੀ ਚੇਤਨਾ ਦੇ ਪੱਖੋਂ ਅਤੇ ਸਭਿਆਚਾਰਕ ਦਿਸ਼ਾ ਦ੍ਰਿਸ਼ਟੀ ਦੇ ਪੱਖੋਂ ਵੀ ਦੋਹਾਂ ਧੜਿਆਂ ਵਿਚ ਉਘੜਵਾਂ ਫ਼ਰਕ ਸੀ। 45 ਇਥੇ ਲੇਖਕ ਨੇ ਜਿਹੜੀ ‘ਸਭਿਆਚਾਰਕ ਦਿਸ਼ਾ ਦ੍ਰਿਸ਼ਟੀ’ ਦੀ ਗੱਲ ਕੀਤੀ ਹੈ, ਜੇਕਰ ਉਹ ਇਸ ਦਾ ਭਾਵ ਸਪੱਸ਼ਟ ਕਰ ਦਿੰਦਾ ਤਾਂ ਮਸਲਾ ਸਾਫ਼ ਹੋ ਜਾਂਦਾ । ਸਮੁੱਚੇ ਪੰਜਾਬੀ ਕਿਸਾਨਾਂ ਦੀ ਸਭਿਆਚਾਰਕ ਦਿਸ਼ਾ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਕਹੀ ਜਾ ਸਕਦੀ । ਕਿਉਂਕਿ ਤਿੰਨੋਂ ਮੁੱਖ ਧਾਰਮਿਕ ਵਰਗਾਂ ਦੇ ਪੰਜਾਬੀ ਕਿਸਾਨਾਂ (ਸਿੱਖ, ਹਿੰਦੂ ਤੇ ਮੁਸਲਮਾਨ) ਵਿਚਕਾਰ ਸਭਿਆਚਾਰਕ ਤੇ ਮਾਨਸਿਕ ਵਖਰੇਵੇਂ ਬਹੁਤ ਸਪੱਸ਼ਟ ਤੇ ਉਘੜਵੇਂ ਹਨ। ਇਨ੍ਹਾਂ ਦਾ ਜ਼ਿੰਦਗੀ ਪ੍ਰਤਿ ਨਜ਼ਰੀਆ ਵੱਖੋ- ਵੱਖਰਾ ਹੈ। ਇਨ੍ਹਾਂ ਦੀਆਂ ਇਤਿਹਾਸਕ ਰਵਾਇਤਾਂ ਤੇ ਕਦਰਾਂ-ਕੀਮਤਾਂ ਵਿਚ ਵੱਡੇ ਫ਼ਰਕ ਹਨ। ਇਸ ਕਰਕੇ ਇੱਕੋ ਜਿਹੀਆਂ ਬਾਹਰੀ ਹਾਲਤਾਂ ਪ੍ਰਤਿ ਇਨ੍ਹਾਂ ਦਾ ਪ੍ਰਤਿਕਰਮ ਵੱਖੋ- ਵੱਖਰਾ ਹੁੰਦਾ ਹੈ। ਇੱਕੋ ਗੱਲ ਸਾਰਿਆਂ ਨੂੰ ਇੱਕੋ ਜਿੰਨੀ ਸ਼ਿੱਦਤ ਨਾਲ ਨਹੀਂ ਟੁੰਬਦੀ। ਇਹ ਸਭ ਕੁਝ ‘ਸਭਿਆਚਾਰਕ ਦਿਸ਼ਾ ਦ੍ਰਿਸ਼ਟੀ’ ਦੇ ਵਖਰੇਵਿਆਂ ਕਰਕੇ ਹੈ। ਇਹੀ ਕਾਰਨ ਹੈ ਕਿ ਗ਼ਦਰ ਲਹਿਰ ਅੰਦਰ ਇਨ੍ਹਾਂ ਵਰਗਾਂ ਦੀ ਭਾਗੀਦਾਰੀ ਬੇਹੱਦ ਅਸਾਵੀਂ ਸੀ। ਸਿਰਫ਼ ਗ਼ਦਰ ਲਹਿਰ ਅੰਦਰ ਹੀ ਨਹੀਂ, ਪੰਜਾਬ ਅੰਦਰ ਉੱਠੀ ਕਿਸੇ ਵੀ ਇਨਕਲਾਬੀ ਲਹਿਰ ਦੀ ਗੱਲ ਕਰ ਲਓ, ਇਨ੍ਹਾਂ ਸਾਰੀਆਂ ਲਹਿਰਾਂ ਵਿਚ ਸਿੱਖਾਂ ਦੇ ਮੁਕਾਬਲੇ ਦੂਜੇ ਦੋਨਾਂ ਭਾਈਚਾਰਿਆਂ ਦੀ ਸ਼ਮੂਲੀਅਤ ਮੂਲੋਂ ਹੀ ਨਿਗੂਣੀ, ਨਾਮ ਮਾਤਰ ਹੀ ਰਹੀ। ਕਮਿਊਨਿਸਟ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਅੰਦਰ ਇਸ ਵਿਚ ਸਿੱਖਾਂ ਦੀ ਹੈਸੀਅਤ ਹਮੇਸ਼ਾ ਹੀ ਭਾਰੂ ਰਹੀ ਐ। ਏਥੋਂ ਤਕ ਕਿ, ਜਗਜੀਤ ਸਿੰਘ ਆਨੰਦ ਦੇ ਦੱਸਣ ਮੁਤਾਬਕ, ਇਕ ਵਾਰ ਕੇਂਦਰੀ ਲੀਡਰਸ਼ਿੱਪ ਨੇ ਪੰਜਾਬ ਦੇ ਕਮਿਊਨਿਸਟ ਆਗੂਆਂ ਨੂੰ ਪਾਰਟੀ ਦੇ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿਚਕਾਰ ਅਸੰਤੁਲਨ ਨੂੰ ਦਰੁਸਤ ਕਰਨ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਸਨ ਅਤੇ ਪੰਜਾਬ ਦੇ ਆਗੂਆਂ ਨੇ ਇਨ੍ਹਾਂ ਹਦਾਇਤਾਂ ਉੱਤੇ ਅਮਲ ਫੁਰਮਾਉਂਦਿਆਂ ਹਿੰਦੂ ਭਾਈਚਾਰੇ ਦੇ ਕਮਿਊਨਿਸਟ ਕਾਰਕੁੰਨਾਂ, ਜਿਨ੍ਹਾਂ ਦੀ ਗਿਣਤੀ ਆਵੇ ਵਿਚ ਲੂਣ ਬਰਾਬਰ ਸੀ, ਨੂੰ ਮਕਾਨਕੀ ਤਰੀਕੇ ਨਾਲ ‘ਤਰੱਕੀਆਂ’ ਦੇ ਕੇ ਆਗੂ ਪਦਵੀਆਂ ਦੇ ਦਿੱਤੀਆਂ ਸਨ। ਪਰ ਇਹ ਤਜਰਬਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। ਕਾਰਨ ਓਹੀ ਕਿ ਪੰਜਾਬੀ ਸਮਾਜ ਦੇ ਇਨ੍ਹਾਂ ਦੋਨਾਂ ਵਰਗਾਂ ਦੀ ‘ਸਭਿਆਚਾਰਕ ਦਿਸ਼ਾ ਦ੍ਰਿਸ਼ਟੀ’ ਬਹੁਤ ਹੀ ਭਿੰਨ ਭਿੰਨ ਐ। ਇਹ ਜੀਵਨ ਦੀ ਜਿਊਂਦੀ ਜਾਗਦੀ ਹਕੀਕਤ ਐ ਜਿਸ ਨੂੰ ਕੋਈ ਅਮੂਰਤ ਵਿਚਾਰਧਾਰਾ ਜਾਂ ਕੋਈ ਮੁਰਦਾ ਸਿਧਾਂਤ ਬਦਲ ਨਹੀਂ ਸਕਦਾ । ਹਾਂ, ਕੋਈ ਆਪਣੀ ਆਤਮਾ ਨੂੰ ਸੰਤੁਸ਼ਟ ਕਰਨ ਲਈ ਇਸ ਤੋਂ ਮੁਨਕਰ ਹੋਣ ਤੇ ਇਸ ਨੂੰ ਅਣਡਿੱਠ ਕਰਨ ਦੀ ਮਨਮਰਜ਼ੀ ਕਰ ਸਕਦੈ।

ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ (ਦਿੱਲੀ) ਨੇ 1945 ਵਿਚ ਗ਼ਦਰ ਲਹਿਰ ਬਾਰੇ ਲਿਖੇ ਇਕ ਕਿਤਾਬਚੇ ਵਿਚ, ਅਚੇਤ ਤੌਰ ‘ਤੇ, ਕੁਝ ਅਜਿਹੇ ਕਥਨ ਕੀਤੇ ਹਨ, ਜਿਨ੍ਹਾਂ ਤੋਂ ਇਸ ਲਹਿਰ ਦੇ ਸਿੱਖ ਖ਼ਾਸੇ ਬਾਰੇ ਕੋਈ ਸੰਦੇਹ ਨਹੀਂ ਰਹਿੰਦਾ :

(ਬਾਬਾ ਵਸਾਖਾ ਸਿੰਘ) ਨੂੰ ਸਾਰੇ ਪੰਥ ਨੇ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਚੁਣਿਆ… ਅੱਜ ਆਪ ਸਿੱਖ ਕਿਸਾਨ ਘਰਾਂ ਵਿਚ ਸਭ ਤੋਂ ਪਿਆਰੇ ਤੇ ਸਤਿਕਾਰੀ ਸ਼ਖ਼ਸੀਅਤ ਹਨ। ਬਾਬਾ ਗੁਰਮੁਖ ਸਿੰਘ (ਲਲਤੋਂ)..ਅੱਜ ਉਨ੍ਹਾਂ ਦੀ ਕਹਾਣੀ ਸਿੱਖ ਦੇਸ਼ਭੂਮੀਆਂ ਦੇ ਬੱਚੇ ਬੱਚੇ ਦੇ ਮੂੰਹ ‘ਤੇ ਹੈ।

ਇਹ ਹੈ ਗਾਥਾ ਥੋੜੇ ਜਿਹੇ ਅੱਖਰਾਂ ਵਿਚ ਗ਼ਦਰ ਪਾਰਟੀ ਤੇ ਉਸ ਦੇ ਸੂਰਬੀਰਾਂ ਦੀ, ਅਮਰ ਸਰਾਭੇ ਦੇ ਸਾਥੀਆਂ ਦੀ-ਜਿਹੜੇ ਆਮ ਸਿੱਖ ਕਿਸਾਨ ਘਰਾਂ ਵਿਚ ਕਹਾਣੀਆਂ ਬਣ ਚੁੱਕੇ ਹਨ।

ਸੋਚਣ ਵਾਲੀ ਗੱਲ ਹੈ ਕਿ ਗ਼ਦਰੀ ਸੂਰਬੀਰ ‘ਸਿੱਖ ਕਿਸਾਨ ਘਰਾਂ’ ਵਿਚ ਹੀ ਕਿਉਂ ਕਹਾਣੀਆਂ ਬਣੇ, ਹਿੰਦੂ ਜਾਂ ਮੁਸਲਿਮ ਘਰਾਂ ਵਿਚ ਕਿਉਂ ਨਹੀਂ ? ਇਸ ਦਾ ਕੋਈ ਤਾਂ ਕਾਰਨ ਹੋਵੇਗਾ। ਉਹ ਕੀ ਐ? ਅਨਮਤੀਏ ਜੇਕਰ ਇਸ ਸੁਆਲ ਬਾਰੇ ਇਮਾਨਦਾਰੀ ਨਾਲ ਸੋਚਣ ਦੀ ਜੁਰਅਤ ਵਿਖਾਉਣ ਤਾਂ ਉਨ੍ਹਾਂ ਨੂੰ ਸੱਚ ਦੀ ਪਛਾਣ ਕਰਨ ਤੇ ਇਸ ਨੂੰ ਪਰਵਾਨ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਪਰ ਇਮਾਨਦਾਰੀ ਤੇ ਜੁਰਅਤ ਦਾ ਹੀ ਤਾਂ ਸਾਰਾ ਰੌਲਾ ਹੈ!

ਪੰਜਵਾਂ ਖੰਡ

ਗ਼ਦਰੀ ਬਾਬਿਆਂ ਦੀ ਸਿੱਖ ਪਛਾਣ ਦਾ ਸਿਧਾਂਤਕ ਪੱਖ

ਪਿਛਲੇ ਹਿੱਸੇ ਵਿਚ ਆਪਾਂ ਦੇਖ ਲਿਆ ਹੈ ਕਿ ਠੋਸ ਤੱਥ ਅਨਮਤੀਆਂ ਦੇ ਇਸ ਦਾਅਵੇ ਨੂੰ ਪੂਰਨ ਰੂਪ ਵਿਚ ਰੱਦ ਕਰ ਦਿੰਦੇ ਹਨ ਕਿ ਗ਼ਦਰੀ ਬਾਬੇ ਆਪਣੇ ਧਾਰਮਿਕ ਸਰੋਕਾਰਾਂ ਤੋਂ ਮੁਕਤ ਹੋ ਗਏ ਸਨ ਜਾਂ ਉਨ੍ਹਾਂ ਨੇ ਧਰਮ ਨੂੰ ਆਪਣੇ ਨਿਜੀ ਵਿਸ਼ਵਾਸਾਂ ਤਕ ਸੀਮਤ ਕਰ ਲਿਆ ਸੀ ਅਤੇ ਆਪਣੇ ਜਨਤਕ (ਰਾਜਸੀ) ਜੀਵਨ ਉੱਤੇ ਇਸ ਦਾ ਪਰਛਾਵਾਂ ਨਹੀਂ ਪੈਣ ਦਿੱਤਾ ਸੀ । ਹੁਣ ਆਪਾਂ ਇਸ ਮਸਲੇ ਦੇ ਸਿਧਾਂਤਕ ਪਹਿਲੂ ਬਾਰੇ ਗੱਲ ਕਰਦੇ ਹਾਂ।

? ਇਥੇ ਮਨ ਵਿਚ ਇਕ ਵਾਜਿਬ ਸੁਆਲ ਖੜਾ ਹੁੰਦੈ ਕਿ ਸਾਰੇ ਵਿਦਵਾਨ, ਉਦਾਰਪੰਥੀ ਹੋਣ ਜਾਂ ਖੱਬੇ ਪੱਖੀ, ਗ਼ਦਰੀ ਬਾਬਿਆਂ ਨੂੰ ਧਰਮ-ਨਿਰਪੱਖ’ ਸਾਬਤ ਕਰਨ ਲਈ ਏਨੇ ਮੁਸ਼ਤਾਕ (ਰੀਝਵਾਨ) ਤੇ ਇਕਮੱਤ ਕਿਉਂ ਹਨ ?

ਇਸ ਦਾ ਵੱਡਾ ਕਾਰਨ ਇਹੀ ਸਮਝ ‘ਚ ਪੈਂਦੈ ਕਿ ਇਨ੍ਹਾਂ ਵਿਦਵਾਨਾਂ ਦੀਆਂ ਨਜ਼ਰਾਂ ਵਿਚ ਧਰਮ ਦਾ ਦਰਜਾ ਨੀਵਾਂ ਤੇ ‘ਧਰਮ-ਨਿਰਪੱਖਤਾ’ ਦੀ ਆਧੁਨਿਕ ਧਾਰਨਾ ਦਾ ਦਰਜਾ ਉੱਚਾ ਹੈ, ਕਿਉਂਕਿ ਇਨ੍ਹਾਂ ਦੇ ਸੋਚਣ ਮੁਤਾਬਕ ਧਰਮ ਲੋਕਾਂ ਅੰਦਰ ਤੰਗ-ਨਜ਼ਰੀ ਤੇ ਕੱਟੜਪੁਣੇ ਦੇ ਭਾਵ ਪੈਦਾ ਕਰਦੈ, ਜਦ ਕਿ ਧਰਮ-ਨਿਰਪੱਖਤਾ ਦਾ ਸਿਧਾਂਤ ਖੁੱਲ੍ਹ-ਦਿਲੀ ਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਐ। ਇਸ ਤਰ੍ਹਾਂ, ਇਹ ਵਿਦਵਾਨ, ਆਪਣੇ ਵੱਲੋਂ ਤਾਂ ਗ਼ਦਰੀ ਬਾਬਿਆਂ ਦਾ ‘ਭਲਾ’ ਕਰਦੇ ਨੇ। ਉਹ ਉਨ੍ਹਾਂ ਨੂੰ ਤੰਗ-ਨਜ਼ਰੀ ਤੇ ਕੱਟੜਪੁਣੇ ਤੋਂ ਸੁਰਖ਼ੁਰੂ ਦਿਖਾਉਣਾ ਤੇ ਸਾਬਤ ਕਰਨਾ ਚਾਹੁੰਦੇ ਨੇ। ਉਨ੍ਹਾਂ ਦੇ ਮਨਾਂ ਅੰਦਰ ਇਹ ਧਾਰਨਾ ਪੱਕੀ ਵੱਸੀ ਹੋਈ। ਐ ਕਿ ਧਾਰਮਿਕ ਵਿਅਕਤੀ ਤੰਗ-ਨਜ਼ਰੀ ਤੇ ਕੱਟੜਪੁਣੇ ਤੋਂ ਸੁਰਖ਼ਰੂ ਨ੍ਹੀਂ ਹੋ ਸਕਦਾ, ਇਹ ਸਦਗੁਣ ਧਰਮ-ਨਿਰਪੱਖਤਾ ਦੇ ਧਾਰਨੀ ਬਣ ਕੇ ਹੀ ਪ੍ਰਕਾਸ਼ਮਾਨ ਹੋ ਸਕਦੇ ਨੇ। ਬੱਸ, ਸਾਰੇ ਮਸਲੇ ਦੀ ਚੂਲ ਇਹ ਧਾਰਨਾ ਈ ਐ।

ਏਥੇ ਵਿਚਾਰਨ ਵਾਲੀ ਗੱਲ ਇਹ ਐ ਕਿ ਇਹ ਧਾਰਨਾ ਕਦੋਂ, ਕਿਨ੍ਹਾਂ ਇਤਿਹਾਸਕ ਹਾਲਤਾਂ ਅੰਦਰ ਪੈਦਾ ਹੋਈ ਸੀ ਅਤੇ ਇਹ ਏਨੇ ਵਿਆਪਕ ਪੈਮਾਨੇ ‘ਤੇ ਮਕਬੂਲ ਕਿਵੇਂ ਹੋ ਗਈ ? ਇਸ ਨਾਲ ਸਾਰਾ ਮਸਲਾ ਸਮਝ ਪੈ ਜਾਵੇਗਾ।

ਇਕ ਗੱਲ ਸਾਫ਼ ਹੈ ਕਿ ਇਹ ਧਾਰਨਾ ‘ਧੁਰ ਦੀ ਬਾਣੀ’ ਨਹੀਂ, ਇਹ ਮਨੁੱਖੀ ਰਚਨਾ ਹੈ। ਇਸ ਕਰਕੇ ਇਹ ਅਨਾਦੀ ਨਹੀਂ, ਇਸ ਦਾ ਕੋਈ ਨਿਸਚਤ ਆਦਿ ਤੇ ਇਤਿਹਾਸਕ ਸੰਦਰਭ ਜ਼ਰੂਰ ਹੋਵੇਗਾ। ਨਾਲ ਹੀ ਏਹ ਗੱਲ ਵੀ ਪੱਕੀ ਐ ਕਿ ਮਨੁੱਖੀ ਰਚਨਾ ਹੋਣ ਕਰਕੇ ਇਸ ਨੂੰ ਦੈਵੀ ਸੱਚ ਦਾ ਰੁਤਬਾ ਨਹੀਂ ਦਿੱਤਾ ਜਾ ਸਕਦਾ। ਇਸ ਦੀ ਪਰਖ ਕੀਤੀ ਜਾ ਸਕਦੀ ਐ, ਇਸ ਵਿਚ ਨੁਕਸ ਛਾਂਟਿਆ ਜਾ ਸਕਦੈ, ਅਤੇ ਇਸ ਨੂੰ ਸੋਧਿਆ ਜਾਂ ਪੂਰਨ ਰੂਪ ਵਿਚ ਰੱਦ ਵੀ ਕੀਤਾ ਜਾ ਸਕਦੈ। ਵਿਗਿਆਨ ਵਿਚ ਸੱਚਾ ਵਿਸ਼ਵਾਸ ਰੱਖਣ ਵਾਲਾ ਕੋਈ ਵੀ ਪ੍ਰਬੁੱਧ ਵਿਅਕਤੀ ਅਜਿਹੀ ਸੰਭਾਵਨਾ ਨੂੰ ਮੂਲੋਂ ਹੀ ਰੱਦ ਨਹੀਂ ਕਰ ਸਕਦਾ। ਕਿਉਂਕਿ ਆਖ਼ਰਕਾਰ ਸਾਇੰਸ ਵੀ ਏਹੀ ਸਿਖਾਉਂਦੀ ਐ, ਇਸ ਦਾ ਆਪਣਾ ਵਿਕਾਸ ਵੀ ਏਸੇ ਤਰ੍ਹਾਂ ਹੀ ਹੋਇਐ। ਸਾਇੰਸ ਦੇ ਉਪਾਸ਼ਕਾਂ ਦਾ ਦਾਅਵਾ ਇਹੀ ਐ। ਇਸ ਕਰਕੇ ਧਰਮ ਬਾਰੇ ਬਣੀ ਉਪਰੋਕਤ ਧਾਰਨਾ ਵਿਚ ਅੰਨ੍ਹਾ ਵਿਸ਼ਵਾਸ ਕਰਨ ਦੀ ਬਜਾਇ ਇਸ ਦੀ ਸਚਾਈ ’ਤੇ ਸ਼ੱਕ ਕਰਨਾ ਨਾ ਸਿਰਫ਼ ਵਾਜਿਬ ਹੈ, ਸਗੋਂ ਸਚਾਈ ਦਾ ਥਾਹ ਪਾਉਣ ਲਈ ਅਜਿਹਾ ਕਰਨਾ ਲਾਜ਼ਮੀ ਹੈ। ਇਸ ਦੀ ਆਪਣੇ ਵਿਵੇਕ ਨਾਲ ਗਹਿਰੀ ਛਾਣ-ਬੀਣ ਕੀਤੀ ਜਾਣੀ ਚਾਹੀਦੀ ਐ ਅਤੇ ਇਸ ਨੂੰ ਸੱਚ ਦੀ ਕਸੌਟੀ ਉੱਤੇ ਪਰਖਿਆ ਜਾਣਾ ਚਾਹੀਦੈ। ਪਿੱਛੇ ‘ਸੋਚਣ ਲਈ ਜੁਰਅਤ’ ਦੀ ਜਿਹੜੀ ਗੱਲ ਕਹੀ ਗਈ ਸੀ, ਉਸ ਦਾ ਠੋਸ ਭਾਵ ਇਹੀ ਬਣਦਾ ਹੈ।

ਧਰਮ-ਨਿਰਪੱਖਤਾ ਦਾ ਸਿਧਾਂਤ: ਈਸਾਈ-ਤੇ-ਯੂਰਪੀ ਪ੍ਰਸੰਗ

ਧਰਮ ਬਾਰੇ ਉਪਰੋਕਤ ਧਾਰਨਾ ਦੀ ਪੈਦਾਇਸ਼ ਪੱਛਮੀ ਯੂਰਪ ਦੀ ਗਿਆਨਵਾਦੀ ਲਹਿਰ (enlightenment) ਵਿੱਚੋਂ ਹੋਈ ਮੰਨੀ ਜਾ ਸਕਦੀ ਐ। ਪੱਛਮ ਦੇ ਜਿਨ੍ਹਾਂ ਵਿਦਵਾਨਾਂ ਨੇ ਇਹ ਧਾਰਨਾ ਵਿਕਸਤ ਕੀਤੀ, ਉਨ੍ਹਾਂ ਸਾਹਮਣੇ ਪੱਛਮੀ ਯੂਰਪ ਦਾ ਠੋਸ ਤਜਰਬਾ ਸੀ । ਇਸ ਧਾਰਨਾ ਦਾ ਇਹ ਠੋਸ ਇਤਿਹਾਸਕ ਪ੍ਰਸੰਗ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ । ਪੱਛਮੀ ਵਿਦਵਾਨਾਂ ਦਾ ਧਰਮ ਬਾਰੇ ਅਨੁਭਵ ਈਸਾਈ ਧਰਮ ਤਕ ਸੀਮਤ ਸੀ। ਦੁਨੀਆਂ ਦੇ ਬਾਕੀ ਦੇ ਧਰਮ, ਉਸ ਵੇਲੇ, ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਇਨ੍ਹਾਂ ਬਾਰੇ ਉਨ੍ਹਾਂ ਦੀਆਂ ਰਾਵਾਂ ਕਿਸੇ ਠੋਸ ਅਨੁਭਵ ਵਿੱਚੋਂ ਨਹੀਂ ਬਣੀਆਂ ਸਨ, ਬਹੁਤੀਆਂ ਸੁਣੀਆਂ ਸੁਣਾਈਆਂ ਤੇ ਟੁੱਟਵੀਆਂ ਖਿੰਡੀਆਂ ਗੱਲਾਂ ਦੇ ਆਧਾਰ ‘ਤੇ ਬਣੀਆਂ ਸਨ। ਇਸ ਤੋਂ ਇਹ ਨਿਰਣਾ ਸਹੀ ਹੋ ਜਾਂਦੈ ਕਿ ਧਰਮ ਬਾਰੇ ਉਪਰੋਕਤ ਨਾਂਹ-ਪੱਖੀ ਧਾਰਨਾਵਾਂ ਤੱਤ ਰੂਪ ਵਿਚ ਪੱਛਮੀ ਯੂਰਪ ਤੇ ਈਸਾਈ ਧਰਮ ਦੇ ਠੋਸ ਸੰਦਰਭ ਵਿਚ ਬਣੀਆਂ ਤੇ ਪ੍ਰਚਲਿਤ ਹੋਈਆਂ। ਏਨੀ ਗੱਲ ਦ੍ਰਿੜ੍ਹ ਯਕੀਨ ਨਾਲ ਕਹੀ ਜਾ ਸਕਦੀ ਐ । ਰੋਮ ਸਾਮਰਾਜ ਦੇ ਬਾਦਸ਼ਾਹ ਕੰਨਸਤੰਤਾਇਨ (327-337 ਈ.) ਵੱਲੋਂ ਆਪਣੇ ਸੁਆਰਥ ਲਈ ਈਸਾਈ ਮੱਤ ਧਾਰਨ ਕਰ ਲੈਣ ਉਪਰੰਤ ਈਸਾਈ ਚਰਚ ਨੇ ਲੋਹੜੇ ਦੀ ਸ਼ਕਤੀ ਗ੍ਰਹਿਣ ਕਰ ਲਈ ਸੀ ਅਤੇ ਰਾਜ-ਸ਼ਕਤੀ ਨੂੰ ਆਪਣੀ ਮੁੱਠੀ ਵਿਚ ਲੈ ਲਿਆ ਸੀ । ਰਾਜ (ਸਟੇਟ), ਇਸ ਦੇ ਕਾਨੂੰਨਾਂ ਅਤੇ ਸਮੁੱਚੇ ਗਿਆਨ ਉੱਤੇ ਈਸਾਈਅਤ ਦਾ ਅਜਾਰੇਦਾਰਾਨਾ ਗ਼ਲਬਾ ਸਥਾਪਤ ਹੋ ਗਿਆ। ਈਸਾਈ ਧਰਮ ਸਰਬ-ਲੌਕਿਕ ਸੱਚ ਉੱਤੇ ਅਜਾਰੇਦਾਰੀ ਦਾ ਦਾਅਵਾ ਕਰਦਾ ਸੀ, ਜਿਸ ਨਾਲ ਗਿਆਨ ਦੇ ਹੋਰਨਾਂ ਦਾਅਵੇਦਾਰਾਂ, ਦੂਸਰੇ ਧਰਮਾਂ ਤੇ ਵਿਗਿਆਨਕ ਵਿਚਾਰਾਂ ਪ੍ਰਤਿ ਨਿਰਾਦਰ, ਇਨਕਾਰ ਤੇ ਅਤਿਆਚਾਰ ਦਾ ਵਤੀਰਾ ਪ੍ਰਗਟ ਹੁੰਦਾ ਸੀ। ਕੈਥੋਲਿਕ ਧਰਮ-ਸ਼ਾਸਤਰ ਦੀ ਗਿਆਨ ਉੱਤੇ ਅਜਾਰੇਦਾਰੀ ਨੂੰ ਜਦੋਂ ਵੀ ਕਿਸੇ ਪਾਸਿਓਂ ਕੋਈ ਵੰਗਾਰ ਖੜੀ ਹੁੰਦੀ ਦਿਖੀ ਤਾਂ ਚਰਚ ਨੇ ਤਾਕਤ ਦੀ ਬੇਦਰੇਗ਼ ਵਰਤੋਂ ਕਰ ਕੇ ਇਸ ਨੂੰ ਦਬਾ ਦੇਣ ਦਾ ਵਤੀਰਾ ਅਪਣਾਇਆ। ਇਸ ਨੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਆਪਣੀ ਤਾਕਤ ਦੀ ਬੇਕਿਰਕ ਵਰਤੋਂ ਕੀਤੀ। ਜਿਉਂ ਜਿਉਂ ਸਥਾਪਤ ਵਿਚਾਰਾਂ ਦੀ ਵਿਰੋਧਤਾ ਵਧਦੀ ਗਈ, ਤਿਉਂ ਤਿਉਂ ਚਰਚ ਦਾ ਰਵੱਈਆ ਵਧੇਰੇ ਕੱਟੜ ਤੇ ਹਿੰਸਕ ਹੁੰਦਾ ਗਿਆ। ਸਥਾਪਤ ਧਰਮ (ਈਸਾਈ ਕੱਟੜ ਮੱਤ) ਦੁਆਰਾ ਵਿਰੋਧੀ ਵਿਚਾਰ ਪ੍ਰਗਟਾਉਣ ਵਾਲੇ ਦਾਨਸ਼ਵਰਾਂ ਨੂੰ ਭੈ-ਭੀਤ ਕਰਨ ਲਈ ‘ਤੈਹਕੀਕਾਤ’ (inquisition) ਦਾ ਬਦਨਾਮ ਤਰੀਕਾ ਅਮਲ ਵਿਚ ਲਿਆਂਦਾ ਗਿਆ। ਵਿਰੋਧੀ ਲਿਖਤਾਂ ਨੂੰ ‘ਕੁਫ਼ਰ ਭਰੇ ਲਫ਼ਜ਼’ ਕਹਿ ਕੇ ਇਨ੍ਹਾਂ ‘ਤੇ ਸਖ਼ਤ ਪਾਬੰਦੀਆਂ ਮੜ੍ਹਨ ਅਤੇ ਇਨ੍ਹਾਂ ਦੇ ‘ਗੁਸਤਾਖ਼’ ਲੇਖਕਾਂ ਨੂੰ ‘ਰੱਬ ਨਿੰਦਕ’ ਕਰਾਰ ਦੇ ਕੇ, ਚੁਰਾਹਿਆਂ ਵਿਚ ਖੰਭਿਆਂ ਨਾਲ ਬੰਨ੍ਹ ਕੇ ਜ਼ਿੰਦਾ ਜਲਾ ਦੇਣ ਵਰਗੀਆਂ ਵਹਿਸ਼ੀ ਸਜ਼ਾਵਾਂ ਦੇਣ ਦੀ ਰੀਤ ਚਾਲੂ ਕੀਤੀ ਗਈ। ਲੋਕਾਂ ਨੂੰ ਧਰਮ ‘ਚੋਂ ਛੇਕ ਦੇਣ ਦੇ ਫ਼ਤਵੇ, ਕਠੋਰ ਤੇ ਬੇਕਿਰਕ ਸਜ਼ਾਵਾਂ, ਖੰਭਿਆਂ ਨਾਲ ਬੰਨ੍ਹ ਕੇ ਜ਼ਿੰਦਾ ਜਲਾ ਦੇਣ ਦੀਆਂ ਹੌਲਨਾਕ ਵਾਰਦਾਤਾਂ ਨਿੱਤ ਦਿਹਾੜੀ ਦੀ ਗੱਲ ਬਣ ਗਈਆਂ ਸਨ। ਇਨ੍ਹਾਂ ਗੱਲਾਂ ਦੇ ਨਤੀਜੇ ਵਜੋਂ ਪੱਛਮੀ ਯੂਰਪ ਦੇ ਲੋਕਾਂ ਅੰਦਰ ਈਸਾਈ ਕੱਟੜਮੱਤ ਦੇ ਵਿਰੁੱਧ ਵਿਆਪਕ ਰੌਂਅ ਪੈਦਾ ਹੋ ਗਿਆ ਸੀ। ਇਸਲਾਮ ਤੇ ਈਸਾਈ ਮੱਤਾਂ ਦੇ ਕੱਟੜ ਪੈਰੋਕਾਰਾਂ ਵਿਚਕਾਰ ਆਪੋ-ਆਪਣੇ ਧਰਮ ਦੀ ਚੜ੍ਹਤਲ ਤੇ ਅਜਾਰੇਦਾਰਾਨਾ ਚੌਧਰ ਕਾਇਮ ਕਰਨ ਲਈ ਲੜੇ ਗਏ ਧਰਮ- ਯੁੱਧਾਂ (crusades) ਵਿਚ ਹੋਏ ਬੇਹਿਸਾਬੇ ਖ਼ੂਨ-ਖ਼ਰਾਬੇ ਨੇ ਧਰਮ ਵਿਰੋਧੀ ਜਜ਼ਬਿਆਂ ਨੂੰ ਹੋਰ ਤਾਅ ਚਾੜ੍ਹ ਦਿੱਤਾ ਸੀ । ਇਹ ਸੀ ਉਹ ਠੋਸ ਇਤਿਹਾਸਕ ਪ੍ਰਸੰਗ ਜਿਸ ਵਿਚ ਚਰਚ (ਧਰਮ) ਨੂੰ ਸਟੇਟ (ਰਾਜ) ਨਾਲੋਂ ਅਲੱਗ ਕਰਨ ਤੇ ਇਸ ਨੂੰ ਵਿਅਕਤੀਆਂ ਦੇ ਨਿਜੀ ਵਿਸ਼ਵਾਸਾਂ ਤਕ ਸੀਮਤ ਕਰਨ ਦੀ ਮੰਗ ਉੱਠੀ ਅਤੇ ‘ਧਰਮ-ਨਿਰਲੇਪਤਾ’ ਦੀ ਆਧੁਨਿਕ ਧਾਰਨਾ ਪੈਦਾ ਹੋਈ।

ਵਿਗਿਆਨ ਪੂਜ ਰੀਤੀ

ਅਗਲਾ ਸੁਆਲ ਹੁਣ ਇਹ ਐ ਕਿ ਪੱਛਮੀ ਯੂਰਪ ਤੇ ਈਸਾਈ ਧਰਮ ਦੇ ਵਿਸ਼ੇਸ਼ ਪ੍ਰਸੰਗ ਵਿਚ ਪੈਦਾ ਹੋਈ ਧਾਰਨਾ ਸੰਸਾਰ ਦੇ ਸਾਰੇ ਖੇਤਰਾਂ ਤੇ ਸਾਰੇ ਧਰਮਾਂ ਬਾਰੇ ਆਮ ਸਚਾਈ ਕਿਵੇਂ ਬਣ ਗਈ? ਇਹ ਉਚੇਚਾ ਰੁਤਬਾ ਇਸ ਨੇ ਕਿਵੇਂ, ਕਿਹੜੀ ਜੁਗਤ ਨਾਲ ਹਾਸਲ ਕੀਤਾ ? ਇਸ ਦਾ ਸੰਬੰਧ ਪੱਛਮੀ ਗਿਆਨ ਦੀ ਸੰਸਾਰ-ਵਿਆਪੀ ਚੜ੍ਹਤਲ ਤੇ ਅਜਾਰੇਦਾਰਾਨਾ ਚੌਧਰ ਹਸਤੀ ਕਾਇਮ ਕਰਨ ਦੇ ਅਮਲ ਨਾਲ ਜੁੜਿਆ ਹੋਇਐ। ਇਸ ਮਸਲੇ ਉੱਤੇ ਵਿਦਵਾਨਾਂ ਨੇ, ਦੂਜੀ ਸੰਸਾਰ ਜੰਗ ਤੋਂ ਬਾਅਦ, ਖ਼ਾਸ ਕਰਕੇ ਪਿਛਲੇ 4-5 ਦਹਾਕਿਆਂ ਦੌਰਾਨ, ਵੱਡੀ ਮਾਤਰਾ ਵਿਚ ਅੰਤਰਦ੍ਰਿਸ਼ਟੀ ਭਰਪੂਰ ਲਿਖਤਾਂ ਲਿਖੀਆਂ ਹਨ। ਈ.ਐਚ. ਕਾਰ ਨੇ ਆਪਣੀ ਪਿੱਛੇ ਦਰਸਾਈ ਕਿਤਾਬ ਅੰਦਰ ਇਤਿਹਾਸ ਵਿਚ ਵਿਧੀ (method) ਦੀ ਸਮੱਸਿਆ ਦੇ ਸਿਲਸਿਲੇ ਵਿਚ, ਇਸ ਮਸਲੇ ਉੱਤੇ ਭਰਪੂਰ ਰੋਸ਼ਨੀ ਪਾਈ। ਐ। ਮਸਲੇ ਦੀ ਜੜ੍ਹ ਗਿਆਨ ਹਾਸਲ ਕਰਨ ਦੀ ਉਹ ਵਿਧੀ ਐ ਜਿਸ ਨੂੰ ‘ਵਿਗਿਆਨਕ ਕਹਿ ਕੇ ਉਚੇਚਾ ਮਾਣ ਸਤਿਕਾਰ ਦੇਣ, ਅਸਲੀਅਤ ਵਿਚ ਇਸ ਦੀ ਪੂਜਾ ਕਰਨ ਦਾ ਰਿਵਾਜ ਚਾਲੂ ਹੋ ਗਿਐ।

ਈ.ਐਚ. ਕਾਰ ਮੁਤਾਬਕ ਜਿਸ ਵਿਧੀ ਨਾਲ ਸਾਇੰਸ ਨੇ ਕੁਦਰਤ ਦੇ ਖੇਤਰ ਨੂੰ ਘੋਖਿਆ ਸੀ, ਉਹੀ ਵਿਧੀ ਮਨੁੱਖੀ ਮਾਮਲਿਆਂ ਉੱਤੇ ਲਾਗੂ ਕਰਨ ਦੀ ਗ਼ਲਤ ਰੀਤ ਚਾਲੂ ਹੋ ਗਈ। ਅਠਾਰ੍ਹਵੀਂ ਸਦੀ ਦੇ ਅੰਤ ਤਕ ਜਦੋਂ ਸਾਇੰਸ ਨੇ ਕੁਦਰਤ ਦੇ ਵੱਡੇ ਭੇਦ ਬੁੱਝ ਲੈਣ ਵਿਚ ਸਫਲਤਾ ਹਾਸਲ ਕਰ ਲਈ ਸੀ ਅਤੇ ਵਿਗਿਆਨੀਆਂ ਅੰਦਰ ਆਪਣੀ ਅਕਲ ਤੇ ਸਮਰੱਥਾ ਬਾਰੇ ਵਧਵਾਂ ਵਿਸ਼ਵਾਸ ਤੇ ਗ਼ਰੂਰ ਪੈਦਾ ਹੋ ਗਿਆ ਸੀ, ਤਾਂ ਇਸ ਤੋਂ ਉਤਸ਼ਾਹਤ ਹੋ ਕੇ ਵਿਗਿਆਨ-ਪੂਜ ਵਿਦਵਾਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਾਇੰਸ ਦੇ ਆਸਰੇ ਮਨੁੱਖ ਸਮਾਜ ਬਾਰੇ ਵੀ ਭਰੋਸੇਯੋਗ ਤੇ ਸਿੱਕੇਬੰਦ ਗਿਆਨ ਹਾਸਲ ਕਰਨ ਦੇ ਸਮਰੱਥ ਹੋ ਸਕਦੇ ਹਨ। ਇਸ ਵਿਸ਼ਵਾਸ ਵਿੱਚੋਂ, ਉੱਨ੍ਹੀਵੀਂ ਸਦੀ ਅੰਦਰ ਕੁਦਰਤੀ (ਭੌਤਕ) ਵਿਗਿਆਨ ਦੀ ਤਰਜ਼ ਉੱਤੇ ‘ਸਮਾਜ ਵਿਗਿਆਨ’ ਦਾ ਸੰਕਲਪ ਪੈਦਾ ਹੋ ਗਿਆ । ਸਮਾਜ ਨੂੰ ਸਮਝਣ ਦੇ ਕਾਰਜ ਵਿਚ ਲੱਗੇ ਵਿਦਵਾਨਾਂ ਨੇ ਆਪਣੇ ਆਪ ਨੂੰ ‘ਸਮਾਜ ਵਿਗਿਆਨੀ’ ਕਹਿਣਾ/ਕਹਾਉਣਾ ਆਰੰਭ ਕਰ ਦਿੱਤਾ। ਰਸਾਇਣ ਵਿਗਿਆਨ, ਜੀਵ ਵਿਗਿਆਨ ਆਦਿ ਦੀ ਤਰ੍ਹਾਂ ਹੀ ਅਲੱਗ ਅਲੱਗ ਸਮਾਜੀ ਵਿਸ਼ਿਆਂ ਦੇ ਗਿਆਨ ਨੂੰ ‘ਸਮਾਜ ਵਿਗਿਆਨ’, ‘ਰਾਜਸੀ ਵਿਗਿਆਨ’, ‘ਅਰਥ ਵਿਗਿਆਨ’, ‘ਭਾਸ਼ਾ ਵਿਗਿਆਨ’ ਆਦਿ ਨਾਂ ਦੇਣ ਦੀ ਰੀਤ ਚੱਲ ਪਈ। ਅਠਾਰ੍ਹਵੀਂ ਤੇ ਉੱਨੀਵੀਂ ਸਦੀ ਦੇ ਸਮੁੱਚੇ ਕਾਲ ਅੰਦਰ ਵਿਗਿਆਨੀ ਇਹ ਫ਼ਰਜ਼ ਕਰਕੇ ਚੱਲਦੇ ਰਹੇ ਕਿ ਕੁਦਰਤ ਦੇ ਨਿਯਮ ਲੱਭ ਲਏ ਗਏ ਤੇ ਪੱਕ ਨਾਲ ਸਥਾਪਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਨਿਯਮਾਂ ਨੂੰ ਪੱਕੇ ਨਾਂ ਦੇ ਦਿੱਤੇ ਗਏ, ਜਿਵੇਂ ਨਿਊਟਨ ਦੇ ਗਤੀ ਦੇ ਨਿਯਮ, ਗੁਰੂਤਾ ਦਾ ਨਿਯਮ, ਬੋਇਲ’ਜ ਲਾਅ ਆਦਿ ਆਦਿ। ਗਲੀਲੀਓ ਤੋਂ ਲੈ ਕੇ ਨਿਊਟਨ ਤਕ, ‘ਨਿਯਮ’ ਸ਼ਬਦ ਦੀ ਪੂਰੀ ਠੁੱਕ ਬਣੀ ਰਹੀ। ਹੌਲੀ ਹੌਲੀ ਸਮਾਜੀ ਵਿਦਵਾਨਾਂ ਨੇ ਵੀ, ਆਪਣੇ ਅਧਿਐਨ ਨੂੰ ਵਿਗਿਆਨਕ ਰੁਤਬਾ ਦੇਣ ਦੀ ਰੀਝ ‘ਚੋਂ, ਕੁਦਰਤੀ ਵਿਗਿਆਨੀਆਂ ਦੀ ਰੀਸ ਕਰਦਿਆਂ ਉਨ੍ਹਾਂ ਦੀ ਭਾਸ਼ਾ ਅੰਗੀਕਾਰ ਕਰ ਲਈ ਅਤੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੀ ਵਿਧੀ ਵੀ ਕੁਦਰਤੀ ਵਿਗਿਆਨੀਆਂ ਵਰਗੀ ਹੀ ਹੈ। ਇਹ ਕੁਰੀਤੀ ਸਭ ਤੋਂ ਪਹਿਲਾਂ ਅਰਥ-ਵਿਗਿਆਨ ‘ਚ ਚਾਲੂ ਹੋਈ। ਆਦਮ ਸਮਿਥ ਦਾ ਮੰਡੀ ਦਾ ਨਿਯਮ (law of market), ਤਜਾਰਤ ਦਾ तिजभ (law of commerce), हितग्डां रा तिजभ (law of wages), उथडो ਦਾ ਨਿਯਮ (law of evolution), ਮਾਲਥਸ ਦਾ ਜਨਸੰਖਿਆ ਦਾ ਨਿਯਮ ਆਦਿ। ਕਾਰਲ ਮਾਰਕਸ ਨੇ ਕੈਪੀਟਲ ਦੇ ਮੁਖਬੰਧ ਵਿਚ ਦਾਅਵਾ ਕਰ ਮਾਰਿਆ ਕਿ ਉਸ ਨੇ ‘ਆਧੁਨਿਕ ਸਮਾਜ ਦੀ ਗਤੀ ਦਾ ਆਰਥਿਕ ਨਿਯਮ ਲੱਭ ਲਿਆ ਹੈ।’ ਸਾਇੰਸ ਨੂੰ ਪੜਚੋਲਵੀਂ ਦ੍ਰਿਸ਼ਟੀ ਨਾਲ ਦੇਖਣ ਵਾਲੇ ਚਿੰਤਕ, ਆਧੁਨਿਕ ਸਭਿਅਤਾ ਦੀਆਂ ਸਮੱਸਿਆਵਾਂ ਦੀ ਜੜ੍ਹ ਉੱਨੀਵੀਂ ਸਦੀ ਅੰਦਰ ਵਿਦਵਾਨਾਂ ਦੁਆਰਾ ਪ੍ਰਗਟਾਏ ਗਏ।

‘ਨਿਯਮ ਘੜਨ’ ਦੇ ਫ਼ਤੂਰ ਵਿਚ ਦੇਖਦੇ ਹਨ। ਆਮ ਸੂਝ ਦੀ ਗੱਲ ਐ ਕਿ ਕੋਈ ਵਿਦਵਾਨ ਜਦੋਂ ਕਿਸੇ ਠੋਸ ਮਸਲੇ ਬਾਰੇ ਸੋਚ ਵਿਚਾਰ ਕਰਦਾ ਏਂ, ਤਾਂ ਉਸ ਦਾ ਮਨ ਉੱਕਾ ਹੀ ਕੋਰਾ ਨਹੀਂ ਹੁੰਦਾ। ਉਹ ਆਪਣੇ ਮਨ ਅੰਦਰ ਇਕ ਨਿਸਚਤ ਪੂਰਵ ਧਾਰਨਾ ਲੈ ਕੇ ਚੱਲਦਾ ਏ।

ਇਹ ਪੂਰਵ ਧਾਰਨਾ ਕੋਈ ਗ਼ਾਇਬੀ ਫੁਰਨਾ ਨਹੀਂ ਹੁੰਦਾ, ਇਹ ਕਿਸੇ ਠੋਸ ਅਨੁਭਵ (observation) ‘ਤੇ ਆਧਾਰਿਤ ਹੁੰਦੀ ਐ। ਇਸ ਤੋਂ ਬਗ਼ੈਰ ਕੋਈ ਵੀ ਵਿਗਿਆਨਕ ਸੋਚ ਵਿਚਾਰ (ਥਿੰਕਿੰਗ) ਸੰਭਵ ਨਹੀਂ ਹੋ ਸਕਦੀ। ਸੋਚ ਵਿਚਾਰ ਦੇ ਇਸ ਅਮਲ ਰਾਹੀਂ ਮਿਥੀ ਹੋਈ ਧਾਰਨਾ (hypothesis) ਦੀ ਮੁੜ ਪਰੀਖਿਆ ਹੁੰਦੀ ਐ। ਇਸ ਨੂੰ ਸੋਧਿਆ, ਬਦਲਿਆ ਜਾਂ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕਦੈ। ਮਿਥੀ ਹੋਈ ਧਾਰਨਾ ਕਿਸੇ ਖ਼ਾਸ ਪ੍ਰਸੰਗ ਅੰਦਰ ਅਤੇ ਕਿਸੇ ਖ਼ਾਸ ਮੰਤਵ ਵਾਸਤੇ ਯੋਗ ਹੋ ਸਕਦੀ ਐ, ਜਦ ਕਿ ਕਿਸੇ ਹੋਰ ਪ੍ਰਸੰਗ ਅੰਦਰ ਅਤੇ ਕਿਸੇ ਹੋਰ ਮੰਤਵ ਲਈ ਇਹ ਅਯੋਗ ਹੋ ਸਕਦੀ ਐ। ਇਹ ਸਾਰੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਨੇ। ਇਸ ਤਰ੍ਹਾਂ ਜਦੋਂ ਕੋਈ ਵਿਗਿਆਨੀ ਜਾਂ ਚਿੰਤਕ, ਕਿਸੇ ਮਸਲੇ ਬਾਰੇ ਕਿਸੇ ਮਿਥੀ ਹੋਈ ਧਾਰਨਾ ਉੱਤੇ ਕੰਮ ਕਰਦੈ ਤਾਂ ਉਸ ਲਈ ਨਵੀਂ ਖੋਜ ਦਾ, ਤੇ ਇਸ ਤਰ੍ਹਾਂ ਨਵੇਂ ਗਿਆਨ ਦਾ ਰਾਹ ਖੁੱਲ੍ਹਦੈ। ਕਿਸੇ ਮਿਥੀ ਧਾਰਨਾ ਦੇ ਠੀਕ ਜਾਂ ਗ਼ਲਤ ਹੋਣ ਦਾ ਨਿਰਣਾ ਇਸ ਗੱਲ ਤੋਂ ਹੁੰਦੈ ਕਿ ਉਹ ਨਵੀਂ ਅੰਤਰ-ਦ੍ਰਿਸ਼ਟੀ ਨੂੰ ਉਤਸ਼ਾਹਤ ਕਰਨ ਵਿਚ ਪ੍ਰਭਾਵਕਾਰੀ ਹੁੰਦੀ ਤੇ ਸਾਡੇ ਗਿਆਨ ਵਿਚ ਵਾਧਾ ਕਰਨ ਦਾ ਸਾਧਨ ਬਣਦੀ ਐ ਜਾਂ ਨਹੀਂ। ਜਦੋਂ ਕਿਸੇ ਮਿਥੀ ਹੋਈ ਜਾਂ ਫ਼ਰਜ਼ ਕੀਤੀ ਮਨੌਤ ਨੂੰ ਸੌ ਫ਼ੀ ਸਦੀ ਠੀਕ ਤੇ ਵਿਆਪਕ ਨਿਯਮ (precise and comprehensive law) ਦਾ ਰੁਤਬਾ ਦੇ ਦਿੱਤਾ ਜਾਂਦੈ, ਤਾਂ ਨਵੀਂ ਖੋਜ ਪੜਤਾਲ ਤੇ ਸੱਜਰੇ ਗਿਆਨ ਦੇ ਬੂਹੇ ਬੰਦ ਹੋ ਜਾਂਦੇ ਨੇ। ਸੋਚ ਵਿਚ ਕੱਟੜਤਾ ਤੇ ਵਿਚਾਰਾਂ ਅੰਦਰ ਕਠੋਰਤਾ ਆ ਜਾਂਦੀ ਐ। ਮਿਸਾਲ ਵਜੋਂ, ਇਹ ਮਾਰਕਸਵਾਦੀ ਧਾਰਨਾ ਕਿ ‘ਸਾਰੇ ਕਾਰਨਾਂ ‘ਚੋਂ ਆਰਥਿਕ ਕਾਰਨ ਬੁਨਿਆਦੀ ਹੁੰਦੈ’, ਕਿਸੇ ਖ਼ਾਸ ਪ੍ਰਸੰਗ ਵਿਚ ਤੇ ਕਿਸੇ ਖ਼ਾਸ ਮੰਤਵ ਲਈ ਠੀਕ ਤੇ ਉਚਿਤ ਹੋ ਸਕਦੀ ਐ। ਪਰ ਜਦੋਂ ਇਸ ਨੂੰ ਸਰਬ- ਵਿਆਪੀ ਨਿਯਮ ਅਥਵਾ ਸਦੀਵੀ ਸੱਚ ਮੰਨ ਲਿਆ ਜਾਂਦਾ ਹੈ, ਤਾਂ ਇਹ ਧਾਰਨਾ ਸਾਡੇ ਗਿਆਨ ਵਿਚ ਵਾਧਾ ਕਰਨ ਦੀ ਬਜਾਇ, ਨਵੇਂ ਗਿਆਨ ਦੇ ਰਸਤੇ ਬੰਦ ਕਰ ਦੇਣ ਦਾ ਕਾਰਨ ਹੋ ਨਿਬੜਦੀ ਐ। ਇਸ ਸਿਧਾਂਤ-ਪ੍ਰਧਾਨੀ ਸੋਚ ਤੇ ਸਿਧਾਂਤ-ਪੂਜ ਬਿਰਤੀ ਨੇ ਸਾਇੰਸ ਨੂੰ, ਅਮਲੀ ਰੂਪ ਵਿਚ, ਇਸ਼ਟ ਦਾ ਰੁਤਬਾ ਪ੍ਰਦਾਨ ਕਰ ਦਿੱਤਾ ਏ।

? ਪਰ ਹੁਣ ਤਾਂ ਹਾਲਾਤ ਬਦਲ ਰਹੇ ਨੇ ਅਤੇ ਪੱਛਮ ਦੇ ਕੁਝ ਪ੍ਰਸਿੱਧ ਵਿਦਵਾਨਾਂ ਨੇ ਸਾਇੰਸ ਬਾਰੇ ਖੁੱਲ੍ਹੇਆਮ ਪੜਚੋਲਵੇਂ ਵਿਚਾਰ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ ਹਨ, ਜਿਵੇਂ ਚਾਰ ਸਦੀਆਂ ਪਹਿਲਾਂ ਈਸਾਈ ਕੱਟੜਮੱਤ ਦੀ ਅਜਾਰੇਦਾਰੀ ਚੈਲਿੰਜ ਹੋਈ ਸੀ। ਕੀ ਧਰਮ ਬਾਰੇ ਸਿਰਜੇ ਗਏ ਸਿਧਾਂਤਾਂ ਉੱਤੇ ਇਸ ਦਾ ਅਸਰ ਨਹੀਂ ਪਵੇਗਾ ?

ਕਿਉਂ ਨਹੀਂ? ਜ਼ਰੂਰ ਪਵੇਗਾ ਤੇ ਪੈਣਾ ਸ਼ੁਰੂ ਵੀ ਹੋ ਚੁੱਕਾ ਏ। ਸਾਇੰਸ ਦੇ ਖੇਤਰ ਵਿਚ ਹੋਈਆਂ ਨਵੀਆਂ ਅਤੇ ਤਾਜ਼ਾ-ਤਰੀਨ ਖੋਜਾਂ, ਖ਼ਾਸ ਕਰਕੇ ਕੁਐਂਟਮ ਮਕੈਨਿਕਸ ਨੇ, ਨਿਯਮ-ਪ੍ਰਧਾਨੀ ਸੋਚ ਦੀਆਂ ਬੁਨਿਆਦਾਂ ਹਿਲਾ ਦਿੱਤੀਆਂ ਨੇ। ਸਾਇੰਸ ਦੀਆਂ ਕਈ ਸਾਰੀਆਂ ਟਕਸਾਲੀ ਧਾਰਨਾਵਾਂ ਤੇ ਦਾਅਵੇ ਸ਼ੱਕ ਦੇ ਪਰਛਾਵੇਂ ਹੇਠ ਆ ਗਏ ਹਨ। ਵੇਵ- ਪਾਰਟੀਕਲ ਦਵੈਤ ਅਵਸਥਾ (wave-particle duality) ਨੇ ਟਕਸਾਲੀ ਸੰਸਾਰ ਦ੍ਰਿਸ਼ਟੀਕੋਣ ਦੀਆਂ ਦੋ ਮਨੌਤਾਂ ਨੂੰ ਚੁਣੌਤੀ ਦੇ ਦਿੱਤੀ ਐ: ਇਕ, ਇਹ ਕਿ ਸਾਇੰਸ ਸੰਸਾਰ ਬਾਰੇ ਸਾਲਮ ਤੇ ਏਕਾਤਮਕ ਸਚਾਈ (integrated and unitary truth) ਹਾਸਲ ਕਰ ਸਕਦੀ ਐ। ਦੂਜਾ, ਸੰਸਾਰ ਬਾਰੇ ਭੌਤਿਕਵਾਦੀ ਦ੍ਰਿਸ਼ਟੀਕੋਣ ਦੀਆਂ ਕਮਜ਼ੋਰੀਆਂ ਤੇ ਸੀਮਤਾਈਆਂ ਉਘੜਵੇਂ ਰੂਪ ਵਿਚ ਪ੍ਰਗਟ ਹੋ ਗਈਆਂ ਹਨ। ਨਵੀਂ ਕੁਐਂਟਮ ਦ੍ਰਿਸ਼ਟੀ ਨੇ ਕੁਝ ਟਕਸਾਲੀ ਬੁਨਿਆਦੀ ਮਨੌਤਾਂ, ਜਿਵੇਂ ਕਿ ਮਨੁੱਖੀ ਜੀਵ ਅੰਤਮ ਰੂਪ ਵਿਚ ਸਥੂਲ ਪਦਾਰਥ ਹੀ ਹਨ, ਕਿ ਅਸੀਂ ਨਿਸਚਤ ਗੁਣ-ਲੱਛਣ ਰੱਖਦੇ ਹਾਂ, ਕਿ ਸਾਡਾ ਵਤੀਰਾ ਦਿਮਾਗ਼ ਅੰਦਰਲੀ ਪ੍ਰਕਿਰਿਆ ਤੋਂ ਨਿਰਧਾਰਤ ਹੁੰਦੈ, ਆਦਿ ਦੀ ਪ੍ਰਮਾਣਿਕਤਾ ਉੱਤੇ ਸੁਆਲੀਆ ਨਿਸ਼ਾਨ ਲਾ ਦਿੱਤੇ ਹਨ। ਵੈਸੇ ਤਾਂ ਪਹਿਲਾਂ ਵੀ ਸਾਇੰਸ ਦੀ ਵਿਧੀ ਨੂੰ ਮਨੁੱਖੀ (ਸਮਾਜੀ) ਮਾਮਲਿਆਂ ਉੱਤੇ ਲਾਗੂ ਕੀਤੇ ਜਾਣ ਬਾਰੇ ਗੰਭੀਰ ਇਤਰਾਜ਼ ਪ੍ਰਗਟ ਕੀਤੇ ਜਾਂਦੇ ਰਹੇ ਹਨ, ਪਰ ਹੁਣ ਕੁਦਰਤ ਤੇ ਸੰਸਾਰ ਬਾਰੇ ਮਨੁੱਖੀ ਗਿਆਨ ਵਿਚ ਹੋਏ ਨਵੇਂ ਵਾਧੇ ਨੇ ਇਨ੍ਹਾਂ ਇਤਰਾਜ਼ਾਂ ਨੂੰ ਵੱਡਾ ਬਲ ਤੇ ਵਾਜਬੀਅਤ ਮੁਹੱਈਆ ਕਰ ਦਿੱਤੀ ਏ । ਏਸ ਕਰਕੇ ਮਨੁੱਖੀ ਮਾਮਲਿਆਂ ਵਿਚ ‘ਬੁਨਿਆਦੀ ਨਿਯਮਾਂ’ ਦੀ ਵਿਗਿਆਨ-ਮੁਖੀ ਧਾਰਨਾ ਪੂਰੀ ਤਰ੍ਹਾਂ ਅਪ੍ਰਮਾਣਿਕ ਤੇ ਗ਼ਲਤ ਸਾਬਤ ਹੋ ਗਈ ਏ।

ਧਰਮ ਦੀ ਨਿੰਦਿਆ ਦਾ ਆਧੁਨਿਕਵਾਦੀ ਦਸਤੂਰ

ਧਰਮ ਬਾਰੇ ਆਧੁਨਿਕਵਾਦੀ ਦ੍ਰਿਸ਼ਟੀਕੋਣ ਨੂੰ ਇਸ ਰੋਸ਼ਨੀ ਵਿਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦਾ ਥੋਥ ਸਾਫ਼ ਉਜਾਗਰ ਹੋ ਜਾਂਦੈ। ਧਰਮ ਬਾਰੇ ਬਣੀਆਂ ਇਹ ਆਮ ਧਾਰਨਾਵਾਂ, ਕਿ ‘ਇਹ ਇਕ ਪਿਛਾਂਹਖਿੱਚੂ ਫਲਸਫਾ ਏ’, ਕਿ ‘ਇਹ ਮਨਾਂ ਅੰਦਰ ਤੰਗ- ਨਜ਼ਰੀ ਤੇ ਅਸਹਿਣਸ਼ੀਲਤਾ ਦੇ ਭਾਵ ਪੈਦਾ ਕਰਦਾ ਏ’, ਅਤੇ ‘ਇਹ ਲੋਕਾਂ ਵਿਚਕਾਰ ਨਫ਼ਰਤ ਤੇ ਦੁਸ਼ਮਣੀ ਦੇ ਬੀ ਬੀਜਦਾ ਏ’, ਆਦਿ-ਇਹ ਕੋਈ ਅਕੱਟ ਸਚਾਈਆਂ ਨਹੀਂ ਸਨ, ਇਹ ਇਕ ਫ਼ਰਜ਼ੀ ਮਨੌਤ ਸੀ ਜਿਹੜੀ ਪੱਛਮੀ ਯੂਰਪ ਦੇ ਵਿਸ਼ੇਸ਼ ਪ੍ਰਸੰਗ ਵਿਚ ਉਚਿਤ ਤੇ ਫਾਇਦੇਮੰਦ ਸੀ। ਪਰ ਇਕ ਖੇਤਰ ਅੰਦਰ ਅਤੇ ਇਕ ਵਿਸ਼ੇਸ਼ ਧਰਮ ਦੇ ਠੋਸ ਅਨੁਭਵ ਦੇ ਆਧਾਰ ‘ਤੇ ਸਿਰਜੀ ਗਈ ਇਸ ਮਨੌਤ ਨੂੰ ਦੁਨੀਆਂ ਦੇ ਸਾਰੇ ਖੇਤਰਾਂ ਤੇ ਸਾਰੇ ਧਰਮਾਂ ਉੱਤੇ ਇਕਸਾਰ ਰੂਪ ਵਿਚ ਲਾਗੂ ਕਰਨ ਦਾ ਯਤਨ ਕਰਨਾ, ਸੱਚੀ ਵਿਗਿਆਨਕ ਦ੍ਰਿਸ਼ਟੀ ਦੇ ਲਿਹਾਜ਼ ਨਾਲ ਵੀ ਯੋਗ ਨਹੀਂ ਬਣਦਾ। ਪਰ ਇਸ ਅਫ਼ਸੋਸਨਾਕ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਆਧੁਨਿਕਵਾਦੀ ਸੋਚ ਨੇ ਸਾਰੇ ਸੰਸਾਰ ਅੰਦਰ ਆਪਣੀ ਅਜਾਰੇਦਾਰਾਨਾ ਚੌਧਰ ਸਥਾਪਤ ਕਰ ਲਈ ਹੋਈ ਐ। ਗ਼ੈਰ-ਯੂਰਪੀ ਸਮਾਜਾਂ ਦੇ ਆਧੁਨਿਕਵਾਦੀ ਵਿਦਵਾਨਾਂ ਨੇ ਇਸ ਸੋਚ ਨੂੰ ਅੰਨ੍ਹੀ ਸ਼ਰਧਾ ਤੇ ਅਧੀਨਗੀ ਨਾਲ ਕਬੂਲ ਕਰ ਲਿਐ। ਇਸ ਸੋਚ ਨੇ ਸਿੱਖ ਧਰਮ ਤੇ ਭਾਈਚਾਰੇ ਨਾਲ ਭਾਰੀ ਅਨਿਆਂ ਕੀਤਾ ਏ।

? ਕੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਧਰਮ ਬਾਰੇ ਇਹ ਆਮ ਧਾਰਨਾਵਾਂ ਸਿੱਖ ਧਰਮ ਉੱਤੇ ਲਾਗੂ ਨਹੀਂ ਹੁੰਦੀਆਂ ?

ਹਾਂ, ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਐ । ਤੁਸੀਂ ਦੱਸੋ, ਸਿੱਖ ਧਰਮ ਨੂੰ ‘ਪਿਛਾਂਹਖਿੱਚੂ’ ਕਹਿਣ ਦਾ ਆਧਾਰ ਕੀ ਐ? ਇਸ ਨੇ ਇਤਿਹਾਸ ਵਿਚ ਵਿਗਿਆਨ ਦੀ ਉੱਨਤੀ ਵਿਚ ਕਿਹੜਾ ਅੜਿਕਾ ਲਾਇਆ ਏ ? ਸਿੱਖ ਗ੍ਰੰਥੀਆਂ ਨੇ ਕਿਹੜੇ ਵਿਦਵਾਨਾਂ ਜਾਂ ਵਿਗਿਆਨੀਆਂ ਨੂੰ ਜ਼ਿੰਦਾ ਜਲਾਇਐ? ਸਿੱਖਾਂ ਨੇ ਇਤਿਹਾਸ ਅੰਦਰ ਆਪਣੇ ਧਰਮ ਦੀ ਰਾਖੀ ਲਈ ਤਾਂ ਜੰਗਾਂ ਲੜੀਆਂ ਹਨ ਪਰ ਕਿਸੇ ਦੂਜੇ ਧਰਮ ਨੂੰ ਨੁਕਰੇ ਲਾਉਣ ਤੇ ਦੂਜੇ ਧਰਮਾਂ ਦੇ ਪੈਰੋਕਾਰਾਂ ਉੱਤੇ ਆਪਣਾ ਧਰਮ ਠੋਸਣ ਦੇ ਮੰਤਵ ਨਾਲ ਕਿਹੜੀ ਜੰਗ ਲੜੀ ਏ ? ਸਿੱਖ ਫਲਸਫੇ ਅੰਦਰ ਕਿਹੜੀ ਗੱਲ ਐ ਜਿਸ ਨਾਲ ਮਨਾਂ ਅੰਦਰ ‘ਤੰਗ-ਨਜ਼ਰੀ ਤੇ ਅਸਹਿਣਸ਼ੀਲਤਾ’ ਦੇ ਭਾਵ ਪੈਦਾ ਹੁੰਦੇ ਨੇ ? ਇਸ ਵਿਚ ‘ਲੋਕਾਂ ਵਿਚਕਾਰ ਨਫ਼ਰਤ ਤੇ ਦੁਸ਼ਮਣੀ ਦੇ ਭਾਵ ਪੈਦਾ ਕਰਨ’ ਵਾਲਾ ਕਿਹੜਾ ਤੱਤ ਏ ? ਸਰਬੱਤ ਦਾ ਭਲਾ ਚਿਤਵਣ ਵਾਲੇ ਤੇ ਮਾਨਵੀ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਧਰਮ ਉੱਤੇ ਤੁਸੀਂ ‘ਤੰਗ- ਨਜ਼ਰੀ’ ਤੇ ‘ਅਸਹਿਣਸ਼ੀਲਤਾ’ ਦਾ ਦੋਸ਼ ਕਿਵੇਂ ਲਾ ਸਕਦੇ ਓ ?

? ਪਰ ਇਹ ਦਾਅਵਾ ਤਾਂ ਸਾਰੇ ਹੀ ਧਰਮ ਕਰਦੇ ਨੇ ? ਆਮ ਹੀ ਕਹਿ ਦਿੱਤਾ ਜਾਂਦੈ ਕਿ ਸਾਰੇ ਧਰਮਾਂ ਦੇ ਬੁਨਿਆਦੀ ਸਿਧਾਂਤ ਤਾਂ ਇੱਕੋ ਜਿਹੇ ਹੀ ਹਨ । ਮਸਲਾ ਤਾਂ ਅਮਲਾਂ ਦਾ ਏ। ਇਸ ਪੱਖੋਂ ਤੁਸੀਂ ਸਿੱਖ ਧਰਮ ਦਾ ਦੂਜੇ ਧਰਮਾਂ ਨਾਲੋਂ ਨਿਖੇੜਾ ਕਿਵੇਂ ਕਰਦੇ ਹੋ ?

ਨਹੀਂ, ਅਜਿਹਾ ਸੋਚਣਾ ਠੀਕ ਨਹੀਂ ਏ। ਹਰ ਧਰਮ ਦਾ ਜੀਵਨ ਫਲਸਫਾ ਵੱਖੋ-ਵੱਖਰਾ ਏ। ਹਰ ਧਰਮ ਦੀ ਰੂਹਾਨੀ ਮੰਜ਼ਲ ਅਲੱਗ ਅਲੱਗ ਏ। ਰੂਹਾਨੀ ਮੰਜ਼ਲ ਦੇ ਅਨੁਸਾਰ ਹੀ ਹਰ ਧਰਮ ਦਾ ਸਦਾਚਾਰਕ ਕਦਰ-ਪ੍ਰਬੰਧ ਵੱਖਰਾ ਵੱਖਰਾ ਏ। ਪ੍ਰੋ. ਪੂਰਨ ਸਿੰਘ ਨੇ ਇਸਲਾਮ ਤੇ ਈਸਾਈਅਤ ਨਾਲੋਂ ਸਿੱਖ ਧਰਮ ਦੀ ਵਿਲੱਖਣਤਾ ਦਰਸਾਉਂਦਿਆਂ ਲਿਖਿਆ ਏ : ‘ਸਿੱਖ ਜਨ-ਸਮੂਹ ਇੱਕੋ ਵੇਲੇ ਬ੍ਰਾਹਮਣ-ਮੱਤ ਦੇ ਇਕਵਾਦੀ, ਚੌਧਰਵਾਦੀ ਦ੍ਰਿਸ਼ਟੀਕੋਣ ਤੋਂ, ਅਤੇ ਮੁਸਲਮਾਨਾਂ ਦੇ ਕੱਟੜ ਸ਼ਰ੍ਹਾ ਦੇ ਕਾਨੂੰਨਾਂ ਤੇ ਧਰਮ-ਸ਼ਾਸਤਰੀ ਮਾਨਤਾਵਾਂ ਤੋਂ ਨਿਰਲੇਪ ਹੈ। ਮੁਸਲਮਾਨਾਂ ਅੰਦਰ ਦੂਸਰਿਆਂ ਉੱਤੇ ਭੌਤਿਕ ਰੂਪ ਵਿਚ ਜਿੱਤ ਹਾਸਲ ਕਰਨ, ਉਨ੍ਹਾਂ ਉੱਤੇ ਰਾਜ ਕਰਨ ਦੀ, ਤੇ ਬ੍ਰਾਹਮਣਾਂ ਅੰਦਰ ਦੂਸਰਿਆਂ ਦੇ ਮਨਾਂ ਉੱਤੇ ਦਿਗ-ਵਿਜੈ ਹਾਸਲ ਕਰਨ ਦੀ ਹਮੇਸ਼ਾ ਭੁੱਖ ਬਣੀ ਰਹੀ ਹੈ।’ ਵਿਗਿਆਨ-ਮੁਖੀ ਕਲਚਰ ਨੇ ਇਹ ਵੱਡੀ ਸਿਧਾਂਤਕ ਗੜਬੜ ਕੀਤੀ ਐ ਕਿ ਅਲੱਗ ਅਲੱਗ ਚੀਜ਼ਾਂ ਤੇ ਵਰਤਾਰਿਆਂ ਦੀਆਂ ਵਿਲੱਖਣਤਾਵਾਂ ਨੂੰ ਸਮਝਣ ਦੀ ਬਜਾਇ, ਇਨ੍ਹਾਂ ਬਾਰੇ ਆਮ ਸਾਂਝੀਆਂ ਧਾਰਨਾਵਾਂ ਸਿਰਜ ਦਿੱਤੀਆਂ ਗਈਆਂ ਹਨ। ਇਕ ਪੱਛਮੀ ਵਿਦਵਾਨ ਨੇ ਇਸ ਆਧੁਨਿਕਵਾਦੀ ਸਿਧਾਂਤਕ ਰੀਤ ਦੀ ਆਲੋਚਨਾ ਕਰਦਿਆਂ ਲਿਖਿਆ ਏ : ‘ਤਰਕਸ਼ੀਲ ਸਮਗਰਤਾਵਾਦੀ ਵਿਚਾਰਧਾਰਾ (rational totalizing thought), दिप्तेप्तां (particulars) तूं हिमउड मेटीभां (compre- hensive categories) ਦੇ ਅਧੀਨ ਕਰਕੇ ਵਿਭਿੰਨਤਾ ਨੂੰ ਇਕਤਾ ਵਿਚ ਤਬਦੀਲ ਕਰ ਦਿੰਦੀ ਹੈ।47 ਧਰਮਾਂ ਦੇ ਮਾਮਲੇ ਵਿਚ ਅਜਿਹਾ ਹੀ ਹੋਇਆ ਏ।

ਮਿਸਾਲ ਵਜੋਂ ਮਈ 1928 ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਰਤੀ ਅਖ਼ਬਾਰ ਵਿਚ ਧਰਮ ਵਿਰੁੱਧ ਲਿਖੇ ਇਕ ਲੇਖ ਵਿਚ ਧਰਮ ਦੀ ਨਿੰਦਿਆ ਇਨ੍ਹਾਂ ਸ਼ਬਦਾਂ ਵਿਚ ਕੀਤੀ ਸੀ : ‘ਇਸ ਸਮੇਂ ਪੂਰਨ ਆਜ਼ਾਦੀ ਦੇ ਉਪਾਸ਼ਕ ਸੱਜਣ ਮਜ਼ਹਬ ਨੂੰ ਦਿਮਾਗ਼ੀ ਗ਼ੁਲਾਮੀ ਦਾ ਨਾਮ ਦੇਂਦੇ ਹਨ, ਉਹ ਤਾਂ ਇਹ ਕਹਿੰਦੇ ਹਨ ਕਿ ਬੱਚੇ ਨੂੰ ਇਹ ਦੱਸਣਾ ਕਿ ਰੱਬ ਹੀ ਸਰਬ ਸ਼ਕਤੀਮਾਨ ਹੈ ਤੇ ਬੰਦਾ ਕੁਝ ਵੀ ਨਹੀਂ, ਮਿੱਟੀ ਦਾ ਪੁਤਲਾ ਹੈ, ਬੱਚੇ ਨੂੰ ਸਦਾ ਵਾਸਤੇ ਕਮਜ਼ੋਰ ਬਣਾਉਣਾ ਹੈ। ਉਸ ਦੇ ਦਿਲ ਦੀ ਤਾਕਤ ਤੇ ਉਸ ਦੇ ਆਤਮ ਵਿਸ਼ਵਾਸ ਦਾ ਭਾਵ ਹੀ ਨਾਸ ਕਰ ਦੇਣਾ ਹੈ।’ ਸ਼ਹੀਦ ਭਗਤ ਸਿੰਘ ਨੇ ਤਾਂ ਧਰਮ ਨੂੰ ਨਿੰਦਣ ਦੀ ਹੱਦ ਹੀ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ: ‘ਸਾਰੇ ਧਾਰਮਿਕ ਮੱਤ…ਆਖ਼ਰਕਾਰ ਜਾਬਰ ਜਮਾਤਾਂ ਦੇ ਹਮਾਇਤੀ ਹੋ ਨਿਬੜਦੇ ਹਨ। ਹਰ ਧਰਮ ਇਹ ਕਹਿੰਦਾ ਹੈ ਕਿ ਬਾਦਸ਼ਾਹ ਵਿਰੁੱਧ ਬਗ਼ਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ…ਰੱਬ ਨੀਰੋ ਹੈ, ਉਹ ਚੰਗੇਜ਼ ਖ਼ਾਂ ਹੈ। ਰੱਬ ਮੁਰਦਾਬਾਦ!’

ਹੈਰਾਨੀ ਦੀ ਗੱਲ ਇਹ ਐ ਕਿ ਇਹ ਗੱਲਾਂ ਉਦੋਂ ਕਹੀਆਂ ਗਈਆਂ ਜਦੋਂ ਹਜ਼ਾਰਾਂ ਦੀ ਸੰਖਿਆ ਵਿਚ ਗ਼ਦਰੀ ਸੂਰਬੀਰ, ਸਿੱਖ ਧਰਮ ਤੇ ਵਿਰਸੇ ਤੋਂ ਪ੍ਰੇਰਨਾ ਲੈ ਕੇ, ਅੰਗਰੇਜ਼ੀ ਰਾਜ ਵਿਰੁੱਧ ਬਗ਼ਾਵਤ ਕਰਨ ਦਾ ਲਾਸਾਨੀ ਹੌਂਸਲਾ ਤੇ ਸਾਹਸ ਦਿਖਾ ਚੁੱਕੇ ਸਨ; ਅਤੇ ਉਸ ਤੋਂ ਬਾਅਦ ‘ਬੱਬਰ ਅਕਾਲੀਆਂ’ ਨੇ ਆਪਣੇ ਸੂਰਬੀਰਤਾ ਭਰੇ ਕਾਰਨਾਮਿਆਂ ਰਾਹੀਂ ਅੰਗਰੇਜ਼ ਹਕੂਮਤ ਸਾਹਮਣੇ ਵੱਡੀ ਚੁਣੌਤੀ ਖੜੀ ਕਰ ਦਿੱਤੀ ਸੀ । ਸਾਰੇ ਗ਼ਦਰੀ ਯੋਧੇ ਤੇ ਬੱਬਰ ਅਕਾਲੀ ਧਰਮ ਵਿਚ ਪਰਪੱਕ ਸਨ ਅਤੇ ਸਾਰਿਆਂ ਨੇ ਬਚਪਨ ਵਿਚ ਇਹ ਧਾਰਮਿਕ ਸਿੱਖਿਆ ਗ੍ਰਹਿਣ ਕੀਤੀ ਹੋਈ ਸੀ ਕਿ ‘ਰੱਬ ਹੀ ਸਰਬ ਸ਼ਕਤੀਮਾਨ ਹੈ ਤੇ ਬੰਦਾ ਕੁਝ ਵੀ ਨਹੀਂ, ਮਿੱਟੀ ਦਾ ਪੁਤਲਾ ਹੈ।’ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਵੋ, ਧਰਮ ਨੇ ਉਨ੍ਹਾਂ ਨੂੰ ਦਿਮਾਗੀ ਤੌਰ ‘ਤੇ ਕਿੰਨਾ ਕੁ ‘ਗ਼ੁਲਾਮ’ ਬਣਾ ਦਿੱਤਾ ਸੀ ? ਧਰਮ ਨੇ ਉਨ੍ਹਾਂ ਨੂੰ ਕਿੰਨਾ ਕੁ ‘ਸਦਾ ਵਾਸਤੇ ਕਮਜ਼ੋਰ’ ਬਣਾ ਦਿੱਤਾ ਸੀ ਅਤੇ ਉਨ੍ਹਾਂ ਦੇ ‘ਦਿਲ ਦੀ ਤਾਕਤ’ ਤੇ ਉਨ੍ਹਾਂ ਦੇ ‘ਆਤਮਵਿਸ਼ਵਾਸ ਦੇ ਭਾਵ’ ਦਾ ਕਿੰਨਾ ਕੁ ‘ਨਾਸ’ ਕਰ ਦਿੱਤਾ ਸੀ ? ਜਦੋਂ ਕੋਈ ਵਿਅਕਤੀ ਅਮੂਰਤ ਵਿਚਾਰਧਾਰਾ ਵਿਚ ਅੰਨ੍ਹੀ ਸ਼ਰਧਾ ਪਾਲਣ ਲੱਗ ਪੈਂਦਾ ਏ ਤਾਂ ਉਹ ਸਾਹਮਣੇ ਦਿਖਦੀ ਹਕੀਕਤ ਤੋਂ ਅੱਖਾਂ ਬੰਦ ਕਰ ਲੈਂਦਾ ਏ। ਹਕੀਕਤ ਨੂੰ ਅਮੂਰਤ ਵਿਚਾਰਧਾਰਾ ਦੇ ਚਸ਼ਮਿਆਂ ਰਾਹੀਂ ਦੇਖਣ ਕਰਕੇ ਆਧੁਨਿਕਵਾਦੀ ਵਿਦਵਾਨ ਗ਼ਦਰੀ ਬਾਬਿਆਂ ਦੀ ਪ੍ਰੇਰਨਾ ਦੇ ਸੋਮਿਆਂ ਦੀ ਦਰੁਸਤ ਨਿਸ਼ਾਨਦੇਹੀ ਨਹੀਂ ਕਰ ਸਕੇ। ਜਦੋਂ ਕਿ ਗ਼ਦਰੀਆਂ ਦੀ ਤਫ਼ਤੀਸ਼ ਕਰਨ ਵਾਲੇ ਦੋ ਵੱਡੇ ਪੁਲੀਸ ਅਫ਼ਸਰਾਂ ਈਸਮੌਂਗਰ ਤੇ ਸਲੈਟਰੀ ਨੂੰ ਇਹ ਸਚਾਈ ਜਾਣਨ ਵਿਚ ਕੋਈ ਦਿਕਤ ਨਹੀਂ ਆਈ ਸੀ ਕਿ ਗ਼ਦਰੀਆਂ ਦੇ ਧਾਰਮਿਕ ਜਜ਼ਬਿਆਂ ਨੇ ਉਨ੍ਹਾਂ ਨੂੰ ਇਨਕਲਾਬ ਕਰਨ ਲਈ ਉਕਸਾਇਆ ਸੀ। 48 ਪ੍ਰਿੰ. ਬਜਾਜ ਨੇ 1966 ਵਿਚ ਬਾਬਾ ਸੋਹਣ ਸਿੰਘ ਭਕਨਾ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਸੀ ਕਿ ‘ਧਾਰਮਿਕ ਦ੍ਰਿਸ਼ਟੀਕੋਣ ਤੋਂ ਤੁਹਾਡਾ ਆਦਰਸ਼ ਕੌਣ ਰਿਹਾ ਹੈ ?, ਤਾਂ ਉਨ੍ਹਾਂ ਦਾ ਸਹਿਜ ਭਾਅ ਉੱਤਰ ਸੀ : ‘ਗੁਰੂ ਗੋਬਿੰਦ ਸਿੰਘ ਜੀ ਦੀ ਸੁਤੰਤਰਤਾ ਤੇ ਕਮਾਲ ਦੀ ਭਾਵਨਾ ਨੇ ਮੈਨੂੰ ਪ੍ਰੇਰਿਆ ਹੈ। ਉਨ੍ਹਾਂ ਦੀ ਜਮਹੂਰੀਅਤ ਦੇ ਆਦਰਸ਼ ਦਾ ਮੈਂ ਉਪਾਸ਼ਕ ਹਾਂ। ਉਨ੍ਹਾਂ ਸੰਗਤ ਨੂੰ ਉੱਤਮ ਸਮਝਿਆ, ਉਸ ਕੋਲੋਂ ਆਪ ਅੰਮ੍ਰਿਤ ਛਕਿਆ ਤੇ ਕਿਹਾ: ਇਨ ਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ, ਨਹੀਂ ਮੋ ਸੋ ਗ਼ਰੀਬ ਕਰੋਰ ਪਰੇ ਹੈਂ। ਕਿੰਨੀ ਨਿਮਰਤਾ ਸੀ ਉਨ੍ਹਾਂ ਵਿਚ। ਜਨਤਾ ਨੂੰ ਵਡਿਆਇਆ ਤੇ ਸ਼ਖ਼ਸੀ ਲੀਡਰਸ਼ਿਪ ਨੂੰ ਨਿੰਦਿਆ।’ ਹਰੀਸ਼ ਪੁਰੀ ਨੇ ਇਕ ਸਰਕਾਰੀ ਰਿਪੋਰਟ ਦੇ ਹਵਾਲੇ ਨਾਲ ਲਿਖਿਐ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਆਪਣੇ ਸਾਥੀ ਸਿੰਘਾਂ ਨੂੰ ਇਹ ਪ੍ਰੇਰਨਾ ਦਿੰਦੇ ਸਨ ਕਿ ‘ਉਹ ਅੰਗਰੇਜ਼ਾਂ ਨੂੰ ਮਾਰ ਭਜਾਉਣ ਲਈ ਗ਼ਦਰੀਆਂ ਵਿਚ ਸ਼ਾਮਲ ਹੋ ਕੇ ਆਪਣਾ ਧਾਰਮਿਕ ਫ਼ਰਜ਼ ਨਿਭਾਉਣ।’49 ਅਮਰੀਕਾ ਦੇ ਕਾਰਨਵਾਲਿਸ (ਔਰੇਗਨ) ਦੇ ਜ਼ਰਾਇਤੀ ਕਾਲਜ ਦੇ ਇਕ ਪ੍ਰੋਫ਼ੈਸਰ ਨੇ 14 ਸਤੰਬਰ 1914 ਨੂੰ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ‘ਬਗ਼ਾਵਤ ਦੇ ਆਗੂਆਂ (ਭਾਵ ਗ਼ਦਰੀਆਂ) ਵਿਚ ਲੋਹੜੇ ਦਾ ਜਜ਼ਬਾ ਹੈ। ਉਹ ਲੋਕਾਂ ਵਿਚ ਦੇਸ਼ਭਗਤੀ ਤੇ ਧਾਰਮਿਕ ਉਤਸ਼ਾਹ ਦੀ ਚੰਗਿਆੜੀ ਫੂਕਣ ਦੇ ਯੋਗ ਹਨ। ਤੁਸੀਂ ਆਪ ਦੇਖ ਲਵੋ, ਮੌਕੇ ਦੇ ਗਵਾਹ ਕੂਕ ਕੂਕ ਕੇ ਕਹਿੰਦੇ ਹਨ ਕਿ ਸਿੱਖ ਗ਼ਦਰੀਆਂ ਦੇ ਧਾਰਮਿਕ ਜਜ਼ਬਿਆਂ ਨੇ ਉਨ੍ਹਾਂ ਨੂੰ ਸਰਕਾਰ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ। ਪਰ ਸਰਦਾਰ ਭਗਤ ਸਿੰਘ ਕਹਿੰਦਾ ਹੈ ਕਿ ‘ਹਰ ਧਰਮ ਇਹ ਕਹਿੰਦਾ ਹੈ ਕਿ ਬਾਦਸ਼ਾਹ ਵਿਰੁੱਧ ਬਗ਼ਾਵਤ ਕਰਨਾ ਹਮੇਸ਼ਾ ਹੀ ਪਾਪ ਹੁੰਦਾ ਹੈ!’ ਆਧੁਨਿਕ ਵਿਚਾਰਧਾਰਾ ਇਹ ਗੜਬੜ ਕਰਦੀ ਐ। ਵਿਅਕਤੀ ਸਿਧਾਂਤ ਨੂੰ ਯਥਾਰਥ ਨਾਲੋਂ ਉੱਤਮ ਸਮਝਣ ਲੱਗ ਪੈਂਦੈ, ਜਿਸ ਕਰਕੇ ਉਸ ਨੂੰ ਸਾਹਮਣੇ ਵਾਪਰ ਰਿਹਾ ਸੱਚ ਦਿਖਾਈ ਦੇਣੋਂ ਹਟ ਜਾਂਦੈ। ਸ਼ਹੀਦ ਭਗਤ ਸਿੰਘ ਦੇ ਧਰਮ ਬਾਰੇ ਉਪਰੋਕਤ ਵਿਚਾਰ ਉਸ ਦੇ ਆਪਣੇ ਅਨੁਭਵ ਵਿੱਚੋਂ ਨਹੀਂ ਬਣੇ ਸਨ। ਉਸ ਨੇ ਰੂਸ ਤੇ ਪੱਛਮੀ ਯੂਰਪ ਦੇ ਅਨਾਰਕਿਸਟਾਂ ਦੀਆਂ ਕੌਮ ਤੇ ਧਰਮ ਸੰਬੰਧੀ ਧਾਰਨਾਵਾਂ ਨੂੰ ਅੰਨ੍ਹੀ ਸ਼ਰਧਾ ਨਾਲ ਸੱਚ ਮੰਨ ਲਿਆ ਸੀ । ਗ਼ਦਰੀ ਬਾਬਿਆਂ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਆਪਣੇ ਸਮਕਾਲੀ ਆਧੁਨਿਕਵਾਦੀਆਂ ਜਾਂ ਉਨ੍ਹਾਂ ਦੇ ਅਜੋਕੇ ਵਾਰਸਾਂ (ਅਨਮਤੀਆਂ) ਵਾਂਗੂੰ ਧਰਮ ਪ੍ਰਤਿ ਪੱਛਮੀ ਗਿਆਨ-ਚਿੰਤਨ ਦੇ ਨਿਸ਼ੇਧ ਰਵੱਈਏ ਦਾ ਆਤਮੀਕਰਣ ਨਹੀਂ ਸੀ ਕੀਤਾ। ਬਾਬੇ ਆਧੁਨਿਕਤਾ ਦਾ ਧਰਮ ਨਾਲ ਇਸ ਤਰ੍ਹਾਂ ਸੰਯੋਗ ਕਰਨਾ ਚਾਹੁੰਦੇ ਸਨ ਕਿ ਇਸ ਨਾਲ ਧਰਮ ਦਾ ਅਸਲੀ ਤੱਤ ਕਿਸੇ ਵੀ ਪੱਖੋਂ ਕਮਜ਼ੋਰ ਨਾ ਹੋਵੇ, ਸਗੋਂ ਹੋਰ ਬਲਵਾਨ ਹੋਵੇ। ਧਰਮ ਤੇ ਆਧੁਨਿਕਤਾ ‘ਚੋਂ ਉਨ੍ਹਾਂ ਲਈ ਧਰਮ ਪਹਿਲਾਂ ਸੀ, ਆਧੁਨਿਕਤਾ ਪਿੱਛੋਂ ਸੀ। ਉਹ ਸਭਿਆਚਾਰ ਬਾਰੇ ਬੇਹੱਦ ਸੰਵੇਦਨਸ਼ੀਲ ਸਨ। ਇਸ ਦੇ ਉਲਟ ਆਧੁਨਿਕਵਾਦੀ ਵਿਚਾਰਧਾਰਾ ਲੋਕਾਂ ਦੇ ਮਨਾਂ ਦੇ ਵਿਧਾਨ ਇਸ ਕਦਰ ਬਦਲ ਦਿੰਦੀ ਹੈ ਕਿ ਉਨ੍ਹਾਂ ਅੰਦਰੋਂ ਸਭਿਆਚਾਰ ਬਾਰੇ ਸੰਵੇਦਨਸ਼ੀਲਤਾ ਦਾ ਅੰਸ਼ ਖ਼ਤਮ ਹੋ ਜਾਂਦਾ ਏ। ਸਭਿਆਚਾਰਾਂ ਪ੍ਰਤਿ ਉਨ੍ਹਾਂ ਦਾ ਰਵੱਈਆ ਖ਼ੁਸ਼ਕ ਤੇ ਨਿਰਮੋਹਾ ਹੋ ਜਾਂਦੈ। ਇਸ ਮਾਮਲੇ ਵਿਚ ਉਹ ‘ਅੰਨ੍ਹੇ ਬੋਲ਼ੇ’ (culture blind) ਹੋ ਜਾਂਦੇ ਨੇ ।

ਧਾਰਮਿਕ ਜਜ਼ਬਾਤ ਬਨਾਮ ਰਾਜਸੀ ਚੇਤਨਾ

? ਪਰ ਆਧੁਨਿਕ ਗਿਆਨ ਧਾਰਮਿਕ ਜਜ਼ਬਿਆਂ ਨਾਲੋਂ ਰਾਜਸੀ ਚੇਤਨਾ ਨੂੰ ਵੱਧ ਅਹਿਮ ਮੰਨਦਾ ਏ । ਲਗਭਗ ਸਾਰੇ ਵਿਦਵਾਨਾਂ ਨੇ ਗ਼ਦਰ ਲਹਿਰ ਦਾ ਲੇਖਾ-ਜੋਖਾ ਇਸ ਦ੍ਰਿਸ਼ਟੀਕੋਣ ਤੋਂ ਹੀ ਕੀਤਾ ਏ । ਉਨ੍ਹਾਂ ਨੇ ਗ਼ਦਰੀ ਬਾਬਿਆਂ ਦੇ ਧਾਰਮਿਕ ਜਜ਼ਬਿਆਂ ਨਾਲੋਂ ਵੱਧ ਉਨ੍ਹਾਂ ਦੀ ‘ਰਾਜਸੀ ਚੇਤਨਾ’ ਦੀ ਨਿਰਖ ਪਰਖ ਕੀਤੀ ਏ ਅਤੇ ਇਸ ਆਧਾਰ ‘ਤੇ ਲਹਿਰ ਬਾਰੇ ਆਪਣੇ ਨਿਰਣੇ ਦਿੱਤੇ ਨੇ। ਕੀ ਤੁਸੀਂ ਇਸ ਸਿਧਾਂਤਕ ਪਹੁੰਚ ਨੂੰ ਗ਼ਲਤ ਸਮਝਦੇ ਓ ?

ਬਿਲਕੁਲ ! ਨਿਰੋਲ ਰਾਜਸੀ ਚੇਤਨਾ ਨੂੰ ਆਧਾਰ ਬਣਾ ਕੇ ਕਿਸੇ ਇਨਕਲਾਬੀ ਲਹਿਰ ਨੂੰ ਹਕੀਕੀ ਰੂਪ ਵਿਚ ਨਹੀਂ ਸਮਝਿਆ ਜਾ ਸਕਦਾ। ਕੋਈ ਵਿਅਕਤੀ ਨਿਰੀ ਰਾਜਸੀ ਚੇਤਨਾ ਨਾਲ ਨਹੀਂ ਲੜ ਸਕਦਾ। ਮਿਸਾਲ ਵਜੋਂ ਅਮਰੀਕਾ ਕੈਨੇਡਾ ਅੰਦਰ ਗ਼ਦਰੀ ਬਾਬਿਆਂ ਦੇ ਸਮਕਾਲੀ ਹੋਰ ਕਿੰਨੇ ਭਾਰਤੀ ਲੋਕ ਸਨ ਜਿਨ੍ਹਾਂ ਨੂੰ ਇੰਨੀ ਕੁ ਰਾਜਸੀ ਸੋਝੀ ਆ ਚੁੱਕੀ ਸੀ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਨਾਜਾਇਜ਼ ਤੌਰ ‘ਤੇ ਗ਼ੁਲਾਮ ਬਣਾ ਰੱਖਿਆ ਸੀ ਅਤੇ ਇਸ ਗ਼ੁਲਾਮੀ ਦਾ ਫ਼ਸਤਾ ਵੱਢ ਕੇ ਹੀ ਭਾਰਤ ਦੇ ਲੋਕਾਂ ਦੀ ਤਕਦੀਰ ਸੁਧਰ ਸਕਦੀ ਸੀ। ਏਨੀ ਕੁ ਰਾਜਸੀ ਸੋਝੀ ਬਹੁਤ ਲੋਕਾਂ ਨੂੰ ਸੀ । ਪਰ ਕੀ ਉਹ ਸਾਰੇ ਗ਼ਦਰੀਆਂ ਵਾਂਗ ਹੀ ਜੂਝ ਮਰਨ ਲਈ ਤਿਆਰ ਹੋ ਗਏ ਸਨ? ਅਮਰੀਕਾ ਅੰਦਰ ਦੋ ਸੌ ਤੋਂ ਵਧੇਰੇ ਭਾਰਤੀ ਵਿਦਿਆਰਥੀ ਸਨ, ਜੀਹਨੂੰ ‘ਬਾਬੂ ਵਰਗ’ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਰਾਜਸੀ ਗਿਆਨ ਗ਼ਦਰੀਆਂ ਨਾਲੋਂ ਦੋ ਰੱਤੀਆਂ ਵੱਧ ਹੀ ਹੋਵੇਗਾ, ਘੱਟ ਨਹੀਂ। ਪਰ ਉਹ ਆਜ਼ਾਦੀ ਲਈ ਆਪਾ ਨਿਛਾਵਰ ਕਰਨ ਲਈ ਤਿਆਰ ਨਾ ਹੋਏ। ਇਸ ਦਾ ਕਾਰਨ ਇਹ ਕਦਾਚਿਤ ਨਹੀਂ ਸੀ ਕਿ ਉਹ ਰਾਜਸੀ ਤੌਰ ‘ਤੇ ਘੱਟ ਚੇਤੰਨ ਸਨ। ਅਸਲੀ ਗੱਲ ਇਹ ਸੀ ਕਿ ਉਨ੍ਹਾਂ ਅੰਦਰ ਸੱਚ ਤੇ ਇਨਸਾਫ਼ ਲਈ ਜੂਝਣ ਦਾ ਉਹ ਜਜ਼ਬਾ ਨਹੀਂ ਸੀ ਜਿਹੜਾ ਗ਼ਦਰੀ ਬਾਬਿਆਂ ਅੰਦਰ ਸੀ । ਗ਼ਦਰੀ ਬਾਬਿਆਂ ਨੂੰ ਇਹ ਜਜ਼ਬਾ ਵਿਰਾਸਤ ਵਿੱਚੋਂ, ਗੁੜ੍ਹਤੀ ਵਿਚ ਹੀ (ਸਿੱਖੀ ਤੋਂ) ਮਿਲਿਆ ਸੀ । ਤਜਰਬੇ ਨੇ ਸਾਬਤ ਕਰ ਦਿੱਤਾ ਏ ਕਿ ਮਨੁੱਖ ਦਾ ਸਦਾਚਾਰਕ ਵਤੀਰਾ ਉਸ ਦੀ ਬੋਧ-ਸ਼ਕਤੀ ਤੋਂ ਨਹੀਂ, ਉਸ ਦੇ ਆਤਮਿਕ ਗੁਣ ਤੋਂ ਨਿਰਧਾਰਤ ਹੁੰਦਾ ਏ। ਕਹਿਣ ਦਾ ਭਾਵ ਇਹ ਕਿ ਸਦਾਚਾਰ ਦਾ ਬੁੱਧੀ ਨਾਲ ਕੋਈ ਸੰਬੰਧ ਨਹੀਂ। ਇਹ ਆਤਮਾ ਦੀ ਵੱਥ ਏ । ਇਹ ਜਜ਼ਬਿਆਂ (ਭਾਵਨਾਵਾਂ) ਦੀ ਦੇਣ ਏ, ਨਾ ਕਿ ਵਿਚਾਰਾਂ ਦੀ। ਗੁਰੂ ਸਾਹਿਬਾਨ ਨੇ ਜੋ ਇਨਕਲਾਬੀ ਕ੍ਰਿਸ਼ਮਾ ਕੀਤਾ ਸੀ, ਉਹ ਬੁੱਧੀ ਦੇ ਖੇਤਰ ਅੰਦਰ ਲਿਆਂਦੀ ਤਬਦੀਲੀ ਨਹੀਂ ਸੀ। ਇਹ ਆਤਮਿਕ ਕਾਇਆਕਲਪ ਦਾ ਵਰਤਾਰਾ ਸੀ। ਇਸ ਵਰਤਾਰੇ ਦੀ ਪ੍ਰੋ. ਪੂਰਨ ਸਿੰਘ ਨੇ ਆਪਣੀਆਂ ਲਿਖਤਾਂ ਵਿਚ ਬਹੁਤ ਹੀ ਭਾਵਪੂਰਤ ਵਿਆਖਿਆ ਕੀਤੀ ਹੈ। ਗੁਰੂ ਸਾਹਿਬਾਨ ਤੋਂ ਪਹਿਲਾਂ, ਭਾਰਤ ਦੇ ਲੋਕਾਂ ਦੀ ਆਤਮਾ ਵਿਚ ਸੁਤੰਤਰਤਾ ਦੀ ਖ਼ਾਤਰ ਜੂਝ ਮਰਨ ਦਾ ਇਰਾਦਾ ਲਗਭਗ ਖ਼ਤਮ ਹੋ ਚੁੱਕਾ ਸੀ। ਮਾਨਸਿਕਤਾ ਜਰਜਰੀ ਹੋ ਗਈ ਸੀ। ਜਾਤ-ਪਾਤੀ ਵਿਚਾਰਧਾਰਾ ਤੇ ਸਮਾਜੀ ਢਾਂਚੇ ਨੇ ਏਕਤਾ ਦੀਆਂ ਬੁਨਿਆਦਾਂ ਖੋਖਲੀਆਂ ਕਰ ਦਿੱਤੀਆਂ ਸਨ । ਗੁਰੂ ਸਾਹਿਬਾਨ ਨੇ ਸਿੱਖਾਂ ਦੀ ਆਤਮਾ ਅੰਦਰ ਇਕ ਨਵੀਂ ਜੋਤ ਜਗਾਈ ਸੀ। ਜਿਨ੍ਹਾਂ ਦੇ ਹਿਰਦਿਆਂ ਅੰਦਰ ਇਹ ਜੋਤ ਜਗ ਉੱਠੀ ਸੀ, ਉਹ ਆਪਣੇ ਸਵੈ-ਮਾਣ ਵਿਚ ਜਾਗ ਉੱਠੇ ਸਨ। ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ : ‘ਗੁਰੂ ਜੀ ਨੇ ਸੁਤੰਤਰਤਾ ਨੂੰ ਪ੍ਰੇਮ ਕਰਨ ਦੀ ਸਿੱਖਿਆ ਸਾਡੇ ਹਿਰਦਿਆਂ ਅੰਦਰ ਇਸ ਤਰ੍ਹਾਂ ਅੰਕਿਤ ਕਰ ਦਿੱਤੀ ਹੈ ਕਿ ਆਤਮਿਕ ਗ਼ੁਲਾਮੀ ਨਾਲੋਂ ਮਰ ਜਾਣਾ ਅਤੇ ਆਪਣਾ ਅੰਤ ਕਰ ਲੈਣਾ ਵਧੇਰੇ ਚੰਗਾ ਹੈ…ਸਿੱਖਾਂ ਦੀ ਆਤਮਾ ਵਿਚ ਸੁਤੰਤਰਤਾ ਦੀ ਪ੍ਰਾਪਤੀ ਲਈ ਜਗਦੀ ਇਹ ਜੋਤ ਜੋ ਸਦਾ ਸੁਤੰਤਰਤਾ ਨੂੰ ਪ੍ਰੇਮ ਕਰਦੀ ਹੈ, ਬੜੀ ਜੋਖੋਂ ਭਰੀ ਹੈ। ਇਹ ਸਦਾ ਅਨਿਆਂ ਕਰਨ ਵਾਲੇ ਰਾਜਿਆਂ-ਮਹਾਰਾਜਿਆਂ ਤੇ ਨਿਰੰਕੁਸ਼ ਹਾਕਮਾਂ ਵਿਰੁੱਧ ਸੰਘਰਸ਼ ਕਰਦੀ ਰਹੀ ਹੈ ਤੇ ਸਦਾ ਲਈ ਇਨ੍ਹਾਂ ਵਿਰੁੱਧ ਸੰਗਰਾਮ ਕਰਦੀ ਰਹੇਗੀ। 50 ਪ੍ਰੋ. ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਸ਼ਹੀਦ ਭਗਤ ਸਿੰਘ ਦੇ ਧਰਮ ਬਾਰੇ ਉਪਰੋਕਤ ਵਿਚਾਰਾਂ ਨਾਲ ਮੇਲ ਕੇ ਦੇਖੋ, ਤੇ ਫਿਰ ਨਿਰਣਾ ਕਰੋ ਕਿ ਦੋਹਾਂ ਵਿੱਚੋਂ ਕੀਹਦਾ ਅਨੁਭਵ ਵੱਧ ਡੂੰਘਾ ਤੇ ਪ੍ਰਮਾਣਿਕ ਮੰਨਿਆ ਜਾ ਸਕਦਾ ਏ ? ਪ੍ਰੋ. ਸਾਹਿਬ ਅੱਗੇ ਹੋਰ ਲਿਖਦੇ ਨੇ ਕਿ: ‘ਦਸਮ ਪਾਤਸ਼ਾਹ ਨੇ ਦੱਬੇ-ਕੁਚਲੇ ਲੋਕਾਂ ਦੀ ਲੁਕਵੀਂ ਸ਼ਕਤੀ ਨੂੰ ਇਸ ਤਰ੍ਹਾਂ ਜਗਾ ਦਿੱਤਾ ਅਤੇ ਉਨ੍ਹਾਂ ਦੇ ਅੰਦਰ ਸਮਾਜਿਕ ਸੁਤੰਤਰਤਾ ਤੇ ਕੌਮੀ ਚੜ੍ਹਦੀ ਕਲਾ ਦੀ ਭਾਵਨਾ ਨੂੰ ਭਰ ਦਿੱਤਾ..ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਭਾਵ ਸਦਕਾ ਉਨ੍ਹਾਂ ਦੀ ਮਾਨਸਿਕਤਾ ਦੀ ਬਣਤਰ ਵਿਚ ਹੀ ਤਬਦੀਲੀ ਨਹੀਂ ਆਈ, ਸਗੋਂ ਪਦਾਰਥਕ ਰੂਪ ਵਿਚ ਵੀ ਉਹ ਪ੍ਰਭਾਵ ਕਾਰਜਸ਼ੀਲ ਰਿਹਾ ਹੈ ਤੇ ਇਸ ਨੇ ਉਨ੍ਹਾਂ ਦੀ ਸਰੀਰਕ ਬਣਤਰ ਵਿਚ ਵੀ ਸੁਡੌਲਤਾ ਲੈ ਆਂਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਅਜਿਹੇ ਭਾਈਚਾਰੇ ਦੀ ਸਿਰਜਣਾ ਕਰ ਦਿੱਤੀ, ਜਿਸ ਦੇ ਜੀਵਨ, ਧਰਮ, ਕਲਾ ਆਦਿ ਬਾਰੇ ਆਦਰਸ਼ ਪਿਛਲੇ ਸਭਨਾਂ ਨਾਲੋਂ ਵਿਲੱਖਣ ਹਨ। ਬਾਹਰੀ ਆਦਰਸ਼ਾਂ ਤੇ ਅੰਤਰੀਵ ਭਾਵਨਾਵਾਂ ਕਾਰਨ ਉਹ ਹਿੰਦੂ ਭਾਈਚਾਰੇ ਨਾਲੋਂ ਇਕ ਵੱਖਰਾ ਵਰਗ ਬਣ ਗਏ ਹਨ। ਬੀਰ-ਰਸੀ ਭਾਵਨਾ ਸਿੱਖਾਂ ਦੀਆਂ ਹੱਡੀਆਂ ਵਿਚ ਰਚ ਗਈ ਏ।

ਪ੍ਰੋ. ਪੂਰਨ ਸਿੰਘ ਨੇ ਅਮੂਰਤ ਵਿਚਾਰਧਾਰਾ ਦੀਆਂ ਸੀਮਾਵਾਂ ਉਜਾਗਰ ਕਰਦੇ ਹੋਏ ਦੱਸਿਆ ਏ ਕਿ ਵਿਚਾਰਧਾਰਾ ਤਾਂ ਨਿਰੋਲ ਬੁੱਧੀ ਦੀ ਦੇਣ ਏ। ਬੁੱਧੀ ਦੀ ਕੋਈ ਵੀ ਉਪਜ ਆਤਮਾ ਵਿਚ ਚਮਕ ਨਹੀਂ ਲਿਆ ਸਕਦੀ । ਆਤਮਿਕ ਬਲ ਕਿਸੇ ਕਿਸਮ ਦੀ ਦੁਨਿਆਵੀ ਵਿੱਦਿਆ ਨਾਲ ਪੈਦਾ ਨਹੀਂ ਹੁੰਦਾ। ਇਹ ਦੈਵੀ ਪ੍ਰੇਰਨਾ ਨਾਲ ਪੈਦਾ ਹੁੰਦਾ ਏ। ਕੋਈ ਕਿੱਡਾ ਵੀ ਬੁੱਧੀਵੇਤਾ (ਆਲਮ ਫ਼ਾਜ਼ਲ) ਕਿਉਂ ਨਾ ਹੋਵੇ, ਨਿਰੋਲ ਬੁੱਧੀ ਦੇ ਆਸਰੇ ਉਹ ਸਮਾਜ ਅੰਦਰ ਕੋਈ ਨੈਤਿਕ ਇਨਕਲਾਬ ਨਹੀਂ ਲਿਆ ਸਕਦਾ। ਉਹ ਮਨੁੱਖ ਦੀਆਂ ਸ਼ਕਤੀਆਂ ਤੇ ਉਸ ਦੇ ਮਨੋ-ਵੇਗਾਂ ਦਾ ਮੁਹਾਣ ਨਹੀਂ ਬਦਲ ਸਕਦਾ। ਪਦਾਰਥਵਾਦੀ ਫਲਸਫੇ ਦੇ ਫਲਸਰੂਪ ਆਤਮਿਕ ਕਾਇਆ-ਕਲਪ ਨੂੰ ਨਕਾਰ ਕੇ ਬਾਹਰਮੁਖੀ ਹਾਲਤਾਂ ਦੀ ਤਬਦੀਲੀ ਉੱਤੇ ਬਲ ਦਿੱਤਾ ਗਿਆ। ਇਸ ਸਚਾਈ ਨੂੰ ਵਿਸਾਰ ਦਿੱਤਾ ਜਾਂ ਹਿਕਾਰਤ ਨਾਲ ਰੱਦ ਕਰ ਦਿੱਤਾ ਗਿਆ ਕਿ ਨਿਰੋਲ ਬਾਹਰਮੁਖੀ ਹਾਲਤਾਂ ਦੀ ਤਬਦੀਲੀ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਨਹੀਂ ਬਦਲ ਸਕਦੀ। ਜਿੰਨਾ ਚਿਰ ਇਹ ਬਦਲਾਉ ਅੰਤਰੀਵ ਰੂਪ ਵਿਚ ਦਿਲਾਂ ਵਿਚ ਨਹੀਂ ਵਾਪਰਦਾ, ਇਹ ਆਤਮਿਕ ਜੀਵਨ ਤੋਂ ਵਿਹੂਣੇ ਮਨੁੱਖਾਂ ਦੁਆਰਾ ਕੀਤੀ ਜਾਣ ਵਾਲੀ ਬਾਹਰੀ ਰਸਮ ਬਣ ਕੇ ਰਹਿ ਜਾਂਦੀ ਏ। ਜੇਕਰ ਮਨੁੱਖੀ ਅਮਲਾਂ ਦੇ ਅੰਤਰੀਵ ਸੋਮਿਆਂ ਦੀ ਕਾਇਆ-ਕਲਪ ਨਹੀਂ ਕੀਤੀ ਜਾਂਦੀ ਤਾਂ ਨਿਰੋਲ ਬਾਹਰਮੁਖੀ (ਸਮਾਜਿਕ) ਤਬਦੀਲੀ ਨਾਲ ਮਨੁੱਖੀ ਆਚਰਨ ਵਿਚ ਸਿਫ਼ਤੀ ਸੁਧਾਰ ਸੰਭਵ ਨਹੀਂ ਹੋ ਸਕਦਾ। ਕਿਸੇ ਰਾਜ ਦਾ ਸੰਵਿਧਾਨ ਬਦਲ ਦੇਣ ਨਾਲ ਲੋਕਾਂ ਦੀ ਪ੍ਰਕਿਰਤੀ ਨਹੀਂ ਬਦਲ ਜਾਂਦੀ । ਜਿਨ੍ਹਾਂ ਨੂੰ ਆਤਮ- ਗਿਆਨ ਨਹੀਂ ਹੈ, ਜਿਨ੍ਹਾਂ ਦਾ ਆਪਣਾ ਕੋਈ ਵਿਅਕਤੀਤਵ ਨਹੀਂ, ਉਨ੍ਹਾਂ ਨੂੰ ਵੋਟਾਂ ਦਾ ਅਧਿਕਾਰ ਦੇ ਵੀ ਦਿੱਤਾ ਜਾਵੇ ਤਾਂ ਉਹ ਆਪਣੀ ਹੋਣੀ ਦੇ ਮਾਲਕ ਨਹੀਂ ਬਣ ਜਾਂਦੇ। ਮਨੁੱਖੀ ਆਤਮਾ ਦੀ ਸੁਤੰਤਰਤਾ ਹੀ ਗੁਰੂ ਸਾਹਿਬ ਦੇ ਮਨੋ-ਭਾਵਾਂ ਦਾ ਸਾਰ ਤੱਤ ਏ। ਸਿੱਖ ਸਮਾਜ ਵਿਚ ਗੁਰੂ ਜੀਵਨ ਦਾ ਕੇਂਦਰ-ਬਿੰਦੂ ਏ। ਕਿਸੇ ਅਮੂਰਤ ਸੰਕਲਪ ਜਾਂ ਨੇਮ ਨੂੰ ਸਮਾਜ ਦਾ ਕੇਂਦਰ-ਬਿੰਦੂ ਨਹੀਂ ਬਣਾਇਆ ਜਾ ਸਕਦਾ। ਅਪੁਰਖੀ (impersonal) ਸੰਕਲਪ ਬੇਨਿਯਮਾ ਵਿਅਕਤੀਵਾਦ ਪੈਦਾ ਕਰਦਾ ਹੈ, ਸਮਾਜਿਕ ਭਾਵਨਾ ਨੂੰ ਨਸ਼ਟ ਕਰਦਾ ਏ, ਸਨਕਵਾਦ ਨੂੰ ਉਤਸ਼ਾਹਤ ਕਰਦਾ ਏ। ਪੱਛਮੀ ਸਭਿਅਤਾ ਬਾਰੇ ਆਪਣੇ ਪੜਚੋਲਵੇਂ ਵਿਚਾਰ ਪ੍ਰਗਟ ਕਰਦਿਆਂ ਪ੍ਰੋ. ਪੂਰਨ ਸਿੰਘ ਨੇ ਠੀਕ ਕਿਹਾ ਸੀ ਕਿ ‘ਅਮੂਰਤ ਸੰਕਲਪਾਂ ਉੱਤੇ ਉਸਾਰੇ ਗਏ ਸਮਾਜ ਉੱਚੇ ਆਦਰਸ਼ ਹਾਸਲ ਨਹੀਂ ਕਰ ਸਕਦੇ। ਇਹ ਜਨ-ਸਮੂਹ ਦੇ ਵਿਵਹਾਰਕ ਧਰਮ-ਕਰਮ ਨਹੀਂ ਬਣ ਸਕਦੇ…ਨਿਰੋਲ ਅਮੂਰਤ ਸੰਕਲਪਾਂ ਨੂੰ ਘੜਨਾ ਤੇ ਇਨ੍ਹਾਂ ਦੇ ਆਸਰੇ ਜਿਊਣਾ ਆਤਮਿਕ ਮੌਤ ਨੂੰ ਵਿਹਾਜਣਾ ਹੈ…ਇਸ ਸਭਿਅਤਾ ਨੇ ਆਪਣੇ ਆਪ ਨੂੰ ਕੁਦਰਤ ਦੇ ਡੂੰਘੇ ਰਹੱਸਾਂ ਨਾਲੋਂ ਤੋੜ-ਵਿਛੋੜ ਲਿਆ ਤੇ ਬੇਸੁਰ ਕਰ ਲਿਆ ਹੈ। ਇਸ ਦਾ ਲਕਸ਼ ਕੇਵਲ ਉਤੇਜਨਾ ਹੈ, ਬੌਧਿਕ ਉਤੇਜਨਾ ਤੇ ਇੰਦਰੀਗਤ ਤੁੱਛ ਖਿੱਚਾਂ…ਬੌਧਿਕ ਚਮਤਕਾਰ ਸਾਨੂੰ ਉਤੇਜਿਤ ਜ਼ਰੂਰ ਕਰਦਾ ਹੈ। ਇਸ ਵਿੱਚੋਂ ਉਪਜਿਆ ਵਿਚਾਰਾਂ ਦਾ ਨਸ਼ਾ ਬੜਾ ਮਨ ਨੂੰ ਮੋਹਣ ਵਾਲਾ ਹੁੰਦਾ ਹੈ, ਪਰ ਇਸ ਬੌਧਿਕ ਉਤੇਜਨਾ ਵਿਚ ਆਤਮਾ ਗੁਆਚ ਜਾਂਦੀ ਹੈ ।’ ਬੁੱਧੀਮਾਨਾਂ ਦੀਆਂ ਕਾਲਪਨਿਕ ਮਨੌਤਾਂ ਸੱਚਾ ਗਿਆਨ ਨਹੀਂ ਹੁੰਦਾ। ਜਿਨ੍ਹਾਂ ਦੇਸ਼ਾਂ ਅੰਦਰ ਵਿਗਿਆਨਕ ਵਿਚਾਰਧਾਰਾ ਦੀ ਰਹਿਨੁਮਾਈ ਹੇਠ ਸਮਾਜਵਾਦੀ ਇਨਕਲਾਬ ਆਏ ਹਨ, ਉਥੇ ਮਨੁੱਖ ਦੀ ਜੋ ਦੁਰਦਸ਼ਾ ਹੋਈ ਹੈ, ਉਸ ਤੋਂ ਪ੍ਰੋ. ਪੂਰਨ ਸਿੰਘ ਦੇ ਉਪਰੋਕਤ ਵਿਚਾਰਾਂ ਦੀ ਪੂਰਨ ਪ੍ਰੋੜ੍ਹਤਾ ਹੁੰਦੀ ਹੈ।

? ਤੁਹਾਡੀ ਇਸ ਵਿਆਖਿਆ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਆਧੁਨਿਕਵਾਦੀ ਨਜ਼ਰੀਏ ਤੋਂ ਸਿੱਖ ਧਰਮ ਦੀ ਵਿਸ਼ੇਸ਼ਤਾ ਨੂੰ ਬੁੱਝ ਸਕਣਾ ਉੱਕਾ ਹੀ ਨਾਮੁਮਕਿਨ ਏ। ਇਸ ਕਰਕੇ ਕੋਈ ਆਧੁਨਿਕਵਾਦੀ ਵਿਦਵਾਨ ਗ਼ਦਰ ਲਹਿਰ ਦੇ ਵਰਤਾਰੇ ਦੀ ਸਹੀ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਉਹ ਗ਼ਦਰੀ ਬਾਬਿਆਂ ਦੇ ਮਨੋ-ਜਗਤ ਅੰਦਰ ਝਾਤੀ ਨਹੀਂ ਮਾਰ ਸਕਦਾ ਅਤੇ ਗ਼ਦਰੀ ਬਾਬਿਆਂ ਦੇ ਆਤਮਿਕ ਗੁਣਾਂ ਦਾ ਥਾਹ ਪਾਏ ਬਿਨਾਂ ਉਨ੍ਹਾਂ ਦੇ ਰਾਜਸੀ ਅਮਲਾਂ ਦੀ ਸਹੀ ਵਿਆਖਿਆ ਕਰ ਸਕਣੀ ਕਤੱਈ ਸੰਭਵ ਨਹੀ ?

ਬਿਲਕੁਲ ਠੀਕ ਏ। ਆਧੁਨਿਕਵਾਦੀ ਦ੍ਰਿਸ਼ਟੀ ਆਤਮਿਕ ਪੱਖ ਨੂੰ ਨਜ਼ਰ-ਅੰਦਾਜ਼ ਕਰ ਕੇ ਪਦਾਰਥਕ ਪੱਖਾਂ ਉੱਤੇ ਬਲ ਦਿੰਦੀ ਐ। ਇਸ ਕਰਕੇ ਇਹ ਸਿੱਖ ਧਰਮ ਤੇ ਭਾਈਚਾਰੇ ਦੀ ਸਥਾਪਨਾ ਦੇ ਘਟਨਾ-ਕ੍ਰਮ ਨੂੰ ਨਹੀਂ ਸਮਝ ਸਕਦੀ। ਇਸ ਦੀ ਵਿਆਖਿਆ ਇਤਿਹਾਸਕ ਪਰਿਪੇਖ ਵਿਚ ਸੰਭਵ ਨਹੀਂ ਏ। ਕਿਉਂਕਿ ਜਿਵੇਂ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਏ, ‘ਗੁਰੂ-ਇਤਿਹਾਸ ਕਿਸੇ ਬਾਹਰੀ ਕਾਰਨ ਦੇ ਅਧੀਨ ਨਹੀਂ, ਸਗੋਂ ਉਸ ਨੂੰ ਕਾਲ ਵਿਚ ਨੁਹਾਰ ਦੇਣ ਵਾਲੀ ਸ਼ਕਤੀ ਦਾ ਨਿਯਮ ਸੂਖਮ, ਅਰੂਪ ਅਤੇ ਬਹੁ-ਪਾਸਾਰੀ ਹੈ। ਸੋ ਸਿੱਖ ਧਰਮ ਤੇ ਭਾਈਚਾਰੇ ਦੀ ਸਥਾਪਨਾ ਦੇ ਪਿੱਛੇ ਕੰਮ ਕਰਦੇ ਦੈਵੀ ਨਿਯਮ ਨੂੰ ਸਮਝੇ ਬਿਨਾਂ ਇਸ ਵਰਤਾਰੇ ਦੀ ਸਹੀ ਰਮਜ਼ ਨਹੀਂ ਜਾਣੀ ਜਾ ਸਕਦੀ। ਇਹ ਆਤਮਿਕ ਕਾਇਆਕਲਪ ਦਾ ਵਰਤਾਰਾ ਸੀ। ਇਹ ਸਥੂਲ ਘੱਟ, ਸੂਖਮ ਵਧੇਰੇ ਸੀ। ਬਾਹਰਮੁਖੀ ਘੱਟ, ਅੰਤਰਮੁਖੀ ਵੱਧ ਸੀ। ਪਦਾਰਥਕ ਨਾਲੋਂ ਵੱਧ ਰੂਹਾਨੀ ਸੀ ਇਹ। ਮਨੁੱਖੀ ਮਨਾਂ ਦੇ ਵਿਧਾਨ ਬਦਲ ਦਿੱਤੇ ਗਏ ਸਨ। ਇਹ ਕਿਸੇ ਮਨੁੱਖੀ ਯਤਨ ਦਾ ਫਲ ਨਹੀਂ ਸੀ। ਇਹ ਨਦਰਿ-ਕਰਮ ਦੀ ਸੁੱਚੀ ਕਰਾਮਾਤ ਸੀ। ਨਦਰਿ-ਕਰਮ ਦਾ ਇਹ ਵਰਤਾਰਾ ਵਰਣਨ ਰਹਿਤ ਹੁੰਦਾ ਏ ਅਤੇ ਇਹ ਵਿਅਕਤੀ ਦੀ ਆਤਮਿਕ ਚੇਤਨਾ ਵਿਚ ਹੀ ਘਟਦਾ ਏ। ਗੁਰੂ ਸਾਹਿਬਾਨ ਨੇ ਲੋਕਾਂ ਦੀ ਅੰਤਰ-ਦ੍ਰਿਸ਼ਟੀ ਨੂੰ ਜਗਾ ਦਿੱਤਾ ਸੀ। ਇਹ ਆਤਮਿਕ ਜੋਤੀ ਦਾ ਪ੍ਰਕਾਸ਼ ਹੋਇਆ ਸੀ। ਇਹ ਗੱਲ ‘ਰਾਜਸੀ ਚੇਤਨਾ’ ਨਾਲੋਂ ਵੱਖਰੀ ਐ। ਆਧੁਨਿਕ ਵਿਚਾਰਧਾਰਾ ਨੇ ਰਾਜਸੀ ਚੇਤਨਾ ਦਾ ਜੋ ਮਾਡਲ ਸਿਰਜਿਆ ਏ, ਉਸ ਵਿੱਚੋਂ ਪੰਜਾਬ ਦੇ ਰਾਜਸੀ ਤੇ ਸਭਿਆਚਾਰਕ ਆਤਮ (selfhood) ਦਾ ਜੋ ਮਾਡਲ ਉਭਰਦੈ, ਉਹ ਆਪਣੇ ਮੂਲ ਖ਼ਾਸੇ ਪੱਖੋਂ ਪੰਜਾਬ ਦੋਖੀ ਐ। ਇਸ ‘ਚੋਂ ਪੰਜਾਬ ਦੀ ਸਭਿਆਚਾਰਕ ਤਬਾਹੀ ਤੇ ਰੂਹਾਨੀ ਉਜਾੜੇ ਦੀ ਮਾਰਗ- ਦਿਸ਼ਾ ਨਿਰਧਾਰਤ ਹੁੰਦੀ ਐ। ਪ੍ਰੋ : ਪੂਰਨ ਸਿੰਘ ਦਾ ਇਹ ਕਥਨ ਕਿ ‘ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ’ ਪੰਜਾਬ ਦੇ ਲੋਕਾਂ ਦਾ ਗੁਰੂ ਨਾਲ ਆਤਮਿਕ ਰਿਸ਼ਤਾ ਦਰਸਾਉਂਦੈ। ਇਸ ਰਿਸ਼ਤੇ ਦੀ ਸ਼ਾਬਦਿਕ ਵਿਆਖਿਆ ਜਾਂ ਪਰਿਭਾਸ਼ਾ ਸੰਭਵ ਨਹੀਂ। ਇਸ ਨੂੰ ਸਿਰਫ਼ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਏ। ਇਹ ਆਪਣੇ ਪੁਰਖਿਆਂ ਨਾਲ ਜੁੜਨ ਦੀ ਵਿਧੀ ਏ। ਇਹ ਆਤਮਿਕ ਜਾਗ੍ਰਤੀ ਦਾ ਵਸੀਲਾ ਹੈ।

? ਤੁਸੀਂ ਰਾਜਸੀ ਚੇਤਨਾ ਨਾਲੋਂ ਆਤਮਿਕ ਜਾਗ੍ਰਤੀ ਦਾ ਨਖੇੜਾ ਕਿਵੇਂ ਕਰਦੇ ਓ ? ਅਤੇ ਇਸ ਰੋਸ਼ਨੀ ਵਿਚ ਗ਼ਦਰੀ ਬਾਬਿਆਂ ਦੀ ਆਮ ਇਨਕਲਾਬੀਆਂ ਨਾਲੋਂ ਕੀ ਵਿਸ਼ੇਸ਼ਤਾ ਸਮਝਦੇ ਹੋ ?

ਪ੍ਰੋ. ਪੂਰਨ ਸਿੰਘ ਨੇ ਇਸ ਬਾਰੇ ਭਰਪੂਰ ਰੋਸ਼ਨੀ ਪਾਈ ਏ। ਉਨ੍ਹਾਂ ਆਤਮਿਕ ਜਾਤੀ ਦੇ ਵਰਤਾਰੇ ਦੀ ਵਿਆਖਿਆ ਕਰਦਿਆਂ ਦਰਸਾਇਆ ਏ ਕਿ ਰੱਬੀ ਜੋਤਾਂ (ਗੁਰੂ ਆਤਮਾਵਾਂ) ਤੋਂ ਪ੍ਰਵਾਹਿਤ ਹੋਇਆ ਪ੍ਰੇਮ ਲੋਕਾਂ ਦੇ ਅੰਤਹਕਰਣ ਵਿਚ ਸਜੀਵ ਹੋ ਜਾਂਦਾ ਏ। ਗੁਰੂ ਉਸ ਪ੍ਰੇਰਨਾਸ਼ੀਲ ਜਾਂ ਆਵੇਸ਼ਗਤ ਜੀਵਨ ਦਾ ਪ੍ਰਤੀਕ ਏ, ਜਿਸ ਦੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ । ਇਸ ਨੂੰ ਕੇਵਲ ਨਾਮ ਅਭਿਆਸ ਦੀ ਕਮਾਈ ਦੁਆਰਾ ਹੀ ਮਾਣਿਆ ਜਾ ਸਕਦਾ ਏ। ਜਿਹੜੇ ਲੋਕ ਗੁਰੂ ਜੀ ਦਾ ਵਰੋਸਾਇਆ ਆਦਰਸ਼ ਗ੍ਰਹਿਣ ਕਰ ਲੈਂਦੇ ਹਨ, ਉਹਨਾਂ ਦੇ ਅੰਦਰੋਂ ਆਤਮਿਕ ਚੇਤਨਾ ਦਾ ਆਪ-ਮੁਹਾਰਾ ਪ੍ਰਵਾਹ ਵਹਿ ਤੁਰਦਾ ਹੈ। ਇਸ ਦ੍ਰਿਸ਼ਟੀ ਦੇ ਲਿਹਾਜ਼ ਨਾਲ, ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁੰਨ ਨਹੀਂ ਸਨ। ਉਹ ਆਤਮਿਕ ਤੌਰ ‘ਤੇ ਜਾਗਰੂਪ ਰੂਹਾਂ (spiritually awakened souls) ਸਨ। ਉਹ ਨਾਮ ਰੱਤੇ ਜਿਊੜੇ ਸਨ। ਉਹ ਨਾਮ ਦੇ ਅਭਿਆਸੀ ਤੇ ਬਾਣੀ ਦੇ ਰਸੀਏ ਸਨ। ਉਨ੍ਹਾਂ ਦੀ ਜ਼ਮੀਰ, ਬਿਬੇਕ ਤੇ ਅੰਦਾਜ਼ ਵਿਚ ਵੱਡਾ ਬਲ ਸੀ । ਉਨ੍ਹਾਂ ਦਾ ਇਕ ਇਕ ਕਰਮ ਇਸ ਦਾ ਗਵਾਹ ਹੈ। ਪਦਾਰਥਕ ਕੀਮਤਾਂ ਨਾਲ ਲਥਪਥ ਹੋਇਆ ਇਤਿਹਾਸ ਰੂਹਾਨੀ ਕੀਮਤਾਂ ਦੀ ਪਾਲਣਾ ਕਰ ਰਹੇ ਵਿਅਕਤੀਆਂ ਨਾਲ ਨਿਆਂ ਨਹੀਂ ਕਰ ਸਕਦਾ। ਆਧੁਨਿਕਵਾਦੀ ਇਤਿਹਾਸਕਾਰਾਂ ਨੇ ਗ਼ਦਰੀ ਬਾਬਿਆਂ ਨਾਲ ਜੋ ਅਨਿਆਂ ਕੀਤਾ ਹੈ, ਉਸ ਦੀ ਝਲਕ ਆਪਾਂ ਦੇਖ ਹੀ ਲਈ ਏ। ਸਿੱਖ ਧਰਮ ਦੀ ਵਿਲੱਖਣਤਾ ਨੂੰ ਸਮਝੇ ਬਿਨਾਂ ਗ਼ਦਰੀ ਬਾਬਿਆਂ ਨੂੰ ਧਰਮ-ਨਿਰਪੱਖ ਸਾਬਤ ਕਰਨਾ, ਅਮਲੀ ਰੂਪ ਵਿਚ, ਉਨ੍ਹਾਂ ਨੂੰ ਸਿੱਖ ਧਰਮ ਦੇ ਵਿਰੋਧ ਵਿਚ ਖੜਾ ਕਰਨਾ ਏ। ਗ਼ਦਰੀ ਬਾਬਿਆਂ ਨਾਲ ਇਸ ਤੋਂ ਵੱਡਾ ਅਨਾਚਾਰ ਹੋਰ ਕੋਈ ਨਹੀਂ ਹੋ ਸਕਦਾ।

ਧਰਮ-ਨਿਰਪੱਖਤਾ ਦਾ ਸਿਧਾਂਤ, ਸਿੱਖੀ ਤੇ ਗ਼ਦਰੀ ਬਾਬੇ

? ਤੁਸੀਂ ਗ਼ਦਰ ਲਹਿਰ ਦੇ ਇਤਿਹਾਸਕਾਰਾਂ ਉੱਤੇ ਇਹ ਬਹੁਤ ਸੰਗੀਨ ਇਲਜ਼ਾਮ ਨਹੀਂ ਲਾ ਰਹੇ ? ਭਾਵੇਂ ਤੁਸੀਂ ਇਸ ਬਾਰੇ ਕਾਫ਼ੀ ਵਿਆਖਿਆ ਦੇ ਦਿੱਤੀ ਏ, ਪਰ ਫਿਰ ਵੀ ਇਹ ਜਿਹੜੀ ਮਗਰਲੀ ਗੱਲ ਕਹੀ ਐ, ਇਸ ਨੂੰ ਥੋੜ੍ਹਾ ਹੋਰ ਵੱਧ ਸਪੱਸ਼ਟ ਕਰਕੇ ਦੱਸੋ। ਗ਼ਦਰੀ ਬਾਬਿਆਂ ਨੂੰ ਧਰਮ-ਨਿਰਪੱਖ ਕਹਿਣਾ ਤੁਹਾਡੇ ਮੁਤਾਬਕ ਏਨਾ ਇਤਰਾਜ਼ਯੋਗ ਕਿਵੇਂ ਐ ?

ਬੜੀ ਸਪੱਸ਼ਟ ਜਿਹੀ ਗੱਲ ਐ। ਧਰਮੀ ਬੰਦਿਆਂ ਨੂੰ ਧਰਮ-ਨਿਰਪੱਖ ਕਹਿਣਾ ਇਤਰਾਜ਼ਯੋਗ ਕਿਉਂ ਨਹੀਂ ? ਇਹ ਉਨ੍ਹਾਂ ਕੋਲੋਂ ਉਨ੍ਹਾਂ ਦੀ ਸਭ ਤੋਂ ਕੀਮਤੀ ਇਖ਼ਲਾਕੀ ਮਾਲੀਅਤ (moral value) ਖੋਹ ਲੈਣ ਵਰਗੀ ਗੱਲ ਏ। ਸਿੱਖ ਧਰਮ ਦੇ ਸੰਬੰਧ ਵਿਚ ਧਰਮ-ਨਿਰਪੱਖਤਾ ਦਾ ਸੰਕਲਪ ਉੱਕਾ ਹੀ ਬੇਤੁਕਾ ਹੈ। ਧਰਮ-ਨਿਰਪੱਖਤਾ ਦੀ ਤੁਕ ਉਥੇ ਬਣਦੀ ਏ ਜਿਥੇ ਧਾਰਮਿਕ ਤੰਗਨਜ਼ਰੀ ਤੇ ਪੱਖਪਾਤ ਹੋਵੇ। ਜਿਵੇਂ ਅਸੀਂ ਈਸਾਈ ਕੱਟੜਮੱਤ ਦੇ ਠੋਸ ਪ੍ਰਸੰਗ ਵਿਚ ਦੇਖਿਆ ਏ। ਜਿਹੜਾ ਧਰਮ ਆਪਣੇ ਪੈਰੋਕਾਰਾਂ ਦੇ ਮਨਾਂ ਅੰਦਰ ਦੂਸਰੇ ਧਰਮਾਂ ਜਾਂ ਵਿਚਾਰਧਾਰਾਵਾਂ ਪ੍ਰਤਿ ਤੰਗ-ਨਜ਼ਰੀ ਤੇ ਪੱਖ-ਪਾਤ ਦੇ ਭਾਵ ਪੈਦਾ ਕਰਦਾ ਹੋਵੇ, ਉਸ ਧਰਮ ਨੂੰ ਜਨਤਕ ਖੇਤਰ ਅੰਦਰ ਪ੍ਰਭਾਵਹੀਣ ਕਰਨ ਲਈ ਧਰਮ-ਨਿਰਪੱਖਤਾ ਦੇ ਸੰਕਲਪ ਦੀ ਸਾਰਥਿਕਤਾ ਸਮਝ ਪੈਂਦੀ ਹੈ। ਤੰਗ-ਨਜ਼ਰੀ ਤੇ ਪੱਖ-ਪਾਤ ਦੀ ਭਾਵਨਾ ਦਾ ਸੋਮਾ ਉਸ ਧਰਮ ਦਾ ਮੂਲ ਫਲਸਫਾ ਹੁੰਦਾ ਏ। ਜਿਹੜਾ ਵੀ ਧਰਮ ਜਾਂ ਜਿਹੜੀ ਵੀ ਵਿਚਾਰਧਾਰਾ ਆਪਣੇ ਮੂਲ ਖ਼ਾਸੇ ਪੱਖੋਂ ਇਕਤਾਵਾਦੀ (unitarian) ਏ, ਭਾਵ ਜਿਹੜੀ ਸਾਰੀ ਮਨੁੱਖਤਾ ਨੂੰ ਆਪਣੇ ਅਸਰ-ਰਸੂਖ਼ ਤੇ ਗ਼ਲਬੇ ਹੇਠ ਲਿਆਉਣ ਦਾ ambitious ਟੀਚਾ ਮਿਥ ਕੇ ਚੱਲਦੀ ਏ, ਉਹ ਤੰਗ-ਨਜ਼ਰੀ, ਪੱਖ-ਪਾਤ ਤੇ ਅਸਹਿਣਸ਼ੀਲਤਾ ਦੇ ਭਾਵਾਂ ਤੋਂ ਸੁਰਖ਼ਰੂ ਨਹੀਂ ਹੋ ਸਕਦੀ। ਉਸ ਦਾ ਇਹ ਔਗੁਣ ਜਨਮ-ਜਾਤ (ਵਜੂਦ ਸਮੋਇਆ) ਹੈ। ਉਸ ਵਿਚ ਦੂਸਰੇ ਦੇ ਦੂਸਰੇਪਣ (Otherness of the Other) ਨੂੰ ਸਹਿਣ ਕਰਨ ਦਾ ਮਾਦਾ ਨਹੀਂ ਹੁੰਦਾ। ਉਸ ਅੰਦਰ ਦੂਸਰੇ ਦੇ ਦੂਸਰੇਪਣ ਨੂੰ ਖ਼ਤਮ ਕਰਨ ਦੀ ਅਮੋੜ ਰੁਚੀ ਹੁੰਦੀ ਐ। ਈਸਾਈਅਤ, ਇਸਲਾਮ, ਬ੍ਰਾਹਮਣ-ਮੱਤ, ਆਧੁਨਿਕ ਉਦਾਰਵਾਦੀ ਵਿਚਾਰਧਾਰਾ, ਮਾਰਕਸਵਾਦ ਆਦਿ – ਇਹ ਸਾਰੇ ਫਲਸਫੇ ਮੂਲ ਖ਼ਾਸੇ ਪੱਖੋਂ ਇਕਤਾਵਾਦੀ ਹਨ। ਇਨ੍ਹਾਂ ਸਾਰਿਆਂ ਅੰਦਰ ਆਪੋ-ਆਪਣੀ ਸੰਸਾਰ ਵਿਆਪੀ ਚੜ੍ਹਤਲ ਤੇ ਅਜਾਰੇਦਾਰਾਨਾ ਚੌਧਰ ਕਾਇਮ ਕਰਨ ਦੀ ਤਾਂਘ ਏ। ਸਾਰੇ ਸਰਬ-ਲੌਕਿਕ ਸੱਚ ਉੱਤੇ ਆਪੋ-ਆਪਣੀ ਅਜਾਰੇਦਾਰੀ ਦਾ ਦਾਅਵਾ ਕਰਦੇ ਨੇ। ਸਾਰੇ ਆਪਣੇ ਆਪ ਨੂੰ ਪ੍ਰਮਾਣਿਕ ਗਿਆਨ ਦੇ ਸ੍ਰੋਤ ਸਮਝਦੇ ਨੇ। ਸਰਬ-ਲੌਕਿਕ ਸੱਚ ਉੱਤੇ ਅਜਾਰੇਦਾਰੀ ਦੇ ਦਾਅਵੇ ‘ਚੋਂ ਦੂਸਰੇ ਗਿਆਨ-ਪ੍ਰਬੰਧਾਂ ਪ੍ਰਤਿ, ਅਟੱਲ ਤੌਰ ‘ਤੇ, ਨਿਰਾਦਰ, ਇਨਕਾਰ, ਤੇ ਅਤਿਆਚਾਰ ਦਾ ਵਤੀਰਾ ਪ੍ਰਗਟ ਹੁੰਦਾ ਏ। ਇਸ ਕਰਕੇ ਇਹ ਸਾਰੇ ਹੀ ਫਲਸਫੇ ਆਪਣੇ ਮੂਲ ਸੁਭਾਅ ਪੱਖੋਂ, ਆਪੋ-ਆਪਣੇ ਤਰੀਕੇ ਨਾਲ, ਤੰਗਦਿਲ ਤੇ ਅਸਹਿਣਸ਼ੀਲ ਹਨ। ਇਹ ਸਰਬੱਤ ਦਾ ਭਲਾ ਚਾਹੁਣ ਵਾਲੇ ਨਹੀਂ। ਇਹ ਦੂਸਰੇ ਦੇ ਦੂਸਰੇਪਣ ਦੀ, ਭਾਵ ਵੰਨ-ਸੁਵੰਨਤਾ ਦੀ ਕਦਰ ਕਰਨ ਵਾਲੇ ਨਹੀਂ। ਇਹ ਦੂਸਰੇ ਦੇ ਦੂਸਰੇਪਣ ਨੂੰ ਜਾਂ ਤਾਂ ਮੂਲੋਂ ਹੀ ਖ਼ਤਮ ਕਰਨ ਜਾਂ ਆਪਣਾ ਦੁਬੇਲ ਬਣਾਉਣ ਦੀ ਅਮੋੜ ਰੁਚੀ ਰੱਖਦੇ ਨੇ। ਦੂਸਰੇ ਦੇ ਦੂਸਰੇਪਣ ਨੂੰ ਪੇਸ਼ ਕਿਵੇਂ ਕੀਤਾ ਜਾਂਦਾ ਏ, ਇਥੇ ਹੀ ਵਿਤਕਰਾ ਤੇ ਮੰਦਭਾਵਨਾ ਪ੍ਰਗਟ ਹੋ ਜਾਂਦੀ ਏ। ਇਸ ਕਰਕੇ ਇਹ ਸਾਰੇ ਫਲਸਫੇ ਸ਼ਬਦ ਦੇ ਸਹੀ ਅਰਥਾਂ ਵਿਚ ਸਮਾਨਤਾਵਾਦੀ (egalitarian) ਨਹੀਂ ਹਨ। ਸ. ਖ਼ੁਸ਼ਵੰਤ ਸਿੰਘ ਦਾ ਇਹ ਨਿਰਣਾ ਗ਼ਲਤ ਨਹੀਂ ਏ ਕਿ ਮਹਾਰਾਸ਼ਟਰ ਤੇ ਬੰਗਾਲ, ਦੋਵਾਂ ਥਾਵਾਂ ‘ਤੇ ਵੀਹਵੀਂ ਸਦੀ ਦੇ ਆਰੰਭ ਵਿਚ ਹਿੰਦੂ ਵਰਗਾਂ ਅੰਦਰ ਰਾਸ਼ਟਰਵਾਦ ਦੀ ਜਿਹੜੀ ਗਰਮ-ਖ਼ਿਆਲੀ ਧਾਰਾ (ਜੀਹਨੂੰ ਉਹ ‘ਰਾਜਸੀ ਆਤੰਕਵਾਦ’ ਕਹਿੰਦਾ ਹੈ) ਦਾ ਰੁਝਾਣ ਪੈਦਾ ਹੋਇਆ ਸੀ, ਮਹਾਰਾਸ਼ਟਰ ਵਿਚ ਸ਼ਿਵਾ ਜੀ ਤੇ ਬੰਗਾਲ ਅੰਦਰ ਕਾਲੀ ਦੇਵੀ ਦੀ ਜੋ ਧਰਮ-ਪੂਜਾ (cult) ਆਰੰਭ ਹੋਈ, ਉਹ ਵਰਤਾਰਾ ਹਿੰਦੂਵਾਦ ਦੇ ਪੁਨਰ-ਉਭਾਰ ਨਾਲ ਜੁੜਿਆ ਹੋਇਆ ਸੀ; ਦੋਵਾਂ ਹੀ ਥਾਵਾਂ ‘ਤੇ ਮੁਸਲਮਾਨਾਂ ਨੂੰ ਬਾਹਰ ਧੱਕ ਦਿੱਤਾ ਗਿਆ ਸੀ।

ਇਸ ਦੇ ਮੁਕਾਬਲੇ ਸਿੱਖ ਧਰਮ ਸੱਚੇ ਅਰਥਾਂ ਵਿਚ ਸਮਾਨਤਾਵਾਦੀ ਏ। ਸਿੱਖ ਫਲਸਫਾ ਇਕਤਾਵਾਦੀ ਨਹੀਂ, ਬਹੁਵਾਦੀ ਏ। ਇਹ ਦੂਸਰੇ ਦੇ ਦੂਸਰੇਪਣ ਨੂੰ ਸਹਿਣ ਹੀ ਨਹੀਂ ਕਰਦਾ, ਇਸ ਦਾ ਤਹਿ ਦਿਲੋਂ ਸਤਿਕਾਰ ਕਰਦਾ ਏ । ਦੂਜਿਆਂ ਦੀ ਹੋਂਦ ਕਰਨਾ ਆਪਸੀ ਪ੍ਰੇਮ ਤੇ ਭਾਈਚਾਰੇ ਦੀ ਪਹਿਲੀ ਸ਼ਰਤ ਏ। ਗੱਲ ਦੂਸਰੇ ਦੇ ਨੂੰ ਪਰਵਾਨ ‘ ਦੂਸਰੇਪਣ ਨੂੰ ‘ਸਹਿਣ ਕਰਨ’ ਦੀ ਨਹੀਂ। ਕਿਸੇ ਨੂੰ ਸਹਿਣ ਕਰਨ ਵਿਚ ਅਹਿਸਾਨਮੰਦੀ ਦਾ, ਨਿਵਾਜਣ ਦਾ ਅੰਸ਼ ਸ਼ਾਮਲ ਹੁੰਦੈ। ਅਸਲੀ ਗੱਲ ਦੂਸਰੇ ਦੇ ਦੂਸਰੇਪਣ ਪ੍ਰਤਿ ਸੰਵੇਦਨਸ਼ੀਲ ਹੋਣਾ ਏ। ਇਸ ਪੱਖੋਂ ਸਿੱਖ ਧਰਮ ਅੰਦਰ ਤੰਗ-ਨਜ਼ਰੀ, ਪੱਖ-ਪਾਤ ਤੇ ਅਸਹਿਣਸ਼ੀਲਤਾ ਦਾ ਕੋਈ ਆਧਾਰ, ਕੋਈ ਵਜ੍ਹਾ ਤੇ ਕੋਈ ਜਗ੍ਹਾ ਨਹੀਂ ਏ।

? ਪਰ ਏਥੇ ਇਕ ਵਾਰ ਫਿਰ ਮਨ ਅੰਦਰ ਉਹੀ ਸੁਆਲ ਖੜਾ ਹੁੰਦਾ ਏ, ਕਿ ਸਿਧਾਂਤ ਦੇ ਪੱਧਰ ‘ਤੇ ਤਾਂ ਇਹ ਗੱਲਾਂ ਠੀਕ ਲੱਗਦੀਆਂ ਨੇ, ਪਰ ਕੀ ਹਮੇਸ਼ਾ ਹੀ ਸਿਧਾਂਤ ਤੇ ਅਮਲ ਵਿਚ ਪਾੜਾ ਨਹੀਂ ਹੁੰਦਾ ? ਕੀ ਸਿੱਖ ਧਰਮ ਦਾ ਅਮਲ ਇਨ੍ਹਾਂ ਸਿਧਾਂਤਾਂ ਦੇ ਅਨੁਸਾਰੀ ਮੰਨਿਆ ਜਾ ਸਕਦਾ ਏ ?

ਜਿਥੋਂ ਤਕ ਸਿਧਾਂਤ ਤੇ ਅਮਲ ਵਿਚ ਪਾੜੇ ਦੀ ਗੱਲ ਏ, ਇਹ ਅੰਸ਼ਕ ਰੂਪ ਵਿਚ ਸਹੀ ਮੰਨੀ ਜਾ ਸਕਦੀ ਏ। ਆਮ ਕਰਕੇ ਅਜਿਹੀ ਆਦਰਸ਼ਕ ਹਾਲਤ ਘੱਟ ਹੀ ਹੁੰਦੀ ਏ, ਜਦੋਂ ਸਿਧਾਂਤ ਤੇ ਅਮਲ ਵਿਚ ਉੱਕਾ ਹੀ ਕੋਈ ਫ਼ਰਕ ਨਹੀਂ ਰਹਿ ਜਾਂਦਾ । ਇਹ ਇਕ ਆਮ ਸੱਚ ਐ ਜਿਹੜਾ ਹਰ ਵਿਚਾਰਧਾਰਾ ਜਾਂ ਫਲਸਫੇ ‘ਤੇ ਲਾਗੂ ਹੁੰਦਾ ਏ। ਪਰ ਇਥੇ ਫਿਰ ਆਮ ਸਚਾਈ ਦੀ ਆੜ ਹੇਠ ਵਿਲੱਖਣਤਾ ਨੂੰ ਨਕਾਰ ਦੇਣ ਦੀ ਕਰੁਚੀ ਤੋਂ ਸਾਵਧਾਨ ਹੋਣ ਦੀ ਲੋੜ ਏ। ਸਿੱਖ ਧਰਮ ਦੇ ਮਾਮਲੇ ਵਿਚ ਘੱਟੋ-ਘੱਟ ਗੁਰੂ-ਕਾਲ ਦੌਰਾਨ ਕਹਿਣੀ ਤੇ ਕਰਨੀ ਵਿਚ ਪੂਰਨ ਇਕਸੁਰਤਾ ਦਾ ਕ੍ਰਿਸ਼ਮਾ ਵਾਪਰਿਆ ਸੀ। ਇਹ ਕਾਲ-ਖੰਡ ਕੋਈ ਛੋਟਾ ਨਹੀਂ ਸੀ, ਇਸ ਦਾ ਪਸਾਰ ਦੋ ਸਦੀਆਂ ਤੋਂ ਵੀ ਵੱਧ ਸੀ। ਅਜਿਹਾ ਕ੍ਰਿਸ਼ਮਾ ਹੋਰ ਕਿਸੇ ਵੀ ਧਰਮ ਜਾਂ ਫਲਸਫੇ ਦੇ ਸੰਬੰਧ ਵਿਚ ਨਹੀਂ ਵਾਪਰਿਆ। ਮਾਰਕਸਵਾਦ ਦਾ ਪਤਨ ਇਸ ਦੇ ਬਾਨੀਆਂ ਦੀ ਮੌਤ ਤੋਂ ਝੱਟ ਬਾਅਦ ਸ਼ੁਰੂ ਹੋ ਗਿਆ ਸੀ। ਇਸ ਸਿੱਖ ਚਮਤਕਾਰ ਦੀ ਸਮਝ ਗੁਰੂ ਸਾਹਿਬਾਨ ਦੀ ਅਧਿਆਤਮਕ ਰਮਜ਼ ਨੂੰ ਸਮਝੇ ਬਿਨਾਂ ਨਹੀਂ ਪੈ ਸਕਦੀ। ਬਾਬੇ ਨਾਨਕ ਵੱਲੋਂ ਭਾਈ ਮਰਦਾਨਾ ਜੀ ਨੂੰ, ਉਸ ਦੀ ਮੌਲਿਕ ਧਾਰਮਿਕ ਪਛਾਣ ਪਰਵਾਨ ਕਰਦੇ ਹੋਏ, ਉਮਰ ਭਰ ਦੇ ਸੰਗੀ ਬਣਾਉਣਾ, ਦੂਸਰੇ ਦੇ ਦੂਸਰੇਪਣ ਦਾ ਪੂਰਨ ਸਤਿਕਾਰ ਕਰਨ ਦੀ ਨਿਆਰੀ ਮਿਸਾਲ ਏ। ਇਹ ਧਰਮ-ਨਿਰਪੱਖਤਾ ਦੇ ਆਧੁਨਿਕ ਬੌਧਿਕ ਸੂਤਰ ਨਾਲੋਂ ਬਹੁਤ ਵੱਖਰੀ ਗੱਲ ਹੈ। ਪੰਚਮ ਪਾਤਸ਼ਾਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਦੂਸਰੇ ਧਰਮਾਂ ਅਤੇ ਵੱਖ-ਵੱਖ ਜਾਤੀਆਂ ਤੇ ਖੇਤਰਾਂ ਦੇ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਕਰਨੀ, ਧਰਮਾਂ ਦੇ ਇਤਿਹਾਸ ਵਿਚ ਇਕ ਅਸਲੋਂ ਹੀ ਨਿਆਰੀ ਗੱਲ ਸੀ। ਸੰਸਾਰ ਅੰਦਰ ਇਸ ਨਾਲ ਮਿਲਵੀਂ ਹੋਰ ਕੋਈ ਉਦਾਹਰਣ ਨਹੀਂ ਮਿਲਦੀ। ਇਕ ਅਜੋਕੇ ਸਿੱਖ ਵਿਦਵਾਨ ਦੇ ਲਫ਼ਜ਼ਾਂ ਵਿਚ : ‘ਧਰਮ ਨਿਰਪੇਖਤਾ ਦੇ ਨਾਅਰੇ ਨੂੰ ਅਸਮਾਨ ਤਕ ਉਛਾਲਣ ਵਾਲੇ ਵਰਤਮਾਨ ਭਾਰਤੀ ਸਮਾਜਾਂ ਵਿੱਚੋਂ ਜੇਕਰ ਇਹ ਖੋਜਿਆ ਜਾਵੇ ਕਿ ਕਿਹੜੇ ਭਾਰਤੀ ਧਰਮ ਦੇ ਪੈਰੋਕਾਰ ਅਜਿਹੇ ਹਨ ਜਿਹੜੇ ਆਪਣੇ ਧਰਮ ਗ੍ਰੰਥ ਦੇ ਆਧਾਰ ‘ਤੇ ਅਖੌਤੀ ਨੀਵੀਆਂ ਸ਼੍ਰੇਣੀਆਂ ਦੇ ਸੰਤਾਂ ਭਗਤਾਂ ਅਤੇ ਇਥੋਂ ਤਕ ਕਿ ਮੁਸਲਮਾਨ ਸੰਤਾਂ ਦੀ ਬਾਣੀ ਨੂੰ ਵੀ ਗੁਰੂ ਸਮਾਨ ਆਦਰ ਦਿੰਦੇ ਹਨ, ਉਸ ਦੇ ਅੱਗੇ ਸਿਰ ਝੁਕਾਉਂਦੇ ਹਨ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਧਰਮ ਹੀ ਅਜਿਹੀ ਪ੍ਰੀਖਿਆ ਵਿਚ ਨਿਤਰ ਕੇ ਪਾਸ ਹੋ ਸਕੇਗਾ। 53 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਹਰਿਗੋਬਿੰਦਪੁਰ ਵਿਖੇ ਮੁਸਲਿਮ ਭਾਈਚਾਰੇ ਲਈ ਉਚੇਚੀ ਮਸੀਤ ਬਣਾ ਕੇ ਦੇਣੀ, ‘ਦੂਸਰੇ ਦੇ ਦੂਸਰੇਪਣ’ ਦਾ ਪੂਰਨ ਆਦਰ ਮਾਣ ਕਰਨ ਦੀ ਪ੍ਰਤੱਖ ਗਵਾਹੀ ਹੈ। ਦਸਮ ਪਾਤਸ਼ਾਹ ਵੱਲੋਂ ਪੀਰ ਬੁੱਧੂ ਸ਼ਾਹ ਤੇ ਉਸ ਦੇ ਮੁਰੀਦਾਂ ਨੂੰ, ਇਸਲਾਮੀ ਰੂਪ ਵਿਚ ਹੀ, ਆਪਣੀ ਅਜ਼ਮਤ ਦੇ ਪਾਤਰ ਬਣਾਉਣਾ ਮਨੁੱਖੀ ਇਤਿਹਾਸ ਅੰਦਰ ਘਟੀ ਵਿਲੱਖਣ ਘਟਨਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜੀ ਮੁਹਿੰਮ ਵਿਚ 5 ਹਜ਼ਾਰ ਤੋਂ ਵੱਧ ਮੁਸਲਮਾਨਾਂ ਵੱਲੋਂ ਉਸ ਵਕਤ ਪੂਰਨ ਤਨਦੇਹੀ ਤੇ ਗਰਮਜੋਸ਼ੀ ਨਾਲ ਹਿੱਸਾ ਲੈਣਾ ਜਦੋਂ ਸਿੱਖਾਂ ਨੂੰ ਮੁਸਲਿਮ ਹਾਕਮਾਂ ਹੱਥੋਂ ਵਹਿਸ਼ੀ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਤਿਹਾਸ ਦੀ ਕੋਈ ਆਮ ਜਿਹੀ ਘਟਨਾ ਨਹੀਂ ਸੀ। ਜ਼ਰਾ ਉਨ੍ਹਾਂ ਹਾਲਤਾਂ ਦੀ ਕਲਪਨਾ ਕਰਕੇ ਦੇਖੋ ਜਿਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿਚ ਆਇਆ ਸੀ। ਪੂਰੀ ਸਦੀ ਭਰ ਸਿੱਖ ਪੰਥ ਉੱਤੇ ਮੁਸਲਿਮ ਹਾਕਮਾਂ ਦਾ ਕਹਿਰ ਨਾਜ਼ਲ ਹੁੰਦਾ ਰਿਹਾ ਸੀ। ਪਰ ਇਸ ਦੇ ਬਾਵਜੂਦ ਖ਼ਾਲਸਾ ਰਾਜ ਅੰਦਰ ਬਦਲਾਖ਼ੋਰੀ ਦੀ ਭਾਵਨਾ ਨਾਲ ਮੁਸਲਿਮ ਜਨਤਾ ਉੱਤੇ ਅਤਿਆਚਾਰਾਂ ਦੀ ਮੁਹਿੰਮ ਵਿੱਢੇ ਜਾਣ ਦੀ ਕਿਤੋਂ ਵੀ ਪੁਸ਼ਟੀ ਨਹੀਂ ਹੁੰਦੀ। ਸ਼ੁਰੂ ਸ਼ੁਰੂ ਵਿਚ ਕੁਝ ਥਾਵਾਂ ’ਤੇ ਮੁਸਲਮਾਨਾਂ ਨਾਲ ਧਾਰਮਿਕ ਭੇਦ-ਭਾਵ ਦੀਆਂ ਕੁਝ ਛੋਟੀਆਂ ਮੋਟੀਆਂ ਆਪ-ਮੁਹਾਰੀਆਂ ਵਾਰਦਾਤਾਂ ਜ਼ਰੂਰ ਵਾਪਰੀਆਂ ਸਨ, ਪਰ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਰੀ ਦਖ਼ਲ ਦੇ ਕੇ ਇਸ ਰੁਝਾਣ ਨੂੰ ਸਖ਼ਤੀ ਨਾਲ ਰੋਕ ਦਿੱਤਾ ਸੀ। ਇਤਿਹਾਸ ਅੰਦਰ ਅਜਿਹੇ ਕਿੰਨੇ ਹੀ ਵੇਰਵੇ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਤੋਰੀ ਰੀਤ ਨੂੰ ਜਾਰੀ ਰੱਖਦੇ ਹੋਏ, ਆਪਣੇ ਰਾਜ ਅੰਦਰ ਅਨੇਕਾਂ ਮਸੀਤਾਂ ਬਣਵਾਈਆਂ ਸਨ । ਸਰਦਾਰ ਹਰੀ ਸਿੰਘ ਨਲੂਏ ਨੇ ਮੁਸਲਿਮ ਭਾਈਚਾਰੇ ਲਈ ਉਚੇਚੇ ਤੌਰ ‘ਤੇ ਮਸੀਤਾਂ ਉਸਾਰੀਆਂ ਸਨ। ਮੱਧਯੁਗ ਅੰਦਰ, ਜੀਹਨੂੰ * ਆਧੁਨਿਕਵਾਦੀ ‘ਬਰਬਰਤਾ ਦਾ ਯੁਗ’ ਕਹਿੰਦੇ ਹਨ, ਇਨਸਾਫ਼ ਤੇ ਧਾਰਮਿਕ ਫ਼ਰਾਖ਼ਦਿਲੀ ਦੀ ਅਜਿਹੀ ਮਿਸਾਲ ਕਾਇਮ ਕਰਨੀ ਕਿਸੇ ਅਚੰਭੇ ਤੋਂ ਘੱਟ ਨਹੀਂ। ਇਸ ਦੀ ਤੁਲਨਾ ਵੀਹਵੀਂ ਸਦੀ ਦੇ ‘ਸਭਿਅਤਾ ਦੇ ਯੁਗ’ ਅੰਦਰ ਇਨਕਲਾਬਾਂ ਦੇ ਅਮਲ ਰਾਹੀਂ ਸਥਾਪਤ ਹੋਏ ਕਮਿਊਨਿਸਟ ਨਿਜ਼ਾਮਾਂ ਨਾਲ ਕਰ ਕੇ ਦੇਖੋ, ਜਿਥੇ ਕਮਿਊਨਿਸਟ ਸੱਤਾ ਦੇ ਵਿਰੋਧੀਆਂ ਉੱਤੇ, ਖ਼ਾਸ ਕਰਕੇ ਲੋਕਾਂ ਦੇ ਸਭਿਆਚਾਰਾਂ ਉੱਤੇ ਜਥੇਬੰਦ ਰੂਪ ਵਿਚ ਢਾਹੇ ਗਏ ਭਿਆਨਕ ਜਬਰ ਦੀਆਂ ਕਹਾਣੀਆਂ ਸੁਣ ਕੇ ਦਿਲ ਕੰਬ ਉੱਠਦੇ ਹਨ। ਅਸਲ ਵਿਚ ‘ਧਰਮ ਨਿਰਪੱਖਤਾ’ ਦੇ ਸੰਕਲਪ ਨੇ ਸਹਿਣਸ਼ੀਲਤਾ ਦੇ ਵਿਚਾਰ ਉੱਤੇ ਇਸ ਕਦਰ ਅਜਾਰੇਦਾਰੀ ਕਾਇਮ ਕਰ ਲਈ ਹੈ ਕਿ ਇਸ ਤੋਂ ਪਾਸੇ ਹਟ ਕੇ ਸਹਿਣਸ਼ੀਲਤਾ ਦੀ ਕਲਪਨਾ ਕਰਨੀ ਔਖੀ ਹੋ ਗਈ ਏ। ਇਹ ਮੰਨ ਲਿਆ ਜਾਂਦਾ ਏ ਕਿ ਸਿਰਫ਼ ਧਰਮ-ਨਿਰਪੱਖਤਾ ਦਾ ਆਧੁਨਿਕ ਸੰਕਲਪ ਹੀ ਸਹਿਣਸ਼ੀਲਤਾ ਦਾ ਜ਼ਾਮਨ ਹੋ ਸਕਦਾ ਏ। ਸਿੱਖ ਧਰਮ ਨਾਲ ਸੰਬੰਧਿਤ ਉਪਰ ਗਿਣੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਸ਼ਹਿਣਸ਼ੀਲ ਹੋਣ ਲਈ ਧਰਮ ਨਿਰਪੱਖ ਹੋਣਾ ਲਾਜ਼ਮੀ ਨਹੀਂ। ਜੇਕਰ ਧਰਮ ਦਾ ਆਧਾਰ ਕੋਈ ਸੌੜੀ ਵਿਚਾਰਧਾਰਾ ਨਹੀਂ, ਤਾਂ ਧਰਮ ਵਿੱਚੋਂ ਵੀ ਖਰੀ ਫ਼ਰਾਖ਼ਦਿਲੀ ਤੇ ਸਹਿਣਸ਼ੀਲਤਾ ਦਾ ਭਾਵ ਪੈਦਾ ਹੋ ਸਕਦਾ ਏ ਅਤੇ ਇਹ ਧਾਰਮਿਕ ਫ਼ਰਾਖ਼ਦਿਲੀ, ਧਰਮ ਨਿਰਪੱਖਤਾ ਨਾਲੋਂ ਕਿਤੇ ਉੱਚਪਾਏ ਦੀ ਹੋ ਸਕਦੀ ਏ। ਸਿੱਖ ਧਰਮ ਦੀ ਵਿਲੱਖਣਤਾ ਇਸ ਵਿਚ ਏ। ਗ਼ਦਰੀ ਬਾਬੇ ਇਸ ਗੌਰਵਸ਼ਾਲੀ ਵਿਰਸੇ ਦੇ ਵਾਰਸ ਸਨ। ਇਸ ਸੱਚ ਨੂੰ ਜਾਣੇ ਬਿਨਾਂ ਗ਼ਦਰ ਲਹਿਰ ਦੀ ਪੂਰੀ ਸਮਝ ਨਹੀਂ ਪੈ ਸਕਦੀ।

ਸੋ ਉਪਰੋਕਤ ਬਿਆਨ-ਵਰਣਨ ਤੋਂ ਸਿੱਖ ਧਰਮ ਦੀ ਵਿਲੱਖਣਤਾ ਸਾਫ਼ ਉਘੜ ਆਉਂਦੀ ਏ ਅਤੇ ਇਸ ਦੀ ਰੋਸ਼ਨੀ ਵਿਚ ਇਹ ਸਚਾਈ ਪੂਰਨ ਰੂਪ ਵਿਚ ਪ੍ਰਗਟ ਹੋ ਜਾਂਦੀ ਏ ਕਿ ਧਰਮ ਬਾਰੇ ਆਮ ਆਧੁਨਿਕਵਾਦੀ ਧਾਰਨਾਵਾਂ ਨੂੰ ਅੱਖਾਂ ਮੀਚ ਕੇ ਸਿੱਖ ਧਰਮ ਉੱਤੇ ਲਾਗੂ ਕਰਨਾ ਬੌਧਿਕ ਕੰਗਾਲੀ ਦੇ ਨਾਲੋ-ਨਾਲ, ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨਾ ਏ। ਕਿਸੇ ਸਿੱਖ ਕੋਲੋਂ ਧਰਮ-ਨਿਰਪੱਖਤਾ ਦੀ ਮੰਗ ਕਰਨਾ ਉਸ ਦੀ ਦਿਆਨਤਦਾਰੀ ਉੱਤੇ ਸ਼ੱਕ ਕਰਨਾ ਏ। ਕਿਉਂਜੋ ਸਿੱਖ ਧਰਮ ਅੰਦਰ ਕਿਸੇ ਦੂਸਰੇ ਧਰਮ ਪ੍ਰਤਿ, ਦੂਸਰੇ ਦੇ ਦੂਸਰੇਪਣ ਪ੍ਰਤਿ, ਤੰਗ-ਨਜ਼ਰੀ ਤੇ ਪੱਖ-ਪਾਤ ਦੇ ਭਾਵਾਂ ਦਾ ਜਦੋਂ ਕੋਈ ਆਧਾਰ ਹੀ ਨਹੀਂ ਏ, ਤਾਂ ਸਿੱਖਾਂ ਕੋਲੋਂ ਧਰਮ-ਨਿਰਪੱਖਤਾ ਦੇ ਸਿਧਾਂਤ ਦੀ ਪਾਲਣਾ ਕੀਤੇ ਜਾਣ ਦੀ ਮੰਗ ਕਰਨ ਦੀ ਕੀ ਸਿਧਾਂਤਕ ਵਾਜਬੀਅਤ ਬਣਦੀ ਏ ? ਸਿੱਖਾਂ ਕੋਲੋਂ ਇਹ ਮੰਗ ਕਰਨੀ ਕਿ ਉਹ ਆਪਣੀ ਰਾਜਨੀਤੀ ਨੂੰ ਆਪਣੇ ਧਾਰਮਿਕ ਅਕੀਦਿਆਂ ਨਾਲੋਂ ਵੱਖ ਕਰ ਲੈਣ ਅਤੇ ਰਾਜਨੀਤੀ ਦੇ ਖੇਤਰ ਅੰਦਰ ਸਿੱਖ ਕਦਰਾਂ-ਕੀਮਤਾਂ ਤੇ ਸਿੱਖ ਰਵਾਇਤਾਂ ਕੋਲੋਂ ਸੇਧ ਤੇ ਪ੍ਰੇਰਨਾ ਲੈਣੀ ਬੰਦ ਕਰ ਦੇਣ, ਉਨ੍ਹਾਂ ਨੂੰ ਆਪਣੇ ਗੁਰੂਆਂ ਤੇ ਗੁਰਬਾਣੀ ਤੋਂ ਬੇਮੁਖ ਹੋਣ ਲਈ ਪ੍ਰੇਰਨਾ ਏ। ਇਹ ਸਿੱਖਾਂ ਨੂੰ ਉਨ੍ਹਾਂ ਦੀ ਪ੍ਰੇਰਨਾ ਦੇ ਦੈਵੀ ਸੋਮਿਆਂ ਨਾਲੋਂ ਤੋੜਨ ਦੀ ਕਪਟ ਭਰੀ ਯੋਜਨਾ ਹੈ। ਇਹ ਚਾਣਕੀਆ ਨੀਤੀ ਏ ਜਿਸ ਨੂੰ ਖੱਬੇ ਪੱਖੀ ਵਿਦਵਾਨ ਪੂਰੀ ਤਨਦੇਹੀ ਤੇ ਜੋਸ਼ੋ-ਖ਼ਰੋਸ਼ ਨਾਲ ਲਾਗੂ ਕਰ ਰਹੇ ਹਨ। ਜਦੋਂ ਕੋਈ ਇਹ ਕਹਿੰਦਾ ਏ ਕਿ ਉਹ ਮਨੁੱਖ ਪਹਿਲਾਂ ਏ ਤੇ ਸਿੱਖ ਪਿੱਛੋਂ, ਤਾਂ ਉਹ ਜਾਂ ਤਾਂ ਸਿੱਖ ਧਰਮ ਦੇ ਅਸੂਲਾਂ ਤੋਂ ਕੋਰਾ ਹੈ ਅਤੇ ਜਾਂ ਨਿਸ਼ਕਪਟ ਨਹੀਂ ਏ। ਕਿਉਂਕਿ ਸਿੱਖੀ ਤੇ ਮਾਨਵਤਾ ਵਿਚ ਉੱਕਾ ਹੀ ਕੋਈ ਵਿਰੋਧਾਭਾਸ ਨਹੀਂ। ਸਿੱਖ ਧਰਮ ਅੰਦਰ ਫ਼ਿਰਕੇਦਾਰੀ ਲਈ ਕੋਈ ਜਗ੍ਹਾ ਨਹੀਂ ਏ। ਇਹ ਸਰਬੱਤ ਦੇ ਭਲੇ ਤੇ ਮਾਨਵੀ ਏਕਤਾ ਦੀ ਵਿਚਾਰਧਾਰਾ ਏ। ਸਿੱਖ-ਇਤਿਹਾਸ ਦਾ ਅਮਲ ਇਸ ਸਚਾਈ ਦੀ ਸ਼ਾਹਦੀ ਭਰਦਾ ਹੈ। ਪ੍ਰਿੰ. ਬਜਾਜ ਨੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਨੂੰ ਸੁਆਲ ਕੀਤਾ ਸੀ ਕਿ ‘ਅਸਲੀ ਸਿੱਖ ਤੁਸੀਂ ਕਿਸ ਨੂੰ ਮੰਨੋਗੇ?’, ਤਾਂ ਉਨ੍ਹਾਂ ਇਹ ਜੁਆਬ ਦਿੱਤਾ ਸੀ : ‘ਅਸਲੀ ਸਿੱਖ ਮੇਰੀ ਜਾਚੇ ਸੱਚਾ ਮਾਨਵਵਾਦੀ ਤੇ ਇਨਕਲਾਬੀ ਹੁੰਦਾ ਹੈ। ਉਹ ਬੁਰਾਈ ਦੇ ਖ਼ਿਲਾਫ਼ ਸਦਾ ਘੁਲਦਾ ਰਹਿੰਦਾ ਹੈ। ਆਤਮਿਕ ਤੇ ਧਾਰਮਿਕ ਅਵਸਥਾ ਨੂੰ ਸਮਝ ਕੇ ਤੇ ਬਾਣੀ ਦਾ ਅਭਿਆਸ ਕਰ ਕੇ ਮੈਂ ਜਾਣਿਆ ਕਿ ਸਿੱਖੀ ਫ਼ਿਰਕਾ- ਪ੍ਰਸਤੀ ਦਾ ਨਹੀਂ, ਮਾਨਵ ਏਕਤਾ ਦਾ ਮਾਰਗ ਹੈ। ਜਿਨ੍ਹਾਂ ਲੋਕਾਂ ਨੂੰ ਅਜਿਹੇ ਆਦਰਸ਼ਾਂ ਦਾ ਅਨੁਭਵ ਨਹੀਂ ਏ, ਜਿਨ੍ਹਾਂ ਨੂੰ ਇਹ ਆਦਰਸ਼ ਅਨਹੋਣੇ ਲੱਗਦੇ ਨੇ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ‘ਤੇ ਯਕੀਨ ਨਹੀਂ ਆਉਂਦਾ। ਪੰਜਾਬ ਦੇ ਦੈਵੀ ਤੇ ਵਿਸਮਾਦੀ ਵਿਰਸੇ ਨਾਲੋਂ ਟੁੱਟ ਚੁੱਕੇ ਆਧੁਨਿਕ ਉਦਾਰਪੰਥੀ ਤੇ ਖੱਬੇ-ਪੰਥੀ ਵਿਦਵਾਨਾਂ ਦਾ ਇਹ ਦੁਖਾਂਤ ਹੈ। ਅਜੋਕੇ ਦੌਰ ਅੰਦਰ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਸਭਿਆਚਾਰਾਂ ਦੀ ਰਾਜਨੀਤੀ ਪ੍ਰਤਿ ਪੂਰੀ ਤਰ੍ਹਾਂ ਗ਼ੈਰ-ਸੰਵੇਦਨਸ਼ੀਲ ਹੋ ਗਈ ਏ। ਧਾਰਮਿਕ ਸ਼ਰਧਾਲੂਆਂ ਨੂੰ ਘਟੀਆ ਕਿਸਮ ਦੀ ਰਾਜਸੀ ਚੇਤਨਾ ਦੇ ਮਾਲਕ ਸਮਝਿਆ ਜਾਂਦਾ ਏ ਅਤੇ ਉਨ੍ਹਾਂ ਨੂੰ ‘ਪਿਛਾਖੜ ਪੰਥੀ’ ਕਰਾਰ ਦੇ ਕੇ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਏ। ਆਧੁਨਿਕਤਾ ਨੂੰ ਹੀ ਸੰਸਾਰ ਦਾ ਇੱਕੋ-ਇਕ ਤੇ ਸਭ ਨਾਲੋਂ ਉੱਤਮ ਧਰਮ ਸਮਝਿਆ ਜਾ ਰਿਹਾ ਏ।

? ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਸ ਸਿਧਾਂਤਕ ਕਾਰਨ ਕਰਕੇ ਹੀ ਖੱਬੇ ਪੱਖੀਆਂ ਨੂੰ ਸਿੱਖ ਧਰਮ ਦੀ, ਤੇ ਇਸ ਕਰਕੇ ਹੀ ਗ਼ਦਰੀ ਬਾਬਿਆਂ ਦੀ ਵੀ, ਸਹੀ ਸਮਝ ਨਹੀਂ ਪੈ ਰਹੀ ?

ਤੁਸੀਂ ਠੀਕ ਬੁੱਝਿਐ। ਅਨਮਤੀਆਂ ਦੇ ਮਨਾਂ ਅੰਦਰ ਧਰਮ ਬਾਰੇ ਨਫ਼ਰਤ ਭਰੀ ਹੋਣ ਕਰਕੇ ਉਨ੍ਹਾਂ ਨੂੰ ਸਿੱਖ ਧਰਮ ਦੇ ਵਿਸ਼ੇਸ਼ ਤੇ ਵਿਲੱਖਣ ਗੁਣਾਂ ਦੀ ਸਮਝ ਨਹੀਂ ਪੈਂਦੀ। ਉਹ ਇਹ ਨਹੀਂ ਜਾਣ ਸਕਦੇ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਹਿਰਦਿਆਂ ਅੰਦਰ ਏਨੀ ਫ਼ਰਾਖ਼ਦਿਲੀ ਪੈਦਾ ਕਰ ਦਿੱਤੀ ਹੈ ਕਿ ਉਹ ਸਿਰਫ਼ ਤੇ ਸਿਰਫ਼ ਆਪਣੇ ਲਈ ਨਹੀਂ ਲੜਦੇ, ਉਹ ਹਰ ਨੇਕ ਖ਼ਿਆਲ ਤੇ ਹਰ ਹੱਕੀ ਕਾਜ਼ ਦੀ ਹਮਾਇਤ ਵਿਚ ਨਿਤਰ ਆਉਂਦੇ ਨੇ। ਅਜਿਹਾ ਉਹ ਕਿਸੇ ਗਿਣਤੀ ਮਿਣਤੀ ਵਿੱਚੋਂ ਨਹੀਂ ਕਰਦੇ, ਇਹ ਉਨ੍ਹਾਂ ਦਾ ਕੁਦਰਤੀ ਸੁਭਾਅ ਬਣ ਗਿਆ ਏ। ਉਹ ਸੁਤੇ-ਸਿੱਧ ਤੇ ਅਟੱਲ ਤੌਰ ‘ਤੇ, ਨੇਕ ਕਾਜ ਦੀ ਹਮਾਇਤ ਵਿਚ ਮੋਰਚੇ ਮੱਲ ਲੈਂਦੇ ਨੇ। ਇਸ ਪੱਖੋਂ ਉਹ ਦੂਸਰੇ ਵਰਗਾਂ ਨਾਲੋਂ ਬਹੁਤ ਅਲੱਗ ਹਨ। ਇਸ ਕਰਕੇ ਦੂਸਰੇ ਵਰਗਾਂ ਲਈ ਉਨ੍ਹਾਂ (ਸਿੱਖਾਂ) ਨੂੰ ਸਮਝ ਸਕਣਾ ਔਖਾ ਏ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਹੜੇ ਸਿਰਫ਼ ਆਪਣੇ ਲਈ ਲੜਨਾ ਜਾਣਦੇ ਨੇ ਅਤੇ ਕਿਸੇ ਬਿਗਾਨੇ ਦੀਨ ਦੁਖੀ ਲਈ ਆਪਣਾ ਲਹੂ ਵਹਾ ਦੇਣਾ ਜਿਨ੍ਹਾਂ ਦੀ ਫ਼ਿਤਰਤ ਵਿਚ ਨਹੀਂ ਏ। ਖ਼ੁਦਗ਼ਰਜ਼ ਲੋਕ ਪਰਉਪਕਾਰ ਦੀ ਭਾਵਨਾ ਦਾ ਸਹੀ ਮੁੱਲ ਨਹੀਂ ਪਾ ਸਕਦੇ।

ਖੱਬੇ ਪੱਖੀਆਂ ਨੇ ਧਰਮ ਬਾਰੇ ਜਿਹੜੇ ਫ਼ਾਰਮੂਲੇ ਬਣਾ ਰੱਖੇ ਹੋਏ ਹਨ, ਉਹ ਉਨ੍ਹਾਂ ਦੀ ਸੋਚ ਨੂੰ ਬੰਨ੍ਹ ਮਾਰੀ ਬੈਠੇ ਨੇ। ਉਨ੍ਹਾਂ ਨੇ ਯੂਰਪੀ ਵਿਦਵਾਨਾਂ ਕੋਲੋਂ ਏਨਾ ਕੁ ਸੁਣ ਸਿੱਖ ਲਿਆ ਹੈ ਕਿ ਧਰਮ ਤੰਗ-ਨਜ਼ਰ ਹੁੰਦਾ ਏ। ਇਸ ‘ਚੋਂ ਉਨ੍ਹਾਂ ਇਹ ਬਣਾ ਲਿਆ ਕਿ ਸਿੱਖ ਧਰਮ ਵੀ, ਧਰਮ ਹੋਣ ਕਰਕੇ ਤੰਗ-ਨਜ਼ਰ ਹੈ। ਜਦੋਂ ਉਹ ਦੇਖਦੇ ਹਨ ਕਿ ਗ਼ਦਰੀ ਬਾਬੇ ਤੰਗ-ਨਜ਼ਰ ਨਹੀਂ ਸਨ, ਤਾਂ ਇਸ ਤੋਂ ਉਹ ਇਸ ਨਤੀਜੇ ‘ਤੇ ਪਹੁੰਚ ਜਾਂਦੇ ਹਨ ਕਿ ਉਹ ਸਿੱਖ ਨਹੀਂ, ਧਰਮ-ਨਿਰਪੱਖ ਸਨ। ਉਹ ਇਹ ਗੱਲ ਨਹੀਂ ਮੰਨ ਸਕਦੇ ਕਿ ਸੱਚਾ ਸਿੱਖ ਕਦੇ ਤੰਗ-ਨਜ਼ਰ ਨਹੀਂ ਹੋ ਸਕਦਾ। ਪਰ ਕਿਉਂ ਜੋ ਉਨ੍ਹਾਂ ਫ਼ਰਾਖ਼ਦਿਲੀ ਨੂੰ ਸਿਰਫ਼ ਤੇ ਸਿਰਫ਼ ਧਰਮ-ਨਿਰਪੱਖਤਾ ਦੇ ਸਿਧਾਂਤ ਨਾਲ ਹੀ ਜੋੜ ਲਿਆ ਹੈ, ਇਸ ਕਰਕੇ ਉਹ ਗ਼ਦਰੀ ਬਾਬਿਆਂ ਨੂੰ ਸਮਝਣ ਵੇਲੇ ਟਪਲਾ ਖਾ ਜਾਂਦੇ ਹਨ।

? ਉਹ ਨਾਲ ਹੀ ਇਕ ਹੋਰ ਗੱਲ ਵੀ ਜੋੜਦੇ ਹਨ ਕਿ ਗ਼ਦਰ ਲਹਿਰ ਇਕੱਲੇ ਸਿੱਖਾਂ ਦੀ ਨਹੀਂ ਸੀ, ਇਸ ਵਿਚ ਦੂਸਰੇ ਵਰਗ ਵੀ, ਭਾਵੇਂ ਥੋੜ੍ਹੀ ਗਿਣਤੀ ਵਿਚ ਹੀ ਸਹੀ, ਸ਼ਾਮਲ ਹੋਏ ਸਨ।

ਇਸ ਤਰਕ ਅਨੁਸਾਰ ਤਾਂ ਭੰਗਾਣੀ ਦੀ ਲੜਾਈ ਨੂੰ ਵੀ ‘ਸਿੱਖਾਂ ਦੀ ਜੰਗ’ ਕਹਿਣਾ ਠੀਕ ਨਹੀ, ਕਿਉਂਕਿ ਉਸ ਜੰਗ ਵਿਚ ਮੁਸਲਿਮ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦਾਂ ਸਮੇਤ ਗੁਰੂ ਸਾਹਿਬ ਦੇ ਪੱਖ ਵਿਚ ਲੜਿਆ ਸੀ ਅਤੇ ਉਸ ਨੇ ਆਪਣੇ ਪੁੱਤਰ ਵੀ ਸ਼ਹੀਦ ਕਰਾਏ ਸਨ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਕਿਉਂਕਿ 5 ਹਜ਼ਾਰ ਤੋਂ ਵੱਧ ਮੁਸਲਮਾਨ ਸਨ, ਇਸ ਕਰਕੇ ਉਸ ਦੀਆਂ ਜੰਗਾਂ ਨੂੰ ਵੀ ਸਿੱਖ ਜੰਗਾਂ ਕਹਿਣਾ ਠੀਕ ਨਹੀ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਿਚ ਤਾਂ ਗ਼ੈਰ-ਸਿੱਖ ਵਜ਼ੀਰ ਵੱਡੀ ਗਿਣਤੀ ਵਿਚ ਸਨ, ਇਸ ਕਰਕੇ ਉਸ ਦੇ ਰਾਜ ਨੂੰ ਵੀ ਸਿੱਖਾਂ ਦਾ ਰਾਜ ਕਹਿਣਾ ਦਰੁਸਤ ਨਹੀਂ। ਖੱਬੇ ਪੱਖੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਸਿੱਖੀ ਦੀ ਸਪਿਰਟ ਦਾ ਦਾਇਰਾ ਏਨਾ ਵਿਸ਼ਾਲ ਹੈ ਕਿ ਇਸ ਵਿਚ ਆਪਣੇ ਤੇ ਪਰਾਏ ਵਿਚਕਾਰ ਫਰਕ ਜਾਂ ਭੇਦ-ਭਾਵ ਲਈ ਕੋਈ ਜਗ੍ਹਾ ਨਹੀਂ ਹੈ। ਸਿੱਖ ਜਦੋਂ ਕਿਸੇ ਉੱਚੇ ਆਦਰਸ਼ ਲਈ ਲੜਦੇ ਹਨ ਤਾਂ ਉਹ ਅਜਿਹਾ ਪਵਿੱਤਰ ਮਾਹੌਲ ਸਿਰਜ ਦਿੰਦੇ ਹਨ ਕਿ ਦੂਸਰੇ ਧਰਮਾਂ ਦੇ ਰੋਸ਼ਨ ਜ਼ਮੀਰ ਲੋਕ ਆਪਣੇ ਆਪ ਹੀ ਇਸ ਵੱਲ ਖਿੱਚੇ ਆਉਂਦੇ ਹਨ। ਕਿਰਤੀ ਅਖ਼ਬਾਰ ਵਿਚ ਗ਼ਦਰ ਪਾਰਟੀ ਦੇ ਮਹਾਨ ਸ਼ਹੀਦ ਕਾਸ਼ੀ ਰਾਮ ਮੜੌਲੀ ਬਾਰੇ ਕਿਸੇ ਦੀ ਇਕ ਛੋਟੀ ਜਿਹੀ ਭਾਵਪੂਰਤ ਟਿੱਪਣੀ ਛਪੀ ਸੀ, ਜਿਸ ਵਿਚ ਸਿੱਖੀ ਦੀ ਸਪਿਰਟ ਤੇ ਇਸ ਦੀ ਕਰਾਮਾਤੀ ਤਾਕਤ ਦਾ ਬਹੁਤ ਹੀ ਸੁੰਦਰ ਵਰਣਨ ਕੀਤਾ ਗਿਆ ਹੈ। ਉਹ ਟਿੱਪਣੀ ਇਸ ਪ੍ਰਕਾਰ ਹੈ :

ਭਾਰਤ ਦੇ ਚੰਗੇ ਭਾਗਾਂ ਨੂੰ ਗੁਰੂ ਸਾਹਿਬਾਂ ਦੇ ਪਵਿੱਤਰ ਚਰਨ ਨਸੀਬ ਹੋਏ, ਜਿਨ੍ਹਾਂ ਦੀ ਚਰਨ ਧੂੜ ਮਸਤਕ ਲੱਗਣ ਨਾਲ ਹਿੰਦੀਆਂ ਦੇ ਪੁੱਠੇ ਲੇਖਾਂ ਨੇ ਮੁੜ ਪਾਸਾ ਪਰਤਿਆ। ਸ਼੍ਰੇਣੀਆਂ ਦੇ ਵੱਟਾਂ ਬੰਨੇ ਭੰਨ ਕੇ ਸਾਂਝੀ ਉੱਨਤੀ ਕਰਨੀ ਸਿੱਖੇ। ਏਸ ਸ਼ੁਭ ਮੰਤਵ ਉੱਤੇ ਜਿਸ ਜਥੇ ਨੇ ਸ਼ਰਧਾ ਦੇ ਫੁੱਲ ਵਧੇਰੇ ਚਾੜ੍ਹੇ, ਉਹ ਇਕ ਅੱਡਰੀ ਕੌਮ ‘ਖ਼ਾਲਸਾ’ ਜਾਂ ਸਿੱਖ ਦੇ ਪਵਿੱਤਰ ਨਾਮ ਤੋਂ ਪ੍ਰਗਟ ਹੋਈ। ਜਿਥੇ ਕਿਤੇ ਵੀ ਇਸ ਅਣਖੀਲੀ ਸੂਰਬੀਰ ਕੌਮ ਨੂੰ ਆਪਣੀ ਬਹਾਦਰੀ ਦੇ ਜੌਹਰ ਜਾਂ ਸ਼ਾਂਤਮਈ ਚਮਤਕਾਰ ਵਿਖਾਣ ਦਾ ਮੌਕਾ ਹੱਥ ਲੱਗਾ ਏ, ਓਥੇ ਹੀ ਇਸ ਨੇ ਸੂਰਬੀਰਤਾ ਨੂੰ ਚਾਰ ਚੰਨ ਲਾ ਦਿੱਤੇ। ਗੱਲ ਕੀ, ਏਸ ਦੇਸ ਕੌਮ ਦੀ ਸੱਚੀ ਸੇਵਕ ਸ਼੍ਰੇਣੀ ਦੀ ਸੁੱਚੀ ਕਰਨੀ ਦਾ ਅਸਰ ਗੁਆਂਢੀ ਕੌਮਾਂ ‘ਤੇ ਵੀ ਬਹੁਤ ਵੱਧ ਹੋਇਆ। ਜਿਸ ਦਾ ਪ੍ਰਤੱਖ ਨਮੂਨਾ ਇਹ ਹੈ ਪਈ, ਐਮ੍ਰੀਕਨ ਤੇ ਕੈਨੇਡੀਅਨ ਸੂਰਬੀਰ ਪੰਜਾਬੀਆਂ ਵਿਚ ਜਿਥੇ ਬਹੁਤ ਸਾਰੀ ਗਿਣਤੀ ਖ਼ਾਲਸਾ ਵੀਰਾਂ ਦੀ ਹੈ, ਉਥੇ ਨਾਲ ਹੀ ਹਿੰਦੂ ਮੁਸਲਮਾਨ ਭਰਾ ਵੀ ਮੋਢੇ ਨਾਲ ਮੋਢਾ ਜੋੜੀ ਸ਼ਹੀਦ-ਪੰਗਤੀਆਂ ਵਿਚ ਖੜੇ ਦੇਖੀਦੇ ਨੇ। ਦੇਸ ਕੌਮ ਉੱਤੇ ਤਨ ਮਨ ਧਨ ਵਾਰ ਚੁੱਕੇ ਅਜਿਹੇ ਸੇਵਕਾਂ ਤੇ ਭਾਰਤ ਮਾਤਾ ਦੇ ਰਾਜਮੁਕਟ ਦੇ ਪ੍ਰਕਾਸ਼ਵਾਨ ਹੀਰੇ ਲਾਲਾਂ ਦੀ ਲੜੀ ਵਿੱਚੋਂ ਇਕ, ਬ੍ਰਾਹਮਣ ਸ਼੍ਰੇਣੀ ਦੇ ਉਂਗਲਾਂ ‘ਤੇ ਗਿਣੇ ਜਾਣ ਵਾਲੇ ਬਹਾਦਰਾਂ ‘ਚੋਂ ਆਪਣੀ ਨਜ਼ੀਰ ਆਪ ਮੇਰੇ ਮਾਨਯੋਗ ਵੀਰ ਸ਼੍ਰੀ ਮਾਨ ਭਾਈ ਕਾਸ਼ੀ ਰਾਮ ਜੀ ਸਨ।

ਸੋ ਗ਼ਦਰ ਲਹਿਰ ਅੰਦਰ ਜੇਕਰ ਸਿੱਖਾਂ ਦੇ ਨਾਲ ਹੀ ‘ਉਂਗਲਾਂ ‘ਤੇ ਗਿਣੇ ਜਾਣ ਵਾਲੇ’ ਗ਼ੈਰ-ਸਿੱਖ ਬਹਾਦਰਾਂ ਨੇ ਵੀ ਆਪਣਾ ਤਿਲ ਫੁੱਲ ਹਿੱਸਾ ਪਾਇਆ ਤਾਂ ਇਸ ‘ਚੋਂ ਇਹ ਸਿੱਟਾ ਕੱਢਣਾ ਕਿ ਗ਼ਦਰ ਲਹਿਰ ਸਿੱਖਾਂ ਦੀ ਲਹਿਰ ਨਹੀਂ ਸੀ, ਸਾਰੇ ਭਾਰਤੀਆਂ ਦੀ ਸਾਂਝੀ ਲਹਿਰ ਸੀ, ਸਿੱਖੀ ਬਾਰੇ ਅਗਿਆਨਤਾ ਪ੍ਰਗਟਾਉਣਾ ਹੈ।

‘ਸਿੱਖ ਪਛਾਣ’ ਬਨਾਮ ‘ਭਾਰਤੀ ਪਛਾਣ’

? ਤੁਹਾਡੇ ਹਿਸਾਬ ਨਾਲ ਤਾਂ ਸਿੱਖਾਂ ਬਾਰੇ ਇਹ ਕਹਿਣਾ ਕਿ ਉਹ ‘ਭਾਰਤੀ ਜਾਂ ਹਿੰਦੁਸਤਾਨੀ ਪਹਿਲਾਂ, ਸਿੱਖ ਪਿੱਛੋਂ ਹਨ’, ਵੀ ਠੀਕ ਤੇ ਉਚਿਤ ਨਹੀਂ ਹੈ ?

ਬਿਲਕੁਲ! ਭਾਰਤ ਜਾਂ ਹਿੰਦੁਸਤਾਨ ਕੀ ਹੈ? ਇਕ ਭੂਗੋਲਿਕ-ਰਾਜਸੀ ਇਕਾਈ (Geo-political entity) ਹੀ ਤਾਂ ਹੈ। ਇਸ ਭੂ-ਖੰਡ ਵਿਚ ਭਾਂਤ ਭਾਂਤ ਦੇ ਲੋਕ ਵੱਸਦੇ ਹਨ, ਜਾਤ-ਅਭਿਮਾਨੀਆਂ ਤੇ ਮਾਨਵ ਦੋਖੀਆਂ ਤੋਂ ਲੈ ਕੇ ਮਜ਼ਲੂਮ ਵਰਗਾਂ ਤੇ ਮਾਨਵ ਪ੍ਰੇਮੀਆਂ ਤਕ। ਇਕ ਸਾਂਝੇ ਭੂ-ਖੰਡ ਤੇ ਇੱਕੋ ਸਾਂਝੇ ਰਾਜ ਦੇ ਵਾਸੀ ਹੋਣ ਤੋਂ ਬਿਨਾਂ ਉਨ੍ਹਾਂ ਵਿਚਕਾਰ ਹੋਰ ਕਿਹੜੀ ਸਾਂਝ ਹੈ ਜਿਸ ਨੂੰ ਬੁਨਿਆਦੀ ਸਾਂਝ ਕਿਹਾ ਜਾ ਸਕਦਾ ਹੋਵੇ? ਅਜਿਹੀ ਕਿਹੜੀ ਸਾਂਝੀ ਗੱਲ ਹੈ ਜਿਸ ਉੱਤੇ ਸਾਰੇ ਦੇਸ ਦੇ ਲੋਕ, ਕੀ ਗ਼ਰੀਬ ਤੇ ਕੀ ਅਮੀਰ, ਕੀ ਸਵਰਨ ਜਾਤੀਏ ਤੇ ਕੀ ਦਲਿਤ, ਇੱਕੋ ਜਿਹਾ ਮਾਣ ਕਰ ਸਕਦੇ ਹਨ? ਇੱਕੋ ਸਾਂਝੇ ਰਾਜ ਦੇ ਨਾਗਰਿਕ ਹੋਣਾ ਇਕ ਇਤਫ਼ਾਕ ਦੀ ਗੱਲ ਹੈ। ਇਹ ਇਤਫ਼ਾਕ ਜੇਕਰ ਕਿਸੇ ਇਕ ਵਰਗ ਲਈ ‘ਵਰ’ ਹੈ ਤਾਂ ਕਿਸੇ ਹੋਰ ਵਰਗ ਜਾਂ ਵਰਗਾਂ ਲਈ ਸਰਾਪ ਵੀ ਤਾਂ ਹੋ ਸਕਦਾ ਹੈ। ਇੱਕੋ ਰਾਜ ਦੇ ਅੰਦਰ ਇਕ ਪਾਸੇ ਉਚੇਚੇ ਹੱਕ-ਹਕੂਕ ਮਾਣਨ ਵਾਲੇ (privileged) ਵਰਗ ਤੇ ਦੂਜੇ ਪਾਸੇ ਇਨ੍ਹਾਂ ਹੱਕ-ਹਕੂਕ ਤੋਂ ਵਿਰਵੇ (underprivileged) ਵਰਗਾਂ ਵਿਚਕਾਰ ਹਿਤਾਂ ਤੇ ਜਜ਼ਬਿਆਂ ਦੀ ਕਿੰਨੀ ਕੁ ਸਾਂਝ ਹੋ ਸਕਦੀ ਹੈ ? ਇਹ ਸਾਂਝ ਬੁਨਿਆਦੀ ਤੇ ਚਿਰ-ਸਥਾਈ ਨਹੀਂ ਹੋ ਸਕਦੀ। ਵਕਤੀ ਤੇ ਡੰਗ-ਟਪਾਊ ਹੀ ਹੋ ਸਕਦੀ ਹੈ। ਇਸ ਆਰਜ਼ੀ ਤੇ ਸੀਮਤ ਸਾਂਝ ਨੂੰ ਚਿਰ-ਸਥਾਈ, ਬੁਨਿਆਦੀ ਤੇ ਸਰਵੋਤਮ ਬਣਾ ਕੇ ਪੇਸ਼ ਕਰਨਾ ਉਚੇਚੇ ਹੱਕ-ਹਕੂਕ ਮਾਣਨ ਵਾਲੇ ਵਰਗ ਦੇ ਪੱਖ ਦੀ ਗੱਲ ਹੈ। ਇਸ ਭਾਰੂ ਵਰਗ ਵੱਲੋਂ ਆਪਣੇ ਆਰਥਿਕ ਤੇ ਰਾਜਸੀ ਸੁਆਰਥ ਵਿੱਚੋਂ, ਸਮਾਜ ਦੇ ਸਾਰੇ ਵਰਗਾਂ ਅੰਦਰ ਇਹ ਸਰਬ-ਸਾਂਝਾ ਜਜ਼ਬਾ ਪੈਦਾ ਕਰਨ ਤੇ ਇਸ ਨੂੰ ਮਜ਼ਬੂਤ ਕਰਨ ਦੇ ਸਿਰਤੋੜ ਯਤਨ ਕੀਤੇ ਜਾਂਦੇ ਹਨ। ਇਸ ਵਰਗ ਦੀ ਸਮੁੱਚੀ ਰਾਜਨੀਤੀ ਇਸ ਧੁਰੇ ਉਦਾਲੇ ਘੁੰਮਦੀ ਹੈ। ਇਸ ਕਰਕੇ ਸਮਾਜ ਦੇ ਦੂਸਰੇ ਵਰਗਾਂ, ਖ਼ਾਸ ਕਰਕੇ ਲਿਤਾੜੇ ਤੇ ਮਜ਼ਲੂਮ ਵਰਗਾਂ ਲਈ, ਆਪਣੇ ਹਿਤਾਂ ਦੀ ਰੱਖਿਆ ਕਰਨ ਵਾਸਤੇ ਲੁਟੇਰੇ ਤੇ ਜਾਬਰ ਵਰਗ ਦੀ ਇਸ ਰਾਜਨੀਤੀ ਨੂੰ ਪਛਾਣਨਾ ਤੇ ਪਛਾੜਨਾ ਜ਼ਰੂਰੀ ਬਣ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਸਾਰੇ ਲੋਕਾਂ ਅੰਦਰ ਇੱਕੋ-ਸਾਂਝੇ ਦੇਸ ਦੇ ਵਾਸੀ ਹੋਣ (ਹਿੰਦੁਸਤਾਨੀਅਤ) ਦਾ ਵਿਚਾਰ ਤੇ ਜਜ਼ਬਾ ਕਦੋਂ ਪੈਦਾ ਹੋਇਆ ਅਤੇ ਇਸ ਦੀ ਪੈਦਾਇਸ਼ ਤੇ ਪਾਲਣ-ਪੋਸਣ ਵਿਚ ਕਿਹੜੇ ਵਰਗ ਜਾਂ ਵਰਗਾਂ ਨੇ ਉਚੇਚੀ ਰੁਚੀ ਤੇ ਉਤਸ਼ਾਹ ਦਿਖਾਇਆ ਅਤੇ ਫਿਰ ਉਨ੍ਹਾਂ ਨੇ ਇਸ ਦੀ ਖੱਟੀ ਕਿਵੇਂ ਖਾਧੀ ? ਹਿੰਦੁਸਤਾਨੀਅਤ (Indianness) ਦੇ ਖ਼ਿਆਲ ਤੇ ਜਜ਼ਬੇ ਦਾ ਆਪਣਾ ਇਕ ਇਤਿਹਾਸ ਹੈ, ਜਿਸ ਦੌਰਾਨ ਕੁਝ ਵਰਗਾਂ ਦੀਆਂ ਤਕਦੀਰਾਂ ਚਮਕੀਆਂ ਤੇ ਕੁਝ ਦੀਆਂ ਤਬਾਹ ਹੋਈਆਂ। ਇਸ ਇਤਿਹਾਸ ਵੱਲੋਂ ਅੱਖਾਂ ਮੀਟ ਲੈਣੀਆਂ ਤੇ ਹਿੰਦੁਸਤਾਨੀਅਤ ਦੇ ਖ਼ਿਆਲ ਤੇ ਜਜ਼ਬੇ ਦੀ ਅੱਖਾਂ ਮੀਚ ਕੇ ਜੈ ਜੈਕਾਰ ਕਰਨੀ, ਭਾਰੂ ਵਰਗ ਦੀ ਰਾਜਨੀਤੀ ਦੇ ਪਿਛਲੱਗ ਤੇ ਢੰਡੋਰਚੀ ਬਣਨਾ ਹੈ। ਇਹੀ ਹੈ ਜੋ ਅਨਮਤੀਏ ਪੂਰੇ ਸ਼ਰਧਾ ਭਾਵ ਨਾਲ ਕਰ ਰਹੇ ਹਨ।

ਸੋਚਣ ਵਾਲੀ ਗੱਲ ਹੈ ਕਿ ਇਕ ਪਾਸੇ ‘ਭਾਰਤੀ ਪਛਾਣ’ ਹੈ ਜਿਹੜੀ ਕਿ ਆਰਜ਼ੀ ਤੇ ਕੰਡੀਸ਼ਨਲ ਹੈ। ਜ਼ਰਾ ਸੋਚੋ ਕਿ ਅੱਜ ਜਿਹੜੇ ਪਾਕਿਸਤਾਨੀ ਹਨ, ਕਿਸੇ ਵੇਲੇ ਉਹ ਵੀ ਹਿੰਦੁਸਤਾਨੀ ਸਨ। ਅੱਜ ਜੋ ਸ੍ਰੀ ਲੰਕੀਏ ਹਨ, ਕਿਸੇ ਵੇਲੇ ਉਹ ਵੀ ਹਿੰਦੁਸਤਾਨੀ ਸਨ। ਇਸ ਕਰਕੇ ਕੀ ਪਤਾ ਹੈ ਜਿਹੜੇ ਅੱਜ ਹਿੰਦੁਸਤਾਨੀ ਹਨ, ਉਹ ਸਾਰੇ ਦੇ ਸਾਰੇ ਕਦੋਂ ਤਕ ‘ਹਿੰਦੁਸਤਾਨੀ’ ਬਣੇ ਰਹਿਣਗੇ। ਵਕਤ ਦਾ ਮਿਜ਼ਾਜ ਬਦਲਦਿਆਂ ਦੇਰ ਨਹੀ ਲਗਦੀ। ਪਤਾ ਨਹੀਂ ਕੱਲ੍ਹ ਨੂੰ ਭਾਰਤ ਦਾ ਨਕਸ਼ਾ ਕੀ ਦਾ ਕੀ ਹੋ ਨਿਬੜੇ ਅਤੇ ਕਿਹੜਾ ਹੋਰ ‘ਭਾਰਤੀ’ ਵਰਗ ਆਪਣੀ ਹੋਣੀ ਦਾ ਕੋਈ ਨਵਾਂ ਸਰੂਪ ਘੜ ਲਵੇ । ਸੋਵੀਅਤ ਰੂਸ ਤੇ ਯੂਗੋਸਲਾਵੀਆ ਦਾ ਹਸ਼ਰ ਸਾਹਮਣੇ ਹੈ। ਰਾਜਾਂ ਦੇ ਅਡੰਬਰ ਸਦੀਵੀ ਕਾਲ ਲਈ ਨਹੀਂ ਰਹਿੰਦੇ।

‘ਭਾਰਤੀ ਪਛਾਣ’ ਦੀ ਤੁਲਨਾ ਵਿਚ ‘ਸਿੱਖ ਪਛਾਣ’ ਇਤਿਹਾਸ ਦਾ ਕੋਈ ਇਤਫ਼ਾਕੀਆ ਵਰਤਾਰਾ ਨਹੀਂ। ਇਹ ਆਰਜ਼ੀ ਨਹੀਂ, ਚਿਰ ਸਦੀਵੀ ਹੈ; ਸ਼ਰਤਬੱਧ (conditional) ਨਹੀਂ, ਸੁਤੰਤਰ ਅਥਵਾ ਨਿਰਪੇਖ (unconditional) ਹੈ। ਇਸ ਨੂੰ ਖ਼ਤਮ ਕਰਨ ਵਾਲੇ ਬਹੁਤ ਆਏ ਤੇ ਚਲੇ ਗਏ, ਬਹੁਤ ਆਉਣਗੇ ਤੇ ਉਹ ਵੀ ਚਲੇ ਜਾਣਗੇ, ਪਰ ਧਰਤੀ ਉੱਤੋਂ ਪੰਥ ਦੀ ਹਸਤੀ ਨੂੰ ਮਲੀਆਮੇਟ ਕਰਨ ਦਾ ਕੋਈ ਵੀ ਯਤਨ ਸਫਲ ਨਹੀਂ ਹੋਵੇਗਾ। ਕਿਉਂਕਿ ਇਹ ਮਨੁੱਖੀ ਰਚਨਾ ਨਹੀਂ, ਇਸ ਕਰਕੇ ਕੋਈ ਮਨੁੱਖ ਜਾਂ ਸਮੂਹ, ਕਿੰਨਾ ਵੀ ਵਿਨਾਸ਼ਕਾਰੀ ਕਿਉਂ ਨਾ ਹੋਵੇ, ਇਸ ਨੂੰ ਖ਼ਤਮ ਨਹੀਂ ਕਰ ਸਕਦਾ। ਇਹ ਦੈਵੀ ਰਚਨਾ ਹੈ ਤੇ ਇਸ ਉੱਤੇ ਦੈਵੀ ਵਿਧਾਨ ਹੀ ਲਾਗੂ ਹੁੰਦਾ ਹੈ। ਇਕ ਪਾਸੇ ‘ਭਾਰਤੀ ਪਛਾਣ’ ਹੈ ਜਿਸ ਵਿਚ ਅਜਿਹੀ ਕੋਈ ਵੀ ਗੱਲ ਨਹੀਂ ਜਿਸ ਉੱਤੇ ਸਮੂਹ ਦੇਸਵਾਸੀ ਬਰਾਬਰ ਇੱਕੋ ਜਿਹਾ ਦਾਅਵਾ ਤੇ ਮਾਣ ਜਤਾ ਸਕਣ। ਦੂਜੇ ਪਾਸੇ ‘ਸਿੱਖ ਪਛਾਣ’ ਹੈ ਜਿਸ ਵਿਚ ਅਜਿਹੀਆਂ ਅਨੇਕਾਂ ਹੀ ਗੱਲਾਂ ਹਨ ਜਿਨ੍ਹਾਂ ਉੱਤੇ ਸਾਰੇ ਸਿੱਖ, ਕੀ ਗ਼ਰੀਬ ਤੇ ਕੀ ਅਮੀਰ, ਬਰਾਬਰ ਇੱਕੋ ਜਿੰਨਾ ਮਾਣ ਕਰ ਸਕਦੇ ਹਨ। ਇਕ ਵਿਚ ਸਮਕਾਲੀ ਰਾਜਸੀ ਸੁਆਰਥ ਦੇ ਅੰਸ਼ ਪ੍ਰਧਾਨ ਹਨ ਤੇ ਇਸ ਦੀ ਉਤਪਤੀ ਦਾ ਆਧਾਰ ਦੁਨਿਆਵੀ ਚੇਤਨਾ ਏ। ਦੂਜੀ ਦਾ ਦਾਰਸ਼ਨਿਕ ਆਧਾਰ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ ਤੇ ਇਸ ਦੀ ਉਤਪਤੀ ਦਾ ਵਰਤਾਰਾ ਦੈਵੀ ਏ। ਤੁਸੀਂ ਆਪ ਹੀ ਨਿਰਣਾ ਕਰ ਲਵੋ, ਦੋਵਾਂ ਵਿੱਚੋਂ ਕਿਹੜੀ ਪਛਾਣ ਅੱਵਲ ਅਥਵਾ ਉੱਤਮ ਏ। ਸਿੱਖ ਦਾ ‘ਸਿੱਖ’ ਹੋਣਾ ਵੱਡੇ ਭਾਗ ਵਾਲੀ ਗੱਲ ਏ, ਜਦ ਕਿ ਉਸ ਦਾ ‘ਭਾਰਤੀ’ ਹੋਣਾ ਮਹਿਜ਼ ਇਤਫ਼ਾਕ ਦੀ ਗੱਲ ਏ।

ਸਿੱਖੀ ਤੇ ਰਾਸ਼ਟਰਵਾਦ

ਇਸ ਮਸਲੇ ਦਾ ਇਕ ਹੋਰ ਪੱਖ ਵੀ ਐ। ਜਿਹੜਾ ਸਿੱਖ, ਸਿੱਖੀ ਦੇ ਮੁਕਾਬਲੇ ਹਿੰਦੁਸਤਾਨੀਅਤ ਨੂੰ ਅੱਵਲ ਅਥਵਾ ਉੱਤਮ ਮੰਨਦਾ ਏ, ਇਕ ਹਿਸਾਬ ਨਾਲ ਉਹ ਸਿੱਖ ਧਰਮ ਤੋਂ ਬੇਮੁਖਤਾ ਦਾ ਪ੍ਰਗਟਾਵਾ ਕਰਦਾ ਏ। ਕਿਉਂਕਿ ‘ਭਾਰਤੀ ਪਛਾਣ’ ਨੂੰ ਅੱਵਲ ਦਰਜੇ ‘ਤੇ ਰੱਖਣ ਦਾ ਮਤਲਬ ਭਾਰਤੀ ਰਾਸ਼ਟਰਵਾਦ ਨਾਲ ਵਚਨਬੱਧਤਾ ਪ੍ਰਗਟਾਉਣਾ ਏ। ਰਾਸ਼ਟਰਵਾਦ ਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਵਿਚਕਾਰ ਬੁਨਿਆਦੀ ਅੰਤਰ- ਵਿਰੋਧ ਏ। ਰਾਸ਼ਟਰਵਾਦ ਦਾ ਮਤਲਬ ਇਕ ਵਿਸ਼ੇਸ਼ ਰਾਸ਼ਟਰ ਜਾਂ ਕੌਮ ਦੇ ਹਿਤਾਂ ਨੂੰ ਪ੍ਰਮੁੱਖ ਰੱਖਣਾ ਏ, ਜਦੋਂ ਕਿ ਸਿੱਖ ਧਰਮ ਦਾ ਉਦੇਸ਼ ਇਸ ਨਾਲੋਂ ਕਿਤੇ ਵੱਡਾ ਤੇ ਵਿਆਪਕ ਹੈ। ਸਿੱਖ ਧਰਮ ਦਾ ਉਦੇਸ਼ ਮਾਨਵਤਾ ਦੇ ਇਕ ਵਰਗ ਦਾ ਨਹੀਂ, ਸਮੂਹ ਮਾਨਵਤਾ ਦਾ ਭਲਾ ਚਿਤਵਣਾ ਤੇ ਇਸ ਦੇ ਲਈ ਯਤਨਸ਼ੀਲ ਹੋਣਾ ਏ। ਪ੍ਰੋ. ਪੂਰਨ ਸਿੰਘ ਨੇ ਸਿੱਖ ਧਰਮ ਦੇ ਕਲਿਆਣਕਾਰੀ ਖ਼ਾਸੇ ਤੇ ਉਦੇਸ਼ਾਂ ਦੇ ਦਾਰਸ਼ਨਿਕ ਆਧਾਰ ਦੀ ਵਿਆਖਿਆ ਕਰਦਿਆਂ ਕਿਹਾ ਏ : ‘ਜਦੋਂ ਕੋਈ ਧਰਮ ਸਰਬ-ਵਿਆਪਕ ਤੇ ਸਦੀਵੀ ਰਹਿਣ ਵਾਲੇ ਸਤਿ ਨੂੰ ਆਧਾਰ ਬਣਾ ਕੇ ਚੱਲਦਾ ਹੈ, ਤਾਂ ਨਾ ਕੇਵਲ ਇਹ ਮਾਨਵ-ਮਾਤਰ ਦਾ ਹੀ, ਸਗੋਂ ਸਰਬ-ਸ਼ਟੀ ਦੇ ਹਰ ਜੀਵ-ਜੰਤੂ ਤੇ ਇਥੋਂ ਤਕ ਕਿ ਪ੍ਰਕਿਰਤੀ ਦੇ ਕਣ ਕਣ ਤੇ ਹਰ ਵਣ-ਤ੍ਰਿਣ ਦਾ ਕਲਿਆਣਕਾਰੀ ਸ੍ਰੋਤ ਹੋ ਨਿਬੜਦਾ ਹੈ। ਸਿੱਖ ਧਰਮ ਦੀ ਇਸ ਬ੍ਰਹਿਮੰਡੀ ਸੋਚ ਨੂੰ ਬਾਬਾ ਭਕਨਾ ਨੇ ਪ੍ਰਿੰ. ਬਜਾਜ ਨਾਲ ਗੱਲਬਾਤ ਦੌਰਾਨ ਇਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ ਹੈ: ‘ਅਸਲੀ ਆਸਤਕ ਸਮਝਦਾ ਹੈ ਕਿ ਇਹ ਸੰਸਾਰ “ਹਰਿ ਕਾ ਰੂਪ ਹੈ”। ਆਤਮਾ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਵਿਚ ਵਿਦਮਾਨ ਹੈ। ਸਾਰੀ ਦੁਨੀਆਂ ਮੇਰਾ ਘਰ ਹੈ, ਸਾਰੇ ਜੀਵ-ਜੰਤੂ ਮੇਰੇ ਭਰਾ ਤੇ ਸਾਥੀ ਹਨ। 56 ‘ਰਾਸ਼ਟਰਵਾਦ’ ਵਿਅਕਤੀਆਂ ਅੰਦਰ ‘ਆਪਣੇ ਦੇਸ’ ਨੂੰ ਪਿਆਰ ਕਰਨ ਤੇ ਇਸ ਵਾਸਤੇ ਜਾਨ ਕੁਰਬਾਨ ਕਰ ਦੇਣ ਦੀ ਸਪਿਰਟ ਤਾਂ ਪੈਦਾ ਕਰ ਸਕਦਾ ਏ, ਪਰ ਇਹ ਕਿਸੇ ਖ਼ਾਸ ਦੇਸ ਦੀ ਬਜਾਇ ‘ਸਾਰੀ ਦੁਨੀਆਂ ਨੂੰ ਆਪਣਾ ਘਰ’ ਸਮਝਣ ਅਤੇ ‘ਸਾਰੀ ਮਾਨਸ ਜਾਤੀ’ ਤੋਂ ਵੀ ਅਗਾਂਹ, ਜੀਵ-ਜੰਤੂਆਂ ਤਕ ਨੂੰ ਆਪਣੇ ‘ਭਰਾ ਤੇ ਸਾਥੀ’ ਸਮਝਣ ਵਾਲੀ ਦ੍ਰਿਸ਼ਟੀ ਪੈਦਾ ਨਹੀਂ ਕਰ ਸਕਦਾ। ਇਸ ਤੋਂ ਤੁਸੀਂ ਆਪ ਅਨੁਮਾਨ ਲਾ ਲਵੋ ਕਿ ਸਿੱਖੀ ਤੇ ਰਾਸ਼ਟਰਵਾਦ ਵਿੱਚੋਂ ਕਿਹੜੀ ਵਿਚਾਰਧਾਰਾ ਉੱਤਮ ਹੈ? ਸਿੱਖ ਨੂੰ ਰਾਸ਼ਟਰਵਾਦੀ ਬਣਨ ਲਈ ਸਿੱਖ ਧਰਮ ਦੇ ਉੱਚੇ ਸੁੱਚੇ ਆਦਰਸ਼ਾਂ ਨੂੰ ਛਾਂਗ ਤਰਾਸ਼ ਕੇ ਛੋਟੇ, ਅਥਵਾ ਰਾਸ਼ਟਰਵਾਦ ਦੇ ਮੇਚ ਦੇ ਕਰਨਾ ਪੈਂਦਾ ਏ। ਇਹ ਸਿੱਖੀ ਦੀ ਰੂਹ ਨੂੰ ਕਤਲ ਕਰਨਾ ਏ। ਇਸ ਕਰਕੇ ਸਿੱਖ ਨੂੰ ਰਾਸ਼ਟਰਵਾਦੀ ਬਣਨ ਲਈ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਉਹ ਜਾਂ ਤਾਂ ਸੱਚਾ ਸਿੱਖ ਹੋ ਸਕਦਾ ਏ, ਤੇ ਜਾਂ ਰਾਸ਼ਟਰਵਾਦੀ ਹੋ ਸਕਦੈ। ਇੱਕੋ ਵੇਲੇ ਦੋਨੋਂ ਗੱਲਾਂ ਨਹੀਂ ਪੁੱਗ ਸਕਦੀਆਂ। ਜਦੋਂ ਕਿ ਕਿਸੇ ਹਿੰਦੂ ਲਈ ਅਜਿਹਾ ਕੋਈ ਸੰਕਟ ਪੈਦਾ ਨਹੀਂ ਹੁੰਦਾ । ਉਹ ਇੱਕੋ ਮੌਕੇ ਆਸਾਨੀ ਨਾਲ ਦੋਨੋਂ, ਸੱਚਾ ਹਿੰਦੁ ਤੇ ਸੱਚਾ ਰਾਸ਼ਟਰਵਾਦੀ, ਹੋ ਸਕਦੈ। ਜਿਥੇ ‘ਸਿੱਖ ਪਛਾਣ’ ਤੇ ‘ਭਾਰਤੀ ਪਛਾਣ’ ਵਿਚਕਾਰ ਬੁਨਿਆਦੀ ਅੰਤਰ-ਵਿਰੋਧ ਹੈ, ਉਥੇ ‘ਹਿੰਦੂ ਪਛਾਣ’ ਤੇ ‘ਭਾਰਤੀ ਪਛਾਣ’ ਵਿਚ ਇਸ ਤਰ੍ਹਾਂ ਦਾ ਕੋਈ ਬੁਨਿਆਦੀ ਅੰਤਰ-ਵਿਰੋਧ ਨਹੀਂ। ਦੋਨੋਂ ਇਕ ਦੂਜੇ ਵਿਚ ਆਰਾਮ ਨਾਲ ਸਮਾਅ ਸਕਦੇ ਹਨ। ਹਿੰਦੂਵਾਦ ਤੇ ਰਾਸ਼ਟਰੀ ਜਜ਼ਬਾ, ਦੋਵੇਂ ਇਕ ਦੂਜੇ ਦੇ ਪੂਰਕ ਹਨ, ਇਕ ਦੂਜੇ ਨੂੰ ਤਾਕਤ ਬਖ਼ਸ਼ਦੇ ਹਨ। ਵਰਣ-ਆਸ਼ਰਮ ਧਰਮ ਹਿੰਦੂ ਮੱਤ ਦਾ ਕੇਂਦਰੀ ਅਸੂਲ ਤੇ ਹਿੰਦੂ ਸਮਾਜ ਦੀ ਚੂਲ ਹੈ। ਜਾਤ-ਪਾਤੀ ਵਿਚਾਰਧਾਰਾ ਆਪਣੇ ਮੂਲ ਖ਼ਾਸੇ ਪੱਖੋਂ ਹੀ ਮਾਨਵ ਦੋਖੀ ਹੈ। ਇਸ ਕਰਕੇ ਕੋਈ ਹਿੰਦੂ ਆਪਣੀ ਹਿੰਦੂ ਹਸਤੀ ਕਾਇਮ ਰੱਖਦਾ ਹੋਇਆ ਸੱਚੇ ਅਰਥਾਂ ਵਿਚ ਮਾਨਵਵਾਦੀ ਨਹੀਂ ਹੋ ਸਕਦਾ । ਡਾ. ਭੀਮ ਰਾਓ ਅੰਬੇਦਕਰ ਨੇ ਇਸ ਦੀ ਭਰਪੂਰ ਵਿਆਖਿਆ ਕੀਤੀ ਹੈ। ਜਾਤ-ਪਾਤੀ ਪ੍ਰਥਾ ਹਜ਼ਾਰਾਂ ਸਾਲਾਂ ਤਕ ਚੱਲਦੀ ਰਹੀ, ਪਰ ਹਿੰਦੂ ਜ਼ਮੀਰ ਲਈ ਕੋਈ ਸੰਕਟ ਖੜਾ ਨਾ ਹੋਇਆ । ਕਿਉਂ ? ਡਾ. ਅੰਬੇਦਕਰ ਨੇ ਇਸ ਸੁਆਲ ਦਾ ਜੁਆਬ ਇਕ ਥਾਂ ਨਹੀਂ, ਅਨੇਕਾਂ ਥਾਵਾਂ ‘ਤੇ ਦਿੱਤਾ ਏ । ਡਾ. ਅੰਬੇਦਕਰ ਦੇ ਜੁਆਬ ਦੀ ਰੋਸ਼ਨੀ ਵਿਚ ਅਜੋਕੀਆਂ ਹਾਲਤਾਂ ਵਿਚ ਹਿੰਦੂ ਸਮਾਜ ਦੇ ਵਤੀਰੇ ਦੀ ਪੂਰੀ ਠੀਕ ਸਮਝ ਪੈਂਦੀ ਏ ਕਿ ਰਾਸ਼ਟਰਵਾਦ ਦੇ ਨਾਂ ‘ਤੇ ਕੀਤਾ ਜਾਣ ਵਾਲਾ ਕੋਈ ਵੀ ਘਿਨਾਉਣਾ ਅਣਮਨੁੱਖੀ ਕਾਰਾ ਹਿੰਦੂ ਮੱਧ ਵਰਗ ਲਈ ਕੋਈ ਵੱਡਾ ਨੈਤਿਕ ਸੰਕਟ ਕਿਉਂ ਨਹੀਂ ਖੜਾ ਕਰਦਾ ? ਰਾਸ਼ਟਰਵਾਦ ਦੇ ਨਾਂ ‘ਤੇ ਹਿੰਦੂ ਸਮਾਜ ਭੈੜੇ ਤੋਂ ਭੈੜੇ ਮਨੁੱਖੀ ਕਤਲੇਆਮਾਂ ਨੂੰ ਬੜੇ ਆਰਾਮ ਨਾਲ ਜਰ ਲੈਂਦਾ ਹੈ। ਨਵੰਬਰ 1984, ਦਸੰਬਰ 1992 (ਬੰਬਈ) ਤੇ ਮਾਰਚ 2002 (ਗੁਜਰਾਤ) ਦੀਆਂ ਮਿਸਾਲਾਂ ਸਾਹਮਣੇ ਹਨ। ਇਸ ਤਰ੍ਹਾਂ ਭਾਰਤ ਅੰਦਰ ਵੱਡਾ ਬਹੁਗਿਣਤੀ ਵਰਗ ਹੋਣ ਕਰਕੇ ਹਿੰਦੂ ਭਾਈਚਾਰਾ ਦੂਸਰੇ ਘੱਟ-ਗਿਣਤੀ ਭਾਈਚਾਰਿਆਂ-ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ – ਦੀ ਤੁਲਨਾ ਵਿਚ ਬੇਹੱਦ ਲਾਹੇਵੰਦੀ ਸਥਿਤੀ ਵਿਚ ਏ। ਉਹ ਇੱਕੋ ਮੌਕੇ ਆਪਣਾ ਧਾਰਮਿਕ ਤੇ ਰਾਸ਼ਟਰੀ ਫ਼ਰਜ਼ ਬਿਨਾਂ ਕਿਸੇ ਤਣਾਅ ਦੇ ਨਿਭਾਅ ਸਕਦਾ ਏ, ਜਦਕਿ ਘੱਟ-ਗਿਣਤੀ ਭਾਈਚਾਰਿਆਂ ਸਾਹਮਣੇ ਹਮੇਸ਼ਾ ਆਪਣੇ ਧਾਰਮਿਕ ਤੇ ਰਾਸ਼ਟਰੀ ਫ਼ਰਜ਼ ਵਿੱਚੋਂ ਕਿਸੇ ਇਕ ਦੀ ਚੋਣ ਕਰਨ ਦਾ ਧਰਮ ਸੰਕਟ ਖੜਾ ਹੋ ਜਾਂਦਾ ਹੈ । ਰਾਸ਼ਟਰੀ ਫ਼ਰਜ਼ ਨਿਭਾਉਣ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਹੱਦ ਤਕ, ਅਤੇ ਕਿਸੇ ਨਾ ਕਿਸੇ ਸ਼ਕਲ ਵਿਚ, ਆਪਣੇ ਧਰਮ ਦੀ ਹਾਨੀ ਤੇ ਹੱਤਕ ਝੱਲਣੀ ਪੈਂਦੀ ਏ। ਦਸੰਬਰ 1992 ਵਿਚ ਹਿੰਦੂ ਕੱਟੜਪੰਥੀਆਂ ਵੱਲੋਂ ਆਪਣੀ ਬਹੁਗਿਣਤੀ ਤੇ ਦੋਸਤਾਨਾ ਭਾਰਤੀ ਰਾਜ (friendly state) ਦੇ ਬਲਬੂਤੇ ਧੱਕੇਸ਼ਾਹੀ ਨਾਲ ਬਾਬਰੀ ਮਸਜਿਦ ਗਿਰਾ ਦਿੱਤੀ ਜਾਣ ਤੋਂ ਬਾਅਦ ਸਟਾਨਲੇ ਜੇ. ਟੈਂਬੀਆ ਨਾਂ ਦੇ ਵਿਦਵਾਨ ਨੇ, ਆਪਣੇ ਇਕ भग्भि लेख (Hindu Nationalism: The Ayodhya campaign and the Babri Masjid) ਵਿਚ ‘Indianness’ ਤੇ ‘ਹਿੰਦੂਇਜ਼ਮ’ ਵਿਚਕਾਰ ਇਕਸੁਰਤਾ ਦਰਸਾਉਂਦੇ ਹੋਏ ਲਿਖਿਆ ਸੀ, ਕਿ ‘ਭਾਰਤ’ ਦੀ ਧਾਰਨਾ ਅੰਦਰ, ਆਪਣੇ ਆਪ ਵਿਚ ਹੀ ਹਿੰਦੂਵਾਦ ਦਾ ਅੰਸ਼ ਵਿਦਮਾਨ ਹੈ। ਹਿੰਦੁਵਾਦ ਆਪਣੀਆਂ ਇੱਛਾਵਾਂ ਪੱਖੋਂ ਸਮਗਰਤਾਵਾਦੀ (totalitarian) ਹੈ। ਇਹ ਸਮੁੱਚ ਭਾਰਤੀ ਜਗਤ-ਮੰਡਲ (Indian cosmology) ਉੱਤੇ ਪੂਰਨ ਗ਼ਲਬਾ ਸਥਾਪਤ ਕਰਨਾ ਚਾਹੁੰਦਾ ਹੈ। ਹਿੰਦੂ, ਦੇਸ ਅੰਦਰਲੀਆਂ ਘੱਟ-ਗਿਣਤੀਆਂ ਦਾ ਜਿਸਮਾਨੀ ਅਰਥਾਂ ਵਿਚ ਤਾਂ ਖ਼ਾਤਮਾ ਨਹੀਂ ਕਰਨਾ ਚਾਹੁੰਦੇ, ਪਰ ਉਹ ਉਨ੍ਹਾਂ (ਘੱਟ- ਗਿਣਤੀਆਂ) ਨੂੰ ਆਪਣੀਆਂ ਸ਼ਰਤਾਂ ਉੱਤੇ ਜਿਉਣ ਲਈ ਮਜਬੂਰ ਕਰਦੇ ਹਨ। ‘Indianness’ (ਹਿੰਦੁਸਤਾਨੀਅਤ) ਦਾ ਸੰਕਲਪ ਮੁਸਲਮਾਨਾਂ ਨੂੰ ਨਿਕਦਰੇ ਕਰਦਾ ਹੈ। ਮੁਸਲਮਾਨਾਂ ਨੂੰ ਭਾਰਤੀ ਕੌਮ ਵਿਚ ਉਦੋਂ ਹੀ ਸ਼ਾਮਲ ਕੀਤਾ ਜਾਵੇਗਾ ਜਦੋਂ ਉਹ ਹਿੰਦੂ ਮਿਆਰਾਂ ਮੁਤਾਬਕ ਢਲ ਜਾਣਗੇ, ਜਦੋਂ ਉਹ ਹਿੰਦੂਆਂ ਵਾਲੇ ਗੁਣ ਧਾਰਨ ਕਰ ਲੈਣਗੇ। ਸੋ ਇਸ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ‘ਭਾਰਤੀ ਪਹਿਲਾਂ, ਸਿੱਖ ਪਿੱਛੋਂ ਦੀ ਘਸੀ- ਪਿਟੀ ਧਾਰਨਾ ਸਿੱਖਾਂ ਲਈ ਕੋਈ ਨੈਤਿਕ ਮਾਅਨੇ ਨਹੀਂ ਰੱਖਦੀ। ਇਹ ਬਹੁਗਿਣਤੀ (ਹਿੰਦੂ) ਵਰਗ ਦਾ ਸਿਧਾਂਤਕ ਹਥਿਆਰ ਹੈ ਜਿਸ ਨਾਲ ਉਹ ਘੱਟ-ਗਿਣਤੀ ਭਾਈਚਾਰਿਆਂ ਨੂੰ ਆਪਣੀ ਸ਼ਰਨ ਵਿਚ ਆਉਣ ਲਈ ਮਜਬੂਰ ਕਰਦੇ ਹਨ। ਨਨਕਾਣਾ ਸਾਹਿਬ ਦੇ ਸਾਕੈ ਉਪਰੰਤ ਗਾਂਧੀ ਨੇ ਸਿੱਖਾਂ ਨੂੰ ਭੇਜੇ ਸ਼ੋਕ ਸੁਨੇਹੇ ਵਿਚ, ਆਪਣੇ ਵੱਲੋਂ ਬੜੀ ਚਲਾਕੀ ਨਾਲ ਉਨ੍ਹਾਂ ਨੂੰ ਆਪਣੇ ਧਾਰਮਿਕ ਸਰੋਕਾਰਾਂ ਨੂੰ ਦੇਸ਼ ਦੇ ਵੱਡੇ ਹਿਤਾਂ ਦੇ ਮਤਾਹਿਤ ਰੱਖਣ ਦੀ ਨਸੀਹਤ ਦਿੱਤੀ ਸੀ। ਸਿੱਖਾਂ ਹਿਤਾਂ ਦੀ ਤਰਜਮਾਨੀ ਕਰਦੇ ਅਕਾਲੀ ਅਖ਼ਬਾਰ (13 ਮਾਰਚ 1921) ਨੇ ਇਸ ਦਾ ਠੋਕਵਾਂ ਜੁਆਬ ਇਸ ਤਰ੍ਹਾਂ ਦਿੱਤਾ ਸੀ: ‘ਜਿਨ੍ਹਾਂ ਸ਼ਬਦਾਂ ਦੁਆਰਾ ਗਾਂਧੀ ਜੀ ਨੇ ਸਾਡੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ, ਉਨ੍ਹਾਂ ਲਈ ਅਸੀਂ ਅਤਿ ਧੰਨਵਾਦੀ ਹਾਂ ਪਰੰਤੂ ਅਸੀਂ ਇਸ ਮਾਮਲੇ ਨੂੰ ਕੇਵਲ ਹਿੰਦੁਸਤਾਨੀ ਕੌਮੀਅਤ ਦੀ ਦ੍ਰਿਸ਼ਟੀ ਨਾਲ ਹੀ ਨਹੀਂ ਦੇਖ ਸਕਦੇ। ਸਾਡੇ ਸਾਹਮਣੇ ਇਹ ਧਾਰਮਿਕ ਸਵਾਲ ਹੈ ਅਰ ਧਰਮ ਦੇ ਅੱਗੇ ਅਸੀਂ ਮੁਲਕੀ ਕੌਮੀਅਤ ਨੂੰ ਵਡਿਆਈ ਨਹੀਂ ਦੇ ਸਕਦੇ।’ ਦੇਸ਼ਭਗਤੀ ਤੇ ਰਾਸ਼ਟਰਵਾਦ ਬਾਰੇ ਸਿੱਖਾਂ ਦੀ ਸਿਧਾਂਤਕ ਪੋਜ਼ੀਸ਼ਨ ਦੀ ਇਸ ਨਾਲੋਂ ਬਿਹਤਰ ਵਿਆਖਿਆ ਹੋਰ ਕੋਈ ਨਹੀਂ ਹੋ ਸਕਦੀ। ਹਿੰਦੂਆਂ ਤੇ ਸਿੱਖਾਂ ਦੀ ਬਾਹਰਮੁਖੀ ਸਥਿਤੀ ਵਿਚ ਬੁਨਿਆਦੀ ਅੰਤਰ ਦਾ ਪਰਛਾਵਾਂ ਖੱਬੇ ਪੱਖੀ ਲਹਿਰ ਉੱਤੇ ਵੀ ਪੈਂਦਾ ਹੈ। ਖੱਬੇ ਪੱਖੀ ਲਹਿਰ ਅੰਦਰਲੇ ਸਵਰਨ ਜਾਤੀ ਹਿੰਦੂ ਅਨਸਰ ਸਿੱਖਾਂ ਨਾਲੋਂ ਕਿਤੇ ਲਾਹੇਵੰਦੀ ਹਾਲਤ ਵਿਚ ਹਨ। ਕਿਸੇ ਸਿੱਖ ਨੂੰ ਖੱਬੇ ਪੱਖੀ ਬਣਨ ਲਈ ਜਿਥੇ ਆਪਣੀ ਸਿੱਖ ਪਛਾਣ ਤੋਂ ਮੁਨਕਰ ਤੇ ਬੇਮੁਖ ਹੋਣਾ ਜ਼ਰੂਰੀ ਹੈ, ਉਥੇ ਕੋਈ ਹਿੰਦੂ ਬੜੀ ਸੌਖ ਨਾਲ ‘ਭਾਰਤੀ ਪਛਾਣ’ ਦੇ ਰੂਪ ਵਿਚ ਆਪਣੀ ‘ਹਿੰਦੂ ਪਛਾਣ ਬਣਾ ਕੇ ਤੇ ਛੁਪਾ ਕੇ ਰੱਖ ਸਕਦਾ ਏ ਤੇ ਪੂਰੀ ਸ਼ਾਨ ਨਾਲ ਆਪਣੇ ਆਪ ਨੂੰ ਖੱਬੇ ਪੱਖੀ ਵੀ ਅਖਵਾ ਸਕਦਾ ਏ। ਕੋਈ ਹਿੰਦੂ ਕਮਿਊਨਿਸਟ ਸਿੱਖ ਵਿਰੋਧੀ ਫ਼ਿਰਕੂ ਮਾਨਸਿਕਤਾ ਰੱਖਦਾ ਹੋਇਆ ਵੀ ਆਪਣੀ ਖੱਬੇ ਪੱਖੀ ਹਸਤੀ ਕਾਇਮ ਰੱਖ ਸਕਦਾ ਹੈ। ਇਸ ਦੀਆਂ ਅਨੇਕਾਂ ਠੋਸ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਥੋਂ ਤਕ ਕਿ ਮੌਜੂਦਾ ‘ਦੇਸ਼ਭਗਤ ਯਾਦਗਾਰ ਕਮੇਟੀ (ਜਲੰਧਰ) ਦੇ ਮੈਂਬਰਾਂ ਵਿੱਚੋਂ ਵੀ ਇਸ ਦੀ ਉਦਾਹਰਣ ਮਿਲ ਸਕਦੀ ਏ। ਪਰ ਅਸੀਂ ਇਥੇ ਇਸ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੇ।

? ਪ੍ਰਸਿੱਧ ਇਤਿਹਾਸਕਾਰ ਡਾ. ਜੇ.ਐਸ. ਗਰੇਵਾਲ ਨੇ ਇਕ ਜਗ੍ਹਾ ਲਿਖਿਆ ਹੈ ਕਿ ਗ਼ਦਰੀਆਂ ਨੇ ਲੜਨ ਦੀ ਪ੍ਰੇਰਨਾ ਤਾਂ ਭਲੇ ਹੀ ਸਿੱਖ ਧਰਮ ਕੋਲੋਂ ਲਈ ਸੀ, ਪਰ ਉਨ੍ਹਾਂ ਦੀ ਰਾਜਨੀਤੀ ਦਾ ਮਨੋਰਥ ਸਾਰੇ ਦੇਸ ਨੂੰ ਆਜ਼ਾਦ ਕਰਾਉਣਾ ਸੀ। ਇਸ ਵਿੱਚੋਂ ਇਹ ਸਪੱਸ਼ਟ ਪ੍ਰਭਾਵ ਮਿਲਦਾ ਏ ਕਿ ਡਾ. ਗਰੇਵਾਲ ਦੀਆਂ ਨਜ਼ਰਾਂ ਵਿਚ ਧਰਮ ਦਾ ਰੁਤਬਾ ਛੋਟਾ ਤੇ ਦੇਸ ਦਾ ਵੱਡਾ ਏ। ਇਸ ਬਾਰੇ ਤੁਹਾਡਾ ਵਿਚਾਰ ਕੀ ਐ ?

ਇਹ ਇਕੱਲੇ ਡਾ. ਗਰੇਵਾਲ ਦੇ ਵਿਚਾਰ ਨਹੀਂ ਹਨ। ਧਰਮ ਨਿਰਪੱਖਤਾ ਦੇ ਆਧੁਨਿਕ ਸੰਕਲਪ ਵਿਚ ਸ਼ਰਧਾ ਰੱਖਣ ਵਾਲੇ ਸਾਰੇ ਆਧੁਨਿਕ ਵਿਦਵਾਨਾਂ ਦੀ ਇਹ ਸੋਚ ਜਾਂ ਮਰਜ਼, ਸਰਬ-ਸਾਂਝੀ ਹੈ। ਉਨ੍ਹਾਂ ਨੂੰ ਸਿੱਖ ਧਰਮ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨਾਲੋਂ ਦੇਸ਼ ਦੀ ਆਜ਼ਾਦੀ ਦਾ ਆਦਰਸ਼ ਵੱਡਾ ਤੇ ਵੱਧ ਪਵਿੱਤਰ ਲੱਗਦਾ ਏ। ਏਨਾ ਫ਼ਰਕ ਜ਼ਰੂਰ ਹੈ ਕਿ ਡਾ. ਗਰੇਵਾਲ ਇਹ ਗ਼ਲਤੀ ਨਾ-ਸਮਝੀ (innocence) ‘ਚੋਂ ਪਰ ਸਿੱਖਾਂ ਪ੍ਰਤਿ ਨੇਕ ਭਾਵਨਾ ‘ਚੋਂ ਕਰਦੇ ਹਨ, ਜਦ ਕਿ ਖੱਬੇ ਪੱਖੀ ਵਿਦਵਾਨ, ਸਿੱਖ ਹੋਣ ਜਾਂ ਹਿੰਦੂ, ਇਹ ਕੁਕਰਮ ਆਪਣੀ ਸਿੱਖ ਵਿਰੋਧੀ ਮਾਨਸਿਕਤਾ ‘ਚੋਂ, ਮੰਦਭਾਵਨਾ ਨਾਲ ਕਰਦੇ ਹਨ। ਖ਼ੈਰ, ਇਸ ਬਾਰੇ ਚੋਖੀ ਚਰਚਾ ਹੋ ਚੁੱਕੀ ਐ। ਇਸ ਸੋਚ ਦੀਆਂ ਜੜ੍ਹਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲੋ-ਨਾਲ, ਆਪਾਂ ਇਸ ਦੇ ਘਾਤਕ ਅਸਰਾਂ ਤੇ ਨਤੀਜਿਆਂ, ਖ਼ਾਸ ਕਰਕੇ ਇਸ ਦੇ ਦੇਸ ਦੀਆਂ ਘੱਟ-ਗਿਣਤੀ ਭਾਈਚਾਰਿਆਂ ਦੀ ਹੋਣੀ ਉੱਤੇ ਪੈਣ ਵਾਲੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਜਿੰਨੀ ਗੱਲ ਕਰ ਚੁੱਕੇ ਹਾਂ, ਉਸ ਤੋਂ ਅੱਗੇ ਹੋਰ ਕੁਝ ਕਹਿਣ ਦੀ ਲੋੜ ਬਾਕੀ ਨਹੀਂ ਰਹੀ।

? ਤੁਸੀਂ ਸਿੱਖੀ ਤੇ ਇਸ ਨਾਲ ਜੋੜ ਕੇ ਗ਼ਦਰੀ ਬਾਬਿਆਂ ਦੀ ਜੋ ਵਿਆਖਿਆ ਕੀਤੀ ਐ, ਉਸ ‘ਚੋਂ ਬਾਬਿਆਂ ਦਾ ਬਹੁਤ ਵੱਡਾ ਬਿੰਬ ਉਭਰਦਾ ਏ। ਪਰ ਪੰਜਾਬ ਦੇ ਖੱਬੇ ਪੱਖੀਆਂ ਨੇ ਪੂਰਾ ਰੌਲਾ ਪਾ ਰੱਖਿਐ ਕਿ ਤੁਸੀਂ ਗ਼ਦਰੀ ਬਾਬਿਆਂ ਨੂੰ ‘ਸਿੱਖ’ ਸਾਬਤ ਕਰ ਕੇ ਉਨ੍ਹਾਂ ਦੀ ਕਦਰ ਘਟਾ ਰਹੇ ਹੋ, ਉਨ੍ਹਾਂ ਦੀ ‘ਵਸੀਹ ਸੋਚ ਦੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਰਹੇ ਹੋ। ਇਸ ਦੀ ਕੀ ਵਜ੍ਹਾ ਹੈ ?

ਵਜ੍ਹਾ ਅਗਿਆਨਤਾ ਏ। ਪੰਜਾਬ ਦੇ ਖੱਬੇ ਪੱਖੀਆਂ ਦੀ ਸਿੱਖ ਧਰਮ ਬਾਰੇ ਸੂਝ ਬੂਝ ਬੇਹੱਦ ਸਤਹੀ ਤੇ ਕੱਚ ਘਰੜ ਹੈ। ਪਰ ਘੋਰ ਅਗਿਆਨੀ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਇਸ ਕਮਜ਼ੋਰੀ ਤੇ ਸੀਮਤਾਈ ਦਾ ਅਹਿਸਾਸ ਨਹੀਂ। ਕਿਉਂਕਿ ਅਜਿਹੇ ਅਹਿਸਾਸ ਵਾਸਤੇ ਵੀ ਅਕਲ ਚਾਹੀਦੀ ਹੈ। ਪ੍ਰੋ. ਰਣਧੀਰ ਸਿੰਘ (ਦਿੱਲੀ) ਇਕ-ਮਾਤਰ ਖੱਬੇ ਪੱਖੀ ਚਿੰਤਕ ਹਨ ਜਿਨ੍ਹਾਂ ਨੇ ਇਕ ਸੈਮੀਨਾਰ ਅੰਦਰ ਪੰਜਾਬ ਦੇ ਰਾਜਸੀ ਘਟਨਾ-ਕ੍ਰਮ ਬਾਰੇ ਬੋਲਦੇ ਹੋਏ ਆਪਣੀ ਇਹ ਸੀਮਤਾਈ ਨਿਝੱਕ ਕਬੂਲ ਕਰ ਲਈ ਸੀ ਕਿ ‘ਮੈਨੂੰ ਸਿੱਖ ਧਰਮ ਬਾਰੇ ਬਹੁਤੀ ਜਾਣਕਾਰੀ ਨਹੀਂ ।’ ਪੰਜਾਬ ਦੇ ਬਾਕੀ ਖੱਬੇ ਪੱਖੀ ਲਾਣੇ ਵਿਚ ਨਾ ਪ੍ਰੋ. ਸਾਹਿਬ ਵਰਗੀ ਬੌਧਿਕ ਲਿਆਕਤ ਹੈ ਤੇ ਨਾ ਨੈਤਿਕ ਦਲੇਰੀ। ਉਨ੍ਹਾਂ ਦੇ ਸਮੁੱਚੇ ਗਿਆਨ ਦਾ ਪੱਧਰ ਬੇਹੱਦ ਨੀਵਾਂ ਹੈ, ਇਕਦਮ ਪਛੜਿਆ ਹੋਇਆ ਤੇ ਤਰਸਯੋਗ ! ਪਰ ਉਨ੍ਹਾਂ ਨੇ ਆਪਣੇ ਬਾਰੇ ਇਹ ਵਾਧੂ ਦਾ ਭਰਮ ਪਾਲ ਰੱਖਿਆ ਹੋਇਐ ਕਿ ਉਹ ਬਹੁਤ ਗਿਆਨਵਾਨ ਹਨ। ਅਲੈਗਜ਼ੈਂਡਰ ਪੁਸ਼ਕਿਨ ਦਾ ਕਥਨ ਹੈ ਕਿ ‘ਜਿਹੜਾ ਝੂਠ ਤੁਹਾਨੂੰ ਖ਼ੁਸ਼ੀ ਤੇ ਅਨੰਦ ਬਖ਼ਸ਼ਦਾ ਹੈ, ਉਹ ਹਜ਼ਾਰਾਂ ਸੱਚਾਈਆਂ ਨਾਲੋਂ ਬਿਹਤਰ ਹੁੰਦਾ ਹੈ। ਸੋ ਉਹ ਆਪਣੇ ਝੂਠ ਦੇ ਸੰਸਾਰ ਅੰਦਰ ਪੂਰੇ ਅਨੰਦ ਮਸਤ ਹਨ। ਰੱਬ ਉਨ੍ਹਾਂ ਨੂੰ ਸੁਖੀ ਸਲਾਮਤ ਰੱਖੇ!

‘ਰਾਸ਼ਟਰਵਾਦ’ ਤੇ ‘ਦੇਸ਼ਭਗਤੀ’ ਵਿਚ ਅੰਤਰ

? ਹੁਣ ਤਕ ਹੋਈ ਸਮੁੱਚੀ ਗੱਲਬਾਤ ‘ਚੋਂ ਇਹ ਨਤੀਜਾ ਨਿਕਲਦਾ ਏ ਕਿ ਉਦਾਰਪੰਥੀ ਹੋਣ ਜਾਂ ਖੱਬੇ ਪੱਖੀ, ਸਾਰੇ ਵਿਦਵਾਨਾਂ ਅੰਦਰ ‘ਰਾਸ਼ਟਰ’ (ਕੌਮ) ਤੇ ‘ਦੇਸ’ ਨੂੰ ਅਤੇ ‘ਰਾਸ਼ਟਰਵਾਦ’ ਤੇ ‘ਦੇਸ਼ਭਗਤੀ’ ਦੇ ਸੰਕਲਪਾਂ ਨੂੰ ਆਪਸ ਵਿਚ ਰਲਗੱਡ ਕਰਨ ਦੀ ਬਿਰਤੀ ਦੀ ਜ਼ੋਰਦਾਰ ਝਲਕ ਮਿਲਦੀ ਹੈ। ਗ਼ਦਰ ਲਹਿਰ ਦੇ ਮੁਲਾਂਕਣ ਦੇ ਮਾਮਲੇ ਵਿਚ ਸਾਰੀ ਗੜਬੜ ਦੀ ਜੜ੍ਹ ਇਥੇ ਈ ਐ। ਇਸ ਦਾ ਕੀ ਇਲਾਜ ਹੋ ਸਕਦਾ ਏ ? ਜੇ ਇਲਾਜ ਦੀ ਗੱਲ ਈ ਪੁੱਛਦੇ ਓ, ਤਾਂ ਜਿੰਨਾ ਚਿਰ ਆਧੁਨਿਕਵਾਦ ਦੇ ਵਰਤਾਰੇ ਵਿਚ ਅੰਨ੍ਹੀ ਸ਼ਰਧਾ ਪ੍ਰਗਟਾਉਣ ਦੀ ਥਾਵੇਂ, ਇਸ ਪ੍ਰਤਿ ਬੇਲਿਹਾਜ਼ ਪੜਚੋਲਵੀਂ ਦ੍ਰਿਸ਼ਟੀ ਧਾਰਨ ਨਹੀਂ ਕੀਤੀ ਜਾਂਦੀ ਅਤੇ ਇਸ ਦੀ ਰੋਸ਼ਨੀ ਵਿਚ ਪਿਛਲੀਆਂ ਤਿੰਨ ਸਦੀਆਂ ਦੇ ਸਮੁੱਚੇ ਇਤਿਹਾਸਕ ਅਮਲ ਦੀ ਘੋਖਵੀਂ ਨਜ਼ਰ ਨਾਲ ਵਿਆਪਕ ਪੁਣ-ਛਾਣ ਨਹੀਂ. ਕੀਤੀ ਜਾਂਦੀ, ਓਨਾ ਚਿਰ ਭਿਆਨਕ ਹੱਦ ਤਕ ਭ੍ਰਿਸ਼ਟ ਹੋ ਚੁੱਕੀ ਸੋਚ ਅੰਦਰ ਸੁਧਾਰ ਲਿਆਉਣਾ ਸੰਭਵ ਨਹੀਂ ਹੋ ਸਕਦਾ। ਇਹ ਗੱਲ ਕਿਸੇ ਨੂੰ ਚੁੱਭਵੀਂ ਲੱਗ ਸਕਦੀ ਏ, ਪਰ ਸਚਾਈ ਇਹੀ ਐ।

ਜਿਥੋਂ ਤਕ ‘ਰਾਸ਼ਟਰਵਾਦ’ ਤੇ ‘ਦੇਸ਼ਭਗਤੀ’ ਦੇ ਸੰਕਲਪਾਂ ਦੀ ਗੱਲ ਐ, ਇਸ ਬਾਰੇ ਹੁਣ ਤਕ ਹੋਈ ਆਪਣੀ ਗੱਲਬਾਤ ਅੰਦਰ ਕਾਫ਼ੀ ਵਿਆਖਿਆ ਹੋ ਚੁੱਕੀ ਏ। ਜਿਹੜੇ ਲੋਕਾਂ ਨੇ ਆਪਣੀਆਂ ਇਕ ਵਾਰ ਬਣ ਚੁੱਕੀਆਂ ਧਾਰਨਾਵਾਂ ਨੂੰ ਕਿਸੇ ਵੀ ਸੂਰਤ ਨਾ ਛੱਡਣ ਤੇ ਇਨ੍ਹਾਂ ਵਿਚ ਕੋਈ ਵੀ ਸੋਧ ਸੁਧਾਈ ਨਾ ਕਰਨ ਦੀ ਪੱਕੀ ਸਹੁੰ ਖਾ ਰੱਖੀ ਏ, ਉਨ੍ਹਾਂ ਦਾ ਕੋਈ ਇਲਾਜ ਨਹੀਂ। ਪਰ ਜਿਨ੍ਹਾਂ ਦੇ ਅੰਦਰ ਨਵਾਂ ਜਾਣਨ ਤੇ ਸਿੱਖਣ ਦੀ ਜਗਿਆਸਾ ਹੈ, ਉਨ੍ਹਾਂ ਨੂੰ ਇਕ ਪ੍ਰਸਿੱਧ ਅਮਰੀਕੀ ਵਿਦਵਾਨ Walker Connor, ਜਿਸ ਨੇ ਕਈ ਦਹਾਕੇ ਨੈਸ਼ਨਲਿਜ਼ਮ ਦੇ ਵਰਤਾਰੇ ਨੂੰ ਸਮਝਣ ਦੇ ਲੇਖੇ ਲਾ ਦਿੱਤੇ, ਦੇ ‘ਰਾਸ਼ਟਰਵਾਦ’ ਤੇ ‘ਦੇਸ਼ਭਗਤੀ’ ਦੇ ਸੰਕਲਪਾਂ ਵਿਚਕਾਰ ਸਿਧਾਂਤਕ ਵਖਰੇਵੇਂ ਬਾਰੇ ਹੇਠ ਦਿੱਤੇ ਵਿਚਾਰਾਂ ਵੱਲ ਡੂੰਘਾ ਧਿਆਨ ਦੇਣਾ ਚਾਹੀਦਾ ਹੈ :

Nationalism, in correct usage, refers to an emotional attachment to one’s people – one’s ethnonational group. It is therefore proper to speak of an English, Scottish or Welsh nationalism, but not of a British nationalism, the latter being a manifestation of PATRIOTISM. In case of true nation-states; that is to say, in the case of states in which the borders of an ethnonational group closely coincide with the bordres of a state…the populace is essentially ethnically homogeneous. (In such cases) the confusing of nationalism and patriotism is not of great significance because the two loyalties reinforce one another…in such a case, the state is popularly perceived as the agent or political expression of the nation. Loyalty to one’s national group (nationalism) and loyalty to one’s state (patriotism) merge into a single reinforcing blur in the perception of the populace.

Of some 180 contemporary states, probably not more than 15 qualify as nation-states. Japan, Iceland, Portgual, Two Koreas… The multinational state is therefore easily the most common form of country. In nearly one-third of all states (31%) the largest national group is not even a majority…

Even in multinational state, the same tendency that we noted in the case of nation-states-the tendency to perceive the state as an extension of one’s own national group-is often true in the case of what the Germans term staatvolk (a people who are culturally

and politically pre-eminent in state, even though other groups are present in significant numbers). This is a tendency on the part of such a people to equate the entire country with their own ethnic homeland and, as in the case of a people in an ethnically homogeneous state, to perceive the state as the political expression of their particular ethnic group.

Thus many Englishmen have a tendency to use the term England to describe the entire country, and English to describe all the people theirein.

References over the years by ethnic Russians to the entire Soviet Union as Russia or Mother Russia…did nothing to increase patriotic feelings of Armeniens, Georgians, Jews…and other approximately 100 non-Russian peoples who populated the former USSR. On the contrary, it irritated their nationalist sensitivities.

For most people the sense of loyalty to one’s nation and to one’s state do not coincide: they often compete for allegiance of the individual. For example, a Basque or Catalan nationalism has often been in conflict with a Spanish patriotism; a Tibetan nationalism with a Chinese patriotism; a Flemish nationalism with a Belgian patriotism; a Corsican nationalism with a French patriotism; a Kasmiri nationalism with an Indian patriotism; a Quebic nationalism with a Canadian patriotism. The list could be lengthened several times over.

Nationalism and patriotism are vitally different phenomenon and should not be confused through the careless use of language. We know from the comparative study of nationalism that when the two loyalties are perceived as being in irreconcilable

conflict that is to say, when people feel they must choose

between them-nationalism customarily proves the more potent.

ਇਸ ਦਾ ਸੰਖੇਪ ਵਿਚ ਭਾਵ ਦਰਸਾਉਣਾ ਹੋਵੇ ਤਾਂ ਗੱਲ ਇਹ ਬਣਦੀ ਹੈ ਕਿ : ਰਾਸ਼ਟਰਵਾਦ (ਨੈਸ਼ਨਲਿਜ਼ਮ) ਸ਼ਬਦ ਦੀ ਸਹੀ ਵਰਤੋਂ, ਆਪਣੇ ਕੌਮੀ ਸਮੂਹ ਨਾਲ ਲਗਾਉ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਕਰਕੇ ਇੰਗਲਿਸ਼, ਸਕੌਟਿਸ਼ ਜਾਂ ਵੈਲਿਸ਼ ਰਾਸ਼ਟਰਵਾਦ ਦੀ ਗੱਲ ਕਰਨਾ ਸਹੀ ਹੈ, ਪਰ ਬਰਤਾਨਵੀ ਰਾਸ਼ਟਰਵਾਦ ਦੀ ਗੱਲ ਕਰਨਾ ਠੀਕ ਨਹੀਂ। ਮਗਰਲੀ ਗੱਲ (ਭਾਵ ਬਰਤਾਨਵੀ ਰਾਸ਼ਟਰਵਾਦ) ਦੇਸ਼ਭਗਤੀ ਦਾ ਇਜ਼ਹਾਰ ਹੈ। ਅਸਲੀ ਰਾਸ਼ਟਰ-ਰਾਜਾਂ (ਨੇਸ਼ਨ ਸਟੇਟਸ) ਅੰਦਰ, ਜਿਥੇ ਦੀ ਵਸੋਂ ਤੱਤ ਰੂਪ ਵਿਚ ਇਕ- ਜਿਨਸੀ ਹੁੰਦੀ ਹੈ, ਭਾਵ ਜਿਥੇ ਇੱਕੋ ਹੀ ਕੌਮੀ ਭਾਈਚਾਰੇ ਦੇ ਲੋਕ ਵੱਸਦੇ ਹਨ, ਉਥੇ ਦੇਸ਼ਭਗਤੀ ਤੇ ਰਾਸ਼ਟਰਵਾਦ ਨੂੰ ਰਲਗੱਡ ਕਰਨ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ, ਕਿਉਂਕਿ ਉਥੇ ਦੋਨੋਂ ਵਫ਼ਾਦਾਰੀਆਂ ਇਕ ਦੂਜੇ ਨੂੰ ਤਕੜੇ ਕਰਦੀਆਂ ਹਨ। ਆਪਣੇ ਕੌਮੀ ਸਮੂਹ ਪ੍ਰਤਿ ਵਫ਼ਾਦਾਰੀ ਤੇ ਰਾਜ ਪ੍ਰਤਿ ਵਫ਼ਾਦਾਰੀ, ਦੋਵਾਂ ਦਾ ਆਪਸ ਵਿਚ ਕੋਈ ਝਗੜਾ ਨਹੀਂ ਹੁੰਦਾ, ਦੋਨੋਂ ਇਕਮਿਕ ਹੋ ਜਾਂਦੇ ਹਨ। ਪਰ ਇਕ ਬਹੁ-ਕੌਮੀ ਰਾਜ ਅੰਦਰ, ਜਿਥੇ ਇਕ ਨਸਲੀ-ਸਭਿਆਚਾਰਕ (ethnic) ਜਾਂ ਧਾਰਮਿਕ ਵਰਗ ਸਭਿਆਚਾਰਕ ਤੇ ਰਾਜਸੀ ਤੌਰ ‘ਤੇ ਬੇਹੱਦ ਭਾਰੂ ਪੋਜ਼ੀਸ਼ਨ ਵਿਚ ਹੁੰਦਾ ਹੈ ਪਰ ਨਾਲ ਹੀ ਦੂਸਰੇ ਘੱਟ-ਗਿਣਤੀ ਭਾਈਚਾਰੇ ਵੀ ਤਕੜੀ ਸੰਖਿਆ ਵਿਚ ਮੌਜੂਦ ਹੁੰਦੇ ਹਨ, ਉਥੇ ਰਾਸ਼ਟਰਵਾਦ ਨੂੰ ਦੇਸ਼ਭਗਤੀ ਨਾਲ ਰਲਗੱਡ ਕਰਨ ਨਾਲ ਵੱਡੀ ਗੜਬੜ ਹੋ ਜਾਂਦੀ ਹੈ। ਉਥੇ ਘੱਟ-ਗਿਣਤੀ ਕੌਮੀ ਭਾਈਚਾਰਿਆਂ ਦੇ ਰਾਸ਼ਟਰਵਾਦ ਲਈ ਕੋਈ ਪਬਲਿਕ ਸਪੇਸ ਨਹੀਂ ਰਹਿ ਜਾਂਦਾ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਕੌਮੀ ਹਸਤੀ ਨੂੰ ਖ਼ੋਰਾ ਪੈਣ ਤੇ ਅਖ਼ੀਰ ਵਿਚ ਮਿਟ ਜਾਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਏ। ਸਾਬਕਾ ਚੈਕੋਸਲੋਵਾਕੀਆ ਰਾਜ ਅੰਦਰ ਚੈਕਾਂ ਲਈ ਕੌਮੀ ਪਛਾਣ ਤੇ ਰਾਜ ਨਾਲ ਇਕਮਿਕਤਾ ਇੱਕੋ ਗੱਲ ਸੀ। ਪਰ ਸਲੋਵਾਕ, ਜਿਹੜੇ ਕਿ ਫ਼ੈਡਰੇਸ਼ਨ ਵਿਚ ਛੋਟੇ ਭਾਈਵਾਲ ਸਨ, ਉਨ੍ਹਾਂ ਲਈ ਇਸ ਤਰ੍ਹਾਂ ਨਹੀਂ ਸੀ। ਇਸ ਕਰਕੇ ਅੰਤ ਵਿਚ ਦੋਨੋਂ ਅਲੱਗ ਅਲੱਗ ਹੋ ਗਏ। ਸਰਬੀਆ ਅੰਦਰ ਸਰਬਾਂ ਲਈ ਰਾਸ਼ਟਰਵਾਦ ਤੇ ਦੇਸ਼ਭਗਤੀ ਇੱਕੋ ਗੱਲ ਸੀ ਪਰ ਕਰੋਟਾਂ ਲਈ, ਜਿਹੜੇ ਕਿ ਸਰਬਾਂ ਦੇ ਗ਼ਲਬੇ ਤੇ ਜ਼ੁਲਮਾਂ ਤੋਂ ਪੀੜਤ ਸਨ, ਸਥਿਤੀ ਇਸ ਨਾਲੋਂ ਅਲੱਗ ਸੀ। ਸਰਬੀਆਈ ਦੇਸ਼ਭਗਤੀ ਉਨ੍ਹਾਂ ਦੇ ਰਾਸ਼ਟਰਵਾਦ ਦਾ ਨਿਖੇਧ ਕਰਦੀ ਸੀ। ਇਸ ਕਰਕੇ ਉਹ ਵੀ ਅੰਤ ਵਿਚ ਜਾ ਕੇ ਸਰਬੀਆ ਨਾਲੋਂ ਅਲੱਗ ਹੋ ਗਏ। ਇਸੇ ਤਰ੍ਹਾਂ ਹੀ, ਆਇਰਸ਼ ਤੇ ਸਕੌਟਿਸ਼ ਰਾਸ਼ਟਰਵਾਦ ਦਾ ਬਰਤਾਨਵੀ ਦੇਸ਼ਭਗਤੀ ਨਾਲ, ਤਿੱਬਤੀ ਰਾਸ਼ਟਰਵਾਦ ਦਾ ਚੀਨੀ ਦੇਸ਼ਭਗਤੀ ਨਾਲ, ਕਿਊਬਿਕ ਰਾਸ਼ਟਰਵਾਦ ਦਾ ਕੈਨੇਡੀਅਨ ਦੇਸ਼ਭਗਤੀ ਨਾਲ, ਫ਼ਲੈਮਿਸ਼ ਰਾਸ਼ਟਰਵਾਦ ਦਾ ਬੈਲਜੀਅਨ ਦੇਸ਼ਭਗਤੀ ਨਾਲ, ਕਸ਼ਮੀਰੀ ਰਾਸ਼ਟਰਵਾਦ ਦਾ (ਅਤੇ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਨਾਗਾ, ਮਿਜ਼ੋ, ਮਨੀਪੁਰੀ ਆਦਿ ਕੌਮੀ ਸਮੂਹਾਂ ਸਮੇਤ ਸਿੱਖ ਕੌਮ ਦੇ ਰਾਸ਼ਟਰਵਾਦ ਦਾ ਵੀ) ਭਾਰਤੀ ਦੇਸ਼ਭਗਤੀ ਨਾਲ ਅਕਸਰ ਵਿਰੋਧ ਖੜਾ ਹੁੰਦਾ ਹੈ। ਇਹ ਸੂਚੀ ਕਈ ਗੁਣਾ ਲੰਮੀ ਹੋ ਸਕਦੀ ਹੈ।

ਸਾਰੀ ਗੱਲਬਾਤ ਦਾ ਤੋੜਾ ਇਥੇ ਝੜਦਾ ਹੈ ਕਿ ਰਾਸ਼ਟਰਵਾਦ ਤੇ ਦੇਸ਼ਭਗਤੀ ਬਹੁਤ ਹੀ ਵੱਖੋ-ਵੱਖਰੇ ਵਰਤਾਰੇ ਹਨ ਅਤੇ ਭਾਸ਼ਾ ਦੀ ਅਣਗਹਿਲੀ ਨਾਲ ਵਰਤੋਂ ਕਰਕੇ ਇਨ੍ਹਾਂ ਨੂੰ ਆਪਸ ਵਿਚ ਰਲਗੱਡ ਨਹੀਂ ਕਰਨਾ ਚਾਹੀਦਾ। ਇਹ ਅਣਗਹਿਲੀ ਜਾਬਰਾਂ ਦਾ ਪੱਖ ਪੂਰਦੀ ਹੈ ਅਤੇ ਮਜ਼ਲੂਮਾਂ ਨਾਲ ਅਨਿਆਂ ਕਰਦੀ ਹੈ।

? ਖੱਬੇ ਪੱਖੀ ਇਹ ਸਿਧਾਂਤਕ ਦਲੀਲ ਦਿੰਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਭਾਰਤੀ ਰਾਸ਼ਟਰਵਾਦ ਦਾ ਰੋਲ ਅਗਾਂਹਵਧੂ ਸੀ ਤੇ ਆਜ਼ਾਦੀ ਤੋਂ ਬਾਅਦ ਇਹ ਪਿਛਾਂਹਖਿੱਚੂ ਹੋ ਗਿਆ ਹੈ। ਇਸ ਦਲੀਲ ਵਿਚ ਕਿੰਨਾ ਕੁ ਤੰਤ ਹੈ ?

ਇਹ ਦਲੀਲ ਅਗਿਆਨਤਾ ‘ਚੋਂ ਨਿਕਲੀ ਹੈ। ਇਹਨਾਂ ਲੋਕਾਂ ਨੇ ਲੈਨਿਨ ਨੂੰ ਗਲਤ ਸਮਝ ਲਿਐ। ਲੈਨਿਨ ਨੇ ਨੈਸ਼ਨਲਿਜ਼ਮ ਦੇ ਅਗਾਂਹਵਧੂ ਰੋਲ ਦੀ ਗੱਲ ਇਕ (single) ਕੌਮ ਦੇ ਪ੍ਰਸੰਗ ਵਿਚ ਕੀਤੀ ਸੀ । ਬਹੁ-ਕੌਮੀ ਸਮਾਜ ਅੰਦਰ ਨੈਸ਼ਨਲਿਜ਼ਮ ਦਾ ਖ਼ਿਆਲ ਤੇ ਅਮਲ ਵੱਖਰੇ ਅਰਥ ਗ੍ਰਹਿਣ ਕਰ ਲੈਂਦਾ ਹੈ। ਭਾਰਤ ਦੇ ਸੰਬੰਧ ਵਿਚ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ਭਗਤੀ ਦੇ ਜਜ਼ਬੇ ਦਾ ਤੱਤ ਅਗਾਂਹਵਧੂ ਸੀ, ਜਿਹੜਾ ਕਿ ਅਜੋਕੇ ਪ੍ਰਸੰਗ ਵਿਚ ਪਿਛਾਂਹਖਿੱਚੂ ਹੋ ਗਿਆ ਏ। ਜਿਥੋਂ ਤਕ ਰਾਸ਼ਟਰਵਾਦ ਦੀ ਗੱਲ ਐ, ਭਾਰਤੀ ਰਾਸ਼ਟਰਵਾਦ ਦਾ ਖ਼ਾਸਾ ਆਜ਼ਾਦੀ ਤੋਂ ਪਹਿਲਾਂ ਵੀ ਅਗਾਂਹਵਧੂ ਨਹੀਂ ਸੀ, ਆਜ਼ਾਦੀ ਤੋਂ ਬਾਅਦ ਇਹ ਹੋਰ ਪਿਛਾਖੜੀ ਤੱਤ ਗ੍ਰਹਿਣ ਕਰ ਗਿਆ ਹੈ। ਅਸਲ ਵਿਚ ਬੁਨਿਆਦੀ ਗੜਬੜ ਇਹ ਹੈ ਕਿ ਖੱਬੇ ਪੱਖੀਆਂ ਨੂੰ ‘ਦੇਸ਼ਭਗਤੀ’ (patriotism) ਤੇ ‘ਰਾਸ਼ਟਰਵਾਦ’ (nationalism) ਵਿਚਲੇ ਅੰਤਰ ਦੀ ਸੋਝੀ ਨਹੀਂ। ਉਹ ਦੋਵਾਂ ਨੂੰ ਇੱਕੋ ਚੀਜ਼ ਸਮਝਣ ਦੀ ਗਲਤੀ ਕਰਦੇ ਹਨ। ਉਨ੍ਹਾਂ ਨੂੰ ਦੇਸ਼ ਤੇ ‘ਕੌਮ’ ਵਿਚ ਕੋਈ ਅੰਤਰ ਨਜ਼ਰ ਨਹੀਂ ਆਉਂਦਾ। ਇਕ ਦੇਸ਼ ਦੇ ਅੰਦਰ ਇਕ ਤੋਂ ਜ਼ਿਆਦਾ ਕੌਮਾਂ ਹੋ ਸਕਦੀਆ ਹਨ। ਇਹ ਕੌਮਾਂ ਆਪੋ-ਆਪਣੀ ਵਿਲੱਖਣਤਾ ਕਾਇਮ ਰੱਖਦੀਆਂ ਹੋਈਆਂ, ਆਪਸੀ ਸਤਿਕਾਰ ਦੀ ਭਾਵਨਾ ਤੇ ਪੂਰਨ ਬਰਾਬਰੀ ਦੇ ਆਧਾਰ ‘ਤੇ ਆਪਸ ਵਿਚ ਮਿਲ-ਜੁਲ ਕੇ ਰਹਿ ਸਕਦੀਆਂ ਹਨ। ਪਰ ਜਦੋਂ ਕਿਸੇ ਬਹੁ-ਕੌਮੀ ਦੇਸ਼ ਦੇ ਅੰਦਰ ਇੱਕੋ-ਸਾਂਝੀ ਕੌਮ ਦੀ ਸਿਰਜਣਾ ਕਰਨ ਦਾ ਟੀਚਾ ਮਿਥਿਆ ਜਾਂਦਾ ਹੈ, ਤਾਂ ਇਸ ਨਾਲ ਜ਼ੋਰਾਵਰ ਕੌਮ ਵੱਲੋਂ ਛੋਟੀਆਂ (ਲਘੂ) ਕੌਮਾਂ ਦੀ ਵਿਲੱਖਣ ਹਸਤੀ ਨੂੰ ਮਲੀਆਮੇਟ ਕਰ ਕੇ ਆਪਣੇ ਅੰਦਰ ਜਜ਼ਬ ਕਰ ਲੈਣ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਸ਼ਹੀਦ ਭਗਤ ਸਿੰਘ ਦਾ ਰਾਜਸੀ ਗੁਰੂ ਸਮਝਿਆ ਜਾਂਦਾ ਜੈਚੰਦਰ ਵਿਦਿਆਲੰਕਾਰ ਇਕ ਥਾਂ ਲਿਖਦਾ ਹੈ : ‘ਇਕ ਦਿਨ ਇਕ ਨੇਤਾ ਦਾ ਕਹਿਣਾ ਸੀ ਕਿ ਹਿੰਦੂ ਤੇ ਮੁਸਲਮਾਨ ਇਕ ਕੰਧ ਵਿਚ ਚਿਣੀਆਂ ਇੱਟਾਂ ਵਾਂਗ ਇਕਜੁੱਟ ਹੋ ਜਾਣ। ਇਸ ਗੱਲ ‘ਤੇ ਮੈਨੂੰ ਕਹਿਣਾ ਪਿਆ ਕਿ ਹਿੰਦੂ ਇੱਟ ਤੇ ਮੁਸਲਿਮ ਇੱਟ ਦੇ ਠੱਪੇ ਦੀ ਲੋੜ ਹੀ ਕੀ ਹੈ। ਜਦੋਂ ਤਕ ਤੁਸੀਂ ਇਨ੍ਹਾਂ ਨੂੰ ਚੂਰਾ ਚੂਰਾ ਨਹੀਂ ਕਰਦੇ ਤੇ ਇਨ੍ਹਾਂ ਦੇ ਚੂਰੇ ਤੋਂ ਇਕ ਭਾਰਤੀ ਇੱਟ ਨਹੀਂ ਬਣਾਉਂਦੇ, ਉਦੋਂ ਤਕ ਰਾਸ਼ਟਰੀ ਬੁਨਿਆਦ ਨਹੀਂ ਬਣਨੀ।’ ਜੈਚੰਦਰ ਵਿਦਿਆਲੰਕਾਰ ਦੇ ਇਸ ਇਮਾਨਦਾਰ ਕਥਨ ਤੋਂ ਭਾਰਤੀ ‘ ਰਾਸ਼ਟਰਵਾਦ ਦਾ ਖ਼ਾਸਾ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ। ਭਾਰਤ ਦੀ ਆਜ਼ਾਦੀ ਲਈ ਲੜਨਾ ਗ਼ਲਤ ਨਹੀਂ ਸੀ। ਇਸ ਦੇ ਲਈ ਭਾਰਤ ਦੇ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਦਾ ਵਿਸ਼ਾਲ ਏਕਾ ਕਾਇਮ ਕਰਨਾ ਗ਼ਲਤ ਨਹੀਂ ਸੀ, ਪਰ ਇਸ ਏਕਤਾ ਪਿੱਛੇ ਕੰਮ ਕਰਦੀ ਭਾਵਨਾ ਤੇ ਮਨੋਰਥ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਦੇਸ਼ਭਗਤੀ ਦੇ ਸ਼ੁੱਧ ਸੰਕਲਪ ਵਿੱਚੋਂ ਅਲੱਗ ਅਲੱਗ ਵਰਗਾਂ ਦੇ ‘ਇਕ ਕੰਧ ਵਿਚ ਚਿਣੀਆਂ ਇੱਟਾਂ ਵਾਂਗ ਇਕਜੁੱਟ ਹੋਣ ਦਾ ਰਾਜਸੀ ਅਮਲ ਜਨਮ ਲੈਂਦਾ ਹੈ, ਜਦੋਂ ਕਿ ਰਾਸ਼ਟਰਵਾਦ ਅਲੱਗ ਅਲੱਗ ਇੱਟਾਂ ਨੂੰ ਚੂਰਾ ਚੂਰਾ ਕਰ ਕੇ ਇਨ੍ਹਾਂ ਦੇ ਚੂਰੇ ਤੋਂ ਇਕ ‘ਭਾਰਤੀ ਇੱਟ’ ਦਾ ਨਿਰਮਾਣ ਕਰਨ ਦਾ ਰਾਜਸੀ ਏਜੰਡਾ ਤੈਅ ਕਰਦਾ ਹੈ। ਜੇਕਰ ਪੰਜਾਬ ਦੇ ਖੱਬੇ ਪੱਖੀਆਂ ਨੂੰ ਏਨੀ ਸਰਲ ਗੱਲ ਵੀ ਸਮਝ ਨਹੀਂ ਪੈਂਦੀ, ਤਾਂ ਉਨ੍ਹਾਂ ਦੀ ਬੁੱਧੀ ਉੱਤੇ ਤਰਸ ਹੀ ਕੀਤਾ ਜਾ ਸਕਦਾ ਹੈ !

ਸਿੱਖ ਰਾਸ਼ਟਰਵਾਦ ਬਾਰੇ

? ਤੁਹਾਡੀ ਸਮੁੱਚੀ ਗੱਲਬਾਤ ਵਿੱਚੋਂ ‘ਨੈਸ਼ਨਲਿਜ਼ਮ’ (ਰਾਸ਼ਟਰਵਾਦ) ਬਾਰੇ ਕੋਈ ਚੰਗਾ ਪ੍ਰਭਾਵ ਨਹੀਂ ਬਣਦਾ। ਇਥੇ ਤੁਸੀਂ ਇਸ ਨੂੰ ਇਕ ਰਾਜਸੀ ਬੁਰਾਈ ਦੇ ਰੂਪ ਵਿਚ ਚਿਤਰਿਆ ਹੈ। ਪਰ ਸਿੱਖ ਰਾਜਨੀਤੀ ਬਾਰੇ ਲਿਖੀਆਂ ਆਪਣੀਆਂ ਕਿਤਾਬਾਂ ਵਿਚ ਤੁਸੀਂ ਸਿੱਖ ਨੈਸ਼ਨਲਿਜ਼ਮ ਦੀ ਸੋਚ ਤੇ ਜਜ਼ਬਾ ਉਭਾਰਨ ਲਈ ਪੂਰਾ ਤਾਣ ਲਾ ਦਿੱਤਾ ਨਜ਼ਰ ਆਉਂਦਾ ਹੈ। ਇਨ੍ਹਾਂ ਦੋ ਸਵੈ-ਵਿਰੋਧੀ ਗੱਲਾਂ ਦੀ ਵਿਆਖਿਆ ਕੀ ਹੈ ?

ਮਸੂਲਾ ਓਹੀ ਆਧੁਨਿਕਵਾਦੀ ਗਿਆਨ-ਪ੍ਰਬੰਧ ਦਾ ਏ, ਜਨਰਲ ਸ਼੍ਰੇਣੀਆਂ (categories) ਦੀ ਮੱਦਦ ਨਾਲ ‘ਖ਼ਾਸ’ ਨੂੰ ‘ਆਮ’ ਬਣਾ ਦੇਣਾ। ਜਿਵੇਂ ਧਰਮ ਬਾਰੇ ਆਮ ਸਾਂਝੀਆਂ ਗੁਰਨਾਵਾਂ ਨਾਲ ਸਿੱਖ ਧਰਮ ਦੇ ਨਿਆਰੇਪਣ ਨੂੰ ਨਕਾਰ ਦਿੱਤਾ ਜਾਂਦਾ ਏ, ਓਵੇਂ ਹੀ ਰਾਸ਼ਟਰਵਾਦ ਦੇ ਆਮ ਸਿਰਨਾਵੇਂ ਹੇਠ ਸਿੱਖ ਨੈਸ਼ਨਲਿਜ਼ਮ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਉੱਤੇ ਹਨੇਰੇ ਦਾ ਪੜਦਾ ਪਾ ਦਿੱਤਾ ਜਾਂਦੇ। ਜਿਵੇਂ ਸਿੱਖ ਧਰਮ ਬਾਕੀ ਸਾਰੇ ਧਰਮਾਂ ਨਾਲੋਂ ਬਹੁਤ ਹੀ ਅਹਿਮ ਪੱਖਾਂ ਤੋਂ ਵਿਸ਼ੇਸ਼ ਤੇ ਨਿਆਰਾ ਹੈ, ਓਵੇਂ ਹੀ ਸਿੱਖ ਨੈਸ਼ਨਲਿਜ਼ਮ ਵੀ ਰਵਾਇਤੀ ਵੰਨਗੀ ਦਾ ਰਾਸ਼ਟਰ ਗਆ। ਇਹ ਬਹੁਤ ਹੀ ਅਹਿਮ ਤੇ ਬੁਨਿਆਦੀ ਪੱਖਾਂ ਤੋਂ, ਰਵਾਇਤੀ ਰਾਸ਼ਟਰਵਾਦ ਨਾਲੋਂ ਵਿਸ਼ੇਸ਼ ਤੇ ਵਿਲੱਖਣ ਏ। ਪ੍ਰੋ. ਪੂਰਨ ਸਿੰਘ ਨੇ ਇਹ ਵਿਲੱਖਣਤਾ ਇਸ ਤਰ੍ਹਾਂ ਦਰਸਾਈ ਹੈ: ‘ਸਿੱਖ ਕੌਮ ਦਾ ਪ੍ਰਜਵਲਿਤ ਆਦਰਸ਼ਵਾਦ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਦੇਸ ਜਾਂ ਕਿਸੇ ਜਾਤੀ-ਅਭਿਮਾਨ ਉੱਤੇ ਆਧਾਰਿਤ ਨਹੀਂ ਹੈ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉੱਤੇ ਟੇਕ ਰੱਖਦਾ ਹੈ।’ ਗੁਰੂ ਦੀ ਖ਼ਾਤਿਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਵਿਸ਼ੇਸ਼ਤਾ ਸਿੱਖਾਂ ਦਾ ਕੁੱਲ ਦੁਨੀਆਂ ਤੋਂ ਨਿਆਰਾ ਲੱਛਣ ਹੈ। ਸੱਚਾ ਸਿੱਖ ਆਪਣੇ ਵਿਸ਼ੇਸ਼ ਰਾਸ਼ਟਰਵਾਦ ਦੇ ਰਾਜਸੀ ਆਦਰਸ਼ ਦਾ ਪਾਲਣ ਗੁਰੂ-ਲਿਵ ਵਿਚ ਰਹਿੰਦਾ ਹੋਇਆ ਹੀ ਕਰਦਾ ਹੈ । ਸਿੱਖਾਂ ਦੀ ਇਸ ਨਿਆਰੀ ਗੁਣ-ਵਿਸ਼ੇਸ਼ਤਾ ਨੂੰ ਨਾ ਸਮਝਣਾ ਉਨ੍ਹਾਂ ਨਾਲ ਅਨਾਚਾਰ ਕਰਨਾ ਹੈ। ਪੰਜਾਬ ਦੇ ਖੱਬੇ ਪੱਖੀ, ਲਗਭਗ ਤਿੰਨ ਪੁਸ਼ਤਾਂ ਤੋਂ ਇਹ ਅਨਾਚਾਰ ਲਗਾਤਾਰ ਕਰਦੇ ਆ ਰਹੇ ਨੇ। ਪੰਜਾਬ ਦਾ ਇਹ ਦੁਰਭਾਗ ਹੈ।

ਰਾਸ਼ਟਰਵਾਦ ਨੂੰ ਜਦੋਂ ਆਮ ਅਰਥਾਂ ਵਿਚ ਵੀ ਲਿਆ ਜਾਂਦਾ ਏ, ਉਦੋਂ ਵੀ ਇਸ ਦੇ ਦੋ ਪਹਿਲੂ ਹੁੰਦੇ ਹਨ। ਇਕ, ਕੌਮੀ ਆਜ਼ਾਦੀ – ਜਿਸ ਦਾ ਭਾਵ ਹੈ ਕਿਸੇ ਕੌਮੀ ਸਮੂਹ ਵੱਲੋਂ ਬਿਦੇਸ਼ੀ ਜਾਂ ਬਾਹਰੀ ਗ਼ਲਬੇ ਤੋਂ ਨਿਜਾਤ ਪਾ ਕੇ ਆਪਣੀ ਹੋਣੀ ਦਾ ਮਾਲਕ ਆਪ ਬਣਨਾ। ਇਹ ਰਾਸ਼ਟਰਵਾਦ ਦਾ ਬਾਹਰ-ਰੁਖ਼ੀ ਪੱਖ ਏ। ਦੂਜਾ ਪਹਿਲੂ ਅੰਦਰ-ਰੁਖ਼ੀ ਹੁੰਦਾ ਏ, ਜਿਸ ਦਾ ਭਾਵ ਏ ਹਾਸਲ ਕੀਤੀ ਆਜ਼ਾਦੀ ਦੀ ਸਮੂਹ ਭਾਈਚਾਰੇ ਅੰਦਰ ਸਾਵੀਂ ਵੰਡ ਕਰਨਾ। ਅਰਥਾਤ ਆਜ਼ਾਦੀ ਨੂੰ ਵਰਗ-ਵਿਸ਼ੇਸ਼ ਨਾ ਬਣਨ ਦੇਣਾ, ਇਸ ਨੂੰ ਸ਼ਬਦ ਦੇ ਅਸਲੀ ਅਰਥਾਂ ਵਿਚ ਸਰਬੱਤ ਕੌਮ ਦੀ ਸਾਂਝੀ ਮਲਕੀਅਤ ਬਣਾਉਣਾ। ਪੱਛਮੀ ਚਿੰਤਨ ਵਿਚ ਇਸ ਨੂੰ, ਕੌਮੀ ਆਜ਼ਾਦੀ ਨਾਲੋਂ ਵੱਖਰੇ, ਮੁਕਤੀਵਾਦੀ ਆਦਰਸ਼ (liberationist ideal) ਵਜੋਂ ਜਾਣਿਆ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ, ਕਿਸੇ ਰਾਸ਼ਟਰਵਾਦ ਦਾ ਤੱਤ ਉਸ ਨੂੰ ਪ੍ਰੇਰਿਤ ਕਰਨ ਵਾਲੇ ਫਲਸਫੇ ਜਾਂ ਵਿਚਾਰਧਾਰਾ ਦੇ ਬੁਨਿਆਦੀ ਖ਼ਾਸੇ ਤੋਂ ਨਿਰਧਾਰਤ ਹੁੰਦਾ ਏ। ਜਿਹੜਾ ਫਲਸਫਾ ਮਨੁੱਖੀ ਆਜ਼ਾਦੀ ਤੇ ਬਰਾਬਰੀ ਦਾ ਜ਼ਾਮਨ ਹੈ, ਉਸ ਤੋਂ ਪ੍ਰੇਰਿਤ ਰਾਸ਼ਟਰਵਾਦ ਕੇਵਲ ਬਾਹਰੀ ਗ਼ਲਬੇ ਤੋਂ ਨਿਜਾਤ ਪਾਉਣ ਤਕ, ਕੇਵਲ ‘ਕੌਮੀ ਆਜ਼ਾਦੀ’ ਦੇ ਲਕਸ਼ ਤਕ ਹੀ ਸੀਮਤ ਨਹੀਂ ਹੋ ਸਕਦਾ। ਉਸ ਅੰਦਰ, ਬਰਾਬਰ ਮਾਤਰਾ ਵਿਚ, ਕੌਮੀ ਆਜ਼ਾਦੀ ਦੀ ਸਮੂਹ ਕੌਮੀ ਭਾਈਚਾਰੇ ਅੰਦਰ ਸਾਵੀਂ ਵੰਡ ਕਰਨ ਦੀ ਮੁਕਤੀਵਾਦੀ ਤਰੰਗ ਕਿਰਿਆਸ਼ੀਲ ਹੁੰਦੀ ਹੈ। ਇਸ ਦੇ ਉਲਟ, ਜਿਹੜਾ ਫਲਸਫਾ ਮਨੁੱਖੀ ਆਜ਼ਾਦੀ ਤੇ ਬਰਾਬਰੀ ਦੇ ਆਦਰਸ਼ ਨੂੰ ਬੁਲੰਦ ਨਹੀਂ ਕਰਦਾ ਅਤੇ ਕਿਸੇ ਵਰਗ-ਵਿਸ਼ੇਸ਼ ਦੇ ਉਚੇਚੇ ਹੱਕ ਹਕੂਕ ਦੀ ਵਕਾਲਤ ਤੇ ਹਿਫ਼ਾਜ਼ਤ ਕਰਦਾ ਏ, ਉਸ ਤੋਂ ਪ੍ਰੇਰਿਤ ਰਾਸ਼ਟਰਵਾਦ ਕੌਮੀ ਆਜ਼ਾਦੀ ਦੀ ਸਾਵੀਂ ਵੰਡ ਕਰਨ ਦੀ ਬਜਾਇ ਇਸ ਦੀ ਕਾਣੀ ਵੰਡ ਕਰਨ ਦੀ ਅਟੱਲ ਰੁਚੀ ਪ੍ਰਗਟਾਉਂਦਾ ਹੈ। ਇਸ ਦ੍ਰਿਸ਼ਟੀ ਤੋਂ, ਸਿੱਖ ਰਾਸ਼ਟਰਵਾਦ ਦੀ ਭਾਰਤੀ ਰਾਸ਼ਟਰਵਾਦ, ਜਿਹੜਾ ਤੱਤ ਰੂਪ ਵਿਚ ਹਿੰਦੂ ਰਾਸ਼ਟਰਵਾਦ ਈ ਐ, ਨਾਲੋਂ ਵੱਖਰਤਾ ਤੇ ਵਿਸ਼ੇਸ਼ਤਾ ਸਾਫ਼ ਪਛਾਣੀ ਜਾਂਦੀ ਹੈ। ਦੇਖਣ ਵਾਲੀ ਨਜ਼ਰ ਠੀਕ ਚਾਹੀਦੀ ਐ। ਸਿੱਖ ਨੈਸ਼ਨਲਿਜ਼ਮ ਅੰਦਰ ‘ਕੌਮੀ भातारी’ (nationalist independence) डे ‘भुरडीहारी भारग्प्त’ (liberationist ideal), ਦੋਨੋਂ ਆਪਸ ਵਿਚ ਗੂੜ੍ਹੀ ਤਰ੍ਹਾਂ ਜੁੜੇ-ਲਿਪਟੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦਾ ਅਮਲੀ ਪਰਮਾਣ ਦਿੰਦੇ ਹੋਏ ‘ਹੰਨੇ ਹੰਨੇ ਮੀਰੀ ਵੰਡਣ’ ਦੇ ਗੁਰੂ

ਆਦਰਸ਼ ਨੂੰ ਅਮਲ ਵਿਚ ਸਾਕਾਰ ਕਰ ਕੇ ਦਿਖਾ ਦਿੱਤਾ ਸੀ। 1920 ਵਿਚ ਜਦੋਂ ਸਿੱਖ ਪੰਥ ਇਕ ਪਾਸੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਉਭਰਵਾਂ ਰੋਲ ਅਦਾ ਕਰ ਰਿਹਾ ਸੀ ਅਤੇ ਦੂਜੇ ਪਾਸੇ ਬ੍ਰਾਹਮਣਵਾਦੀ ਬਿਪਰ ਸੰਸਕਾਰੀ ਤਾਕਤਾਂ ਦੇ ਸਿੱਖ ਪੰਥ ਦੇ ਨਿਆਰੇਪਣ ਨੂੰ ਢਾਹ ਲਾਉਣ ਦੇ ਕਪਟ-ਭਾਵੀ ਯਤਨਾਂ ਦਾ ਟਾਕਰਾ ਕਰ ਰਿਹਾ ਸੀ, ਤਾਂ ਉਸ ਵੇਲੇ ਸਿੱਖ ਪੰਥ ਦੀ ਸਮੂਹਕ ਸੋਚ ਤੇ ਜਜ਼ਬਾਤ ਦੀ ਤਰਜਮਾਨੀ ਕਰਨ ਵਾਲੇ ਅਕਾਲੀ ਅਖ਼ਬਾਰ ਨੇ ਆਪਣੇ 6 ਅਕਤੂਬਰ (1920) ਦੇ ਅੰਕ ਵਿਚ ਸਿੱਖ ਪੰਥ ਦੀ ਸਿਧਾਂਤਕ ਮਾਰਗ-ਸੇਧ ਦੀ ਨਿਸ਼ਾਨਦੇਹੀ ਇਨ੍ਹਾਂ ਭਾਵਪੂਰਤ ਸ਼ਬਦਾਂ ਵਿਚ ਕੀਤੀ ਸੀ: ‘ਸਾਨੂੰ ਗੁਰੂ ਪੰਥ ਦੀ ਦੇਸ਼ਭਗਤੀ, ਹੋਰ ਕੌਮੀ ਸੇਵਾ, ਦਾਨਾਈ ਅਤੇ ਸਚਾਈ ‘ਤੇ ਐਨ ਭਰੋਸਾ ਹੈ ਕਿ ਉਹ ਇਨ੍ਹਾਂ ਸਾਰਿਆਂ ਜ਼ਰੂਰੀ ਕੰਮਾਂ ਨੂੰ ਇਸ ਤਰੀਕੇ ਨਾਲ ਨਜਿੱਠੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਪੰਥ ਦੀ ਸ਼ਾਨ ਨੂੰ ਦੁਨੀਆਂ ਦੀਆਂ ਕੌਮਾਂ ਦੀ ਨਜ਼ਰ ਵਿਚ ਉੱਚਿਆਂ ਕਰੇਗਾ। ਸਿੱਖ ਕੌਮ ਆਪਣੇ ਜਨਮ ਦੇ ਮਨੋਰਥ ਨੂੰ ਅਤੇ ਇਤਿਹਾਸ ਨੂੰ ਮੁੱਖ ਰੱਖਦੀ ਹੋਈ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਸਮਝਦੀ ਹੈ।’ ਸਿੱਖ ਜੱਦੋ-ਜਹਿਦ ਦੀ ਸਿਧਾਂਤਕ ਮਾਰਗ-ਸੇਧ ਨੂੰ ਕਿੰਨੇ ਸਰਲ, ਸਾਦਾ ਤੇ ਫਬਵੇਂ ਢੰਗ ਨਾਲ ਬਿਆਨ ਕੀਤਾ ਏ, ਕਿ ਸਿੱਖ ਕੌਮ ਨੂੰ ਵੇਲੇ ਦੇ ਠੋਸ ਰਾਜਸੀ ਪ੍ਰਸੰਗ ਅਨੁਸਾਰ ਕੋਈ ਵੀ ਜ਼ਿੰਮੇਵਾਰੀ ਨਿਭਾਉਣੀ ਪਵੇ, ਉਸ ਨੇ ‘ਆਪਣੇ ਜਨਮ ਦੇ ਮਨੋਰਥ’ ਅਤੇ ਆਪਣੇ ਇਤਿਹਾਸ ਨੂੰ ਹਮੇਸ਼ਾ ਸਨਮੁੱਖ ਰੱਖਣਾ ਹੈ। ਸਿੱਖ ਕੌਮ ਦਾ ਸਮੂਹਕ ਅਮਲ ਇਸ ਸੇਧ ਵਿਚ ਰਹਿਣਾ ਚਾਹੀਦਾ ਏ। ਜੇਕਰ ਸਿੱਖ ਨੈਸ਼ਨਲਿਜ਼ਮ ਨੇ ਇਸ ਸੇਧ ਦਾ ਪਾਬੰਦ ਰਹਿਣਾ ਏ, ਤਾਂ ਇਸ ਵਿੱਚੋਂ ‘ਨੇਸ਼ਨ ਸਟੇਟ’ ਦਾ ਮਾਡਲ ਨਹੀਂ ਨਿਕਲਦਾ, ਇਸ ‘ਚੋਂ ਨੇਸ਼ਨ ਸਟੇਟ ਸਿਰਜਣ ਦਾ ਰਾਜਸੀ ਕਾਰਜ ਤੇ ਅਜੰਡਾ ਤੈਅ ਨਹੀਂ ਹੁੰਦਾ।

? ਇਹ ਕੀ ਗੱਲ ਹੋਈ ? ਜੇ ਆਪਣੀ ਸਟੇਟ, ਭਾਵ ਆਪਣਾ ਰਾਜ ਕਾਇਮ ਨਹੀਂ ਕਰਨਾ, ਤਾਂ ਸਾਰੀ ਲੜਾਈ ਦਾ ਮਤਲਬ ਕੀ ਰਹਿ ਜਾਂਦੈ ? ਆਖ਼ਰਕਾਰ ਲੜਾਈ ਦਾ ਕੋਈ ਮਨੋਰਥ ਤੇ ਟੀਚਾ ਤਾਂ ਹੋਣਾ ਚਾਹੀਦਾ ਏ । ਰਾਜ-ਸੱਤਾ ਬਗ਼ੈਰ ਤੁਸੀਂ ਆਪਣੇ ਆਦਰਸ਼ਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾ ਸਕਦੇ ਹੋ ?

ਅਸਲ ਵਿਚ ਸਮੱਸਿਆ ਇਹ ਹੈ ਕਿ ਆਧੁਨਿਕ ਗਿਆਨ-ਪ੍ਰਬੰਧ ਨੇ ਇਸ ਹੱਦ ਤਕ ਮੁਕੰਮਲ ਅਜਾਰੇਦਾਰੀ (hegemony) ਸਥਾਪਤ ਕਰ ਲਈ ਹੈ, ਕਿ ਸਾਡੇ ਅੰਦਰ ਇਸ ਤੋਂ ਲਾਂਭੇ ਹਟ ਕੇ ਸੋਚਣ ਦੀ ਸ਼ਕਤੀ ਤੇ ਸਮਰੱਥਾ ਨਹੀਂ ਰਹੀ। ਸਾਡੇ ਕੋਲੋਂ ਹਾਸਲ ਮਾਡਲਾਂ ਤੋਂ ਲਾਂਭੇ ਜਾ ਕੇ ਸੋਚਿਆ ਹੀ ਨਹੀਂ ਜਾਂਦਾ। ਆਧੁਨਿਕ ਸੰਕਲਪਾਂ ਜਿਵੇਂ – ‘ਸਟੇਟ’, ‘ਜਮਹੂਰੀਅਤ’, ‘ਧਰਮ ਨਿਰਪੱਖਤਾ’, ‘ਤਰਕਸ਼ੀਲਤਾ’ ਆਦਿ ਆਦਿ – ਨੇ ਸਾਡੀ ਸੋਚ ਤੇ ਕਲਪਨਾ ਉੱਤੇ ਪੂਰਨ ਗ਼ਲਬਾ ਪਾ ਲਿਆ ਹੈ। ਇਨ੍ਹਾਂ ਤੋਂ ਹਟ ਕੇ ਸੋਚਣ ਦੀ ਸਮਰੱਥਾ ਗ੍ਰਹਿਣੀ ਗਈ ਏ । ਅਸੀਂ ਜਦੋਂ ਸਟੇਟ ਬਾਰੇ ਸੋਚਦੇ ਜਾਂ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਨੇਸ਼ਨ ਸਟੇਟ ਦਾ ਮਾਡਲ ਈ ਹੁੰਦੈ। ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਅਜੇ ਸੰਸਾਰ ਅੰਦਰ ‘ਨੇਸ਼ਨ ਸਟੇਟ’ ਦਾ ਆਧੁਨਿਕ ਮਾਡਲ ਹੋਂਦ ਵਿਚ ਨਹੀਂ ਆਇਆ ਸੀ, ਉਦੋਂ ਵੀ ਤਾਂ ਸਮਾਜਾਂ ਰਾਜਾਂ ਦੇ ਵਜੂਦ ਸਨ। ਉਦੋਂ ਵੀ ਤਾਂ ਸਮਾਜਾਂ ਰਾਜਾਂ ਦੇ ਕੋਈ ਮੁੱਲ ਪ੍ਰਬੰਧ ਤੇ ਕਾਨੂੰਨ ਵਿਧਾਨ ਹੁੰਦੇ ਸਨ। ਕੀ ਇਹ ਕਿਹਾ ਤੇ ਮੰਨਿਆ ਜਾ ਸਕਦਾ ਏ ਕਿ ਪੂਰਵ ਆਧੁਨਿਕ ਕਾਲ ਦੇ ਸਾਰੇ ਰਾਜ ਅਤਿਆਚਾਰੀ ਤੇ ਨਿਰੰਕਸ਼ ਸਨ ਅਤੇ ਆਧੁਨਿਕ ਰਾਜ ਸਮੁੱਚੇ ਤੌਰ ‘ਤੇ ਜਮਹੂਰੀ ਤੇ ਇਨਸਾਫ਼ਪਸੰਦ ਹਨ। ਜੇਕਰ ਕੋਈ ਅਜਿਹਾ ਸੋਚਦਾ/ਸਮਝਦਾ ਏ ਤਾਂ ਉਹ ਹਕੀਕਤ ਪਸੰਦ ਨਹੀਂ। ਪੂਰਵ ਆਧੁਨਿਕ ਕਾਲ ਦੇ ਕਈ ਰਾਜ, ਮਾਨਵੀ ਆਜ਼ਾਦੀ ਤੇ ਇਨਸਾਫ਼ ਦੇ ਨੁਕਤਾ-ਨਜ਼ਰ ਤੋਂ, ਆਧੁਨਿਕ ਰਾਜਾਂ ਨਾਲੋਂ ਕਿਤੇ ਬਿਹਤਰ ਸਨ। ਪਰ ਆਧੁਨਿਕਵਾਦ੍ ਦੇ ਵਰਤਾਰੇ ਨੇ ਸਦੀਆਂ ਤੋਂ ਚਲੀ ਆਉਂਦੀ ਜ਼ਿੰਦਗੀ ਦੀ ਤੋਰ ਨੂੰ ਅਜਿਹਾ ਝਟਕਾ ਦੇ ਦਿੱਤਾ ਕਿ ਸਾਡਾ ਪਿਛਲਾ ਚਲੀ ਆਉਂਦੀ ਦੇਮ ਪੁਰਾਣਾ, ਬੇਮਤਲਬ, ਫ਼ਾਲਤੂ ਤੇ ਅਸਭਿਅਕ ਹੋ ਗਿਆ। ਸਾਡੀ ਸੋਚ ਅਪਾਹਜ ਬਣਾ ਦਿੱਤੀ । ਸਾਨੂੰ ਆਪਣਾ ਅਤੀਤ ਕੁਹਜਾ ਲੱਗਣ ਲੱਗ ਪਿਆ। ਅਸੀਂ ਪਰਾਏ ਗਿਆਨ ਪ੍ਰਬੰਧ ਦੇ ਆਸਰੇ ਸੋਚਣਾ, ਮਹਿਸੂਸਣਾ ਤੇ ਚਿਤਵਨਾ ਸ਼ੁਰੂ ਕਰ ਦਿੱਤਾ। ਸਾਡੇ ਅਜੋਕੇ ਸੰਕਟ ਦਾ ਕੇਂਦਰ-ਬਿੰਦੂ ਇਹ ਗੱਲ ਹੈ। ਇਸ ਵੇਲੇ ਸਾਡੇ ਸਾਹਮਣੇ ਪ੍ਰਮੁੱਖ ਸੁਆਲ ਇਹ ਐ ਕਿ ਅਸੀਂ ਕਿਹੜਾ ਗਿਆਨ ਪ੍ਰਬੰਧ ਚੁਣਨਾ ਜਾਂ ਸਿਰਜਣਾ ਏ।

? ਕੀ ਤੁਹਾਡਾ ਭਾਵ ਇਹ ਹੈ ਕਿ ਅਜੋਕੇ ਆਧੁਨਿਕ ਗਿਆਨ ਪ੍ਰਬੰਧ ਨੂੰ ਛੱਡ ਕੇ ਮੁੜ ਤੋਂ ਫਿਰ ਪੁਰਾਣੀ ਗ਼ੈਰ-ਵਿਗਿਆਨਕ ਸੋਚ ਅਪਣਾਅ ਲਈ ਜਾਵੇ ? ਕੀ ਇਹ ਪਿੱਛੇ ਮੁੜਨ ਵਾਲੀ ਗੱਲ ਨਹੀਂ? ਕੀ ਇਹ ਇਤਿਹਾਸ ਦੇ ਪਹੀਏ ਨੂੰ ਪੁੱਠਾ ਗੇੜਾ ਦੇਣਾ ਨਹੀਂ? ਆਧੁਨਿਕਵਾਦੀ ਅਜਿਹੀ ਸੋਚ ਤੇ ਬਿਰਤੀ ਨੂੰ ਪਿਛਲ-ਖੁਰੀ ਕਹਿ ਕੇ ਨਿੰਦਦੇ ਤੇ ਨਕਾਰਦੇ ਹਨ ।

ਸਮੱਸਿਆ ਫਿਰ ਗਿਆਨ ਪ੍ਰਬੰਧ ਦੀ ਆ ਕੇ ਖੜੀ ਹੋ ਜਾਂਦੀ ਐ। ਕਿਹੜੀ ਗੱਲ ਅਗਾਂਹਵਧੂ ਤੇ ਕਿਹੜੀ ਪਿਛਾਂਹਖਿੱਚੂ ਏ, ਕਿਹੜੀ ਸੋਚ ਭਵਿਖ-ਮੁਖੀ ਤੇ ਕਿਹੜੀ ਪਿਛਲ-ਖੁਰੀ ਏ, ਇਸ ਬਾਰੇ ਕੋਈ ਨਿਰੰਕੁਸ਼ (ਨਿਰਪੇਖ) ਨਿਰਣਾ ਨਹੀਂ ਕੀਤਾ ਜਾ ਸਕਦਾ। ਇਹ ਇਕ ਸਾਪੇਖਕ (relative) ਤੇ ਅੰਤਰਮੁਖੀ (subjective) ਗੱਲ ਹੈ, ਜਿਹੜੀ ਦੇਖਣ ਵਾਲੇ ਦੀ ਦ੍ਰਿਸ਼ਟੀ ‘ਤੇ ਨਿਰਭਰ ਕਰਦੀ ਐ। ਇਸ ਦਾ ਨਿਤਾਰਾ ਕਰਨ ਲਈ ਮਾਪ-ਦੰਡ ਕਿਹੜਾ ਅਪਣਾਇਆ ਜਾਂਦੈ, ਇਹ ਗੱਲ ਫ਼ੈਸਲਾਕੁੰਨ ਹੈ। ਆਧੁਨਿਕ ਫਲਸਫੇ ਨੇ, ‘ਇਤਿਹਾਸ ਦੇ ਪੜਾਅਵਾਰ ਵਿਕਾਸ’ ਦੇ ਸਿਧਾਂਤ (progressivist view of history) ਦੇ ਰੂਪ ਵਿਚ, ਇਤਿਹਾਸ ਵਿਚ ਘਟੇ ਵਰਤਾਰਿਆਂ ਦਾ ਤੁਲਨਾਤਮਕ ਰੁਤਬਾ ਮਿੱਥਣ ਲਈ ਇਕ ਪੱਕਾ ਮਾਪ-ਦੰਡ ਤੈਅ ਕਰ ਦਿੱਤਾ ਹੈ : ਇਤਿਹਾਸਕ ਕ੍ਰਮ ਵਿਚ ਪੂਰਵ-ਆਧੁਨਿਕ ਦੌਰ ਵਿਚ ਵਾਪਰੀ ਗੱਲ ‘ਪਿਛਾਂਹਖਿੱਚੂ’ ਏ, ‘ਵੇਲਾ ਵਿਹਾ ਚੁੱਕੀ’ ਤੇ ‘ਫ਼ਾਲਤੂ’ ਹੋ ਗਈ ਏ, ਠੀਕ ਉਵੇਂ ਜਿਵੇਂ ਪੁਰਾਣੀ ਪੁਸ਼ਾਕ ਆਪਣੀ ਮਿਆਦ ਪੁਗਾਉਣ ਤੋਂ ਪਿੱਛੋਂ ਕਿਸੇ ਕੰਮ ਦੀ ਨਹੀਂ ਰਹਿ ਜਾਂਦੀ। ਇਸ ਸੋਚ ਅਨੁਸਾਰ, ਪਿਛਲੇ ਯੁਗਾਂ ਦੇ ਮੁਕਾਬਲੇ ਅਜੋਕਾ ‘ਸਭਿਅਤਾ ਦਾ ਯੁਗ’ ਹਰ ਪੱਖੋਂ ਉੱਤਮ ਤੇ ਬਿਹਤਰ ਹੈ ਤੇ ਹਰ ਖੇਤਰ ਵਿਚ ਅੱਵਲ ਹੈ। ਇਸ ਤਰ੍ਹਾਂ ‘ਭਵਿੱਖ-ਮੁਖੀ’ ਤੇ ‘ਪਿਛਲ- ਖੂਰੀ’ ਸੋਚ ਵਿਚਕਾਰ ਨਿਖੇੜਾ ਕਰਨ ਲਈ ਬੇਹੱਦ ਸੌਖਾ ਸੂਤਰ (ਫ਼ਾਰਮੂਲਾ) ਘੜ ਦਿੱਤਾ ਹੈ। ਅਠਾਰ੍ਹਵੀਂ ਸਦੀ ਮੁਰਦਾਬਾਦ, ਇੱਕੀਵੀਂ ਸਦੀ ਜ਼ਿੰਦਾਬਾਦ! ਸਾਇੰਸ ਦੀ ਜੈ, ਧਰਮ ਦੀ ਖੈ! ਏਦੂੰ ਸੌਖਾ ਫ਼ਾਰਮੂਲਾ ਹੋਰ ਕੋਈ ਹੋ ਹੀ ਨਹੀਂ ਸਕਦਾ । ਸੌਖੀ ਗੱਲ ਮਨ ਨੂੰ ਹਮੇਸ਼ਾ ਛੇਤੀ ਜਚ ਜਾਂਦੀ ਹੈ। ਇਸ ਵਿਚ ਭਰਮਾਉਣ ਦੀ ਬੇਥਾਹ ਸਮਰੱਥਾ ਹੁੰਦੀ ਹੈ। ਆਧੁਨਿਕ ਗਿਆਨ ਪ੍ਰਬੰਧ ਨੇ ਦੁਨੀਆਂ ਦੇ ਹਰ ਖੇਤਰ, ਹਰ ਦੇਸ਼, ਹਰ ਰੰਗ, ਹਰ ਨਸਲ ਤੇ ਹਰ ਧਰਮ ਦੇ ਬੁੱਧੀਜੀਵੀ ਵਰਗ ਦੇ ਵੱਡੇ ਹਿੱਸੇ ਨੂੰ ਪੂਰੀ ਨਿਪੁੰਨਤਾ ਨਾਲ ਭਰਮਾ ਲਿਆ ਹੋਇਆ ਏ। ਜੋ ਕੁਝ ਅਸੀਂ ਦੇਖਦੇ, ਸੁਣਦੇ, ਸੋਚਦੇ, ਕਰਦੇ ਅਤੇ ਚਿਤਵਦੇ ਹਾਂ, ਉਸ ਸਾਰੇ ਕੁਝ ਦਾ ਸਾਡੇ ਮਨ ਵਿਚ ਇਕ ਮੁਲਾਂਕਣ ਪ੍ਰਬੰਧ ਬਣਿਆ ਹੁੰਦਾ ਹੈ। ਇਹ ਪ੍ਰਬੰਧ ਹੀ ਸਾਡੀ ਕੁੱਲ ਹਸਤੀ ਨੂੰ ਦੂਸਰਿਆਂ ਸਾਹਮਣੇ ਪ੍ਰਗਟਾਉਂਦਾ ਤੇ ਦੂਜਿਆਂ ਨਾਲੋਂ ਵਖਰਿਆਉਂਦਾ ਹੈ। ਇਸ ਹਸਤੀ ਦੀ ਘਾੜਤ ਵਿਚ ਲੰਮੇ ਇਤਿਹਾਸ ਦਾ ਹੱਥ ਹੁੰਦਾ ਹੈ ਜੋ ਸਾਡੇ ਪੁਰਖਿਆ ਨੇ ਜਿਉਂਇਆ ਹੁੰਦਾ ਏ। ਉਨ੍ਹਾਂ ਨੇ ਭਵਿੱਖ ਦਾ ਜੋ ਸੁਪਨਾ ਲਿਆ ਹੁੰਦਾ ਏ, ਉਹ ਸਾਨੂੰ ਵਿਰਾਸਤ ਵਜੋਂ ਮਿਲਦਾ ਏ, ਜਿਸ ਨੂੰ ਅਸੀਂ ਜ਼ਿੰਦਗੀ ਨਾਲੋਂ ਵੀ ਕੀਮਤੀ ਸਮਝਦੇ ਹਾਂ ਕਿਉਂਕਿ ਜ਼ਿੰਦਗੀ ਦੀ ਕੀਮਤ ਹੀ ਇਸ ਵਿਚ ਪਈ ਹੁੰਦੀ ਏ। ਮਨੁੱਖੀ ਜ਼ਿੰਦਗੀ ਦੀ ਕੀਮਤ ਤੋਂ ਲੈ ਕੇ ਹਰ ਸ਼ੈਅ ਦੀ ਕੀਮਤ ਜੋ ਮਨੁੱਖ ਸਮਝਦਾ ਹੈ, ਉਹ ਇਤਿਹਾਸ ਵਿਰਾਸਤ ਵਿਚ ਹੀ ਤੈਅ ਹੁੰਦੀ ਏ। ਇਤਿਹਾਸ ਆਪਣੇ ਆਪ ਵਿਚ ਹੀ ਕੀਮਤੀ ਸ਼ੈਅ ਹੈ ਜੋ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਇਤਿਹਾਸ ਬਿਨਾਂ ਭਵਿੱਖ ਦੀ ਕਲਪਨਾ ਨਹੀਂ ਹੋ ਸਕਦੀ, ਇਤਿਹਾਸ ਬਿਨਾਂ ਮਨੁੱਖ ਦੇ ਮਨੁੱਖ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਜਿਨ੍ਹਾਂ ਮੁੱਲਾਂ ਦੁਆਲੇ ਇਤਿਹਾਸ ਖੜਾ ਹੋਵੇ, ਜਦੋਂ ਉਨ੍ਹਾਂ ਮੁੱਲਾਂ ਦੀ ਮਾਨਤਾ ਹੀ ਖੁਰ ਜਾਵੇ ਤਾਂ ਇਤਿਹਾਸ ਦੀ ਹੋਂਦ ਦਾ ਕਿਲ੍ਹਾ ਢਹਿ ਜਾਂਦਾ ਹੈ। ਇਤਿਹਾਸ ਖੁੱਸ ਜਾਣ ਨਾਲ ਭਵਿੱਖ ਦਾ ਸੁਪਨਾ ਵੀ ਖੁੱਸ ਜਾਂਦਾ ਹੈ ਅਤੇ ਮਨੁੱਖ ਹਸਤੀਹੀਣ ਹੋ ਜਾਂਦਾ ਹੈ। ਜਦੋਂ ਵੀ ਕਿਸੇ ਦੇਸ਼, ਕੌਮ ਜਾਂ ਸਮਾਜ ਨੇ ਆਪਣੀ ਹਸਤੀ ਨੂੰ ਮੁੜ ਉਚਿਆਉਣ ਦਾ ਯਤਨ ਕੀਤਾ ਹੈ ਤਾਂ ਉਸ ਨੇ ਸਭ ਤੋਂ ਪਹਿਲਾਂ ਇਤਿਹਾਸ ਨੂੰ ਮੁੜ ਪਰਿਭਾਸ਼ਤ ਕੀਤਾ ਹੈ। ਮਿਸਾਲ ਵਜੋਂ ਹਿੰਦੁਸਤਾਨ ਦੀ ਆਜ਼ਾਦੀ ਦਾ ਸੁਪਨਾ ਲੈਣ ਵਾਲੇ ਹਿੰਦੂ ਚਿੰਤਕਾਂ ਤੇ ਰਹਿਬਰਾਂ ਨੇ ਵੈਦਿਕ ਕਾਲ ਨੂੰ ‘ਸੁਨਹਿਰੀ ਕਾਲ’ ਵਜੋਂ ਪਰਿਭਾਸ਼ਤ ਕੀਤਾ ਅਤੇ ਇਸ ਉਦਾਲੇ ਆਪਣੇ ਭਵਿੱਖ ਦੇ ਸੁਪਨੇ ਦੀ ਬੁਣਤ ਬੁਣੀ। ਉਨ੍ਹਾਂ ਨੇ ‘ਮੁੜ ਵੇਦਾਂ ਵੱਲ’ ਦਾ ਨਾਅਰਾ ਦਿੱਤਾ। ਪੰਜਾਬ ਦੇ ਇਤਿਹਾਸ ਵਿਚ ਸਾਡੇ ਕੋਲ ਜੋ ਮਾਣਯੋਗ ਹੈ ਉਸ ਨੂੰ ਮੁੜ ਸਮਕਾਲ ਦੇ ਪ੍ਰਸੰਗ ਵਿਚ ਨਵਿਆਉਣਾ ਅਰਥਾਤ ਮੁੜ ਪਰਿਭਾਸ਼ਤ ਕਰਨਾ ਪਵੇਗਾ। ਇਹ ਕਾਰਜ ਸਭ ਤੋਂ ਪਹਿਲਾਂ ਗਿਆਨ ਪ੍ਰਬੰਧ ਤੋਂ ਸ਼ੁਰੂ ਹੋਵੇਗਾ। ਕਿਉਂਕਿ ਜਿੰਨਾ ਚਿਰ ਅਸੀਂ ਆਪਣਾ ਗਿਆਨ ਪ੍ਰਬੰਧ ਨਹੀਂ ਸਾਜ ਸਕਦੇ, ਅਸੀਂ ਸੁਪਨੇ ਨੂੰ ਪੂਰਾ ਚਿਤਵ ਵੀ ਨਹੀਂ ਸਕਦੇ, ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ। ਆਪਣੇ ਗਿਆਨ ਪ੍ਰਬੰਧ ਨਾਲ ਆਪਣੇ ਇਤਿਹਾਸ ਦੀ ਮੁੜ ਉਸਾਰੀ ਹੋਣੀ ਹੈ, ਵਰਤਮਾਨ ਦੀ ਹਰ ਗੱਲ, ਘਟਨਾ, ਸ਼ੈਅ ਤੇ ਵਰਤਾਰੇ ਬਾਰੇ ਆਪਣੀ ਸਮਝ ਘੜਨੀ ਹੈ ਤਾਂ ਹੀ ਭਵਿੱਖ ਦਾ ਨਕਸ਼ ਉਲੀਕਿਆ ਜਾ ਸਕਦਾ ਹੈ, ਤਾਂ ਹੀ ਇਤਿਹਾਸ ਵਿਚ ਸਾਡੇ ਪੁਰਖਿਆਂ ਵੱਲੋਂ ਸਿਰਜਿਆ ਭਵਿੱਖ ਦਾ ਸੁਪਨਾ ਸਮਝਿਆ, ਮਹਿਸੂਸਿਆ ਤੇ ਪੂਰਾ ਕੀਤਾ ਜਾ ਸਕਦਾ ਏ। ਇਤਿਹਾਸ ਨੂੰ ਨਵਿਆਉਣ ਜਾਂ ਮੁੜ ਪਰਿਭਾਸ਼ਤ ਕਰਨ ਦਾ ਅਮਲ ਕਦੇ ਵੀ ਸਰਲ ਪੱਧਰਾ ਨਹੀਂ ਹੁੰਦਾ । ਇਹ ਹਮੇਸ਼ਾ ਤਿੱਖੇ ਵਿਰੋਧਾਂ ਤੇ ਸੰਘਰਸ਼ਾਂ ਨਾਲ ਉਲਝਿਆ ਹੁੰਦਾ ਹੈ। ਜਿਹੜੇ ਵਰਗ ਨੇ ਦੂਸਰੇ ਵਰਗ ਦੇ ਵਰਤਮਾਨ ਉੱਤੇ ਕਬਜ਼ਾ ਕਰਨਾ ਹੁੰਦਾ ਹੈ, ਉਹ ਦੂਸਰੇ ਕੋਲੋਂ ਉਸ ਦਾ ਇਤਿਹਾਸ ਖੋਹਣ ਦਾ ਯਤਨ ਕਰਦਾ ਹੈ। ਆਪਣੇ ਗਿਆਨ ਪ੍ਰਬੰਧ ਦੀ ਮੱਦਦ ਨਾਲ ਉਸ ਦੇ ਇਤਿਹਾਸ ਦੀ ਵਿਆਖਿਆ ਆਪਣੇ ਵਰਤਮਾਨ ਦੀਆਂ ਲੋੜਾਂ ਦੇ ਅਨੁਕੂਲ ਕਰਦਾ ਹੈ। ਗ਼ਦਰ ਲਹਿਰ ਨਾਲ, ਗ਼ਦਰੀ ਬਾਬਿਆਂ ਨਾਲ ਅੱਜ ਇਹੀ ਹੋ ਰਿਹਾ ਹੈ। ਜਿਹੜੀਆਂ ਤਾਕਤਾਂ ਸਿੱਖ ਕੌਮ ਨਾਲ ਢਿੱਡੋਂ ਖਾਰ ਖਾਂਦੀਆਂ ਹਨ ਤੇ ਇਸ ਨੂੰ ਹਤੀਹੀਣ ਕਰਨਾ ਚਾਹੁੰਦੀਆਂ ਹਨ, ਉਹ ਨਾ ਸਿਰਫ਼ ਗ਼ਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਨਿਖੇੜਨਾ ਤੇ ਤੋੜਨਾ ਚਾਹੁੰਦੀਆਂ ਹਨ, ਸਗੋਂ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਇਸ ਕਾਰਜ ਵਿਚ ਹਿੰਦੂਤਵੀ ਤਾਕਤਾਂ, ਉਦਾਰਪੰਥੀਆਂ ਤੇ ਖੱਬੇ ਪੱਖੀਆਂ ਵਿਚਕਾਰ ਪੂਰਨ ਸਾਂਝ ਪ੍ਰਗਟ ਹੋ ਰਹੀ ਹੈ। ਇਸ ਸਾਂਝ ਦਾ ਸਭ ਤੋਂ ਉਘੜਵਾਂ ਇਜ਼ਹਾਰ ਤਿੰਨਾਂ ਦੇ ਸਾਂਝੇ ਗਿਆਨ ਪ੍ਰਬੰਧ ਦੇ ਰੂਪ ਵਿਚ ਹੋ ਰਿਹਾ ਹੈ। ਤਿੰਨਾਂ ਵਰਗਾਂ ਦੇ ਸਰੋਕਾਰ, ਡਰ ਤੇ ਫ਼ਿਕਰ ਸਾਂਝੇ ਹਨ; ਤਿੰਨਾਂ ਵੱਲੋਂ (ਸਿੱਖ ਕੌਮ ਦੇ ਵਿਰੁੱਧ) ਵਰਤੀ ਜਾ ਰਹੀ ਭਾਸ਼ਾ ਸਾਂਝੀ ਹੈ। ਰਾਸ਼ਟਰਵਾਦ ਤਿੰਨਾਂ ਦਾ ਸਾਂਝਾ ਇਸ਼ਟ ਤੇ ਸਾਂਝਾ ਵਿਚਾਰਧਾਰਕ ਹਥਿਆਰ ਹੈ। ਤਿੰਨੇ ਭਾਰਤੀ ਕੌਮ ਦੀ ਧਾਰਨਾ ਦੇ ਕਾਇਲ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਜਸ਼ੀਲਾ ਸਤੀ ਕੰਮ ਦੀ ਧਾਰਨਾ ਵੱਲੋਂ ਗ਼ਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਰੰਗ ਵਿਚ ਪੇਸ਼ ਕਰਨ ਦੇ ਇਕ ਦੂਜੇ ਨਾਲੋਂ ਵਧ ਕੇ ਯਤਨ ਕੀਤੇ ਜਾ ਰਹੇ ਹਨ।

? ਪਰ ‘ਅਗਾਂਹਵਧੂ’ ਤੇ ‘ਪਿਛਾਂਹਖਿੱਚੂ’ ਸੋਚ ਤੇ ਅਮਲ ਵਿਚਕਾਰ ਨਿਖੇੜਾ ਕਰਨ ਦਾ ਮੁਸਲਰ ਸਾਫ਼ ਨਹੀਂ ਹੋਇਆ। ਆਧੁਨਿਕਵਾਦੀਆਂ ਦਾ ਫ਼ਾਰਮੂਲਾ ਤਾਂ ਮੰਨਿਆ ਗਲਤ ਏ, ਪਰ ਠੀਕ ਕੀ ਐ ? ਇਸ ਬਾਰੇ ਤੁਹਾਡੀ ਵਿਆਖਿਆ ‘ਚੋਂ ਕੋਈ ਠੋਸ ਤੇ ਸਪੱਸ਼ਟ ਉੱਤਰ ਨਹੀਂ ਮਿਲਿਆ। ਇਸ ਨੂੰ ਹੋਰ ਵੱਧ ਸਪੱਸ਼ਟ ਕਰੋ।

ਆਪਾਂ ਠੋਸ ਮਸਲਿਆਂ ਤੋਂ ਹੀ ਸ਼ੁਰੂ ਕਰਦੇ ਹਾਂ। ਅੱਜ ਸਾਨੂੰ ਇਹ ਗੱਲਾਂ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਹੋ ਰਹੀ ਹੈ ਕਿ ਦੁਨੀਆਂ ਅੰਦਰ ‘ਸਭ ਅੱਛਾ’ ਨਹੀਂ ਹੋ ਰਿਹਾ। ਇਸ ਵੇਲੇ ਕੁਝ ਵਿਕਰਾਲ ਸਮੱਸਿਆਵਾਂ ਤੇ ਚੁਣੌਤੀਆਂ ਮਾਨਵਤਾ ਨੂੰ ਘੂਰ ਰਹੀਆਂ ਹਨ। ਹਕੀਕਤ ਨੂੰ ਜੇਕਰ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਜਾਵੇ ਤਾਂ ਮਾਨਵਤਾ ਦੇ ਸਿਰ ਉੱਤੇ ਸਰਬਨਾਸ਼ ਦਾ ਖ਼ਤਰਾ ਮੰਡਰਾ ਰਿਹਾ ਏ। ਦਰਪੇਸ਼ ਸੰਕਟ ਦਾ ਸਭ ਤੋਂ ਗੂੜ੍ਹਾ ਇਜ਼ਹਾਰ ਵਾਤਾਵਰਨ ਦੀ ਖ਼ਰਾਬੀ ਦੇ ਰੂਪ ਵਿਚ ਹੋ ਰਿਹਾ ਏ। ਬਹੁਤਾ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ, ਮਨੁੱਖ ਨੇ ਆਪਣੇ ਆਲੇ-ਦੁਆਲੇ ਨੂੰ ਜਿੰਨਾ ਗੰਦਾ ਤੇ ਅਪਵਿੱਤਰ ਕਰ ਦਿੱਤਾ ਹੈ, ਹਵਾ, ਮਿੱਟੀ ਤੇ ਪਾਣੀ ਦੇ ਬੁਨਿਆਦੀ ਤੱਤਾਂ ਨੂੰ ਜਿੰਨਾ ਦੂਸ਼ਿਤ ਕਰ ਦਿੱਤਾ ਹੈ, ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਾਡੀ ਧਰਤੀ ਇਨ੍ਹਾਂ ਮਨੁੱਖੀ ਪਾਪਾਂ ਦਾ ਭਾਰ ਹੋਰ ਬਹੁਤੀ ਦੇਰ ਤਕ ਨਹੀਂ ਝੱਲ ਸਕੇਗੀ। ਇਸ ਕਰਕੇ ਇਸ ਵੇਲੇ ਮਨੁੱਖਤਾ ਦੇ ਸਨਮੁੱਖ ਸਭ ਨਾਲੋਂ ਵੱਡਾ ਤੇ ਤੱਦੀ ਵਾਲਾ ਸੁਆਲ ਇਹ ਖੜਾ ਹੋ ਗਿਆ ਹੈ ਕਿ ਵਾਤਾਵਰਨ ਦੀ ਖ਼ਰਾਬੀ ਦੇ ਬੇਰੋਕ ਵਗ ਰਹੇ ਇਸ ਰੁਝਾਨ ਨੂੰ ਠੱਲ੍ਹ ਕਿਵੇਂ ਪਾਈ ਜਾਵੇ ? ਕਿਸੇ ਫਲਸਫੇ ਅਥਵਾ ਗਿਆਨ ਪ੍ਰਬੰਧ ਦੇ ਭਵਿੱਖ-ਮੁਖੀ ਹੋਣ ਦਾ ਨਿਰਣਾ ਇਸ ਗੱਲ ਤੋਂ ਤੈਅ ਹੋਵੇਗਾ। ਬੜੀ ਸਿੱਧੀ ਤੇ ਸਪੱਸ਼ਟ ਜਿਹੀ ਗੱਲ ਐ। ਸੋ ਅਲੱਗ ਅਲੱਗ ਗਿਆਨ ਪ੍ਰਬੰਧਾਂ ਨੂੰ ਇਸ ਰੋਸ਼ਨੀ ਵਿਚ ਰੱਖ ਕੇ ਵਿਚਾਰਨ ਨਾਲ ਮਸਲਾ ਸੌਖਾ ਹੱਲ ਹੋ ਸਕਦਾ ਹੈ।

ਦੁਨੀਆਂ ਭਰ ਅੰਦਰ ਸੱਚੇ ਵਾਤਾਵਰਨ ਪ੍ਰੇਮੀ ਇਸ ਗੱਲ ਬਾਰੇ ਇਕ ਰਾਇ ਹਨ ਕਿ ਵਾਤਾਵਰਨ ਦੀ ਖ਼ਰਾਬੀ ਦਾ ਮੂਲ ਕਾਰਨ ਖਪਤਕਾਰੀ ਸਭਿਆਚਾਰ ਹੈ। ਲੋਕਾਂ ਅੰਦਰ ਚੀਜ਼ਾਂ ਦੀ ਭੁੱਖ ਏਨੀ ਵੱਧ ਗਈ ਏ ਕਿ ਵਸਤਾਂ ਦੀ ਪੈਦਾਵਾਰ ਲੋੜ ਨਾਲੋਂ ਕਿਤੇ ਵਾਧੂ ਤੇ ਉੱਕਾ ਹੀ ਫ਼ਜ਼ੂਲ ਹੋ ਰਹੀ ਹੈ। ਇਸ ਕਰਕੇ ਜੇ ਵਾਤਾਵਰਨ ਦੀ ਖ਼ਰਾਬੀ ਦੇ ਰੁਝਾਨ ਨੂੰ ਠੱਲ੍ਹ ਪਾਉਣੀ ਹੈ ਤਾਂ ਲਗਾਤਾਰ ਵੱਧ ਰਹੀ ਪੈਦਾਵਾਰ ਦੇ ਸਿਲਸਿਲੇ ਨੂੰ ਲਗਾਮ ਦੇਣੀ ਪੈਣੀ ਹੈ, ਇਸ ਨੂੰ ਥਾਂਏਂ ਬਰੇਕਾਂ ਲਾਉਣੀਆਂ ਜ਼ਰੂਰੀ ਹੋ ਗਈਆਂ ਹਨ। ਇਸ ਦੇ ਵਾਸਤੇ ਲੋਕਾਂ ਦੀ ਬਿਰਤੀ ਨੂੰ ਬਦਲਣਾ, ਉਨ੍ਹਾਂ ਅੰਦਰ ਚੀਜ਼ਾਂ ਦੀ ਭੁੱਖ ਉੱਤੇ ਕਾਬੂ ਪਾਉਣਾ, ਭਾਵ ਖਪਤਕਾਰੀ ਸਭਿਆਚਾਰ ਤੋਂ ਮੁਕਤ ਹੋਣਾ ਪਹਿਲੀ ਤੇ ਅਤਿ ਜ਼ਰੂਰੀ ਲੋੜ ਬਣ ਗਈ ਹੈ। ਇਸ ਸੰਦਰਭ ਵਿਚ ਜਿਹੜਾ ਫਲਸਫਾ ਲੋਕਾਂ ਅੰਦਰ ਚੀਜ਼ਾਂ ਦੀ ਭੁੱਖ ਤੇਜ਼ ਕਰਦਾ ਹੈ, ਉਸ ਨੂੰ ਕਿਸੇ ਲਿਹਾਜ਼ ਨਾਲ ਵੀ ਅਗਾਂਹਵਧੂ ਜਾਂ ਭਵਿੱਖ-ਮੁਖੀ ਨਹੀਂ ਕਿਹਾ ਜਾ ਸਕਦਾ। ਉਹ ਮਾਨਵਤਾ ਨੂੰ ਸਰਬਨਾਸ਼ ਦੀ ਦਿਸ਼ਾ ਵੱਲ ਲਿਜਾ ਰਿਹਾ ਹੈ ਅਤੇ ਇਸ ਬਾਰੇ ਕਿਸੇ ਨੂੰ ਵੀ ਕੋਈ ਰੌਲਾ ਜਾਂ ਸ਼ੱਕ ਸੰਦੇਹ ਨਹੀਂ ਕਿ ਆਧੁਨਿਕ ਸਭਿਅਤਾ ਦੀ ਬੁਨਿਆਦ ਖਪਤ ਸਭਿਆਚਾਰ ਉੱਤੇ ਟਿਕੀ ਹੋਈ ਹੈ। ਪੈਦਾਵਾਰ ਲੋੜਾਂ ਨੂੰ ਮੁੱਖ ਰੱਖ ਕੇ ਨਹੀਂ, ਮੁਨਾਫ਼ੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਇਸ ਵਾਸਤੇ ਲੋੜਾਂ ਵਧਾਉਣ, ਅਰਥਾਤ ਲੋਕਾਂ ਅੰਦਰ ਚੀਜ਼ਾਂ ਦੀ ਭੁੱਖ ਹੋਰ ਤੇਜ਼ ਕਰਨ, ਉਨ੍ਹਾਂ ਅੰਦਰ ਖਾਣ-ਪੀਣ ਤੋਂ ਲੈ ਕੇ ਪਹਿਨਣ-ਪਚਰਨੂ ਤਕ, ਹਰ ਕਿਸਮ ਦੀ ਤ੍ਰਿਸ਼ਨਾ ਮਨਸ਼ਾ ਵਧਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਮੁਨਾਫ਼ ਦੀ ਲਾਲਸਾ ਤੇ ਚੀਜ਼ਾਂ ਦੀ ਹਵਸ ਨੇ ਮਨੁੱਖ ਨੂੰ ਏਨਾ ਮਤਲਬੀ ਬਣਾ ਦਿੱਤਾ ਹੈ ਕਿ ਉਸ ਨੂੰ ਵਾਤਾਵਰਨ ਦੀ ਸ਼ੁੱਧਤਾ ਤੇ ਸੰਤੁਲਨ ਨਾਲ ਕੋਈ ਸਰੋਕਾਰ ਨਹੀਂ ਰਿਹਾ। ਇਸ ਕਰਕੇ ਪੱਛਮੀ ਗਿਆਨ-ਚਿੰਤਨ (enlightenment) ਦੀਆਂ ਸਿਧਾਂਤਕ ਬੁਨਿਆਦਾਂ ਉੱਤੇ ਉਸਰਿਆ ਕੋਈ ਵੀ ਗਿਆਨ ਪ੍ਰਬੰਧ, ਜੀਹਨੂੰ ਆਧੁਨਿਕ, ਧਰਮ ਨਿਰਪੇਖ, ਤਾਰਕਿਕ, ਯਥਾਰਥਵਾਦੀ ਤੇ ਵਿਗਿਆਨਕ ਕਿਹਾ ਜਾਂਦਾ ਹੈ, ਉਦਾਰਵਾਦੀ/ਪੂੰਜੀਵਾਦੀ ਹੈ ਜਾਂ ਮਾਰਕਸਵਾਦੀ/ਸਮਾਜਵਾਦੀ ਹੈ, ਜਿਸ ਦੀ ਦ੍ਰਿਸ਼ਟੀ ਸਨਅਤੀ-ਸ਼ਹਿਰੀ ਹੈ, ਉਸ ਕੋਲ ਮਾਨਵਤਾ ਨੂੰ ਦਰਪੇਸ਼ ਸਰਬਨਾਸ਼ ਦੇ ਖ਼ਤਰੇ ਦਾ ਨਾ ਸਿਰਫ਼ ਕੋਈ ਉਪਾਅ ਨਹੀਂ, ਸਗੋਂ ਉਹ ਇਸ ਖ਼ਤਰੇ ਦਾ ਜਨਮਦਾਤਾ ਤੇ ਇਸ ਦਾ ਪਰਵਰਦਗਾਰ ਹੈ। ਆਧੁਨਿਕ ਗਿਆਨ- ਪ੍ਰਬੰਧ ਨੂੰ ਰੱਦ ਕਰਨ ਦਾ ਇਹ ਇੱਕੋ ਕਾਰਨ ਹੀ ਕਾਫ਼ੀ ਹੈ। .

ਇਸ ਦੇ ਐਨ ਉਲਟ, ਗੁਰੂਆਂ ਦੀ ਬਾਣੀ ਮਨੁੱਖ ਨੂੰ ਹਰ ਤਰ੍ਹਾਂ ਦੀਆਂ ਇੰਦਰਿਆਵੀ ਤੇ ਦੁਨਿਆਵੀ ਤ੍ਰਿਸ਼ਨਾਵਾਂ ਤੋਂ ਸੁਚੇਤ ਕਰਦੀ ਤੇ ਵਰਜਦੀ ਹੈ, ਉਸ ਅੰਦਰ ਸਬਰ, ਸੰਤੁਲਨ ਤੇ ਸੰਤੋਖ ਦੇ ਭਾਵ ਪੈਦਾ ਕਰਦੀ ਹੈ। ਖਾਣ-ਪੀਣ ਤੇ ਪਹਿਨਣ-ਪਚਰਨ ਬਾਰੇ ਇਕ ਆਦਰਸ਼ ਨਿਰਧਾਰਤ ਕਰਦੀ ਹੈ। ‘ਅੰਨ ਪਾਣੀ ਥੋੜਾ ਖਾਇਆ’ (ਮਹਲਾ ੧, ਆਸਾ ਦੀ ਵਾਰ) ਦੇ ਗੁਰਵਾਕ ਦਾ ਭਾਵ ਇਹੋ ਹੈ ਕਿ ਖਾਣ ਪੀਣ ਵਿਚ ਬੇਸਬਰੀ ਜਾਂ ਬੇਨਿਯਮੀ ਨਾਂਹ ਵਰਤੀ ਜਾਵੇ, ਜਿਸ ਨਾਲ ਸਰੀਰਕ ਸੁਹਜ ਵਿਚ ਕਿਸੇ ਪ੍ਰਕਾਰ ਦਾ ਵਿਗਾੜ ਪਵੇ ਜਾਂ ਸਿਹਤ ਦਾ ਸੰਤੁਲਨ ਹੀ ਖ਼ਰਾਬ ਹੋ ਜਾਵੇ। ਇਸ ਬਾਰੇ ਬਾਬੇ ਨਾਨਕ ਦਾ ਉਪਦੇਸ਼ ਬੜਾ ਸਪੱਸ਼ਟ ਹੈ :

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥

ਪਹਿਨਣ ਪਚਰਨ ਬਾਰੇ ਵੀ ਗੁਰੂ ਸਾਹਿਬ ਨੇ ਫੁਰਮਾਇਆ ਹੈ:

ਬਾਬਾ ਹੋਰ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥

ਇਸ ਤਰ੍ਹਾਂ ਗੁਰਬਾਣੀ ਖਪਤਕਾਰੀ ਸਭਿਆਚਾਰ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਤੇ ਨਿਖੇਧ ਕਰਦੀ ਹੈ।

ਗੁਰਬਾਣੀ ਸਾਡੇ ਅੰਦਰ ਚੁਗਿਰਦੇ ਪ੍ਰਤਿ ਚੇਤਨਾ ਪੈਦਾ ਕਰਦੀ ਹੈ। ‘ਮਾਤਾ ਧਰਤਿ ਮਹਤੁ’ ਦੇ ਸੰਕਲਪ ਦੇ ਜ਼ਰੀਏ ਧਰਤੀ ਦੀ ਸਾਂਭ-ਸੰਭਾਲ ਦੀ ਭਾਵਨਾ ਪੈਦਾ ਕਰਦੀ ਹੈ। ਧਰਤੀ ਉਤਲੇ ਸਾਰੇ ਜੀਵਾਂ ਵਿੱਚੋਂ ਮਨੁੱਖ ਹੀ ਇਕ-ਮਾਤਰ ਅਜਿਹਾ ਜੀਵ ਹੈ ਜਿਹੜਾ ਸਭ ਤੋਂ ਉੱਚੀ ਚੇਤਨਾ ਦਾ ਮਾਲਕ ਹੋਣ ਦੇ ਨਾਲੋ-ਨਾਲ, ਸਭ ਤੋਂ ਵਧ ਕੇ ਲਾਲਚੀ, ਹਉਮੈਗ੍ਰਸਤ ਤੇ ਮਤਲਬਪ੍ਰਸਤ ਹੈ। ਇਸ ਅੰਦਰ ਕੁਦਰਤ ਨੂੰ ਆਪਣਾ ਸਾਥੀ ਸਮਝਣ ਦੀ ਭਾਵਨਾ ਦੇ ਉਲਟ, ਆਪਣੇ ਆਪ ਨੂੰ ਕੁਦਰਤ ਦਾ ਮਾਲਕ ਸਮਝਣ ਦੀ ਭਾਵਨਾ ਤੇ ਰੁਚੀ ਭਾਰੂ ਹੈ। ਇਸ ਕਰਕੇ ਇਸ ਨੇ ਵਿਕਾਸ ਦੀ ਜੋ ਸੇਧ ਅਪਣਾਅ ਰੱਖੀ ਹੈ, ਉਹ ਮਨੁੱਖ- ਕੇਂਦਰਿਤ (human centric) ਹੈ। ਨਤੀਜੇ ਵਜੋਂ ਹੁਣ ਤਕ ਦਾ ਵਿਕਾਸ ਇਕਾਂਗੀ ਹੀ ਹੋਇਆ ਹੈ, ਜਿਸ ਨਾਲ ਮਨੁੱਖ ਦੀ ਅੰਦਰੂਨੀ ਕੁਦਰਤ ਤੇ ਬਾਹਰੀ ਕੁਦਰਤ ਵਿਚਕਾਰ ਖੱਪਾ ਪੈਦਾ ਹੋ ਗਿਆ ਹੈ। ਇਸ ਦੇ ਉਲਟ, ਸਿੱਖ ਧਰਮ ਮਨੁੱਖ ਦੀ ਸ਼ਖ਼ਸੀਅਤ ਦੇ ਅਜਿਹੇ ਕੁਦਰਤੀ ਜੀਵ ਵਿਗਿਆਨਕ ਵਿਕਾਸ ਉੱਤੇ ਜ਼ੋਰ ਦਿੰਦਾ ਹੈ ਜਿਸ ਵਿਚ ਕੁਦਰਤ ਦੇ ਸਾਰੇ ਰੂਪਾਂ ਨਾਲ ਇਕਸੁਰਤਾ ਕਾਇਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਅਤੇ ਸਾਰਿਆਂ ਲਈ ਇਕ ਅਨੁਕੂਲ ਚੁਗਿਰਦੇ ਦੀ ਸਿਰਜਣਾ ਨੂੰ ਮਨੁੱਖ ਦਾ ਜ਼ਰੂਰੀ ਫ਼ਰਜ਼ ਨਿਸਚਤ ਕੀਤਾ ਗਿਆ ਹੈ। ਗੁਰਬਾਣੀ ਧਰਤੀ ‘ਤੇ ਵੱਸਦੇ ਮਨੁੱਖ ਨੂੰ ਸਿਰਫ਼ ਦੂਸਰੇ ਮਨੁੱਖਾਂ ਪ੍ਰਤਿ ਹੀ ਨਹੀਂ, ਸਗੋਂ ਸਾਰੇ ਜੀਵ ਜੰਤੂਆਂ ਤੇ ਬਨਸਪਤੀ (ਪੌਦਿਆਂ, ਫੁੱਲਾਂ, ਜੜ੍ਹੀਆਂ ਬੂਟੀਆਂ ਆਦਿ) ਪ੍ਰਤਿ ਵੀ ਸ਼ਹਿਣਸ਼ੀਲ ਹੋਣ ਲਈ ਪ੍ਰੇਰਦੀ ਹੈ।

ਇਸ ਤਰ੍ਹਾਂ, ਜੇਕਰ ਅਸੀਂ ਵਾਤਾਵਰਨ ਦੀ ਸਾਂਭ-ਸੰਭਾਲ ਦੇ ਸੰਦਰਭ ਵਿਚ ਆਧੁਨਿਕ ਗਿਆਨ ਪ੍ਰਬੰਧ ਤੇ ਗੁਰੂਆਂ ਦੇ ਫਲਸਫੇ ਦੀ ਆਪਸ ਵਿਚ ਤੁਲਨਾ ਕਰੀਏ ਤਾਂ ਸਾਨੂੰ ਇਸ ਨਿਰਣੇ ‘ਤੇ ਪਹੁੰਚਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਸਿੱਖ ਫਲਸਫਾ ਆਧੁਨਿਕ ਗਿਆਨ ਪ੍ਰਬੰਧ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਅਗਾਂਹਵਧੂ, ਮਾਨਵ ਹਿਤੈਸ਼ੀ ਤੇ ਭਵਿੱਖ-ਮੁਖੀ ਹੈ। ਸਿਰਫ਼ ਗੁਰਬਾਣੀ ਵਿੱਚੋਂ ਨਿਰਧਾਰਤ ਹੁੰਦੀ ਸੇਧ ਉੱਤੇ ਚੱਲ ਕੇ ਹੀ ਮਾਨਵਤਾ ਸਰਬਨਾਸ਼ ਦੇ ਖ਼ਤਰੇ ਤੋਂ ਸੁਰਖ਼ੁਰੂ ਹੋ ਸਕਦੀ ਹੈ। ਗ਼ਦਰੀ ਬਾਬਿਆਂ ਦਾ ਸਮੁੱਚਾ ਜੀਵਨ ਗੁਰਬਾਣੀ ਦੀ ਇਸ ਸੇਧ ਅਨੁਸਾਰ ਸੀ। ਉਨ੍ਹਾ ਨੇ ਅੱਤ ਦਰਜੇ ਦੀ ਸਾਦਗੀ, ਸੰਜਮ, ਤਿਆਗ ਤੇ ਨਿਮਰਤਾ ਦੇ ਗੁਣ ਗੁਰਬਾਣੀ ਤੋਂ ਧਾਰਨ ਕੀਤੇ ਸਨ। ਜਿਵੇਂ ਕਿ ਪਿੱਛੇ ਬਾਬਾ ਸੋਹਣ ਸਿੰਘ ਭਕਨਾ ਦੇ ਇਕ ਕਥਨ ਦਾ ਹਵਾਲਾ ਦਿੱਤਾ ਜਾ ਚੁੱਕਾ ਹੈ, ਉਹ ਧਰਤੀ ਦੇ ਸਾਰੇ ਜੀਵਾਂ ਨੂੰ ਆਪਣੇ ਸਾਥੀ ਤੇ ਭਰਾ ਸਮਝਦੇ ਸਨ। ਇਹ ਭਾਵਨਾ ਤੇ ਅੰਤਰ-ਦ੍ਰਿਸ਼ਟੀ ਉਨ੍ਹਾਂ ਨੂੰ ਗੁਰਬਾਣੀ ਕੋਲੋਂ ਹੀ ਨਸੀਬ ਹੋਈ ਸੀ। ਕੋਈ ਗ਼ਦਰੀ ਜਿੰਨਾ ਵੱਧ ਗੁਰਬਾਣੀ ਨਾਲ ਜੁੜਿਆ ਹੋਇਆ ਸੀ, ਓਨਾ ਹੀ ਵੱਧ ਉਹ ਸਾਦਾ, ਨਿਰਛਲ, ਨਿਰਮਾਣ, ਦਯਾਵਾਨ ਤੇ ਪਰਉਪਕਾਰੀ ਸੀ। ਬਾਬਾ ਵਸਾਖਾ ਸਿੰਘ ਦਦੇਹਰ, ਬਾਬਾ ਸੋਹਣ ਸਿੰਘ ਭਕਨਾ, ਭਾਈ ਸੰਤੋਖ ਸਿੰਘ ਧਰਦਿਓ, ਬਾਬਾ ਜਵਾਲਾ ਸਿੰਘ ਠੱਠੀਆਂ, ਬਾਬਾ ਕੇਸਰ ਸਿੰਘ ਠੱਠਗੜ੍ਹ, ਸ਼ਹੀਦ ਭਾਈ ਜਗਤ ਸਿੰਘ (ਸੁਰਸਿੰਘ), ਸ਼ਹੀਦ ਭਾਈ ਊਧਮ ਸਿੰਘ ਕਸੇਲ, ਭਾਈ ਨਿਧਾਨ ਸਿੰਘ ਚੁੱਘਾ, ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ, ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਭਾਈ ਰਾਮ ਸਿੰਘ ਧੁਲੇਤਾ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ ਭਾਈ ਉਤਮ ਸਿੰਘ ਹਾਂਸ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ, ਦਫੇਦਾਰ ਭਾਈ ਲਛਮਣ ਸਿੰਘ ਚੂਸਲੇਵੜ, ਭਾਈ ਕਰਤਾਰ ਸਿੰਘ ਨਵਾਂਚੰਦ, ਭਾਈ ਵਸਾਵਾ ਸਿੰਘ ਵਾੜਾ (ਹੁਸ਼ਿਆਰਪੁਰ), ਭਾਈ ਬਤਨ ਸਿੰਘ, ਬਾਬਾ ਹਰਨਾਮ ਸਿੰਘ ਕਾਲਾਸੰਘਿਆਂ ਅਤੇ ਇਸ ਤਰ੍ਹਾਂ ਦੇ ਕਿੰਨੇ ਹੀ ਹੋਰ ਗ਼ਦਰੀ ਸੂਰਮੇ ਸੱਚੇ ਸੁੱਚੇ ਸਿੱਖ ਕਿਰਦਾਰ ਦੀਆਂ ਸਾਕਾਰ ਮੂਰਤਾਂ ਸਨ। ਇਹ ਗ਼ਦਰੀ ਬਾਬੇ ਗ਼ਦਰ ਲਹਿਰ ਦਾ ਧੁਰਾ ਸਨ, ਇਸ ਦੇ ਰੂਹੇ-ਰਵਾਂ ਸਨ। ਇਹ ਸੱਚੇ ਪੁਰਸ਼ ਕਮਿਊਨਿਸਟ ਪਾਰਟੀ ਕਲਚਰ ਵਿਚ ਕਦਾਚਿਤ ਨਹੀਂ ਸਮਾਅ ਸਕਦੇ ਸਨ।।

? ਪਰ ਖੱਬੇ ਪੱਖੀ ਤਾਂ ਦਾਅਵਾ ਕਰਦੇ ਹਨ ਕਿ ਗ਼ਦਰੀ ਬਾਬੇ ਇਕ ਅੱਧੇ ਨੂੰ ਛੱਡ ਕੇ ਸਾਰੇ ਬਾਅਦ ਵਿਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਏ ਸਨ ?

ਇਹ ਝੂਠ ਹੈ, ਨਿਰਾ ਝੂਠ ! ਗੱਲ ਏਦੂੰ ਉਲਟ ਹੈ। ਇਕ ਅੱਧੇ ਨੂੰ ਛੱਡ ਕੇ, 1914-15 ਦੇ ਪੂਰ ਵਾਲਾ ਕੋਈ ਵੀ ਗ਼ਦਰੀ ਬਾਬਾ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਨਹੀਂ ਹੋਇਆ ਸੀ। ਜਿਹੜੇ ਇਕ ਦੋ ਭੁੱਲ ਭਲੇਖੇ ਹੋ ਬੈਠੇ, ਉਨ੍ਹਾਂ ਨੇ ਸਾਰੀ ਜ਼ਿੰਦਗੀ ਕਮਿਊਨਿਸਟ ਆਗੂਆਂ ਨਾਲ ਆਢਾ ਲਾਈ ਰੱਖਿਆ ਸੀ। ਉਹ ਕਦੇ ਵੀ ਕਮਿਊਨਿਸਟ ਮੁੱਖ ਧਾਰਾ ਦਾ ਅੰਗ ਨਹੀਂ ਬਣ ਸਕੇ ਸਨ। ਗ਼ਦਰੀ ਬਾਬਿਆਂ ਨੇ ਕਮਿਊਨਿਸਟ ਲਹਿਰ ਦੇ ਰਾਜਸੀ ਪ੍ਰੋਗਰਾਮ ਦੇ ਆਧਾਰ ‘ਤੇ ਇਸ ਦੀ ਬਾਹਰੋਂ ਹਮਾਇਤ ਜ਼ਰੂਰ ਕੀਤੀ, ਪਰ ਇਸ ਨਾਲੋਂ ਵੀ ਵੱਧ ਗਹਿ-ਗੱਡਵੀਂ ਹਮਾਇਤ ਉਨ੍ਹਾਂ ਅਕਾਲੀ ਲਹਿਰ ਦੀ ਕੀਤੀ ਸੀ। ਇਹ ਬਾਬਿਆਂ ਦੀ ਦਰਿਆ-ਦਿਲੀ ਸੀ, ਉਨ੍ਹਾਂ ਦਾ ਇਖ਼ਲਾਕੀ ਗੁਣ ਸੀ ਜਿਹੜਾ ਉਨ੍ਹਾਂ ਸਿੱਖ ਫਲਸਫੇ ਤੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਤੋਂ ਗ੍ਰਹਿਣ ਕੀਤਾ ਸੀ ਕਿ ਹਰ ਸੱਚੇ ਕਾਜ਼ ਦੀ ਬਿਨਾਂ ਕਿਸੇ ਭੇਦ-ਭਾਵ ਤੇ ਰੱਖ ਰਖਾ ਤੋਂ ਹਮਾਇਤ ਕੀਤੀ ਜਾਵੇ। ਉਹ ਕਮਿਊਨਿਸਟਾਂ ਵਾਂਗੂ ਤੰਗ-ਨਜ਼ਰ ਤੇ ਦਿਲ-ਸੜੇ ਨਹੀਂ ਸਨ। ਬਾਬਾ ਭਕਨਾ ਜੀ ਨੇ ਪ੍ਰਿੰ. ਬਜਾਜ ਨਾਲ ਗੱਲਬਾਤ ਦੌਰਾਨ ਕਮਿਊਨਿਜ਼ਮ ਤੇ ਕਮਿਊਨਿਸਟਾਂ ਬਾਰੇ ਆਪਣਾ ਨਜ਼ਰੀਆ ਪੂਰਾ ਸਪੱਸ਼ਟ ਕਰ ਦਿੱਤਾ ਸੀ। ਉਨਾਂ ਕਿਹਾ ਸੀ ਕਿ ‘ਮੈਂ ਸਮਾਜਵਾਦ ਦੀ ਕਦਰ ਕਰਦਾ ਹਾਂ, ਪਰ ਮੈਂ ਕੋਈ ਕਮਿਊਨਿਜ਼ਮ ਦਾ ਅੰਨ੍ਹਾ ਉਪਾਸ਼ਕ ਨਹੀਂ। ਜਦੋਂ ਪ੍ਰਿੰ. ਬਜਾਜ ਨੇ ਬਾਬਾ ਜੀ ਨੂੰ ‘ਕਮਿਊਨਿਜ਼ਮ ਦੇ ਅੰਨ੍ਹੇ ਉਪਾਸ਼ਕਾਂ’, ਭਾਵ ‘ਰੂਸ ਤੇ ਚੀਨ ਨੂੰ ਆਪਣਾ ਇਸ਼ਟ ਮੰਨਣ’ ਵਾਲੇ ਕਮਿਊਨਿਸਟਾਂ ਬਾਰੇ ਆਪਣਾ ਨਜ਼ਰੀਆ ਹੋਰ ਵੱਧ ਸਪੱਸ਼ਟ ਕਰਨ ਲਈ ਜ਼ੋਰ ਪਾਇਆ, ਤਾਂ ਬਾਬਾ ਜੀ ਨੇ ਪਤੈ ਕੀ ਉੱਤਰ ਦਿੱਤਾ ਸੀ ? ਉਨ੍ਹਾਂ ਹਿਕਾਰਤ ਨਾਲ ਕਿਹਾ ਸੀ : ‘ਪੈਣ ਢੱਠੇ ਖੂਹ ਵਿਚ ! ਸਾਨੂੰ ਤਾਂ ਆਪਣੀਆਂ ਲੋੜਾਂ ਤੇ ਹਾਲਤਾਂ ਦੇ ਮੁਤਾਬਕ ਕੌਮੀ- ਉਠਾਣ ਦੀ ਲੋੜ ਹੈ।’00 ਏਥੇ ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 1914- 15 ਵਾਲੇ ਕਿਸੇ ਵੀ ਗ਼ਦਰੀ ਬਾਬੇ ਨੇ ਜੀਵਨ ਵਿਚ ਕਦੇ ਵੀ ਅਕਾਲੀਆਂ ਨੂੰ ਏਨੀ ਕਰਾਰੀ ਫਿਟਕਾਰ ਨਹੀਂ ਪਾਈ ਸੀ। ਇਸ ਦਾ ਮਤਲਬ ਹੁਣ ਤੁਸੀਂ ਆਪੇ ਕੱਢ ਲਵੋ।

ਸ਼ਚਿੰਦਰਨਾਥ ਸਾਨਿਆਲ ਨੇ ਇਹ ਗੱਲ ਭਲੀਭਾਂਤ ਸਪੱਸ਼ਟ ਕਰ ਦਿੱਤੀ ਹੈ ਕਿ ਗ਼ਦਰੀ ਬਾਬੇ ਕਿਹੋ ਜਿਹੇ ਤੇ ਕਿਹੜੇ ਅਰਥਾਂ ਵਿਚ, ਕਮਿਊਨਿਸਟ ਸਨ। ਜੇਕਰ ਸਾਨਿਆਲ ਦੇ ਵਿਚਾਰਾਂ ਨੂੰ ਡੂੰਘੇ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਸਾਰਾ ਮਸਲਾ ਸਾਫ਼ ਹੋ ਜਾਂਦਾ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੇ ਜੀਵਨ ਦੀ ਆਖ਼ਰੀ ਲਿਖਤ (ਜੀਵਨ ਸੰਗਰਾਮ) ਵਿਚ ਇਹ ਗੱਲ ਪੂਰੀ ਸਪੱਸ਼ਟ ਕਰ ਦਿੱਤੀ ਸੀ ਕਿ ਗ਼ਦਰੀ ਬਾਬੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਸਨ। ਉਸ ਵੇਲੇ ਪੰਜਾਬ ਅੰਦਰ ਕਮਿਊਨਿਸਟਾਂ ਦੇ ਦੋ ਧੜੇ ਸਰਗਰਮ ਸਨ, ਇਕ ‘ਕਿਰਤੀ ਗਰੁੱਪ’ ਦੇ ਨਾਂ ਹੇਠਾਂ ਤੇ ਦੂਜਾ ਕਮਿਊਨਿਸਟ ਪਾਰਟੀ ਦੇ ਨਾਂ ਹੇਠ। ਬਾਬਾ ਜੀ ਨੇ ਸਾਫ਼ ਲਿਖਿਆ ਹੈ ਕਿ, ‘ਇਸ ਵਿਚ ਸ਼ੱਕ ਨਹੀਂ ਕਿ ਪੰਜਾਬ ਵਿਚ ਕਮਿਊਨਿਸਟ ਪਾਰਟੀ ਨਾਲੋਂ ਕਿਰਤੀ ਗਰੁੱਪ ਦਾ ਕੰਮ ਜ਼ਿਆਦਾ ਸੀ ਕਿਉਂਕਿ ਬਾਬੇ ਇਹਨਾਂ ਦੀ ਪਿੱਠ ਉੱਤੇ ਸਨ। ਜਿੰਨੇ ਕਿਸਾਨ ਮੋਰਚੇ ਲੜੇ ਸਨ ਉਹ ਸਾਰੇ ਕਿਰਤੀ ਗਰੁੱਪ ਤੇ ਬਾਬਿਆਂ ਦੇ ਆਸਰੇ ਲੜੇ ਗਏ ਸਨ।’ ਬਾਬਾ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਕਿਰਤੀ ਗਰੁੱਪ ਤੇ ਕਮਿਊਨਿਸਟ ਪਾਰਟੀ ਵਾਲਿਆਂ ਵਿਚਕਾਰ ਏਕਤਾ ਕਰਾਉਣ ਦੇ ਬੜੇ ਸੁਹਿਰਦ ਯਤਨ ਕੀਤੇ, ਜਿਹੜੇ ਕਮਿਊਨਿਸਟਾਂ ਦੇ ਤੰਗ-ਨਜ਼ਰ ਰਵੱਈਏ ਕਰਕੇ ਸਿਰੇ ਨਾ ਚੜ੍ਹ ਸਕੇ । ਬਾਅਦ ਵਿਚ ਕਿਰਤੀ ਗਰੁੱਪ ਵਾਲਿਆਂ ਨੇ ਤੰਗ ਆ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ, ਜਿਸ ਨੂੰ ‘ਲਾਲ ਪਾਰਟੀ’ ਕਿਹਾ ਜਾਣ ਲੱਗਾ। ਬਾਬਾ ਜੀ ਨੇ ਲਿਖਿਆ ਹੈ ਕਿ ‘ਲਾਲ ਪਾਰਟੀ ਵਿਚ ਮੈਂ ਸ਼ਾਮਲ ਨਹੀਂ ਹੋਇਆ ਤੇ ਨਾ ਹੀ ਕਮਿਊਨਿਸਟ ਪਾਰਟੀ ਵਿਚ ਮੇਰੀ ਦਿਲਚਸਪੀ ਰਹੀ ।’ ਬਾਬਾ ਜੀ ਦੀ ਏਨੀ ਸਪੱਸ਼ਟ ਬਿਆਨੀ ਦੇ ਬਾਵਜੂਦ ਜੇਕਰ ਫਿਰ ਵੀ ਕੋਈ ਕਹਿੰਦਾ ਹੈ ਕਿ ਗ਼ਦਰੀ ਬਾਬੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਤਾਂ ਇਸ ਨੂੰ ਕੋਰਾ ਝੂਠ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ ? ਬਾਬਾ ਭਕਨਾ ਨੇ ਤਾਂ ਸਾਫ਼ ਸਾਫ਼ ਸ਼ਬਦਾਂ ਵਿਚ ਲਿਖਿਆ ਹੈ ਕਿ ‘ਅਸਾਂ ਇਹ ਗੱਲ ਸਾਫ਼ ਕਰ ਲਈ ਸੀ ਕਿ ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ (ਜਿਹੜੀ ਪਿੱਛੋਂ ਦੇਸ਼ਭਗਤ ਯਾਦਗਾਰ ਕਮੇਟੀ ਵਿਚ ਬਦਲ ਗਈ ਸੀ) ਖੁੱਲ੍ਹੀ ਰਹੇਗੀ। ਪਾਰਟੀ ਦਾ ਇਸ ਵਿਚ ਕੋਈ ਹੱਥ ਨਹੀਂ ਹੋਵੇਗਾ ਕਿਉਂਕਿ ਇਹ ਕਮੇਟੀ ਬਾਬੇ ਹੀ ਚਲਾ ਸਕਦੇ ਹਨ, ਕਮਿਊਨਿਸਟ ਪਾਰਟੀ ਨਹੀਂ ।” ਬਾਬਾ ਜੀ ਦੀ ਉਕਤ ਲਿਖਤ ਵਿੱਚੋਂ ਪਤਾ ਲੱਗਦਾ ਹੈ ਕਿ 13 ਸਤੰਬਰ 1967 ਨੂੰ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ਹੀਦੀ ਮੇਲੇ ਵਿਚ ਕਮਿਊਨਿਸਟਾਂ ਨੇ ਬਾਬਿਆਂ ਦੀ ਹਾਜ਼ਰੀ ਵਿਚ ਹੀ ਤੰਗ-ਨਜ਼ਰੀ ਦਾ ਜਿੰਨਾ ਕਰੂਪ ਪ੍ਰਗਟਾਵਾ ਕੀਤਾ, ਉਸ ਤੋਂ ਬਾਬਾ ਭਕਨਾ ਦਾ ਕਮਿਊਨਿਸਟਾਂ ਤੋਂ ਮਨ ਖੱਟਾ ਹੋ ਗਿਆ ਸੀ। ਕਿਸੇ ਖੱਬੇ ਪੱਖੀ ਅੰਦਰ ਦਮ ਹੈ ਤਾਂ ਸਾਨਿਆਲ ਦੇ ਗ਼ਦਰੀ ਬਾਬਿਆਂ ਬਾਰੇ ਸਮੁੱਚੇ ਵਿਚਾਰਾਂ ਤੇ ਪ੍ਰਭਾਵਾਂ ਬਾਰੇ ਅਤੇ ਬਾਬਾ ਭਕਨਾ ਦੇ ਉਪਰੋਕਤ ਖ਼ਿਆਲਾਂ ਬਾਰੇ ਗੰਭੀਰ ਲਹਿਜੇ ਵਿਚ ਟਿਪਣੀ ਕਰੇ। ਇਸ ਨਾਲ ਬਹਿਸ ਅੱਗੇ ਤੁਰ ਸਕਦੀ ਹੈ।

ਜਬਰ, ਜੁਰਮ, ਹਿੰਸਾ ਤੇ ਖੂਨ-ਖ਼ਰਾਬੇ ਦਾ ਮਸਲਾ

ਅੱਜ ਦੀ ਦੁਨੀਆਂ ਸਾਹਮਣੇ ਦੂਜਾ ਵੱਡਾ ਮਸਲਾ ਚਾਰੋਂ ਤਰਫ਼ ਫੈਲੀ ਲੁੱਟ-ਖਸੁੱਟ, ਖੋਹਾ-ਖੋਹੀ, ਜੁਰਮ, ਜਬਰ, ਹਿੰਸਾ ਤੇ ਖ਼ੂਨ-ਖ਼ਰਾਬੇ ਦਾ ਹੈ। ਇਸ ਬੱਜਰ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਚਕਾਚੂੰਧ ਕਰ ਦੇਣ ਵਾਲੀ ਸਾਰੀ ਪਦਾਰਥਕ ਤਰੱਕੀ ਦੇ ਬਾਵਜੂਦ ਮਨੁੱਖ ਰੂਹਾਨੀ ਤੌਰ ‘ਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕੰਗਾਲ ਹੋ ਗਿਆ ਹੈ। ਉਸ ਦੀ ਹਿਰਸ ਦਾ ਕੋਈ ਹੱਦ-ਬੰਨਾ ਨਹੀਂ ਰਿਹਾ। ਹਰ ਕਿਸਮ ਦੇ ਵਿਸ਼ੇ- ਵਿਕਾਰ ਵਧੇ ਹਨ, ਘਟੇ ਨਹੀਂ। ਸੰਸਾਰ ਅੰਦਰ ਆਰਥਿਕ ਨਾਬਰਾਬਰੀ, ਸਮਾਜੀ ਵਿਤਕਰਾ, ਰਾਜਸੀ ਦਾਬਾ ਤੇ ਜਬਰ, ਅਨਿਆਂ, ਜ਼ੁਲਮੋਂ-ਤਸ਼ੱਦਦ, ਜੁਰਮ, ਹਿੰਸਾ, ਝਗੜੇ-ਬਿਖਾਦ, ਖੂਨੀ ਜੰਗਾਂ, ਸਮੂਹਿਕ ਕਤਲੇਆਮ ਤੇ ਨਸਲਕੁਸ਼ੀ ਦੀਆਂ ਵਾਰਦਾਤਾਂ ਵਿਚ ਓੜਕਾਂ ਦਾ ਵਾਧਾ ਹੋਇਆ ਹੈ। ਤਿੰਨ ਸਦੀਆਂ ਤੋਂ ‘ਗਿਆਨ ਵਿਗਿਆਨ ਦਾ ਮਾਰਗ’ ਅਪਣਾਅ ਕੇ ਚੱਲਣ ਤੋਂ ਬਾਅਦ ਵੀ ਮਨੁੱਖ ਦੀ ਨਾ ਤਾਂ ਵਿਨਾਸ਼ਕਾਰੀ ਬਿਰਤੀ ਹੀ ਬਦਲੀ ਹੈ ਤੇ ਨਾ ਵਿਗਿਆਨ, ਕਿਸੇ ਲਿਹਾਜ਼ ਨਾਲ ਵੀ, ਜੁਰਮ, ਜਬਰ, ਹਿੰਸਾ, ਕਤਲੋਗ਼ਾਰਤ ਤੇ ਖ਼ੂਨੀ ਜੰਗਾਂ ਦੇ ਨਾਮੁਰਾਦ ਵਰਤਾਰਿਆਂ ਤੇ ਨਿਸ਼ੇਧ ਰੁਝਾਣਾਂ ਦੀ ਰੋਕ-ਥਾਮ ਕਰ ਸਕਣ ਵਿਚ ਸਫਲ ਹੋ ਸਕਿਆ ਹੈ। ਜਿਹੜੀਆਂ ਬੁਰਾਈਆਂ ਲਈ ਪੱਛਮੀ ਗਿਆਨ ਚਿੰਤਨ ਨੇ ਧਰਮ ਨੂੰ ਦ੍ਰਿੜ੍ਹ-ਨਿਸਚਤ ਲਹਿਜੇ ਵਿਚ ਦੋਸ਼ੀ ਕਰਾਰ ਦਿੱਤਾ ਸੀ, ਅੱਜ ਇਸ ਨੂੰ ਉਨ੍ਹਾਂ ਸਾਰੇ ਹੀ ਦੋਸ਼ਾਂ ਦਾ ਆਪ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਾਰ ਦੀ ਇਸ ਅਜੋਕੀ ਦੁਰਦਸ਼ਾ ਦੀ ਜ਼ਿੰਮੇਵਾਰੀ ਕਿਹੜੇ ਗਿਆਨ ਪ੍ਰਬੰਧ ਤੇ ਸਭਿਅਤਾ ਦੇ ਸਿਰ ਆਇਦ ਹੁੰਦੀ ਹੈ ? ਇਕ ਪਾਕਿਸਤਾਨੀ ਮੂਲ ਦੇ ਵਿਦਵਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਲਈ ਨਿਸਚਤ ਰੂਪ ਵਿਚ ਪੱਛਮੀ ਸਭਿਅਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਲਿਖਿਆ ਹੈ: ‘ਇਹ ਸਭਿਅਤਾ ਕਿਸੇ ਨੈਤਿਕ ਫਲਸਫੇ ਜਾਂ ਅਸੂਲਾਂ ਦੇ ਸੰਗ੍ਰਹਿ ਆਸਰੇ ਨਹੀਂ ਚੱਲਦੀ। ਇਸ ਦੀ ਗਤੀਸ਼ੀਲ ਊਰਜਾ ਦਾ ਸੋਮਾ ਵਿਅਕਤੀਵਾਦ ਹੈ, ਗ਼ਲਬਾ ਪਾਉਣ ਦੀ ਖ਼ਾਹਸ਼, ਪਦਾਰਥਕ ਵਸਤਾਂ ਹਾਸਲ ਕਰਨ ਤੇ ਇਨ੍ਹਾਂ ਦੇ ਭੰਡਾਰ ਜਮ੍ਹਾਂ ਕਰਨ ਦੀ ਅੰਨ੍ਹੀ ਭੁੱਖ! ਹਰ ਨਵੀਂ ਵਿਕਸਤ ਹੋਈ ਤਕਨਾਲੋਜੀ ਤੁਹਾਡੇ ਘਰ ਪਹੁੰਚਣੀ ਚਾਹੀਦੀ ਹੈ। ਇਕ ਦੂਜੇ ਨਾਲੋਂ ਵਧ ਕੇ ਖ਼ਰੀਦਦਾਰੀ ਕਰਨ, ਇਕ ਦੂਜੇ ਨਾਲੋਂ ਵਧ ਕੇ ਖਾਣ-ਪੀਣ ਅਤੇ ਗੁਆਂਢੀ ਨਾਲੋਂ ਵਧ-ਚੜ੍ਹ ਕੇ ਭੋਗ- ਵਿਲਾਸ ਕਰਨ; ਗੱਲ ਕੀ ਜੀਵਨ ਦੇ ਹਰ ਖੇਤਰ ਅੰਦਰ – ਟੈਨਿਸ ਖੇਡਣ ਤੋਂ ਲੈ ਕੇ, ਕਾਮ, ਵਣਜ-ਵਪਾਰ, ਤੇ ਕਾਰ ਚਲਾਉਣ ਤਕ – ਹਾਵੀ ਹੋਣ ਦੀ ਅੰਨ੍ਹੀ ਖ਼ਾਹਸ਼ ‘ਚੋਂ ਪੈਦਾ ਹੋਈ ਤੀਬਰ ਊਰਜਾ ਹੀ ਹੈ ਜਿਹੜੀ ਇਸ ਸਭਿਅਤਾ ਨੂੰ ਗਤੀਸ਼ੀਲ ਬਣਾਉਂਦੀ ਹੈ। ਇਸ ਸਭਿਅਤਾ ਅੰਦਰ ਨੈਤਿਕਤਾ ਕੋਈ ਮਾਅਨੇ ਨਹੀਂ ਰੱਖਦੀ, ਉੱਤਮ ਤਕਨਾਲੋਜੀ ਹੀ ਸਭ ਕੁਛ ਹੈ। ਪਰ ਇਸ ਦੇ ਆਪਣੇ ਹੀ ਵਿਸ਼ਲੇਸ਼ਕਾਂ ਦੁਆਰਾ ਪੇਸ਼ ਕੀਤੇ ਗਏ ਸਬੂਤ ਚਾਰੇ ਪਾਸੇ ਪਸਰੇ ਅਸੰਤੋਖ ਤੇ ਨਿਰਾਸ਼ਤਾ ਦੀ ਕਹਾਣੀ ਦੱਸਦੇ ਹਨ ਇਸ ਰੋਸ਼ਨੀ ਵਿਚ ਵੇਖਿਆ ਸਾਫ਼ ਪਤਾ ਚੱਲ ਜਾਂਦਾ ਹੈ ਕਿ ਇਹ ਸਭਿਅਤਾ ਮਨੁੱਖਤਾ ਨੂੰ ਦਰਪੇਸ਼ ਸੁਆਲਾਂ ਦੇ ਜੁਆਬ ਮੁਹੱਈਆ ਨਹੀਂ ਕਰਦੀ। ਅਸਲ ਵਿਚ ਇਸ ਨੇ ਐਟਮੀ ਹਥਿਆਰਾਂ ਦੇ ਜਿੰਨੇ ਭੰਡਾਰ ਜਮ੍ਹਾਂ ਕਰ ਲਏ ਹਨ, ਇਸ ਦੀ ਲਾਲਸਾ ਨੇ ਵਾਤਾਵਰਨ ਨੂੰ ਜਿਸ ਹੱਦ ਤਕ ਦੂਸ਼ਿਤ ਕਰ ਦਿੱਤਾ ਹੈ, ਇਸ ਦੀ ਹਵਸ ਨੇ ਦੁਨੀਆਂ ਦੇ ਸੋਮਿਆਂ ਨੂੰ ਜਿਸ ਕਦਰ ਚੁੰਡ-ਮਰੁੰਡ ਕੇ ਰੱਖ ਦਿੱਤਾ ਹੈ…ਉਸ ਨਾਲ ਧਰਤੀ ਉੱਤੋਂ ਨੇੜ ਭਵਿੱਖ ਅੰਦਰ ਹੀ ਜੀਵਨ ਦਾ ਖ਼ਾਤਮਾ ਹੋ ਜਾਣ ਦਾ ਹਕੀਕੀ ਖ਼ਤਰਾ ਖੜਾ ਹੋ ਗਿਆ ਹੈ।62

ਡਾ. ਗੁਰਭਗਤ ਸਿੰਘ, ਆਪਣੇ ਨਿਵੇਕਲੇ ਦਾਰਸ਼ਨਿਕ ਅੰਦਾਜ਼ ਵਿਚ, ਅਜੋਕੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮਨੁੱਖ ਦੀ, ਦੂਸਰਿਆਂ ਦੀ ਲੁੱਟ-ਖਸੁੱਟ ਕਰਨ ਦੀ ਬਿਰਤੀ ਵਿਚ ਦੇਖਦੇ ਹਨ। ਉਹ ‘ਲੁੱਟ’ ਨੂੰ ਬਹੁ-ਪਾਸਾਰੀ ਅਰਥਾਂ ਵਿਚ ਲੈਂਦੇ ਹਨ ਅਤੇ ਇਸ ਬਹੁ- ਪਰਤੀ ਤੇ ਬਹੁ-ਪਾਸਾਰੀ ਵਰਤਾਰੇ ਨੂੰ ਸਮਝਣ ਲਈ ਇਕ ਅਸਲੋਂ ਹੀ ਨਵੀਂ ਅੰਤਰ-ਦ੍ਰਿਸ਼ਟੀ ਪਰਦਾਨ ਕਰਦੇ ਹਨ। ਉਹ ਲਿਖਦੇ ਹਨ : ‘ਅੱਜ ਅਸੀਂ ਜਾਣਦੇ ਹਾਂ ਕਿ ਲੁੱਟ ਕੇਵਲ ਸਾਮਾਨ ਤੇ ਪੈਸੇ ਧੇਲੇ ਦੀ ਨਹੀਂ, ਲੁੱਟ ਸਭਿਆਚਾਰਕ ਤੇ ਰਾਜਨੀਤਕ ਵੀ ਹੈ। ਲੁੱਟ ਮਨੁੱਖੀ ਹੱਕਾਂ ਤੋਂ ਵਾਂਝੇ ਕਰਨ ਤਕ ਜਾਂਦੀ ਹੈ। ਇਕ ਵੱਡਾ ਸਭਿਆਚਾਰ ਜਦੋਂ ਛੋਟੇ ਸਭਿਆਚਾਰ ਨੂੰ ਹਜ਼ਮ ਕਰਦਾ ਹੈ, ਉਹ ਵੀ ਲੁੱਟ ਹੈ। ਇਸ ਲੁੱਟ ਲਈ ਅਨੇਕਾਂ ਤਰੀਕੇ ਵਰਤੇ ਜਾਂਦੇ ਹਨ…ਕਿਸੇ ਸੰਵਿਧਾਨ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ ਕਿ ਉਹ ਅਲਪ ਸਭਿਆਚਾਰਾਂ ਨੂੰ ਹਜ਼ਮ ਕਰਕੇ ਇਕ “ਪਰਮ” ਸਭਿਆਚਾਰ ਦੀ ਉਸਾਰੀ ਹੀ ਕਰੇ। ਛੋਟੀਆਂ ਪਰ ਵਿਲੱਖਣ ਕੌਮਾਂ ਨੂੰ ਨਾ ਮੰਨ ਕੇ ਇਕ ਵੱਡੀ ਕੌਮ ਵਿਚ ਤਬਦੀਲ ਕਰਨਾ, ਇਕ ਕੌਮਵਾਦੀ ਰਾਜ ਦਾ ਸੰਗਠਨ ਕਰਨਾ ਵੀ ਇਉਂ ਲੁੱਟ ਖਸੁੱਟ ਦਾ ਇਕ ਸਾਧਨ ਹੀ ਬਣਾਇਆ ਜਾ ਸਕਦਾ ਹੈ।’ ਉਨ੍ਹਾਂ ਮੁਤਾਬਕ ਇਸ ਰੋਸ਼ਨੀ ਵਿਚ ਦੇਖਿਆਂ ਇਸ ਸਮੇਂ ਦਾ ਸਭ ਤੋਂ ਵੱਡਾ ਸੁਆਲ ਤੇ ਸਮੱਸਿਆ ਇਹ ਹੈ ਕਿ ‘ਜੀਵਨ ਦੀ ਵਿਲੱਖਣਤਾ ਜਾਂ ਵਿਚਿੱਤਰਤਾ ਨੂੰ ਕਿਵੇਂ ਕਾਇਮ ਰੱਖਿਆ ਜਾਵੇ ?’

ਇਹ ਗੱਲ ਸਮਝਣੀ ਰਤੀ ਭਰ ਵੀ ਔਖੀ ਨਹੀਂ ਕਿ ਆਧੁਨਿਕ ਫਲਸਫਾ ਜੀਵਨ ਦੀ ਵਿਲੱਖਣਤਾ ਜਾਂ ਵਿਚਿੱਤਰਤਾ ਨੂੰ ਕਾਇਮ ਰੱਖਣ ਦਾ ਨਾ ਸਿਰਫ਼ ਜ਼ਾਮਨ ਨਹੀਂ ਬਣ ਸਕਦਾ, ਸਗੋਂ ਇਹ, ਆਪਣੇ ਮੂਲ ਖ਼ਾਸੇ ਪੱਖੋਂ ਹੀ, ਵਿਲੱਖਣਤਾ ਤੇ ਅਨੇਕਤਾ ਦਾ ਦੁਸ਼ਮਣ ਹੈ। ਤਿੰਨ ਸਦੀਆਂ ਦਾ ਸਮੁੱਚਾ ਅਭਿਆਸ ਇਸ ਤੱਥ ਦੀ ਗਵਾਹੀ ਭਰਦਾ ਹੈ। ਉਦਾਰਵਾਦੀ ਫਲਸਫਾ ਵਿਅਕਤੀਗਤ ਆਜ਼ਾਦੀ ਦੀ ਜੈ ਜੈਕਾਰ ਕਰਦਾ ਹੈ ਪਰ ਭਾਈਚਾਰਿਆਂ ਦੀਆਂ ਪਛਾਣਾਂ ਨੂੰ ਖ਼ਤਮ ਕਰਨ ਦਾ ਰਾਜਸੀ ਟੀਚਾ ਮਿਥ ਕੇ ਚੱਲਦਾ ਹੈ। ਇਸ ਅੰਦਰ ਦੂਸਰੇ ਦੇ ਦੂਸਰੇਪਣ ਨੂੰ ਖ਼ਤਮ ਕਰਨ ਜਾਂ ਇਸ ਨੂੰ ਢਾਹ ਭੰਨ ਕੇ ਆਪਣੇ ਅਨੁਕੂਲ ਬਣਾਉਣ ਦੀ ਪਰਬਲ ਰੁਚੀ ਹੈ। ਭਾਈਚਾਰਿਆਂ ਦੀ ਹੋਂਦ ਕੁਝ ਸਾਂਝੀਆਂ ਨੈਤਿਕ ਤੇ ਧਾਰਮਿਕ/ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਮਜ਼ਬੂਤ ਪ੍ਰਤਿਬੱਧਤਾ ਦੇ ਆਸਰੇ ਹੁੰਦੀ ਹੈ। ਲਿਬਰਲ ਵਿਚਾਰ ਚੌਖਟਾ ਇਨ੍ਹਾਂ ਕਦਰਾਂ-ਕੀਮਤਾਂ ਨੂੰ ‘ਅੰਧ ਪੰਥੀ’ ਤੇ ‘ਪਿਛਾਖੜੀ’ ਕਹਿ ਕੇ ਖ਼ਤਮ ਕਰਨ ਦੀ ਅਟੱਲ ਤੇ ਅਮੋੜ ਰੁਚੀ ਰੱਖਦਾ ਹੈ। ਦੂਜਿਆਂ ਦੀ ਹਸਤੀ ਨੂੰ ਪਰਵਾਨ ਕਰਨਾ ਹੀ ਆਪਸੀ ਪ੍ਰੇਮ ਤੇ ਭਾਈਚਾਰੇ ਵੱਲ ਪਹਿਲਾ ਕਦਮ ਹੈ। ਉਦਾਰਵਾਦੀ ਫਲਸਫਾ, ਕਮਿਊਨਿਸਟ ਫਲਸਫਾ, ਨਾਜ਼ੀਵਾਦ, ਫ਼ਾਸ਼ੀਵਾਦ, ਈਸਾਈਅਤ, ਇਸਲਾਮ, ਬ੍ਰਾਹਮਣਵਾਦ- ਇਨ੍ਹਾਂ ਸਾਰਿਆਂ ਦੀ ਇਕ ਗੱਲ ਸਾਂਝੀ ਹੈ। ਇਹ ਸਾਰੇ ਹੀ ਮੂਲ ਖ਼ਾਸੇ ਪੱਖੋਂ ਇਕਤਾਵਾਦੀ (unitarian) ਹਨ; ਸ੍ਰਿਸ਼ਟੀ ਦੇ ਨਿਯਮਾਂ ਦੇ ਵਿਰੋਧੀ ਹਨ। ਇਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਵੰਨ-ਸੁਵੰਨਤਾ ਦੀ ਕਦਰ ਪੈਦਾ ਨਹੀਂ ਹੋ ਸਕਦੀ। ਇਸ ਕਰਕੇ ਉਹ ਇਸ ਮਸਲੇ ਪ੍ਰਤਿ ਖਰੇ ਰੂਪ ਵਿਚ ਸੰਵੇਦਨਸ਼ੀਲ ਨਹੀਂ ਹੋ ਸਕਦੇ। ਵੱਧ ਤੋਂ ਵੱਧ ਉਹ ਕਿਸੇ ‘ਨੀਤੀ’ ਦੇ ਤਹਿਤ ਹੀ, ਕਿਸੇ ਹੱਦ ਤਕ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰ ਸਕਦੇ ਹਨ। ਖਰੀ ਸੰਵੇਦਨਸ਼ੀਲਤਾ ਦਾ ਆਧਾਰ ਨੈਤਿਕਤਾ ਹੀ ਹੋ ਸਕਦੀ ਹੈ।

? ਤੁਹਾਡਾ ਕਹਿਣ ਦਾ ਭਾਵ ਹੈ ਕਿ ਸਿਰਫ਼ ਸਿੱਖ ਫਲਸਫਾ ਹੀ ਇਸ ਕਸਵੱਟੀ ਉੱਤੇ ਖਰਾ ਉਤਰਦਾ ਹੈ ?

ਬਿਲਕੁਲ ! ਡਾ. ਗੁਰਭਗਤ ਸਿੰਘ ਨੇ ਇਸ ਦੀ ਬਾਕਾਇਦਾ ਦਾਰਸ਼ਨਿਕ ਵਿਆਖਿਆ ਕੀਤੀ ਹੈ। ਉਨ੍ਹਾਂ ਦਰਸਾਇਆ ਹੈ ਕਿ ਗੁਰਬਾਣੀ ਵਿਅਕਤੀ ਨੂੰ ਦੂਸਰੇ ਦੀ ‘ਲੁੱਟ’ ਕਰਨ ਤੋਂ ਸਖ਼ਤੀ ਨਾਲ ਵਰਜਦੀ ਹੈ। ‘ਲੁੱਟਣ ਵਾਲਾ ਵਿਅਕਤੀ ਪਰਮੇਸ਼ਰ ਤਕ ਨਹੀਂ ਪਹੁੰਚ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੇ ਸਵੱਯਾਂ ਵਿਚ, ਜੋ ਖ਼ਾਲਸਾ ਸਾਜਣ ਸਮੇਂ ਪੜ੍ਹੇ ਗਏ, ਇਹ ਸ਼ਬਦ ਆਉਂਦੇ ਹਨ: ‘ਲੂਟਤ ਹੈ ਪਸੁ ਲੋਗਨ ਕੋ, ਕਬਹੂੰ ਨ ਪਰਮੇਸ਼ਰ ਕੇ ਗੁਣ ਗਾਵੈ। ਇਸ ਦੇ ਅਰਥ ਇਹ ਹਨ ਕਿ ਜਿਹੜਾ ਵਿਅਕਤੀ ਭੋਲੇ ਲੋਕਾਂ ਨੂੰ ਲੁੱਟਦਾ ਹੈ, ਉਹ ਪਰਮੇਸ਼ਰ ਦੇ ਗੁਣ ਨਹੀਂ ਗਾ ਸਕਦਾ ।’ ਡਾ. ਸਾਹਿਬ ਅੱਗੇ ਹੋਰ ਲਿਖਦੇ ਹਨ ਕਿ : ‘ਆਸਾ ਦੀ ਵਾਰ’ ਵਿਚ ‘ਵਿਸਮਾਦੁ ਭੇਦ’, ‘ਵਿਸਮਾਦੁ ਰੂਪ’, ‘ਵਿਸਮਾਦੁ ਰੰਗ’ ਫ਼ੁਰਮਾਇਆ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਵਾਹਿਗੁਰੂ ਦੀ ਰਚਨਾ ਵਿਚ ਰੂਪ, ਰੰਗ ਦੀ ਅਨੇਕਤਾ ਹੈ। ਰਚਨਾ ਨੂੰ ਇਕ ਆਰਥਿਕ ਫ਼ਾਰਮੂਲੇ ਜਾਂ ਸਿਧਾਂਤ ਨਾਲ ਨਹੀਂ ਸਮਝਿਆ ਜਾਂ ਅਨੁਭਵ ਕੀਤਾ ਜਾ ਸਕਦਾ। ਅਨੇਕਤਾ ਜਾਂ ਭੇਦ ਰਚਨਾ ਵਾਹਿਗੁਰੂ ਦੇ ਦਿੱਤੇ ਹੋਏ ਹਨ। ਇਸ ਨੂੰ ਅਸੀਂ ਘਟਾ ਨਹੀਂ ਸਕਦੇ। ਉਹ ਜਿਵੇਂ ਆਏ ਹਨ, ਉਵੇਂ ਹੀ ਮੰਨਣੇ ਪੈਣਗੇ। ਅਨੇਕਤਾ ਵਿਚ ਹੀ ਵਾਹਿਗੁਰੂ ਦਾ ਸੁੰਦਰ ਸਰੂਪ ਹੈ…ਵਿਸ਼ਵ ਜੰਗਾਂ ਅਤੇ ਸਿਤਮਗਰ ਪ੍ਰਬੰਧਾਂ ਨੇ ਭਾਵੇਂ ਉਹ ਸਮਾਜਵਾਦੀ ਹਨ ਅਤੇ ਭਾਵੇਂ ਪੂੰਜੀਵਾਦੀ, ਅਨੇਕਤਾ ਨੂੰ ਘਟਾਉਣ ਦਾ ਯਤਨ ਕੀਤਾ ਹੈ। ਨਤੀਜੇ ਵਜੋਂ ਅਜਿਹੀਆਂ ਰਾਜਨੀਤਕ ਆਰਥਿਕਤਾਵਾਂ ਉਸਾਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਦਾ ਵੱਡਾ ਮੰਤਵ ਅਨੇਕਤਾ ਨੂੰ ਘਟਾਉਣਾ ਸੀ। ਇੱਕੋ ਮਾਡਲ ਦਾ ਮਨੁੱਖ ਘੜਨਾ ਸੀ। ਇਹ ਯਤਨ ਸ੍ਰਿਸ਼ਟੀ ਦੇ ਅਨੇਕਤਾਮੁਖੀ ਨਿਯਮ ਦੇ ਵਿਰੁੱਧ ਹੈ…ਅਨੇਕਤਾ ਮੁਖੀ ਜਾਂ ਵਿਭਿੰਨਤਾ-ਮੁਖੀ ਸ੍ਰਿਸ਼ਟੀ ਦਾ ਜੋ ਮਾਡਲ ਗੁਰੂ ਗ੍ਰੰਥ ਸਾਹਿਬ ਵਿਚ ਸਾਂਭਿਆ ਪਿਆ ਹੈ, ਇਹ ਵਡਮੁੱਲਾ ਹੈ, ਭਵਿੱਖਾਰਥੀ ਹੈ। ਇਸ ਵਿਰਾਸਤ ਨੂੰ ਨਵੇਂ ਪ੍ਰਸੰਗਾਂ ਵਿਚ ਯੋਗ ਵਿਆਖਿਆ ਦੇਣੀ ਜ਼ਰੂਰੀ ਹੈ। ਇਹ ਨਿਰੰਤਰ ਕਾਰਜ ਹੈ ਜੋ ਹੁੰਦਾ ਰਹਿਣਾ ਚਾਹੀਦਾ ਹੈ । ਜੋ ਰੋਸ਼ਨ ਮਨੁੱਖ ਅਤੇ ਰੋਸ਼ਨ ਸਮਾਜ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਪੇ ਗਏ ਹਨ, ਉਹ ਕਿਸੇ ਵੀ ਰਾਜਨੀਤਕ ਆਰਥਿਕਤਾ ਨਾਲੋਂ ਵੱਡੇ ਹਨ। ਸਾਡੀ ਸੀਮਾ ਇਹ ਹੈ ਕਿ ਅਸੀਂ ਇਕ ਪਾਸਾਰੀ ਆਰਥਿਕਤਾ ਵਿਚ ਸੰਗਠਿਤ ਰਹਿਣਾ ਗਿੱਝ ਗਏ ਹਾਂ, ਇਹ ਆਰਥਿਕਤਾ ਪੂੰਜੀਵਾਦੀ ਹੋਵੇ ਜਾਂ ਸਮਾਜਵਾਦੀ। ਅਸੀਂ ਜੋ ਆਰਥਿਕਤਾ ਚੁਣ ਲੈਂਦੇ ਹਾਂ, ਉਸ ਨੂੰ ਬਚਾਉਣ ਲਈ ਦਹਿਸ਼ਤ ਫੈਲਾਉਣ ਵਾਲੀਆਂ ਸੰਸਥਾਵਾਂ ਸਿਰਜਦੇ ਹਾਂ ।” ‘ਫਲਸਤੀਨੀਆਂ ਦੇ ਸਿਧਾਂਤਕਾਰ ਐਡਵਰਡ ਸੱਯਦ ਨੇ ਕਿਹਾ ਹੈ ਕਿ ਹੁਣ ਸਿਰਫ਼ ਆਪਣੀ ਵਿਸ਼ੇਸ਼ਤਾ ਅਤੇ ਅੰਤਰ ਨਾਲ ਨਹੀਂ ਰਿਹਾ ਜਾ ਸਕਦਾ। ਆਪਣੀ ਵਿਸ਼ੇਸ਼ਤਾ ਨੂੰ ਇਸ ਤਰ੍ਹਾਂ ਸਥਾਪਤ ਕਰਨਾ ਪਵੇਗਾ ਕਿ ਉਹ ਕਿਸੇ ਨੂੰ ਪ੍ਰਾਧੀਨ ਵੀ ਨਾ ਕਰੇ ਅਤੇ ਅੰਤਰ ਜਾਂ ਵਿਸ਼ੇਸ਼ਤਾ ਨੂੰ ਕ੍ਰਿਆਵੰਤ दी उँधे। 264

? ਤਾਂ ਫਿਰ ਤੁਹਾਡੇ ਮੁਤਾਬਕ ਪੰਜਾਬ ਅੰਦਰ ਤੁਸੀਂ ਜਿਸ ਰਾਜ ਦੀ ਕਲਪਨਾ ਕਰਦੇ ਹੋ ਉਹ ਆਧੁਨਿਕ ਫਲਸਫੇ ਨੂੰ ਛੱਡ ਕੇ ਸਿੱਖ ਧਰਮ ਕੋਲੋਂ ਸੇਧ ਲਵੇਗਾ । ਪਰ ਕੀ ਇਹ ਧਰਮ ਉੱਤੇ ਆਧਾਰਿਤ ਰਾਜ ਦੀਨ-ਸ਼ਾਹੀ (ਥੀਓਕਰੇਸੀ) ਨਹੀਂ ਹੋਵੇਗੀ ? ਕੀ ਇਸ ਅੰਦਰ ਦੂਸਰੇ ਭਾਈਚਾਰਿਆਂ ਨਾਲ ਨਿਆਂ ਹੋ ਸਕੇਗਾ ? ਕਿਉਂਕਿ ਸੰਸਾਰ ਦੇ ਕੁਝ ਦੇਸਾਂ ਅੰਦਰ ਧਰਮ ‘ਤੇ ਆਧਾਰਿਤ ਰਾਜਾਂ ਦਾ ਤਜਰਬਾ ਕੋਈ ਚੰਗਾ ਸਾਬਤ ਨਹੀਂ ਹੋਇਆ।

ਜੇ ਤਾਂ ਤਜਰਬੇ ਦੀ ਗੱਲ ਹੀ ਕਰਨੀ ਐ, ਤਾਂ ਕਮਿਊਨਿਸਟ ਰਾਜਾਂ ਦਾ ਤਜਰਬਾ ਵੀ ਸਾਡੇ ਸਾਹਮਣੇ ਹੈ, ਅਤੇ ਇਹ ਤਜਰਬਾ ਜਿਹੋ ਜਿਹਾ ਸਾਬਤ ਹੋਇਆ ਏ, ਉਸ ਆਧਾਰ ‘ਤੇ ਤਾਂ ਦੁਨੀਆਂ ਅੰਦਰ ਮੁੜ ਕੇ ਕਿਸੇ ਨੂੰ ਕਮਿਊਨਿਸਟ ਰਾਜ ਸਥਾਪਤ ਕਰਨ ਬਾਰੇ ਸੋਚਣਾ ਤਕ ਨਹੀਂ ਚਾਹੀਦਾ। ਪਰ ਕਮਿਊਨਿਸਟ ਅਜੇ ਵੀ ਆਪਣਾ ਰਾਜ ਸਥਾਪਤ ਕਰਨ ਲਈ ਪੂਰੇ ਬਜ਼ਿਦ ਹਨ, ਜਾਂ ਘੱਟੋ-ਘੱਟ ਉਨ੍ਹਾਂ ਇਸ ਦਾ ਸੁਪਨਾ ਲੈਣਾ ਬੰਦ ਨਹੀਂ ਕੀਤਾ। ਸਾਰਿਆਂ ‘ਤੇ ਇਕਸਾਰ ਪੈਮਾਨਾ ਲਾਗੂ ਹੋਣਾ ਚਾਹੀਦੈ। ਜੇਕਰ ਕਮਿਊਨਿਸਟ, ਜਿਹੜਾ ਤਜਰਬਾ ਏਨਾ ਡਰਾਉਣਾ ਸਾਬਤ ਹੋਇਆ ਹੈ, ਉਸ ਨੂੰ ਮੁੜ ਉਸੇ ਤਰ੍ਹਾਂ ਦੁਹਰਾਉਣ ਲਈ ਬਜ਼ਿਦ ਹਨ, ਤਾਂ ਉਨ੍ਹਾਂ ਦਾ ਧਰਮ ਵਾਲਿਆਂ ਉੱਤੇ ਅਜਿਹੀ ਪਾਬੰਦੀ ਲਾਉਣ ਦਾ ਕੀ ਹੱਕ, ਸਿਧਾਂਤਕ ਜਾਂ ਨੈਤਿਕ, ਬਣਦਾ ਹੈ ?

ਪਰ ਇਸ ਮਸਲੇ ਦਾ ਸੰਜੀਦਾ ਪਹਿਲੂ ਇਹ ਹੈ ਕਿ ਇਹ ਫਿਰ ਵਿਲੱਖਣਤਾ ਨੂੰ ਨਕਾਰਨ ਵਾਲੀ ਰੁਚੀ ਦਾ ਹੀ ਪ੍ਰਗਟਾਵਾ ਹੈ। ਧਰਮ ਬਾਰੇ ਆਮ ਧਾਰਨਾਵਾਂ ਬਣਾ ਕੇ ਸਾਰੇ ਧਰਮਾਂ ਨੂੰ ਥੋਕ ਰੂਪ ਵਿਚ ਨਿੰਦਣਾ ਤੇ ਰੱਦ ਕਰ ਦੇਣਾ, ਕਿਧਰ ਦੀ ਵਿਦਵਤਾ ਤੇ ਨੈਤਿਕਤਾ ਹੈ ? ਠੀਕ ਹੈ, ਕੁਝ ਧਰਮਾਂ ਦੇ ਰਾਜਾਂ ਦਾ ਤਜਰਬਾ ਬਹੁਤਾ ਚੰਗਾ ਨਹੀਂ ਕਿਹਾ ਜਾ ਸਕਦਾ। ਪਰ ਇਸ ਦਾ ਮਤਲਬ ਇਹ ਕਿਵੇਂ ਬਣ ਗਿਆ ਕਿ ਸਿੱਖ ਧਰਮ ਦਾ ਤਜਰਬਾ ਵੀ ਲਾਜ਼ਮੀ ਮਾੜਾ ਹੀ ਸਾਬਤ ਹੋਵੇਗਾ। ਇਹ ਡੀਡਕਟਿਵ ਤਰਕ ਹੈ, ਇਕਦਮ ਗ਼ਲਤ ਤੇ ਘਟੀਆ। ਇਹ ਭਾਸ਼ਾ ਦੀ ਬਦਮਾਸ਼ੀ ਹੈ, ਕਿ ਕਿਸੇ ਵਿਚਾਰ ਜਾਂ ਵਰਤਾਰੇ ਨੂੰ ਭੰਡਣ ਲਈ ਪਹਿਲਾਂ ਉਸ ਨੂੰ ਕੋਈ ਘਟੀਆ ਜਿਹਾ, ਬਦਨਾਮੀ ਵਾਲਾ ‘ਆਮ ਨਾਂ’ ਦੇ ਦਿਓ ਅਤੇ ਫਿਰ ਇਸ ਆਮ ਨਾਂ ਦੀ ਓਟ ਲੈ ਕੇ ਹਰ ‘ਖ਼ਾਸ’ ਨੂੰ, ਉਹ ਕਿਹੋ ਜਿਹਾ ਵੀ ਹੋਵੇ, ਰਗੜਾ ਫੇਰ ਦੇਵੋ ! ਇਹ ਜੋ ਦੀਨ-ਸ਼ਾਹੀ ਜਾਂ ਥਿਓਕਰੇਸੀ ਦਾ ਸ਼ਬਦ ਹੈ, ਇਹ ਕਦੋਂ ਤੇ ਕਿਸ ਸੰਦਰਭ ਵਿਚ ਘੜਿਆ ਗਿਆ ਸੀ, ਤੇ ਇਸ ਦੀ ਵਰਤੋਂ ਇਤਿਹਾਸ ਵਿਚ ਕਿਵੇਂ ਤੇ ਕਿਸ ਮਕਸਦ ਵਾਸਤੇ ਹੁੰਦੀ ਰਹੀ ਹੈ, ਇਨ੍ਹਾਂ ਸਾਰੇ ਪੱਖਾਂ ਨੂੰ ਵਿਚਾਰੇ ਬਿਨਾਂ ਇਸ ਸ਼ਬਦ ਦੀ ਗ਼ੈਰ-ਜ਼ੁੰਮੇਵਾਰੀ ਨਾਲ ਵਰਤੋਂ ਕਰਨੀ ਨਿਰਾ ਬੌਧਿਕ ਜਾਹਲਪੁਣਾ ਹੀ ਨਹੀਂ, ਅਨੈਤਿਕ ਕਰਮ ਵੀ ਬਣਦਾ ਹੈ। ਜੇਕਰ ਇਹੀ ਹਥਿਆਰ ਕਿਸੇ ਨੇ ਕਮਿਊਨਿਸਟਾਂ ਦੇ ਖ਼ਿਲਾਫ਼ ਵਰਤਣਾ ਹੋਵੇ, ਤਾਂ ਸਭ ਨੂੰ ਪਤਾ ਹੈ ਕਿ ਸਟਾਲਿਨ ਨੂੰ ਇਤਿਹਾਸ ਅੰਦਰ ਕਮਿਊਨਿਸਟ ਲਹਿਰ ਦੀਆਂ ਸਾਰੀਆਂ ਬੁਰਾਈਆਂ ਦੇ ਚਿੰਨ੍ਹ ਵਜੋਂ ਪੇਸ਼ ਕੀਤਾ ਗਿਆ ਹੈ। ਭਾਵੇਂ ਕਿ ਮੇਰੇ ਵਿਚਾਰ ਵਿਚ, ਕੁਝ ਵਿਸ਼ੇਸ਼ ਕਾਰਨਾਂ ਕਰਕੇ, ਸਟਾਲਿਨ ਦੇ ਦੋਸ਼ਾਂ ਤੇ ਔਗੁਣਾਂ ਨੂੰ ਹਕੀਕਤ ਨਾਲੋਂ ਬਹੁਤ ਜ਼ਿਆਦਾ ਵਧਾਅ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ। ਇਸ ਪਿੱਛੇ ਕਈ ਤਰ੍ਹਾਂ ਦੀਆਂ ਤਾਕਤਾਂ ਦੇ ਹਿਤ ਕੰਮ ਕਰਦੇ ਸਨ, ਤੇ ਹਨ । ਸਾਮਰਾਜਵਾਦੀਆਂ, ਪੂੰਜੀਵਾਦੀਆਂ, ਕਮਿਊਨਿਸਟ ਲਹਿਰ ਤੋਂ ਬਦਜ਼ਨ ਹੋਏ ਪੱਛਮ ਦੇ ਵਿਦਵਾਨਾਂ ਅਤੇ ਗ਼ੈਰ-ਪੱਛਮੀ ਦੇਸਾਂ ਦੇ ਨਿਖੇਧਾਤਮਿਕ ਜ਼ਾਤ ਦੇ ਅਵਾਰਾ ਵੰਨਗੀ ਦੇ ਬੁੱਧੀਮਾਨਾਂ, ਸਾਰਿਆਂ ਨੇ ਆਪੋ-ਆਪਣੇ ਕਾਰਨਾਂ ਤੇ ਹਿਤਾਂ ਵਿੱਚੋਂ ਸਟਾਲਿਨ ਵਿਰੋਧੀ ਨਫ਼ਰਤ ਫੈਲਾਉਣ ਦਾ ਮਿਸ਼ਨ ਨੇਪਰੇ ਚਾੜ੍ਹਿਆ ਹੈ। ਇਸ ਵਰਤਾਰੇ ਦਾ ਝੂਠਾ ਪਹਿਲੂ ਇਹ ਹੈ ਕਿ ਇਨ੍ਹਾਂ ਲੋਕਾਂ ‘ਚੋਂ ਬਹੁਤੇ ਅਜਿਹੇ ਸਨ ਤੇ ਹਨ, ਜਿਨ੍ਹਾਂ ਦੀ ਆਪਣੀ ਆਤਮਾ ਸਟਾਲਿਨ ਨਾਲੋਂ ਸੈਂਕੜੇ ਗੁਣਾਂ ਮਾੜੀ ਹੈ। ਖ਼ੈਰ, ਕੁਝ ਵੀ ਹੋਵੇ, ਆਪਾਂ ਸਟਾਲਿਨ ਨੂੰ ਕਮਿਊਨਿਸਟ ਲਹਿਰ ਦਾ ‘ਰਾਵਣ’ ਮੰਨ ਕੇ ਹੀ ਗੱਲ ਕਰਦੇ ਹਾਂ । ਮੰਨ ਲਵੇ, ਜੇਕਰ ਕਮਿਉਨਿਸਟਾਂ ਦੇ ਵਿਰੋਧੀ, ਕਮਿਊਨਿਸਟਾਂ ਦੇ ਹਰ ਖ਼ਿਆਲ, ਦਲੀਲ ਤੇ ਧਾਰਨਾ ਨੂੰ, ਇਸ ਉੱਤੇ ‘ਸਟਾਲਿਨਵਾਦ’ ਦਾ ਠੱਪਾ ਲਾ ਕੇ ਭੰਡਣਾ ਸ਼ੁਰੂ ਕਰ ਦੇਣ, ਤਾਂ ਕਮਿਊਨਿਸਟਾਂ ਨੂੰ ਇਹ ਕਿਵੇਂ ਦਾ ਮਹਿਸੂਸ ਹੋਵੇਗਾ ? ਸਪੱਸ਼ਟ ਹੈ ਕਿ ਉਹ ਇਸ ਉੱਤੇ ਤੜਫ਼ ਉੱਠਣਗੇ ਅਤੇ ਇਸ ਨੂੰ, ਉਨ੍ਹਾਂ ਨਾਲ ‘ਘੋਰ ਅਨਿਆਂ” ਕਹਿ ਕੇ, ਇਸ ਦੀ ਪੁਰਜ਼ੋਰ ਵਿਰੋਧਤਾ ਕਰਨਗੇ। ਕੀ ਉਨ੍ਹਾਂ ਨੂੰ ਦੂਸਰਿਆਂ ਬਾਰੇ ਵੀ ਇਹੀ ਸੰਵੇਦਨਸ਼ੀਲਤਾ ਨਹੀਂ। ਦਿਖਾਉਣੀ ਚਾਹੀਦੀ ? ਸਿੱਖ ਧਰਮ ਤਾਂ ਦੂਸਰੇ ਦੇ ਦਰਦ ਨੂੰ ਆਪਣਾ ਜਾਣਨ ਦੀ ਸਿਖ- ਮਤ ਦਿੰਦਾ ਹੈ, ਕਮਿਊਨਿਸਟਾਂ ਦਾ ‘ਧਰਮ’ ਪਤਾ ਨਹੀਂ ਕੀ ਕਹਿੰਦਾ ਹੈ।

ਖ਼ੈਰ, ਹੁਣ ਆਪਾਂ ਅਸਲੀ ਗੱਲ ਵੱਲ ਆਈਏ। ਪੰਜਾਬ ਦਾ ਭਵਿੱਖ ਸਭ ਤੋਂ ਵਧੇਰੇ ਰਾਜਸੀ ਪ੍ਰਭੂਸੱਤਾ ਤੇ ਆਪਣੇ ਗਿਆਨ ਪ੍ਰਬੰਧ ਦਾ ਮੁਹਤਾਜ ਹੈ। ਬਿਨਾਂ ਸ਼ੱਕ, ਸਿੱਖ ਪੰਜਾਬ ਅੰਦਰ ਅਜਿਹਾ ਰਾਜ ਤੇ ਸਮਾਜ ਸਿਰਜਣਾ ਚਾਹੁੰਦੇ ਹਨ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਅਸੂਲਾਂ ਤੇ ਕਦਰਾਂ-ਕੀਮਤਾਂ ਉੱਤੇ ਆਧਾਰਿਤ ਹੋਵੇਗਾ। ਇਸ ਰਾਜ ਦੇ ਗੁਣਾਂ ਦੋਸ਼ਾਂ ਦਾ ਨਿਰਣਾ ਕਰਨ ਲਈ ਦੋ ਗੱਲਾਂ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਫਲਸਫੇ ਨੂੰ, ਤੇ ਦੂਜਾ, ਇਸ ਦੀ ਸੇਧ ਵਿਚ ਸਿਰਜੇ ਗਏ। ਸਿੱਖ-ਇਤਿਹਾਸ ਨੂੰ। ਗ਼ਦਰ ਲਹਿਰ ਦਾ ਇਤਿਹਾਸ ਤੇ ਗ਼ਦਰੀ ਬਾਬਿਆਂ ਦਾ ਅਭਿਆਸ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਸਿੱਖ-ਇਤਿਹਾਸ ਹਮੇਸ਼ਾ, ਹਰ ਵੇਲੇ, ਇਸ ਸੇਧ ਦਾ ਇੱਕੋ ਦਰਜੇ ਤਕ ਅਨੁਸਾਰੀ ਰਿਹਾ ਹੈ। ਇਸ ਵਿਚ ਚੰਗੇ ਮਾੜੇ ਦੌਰ ਆਉਂਦੇ ਰਹੇ ਹਨ। ਸਾਡਾ ਅਜਿਹਾ ਸੋਚਣਾ ਹੈ। ਜੇਕਰ ਮਨੂ ਸਿੰਮ੍ਰਿਤੀ ਜਾਂ ਹੋਰ ਪ੍ਰਾਚੀਨ ਮੂਲ ਗ੍ਰੰਥਾਂ ਦੇ ਆਧਾਰ ‘ਤੇ ਸਮਾਜ ਅਤੇ ਰਾਜ-ਕਾਜ ਦਾ ਪ੍ਰਬੰਧ ਕੀਤਾ ਜਾਵੇ ਤਾਂ ਇਸ ਉੱਤੇ ਸੈਂਕੜੇ ਇਤਰਾਜ਼ ਪ੍ਰਗਟਾਏ ਜਾ ਸਕਦੇ ਹਨ। ਕਿਉਂਕਿ ਇਹ ਮੂਲ ਗ੍ਰੰਥ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਨਹੀਂ ਦਿੰਦੇ, ਸਗੋਂ ਮਨੁੱਖੀ ਨਾਬਰਾਬਰੀ ਦੇ ਪੱਖਪਾਤੀ ਤੇ ਮਾਨਵ-ਦੋਖੀ ਫਲਸਫੇ ਦੀ ਪ੍ਰੋੜ੍ਹਤਾ ਕਰਦੇ ਹਨ, ਇਤਿਹਾਸ ਉੱਤੇ ਜਿਸ ਦਾ ਕਾਲਾ ਪਰਛਾਵਾਂ ਪਿਆ ਸਾਫ਼ ਨਜ਼ਰ ਆਉਂਦਾ ਹੈ। ਪਰ ਜੇਕਰ ਸ੍ਰੀ ਗੁਰੂ ਗਰੰਥ ਸਾਹਿਬ ’ਤੇ ਆਧਾਰਿਤ ਸਮਾਜਿਕ ਤੇ ਰਾਜਨੀਤਕ ਵਿਵਸਥਾ ਕਾਇਮ ਕੀਤੀ ਜਾਂਦੀ ਹੈ, ਤਾਂ ਇਸ ਉੱਤੇ ਇਤਰਾਜ਼ ਕਰਨ ਦਾ ਅਧਿਕਾਰ ਤਾਂ ਹੋ ਸਕਦਾ ਹੈ, ਪਰ ਆਧਾਰ ਕੀ ਹੈ ? ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਬਣਾਇਆ ਜਾਵੇ ਤਾਂ ਦੂਸਰੇ ਵਰਗਾਂ, ਹਿੰਦੂਆਂ ਮੁਸਲਮਾਨਾਂ ਜਾਂ ਈਸਾਈਆਂ ਨਾਲ ਸਿੱਖ ਦੀ ਦੁਸ਼ਮਣੀ ਕਿਵੇਂ ਹੋ ਸਕਦੀ ਹੈ ?

ਇਸ ਰਾਜ ਅੰਦਰ ਹਰ ਸਭਿਆਚਾਰ ਨੂੰ ਬਰਾਬਰ ਸਪੇਸ ਮਿਲੇਗਾ ਅਤੇ ਪਬਲਿਕ ਖੇਤਰ ਅੰਦਰ ਆਪਣਾ ਵਿਲੱਖਣ ਪਰਿਪੇਖ ਪੇਸ਼ ਕਰਨ ਦੀ ਖੁੱਲ੍ਹ ਨਸੀਬ ਹੋਵੇਗੀ। ਸਿੱਖ ਧਰਮ ਦੀ ਮੌਲਿਕਤਾ ਕਾਇਮ ਰੱਖਦੇ ਹੋਏ ਇਸ ਨੂੰ ਆਧੁਨਿਕ ਜ਼ਮਾਨੇ ਦਾ ਹਾਣੀ ਬਣਾਇਆ ਜਾਵੇਗਾ। ਅਜਿਹਾ ਬੌਧਿਕ ਵਾਤਾਵਰਨ ਸਿਰਜਿਆ ਜਾਵੇਗਾ ਜਿਥੇ ਵਿਦਵਾਨਾਂ ਦਾ ਨਜ਼ਰੀਆ ਵਿਸ਼ਾਲ ਹੋਵੇਗਾ ਪਰ ਉਨ੍ਹਾਂ ਦੀ ਗੁਰਬਾਣੀ ਦੀ ਅੰਤਰ-ਦ੍ਰਿਸ਼ਟੀ ਧੁੰਦਲੀ ਨਹੀਂ ਹੋਵੇਗੀ। ਗੁਰੂ ਸਾਹਿਬਾਨ ਦਾ ਸਰਬ-ਸਾਂਝੀਵਾਲਤਾ ਦਾ ਸੰਕਲਪ ਆਧੁਨਿਕ, ਬੌਧਿਕ ਸਰੂਪ ਵਾਲਾ ਨਹੀਂ, ਆਤਮਿਕ ਸਰੂਪ ਵਾਲਾ ਹੈ । ਜੇਕਰ ਕਿਸੇ ਰਾਜ ਅੰਦਰ ਨਾਗਰਿਕਾਂ ਨੂੰ ਬਰਾਬਰ ਦਾ ਦਰਜਾ ਤੇ ਹੱਕ ਦੇ ਦਿੱਤੇ ਜਾਣ, ਪਰੰਤੂ ਨਾਲ ਹੀ ਜੇਕਰ ਕਿਸੇ ਸਭਿਆਚਾਰਕ ਭਾਈਚਾਰੇ ਨੂੰ ਨੁਕਰੇ ਲਾਉਣ ਜਾਂ ਦੁਬੇਲ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ ਤਾਂ ਉਸ ਨੂੰ ਅਸਲੀ ਅਰਥਾਂ ਵਿਚ ਜਮਹੂਰੀ ਰਾਜ ਨਹੀਂ ਕਿਹਾ/ਮੰਨਿਆ ਜਾ ਸਕਦਾ। ਬਹੁ-ਕੌਮੀ ਜਾਂ ਬਹੁ- ਸਭਿਆਚਾਰੀ ਸਮਾਜ ਅੰਦਰ ਜਮਹੂਰੀਅਤ ਦੇ ਅਰਥ ਬਦਲ ਜਾਂਦੇ ਹਨ। ਇਸ ਕਰਕੇ ਉਦਾਰਪੰਥੀ ਵਿਚਾਰਧਾਰਾ ਆਪਣੇ ਮੂਲ ਖ਼ਾਸੇ ਪੱਖੋਂ ਹੀ ਪੱਖਪਾਤੀ ਹੈ। ਕਿਸੇ ਦੂਸਰੇ ਨੂੰ ਪਰਾਇਆ ਜਾਣ ਕੇ ਪਰ੍ਹਾਂ ਰੱਖਣਾ ਜਾਂ ਧੱਕਣਾ ਹੀ ਜਮਹੂਰੀਅਤ ਦਾ ਨਿਖੇਧ ਨਹੀਂ, ਕਿਸੇ ਦੂਸਰੇ ਨੂੰ ਉਸ ਦੀ ਮਰਜ਼ੀ ਦੇ ਖ਼ਿਲਾਫ਼ ਧੱਕੇ ਜਾਂ ਛਲ ਕਪਟ ਨਾਲ ਆਪਣਾ ਕਹਿ ਕੇ ਆਪਣੇ ਵਿਚ ਜਜ਼ਬ ਕਰ ਲੈਣਾ ਜਾਂ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਨਾ ਵੀ ਜਮਹੂਰੀਅਤ ਦਾ ਨਿਸ਼ੇਧ ਹੈ। ਦੂਜਿਆਂ ਦੀ ਹਸਤੀ ਨੂੰ ਪਰਵਾਨ ਕਰਨਾ ਤੇ ਇਸ ਦੀ ਤਹਿ ਦਿਲੋਂ ਕਦਰ ਕਰਨਾ ਜਮਹੂਰੀਅਤ ਦੀ ਜ਼ਰੂਰੀ ਸ਼ਰਤ ਹੈ।

ਸਟੇਟ ਬਾਰੇ ਜਿਹੜੀ ਗ਼ੈਰ-ਆਧੁਨਿਕ ਧਾਰਨਾ ਹੈ, ਉਹ ਇਕ ਬੋਲੀ, ਇਕ ਧਰਮ ਜਾਂ ਇਕ ਸਭਿਆਚਾਰ ਦੇ ਵਿਚਾਰ ਦੀ ਧਾਰਨੀ ਨਹੀਂ । ਇਸ ਦਾ ਇਸ ਧਾਰਨਾ ਵਿਚ ਕੋਈ ਵਿਸ਼ਵਾਸ ਨਹੀਂ ਕਿ ਭਾਸ਼ਾਈ ਜਾਂ ਸਭਿਆਚਾਰਕ ਏਕੀਕਰਣ ਨਾਲ ਲੋਕਾਂ ਦੇ ਕਾਜ਼ ਦਾ ਭਲਾ ਹੁੰਦਾ ਹੈ। ਕਿਸੇ ਸਟੇਟ ਲਈ ਸਭਿਆਚਾਰਾਂ ਦੀ ਕਨਫ਼ੈਡਰੇਸ਼ਨ ਦੀ ਨੁਮਾਇੰਦਗੀ ਕਰਨੀ ਸੰਭਵ ਹੋ ਸਕਦੀ ਹੈ। ਇਹ ਜਿਹੜੇ ਅਲੱਗ ਅਲੱਗ ਸਭਿਆਚਾਰ ਹੋਣਗੇ, ਉਹ ਇਕ ਦੂਜੇ ਨਾਲ ਅੰਦਰੂਨੀ ਵਿਰੋਧਾਂ ਵਿਚ ਤਾਂ ਭਲੇ ਹੀ ਉਲਝੇ ਹੋਣ, ਪਰ ਇਨ੍ਹਾਂ ‘ਚੋਂ ਕੋਈ ਵੀ ਸਭਿਆਚਾਰ ਦੂਸਰੇ ਦਾ ਬਾਹਰੀ ਦੁਸ਼ਮਣ ਨਹੀਂ ਹੋਵੇਗਾ।

ਛੇਵਾਂ ਖੰਡ

ਗ਼ਦਰ ਪਾਰਟੀ ਦੀ ਰਣਨੀਤੀ ਤੇ ਕਾਰਜ-ਵਿਉਂਤ ਬਾਰੇ

? ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਗ਼ਦਰ ਪਾਰਟੀ ਦੀ ਭਾਰਤ ਅੰਦਰ ਗ਼ਦਰ ਕਰਨ ਦੀ ਰਣਨੀਤੀ ਤੇ ਕਾਰਜ-ਵਿਉਂਤ ਦੀ ਵਿਆਪਕ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ‘ਬੇਹੱਦ ਕੱਚੀ’ ਤੇ ‘ਨਾਪਾਏਦਾਰ’ ਕਿਹਾ ਹੈ ਅਤੇ ਗ਼ਦਰੀ ਆਗੂਆਂ ਦੀ ਸੂਝ-ਸਿਆਣਪ ਤੇ ਸਮਰੱਥਾ ਯੋਗਤਾ ਬਾਰੇ ਗੰਭੀਰ ਸੁਆਲ ਖੜੇ ਕੀਤੇ ਹਨ। ਕਿਸੇ ਨੇ ਉਨ੍ਹਾਂ ਨੂੰ ‘ਸਿੱਧੜ’ ਕਿਹੈ, ਕਿਸੇ ਨੇ ‘ਜਾਹਲ’ ਤੇ ਕਈ ਤਾਂ ‘ਮੂਰਖ’ ਕਹਿਣ ਤਕ ਗਏ ਹਨ । ਕਈ ਵਿਦਵਾਨਾਂ ਦੀ ਰਾਇ ਵਿਚ ਇਹ ‘ਬਾਲਾਂ ਦੀ ਖੇਡ’ ਸੀ। ਤੁਹਾਡੇ ਵਿਚਾਰ ਮੂਜਬ ਵਿਦਵਾਨਾਂ/ ਇਤਿਹਾਸਕਾਰਾਂ ਦੀ ਇਹ ਆਲੋਚਨਾ ਕਿੰਨੀ ਕੁ ਸਹੀ, ਵਾਜਿਬ ਤੈ ਅਸੂਲੀ ਮੰਨੀ ਜਾ ਸਕਦੀ ਹੈ ?

ਤੁਹਾਡਾ ਇਹ ਪ੍ਰਭਾਵ-ਜਾਇਜ਼ਾ ਬਿਲਕੁਲ ਸਹੀ ਹੈ ਕਿ ਜ਼ਿਆਦਾਤਰ ਵਿਦਵਾਨਾਂ ਨੇ ਗ਼ਦਰ ਪਾਰਟੀ ਦੇ ਆਗੂਆਂ ਦੀ ਜੰਗਜੂ ਸਪਿਰਟ ਤੇ ਕੁਰਬਾਨੀ ਦੇ ਜਜ਼ਬੇ ਦੀ ਤਾਂ ਭਰਪੂਰ ਸ਼ਲਾਘਾ ਕੀਤੀ ਹੈ, ਪਰ ਉਨ੍ਹਾਂ ਦੀ ਸੂਝ-ਸਮਰੱਥਾ ਤੇ ਯੋਗਤਾ ਬਾਰੇ ਗੰਭੀਰ ਸ਼ੰਕੇ ਜ਼ਾਹਰ ਕੀਤੇ ਹਨ। ਖ਼ਾਸ ਕਰਕੇ ਉਨ੍ਹਾਂ ਦੀ ਭਾਰਤ ਅੰਦਰ ਫ਼ੌਜੀ ਬਗ਼ਾਵਤ ਕਰਕੇ ਅੰਗਰੇਜ਼ਾਂ ਦੇ ਰਾਜ ਦਾ ਤਖ਼ਤਾ ਪਲਟਣ ਦੀ ਰਣਨੀਤੀ ਤੇ ਕਾਰਜ-ਯੋਜਨਾ ਨੂੰ ਜਾਂ ਤਾਂ ਮੁੱਢੋਂ ਸੁੱਢੋਂ ਹੀ ਗ਼ਲਤ ਕਿਹਾ ਗਿਆ ਹੈ ਜਾਂ ਇਸ ਦੀ ਅੰਸ਼ਕ ਪੜਚੋਲ ਕੀਤੀ ਗਈ ਹੈ। ਭਾਵ ਇਸ ਦੇ ਕੁਝ ਪੱਖਾਂ ਨੂੰ ਗ਼ੈਰ-ਹਕੀਕੀ ਤੇ ਗ਼ੈਰ-ਅਮਲਯੋਗ ਕਹਿ ਕੇ ਨਿੰਦਿਆ ਗਿਆ ਹੈ। ਗੁਰਚਰਨ ਸਿੰਘ ਸੈਂਸਰਾ ਨੂੰ ਛੱਡ ਕੇ ਸ਼ਾਇਦ ਹੀ ਹੋਰ ਕੋਈ ਵਿਦਵਾਨ ਹੋਵੇਗਾ ਜਿਸ ਨੇ ਇਸ ਮਸਲੇ ‘ਤੇ ਗ਼ਦਰੀ ਆਗੂਆਂ ਦੀਆਂ ‘ਘਾਟਾਂ’ ਤੇ ‘ਕਮਜ਼ੋਰੀਆਂ’ ਦੀ ਗੱਲ ਨਾ ਕੀਤੀ ਹੋਵੇ। ਕੁਝ ਵਿਦਵਾਨ ਤਾਂ ਇਸ ਮਸਲੇ ‘ਤੇ ਗ਼ਦਰੀ ਆਗੂਆਂ ਦਾ ਮਜ਼ਾਕ ਉਡਾਉਣ ਦੀ ਹੱਦ ਤਕ ਗਏ ਹਨ। ਭਾਈ ਪਰਮਾਨੰਦ (ਲਾਹੌਰ) ਨੇ ਲਿਖਿਆ ਹੈ ਕਿ ਗ਼ਦਰ ਪਾਰਟੀ ਦੇ ਆਗੂ ‘ਅੰਨ੍ਹੇ ਜਜ਼ਬੇ’ ਦੇ ਅਸਰ ਹੇਠ ਕੰਮ ਕਰ ਰਹੇ ਸਨ । ਪ੍ਰੋ. ਹਰੀਸ਼ ਪੁਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਗ਼ਦਰੀ ਆਗੂਆਂ ਅੰਦਰ ਰਣਨੀਤੀ ਬਾਰੇ ਗੰਭੀਰ ਸੋਚਣੀ ਦੀ ਹੋਂਦ ਤੋਂ ਇਨਕਾਰ ਕੀਤਾ ਹੈ। ਉਸ ਮੁਤਾਬਕ ਗ਼ਦਰੀ ਆਗੂਆਂ ਦੀ ਸੋਚ ਸਪੱਸ਼ਟ ਤੇ ਨਿਖਰਵੀਂ ਨਹੀਂ ਸੀ ਅਤੇ ਉਹ ਭੰਬਲਭੂਸੇ ਵਿਚ ਪਏ ਹੋਏ ਸਨ।

ਅਨੁਭਵ ਤੋਂ ਕੋਰੇ ਵਿਦਵਾਨਾਂ ਦੀਆਂ ਸੀਮਤਾਈਆਂ

ਅਸੂਲੀ ਤੌਰ ‘ਤੇ ਦੇਖਿਆਂ ਕੋਈ ਵੀ ਲਹਿਰ ਸੋਲਾਂ ਕਲਾਂ ਸੰਪੂਰਨ ਨਹੀਂ ਹੋ ਸਕਦੀ। ਇਸ ਦੇ ਨਿਸ਼ਾਨੇ ਤੇ ਪ੍ਰੋਗਰਾਮ ਮਿਥਣ ਲੱਗਿਆਂ ਕੋਈ ਕੱਚਪੁਣਾ ਰਹਿ ਜਾਣਾ ਜਾਂ ਅਮਲ ਦੌਰਾਨ ਅਨੁਭਵ ਦੀ ਘਾਟ ਕਰਕੇ ਗ਼ਲਤੀਆਂ ਹੋ ਜਾਣੀਆਂ ਗ਼ੈਰ-ਸੁਭਾਵਕ ਨਹੀਂ। ਵਿਦਵਾਨਾਂ ਨੂੰ ਇਨਕਲਾਬੀ ਲਹਿਰਾਂ ਦਾ ਲੇਖਾ-ਜੋਖਾ ਕਰਨ ਦਾ ਕਾਰਜ ਪੂਰੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਨਿਭਾਉਣਾ ਚਾਹੀਦਾ ਹੈ। ਲਹਿਰ ਦੀ ਪੜਚੋਲ ਜੰਮ ਜੰਮ ਕੇ ਕਰੋ, ਪਰ ਪਹਿਲਾਂ ਪੜਚੋਲ ਕਰਨ ਦੀ ਯੋਗਤਾ ਤੇ ਤਹਿਜ਼ੀਬ ਹਾਸਲ ਕਰੋ । ਇਨਕਲਾਬੀ ਲਹਿਰ ਦੀ ਪੜਚੋਲ ਕਰਨੀ ਕੋਈ ਸ਼ੁਗ਼ਲ ਨਹੀਂ। ਕਿਸੇ ਵਿਦਵਾਨ ਨੂੰ ਲਹਿਰ ਦੀ ਪੜਚੋਲ ਕਰਨ ਦਾ ਹੱਕ ਆਪਣੇ ਆਪ ਨਹੀਂ ਮਿਲ ਜਾਂਦਾ, ਇਸ ਦੇ ਲਈ ਯੋਗਤਾ ਦੀ ਸ਼ਰਤ ਪੂਰੀ ਕਰਨੀ ਪੈਂਦੀ ਹੈ। ਇਹ ਆਪਣੇ ਹੀ ਢੰਗ ਨਾਲ ਤਲਵਾਰ ਦੀ ਧਾਰ ‘ਤੇ ਤੁਰਨ ਵਾਲੀ ਗੱਲ ਹੁੰਦੀ ਹੈ। ਕਿਉਂਕਿ ਇਨਕਲਾਬੀ ਲੋਕ ਕੋਈ ਸਾਧਾਰਨ ਮਨੁੱਖ ਨਹੀਂ ਹੁੰਦੇ, ਉਹ ਆਪਣੇ ਜਜ਼ਬਿਆਂ ਦੀ ਸਿਖਰ ਉੱਤੇ ਜੀਉਂ ਰਹੇ ਹੁੰਦੇ ਹਨ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ‘ਆਤਮ ਕਥਾ’ ਦੇ ਆਰੰਭਕੀ ਸ਼ਬਦਾਂ ਵਿਚ ਕਿਹਾ ਸੀ ਕਿ ਉਨ੍ਹਾਂ ਪਾਸ ‘ਇਕ ਅਮੋਲਕ ਕੌਮੀ ਖ਼ਜ਼ਾਨਾ ਏ…ਸੰਸਾਰ ਦੀ ਸਾਰੀ ਦੌਲਤ ਇਸ ਖ਼ਜ਼ਾਨੇ ਦੇ ਇਕ ਰਤਨ ਦਾ ਪਾਸੰਗ ਵੀ ਨਹੀਂ ਹੈ ਤੇ ਨਾ ਇਸ ਦੁਨੀਆਂ ਦੀ ਦੌਲਤ ਨਾਲ ਉਸ ਖ਼ਜ਼ਾਨੇ ਦੇ ਰਤਨ ਖ਼ਰੀਦੇ ਹੀ ਜਾ ਸਕਦੇ ਹਨ। ਇਹਨਾਂ ਰਤਨਾਂ ਦਾ ਮੁੱਲ ਉਹੋ ਸ਼ਖ਼ਸ ਪਾ ਸਕਦਾ ਏ, ਜੋ ਪਹਿਲਾਂ ਹੀ ਆਪਣਾ ਸੀਸ ਕੱਟ ਕੇ ਕੌਮ ਦੇ ਚਰਨਾਂ ਵਿਚ ਰੱਖ ਦੇਵੇ, ਤੇ ਦੇਸ਼ ਕੌਮ ਦਾ ਸਿਰਲੱਥ ਸੇਵਕ ਬਣ ਜਾਵੇ।”65

ਬਜ਼ੁਰਗ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ (ਦਿੱਲੀ) ਦਾ ਇਕ ਕਥਨ ਬਹੁਤ ਭਾਵਪੂਰਤ ਹੈ। ਉਨ੍ਹਾਂ ਲਿਖਿਆ ਹੈ: ‘ਬਾਗ਼ੀ ਲੋਕਾਂ ਦੀਆਂ ਪਹਿਲਕਦਮੀਆਂ ਹਮੇਸ਼ਾ ਹੀ ਸੂਖਮ ਦ੍ਰਿਸ਼ਟੀ ਵਾਲੇ ਵਿਦਵਾਨਾਂ ਅਤੇ ਦਾਰਸ਼ਨਿਕਾਂ ਦੀ ਸਮਝ ਤੋਂ ਬਾਹਰ ਰਹੀਆਂ ਹਨ ਅਤੇ ਰਹਿਣਗੀਆਂ…ਇਨਕਲਾਬਾਂ ਦਾ ਕੋਈ ਇਤਿਹਾਸਕ ਕਾਰਨ ਹੁੰਦਾ ਹੈ। ਪਰ ਇਨਕਲਾਬ ਇਸ ਲਈ ਨਹੀਂ ਵਾਪਰਦੇ ਕਿਉਂਕਿ ਇਨ੍ਹਾਂ ਦੇ ਕੋਈ ਸਿੱਧੇ ਆਰਥਿਕ ਜਾਂ ਸਿਆਸੀ, ਨਿੱਜੀ ਜਾਂ ਸਮਾਜੀ ਹਿਸਾਬ-ਕਿਤਾਬ ਹੁੰਦੇ ਹਨ। ਇਹ ਆਪਣੀ ਵਿਗਿਆਨਕ ਸਿਧਾਂਤਕਾਰੀ ਦਾ ਨਤੀਜਾ ਵੀ ਨਹੀਂ ਹੁੰਦੇ..ਮੇਰੇ ਖ਼ਿਆਲ ਵਿਚ ਤਾਂ ਸਿਧਾਂਤ ਵਾਪਰਨ ਵਾਲੀ ਹਕੀਕਤ ਨੂੰ ਪੂਰੀ ਤਰ੍ਹਾਂ ਕਦੇ ਵੀ ਨਹੀਂ ਪਕੜ ਸਕਦਾ…ਇਨਕਲਾਬ ਉਦੋਂ ਵਾਪਰਦੇ ਹਨ ਜਦੋਂ ਧੱਕੜ ਪ੍ਰਬੰਧ ਅਸਹਿ ਹੋ ਜਾਂਦਾ ਹੈ ਅਤੇ ਚੰਗੇਰੇ ਜੀਵਨ ਦਾ ਸੁਪਨਾ ਲੈਣ ਵਾਲੇ ਲੋਕ ਇਸ ਪ੍ਰਬੰਧ ਦੇ ਖ਼ਾਤਮੇ ਲਈ ਕਮਰ-ਕੱਸੇ ਕਰ ਲੈਂਦੇ ਹਨ । ਮਾਰਕਸ ਨੇ ਇਸ ਨੂੰ ਅਜਿਹਾ ਸਦਮਾ (trauma) ਆਖਿਆ ਸੀ ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਲੋਕ ਆਪਣਾ ਜੀਵਨ ਤਕ ਵਾਰਨ ਲਈ ਤਿਆਰ ਹੋ ਜਾਂਦੇ ਹਨ। ਉਕਤ ਸੂਤਰ ਦੇ ਆਖ਼ਰੀ ਅੰਗ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਟਿਊਡਰ ਸ਼ਾਨਨ ਨੇ ਲਿਖਿਆ ਹੈ : ‘ਸਮਾਜ ਵਿਗਿਆਨੀ ਇਨਕਲਾਬੀ ਜੱਦੋ-ਜਹਿਦ ਦੇ ਇਸ ਕੇਂਦਰੀ ਨੁਕਤੇ ਨੂੰ ਅਕਸਰ ਭੁੱਲ ਜਾਂਦੇ ਹਨ ਕਿ ਇਨਕਲਾਬੀਆਂ ਨੂੰ ਇਨਕਲਾਬੀ ਬਣਾਉਣ ਵਾਲਾ ਤੇ ਇਨਕਲਾਬ ਦੇ ਰਾਹ ਪਾਉਣ ਵਾਲਾ ਨੁਕਤਾ ਉਨ੍ਹਾਂ ਵਿਚਲਾ ਜੋਸ਼ ਤੇ ਗੁੱਸਾ ਹੀ ਹੁੰਦਾ ਹੈ। ਅਕਾਦਮਿਕ ਸਿਖਲਾਈ ਅਤੇ ਸਰਮਾਏਦਾਰੀ ਰੀਤ ਇਸ ਗੱਲ ਦੀ ਪ੍ਰਸੰਸਾ ਨਹੀਂ ਕਰ ਸਕਦੀਆਂ। ਇਹ ਵਰਤਾਰਾ ਖੰਡਾਂ, ਸਾਰਣੀਆਂ ਅਤੇ ਅੰਕੜਿਆਂ ਵਿਚ ਆਸਾਨੀ ਨਾਲ ਪੇਸ਼ ਹੋਣ ਵਾਲਾ ਨਹੀਂ ਹੈ…ਫੇਰ ਵੀ ਇਸ ਅੰਗ ਤੋਂ ਬਿਨਾਂ ਇਨਕਲਾਬਾਂ ਦੀ ਸਮਝ ਬੇ-ਬੁਨਿਆਦ ਹੋਵੇਗੀ। ਇਹੋ ਕਾਰਨ ਹੈ ਕਿ ਪੁਜਾਰੀ, ਸ਼ਾਹੂਕਾਰ, ਜਰਨੈਲ ਅਤੇ ਸਮਾਜ-ਵਿਗਿਆਨੀ ਇਨਕਲਾਬੀ ਲਹਿਰ ਦੇ ਸੁਭਾਅ ਦਾ ਅਕਸਰ ਗ਼ਲਤ ਅੰਦਾਜ਼ਾ ਲਾ ਲੈਂਦੇ ਹਨ, ਭਾਵੇਂ ਕਿ ਉਹ ਇਸ ਨੂੰ ਸਿੱਧੇ ਵੀ ਮੁਖ਼ਾਤਿਬ ਕਿਉਂ ਨਾ ਹੋਣ। ਇਨਕਲਾਬ ਦੇ ਕੇਂਦਰ ਵਿਚ ਵੀ ਸਦਾਚਾਰਕ ਨਫ਼ਰਤ, ਘਿਰਣਾ ਅਤੇ ਕ੍ਰੋਧ ਦਾ ਇਕ ਜਜ਼ਬਾਤੀ ਹੜ੍ਹ ਹੁੰਦਾ ਹੈ। ਸੱਤਾਧਾਰੀਆਂ ਵਿਰੁੱਧ ਇਸ ਹੜ੍ਹ ਉੱਤੇ ਕੋਈ ਕਿੰਤੂ-ਪਰੰਤੂ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਚੁੱਪ ਵੱਟੀ ਜਾ ਸਕਦੀ ਹੈ। ਇਸ ਦੀ ਭਾਵੇਂ ਕਿੰਨੀ ਵੀ ਕੀਮਤ ਤਾਰਨੀ ਪਵੇ…ਵਿਦਰੋਹੀ ਲੋਕਾਂ ਦੀ ਆਵਿਸ਼ਕਾਰਕ ਸ਼ਕਤੀ (innovative power) ਹਮੇਸ਼ਾ ਹੀ ਸੂਖਮ-ਭਾਵੀ ਵਿਦਵਾਨਾਂ ਅਤੇ ਫਲਸਫਾਕਾਰਾਂ ਦੀ ਕਲਪਨਾ ਨਾਲੋਂ ਵਧੇਰੇ ਸ਼ਕਤੀਵਰ ਹੁੰਦੀ ਹੈ ਅਤੇ ਰਹੇਗੀ।

ਪ੍ਰੋ. ਰਣਧੀਰ ਸਿੰਘ ਦੀ ਇਹ ਟੂਕ ਗ਼ਦਰ ਲਹਿਰ ਦੇ ਇਤਿਹਾਸਕਾਰਾਂ ਵਿੱਚੋਂ ਪ੍ਰੋ. ਹਰੀਸ਼ ਪੁਰੀ ਉੱਤੇ ਸਭ ਤੋਂ ਵੱਧ ਢੁੱਕਦੀ ਹੈ। ਇਨਕਲਾਬੀ ਅਨੁਭਵ ਪੱਖੋਂ ਉੱਕਾ ਹੀ ਕੋਰਾ ਹੋਣ ਕਰਕੇ ਪੁਰੀ ਨੇ ਗ਼ਦਰ ਲਹਿਰ ਤੇ ਇਸ ਦੇ ਆਗੂਆਂ ਬਾਰੇ ਸਭ ਤੋਂ ਵੱਧ ਅਯੋਗ ਟਿੱਪਣੀਆਂ ਕੀਤੀਆਂ ਹਨ। ਉਸ ਨੂੰ ਪੜ੍ਹ ਕੇ ਇਹ ਧਾਰਨਾ ਹੋਰ ਪੱਕੀ ਹੋ ਗਈ ਹੈ ਕਿ ਜਿਹੜੇ ਵਿਦਵਾਨ ਦਾ ਆਪਣਾ ਨਜ਼ਰੀਆ ਇਨਕਲਾਬੀ ਨਹੀਂ, ਉਹ ਇਨਕਲਾਬੀ ਲਹਿਰਾਂ ਨੂੰ ਠੀਕ ਭਾਵਨਾ ਵਿਚ ਨਹੀਂ ਸਮਝ ਸਕਦਾ। ਇਹ ਪੱਕੀ ਗੱਲ ਐ। ਸ਼ਚਿੰਦਰਨਾਥ ਸਾਨਿਆਲ ਨੇ ਇਸ ਸਚਾਈ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ : ‘ਕ੍ਰਾਂਤੀਕਾਰੀਆਂ ਤੇ ਬੁੱਧੀਜੀਵੀਆਂ ਵਿਚ ਫ਼ਰਕ ਇਹੀ ਏ ਕਿ ਕ੍ਰਾਂਤੀਕਾਰੀਆਂ ਨੂੰ ਆਪਣੇ ਆਦਰਸ਼ ‘ਤੇ ਅਟੁੱਟ ਸ਼ਰਧਾ ਏ, ਏਸੇ ਲਈ ਉਨ੍ਹਾਂ ਨੇ ਆਪਣੀ ਅਨੋਖੀ ਨਿਸ਼ਠਾ ਦੇ ਨਾਲ ਆਪਣੇ ਆਦਰਸ਼ ਵੱਲ ਜਾਣ ਵਾਲੇ ਰਾਹ ‘ਤੇ ਆਪਣਾ ਜੀਵਨ ਗੁਜ਼ਾਰਿਆ ਏ ਅਤੇ ਇਨ੍ਹਾਂ ਆਲੋਚਕਾਂ ਨੇ ਆਰਾਮ-ਕੁਰਸੀ ‘ਤੇ ਬੈਠ ਕੇ ਆਲੋਚਨਾ ਕਰਨ ਨੂੰ ਹੀ ਆਪਣੇ ਜੀਵਨ ਦਾ ਪੇਸ਼ਾ ਬਣਾ ਲਿਆ ਏ ਅਤੇ ਬਹੁਤਿਆਂ ਦਾ ਤਾਂ ਇਹ ਆਲੋਚਨਾ ਕਰਨਾ ਈ ਰੋਜ਼ੀ-ਰੋਟੀ ਦਾ ਮੁੱਖ ਸਹਾਰਾ ਬਣ ਗਿਆ ਏ। ਰੋਜ਼ੀ-ਰੋਟੀ ਕਮਾਉਣ ਲਈ ਕਈ ਗੱਲਾਂ ਦਾ ਹਿਸਾਬ ਕਿਤਾਬ ਰੱਖ ਕੇ ਤੁਰਨਾ ਪੈਂਦਾ ਏ। ਪਰ ਏਸ ਤਰ੍ਹਾਂ ਹਿਸਾਬ ਲਾ ਕੇ ਚੱਲਣ ਨਾਲ ਹਮੇਸ਼ਾ ਸੱਚ ਦੀ ਮਰਯਾਦਾ ਦਾ ਪਾਲਣ ਕਰ ਸਕਣਾ ਸ਼ਾਇਦ ਸੰਭਵ ਨਹੀਂ ਹੁੰਦਾ। ਏਸ ਤੋਂ ਇਲਾਵਾ ਕ੍ਰਾਂਤੀਕਾਰੀਆਂ ਅਤੇ ਆਲੋਚਕਾਂ ਵਿਚ ਇਕ ਹੋਰ ਵੱਡਾ ਫ਼ਰਕ ਏ, ਕ੍ਰਾਂਤੀਕਾਰੀਆਂ ਦੇ ਲਈ ਜਿਹੜੀ ਚੀਜ਼ ਅਕੀਦਾ ਏ, ਆਲੋਚਕਾਂ ਲਈ ਉਹ ਸਿਰਫ਼ ਰਾਇ (opinion) ਏ ਤੇ ਇਹ ਰਾਇ ਸਫਲਤਾ ਦਾ ਮੋਹ ਪਾਰ ਨਹੀਂ ਕਰ ਸਕਦੀ। ਏਸੇ ਲਈ ਨਫ਼ਾ-ਨੁਕਸਾਨ ਦੇਖ ਕੇ ਈ ਰਾਇ ਬਣਦੀ ਏ। ਪਰ ਜਿਹੜੇ ਲੋਕ ਇਤਿਹਾਸ ਨਿਰਮਾਤਾ ਦੇ ਆਸਣ ‘ਤੇ ਬੈਠਦੇ ਹਨ, ਉਹ ਏਸ ਰਾਇ ਦੀ ਪ੍ਰਵਾਹ ਨਹੀਂ ਕਰਦੇ। ਉਹ ਸਿਦਕ ਦੇ ਪੂਰੇ ਤੇ ਵਿਸ਼ਵਾਸ ਦੇ ਪੱਕੇ ਵਿਅਕਤੀ ਹੁੰਦੇ ਹਨ। ਅਸਫਲਤਾ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਤੋਂ ਨਹੀਂ ਡੁਲਾ ਸਕਦੀ। ਏਸੇ ਕਰਕੇ ਉਹ ਇਤਿਹਾਸ ਵਿਚ ਹਮੇਸ਼ਾ ਯਾਦ ਰੱਖੇ ਜਾਂਦੇ ਹਨ। ਏਸੇ ਕਰਕੇ ਇਹ ਅਕੀਦਿਆਂ ਵਾਲੇ ਵਿਅਕਤੀ ਹੀ ਸੰਸਾਰ ਵਿਚ ਕੁਝ ਸਥਾਈ ਕੰਮ ਕਰਨ ਦੇ ਸਮਰੱਥ ਹੁੰਦੇ ਹਨ।

ਉਪਰੋਕਤ ਕਥਨਾਂ ਦਾ ਸਾਰ ਇਹ ਹੈ ਕਿ ਇਨਕਲਾਬੀ ਲਹਿਰਾਂ ਨੂੰ ਆਮ ਸਿਧਾਂਤਾਂ ਦੀ ਰੋਸ਼ਨੀ ਵਿਚ ਨਹੀਂ ਬੁੱਝਿਆ ਜਾ ਸਕਦਾ। ਇਸ ਦੇ ਲਈ ਦੋ ਮਹੱਤਵਪੂਰਨ ਤੱਤ, ਇਨਕਲਾਬੀ ਨਜ਼ਰੀਆ ਤੇ ਠੋਸ ਅਨੁਭਵ ਜ਼ਰੂਰੀ ਹੁੰਦੇ ਹਨ। ਇਤਿਹਾਸ ਸਿਰਜਣ ਵਾਲਿਆਂ ਤੇ ਇਤਿਹਾਸ ਲਿਖਣ ਵਾਲਿਆਂ ਵਿਚਕਾਰ ਅਕਸਰ ਵਿਰੋਧ ਪ੍ਰਗਟ ਹੁੰਦੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਇਨਕਲਾਬੀ ਲਹਿਰਾਂ ਦਾ ਸਿੱਧਾ ਤੇ ਠੋਸ ਤਜਰਬਾ ਹੁੰਦੈ, ਘੱਟ ਪੜ੍ਹੇ ਹੋਣ ਦੇ ਬਾਵਜੂਦ ਉਹ ਵੱਧ ਸਹੀ ਇਤਿਹਾਸ ਲਿਖ ਸਕਦੇ ਹਨ। ਬਾਬਾ ਭਕਨਾ ਦੇ ਸ਼ਬਦਾਂ ਵਿਚ: ‘ਉਸ ਇਤਿਹਾਸ ਨਾਲੋਂ ਵੱਧ ਹੋਰ ਕੋਈ ਸੁੱਚਾ ਇਤਿਹਾਸ ਨਹੀਂ ਹੁੰਦਾ, ਜੋ ਕਿਸੇ ਮਨੁੱਖ ਨੇ ਖ਼ੁਦ ਵੇਖਿਆ ਜਾਂ ਸਿਰ ਝੱਲਿਆ ਹੋਵੇ । ਕੌਮਾਂ ਦੀ ਚਾਲ-ਢਾਲ ਜਾਂ ਓਹਨਾਂ ਦੀ ਅੰਦਰੋਗਤ ਨੀਤੀ ਦਾ ਅਸਲ ਵਿਚ ਉਦੋਂ ਤਕ ਕੁਝ ਪਤਾ ਨਹੀਂ ਲੱਗ ਸਕਦਾ, ਜਦੋਂ ਤਕ ਕੋਈ ਆਦਮੀ ਕਿਸੇ ਦੇਸ ਜਾਂ ਕੌਮ ਦੇ ਅੰਦਰ ਜਾ ਕੇ ਨਾ ਰਿਹਾ ਹੋਵੇ ਅਤੇ ਅਸਲ ਹਾਲਤ ਆਪਣੇ ਅੱਖੀਂ ਨਾ ਦੇਖ ਭਾਲ ਲਏ ਹੋਣ। ਪੁਸਤਕਾਂ ਜਾਂ ਅਖ਼ਬਾਰਾਂ ਰਾਹੀਂ ਤਾਂ ਸਿਰਫ਼ ਬਾਹਰਲੀ ਪ੍ਰਗਟ ਹਾਲਤ ਦਾ ਕਿਸੇ ਹੱਦ ਤਕ ਪਤਾ ਲੱਗ ਸਕਦਾ ਏ, ਪਰ ਉਸ ਵਿਚ ਵੀ ਵਧਾਅ ਚੜ੍ਹਾਅ ਕੇ ਲਿਖਿਆ ਗਿਆ ਅੰਸ਼ ਜ਼ਰੂਰ ਹੁੰਦਾ ਹੈ।68

? ਕਈ ਵਿਅਕਤੀਆਂ ਨੇ ਨਕਸਲੀ ਲਹਿਰ ਦੀ ਆਲੋਚਨਾ ਕਰਦਿਆਂ ਇਸ ਨੂੰ ‘ਬੱਚਿਆਂ ਦੀ ਖੇਡ’ ਕਿਹਾ ਹੈ। ਕੀ ਇਸ ਨੂੰ ਦਰੁਸਤ ਮੰਨਿਆ ਜਾ ਸਕਦਾ ਹੈ ?

ਕਦਾਚਿਤ ਨਹੀਂ। ਨਕਸਲੀ ਲਹਿਰ ਦੀ ਅਜਿਹੀ ਪੜਚੋਲ ਕਿਸੇ ਪੱਖੋਂ ਵੀ ਯੋਗ ਅਥਵਾ ਜਾਇਜ਼ ਨਹੀਂ ਹੈ। ਜੇ ਇਹ ‘ਖੇਡ’ ਵੀ ਸੀ ਤਾਂ ਇਹ ‘ਬੱਚਿਆਂ’ ਦੀ ਨਹੀਂ, ‘ਜਾਂਬਾਜ਼ਾਂ’ ਦੀ ਖੇਡ ਸੀ। ਭਾਵੇਂ ਕਿ ਨਕਸਲੀ ਲਹਿਰ ਬਾਰੇ ਮੇਰਾ ਆਪਣਾ ਜਾਤੀ ਅਨੁਭਵ ਕਹਿੰਦਾ ਹੈ ਕਿ ਇਹ ਲਹਿਰ ਬੌਧਿਕ ਤੇ ਅਮਲੀ ਪਹਿਲੂਆਂ ਤੋਂ ਬਹੁਤ ਕੱਚੀ ਸੀ, ਪਰ ਤਾਂ ਵੀ ਇਸ ਨੂੰ ‘ਬੱਚਿਆਂ ਦੀ ਖੇਡ’ ਕਹਿਣਾ ਜਾਇਜ਼ ਨਹੀਂ। ਇਸ ਹਿਸਾਬ ਨਾਲ ਤਾਂ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਲਹਿਰ ਵੀ, ਸ਼ਾਇਦ ਕਿਸੇ ਵੀ ਪੱਖੋਂ ਨਕਸਲੀ ਲਹਿਰ ਨਾਲੋਂ ਵਧੇਰੇ ਪਰੋੜ (mature) ਨਹੀਂ ਸੀ। ਇਸ ਮਸਲੇ ਉੱਤੇ ਲੰਮੀ ਚੌੜੀ ਬਹਿਸ ਹੋ ਸਕਦੀ ਹੈ, ਪਰ ਏਥੇ ਆਪਾਂ ਗ਼ਦਰ ਲਹਿਰ ਦੀ ਗੱਲ ਹੀ ਕਰਦੇ ਹਾਂ।

ਗ਼ਦਰ ਪਾਰਟੀ ਦੀ ਠੋਸ ਪਲੈਨ

ਗ਼ਦਰ ਪਾਰਟੀ ਦੀ ਪਲੈਨ ਦਾ ਸਭ ਤੋਂ ਮਹੱਤਵਪੂਰਨ ਅੰਗ ਅੰਤਰ-ਰਾਸ਼ਟਰੀ ਹਾਲਤ ਤੋਂ ਫ਼ਾਇਦਾ ਉਠਾਉਣਾ ਸੀ | ਗ਼ਦਰੀ ਆਗੂਆਂ ਦਾ ਅਨੁਮਾਨ ਸੀ ਕਿ ਨੇੜ ਭਵਿੱਖ ਅੰਦਰ ਬਰਤਾਨੀਆ ਤੇ ਜਰਮਨੀ ਵਿਚਕਾਰ ਵੱਡਾ ਘਮਸਾਨੀ ਯੁੱਧ ਛਿੜੇਗਾ, ਜਿਸ ਨਾਲ ਬਰਤਾਨੀਆ ਦੀ ਫ਼ੌਜੀ ਸੱਤਿਆ ਬੁਰੀ ਤਰ੍ਹਾਂ ਨੁੱਚੜ ਜਾਵੇਗੀ ਅਤੇ ਇਸ ਤਰ੍ਹਾਂ ਜੰਗ ਵਿਚ ਫਸੇ ਤੇ ਨਿਢਾਲ ਹੋਏ ਬਰਤਾਨਵੀ ਰਾਜ ਉੱਤੇ ਸੱਟ ਮਾਰਨ ਦਾ ਸੁਨਹਿਰੀ ਮੌਕਾ ਪੈਦਾ ਹੋ ਜਾਵੇਗਾ। ਇਸ ਮੌਕੇ ਦੀ ਵਰਤੋਂ ਕਿਵੇਂ ਕੀਤੀ ਜਾਵੇ ? ਇਕ ਤਾਂ ਅੰਤਰ-ਰਾਸ਼ਟਰੀ ਖੇਤਰ ਅੰਦਰਲੀਆਂ ਅੰਗਰੇਜ਼ ਵਿਰੋਧੀ ਸ਼ਕਤੀਆਂ, ਖ਼ਾਸ ਕਰਕੇ ਜਰਮਨੀ ਦੀ, ਯਥਾ ਸੰਭਵ ਹੋ ਸਕੇ, ਮੱਦਦ ਲਈ ਜਾਵੇ। ਦੂਜਾ ਅਮਰੀਕਾ, ਕੈਨੇਡਾ ਤੇ ਟਾਪੂਆਂ ਉੱਤੇ ਵੱਸਦੇ ਹਿੰਦੁਸਤਾਨੀਆਂ ਨੂੰ ਦੇਸ ਪਰਤਣ ਦਾ ਸੱਦਾ ਦਿੱਤਾ ਜਾਵੇ ਅਤੇ ਉਥੇ ਜਾ ਕੇ ਦੇਸੀ ਪਲਟਣਾਂ ਨੂੰ ਬਗ਼ਾਵਤ ਕਰਨ ਲਈ ਪ੍ਰੇਰਿਆ ਜਾਵੇ। ਹਿੰਦੁਸਤਾਨ ਵਿਚ ਬਗ਼ਾਵਤ ਕਰਾਉਣ ਦੇ ਪ੍ਰੋਗਰਾਮ ਦਾ ਸਭ ਤੋਂ ਅਹਿਮ ਅੰਗ ਅਤੇ ਧੁਰਾ ਹਿੰਦੁਸਤਾਨੀ ਫ਼ੌਜ ਦੀਆਂ ਦੇਸੀ, ਖ਼ਾਸ ਕਰਕੇ ਸਿੱਖ ਪਲਟਣਾਂ ਨੂੰ ਗ਼ਦਰ ਵਾਸਤੇ ਤਿਆਰ ਕਰਨਾ ਸੀ। ਇਸ ਦੇ ਨਾਲ ਹੀ, ਦੇਸ ਦੀ ਆਮ ਜਨਤਾ, ਖ਼ਾਸ ਕਰਕੇ ਨੌਜਵਾਨਾਂ ਤੇ ਪੇਂਡੂ ਲੋਕਾਂ ਨੂੰ ਵੀ ਬਗ਼ਾਵਤ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੀ ਪਲੈਨ ਮਿਥੀ ਗਈ ਸੀ। ਇਸ ਵਾਸਤੇ ਗ਼ਦਰ ਪਾਰਟੀ ਦੇ ਦੋ ਅਹਿਮ ਕਾਰਕੁੰਨਾਂ, ਭਾਈ ਕਰਤਾਰ ਸਿੰਘ ਲਤਾਲਾ ਤੇ ਭਾਈ (ਸ਼ਹੀਦ) ਗਾਂਧਾ ਸਿੰਘ ਕੱਚਰਭੰਨ ਨੂੰ ਕਾਫ਼ੀ ਚਿਰ ਪਹਿਲਾਂ ਹੀ ਵਿਸ਼ੇਸ਼ ਹਦਾਇਤਾਂ ਦੇ ਕੇ ਭਾਰਤ ਅੰਦਰ ਭੇਜਿਆ ਗਿਆ ਸੀ। ਇਸ ਫ਼ੌਜੀ ਪਲੈਨ ਦਾ ਇਹ ਵੀ ਹਿੱਸਾ ਸੀ ਕਿ ਬਰਤਾਨਵੀ ਸਲਤਨਤ ਦੇ ਘੇਰੇ ਅੰਦਰਲੇ ਹੋਰ ਮੁਲਕਾਂ ਤੇ ਟਾਪੂਆਂ ਅੰਦਰ ਜਿਥੇ ਜਿਥੇ ਵੀ ਹਿੰਦੁਸਤਾਨੀ ਫ਼ੌਜਾਂ ਹੋਣ, ਉਨ੍ਹਾਂ ਨੂੰ ਬਗ਼ਾਵਤ ਲਈ ਪ੍ਰੇਰਿਆ ਜਾਵੇ ਤਾਂ ਜੋ ਅੰਗਰੇਜ਼ ਹਕੂਮਤ ਨੂੰ ਅਲੱਗ ਅਲੱਗ ਥਾਵਾਂ ‘ਤੇ ਉਲਝਾਇਆ ਜਾ ਸਕੇ ਤੇ ਉਹ ਭਾਰਤ ਅੰਦਰ ਬਗ਼ਾਵਤ ਨੂੰ ਕੁਚਲਣ ਲਈ ਆਪਣੀ ਫ਼ੌਜੀ ਤਾਕਤ ਇਕੱਤਰ ਨਾ ਕਰ ਸਕੇ। ਇਸੇ ਮਕਸਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੰਗਾਪੁਰ, ਸਿਆਮ (ਮੌਜੂਦਾ ਥਾਈਲੈਂਡ) ਤੇ ਬਰਮਾ ਵਿਚ ਗ਼ਦਰ ਕਰਨ ਦੀ ਵਿਉਂਤ ਉਲੀਕੀ ਗਈ ਸੀ। ਕਾਬਲ ਦੇ ਆਮੀਰ ਨੂੰ ਅੰਗਰੇਜ਼ਾਂ ਵਿਰੁੱਧ ਖੜਾ ਕਰਨ ਦੇ ਮਿਸ਼ਨ ਨੂੰ ਖ਼ਾਸ ਅਹਿਮੀਅਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਮਿਸਰ, ਆਇਰਲੈਂਡ ਤੇ ਦੱਖਣੀ ਅਫ਼ਰੀਕਾ ਆਦਿ ਮੁਲਕਾਂ ਅੰਦਰ ਵੀ ਬਰਤਾਨਵੀ ਸਾਮਰਾਜ ਵਿਰੁੱਧ ਬਗ਼ਾਵਤਾਂ ਦੇ ਭਾਂਬੜ ਬਲ ਪੈਣ ਦੀਆਂ ਉਮੀਦਾਂ ਉੱਤੇ ਟੇਕ ਰੱਖੀ ਗਈ ਸੀ । ਭਾਈ ਹਰਨਾਮ ਸਿੰਘ ਦੇ ਦੱਸਣ ਅਨੁਸਾਰ ਭਾਈ ਸੰਤੋਖ ਸਿੰਘ ਨੇ ਸਾਨਫ਼ਰਾਂਸਿਸਕੋ ਦੇ ਜਰਮਨ ਕੌਂਸਲ ਨਾਲ ਮਿਲ ਕੇ ਇਹ ਪਲੈਨ ਬਣਾਈ ਸੀ ਕਿ ਯੁੱਧ ਛਿੜ ਪੈਣ ਉੱਤੇ ਜਰਮਨੀ ਦੀ ਮੱਦਦ ਨਾਲ ਤੁਰਕੀ ਫ਼ੌਜਾਂ ਨਹਿਰ ਸੁਏਜ਼ ਉੱਤੇ ਕਬਜ਼ਾ ਕਰ ਲੈਣ ਅਤੇ ਇਸ ਵਿਚ ਜਹਾਜ਼ ਡੋਬ ਕੇ ਇਸ ਨੂੰ ਬੰਦ ਕਰ ਦੇਣ।

ਹਿੰਦੁਸਤਾਨੀ ਫ਼ੌਜਾਂ ਦੇ ਗ਼ਦਰ ਨੂੰ ਰੋਕਣ ਜਾਂ ਦਬਾਉਣ ਵਾਸਤੇ, ਅੰਗਰੇਜ਼ਾਂ ਦੀ ਮੁੱਖ ਟੇਕ ਗੋਰੇ ਫ਼ੌਜੀਆਂ ਤੋਂ ਇਲਾਵਾ ਤੋਪਖ਼ਾਨਾ ਤੇ ਹਵਾਈ ਜਹਾਜ਼ ਆਦਿ ਉਹ ਅਸਲਾਖ਼ਾਨਾ ਸੀ, ਜੋ ਤਕਰੀਬਨ ਗੋਰਿਆਂ ਦੇ ਕੰਟਰੋਲ ਵਿਚ ਸੀ। ਪਰ ਸੰਸਾਰ ਯੁੱਧ ਸ਼ੁਰੂ ਹੋ ਜਾਣ ‘ਤੇ ਹਿੰਦ ਵਿਚਲੇ ਨੌਂ ਗੋਰੇ ਰਸਾਲਿਆਂ ਵਿੱਚੋਂ ਸੱਤ, 52 ਗੋਰੀਆਂ ਪਲਟਨਾਂ ਵਿੱਚੋਂ 44, 56 ਸ਼ਾਹੀ ਤੋਪਖ਼ਾਨਿਆਂ ਵਿੱਚੋਂ 43 ਸਮੁੰਦਰੋਂ ਪਾਰ ਭੇਜੇ ਜਾ ਚੁੱਕੇ ਸਨ ਅਤੇ ਹਿੰਦੁਸਤਾਨੀ ਫ਼ੌਜ ਦੇ ਸਾਰੇ ਹਵਾਈ ਜਹਾਜ਼, ਹਿੰਦੀ ਹਵਾਈ ਸੈਨਾ ਦੇ ਆਦਮੀਆਂ ਸਮੇਤ, ਇੰਗਲੈਂਡ ਜਾਂ ਮਿਸਰ ਭੇਜੇ ਜਾ ਚੁੱਕੇ ਸਨ। ਇਸ ਤਰ੍ਹਾਂ ਗੋਰਾ ਫ਼ੌਜ ਦੀ ਹਿੰਦ ਵਿਚ ਨਫ਼ਰੀ 15 ਹਜ਼ਾਰ ਤੋਂ ਵੀ ਘੱਟ ਰਹਿ ਗਈ ਸੀ। ਇਨ੍ਹਾਂ ਵਿੱਚੋਂ ਵੀ ਕੁਝ ਸਰਹੱਦਾਂ ਉੱਤੇ ਤੈਨਾਤ ਸਨ। ਹੋਰ ਅਹਿਮ ਗੱਲ ਇਹ ਕਿ ਇਨ੍ਹਾਂ 15 ਹਜ਼ਾਰ ਗੋਰੇ ਫ਼ੌਜੀਆਂ ਵਿਚ ਜ਼ਿਆਦਾਤਰ ਰੰਗਰੂਟ ਸਨ ਜਿਹਨਾਂ ਨੂੰ ਲੜਨ ਦਾ ਬਹੁਤਾ ਤਜਰਬਾ ਨਹੀਂ ਸੀ ਅਤੇ ਜਾਂ ਫਿਰ ਵੱਡੀ ਉਮਰ ਦੇ ਲੋਕ ਸਨ ਜਿਹਨਾਂ ਨੂੰ ਜਾਣ ਬੁੱਝ ਕੇ ਹੀ ਜੰਗ ਦੇ ਮੋਰਚਿਆਂ ਉੱਤੇ ਭੇਜਣ ਤੋਂ ਗੁਰੇਜ਼ ਕੀਤਾ ਗਿਆ ਸੀ । ਸਮੁੱਚੇ ਉੱਤਰੀ ਭਾਰਤ ਦੀਆਂ ਦੋ ਤਿੰਨ ਵੱਡੀਆਂ ਛਾਉਣੀਆਂ, ਜਿਵੇਂ ਲਾਹੌਰ, ਫ਼ਿਰੋਜ਼ਪੁਰ, ਅੰਬਾਲਾ ਆਦਿ ਅਤੇ ਕਾਬਲ ਦੇ ਸਰਹੱਦੀ ਇਲਾਕੇ ਨੂੰ ਛੱਡ ਕੇ ਹੋਰ ਕਿਸੇ ਜਗ੍ਹਾ ਵੀ 300 ਤੋਂ ਵੱਧ ਗੋਰੇ ਫ਼ੌਜੀ ਨਹੀਂ ਸਨ। ਹਿੰਦੁਸਤਾਨ ਵਿਚ ਫ਼ੌਜੀ ਨੁਕਤਾ-ਨਿਗਾਹ ਤੋਂ ਅੰਗਰੇਜ਼ਾਂ ਦੀ ਇਹ ਪਤਲੀ ਹਾਲਤ ਗ਼ਦਰੀ ਇਨਕਲਾਬੀਆਂ ਦੇ ਧਿਆਨ ਵਿਚ ਸੀ ਅਤੇ ਉਨ੍ਹਾਂ ਨੇ ਇਸ ਮੁਤਾਬਕ ਹੀ ਆਪਣੀ ਗ਼ਦਰ ਦੀ ਪਲੈਨ ਘੜੀ ਸੀ। ਸ. ਜਗਜੀਤ ਸਿੰਘ ਦੇ ਵਿਚਾਰ ਵਿਚ ‘ਗ਼ਦਰ ਪਾਰਟੀ ਪਲੈਨ ਦਾ ਅੰਤਰ-ਰਾਸ਼ਟਰੀ ਹਾਲਤ ਤੋਂ ਫ਼ਾਇਦਾ ਉਠਾਉਣ ਦਾ ਹਿੱਸਾ ਬਹੁਤ ਅਹਿਮ ਤੇ ਸਿਆਣਪ ਭਰਿਆ ਕਦਮ ਸੀ..ਹਿੰਦੀ ਫ਼ੌਜੀਆਂ ਨੂੰ ਬਗ਼ਾਵਤ ਵਾਸਤੇ ਤਿਆਰ ਕਰਨਾ ਅਤੇ ਇਸ ਨੂੰ ਹਿੰਦ ਵਿਚਲੀ ਇਨਕਲਾਬੀ ਪਲੈਨ ਦਾ ਧੁਰਾ ਬਣਾਉਣਾ, ਗ਼ਦਰ ਪਾਰਟੀ ਦੀ ਪਲੈਨ ਦਾ ਨਾ ਕੇਵਲ ਇਕ ਠੀਕ ਕਦਮ ਸੀ, ਬਲਕਿ ਉਸ ਸਮੇਂ ਦੇ ਦੇਸ ਦੇ ਰਾਜਸੀ ਹਾਲਾਤ ਦੀ ਰੋਸ਼ਨੀ ਵਿਚ ਇਨਕਲਾਬੀ ਨਜ਼ਰੀਏ ਤੋਂ ਇਸ ਤੋਂ ਬਿਨਾਂ ਹੋਰ ਕੋਈ ਅਮਲੀ ਵਰਤੋਂ ਵਿਚ ਆ ਸਕਣ ਵਾਲਾ ਰਾਹ ਹੀ ਨਹੀਂ ਸੀ।’

ਇਸ ਪੱਖੋਂ ਗ਼ਦਰ ਲਹਿਰ, ਪੰਜਾਬ ਦੀਆਂ ਆਧੁਨਿਕ ਜ਼ਮਾਨੇ ਦੀਆਂ ਇਨਕਲਾਬੀ ਲਹਿਰਾਂ ਵਿੱਚੋਂ ਸਭ ਤੋਂ ਅੱਵਲ ਕਹੀ ਜਾ ਸਕਦੀ ਹੈ। ਕਿਉਂਕਿ ਹੋਰ ਕਿਸੇ ਵੀ ਹਥਿਆਰਬੰਦ ਲਹਿਰ ਨੇ, ਇਹ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਲਹਿਰ ਸੀ ਜਾਂ ਨਕਸਲੀ ਲਹਿਰ ਸੀ, ਦੁਸ਼ਮਣ ਉੱਤੇ ਚੋਟ ਕਰਨ ਲਈ ਢੁੱਕਵੇਂ ਸਮੇਂ ਦੀ ਚੋਣ ਕਰਨ ਦੇ ਪੱਖ ਨੂੰ ਇਸ ਕਦਰ ਗੰਭੀਰਤਾ ਨਾਲ ਨਹੀਂ ਵਿਚਾਰਿਆ ਸੀ ਅਤੇ ਇਸ ਨੂੰ ਸੋਚ ਵਿਚਾਰ ਕੇ ਆਪਣੀ ਰਣਨੀਤੀ ਦਾ ਕੇਂਦਰੀ ਅੰਗ ਨਹੀਂ ਬਣਾਇਆ ਸੀ।

? ਇਹ ਗੱਲ ਤਾਂ ਅੱਸੀਵੀਆਂ ਦੇ ਦਹਾਕੇ ਦੀ ਸਿੱਖ ਖਾੜਕੂ ਲਹਿਰ ਉੱਤੇ ਵੀ ਲਾਗੂ ਹੁੰਦੀ ਐ ? ਕੀ ਉਸ ਲਹਿਰ ਨੂੰ ਵੀ ਏਸੇ ਦਾਇਰੇ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ?

ਨਹੀਂ, ਖਾੜਕੂ ਲਹਿਰ ਦਾ ਮਾਮਲਾ ਵੱਖਰਾ ਹੈ। ਇਸ ਮਾਮਲੇ ਵਿਚ ਸਿੱਖ ਖਾੜਕੂ ਲਹਿਰ ਦਾ ਗ਼ਦਰ ਲਹਿਰ ਨਾਲ ਜੋੜ ਬਹਿੰਦਾ ਹੈ। ਕਿਉਂਕਿ ਜਿਵੇਂ ਜੰਗ ਲੱਗ ਜਾਣ ਤੋਂ ਬਾਅਦ ਗ਼ਦਰੀਆਂ ਅੱਗੇ ਬਗ਼ਾਵਤ ਦੀ ਕੋਸ਼ਿਸ਼ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਿਹਾ ਸੀ, ਉਵੇਂ ਹੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਹੋ ਜਾਣ ਤੋਂ ਬਾਅਦ ਸਿੱਖਾਂ ਅੱਗੇ ਵੀ ਲੜਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਦੀ ਤਿਆਰੀ ਘੱਟ ਸੀ ਜਾਂ ਵੱਧ, ਇਹ ਕੋਈ ਮੁੱਦਾ ਨਹੀਂ ਸੀ ਰਿਹਾ। ਪਰਖਣ ਅੰਗਣ ਵਾਲੀ ਗੱਲ ਇਹ ਹੋ ਸਕਦੀ ਐ ਕਿ ਉਹ ਲੜੇ ਕਿਵੇਂ ? ਸੋ ਗ਼ਦਰ ਲਹਿਰ ਵਾਂਗੂੰ ਹੀ ਸਿੱਖਾਂ ਨੂੰ ਘੱਟ ਤਿਆਰੀ ਨਾਲ ਜਾਂ ਇਹ ਕਹਿ ਲਓ ਕਿ ‘ਕੱਚੇ ਪੈਰੀਂ’ ਹੀ ਲੜਾਈ ਵਿੱਢਣੀ ਪੈ ਗਈ ਸੀ। ਉਸ ਵੇਲੇ ਉਨ੍ਹਾਂ ਨੂੰ ਇਹੀ ਕਰਨਾ ਬਣਦਾ ਸੀ । ਨਤੀਜੇ ਜੋ ਮਰਜ਼ੀ ਨਿਕਲੇ, ਪਰ ਆਪਾਂ ਗ਼ਦਰ ਪਾਰਟੀ ਦੀ ਗੱਲ ਹੀ ਕਰੀਏ। ਹੋਰ ਪਾਸੇ ਨਾ ਜਾਈਏ।

ਗ਼ਦਰ ਪਾਰਟੀ ਦੇ ਆਗੂਆਂ ਨੂੰ ਉਮੀਦ ਸੀ ਕਿ ਸੰਸਾਰ ਯੁੱਧ ਛਿੜਨ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀ ਲਈ ਕੁਝ ਕੁ ਸਾਲ ਜ਼ਰੂਰ ਮਿਲ ਜਾਣਗੇ ਅਤੇ ਉਨ੍ਹਾਂ ਨੇ ਇਸ ਸਮੇਂ ਦੀ ਪੂਰੀ ਵਰਤੋਂ ਕਰਨ ਲਈ ਠੋਸ ਕਾਰਜ ਤੇ ਟੀਚੇ ਮਿਥ ਲਏ ਹੋਏ ਸਨ ਤੇ ਇਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਠੋਸ ਵਿਉਂਤਬੰਦੀ ਕਰਕੇ ਜ਼ੋਰ ਸ਼ੋਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੀ। ਅਲੱਗ ਅਲੱਗ ਕੰਮਾਂ ਵਾਸਤੇ ਯੋਗ ਵਿਅਕਤੀਆਂ ਦੀਆਂ ਡਿਊਟੀਆਂ ਲੱਗ ਗਈਆਂ ਸਨ। ਭਾਰਤ ਅੰਦਰ ਬਗ਼ਾਵਤ ਲਈ ਜ਼ਮੀਨ ਤਿਆਰ ਕਰਨ ਵਾਸਤੇ ਕੁਝ ਬੰਦਿਆਂ ਨੂੰ ਪਹਿਲਾਂ ਹੀ ਭਾਰਤੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ । ਬਾਕੀ ਆਮ ਜਨਤਾ ਵਿਚ ਪ੍ਰਚਾਰ ਕਰਨ ਵਾਸਤੇ ਵੀ ਕੁਝ ਠੋਸ ਕਦਮ ਚੁੱਕਣ ਬਾਰੇ ਫ਼ੈਸਲੇ ਕੀਤੇ ਗਏ ਸਨ। ਅਮਰੀਕਾ ਅੰਦਰ ਤਿੰਨ ਪੱਧਰ ‘ਤੇ ਤਿਆਰੀਆਂ ਕਰਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਗਈ। ਇਕ, ਹਿੰਦੀ ਆਵਾਸੀਆਂ ਅੰਦਰ ਇਨਕਲਾਬੀ ਪ੍ਰਚਾਰ ਕਰਨਾ, ਜਿਸ ਵਿਚ ‘ਗ਼ਦਰ’ ਅਖ਼ਬਾਰ ਦੀ ਅਹਿਮ ਭੂਮਿਕਾ ਮਿਥੀ ਗਈ ਸੀ। ਇਸ ਤੋਂ ਇਲਾਵਾ ਲੋੜ ਅਨੁਸਾਰ ਵਿਸ਼ੇਸ਼ ਮਸਲਿਆਂ ਬਾਰੇ ਛੋਟੇ ਛੋਟੇ ਕਿਤਾਬਚੇ ਵੀ ਜਾਰੀ ਕੀਤੇ ਗਏ ਅਤੇ ਗ਼ਦਰ ਅਖ਼ਬਾਰ ਵਿੱਚੋਂ ਚੋਣਵੀਆਂ ਕਵਿਤਾਵਾਂ ਇਕੱਠੀਆਂ ਕਰ ਕੇ ਗ਼ਦਰ ਦੀ ਗੂੰਜ ਨਾਂ ਦੀ ਕਿਤਾਬ ਛਾਪੀ ਗਈ । ਦੂਜਾ ਕੰਮ ਪਾਰਟੀ ਦਾ ਜਥੇਬੰਦਕ ਤਾਣਾ ਬਾਣਾ ਮਜ਼ਬੂਤ ਕਰਨਾ ਸੀ। ਇਸ ਕੰਮ ਦੀ ਜ਼ਿੰਮੇਵਾਰੀ ਬਾਬਾ ਸੋਹਣ ਸਿੰਘ ਭਕਨਾ, ਜੋ ਪਾਰਟੀ ਦੇ ਬਾਨੀ ਪ੍ਰਧਾਨ ਸਨ, ਨੂੰ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਦਿਨ ਰਾਤ ਇਕ ਕਰਕੇ ਪੱਛਮੀ ਤੱਟ ਉੱਤੇ, ਖ਼ਾਸ ਕਰਕੇ ਕੈਲੇਫ਼ੋਰਨੀਆ ਅੰਦਰ, ਜਥੇਬੰਦੀ ਦਾ ਵਿਆਪਕ ਤਾਣਾ ਬਾਣਾ ਉਸਾਰ ਲਿਆ ਸੀ । ਬਾਬਾ ਭਕਨਾ ਨੇ ਲਿਖਿਆ ਹੈ ਕਿ ਥੋੜ੍ਹੇ ਹੀ ਅਰਸੇ ਅੰਦਰ ਇਕੱਲੇ ਕੈਲੇਫ਼ੋਰਨੀਆ ਅੰਦਰ ਹੀ ਪਾਰਟੀ ਦੇ 72 ਜਥੇ ਕਾਇਮ ਹੋ ਗਏ ਸਨ ‘ਜੋ ਹਰ ਵਕਤ ਤੇ ਹਰ ਤਰ੍ਹਾਂ ਸੁਸਾਇਟੀ (ਭਾਵ ਪਾਰਟੀ) ਦੇ ਹੁਕਮ ਪੁਰ ਕੌਮੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਸਨ…ਏਹਨਾਂ ਦੇਸ਼ਭਗਤਾਂ ਦੀ ਗਿਣਤੀ 4 ਹਜ਼ਾਰ ਤੋਂ ਘੱਟ ਨਹੀਂ ਸੀ। ਅਮਰੀਕਾ ਤੋਂ ਬਿਨਾਂ ਕੈਨੇਡਾ, ਚੀਨ, ਜਪਾਨ, ਮਲਾਇਆ, ਬਰਮਾ, ਸਿਆਮ ਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਵੀ ਗ਼ਦਰ ਪਾਰਟੀ ਦਾ ਜਾਲ ਵਿਛਿਆ ਹੋਇਆ ਸੀ। ਉਸ ਵਕਤ ਗ਼ਦਰ ਪਾਰਟੀ ਦੇ ਅਮਰੀਕਨ ਤੇ ਹੋਰ ਦੇਸ਼ਾਂ ਦੇ ਸਾਰੇ ਦੇਸ਼ਭਗਤ ਮੈਂਬਰਾਂ ਦੀ ਗਿਣਤੀ ਦਸ ਬਾਰਾਂ ਹਜ਼ਾਰ ਤੋਂ ਘੱਟ ਨਹੀਂ ਸੀ।’69 ਤੀਜਾ ਪੱਖ ਜਿਸ ਨੂੰ ਖ਼ਾਸ ਅਹਿਮੀਅਤ ਦਿੱਤੀ ਗਈ ਸੀ, ਹਥਿਆਰਬੰਦ ਬਗ਼ਾਵਤ ਦੀਆਂ ਤਿਆਰੀਆਂ ਬਾਰੇ ਸੀ । ਆਵਾਸੀ ਹਿੰਦੀਆਂ ਵਿੱਚੋਂ ਵੱਧ ਤੋਂ ਵੱਧ ਲੋਕਾਂ ਨੂੰ ਵਾਪਸ ਵਤਨ ਜਾ ਕੇ ਅੰਗਰੇਜ਼ੀ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਸੀ, ਤਾਂ ਜੋ ਉਹ ਇਕ ਤਾਂ ਹੋਰਨਾਂ ਦੇਸੀ ਸਿਪਾਹੀਆਂ ਨੂੰ ਅੰਦਰੋ- ਅੰਦਰੀ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਤਿਆਰ ਕਰਨ; ਅਤੇ ਦੂਜਾ, ਜਦੋਂ ਗ਼ਦਰ ਕਰਨ ਦਾ ਮੌਕਾ ਆਵੇ ਤਾਂ ਉਹ ਹਥਿਆਰਾਂ ਸਮੇਤ ਇਸ ਵਿਚ ਹੁੰਮ-ਹੁਮਾ ਕੇ ਸ਼ਾਮਲ ਹੋ ਜਾਣ। ਇਸ ਦੇ ਨਾਲ. ਹੀ ਆਵਾਸੀ ਹਿੰਦੀਆਂ ਨੂੰ ਫ਼ੌਜੀ ਸਿਖਲਾਈ ਦੇਣ ਦਾ ਕਾਰਜ ਵੀ ਅਹਿਮ ਕਾਰਜਾਂ ਵਿਚ ਸ਼ਾਮਲ ਸੀ। ਇਸ ਸੰਦਰਭ ਵਿਚ, ਅਮਰੀਕਾ ਅੰਦਰ ਛਾਟਵੇਂ ਨੌਜਵਾਨਾਂ ਨੂੰ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਦੇਣ ਦਾ ਉਚੇਚਾ ਕਾਰਜ ਮਿਥਿਆ ਗਿਆ ਤਾਂਕਿ ਹਿੰਦੁਸਤਾਨ ਵਿਚ ਗ਼ਦਰ ਮੌਕੇ ‘ਹਵਾਈ ਜਹਾਜ਼ਾਂ ਰਾਹੀਂ ਅੰਗਰੇਜ਼ੀ ਫ਼ੌਜਾਂ ਉੱਤੇ ਬੰਬਾਂ ਦੀ ਵਰਖਾ ਕੀਤੀ ਜਾ ਸਕੇ ।’ ਬਾਬਾ ਭਕਨਾ ਨੇ ਲਿਖਿਆ ਹੈ ਕਿ ‘ਅਸੀਂ ਪਹਿਲਾਂ ਫ਼ੈਸਲਾ ਇਹ ਕੀਤਾ ਕਿ ਅਮਰੀਕਾ ਵਿਚ ਜਿਤਨੇ ਹਿੰਦੀ ਗੱਭਰੂ ਫ਼ੌਜੀ ਕੰਮ ਕਰਨ ਜੋਗੇ ਹਨ, ਓਹਨਾਂ ਨੂੰ ਹਵਾਈ ਜਹਾਜ਼ ਦਾ ਕੰਮ ਸਿਖਾਇਆ ਜਾਵੇ। ਫੇਰ ਜਿਹੜੇ ਗੱਭਰੂ ਓਹਨਾਂ ਵਿੱਚੋਂ ਹੁਸ਼ਿਆਰ ਤੇ ਲਾਇਕ ਮਾਲੂਮ ਹੋਣ, ਓਹਨਾਂ ਨੂੰ ਓਹਨਾਂ ਓਹਨਾਂ ਦੇਸ਼ਾਂ ਵਿਚ ਘੱਲਿਆ ਜਾਵੇ ਜਿਥੇ ਉਹ ਚੰਗੀ ਤਰ੍ਹਾਂ ਹਵਾਈ ਜਹਾਜ਼ ਦੀ ਲੜਾਈ ਦੀ ਪ੍ਰੈਕਟਿਸ ਕਰ ਸਕਣ ਤੇ ਹੋਰ ਹੋਰ ਫ਼ੌਜੀ ਕੰਮ ਵੀ ਸਿੱਖਣ ਪਰ ਸੁਸਾਇਟੀ ਪਾਸ ਇਸ ਵਕਤ (ਬਹੁਤਾ) ਰੁਪਯਾ ਹੈ ਨਹੀਂ ਸੀ। ਇਸ ਲਈ ਅਸੀਂ ਸਿਰਫ਼ ਇਕ ਗੱਭਰੂ ਕੰਮ ਸਿੱਖਣ ਵਾਸਤੇ ਘੱਲਣ ਦੀ ਵਿਚਾਰ ਕੀਤੀ। ਇਸ ਤਰ੍ਹਾਂ ਇਕ ਤਾਂ ਵੇਖਿਆ ਜਾਵੇਗਾ ਕਿ ਸਾਡੇ ਗੱਭਰੂ ਇਸ ਕੰਮ ਨੂੰ ਸਿੱਖ ਵੀ ਸਕਦੇ ਹਨ। ਕਿ ਨਹੀਂ। ਦੂਜੇ, ਉਸ ਦੇ ਸਿੱਖ ਆਵਣ ਪੁਰ ਕਿਸੇ ਅਮਰੀਕਨ ਨਾਲ ਮਿਲ ਮਿਲਾ ਕੇ ਹਵਾਈ ਜਹਾਜ਼ ਦਾ ਲਾਈਸੈਂਸ ਲੈ ਲਵਾਂਗੇ ਤੇ ਐਓਂ ਬਾਕੀ ਗੱਭਰੂਆਂ ਨੂੰ ਵੀ ਸਿਖਾ ਦੇਵਾਂਗੇ…ਪਹਿਲਾ ਆਦਮੀ ਜੋ ਅਸੀਂ ਘੱਲਣ ਲਈ ਚੁਣਿਆ, ਉਹ ਭਾਈ ਕਰਤਾਰ ਸਿੰਘ (ਸਰਾਭਾ) ਸੀ। ਉਸ ਨੂੰ ਈਸਟ (ਪੂਰਬੀ ਤੱਟ) ਵਿਚ ਹਵਾਈ ਜਹਾਜ਼ ਦਾ ਕੰਮ ਸਿੱਖਣ ਲਈ ਘੱਲ ਦਿੱਤਾ ਗਿਆ।’ ਕਰਤਾਰ ਸਿੰਘ ਸਰਾਭਾ ਥੋੜ੍ਹੇ ਜਿਹੇ ਚਿਰ ਵਿਚ ਹੀ ਇਹ ਕੰਮ ਸਿੱਖ ਕੇ ਵਾਪਸ ਕੈਲੇਫ਼ੋਰਨੀਆ ਆ ਗਿਆ ਅਤੇ ਪਾਰਟੀ ਦੇ ਕੰਮਾਂ ਵਿਚ ਜੁੱਟ ਗਿਆ। ਬਾਬਾ ਭਕਨਾ ਨੇ ਆਪਣੀ ‘ਆਤਮ ਕਥਾ’ ਵਿਚ ਖ਼ੁਲਾਸਾ ਕੀਤਾ ਹੈ ਕਿ ‘ਭਾਈ ਕਰਤਾਰ ਸਿੰਘ ਦੇ ਜਾਣ ਮਗਰੋਂ ਗੁਪਤ ਕਮੇਟੀ ਨੇ ਇਕ ਟੋਲੀ ਕੁਝ ਗੱਭਰੂਆਂ ਦੀ ਚੁਣ ਰੱਖੀ ਸੀ, ਤਾਂ ਜੋ ਭਾਈ ਕਰਤਾਰ ਸਿੰਘ ਦੇ ਆਉਣ ‘ਤੇ ਹਵਾਈ ਜਹਾਜ਼ ਮਸ਼ੀਨ ਆਦਿਕ ਖ਼ਰੀਦ ਹੈ. ਦੇਸ਼ਭਗਤਾਂ ਨੂੰ ਕੰਮ ਸਿਖੋਣਾ ਸ਼ੁਰੂ ਕੀਤਾ ਜਾਵੇ। ਇਸ ਪਾਰਟੀ ਵਿਚ ਭਾਈ ਊਧਮ ਸਿੰਘ (ਕਸੇਲ) ਦਾ ਨਾਮ ਖ਼ਾਸ ਹੈ, ਜਿਸ ਨੇ ਸਭ ਤੋਂ ਪਹਿਲਾਂ ਬਹੁਤ ਚਾਉ ਨਾਲ ਟੋਲੀ ਵਿਚ ਭਰਤੀ ਹੋਣ ਲਈ ਬੇਨਤੀ ਕੀਤੀ।’ ਪਰ ‘ਅਜੇ ਹਵਾਈ ਜਹਾਜ਼ ਖ਼ਰੀਦਣ ਦਾ ਪ੍ਰਬੰਧ ਕਰੋ ਹੀ ਰਹੇ ਸਾਂ, ਜੋ ਕਾਮਾਗਾਟਾ ਮਾਰੂ ਦੇ ਹਿੰਦੁਸਤਾਨ ਨੂੰ ਮੁੜਨ ਦੀ ਖ਼ਬਰ ਪੁੱਜ ਗਈ। ਇਸ ਪੁਰ ਗੁਪਤ ਤੇ ਪ੍ਰਬੰਧਕੀ ਕਮੇਟੀਆਂ ਦੀ ਉਚੇਚੀ ਇਕੱਤਰਤਾ ਹੋਈ ਜਿਸ ਵਿਚ ਇਹ ਫੈਸਲਾ ਹੋਇਆ ਕਿ ਇਸ ਵਕਤ ਸੁਸਾਇਟੀ ਦਾ ਕੋਈ ਖ਼ਾਸ ਮੈਂਬਰ ਹਿੰਦੁਸਤਾਨ ਵਿਚ ਜਾਣਾ ਚਾਹੀਦਾ ਹੈ ਜੋ ਓਥੇ ਜਾ ਕੇ ‘ਗ਼ਦਰ ਲਹਿਰ’ ਦੀ ਨੀਂਹ ਰੱਖੇ ਤੇ ਇਕ ਕੇਂਦਰੀ ਅਸਥਾਨ ਐਹੋ ਜਿਹੀ ਥਾਂ ਤਿਆਰ ਕਰ ਲਵੇ, ਜਿਥੋਂ ਹਿੰਦੁਸਤਾਨ ਦੇ ਸਾਰੇ ਹਿੱਸਿਆਂ ਵਿਚ ਸੌਖ ਨਾਲ ਹੀ ਕੰਮ ਹੋ ਸਕੇ। ਇਸ ਤੋਂ ਛੁੱਟ, ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ (ਜਿਨ੍ਹਾਂ ਦੇ ਹਿਰਦਿਆਂ ਵਿਚ ਇਸ ਵਕਤ ਅਸ਼ਾਂਤੀ ਦੇ ਭਾਂਬੜ ਬਲ ਰਹੇ ਸਨ) ਨੂੰ ਆਪਣੇ ਹੱਥ ਵਿਚ ਕਰ ਲਏ ਤੇ ਉਹਨਾਂ ਦੇ ਰਾਹੀਂ ਪੰਜਾਬ ਦੀ ਹਰ ਨੁੱਕਰ ਵਿਚ ਆਜ਼ਾਦੀ ਦਾ ਪ੍ਰਚਾਰ ਕਰਾਵੇ ਤਾਂ ਜੋ ਆਉਣ ਵਾਲੇ ਸਮੇਂ ਲਈ ਦੇਸ਼ ਦੇ ਅੰਦਰ ਬਾਹਰ ਹਰ ਥਾਂ ਪੂਰੀ ਤਿਆਰੀ ਹੋ ਜਾਵੇ.. ਪ੍ਰਬੰਧਕ ਕਮੇਟੀ ਵਿਚ ਪਾਸ ਹੋਇਆ ਇਹ ਮਤਾ ਗੁਪਤ ਕਮੇਟੀ ਦੇ ਸਪੁਰਦ ਕੀਤਾ ਗਿਆ ਤਾਂ ਜੋ ਉਹ ਉਸ ਨੂੰ ਵਰਤੋਂ ਦਾ ਪੁਸ਼ਾਕਾ ਪਹਿਨਾਵੇ…ਮੈਨੂੰ ਹੁਕਮ ਹੋਇਆ ਕਿ ਗੁਪਤ ਕਮਿਸ਼ਨ ਦੇ ਮੈਂਬਰ ਦੇ ਤੌਰ ‘ਤੇ ਮੈਂ ਯੋਕੋਹਾਮਾ (ਜਪਾਨ) ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਨਾਲ ਸੰਬੰਧ ਸਥਾਪਤ ਕਰਾਂ, ਉਹਨਾਂ ਨੂੰ ਹਥਿਆਰਾਂ ਦੀਆਂ ਪੇਟੀਆਂ ਪੁਚਾਵਾਂ ਅਤੇ ਫੇਰ ਹੋਰ ਦੇਸ਼ਾਂ ਵਿਚ ਘੁੰਮਦਾ ਘੁਮਾਉਂਦਾ, ਭਾਰਤ ਜਾ ਕੇ ਗ਼ਦਰ ਲਹਿਰ ਨੂੰ ਜਥੇਬੰਦ ਕਰਾਂ।’

ਮਹਾਂਯੁੱਧ ਉਮੀਦ ਨਾਲੋਂ ਪਹਿਲਾਂ ਛਿੜ ਪਿਆ

ਕਾਮਾਗਾਟਾ ਮਾਰੂ ਅਜੇ ਰਸਤੇ ਵਿਚ ਹੀ ਸੀ ਕਿ ਅੰਗਰੇਜ਼ਾਂ ਤੇ ਜਰਮਨੀ ਵਿਚਕਾਰ ਯੁੱਧ ਛਿੜ ਪੈਣ ਦਾ ਸਮਾਚਾਰ ਮਿਲ ਗਿਆ। ਇਸ ਨਾਲ ਪਹਿਲਾਂ ਬਣਾਈ ਸਾਰੀ ਪਲੈਨ ਵਿਚ ਇਕਦਮ ਅਦਲਾ ਬਦਲੀ ਕਰਨੀ ਪੈ ਗਈ। ਗ਼ਦਰ ਪਾਰਟੀ ਦੇ ਮੋਹਰੀਆਂ ਨੇ ਸਾਰੇ ਮਸਲੇ ‘ਤੇ ਵਿਚਾਰਾਂ ਕਰਨ ਲਈ ਪਾਰਟੀ ਦੇ ਸਦਰ ਦਫ਼ਤਰ ‘ਯੁਗਾਂਤਰ ਆਸ਼ਰਮ’ ਵਿਚ ਹੰਗਾਮੀ ਮੀਟਿੰਗ ਸੱਦ ਲਈ। ਇਸ ਮੀਟਿੰਗ ਵਿਚ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਨੂੰ ਛੱਡ ਕੇ, ਜਿਹੜੇ ਪਹਿਲਾਂ ਹੀ ਭਾਰਤ ਲਈ ਰਵਾਨਾ ਹੋ ਚੁੱਕੇ ਸਨ, ਅਮਰੀਕਾ ਤੇ ਕੈਨੇਡਾ ਦੇ ਬਾਕੀ ਲਗਭਗ ਸਾਰੇ ਪ੍ਰਮੁੱਖ ਆਗੂ ਸ਼ਾਮਲ ਹੋਏ। ਪੰਜ ਚਾਰ ਦਿਨ ਭਰਵੀਂ ਵਿਚਾਰ ਚਰਚਾ ਹੋਈ। ਇਸ ਬਾਰੇ ਕਿਸੇ ਨੂੰ ਵੀ ਭੁਲੇਖਾ ਨਹੀਂ ਸੀ ਕਿ ਭਾਰਤ ਅੰਦਰ ਬਗ਼ਾਵਤ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਨੇ ਤਿਆਰੀਆਂ ਕਰਨ ਦੀ ਜੋ ਪਲੈਨ ਬਣਾਈ ਸੀ, ਉਸ ਉੱਤੇ ਅਜੇ ਬਹੁਤ ਹੀ ਥੋੜ੍ਹਾ ਅਮਲ ਹੋ ਸਕਿਆ ਸੀ। ਅਜੇ ਤਾਂ ਗੋਹੜੇ ‘ਚੋਂ ਮਸੀਂ ਪੂਣੀ ਕੱਤੀ ਗਈ ਸੀ। ਪਰ ਅਚਾਨਕ ਜੰਗ ਦਾ ਛੇੜਾ ਛਿੜ ਜਾਣ ਨਾਲ ਪਾਰਟੀ ਸਾਹਮਣੇ ਇਕਦਮ ਨਵੀਂ ਹਾਲਤ ਪੈਦਾ ਹੋ ਗਈ ਸੀ। ਸਵਾਲ ਇਹ ਸੀ ਕਿ ਜੰਗ ਵਿਚ ਫਸੇ ਦੁਸ਼ਮਣ ਉੱਤੇ ਕੀ ਇਸ ਸਮੇਂ ਬਿਨਾਂ ਯੋਗ ਤਿਆਰੀ ਕੀਤਿਆਂ, ਚੋਟ ਕਰਨੀ ਠੀਕ ਹੋਵੇਗੀ? ਕੀ ਇਹ ਕੱਚੇ ਪੈਰੀਂ ਕੀਤੀ ਕਾਰਵਾਈ ਨਹੀਂ ਹੋਵੇਗੀ ਅਤੇ ਇਸ ਨਾਲ ਬਿਨਾਂ ਕੁਝ ਹਾਸਲ ਕੀਤੇ ਬੇਲੋੜਾ ਜਾਨੀ ਨੁਕਸਾਨ ਤਾਂ ਨਹੀਂ ਕਰਾ ਬੈਠਾਂਗੇ ? ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਹਾਲ ਦੀ ਘੜੀ ਦੜ ਵੱਟ ਲਈ ਜਾਵੇ ਅਤੇ ਭਵਿੱਖ ਵਿਚ ਪੂਰੀ ਤਿਆਰੀ ਕਰ ਕੇ ਦੁਸ਼ਮਣ ਉੱਤੇ ਪੱਕੇ ਪੈਰੀਂ ਹੱਲਾ ਬੋਲਿਆ ਜਾਵੇ ? ਮਸਲਾ ਬਹੁਤ ਗੁੰਝਲਦਾਰ ਤੇ ਮੁਸ਼ਕਲ ਸੀ। ਦੋਵੇਂ ਪੱਖਾਂ ਦੇ ਹੱਕ ਵਿਚ ਵਜ਼ਨਦਾਰ ਦਲੀਲਾਂ ਸਨ। ਪਾਰਟੀ ਲਈ ਵੱਡੇ ਇਮਤਿਹਾਨ ਦੀ ਘੜੀ ਸੀ ਇਹ। ਲੰਮੀ ਚੌੜੀ ਬਹਿਸ ਤੋਂ ਬਾਅਦ ਅਖ਼ੀਰ ਵਿਚ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੈਦਾ ਹੋਏ ਸੁਨਹਿਰੀ ਮੌਕੇ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ ਅਤੇ ਜਿੰਨੀ ਕੁ ਵੀ ਤਿਆਰੀ ਹੈ ਤੇ ਜਿੰਨੀ ਕੁ ਹੋਰ ਹੋ ਸਕਦੀ ਹੈ, ਉਸ ਨਾਲ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣ ਦਾ ਯਤਨ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਜਾਵੇ। ਚੁੱਪ ਰਹਿਣ ਨਾਲੋਂ ਕੁਝ ਕਰ ਕੇ ਹਾਰ ਜਾਣਾ ਚੰਗਾ ਹੈ।

? ਪਰ ਇਸ ਦੇ ਜੋ ਨਤੀਜੇ ਸਾਹਮਣੇ ਆਏ, ਉਨ੍ਹਾਂ ਨੂੰ ਵੇਖਦੇ ਹੋਏ, ਕੀ ਇਹ ਨਹੀਂ ਲੱਗਦਾ ਕਿ ਪਾਰਟੀ ਦਾ ਇਹ ਫ਼ੈਸਲਾ ਬਹੁਤਾ ਸਿਆਣਪ ਵਾਲਾ ਨਹੀਂ ਸੀ ? ਕੱਚੇ ਪੈਰੀਂ ਗ਼ਦਰ ਕਰਨ ਦੀ ਮਾਅਰਕੇਬਾਜ਼ੀ ਕੀ ਪਾਰਟੀ ਨੂੰ ਮਹਿੰਗੀ ਨਹੀਂ ਸੀ ਪਈ ? ਕੀ ਕੁਝ ਚਿਰ ਲਈ ਦੜ ਵੱਟ ਕੇ ਸਮਾਂ ਲੰਘਾਉਣ ਤੋਂ ਬਾਅਦ ਪੂਰੀ ਤਿਆਰੀ ਕਰ ਕੇ ਬਗ਼ਾਵਤ ਕਰਨਾ ਜ਼ਿਆਦਾ ਠੀਕ ਨਹੀਂ ਹੋਣਾ ਸੀ ?

ਇਹ ਸਵਾਲ ਬੇਹੱਦ ਮਹੱਤਵਪੂਰਨ ਹੈ। ਪਰ ਓਨਾ ਹੀ ਮੁਸ਼ਕਲ ਤੇ ਗੁੰਝਲਦਾਰ ਵੀ ਐ। ਇਤਿਹਾਸ ਗਵਾਹ ਹੈ ਕਿ ਇਨਕਲਾਬੀ ਲਹਿਰਾਂ ਨੂੰ ਅਜਿਹੀ ਹਾਲਤ ਦਾ ਆਮ ਹੀ ਸਾਹਮਣਾ ਕਰਨਾ ਪੈਂਦਾ ਏ। ਕਿਉਂਕਿ ਇਨਕਲਾਬ ਕੋਈ ਖੇਡ ਟੂਰਨਾਮੈਂਟ ਤਾਂ ਹੁੰਦਾ ਨਹੀਂ ਜਿਸ ਦੀ ਪੱਕੀ ਮਿਥੀ ਤਰੀਕ ਤੇ ਪੱਕਾ ਮਿਥਿਆ ਕਾਰਜ-ਕ੍ਰਮ ਹੁੰਦਾ ਹੈ ਅਤੇ ਉਸੇ ਹਿਸਾਬ ਨਾਲ ਟੀਮਾਂ ਕੋਲ ਤਿਆਰੀ ਕਰਨ ਦੇ ਪੂਰੇ ਮੌਕੇ ਤੇ ਸਾਧਨ ਹੁੰਦੇ ਹਨ। ਇਨਕਲਾਬੀ ਹਾਲਤਾਂ ਅਕਸਰ ਹੀ ਬਿਨਾਂ ਦਸਤਕ ਦਿੱਤੇ ਅਚਾਨਕ ਪ੍ਰਗਟ ਹੋ ਜਾਂਦੀਆਂ ਹਨ ਅਤੇ ਇਨਕਲਾਬੀ ਸ਼ਕਤੀਆਂ ਸਾਹਮਣੇ ਆਪਣੀ ਰਣਨੀਤੀ ਅੰਦਰ ਉਸੇ ਹਿਸਾਬ ਨਾਲ ਰੱਦੋ-ਬਦਲ ਕਰਨ ਦੀ ਜ਼ਰੂਰੀ ਲੋੜ ਪੈਦਾ ਹੋ ਜਾਂਦੀ ਐ। ਅਜਿਹੇ ਮੌਕੇ ਲਹਿਰ ਦੇ ਆਗੂਆਂ ਲਈ ਅਜ਼ਮਾਇਸ਼ ਭਰੇ ਹੁੰਦੇ ਨੇ। ਉਨ੍ਹਾਂ ਦੀ ਇਨਕਲਾਬੀ ਸੂਝ-ਬੂਝ ਤੇ ਨਿਸ਼ਠਾ ਦੀ ਅਸਲੀ ਪਰਖ ਅਜਿਹੇ ਸਮੇਂ ਹੀ ਹੁੰਦੀ ਐ। ਅਕਸਰ ਦੇਖਣ ਵਿਚ ਆਇਐ ਕਿ ਕਮਜ਼ੋਰ ਦਿਲ ਆਗੂ ਅਜਿਹੇ ਮੌਕੇ ਢੇਰੀ ਢਾਹ ਬਹਿੰਦੇ ਹਨ ਅਤੇ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਸਿਧਾਂਤਕ ਦਲੀਲਾਂ ਦਾ ਓਟ ਆਸਰਾ ਲੈਂਦੇ ਹਨ। ਰੂਸ ਅੰਦਰ 1905 ਵਿਚ ਇਨਕਲਾਬੀ ਕਮਿਊਨਿਸਟਾਂ ਸਾਹਮਣੇ ਅਜਿਹੀ ਹੀ ਗੁੰਝਲਦਾਰ ਤੇ ਜੋਖੋਂ ਭਰੀ ਹਾਲਤ ਪੈਦਾ ਹੋ ਗਈ ਸੀ, ਜਦੋਂ ਮਜ਼ਦੂਰ ਜਮਾਤ ਦੇ ਆਗੂਆਂ ਨੇ ਰੂਸ ਤੇ ਜਪਾਨ ਵਿਚ ਜੰਗ ਛਿੜ ਪੈਣ ਕਰਕੇ ਪੈਦਾ ਹੋਈ ਸਾਜ਼ਗਾਰ ਹਾਲਤ ਦਾ ਲਾਭ ਉਠਾਉਂਦਿਆਂ ਹਕੂਮਤ ਵਿਰੁੱਧ ਹਥਿਆਰਬੰਦ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਸੀ। ਘੱਟ ਤਿਆਰੀ ਹੋਣ ਕਰਕੇ ਇਹ ਬਗ਼ਾਵਤ ਬੇਰਹਿਮੀ ਨਾਲ ਕੁਚਲ ਦਿੱਤੀ ਗਈ ਸੀ। ਰੂਸ ਦੇ ਉਸ ਸਮੇਂ ਦੇ ਸਭ ਨਾਲੋਂ ‘ਸਿਆਣੇ’ ਮੰਨੇ ਜਾਂਦੇ ਕਮਿਊਨਿਸਟ ਵਿਦਵਾਨ ਤੇ ਆਗੂ ਪਲੈਖਾਨੋਵ ਨੇ ਕੱਚੇ ਪੈਰੀਂ ਬਗ਼ਾਵਤ ਕਰਨ ਲਈ ਮਜ਼ਦੂਰਾਂ ਦੇ ਆਗੂਆਂ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਕੱਚੇ ਪੈਰੀਂ ਹਥਿਆਰ ਨਹੀਂ ਚੁੱਕਣੇ ਚਾਹੀਦੇ ਸਨ । ਇਸ ਦੇ ਐਨ ਉਲਟ ਲੈਨਿਨ ਦਾ ਮੱਤ ਸੀ ਕਿ ਉਨ੍ਹਾਂ ਨੂੰ ਹੋਰ ਵੀ ਜ਼ੋਰ ਨਾਲ ਹਥਿਆਰ ਚੁੱਕਣੇ ਚਾਹੀਦੇ ਸਨ । ਰੂਸ ਅੰਦਰ ਜੇਕਰ 1905 ਵਿਚ ਇਨਕਲਾਬ ਦੀ ਅਸਫਲ ਕੋਸ਼ਿਸ਼ ਨਾ ਹੋਈ ਹੁੰਦੀ, ਤਾਂ 12 ਸਾਲਾਂ ਬਾਅਦ ਜਾ ਕੇ 1917 ਵਿਚ ਇਨਕਲਾਬ ਦਾ ਸਫਲ ਹੋਣਾ ਸ਼ਾਇਦ ਸੰਭਵ ਨਾ ਹੁੰਦਾ। 1871 ਵਿਚ ਫ਼ਰਾਂਸ ਅੰਦਰ ਪੈਰਿਸ ਦੇ ਮਜ਼ਦੂਰਾਂ ਨੇ ਹਥਿਆਰਬੰਦ ਬਗ਼ਾਵਤ ਰਾਹੀਂ ਸਰਕਾਰ ਉਲਟਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ । ਉਸ ਵੇਲੇ ਮਜ਼ਦੂਰ ਜਮਾਤ ਦੇ ਹਮਾਇਤੀ ਜ਼ਿਆਦਾਤਰ ਵਿਦਵਾਨਾਂ ਨੇ, ਇਸ ਨੂੰ ਮਜ਼ਦੂਰ ਆਗੂਆਂ ਦੀ ‘ਬੇਸਬਰੀ’ ਤੇ ਉਤਾਵਲਾਪਣ’ ਕਹਿ ਕੇ ਨਿੰਦਿਆ ਕੀਤੀ ਸੀ । ਪਰ ਕਾਰਲ ਮਾਰਕਸ ਨੇ ਮਜ਼ਦੂਰ ਆਗੂਆਂ ਦੀ ਇਸ ਦਲੇਰਾਨਾ ਕੋਸ਼ਿਸ਼ ਦੀ ਡੱਟ ਕੇ ਹਮਾਇਤ ਕੀਤੀ ਸੀ ਅਤੇ ‘ਜੰਗ ਠੋਸੇ ਜਾਣ ਦੀ ਸੂਰਤ ਵਿਚ’ ਬਿਨਾਂ ਕੁਛ ਕਰਨ ਨਾਲੋਂ, ਕੁਛ ਕਰ ਕੇ ਹਾਰ ਜਾਣਾ ਚੰਗਾ ਸਮਝਿਆ ਸੀ ਤੇ ਪੁਖ਼ਤਾ ਦਲੀਲਾਂ ਨਾਲ ਇਸ ਦੀ ਸਿਧਾਂਤਕ ਵਾਜਬੀਅਤ ਦਰਸਾਈ ਸੀ । ਪ੍ਰੋ. ਰਣਧੀਰ ਸਿੰਘ ਨੇ ਆਪਣੇ ਇਕ ਲੈਕਚਰ ਵਿਚ ਦੱਸਿਆ ਹੈ ਕਿ “ਏਂਗਲਜ਼ ਨੇ ਮਾਰਕਸ ਬਾਰੇ ਕਿਹਾ ਸੀ ਕਿ ‘ਮਾਰਕਸ ਇਕ ਦਾਰਸ਼ਨਿਕ, ਇਕ ਆਰਥਿਕ ਮਾਹਿਰ, ਇਤਿਹਾਸਕਾਰ ਅਤੇ ਸਭ ਤੋਂ ਵੱਧ ਵਿਗਿਆਨਕ ਸੋਚ ਵਾਲਾ ਵਿਦਵਾਨ ਸੀ।’ ਨਾਲ ਹੀ ਉਸ ਨੇ ਕਿਹਾ ਕਿ ‘ਇਹ ਤਾਂ ਮਾਰਕਸ ਦਾ ਅੱਧ ਵੀ ਨਹੀਂ ਸੀ ਕਿਉਂਕਿ ਇਸ ਸਭ ਕਾਸੇ ਤੋਂ ਪਹਿਲਾਂ ਉਹ ਇਕ ਕ੍ਰਾਂਤੀਕਾਰੀ ਸੀ।” ” ਇਸ ਦਾ ਭਾਵ ਹੈ ਕਿ ਨਿਰੋਲ ਬੁੱਧੀ ਆਪਣੇ ਆਪ ਵਿਚ ਕੁਛ ਨਹੀਂ ਹੁੰਦੀ, ਇਨਕਲਾਬੀ ਨਜ਼ਰੀਆ ਹੀ ਬੁੱਧੀ ਨੂੰ ਸਾਣ ਉੱਤੇ ਚਾੜ੍ਹਦਾ ਏ।

1921 ਵਿਚ ਜਦੋਂ ਬਰਤਾਨਵੀ ਰਾਜ ਹੇਠ ਸਿੱਖ ਪੰਥ ਦੇ ਜਾਨਾਂ ਨਾਲੋਂ ਵੀ ਵੱਧ ਪਿਆਰੇ ਗੁਰੂ ਘਰਾਂ ਅੰਦਰ ਬ੍ਰਾਹਮਣਵਾਦੀ ਰਹੁ-ਰੀਤਾਂ ਤੇ ਕੁਰਹਿਤਾਂ ਦਾ ਸਿਲਸਿਲਾ ਹੱਦਾਂ ਪਾਰ ਕਰ ਗਿਆ ਸੀ ਅਤੇ ਸਿੱਖ ਧਰਮ ਦੀ ਮੌਲਿਕਤਾ ਤੇ ਵਿਲੱਖਣਤਾ ਨੂੰ ਖ਼ਤਮ ਕਰਨ ਦੇ ਵਿਉਂਤਬੱਧ ਯਤਨ ਕੀਤੇ ਜਾ ਰਹੇ ਸਨ, ਤਾਂ ਸਿੱਖ ਵਿਦਵਾਨਾਂ ਅੰਦਰ ਇਹ ਵਿਚਾਰ- ਚਰਚਾ ਛਿੜ ਗਈ ਸੀ ਕਿ ਇਸ ਵੰਗਾਰਮਈ ਹਾਲਤ ਦਾ ਸਾਹਮਣਾ ਕਿਸ ਵਿਧ ਕੀਤਾ ਜਾਵੇ? ਕੁਝ ਕੁ ਸਿੱਖ ਵਿਦਵਾਨ ਅਜਿਹੇ ਸਨ ਜਿਹੜੇ ਸਿੱਖ ਕੌਮ ਨੂੰ ‘ਜੋਸ਼ ਨਾਲੋਂ ਹੋਸ਼ ਤੋਂ ਕੰਮ ਲੈਣ’ ਅਤੇ ਸਰਕਾਰ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਨ ਦੀਆਂ ਨਸੀਹਤਾਂ ਫ਼ੁਰਮਾ ਰਹੇ ਸਨ। ਉਸ ਵੇਲੇ ਸਿੱਖ ਕੌਮ ਦੀ ਸਮੂਹਕ-ਸਾਂਝੀ ਚੇਤਨਾ ਤੇ ਜਜ਼ਬਾਤ ਦੀ ਤਰਜਮਾਨੀ ਕਰਦੇ ਅਕਾਲੀ ਅਖ਼ਬਾਰ (28 ਮਾਰਚ 1921) ਨੇ ਸਿੱਖਾਂ ਨੂੰ ਲਾਭ ਹਾਨ ਦੀ ਬਿਰਤੀ ਤੋਂ ਖ਼ਬਰਦਾਰ ਕਰਦੇ ਹੋਏ ਇਹ ਭਾਵਪੂਰਤ ਸ਼ਬਦ ਲਿਖੇ ਸਨ: ‘ਹਮੇਸ਼ਾ ਕੌਮਾਂ ਦੀ ਜ਼ਿੰਦਗੀ ਵਿਚ ਅਜਿਹੇ ਸਮੇਂ ਆਉਂਦੇ ਹਨ ਜਦੋਂ ਇਕ ਕਦਮ ਉਠਾਣਾ ਜਾਂ ਨਾ ਉਠਾਣਾ ਮੌਤ ਅਤੇ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ਅਜਿਹੇ ਕਠਨ ਸਮੇਂ ਕਿਰਾੜਾਂ ਵਾਲੇ ਠੀਕ ਹਿਸਾਬ ਲਾ ਕੇ ਕੁਰਬਾਨੀ ਕਰਨ ਨਾਲ ਕੌਮੀ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ, ਬਲਕਿ ਇਸ ਦਾ ਹੱਲ ਕੇਵਲ ਇਹੀ ਹੁੰਦਾ ਹੈ ਕਿ ਕੌਮ ਦਾ ਹਰ ਬੱਚਾ, ਬੁੱਢਾ, ਇਸਤਰੀ, ਮਰਦ ਕੌਮ ਨੂੰ ਬਚਾਣ ਦੀ ਖ਼ਾਤਰ ਆਪਣੀ ਹਸਤੀ ਨੂੰ ਵਾਰ ਦੇਣ ਲਈ ਤਿਆਰ ਹੋਵੇ।’

? ਤੁਹਾਡਾ ਕਹਿਣ ਦਾ ਭਾਵ ਕੀ ਇਹ ਹੈ ਕਿ ਹਾਲਤ ਕੋਈ ਵੀ ਹੋਵੇ, ‘ਕੁਛ ਨਾ ਕਰਨ ਨਾਲੋਂ ਕੁਛ ਕਰ ਕੇ ਹਾਰ ਜਾਣਾ’ ਹਮੇਸ਼ਾ ਹੀ ਦਰੁਸਤ ਤੇ ਵਾਜਿਬ ਹੁੰਦਾ ਹੈ ?

ਨਹੀਂ। ਤੁਸੀਂ ਗ਼ਲਤ ਸਮਝ ਲਿਐ। ਇਸ ਤਰ੍ਹਾਂ ਸੋਚਣਾ, ਇਕ ਗੁੰਝਲਦਾਰ ਮਸਲੇ ਨੂੰ ਹੱਦੋਂ ਵੱਧ ਸਰਲ ਬਣਾ ਕੇ ਦੇਖਣਾ ਹੈ। ਦੇਖੋ, ਮੰਨ ਲਵੋ ਤੁਸੀਂ ਕਿਸੇ ਦੁਸ਼ਮਣ ਰਾਜ ਨੂੰ ਉਲਟਾਉਣ ਦਾ ਕਾਰਜ ਮਿਥਿਆ ਹੋਇਆ ਏ ਅਤੇ ਇਸ ਦੇ ਵਾਸਤੇ ਕਈ ਪੱਧਰਾਂ ‘ਤੇ ਤਿਆਰੀਆਂ ਦੇ ਅਮਲ ਵਿਚ ਜੁਟੇ ਹੋਏ ਹੋ। ਤੁਹਾਡੀ ਸਫਲਤਾ ਜਾਂ ਅਸਫਲਤਾ ਦਾ ਨਿਰਣਾ ਨਿਰਾ- ਪੂਰਾ ਤੁਹਾਡੀਆਂ ਤਿਆਰੀਆਂ ਉੱਤੇ ਹੀ ਨਿਰਭਰ ਨਹੀਂ ਕਰਦਾ। ਇਹ ਇਕ ਪੱਖ ਐ। ਦੂਜਾ ਪੱਖ ਦੁਸ਼ਮਣ ਦੀ ਬਾਹਰਮੁਖੀ ਹਾਲਤ ਜਾਂ ਦਸ਼ਾ ਹੈ। ਭਾਵ ਉਸ ਵਿਸ਼ੇਸ਼ ਮੌਕੇ ਦੁਸ਼ਮਣ ਨੂੰ, ਅੰਦਰੂਨੀ ਤੇ ਬਹਿਰੂਨੀ ਪੱਖੋਂ, ਕਿਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ । ਬਾਹਰਮੁਖੀ ਹਾਲਤਾਂ ਉਸ ਲਈ ਕਿੰਨੀਆਂ ਕੁ ਸਾਜ਼ਗਾਰ ਜਾਂ ਕਿੰਨੀਆਂ ਕੁ ਗ਼ੈਰ- ਸਾਜ਼ਗਾਰ ਹਨ ? ਆਮ ਨੇਮ ਵਜੋਂ, ਜਦੋਂ ਬਾਹਰਮੁਖੀ ਹਾਲਤਾਂ ਦੁਸ਼ਮਣ ਲਈ ਮੁਆਫ਼ਕ ਹੋਣ, ਉਦੋਂ ਉਸ ਨੂੰ ਹਰਾਉਣਾ ਮੁਕਾਬਲਤਨ ਔਖਾ ਹੋ ਜਾਂਦਾ ਏ। ਇਸ ਦੇ ਉਲਟ, ਜਦੋਂ ਹਾਲਤਾਂ ਉਸ ਲਈ ਗ਼ੈਰ-ਮੁਆਫ਼ਕ ਹੋਣ, ਉਦੋਂ ਉਸ ਨੂੰ ਢਾਹੁਣਾ ਸੌਖਾ ਹੁੰਦਾ ਏ। ਹੋਰ ਵੱਧ ਸੌਖੇ ਤੇ ਸਪੱਸ਼ਟ ਸ਼ਬਦਾਂ ਵਿਚ ਗੱਲ ਕੀਤੀ ਜਾਵੇ, ਤਾਂ ਜਦੋਂ ਦੁਸ਼ਮਣ ਅੰਦਰੂਨੀ ਜਾਂ ਬਹਿਰੂਨੀ ਵਿਰੋਧਾਂ ਤੇ ਬਖੇੜਿਆਂ ਵਿਚ ਫਸਿਆ ਹੁੰਦਾ ਏ, ਉਦੋਂ ਉਸ ਦੀ ਹਾਲਤ ਪਤਲੀ ਹੁੰਦੀ ਐ ਅਤੇ ਉਸ ਉੱਤੇ ਚੋਟ ਕਰਨ ਦਾ ਇਹ ਸੁਨਹਿਰੀ ਮੌਕਾ ਹੁੰਦਾ ਏ। ਪਰ ਜਦੋਂ ਉਹ ਵਿਰੋਧਾਂ ਤੇ ਬਖੇੜਿਆਂ ਤੋਂ ਮੁਕਾਬਲਤਨ ਸੁਰਖੁਰੂ ਹੁੰਦਾ ਏ, ਤਾਂ ਉਹ ਮੁਕਾਬਲਤਨ ਬਿਹਤਰ ਤੇ ਮਜ਼ਬੂਤ ਹਾਲਤ ਵਿਚ ਹੁੰਦਾ ਹੈ ਅਤੇ ਉਸ ਵੇਲੇ ਉਸ ਦੀ ਬਗ਼ਾਵਤ ਨੂੰ ਤਾਕਤ ਨਾਲ ਕੁਚਲ ਦੇਣ ਦੀ ਸਮਰੱਥਾ ਜ਼ਿਆਦਾ ਹੁੰਦੀ ਐ। ਸੋ ਇਨਕਲਾਬੀ ਤਾਕਤਾਂ ਸਾਹਮਣੇ ਦੂਹਰਾ ਕਾਰਜ ਹੁੰਦਾ ਏ। ਇਕ ਪਾਸੇ ਉਨ੍ਹਾਂ ਨੇ ਕਈ ਪੱਧਰਾਂ ਉੱਤੇ ਆਪਣੀਆਂ ਤਿਆਰੀਆਂ ਵੱਲ ਪੂਰਾ ਧਿਆਨ ਦੇਣਾ ਹੁੰਦਾ ਏ ਅਤੇ ਦੂਜੇ ਪਾਸੇ ਦੁਸ਼ਮਣ ਦੀ ਹਾਲਤ ਉੱਤੇ ਤਾੜਵੀਂ ਨਜ਼ਰ ਰੱਖਣੀ ਅਤੇ ਚੋਟ ਕਰਨ ਲਈ ਯੋਗ ਮੌਕੇ ਦੀ ਪਛਾਣ ਕਰਨੀ ਹੁੰਦੀ ਏ। ਸ. ਜਗਜੀਤ ਸਿੰਘ ਲਿਖਦੇ ਹਨ: ‘ਕਿਸੇ ਦੇਸ ਦੀ ਜਨਤਾ ਦੀ ਮਰਜ਼ੀ ਦੇ ਵਿਰੁੱਧ ਕੇਵਲ ਫ਼ੌਜੀ ਤਾਕਤ ਦੇ ਆਸਰੇ ਕਾਇਮ ਰੱਖੇ ਹੋਏ ਬਦੇਸ਼ੀ ਰਾਜ, ਰੇਤ ਦੀਆਂ ਕੰਧਾਂ ਵਾਂਗੂੰ, ਬਾਹਰੋਂ ਦਿੱਸਣ ਨੂੰ ਮਜ਼ਬੂਤ ਜਾਪਦੇ ਹਨ, ਪਰ ਜਦੋਂ ਮੁਆਫ਼ਕ ਹਾਲਤਾਂ ਪੈਦਾ ਹੋ ਜਾਣ ਤਾਂ ਇਹ ਰਾਜ ਪਲਾਂ ਵਿਚ ਹੀ ਢੱਠ ਜਾਂਦੇ ਹਨ। ਮੁਆਫ਼ਕ ਹਾਲਤਾਂ ਦੇ ਪੈਦਾ ਹੋ ਜਾਣ ‘ਤੇ, ਦੱਬੀਆਂ ਅਤੇ ਛੁਪੀਆਂ ਹੋਈਆਂ ਤਾਕਤਾਂ ਮੌਕਾ ਤਾੜ ਕੇ ਇਕ ਦਮ ਉੱਠ ਖੜੋਂਦੀਆਂ ਹਨ ਅਤੇ ਇਨ੍ਹਾਂ ਤਾਕਤਾਂ ਦੇ ਉਭਾਰ ਨਾਲ ਹਵਾ ਦਾ ਮਾੜਾ ਜਿਹਾ ਬੁੱਲਾ ਅਜਿਹੇ ਸ਼ਕਤੀਸ਼ਾਲੀ ਵਾ-ਵਰੋਲੇ ਦਾ ਰੂਪ ਧਾਰ ਲੈਂਦਾ ਹੈ ਕਿ ਹੈਰਾਨ ਰਹਿ ਜਾਈਦਾ ਹੈ।’ ਇਸ ਦ੍ਰਿਸ਼ਟੀ ਤੋਂ, ਜੇਕਰ ਅਠਾਰ੍ਹਵੀਂ ਸਦੀ ਦੀ ਸਿੱਖ ਜੱਦੋ-ਜਹਿਦ ਦੇ ਇਤਿਹਾਸ ਨੂੰ ਗਹੁ ਨਾਲ ਵਾਚਿਆ ਜਾਵੇ, ਤਾਂ ਸਿੱਖ ਜਰਨੈਲਾਂ ਦੀ ਸੂਝ-ਬੂਝ ਤੇ ਯੁੱਧ ਕਲਾ ਨੂੰ ਦੇਖ ਕੇ ਦੰਗ ਰਹਿ ਜਾਈਦਾ ਏ। ਲੜਾਈ ਕਦੋਂ ਲੜਨੀ ਐ ਤੇ ਕਦੋਂ ਲੜਾਈ ਤੋਂ ਬਚਣਾ ਜਾਂ ਟਲਣਾ ਹੈ, ਇਸ ਪੈਂਤੜੇਬਾਜ਼ੀ ਦਾ ਉਨ੍ਹਾਂ ਨੂੰ ਏਨਾ ਅਭਿਆਸ ਹੋ ਗਿਆ ਸੀ ਕਿ ਵੱਧ ਨਹੀਂ ਤਾਂ ਘੱਟੋ-ਘੱਟ ਪੰਜਾਹ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਕੋਲੋਂ ਸ਼ਾਇਦ ਹੀ ਕੋਈ ਉਕਾਈ ਹੋਈ ਹੋਵੇ। ਉਨ੍ਹਾਂ ਇਹ ਸਮਰੱਥਾ ਕਿਸੇ ‘ਵਿਗਿਆਨਕ ਸੋਚ’ ਰਾਹੀਂ ਹਾਸਲ ਨਹੀਂ ਕੀਤੀ ਸੀ। ਇਹ ਉਨ੍ਹਾਂ ਉੱਤੇ ਗੁਰੂ ਦੀ ਮਿਹਰ ਦਾ ਨਤੀਜਾ ਸੀ ਅਤੇ ਇਸ ਮਿਹਰ ਦੇ ਹੱਕਦਾਰ ਬਣਨ ਲਈ ਉਨ੍ਹਾਂ ਨੂੰ ਕਠੋਰ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਨਾ ਪਿਆ ਸੀ। ਤੁਸੀਂ ਜੇਕਰ ਰਾਜਵਿੰਦਰ ਸਿੰਘ ਰਾਹੀ ਵੱਲੋਂ ਤਿੰਨ ਜਿਲਦਾਂ ਵਿਚ ਛਾਪੀਆਂ ਗ਼ਦਰੀ ਬਾਬਿਆਂ ਦੀਆਂ ਆਪਣੀਆਂ ਮੌਲਿਕ ਲਿਖਤਾਂ ਨੂੰ ਪੂਰਾ ਧਿਆਨ ਦੇ ਕੇ ਪੜ੍ਹੋ ਤਾਂ ਗ਼ਦਰੀ ਬਾਬਿਆਂ ਉੱਤੇ ਵੀ ਵਾਹਿਗੁਰੂ ਦੀ ਬਖ਼ਸ਼ਿਸ਼ ਸਾਫ਼ ਨਜ਼ਰ ਪੈਂਦੀ ਏ। ‘ਕੋਰੇ ਅਨਪੜ੍ਹ’ ਹੋਣ ਦੇ ਬਾਵਜੂਦ ਉਨ੍ਹਾਂ ਨੇ ਉਹ ਕ੍ਰਿਸ਼ਮੇ ਕਰ ਦਿਖਾਏ ਜਿਨ੍ਹਾਂ ਉੱਤੇ ਕਈ ਵਾਰ ਯਕੀਨ ਕਰਨਾ ਔਖਾ ਲੱਗਦੈ। ਉਨ੍ਹਾਂ ਦੀ ਤੁਲਨਾ ਤੁਸੀਂ ਉਨ੍ਹਾਂ ਦੇ ਸਮਕਾਲੀ ‘ਪੜ੍ਹੇ-ਲਿਖੇ’ ਤੇ ‘ਤੀਖਣ ਬੁੱਧੀ’ ਦੇ ਮਾਲਕ ਵਿਦਵਾਨਾਂ ਨਾਲ ਕਰ ਕੇ ਦੇਖੋ, ਤੁਹਾਨੂੰ ‘ਨਾਮ ਅਭਿਆਸ’ ਦੁਆਰਾ ਹਾਸਲ ਹੋਏ ਅੰਤਰ-ਬੋਧ ਤੇ ਅੰਤਰੀਵ ਪ੍ਰੇਰਨਾ ਦੀ ਤਾਕਤ ਅਤੇ ਨਿਰੋਲ ‘ਦੁਨਿਆਵੀ ਵਿੱਦਿਆ’ ਨਾਲ ਕਮਾਏ ਗਿਆਨ ਵਿਚਲਾ ਅੰਤਰ ਆਪੇ ਸਮਝ ਪੈ ਜਾਵੇਗਾ। ਪਰ ਇਸ ਬਾਰੇ ਵਿਸਥਾਰ ਵਿਚ ਗੱਲਬਾਤ ਆਪਾਂ ਅੱਗੇ ਚੱਲ ਕੇ ਕਰਾਂਗੇ। ਆਪਾਂ ਦੁਸ਼ਮਣ ਉੱਤੇ ਚੋਟ ਕਰਨ ਲਈ ਢੁਕਵੇਂ ਮੌਕੇ ਦੀ ਗੱਲ ਕਰ ਰਹੇ ਸੀ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਢੁਕਵੇਂ ਮੌਕੇ ਆਮ ਨਹੀਂ ਮਿਲਦੇ। ਇਹ ਕਦੇ ਕਦਾਈਂ ਹੀ ਪੈਦਾ ਹੁੰਦੇ ਹਨ। ਕਦੇ ਦਹਾਕਿਆਂ ਬਾਅਦ ਤੇ ਕਈ ਵੇਰਾਂ ਸਦੀਆਂ ਬਾਅਦ ਵੀ। ਇਸ ਕਰਕੇ ਇਕ ਵਾਰ ਹੱਥੋਂ ਖੁੰਝਿਆ ਜਾਂ ਖੁੰਝਾਇਆ ਮੌਕਾ ਫਿਰ ਪਤਾ ਨਹੀਂ ਕਦੋਂ ਜੁੜਦਾ ਹੈ, ਅਤੇ ਇਹ ਵੀ ਪਤਾ ਨਹੀਂ ਕਿ ਇਹ ਇਕ ਜੀਵਨ ਅੰਦਰ ਮੁੜ ਕੇ ਜੁੜਦਾ ਵੀ ਹੈ ਜਾਂ ਨਹੀ ? ਇਹ ਹਾਕੀ ਦੀ ਖੇਡ ਅੰਦਰ ‘ਪਨੈਲਟੀ ਸਟਰੋਕ’ ਵਰਗੀ ਗੱਲ ਹੁੰਦੀ ਹੈ, ਜੋ ਰੱਬ-ਸਬੱਬੀਂ ਹੀ ਮਿਲਦਾ ਹੈ। ਇਸ ਕਰਕੇ ਇਨਕਲਾਬੀ ਤਾਕਤਾਂ ਉੱਤੇ ਇਸ ਮੌਕੇ ਦਾ ਜਿੰਨਾ ਹੋ ਸਕੇ, ਲਾਭ ਉਠਾਉਣ ਲਈ ਭਾਰੀ ਦਬਾਅ ਹੁੰਦਾ ਹੈ। ਇਤਿਹਾਸਕ ਤਜਰਬੇ ਵਿੱਚ ਇਹ ਆਮ ਸਚਾਈ ਸਾਹਮਣੇ ਆਉਂਦੀ ਹੈ ਕਿ ਜਿਹੜੇ ਆਗੂਆਂ ਨੇ ‘ਘੱਟ ਤਿਆਰੀ’ ਦਾ ਬਹਾਨਾ ਲਾ ਕੇ ਬਗ਼ਾਵਤ ਨੂੰ ਕਿਸੇ ਵੱਧ ਬਿਹਤਰ ਮੌਕੇ ਤਕ ਮੁਲਤਵੀ ਕਰਨ ਦੀ ਵਕਾਲਤ ਕੀਤੀ ਅਤੇ ਆਪਣੇ ਆਪ ਨੂੰ ਬਗ਼ਾਵਤ ਦੇ ਕਰਮ ਨਾਲੋਂ ਅੱਡ ਕਰ ਲਿਆ, ਉਨ੍ਹਾਂ ਲਈ ਜ਼ਿੰਦਗੀ ਅੰਦਰ ਅਜਿਹਾ ‘ਬਿਹਤਰ ਮੌਕਾ’ ਫਿਰ ਕਦੇ ਨਹੀਂ ਜੁੜਿਆ । ਪਲੈਖਾਨੋਵ ਲਈ ‘ਤਿਆਰੀ ਕਰ ਕੇ’ ਹਥਿਆਰ ਚੁੱਕਣ ਦਾ ਮੌਕਾ ਕਦੇ ਵੀ ਪੈਦਾ ਨਹੀਂ ਹੋਇਆ ਸੀ । ਪੰਜਾਬ ਅੰਦਰ ਨਕਸਲੀ ਲਹਿਰ ਅੰਦਰਲੇ ਇਕ ਵਰਗ ਨੇ 1967-68 ਵਿਚ ‘ਘੱਟ ਤਿਆਰੀ’ ਦੀ ਦਲੀਲ ਦੇ ਕੇ ਆਪਣੇ ਆਪ ਨੂੰ ਹਥਿਆਰਬੰਦ ਕਾਰਵਾਈਆਂ ਨਾਲੋਂ ਅਲੱਗ ਕਰ ਲਿਆ ਸੀ ਅਤੇ ‘ਪੂਰੀ ਤਿਆਰੀ’ ਕਰ ਕੇ ਹੀ ਹਥਿਆਰਬੰਦ ਸੰਘਰਸ਼ ਵਿੱਢਣ ਦਾ ਕਾਰਜ ਮਿਥਿਆ ਸੀ। ਪਿਛਲੇ 45 ਸਾਲਾਂ ਤੋਂ ਉਹ ‘ਤਿਆਰੀਆਂ’ ਕਰਦੇ ਕਰਦੇ ਬੁੱਢੇ ਹੋ ਗਏ। ਹਨ, ਕਈ ਤਾਂ ਮਰਨ ਕਿਨਾਰੇ ਵੀ ਪਹੁੰਚ ਗਏ ਹਨ, ਪਰ ‘ਨਾ ਨੌਂ ਮਣ ਤੇਲ ਹੋਇਆ। ਤੇ ਨਾ ਰਾਧਾ ਨੱਚੀ !’

ਗ਼ਦਰ ਪਾਰਟੀ ਦੋ ਸਾਲਾਂ ਤੋਂ ਭਾਰਤੀ ਆਵਾਸੀਆਂ ਅੰਦਰ ਲਗਾਤਾਰ ਇਹ ਜ਼ੋਰਦਾਰ ਪ੍ਚਾਰ ਕਰਦੀ ਆ ਰਹੀ ਸੀ ਕਿ ਜੰਗ ਛਿੜਨ ਦੀ ਸੂਰਤ ਵਿਚ ਜਦੋਂ ਅੰਗਰੇਜ਼ ਕਸੂਤੀ ਹਾਲਤ ਵਿਚ ਫਸੇ ਹੋਣਗੇ, ਉਦੋਂ ਉਨ੍ਹਾਂ ਉੱਤੇ ਫ਼ੈਸਲਾਕੁੰਨ ਵਾਰ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਅਮਲ ਗਵਾਹ ਹੈ ਕਿ ਅਮਰੀਕਾ, ਕੈਨੇਡਾ ਤੇ ਟਾਪੂਆਂ ਅੰਦਰ ਗ਼ਦਰ ਪਾਰਟੀ ਦੇ ਇਸ ਪ੍ਰਚਾਰ ਨੂੰ ਲੋਕਾਂ ਵਲੋਂ ਬੇਹੱਦ ਕਬੂਲਵਾਂ ਹੁੰਗਾਰਾ ਮਿਲਿਆ ਸੀ। ਲੋਕਾਂ ਦੇ ਮਨ ਪੂਰੀ ਤਰ੍ਹਾਂ ਬਣ ਚੁੱਕੇ ਸਨ। ਇਸ ਕਰਕੇ ਜਦੋਂ ਜੰਗ ਸੱਚਮੁੱਚ ਸ਼ੁਰੂ ਹੋ ਗਈ ਸੀ ਤਾਂ ਗ਼ਦਰੀ ਆਗੂਆਂ ਲਈ ਆਪਣੀ ਐਲਾਨੀਆ ਪੋਜ਼ੀਸ਼ਨ ਤੋਂ ਪਿੱਛੇ ਹਟਣਾ ਸੌਖਾ ਨਹੀਂ ਰਿਹਾ ਸੀ, ਅਤੇ ਅਜਿਹਾ ਕਰਨਾ ਠੀਕ ਵੀ ਨਹੀਂ ਹੋਣਾ ਸੀ।

ਗ਼ਦਰੀਆਂ ਦੇ ਵਤਨ ਨੂੰ ਚਾਲੇ

25 ਜੁਲਾਈ 1914 ਨੂੰ ਜੰਗ ਛਿੜ ਪੈਣ ਦੇ ਚੰਦ ਕੁ ਦਿਨਾਂ ਬਾਅਦ ਹੀ, 5 ਅਗਸਤ ਦੇ ਗ਼ਦਰ ਵਿਚ ਪਾਰਟੀ ਵੱਲੋਂ ਅੰਗਰੇਜ਼ੀ ਰਾਜ ਵਿਰੁੱਧ ‘ਐਲਾਨਿ ਜੰਗ’ ਦੇ ਸਿਰਲੇਖ ਹੇਠ ਦੇਸ ਵਾਸੀਆਂ ਨੂੰ ਬਦੇਸ਼ੀ ਰਾਜ ਦੇ ਵਿਰੁੱਧ ਬਗ਼ਾਵਤ ਕਰਨ ਲਈ ਕਮਰਕੱਸੇ ਕਰ ਲੈਣ ਦਾ ਖੁੱਲ੍ਹਾ ਸੱਦਾ ਦੇ ਦਿੱਤਾ ਗਿਆ। ਇਸ ਸੱਦੇ ਨੇ ਅਮਰੀਕਾ, ਕੈਨੇਡਾ ਤੇ ਟਾਪੂਆਂ ਵਿਚ ਰਹਿੰਦੇ ਸਿੱਖਾਂ ਅੰਦਰ ਜੋਸ਼ ਦੀ ਲਹਿਰ ਪੈਦਾ ਕਰ ਦਿੱਤੀ ਅਤੇ ਉਨ੍ਹਾਂ ਨੇ ਅਰਦਾਸੇ ਸੋਧ ਲਏ ਅਤੇ ਖ਼ਤਰਿਆਂ ਤੇ ਆਫ਼ਤਾਂ ਦੀ ਰਤੀ ਪ੍ਰਵਾਹ ਨਾ ਕਰਦਿਆਂ ਫ਼ੌਰੀ ਜਥੇ ਬਣਾ ਕੇ ਸਮੁੰਦਰੀ ਜਹਾਜ਼ਾਂ ਰਾਹੀਂ ਪੰਜਾਬ ਨੂੰ ਵਹੀਰਾਂ ਘੱਤ ਲਈਆਂ। 9 ਅਗਸਤ ਨੂੰ ਫ਼ਰਿਜ਼ਨੋ ਤੇ 10 ਨੂੰ ਸੈਕਰਾਮੈਂਟੋ ਦੇ ਸ਼ਹਿਰਾਂ ਵਿਚ ਹੋਏ ਭਰਵੇਂ ਜਲਸਿਆਂ ਤੋਂ ਸਿੱਖਾਂ ਅੰਦਰ ਅੰਗਰੇਜ਼ੀ ਰਾਜ ਵਿਰੁੱਧ ਲੜਨ ਦੇ ਵਿਆਪਕ ਰੌਂਅ ਤੇ ਜਜ਼ਬੇ ਦੀ ਸਾਫ਼ ਝਲਕ ਮਿਲਦੀ ਸੀ। ਉਸ ਵੇਲੇ ਕੈਲੇਫ਼ੋਰਨੀਆ ਅੰਦਰ ਮੁਸ਼ਕਲ ਨਾਲ 6 ਕੁ ਹਜ਼ਾਰ ਹਿੰਦੁਸਤਾਨੀ ਸਨ ਅਤੇ ਸੈਕਰਾਮੈਂਟੋ ਦੇ ਜਲਸੇ ਵਿਚ 5 ਹਜ਼ਾਰ ਲੋਕ ਹੁੰਮ-ਹੁਮਾ ਕੇ ਪਹੁੰਚੇ ਸਨ । ਪਾਰਟੀ ਨੇ ਸਭ ਹਿੰਦੀਆਂ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਤਕ ਦੇਸ ਪਰਤ ਜਾਣ ਤੇ ਉਥੇ ਜਾ ਕੇ ਪਿੰਡਾਂ ਵਿਚ ਪ੍ਰਚਾਰ ਕਰ ਕੇ ਲੋਕਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਹਦਾਇਤਾਂ ਕੀਤੀਆਂ। ਭਾਈ ਕਰਤਾਰ ਸਿੰਘ ਸਰਾਭਾ ਦੇ ਪੈਰਾਂ ਥੱਲੇ ਤਾਂ ਜੰਗ ਛਿੜ ਪੈਣ ਦੀ ਖ਼ਬਰ ਸੁਣਦਿਆਂ ਅੱਗ ਮੱਚ ਉੱਠੀ ਸੀ ਅਤੇ ਉਹ ਪਾਰਟੀ ਦੇ ਬਾਕਾਇਦਾ ਫ਼ੈਸਲੇ ਦੀ ਉਡੀਕ ਕਰੇ ਬਿਨਾਂ ਹੀ, ਫ਼ੌਰੀ ਪੰਜਾਬ ਲਈ ਰਵਾਨਾ ਹੋ ਗਿਆ ਸੀ। ਹਰੀਸ਼ ਪੁਰੀ ਵਰਗੇ ਵਿਦਵਾਨਾਂ ਨੂੰ ਭਾਈ ਸਰਾਭਾ ਦਾ ਇਹ ਬਦਮ ‘ਬੇਸਬਰੀ’ ‘ਚੋਂ ਨਿਕਲਿਆ ਮਾਲੂਮ ਹੁੰਦਾ ਹੈ। ਪਰ ਅਭਿਆਸ ਤੋਂ ਕੋਰੇ ਹੋਣ ਕਰਕੇ ਉਨ੍ਹਾਂ ਨੂੰ ਭਾਈ ਸਰਾਭਾ ਦੀ ਇਸ ‘ਬੇਸਬਰੀ’ ਦੀ ਅਸਲੀ ਸਮਝ ਨਹੀਂ ਪਈ। ਜਦੋਂ ਜੰਗ ਛਿੜ ਚੁੱਕੀ ਸੀ ਅਤੇ ਬਰਤਾਨਵੀ ਹਕੂਮਤ ਭਾਰਤ ਵਿੱਚੋਂ ਕਿਸੇ ਵੇਲੇ ਵੀ ਭਾਰਤੀ ਫ਼ੌਜੀਆਂ ਨੂੰ ਮੱਧ ਏਸ਼ੀਆ ਤੇ ਯੂਰਪ ਦੇ ਮੋਰਚਿਆਂ ਉੱਤੇ ਜਾਣ ਦੇ ਫ਼ੁਰਮਾਨ ਜਾਰੀ ਕਰ ਸਕਦੀ ਸੀ, ਤਾਂ ਗ਼ਦਰੀਆਂ ਲਈ ਇਕ ਇਕ ਪਲ ਕੀਮਤੀ ਹੋ ਗਿਆ ਸੀ। ਉਹ ਇਕ ਦਿਨ ਤਾਂ ਕੀ, ਇਕ ਛਿਣ ਵੀ ਜ਼ਾਇਆ ਨਹੀਂ ਕਰਨਾ ਚਾਹੁੰਦੇ ਸਨ । ਇਸ ਤੱਦੀ ਨੇ ਹੀ ਭਾਈ ਸਰਾਭਾ ਨੂੰ ਫ਼ੌਰੀ ਦੇਸ ਪਰਤਣ ਲਈ ਉਤੇਜਿਤ ਕੀਤਾ ਸੀ । ਹੋਰ ਇਹ ਉਸ ਦਾ ‘ਛੋਹਰਪੁਣਾ’ ਨਹੀਂ ਸੀ। ਨਾਲੇ ਪਾਰਟੀ ਅੰਦਰ ਪਹਿਲਾਂ ਹੀ ਇਸ ਬਾਰੇ ਆਮ ਸਹਿਮਤੀ ਹੋ ਗਈ ਸੀ ਕਿ ਜੰਗ ਦਾ ਐਲਾਨ ਹੁੰਦਿਆਂ ਹੀ ਇਕਦਮ ਦੇਸ ਨੂੰ ਚਾਲੇ ਪਾ ਦਿੱਤੇ ਜਾਣ । 28 ਜੁਲਾਈ ਦੇ ਹਿੰਦੁਸਤਾਨ ਗ਼ਦਰ ਵਿਚ ਦੇਸ਼ਭਗਤਾਂ ਨੂੰ ਖੁੱਲ੍ਹਾ ਸੱਦਾ ਦੇ ਦਿੱਤਾ ਗਿਆ ਸੀ ਕਿ ਯੂਰਪ ਵਿਚ ਜੰਗ ਛਿੜਦਿਆਂ ਹੀ ਦੇਸ ਨੂੰ ਚਾਲੇ ਪਾ ਦੇਣ। ਇਸ ਕਰਕੇ ‘ਯੁਗਾਂਤਰ ਆਸ਼ਰਮ’ ਵਿਚ ਹੋਈ ਮੀਟਿੰਗ ਮਹਿਜ਼ ਰਸਮ ਪੂਰਤੀ ਹੀ ਸੀ। ਦਿਲਾਂ ਵਿਚ ਫ਼ੈਸਲੇ ਪਹਿਲਾਂ ਹੀ ਹੋ ਚੁੱਕੇ ਸਨ। ਦਿਲੀ ਵਲਵਲਿਆਂ ਦੇ ਜ਼ੋਰ ਨਾਲ ਲੜਨ ਵਾਲੇ ਲੋਕਾਂ ਲਈ ਦਿਲਾਂ ਵਿਚਲੇ ਫ਼ੈਸਲੇ ਹੀ ਅਸਲੀ ਹੁੰਦੇ ਹਨ ਅਤੇ ਇਨ੍ਹਾਂ ਦੀ ਅਹਿਮੀਅਤ ਵੀ ਦਿਲਾਂ ਵਾਲੇ ਹੀ ਜਾਣ ਸਕਦੇ ਹਨ।

ਕੁਝ ਹਫ਼ਤਿਆਂ ਅੰਦਰ ਹੀ ਸਿੱਖਾਂ ਨੇ ਹਜ਼ਾਰਾਂ ਦੀ ਸੰਖਿਆ ਵਿਚ ਪੰਜਾਬ ਵੱਲ ਚਾਲੇ ਪਾ ਦਿੱਤੇ ਸਨ। ਥੋੜ੍ਹੀ ਗਿਣਤੀ ਵਿਚ ਗ਼ੈਰ-ਸਿੱਖ, ਹਿੰਦੂ ਤੇ ਮੁਸਲਮਾਨ, ਵੀ ਪੰਜਾਬ ਲਈ ਰਵਾਨਾ ਹੋਏ, ਪਰ ਵੱਡਾ ਹਿੱਸਾ ਸਿੱਖਾਂ ਦਾ ਹੀ ਸੀ। ਅਲੱਗ ਅਲੱਗ ਅੰਦਾਜ਼ਿਆਂ ਅਨੁਸਾਰ, ਵੱਖ-ਵੱਖ ਥਾਵਾਂ ਤੋਂ ਛੇ ਤੋਂ ਲੈ ਕੇ ਅੱਠ ਹਜ਼ਾਰ ਤਕ ਪੰਜਾਬੀ ਪਰਵਾਸੀ ਭਾਰਤ ਅੰਦਰ ਦਾਖ਼ਲ ਹੋਏ। ਇਹ ਸਾਰਾ ਅਮਲ ਨਿਰਾ-ਪੁਰਾ ਆਪ-ਮੁਹਾਰਾ ਨਹੀਂ ਸੀ, ਜਿਵੇਂ ਕਿ ਕੁਝ ਵਿਦਵਾਨ ਆਲੋਚਕਾਂ ਨੇ ਲਿਖਿਆ ਹੈ। ਇਹ ਸੋਚੀ ਵਿਚਾਰੀ ਰਣਨੀਤੀ ਤੇ ਯੋਜਨਾ ਦਾ ਹਿੱਸਾ ਸੀ। ਵੱਖ-ਵੱਖ ਆਗੂਆਂ ਦੀਆਂ ਬਾਕਾਇਦਾ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਸਨ। ਅੰਗਰੇਜ਼ ਹਕੂਮਤ ਵਿਰੁੱਧ ਦੇਸ਼ਭਗਤਾਂ ਦੀ ਜੰਗ ਦਾ ਅਸਲੀ ਮੈਦਾਨ ਕਿਉਂਕਿ ਪੰਜਾਬ ਨੇ ਹੀ ਬਣਨਾ ਸੀ, ਇਸ ਕਰਕੇ ਪਾਰਟੀ ਦੀ ਲੀਡਰਸ਼ਿੱਪ ਦੇ ਵੱਡੇ ਹਿੱਸੇ ਨੂੰ ਪੰਜਾਬ ਜਾਣ ਅਤੇ ਉਥੇ ਜਾ ਕੇ ਬਗ਼ਾਵਤ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ । ਪਾਰਟੀ ਦਾ ਪ੍ਰਧਾਨ, ਦੋਨੋਂ ਮੀਤ ਪ੍ਰਧਾਨ, ਖ਼ਜ਼ਾਨਚੀ ਤੇ ਹੋਰ ਪ੍ਰਮੁੱਖ ਆਗੂ, ਜਿਵੇਂ ਕਿ ਭਾਈ ਹਰਨਾਮ ਸਿੰਘ (ਕੋਟਲਾ), ਭਾਈ ਨਿਧਾਨ ਸਿੰਘ ਚੁੱਘਾ ਤੇ ਕੁਝ ਹੋਰ, ਭਾਰਤ ਲਈ ਰਵਾਨਾ ਹੋ ਗਏ। ਪਾਰਟੀ ਦੇ ਸਕੱਤਰ ਭਾਈ ਸੰਤੋਖ ਸਿੰਘ ਧਰਦਿਓ ਨੂੰ ਕੁਝ ਸਮੇਂ ਲਈ ਅਮਰੀਕਾ ਅੰਦਰ ਪਾਰਟੀ ਦਾ ਕੰਮ ਚਲਾਉਣ ਲਈ ਛੱਡ ਦਿਆ ਗਿਆ ਸੀ। ਕੁਝ ਚਿਰ ਬਾਅਦ ਉਨ੍ਹਾਂ ਨੇ ਵੀ ਮਲਾਇਆ ਸਿੰਗਾਪੁਰ ਚਲੇ ਜਾਣਾ ਸੀ ਅਤੇ ਉਥੇ ਹਿੰਦੀਆਂ ਤੇ ਭਾਰਤੀ ਫ਼ੌਜੀਆਂ ਨੂੰ ਬਗ਼ਾਵਤ ਲਈ ਤਿਆਰ ਕਰਨਾ ਸੀ। ਭਾਈ ਭਗਵਾਨ ਸਿੰਘ ਨੂੰ ਜਪਾਨ, ਫ਼ਿਲਪਾਈਨ, ਚੀਨ ਦੇ ਘਾਟਾਂ ਤੇ ਹਾਂਗਕਾਂਗ ਜਾ ਕੇ ਉਥੋਂ ਦੇਸ ਵਾਸੀਆਂ ਨੂੰ ਤਿਆਰ ਕਰ ਕੇ ਦੇਸ ਭੇਜਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ । ਭਾਈ ਸੋਹਣ ਲਾਲ ਪਾਠਕ (ਪੱਟੀ) ਦੀ ਡਿਊਟੀ ਸਿਆਮ ਵਿੱਚੋਂ ਹੋ ਕੇ ਬਰਮਾ ਜਾਣ ਦੀ ਲਾਈ ਗਈ, ਜਿਥੇ ਉਨ੍ਹਾਂ ਭਾਰਤੀ ਫ਼ੌਜੀਆਂ ਨਾਲ ਸੰਪਰਕ ਕਾਇਮ ਕਰ ਕੇ ਉਨ੍ਹਾਂ ਨੂੰ ਬਗ਼ਾਵਤ ਲਈ ਤਿਆਰ ਕਰਨਾ ਸੀ। ਮੌਲਵੀ ਬਰਕਤਉੱਲਾ ਬਾਰੇ ਇਹ ਫ਼ੈਸਲਾ ਹੋਇਆ ਸੀ ਕਿ ਉਹ ਅਫ਼ਗ਼ਾਨਿਸਤਾਨ ਜਾ ਕੇ ਉਥੋਂ ਦੇ ਬਾਦਸ਼ਾਹ ਨੂੰ ਗ਼ਦਰ ਦੀ ਹਮਾਇਤ ਕਰਨ ਲਈ ਪ੍ਰੇਰਿਤ ਕਰਨ ਅਤੇ ਸਰਹੱਦੀ ਪਠਾਣਾਂ ਦੀ ਫ਼ਰੰਗੀ ਵਿਰੁੱਧ ਚੱਲ ਰਹੀ ਲਹਿਰ ਦੀ ਤੰਦ ਗ਼ਦਰ ਲਹਿਰ ਨਾਲ ਜੋੜਨ।

ਖੁੱਲ੍ਹੇ ਪ੍ਰਚਾਰ ਬਾਰੇ

? ਸੁਣਿਐ ਦੇਸ ਨੂੰ ਪਰਤਣ ਵਾਲੇ ਗ਼ਦਰੀ ਜਿਥੋਂ ਵੀ ਤੁਰੇ, ਬਾਕਾਇਦਾ ਜੈਕਾਰੇ ਗੁੰਜਾ ਕੇ ਤੁਰੇ ਅਤੇ ਰਾਹਾਂ ਵਿਚ ਵੀ ਉਹ ਜਹਾਜ਼ਾਂ ਅੰਦਰ ਤੇ ਬੰਦਰਗਾਹਾਂ ਉੱਤੇ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਕਰਦੇ ਰਹੇ, ਜਿਸ ਕਰਕੇ ਉਨ੍ਹਾਂ ‘ਚੋਂ ਬਹੁਤਿਆਂ ਨੂੰ ਦੇਸ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਬੰਦਰਗਾਹਾਂ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੀ ਇਸ ਤਰ੍ਹਾਂ ਢੋਲ ਵਜਾ ਕੇ ਤੁਰਨਾ ਤੇ ਰਾਹਾਂ ਵਿਚ ਖੁੱਲ੍ਹਾ ਪ੍ਰਚਾਰ ਕਰਨਾ ਉਨ੍ਹਾਂ ਦੀ ਬੱਜਰ ਭੁੱਲ ਨਹੀਂ ਸੀ ? ਕੀ ਇਹ ਚੰਗਾ ਨਹੀਂ ਹੋਣਾ ਸੀ ਕਿ ਉਹ ਚੁੱਪ-ਚੁਪੀਤੇ ਲੁਕਵੇਂ ਢੰਗ ਨਾਲ ਦੇਸ ਅੰਦਰ ਦਾਖ਼ਲ ਹੁੰਦੇ ਅਤੇ ਇਥੇ ਆ ਕੇ ਅੰਦਰੋ-ਅੰਦਰੀ ਬਗ਼ਾਵਤ ਦੀਆਂ ਤਿਆਰੀਆਂ ਕਰਦੇ ?

ਇਹ ਠੀਕ ਐ ਕਿ ਬਹੁਤ ਸਾਰੇ ਵਿਦਵਾਨ ਲੇਖਕਾਂ ਨੇ ਇਸ ਗੱਲ ਬਦਲੇ ਗ਼ਦਰੀ ਆਗੂਆਂ ਦੀ ਖਰ੍ਹਵੀ ਨੁਕਤਾਚੀਨੀ ਕੀਤੀ ਏ। ਸ. ਜਗਜੀਤ ਸਿੰਘ ਤੇ ਸੋਹਨ ਸਿੰਘ ਜੋਸ਼, ਜਿਨ੍ਹਾਂ ਨੇ ਵੈਸੇ ਗ਼ਦਰੀਆਂ ਦੀ ਅੰਤਰ-ਰਾਸ਼ਟਰੀ ਹਾਲਤਾਂ ਦਾ ਫ਼ਾਇਦਾ ਲੈਣ ਦੀ ਸੋਚ ਤੇ ਰਣਨੀਤੀ ਦੀ ਪ੍ਰੋੜ੍ਹਤਾ ਕੀਤੀ ਹੈ, ਪਰ ਉਨ੍ਹਾਂ ਦੇ ਵਿਚਾਰ ਅਨੁਸਾਰ ਗ਼ਦਰੀਆਂ ਵੱਲੋਂ ਰਾਹਾਂ ਵਿਚ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਕਰਨਾ ਗੁਪਤ ਤਰੀਕਿਆਂ ਨਾਲ ਹਥਿਆਰਬੰਦ ਬਗ਼ਾਵਤ ਕਰਨ ਦੇ ਮੰਤਵ ਤੇ ਕਾਇਦੇ ਕਾਨੂੰਨਾਂ ਦੀ ਖ਼ਿਲਾਫ਼ ਵਰਜ਼ੀ ਸੀ, ਜਿਸ ਨਾਲ ਲਹਿਰ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਸਤਹੀ ਨਜ਼ਰ ਨਾਲ ਦੇਖਿਆਂ ਇਹ ਗੱਲ ਦਰੁਸਤ ਜਾਪਦੀ ਏ, ਪਰ ਇਸ ਮਸਲੇ ਨੂੰ ਸਤਹੀ ਨਜ਼ਰ ਨਾਲ ਨਹੀਂ ਸਮਝਿਆ ਜਾ ਸਕਦਾ। ਸਤਹੀ ਦ੍ਰਿਸ਼ਟੀ ਦੀ ਆਪਣੀ ਸੀਮਾ ਹੁੰਦੀ ਐ। ਆਮ ਸੂਝ (common sense) ਵਾਂਗ ਹੀ ਇਹ ਵੀ ਵਰਤਾਰਿਆਂ ਦੇ ਅੰਤਰੀਵ ਤਕ ਨਹੀਂ ਜਾਂਦੀ। ਇਸ ਕਰਕੇ ਇਹ ਸੱਚ ਦਾ ਭੁਲੇਖਾ ਪਾਉਂਦੀ ਹੋਈ ਵੀ ਸੱਚੀ ਨਹੀਂ ਹੁੰਦੀ। ਇਥੇ ਈ.ਐਚ. ਕਾਰ ਦੀ ਕਹੀ ਹੋਈ ਗੱਲ ਫਿਰ ਚੇਤੇ ਆਉਂਦੀ ਐ ਕਿ ਕੋਈ ਇਤਿਹਾਸਕਾਰ ਓਨਾ ਚਿਰ ਸਹੀ ਇਤਿਹਾਸ ਨਹੀਂ ਲਿਖ ਸਕਦਾ, ਜਿੰਨਾ ਚਿਰ ਉਹ ਉਨ੍ਹਾਂ ਲੋਕਾਂ ਦੇ ਮਨਾਂ ਨਾਲ ਨਹੀਂ ਜੁੜ ਪਾਉਂਦਾ, ਜਿਨ੍ਹਾਂ ਬਾਰੇ ਉਹ ਲਿਖ ਰਿਹਾ ਹੁੰਦਾ ਏ। ਉੱਨੀਵੀਂ ਸਦੀ ਦੇ ਰੂਸੀ ਸ਼ਾਹਕਾਰ ਲੇਖਕ-ਚਿੰਤਕ ਅਲੈਗਜੈਂਦਰ ਹਰਜ਼ਨ ਨੇ ਇਕ ਥਾਂ ਲਿਖਿਆ ਏ ਕਿ ਸਾਨੂੰ ਲੋਕਾਂ ਸਾਹਮਣੇ, ਉਨ੍ਹਾਂ ਦੇ ਸੁਪਨਿਆਂ ਨੂੰ ਉਨ੍ਹਾਂ ਨਾਲੋਂ ਵੀ ਬਿਹਤਰ ਢੰਗ ਨਾਲ ਪੇਸ਼ ਕਰਨਾ ਚਾਹੀਦੈ ਅਤੇ ਇਨ੍ਹਾਂ ਨੂੰ ਰੇਖਾ ਗਣਿਤ (geometry) ਦੀਆਂ ਥਿਓਰਮਾਂ ਵਾਂਗੂੰ ਨਹੀਂ ਸਮਝਾਉਣਾ ਚਾਹੀਦਾ। ਹਰਜ਼ਨ ਨੇ ਇਹ ਬਹੁਤ ਵੱਡੀ ਗੱਲ ਕੀਤੀ ਐ । ਲੋਕਾਂ ਦੇ ਸੁਪਨਿਆਂ ਨੂੰ ਸਮਝਣਾ ਉਨ੍ਹਾਂ ਦੇ ਮਨਾਂ ਨਾਲ ਜੁੜਨਾ, ਉਨ੍ਹਾਂ ਦੇ ਸੂਖਮ ਭਾਵਾਂ ਨੂੰ ਸਮਝਣਾ ਏ । ਗ਼ਦਰ ਲਹਿਰ ਉੱਤੇ ਟੀਕਾ ਟਿਪਣੀ ਕਰਨ ਵਾਲੇ ਵਿਦਵਾਨਾਂ ਦੀ ਸੀਮਾ ਇਹ ਹੈ ਕਿ ਉਹ ਗ਼ਦਰੀਆਂ ਦੀਆਂ ਸਰਗਰਮੀਆਂ ਨੂੰ ਹਥਿਆਰਬੰਦ ਬਗ਼ਾਵਤ ਬਾਰੇ ਆਮ ਤੇ ਮੁਰਦਾ ਸਿਧਾਂਤਾਂ, ਜੋ ਉਨ੍ਹਾਂ ਕਿਤਾਬਾਂ ਵਿੱਚੋਂ ਪੜ੍ਹੇ ਹੁੰਦੇ ਨੇ, ਦੀ ਰੋਸ਼ਨੀ ਵਿਚ ਰੱਖ ਕੇ ਅੰਗਦੇ/ਪੜਚੋਲਦੇ ਹਨ। ਜਦੋਂ ਕਿ ਗ਼ਦਰੀਆਂ ਨੇ ਅਜਿਹੇ ਸਰਬ-ਵਿਆਪੀ ਸਿਧਾਂਤ ਨਹੀਂ ਪੜ੍ਹੇ ਸਨ ਅਤੇ ਉਨ੍ਹਾਂ ਨੂੰ ਰੋਸ਼ਨੀ ਕਿਸੇ ਹੋਰ ਮੰਡਲ ਤੋਂ ਪ੍ਰਾਪਤ ਹੋ ਰਹੀ ਸੀ। ਉਹ ਤਰਕਸ਼ੀਲ ਗਿਆਨ ਦੀ ਬਜਾਇ ਆਪਣੀ ਅੰਤਰ-ਪ੍ਰੇਰਨਾ (intution) ਦੇ ਬਲਬੂਤੇ ਲੜੇ। ਜਿਹੜੇ ਲੇਖਕ ਨੂੰ ਗ਼ਦਰੀ ਬਾਬਿਆਂ ਦੀ ਇਸ ਅੰਤਰਮੁਖੀ ਵਿਸ਼ੇਸ਼ਤਾ ਦੀ ਸਮਝ ਨਹੀਂ, ਉਹ ਉਨ੍ਹਾਂ ਦੇ ਬਾਹਰੀ ਅਮਲਾਂ ਨੂੰ ਠੀਕ ਅਰਥਾਂ ਵਿਚ ਨਹੀਂ ਸਮਝ ਸਕਦਾ, ਉਹ ਗ਼ਦਰੀਆਂ ਦਾ ਪ੍ਰਸੰਸਕ ਹੋਵੇ ਜਾਂ ਨਿੰਦਕ। ਗ਼ਦਰੀ ਬਾਬਿਆਂ ਦੀ ਪਰਚਾਰ ਸ਼ੈਲੀ ਦਾ ਮਸਲਾ ਤਕਨੀਕੀ ਨਹੀਂ। ਇਸ ਨੂੰ ਗ਼ਦਰ ਲਹਿਰ ਦੀ ਵਿਸ਼ੇਸ਼ਤਾ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ ਅਤੇ ਗ਼ਦਰ ਲਹਿਰ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਨੂੰ ਸਮਝਣ ਲਈ ਇਸ ਦਾ, ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਮੁੱਖ ਧਾਰਾ, ਭਾਵ ‘ਰਾਸ਼ਟਰਵਾਦੀ ਲਹਿਰ’, ਨਾਲੋਂ ਨਿਖੇੜਾ ਕਰਨਾ ਜ਼ਰੂਰੀ ਹੈ।

ਸੱਤਵਾਂ ਖੰਡ

ਗ਼ਦਰ ਲਹਿਰ ਦਾ ਰਾਸ਼ਟਰਵਾਦੀ ਲਹਿਰ ਨਾਲੋਂ ਨਿਖੇੜਾ

ਭਾਵੇਂ ਜ਼ਾਹਰਾ ਤੌਰ ‘ਤੇ ਗ਼ਦਰ ਲਹਿਰ ਤੇ ਰਾਸ਼ਟਰਵਾਦੀ ਲਹਿਰ, ਦੋਵਾਂ ਦਾ ਨਿਸ਼ਾਨਾ ਇੱਕੋ ਸੀ – ਦੇਸ ਨੂੰ ਬਰਤਾਨਵੀ ਗ਼ੁਲਾਮੀ ਤੋਂ ਆਜ਼ਾਦ ਕਰਾਉਣਾ, ਪਰ ਦੋਵਾਂ ਦੇ ਆਜ਼ਾਦੀ ਦੇ ਸੰਕਲਪ ਤੇ ਇਸ ਪਿੱਛੇ ਕੰਮ ਕਰਦੇ ਜਜ਼ਬੇ ਦੀ ਤਾਸੀਰ ਵਿਚ ਬੁਨਿਆਦੀ ਅੰਤਰ ਸੀ। ਜੀਹਨੂੰ ਰਾਸ਼ਟਰਵਾਦੀ ਲਹਿਰ ਕਿਹਾ ਜਾਂਦਾ ਹੈ, ਉਹ ਮੁਖ ਰੂਪ ਵਿਚ ਭਾਰਤ ਦੇ ਪੜ੍ਹੇ- ਲਿਖੇ ਮੱਧਵਰਗ ਦੀ ਲਹਿਰ ਸੀ। ਇਹ ਵਰਗ ਮੁੱਖ ਰੂਪ ਵਿਚ ਸ਼ਹਿਰੀ ਸੀ ਤੇ ਸਮਾਜੀ ਬਣਤਰ ਦੇ ਲਿਹਾਜ਼ ਨਾਲ ਲਗਭਗ ਸਮੁੱਚੇ ਰੂਪ ਵਿਚ ਉੱਚ ਵਰਗੀ (ਕੁਲੀਨ) ਤੇ ‘ਉੱਚ ਜਾਤੀ’ ਸੀ। ਇਸ ਵਰਗ ਦੇ ਇਹ ਤਿੰਨੋਂ ਲੱਛਣ – ਪੜ੍ਹੇ-ਲਿਖੇ, ਸ਼ਹਿਰੀ ਤੇ ਉੱਚ ਵਰਗੀ/ ਉੱਚ ਜਾਤੀ ਹੋਣਾ – ਬਹੁਤ ਮਹੱਤਵਪੂਰਨ ਹਨ। ਇਸ ਤੋਂ ਇਸ ਦੀ ਵਿਚਾਰਧਾਰਾ ਤੇ ਰਾਜਨੀਤੀ ਦਾ ਖ਼ਾਸਾ ਸਮਝਣ ਵਿਚ ਮੱਦਦ ਮਿਲਦੀ ਹੈ।

? ਪਰ ਗਾਂਧੀ ਦੀ ਅਗਵਾਈ ਹੇਠ ਰਾਸ਼ਟਰਵਾਦੀ ਲਹਿਰ ਵਿਚ ਪੇਂਡੂ ਖੇਤਰਾਂ ਦੀ ਵਿਸ਼ਾਲ ਜਨਤਾ ਅਤੇ ਦੇਸ ਦੀ ਵਸੋਂ ਦੇ ਗ਼ੈਰ-ਹਿੰਦੂ ਤੇ ਦਲਿਤ ਵਰਗਾਂ ਦੀ ਵੀ ਭਰਵੀਂ ਸ਼ਮੂਲੀਅਤ ਹੋ ਗਈ ਸੀ। ਫਿਰ ਇਸ ਨੂੰ ਮੁੱਖ ਰੂਪ ਵਿਚ ਪੜ੍ਹੇ-ਲਿਖੇ, ਸ਼ਹਿਰੀ ਤੇ ‘ਉੱਚ ਜਾਤੀ’ ਹਿੰਦੂ ਵਰਗਾਂ ਦੀ ਲਹਿਰ ਕਹਿਣਾ ਉਚਿਤ ਕਿਵੇਂ ਹੈ ? ਕੀ ਇਸ ਨੂੰ ਦੇਸ ਦੇ ਸਾਰੇ ਵਰਗਾਂ ਦੀ ਸਾਂਝੀ ਤੇ ਧਰਮ ਨਿਰਪੱਖ ਲਹਿਰ ਕਹਿਣਾ ਵੱਧ ਠੀਕ ਨਹੀਂ ?

ਇਹ ਤੁਸੀਂ ਇਕ ਅਹਿਮ ਸਿਧਾਂਤਕ ਨੁਕਤਾ ਉਠਾਇਆ ਹੈ। ਕਿਸੇ ਵਸਤੂ ਜਾਂ ਵਰਤਾਰੇ ਦਾ ਭਾਰੂ ਖ਼ਾਸਾ ਸਮਝਣ ਵਾਸਤੇ ਇਸ ਦੇ ਦੋ ਅੰਗਾਂ, ਇਸ ਦਾ ਕੇਂਦਰੀ ਭਾਗ (core), ਜਿਸ ਨੂੰ ਇਸ ਦੀ ‘ਗਿਰੀ’ ਜਾਂ ‘ਧੁਰਾ’ ਕਿਹਾ ਜਾ ਸਕਦਾ ਏ, ਅਤੇ ਇਸ ਦੀ ਬਾਹਰਲੀ ਕੰਨੀ (periphery) ਵਿਚ ਨਿਖੇੜਾ ਕਰਨਾ ਬਹੁਤ ਅਹਿਮ ਹੁੰਦਾ ਹੈ। ਕਿਸੇ ਵਸਤੂ ਦਾ ਭਾਰੂ ਲੱਛਣ ਇਸ ਦੀ ਬਾਹਰਲੀ ਕੰਨੀ ਤੋਂ ਨਹੀਂ, ਇਸ ਦੇ ‘ਧੁਰੇ’ ਤੋਂ ਨਿਰਧਾਰਤ ਹੁੰਦਾ ਏ। ਬਦਾਮ ਦਾ ਤੱਤ ਖੋਲ ਤੋਂ ਨਹੀਂ, ਇਸ ਅੰਦਰਲੀ ‘ਗਿਰੀ’ ਤੋਂ ਪਛਾਣਿਆ ਜਾਂਦਾ ਏ। ਕਿਸੇ ਲਹਿਰ ਦਾ ਵਿਸ਼ਲੇਸ਼ਣ ਕਰਨ ਵੇਲੇ ਜੇਕਰ ਇਸ ਨੇਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਇਸ ਦਾ ਠੀਕ ਖ਼ਾਸਾ ਨਹੀਂ ਬੁੱਝਿਆ ਜਾ ਸਕਦਾ।

ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ, ਤਾਂ ਰਾਸ਼ਟਰਵਾਦੀ ਲਹਿਰ ਦਾ ਮੁੱਢ, ਉੱਨੀਵੀਂ ਸਦੀ ਵਿਚ ਬੰਗਾਲ ਦੇ ਹਿੰਦੂ ਚਿੰਤਕਾਂ-ਸੁਧਾਰਕਾਂ ਨੇ ਬੰਨ੍ਹਿਆ ਸੀ। ਰਾਜਾ ਰਾਮਮੋਹਨ ਰਾਇ (1772-1833), ਈਸ਼ਵਰਚੰਦਰ ਵਿਦਿਆਸਾਗਰ (1820-91), ਦਵਾਰਕਾਨਾਥ ਟੈਗੋਰ (1794-1846) ਤੇ ਉਸ ਦਾ ਪੁੱਤਰ ਦੇਬਿੰਦਰਨਾਥ ਟੈਗੋਰ (1817-1905), ਸਾਰੇ ਬੰਗਾਲੀ ਸਮਾਜ ਅੰਦਰ ਉੱਚੇ ਰੁਤਬੇ ਦੇ ਮਾਲਕ ਬ੍ਰਾਹਮਣ ਘਰਾਣਿਆਂ ‘ਚੋਂ ਸਨ। ਇਨ੍ਹਾਂ ਨੇ ਭਾਰਤ ਅੰਦਰ ਰਾਸ਼ਟਰਵਾਦ ਦੀ ਬੁਨਿਆਦ ਰੱਖੀ। ਇਸ ਵਿੱਚੋਂ ਬੰਗਾਲ ਅੰਦਰ ਜੁਝਾਰੂ ਹਿੰਦੂ ਰਾਸ਼ਟਰਵਾਦ ਦਾ ਜਨਮ ਹੋਇਆ, ਜਿਸ ਦਾ ਮੋਢੀ ਅਰਬਿੰਦੋ ਘੋਸ਼ ਸੀ। ਇਸ ਦਾ ਉਦੇਸ਼ ਹਿੰਦੂ ਸਮਾਜ ਦਾ ਸੈਨਕੀਕਰਨ ਕਰਨਾ, ਹਿੰਦੂਆਂ ਅੰਦਰ ਸੈਨਿਕ ਮਾਨਸਿਕਤਾ ਪੈਦਾ ਕਰਨਾ ਸੀ । ਬੰਕਿਮ ਚੰਦਰ ਚੈਟਰਜੀ ਦੇ ਨਾਵਲਾਂ ਦਾ ਮੁੱਖ ਥੀਮ ਇਹੀ ਸੀ। ਇਸ ਦੀ ਪ੍ਰੇਰਨਾ ਨਾਲ ਬੰਗਾਲ ਅੰਦਰ ਉੱਨੀਵੀਂ ਸਦੀ ਦੇ ਅੰਤ ਤੇ ਵੀਹਵੀਂ ਸਦੀ ਦੇ ਮੁੱਢ ਵਿਚ ਕ੍ਰਾਂਤੀਕਾਰੀ ਰਾਸ਼ਟਰਵਾਦੀ ਅੰਦੋਲਨ ਦੀ ਧਾਰਾ ਪ੍ਰਗਟ ਹੋਈ ਜਿਸ ਨੇ ਦੇਸ ਦੇ ਸਮੁੱਚੇ ਰਾਜਸੀ ਵਾਤਾਵਰਣ ਉੱਤੇ ਅਸਰ ਪਾਇਆ। ਭਾਰਤ ਅੰਦਰ ਰਾਸ਼ਟਰਵਾਦ ਦੀ ਜਿਹੜੀ ਵੀ ਧਾਰਾ ਜਾਂ ਉਪ ਧਾਰਾ ਪ੍ਰਗਟ ਹੋਈ – ਨਰਮਦਲੀ ਸੀ ਜਾਂ ਗਰਮਦਲੀ, ਉਦਾਰਪੰਥੀ ਸੀ ਜਾਂ ਕ੍ਰਾਂਤੀਕਾਰੀ, ‘ਧਰਮ ਨਿਰਪੱਖ’ ਸੀ ਜਾਂ ਕੱਟੜ ਹਿੰਦੂ ਰਾਸ਼ਟਰਵਾਦੀ, ਸੱਜੇ ਪੱਖੀ ਸੀ ਜਾਂ ਖੱਬੇ ਪੱਖੀ ਸੀ – ਸਭ ਨੇ ਮੂਲ ਰੂਪ ਵਿਚ ਮੁੱਢਲੇ ਬੰਗਾਲੀ ਚਿੰਤਕਾਂ-ਸੁਧਾਰਕਾਂ ਵੱਲੋਂ ਸਿਰਜੇ ਬੁਨਿਆਦੀ ਸਿਧਾਂਤਕ ਚੌਖਟੇ ਦੀ ਹੀ ਪਰਿਕਰਮਾਂ ਕੀਤੀ। ਇਸ ਦੀ ਵਿਚਾਰਧਾਰਾ, ਚਿੰਨ੍ਹ ਤੇ ਨਾਹਰੇ ਦੇਸ ਦੇ ਸਮੁੱਚੇ ਹਿੰਦੂ ‘ਉੱਚ ਜਾਤੀ ਵਰਗਾਂ ਅੰਦਰ ਮਕਬੂਲ ਹੋ ਗਏ। ਕਿਸੇ ਕਲਪਨਾਸ਼ੀਲ ਕਲਾਕਾਰ ਨੇ ਭਾਰਤੀ ਰਾਸ਼ਟਰਵਾਦ ਦੇ ਸੰਕਲਪ ਤੇ ਲਹਿਰ ਨੂੰ ਚਿੰਨ੍ਹਾਂ/ਰੂਪਕਾਂ ਦੇ ਜ਼ਰੀਏ ਦਰਸਾਉਂਦਿਆਂ ਭਾਰਤ ਦੀ ਆਜ਼ਾਦੀ ਨੂੰ ‘ਸਵਰਾਜ ਮੰਦਰ’ ਦੀ ਸੰਗਿਆ ਦਿੱਤੀ ਹੈ। ਇਸ ‘ਮੰਦਰ’ ਵੱਲ ਜਾ ਰਹੇ ਕ੍ਰਿਸ਼ਨ ਦੇ ਰੱਥ ਦਾ ਸਾਰਥੀ ‘ਮਹਾਤਮਾ ਗਾਂਧੀ’ ਹੈ, ਪੰਡਿਤ ਜਵਾਹਰ ਲਾਲ ਨਹਿਰੂ ਤੇ ਸੁਭਾਸ਼ ਚੰਦਰ ਬੋਸ ਉਸ ਦੇ ਸਾਥੀ ਹਨ। ਭਾਰਤੀ ਸਮਾਜ ਦੇ ਗ਼ੈਰ-ਸਵਰਨ ਜਾਤੀ ਤੇ ਗ਼ੈਰ-ਹਿੰਦੂ ਵਰਗਾਂ ਦੇ ਆਗੂ ਰੱਥ ਉੱਤੇ ਫੁੱਲ ਵਰਸਾ ਰਹੇ ਦਿਖਾਏ ਗਏ ਹਨ। ਇਸ ਚਿੱਤਰ ਤੋਂ ਭਾਰਤੀ ਰਾਸ਼ਟਰਵਾਦ ਦਾ ਹਿੰਦੂ ਪ੍ਰਧਾਨ ਤੇ ਸਵਰਨ ਜਾਤੀ ਖ਼ਾਸਾ ਸਵੈ-ਉਜਾਗਰ ਹੁੰਦਾ ਹੈ। ‘ਉੱਚ- ਜਾਤੀ’ ਵਰਗ ਅਗਵਾਈ ਕਰ ਰਹੇ ਹਨ ਅਤੇ ‘ਦੂਸਰੇ’ ਵਰਗਾਂ ਨੂੰ ਉਨ੍ਹਾਂ ਦੀ ਜੈ ਜੈਕਾਰ ਕਰਨ ਦਾ ਕਾਰਜ ਸੌਂਪਿਆ ਗਿਆ ਹੈ। ਭਾਵੇਂ ਪੜ੍ਹੇ-ਲਿਖੇ ਹਿੰਦੂ ਬੁੱਧੀਮਾਨਾਂ ਦੇ ਜ਼ਰੀਏ ਇਹ ਲਾਗ ਕੁਝ ਹੱਦ ਤਕ ਗ਼ਦਰ ਲਹਿਰ ਅੰਦਰ ਵੀ ਪ੍ਰਵੇਸ਼ ਕਰ ਗਈ ਸੀ, ਪਰ ਫਿਰ ਵੀ ਗ਼ਦਰ ਲਹਿਰ ਦੀ ਕੇਂਦਰੀ ਧਾਰਾ ਇਸ ਲਾਗ ਤੋਂ ਵੱਡੀ ਹੱਦ ਤਕ ਸੁਰਖ਼ਰੂ ਰਹੀ। ਤਾਕਤਵਰ ਵਿਚਾਰਧਾਰਕ ਪ੍ਰਭਾਵਾਂ ਤੇ ਦਬਾਵਾਂ ਦੇ ਬਾਵਜੂਦ ਸਿੱਖ ਗ਼ਦਰੀ ਬਾਬਿਆਂ ਨੇ ਆਪਣੀ ਅੰਤਰਮੁਖੀ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਜ਼ਰਬ ਨਹੀਂ ਸੀ ਆਉਣ ਦਿੱਤੀ। ਇਸ ਦਾ ਠੋਸ ਇਜ਼ਹਾਰ ਹੇਠਾਂ ਦਿੱਤੇ ਰੂਪਾਂ ਵਿਚ ਹੋਇਆ।

ਦੋ ਅੱਡ ਅੱਡ ਵਰਗ

ਗ਼ਦਰ ਪਾਰਟੀ ਦੇ ਮੁੱਢਲੇ ਨਿਰਮਾਣਕਾਰੀ ਦੌਰ ਅੰਦਰ ਇਸ ਵਿਚ ਮੋਟੇ ਤੌਰ ‘ਤੇ ਦੋ ਅਲੱਗ ਅਲੱਗ ਸਮਾਜੀ ਵਰਗਾਂ ਦੇ ਲੋਕ ਸਰਗਰਮ ਹੋਏ ਸਨ । ਇਕ ਪੜ੍ਹੇ-ਲਿਖੇ ਬੁੱਧੀਮਾਨ ਕਿਸਮ ਦੇ ਲੋਕ ਸਨ, ਜਿਨ੍ਹਾਂ ‘ਚ ਵੱਡੀ ਗਿਣਤੀ ਵਿਚ ਵਿਦਿਆਰਥੀ ਸਨ ਜਿਹੜੇ ਅਮਰੀਕਾ-ਕੈਨੇਡਾ ਅੰਦਰ ਉੱਚੀ ਵਿੱਦਿਆ ਹਾਸਲ ਕਰਨ ਪਹੁੰਚੇ ਸਨ। ਸਰਕਾਰੀ ਰਿਪੋਰਟਾਂ ਵਿਚ ਅਜਿਹੇ ਵਿਦਿਆਰਥੀਆਂ ਦੀ ਸੰਖਿਆ ਦੋ ਤੋਂ ਤਿੰਨ ਸੌ ਦੇ ਵਿਚਕਾਰ ਦੱਸੀ ਗਈ ਹੈ। ਇਹ ਲਗਭਗ ਸਾਰੇ ਦੇ ਸਾਰੇ ਹਿੰਦੂ ਸਨ ਤੇ ਬਹੁਤੇ ਬੰਗਾਲੀ ਸਨ।  ਦੂਜੇ ਵਰਗ ਬਾਰੇ ਸਭ ਨੂੰ ਈ ਪਤੈ, ਉਹ ਪੰਜਾਬੀ ਪੇਂਡੂ ਕਿਸਾਨ ਸਨ, ਜਿਨ੍ਹਾਂ ‘ਚੋਂ 95 ਫ਼ੀ ਸਦੀ ਸਿੱਖ ਸਨ। ਇਨ੍ਹਾਂ ਵੱਖੋ-ਵੱਖਰੇ ਵਰਗਾਂ ਦੀ ਗ਼ਦਰ ਬਾਰੇ ਧਾਰਨਾ ਇੱਕੋ ਜਿਹੀ ਨਹੀਂ ਸੀ, ਅਲੱਗ ਅਲੱਗ ਸੀ। ਸਿੱਖਾਂ ਦੀ ਹੋਰ, ਬੰਗਾਲੀਆਂ ਦੀ ਹੋਰ, ਪੰਜਾਬੀ ਹਿੰਦੂਆਂ ਦੀ ਹੋਰ। ਹਰ ਵਰਗ ਦਾ ਆਜ਼ਾਦੀ ਦਾ ਤੇ ਨਾਲ ਹੀ ਗ਼ਦਰ ਦਾ ਵੀ, ਸੰਕਲਪ ਆਪੋ-ਆਪਣਾ ਸੀ। ਇਸ ਤੋਂ ਦੋਨੋਂ ਵਰਗਾਂ ਦਾ, ਜਥੇਬੰਦੀ ਦੀ ਬਣਤਰ ਤੇ ਕੰਮ ਕਰਨ ਦੇ ਢੰਗ ਤਰੀਕਿਆਂ ਬਾਰੇ, ਲਾਮਬੰਦੀ ਬਾਰੇ ਅਤੇ ਹਿੰਸਾ ਬਾਰੇ ਅਲੱਗ ਅਲੱਗ ਨਜ਼ਰੀਆ ਪ੍ਰਗਟ ਹੋਇਆ।

ਪੜ੍ਹੇ-ਲਿਖੇ ਸ਼ਹਿਰੀ ਹਿੰਦੂ ਤੱਤਾਂ ਨੇ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਦੌਰਾਨ ਅਮਰੀਕਾ ਤੇ ਕੈਨੇਡਾ ਅੰਦਰ ਆਪਣਾ ਕੰਮ ਇੰਗਲੈਂਡ ਦੀ ਤਰਜ਼ ਉੱਤੇ ਕਰਨਾ ਸ਼ੁਰੂ ਕੀਤਾ ਸੀ। ਇੱਕਾ ਦੁੱਕਾ ਹਿੰਦੁਸਤਾਨੀ ਵਿਦਿਆਰਥੀਆਂ ਨੇ ਆਜ਼ਾਦੀ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਪਰਚਿਆਂ ਨੂੰ ਮੁੱਖ ਵਸੀਲਾ ਬਣਾਇਆ। ਰਾਮਨਾਥ ਪੁਰੀ (ਖੇਮਕਰਨ), ਜੀ.ਡੀ. ਕੁਮਾਰ (ਬੰਨੂ), ਤਾਰਕਨਾਥ (ਬੰਗਾਲੀ, ਅਨੁਸ਼ੀਲਨ ਸੰਮਤੀ ਦਾ ਮੈਂਬਰ) ਆਦਿ ਨੇ ਆਪੋ-ਆਪਣੇ ਪਰਚੇ ਛਾਪਣੇ ਸ਼ੁਰੂ ਕੀਤੇ। ਇਹ ਸਾਰੇ ਪਰਚੇ ਅੰਗਰੇਜ਼ੀ ਵਿਚ ਛਪਦੇ ਸਨ। ਵੈਸੇ ਸਾਰਿਆਂ ਦੇ ਧਿਆਨ ਦਾ ਕੇਂਦਰ-ਬਿੰਦੂ ਸਿੱਖ ਹੀ ਸਨ। ਇਸ ਕਰਕੇ ਇਨ੍ਹਾਂ ਹਿੰਦੂ ਦੇਸ਼ਭਗਤਾਂ ਨੇ ਸਿੱਖਾਂ ਅੰਦਰ ਪ੍ਰਚਾਰ ਕਰਨ ਲਈ ਵੈਨਕੂਵਰ ਦੇ ਗੁਰਦੁਆਰੇ ਨੂੰ ਅੱਡਾ ਬਣਾਇਆ। ਭਾਵੇਂ ਗ਼ਦਰ ਪਾਰਟੀ ਨੇ ਵੀ ਆਪਣਾ ਅਖ਼ਬਾਰ ਗ਼ਦਰ ਛਾਪਣ ਦਾ ਫ਼ੈਸਲਾ ਕੀਤਾ, ਪਰ ਉਹ ਅਖ਼ਬਾਰ ਦੇ ਰੋਲ ਨੂੰ ਹੋਰ ਤਰ੍ਹਾਂ ਚਿਤਵਦੇ ਸਨ। ਉਨ੍ਹਾਂ ਦਾ ਸਾਰਾ ਦਾਰੋਮਦਾਰ ਅਖ਼ਬਾਰ ਉੱਤੇ ਨਹੀਂ ਸੀ। ਉਨ੍ਹਾਂ ਦੇ ਵਿਚਾਰ-ਚੌਖਟੇ ਤੇ ਕਾਰਜ-ਯੋਜਨਾ ਅੰਦਰ ਅਖ਼ਬਾਰ ਦੀ ਭੂਮਿਕਾ ਸੀਮਤ ਸੀ। ਬਾਬਾ ਭਕਨਾ ਨੇ ਇਸ ਦੀ ਵਿਆਖਿਆ ਕਰਦਿਆਂ ਲਿਖਿਆ ਹੈ: ‘ਕੈਲੇਫ਼ੋਰਨੀਆ ਦੇ ਹਿੰਦੀਆਂ ਵਿਚ ਅਖ਼ਬਾਰ ਨਿਕਲਣ ਪੁਰ ਵੀ ਜਾਗ੍ਰਤੀ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਸਨ ਆਉਂਦੇ । ਅਖ਼ਬਾਰ ਲੋਕਾਂ ਨੂੰ ਉਭਾਰ ਸਕਦਾ ਸੀ ਪਰ ਕਰਨੀ ਦੇ ਕਹੇ ਪਾਉਣਾ ਤੇ ਜਥੇਬੰਦ ਕਰਨਾ ਅਖ਼ਬਾਰ ਦੀ ਸਮਰੱਥਾ ਤੋਂ ਬਾਹਰ ਸੀ। ਨਾ ਹੀ ਕਦੇ ਕਦਾਈਂ ਸ਼ਹਿਰ ਜਾਂ ਨਗਰ ਵਿਚ ਇਕੱਠ ਕਰ ਛੱਡਣ ਨਾਲ ਇਹ ਕੰਮ ਪੂਰਾ ਹੋ ਸਕਦਾ ਸੀ।”1 ਬਾਬਾ ਜੀ ਦੀਆਂ ਇਨ੍ਹਾਂ ਸਤਰਾਂ ਵਿਚ ਬਹੁਤ ਡੂੰਘੇ ਅਰਥ ਛੁਪੇ ਹੋਏ ਹਨ। ਇਹ ਪੜ੍ਹੇ- ਲਿਖੇ ਸ਼ਹਿਰੀਆਂ ਦੀ ਸੋਚ ਤੇ ਕਾਰਜ-ਸ਼ੈਲੀ ਦੀ ਕਾਟਵੀਂ ਪੜਚੋਲ ਹੈ । ਜਿਹੜਾ ਵਰਗ ‘ਲੋਕਾਂ ਨੂੰ ਕਰਨੀ ਦੇ ਪਹੇ ਪਾਉਣ ਤੇ ਜਥੇਬੰਦ ਕਰਨ’ ਦੇ ਕਾਰਜ ਬਾਰੇ ਦਿਲੋਂ ਗੰਭੀਰ ਤੇ ਸੁਹਿਰਦ ਨਹੀਂ, ਉਹ ਬਾਬਾ ਭਕਨਾ ਦੇ ਇਸ ਕਥਨ ਦੀ ਅਹਿਮੀਅਤ ਨਹੀਂ ਪਛਾਣ ਸਕਦਾ।

ਪੜ੍ਹੇ-ਲਿਖੇ ਸ਼ਹਿਰੀਆਂ ਦੇ ਮਨਾਂ ਅੰਦਰ ਇਹ ਧਾਰਨਾ ਪੱਕੀ ਵੱਸੀ ਹੋਈ ਸੀ ਕਿ ਪੜ੍ਹੇ-ਲਿਖੇ ਬੰਦਿਆਂ ਦੀ ਸਹਾਇਤਾ ਤੋਂ ਬਿਨਾਂ ਭਾਰਤ ਆਜ਼ਾਦੀ ਪ੍ਰਾਪਤ ਨਹੀਂ ਕਰ ‘ ਸਕਦਾ।’ ਇਸ ਕਰਕੇ ਗ਼ਦਰ ਪਾਰਟੀ ਦਾ ਮੁੱਢ ਬੰਨ੍ਹਣ ਵੇਲੇ ਭਾਈ ਪਰਮਾਨੰਦ (ਲਾਹੌਰ) ਨੇ, ਆਪਣੇ ਵਰਗ ਦੇ ਵਿਚਾਰਾਂ ਦੀ ਤਰਜਮਾਨੀ ਕਰਦੇ ਹੋਏ ਵੱਧ ਜ਼ੋਰ ਇਸ ਗੱਲ ਤੇ ਦਿੱਤਾ ਸੀ ਕਿ ਸਾਨੂੰ ਭਾਰਤ ਤੋਂ ਪੜ੍ਹੇ-ਲਿਖੇ ਨੌਜਵਾਨ ਵਿਦਿਆਰਥੀਆਂ ਨੂੰ ਇਥੇ ਮੰਗਵਾਉਣ ਦੇ ਮੰਤਵ ਨਾਲ ਕੁਝ ਵਜ਼ੀਫ਼ੇ ਸ਼ੁਰੂ ਕਰਨੇ ਚਾਹੀਦੇ ਹਨ। ਪਰ ਬਾਬਾ ਭਕਨਾ ਤੇ ਹੋਰਨਾਂ ਨੇ ਇਸ ਤਜਵੀਜ਼ ਦੀ ਪ੍ਰੋੜ੍ਹਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਨਿਸ਼ਾਨਾ ਅਤੇ ਸਾਧਨ : ਸਾਂਝ ਤੇ ਪਾੜੇ

ਸਰਸਰੀ ਨਜ਼ਰ ਨਾਲ ਦੇਖਿਆਂ ਦੋਵਾਂ ਵਰਗਾਂ ਵਿਚਕਾਰ ਨਿਸ਼ਾਨੇ ਦੀ ਜੋ ਸਾਂਝ ਦਿੱਖਦੀ ਸੀ, ਉਹ ਮੁਕੰਮਲ ਨਹੀਂ ਸੀ। ਦੋਵੇਂ ਬਸਤੀਵਾਦ ਦਾ ਵਿਰੋਧ ਕਰਦੇ ਸਨ, ਪਰ ਇਸ ਵਿਰੋਧ ਬਾਰੇ ਦੋਵਾਂ ਵਰਗਾਂ ਦਾ ਨਜ਼ਰੀਆ ਵੱਖੋ-ਵੱਖ ਸੀ। ਸਿੱਖ ਗ਼ਦਰੀਆਂ ਦਾ ਬਸਤੀਵਾਦ ਦਾ ਵਿਰੋਧ ਕਿਸੇ ਸੌੜੀ ਰਾਜਸੀ ਵਿਚਾਰਧਾਰਾ ਜਾਂ ਰਾਜਸੀ ਸੁਆਰਥ ਵਿੱਚੋਂ ਨਹੀਂ, ਇਨਸਾਫ਼ ਦੀ ਭਾਵਨਾ ਵਿੱਚੋਂ ਪੈਦਾ ਹੋਇਆ ਸੀ। ਇਹ, ਬਰਾਬਰੀ ਤੇ ਜਮਹੂਰੀਅਤ ਦੀ ਸਪਿਰਟ ਦਾ, ਜਿਹੜੀ ਉਨ੍ਹਾਂ ਨੇ ਸਿੱਖੀ ਤੋਂ ਵਿਰਸੇ ਵਿਚ ਗ੍ਰਹਿਣ ਕੀਤੀ ਸੀ, ਸਮਕਾਲੀ ਦੌਰ ਅੰਦਰ ਠੋਸ ਰਾਜਸੀ ਇਜ਼ਹਾਰ ਸੀ। ਇਹ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਸਿੱਖ ਪਰੰਪਰਾ ਦਾ ਹੀ ਜਾਰੀ ਅਮਲ ਸੀ। ਦੂਜੇ ਬੰਨੇ, ਪੜ੍ਹੇ-ਲਿਖੇ ‘ਉੱਚ ਜਾਤੀਏ’ ਹਿੰਦੂ ਵਰਗਾਂ ਵੱਲੋਂ ਬਸਤੀਵਾਦ ਦਾ ਵਿਰੋਧ ਇਨਸਾਫ਼ ਦੀ ਭਾਵਨਾ ਵਿੱਚੋਂ ਨਹੀਂ, ਆਪਣੇ ਸਡੈ ਰਾਜਸੀ ਸੁਆਰਥ ਵਿੱਚੋਂ ਕੀਤਾ ਜਾ ਰਿਹਾ ਸੀ। ਇਸ ਵਰਗ ਕੋਲ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦੀ ਆਪਣੀ ਕੋਈ ਪ੍ਰੇਰਨਾਮਈ ਵਿਰਾਸਤ ਨਹੀਂ। ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ‘ਜ਼ੁਲਮ ਤੇ ਜਬਰ ਦਾ ਟਾਕਰਾ ਕਰਨ ਵਾਸਤੇ ਪਰਉਪਕਾਰੀ ਬਿਰਤੀ ਪਹਿਲੀ ਲੋੜੀਂਦੀ ਸ਼ਕਤੀ ਹੈ।” ਜਿਸ ਵਰਗ ਨੇ ਸਦੀਆਂ ਤਕ ਮਨੁੱਖਤਾ ਦੇ ਵੱਡੇ ਹਿੱਸੇ ਨੂੰ ‘ਮਨੁੱਖ’ ਸਮਝਣ ਤੋਂ ਹੀ ਇਨਕਾਰ ਕਰੀ ਰੱਖਿਆ ਅਤੇ ਇਨ੍ਹਾਂ ਦਲਿਤ ਵਰਗਾਂ ਉੱਤੇ ਨਿਰੰਤਰ ਹਜ਼ਾਰਾਂ ਸਾਲਾਂ ਤਕ ਅਣਮਨੁੱਖੀ ਤੇ ਵਹਿਸ਼ੀ ਜ਼ੁਲਮ ਢਾਹੇ, ਉਸ ਦੇ ਹਿਰਦੇ ਅੰਦਰ ਪਰਉਪਕਾਰੀ ਬਿਰਤੀ ਕਿਵੇਂ ਪਨਪ ਸਕਦੀ ਹੈ ? ਇਸ ਬਿਰਤੀ ਦੀ ਅਣਹੋਂਦ ਵਿਚ, ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਉਸ ਦੇ ਭਾਵ ਕਿੰਨੇ ਕੁ ਸੱਚੇ ਸੁੱਚੇ ਹੋ ਸਕਦੇ ਹਨ ? ਇਸ ਕਰਕੇ ‘ਉੱਚ ਜਾਤੀਏ’ ਹਿੰਦੂ ਵਰਗਾਂ ਵੱਲੋਂ ਬਸਤੀਵਾਦ ਦੇ ਵਿਰੋਧ ਅੰਦਰ ਰਾਜਸੀ ਸੁਆਰਥ ਪ੍ਰਧਾਨ ਸੀ। ਇਨ੍ਹਾਂ ਦਾ ਮੁੱਖ ਸਰੋਕਾਰ ਰਾਜਸੀ ਸੱਤਾ ਹਾਸਲ ਕਰਨਾ ਤੇ ਇਸ ਦਾ ਆਪਣੇ ਸੌੜੇ ਧਾਰਮਿਕ, ਸਭਿਆਚਾਰਕ, ਆਰਥਿਕ ਤੇ ਰਾਜਸੀ ਹਿਤਾਂ ਲਈ ਇਸਤੇਮਾਲ ਕਰਨਾ ਸੀ। ਰਾਜ ਸੱਤਾ ਦੀ ਵਰਤੋਂ ਮਨੁੱਖੀ ਭਲਾਈ ਵਾਸਤੇ ਕਰਨਾ ਇਨ੍ਹਾਂ ਵਰਗਾਂ ਦੇ ਵਿਰਸੇ ਤੇ ਸੁਭਾਅ ਦਾ ਅੰਗ ਨਹੀਂ। ਪਰ ਇਨ੍ਹਾਂ ਵਰਗਾਂ ਨੇ ਆਪਣੇ ਕਪਟੀ (ਚਾਣਕਯਾ) ਚਰਿੱਤਰ ਅਨੁਸਾਰ ਇਸ ਰਾਜਸੀ ਸੁਆਰਥ ਨੂੰ ਰਾਸ਼ਟਰਵਾਦੀ ਵਿਚਾਰਧਾਰਾ ਦਾ ਮਨਮੋਹਕ ਜਾਮਾ ਪਹਿਨਾਇਆ।

? ਜੇਕਰ ਤੁਹਾਡੇ ਇਸ ਨਿਰਣੇ ਨੂੰ ਕੋਈ ਜਣਾ ਹਿੰਦੂ ਵਿਰੋਧੀ ਤੁਅੱਸਬਾਂ ਦੀ ਪੈਦਾਇਸ਼ ਕਹਿੰਦਾ ਹੈ, ਤਾਂ ਤੁਹਾਡਾ ਇਸ ਬਾਰੇ ਕੀ ਪ੍ਰਤਿਕਰਮ ਹੋਵੇਗਾ ?

ਕਹਿਣ ਨੂੰ ਤਾਂ ਕੋਈ ਜੋ ਮਰਜ਼ੀ ਕਹਿ ਸਕਦੈ। ਪਰ ਤਰਕ ਬੜਾ ਸਪੱਸ਼ਟ ਐ। ਕੀ ਜਾਤ- ਪਾਤੀ ਵਿਚਾਰਧਾਰਾ ਤੇ ਇਨਸਾਫ਼ ਦੀ ਭਾਵਨਾ ਦਾ ਸੁਮੇਲ ਹੋ ਸਕਦਾ ਏ ? ਤੁਸੀਂ ਭਾਰਤੀ ਰਾਸ਼ਟਰਵਾਦ ਦੇ ਜਨਮ ਤੇ ਵਿਕਾਸ ਦੇ ਸਮੁੱਚੇ ਅਮਲ ਉੱਤੇ ਪੜਚੋਲਵੀਂ ਝਾਤੀ ਮਾਰ ਕੇ ਦੇਖੋ, ਰਾਸ਼ਟਰਵਾਦ ਦੇ ਮੋਢੀ ਬੰਗਾਲੀ ਚਿੰਤਕਾਂ ਤੇ ਸੁਧਾਰਕਾਂ ਅਤੇ ਉਨ੍ਹਾਂ ਦੇ ਵਾਰਸਾਂ ਵਿੱਚੋਂ ਕਿਸੇ ਨੇ ਵੀ ਜਾਤ-ਪਾਤੀ ਪ੍ਰਬੰਧ ਤੇ ਵਰਣ ਭੇਦ ਦੀ ਵਿਚਾਰਧਾਰਾ ਨੂੰ ਸਪੱਸ਼ਟ ਰੂਪ ਵਿਚ ਰੱਦ ਨਹੀਂ ਸੀ ਕੀਤਾ। ਉਨ੍ਹਾਂ ਦਾ ਸੁਧਾਰਾਂ ਬਾਰੇ ਸੰਕਲਪ ਵਰਣ ਆਸ਼ਰਮ ਧਰਮ’ ਦੇ ਚੌਖਟੇ ਤੋਂ ਪਾਰ ਨਹੀਂ ਗਿਆ, ਇਸ ਦੀਆਂ ਘਿਰੀਆਂ ਅੰਦਰ ਹੀ ਘੁੰਮਦਾ ਰਿਹਾ। ਡਾ. ਅੰਬੇਦਕਰ ਹਿੰਦੂ ਰਹਿਬਰਾਂ ਨੂੰ ਵੰਗਾਰਦਾ ਰਿਹਾ ਕਿ ਕੋਈ ਹਿੰਦੂ, ਜਾਤ-ਪਾਤੀ ਪ੍ਰਬੰਧ ਨੂੰ ਮਨਜ਼ੂਰੀ ਤੇ ਪਵਿੱਤਰਤਾ ਬਖ਼ਸ਼ਣ ਵਾਲੇ ਧਰਮ ਗ੍ਰੰਥਾਂ ਨੂੰ ਰੱਦ ਕੀਤੇ ਬਿਨਾਂ ਇਸ ਪਾਪ ਤੋਂ ਸੁਰਖਰੂ ਕਿਵੇਂ ਹੋ ਸਕਦਾ ਏ ? ਹਿੰਦੂ ਰਹਿਬਰਾਂ ਕੋਲ ਇਸ ਦਾ ਨਾ ਉਸ ਵੇਲੇ ਕੋਈ ਉੱਤਰ ਸੀ, ਨਾ ਅੱਜ ਹੈ। ਇਸ ਰੋਸ਼ਨੀ ਵਿਚ ਤੁਸੀਂ ਆਪ ਹੀ ਨਿਰਣਾ ਕਰ ਲਵੋ ਕਿ ‘ਉੱਚ ਜਾਤੀਏ’ ਹਿੰਦੂ ਵਰਗਾਂ ਵੱਲੋਂ ਬਸਤੀਵਾਦ ਦਾ ਵਿਰੋਧ ਇਨਸਾਫ਼ ਦੀ ਭਾਵਨਾ ਵਿੱਚੋਂ ਕੀਤਾ ਗਿਆ ਜਾਂ ਆਪਣੇ ਰਾਜਸੀ ਸੁਆਰਥ ‘ਚੋਂ ? ਜ਼ਰਾ ਡੂੰਘਾ ਉਤਰ ਕੇ ਸੋਚੋ ਕਿ ‘ਉੱਚ ਜਾਤੀ’ ਹਿੰਦੂ ਵਰਗਾਂ ਵੱਲੋਂ ਬਦੇਸ਼ੀ ਰਾਜ ਦਾ ਵਿਰੋਧ ਕਰਨ ਦਾ ਤਰਕ-ਯੁਕਤ ਆਧਾਰ ਕੀ ਸੀ ? ਜੇਕਰ ਉਨ੍ਹਾਂ ਦੀ ਦਲੀਲ ਇਹ ਸੀ ਕਿ ਬਦੇਸ਼ੀ ਹਾਕਮਾਂ ਨੇ ਭਾਰਤ ਦੇ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਰੱਖਿਆ ਹੋਇਆ ਸੀ, ਤਾਂ ਇਨ੍ਹਾਂ ਵਰਗਾਂ ਨੇ ਖ਼ੁਦ ਆਪ ਦੱਬੇ ਕੁਚਲੇ ਵਰਗਾਂ ਨੂੰ ਸਦੀਆਂ ‘ਤੋਂ ਗ਼ੁਲਾਮੀ ਦੇ ਬੰਧਨਾਂ ਵਿਚ ਨੂੜ ਰੱਖਿਆ ਹੋਇਆ ਸੀ। ਜੇਕਰ ਇਨ੍ਹਾਂ ਵਰਗਾਂ ਦੀ ਦਲੀਲ ਇਹ ਸੀ ਕਿ ਬਰਤਾਨਵੀ ਹਾਕਮ ਭਾਰਤ ਦੇ ਲੋਕਾਂ ਉੱਤੇ ਵਹਿਸ਼ੀ ਜ਼ੁਲਮ ਤੇ ਅਤਿਆਚਾਰ ਕਰ ਰਹੇ ਸਨ, ਤਾਂ ਇਹ ਵਰਗ ਖ਼ੁਦ ਦਲਿਤ ਵਰਗਾਂ ਨਾਲ ਕਿਹੜੀ ਘੱਟ ਗੁਜ਼ਾਰ ਰਹੇ ਸਨ? ਜਿੰਨੇ ਘਿਨਾਉਣੇ ਜ਼ੁਲਮ ਇਨ੍ਹਾਂ ਅਖੌਤੀ ਉੱਚ ਜਾਤੀਆਂ ਵੱਲੋ ਦਲਿਤ ਵਰਗਾਂ ਉੱਤੇ ਸਦੀਆਂ ਤੋਂ ਢਾਹੇ ਜਾ ਰਹੇ ਸਨ, ਬਦੇਸ਼ੀ ਹਾਕਮ ਉਨ੍ਹਾਂ ਨਾਲੋਂ ਵਧ ਕੇ ਹੋਰ ਕਿਹੜਾ ਉਪੱਦਰ ਕਰ ਰਹੇ ਸਨ? ਇਸ ਕਰਕੇ ਇਹ ਗੱਲ ਮੰਨਣੀ ਔਖੀ ਹੈ ਕਿ ਹਿੰਦੂ ਸਵਰਨ ਜਾਤੀਆਂ ਵੱਲੋਂ ਬਸਤੀਵਾਦ ਦਾ ਵਿਰੋਧ ਕਰਨ ਪਿੱਛੇ ਇਨਸਾਫ਼ ਦੀ ਭਾਵਨਾ ਕੰਮ ਕਰਦੀ ਸੀ। ਇਸ ਵਿਰੋਧ ਦਾ ਆਧਾਰ ਅਸੂਲੀ ਘੱਟ, ਨਸਲੀ ਵੱਧ ਸੀ। ਅੰਗਰੇਜ਼ਾਂ ਦਾ ਵਿਰੋਧ ਸਿਰਫ਼ ਉਨ੍ਹਾਂ ਦੇ ‘ਬਦੇਸ਼ੀ’ ਹੋਣ ਕਰਕੇ ਕੀਤਾ ਗਿਆ। ਬਾਕੀ ਹੋਰ ਕੋਈ ਵੱਡਾ ਰੌਲਾ ਨਹੀਂ ਸੀ। ਆਜ਼ਾਦੀ ਦੀ ਲੜਾਈ ਦੇ ਦੌਰਾਨ ਤੇ ਬਾਅਦ ਵਿਚ ਪ੍ਰਗਟ ਹੋਏ ਉਨ੍ਹਾਂ ਦੇ ਸਮੁੱਚੇ ਅਮਲ ਨੂੰ ਦੇਖ ਲਓ, ਕਿਤੇ ਵੀ ਇਨਸਾਫ਼, ਸਚਾਈ ਤੇ ਇਮਾਨਦਾਰੀ ਦੀ ਕੋਈ ਝਲਕ ਮਿਲਦੀ ਹੈ ? ਯਥਾਰਥ ਨੂੰ ਤੁਅੱਸਬ ਕਹਿ ਕੇ ਇਸ ਤੋਂ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ।

ਇਸ ਦੇ ਮੁਕਾਬਲੇ ਸਿੱਖਾਂ ਵੱਲੋਂ ਬਦੇਸ਼ੀ ਰਾਜ ਦਾ ਵਿਰੋਧ ‘ਬਦੇਸ਼ੀ’ ਹੋਣ ਕਰਕੇ ਹੀ ਨਹੀਂ ਸੀ ਕੀਤਾ ਗਿਆ। ਬਾਬਾ ਸੋਹਣ ਸਿੰਘ ਭਕਨਾ ਦੇ ਹੇਠ ਦਿੱਤੇ ਕਥਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੇ ਸਰੋਕਾਰ ਕਿਤੇ ਵੱਡੇ ਤੇ ਪਵਿੱਤਰ ਸਨ। ਬਾਬਾ ਜੀ ਦੇ ਕਹਿਣ ਮੁਤਾਬਕ : ‘ਗ਼ੁਲਾਮੀ ਚਾਹੇ ਦੇਸ ਵਾਸੀਆਂ ਦੀ ਠੋਸੀ ਹੋਵੇ ਚਾਹੇ ਬਦੇਸ਼ੀਆਂ ਦੀ; ਆਰਥਿਕ ਹੋਵੇ ਭਾਵੇਂ ਰਾਜਨੀਤਕ, ਅਤੇ ਚਾਹੇ ਭਾਵੇਂ ਧਰਮ ਦੀ ਆੜ ਵਿਚ ਸਮਾਜਿਕ ਊਚ-ਨੀਚਤਾ ਜਾਂ ਗ਼ੁਲਾਮੀ ਪੈਦਾ ਕੀਤੀ ਜਾਵੇ, ਇਹ ਸਭ ਪਾਪਾਂ ਤੋਂ ਵੱਡਾ ਪਾਪ ਹੈ। 73 ਬਾਬਾ ਜੀ ਨੇ ਕਿੰਨੀ ਸਾਫ਼ ਗੱਲ ਕੀਤੀ ਹੈ, ਕਿ ਗ਼ੁਲਾਮੀ ਦੇਸੀ ਹੋਵੇ ਜਾਂ ਬਦੇਸ਼ੀ ਅਤੇ ਰਾਜਸੀ ਹੋਵੇ ਜਾਂ ਧਾਰਮਿਕ, ਇਨਸਾਫ਼ ਦੇ ਨੁਕਤਾ-ਨਜ਼ਰ ਤੋਂ ਇਸ ਦਾ ਇਕਸਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਇਕ ਢੰਗ ਨਾਲ ਜਾਤ ਅਭਿਮਾਨੀਆਂ ਦੇ ਦੋਗਲੇਪਣ ਉੱਤੇ ਚੋਟ ਕੀਤੀ ਹੈ ਕਿ ਇਕ ਪਾਸੇ ਧਰਮ ਦੀ ਆੜ ਵਿਚ ਸਮਾਜਿਕ ਊਚ ਨੀਚਤਾ ਦੇ ਅਮਲ ਦੀ ਪ੍ਰੋੜ੍ਹਤਾ ਕਰਨੀ, ਤੇ ਦੂਜੇ ਬੰਨੇ ਆਜ਼ਾਦੀ ਲਈ ਲੜਨ ਦਾ ਦੰਭ ਕਰਨਾ। ਬਾਬਾ ਭਕਨਾ ਨੇ ਇਸ ਦ੍ਰਿਸ਼ਟੀ ਤੋਂ, ਗਾਂਧੀ ਵੱਲੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਬੋਅਰ ਯੁੱਧ ਦੇ ਦੌਰਾਨ ਤੇ ਫਿਰ ਪਹਿਲੀ ਸੰਸਾਰ ਜੰਗ (1914-15) ਦੇ ਦੌਰਾਨ ਬਰਤਾਨਵੀ ਸਾਮਰਾਜੀਆਂ ਦਾ ਪੱਖ ਪੂਰਨ ਦੇ ਪੈਂਤੜੇ ਨੂੰ ਬੇਅਸੂਲਾ ਕਿਹਾ ਹੈ।” ਇਨਸਾਫ਼ ਦੇ ਤਕਾਜ਼ੇ ਤੋਂ ਗਾਂਧੀ ਦੇ ਇਸ ਪੈਂਤੜੇ ਨੂੰ ਠੀਕ ਕਹਿ ਸਕਣਾ ਕਤੱਈ ਸੰਭਵ ਨਹੀਂ। ਇਸ ਦੇ ਮੁਕਾਬਲੇ, ਗ਼ਦਰੀ ਆਗੂਆਂ ਡਾ. (ਸ਼ਹੀਦ) ਮਥਰਾ ਸਿੰਘ ਤੇ ਭਾਈ ਨਿਧਾਨ ਸਿੰਘ ਚੁੱਘਾ ਹੁਰਾਂ ਨੇ 1911 ਵਿਚ ਵੱਡੇ ਖ਼ਤਰੇ ਮੁੱਲ ਲੈ ਕੇ ਚੀਨ ਦੇ ਇਨਕਲਾਬ ਦੀ ਸਰਗਰਮ ਹਮਾਇਤ ਕੀਤੀ ਸੀ। ਕਿਉਂਕਿ ਇਸ ਇਨਕਲਾਬ ਦਾ ਨਿਸ਼ਾਨਾ ਚੀਨ ਅੰਦਰ ਜਮਹੂਰੀਅਤ ਦੀ ਸਥਾਪਨਾ ਕਰਨਾ ਸੀ, ਜਿਹੜਾ ਕਿ ਸਿੱਖੀ ਦੇ ਬੁਨਿਆਦੀ ਅਸੂਲਾਂ ਨਾਲ ਮੇਲਵਾਂ ਸੀ। ਗਾਂਧੀ ਨੇ ਜਾਬਰ ਧਿਰ ਦੀ ਹਮਾਇਤ ਨਿਰੋਲ ਰਾਜਸੀ ਸੁਆਰਥ ਵਿੱਚੋਂ ਕੀਤੀ ਸੀ । ਉਸ ਨੇ ਇਨਸਾਫ਼ ਦਾ ਲੜ ਛੱਡ ਕੇ ਅਨਿਆਂ ਦਾ ਪੱਖ ਪੂਰਿਆ ਸੀ। ਗ਼ਦਰੀ ਬਾਬਿਆਂ ਦੇ ਨੈਤਿਕ ਜਗਤ ਅੰਦਰ ਅਜਿਹੇ ਗਾਂਧੀ-ਮਾਰਕਾ ਦੋਗਲੇਪਣ ਤੇ ਬੇਅਸੂਲੇਪਣ ਲਈ ਕੋਈ ਜਗ੍ਹਾ ਨਹੀਂ ਸੀ। ਬਾਬਾ ਸੋਹਣ ਸਿੰਘ ਭਕਨਾ ਦਾ ਸਿੱਖ ਧਰਮ ਦੇ ਆਜ਼ਾਦੀ ਤੇ ਬਰਾਬਰੀ ਦੇ ਸਿਧਾਂਤਾਂ ਵਿਚ ਵਿਸ਼ਵਾਸ ਏਨਾ ਸ਼ੁੱਧ ਤੇ ਪੱਕਾ ਸੀ ਕਿ ਜਦੋਂ ਉਨ੍ਹਾਂ ਵੇਖਿਆ ਕਿ ਲਾਹੌਰ ਸੈਂਟਰਲ ਜੇਲ੍ਹ ਵਿਚ ਭੋਜਨ ਸਮੇਂ ਗ਼ੈਰ-ਸਿਆਸੀ ਜੱਟ ਸਿੱਖ ਕੈਦੀ ਦਲਿਤ ਵਰਗਾਂ ਦੇ ਕੈਦੀਆਂ ਨੂੰ ਪੰਗਤ ਵਿਚ ਨਹੀਂ ਸਨ ਬੈਠਣ ਦਿੰਦੇ, ਤਾਂ ਬਾਬਾ ਜੀ ਨੇ ਇਸ ਅਨਿਆਇ ਦੇ ਖ਼ਿਲਾਫ਼ ਇਕੱਲਿਆਂ ਹੀ ਮਰਨ ਵਰਤ ਰੱਖ ਦਿੱਤਾ ਸੀ। ਉਹ 15 ਦਿਨਾਂ ਤਕ ਮਰਨ ਵਰਤ ਉੱਤੇ ਡਟੇ ਰਹੇ। ਅਖ਼ੀਰ ਦਲਿਤ ਕੈਦੀਆਂ ਨੂੰ ਬਰਾਬਰ ਦੇ ਹੱਕ ਮਿਲ ਜਾਣ ਉਪਰੰਤ ਹੀ ਵਰਤ ਖ਼ਤਮ ਕੀਤਾ ਸੀ।

ਬਾਬਾ ਸੋਹਣ ਸਿੰਘ ਭਕਨਾ ਨੇ ਗ਼ਦਰ ਪਾਰਟੀ ਦੇ ਨਿਸ਼ਾਨੇ ਤੇ ਮਨੋਰਥਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ‘ਗ਼ਦਰ ਪਾਰਟੀ…ਸੰਸਾਰ ਵਿਚ ‘ਆਜ਼ਾਦੀ ਤੇ ਬਰਾਬਰੀ’ ਕਾਇਮ ਕਰਨਾ ਚਾਹੁੰਦੀ ਹੈ। ਉਸ ਦਾ ਖ਼ਿਆਲ ਹੈ, ਕਿ ‘ਆਜ਼ਾਦੀ ਤੇ ਬਰਾਬਰੀ’ ਮਨੁੱਖ ਦੇ ਜਮਾਂਦਰੂ ਹੱਕ ਹਨ। ਕਿਸੇ ਨੂੰ ਹੱਕ ਨਹੀਂ ਕਿ ਆਪਣੇ ਪਸ਼ੂ-ਬਲ ਤੇ ਚਲਾਕੀ ਨਾਲ ਹੋਰਨਾਂ ਨੂੰ ਗ਼ੁਲਾਮ ਬਣਾਵੇ।75 ਉਨ੍ਹਾਂ ਨੇ ਆਪਣੇ ਸੱਚੇ ਮਾਨਵਵਾਦੀ ਤੇ ਖਰੇ ਲੋਕ- ਹਿਤੈਸ਼ੀ ਪੈਂਤੜੇ ਦੀ ਵਿਆਖਿਆ ਇਸ ਨਿਧੜਕ ਅੰਦਾਜ਼ ਵਿਚ ਕੀਤੀ ਸੀ: ‘ਜੇ ਚੀਨ, ਰੂਸ ਜਾਂ ਹੋਰ ਕੋਈ ਵੀ ਦੇਸ਼ ਸਾਡੇ ਦੇਸ਼ ਨੂੰ ਤੰਗ ਕਰੇ ਤਾਂ ਮੈਂ ਪਹਿਲਾ ਸ਼ਖ਼ਸ ਹੋਵਾਂਗਾ ਜੋ ਡਟ ਕੇ ਉਨ੍ਹਾਂ ਦਾ ਵਿਰੋਧ ਕਰਾਂਗਾ ਤੇ ਇਸ ਵਾਸਤੇ ਆਪਣੀ ਜਾਨ ਤਕ ਦੇ ਦਿਆਂਗਾ। ਪਰ ਜੇ ਸਾਡਾ ਮੁਲਕ ਅਨਿਆਂ ਕਰੇ ਜਾਂ ਸਾਡੀ ਹਕੂਮਤ ਲੋਕ-ਹਿਤਾਂ ਦੇ ਵਿਰੁੱਧ ਕੰਮ ਕਰੇ ਤਾਂ ਮੈਂ ਉਸ ਦੇ ਖ਼ਿਲਾਫ਼ ਘੋਲ ਕਰਨੋਂ ਵੀ ਨਹੀਂ ਝਿਜਕਾਂਗਾ।

ਸੋ ਗ਼ਦਰੀ ਬਾਬਿਆਂ ਦੀ ਦ੍ਰਿਸ਼ਟੀ ਤੇ ਸਪਿਰਟ ਦਾ ਦਾਇਰਾ ਬਹੁਤ ਵਿਸ਼ਾਲ ਸੀ। ਉਹ ਇਕ ਦੇਸ਼ ਦੀਆਂ ਹੱਦਾਂ ਤੇ ਇਕ ਵਰਗ ਦੇ ਹਿਤਾਂ ਤਕ ਸੀਮਤ ਨਹੀਂ ਸੀ। ਇਸ ਦੇ ਉਲਟ, ਸਵਰਨ ਜਾਤੀ ਹਿੰਦੂ ਵਰਗਾਂ ਦੀ ਦ੍ਰਿਸ਼ਟੀ ਤੇ ਦੇਸ਼ਭਗਤੀ ਦਾ ਦਾਇਰਾ ਆਪਣੇ ਦੇਸ਼ ਤਕ, ਜਾਂ ਇਸ ਤੋਂ ਵੀ ਅੱਗੇ, ਆਪਣੇ ਵਰਗ-ਵਿਸ਼ੇਸ਼ ਤਕ ਹੀ ਸੀਮਤ ਸੀ । ਉਨ੍ਹਾਂ ਦੀ ਸਾਰੇ ਸੰਸਾਰ ਵਿਚ ਆਜ਼ਾਦੀ ਤੇ ਬਰਾਬਰੀ ਕਾਇਮ ਕਰਨ ਵਿਚ ਕੋਈ ਰੁਚੀ ਨਹੀਂ ਸੀ। ਦੋਵਾਂ ਦੇ ਦੇਸ਼ਭਗਤੀ ਦੇ ਸੰਕਲਪ ਵਿਚਕਾਰ ਇਹ ਬੁਨਿਆਦੀ ਅੰਤਰ ਸੀ।

ਸੌੜੇ ਰਾਜਸੀ ਸੁਆਰਥ ਵਿੱਚੋਂ ਨਿਕਲਿਆ ਰਾਜਸੀ ਅਮਲ ਨਿਰਛਲ ਨਹੀਂ ਹੋ ਸਕਦਾ। ਹਿਸਾਬ ਕਿਤਾਬ (calculations), ਜੋੜ ਤੋੜ (manipulation), ਚਾਲਾਂ/ ਕੁਚਾਲਾਂ (machinations) ਅਤੇ ਝੂਠ ਤੇ ਦੰਭ ਇਸ ਦੇ ਲਾਜ਼ਮੀ ਅੰਗ ਹੋ ਨਿਬੜਦੇ ਹਨ। ਇਹ ਅਟੱਲ ਹੈ। ਅਜਿਹਾ ਹੀ ਵਾਪਰਿਆ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ (ਮੇਰੀ ਰਾਮ ਕਹਾਣੀ) ਵਿਚ, ਆਪਣੇ ਜਾਤੀ ਅਨੁਭਵਾਂ ਦੇ ਆਧਾਰ ‘ਤੇ, ਪੜ੍ਹੇ-ਲਿਖੇ ਸ਼ਹਿਰੀ ਵਰਗ ਦੇ ਰਾਜਸੀ ਕਿਰਦਾਰ ਤੇ ਵਿਹਾਰ ਉੱਤੇ ਭਰਪੂਰ ਰੋਸ਼ਨੀ ਪਾਈ ਹੈ। ਤੁਸੀ ਬਾਬਾ ਜੀ ਵੱਲੋਂ, ਇਕ ਪਾਸੇ ਲਾਲਾ ਹਰਦਿਆਲ, ਰਾਮ ਚੰਦਰ ਪਸ਼ੌਰੀਆ ਤੇ ਭਾਈ ਪਰਮਾਨੰਦ ਲਾਹੌਰ ਵਰਗੇ ਲੋਕਾਂ ਅਤੇ ਦੂਜੇ ਪਾਸੇ ਭਾਈ ਸੰਤੋਖ ਸਿਘ, ਭਾਈ ਜਵਾਲਾ ਸਿੰਘ, ਬਾਬਾ ਵਸਾਖਾ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ ਵਰਗੇ ਗੁਰਮੁਖਾਂ ਦੇ ਕਿਰਦਾਰ ਬਾਰੇ ਕੀਤੀਆਂ ਟਿੱਪਣੀਆਂ ਦੀ ਆਪਸ ਵਿਚ ਤੁਲਨਾ ਕਰਕੇ ਦੇਖੋ। ਤੁਹਾਨੂੰ ਸਵੈ-ਸਿੱਧ ਹੀ, ਦੋਵਾਂ ਵਰਗਾਂ ਦੇ ਜੀਵਨ ਪ੍ਰਤਿ ਮੂਲ ਨਜ਼ਰੀਏ ਅਤੇ ਇਸ ਦੇ ਅਨੁਸਾਰ ਉਨ੍ਹਾਂ ਦੇ ਸਮੁੱਚੇ ਕਿਰਦਾਰ ਵਿਹਾਰ ਅੰਦਰ ਬੁਨਿਆਦੀ ਅੰਤਰ ਸਾਫ਼ ਨਜ਼ਰ ਆ ਜਾਣਗੇ। ਪੜ੍ਹੇ- ਲਿਖੇ ਸ਼ਹਿਰੀ ਮੱਧ-ਵਰਗਾਂ ਦਾ ਪੇਂਡੂ ਕਿਸਾਨਾਂ, ਜਿਹੜੇ ਗ਼ਦਰ ਲਹਿਰ ਦੀ ਰੀੜ੍ਹ ਦੀ ਹੱਡੀ ਸਨ, ਬਾਰੇ ਨਜ਼ਰੀਆ ਤੇ ਰਵੱਈਆ ਇਲੀਟਿਸਟ (ਸਰੇਸ਼ਠ ਵਰਗ ਵਾਲਾ) ਸੀ। ਹਰੀਸ਼ ਪੁਰੀ ਨੇ ਮੰਨਿਆ ਹੈ ਕਿ ਅਮਰੀਕਾ ਅੰਦਰ ਜਿਹੜੇ ਭਾਰਤੀ (ਹਿੰਦੂ) ਵਿਦਿਆਰਥੀ ਸਨ, ਉਹ ਸਿੱਖ ਕਿਸਾਨਾਂ ਨੂੰ ‘ਅਨਪੜ੍ਹ’, ‘ਜਾਹਲ’ ਤੇ ‘ਪੇਂਡੂਆਂ ਦਾ ਝੁੰਡ’ ਸਮਝਦੇ ਸਨ, ਜਿਹੜੇ ਉਨ੍ਹਾਂ ਮੁਤਾਬਕ ‘ਸੋਚਦੇ ਘੱਟ ਤੇ ਜੋਸ਼ ਵਧੇਰੇ ਦਿਖਾਉਂਦੇ ਸੀ।’ ਸੁਕੁਮਾਰ ਚੈਟਰਜੀ ਨੇ ਸਿਆਮ ਤੇ ਭਾਰਤ ਵਿਚ ਬਗ਼ਾਵਤ ਕਰਨ ਲਈ ਗਏ ਸਿੱਖ ਕਿਸਾਨਾਂ ਬਾਰੇ ਘਿਨਾਉਣੀ ਨਫ਼ਰਤ ਪ੍ਰਗਟਾਉਂਦਿਆਂ ਕਿਹਾ ਸੀ: ‘ਜਾਹਲ ਆਦਮੀ ਦਰਜਨਾਂ ਦੇ ਹਿਸਾਬ ਨਾਲ ਭਾਰਤ ਅਤੇ ਸਿਆਮ ਭੇਜੇ ਗਏ ਹਨ, ਇਕ ਐਸੇ ਇਨਕਲਾਬ ਵਿਚ ਹਿੱਸਾ ਲੈਣ ਲਈ ਜਿਸ ਦਾ ਕਦੇ ਵਜੂਦ ਹੀ ਨਹੀਂ ਸੀ।” ਜਦੋਂ ਸਿੱਖ ਹਜ਼ਾਰਾਂ ਦੀ ਤਦਾਦ ਵਿਚ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਦੇਸ ਨੂੰ ਤੁਰ ਪਏ ਸਨ, ਤਾਂ ਇਨ੍ਹਾਂ ਸ਼ਹਿਰੀ ਮੱਧ-ਵਰਗੀ ਹਿੰਦੂਆਂ ਨੇ ਆਤਮ-ਹੰਕਾਰ ਤੇ ਪੇਂਡੂ ਲੋਕਾਂ ਪ੍ਰਤਿ ਆਪਣੀ ਪੁਸ਼ਤੈਨੀ ਨਫ਼ਰਤ ਪ੍ਰਗਟਾਉਂਦਿਆਂ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ । ਪੁਰੀ ਨੇ ਬਾਬਾ ਪ੍ਰਿਥਵੀ ਸਿੰਘ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਉਸ ਨੇ ਹਿੰਦੂ ਵਿਦਿਆਰਥੀਆਂ ਨੂੰ ਬਗ਼ਾਵਤ ਕਰਨ ਵਾਸਤੇ ਭਾਰਤ ਲਈ ਰਵਾਨਾ ਹੋਣ ਬਾਰੇ ਕਿਹਾ ਤਾਂ ਉਨ੍ਹਾਂ ਵਿੱਚੋਂ ਇਕ ਨੇ ਮੋੜਵਾਂ ਜੁਆਬ ਦਿੱਤਾ ਸੀ ਕਿ : ‘ਵੇਖੋ ਤੁਸੀਂ ਹਿੰਦੁਸਤਾਨ ਜਾ ਹੀ ਰਹੇ ਹੋ; ਤੇ ਇਨਕਲਾਬ ਉਥੇ ਤੁਸੀਂ ਬੇਸ਼ੱਕ ਲੈ ਹੀ ਆਵੋਗੇ, ਪਰ ਉਸ ਤੋਂ ਮਗਰੋਂ ਤੁਹਾਨੂੰ ਸਰਕਾਰ ਚਲਾਉਣ ਲਈ ਕੁਝ ਸਿਆਣੇ ਲੋਕਾਂ ਦੀ ਲੋੜ ਪਵੇਗੀ; ਫਿਰ ਤੁਹਾਨੂੰ ਸਾਡੀ ਲੋੜ ਹੋਵੇਗੀ, ਫਿਰ ਅਸੀਂ ਆ ਜਾਵਾਂਗੇ । 78 ਸਿੱਖ ਕਿਸਾਨਾਂ ਬਾਰੇ ਇਸ ਵਰਗ ਦੀ ਇਸ ਸਮਝ ਵਿੱਚੋਂ ਉਨ੍ਹਾਂ ਦੀ, ਸਿੱਖਾਂ ਪ੍ਰਤਿ ਉਪਯੋਗਵਾਦੀ ਪਹੁੰਚ (utilitarian approach) ਪ੍ਰਗਟ ਹੋਈ। 1857 ਦੇ ਗ਼ਦਰ ਦੀ ਅਸਫਲਤਾ ਤੋਂ ਉਨ੍ਹਾਂ ਇਹ ਨਤੀਜਾ ਕੱਢਿਆ ਕਿ ਜੇਕਰ ਉਸ ਵੇਲੇ ਸਿੱਖ ਫ਼ੌਜਾਂ ਅੰਗਰੇਜ਼ਾਂ ਦਾ ਸਾਥ ਨਾ ਦਿੰਦੀਆਂ ਤਾਂ ਇਸ ਬਗ਼ਾਵਤ ਨੂੰ ਕੁਚਲ ਸਕਣਾ ਅੰਗਰੇਜ਼ਾਂ ਲਈ ਕਤੱਈ ਸੰਭਵ ਨਹੀਂ ਹੋਣਾ ਸੀ। ਸਾਵਰਕਰ ਨੇ 1857 ਦੇ ਗ਼ਦਰ ਬਾਰੇ ਜੋ ਕਿਤਾਬ ਲਿਖੀ ਸੀ, ਉਸ ਵਿਚ ਉਸ ਨੇ ਇਹੀ ਸਿੱਟਾ ਕੱਢਿਆ ਸੀ ਕਿ ਭਵਿੱਖ ਵਿਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦੀ ਸਫਲਤਾ ਲਈ ਸਿੱਖਾਂ ਦਾ ਸਹਿਯੋਗ ਲੈਣਾ ਅਤਿ ਜ਼ਰੂਰੀ ਸੀ। ਸ਼ਿਆਮਜੀ ਕ੍ਰਿਸ਼ਨ ਵਰਮਾ ਤੇ ਤਾਰਕਨਾਥ ਨੇ ਵੀ ਸਾਵਰਕਰ ਦੀ ਇਸ ਧਾਰਨਾ ਦੀ ਪੁਸ਼ਟੀ ਕੀਤੀ ਸੀ। ਇਸ ਕਰਕੇ ਵੀਹਵੀਂ ਸਦੀ ਦੇ ਮੁੱਢ ਵਿਚ ਹਿੰਦੂ ਕੌਮਪ੍ਰਸਤਾਂ ਨੇ, ਬਰਤਾਨਵੀ ਰਾਜ ਵਿਰੁੱਧ ਲੜਾਈ ਵਿਚ ਸਿੱਖਾਂ ਦਾ ਸਹਿਯੋਗ ਹਾਸਲ ਕਰਨ ਦੀ ਸੁਚੇਤ ਸੇਧ ਤੇ ਰਣਨੀਤੀ ਅਖ਼ਤਿਆਰ ਕਰ ਲਈ ਸੀ। ਇੰਗਲੈਂਡ ਅੰਦਰ ਹਿੰਦੂ ਕੌਮਪ੍ਰਸਤਾਂ ਵੱਲੋਂ ‘ਇੰਡੀਆ ਹਾਊਸ’ ਤੋਂ ਚਲਾਈਆਂ ਜਾਂਦੀਆਂ ਸਰਗਰਮੀਆਂ ਇਸੇ ਨਿਸ਼ਾਨੇ ਵੱਲ ਸੇਧਤ ਸਨ। ਉਨ੍ਹਾਂ ਵੱਲੋਂ ਇੰਗਲੈਂਡ ਅੰਦਰ ਕੈਕਸਟਨ ਹਾਲ ਵਿਖੇ ਉਚੇਚੇ ਤੌਰ ‘ਤੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾਉਣਾ, ਫਿਰ ਸਿੱਖਾਂ ਨੂੰ ਰਾਤ ਦੇ ਭੋਜਨ ‘ਤੇ ਬੁਲਾਉਣਾ ਅਤੇ ਅਖ਼ੀਰ ਵਿਚ ਸਿੱਖ ਫ਼ੌਜੀਆਂ ਨੂੰ ਆਪਣੇ ਪੱਖ ਵਿਚ ਕਰਨ ਦੇ ਮੰਤਵ ਨਾਲ ‘ਖ਼ਾਲਸਾ ਪੈਂਫ਼ਲਿਟ’ ਜਾਰੀ ਕਰਨਾ-ਇਹ ਸਾਰੀਆਂ ਕਾਰਵਾਈਆਂ ਸਿੱਖਾਂ ਨੂੰ ਆਪਣੇ ਰਾਜਸੀ ਮੰਤਵ ਲਈ ਇਸਤੇਮਾਲ ਕਰਨ ਦੀ ਸੋਚੀ ਵਿਚਾਰੀ ਰਣਨੀਤੀ ਦੀਆਂ ਕੜੀਆਂ ਸਨ। ਦਮੋਦਰ ਸਾਵਰਕਰ, ਸ਼ਿਆਮਜੀ ਕ੍ਰਿਸ਼ਨ ਵਰਮਾ, ਲਾਲਾ ਹਰਦਿਆਲ ਆਦਿ ਹਿੰਦੂ ਕੌਮਪ੍ਰਸਤ ਬਦੇਸ਼ਾਂ ਅੰਦਰ ਜਾਣੇ-ਪਛਾਣੇ ਨਾਂ ਬਣ ਗਏ ਸਨ। ਉਹ ਦੇਸ਼ਭਗਤੀ ਦੇ ਜਜ਼ਬੇ ਤੇ ਆਜ਼ਾਦੀ ਸੰਗਰਾਮ ਦੇ ਚਿੰਨ੍ਹ ਹੋ ਗੁਜ਼ਰੇ ਸਨ।

? ਆਪਾਂ ਗ਼ਦਰੀ ਬਾਬਿਆਂ ਵੱਲੋਂ ਖੁੱਲ੍ਹਾ ਪ੍ਰਚਾਰ ਕੀਤੇ ਜਾਣ ਪ੍ਰਤਿ ਵਿਦਵਾਨਾਂ ਦੁਆਰਾ ਪ੍ਰਗਟਾਏ ਇਤਰਾਜ਼ਾਂ ਬਾਰੇ ਗੱਲ ਕਰ ਰਹੇ ਸੀ। ਗੱਲਬਾਤ ਲੀਹ ਤੋਂ ਲਾਂਭੇ ਨਹੀਂ ਚਲੀ ਗਈ ਲੱਗਦੀ ?

ਨਹੀਂ। ਨੁਕਤੇ ਨੂੰ ਸਪੱਸ਼ਟ ਕਰਨ ਲਈ ਕਈ ਵਾਰ ਗੱਲਬਾਤ ਦਾ ਦਾਇਰਾ ਖੁੱਲ੍ਹਾ ਕਰਨਾ ਪੈ ਜਾਂਦੈ। ਦਾਇਰਾ ਜਿੰਨਾ ਮਰਜ਼ੀ ਚੌੜਾ ਹੋ ਜਾਵੇ, ਕੇਂਦਰ-ਬਿੰਦੂ ਉਹੀ ਰਹਿੰਦਾ ਹੈ। ਜਿੰਨਾ ਚਿਰ ਅਸੀਂ ਗ਼ਦਰੀ ਬਾਬਿਆਂ ਵੱਲੋਂ ਖੁੱਲ੍ਹਾ ਪ੍ਰਚਾਰ ਕਰਨ ਪਿੱਛੇ ਕੰਮ ਕਰਦੇ ਨਜ਼ਰੀਏ ਨੂੰ ਨਹੀਂ ਪਛਾਣ ਲੈਂਦੇ, ਓਨਾ ਚਿਰ ਅਸੀਂ ਇਸ ਦੀ ਨੁਕਤਾਚੀਨੀ ਦਾ ਠੀਕ ਹਿਸਾਬ ਕਿਤਾਬ ਨਹੀਂ ਲਾ ਸਕਦੇ। ਇਥੇ ਸਮਝਣ ਵਾਲੀ ਅਹਿਮ ਗੱਲ ਇਹ ਹੈ ਕਿ ਸਿੱਖ ਗ਼ਦਰੀ ਬਾਬਿਆਂ ਤੇ ਪੜ੍ਹੇ-ਲਿਖੇ ਸ਼ਹਿਰੀ ‘ਬਾਬੂਆਂ’ ਦੀ ਬੁਨਿਆਦੀ ਮਸਲਿਆਂ ਬਾਰੇ ਸਮਝ ਵਿਚਕਾਰ ਮੱਤਭੇਦ ਮਾਮੂਲੀ ਜਾਂ ਸਤਹੀ ਨਹੀਂ ਸਨ, ਇਹ ਬਹੁਤ ਬੁਨਿਆਦੀ ਤੇ ਡੂੰਘੇ ਸਨ। ਦੋਵਾਂ ਵਿਚਕਾਰ ਵਿਚਾਰਾਂ ਦਾ ਪਾੜਾ ਕੇਵਲ ਜਥੇਬੰਦੀ ਦੀ ਬਣਤਰ ਤੇ ਕੰਮ ਕਰਨ ਦੇ ਢੰਗਾਂ ਜਾਂ ਲਹਿਰ ਦੀ ਬੁਨਿਆਦੀ ਮਾਰਗ-ਸੇਧ ਤੇ ਰਣਨੀਤੀ ਤਕ ਹੀ ਸੀਮਤ ਨਹੀਂ ਸੀ। ਦੋਵਾਂ ਦਾ ਜੀਵਨ ਬਾਰੇ ਦ੍ਰਿਸ਼ਟੀਕੋਣ ਅਤੇ ਸਦਾਚਾਰਕ ਕਦਰ-ਪ੍ਰਬੰਧ ਮੂਲੋਂ ਹੀ ਵੱਖਰਾ ਵੱਖਰਾ ਸੀ। ਚੱਲ ਰਹੇ ਪ੍ਰਸੰਗ ਵਿਚ ਇਹ ਗੱਲ ਸਮਝਣੀ ਬੇਹੱਦ ਅਹਿਮ ਤੇ ਜ਼ਰੂਰੀ ਹੈ ਕਿ ਦੋਵਾਂ ਵਰਗਾਂ ਦਾ ਹਿੰਸਾ ਬਾਰੇ ਨਜ਼ਰੀਆ ਬਹੁਤ ਹੀ ਅਲੱਗ ਅਲੱਗ ਸੀ। ਗ਼ਦਰ ਲਹਿਰ ਦੀ ਇਤਿਹਾਸਕਾਰੀ ਦਾ ਸੱਚ ਤੇ ਕੱਚ ਪਰਖਣ ਲਈ ਅਤੇ ਅਨਮਤੀਆਂ ਦੀ ਸਮਝ ਅੰਦਰਲੇ ਬੁਨਿਆਦੀ ਕੱਜ ਨੂੰ ਪਛਾਣਨ ਲਈ ਇਹ ਸਾਰੀਆਂ ਗੱਲਾਂ ਜਾਣਨੀਆਂ ਜ਼ਰੂਰੀ ਹਨ।

ਅਨਾਰਕਿਜ਼ਮ ਤੇ ਬੰਗਾਲੀ ਕ੍ਰਾਂਤੀਕਾਰੀ

ਬੰਗਾਲ ਅੰਦਰਲੇ ਕ੍ਰਾਂਤੀਕਾਰੀਆਂ ਦੀ ਮੁੱਖ ਟੇਕ ਪੜ੍ਹੇ-ਲਿਖੇ ਨੌਜਵਾਨ ਵਰਗ ਉੱਤੇ ਸੀ। ਉਨ੍ਹਾਂ ਦੀ ਰਣਨੀਤੀ ਅੰਦਰ ਅਨਪੜ੍ਹ ਪੇਂਡੂ ਜਨਤਾ ਦੀ ਬਹੁਤੀ ਅਹਿਮੀਅਤ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਪੇਂਡੂ ਕਿਸਾਨਾਂ ਨੂੰ ਜਥੇਬੰਦ ਕਰਨ ਵੱਲ ਕੋਈ ਤਵੱਜੋ ਨਹੀਂ ਦਿੱਤੀ ਸੀ। ਅਸਲ ਵਿਚ ਉਹ ਸਾਰੇ ਆਪ ਵੀ ਪੜ੍ਹੇ ਲਿਖੇ ਮੱਧਵਰਗ (ਬੰਗਾਲ ਵਿਚ ਜੀਹਨੂੰ ‘ਭਦਰਲੋਕ’ ਕਿਹਾ ਜਾਂਦਾ ਹੈ) ‘ਚੋਂ ਹੀ ਸਨ। ਉਨ੍ਹਾਂ ਦੀ ਸੋਚ ਉੱਤੇ ਇਸ ਵਰਗ ਦੀ ਵਿਚਾਰਧਾਰਾ ਦਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਸੀ। ਇਸ ਕਰਕੇ ਉਹ ਪੇਂਡੂ ਲੋਕਾਂ ਦੀ ਇਨਕਲਾਬੀ ਯੋਗਤਾ ਵਿਚ ਬਹੁਤਾ ਭਰੋਸਾ ਨਹੀਂ ਰਖਦੇ ਸਨ। ਗ਼ਦਰੀਆਂ ਨਾਲੋਂ ਉਨ੍ਹਾਂ ਦਾ ਇਹ ਅਹਿਮ ਵਿਚਾਰਧਾਰਕ ਵਖਰੇਵਾਂ ਸੀ।

ਅੰਗਰੇਜ਼ੀ ਰਾਜ ਦਾ ਤਖ਼ਤਾ ਪਲਟਣ ਲਈ ਉਨ੍ਹਾਂ ਦੀ ਯੁਧਨੀਤੀ ਵਿਚ ਜਨਤਕ ਲਾਮਬੰਦੀ ਨਾਲੋਂ ਕੁਝ ਕੁ ਚੁਣਵੀਆਂ ਦਲੇਰਾਨਾ ਤੇ ਨਾਟਕੀ ਰਾਜਸੀ ਕਾਰਵਾਈਆਂ ਕੇਂਦਰੀ ਅਹਿਮੀਅਤ ਰੱਖਦੀਆਂ ਸਨ । ਉਹ ਕੁਝ ਮਿਸਾਲੀ ਹਥਿਆਰਬੰਦ ਕਾਰਨਾਮਿਆਂ ਦੇ ਜ਼ਰੀਏ ਦੁਸ਼ਮਣ ਦੀਆਂ ਸਫ਼ਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਅਤੇ ਇਸ ਢੰਗ ਨਾਲ ਉਸ ਦੇ ਹੌਂਸਲੇ ਪਸਤ ਕਰਨ ਦੀ ਸੋਚ ਰੱਖਦੇ ਸਨ। ਹਿੰਸਾ ਬਾਰੇ ਇਸ ਮੱਤ ਦੀ ਮੂਲ ਜੜ੍ਹ ਪੱਛਮੀ ਯੂਰਪ ਵਿਚ ਲੱਗੀ ਹੋਈ ਸੀ, ਜਿਸ ਦੀ ਤੰਦ ਆਧੁਨਿਕ ਵਿਗਿਆਨਕ ਸੰਸਾਰ- ਨਜ਼ਰੀਏ ਨਾਲ ਜੁੜੀ ਹੋਈ ਸੀ । ਸੰਨ 1848 ਵਿਚ ਪੱਛਮੀ ਯੂਰਪ ਦੇ ਕੁਝ ਦੇਸ਼ਾਂ, ਜਿਵੇਂ ਫ਼ਰਾਂਸ, ਇਟਲੀ, ਪਰੂਸ਼ੀਆ (ਜਰਮਨੀ), ਆਸਟਰੀਆ ਤੇ ਨੀਦਰਲੈਂਡ ਆਦਿ ਅੰਦਰ ਤਾਨਾਸ਼ਾਹੀ ਤੇ ਜ਼ਾਲਮ ਰਾਜਾਂ ਦੇ ਵਿਰੁੱਧ ਇਨਕਲਾਬੀ ਬਗ਼ਾਵਤਾਂ ਦਾ ਜ਼ੋਰਦਾਰ ਝੱਖੜ ਝੁੱਲਿਆ ਸੀ। ਇਨ੍ਹਾਂ ਇਨਕਲਾਬਾਂ ਦੇ ਅਸਫਲ ਹੋ ਜਾਣ ਉਪਰੰਤ ਯੂਰਪ ਅੰਦਰ ਇਕ ਨਵੀਂ ਤਰਜ਼ ਦਾ ਹਿੰਸਕ ਰੁਝਾਨ ਪੈਦਾ ਹੋਇਆ, ਜਿਸ ਨੂੰ ‘ਅਨਾਰਕਿਜ਼ਮ’ ਦਾ ਨਾਂ ਦਿੱਤਾ ਗਿਆ। ਇਸ ਮੱਤ ਦੇ ਧਾਰਨੀਆਂ ਦਾ, ਰਾਜਸੀ ਖੇਤਰ ਅੰਦਰ ਪੱਛਮੀ ਗਿਆਨ-ਚਿੰਤਨ (enlightenment) ਦੇ ਕੇਂਦਰੀ ਆਦਰਸ਼-ਮੱਧਯੁਗੀ ਤਰਜ਼ ਦੀਆਂ ਨਿਰੰਕੁਸ਼ ਰਾਜਸ਼ਾਹੀਆਂ ਦਾ ਖ਼ਾਤਮਾ ਕਰ ਕੇ ਜਮਹੂਰੀ ਤੇ ਗਣਰਾਜੀ ਅਸੂਲਾਂ ‘ਤੇ ਆਧਾਰਿਤ ਆਧੁਨਿਕ ਕੌਮੀ ਰਾਜਾਂ (nation states) ਦੀ ਸਥਾਪਨਾ ਕਰਨਾ – ਦੀ ਪੂਰਤੀ ਲਈ ਜਨਤਕ ਅੰਦੋਲਨਾਂ ਤੋਂ ਭਰੋਸਾ ਉੱਠ ਗਿਆ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉੱਚੇ ਇਨਕਲਾਬੀ ਆਦਰਸ਼ਾਂ ਨੂੰ ਪਰਨਾਏ ਕੁਝ ਚੁਣਵੇਂ ਸੂਰਮੇ ਜੇਕਰ ਜ਼ਾਲਮ ਰਾਜ ਦੀਆਂ ਜੜ੍ਹਾਂ ਉਖਾੜ ਦੇਣ ਦਾ ਤਹੱਈਆ ਕਰ ਲੈਣ ਤਾਂ ਉਹ ਆਪਣੇ ਸਿਦਕ ਤੇ ਦਲੇਰੀ ਦੇ ਬਲਬੂਤੇ ਇਹ ਟੀਚਾ ਹਾਸਲ ਕਰ ਸਕਦੇ ਸਨ। ਉਹ ਸ਼ਬਦਾਂ ਨਾਲੋਂ ‘ਕਾਰਨਾਮਿਆਂ’ ਦੇ ਕਾਇਲ ਸਨ। ਉਨ੍ਹਾਂ ਦਾ ਇਹ ਪੱਕਾ ਮੱਤ ਸੀ ਕਿ ਦੁਸ਼ਮਣ ਦੇ ਖ਼ਿਲਾਫ਼ ਖ਼ਾਲੀ ਬੋਲਣ (ਸ਼ਬਦਾਂ) ਨਾਲੋਂ ਨਿਗਰ ਅਮਲ ਵੱਧ ਕਾਰਗਰ ਹੁੰਦਾ ਹੈ। ਉਹ ‘ਐਕਸ਼ਨ ਰਾਹੀਂ ਪ੍ਰਾਪੇਗੰਡੇ’ ਦੇ ਸਿਧਾਂਤ ਦੇ ਮੁਰੀਦ ਸਨ। ‘ਨਿਗਰ ਅਮਲ’ ਤੋਂ ਉਨ੍ਹਾਂ ਦੀ ਮੁਰਾਦ ਕੁਝ ਮਿਸਾਲੀ ਤੇ ਨਾਟਕੀ ਕਾਰਵਾਈਆਂ ਸਨ – ਜਿਵੇਂ ਵਿਰੋਧੀ ਧਿਰ ਦੇ ਚੋਟੀ ਦੇ ਵਿਅਕਤੀਆਂ ਨੂੰ ਬੰਬਾਂ ਨਾਲ ਉਡਾ ਦੇਣਾ ਜਾਂ ਗੋਲੀਆਂ ਨਾਲ ਭੁੰਨ ਦੇਣਾ। 1881 ਵਿਚ ਰੂਸ ਅੰਦਰ ‘ਨਰੋਦਯਾ ਵੋਲਯਾ’ ਨਾਂ ਦੀ ਸੰਸਥਾ ਦੇ ਬੰਦਿਆਂ ਨੇ ਰੂਸ ਦੇ ਜ਼ਾਰ (ਸ਼ਹਿਨਸ਼ਾਹ) ਨੂੰ ਦਲੇਰਾਨਾ ਢੰਗ ਨਾਲ ਕਤਲ ਕਰ ਦਿੱਤਾ ਸੀ। ਇਸੇ ਤਰ੍ਹਾਂ 1894 ਵਿਚ ਫ਼ਰਾਂਸ ਦੇ ਰਾਸ਼ਟਰਪਤੀ ਨੂੰ ਉਥੋਂ ਦੇ ਅਨਾਰਕਿਸਟਾਂ ਨੇ ਗੋਲੀਆਂ ਮਾਰ ਕੇ ਪਾਰ ਬੁਲਾ ਦਿੱਤਾ ਸੀ। ਪਰ ਬੰਗਾਲੀ ਕ੍ਰਾਂਤੀਕਾਰੀਆਂ ਨੂੰ ਸਭ ਤੋਂ ਵੱਧ ਇਟਲੀ ਦੇ ਦੇ ਇਨਕਲਾਬੀ ਦੇਸ਼ਭਗਤਾਂ – ਗਰੈਬਾਲਡੀ ਤੇ ਮੈਜ਼ਿਨੀ – ਨੇ ਪ੍ਰਭਾਵਿਤ ਕੀਤਾ ਸੀ। ਇਹ ਦੇਸ਼ਭਗਤ ਆਪਣੀ ਨਿਸ਼ਠਾ ਤੇ ਦਲੇਰੀ ਦੇ ਆਸਰੇ, ਥੋੜ੍ਹੇ ਜਿਹੇ ਸਿਰਲੱਥ ਸੂਰਮਿਆਂ ਦੇ ਸਾਥ ਨਾਲ ਲੜੇ ਹਥਿਆਰਬੰਦ ਯੁੱਧ ਦੇ ਜ਼ਰੀਏ, ਇਟਲੀ ਦੀ ਖਿੰਡੀ ਬਿਖਰੀ ਰਾਜਸੀ ਹਸਤੀ ਨੂੰ ਇਕ ਬੱਝਵੇਂ ਤੇ ਮਜ਼ਬੂਤ ਕੌਮੀ ਰਾਜ ਦਾ ਸਰੂਪ ਬਖ਼ਸ਼ਣ ਵਿਚ ਕਾਮਯਾਬ ਹੋ ਗਏ ਸਨ । ਬੰਗਾਲ ਦੇ ਮੱਧ-ਵਰਗੀ ਹਿੰਦੂ ਕ੍ਰਾਂਤੀਕਾਰੀ ਨੌਜਵਾਨ ਇਟਲੀ ਦੇ ਇਨ੍ਹਾਂ ਕੌਮੀ ਨਾਇਕਾਂ ਦੇ ਦੀਵਾਨੇ ਹੋ ਗਏ ਸਨ। ਪੱਛਮ ਦੇ ਇਸ ਹਿੰਸਾ ਦੇ ਆਧੁਨਿਕ ਨੁਸਖ਼ੇ ਨੇ ਉਨ੍ਹਾਂ ਦੇ ਦਿਲ ਮੋਹ ਲਏ ਸਨ। ਉਨ੍ਹਾਂ ਨੇ ਭਾਰਤ ਅੰਦਰ ਬਸਤੀਵਾਦੀ ਰਾਜ ਦਾ ਖ਼ਾਤਮਾ ਕਰ ਕੇ ‘ਉੱਚ ਜਾਤੀ’ ਹਿੰਦੂ ਵਰਗਾਂ ਦੀ ਸਰਦਾਰੀ ਹੇਠ ਆਧੁਨਿਕ ਰਾਸ਼ਟਰੀ ਰਾਜ ਸਥਾਪਤ ਕਰਨ ਦਾ ਆਪਣਾ ਮਨਭਾਉਂਦਾ ਰਾਜਸੀ ਨਿਸ਼ਾਨਾ ਹਾਸਲ ਕਰਨ ਲਈ ਹਿੰਸਾ ਦਾ ਇਹ ਨੁਸਖਾ ਅਜ਼ਮਾਉਣਾ ਸ਼ੁਰੂ ਕਰ ਦਿੱਤਾ। ‘ਯੁਗਾਂਤਰ’ ਤੇ ‘ਅਨੁਸ਼ੀਲਨ ਸੰਮਤੀ’ ਨਾਂ ਦੀਆਂ ਦੋ ਜਥੇਬੰਦੀਆਂ ਇਸ ਕਾਜ਼ ਨੂੰ ਸਮਰਪਤ ਹੋ ਗਈਆਂ। ਪੰਜਾਬ ਤੇ ਉੱਤਰੀ ਭਾਰਤ ਦੇ ਪੜ੍ਹੇ-ਲਿਖੇ ਹਿੰਦੂ ਨੌਜਵਾਨ ਦੇਸ਼ਭਗਤਾਂ ਉੱਤੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਇਸ ਰਾਜਸੀ ਵਿਚਾਰਧਾਰਾ ਤੇ ਅਮਲੀ ਕਾਰਜ-ਨੀਤੀ ਦਾ ਤਕੜਾ ਅਸਰ ਹੋਇਆ। ਇਹ ਵਰਗ ਵਿਚਾਰਧਾਰਕ, ਜਥੇਬੰਦਕ ਤੇ ਮਨੋਵਿਗਿਆਨਕ ਪੱਧਰ ‘ਤੇ, ਆਰੀਆ ਸਮਾਜ ਤੇ ਇਸ ਵਰਗੀਆਂ ਹੋਰਨਾਂ ਹਿੰਦੂ ਧਾਰਮਿਕ ਲਹਿਰਾਂ, ਜਿਨ੍ਹਾਂ ਦਾ ਟੀਚਾ ਭਾਰਤ ਅੰਦਰ ਹਿੰਦੂ ਧਰਮ ਤੇ ਸੰਸਕ੍ਰਿਤੀ ਦੀ ਪੁਰਾਤਨ ਚੜ੍ਹਤਲ ਬਹਾਲ ਕਰਨਾ ਸੀ, ਨਾਲ ਜੁੜਿਆ ਹੋਇਆ ਸੀ। ਸ਼ਹੀਦ ਰਾਮ ਪ੍ਰਸਾਦ ਬਿਸਮਲ ਦਾ ਇਨਕਲਾਬੀ ਗਰੁੱਪ, ਜਿਹੜਾ ‘ਕਾਕੋਰੀ ਕਾਂਡ’ ਨਾਲ ਜ਼ਿਆਦਾ ਮਸ਼ਹੂਰ ਹੋਇਆ ਅਤੇ ਚੰਦਰ ਸ਼ੇਖਰ ਆਜ਼ਾਦ ਤੇ ਸ਼ਹੀਦ ਭਗਤ ਸਿੰਘ ਹੁਰਾਂ ਦਾ ਇਨਕਲਾਬੀ ਧੜਾ, ਮੂਲ ਰੂਪ ਵਿਚ, ਉਪਰ ਦਰਸਾਈ ਬੰਗਾਲੀ ਕ੍ਰਾਂਤੀਕਾਰੀ ਧਾਰਾ ਦਾ ਹੀ ਫੈਲਾਉ ਸੀ । ਪਰ ਗ਼ਦਰ ਲਹਿਰ ਦਾ ਖ਼ਾਸਾ ਤੇ ਮੁਹਾਣ ਇਸ ਧਾਰਾ ਨਾਲੋਂ ਬਹੁਤ ਅਲੱਗ ਸੀ। ਦੋਵਾਂ ਵਿਚਕਾਰ ਵਿਚਾਰਧਾਰਕ, ਸਭਿਆਚਾਰਕ ਤੇ ਮਨੋਵਿਗਿਆਨਕ ਪੱਧਰਾਂ ‘ਤੇ ਬੁਨਿਆਦੀ ਪਾੜੇ ਸਨ। ਜੇਕਰ ਹਰੀਸ਼ ਪੁਰੀ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ, ਇਹ ਦੋਵਾਂ ਵਰਗਾਂ ਦੀ ‘ਸਭਿਆਚਾਰਕ ਦਿਸ਼ਾ ਦ੍ਰਿਸ਼ਟੀ’ ਵਿਚ ਬੁਨਿਆਦੀ ਅੰਤਰ ਦਾ ਨਤੀਜਾ ਸੀ। ਇਸ ਦਾ ਉਘੜਵਾਂ ਇਜ਼ਹਾਰ ਬੰਗਾਲੀ ਕ੍ਰਾਂਤੀਕਾਰੀਆਂ ਵੱਲੋਂ ਦਸੰਬਰ 1912 ਵਿਚ ਦਿੱਲੀ ਵਿਖੇ ਵਾਇਸਰਾਇ ਹਾਰਡਿੰਗ ਉੱਤੇ ਬੰਬ ਸੁੱਟਣ ਦੀ ਵਾਰਦਾਤ ਉੱਤੇ ਪ੍ਰਗਟਾਏ ਪ੍ਰਤਿਕਰਮ ਦੇ ਰੂਪ ਵਿਚ ਹੋਇਆ। ਲਾਲਾ ਹਰਦਿਆਲ ਇਸ ਵਾਰਦਾਤ ਉੱਤੇ ਖ਼ੁਸ਼ੀ ਵਿਚ ਖੀਵਾ ਹੋ ਉੱਠਿਆ ਸੀ ਅਤੇ ਉਸ ਨੇ ਵਾਰਦਾਤ ਦੇ ਤੀਜੇ ਦਿਨ 25 ਦਸੰਬਰ ਨੂੰ ਇਸ ਘਟਨਾ ਦੇ ਜਸ਼ਨ ਮਨਾਉਣ ਲਈ ‘ਨਾਲੰਦਾ ਹੋਸਟਲ’ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ। ਹਰੀਸ਼ ਪੁਰੀ ਮੁਤਾਬਕ ‘ਵਿਦਿਆਰਥੀਆਂ ਨੇ ਇਸ ਮੌਕੇ ਨੂੰ ਉਤਸਵ ਵਿਚ ਬਦਲ ਦਿੱਤਾ ਅਤੇ ‘ਵੰਦੇ ਮਾਤਰਮ’ ਗਾ ਕੇ ਘੰਟਿਆਂ ਬੱਧੀ ਕਮਰੇ ਅੰਦਰ ਨੱਚ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ। ਉਤੇਜਿਤ ਹੋਏ ਹਰਦਿਆਲ ਨੇ ਆਪਣੇ ਕਈ ਗਰਮਦਲੀਏ ਦੋਸਤਾਂ ਨੂੰ ਟੈਲੀਫੋਨ ਕੀਤਾ ਅਤੇ ਹਰ ਵਾਰੀ ਉਹ ਕਹਿੰਦਾ ‘ਕੀ ਤੁਸੀਂ ਸੁਣਿਆ ਹੈ ਕਿ ਮੇਰੇ ਇਕ ਆਦਮੀ ਨੇ ਭਾਰਤ ਵਿਚ ਲਾਰਡ ਹਾਰਡਿੰਗ ਨਾਲ ਕੀ ਕੀਤਾ ? ਅਤੇ ਫਿਰ ਇਸ ਮਹਾਨ ਘਟਨਾ ਨੂੰ ਬਿਆਨ ਕਰਦਾ।”” ਇਸ ਘਟਨਾ ਬਾਰੇ ਆਪਣੇ ਉਲਾਰ ਮਨੋਭਾਵਾਂ ਦਾ ਪ੍ਰਗਟਾਵਾ ਕਰਦਿਆਂ ਉਸ ਨੇ ਸ਼ੋਰੀਲੇ ਅੰਦਾਜ਼ ਵਿਚ ਲਿਖਿਆ ਸੀ: ‘23 ਦਸੰਬਰ 1912 ਦੇ ਬੰਬ ਦੀ ਜੈ ! ਜੈ ! ਜੈ ! 80 ਉਸ ਨੇ ਉਤੇਜਿਤ ਹੋ ਕੇ ਲਿਖਿਆ ਕਿ ‘ਇਸ ਨੇ ਸਾਨੂੰ ਨੀਂਦ ‘ਚੋਂ ਜਗਾ ਦਿੱਤਾ, ਸਾਡੀਆਂ ਬੰਦ ਹੋ ਰਹੀਆਂ ਅੱਖਾਂ ਅੱਗੇ ਇਸ ਨੇ ਚੁੰਧਿਆ ਦੇਣ ਵਾਲੀ ਲਿਸ਼ਕੋਰ ਮਾਰੀ। ਇਸ ਨੇ ਮਾਯੂਸੀ ਅਤੇ ਗ਼ਮ ਦੇ ਦਰਮਿਆਨ, ਖ਼ੁਸ਼ੀ ਅਤੇ ਆਸ ਦੀ ਝਰਨਾਹਟ ਛੇੜ ਦਿੱਤੀ ਹੈ। ਇਹ ਸਾਡਾ ਪੁਨਰ ਜੀਵਤ ਹੋਣਾ ਹੈ।’ ਹਰੀਸ਼ ਪੁਰੀ ਨੇ ਇਸ ਉੱਤੇ ਟਿਪਣੀ ਕਰਦਿਆਂ ਠੀਕ ਕਿਹਾ ਹੈ ਕਿ ‘ਪ੍ਰਤੱਖ ਤੌਰ ‘ਤੇ ਇਹ ‘ਅਮਲ ਰਾਹੀਂ ਪ੍ਰਚਾਰ’ ਦੇ ਅਰਾਜਕਤਾਵਾਦੀ ਸਿਧਾਂਤ ਦੀ ਗੂੰਜ ਸੀ ।’ ਲਾਲਾ ਹਰਦਿਆਲ ਦਾ ਬੰਬ ਦੇ ਫਲਸਫੇ ਵਿਚ ਬੇਹੱਦ ਗੂੜ੍ਹਾ ਵਿਸ਼ਵਾਸ ਸੀ। ਉਸ ਦੀ ਧਾਰਨਾ ਸੀ ਕਿ ‘ਇਹ ਬੰਬ ਹੀ ਹੈ ਜਿਹੜਾ ਸਰਕਾਰ ਨੂੰ ਡਰਾ ਕੇ ਲੋਕਾਂ ਦੇ ਹੱਕ ਮੰਨਣ ਲਈ ਮਜਬੂਰ ਕਰ ਦੇਂਦਾ ਹੈ । ਮੁੱਖ ਗੱਲ ਸਰਕਾਰ ਨੂੰ ਡਰਾਉਣਾ ਹੈ।

ਗ਼ਦਰੀਆਂ ਦੀ ਵੱਖਰੀ ਸਿਧਾਂਤਕ ਸੇਧ

ਇਸ ਦੀ ਤੁਲਨਾ ਵਿਚ, ਅਮਰੀਕਾ ਜਾਂ ਕੈਨੇਡਾ ਅੰਦਰ ਕਿਸੇ ਵੀ ਸਿੱਖ ਸੰਸਥਾ ਵੱਲੋਂ ਹਾਰਡਿੰਗ ਉੱਤੇ ਹੋਏ ਹਮਲੇ ਦੀ ਘਟਨਾ ਉੱਤੇ ਅਜਿਹਾ ਹੋਛਾ ਤੇ ਭੜਕੀਲਾ ਪ੍ਰਤਿਕਰਮ ਜ਼ਾਹਰ ਕੀਤੇ ਜਾਣ ਦਾ ਕੋਈ ਸਮਾਚਾਰ ਨਹੀਂ ਮਿਲਦਾ। ਸਿੱਖਾਂ ਵੱਲੋਂ ਕਿਸੇ ਗੁਰਦੁਆਰੇ ਅੰਦਰ ਇਸ ਬਾਰੇ ਕਿਸੇ ਵੀ ਕਿਸਮ ਦੇ ਉਲਾਰ ਮਨੋਭਾਵਾਂ ਦਾ ਪ੍ਰਗਟਾਉ ਕਰਨ ਦੀ ਉੱਕਾ ਹੀ ਕੋਈ ਰਿਪੋਰਟ ਨਹੀਂ ਮਿਲਦੀ। ਸਪੱਸ਼ਟ ਹੈ ਕਿ ਜਿਸ ਘਟਨਾ ਉੱਤੇ ਹਿੰਦੂ ਵਿਦਿਆਰਥੀ ਤੇ ਲਾਲਾ ਹਰਦਿਆਲ ਵਰਗੇ ਬੁੱਧੀਮਾਨ ਲੋਕ ਖ਼ੁਸ਼ੀ ਵਿਚ ਆਪੇ ਤੋਂ ਬਾਹਰ ਹੋਏ ਫਿਰਦੇ ਸਨ, ਸਿੱਖਾਂ ਨੇ ਉਸ ਘਟਨਾ ਨੂੰ ਬਹੁਤਾ ਨਹੀਂ ਸੀ ਗੌਲਿਆ। ਆਪਣੇ ਕੁਦਰਤੀ ਸੁਭਾਅ ਅਨੁਸਾਰ, ਉਹ, ਨੇੜ ਭਵਿੱਖ ਵਿਚ ਲੜੀ ਜਾਣ ਵਾਲੀ ਲੜਾਈ ਲਈ ਆਪਣੇ ਹੀ ਢੰਗ ਨਾਲ ਤਿਆਰ ਹੋ ਰਹੇ ਸਨ। ਉਨ੍ਹਾਂ ਦਾ ਸਮਾਜਿਕ ਇਲਮ ਨੈਤਿਕ ਤੌਰ ‘ਤੇ ਸੰਵੇਦਨਸ਼ੀਲ ਸੀ ਤੇ ਇਸ ਦੀਆਂ ਜੜ੍ਹਾਂ ਸਿੱਖ ਸਭਿਆਚਾਰ ਵਿਚ ਲੱਗੀਆਂ ਹੋਈਆਂ ਸਨ। ਉਨ੍ਹਾਂ ਦੀ ਰਾਜਸੀ ਰਣਨੀਤੀ ਤੇ ਤਰੀਕਾਕਾਰ ਉਨ੍ਹਾਂ ਦੇ ਸਭਿਆਚਾਰ ਨਾਲ ਇਕਸੁਰ ਸੀ। ਉਨ੍ਹਾਂ ਅੰਦਰ ਹਿੰਦੂ ਮੱਧ-ਵਰਗੀ ਕ੍ਰਾਂਤੀਕਾਰੀਆਂ ਵਾਂਗੂੰ ਪੱਛਮ ਦੇ ਅਰਾਜਕਤਾਵਾਦੀਆਂ ਦੀ ਨਕਲ ਕਰਨ ਦੀ ਤਾਂਘ ਪੈਦਾ ਨਹੀਂ ਹੋਈ ਸੀ। ਉਹ ਆਪਣੇ ਹੀ ਦੇਸੀ ਤੇ ਮੌਲਿਕ ਢੰਗਾਂ ਨਾਲ ਲੜੇ ਸਨ।

? ਪਰ ‘ਗ਼ਦਰ’ ਅਖ਼ਬਾਰ ਵਿਚ ਲਾਲਾ ਹਰਦਿਆਲ ਦੇ ਅਰਾਜਕਤਾਵਾਦੀ ਵਿਚਾਰ ਲਗਾਤਾਰ ਛਪਦੇ ਰਹੇ ਸਨ । ਗ਼ਦਰੀਆਂ ਦੀਆਂ ਕਾਫ਼ੀ ਸਾਰੀਆਂ ਕਵਿਤਾਵਾਂ ਵਿੱਚੋਂ ਵੀ ਇਸ ਸੋਚ ਦੀ ਤਕੜੀ ਝਲਕ ਮਿਲਦੀ ਹੈ। ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਿੱਖਾਂ ਦਾ ਹਿੰਸਾ ਬਾਰੇ ਨਜ਼ਰੀਆ ਇਸ ਨਾਲੋਂ ਵੱਖਰਾ ਸੀ ?

ਤੁਹਾਡੇ ਵੱਲੋਂ ਦਰਸਾਏ ਤੱਥ ਗ਼ਲਤ ਨਹੀਂ ਹਨ, ਪਰ ਇਤਿਹਾਸ ਸ਼ਾਸਤਰੀ ਇਹ ਗੱਲ ਮੰਨ ਕੇ ਚੱਲਦੇ ਹਨ ਕਿ ‘ਤੱਥ’ ਤੇ ‘ਸੱਚ’ ਇੱਕੋ ਗੱਲ ਨਹੀਂ। ਤੱਥ ਆਪਣੀ ਵਿਆਖਿਆ ਆਪ ਨਹੀਂ ਕਰਦੇ। ਏਸੇ ਕਰਕੇ ਕਿਹਾ ਜਾਂਦਾ ਹੈ ਕਿ ਤੱਥਾਂ ਤੋਂ ਸੱਚ ਲੱਭੋ ! (seek truth from facts) ਤੱਥਾਂ ਤੋਂ ਸੱਚ ਲੱਭਣ ਦਾ ਖਰਾ ਵਿਗਿਆਨਕ ਤਰੀਕਾ ਇਹ ਹੈ ਕਿ ਕਿਸੇ ਵਸਤੂ ਜਾਂ ਵਰਤਾਰੇ ਦਾ ਸਿਰਫ਼ ਬਾਹਰੀ ਰੂਪ (appearance) ਨਾ ਵੇਖੋ, ਇਸ ਦਾ ਅੰਤਰੀਵ ਤੱਤ (essence) ਪਛਾਣੋ। ਗ਼ਦਰ ਲਹਿਰ ਦੀ ਗੱਲ ਕਰੀਏ ਤਾਂ ਇਕ ਪਾਸੇ ਇਸ ਦੀਆਂ ਲਿਖਤਾਂ/ਦਸਤਾਵੇਜ਼ ਹਨ, ਦੂਜੇ ਪਾਸੇ ਇਸ ਦਾ ਠੋਸ ਅਮਲ ਹੈ। ਇਸ ਦੇ ਇਨ੍ਹਾਂ ਦੋਵਾਂ ਪੱਖਾਂ ਨੂੰ ਮੇਲ ਕੇ ਹੀ ਇਸ ਬਾਰੇ ਠੀਕ ਨਿਰਣਾ ਕੀਤਾ ਜਾ ਸਕਦਾ ਹੈ। ਸਟਾਕਟਨ ਵਿਖੇ ਹੋਈ ਕਾਨਫ਼ਰੰਸ ਲਈ ਮੈਂ ਜੋ ਪਰਚਾ ਲਿਖਿਆ ਸੀ, ਉਸ ਵਿਚ ਗ਼ਦਰ ਪਾਰਟੀ ਦੇ ਵਿਲੱਖਣ ਖ਼ਾਸੇ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਗੱਲ ਸਾਫ਼ ਕੀਤੀ ਗਈ ਸੀ ਕਿ ‘ਪਾਰਟੀ ਦੇ ਉਦੇਸ਼ਾਂ, ਨੀਤੀਆਂ ਤੇ ਕਾਰਜਾਂ ਸੰਬੰਧੀ ਪਾਰਟੀ ਲਿਖਤਾਂ ਉੱਤੇ ਅੰਨ੍ਹੇਵਾਹ ਨਿਰਭਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲਿਖਤਾਂ ਪ੍ਰਤੀ ਘੋਖਵੀਂ ਤੇ ਸੋਘਵੀਂ ਪਹੁੰਚ ਅਪਨਾਉਣੀ ਜ਼ਰੂਰੀ ਹੈ। ਇਹ ਪਛਾਣ ਕਰਨੀ ਜ਼ਰੂਰੀ ਹੈ ਕਿ ਕਿਹੜੀ ਲਿਖਤ ਕਿਸ ਵਿਅਕਤੀ ਨੇ ਕਿਸ ਮੌਕੇ ਲਿਖੀ।’ ਅਜਿਹੀ ਪਹੁੰਚ ਅਪਨਾਉਣ ਦੀ ਲੋੜ ਤੇ ਵਾਜਬੀਅਤ ਬਾਰੇ ਪਰਚੇ ਵਿਚ ਖੋਲ੍ਹ ਕੇ ਦੱਸਿਆ ਗਿਆ ਹੈ। ਇਸ ਕਰਕੇ ਇਥੇ ਇਹ ਗੱਲਾਂ ਦੁਹਰਾਉਣ ਦੀ ਲੋੜ ਨਹੀਂ। ਬੜੀ ਸਪੱਸ਼ਟ ਜਿਹੀ ਗੱਲ ਹੈ ਕਿ ਜਦੋਂ ਗ਼ਦਰ ਪਾਰਟੀ ਦਾ ਠੋਸ ਅਮਲ ਸਾਹਮਣੇ ਪਿਆ ਹੈ। ਤਾਂ ਇਸ ਨੂੰ ਨਜ਼ਰ-ਅੰਦਾਜ਼ ਕਰ ਕੇ ਸਿਰਫ਼ ਇਸ ਦੀਆਂ ਲਿਖਤਾਂ, ਲੇਖਾਂ ਜਾਂ ਕਵਿਤਾਵਾਂ, ਨੂੰ ਆਧਾਰ ਬਣਾ ਕੇ ਇਸ ਬਾਰੇ ਕੋਈ ਫ਼ਤਵਾ ਦੇਣ ਦੀ ਕੀ ਵਾਜਬੀਅਤ ਬਣਦੀ ਹੈ ? ਗ਼ਦਰ ਲਹਿਰ ਦਾ ਸਮੁੱਚਾ ਅਭਿਆਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਸ ਦੀ ਕੇਂਦਰੀ ਧਾਰਾ ਨੇ ਹਿੰਸਾ ਬਾਰੇ ਲਾਲਾ ਹਰਦਿਆਲ ਤੇ ਬੰਗਾਲੀ ਕ੍ਰਾਂਤੀਕਾਰੀਆਂ ਦੇ ਮੱਤ ਨੂੰ ਨਾ ਪਰਵਾਨ ਕੀਤਾ ਤੇ ਨਾ ਲਾਗੂ ਕੀਤਾ ਸੀ। ਹਿੰਸਾ ਬਾਰੇ ਉਨ੍ਹਾਂ ਦਾ ਆਪਣਾ ਵਿਸ਼ੇਸ਼ ਨਜ਼ਰੀਆ ਸੀ ਜਿਹੜਾ ਆਧੁਨਿਕ ਵਿਗਿਆਨਕ ਸੰਸਾਰ-ਦ੍ਰਿਸ਼ਟੀਕੋਣ ਵਿੱਚੋਂ ਪੈਦਾ ਨਹੀਂ ਹੋਇਆ ਸੀ, ਬਲਕਿ ਸਿੱਖ ਰਵਾਇਤਾਂ ਦੇ ਅਨੁਸਾਰੀ ਸੀ । ਇਸ ਦਾ ਕਾਰਨ ਇਹ ਸੀ ਕਿ ਗ਼ਦਰੀ ਬਾਬੇ ਸਿੱਖ ਸਭਿਆਚਾਰਕ ਵਿਰਸੇ ਨਾਲ ਜੁੜੇ ਹੋਏ ਸਨ। ‘ਉੱਚ ਜਾਤੀ’ ਹਿੰਦੂ ਮੱਧ-ਵਰਗ ਦੇ ਲੋਕਾਂ ਨਾਲੋਂ ਉਨ੍ਹਾਂ ਦਾ ਇਹ ਬਹੁਤ ਹੀ ਅਹਿਮ ਤੇ ਬੁਨਿਆਦੀ ਫ਼ਰਕ ਸੀ। ਕਵਿਤਾਵਾਂ ਵਿਚ ਬੇਸ਼ੱਕ ਉਨ੍ਹਾਂ ਨੇ ਫ਼ਰੰਗੀਆਂ ਨੂੰ ਕਤਲ ਕਰਨ ਦੇ ਹੋਕੇ ਦਿੱਤੇ ਸਨ। ਕਵਿਤਾ ਵਿਚ ਤਾਂ ਉਹ ਇਹ ਕਹਿਣ ਤਕ ਚਲੇ ਗਏ ਸਨ ਕਿ :

ਗੱਡ ਦਿਓ ਜੰਗ ਦੀਆਂ ਲਾਲ ਝੰਡੀਆਂ,

ਵੱਢ ਦਿਓ ਗੋਰੇ ਮੇਮਾਂ ਕਰ ਦਿਓ ਰੰਡੀਆਂ।

ਚਾਰ ਤੇ ਕਰੋੜ ਏਥੇ ਗੋਰੇ ਵਸਦੇ,

ਤੇਤੀ ਤੇ ਕਰੋੜ ਨੇ ਹਿੰਦੀ ਵਸਦੇ।

ਅੱਠ ਅੱਠ ਇਕ ਦੀਆਂ ਪਾ ਲੋ ਵੰਡੀਆਂ,

ਵੱਢ ਦਿਓ ਗੋਰੇ ਮੇਮਾਂ ਕਰ ਦਿਓ ਰੰਡੀਆਂ।

ਹੁਣ ਜੇਕਰ ਇਸ ਕਾਵਿ-ਬੰਦ ਨੂੰ ਗ਼ਦਰ ਲਹਿਰ ਦੀ ਹਿੰਸਾ ਬਾਰੇ ਸਮਝ ਦਾ ਆਧਾਰ ਮੰਨ ਲਿਆ ਜਾਵੇ ਤਾਂ ਤੁਸੀਂ ਖ਼ੁਦ ਅੰਦਾਜ਼ਾ ਲਾਓ ਕਿ ਇਸ ‘ਚੋਂ ਗ਼ਦਰੀਆਂ ਦਾ ਕਿਹੋ ਜਿਹਾ ਅਕਸ ਉਭਰਦਾ ਹੈ ? ਪਰ ਤੁਸੀਂ ਆਪ ਹੀ ਦੱਸੋ ਕਿ ਉਨ੍ਹਾਂ ਨੇ ਇਸ ਉੱਤੇ ਕਿੰਨਾ ਕੁ ਅਮਲ ਕੀਤਾ ? ਭਾਰਤ ਅੰਦਰ ਜਾ ਕੇ ਉਨ੍ਹਾਂ ਆਪਣਾ ਸਾਰਾ ਧਿਆਨ ਫ਼ੌਜੀ ਬਗ਼ਾਵਤ ਜਥੇਬੰਦ ਕਰਨ ਉੱਤੇ ਲਾ ਦਿੱਤਾ ਸੀ। ਉਨ੍ਹਾਂ ਨੇ ਕਿਤੇ ਵੀ, ਕਿਸੇ ਇਕ ਵੀ ਅੰਗਰੇਜ਼ ਨੂੰ ਤੇ ਉਨ੍ਹਾਂ ਦੇ ਝੋਲੀਚੁੱਕਾਂ ਨੂੰ ਕਤਲ ਨਹੀਂ ਕੀਤਾ ਸੀ । ਜੋ ਇੱਕਾ ਦੁੱਕਾ ਕਤਲ ਹੋਏ, ਉਹ ਦੁਰਘਟਨਾ ਵੱਸ ਹੋਏ। ਜਿਵੇਂ ਫੇਰੂਸ਼ਹਿਰ ਦੀ ਦੁਰਘਟਨਾ ਜਿਥੇ ਗ਼ਦਰੀਆਂ ਨੂੰ ਮਜਬੂਰੀ ਵੱਸ ਇਕ ਠਾਣੇਦਾਰ ਨੂੰ ਮਾਰਨਾ ਪੈ ਗਿਆ ਸੀ। ਇਵੇਂ ਹੀ ਲਾਹੌਰ ਦੇ ਬਾਜ਼ਾਰ ਅੰਦਰ ਵੀ ਅਜਿਹੀ ਹੀ ਦੁਰਘਟਨਾ ਵਾਪਰ ਗਈ ਸੀ। ਹਥਿਆਰਬੰਦ ਲਹਿਰ ਅੰਦਰ ਅਜਿਹੀਆਂ ਵਾਰਦਾਤਾਂ ਵਾਪਰ ਜਾਣੀਆਂ ਸੁਭਾਵਕ ਹੁੰਦੀਆਂ ਹਨ। ਇਨ੍ਹਾਂ ਤੋਂ ਲਹਿਰ ਦਾ ਕੇਂਦਰੀ ਤੱਤ ਨਿਰਧਾਰਤ ਨਹੀਂ ਹੁੰਦਾ । ਜਿਹੜਾ ਕੁਝ ਬਦਨਾਮ ਮੁਖ਼ਬਰਾਂ ਨੂੰ ਕਤਲ ਕੀਤਾ ਗਿਆ, ਉਹ ਲਹਿਰ ਦੇ ਅਸਫਲ ਹੋ ਜਾਣ ਤੋਂ ਬਾਅਦ ਦਾ ਵਰਤਾਰਾ ਹੈ। ਪਹਿਲਾਂ ਗ਼ਦਰੀਆਂ ਦੀ ਸਾਰੀ ਸੁਤਾ ਬਗ਼ਾਵਤ ਕਰਨ ਉੱਤੇ ਹੀ ਟਿਕੀ ਰਹੀ ਸੀ।

? ਪਰ ਕੁਝ ਚੰਗੇ ਭਲੇ ਵਿਦਵਾਨਾਂ, ਜਿਵੇਂ ਹਰੀਸ਼ ਪੁਰੀ ਤੇ ਡਾ. ਸੁਰਜੀਤ ਹਾਂਸ, ਨੇ ਤਾਂ ਗ਼ਦਰੀਆਂ ਦੀਆਂ ਕਵਿਤਾਵਾਂ ਦੇ ਆਧਾਰ ‘ਤੇ ਹੀ ਗ਼ਦਰ ਲਹਿਰ ਬਾਰੇ ਕਾਫ਼ੀ ਨਾਂਹ ਪੱਖੀ ਨਿਰਣੇ ਕੱਢ ਮਾਰੇ ਹਨ। ਡਾ. ਹਾਂਸ ਨੇ ਤਾਂ ਇਨ੍ਹਾਂ ਕਵਿਤਾਵਾਂ ਨੂੰ ਗ਼ਦਰ ਪਾਰਟੀ ਦੇ ‘ਕਾਵਿ-ਰੂਪ ਪ੍ਰੋਗਰਾਮ’ (versified programme) ਦਾ ਨਾਉਂ ਦਿੱਤਾ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?

ਇਸ ਦੀ ਵਿਆਖਿਆ ਪਹਿਲਾਂ ਹੀ ਹੋ ਚੁੱਕੀ ਹੈ। ਕੋਈ ਵੀ ਲਹਿਰ ਜਿਸ ਵਿਚ ਲੋਕਾਂ ਨੇ ਆਪਣੇ ਸਿਰਾਂ ਦੀਆਂ ਬਾਜ਼ੀਆਂ ਲਾ ਦਿੱਤੀਆਂ ਹੋਣ, ਉਸ ਬਾਰੇ ਕੋਈ ਵੀ ਟਿੱਪਣੀ ਜ਼ੁੰਮੇਵਾਰੀ ਦੇ ਪੂਰਨ ਅਹਿਸਾਸ ਨਾਲ, ਪੂਰਾ ਮਿਣ ਤੋਲ ਕੇ ਕਰਨੀ ਚਾਹੀਦੀ ਹੈ। ਜਿਹੜਾ ਵਿਦਵਾਨ ਜ਼ੁੰਮੇਵਾਰੀ ਦੇ ਅਹਿਸਾਸ ਤੋਂ ਕੰਮ ਨਹੀਂ ਲੈਂਦਾ ਅਤੇ ਬੌਧਿਕ ਕਾਰਜ ਦੇ ਨਾਂ ਥੱਲੇ ਆਪਣੀ ਅੰਤਰਮੁਖਤਾ ਦੀ ਗਤਕੇਬਾਜ਼ੀ ਕਰਦਾ ਹੈ, ਉਹ ਕਿਸੇ ਗੰਭੀਰ ਟਿਪਣੀ ਦੇ ਲਾਇਕ ਨਹੀਂ। ਉਸ ਨੂੰ ਬਹੁਤਾ ਗੌਲਣ ਦੀ ਲੋੜ ਨਹੀਂ। ਗੱਲਬਾਤ ਦੇ ਅਸਲੀ ਵਿਸ਼ੇ ਉੱਤੇ ਹੀ ਟਿਕੇ ਰਹੀਏ ਤਾਂ ਬਿਹਤਰ ਹੋਵੇਗਾ।

ਮਿਸ਼ਨ ਵੱਡਾ ਸੀ

ਆਪਾਂ ਗ਼ਦਰੀਆਂ ਵੱਲੋਂ ਖੁਲ੍ਹਾ ਪ੍ਰਚਾਰ ਕਰਨ ਬਾਰੇ ਗੱਲ ਕਰ ਰਹੇ ਸੀ। ਇਸ ਬਾਰੇ ਇਕ ਗ਼ਲਤ ਮਨੌਤ ਪੂਰੀ ਤਰ੍ਹਾਂ ਰੱਦ ਕਰ ਦੇਣੀ ਚਾਹੀਦੀ ਹੈ ਕਿ ਗ਼ਦਰੀਆਂ ਨੇ ਜੋ ਕੀਤਾ ਬਿਨਾਂ ਸੋਚੇ ਸਮਝੇ, ਨਿਰੋਲ ਮਨੋਭਾਵਾਂ ਦੇ ਅੰਨ੍ਹੇ ਵੇਗ ਹੇਠ ਕੀਤਾ। ਬਾਬਿਆਂ ਦੀਆਂ ਆਪਣੀਆਂ ਮੌਲਿਕ ਲਿਖਤਾਂ ਸਾਹਮਣੇ ਆ ਜਾਣ ਤੋਂ ਬਾਅਦ ਵੀ ਜੇਕਰ ਕੋਈ ਵਿਦਵਾਨ ਇਸ ਗ਼ਲਤ ਮਨੌਤ ਨੂੰ ਤਿਆਗਣ ਅਤੇ ਇਸ ਦੀ ਰੋਸ਼ਨੀ ਵਿਚ ਆਪਣੀਆਂ ਗ਼ਲਤ ਧਾਰਨਾਵਾਂ ਨੂੰ ਸੋਧਣ ਲਈ ਤਿਆਰ ਨਹੀਂ ਹੁੰਦਾ ਤਾਂ ਬੁੱਧੀ ਨਾਲੋਂ ਵੱਧ ਓਹਦੀ ਸੁਹਿਰਦਤਾ ਬਾਰੇ ਸ਼ੱਕ ਕਰਨਾ ਪੂਰੀ ਤਰ੍ਹਾਂ ਜਾਇਜ਼ ਹੈ। ਇਥੇ ਇਹ ਗੱਲ ਇਕ ਵਾਰ ਫਿਰ ਚਿਤਾਰਨੀ ਪੈ ਰਹੀ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਦੀ ਮੇਰੀ ਰਾਮ ਕਹਾਣੀ ਨੂੰ ਬਹੁਤ ਹੀ ਨੀਝ ਲਾ ਕੇ ਪੜ੍ਹਨ ਦੀ ਲੋੜ ਹੈ। ਇਸ ਵਿਚ ਬਾਬਾ ਜੀ ਨੇ, ਉਨ੍ਹਾਂ ਦੇ ਸਾਹਮਣੇ ਜੋ ਹਾਲਤਾਂ ਪੇਸ਼ ਸਨ, ਉਨ੍ਹਾਂ ਬਾਰੇ ਅਤੇ ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਗ਼ਦਰ ਪਾਰਟੀ ਵੱਲੋਂ ਤਿਆਰ ਕੀਤੀ ਗਈ ਕਾਰਜ-ਯੋਜਨਾ ਤੇ ਕਾਰਜ-ਵਿਧੀ ਬਾਰੇ ਬਹੁਤ ਹੀ ਭਾਵਪੂਰਤ ਤੇ ਸਪੱਸ਼ਟ ਵਿਚਾਰ ਪੇਸ਼ ਕੀਤੇ ਹਨ। ਇਸ ਨੂੰ ਪੜ੍ਹ ਕੇ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਗ਼ਦਰੀ ਬਾਬਿਆਂ ਦਾ ਹਰ ਕਰਮ ਉੱਚੇ ਦਰਜੇ ਦੀ ਚੇਤਨਾ ਤੇ ਸੰਜੀਦਾ ਸੋਚ ਵਿਚਾਰ ਵਿੱਚੋਂ ਨਿਕਲਿਆ ਹੋਇਆ ਸੀ। ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪਰ ਇਹ ਅਹਿਸਾਸ ਉਨ੍ਹਾਂ ਨੂੰ ਹੀ ਹੋ ਸਕਦਾ ਹੈ ਜਿਨ੍ਹਾਂ ਨੂੰ ਬਾਬਿਆਂ ਦੇ ਆਦਰਸ਼ਾਂ ਨਾਲ ਦਿਲੀ ਮੁਹੱਬਤ ਹੈ ਅਤੇ ਜਿਨ੍ਹਾਂ ਦੇ ਹਿਰਦਿਆਂ ਅੰਦਰ ਇਨ੍ਹਾਂ ਆਦਰਸ਼ਾਂ ਨੂੰ ਅਮਲ ਵਿਚ ਸਾਕਾਰ ਕਰਨ ਦਾ ਜਜ਼ਬਾ ਤੇ ਤੜਫ਼ ਹੈ।

ਬਾਬਾ ਭਕਨਾ ਨੇ ਪਾਰਟੀ ਵੱਲੋਂ ਖੁੱਲ੍ਹਾ ਪ੍ਰਚਾਰ ਕੀਤੇ ਜਾਣ ਦੀ ਵਾਜਬੀਅਤ ਇਨ੍ਹਾਂ ਲਫ਼ਜ਼ਾਂ ਵਿਚ ਦਰਸਾਈ ਹੈ : ‘ਏਥੇ ਇਕ ਗੱਲ ਦੱਸ ਦੇਣੀ ਜ਼ਰੂਰੀ ਹੈ, ਉਸ ਨੂੰ ਸਾਡੀ ਨਿਰਭੈਤਾ ਸਮਝੋ ਚਾਹੇ ਬੇਵਕੂਫ਼ੀ। ਉਹ ਇਹ ਕਿ ਅਸੀਂ ਲੋਕ ਪੂਰੇ ਨਿਰਭੈ ਹੋ ਕੇ ਆਪਣੇ ਉਦੇਸ਼ ਦਾ ਪ੍ਰਚਾਰ ਆਮ ਖ਼ਾਸ ਵਿਚ ਖੁੱਲ੍ਹਾ ਡੁੱਲ੍ਹਾ ਕਰਦੇ ਸਾਂ। ਸਾਨੂੰ ਕਿਸੇ ਗੌਰਨਮੈਂਟ ਜਾਂ ਮੌਤ ਦਾ ਰਤਾ ਜਿੰਨਾ ਵੀ ਭੈਅ ਨਹੀਂ ਸੀ…ਜੇ ਕਿਸੇ ਨੂੰ ਸ਼ੱਕ ਹੋਵੇ ਕਿ ਇਹ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਸਾਡੇ ਅਲ੍ਹੜਪੁਣੇ ਦਾ ਸਿੱਟਾ ਸੀ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਏ ਕਿ ਜੋ ਉਪਦੇਸ਼ ਨਿਰਾ ਅਗਿਆਨ ਅਵਸਥਾ ਵਿਚ ਕੀਤਾ ਜਾਂਦਾ ਹੈ, ਜਦੋਂ ਉਸ ਉਪਦੇਸ਼ ਦੇ ਸਾਹਮਣੇ ਮੌਤ ਦਾ ਸਵਾਲ ਆਉਂਦਾ ਏ, ਤਾਂ ਉਹ ਕਦੀ ਆਪਣੇ ਪੈਰਾਂ ‘ਤੇ ਅਡੋਲ ਨਹੀਂ ਰਹਿ ਸਕਦਾ। ਐਪਰ ਸਾਡੇ ਆਦਮੀਆਂ ਦੀ ਹਾਲਤ ਇਸ ਤੋਂ ਉੱਕੀ ਉਲਟ ਸੀ। ਉਹ ਜਿਉਂ ਜਿਉਂ ਮੌਤ ਦੇ ਨੇੜੇ ਢੁਕਦੇ ਜਾਂਦੇ ਸਨ, ਤਿਉਂ ਤਿਉਂ ਉਨ੍ਹਾਂ ਦੇ ਮਨ ਫੁੱਲ ਵਾਂਗੂ ਖਿੜਦੇ ਜਾਂਦੇ ਸਨ। ਇਸ ਤੋਂ ਸਾਫ਼ ਸਿੱਧ ਹੈ ਕਿ ਗ਼ਦਰ ਪਾਰਟੀ ਦਾ ਪ੍ਰਚਾਰ ਅਗਿਆਨ ਅਵਸਥਾ ਵਿਚ ਨਹੀਂ ਸੀ, ਸਗੋਂ ਉਹ ਇਸ ਮਾਮਲੇ ਵਿਚ ਪੂਰੇ ਜਾਣੂ ਹੋ ਕੇ ਮੈਦਾਨ ਵਿਚ ਨਿਤਰੇ ਸਨ। ਕਿਉਂ ਜੋ ਅਸੀਂ ਜਾਣਦੇ ਸਾਂ ਕਿ ਜਦੋਂ ਤਕ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਨਾ ਕੀਤਾ ਜਾਊ ਤੇ ਹੱਸ ਹੱਸ ਫਾਹੇ ਨਹੀਂ ਚੜ੍ਹਿਆ ਜਾਊ, ਤਦ ਤਕ ਇਸ ਮੁਰਦਾ ਕੌਮ ਦੇ ਦਿਲ ਵਿੱਚੋਂ ਮੌਤ ਦਾ ਭੈ ਨਿਕਲਣਾ ਅਸੰਭਵ ਹੈ। ਬਾਬਾ ਜੀ ਦੇ ਉਕਤ ਕਥਨ ਵਿੱਚੋਂ ਇਹ ਗੱਲ ਭਲੀਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਕਰਨ ਦਾ ਫ਼ੈਸਲਾ ਸੋਚ ਵਿਚਾਰ ਕੇ ਹੀ ਕੀਤਾ ਗਿਆ ਸੀ ਅਤੇ ਇਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਨਿਰਣਾ, ਇਸ ਨੂੰ, ਉਨ੍ਹਾਂ ਦੇ ਸਮੁੱਚੇ ਵਿਚਾਰਧਾਰਕ ਨਜ਼ਰੀਏ ਤੇ ਸਮੁੱਚੀ ਰਣਨੀਤੀ ਦੇ ਸੰਦਰਭ ਵਿਚ ਵਿਚਾਰ ਕੇ ਹੀ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਹਿਲਾਂ ਗੱਲ ਹੋ ਚੁੱਕੀ ਹੈ, ਬੰਗਾਲੀ ਕ੍ਰਾਂਤੀਕਾਰੀਆਂ ਵਾਂਗੂੰ ਗ਼ਦਰੀ ਬਾਬਿਆਂ ਦੀ ਟੇਕ ਥੋੜ੍ਹੇ ਜਿਹੇ ਚੁਣਵੇਂ ਸੂਰਮਿਆਂ ਦੇ ਦਲੇਰੀ ਭਰੇ ਕਾਰਨਾਮਿਆਂ ਉੱਤੇ ਹੀ ਨਹੀਂ ਸੀ। ਉਹ ਫ਼ੌਜੀ ਬਗ਼ਾਵਤ ਨੂੰ ਜਨਤਕ ਵਿਦਰੋਹ ਨਾਲੋਂ ਅਲੱਗ ਕਰਕੇ ਨਹੀਂ ਦੇਖਦੇ ਸਨ। ਜੇਕਰ ਉਨ੍ਹਾਂ ਦੀ ਟੇਕ ਨਿਰੋਲ ਫ਼ੌਜੀ ਬਗ਼ਾਵਤ ਉੱਤੇ ਹੀ ਹੁੰਦੀ ਤਾਂ ਉਨ੍ਹਾਂ ਨੂੰ ਅਮਰੀਕਾ, ਕੈਨੇਡਾ ਤੇ ਟਾਪੂਆਂ ਅੰਦਰ ਆਮ ਜਨਤਾ ਵਿਚ ਪ੍ਰਚਾਰ ਦੀ ਏਡੀ ਵਿਆਪਕ ਲਹਿਰ ਚਲਾਉਣ ਦੀ ਕੋਈ ਲੋੜ ਨਹੀਂ ਸੀ। ਉਹ ਥੋੜ੍ਹੇ ਜਿਹੇ ਬੰਦਿਆਂ ਦੇ ਆਸਰੇ ਫ਼ੌਜ ਅੰਦਰ ਗੁਪਤ ਸੰਪਰਕ ਗੰਢ ਸਕਦੇ ਸਨ ਅਤੇ ਬਗ਼ਾਵਤ ਦਾ ਯਤਨ ਕਰ ਸਕਦੇ ਸਨ। ਪਰ ਉਨ੍ਹਾਂ ਨੇ ਮੁੱਢ ਤੋਂ ਹੀ, ਜਦੋਂ ਅਜੇ ਗ਼ਦਰ ਪਾਰਟੀ ਬਣਾਉਣ ਦੇ ਵਿਚਾਰ ਦਾ ਜਨਮ ਵੀ ਨਹੀਂ ਹੋਇਆ ਸੀ, ਆਪਣੇ ਹੱਕਾਂ ਦੀ ਰੱਖਿਆ ਕਰਨ ਲਈ ਜਨਤਕ ਲਾਮਬੰਦੀ ਦਾ ਤਰੀਕਾਕਾਰ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਇਸ ਵਿੱਚੋਂ ਹੀ ਜਨਤਕ ਸੁਭਾਅ ਵਾਲੀ ਜਥੇਬੰਦੀ ਬਣਾਉਣ ਦਾ ਵਿਚਾਰ ਪੈਦਾ ਹੋਇਆ ਸੀ। ਇਸ ਤੋਂ ਗ਼ਦਰੀਆਂ ਦੀ ਬੁਨਿਆਦੀ ਸੋਚ ਦਾ ਪਤਾ ਚੱਲਦਾ ਹੈ ਕਿ ਅੰਗਰੇਜ਼ੀ ਰਾਜ ਦੇ ਖ਼ਾਤਮੇ ਦਾ ਉਨ੍ਹਾਂ ਦਾ ਸੰਕਲਪ ਹੋਛਾ ਤੇ ਸੌੜਾ ਨਹੀਂ ਸੀ। ਉਨ੍ਹਾਂ ਦਾ ਉਦੇਸ਼ ਸਿਰਫ਼ ਸੱਤਾ ਦੀ ਤਬਦੀਲੀ ਨਹੀਂ ਸੀ ਅਤੇ ਨਾ ਖੱਬੇ ਪੱਖੀ ਧਾਰਨਾ ਅਨੁਸਾਰ ਕੇਵਲ ਸਮਾਜੀ-ਆਰਥਿਕ ਢਾਂਚੇ ਦੀ ਬਾਹਰਮੁਖੀ ਤਬਦੀਲੀ ਸੀ, ਉਹ ਲੋਕਾਂ ਦਾ ਚਰਿੱਤਰ ਬਦਲਣਾ ਚਾਹੁੰਦੇ ਸਨ। ਉਹ ‘ਮੁਰਦਾ ਕੌਮ’ ਨੂੰ ਜ਼ਿੰਦਾ ਕੌਮ ਵਿਚ ਤਬਦੀਲ ਕਰਨਾ ਚਾਹੁੰਦੇ ਸਨ। ਉਹ ਤਬਦੀਲੀ ਬਾਰੇ ਆਧੁਨਿਕ ਸਿਧਾਂਤਾਂ ਦੇ ਮੁਹਤਾਜ ਨਹੀਂ ਸਨ, ਕਿਉਂਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਇਹ ਸਿੱਖਿਆ ਗੂੜ੍ਹੀ ਤਰ੍ਹਾਂ ਗ੍ਰਹਿਣ ਕੀਤੀ ਹੋਈ ਸੀ ਕਿ ਨਿਰੋਲ ਬਾਹਰਮੁਖੀ ਹਾਲਤਾਂ ਦੀ ਤਬਦੀਲੀ ਮਨੁੱਖ ਦੇ ਕੁਦਰਤੀ ਸੁਭਾਅ ਨੂੰ ਨਹੀਂ ਬਦਲ ਸਕਦੀ। ਜਿੰਨਾ ਚਿਰ ਇਹ ਬਦਲਾਉ ਅੰਤਰੀਵ ਰੂਪ ਵਿਚ ਦਿਲਾਂ ਵਿਚ ਨਹੀਂ ਵਾਪਰਦਾ, ਅਰਥਾਤ ਜਦੋਂ ਤਕ ਉਨ੍ਹਾਂ ਦਾ ਆਤਮਿਕ ਕਾਇਆ-ਕਲਪ ਨਹੀਂ ਹੁੰਦਾ, ਉਦੋਂ ਤਕ ਸਮਾਜ ਤੇ ਲੋਕਾਂ ਅੰਦਰ ਕੋਈ ਅਰਥ-ਭਰਪੂਰ ਤੇ ਹੰਢਣਸਾਰ ਬਦਲਾਉ ਨਹੀਂ ਲਿਆਂਦਾ ਜਾ ਸਕਦਾ। ਸੋ ਇਸ ਲਿਹਾਜ਼ ਨਾਲ ਉਹ ਗੁਰੂਆਂ ਦੇ ਮਿਸ਼ਨ ਨੂੰ ਹੀ ਸਾਕਾਰ ਕਰ ਰਹੇ ਸਨ। ਭਾਰਤ ਨੂੰ ਬਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਕਰਾਉਣਾ ਇਸ ਮਿਸ਼ਨ ਦਾ ਇਕ ਲਘੂ ਅੰਗ ਸੀ, ਇਹ ਉਨ੍ਹਾਂ ਦੀ ਅੰਤਮ ਮੰਜ਼ਲ ਨਹੀਂ ਸੀ। ਉਨ੍ਹਾਂ ਦਾ ਉਦੇਸ਼ ਕਿਸੇ ਵੀ ਪੱਖੋਂ ‘ਉੱਚ ਜਾਤੀ’ ਹਿੰਦੂ ਵਰਗਾਂ ਵਾਂਗੂੰ ਮਹਿਜ਼ ਸੱਤਾ ਉਲਟਾਉਣਾ ਜਾਂ ਹਥਿਆਉਣਾ ਨਹੀਂ ਸੀ, ਉਨ੍ਹਾਂ ਦਾ ਮਿਸ਼ਨ ਮਨੁੱਖੀ ਅਮਲਾਂ ਦੇ ਅੰਤਰੀਵ ਸੋਮਿਆਂ ਦੀ ਕਾਇਆ-ਕਲਪ ਕਰਨਾ ਸੀ। ਉਹ ਲੋਕਾਂ ਅੰਦਰ ਆਤਮਿਕ ਬਲ ਤੇ ਕੌਮੀ ਗ਼ੈਰਤ ਪੈਦਾ ਕਰਨ ਦੇ ਕਾਰਜ ਨੂੰ ਇਸ ਦ੍ਰਿਸ਼ਟੀ ਤੋਂ ਦੇਖਦੇ ਸਨ। ‘ਮਰਦਾ

ਕੌਮ ਦੇ ਦਿਲਾਂ ਵਿੱਚੋਂ ਮੌਤ ਦਾ ਭੈ ਕੱਢਣ ਤੋਂ ਬਾਬਾ ਭਕਨਾ ਜੀ ਦੀ ਮੁਰਾਦ ਇਹੀ ਸੀ। ਇਸ ਦੇ ਉਲਟ, ‘ਉੱਚ ਜਾਤੀ’ ਹਿੰਦੂ ਵਰਗਾਂ ਦੀ ਸਾਰੀ ਸੁਰਤ ਨਿਰੋਲ ਰਾਜਸੀ ਸੱਤਾ ਉੱਤੇ ਟਿਕੀ ਹੋਈ ਸੀ। ਉਹ ਬਰਤਾਨਵੀ ਹਾਕਮਾਂ ਨੂੰ ਲਾਂਭੇ ਕਰ ਕੇ ਆਪ ਸੱਤਾ ਉੱਤੇ ਕਾਬਜ਼ ਹੋਣ ਦੀ ਸੌੜੀ ਰਾਜਸੀ ਲਾਲਸਾ ਰੱਖਦੇ ਸਨ। ਸੋ ਅਸੀਂ ਦੇਖ ਸਕਦੇ ਹਾਂ। ਕਿ ਦੋਵਾਂ ਵਰਗਾਂ ਦੀ ਪ੍ਰੇਰਨਾ ਦੇ ਸ੍ਰੋਤ ਮੂਲੋਂ ਹੀ ਅਲੱਗ ਅਲੱਗ ਸਨ। ‘ਉੱਚ ਜਾਤੀ’ ਹਿੰਦੂ ਵਰਗਾਂ ਦੀ, ਭਾਰਤੀ ਲੋਕਾਂ ਦੇ ਚਰਿੱਤਰ ਵਿਚ ਬੁਨਿਆਦੀ ਤਬਦੀਲੀ ਲਿਆਉਣ ਵਿੱਚ ਉੱਕਾ ਹੀ ਕੋਈ ਰੁਚੀ ਨਹੀਂ ਸੀ, ਕਿਉਂਕਿ ਇਹ ਚਰਿੱਤਰ ਮੂਲ ਰੂਪ ਵਿਚ ਉਨ੍ਹਾਂ ਦੀ ਹੀ ਦੇਣ ਸੀ। ਉਨ੍ਹਾਂ ਨੇ ਇਸ ਦੀ ਬਦੌਲਤ ਹੀ ਸਦੀਆਂ ਤੋਂ ਲੋਕਾਂ ਨੂੰ ਦੁਬੇਲ ਬਣਾ ਕੇ ਰੱਖਿਆ ਹੋਇਆ ਸੀ। ਇਹ ਉਨ੍ਹਾਂ ਦੇ ਸਮਾਜੀ-ਆਰਥਿਕ ਤੇ ਧਾਰਮਿਕ-ਸਭਿਆਚਾਰਕ ਹਿਤਾਂ ਦੇ ਮੁਆਫ਼ਕ ਸੀ। ਇਸ ਕਰਕੇ ਉਹ ਇਸ ਵਿਚ ਕੋਈ ਵੀ ਬੁਨਿਆਦੀ ਬਦਲਾਉ ਨਹੀਂ ਲਿਆਉਣਾ ਚਾਹੁੰਦੇ ਸਨ । ਉਹ ਲੋਕਾਂ ਦੀਆਂ ਸ਼ਕਤੀਆਂ ਨੂੰ ਜਗਾਉਣਾ ਨਹੀਂ ਚਾਹੁੰਦੇ ਸਨ, ਇਨ੍ਹਾਂ ਨੂੰ ਮੈਨੀਪੁਲੇਟ ਕਰਨਾ ਚਾਹੁੰਦੇ ਸਨ । ਉਨ੍ਹਾਂ ਦੀ ਰਾਸ਼ਟਰਵਾਦ ਦੀ ਵਿਚਾਰਧਾਰਾ ਤੇ ਇਸ ‘ਚੋਂ ਪ੍ਰਗਟ ਹੋਏ ਰਾਜਸੀ ਅਮਲ ਦੀ ਪਛਾਣ ਕਰਨ ਲਈ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ।

ਗੁਰਦੁਆਰਿਆਂ ਦੀ ਕੇਂਦਰੀ ਅਹਿਮੀਅਤ

ਗ਼ਦਰੀ ਬਾਬਿਆਂ ਦੇ ਸਮੁੱਚੇ ਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਵਿਚ ਗੁਰਦੁਆਰਿਆਂ ਦੀ ਕੇਂਦਰੀ ਅਹਿਮੀਅਤ ਸਵੈ-ਸਿੱਧ ਸਪੱਸ਼ਟ ਹੋ ਜਾਂਦੀ ਹੈ। ਗੁਰੂਆਂ ਦੇ ਵੇਲੇ ਤੋਂ ਹੀ ਗੁਰਦੁਆਰੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸਿੱਖ ਜਥੇਬੰਦੀ ਤੇ ਲਾਮਬੰਦੀ ਦਾ ਧੁਰਾ ਰਹੇ ਹਨ। ਇਸ ਕਰਕੇ ਗ਼ਦਰ ਲਹਿਰ ਅੰਦਰ ਵੀ ਗੁਰਦੁਆਰੇ ਸਹਿਜ-ਭਾਅ ਹੀ ਲਹਿਰ ਦਾ ਕੇਂਦਰ ਬਣ ਗਏ ਸਨ । ਰਾਜਵਿੰਦਰ ਸਿੰਘ ਰਾਹੀ ਨੇ ਗ਼ਦਰ ਲਹਿਰ ਦੇ ਵਰਤਾਰੇ ਦਾ ਗਹਿਰਾ ਤੇ ਭਰਵਾਂ ਅਧਿਐਨ ਕਰਨ ਤੋਂ ਬਾਅਦ ਇਹ ਸੱਚ ਉਜਾਗਰ ਕੀਤਾ ਹੈ ਕਿ ਇਸ ਲਹਿਰ ਦਾ ਜਨਮ ਤੇ ਵਿਕਾਸ ਗੁਰਦੁਆਰਿਆਂ ਨਾਲ ਜੁੜ ਕੇ ਹੀ ਹੋਇਆ। ਜਿਥੇ ਗੁਰਦੁਆਰੇ ਪਹਿਲਾਂ ਬਣ ਗਏ, ਉਥੇ ਸੰਘਰਸ਼ ਪਹਿਲਾਂ ਸ਼ੁਰੂ ਹੋ ਗਿਆ। ਬਾਬਾ ਭਕਨਾ ਜੀ ਨੇ ਇਹ ਤੱਥ ਸਵੀਕਾਰ ਕੀਤਾ ਹੈ ਕਿ ਗੁਰਦੁਆਰਿਆਂ ਦੀ ਵਜ੍ਹਾ ਕਰਕੇ ‘ਕੈਨੇਡਾ ਵਿਚ ਅਮਰੀਕਨ ਸਿੱਖਾਂ ਨਾਲੋਂ ਪਹਿਲਾਂ ਜਾਗਰਤ ਆ ਗਈ ਸੀ ਤੇ ਜਥੇਬੰਦੀ ਹੋ ਗਈ ਸੀ। ਜਦੋਂ ਸੰਤ ਤੇਜਾ ਸਿੰਘ ਜੀ ਕੈਨੇਡਾ ਪੁੱਜੇ ਸਨ ਤਾਂ ਉਦੋਂ ਉਥੇ ਗੁਰਦੁਆਰਾ ਕਮੇਟੀ ਕਾਇਮ ਸੀ ਤੇ ਉਸ ਵਿਚ ਭਾਈ ਭਾਗ ਸਿੰਘ ਜੀ (ਭਿਖੀਵਿੰਡ) ਤੇ ਭਾਈ ਬਲਵੰਤ ਸਿੰਘ ਜੀ (ਖੁਰਦਪੁਰ) ਸੇਵਾ ਕਰ ਰਹੇ ਸਨ, ਜਿਹਨਾਂ ਦੇ ਸਹਾਰੇ ਸੰਤ ਜੀ ਨੂੰ ਕੰਮ ਕਰਨ ਵਿਚ ਸੌਖ ਹੋਇਆ। 82 ਇਸੇ ਤਰ੍ਹਾਂ ਗੁਰਚਰਨ ਸਿੰਘ ਸੈਂਸਰਾ ਨੇ ਵੀ ਆਪਣੀ ਕਿਤਾਬ ਵਿਚ ਹਾਂਗਕਾਂਗ ਅੰਦਰ ਗ਼ਦਰ ਲਹਿਰ ਦੇ ਜਨਮ ਤੇ ਪਸਾਰੇ ਬਾਰੇ ਜੋ ਤੱਥ ਦਿੱਤੇ ਹਨ, ਉਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਹਾਂਗਕਾਂਗ ਵਿਚ ਵੀ ਸਿਆਸੀ ਜਾਗਰਤੀ ਅਮਰੀਕਾ ਨਾਲੋਂ ਚਿਰੋਕਣੀ ਪਹਿਲਾਂ ਆ ਗਈ ਸੀ, ਜਿਸ ਵਿਚ ਗੁਰਦੁਆਰੇ ਦੀ ਭੂਮਿਕਾ ਅਹਿਮ ਸੀ ਜਿਹੜਾ ਕਿ 1910 ਵਿਚ ਹੀ ਸਥਾਪਤ ਹੋ ਗਿਆ ਸੀ। ਇਹ ਗੁਰਦੁਆਰਾ ਗ਼ਦਰ ਲਹਿਰ ਦਾ ਏਨਾ ਤਕੜਾ ਕੇਂਦਰ ਬਣ ਗਿਆ ਸੀ ਅਤੇ ਉਥੇ ਤੈਨਾਤ ਕੀਤੀ ਭਾਰਤੀ ਫ਼ੌਜ ਅੰਦਰਲੇ ਸਿੱਖਾਂ ਉੱਤੇ ਇਨਕਲਾਬੀ ਪ੍ਰਚਾਰ ਦਾ ਏਨਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ ਕਿ ਅੰਗਰੇਜ਼ ਹਾਕਮਾਂ ਨੂੰ ਇਸ ਦੇ ਪ੍ਰਬੰਧ ਵਿਚ ਸਿੱਧੀ ਦਖ਼ਲ-ਅੰਦਾਜ਼ੀ ਕਰਨੀ ਪੈ ਗਈ ਸੀ । ਭਾਈ ਭਗਵਾਨ ਸਿੰਘ ਨੂੰ ਗ੍ਰੰਥੀ ਦੇ ਅਹੁਦੇ ਤੋਂ ਜਬਰੀ ਹਟਾ ਕੇ ਉਸ ਦੀ ਜਗ੍ਹਾ ਭਾਈ ਹਰਨਾਮ ਸਿੰਘ ਕਹੂਟਾ ਨੂੰ ਨਵਾਂ ਗ੍ਰੰਥੀ ਥਾਪ ਦਿੱਤਾ ਸੀ । ਪਰ ਜਦ ਭਾਈ ਕਹੂਟਾ ਵੀ ਗ਼ਦਰੀਆਂ ਨਾਲ ਹਮਦਰਦੀ ਰੱਖਣ ਲੱਗ ਪਏ ਤਾਂ ‘ਆਖ਼ਰ ਅੱਕ ਕੇ ਅੰਗਰੇਜ਼ ਹਾਕਮਾਂ ਨੇ ਏਥੋਂ ਦਾ ਗੁਰਦੁਆਰਾ ਹੀ। ਹਿੰਦੀਆਂ ਪਾਸੋਂ ਖੋਹ ਲਿਆ ਤੇ ਪੁਲਿਸ ਦੇ ਕਬਜ਼ੇ ਵਿਚ ਦੇ ਦਿੱਤਾ।”

? ਪਰ ਗੁਰਚਰਨ ਸਿੰਘ ਸੈਂਸਰਾ ਨੇ ਤਾਂ ਗੁਰਦੁਆਰਿਆਂ ਦੇ ਰੋਲ ਤੇ ਅਹਿਮੀਅਤ ਨੂੰ ਬੇਹੱਦ ਘਟਾ ਕੇ ਤੇ ਵਿਗਾੜ ਕੇ ਪੇਸ਼ ਕੀਤਾ ਹੈ। ਉਹ ਤਾਂ ਗੁਰਦੁਆਰਿਆਂ ਨੂੰ ‘ਹਿੰਦੀਆਂ ਦੀ ਮਿਲ ਬਹਿਣ ਦੀ ਥਾਂ’ ਹੀ ਦੱਸਦਾ ਹੈ ਅਤੇ ਉਥੇ ਲੱਗਣ ਵਾਲੇ ਦੀਵਾਨਾਂ ਨੂੰ ਹਿੰਦੀਆਂ ਦੀਆਂ ‘ਐਤਵਾਰੀ ਮੀਟਿੰਗਾਂ’ ਦਾ ਨਾਂ ਹੀ ਦਿੰਦਾ ਹੈ। ਉਸ ਨੇ ਤਾਂ ਇਕ ਤਰ੍ਹਾਂ ਨਾਲ ਗੁਰਦੁਆਰਿਆਂ ਨੂੰ ‘ਟਰੇਡ ਯੂਨੀਅਨ ਦੇ ਦਫ਼ਤਰਾਂ” ਵਜੋਂ ਹੀ ਪੇਸ਼ ਕੀਤਾ ਹੈ।

ਤੁਹਾਡੀ ਗੱਲ ਠੀਕ ਹੈ, ਇਕੱਲੇ ਸੈਂਸਰਾ ਸਾਹਿਬ ਨੇ ਹੀ ਨਹੀਂ, ਕਿਸੇ ਵੀ ਖੱਬੇ ਪੱਖੀ ਲੇਖਕ ਦਾ ਬ੍ਰਿਤਾਂਤ ਪੜ੍ਹ ਲਵੋ, ਸਾਰਿਆਂ ਨੂੰ ਗੁਰਦੁਆਰਿਆਂ ਦਾ ਨਾਂ ਲੈਣ ਤੋਂ ਅਲਰਜੀ ਹੈ। ਕਾਰਨ ਉਹੀ ਹੈ ਜਿਸਨੂੰ ਆਸ਼ੀਸ ਨੰਦੀ ਸਾਈਕੋਪੈਥੋਲੋਜੀ (ਮਨੋਰੋਗ) ਕਹਿੰਦਾ ਹੈ। ਪਰ ਗੁਰਦੁਆਰਿਆਂ ਬਾਰੇ ਕੋਈ ਖੱਬੇ ਪੱਖੀ ਧਰਮ-ਨਿੰਦਕ ਕੀ ਕਹਿੰਦਾ ਹੈ, ਇਸ ਨੂੰ ਬਹੁਤਾ ਗੌਲਣ ਦੀ ਲੋੜ ਨਹੀਂ। ਜਿਨ੍ਹਾਂ ਮਰਜੀਵੜਿਆਂ ਨੇ ਗੁਰਦੁਆਰਿਆਂ ਅੰਦਰ ਸਿੱਖੀ ਦੇ ਪਾਠ ਪੜ੍ਹੇ ਅਤੇ ਸੰਘਰਸ਼ ਦੀ ਸਿੱਖਿਆ ਤੇ ਸਿਖਲਾਈ ਲਈ, ਉਨ੍ਹਾਂ ਦੀ ਸੁਣੋ, ਉਹ ਕੀ ਕਹਿੰਦੇ ਹਨ। ਜ਼ਰਾ ਬਾਬਾ ਭਕਨਾ ਦੇ ਲਫ਼ਜ਼ਾਂ ਵੱਲ ਧਿਆਨ ਦਿਓ: ‘ਹੋਰਨਾਂ ਹਿੰਦੁਸਤਾਨੀਆਂ ਦੇ ਮੁਕਾਬਲੇ ਵਿਚ ਸਿੱਖਾਂ ਅੰਦਰ ਇਕ ਬੜੀ ਭਾਰੀ ਸਿਫ਼ਤ ਇਹ ਹੈ ਕਿ ਇਸ ਨਿਘਰੀ ਦਸ਼ਾ ਵਿਚ ਵੀ ਜਿਥੇ ਜਿਥੇ ਟਾਪੂਆਂ ਵਿਚ ਉਹ ਲੋਕ (ਸਿੱਖ) ਗਏ, ਓਥੇ ਓਥੇ ਹੀ ਉਹਨਾਂ ਨੇ ਸਿੱਖ ਗੁਰਦੁਆਰੇ ਵੀ ਕਾਇਮ ਕਰ ਦਿੱਤੇ। ਰੰਗੂਨ, ਪੀਨਾਂਗ, ਸਿੰਗਾਪੁਰ, ਹਾਂਗਕਾਂਗ, ਸ਼ਿੰਘਾਈ, ਕੈਨੇਡਾ, ਅਮਰੀਕਾ ਆਦਿਕ ਵਿਚ -ਗੱਲ ਕੀ, ਜਿਥੇ ਜਿਥੇ ਵੀ ਸਿੱਖ ਹਨ, ਓਥੇ ਓਥੇ ਹੀ ਗੁਰਦੁਆਰਿਆਂ ਪੁਰ ਖ਼ਾਲਸਈ ਝੰਡੇ ਝੁਲ ਰਹੇ ਹਨ। ਇਹਨਾਂ ਗੁਰਦੁਆਰਿਆਂ ਦਾ ਸਿਰਫ਼ ਸਿੱਖਾਂ ਨੂੰ ਹੀ ਲਾਭ ਨਹੀਂ ਹੈ, ਸਗੋਂ ਹਰ ਇਕ ਹਿੰਦੁਸਤਾਨੀ ਜੋ ਵੀ ਇਹਨਾਂ ਟਾਪੂਆਂ ਦੀ ਯਾਤਰਾ ਕਰਦਾ ਏ, ਬਗ਼ੈਰ ਕਿਸੇ ਜਾਤ-ਪਾਤ ਦੇ ਲਿਹਾਜ਼ ਦੇ, ਬਿਨਾਂ ਰੋਕ ਟੋਕ, ਉਹਨਾਂ ਗੁਰਦੁਆਰਿਆਂ ਵਿਚ ਜਾ ਕੇ ਕਈ ਕਈ ਦਿਨ ਤਕ ਵਿਸ਼ਰਾਮ ਕਰਦਾ ਏ…ਗ੍ਰੰਥੀ ਵੀ ਅਕਸਰ ਨੇਕ ਚੱਲਣ ਵਾਲੇ ਰੱਖੇ ਜਾਂਦੇ ਹਨ। ਮੈਂ 1914 ਵਿਚ ਪੀਨਾਂਗ ਦੇ ਗੁਰਦੁਆਰੇ ਵਿਚ ਇਕ ਦੇਵਤਾ ਸਰੂਪ ਗ੍ਰੰਥੀ ਸਾਹਿਬ ਦੇ ਦਰਸ਼ਨ ਕੀਤੇ, ਜਿਹਨਾਂ ਦੇ ਪ੍ਰੇਮ ਦਾ ਮੇਰੇ ਦਿਲ ਪੁਰ ਬਹੁਤ ਡੂੰਘਾ ਅਸਰ ਪਿਆ। ਮੇਰੀ ਜਾਚੇ ਉਹਨਾਂ ਦਾ ਨਾਮ ਪਰੇਮ ਸਿੰਘ ਜੀ ਹੀ ਸੀ…ਐਹੋ ਜਿਹੇ ਹੀ ਇਕ ਗ੍ਰੰਥੀ ਵੈਨਕੂਵਰ (ਕੈਨੇਡਾ) ਦੇ ਗੁਰਦੁਆਰੇ ਵਿਚ ਹੋ ਗੁਜ਼ਰੇ ਹਨ, ਜਿਹਨਾਂ ਦਾ ਨਾਮ ਅਕਸਰ ਹਿੰਦੀ ਸ਼ਹੀਦ ਦੇਸ਼ਭਗਤਾਂ ਵਿਚ ਇਉਂ ਸ਼ੋਭ ਰਿਹਾ ਹੈ, ਜਿਵੇਂ ਤਾਰਾ-ਮੰਡਲ ਵਿਚ ਚੰਦ। ਆਪ ਦਾ ਪਵਿਤਰ ਨਾਮ ਭਾਈ ਬਲਵੰਤ ਸਿੰਘ ਜੀ ਸੀ। ਧੰਨ ਧੰਨ ਜਨਮ ਹੈ ਅਜਿਹੇ ਧਾਰਮਿਕ ਗ੍ਰੰਥੀ ਸਾਹਿਬਾਂ ਦਾ। ਮੁਸਾਫ਼ਰਾਂ ਨੂੰ ਸੁੱਖ ਪਹੁੰਚਾਉਣ ਤੋਂ ਬਿਨਾਂ ਇਹ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਖ਼ਿਆਲਾਂ ਤੇ ਉਨ੍ਹਾਂ ਦੇ ਚਾਲ-ਚਲਨ ਨੂੰ ਵੀ ਬਹੁਤ ਹੱਦ ਤਕ ਦਰੁਸਤ ਰੱਖਦੇ ਸਨ । ਜਥੇਬੰਦੀ ਵਿਚ ਵੀ ਬਹੁਤ

ਸਹਾਈ ਹੁੰਦੇ ਸਨ।84 ਕੈਨੇਡਾ ਵਿਚ ਸਿੱਖਾਂ ਨੇ 1908 ਵਿਚ ਹੀ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਸੀ । ਸੰਘਰਸ਼ ਦਾ ਕਾਰਨ ਜਾਂ ਬਹਾਨਾ ਕੋਈ ਵੀ ਮੁੱਦਾ ਬਣਿਆ ਹੋਵੇ, ਧਾਰਮਿਕ ਹੋਵੇ ਜਾਂ ਨਸਲੀ, ਆਰਥਿਕ ਹੋਵੇ ਜਾਂ ਰਾਜਸੀ, ਤਹਿ ਹੇਠਾਂ ਕੰਮ ਕਰਦਾ ਤੱਥ ਇਹ ਸੀ ਕਿ ਸਿੱਖਾਂ ਦਾ ਵਾਹ ਇਕ ਅਸਲੋਂ ਹੀ ਨਵੀਂ ਸਭਿਅਤਾ ਨਾਲ ਪੈ ਗਿਆ ਸੀ, ਜਿਹੜੀ ਆਪਣੇ ਮੂਲ ਖ਼ਾਸੇ ਪੱਖੋਂ ਸਿੱਖ ਧਰਮ ਦੇ ਬੁਨਿਆਦੀ ਅਕੀਦਿਆਂ ਦੇ ਅਨੁਕੂਲ ਨਹੀਂ ਸੀ। ਸਿੱਖਾਂ ਦਾ ਧਰਮ, ਧਾਰਮਿਕ ਅਸਥਾਨ ਤੇ ਅਭਿਆਸ ਗ਼ੈਰ (ਪੱਛਮੀ) ਸਭਿਅਤਾ ਦੇ ਦਬਾਅ ਤੇ ਖ਼ਤਰੇ ਹੇਠ ਆਏ ਮਹਿਸੂਸ ਕਰਨ ਲੱਗੇ ਸਨ, ਜਿਸ ਕਰਕੇ ਸਿੱਖਾਂ ਦੇ ਸਾਹਮਣੇ ਆਪਣੀ ਨਿਆਰੀ ਪਛਾਣ, ਯਾਨੀ ਕਿ ਆਪਣਾ ਧਰਮ, ਸਭਿਆਚਾਰ, ਰਹਿਤ ਬਹਿਤ ਤੇ ਕਦਰਾਂ- ਕੀਮਤਾਂ ਦੀ ਰੱਖਿਆ ਕਰਨ ਦਾ ਵੱਡਾ ਅਸਤਿਤਵੀ ਸੰਕਟ (existential crisis) ਖੜਾ ਹੋ ਗਿਆ ਸੀ। ਆਧੁਨਿਕਵਾਦੀ ਇਤਿਹਾਸਕਾਰਾਂ, ਜਿਹੜੇ ਆਪਣੇ ਮੂਲ ਚਰਿੱਤਰ ਕਰਕੇ ਹੀ ਧਰਮ ਤੇ ਸਭਿਆਚਾਰ ਬਾਰੇ ਅਸੰਵੇਦਨਸ਼ੀਲ ਹਨ, ਨੇ ਸਿੱਖਾਂ ਦੇ ਇਸ ਅਸਤਿਤਵੀ ਸੰਕਟ ਨੂੰ ਏਨੀ ਗੱਲ ਤਕ ਸੁੰਗੇੜ ਦਿੱਤਾ ਕਿ ਅਮਰੀਕਾ ਕੈਨੇਡਾ ਵਿਚ ਜਾ ਕੇ ‘ਉਨ੍ਹਾਂ ਨੂੰ ਆਜ਼ਾਦੀ ਦਾ ਅਹਿਸਾਸ ਹੋਇਆ।’ ਸੰਤ ਅਤਰ ਸਿੰਘ ਜੀ (ਮਸਤੂਆਣਾ) ਨੇ ਆਪਣੀ ਦਿੱਬ-ਦ੍ਰਿਸ਼ਟੀ ਨਾਲ ਇਸ ਖ਼ਤਰੇ ਨੂੰ ਬਹੁਤ ਅਗਾਊਂ ਹੀ ਭਾਂਪ ਲਿਆ ਸੀ। ਇਸ ਕਰਕੇ ਉਨ੍ਹਾਂ ਨੇ ਪ੍ਰੋ. (ਸੰਤ) ਤੇਜਾ ਸਿੰਘ ਨੂੰ ਇਸ ਖ਼ਤਰੇ ਦੀ ਰੋਕਥਾਮ ਕਰਨ ਵਾਸਤੇ ਅਮਰੀਕਾ ਤੇ ਕੈਨੇਡਾ ਅੰਦਰ ਸਿੱਖੀ ਦਾ ਪ੍ਰਚਾਰ ਕਰਨ ਅਤੇ ਸਿੱਖ ਵੱਸੋਂ ਵਾਲੀਆਂ ਸਭਨਾਂ ਥਾਵਾਂ ‘ਤੇ ਗੁਰਦੁਆਰੇ ਸਥਾਪਤ ਕਰਨ ਦੀ ਉਚੇਚੀ ਜ਼ਿੰਮੇਵਾਰੀ ਸੌਂਪੀ ਸੀ। ਸੰਤ ਜੀ ਨੂੰ ਪਤਾ ਸੀ ਕਿ ਗੁਰਦੁਆਰਿਆਂ ਤੋਂ ਬਿਨਾਂ ਸਿੱਖਾਂ ਲਈ ਆਪਣੇ ਧਰਮ ਤੇ ਸਭਿਆਚਾਰ ਦੀ ਰੱਖਿਆ ਕਰ ਸਕਣਾ ਉੱਕਾ ਹੀ ਨਾਮੁਮਕਿਨ ਹੋ ਜਾਵੇਗਾ। ਪ੍ਰੋ. ਤੇਜਾ ਸਿੰਘ ਜੀ ਨੇ ਆਪਣੇ ਜ਼ਿੰਮੇ ਲੱਗਿਆ ਕਾਰਜ ਪੂਰੀ ਤਨਦੇਹੀ ਤੇ ਸੁਚੱਜਤਾ ਨਾਲ ਨਿਭਾਇਆ ਅਤੇ ਅਮਰੀਕਾ ਤੇ ਕੈਨੇਡਾ ਅੰਦਰ ਜਗ੍ਹਾ ਜਗ੍ਹਾ ਗੁਰਦੁਆਰੇ ਬਣਵਾਏ, ਜਿਹੜੇ ਇੱਕੋ ਮੌਕੇ ਧਾਰਮਿਕ ਤੇ ਰਾਜਸੀ ਸਰਗਰਮੀਆਂ ਦੇ ਕੇਂਦਰ ਬਣੇ। ਇਸ ਤਰ੍ਹਾਂ ਸਿੱਖਾਂ ਸਾਹਮਣੇ ਸਮੱਸਿਆ ਨਿਰੋਲ ਰਾਜਸੀ ਨਹੀਂ ਸੀ, ਸਮੱਸਿਆ ਦੇ ਰਾਜਸੀ ਤੇ ਧਾਰਮਿਕ ਪਹਿਲੂ ਆਪਸ ਵਿਚ ਗੂੜ੍ਹੀ ਤਰ੍ਹਾਂ ਜੁੜੇ ਜਾਂ ਉਲਝੇ ਹੋਏ ਸਨ। ਇਸ ਪੱਖੋਂ ਹਿੰਦੂਆਂ ਤੇ ਸਿੱਖਾਂ ਦੀ ਸਥਿਤੀ ਵਿਚ ਅਹਿਮ ਵਖਰੇਵਾਂ ਸੀ। ਹਿੰਦੂਆਂ ਦਾ ਮਸਲਾ ਨਿਰੋਲ ਜਾਂ ਭਾਰੂ ਰੂਪ ਵਿਚ ਨਸਲੀ ਸੀ, ਪਰ ਸਿੱਖਾਂ ਲਈ ਧਾਰਮਿਕ ਤੇ ਨਸਲੀ ਪੱਖਾਂ ਵਿਚ ਨਿਖੇੜਾ ਕਰ ਸਕਣਾ ਸੰਭਵ ਨਹੀਂ ਸੀ।

? ਇਹ ਕਿਵੇਂ ? ਮਸਲੇ ਦੀ ਜੜ੍ਹ ਤਾਂ ਰਾਜਸੀ ਗ਼ੁਲਾਮੀ ਸੀ। ਜੇਕਰ ਭਾਰਤ ਬਰਤਾਨੀਆ ਦਾ ਗ਼ੁਲਾਮ ਨਾ ਹੁੰਦਾ ਤਾਂ ਕੀ ਕੈਨੇਡਾ ਅੰਦਰ ਸਿੱਖਾਂ ਲਈ ਹਾਲਤ ਬਿਹਤਰ ਨਾ ਹੁੰਦੀ ?

ਅਮਰੀਕਾ ਤਾਂ ਕੈਨੇਡਾ ਵਾਂਗੂੰ ਬਰਤਾਨੀਆ ਦੀ ਬਸਤੀ ਨਹੀਂ ਸੀ। ਪਰ ਕੀ ਉਥੇ ਵੀ ਸਿੱਖਾਂ ਸਾਹਮਣੇ ਆਪਣੇ ਧਰਮ ਤੇ ਸਭਿਆਚਾਰ ਦੀ ਰੱਖਿਆ ਕਰਨ ਦਾ ਤਿੱਖਾ ਸੁਆਲ ਨਹੀਂ ਖੜਾ ਹੋਇਆ ਸੀ ? ਰਾਜਸੀ ਮਾਹੌਲ ਦਾ ਫ਼ਰਕ ਜ਼ਰੂਰ ਸੀ, ਅਮਰੀਕਾ ਅੰਦਰ ਰਾਜਸੀ ਆਜ਼ਾਦੀ ਦੀ ਗੱਲ ਵੱਧ ਖੁੱਲ੍ਹ ਕੇ ਕੀਤੀ ਜਾ ਸਕਦੀ ਸੀ । ਸਿੱਖਾਂ ਜਾਂ ਹਿੰਦੁਸਤਾਨੀਆਂ ਨੂੰ ਇਸ ਦਾ ਚੋਖਾ ਰਾਜਸੀ ਲਾਭ ਵੀ ਹੋਇਆ। ਪਰ ਫਿਰ ਵੀ ਸਿੱਖਾਂ ਨੂੰ ਅਮਰੀਕਾ ਅੰਦਰ ਵੀ ਆਪਣੀ ਵਿਲੱਖਣ ਧਾਰਮਿਕ ਪਛਾਣ ਤੇ ਜੀਵਨ ਮਰਯਾਦਾ ਨਾਲ ਜੁੜੀਆਂ ਵਿਸ਼ੇਸ਼ ਸਮੱਸਿਆਵਾਂ ਨਾਲ ਬਰਾਬਰ ਜੂਝਣਾ ਪਿਆ ਸੀ। ਕੈਨੇਡਾ ਤੇ ਅਮਰੀਕਾ, ਦੋਵਾਂ ਹੀ ਦੇਸ਼ਾਂ ਅੰਦਰ ਸਿੱਖਾਂ ਦੇ ਸਾਹਮਣੇ ਸਭ ਤੋਂ ਵੱਡਾ ਸੁਆਲ ਆਪਣੇ ਕਕਾਰਾਂ ਦੀ ਰੱਖਿਆ ਕਰਨਾ ਸੀ, ਕਿਉਂਕਿ ਪੱਛਮੀ ਸਭਿਅਤਾ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਘਾਤਕ ਵਾਰ ਸਿੱਖ ਕਕਾਰਾਂ ਉੱਤੇ ਹੀ ਹੁੰਦਾ ਸੀ। ਪੱਛਮੀ ਸਭਿਅਤਾ ਦੇ ਪ੍ਰਭਾਵ ਤੇ ਦਬਾਅ ਹੇਠ ਆਵਾਸੀ ਸਿੱਖਾਂ ਦੇ ਕੁਝ ਵਰਗਾਂ ਅੰਦਰ ਕਕਾਰਾਂ ਤੋਂ ਮੁਕਤ ਹੋਣ ਦਾ ਰੁਝਾਨ, ਸਿੱਖ ਰਹਿਤ ਬਹਿਤ ਵਿਚ ਪਰਪੱਕ ਸਿੱਖਾਂ ਨੇ ਜਿਸ ਨੂੰ ਘਿਰਣਾ ਨਾਲ ‘ਮੋਨਾ ਲਹਿਰ’ ਦਾ ਨਾਂ ਦਿੱਤਾ ਸੀ, ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਸੀ । ਖ਼ਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਨੇ ਇਸ ਪਤਿਤਪੁਣੇ ਦੇ ਰੁਝਾਨ ਦੀ ਰੋਕਥਾਮ ਕਰਨ ਲਈ ਕੁਝ ਸਖ਼ਤ ਫ਼ੈਸਲੇ ਲਏ, ਜਿਵੇਂ ਕਿ ਪਤਿਤ ਹੋਏ ਸਿੱਖਾਂ ਦਾ ਸਮਾਜਿਕ ਬਾਈਕਾਟ ਕਰਨਾ ਅਤੇ ਕਿਸੇ ਵੀ ਮੋਨੇ ਸਿੱਖ ਨੂੰ ਗੁਰਦੁਆਰੇ ਦੀ ਇੰਤਜ਼ਾਮੀਆ ਕਮੇਟੀ ਦਾ ਮੈਂਬਰ ਨਾ ਬਣਾਉਣਾ, ਆਦਿ। ਜਿਹੜੇ ਸਿੱਖਾਂ ਨੇ ਪਤਿਤ ਹੋ ਜਾਣ ਤੋਂ ਬਾਅਦ ਦਸਤਾਰਾਂ ਲਾਹ ਕੇ ਅੰਗਰੇਜ਼ਾਂ ਦੀ ਰੀਸੇ ਟੋਪੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ, ਉਨ੍ਹਾਂ ਪ੍ਰਤਿ ਖ਼ਾਸ ਤੌਰ ‘ਤੇ ਤਿੱਖੀ ਨਫ਼ਰਤ ਪ੍ਰਗਟਾਈ ਗਈ।

? ਪਰ ਕੀ ਇਹ ਤੰਗ-ਨਜ਼ਰੀ ਦਾ ਇਜ਼ਹਾਰ ਨਹੀਂ ਸੀ, ਜਦੋਂ ਕਿ ਆਮ ਹੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖ ਧਰਮ ਅੰਦਰ ਅਜਿਹੀ ਤੰਗ-ਨਜ਼ਰੀ ਤੇ ਅਸਹਿਣਸ਼ੀਲਤਾ ਲਈ ਕੋਈ ਜਗ੍ਹਾ ਨਹੀਂ। ਕੀ ਇਸ ਨਾਲ ਸਿੱਖਾਂ ਦੀ ਏਕਤਾ ਤੇ ਜਥੇਬੰਦੀ ਨੂੰ ਢਾਹ ਨਹੀਂ ਲੱਗੀ?

ਇਸ ਮਸਲੇ ਨੂੰ ਉਸ ਵੇਲੇ ਦੇ ਠੋਸ ਪ੍ਰਸੰਗ ਵਿਚ ਰੱਖ ਕੇ ਦੇਖਣ ਦੀ ਲੋੜ ਹੈ। ਉਸ ਵੇਲੇ ਸਿੱਖ ਕੈਨੇਡਾ ਅਮਰੀਕਾ ਵਿਚ ਅਜੇ ਨਵੇਂ ਨਵੇਂ ਗਏ ਸਨ ਤੇ ਉਥੇ ਦੀ ਗੋਰੀ ਵੱਸੋਂ ਦੀ ਤੁਲਨਾ ਵਿਚ ਉਨ੍ਹਾਂ ਦੀ ਹੋਂਦ ਆਟੇ ਵਿਚ ਲੂਣ ਬਰਾਬਰ ਹੀ ਸੀ। ਉਨ੍ਹਾਂ ਨੂੰ ਰੋਟੀ ਰੋਜ਼ੀ ਲਈ ਬਿਗਾਨੀ ਧਰਤੀ ਉੱਤੇ ਆ ਕੇ ਕੰਮ ਕਰਨਾ ਪੈ ਰਿਹਾ ਸੀ ਅਤੇ ਇਕ ਅਜਿਹੇ ਸਭਿਆਚਾਰਕ ਆਲੇ-ਦੁਆਲੇ ਵਿਚ ਸਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਹੜਾ ਉਨ੍ਹਾਂ ਦੀ ਧਾਰਮਿਕ ਰਹਿਤ ਬਹਿਤ ਦੇ ਨਾ ਸਿਰਫ਼ ਅਨੁਕੂਲ ਨਹੀਂ ਸੀ, ਸਗੋਂ ਇਸ ਮਾਮਲੇ ਵਿਚ ਉਨ੍ਹਾਂ ਨੂੰ ਪੈਰ ਪੈਰ ‘ਤੇ ਮੁਸ਼ਕਲਾਂ ਤੇ ਖ਼ਤਰਿਆਂ ਨਾਲ ਜੂਝਣਾ ਪੈ ਰਿਹਾ ਸੀ। ਇਸ ਕਰਕੇ ਸਿੱਖਾਂ ਦੇ ਸਾਹਮਣੇ ਆਪਣੀ ਧਾਰਮਿਕ-ਸਭਿਆਚਾਰਕ ਪਛਾਣ ਤੇ ਹਸਤੀ ਨੂੰ ਬਚਾ ਕੇ ਰੱਖਣ ਦਾ ਅਸਤਿਤਵੀ ਸੰਕਟ ਖੜਾ ਹੋ ਗਿਆ ਸੀ। ਇਥੇ ਇਹ ਤੱਥ ਚੇਤੇ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਕੈਨੇਡਾ ਵਿਚ ਜਾਣ ਵਾਲੇ ਇਨ੍ਹਾਂ ਸਿੱਖਾਂ ਵਿੱਚੋਂ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਸੀ ਜਿਹਨਾਂ ਨੇ ਅੰਗਰੇਜ਼ੀ ਫ਼ੌਜ ਵਿਚ ਨੌਕਰੀ ਕੀਤੀ ਹੋਈ ਸੀ। ਉਸ ਵੇਲੇ ਅੰਗਰੇਜ਼ਾਂ ਨੇ ਆਪਣੇ ਵੱਲੋਂ ਤਾਂ ਆਪਣੇ ਰਾਜਸੀ ਸੁਆਰਥ ਨੂੰ ਮੁੱਖ ਰੱਖਦੇ ਹੋਏ ਫ਼ੌਜ ਅੰਦਰ ਸਿੱਖਾਂ ਵਾਸਤੇ ਧਾਰਮਿਕ ਰਹਿਤ ਮਰਯਾਦਾ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਦਸਤੂਰ ਚਾਲੂ ਕੀਤਾ ਸੀ, ਪਰ ਇਸ ਨਾਲ ਸਿੱਖਾਂ ਅੰਦਰ ਆਪਣੇ ਧਰਮ ਨਾਲ ਪਿਆਰ ਦਾ ਜਜ਼ਬਾ ਮਜ਼ਬੂਤ ਹੋ ਗਿਆ ਸੀ । ਉਨ੍ਹਾਂ ਨੂੰ ਆਪਣੇ ਸਿੱਖੀ ਸਰੂਪ ਨਾਲ ਮੋਹ ਹੋ ਗਿਆ ਸੀ । ਉਹ ਇਸ ਦੇ ਜ਼ਰੀਏ ਆਪਣੇ ਆਪ ਨੂੰ ਗੁਰੂ ਦੇ ਕਰੀਬ ਅਨੁਭਵ ਕਰਦੇ ਤੇ ਕਲਗ਼ੀਆਂ ਵਾਲੇ ਦੇ ਨਾਦੀ ਪੁੱਤਰ ਹੋਣ ਦਾ ਮਾਣ ਮਹਿਸੂਸ ਕਰਦੇ ਸਨ। ਗੁਰੂ ਦੀ ਨਜ਼ਦੀਕੀ ਛੋਹ ਦਾ ਅਹਿਸਾਸ ਕਿਸੇ ਸਿੱਖ ਅੰਦਰ ਕਿਹੋ ਜਿਹਾ ਅਹਿਸਾਸ ਤੇ ਜਜ਼ਬਾ ਭਰ ਦਿੰਦਾ ਹੈ, ਇਸ ਨੂੰ ਕੋਈ ਗੁਰੂ ਦਾ ਪਿਆਰਾ ਸਿੱਖ ਹੀ ਠੀਕ ਤਰ੍ਹਾਂ ਸਮਝ ਸਕਦਾ ਹੈ। ਕੋਈ ਨਾਸਤਕ ਇਸ ਨੂੰ ਨਹੀਂ ਸਮਝ ਸਕਦਾ, ਕਿਉਂਕਿ ਹਉਮੈ ਤੇ ਬੇਅਦਬੀ ‘ਚੋਂ ਉਪਜੀ ਬੌਧਿਕਤਾ ਆਤਮਿਕ ਸੱਚ ਦਾ ਰਹੱਸ ਨਹੀਂ ਬੁੱਝ ਸਕਦੀ।

ਇਸ ਤਰ੍ਹਾਂ ਗੁਰੂ ਵੱਲੋਂ ਨਿਰਧਾਰਤ ਕੀਤੀ ਰਹਿਤ ਮਰਯਾਦਾ ਦੇ ਧਾਰਨੀ ਸਿੱਖਾਂ ਵਾਸਤੇ ਇਹ ਗੱਲ ਸਮਝਣੀ ਉੱਕਾ ਹੀ ਮੁਸ਼ਕਲ ਨਹੀਂ ਹੈ, ਕਿ ਵੀਹਵੀਂ ਸਦੀ ਦੇ ਮੁੱਢ ਅੰਦਰ ਅਮਰੀਕਾ ਕੈਨੇਡਾ ਦੀ ਧਰਤੀ ‘ਤੇ ਪੁੱਜੇ ਸਾਬਕਾ ਸਿੱਖ ਫ਼ੌਜੀਆਂ ਦੇ ਮਨ ਸਿੱਖੀ ਸਰੂਪ ਦੇ ਮਸਲੇ ਬਾਰੇ ਬੇਹੱਦ ਸੰਵੇਦਨਸ਼ੀਲ ਸਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਇਸ ਦੀ ਕੀਮਤ ਬਹੁਤ ਉੱਚੀ ਸੀ। ਇਸ ਕਰਕੇ ਉਹ ਆਪਣੇ ਵਿਰਸੇ ਦੀ ਇਸ ਕੀਮਤੀ ਨਿਸ਼ਾਨੀ ਨੂੰ ਢਾਹ ਲੱਗਦੀ ਦੇਖ ਜਰ ਨਹੀਂ ਸਕਦੇ ਸਨ। ਇਸ ਕਰਕੇ ਹੀ ਉਨ੍ਹਾਂ ਨੂੰ ਉਸ ਨਾਜ਼ਕ ਅਵਸਥਾ ਵਿਚ ਸਿੱਖੀ ਸਰੂਪ ਦੀ ਰੱਖਿਆ ਕਰਨ ਲਈ ਵਧਵਾਂ ਫ਼ਿਕਰ ਪ੍ਰਗਟਾਉਣਾ ਤੇ ਇਸ ਦੇ ਵਾਸਤੇ ਆਮ ਨਾਲੋਂ ਵੱਧ ਉਪਾਅ ਕਰਨੇ ਪਏ ਸਨ । ਨਾਸਤਕ ਬਿਰਤੀ ਵਾਲੇ ਲੋਕ ਇਸ ਨੂੰ ‘ਕੱਟੜਪੁਣਾ’ ਕਹਿਣ ਜਾਂ ‘ਤੰਗ-ਨਜ਼ਰੀ’, ਪਰ ਸੱਚ ਇਹ ਹੈ ਕਿ ਪੱਛਮੀ ਸਭਿਅਤਾ ਦੇ ਗੜ੍ਹ ਅੰਦਰ ਜਾ ਕੇ ਸਿੱਖੀ ਦੀ ਮੋਹੜੀ ਗੱਡਣ ਵਾਲੇ ਸਿੱਖ ਗ਼ਦਰੀ ਜੇਕਰ ਅਜਿਹੀ ਦ੍ਰਿੜ੍ਹਤਾ ਨਾ ਦਿਖਾਉਂਦੇ, ਤਾਂ ਨਾ ਸਿਰਫ਼ ਅੱਜ ਪੱਛਮੀ ਦੇਸ਼ਾਂ ਅੰਦਰ ਦਸਤਾਰ ਦੇ ਦਰਸ਼ਨ ਕਰਨੇ ਦੁਰਲੱਭ ਹੋਏ ਹੁੰਦੇ, ਸਗੋਂ ਨਾਲ ਹੀ ਵੱਡਾ ਸੱਚ ਇਹ ਵੀ ਹੈ ਕਿ ਸਿੱਖੀ ਸਰੂਪ ਦੀ ਅਣਹੋਂਦ ਵਿਚ ਗ਼ਦਰ ਲਹਿਰ ਆਪਣੇ ਮੌਲਿਕ ਸਰੂਪ ਵਿਚ ਕਦਾਚਿਤ ਪ੍ਰਗਟ ਨਹੀਂ ਹੋ ਸਕਦੀ ਸੀ। ਇਸ ਵਿਚ ਉਹ ਤਾਣ ਤੇ ਜਲਾਲ ਪ੍ਰਗਟ ਨਹੀਂ ਹੋਣਾ ਸੀ ਜਿਹੜਾ ਇਸ ਦਾ ਹਸਤਾਖ਼ਰ ਹੋ ਨਿਬੜਿਆ ਹੈ। ਤੁਸੀਂ ਚੋਟੀ ਦੇ ਸਿੱਖ ਗ਼ਦਰੀਆਂ ਦੀ ਸੂਚੀ ਤਿਆਰ ਕਰ ਲਵੋ ਅਤੇ ਫਿਰ ਉਨ੍ਹਾਂ ‘ਚੋਂ ‘ਕੱਲੇ ‘ਕੱਲੇ ਦੇ ਰੇਖਾ-ਚਿਤਰ ਪੜ੍ਹ ਕੇ ਦੇਖੋ, ਤੁਹਾਨੂੰ ਉਨ੍ਹਾਂ ਵਿੱਚੋਂ ਇਕ ਜਾਂ ਦੋ ਜਣਿਆਂ ਨੂੰ ਛੱਡ ਕੇ ਹੋਰ ਕੋਈ ਵੀ ‘ਮੋਨਾ’ ਨਹੀਂ ਮਿਲੇਗਾ। ਇਹ ਸਭ ਅਕਾਰਨ ਨਹੀਂ ਹੋ ਗਿਆ। ਇਸ ਵਿਚ ਸਿੱਖੀ ਸਰੂਪ ਦੀ ਕਰਾਮਾਤ ਦਾ ਵੱਡਾ ਹੱਥ ਹੈ। ਇਸ ਦੀ ਪੁਸ਼ਟੀ ਪ੍ਰਸਿੱਧ ਗ਼ਦਰੀ ਭਾਈ ਪਰਮਾਨੰਦ ਝਾਂਸੀ, ਜਿਸ ਨੇ ਅੰਡੇਮਾਨ ਜੇਲ੍ਹ ਅੰਦਰ ਸਰਕਾਰੀ ਜ਼ੁਲਮਾਂ ਦਾ ਅੰਤਾਂ ਦੀ ਬਹਾਦਰੀ, ਅਡੋਲਤਾ ਤੇ ਦ੍ਰਿੜ੍ਹਤਾ ਨਾਲ ਸਾਹਮਣਾ ਕੀਤਾ ਸੀ, ਦੇ ਇਨ੍ਹਾਂ ਸ਼ਬਦਾਂ ਵਿੱਚੋਂ ਹੁੰਦੀ ਹੈ: ‘ਮੇਰਾ ਆਪਣਾ ਜਾਤੀ ਅਨੁਭਵ ਇਹ ਕਹਿੰਦਾ ਹੈ, ਕਿ ਸਿੱਖਾਂ ਨੂੰ ਜਿਹੜੀ ਗੱਲ ਨੇ ਬਰਤਾਨਵੀਆਂ ਦੇ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕੀਤਾ, ਉਹ ਉਨ੍ਹਾਂ ਦੇ ਕਕਾਰ ਸਨ। ਕਿਉਂਕਿ ਇਨ੍ਹਾਂ (ਕਕਾਰਾਂ) ਨੇ, ਉਨ੍ਹਾਂ ਨੂੰ, ਅਮਰੀਕੀ ਜਾਂ ਅੰਗਰੇਜ਼ੀ ਸਮਾਜਾਂ ਦਾ ਵਧਵਾਂ ਪ੍ਰਭਾਵ ਗ੍ਰਹਿਣ ਕਰਨ ਤੋਂ ਬਚਾਈ ਰੱਖਿਆ। ਏਹਨਾਂ ਕਕਾਰਾਂ, ਜਿਨ੍ਹਾਂ ਨਾਲ ਉਨ੍ਹਾਂ ਦਾ ਆਤਮ-ਸਨਮਾਨ ਜੁੜਿਆ ਹੋਇਆ ਸੀ, ਦੀ ਬਦੌਲਤ ਉਹ ਨਿਘਾਰ ਤੋਂ ਸੌਖ ਨਾਲ ਬਚੇ ਰਹੇ।’85

? ਸੁਣਿਐ ਕੈਨੇਡਾ ਅੰਦਰ ਆਰੀਆ ਸਮਾਜੀ ਹਿੰਦੂਆਂ ਨੇ ‘ਮੋਨਾ ਲਹਿਰ’ ਦੀ ਪੁਰਜੋਸ਼ ਹਮਾਇਤ ਕੀਤੀ ਸੀ। ਕੀ ਇਹ ਸੱਚ ਹੈ ?

ਹਾਂ, ਪਰ ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਹਰੇਕ ਉਹ ਵਰਗ ਜਾਂ ਵਿਅਕਤੀ ਜਿਹੜਾ ਆਪਣੇ ਦਿਲ ਅੰਦਰ ਸਿੱਖੀ ਨੂੰ ਢਾਹ ਲਾਉਣ ਦੀ ਜ਼ਾਹਰਾ ਜਾਂ ਗੁੱਝੀ ਖ਼ਾਹਸ਼ ਪਾਲਦਾ ਹੈ, ਆਰੀਆ ਸਮਾਜੀ ਹੈ ਜਾਂ ਕਮਿਊਨਿਸਟ, ਉਸ ਦੀ ਸਿੱਖੀ ਸਰੂਪ ਵਿਰੁੱਧ ਨਫ਼ਰਤ ਲੁਕੀ ਨਹੀਂ ਰਹਿ ਸਕਦੀ। ਇਸ ਕਰਕੇ ਏਥੇ ਇਸ ਬਾਰੇ ਗੱਲ ਕਰਨ ਦੀ ਬਹੁਤੀ ਤੁਕ ਨਹੀਂ ਬਣਦੀ।

ਪਰ ਚੱਲ ਰਹੇ ਪ੍ਰਸੰਗ ਵਿਚ ਇਕ ਤੱਥ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਜਿਹੜੇ ਇੱਕਾ ਦੁੱਕਾ ਸਿੱਖ ਗ਼ਦਰੀ ਸਿੱਖੀ ਸਰੂਪ ਤੋਂ ਵਿਹੂਣੇ ਸਨ, ਜਿਵੇਂ ਭਾਈ ਕਰਤਾਰ ਸਿੰਘ ਸਰਾਭਾ ਜਾਂ ਭਾਈ ਹਰਨਾਮ ਸਿੰਘ ਕਾਹਰੀ ਸਾਹਰੀ, ਉਨ੍ਹਾਂ ਨੇ ਕੋਈ ਮਿਥ ਕੇ ਸਿੱਖੀ ਸਰੂਪ ਨਹੀਂ ਤਿਆਗਿਆ ਸੀ। ਉਹ ਗ਼ਦਰ ਲਹਿਰ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਕਿਸੇ ਕਾਰਨਾਂ ਕਰਕੇ ‘ਮੋਨੇ’ ਹੋ ਗਏ ਸਨ। ਵੈਸੇ ਉਨ੍ਹਾਂ ਦੇ ਹਿਰਦਿਆਂ ਅੰਦਰ ਸਿੱਖੀ ਨਾਲ ਪ੍ਰੇਮ ਜਾਂ ਸ਼ਰਧਾ ਕੋਈ ਘੱਟ ਨਹੀਂ ਸੀ। ਇਸ ਦਾ ਪੁਖ਼ਤਾ ਸਬੂਤ ਉਨ੍ਹਾਂ ਨੇ ਸ਼ਹਾਦਤਾਂ ਦੇ ਰੂਪ ਵਿਚ ਦੇ ਦਿੱਤਾ ਸੀ। ਕੋਈ ਸਿੱਖ ਜਦੋਂ ਬਾਕਾਇਦਾ ਮਿਥ ਕੇ ‘ਮੋਨਾ’ ਹੁੰਦਾ ਹੈ, ਤਾਂ ਉਹ ਆਧੁਨਿਕੀਕਰਨ ਦਾ, ਮਨ ਦੀ ਇਕ ਦਸ਼ਾ ਦਾ ਅਤੇ ਕਦਰਾਂ-ਕੀਮਤਾਂ ਦੇ ਇਕ ਜੁੱਟ ਦਾ ਆਦਰਸ਼ ਬੁਲੰਦ ਕਰ ਰਿਹਾ ਹੁੰਦਾ ਹੈ। ਉਹ ਆਪਣੇ ਇਸ ਕਰਮ ਦੇ ਜ਼ਰੀਏ ਇਕ ਵੱਖਰੇ ਸੰਸਾਰ-ਨਜ਼ਰੀਏ ਦਾ ਪ੍ਰਗਟਾਵਾ ਤੇ ਜੈ ਜੈਕਾਰ ਕਰਦਾ ਹੈ । ਜਿਹੜਾ ਸਿੱਖ ਆਪਣੇ ਨਾਂ ਨਾਲੋਂ ਬਾਕਾਇਦਾ ਮਿਥ ਕੇ ‘ਸਿੰਘ’ ਪਦ ਹਟਾ ਦਿੰਦਾ ਹੈ, ਉਸ ਦਾ ਸਿੱਖ ਹੋਣ ਦਾ ਦਾਅਵਾ ਓਥੇ ਹੀ ਝੂਠਾ ਹੋ ਜਾਂਦਾ ਹੈ।

ਸੋ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਸਿੱਖ ਗ਼ਦਰੀਆਂ ਦਾ ਸਿੱਖੀ ਸਰੂਪ ਨਾਲ ਮੋਹ ਨਿਰਾ ਪੂਰਾ ਜਜ਼ਬਾਤੀ ਨਹੀਂ ਸੀ, ਇਸ ਦੇ ਪਿੱਛੇ ਇਕ ਵਿਸ਼ੇਸ਼ ਨਜ਼ਰੀਆ ਕੰਮ ਕਰਦਾ ਸੀ। ਇਹ ਇਕ ਵੱਡੇ ਮਿਸ਼ਨ ਦਾ ਹੀ ਸਜੀਵ ਅੰਗ ਸੀ ਅਤੇ ਇਹ ਮਿਸ਼ਨ ਨਿਰੋਲ ਗੁਪਤ ਪ੍ਰਚਾਰ ਜਾਂ ਕੰਮਕਾਰ ਦੇ ਜ਼ਰੀਏ ਨੇਪਰੇ ਨਹੀਂ ਚੜ੍ਹ ਸਕਦਾ । ਇਹ ਕਿਸੇ ਸਾਜ਼ਸ਼ ਦਾ ਏਜੰਡਾ ਨਹੀਂ ਬਣ ਸਕਦਾ। ਇਸ ਮਿਸ਼ਨ ਦੀ ਰਣਨੀਤੀ ਅੰਦਰ ਗੁਰਦੁਆਰੇ ਤੇ ਇਨ੍ਹਾਂ ਅੰਦਰ ਜੁੜਨ ਵਾਲੀ ਸੰਗਤ, ਅਰਥਾਤ ਇਨ੍ਹਾਂ ਅੰਦਰ ਸਜਣ ਵਾਲੇ ਦੀਵਾਨ ਕੇਂਦਰੀ ਮਹੱਤਤਾ ਰੱਖਦੇ ਹਨ। ਇਸ ਜ਼ਰੂਰੀ ਤੇ ਕੇਂਦਰੀ ਕੜੀ ਦੇ ਬਗ਼ੈਰ ਇਸ ਮਿਸ਼ਨ ਨੂੰ ਸਾਕਾਰ ਕਰਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਪੱਖ ਨੂੰ ਸਮਝੇ ਬਿਨਾਂ ਗ਼ਦਰ ਲਹਿਰ ਦਾ ਸਹੀ ਲੇਖਾ- ਜੋਖਾ ਕਰ ਸਕਣਾ, ਕਤੱਈ ਸੰਭਵ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਗ਼ਦਰ ਲਹਿਰ ਦੀ ਆਪਣੀਆਂ ਸਮਕਾਲੀ ਕ੍ਰਾਂਤੀਕਾਰੀ ਧਾਰਾਵਾਂ ਤੇ ਇਸ ਤੋਂ ਬਾਅਦ ਪ੍ਰਗਟ ਹੋਈਆਂ ਦੂਸਰੀਆਂ ‘ਅਗਾਂਹਵਧੂ’ ਇਨਕਲਾਬੀ ਲਹਿਰਾਂ ਨਾਲੋਂ ਵਿਸ਼ੇਸ਼ਤਾ ਤੇ ਉੱਤਮਤਾ ਸਮਝ ਨਹੀਂ ਪੈ ਸਕਦੀ।

ਜੇਕਰ ਗ਼ਦਰੀਆਂ ਨੇ ਖੁੱਲ੍ਹਾ ਪ੍ਰਚਾਰ ਨਾ ਕੀਤਾ ਹੁੰਦਾ, ਤਾਂ ਪਰਵਾਸੀ ਸਿੱਖਾਂ ਨੂੰ ਹਜ਼ਾਰਾਂ ਦੀ ਸੰਖਿਆ ਵਿਚ ਗ਼ਦਰ ਦੀ ਹਮਾਇਤ ਵਿਚ ਲਾਮਬੰਦ ਕਰ ਸਕਣਾ ਤੇ ਉਨ੍ਹਾਂ ਨੂੰ ਸਾਰੀ ਕਮਾਈ ਥਾਏਂ ਛੱਡ ਕੇ ਦੇਸ ਪਰਤਣ ਲਈ ਪ੍ਰੇਰਿਤ ਕਰ ਸਕਣਾ ਉੱਕਾ ਹੀ ਸੰਭਵ ਨਹੀਂ ਸੀ ਹੋਣਾ। ਜੇਕਰ ਗ਼ਦਰੀਆਂ ਨੇ ਰਸਤੇ ਵਿਚ ਜਗ੍ਹਾ ਜਗ੍ਹਾ ਟਾਪੂਆਂ ਉੱਤੇ ਖੁੱਲ੍ਹਾ ਪ੍ਰਚਾਰ ਨਾ ਕੀਤਾ ਹੁੰਦਾ, ਤਾਂ ਟਾਪੂਆਂ ਵਿਚ ਠਹਿਰੇ ਭਾਰਤੀ ਫ਼ੌਜੀਆਂ ਨੂੰ ਬਗ਼ਾਵਤ ਲਈ ਉਤਸ਼ਾਹਤ ਕਰ ਸਕਣਾ ਕਿਸੇ ਵੀ ਸੂਰਤ ਸੰਭਵ ਨਹੀਂ ਸੀ। ਜੇਕਰ ਗ਼ਦਰੀਆਂ ਨੇ ਚੁੱਪ- ਚੁਪੀਤੇ, ਥੋੜ੍ਹੀ ਜਿਹੀ ਗਿਣਤੀ ਵਿਚ, ਭਾਰਤ ਅੰਦਰ ਦਾਖ਼ਲ ਹੋਣ ਦੀ ਰਣਨੀਤੀ ਅਪਣਾਈ ਹੁੰਦੀ, ਤਾਂ ਹਾਂਗਕਾਂਗ ਵਿਖੇ ਤੈਨਾਤ 26ਵੀਂ ਪੰਜਾਬੀ ਪਲਟਣ ਦੇ ਸਿੱਖ ਫ਼ੌਜੀ ਗ਼ਦਰ ਲਈ ਕਿਵੇਂ ਤਿਆਰ ਹੋ ਸਕਦੇ ਸਨ ? ਗੁਰਦੁਆਰੇ ਅੰਦਰ ਗ਼ਦਰੀ ਆਗੂਆਂ ਦੇ ਜੋਸ਼ ਉਪਜਾਊ ਭਾਸ਼ਣ ਸੁਣ ਕੇ ਹੀ ਉਨ੍ਹਾਂ ਨੇ ਆਪਣੀ ਜਾਨ ਜੋਖੋਂ ਵਿਚ ਪਾ ਕੇ ਬਗ਼ਾਵਤ ਵਿਚ ਭਾਈਵਾਲ ਬਣਨ ਦਾ ਫ਼ੈਸਲਾ ਕੀਤਾ ਸੀ। ਅੰਗਰੇਜ਼ ਹਾਕਮਾਂ ਨੇ ਇਸ ਪਲਟਣ ਨੂੰ ਗ਼ਦਰੀਆਂ ਦੇ ‘ਖੁੱਲ੍ਹੇ ਪ੍ਰਚਾਰ’ ਤੋਂ ਬਚਾਉਣ ਲਈ ਦੇਸ ਵਾਪਸ ਭੇਜ ਦਿੱਤਾ ਸੀ। । ਉਨ੍ਹਾਂ ਨੂੰ ‘ ਪਹਿਲਾਂ ਥੋੜ੍ਹਾ ਚਿਰ ਕਰਾਚੀ ਰੱਖਿਆ ਗਿਆ ਤੇ ਫਿਰ ਫ਼ਿਰੋਜ਼ਪੁਰ ਛਾਉਣੀ ਵਿਚ ਭੇਜ ਦਿੱਤਾ ਸੀ । ਗ਼ਦਰ ਪਾਰਟੀ ਨੇ ਭਾਰਤੀ ਫ਼ੌਜ ਅੰਦਰ ਬਗ਼ਾਵਤ ਕਰਾਉਣ ਦੀ ਜਿਹੜੀ ਪਲੈਨ ਤਿਆਰ ਕੀਤੀ ਸੀ, ਉਸ ਅਨੁਸਾਰ ਇਸ 26ਵੀਂ ਪੰਜਾਬੀ ਪਲਟਣ ਨੇ ਹੀ ਫ਼ਿਰੋਜ਼ਪੁਰ ਤੋਂ ਬਗ਼ਾਵਤ ਦਾ ਬਿਗਲ ਵਜਾਉਣਾ ਸੀ, ਪਰ ਮੁਖ਼ਬਰ ਦੀ ਕਰਤੂਤ ਕਰਕੇ ਇਹ ਯੋਜਨਾ ਨੇਪਰੇ ਨਾ ਚੜ ਸਕੀ। ਜੇਕਰ ਗ਼ਦਰੀ ਬਾਬੇ ਅਮਰੀਕਾ ਕੈਨੇਡਾ ਤੋਂ ‘ਢੋਲ ਕੁੱਟਦੇ’ ਨਾ ਆਏ ਹੁੰਦੇ, ਤਾਂ ਬਾਬਾ ਹਰਨਾਮ ਸਿੰਘ ਕਾਲਾਸੰਘਿਆਂ ਵਰਗਾ ‘ਹੀਰਾ’ ਉਨ੍ਹਾਂ ਨੂੰ ਹਾਂਗਕਾਂਗ ਵਿੱਚੋਂ ਕਿਥੇ ਲੱਭਣਾ ਸੀ ?

ਸੋ ਗ਼ਦਰੀਆਂ ਦੀ ਰਣਨੀਤੀ ਵਿਚ ਇਸ ਤਰ੍ਹਾਂ ਦੇ ਨੁਕਸ ਛਾਂਟਣੇ ਸਾਰੀ ਦਿਮਾਗ਼ੀ ਕਸਰਤ ਹੈ, ਜਿਹੜੀ ਬਾਂਝ ਤੇ ਨਿਪੁੰਸਕ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਗ਼ਦਰੀਆਂ ਦੇ ਖੁੱਲ੍ਹੇ ਪ੍ਰਚਾਰ ਨੇ ਬਰਤਾਨਵੀ ਹਾਕਮਾਂ ਨੂੰ ਚੁਕੰਨੇ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਗ਼ਦਰੀ ਦੇਸ਼ਭਗਤਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਅਗਾਊਂ ਪੇਸ਼ਬੰਦੀਆਂ ਕਰ ਲਈਆਂ ਸਨ । ਜਿਸ ਕਰਕੇ ਦੇਸ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਗ਼ਦਰੀਆਂ ਨੂੰ ਬੰਦਰਗਾਹਾਂ ਤੋਂ ਭਾਰੀ ਗਿਣਤੀ ਵਿਚ ਗ੍ਰਿਫ਼ਤਾਰ ਕਰ ਕੇ ਜਾਂ ਤਾਂ ਜੇਲ੍ਹਾਂ ਵਿਚ ਬੰਦ ਕਰ ਦਿੱਤਾ, ਜਾਂ ਪਿੰਡਾਂ ਵਿਚ ਹੀ ਜੂਹਬੰਦ ਕਰ ਦਿੱਤਾ। ਅੰਦਾਜ਼ਨ 2500 ਦੇ ਕਰੀਬ ਗ਼ਦਰੀਆਂ ਨੂੰ ਪਿੰਡਾਂ ਵਿਚ ਜੂਹਬੰਦ ਕੀਤਾ ਗਿਆ । ਬਾਕੀ ਸੈਂਕੜਿਆਂ ਉੱਤੇ ਸੰਗੀਨ ਦੋਸ਼ ਲਾ ਕੇ ਮੁਕੱਦਮੇ ਚਲਾਏ ਗਏ ਅਤੇ 400 ਦੇ ਲਗਭਗ ਗ਼ਦਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਨਰਕ-ਰੂਪੀ ਜੇਲ੍ਹਾਂ ਅੰਦਰ ਸੁੱਟ ਦਿੱਤਾ। ਗਿਆ ਸੀ। ਪਰ ਫਿਰ ਵੀ ਕੁਝ ਗ਼ਦਰੀ ਬਚ ਬਚਾ ਕੇ ਦੇਸ ਅੰਦਰ ਦਾਖ਼ਲ ਹੋਣ ਵਿਚ ਸਫਲ ਹੋ ਗਏ ਸਨ, ਜਿਸ ਤੋਂ ਪਤਾ ਚੱਲਦਾ ਹੈ ਕਿ ਜੇਕਰ ਗ਼ਦਰੀ ਆਗੂਆਂ ਨੇ ਖੁੱਲ੍ਹੇ ਪ੍ਰਚਾਰ ਸਦਕਾ ਪੈਦਾ ਹੋਣ ਵਾਲੀ ਸਥਿਤੀ ਨੂੰ ਥੋੜ੍ਹਾ ਜਿਹਾ ਅਗਾਊਂ ਭਾਂਪ ਲਿਆ ਹੁੰਦਾ, ਤਾਂ ਖੁੱਲ੍ਹੇ ਪ੍ਰਚਾਰ ਦੇ ਬਾਵਜੂਦ ਆਗੂ ਸਫ਼ਾਂ ‘ਚੋਂ ਹੋਰ ਵੱਧ ਗ਼ਦਰੀ ਦੇਸ ਅੰਦਰ ਦਾਖ਼ਲ ਹੋਣ ਵਿਚ ਕਾਮਯਾਬ ਹੋ ਸਕਦੇ ਸਨ । ਪਰ ਇਸ ਨੂੰ ਗ਼ਦਰੀ ਆਗੂਆਂ ਦਾ ‘ਬਚਗਾਨਾਪਣ’ ਕਹਿਣਾ ਠੀਕ ਨਹੀਂ ਹੈ। ਜਿਹੜੀਆਂ ਗੱਲਾਂ ਅੱਜ ਸਾਨੂੰ ਬੜੀਆਂ ਸਰਲ ਤੇ ਸਪੱਸ਼ਟ ਲੱਗਦੀਆਂ ਹਨ, ਇਹ ਵਰਤਾਰੇ ਦੇ ਵਾਪਰਨ ਤੋਂ ਬਾਅਦ ਪੈਦਾ ਹੋਈ ‘ਸਿਆਣਪ’ ਹੈ। ਵਿਦਵਾਨਾਂ ਵੱਲੋਂ ਕਿਸੇ ਘਟਨਾ ਦੇ ਵਾਪਰ ਜਾਣ ਤੋਂ ਬਾਅਦ ਪੈਦਾ ਹੋਈ ਸੋਝੀ ਨੂੰ ਆਪਣੀ ‘ਸੁਘੜ ਸਿਆਣਪ’ ਜਾਂ ‘ਦੂਰ ਅੰਦੇਸ਼ੀ’ ਸਮਝ ਲੈਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਅਤੇ ਇਸ ਆਧਾਰ ‘ਤੇ ਜੁਝਾਰੂ ਤਾਕਤਾਂ ਤੇ ਵਿਅਕਤੀਆਂ ਬਾਰੇ ਗ਼ੈਰ-ਜ਼ਿੰਮੇਵਾਰਾਨਾ ਫ਼ਤਵੇ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੌਧਿਕ ਸਦਾਚਾਰ ਇਹੋ ਮੰਗ ਕਰਦਾ ਹੈ।

ਅੱਠਵਾਂ ਖੰਡ

ਬੀਰਤਾਪੂਰਨ ਕੋਸ਼ਿਸ਼ਾਂ ਤੇ ਇਤਫ਼ਾਕੀਆ ਹਾਦਸੇ

ਭਾਰਤ ਅੰਦਰ ਗ਼ਦਰੀਆਂ ਨੇ ਆਪਣਾ ਕੰਮ ਕਈਆਂ ਪੱਧਰਾਂ ‘ਤੇ ਪਲੈਨ ਕੀਤਾ ਸੀ। ਸਮੁੱਚੀ ਯੋਜਨਾ ਦਾ ਸਭ ਨਾਲੋਂ ਅਹਿਮ ਤੇ ਕੇਂਦਰੀ ਪੱਖ ਛਾਉਣੀਆਂ ਅੰਦਰ ਸੰਪਰਕ ਬਣਾਉਣੇ ਤੇ ਭਾਰਤੀ ਫ਼ੌਜੀਆਂ ਨੂੰ ਬਗ਼ਾਵਤ ਕਰਨ ਲਈ ਮਨਾਉਣਾ ਸੀ। ਇਸ ਦੇ ਵਾਸਤੇ ਇਕ ਤਾਂ ਬਾਹਰੋਂ ਆਏ ਸਾਰੇ ਗ਼ਦਰੀਆਂ ਨੂੰ ਆਮ ਸੇਧ ਦਿੱਤੀ ਗਈ ਕਿ ਉਹ ਆਪੋ-ਆਪਣੀ ਜਾਣ-ਪਛਾਣ ਵਾਲੇ ਫ਼ੌਜੀਆਂ ਨੂੰ ਛਾਉਣੀਆਂ ਵਿਚ ਜਾ ਕੇ ਮਿਲਣ ਤੇ ਉਨ੍ਹਾਂ ਨੂੰ ਬਗ਼ਾਵਤ ਵਿਚ ਸ਼ਾਮਲ ਹੋਣ ਲਈ ਪ੍ਰੇਰਣ। ਪਰ ਇਸ ਆਮ ਸੇਧ ਤੋਂ ਇਲਾਵਾ ਪਾਰਟੀ ਦੇ ਅਹਿਮ ਬੰਦਿਆਂ ਦੀਆਂ ਅਲੱਗ ਅਲੱਗ ਛਾਉਣੀਆਂ ਅੰਦਰ ਵਿਸ਼ੇਸ਼ ਡਿਊਟੀਆਂ ਵੀ ਲਾਈਆਂ ਗਈਆਂ। ਦੂਜਾ ਕੰਮ, ਦੇਸ ਅੰਦਰ ਦੇਸ਼ਭਗਤੀ ਦੇ ਜਜ਼ਬੇ ਤੋਂ ਪ੍ਰੇਰਿਤ ਸਾਰੇ ਵਰਗਾਂ ਦੇ ਰਾਜਸੀ ਆਗੂਆਂ ਤੇ ਸੰਸਥਾਵਾਂ ਨਾਲ ਸੰਪਰਕ ਕਾਇਮ ਕਰ ਕੇ ਉਨ੍ਹਾਂ ਦੀ ਹਮਾਇਤ ਹਾਸਲ ਕਰਨੀ ਸੀ। ਤੀਜਾ, ਪੰਜਾਬ ਅੰਦਰ ਪੇਂਡੂ ਜਨਤਾ ਅੰਦਰ ਇਨਕਲਾਬੀ ਪ੍ਰਚਾਰ ਕਰ ਕੇ ਲੋਕਾਂ ਨੂੰ ਅਮਰੀਕਾ-ਕੈਨੇਡਾ ਦੀ ਤਰਜ਼ ਉੱਤੇ ਗ਼ਦਰ ਦੇ ਪੱਖ ਵਿਚ ਲਾਮਬੰਦ ਕਰਨਾ ਸੀ। ਚੌਥਾ, ਜਿਥੋਂ ਵੀ ਤੇ ਜਿਵੇਂ ਵੀ ਹੋ ਸਕਦਾ ਸੀ, ਵੱਡੀ ਪੱਧਰ ‘ਤੇ ਹਥਿਆਰ ਤੇ ਗੋਲੀ ਬਾਰੂਦ ਦਾ ਪ੍ਰਬੰਧ ਕਰਨਾ ਸੀ ।

ਗ਼ਦਰੀਆਂ ਦੀ ਪਲੈਨ ਇਹ ਸੀ ਕਿ ਫ਼ੌਜੀਆਂ ਦੇ ਸਹਿਯੋਗ ਦਾ ਭਰੋਸਾ ਹਾਸਲ ਕਰ ਲੈਣ ਉਪਰੰਤ, ਗੁਪਤ ਤੌਰ ‘ਤੇ, ਇਕ ਮਿਥੀ ਤਰੀਕ ਵਾਲੇ ਦਿਨ ਉੱਤਰੀ ਭਾਰਤ ਦੀਆਂ ਛਾਉਣੀਆਂ ਦੇ ਤਮਾਮ ਅੰਗਰੇਜ਼ ਸਿਪਾਹੀਆਂ ਪਰ ਇਕ ਹੀ ਦਿਨ ਅਤੇ ਠੀਕ ਇਕ ਹੀ ਸਮੇਂ ਇਕਦਮ ਧਾਵਾ ਬੋਲ ਦਿੱਤਾ ਜਾਵੇ ਅਤੇ ਉਸ ਹਫ਼ੜਾ ਦਫ਼ੜੀ ਵਿਚ ਜਿਹੜੇ ਗੋਰੇ ਫ਼ੌਜੀ ਅਸਾਡੇ ਕਾਬੂ ਆ ਜਾਣ, ਉਨ੍ਹਾਂ ਨੂੰ ਕੈਦ ਕਰ ਲਿਆ ਜਾਵੇ। ਫ਼ੌਜੀ ਬਗ਼ਾਵਤ ਦੀ ਪਲੈਨ ਅੰਦਰ ਦੋ ਵੱਡੀਆਂ ਤੇ ਫ਼ੌਜੀ ਨੁਕਤੇ ਤੋਂ ਵਿਸ਼ੇਸ਼, ਲਾਹੌਰ (ਮੀਆਂ ਮੀਰ) ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਸਭ ਤੋਂ ਅਹਿਮ ਸਨ। ਲਾਹੌਰ ਦੀ ਮੀਆਂ ਮੀਰ ਛਾਉਣੀ ਉਦੋਂ ਦੇ ਅੰਗਰੇਜ਼ੀ ਫ਼ੌਜ ਦੇ ਕੁੱਲ ਨੌਂ ਡਿਵੀਜ਼ਨਾਂ ਵਿੱਚੋਂ ਇਕ ਅਹਿਮ ਡਿਵੀਜ਼ਨਲ ਹੈੱਡਕੁਆਟਰ ਸੀ ਤੇ ਪੰਜਾਬ ਦੀਆਂ ਸਾਰੀਆਂ ਛਾਉਣੀਆਂ ਇਸ ਦੇ ਅਧੀਨ ਸਨ। ਇਸ ਕਰਕੇ ਇਸ ਉੱਤੇ ਕਬਜ਼ਾ ਕਰ ਕੇ ਪੰਜਾਬ ਅੰਦਰ ਅੰਗਰੇਜ਼ੀ ਰਾਜ ਦੀ ਨੀਂਹ ਹਿਲਾਈ ਜਾਂ ਚਕਨਾਚੂਰ ਕੀਤੀ ਜਾ ਸਕਦੀ ਸੀ। ਇਸ ਛਾਉਣੀ ਵਿਚ 23ਵਾਂ ਰਸਾਲਾ ਸੀ, ਜਿਸ ਵਿਚ ਜ਼ਿਆਦਾਤਰ ਮਾਝੇ ਦੇ ਗੱਭਰੂ ਸਨ ਜਿਨ੍ਹਾਂ ਉੱਤੇ ਮਾਝੇ ਦੇ ਤੇਜ ਪਰਤਾਪ ਵਾਲੇ ਗ਼ਦਰੀ ਬਾਬਿਆਂ ਦਾ ਅਤੇ ਉਨ੍ਹਾਂ ਦੇ ਇਨਕਲਾਬੀ ਪ੍ਰਚਾਰ ਦਾ ਤਕੜਾ ਅਸਰ ਸੀ । ਇਸ ਛਾਉਣੀ ਦਾ ਕੰਮ ਭਾਈ ਪ੍ਰੇਮ ਸਿੰਘ ਸੁਰਸਿੰਘੀਏ ਨੂੰ ਸੌਂਪਿਆ ਗਿਆ ਸੀ ਅਤੇ ਉਸ ਨੇ ਛੇਤੀ ਹੀ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਦੀ ਮੱਦਦ ਨਾਲ ਇਸ ਰਸਾਲੇ ਦੇ ਦਰਜਨ ਤੋਂ ਵੱਧ ਬੰਦਿਆਂ ਨੂੰ ਪਾਰਟੀ ਨਾਲ ਜੋੜ ਲਿਆ ਸੀ। ਦੂਸਰੀ ਫ਼ਿਰੋਜ਼ਪੁਰ ਦੀ ਛਾਉਣੀ (ਕਿਲ੍ਹਾ) ਸੀ ਜਿਥੇ ਉੱਤਰੀ ਕਮਾਂਡ ਦਾ ਮੈਗਜ਼ੀਨ (ਅਸਲਾਖ਼ਾਨਾ) ਸੀ ਜਿਸ ਉੱਤੇ ਕਬਜ਼ਾ ਕਰ ਕੇ ਸਾਰੀ ਉਤਰੀ ਫ਼ੌਜ ਲਈ ਜਮ੍ਹਾਂ ਕੀਤੇ ਗੋਲੀ ਸਿੱਕੇ ਅਤੇ ਬਾਰੂਦ ਦੇ ਭੰਡਾਰਾਂ ਤੇ ਹਥਿਆਰਾਂ ਨੂੰ ਆਪਣੇ ਹੱਥ ਹੇਠ ਕੀਤਾ ਜਾ ਸਕਦਾ ਸੀ ਅਤੇ ਫਿਰ ਏਹਦੇ ਨਾਲ ਲੋਕਾਂ ਨੂੰ ਹਥਿਆਰਬੰਦ ਕਰ ਕੇ ਅੰਗਰੇਜ਼ ਹਕੂਮਤ ਵਿਰੁੱਧ ਜਚਵੀਂ ਜੰਗ ਲੜੀ ਜਾ ਸਕਦੀ ਸੀ। ਗ਼ਦਰ ਰਾਤ ਦੇ ਸਮੇਂ ਸ਼ੁਰੂ ਕਰਨ ਦੀ ਵਿਉਂਤ ਸੀ ਅਤੇ ਸੋਚਿਆ ਇਹ ਗਿਆ ਸੀ ਕਿ ਲਾਹੌਰ (ਮੀਆਂ ਮੀਰ) ਦੇ ਫ਼ੌਜੀ ਅਸਲੇਖ਼ਾਨੇ ਉੱਤੇ ਕਬਜ਼ਾ ਕਰ ਕੇ ਸ਼ਹਿਰ ਦੇ ਸੂਚਨਾ ਸੰਪਰਕ (ਤਾਰ ਆਦਿ) ਕੱਟ ਦਿੱਤੇ ਜਾਣ ਤੇ ਅੰਗਰੇਜ਼ ਲੋਕਾਂ ਨੂੰ ਕੈਦ ਕਰ ਲਿਆ ਜਾਵੇ। ਇਸ ਉਪਰੰਤ ਸਾਰੇ ਮਾਝੇ ਵਿਚ ਬਗ਼ਾਵਤ ਮਚਾ ਕੇ ਸਰਕਾਰੀ ਖ਼ਜ਼ਾਨੇ ਲੁੱਟ ਲਏ ਜਾਣ ਤੇ ਜੇਲ੍ਹਾਂ ਵਿੱਚੋਂ ਸਾਰੇ ਕੈਦੀ ਆਜ਼ਾਦ ਕਰ ਦਿੱਤੇ ਜਾਣ। ਉਸ ਤੋਂ ਪਿੱਛੋਂ ਸ਼ਹਿਰਾਂ ਦਾ ਇੰਤਜ਼ਾਮ ਆਪਣੇ ਚੁਣਵੇਂ ਯੋਗ ਵਿਅਕਤੀਆਂ ਨੂੰ ਸੌਂਪ ਕੇ ਸਾਰੇ ਗ਼ਦਰੀਆਂ ਦੇ ਜਥੇ ਪੰਜਾਬ ਵਿਚ ਇਕੱਠੇ ਹੋ ਜਾਣ। ਬਾਅਦ ਵਿਚ ਸ਼ਚਿੰਦਰਨਾਥ ਸਾਨਿਆਲ ਨੇ ‘ਬੰਦੀ ਜੀਵਨ’ ਵਿਚ ਇਸ ਯੁੱਧਨੀਤੀ ਦੀ ਇਹ ਵਿਆਖਿਆ ਦਿੱਤੀ ਸੀ : ‘ਅਸੀਂ ਲੋਕ ਅਜਿਹਾ ਨਹੀਂ ਸਮਝ ਬੈਠੇ ਸਾਂ ਕਿ ਗ਼ਦਰ ਸ਼ੁਰੂ ਹੋਣ ਤੋਂ ਲੈ ਕੇ ਅੰਤ ਤਕ ਅੰਗਰੇਜ਼ਾਂ ਦੇ ਸਾਹਮਣੇ ਯੁੱਧ ਵਿਚ ਸਾਡੀ ਜਿੱਤ ਹੀ ਜਿੱਤ ਹੁੰਦੀ ਜਾਵੇਗੀ, ਕਿੰਤੂ ਸਾਨੂੰ ਭਰੋਸਾ ਸੀ ਕਿ ਉਪਰ ਲਿਖੇ ਢੰਗ ਨਾਲ ਜਿਥੇ ਗ਼ਦਰ ਮੱਚਿਆ, ਉਥੇ ਇਕ ਅਜਿਹੀ ਬਚਿੱਤਰ ਹਾਲਤ ਪੈਦਾ ਹੋ ਜਾਵੇਗੀ ਕਿ ਜੇਕਰ ਇਕ ਸਾਲ ਤਕ ਅਸੀਂ ਇਸ ਯੁੱਧ ਨੂੰ ਠੀਕ ਲੀਹਾਂ ‘ਤੇ ਜਾਰੀ ਰੱਖ ਸਕੇ ਤਾਂ ਹੋਰ ਦੇਸਾਂ ਦੀਆਂ ਭਿੰਨ ਭਿੰਨ ਜਾਤੀਆਂ (ਕੌਮਾਂ) ਦੀਆਂ ਆਪਸੀ ਵਿਰੋਧਤਾਈਆਂ ਦੇ ਨਤੀਜੇ ਵਜੋਂ, ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਨਾਲ ਦੇਸ ਨੂੰ ਆਜ਼ਾਦ ਕਰਾ ਲੈਣਾ ਅਸਾਡੇ ਲਈ ਬੇਹੱਦ ਮੁਸ਼ਕਲ ਹੋਣ ਦੇ ਬਾਵਜੂਦ ਅਸੰਭਵ ਨਹੀਂ ਹੋਵੇਗਾ।’ ਸ. ਜਗਜੀਤ ਸਿੰਘ ਸਾਰੇ ਹਿਸਾਬ-ਕਿਤਾਬ ਲਾ ਕੇ ਇਸ ਨਿਰਣੇ ‘ਤੇ ਅੱਪੜੇ ਹਨ। ਕਿ ‘ਕਈ ਸਾਰੇ ਵਾਕਿਆਤ, ਜਿਨ੍ਹਾਂ ਬਾਰੇ ਸ਼ੱਕ ਨਹੀਂ, ਇਹ ਜ਼ਾਹਰ ਕਰਦੇ ਹਨ ਕਿ ਇਕ ਵੇਰ ਲਾਹੌਰ ਫ਼ਿਰੋਜ਼ਪੁਰ ਗ਼ਦਰ ਸ਼ੁਰੂ ਹੋ ਜਾਣ ਉੱਤੇ ਬਾਕੀ ਦੀਆਂ ਛਾਉਣੀਆਂ ਵਿਚ ਫ਼ੌਜੀਆਂ ਦੇ ਗ਼ਦਰੀਆਂ ਨਾਲ ਰਲ ਜਾਣ ਦੀ ਬਹੁਤ ਸੰਭਾਵਨਾ ਸੀ।’

ਮਾਈਕਲ ਓਡਵਾਇਰ ਨੇ ਗ਼ਦਰੀਆਂ ਦੀ ਉਪਰੋਕਤ ਪਲੈਨ ਨੂੰ ਇਕ ‘ਦਲੇਰਾਨਾ ਵਿਉਂਤ’ ਕਿਹਾ ਸੀ ਅਤੇ ਉਸ ਦੇ ਖ਼ਿਆਲ ਵਿਚ ਇਹ ਵਿਉਂਤ ਹਵਾਈ ਨਹੀਂ ਸੀ। ਇਸ ਪਲੈਨ ਦੀ ਸਫਲਤਾ ਵਾਸਤੇ ਦੇਸੀ ਤੇ ਕੌਮਾਂਤਰੀ ਹਾਲਤਾਂ ਸਾਜ਼ਗਾਰ ਸਨ।

ਕਾਮਯਾਬੀਆਂ ਤੇ ਮਾਯੂਸੀਆਂ

ਗ਼ਦਰੀ ਇਨਕਲਾਬੀ ਦੇਸੀ ਪਲਟਣਾਂ, ਖ਼ਾਸ ਕਰਕੇ ਸਿੱਖ ਫ਼ੌਜੀਆਂ ਨੂੰ ਗ਼ਦਰ ਵਾਸਤੇ ਪ੍ਰੇਰਨ ਵਿਚ ਹੈਰਾਨੀ ਦੀ ਹੱਦ ਤਕ ਕਾਮਯਾਬ ਹੋ ਗਏ ਸਨ। ਮੇਰਠ (ਬਾਰ੍ਹਵਾਂ ਰਸਾਲਾ), ਆਗਰਾ, ਅਲਾਹਾਬਾਦ, ਬਨਾਰਸ, ਫ਼ੈਜ਼ਾਬਾਦ, ਲਖਨਊ (16ਵਾਂ ਰਸਾਲਾ), ਜੇਹਲਮ, ਰਾਵਲਪਿੰਡੀ, ਹੋਤੀ ਮਰਦਾਨ, ਪਿਸ਼ਾਵਰ, ਕੋਹਾਟ, ਬੰਨੂੰ, ਅੰਬਾਲਾ, ਲਾਹੌਰ (ਮੀਆਂਮੀਰ), ਫ਼ਿਰੋਜ਼ਪੁਰ, ਦਾਨਾਪੁਰ ਤਕ ਕੋਈ ਛਾਉਣੀ ਨਹੀਂ ਛੱਡੀ ਸੀ, ਜਿਥੇ ਸੰਪਰਕ ਕਰਨ ਦੇ ਸਿਰਤੋੜ ਯਤਨ ਨਾ ਕੀਤੇ ਗਏ ਹੋਣ। ਇਕੱਲੇ ਕਰਤਾਰ ਸਿੰਘ ਸਰਾਭਾ ਨੇ, ਦਿਨਾਂ ਦੇ ਅੰਦਰ ਹੀ, ਉੱਤਰ ਵਿਚ ਲਖਨਊ ਅਲਾਹਾਬਾਦ ਤੋਂ ਲੈ ਕੇ ਦੱਖਣ-ਪੱਛਮ ਵਿਚ ਫ਼ਿਰੋਜ਼ਪੁਰ ਤਕ, ਅੱਧੀ ਦਰਜਨ ਤੋਂ ਵੱਧ ਛਾਉਣੀਆਂ ਗਾਹ ਮਾਰੀਆਂ ਸਨ। ਜਿਥੇ ਜਿਥੇ ਵੀ ਸਿੱਖ ਪਲਟਣਾਂ ਤੈਨਾਤ ਸਨ, ਉਥੇ ਗ਼ਦਰੀਆਂ ਨੂੰ ਤਕੜਾ ਹੁੰਗਾਰਾ ਮਿਲਿਆ। ਜਿਥੇ ਕੋਈ ਸਿੱਖ ਪਲਟਣ ਨਹੀਂ ਸੀ, ਜਿਵੇਂ ਆਗਰਾ, ਉਥੇ ਸਿਪਾਹੀਆਂ ਨੇ ਕੋਈ ਲੜ ਪੱਲਾ ਨਾ ਫੜਾਇਆ । ਬੰਗਾਲੀ ਕ੍ਰਾਂਤੀਕਾਰੀਆਂ ਨੇ ਉੱਤਰੀ ਭਾਰਤ ਦੀਆਂ ਛਾਉਣੀਆਂ, ਜਿਥੇ ਰਾਜਪੂਤ ਤੇ ਹੋਰ ਹਿੰਦੂ ਜਾਤੀਆਂ ਦੇ ਫ਼ੌਜੀ ਵਧੇਰੇ ਸਨ, ਵਿਚ ਬਗ਼ਾਵਤ ਕਰਾਉਣ ਦਾ ਜ਼ਿੰਮਾ ਓਟਿਆ ਸੀ, ਪਰ ਉਨ੍ਹਾਂ ਨੂੰ ਕਿਤੋਂ ਵੀ ਬਹੁਤੀ ਸਫਲਤਾ ਹਾਸਲ ਨਾ ਹੋਈ। ਮੁਕੱਦਮਿਆਂ ਦੀਆਂ ਕਾਰਵਾਈਆਂ ਤੋਂ ਪਤਾ ਚੱਲਦਾ ਹੈ ਕਿ ਕਾਨ੍ਹਪੁਰ ਤੇ ਅਲਾਹਾਬਾਦ ਆਦਿ ਛਾਉਣੀਆਂ ‘ਚੋਂ ਕੋਈ ਵੀ ਕੰਮ ਦਾ ਬੰਦਾ ਨਾ ਲੱਭਾ।

? ਪਰ ਕਿਹਾ ਜਾਂਦਾ ਹੈ ਕਿ ਫ਼ੌਜੀ ਫ਼ਰੰਟ ਦੀ ਤੁਲਨਾ ਵਿਚ ਗ਼ਦਰੀਆਂ ਨੂੰ ਰਾਜਸੀ ਫ਼ਰੰਟ ‘ਤੇ ਬਹੁਤੀ ਕਾਮਯਾਬੀ ਨਸੀਬ ਨਹੀਂ ਹੋ ਸਕੀ ਸੀ। ਇਸ ਦੇ ਕਾਰਨ ਤੁਸੀਂ ਕੀ ਸਮਝਦੇ ਹੋ ?

ਇਹ ਪ੍ਰਭਾਵ ਪੂਰਾ ਠੀਕ ਨਹੀਂ ਹੈ। ਜ਼ਰਾ ਸੋਚੋ, ਗ਼ਦਰੀਆਂ ਕੋਲ ਕੰਮ ਕਰਨ ਲਈ ਬੰਦੇ ਤੇ ਦਿਨ ਕਿੰਨੇ ਕੁ ਸਨ? ਸਭ ਤੋਂ ਪਹਿਲਾ ਗ਼ਦਰੀ ਜਥਾ, ਜਿਸ ਵਿਚ ਭਾਈ ਕਰਤਾਰ ਸਿੰਘ ਸਰਾਭਾ ਤੇ ਹੋਰ ਸਨ, ਸਤੰਬਰ ਦੇ ਦੂਜੇ ਅੱਧ ਵਿਚ ਪੰਜਾਬ ਪਹੁੰਚਿਆ ਸੀ। ਬਾਕੀ ਜ਼ਿਆਦਾਤਰ ਗ਼ਦਰੀ, ਜਿਹੜੇ ਗ੍ਰਿਫ਼ਤਾਰੀਆਂ ਤੋਂ ਬਚ ਸਕੇ, ਅਕਤੂਬਰ ਨਵੰਬਰ ਵਿਚ ਪਹੁੰਚੇ ਸਨ। ਜੰਗ ਲੱਗ ਚੁੱਕੀ ਸੀ ਅਤੇ ਦੇਸੀ ਪਲਟਣਾਂ ਨੂੰ ਕਿਸੇ ਵੇਲੇ ਵੀ ਦੇਸ ਤੋਂ ਬਾਹਰ ਜੰਗ ਦੇ ਮੋਰਚਿਆਂ ਉੱਤੇ ਜਾਣ ਦੇ ਹੁਕਮ ਮਿਲ ਸਕਦੇ ਸਨ। ਇਸ ਕਰਕੇ ਗ਼ਦਰੀਆਂ ਲਈ ਇਕ ਇਕ ਦਿਨ, ਅਸਲ ਵਿਚ ਇਕ ਇਕ ਪਲ, ਬੇਹੱਦ ਕੀਮਤੀ ਸੀ। ਉਨ੍ਹਾਂ ਨੇ ਆਪਣੀ ਮੁੱਖ ਸ਼ਕਤੀ ਫ਼ੌਜਾਂ ਅੰਦਰ ਕੰਮ ਉੱਤੇ ਝੋਕ ਦਿੱਤੀ ਸੀ। ਇਸ ਕਰਕੇ ਉਨ੍ਹਾਂ ਦੀ ਕਿਸੇ ਵੀ ਸਫਲਤਾ ਜਾਂ ਅਸਫਲਤਾ ਨੂੰ ਹਾਲਤਾਂ ਦੇ ਇਸ ਪ੍ਰਸੰਗ ਵਿਚ ਰੱਖ ਕੇ ਹੀ ਅੰਗਿਆ ਤੋਲਿਆ ਜਾਣਾ ਚਾਹੀਦਾ ਹੈ।

ਕਰਤਾਰ ਸਿੰਘ ਸਰਾਭਾ ਨੇ ਪੰਜਾਬ ਅੰਦਰ ਪੈਰ ਪਾਉਂਦਿਆਂ ਹੀ ਰਾਜਸੀ ਆਗੂਆਂ ਤੇ ਸੰਸਥਾਵਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ । ਉਸ ਨੂੰ ਜਿਥੋਂ ਵੀ ਹਮਾਇਤ ਦੀ ਉਮੀਦ ਜਾਂ ਸੰਭਾਵਨਾ ਨਜ਼ਰ ਆਉਂਦੀ ਸੀ, ਉਥੇ ਜਾ ਕੁੰਡਾ ਖੜਕਾਇਆ ਸੀ। ਪੰਜਾਬ ਅੰਦਰ ਉਸ ਵੇਲੇ, ਦੂਸਰੇ ਵਰਗਾਂ ਦੀ ਤੁਲਨਾ ਵਿਚ, ਸਿੱਖ ਰਾਜਸੀ ਤੌਰ ‘ਤੇ ਸਭ ਨਾਲੋਂ ਵੱਧ ਸਰਗਰਮ ਸਨ। ਉਨ੍ਹਾਂ ਦਾ ਕਈ ਸਾਰੇ ਮਸਲਿਆਂ ਤੇ ਮੁੱਦਿਆਂ ਨੂੰ ਲੈ ਕੇ ਅੰਗਰੇਜ਼ ਹਕੂਮਤ ਨਾਲ ਟਕਰਾਅ ਪੈਦਾ ਹੋ ਗਿਆ ਸੀ, ਜਿਵੇਂ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੁੱਦਾ, ਦਿੱਲੀ ਅੰਦਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨਾਲ ਜੁੜੇ ਰਕਾਬ ਗੰਜ ਸਾਹਿਬ ਗੁਰਦੁਆਰੇ ਦੀ ਕੰਧ ਢਾਹੁਣ ਦਾ ਮਸਲਾ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਨੂੰ ਪਾਣੀ ਦੀ ਸਪਲਾਈ ਵਿਚ ਸਰਕਾਰੀ ਅੜਿਕੇ ਖੜੇ ਕਰਨ ਦਾ ਮਸਲਾ, ਸਿੱਖਾਂ ਨੂੰ ਕ੍ਰਿਪਾਨ ਪਹਿਨਣ ਤੋਂ ਰੋਕਣ ਦਾ ਮਸਲਾ, ਕੈਨੇਡਾ ਅੰਦਰ ਪਰਿਵਾਰ ਲਿਜਾਣ ਉੱਤੇ ਰੋਕਾਂ ਲਾਉਣ ਦਾ ਮਸਲਾ। ਕਲਕੱਤੇ ਦੇ ਬਜਬਜ ਘਾਟ (ਕਾਮਾਗਾਟਾ ਮਾਰੂ) ਦੇ ਖੂਨੀ ਸਾਕੇ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਸੀ । ਸਿੱਖ ਜਗਤ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਰੋਹ ਦੇ ਭਾਂਬੜ ਬਲ ਉੱਠੇ ਸਨ। ਸਿੱਖਾਂ ਦੀਆਂ ਕਈ ਧਾਰਮਿਕ ਤੇ ਸਮਾਜੀ ਸੰਸਥਾਵਾਂ ਤੇ ਹਸਤੀਆਂ ਸੰਘਰਸ਼ ਦੇ ਮੈਦਾਨ ਵਿਚ ਨਿਤਰ ਆਈਆਂ ਸਨ। ਗ਼ਦਰੀਆਂ ਦੇ ਇਨ੍ਹਾਂ ਸੰਘਰਸ਼ਸ਼ੀਲ ਸੰਸਥਾਵਾਂ ਤੇ ਵਿਅਕਤੀਆਂ ਨਾਲ ਪਹਿਲਾਂ ਹੀ ਚੰਗੇ ਤੇ ਨੇੜਲੇ ਸੰਬੰਧ ਬਣੇ ਹੋਏ ਸਨ। ਇਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਵਰਗਾਂ ਦੀ ਹਮਾਇਤ ਸੌਖੀ ਹੀ ਹਾਸਲ ਹੋ ਗਈ ਸੀ। ਇਤਿਹਾਸ ਵਿਚ ਦਰਜ ਤੱਥਾਂ ਮੁਤਾਬਕ ਉਸ ਵੇਲੇ ਦੇ ਸਰਗਰਮ ਤੇ ਸੰਗਰਾਮੀ ਸਿੱਖ ਆਗੂਆਂ, ਜਿਵੇਂ ਕਿ ਸ. ਹਰਚੰਦ ਸਿੰਘ ਲਾਇਲਪੁਰੀ, ਨਿਹੰਗ ਜਥੇਦਾਰ ਜਵੰਦ ਸਿੰਘ ਠੱਟਾ (ਪੱਟੀ), ਭਾਈ ਨਾਨਕ ਸਿੰਘ ਰਈਸ (ਭਦੌੜ), ਬਾਬਾ ਕੇਹਰ ਸਿੰਘ ਪੱਟੀ, ਸ. ਤੇਜਾ ਸਿੰਘ ਸਮੁੰਦਰੀ, ਭਾਈ ਬੋਘ ਸਿੰਘ ਝਾੜ ਸਾਹਿਬ, ਲੋਹਟਬੱਧੀ ਦੇ ਭਸੌੜੀਏ, ਭਾਈ ਰਣਧੀਰ ਸਿੰਘ ਦਾ ਜਥਾ, ਆਦਿਕ ਨਾਲ ਗ਼ਦਰੀਆਂ ਦੀ ਗੂੜ੍ਹੀ ਸੰਗਰਾਮੀ ਸਾਂਝ ਪੈ ਗਈ ਸੀ। ਇਸ ਤੋਂ ਇਲਾਵਾ ਕਰਤਾਰ ਸਿੰਘ ਸਰਾਭਾ ਨੇ ਆਉਂਦਿਆਂ ਹੀ ਲੁਧਿਆਣੇ ਦੇ ਆਪਣੇ ਬਚਪਨ ਦੇ ਖ਼ਾਲਸਾ ਹਾਈ ਸਕੂਲ ਅੰਦਰ ਜਾਣਾਂ-ਪਛਾਣਾਂ ਕੱਢ ਲਈਆਂ ਸਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਗ਼ਦਰ ਪਾਰਟੀ ਨਾਲ ਜੋੜ ਲਿਆ ਸੀ । ਇਸ ਸਕੂਲ ਵਿੱਚੋਂ ਗ਼ਦਰ ਲਹਿਰ ਨੂੰ ਕਿੰਨੇ ਹੀ ਹੋਣਹਾਰ ਨੌਜਵਾਨ ਕਾਰਕੁੰਨ ਨਸੀਬ ਹੋਏ ਜਿਨ੍ਹਾਂ ਨੇ ਪੰਜਾਬ ਅੰਦਰ ਗ਼ਦਰ ਲਹਿਰ ਦਾ ਮੁੱਢਲਾ ਆਧਾਰ ਸਿਰਜਣ ਵਿਚ ਬੇਹੱਦ ਮਹੱਤਵਪੂਰਨ ਰੋਲ ਨਿਭਾਇਆ। ਇਨ੍ਹਾਂ ਵਿੱਚੋਂ ਪ੍ਰਮੁੱਖ ਨਾਂ ਇਹ ਸਨ : ਪੂਰਨ ਸਿੰਘ ਈਸੇਵਾਲ, ਕਿਰਪਾਲ ਸਿੰਘ ਬੋਪਾਰਾਇ, ਖੜਕ ਸਿੰਘ ਬੋਪਾਰਾਇ ਤੇ ਸੱਜਣ ਸਿੰਘ ਨਾਰੰਗਵਾਲ (ਜਿਨ੍ਹਾਂ ਦੋਵਾਂ ਨੇ ਗ਼ਦਰ ਪਾਰਟੀ ਦੇ ਹੈੱਡਕੁਆਟਰ ਵਿਚ ਸ਼ਾਨਦਾਰ ਕੰਮ ਕੀਤਾ ਸੀ)। ਇਸ ਤੋਂ ਇਲਾਵਾ ਇਸਲਾਮੀਆ ਸਕੂਲ ਦੇ ਕੁਝ ਵਿਦਿਆਰਥੀ ਵੀ ਗ਼ਦਰ ਪਾਰਟੀ ਨਾਲ ਸਰਗਰਮ ਹੋਏ। ਇਨ੍ਹਾਂ ਵਿੱਚੋਂ ਇਕ ਸੁੱਚਾ ਸਿੰਘ ਸੀ ਜਿਹੜਾ ਲਹਿਰ ਦੇ ਫ਼ੇਲ੍ਹ ਹੋ ਜਾਣ ਉਪਰੰਤ ਭਾਵੇਂ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ, ਪਰ ਭਲਿਆਂ ਦਿਨਾਂ ਵਿਚ ਉਸ ਨੇ ਛਾਉਣੀਆਂ ਵਿਚ ਸਭ ਨਾਲੋਂ ਮੂਹਰੇ ਹੋ ਕੇ ਕੰਮ ਕੀਤਾ ਸੀ।

ਪੰਜਾਬ ਦੇ ਹਿੰਦੂ ਵਰਗ ਅੰਦਰ ਉਦੋਂ ਆਰੀਆ ਸਮਾਜ ਹੀ ਰਾਜਸੀ ਪੱਖ ਤੋਂ ਵੱਧ ਜਾਗਰੂਕ ਤੇ ਸਰਗਰਮ ਸੀ, ਪਰ ਇਸ ਅੰਦਰ ਕਾਫ਼ੀ ਅਲੱਗ ਅਲੱਗ ਕਿਸਮ ਦੇ ਰੁਝਾਨ ਕ੍ਰਿਆਸ਼ੀਲ ਸਨ। 1907 ਵਿਚ ਬਣੀ ‘ਭਾਰਤ ਮਾਤਾ ਸੁਸਾਇਟੀ’ ਦੇ ਜਿਹੜੇ ਇੱਕਾ ਦੁੱਕਾ ਮੈਂਬਰ ਉਸ ਵੇਲੇ ਸਰਗਰਮ ਸਨ, ਜਿਵੇਂ ਰਾਮਸਰਨ ਦਾਸ ਤਲਵਾੜ (ਕਪੂਰਥਲਾ), ਮਹਿਤਾ ਅਨੰਦ ਕਿਸ਼ੋਰ ਤੇ ਲਾਲਾ ਕੇਦਾਰ ਨਾਥ ਸਹਿਗਲ ਆਦਿ, ਉਨ੍ਹਾਂ ਨਾਲ ਕਰਤਾਰ ਸਿੰਘ ਸਰਾਭਾ ਨੇ ਭਾਈ ਪਰਮਾਨੰਦ ਲਾਹੌਰ ਦੇ ਜ਼ਰੀਏ ਰਾਬਤਾ ਕਾਇਮ ਕੀਤਾ ਅਤੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਸਿਆਣ ਕੱਢਣ ਵਿਚ ਉਨ੍ਹਾਂ ਦੀ ਮੁੱਢਲੀ ਮੱਦਦ ਲਈ। ਸਰਾਭਾ ਬੰਗਾਲ ਦੇ ਕ੍ਰਾਂਤੀਕਾਰੀਆਂ ਦੇ ਪ੍ਰਸਿੱਧ ਆਗੂ ਰਾਸ ਬਿਹਾਰੀ ਬੋਸ, ਜਿਹੜਾ ਦਿੱਲੀ ਵਿਖੇ ਵਾਇਸਰਾਇ ਹਾਰਡਿੰਗ ਨੂੰ ਬੰਬ ਸੁੱਟ ਕੇ ਹਲਾਕ ਕਰਨ ਦੀ ਅਸਫਲ ਰਹੀ ਵਾਰਦਾਤ ਦਾ ਹੀਰੋ’ ਸੀ ਅਤੇ ਇਸ ਕਾਰਨ ਰੂਪੋਸ਼ ਜੀਵਨ ਬਤੀਤ ਕਰ ਰਿਹਾ ਸੀ, ਨਾਲ ਸੰਪਰਕ ਬਣਾਉਣ ਦੇ ਚੱਕਰ ਵਿਚ ਬਨਾਰਸ ਤੇ ਕਲਕੱਤੇ ਦੀ ਖ਼ਾਕ ਛਾਣ ਆਇਆ ਸੀ। ਕਲਕੱਤੇ ਉਸ ਦੀ ਮੁਲਾਕਤ ਸੁਰਿੰਦਰਨਾਥ ਬੈਨਰਜੀ, ਜਿਹੜਾ ਉਸ ਵੇਲੇ ਦੇਸ ਦਾ ਬਹੁਤ ਹੀ ਪ੍ਰਸਿੱਧ ਰਾਸ਼ਟਰਵਾਦੀ ਲੀਡਰ ਸੀ, ਨਾਲ ਹੋ ਗਈ ਸੀ ਅਤੇ ਉਸ ਨੇ ਸਰਾਭੇ ਨਾਲ ਗ਼ਦਰ ਦੀ ਹਮਾਇਤ ਕਰਨ ਦਾ ਵਾਅਦਾ ਕੀਤਾ ਸੀ । ਬੰਗਾਲੀਆਂ ਨੂੰ ਜਦ ਪੰਜਾਬੀ ਗ਼ਦਰੀਆਂ ਦੀ ਬਗ਼ਾਵਤ ਦੀ ਗੰਭੀਰ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਇਸ ਲਹਿਰ ਵਿਚ ਤਿੱਖੀ ਦਿਲਚਸਪੀ ਪੈਦਾ ਹੋ ਗਈ ਅਤੇ ਥੋੜ੍ਹੇ ਹੀ ਚਿਰ ਪਿੱਛੋਂ ਰਾਸ ਬਿਹਾਰੀ ਬੋਸ ਦਾ ਖ਼ਾਸ ਵਿਸ਼ਵਾਸਪਾਤਰ ਸ਼ਚਿੰਦਰਨਾਥ ਸਾਨਿਆਲ ਪੰਜਾਬ ਆਇਆ ਤੇ ਗ਼ਦਰੀਆਂ ਨਾਲ ਪੱਕਾ ਰਾਬਤਾ ਸਥਾਪਤ ਕਰ ਕੇ ਰਾਸ ਬਿਹਾਰੀ ਬੋਸ ਨੂੰ ਲੈਣ ਲਈ ਬਨਾਰਸ ਚਲਾ ਗਿਆ। ਇਸੇ ਦੌਰਾਨ ਗ਼ਦਰੀਆਂ ਨੇ ਭਾਈ ਨਿਧਾਨ ਸਿੰਘ ਚੁੱਘਾ ਰਾਹੀਂ ਮੰਡੀ ਰਿਆਸਤ ਦੇ ਠਾਕਰਾਂ, ਜਿਹੜੇ ਰਿਆਸਤ ਦੀ ਵਿਰਾਸਤ ਦੇ ਮੁੱਦੇ ‘ਤੇ ਅੰਗਰੇਜ਼ ਹਾਕਮਾਂ ਨਾਲ ਖ਼ਫ਼ਾ ਸਨ, ਨਾਲ ਵੀ ਰਾਬਤਾ ਗੰਢ ਲਿਆ ਸੀ।

ਇਨ੍ਹਾਂ ਰਾਜਸੀ ਯਤਨਾਂ ਦੇ ਨਾਲੋ-ਨਾਲ ਗ਼ਦਰੀਆਂ ਨੇ ਪਿੰਡਾਂ ਅੰਦਰ ਗ਼ਦਰ ਦੇ ਪ੍ਰਚਾਰ ਦੀ ਮੁਹਿੰਮ ਦਾ ਸਿਲਸਿਲਾ ਵੀ ਤੋਰਿਆ। ਪ੍ਰਚਾਰ ਦਾ ਸਭ ਤੋਂ ਅਸਰਦਾਰ ਸਾਧਨ ਗੁਰਦੁਆਰਿਆਂ ਅੰਦਰ ਲੱਗਣ ਵਾਲੇ ਦੀਵਾਨ ਅਤੇ ਜੋੜ ਮੇਲੇ ਸਨ। ਗ਼ਦਰੀ ਇਨਕਲਾਬੀਆਂ ਨੂੰ ਜਿਥੇ ਵੀ ਮੌਕਾ ਮਿਲਿਆ – ਨਨਕਾਣਾ ਸਾਹਿਬ ਦਾ ਗੁਰਪੁਰਬ ਜੋੜ ਮੇਲਾ, ਮੁਕਤਸਰ ਮਾਘੀ ਦਾ ਮੇਲਾ, ਤਰਨਤਾਰਨ ਦੀ ਮੱਸਿਆ, ਆਦਿ – ਉਨ੍ਹਾਂ ਧਾਰਮਿਕ ਸਟੇਜਾਂ ਉੱਤੋਂ ਸਿੱਖ ਸੰਗਤਾਂ ਨੂੰ ਗ਼ਦਰ ਦਾ ਸੁਨੇਹਾ ਦੇਣ ਦਾ ਅਵਸਰ ਨਹੀਂ ਖੁੰਝਾਇਆ। ਭਾਵੇਂ ਪੁਲਿਸ ਨੇ ਪੇਂਡੂ ਖੇਤਰਾਂ ਅੰਦਰ ਚਾਰੋਂ ਤਰਫ਼ ਆਪਣੇ ਮੁਖ਼ਬਰਾਂ ਤੇ ਸੂਹੀਆਂ ਦਾ ਜਾਲ ਵਿਛਾਇਆ ਹੋਇਆ ਸੀ, ਪਰ ਗ਼ਦਰੀ ਯੋਧਿਆਂ ਨੇ ਇਸ ਦੀ ਰਤੀ ਪ੍ਰਵਾਹ ਨਾ ਕੀਤੀ ਅਤੇ ਆਪਣੀਆਂ ਪ੍ਰਚਾਰ ਸਰਗਰਮੀਆਂ ਲਗਾਤਾਰ ਬੇਰੋਕ ਜਾਰੀ ਰੱਖੀਆਂ। ਜ਼ਬਾਨੀ ਲੈਕਚਰ ਦੇਣ ਤੋਂ ਇਲਾਵਾ ਜਨਤਾ ਅੰਦਰ ਗ਼ਦਰ ਪਾਰਟੀ ਦਾ ਛਪਿਆ ਹੋਇਆ ਲਿਟਰੇਚਰ ਵੀ ਵੰਡਿਆ ਜਾਂਦਾ ਸੀ। ਇਸ ਮਕਸਦ ਵਾਸਤੇ ਗ਼ਦਰੀਆਂ ਨੇ ਆਪਣਾ ਗੁਪਤ ਪ੍ਰੈਸ ਚਾਲੂ ਕਰਨ ਦੇ ਉਪਰੋਥਲੀ ਕਈ ਯਤਨ ਕੀਤੇ, ਪਰ ਹਰ ਵਾਰ ਕੋਈ ਨਾ ਕੋਈ ਅਮਲੀ ਔਕੜ ਪੇਸ਼ ਆਉਂਦੀ ਰਹੀ। ਬੁੱਤਾ ਸਾਰਨ ਲਈ ਛੇ ਸਾਈਕਲੋਸਟਾਈਲ ਮਸ਼ੀਨਾਂ ਚਾਲੂ ਕੀਤੀਆਂ ਅਤੇ ਉਨ੍ਹਾਂ ਉੱਤੇ ਗ਼ਦਰ ਦੀ ਗੂੰਜ ਵਿੱਚੋਂ ਚੋਣਵੀਆਂ ਜੋਸ਼ ਉਪਜਾਊ ਕਵਿਤਾਵਾਂ ਛਾਪ ਕੇ ਲੋਕਾਂ ਅੰਦਰ ਵੰਡੀਆਂ ਗਈਆਂ। ਇਸ ਕੰਮ ਵਿਚ ਲੁਧਿਆਣੇ ਦੇ ਸਕੂਲ ਵਿਦਿਆਰਥੀਆਂ ਨੇ ਪੂਰਾ ਹੱਥ ਵਟਾਇਆ। ਕਈ ਵਾਰ ਉਨ੍ਹਾਂ ਨੇ ਲੋੜ ਪੈਣ ‘ਤੇ ਹੱਥ ਨਾਲ ਕਾਰਬਨ ਕਾਪੀਆਂ ਕਰ ਕੇ ਵੀ ਡੰਗ ਸਾਰਿਆ। ਅਮਰੀਕਾ ਵਾਂਗ ਹੀ ਦੇਸ ਅੰਦਰਲੀ ਇਸ ਪ੍ਰਚਾਰ ਮੁਹਿੰਮ ਦੀ ਕਮਾਨ ਵੀ ਕਰਤਾਰ ਸਿੰਘ ਸਰਾਭਾ ਨੇ ਸੰਭਾਲੀ ਹੋਈ ਸੀ । ਉਸ ਅੰਦਰ ਲੋਹੜੇ ਦੀ ਊਰਜਾ ਸੀ। ਉਹ ਦਿਨੇ ਸਾਈਕਲ ਉੱਤੇ ਪਿੰਡੋ-ਪਿੰਡ ਘੁੰਮਦਾ ਰਹਿੰਦਾ ਸੀ। ਕਈ ਵਾਰ ਇੱਕੋ ਸਾਹੇ 50 ਮੀਲ ਤੋਂ ਵੱਧ ਪੈਂਡਾ ਗਾਹ ਦਿੰਦਾ, ਅਤੇ ਰਾਤ ਨੂੰ ਸ਼ਹਿਰ ਜਾ ਕੇ ਛਾਉਣੀਆਂ ਵਿਚ ਜਾ ਵੜਦਾ ਸੀ। ਭਾਈ ਬੰਤਾ ਸਿੰਘ ਸੰਘਵਾਲ, ਰੂੜ ਸਿੰਘ ਸੰਘਵਾਲ ਤੇ ਹਰਨਾਮ ਸਿੰਘ ਕੋਟਲਾ ਕਪੂਰਥਲੇ ਦੇ ਪਿੰਡ ਗਾਹੁੰਦੇ ਫਿਰਦੇ, ਭਾਈ ਪਿਆਰਾ ਸਿੰਘ ਲੰਗੇਰੀ ਮਾਹਲਪੁਰ ਇਲਾਕੇ ਦੇ ਪਿੰਡਾਂ ਵਿਚ ਗ਼ਦਰ ਦਾ ਹੋਕਾ ਦਿੰਦਾ, ਬਾਬਾ ਨਿਧਾਨ ਸਿੰਘ ਚੁੱਘਾ ਲੁਧਿਆਣੇ ਦੇ ਇਲਾਕੇ ਵਿਚ ਪਿੰਡਾਂ ਅੰਦਰ ਲੱਗਣ ਵਾਲਾ ਕੋਈ ਦੀਵਾਨ ਨਾ ਛੱਡਦਾ ਅਤੇ ਨਿਧੜਕ ਹੋ ਕੇ ਸੰਗਤਾਂ ਨੂੰ ਗ਼ਦਰ ਕਰਨ ਲਈ ਉਭਾਰਦਾ । ਲੁਧਿਆਣੇ ਵਿਚ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਦੀਵਾਨਾਂ ਤੇ ਅਖੰਡ ਪਾਠਾਂ ਉੱਤੇ ਸਿੱਖ ਸੰਗਤਾਂ ਨੂੰ ਗ਼ਦਰ ਪਾਰਟੀ ਦਾ ਸੰਦੇਸ਼ ਦਿੰਦੇ । ਭਾਈ ਗਾਂਧਾ ਸਿੰਘ ਕੱਚਰਭੰਨ ਤੇ ਭਾਈ ਅਰਜਨ ਸਿੰਘ ਨੇ ਜਗਰਾਉਂ ਦੇ ਪਿੰਡਾਂ ਵਿਚ ਖੁੱਲ੍ਹੇ ਪ੍ਰਚਾਰ ਦਾ ਅਖਾੜਾ ਮਘਾ ਰੱਖਿਆ ਸੀ। ਮੋਗਾ ਤਹਿਸੀਲ ਅੰਦਰ ਢੁੱਡੀਕੇ ਦੇ ਗ਼ਦਰੀ ਇਨਕਲਾਬੀਆਂ – ਭਾਈ ਈਸ਼ਰ ਸਿੰਘ, ਪਾਖਰ ਸਿੰਘ, ਪਾਲਾ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀਆਂ – ਨੇ ਪਿੰਡੋ-ਪਿੰਡ ਫਿਰ ਕੇ ਗ਼ਦਰ ਦਾ ਸੰਦੇਸ਼ ਦੇਣ ਲਈ ਦਿਨ ਰਾਤ ਇਕ ਕਰ ਰੱਖਿਆ ਸੀ। ਮਾਝੇ ਅੰਦਰ ਲਾਇਲਪੁਰ ਦੀ ਬਾਰ ਵਿਚ ਪ੍ਰਚਾਰ ਦਾ ਮੋਰਚਾ ਭਾਈ ਠਾਕਰ ਸਿੰਘ ਠੱਠੀਆਂ ਨੇ ਮੱਲਿਆ ਹੋਇਆ ਸੀ। ਉਧਰ ਗੁਰੂਆਂ ਦਾ ਵਰੋਸਾਇਆ ਸੁਰਸਿੰਘ ਪਿੰਡ ਤਾਂ ਗ਼ਦਰੀਆਂ ਦੀ ਨਰਸਰੀ ਹੀ ਬਣ ਗਿਆ ਸੀ। ਇਸ ਪਿੰਡ ‘ਚੋਂ ਦੋ ਦਰਜਨ ਤੋਂ ਵੱਧ ਇਨਕਲਾਬੀ ਗ਼ਦਰ ਪਾਰਟੀ ਨਾਲ ਰਲ ਕੇ ਪੂਰੀ ਸਰਗਰਮੀ ਨਾਲ ਕੰਮ ਵਿਚ ਜੁਟੇ ਹੋਏ ਸਨ। ਇਨ੍ਹਾਂ ਵਿੱਚੋਂ ਭਾਈ ਜਗਤ ਸਿੰਘ ਤੇ ਭਾਈ ਪ੍ਰੇਮ ਸਿੰਘ ਦਾ ਇਲਾਕੇ ਅੰਦਰ ਦੂਰ ਦੂਰ ਤਕ ਚੰਗਾ ਅਸਰ ਰਸੂਖ਼ ਸੀ। ਇਸ ਪਿੰਡ ਦੇ ਗ਼ਦਰੀ ਸੂਰਮੇ ਪੂਰੀ ਗ਼ਦਰ ਲਹਿਰ ਦੀ ਜਿੰਦ-ਜਾਨ ਬਣੇ ਹੋਏ ਸਨ। ਮੀਆਂ ਮੀਰ ਛਾਉਣੀ ਦੀ ਬਗ਼ਾਵਤ ਦੀ ਸਮੁੱਚੀ ਜ਼ੁੰਮੇਵਾਰੀ ਇਨ੍ਹਾਂ ਨੇ ਆਪਣੇ ਮੋਢਿਆਂ ਉੱਤੇ ਲੈ ਰੱਖੀ ਸੀ। ਗੁਰਚਰਨ ਸਿੰਘ ਸੈਂਸਰਾਂ ਨੇ ਲਿਖਿਆ ਹੈ ਕਿ ਪੰਜਾਬ ਵਿਚ ਇਹ ਗੱਲ ਮਸ਼ਹੂਰ ਹੋ ਗਈ ਸੀ ਕਿ ਭਾਈ ਪ੍ਰੇਮ ਸਿੰਘ ਸੁਰਸਿੰਘੀਏ ਨੇ ਲੁਧਿਆਣੇ ਤੋਂ ਚਾਰ ਖੋਤੇ ਪਾਰਟੀ ਛਪਤਾਂ ਦੇ ਭਰ ਲਏ ਤੇ ਉਹ ਦਿੱਲੀ ਤਕ ਪੈਦਲ ਹੀ ਪਿੰਡਾਂ ਵਿਚ ਵੰਡਦਾ ਤੁਰਿਆ ਗਿਆ। ਗੁਰਦਾਸਪੁਰ ਜ਼ਿਲ੍ਹੇ ਅੰਦਰ ਸ਼ੰਘਾਈ ਤੋਂ ਆਏ ਭਾਈ ਸ਼ੇਰ ਸਿੰਘ ਤੇ ਤਾਰਾ ਸਿੰਘ ਦੇ ਗ਼ਦਰੀ ਜਥੇ ਨੇ ਆਪਣੇ ਹੀ ਪੱਧਰ ‘ਤੇ ਕਾਹਨੂੰਵਾਨ ਦੇ ਪਿੰਡਾਂ ਵਿਚ ਪ੍ਰਚਾਰ ਦਾ ਸਿਲਸਿਲਾ ਛੋਹ ਰੱਖਿਆ ਸੀ। ਸੋ ਕਹਿਣ ਦਾ ਭਾਵ ਇਹ ਕਿ ਗ਼ਦਰੀ ਇਨਕਲਾਬੀਆਂ ਕੋਲ ਜਿੰਨਾ ਕੁ ਸਮਾਂ ਤੇ ਮਨੁੱਖੀ ਸ਼ਕਤੀ ਸੀ, ਉਨ੍ਹਾਂ ਨੇ ਆਪਣੇ ਵੱਲੋਂ ਪ੍ਰਚਾਰ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ।

? ਪਰ ਇਸ ਪ੍ਰਚਾਰ ਦਾ ਲੋਕਾਂ ਉੱਤੇ ਕੋਈ ਅਸਰ ਹੋਇਆ ? ਆਮ ਕਿਹਾ ਜਾਂਦਾ ਹੈ, ਗ਼ਦਰੀ ਬਾਬਿਆਂ ਨੇ ਵੀ ਮੰਨਿਆ ਹੈ ਕਿ ਦੇਸ ਦੇ ਲੋਕਾਂ ਤੇ ਆਗੂਆਂ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ, ਜਿਸ ਦੀ ਉਹ ਉਮੀਦ ਕਰ ਕੇ ਚੱਲੇ ਸੀ। ਇਹ ਗੱਲ ਕਿੰਨੀ ਕੁ ਠੀਕ ਹੈ ?

ਇਹ ਗੱਲ ਕਾਫ਼ੀ ਹੱਦ ਤਕ ਤਾਂ ਠੀਕ ਮੰਨੀ ਜਾ ਸਕਦੀ ਹੈ, ਪਰ ਪੂਰੀ-ਸੂਰੀ ਨਹੀਂ। ਇਸ ਗੱਲ ਵਿਚ ਕਈ ਉਲਝਣਾਂ ਹਨ। ਤੁਸੀਂ ਇਹ ਦੇਖੋ ਕਿ ਗ਼ਦਰੀ ਕਈ ਮਹੀਨਿਆਂ ਤਕ ਕਿੰਨੇ ਹੀ ਪਿੰਡਾਂ, ਦੀਵਾਨਾਂ ਤੇ ਜੋੜ ਮੇਲਿਆਂ ਅੰਦਰ ਲਗਾਤਰ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਕਰਦੇ ਰਹੇ। ਭਾਵੇਂ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਆਪਣੇ ਮੁਖ਼ਬਰਾਂ ਦਾ ਵਿਆਪਕ ਜਾਲ ਵਿਛਾਇਆ ਹੋਇਆ ਸੀ, ਪਰ ਇਸ ਦੇ ਬਾਵਜੂਦ ਪੁਲਿਸ ਕਿਸੇ ਇਕ ਵੀ ਇਨਕਲਾਬੀ ਨੂੰ ਫੜਨ ਵਿਚ ਸਫਲ ਨਹੀਂ ਸੀ ਹੋ ਸਕੀ। ਇਹ ਗੱਲ ਕੋਈ ਘੱਟ ਅਹਿਮ ਨਹੀਂ ਹੈ। ਜੇਕਰ ਆਮ ਲੋਕਾਂ ਦੀਆਂ ਹਮਦਰਦੀਆਂ ਗ਼ਦਰੀ ਇਨਕਲਾਬੀਆਂ ਨਾਲ ਨਾ ਹੁੰਦੀਆਂ ਤਾਂ ਗ਼ਦਰੀਆਂ ਦਾ ਪੰਜਾਬ ਅੰਦਰ, ਨਿਧੜਕ ਖੁੱਲ੍ਹੇ ਫਿਰਨ ਦੇ ਬਾਵਜੂਦ ਇੰਨਾ ਚਿਰ ਬਚੇ ਰਹਿ ਸਕਣਾ ਸੰਭਵ ਨਹੀਂ ਸੀ। ਇਸ ਕਰਕੇ ਇਹ ਕਹਿਣਾ ਠੀਕ ਨਹੀਂ ਕਿ ਗ਼ਦਰੀਆਂ ਦੇ ਪ੍ਰਚਾਰ ਦਾ ਲੋਕਾਂ ਦੇ ਮਨਾਂ ਉੱਤੇ ਉੱਕਾ ਹੀ ਕੋਈ ਅਸਰ ਨਹੀਂ ਸੀ ਹੋਇਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਲੋਕ ਖੁੱਲ੍ਹ ਕੇ ਗ਼ਦਰੀਆਂ ਦੀ ਹਮਾਇਤ ਵਿਚ ਨਹੀਂ ਆਏ। ਪਰ ਮੇਰੇ ਹਿਸਾਬ ਨਾਲ ਅਜਿਹੀ ਉਮੀਦ ਕਰਨੀ ਗ਼ਦਰੀਆਂ ਦੀ ਵੱਡੀ ਭੁੱਲ ਸੀ । ਅੱਲ੍ਹੜ ਇਨਕਲਾਬੀਆਂ ਕੋਲੋਂ ਇਹ ਭੁੱਲ ਆਮ ਹੀ ਹੋ ਜਾਂਦੀ ਹੈ। ਅਜਿਹਾ ਇਨਕਲਾਬੀ ਕੋਈ ਸ਼ਾਇਦ ਹੀ ਹੋਵੇਗਾ ਜਿਸ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਅਜਿਹੀ ਭੁੱਲ ਨਾ ਕੀਤੀ ਹੋਵੇ। ਸੋਚ ਵਿਚ ਪਕਿਆਈ ਇਕ ਵਾਰ ਇਸ ਅਨੁਭਵ ਵਿੱਚੋਂ ਗੁਜ਼ਰਨ ਤੋਂ ਬਾਅਦ ਹੀ ਆਉਂਦੀ ਹੈ।

ਪਰ ਇਹ ਕਹਿਣਾ ਪੂਰਾ ਠੀਕ ਨਹੀਂ ਕਿ ਦੇਸ ਅੰਦਰਲੀ ਹਾਲਤ ਬਾਰੇ ਗ਼ਦਰੀਆਂ ਦਾ ਅੰਦਾਜ਼ਾ ਦਰੁਸਤ ਨਹੀਂ ਨਿਕਲਿਆ। ਜਿਵੇਂ ਪਹਿਲਾਂ ਗੱਲ ਹੋ ਚੁੱਕੀ ਹੈ, ਭਾਰਤੀ ਫ਼ੌਜ ਅੰਦਰੋਂ ਗ਼ਦਰੀਆਂ ਨੂੰ ਜਿੰਨੀ ਹਮਾਇਤ ਦੀ ਉਮੀਦ ਸੀ, ਉਸ ਵਿਚ ਕੋਈ ਵੱਡਾ ਫ਼ਰਕ ਨਹੀਂ ਨਿਕਲਿਆ। ਅਜਿਹੇ ਮਾਮਲਿਆਂ ਵਿਚ ਛੋਟੇ ਮੋਟੇ ਫ਼ਰਕ ਰਹਿ ਜਾਣੇ ਸੁਭਾਵਕ ਹੁੰਦੇ ਹਨ। ਰਾਜਸੀ ਫ਼ਰੰਟ ਉੱਤੇ ਗ਼ਦਰੀਆਂ ਨੂੰ ਆਮ ਲੋਕਾਂ ਨਾਲੋਂ ‘ਕੌਮੀ’ ਆਗੂਆਂ ਉੱਤੇ ਵੱਧ ਮਾਯੂਸੀ ਹੋਈ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਆਜ਼ਾਦੀ ਦੀ ਲੜਾਈ ਲੜ ਰਹੇ ਰਾਜਸੀ ਆਗੂਆਂ ਦਾ ਇਕ ਹਿੱਸਾ ਉਨ੍ਹਾਂ ਦੀ ਖੁੱਲ੍ਹ ਕੇ ਹਮਾਇਤ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਦੇਸ ਦੇ ਲੋਕਾਂ ਨੂੰ ਗ਼ਦਰ ਲਈ ਉਭਾਰਨਾ ਤੇ ਜਥੇਬੰਦ ਕਰਨਾ ਸੌਖਾ ਹੋ ਜਾਵੇਗਾ। ਉਹ ਆਗੂਆਂ ਵੱਲੋਂ ਏਨੀ ਕੁ ਹਮਾਇਤ ਦੀ ਜ਼ਰੂਰ ਤਵੱਕੋ ਕਰਦੇ ਸਨ, ਪਰ ਥੋੜ੍ਹੇ ਜਿਹੇ ਸਿੱਖ ਆਗੂਆਂ ਨੂੰ ਛੱਡ ਕੇ ਦੇਸ ਦੇ ਰਾਜਸੀ ਆਗੂਆਂ ਦੇ ਹੋਰ ਕਿਸੇ ਵੀ ਵਰਗ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਵੱਡਾ ਫ਼ਰਕ ਏਥੇ ਰਿਹਾ।

? ਕੀ ਇਸ ਗੱਲ ਨੂੰ ਤੁਸੀਂ ਗ਼ਦਰੀ ਆਗੂਆਂ ਦੀ ਰਾਜਸੀ ਨਾਦਾਨੀ ਨਹੀਂ ਕਹੋਗੇ ਕਿ ਉਨ੍ਹਾਂ ਨੇ ਦੇਸ ਦੇ ਸਿਆਸੀ ਆਗੂਆਂ ਦੇ ਬੁਨਿਆਦੀ ਕਿਰਦਾਰ ਨੂੰ ਸਮਝਣ ਵਿਚ ਏਨੀ ਵੱਡੀ ਗ਼ਲਤੀ ਕੀਤੀ, ਜਿਹੜੀ ਉਨ੍ਹਾਂ ਨੂੰ ਕਿੰਨੀ ਮਹਿੰਗੀ ਪਈ ?

ਨਹੀਂ, ਇਹ ਮਸਲਾ ਏਨਾ ਸਿੱਧਾ ਤੇ ਸਰਲ ਨਹੀਂ, ਜਿੰਨਾ ਦੇਖਣ ਨੂੰ ਲੱਗਦਾ ਹੈ। ਇਸ ਵਿਚ ਕਾਫ਼ੀ ਗੁੰਝਲਾਂ ਹਨ। ਗ਼ਦਰੀ ਇਨਕਲਾਬੀਆਂ ਨੇ ਦੇਸ ਦੇ ਰਾਜਸੀ ਆਗੂਆਂ ਉੱਤੇ ਜੋ ਉਮੀਦ ਰੱਖੀ ਸੀ, ਉਹ ਉੱਕਾ ਹੀ ਨਿਰ-ਆਧਾਰ ਨਹੀਂ ਸੀ। ਇਸ ਦੇ ਕੁਝ ਵਾਜਿਬ ਕਾਰਨ ਸਨ। ਏਥੇ ਆਪਾਂ ਜੇਕਰ ਇਨ੍ਹਾਂ ਕਾਰਨਾਂ ਬਾਰੇ ਵਿਸਥਾਰ ਵਿਚ ਚਰਚਾ ਛੇੜ ਲਈ ਤਾਂ ਮਜ਼ਮੂਨ ਲੰਮਾ ਹੋ ਜਾਵੇਗਾ। ਇਸ ਕਰਕੇ ਬਹੁਤ ਹੀ ਸੰਖੇਪ ਵਿਚ ਗੱਲ ਕਰਦੇ ਹਾਂ। ਕੈਨੇਡਾ ਰਹਿੰਦੇ ਹਿੰਦੁਸਤਾਨੀ ਪਰਵਾਸੀਆਂ ਦੇ ਟੱਬਰਾਂ ਦੇ ਕੈਨੇਡਾ ਅੰਦਰ ਜਾਣ ਉੱਤੇ ਲਾਈ ਪਾਬੰਦੀ ਦੇ ਖ਼ਿਲਾਫ਼ ਦੇਸ ਅੰਦਰੋਂ ਲੋਕ ਹਮਾਇਤ ਹਾਸਲ ਕਰਨ ਲਈ ਕੈਨੇਡਾ ਤੋਂ ਇਕ ਡੈਪੂਟੇਸ਼ਨ 1913 ਦੀ ਵਰਖਾ ਰੁੱਤ ਵਿਚ ਭਾਰਤ ਆਇਆ ਸੀ। ਇਸ ਡੈਪੂਟੇਸ਼ਨ ਦਾ ਪੰਜਾਬ ਅੰਦਰ ਜਗ੍ਹਾ ਜਗ੍ਹਾ ਜਿਸ ਤਰ੍ਹਾਂ ਪੁਰਜੋਸ਼ ਸੁਆਗਤ ਹੋਇਆ ਅਤੇ ਇਸ ਨੂੰ ਆਮ ਲੋਕਾਂ ਤੋਂ ਇਲਾਵਾ ਤਿੰਨੇ ਧਾਰਮਿਕ ਭਾਈਚਾਰਿਆਂ ਦੇ ਲਗਭਗ ਸਾਰੇ ਪਤਵੰਤੇ ਸੱਜਣਾਂ ਨੇ, ਇੱਕੋ ਸਾਂਝੇ ਪਲੇਟਫ਼ਾਰਮ ਉੱਤੇ ਇਕੱਠੇ ਹੋ ਕੇ, ਜਿਵੇਂ ਹੱਥਾਂ ਉੱਤੇ ਚੁੱਕਿਆ ਅਤੇ ਅੰਗਰੇਜ਼ ਹਕੂਮਤ ਵਿਰੁੱਧ ਪਰਵਾਸੀ ਭਾਰਤੀਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਦਾ ਡਟਵਾਂ ਸਮਰਥਨ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਪ੍ਰਗਟਾਏ, ਉਸ ਨੂੰ ਦੇਖ ਕੇ ਗ਼ਦਰੀ ਆਗੂਆਂ ਦੇ ਹੌਂਸਲੇ ਦੂਣੇ ਹੋ ਗਏ ਸਨ। ਪੰਜਾਬ ਦੀ ਹਕੂਮਤ ਇਸ ਡੈਪੂਟੇਸ਼ਨ ਨੂੰ ਸਾਰੇ ਵਰਗਾਂ ਵੱਲੋਂ ਮਿਲ ਰਹੇ ਕਬੂਲਵੇਂ ਹੁੰਗਾਰੇ ਨੂੰ ਦੇਖ ਕੇ ਇਸ ਕਦਰ ਭੈ-ਭੀਤ ਹੋ ਗਈ ਸੀ ਕਿ ਉਸ ਨੇ 23 ਜੁਲਾਈ 1913 ਨੂੰ ਇਕ ਪੱਤਰ ਲਿਖ ਕੇ, ਇਸ ਪੈਦਾ ਹੋਈ ਗੰਭੀਰ ਤੇ ਖ਼ਤਰਨਾਕ ਹਾਲਤ ਨਾਲ ਨਿਪਟਣ ਲਈ ਭਾਰਤ ਸਰਕਾਰ ਕੋਲੋਂ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਦੇ ਘਬਰਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਿਹੜੇ ਪਤਵੰਤੇ ਸਿੱਖ ਆਗੂ ਵੈਸੇ ਇਸ ਨਾਲ ਵਫ਼ਾਦਾਰੀ ਪਾਲਦੇ ਸਨ, ਇਸ ਮਸਲੇ ‘ਤੇ ਉਹ ਸਾਰੇ ਵੀ ਸਰਕਾਰ ਦੇ ਵਿਰੁੱਧ ਜਲਸਿਆਂ ਵਿਚ ਸ਼ਾਮਲ ਹੋ ਰਹੇ ਸਨ ਅਤੇ ਅੰਗਰੇਜ਼ ਸਰਕਾਰ ਵਿਰੁੱਧ ਆਪਣਾ ਰੋਸ ਖੁੱਲ੍ਹ ਕੇ ਪ੍ਰਗਟ ਕਰ ਰਹੇ ਸਨ। 18 ਅਗਸਤ ਨੂੰ ਲਾਹੌਰ ਦੇ ਬਰੈਡਲੇ ਹਾਲ ਵਿਚ ਹੋਏ ਜਲਸੇ ਵਿਚ ਸ਼ਾਮਲ ਹੋਏ ਪਤਵੰਤੇ ਸੱਜਣਾਂ ਦੀ ਸੂਚੀ ਉੱਤੇ ਨਜ਼ਰ ਮਾਰ ਕੇ ਦੇਖੋ, ਤਿੰਨੇ ਧਾਰਮਿਕ ਵਰਗਾਂ ਦਾ ਕੋਈ ਅਜਿਹਾ ਆਗੂ ਨਹੀਂ ਸੀ ਜਿਹੜਾ ਇਸ ਜਲਸੇ ਵਿਚ ਸ਼ਾਮਲ ਨਹੀਂ ਹੋਇਆ ਸੀ ਅਤੇ ਸਰਕਾਰ ਵਿਰੁੱਧ ਖੁੱਲ੍ਹ ਕੇ ਨਹੀਂ ਬੋਲਿਆ ਸੀ । ਅਜਿਹੇ ਜਲਸੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਜਿਵੇਂ ਅੰਬਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਲਾਇਲਪੁਰ, ਗੁਜਰਾਂਵਾਲਾ, ਸਿਆਲਕੋਟ ਆਦਿ ਵਿਚ ਵੀ ਹੋਏ। ਪੰਜਾਬ ਤੋਂ ਬਾਹਰ ਵੀ ਡੈਪੂਟੇਸ਼ਨ ਨੂੰ ਜ਼ੋਰਦਾਰ ਸਮਰਥਨ ਮਿਲਿਆ। ਕਰਾਚੀ, ਰਾਵਲਪਿੰਡੀ, ਗਾਜ਼ੀਆਬਾਦ ਆਦਿ ਸ਼ਹਿਰਾਂ ਅੰਦਰ ਡੈਪੂਟੇਸ਼ਨ ਦੇ ਮੈਂਬਰਾਂ ਨੇ ਭਰਵੀਆਂ ਸਭਾਵਾਂ ਨੂੰ ਸੰਬੋਧਨ ਕੀਤਾ। ਸ਼ਿਮਲੇ ਇਕ ਵੱਡਾ ਜਲਸਾ ਹੋਇਆ ਜਿਸ ਵਿਚ ਸਰ ਸੁਰਿੰਦਰਨਾਥ ਬੈਨਰਜੀ ਵਰਗੇ ਵੱਡੇ ਕੱਦ-ਬੁੱਤ ਵਾਲੇ ਆਗੂ ਨੇ ਵੀ ਡੈਪੂਟੇਸ਼ਨ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕੀਤੀ ਸੀ । ਡੈਪੂਟੇਸ਼ਨ ਨੇ ਕਰਾਚੀ ਵਿਖੇ ਹੋਏ ਕਾਂਗਰਸ ਦੇ 28ਵੇਂ ਸੰਮੇਲਨ ਵਿਚ ਹਾਜ਼ਰੀ ਲਵਾਈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਪੱਖ ਪੇਸ਼ ਕੀਤਾ। ਇਸ ‘ਤੇ ਕਾਂਗਰਸ ਨੇ ਸੰਮੇਲਨ ਵਿਚ ਬਾਕਾਇਦਾ ਮਤਾ ਪਾਸ ਕਰ ਕੇ ਡੈਪੂਟੇਸ਼ਨ ਦੇ ਪੱਖ ਦੀ ਹਮਾਇਤ ਕੀਤੀ। ਆਲ ਇੰਡੀਆ ਮੁਸਲਿਮ ਲੀਗ ਨੇ ਵੀ ਦਸੰਬਰ 1913 ਵਿਚ ਆਗਰਾ ਵਿਖੇ ਹੋਏ ਆਪਣੇ ਸਾਲਾਨਾ ਸੰਮੇਲਨ ਵਿਚ ਇਸੇ ਭਾਵ ਦਾ ਮਤਾ ਪਾਸ ਕੀਤਾ ਸੀ। ਵੱਖ-ਵੱਖ ਧਾਰਮਿਕ ਵਰਗਾਂ ਵਿਚਕਾਰ ਅਜਿਹੀ ਸਾਂਝ ਪਹਿਲਾਂ ਕਦੇ ਵੀ ਦੇਖਣ ਵਿਚ ਨਹੀਂ ਆਈ ਸੀ । ਪੰਜਾਬ ਦੀ ਕੋਈ ਸਿੰਘ ਸਭਾ ਜਾਂ ਖ਼ਾਲਸਾ ਦੀਵਾਨ ਸੁਸਾਇਟੀ ਅਜਿਹੀ ਨਹੀਂ ਸੀ ਜਿਸ ਨੇ ਭਰਵੀਂ ਸਭਾ ਬੁਲਾ ਕੇ ਸਰਕਾਰ ਨੂੰ ਸਖ਼ਤ ਭਾਸ਼ਾ ਵਿਚ ਲਿਖਿਆ ਮੰਗ-ਪੱਤਰ ਨਾ ਭੇਜਿਆ ਹੋਵੇ। ਡੈਪੂਟੇਸ਼ਨ ਦੇ ਦੌਰੇ ਨੇ ਨਿਸਚਤ ਤੌਰ ‘ਤੇ ਪੰਜਾਬ ਅੰਦਰ ਰਾਜਸੀ ਹਵਾ ਦਾ ਰੁਖ਼ ਬਦਲ ਦਿੱਤਾ ਸੀ। ਭਾਈ ਬਲਵੰਤ ਸਿੰਘ ਖੁਰਦਪੁਰ, ਜਿਹੜੇ ਇਸ ਡੈਪੂਟੇਸ਼ਨ ਦੇ ਮੈਂਬਰ ਤੇ ਸੰਘਰਸ਼ ਦੇ ਮੋਹਰੀ ਸਨ, ਇਸ ਸਾਰੇ ਵਰਤਾਰੇ ਨੂੰ ਦੇਖ ਕੇ ਇੰਨੇ ਉਤਸ਼ਾਹਤ ਹੋਏ ਕਿ ਉਨ੍ਹਾਂ ਨੇ ਕੈਨੇਡਾ ਅਮਰੀਕਾ ਅੰਦਰਲੇ ਆਪਣੇ ਗ਼ਦਰੀ ਸਾਥੀਆਂ ਨੂੰ ਇਕ ਲੰਮਾ ਖ਼ਤ ਲਿਖ ਕੇ, ਉਨ੍ਹਾਂ ਨੂੰ ਦੇਸ ਅੰਦਰ ਅੰਗਰੇਜ਼ੀ ਹਕੂਮਤ ਵਿਰੁੱਧ ਪੈਦਾ ਹੋਏ ਰਾਜਸੀ ਰੌਂਅ ਤੋਂ ਜਾਣੂੰ ਕਰਾਇਆ। ਇਸ ਤੋਂ ਕੁਝ ਹੀ ਮਹੀਨਿਆਂ ਬਾਅਦ ਮਹਾਂ-ਯੁੱਧ ਛਿੜ ਪਿਆ। ਇਸ ਕਰਕੇ ਗ਼ਦਰੀ ਆਗੂਆਂ ਵੱਲੋਂ ਭਾਰਤ ਅੰਦਰ ਰਾਜਸੀ ਹਾਲਤ ਬਾਰੇ ਅਜਿਹਾ ਉਤਸ਼ਾਹ ਭਰਪੂਰ ਅਨੁਮਾਨ ਲਗਾ ਲੈਣਾ ਕੋਈ ਅਨਹੋਣੀ ਗੱਲ ਨਹੀਂ ਸੀ। ਉਹ ਇਸ ਗੱਲ ਦੀ ਕਲਪਨਾ ਕਿਵੇਂ ਕਰ ਸਕਦੇ ਸਨ ਕਿ ਜੰਗ ਲੱਗ ਜਾਣ ਦੀ ਸੂਰਤ ਵਿਚ, ਜਦੋਂ ਅੰਗਰੇਜ਼ ਹਕੂਮਤ ਕਸੂਤੀ ਕੁੜਿੱਕੀ ਵਿਚ ਫਸੀ ਹੋਵੇਗੀ ਤੇ ਜਦੋਂ ਉਸ ਉੱਤੇ ਚੋਟ ਕਰਨ ਦਾ ਸੁਨਹਿਰੀ ਮੌਕਾ ਪੈਦਾ ਹੋ ਚੁੱਕਾ ਹੋਵੇਗਾ, ਉਸ ਫੈਸਲੇ ਦੀ ਘੜੀ ਮੌਕੇ ਦੇਸ ਅੰਦਰਲੇ ਸਾਰੇ ਹੀ ਪਤਵੰਤੇ ਵਰਗ, ਕੌਮੀ ਆਗੂ ਅਤੇ ਮੋਹਰੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ – ਕੀ ਕਾਂਗਰਸ ਪਾਰਟੀ, ਕੀ ਮੁਸਲਿਮ ਲੀਗ, ਕੀ ਆਰੀਆ ਸਮਾਜ ਅਤੇ ਕੀ ਖ਼ਾਲਸਾ ਦੀਵਾਨ -ਇਕਦਮ ਉਲਟਬਾਜ਼ੀ ਮਾਰ ਜਾਣਗੇ ਅਤੇ ਅੰਗਰੇਜ਼ ਹਕੂਮਤ ਦੀ ਖੁੱਲ੍ਹ ਕੇ ਹਮਾਇਤ ਕਰਨ ਲੱਗ ਜਾਣਗੇ । ਉਹ ਇਹ ਕਿਵੇਂ ਸੋਚ ਸਕਦੇ ਸਨ ਕਿ ਜਿਹੜੇ ਪਤਵੰਤੇ ਸੱਜਣ ਅਜੇ ਕੱਲ੍ਹ ਲਾਹੌਰ ਦੇ ਬਰੈਡਲੇ ਹਾਲ ਵਿਚ ਉਨ੍ਹਾਂ ਨਾਲ ਡਟ ਕੇ ਖੜੇ ਹੋਣ ਦੇ ਵਾਅਦੇ ਤੇ ਐਲਾਨ ਕਰ ਰਹੇ ਸਨ, ਜੰਗ ਛਿੜਦਿਆਂ ਹੀ ਉਹ ਉਨ੍ਹਾਂ ਵੱਲੋਂ ਢੀਠਾਂ ਵਾਂਗੂੰ ਅੱਖਾਂ ਫੇਰ ਲੈਣਗੇ। ਉਨ੍ਹਾਂ ਨੂੰ ਖ਼ਾਸ ਕਰਕੇ ਚੀਫ਼ ਖ਼ਾਲਸਾ ਦੀਵਾਨ ਦੀਆਂ ਮੋਹਰੀ ਹਸਤੀਆਂ ਵੱਲੋਂ ਤਾਂ ਇਹ ਉੱਕਾ ਹੀ ਉਮੀਦ ਨਹੀਂ ਸੀ ਕਿ ਉਹ ਅੰਗਰੇਜ਼ ਹਾਕਮਾਂ ਦੇ ਦਬਾਅ ਹੇਠ ਆ ਕੇ ਉਨ੍ਹਾਂ ਖ਼ਿਲਾਫ਼ ਘਟੀਆ ਬਿਆਨਬਾਜ਼ੀ ਕਰਨ ‘ਤੇ ਉਤਰ ਆਉਣਗੇ। ਇਹ ਗੱਲਾਂ ਉਹ ਕਿਵੇਂ ਸੋਚ ਸਕਦੇ ਸਨ ?

? ਇਹੀ ਤਾਂ ਰਾਜਸੀ ਸੂਝ-ਸਿਆਣਪ ਤੇ ਪਰਪੱਕਤਾ ਹੁੰਦੀ ਹੈ, ਕਿ ਅਲੱਗ ਅਲੱਗ ਵਰਗਾਂ ਦੇ ਬੁਨਿਆਦੀ ਸੁਭਾਅ ਬਾਰੇ ਕਿਸੇ ਭੁਲੇਖੇ ਵਿਚ ਨਾ ਰਿਹਾ ਜਾਵੇ। ਇਹ ਤਾਂ ਮੰਨੋਗੇ ਹੀ ਕਿ ਇਸ ਮਾਮਲੇ ਵਿਚ ਗ਼ਦਰੀ ਆਗੂਆਂ ਕੋਲੋਂ ਗੰਭੀਰ ਉਕਾਈ ਹੋਈ ਐ ?

ਇਹ ਸਾਰੇ ਫ਼ਾਰਮੂਲੇ ਹਨ, ਪੂਰੇ ਫ਼ਜ਼ੂਲ ਤੇ ਬੇਕਾਰ ! ਅਜਿਹੇ ਗਣਿਤ-ਨੁਮਾ ਸੂਤਰ ਰਾਜਸੀ ਹਾਲਤਾਂ ਦੇ ਵਿਸ਼ਲੇਸ਼ਣ ਵਿਚ ਰਤੀ ਸਹਾਈ ਨਹੀਂ ਹੁੰਦੇ, ਸਗੋਂ ਰੁਕਾਵਟ ਬਣਦੇ ਹਨ। ਜੇ ਗੱਲ ਏਨੀ ਸੌਖੀ ਹੁੰਦੀ ਤਾਂ ਕਮਿਊਨਿਸਟ ਦਾਨਸ਼ਵਰਾਂ ਦੇ ਰਾਜਸੀ ਹਾਲਤ ਬਾਰੇ ਨਿਰਣੇ ਕਦੇ ਗ਼ਲਤ ਨਹੀਂ ਹੋਣੇ ਸਨ, ਪਰ ਸੱਚਾਈ ਏਦੂੰ ਬਿਲਕੁਲ ਉਲਟ ਹੈ। ਉਨ੍ਹਾਂ ਦੇ ਨਿਰਣੇ ਕਦੇ ਠੀਕ ਨਹੀਂ ਨਿਕਲੇ। ਇਹ ਸਭ ਫ਼ਾਰਮੂਲਿਆਂ ਦੀ ਵਜ੍ਹਾ ਕਰਕੇ ਹੈ। ਸਮਾਜੀ ਵਰਗਾਂ ਦੇ ਸੁਭਾਅ ਕੋਈ ਦਰਗਾਹੋਂ ਨਹੀਂ ਲਿਖੇ ਹੁੰਦੇ। ਉਨ੍ਹਾਂ ਦੇ ਸੁਭਾਵਾਂ ਬਾਰੇ ਕੁਝ ਗੱਲਾਂ ਬਹੁਤ ਹੀ ਆਮ ਅਰਥਾਂ ਵਿਚ ਸੱਚੀਆਂ ਹੋ ਸਕਦੀਆਂ ਹਨ, ਪਰ ਇਹ ਅਟੱਲ ਸਚਾਈਆਂ ਨਹੀਂ ਹੁੰਦੀਆਂ। ਹਾਲਤਾਂ ਅੰਦਰ ਬੜਾ ਕੁਛ ਅਨਿਸਚਤ ਤੇ ਅਣਕਿਆਸਿਆ ਹੁੰਦਾ ਹੈ। ਘਟਨਾ ਦੇ ਵਾਪਰ ਜਾਣ ਤੋਂ ਬਾਅਦ ਤਾਂ ਬਹੁਤ ਸਿਆਣਪਾਂ ਘੋਟੀਆਂ ਜਾ ਸਕਦੀਆਂ ਹਨ, ਪਰ ਹਰ ਗੱਲ ਦਾ ਅਗਾਊਂ ਅੰਦਾਜ਼ਾ ਲਾ ਸਕਣਾ ਕਤੱਈ ਸੰਭਵ ਨਹੀਂ ਹੁੰਦਾ। ਅਜਿਹੀ ਸੂਤਰ- ਪ੍ਰਧਾਨੀ ਸੋਚ ਇਨਕਲਾਬੀ ਲਹਿਰਾਂ ਤੇ ਇਨਕਲਾਬੀ ਆਗੂਆਂ ਨੂੰ ਕਦੇ ਵੀ ਠੀਕ ਰੂਪ ਵਿਚ ਸਮਝਣ ‘ਚ ਸਹਾਈ ਨਹੀਂ ਹੋ ਸਕਦੀ। ਚੰਗੇ ਭਾਗਾਂ ਨੂੰ ਗ਼ਦਰੀ ਆਗੂਆਂ ਨੇ ਆਧੁਨਿਕ ਗਿਆਨ ਹਾਸਲ ਨਹੀਂ ਕੀਤਾ ਹੋਇਆ ਸੀ। ਇਸ ਕਰਕੇ ਉਨ੍ਹਾਂ ਦੀ ਅਨੁਭਵੀ ਯੋਗਤਾ ਕਮਾਲ ਦੀ ਸੀ। ਗ਼ਦਰ ਪਾਰਟੀ ਨੇ ਭਾਵੇਂ ਦੇਸ ਅੰਦਰਲੀ ਹਾਲਤ ਬਾਰੇ ਇਕ ਆਮ ਜਿਹਾ ਪ੍ਰਭਾਵ-ਜਾਇਜ਼ਾ ਭਲੇ ਹੀ ਬਣਾ ਲਿਆ ਸੀ, ਪਰੰਤੂ ਉਹ ਨਿਰਾ ਇਸ ਆਮ ਜਾਇਜ਼ੇ ਉੱਤੇ ਨਿਰਭਰ ਨਹੀਂ ਕਰ ਸਕਦੇ ਸਨ। ਇਸ ਕਰਕੇ ਦੇਸ ਨੂੰ ਆਉਂਦਿਆਂ ਜਦੋਂ ਰਸਤੇ ਵਿਚ ਬਾਬਾ ਸੋਹਣ ਸਿੰਘ ਭਕਨਾ ਦਾ ਕੋਬੀ ਦੀ ਬੰਦਰਗਾਹ ਉੱਤੇ ਅਚਾਨਕ ਕਰਤਾਰ ਸਿੰਘ ਸਰਾਭਾ ਨਾਲ ਮੇਲ ਹੋ ਗਿਆ ਸੀ, ਤਾਂ ਉਨ੍ਹਾਂ ਨੇ ਪ੍ਰਧਾਨ ਦੀ ਹੈਸੀਅਤ ਵਿਚ, ਸਰਾਭੇ ਨੂੰ ਇਹ ਦਿਸ਼ਾ-ਨਿਰਦੇਸ਼ ਦੇ ਕੇ ਸਿੱਧਾ ਵਤਨ ਨੂੰ ਰਵਾਨਾ ਕਰ ਦਿੱਤਾ ਸੀ ਕਿ ‘ਮੈਂ ਚੀਨ ਤੇ ਮਲਾਯਾ ਵਿਚ ਹੁੰਦਾ ਹੋਇਆ ਅਤੇ ਉਥੋਂ ਦੀਆਂ ਗ਼ਦਰ ਪਾਰਟੀਆਂ ਨੂੰ ਮਿਲ ਮਿਲਾ ਕੇ ਹਿੰਦੁਸਤਾਨ ਆਵਾਂਗਾ। ਆਪ ਨੇ ਮੇਰੇ ਆਉਣ ਤਕ ਦੇਸ਼ ਦੀ ਹਾਲਤ ਦਾ ਅਨੁਮਾਨ ਕਰਦੇ ਰਹਿਣਾ, ਪਈ ਕਿਥੋਂ ਕੁ ਤਕ ਲੋਕੀਂ ਕੰਮ ਦੇ ਸਕਦੇ ਹਨ। ਭਾਵ ਸਪੱਸ਼ਟ ਹੈ ਕਿ ਸਰਾਭੇ ਨੇ ਪਹਿਲਾਂ ਜਾ ਕੇ ‘ਦੇਸ਼ ਦੀ ਨਾੜ ਟੋਹਣੀ’ ਸੀ! ਇਸੇ ਹੀ ਤਰ੍ਹਾਂ ਬਾਬਾ ਜੀ ਨੇ ‘ਯੋਕੋਹਾਮਾ’ (ਜਪਾਨ) ਦੀ ਬੰਦਰਗਾਹ ਉੱਤੇ ਕਾਮਾਗਾਟਾ ਮਾਰੂ (ਗੁਰੂ ਨਾਨਕ ਜਹਾਜ਼) ਦੇ ਮਾਲਕ ਭਾਈ ਗੁਰਦਿਤ ਸਿੰਘ (ਸਰਹਾਲੀ) ਨਾਲ ਗੱਲਬਾਤ ਕਰ ਕੇ ਜਦੋਂ ਉਸ ਨੂੰ ਦੇਸ ਦੀ ਆਜ਼ਾਦੀ ਦੀ ਜੰਗ ਵਿਚ ਹਿੱਸਾ ਪਾਉਣ ਲਈ ਪ੍ਰੇਰਿਆ, ਤਾਂ ਬਾਬਾ ਜੀ ਨਾਲ ਸਹਿਮਤ ਹੋ ਜਾਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਬੜੀ ਨਿਮਰਤਾ ਸਹਿਤ ਬਾਬਾ ਜੀ ਨੂੰ ਪੁੱਛਿਆ ਸੀ ਕਿ ‘ਹੁਣ ਆਪ ਦੱਸੋ, ਕਿਸ ਢੰਗ ਨਾਲ ਕੰਮ ਕਰਨਾ ਹੋਵੇਗਾ ?’ ਜਿੰਨਾ ਸਾਦਾ ਸੁਆਲ ਸੀ, ਓਨਾ ਹੀ ਸਾਦਾ ਜੁਆਬ ਸੀ, ਕਿ ‘ਆਪ ਆਪਣੇ ਸਾਥੀਆਂ ਨੂੰ ਲੈ ਕੇ ਪੰਜਾਬ ਪਹੁੰਚ ਜਾਓ, ਅਸੀਂ ਵੀ ਪੰਜਾਬ ਨੂੰ ਜਾ ਰਹੇ ਹਾਂ। ਉਥੇ ਪਹੁੰਚ ਕੇ ਵੇਖਾਂਗੇ, ਜੇਹਾ ਮੌਕਾ ਹੋਵੇਗਾ ਤੇਹੇ ਢੰਗ ਪੁਰ ਕੰਮ ਸ਼ੁਰੂ ਕਰ ਦਿਆਂਗੇ। ” ਇਹ ਇਕ ਸੱਚੇ ਕਰਮਯੋਗੀ ਵਾਲਾ ਵਤੀਰਾ ਸੀ। ਇਸ ਵਿਚ ਕੋਈ ਪੰਡਤਾਊਪੁਣਾ ਨਹੀਂ ਸੀ । ਭਾਈ ਸਾਹਿਬ ਨੇ ਇਹੀ ਸੁਆਲ ਜੋ ਕਿਤੇ ਸੋਹਣ ਸਿੰਘ ਭਕਨਾ ਦੀ ਬਜਾਇ ਸੋਹਨ ਸਿੰਘ ਜੋਸ਼ ਕੋਲੋਂ ਪੁੱਛਿਆ ਹੁੰਦਾ ਤਾਂ ਜੁਆਬ ਬੜਾ ਲੱਛੇਦਾਰ ਪਰ ਤੱਤ ਵਿਹੂਣਾ ਹੋਣਾ ਸੀ!

? ਤੁਹਾਡਾ ਭਾਵ ਹੈ ਗ਼ਦਰੀ ਬਾਬੇ ਸਿਧਾਂਤਾਂ ਨਾਲੋਂ ਅੰਤਰ-ਪ੍ਰੇਰਨਾ ਉੱਤੇ ਟੇਕ ਰੱਖ ਕੇ ਚੱਲਦੇ ਸਨ ?

ਬਿਲਕੁਲ ! ਬਾਬਾ ਭਕਨਾ ਜਿਸ ਜਹਾਜ਼ ਵਿਚ ਸਫ਼ਰ ਕਰ ਰਹੇ ਸਨ, ਉਹ ਅਜੇ ਜਾਪਾਨ ਨਹੀਂ ਪੁੱਜਾ ਸੀ, ਰਾਹ ਵਿਚ ਹੀ ਜੰਗ ਛਿੜ ਪੈਣ ਦੀ ਖ਼ਬਰ ਮਿਲ ਗਈ ਸੀ । ਬਾਬਾ ਜੀ ਲਿਖਦੇ ਹਨ: “ਜਿਸ ਨੂੰ ਸੁਣਦਿਆਂ ਸਾਰ ਹੀ ਮੇਰੇ ਦਿਲ ਵਿਚ ਕਈ ਤਰ੍ਹਾਂ ਦੇ ਸੁਆਲ ਫੁਰਨ ਲੱਗੇ, ਪਈ ਹੁਣ ਸਾਨੂੰ ਇਸ ਮੌਕੇ ਪੁਰ ਕੀ ਕਰਨਾ ਚਾਹੀਦਾ ਏ । ਇਹ ਤਾਂ ਮੈਂ ਜਾਣਦਾ ਸਾਂ ਕਿ ਸਾਡੀ ਸੁਸਾਇਟੀ ਅਜੇ ਓਨੀ ਤਿਆਰ ਨਹੀਂ ਸੀ, ਜਿਹੀ ਕਿ ਅਜਿਹੇ ਮੌਕੇ ਪੁਰ ਤਿਆਰ ਹੋਣੀ ਚਾਹੀਦੀ ਹੈ। ਪਰ ਹੁਣ ਇਸ ਤੋਂ ਛੁੱਟ ਹੋਰ ਚਾਰਾ ਹੀ ਕੀ ਸੀ ਕਿ ਜਿਸ ਹਾਲਤ ਵਿਚ ਵੀ ਹਾਂ, ਓਸੇ ਹਾਲਤ ਵਿਚ ਮੌਕੇ ਤੋਂ ਲਾਭ ਉਠਾਇਆ ਜਾਵੇ…ਇਕ ਦੋ ਦਿਨ ਸੋਚਣ ਤੋਂ ਬਾਅਦ ਜਹਾਜ਼ ਵਿੱਚੋਂ ਹੀ ਭਾਈ ਕੇਸਰ ਸਿੰਘ (ਜਿਹੜੇ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਸਨ) ਨੂੰ ਖ਼ਤ ਲਿਖਿਆ ਕਿ ‘ਜਿੰਨੀ ਛੇਤੀ ਹੋ ਸਕੇ ਆਪ ਲੋਕ ਹਿੰਦੁਸਤਾਨ ਪਹੁੰਚ ਜਾਵੋ’।” 89 ਮਤਲਬ ਸਾਫ਼ ਸੀ ਕਿ ਜਾ ਕੇ ਅੰਗਰੇਜ਼ ਹਕੂਮਤ ਨਾਲ ਦੋ ਹੱਥ ਕਰਾਂਗੇ। ਇਸ ਨੂੰ ਕੋਈ ਸਿਧਾਂਤਵਾਦੀ ਆਸਾਨੀ ਨਾਲ ਹੀ ‘ਅੰਨ੍ਹੇ ਖੂਹ ਵਿਚ ਛਾਲ ਮਾਰਨ’ ਵਰਗੀ ਗੱਲ ਸਮਝ ਸਕਦਾ ਤੇ ਕਹਿ ਸਕਦਾ ਹੈ। ਪਰ ਇਹ ਇਕ ਸੱਚੇ ਇਨਕਲਾਬੀ ਦਾ ਪ੍ਰਤਿਕਰਮ ਸੀ। ਜਿਹੜੇ ਲੋਕ ਸਮਾਜ ਅੰਦਰ ਸੱਚਮੁੱਚ ਹੀ ਬੁਨਿਆਦੀ ਬਦਲਾਉ ਲਿਆਉਣ ਲਈ ਦਿਲੋਂ ਗੰਭੀਰ ਹਨ, ਉਨ੍ਹਾਂ ਨੂੰ ਬਾਬਾ ਜੀ ਦੇ ਉਪਰੋਕਤ ਕਥਨ ਡੂੰਘਾ ਧਿਆਨ ਦੇ ਕੇ ਪੜ੍ਹਨੇ ਚਾਹੀਦੇ ਹਨ। ਇਹ ਉਨ੍ਹਾਂ ਨੂੰ ਨਵੀਂ ਤੇ ਨਰੋਈ ਅੰਤਰ-ਦ੍ਰਿਸ਼ਟੀ ਪ੍ਰਦਾਨ ਕਰਨਗੇ।

ਗ਼ਦਰੀ ਇਨਕਲਾਬੀ ਜਦੋਂ ਏਥੇ ਪਹੁੰਚੇ ਤਾਂ ਉਨ੍ਹਾਂ ਨੇ ਝੱਟ ਇਹ ਗੱਲ ਸਮਝ ਲਈ ਸੀ ਕਿ ਦੇਸ ਦੇ ਆਗੂਆਂ ਬਾਰੇ ਉਹ ਜਿਹੜਾ ਪ੍ਰਭਾਵ ਲੈ ਕੇ ਆਏ ਸਨ, ਉਹ ਸਹੀ ਨਹੀਂ ਸੀ ਨਿਕਲਿਆ। ਇਥੇ ਇਹ ਗੱਲ ਫਿਰ ਦੁਹਰਾਉਣੀ ਪੈ ਰਹੀ ਐ ਕਿ ਇਹ ਗ਼ਦਰੀਆਂ ਦੀ ‘ਗ਼ਲਤੀ’ ਨਹੀਂ ਸੀ। ਅਸਲ ਗੱਲ ਇਹ ਹੋਈ ਕਿ ਜੰਗ ਛਿੜ ਪੈਣ ਨਾਲ ਹਾਲਾਤ ਇਕ ਦਮ ਤਿੱਖਾ ਮੋੜ ਕੱਟ ਗਏ ਸਨ। ਜੰਗ ਨਾਲ ਬਰਤਾਨਵੀ ਹਕੂਮਤ ਵੱਡੇ ਸੰਕਟ ਵਿਚ ਘਿਰ ਗਈ ਸੀ। ਉਸ ਸੰਕਟ ਦੀ ਘੜੀ ਵਿਚ ਉਸ ਨੂੰ ਭਾਰਤ ਅੰਦਰ ਆਪਣੇ ਵਫ਼ਾਦਾਰ ਵਰਗਾਂ ਦੀ ਪੂਰਨ ਤੇ ਅਣਥਿੜਕਵੀਂ ਰਾਜਸੀ ਹਮਾਇਤ ਦੀ ਭਾਰੀ ਲੋੜ ਪੈਦਾ ਹੋ ਗਈ ਸੀ। ਖ਼ਾਸ ਕਰਕੇ ਪੰਜਾਬ ਅੰਦਰ, ਜਿਥੇ ਉਨ੍ਹਾਂ ਦੇ ਸਾਹਮਣੇ ਗ਼ਦਰੀ ਇਨਕਲਾਬੀਆਂ ਵੱਲੋਂ ਵੱਡੀ ਰਾਜਸੀ ਗੜਬੜ ਕਰਨ ਦਾ ਹਕੀਕੀ ਖ਼ਤਰਾ ਤੇ ਖ਼ਦਸ਼ਾ ਖੜਾ ਹੋ ਗਿਆ ਸੀ, ਉਨ੍ਹਾਂ ਦੀ ਆਪਣੇ ਵਫ਼ਾਦਾਰ ਵਰਗਾਂ ਤੇ ਵਿਅਕਤੀਆਂ ਉੱਤੇ ਨਿਰਭਰਤਾ ਬੇਹੱਦ ਵੱਧ ਗਈ ਸੀ। ਦੁਰਭਾਗ ਵੱਸ ਉਸ ਵੇਲੇ ਪੰਜਾਬ ਦਾ ਹਾਕਮ ਮਾਈਕਲ ਓਡਵਾਇਰ ਨਾਂ ਦਾ ਜ਼ਾਲਮ ਤੇ ਸਿਰੇ ਦਾ ਬਦਵਿਅਕਤੀ ਸੀ, ਜਿਸ ਨੇ ਪੰਜਾਬ ਅੰਦਰ ਸਾਰੇ ਧਾਰਮਿਕ ਵਰਗਾਂ ਦੇ ਪਤਵੰਤੇ ਲੋਕਾਂ ਨਾਲ ਬਹੁਤ ਗੂੜ੍ਹੀ ਸਾਂਝ ਗੰਢ ਰੱਖੀ ਹੋਈ ਸੀ । ਆਪਣੇ ਆਕਰਮਣਸ਼ੀਲ ਸੁਭਾਅ ਦੇ ਅਨੁਸਾਰ ਓਡਵਾਇਰ ਨੇ ਇਨ੍ਹਾਂ ਪਤਵੰਤੇ ਲੋਕਾਂ ਉੱਤੇ ਪੂਰਾ ਦਬਾਅ ਚਾੜ੍ਹ ਦਿੱਤਾ ਸੀ। ਆਪਣੇ ਆਮ ਸੁਭਾਅ ਮੁਤਾਬਕ ਇਹ ਪਤਵੰਤੇ ਲੋਕ ਅਖ਼ੀਰ ਨੂੰ ਸਰਕਾਰੀ ਦਬਾਅ ਤੇ ਝੇਪ ਹੇਠ ਆ ਗਏ ਸਨ ਅਤੇ ਉਨ੍ਹਾਂ ਨੇ ਸਰਕਾਰ ਦੇ ਵਿਰੋਧ ਦਾ ਰੁਖ਼ ਛੱਡ ਕੇ, ਸਹਿਯੋਗ ਦਾ ਪੈਂਤੜਾ ਲੈ ਲਿਆ ਸੀ।

? ਇਥੇ ਤੁਸੀਂ ਆਪ ਪਤਵੰਤੇ ਵਰਗ ਦੇ ਆਮ ਸੁਭਾਅ ਦੀ ਗੱਲ ਕੀਤੀ ਹੈ । ਇਸ ਦਾ ਤੁਹਾਡੀ ਪਹਿਲਾਂ ਕਹੀ ਗੱਲ ਨਾਲ ਵਿਰੋਧ ਨਹੀਂ ਬਣਦਾ ?

ਮੈਂ ਸੁਚੇਤ ਰੂਪ ਵਿਚ ‘ਬੁਨਿਆਦੀ ਸੁਭਾਅ’ ਦੀ ਥਾਂ ‘ਆਮ ਸੁਭਾਅ’ ਦਾ ਸ਼ਬਦ ਵਰਤਿਆ ਹੈ। ‘ਬੁਨਿਆਦੀ ਸੁਭਾਅ’ ਵਿੱਚੋਂ ਇਸ ਦੇ ਲੋਹਾ-ਜੜਤ (ਅਬਦਲ) ਹੋਣ ਦਾ ਅਰਥ ਨਿਕਲਦਾ ਹੈ। ਜਦੋਂ ਅਸੀਂ ਆਮ ਸੁਭਾਅ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਵਿਸ਼ੇਸ਼ ਹਾਲਤ ਵਿਚ ਇਸ ਵਿਚ ਤਬਦੀਲੀ ਦੀ ਗੁੰਜਾਇਸ਼ ਤੇ ਸੰਭਾਵਨਾ ਮੌਜੂਦ ਹੁੰਦੀ ਹੈ। ਸੰਸਾਰ ਦੇ ਇਤਿਹਾਸ ਵਿੱਚੋਂ ਕਿੰਨੀਆਂ ਹੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਦੋਂ ਇਕ ਮੌਕੇ ਰਾਜ ਦੇ ਪੂਰਨ ਵਫ਼ਾਦਾਰ ਰਹੇ ਵਰਗਾਂ ਨੇ ਕਿਸੇ ਦੂਜੇ ਮੌਕੇ ਉਸੇ ਰਾਜ ਵਿਰੁੱਧ ਬਗ਼ਾਵਤ ਕਰਨ ਤੋਂ ਸੰਕੋਚ ਨਹੀਂ ਕੀਤਾ। ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਪਤਵੰਤੇ ਵਰਗਾਂ ਵੱਲੋਂ ਹਰੇਕ ਹਾਲਤ ਵਿਚ ਅੰਗਰੇਜ਼ਾਂ ਦੀ ਹਮਾਇਤ ਦਾ ਪੈਂਤੜਾ ਅਖ਼ਤਿਆਰ ਕਰਨਾ ਪੱਥਰ ‘ਤੇ ਲਕੀਰ ਵਰਗੀ ਗੱਲ ਨਹੀਂ ਸੀ। 1914-15 ਵਿਚ ਕਈ ਵਿਸ਼ੇਸ਼ ਤੇ ਅਸਥਾਈ ਤੱਥਾਂ ਨੇ ਇਸ ਮਾਮਲੇ ਵਿਚ ਨਿਰਣਾਇਕ ਰੋਲ ਅਦਾ ਕੀਤਾ। ਏਥੇ ਇਸ ਬਾਰੇ ਆਪਾਂ ਬਹੁਤਾ ਵਿਸਥਾਰ ਵਿਚ ਨਾ ਜਾਈਏ, ਸਾਡੇ ਸਾਹਮਣੇ ਅਮਲੀ ਮਹੱਤਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਧਾਰਮਿਕ ਭਾਈਚਾਰਿਆਂ ਦੇ ਪਤਵੰਤੇ ਵਰਗਾਂ ਅਤੇ ਬਹੁਤ ਸਾਰੀਆਂ ਧਾਰਮਿਕ ਤੇ ਸਮਾਜੀ-ਰਾਜਸੀ ਸੰਸਥਾਵਾਂ ਵੱਲੋਂ ਜੰਗ ਦੌਰਾਨ ਅੰਗਰੇਜ਼ ਹਕੂਮਤ ਦੀ ਹਮਾਇਤ ਕਰਨ ਦਾ ਪੈਂਤੜਾ ਅਖ਼ਤਿਆਰ ਕਰ ਲੈਣ ਨਾਲ ਗ਼ਦਰੀ ਇਨਕਲਾਬੀਆਂ ਸਾਹਮਣੇ ਬੇਹੱਦ ਮੁਸ਼ਕਲ ਤੇ ਅਣਕਿਆਸੀ ਹਾਲਤ ਪੈਦਾ ਹੋ ਗਈ ਸੀ। ਇਨ੍ਹਾਂ ਵਰਗਾਂ ਤੇ ਸੰਸਥਾਵਾਂ ਦਾ ਆਮ ਲੋਕਾਂ ਉੱਤੇ ਕਾਫ਼ੀ ਜ਼ਿਆਦਾ ਅਸਰ ਰਸੂਖ਼ ਸੀ, ਜਿਸ ਕਰਕੇ ਗ਼ਦਰੀਆਂ ਨੂੰ ਲੋਕਾਂ ਵੱਲੋਂ ਜਿੰਨੀ ਸਰਗਰਮ ਹਮਾਇਤ ਦੀ ਲੋੜ ਸੀ, ਉਹ ਨਾ ਮਿਲ ਸਕੀ, ਪਰ ਗ਼ਦਰੀ ਇਸ ਉੱਤੇ ਢੇਰੀ ਢਾਹ ਕੇ ਨਹੀਂ ਬੈਠ ਗਏ ਸਨ। ਉਨ੍ਹਾਂ ਨੇ ਹਾਲਤ ਨੂੰ ਆਪਣੇ ਪੱਖ ਵਿਚ ਢਾਲਣ ਲਈ ਆਪਣਾ ਪੂਰਾ ਤਾਣ ਲਾ ਦਿੱਤਾ ਸੀ। ਇਨਕਲਾਬੀਆਂ ਦਾ ਇਹੀ ਧਰਮ ਹੁੰਦਾ ਹੈ। ਉਨ੍ਹਾਂ ਨੇ ਅਸੰਭਵ ਨੂੰ ਸੰਭਵ ਬਣਾਉਣ ਲਈ ਆਪਣੀ ਪੂਰੀ ਸ਼ਕਤੀ ਲਾ ਦੇਣੀ ਹੁੰਦੀ ਹੈ। ਇਥੇ ਟੀ.ਐਸ. ਇਲੀਅਟ ਦਾ ਇਹ ਵਾਕ युग हुँवरा वै वि Only those who risk going too far can possibly find out how far one can go. ਭਾਵ ਇਹ ਕਿ ਜਿਹੜੇ ਲੋਕ ਸੀਮਾ ਤੋਂ ਪਾਰ ਜਾਣ ਦਾ ਜੋਖਮ ਉਠਾਉਂਦੇ ਹਨ, ਓਹੀ ਇਹ ਜਾਣ ਸਕਦੇ ਹਨ ਕਿ ਕੋਈ ਆਖ਼ਰ ਕਿਸ ਸੀਮਾ ਤਕ ਜਾ ਸਕਦਾ ਹੈ।

? ਪਰ ਇਕ ਪਾਸੇ ਤੁਸੀਂ ਕਿਹਾ ਹੈ ਕਿ ਗ਼ਦਰੀਆਂ ਨੂੰ ਸਿੱਖ ਪੰਥ ਦੀਆਂ ਕਈ ਉੱਘੀਆਂ ਹਸਤੀਆਂ ਦੀ ਨਿਗਰ ਹਮਾਇਤ ਮਿਲ ਗਈ ਸੀ। ਇਸ ਸੰਦਰਭ ਵਿਚ ਤੁਸੀਂ ਅੱਧ ਦਰਜਨ ਦੇ ਕਰੀਬ ਵਿਅਕਤੀਆਂ ਦੇ ਨਾਂਵਾਂ ਦਾ ਵੀ ਜ਼ਿਕਰ ਕੀਤਾ ਹੈ। ਪਰ ਨਾਲ ਇਹ ਵੀ ਕਹਿ ਰਹੇ ਹੋ ਕਿ ਸਾਰੇ ਧਾਰਮਿਕ ਵਰਗਾਂ ਦੇ ਪਤਵੰਤੇ ਵਰਗਾਂ ਤੇ ਧਾਰਮਿਕ ਸੰਸਥਾਵਾਂ ਨੇ ਗ਼ਦਰੀਆਂ ਦੇ ਵਿਰੋਧ ਦਾ ਪੈਂਤੜਾ ਲੈ ਲਿਆ ਸੀ। ਇਹ ਗੱਲ ਸਵੈ-ਵਿਰੋਧੀ ਨਹੀਂ ਲੱਗਦੀ ?

ਲੱਗ ਸਕਦੀ ਐ। ਕਿਉਂਕਿ ਸਿੱਖਾਂ ਦੇ ਮਾਮਲੇ ਵਿਚ ਨਵੀਂ ਤੇ ਵੱਖਰੀ ਗੱਲ ਇਹ ਹੋਈ ਸੀ ਕਿ ਸਿੱਖ ਸਮਾਜ ਦੇ ਜਿਹੜੇ ਪਤਵੰਤੇ ਸੱਜਣ ਅੰਗਰੇਜ਼ ਸਰਕਾਰ ਦੇ ਦਬਾਅ ਹੇਠ ਆ ਕੇ ਉਸ ਨਾਲ ਸਹਿਯੋਗ ਕਰਨ ਦਾ ਝੁਕਾਅ ਪ੍ਰਗਟਾਅ ਰਹੇ ਸਨ, ਆਮ ਸਿੱਖ ਜਨਤਾ ਅੰਦਰ ਉਨ੍ਹਾਂ ਵਿਰੁੱਧ ਤਿੱਖਾ ਰੋਸ ਪਸਰਨਾ ਸ਼ੁਰੂ ਹੋ ਗਿਆ ਸੀ । ਪਿੱਛੇ ਦਰਸਾਏ ਚਾਰ ਪੰਜ ਮੁੱਦਿਆਂ ਉੱਤੇ ਸਿੱਖ ਜਗਤ ਅੰਦਰ ਅੰਗਰੇਜ਼ ਸਰਕਾਰ ਦੇ ਵਿਰੁੱਧ ਏਨਾ ਵਿਆਪਕ ਰੋਹ ਪੈਦਾ ਹੋ ਗਿਆ ਸੀ ਕਿ ਸਰਕਾਰ-ਭਗਤ ਸਿੱਖ ਆਗੂਆਂ ਵੱਲੋਂ ਇਸ ਨੂੰ ਕਾਬੂ ਕਰ ਸਕਣਾ ਜਾਂ ਡੱਕ ਸਕਣਾ ਸੌਖਾ ਨਹੀਂ ਰਿਹਾ ਸੀ। ਸੰਘਰਸ਼ ਦੇ ਵੇਗ ਸਾਹਮਣੇ ਸਰਕਾਰ-ਭਗਤ ਆਗੂ ਬੇਵਸ ਤੇ ਬੇਵੁਕਤੇ ਹੋ ਕੇ ਰਹਿ ਗਏ ਸਨ। ਬੇਚੈਨ ਹੋਈ ਸਿੱਖ ਕੌਮ ਅੰਦਰ ਨਵੀਂ ਲੀਡਰਸ਼ਿੱਪ ਦਾ ਵਜੂਦ ਉਭਰਨਾ ਸ਼ੁਰੂ ਹੋ ਗਿਆ ਸੀ। ਇਸ ਰੁਝਾਨ ਦਾ ਮੰਤਕੀ ਨਤੀਜਾ ਕੁਝ ਸਾਲ ਮਗਰੋਂ ‘ਅਕਾਲੀ’ ਲਹਿਰ ਦੇ ਰੂਪ ਵਿਚ ਨਿਕਲਿਆ। ਇਹ ਰੁਝਾਨ ਸਿੱਖਾਂ ਅੰਦਰ ਹੀ ਪ੍ਰਗਟ ਹੋਇਆ ਸੀ, ਪੰਜਾਬ ਦੇ ਦੂਜੈ ਧਾਰਮਿਕ ਵਰਗਾਂ ਅੰਦਰ ਹਾਲਤ ਜਿਉਂ-ਦੀ-ਤਿਉਂ ਬਣੀ ਰਹੀ। ਇਹੀ ਵਜ੍ਹਾ ਹੈ ਕਿ ਗ਼ਦਰ ਲਹਿਰ ਨੂੰ ਸਿੱਖ ਸਮਾਜ ਅੰਦਰੋਂ ਫਿਰ ਵੀ ਕਿਸੇ ਨਾ ਕਿਸੇ ਰੂਪ ਵਿਚ ਹਮਾਇਤ ਹਾਸਲ ਹੁੰਦੀ ਰਹੀ। ਪਰ ਇਹ ਖਿੰਡੀ ਬਿਖਰੀ ਹੀ ਰਹੀ, ਕਿਸੇ ਬੱਝਵੀਂ ਲਹਿਰ ਦਾ ਸਰੂਪ ਧਾਰਨ ਨਾ ਕਰ ਸਕੀ। ਇਹ ਤੱਥ ਕਾਫ਼ੀ ਹੈਰਾਨ ਕਰਨ ਵਾਲਾ ਹੈ ਕਿ ਸਰਕਾਰ ਵਿਰੁੱਧ ਸਾਜ਼ਸ਼ ਰਚਣ ਦੇ ਜੁਰਮ ਹੇਠ ਕੁੱਲ 231 ਗ਼ਦਰੀਆਂ ਉੱਤੇ ਮੁਕੱਦਮੇ ਚੱਲੇ ਸਨ ਅਤੇ ਇਨ੍ਹਾਂ ਵਿੱਚੋਂ 110 ਬਦੇਸ਼ਾਂ ਤੋਂ ਆਏ ਗ਼ਦਰੀ ਸਨ, ਬਾਕੀ ਦੇ 121 ‘ਮੁਜਰਮ’ ਸਥਾਨਕ ਸਨ । ਇਨ੍ਹਾਂ ‘ਚੋਂ ਸੌ ਤੋਂ ਉਪਰ ਸਿੱਖ ਸਨ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਗ਼ਦਰੀਆਂ ਨੂੰ ਸਿੱਖ ਸਮਾਜ ਅੰਦਰੋਂ ਕਾਫ਼ੀ ਹਮਾਇਤ ਹਾਸਲ ਹੋਈ ਸੀ। ਸਰਕਾਰ-ਭਗਤ ਸਿੱਖ ਆਗੂਆਂ ਨੂੰ ਅਖ਼ੀਰ ਵਿਚ ਜਾ ਕੇ ਮੂੰਹ ਦੀ ਖਾਣੀ ਪੈ ਗਈ ਸੀ। ਲਾਰਡ ਹਾਰਡਿੰਗ, ਜੋ ਉਸ ਵੇਲੇ ਭਾਰਤ ਅੰਦਰ ਅੰਗਰੇਜ਼ ਹਕੂਮਤ ਦਾ ਮੁਖੀ (ਵਾਇਸਰਾਇ) ਸੀ, ਨੇ ਬਾਅਦ ਵਿਚ ਭਾਰਤ ਬਾਰੇ ਲਿਖੀਆਂ ਆਪਣੀਆਂ ਯਾਦਾਂ ਵਿਚ ਇਹ ਮੰਨਿਆ ਹੈ ਕਿ ਸਿੱਖਾਂ ਅੰਦਰੋਂ ਲੋੜ ਮੁਤਾਬਕ ਫ਼ੌਜੀ ਭਰਤੀ ਨਹੀਂ ਹੋ ਰਹੀ ਸੀ। ਓਡਵਾਇਰ ਨੂੰ ਇਸ ਵਾਸਤੇ ਬਹੁਤ ਜ਼ੋਰ ਲਾਉਣਾ ਪਿਆ ਸੀ। ਭਾਵੇਂ ਕਿ ਸਿੱਖ ਸਮਾਜ ਦੇ ਪਤਵੰਤੇ ਵਰਗ ਨਾਲ ਉਸ ਦੇ ਗੂੜ੍ਹੇ ਸੰਬੰਧ ਸਨ ਪਰ ਇਸ ਦੇ ਬਾਵਜੂਦ ਉਸ ਨੂੰ ਭਰਤੀ ਦਾ ਟੀਚਾ ਹਾਸਲ ਕਰਨ ਵਿਚ ਵੱਡੀ ਮੁਸ਼ਕਲ ਪੇਸ਼ ਆਈ ਸੀ।

? ਕੀ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਸਿੱਖ ਕੌਮ ਅੰਦਰਲੇ ਸਰਕਾਰੀ ਝੋਲੀਚੁੱਕਾਂ ਦੀ ਸਿੱਖਾਂ ਅੰਦਰ ਬਹੁਤੀ ਪੜਤ ਨਹੀਂ ਰਹੀ ਸੀ ?

ਇਥੇ ‘ਝੋਲੀਚੁੱਕ’ ਸ਼ਬਦ ਦੀ ਵਰਤੋਂ ਮੈਨੂੰ ਬਹੁਤੀ ਠੀਕ ਨਹੀਂ ਲੱਗਦੀ। ਇਹ ਰਾਸ਼ਟਰਵਾਦੀਆਂ ਦੀ ਭਾਸ਼ਾ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਸਿਲਸਿਲਾ ਏਨਾ ਸਰਲ ਤੇ ਸਿੱਧ ਪੱਧਰਾ ਨਹੀਂ ਸੀ। ਇਹ ਬਹੁਤ ਸਾਰੀਆਂ ਅੰਦਰੂਨੀ ਵਿਰੋਧਤਾਈਆਂ ਨਾਲ ਉਲਝਿਆ ਹੋਇਆ ਸੀ। ਇਕ ਪਾਸੇ ਬਹੁਗਿਣਤੀ ਧਾਰਮਿਕ ਭਾਈਚਾਰਾ ਸੀ ਜਿਹੜਾ ਦੂਸਰੇ ਧਰਮਾਂ ਦੇ ਲੋਕਾਂ ਉੱਤੇ ਆਪਣਾ ਗ਼ਲਬਾ ਸਥਾਪਤ ਕਰਨਾ ਚਾਹੁੰਦਾ ਸੀ, ਦੂਜੇ ਪਾਸੇ ਘੱਟ- ਗਿਣਤੀ ਧਾਰਮਿਕ ਵਰਗ ਸਨ ਜਿਨ੍ਹਾਂ ਨੇ ਬਦੇਸ਼ੀ ਗੁਲਾਮੀ ਦੇ ਨਾਲ ਹੀ ਬਹੁਗਿਣਤੀ ਦੇ ਗ਼ਲਬੇ ਤੋਂ ਵੀ ਆਪਣਾ ਬਚਾਅ ਕਰਨਾ ਸੀ । ਇਵੇਂ ਹੀ, ਇਕ ਪਾਸੇ ਜਾਤ-ਅਭਿਮਾਨੀ ਤਾਕਤਾਂ ਸਨ ਤੇ ਦੂਜੇ ਪਾਸੇ ਜਾਤ-ਪਾਤੀ ਜਬਰ ਤੇ ਵਿਤਕਰੇ ਤੋਂ ਪੀੜਤ ਦਲਿਤ ਭਾਈਚਾਰਾ ਸੀ। ਤੁਸੀਂ ਭਾਰਤੀ ਸਮਾਜ ਦੇ ਇਸ ਕਰੂਰ ਤੇ ਕਰੂਪ ਯਥਾਰਥ ਨੂੰ ਅਣਡਿੱਠ ਨਹੀਂ ਕਰ ਸਕਦੇ ਅਤੇ ਇਹ ਮੰਗ ਨਹੀਂ ਕਰ ਸਕਦੇ ਕਿ ਆਜ਼ਾਦੀ ਦੀ ਜੱਦੋ-ਜਹਿਦ ਦੇ ਦੌਰਾਨ ਗਾਂਧੀ ਤੇ ਅੰਬੇਦਕਰ, ਨਹਿਰੂ ਤੇ ਜਿਨਾਹ, ਵੱਲਭ ਭਾਈ ਪਟੇਲ ਤੇ ਮਾਸਟਰ ਤਾਰਾ ਸਿੰਘ ਨੂੰ, ਆਪਸੀ ਮੱਤ-ਭੇਦ ਭੁਲਾ ਕੇ, ਇੱਕੋ ਜਿਹਾ ਰਾਜਸੀ ਪੈਂਤੜਾ ਅਖ਼ਤਿਆਰ ਕਰਨਾ ਚਾਹੀਦਾ ਸੀ। ਅਜਿਹੀ ਸੋਚ ਬਹੁਗਿਣਤੀ ਵਰਗ ਦਾ ਪੱਖ ਪੂਰਦੀ ਹੈ। ਇਸ ਕਰਕੇ ਇਸ ਦ੍ਰਿਸ਼ਟੀਕੋਣ ਦੀ ਚੁਣੌਤੀ ਰਹਿਤ ਮਾਨਤਾ (hegemony) ਸਥਾਪਤ ਕਰਨ ਦੇ ਪੁਰਜ਼ੋਰ ਯਤਨ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਤਹਿਤ, ਸੁਚੇਤ ਰੂਪ ਵਿਚ, ਇਕ ਖ਼ਾਸ ਕਿਸਮ ਦੀ ਭਾਸ਼ਾ ਪ੍ਰਚਲਿਤ ਕੀਤੀ ਗਈ ਹੈ, ਆਮ ਲੋਕਾਂ ਵੱਲੋਂ ਜਿਸ ਦੀ ਵਰਤੋਂ ਅਚੇਤ ਰੂਪ ਵਿਚ ਹੋ ਰਹੀ ਹੈ। ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ। ‘ਫ਼ਿਰਕਾਪ੍ਰਸਤੀ’, ‘ਜਾਤਪ੍ਰਸਤੀ’, ‘ਸਰਕਾਰੀ ਝੋਲੀਚੁੱਕ’, ਆਦਿ ਸ਼ਬਦਾਂ ਦੀ ਅਣਗਹਿਲੀ ਨਾਲ ਵਰਤੋਂ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਖੱਬੇ ਪੱਖੀਆਂ ਨੇ ਇਥੇ ਹੀ ਮਾਰ ਖਾਧੀ ਹੈ। ਉਨ੍ਹਾਂ ਨੇ ਭਾਰਤੀ ਸਟੇਟ ਦੀ ਭਾਸ਼ਾ ਅੰਗੀਕਾਰ ਕਰ ਲਈ ਹੈ।

? ਤੁਹਾਡੇ ਇਸ ਤਰਕ ਮੁਤਾਬਕ ਤਾਂ ‘ਧਰਮਾਂ ਤੇ ਜਾਤਾਂ ਤੋਂ ਉੱਚਾ ਉੱਠਣ’ ਦੀ ਗੱਲ ਕਰਨਾ ਵੀ ਇਕ ਰਾਸ਼ਟਰਵਾਦੀ ਧਾਰਨਾ ਹੈ। ਕੀ ਤੁਸੀਂ ਇਸ ਨੂੰ ਵੀ ਗਲਤ ਸਮਝਦੇ ਹੋ ?

ਕਿਉਂ ਨਹੀਂ ? ਤੁਸੀਂ ਆਪ ਦੱਸੋ, ਜਿਥੇ ਇਕ ਬਹੁਗਿਣਤੀ ਧਾਰਮਿਕ ਵਰਗ ਦੂਜੇ ਘੱਟ- ਗਿਣਤੀ ਧਾਰਮਿਕ ਭਾਈਚਾਰਿਆਂ ਉੱਤੇ ਗ਼ਲਬਾ ਪਾਉਣ ਦੀ ਲਾਲਸਾ ਰੱਖਦਾ ਹੋਵੇ, ਤੁਸੀਂ ਇਨ੍ਹਾਂ ਘੱਟ-ਗਿਣਤੀ ਭਾਈਚਾਰਿਆਂ ਨੂੰ ਇਹ ਕਹੋ ਕਿ ਉਹ ਧਰਮ ਦੇ ਸੁਆਲ ਤੋਂ ਉਪਰ ਉੱਠਣ, ਤਾਂ ਇਸ ਦਾ ਸਾਫ਼ ਮਤਲਬ ਇਹੀ ਬਣਦਾ ਹੈ ਕਿ ਉਨ੍ਹਾਂ ਨੂੰ ਬਹੁਗਿਣਤੀ ਵਰਗ ਦੀ ਗ਼ਲਬਾ ਪਾਉਣ ਵਾਲੀ ਲਾਲਸਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਅਤੇ ਉਸ ਦੀਆਂ ਵਿਤਕਰੇਬਾਜ਼ ਨੀਤੀਆਂ ਤੇ ਅਮਲਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਤੁਸੀਂ ਆਪ ਦੱਸੋ, ਇਹ ਪੈਂਤੜਾ ਕਿਹੜੀ ਧਿਰ ਦਾ ਪੱਖ ਪੂਰਦਾ ਹੈ ? ਜਾਬਰ ਧਿਰ ਦਾ ਕਿ ਮਜ਼ਲੂਮ ਧਿਰ ਦਾ ? ਇਸੇ ਤਰ੍ਹਾਂ ਜਿਥੇ ਜਾਤ-ਪਾਤੀ ਦਾਬਾ, ਜਬਰ ਤੇ ਵਿਤਕਰਾ ਸਮਾਜੀ ਹਕੀਕਤ ਹੈ, ਤੁਸੀਂ ਇਸ ਜਬਰ ਤੇ ਵਿਤਕਰੇ ਤੋਂ ਪੀੜਤ ਦਲਿਤ ਵਰਗ ਨੂੰ ਇਹ ਕਹੋਂ ਕਿ ਉਹ ਜਾਤਾਂ ਤੋਂ ਉਪਰ ਉੱਠ ਕੇ ਸੋਚੇ, ਤਾਂ ਸਪੱਸ਼ਟ ਰੂਪ ਵਿਚ ਤੁਸੀਂ ਜਾਤ-ਅਭਿਮਾਨੀ ਤਾਕਤਾਂ ਦਾ ਪੱਖ ਪੂਰ ਰਹੇ ਹੋਵੋਗੇ। ਕਿਉਂਕਿ ਤੁਸੀਂ ਪੀੜਤ ਵਰਗਾਂ ਨੂੰ ਜਬਰ ਤੇ ਵਿਤਕਰੇ ਵਿਰੁੱਧ ਲੜਨ ਤੋਂ ਵਰਜਦੇ ਹੋ। ਖੱਬੇ ਪੱਖੀਆਂ ਵੱਲੋਂ ਜਿੰਨੇ ਜਾਹਲ ਢੰਗ ਨਾਲ ਮਜ਼ਲੂਮ ਵਰਗਾਂ ਦੇ ਖ਼ਿਲਾਫ਼ ਬਹੁਗਿਣਤੀ ਵਰਗ ਤੇ ਭਾਰਤੀ ਸਟੇਟ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਤੋਂ ਉਨ੍ਹਾਂ ਦੀ ਆਪਣੀ ਜਾਤ-ਪ੍ਰਸਤੀ ਤੇ ਫ਼ਿਰਕਾਪ੍ਰਸਤੀ ਪ੍ਰਗਟ ਹੁੰਦੀ ਹੈ। ਪਰ ਬਹੁਗਿਣਤੀ ਵਰਗ ਦੀ ਤਰ੍ਹਾਂ ਉਨ੍ਹਾਂ ਦੀ ਇਸ ਜਾਤ-ਪ੍ਰਸਤੀ ਤੇ ਫ਼ਿਰਕਾਪ੍ਰਸਤੀ ਉੱਤੇ ਰਾਸ਼ਟਰਵਾਦ ਦਾ ਮੁਲੰਮਾ ਚੜ੍ਹਿਆ ਹੋਇਆ ਹੈ। ਇਸ ਗੱਲ ਦਾ ਉਹ ਭਰਪੂਰ ਫ਼ਾਇਦਾ ਲੈ ਰਹੇ ਹਨ। ਦੁਨਿਆਵੀ ਦ੍ਰਿਸ਼ਟੀ ਦੇ ਲਿਹਾਜ਼ ਨਾਲ, ਜਾਬਰ ਧਿਰ ਨਾਲ ਖੜੇ ਹੋਣਾ ਅਕਸਰ ਹੀ ਫ਼ਾਇਦੇ ਵਾਲਾ ਧੰਦਾ ਹੁੰਦਾ ਹੈ।

ਇਸ ਮਾਮਲੇ ਵਿਚ ਸਮਝਣ ਵਾਲਾ ਬੁਨਿਆਦੀ ਨੁਕਤਾ ਇਹ ਹੈ ਕਿ ਕਿਸੇ ਇਕ ਜਿਨਸੀ (uniethnic) ਸਮਾਜ ਅੰਦਰ ਜਿਥੇ ਸਰਬ-ਸਾਂਝੀ ਕੌਮ ਦੀ ਉਸਾਰੀ ਦਾ ਰਾਜਸੀ ਅਜੰਡਾ ਦਰਪੇਸ਼ ਹੋਵੇ, ਉਥੇ ‘ਆਪਸੀ ਵੱਖਰੇਵਿਆਂ ਤੋਂ ਉਪਰ ਉੱਠਣ’ ਵਾਲੇ ਫ਼ਾਰਮੂਲੇ ਦੀ ਕੋਈ ਤੁਕ ਬਣਦੀ ਹੈ। ਪਰ ਭਾਰਤ ਵਰਗੇ ਅਨੇਕ-ਭਾਂਤੀ ਸਮਾਜ ਅੰਦਰ, ਜਿਥੇ ਧਾਰਮਿਕ ਅਤੇ ਜਾਤ-ਪਾਤੀ ਜਬਰ ਤੇ ਵਿਤਕਰਾ ਇਕ ਜਿਊਂਦੀ ਜਾਗਦੀ ਹਕੀਕਤ ਹੈ ਅਤੇ ਜਿਥੇ ‘ਸਰਬ-ਸਾਂਝੀ ਕੌਮ’ ਦੀ ਧਾਰਨਾ ਆਪਣੇ ਮੂਲ ਖ਼ਾਸੇ ਪੱਖੋਂ ਹੀ ਪਿਛਾਂਹਖਿੱਚੂ ਤੇ ਤਰਕਹੀਣ ਹੈ, ਉਥੇ ਇਸ ਫ਼ਾਰਮੂਲੇ ਦੀ ਵਕਾਲਤ ਕਰਨੀ ਹਾਕਮ ਤੇ ਜਾਬਰ ਧਿਰ ਦੇ ਪਿਛਲੱਗ ਬਣਨਾ ਹੈ। ਜਬਰ ਦਾ ਖ਼ਾਸਾ ਧਾਰਮਿਕ ਹੋਵੇ ਜਾਂ ਜਾਤ-ਪਾਤੀ, ਪੀੜਤ ਵਰਗਾਂ ਵੱਲੋਂ ਇਸ ਦੇ ਖ਼ਿਲਾਫ਼ ਲੜਨਾ ਨਾ ਸਿਰਫ਼ ਵਾਜਿਬ ਹੈ, ਸਗੋਂ ਇਨਸਾਫ਼ ਦੇ ਨੁਕਤਾ-ਨਜ਼ਰ ਤੋਂ ਇਹ ਕਰਮ ਅਤੀ ਜ਼ਰੂਰੀ ਤੇ ਨੇਕੀ ਵਾਲਾ ਹੈ।

ਗ਼ਦਰ ਲਹਿਰ ਤੇ ਬੰਗਾਲੀ ਤੱਤ

ਗ਼ਦਰ ਦੀ ਯੋਜਨਾ ਬਣਾਉਣ ਵੇਲੇ ਗ਼ਦਰੀ ਆਗੂਆਂ ਨੇ ਗਦਰ ਅੰਦਰ ਬਗਾ ਦੀ ਅਹਿਮ ਭੂਮਿਕਾ ਚਿਤਵੀ ਹੋਈ ਸੀ । ਬੰਗਾਲ ਦੀ ਕ੍ਰਾਂਤੀਕਾਰੀ ਲਹਿਰ ਦੀਆਂ ਖ਼ਬਰਾਂ ਤੇ ਰਿਪੋਰਟਾਂ ਬਾਹਰਲੇ ਪਰਚਿਆਂ ਅੰਦਰ ਅਕਸਰ ਛਪਦੀਆਂ ਰਹਿੰਦੀਆਂ ਸਨ। ਇਸ ਕਰਕੇ ਅਮਰੀਕਾ-ਕੈਨੇਡਾ ਤੋਂ ਚੱਲਣ ਵੇਲੇ ਗ਼ਦਰੀਆਂ ਨੂੰ ਦੇਸ ਅੰਦਰ ਜਾ ਕੇ ਬੰਗਾਲ ਤੇ ਰਾਜਸੀ ਤੇ ਸਿੱਕੇ ਬਾਰੂਦ ਦੇ ਰੂਪ ਵਿਚ ਸੈਨਿਕ ਇਮਦਾਦ ਮਿਲਣ ਦੀ ਤਕੜੀ ਉਮੀਦ ਸੀ। ਇਕ ਕਰਕੇ ਕਰਤਾਰ ਸਿੰਘ ਸਰਾਭਾ ਨੇ ਆਉਂਦਿਆਂ ਹੀ ਬੰਗਾਲੀ ਕ੍ਰਾਂਤੀਕਾਰੀਆਂ ਨਾਲ ਸੰਪਟਰ ਬਣਾਉਣ ਦਾ ਤਰਜੀਹੀ ਕਾਰਜ ਮਿਥ ਲਿਆ ਸੀ। ਜਿਵੇਂ ਕਿ ਪਹਿਲਾਂ ਗੱਲ ਹੋ ਚੁੱਕੀ ਹੈ, ਕਾਫ਼ੀ ਯਤਨਾਂ ਤੋਂ ਬਾਅਦ ਇਹ ਸੰਪਰਕ ਕਾਇਮ ਹੋ ਜਾਣ ਉਪਰੰਤ ਸਰਿੰਦਰਨਾਲ ਸਾਨਿਆਲ ਗ਼ਦਰ ਪਾਰਟੀ ਦੇ ਕੰਮਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਉਚੇਰਾ ਪੰਜਾਬ ਆਇਆ ਸੀ। ਉਸ ਨੇ ਜਦੋਂ ਪੰਜਾਬ ਦੇ ਗ਼ਦਰੀਆਂ ਦੇ ਕੰਮ ਕਰਨ ਦੇ ਤੌਰ ਤਰੀਕੇ ਦੇਖੋ ਤਾਂ ਕੁਝ ਚਿਰ ਤਾਂ ਉਸ ਨੂੰ ਇਸ ਦੀ ਪੂਰੀ ਸਮਝ ਹੀ ਨਾ ਪਈ। ਕਾਰਨ ਇਹ ਕਿ ਪੰਜਾਬ ਦੇ ਇਨਕਲਾਬੀਆਂ ਦੇ ਕੰਮ ਕਰਨ ਦੇ ਢੰਗ ਤਰੀਕੇ ਬੰਗਾਲੀਆਂ ਨਾਲੋਂ ਇਕਦਮ ਵੱਖੜੇ ਸਨ ਅਤੇ ਦੋਵਾਂ ਵਰਗਾਂ ਦੀ ਸਭਿਆਚਾਰਕ ਦਿਸ਼ਾ ਦ੍ਰਿਸ਼ਟੀ ਵਿਚ ਵੱਡਾ ਪਾੜਾ ਸੀ। ਬੰਗਾਲੀਆਂ ਦਾ ਸਾਰਾ ਕੰਮ ਗੁਪਤ ਸੀ ਅਤੇ ਮੁੱਖ ਤੌਰ ‘ਤੇ ਸ਼ਹਿਰਾਂ ਅੰਦਰ ਹੀ ਕੇਂਦਰਿਤ ਸੀ। ਪੇਂਡੂ ਖੇਤਰ ਤੇ ਕਿਸਾਨ ਵਰਗ ਉਨ੍ਹਾਂ ਦੀ ਕਾਰਜ-ਯੋਜਨਾ ਤੋਂ ਲਗਭਗ ਬਾਹਰ ਸਨ। ਉਹ ਜੋ ਵੀ ਕੰਮ ਕਰ ਰਹੇ ਸਨ, ਉਸ ਵਿਚ ਬਾਕਾਇਦਗੀ, ਤਾਲਮੇਲ ਤੇ ਜਥੇਬੰਦੀ ਦਾ ਅੰਸ਼ ਵਿਦਮਾਨ ਸੀ। ਇਸ ਦੀ ਤੁਲਨਾ ਵਿਚ ਪੰਜਾਬ ਦੇ ਗ਼ਦਰੀਆਂ ਦੀ ਮੁੱਖ ਕਰਮ- ਭੂਮੀ ਪੇਂਡੂ ਖੇਤਰ ਸੀ ਅਤੇ ਉਨ੍ਹਾਂ ਦਾ ਮੁੱਖ ਦਾਰੋਮਦਾਰ ਸਿੱਖ ਕਿਸਾਨ ਵਰਗ ਉੱਤੇ ਸੀ। ਉਹ ਪਿੰਡਾਂ ਅੰਦਰ ਖੁੱਲ੍ਹਮ-ਖੁੱਲ੍ਹਾ ਪ੍ਰਚਾਰ ਕਰਦੇ ਸਨ । ਉਨ੍ਹਾਂ ਦੀ ਜਥੇਬੰਦੀ ਦਾ ਢਾਂਚਾ ਬਹੁਤ ਖੁੱਲ੍ਹਾ-ਡੁੱਲ੍ਹਾ ਸੀ, ਕੰਮ ਕਰਨ ਦੇ ਪੱਕੇ ਤੇ ਰਸਮੀ ਨਿਯਮਾਂ ਦੀ ਥਾਂ ਬਹੁਤਾ ਕੰਮ ਰਵਾਇਤ ਆਸਰੇ ਚੱਲਦਾ ਸੀ। ਆਪਸੀ ਤਾਲਮੇਲ ਦਾ ਕੋਈ ਪੱਕਾ ਸਮਾਂ ਤੇ ਸਥਾਨ ਨਿਸਚਤ ਨਹੀਂ ਸੀ ਕੀਤਾ ਹੋਇਆ। ਗ਼ਦਰੀਆਂ ਦੇ ਆਪਸ ਵਿਚ ਮਿਲਣ ਤੇ ਵਿਚਾਰ-ਵਟਾਂਦਰਾ ਕਰਨ ਲਈ ਲੋੜ ਮੁਤਾਬਕ ਗੁਰਦੁਆਰੇ, ਰੇਲਵੇ ਸਟੇਸ਼ਨ ਅਤੇ ਨਹਿਰਾਂ ਤੇ ਸੂਇਆਂ ਦੇ ਪੁਲਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਸਾਰਾ ਕੁਝ ਦੇਖ ਕੇ ਸ਼ਚਿੰਦਰਨਾਥ ਸਾਨਿਆਲ ਨੂੰ ਇਕ ਵਾਰ ਤਾਂ ਭਾਰੀ ਹੈਰਾਨੀ ਅਤੇ ਨਾਲ ਹੀ ਮਾਯੂਸੀ ਵੀ ਹੋਈ। ਪਰ ਹੌਲੀ ਹੌਲੀ ਉਸ ਨੇ ਸਾਰੀ ਗੱਲ ਸਮਝ ਲਈ ਅਤੇ ਗ਼ਦਰੀਆਂ ਨੂੰ ਆਪਣੇ ਕੰਮ ਕਰਨ ਦੇ ਤੌਰ ਤਰੀਕਿਆਂ ਅੰਦਰ ਸੁਧਾਰ ਲਿਆਉਣ ਦੀ ਸਲਾਹ ਦਿੱਤੀ। ਸਭ ਤੋਂ ਪਹਿਲਾਂ ਉਸ ਨੇ ਆਪਸੀ ਤਾਲਮੇਲ ਤੇ ਮੀਟਿੰਗਾਂ ਕਰਨ ਲਈ ਸ਼ਹਿਰਾਂ ਅੰਦਰ ਕਿਰਾਏ ਦੇ ਮਕਾਨ ਲੈ ਕੇ ਪਾਰਟੀ ਦੇ ਪੱਕੇ ਅੱਡੇ ਬਣਾਉਣ ਦੀ ਤਜਵੀਜ ਰੱਖੀ। ਗ਼ਦਰੀਆਂ ਨੇ ਇਹ ਤਜਵੀਜ਼ ਮੰਨ ਲਈ ਅਤੇ ਦਿਨਾਂ ਅੰਦਰ ਹੀ ਲਾਹੌਰ ਤੇ ਅੰਮ੍ਰਿਤਸਰ ਵਿਚ ਆਪਣੇ ਠਿਕਾਣੇ ਬਣਾ ਲਏ। ਗ਼ਦਰ ਦੀ ਸਮੁੱਚੀ ਯੋਜਨਾ ਉੱਤੇ ਅਮਲ ਦੀ ਨਿਗਰਾਨੀ ਕਰਨ ਵਾਸਤੇ ਰਾਸ ਬਿਹਾਰੀ ਬੋਸ ਲਾਹੌਰ ਦੇ ਠਿਕਾਣੇ ‘ਤੇ ਆ ਕੇ ਟਿਕ ਗਿਆ। ਇਸ ਤਰ੍ਹਾਂ ਪੰਜਾਬ ਦੇ ਗ਼ਦਰੀ ਇਨਕਲਾਬੀਆਂ ਤੇ ਬੰਗਾਲੀ ਕ੍ਰਾਂਤੀਕਾਰੀਆਂ ਵਿਚਕਾਰ ਸਾਂਝ ਤੇ ਤਾਲਮੇਲ ਦਾ ਢਾਂਚਾ ਸਥਾਪਤ ਹੋ ਗਿਆ।

? ਇਸ ਹਿਸਾਬ ਨਾਲ ਤਾਂ ਗ਼ਦਰੀਆਂ ਨੂੰ ਬੰਗਾਲੀਆਂ ਦਾ ਵੱਡਾ ਆਸਰਾ ਮਿਲ ਗਿਆ ਸੀ। ਉਹ ਬੰਗਾਲੀ ਕ੍ਰਾਂਤੀਕਾਰੀਆਂ ਦੇ ਅਨੁਭਵ ਤੋਂ ਤਕੜਾ ਲਾਭ ਉਠਾ ਸਕਦੇ ਸਨ ਅਤੇ ਇਸ ਦੀ ਰੋਸ਼ਨੀ ਵਿਚ ਆਪਣੇ ਕਮਜ਼ੋਰ ਪੱਖਾਂ ਦੀ ਪਛਾਣ ਕਰ ਸਕਦੇ ਸਨ ਤੇ ਇਨ੍ਹਾਂ ਅੰਦਰ ਸੁਧਾਰ ਕਰ ਸਕਦੇ ਸਨ। ਕੀ ਤੁਸੀਂ ਸਮਝਦੇ ਹੋ ਕਿ ਇਸ ਪੱਖੋਂ ਗ਼ਦਰੀਆਂ ਨੂੰ ਬੰਗਾਲੀਆਂ ਨਾਲ ਸੰਪਰਕ ਦਾ ਕਾਫ਼ੀ ਫ਼ਾਇਦਾ ਹੋਇਆ ?

ਏਸ ਸੁਆਲ ਦਾ ਦੋ-ਟੁਕ ਜਾਂ ਦੋ-ਹਰਫ਼ੀ ਜੁਆਬ ਦੇਣਾ ਮੁਸ਼ਕਲ ਹੈ। ਇਸ ਮਸਲੇ ਦੇ ਸਾਰੇ ਪੱਖਾਂ ਨੂੰ ਵਿਚਾਰਨ ਦੀ ਲੋੜ ਹੈ। ਬਿਨਾਂ ਸ਼ੱਕ ਗ਼ਦਰੀ ਇਨਕਲਾਬੀਆਂ ਨੂੰ ਇਸ ਨਾਲ ਕੁਝ ਫ਼ਾਇਦੇ ਹੋਏ, ਪਰ ਨਾਲ ਹੀ ਕੁਝ ਨੁਕਸਾਨ ਵੀ ਹੋਏ। ਬੰਗਾਲੀ ਕ੍ਰਾਂਤੀਕਾਰੀਆਂ ਦੇ ਅਨੁਭਵ ਤੋਂ ਇਲਾਵਾ ਗ਼ਦਰੀ ਉਨ੍ਹਾਂ ਕੋਲੋਂ ਠੋਸ ਮੱਦਦ ਦੀ ਝਾਕ ਰੱਖਦੇ ਸਨ। ਉਸ ਵੇਲੇ ਦੇਸ ਦੀ ਆਜ਼ਾਦੀ ਦੇ ਚੱਲ ਰਹੇ ਰਾਜਸੀ ਸੰਘਰਸ਼ ਅੰਦਰ ਬੰਗਾਲ ਦਾ ਅਹਿਮ ਸਥਾਨ ਸੀ। ਬੰਗਾਲੀ ਕ੍ਰਾਂਤੀਕਾਰੀਆਂ ਦਾ ਦੇਸ ਦੇ ਰਾਜਸੀ ਆਗੂਆਂ ਅੰਦਰ ਚੰਗਾ ਰਾਜਸੀ ਅਸਰ- ਰਸੂਖ਼ ਤੇ ਨੈਤਿਕ ਪ੍ਰਭਾਵ ਸੀ। ਸਰ ਸੁਰਿੰਦਰਨਾਥ ਬੈਨਰਜੀ ਦਾ ਉਸ ਵੇਲੇ ਰਾਸ਼ਟਰਵਾਦੀ ਲਹਿਰ ਅੰਦਰ ਚੰਗਾ ਨਾਂ ਤੇ ਮਾਣ-ਤਾਣ ਬਣਿਆ ਹੋਇਆ ਸੀ। ਗ਼ਦਰੀਆਂ ਨੂੰ ਉਮੀਦ ਸੀ ਕਿ ਬੰਗਾਲੀ ਕ੍ਰਾਂਤੀਕਾਰੀਆਂ ਦੇ ਜ਼ਰੀਏ ਉਨ੍ਹਾਂ ਨੂੰ ਦੇਸ ਦੇ ਰਾਜਸੀ ਵਰਗ ਦੀ ਹਮਾਇਤ ਹਾਸਲ ਹੋ ਜਾਵੇਗੀ। ਪਰ ਜਿਵੇਂ ਆਪਾਂ ਗੱਲ ਕੀਤੀ ਹੈ, ਜੰਗ ਛਿੜਨ ਨਾਲ ਦੇਸ ਅੰਦਰ ਸਮੁੱਚਾ ਰਾਜਸੀ ਮਾਹੌਲ ਬਦਲ ਗਿਆ ਸੀ। ਲਗਭਗ ਸਮੁੱਚਾ ਹਿੰਦੂ ਰਾਜਸੀ ਵਰਗ, ਰਿਆਇਤਾਂ ਦੀ ਝਾਕ ਵਿਚ, ਅੰਗਰੇਜ਼ ਹਾਕਮਾਂ ਦੀ ਪਿੱਠ ਉੱਤੇ ਜਾ ਖੜਾ ਹੋਇਆ ਸੀ। ਗਾਂਧੀ, ਤਿਲਕ, ਲਾਲਾ ਲਾਜਪਤ ਰਾਇ ਵਰਗੇ ਸਾਰੇ ਵੱਡੇ ‘ਕੌਮੀ’ ਆਗੂਆਂ ਨੇ ਜੰਗ ਦੌਰਾਨ ਭਾਰਤ ਅੰਦਰ ਹਿੰਸਾ ਦੇ ਰੁਝਾਨ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਬੰਗਾਲੀ ਕ੍ਰਾਂਤੀਕਾਰੀਆਂ ਦਾ ਬਹੁਤਾ ਫਹੁ ਨਾ ਪੈ ਸਕਿਆ। ਸੋ ਜਿਸ ਰਾਜਸੀ ਲਾਭ ਤੇ ਇਮਦਾਦ ਦੀ ਗ਼ਦਰੀਆਂ ਨੂੰ ਉਮੀਦ ਸੀ, ਉਹ ਪੂਰੀ ਨਾ ਹੋ ਸਕੀ। ਇਸ ਤੋਂ ਇਲਾਵਾ ਗ਼ਦਰੀਆਂ ਨੂੰ ਬੰਗਾਲ ਤੋਂ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲਾ ਬਾਰੂਦ ਮਿਲਣ ਦੀ ਵੱਡੀ ਉਮੀਦ ਸੀ। ਪਰ ਸ਼ਚਿੰਦਰਨਾਥ ਸਾਨਿਆਲ ਨਾਲ ਮੁਲਾਕਾਤ ਤੋਂ ਬਾਅਦ ਗ਼ਦਰੀਆਂ ਨੂੰ ਪਤਾ ਚੱਲਿਆ ਕਿ ਬੰਗਾਲੀਆਂ ਕੋਲ ਜਿੰਨੇ ਹਥਿਆਰ ਤੇ ਗੋਲਾ ਬਾਰੂਦ ਹੋਣ ਦੀਆਂ ਬਾਹਰ ਅਫ਼ਵਾਹਾਂ ਫੈਲੀਆਂ ਹੋਈਆਂ ਸਨ, ਉਨ੍ਹਾਂ ਵਿਚ ਸਚਾਈ ਦਾ ਅੰਸ਼ ਬਹੁਤ ਘੱਟ ਸੀ, ਜਿਸ ਕਰਕੇ ਉਨ੍ਹਾਂ ਨੂੰ ਜਿੰਨੀ ਲੋੜ ਸੀ, ਬੰਗਾਲ ਤੋਂ ਓਨੇ ਹਥਿਆਰ ਨਾ ਮਿਲੇ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਉਨ੍ਹਾਂ ਦਾ ਇਹ ਭੁਲੇਖਾ ਉਸ ਵੇਲੇ ਦੂਰ ਹੋਇਆ, ਜਦੋਂ ਉਨ੍ਹਾਂ ਨੂੰ ਹਥਿਆਰਾਂ ਦੀ ਆਕਸੀਜਨ ਜਿੰਨੀ ਲੋੜ ਸੀ। ਏਹਦਾ ਅਹਿਸਾਸ ਸਾਨੂੰ ਫਿਰ ਹੀ ਹੋ ਸਕਦਾ ਹੈ ਜੇਕਰ ਇਹ ਪਤਾ ਹੋਵੇ ਕਿ ਉਸ ਵਕਤ ਗ਼ਦਰੀ ਇਨਕਲਾਬੀਆਂ ਦੀ ਗ਼ਦਰ ਦੀ ਪਲੈਨ ਤੇ ਤਿਆਰੀ ਕਿੰਨੇ ਨਾਜ਼ਕ ਪੜਾਅ ‘ਤੇ ਪਹੁੰਚੀ ਹੋਈ ਸੀ।

? ਇਸ ਨੁਕਤੇ ਨੂੰ ਜਿੰਨਾ ਹੋ ਸਕੇ, ਵੱਧ ਸਪੱਸ਼ਟ ਕਰੋ। ਕਿਉਂਕਿ ਜ਼ਿਆਦਾਤਰ ਇਤਿਹਾਸਕਾਰਾਂ ਨੇ ਗ਼ਦਰੀ ਯੋਧਿਆਂ ਦੀ ਗ਼ਦਰ ਦੀ ਪਲੈਨ ਤੇ ਇਸ ਦਿਸ਼ਾ ਵਿਚ ਕੀਤੀਆਂ ਤਿਆਰੀਆਂ ਦੀ ਬਹੁਤ ਹੀ ਮਾੜੀ ਤਸਵੀਰ ਪੇਸ਼ ਕੀਤੀ ਹੈ। ਇਸ ਰਾਹੀਂ ਉਨ੍ਹਾਂ ਨੇ ਗ਼ਦਰੀਆਂ ਦਾ ਬਹੁਤ ਹੀ ‘ਕੱਚਪੁਣਾ’ ਉਘਾੜਿਆ ਹੈ। ਹਰੀਸ਼ ਪੁਰੀ ਨੇ ਤਾਂ ਖ਼ਾਸ ਕਰਕੇ ਹੀ।

ਗ਼ਦਰੀਆਂ ਦੇ ਕੰਮ-ਕਾਰ ਨੂੰ ਜੇਕਰ ਤੁਸੀਂ ਇਕ ਵਿਦਵਾਨ ਦੇ ਨੁਕਤਾ-ਨਜ਼ਰ ਤੋਂ ਦੇਖੋਗੇ, ਫਿਰ ਤਾਂ ਤੁਹਾਨੂੰ ਪੈਰ ਪੈਰ ‘ਤੇ ‘ ‘ਤੇ ਉਨ੍ਹਾਂ ਦਾ ‘ਕੱਚਪੁਣਾ’ ਨਜ਼ਰ ਆਵੇਗਾ। ਪਰ ਜੇਕਰ ਤੁਹਾਡਾ ਨਜ਼ਰੀਆ ਇਨਕਲਾਬੀ ਹੈ ਫਿਰ ਗ਼ਦਰੀ ਬਾਬਿਆਂ ਅੱਗੇ ਤੁਹਾਡਾ ਸਿਰ ਅਦਬ ਨਾਲ ਝੁਕ ਜਾਵੇਗਾ। ਸਾਰਾ ਨਜ਼ਰੀਏ ਦਾ ਫ਼ਰਕ ਹੈ। ਜਿਸ ਨੂੰ ਇਨਕਲਾਬੀ ਕੰਮ ਦਾ ਥੋੜ੍ਹਾ ਜਿੰਨਾ ਵੀ ਅਨੁਭਵ ਹੈ, ਉਸ ਦੇ ਮਨ ਅੰਦਰ ਇਸ ਬਾਰੇ ਰਤੀ ਵੀ ਭੁਲੇਖਾ ਨਹੀਂ ਰਹਿੰਦਾ ਕਿ ਇਨਕਲਾਬ ਦੀ ਪਲੇਠੀ ਪਲੈਨ ਅਮੂਮਨ ਹੀ ‘ਕੱਚੀ’ ਹੁੰਦੀ ਹੈ। ਇਹ ਕਦੇ ਵੀ ਪੂਰੀ ਨਿਪੁੰਨ ਅਥਵਾ ਖ਼ਾਮੀਆਂ ਤੋਂ ਪੂਰਨ ਤੌਰ ‘ਤੇ ਸੁਰਖ਼ਰੂ ਨਹੀਂ ਹੋ ਸਕਦੀ। ਦੂਜੀ ਏਡੀ ਹੀ ਅਟੱਲ ਸਚਾਈ ਇਹ ਹੈ, ਕਿ ਇਨ੍ਹਾਂ ਖ਼ਾਮੀਆਂ ਦਾ ਪਤਾ ਅਮਲ ਵਿਚ ਪੈ ਕੇ ਹੀ ਚੱਲਦਾ ਹੈ ਅਤੇ ਇਨ੍ਹਾਂ ਦੀ ਦਰੁਸਤੀ ਵੀ ਅਮਲ ਕਰਦਿਆਂ ਹੀ ਸੰਭਵ ਹੋ ਸਕਦੀ ਹੈ, ਜਿਸ ਕਰਕੇ ਇਨਕਲਾਬੀਆਂ ਨੂੰ ਅਕਸਰ ਹੀ ਭਾਰੀ ਦਬਾਅ ਤੇ ਕਸਾਅ ਹੇਠ ਕੰਮ ਕਰਨਾ ਪੈਂਦਾ ਹੈ। ਇਹ ਅਜਿਹਾ ਕਸਬ ਹੈ ਜਿਹੜਾ ਅਮਲ ਦੇ ਜ਼ਰੀਏ ਹੀ ਸਿੱਖਿਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਤੈਰਨ ਦੀ ਜਾਚ ਪਾਣੀ ਵਿਚ ਕੁੱਦ ਕੇ ਹੀ ਆ ਸਕਦੀ ਹੈ, ਪਰ ਪਾਣੀ ਵਿਚ ਕੁੱਦਣਾ ਤੇ ਇਨਕਲਾਬ ਦੇ ਅਮਲ ਵਿਚ ਕੁੱਦਣਾ ਇੱਕੋ ਗੱਲ ਨਹੀਂ । ਮਾਓ ਜ਼ੇ ਤੁੰਗ ਨੇ ਕਿਹਾ ਸੀ ਕਿ ਇਨਕਲਾਬ ਕੋਈ ਪ੍ਰੀਤੀ ਭੋਜਨ ਨਹੀਂ ਹੁੰਦਾ, ਨਾ ਇਹ ਕੋਈ ਚਿੱਤਰਕਾਰੀ ਜਾਂ ਕਸ਼ੀਦਾਕਾਰੀ ਕਰਨ ਵਰਗਾ ਸ਼ੁਗ਼ਲ ਹੁੰਦਾ ਹੈ, ਇਹ ਸਿਰ ਦੇਣ ਤੇ ਸਿਰ ਲੈਣ ਦਾ ‘ਖੇਲ’ ਹੈ। ਇਹ ਕਿਸੇ ਕੋਚਿੰਗ ਨਾਲ ਨਹੀਂ ਸਿੱਖਿਆ ਜਾ ਸਕਦਾ। ਇਸ ਦੀ ਇਹ ਖ਼ਾਸੀਅਤ ਹੈ।

ਇਸ ਰੋਸ਼ਨੀ ਵਿਚ ਆਪਾਂ ਗ਼ਦਰੀ ਇਨਕਲਾਬੀ ਯੋਧਿਆਂ ਦੀਆਂ ਗ਼ਦਰ ਦੀਆਂ ਤਿਆਰੀਆਂ ਦਾ ਲੇਖਾ-ਜੋਖਾ ਕਰਦੇ ਹਾਂ। ਪਰ ਇਹ ਕਰਨ ਵੇਲੇ ਇਕ ਗੱਲ ਹਰ ਪਲ ਧਿਆਨ ਵਿਚ ਰੱਖਣੀ ਪਵੇਗੀ ਕਿ ਗ਼ਦਰੀ ਇਨਕਲਾਬੀਆਂ ਨੂੰ ਸਮੇਂ ਦੇ ਭਾਰੀ ਦਬਾਅ ਹੇਠ ਕੰਮ ਕਰਨਾ ਪੈ ਰਿਹਾ ਸੀ। ਉਨ੍ਹਾਂ ਕੋਲ ਤਿਆਰੀਆਂ ਲਈ ਸਮਾਂ ਬਹੁਤ ਹੀ ਥੋੜ੍ਹਾ, ਐਵੇਂ ਗਿਣਵੇਂ ਹੀ ਦਿਨ ਸਨ। ਅਤੇ ਇਨ੍ਹਾਂ ਗਿਣਵੇਂ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਇੱਕੋ ਹੱਥ ਨਾਲ ਕਈ ਕਈ ਕੰਮ ਕਰਨੇ ਪੈ ਰਹੇ ਸਨ। ਦੇਸੀ ਪਲਟਣਾਂ ਕਿਸੇ ਵੀ ਮੌਕੇ ਬਾਹਰਲੇ ਮੋਰਚਿਆਂ ਉੱਤੇ ਭੇਜੀਆਂ ਜਾ ਸਕਦੀਆਂ ਸਨ । ਉਸ ਤੋਂ ਬਾਅਦ ਗ਼ਦਰ ਦੀਆਂ ਸਾਰੀਆਂ ਪਲੈਨਾਂ ਬੇਕਾਰ ਹੋ ਜਾਣੀਆਂ ਸਨ। ਇਸ ਕਰਕੇ ਗ਼ਦਰੀਆਂ ਨੂੰ ਦਿਨ ਰਾਤ ਇਕ ਕਰਕੇ ਕੰਮ ਕਰਨੇ ਪੈ ਰਹੇ ਸਨ।

ਕੁਝ ਇਤਫ਼ਾਕੀਆ ਹਾਦਸੇ

ਗ਼ਦਰੀਆਂ ਵੱਲੋਂ ਸੋਚੀ ਪਲੇਠੀ ਪਲੈਨ ਇਹ ਸੀ ਕਿ ਉਹ ਅਮਰੀਕਾ ਤੋਂ ਆਪਣੇ ਨਾਲ ਵੱਡੀ ਮਾਤਰਾ ਵਿਚ ਛੋਟੇ ਹਥਿਆਰ ਤੇ ਕੁਝ ਗੋਲਾ ਬਾਰੂਦ ਭਾਰਤ ਅੰਦਰ ਲਿਜਾਣ ਵਿਚ ਸਫਲ ਹੋ ਜਾਣਗੇ ਅਤੇ ਇਸ ਨਾਲ ਉਨ੍ਹਾਂ ਨੂੰ ਮੁੱਢਲਾ ਕੰਮ ਤੋਰਨ ਵਿਚ ਸੌਖ ਹੋ ਜਾਵੇਗੀ। ਇਸ ਉਪਰੰਤ ਛਾਉਣੀਆਂ ਅੰਦਰ ਦੇਸੀ ਪਲਟਣਾਂ ਦੀ ਮੱਦਦ ਨਾਲ ਅਸਲਾਖ਼ਾਨਿਆਂ (ਮੈਗ਼ਜ਼ੀਨਾਂ) ਉੱਤੇ ਹਮਲੇ ਕਰ ਕੇ ਥੋਕ ਰੂਪ ਵਿਚ ਹਥਿਆਰ ਲੁੱਟ ਕੇ ਆਮ ਲੋਕਾਂ ਨੂੰ ਹਥਿਆਰਬੰਦ ਕੀਤਾ ਜਾਵੇਗਾ ਤੇ ਅੰਗਰੇਜ਼ ਸਰਕਾਰ ਵਿਰੁੱਧ ਜੰਗ ਛੇੜ ਦਿੱਤੀ ਜਾਵੇਗੀ। ਸਾਧਾਰਨ ਹਾਲਤ ਵਿਚ ਇਸ ਪਲੈਨ ਅੰਦਰ ਕੋਈ ਵੱਡਾ ਨੁਕਸ ਜਾਂ ਕਮਜ਼ੋਰੀ ਨਹੀਂ ਸੀ। ਹਰ ਪਲੈਨ ਇਕ ਵਿਸ਼ੇਸ਼ ਹਾਲਤ ਵਿਚ ਹੀ ਘੜੀ ਚਿਤਵੀ ਜਾਂਦੀ ਹੈ, ਪਰ ਹਾਲਤਾਂ ਕਦੇ ਵੀ ਸਥਿਰ ਨਹੀਂ ਰਹਿੰਦੀਆਂ। ਇਨ੍ਹਾਂ ਵਿਚ ਅਕਸਰ ਹੀ ਰੱਦੋ- ਬਦਲ ਹੁੰਦੀ ਰਹਿੰਦੀ ਹੈ। ਸਾਧਾਰਨ ਹਾਲਤਾਂ ਵਿਚ ਇਹ ਰੱਦੋ-ਬਦਲ ਵੀ ਸਾਧਾਰਨ ਹੀ ਹੁੰਦੀ ਹੈ, ਪਰ ਗ਼ੈਰ-ਸਾਧਾਰਨ ਹਾਲਤਾਂ ਵਿਚ ਰੱਦੋ-ਬਦਲ ਸਾਧਾਰਨ ਨਹੀਂ ਰਹਿੰਦੀ। ਇਹ ਵੱਡਾ ਆਕਾਰ-ਪਾਸਾਰ ਗ੍ਰਹਿਣ ਕਰ ਲੈਂਦੀ ਹੈ। ਇਸ ਦਾ ਪਹਿਲਾਂ ਹੀ ਪੂਰ ਤੇ ਠੀਕ ਅਨੁਮਾਨ ਲਾ ਸਕਣਾ ਕਦੇ ਵੀ ਸੰਭਵ ਨਹੀਂ ਹੁੰਦਾ। ਹਾਲਤਾਂ ਅੰਦਰ ਹੋ ਸਕਣ ‘ ਪੂਰਾ ਸੌ ਫ਼ੀ ਸਦੀ ਵਾਲੀਆਂ ਤਬਦੀਲੀਆਂ ਨੂੰ ਅੰਸ਼ਕ ਰੂਪ ਵਿਚ ਹੀ ਭਾਂਪਿਆ ਜਾ ਸਕਦਾ ਹੈ। ਹਾਲਤਾਂ ਅੰਦਰ ਹਮੇਸ਼ਾ ਹੀ ਅਣਕਿਆਸਾ ਵਾਪਰ ਜਾਣ ਦੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਬਹੁਤ ਕੁਝ, ਸਾਰਾ ਨਹੀਂ, chance (ਇਤਫ਼ਾਕ) ਉੱਤੇ ਵੀ ਨਿਰਭਰ ਕਰਦਾ ਹੈ। ਜ਼ਿੰਦਗੀ ਵਿਚ ਇਤਫ਼ਾਕ ਦਾ ਰੋਲ ਬਹੁਤ ਅਹਿਮ ਹੁੰਦਾ ਹੈ, ਜਿਸ ਨੂੰ ਪਦਾਰਥਵਾਦੀ ਫਲਸਫਾ ਨਿਸਚੇਵਾਦ (determinism) ਦੀਆਂ ਬੁਨਿਆਦਾਂ ਉੱਤੇ ਟਿਕਿਆ ਹੋਣ ਕਰਕੇ ਬਹੁਤੀ ਮਾਨਤਾ ਨਹੀਂ ਦਿੰਦਾ। ਗ਼ਦਰੀਆਂ ਨਾਲ ਇਤਫ਼ਾਕ ਨੇ ਬਹੁਤ ਮਾੜਾ ਖੇਲ੍ਹ ਖੇਡਿਆ । ਉਨ੍ਹਾਂ ਦੀਆਂ ਅਮਰੀਕਾ ਤੋਂ ਹਥਿਆਰ ਲਿਆਉਣ ਦੀਆਂ ਯੋਜਨਾਵਾਂ ਤੇ ਕੋਸ਼ਿਸ਼ਾਂ ਕੁਝ ਤਾਂ ਇਤਫ਼ਾਕ ਵੱਸ ਵਾਪਰੇ ਹਾਦਸਿਆਂ ਕਰਕੇ ਅਤੇ ਕੁਝ ਆਪਣੀ ਅਣਗਹਿਲੀ ਕਰਕੇ ਪੂਰੀ ਤਰ੍ਹਾਂ ਨੇਪਰੇ ਨਾ ਚੜ੍ਹ ਸਕੀਆਂ। ਮਨਸੂਬਾ (ਯੋਜਨਾ) ਤੇ ਇਤਫ਼ਾਕ ਅਤੇ ਸਾਵਧਾਨੀ ਤੇ ਅਣਗਹਿਲੀ, ਇਹ ਇਨਕਲਾਬੀ ਅਮਲ ਦਾ ਅਟੁੱਟ ਅੰਗ ਹੁੰਦੇ ਹਨ। ਯੋਜਨਾ ਜਿੰਨੀ ਮਰਜ਼ੀ ਸਿੱਕੇਬੰਦ ਹੋਵੇ, ਇਤਫ਼ਾਕ ਦਾ ਅੰਸ਼ ਹਮੇਸ਼ਾ ਕ੍ਰਿਆਸ਼ੀਲ ਰਹਿੰਦਾ ਹੈ। ਅਣਗਹਿਲੀਆਂ ਤੋਂ ਸੌ ਫ਼ੀ ਸਦੀ ਬਚ ਸਕਣਾ ਕਦੇ ਵੀ ਸੰਭਵ ਨਹੀਂ ਹੁੰਦਾ, ਇਸ ਤੋਂ ਮੁਕਾਬਲਤਨ ਹੀ ਬਚਿਆ ਜਾ ਸਕਦਾ ਹੈ। ਇਹ ਮਨੁੱਖੀ ਫ਼ਿਤਰਤ ਦਾ ਮਾਮਲਾ ਹੈ, ਜਿਹੜਾ ਬੰਦੇ ਬੰਦੇ ‘ਤੇ ਨਿਰਭਰ ਕਰਦਾ ਹੈ। ਕੁਝ ਬੰਦੇ ਫ਼ਿਤਰਤਨ ਹੀ ਵੱਧ ਲਾਪ੍ਰਵਾਹ ਹੁੰਦੇ ਹਨ ਤੇ ਕੁਝ ਬਹੁਤ ਘੱਟ।

ਗ਼ਦਰੀਆਂ ਨੇ ਅਮਰੀਕਾ ਤੋਂ ਹਥਿਆਰ ਲਿਆਉਣ ਲਈ ਕਿਹੜੀਆਂ ਕਿਹੜੀਆਂ ਤਰਕੀਬਾਂ ਸੋਚੀਆਂ ਤੇ ਅਮਲ ਵਿਚ ਲਿਆਂਦੀਆਂ ਅਤੇ ਇਨ੍ਹਾਂ ‘ਚੋਂ ਬਹੁਤੀਆਂ ਕਿਵੇਂ ਇਤਫ਼ਾਕੀਆ ਹਾਦਸਿਆਂ ਦੀ ਭੇਟ ਚੜ੍ਹ ਗਈਆਂ, ਜੇਕਰ ਇਸ ਦੀ ਪੂਰੀ ਤਫ਼ਸੀਲ ਦਿੱਤੀ ਜਾਵੇ ਤਾਂ ਇਹ ਕਹਾਣੀ ਆਪਣੇ ਆਪ ਵਿਚ ਬਹੁਤ ਲੰਮੀ ਤੇ ਦਰਦਨਾਕ ਹੈ। ਇਥੇ ਨਮੂਨੇ ਮਾਤਰ ਸਿਰਫ਼ ਇੱਕੋ ਘਟਨਾ ਦਾ ਜ਼ਿਕਰ ਕਰਨਾ ਕਾਫ਼ੀ ਹੋਵੇਗਾ। ਇਸ ਤੋਂ ਆਪੇ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।

ਬਾਬਾ ਸੋਹਣ ਸਿੰਘ ਭਕਨਾ ਜਦੋਂ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੇ ਪਸਤੌਲਾਂ ਦੀਆਂ ਭਰੀਆਂ ਦੋ ਪੇਟੀਆਂ ਦੇਸ ਅੰਦਰ ਲਿਆਉਣ ਲਈ ਆਪਣੇ ਨਾਲ ਜਹਾਜ਼ ਵਿਚ ਰੱਖ ਲਈਆਂ ਸਨ। ਸਾਨਫ਼ਰਾਂਸਿਸਕੋ ਤੋਂ ਇਹ ਪੇਟੀਆਂ ਕਰਤਾਰ ਸਿੰਘ ਸਰਾਭਾ ਨੇ ਆਪ ਜਹਾਜ਼ ਅੰਦਰ ਇਕ ਵਿਸ਼ੇਸ਼ ਕਮਰਾ ਬੁੱਕ ਕਰਾ ਕੇ ਉਸ ਵਿਚ ਟਿਕਾ ਦਿੱਤੀਆਂ ਸਨ। ਇਨ੍ਹਾਂ ਵਿਚ 200 ਪਸਤੌਲ ਤੇ 2000 ਕਾਰਤੂਸ ਸਨ। ਉਦੋਂ ਅਜੇ ਜੰਗ ਸ਼ੁਰੂ ਨਹੀਂ ਹੋਈ ਸੀ ਅਤੇ ਬਾਬਾ ਜੀ ਨੇ ਪੰਜਾਬ ਅੰਦਰ ਆ ਕੇ ਗ਼ਦਰ ਲਈ ਮੁੱਢਲੀਆਂ ਸਾਰੀਆਂ ਤਿਆਰੀਆਂ ਕਰਨੀਆਂ ਸਨ। ਉਨ੍ਹਾਂ ਦੇ ਤੁਰਨ ਵੇਲੇ ਜੋ ਹਾਲਾਤ ਸਨ, ਉਨ੍ਹਾਂ ਵਿਚ ਹਥਿਆਰਾਂ ਦੀਆਂ ਇਹ ਪੇਟੀਆਂ ਸੌਖ ਨਾਲ ਪੰਜਾਬ ਵਿਚ ਪਹੁੰਚ ਜਾਣੀਆਂ ਸਨ। ਪਰ ਉਹ ਅਜੇ ਰਾਹ ਵਿਚ ਹੀ ਸਨ ਕਿ ਜੰਗ ਭੜਕ ਉੱਠੀ। ਜੰਗ ਲੱਗਣ ਨਾਲ ਹਾਲਤ ਰਾਤੋ-ਰਾਤ ਪਲਟਾ ਖਾ ਗਏ। ਰਸਤੇ ਵਿਚ ਤੇ ਬੰਦਰਗਾਹਾਂ ਉੱਤੇ ਸਰਕਾਰੀ ਚੌਕਸੀ ਵਧਾ ਦਿੱਤੀ ਗਈ। ਜਦੋਂ ਬਾਬਾ ਜੀ ਦਾ ਜਹਾਜ਼ ਯੋਕੋਹਾਮਾ ਪਹੁੰਚਿਆ ਤਾਂ ਉਨ੍ਹਾਂ ਦਾ ਧਿਆਨ ਸਭ ਤੋਂ ਪਹਿਲਾਂ ਪਸਤੌਲਾਂ ਵਾਲੀਆਂ ਪੇਟੀਆਂ ਨੂੰ ਕਿਸੇ ਮਹਿਫ਼ੂਜ਼ ਟਿਕਾਣੇ ‘ਤੇ ਰੱਖਣ ਵੱਲ ਗਿਆ। ਉਨ੍ਹਾਂ ਨੇ ਜਹਾਜ਼ ਅੰਦਰ ਹੀ ਦੂਜੇ ਦਰਜੇ ਦੇ ਇਕ ਸਟੋਰ ਕੀਪਰ ਨਾਲ ਗਿਟਮਿਟ ਕਰ ਲਈ ਸੀ। ਉਸ ਨੇ ਜਪਾਨ ਦੇ ਚੁੰਗੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਵੱਢੀ ਦੇ ਕੇ ਇਹ ਪੇਟੀਆਂ ਦੋ ਹਫ਼ਤਿਆਂ ਤਕ ਉਨ੍ਹਾਂ ਕੋਲ ਸੰਭਾਲ ਦਿੱਤੀਆਂ। ਯੋਕੋਹਾਮਾ ਤੋਂ ਬਾਬਾ ਜੀ ਨੇ ਸ਼ੰਘਾਈ ਜਾਣ ਵਾਲਾ ਜਹਾਜ਼ ਫੜ ਲਿਆ ਅਤੇ ਪਸਤੌਲਾਂ ਵਾਲੀਆਂ ਪੇਟੀਆਂ ਵੀ ਵਿੱਚੇ ਰੱਖ ਲਈਆਂ। ਬਾਬਾ ਜੀ ਨੂੰ ਯੋਕੋਹਾਮਾ ਵਿਚ ਹੀ ਪੱਕਾ ਹੋ ਗਿਆ ਸੀ ਕਿ ਅੰਗਰੇਜ਼ ਹਕੂਮਤ ਨੂੰ ਉਨ੍ਹਾਂ ਦੇ ਦੇਸ ਨੂੰ ਤੁਰ ਪੈਣ ਦੀ ਸੂਹ ਮਿਲ ਗਈ ਸੀ ਅਤੇ ਉਨ੍ਹਾਂ ਨੇ ਬਾਬਾ ਜੀ ਦੇ ਮਗਰ ਆਪਣੇ ਸੂਹੀਏ ਲਾ ਦਿੱਤੇ ਸਨ। ਬਾਬਾ ਜੀ ਨੂੰ ਪਤਾ ਸੀ ਕਿ ਉਹ ਦੁਸ਼ਮਣ ਦੇ ਖੇਤਰ ਵਿਚ ਜਾ ਰਹੇ ਸਨ ਅਤੇ ਸ਼ੰਘਾਈ ਅੰਦਰ ਉਨ੍ਹਾਂ ਲਈ ਖ਼ਤਰੇ ਮੂੰਹ ਅੱਡੀ ਖੜੇ ਸਨ। ਇਸ ਕਰਕੇ ਉਨ੍ਹਾਂ ਨੇ ਜਹਾਜ਼ ਅੰਦਰ ਰਸੋਈਏ ਨਾਲ ਰਮਜ਼ ਗੰਢ ਲਈ ਅਤੇ ਉਸ ਦੇ ਰਾਹੀਂ ਹਥਿਆਰਾਂ ਵਾਲੀਆਂ ਪੇਟੀਆਂ ਨੂੰ ਸ਼ੰਘਾਈ ਆਪਣੇ ਭਰੋਸੇਯੋਗ ਠਿਕਾਣੇ ਉੱਤੇ ਪੁਚਾਉਣ ਦਾ ਇੰਤਜ਼ਾਮ ਕਰ ਦਿੱਤਾ । ਸ਼ੰਘਾਈ ਤੋਂ ਬਾਬਾ ਜੀ ਹਾਂਗਕਾਂਗ ਨੂੰ ਹੋ ਤੁਰੇ ਅਤੇ ਪੂਰੀ ਸਾਵਧਾਨੀ ਨਾਲ ਪਸਤੌਲਾਂ ਵਾਲੀਆਂ ਪੇਟੀਆਂ ਵੀ ਜਹਾਜ਼ ਅੰਦਰ ਰੱਖ ਲਈਆਂ। ਸ਼ੰਘਾਈ ਤੋਂ ਚੀਨ ਦੀ ਪੁਲਿਸ ਵਿਚ ਨੌਕਰੀ ਕਰਨ ਵਾਲੇ ਸਿੱਖ ਬਹਾਦਰਾਂ ਦਾ ਇਕ ਪੂਰਾ ਜਥਾ (ਚਾਲੀ ਕੁ ਜਣੇ) ਗੁਜਰ ਸਿੰਘ ਭਕਨਾ ਦੀ ਜਥੇਦਾਰੀ ਵਿਚ ਨੌਕਰੀਆਂ ਛੱਡ ਕੇ ਗ਼ਦਰ ਵਿਚ ਸ਼ਾਮਲ ਹੋਣ ਲਈ ਬਾਬਾ ਜੀ ਦੇ ਨਾਲ ਹੀ ਜਹਾਜ਼ ਵਿਚ ਚੜ੍ਹ ਗਿਆ ਸੀ । ਇਹ ਸਾਰੇ ਹਥਿਆਰ ਚਲਾਉਣ ਵਿਚ ਮਾਹਰ ਸਨ । ਇਸ ਕਰਕੇ ਬਾਬਾ ਜੀ ਹੋਰ ਹੌਂਸਲੇ ਵਿਚ ਹੋ ਗਏ ਸਨ। ਹਥਿਆਰ ਤੇ ਬੰਦੇ, ਦੋਵਾਂ ਦਾ ਵੱਡਾ ਆਸਰਾ ਮਿਲ ਗਿਆ ਸੀ। ਜਦੋਂ ਜਹਾਜ਼ ਹਾਂਗਕਾਂਗ ਦੀ ਬੰਦਰਗਾਹ ‘ਤੇ ਜਾ ਲੱਗਾ ਤਾਂ ਬਰਤਾਨਵੀ ਪੁਲਿਸ ਦੀ ਇਕ ਵੱਡੀ ਟੋਲੀ ਦਗੜ ਦਗੜ ਕਰਦੀ ਜਹਾਜ਼ ਦੇ ਅੰਦਰ ਆ ਵੜੀ ਤੇ ਇਕਦਮ ਜਹਾਜ਼ ਦੀ ਤਲਾਸ਼ੀ ਕਰਨ ਲੱਗ ਪਈ। ਪੁਲਿਸ ਦੀ ਇਸ ਟੋਲੀ ਵਿਚ ਜ਼ਿਆਦਾ ਪੰਜਾਬੀ ਸਨ। ਪੁਲਿਸ ਨੇ ਜਹਾਜ਼ ਦਾ ਪੱਤਾ ਪੱਤਾ ਫਰੋਲ ਛੱਡਿਆ ਪਰ ਬਾਬਾ ਜੀ ਦੇ ਚੰਗੇ ਭਾਗਾਂ ਨੂੰ ਉਨ੍ਹਾਂ ਨੂੰ ਹਥਿਆਰਾਂ ਵਾਲੀਆਂ ਪੇਟੀਆਂ ਬਾਰੇ ਕੋਈ ਪਤਾ ਨਾ ਚੱਲਿਆ। ਬਾਬਾ ਜੀ ਹਾਂਗਕਾਂਗ ਵਿਚ ਕੁਝ ਦਿਨਾਂ ਲਈ ਹੋਟਲ ਵਿਚ ਠਹਿਰ ਗਏ। ਉਥੇ ਉਨ੍ਹਾਂ ਦੀ ਮੁਲਾਕਾਤ ਸ਼ੰਘਾਈ ਦੀ ਗ਼ਦਰ ਪਾਰਟੀ ਦੇ ਇਕ ਬੇਹੱਦ ਸਿਆਣੇ ਤੇ ਸੁਲਝੇ ਹੋਏ ਆਗੂ ਡਾ. ਮਥਰਾ ਸਿੰਘ ਨਾਲ ਹੋਈ। ਫਿਰ ਕੀ ਹੋਇਆ, ਬਾਬਾ ਜੀ ਨੇ ਮੇਰੀ ਰਾਮ ਕਹਾਣੀ ਵਿਚ ਇਸ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ : “ਡਾ. ਮਥਰਾ ਸਿੰਘ ਨੇ ਮੈਨੂੰ ਦੱਸਿਆ ਕਿ ‘ਗੋਰਿਆਂ ਦੀ ਇਕ ਪਲਟਣ ਪੀਕਿਨ ਤੋਂ ਆ ਰਹੀ ਹੈ ਤੇ ਉਸ ਵਿਚ ਇਕ ਅੰਗਰੇਜ਼ ਅਫ਼ਸਰ ਦਾ ਅਰਦਲੀ ਸਿੱਖ ਹੈ। ਮੈਂ ਉਸ ਨੂੰ ਮਿਲਿਆ ਸਾਂ। ਉਸ ਤੋਂ ਪਤਾ ਲੱਗਿਆ ਹੈ ਕਿ ਇਹ ਪਲਟਣ ਹਿੰਦੁਸਤਾਨ ਨੂੰ ਜਾ ਰਹੀ ਹੈ। ਮੈਂ ਉਸ ਨਾਲ ਟਿਪਸ ਮਿਲਾ ਲਈ ਹੈ ਕਿ ਉਹ ਸਾਡੇ ਹਥਿਆਰ ਉਸ ਜਹਾਜ਼ ਵਿਚ ਲੈ ਜਾਵੇ। ਹਿੰਦੁਸਤਾਨ ਜਾ ਕੇ ਅਸੀਂ ਸਾਂਭ ਲਵਾਂਗੇ।’ ਖ਼ੈਰ, ਹੋਈ ਤਾਂ ਸਾਥੋਂ ਗ਼ਲਤੀ ਹੀ ਕਿਉਂਕਿ ਸਾਡੇ ਹਥਿਆਰ ਚੰਗੇ ਥਾਂ ਸਾਂਭੇ ਹੋਏ ਸਨ। ਪਰ ਇਸ ਵਿਉਂਤ ਨੂੰ ਸਾਰਿਆਂ ਨੇ ਮੰਨ ਲਿਆ ਤੇ ਸਾਰੇ ਹਥਿਆਰ ਇਕ ਪੇਟੀ ਵਿਚ ਬੰਦ ਕਰ ਕੇ ਭਾਈ ਮਥਰਾ ਸਿੰਘ ਦੇ ਹਵਾਲੇ ਕਰ ਦਿੱਤੇ। ਉਹਨਾਂ ਨੇ ਉਸ ਅਰਦਲੀ ਸਿੱਖ ਦੇ ਹਵਾਲੇ ਜਾ ਕੀਤੇ। ਸਾਡਾ ਤੇ ਉਸ ਗੋਰਾ ਪਲਟਣ ਵਾਲਾ ਜਹਾਜ਼ ਹਾਂਗਕਾਂਗ ਤੋਂ ‘ਕੱਠੇ ਹੀ ਨਿਕਲੇ ਤੇ ‘ਕੱਠੇ ਹੀ ਸਿੰਗਾਪੁਰ ਪਹੁੰਚੇ। ਅਗਾਂਹ ਸਿੰਗਾਪੁਰ ਤੋਂ ਵੀ ਇਕੱਠੇ ਹੀ ਟੁਰੇ ਤੇ ਇਕੱਠੇ ਹੀ ਪੀਨਾਂਗ ਪਹੁੰਚੇ। ਪਰ ਪੀਨਾਂਗ ਪੁੱਜਦਿਆਂ ਸਾਰ ਉਸ ਜਹਾਜ਼ ਨੂੰ ਤੁਰਤ ਹੁਕਮ ਮਿਲ ਗਿਆ ਕਿ ਉਹ ਹਿੰਦੁਸਤਾਨ ਦੀ ਥਾਂ ਸਿੱਧਾ ਫ਼ਰਾਂਸ ਨੂੰ ਜਾਵੇ। ਬਸ ਫੇਰ ਕੀ ਸੀ, ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਸਾਡੇ ਕਲੇਜੇ ਧੂਹ ਕੇ ਟੁਰ ਗਿਆ ਤੇ ਸਾਡੇ ਜਤਨਾਂ ਦੀ ਪੱਟੀ ਮੇਸ ਕਰ ਗਿਆ।”90

ਬਾਬਾ ਭਕਨਾ ਦੇ ਇਸ ਬ੍ਰਿਤਾਂਤ ‘ਚੋਂ ਗ਼ਦਰੀਆਂ ਦੀ ਕਾਜ਼ ਨਾਲ ਦੀਰਘ ਵਚਨਬੱਧਤਾ; ਇਨਕਲਾਬੀ ਜੋਸ਼, ਉਤਸ਼ਾਹ ਤੇ ਲਗਨ; ਬਹਾਦਰੀ, ਜੁਗਤਕਾਰੀ ਤੇ ਅਜਿੱਤ ਸਪਿਰਟ ਦੀ ਕਿੰਨੀ ਰੋਮਾਂਚਕਾਰੀ ਤਸਵੀਰ ਉਘੜਦੀ ਹੈ! ਸਾਨਫਰਾਂਸਿਸਕੋ ਤੋਂ ਲੈ ਕੇ ਪੀਨਾਂਗ ਤਕ ਕਹਾਣੀ ਵਿਚ ਕਿੰਨੇ ਨਾਟਕੀ ਮੋੜ ਆਉਂਦੇ ਹਨ ਤੇ ਅੰਤ ਕਿੰਨਾ ਦੁਖਦਾਈ ਹੈ। ਜਹਾਜ਼ ਨੇ ਜਦੋਂ ਪੀਨਾਂਗ ਤੋਂ ਹਿੰਦੁਸਤਾਨ ਦੀ ਥਾਂ ਫ਼ਰਾਂਸ ਦਾ ਰੁਖ਼ ਕਰ ਲਿਆ ਤਾਂ ਬਾਬਾ ਜੀ ਦੇ ਮੂੰਹੋਂ ਨਿਕਲੀ ਹੂਕ, ਕਿ ‘ਸਾਡੇ ਦੇਖਦਿਆਂ ਦੇਖਦਿਆਂ ਹੀ ਉਹ ਸਾਡੇ ਕਲੇਜੇ ਧੂਹ ਕੇ ਟੁਰ ਗਿਆ’, ਕਿੰਨੀ ਦਿਲ-ਧੂਹਵੀਂ ਹੈ! ਇਹ ਹੈ ਇਨਕਲਾਬ ਦੇ ਪਾਂਧੀਆਂ ਦਾ ਜੀਵਨ! ਕਹਿਣ ਨੂੰ ਭਾਵੇਂ ਬਾਬਾ ਜੀ ਨੇ ਹਥਿਆਰਾਂ ਵਾਲੀ ਪੇਟੀ ਦਾ ਦੂਸਰਾ ਜਹਾਜ਼ ਵਿਚ ਤਬਾਦਲਾ ਕਰਨ ਦੇ ਫ਼ੈਸਲੇ ਨੂੰ ਆਪਣੀ ‘ਗ਼ਲਤੀ’ ਕਿਹਾ ਹੈ, ਪਰ ਇਹ ਗ਼ਲਤੀ ਐਨੀ ਸੁਭਾਵਕ ਸੀ ਕਿ ਬਾਬਾ ਜੀ ਦੀ ਥਾਂ ਹੋਰ ਕੋਈ ਵੀ ਹੁੰਦਾ, ਇਹ ‘ਗ਼ਲਤੀ’ ਹਰ ਕਿਸੇ ਕੋਲੋਂ ਹੋਣੀ ਸੀ। ਇਸ ਗੱਲ ਦਾ ਕਿਆਫ਼ਾ ਕੋਈ ਕਿਵੇਂ ਲਾ ਸਕਦਾ ਸੀ ਕਿ ਜਹਾਜ਼ ਦੇ ਪੀਨਾਂਗ ਪੁੱਜਣ ਤਕ ਜੰਗ ਦੇ ਪੱਛਮੀ ਮੋਰਚੇ ‘ਤੇ ਹਾਲਾਤ ਬਰਤਾਨੀਆ ਦੇ ਖ਼ਿਲਾਫ਼ ਹੋ ਜਾਣਗੇ ਅਤੇ ਹਿੰਦੁਸਤਾਨ ਜਾ ਰਹੀ ਪਲਟਣ ਨੂੰ ਅਚਾਨਕ ਫ਼ਰਾਂਸ ਪੁੱਜਣ ਦੇ ਹੁਕਮ ਮਿਲ ਜਾਣਗੇ। ਇਹ ਸਭ ਇਤਫ਼ਾਕ ਦੀਆਂ ਗੱਲਾਂ ਸਨ, ਜਿਹੜੀਆਂ ਕਿਸੇ ਤਰਕਸ਼ੀਲ ਵਿਉਂਤਬੰਦੀ ਦਾ ਆਧਾਰ ਤੇ ਅੰਗ ਨਹੀਂ ਸਨ ਬਣ ਸਕਦੀਆਂ। ਗ਼ਦਰੀਆਂ ਨਾਲ ਹੋਣੀ ਨੇ ਅਜਿਹਾ ਇਕ ਅੱਧਾ ਨਹੀਂ, ਕਈ ਛਲ ਖੇਡੇ, ਜਿਸ ਕਰਕੇ ਉਹ ਭਾਰਤ ਅੰਦਰ ਬਹੁਤ ਘੱਟ ਹਥਿਆਰ ਲਿਆ ਸਕੇ। ਇਸ ਨਾਲ ਉਨ੍ਹਾਂ ਦੀਆਂ ਸਾਰੀਆਂ ਵਿਉਂਤਾਂ ਉਖੜ ਗਈਆਂ।

ਇਵੇਂ ਛਾਉਣੀਆਂ ਵਿਚ ਵੀ ਜਿਵੇਂ ਚਿਤਵਿਆ ਗਿਆ ਸੀ, ਐਨ ਉਵੇਂ ਨਾ ਹੋ ਸਕਿਆ। ਸੋਚਿਆ ਇਹ ਸੀ ਕਿ ਦੇਸੀ ਫ਼ੌਜੀ ਪਲਟਣਾਂ ਦੀ ਮੱਦਦ ਨਾਲ ਮੈਗ਼ਜ਼ੀਨਾਂ ‘ਤੇ ਹਮਲੇ ਕਰ ਕੇ ਅਸਲਾਖ਼ਾਨੇ ਲੁੱਟ ਲਏ ਜਾਣਗੇ ਤੇ ਇਸ ਦੇ ਨਾਲ ਹੀ ਬਗ਼ਾਵਤ ਦਾ ਛੇੜਾ ਛੇੜ ਦਿੱਤਾ ਜਾਵੇਗਾ। ਪਰ ਦੇਸੀ ਪਲਟਣਾਂ ਦੇ ਸਿੱਖ ਸਿਪਾਹੀਆਂ ਨੇ ਗ਼ਦਰੀਆਂ ਦੀ ਬਗ਼ਾਵਤ ਦੀ ਪਲੈਨ ਨਾਲ ਤਾਂ ਪੂਰੀ ਸਹਿਮਤੀ ਪ੍ਰਗਟਾਈ ਅਤੇ ਇਸ ਵਿਚ ਸ਼ਾਮਲ ਹੋਣ ਦੀ ਹਾਮੀ ਵੀ ਭਰੀ, ਪਰ ਉਹ ਇਸ ਮਾਮਲੇ ਵਿਚ ਪਹਿਲ ਕਰਨ ਤੋਂ ਝਿਜਕ ਮੰਨ ਗਏ। ਉਨ੍ਹਾਂ ਇਹ ਸ਼ਰਤ ਲਾ ਦਿੱਤੀ ਕਿ ਮੈਗ਼ਜ਼ੀਨਾਂ ਉੱਤੇ ਹਮਲਾ ਕਰਨ ਦੀ ਪਹਿਲ ਗ਼ਦਰੀਆਂ ਦੇ ਆਪਣੇ ਬੰਦੇ ਕਰਨ ਅਤੇ ਉਹ ਮਗਰੇ ਹੀ ਇਸ ਵਿਚ ਸ਼ਾਮਲ ਹੋ ਜਾਣਗੇ। ਗ਼ਦਰੀ ਇਨਕਲਾਬੀ ਮੈਗ਼ਜ਼ੀਨਾਂ ਉੱਤੇ ਖ਼ਾਲੀ ਹੱਥੀਂ ਹਮਲਾ ਨਹੀਂ ਕਰ ਸਕਦੇ ਸਨ। ਇਸ ਵਾਸਤੇ ਕਾਫ਼ੀ ਮਾਤਰਾ ਵਿਚ ਹਥਿਆਰ ਚਾਹੀਦੇ ਸਨ, ਪਰ ਖੜੇ ਪੈਰ ਹਥਿਆਰਾਂ ਦਾ ਇੰਤਜ਼ਾਮ ਕਰਨਾ ਸੌਖਾ ਨਹੀਂ ਸੀ। ਉਧਰ ਸਮਾਂ ਵੀ ਖੁੱਲ੍ਹਾ ਨਹੀਂ ਸੀ । ਸਾਰਾ ਕੁਝ ਦਿਨਾਂ ਤੇ ਹੱਦ ਹਫ਼ਤਿਆਂ ਵਿਚ ਹੀ ਕਰਨਾ ਪੈਣਾ ਸੀ। ਹਾਲਤਾਂ ਜਿੰਨੀਆਂ ਮਰਜ਼ੀ ਬੇਵਫ਼ਾ ਹੋ ਗਈਆਂ ਸਨ ਪਰ ਗ਼ਦਰੀ ਹਾਰ ਮੰਨਣ ਵਾਲੇ ਨਹੀਂ ਸਨ। ਉਨ੍ਹਾਂ ਨੂੰ ਗੁਰੂਆਂ ਨੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦਾ ਵਰ ਬਖ਼ਸ਼ਿਆ ਹੋਇਆ ਸੀ । ਸ਼ਚਿੰਦਰਨਾਥ ਸਾਨਿਆਲ ਨੇ ਸਹਿਜ ਭਾਅ ਹੀ ਬੰਦੀ ਜੀਵਨ ਵਿਚ ਕਰਤਾਰ ਸਿੰਘ ਸਰਾਭਾ ਦੀ ਇਸ ਸਿੱਖ ਸਪਿਰਟ ਦਾ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਜਦੋਂ ਉਹ ਪਹਿਲੀ ਵਾਰ ਪੰਜਾਬ ਆਇਆ ਤਾਂ ਜਲੰਧਰ ਉਸ ਦੀ ਗ਼ਦਰ ਪਾਰਟੀ ਦੇ ਕਈ ਬੰਦਿਆਂ ਨਾਲ ਇਕੱਠਿਆਂ ਹੀ ਗੱਲਬਾਤ ਹੋਈ । ਉਸ ਨੇ ਆਪਣੇ ਕ੍ਰਾਂਤੀਕਾਰੀ ਦਲ ਦੇ ਦਸਤੂਰ ਮੁਤਾਬਕ ਉਨ੍ਹਾਂ ਨੂੰ ਮੁਖ਼ਾਤਬ ਹੋ ਕੇ ਕਿਹਾ, “ਜਿਹੜੇ ਤੁਹਾਡੇ ਅਸਲੀ ਨੇਤਾ ਨੇ, ਮੈਂ ਉਨ੍ਹਾਂ ਨਾਲ ਹੀ ਗੱਲਬਾਤ ਅਤੇ ਜਾਣ-ਪਛਾਣ ਕਰਨਾ ਚਾਹਾਂਗਾ।” ਸਾਨਿਆਲ ਦੇ ਦੱਸਣ ਅਨੁਸਾਰ ਉਥੇ ਕਰਤਾਰ ਸਿੰਘ ਸਰਾਭਾ ਦੇ ਨਾਲ ਪ੍ਰਿਥਵੀ ਸਿੰਘ (ਲਾਲੜੂ) ਤੇ ਅਮਰ ਸਿੰਘ (ਦੋਵੇਂ ਰਾਜਪੂਤ) ਤੇ ਰਾਮ ਰੱਖਾ (ਬ੍ਰਾਹਮਣ) ਮੌਜੂਦ ਸਨ। ਅਮਰ ਸਿੰਘ ਨੇ ਸਾਨਿਆਲ ਦੇ ਸੁਆਲ ਦਾ ਜੁਆਬ ਦਿੰਦਿਆਂ ਕਿਹਾ, “ਸੱਚ. ਪੁੱਛੇ ਤਾਂ ਸਾਡੇ ਵਿਚ ਅਸਲੀ ਨੇਤਾ ਦੀ ਬਹੁਤ ਵੱਡੀ ਕਮੀ ਏ ਤੇ ਏਸੇ ਕਰਕੇ ਸਾਨੂੰ ਰਾਸ ਬਿਹਾਰੀ ਬੋਸ ਦੀ ਲੋੜ ਏ। ਇਥੇ ਜਿੰਨੇ ਵੀ ਵਿਅਕਤੀ ਹਨ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਏ, ਏਸੇ ਕਰਕੇ ਸਾਡੇ ਕੰਮ ਕਰਨ ਦਾ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਏ। ਬੰਗਾਲ ਵਿਚ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਕਾਫ਼ੀ ਤਜਰਬਾ ਹੋ ਗਿਆ ਏ।” ਕਰਤਾਰ ਸਿੰਘ (ਸਰਾਭਾ) ਨੇ ਵੀ ਏਸ ਗੱਲ ਦੀ ਹਾਮੀ ਭਰੀ ਪਰ ਅਮਰ ਸਿੰਘ ਵੱਲ ਇਸ਼ਾਰਾ ਕਰ ਕੇ ਕਹਿਣ ਲੱਗਾ, “ਦੇਖੋ ਭਾਈ, ਏਦਾਂ ਹਿੰਮਤ ਕਿਉਂ ਹਾਰਦੇ ਓ ? ਜਦੋਂ ਲੋੜ ਪਈ ਤਾਂ ਦੇਖਿਓ ਤੁਹਾਡੇ ਵਿੱਚੋਂ ਕਿੰਨਿਆਂ ਨੇ ਛੁਪੇ ਰੁਸਤਮ ਨਿਕਲਣਾ ਏ।” ਇਸ ‘ਚੋਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅਮਰ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੇ ਨਜ਼ਰੀਏ ਵਿਚ ਕਿੰਨਾ ਵੱਡਾ ਪਾੜਾ ਸੀ। ਅਜਿਹੇ ਕੰਮਾਂ ਲਈ ਜਿਸ ਕਿਸਮ ਦਾ ਆਤਮ-ਵਿਸ਼ਵਾਸ ਚਾਹੀਦਾ ਹੈ, ਅਮਰ ਸਿੰਘ ਵਿਚ ਉਹ ਨਹੀਂ ਸੀ। ਇਸ ਕਰਕੇ ਬਾਅਦ ਵਿਚ ਇਹੀ ਅਮਰ ਸਿੰਘ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਕਰਤਾਰ ਸਿੰਘ ਸਰਾਭਾ ਨੂੰ ਪਤਾ ਸੀ ਕਿ ਇਨਕਲਾਬੀ ਸੰਘਰਸ਼ ਲੋਕਾਂ ਅੰਦਰ ਸੁੱਤੀਆਂ ਪਈਆਂ ਸ਼ਕਤੀਆਂ ਨੂੰ ਝੂਣ ਕੇ ਜਗਾ ਦਿੰਦਾ ਹੈ। ਉਹ ਆਪ ਵੀ ਇਸ ਤਰ੍ਹਾਂ ਹੀ ਜਾਗਿਆ ਸੀ, ਜਦੋਂ ਅਮਰੀਕਾ ਵਿਚ ਇਕ ਰਾਤ ਉਸ ਨੂੰ ਆਪਣੀ ਬਾਂਹ ‘ਤੇ ਲੱਗੀ ਸੱਟ ਦਾ ਇਲਾਜ ਕਰਾਉਣ ਲਈ ਇਕ ‘ਡਰੱਗ ਸਟੋਰ’ ‘ਤੇ ਜਾਣਾ ਪੈ। ਗਿਆ ਸੀ ਅਤੇ ਉਥੇ ਇਤਫ਼ਾਕ ਨਾਲ ਉਸ ਦਾ ਮੇਲ ਦਵਾਈਆਂ ਬਣਾਉਣ ਦੀ ਪੜ੍ਹਾਈ ਕਰ ਰਹੇ ਭਾਈ ਪਰਮਾਨੰਦ (ਲਾਹੌਰ) ਨਾਲ ਹੋ ਗਿਆ ਸੀ। ਭਾਈ ਸਾਹਿਬ ਨੇ ਉਸ ਨਾਲ ਭਾਰਤ ਦੇ ਇਤਿਹਾਸ ਬਾਰੇ ਗੱਲਾਂ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਛੇੜ ਦਿੱਤਾ ਸੀ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਬਿਲਕੁਲ ਮੁਰਦਾ ਹੋ ਚੁੱਕੀ ਜਾਤੀ ਅੰਦਰ ਲੜਨ ਦਾ ਜਜ਼ਬਾ ਪੈਦਾ ਕਰਨ ਤੇ ‘ਚਿੜੀਆਂ ਤੋਂ ਬਾਜ਼’ ਤੁੜਾਉਣ ਦਾ ਚਮਤਕਾਰ ਕਰ ਦਿਖਾਇਆ ਸੀ ਅਤੇ ਸਿਰ ਕਟਾਉਣ ਦੀ ਜੱਗ ਅੰਦਰ ਨਿਰਾਲੀ ਰੀਤ ਤੋਰ ਦਿੱਤੀ ਸੀ, ਆਪਣਾ ਸਾਰਾ ਸਰਬੰਸ – ਪਿਤਾ, ਮਾਂ ਤੇ ਚਾਰੇ ਪੁੱਤਰ – ਵਾਰ ਕੇ ਇਤਿਹਾਸ ਅੰਦਰ ਨਿਰਾਲਾ ਕਾਂਡ ਰਚ ਦਿੱਤਾ ਸੀ, ਅਤੇ ਲੋਕਾਂ ਨੂੰ ਜੀਵਨ ਦਾ ਮੋਹ ਛੱਡ ਕੇ ਮਰਨ ਦੀ ਅਜਿਹੀ ਜਾਚ ਸਿਖਾ ਦਿੱਤੀ ਸੀ ਕਿ ਇਸ ਤੋਂ ਬਾਅਦ ਭਾਰਤ ਦੇ ਇਤਿਹਾਸ ਦਾ ਮੂੰਹ-ਮੁਹਾਂਦਰਾ ਹੀ ਬਦਲ ਗਿਆ ਸੀ। ਭਾਈ ਪਰਮਾਨੰਦ ਦੀ ਇਸ ਗੱਲਬਾਤ ਸਦਕਾ ਕਰਤਾਰ ਸਿੰਘ ਸਰਾਭਾ ਦੇ ਅੰਦਰ ਸੁੱਤੀ ਹੋਈ ਸਿੱਖ ਸਪਿਰਟ ਇਕਦਮ ਜਾਗ ਉੱਠੀ ਸੀ ਅਤੇ ਉਸ ਨੇ ਉਸੇ ਰਾਤ ਹੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਰਸਾਏ ਰਸਤੇ ਉੱਤੇ ਚੱਲਣ ਦਾ ਫ਼ੈਸਲਾ ਕਰ ਲਿਆ ਸੀ। ਵੇਲੇ ਦੇ ਠੋਸ ਪ੍ਰਸੰਗ ਵਿਚ ਗੁਰੂ ਦੇ ਦਰਸਾਏ ਰਾਹ ‘ਤੇ ਅੱਗੇ ਵਧਣ ਲਈ ਭਾਰਤ ਅੰਦਰ ਅੰਗਰੇਜ਼ਸ਼ਾਹੀ ਨਾਲ ਦੋ ਹੱਥ ਕਰਨੇ ਜ਼ਰੂਰੀ ਬਣ ਗਏ ਸਨ। ਇਸ ਵਾਸਤੇ ਗ਼ਦਰੀਆਂ ਨੇ ਭਾਰਤ ਅੰਦਰ ਰਾਸ਼ਟਰਵਾਦੀ ਤਾਕਤਾਂ ਨਾਲ ਰਲ ਕੇ ਸਾਂਝੀ ਲੜਾਈ ਲੜਨ ਦਾ ਰਾਜਸੀ ਪੈਂਤੜਾ ਧਾਰਨ ਕੀਤਾ ਸੀ। ਅਮਰ ਸਿੰਘ ਤੇ ਕਰਤਾਰ ਸਿੰਘ ਵਿਚਕਾਰ ਇਹੀ ਵੱਡਾ ਫ਼ਰਕ ਸੀ, ਅਮਰ ਸਿੰਘ ਬੰਗਾਲ ਵਿੱਚੋਂ ਆਪਣੇ ਆਗੂ ਭਾਲਦਾ ਸੀ ਅਤੇ ਕਰਤਾਰ ਸਿੰਘ ਸਰਾਭਾ ਹੁਰੀਂ ਆਰਜ਼ੀ ਤੌਰ ‘ਤੇ ਆਪਣੇ ਰਾਜਸੀ ਭਿਆਲ ਲੱਭ ਰਹੇ ਸਨ।

? ਕਰਤਾਰ ਸਿੰਘ ਸਰਾਭਾ ਦਾ ਇਹ ਪੱਖ ਪਹਿਲਾਂ ਕਦੇ ਸਾਹਮਣੇ ਨਹੀਂ ਆਇਆ। ਇਤਿਹਾਸ ਵਿਚ ਉਸ ਨੂੰ ਨਿਰੋਲ ਦੇਸ਼ਭਗਤ ਵਜੋਂ ਹੀ ਪੇਸ਼ ਕੀਤਾ ਗਿਆ ਹੈ। ਜਿਸ ਦ੍ਰਿਸ਼ਟੀਕੋਣ ਤੋਂ ਤੁਸੀਂ ਉਸ ਨੂੰ ਪੇਸ਼ ਕਰ ਰਹੇ ਹੋ, ਕੀ ਇਹ ਖੱਬੇ ਪੱਖੀ ਤਾਕਤਾਂ ਨੂੰ ਹਜ਼ਮ ਹੋ ਸਕੇਗਾ ?

ਸਿਰਫ਼ ਸਰਾਭਾ ਨੂੰ ਹੀ ਨਹੀਂ, ਇਤਿਹਾਸ ਅੰਦਰ ਸਾਰੀ ਗ਼ਦਰ ਲਹਿਰ ਨੂੰ ਹੀ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਗ਼ਦਰੀਆਂ ਦੀ ਸਿੱਖੀ ਸਪਿਰਟ ਵਿੱਚੋਂ ਪੈਦਾ ਹੋਈ ਧਾਰਮਿਕ ਫ਼ਰਾਖ਼ਦਿਲੀ ਨੂੰ ‘ਧਰਮ ਨਿਰਪੱਖਤਾ’ ਦਾ ਨਾਂ ਦੇਣਾ, ਗ਼ਦਰ ਲਹਿਰ ਤੇ ਗ਼ਦਰੀਆਂ ਦਾ ਰਾਸ਼ਟਰੀਕਰਨ ਕਰਨਾ ਹੈ। ਇਹ ਉਨ੍ਹਾਂ ਨਾਲ ਘੋਰ ਬੇਇਨਸਾਫ਼ੀ ਹੈ। ਇਹ ਭਾਰਤ ਦੇ ਉੱਚ ਜਾਤੀ ਹਿੰਦੂ ਵਰਗਾਂ ਦਾ ਪੈਂਤੜਾ ਹੈ, ਜੀਹਨੂੰ ਖੱਬੇ ਪੱਖੀਏ, ਕੁਛ ਆਪਣੀ ਅਗਿਆਨਤਾ ਕਰਕੇ ਤੇ ਕੁਛ ਧਰਮ ਬਾਰੇ ਮਨਾਂ ਅੰਦਰ ਭਰੀ ਹੋਈ ਜ਼ਹਿਰ ਕਰਕੇ, ਅੰਨ੍ਹੇਵਾਹ ਬੁਲੰਦ ਕਰ ਰਹੇ ਹਨ। ਗ਼ਦਰ ਪਾਰਟੀ ਦੇ ਇਤਿਹਾਸ ਅੰਦਰ ਪਏ ਜਾਂ ਪਾਏ ਗਏ ਇਸ ਵਲ ਨੂੰ ਕੱਢਣਾ ਜ਼ਰੂਰੀ ਹੈ। ਇਸ ਨਾਲ ਕਿਸੇ ਦਾ ਹਾਜ਼ਮਾ ਖ਼ਰਾਬ ਹੁੰਦਾ ਹੈ ਤਾਂ ਪਿਆ ਹੋਈ ਜਾਵੇ। ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰੀਏ।

ਹਾਂ, ਆਪਾਂ ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰ ਰਹੇ ਸੀ ਕਿ ਉਹ ਗੁਰੂਆਂ ਵੱਲੋਂ ਦਰਸਾਏ ਮਾਰਗ ਦਾ ਪਾਂਧੀ ਕਿਵੇਂ ਬਣਿਆ ਸੀ, ਜਿਸ ਨਾਲ ਉਸ ਅੰਦਰ ਕਮਾਲ ਦਾ ਆਤਮ-ਵਿਸ਼ਵਾਸ ਤੇ ਲੋਹੜੇ ਦਾ ਤੇਜੱਸਵ ਪੈਦਾ ਹੋ ਗਿਆ ਸੀ। ਉਹ ਜਿਸ ਨੂੰ ਮਿਲਦਾ ਸੀ, ਉਹ ਉਸ ਦਾ ਹੀ ਹੋ ਜਾਂਦਾ ਸੀ। ਉਹ ਜਿਵੇਂ ਆਪ ਜਾਗਿਆ ਸੀ, ਹੋਰਨਾਂ ਨੂੰ ਵੀ ਉਵੇਂ ਜਗਾਉਂਦਾ ਸੀ। ਜੇਕਰ ਭਾਈ ਪਰਮਾਨੰਦ ਨੇ ਉਸ ਨੂੰ ਅੰਗਰੇਜ਼ਾਂ ਵੱਲੋਂ ਭਾਰਤ ਦੀ ਹੋ ਰਹੀ ਆਰਥਿਕ ਲੁੱਟ ਬਾਰੇ ਅੰਕੜੇ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੁੰਦਾ ਤਾਂ ਉਸ ਨੇ ਏਨੀ ਛੇਤੀ ਤੇ ਏਸ ਤਰੀਕੇ ਨਾਲ ਕਦਾਚਿਤ ਨਹੀਂ ਜਾਗਣਾ ਸੀ। ਉਸ ਨੂੰ ਵਿਰਸੇ ਨੇ ਝੰਜੋੜਿਆ ਸੀ ਤੇ ਉਹ ਹੋਰਨਾਂ ਨੂੰ ਵੀ ਇਸੇ ਤਰ੍ਹਾਂ ਝੰਜੋੜ ਰਿਹਾ ਸੀ। ਉਹ ਇਸ ਵਿਚ ਕਈ ਵਾਰ ਤਾਂ ਕਰਾਮਾਤ ਦੀ ਹੱਦ ਤਕ ਸਫਲ ਹੋ ਜਾਂਦਾ ਸੀ। ਆਪਾਂ ਗ਼ਦਰੀਆਂ ਸਾਹਮਣੇ ਮੈਗਜ਼ੀਨਾਂ ਉੱਤੇ ਹਮਲੇ ਕਰਨ ਦੇ ਰਾਹ ਵਿਚ ਆ ਖੜੀ ਹੋਈ ਅਣਕਿਆਸੀ ਮੁਸ਼ਕਲ ਦੀ ਗੱਲ ਕਰ ਰਹੇ ਸੀ। ਸਰਾਭੇ ਦੀ ਸਾਰੀ ਸੁਰਤ ਇਸ ਮੁਸ਼ਕਲ ਨੂੰ ਹੱਲ ਕਰਨ ਉੱਤੇ ਕੇਂਦਰਿਤ ਹੋ ਗਈ ਸੀ। ਸੱਚੇ ਸਿੱਖ ਵਾਂਗ ਉਸ ਨੂੰ ਗੁਰੂ ਦੀ ਮਿਹਰ ਤੇ ਨਾਮ ਦਾ ਅਡੋਲ ਆਸਰਾ ਸੀ। ਇਕ ਦਿਨ ਉਹ ਰੇਲ ਰਾਹੀਂ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਿਹਾ ਸੀ। ਉਸ ਦੀ ਨਜ਼ਰ ਡੱਬੇ ਅੰਦਰ ਬੈਠੇ ਇਕ ਸਿੱਖ ਫ਼ੌਜੀ ਉੱਤੇ ਪਈ। ਉਹ ਉਸ ਦੇ ਕੋਲ ਜਾ ਕੇ ਬਹਿ ਗਿਆ ਅਤੇ ਉਸ ਨਾਲ ਆਮ ਗੱਲਬਾਤ ਕਰਨ ਲੱਗ ਪਿਆ। ਗੱਲਬਾਤ ‘ਚੋਂ ਪਤਾ ਚੱਲਿਆ ਕਿ ਉਹ ਫ਼ੌਜ ਵਿਚ ਹਵਾਲਦਾਰ ਸੀ ਤੇ ਉਸ ਦੀ ਡਿਊਟੀ ਮੀਆਂਮੀਰ ਦੇ ਮੈਗ਼ਜ਼ੀਨ ਉੱਤੇ ਲੱਗੀ ਹੋਈ ਸੀ। ਮੀਆਂਮੀਰ ਦੇ ਮੈਗ਼ਜ਼ੀਨ ਦੇ ਜ਼ਿਕਰ ਨਾਲ ਸਰਾਭੇ ਦੀਆਂ ਅੱਖਾਂ ਅੰਦਰ ਇਕ ਦਮ ਚਮਕ ਪੈਦਾ ਹੋ ਗਈ। ਇਸ ਤੋਂ ਬਾਅਦ ਵਾਹਿਗੁਰੂ ਜਾਣੇ ਉਸ ਨੇ ਸਿੱਖ ਹਵਾਲਦਾਰ ਨਾਲ ਕਿਹੜੀਆਂ ਗੱਲਾਂ ਕੀਤੀਆਂ ਕਿ ਜਦੋਂ ਉਹ ਜਲੰਧਰ ਜਾ ਕੇ ਇਕ ਦੂਜੇ ਤੋਂ ਵਿਦਾ ਹੋਏ ਤਾਂ ਹੌਲਦਾਰ ਨੇ ਸਰਾਭੇ ਨਾਲ ਪੱਕੀ ਕਰ ਲਈ ਕਿ ਉਹ ਜਿਸ ਰਾਤ ਚਾਹੇ ਉਸ ਕੋਲੋਂ ਆ ਕੇ ਮੈਗਜ਼ੀਨ ਦੀਆਂ ਚਾਬੀਆਂ ਲੈ ਸਕਦਾ ਸੀ। ਇਹ ਕਦਾਚਿਤ ਨਹੀਂ ਹੋ ਸਕਦਾ ਕਿ ਸਰਾਭੇ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਕਰਕੇ ਭਾਰਤ ਦੀ ਹੋਈ ਆਰਥਿਕ ਦੁਰਦਸ਼ਾ ਦਾ ਵਾਸਤਾ ਪਾ ਕੇ ਉਸ ਨੂੰ ਏਡੇ ਵੱਡੇ ਕੰਮ ਲਈ ਰਾਜ਼ੀ ਕਰ ਲਿਆ ਹੋਵੇ। ਪਰ ਜਿਵੇਂ ਮਰਜ਼ੀ ਹੋਇਆ, ‘ਅੰਨ੍ਹਾ ਕੀ ਭਾਲੇ ਦੋ ਅੱਖਾਂ’ ਦੀ ਕਹਾਵਤ ਸੱਚੀ ਹੋ ਗਈ ਸੀ। ਕਰਤਾਰ ਸਿੰਘ ਸਰਾਭਾ ਨੇ ਉਸੇ ਵੇਲੇ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਮੀਆਂਮੀਰ ਦਾ ਮੈਗਜ਼ੀਨ ਲੁੱਟਣ ਦੀ ਪਲੈਨ ਬਣ ਗਈ। ਇਸ ਵਾਸਤੇ ਤਰੀਕ ਮਿਥ ਲਈ ਗਈ ਤੇ ਸਾਰੇ ਬੰਦਿਆਂ ਦੀਆਂ ਡਿਊਟੀਆਂ ਤਹਿ ਹੋ ਗਈਆਂ। ਅਮਰੀਕਾ ਤੋਂ ਆਏ ਗ਼ਦਰੀ ਨਵਾਬ ਖ਼ਾਨ ਤੇ ਉਸ ਦੇ ਸਾਥੀਆਂ ਦੀ ਡਿਊਟੀ ਰੇਲ ਦੀ ਪਟੜੀ ਉਖਾੜਨ ਉੱਤੇ ਲਾਈ ਗਈ, ਤਾਂ ਜੋ ਬਗ਼ਾਵਤ ਨੂੰ ਦਬਾਉਣ ਲਈ ਬਾਹਰੋਂ ਫ਼ੋਰਸ ਲਾਹੌਰ ਨਾ ਆ ਸਕੇ। ਕਰਤਾਰ ਸਿੰਘ ਸਰਾਭਾ ਨੇ ਤਾਰ-ਸੰਚਾਰ ਦੀਆਂ ਲਾਈਨਾਂ ਕੱਟਣ ਦਾ ਇੰਤਜ਼ਾਮ ਕਰ ਲਿਆ। ਸ਼ੰਘਾਈ ਪੁਲਿਸ ਦੀ ਨੌਕਰੀ ਛੱਡ ਕੇ ਆਏ ਭਾਈ ਗੁੱਜਰ ਸਿੰਘ ਭਕਨਾ ਤੇ ਉਸ ਦੇ ਜਥੇ ਨੇ ਮੈਗ਼ਜ਼ੀਨ ਲੁੱਟ ਕੇ ਛਾਉਣੀ ਅੰਦਰਲੇ ਗੋਰੇ ਫ਼ੌਜੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਨਕਾਰਾ ਕਰਨਾ ਸੀ ਅਤੇ ਇਸ ਉਪਰੰਤ 23 ਨੰਬਰ ਰਸਾਲੇ ਨੇ ਬਗ਼ਾਵਤ ਦਾ ਬਿਗਲ ਵਜਾ ਦੇਣਾ ਸੀ । ਮਿੱਥੇ ਦਿਨ ਤਕ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ। ਗ਼ਦਰੀਆਂ ਦਾ ਜਥਾ ਰਾਤ ਦੇ ਹਨੇਰੇ ਵਿਚ ਮੀਆਂਮੀਰ ਦੇ ਸਟੇਸ਼ਨ ਦੇ ਲਾਗੇ ਸਰਕੜਿਆਂ ਵਿਚ ਸ਼ਹਿ ਲਾ ਕੇ ਬੈਠ ਗਿਆ ਅਤੇ ਇਸ਼ਾਰੇ ਦੀ ਉਡੀਕ ਕਰਨ ਲੱਗਾ। ਪਰ ਓਹੀ ਗੱਲ ਹੋਈ, ਹੋਣੀ ਨੇ ਗ਼ਦਰੀਆਂ ਨਾਲ ਇਕ ਹੋਰ ਛਲ ਕੀਤਾ। ਜਿਹੜੇ ਹਵਾਲਦਾਰ ਨੇ ਮੈਗ਼ਜ਼ੀਨ ਦੀਆਂ ਚਾਬੀਆਂ ਗ਼ਦਰੀਆਂ ਦੇ ਹਵਾਲੇ ਕਰਨੀਆਂ ਸਨ, ਉਸ ਦੀ ਅਚਾਨਕ ਲਾਹੌਰ ਤੋਂ ਬਦਲੀ ਹੋ ਗਈ ਸੀ, ਜਿਸ ਦਾ ਪਤਾ ਗ਼ਦਰੀਆਂ ਨੂੰ ਉਸੇ ਰਾਤ ਐਨ ਮੌਕੇ ‘ਤੇ ਜਾ ਕੇ ਹੀ ਲੱਗਿਆ ਸੀ । ਸਾਰੀ ਸਕੀਮ ਧਰੀ ਧਰਾਈ ਰਹਿ ਗਈ। ਸਾਰੀ ਕੀਤੀ ਕਰਾਈ ਉੱਤੇ ਪਾਣੀ ਫਿਰ ਗਿਆ ਸੀ । ਕੋਈ ਆਮ ਬੰਦਾ ਹੁੰਦਾ ਤਾਂ ਇਸ ਸੱਟ ਦੀ ਮਧੋਲ ਸਦਕਾ ਉਸ ਨੇ ਕਈ ਦਿਨਾਂ ਤਕ ਮੰਜੇ ਤੋਂ ਨਹੀਂ ਉੱਠ ਸਕਣਾ ਸੀ, ਪਰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਦੀ ਸਪਿਰਟ ਨੇ ਹਾਰ ਮੰਨਣੀ ਨਹੀਂ ਸੀ ਸਿੱਖੀ ਹੋਈ। ਉਨ੍ਹਾਂ ਨੇ ਅਨੰਦਪੁਰ ਤੇ ਚਮਕੌਰ ਦੀਆਂ ਜੰਗਾਂ ਦੇ ਬ੍ਰਿਤਾਂਤ ਪੜ੍ਹੇ ਤੇ ਸੁਣੇ ਹੋਏ ਸਨ। ਇਸ ਕਰਕੇ ਇਕ ਸਕੀਮ ਫ਼ੇਲ੍ਹ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਬਦਲਵੀਆਂ ਸਕੀਮਾਂ ਘੜ ਲਈਆਂ।

ਮੀਆਂਮੀਰ ਤੇ ਫ਼ਿਰੋਜ਼ਪੁਰ ਦੇ ਅਸਲੇ ਦੇ ਭੰਡਾਰਾਂ ਉੱਤੇ ਇੱਕੋ ਮੌਕੇ ਹਮਲਾ ਕਰਨ ਲਈ 23 ਨਵੰਬਰ ਨੂੰ ਬੱਦੋਵਾਲ ਤੇ ਝਾੜ ਸਾਹਿਬ ਵਿਖੇ ਗ਼ਦਰੀ ਕਾਰਕੁੰਨਾਂ ਦੇ ਵੱਡੇ ਇਕੱਠ ਬੁਲਾਏ ਗਏ। ਮੀਆਂਮੀਰ ਦੇ 23ਵੇਂ ਰਸਾਲੇ ਦੇ ਕੁਝ ਪੱਕੇ ਬੰਦਿਆਂ ਦੀ ਸਹਾਇਤਾ ਨਾਲ ਹਮਲਾ ਕਰਨ ਦੀ ਸਕੀਮ ਬਣੀ ਸੀ। ਉਧਰ ਭਾਈ ਨਿਧਾਨ ਸਿੰਘ ਚੁੱਘਾ ਨੇ ਫ਼ਿਰੋਜ਼ਪੁਰ ਦੀ ਛਾਉਣੀ ਵਿਚ ਤੈਨਾਤ ਇਕ ਪਠਾਣ ਪਲਟਣ ਨਾਲ ਸੀਟੀ ਮਿਲਾ ਰੱਖੀ ਸੀ, ਜਿਨ੍ਹਾਂ ਨੇ ਆਪਣੇ ਹਥਿਆਰ ਗ਼ਦਰੀਆਂ ਦੇ ਹਵਾਲੇ ਕਰਨੇ ਮੰਨ ਲਏ ਸਨ। ਮੀਆਂਮੀਰ ਦੇ ਹਮਲੇ ਲਈ 26 ਦੀ ਰਾਤ ਨੂੰ ਝਾੜ ਸਾਹਿਬ ਦੇ ਗੁਰਦੁਆਰੇ ਅੰਦਰ ਇਕੱਠੇ ਹੋਣ ਦਾ ਫ਼ੈਸਲਾ ਹੋਇਆ, ਜਿਸ ਵਿਚ ਰਸਾਲੇ ਦੇ ਕੁਝ ਘੋੜਸਵਾਰਾਂ ਨੇ ਵੀ ਹਾਜ਼ਰ ਹੋਣਾ ਸੀ। ਪਰ ਇਸ ਰਸਾਲੇ ਦੇ ਮੂਲ ਸਿੰਘ ਗ੍ਰੰਥੀ, ਜਿਹੜਾ ਉਪਰਲੇ ਮਨੋਂ ਗ਼ਦਰੀਆਂ ਦਾ ਹਮਾਇਤੀ ਸੀ, ਨੇ ਆਪਣੀ ਘਟੀਆ ਬਿਰਤੀ ਦੀ ਵਜ੍ਹਾ ਕਰਕੇ, ਕਿਵੇਂ ਨਾ ਕਿਵੇਂ, ਘੋੜ ਸਵਾਰਾਂ ਨੂੰ ਝਾੜ ਸਾਹਿਬ ਦੀ ਮੀਟਿੰਗ ਵਿਚ ਜਾਣ ਤੋਂ ਵਰਜ ਦਿੱਤਾ। ਘੋੜ ਸਵਾਰਾਂ ਦੇ ਨਾ ਪਹੁੰਚਣ ਕਰਕੇ ਗ਼ਦਰੀ ਅੱਧੀ ਰਾਤ ਤੋਂ ਮਗਰੋਂ ਨਿਰਾਸ਼ ਹੋ ਕੇ ਖਿੰਡ ਪੁੰਡ ਗਏ। ਕੁਝ ਸਵਾਰ ਰਾਤ ਦੇ ਚਾਰ ਵਜੇ ਮੀਟਿੰਗ ਵਾਲੀ ਜਗ੍ਹਾ ਪੁੱਜੇ ਪਰ ਉਦੋਂ ਤਕ ਸਾਰੇ ਜਾ ਚੁੱਕੇ ਸਨ।

ਪਰ ਗ਼ਦਰੀ ਹਾਰ ਮੰਨਣ ਵਾਲੇ ਨਹੀਂ ਸਨ । ਉਹ ਅਗਲੀ ਰਾਤ ਮੁੜ ਕੈਰੋਂ ਦੇ ਬੇਹ ‘ਤੇ ਇਕੱਠੇ ਹੋ ਗਏ। ਇਕ ਵੀ ਬੰਦਾ ਘਟਿਆ ਨਹੀਂ ਸੀ, ਸਗੋਂ ਪਿਛਲੀ ਰਾਤ ਨਾਲੋਂ ਵੀ ਵੱਧ ਬੰਦੇ ਪਹੁੰਚੇ। ਲੰਮੀਆਂ ਚੌੜੀਆਂ ਵਿਚਾਰਾਂ ਹੋਈਆਂ ਕਿ ਹਮਲਾ ਕਿਵੇਂ ਕੀਤਾ ਜਾਵੇ ? ਪਰ ਹਥਿਆਰਾਂ ਦੀ ਸਮੱਸਿਆ ਉਥੇ ਦੀ ਉਥੇ ਖੜੀ ਸੀ । ਰਸਾਲੇ ਦੇ ਸਵਾਰ ਨਾਲ ਲੈਣ ਦੀ ਯੋਜਨਾ ਵੀ ਮੂਲ ਸਿੰਘ ਦੀ ਵਜ੍ਹਾ ਕਰਕੇ ਖਟਾਈ ਵਿਚ ਪੈ ਗਈ ਸੀ। ਅਖੀਰ ਨੂੰ ਫ਼ੈਸਲਾ ਹੋਇਆ ਕਿ ਕੱਚੇ ਪੈਰੀਂ ਵੱਡਾ ਪੰਗਾ ਲੈਣ ਦੀ ਥਾਂ ਪਹਿਲਾਂ ਹਥਿਆਰਾਂ ਦਾ ਇੰਤਜ਼ਾਮ ਕੀਤਾ ਜਾਵੇ ਤੇ ਫਿਰ ਥੋੜ੍ਹਾ ਪੱਕੇ ਪੈਰੀਂ ਹੋ ਕੇ ਹਮਲਾ ਕੀਤਾ ਜਾਵੇ। ਹਥਿਆਰਾਂ ਦੀ ਮੁਸ਼ਕਲ ਹੱਲ ਕਰਨ ਵਾਸਤੇ ਪੁਲਿਸ ਦੇ ਠਾਣਿਆਂ ਉੱਤੇ ਹਮਲੇ ਕਰ ਕੇ ਹਥਿਆਰ

ਲੁੱਟਣ ਦਾ ਫ਼ੈਸਲਾ ਹੋਇਆ, ਪਰ ਸਮੇਂ ਦਾ ਦਬਾਅ ਏਨਾ ਸੀ ਕਿ ਇਸ ਵਿਚ ਬਹੁਤਾ ਵਕਫ਼ਾ ਨਹੀਂ ਪਾਇਆ ਜਾ ਸਕਦਾ ਸੀ। ਇਸ ਕਰਕੇ ਜੋ ਵੀ ਕਰਨਾ ਸੀ, ਬਹੁਤ ਤੱਤ ਭੜੱਬੇ ਕਾਹਲੀ ਵਿਚ ਕਰਨ ਦੇ ਯਤਨ ਕੀਤੇ ਗਏ। ਕੈਰੋਂ ਦੇ ਥੇਹ ਤੋਂ ਅਗਲੇ ਦਿਨ ਸਿੱਧਾ ਸਰਹਾਲੀ ਜਾ ਕੇ ਠਾਣੇ ‘ਤੇ ਹਮਲਾ ਕਰਨ ਦੀ ਵਿਉਂਤ ਬਣਾਈ ਗਈ। ਪਰ ਪਤਾ ਚੱਲਿਆ ਕਿ ਉਸ ਵੇਲੇ ਗ਼ਦਰ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਠਾਣਿਆਂ ਦੇ ਬੂਹੇ ਦਿਨੇ ਵੀ ਬੰਦ ਰੱਖੇ ਜਾਂਦੇ ਸਨ। ਇਸ ਕਰਕੇ ਸੁਆਲ ਖੜਾ ਹੋ ਗਿਆ ਕਿ ਸਰਹਾਲੀ ਦੇ ਠਾਣੇ ਦਾ ਬੂਹਾ ਕਿਵੇਂ ਖੁਲ੍ਹਾਇਆ ਜਾਵੇ। ਕਿਸੇ ਨੇ ਦੱਸਿਆ ਕਿ ਇਸ ਕੰਮ ਵਿਚ ਦਦੇਹਰ ਪਿੰਡ ਦੇ ਦਾਰੀ ਨਾਉਂ ਦੇ ਬਦਮਾਸ਼ ਦੀ ਮੱਦਦ ਲਈ ਜਾ ਸਕਦੀ ਸੀ। ਪਿੰਡ ਜਾ ਕੇ ਦਾਰੀ ਬਦਮਾਸ਼ ਦਾ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਕਿਤੇ ਵਾਂਢੇ ਗਿਆ ਹੋਇਆ ਸੀ। ਇਸ ਕਰਕੇ ਠਾਣੇ ‘ਤੇ ਹਮਲੇ ਦੀ ਪਲੈਨ ਤਿਆਗਣੀ ਪਈ। ਹੁਣ ਇਸ ਸਾਰੀ ਕਹਾਣੀ ‘ਚੋਂ ਕੀ ਨਤੀਜਾ ਨਿਕਲ ਸਕਦਾ ਹੈ ਕਿ ਗ਼ਦਰੀਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਪਹਿਲਾਂ ਕਿਉਂ ਨਾ ਸੋਚਿਆ ? ਜਾਂ ਉਨ੍ਹਾਂ ਦੇ ਇਹ ਫ਼ੈਸਲੇ ਕਿਸੇ ਡੂੰਘੀ ਸੋਚ ਵਿਚਾਰ ਵਿੱਚੋਂ ਨਹੀਂ ਨਿਕਲੇ ਸਨ, ਐਵੇਂ ਕਾਹਲੀ ਵਿਚ ਕੱਚੇਂ ਪੈਰੀਂ ਕੀਤੇ ਗਏ ਸਨ ? ਅਜਿਹਾ ਜੋ ਮਰਜ਼ੀ ਕਿਹਾ ਜਾ ਸਕਦਾ ਹੈ। ਪਰ ਗ਼ਦਰੀਆਂ ਸਾਹਮਣੇ ਬਹੁਤ ਥੋੜ੍ਹੇ ਰਾਹ ਬਚੇ ਸਨ । ਉਨ੍ਹਾਂ ਨੂੰ ਪਤਾ ਸੀ ਕਿ ਬਗ਼ਾਵਤ ਲਈ ਜਿੰਨੀ ਤਿਆਰੀ ਦੀ ਲੋੜ ਸੀ, ਓਨੀ ਤਿਆਰੀ ਨਹੀਂ ਸੀ। ਪਰ ਤਿਆਰੀ ਕਰਨ ਲਈ ਸਮਾਂ ਕਿਹੜਾ ਸੀ ? ਇਸ ਕਰਕੇ ਉਨ੍ਹਾਂ ਦੇ ਸਾਹਮਣੇ ਦੋ ਹੀ ਰਾਹ ਸਨ। ਜਾਂ ਤਾਂ ਉਹ ਉਸ ਘੜੀ ਬਗ਼ਾਵਤ ਦਾ ਖ਼ਿਆਲ ਹੀ ਤਿਆਗ ਦਿੰਦੇ ਅਤੇ ਆਰਾਮ ਨਾਲ ਕਿਸੇ ਅਗਲੇ ਗੇੜ ਦੀ ਲੜਾਈ ਲਈ ਧੀਮੀ ਤਿਆਰੀ ਵਿੱਢ ਦਿੰਦੇ ਅਤੇ ਜਾਂ ਜਿੰਨੀ ਕੁ ਤੇ ਜਿਹੋ ਜਿਹੀ ਵੀ ਤਿਆਰੀ ਸੀ, ਉਸ ਨਾਲ ਹੀ ਅੱਗੇ ਵਧਣ ਦਾ ਯਤਨ ਕਰਦੇ। ਬਿਨਾਂ ਸ਼ੱਕ ਮਗਰਲੀ ਗੱਲ ਵਿਚ ਵੱਡੇ ਖ਼ਤਰੇ ਸਨ ਅਤੇ ਜਿੱਤਣ ਨਾਲੋਂ ਹਾਰਨ ਦੇ ਚਾਨਸ (chance) ਜ਼ਿਆਦਾ ਸਨ, ਪਰ ਇਨ੍ਹਾਂ ਸਾਰੀਆਂ ਘਾਟਾਂ ਤੇ ਕਮਜ਼ੋਰੀਆਂ ਦੇ ਬਾਵਜੂਦ ਗ਼ਦਰੀ ਸੂਰਮਿਆਂ ਨੇ ਆਖ਼ਰ ਇਹੀ ਫ਼ੈਸਲਾ ਕੀਤਾ ਕਿ ਉਹ ਜਿਹੜੀ ਗੱਲ ਬਾਹਰੋਂ ਧਾਰ ਕੇ ਆਏ ਸਨ, ਉਸ ਤੋਂ ਪਿੱਛੇ ਨਾ ਹਟਿਆ ਜਾਵੇ, ਨਤੀਜੇ ਜੋ ਮਰਜ਼ੀ ਨਿਕਲਣ। ਜਿਹੜੀ ਘਾਟ ਪੂਰੀ ਕੀਤੀ ਜਾ ਸਕਦੀ ਸੀ, ਉਹ ਪੂਰੀ ਕੀਤੀ ਜਾਵੇ ਅਤੇ ਜਿਹੜੀ ਨਹੀਂ ਸੀ ਕੀਤੀ ਜਾ ਸਕਦੀ, ਉਸ ਦੀ ਬਹੁਤੀ ਪ੍ਰਵਾਹ ਨਾ ਕੀਤੀ ਜਾਵੇ। ਇਸ ਤੋਂ ਛੁੱਟ ਹੋਰ ਕੋਈ ਚਾਰਾ ਹੀ ਨਹੀਂ ਸੀ।

? ਪਰ ਕੀ ਇਹ ਜੂਆ ਖੇਡਣ ਵਾਲੀ ਗੱਲ ਨਹੀਂ ਸੀ ? ਕੀ ਇਸ ਨੂੰ ਆਤਮਘਾਤੀ ਕਦਮ ਨਹੀਂ ਕਿਹਾ ਸਕਦਾ ?

ਸੋ ਮਰਜ਼ੀ ਸਮਝਿਆ ਤੇ ਕਿਹਾ ਜਾ ਸਕਦਾ ਹੈ। ਕਹਿਣ ਨੂੰ ਤਾਂ ਸੁਰਜੀਤ ਹਾਂਸ ਤੇ ਉਸ ਵਰਗੇ ਕੁਝ ਹੋਰ ਲੋਕ ਇਸ ਨੂੰ ਗ਼ਦਰੀਆਂ ਦਾ ‘ਸ਼ਹੀਦ ਹੋਣ ਦਾ ਠਰਕ’ ਕਹਿਣ ਤਕ ਗਏ ਹਨ। ਇਹ ‘ਆਊਟਸਾਈਡਰ’ (ਲਹਿਰ ਤੋਂ ਬਾਹਰਲਿਆਂ) ਤੇ ‘ਇਨਸਾਈਡਰ’ (ਲਹਿਰ ਅੰਦਰਲਿਆਂ) ਦਾ ਅੰਤਰ-ਵਿਰੋਧ ਹੈ, ਜਿਹੜਾ ਸਰਬ-ਵਿਆਪੀ ਹੈ। ਇਸ ਨੂੰ ਜਿਸਮਾਨੀ ਅਰਥਾਂ ਵਿਚ ਨਹੀਂ ਲਿਆ ਜਾਣਾ ਚਾਹੀਦਾ, ਇਹ ਮਾਨਸਿਕ ਵਰਤਾਰਾ ਹੈ। ਲਹਿਰ ਤੋਂ ਮਾਨਸਿਕ ਦੂਰੀ ਰੱਖਣ ਵਾਲੇ ਲੋਕ ਕਦੇ ਵੀ ਲਹਿਰ ਵਿਚ ਸ਼ਾਮਲ ਲੋਕਾਂ ਦੇ ਇਨਕਲਾਬੀ ਜਜ਼ਬੇ, ਉਨ੍ਹਾਂ ਦੀ ਕੁਰਬਾਨੀ ਦੀ ਸਪਿਰਟ ਦਾ ਸਹੀ ਜਾਇਜ਼ਾ ਨਹੀਂ ਲੈ ਸਕਦੇ। ਉਹ ਇਸ ਹਕੀਕਤ ਦੇ ਸਨਮੁਖ ਹੋਣ ਤੋਂ ਤਰੈਂਹਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣਾ ਆਪ ਲਘੂ ਤੇ ਤੁੱਛ ਦਿਖਾਈ ਦਿੰਦਾ ਹੈ, ਜੋ ਉਹ ਕਿਸੇ ਵੀ ਸੂਰਤ ਦੇਖਣਾ ਨਹੀਂ ਚਾਹੁੰਦੇ। ਇਸ ਕਰਕੇ ਇਨਕਲਾਬੀਆਂ ਬਾਰੇ ਅਜਿਹੇ ਨਿਖੇਧਾਤਮਿਕ ਵਿਚਾਰ ਚਿੜ੍ਹ ਵਿੱਚੋਂ, ਹਾਰੀ ਹੋਈ ਮਾਨਸਿਕਤਾ ‘ਚੋਂ ਤੇ ਆਤਮਿਕ ਦੁਰਬਲਤਾ (ਅਸਲ ਵਿਚ ‘ਅਪੰਗਤਾ’) ‘ਚੋਂ ਨਿਕਲਦੇ ਨੇ। ਜੇਕਰ ਗ਼ਦਰੀਆਂ ਨੇ ਸ਼ਹੀਦ ਹੋਣ ਦਾ ‘ਠਰਕ’ ਹੀ ਪੂਰਾ ਕਰਨਾ ਹੁੰਦਾ ਤਾਂ ਉਹ ਸਾਰੇ ਕਲਕੱਤੇ ਦੀ ਬੰਦਰਗਾਹ ਉੱਤੇ ਪੁਲਿਸ ਨਾਲ ਲੜ ਕੇ ਸ਼ਹੀਦ ਹੋ ਗਏ ਹੁੰਦੇ । ਬਾਬਾ ਭਕਨਾ ਨੂੰ ਜਦੋਂ ਪੁਲਿਸ ਟਾਂਗੇ ਵਿਚ ਬਿਠਾ ਕੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਵੱਲ ਲਿਜਾ ਰਹੀ ਸੀ ਤਾਂ ਸਬੱਬ ਨਾਲ ਉਨ੍ਹਾਂ ਨੂੰ ਕਰਤਾਰ ਸਿੰਘ ਸਰਾਭਾ ਨੇ ਦੇਖ ਲਿਆ ਸੀ ਜੋ ਸਾਈਕਲ ‘ਤੇ ਜਾ ਰਿਹਾ ਸੀ। ਜੇਕਰ ਉਨ੍ਹਾਂ ਨੇ ਸ਼ਹੀਦ ਹੋਣ ਦਾ ‘ਝੱਸ’ ਹੀ ਪੂਰਾ ਕਰਨਾ ਹੁੰਦਾ ਤਾਂ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਸੀ। ਦੋਨੋਂ ਪੁਲਿਸ ਨਾਲ ਉਲਝ ਕੇ ਉਥੇ ਹੀ ਸ਼ਹੀਦੀਆਂ ਪਾ ਸਕਦੇ ਸਨ।

ਰਹੀ ਗੱਲ ‘ਜੂਏ’ ਦੀ। ਇਕ ਦ੍ਰਿਸ਼ਟੀ ਤੋਂ ਹਰ ਇਨਕਲਾਬ ‘ਜੂਆ’ ਹੁੰਦਾ ਹੈ। ਕੋਈ ਵੀ ਲੜਾਈ ਜਿੱਤ ਨੂੰ ਪਹਿਲਾਂ ਸੌ ਫ਼ੀਸਦੀ ਯਕੀਨੀ ਬਣਾ ਕੇ ਨਹੀਂ ਲੜੀ ਜਾ ਸਕਦੀ। ਜਿਹੜਾ ਬੰਦਾ ਹਾਰਨ ਲਈ ਤਿਆਰ ਨਹੀਂ ਹੁੰਦਾ, ਉਹ ਮੂਰਖਤਾ ਵੱਸ ਤਾਂ ਲੜ ਸਕਦਾ ਹੈ, ਚੇਤੰਨ ਹੋ ਕੇ ਕਦੇ ਨਹੀਂ ਲੜ ਸਕਦਾ। ਇਹ ਗੱਲ ਪੱਕੀ ਹੈ। ਕਈ ਵਾਰ ਜੇਕਰ ਜਿੱਤਣ ਦੀ ਸੰਭਾਵਨਾ ਕੇਵਲ 5% ਹੀ ਦਿਖਦੀ ਹੋਵੇ, ਫਿਰ ਵੀ ਨਾ ਲੜਨ ਨਾਲੋਂ ਲੜਨਾ ਬਿਹਤਰ ਹੁੰਦਾ ਹੈ। ਇਥੋਂ ਤਕ ਕਿ ਕਈ ਵਾਰ ਜੇਕਰ ਜਿੱਤਣ ਦੀ ਉੱਕਾ ਹੀ ਕੋਈ ਸੰਭਾਵਨਾ ਨਾ ਦਿਖਦੀ ਹੋਵੇ, ਫਿਰ ਵੀ ਲੜ ਕੇ ਹਾਰ ਜਾਣਾ ਨਾ ਲੜਨ ਨਾਲੋਂ ਬਿਹਤਰ ਤੇ ਵਾਜਿਬ ਹੁੰਦਾ ਹੈ। ਇਸ ਨੂੰ ਆਤਮਘਾਤ ਕਹਿਣਾ ਠੀਕ ਨਹੀਂ। ਸਿਰਫ਼ ਜਿੱਤ ਹਾਰ ਹੀ ਪੈਮਾਨਾ ਨਹੀਂ ਹੁੰਦਾ। ਕਈ ਹਾਰਾਂ ਜਿੱਤਾਂ ਨਾਲੋਂ ਵੀ ਅਹਿਮ ਹੋ ਸਕਦੀਆਂ ਹਨ। ਕਈ ਵਾਰ ਹਾਰ ਹੀ ਜਿੱਤ ਦੀ ਜਨਮਦਾਤੀ ਹੋ ਨਿਬੜਦੀ ਹੈ। ਇਹ ਵੇਲੇ ਦੇ ਪ੍ਰਸੰਗ ‘ਤੇ ਨਿਰਭਰ ਕਰਦਾ ਹੈ। ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਨਿਯਮ ਜਾਂ ਸੂਤਰ ਨਹੀਂ ਤਹਿ ਕੀਤਾ ਜਾ ਸਕਦਾ। ਕਈ ਵਾਰ ਕੱਚੀ ਲੜਾਈ ਲੜ ਕੇ ਮਾਮੂਲੀ ਜਿਹਾ ਨੁਕਸਾਨ ਕਰਾਉਣਾ ਵੀ ਗ਼ਲਤ ਹੋ ਸਕਦਾ ਹੈ।

ਇਸੇ ਤਰ੍ਹਾਂ ਇਹ ਗੱਲ ਕਤੱਈ ਜ਼ਰੂਰੀ ਨਹੀਂ ਕਿ ਹਰ ਲੜਾਈ ਪੂਰੀ ਤਿਆਰੀ ਕਰਕੇ, ਭਾਵ ਪੱਕੇ ਪੈਰੀਂ ਹੋ ਕੇ ਹੀ ਲੜੀ ਜਾਵੇ। ਸੰਸਾਰ ਦੇ ਇਤਿਹਾਸ ਅੰਦਰ ਅਜਿਹਾ ਇਨਕਲਾਬ ਸ਼ਾਇਦ ਹੀ ਕੋਈ ਹੋਇਆ ਹੋਵੇ ਜਿਸ ਦੀ ਸ਼ੁਰੂਆਤ ਹਰ ਪੱਖੋਂ ਪੂਰੀ ਤਿਆਰੀ ਨਾਲ ਤੇ ਜਿੱਤ ਦੀ ਗਰੰਟੀ ਕਰਕੇ ਹੋਈ ਹੋਵੇ। ਰੂਸ ਅੰਦਰ 1917 ਵਿਚ ਜਿਹੜਾ ਇਨਕਲਾਬ ਸਫਲ ਹੋਇਆ ਸੀ, ਜੇਤੂ ਧਿਰ ਵੱਲੋਂ ਲਿਖੇ ਇਤਿਹਾਸ ਵਿਚ ਉਸ ਬਾਰੇ ਜੋ ਮਰਜ਼ੀ ਟਾਹਰਾਂ ਮਾਰੀਆਂ ਹੋਣ, ਪਰ ਸਭ ਨੂੰ ਪਤਾ ਹੈ ਕਿ ਉਹ ਕਿੰਨੀ ਕੁ ਤਿਆਰੀ ਨਾਲ ਲੜਿਆ ਗਿਆ ਸੀ । ਤਿਆਰੀ ਦੇ ਨੁਕਤਾ ਨਜ਼ਰ ਤੋਂ ਦੇਖਿਆ ਜਾਵੇ ਤਾਂ ਲੈਨਿਨ ਨੇ ਇਕ ਹਿਸਾਬ ਨਾਲ ‘ਜੂਆ’ ਹੀ ਖੇਡਿਆ ਸੀ। ਨਤੀਜਾ ਕੁਛ ਵੀ ਹੋ ਸਕਦਾ ਸੀ। ਬਹੁਤ ਭੈੜੀ ਹਾਰ ਵੀ ਹੋ ਸਕਦੀ ਸੀ। ਪਰ ਕਿਉਂਕਿ ਕਮਿਊਨਿਸਟ ਪਾਰਟੀ ਅੰਤਮ ਤੌਰ ‘ਤੇ ਜੇਤੂ ਹੋ ਨਿਕਲੀ, ਇਸ ਕਰਕੇ ਉਸ ਦੀਆਂ ਸਾਰੀਆਂ ਕਮਜ਼ੋਰੀਆਂ ਢਕੀਆਂ ਗਈਆਂ। ਜੇ ਕਿਤੇ ਇਨਕਲਾਬ ਕਾਮਯਾਬ ਨਾ ਹੋਇਆ ਹੁੰਦਾ, ਫੇਰ ਦੇਖਦੇ ਲੈਨਿਨ ਦਾ ਇਤਿਹਾਸ ਅੰਦਰ ਕੀ ਬਣਦਾ। ਉਸ ਦੀ ਰਾਜਸੀ ਸੂਝ-ਸਿਆਣਪ ਬਾਰੇ ਸੌ ਸਵਾਲ ਖੜੇ ਹੋਣੇ ਸਨ ਕਿ ਉਸ ਕੋਲ ਕਿਸਾਨੀ ਬਾਰੇ ਕੋਈ ਸਮਝ ਨਹੀਂ ਸੀ ਤੇ ਉਸ ਨੇ ਸੋਸ਼ਲਿਸਟ ਰੈਵੋਲੂਸ਼ਨਰੀ ਪਾਰਟੀ ਦਾ ਹੀ ਪ੍ਰੋਗਰਾਮ ਚੋਰੀ ਕਰ ਲਿਆ ਸੀ, ਇਹ ਵੀ ਕਿ ਉਹ ਰੂਸ ਅੰਦਰ ਕੌਮੀਅਤਾਂ ਦੇ ਮਸਲੇ ਦੀ ਨਾਜ਼ਕਤਾ ਅਗਾਊਂ ਨਹੀਂ ਪਛਾਣ ਸਕਿਆ ਸੀ ਤੇ ਇਸ ਮਸਲੇ ‘ਤੇ ਬਾਰ ਬਾਰ ਪੁਜ਼ੀਸ਼ਨਾਂ ਬਦਲਦਾ ਰਿਹਾ। ਇਸ ਤਰ੍ਹਾਂ ਦੀਆਂ ਸੌ ਗੱਲਾਂ ਬਣਨੀਆਂ ਸਨ। ਗ਼ਦਰੀ ਵੀ ਜੇਕਰ ਕਿਤੇ ਜਿੱਤ ਜਾਂਦੇ ਤਾਂ ਉਨ੍ਹਾਂ ਦਾ ਇਤਿਹਾਸ ਹੋਰ ਤਰ੍ਹਾਂ ਲਿਖਿਆ ਜਾਣਾ ਸੀ। ਇਸੇ ਹਰੀਸ਼ ਪੁਰੀ ਤੇ ਸੁਰਜੀਤ ਹਾਂਸ ਵਰਗੇ ‘ਸਮਾਜ ਵਿਗਿਆਨੀਆਂ’ ਨੇ ਉਨ੍ਹਾਂ ਦੀਆਂ ਪਰਪੱਕ ਯੋਜਨਾਵਾਂ ਤੇ ਬੇਨੁਕਸ ਤਿਆਰੀਆਂ ਦਾ ਪੂਰਾ ਗੁੱਡਾ ਬੰਨ੍ਹ ਦੇਣਾ ਸੀ । ਇਸ ਸੰਬੰਧ ਵਿਚ ਸੂਖਮ ਭਾਵਾਂ ਦੇ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਦੀ ਇਕ ਕਵਿਤਾ ਦੀਆਂ ਇਹ ਸਤਰਾਂ ਗ਼ਦਰੀ ਬਾਬਿਆਂ ਨਾਲ ਇਤਿਹਾਸ ਅੰਦਰ ਹੋਈ ਬੇਇਨਸਾਫ਼ੀ ਦਾ ਵੱਡਾ ਤਰਕ ਪੇਸ਼ ਕਰਦੀਆਂ ਹਨ:

ਹੱਕ ਇਨਸਾਫ਼ ਤੇ ਫਲਸਫਾ ਜਿਤਿਆਂ ਨੂੰ ਦਰਕਾਰ

ਹਾਰੀ ਹੋਈ ਕੰਮ ਦੇ ਰੱਬ ਵੀ ਜਾਂਦੇ ਹਾਰ…

ਫੇਰੂਸ਼ਹਿਰ ਦਾ ਸਾਕਾ

ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਐ, ਜਿਸ ਦਿਨ ਮੀਆਂਮੀਰ ਦੇ ਅਸਲੇ ਦੇ ਭੰਡਾਰ ਨੂੰ ਲੁੱਟਣ ਦੀ ਸਕੀਮ ਸੀ, ਉਸੇ ਹੀ ਦਿਨ ਫ਼ਿਰੋਜ਼ਪੁਰ ਛਾਉਣੀ ਦਾ ਅਸਲਾਖ਼ਾਨਾ ਲੁੱਟਣ ਦਾ ਵੀ ਪ੍ਰੋਗਰਾਮ ਬਣਿਆ ਸੀ। ਇਸ ਮਕਸਦ ਵਾਸਤੇ ਗ਼ਦਰੀ 26 ਨਵੰਬਰ ਨੂੰ ਕਾਫ਼ੀ ਸੰਖਿਆ ਵਿਚ ਜਲਾਲਾਬਾਦ ਦੇ ਬਾਹਰ ਸੜਕ ‘ਤੇ ਇਕੱਠੇ ਹੋ ਗਏ। ਪਰ ਅੰਮ੍ਰਿਤਸਰੋਂ ਸੁਨੇਹਾ ਆ ਗਿਆ ਕਿ ਮੀਆਂਮੀਰ ਉੱਤੇ ਹਮਲਾ ਨਹੀਂ ਹੋ ਸਕਿਆ। ਦੂਸਰੇ ਭਾਈ ਨਿਧਾਨ ਸਿੰਘ ਚੁੱਘਾ ਨੇ ਦੱਸਿਆ ਕਿ ਜਿਹੜੀ ਪਠਾਣ ਪਲਟਣ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ, ਉਨ੍ਹਾਂ ਨੇ ਵੀ 30 ਨਵੰਬਰ ਨੂੰ ਹਮਲਾ ਕਰਨ ਦੀ ਸਲਾਹ ਦਿੱਤੀ ਹੈ। ਗ਼ਦਰੀਆਂ ਨੇ ਸੋਚਿਆ ਕਿ 30 ਤਕ ਵਿਹਲੇ ਕਿਉਂ ਰਿਹਾ ਜਾਵੇ ਅਤੇ ਉਨ੍ਹਾਂ ਨੇ ਮੋਗੇ ਦੇ ਖ਼ਜ਼ਾਨੇ ਨੂੰ ਲੁੱਟਣ ਦਾ ਫ਼ੈਸਲਾ ਕਰ ਲਿਆ। ਕੁਝ ਬੰਦੇ ਤਾਂ ਰੇਲ ਵਿਚ ਸਵਾਰ ਹੋ ਕੇ ਮੋਗੇ ਵੱਲ ਚੱਲ ਪਏ ਅਤੇ ਬਾਕੀਆਂ ਨੇ ਦੋ ਟਾਂਗੇ ਕਰ ਲਏ ਤੇ ਸੜਕ ਦੇ ਰਸਤੇ ਮੋਗੇ ਨੂੰ ਚੱਲ ਪਏ। ਮਾੜੇ ਭਾਗਾਂ ਨੂੰ ਉਸੇ ਵੇਲੇ ਜ਼ਿਲ੍ਹੇ ਦੇ ਐਸ.ਪੀ. ਨੇ ਉਸੇ ਰਸਤੇ ਦੌਰੇ ‘ਤੇ ਆਉਣਾ ਸੀ, ਜਿਸ ਕਰਕੇ ਰਾਹ ਵਿਚ ਇਕ ਜਗ੍ਹਾ ਇਲਾਕੇ ਦਾ ਜ਼ੈਲਦਾਰ ਤੇ ਪੁਲਿਸ ਪਾਰਟੀ ਐਸ.ਪੀ. ਦੇ ਸੁਆਗਤ ਲਈ ਖੜੀ ਸੀ। ਜ਼ੈਲਦਾਰ, ਜਿਹੜਾ ਇਲਾਕੇ ਦਾ ਪੂਰਾ ਜਾਣੂੰ ਸੀ, ਨੂੰ ਟਾਂਗੇ ‘ਤੇ ਜਾ ਰਹੇ ਗ਼ਦਰੀ ਅਨਜਾਣੇ ਤੇ ਸ਼ੱਕੀ ਬੰਦੇ ਲੱਗੇ। ਉਸ ਨੇ ਟਾਂਗੇ ਰੋਕ ਲਏ ਤੇ ਸਵਾਰੀਆਂ ਨੂੰ ਹੇਠਾਂ ਤਲਾਸ਼ੀ ਲਈ ਬਿਠਾ ਲਿਆ। ਮੁਸਲਿਮ ਠਾਣੇਦਾਰ ਨੇ ਰਹਿਮਤ ਅਲੀ ਨਾਂ ਦੇ ਗ਼ਦਰੀ ਨੂੰ ਕਿਸੇ ਗੱਲੋਂ ਚੁਪੇੜ ਮਾਰ ਦਿੱਤੀ। ਇਸ ‘ਤੇ ਹਰਖ ‘ਚ ਆਏ ਭਾਈ ਗਾਂਧਾ ਸਿੰਘ ਨੇ ਆਪਣੇ ਡੱਬ ‘ਚੋਂ ਪਸਤੌਲ ਕੱਢ ਕੇ ਠਾਣੇਦਾਰ ਨੂੰ ਓਥੇ ਹੀ ਚਿੱਤ ਕਰ ਦਿੱਤਾ। ਇਕ ਹੋਰ ਗ਼ਦਰੀ ਨੇ ਜ਼ੈਲਦਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਬੱਸ, ਇਸ ਨਾਲ ਸਿਆਪਾ ਪੈ ਗਿਆ। ਹੋਰ ਪੁਲਿਸ ਆ ਗਈ ਤੇ ਇਲਾਕੇ ਦੇ ਲੋਕ ਵੀ ਪੁਲਿਸ ਨੇ ਮਗਰ ਲਾ ਲਏ। ਕਿਸੇ ਨੂੰ ਕੱਖ ਪਤਾ ਨਹੀਂ ਸੀ ਕਿ ਗ਼ਦਰੀ ਕੌਣ ਹਨ। ਗ਼ਦਰੀ ਉਥੋਂ ਤਾਂ ਫੁਰਤੀ ਨਾਲ ਨਿਕਲ ਗਏ ਪਰ ਅੱਗੇ ਜਾ ਕੇ ਝੱਲ ਵਿਚ ਫਸ ਗਏ ਤੇ ਪੁਲਿਸ ਦੇ ਘੇਰੇ ਵਿਚ ਆ ਗਏ। ਪੁਲਿਸ ਨੇ ਝੱਲ ਨੂੰ ਅੱਗ ਲਾ ਦਿੱਤੀ । ਹੁਣ ਗ਼ਦਰੀਆਂ ਦੇ ਬਚ ਨਿਕਲਣ ਨੂੰ ਕੋਈ ਰਾਹ ਨਾ ਰਿਹਾ। ਨਤੀਜਾ ਇਹ ਨਿਕਲਿਆ ਕਿ ਸੱਤ ਗ਼ਦਰੀ ਤਾਂ ਗ੍ਰਿਫ਼ਤਾਰ ਕਰ ਲਏ ਗਏ ਤੇ ਦੋ ਸ਼ਹੀਦ ਹੋ ਗਏ। ਭਾਈ ਗਾਂਧਾ ਸਿੰਘ ਆਪਣੀ ਦਲੇਰੀ ਤੇ ਚੁਸਤੀ ਨਾਲ ਘੇਰੇ ‘ਚੋਂ ਨਿਕਲ ਗਏ ਸਨ। ਉਨ੍ਹਾਂ ਨੂੰ ਬਾਅਦ ਵਿਚ ਨੱਥਾ ਸਿੰਘ ਨਾਂ ਦੇ ਇਕ ਦਗ਼ੇਬਾਜ਼ ਨੇ ਖੰਨਾ ਕਸਬੇ ਦੇ ਨੇੜੇ ਜਰਗ ਪਿੰਡ ਤੋਂ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਸੋ ਇਥੇ ਫਿਰ ਇਤਫ਼ਾਕ ਵੱਸ ਹੋਈ ਘਟਨਾ ਕਰਕੇ ਗ਼ਦਰੀਆਂ ਦੀ ਬਗ਼ਾਵਤ ਦੀ ਪਲੈਨ ਸਿਰੇ ਨਾ ਚੜ੍ਹ ਸਕੀ। ਨਾ ਸਿਰਫ਼ ਉਨ੍ਹਾਂ ਦੀ 30 ਤਰੀਕ ਦੀ ਫ਼ਿਰੋਜ਼ਪੁਰ ਤੋਂ ਹਥਿਆਰ ਲੁੱਟਣ ਦੀ ਸਕੀਮ ਉੱਤੇ ਪਾਣੀ ਫਿਰ ਗਿਆ, ਸਗੋਂ ਪਾਰਟੀ ਦੇ ਨੌ ਹੀਰੇ ਵੀ ਹੱਥੋਂ ਚਲੇ ਗਏ।

? ਇਸ ਕਾਂਡ ਨੂੰ ਤਾਂ ਤੁਸੀਂ ਨਿਰਾ ਇਤਫ਼ਾਕ ਦੇ ਖਾਤੇ ਵਿਚ ਨਹੀਂ ਪਾ ਸਕਦੇ । ਕੀ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਦਾ ਇਹ ਸਾਰਾ ਨੁਕਸਾਨ ਭਾਈ ਗਾਂਧਾ ਸਿੰਘ ਦੇ ਪੈਰੋਂ ਹੋਇਆ ? ਕੀ ਉਨ੍ਹਾਂ ਨੂੰ ਸਵੈ-ਕਾਬੂ ਨਹੀਂ ਰੱਖਣਾ ਚਾਹੀਦਾ ਸੀ ਅਤੇ ਠਾਣੇਦਾਰ ਉੱਤੇ ਗੋਲੀ ਦਾਗਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਸੀ ?

ਜੇ ਤੁਹਾਨੂੰ ਭਾਈ ਗਾਂਧਾ ਸਿੰਘ ਬਾਰੇ ਪਤਾ ਹੁੰਦਾ ਕਿ ਉਹ ਕਿਹੋ ਜਿਹਾ ਬੰਦਾ ਸੀ ਤਾਂ ਅਜਿਹੀ ਗੱਲ ਤੁਸੀਂ ਕਦਾਚਿਤ ਨਾ ਕਹਿੰਦੇ। ਜ਼ਰਾ ਭਾਈ ਗਾਂਧਾ ਸਿੰਘ ਦੇ ਜੇਲ੍ਹ ਦੇ ਇਕ ਸਾਥੀ ਬਾਬਾ ਹਰਭਜਨ ਸਿੰਘ ਚਮਿੰਡਾ ਦੀਆਂ ਇਹ ਸਤਰਾਂ ਸੁਣੋ: ‘ਇਹ ਵੀਰ ਬੜਾ ਦਲੇਰ ਸੀ…ਜੋ 8 ਮਾਰਚ 1916 ਨੂੰ ਮਿੰਟਗੁਮਰੀ ਜੇਲ੍ਹ ਵਿਚ ਫਾਂਸੀ ਚਾੜ੍ਹੇ ਗਏ। ਫਾਂਸੀ ਸੁਣਨ ਸਾਰ ਇਹਨਾਂ ਜੱਜਾਂ ਨੂੰ ਕਿਹਾ ਕਿ ਤੁਸੀਂ ਇਹ ਕੋਈ ਮੈਨੂੰ ਨਵੀਂ ਗੱਲ ਨਹੀਂ ਸੁਣਾਈ। ਇਹ ਤਾਂ ਅਮਰੀਕਾ ਤੋਂ ਤੁਰਨ ਸਮੇਂ ਦੀ ਕਬੂਲੀ ਹੋਈ ਹੈ। ਇਹਦੀ ਬਹਾਦਰੀ ਬਾਰੇ ਪੋਹੂ ਰਾਮ ਹੈੱਡ ਜਮਾਂਦਾਰ ਦਾ ਕਥਨ ਹੈ ਕਿ ਮੈਂ ਆਪਣੇ ਸਾਹਮਣੇ ਇਕ ਸੌ ਤੋਂ ਉਪਰ ਸੱਜਣ ਫਾਂਸੀ ਚੜ੍ਹਦੇ ਦੇਖੇ ਹਨ, ਪਰ ਜਿਸ ਤਰ੍ਹਾਂ ਸੱਪ ਵਾਂਗੂੰ ਮੇਲ੍ਹਦਾ ਗਾਂਧਾ ਸਿੰਘ ਫਾਂਸੀ ਘਰ ਵੱਲ ਜਾਂਦਾ ਵੇਖਿਆ, ਹੋਰ ਕੋਈ ਨਹੀਂ ਡਿੱਠਾ। ਸਾਡੇ ਨਾਲ ਹਵਾਲਾਤ ਵਿਚ ਬਚਨ ਕਰਦਿਆਂ (ਗਾਂਧਾ ਸਿੰਘ) ਨੇ ਕਿਹਾ ਕਿ ਮੈਂ ਅਮਰੀਕਾ ਤੋਂ ਦੇਸ ਵੱਲ ਤੁਰਨ ਸਮੇਂ ਰਾਤ ਦੇ ਬਾਰ੍ਹਾਂ ਬਾਰ੍ਹਾਂ ਵਜੇ ਤਕ ਬੈਠ ਕੇ ਮਨ ਨਾਲ ਫ਼ੈਸਲਾ ਕੀਤਾ ਸੀ ਕਿ ਓਥੇ ਜਾ ਕੇ ਫਾਂਸੀ ਲੱਗਣਾ ਹੈ। ਸੋ ਇਹ ਮੰਨ ਕੇ ਹੀ ਤੁਰਿਆ ਸੀ। ” ਹੁਣ ਤੁਸੀਂ ਦੱਸੋ ਕਿ ਭਾਈ ਗਾਂਧਾ ਸਿੰਘ ਵਰਗਾ ਬੰਦਾ ਇਹ ਹੱਤਕ ਸਹਾਰ ਸਕਦਾ ਸੀ? ਇਸ ਕਰਕੇ ਇਨਕਲਾਬੀ ਲਹਿਰਾਂ ਅੰਦਰ ਅਜਿਹੀਆਂ ਦੁਰਘਟਨਾਵਾਂ ਤੋਂ ਪੂਰਨ ਬਚਾਉ ਨਹੀਂ ਕੀਤਾ ਜਾ ਸਕਦਾ। ਇਹ ਲਹਿਰ ਦੇ ਲਹੂ-ਮਾਸ ਦਾ ਹਿੱਸਾ ਹੁੰਦੀਆਂ ਹਨ।

? ਇਸ ਹਿਸਾਬ ਨਾਲ ਤਾਂ ਫਿਰ ਹਰ ਗੱਲ ਦੀ ਕੋਈ ਨਾ ਕੋਈ ਵਿਆਖਿਆ ਕੀਤੀ ਜਾ ਸਕਦੀ ਹੈ ਅਤੇ ਗ਼ਦਰੀਆਂ ਦੀ ਹਰ ਕਾਰਵਾਈ ਨੂੰ ਠੀਕ ਠਹਿਰਾਇਆ ਜਾ ਸਕਦਾ ਹੈ। ਕੀ ਤੁਸੀਂ ਇਹ ਸਮਝਦੇ ਹੋ ਕਿ ਗ਼ਦਰੀਆਂ ਨੇ ਜੋ ਵੀ ਕੀਤਾ, ਸਭ ਠੀਕ ਸੀ ਤੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਜਾਂ ਉਕਾਈ ਨਹੀਂ ਹੋਈ ?

ਨਹੀਂ, ਤੁਸੀਂ ਫਿਰ ਗ਼ਲਤ ਸਮਝ ਲਿਐ। ਇਹ ਗੱਲ ਕਿਵੇਂ ਕਹੀ ਤੇ ਮੰਨੀ ਜਾ ਸਕਦੀ ਹੈ ਕਿ ਗ਼ਦਰੀਆਂ ਕੋਲੋਂ ਕੋਈ ਵੀ ਗ਼ਲਤੀ ਨਹੀਂ ਹੋਈ। ਇਹ ਤਾਂ ਕਿਸੇ ਲਹਿਰ ਬਾਰੇ ਵੀ ਨਹੀਂ ਕਿਹਾ ਜਾ ਸਕਦਾ। ਮੇਰੀ ਏਨੀ ਗੁਜ਼ਾਰਿਸ਼ ਹੈ ਕਿ ਗ਼ਦਰ ਲਹਿਰ ਬਾਰੇ ਕੋਈ ਵੀ ਨਿਰਣਾ ਆਪਮਤੇ ਢੰਗ ਨਾਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੀਆਂ ਗ਼ਲਤੀਆਂ ਦੀ ਪੜਚੋਲ ਪੂਰੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕੋਲੋਂ ਹੋਈਆਂ ਗ਼ਲਤੀਆਂ ਜਾਂ ਉਨ੍ਹਾਂ ਦੀਆਂ ਖ਼ਾਮੀਆਂ ਨੂੰ ਵੇਲੇ ਦੀ ਠੋਸ ਹਾਲਤ ਦੀ ਰੋਸ਼ਨੀ ਵਿਚ ਰੱਖ ਕੇ ਦੇਖਣਾ ਚਾਹੀਦਾ ਹੈ। ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਉਹ ਭਾਰਤ ਅੰਦਰ ਕੋਈ ਐਨ.ਸੀ.ਸੀ. ਦਾ ਕੈਂਪ ਲਾਉਣ ਨਹੀਂ ਆਏ ਸਨ। ਉਹ ਗ਼ਦਰ ਕਰਨ ਲਈ ਆਏ ਸੀ। ਇਸ ਕਰਕੇ ਉਨ੍ਹਾਂ ਨੂੰ ਜਿਸ ਕਿਸਮ ਦੀਆਂ ਬਾਹਰਮੁਖੀ ਹਾਲਤਾਂ ਦੇ ਦਬਾਅ ਅਤੇ ਮਾਨਸਿਕ ਕਸਾਅ ਹੇਠ ਕੰਮ ਕਰਨਾ ਪਿਆ, ਉਸ ਨੂੰ ਇਕ ਪਲ ਲਈ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਬਾਕੀ ਤੁਸੀਂ ਇਹ ਜਿਹੜੀ ਸਵੈ-ਕਾਬੂ ਰੱਖਣ ਦੀ ਗੱਲ ਕੀਤੀ ਹੈ, ਇਹ ਸੋਚਣ ਤੇ ਸੁਣਨ ਨੂੰ ਤਾਂ ਬੜੀ ਸੋਹਣੀ ਲੱਗਦੀ ਹੈ, ਪਰ ਇਸ ਬਾਰੇ ਆਦਰਸ਼ਕ ਪਹੁੰਚ ਅਪਨਾਉਣ ਦੀ ਥਾਂ ਹਕੀਕਤਮੁਖੀ ਹੋ ਕੇ ਸੋਚਣਾ ਤੇ ਦੇਖਣਾ ਚਾਹੀਦਾ ਹੈ। ਬੰਦਾ ਕੋਈ ‘ਰੋਬੋਟ’ ਨਹੀਂ ਹੁੰਦਾ ਕਿ ਉਸ ਨੂੰ ਜਿਵੇਂ ਮਰਜ਼ੀ ਹਦਾਇਤ ਦੇ ਕੇ ਚਲਾਇਆ/ ਵਰਤਿਆ ਜਾ ਸਕੇ। ਜਿਹੜਾ ਬੰਦਾ ‘ਫਾਂਸੀ ਘਰ ਵੱਲ ਸੱਪ ਵਾਂਗੂ ਮੇਲ੍ਹਦਾ’ ਗਿਆ, ਉਸ ਕੋਲੋਂ ਤੁਸੀਂ ਇਹ ਉਮੀਦ ਜਾਂ ਮੰਗ ਕਰੋਂ ਕਿ ਉਹ ਆਪਣੇ ਸਾਥੀ ਦੀ ਹੱਤਕ ਹੁੰਦੀ ਦੇਖ ਕੇ ਰੋਹ ਵਿਚ ਨਾ ਆਏ, ਮਨੁੱਖੀ ਫ਼ਿਤਰਤ ਦੇ ਕਾਇਦੇ ਕਾਨੂੰਨਾਂ ਬਾਰੇ ਅਗਿਆਨਤਾ ਪ੍ਰਗਟਾਉਣਾ ਹੈ।

ਨੌਵਾਂ ਖੰਡ

ਡਾਕੇ ਅਤੇ ਲਹਿਰ ਦਾ ਤ੍ਰਾਸਦਿਕ ਅੰਤ

ਰਾਸ ਬਿਹਾਰੀ ਬੋਸ ਪੰਜਾਬ ਵਿਚ ਅੱਧ ਜਨਵਰੀ ਵਿਚ ਪੁੱਜਾ ਸੀ। ਉਦੋਂ ਤਕ ਗ਼ਦਰੀਆਂ ਵੱਲੋਂ ਬਗ਼ਾਵਤ ਦੀਆਂ ਦੋ ਗੰਭੀਰ ਕੋਸ਼ਿਸ਼ਾਂ ਹਥਿਆਰਾਂ ਦੀ ਘਾਟ ਕਰਕੇ ਫ਼ੇਲ੍ਹ ਹੋ ਚੁੱਕੀਆਂ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਬੰਗਾਲ ਤੋਂ ਹਥਿਆਰ ਮਿਲ ਜਾਣਗੇ ਤੇ ਉਹ ਛੇਤੀ ਆਪਣੇ ਮਿਸ਼ਨ ‘ਚ ਕਾਮਯਾਬ ਹੋ ਜਾਣਗੇ। ਪਰ ਜਦੋਂ ਬੰਗਾਲ ਤੋਂ ਹਥਿਆਰਾਂ ਦੀ ਆਸ ਛੁੱਟ ਗਈ ਤਾਂ ਗ਼ਦਰੀਆਂ ਨੇ ਆਪ ਦੇਸੀ ਬੰਬ ਵਗ਼ੈਰਾ ਬਣਾਉਣ ਦੇ ਯਤਨਾਂ ਦੇ ਨਾਲੋ-ਨਾਲ ਏਧਰੋਂ ਉਧਰੋਂ ਹਥਿਆਰ ਹਾਸਲ ਕਰਨ ਦੇ ਯਤਨ ਜਾਰੀ ਰੱਖੇ। ਵੱਡੀ ਸਮੱਸਿਆ ਇਹੀ ਸੀ ਕਿ ਉਨ੍ਹਾਂ ਕੋਲ ਸਮਾਂ ਗਿਣਵਾਂ-ਮਿਣਵਾਂ ਹੀ ਸੀ । ਦੇਸੀ ਪਲਟਣਾਂ ਕਿਸੇ ਵੇਲੇ ਵੀ ਬਾਹਰ ਜਾ ਸਕਦੀਆਂ ਸਨ। ਇਥੇ ਬੰਗਾਲੀਆਂ ਨੇ ਪੰਜਾਬ ਦੇ ਗ਼ਦਰੀਆਂ ਨੂੰ ਦੋ ਅਜਿਹੀਆਂ ਸਲਾਹਾਂ ਦਿੱਤੀਆਂ, ਜਿਹੜੀਆਂ ਅਖ਼ੀਰ ਵਿਚ ਗ਼ਦਰ ਪਾਰਟੀ ਨੂੰ ਲੈ ਬੈਠੀਆਂ । ਬੰਗਾਲੀ ਪੰਜਾਬ ਦੇ ਗ਼ਦਰੀਆਂ ਨੂੰ ਛਾਉਣੀਆਂ ਅੰਦਰ ਸਿੱਖ ਫ਼ੌਜੀਆਂ ਵੱਲੋਂ ਮਿਲੇ ਉਤਸ਼ਾਹਜਨਕ ਹੁੰਗਾਰੇ ਨੂੰ ਦੇਖ ਕੇ ਦੰਗ ਰਹਿ ਗਏ ਸਨ। ਜਿਹੜਾ ਕੰਮ ਉਹ ਦਸਾਂ ਸਾਲਾਂ ਅੰਦਰ ਨਹੀਂ ਕਰ ਸਕੇ ਸਨ, ਗ਼ਦਰੀਆਂ ਨੇ ਦਸਾਂ ਹਫ਼ਤਿਆਂ ਤੋਂ ਵੀ ਘੱਟ ਸਮੇਂ ‘ਚ ਕਰ ਕੇ ਦਿਖਾ ਦਿੱਤਾ ਸੀ। ਪੰਜਾਬ ਅੰਦਰ ਪੈਦਾ ਹੋਈ ਰਾਜਸੀ ਜਾਗ੍ਰਤੀ ਅਤੇ ਗ਼ਦਰ ਪਾਰਟੀ ਦੀ ਕੰਮ ਕਰਨ ਦੀ ਸਪੀਡ ਦੇਖ ਕੇ ਬੰਗਾਲੀਆਂ ਦੇ ਹੌਂਸਲੇ ਵੀ ਵਧੇ, ਪਰ ਨਾਲ ਹੀ ਥੋੜ੍ਹਾ ਫ਼ਿਕਰ ਵੀ ਹੋਇਆ। ਗ਼ਦਰੀਆਂ ਵੱਲ ਵੇਖ ਕੇ ਬੰਗਾਲੀਆਂ ਨੂੰ ਵੀ ਬੰਗਾਲ ਅੰਦਰ ਆਪਣਾ ਕੰਮ ਤੇਜ਼ ਕਰਨ ਅਤੇ ਉੱਤਰੀ ਭਾਰਤ ਦੀਆਂ ਛਾਉਣੀਆਂ ਅੰਦਰ ਰਾਜਪੂਤ ਪਲਟਣਾਂ ਅੰਦਰ ਕੰਮ ਕਰਨ ਦਾ ਫੁਰਨਾ ਫੁਰਿਆ। ਉਨ੍ਹਾਂ ਨੇ ਇਸ ਸੇਧ ਵਿਚ ਫ਼ੌਰੀ ਕੁਝ ਕਦਮ ਉਠਾਉਣ ਬਾਰੇ ਸੋਚਿਆ। ਪਰ ਗ਼ਦਰੀ ਜਿੰਨੇ ਛੋਹਲੇ ਤੇ ਗਤੀਸ਼ੀਲ ਸਨ, ਬੰਗਾਲੀ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਸਨ। ਇਸ ਕਰਕੇ ਉਨ੍ਹਾਂ ਨੇ ਇਕ ਤਾਂ ਗ਼ਦਰੀਆਂ ਨੂੰ ਬਗ਼ਾਵਤ ਲਈ ਜ਼ਿਆਦਾ ਕਾਹਲ ਦਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਉਨ੍ਹਾਂ ਨੂੰ ਉੱਤਰੀ ਭਾਰਤ ਦੀਆਂ ਕੁਝ ਹੋਰ ਛਾਉਣੀਆਂ ਦੇ ਨਾਲ ਰਲਣ ਦੀ ਉਡੀਕ ਕਰਨ ਦੀ ਸਲਾਹ ਦਿੱਤੀ । ਗ਼ਦਰੀਆਂ ਨੂੰ ਜਦੋਂ ਹੋਰ ਛਾਉਣੀਆਂ ਦੇ ਬਗ਼ਾਵਤ ਵਿਚ ਸ਼ਾਮਲ ਹੋਣ ਦੀ ਆਸ ਬੱਝੀ ਤਾਂ ਉਨ੍ਹਾਂ ਨੇ ਬੰਗਾਲੀਆਂ ਦੀ ਇਹ ਤਜਵੀਜ਼ ਪਰਵਾਨ ਕਰ ਲਈ। ਪਰ ਬੰਗਾਲ ਅੰਦਰ ਕੰਮ ਤੇਜ਼ ਕਰਨ ਲਈ ਬੰਗਾਲੀਆਂ ਨੂੰ ਵੱਡੀ ਮਾਤਰਾ ਵਿਚ ਪੈਸੇ ਚਾਹੀਦੇ ਸਨ, ਕਿਉਂਕਿ ਬੰਗਾਲ ਅੰਦਰ ਇਨਕਲਾਬੀ ਦਲਾਂ ਨੂੰ ਲੋਕਾਂ ਵੱਲੋਂ ਸਵੈ-ਇੱਛਾ ਨਾਲ ਦਾਨ (ਫ਼ੰਡ) ਦੇਣ ਦੀ ਕੋਈ ਰਵਾਇਤ ਨਹੀਂ ਸੀ ਅਤੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਡਾਕੇ ਮਾਰ ਕੇ ਪੈਸਾ ਇਕੱਠਾ ਕਰਨ ਦੇ ਢੰਗ-ਤਰੀਕੇ ਅਪਣਾਉਂਦੇ ਸਨ। ਜਦੋਂ ਉਨ੍ਹਾਂ ਪੰਜਾਬ ਅੰਦਰ ਗ਼ਦਰੀਆਂ ਦੀ ਤਾਕਤ ਦਾ ਅੰਦਾਜ਼ਾ ਲਾਇਆ ਤਾਂ ਉਨ੍ਹਾਂ ਨੂੰ ਜਾਪਿਆ ਕਿ ਪੰਜਾਬ ਅੰਦਰ ਡਾਕੇ ਮਾਰ ਕੇ ਸੌਖ ਨਾਲ ਹੀ ਵੱਡੇ ਪੱਧਰ ‘ਤੇ ਪੈਸਾ ਇਕੱਠਾ ਕੀਤਾ ਜਾ ਸਕਦਾ ਸੀ। ਇਸ ਤਰ੍ਹਾਂ ਰਾਸ ਬਿਹਾਰੀ ਬੋਸ ਨੇ ਪੰਜਾਬ ਅੰਦਰ ਆਉਂਦਿਆਂ ਹੀ ਗ਼ਦਰੀਆਂ ਨੂੰ ਡਾਕੇ ਮਾਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਨਾਲ ਬਗ਼ਾਵਤ ਦੀਆਂ ਤਿਆਰੀਆਂ ਨੂੰ ਵੱਡਾ ਬਲ ਮਿਲੇਗਾ ਅਤੇ ਜਿੱਤਣ ਦੀਆਂ ਉੱਜਲ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ।

ਗ਼ਦਰ ਪਾਰਟੀ ਆਪਣੇ ਰੋਜ਼-ਮਰ੍ਹਾ ਦੇ ਖ਼ਰਚਿਆਂ ਲਈ ਇਸ ਦੇ ਮੈਂਬਰਾਂ ਤੇ ਹਮਦਰਦਾਂ ਵੱਲੋਂ ਸਵੈ-ਇੱਛਾ ਨਾਲ ਦਿੱਤੇ ਫ਼ੰਡਾਂ ਉੱਤੇ ਨਿਰਭਰ ਕਰਦੀ ਸੀ । ਪਰ ਹਥਿਆਰ ਖ਼ਰੀਦਣ ਜਾਂ ਬਣਾਉਣ ਲਈ ਜਿੰਨੇ ਪੈਸੇ ਚਾਹੀਦੇ ਸਨ, ਉਸ ਲਈ ਇਹ ਫੰਡ ਕਾਫ਼ੀ ਨਹੀਂ ਸਨ। ਇਹ ਲੋੜ ਪੂਰੀ ਕਰਨ ਲਈ ਪਾਰਟੀ ਨੇ ਸਰਕਾਰੀ ਖ਼ਜ਼ਾਨੇ ਲੁੱਟਣ ਦੀ ਪਾਲਸੀ ਪਰਵਾਨ ਕੀਤੀ ਸੀ । ਪਰ ਸਰਕਾਰੀ ਖ਼ਜ਼ਾਨੇ ਲੁੱਟਣ ਲਈ ਫਿਰ ਹਥਿਆਰ ਚਾਹੀਦੇ ਸਨ। ਬੰਗਾਲੀਆਂ ਨੇ ਇਸ ਸਮੱਸਿਆ ਦਾ ਹੱਲ ਇਹ ਸੁਝਾਇਆ ਕਿ ਸਰਕਾਰੀ ਖ਼ਜ਼ਾਨਿਆਂ ਦੀ ਥਾਂ ਸੌਖੀਆਂ ਥਾਵਾਂ ‘ਤੇ ਡਾਕੇ ਮਾਰ ਕੇ, ਭਾਵ ਕੁਝ ਅਮੀਰ ਲੋਕਾਂ ਤੇ ਸ਼ਾਹੂਕਾਰਾਂ ਕੋਲੋਂ ਜਬਰੀ ਪੈਸਾ ਲੁੱਟਿਆ ਜਾਵੇ, ਜਿਵੇਂ ਉਹ ਆਪ ਕਰਦੇ ਸਨ।

? ਤੁਹਾਡਾ ਭਾਵ ਹੈ ਬੰਗਾਲੀਆਂ ਨੇ ਗ਼ਦਰੀਆਂ ਨੂੰ ਡਾਕਿਆਂ ਦੀ ਸਲਾਹ ਆਪਣੇ ਸੁਆਰਥ ਵਿੱਚੋਂ ਦਿੱਤੀ ਸੀ ?

ਨਹੀਂ, ਇਹ ਗੱਲਾਂ ਏਨੀਆਂ ਸਿੱਧੀਆਂ ਨਹੀਂ ਹੁੰਦੀਆਂ, ਜਿੰਨੀਆਂ ਅਸੀਂ ਕਈ ਵਾਰ ਸਮਝ ਲੈਂਦੇ ਜਾਂ ਬਣਾ ਲੈਂਦੇ ਹਾਂ। ਬੰਗਾਲ ਤੇ ਪੰਜਾਬ ਦੀਆਂ ਸਭਿਆਚਾਰਕ ਰਵਾਇਤਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਗ਼ਦਰ ਪਾਰਟੀ ਦੇ ਮੈਂਬਰਾਂ ਤੇ ਹਮਦਰਦਾਂ ਨੇ ਜਿਵੇਂ ਆਪਣੀਆਂ ਸਾਰੀਆਂ ਜਾਇਦਾਦਾਂ ਤੇ ਦੌਲਤ ਖ਼ੁਸ਼ੀ ਖ਼ੁਸ਼ੀ ਪਾਰਟੀ ਨੂੰ ਅਰਪਤ ਕਰ ਦਿੱਤੀ ਸੀ, ਬੰਗਾਲ ਅੰਦਰ ਇਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ । ਜਦੋਂ ਸਾਨਿਆਲ ਨੇ ਲੋਕਾਂ ਨੂੰ ਇਕ ਗੁਰਦੁਆਰੇ ਅੰਦਰ ਪਾਰਟੀ ਲਈ ਆਪਣੀ ਮਰਜ਼ੀ ਨਾਲ ਹੀ ਭਾਰੀ ਮਾਤਰਾ ਵਿਚ ਮਾਇਆ ਅਰਪਨ ਕਰਦਿਆਂ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਸੀ। ਬੰਗਾਲ ਅੰਦਰ ਅਜਿਹੀ ਕੋਈ ਪਰੰਪਰਾ ਨਹੀਂ ਸੀ । ਕੋਈ ਬੰਦਾ ਸਵੈ-ਇੱਛਾ ਨਾਲ ਪਾਰਟੀ ਨੂੰ ਪੈਸਾ ਦੇਣ ਲਈ ਤਿਆਰ ਨਹੀਂ ਸੀ ਹੁੰਦਾ। ਡਾਕੇ ਮਾਰਨ ਦੀ ਜਿਹੜੀ ਗੱਲ ਬੰਗਾਲੀਆਂ ਨੂੰ ਬੜੀ ਆਮ ਤੇ ਕੁਦਰਤੀ ਜਿਹੀ ਲੱਗਦੀ ਸੀ, ਪੰਜਾਬ ਅੰਦਰ ਇਸ ਤਰ੍ਹਾਂ ਨਹੀਂ ਸੀ। ਇਸ ਕਰਕੇ ਵੱਡੀ ਗੱਲ ਇਹ ਹੈ ਕਿ ਬੰਗਾਲੀ ਪੰਜਾਬ ਦੇ ਸਭਿਆਚਾਰ ਅਤੇ ਸਿੱਖ ਸਮਾਜ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਤੋਂ ਲਗਭਗ ਕੋਰੇ ਸਨ। ਇਹ ਪੱਖ ਬਹੁਤ ਅਹਿਮ ਐ, ਕਿਉਂਕਿ ਇਸ ਤੋਂ ਇਹ ਪਤਾ ਚੱਲਦੈ ਕਿ ਇਕ ਸਭਿਆਚਾਰ ਦਾ ਬੰਦਾ ਕਿੰਨਾ ਵੀ ਲਾਇਕ ਤੇ ਇਮਾਨਦਾਰ ਕਿਉਂ ਨਾ ਹੋਵੇ, ਉਹ ਕਿਸੇ ਦੂਜੇ ਸਭਿਆਚਾਰ ਦੇ ਲੋਕਾਂ ਨੂੰ ਯੋਗ ਅਗਵਾਈ ਨਹੀਂ ਦੇ ਸਕਦਾ। ਇਸ ਕਰਕੇ ਬੰਗਾਲੀਆਂ ਦੀ ਇਮਾਨਦਾਰੀ ਜਾਂ ਮੰਤਵਾਂ ਬਾਰੇ ਸ਼ੱਕ ਕਰਨ ਦੀ ਬਜਾਇ ਮਸਲੇ ਨੂੰ ਏਸ ਸਿਧਾਂਤਕ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਐ।

? ਕੀ ਗ਼ਦਰੀਆਂ ਨੇ ਬੰਗਾਲੀਆਂ ਦੀ ਡਾਕਿਆਂ ਦੀ ਤਜਵੀਜ਼ ਪੈਂਦੀ ਸੱਟੇ ਹੀ ਪਰਵਾਨ ਕਰ ਲਈ ਸੀ ?

ਆਮ ਕਿਹਾ ਜਾਂਦੈ ਕਿ ਇਸ ਬਾਰੇ ਗ਼ਦਰੀਆਂ ਵਿਚਕਾਰ ਗੰਭੀਰ ਮੱਤਭੇਦ ਪੈਦਾ ਹੋ ਗਏ ਸਨ। ਗ਼ਦਰੀਆਂ ਨੇ ਬੰਗਾਲੀਆਂ ਦੀ ਇਸ ਤਜਵੀਜ਼ ਨੂੰ ਪੈਂਦੀ ਸੱਟੇ ਹੀ ਪਰਵਾਨ ਨਹੀਂ, ਰੱਦ ਕਰ ਦਿੱਤਾ ਸੀ। ਉਨ੍ਹਾਂ ਦਾ ਮੱਤ ਸੀ ਕਿ ਇਸ ਤਰ੍ਹਾਂ ਲੋਕਾਂ ਦੇ ਘਰੀਂ ਡਾਕੇ ਮਾਰ ਕੇ ਪੈਸਾ ਇਕੱਠਾ ਕਰਨਾ ਉਨ੍ਹਾਂ ਦੇ ਸਭਿਆਚਾਰ ਤੇ ਸਿੱਖ ਸਦਾਚਾਰ ਦੇ ਅਨੁਕੂਲ ਨਹੀਂ ਸੀ । ਤੁਹਾਨੂੰ ਯਾਦ ਹੋਣੈ ਕਿ ਸਿੱਖ ਖਾੜਕੂ ਲਹਿਰ ਅੰਦਰ ਵੀ ਖਾੜਕੂਆਂ ਦੇ ਇਕ ਵਰਗ ਨੇ ਆਮ ਲੋਕਾਂ ਕੋਲੋਂ ਪੈਸਾ ਲੁੱਟਣ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਉਹ ਆਪਣੇ ਅਸੂਲ ਤੋਂ ਇਧਰ ਉਧਰ ਨਹੀਂ ਹੋਏ ਸਨ। ਭਾਵੇਂ ਕਿ ਲਹਿਰ ਦਾ ਵੱਡਾ ਹਿੱਸਾ ਇਸ ਮਸਲੇ ‘ਤੇ ਸਿੱਖ ਅਸੂਲਾਂ ਤੋਂ ਬਹੁਤ ਲਾਂਭੇ ਚਲਾ ਗਿਆ ਸੀ। ਗ਼ਦਰ ਪਾਰਟੀ ਦੇ ਅੰਦਰ ਵੀ ਕੁਝ ਲੋਕਾਂ ਨੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਬੰਗਾਲੀਆਂ ਦੀ ਇਸ ਤਜਵੀਜ਼ ਨੂੰ ਪਰਵਾਨ ਕਰ ਲੈਣ ਦਾ ਰੁਖ਼ ਪ੍ਰਗਟਾਇਆ। ਭਾਈ ਨਿਧਾਨ ਸਿੰਘ ਚੁੱਘਾ ਨੇ ਇਸ ਦਾ ਸਭ ਤੋਂ ਡਟਵਾਂ ਵਿਰੋਧ ਕੀਤਾ ਅਤੇ ਉਹ ਅਖ਼ੀਰ ਤਕ ਆਪਣੀ ਅਸੂਲੀ ਪੁਜ਼ੀਸ਼ਨ ਉੱਤੇ ਅੜਿਆ ਰਿਹਾ ਸੀ । ਕਿਹਾ ਜਾਂਦੈ ਕਿ ਸਰਦਾਰ ਨਾਨਕ ਸਿੰਘ ਭਦੌੜ ਜਿਹੜਾ ਕਿ ਬਹੁਤ ਅਮੀਰ ਸੀ ਅਤੇ ਗ਼ਦਰ ਪਾਰਟੀ ਦਾ ਹਮਾਇਤੀ ਸੀ, ਉਸ ਨੇ ਗ਼ਦਰੀਆਂ ਨੂੰ ਇਸ ਰਾਹ ਨਾ ਪੈਣ ਲਈ ਜ਼ੋਰਦਾਰ ਵਾਸਤਾ ਪਾਇਆ ਸੀ ਅਤੇ ਇਹ ਪੇਸ਼ਕਸ਼ ਵੀ ਕੀਤੀ ਸੀ ਕਿ ਪਾਰਟੀ ਨੂੰ ਜਿੰਨੇ ਪੈਸੇ ਚਾਹੀਦੇ ਹਨ ਦੱਸੇ, ਉਹ ਇਸ ਦਾ ਆਪੇ ਇੰਤਜ਼ਾਮ ਕਰ ਕੇ ਦੇਵੇਗਾ। ਪਰ ਭਾਈ ਕਰਤਾਰ ਸਿੰਘ ਸਰਾਭਾ ਤੇ ਕੁਝ ਹੋਰ ਗ਼ਦਰੀ ਡਾਕੇ ਮਾਰਨ ਦੀ ਤਜਵੀਜ਼ ਦੇ ਪੱਖ ਵਿਚ ਉਲਾਰ ਹੋ ਗਏ ਸਨ।

? ਸਰਾਭੇ ਦੇ ਇਸ ਵਤੀਰੇ ਨੂੰ ਤੁਸੀਂ ਕਿਵੇਂ ਅੰਗਦੇ ਹੋ ? ਤੁਹਾਨੂੰ ਇਸ ਦੇ ਕਿਹੜੇ ਕਾਰਨ ਨਜ਼ਰ ਆਉਂਦੇ ਹਨ ?

ਇਸ ਬਾਰੇ ਬਹੁਤ ਨਿਸਚਤ ਲਹਿਜੇ ਵਿਚ ਕੁਝ ਕਹਿ ਸਕਣਾ ਔਖਾ ਹੈ। ਹੋ ਸਕਦੈ ਉਸ ਉੱਤੇ ਨਿਸ਼ਾਨਾ ਹਾਸਲ ਕਰਨ ਦਾ ਸਰੋਕਾਰ ਏਨਾ ਹਾਵੀ ਹੋ ਗਿਆ ਹੋਵੇ ਜਿਸ ਨਾਲ ਉਸ ਅੰਦਰ ਅਸੂਲਾਂ ਬਾਰੇ ਸਮਝੌਤਾ ਕਰਨ ਦੀ ਬਿਰਤੀ ਜ਼ੋਰ ਫੜ ਗਈ। ਪਰ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹੇ ਕਿਸੇ ਨਿਸਚਤ ਨਿਰਣੇ ‘ਤੇ ਪਹੁੰਚਣ ਲਈ ਲੋੜੀਂਦੇ ਤੱਥ ਹਾਸਲ ਨਹੀਂ ਹਨ। ਸ਼ਹੀਦ ਭਗਤ ਸਿੰਘ ਨੇ ਤਾਂ ਸਰਾਭੇ ਬਾਰੇ ਲਿਖੇ ਲੇਖ ਵਿਚ ਉਸ ਦੇ ਇਸ ਪੈਂਤੜੇ ਦੀ ਪ੍ਰੋੜ੍ਹਤਾ ਕੀਤੀ ਹੈ, ਪਰ ਇਹ ਠੀਕ ਨਹੀਂ ਸੀ ਹੋਇਆ। ਏਹਦੇ ਕਰਕੇ ਸਰਾਭੇ ਨੂੰ ਬਾਅਦ ਵਿਚ ਜਾ ਕੇ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ ਅਤੇ ਜੇਲ੍ਹ ਅੰਦਰ ਬਾਬਾ ਸੋਹਣ ਸਿੰਘ ਭਕਨਾ ਦੀਆਂ ਤੱਤੀਆਂ ਠੰਢੀਆਂ ਸੁਣਨੀਆਂ ਪਈਆਂ ਸਨ। ਸਦਾਚਾਰਕ ਪੱਖ ਤੋਂ ਇਲਾਵਾ ਗ਼ਦਰ ਪਾਰਟੀ ਨੂੰ ਇਸ ਦਾ ਭਾਰੀ ਰਾਜਸੀ ਖ਼ਮਿਆਜ਼ਾ ਭੁਗਤਣਾ ਪੈ ਗਿਆ ਸੀ।

? ਉਹ ਕਿਸ ਰੂਪ ਵਿਚ ?

ਸਰਕਾਰੀ ਸੋਮਿਆਂ ਮੁਤਾਬਕ ਸਰਾਭਾ 21 ਜਨਵਰੀ ਨੂੰ ਲਾਹੌਰ ਤੋਂ ਰਾਸ ਬਿਹਾਰੀ ਬੋਸ ਨਾਲ ਸਲਾਹ ਮਸ਼ਵਰਾ ਕਰ ਕੇ ਡਾਕੇ ਮਾਰਨ ਦੀ ਪਲੈਨ ਨੂੰ ਅਮਲੀ ਜਾਮਾ ਪਹਿਨਾਉਣ ਦੇ ਮੰਤਵ ਨਾਲ ਲੁਧਿਆਣੇ ਲਈ ਰਵਾਨਾ ਹੋ ਗਿਆ ਸੀ। ਪਹਿਲੇ ਦੋਵਾਂ ਡਾਕਿਆਂ ਵਿਚ ਸਰਾਭਾ ਆਪ ਸ਼ਾਮਲ ਸੀ ਅਤੇ ਇਹ ਦੋਵੇਂ ਹੀ ਡਾਕੇ (ਸਾਹਨੇਵਾਲ 23 ਜਨਵਰੀ ਤੇ ਮਨਸੂਰਾਂ 27 ਜਨਵਰੀ) ਬਿਨਾਂ ਕਿਸੇ ਨੁਕਸਾਨ ਦੇ ਸੁੱਖੀ ਸਾਂਦੀ ਨੇਪਰੇ ਚੜ੍ਹ ਗਏ ਸਨ। 29 ਜਨਵਰੀ ਨੂੰ ਝਨੇਰ (ਮਲੇਰਕੋਟਲਾ ਰਿਆਸਤ) ਪਿੰਡ ਵਿਚ ਮਾਰਿਆ ਤੀਜਾ ਡਾਕਾ ਵੀ ਠੀਕ-ਠਾਕ ਰਿਹਾ। ਪਰ ਜਦੋਂ ਇਕ ਅਸੂਲ ਉੱਤੇ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਇਸ ‘ਚੋਂ ਸਮਝੌਤਿਆਂ ਦੀ ਲੜੀ ਸ਼ੁਰੂ ਹੋ ਜਾਂਦੀ ਐ। ਜਦੋਂ ਇਕ ਕਦਮ ਗਲਤ ਪੁੱਟ ਲਿਆ ਤਾਂ ਅਗਲੇ ਕਦਮ ਠੀਕ ਦਿਸ਼ਾ ਵਿਚ ਰੱਖਣੇ ਮੁਸ਼ਕਲ ਹੋ ਜਾਂਦੇ ਨੇ । ਗ਼ਦਰੀਆਂ ਨੇ ਪਹਿਲੀ  ਗ਼ਲਤੀ ਇਹ ਕੀਤੀ ਕਿ ਆਮ ਲੋਕਾਂ ਕੋਲੋਂ ਪੈਸਾ ਲੁੱਟਣ ਦੀ ਤਜਵੀਜ਼ ਮੰਨ ਲਈ। ਇਸ ਵਿੱਚੋਂ ਦੂਜੀ ਅਗਲੀ ਗਲਤੀ ਇਹ ਨਿਕਲੀ ਕਿ ਰਾਹੋਂ ਵਿਚ ਡਾਕੂਆਂ ਨਾਲ ਰਲ ਕੇ ਇਕ ਔਰਤ ਦੇ ਘਰ ਡਾਕਾ ਮਾਰਿਆ, ਜਿਸ ਵਿੱਚੋਂ ਲੁੱਟ ਦੇ ਮਾਲ ਦਾ ਵੱਧ ਹਿੱਸਾ ਡਾਕੂਆਂ ਨੂੰ ਦਿੱਤਾ। ਤੀਜੀ ਗ਼ਲਤੀ, ਜਿਹੜੀ ਗ਼ਦਰ ਲਹਿਰ ਲਈ ਘਾਤਕ ਸਾਬਤ ਹੋਈ, ਇਹ ਸੀ ਕਿ 2 ਤੇ 3 ਫ਼ਰਵਰੀ ਦੀ ਵਿਚਕਾਰਲੀ ਰਾਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਵਿਚ ਗੁਆਂਢੀ ਪਿੰਡ ਦੇ ਬੰਦਿਆਂ ਦੀਆਂ ਗੱਲਾਂ ਵਿਚ ਆ ਕੇ ਬੇਲੀ ਰਾਮ ਨਾਂ ਦੇ ਸ਼ਾਹੂਕਾਰ ਦੇ ਘਰੇ ਡਾਕਾ ਮਾਰਿਆ। ਬਾਅਦ ਵਿਚ ਪਤਾ ਚੱਲਿਆ ਕਿ ਗਿੱਲਵਾਲੀ ਪਿੰਡ ਦੇ ਜਿਨ੍ਹਾਂ ਬੰਦਿਆਂ ਨੇ ਡਾਕੇ ਦੀ ਸਲਾਹ ਦਿੱਤੀ ਸੀ, ਉਨ੍ਹਾਂ ਦਾ ਸ਼ਾਹੂਕਾਰ ਨਾਲ ਨਿੱਜੀ ਵੈਰ-ਵਿਰੋਧ ਸੀ ਅਤੇ ਉਨ੍ਹਾਂ ਨੇ ਆਪਣੀ ਨਿੱਜੀ ਕਿੜ ਕੱਢਣ ਲਈ ਹੀ ਗ਼ਦਰੀਆਂ ਨੂੰ ਇਸ ਡਾਕੇ ਲਈ ਪ੍ਰੇਰਿਆ ਸੀ। ਹਥਿਆਰਬੰਦ ਲਹਿਰਾਂ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਆਮ ਹੀ ਕਰਨਾ ਪੈ ਜਾਂਦਾ ਹੈ ਜਦ ਕੁਝ ਲੋਕ ਆਪਣੀਆਂ ਜ਼ਾਤੀ ਗ਼ਰਜ਼ਾਂ ਦੀ ਪੂਰਤੀ ਲਈ ਪਾਰਟੀ ਦੀ ਤਾਕਤ ਤੇ ਪ੍ਰਭਾਵ ਦੀ ਦੁਰਵਰਤੋਂ ਕਰਨ ਦੇ ਅਨੈਤਿਕ ਹੱਥਕੰਡੇ ਅਖ਼ਤਿਆਰ ਕਰਦੇ ਹਨ। ਚੱਬਾ ਪਿੰਡ ਵਿਚ ਮਾਰਿਆ ਗਿਆ ਡਾਕਾ ਇਸੇ ਰੁਝਾਨ ਦਾ ਪ੍ਰਤੀਕ ਸੀ। ਇਹ ਡਾਕਾ ਗ਼ਦਰ ਪਾਰਟੀ ਨੂੰ ਲੈ ਡੁੱਬਿਆ। ਪਾਰਟੀ ਵੱਲੋਂ ਇਹ ਸਖ਼ਤ ਹਦਾਇਤਾਂ ਸਨ ਕਿ ਡਾਕੇ ਵਿਚ ਕਿਸੇ ਦਾ ਜਿਸਮਾਨੀ ਜਾਂ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਮੁਕਾਮੀ ਲੋਕ ਜ਼ਾਤੀ ਗ਼ਰਜ਼ਾਂ ਕਰਕੇ ਡਾਕੇ ਵਿਚ ਸ਼ਾਮਲ ਹੋਏ ਸਨ, ਉਨ੍ਹਾਂ ਨੇ ਇਸ ਪਾਰਟੀ ਅਸੂਲ ਦੀ ਕੋਈ ਪ੍ਰਵਾਹ ਨਾ ਕੀਤੀ। ਸ਼ਾਹੂਕਾਰ ਦੇ ਨਿਹੱਕੇ ਕਤਲ ਸਦਕਾ ਲੋਕਾਂ ਅੰਦਰ ਪਾਰਟੀ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ। ਪਰ ਇਸ ਨਾਲੋਂ ਵੱਧ ਮਾਰੂ ਨੁਕਸਾਨ, ਜਿਹੜਾ ਪਾਰਟੀ ਲਈ ਬੇਹੱਦ ਘਾਤਕ ਸਾਬਤ ਹੋਇਆ, ਉਹ ਇਹ ਸੀ ਕਿ ਡਾਕਾ ਪਾਰਟੀ ਨੇ ਸ਼ਾਹੂਕਾਰ ਦੇ ਸੇਫ਼ ਤੋੜਨ ਲਈ ਕਾਲਾ ਸਿੰਘ ਨਾਂ ਦਾ ਜਿਹੜਾ ਬੁੱਢਾ ਲੁਹਾਰ ਨਾਲ ਲਿਆਂਦਾ ਸੀ, ਉਹ ਲੋਕਾਂ ਨੇ ਮੌਕੇ ‘ਤੇ ਹੀ ਫੜ ਲਿਆ ਸੀ। ਪਾਰਟੀ ਦਾ ਇਕ ਹੋਰ ਪੱਕਾ ਬੰਦਾ ਵਰਿਆਮ ਸਿੰਘ ‘ਅਮਲੀ’ ਪੌੜੀਆਂ ਉਤਰਦਾ ਡਿੱਗ ਪਿਆ ਤੇ ਉਸ ਦੇ ਪਾਸ ਜੋ ਬੰਬ ਸੀ, ਉਹ ਡਿਗਦਿਆਂ ਹੀ ਫਟ ਗਿਆ ਤੇ ਉਹ ਉਥੇ ਹੀ ਦਮ ਤੋੜ ਗਿਆ। ਜਦੋਂ ਪੁਲਿਸ ਨੇ ਕਾਲਾ ਸਿੰਘ ਦੀ ਕੁੱਟ-ਮਾਰ ਕੀਤੀ ਤਾਂ ਉਸ ਨੇ ਗਿੱਲਵਾਲੀ ਪਿੰਡ ਦਾ ਉਹ ਬੰਦਾ (ਸੁਰੈਣ ਸਿੰਘ) ਜਿਸ ਦੇ ਕਹਿਣ ‘ਤੇ ਡਾਕਾ ਮਾਰਿਆ ਗਿਆ ਸੀ, ਫੜਾ ਦਿੱਤਾ। ਬੱਸ, ਇਸ ਨਾਲ ਹੀ ਗ਼ਦਰ ਪਾਰਟੀ ਦੇ ਪਤਨ ਦਾ ਸਿਲਸਿਲਾ ਆਰੰਭ ਹੋ ਗਿਆ।

ਸੁਰੈਣ ਸਿੰਘ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਇਸ ਡਾਕੇ ਵਿਚ ਮੀਆਂਮੀਰ ਛਾਉਣੀ ਵਿਚ ਤੈਨਾਤ ਸਿੱਖ ਫ਼ੌਜੀਆਂ ਵਿੱਚੋਂ ਮੂਲਾ ਸਿੰਘ ਨਾਂ ਦੇ ਫ਼ੌਜੀ ਅਤੇ ਸੁਰਸਿੰਘ ਦੇ ਮਸ਼ਹੂਰ ਗ਼ਦਰੀ ਪ੍ਰੇਮ ਸਿੰਘ ਦਾ ਹੱਥ ਹੈ। ਜਦੋਂ ਪੁਲਿਸ ਨੂੰ ਇਹ ਪਤਾ ਚੱਲਿਆ ਕਿ ਡਾਕੇ ਵਿਚ ਅਮਰੀਕਾ ਤੋਂ ਆਏ ਗ਼ਦਰੀਆਂ ਦਾ ਹੱਥ ਹੈ ਤਾਂ ਉਨ੍ਹਾਂ ਦੇ ਕੰਨ ਇਕਦਮ ਖੜੇ ਹੋ ਗਏ। ਲਾਹੌਰ ਪੁਲਿਸ ਦੇ ਡਿਪਟੀ ਸੁਪ੍ਰਿੰਟੈਂਡੈਂਟ ਲਿਆਕਤ ਹਯਾਤ ਖ਼ਾਨ ਨੇ ਉਸੇ ਵੇਲੇ (7 ਫ਼ਰਵਰੀ ਨੂੰ) ਆਪਣੇ ਖ਼ਾਸੋ-ਖ਼ਾਸ ਜ਼ੈਲਦਾਰ ਬੇਲਾ ਸਿੰਘ ਨੂੰ ਸੱਦਿਆ ਅਤੇ ਉਸ ਨਾਲ ਰਲ ਕੇ ਗਦਰ ਪਾਰਟੀ ਵਿਚ ਆਪਣਾ ਸੂਹੀਆ ਵਾੜਨ ਦੀ ਸਕੀਮ ਘੜੀ। ਤੀਜੇ ਦਿਨ ਹੀ 9 ਫ਼ਰਵਰੀ ਨੂੰ ਬੇਲਾ ਸਿੰਘ ਨੇ ਕਿਰਪਾਲ ਸਿੰਘ, ਜੀਹਦਾ ਇਕ ਨਜ਼ਦੀਕੀ ਰਿਸ਼ਤੇਦਾਰ ਬਲਵੰਤ ਸਿੰਘ ਗ਼ਦਰ ਕਰਨ ਦੀ ਪਲੈਨ ਦੇ ਅਧੀਨ ਕੁਝ ਮਹੀਨੇ ਪਹਿਲਾਂ ਹੀ ਸ਼ੰਘਾਈ ਤੋਂ ਆ ਕੇ 23 ਨੰਬਰ ਰਸਾਲੇ ਵਿਚ ਭਰਤੀ ਹੋ ਗਿਆ ਸੀ, ਨੂੰ ਲਿਆਕਤ ਹਯਾਤ ਖ਼ਾਨ ਨਾਲ ਮਿਲਾ ਦਿੱਤਾ। ਇਸ ਤਰ੍ਹਾਂ ਕਿਰਪਾਲ ਸਿੰਘ ਬਹੁਤ ਸੌਖ ਨਾਲ ਗ਼ਦਰੀ ਪਾਰਟੀ ਅੰਦਰ ਘੁਸਣ ਵਿਚ ਕਾਮਯਾਬ ਹੋ ਗਿਆ।

? ਕਿਰਪਾਲ ਸਿੰਘ ਜਿੰਨੀ ਸੌਖ ਨਾਲ, ਦੋ ਕੁ ਦਿਨਾਂ ਅੰਦਰ ਹੀ, ਪਾਰਟੀ ਅੰਦਰ ਘੁਸਣ ਵਿਚ ਸਫਲ ਹੋ ਗਿਆ, ਕੀ ਇਸ ਤੋਂ ਗ਼ਦਰੀਆਂ ਦੀ ਜਥੇਬੰਦਕ ਕਚਿਆਈ ਜ਼ਾਹਰ ਨਹੀਂ ਹੁੰਦੀ ? ਉਨ੍ਹਾਂ ਕੋਈ ਵੀ ਸਾਵਧਾਨੀ ਨਾ ਵਰਤੀ ?

ਕਿਰਪਾਲ ਸਿੰਘ ਦੇ ਇਸ ਸਮੁੱਚੇ ਕਾਂਡ ਨੂੰ ਜੇਕਰ ਗ਼ਦਰ ਪਾਰਟੀ ਦੀ ਉਸ ਵੇਲੇ ਦੀ ਸਥਿਤੀ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ, ਤਾਂ ਇਸ ਵਿੱਚੋਂ ਗ਼ਦਰ ਪਾਰਟੀ ਦੀ ਕਚਿਆਈ ਹੀ ਨਜ਼ਰ ਆਵੇਗੀ। ਬਹੁਤੇ ਵਿਦਵਾਨਾਂ ਨੇ ਇਹੀ ਉਕਾਈ ਕੀਤੀ ਹੈ। ਜ਼ਰਾ ਪਾਰਟੀ ਦੀ ਉਸ ਵੇਲੇ ਦੀ ਹਾਲਤ ਉੱਤੇ ਨਜ਼ਰ ਮਾਰੋ। ਅੱਧ ਜਨਵਰੀ ਤੋਂ ਬਾਅਦ ਰਾਸ ਬਿਹਾਰੀ ਬੋਸ ਦੇ ਆ ਜਾਣ ਪਿੱਛੋਂ ਗ਼ਦਰੀਆਂ ਨੇ ਛਾਉਣੀਆਂ ਵਿਚ ਆਪਣੀਆਂ ਸਰਗਰਮੀਆਂ ਠੰਢੀਆਂ ਪਾ ਦਿੱਤੀਆਂ ਸਨ ਅਤੇ ਪਾਰਟੀ ਦਾ ਵੱਡਾ ਧਿਆਨ ਡਾਕਿਆਂ ਵੱਲ ਹੋ ਗਿਆ ਸੀ। ਗ਼ਦਰ ਪਾਰਟੀ ਦਾ ਛਾਉਣੀਆਂ ਅੰਦਰ ਸਾਰਾ ਕੰਮ ਕਰਤਾਰ ਸਿੰਘ ਸਰਾਭੇ ਦੇ ਸਿਰ ‘ਤੇ ਸੀ। ਪਰ ਉਹ ਜਨਵਰੀ ਦੇ ਦੂਜੇ ਪੰਦਰਵਾੜੇ ਦੌਰਾਨ ਲਗਾਤਾਰ ਡਾਕਿਆਂ ਦੇ ਕੰਮ ਵਿਚ ਮਸਰੂਫ਼ ਰਿਹਾ। ਏਨੇ ਨੂੰ ਇਹ ਖ਼ਬਰ ਮਿਲ ਗਈ ਕਿ 23 ਨੰਬਰ ਰਸਾਲੇ ਨੂੰ ਪਹਿਲੀ ਮਾਰਚ ਨੂੰ ਫ਼ਰਾਂਸ ਦੇ ਮੋਰਚੇ ‘ਤੇ ਜਾਣ ਦੇ ਹੁਕਮ ਹੋ ਗਏ ਸਨ। ਗ਼ਦਰੀਆਂ ਦੀ ਬਗ਼ਾਵਤ ਦੀ ਸਮੁੱਚੀ ਪਲੈਨ ਅੰਦਰ ਮੀਆਂਮੀਰ ਛਾਉਣੀ ਦਾ ਕੇਂਦਰੀ ਸਥਾਨ ਸੀ । ਇਸ ਕਰਕੇ ਪਾਰਟੀ ਸਾਹਮਣੇ ਫ਼ਰਵਰੀ ਵਿਚ ਹੀ ਬਗ਼ਾਵਤ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਰਿਹਾ ਸੀ। ਗ਼ਦਰੀਆਂ ਨੇ ਬੰਗਾਲੀਆਂ ਦੇ ਕਹਿਣ ‘ਤੇ ਛਾਉਣੀਆਂ ਅੰਦਰ ਆਪਣੇ ਕੰਮ ਵਿਚ ਜਿਹੜੀ ਢਿੱਲ ਲੈ ਆਂਦੀ ਸੀ, ਉਸ ਸਦਕਾ ਉਨ੍ਹਾਂ ਨੂੰ ਹੁਣ ਦੂਣੀ ਤੇਜ਼ੀ ਨਾਲ ਕੰਮ ਕਰਨਾ ਪੈ ਗਿਆ ਸੀ, ਜਿਸ ਨਾਲ ਸਾਰੇ ਕਾਰ-ਵਿਹਾਰ ਅੰਦਰ ਹਫ਼ੜਾ-ਦਫ਼ੜੀ ਪੈ ਗਈ। 23 ਨੰਬਰ ਰਸਾਲੇ ਦੇ ਪਹਿਲੀ ਮਾਰਚ ਨੂੰ ਚਲੇ ਜਾਣ ਦੀ ਖ਼ਬਰ ਸੁਣਦਿਆਂ ਹੀ ਸਰਾਭਾ ਪੂਰੇ ਜੋਸ਼ ਤੇ ਵੇਗ ਨਾਲ ਕੰਮ ਵਿਚ ਜੁੱਟ ਗਿਆ । ਓਹਦੀ ਇਕ ਲੱਤ ਬਨਾਰਸ ਹੁੰਦੀ ਸੀ ਤੇ ਦੂਜੀ ਫ਼ਿਰੋਜ਼ਪੁਰ । 2 ਫ਼ਰਵਰੀ ਨੂੰ ਸਰਾਭਾ ਛਾਉਣੀਆਂ ਅੰਦਰ ਕੰਮ ਕਰਨ ਵਾਲੇ ਆਪਣੇ ਯੁੱਧ-ਸਾਥੀ ਸੁੱਚਾ ਸਿੰਘ ਨੂੰ ਨਾਲ ਲੈ ਕੇ ਸ਼ੂਟ ਵੱਟ ਕੇ ਮੇਰਠ ਜਾ ਪਹੁੰਚਿਆ ਅਤੇ ਉਥੇ 12 ਨੰਬਰ ਰਸਾਲੇ ਦੇ ਭਾਈ ਇੰਦਰ ਸਿੰਘ ਨਾਲ ਮਿਲ ਕੇ ਬਗ਼ਾਵਤ ਦੀ ਪਲੈਨ ਬਾਰੇ ਠੋਸ ਰੂਪ ਵਿਚ ਵਿਚਾਰ ਵਟਾਂਦਰਾ ਹੋਇਆ। 4 ਫ਼ਰਵਰੀ ਨੂੰ ਦੋਵੇਂ ਅੰਨ੍ਹੇਵਾਹ ਆਗਰੇ ਦੀ ਛਾਉਣੀ ਵਿਚ ਜਾ ਵੜੇ, ਪਰ ਉਥੇ ਕੋਈ ਸਿੱਖ ਪਲਟਣ ਨਾ ਮਿਲੀ । ਉਥੋਂ 6 ਨੂੰ ਅਲਾਹਾਬਾਦ ਪਹੁੰਚ ਗਏ ਤੇ ਫਿਰ ਉਸੇ ਦਿਨ ਉਥੋਂ ਬਨਾਰਸ ਜਾ ਪਹੁੰਚੇ। ਉਥੇ ਛਾਉਣੀ ਅੰਦਰ ਕੁਝ ਬੰਗਾਲੀਆਂ ਦੀ ਮੱਦਦ ਨਾਲ ਇਕ ਰਾਜਪੂਤ ਗੰਢ ਲਿਆ । ਉਸ ਦੀ ਡਿਊਟੀ ਆਗਰੇ ਰਾਜਪੂਤਾਂ ਵਿਚ ਪ੍ਰਚਾਰ ਕਰਨ ਦੀ ਲਾਈ। ਬਨਾਰਸ ਤੋਂ ਸਿੱਧੇ ਦਾਨਾਪੁਰ ਨੂੰ ਹੋ ਗਏ। ਉਥੇ ਇਕ ਸਿੱਖ ਪਲਟਣ ਨਾਲ ਸੰਬੰਧ ਬਣਾਏ। ਉਥੋਂ ਸਰਾਭਾ ਇਕੱਲਾ ਲਖਨਊ 12 ਨੰਬਰ ਰਸਾਲੇ ਦੀਆਂ ਬਾਰਕਾਂ ਵਿਚ ਜਾ ਵੜਿਆ, ਪਰ ਪਤਾ ਚੱਲਿਆ ਕਿ ਰਸਾਲਾ ਲੜਾਈ ਨੂੰ ਚਲਾ ਗਿਆ ਸੀ। ਜਨਵਰੀ ਵਿਚ ਹੀ ਜਦੋਂ ਉਹ ਇਕ ਪਾਸੇ ਡਾਕਿਆਂ ਵਿਚ ਜੁਟਿਆ ਹੋਇਆ ਸੀ ਤਾਂ ਵਿਚੇ ਹੀ ਦੇ ਗੇੜੇ ਫ਼ਿਰੋਜ਼ਪੁਰ ਮਾਰ ਆਇਆ ਸੀ । ਰਾਸ ਬਿਹਾਰੀ ਬੋਸ ਨੇ ਵਿਸ਼ਣੁ ਗਣੇਸ਼ ਪਿੰਗਲੇ ਨੂੰ ਰੱਦੀ ਵਿਚ ਮਰਹੱਟਿਆਂ ਦੀ ਮੱਦਦ ਲੈਣ ਲਈ ਮੇਰਠ ਤੇ ਅੰਬਾਲੇ ਭੇਜਿਆ। ਭਾਈ ਹਿਰਦੇ ਰਾਮ ਨੇ ਜਲੰਧਰ ਡੋਗਰਿਆਂ ਨਾਲ ਰਾਬਤਾ ਕਾਇਮ ਕਰ ਲਿਆ ਸੀ । 8-9 ਫ਼ਰਵਰੀ ਦੇ ਕਰੀਬ ਭਾਈ ਊਧਮ ਸਿੰਘ ਅੜਿੰਗ ਤੇ ਗੁਰਮੁਖ ਸਿੰਘ ਰਾਵਲਪਿੰਡੀ ਤੋਂ ਖ਼ਬਰ ਲਿਆਏ ਕਿ ਜੇਹਲਮ, ਰਾਵਲਪਿੰਡੀ, ਹੋਤੀ ਮਰਦਾਨ ਤੇ ਪਿਸ਼ਾਵਰ ਦੀਆਂ ਸਿੱਖ ਪਲਟਣਾਂ ਬਗ਼ਾਵਤ ਲਈ ਤਿਆਰ ਸਨ ਅਤੇ ਬਗ਼ਾਵਤ ਦੀ ਤਰੀਕ ਦੀ ਉਡੀਕ ਕਰ ਰਹੀਆਂ ਸਨ।

ਇਹ ਸਾਰੀ ਸਰਗਰਮੀ ਦਸਾਂ ਕੁ ਦਿਨਾਂ ਅੰਦਰ ਹੋਈ। ਇਸ ਤੋਂ ਤੁਸੀਂ ਪਾਰਟੀ ਦੀ ਉਨ੍ਹਾਂ ਦਿਨਾਂ ਦੀ ਹਾਲਤ ਦਾ ਸੌਖ ਨਾਲ ਅਨੁਮਾਨ ਲਾ ਸਕਦੇ ਹੋ । ਸਾਰਿਆਂ ਨੂੰ ਕਾਹਲੀ ਪਈ ਹੋਈ ਸੀ ਅਤੇ ਅਜਿਹੇ ਮਾਮਲਿਆਂ ਵਿਚ ਜਿਸ ਕਿਸਮ ਦੀ ਸਾਵਧਾਨੀ ਵਰਤਣੀ ਚਾਹੀਦੀ ਐ, ਉਸ ਲਈ ਕਿਸੇ ਕੋਲ ਵੀ ਸਮਾਂ ਨਹੀਂ ਸੀ। ਸਰਕਾਰ ਨੇ ਗ਼ਦਰ ਪਾਰਟੀ ਦੀ ਇਸ ਹਾਲਤ ਦਾ ਪੂਰਾ ਫ਼ਾਇਦਾ ਲਿਆ ਅਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਕਿਰਪਾਲ ਸਿੰਘ ਨੂੰ ਗ਼ਦਰੀਆਂ ਦੀਆਂ ਸਫ਼ਾਂ ਵਿਚ ਘੁਸੇੜ ਦਿੱਤਾ। ਹਰੀਸ਼ ਪੁਰੀ ਨੇ ਗ਼ਦਰੀਆਂ ਦੀ ਇਸ ਕਾਹਲੀ ਨੂੰ ਬੜੀ ਮੌਜ ਨਾਲ ਨਿੰਦ ਦਿੱਤਾ ਹੈ, ਪਰ ਇਸ ਤੋਂ ਬਿਨਾਂ ਉਨ੍ਹਾਂ ਸਾਹਮਣੇ ਹੋਰ ਚਾਰਾ ਹੀ ਕੀ ਸੀ? ਜਾਂ ਤਾਂ ਉਹ ਗ਼ਦਰ ਦੀ ਸਕੀਮ ਹੀ ਤਿਆਗ ਦਿੰਦੇ ਅਤੇ ਜਾਂ ਫਿਰ ਉਨ੍ਹਾਂ ਨੂੰ ਇਹ ਕਾਹਲੀ ਕਰਨੀ ਹੀ ਪੈਣੀ ਸੀ ਅਤੇ ਇਸ ਦੇ ਮਾਰੂ ਨਤੀਜੇ ਵੀ ਭੁਗਤਣੇ ਪੈਣੇ ਸਨ। ਉਨ੍ਹਾਂ ਨੇ ਅੰਤਾਂ ਦੇ ਦਬਾਅ ਤੇ ਤਨਾਉ ਦੀ ਹਾਲਤ ਵਿਚ ਪਹਿਲਾਂ ਗ਼ਦਰ ਲਈ 21 ਫ਼ਰਵਰੀ ਦਾ ਦਿਨ ਮਿਥਿਆ। ਇਸ ਬਾਰੇ ਸਾਰੀਆਂ ਥਾਵਾਂ ਉੱਤੇ 15 ਫ਼ਰਵਰੀ ਤਕ ਸੁਨੇਹੇ ਲਾ ਦਿੱਤੇ ਸਨ। ਪਰ 17 ਨੂੰ ਕਿਰਪਾਲ ਸਿੰਘ ਬਾਰੇ ਪਾਰਟੀ ਨੂੰ ਪੂਰਾ ਪਤਾ ਚੱਲ ਗਿਆ ਸੀ। ਕਿਉਂਕਿ ਕਿਰਪਾਲ ਸਿੰਘ ਨੂੰ ਵੀ 21 ਤਰੀਕ ਦਾ ਪਤਾ ਸੀ, ਇਸ ਕਰਕੇ ਖੜੇ ਪੈਰ ਹੀ, 16 ਫ਼ਰਵਰੀ ਨੂੰ 21 ਦੀ ਤਰੀਕ ਬਦਲ ਕੇ 19 ਕਰਨੀ ਪੈ ਗਈ ਤਾਂ ਜੋ ਕਿਰਪਾਲ ਸਿੰਘ ਨੂੰ ਇਸ ਦਾ ਪਤਾ ਨਾ ਲੱਗੇ। ਪਰ ਮਾੜੇ ਭਾਗਾਂ ਨੂੰ ਕਿਰਪਾਲ ਸਿੰਘ* ਨੂੰ ਇਸ ਦਾ ਭੇਦ ਵੀ ਮਿਲ ਗਿਆ ਅਤੇ ਉਸ ਨੇ ਇਹ ਜਾਣਕਾਰੀ 19 ਫ਼ਰਵਰੀ ਨੂੰ ਪੁਲਿਸ ਤਕ ਪੁਚਾ ਦਿੱਤੀ । ਬਗ਼ਾਵਤ ਦੀ ਪਲੈਨ ਦਾ ਪਤਾ ਚੱਲਦਿਆਂ ਹੀ ਸਰਕਾਰ ਨੇ ਪੇਸ਼ਬੰਦੀਆਂ ਕਰ ਲਈਆਂ। ਮੀਆਂਮੀਰ ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਉੱਤੇ ਗੋਰੀਆਂ ਪਲਟਣਾਂ ਦੇ ਪਹਿਰੇ ਲੱਗ ਗਏ ਅਤੇ ਦੇਸੀ ਪਲਟਣਾਂ ਕੋਲੋਂ ਸਾਰੇ ਹਥਿਆਰ ਰਖਵਾ ਲਏ ਗਏ। 19 ਨੂੰ ਬਾਅਦ ਦੁਪਹਿਰ ਲਾਹੌਰ ਦੇ ਮੋਚੀ ਦਰਵਾਜ਼ੇ ਵਾਲੇ ਗੁਪਤ ਠਿਕਾਣੇ ਉੱਤੇ ਛਾਪਾ ਮਾਰ ਕੇ ਬਹੁਤ ਸਾਰੇ ਪ੍ਰਮੁੱਖ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਕਿਸਮਤ ਨਾਲ ਕਰਤਾਰ ਸਿੰਘ ਸਰਾਭਾ ਤੇ ਰਾਸ ਬਿਹਾਰੀ ਬੋਸ ਬਚ ਗਏ। ਮੀਆਂਮੀਰ ਤੇ ਫ਼ਿਰੋਜ਼ਪੁਰ ਵਿਖੇ ਗ਼ਦਰੀਆਂ ਦੇ ਜਥੇ ਰਾਤ ਨੂੰ ਛਾਉਣੀਆਂ ਲਾਗੇ ਪੁੱਜ ਗਏ ਸਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰੀ ਖੇਡ ਖ਼ਰਾਬ ਹੋ ਚੁੱਕੀ ਸੀ ਤਾਂ ਉਹ ਬੇਹੱਦ ਮਾਯੂਸੀ ਦੀ ਹਾਲਤ ਵਿਚ ਇਧਰ ਉਧਰ ਖਿੰਡ ਗਏ। ਇਸ ਤਰ੍ਹਾਂ ਸਾਰੀ ਪਲੈਨ ਧਰੀ ਧਰਾਈ ਰਹਿ ਗਈ। ਸਰਕਾਰ ਨੇ ਗ਼ਦਰੀਆਂ ਦੀਆਂ ਗ੍ਰਿਫ਼ਤਾਰੀਆਂ ਦੀ ਵਿਆਪਕ ਮੁਹਿੰਮ ਵਿੱਢ ਦਿੱਤੀ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ। 23 ਨੰਬਰ ਰਸਾਲੇ ਦੇ ਕਿੰਨੇ ਹੀ ਜਵਾਨਾਂ ਉੱਤੇ ਮੁਕੱਦਮੇ ਦਾਇਰ ਕੀਤੇ ਗਏ ਅਤੇ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਸਮੇਤ 12 ਸੂਰਬੀਰਾਂ ਨੂੰ 3 ਸਤੰਬਰ 1915 ਦੀ ਸਵੇਰ ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਅੰਦਰ ਇਕੱਠਿਆਂ ਫਾਂਸੀਆਂ ਉੱਤੇ ਲਟਕਾ ਦਿੱਤਾ ਗਿਆ।

? ਉਧਰ ਦੂਜੇ ਬੰਨੇ ਬੰਗਾਲੀਆਂ ਨੂੰ ਛਾਉਣੀਆਂ ਅੰਦਰ ਕੋਈ ਸਫਲਤਾ ਹਾਸਲ ਹੋਈ ਜਾਂ ਨਹੀ ? ਅਤੇ ਇਸ ਦੌਰਾਨ ਬੰਗਾਲ ਅੰਦਰ ਉਨ੍ਹਾਂ ਦੀਆਂ ਤਿਆਰੀਆਂ ਦਾ ਕੀ ਬਣਿਆ ?

ਬੰਗਾਲੀਆਂ ਨੂੰ ਛਾਉਣੀਆਂ ਅੰਦਰ ਕੋਈ ਕਾਮਯਾਬੀ ਨਾ ਮਿਲੀ । ਬਗ਼ਾਵਤ ਦੇ ਅਸਫਲ ਹੋ ਜਾਣ ਉਪਰੰਤ ਜਿੰਨੇ ਵੀ ਮੁਕੱਦਮੇ ਦਾਇਰ ਹੋਏ, ਉਹ ਪੰਜਾਬੀ ਜਾਂ ਸਿੱਖ ਪਲਟਣਾਂ ਦੇ ਫ਼ੌਜੀਆਂ ਉੱਤੇ ਹੀ ਹੋਏ। ਇਸ ਤੋਂ ਪਤਾ ਚੱਲਦਾ ਹੈ ਕਿ ਬੰਗਾਲੀਆਂ ਦੇ ਸਾਰੇ ਯਤਨ ਫੋਕੇ ਹੀ ਨਿਕਲੇ। ਇਸ ਦਾ ਕਾਰਨ ਵੀ ਸਮਝ ਆਉਂਦਾ ਹੈ। ਜਿਵੇਂ ਪਹਿਲਾਂ ਗੱਲ ਕੀਤੀ ਐ, ਪੰਜਾਬ ਤੇ ਬੰਗਾਲ ਦੀਆਂ ਸਭਿਆਚਾਰਕ ਤੇ ਰਾਜਸੀ ਰਵਾਇਤਾਂ ਬਹੁਤ ਅਲੱਗ ਅਲੱਗ ਨੇ। ਬੰਗਾਲੀਆਂ ਨੇ ਜਿਹੜੀਆਂ ਰਾਜਪੂਤ ਪਲਟਣਾਂ ਉੱਤੇ ਟੇਕ ਰੱਖ ਕੇ ਛਾਉਣੀਆਂ ਅੰਦਰ ਕੰਮ ਕਰਨ ਦੀ ਪਲੈਨ ਬਣਾਈ ਸੀ, ਉਨ੍ਹਾਂ (ਰਾਜਪੂਤਾਂ) ਨੂੰ ਏਡੇ ਜੋਖੋਂ ਭਰੇ ਕੰਮ ਲਈ ਤਿਆਰ ਕਰਨ ਵਾਸਤੇ ਉਨ੍ਹਾਂ ਕੋਲ ਉਹ ‘ਗਿਦੜਸਿੰਗੀ’ ਨਹੀਂ ਸੀ ਜਿਸ ਦੇ ਨਾਲ ਗ਼ਦਰੀਆਂ ਨੇ ਸਿੱਖ ਫ਼ੌਜੀਆਂ ਨੂੰ ਸੌਖ ਨਾਲ ਹੀ ਬਗ਼ਾਵਤ ਲਈ ਤਿਆਰ ਕਰ ਲਿਆ ਸੀ। ਇਹ ਕੋਈ ਰਾਜਸੀ ਚੇਤਨਾ ਦੀ ਗੱਲ ਨਹੀਂ ਸੀ, ਵਿਰਸੇ ਦੀਆਂ ਬਰਕਤਾਂ ਸਨ। ਸਿੱਟਾ ਇਹ ਨਿਕਲਿਆ ਕਿ ਬੰਗਾਲੀਆਂ ਦੇ ਕਹੇ ਗ਼ਦਰੀਆਂ ਨੇ ਤਾਂ ਛਾਉਣੀਆਂ ਅੰਦਰ ਆਪਣਾ ਕੰਮ ਥੋੜ੍ਹਾ ਠੰਢਾ ਪਾ ਲਿਆ, ਪਰ ਬੰਗਾਲੀਆਂ ਦਾ ਅਖਾੜਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਮਘ ਨਾ ਸਕਿਆ। ਬੰਗਾਲ ਅੰਦਰ ਗ਼ਦਰ ਦੀਆਂ ਤਿਆਰੀਆਂ ਦੀ ਸਮੁੱਚੀ ਜ਼ਿੰਮੇਵਾਰੀ ਯਤੇਂਦਰ ਬਾਬੂ ਨਾਂ ਦੇ ਨੌਜਵਾਨ ਕ੍ਰਾਂਤੀਕਾਰੀ ਸਿਰ ਸੀ। ਉਸ ਨੇ ਸਾਰੇ ਅਨੁਮਾਨ ਲਾ ਕੇ ਤਿਆਰੀਆਂ ਲਈ ਘੱਟੋ-ਘੱਟ ਦੋ ਮਹੀਨਿਆਂ ਦਾ ਸਮਾਂ ਮੰਗਿਆ ਸੀ। ਪਰ ਜਦੋਂ 23 ਨੰਬਰ ਰਸਾਲੇ ਦੇ ਫ਼ਰਾਂਸ ਜਾਣ ਦੇ ਪ੍ਰੋਗਰਾਮ ਦਾ ਪਤਾ ਲੱਗਿਆ ਤਾਂ ਦੋ ਮਹੀਨਿਆਂ ਤਕ ਉਡੀਕ ਨਹੀਂ ਕੀਤੀ ਜਾ ਸਕਦੀ ਸੀ। ਰਾਸ ਬਿਹਾਰੀ ਬੋਸ ਗ਼ਦਰੀਆਂ ਵੱਲੋਂ ਮਾਰੇ ਡਾਕਿਆਂ ਵਿੱਚੋਂ ਵੱਡੀ ਰਕਮ ਯਤੇਂਦਰ ਬਾਬੂ ਨੂੰ ਭੇਜਦਾ ਰਿਹਾ ਸੀ, ਇਸ ਆਸ ਨਾਲ ਕਿ ਉਸ ਦੀਆਂ ਤਿਆਰੀਆਂ ਵਿਚ ਪੈਸੇ ਖੁਣੋਂ ਰੁਕਾਵਟ ਨਾ ਪਏ। ਪਰ ਉਥੇ ਕਿੰਨੀਆਂ ਕੁ ਤਿਆਰੀਆਂ ਹੋ ਸਕੀਆਂ, ਇਸ ਬਾਰੇ ਕੋਈ ਵੀ ਠੋਸ ਸਬੂਤ ਨਹੀਂ ਮਿਲਦਾ। ਜ਼ਿਆਦਾ ਪ੍ਰਭਾਵ ਇਹੀ ਹੈ ਕਿ ਬੰਗਾਲ ਦੀ ਜਿੰਨੀ ਬਾਹਰ ਹਵਾ ਬਣੀ ਹੋਈ ਸੀ, ਹਕੀਕਤ ਵਿਚ ਉਥੇ ਲਹਿਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਸੋ ਇਸ ਸਾਰੇ ਵਰਤਾਰੇ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਜੇ ਕਿਤੇ ਪੰਜਾਬ ਦੇ ਗ਼ਦਰੀ ਡਾਕੇ ਮਾਰਨ ਦੇ ਰਾਹ ਨਾ ਪੈਂਦੇ ਤਾਂ ਸਰਕਾਰ ਵੱਲੋਂ ਗ਼ਦਰ ਪਾਰਟੀ ਅੰਦਰ ਏਨੀ ਸੌਖੀ ਤਰ੍ਹਾਂ ਆਪਣਾ ਸੂਹੀਆ ਵਾੜਨਾ ਸੰਭਵ ਨਹੀਂ ਸੀ। ਜ਼ਰਾ ਸੋਚੋ, ਇਹ ਹੈਰਾਨੀ ਦੀ ਗੱਲ ਨਹੀਂ ਕਿ 4 ਫ਼ਰਵਰੀ ਤਕ ਅੰਗਰੇਜ਼ ਹਕੂਮਤ ਨੂੰ ਗ਼ਦਰੀਆਂ ਦੀਆਂ ਬਗ਼ਾਵਤ ਦੀਆਂ ਤਿਆਰੀਆਂ ਦੀ ਗੰਭੀਰਤਾ ਦਾ ਪਤਾ ਨਹੀਂ ਚੱਲਿਆ ਸੀ, ਹਾਲਾਂਕਿ ਗ਼ਦਰੀਆਂ ਨੇ ਪਿੰਡਾਂ ਤੇ ਛਾਉਣੀਆਂ ਦੇ ਅੰਦਰ ਗਾਹ ਪਾ ਰੱਖਿਆ ਸੀ। ਇਸ ਤੋਂ ਲੋਕਾਂ ਅੰਦਰ ਗ਼ਦਰੀ ਇਨਕਲਾਬੀਆਂ ਪ੍ਰਤਿ ਹਮਦਰਦੀ ਤੇ ਹਮਾਇਤ ਦੇ ਭਾਵਾਂ ਦੀ ਕਨਸੋਅ ਮਿਲਦੀ ਹੈ। ਬੱਸ ਇਕ ਡਾਕਿਆਂ ਵਾਲੀ ਗ਼ਲਤੀ ਹੀ ਉਨ੍ਹਾਂ ਨੂੰ ਲੈ ਡੁੱਬੀ, ਜਿਸ ਕਰਕੇ ਇਕ ਤਾਂ ਲਹਿਰ ਲੋਕਾਂ ਵਿਚ ਬਦਨਾਮ ਹੋ ਗਈ, ਦੂਜਾ ਗ਼ਦਰੀ ਇਨਕਲਾਬੀਆਂ ਨੂੰ ਆਪ ਵੀ ਨੈਤਿਕ ਤੌਰ ‘ਤੇ ਨਮੋਸ਼ੀ ਝੱਲਣੀ ਪਈ ਅਤੇ ਪਾਰਟੀ ਅੰਦਰ ਇਸ ਮਸਲੇ ਨੂੰ ਲੈ ਕੇ ਤਿੱਖੇ ਮੱਤ-ਭੇਦ ਪੈਦਾ ਹੋ ਗਏ। ਗ਼ਦਰ ਲਹਿਰ ਦੇ ਸਮੁੱਚੇ ਇਤਿਹਾਸ ਅੰਦਰ ਇਹ ਇੱਕੋ ਇਕ ਮਸਲਾ ਸੀ ਜਿਸ ਬਾਰੇ ਪਾਰਟੀ ਅੰਦਰ ਵਖਰੇਵੇਂ ਪੈਦਾ ਹੋਏ । ਸ਼ਾਇਦ ਹੀ ਹੋਰ ਕੋਈ ਏਡੀ ਵੱਡੀ ਲਹਿਰ ਹੋਵੇ, ਜਿਸ ਨੇ ਏਨੇ ਵੱਡੇ ਫ਼ੈਸਲੇ ਲਏ ਹੋਣ ਤੇ ਏਨੇ ਵੱਡੇ ਕਾਰਨਾਮੇ ਕੀਤੇ ਹੋਣ, ਪਰ ਇਸ ਦੇ ਬਾਵਜੂਦ ਪਾਰਟੀ ਅੰਦਰ ਵੱਡੇ ਮੱਤ-ਭੇਦ ਤੇ ਵਿਰੋਧ ਪੈਦਾ ਨਾ ਹੋਏ ਹੋਣ। ਗ਼ਦਰ ਲਹਿਰ ਦੀ ਇਸ ਵਿਲੱਖਣਤਾ ਨੂੰ ਇਸ ਦੀ ਗੌਰਵਸ਼ਾਲੀ ਪ੍ਰਾਪਤੀ ਕਿਹਾ ਜਾ ਸਕਦਾ ਹੈ, ਕਿਉਂਕਿ ਹੋਰ ਕੋਈ ਵੀ ਇਨਕਲਾਬੀ ਲਹਿਰ ਨਹੀਂ ਜਿਸ ਅੰਦਰ ਅੰਦਰੂਨੀ ਮੱਤ-ਭੇਦ ਤੇ ਬਖੇੜੇ ਖੜੇ ਨਾ ਹੋਏ ਹੋਣ। ਇਸ ਦ੍ਰਿਸ਼ਟੀ ਤੋਂ, ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਲਹਿਰ, ਨਕਸਲੀ ਲਹਿਰ ਤੇ ਸਿੱਖ ਖਾੜਕੂ ਲਹਿਰ ਦਾ ਦਰਜਾ ਗ਼ਦਰ ਲਹਿਰ ਤੋਂ ਨੀਵਾਂ ਹੈ।

? ਅੰਤ ਵਿਚ ਇੱਕੋ ਸੁਆਲ ਹੈ ਕਿ ਮੰਨ ਲਵੋ ਸਿੱਖ ਗ਼ਦਰੀ ਬੰਗਾਲੀਆਂ ਦੀਆਂ ਦੋਵੇਂ ਸਲਾਹਾਂ ਨਾ ਮੰਨਦੇ ਅਤੇ ਆਪਣੀ ਮਿਥੀ ਪਲੈਨ ਮੁਤਾਬਕ ਆਪਣੇ ਬਲਬੂਤੇ ਬਗ਼ਾਵਤ ਦਾ ਹੰਭਲਾ ਮਾਰਦੇ, ਕੀ ਫਿਰ ਨਤੀਜੇ ਇਸ ਨਾਲੋਂ ਬਿਹਤਰ ਹੋਣੇ ਸਨ ?

ਇਸ ਬਾਰੇ ਯਕੀਨ ਨਾਲ ਕੁਝ ਵੀ ਕਹਿਣਾ ਔਖਾ ਹੈ, ਕਿਉਂਕਿ ਸਾਰੀ ਗੱਲ ਫ਼ਰਜ਼ੀ (hypothetical) ਹੈ। ਫਿਰ ਵੀ, ਇਹ ਜਾਪਦਾ ਹੈ ਕਿ ਗ਼ਦਰੀਆਂ ਨੂੰ ਛਾਉਣੀਆਂ ਅੰਦਰੋਂ ਤੇ ਬਾਹਰੋਂ ਵੀ, ਜਿਸ ਕਿਸਮ ਦਾ ਹੁੰਗਾਰਾ ਤੇ ਮੱਦਦ ਮਿਲ ਗਈ ਸੀ ਅਤੇ ਉਨ੍ਹਾਂ ਨੇ ਜਿੰਨੀਆਂ ਤਿਆਰੀਆਂ ਕਰ ਲਈਆਂ ਹੋਈਆਂ ਸਨ, ਉਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਘੱਟੋ-ਘੱਟ ਪੰਜਾਬ ਅੰਦਰ ਤਾਂ ਅੰਗਰੇਜ਼ ਹਕੂਮਤ ਦੀਆਂ ਬੁਨਿਆਦਾਂ ਜ਼ਰੂਰ ਹਿਲਾ ਦੇਣੀਆਂ ਸਨ। ਜੇਕਰ ਪੰਜਾਬ ਅੰਦਰ ਹਕੂਮਤ ਦੀਆਂ ਨੀਹਾਂ ਹਿਲ ਜਾਂਦੀਆਂ ਤਾਂ ਬਾਕੀ ਥਾਵਾਂ ‘ਤੇ ਇਸ ਦਾ ਕੀ ਅਸਰ ਹੁੰਦਾ, ਇਸ ਬਾਰੇ ਕੁਝ ਵੀ ਪੱਕ ਨਾਲ ਨਹੀਂ ਕਿਹਾ ਜਾ ਸਕਦਾ। ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਐ ਕਿ ਪੰਜਾਬ ਅੰਦਰ ਫ਼ੌਜੀ ਬਗ਼ਾਵਤ ਨਾਲ ਅੰਗਰੇਜ਼ ਹਕੂਮਤ ਦਾ ਸਿੰਘਾਸਨ ਡਾਵਾਂਡੋਲ ਹੋ ਜਾਣ ਦੀ ਸੂਰਤ ਵਿਚ ਸਿੱਖ ਜਨਤਾ ਅੰਦਰ ਲਾਜ਼ਮੀ ਤਕੜਾ ਉਭਾਰ ਪੈਦਾ ਹੋ ਜਾਣਾ ਸੀ। ਕਿਉਂਕਿ ਉਸ ਵੇਲੇ ਸਿੱਖਾਂ ਅੰਦਰ ਭਾਰਤੀ ਰਾਸ਼ਟਰਵਾਦ ਦੀਆਂ ਅਜੇ ਜੜ੍ਹਾਂ ਨਹੀਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਨਾਲੋਂ ਪੰਜਾਬ ਦੀ ਆਜ਼ਾਦੀ ਦੇ ਵਿਚਾਰ ਨੇ ਵੱਧ ਟੁੰਬਣਾ ਸੀ। ਦੋਵੇਂ ਹੀ ਗੱਲਾਂ ਸੰਭਵ ਸਨ। ਇਤਿਹਾਸ ਦਾ ਇਕ ਹੋਰ ਵੱਡਾ ਖੂਨ-ਖ਼ਰਾਬਾ ਵੀ ਹੋ ਸਕਦਾ ਸੀ ਅਤੇ ਪੰਜਾਬ ਅੰਦਰ ਸਿੱਖ ਰਾਜ ਦੀ ਮੁੜ ਸਥਾਪਨਾ ਵੀ ਹੋ ਸਕਦੀ ਸੀ। ਸ਼ਚਿੰਦਰਨਾਥ ਸਾਨਿਆਲ ਦੀ ਗਵਾਹੀ ਅਤੇ ਗ਼ਦਰੀਆਂ ਦੇ ਮੁਕੱਦਮੇ ਸੁਣਨ ਵਾਲੇ ਜੱਜਾਂ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਦੇਖਦੇ ਹੋਏ, ਇਉਂ ਸੋਚਣਾ ਉੱਕਾ ਹੀ ਗ਼ਲਤ ਨਹੀਂ ਕਿ ਗ਼ਦਰੀ ਇਨਕਲਾਬੀਆਂ ਅੰਦਰ ਵੀ ਖ਼ਾਲਸਾ ਰਾਜ ਦੀ ਮੁੜ ਸਥਾਪਨਾ ਦਾ ਜਜ਼ਬਾ ਅੰਗੜਾਈ ਲੈ ਸਕਦਾ ਸੀ। ਇਸ ਨਾਲ ਸਿੱਖਾਂ ਦਾ ਤਾਂ ਭਲਾ ਹੋਣਾ ਹੀ ਸੀ, ਭਾਰਤ ਦੇ ਦੂਸਰੇ ਮਜ਼ਲੂਮ ਵਰਗਾਂ ਲਈ ਵੀ ਇਹ ਸ਼ੁਭ ਸ਼ਗਨ ਹੋਣਾ ਸੀ।

 

ਬਾਬਾ ਸੋਹਣ ਸਿੰਘ ਭਕਨਾ ਵੱਲੋਂ

ਭਾਈ ਪਰਮਾਨੰਦ (ਲਾਹੌਰ) ਦੀ ਸਿੱਖਾਂ ਨਾਲ ਈਰਖਾ ਬਾਰੇ ਸਖ਼ਤ ਟਿੱਪਣੀ

ਭਾਈ ਪਰਮਾਨੰਦ ਆਪਣੀ ਲਿਖੀ ਹਿੰਦੂ ਸੰਘਟਨ ਨਾਮੀ ਕਿਤਾਬ ਦੇ 147ਵੇਂ ਪੰਨੇ ਪੁਰ (ਪਹਿਲੇ ਲਾਹੌਰ ਸਾਜ਼ਸ਼ ਕੇਸ ਦੇ) ਮੁਖ਼ਬਰਾਂ ਬਾਰੇ ਇਉਂ ਲਿਖਦੇ ਨੇ, “ਲਾਹੌਰ ਸਾਜ਼ਸ਼ 1915 ਦੇ ਪਹਿਲੇ ਮੁਕੱਦਮੇ ਵਿਚ ਅੱਸੀ ਕੁ ਆਦਮੀ ਫੜੇ ਗਏ ਸਨ, ਜਿਨ੍ਹਾਂ ਵਿਚ ਵੀਹ ਕੁ ਹਿੰਦੂ ਸਨ ਅਤੇ ਬਾਕੀ ਸਿੱਖ ਸੱਜਣ ਸਨ। ਸਿਰਫ਼ ਇਕ ਮੁਸਲਮਾਨ ਸੀ ਪਰ ਉਹ ਫੜੇ ਜਾਣ ਤੋਂ ਪਹਿਲਾਂ ਹੀ ਮੁਖ਼ਬਰ ਬਣ ਗਿਆ ਸੀ। ਸਿੱਖਾਂ ਵਿੱਚੋਂ ਪੁਲਿਸ ਨੇ ਸਿਰਫ਼ ਚੌਦਾਂ ਸੱਜਣਾਂ ਨੂੰ ਹੀ ਵਾਹਦਾਮਾਫ਼ ਗਵਾਹ ਬਣੌਣਾ ਪਸੰਦ ਕੀਤਾ। ਜੇ ਪੁਲਿਸ ਚਾਹੁੰਦੀ ਤਾਂ ਕਈ ਹੋਰ ਵੀ ਵਾਹਦਾਮਾਫ਼ ਗਵਾਹ ਬਣਨ ਲਈ ਤਿਆਰ ਹੋ ਜਾਂਦੇ। ਹਿੰਦੂਆਂ ਵਿੱਚੋਂ ਸਿਰਫ਼ ਇਕ ਵਾਹਦਾਮਾਫ਼ ਬਣਿਆ। ਪੁਲਿਸ ਦੇ ਸਿਰਤੋੜ ਯਤਨਾਂ ਪੁਰ ਵੀ ਉਹ ਸਚਾਈ ਤੋਂ ਬਹੁਤ ਘੱਟ ਏਧਰ ਓਧਰ ਹੋਇਆ। ਇਕ ਹੋਰ ਹਿੰਦੂ ਗੱਭਰੂ ਸੀ ਜੋ ਇਕੇਰਾਂ ਵਾਹਦਾਮਾਫ਼ ਗਵਾਹ ਬਣ ਗਿਆ। ਉਸ ਨੇ ਇਕ ਹੋਰ ਆਦਮੀ ਵਿਰੁੱਧ ਇਹ ਬਿਆਨ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ ਕਿ ਮੈਂ ਉਸ ਪਾਸੋਂ ਪਿਸਤੌਲ ਲਿਆ ਸੀ। ਪਰ ਜਦੋਂ ਉਹ ਆਦਮੀ ਸਾਹਮਣੇ ਆਇਆ ਤਾਂ ਉਸ ਨੇ ਆਪਣੇ ਪਹਿਲੇ ਬਿਆਨ ਤੋਂ ਉੱਕਾ ਹੀ ਸਿਰ ਫੇਰ ਦਿੱਤਾ। ਇਹ ਇਕ ਹਿੰਦੂ ਗੱਭਰੂ ਦਾ ਦਿਲ ਹੈ ਜੋ ਇਹ ਫ਼ੈਸਲਾ ਕਰ ਸਕਦਾ ਏ ਕਿ ਉਸ ਨੂੰ ਆਪਣਾ ਆਪ ਬਚੌਣ ਖ਼ਾਤਰ ਦੂਜੇ ਕਿਸੇ ਨੂੰ ਬਲੀ ਦੇ ਬੁੱਥੇ ਨਹੀਂ ਦੇਣਾ ਚਾਹੀਦਾ।”

ਅੱਵਲ ਤਾਂ ਪਹਿਲੇ ਮੁਕੱਦਮੇ ਵਿਚ ਸਿਰਫ਼ ਦਸ ਹਿੰਦੂ ਸਨ, ਜਿਨ੍ਹਾਂ ਵਿੱਚੋਂ ਦੋ ਬਰੀ ਕੀਤੇ ਗਏ ਸਨ ਅਤੇ ਬਾਕੀ ਅੱਠਾਂ ਨੂੰ ਵੱਖ ਵੱਖ ਸਜਾਵਾਂ ਹੋਈਆਂ ਸਨ। ਉਨ੍ਹਾਂ ਦਸਾਂ ਵਿੱਚੋਂ ਦੋ ਨਹੀਂ, ਤਿੰਨ ਮੁਖ਼ਬਰ ਸਨ । ਇਕ ਅਮਰ ਸਿੰਘ ਰਾਜਪੂਤ ਤੇ ਦੋ ਹੋਰ, ਜੋ ਪੁਲਿਸ ਵਿਚ ਆਪਣੇ ਬਿਆਨ ਦੇ ਚੁੱਕੇ ਸਨ। ਅਮਰ ਸਿੰਘ ਤੋਂ ਬਿਨਾਂ ਬਾਕੀ ਦੋਹਾਂ ਨੂੰ ਵਾਹਦਾ ਮਾਫ਼ੀ ਦੇਣ ਵਿਚ ਪੁਲਿਸ ਨੂੰ ਕੋਈ ਲਾਭ ਨਹੀਂ ਸੀ। ਕਿਉਂਜੋ ਗ਼ਦਰ ਲਹਿਰ ਸੰਬੰਧੀ ਉਹ ਘੱਟ ਵਾਕਫ਼ ਸਨ। ਇਸ ਲਈ ਪੁਲਿਸ ਨੇ ਉਨ੍ਹਾਂ ਨੂੰ ਵਾਅਦੇ ਮਾਫ਼ੀ ਨਾ ਦਿੱਤੀ। ਇਸੇ ਕਰਕੇ ਉਨ੍ਹਾਂ ਨੇ ਅਦਾਲਤ ਵਿਚ ਆ ਕੇ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ, ਨਾ ਕਿ ਹਿੰਦੂ ਗੌਰਵ ਦੇ ਕਾਰਨ ਉਨ੍ਹਾਂ ਨਾਂਹ ਕੀਤੀ। ਦੂਜਾ ਇਸ਼ਾਰਾ ਭਾਈ ਪਰਮਾਨੰਦ ਦਾ ਅਮਰ ਸਿੰਘ ਵੱਲ ਹੈ ਕਿ “ਪੁਲਿਸ ਦੇ ਸਿਰਤੋੜ ਯਤਨ ਕਰਨ ਪੁਰ ਵੀ ਉਹ ਹਿੰਦੂ ਗੱਭਰੂ ਸਚਾਈ ਤੋਂ ਬਹੁਤ ਘੱਟ ਏਧਰ ਓਧਰ ਹੋਇਆ।” ਵਾਹ ਖ਼ੂਬ! ਪੱਥਰ ਪੈਣ ਇਹੋ ਜਿਹੀ ਸਮਝ ਉੱਤੇ, ਅਲਫ਼ ਤੋਂ ਯੇ ਤੱਕ ਤਾਂ ਅਮਰ ਸਿੰਘ ਨੇ ਸਭ ਕੁਝ ਦੱਸ ਦਿੱਤਾ। ਉਸ ਤੋਂ ਵੱਧ ਉਹ ਆਖ ਹੀ ਕੀ ਸਕਦਾ ਸੀ ? ਹਾਂ, ਜੇ ਪ੍ਰਮਾਨੰਦ ਉਸ ਸਚਾਈ ਪੁਰ ਲੋਟਣ ਹੋ ਰਹੇ ਹਨ, ਤਾਂ ਇਹ ਜ਼ਰੂਰ ਸੱਚ ਹੈ ਕਿ ਉਸ ਨੇ ਪੁਲਿਸ ਦੇ ਸਾਹਮਣੇ ਆਪਣੇ ਦਿਲ ਨੂੰ ਇਕ ਸੱਚੇ ਭਗਤ ਵਾਂਗੂੰ ਖੋਲ੍ਹ ਕੇ ਰੱਖ ਦਿੱਤਾ ਸੀ। ਕੋਈ ਵੀ ਅਜਿਹੀ ਗੱਲ ਨਹੀਂ ਸੀ, ਜੋ ਉਸ ਨੇ ਪੁਲਿਸ ਪਾਸੋਂ ਲੁਕਾ ਰੱਖੀ ਹੋਵੇ। ਭਾਈ ਪਰਮਾਨੰਦ ਦੇ ਖ਼ਿਆਲ ਅਨੁਸਾਰ ਜੇ ਸਚਾਈ ਇਸੇ ਦਾ ਨਾਮ ਹੈ ਤਾਂ ਮੈਂ ਕਹਿ ਸਕਦਾ ਹਾਂ ਕਿ ਅਮਰ ਸਿੰਘ ਹਿੰਦੂ ਜਾਤੀ ਦਾ ਇਕ ਮਹਾਂਪੁਰਖ ਸੀ, ਜਿਸ ਨੇ ਪੁਲਿਸ ਦੇ ਸਾਹਮਣੇ ਰਤਾ ਵੀ ਝੂਠ ਨਹੀਂ ਬੋਲਿਆ।

ਭਾਈ ਪਰਮਾਨੰਦ ਭੁੱਲ ਨਹੀਂ ਗਏ ਹੋਣਗੇ ਕਿ ਲਾਹੌਰ ਸਾਜ਼ਸ਼ ਵਿਚ ਸਿਵਾਇ ਦੋ ਹਿੰਦੂ ਦੇਸ਼-ਭਗਤਾਂ ਦੇ ਹੋਰ ਸਭ ਸਿੱਖ ਦੇਸ਼-ਭਗਤ ਹੀ ਸਨ, ਜੋ ਹੱਸ ਹੱਸ ਫਾਂਸੀਆਂ ਪੁਰ ਲਟਕੇ। ਅੰਡੇਮਾਨ ਵਿਚ ਜਾਣ ਵਾਲੇ ਚਾਲੀ ਦੇਸ਼-ਭਗਤਾਂ ਵਿੱਚੋਂ ਸਿਰਫ਼ ਛੇ ਹਿੰਦੂ ਸਨ। ਬਾਕੀ ਦੇਸੀ ਜੇਹਲਾਂ ਹਜ਼ਾਰੀਬਾਗ਼ ਆਦਿਕ ਵਿਚ ਵੀ ਹਿੰਦੂ ਨਹੀਂ ਸੀ, ਸਾਰੇ ਹੀ ਸਿੱਖ ਸਨ । ਭਾਈ ਪਰਮਾਨੰਦ ਦੇ ਲਿਖੇ ਅਨੁਸਾਰ ਜੇ ਮੰਨ ਵੀ ਲਿਆ ਜਾਵੇ ਕਿ ਹਿੰਦੂ ਬਹਾਦੁਰ ਤੇ ਸਿੱਖ ਡਰਾਕਲ ਹਨ ਤਾਂ ਉਹ ਰਤਾ ਇਹ ਤਾਂ ਦੱਸਣ ਕਿ ਲਾਹੌਰ ਸਾਜ਼ਸ਼ ਵਿਚ ਇਸ ਵਾਸਤੇ ਵਧੇਰੇ ਮੁਖ਼ਬਰ ਬਣੇ ਕਿ ਉਸ ਕੇਸ ਵਿਚ ਸਿੱਖ ਹੀ ਸਨ ? ਹਿੰਦੂ ਸਿਰਫ਼ ਨਾ ਮਾਤਰ ਹੀ ਸਨ । ਪਰ ਦਿੱਲੀ ਬੰਬ ਦੁਰਘਟਨਾ ਵਿਚ ਤਾਂ ਸਿੱਖ ਨਹੀਂ ਸਨ, ਉਹ ਤਾਂ ਸਾਰੇ ਹਿੰਦੂ ਬਹਾਦੁਰ ਹੀ ਸਨ, ਫੇਰ ਮੁਖ਼ਬਰ ਕਿਉਂ ਨਿਕਲ ਪਏ ? ਸਗੋਂ ਉਸ ਮੁਕੱਦਮੇ ਵਿਚ ਬਾਪ ਉੱਤੇ ਪੁੱਤਰ ਨੇ ਮੁਖ਼ਬਰੀ ਕੀਤੀ । ਮਾਸਟਰ ਅਮੀਰ ਚੰਦ ਦਾ ਭਤੀਜਾ ਜਿਸ ਨੂੰ ਮਾਸਟਰ ਜੀ ਨੇ ਮੁਤਬੰਨਾ ਬਣਾਇਆ ਹੋਇਆ ਸੀ ਤੇ ਇਸ ਕਰਕੇ ਉਸ ਨੂੰ ਪੁੱਤਰ ਹੀ ਕਹਿਣਾ ਚਾਹੀਦਾ ਏ, ਉਸ ਨੇ ਮਾਸਟਰ ਅਮੀਰ ਚੰਦ ਦੇ ਵਿਰੁੱਧ ਅਦਾਲਤ ਵਿਚ ਨਿਤਰ ਕੇ ਬਿਆਨ ਦਿੱਤੇ ਸਨ।

ਅਫ਼ਸੋਸ ਹੈ ਐਹੋ ਜਿਹੇ ਆਦਮੀਆਂ ਦੇ ਅੰਤਸ਼ਕਰਨ ਪੁਰ ਜੋ ਗ਼ਦਾਰਾਂ ਦੇ ਮਸਲੇ ਨੂੰ ਲੈ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਦੇਸ਼-ਭਗਤਾਂ ਵਿਚ ਫੁੱਟ ਦਾ ਵਿਹਲਾ ਬੀਜ ਬੀਜਦੈ ਨੇ । ਅਸੀਂ ਕਹਿੰਦੇ ਹਾਂ, ਗ਼ੱਦਾਰ ਨਾ ਹਿੰਦੂ ਹੈ ਨਾ ਮੁਸਲਮਾਨ, ਉਹ ਨਾ ਸਿੱਖ ਹੈ ਤੇ ਨਾ ਹੀ ਈਸਾਈ ਅਤੇ ਨਾ ਹੀ ਮਨੁੱਖ। ਉਹ ਗ਼ਦਾਰ ਹੈ, ਜੋ ਕੁੱਤੇ ਨਾਲੋਂ ਵੀ ਭੈੜਾ ਹੈ ਤੇ ਮਨੁੱਖਪੁਣੇ ਤੋਂ ਹਜ਼ਾਰਾਂ ਕੋਹ ਦੂਰ ਹੈ। ਐਹੋ ਜਿਹੇ ਲੋਕਾਂ ਨੂੰ ਠੁੱਮਣੇ ਬਣਾ ਕੇ ਕਿਸੇ ਕੌਮ ਨੂੰ ਬਦਨਾਮ ਕਰਨਾ ਜਾਂ ਕਿਸੇ ਕੌਮ ਦੀ ਸਲਾਹੁਤ ਕਰਨੀ – ਇਹ ਦੋਵੇਂ ਹੀ ਇਨਸਾਨੀਅਤ ਤੋਂ ਸੱਖਣੇ ਯਤਨ ਹਨ।

ਖ਼ੈਰ, ਇਹ ਖ਼ੁਸ਼ੀ ਦੀ ਗੱਲ ਹੈ ਕਿ ਭਾਈ ਪਰਮਾਨੰਦ ਨੇ ਇਹ ਤਾਂ ਮੰਨਿਆ ਕਿ 1915 ਵਾਲੇ ਲਾਹੌਰ ਸਾਜ਼ਸ਼ ਦੇ ਮੁਕੱਦਮੇ ਵਿਚ ਕੁਝ ਸੱਚੇ ਦੇਸ਼-ਭਗਤ ਵੀ ਸਨ। ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ, ਸਿੱਖ ਸਨ ਜਾਂ ਈਸਾਈ, ਪਰ ਹੈਗੇ ਤਾਂ ਦੇਸ਼-ਭਗਤ ਸਨ ਨਾ। ਭਾ. ਪਰਮਾਨੰਦ ਦੇ ਹਮਖ਼ਿਆਲ ਤਾਂ ਨਹੀਂ ਸਨ, ਜੋ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਣ ਲਈ ਹੋਰਨਾਂ ‘ਤੇ ਜ਼ਹਿਰ ਉਗਲ ਰਹੇ ਨੇ ਤੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਉੱਤੇ ਈਰਖਾ ਖਾਂਦੇ ਹੋਏ ਓਹਨਾਂ ਨੂੰ ਬੱਦੂ ਕਰਨ ਦਾ ਨਿਸਫਲ ਯਤਨ ਕਰ ਰਹੇ ਹਨ। ਭਾ. ਪਰਮਾਨੰਦ ਜੇਹੇ ਆਦਮੀ ਪਾਸੋਂ ਹਰ ਇਕ ਦੇਸ਼-ਭਗਤ ਲਈ ਬਚਣਾ ਜ਼ਰੂਰੀ ਹੈ।

ਗ਼ਦਰ ਲਹਿਰ ਬਾਰੇ

ਸ਼ਚਿੰਦਰਨਾਥ ਸਾਨਿਆਲ ਦੇ ਵਿਚਾਰ

ਯੂਆਗਾਟਾ ਪੈਰ ਨਾ ਰੱਖਣ ਦੇਣ ਕਰਕੇ ਉਹਨਾਂ ਦੇ ਮਨ ਵਿਚ ਜਿਹੜੇ ਭਾਂਬੜ ਬਲੇ, ਉਹਦੇ ਚੰਗਿਆੜੇ ਜਦੋਂ ਹਰ ਪਾਸੇ ਉੱਡ ਰਹੇ ਸਨ, ਉਦੋਂ ਭਾਰਤ ਦੇ ਇਕ ਰਾਜ ਵਿਚ ਬੈਠੇ ਅਸੀਂ ਲੋਕ ਆਸ਼ਾ ਦੀ ਵੇਦਨਾ ਪਾਸੇ ਚਰਲ ਹੋ ਕੇ ਅਸਹਿਣਸ਼ੀਲਾਂ ਵਾਂਗੂੰ ਝਾਕ ਰਹੇ ਸੀ। ਪੰਜਾਬ ਵਿਚ ਸਾਡੇ ਦਲ ਦੇ ਜਿਹੜੇ ਨਾਲ ਸਨ, ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀ ਜਦੋਂ ਵਿਚ ਆਉਣ, ਉਹਨਾਂ ਨੂੰ ਫੌਰਨ ਦਲ ਵਿਚ ਭਰਤੀ ਕਰ ਲਿਆ ਜਾਵੇ।

ਦੋਸ਼ ਪਰ ‘ਕਾਮਾਗਾਟਾ ਮਾਰੂ’ ਦੇ ਯਾਤਰੂਆਂ ਦੇ ਭਾਰਤ ਦੀ ਧਰਤੀ ‘ਤੇ ਪੈਰ ਰੱਖਦੇ ਹੀ ਇਕ ਦੁਰਘਟਨਾ ਹੋ ਗਈ। ਪਰ ਇਹਦੇ ਨਾਲ ਸਾਡੀ ਆਸ ਹੋਰ ਪੱਕੀ ਹੋਣ ਲੱਗ ਪਈ। ਦੇਖਦਿਆਂ ਰੱਖਦਿਆਂ ਕੈਲੇਫ਼ੋਰਨੀਆ ਅਤੇ ਕੈਨੇਡਾ ਤੋਂ ਸਿੱਖਾਂ ਦੇ ਦਲ ਦੇਸ਼ ਵਿਚ ਆਉਣ ਲੱਗੇ। ਇਹ ਲੋਕ ਬਹੁਤ ਚਿਰਾਂ ਤੋਂ ਭਾਰਤ ਤੋਂ ਬਾਹਰ ਪਰਦੇਸ ਵਿਚ ਸਨ। ਏਸੇ ਕਾਰਨ ਉਹ ਨਹੀਂ ਜਾਣਦੇ ਸਨ ਕਿ ਗੁਪਤ ਰੂਪ ਵਿਚ ਕ੍ਰਾਂਤੀ ਦੀ ਯੋਜਨਾ ਕਿਵੇਂ ਬਣਾਈਦੀ ਏ। ਇਹੀ ਕਾਰਨ ਸੀ ਕਿ ਇਹ ਲੋਕ ਹਰੇਕ ਜਹਾਜ਼ ਅਤੇ ਬੰਦਰਗਾਹ ਵਿਚ ਗ਼ਦਰ ਦੀ ਅੱਗ ਫੈਲਾਉਂਦੇ ਜਾ ਰਹੇ ਸਨ। ਇਹਦਾ ਨਤੀਜਾ ਇਹ ਹੋਇਆ ਕਿ ਭਾਰਤ ਸਰਕਾਰ ਖ਼ੂਬ ਚੌਕੰਨੀ ਹੋ ਗਈ। ਜਿਵੇਂ ਜਿਵੇਂ ਸਿੱਖਾਂ ਦੇ ਦਲ ਦੇਸ਼ ਵਿਚ ਆ ਕੇ ਜਹਾਜ਼ ਤੋਂ ਉਤਰਦੇ ਰਹੇ, ਉਵੇਂ ਉਵੇਂ ਸਰਕਾਰ ਵੱਲੋਂ ਉਹਨਾਂ ਨੂੰ ਗਿ੍ਫ਼ਤਾਰ ਕੀਤਾ ਜਾਣ ਲੱਗਾ। ਏਸ ਤਰ੍ਹਾਂ ਇਕ ਦਲ ਦੇ ਤਾਂ ਲਗਭਗ ਤਿੰਨ ਸੌ ਯਾਤਰੂਆਂ ਨੂੰ ਸਿੱਧੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਕੋਲ ਕਾਫ਼ੀ ਧਨ ਸੀ, ਇਨ੍ਹਾਂ ਨੇ ਅਮਰੀਕਾ ਵਿਚ ਲਗਾਤਾਰ ਕਈ ਸਾਲ ਮਿਹਨਤ ਕਰ ਕੇ ਜਿਹੜਾ ਵੀ ਧਨ ਕਮਾਇਆ ਸੀ, ਉਹ ਨਾਲ ਲੈ ਕੇ ਆਏ ਸੀ। ਉਨ੍ਹਾਂ ਦੀ ਸਖ਼ਤ ਮਿਹਨਤ ਨਾਲ ਕਮਾਏ ਓਸ ਧਨ ਨੂੰ ਸਰਕਾਰ ਨੇ ਜ਼ਬਤ ਕਰ ਲਿਆ। ਵਿਚਾਰਿਆਂ ਦੇ ਘਰ ਵਾਲੇ ਤੱਕਦੇ ਹੀ ਰਹਿ ਗਏ ਕਿ ਪਰਦੇਸ ਵਿੱਚੋਂ ਦੋ ਪੈਸੇ ਆਉਣਗੇ ਤਾਂ ਮਹੀਨੇ ਭਰ ਸੁਖ ਨਾਲ ਪੇਟ ਭਰ ਕੇ ਭੋਜਨ ਕਰ ਲਵਾਂਗੇ। ਇਨ੍ਹਾਂ ਵਿੱਚੋਂ ਇਕ ਸਿੱਖ ਦੇ ਕੋਲ ਲਗਭਗ ਤੀਹ ਹਜ਼ਾਰ ਰੁਪਏ ਸਨ।

ਬਹੁਤ ਸਾਰੇ ਅਜਿਹੇ ਵੀ ਸਨ ਜਿਹੜੇ ਆਪਣੀ ਸਾਰੀ ਕਮਾਈ ਕੈਲੇਫ਼ੋਰਨੀਆ ਸਥਿਤ ‘ਯੂਗਾਂਤਰ ਆਸ਼ਰਮ’ ਨੂੰ ਅਰਪਣ ਕਰ ਆਏ ਸਨ। ਜਿੰਨੇ ਦਲ ਸਰਕਾਰ ਦੀ ਤਿੱਖੀ ਨਜ਼ਰ ਤੋਂ ਬਚ ਗਏ ਸਨ, ਉਹ ਪੰਜਾਬ ਆ ਕੇ ਜਥੇਬੰਦ ਹੋਣ ਲੱਗ ਪਏ ਸਨ। ਸਿੱਖਾਂ ਦੇ ਧਰਮ ਅਸਥਾਨ ਗੁਰਦੁਆਰੇ ਕਹੇ ਜਾਂਦੇ ਹਨ। ਹਰੇਕ ਗੁਰਦੁਆਰੇ ਵਿਚ ਇਕ ਗ੍ਰੰਥੀ ਜੀ ਰਹਿੰਦੇ ਹਨ। ਕ੍ਰਾਂਤੀਕਾਰੀ ਸਿੱਖਾਂ ਦੇ ਕੇਂਦਰ ਇਹ ਗੁਰਦੁਆਰੇ ਹੀ ਸਨ। ਮੈਂ ਇੱਦਾਂ ਦੇ ਹੀ ਇਕ ਗੁਰਦੁਆਰੇ ਵਿਚ ਬੈਠਾ ਸੀ ਕਿ ਇਕ ਇਹ ਗੁਰਦੁਆਰੇ ਹੀ ਸਨ। ਮੈਂ ਲਾਣਾ ਫਲਾਣੇ ਵਿਅਕਤੀਆਂ ਨੂੰ ਗੁਰਦੁਆਰੇ ਜਾਂਦਾ ਵੇਖ ਕੇ ਮੈਂ ਉਹਨਾਂ ਨੂੰ ਮਿਲ ਆਇਆ ਹਾਂ। ਥੋੜ੍ਹੀ ਹੀ ਦੇਰ ਬਾਅਦ ਮੈਂ ਵੇਖਿਆ ਕ ਉਸ ਗਰੁੱਪ ਦੇ ਮੋਹਰੀ ਵਿਅਕਤੀ ਉਸ ਗੁਰਦੁਆਰੇ ਵਿਚ ਆ ਗਏ, ਜਿਥੇ ਮੈਂ ਬੈਠਾ ਸੀ। ਰੁਪਏ ਪੈਸੇ ਦੀ ਚਰਚਾ ਅਗਰ ਕਦੀ ਉਸ ਗੁਲਟ ਸੋਨੇ ਦੀਆਂ ਗੋਲ-ਗੋਲ ਵੱਡੀਆਂ ਪਿੰਨੀਆਂ ਜਿਹੀਆਂ ਮੇਰੇ ਅੱਗੇ ਰੱਖ ਦਿੱਤੀਆਂ, ਇਹ ਅਮਰੀਕਾ ਵਿਚ ਚੱਲਦੇ ਸੋਨੇ ਦੇ ਸਿੱਕੇ ਸਨ। ਹਿਸਾਬ ਲਾਉਣ ‘ਤੇ ਉਹ ਲਗਭਗ ਹਜ਼ਾਰ ਰੁਪਏ ਦੇ ਬਣੇ। ਹਰੇਕ ਗਰੁੱਪ ਨੇ ਇੱਦਾਂ ਹੀ ਕੀਤਾ। ਗ਼ਦਰ ਦੇ ਕੰਮ ਵਿਚ ਇਨ੍ਹਾਂ ਲੋਕਾਂ ਨੂੰ ਮੈਂ ਜਿਸ ਤਰ੍ਹਾਂ ਦਿਲ ਖੋਲ੍ਹ ਕੇ ਆਪਣੀ ਗਾੜ੍ਹੀ ਕਮਾਈ ‘ਚੋਂ ਧਨ ਦਾ ਦਾਨ ਕਰਦਿਆਂ ਦੇਖਿਆ, ਅਜਿਹਾ ਦ੍ਰਿਸ਼ ਬੰਗਾਲ ਵਿਚ ਵੇਖਣ ਨੂੰ ਨਹੀਂ ਮਿਲਿਆ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਜਿਹਾ ਉਤਸ਼ਾਹ ਅਤੇ ਖੁਲ੍ਹਦਿਲੀ ਉਨ੍ਹਾਂ ਸਿੱਖਾਂ ਵਿਚ ਸੀ ਜਿਹੜੇ ਅਮਰੀਕਾ ਦੀ ਯਾਤਰਾ ਕਰ ਕੇ ਆਏ ਸਨ । ਹੋਰ ਇਹ ਗੱਲ ਵੀ ਏ ਕਿ ਪੰਜਾਬ ਦੇ ਆਦਿਵਾਸੀਆਂ ਨੇ ਆਮ ਤੌਰ ‘ਤੇ ਇਨ੍ਹਾਂ ਲੋਕਾਂ ਨਾਲ ਹਮਦਰਦੀ ਪ੍ਰਗਟ ਨਹੀਂ ਕੀਤੀ। ਹਾਂ, ਪਠਾਨ ਅਤੇ ਸਿੱਖ ਸੈਨਿਕਾਂ ਦੇ ਨਾਲ ਇਨ੍ਹਾਂ ਦਾ ਵਿਸ਼ੇਸ਼ ਮੇਲ-ਜੋਲ ਸੀ। ਏਸ ਤੋਂ ਇਲਾਵਾ ਸਿੱਖਾਂ ਵਿਚ ਆਪਸੀ ਹਮਦਰਦੀ ਅਤੇ ਇਕ ਦੂਜੇ ਦੀ ਮਦਦ ਕਰਨ ਦਾ ਜਜ਼ਬਾ ਭਾਰਤ ਦੀਆਂ ਹੋਰ ਜਾਤੀਆਂ ਦੇ ਮੁਕਾਬਲੇ ਬਹੁਤ ਵੱਧ ਏ।…

ਇਨ੍ਹਾਂ ਲੋਕਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਭੈਣ-ਭਰਾ ਭਾਰਤੀ ਫ਼ੌਜ ਵਿਚ ਨੌਕਰ ਸਨ। ਦੇਸ਼ ਵਿਚ ਆਉਂਦਿਆਂ ਹੀ ਇਨ੍ਹਾਂ ਲੋਕਾਂ ਨੇ ਫ਼ੌਜੀਆਂ ਨਾਲ ਗੁਪਤ ਗੱਠਜੋੜ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਬੰਗਾਲ ਨਾਲ ਪੰਜਾਬ ਦਾ ਸੰਬੰਧ ਜੁੜਿਆ । ਹੋਰ ਕਈ ਗੁਣ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਵਿਚ ਸੰਗਠਨ ਸੰਬੰਧੀ ਓਦਾਂ ਦੀ ਯੋਗਤਾ ਨਹੀਂ ਸੀ, ਜਿੱਦਾਂ ਦੀ ਬੰਗਾਲ ਵਾਲਿਆਂ ਵਿਚ ਸੀ । ਬੰਗਾਲ ਨਾਲ ਉਨ੍ਹਾਂ ਦਾ ਸਹਿਯੋਗ ਹੋ ਜਾਣ ‘ਤੇ ਬੜੇ ਚੰਗੇ ਢੰਗ ਨਾਲ ਕੰਮ ਹੋਣ ਲੱਗ ਪਿਆ। ਉੱਤਰੀ ਭਾਰਤ ਦੀਆਂ ਲਗਭਗ ਸਾਰੀਆਂ ਛਾਉਣੀਆਂ ਵਿਚ ਸਾਡੇ ਦਲ ਦੇ ਬੰਦੇ ਆਉਣ ਜਾਣ ਲੱਗ ਪਏ। ਉੱਤਰ-ਪੱਛਮੀ ਖੇਤਰ ਦੇ ਬੰਨੂੰ ਤੋਂ ਲੈ ਕੇ ਦਾਨਾਪੁਰ ਤਕ ਕੋਈ ਵੀ ਛਾਉਣੀ ਬਚੀ ਨਹੀਂ ਰਹੀ। ਸਾਰੀਆਂ ਹੀ ਰੈਜੀਮੈਂਟਾਂ ਨੇ ਬਚਨ ਦਿੱਤਾ ਸੀ ਕਿ ਪਹਿਲਾਂ ਉਹ ਲੋਕ ਕੁਝ ਨਹੀਂ ਕਰਨਗੇ, ਹਾਂ ਗ਼ਦਰ ਸ਼ੁਰੂ ਹੋਣ ਜਾਣ ‘ਤੇ ਉਹ ਅਵੱਸ਼ ਹੀ ਕ੍ਰਾਂਤੀਕਾਰੀਆਂ ਨਾਲ ਮਿਲ ਜਾਣਗੇ। ਸਿਰਫ਼ ਲਾਹੌਰ ਅਤੇ ਫ਼ਿਰੋਜ਼ਪੁਰ ਦੀਆਂ ਰੈਜੀਮੈਂਟਾਂ ਨੇ ਪਹਿਲਾਂ ਕੰਮ ਸ਼ੁਰੂ ਕਰ ਦੇਣਾ ਮੰਨਿਆ ਸੀ। ਸ਼ੁਰੂ ਵਿਚ ਸਰਕਾਰ ਸਮਝ ਨਹੀਂ ਸਕੀ ਕਿ ਕ੍ਰਾਂਤੀਕਾਰੀ ਇੰਨੀ ਡੂੰਘੀ ਨੀਂਹ ਨਾਲ ਕੰਮ ਕਰ ਰਹੇ ਹਨ।…

ਸਿੱਖ ਦਲ ਦੀ ਜਾਣ-ਪਹਿਚਾਣ

ਏਸ ਦਲ ਦੇ ਮੈਂਬਰ ਕੋਈ ਘੱਟ ਨਹੀਂ ਸਨ। ਉੱਤਰੀ ਅਮਰੀਕਾ ਅਤੇ ਕੈਨੇਡਾ ਤੋਂ ਵੱਖੋ- ਵੱਖਰੇ ਦਲਾਂ ਵਿਚ ਲਗਭਗ 6-7 ਹਜ਼ਾਰ ਸਿੱਖ ਦੇਸ਼ ਵਿਚ ਵਾਪਸ ਆਏ ਸਨ। ਪਰ ਸੰਨ 1914 ਦੇ Ingress Ordinance Act ਅਨੁਸਾਰ ਵਧੇਰੇ ਲੋਕ ਜੇਲ੍ਹ ਵਿਚ ਧੱਕ ਦਿੱਤੇ ਗਏ ਅਤੇ ਹੋਰ ਵੀ ਬਹੁਤ ਸਾਰੇ ਨਜ਼ਰਬੰਦ ਕਰ ਦਿੱਤੇ ਗਏ, ਜਿਹੜੇ ਆਪਣਾ ਪਿੰਡ ਛੱਡ ਕੇ ਕਿਤੇ ਆ ਜਾ ਨਹੀਂ ਸੀ ਸਕਦੇ। ਜਿਹੜੇ ਲੋਕ ਨਜ਼ਰਬੰਦ ਸਨ, ਉਹਨਾਂ ਨੂੰ ਕ੍ਰਾਂਤੀਕਾਰੀ ਕਾਰਜਾਂ ਵਿਚ ਸਹਾਇਤਾ ਕਰਨ ਦਾ ਕੋਈ ਵਿਸ਼ੇਸ਼ ਮੌਕਾ ਨਹੀਂ ਮਿਲਿਆ, ਕਿਉਂਕਿ ਸੂਰਜ ਡੁੱਬਣ ਅਤੇ ਸੂਰਜ ਚੜ੍ਹਨ ਦੇ ਵਿਚਕਾਰ ਇਹਨਾਂ ਨੂੰ ਆਪਣੇ ਘਰ ਵਿਚ ਮੌਜੂਦ ਰਹਿਣਾ ਹੁੰਦਾ ਸੀ। ਇਹ ਏਸ ਲਈ ਕਿ ਕੀ ਪਤਾ ਕਦੋਂ ਪੁਲਿਸ ਇਨ੍ਹਾਂ ਦੀ ਪੁੱਛ-ਪੜਤਾਲ ਕਰਨ ਆ ਜਾਵੇ। ਦਿਨ ਨਿਕਲਣ ਤੋਂ ਬਾਅਦ ਵੀ ਇਹ ਲੋਕ ਆਪਣੇ ਪਿੰਡ ਤੋਂ ਬਾਹਰ ਨਹੀਂ ਸੀ ਜਾ ਸਕਦੇ। ਕਿਸੇ ਦੂਜੇ ਪਿੰਡ ਦਾ ਕੋਈ ਵੀ ਵਿਅਕਤੀ ਸਿੱਧੇ ਰੂਪ ਵਿਚ ਇਨ੍ਹਾਂ ਨਾਲ ਮਿਲ-ਜੁਲ ਨਹੀਂ ਸੀ ਸਕਦਾ। ਬਾਅਦ ਵਿਚ ਜਦੋਂ ਸਾਰੇ ਕੰਮ ਸਿਲਸਿਲੇਵਾਰ ਹੋਣ ਲੱਗ ਪਏ ਤਾਂ ਉਨ੍ਹਾਂ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੂੰ ਦੇਸ਼ ਲਈ ਕੰਮ ਕਰਨ ਦੀ ਇੱਛਾ ਹੋਈ, ਉਹ ਪੁਲਿਸ ਤੋਂ ਨਜ਼ਰ ਬਚਾ ਕੇ ਖਿਸਕ ਗਏ। ਕੀ ਪੁਲਿਸ, ਕੀ ਉਹਨਾਂ ਦੇ ਘਰ ਵਾਲੇ ਅਤੇ ਕੀ ਰਿਸ਼ਤੇਦਾਰ ਕਿਸੇ ਨੂੰ ਵੀ ਉਹਨਾਂ ਦੀ ਕੋਈ ਖ਼ਬਰ ਨਹੀਂ ਸੀ ਮਿਲਦੀ।

ਜਿਸ ਭਾਵਨਾ ਨੂੰ ਲੈ ਕੇ ਇਹ ਦਲ ਵਾਲੇ ਭਾਰਤ ਆਏ ਸਨ, ਦੇਸ਼ ਦੀ ਧਰਤੀ ‘ਤੇ ਪੈਰ ਰੱਖਣ ਤੋਂ ਬਾਅਦ ਹੀ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਇਹ ਭਾਵਨਾ ਬਦਲ ਗਈ। ਅਮਰੀਕਾ ਤੋਂ ਵਾਪਸ ਆਏ ਇਨ੍ਹਾਂ 6-7 ਹਜ਼ਾਰ ਲੋਕਾਂ ਵਿੱਚੋਂ ਲਗਭਗ ਅੱਧੇ ਲੋਕ ਆਪਣੇ ਘਰ-ਗ੍ਰਹਿਸਤੀ ਅਤੇ ਕੰਮਾਂ-ਕਾਰਾਂ ਵਿਚ ਲੱਗ ਗਏ, ਜਦ ਕਿ ਬਾਕੀ ਬੜੇ ਉਤਸ਼ਾਹ ਨਾਲ ਕ੍ਰਾਂਤੀ ਦੇ ਕੰਮ ਵਿਚ ਲੱਗੇ ਰਹੇ।

ਅਮਰੀਕਾ ਤੋਂ ਵਾਪਸ ਆਏ ਇਨ੍ਹਾਂ ਲੋਕਾਂ ਵਿੱਚੋਂ ਵਧੇਰੇ ਕਰਕੇ ਸਿੱਖ ਸਨ। ਅਜਿਹੇ ਲੋਕ ਬਹੁਤ ਘੱਟ ਸਨ ਜਿਹੜੇ ਗ਼ੈਰ ਸਿੱਖ ਸਨ—ਸ਼ਾਇਦ ਪੱਚੀ ਤੀਹ। ਆਮ ਕਰਕੇ ਸਾਰੇ ਬਾਲਗ਼ ਸਨ।

ਬਹੁਤਿਆਂ ਦੀਆਂ ਪਤਨੀਆਂ, ਬੱਚੇ, ਪਰਿਵਾਰ ਸਭ ਕੁਝ ਸੀ। ਇਨ੍ਹਾਂ ਵਿੱਚੋਂ ਬਹੁਤਿਆਂ ਦੀ ਉਮਰ 40 ਤੋਂ ਵੱਧ ਸੀ। ਕਈ ਤਾਂ ਬਜ਼ੁਰਗ ਸਨ । ਭਾਈ ਨਿਧਾਨ ਸਿੰਘ, ਭਾਈ ਸੋਹਣ ਸਿੰਘ, ਭਾਈ ਕਾਲਾ ਸਿੰਘ, ਭਾਈ ਕਿਹਰ ਸਿੰਘ-ਇਨ੍ਹਾਂ ਵਿੱਚੋਂ ਕਿਸੇ ਦੀ ਵੀ ਉਮਰ ਪੰਜਾਹ ਤੋਂ ਘੱਟ ਨਹੀਂ ਸੀ।…

ਸਿੱਖਾਂ ਵਿਚ ਅਥਾਹ ਜੋਸ਼ ਅਤੇ ਹੌਸਲਾ ਸੀ। ਏਸ ਤੋਂ ਇਲਾਵਾ ਉਹ ਕਸ਼ਟ ਵੀ ਬਹੁਤ ਸਹਾਰ ਸਕਦੇ ਸਨ। ਉਨ੍ਹਾਂ ਦੀ ਵਿਸ਼ਾਲ ਗਠੀਲੀ ਦੇਹ ਅਤੇ ਚੌੜੀ ਛਾਤੀ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ। ਉਨ੍ਹਾਂ ਦੇ ਮੁੱਛਾਂ ਅਤੇ ਦਾੜ੍ਹੀ ਨਾਲ ਸਜੇ ਚਿਹਰੇ ਨੂੰ ਦੇਖ ਕੇ ਹੀ ਕਈਆਂ ਦਾ ਦਿਲ ਦਹਿਲ ਜਾਂਦਾ ਸੀ । ਉਨ੍ਹਾਂ ਦੀ ਚਾਲ-ਢਾਲ ਤੋਂ ਇਕ ਵਿਸ਼ੇਸ਼ ਭਾਵ ਪ੍ਰਗਟ ਹੁੰਦਾ ਸੀ।…

ਪੜ੍ਹੇ-ਲਿਖੇ ਕਹਿਣ ‘ਤੇ ਸਾਡੇ ਮਨ ਵਿਚ ਆਮ ਤੌਰ ‘ਤੇ ਜਿਹੜੀ ਧਾਰਨਾ ਪੈਦਾ ਹੁੰਦੀ ਏ, ਉਸ ਦ੍ਰਿਸ਼ਟੀ ਨਾਲ ਕਹਿਣਾ ਪੈਂਦਾ ਏ ਕਿ ਅਮਰੀਕਾ ਤੋਂ ਵਾਪਸ ਆਏ ਇਨ੍ਹਾਂ ਦਲਾਂ ਵਿੱਚੋਂ ਕੋਈ ਵੀ ਪੜ੍ਹਿਆ-ਲਿਖਿਆ ਨਹੀਂ ਸੀ।…

ਅਮਰੀਕਾ ਤੋਂ ਵਾਪਸ ਆਏ ਇਹ ਸਿੱਖ ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਆਮ ਤੌਰ ‘ਤੇ ਸਾਰੇ ਆਪਣੀ ਮਾਤ-ਭਾਸ਼ਾ ਵਿਚ ਲਿਖੇ ਗ੍ਰੰਥ ਆਦਿ ਪੜ੍ਹ ਸਕਦੇ ਸੀ ਅਤੇ ਆਪਣੇ ਪਿੰਡ ਦੇ ਲੋਕਾਂ ਦੀ ਸਿੱਖਿਆ ਆਦਿ ਲਈ ਇਨ੍ਹਾਂ ਵਿਚ ਅਤਿਅੰਤ ਉਤਸ਼ਾਹ ਸੀ। ਅਜਿਹੀ ਸਿੱਖਿਆ ਦੇ ਪ੍ਰਚਾਰ ਹਿਤ ਹੀ ਇਨ੍ਹਾਂ ਅਮਰੀਕਾ ਵਾਸੀ ਕਿਰਤੀ ਸਿੱਖਾਂ ਨੇ ਅਮਰੀਕਾ ਤੋਂ ਧਨ ਇਕੱਠਾ ਕਰ ਕੇ ਕਈ ਵਾਰ ਦਸ-ਦਸ, ਪੰਦਰਾਂ-ਪੰਦਰਾਂ ਹਜ਼ਾਰ ਦੀਆਂ ਰਕਮਾਂ ਪੰਜਾਬ ਭੇਜੀਆਂ ਸਨ। ਅਮਰੀਕਾ ਦੀ ਆਜ਼ਾਦ ਹਵਾ ਵਿਚ ਰਹਿਣ ਅਤੇ ਚੰਗੀ ਆਮਦਨ ਹੋਣ ਕਰਕੇ ਉਹਨਾਂ ਵਿਚ ਆਤਮ ਸਨਮਾਨ, ਮਰਿਆਦਾ ਅਤੇ ਸਵੈ-ਵਿਸ਼ਵਾਸ ਦੀ ਮਾਤਰਾ ਬਹੁਤ ਵੱਧ ਗਈ ਸੀ । ਇਨ੍ਹਾਂ ਨੇ ਅਮਰੀਕਾ ਵਿਚ ਰਹਿੰਦਿਆਂ ਵੀ ਆਪਣੇ ਪਹਿਰਾਵੇ ਅਤੇ ਸੱਭਿਆਚਾਰ ਨੂੰ ਨਹੀਂ ਸੀ ਛੱਡਿਆ। ਬਹੁਤੇ ਤਾਂ ਆਪਣੇ ਹੱਥ ਨਾਲ ਭੋਜਨ ਬਣਾ ਕੇ ਖਾਇਆ ਕਰਦੇ ਸਨ। ਦੇਸ਼ ਤੋਂ ਪਹਿਲਾਂ ਪਹਿਲ ਜਦੋਂ ਇਹ ਅਮਰੀਕਾ ਪਹੁੰਚੇ ਤਾਂ ਸ਼ਾਇਦ ਅੰਗਰੇਜ਼ੀ ਵਿਚ ਇਕ ਵੀ ਗੱਲ ਨਹੀਂ ਸਨ ਕਰ ਸਕਦੇ, ਪਰ ਉਥੇ ਪਹੁੰਚ ਕੇ ਅਜੀਬ ਕਿਸਮ ਦੀ ਟੁੱਟੀ-ਫੁੱਟੀ ਅੰਗਰੇਜ਼ੀ ਬੋਲਣੀ ਇਨ੍ਹਾਂ ਨੇ ਸਿੱਖ ਲਈ ਸੀ। ਇਨ੍ਹਾਂ ਦੇ ਮੂੰਹ ਤੋਂ ਇਹ ਟੁੱਟੀ-ਫੁੱਟੀ ਅੰਗਰੇਜ਼ੀ ਸੁਣਨ ਵਿਚ ਬੜਾ ਮਜ਼ਾ ਆਉਂਦਾ ਸੀ। ਅਮਰੀਕਾ ਵਿਚ ਅਜਿਹੀ ਅੰਗਰੇਜ਼ੀ ਬੋਲ ਕੇ ਹੀ ਇਹ ਆਪਣੀ ਭਾਵਨਾ ਪ੍ਰਗਟ ਕਰਦੇ ਸਨ ਅਤੇ ਵਧੀਆ ਅੰਗਰੇਜ਼ੀ ਨਾ ਜਾਨਣ ਕਰਕੇ ਇਨ੍ਹਾਂ ਦੇ ਕੰਮ ਵਿਚ ਕਿਸੇ ਨੇ ਭਾਰਤ ਨਾਲ ਆਪਣਾ ਸੰਪਰਕ ਨਹੀਂ ਸੀ ਤੋੜਿਆ। ਇਹ ਕਰਦੇ ਤਾਂ ਅਮਰੀਕਾ ਵਿਚ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਸੀ ਪੈਂਦੀ। ਨਾਲੇ ਇਨ੍ਹਾਂ ਨੇ ਪੈਸਾ ਵੀ ਚੰਗਾ ਕਮਾ ਲਿਆ ਮਜ਼ਦੂਰੀ ਸਨ, ਪਰ ਇਹ ਜਾਨਣ ਲਈ ਸਦਾ ਬੇਚੈਨ ਰਹਿੰਦੇ ਸਨ ਕਿ ਆਪਣੇ ਦੇਸ਼ ਵਿਚ ਸੀ। ਸਭ ਤੋਂ ਵੱਡੀ ਗੱਲ ਨਹੀਂ ਸੀ ਪੈਂਦੀਆਂ ਪਰ ਅਮਰੀਕਾ ਵਿਚ ਪ੍ਰਵਾਸ ਦੇ ਦੌਰਾਨ ਇਨ੍ਹਾਂ ਨੇ ਜਿਸ ਤਰ੍ਹਾਂ ਭਾਰਤ ਦੇ ਹੋਰਨਾਂ ਰਾਜਾਂ ਸਮੇਂ ਬੰਗਾਲ ਵਿਚ ਤਰੰਗ ਪੈਦਾ ਕਰ ਦਿੱਤੀ ਸੀ, ਉਸੇ ਤਰ੍ਹਾਂ ਉਹਦਾ ਹੁਲਾਰਾ ਦੂਰ ਅਮਰੀਕਾ ਵਿਚ ਬੈਠੇ ਭਾਰਤੀਆਂ ਦੇ ਦਿਲਾਂ ਵਿਚ ਆਇਆ ਸੀ। ਜਦੋਂ ਭਾਰਤ ਵਿਚ ਗ਼ਦਰ ਦੀਆਂ ਚੰਗਿਆੜੀਆਂ ਹੌਲੀ-ਹੌਲੀ ਚਾਰੇ ਪਾਸੇ ਉੱਡ ਰਹੀਆਂ ਸਨ ਤਾਂ ਅਮਰੀਕਾ ਵਿਚ ਕੁਝ ਭਾਰਤੀਆਂ ਦੇ ਦਿਲਾਂ ਵਿਚ ਉਹ ਭਾਂਬੜ ਵਾਂਗ ਮੱਚ ਰਹੀਆਂ ਸਨ। ਏਸੇ ਸਮੇਂ ਭਾਈ ਕਰਤਾਰ ਸਿੰਘ ਨਾਮ ਦਾ ਇਕ ਨੌਜਵਾਨ ਇਨ੍ਹਾਂ ਵਿਚ ਆ ਕੇ ਸ਼ਾਮਲ ਹੈ ਗਿਆ। ਇਹ ਉੜੀਸਾ ਵਿਚ ਰੇਵੇਨਸ਼ਾ ਕਾਲਜ ਦੀ ਪਹਿਲੀ ਸ਼੍ਰੇਣੀ ਦੀ ਪੜ੍ਹਾਈ ਸਮਾਪਤ ਕਰ ਕੇ ਵਿਸ਼ੇਸ਼ ਕਾਰਨਾਂ ਕਰਕੇ ਅਮਰੀਕਾ ਚਲਿਆ ਗਿਆ ਸੀ । ਹਾਲਾਂਕਿ ਇਹ ਸਿੱਖਾਂ ਵਿਚ ਸਭ ਤੋਂ ਘੱਟ ਉਮਰ ਦੇ ਸਨ ਪਰ ਫੇਰ ਵੀ ਮੈਂ ਇਨ੍ਹਾਂ ਦੇ ਹੇਠ ਕਿੰਨੇ ਹੀ ਵੱਡੀ ਉਮਰ ਦੇ ਸਿੱਖਾਂ ਨੂੰ ਵੀ ਕੰਮ ਕਰਦਿਆਂ ਵੇਖਿਆ। ਇਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਮੇਲ ਰੱਖਣ ਵਾਲੇ ਇਕ ਦੋ ਵਿਅਕਤੀਆਂ ਦੀ ਸਹਾਇਤਾ ਨਾਲ ਇਕ ਪੱਤਰ ਕੱਢਣ ਦਾ ਨਿਸਚਾ ਕੀਤਾ। ਏਸੇ ਸਮੇਂ ਪੰਜਾਬ ਦੇ ਪ੍ਰਸਿੱਧ ਦੇਸ਼ਭਗਤ ਲਾਲਾ ਹਰਦਿਆਲ ਭਾਰਤ ਵਿਚ ਕ੍ਰਾਂਤੀ ਕਰਨ ਦੀਆਂ ਸਾਰੀਆਂ ਆਸਾਂ ਛੱਡ ਕੇ ਅਮਰੀਕਨ ਸੋਸ਼ਲਿਸਟਾਂ ਦੇ ਨਾਲ ਨੇੜਤਾ ਬਣਾਉਣ ਦੇ ਜਤਨ ਕਰ ਰਹੇ ਸਨ। ਕਰਤਾਰ ਸਿੰਘ ਅਤੇ ਉਹਦੇ ਮਿੱਤਰ ਏਸ ਮੌਕੇ ‘ਤੇ ਹਰਦਿਆਲ ਕੋਲ ਅਜਿਹਾ ਪੱਤਰ ਪ੍ਰਕਾਸ਼ਿਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ। ਹਰਦਿਆਲ ਤਾਂ ਅਜਿਹੇ ਸੋਹਣੇ ਮੌਕੇ ਦੀ ਭਾਲ ਵਿਚ ਸਨ, ਉਨ੍ਹਾਂ ਖ਼ੁਸ਼ੀ-ਖ਼ੁਸ਼ੀ ਏਸ ਕੰਮ ਨੂੰ ਹੱਥ ਵਿਚ ਲੈ ਲਿਆ। ਏਸ ਤਰ੍ਹਾਂ ਗ਼ਦਰ ਨਾਮ ਦੇ ਪ੍ਰਸਿੱਧ ਅਖ਼ਬਾਰ ਦਾ ਪ੍ਰਕਾਸ਼ਨ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਏਸੇ ਨੇ ਗ਼ਦਰ ਪਾਰਟੀ ਦਾ ਸੰਗਠਨ ਕਰ ਦਿੱਤਾ। ਕੈਲੇਫ਼ੋਰਨੀਆ ਦਾ ਯੁਗਾਂਤਰ ਆਸ਼ਰਮ ਹੀ ਇਹਦਾ ਕੇਂਦਰੀ ਸਥਾਨ ਸੀ।

ਵੀਹਵੀਂ ਸਦੀ ਦੇ ਮਹਾਂਭਾਰਤ (ਪਹਿਲੇ ਵਿਸ਼ਵ ਯੁੱਧ 1914-1919) ਦੇ ਸ਼ੁਰੂ ਹੋਣ ਤੋਂ ਪਹਿਲਾਂ ਤਕ ਭਾਰਤੀ ਕ੍ਰਾਂਤੀਕਾਰੀਆਂ ਦਾ ਦਲ ਇਹ ਸਮਝ ਹੀ ਨਹੀਂ ਸਕਿਆ ਕਿ ਅੰਗਰੇਜ਼ਾਂ ਨਾਲ ਜਰਮਨੀ ਦਾ ਵਿਰੋਧ ਏਨੀ ਜਲਦੀ ਪੈਦਾ ਹੋ ਜਾਵੇਗਾ। ਇਨ੍ਹਾਂ ਦੀ ਕ੍ਰਾਂਤੀ ਦੀ ਤਿਆਰੀ ਵੀ ਏਸ ਢੰਗ ਨਾਲ ਹੋ ਰਹੀ ਸੀ ਜਿਵੇਂ 10-15 ਸਾਲਾਂ ਤਕ ਅਸਲ ਗ਼ਦਰ ਸ਼ੁਰੂ ਹੋਵੇਗਾ। ਇਹੀ ਕਾਰਨ ਏ ਕਿ ਇਹ ਲੋਕ ਮਹਾਂਯੁੱਧ ਛਿੜਨ ਸਮੇਂ ਕ੍ਰਾਂਤੀ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਹੁਣ ਤਕ ਦੇ ਕ੍ਰਾਂਤੀਕਾਰੀ ਦਲਾਂ ਨਾਲ ਭਾਰਤ ਤੋਂ ਬਾਹਰਲੇ ਕਿਸੇ ਵੀ ਕ੍ਰਾਂਤੀਕਾਰੀ ਦਲ ਨਾਲ ਜ਼ਿਕਰਯੋਗ ਸੰਬੰਧ ਨਹੀਂ ਸੀ । ਇਹਦਾ ਨਤੀਜਾ ਇਹ ਹੋਇਆ ਕਿ ਜਦੋਂ ਅਮਰੀਕਾ ਵਿੱਚੋਂ ਕ੍ਰਾਂਤੀਕਾਰੀਆਂ ਦੇ ਦਲਾਂ ਦੇ ਦਲ ਭਾਰਤ ਆਉਣ ਲੱਗੇ ਤਾਂ ਭਾਰਤ ਵੱਸਦੇ ਕ੍ਰਾਂਤੀਕਾਰੀ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਸਹੀ ਸਮੇਂ ‘ਤੇ ਸ਼ਾਮਲ ਨਹੀਂ ਹੋ ਸਕੇ । ਜੇਕਰ ਅਜਿਹਾ ਮਿਲਨ ਹੋ ਜਾਂਦਾ ਤਾਂ ਭਾਰਤ ਦਾ ਨਕਸ਼ਾ ਅੱਜ ਕੁਝ ਹੋਰ ਹੀ ਹੁੰਦਾ।

ਅਮਰੀਕਾ ‘ਚ ਪ੍ਰਵਾਸੀ ਹੋਏ ਕ੍ਰਾਂਤੀਕਾਰੀਆਂ ਦੀ ਸਮਝ ਵਿਚ ਇਹ ਨਹੀਂ ਆਇਆ ਸੀ ਕਿ ਅੰਗ੍ਰੇਜ਼ਾਂ ਨਾਲ ਜਰਮਨੀ ਦਾ ਯੁੱਧ ਛੇਤੀ ਹੀ ਛਿੜ ਜਾਵੇਗਾ, ਏਸ ਕਾਰਨ ਉਹਦੀ ਤਿਆਰੀ ਹੋਰ ਹੀ ਢੰਗ ਨਾਲ ਹੋ ਰਹੀ ਸੀ। ਉਹ ਸਮਝਦੇ ਸਨ ਕਿ ਭਾਰਤ ਦੇ ਬਾਹਰ ਦੀ ਕਿਸੇ ਰਾਜ ਸ਼ਕਤੀ ਦੀ ਸਹਾਇਤਾ ਲੈ ਕੇ ਯੁੱਧ ਦੀ ਤਿਆਰੀ ਕਰਨੀ ਪਊਗੀ ਅਤੇ ਏਸੇ ਸੰਕਲਪ ਨੂੰ ਪੂਰਾ ਕਰਨ ਲਈ ਬਹੁਤ ਕੁਝ ਕੀਤਾ ਜਾ ਰਿਹਾ ਸੀ, ਪਰੰਤੂ ਇਨ੍ਹਾਂ ਲਈ ਬੇਮੌਕੇ ਹੀ ਯੂਰਪ ਵਿਚ ਰਣਚੰਡੀ ਦਾ ਨ੍ਰਿਤ ਹੋਣਾ ਸ਼ੁਰੂ ਹੋ ਗਿਆ। ਇਹਦੇ ਲਈ ਉਹ ਤਿਆਰ ਨਹੀਂ ਸਨ ਅਤੇ ਸਾਰਾ ਸੰਕਲਪ ਫ਼ੇਲ੍ਹ ਹੋ ਗਿਆ। ਹੁਣ ਇਨ੍ਹਾਂ ਨੇ ਨਿਸਚਾ ਕੀਤਾ ਕਿ ਗ਼ਦਰ ਪਾਰਟੀ ਦੇ ਦਲਾਂ ਦੇ ਦਲ ਭਾਰਤ ਪਹੁੰਚ ਕੇ ਭਾਰਤੀ ਸੈਨਿਕਾਂ ਨੂੰ ਆਪਣੇ ਪ੍ਰਭਾਵ ਹੇਠ ਕਰ ਲੈਣ। ਬਸ, ਕ੍ਰਾਂਤੀ ਦਾ ਇਹ ਇੱਕੋ ਇਕ ਰਾਹ ਨਿਸਚਿਤ ਹੋ ਗਿਆ । ਵਿਦੇਸ਼ਾਂ ਵਿਚ ਬੈਠੇ ਹਜ਼ਾਰਾਂ ਸਿੱਖ ਆਪਣਾ ਬੋਰੀਆ-ਬਿਸਤਰਾ ਸਮੇਟ ਕੇ ਭਾਰਤ ਰਵਾਨਾ ਹੋ ਗਏ।…

ਰਾਹ ਵਿਚ ਇਹ ਲੋਕ ਇਥੇ-ਉਥੇ ਆਪਣੇ ਉਦੇਸ਼ ਪ੍ਰਗਟ ਕਰ ਦਿਆ ਕਰਦੇ ਸਨ। ਏਸੇ ਤਰ੍ਹਾਂ ਦਾ ਇਕ ਦਲ ਜਪਾਨ ਪਹੁੰਚਿਆ। ਇਥੇ ਪਰਮਾਨੰਦ ਨਾਂ ਦੇ ਇਕ ਨੌਜਵਾਨ ਇਨ੍ਹਾਂ ਵਿਚ ਆ ਮਿਲੇ। ਇਹ ਬੁੰਦੇਲਖੰਡ ਦੇ ਵਾਸੀ ਸਨ। ਅੰਡੇਮਾਨ ਵਿਚ ਅਸੀਂ ਇਨ੍ਹਾਂ ਨੂੰ ਛੋਟੇ ਪਰਮਾਨੰਦ ਕਹਿੰਦੇ ਸੀ, ਕਿਉਂਕਿ ਵੱਡੇ ਪਰਮਾਨੰਦ ਸਨ ਡੀ.ਏ.ਵੀ. ਕਾਲਜ, ਲਾਹੌਰ ਦੇ ਪੂਰਵ- ਅਧਿਆਪਕ ਭਾਈ ਪਰਮਾਨੰਦ ਜੀ। ਇਨ੍ਹਾਂ ਨੂੰ ਵੀ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ ਸੀ । ਪੰਜਾਬ ਵਿਚ ਮੁਗ਼ਲਾਂ ਦੇ ਸਮੇਂ ਜਦੋਂ ਸਿੱਖ ਦੇਸ਼ ਅਤੇ ਧਰਮ ਲਈ ਕੁਰਬਾਨੀਆਂ ਦੇ ਰਹੇ ਸੀ, ਸਿਰ ਦੇ ਦਿੰਦੇ ਸਨ ਪਰ ਧਰਮ ਨਹੀਂ ਸੀ ਛੱਡਦੇ। ਉਸ ਵੇਲੇ ਭਾਈ ਪਰਮਾਨੰਦ ਦੇ ਕਿਸੇ ਪੁਰਖੇ ਨੇ ਆਤਮ ਬਲੀਦਾਨ ਦੀ ਮਿਸਾਲ ਦਿਖਾਈ ਸੀ । ਓਸ ਵੇਲੇ ਉਹਨੂੰ ਮੁਸਲਮਾਨਾਂ ਨੇ ਆਰੇ ਨਾਲ ਚੀਰ ਕੇ ਮਾਰ ਦਿੱਤਾ ਸੀ। ਉਸੇ ਸਮੇਂ ਤੋਂ ਇਹ ਖ਼ਾਨਦਾਨ ਸਿੱਖਾਂ ਵਿਚ ‘ਭਾਈ’ ਨਾਮ ਨਾਲ ਪ੍ਰਸਿੱਧ ਹੋ ਗਿਆ ਸੀ। ਸਿੱਖਾਂ ਵਿਚ ਇਹ ‘ਭਾਈ’ ਸ਼ਬਦ ਬੜਾ ਸਨਮਾਨਜਨਕ ਏ, ਏਸ ਲਈ ਅਸੀਂ ਸਿੱਖਾਂ ਨੂੰ ਉਹਨਾਂ ਦੇ ਨਾਮ ਨਾਲ ‘ਭਾਈ’ ਸ਼ਬਦ ਲਾ ਕੇ ਬੁਲਾਇਆ ਕਰਦੇ ਸੀ।

ਸਿੱਖਾਂ ਦੇ ਇਕ ਬੜੇ ਉਤਸ਼ਾਹੀ ਨੇਤਾ ਸਨ ਭਾਈ ਭਗਵਾਨ ਸਿੰਘ। ਇਨ੍ਹਾਂ ਦੇ ਵਿਚਾਰ ਸੁਣ ਕੇ ਕਿੰਨੇ ਹੀ ਸਿੱਖ ਆਪਣਾ ਕੰਮ-ਕਾਜ ਛੱਡ, ਕ੍ਰਾਂਤੀ ਵਿਚ ਸਹਾਇਤਾ ਕਰਨ ਲਈ ਦੇਸ਼ ਵਾਪਸ ਆ ਗਏ ਸਨ। ਇਹ ਲੋਕ ਥੋੜ੍ਹੇ ਸਮੇਂ ਦੀ ਉਤੇਜਨਾ ਵਿਚ ਆ ਕੇ ਆਪਣਾ ਸਭ ਕੁਝ ਛੱਡ ਕੇ ਏਸ ਕੰਮ ਵਿਚ ਨਹੀਂ ਸਨ ਆਏ, ਬਲਕਿ ਇਨ੍ਹਾਂ ਵਿਚ ਸੱਚਮੁੱਚ ਦੇਸ਼ ਸੇਵਾ ਦੀ ਚਿਣਗ ਬਲ ਰਹੀ ਸੀ। ਏਸ ਤਰ੍ਹਾਂ ਜਿਹੜੇ ਸਿੱਖ ਦੇਸ਼ ਵਾਪਸ ਆਏ, ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਮੇਰੀ ਗੱਲਬਾਤ ਹੋਈ ਸੀ। ਉਨ੍ਹਾਂ ਤੋਂ ਪਤਾ ਲੱਗਾ ਕਿ ਉਹ ਸੱਚੀਮੁੱਚੀ ਦਿਲ ਦੀਆਂ ਗਹਿਰਾਈਆਂ ਤੋਂ ਗ਼ੁਲਾਮੀ ਦੀ ਏਸ ਜਲਣ ਨੂੰ ਮਹਿਸੂਸ ਕਰ ਕੇ ਏਸ ਦੇਸ਼ ਸੇਵਾ ਦੇ ਕਾਰਜ ਵਿਚ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚੋਂ ਕੋਈ ਤਾਂ ਪਿਨਾਂਗ ਦੀ ਮਿਲਟਰੀ ਪੁਲਿਸ ਵਿਚ ਸੀ, ਕੋਈ ਹਾਂਗਕਾਂਗ ਵਿਚ ਪਹਿਰੇਦਾਰ ਸੀ ਅਤੇ ਕੋਈ ਵਪਾਰ ਕਰਦਾ ਸੀ। ਏਸ ਵੇਲੇ ਹਾਂਗਕਾਂਗ ਵਿਚ ਸਿੱਖਾਂ ਦੀ ਇਕ ਰੈਜੀਮੈਂਟ ਸੀ, ਏਸ ਰੈਜੀਮੈਂਟ ‘ਤੇ ਵੀ ਸਿੱਖਾਂ ਦਾ ਹੀ ਕਬਜ਼ਾ ਹੋ ਗਿਆ ਸੀ।

ਭਾਰਤ ਵਾਪਸ ਆਏ ਦਲ ਦੇ ਕਈ ਮੈਂਬਰ ਅਜਿਹੇ ਸਨ ਜਿਹੜੇ ਕਿ ਅੰਗਰੇਜ਼ ਦੀ ਪਲਟਨ ਵਿਚ ਫ਼ੌਜੀ ਰਹਿ ਚੁੱਕੇ ਸਨ। ਇਨ੍ਹਾਂ ਵਿੱਚੋਂ ਕਿਸੇ ਦੀ ਸਰਵਿਸ ਅੱਠ ਸਾਲਾਂ ਦੀ, ਕਿਸੇ ਦੀ ਦਸ ਸਾਲਾਂ ਦੀ ਅਤੇ ਕਿਸੇ ਕਿਸੇ ਦੀ ਗਿਆਰਾਂ ਸਾਲਾਂ ਦੀ ਸੀ। ਇਨ੍ਹਾਂ ‘ਚੋਂ ਕਿਸੇ ਦੀ ਵੀ ਨੌਕਰੀ ਤਿੰਨ ਸਾਲ ਤੋਂ ਘੱਟ ਨਹੀਂ ਸੀ। ਕਿਉਂਕਿ ਹਰੇਕ ਫ਼ੌਜੀ ਨੂੰ ਘੱਟੋ-ਘੱਟ ਤਿੰਨ ਸਾਲ ਤਕ ਨੌਕਰੀ ਕਰਨ ਦੀ ਸ਼ਰਤ ਪੂਰੀ ਕਰਨੀ ਪੈਂਦੀ ਸੀ। ਇਨ੍ਹਾਂ ‘ਚੋਂ ਬਹੁਤਿਆਂ ਦਾ ਕੰਮ ਮਸ਼ੀਨਗੰਨ ਚਲਾਉਣਾ ਸੀ ਅਤੇ ਕੁਝ ਲੋਕ ਤੋਪਖ਼ਾਨੇ ਵਿਚ ਵੀ ਕੰਮ ਕਰ ਚੁੱਕੇ ਸਨ।…

ਅਮਰੀਕਾ ਤੋਂ ਆਏ ਸਿੱਖਾਂ ਵਿਚ ਉਤਸ਼ਾਹ ਤਾਂ ਅਸੀਮ ਸੀ ਪਰ ਕੰਮ ਕਰਨ ਦਾ ਤਰੀਕਾ ਉਨ੍ਹਾਂ ਨੂੰ ਪਤਾ ਨਹੀਂ ਸੀ। ਨਾ ਤਾਂ ਏਹਨਾਂ ਦਾ ਕੋਈ ਕੇਂਦਰ ਸੀ ਅਤੇ ਨਾ ਹੀ ਕੋਈ ਸ਼ਾਖਾ। ਵੀਹ-ਪੱਚੀ ਲੋਕ ਕਿਸੇ ਇਕ ਦੇ ਥੱਲੇ ਕੰਮ ਕਰਦੇ ਸਨ ਅਤੇ ਉਸ ਨੂੰ ਉਨ੍ਹਾਂ ਵੀਹ-ਪੱਚੀ ਲੋਕਾਂ ਦਾ ਸਰਦਾਰ ਕਿਹਾ ਜਾਂਦਾ ਸੀ । ਇਹ ਸਰਦਾਰ ਕਦੇ ਤਾਂ ‘ਕੱਠੇ ਹੋ ਜਾਂਦੇ ਸਨ ਅਤੇ ਕਦੇ ਕਦੇ ਤਾਂ ਕਈ ਕਈ ਦਿਨ ਇਨ੍ਹਾਂ ਦੀ ਆਪਸ ਵਿਚ ਮੁਲਾਕਾਤ ਨਹੀਂ ਸੀ ਹੁੰਦੀ। ਅਸਲ ਵਿਚ ਇਕੱਠੇ ਕੰਮ ਕਰਨ ਲਈ ਕਿਸੇ ਪ੍ਰਣਾਲੀ ਦੀ ਇਨ੍ਹਾਂ ਵਿਚ ਘਾਟ ਸੀ । ਇਹਦਾ ਕਾਰਨ ਇਹੀ ਸੀ ਕਿ ਇਨ੍ਹਾਂ ਦਾ ਕੋਈ ਕੇਂਦਰ ਨਹੀਂ ਸੀ। ਏਸ ਤਰ੍ਹਾਂ ਦੇਸ਼ ਵਿਚ ਪੱਕੇ ਸੰਗਠਨ ਤੋਂ ਵਿਰਵੇ ਕਿੰਨੇ ਸਾਰੇ ਇਹ ਲੋਕ ਗੜਬੜ ਫੈਲਾ ਰਹੇ ਹਨ, ਇਹ ਕੌਣ ਜਾਣਦਾ ਏ। ਜਿਹੜੇ ਲੋਕ ਮੁਲਤਾਨ ਜੇਲ੍ਹ ਵਿਚ ਕੈਦ ਸਨ, ਉਹ ਵੀ ਇਹੀ ਕਹਿੰਦੇ ਸਨ ਕਿ ਹੁਣ ਜਲਦੀ ਹੀ ਗ਼ਦਰ ਮੱਚੇਗਾ ਅਤੇ ਅਸੀਂ ਜਲਦੀ ਹੀ ਰਿਹਾਅ ਹੋ ਜਾਵਾਂਗੇ। ਇਹਦਾ ਨਤੀਜਾ ਇਹ ਹੋਇਆ ਕਿ ਇਹ ਲੋਕ ਵੱਖੋ-ਵੱਖਰੀਆਂ ਜੇਲ੍ਹਾਂ ਵਿਚ ਵੰਡ ਦਿੱਤੇ ਗਏ। ਇੱਕੋ ਜਿਹੇ ਸੁਭਾਅ ਅਤੇ ਧਰਮ ਦੇ ਭਾਵਕ ਲੋਕਾਂ ਦੇ ਇਕੱਠੇ ਰਹਿਣ ਨਾਲ ਜਿਹੜਾ ਅਨੰਦ ਪ੍ਰਾਪਤ ਹੁੰਦਾ ਸੀ, ਉਹ ਵੀ ਇਨ੍ਹਾਂ ਤੋਂ ਖੋਹ ਲਿਆ ਗਿਆ।

ਇਨ੍ਹਾਂ ਸਾਰਿਆਂ ਦਲਾਂ ਨੇ ਭਾਰਤ ਵਿਚ ਆਉਂਦਿਆਂ ਹੀ ਬੰਗਾਲ ਦੇ ਗੁਪਤ ਕ੍ਰਾਂਤੀਕਾਰੀ ਦਲ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ । ਪਰ ਏਸ ਤੋਂ ਪਹਿਲਾਂ ਹੀ ਇਹ ਕਿਸੇ ਨਾਲ ਜਾਣ- ਪਛਾਣ ਨਾ ਹੋਣ ਕਰਕੇ ਸਹੀ-ਗ਼ਲਤ ਬੰਦੇ ਦੀ ਪਛਾਣ ਕੀਤੇ ਬਿਨਾਂ ਪੰਜਾਬ ਵਿਚ ਵਿਦਰੋਹ ਦੀਆਂ ਗੱਲਾਂ ਕਰਨ ਲੱਗ ਪਏ। ਏਸ ਸਮੇਂ ਕਲਕੱਤੇ ਦੀਆਂ ਸਾਧਾਰਨ ਸੜਕਾਂ ‘ਤੇ ਵੀ ਮੈਂ ਸੁਣਿਆ ਕਿ ਪੰਜਾਬ ਵਿਚ ਕ੍ਰਾਂਤੀ ਦੀ ਤਿਆਰੀ ਹੋ ਰਹੀ ਏ । ‘ਭਾਰਤ ਰੱਖਿਆ ਕਾਨੂੰਨ’ ਬਣਾਉਣ ਸਮੇਂ ਵੀ ਹਾਰਡੀਜ਼ ਸਾਹਿਬ ਨੇ ਏਸ ਗੱਲ ਦਾ ਜ਼ਿਕਰ ਕੀਤਾ ਸੀ।

ਏਸੇ ਸਮੇਂ ਦੌਰਾਨ ਕਰਤਾਰ ਸਿੰਘ ਨੇ ਆ ਕੇ ਬੰਗਾਲ ਦੇ ਕਿਸੇ ਜਾਣੇ-ਪਛਾਣੇ ਉੱਘੇ ਜਨਤਕ ਨੇਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਰਤਾਰ ਸਿੰਘ ਨੂੰ ਉਪਦੇਸ਼ ਦਿੱਤਾ ਕਿ ਤੂੰ ਆਪਣੇ ਸੰਕਲਪ ਅਤੇ ਹਿੰਮਤ ਅਨੁਸਾਰ ਕੰਮ ਕਰਦਾ ਜਾਹ, ਬੰਗਾਲ ਤਾਂ ਸਹੀ ਸਮੇਂ ‘ਤੇ ਤੁਹਾਡੀ ਸਹਾਇਤਾ ਕਰੇਗਾ ਹੀ। ਹੁਣ ਇਹ ਦੱਸਣ ਵਿਚ ਕੋਈ ਰੁਕਾਵਟ ਨਹੀਂ ਕਿ ਉਹ ਵਿਅਕਤੀ ਸਰ ਸੁਰਿੰਦਰਨਾਥ ਬੈਨਰਜੀ ਸਨ।

ਏਸ ਸਮੇਂ ਇਨ੍ਹਾਂ ਨੂੰ ਥੋੜ੍ਹੇ ਬਹੁਤੇ ਹਥਿਆਰਾਂ ਦੀ ਲੋੜ ਪਈ। ਹਾਲਾਂਕਿ ਏਸ ਕ੍ਰਾਂਤੀ ਦਾ ਮੁੱਖ ਆਧਾਰ ਪੰਜਾਬੀ ਸੈਨਿਕ ਦਲ ਸਨ, ਫੇਰ ਵੀ ਆਤਮ-ਰੱਖਿਆ ਲਈ ਹਰੇਕ ਕਾਰਜਕਰਤਾ ਨੂੰ ਹਥਿਆਰਬੰਦ ਕਰਨ ਦੀ ਇੱਛਾ ਕਾਰਨ ਕੁਝ ਰਿਵਾਲਵਰਾਂ ਆਦਿ ਦੀ ਲੋੜ ਪਈ। ਏਸ ਉਦੇਸ਼ ਦੀ ਪੂਰਤੀ ਲਈ ਸ੍ਰੀਮਾਨ ਜਗਤ ਰਾਮ ਕੁਝ ਰੁਪਏ ਦੇ ਕੇ ਕਾਬਲ ਵੱਲ ਭੇਜੇ ਗਏ ਅਤੇ ਇਥੋਂ ਹੀ ਜੇਲ੍ਹ ਦੇ ਤਸੀਹਿਆਂ ਨੇ ਉਨ੍ਹਾਂ ਦਾ ਪੱਲਾ ਫੜ ਲਿਆ। ਵਿਚਾਰੇ ਜਗਤ ਰਾਮ ਪੇਸ਼ਾਵਰ ‘ਚ ਹੀ ਫੜੇ ਗਏ ਅਤੇ ਅੱਗੇ ਜਾ ਕੇ ਅੰਡੇਮਾਨ ਵਿਚ ਮੈਨੂੰ ਉਹਦੇ ਦਰਸ਼ਨ ਹੋਏ।

ਛੋਟੇ ਪਰਮਾਨੰਦ ਨੂੰ ਵੀ ਇਨ੍ਹਾਂ ਲੋਕਾਂ ਨੇ ਏਸੇ ਕੰਮ ਲਈ ਬੰਗਾਲ ਭੇਜਿਆ ਸੀ ਪਰ ਉਹ ਵੀ ਖ਼ਾਲੀ ਹੱਥ ਵਾਪਸ ਆ ਗਏ।

ਪੰਜਾਬ ਯਾਤਰਾ

ਮੈਂ ਉਹਨਾਂ ਦਿਨਾਂ ‘ਚ ਕਾਸ਼ੀ ‘ਚ ਹੀ ਸੀ, ਜਦੋਂ ਪੰਜਾਬ ਦੇ ਦਲ ਦਾ ਇਕ ਬੰਦਾ ਉਥੋਂ ਦੀ ਕ੍ਰਾਂਤੀ ਦੀ ਖ਼ਬਰ ਲੈ ਕੇ ਸਾਡੇ ਕੋਲ ਆਇਆ। ਜਦੋਂ ਉਹਦੇ ਮੂੰਹ ਤੋਂ ਸੁਣਿਆ ਕਿ ਕ੍ਰਾਂਤੀ ਕਰਨ ਲਈ ਦੋ ਤਿੰਨ ਹਜ਼ਾਰ ਸਿੱਖ ਕਮਰਕੱਸੇ ਕਰ ਕੇ ਤਿਆਰ ਬੈਠੇ ਨੇ, ਤਦ ਸਾਡਾ ਅੰਦਰਲਾ ਮਨ ਖ਼ੁਸ਼ੀ ਨਾਲ ਨੱਚਣ ਲੱਗ ਪਿਆ। ਪੰਜਾਬ ਦੇ ਕਾਰਜਕਰਤਾਵਾਂ ਨੇ ਅਨੋਭੜ ਬੰਦੇ ਦੇ ਹੱਥ ਅਖਵਾ ਘੱਲਿਆ ਸੀ ਕਿ ਰਾਸ ਬਿਹਾਰੀ ਦੀ ਸਾਨੂੰ ਬਹੁਤ ਲੋੜ ਏ। ਦਿੱਲੀ ਸਾਜ਼ਸ਼ ਦੇ ਭਗੌੜੇ ਆਸਾਮੀ ਮਸ਼ਹੂਰ ਕਰਮਵੀਰ ਕ੍ਰਾਂਤੀਕਾਰੀ ਰਾਸ ਬਿਹਾਰੀ ਦਾ ਨਾਂ ਓਸ ਵੇਲੇ ਅਮਰੀਕਾ ਤਕ ਮਸ਼ਹੂਰ ਹੋ ਚੁੱਕਾ ਸੀ। ਪੰਜਾਬ ਦਲ ਵਾਲਿਆਂ ਨੇ ਅਮਰੀਕਾ ‘ਚ ਹੀ ਉਹਨਾਂ ਦਾ ਨਾਂ ਸੁਣਿਆ मी।

ਕਈ ਕਾਰਨਾਂ ਕਰਕੇ ਰਾਸ ਬਿਹਾਰੀ ਉਦੋਂ ਪੰਜਾਬ ਨਹੀਂ ਜਾ ਸਕੇ, ਏਸ ਲਈ ਪਹਿਲਾਂ ਉਥੇ ਮੇਰਾ ਜਾਣਾ ਨਿਸਚਿਤ ਹੋਇਆ ਤਾਂ ਜੋ ਮੈਂ ਪੰਜਾਬ ਦੀ ਹਾਲਤ ਆਪਣੀਆਂ ਅੱਖਾਂ ਨਾਲ ਵੇਖ ਆਵਾਂ ਅਤੇ ਸਾਰਿਆਂ ਨੂੰ ਦੱਸਾਂ ਅਤੇ ਫੇਰ ਅੱਗੇ ਪ੍ਰੋਗਰਾਮ ਬਣਾਇਆ ਜਾ ਸਕੇ।

ਪਹਿਲਾਂ ਹੀ ਨਿਸਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਸੀ। ਪੱਛਮ ਵਿਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ-ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ। ਰਾਹ ਵਿਚ ਥੋੜ੍ਹੀ ਬਹੁਤ ਗੱਲਬਾਤ ਹੋਈ। ਉਨ੍ਹਾਂ ਤੋਂ ਪਤਾ ਲੱਗਾ ਕਿ ਏਸ ਸਮੇਂ ਲੁਧਿਆਣਾ ਵਿਚ ਦੋ ਤਿੰਨ ਸੌ ਵਿਅਕਤੀ ‘ਕੱਠੇ ਹੋਏ ਨੇ। ਵੱਖੋ-ਵੱਖਰੇ ਕੰਮ ਕਰਨ ਲਈ ਇਹ ਲੋਕ ਵੱਖੋ-ਵੱਖਰੇ ਪਾਸੇ ਭੇਜੇ ਜਾਣਗੇ। ਇਹ ਲੋਕ ਗੁਰਦੁਆਰੇ ‘ਕੱਠੇ ਹੁੰਦੇ ਸਨ।

ਉਸ ਦਿਨ ਦੀ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਏ। ਗੱਡੀ ਦੇ ਡੱਬੇ ਵਿਚ ਅਸੀਂ ਕਈ ਵਿਅਕਤੀ ਸਾਂ ਅਤੇ ਸਾਰਿਆਂ ਦੇ ਹਿਰਦੇ ਵਿਚ ਕਈ ਤਰ੍ਹਾਂ ਦੇ ਭਾਵ ਸਨ। ਅਸੀਂ ਤਿੰਨੇ ਕਿਤੇ ਕਿਤੇ ਇਕ ਅੱਧੀ ਗੱਲ ਕਰ ਲੈਂਦੇ ਸੀ, ਪਰ ਦਿਲ ਵਿਚ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਭਾਵਨਾਵਾਂ ਉਮੜ ਰਹੀਆਂ ਸਨ। ਮੈਂ ਸਾਰੇ ਰਸਤੇ ਇਹੀ ਸੋਚਦਾ ਗਿਆ ਕਿ ਏਸ ਸਿੱਖ ਦਲ ਦੇ ਨੌਜਵਾਨ ਪਤਾ ਨਹੀਂ ਕਿਹੋ ਜਿਹੇ ਹੋਣਗੇ, ਉਨ੍ਹਾਂ ਦੀ ਸਿੱਖਿਆ ਕਿਹੋ ਜਿਹੀ ਹੋਵੇਗੀ ? ਏਨਾ ਤਾਂ ਸੁਣ ਹੀ ਚੁੱਕਾ ਸੀ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਦੀ ਉਮਰ ਤੀਹ ਜਾਂ ਏਸ ਤੋਂ ਵੀ ਵੱਧ ਏ, ਇਹ ਮੈਨੂੰ ਕਿਸ ਨਜ਼ਰ ਨਾਲ ਦੇਖਣਗੇ (ਕਿਉਂਕਿ ਓਸ ਸਮੇਂ ਮੇਰੀ ਉਮਰ ਸਿਰਫ਼ ਬਾਈ ਸਾਲ ਸੀ)। ਉਥੇ ਜਾ ਕੇ ਮੇਰਾ ਇਨ੍ਹਾਂ ‘ਤੇ ਕੋਈ ਅਸਰ ਵੀ ਪਏਗਾ ਕਿ ਨਹੀਂ, ਇੰਨੇ ਵੱਡੇ ਉਤਸ਼ਾਹ ਨਾਲ ਭਰੇ ਏਸ ਸਮੂਹ ਨੂੰ ਅਸੀਂ ਕਿਸ ਤਰ੍ਹਾਂ ਸੰਜਮ ਵਿਚ ਲਿਆ ਕੇ ਆਪਣਾ ਟੀਚਾ ਹਾਸਲ ਕਰ ਸਕਾਂਗੇ, ਵਰਗੇ ਸੈਂਕੜੇ ਸਵਾਲ ਸਾਰੇ ਰਾਹ ਅੰਦਰੋ-ਅੰਦਰੀ ਮੈਨੂੰ ਤੰਗ ਕਰਦੇ ਰਹੇ। ਨਾਲ ਈ ਅਨੰਦ ਦਾ ਇਕ ਸੋਮਾ ਹਿਰਦੇ ਵਿਚ ਆਪ-ਮੁਹਾਰੇ ਵਗਿਆ ਤੁਰਿਆ ਜਾ ਰਿਹਾ ਸੀ ਕਿ ਏਸ ਵਾਰ ਜੀਵਨ ਦਾ ਸੁਫ਼ਨਾ ਸਫਲ ਹੋਣ ਜਾ ਰਿਹਾ ਏ। ਜੁਗਾਂ ਜੁਗਾਂਤਰਾਂ ਦਾ ਹਨੇਰਾ ਏਸ ਵਾਰ ਦੂਰ ਹੋ ਜਾਏਗਾ। ਪਰ ਇਕ ਹੋਰ ਗੱਲ ਨੂੰ ਸੋਚਦਿਆਂ ਈ ਮੇਰਾ ਹਿਰਦਾ ਜ਼ਖ਼ਮੀ ਹੋ ਜਾਂਦਾ ਸੀ। ਉਹ ਇਹ ਕਿ ਬੰਗਾਲ ਅੱਜ ਕਿੰਨਾ ਪੱਛੜਿਆ ਹੋਇਆ ਏ, ਬੰਗਾਲ ਦੀ ਸੈਂਕੜੇ ਹਜ਼ਾਰਾਂ ਸਾਲਾਂ ਦੀ ਕਲੰਕ ਦੀ ਸਿਆਹੀ ਜਿਵੇਂ ਗਾੜ੍ਹੀ ਹੋ ਕੇ ਮੈਨੂੰ ਲਗਾਤਾਰ ਤੜਫ਼ਾ ਰਹੀ ਸੀ। ਏਸੇ ਕਰਕੇ ਬੰਗਾਲ ਵਿਚ ਜਾ ਕੇ ਕੰਮ ਕਰਨ ਦੀ ਮੇਰੀ ਬਹੁਤ ਇੱਛਾ ਸੀ। ਖ਼ੈਰ, ਜਾਣ ਦਿਓ ਇਨ੍ਹਾਂ ਗੱਲਾਂ ਨੂੰ।

ਲੁਧਿਆਣਾ ਪਿੱਛੇ ਰਹਿ ਗਿਆ ਅਤੇ ਅਸੀਂ ਇਕ ਹੋਰ ਸਟੇਸ਼ਨ ‘ਤੇ ਪਹੁੰਚੇ। ਕਰਤਾਰ ਸਿੰਘ ਨੇ ਬੁਲੇਟਿਨ ਨਾਮ ਦਾ ਸਮਾਚਾਰ ਪੱਤਰ ਲਿਆ। ਏਸ ਵਿਚ ਪੜ੍ਹਿਆ ਕਿ ਕਲਕੱਤਾ ਦੀ ਮੁਸਲਮਾਨ-ਪਾੜਾ ਲੇਨ ਵਿਚ ਬੰਬ ਧਮਾਕਾ ਹੋਇਆ। ਸਮਾਚਾਰ ਸੀ ਕਿ ਖ਼ੁਫ਼ੀਆ ਪੁਲਿਸ ਦੇ ਡਿਪਟੀ ਸੁਪਰਡੈਂਟ ਸ਼੍ਰੀਮਾਨ ਬਸੰਤ ਚੈਟਰਜੀ ਦੇ ਘਰ ਦੋ-ਤਿੰਨ ਬੰਬ ਸੁੱਟੇ ਗਏ ਹਨ। ਏਸ ਨਾਲ ਹੈੱਡ ਕਾਂਸਟੇਬਲ ਦਾ ਪੈਰ ਉੱਡ ਗਿਆ, ਕੁਝ ਲੋਕ ਫੱਟੜ ਹੋਏ, ਘਰ ਦੀ ਦੀਵਾਰ ਦਾ ਕੁਝ ਹਿੱਸਾ ਉੱਡ ਜਾਣ ਕਰ ਕੇ ਉਥੇ ਟੋਇਆ ਪੈ ਗਿਆ।…

ਅੱਖਾਂ-ਅੱਖਾਂ ਵਿਚ ਗੱਲਾਂ ਹੋਈਆਂ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਹੋਇਆ। ਏਸ ਤਰ੍ਹਾਂ ਅਸੀਂ ਜਲੰਧਰ ਪਹੁੰਚ ਗਏ। ਇਥੇ ਕਰਤਾਰ ਸਿੰਘ ਦੇ ਕਈ ਵਿਦਿਆਰਥੀ ਮਿੱਤਰ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਅਸੀਂ ਰੇਲ ਦੀ ਪਟੜੀ ਨੂੰ ਪਾਰ ਕਰ ਕੇ ਨੇੜੇ ਦੇ ਬਾਗ਼ ਵਿਚ ਗਏ, ਉਥੇ ਏਸ ਦਲ ਦੇ ਕਈ ਨੇਤਾ ਸਨ। ਇਨ੍ਹਾਂ ਨੂੰ ਦੇਖ ਕੇ ਮੈਨੂੰ ਭਰੋਸਾ ਹੋ ਗਿਆ ਕਿ ਇਨ੍ਹਾਂ ਵਿਚ ਮੈਂ ਬਿਲਕੁਲ ਵੀ ਘੱਟ ਉਮਰ ਦਾ ਨਹੀਂ ਹਾਂ, ਕਿਉਂਕਿ ਇਨ੍ਹਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਸੀ ਜਿਸ ਦੀ ਉਮਰ ਮੇਰੇ ਤੋਂ ਬਹੁਤ ਜ਼ਿਆਦਾ ਵੱਧ ਹੋਵੇ। ਉਸ ਦਿਨ ਉਥੇ ਕਰਤਾਰ ਸਿੰਘ, ਪ੍ਰਿਥਵੀ ਸਿੰਘ, ਅਮਰ ਸਿੰਘ ਅਤੇ ਰਾਮ ਰੱਖਾ ਤੋਂ ਇਲਾਵਾ ਸ਼ਾਇਦ ਇਕ ਹੋਰ ਵਿਅਕਤੀ ਸੀ। ਕਰਤਾਰ ਸਿੰਘ ਦੀ ਉਮਰ ਓਸ ਵੇਲੇ 19-20 ਵਰ੍ਹਿਆਂ ਤੋਂ ਵੱਧ ਨਹੀਂ ਹੋਵੇਗੀ। ਅਮਰ ਸਿੰਘ ਅਤੇ ਪ੍ਰਿਥਵੀ ਸਿੰਘ ਦੋਵੇਂ ਰਾਜਪੂਤ ਸਨ ਪਰ ਚਿਰਾਂ ਤੋਂ ਪੰਜਾਬ ਵਿਚ ਹੀ ਰਹਿ ਰਹੇ ਸਨ। ਇਨ੍ਹਾਂ ਦੀ ਉਮਰ 24-25 ਸਾਲ ਹੋਵੇਗੀ। ਰਾਮ ਰੱਖਾ ਬ੍ਰਾਹਮਣ ਸਨ, ਇਨ੍ਹਾਂ ਦੀ ਉਮਰ ਵੀ ਲਗਭਗ ਇੰਨੀ ਹੀ ਸੀ। ਇਹ ਲੋਕ ਰਾਸ ਬਿਹਾਰੀ ਨੂੰ ਮਿਲਣ ਲਈ ਰੁਕੇ ਹੋਏ ਸਨ। ਮੇਰੇ ਜਾਣੂ ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ-ਪਛਾਣ ਕਰਾਈ। ਮੈਂ ਪਹਿਲਾਂ ਪਹਿਲ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਨਾਂ ਅਤੇ ਟਿਕਾਣਾ ਨਹੀਂ ਪੁੱਛਿਆ। ਬਾਅਦ ਵਿਚ ਗੱਲਾਂ ਕਰਦਿਆਂ ਸਾਰਿਆਂ ਦੇ ਨਾਵਾਂ ਦਾ ਪਤਾ ਲੱਗ ਗਿਆ। ਸਾਡੇ ਦਲ ਵਿਚ ਇੰਜ ਜਾਂਚ-ਪੜਤਾਲ ਜ਼ਰਾ ਸ਼ੱਕ ਦੀ ਨਜ਼ਰ ਨਾਲ ਦੇਖੀ ਜਾਂਦੀ ਏ ਅਤੇ ਏਸ ਤਰ੍ਹਾਂ ਕਿਸੇ ਕੋਲੋਂ ਨਾਮ ਅਤੇ ਪਤਾ ਪੁੱਛਣਾ ਤਾਂ ਮੈਂ ਬਿਲਕੁਲ ਗ਼ੈਰ-ਜ਼ਰੂਰੀ ਸਮਝਦਾ ਸੀ। ਮਿੱਤਰ ਨੇ ਮੇਰੀ ਜਾਣ- ਪਛਾਣ ਇਹ ਕਹਿ ਕੇ ਕਰਾਈ ਕਿ ਰਾਸ ਬਿਹਾਰੀ ਤਾਂ ਕਿਸੇ ਖ਼ਾਸ ਕੰਮ ਕਰਕੇ ਆ ਨਹੀਂ ਸਕੇ, ਉਹਨੇ ਆਪਣੇ ਸੱਜੇ ਹੱਥ ਵਜੋਂ ਇਨ੍ਹਾਂ ਨੂੰ ਭੇਜਿਆ ਏ। ਕਰਤਾਰ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਰਾਸ ਬਿਹਾਰੀ ਨਾਲ ਹੀ ਕੰਮ ਏ। ਫੇਰ ਮੈਂ ਉਹਨੂੰ ਸਮਝਾਇਆ ਕਿ ਇਥੇ ਆਉਣ ਤੋਂ ਪਹਿਲਾਂ ਉਹ ਇੱਥੋਂ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਜਿੱਦਾਂ ਦੀ ਉਹਦੀ ਹਾਲਤ ਏ, ਉਸ ਨੂੰ ਦੇਖਦੇ ਹੋਏ ਉਹ ਕੁਝ ਸਮੇਂ ਤਕ ਤਾਂ ਇਥੇ ਨਹੀਂ ਆ ਸਕਣਗੇ। ਇਸ ਤੋਂ ਬਾਅਦ ਮੈਂ ਪੰਜਾਬ ਦੀ ਹਾਲਤ ਜਾਣਨ ਲਈ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੰਨੇ ਵਿਅਕਤੀ ਹਨ, ਆਪਸ ਵਿਚ ਕਿਸ ਤਰ੍ਹਾਂ ਮਿਲਦੇ-ਜੁਲਦੇ ਅਤੇ ਤਾਲ-ਮੇਲ ਰੱਖਦੇ ਹਨ ਅਤੇ ਉਹਨਾਂ ਦਾ ਅਸਲੀ ਨੇਤਾ ਕੌਣ ਏ, ਆਦਿ। ਮੈਂ ਕਿਹਾ, ‘ਜਿਹੜੇ ਤੁਹਾਡੇ ਅਸਲੀ ਨੇਤਾ ਨੇ, ਮੈਂ ਉਨ੍ਹਾਂ ਨਾਲ ਹੀ ਗੱਲਬਾਤ ਅਤੇ ਜਾਣ-ਪਛਾਣ ਕਰਨਾ ਚਾਹਾਂਗਾ।’ ਅਮਰ ਸਿੰਘ ਨੇ ਕਿਹਾ, ‘ਸੱਚ ਪੁੱਛੋ ਤਾਂ ਸਾਡੇ ਵਿਚ ਅਸਲੀ ਨੇਤਾ ਦੀ ਬਹੁਤ ਵੱਡੀ ਕਮੀ ਏ ਅਤੇ ਏਸ ਲਈ ਸਾਨੂੰ ਰਾਸ ਬਿਹਾਰੀ ਦੀ ਲੋੜ ਏ। ਇਥੇ ਜਿੰਨੇ ਵੀ ਵਿਅਕਤੀ ਹਨ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਏ, ਏਸੇ ਕਰਕੇ ਸਾਡੇ ਕੰਮ ਕਰਨ ਦਾ ਵੀ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਏ। ਬੰਗਾਲ ਵਿਚ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਕਾਫ਼ੀ ਤਜਰਬਾ ਹੋ ਗਿਆ ਏ।’ ਕਰਤਾਰ ਸਿੰਘ ਨੇ ਵੀ ਏਸ ਗੱਲ ਦੀ ਹਾਮੀ ਭਰੀ, ਪਰ ਅਮਰ ਸਿੰਘ ਵੱਲ ਇਸ਼ਾਰਾ ਕਰ ਕੇ ਕਹਿਣ ਲੱਗਾ, ‘ਦੇਖੋ ਭਾਈ, ਇੱਦਾਂ ਹਿੰਮਤ ਕਿਉਂ ਹਾਰਦੇ ਓ ? ਜਦੋਂ ਲੋੜ ਪਈ ਤਾਂ ਦੇਖਿਓ ਤੁਹਾਡੇ ਵਿੱਚੋਂ ਕਿੰਨਿਆਂ ਨੇ ਛੁਪੇ ਰੁਸਤਮ ਨਿਕਲਣਾ ਏ।’ ਉਸ ਦਿਨ ਉਨ੍ਹਾਂ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗ ਗਿਆ ਕਿ ਜਿਸ ਮਹਾਨ ਕਾਰਜ ਲਈ ਇਨ੍ਹਾਂ ਨੇ ਪੈਰ ਪੁੱਟਿਆ ਏ, ਉਹਦੇ ਵੱਡੇ ਹੋਣ ਦਾ ਅਹਿਸਾਸ ਇਨ੍ਹਾਂ ਦੀ ਨਸ-ਨਸ ਵਿਚ ਭਰ ਗਿਆ ਏ ਅਤੇ ਆਪਣੀ ਸ਼ਕਤੀ ਵਿਚ ਕੋਈ ਕਮੀ ਸਮਝ ਕੇ ਬਾਹਰੋਂ ਕੋਈ ਸਹਾਰਾ ਲੱਭ ਰਹੇ ਹਨ। ਪਰ ਏਸ ਦੇ ਨਾਲ ਹੀ ਮੈਂ ਇਹ ਵੀ ਸਮਝ ਗਿਆ ਕਿ ਜੇਕਰ ਇਨ੍ਹਾਂ ਵਿਚ ਸੱਚੀਂ ਕੋਈ ਕੰਮ ਕਰਨ ਵਾਲਾ ਏ ਤਾਂ ਉਹ ਕਰਤਾਰ ਸਿੰਘ ਏ। ਮੈਂ ਉਸ ਵਿਚ ਜਿਸ ਤਰ੍ਹਾਂ ਦਾ ਆਤਮਵਿਸ਼ਵਾਸ ਵੇਖਿਆ, ਉਸ ਤਰ੍ਹਾਂ ਦਾ ਆਤਮਵਿਸ਼ਵਾਸ ਨਾ ਹੋਣ ‘ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ। ਬਹੁਤਿਆਂ ਵਿਚ ਆਪਣੀ ਸ਼ਕਤੀ ਨੂੰ ਲੈ ਕੇ ਹੰਕਾਰ ਹੋਣ ਦੇ ਬਾਵਜੂਦ ਅਜਿਹੇ ਆਤਮਵਿਸ਼ਵਾਸ ਦੀ ਭਾਵਨਾ ਘੱਟ ਹੀ ਵੇਖੀ ਜਾਂਦੀ ਏ। ਹੰਕਾਰ ਅਤੇ ਆਤਮਵਿਸ਼ਵਾਸ ਦੋ ਵੱਖੋ-ਵੱਖਰੀਆਂ ਭਾਵਨਾਵਾਂ ਹਨ। ਹੰਕਾਰ ਦੂਸਰੇ ‘ਤੇ ਸੱਟ ਮਾਰਦਾ ਏ, ਪਰ ਜਿਹੜਾ ਹੰਕਾਰ ਦੁਸਰੇ ਨਾਲ ਨੋਕ-ਝੋਕ ਕੀਤੇ ਬਿਨਾਂ ਆਪਣੇ ਹਿਰਦੇ ਵਿਚ ਸ਼ਕਤੀ ਦੇ ਅਨੁਭਵ ਨੂੰ ਜਾਗ੍ਰਿਤ ਕਰਦਾ ਏ, ਉਹੀ ਆਤਮਵਿਸ਼ਵਾਸ ਏ। ਜੋ ਵੀ ਹੋਵੇ, ਇਨ੍ਹਾਂ ਲੋਕਾਂ ਤੋਂ ਮੈਨੂੰ ਪੰਜਾਬ ਦੀ ਹਾਲਤ ਦਾ ਬਹੁਤ ਕੁਝ ਪਤਾ ਲੱਗ ਗਿਆ। ਉਹਨਾਂ ਵਿੱਚੋਂ ਬਹੁਤੀਆਂ ਗੱਲਾਂ ਦਾ ਵਰਨਣ ਪਹਿਲਾਂ ਕੀਤਾ ਜਾ ਚੁੱਕਾ ਏ। ਇਨ੍ਹਾਂ

ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਦੇ ਵਿਦਰੋਹ ਦੀ ਤਿਆਰੀ ਦਾ ਮੁੱਖ ਦਾਰੋਮਦਾਰ ਪੰਜਾਬ ਦੀਆਂ ਸਿੱਖ ਫ਼ੌਜਾਂ ਹਨ। ਕਰਤਾਰ ਸਿੰਘ ਤੋਂ ਪਤਾ ਲੱਗਾ ਕਿ ਭਾਰਤ ਵਿਚ ਅਮਰੀਕਾ ਤੋਂ ਸਿੱਖਾਂ ਦਾ ਜਿਹੜਾ ਪਹਿਲਾ ਦਲ ਆਇਆ ਸੀ, ਓਸੇ ਵਿਚ ਉਹ ਵੀ ਆਏ ਸਨ ਅਤੇ ਸਤੰਬਰ ਮਹੀਨੇ ਤੋਂ ਏਸ ਕਾਰਜ ਦੀ ਤਿਆਰੀ ਕਰ ਰਹੇ ਹਨ। ਹੁਣ ਕਰਤਾਰ ਸਿੰਘ ਨੇ ਮੈਨੂੰ ਪੁੱਛਿਆ, ‘ਹਥਿਆਰ ਆਦਿ ਦੇ ਕੇ ਬੰਗਾਲ ਸਾਡੀ ਕਿੱਥੋਂ ਤਕ ਸਹਾਇਤਾ ਕਰ ਸਕਦਾ ਏ ? ਬੰਗਾਲ ਵਿਚ ਕਿੰਨੇ ਹਜ਼ਾਰ ਬੰਦੂਕਾਂ ਹਨ?” ਆਦਿ।

ਮੈਂ ਕਿਹਾ, ‘ਤੁਹਾਡਾ ਕੀ ਖ਼ਿਆਲ ਏ ਬੰਗਾਲ ਵਿਚ ਕਿੰਨੇ ਹਥਿਆਰ ਹੋਣਗੇ ?” ਕਰਤਾਰ ਸਿੰਘ, ‘ਮੇਰਾ ਖ਼ਿਆਲ ਏ ਕਿ ਬੰਗਾਲ ਵਿਚ ਕਾਫ਼ੀ ਹਥਿਆਰ ਜਮ੍ਹਾਂ ਕਰ ਲਏ ਗਏ ਹਨ, ਕਿਉਂਕਿ ਬੰਗਾਲ ਤਾਂ ਕਾਫ਼ੀ ਚਿਰਾਂ ਤੋਂ ਕ੍ਰਾਂਤੀ ਦੀ ਤਿਆਰੀ ਕਰ ਰਿਹਾ ਏ ਅਤੇ ਸਾਡੇ ਦਲ ਦੇ ਪਰਮਾਨੰਦ ਦੇ ਇਕ ਬੰਗਾਲੀ ਮਿੱਤਰ ਨੇ ਉਨ੍ਹਾਂ ਨੂੰ ਪੰਜ ਸੌ ਰਿਵਾਲਵਰ ਦੇਣ ਦਾ ਬਚਨ ਦਿੱਤਾ ਏ, ਇਹਦੇ ਲਈ ਪਰਮਾਨੰਦ ਬੰਗਾਲ ਗਏ ਹੋਏ ਨੇ।

ਮੈਂ ਕਿਹਾ, ‘ਜਿਨ੍ਹਾਂ ਨੇ ਪਰਮਾਨੰਦ ਨੂੰ ਇਹ ਗੱਲ ਕਹੀ ਏ, ਉਹ ਕੋਈ ਫ਼ਾਲਤੂ ਬੰਦਾ ਹੋਣਾ ਏ, ਕਿਉਂਕਿ ਬੰਗਾਲ ਵਿਚ ਕੋਈ ਵੀ ਤੇ ਕਿਤੋਂ ਵੀ ਪੰਜ ਸੌ ਰਿਵਾਲਵਰ ਨਹੀਂ ਦੇ ਸਕਦਾ। ਜੀਹਨੇ ਵੀ ਇਹ ਗੱਲ ਕਹੀ ਏ, ਉਹਨੇ ਗੱਪ ਮਾਰੀ ਏ।’

ਕਰਤਾਰ ਸਿੰਘ, ‘ਤਾਂ ਫੇਰ ਬੰਗਾਲ ਸਾਨੂੰ ਕਿਸ ਤਰ੍ਹਾਂ ਦੀ ਸਹਾਇਤਾ ਦੇਵੇਗਾ ? ਤੇ ਕੀ ਉਥੇ ਵੀ ਪੰਜਾਬ ਦੇ ਨਾਲ ਹੀ ਗ਼ਦਰ ਹੋਵੇਗਾ? ਬੰਗਾਲ ਵਿਚ ਤੁਹਾਡੇ ਅਧੀਨ ਕੰਮ ਕਰਨ ਵਾਲੇ ਕਿੰਨੇ ਹਨ ? …ਹੋਰ ਕਿਸੇ ਸਮੇਂ ਕਿਸੇ ਵੀ ਵਿਅਕਤੀ ਨੂੰ ਅਸੀਂ ਅਜਿਹੇ ਸਵਾਲ ਕਰਨ ਦਾ ਮੌਕਾ ਹੀ ਨਹੀਂ ਸੀ ਦਿੰਦੇ ਤੇ ਜੇ ਕੋਈ ਪੁੱਛ ਹੀ ਬੈਠਦਾ ਸੀ ਤਾਂ ਕਹਿ ਦਿੰਦੇ ਸੀ, ‘ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਸੀਂ ਕੀ ਕਰੋਗੇ, ਸਮਝ ਲਓ ਕਿ ਕੁਝ ਵੀ ਤਿਆਰੀ ਨਹੀਂ ਏ, ਕੀ ਫੇਰ ਵੀ ਤੁਸੀਂ ਏਸ ਦਲ ਵਿਚ ਸ਼ਾਮਲ ਹੋਵੋਗੇ ਜਾਂ ਨਹੀਂ ? ਤੁਹਾਨੂੰ ਆਪ ਹੀ ਮੁੱਢ ਤੋਂ ਤਿਆਰੀ ਕਰਨੀ ਪਵੇਗੀ। ਅਜਿਹੇ ਹਾਲਾਤ ਵਿਚ ਵੀ ਕੀ ਤੁਸੀਂ ਸਾਡੇ ਵਿਚ ਸ਼ਾਮਲ ਹੋਣਾ ਚਾਹੋਗੇ ? ਆਦਿ। ਹਾਂ, ਬੰਗਾਲ ਵਿਚ ਕਿਤੇ ਕਿਤੇ ਕੁਝ ਅਜਿਹੇ ਲੋਕ ਵੀ ਸਨ ਜਿਹੜੇ ਕ੍ਰਾਂਤੀ ਦੀਆਂ ਜੰਗੀ ਤਿਆਰੀਆਂ ਦੀਆਂ ਗੱਲਾਂ ਵਧਾਅ-ਚੜ੍ਹਾਅ ਕੇ ਲੋਕਾਂ ਨੂੰ ਸੁਣਾਉਂਦੇ ਸਨ ਅਤੇ ਲੋਕਾਂ ਨੂੰ ਲਾਲਚ ਦੇ ਕੇ ਦਲ ਵਿਚ ਸ਼ਾਮਲ ਕਰਦੇ ਸਨ। ਜੋ ਵੀ ਹੋਵੇ, ਕਰਤਾਰ ਸਿੰਘ ਨੇ ਜਦੋਂ ਇਹ ਸਵਾਲ ਕੀਤੇ ਤਾਂ ਉਨ੍ਹਾਂ ਦਾ ਸਹੀ ਜਵਾਬ ਨਾ ਦੇ ਕੇ ਉਨ੍ਹਾਂ ਨੂੰ ਟਾਲ ਦੇਣਾ ਉਚਿਤ ਨਾ ਲੱਗਾ।…ਕਰਤਾਰ ਸਿੰਘ ਨੂੰ ਕਿਹਾ ਕਿ ਪੰਜਾਬ ਵਿਚ ਕਈ ਸਥਾਨਾਂ ‘ਤੇ ਸਾਡੇ ਕੁਝ ਬੰਬ ਗੋਲੇ ਰੱਖੇ ਹੋਏ ਹਨ, ਲੋੜ ਪੈਣ ‘ਤੇ ਦਿੱਤੇ ਜਾ ਸਕਦੇ ਹਨ। ਜਦ ਉਨ੍ਹਾਂ ਨੇ ਲੈਣ ਦੀ ਇੱਛਾ ਜਤਾਈ ਤਾਂ ਮੈਂ ਪੁੱਛਿਆ ਕਿ ਹੁਣ ਤੁਹਾਡੇ ਨਾਲ ਕਿਥੇ ਮੁਲਾਕਾਤ ਹੋਵੇਗੀ? ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘ਸਾਡੇ ਠਹਿਰਨ ਦਾ ਕੋਈ ਨਿਸਚਿਤ ਸਥਾਨ ਨਹੀਂ ਏ।’ ਮੈਂ ਪੁੱਛਿਆ, ‘ਤੁਹਾਡਾ ਕੋਈ ਆਪਣਾ ਕੇਂਦਰ ਨਹੀਂ ਏ, ਜਿਥੋਂ ਸਾਰੀਆਂ ਗੱਲਾਂ ਦਾ ਪਤਾ ਲੱਗ ਸਕੇ ?’ ਉੱਤਰ ‘ਨਾਂਹ’ ਵਿਚ ਮਿਲਿਆ । ਪਤਾ ਲੱਗਾ ਕਿ ਇਹ ਲੋਕ ਵੱਖੋ-ਵੱਖਰੇ ਕੰਮਾਂ ਲਈ ਚਲੇ ਜਾਣਗੇ ਅਤੇ ਕੰਮ ਹੋਣ ਤੋਂ ਬਾਅਦ ਫੇਰ ਇਕ ਨਿਸਚਿਤ ਥਾਂ ‘ਤੇ ਆ ਕੇ ਮਿਲਣਗੇ। ਜੇਕਰ ਕਿਸੇ ਕਾਰਨ ਏਸ ਤਰ੍ਹਾਂ ਇਕੱਠੇ ਨਾ ਮਿਲ ਸਕਣ ਤਾਂ ਗੁਰਦੁਆਰੇ ਵਿਚ ਲੱਭਣ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਸੀ। ਇਹ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਸਮਝਿਆ ਕਿ ਸ਼ਾਇਦ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨਹੀਂ ਜਾ ਰਹੀਆਂ। ਏਸੇ ਕਰਕੇ ਆਪਣੇ ਸੁਭਾਅ ਅਨੁਸਾਰ ਮੈਂ ਕੁਝ ਪੁੱਛ-ਗਿੱਛ ਨਹੀਂ ਕੀਤੀ ਅਤੇ ਨਾ ਹੀ ਏਸ ਸਬੰਧ ਵਿਚ ਕੋਈ ਸਲਾਹ ਦਿੱਤੀ । ਬਾਅਦ ਵਿਚ ਸੰਬੰਧ ਗਹਿਰੇ ਹੋਣ ‘ਤੇ ਪਤਾ ਲੱਗਾ ਕਿ ਸੱਚੀਂ ਹੀ ਇੱਦਾਂ ਸੀ ਅਤੇ ਉਹਦਾ ਉਪਾਅ ਵੀ ਕਰ ਦਿੱਤਾ ਗਿਆ । ਉਸ ਬਾਗ਼ ਵਿਚ ਜਿਥੇ ਗੱਲਬਾਤ ਹੋ ਰਹੀ ਸੀ, ਪਹੁੰਚਦਿਆਂ ਈ ਮੈਨੂੰ ਮਹਿਸੂਸ ਹੋ ਗਿਆ ਸੀ ਕਿ ਜਲੰਧਰ ਸ਼ਹਿਰ ਵਿਚ ਇਨ੍ਹਾਂ ਦਾ ਆਪਣਾ ਕੋਈ ਅੱਡਾ ਨਹੀਂ ਏ। ਜਿਹੜੇ ਲੋਕ ਇਥੇ ਆਏ ਸਨ, ਉਹ ਸਾਰੇ ਜਲੰਧਰ ਤੋਂ ਬਾਹਰਲੇ ਸਨ । ਇਥੇ ਇਨ੍ਹਾਂ ਦਾ ਕੋਈ ਅਜਿਹਾ ਸਥਾਨ ਨਹੀਂ ਸੀ, ਜਿਥੇ ਜਾ ਕੇ ਮੈਂ ਆਰਾਮ ਕਰ ਸਕਦਾ। ਏਸ ਤਰ੍ਹਾਂ ਅਜਿਹੀ ਗੜਬੜ ਵਾਲੀ ਅਤੇ ਬਗ਼ੈਰ ਵਿਉਂਤਬੰਦੀ ਵਾਲੀ ਸਥਿਤੀ ਵਿਚ ਉਹ ਰਾਸ ਬਿਹਾਰੀ ਨੂੰ ਬੁਲਾਉਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਉਸ ਸਮੇਂ ਸਾਢੇ ਸੱਤ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਅਖ਼ੀਰ ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਕਰਤਾਰ ਸਿੰਘ ਨੂੰ ਅਗਲੇ ਦਿਨ ਕਿਸੇ ਸਥਾਨ ‘ਤੇ ਪਹੁੰਚਣ ਲਈ ਕਿਹਾ ਤੇ ਉਹ ਰਾਜ਼ੀ ਹੋ ਗਏ। ਤੈਅ ਹੋਇਆ ਕਿ ਮੈਂ ਉਨ੍ਹਾਂ ਦੀ ਉਡੀਕ ਉਸੇ ਸਟੇਸ਼ਨ ’ਤੇ ਕਰਾਂਗਾ, ਫੇਰ ਉਨ੍ਹਾਂ ਨੂੰ ਨਾਲ ਲੈ ਜਾਵਾਂਗਾ ਅਤੇ ਸੰਭਾਲੇ ਹੋਏ ਬੰਬ ਦੇ ਗੋਲੇ ਉਨ੍ਹਾਂ ਦੇ ਸਪੁਰਦ ਕਰ ਦੇਵਾਂਗਾ।

ਘੜੀ ਦੇਖੀ, ਸਾਰੇ ਲੋਕ ਆਪਣਾ ਆਪਣਾ ਕੰਮ ਕਰਨ ਲਈ ਉੱਠ ਖੜੇ ਹੋਏ।… ਮੈਂ ਆਪਣੇ ਮਿੱਥੇ ਸਥਾਨ ‘ਤੇ ਪਹੁੰਚ ਕੇ ਆਪਣੇ ਅੱਡੇ ‘ਤੇ ਗਿਆ। ਉਥੇ ਸਾਡਾ ਜਿਹੜਾ ਬੰਦਾ। ਸੀ, ਉਸ ਨੂੰ ਮੈਂ ਜਲੰਧਰ ਵਿਚ ਸਿੱਖਾਂ ਨਾਲ ਮੁਲਾਕਾਤ ਆਦਿ ਦੀ ਘਟਨਾ ਬਾਰੇ ਕੁਝ ਨਹੀਂ ਦੱਸਿਆ, ਸਿਰਫ਼ ਇਹੀ ਕਿਹਾ ਕਿ ਮੈਨੂੰ ਕੁਝ ਬੰਬਾਂ ਦੀ ਲੋੜ ਏ, ਇਕ ਸਿੱਖ ਸੱਜਣ ਆਉਣਗੇ ਅਤੇ ਲੈ ਜਾਣਗੇ । ਸਿੱਖ ਨਾਮ ਸੁਣ ਕੇ ਉਹ ਥੋੜ੍ਹਾ ਝਿਜਕਿਆ ਅਤੇ ਕਹਿਣ ਲੱਗਾ ਕਿ ਸਾਵਧਾਨ ਰਹਿਓ, ਸਿੱਖਾਂ ਨਾਲ ਜ਼ਰਾ ਸੋਚ ਸਮਝ ਕੇ ਮੇਲ-ਜੋਲ ਰੱਖਣਾ, ਉਨ੍ਹਾਂ ’ਤੇ ਅੱਜਕੱਲ੍ਹ ਸਰਕਾਰ ਦੀ ਬਹੁਤ ਸਖ਼ਤ ਨਜ਼ਰ ਏ। ਏਸ ਵੇਲੇ ਉਨ੍ਹਾਂ ਦੇ ਸਾਥ ਤੋਂ ਵੱਖ ਰਹਿਣਾ ਹੀ ਚੰਗਾ ਏ। ਮੈਂ ਮਨ ਵਿਚ ਸੋਚਿਆ ਕਿ ਬੜੀ ਮੁਸੀਬਤ ਏ, ਹੁਣ ਇਨ੍ਹਾਂ ‘ਤੇ ਵਿਸ਼ਵਾਸ ਕਰਨਾ ਠੀਕ ਨਹੀਂ ਏ ਅਤੇ ਇਨ੍ਹਾਂ ਨਾਲ ਕੋਈ ਵਾਸਤਾ ਨਾ ਰੱਖਿਆ ਜਾਵੇ। ਬਾਹਰੀ ਤੌਰ ’ਤੇ ਮੈਂ ਉਹਦੀ ਹਾਂ ਵਿਚ ਹਾਂ ਮਿਲਾ ਕੇ ਮਿੱਥੇ ਹੋਏ ਸਮੇਂ ‘ਤੇ ਸਟੇਸ਼ਨ ‘ਤੇ ਗਿਆ।

ਫ਼ੌਜ ਦੀਆਂ ਬੈਰਕਾਂ ਵਿਚ

…ਦਾਦਾ (ਰਾਸ ਬਿਹਾਰੀ ਬੋਸ) ਨਾਲ ਸਲਾਹ ਕਰਨ ਤੋਂ ਬਾਅਦ ਤੈਅ ਹੋਇਆ ਕਿ ਸੰਯੁਕਤ ਪ੍ਰਾਂਤ ਦੇ ਸੈਨਿਕਾਂ ਵਿਚ ਵੀ ਕ੍ਰਾਂਤੀ ਦੇ ਵਿਚਾਰ ਫੈਲਾ ਦੇਣੇ ਚਾਹੀਦੇ ਹਨ ਅਤੇ ਬੰਗਾਲ ਨੂੰ ਪੰਜਾਬ ਦੇ ਵਿਦਰੋਹ ਦੀ ਖ਼ਬਰ ਬਹੁਤ ਜਲਦ ਦੇ ਦੇਣੀ ਚਾਹੀਦੀ ਏ। ਪੰਜ ਦਸੰਬਰ ਦਾ ਇੰਤਜ਼ਾਰ ਹੋਣ ਲੱਗਾ ਕਿਉਂਕਿ ਪ੍ਰਿਥਵੀ ਸਿੰਘ ਨਾਲ ਗੱਲਬਾਤ ਹੋ ਜਾਣ ‘ਤੇ ਮੇਰਾ ਬੰਗਾਲ ਜਾਣਾ ਨਿਸਚਿਤ ਕੀਤਾ ਗਿਆ ਸੀ। ਏਸ ਦੌਰਾਨ ਮੈਂ ਇਸ ਤਾੜ ਵਿਚ ਰਿਹਾ ਕਿ ਕਾਸ਼ੀ ਦੀਆਂ ਛਾਉਣੀਆਂ ਦੀਆਂ ਬੈਰਕਾਂ ਵਿਚ ਮੇਰੀ ਪਹੁੰਚ ਕਿਸੇ ਤਰ੍ਹਾਂ ਹੋਵੇ…ਏਸ ਦੌਰਾਨ ਅਸੀਂ ਆਪਣਾ ਧਿਆਨ ਬਾਕੀ ਕੰਮਾਂ ਵੱਲੋਂ ਹਟਾ ਕੇ ਸਾਰੀ ਸ਼ਕਤੀ ਫ਼ੌਜੀਆਂ ਦੇ ਹਿਰਦੇ ਪਰਿਵਰਤਨ ਵੱਲ ਲਾ ਦਿੱਤੀ। ਮੈਂ ਇਕ ਦਿਨ ਆਪਣੇ ਇਕ ਮਹਾਰਾਸ਼ਟਰੀਅਨ ਮਿੱਤਰ ਨਾਲ ਫ਼ੌਜ ਦੀਆਂ ਬੈਰਕਾਂ ਵੱਲ ਗਿਆ। ਅਸੀਂ ਵੇਖਿਆ ਕਿ ਦੋ ਨੌਜਵਾਨ ਸਿੱਖ ਬੈਰਕਾਂ ‘ਚੋਂ ਨਿਕਲ ਕੇ ਸ਼ਾਇਦ ਬਜ਼ਾਰ ਜਾ ਰਹੇ ਸਨ । ਸਾਨੂੰ ਆਪਣੇ ਵੱਲ ਆਉਂਦੇ ਦੇਖ ਕੇ ਉਹ ਰੁਕ ਗਏ। ਮੈਂ ਉਹਨਾਂ ਕੋਲੋਂ ਕਿੰਨੀਆਂ ਹੀ ਗੱਲਾਂ ਪੁੱਛੀਆਂ। ਕੁਝ ਸਵਾਲ ਇੰਜ ਦੇ ਸਨ-‘ਤੁਸੀਂ ਕਿਥੇ ਜਾ ਰਹੇ ਹੋ ? ਤੁਹਾਡੀ ਪਲਟਨ ਦਾ ਕੀ ਨਾਂ ਏ ? ਤੁਹਾਡਾ ਹੌਲਦਾਰ ਕੌਣ ਏ? ਏਸ ਤੋਂ ਪਹਿਲਾਂ ਤੁਸੀਂ ਕਿਥੇ ਸੀ? ਏਸ ਸਮੇਂ ਪਲਟਨ ਵਿਚ ਕਿੰਨੇ ਜਵਾਨ ਹਨ ? ਇਥੋਂ ਕਿਤੇ ਜਲਦੀ ਬਦਲੀ ਤਾਂ ਨਹੀਂ ਹੋਣ ਵਾਲੀ ? ਗੋਰਿਆਂ ਦੀ ਬੈਰਕ ਵਿਚ ਕਿੰਨੇ ਸਿਪਾਹੀ ਹਨ ? ਤੇ ਏਸ ਛਾਉਣੀ ਵਿਚ ਆਇਆ ਤੁਹਾਨੂੰ ਕਿੰਨਾ ਸਮਾਂ ਹੋਇਆ ਏ ? ਸਾਰਿਆਂ ਸਵਾਲਾਂ ਦਾ ਜਵਾਬ ਦੇ ਕੇ ਉਹਨਾਂ ਮੁਸਕਰਾਉਂਦਿਆਂ ਪੁੱਛਿਆ, ‘ਇਹ ਗੱਲਾਂ ਤੁਸੀਂ ਕਿਉਂ ਪੁੱਛ ਰਹੇ ਹੋ ? ਸਾਡੇ ‘ਤੇ ਹਮਲਾ ਤਾਂ ਨਹੀਂ ਕਰੋਗੇ ?’ ਇਹ ਸੁਣ ਕੇ ਅਸੀਂ ਵੀ ਉੱਚੀ ਉੱਚੀ ਹੱਸ ਪਏ ਤਾਂ ਜੋ ਸਾਡੇ ਸਵਾਲਾਂ ਨੂੰ ਲੈ ਕੇ ਇਨ੍ਹਾਂ ਦੇ ਦਿਲਾਂ ਵਿਚ ਕੋਈ ਤੌਖਲਾ ਨਾ ਰਹੇ। ਉਹ ਆਪਣੇ ਰਾਹ ਤੁਰ ਪਏ ਅਤੇ ਅਸੀਂ ਹੌਲੀ ਹੌਲੀ ਸੜਕ ‘ਤੇ ਬੈਰਕਾਂ ਦੇ ਕੋਲੋਂ ਦੀ ਹੋ ਕੇ ਲੰਘਣ ਲੱਗੇ । ਬੈਰਕਾਂ ਵਿਚ ਜਾਣ ਦੀ ਸਾਡੀ ਹਿੰਮਤ ਨਾ ਪਈ। ਇੰਨੀ ਦੇਰ ਨੂੰ ਦੇਖਿਆ ਕਿ ਇਕ ਸਿੱਖ ਸੜਕ ਵੱਲ ਆ ਰਿਹਾ ਏ। ਉਸ ਤੋਂ ਹੌਲਦਾਰ ਬਾਰੇ ਪੁੱਛਿਆ ਤਾਂ ਉਹ ਬੈਰਕ ਦੇ ਇਕ ਪਾਸੇ ਉਂਗਲੀ ਨਾਲ ਇਸ਼ਾਰਾ ਕਰ ਕੇ ਸਾਨੂੰ ਉਥੇ ਜਾਣ ਲਈ ਕਹਿ ਕੇ ਚਲਾ ਗਿਆ। ਹੁਣ ਅਸੀਂ ਸੋਚਿਆ ਕਿ ਸ਼ਾਇਦ ਬੈਰਕਾਂ ਵਿਚ ਬਾਹਰਲੇ ਬੰਦਿਆਂ ਦੇ ਆਉਣ ਜਾਣ ‘ਤੇ ਕੋਈ ਰੋਕ-ਟੋਕ ਨਹੀਂ ਏ। ਫੇਰ ਵੀ ਬੈਰਕਾਂ ਵਿਚ ਕਿਸੇ ਨਾਲ ਕੋਈ ਜਾਣ-ਪਛਾਣ ਨਾ ਹੋਣ ਕਰਕੇ ਸਾਡੀ ਉਥੇ ਜਾਣ ਦੀ ਹਿੰਮਤ ਨਾ ਪਈ। ਹਿੰਦੁਸਤਾਨੀ ਅਤੇ ਅੰਗਰੇਜ਼ੀ ਫ਼ੌਜਾਂ ਦੀਆਂ ਕੁਝ ਗੱਲਾਂ ਪਤਾ ਕਰ ਕੇ ਅਸੀਂ ਉਸ ਦਿਨ ਘਰ ਵਾਪਸ ਆ ਗਏ। ਕਾਸ਼ੀ ਵਿਚ ਸਿੱਖਾਂ ਦੀ ਪਲਟਨ ਦੇਖ ਕੇ ਮੈਨੂੰ ਬਹੁਤ ਉਤਸ਼ਾਹ ਮਿਲਿਆ, ਕਿਉਂਕਿ ਪੰਜਾਬ ਵਿਚ ਜਾ ਕੇ ਮੈਂ ਦੇਖ ਲਿਆ ਸੀ ਕਿ ਸਿੱਖਾਂ ਨੂੰ ਬਹੁਤ ਆਸਾਨੀ ਨਾਲ ਉਤੇਜਿਤ ਕੀਤਾ ਜਾ ਸਕਦਾ ਏ। ਏਸ ਤੋਂ ਇਲਾਵਾ ਇਹ ਵੀ ਸੋਚਿਆ ਕਿ ਜੇਕਰ ਇਹ ਪਲਟਨ ਕੁਝ ਦਿਨ ਹੋਰ ਇਥੇ ਰਹਿੰਦੀ ਏ ਤਾਂ ਪੰਜਾਬ ਤੋਂ ਸਿੱਖ ਲੀਡਰਾਂ ਨੂੰ ਬੁਲਾ ਕੇ ਸਹਿਜੇ ਹੀ ਕੰਮ ਕੀਤਾ ਜਾ ਸਕਦਾ ਏ। ਉਸ ਦਿਨ ਮੇਰੀ ਇਹੀ ਕਾਮਨਾ ਸੀ ਕਿ ਇਹ ਟੁਕੜੀ ਇਥੇ ਕੁਝ ਦਿਨ ਹੋਰ ਰਹੇ। ਉਨ੍ਹੀਂ ਦਿਨੀਂ ਫ਼ੌਜ ਦੀ ਕੋਈ ਵੀ ਟੁਕੜੀ ਵਧੇਰੇ ਦਿਨਾਂ ਤਕ ਇਕ ਥਾਂ ‘ਤੇ ਨਹੀਂ ਸੀ ਰਹਿੰਦੀ। ਇਹ ਟੁਕੜੀ ਵੀ ਥੋੜ੍ਹੇ ਹੀ ਸਮੇਂ ਵਿਚ ਕਿੰਨੀਆਂ ਹੀ ਛਾਉਣੀਆਂ ਦੀ ਸੈਰ ਕਰ ਆਈ ਸੀ ਅਤੇ ਕੁਝ ਭਰੋਸਾ ਨਹੀਂ ਸੀ ਕਿ ਕਦੋਂ ਏਸ ਨੂੰ ਇਥੋਂ ਕੂਚ ਕਰਨ ਦਾ ਹੁਕਮ ਮਿਲ ਜਾਵੇ।

…ਇੱਧਰ ਤਾਂ ਫ਼ੌਜੀ ਬੈਰਕਾਂ ਵਿਚ ਪਹੁੰਚ ਹੋ ਗਈ, ਉੱਧਰ ਬੰਗਾਲ ਤੋਂ ਵਾਪਸ ਆਉਣ ‘ਤੇ ਕੁਝ ਹੀ ਦਿਨਾਂ ਵਿਚ ਅਮਰੀਕਾ ਤੋਂ ਵਾਪਸ ਆਏ ਇਕ ਮਰਾਠੀ ਨੌਜਵਾਨ ਦੇ ਆਉਣ ਨਾਲ ਪੰਜਾਬ ਨਾਲ ਹੋਰ ਵੀ ਗੂੜ੍ਹਾ ਸੰਬੰਧ ਬਣਾਉਣ ਦਾ ਜ਼ਰੀਆ ਮਿਲ ਗਿਆ । ਏਸ ਮਰਾਠੀ ਨੌਜਵਾਨ ਦਾ ਨਾਂ ਪਿੰਗਲੇ ਸੀ । ਇਨ੍ਹਾਂ ਦਾ ਪੂਰਾ ਮਰਾਠੀ ਨਾਮ ਮੈਨੂੰ ਯਾਦ ਨਹੀਂ। ਦੇਸ਼ ਵਾਪਸ ਆਉਂਦੇ ਹੋਏ ਇਨ੍ਹਾਂ ਨੇ ਜਹਾਜ਼ ‘ਤੇ ਹੀ ਨਿਸਚੇ ਕਰ ਲਿਆ ਸੀ ਕਿ ਪਹਿਲਾਂ ਬੰਗਾਲ ਦੇ ਕ੍ਰਾਂਤੀਕਾਰੀ ਦਲ ਦਾ ਪਤਾ ਲਾਉਣਗੇ ਅਤੇ ਫਿਰ ਪੰਜਾਬ ਜਾਣਗੇ। ਕਲਕੱਤਾ ਵਿਚ ਕ੍ਰਾਂਤੀਕਾਰੀ ਦਲ ਦੇ ਕਈ ਨੇਤਾਵਾਂ ਨਾਲ ਇਨ੍ਹਾਂ ਨੇ ਮੁਲਾਕਾਤ ਕੀਤੀ। ਏਸ ਨਾਲ ਪੰਜਾਬ ਵਿਚ ਵਿਦਰੋਹ ਦੀਆਂ ਤਿਆਰੀਆਂ ਹੋਣ ਦੀ ਗੱਲ ਪੂਰੇ ਕਲਕੱਤੇ ਵਿਚ ਫੈਲ ਗਈ…ਪਿੰਗਲੇ ਦੇ ਆਉਣ ਨਾਲ ਸੱਚੀਂ ਸਾਨੂੰ ਬਹੁਤ ਵੱਡਾ ਆਸਰਾ ਮਿਲਿਆ।…

ਪੰਜਾਬ ਦੀ ਕਥਾ

…ਮੈਂ ਇਕ ਵਾਰ ਫਿਰ ਪਿੰਗਲੇ ਨਾਲ ਪੰਜਾਬ ਹੋ ਆਇਆ। ਦਸੰਬਰ ਮਹੀਨੇ ਦੀ ਇਕ ਸਵੇਰ ਨੂੰ ਕਾਫ਼ੀ ਠੰਢ ਪੈ ਰਹੀ ਸੀ। ਮੈਂ ਤਾਂ ਪੰਜਾਬੀ ਬੋਲ ਨਹੀਂ ਸੀ ਸਕਦਾ ਪਰ ਪਿੰਗਲੇ ਨੂੰ ਇਸ ਦਾ ਕਾਫ਼ੀ ਅਭਿਆਸ ਸੀ । ਅਸੀਂ ਇਕ ਗੁਰਦੁਆਰੇ ਵਿਚ ਜਾ ਕੇ ਠਹਿਰੇ। ਇਥੇ ਪਿੰਗਲੇ ਨੇ ਇਕ ਪੰਜਾਬੀ ਮੁਖੀ ਨਾਲ ਮੇਰੀ ਜਾਣ-ਪਛਾਣ ਕਰਾਈ। ਉਹਦਾ ਨਾਮ ਮੂਲਾ ਸਿੰਘ ਸੀ। …ਇਸ ਵਾਰ ਉਨ੍ਹਾਂ ਲੋਕਾਂ ਨਾਲ ਵੀ ਮੇਰੀ ਮੁਲਾਕਾਤ ਹੋਈ ਜਿਹੜੇ ਪਿਨਾਂਗ ਵਿਚ ਨੌਕਰ ਰਹਿ ਚੁੱਕੇ ਸਨ। ਏਸ ਸਮੇਂ ਮੈਂ ਬਹੁਤ ਸਾਰੇ ਪੇਂਡੂ ਸਿੱਖਾਂ ਨੂੰ ਵੀ ਇਥੇ ਆਉਂਦੇ-ਜਾਂਦੇ ਦੇਖਿਆ ਸੀ। ਇਹ ਜ਼ਿਆਦਾਤਰ ਕਿਸਾਨ ਜਾਂ ਮਜ਼ਦੂਰ ਸਨ, ਪਰ ਇਹ ਦੇਸ਼ ਦੀ ਸੇਵਾ ਲਈ ਮਤਵਾਲੇ ਹੋ ਰਹੇ ਸਨ। ਸਿੱਖ ਸੰਪਰਦਾਇ ਦੀ ਅਜਿਹੀ ਹੀ ਸਿੱਖਿਆ-ਦੀਖਿਆ ਏ। ਇਨ੍ਹਾਂ ‘ਚ ਬਹੁਤਿਆਂ ਦਾ ਸਰੀਰ ਬੜਾ ਮਜ਼ਬੂਤ ਅਤੇ ਗੱਠਿਆ ਹੋਇਆ ਸੀ।…

ਮੂਲਾ ਸਿੰਘ ਨਾਲ ਮੇਰੀ ਮੁਲਾਕਾਤ ਕਰਵਾ ਕੇ ਪਿੰਗਲੇ ਹੋਰ ਜਾਣੇ-ਪਛਾਣੇ ਸਿੱਖਾਂ ਦੀ ਤਲਾਸ਼ ਵਿਚ ਮੁਕਤਸਰ ਦੇ ਮੇਲੇ ਚਲੇ ਗਏ।… ਇਹ ਸਿੱਖਾਂ ਦਾ ਬਹੁਤ ਵੱਡਾ ਮੇਲਾ ਏ। ਇਥੇ ਹਰ ਸਾਲ ਲੱਖਾਂ ਸਿੱਖਾਂ ਦਾ ਇਕੱਠ ਹੁੰਦਾ ਏ। ਸਿੱਖਾਂ ਦੇ ਹਰੇਕ ਪੁਰਬ ਨਾਲ ਕੋਈ ਨਾ ਕੋਈ ਅਨੋਖੀ ਕਥਾ ਜੁੜੀ ਹੋਈ ਏ ਅਤੇ ਹਰੇਕ ਸਿੱਖ ਦਾ ਜੀਵਨ ਅਜਿਹੇ ਹੀ ਪੁਰਬਾਂ ਅਤੇ ਮੇਲਿਆਂ ਵਿਚ ਗੁਜ਼ਰਦਾ ਏ। ਮੇਰੀ ਸਮਝ ਨਾਲ ਤਾਂ ਸਿੱਖ ਭਾਰਤ ਦੀ ਇਕ ਵਿਲੱਖਣ ਅਤੇ ਲਾਸਾਨੀ ਬਹਾਦਰ ਕੌਮ ਏ।

ਪਿੰਗਲੇ ਜਿਸ ਸਮੇਂ ਮੁਕਤਸਰ ਦੇ ਮੇਲੇ ਤੋਂ ਵਾਪਸ ਆਏ, ਉਸ ਵੇਲੇ ਕਰਤਾਰ ਸਿੰਘ, ਅਮਰ ਸਿੰਘ ਆਦਿ ਸਾਰੇ ਗੁਰਦੁਆਰੇ ਵਿਚ ਹਾਜ਼ਰ ਸਨ। ਮੈਨੂੰ ਦੇਖ ਕੇ ਕਰਤਾਰ ਸਿੰਘ ਬਹੁਤ ਹੀ ਖ਼ੁਸ਼ ਹੋਏ ਅਤੇ ਪੁੱਛਿਆ ਕਿ ‘ਦੱਸੋ ਰਾਸ ਬਿਹਾਰੀ ਕਦੋਂ ਆਉਣਗੇ?’ ਮੈਂ ਕਿਹਾ, ‘ਬਸ ਹੁਣ ਉਨ੍ਹਾਂ ਦਾ ਹੀ ਨੰਬਰ ਏ। ਏਥੇ ਰੁਕਣ ਲਈ ਕੁਝ ਇੰਤਜ਼ਾਮ ਹੋ ਜਾਏ ਅਤੇ ਤੁਹਾਡਾ ਕੰਮ ਵੀ ਕੁਝ ਲੀਹ ‘ਤੇ ਆ ਜਾਏ, ਬਸ ਉਨ੍ਹਾਂ ਦੇ ਆਉਣ ਵਿਚ ਫੇਰ ਦੇਰ ਨਹੀਂ।…

…ਪੰਜਾਬ ਦੀ ਉਸ ਵੇਲੇ ਦੀ ਦਸ਼ਾ ਦਾ ਹਾਲ ਕਰਤਾਰ ਸਿੰਘ ਕੋਲੋਂ ਸੁਣ ਕੇ ਮੈਨੂੰ ਕੁਝ ਆਸ ਬੱਝੀ। ਮੈਂ ਸੋਚਿਆ ਕਿ ਏਸ ਵਾਰ ਸੱਚੀਂ ਹੀ ਕੁਝ ਕੰਮ ਹੋਇਆ ਲੱਗਦਾ ਏ। ਇਸ ਸਮੇਂ ਸਿੱਖਾਂ ਦਾ ਇਕ ਹੋਰ ਜੱਥਾ ਅੰਮ੍ਰਿਤਸਰ ਆਇਆ। ਇਹ ਲੋਕ ਅਮਰੀਕਾ ਤੋਂ ਵਾਪਸ ਆਏ ਸਨ। ਇਸ ਜਥੇ ਦੇ ਕੁਝ ਸਾਥੀਆਂ ਨੂੰ ਮੈਂ ਦੇਖਿਆ। ਇਨ੍ਹਾਂ ਵਿੱਚੋਂ ਕੁਝ ਤਾਂ ਇੰਨੇ ਬਿਰਧ ਸਨ ਕਿ ਉਨ੍ਹਾਂ ਦੀਆਂ ਗੱਲ੍ਹਾਂ ਝੁਰੜੀਆਂ ਪੈ ਕੇ ਲਟਕੀਆਂ ਹੋਈਆਂ ਸਨ। ਮੇਰਾ ਖ਼ਿਆਲ ਏ ਕਿ ਇਹ ਉਹੀ ਬਿਰਧ ਪੁਰਸ਼ ਸਨ, ਜਿਨ੍ਹਾਂ ਨੇ ਬਾਅਦ ਵਿਚ ਅੰਡੇਮਾਨ ਟਾਪੂ ਵਿਚ ਵੀ ਬੜੀ ਤੇਜ਼ੀ ਨਾਲ ਆਪਣੀ ਥੋੜ੍ਹੀ ਜਿਹੀ ਬਚੀ ਹੋਈ ਆਯੂ ਹੰਢਾ ਕੇ ਸੱਠ ਜਾਂ ਸੱਤਰ ਸਾਲ ਦੀ ਅਵਸਥਾ ਵਿਚ ਉਸੇ ਟਾਪੂ ‘ਤੇ ਆਪਣੇ ਜੀਵਨ ਨੂੰ ਵਿਸਰਜਿਤ ਕਰ ਦਿੱਤਾ ਸੀ। ਏਸ ਬੁਢਾਪੇ ਵਿਚ ਵੀ ਇਨ੍ਹਾਂ ਨੇ ਅੰਡੇਮਾਨ ਵਿਚ ਹੜਤਾਲੀਆਂ ਨਾਲ ਹੜਤਾਲ ਕਰਨ ਲੱਗਿਆਂ ਕਦੇ ਪਿੱਛੇ ਪੈਰ ਨਹੀਂ ਸੀ ਧਰਿਆ। ਏਸ ਜਥੇ ਦਾ ਕੋਈ ਵੀ ਮੈਂਬਰ ਉਸ ਸਮੇਂ ਆਪਣੇ ਘਰ ਨਹੀਂ ਸੀ। ਪਹੁੰਚਿਆ। ਅਮਰੀਕਾ ਤੋਂ ਆ ਕੇ ਇਹ ਲੋਕ ਅੰਮ੍ਰਿਤਸਰ ਹੀ ਠਹਿਰੇ ਸਨ। ਇਨ੍ਹਾਂ ਨੇ ਆਪਣੀ ਹੱਕ ਦੀ ਕਮਾਈ ਵਿੱਚੋਂ ਸਾਨੂੰ ਪੰਜ ਸੌ ਰੁਪਏ ਦਿੱਤੇ ।…

ਮੈਂ ਇਸ ਵਾਰ ਹਫ਼ਤੇ ਭਰ ਇਨ੍ਹਾਂ ਲੋਕਾਂ ਨਾਲ ਰਿਹਾ। ਇਸ ਲਈ ਇਨ੍ਹਾਂ ਦੇ ਬਹੁਤ ਸਾਰੇ ਆਚਾਰ ਅਤੇ ਵਿਹਾਰ ਨੂੰ ਮੈਂ ਨੇੜਿਓਂ ਦੇਖਿਆ। ਹਾਲਾਂਕਿ ਇਹ ਲੋਕ ਕੜਾਕੇ ਦੀ ਠੰਡ ਵਿਚ ਵੀ ਤੜਕੇ ਨਹਾ ਧੋ ਕੇ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਆਦਿ ਕਰਿਆ ਕਰਦੇ ਸਨ। …ਇਨ੍ਹਾਂ ਦਾ ਆਪਸ ਵਿਚ ਵਿਹਾਰ ਬਹੁਤ ਹੀ ਵਧੀਆ ਸੀ। ਇਕ ਦੂਜੇ ਨੂੰ ਬੁਲਾਉਂਦਿਆਂ ਜਾਂ ਗੱਲਬਾਤ ਕਰਦਿਆਂ ਇਹ ‘ਸੰਤੋ’, ‘ਸੱਜਣੋ’, ‘ਬਾਦਸ਼ਾਹੋ’ ਆਦਿ ਸਨਮਾਨ ਜਨਕ ਸ਼ਬਦਾਂ ਤੋਂ ਇਲਾਵਾ ਹੋਰ ਸ਼ਬਦ ਨਹੀਂ ਵਰਤਿਆ ਕਰਦੇ ਸਨ। ਇਸ ਵਾਰ ਭਾਈ ਨਿਧਾਨ ਸਿੰਘ ਨਾਲ ਮੇਰੀ ਮੁਲਾਕਾਤ ਹੋਈ। ਇਹ ਉਹੀ ਪੰਜਾਹ ਸਾਲ ਦੇ ਬਜ਼ੁਰਗ ਸਿੱਖ ਸਨ। ਮੈਂ ਇਨ੍ਹਾਂ ਵਰਗਾ ਤੇਜ ਨੌਜਵਾਨਾਂ ਵਿਚ ਵੀ ਨਹੀਂ ਦੇਖਿਆ ।…

ਪੰਜਾਬ ਵਿਚ ਜਿਹੜੀ ਕ੍ਰਾਂਤੀ ਦੀ ਤਿਆਰੀ ਹੋਈ, ਉਹਦਾ ਸਾਰਾ ਬੰਦੋਬਸਤ ਉਨ੍ਹਾਂ ਸਿੱਖਾਂ ਨੇ ਕੀਤਾ ਸੀ, ਜਿਹੜੇ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਵਾਪਸ ਆਏ ਸਨ। ਇਨ੍ਹਾਂ ਵਿਦੇਸ਼ਾਂ ਤੋਂ ਵਾਪਸ ਆਏ ਸਿੱਖਾਂ ਨਾਲ ਦੇਸ਼ ਦਾ ਓਨਾ ਮੇਲ-ਮਿਲਾਪ ਨਹੀਂ ਸੀ ਅਤੇ ਦੇਸ਼ ਵਾਸੀ ਵੀ ਉਨ੍ਹਾਂ ਵੱਲੋਂ ਕੁਝ ਉਦਾਸੀਨ ਸਨ।…

ਪੰਜਾਬ ਵਿਚ ਭਾਰਤ ਦਾ ਰਾਸ਼ਟਰੀ ਝੰਡਾ ਬਣਾ ਲਿਆ ਗਿਆ। ਉਸ ਝੰਡੇ ਦੇ ਰੰਗਾਂ ਵਿਚ ਆਪਣੀ ਵਿਸ਼ੇਸ਼ਤਾ ਦੱਸਣ ਵਾਲੇ ਖ਼ਾਸ ਰੰਗ ਨੂੰ ਸਥਾਨ ਦਿਵਾਉਣ ਲਈ ਸਿੱਖਾਂ ਨੇ ਬੜਾ ਜ਼ੋਰ ਪਾਇਆ। ਏਸ ਲਈ ਹਿੰਦੂ, ਮੁਸਲਮਾਨ, ਸਿੱਖ ਅਤੇ ਭਾਰਤ ਦੇ ਹੋਰਨਾਂ ਧਰਮਾਂ ਦੇ ਚਿੰਨ੍ਹ ਵਜੋਂ ਭਾਰਤ ਦਾ ਰਾਸ਼ਟਰੀ ਝੰਡਾ ਚਾਰ ਰੰਗਾਂ ਵਿਚ ਬਣਿਆ।…

ਉਸ ਸਮੇਂ ਸਿੱਖਾਂ ਵਿਚ ਜਿੱਦਾਂ ਦਾ ਉਤਸ਼ਾਹ ਅਤੇ ਉਤੇਜਨਾ ਦੇਖੀ ਗਈ, ਅਜਿਹਾ ਉਤਸ਼ਾਹ ਕੇਵਲ ਪੰਜਾਬੀ ਮੁਸਲਮਾਨਾਂ ਅਤੇ ਪਠਾਣਾਂ ਵਿਚ ਈ ਕੁਝ ਹੱਦ ਤਕ ਦੇਖਿਆ ਏ। ਭਾਰਤ ਦੀਆਂ ਅਨੇਕ ਕੌਮਾਂ ਨਾਲ ਮਿਲ ਜੁਲ ਕੇ ਸਮਝ ਸਕਿਆ ਹਾਂ ਕਿ ਸਿੱਖਾਂ ਵਾਂਗ ਮਜ਼ਬੂਤ, ਸਮਰੱਥ ਅਤੇ ਭਾਵੁਕ ਕੌਮ ਭਾਰਤ ਵਿਚ ਹੋਰ ਕੋਈ ਨਹੀਂ। ਸਿੱਖ ਲੋਕ ਜਿਸ ਤਰ੍ਹਾਂ ਸਹਿਜ ਈ ਥੋੜ੍ਹੇ ਈ ਸਮੇਂ ਵਿਚ ਉਤੇਜਿਤ ਹੋ ਉੱਠਦੇ ਹਨ, ਉਹੋ ਜਿਹੀ ਸਹਿਜਤਾ ਨਾਲ ਭਾਰਤ ਦੀ ਕੋਈ ਵੀ ਕੌਮ ਨਹੀਂ ਹੁੰਦੀ। ਰਾਸ ਬਿਹਾਰੀ ਜਦੋਂ ਗ਼ਦਰ ਦੀ ਅਸਫਲਤਾ ਤੋਂ ਬਾਅਦ ਪੰਜਾਬ ਛੱਡ ਕੇ ਕਾਸ਼ੀ ਵੱਲ ਵਾਪਸ ਆ ਰਹੇ ਸਨ ਤਾਂ ਟਰੇਨ ਵਿਚ ਇਕ ਸਿੱਖ ਫ਼ੌਜੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ। ਸਾਧਾਰਨ ਗੱਲਾਂ ਕਰਦਿਆਂ ਪ੍ਰਸੰਗ ਵੱਸ ਭਾਰਤ ਦੀ ਵਰਤਮਾਨ ਦਸ਼ਾ ਦੀ ਗੱਲ ਛਿੜ ਪਈ। ਇੰਨੇ ਥੋੜ੍ਹੇ ਸਮੇਂ ਦੀ ਗੱਲਬਾਤ ਵਿਚ ਈ ਉਹ ਸਿੱਖ ਏਨਾ ਉਤੇਜਿਤ ਹੋ ਗਿਆ ਕਿ ਰਾਸ ਬਿਹਾਰੀ ਦੇ ਸਾਥੀਆਂ ਨੂੰ ਡਰ ਪੈ ਗਿਆ ਕਿ ਕਿਤੇ ਕੁਝ ਅਨਰਥ ਨਾ ਹੋ ਜਾਵੇ, ਕਿਉਂਕਿ ਟਰੇਨ ਦੇ ਕਮਰੇ ਵਿਚ ਹੋਰ ਵੀ ਕਈ ਤਰ੍ਹਾਂ ਦੇ ਲੋਕ ਸਨ । ਇਹ ਸਭ ਕੁਝ ਭੁੱਲ ਕੇ ਉਸ ਸਿੱਖ ਨੇ ਜੋਸ਼ ਵਿਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਦੇਸ਼ ਲਈ ਜ਼ਰੂਰ ਜਾਨ ਦੇਵੇਗਾ। ਜੋ ਵੀ ਏ, ਬੜੀ ਮੁਸ਼ਕਲ ਨਾਲ ਉਨ੍ਹਾਂ ਨੇ ਛੁਟਕਾਰਾ ਪਾਇਆ।… ਪੰਜਾਬ ਦੇ ਸਿੱਖਾਂ ਵਿੱਚੋਂ ਅਨੇਕ ਦੀ ਇੱਛਾ ਸੀ ਕਿ ਪੰਜਾਬ ਵਿਚ ਖ਼ਾਲਸਾ ਰਾਜ ਫੇਰ ਤੋਂ ਸਥਾਪਤ ਕੀਤਾ ਜਾਵੇ… ।

ਲਾਲਾ ਹਰਦਿਆਲ – ਗ਼ਦਰੀ ਬਾਬਿਆਂ ਦੀ ਨਜ਼ਰ ਵਿਚ

ਬਾਬਾ ਸੋਹਣ ਸਿੰਘ ਭਕਨਾ

ਅਸਟੋਰੀਆ ਵਿਚ ‘ਹਿੰਦੀ ਮਹਾਂ ਸਭਾ’ ਕਾਇਮ ਹੋਣ ਦਾ ਸਾਰਾ ਵਿਰਤਾਂਤ ਮੈਂ ਭਾਈ ਕਾਸ਼ੀ ਰਾਮ ਨੂੰ ਸੁਣਾਇਆ। ਉਹ ਸੁਣ ਕੇ ਬਹੁਤ ਖ਼ੁਸ਼ ਹੋਏ…ਮੈਂ ਭਾਈ ਕਾਸ਼ੀ ਰਾਮ ਜੀ ਤੋਂ ਪੁੱਛਿਆ ਕਿ ਕੋਈ ਐਹੋ ਜਿਹਾ ਸੱਜਣ ਵੀ ਹੈ, ਜਿਸ ਤੋਂ ਅਸੀਂ ਅਖ਼ਬਾਰ ਕੱਢਣ ਦਾ ਕੰਮ ਲੈ ਸਕੀਏ ? ਪਰ ਹੋਵੇ ਦੇਸ਼ ਭਗਤ ਤੇ ਸੱਚਾ ਸੁੱਚਾ, ਜਿਸ ਪਰ ਪੂਰਾ ਭਰੋਸਾ ਕੀਤਾ ਜਾ ਸਕੇ ਅਤੇ ਅਖ਼ਬਾਰ ਦਾ ਸਾਰਾ ਕੰਮ ਉਸ ਦੇ ਸਪੁਰਦ ਕੀਤਾ ਜਾ ਸਕੇ।… ਅਸੀਂ ਅਜੇ ਗੱਲਾਂ ਹੀ ਕਰ ਰਹੇ ਸੀ ਕਿ ਬਾਹਰੋਂ ਠਾਕੁਰ ਦਾਸ ਆ ਗਿਆ…(ਉਸ) ਕਿਹਾ ਕਿ ਲਾਲਾ ਹਰਦਿਆਲ ਸਾਨਫ਼ਰਾਂਸਿਸਕੋ ਵਿਚ ਰਹਿੰਦੇ ਨੇ, ਜੇ ਆਪ ਉਹਨਾਂ ਨੂੰ ਇਹ ਕੰਮ ਸੌਂਪ ਦਿਓ ਤਾਂ ਮੇਰੀ ਜਾਚੇ ਉਹ ਇਸ ਕੰਮ ਨੂੰ ਚੰਗੀ ਤਰ੍ਹਾਂ ਚਲਾ ਸਕਣਗੇ। ਲਾਲਾ ਹਰਦਿਆਲ ਦੇ ਕਈ ਲੇਖ ਮੈਂ ਅਖ਼ਬਾਰਾਂ ਵਿਚ ਪੜ੍ਹੇ ਸਨ ਪਰ ਮੈਂ ਉਹਨਾਂ ਦੀ ਰੂਹ ਦਾ ਸਿਆਣੂ ਨਹੀਂ ਸਾਂ । ਆਖ਼ਰ ਭਾਈ ਕਾਸ਼ੀ ਰਾਮ, ਠਾਕੁਰ ਦਾਸ, ਰਾਮ ਰੱਖਾ ਤੇ ਹੋਰ ਵੀ ਸੱਜਣਾਂ ਨੇ ਇਹੋ ਸਲਾਹ ਦਿੱਤੀ ਕਿ ਲਾਲਾ ਹਰਦਿਆਲ ਨੂੰ ਓਰੀਗਾਨ ਸੱਦ ਲਿਆ ਜਾਵੇ ਤੇ ਉਹਨਾਂ ਨਾਲ ਇਸ ਕੰਮ ਬਾਰੇ ਸਲਾਹ ਮਸ਼ਵਰਾ ਕਰ ਲਿਆ ਜਾਵੇ। ਆਖ਼ਰ ਮੈਂ ਲਾਲਾ ਹਰਦਿਆਲ ਨੂੰ ਖ਼ਤ ਲਿਖਣ ਦਾ ਕੰਮ ਭਾਈ ਕਾਸ਼ੀ ਰਾਮ ਦੇ ਜ਼ੁੰਮੇ ਲਾ ਕੇ ਆਪਣੇ ਕਾਰਖ਼ਾਨੇ ਨੂੰ ਮੁੜ ਆਇਆ।…

ਮਈ 1913 ਈ. ਨੂੰ ਭਾਈ ਪਰਮਾਨੰਦ ਤੇ ਭਾਈ ਹਰਦਿਆਲ ਦੋਵੇਂ ਸੇਂਟ-ਜਾਹਨ ਪਹੁੰਚੇ। ਭਾਈ ਪਰਮਾਨੰਦ ਤਾਂ ਦੋ ਦਿਨ ਉਥੇ ਰਹਿ ਕੇ ਵਤਨਾਂ ਵੱਲ ਮੁੜਨ ਦੀ ਮਨਸ਼ਾ ਨਾਲ ਇੰਗਲੈਂਡ ਨੂੰ ਤੁਰ ਪਏ ਪਰ ਭਾਈ ਹਰਦਿਆਲ ਉਥੇ ਹੀ ਰਹੇ ਭਾਈ ਪਰਮਾਨੰਦ ਦੀ ਇਕ ਗੱਲ ਮੈਨੂੰ ਯਾਦ ਏ। ਜਦੋਂ ਭਾਈ ਪਰਮਾਨੰਦ, ਲਾਲਾ ਹਰਦਿਆਲ, ਮੈਂ ਤੇ ਭਾਈ ਕਾਸ਼ੀ ਰਾਮ ਇਕ ਕਮਰੇ ਵਿਚ ਬੈਠੇ ਗੱਲਾਂਬਾਤਾਂ ਕਰ ਰਹੇ ਸਾਂ ਤਾਂ ਭਾਈ ਪਰਮਾਨੰਦ ਨੇ ਭਾਈ ਹਰਦਿਆਲ ਦੇ ਮੂੰਹ ਪੁਰ ਹੀ ਸਾਨੂੰ ਆਖ ਦਿੱਤਾ ਸੀ ਕਿ, ‘ਭਾਈ ਜੀ, ਉਂਝ ਤਾਂ ਲਾਲਾ ਹਰਦਿਆਲ ਦੀ ਯੋਗਤਾ ਵਿਚ ਕੋਈ ਸ਼ੱਕ ਨਹੀਂ ਹੈ ਪਰ ਏਨ੍ਹਾਂ ਦੇ ਭਰੋਸੇ ਕੋਈ ਕੰਮ ਚਲੌਣਾ ਮੇਰੀ ਜਾਚੇ ਮੁਸ਼ਕਲ ਹੈ। ਕਿਉਂ ਜੋ ਇਹਨਾਂ ਦਾ ਪਤਾ ਨਹੀਂ ਕਦੋਂ ਕੰਮ ਛੱਡ ਕੇ ਫਰੰਟ ਹੋ ਜਾਣ।’ ਮੈਂ ਉੱਤਰ ਦਿੱਤਾ, ‘ਭਾਈ ਜੀ ਇਸ ਗੱਲ ਦੀ ਕਾਈ ਚਿੰਤਾ ਨਹੀਂ, ਅਸੀਂ ਆਪਣੇ ਕਰਤੱਬ ਨੂੰ ਖੂਬ ਅੱਛੀ ਤਰ੍ਹਾਂ ਸਮਝਦੇ ਹਾਂ।’

ਭਾਈ ਪਰਮਾਨੰਦ ਦਾ ਇਹ ਕਹਿਣਾ ਅੱਖਰ ਅੱਖਰ ਸੱਚ ਸੀ ਕਿਉਂ ਜੋ ਭਾਈ ਹਰਦਿਆਲ ਦੇ ਤਿਆਗ ਤੇ ਉਹਨਾਂ ਦੀ ਲੇਖਣੀ ਦੀ ਸਲਾਹੁਤਾ ਉਹਨਾਂ ਦੇ ਵੈਰੀਆਂ ਨੂੰ ਵੀ ਕਰਨੀ ਪੈਂਦੀ ਸੀ ਪਰ ਉਹਨਾਂ ਵਿਚ ਦ੍ਰਿੜਤਾ ਤੇ ਗੰਭੀਰਤਾ ਦਾ ਬਹੁਤ ਘਾਟਾ ਸੀ ….

ਅਖ਼ਬਾਰ ਜਾਰੀ ਕਰਨ ਦਾ ਸਾਰਾ ਬੋਝ ਸੁਸਾਇਟੀ ਨੇ ਭਾਈ ਹਰਦਿਆਲ ਦੇ ਸਿਰ ਸੁੱਟਿਆ। ਭਾਈ ਹਰਦਿਆਲ ਚੂੰਕਿ ਸਾਨਫਰਾਂਸਿਸਕੋ ਵਿਚ ਰਹਿੰਦੇ ਸਨ, ਇਸ ਲਈ ਗ਼ਦਰ ਅਖ਼ਬਾਰ ਦੇ ਨਿਕਲਣ ਦੀ ਥਾਂ ਵੀ ਉਥੇ ਹੀ ਟਿਕਿਆ ਗਿਆ.. ਆਖ਼ਰ ਨਵੰਬਰ 1913 ਨੂੰ ਗ਼ਦਰ ਦਾ ਪਹਿਲਾ ਪਰਚਾ ਯੁਗਾਂਤਰ ਆਸ਼ਰਮ ਸਾਨਫਰਾਂਸਿਸਕੋ ਤੋਂ ਨਿਕਲਿਆ, ਜਿਸ ਵੱਲ ਕਈ ਮਹੀਨਿਆਂ ਤੋਂ ਹਿੰਦੀਆਂ ਦੀਆਂ ਅੱਖੀਆਂ ਲੱਗੀਆਂ ਹੋਈਆਂ ਸਨ…ਇਸ ਅਖ਼ਬਾਰ ਨੇ ਲੋਕਾਂ ਪਰ ਜਾਦੂ ਦਾ ਅਸਰ ਕੀਤਾ। ਕਿਉਂ ਜੋ ਇਸ ਵੇਰ ਸਾਫ਼ ਤੇ ਸਿੱਧੇ ਸ਼ਬਦਾਂ ਵਿਚ ਅੰਗਰੇਜ਼ੀ ਗੌਰਨਮੈਂਟ ਦੀ ਗ਼ੁਲਾਮੀ ਵਿਰੁੱਧ ਜੰਗ ਛੇੜੀ ਗਈ ਸੀ । ਜੰਗ ਵੀ ਉਹ, ਜਿਸ ਨੂੰ ਸ਼ੁਰੂ ਕਰਨ ਦੇ ਅਮਰੀਕਨ ਤੇ ਕੈਨੇਡੀਅਨ ਹਿੰਦੀ ਚਾਹਵਾਨ ਸਨ। ਗ਼ਦਰ ਅਖ਼ਬਾਰ ਅਮਰੀਕਾ ਤੋਂ ਬਾਹਰ ਕੈਨੇਡਾ, ਜਾਪਾਨ, ਚੀਨ, ਮਲਾਯਾ, ਬ੍ਰਹਮਾ, ਅਫ਼ਰੀਕਾ, ਮਨੀਲਾ ਤੇ ਹਿੰਦੁਸਤਾਨ ਆਦਿਕ ਹਰ ਥਾਂ ਘੱਲਿਆ ਜਾਂਦਾ ਸੀ। ਅੰਗ੍ਰੇਜ਼ੀ ਗੌਰਨਮੈਂਟ ਨੇ ਗ਼ਦਰ ਅਖ਼ਬਾਰ ਨੂੰ ਆਪਣੇ ਰਾਜ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਬਥੇਰਾ ਜਤਨ ਕੀਤਾ ਪਰ ਹਿੰਦੁਸਤਾਨ ਤੋਂ ਛੁੱਟ ਉਹ ਹੋਰ ਕਿਸੇ ਥਾਂ ਸਫਲ ਨਾ ਹੋ ਸਕੀ।…

ਜਦੋਂ ਅੰਗ੍ਰੇਜ਼ੀ ਗੌਰਨਮੈਂਟ ਨੇ ਗ਼ਦਰ ਪਾਰਟੀ ਦੀਆਂ ਦਿਨੋ-ਦਿਨ ਚੜ੍ਹਦੀਆਂ ਕਲਾਂ ਵੇਖੀਆਂ ਤਾਂ ਉਸ ਨੇ ਇਸ ਦੀ ਉਨਤੀ ਰੋਕਣ ਲਈ ਗੌਰਨਮੈਂਟ ਅਮਰੀਕਾ ਦੀ ਰਾਹੀਂ ਭਾਈ ਹਰਦਿਆਲ ਨੂੰ ਅਮਰੀਕਾ ਤੋਂ ਕੱਢਣ ਦਾ ਪ੍ਰਬੰਧ ਕੀਤਾ। ਅਮਰੀਕਾ ਗੌਰਨਮੈਂਟ ਪਾਸ ਭਾਈ ਹਰਦਿਆਲ ਨੂੰ ਕੱਢਣ ਦਾ ਇੱਕੋ ਇਕ ਢੰਗ ਸੀ। ਉਹ ਇਹ ਕਿ ਭਾਈ ਹਰਦਿਆਲ ਨੂੰ ਅਨਾਰਕਿਸਟ ਮਿਥਿਆ ਜਾਵੇ । ਹੁਣ ਅਮਰੀਕਾ ਗੌਰਨਮੈਂਟ ਭਾਈ ਹਰਦਿਆਲ ਦੇ ਲੈਕਚਰਾਂ ਤੇ ਚਾਲ-ਢਾਲ ਪੁਰ ਖ਼ਾਸ ਧਿਆਨ ਰੱਖਣ ਲੱਗੀ। ਥੋੜ੍ਹੇ ਦਿਨਾਂ ਵਿਚ ਹੀ ਉਹ ਸਫਲ ਵੀ ਹੋ ਗਈ ਤੇ ਭਾਈ ਹਰਦਿਆਲ ਉੱਤੇ ਮੁਕੱਦਮਾ ਚਲਾਣ ਦਾ ਪ੍ਰਬੰਧ ਕਰ ਲਿਆ…ਭਾਈ ਹਰਦਿਆਲ ਦੇ ਕਈ ਅਮਰੀਕਨ ਮਿੱਤਰਾਂ ਨੇ ਅਮਰੀਕਾ ਤੋਂ ਅੰਗ੍ਰੇਜ਼ੀ ਗੌਰਨਮੈਂਟ ਦੀ ਅੰਦਰਲੀ ਪਾਲਿਸੀ ਪੁਰ ਵਿਚਾਰ ਕਰਦਿਆਂ ਹੋਇਆਂ, ਉਹਨਾਂ ਨੂੰ ਇਹੋ ਸਲਾਹ ਦਿੱਤੀ ਕਿ ‘ਤੁਹਾਡਾ ਹੁਣ ਅਮਰੀਕਾ ਵਿਚ ਰਹਿਣਾ ਖ਼ਤਰੇ ਤੋਂ ਖ਼ਾਲੀ ਨਹੀਂ।’ ਆਖ਼ਰ ਭਾਈ ਹਰਦਿਆਲ ਨੇ ਇਹ ਮਾਮਲਾ ਕਮੇਟੀ ਦੇ ਰੂਬਰੂ ਪੇਸ਼ ਕੀਤਾ। ਕਮੇਟੀ ਨੇ ਵੀ ਭਾਈ ਹਰਦਿਆਲ ਨੂੰ ਅਮਰੀਕਾ ਤੋਂ ਬਚ ਕੇ ਕੱਢ ਦੇਣਾ ਹੀ ਯੋਗ ਸਮਝਿਆ ।…

ਹਰਦਿਆਲ ਦੇ ਚਲੇ ਜਾਣ ਮਗਰੋਂ ਸਾਡੇ ਵਿਰੋਧੀਆਂ ਨੂੰ ਨਿਸਚਾ ਸੀ ਕਿ ਗ਼ਦਰ ਪਾਰਟੀ ਤਿੱਤਰ-ਬਿੱਤਰ ਹੋ ਜਾਵੇਗੀ ਤੇ ਅਖ਼ਬਾਰ ਵੀ ਨਹੀਂ ਚੱਲ ਸਕੇਗਾ। ਐਪਰ ਉਹਨਾਂ ਦਾ ਇਹ ਖ਼ਿਆਲ ਕੱਚਾ ਤੇ ਅੱਲ੍ਹੜਪੁਣੇ ਦਾ ਨਤੀਜਾ ਸੀ। ਆਖ਼ਰ ਉਹਨਾਂ ਦਾ ਇਹ ਖ਼ਿਆਲ ਗ਼ਲਤ ਸਾਬਤ ਹੋਇਆ। ਸੁਸਾਇਟੀ ਦਾ ਜ਼ੋਰ ਠੰਡਾ ਪੈਣ ਦੀ ਥਾਂ ਹੋਰ ਵੱਧ ਗਿਆ। ਅਖ਼ਬਾਰ ਬੰਦ ਤਾਂ ਕੀ ਹੋਣਾ ਸੀ, ਸਗੋਂ ਹੋਰ ਉੱਨਤੀ ਕਰ ਗਿਆ[ਸਾਡੇ ਵਿਰੋਧੀਆਂ ਨੂੰ] ਏਨਾ ਹੀ ਪਤਾ ਸੀ ਕਿ ਸਿਰਫ਼ ਭਾਈ ਹਰਦਿਆਲ ਇਸ ਲਹਿਰ ਨੂੰ ਚਲਾਣ ਵਾਲਾ ਹੈ। ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਭਾਈ ਹਰਦਿਆਲ ਤਾਂ ਐਡੀਟਰੀ ਤੋਂ ਛੁੱਟ ਹੋਰ ਕੁਝ ਵੀ ਨਹੀਂ ਕਰਦੇ ਤੇ ਨਾ ਹੀ ਕਰ ਸਕਦੇ ਨੇ। ਉਹ ਇਹ ਵੀ ਨਹੀਂ ਸਨ ਜਾਣਦੇ ਕਿ ਇਸ ਕੰਮ ਨੂੰ ਚਲਾਣ ਵਾਲੀ ਇਕ ਬਾਕਾਇਦਾ ਸੁਸਾਇਟੀ ਹੈ ਨਾ ਕਿ ਇਕ ਆਦਮੀ ।…

ਭਾਈ ਹਰਦਿਆਲ ਦੇ ਚਲੇ ਜਾਣ ਮਗਰੋਂ ਜਦੋਂ ਸੁਸਾਇਟੀ ਅਖ਼ਬਾਰ ਦਾ ਪ੍ਰਬੰਧ ਕਰ ਚੁੱਕੀ ਸੀ ਤਾਂ ਦੂਜੀ ਲੋੜ ਇਕ ਚੀਫ਼ ਸੈਕਟਰੀ ਦੀ ਸੀ…ਸੁਸਾਇਟੀ ਦੇ ਚੰਗੇ ਭਾਗਾਂ ਨੂੰ ਚੀਫ਼ ਸੈਕਟਰੀ ਇਕ ਐਹੋ ਜਿਹੇ ਸੱਚੇ ਦੇਸ਼ ਭਗਤ ਤਿਆਗੀ ਚੁਣੇ ਗਏ ਜਿਨ੍ਹਾਂ ਦੀ ਦ੍ਰਿੜ੍ਹਤਾ, ਸਚਾਈ, ਆਸ ਤੇ ਤਿਆਗ ਦਾ ਟਾਕਰਾ ਭਾਈ ਹਰਦਿਆਲ ਵੀ ਨਹੀਂ ਸੀ ਕਰ ਸਕਦਾ। ਉਸ ਸੱਚੇ ਦੇਸ਼ ਭਗਤ ਦਾ ਪਵਿੱਤ੍ਰ ਨਾਮ ਭਾਈ ਸੰਤੋਖ ਸਿੰਘ ਸੀ…ਭਾਈ ਸੰਤੋਖ ਸਿੰਘ ਜੀ ਦੀ ਸਚਾਈ, ਕੁਰਬਾਨੀ ਤੇ ਘਾਲਣਾ ਨੇ ਅਮਰੀਕਨ ‘ਗ਼ਦਰ ਪਾਰਟੀ’ ਨੂੰ ਬਹੁਤ ਉੱਚਿਆਂ ਕੀਤਾ। ਭਾਈ ਹਰਦਿਆਲ ਉੱਤੇ ਤਾਂ ਕਈ ਪਾਸਿਆਂ ਤੋਂ ਟੀਕਾ-ਟਿੱਪਣੀ ਵੀ ਹੋ ਸਕਦੀ ਹੈ ਪਰ ਭਾਈ ਸੰਤੋਖ ਸਿੰਘ ਅਜਿਹੇ ਸੱਚੇ ਹੀਰੇ ਸੀ ਜਿਸ ਦੀ ਦ੍ਰਿੜ੍ਹਤਾ ਤੇ ਕੁਰਬਾਨੀ ਉੱਤੇ ਵੈਰੀਆਂ ਨੂੰ ਵੀ ਵਾਹ ਵਾਹ ਕਰਨਾ ਪੈਂਦਾ ਸੀ ।…

ਮੁਸਲਮਾਨ ਭਰਾਵਾਂ ਨੂੰ ਭਾਈ ਹਰਦਿਆਲ ਉੱਤੇ ਇਕ ਬੜੀ ਭਾਰੀ ਸ਼ਿਕਾਇਤ ਇਹ ਸੀ ਕਿ ਜਦੋਂ ਭਾਈ ਜਵਾਲਾ ਸਿੰਘ ਨੇ ਹਿੰਦੁਸਤਾਨ ਦੇ ਅੱਡ ਅੱਡ ਸੂਬਿਆਂ ਤੋਂ ਵਜ਼ੀਫ਼ਿਆਂ ਪੁਰ ਅਮਰੀਕਾ ਵਿੱਚੋਂ ਵਿਦਿਆਰਥੀ ਮੰਗਵਾਏ ਸਨ ਤਾਂ ਉਹਨਾਂ ਵਿਚ ਸੂਬਾ ਮਦਰਾਸ ਦਾ ਇਕ ਮੁਸਲਮਾਨ ਲੜਕਾ ਭਾਈ ਮਹਿਮੂਦ ਵੀ ਸੀ। ਮੁਸਲਮਾਨਾਂ ਦਾ ਖ਼ਿਆਲ ਸੀ ਕਿ ਭਾਈ ਹਰਦਿਆਲ ਨੇ ਜਾਣ-ਬੁੱਝ ‘ਕੇ ਭਾਈ ਮਹਿਮੂਦ ਨੂੰ ਵਜ਼ੀਫ਼ੇ ਤੋਂ ਵਿਰਵਾ ਰੱਖਿਆ ਸੀ। ਕਿਉਂ ਜੋ ਕਿਸੇ ਕਾਰਨ ਉਸ ਨੂੰ ਵਜ਼ੀਫ਼ਾ ਨਹੀਂ ਸੀ ਮਿਲਿਆ। ਖ਼ੈਰ, ਮੈਨੂੰ ਇਸ ਗੱਲ ਦਾ ਤਾਂ ਪੱਕਾ ਪਤਾ ਨਹੀਂ ਕਿ ਭਾਈ ਮਹਿਮੂਦ ਕਿਉਂ ਵਜ਼ੀਫ਼ੇ ਤੋਂ ਵਿਰਵੇ ਰਹੇ, ਕੀ ਉਸ ਵਿਚ ਭਾਈ ਹਰਦਿਆਲ ਦਾ ਵੀ ਕੋਈ ਕਸੂਰ ਸੀ ਜਾਂ ਨਹੀਂ ? ਹਾਂ, ਮੈਂ ਇਹ ਤਾਂ ਕਹਿ ਸਕਦਾ ਹਾਂ ਕਿ ਜੋ ਵਿਦਿਆਰਥੀ (ਗੋਬਿੰਦ ਬਿਹਾਰੀ ਲਾਲ) ਦਿੱਲੀ ਤੋਂ ਭਾਈ ਹਰਦਿਆਲ ਦੀ ਸਿਫ਼ਾਰਸ਼ ਪੁਰ ਮੰਗਵਾਇਆ ਗਿਆ ਸੀ, ਉਹ ਉਸ ਮੁਸਲਮਾਨ ਲੜਕੇ ਨਾਲੋਂ ਬਹੁਤ ਰੱਦੀ ਸੀ । ਉਸ ਨੂੰ ਵਜ਼ੀਫ਼ਾ ਦੇਣਾ ਭਾਈ ਜਵਾਲਾ ਸਿੰਘ ਦੇ ਰੁਪਏ ਨੂੰ ਖੂਹ ਖਾਤੇ ਸੁੱਟਣਾ ਸੀ । ਉਸ ਵਿਚ ਸਿਵਾਇ ਅਪ-ਸਵਾਰਥ ਦੇ ਦੇਸ਼ ਭਗਤੀ ਤੇ ਵਤਨ ਪ੍ਰੇਮ ਦਾ ਰਤਾ ਲੇਸ ਨਹੀਂ ਸੀ । ਜਦੋਂ ਮੈਂ ਉਸ ਲੜਕੇ ਦਾ ਗਉਂ-ਪ੍ਰੇਮ ਡਿੱਠਾ ਤਾਂ ਮੈਨੂੰ ਵੀ ਭਾਈ ਹਰਦਿਆਲ ਦੀ ਚੋਣ ਪੁਰ ਅਫ਼ਸੋਸ ਹੋਇਆ। ਇਸ ਗੱਲ ਨੇ ਪਹਿਲਾਂ ਪਹਿਲਾਂ ਕੈਲੇਫ਼ੋਰਨੀਆ ਅੰਦਰ ਸਾਡੇ ਕੰਮ ਵਿਚ ਬਹੁਤ ਅੜਿੱਕੇ ਡਾਹੇ ।…

ਭਾਈ ਹਰਦਿਆਲ ‘ਯੁਗਾਂਤਰ ਆਸ਼ਰਮ’ ਵਿਚ ਬਹਿ ਕੇ ਸਿਰਫ਼ ਅਖ਼ਬਾਰ ਲਿਖਣ ਤੋਂ ਬਿਨਾਂ ਬਾਹਰ ਜਾ ਕੇ ਹੋਰ ਕੋਈ ਕੰਮ ਨਹੀਂ ਕਰ ਸਕਦਾ ਸੀ । ਇਹੋ ਕਾਰਨ ਸੀ ਕਿ ਸਾਨਫ਼ਰਾਂਸਿਸਕੋ ਤੋਂ ਅਖ਼ਬਾਰ ਨਿਕਲਣ ਪੁਰ ਵੀ ਕੈਲੇਫ਼ੋਰਨੀਆ ਦੇ ਹਿੰਦੀਆਂ ਵਿਚ ਜਾਗ੍ਰਤੀ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਸਨ ਆਉਂਦੇ । ਅਖ਼ਬਾਰ ਲੋਕਾਂ ਨੂੰ ਉਭਾਰ ਸਕਦਾ ਸੀ ਪਰ ਕਰਨੀ ਦੇ ਪਹੇ ਪਾਉਣਾ ਤੇ ਜਥੇਬੰਦ ਕਰਨਾ, ਅਖ਼ਬਾਰ ਦੀ ਸਮਰੱਥਾ ਤੋਂ ਬਾਹਰ ਸੀ। ਨਾ ਹੀ ਕਦੇ ਕਦਾਈਂ ਸ਼ਹਿਰ ਜਾਂ ਨਗਰ ਵਿਚ ਇਕੱਠ ਕਰ ਛੱਡਣ ਨਾਲ ਇਹ ਕੰਮ ਪੂਰਾ ਹੋ ਸਕਦਾ ਸੀ। ਦੋ-ਤ੍ਰੈ ਜਲਸੇ ਕੁਝ ਕੁ ਦੇਸ਼ਭਗਤਾਂ ਨੇ ਕੀਤੇ ਵੀ, ਪਰ ਉਹਨਾਂ ਨਾਲ ਕੋਈ ਜੜ੍ਹੀ ਜਥੇਬੰਦੀ ਨਾ ਹੋ ਸਕੀ। ਸਿਰਫ਼ ਉਹ ਦੇਸ਼ਭਗਤ ਮਾੜੀ-ਮੋਟੀ ਸੇਵਾ ਕਰਦੇ ਸਨ, ਜਿਹਨਾਂ ਦੇ ਦਿਲਾਂ ਵਿਚ ਪਹਿਲਾਂ ਹੀ ਦੇਸ਼ ਪ੍ਰੇਮ ਦਾ ਅੰਸ਼ ਸੀ। ਨਹੀਂ ਤਾਂ ਹੋਰ ਸਾਧਾਰਨ ਹਿੰਦੀ ਐਨ ਉਹੋ ਜਿਹੇ ਕੋਰੇ ਪਏ ਸਨ। ਜਿਵੇਂ ਆਵੇ ਤੋਂ ਕੱਢਿਆ ਭਾਂਡਾ।

ਹੁਣ ਇਹ ਸਲਾਹ ਬਣੀ ਕਿ ਕੈਲੇਫ਼ੋਰਨੀਆ ਵਿਚ ਰਹਿ ਕੇ ਮੈਂ ਇਹ ਕੰਮ ਕਰਾਂ ਕੰਮ ਸ਼ੁਰੂ ਕਰਨ ਪੁਰ ਮੈਂ ਪਹਿਲਾਂ ਉਹਨਾਂ ਗੱਲਾਂ ਨੂੰ ਸਾਫ਼ ਕਰਨਾ ਯੋਗ ਸਮਝਿਆ ਜੋ ਲਿਖੇ-ਪੜ੍ਹੇ ਆਦਮੀਆਂ ਤੇ ਭਾਈ ਹਰਦਿਆਲ ਬਾਰੇ ਆਮ ਹਿੰਦੀਆਂ ਅਤੇ ਮੁਸਲਮਾਨ ਭਰਾਵਾਂ ਵਿਚ ਫੈਲੀਆਂ ਹੋਈਆਂ ਸਨ ।…

ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਨਿਕਲਿਆ ਸੀ ਤੇ ਅਪ੍ਰੈਲ 1914 ਨੂੰ ਭਾਈ ਹਰਦਿਆਲ ਅਮਰੀਕਾ ਛੱਡ ਕੇ ਚਲੇ ਗਏ ਸਨ। ਕੋਈ ਪੰਜ ਕੁ ਮਹੀਨੇ ਭਾਈ ਹਰਦਿਆਲ ਨੇ ਸੁਸਾਇਟੀ ਦਾ ਕੰਮ ਕੀਤਾ ਹੋਵੇਗਾ। ਇਹਨਾਂ ਦਿਨਾਂ ਵਿਚ ਸਿਵਾਇ ਅਖ਼ਬਾਰ ਜਾਂ ਗ਼ਦਰ ਦੀ ਗੂੰਜ ਆਦਿਕ ਕੁਝ ਕੁ ਪੁਸਤਕਾਂ ਛਾਪਣ ਦੇ ਹੋਰ ਕੋਈ ਅਮਲੀ ਕੰਮ ਕਰਨ ਦੀ ਨੀਂਹ ਭਾਈ ਹਰਦਿਆਲ ਨੇ ਨਹੀਂ ਸੀ ਰੱਖੀ। ਮੈਂ ਉਹਨਾਂ ਦੇ ਨਾਲ ਕੰਮ ਕਰ ਕੇ ਜਿਥੋਂ ਤਕ ਉਹਨਾਂ ਦੀ ਲਿਆਕਤ ਦੇ ਬਲ ਨੂੰ ਤੋਲਿਆ ਹੈ, ਮੇਰੀ ਜਾਚੇ ਉਹ ਕੋਈ ਅਮਲੀ ਕੰਮ ਕਰਨ ਜਾਂ ਕਰਾਣ ਦੇ ਯੋਗ ਹੀ ਨਹੀਂ ਹਨ, ਉਹ ਇਕ ਫਿਲਾਸਫਰ ਜ਼ਰੂਰ ਹਨ, ਪਰ ਇਸ ਫਿਲਾਸਫੀ ਨੂੰ ਵਰਤਣ ਦਾ ਉਹਨਾਂ ਵਿਚ ਬਲ ਹੈ ਨਹੀਂ। …ਆਮ ਲੋਕਾਂ ਦਾ ਖ਼ਿਆਲ ਹੈ ਕਿ ਅਮਰੀਕਨ ਹਿੰਦੀਆਂ ਵਿਚ ਇਹ ਆਜ਼ਾਦੀ ਦੀ ਲਹਿਰ ਤੇ ਹਿਲਜੁਲ ਲਾਲਾ ਹਰਦਿਆਲ ਨੇ ਪੈਦਾ ਕੀਤੀ ਸੀ ਪਰ ਇਹ ਖ਼ਿਆਲ ਗਲਤ ਹੈ। ਆਮ ਲੋਕ ਅਕਸਰ ਸੁਣੀਆਂ-ਸੁਣਾਈਆਂ ਗੱਲਾਂ ਉੱਤੇ ਅਮਲ ਕਰ ਕੇ ਇਉਂ ਆਖ ਦਿੰਦੇ ਨੇ। ਅਸਲੀਅਤ ਨੂੰ ਸਿਰਫ਼ ਉਹੋ ਆਦਮੀ ਜਾਣਦੇ ਨੇ ਜਿਨ੍ਹਾਂ ਨੇ ‘ਹਿੰਦੀ ਐਸੋਸੀਏਸ਼ਨ’ (ਗ਼ਦਰ ਪਾਰਟੀ) ਵਿਚ ਕੰਮ ਕੀਤਾ ਹੈ ਜਾਂ ਜਿਹੜੇ ਉਸ ਵੇਲੇ ਅਮਰੀਕਾ ਵਿਚ ਹੈਗੇ ਸਨ। ਹਾਂ, ਇਸ ਵਿਚ ਵੀ ਸ਼ੱਕ ਨਹੀਂ ਕਿ ਇਸ ਆਜ਼ਾਦੀ ਦੀ ਲਹਿਰ ਨੂੰ ਪੈਦਾ ਕਰਨ ਵਿਚ ਭਾਈ ਹਰਦਿਆਲ ਦਾ ਹਿੱਸਾ ਜ਼ਰੂਰ ਹੈ ਪਰ ਇਹ ਕਹਿਣਾ ਕਿ ਇਸ ਲਹਿਰ ਦਾ ਜਨਮ ਦਾਤਾ ਜੇ ਕੋਈ ਹੈ ਤਾਂ ਲਾਲਾ ਹਰਦਿਆਲ ਹੈ ਸਿਵਾਇ ਅਨਜਾਣਪੁਣੇ ਦੇ ਹੋਰ ਕੁਝ ਨਹੀਂ।

…ਮੁਸਲਮਾਨ ਤਾਂ ਭਾਈ ਹਰਦਿਆਲ ਤੋਂ ਇਸ ਲਈ ਨਾਰਾਜ਼ ਸਨ ਕਿ ਉਸ ਨੇ ਇਕ ਮੁਸਲਮ ਵਿਦਿਆਰਥੀ ਨੂੰ ਵਜ਼ੀਫ਼ੇ ਤੋਂ ਐਵੇਂ ਰਖਾਯਾ ਸੀ ਅਤੇ ਸਿੱਖਾਂ ਨੂੰ ਪੜ੍ਹੇ-ਲਿਖੇ ਆਦਮੀਆਂ ਉੱਤੇ ਬੇਇਤਬਾਰੀ ਹੋ ਚੁੱਕੀ ਸੀ, ਕਿਉਂਜੋ ਉਹ ਕਈ ਵੇਰੀ ਲਿਖੇ-ਪੜ੍ਹੇ ਚਲਦੇ-ਪੁਰਜ਼ੇ ਆਦਮੀਆਂ ਦੇ ਹੱਥੋਂ ਠੱਗੇ ਜਾ ਚੁੱਕੇ ਸਨ। ਹੁਣ ਉਹ ਕਿਸੇ ਉੱਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਸਨ। ਸ਼ਾਇਦ ਇਥੇ ਆਪ ਨੂੰ ਇਹ ਫੁਰਨਾ ਫੁਰੇ ਕਿ ਭਾਵੇਂ ਸਿੱਖ ਤੇ ਮੁਸਲਮਾਨ ਭਾਈ ਹਰਦਿਆਲ ਉੱਤੇ ਭਰੋਸਾ ਨਹੀਂ ਕਰਦੇ ਸਨ, ਪਰ ਇਹ ਤਾਂ ਸੱਚ ਹੈ ਕਿ ਗ਼ਦਰ ਅਖ਼ਬਾਰ ਵਿਚ ਜੋ ਭਾਈ ਹਰਦਿਆਲ ਦੇ ਲੇਖ ਨਿਕਲਦੇ ਸਨ, ਉਹਨਾਂ ਨੂੰ ਪੜ੍ਹ ਕੇ ਹੀ ਅਮਰੀਕਨ ਹਿੰਦੀਆਂ ਦੀਆਂ ਅੱਖਾਂ ਖੁਲ੍ਹੀਆਂ ਸਨ। ਇਹ ਗੱਲ ਸੱਚ ਹੈ। ਮੈਂ ਕਿਸੇ ਹੱਦ ਤਕ ਇਸ ਗੱਲ ਨੂੰ ਮੰਨਦਾ ਹਾਂ ਕਿ ਗ਼ਦਰ ਅਖ਼ਬਾਰ ਨੇ ਹਿੰਦੀਆਂ ਵਿਚ ਜੋਸ਼ ਜ਼ਰੂਰ ਪੈਦਾ ਕੀਤਾ ਕਿਉਂ ਜੋ ਗ਼ਦਰ ਅਖ਼ਬਾਰ ਦੀਆਂ ਉਭਾਰੂ ਕਵਿਤਾਵਾਂ ਤੇ ਲੇਖ ਲੋਕ ਜਦੋਂ ਪੜ੍ਹਦੇ ਸਨ ਤਾਂ ਉਹਨਾਂ ਦਾ ਦਿਲ ਜੋਸ਼ ਦੀ ਪੀਂਘ ਦੇ ਹੁਲਾਰੇ ਲੈਣ ਲੱਗ ਪੈਂਦਾ ਸੀ। ਐਪਰ ਸਿਵਾਇ ਜੋਸ਼ ਭਰਨ ਦੇ ਹੋਰ ਕੋਈ ਜਥੇਬੰਦੀ ਜਾਂ ਕੰਮ ਕਰਨ ਦਾ ਢੰਗ ਲੋਕਾਂ ਨੂੰ ‘ਗ਼ਦਰ ਮਾਸਟਰ’ ਨੇ ਸਿਖਾਯਾ ਹੋਵੇ ਜਾਂ ਭਾਈ ਹਰਦਿਆਲ ਨੇ ਆਪਣੀ ਜ਼ੁਬਾਨੀ ਲੈਕਚਰਾਂ ਜਾਂ ਹੱਥੀਂ ਕਰਕੇ ਦੱਸਿਆ ਹੋਵੇ, ਤਾਂ ਇਹ ਗੱਲ ਨਹੀਂ। ਮੇਰੀ ਜਾਚੇ ਤਾਂ ਖ਼ੁਦ ਲਾਲਾ ਹਰਦਿਆਲ ਵੀ ਕੰਮ ਕਰਨ ਦੇ ਢੰਗਾਂ ਤੋਂ ਅਨਜਾਣ ਸੀ ਅਤੇ ਫੇਰ ‘ਗ਼ਦਰ ਮਾਸਟਰ’ ਦੇ ਜਿਸ ਹਿੱਸੇ ਨੇ ਵਧੇਰੇ ਪੰਜਾਬੀਆਂ ਨੂੰ ਉਭਾਰਿਆ ਸੀ, ਉਹ ਕਵਿਤਾ ਦਾ ਹਿੱਸਾ ਸੀ ਜੋ ਮਗਰੋਂ ਗ਼ਦਰ ਦੀ ਗੂੰਜ ਨਾਮੇ ਇਕ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਹੁਣ ਇਸ ਕਵਿਤਾ ਵਿਚ ਜੋ ਠੇਠ ਪੰਜਾਬੀ ਵਿਚ ਹੁੰਦੀ ਸੀ, ਲਾਲਾ ਹਰਦਿਆਲ ਦੀ ਰਸਨਾ ਤੇ ਲੇਖਣੀ ਦਾ ਕੋਈ ਅੰਸ਼ ਨਹੀਂ ਸੀ। ਇਹ ਕਵਿਤਾ ਬਾਹਰੋਂ ਦੇਸ਼ਭਗਤ ਬਣਾ ਕੇ ਘੱਲਦੇ ਸਨ ਜਾਂ ਭਾਈ ਹਰਨਾਮ ਸਿੰਘ ਲਾਟ, ਜੋ ਆਸ਼ਰਮ ਵਿਚ ਕੰਮ ਕਰਨ ਵਾਲਾ ਇਕ ਪੁਰਾਣਾ ਦੇਸ਼ਭਗਤ ਸੀ, ਤਿਆਰ ਕਰਦਾ ਸੀ। ਇਸ ਲਈ ਅਸੀਂ ਗ਼ਦਰ ਲਹਿਰ ਦਾ ਉਸਤਾਦ ਭਾਈ ਹਰਦਿਆਲ ਜਾਂ ਕਿਸੇ ਇਕ ਬੰਦੇ ਨੂੰ ਨਹੀਂ ਮੰਨ ਸਕਦੇ। (‘ਮੇਰੀ ਰਾਮ ਕਹਾਣੀ’ ਵਿੱਚੋਂ)

ਭਾਈ ਸੰਤੋਖ ਸਿੰਘ ਧਰਦਿਉ

ਅਮਰੀਕਾ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਵਿਚ ਪਰਜਾ ਭਗਤ ਦੀ ਲਹਿਰ ਸਬੰਧੀ ਹਿੰਦੁਸਤਾਨ ਵਿਚ ਇਹ ਉੱਕਾ ਗ਼ਲਤ ਖ਼ਿਆਲ ਪ੍ਰਚਲਿਤ ਹੈ ਕਿ ਇਸ ਦੀ ਬੁਨਿਆਦ ਰੱਖਣ ਵਾਲੇ ਅਤੇ ਇਸ ਦੀ ਜਿੰਦ ਜਾਨ ਲਾਲਾ ਹਰਦਿਆਲ ਜੀ ਹਨ। ਹਕੀਕਤ ਵਿਚ ਗੱਲ ਇਹ ਹੈ ਕਿ ਉਥੇ ਇਹ ਖ਼ਿਆਲ ਕਿਰਤੀਆਂ ਦੇ ਵਾਯੂ ਮੰਡਲ ਵਿਚ ਰਚੇ ਹੋਏ ਹਨ ਅਤੇ ਹਿੰਦੁਸਤਾਨੀਆਂ ਦਿਆਂ ਦੁੱਖਾਂ ਨੇ ਇਹ ਖ਼ਿਆਲ ਬਹੁਤਿਆਂ ਦੇ ਮਨਾਂ ਵਿਚ ਕੁੱਟ ਕੁੱਟ ਕੇ ਭਰ ਦਿੱਤੇ ਸਨ। ਪਰੰਤੂ ਇਹਨਾਂ ਖ਼ਿਆਲਾਂ ਵਾਲੇ ਹਿੰਦੁਸਤਾਨੀਆਂ ਦੀ ਜਥੇਬੰਦੀ ਅਤੇ ਇਹਨਾਂ ਖ਼ਿਆਲਾਂ ਦਾ ਸਿਲਸਿਲੇਵਾਰ ਪ੍ਰਚਾਰ ਕਰਨ ਦੀ ਤਜਵੀਜ਼ ਕੋਈ ਦਸ ਬਾਰਾਂ ਜਾਂ ਪੰਦਰਾਂ ਆਦਮੀਆਂ ਨੇ ਕੀਤੀ ਸੀ। ਇਹਨਾਂ ਦਸਾਂ ਬਾਰਾਂ ਜਾਂ ਪੰਦਰਾਂ ਆਦਮੀਆਂ ਆਪਣੀ ਤਜਵੀਜ਼ ਆਪਣੇ ਬਾਕੀ ਸਾਥੀਆਂ ਅਤੇ ਮੇਲੀਆਂ-ਜੋਲੀਆਂ ਅੱਗੇ ਰੱਖੀ ਅਤੇ ਸਭਨਾਂ ਦੀ ਇਤਫ਼ਾਕ ਰਾਏ ਨਾਲ, ਕੰਮ ਦੇਣ ਵਾਲੇ ਵਿਦਵਾਨ ਦੀ ਭਾਲ ਕੀਤੀ ਗਈ। ਹੋਰ ਇਕ ਭਾਰੀ ਵਿਦਵਾਨ

ਨੇ ਇਨਕਾਰ ਕਰ ਦਿੱਤਾ ਤੇ ਲਾਲਾ ਹਰਦਿਆਲ ਜੀ ਨੇ ਬੇਨਤੀ ਪ੍ਰਵਾਨ ਕਰ ਲਈ। ਉਹਨਾਂ ਦਸ ਪੰਦਰਾਂ ਸੱਜਣਾਂ ਵਿੱਚੋਂ, ਜਿਨ੍ਹਾਂ ਨੇ ਜਥੇਬੰਦੀ ਅਤੇ ਸਿਲਸਿਲੇਵਾਰ ਪ੍ਰਚਾਰ ਦੀ ਤਜਵੀਜ਼ ਕੀਤੀ, ਤਜਵੀਜ਼ ਤਿਆਰ ਕਰ ਕੇ ਬਾਕੀ ਸਾਥੀਆਂ ਅੱਗੇ ਰੱਖੀ ਅਤੇ ਉਨ੍ਹਾਂ ਦੀ ਸੰਮਤੀ ਅਤੇ ਮਦਦ ਨਾਲ ਵਿਦਵਾਨਾਂ ਦੀ ਭਾਲ ਕੀਤੀ ਅਤੇ ਲਾਲਾ ਹਰਦਿਆਲ ਨੂੰ ਬੁਲਾਇਆ, ਇਕ ਸੱਜਣ ਭਾਈ ਊਧਮ ਸਿੰਘ ਜੀ (ਕਸੇਲ) ਸਨ।

ਇਸੇ ਤਰ੍ਹਾਂ ਜਦ 1914 ‘ਚ ਇਹ ਹਿੰਦੁਸਤਾਨੀ ਪਰਜਾ ਭਗਤ ਵਹੀਰਾਂ ਘੱਤ ਕੇ ਹਿੰਦੁਸਤਾਨ ਨੂੰ ਪਰਜਾ ਭਗਤੀ ਦਾ ਉਦੇਸ਼ ਲੈ ਕੇ ਆਏ, ਇਸ ਚਾਲੇ ਵਿਚ ਲਾਲਾ ਹਰਦਿਆਲ ਦਾ ਰੁਪੈ ਵਿੱਚੋਂ ਇਕ ਪਾਈ ਭੀ ਹੱਥ ਨਹੀਂ ਸੀ।

ਭਾਈ ਹਰਜਾਪ ਸਿੰਘ

ਸਵੀਡਨ ਵਿਚ ਰਹਿੰਦਿਆਂ ਲਾਲਾ (ਹਰਦਿਆਲ) ਜੀ ਨੇ ਜਰਮਨੀ ਤੇ ਤੁਰਕੀ ਵਿਚ 44 ਮਹੀਨੇ ਨਾਮ ਦੀ ਇਕ ਪੁਸਤਕ ਲਿਖੀ। ਇਸ ਕਿਤਾਬ ਵਿਚ ਜਰਮਨਾਂ ਤੇ ਤੁਰਕਾਂ ਦੇ ਬਰਖ਼ਿਲਾਫ਼ ਬਹੁਤ ਕੁਝ ਲਿਖਿਆ ਗਿਆ ਤੇ ਅੰਗਰੇਜ਼ਾਂ ਦੀ ਬੜੀ ਪ੍ਰਸੰਸਾ ਕੀਤੀ ਗਈ। ਇਸ ਕਿਤਾਬ ਵਿਚ ਤੁਰਕਾਂ ਨੂੰ ਲਾਲਾ ਜੀ ਨੇ ਮੁਰਦਾ-ਕੁੱਤਾ ਕਰਕੇ ਲਿਖਿਆ ਤੇ ‘ਅੰਗਰੇਜ਼ਾਂ ਦਾ ਏਸ਼ੀਆ ਤੇ ਖ਼ਾਸ ਤੌਰ ‘ਤੇ ਹਿੰਦੁਸਤਾਨ ਨੂੰ ਸਭਿਅਤਾ ਸਿਖਾਉਣ ਲਈ ਹੋਣਾ ਜ਼ਰੂਰੀ’ ਲਿਖਿਆ। ਇਹ ਕਿਤਾਬ ਛਪੀ ਵੀ ਇੰਗਲੈਂਡ ਵਿਚ ਸੀ। ਇਸ ਕਿਤਾਬ ਦੇ ਛਪਣ ਪਿੱਛੋਂ ਆਪ ਨੂੰ ਇੰਗਲੈਂਡ ਆਉਣ ਦੀ ਆਗਿਆ ਮਿਲ ਗਈ ਪਰ ਹਿੰਦੁਸਤਾਨ ਆਉਣ ਦੀ ਆਗਿਆ ਨਾ ਮਿਲੀ ।

ਲਾਲਾ ਜੀ ਦੇ ਖ਼ਿਆਲਾਤ ਵਿਚ ਬਹੁਤ ਭਾਰੀ ਫ਼ਰਕ ਆ ਗਿਆ ਸੀ। ਅੱਗੇ ਆਪ ਸਰਕਾਰ ਅੰਗਰੇਜ਼ੀ ਦੇ ਸਖ਼ਤ ਦੁਸ਼ਮਨ ਸਮਝੇ ਜਾਂਦੇ ਸਨ । ਹੁਣ ਆਪ ਉਸ ਦੇ ਕਸੀਦੇ ਪੜ੍ਹਨ ਲੱਗ ਪਏ ਸਨ ਜਿਸ ਦਾ ਨਤੀਜਾ ਇਹ ਹੋਇਆ ਕਿ ਮੌਜੂਦਾ ਲੜਾਈ (ਦੂਸਰੀ ਸੰਸਾਰ ਜੰਗ) ਦੇ ਆਰੰਭ ਹੋਣ ਸਮੇਂ ਆਪ ਨੂੰ ਹਿੰਦੁਸਤਾਨ ਆਉਣ ਦੀ ਖੁਲ੍ਹ ਦੇ ਦਿੱਤੀ ਗਈ । ਆਪ ਅਮਰੀਕਾ ਰਾਹੀਂ ਹਿੰਦੁਸਤਾਨ ਆ ਰਹੇ ਸਨ ਕਿ ਫਿਲੈਡਲਫੀਆ ਵਿਚ ਆਪ ਚੜ੍ਹਾਈ ਕਰ ਗਏ। ਆਪ ਅਮਰੀਕਾ ਵਿੱਚੋਂ ਸੰਨ 1914 ਵਿਚ ਨਿਕਲੇ ਸਨ । ਉਸ ਤੋਂ ਬਾਅਦ ਗ਼ਦਰ ਪਾਰਟੀ ਨਾਲ ਵੀ ਆਪ ਨੇ ਕੋਈ ਤਅੱਲਕ ਨਾ ਰੱਖਿਆ। ਯੂਰਪ ਪੁੱਜਦੇ ਸਾਰ ਹੀ ਆਪ ਨੇ ਪਾਰਟੀ ਦੇ ਜਨਰਲ ਸੈਕਟਰੀ ਦੇ ਪਦ ਤੇ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਘੱਲਿਆ ਸੀ।

ਗਿਆਨੀ ਨਾਹਰ ਸਿੰਘ ਗੁਜਰਵਾਲ

ਲਾਲਾ ਹਰਦਿਆਲ ਦਾ ਅੰਤ ਬੜਾ ਅਫ਼ਸੋਸਨਾਕ ਹੋਇਆ। ਉਹਨਾਂ ਨੇ ਜੰਗ ਜਰਮਨੀ (ਪਹਿਲੀ ਸੰਸਾਰ ਜੰਗ) ਤੋਂ ਬਾਅਦ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਲਈ ਤੇ ਲੰਡਨ ਚਲੇ ਗਏ। ਉਹਨਾਂ ਜਰਮਨੀ ਦੇ ਵਿਰੁੱਧ ਇਕ ਕਿਤਾਬ ਲਿਖੀ ਜਿਸ ਦਾ ਨਾਉਂ ਹੈ 44 ਮਹੀਨੇ ਜਰਮਨੀ ਵਿਚ | ਸਰਕਾਰ ਅੰਗਰੇਜ਼ੀ ਨੇ ਇਹ ਕਿਤਾਬ ਹਿੰਦੁਸਤਾਨ ਵਿਚ ਬੜੇ ਬੜੇ ਦਫ਼ਤਰਾਂ ਤੇ ਅਫਸਰਾਂ ਨੂੰ ਮੁਫ਼ਤ ਭੇਜੀ। ਫਿਰ ਲਾਲਾ ਜੀ ਲੰਡਨ ਤੋਂ ਅਮਰੀਕਾ ਦੇ ਸ਼ਹਿਰ ‘ਫਿਲੈਡਲਫੀਆ’ ਵਿਚ ਚਲੇ ਗਏ ਅਤੇ ਉਥੇ ਹੀ ਦਿਲ ਫ਼ੇਲ੍ਹ ਹੋਣ ਨਾਲ ਗੁਜ਼ਰ ਗਏ। ਇਹਨਾਂ ਨੂੰ ਹਿੰਦੁਸਤਾਨ ਆਉਣ ਦੀ ਖੁਲ੍ਹ ਹੋ ਗਈ, ਪਰ ਆਉਣਾ ਨਸੀਬ ਨਾ ਹੋਇਆ।

ਭਾਈ ਹਰਨਾਮ ਸਿੰਘ, ਕੋਟਲਾ ਨੌਧ ਸਿੰਘ

(ਲਾਲਾ ਹਰਦਿਆਲ ਤੋਂ ਬਾਅਦ ਬਣੇ) ਜਨਰਲ ਸਕੱਤਰ ਭਾਈ ਸੰਤੋਖ ਸਿੰਘ ਪੂਰੀ ਤਰ੍ਹਾਂ ਅੰਗਰੇਜ਼ੀ ਬੋਲ ਤੇ ਪੜ੍ਹ-ਲਿਖ ਸਕਦੇ ਸਨ। ਉਨ੍ਹਾਂ ਦਾ ਸਭਿਆਚਾਰਕ ਮਿਆਰ ਲਾਲਾ ਹਰਦਿਆਲ ਦੇ ਬਰਾਬਰ ਹੀ ਸੀ । ਇਸ ਤੋਂ ਬਿਨਾਂ ਭਾਈ ਸੰਤੋਖ ਸਿੰਘ ਵਿਚ ਹੋਰ ਜਾਤੀ ਖੂਬੀਆਂ ਵੀ ਸਨ ਜਿਸ ਤੋਂ ਲਾਲਾ ਹਰਦਿਆਲ ਵਾਂਝੇ ਸਨ । ਬਾਅਦ ਦੇ ਇਤਿਹਾਸ ਨੇ ਇਹ ਗੱਲ ਚੰਗੀ ਤਰ੍ਹਾਂ ਸਾਬਤ ਕਰ ਦਿੱਤੀ । ਜਰਮਨ ਜੰਗ ਖ਼ਤਮ ਹੋਣ ਮਗਰੋਂ ਲਾਲਾ ਹਰਦਿਆਲ ਨੇ ਆਪਣਾ ਇਨਕਲਾਬੀ ਰਾਹ ਛੱਡ ਕੇ ਕੁਝ ਪਿਛਾਂਹ-ਖਿੱਚੂ ਲੇਖ ਤੇ ਕਿਤਾਬਾਂ ਵੀ ਲਿਖੀਆਂ ਸਨ।…

ਭਾਈ ਪਿਆਰਾ ਸਿੰਘ ਲੰਗੇਰੀ

…ਸਮਾਂ ਥੋੜ੍ਹਾ ਹੈ ਨਹੀਂ ਤਾਂ ਮੈਂ ਦੱਸਾਂ ਕਿ ਅਸਾਂ ਕੈਨੇਡਾ ਵਾਸੀ ਵੀਰਾਂ ਉੱਤੇ ਕਿਸ ਤਰ੍ਹਾਂ ਝੂਠੇ ਦੂਸ਼ਨ ਥੱਪੇ ਗਏ। ਕਹਿੰਦੇ ਹਨ ਸਾਨੂੰ ਹਰਦਿਆਲ ਨੇ ਭੜਕਾ ਕੇ ਭੇਜਿਆ, ਇਹ ਕੋਰਾ ਝੂਠ ਹੈ। ਜੇ ਮੈਂ ਸਾਰੇ ਹਾਲ ਫੋਲਾਂ ਤਾਂ ਆਪ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਸਾਨੂੰ ਕੈਨੇਡਾ ਵਿਚ ਸਤਾਇਆ ਗਿਆ। ਤੀਵੀਆਂ ਤੇ ਬੱਚੇ ਉਥੇ ਲੈ ਜਾਣ ਤੋਂ ਰੋਕ ਦਿੱਤਾ ਗਿਆ। ਜਿਥੇ ਮਰਦ ਜਾਂਦਾ ਹੈ, ਉਥੇ ਉਸ ਦੀ ਤੀਵੀਂ ਕਿਉਂ ਨਾ ਜਾਵੇ ? ਇਹ ਕਿਥੋਂ ਦਾ ਨਿਆਏ ਹੈ ? ਅਸੀਂ ਵਲਾਇਤ ਵਿਚ ਤਾਰਾਂ ਤੇ ਮੇਜਰਨਾਮੇ ਭੇਜੇ। ਹਜ਼ਾਰਾਂ ਰੁਪਏ ਮੁਕੱਦਮੇ ਕਰ ਕੇ ਖ਼ਰਚ ਕੀਤੇ। ਹਿੰਦ ਵਿਚ ਸ. ਬਲਵੰਤ ਸਿੰਘ (ਖੁਰਦਪੁਰ) ਦਾ ਜਥਾ ਭੇਜਿਆ, ਕਿਸੇ ਨਾ ਸੁਣੀ। ਉਥੋਂ ਦੋ ਸਿੰਘਾਂ ਦੇ ਟੱਬਰ ਆ ਗਏ, ਉਨ੍ਹਾਂ ਨੂੰ ਚੜ੍ਹਨ ਤੋਂ ਰੋਕਿਆ ਗਿਆ, ਅਸੀਂ ਸਾਰੇ ਕੈਨੇਡਾ ਵਾਸੀ ਮਰਨ ‘ਤੇ ਤਿਆਰ ਹੋ ਪਏ। ਫਿਰ ਉਨ੍ਹਾਂ ਨੂੰ ਆਗਿਆ ਮਿਲੀ । ਕਾਮਾਗਾਟਾਮਾਰੂ ਦੇ ਭਿਆਨਕ ਸਾਕੇ ਨੇ ਸਾਡੇ ਕਲੇਜੇ ਵਿੰਨ੍ਹ ਦਿੱਤੇ। ਅਸੀਂ ਉਹ ਦੇਸ਼ ਛੱਡ ਕੇ ਆਪਣੇ ਵਤਨ ਆ ਗਏ ਕਿ ਦੇਸ਼ ਵਾਸੀਆਂ ਨੂੰ ਕੋਈ ਗ਼ੈਰਤ ਦਵਾਈਏ ਤੇ ਜਗਾਈਏ, ਪਰ ਸਾਨੂੰ ਆਉਂਦਿਆਂ ਨੂੰ ਜੇਲ੍ਹਾਂ ਵਿਚ ਪਾ ਦਿੱਤਾ ਗਿਆ।

ਕਿਰਤੀ (ਮਾਸਿਕ)

ਅਖ਼ਬਾਰਾਂ ਵਿਚ ਖ਼ਬਰ ਪ੍ਰਕਾਸ਼ਤ ਹੋਈ ਹੈ ਕਿ ਲਾਲਾ ਹਰਦਿਆਲ ਜੀ ਐਮ.ਏ. ਤੋਂ ਸਰਕਾਰ ਨੇ ਸਾਰੀਆਂ ਬੰਦਸ਼ਾਂ ਹਟਾ ਲਈਆਂ ਹਨ ਅਤੇ ਉਹ ਛੇਤੀ ਹੀ ਹਿੰਦੁਸਤਾਨ ਆਉਣ ਵਾਲੇ ਹਨ…ਅਫ਼ਸੋਸ ਇਸ ਗੱਲ ਦਾ ਹੈ ਕਿ ਉਹ ਲਾਲਾ ਹਰਦਿਆਲ…ਜਿਹੜਾ ਸਰਕਾਰ ਅੰਗਰੇਜ਼ੀ ਦਾ ਜਾਨੀ ਵੈਰੀ ਅਤੇ ਇਸ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨਾ ਇਕ ਵੱਡਾ ਭਾਰੀ ਪਾਪ ਖ਼ਿਆਲ ਕਰਦਾ ਸੀ। ਅੱਜ ਸਾਰੇ ਅਸੂਲਾਂ ਨੂੰ ਲਾਂਭੇ ਰੱਖਦਾ ਹੋਇਆ ਫ਼ਿਰਕੇਵਾਰਾਨਾ ਵੈਹਣਾਂ ਵਿਚ ਬਹਿ ਗਿਆ ਹੈ ਅਤੇ ਸਰਕਾਰ ਨਾਲ ਸਮਝੌਤਾ ਕਰ ਕੇ ਵਾਪਸ ਆ ਰਿਹਾ ਹੈ। ਲਾਲਾ ਜੀ ਨੇ ਜਿਹੜੀ ਕੁਰਬਾਨੀ ਕੀਤੀ ਸੀ ਉਹ ਲਾਲਾ ਜੀ ਵਰਗਾ ਤਗੜਾ ਆਦਮੀ ਹੀ ਕਰ ਸਕਦਾ ਹੈ…ਪਰ ਸਾਨੂੰ ਇਹ ਗੱਲ ਕਹਿਣ ਵਿਚ ਰਤਾ ਵੀ ਝਿਜਕ ਨਹੀਂ ਹੈ ਕਿ ਲਾਲਾ ਜੀ ਹੁਣ ਉਹ ਲਾਲਾ ਜੀ ਨਹੀਂ ਰਹੇ ਜਿਹੜੇ ਕਿ ਗੱਭਰੂ ਹੋਣ ਦੇ ਸਮੇਂ ਵਿਚ ਸਨ। ਹੁਣ ਕਿਸੇ ਵੀ ਕੌਮਪ੍ਰਸਤ ਨੂੰ ਇਸ ਗੱਲੋਂ ਇਨਕਾਰ ਨਹੀਂ ਹੈ ਕਿ ਇਹ ਸਾਰੇ ਸੱਜਣ (ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ, ਸਾਵਰਕਰ, ਮੌਲਾਨਾ ਹਸਰਤ ਮੁਹਾਨੀ) ਫ਼ਿਰਕਾਵਾਰਾਨਾ ਵੈਹਣਾਂ ਵਿਚ ਵਹਿ ਗਏ ਹਨ ਅਤੇ ਮੁਲਕ ਲਈ ਅਤੀ ਹਾਨੀਕਾਰਕ ਸਾਬਤ ਹੋ ਰਹੇ ਹਨ। ਐ ਕਾਸ਼! ਕਿ ਲਾਲਾ ਹਰਦਿਆਲ ਜੀ, ਕਿਸੇ ਹੋਰ ਦਸ਼ਾ ਵਿਚ ਹਿੰਦੁਸਤਾਨ ਵਿਚ ਆਉਂਦੇ ਤਾਂ ਜੋ ਅਸੀਂ ਆਪ ਨੂੰ ਵਧਾਈ ਦੇ ਸਕਦੇ।

 

ਗ਼ਦਰੀ ਬਾਬਿਆਂ ਦੇ ਸਿੱਖੀ ਪ੍ਰੇਮ ਦੀਆਂ ਕੁੱਝ ਅਕੱਟ ਗਵਾਹੀਆਂ

  1. ਬਾਬਾ ਜਵਾਲਾ ਸਿੰਘ, ਠੱਠੀਆਂ (ਅੰਮ੍ਰਿਤਸਰ)

ਬਾਬਾ ਜਵਾਲਾ ਸਿੰਘ ਜੀ ਸਟਾਕਟਨ ਦੇ ਨੇੜੇ, ਦਰਿਆਏ ਸੈਕਰੇਮੈਂਟੋ ਤੋਂ ਪਾਰ, ਰਿੰਜ ਟਰੈਕਟ ਵਿਚ ਕੰਮ ਕਰਦੇ ਸੀ। ਅਜੇ ਫ਼ਾਰਮ ਹੋਲਟ ਨਹੀਂ ਸੀ ਗਏ…ਬਾਬਾ ਵਿਸਾਖਾ ਸਿੰਘ ਜੀ ਤੇ ਹੋਰ ਕਈ ਗੁਰਮੁਖ ਇਨ੍ਹਾਂ ਦੇ ਨਾਲ ਸਨ। ਇਨ੍ਹਾਂ ਸੱਜਣਾਂ ਦੀ ਰਹੁ-ਰੀਤ, ਕ੍ਰਿਯਾ ਤੇ ਮਰਯਾਦਾ ਪੁਰਾਣੇ ਗੁਰਸਿੱਖਾਂ ਦੇ ਜੀਵਨ ਦੀ ਇਕ ਪ੍ਰਤੱਖ ਝਾਕੀ ਸੀ। ਮਾਈ-ਭਾਈ ਦਾ ਭੈਣ- ਭਰਾਵਾਂ ਵਾਗੂੰ ਇਕੱਠੇ ਰਹਿਣਾ ਅਤੇ ਕਿਰਤ ਕਰ ਕੇ ਵੰਡ ਛਕਣਾ “ਗੁਰਸਿਖ ਮੀਤ ਚਲਹੁ ਗੁਰ ਚਾਲੀ” ਦੀ ਜਿਊਂਦੀ ਜਾਗਦੀ ਮਿਸਾਲ ਸੀ। (‘ਜੀਵਨ ਕਥਾ ਸੰਤ ਤੇਜਾ ਸਿੰਘ ਜੀ’, ਸਫ਼ੇ 94-95)

  1. ਬਾਬਾ ਵਸਾਖਾ ਸਿੰਘ, ਦਦੇਹਰ (ਅੰਮ੍ਰਿਤਸਰ)

ਬਾਬਾ ਵਸਾਖਾ ਸਿੰਘ ਜੀ ਕਿਹਾ ਕਰਦੇ ਸਨ:

“ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸਮੇਸ਼ ਜੀ ਦੀ ਕਰਨੀ ਹੈ ਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਈ: ਵਿਚ ਕਿਹੜੀ ਰੂਸੀ ਸਾਂਝੀਵਾਲਤਾ ਸੀ ਜਦੋਂ ਤੋਂ ਸਰਬੱਤ ਦਾ ਭਲਾ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ ਹੈ ? ਮੈਂ ਜੋ ਕੁਝ ਲਿਆ ਹੈ ਇਹ ਗੁਰੂ ਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗ਼ਰੀਬ ਦੁਖੀ ਦੁਨੀਆਂ ਦਾ ਬੜਾ ਭਲਾ ਕੀਤਾ ਹੈ ਪਰ ਇਸ ਵਿਚ ਅਜੇ ਤਰੁੱਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ। ਕਮਿਊਨਿਜ਼ਮ ਸਿੱਖੀ ਦਾ ਇਕ ਅੰਗ ਹੈ, ਇਹ ਸਿੱਖੀ ਵਿਚ ਸਮਾ ਸਕਦਾ ਹੈ ਪਰ ਸਿੱਖੀ ਇਸ ਵਿਚ ਨਹੀਂ ਸਮਾ ਸਕਦੀ। ਗੁਰੂ ਕਾ ਲੰਗਰ, ਸਾਂਝੀ ਸੇਵਾ, ‘ਤੇਰਾ ਘਰ ਸੋ ਮੇਰਾ ਘਰ’ ਇਸ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰ ਕੇ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਰਾਹ ਦੱਸਿਆ।” (ਬਿਕਰਮ ਸਿੰਘ ਘੁੰਮਣ, ਸੰਤ ਬਾਬਾ ਵਿਸਾਖਾ ਸਿੰਘ’, ਸਫ਼ਾ 191)

  1. ਭਾਈ ਸੰਤੋਖ ਸਿੰਘ, ਧਰਦਿਉ (ਅੰਮ੍ਰਿਤਸਰ)

ਆਪ ਦੇ ਖ਼ਿਆਲਾਤ ਸੰਬੰਧੀ ਇਹ ਜ਼ਾਹਰ ਕਰਨਾ ਜ਼ਰੂਰੀ ਹੈ ਕਿ ਆਪ ਸੋਸ਼ਲਿਜ਼ਮ ਦੇ ਨਾਲ ਨਾਲ ਮਜ਼ਹਬ ‘ਤੇ ਵੀ ਪੂਰਾ ਵਿਸ਼ਵਾਸ ਰੱਖਦੇ ਸਨ। ਖ਼ਤਰਨਾਕ ਤੋਂ ਖ਼ਤਰਨਾਕ ਸਮੇਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਆਪ ਸਦਾ ਨਾਲ ਰੱਖਦੇ ਸਨ। ਕੋਈ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਲਏ ਤੋਂ ਬਿਨਾਂ ਨਹੀਂ ਸਨ ਕਰਦੇ। ਇੱਥੋਂ ਤਕ ਕਿ ਕਿਰਤੀ ਅਖ਼ਬਾਰ ਨੂੰ ਜਾਰੀ ਕਰਨ ਲੱਗਿਆਂ ਵੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਸੀ ਜੋ ਅਖ਼ਬਾਰ ਦੇ ਪਹਿਲੇ ਪਰਚੇ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ। ਆਪ ਬੜੀ ਸਾਦਾ ਜ਼ਿੰਦਗੀ ਗੁਜ਼ਾਰਦੇ ਸਨ। ਖ਼ੁਰਾਕ ਕੇਵਲ ਭੁੱਖ ਦੂਰ ਕਰਨ ਵਾਸਤੇ ਖਾਂਦੇ ਸਨ। ਐਸ਼ ਦਾ ਤਾਂ ਕਦੀ ਖ਼ਿਆਲ ਵੀ ਆਪ ਨੂੰ ਨਹੀਂ ਸੀ ਆਇਆ। ਆਪਣੀ ਖ਼ੁਰਾਕ ਦਾ ਖ਼ਿਆਲ ਨਾ ਰੱਖਣ ਕਾਰਨ ਹੀ ਆਪ ਛੇਤੀ ਚਲਾਣਾ ਕਰ ਗਏ। (‘ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ, ਸਕੇ 70-71)

  1. ਬਾਬਾ ਸੋਹਣ ਸਿੰਘ ਭਕਨਾ (ਅੰਮ੍ਰਿਤਸਰ)

ਲਾਹੌਰ ਕੇਸ ਵਿਚ ਜਦੋਂ ਸਾਨੂੰ ਮੌਤ ਦੀ ਸਜ਼ਾ ਹੋਈ ਤਾਂ ਅਸੀਂ ਫ਼ੈਸਲਾ ਕੀਤਾ ਕਿ ਜੇਲ੍ਹ ਵਿਚ ਟੋਪੀ ਨਹੀਂ ਪਾਉਣੀ ਕਿਉਂਕਿ ਇਹ ਸਿੱਖ ਰਹਿਤ ਮਰਯਾਦਾ ਦੇ ਖ਼ਿਲਾਫ਼ ਹੈ। ਨਾਂਹ ਕਰਨ ਉੱਤੇ ਪਹਿਲੀ ਸਜ਼ਾ ਮਾਸਟਰ ਚਤਰ ਸਿੰਘ ਨੂੰ ਮਿਲੀ -ਪੁੱਠੀ ਹਥਕੜੀ। ਐਜੀਟੇਸ਼ਨ ਵਧਦੀ ਵੇਖ ਕੇ ਅਚਾਨਕ ਸਾਨੂੰ ਪਗੜੀ ਕੱਪੜੇ ਦੇ ਕੇ, ਬੇੜੀਆਂ ਲਾ ਕੇ ਅੰਡੇਮਾਨ ਭੇਜ ਦਿੱਤਾ ਗਿਆ। ਜਿਥੇ ਕੌਮੀ ਅਣਖ ਤੇ ਧਰਮ ਦੀ ਹਾਨੀ ਹੋਵੇ, ਅਸੀਂ ਸਦਾ ਅੜ ਜਾਂਦੇ ਸਾਂ । (ਲਾਹੌਰ ਜੇਲ੍ਹ ਵਿਚ) ਗ਼ੈਰ-ਸਿਆਸੀ ਜੱਟ ਸਿੱਖ ਦਲਿਤਾਂ ਨੂੰ ਪੰਗਤ (ਕਤਾਰ) ਵਿਚ ਨਾ ਬੈਠਣ ਦਿਆ ਕਰਨ। 15 ਕੁ ਦਿਨ ਮੈਂ ਇਕੱਲੇ ਨੇ ਮਰਨ ਵਰਤ ਰੱਖਿਆ। ਜਦ ਡਟਿਆ ਰਿਹਾ ਤਾਂ ਉਨ੍ਹਾਂ ਨੂੰ ਬਰਾਬਰ ਦੇ ਹੱਕ ਮਿਲ ਗਏ…। (ਪ੍ਰਿੰ. ਪ੍ਰੇਮ ਸਿੰਘ ਬਜਾਜ, ‘ਦੋ ਪੈੜਾਂ ਇਤਿਹਾਸ ਦੀਆਂ’, ਸਫ਼ੇ 69-70)

ਇਕ ਨਵੰਬਰ 1917 ਨੂੰ ਭਾਨ ਸਿੰਘ ਜੀ (ਸੁਨੇਤ) ਨੂੰ ਮਾਰਿਆ ਗਿਆ ਅਤੇ ਦੋ ਨਵੰਬਰ ਨੂੰ…(ਬਹੁਤ) ਸਾਰੇ ਇਨਕਾਰੀ ਹੋ ਗਏ ਤੇ ਕੰਮ ਕਰਨਾ ਛੱਡ ਦਿੱਤਾ । ਭਾਈ ਸੋਹਣ ਸਿੰਘ ਜੀ ਨੇ ਖਾਣਾ ਵੀ ਛੱਡ ਦਿੱਤਾ। ਹੁਣ ਜੇਲ੍ਹਰ ਦੇਸ਼ ਭਗਤਾਂ ਨੂੰ ਵੰਨ ਸਵੰਨੀਆਂ ਤਕਲੀਫ਼ਾਂ ਦੇਣ ਲੱਗਾ । ਜਿਨ੍ਹਾਂ ਦੋਂਹ ਭਾਈਆਂ ਨੇ ਖਾਣਾ ਖਾਣਾ ਛੱਡਿਆ ਹੋਇਆ ਸੀ, ਉਨ੍ਹਾਂ ਨੂੰ ਜੇਲ੍ਹਰ ਭੰਗੀ ਤੋਂ ਉਠਵਾ ਕੇ ਰੋਜ਼ ਦੁੱਧ ਪਲੌਣ ਲਈ ਘੱਲਦਾ ਹੁੰਦਾ ਸੀ। ਇਹ ਦੋਵੇਂ ਆਪਣੇ ਭੰਗੀ ਭਰਾਵਾਂ ਨਾਲ ਖੂਬ ਜੱਫ਼ੀਆਂ ਪੌਂਦੇ ਅਤੇ ਆਪਣੇ ਧੰਨ ਭਾਗ ਸਮਝਦੇ ਕਿ ਸਾਨੂੰ ਵੀ ਆਪਣੇ ਭੰਗੀ ਭਰਾਵਾਂ ਦੇ ਪਵਿਤ ਹੱਥ ਲੱਗਦੇ ਹਨ। ਅਖ਼ੀਰ ਨੂੰ ਜਦ ਜੇਲ੍ਹਰ ਏਸ ਪਾਲਸੀ ਨਾਲ ਵੀ ਖਾਣਾ ਖਾਵੌਣ ਵਿਚ ਕਾਮਯਾਬ ਨਾ ਹੋਇਆ ਤੇ ਫੇਰ ਉਹ ਠੰਡੇ ਪਾਣੀ ਨਾਲ ਉਨ੍ਹਾਂ ਨੂੰ ਗੁਸਲ ਕਰਾ ਕੇ ਕੋਠੀ ਵਿਚ ਬਿਨਾ ਕਿਸੇ ਕੰਬਲ ਦੇ ਹੀ ਸੁੱਟ ਦੇਂਦਾ। ਭਾਈ ਸੋਹਣ ਸਿੰਘ ਜੀ ਨੂੰ ਬਵਾਸੀਰ ਦੀ ਬਿਮਾਰੀ ਸੀ ਉਹ ਬਹੁਤ ਜ਼ੋਰ ਫੜ ਗਈ। ਜਦ ਹਿੰਦੁਸਤਾਨੀ ਡਾਕਟਰ ਨੇ ਸੁਪ੍ਰਟੰਡੰਟ ਨੂੰ ਕਿਹਾ ਕਿ ਏਸ ਦੀ ਬਿਮਾਰੀ ਬਹੁਤ ਵੱਧ ਗਈ ਹੈ ਏਸ ਕਰਕੇ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਾ ਦਿਉ, ਤਾਂ ਉਸਨੇ ਸਾਫ਼ ਨਾਂਹ ਕਰ ਦਿੱਤੀ ਕਿ ਜਦ ਤਕ ਉਹ ਰੋਟੀ ਨਹੀਂ ਖਾਂਦਾ, ਭਾਵੇਂ ਕੁਝ ਹੋਵੇ ਮੈਂ ਹਸਪਤਾਲ ਵਿਚ ਦਾਖ਼ਲ ਨਹੀਂ ਕਰਾਂਗਾ। ਡਾਕਟਰ ਨੇ ਭਾਈ ਹੁਰਾਂ ਨੂੰ ਕਿਹਾ ਕਿ ਮੈਂ ਆਪਦੀ ਪਰਾਈਵੇਟ ਦਵਾਈ ਕਰ ਦਿੰਦਾ ਹਾਂ ਪਰ ਉਸ ਨੇ ਇਸ ਨੂੰ ਈਮਾਨਦਾਰੀ ਦੇ ਵਿਰੁੱਧ ਸਮਝਿਆ ਅਤੇ ਹਿੰਦੁਸਤਾਨੀ ਡਾਕਟਰ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ, “ਐਸੀ ਦਵਾਈ ਕਰਨ ਵਿਚ ਮੈਂ ਆਪਣੇ ਸਿੱਖ ਧਰਮ ਅਤੇ ਦੇਸ਼ ਭਗਤੀ ਦੇ ਅਸੂਲ ਦੇ ਵਿਰੁੱਧ ਸਮਝਦਾ ਹਾਂ।” (ਸ਼ਹੀਦ ਭਾਈ ਊਧਮ ਸਿੰਘ ਕਸੇਲ, ‘ਯਾਦੇਂ ਰਫ਼ਤਗਾਨ’, ਵਿੱਚੋਂ)

  1. ਭਾਈ ਰਤਨ ਸਿੰਘ, ਰਾਏਪੁਰ ਡੱਬਾ (ਜਲੰਧਰ)

ਅਮਰੀਕਾ ਵਿਚ ਰੇਲਗੱਡੀਆਂ ਦੋ ਹਿੱਸਿਆਂ ਵਿਚ ਵੰਡੀਆਂ ਹੋਈਆਂ ਹਨ। ਇਕ ਉਹ ਡੁੱਬੇ, ਜਿਨ੍ਹਾਂ ਵਿਚ ਤਮਾਕੂ ਪੀਣ ਵਾਲੇ ਬਹਿੰਦੇ ਹਨ ਤੇ ਦੂਜੇ ਡੱਬੇ ਦੂਸਰੇ ਸੱਜਣਾਂ ਵਾਸਤੇ ਹੁੰਦੇ ਹਨ। ਇਕ ਗੱਲ ਹਰ ਇਕ ਆਦਮੀ ਜਾਣਦਾ ਹੈ ਕਿ ਤਮਾਕੂ ਨਾ ਪੀਣ ਵਾਲੇ ਸੱਜਣਾਂ ਨੂੰ, ਜੇ ਇਸ ਦੇ ਸੇਵਨ ਕਰਨ ਵਾਲੇ ਕਮਰੇ ਵਿਚ ਬਿਠਾ ਦਿੱਤਾ ਜਾਵੇ ਤਾਂ ਉਸ ਦਾ ਦਮ ਘੁਟਣ ਲੱਗ ਪੈਂਦਾ ਹੈ ਪਰ ਹਿੰਦੁਸਤਾਨ ਦੇ ਸਿੱਖਾਂ ਲਈ, ਜੋ ਤਮਾਕੂ ਨੂੰ ਮਜ਼ਹਬੀ ਤੌਰ ‘ਤੇ ਹਰਾਮ ਸਮਝਦੇ ਹਨ, ਅਜਿਹੇ ਕਸਬਿਆਂ ਵਿਚ ਬੈਠਣਾ ਤਾਂ ਨਰਕ ਦੇ ਬਰਾਬਰ ਹੋ ਜਾਂਦਾ ਹੈ।

ਪਰ ਸਾਡੀ ਬਦਕਿਸਮਤੀ ਕਿ ਰੇਲ ਦੇ ਹਾਕਮਾਂ ਵੱਲੋਂ ਸਾਨੂੰ ਉਨ੍ਹਾਂ ਡੱਬਿਆਂ ਵਿਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਸਾਰੀ ਕਾਰਵਾਈ ਰੰਗ ਤੇ ਨਸਲ ਦਾ ਭੇਦ ਕਰਕੇ ਕੀਤੀ ਜਾਂਦੀ ਸੀ । ਸਿੱਖਾਂ ਨੇ ਅਜਿਹੇ ਡੱਬਿਆਂ ਵਿਚ ਸਫ਼ਰ ਕਰਨ ਲਈ ਆਪਣੀਆਂ ਮੁਸ਼ਕਲਾਂ ਦੀ ਸ਼ਿਕਾਇਤ ਕਈ ਵਾਰ ਕੀਤੀ ਪਰ ਕਿਸੇ ਨੇ ਕੁਝ ਨਾ ਸੁਣਿਆ। ਕਈ ਵਾਰ ਝਗੜੇ ਵੀ ਹੋਏ, ਤੂੰ-ਤੂੰ, ਮੈਂ-ਮੈਂ ਤਕ ਵੀ ਗੱਲ ਪੁੱਜ ਜਾਂਦੀ। ਕਈ ਵਾਰ ਤਾਂ ਕੇਵਲ ਆਮ ਡੱਬਿਆਂ ਵਿਚ ਬੈਠਣ ਤੋਂ ਸਾਡੇ ਭਰਾਵਾਂ ਨੂੰ ਰੋਕਿਆ ਹੀ ਨਹੀਂ ਜਾਂਦਾ, ਸਗੋਂ ਘਣੇ ਜੰਗਲਾਂ ਵਿਚ ਗੱਡੀ ਨੂੰ ਰੋਕ ਕੇ ਜ਼ਬਰਦਸਤੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ। ਇਹ ਘਟਨਾ ਇਕ ਵਾਰ ਭਾਈ ਰਤਨ ਸਿੰਘ ਜੀ ਸਾਬਕਾ ਪ੍ਰਧਾਨ ਗ਼ਦਰ ਪਾਰਟੀ ਨਾਲ ਵੀ ਵਾਪਰੀ। ਆਪ ਪੈਰਿਜ਼ਵਿਲ ਤੋਂ ਕਲੂਸਾ ਨੂੰ ਜਾਣ ਵਾਲੀ ਬਰਾਂਚ ਲਾਈਨ ਦੇ ਇਕ ਡੱਬੇ ਵਿਚ ਸਫ਼ਰ ਕਰ ਰਹੇ ਸਨ। ਇਕ ਰੇਲਵੇ ਅਫ਼ਸਰ ਨੇ ਇਸ ਉਤੇ ਇਤਰਾਜ਼ ਕੀਤਾ। ਭਾਈ ਰਤਨ ਸਿੰਘ ਜੀ ਨੇ ਆਪਣੇ ਧਾਰਮਿਕ ਨਿਸਚੇ ਨੂੰ ਚੰਗੀ ਤਰਾਂ ਪ੍ਰਗਟ ਕੀਤਾ ਤੇ ਉਸੇ ਕਮਰੇ ਵਿਚ ਬੈਠਣ ਲਈ ਜ਼ਿੱਦ ਕੀਤੀ ਜਿਸ ‘ਤੇ ਉਥੇ ਹੀ ਗੱਡੀ ਖੜੀ ਕਰ ਕੇ ਕੁਝ ਗੋਰਿਆਂ ਦੀ ਸਹਾਇਤਾ ਨਾਲ ਜ਼ਬਰਦਸਤੀ ਗੱਡੀ ਤੋਂ ਉਤਾਰ ਦਿੱਤਾ ਗਿਆ। (ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ’, ਸਫ਼ਾ 65)

  1. ਭਾਈ ਕੇਸਰ ਸਿੰਘ, ਠੱਠਗੜ੍ਹ (ਅੰਮ੍ਰਿਤਸਰ)

ਭਾਈ ਕੇਸਰ ਸਿੰਘ ਠੱਠਗੜ੍ਹ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਸਨ । ਉਨ੍ਹਾਂ ਦਾ ਅਮਰੀਕਾ ਦੇ ਸਿੱਖਾਂ ਵਿਚ ਬਹੁਤ ਰਸੂਖ਼ ਸੀ। ਉਹ ਗੁਰਦੁਆਰਾ ਅਸਟੋਰੀਆ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਜਦੋਂ ਬਾਬਾ ਜਵਾਲਾ ਸਿੰਘ, ਬਾਬਾ ਵਸਾਖਾ ਸਿੰਘ ਅਤੇ ਭਾਈ ਸੰਤੋਖ ਸਿੰਘ ਨੇ ਦੇਸ਼ ਤੇ ਕੌਮ ਦੀ ਸੇਵਾ ਲਈ ਆਪਣਾ ਤਨ ਮਨ ਅਤੇ ਧਨ ਅਰਪਨ ਕਰਨ ਦੇ ਅਰਦਾਸੇ ਸੋਧ ਦਿੱਤੇ ਤਾਂ ਇਸ ਦਾ ਭਾਈ ਕੇਸਰ ਸਿੰਘ ‘ਤੇ ਖ਼ਾਸ ਅਸਰ ਹੋਇਆ। ਉਹ ਆਪਣੇ ਨੇੜਲੇ ਸਾਥੀਆਂ ਨੂੰ ਇਹਨਾਂ ਭਾਈਆਂ ਦੀ ਮਿਸਾਲ ‘ਤੇ ਅਮਲ ਕਰਨ ਲਈ ਪ੍ਰੇਰਨ ਲੱਗੇ। ਆਪ ਜੀ ਨੂੰ ਲਾਹੌਰ ਸਾਜ਼ਸ਼ ਕੇਸ ਵਿਚ ਫਾਂਸੀ ਸੁਣਾਈ ਗਈ ਅਤੇ ਬਾਅਦ ਵਿਚ ਸਰਕਾਰ ਨੇ ਆਪੇ ਹੀ ਘਟਾ ਕੇ ਉਮਰ ਕੈਦ, ਜਾਇਦਾਦ ਜ਼ਬਤੀ, ਕਾਲੇਪਾਣੀ ਕਰ ਦਿੱਤੀ।

  1. ਭਾਈ ਕਰਤਾਰ ਸਿੰਘ, ਨਵਾਂ ਚੰਦ (ਫ਼ਿਰੋਜ਼ਪੁਰ)

ਆਪ 1907 ਵਿਚ ਵੈਨਕੂਵਰ ਗਏ। ਉਥੇ ਆਪਣੇ ਕਾਰ-ਵਿਹਾਰ ਦੇ ਨਾਲ ਹੀ ਪੰਥਕ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ। 1915 ਵਿਚ ਗ਼ਦਰ ਲਹਿਰ ਵਿਚ ਹਿੱਸਾ ਲੈਣ ਲਈ ਕੋਲੰਬੋ ਦੇ ਰਸਤੇ ਹਿੰਦੁਸਤਾਨ ਨੂੰ ਆਏ। ਲੁਧਿਆਣੇ ਪਹੁੰਚਣ ਪਰ ਆਪ ਨੂੰ ਨਜ਼ਰਬੰਦ ਕਰ ਕੇ ਕੈਮਲਪੁਰ (ਪਾਕਿ) ਜੇਲ੍ਹ ਭੇਜਿਆ ਗਿਆ। ਫਿਰ ਤੀਜਾ ਮੁਕੱਦਮਾ ਸਾਜ਼ਸ਼ ਲਾਹੌਰ ਵਿਚ 5 ਜਨਵਰੀ 1917 ਨੂੰ ਫਾਂਸੀ ਦੀ ਸਜ਼ਾ ਹੋਈ, ਜੋ ਪਿੱਛੋਂ ਉਮਰ ਕੈਦ ਵਿਚ ਬਦਲ ਦਿੱਤੀ ਗਈ। ਆਪ ਲਾਹੌਰ, ਹਜ਼ਾਰੀਬਾਗ਼, ਰਾਜਮੰਦਰੀ, ਨਾਗਪੁਰ ਜੇਲ੍ਹਾਂ ਵਿਚ ਰਹੇ। ਉਥੇ ਹੀ ਆਪ ਦਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਮਿਲਾਪ ਹੋਇਆ। ਆਪ ਪੂਰੇ ਵੀਹ ਸਾਲ ਬਾਅਦ ਰਿਹਾ ਹੋਏ। ਬਾਹਰ ਆ ਕੇ ਗੁਰਬਾਣੀ ਦੀਆਂ ਪੁਰਾਣੀਆਂ ਲਿਖਤੀ ਪੋਥੀਆਂ ਤੇ ਬੀੜਾਂ ਦੀ ਖੋਜ ਸ਼ੁਰੂ ਕੀਤੀ। “ਅੰਮ੍ਰਿਤ ਕੀ ਹੈ”, “ਉਮਰ ਕੈਦੀ ਦਾ ਸੁਪਨਾ” ਤੇ “ਨਵੀਂ ਦੁਨੀਆਂ” ਨਾਮੇਂ ਤਿੰਨ ਪੁਸਤਕਾਂ ਲਿਖੀਆਂ। ਆਪ ਬੜੇ ਪ੍ਰੇਮੀ, ਤਿਆਗੀ ਅਤੇ ਬੈਰਾਗੀ, ਨਾਮ-ਅਭਿਆਸੀ ਗੁਰਮੁਖ ਸੱਜਣ ਸਨ। ਅਜੇ ਆਪ ਗੁਰਬਾਣੀ ਦੀ ਖੋਜ ‘ਤੇ ਹੋਰ ਪੁਸਤਕਾਂ ਰਚਣ ਆਦਿ ਦੇ ਕਈ ਕੰਮ ਕਰਨ ਵਾਲੇ ਸਨ ਕਿ 4 ਅਪ੍ਰੈਲ 1944 ਨੂੰ ਧੁਰ ਕੇ ਸੱਦੇ ਆ ਗਏ।

  1. ਭਾਈ ਅਮਰ ਸਿੰਘ, ਸ਼ੇਰਪੁਰ (ਲੁਧਿਆਣਾ)

ਜਦੋਂ ਮਾਸਟਰ ਚਤਰ ਸਿੰਘ ਨੂੰ (ਅੰਡੇਮਾਨ ਜੇਲ ਅੰਦਰ) ਜੰਗਲੇ (ਪਿੰਜਰੇ) ਵਿਚ ਪਿਆਂ ਚਾਰ ਸਾਲ ਤੋਂ ਵਧੀਕ ਹੋ ਗਏ ਤਾਂ ਉਹਨਾਂ ਦੀ ਹਾਲਤ ਬੜੀ ਭੈੜੀ ਹੋ ਗਈ ਤਾਂ ਭਾਈ ਸੋਹਣ ਸਿੰਘ ਜੀ (ਭਕਨਾ) ਨੇ ਇਕ ਦਿਨ ਪਰੇਡ ਵਿਚ ਸੁਪ੍ਰਟੰਡੰਟ ਨੂੰ ਕਿਹਾ ਕਿ ਚਤਰ ਸਿੰਘ ਨੂੰ ਪਿੰਜਰਿਉਂ ਕੱਢ ਦਿਉ ਪਰ ਉਸ ਨੇ ਅੰਗਰੇਜ਼ਾਂ ਵਾਲਾ ਹੀ ਜਵਾਬ ਦਿੱਤਾ ਕਿ ਤੂੰ ਆਪਣੇ ਲਈ ਆਖ, ਦੂਜੇ ਨਾਲ ਤੈਨੂੰ ਕੀ ਵਾਸਤਾ ? ਇਸ ’ਤੇ ਭਾਈ ਸੋਹਣ ਸਿੰਘ ਜੀ ਨੇ 21 ਜੁਲਾਈ 1921 ਨੂੰ ਖਾਣਾ-ਪੀਣਾ ਛੱਡ ਦਿੱਤਾ।

ਜਦੋਂ ਦੋ ਮਹੀਨੇ ਲੰਘੇ ਤਾਂ ਬਾਕੀ ਦੇਸ਼ਭਗਤ ਵੀ (ਕੰਮ ਤੋਂ) ਇਨਕਾਰ ਲਈ ਤਿਆਰ ਹੋ ਗਏ। ਇਹ ਖ਼ਬਰ ਜੇਲ੍ਹ ਵਾਲਿਆਂ ਨੂੰ ਮਿਲੀ ਤਾਂ 28 ਨਵੰਬਰ 1920 ਨੂੰ ਭਾਈ ਚਤਰ ਸਿੰਘ ਨੂੰ ਪਿੰਜਰੇ ਵਿੱਚੋਂ ਕੱਢ ਦਿੱਤਾ।

ਭਾਈ ਸੋਹਨ ਸਿੰਘ ਨਾਲ ਭਾਈ ਅਮਰ ਸਿੰਘ ਇੰਜੀਨੀਅਰ ਅਤੇ ਭਾਈ ਬਿਸ਼ਨ ਸਿੰਘ ਵੀ (ਕੰਮ ਤੋਂ) ਇਨਕਾਰੀ ਹੋ ਕੇ ਕੋਠੀ ਵਿਚ ਬੈਠੇ ਹੋਏ ਸਨ । ਭਾਈ ਅਮਰ ਸਿੰਘ ਜੀ ਤਾਂ ਭਜਨ ਵਿਚ ਐਨੇ ਮਸਤ ਹੋ ਗਏ ਕਿ ਮਾਸਟਰ ਚਤਰ ਸਿੰਘ ਜੀ ਦੇ (ਪਿੰਜਰਿਉਂ) ਬਾਹਰ ਆ ਜਾਣ ‘ਤੇ ਵੀ ਉਹ ਬਾਹਰ ਨਹੀਂ ਔਣਾ ਚਾਹੁੰਦੇ ਸਨ। 24 ਘੰਟੇ ਭਜਨ ਬੰਦਗੀ ਵਿਚ ਹੀ ਸੇ ਰਹਿੰਦੇ ਸਨ। ਸਾਡੇ ਕਹਿਣ ਸੁਣਨ ‘ਤੇ ਆਪ ਨੇ ਕਿਹਾ ਕਿ ਨਾ ਮੈਂ ਕਿਸੇ ਦਾ ਕੈਦੀ ਹਾਂ ਤੇ ਨਾ ਹੀ ਕਿਸੇ ਦਾ ਕੰਮ ਕਰਾਂਗਾ ਅਤੇ ਨਾ ਹੀ ਪ੍ਰੇਡ ਵਿਚ ਖੜਾ ਹੋਵਾਂਗਾ ਕਿਉਂਕਿ ਸਮੇਂ ਦੀ ਹਵਾ ਬਦਲ ਚੁੱਕੀ ਸੀ ਤੇ ਜੇਲ੍ਹਰ ਵੀ ਨਰਮ ਤਬੀਅਤ ਦਾ ਆਇਰਸ਼ ਸੀ, ਸੁਪ੍ਰਟੰਡੰਟ ਵੀ ਬਦਲ ਚੁੱਕਾ ਸੀ। ਨਵਾਂ ਸੁਪ੍ਰਟੰਡੰਟ ਆਇਆ ਸੀ, ਦੂਜੇ ਜੇਲ੍ਹਰ ਅੰਡੇਮਾਨ ਅਤੇ ਸਲੋਲਰ ਜੇਲ੍ਹ ਦਾ ਪੁਰਾਣਾ ਤਜਰਬਾਕਾਰ ਸੀ ਜੋ ਪਹਿਲਾਂ ਕਈ ਵਰ੍ਹੇ ਓਵਰਸੀਅਰ ਰਹਿ ਚੁੱਕਾ ਸੀ। ਦੇਸ਼ਭਗਤਾਂ ਦੇ ਕੰਮ ਤੇ ਕੁਰਬਾਨੀ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਕਿ ਇਹ ਜੋ ਕੁਝ ਕਹਿਣਗੇ, ਕਰ ਕੇ ਵਿਖਾ ਦੇਣਗੇ। ਇਸ ਕਰਕੇ ਉਸ ਨੇ ਸੁਪ੍ਰਟੰਡੰਟ ਨੂੰ ਵੀ ਸਮਝਾਇਆ। ਸੁਪ੍ਰਟੰਡੰਟ ਨੇ ਮਹਾਤਮਾ ਅਮਰ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਅਤੇ ਭਾਈ ਸਾਹਿਬ ਨੂੰ ਕਹਿ ਦਿੱਤਾ ਕਿ ਜਿਧਰ ਤੁਹਾਡੀ ਮਰਜ਼ੀ ਹੈ ਜੇਲ੍ਹ ਵਿਚ ਚੱਕਰ ਲਾਉ। ਹੁਣ ਭਾਈ ਜੀ ਬਿਲਕੁਲ ਆਜ਼ਾਦ ਸਨ। ਭਜਨ ਵਿਚ ਵੈਸੇ ਹੀ ਰਹੇ। ਧੰਨ ਸਿਦਕ ! (ਸ਼ਹੀਦ ਭਾਈ ਊਧਮ ਸਿੰਘ ਕਸੇਲ, ‘ਯਾਦੇ ਰਫ਼ਤਗਾਨ’, ਵਿੱਚੋਂ)

  1. ਭਾਈ ਪਿਆਰਾ ਸਿੰਘ ਲੰਗੇਰੀ (ਹੁਸ਼ਿਆਰਪੁਰ)

ਕੈਨੇਡਾ ਦੀ ਸਰਕਾਰ ਸਾਨੂੰ ਬਹੁਤ ਤੰਗ ਕਰਦੀ ਸੀ । ਸਾਨੂੰ ਅੰਗਰੇਜ਼ਾਂ ਦੀ ਵਸੋਂ ਵਿਚ ਨਹੀਂ ਰਹਿਣ ਦਿੱਤਾ ਜਾਂਦਾ ਸੀ ਤੇ ਨਾ ਹੀ ਸਾਨੂੰ ਮੁਰਦੇ ਫੂਕਣ ਦਿੱਤੇ ਜਾਂਦੇ ਸਨ । ਉਥੋਂ ਦੀਆਂ ਗੋਰੀਆਂ ਨਸਲਾਂ ਤੇ ਗੋਰੀ ਸਰਕਾਰ ਸਾਨੂੰ ਮੁਰਦੇ ਦੱਬਣ ਲਈ ਮਜਬੂਰ ਕਰਨਾ ਚਾਹੁੰਦੀ ਸੀ। ਅਸੀਂ ਹਕੂਮਤ ਦੇ ਜਬਰ ਤੋਂ ਡਰਦੇ ਮੁਰਦੇ ਚੋਰੀਂ ਜੰਗਲਾਂ ਵਿਚ ਲਿਜਾ ਕੇ ਫੂਕਦੇ ਸਾਂ । ਉਥੋਂ ਦੇ ਵਾਸੀ ਤੇ ਸਰਕਾਰ ਸਾਨੂੰ ਉਥੋਂ ਕੱਢਣਾ ਚਾਹੁੰਦੀ ਸੀ। ਉਹਨਾਂ ਦੇ ਇਸ ਵਤੀਰੇ ਨੇ ਸਾਡੇ ਅੰਦਰ ਸਾਡੀ ਗ਼ੁਲਾਮੀ ਦਾ ਅਹਿਸਾਸ ਪੈਦਾ ਕੀਤਾ। ਇਸ ਸਮੇਂ ਮੈਂ ਸਿੱਖ-ਇਤਿਹਾਸ ਨੂੰ ਵੀ ਪੜ੍ਹਿਆ, ਜਿਸ ਨੇ ਮੇਰੇ ਵਿਚ ਜ਼ੁਲਮ ਵਿਰੁੱਧ ਡਟਣ ਦੀ ਸ਼ਕਤੀ ਪੈਦਾ ਕੀਤੀ…ਮੇਰੇ ਦਿਲ ਵਿਚ ਜਜ਼ਬੇ ਉਬਾਲੇ ਖਾਣ ਲੱਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਨੂੰ ਅੰਗਰੇਜ਼ੀ ਬਘਿਆੜ ਦੇ ਜਬਾੜੇ ਵਿੱਚੋਂ ਛੁਡਾਇਆ ਜਾਵੇ। (ਦੇਸ਼ ਭਗਤ ਯਾਦਾਂ’, ਜੂਨ 1964, ਸਫ਼ਾ 37)

  1. ਭਾਈ ਨਿਧਾਨ ਸਿੰਘ ਚੁੱਘਾ (ਫ਼ਿਰੋਜ਼ਪੁਰ)

…ਇਸ ਵਾਰ ਭਾਈ ਨਿਧਾਨ ਸਿੰਘ ਨਾਲ ਮੇਰੀ ਮੁਲਾਕਾਤ ਹੋਈ। ਇਹ ਪੰਜਾਹ ਸਾਲ ਦੇ ਬਜ਼ੁਰਗ ਸਿੱਖ ਸਨ। ਇਹ ਕੋਈ ਤੀਹ-ਪੈਂਤੀ ਸਾਲਾਂ ਤੋਂ ਦੇਸ ਤੋਂ ਬਾਹਰ ਸਨ ਅਤੇ ਚੀਨ ਵਿਚ ਰਹਿੰਦੇ ਹੋਇਆਂ ਇਨ੍ਹਾਂ ਨੇ ਇਕ ਚੀਨੀ ਇਸਤਰੀ ਨਾਲ ਵਿਆਹ ਕਰ ਲਿਆ ਸੀ। ਮੈਂ ਇਨ੍ਹਾਂ ਨੂੰ ਅਕਸਰ ਧਰਮ-ਚਰਚਾ ਅਤੇ ਧਰਮ ਗ੍ਰੰਥਾਂ ਦਾ ਪਾਠ ਕਰਦਿਆਂ ਦੇਖਦਾ ਸੀ। ਇਕ ਵਾਰ ਸਟੇਸ਼ਨ ‘ਤੇ ਜਾ ਕੇ ਦੇਖਿਆ ਕਿ ਉਥੇ ਪਲੇਟਫ਼ਾਰਮ ‘ਤੇ ਬੈਠੇ ਛੋਟੀ ਜਿਹੀ ਧਰਮ ਪੁਸਤਕ ਨੂੰ ਮਨ ਹੀ ਮਨ ਪੜ੍ਹ ਰਹੇ ਸਨ। ਇਹ ਸਿਰਫ਼ ਦਿਖਾਵੇ ਲਈ ਹੀ ਅਜਿਹਾ ਨਹੀਂ ਸਨ। ਕਰਦੇ, ਕਿਉਂਕਿ ਮੈਂ ਅੰਡੇਮਾਨ (ਜੇਲ੍ਹ) ਵਿਚ ਵੀ ਇਨ੍ਹਾਂ ਦੀ ਇਹੀ ਦਸ਼ਾ ਦੇਖੀ ਸੀ। ਮੈਂ ਇਨ੍ਹਾਂ ਵਰਗਾ ਤੇਜ ਨੌਜਵਾਨਾਂ ਵਿਚ ਵੀ ਨਹੀਂ ਦੇਖਿਆ… । (ਸ਼ਚਿੰਦਰਨਾਥ ਸਾਨਿਆਲ, ‘ਬੰਦੀ ਜੀਵਨ’, ਸਫ਼ਾ 50)

  1. ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ (ਜਲੰਧਰ)

ਸੰਨ 1905 ਵਿਚ ਆਪ ਕੈਨੇਡਾ ਨੂੰ ਚਲੇ ਗਏ। ਉਥੇ ਜਾ ਕੇ ਆਪ ਨੇ ਗੁਰਸਿੱਖੀ ਦਾ ਬੀਜ ਬੀਜਣ ਦਾ ਕੰਮ ਆਰੰਭਿਆ। ਕੈਨੇਡਾ ਵਿਚ ਗੁਰਮਤਿ ਦਾ ਪ੍ਰਚਾਰ ਅਤੇ ਗੁਰਦੁਆਰਾ ਬਨਾਣ ਦਾ ਕੰਮ ਆਪਣੇ ਦੋ ਸਾਥੀਆਂ ਨਾਲ ਰਲ ਕੇ ਸਭ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਜੀ ਨੇ ਸ਼ੁਰੂ ਕੀਤਾ। ਇਹ ਦੋ ਸਾਥੀ ਭਾਈ ਭਾਗ ਸਿੰਘ ਜੀ, ਜੋ ਗੁਰਦੁਆਰਾ ਵੈਨਕੋਵਰ ਵਿਚ ਸ਼ਹੀਦ ਹੋਏ ਸਨ ਅਤੇ ਭਾਈ ਸੁੰਦਰ ਸਿੰਘ ਕੈਨੇਡਾ ਦੇ ਪ੍ਰਸਿੱਧ ਭਜਨੀਕ ਤੇ ਵੈਰਾਗੀ ਸਨ।… (ਉਸ ਸਮੇਂ) ਬਹੁਤ ਸਾਰੇ ਭਾਈ ਗੁਰਮਤਿ ਤੋਂ ਵੀ ਭੁੱਲੇ ਹੋਏ ਸਨ। ਗੁਰਸਿੱਖੀ ਦੀ ਸਾਰ ਬਹੁਤ ਥੋੜੇ ਸਿੰਘਾਂ ਨੂੰ ਸੀ। ਪਹਿਲੇ ਭਾਈ ਸਾਹਿਬ ਹੋਰਾਂ ਨੇ ਵੈਨਕੋਵਰ ਵਿਚ ਇਕ ਮਕਾਨ ਕਿਰਾਏ ‘ਤੇ ਲੈ ਕੇ ਗੁਰਦੁਆਰਾ ਕਾਇਮ ਕੀਤਾ। ਇਸ ਗੁਰਦੁਆਰੇ ਵਿਚ ਹਰ ਇਕ ਐਤਵਾਰ ਜੋੜ- ਮੇਲਾ ਹੋਇਆ ਕਰਦਾ ਸੀ ਅਤੇ ਆਸਪਾਸ ਪੋਰਟਮੁਡੀ, ਨਿਊ ਵੈਸਟਮਿਨਸਟਰ, ਮਿੱਲਸਾਈਡ ਆਦਿ ਥਾਵਾਂ ਦੇ ਸਿੱਖ ਭਾਈ ਵੀ ਜੋੜ ਮੇਲੇ ਵਿਚ ਆਇਆ ਕਰਦੇ ਸਨ। ਇਸ ਤੋਂ ਪਿੱਛੋਂ ਭਾਈ ਜੀ ਨੇ ਨਾਲ ਹੀ ਮਿੱਲਸਾਈਡ ਵਿਚ ਗੁਰਦੁਆਰਾ ਕਾਇਮ ਕੀਤਾ। ਫੇਰ ਭਾਈ ਸਾਹਿਬ ਨੇ ਅੰਮ੍ਰਿਤ ਪ੍ਰਚਾਰ ਦਾ ਬੀੜਾ ਚੁੱਕਿਆ। ਵੈਨਕੋਵਰ ਵਾਲਾ ਗੁਰਦੁਆਰਾ ਤਿਆਰ ਹੋ ਜਾਣ ’ਤੇ ਸੰਗਤ ਨੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਨੂੰ ਗੁਰਦੁਆਰੇ ਦਾ ਗ੍ਰੰਥੀ ਥਾਪਿਆ। ਅਤੇ ਭਾਈ ਜੀ ਸ਼ਹੀਦ ਹੋਣ ਤੱਕ ਗੁਰਦੁਆਰਾ ਵੈਨਕੋਵਰ ਦੇ ਗ੍ਰੰਥੀ ਰਹੇ। (‘ਕਿਰਤੀ’, ਅਕਤੂਬਰ 1926)

  1. ਸ਼ਹੀਦ ਭਾਈ ਭਾਗ ਸਿੰਘ, ਭਿੱਖੀਵਿੰਡ (ਅੰਮ੍ਰਿਤਸਰ)

ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਸੁੰਦਰ ਸਿੰਘ (ਵਰਿਆਮ ਸਿੰਘ) ਜੀ ਨੇ ਵੈਨਕੂਵਰ ਦੇ ਗੁਰਦੁਆਰੇ ਬਣਾਉਣ ਲਈ ਕਮਰ-ਕੱਸਾ ਕੀਤਾ ਸੀ। ਭਾਈ ਵਰਿਆਮ ਸਿੰਘ ਸ਼ੰਘਾਈ ਵਿਚ ਆਪਣੀ ਕਿਰਤ ਕਰਕੇ ਵੰਡ ਛਕਦੇ। ਇਹ ਬੜੇ ਨਾਮ ਰਸੀਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਨ੍ਹਾਂ ਨੂੰ ਵੈਨਕੂਵਰ ਆਉਣ ਦੀ ਪ੍ਰੇਰਨਾ ਕੀਤੀ। ਕੁਝ ਸਾਥੀਆਂ ਨੂੰ ਲੈ ਕੇ ਤੁਰ ਪਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛੋਟੀ ਬੀੜ ਭਾਈ ਵਰਿਆਮ ਸਿੰਘ ਜੀ ਦੇ ਨਾਲ ਹੀ ਸੀ। ਥੋੜੇ ਦਿਨਾਂ ਮਗਰੋਂ ਅੰਮ੍ਰਿਤ ਦਾ ਬਾਟਾ ਤਿਆਰ ਕਰ ਕੇ ਭਾਈ ਭਾਗ ਸਿੰਘ ਜੀ ਅਤੇ ਹੋਰ ਪ੍ਰੇਮੀਆਂ ਨੂੰ ਸਤਿਗੁਰੂ ਦੇ ਜਹਾਜ਼ ਚਾੜ੍ਹਿਆ। ਹੁਣ ਤਾਂ ਭਾਈ ਭਾਗ ਸਿੰਘ ਜੀ ਵਿਚ ਬੀਰਤਾ, ਧੀਰਤਾ ਤੇ ਗੰਭੀਰਤਾ ਦੇ ਸਾਰੇ ਗੁਣ ਜਾਗ ਪਏ ਅਤੇ ਭਾਈ ਵਰਿਆਮ ਸਿੰਘ ਜੀ ਦੀ ਸੱਜੀ ਬਾਂਹ ਬਣ ਗਏ। ਵੈਨਕੂਵਰ ਤੋਂ ਅੱਠ ਮੀਲ ਦੂਰ ਮਿੱਲਸਾਈਡ ਲੱਕੜੀ ਦੇ ਕਾਰਖ਼ਾਨੇ ਵਿਚ ਇਹੋ ਦੋਵੇਂ ਆਪਣੇ ਸਾਥੀਆਂ ਸਣੇ ਕੰਮ ਲੱਗ ਪਏ ਅਤੇ ਆਪਣਾ ਖ਼ਾਲਸਾਈ ਲੰਗਰ ਚਲਾ ਲਿਆ। ਆਪ ਅਤੇ ਆਪ ਦੇ ਸਾਥੀ ਅੰਮ੍ਰਿਤ ਵੇਲੇ (ਤਿੰਨ ਵਜੇ) ਉਠਦੇ ਅਤੇ ਇਸ਼ਨਾਨ ਕਰ ਕੇ ਨਾਮ ਬਾਣੀ ਵਿਚ ਜੁੜ ਜਾਂਦੇ। ਫੇਰ ਦਿਨ ਚੜ੍ਹੇ ਜਲ ਪਾਣੀ ਛਕ ਆਪਣੀ ਕਿਰਤ ਕਮਾਈ ਵਿਚ ਲੱਗ ਜਾਂਦੇ। ਹਰ ਰੋਜ਼ ਸ਼ਾਮ ਨੂੰ ਸ਼ਬਦ ਕੀਰਤਨ ਦੀ ਧੁਨ, ਢੋਲਕੀ- ਛੈਣਿਆਂ ਨਾਲ ਏਨ੍ਹਾਂ ਦੇ ਕੁਆਟਰਾਂ ਵਿਚ ਗੂੰਜ ਉੱਠਦੀ। ਐਤਵਾਰ ਵਾਲੇ ਦਿਨ ਮੀਂਹ ਪਵੇ ਭਾਵੇਂ ਬਰਫ਼, ਭਾਈ ਵਰਿਆਮ ਸਿੰਘ ਜੀ ਆਪਣੇ ਗਲ ਵਿਚ ਢੋਲਕੀ ਪਾ, ਜਥੇ ਸਮੇਤ ਵੈਨਕੂਵਰ ਦੇ ਬਾਜ਼ਾਰਾਂ ਵਿੱਚੋਂ ਸ਼ਬਦ ਕੀਰਤਨ ਕਰਦੇ ਆਪਣੇ ਆਪ ਵਿਚ ਮਸਤ ਹੋਏ ਲੰਘਦੇ। ਏਸ ਗੁਰਮੁਖਾਂ ਵਾਲੀ ਚਾਲ ਨੇ ਵੈਨਕੂਵਰ ਅਤੇ ਹੋਰ ਬ੍ਰਿਟਿਸ਼ ਕੋਲੰਬੀਆ ਦੀ ਸੰਗਤ ਨੂੰ ਭਾਈ ਵਰਿਆਮ ਸਿੰਘ ਜੀ ਦਾ ਸ਼ਰਧਾਲੂ ਬਣਾ ਦਿੱਤਾ। ਇਨ੍ਹਾਂ ਦੇ ਪ੍ਰਚਾਰ ਤੇ ਭਾਈ ਭਾਗ ਸਿੰਘ ਜੀ ਦੇ ਉੱਦਮ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦਾ ਝੰਡਾ ਵੈਨਕੂਵਰ ਵਿਚ ਭੁੱਲ ਗਿਆ। ਬਹੁਤ ਸਾਰੇ ਸਿੱਖ ਅੰਮ੍ਰਿਤ ਛਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਤ ’ਤੇ ਟੁਰਨ ਲੱਗ ਪਏ।

ਆਪ ਸ਼ੰਘਾਈ ਪੁਲਿਸ ਦੀ ਨੌਕਰੀ ਛੱਡ ਕੇ ਕੈਨੇਡਾ ਪੁੱਜੇ। ਰਸਤੇ ਵਿਚ ਸ੍ਰੀ ਮਾਨ ਭਾਈ ਸੁੰਦਰ ਸਿੰਘ ਜੀ ਨਾਲ ਮਿਲਾਪ ਹੋ ਗਿਆ। ਕੈਨੇਡਾ ਪੁੱਜ ਕੇ ਆਪ ਜੀ ਦਾ ਭਾਈ ਬਲਵੰਤ ਸਿੰਘ ਜੀ ਸ਼ਹੀਦ ਨਾਲ ਪ੍ਰੇਮ ਹੋ ਗਿਆ ਅਤੇ ਆਪ ਤਿੰਨਾਂ ਦਾ ਜਥਾ ਆਮ ਹਿੰਦੁਸਤਾਨੀਆਂ ਵਿਚ ਪ੍ਰਸਿੱਧ ਹੋ ਗਿਆ। ਕੈਨੇਡਾ ਨਿਵਾਸੀ ਹਿੰਦੁਸਤਾਨੀ ਉਸ ਸਮੇਂ ਬਹੁਤ ਔਕੜਾਂ ਵਿਚ ਫਸੇ ਹੋਏ ਸਨ ਅਤੇ ਇਕੱਠ ਤੇ ਕੌਮੀ ਕੰਮ ਤੋਂ ਉਸ ਵੇਲੇ ਤਕ ਕੁਝ ਇਵਾਨ ਸਨ । ਇਕ ਪਾਸੇ ਤਾਂ ਕੈਨੇਡੀਅਨ ਹਰ ਤਰ੍ਹਾਂ ਦੀਆਂ ਤਕਲੀਫ਼ਾਂ ਦੇ ਰਹੇ ਸਨ, ਦੂਜੇ ਪਾਸੇ ਹਿੰਦੁਸਤਾਨੀ ਭਾਈਆਂ ਵਿਚ ਨਾ-ਮੁਰਾਦ ਫੁਟ ਲਿਆਣ ਵਾਲੇ ਪਾਪੀ ਖ਼ਿਆਲ ਵੀ ਮੌਜੂਦ ਸਨ। ਅਤੇ ਬਿੱਲੀ ਵਾਂਗੂੰ ਹਮੇਸ਼ਾ ਘਾਤ ਵਾਸਤੇ ਦੜ ਵੱਟ ਕੇ ਬੈਠਣ ਵਾਲੇ ਅਧ-ਪੜ੍ਹ ਹਿੰਦੁਸਤਾਨੀ ਬਾਬੂ ਹਿੰਦੁਸਤਾਨੀ ਕਿਰਤੀਆਂ ਦੀਆਂ ਔਕੜਾਂ ਤੋਂ ਆਪਣੇ ਵਾਸਤੇ ਫਾਇਦੇ ਕੱਢਣ ਵਿਚ ਤਕੜੇ ਹੋ ਕੇ ਲੱਗੇ ਹੋਏ ਸਨ । ਕੌਮੀ ਖ਼ਿਆਲ ਅਤੇ ਗੁਰਮਤ ਪ੍ਰਚਾਰ ਦਾ ਨਾਮ ਨਹੀਂ ਸੀ ਅਤੇ ਵਿਚਾਰੇ ਹਿੰਦੁਸਤਾਨੀ ਅਧ-ਪੜ੍ਹ ਬਾਬੂਆਂ ਦੇ ਢਹੇ ਚੜ੍ਹੇ ਹੋਏ ਫੁਟ ਦਾ ਸ਼ਿਕਾਰ ਹੋ ਰਹੇ ਸਨ। ਇਸ ਸਮੇਂ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਆਪਣੇ ਦੋਹਾਂ ਸਾਥੀਆਂ ਅਤੇ ਭਾਈ ਅਰਜਨ ਸਿੰਘ ਸਮੇਤ ਸੇਵਾ ਦੇ ਮੈਦਾਨ ਵਿਚ ਨਿੱਤਰੇ ਅਤੇ ਗੁਰਮਤ ਅਰ ਇਕੱਠ ਦਾ ਪ੍ਰਚਾਰ ਆਰੰਭਿਆ।

ਸੰਗਤ ਦੀ ਸਹਾਇਤਾ ਨਾਲ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਜਥੇਦਾਰੀ ਹੇਠਾਂ, ਪਾਪ ਦੀ ਲਹਿਰ (ਮਿੱਲਸਾਈਡ ਵਿਚ) ਜਿਥੋਂ ਸਜਿਆ ਹੋਇਆ ਦੀਵਾਨ ਉਠਾਇਆ ਗਿਆ ਸੀ ਅਤੇ ਕੜਾਹ ਪਰਸਾਦ ਅਰ ਤਸਮਈ ਦੇ ਦੇਗੇ ਭੀ ਅਧ-ਪੜ੍ਹ ਬਾਬੂਆਂ ਦੇ ਖੜ- ਪੈਂਚ ਨੇ ਚੁਕਾ ਦਿੱਤੇ ਸਨ, ਉਥੇ ਗੁਰਦੁਆਰਾ ਕਾਇਮ ਕੀਤਾ ਗਿਆ।

ਵੈਨਕੂਵਰ ਵਿਚ ਪਹਿਲਾਂ ਕਿਰਾਏ ਦੇ ਮਕਾਨ ਵਿਚ ਗੁਰਦੁਆਰਾ ਕਾਇਮ ਹੋਇਆ ਅਤੇ ਪਿਛੋਂ (ਖ਼ਾਲਸਾ) ਦੀਵਾਨ ਦੀ ਬੈ-ਖਰੀਦ ਜ਼ਮੀਨ ਵਿਚ ਆਲੀਸ਼ਾਨ ਗੁਰਦੁਆਰਾ ਪਾਇਆ ਗਿਆ ਅਤੇ ਜਿਥੇ ਪਹਿਲੇ ਕੈਨੇਡਾ ਵਿਚ ਦੀਵਾਨ ਸਜਾਉਣ ਵਾਸਤੇ ਸਿਰਫ਼ ਪੰਜ ਗਰੰਥੀ ਦੀ ਬੀੜ ਹੀ ਮਿਲ ਸਕਦੀ ਸੀ; ਗੁਰਮਤ ਪ੍ਰਚਾਰ ਨੇ ਇੱਥੋਂ ਤਕ ਉੱਨਤੀ ਕੀਤੀ, ਜਿਥੇ ਜਿਥੇ ਭੀ ਕਾਰਖ਼ਾਨਿਆਂ ਵਿਚ ਜਾਸਤੀ ਸਿੱਖ ਸਨ; ਉਥੇ ਗੁਰਦੁਆਰੇ ਕਾਇਮ ਹੋ ਗਏ। ਅਨੇਕਾਂ ਢਿਲੇ ਹੋ ਚੁੱਕੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ।

  1. ਸ਼ਹੀਦ ਭਾਈ ਬਦਨ ਸਿੰਘ, ਦਲੇਲ ਸਿੰਘ ਵਾਲਾ (ਰਿਆਸਤ ਪਟਿਆਲਾ)

ਭਾਈ ਬਦਨ ਸਿੰਘ ਅਗਸਤ 1907 ਨੂੰ ਕੈਨੇਡਾ ਦੀ ਧਰਤੀ ਵੈਨਕੂਵਰ ਘਾਟ ਪਰ ਜਾ ਲੱਥੇ । ਘਾਟ ਪਰ ਉਤਰਦੇ ਹੀ ਸਿੱਧੇ ਗੁਰਦੁਆਰਾ ਵੈਨਕੂਵਰ : ਪੁੱਜੇ। ਵੈਨਕੂਵਰ ਆਪਣੇ ਸਿੱਖ ਭਾਈਆਂ ਨਾਲ ਜਾਣ-ਪਛਾਣ ਹੋਣ ਪਿਛੋਂ ਪੋਰਟਮੁਡੀ ਦੇ ਲੱਕੜ ਦੇ ਕਾਰਖਾਨੇ ਵਿਚ ਕੰਮ ਕਰਨ ਚਲੇ ਗਏ। ਹਿੰਦੁਸਤਾਨ ਵਿਚ ਅਤੇ ਕੈਨੇਡਾ ਵਿਚ ਉਨ੍ਹੀਂ ਦਿਨੀਂ ਅਜੇ ਰਾਜਸੀ ਲਹਿਰ ਨਹੀਂ ਚੱਲੀ ਸੀ; ਜਿਸ ਲਈ ਕੈਨੇਡਾ ਨਿਵਾਸੀ ਖ਼ਾਲਸਾ ਜੀ ਦਾ ਉਸ ਵੇਲੇ ਮੁਖ ਮੰਤਵ ਹਿੰਦੁਸਤਾਨ ਦੇ ਸਿੱਖ ਭਾਈਆਂ ਵਿਚ ਵਿੱਦਿਆ ਦਾ ਵਾਧਾ ਸੀ । ਇਸ ਕੰਮ ਲਈ ਹਿੰਦੁਸਤਾਨ ਵਿਚ ਖ਼ਾਲਸਾ ਸਕੂਲ ਖੋਲ੍ਹਣ ਲਈ ਉਧਰ ਉਗ੍ਰਾਹੀਆਂ ਕੀਤੀਆਂ ਜਾਂਦੀਆਂ ਸਨ ਅਤੇ ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਖ਼ਾਲਸਾ ਸਕੂਲ ਹੋਵੇ ਜਿਸ ਨੂੰ ਕੈਨੇਡਾ ਤੇ ਅਮਰੀਕਾ ਦੇ ਖ਼ਾਲਸਾ ਜੀ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਵਿਚ ਖੁਲ੍ਹੇ ਗੱਫੇ ਬਖ਼ਸ਼ ਕੇ ਸਹੈਤਾ ਨਾ ਕੀਤੀ ਹੋਵੇ। ਇਹਨਾਂ ਉਗ੍ਰਾਹੀਆਂ ਵਿਚ ਭਾਈ ਸਾਹਿਬ ਬਦਨ ਸਿੰਘ ਜੀ ਖਾਸ ਦਿਲਚਸਪੀ ਲਿਆ। ਕਰਦੇ ਸਨ ਅਤੇ ਆਪਣੇ ਵਿਤ ਤੋਂ ਵਧੀਕ ਦਾਨ ਦਿਆ ਕਰਦੇ ਸਨ।

1911 ਵਿਚ ਆਪ ਵੈਨਕੂਵਰ ਰਾਈਟਪੋਰਟ ਕੰਪਨੀ ਦੇ ਕਾਰਖ਼ਾਨੇ ਵਿਚ ਕੰਮ ਕਰਨ ਲੱਗ ਪਏ। ਗੁਰ-ਸਿਖੀ ਤੇ ਸਤ-ਸੰਗਤ ਦਾ ਪ੍ਰੇਮ ਆਪ ਨੂੰ ਪੈਹਲਾਂ ਤੋਂ ਹੀ ਜ਼ਿਆਦਾ ਸੀ ਪਰ ਹੁਣ ਵੈਨਕੂਵਰ ਆ ਜਾਣ ਕਰਕੇ ਆਪ ਜੀ ਨੂੰ ਹਰ ਰੋਜ਼ ਗੁਰਦੁਆਰੇ ਜਾਣਾ ਅਤੇ ਸਤਿ- ਸੰਗਤ ਕਰਨਾ ਆਸਾਨ ਹੋ ਗਿਆ। ਆਪ ਨਿਤਨੇਮ ਨਾਲ ਗੁਰਦੁਆਰੇ ਜਾਣ ਲੱਗ ਪਏ ਅਤੇ ਸ਼ਹੀਦੀ ਤਕ ਹਰ ਰੋਜ਼ ਗੁਰਦੁਆਰੇ ਜਾਂਦੇ ਰਹੇ। ਵੈਨਕੂਵਰ ਦੀ ਸੰਗਤ ਵੱਲੋਂ ਆਪ ਜੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਦੀ ਸੇਵਾ ਭੀ ਬਖ਼ਸ਼ੀ ਗਈ ਜੋ ਆਪ ਨੇ ਇਕ ਸਾਲ ਬੜੀ ਚੰਗੀ ਤਰ੍ਹਾਂ ਨਿਭਾਈ।

ਇਸੇ ਸਮੇਂ ਕੈਨੇਡਾ ਵਿੱਚੋਂ ਕਾਮਾਗਾਟਾ ਮਾਰੂ ਜ਼ਹਾਜ਼ ਹਿੰਦੁਸਤਾਨ ਨੂੰ ਤੁਰ ਚੁੱਕਾ ਸੀ ਅਤੇ ਹਿੰਦੁਸਤਾਨ ਨੂੰ ਆਜ਼ਾਦ ਕਰਾਣ ਦੀ ਸਿੱਕ ਹਿੰਦੁਸਤਾਨੀ ਭਾਈਆਂ ਦੇ ਦਿਲਾਂ ਵਿਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ। ਬਹੁਤ ਸਾਰੇ ਸਿੰਘ ਹਿੰਦੁਸਤਾਨ ਦੀ ਆਜ਼ਾਦੀ ਲਈ ਅਰਦਾਸੇ ਸੋਧ ਕੇ ਕੈਨੇਡਾ ਤੋਂ ਹਿੰਦੁਸਤਾਨ ਨੂੰ ਵਿਦਾ ਹੋ ਚੁੱਕੇ ਸਨ ਅਤੇ ਬਹੁਤ ਸਾਰੇ ਭਾਈ ਅਜੇ ਤਿਆਰੀਆਂ ਕਰ ਰਹੇ ਸਨ । ਦੂਜੇ ਪਾਸੇ ਕੁਝ ਪਾਪੀ ਸਰਕਾਰੀ ਚਾਟੜੇ ਭੀ ਸਰਕਾਰ ਅੰਗਰੇਜ਼ੀ ਅਤੇ ਕੈਨੇਡੀਅਨ ਐਮੀਗਰੇਸ਼ਨ ਦੇ ਹੱਥਾਂ ਵਿਚ ਖੇਡ ਕੇ ਇਸ ਲਹਿਰ ਨੂੰ ਤਬਾਹ ਕਰਨ ਪਰ ਤੁੱਲੇ ਹੋਏ ਸਨ। ਇਸ ਸਾਰੀ ਪਾਪੀ ਜੁੰਡਲੀ ਦੀ ਮਨਸ਼ਾ ਸੀ ਕਿ ਹਿੰਦੁਸਤਾਨ ਨੂੰ ਜੋ ਸਿੰਘ ਆਜ਼ਾਦੀ ਦੀ ਜੰਗ ਲਈ ਕੈਨੇਡਾ ਵਿਚੋਂ ਜਾ ਰਹੇ ਹਨ, ਇਨ੍ਹਾਂ ਵਿੱਚੋਂ ਸਿਆਣੇ ਸਿਆਣੇ ਪੁਰਸ਼ਾਂ ਨੂੰ ਹਿੰਦੁਸਤਾਨ ਪੁੱਜਣ ਹੀ ਨਾ ਦਿੱਤਾ ਜਾਵੇ।

ਇਕ ਦਿਨ ਗੁਰਦੁਆਰੇ ਵਿਚ ਭਾਈ ਬਲਵੰਤ ਸਿੰਘ ਜੀ ਮਹਾਰਾਜ ਦੀ ਤਾਬਿਆ ਬੈਠੇ ਸਨ ਅਤੇ ਭਾਈ ਭਾਗ ਸਿੰਘ (ਭਿੱਖੀਵਿੰਡ) ਦੇ ਪਾਸ ਹੀ ਤਖ਼ਤਪੋਸ਼ ਅੱਗੇ ਭਾਈ ਬਦਨ ਸਿੰਘ ਬੈਠੇ ਸਨ । ਇਸ ਸਮੇਂ (ਅੰਗਰੇਜ਼ੀ ਸਰਕਾਰ ਅਤੇ) ਕੈਨੇਡੀਅਨ ਐਮੀਗਰੇਸ਼ਨ ਦੇ ਢਹੇ ਚੜ੍ਹਿਆ ਇਕ ਕਾਲੇ ਮਨ ਵਾਲਾ ਪਾਪੀ ਪਸਤੌਲ ਭਰ ਕੇ ਭਾਈ ਭਾਗ ਸਿੰਘ ਦੇ ਪਿਛੇ ਆ ਬੈਠਾ । (ਜਦੋਂ) ਹੁਕਮ ਲੈਣ ਪਿਛੋਂ ਸਮਾਪਤੀ ਦਾ ਅਰਦਾਸਾ ਸੋਧਿਆ ਗਿਆ ਅਤੇ ਸੰਗਤ ਨਮਸਕਾਰ ਲਈ ਝੁਕੀ ਤਾਂ ਅਚਨਚੇਤ ਹੀ ਸੰਗਤਾਂ ਨੇ ਠਾਹ ਦੀ ਆਵਾਜ਼ ਸੁਣੀ । (ਪਾਪੀ ਨੇ ਕਾਰਾ ਕਰ ਦਿੱਤਾ। ਸੀ) ਦੋਹਾਂ ਭਾਈਆਂ ਨੂੰ ਜ਼ਖਮ ਇਤਨੇ ਕਾਰੀ ਲੱਗ ਚੁੱਕੇ ਸਨ ਕਿ ਦੋਨਾਂ ਦੇ ਹੀ ਸਰੀਰ ਬਚ ਨਾ ਸਕੇ ਅਤੇ ਛੇਤੀ ਹੀ ਪਰਲੋਕ ਸੁਧਾਰ ਗਏ।

  1. ਸ਼ਹੀਦ ਭਾਈ ਮੇਵਾ ਸਿੰਘ, ਲੋਪੋਕੇ (ਅੰਮ੍ਰਿਤਸਰ)

ਕੈਨੇਡਾ ਅੰਦਰ ਗ਼ਦਰ ਪਾਰਟੀ ਦੇ ਮੁੱਖ ਲੀਡਰ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਹਨਾਂ ਦੇ ਸਾਥੀ ਭਾਈ ਬਦਨ ਸਿੰਘ ਦੀ ਸ਼ਹੀਦੀ ਲਈ ਜ਼ੁੰਮੇਵਾਰ ਹਿੰਦ ਦੀ ਅੰਗਰੇਜ਼ੀ ਸਰਕਾਰ ਦੇ ਏਜੰਟ ਵਿਲੀਅਮ ਹਾਪਕਿਨਸਨ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇਣ ਤੋਂ ਬਾਅਦ ਭਾਈ ਮੇਵਾ ਸਿੰਘ ਨੇ ਅਦਾਲਤ ਵਿਚ ਜੋ ਬਿਆਨ ਦਿੱਤਾ ਉਸ ਦਾ ਸੰਖੇਪ ਰੂਪ ਇਸ ਤਰ੍ਹਾਂ ਹੈ: “ਮੇਰਾ ਨਾਂ ਮੇਵਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹਾਂ। ਮੇਰੇ ਕੋਲ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿਚ ਮੈਨੂੰ ਕਿਹੜੇ ਕਿਹੜੇ ਦੁੱਖ, ਮੁਸੀਬਤਾਂ ਅਤੇ ਪਰੇਸ਼ਾਨੀਆਂ ਝੱਲਣੀਆਂ ਪਈਆਂ ਹਨ… ਅਸੀਂ ਸਿੱਖ ਗੁਰਦੁਆਰੇ ‘ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰਦੁਆਰੇ ‘ਚ ਗੋਲੀ ਚਲਾ ਕੇ ਭਾਈ ਭਾਗ ਸਿੰਘ ਹੁਰਾਂ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ… ਦੁਸ਼ਟਾਂ ਵਲੋਂ ਗੁਰਦੁਆਰੇ ‘ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ ਹੈ…। ਇਸ ਸਭ ਕਾਸੇ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿਮੇਵਾਰ ਹਨ… ਮੈਂ ਆਪਣੇ ਭਾਈਚਾਰੇ ਅਤੇ ਧਰਮ ਦੀ ਰੱਖਿਆ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁੱਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਕਿਸੇ ਸਿੱਖ ਲਈ ਵੀ ਗੁਰਦੁਆਰੇ ‘ਚ ਇਹ ਸਭ ਕੁੱਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ… ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਮੈਨੂੰ ਵਕੀਲ ਨਹੀਂ ਚਾਹੀਦਾ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਕਿ ਮੈਂ ਹਾਪਕਿਨਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ… ਸਾਨੂੰ ਜੱਜਾਂ ਕੋਲੋਂ, ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ… ।” ਅਦਾਲਤ ਨੇ ਮੇਵਾ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਭਾਈ ਮੇਵਾ ਸਿੰਘ ਜੀ 11 ਜਨਵਰੀ 1915 ਨੂੰ “ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ” ਦਾ ਸ਼ਬਦ ਪੜ੍ਹਦੇ ਹੋਏ ਫਾਂਸੀ ਘਰ ਨੂੰ ਤੁਰ ਗਏ।

  1. ਸ਼ਹੀਦ ਭਾਈ ਰਾਮ ਸਿੰਘ ਧੁਲੇਤਾ (ਜਲੰਧਰ)

ਭਾਈ ਰਾਮ ਸਿੰਘ ਧੁਲੇਤਾ 1907-08 ਵਿਚ ਕੈਨੇਡਾ ਪੁੱਜੇ। ਲੱਕੜ ਦੇ ਕਾਰਖ਼ਾਨਿਆਂ ਵਿਚ ਕੁਝ ਚਿਰ ਕੰਮ ਕਰਨ ਪਿੱਛੋਂ ਨੌਕਰੀ ਛੱਡ ਦਿੱਤੀ ਤੇ ਆਪ ਠੇਕੇ ਲੈਣੇ ਸ਼ੁਰੂ ਕਰ ਦਿੱਤੇ। ਸਮਾਂ ਤਾੜ ਕੇ ਜ਼ਮੀਨ ਦੇ ਵਪਾਰ ਵਿਚ ਲੱਗ ਗਏ ਅਤੇ ਬਹੁਤ ਜਾਸਤੀ ਰੁਪਇਆ ਕਮਾਇਆ। ਖ਼ਿਆਲ ਕੀਤਾ ਜਾਂਦਾ ਹੈ ਉਸ ਸਮੇਂ ਜਿਤਨੇ ਭੀ ਹਿੰਦੁਸਤਾਨੀ ਜ਼ਮੀਨ ਦਾ ਵਪਾਰ ਕਰਦੇ ਸਨ, ਆਪ ਪਾਸ ਉਨ੍ਹਾਂ ਸਾਰਿਆਂ ਨਾਲੋਂ ਮਾਲੀ ਤਾਕਤ ਬਹੁਤ ਵੱਧ ਸੀ। ਜ਼ਮੀਨ ਵਿਚ ਆਪ ਦਾ ਇਕ ਹੋਰ ਸਿੰਘ ਜੋੜੀਦਾਰ ਸੀ ਜੋ ਕਿ ਬੜਾ ਗੁਰਮੁਖ ਸੀ । ਇਹਨਾਂ ਦੋਨਾਂ ਭਾਈ ਸਾਹਿਬਾਂ ਦੀ ਕੌਮੀ ਕੰਮਾਂ ਲਈ ਦਿੱਤੀਆਂ ਹੋਈਆਂ ਚੈਕਾਂ ਅਜੇ ਤਕ ਮਸ਼ਹੂਰ ਹਨ। ਜੋੜ ਮੇਲੇ ਦੇ ਲੰਗਰ ਖ਼ਰਚ ਲਈ ਦੋ ਤਿੰਨ ਸੌ ਡਾਲਰ ਦੀ ਚੈਕ ਦੇਣੀ ਆਪ ਲਈ ਇਕ ਸੁਭਾਵਕ ਗੱਲ ਹੀ ਸੀ ਤੇ ਪੋਹ ਸੁਦੀ ਦੇ ਦੀਵਾਨ ਦੇ ਲੰਗਰ ਦਾ ਖ਼ਰਚ ਆਪ ਹੀ ਦਿਆ ਕਰਦੇ ਸਨ ਅਤੇ ਹੋਰ ਉਗਰਾਹੀਆਂ ਆਦਿਕ ਵਿਚ ਵੀ ਆਪ ਮਹਾਂਦਾਨੀ ਮੰਨੇ ਹੋਏ ਸਨ (ਐਬਟਸਫੋਰਡ ਦਾ ਗੁਰਦੁਆਰਾ ਬਣਾਉਣ ਲਈ ਆਪ ਨੇ ਬਹੁਤ ਵੱਡੀ ਰਕਮ ਭੇਟ ਕੀਤੀ ਸੀ)।

ਮੈਨੂੰ ਤਰੀਕ ਚੰਗੀ ਤਰ੍ਹਾਂ ਯਾਦ ਨਹੀਂ ਹੈ। ਪਰ ਸੰਨ 1913 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਨਵਰੀ ਵਿਚ ਸੀ ਤੇ ਵੈਨਕੂਵਰ ਇਹ ਦਿਨ ਮਨੌਣ ਵਾਸਤੇ ਬੜੀ ਧੂਮ ਧਾਮ ਹੋ ਰਹੀ ਸੀ। ਵਿਕਟੋਰੀਆ, ਨਿਊ ਵੈਸਟਮਿਨਸਟਰ, ਅਬਸਫੋਰਡ ਮਿੱਲਸਾਈਡ ਤੇ ਹੋਰ ਸ਼ਹਿਰਾਂ ਵਿੱਚੋਂ ਸੰਗਤ ਨੇ ਇਥੇ ਪੁੱਜਣਾ ਹੈ। ਆਪਣੀ ਆਪਣੀ ਥਾਂ ਸਭ ਆਪਣੀਆਂ ਤਿਆਰੀਆਂ ਕਰ ਰਹੇ ਹਨ। ਇਧਰ ਵੈਨਕੂਵਰ ਭਾਈ ਰਾਮ ਸਿੰਘ ਧਲੇਤੀਆ ਤੇ ਮੇਵਾ ਸਿੰਘ ਉਬੋਕਿਆਂ ਵਾਲੇ ਜੋੜ ਮੇਲੇ ਵਾਸਤੇ ਖਾਣੇ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਜੋੜ ਮੇਲੇ ਵਿਚ ਜਿੰਨਾ ਰੋਟੀ ‘ਤੇ ਖ਼ਰਚ ਹੋਵੇਗਾ, ਭਾਈ ਰਾਮ ਸਿੰਘ ਧਲੇਤੀਆ ਦੇ ਪੱਲਿਓਂ ਹੋਵੇਗਾ।

ਇਨ੍ਹਾਂ ਨੇ ਸਭ ਲੰਗਰ ਦਾ ਸਾਮਾਨ ਦਿਲ ਖੋਹਲ ਕੇ ਖ਼ਰੀਦਿਆ। ਉਹ ਦਿਨ ਵੀ ਆ ਗਿਆ। ਸੰਗਤਾਂ ਇੰਨੀਆਂ ਆਈਆਂ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀਆਂ ਹੋ ਗਈਆਂ। ਗੁਰੂ ਸਾਹਿਬਾਂ ਦੇ ਦੁਨੀਆਂ ਵਿਚ ਆਉਣ ਤੇ ਉਹਨਾਂ ਦੇ ਨਿਸ਼ਕਾਮ ਕੰਮਾਂ ‘ਤੇ ਵਖਿਆਣ ਹੋਏ।

(ਬਾਬਾ ਜਵਾਲਾ ਸਿੰਘ ਦੀ ਡਾਇਰੀ)

  1. ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ (ਲੁਧਿਆਣਾ)

ਆਪ ਦੇ ਦਾਦਾ ਸਰਦਾਰ ਬਦਨ ਸਿੰਘ ਨੂੰ ਪਤਾ ਲੱਗਿਆ ਕਿ ਕਰਤਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ। ਆਪ ਫਾਂਸੀ ਦੀ ਕੋਠੜੀ ਵਿਚ ਆਪਣੇ 19 ਸਾਲਾਂ ਦੇ ਨੌਜਵਾਨ ਪੋਤਰੇ ਨਾਲ ਅੰਤਮ ਮੁਲਾਕਾਤ ਕਰਨ ਗਏ। ਕਰਤਾਰ ਸਿੰਘ ਦੇ ਮੁਖੜੇ ‘ਤੇ ਇਕ ਅਨੋਖਾ ਜਲਾਲ ਵੇਖ ਕੇ ਆਪ ਦਾ ਹਿਰਦਾ ਹੋਰ ਭੀ ਮੋਹਿਆ ਗਿਆ। ਇਹ ਸੋਹਣੀ ਸੂਰਤ ਫਾਂਸੀ ਪਰ ਲਟਕ ਕੇ ਅਲੋਪ ਹੋ ਜਾਵੇਗੀ, ਇਹ ਸੋਚ ਕੇ ਬਾਬਾ ਜੀ ਦਾ ਹਿਰਦਾ ਦ੍ਰਵ ਹੋ ਉਠਿਆ । ਉਹ ਬਿਹਬਲ ਹੋ ਗਏ। ਕਰਤਾਰ ਸਿੰਘ ਬਿਲਕੁਲ ਅਡੋਲ ਸੀ । ਉਸ ਨੇ ਬਾਬਾ ਜੀ ਨੂੰ ਧੀਰਜ ਦਿੱਤਾ ਤੇ ਕਿਹਾ, ‘ਬਾਬਾ ਜੀ, ਗੁਰਸਿੱਖ ਹੋ ਕੇ ਇਹੋ ਜਿਹੀਆਂ ਗੱਲਾਂ ਕਰਦੇ ਹੋ? ਕਿਤਨੀ ਉਲਟੀ ਖੇਡ ਵਰਤ ਰਹੀ ਸੀ। ਬਿਰਧ ਬਾਬੇ ਨੂੰ 19 ਸਾਲ ਦਾ ਨੌਜਵਾਨ ਧੀਰਜ ਦੇ ਰਿਹਾ ਸੀ। ਚਾਹੀਦਾ ਤਾਂ ਇਹ ਸੀ, ਬਾਬਾ ਪੋਤਰੇ ਨੂੰ ਧੀਰਜ ਦਿੰਦਾ। (‘ਮਾਲਵਾ ਸਿੱਖ ਇਤਿਹਾਸ’, ਸਫ਼ਾ 313)

  1. ਸ਼ਹੀਦ ਭਾਈ ਉਤਮ ਸਿੰਘ, ਹਾਂਸ (ਲੁਧਿਆਣਾ)

ਆਪ ਕੈਨੇਡਾ ਚਲੇ ਗਏ ਤੇ ਉਧਰ ਦਿਲ ਖੋਲ੍ਹ ਕੇ ਕੌਮੀ ਸੇਵਾ ਕਰਦੇ ਰਹੇ। 1914- 15 ਦੇ ਵਿਚ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੋਸ਼ਾਮਾਰੂ ਜਹਾਜ਼ ਵਿਚ ਹਿੰਦੁਸਤਾਨ ਪਹੁੰਚੇ। ਇਧਰ ਆਉਂਦਿਆਂ ਹੀ ਕੌਮੀ ਫ਼ਕੀਰ ਬਣ ਕੇ ਦਿਨ ਰਾਤ ਇਸੇ ਕੰਮ ਵਿਚ ਲੱਗੇ ਰਹੇ। ਸਾਲ ਭਰ ਖੂਬ ਕੰਮ ਕੀਤਾ। ਓੜਕ ਅਗਸਤ 1915 ਵਿਚ ਆਪ ਫ਼ਰੀਦਕੋਟ ਦੀ ਰਿਆਸਤ ਵਿਚ ਮਹਿਮੇਂ ਸਰਜਿਉਂ ਭਾਈ ਪੂਰਨ ਸਿੰਘ ਉਰਫ਼ ਈਸ਼ਰ ਸਿੰਘ ਢੁੱਡੀਕੇ ਨਾਲ ਫੜੇ ਗਏ ਤੇ ਦੂਜੇ ਮੁਕੱਦਮਾ ਸਾਜ਼ਸ਼ (ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ) ਵਿਚ ਆਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਸ ਨੂੰ ਸੁਣ ਕੇ ਹਸੂੰ ਹਸੂੰ ਕਰਦੇ ਜੂਨ 1916 ਵਿਚ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਚੜ੍ਹ ਗਏ।

ਜਦ ਆਪ ਦੇਸ਼ਭਗਤੀ ਦੇ ਕੰਮਾਂ ਵਿਚ ਰੁਝੇ ਹੋਏ ਏਧਰ-ਉਧਰ ਫਿਰ ਰਹੇ ਸਨ ਤਾਂ ਆਪ ਦਾ ਹਿਰਦਾ ਭਗਤੀ ਭਾਵ ਦੇ ਉਮਾਹ ਵਿਚ ਇਤਨਾ ਪ੍ਰਸੰਨ ਰਹਿੰਦਾ ਸੀ ਕਿ ਆਪ ਸਿਦਕ ਤੇ ਭਰੋਸੇ ਵਿਚ ਇਤਨੇ ਨਿਮਗਨ ਤੇ ਅਡੋਲ ਸਨ ਕਿ ਸਦਾ ਗੁਰੂ ਦਸਮ ਪਾਤਸ਼ਾਹ ਜੀ ਦੇ ਇਸ ਸਵੱਯੇ ਦਾ ਪਾਠ ਕਰਦੇ ਰਹਿੰਦੇ ਸਨ :

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤੋ ਕਿਹ ਕੁੰਟ ਕਹੋ ਭਜਿ ਜਈਐ॥ ਆਗੇ ਹੂੰ ਕਾਲ ਧਰੇ ਅਸਿ ਗਾਜਤ, ਛਾਜਤ ਹੈ ਜਿਹ ਤੇ ਨਸਿ ਅਈਐ॥ ਐਸੋ ਨ ਕੈ ਗਯੋ ਕੋਈ ਸੁ ਦਾਵ ਰੇ, ਜਾਹਿ ਉਪਾਵ ਸੋ ਘਾਵ ਬਚਈਐ॥ ਜਾਂ ਤੇ ਨ ਛੂਟੀਐ ਮੂੜ ਕਹੂੰ ਹਸ, ਤਾਂ ਕੀ ਕਿਉਂ ਨ ਸਰਣਾਗਤਿ ਜਈਐ॥ ਆਪ ਨੇ ਫਾਂਸੀ ਚੜ੍ਹਨ ਸਮੇਂ ਤਕ ਇਹ ਸਿਦਕ ਨਿਭਾਇਆ।

(‘ਮਾਲਵਾ ਸਿੱਖ ਇਤਿਹਾਸ’, ਸਫੇ 325-26)

  1. ਸ਼ਹੀਦ ਭਾਈ ਈਸ਼ਰ ਸਿੰਘ, ਢੁੱਡੀਕੇ (ਫ਼ਿਰੋਜ਼ਪੁਰ)

ਆਪ 1907 ਵਿਚ ਅਮਰੀਕਾ ਗਏ ਤੇ 1914 ਵਿਚ ਅਮਰੀਕਾ ਤੋਂ ਆਪਣੇ ਸਾਥੀਆਂ ਨਾਲ ਦੇਸ਼ ਦੀ ਆਜ਼ਾਦੀ ਲਈ ਇਧਰ ਆਏ ਤੇ ਦਿਲ ਖੋਹਲ ਕੇ ਦੇਸ਼ ਦੀ ਆਜ਼ਾਦੀ ਲਈ ਹਰ ਮੁਮਕਿਨ ਤਰੀਕੇ ਨਾਲ ਯਤਨ ਕਰਦੇ ਰਹੇ। ਓੜਕ ਆਪ ਫ਼ਰੀਦਕੋਟ ਦੀ ਰਿਆਸਤ ਵਿਚ ਪਿੰਡ ਮਹਿਮੇਂ ਸਰਜਿਓਂ ਭਾਈ ਉਤਮ ਸਿੰਘ ਹਾਂਸ ਨਾਲ ਫੜੇ ਗਏ। ਪੁਲਿਸ ਨੇ ਆਪ ਉਤੇ ਉਹ ਸਖ਼ਤੀ ਭਰੇ ਜ਼ੁਲਮ ਕੀਤੇ ਕਿ ਜਿਨ੍ਹਾਂ ਨੂੰ ਆਦਮੀ ਸੁਣ ਕੇ ਸਹਾਰ ਨਹੀਂ ਸਕਦਾ । ਪੁਲਿਸ ਚਾਹੁੰਦੀ ਸੀ ਕਿ ਕਿਸੇ ਵੈਨਕੂਵਰ ਤੋਂ ਆਏ ਨੂੰ ਵਾਇਦਾ ਮੁਆਫ਼ ਬਣਾ ਕੇ ਸਾਰੇ ਉਪਰਲੇ ਦੇਸ਼ ਭਗਤਾਂ ਨੂੰ ਪੰਜਾਲਿਆ ਜਾਵੇ । ਪ੍ਰੰਤੂ ਆਪ ਇਹ ਜਾਣਦੇ ਹੋਏ ਕਿ ਮੈਨੂੰ ਫਾਂਸੀ ਆਉਣੀ ਹੈ ਕਿਉਂਕਿ ਆਪ ਦੇ ਵਿਰੁੱਧ ਬੜੇ ਸਖ਼ਤ ਇਲਜ਼ਾਮ ਸਨ, ਪੁਲਿਸ ਦੀਆਂ ਸਭ ਸਖ਼ਤੀਆਂ ਆਪਣੇ ਉਤੇ ਝੱਲ ਕੇ ਅਡੋਲ ਰਹੇ। ਆਪ ਹਵਾਲਾਤ ਵਿਚ ਸਦਾ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ ਤੇ ਹਮੇਸ਼ਾ ਖ਼ੁਸ਼ ਰਹਿੰਦੇ ਸਨ। ਆਪ ਦਾ ਘੁੰਗਰੀਲਾ ਦਾੜ੍ਹਾ ਅਜਿਹਾ ਸੋਹਣਾ ਲੱਗਦਾ ਸੀ ਕਿ ਲਿਖਾਰੀ ਆਪ ਦੇ ਦਾੜ੍ਹੇ ਉਤੇ ਹੱਥ ਫੇਰ ਕੇ ਦਾੜ੍ਹੇ ਦੀ ਸਿਫ਼ਤ ਕਰਦਾ ਹੋਇਆ ਨਹੀਂ ਸੀ ਥੱਕਦਾ। 30 ਮਾਰਚ 1916 ਨੂੰ ਆਪ ਨੂੰ ਦੂਜੇ ਮੁਕੱਦਮਾ ਸਾਜ਼ਸ਼ ਲਾਹੌਰ (ਫਸਟ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ) ਵਿਚ ਫਾਂਸੀ ਦੀ ਸਜ਼ਾ ਹੋਈ। 18 ਜੂਨ 1916 ਨੂੰ ਆਪ ਆਪਣੇ ਸਾਥੀਆਂ ਸਮੇਤ ਸੈਂਟ੍ਰਲ ਜੇਲ੍ਹ ਲਾਹੌਰ ਵਿਚ ਫਾਂਸੀ ਲੱਗੇ ਤੇ ਆਪ ਦਾ ਘੁੰਗਰਾਲਾ ਦਾੜ੍ਹਾ ਦੇਸ਼ ਦੀ ਖਾਤਰ ਕੁਰਬਾਨ ਹੋਇਆ ਤੇ ਸਦਾ ਲਈ ਸਾਡੀਆਂ ਅੱਖੀਆਂ ਤੋਂ ਉਹਲੇ ਹੋ ਗਿਆ।

(ਭਾਈ ਹਰਭਜਨ ਸਿੰਘ ਚਮਿੰਡਾ)

  1. ਸ਼ਹੀਦ ਭਾਈ ਊਧਮ ਸਿੰਘ, ਕਸੇਲ (ਅੰਮ੍ਰਿਤਸਰ)

ਭਾਈ ਸਾਹਿਬ ਭਾਈ ਊਧਮ ਸਿੰਘ ਜੀ ਸ਼ਹੀਦ ਦੀ ਨਿਸ਼ਕਾਮ ਸੇਵਾ ਦੀ ਜ਼ਿੰਦਗੀ ਪਰਜਾ ਭਗਤਾਂ ਵਾਸਤੇ ਇਕ ਵੱਡਾ ਭਾਰਾ ਉਜਾਲਾ ਘਰ ਹੈ। ‘ਸੱਚ’ ਸਭ ਤੋਂ ਉੱਚਾ ਹੈ ਪ੍ਰੰਤੂ ‘ਸੱਚੀ ਜ਼ਿੰਦਗੀ’ ਉੱਚੇ ‘ਸੱਚ’ ਨਾਲੋਂ ਭੀ ਉੱਚੀ ਹੈ। ਭਾਈ ਸਾਹਿਬ ਭਾਈ ਊਧਮ ਸਿੰਘ ਜੀ ਸੱਚੀ ਜ਼ਿੰਦਗੀ ਦੀ ਇਕ ਪਰਬਤ ਸਮਾਨ ਮਿਸਾਲ ਕਾਇਮ ਕਰ ਗਏ ਹਨ। ਭਾਈ ਸਾਹਿਬ ਭਾਈ ਊਧਮ ਸਿੰਘ ਜੀ 1914 ਵਿਚ ਪਹਿਲੀ ਟੋਲੀ ਵਿਚ ਹਿੰਦੁਸਤਾਨ ਆਏ। ਆਪ ਹੋਰਾਂ ਨੂੰ ਆਉਂਦਿਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ। ਉਪੰਰਤ ‘ਲਾਹੌਰ ਕਾਨਸਪੀਰੇਂਸੀ ਕੇਸ’ ਨੰਬਰ ਪਹਿਲੇ ਵਿਚ ਸ਼ਾਮਲ ਕੀਤੇ ਗਏ। ਭਾਈ ਸਾਹਿਬ ਹੋਰਾਂ ਨੂੰ ਪਹਿਲੇ (ਸ਼ਾਇਦ) ਫਾਂਸੀ ਦਾ ਹੁਕਮ ਹੋਇਆ ਅਤੇ ਬਾਦ ਵਿਚ ਸਜ਼ਾ ਉਮਰ ਕੈਦ ਦੀ ਕਰ ਦਿੱਤੀ ਗਈ। ਉਮਰ ਕੈਦ ਸਜ਼ਾ ਹੋ ਕੇ ਭਾਈ ਜੀ ਤੇ ਹੋਰ ਬਾਕੀ ਸਾਥੀਆਂ ਨਾਲ ਕਾਲੇਪਾਣੀ ਭੇਜੇ ਗਏ। ਪੰਜ ਕੁ ਸਾਲ ਕਾਲੇਪਾਣੀ ਰੱਖੇ ਜਾਣ ਬਾਦ, ਆਪਣੇ ਸਾਥੀਆਂ ਦੇ ਨਾਲ ਭਾਈ ਸਾਹਿਬ ਹੋਰੀਂ ਹਿੰਦੁਸਤਾਨ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤੇ ਗਏ। ਹਿੰਦੁਸਤਾਨ ਵਿਚ ਆਣ ਕੇ ਭਾਈ ਸਾਹਿਬ ਹੋਰੀਂ ਜੇਹਲ ਵਿਚੋਂ ਹਰਨ ਹੋ ਨਿਕਲੇ। [ਅਫ਼ਗ਼ਾਨਿਸਤਾਨ ਪਹੁੰਚ ਕੇ] ਭਾਈ ਊਧਮ ਸਿੰਘ ਜੀ ਨੇ ਜੋ ਘਾਲਾਂ ਘਾਲੀਆਂ, ਉਹ ਅੱਖਰਾਂ ਵਿਚ ਬਿਆਨ ਕਰਨੀਆਂ ਸੰਭਵ ਨਹੀਂ। ਵਿਸਾਖੀ ‘ਤੇ ਸਾਲਾਨਾ ਦੀਵਾਨ ਕਰਨਾ, ਬਾਬਾ ਨਾਨਕ ਜੀ ਦੀ ਯਾਦ ਵਿਚ ਸ਼ਾਹੀ ਮਹਿਲ ਉਸਾਰਨਾ, ਉਥੋਂ ਦੇ ਸੁੱਤੇ ਹੋਏ ਸਿੱਖਾਂ ਅੰਦਰ ਖ਼ਾਲਸਾਈ ਰੂਹ ਫੂਕ ਕੇ ਖ਼ਾਲਸਾ ਦੀਵਾਨ, ਅਫ਼ਗ਼ਾਨਿਸਤਾਨ ਦੀ ਨੀਂਹ ਧਰਨੀ ਵੀ ਆਪ ਦੀ ਯਾਦਗਾਰ ਹੈ। (ਭਾਈ ਸੰਤੋਖ ਸਿੰਘ, ‘ਕਿਰਤੀ’, ਮਾਰਚ 1926)

ਆਪ ਨੇ (ਅਫ਼ਗ਼ਾਨਿਸਤਾਨ ਅੰਦਰ) ਕਈ ਮੁਸੀਬਤਾਂ ਦਾ ਟਾਕਰਾ ਕਰਦਿਆਂ ਨਿੱਕੇ- ਨਿੱਕੇ ਗ੍ਰਾਵਾਂ ਵਿਚ ਬੜੇ-ਬੜੇ ਦੀਵਾਨ ਕਰ ਕੇ ਅਕਾਲੀ ਲਹਿਰ ਨੂੰ ਜਾਰੀ ਕੀਤਾ। ਜੋ ਅੱਜ ਘਰ ਘਰ ਦੇਸ਼-ਭਗਤੀ ਦੇ ਗੀਤ ਗਾਈਦੇ ਸੁਣਾਈ ਦੇਂਦੇ ਹਨ, ਆਪ ਦੀ ਮੇਹਨਤ ਦਾ ਹੀ ਸਿੱਟਾ ਹੈ। ਜੋ ਆਦਮੀ ‘ਅਕਾਲੀ’ ਨਾਮ ਨੂੰ ਸੁਣ ਕੇ ਤਰਕ ਪਾਉਂਦੇ ਸਨ, ਅੱਜ ਆਪ ਦੀ ਕ੍ਰਿਪਾ ਨਾਲ ਪ੍ਰਵਾਰਾਂ ਸਮੇਤ ਅਕਾਲੀ ਸਜੇ ਨਜ਼ਰੀਂ ਆਉਂਦੇ ਹਨ। ਏਹ ਆਪ ਜੀ ਦਾ ਉੱਦਮ ਹੈ ਕਿ ਖ਼ਾਲਸਾ ਸਕੂਲ ਲਾਲਪੁਰੇ ਦੀ ਗਿਰਾਈ ਹੋਈ ਇਮਾਰਤ ਮੂੜ ਬਣਵਾਈ ਗਈ ਔਰ ਅਫ਼ਗ਼ਾਨੀ ਖ਼ਾਲਸਾ ਜੀ ਨੂੰ ਬਾਣਿਆਂ ਦੇ ਸ਼ਿਕੰਜੇ ਵਿੱਚੋਂ ਕੱਢ ਕੇ ਗੁਰੂ ਗ੍ਰੰਥ ਤੇ ਪੰਥ ਦੇ ਪਿੱਛੇ ਲਾਉਣਾ ਆਪ ਜੀ ਦਾ ਹੀ ਹੌਂਸਲਾ ਸੀ । ਆਪ ਗੁਰੂ ਦੇ ਦਰਸ਼ਨਾਂ ਲਈ ਹਰ ਸਾਲ ਸ੍ਰੀ ਅੰਮ੍ਰਿਤਸਰ ਦੀ ਯਾਤਰਾ ਨੂੰ ਜਾਇਆ ਕਰਦੇ ਸਨ। ਐਤਕਾਂ ਵੀ ਹਮੇਸ਼ਾ ਵਾਂਗਰ ਜਦ ਆਪ ਸ੍ਰੀ ਅੰਮ੍ਰਿਤਸਰ ਜੀ ਦਾ ਅਸ਼ਨਾਨ ਕਰ ਕੇ ਮੁੜੇ ਤਾਂ ਲਾਲਪੁਰੇ ਤੋਂ ਤਿੰਨ ਚਾਰ ਮੀਲ ਦੇ ਫ਼ਾਸਲੇ ‘ਤੇ ਧਾੜਵੀ ਲੋਕਾਂ ਨੇ ਬੰਦੂਕ ਦੇ ਫਾਇਰ ਕੀਤੇ ਅਤੇ ਇਸ ਕੌਮੀ ਪ੍ਰਵਾਨੇ ਦੇ ਸਰੀਰ ਵਿਚ ਸੱਤ ਗੋਲੀਆਂ ਲੱਗੀਆਂ, ਆਪ ਉਜਾੜ ਵਿਚ ਸ਼ਹੀਦੀ ਪਿਆਲਾ ਛਕ ਕੇ 15 ਮਾਘ ਵਾਲੇ ਦਿਨ ਦੀਨ ਦੁਨੀਆਂ ਦੇ ਵਾਲੀ ਸੱਚੇ ਪਿਤਾ ਸ੍ਰੀ ਗੁਰੂ ਕਲਗੀਧਰ ਜੀ ਦੀ ਗੋਦ ਵਿਚ ਜਾ ਬਿਰਾਜੇ। (‘ਬੱਬਰ ਸ਼ੇਰ’, 1 ਮਾਰਚ 1926)

  1. ਸ਼ਹੀਦ ਭਾਈ ਜਗਤ ਸਿੰਘ, ਸੁਰਸਿੰਘ (ਲਾਹੌਰ)

ਆਪ ਨੇ ਆਪਣਾ ਕਿਰਤੀ ਜੀਵਨ ਫਰੇਜ਼ਰ ਮਿੱਲ (ਕੈਨੇਡਾ) ਦੇ ਕਾਰਖ਼ਾਨੇ ਵਿਚ ਸ਼ੁਰੂ ਕੀਤਾ। ਕੋਈ ਸੱਤ ਸਾਲ ਉਥੇ ਕਿਰਤ ਕਰਦਿਆਂ ਗੁਜ਼ਾਰੇ। ਇਸ ਕਾਰਖ਼ਾਨੇ ਵਿਚ ਲਗਭਗ 300 ਹਿੰਦੁਸਤਾਨੀ ਕਿਰਤੀ ਕਾਰ ਕਰਦੇ ਸਨ ਜਿਸ ਲਈ ਉਨ੍ਹਾਂ ਨੇ ਇਸੇ ਸ਼ਹਿਰ ਵਿਚ ਇਕ ਗੁਰਦੁਆਰਾ ਵੀ ਬਣਾਇਆ ਹੋਇਆ ਸੀ। ਇਸ ਗੁਰਦੁਆਰੇ ਦੇ ਪ੍ਰਬੰਧ ਲਈ ਇਹਨਾਂ ਕਿਰਤੀਆਂ ਨੇ ਆਪਣੇ ਵਿਚੋਂ ਸੱਤਾਂ ਮੈਬਰਾਂ ਦੀ ਇਕ ਕਮੇਟੀ ਬਣਾਈ ਹੋਈ ਸੀ ਅਤੇ ਇਹਨਾਂ ਸੱਤਾਂ ਮੈਂਬਰਾਂ ਵਿੱਚੋਂ ਇਕ ਭਾਈ ਸਾਹਿਬ ਭਾਈ ਜਗਤ ਸਿੰਘ, ਸੁਰਸਿੰਘ ਸਨ। (‘ਕਿਰਤੀ’, ਦਸੰਬਰ 1927)

  1. ਸ਼ਹੀਦ ਮੌਲਵੀ ਹਾਫ਼ਿਜ਼ ਅਬਦੁੱਲਾ, ਜਗਰਾਉਂ (ਲੁਧਿਆਣਾ)

ਮੌਲਵੀ ਅਬਦੁੱਲਾ ਇਕ ਗੰਭੀਰ ਤੇ ਸਿਆਣੇ ਦੇਸ਼ਭਗਤ ਸਨ। ਜਦ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਹ ਸੈਂਟਰਲ ਜੇਲ੍ਹ (ਲਾਹੌਰ) ਦੇ 14 ਨੰ: ਹਾਤੇ ਦੀਆਂ ਫਾਂਸੀ ਕੋਠੀਆਂ ਵਿਚ ਬੰਦ ਸਨ । ਭਾਈ ਬਲਵੰਤ ਸਿੰਘ (ਖੁਰਦਪੁਰ), ਭਾਈ ਕਰਤਾਰ ਸਿੰਘ (ਨਵਾਂ ਚੰਦ) ਆਦਿ ਸਭ ਸਿੰਘ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ। ਆਪ ਵੀ ਸੁਣਨ ਲੱਗ ਪਏ ਤੇ ਗੁਰਮੁਖੀ ਸਿੱਖ ਕੇ ਪਾਠ ਕਰਨ ਲੱਗ ਪਏ। ਇਕ ਦਿਨ ਕਹਿਣ ਲੱਗੇ ਕਿ “ਹੁਣ ਜ਼ਿੰਦਗੀ ਦਾ ਲੁਤਫ਼ ਆਉਣ ਲੱਗਾ ਸੀ ਤੇ ਪਤਾ ਲੱਗਾ ਸੀ ਕਿ ਜ਼ਿੰਦਗੀ ਕੀ ਹੈ? ਪਰ ਹੁਣ ਜ਼ਿੰਦਗੀ ਹੀ ਨਹੀਂ ਰਹੀ” (ਕਿਉਂਕਿ ਉਹ ਥੋੜੇ ਚਿਰ ਬਾਅਦ ਹੀ ਬਾਕੀ ਸਾਥੀਆਂ ਨਾਲ ਫਾਂਸੀ ਲੱਗ ਗਏ) ਉਨ੍ਹਾਂ ਉਪਰ ਗੁਰਬਾਣੀ ਦਾ ਐਸਾ ਪ੍ਰਭਾਵ ਪਿਆ ਸੀ ਕਿ ਗੁਰਬਾਣੀ ਦਾ ਰਸ ਆਉਣ ਲੱਗ ਪਿਆ ਸੀ। ਉਨ੍ਹਾਂ ਦੀ ਇਹ ਗੱਲ ਸਾਨੂੰ ਭਾਈ ਕਰਤਾਰ ਸਿੰਘ ਜੀ, ਨਵਾਂ ਚੰਦ ਨਿਵਾਸੀ ਨੇ ਦੱਸੀ ਸੀ ਜੋ ਉਸ ਵੇਲੇ ਉਨ੍ਹਾਂ ਦੇ ਨਾਲ ਸਨ। ਕਿਉਂਕਿ ਭਾਈ ਕਰਤਾਰ ਸਿੰਘ ਜੀ ਨੂੰ ਵੀ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜੋ ਪਿੱਛੋਂ ਉਮਰ ਕੈਦ ਵਿਚ ਬਦਲ ਗਈ ਸੀ। (ਗਿਆਨੀ ਨਾਹਰ ਸਿੰਘ, ‘ਆਜ਼ਾਦੀ ਦੀਆਂ ਲਹਿਰਾਂ, ਸਫੇ 92-93)

  1. ਸ਼ਹੀਦ ਭਾਈ ਲਛਮਣ ਸਿੰਘ ਦਫੇਦਾਰ, ਚੂਸਲੇਵੜ (ਅੰਮ੍ਰਿਤਸਰ)

[ਮੀਆਂ ਮੀਰ ਛਾਉਣੀ], ਲਾਹੌਰ ਦੇ ਦੋ ਫ਼ੌਜੀਆਂ ਦਾ ਜਿਹੜਾ ਹਾਲ ਮੈਂ ਸੁਣਿਆ, ਉਹ ਹਮੇਸ਼ਾ ਯਾਦ ਰੱਖਣ ਯੋਗ ਹੈ। ਇਕ ਦਾ ਨਾਮ ਲਛਮਣ ਸਿੰਘ ਸੀ, ਦੂਸਰਾ ਸਿਪਾਹੀ ਮੁਸਲਮਾਨ, ਉਹਦਾ ਨਾਮ ਮੈਨੂੰ ਯਾਦ ਨਹੀਂ।* ਦੋਵੇਂ ਹਵਾਲਦਾਰ ਸਨ। ਸਿਪਾਹੀਆਂ ‘ਤੇ ਲਛਮਣ ਸਿੰਘ ਦਾ ਚੰਗਾ ਪ੍ਰਭਾਵ ਸੀ। ਏਸ ਰੈਜਮੈਂਟ ਦੇ ਇਕ ਸਿਪਾਹੀ ਨਾਲ ਬਾਅਦ ਵਿਚ ਅੰਡੇਮਾਨ ਵਿਚ ਮੇਰੀ ਗੱਲਬਾਤ ਹੋਈ । ਉਸ ਤੋਂ ਪਤਾ ਚੱਲਿਆ ਕਿ ਲਛਮਣ ਸਿੰਘ ਨੇ ਬਹੁਤ ਪਹਿਲਾਂ ਹੀ ਆਪਣੀ ਰੈਜਮੈਂਟ ਵਿਚ ਇਕ ਛੋਟਾ ਜਿਹਾ ਦਲ ਬਣਾ ਰੱਖਿਆ ਸੀ। ਉਹ ਕਿਤੇਨਾ ਕਿਤੇ ਅਕਸਰ ਇਕੱਠੇ ਹੋਇਆ ਕਰਦੇ ਸਨ। ਉਸ ਸਮੇਂ ਸਿੱਖ ਧਰਮ ਸੰਬੰਧੀ ਪੁਸਤਕਾਂਪੜ੍ਹੀਆਂ ਜਾਂਦੀਆਂ ਸਨ ਅਤੇ ਅਨੇਕ ਵਿਸ਼ਿਆਂ ‘ਤੇ ਚਰਚਾ ਹੁੰਦੀ ਸੀ। ਕਈ ਵਾਰ ਇਹਦੀਖ਼ਬਰ ਮਿਲਣ ‘ਤੇ ਅੰਗਰੇਜ਼ ਅਫ਼ਸਰ ਏਸ ਨੂੰ ਰੋਕਣ ਦਾ ਹੁਕਮ ਦਿੰਦੇ ਸਨ। ਏਸ ਤਰ੍ਹਾਂ ਵਿਚਵਿਚ ਬੰਦ ਹੋ ਕੇ ਇਹ ਕੰਮ ਛੋਟੇ ਰੂਪ ਵਿਚ ਕਈ ਸਾਲਾਂ ਤੋਂ ਚਲਿਆ ਆ ਰਿਹਾ ਸੀ। ਰੈਜਮੈਂਟਦੇ ਸਾਰੇ ਸਿਪਾਹੀ ਲਛਮਣ ਸਿੰਘ ਨੂੰ ਬੜਾ ਧਰਮਾਤਮਾ ਅਤੇ ਉੱਚਾ-ਸੁੱਚਾ ਸਮਝਦੇ ਸੀ । ਲਛਮਣਸਿੰਘ ਨੂੰ ਫਾਂਸੀ ਦਾ ਹੁਕਮ ਹੋਣ ‘ਤੇ ਜਦੋਂ ਮੁਸਲਮਾਨ ਹਵਾਲਦਾਰ ਨੂੰ ਜਾਨ ਬਖ਼ਸ਼ ਦੇਣ ਦਾਲਾਲਚ ਦੇ ਕੇ ਸਰਕਾਰ ਵਲੋਂ ਕੁਝ ਗੁਪਤ ਗੱਲਾਂ ਦੀ ਟੋਹ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂਉਸ ਨੂੰ ਕਿਹਾ ਗਿਆ ਕਿ ਤੂੰ ਇਕ ਕਾਫ਼ਰ ਨਾਲ ਕਿਵੇਂ ਫਾਂਸੀ ‘ਤੇ ਚੜ੍ਹਨਾ ਪਸੰਦ ਕਰ ਸਕਦਾਹੈਂ ਤਾਂ ਉਸ ਵੀਰ ਨੇ ਬੜਾ ਈ ਵਧੀਆ ਜੁਆਬ ਦਿੱਤਾ । ਉਹਨੇ ਕਿਹਾ ਕਿ ‘ਜੇ ਮੈਂ ਲਛਮਣ ਸਿੰਘ ਨਾਲ ਫਾਂਸੀ ‘ਤੇ ਟੰਗਿਆ ਜਾਵਾਂ ਤਾਂ ਮੈਨੂੰ ਬਹਿਸ਼ਤ ਮਿਲੇਗੀ।” ਉਹਨੂੰ ਵੀ ਫਾਂਸੀ ਹੋ ਗਈ।

(ਸ਼ਚਿੰਦਰਨਾਥ ਸਾਨਿਆਲ, ‘ਬੰਦੀ ਜੀਵਨ’, ਸਫ਼ਾ 62)

  1. ਸ਼ਹੀਦ ਭਾਈ ਵਸਾਵਾ ਸਿੰਘ, ਵਾੜਾ (ਹੁਸ਼ਿਆਰਪੁਰ)

ਭਾਈ ਵਸਾਵਾ ਸਿੰਘ ਜੀ ਬੜੇ ਵਿਦਵਾਨ ਤੇ ਬ੍ਰਹਮ ਗਿਆਨੀ ਸਨ। ਇਨ੍ਹਾਂ ਦੇ ਪਿਤਾ ਦਾ ਨਾਂ ਝੰਡਾ ਸਿੰਘ ਪਿੰਡ ਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਆਪ ਨੇ ਕਿਹਾ ਕਿ ਹਰ ਕੰਮ ਆਰੰਭ ਕਰਨ ਤੋਂ ਪਹਿਲਾਂ ਈਸ਼ਵਰ ਦੀ ਅਰਾਧਨਾ ਜ਼ਰੂਰੀ ਹੈ। ਇਸ ਕਰਕੇ ਜਦ ਬਰਮਾ ਅਤੇ ਸਿਆਮ ਵਿਚ ਸਰਗਰਮ ਚੋਟੀ ਦੇ ਗ਼ਦਰੀ ਸੱਜਣਾਂ ਨੇ ਇਕ ਮੀਟਿੰਗ ਕੀਤੀ ਤਾਂ ਉਸ ਵਿਚ ਗੁਪਤ ਥਾਂ ਜੰਗਲ ਵਿਖੇ ਅਖੰਡ ਪਾਠ ਦਾ ਫ਼ੈਸਲਾ ਕੀਤਾ ਗਿਆ। ਅਖੰਡ ਪਾਠ ਦੇ ਭੋਗ ਪਰ ਇਕੱਤ੍ਰ ਹੋ ਕੇ ਸਾਰਿਆਂ ਨੇ ਇਹ ਪ੍ਰਣ ਲਿਆ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖ਼ਾਤਰ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਭੀ ਬਹਾ ਦਿਆਂਗੇ।

ਆਜ਼ਾਦੀ ਦੀ ਇਸ ਲਹਿਰ ਵਿਚ ਸਿੱਖ ਸਭ ਤੋਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਭਾਵੇਂ ਉਸ ਸਮੇਂ ਹਿੰਦੂ, ਮੁਸਲਮਾਨ, ਸਿੱਖ ਦਾ ਸਵਾਲ ਨਹੀਂ ਸੀ ਸਗੋਂ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਦਾ ਸਰਬ ਸਾਂਝਾ ਮਕਸਦ ਸਾਹਮਣੇ ਸੀ ਪ੍ਰੰਤੂ ਇਨਕਲਾਬੀ ਸਿਪਾਹੀਆਂ ਵਿਚ ਸਿੱਖਾਂ ਦੀ ਗਿਣਤੀ ਬਹੁਤੀ ਹੋਣ ਕਰਕੇ ਉਨ੍ਹਾਂ ਦੇ ਜਜ਼ਬਾਤ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਸੀ। ਮਾਂਡਲੇ ਸਾਜ਼ਸ਼ ਆਰੰਭ ਕਰਨ ਤੋਂ ਪਹਿਲਾਂ ਅਖੰਡ ਪਾਠ ਕਰਨਾ ਸਾਬਤ ਕਰਦਾ ਹੈ ਕਿ ਉਸ ਸਮੇਂ ਹਿੰਦੂ-ਮੁਸਲਮਾਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਇਕ ਸਾਂਝਾ ਪ੍ਰਾਰਥਨਾ ਦਾ ਵਸੀਲਾ ਸਮਝਦੇ ਸਨ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਕੱਤਰ ਹੋਏ ਗ਼ਦਰੀਆਂ ਅਤੇ ਉਨ੍ਹਾਂ ਦੇ ਦੂਸਰੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਂਡਲੇ ਸਾਜ਼ਸ਼ ਕੇਸ ਚਲਾਇਆ ਗਿਆ ਜਿਸ ਵਿਚ ਭਾਈ ਵਸਾਵਾ ਸਿੰਘ ਸਮੇਤ ਸੱਤ ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।

(‘ਮਾਲਵਾ ਸਿੱਖ ਇਤਿਹਾਸ’, ਸਫੇ 384-85)

  1. ਸ਼ਹੀਦ ਭਾਈ ਬੰਤਾ ਸਿੰਘ, ਸੰਘਵਾਲ (ਜਲੰਧਰ)

ਗ੍ਰਿਫ਼ਤਾਰੀ ਤੋਂ ਬਾਅਦ ਆਪ ਨੂੰ ਲਾਹੌਰ ਲੈ ਗਏ, ਉਥੇ ਏਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ। ਅਦਾਲਤ ਨੇ ਏਹਨਾਂ ਨੂੰ ਫਾਂਸੀ ਦਾ ਹੁਕਮ ਦਿੱਤਾ। ਏਹਨਾਂ ਫਾਂਸੀ ਦਾ ਹੁਕਮ ਸੁਣ ਕੇ ਵਾਹਿਗੁਰੂ ਦੀ ਦਰਗਾਹ ਵਿਚ ਏਹ ਅਰਦਾਸ ਕੀਤੀ: “ਹੇ ਵਾਹਿਗੁਰੂ ਅੱਜ ਮੇਰੇ ਧੰਨਭਾਗ ਹਨ ਕਿ ਮੇਰੀ ਇਹ ਨਿਮਾਣੀ ਜ਼ਿੰਦਗੀ ਵੀ ਦੇਸ਼ ਤੇ ਕੌਮ ਦੀ ਖ਼ਾਤਰ ਲੱਗ ਗਈ ਹੈ।”

  1. ਸ਼ਹੀਦ ਭਾਈ ਹੀਰਾ ਸਿੰਘ, ਚਰੜ (ਲਾਹੌਰ)

ਆਪ ਬੜੇ ਧਨਾਢ ਸੱਜਣ ਤੇ ਕੀਮੀਆਗਰ (ਰਸਾਇਣ ਬਣਾਉਣ ਵਾਲੇ) ਵੀ ਸਨ। ਆਪ ਨੂੰ ਲਾਹੌਰ ਦੇ ਦੂਜੇ ਸਾਜ਼ਸ਼ ਕੇਸ ਵਿਚ ਫਾਂਸੀ ਦੀ ਸਜ਼ਾ ਹੋਈ, ਜੋ ਟੁੱਟ ਕੇ ਉਮਰ ਕੈਦ ਹੋ ਗਈ। ਆਪ ਬਲਗਾਮ ਜੇਲ੍ਹ ਵਿਚ ਬੀਮਾਰ ਹੋ ਕੇ ਸਵਰਗਵਾਸ ਹੋ ਗਏ ਸਨ। ਆਪ ਬੜੇ ਧੀਰਜ ਵਾਲੇ ਤੇ ਮਿੱਠ ਬੋਲੜੇ ਸੱਜਣ ਸਨ। ਆਪ ਹਰ ਸਮੇਂ ਸਰਬੱਤ ਦਾ ਭਲਾ ਲੋਚਦੇ ਸਨ। ਦਾਸ (ਲਿਖਾਰੀ) ਨੂੰ ਉਹਨਾਂ ਨੇ ਹਵਾਲਾਤ ਵਿਚ ਇਕ ਦਿਨ ਕਿਹਾ, “ਮੁੰਡਿਓ! ਤੁਸੀਂ ਬਾਹਰ ਜਾਣਾ ਹੈ ਤੇ ਸਾਡੀ ਕੋਈ ਆਸ ਨਹੀਂ ਹੈ, ਸੋ ਤੁਸੀ ਮੇਰੀਆਂ ਇਹ ਤਿੰਨ ਗੱਲਾਂ ਯਾਦ ਰੱਖਣੀਆਂ- 1. ਲਾਹੌਰ ਜੇਲ੍ਹ ਦੀ ਥਾਂ ‘ਸ਼ਹੀਦ ਗੰਜ’ ਹੋਵੇ, 2. ਵਿਦਿਆ ਮੁਫ਼ਤ ਹੋਵੇ, 3. ਗੁਰਬਾਣੀ ਦਾ ਕੋਈ ਮੁੱਲ ਨਾ ਹੋਵੇ। (ਬਾਬਾ ਹਰਭਜਨ ਸਿੰਘ ਚਮਿੰਡਾ, ‘ਲਹੂ-ਭਿੰਨੀਆਂ ਯਾਦਾਂ’, ਸਫ਼ੇ 33-34)

  1. ਸ਼ਹੀਦ ਭਾਈ ਭਾਨ ਸਿੰਘ, ਸੁਨੇਤ (ਲੁਧਿਆਣਾ)

ਇਹ ਵੀਰ ਪਹਿਲੇ ਸਾਜ਼ਸ਼ ਮੁਕੱਦਮੇ ਵਿਚ ਸਜ਼ਾ ਦੇ ਕੇ ਕਾਲੇਪਾਣੀ ਭੇਜਿਆ ਗਿਆ। ਆਪ ਜਿਥੇ ਦੇਸ਼-ਭਗਤੀ ਵਿਚ ਨਿਪੁੰਨ ਸਨ, ਉਥੇ ਆਪ ਧਰਮ ਕਰਮ ਵਿਚ ਵੀ ਪੂਰੇ ਸਨ। ਬਾਣੀ ਨਾਲ ਪ੍ਰੇਮ ਕਰਕੇ ਹਮੇਸ਼ਾ ਅਨੰਦ ਲੈਂਦੇ ਰਹੇ। ਇਕ ਦਿਨ (ਅੰਡੇਮਾਨ ਜੇਲ੍ਹ ਵਿਚ) ‘ਹਾਲ ਮੁਰੀਦਾਂ ਦਾ’ ਸ਼ਬਦ ਪੜ੍ਹਦੇ ਨੂੰ ਦਰੋਗੇ ਨੇ ਵਰਜਿਆ, ਪਰ ਆਪ ਸਗੋਂ ਹੋਰ ਦਲੇਰੀ ਨਾਲ ਉੱਚੀ- ਉੱਚੀ ਪੜ੍ਹੀ ਗਏ ਤਾਂ ਦਰੋਗੇ ਨੂੰ ਬਹੁਤ ਬੁਰਾ ਮਹਿਸੂਸ ਹੋਇਆ ਤੇ ਆਪ ਦੀ ਕੁਟਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਆਪ ਜੇਲ੍ਹ ਵਿਚ 2 ਮਾਰਚ 1918 ਨੂੰ ਚੜ੍ਹਾਈ ਕਰ ਗਏ। (ਬਾਬਾ ਹਰਭਜਨ ਸਿੰਘ ਚਮਿੰਡਾ, ‘ਲਹੂ-ਭਿੰਨੀਆਂ ਯਾਦਾਂ’, ਸਫ਼ਾ 28)

  1. ਸ਼ਹੀਦ ਭਾਈ ਅਰਜਨ ਸਿੰਘ, ਖਖਰਾਣਾ (ਫ਼ਿਰੋਜ਼ਪੁਰ)

ਇਹ ਵੀਰ 1914 ਵਿਚ ਅਮਰੀਕਾ ਤੋਂ ਆ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਘਰ ਨਾਰੰਗਵਾਲ ਸਾਨੂੰ ਮਿਲਿਆ ਤੇ ਸਭ ਤੋਂ ਪਹਿਲਾਂ ਗ਼ਦਰ ਦੀ ਗੂੰਜ ਦੀਆਂ ਕਵਿਤਾਵਾਂ ਜ਼ਬਾਨੀ ਪੜ੍ਹ ਕੇ ਸਾਨੂੰ ਸੁਣਾਈਆਂ, ਜੋ ਮੈਂ ਸਭ ਲਿਖ ਕੇ ਕੰਠ ਕਰ ਲਈਆਂ ਤੇ ਅੱਜ ਤਕ ਜ਼ਬਾਨੀ ਯਾਦ ਹਨ।

ਇਕ ਦਿਨ ਅਨਾਰਕਲੀ ਬਾਜ਼ਾਰ, ਲਾਹੌਰ ਵਿਚ ਪੁਲਿਸ ਨਾਲ ਟੱਕਰ ਹੋ ਜਾਣ ‘ਤੇ ਇਕ ਮਹਿਸਮ ਅਲੀ ਨਾਮ ਦਾ ਹੈੱਡ ਕਾਂਸਟੇਬਲ ਇਹਦੇ ਹੱਥੋਂ ਮਾਰਿਆ ਗਿਆ। ਇਹਦੇ ਫਾਂਸੀ ਚੜ੍ਹਨ ਵੇਲੇ ਦੀ ਇਕ ਬੜੀ ਕਰੁਣਾਮਈ ਕਹਾਣੀ ਮੈਨੂੰ ਮਿੰਟਗੁਮਰੀ ਜੇਲ੍ਹ ਵਿਚ ਬਤਨ ਸਿੰਘ ਕਾਹਰੀ ਸਾਹਰੀ ਵਾਲਿਆਂ ਨੇ, ਜਿਹੜੇ ਤੀਜੇ ਮੁਕੱਦਮੇ ਵਿਚ ਉਮਰ ਕੈਦ ਭੋਗ ਰਹੇ ਸਨ, ਨੇ ਸੁਣਾਈ ਕਿ ਜਦੋਂ ਵੀਰ ਨੂੰ ਅੰਮ੍ਰਿਤ ਵੇਲੇ ਕੋਠੀ ਵਿੱਚੋਂ ਕੱਢ ਕੇ ਫਾਂਸੀ ਘਰ ਵੱਲ ਲਿਜਾ ਰਹੇ ਸਨ ਤਾਂ ਦੁਆਲੇ ਕੋਠੀਆਂ ਵਿਚ ਬੰਦ ਗ਼ਦਰੀਆਂ ਨੇ ਬੜੇ ਕਰੁਣਾ-ਰਸ ਵਿਚ ਇਹ ਸ਼ਬਦ ਪੜ੍ਹਿਆ: “ਸੱਚਖੰਡ ਜਾਣ ਵਾਲਿਆ, ਕਲਗੀ ਵਾਲੇ ਨੂੰ ਸੁਨੇਹੜਾ ਸਾਡਾ ਦੇਣਾ” ਤਾਂ ਅੱਗੋਂ ਵੀਰ ਨੇ ਬੜੇ ਹੌਂਸਲੇ ਨਾਲ ਇਹ ਉੱਤਰ ਦਿੱਤਾ “ਸਤਿਗੁਰੂ ਸੁੱਤਿਆਂ ਨੂੰ ਬਾਹੋਂ ਫੜ ਕੇ ਜਗਾ ਲੂ ਮੇਰੇ ਵੀਰਨੋ।” ਪਾਠਕ ਜਨ, ਆਪ ਹੀ ਉਸ ਸਮੇਂ ਦਾ ਅੰਦਾਜ਼ਾ ਲਾਉਣ ਕਿ ਉਹ ਸਮਾਂ ਕਿਤਨਾ ਦਿਲਕਸ਼ ਤੇ ਵੈਰਾਗਮਈ ਹੋਵੇਗਾ। ਇਹ 20 ਅਪ੍ਰੈਲ 1915 ਦੀ ਘਟਨਾ ਹੈ।

(ਬਾਬਾ ਹਰਭਜਨ ਸਿੰਘ ਚਮਿੰਡਾ, ‘ਲਹੂ-ਭਿੰਨੀਆਂ ਯਾਦਾਂ’, ਸਕੇ 60-61)

  1. ਸ਼ਹੀਦ ਭਾਈ ਮਥਰਾ ਸਿੰਘ, ਢਡਿਆਲ (ਜੇਹਲਮ)

ਡਾਕਟਰ ਭਾਈ ਮਥਰਾ ਸਿੰਘ ਜੀ ‘ਤੇ ਜੇਲ੍ਹ ਦੇ ਵਿਚ ਹੀ ਮੁਕੱਦਮਾ ਚਲਾਇਆ ਗਿਆ ਤੇ ਕਾਰਵਾਈ ਸਾਰੀ ਗੁਪਤ ਰੱਖੀ ਗਈ। ਥੋੜ੍ਹੇ ਦਿਨਾਂ ਵਿਚ ਹੀ ਫ਼ੈਸਲਾ ਕਰ ਦਿੱਤਾ ਗਿਆ. ਕਿ ਡਾਕਟਰ ਜੀ ਨੂੰ ਫਾਂਸੀ ਦੇ ਦਿੱਤੀ ਜਾਵੇ। ਇਨ੍ਹਾਂ ਦੇ ਨਿੱਕੇ ਭਰਾ ਵੱਲੋਂ ਫਾਂਸੀ ਦੀ ਤਾਰੀਖ਼ ਦੀ ਪੁੱਛ ਕੀਤੀ ਗਈ ਅਤੇ ਮੁਲਾਕਾਤ ਲਈ ਦਰਖ਼ਾਸਤ ਵੀ ਦਿੱਤੀ ਗਈ, ਪਰ ਸਰਕਾਰ ਵੱਲੋਂ ਮੁਲਾਕਾਤ ਕਰਾਉਣ ਤੋਂ ਸਾਫ਼ ਨਾਂਹ ਕਰ ਦਿੱਤੀ ਗਈ। ਅੰਤ ਆਪ ਨੂੰ 27 ਮਾਰਚ, 1917 ਨੂੰ ਫਾਂਸੀ ਦਿੱਤੀ ਗਈ ਅਤੇ ਆਖ਼ਰੀ ਮੁਲਾਕਾਤ ਵੀ ਨਾ ਕਰਾਈ ਗਈ। ਜਦ ਡਾਕਟਰ ਜੀ ਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਨਾ-ਮਨਜ਼ੂਰ ਕਰ ਦਿੱਤੀ ਗਈ ਹੈ ਤਾਂ ਉਹਨਾਂ ਨੇ ਆਪਣੇ ਭਰਾ ਦੇ ਨਾਮ ਇਕ ਵਸੀਅਤ ਲਿਖੀ, ਜਿਸ ਦਾ ਕੁਝ ਹਿੱਸਾ, ਉਸ ਨੂੰ ਸੁਣਾਇਆ ਗਿਆ। ਜਿਹੜਾ ਕਿ ਇਸ ਤਰ੍ਹਾਂ ਸੀ:

“ਮੇਰੀ ਮੌਤ ‘ਤੇ ਕਿਸੇ ਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਖ਼ੁਸ਼ ਹਾਂ ਕਿ ਮੈਂ ਬਹੁਤ ਸਾਰਾ ਆਪਣਾ ਕੰਮ ਕਰ ਚੁੱਕਾ ਹਾਂ। ਮੇਰੇ ਨਮਿਤ ਅਖੰਡ ਪਾਠ ਰਖਾਇਆ ਜਾਵੇ।”

ਕੇਵਲ ਏਨਾ ਹਿੱਸਾ ਹੀ ਵਸੀਅਤ ਦਾ ਸੁਣਾਇਆ ਗਿਆ । ਬਾਕੀ ਨਹੀਂ ਸੁਣਾਇਆ ਗਿਆ ਹਾਲਾਂਕਿ ਕਈ ਵਾਰ ਉਹਨਾਂ ਦੇ ਭਰਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਰਖ਼ਾਸਤਾਂ ਦਿੱਤੀਆਂ ਗਈਆਂ ਕਿ ਅਸਲੀ ਵਸੀਅਤ ਉਸ ਦੇ ਸਪੁੱਰਦ ਕੀਤੇ ਜਾਵੇ।

ਡਾ. ਮਥਰਾ ਸਿੰਘ ਜੀ ਦੇ ਨਿੱਕੇ ਭਰਾ ਲਾਭ ਸਿੰਘ…ਨਾਲ ਸਾਡਾ ਅਕਸਰ ਮੇਲ-ਜੋਲ ਰਹਿੰਦਾ ਸੀ। ਉਹ ਦੱਸਦੇ ਹਨ ਕਿ ਜਦ ਮੈਂ ਮੁਲਾਕਾਤ ਲਈ ਗਿਆ ਤਾਂ ਡਾਕਟਰ ਜੀ ਗੁਟਕੇ ਤੋਂ ਪਾਠ ਕਰ ਰਹੇ ਸਨ । ਜਦ ਤਕ ਮੈਂ ਬੁਲਾਇਆ ਨਹੀਂ, ਉਹ ਪਾਠ ਕਰਦੇ ਰਹੇ…ਲਾਭ ਸਿੰਘ ਨੇ ਰਹਿਮ ਦੀ ਅਰਜ਼ੀ ਵਾਸਤੇ ਪੁੱਛਿਆ ਤਾਂ ਡਾਕਟਰ ਸਾਹਿਬ ਨੇ ਆਪਣੇ ਮਖ਼ਸੂਸ ਅੰਦਾਜ਼ ਵਿਚ ਕਿਹਾ, ‘ਇਸ ਸਰਕਾਰ ਪਾਸੋਂ ਰਹਿਮ ਦੀ ਦਰਖ਼ਾਸਤ ਕਰਨਾ ਮੈਂ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ।’

(ਗੁਰਮੁਖ ਸਿੰਘ ਮੁਸਾਫ਼ਿਰ, ‘ਵੀਹਵੀਂ ਸਦੀ ਦੇ ਸ਼ਹੀਦ, ਸਫ਼ੇ 263-64)

  1. ਬੀਬੀ ਗੁਲਾਬ ਕੌਰ, ਬਖ਼ਸ਼ੀਵਾਲਾ (ਰਿਆਸਤ ਪਟਿਆਲਾ)

ਜਦੋਂ ਮਨੀਲਾ ਤੋਂ ਗ਼ਦਰੀਆਂ ਦਾ ਜਥਾ ਭਾਰਤ ‘ਚ ਗ਼ਦਰ ਕਰਨ ਲਈ ਤੁਰਿਆ ਤਾਂ ਬੀਬੀ ਗੁਲਾਬ ਕੌਰ ਦੇ ਪਤੀ ਭਾਈ ਮਾਨ ਸਿੰਘ ਦੇ ਪੈਰ ਥਿੜਕ ਗਏ। ਗੁਲਾਬ ਕੌਰ ਨੂੰ ਗੁੱਸਾ ਆ ਗਿਆ । ਉਹ ਮਾਨ ਸਿੰਘ ਨੂੰ ਬੁਜ਼ਦਿਲੀ ਦਿਖਾਉਣ ਕਾਰਨ ਲਾਹਨਤਾਂ ਪਾਉਂਦਿਆਂ ਬੋਲੀ :

“ਗੰਦਿਆ ਸੂਰਾ, ਤੂੰ ਕੌਮ ਨੂੰ ਪਿੱਠ ਦਿਖਾ ਦਿੱਤੀ ਹੈ । ਤੂੰ ਗੁਰੂ ਗੋਬਿੰਦ ਸਿੰਘ ਦੇ ਨਾਂਅ ਨੂੰ ਵੱਟਾ ਲਾ ਦਿੱਤਾ ਹੈ। ਚੰਗਾ, ਠੀਕ ਹੈ, ਜੇ ਤੂੰ ਨਹੀਂ ਜਾ ਰਿਹਾ ਤਾਂ ਅੱਜ ਤੋਂ ਨਾ ਤੂੰ ਮੇਰਾ ਕੁਝ ਲੱਗਦਾ ਹੈ ਅਤੇ ਨਾ ਹੀ ਮੈਂ ਤੇਰੀ ਕੁਝ ਲੱਗਦੀ ਹਾਂ। ਤੇਰਾ ਮੇਰਾ ਰਿਸ਼ਤਾ ਖ਼ਤਮ। ਤੂੰ ਸਿੱਖੀ ਅਤੇ ਆਪਣੇ ਪਰਿਵਾਰ ਲਈ ਕਲੰਕ ਹੈਂ, ਪਰ ਮੈਂ ਸਿੱਖੀ ਦੇ ਨਾਂਅ ‘ਤੇ ਧੱਬਾ ਨਹੀਂ ਲੱਗਣ ਦਿਆਂਗੀ। ਹੁਣ ਤੇਰੀ ਥਾਂ ਮੈਂ ਜਾ ਰਹੀ ਹਾਂ।”

…ਬੀਬੀ ਗੁਲਾਬ ਕੌਰ ਨੇ (ਗ਼ਦਰ ਲਹਿਰ ਸਮੇਂ) ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪੰਥ ਦੀ ਸ਼ੇਰਨੀ ਸਾਬਤ ਕਰਕੇ ਦਿਖਾ ਦਿੱਤਾ। ਗੁਲਾਬ ਕੌਰ ਦੀ ਬਹਾਦਰੀ ਅਤੇ ਕੁਰਬਾਨੀ ਵਰਗੀਆਂ ਮਿਸਾਲਾਂ ਭਾਰਤ ਦੇ ਇਤਿਹਾਸ ਅੰਦਰ ਮਿਲਣੀਆਂ ਬਹੁਤ ਮੁਸ਼ਕਲ ਹਨ।

(Gurcharn Singh Sainsara, ‘Journal of Sikh Studies’, August 1977)

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਮੈਂਬਰ ਗ਼ਦਰੀ ਦੇਸ਼ਭਗਤਾਂ ਦੀ ਜਾਣ-ਪਛਾਣ

  1. ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ (ਲੁਧਿਆਣਾ)

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ 1902 ਤੋਂ 1903 ਤਕ ਨਾਇਬ ਤਹਿਸੀਲਦਾਰ ਰਹੇ। ਆਤਮ ਰੰਗਾਂ ਦੀ ਖਿੱਚ ਦੇ ਕਾਰਨ ਤਹਿਸੀਲਦਾਰੀ ਛੱਡ ਦਿੱਤੀ। 14 ਜੂਨ ਨੂੰ ਪਿੰਡ ਬੱਕਾਪੁਰ, ਜ਼ਿਲ੍ਹਾ ਜਲੰਧਰ ਦੇ ਉਸ ਦੀਵਾਨ ਵਿਚ ਅੰਮ੍ਰਿਤ ਛਕਿਆ, ਜਿਸ ਵਿਚ ਮੌਲਵੀ ਕਰੀਮ ਬਖ਼ਸ਼ ਅੰਮ੍ਰਿਤ ਛਕ ਕੇ ਸੰਤ ਲਖਬੀਰ ਸਿੰਘ ਜੀ ਬਣੇ। ਆਪ 1907 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਸੁਟੰਡੰਟ ਰਹੇ, ਉਪਰੰਤ ਆਪ ਸਤਿਸੰਗ ਮੰਡਲਾਂ ਵਿਚ ਕੀਰਤਨ ਤੇ ਅਖੰਡ ਪਾਠਾਂ ਦੇ ਅਨੰਦ ਲੈਂਦੇ ਰਹੇ। 1914 ਵਿਚ ਆਪ ਗੁਰਦੁਆਰਾ ਰਕਾਬਗੰਜ ਦੇ ਮੋਰਚੇ ਵਿਚ ਸ਼ਾਮਲ ਹੋਏ। (ਗ਼ਦਰ ਲਹਿਰ ਵਿਚ ਹਿੱਸਾ ਲੈਣ ਕਰਕੇ) 9 ਮਈ, 1915 ਨੂੰ ਆਪ ਨਾਭੇ ਨਜ਼ਰਬੰਦ ਹੋਏ ਤੇ 17 ਜੂਨ ਨੂੰ ਲੁਧਿਆਣੇ ਲਿਆ ਕੇ ਗ੍ਰਿਫ਼ਤਾਰ ਕੀਤੇ ਗਏ। ਫੇਰ 30 ਮਾਰਚ, 1916 ਈ. ਨੂੰ ਆਪ ਨੂੰ ਦੂਜਾ ਮੁਕੱਦਮਾ ਸਾਜ਼ਸ਼ (ਫ਼ਸਟ ਸਪਲੀਮੈਂਟਰੀ ਸਾਜ਼ਸ਼ ਕੇਸ) ਲਾਹੌਰ ਵਿਚ ਉਮਰ ਕੈਦ, ਜਾਇਦਾਦ ਜ਼ਬਤੀ ਤੇ ਜਲਾਵਤਨੀ ਦੀ ਸਜ਼ਾ ਹੋਈ। ਆਪ ਨੇ ਬੜੇ ਬੜੇ ਅਸਹਿ ਤਸੀਹੇ ਝੱਲੇ। 4 ਅਕਤੂਬਰ, 1930 ਨੂੰ ਲਾਹੌਰ ਸੈਂਟਰਲ ਜੇਲ੍ਹ ਤੋਂ ਰਿਹਾਅ ਹੋਏ। ਆਪ ਦੀ ਹਸਤੀ ਬੇਮਿਸਾਲ ਇਸ ਕਰਕੇ ਹੈ ਕਿ ਆਪ ਨੇ ਜੇਲ੍ਹ ਵਿਚ ਹਾੜ ਜੇਠ ਦੀਆਂ ਗਰਮੀਆਂ ਵਿਚ ਧਰਮ ਪ੍ਰਤੱਗਿਆ ਪਾਲਣ ਹਿਤ ਇਕ ਵਾਰ 7 ਦਿਨ ਤੇ ਦੂਜੀ ਵਾਰ 40 ਦਿਨ ਬਿਨਾਂ ਪਾਣੀ (ਤੇ ਅੰਨ) ਤੋਂ ਗੁਜ਼ਾਰੇ। ਦੁਨੀਆਂ ਵਿਚ ਭੁੱਖ ਹੜਤਾਲਾਂ ਤਾਂ ਬਹੁਤਿਆਂ ਨੇ ਕੀਤੀਆਂ ਹਨ, ਪਰ ਬਿਨਾਂ ਜਲ ਗਰਮੀ ਦੀ ਸਖ਼ਤੀ ਵਿਚ ਕਾਇਮ ਰਹਿਣਾ ਇਕ ਅਜੀਬ ਗੱਲ ਹੈ। ਆਪ ਨੇ ਨਾਗਪੁਰ ਜੇਲ੍ਹ ਵਿਚ ਵੱਧ ਤੋਂ ਵੱਧ ਕਸ਼ਟ ਸਹੇ। ਮੁਲਤਾਨ ਸੈਂਟਰਲ ਜੇਲ੍ਹ ਵਿਚ ਡੇਢ ਸਾਲ ਕੇਵਲ ਭੁੱਜੇ ਛੋਲਿਆਂ ਪਰ ਗੁਜ਼ਾਰਾ ਕੀਤਾ।

15 ਸਤੰਬਰ, 1931 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ ਤੇ ਸ੍ਰੀ ਸਾਹਿਬ ਦੇ ਸਿਰੋਪਾਉ ਦੀ ਬਖ਼ਸ਼ਸ਼ ਹੋਈ। ਇਹ ਵੱਡੀ ਤੋਂ ਵੱਡੀ ਇੱਜ਼ਤ ਹੈ, ਜੋ ਇਕ ਗੁਰਸਿੱਖ ਨੂੰ ਮਿਲ ਸਕਦੀ ਹੈ। 17 ਸਤੰਬਰ, 1931 ਨੂੰ ਆਪ ਸ੍ਰੀ ਤਰਨ ਤਾਰਨ ਸਾਹਿਬ ਦੀ ਕਾਰ-ਸੇਵਾ ਦੀ ਅਰੰਭਕ ਰਸਮ ਅਦਾ ਕਰਨ ਵਾਲੇ ਪੰਜ ਪਿਆਰਿਆਂ ਵਿਚ ਸ਼ਾਮਲ ਹੋਏ । 14 ਅਕਤੂਬਰ, 1932 ਨੂੰ ਸ੍ਰੀ ਪੰਜਾ ਸਾਹਿਬ ਦੇ ਹਰਿਮੰਦਰ ਦਾ ਬੁਨਿਆਦੀ ਪੱਥਰ ਰੱਖਣ ਵਾਲੇ ਪੰਜ ਸਿੰਘਾਂ ਵਿਚ ਸ਼ਾਮਲ ਸਨ।

ਆਪ ਦੇ ਜੀਵਨ ਸੰਬੰਧੀ ਜੇਲ ਚਿੱਠੀਆਂ ਪੁਸਤਕ ਖ਼ਾਸ ਪੜ੍ਹਨ ਵਾਲੀ ਹੈ। ਆਪ ਸਾਢੇ ਪੰਦਰਾਂ ਸਾਲ ਜੇਲ੍ਹ ਵਿਚ ਰਹੇ। ਆਪ ਦੀ 32 ਸਾਲ ਜਾਇਦਾਦ ਜ਼ਬਤ ਰਹੀ। ਆਪ ਨੇ ਸਾਰੀ ਉਮਰ ਅੰਦਾਜ਼ਨ ਪੰਦਰਾਂ ਸੌ ਅਖੰਡ ਪਾਠ ਕੀਤੇ।

  1. ਭਾਈ ਸੁਰਜਨ ਸਿੰਘ, ਗੁੱਜਰਵਾਲ (ਲੁਧਿਆਣਾ)

ਭਾਈ ਸੁਰਜਨ ਸਿੰਘ ਗੁੱਜਰਵਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਅਤਿ ਨਿਕਟਵਰਤੀਆਂ ਵਿੱਚੋਂ ਸਨ ਅਤੇ ਜਥੇ ਦੀ ਲਗਭਗ ਹਰ ਮੀਟਿੰਗ ਵਿਚ ਮੌਜੂਦ ਰਹੇ।

17 ਫਰਵਰੀ ਨੂੰ ਪਿੰਡ ਢੰਡਾਰੀ (ਲੁਧਿਆਣਾ) ਭੋਗ ਉਪਰੰਤ ਗੁਪਤ ਮੀਟਿੰਗ ਹੋਈ ਜਿਸ ਵਿਚ 19 ਫਰਵਰੀ ਨੂੰ ਫ਼ਿਰੋਜ਼ਪੁਰ ਦੀ ਛਾਉਣੀ ਤੋਂ ਸ਼ੁਰੂ ਹੋਣ ਜਾ ਰਹੇ ਗ਼ਦਰ ਵਿਚ ਸ਼ਾਮਲ ਹੋਣ ਦਾ ਗੁਰਮਤਾ ਪੇਸ਼ ਹੋਇਆ ਤਾਂ ਭਾਈ ਸੁਰਜਨ ਸਿੰਘ ਨੇ ਮੁਖ਼ਾਲਫਤ ਕੀਤੀ ਤੇ ਕਿਹਾ ਕਿ, ‘ਖ਼ਾਲਸੇ ਨੂੰ ਰਾਜ ਕਾਜ ਦੇ ਝਗੜਿਆਂ ਵਿਚ ਨਹੀਂ ਪੈਣਾ ਚਾਹੀਦਾ।’ ਪਰ ਭਾਈ ਸਾਹਿਬ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ, ਆਪਣੇ ਪੱਖ ਨੂੰ ਸਪਸ਼ਟ ਕਰਨ ਲਈ ਕਿਹਾ ਕਿ, ‘ਅਸੀਂ ਰਾਜ ਕਾਜ ਵਿਚ ਭਾਈਵਾਲ ਨਹੀਂ ਬਣਨਾ ਪਰ ਆਪਣੇ ਦੇਸ਼ ਨੂੰ ਆਜ਼ਾਦ ਜ਼ਰੂਰ ਕਰਵਾਉਣਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਿਨਾਂ ਸਾਡੇ ਗੁਰਦੁਆਰੇ ਤੇ ਹੋਰ ਧਾਰਮਿਕ ਅਸਥਾਨ ਵੀ ਆਜ਼ਾਦ ਨਹੀਂ ਰਹਿ ਸਕਦੇ। ਗੋਰਿਆਂ ਨੇ ਸਾਡੇ ਗੁਰਦੁਆਰੇ ਦੀ ਕੰਧ ਢਾਹੀ ਹੈ, ਇਸ ਲਈ ਗੋਰੀ ਸਰਕਾਰ ਨੂੰ ਅਸੀਂ ਦੇਸ਼ ਵਿਚ ਨਹੀਂ ਰਹਿਣ ਦੇਣਾ। ਸਾਨੂੰ ਫ਼ਿਰੋਜ਼ਪੁਰ ਪਹੁੰਚ ਕੇ ਗ਼ਦਰ ਵਿਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ।’ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਵਿਖਿਆਨ ਬਾਅਦ ਗੁਰਮਤਾ ਸਰਬ ਸੰਮਤੀ ਨਾਲ ਪ੍ਰਵਾਨ ਹੋ ਗਿਆ। ਭਾਈ ਸੁਰਜਨ ਸਿੰਘ ਸਮੇਤ ਹਰੇਕ ਸਿੱਖ ਨੇ ਗ਼ਦਰ ਵਿਚ ਸ਼ਾਮਲ ਹੋਣ ਲਈ ਜੈਕਾਰੇ ਗੁੰਜਾ ਦਿੱਤੇ।

ਭਾਈ ਸੁਰਜਨ ਸਿੰਘ ਨੂੰ 8 ਨਵੰਬਰ 1915 ਨੂੰ ਗ੍ਰਿਫ਼ਤਾਰ ਕਰਕੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਘਟਾ ਕੇ 5 ਸਾਲ ਦੀ ਸਖ਼ਤ ਕੈਦ ਵਿਚ ਤਬਦੀਲ ਕਰ ਦਿੱਤੀ ਗਈ। ਰਿਹਾਈ ਮਗਰੋਂ ਆਪ ਅਕਾਲੀ ਲਹਿਰ ਵਿਚ, ਜੈਤੋ ਦੇ ਮੋਰਚੇ ਦੇ ਦੂਜੇ ਸ਼ਹੀਦੀ ਜਥੇ ਵਿਚ ਸ਼ਾਮਲ ਹੋਏ।

  1. ਬੀਬੀ ਜੋਗਿੰਦਰ ਕੌਰ, ਗੁੱਜਰਵਾਲ (ਲੁਧਿਆਣਾ)

ਬੀਬੀ ਜੋਗਿੰਦਰ ਕੌਰ ਜੀ, ਗੁੱਜਰਵਾਲ ਨੂੰ ਭਾਵੇਂ ਗ਼ਦਰ ਲਹਿਰ ਵਿਚ ਸਿੱਧਾ ਯੋਗਦਾਨ /ਪਾਉਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਉਹਨਾਂ ਦੀ ਮਨੋਕਾਮਨਾ ਤੇ ਲਹਿਰ ਨਾਲ ਲਗਾਅ ਇਹਨਾਂ ਸ਼ਬਦਾਂ ਤੋਂ ਸਪਸ਼ਟ ਹੋ ਜਾਂਦਾ ਹੈ ਜੋ ਉਹਨਾਂ ਨੇ ਮੁਲਤਾਨ ਜੇਲ੍ਹ ਵਿਚ ਕੈਦ ਕੱਟ ਰਹੇ ਆਪਣੇ ਧਰਮ ਪਤੀ ਭਾਈ ਸੁਰਜਨ ਸਿੰਘ ਗੁੱਜਰਵਾਲ ਨੂੰ ਮੁਲਾਕਾਤ ਸਮੇਂ ਕਹੇ ਸਨ। ਇਸ ਮੁਲਾਕਾਤ ਦੌਰਾਨ ਜੇਲ੍ਹ ਦਾ ਡਾਕਟਰ ਰਾਮ ਲਾਲ ਵੀ ਮੌਜੂਦ ਸੀ । ਸ੍ਰੀ ਰਾਮ ਲਾਲ ਮੁਤਾਬਕ, “ਬੀਬੀ ਜੀ ਨੇ ਭਾਈ ਸੁਰਜਨ ਸਿੰਘ ਦੇ ਸਨਮੁੱਖ ਹੋ ਕੇ ਕਿਹਾ- ਤੁਸੀਂ ਵਡਭਾਗੇ ਹੋ, ਗੋਰਾਸ਼ਾਹੀ ਦੀ ਮੁਖ਼ਾਲਫਤ ਵਿਚ ਡਟੇ ਹੋ, ਕਾਸ਼ ਕਿ ਮੈਨੂੰ ਵੀ ਇਹ ਸੁਭਾਗ ਪ੍ਰਾਪਤ ਹੁੰਦਾ। ਤੁਸੀਂ ਉਸ ਗੁਰੂ ਸਾਹਿਬ ਦੇ ਸਿੱਖ ਹੋ ਜਿਨ੍ਹਾਂ ਨੇ ਚਾਰ ਸਾਹਿਬਜ਼ਾਦੇ ਅਤੇ ਸਾਰਾ ਪਰਿਵਾਰ ਦੇਸ਼ ਪੰਥ ਪਰ ਵਾਰ ਦਿੱਤਾ, ਹੁਣ ਤੁਸੀਂ ਕਿਸੇ ਪ੍ਰਕਾਰ ਲਰਜ਼ਾ ਨਹੀਂ ਖਾਣਾ, ਗੁਰਸਿੱਖੀ ਦੀ ਸੂਰਬੀਰਤਾ ਵਾਲੀ ਸਪਿਰਿਟ ਨੂੰ ਲਾਜ ਨਹੀਂ ਲਾਣੀ, ਅਸਾਡਾ ਫ਼ਿਕਰ ਨਹੀਂ ਕਰਨਾ, ਉਹ ਅਕਾਲ ਪੁਰਖ ਸਾਡੇ ਅੰਗ ਸੰਗ ਹੈ। ਅਸਾਡੇ ਤੁਸਾਡੇ ਵਿਚ ਆਤਮਿਕ ਮੇਲ ਦੀ ਵਿਥ ਕੋਈ ਨਹੀਂ ਪਾ ਸਕਦਾ। ਸਤਿਗੁਰੂ ਨੇ ਜੋ ਨਿਰਭਉ ਨਾਮ ਸਾਨੂੰ ਬਖ਼ਸ਼ਿਆ ਹੈ, ਉਹ ਤੁਹਾਡੇ ਅੰਦਰ ਵੀ ਪ੍ਰਵੇਸ਼ ਹੈ। ਤੁਸੀਂ ਏਸੇ ਨੂੰ ਆਪਣਾ ਜੀਵਨ ਆਧਾਰ ਬਣਾਉਣਾ ਅਤੇ ਕਦੇ ਕੋਈ ਲਰਜਾ ਨਹੀਂ ਖਾਣਾ। ਇਹ ਸਰੀਰ ਛਿਨ-ਭੰਗਰ ਹੀ ਹੈ, ਠੀਕਰਾ ਓੜਕ ਫੁੱਟਣਾ ਹੀ ਹੈ, ਧਰਮ ਦੇ ਅਰਥ ਫੁੱਟੇ: ਇਸ ਤੋਂ ਵੱਧ ਹੋਰ ਕੀ ਸੁਭਾਗ ਹੋ ਸਕਦਾ ਹੈ। ਏਥੇ ਉਥੇ ਲੋਕ ਪਰਲੋਕ ਵਿਚ ਨਾਮ-ਪਰੋਤੀਆਂ ਰੂਹਾਂ ਨੂੰ ਹਰਗਿਜ਼ ਵਿਛੋੜਾ ਨਹੀਂ। ਤੁਹਾਡੀ ਕੁਰਬਾਨੀ ਰੰਗ ਲਿਆਵੇਗੀ। ਇਨ੍ਹਾਂ ਕੁਰਬਾਨੀਆਂ ਦੇ ਤੁਫ਼ੈਲ ਇਕ ਦਿਨ ਸਾਰਾ ਮੁਲਕ ਆਜ਼ਾਦ ਹੋ ਜਾਏਗਾ। ਹੁਣ ਨਾਮ ਦੇ ਆਸਰੇ ਜੀਉਣਾ ਹੈ, ਤੁਸੀਂ ਨਾਮ ਦੇ ਆਸਰੇ ਜੀਉ। ਭੀੜੀ ਅਵਧਾ ਕਾਲ ਦੇ ਸਮੇਂ ਹੀ ਧਰਮ ਦੀ ਪ੍ਰੀਖਿਆ ਹੁੰਦੀ ਹੈ। ਭਾਈ ਰਣਧੀਰ ਸਿੰਘ ਜੀ ਜੋ ਪੂਰਨੇ ਪਾ ਰਹੇ ਹਨ, ਉਹਨਾਂ ਦੇ ਨਕਸ਼ੇ-ਕਦਮ ਉਪਰ ਹੀ ਚਲੋਗੇ ਤਾਂ ਲੋਕ ਪਰਲੋਕ ਵਿਖੇ ਮੁਖ ਉੱਜਲਾ ਹੋਵੇਗਾ…।”

  1. ਭਾਈ ਹਰਭਜਨ ਸਿੰਘ ਚਮਿੰਡਾ (ਲੁਧਿਆਣਾ)

ਭਾਈ ਹਰਭਜਨ ਸਿੰਘ ਚਮਿੰਡਾ ਉਸ ਜਥੇ ਵਿਚ ਸ਼ਾਮਲ ਸਨ, ਜਿਹੜਾ 19 ਫ਼ਰਵਰੀ, 1915 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਘਰੋਂ ਫ਼ਿਰੋਜ਼ਪੁਰ ਛਾਉਣੀ ‘ਤੇ ਧਾਵਾ ਕਰਨ ਲਈ ਰਵਾਨਾ ਹੋਇਆ ਸੀ । ਭਾਈ ਚਮਿੰਡਾ ਮੁਤਾਬਕ “19 ਤਾਰੀਖ਼ ਦੀ ਦੁਪਹਿਰ ਤਕ, ਭਾਈ ਸਾਹਿਬ ਜੀ ਦੇ ਘਰ ਸਭ ਫ਼ੌਜਾਂ ਇਕੱਠੀਆਂ ਹੋ ਗਈਆਂ। ਸ਼ਹੀਦੀ ਫ਼ੌਜਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਪੰਜ ਪਿਆਰਿਆਂ ਤੋਂ ਭੁੱਲਾਂ ਬਖ਼ਸ਼ਾਈਆਂ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਤੁੱਟ ਵਰਤੀਆਂ…ਦੁਪਹਿਰ ਤੋਂ ਮਗਰੋਂ, ਅਰਦਾਸਾ ਸੋਧ ਕੇ ਸਾਰੇ ਕੌਮੀ ਪਰਵਾਨੇ, ਭਾਈ ਸਾਹਿਬ ਜੀ ਦੀ ਅਗਵਾਈ ਹੇਠ ਜੈਕਾਰੇ ਗਜਾਉਂਦੇ ਤੇ ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਮੁੱਲਾਂਪੁਰ ਸਟੇਸ਼ਨ ਵੱਲ ਰਵਾਨਾ ਹੋ ਗਏ…ਜਦੋਂ ਗੱਡੀ ਮੁੱਲਾਂਪੁਰ ਸਟੇਸ਼ਨ ਉੱਤੇ ਆਈ ਤਾਂ ਅਸੀਂ ਸਾਰੇ ਫ਼ਿਰੋਜ਼ਪੁਰ ਛਾਉਣੀ ਜਾਣ ਲਈ ਸਵਾਰ ਹੋ ਗਏ। ਰਸਤੇ ਵਿਚ ਸਾਰੇ ਰਾਹ, ਚੌਪਈ ਸਾਹਿਬ ਦਾ ਕੀਰਤਨ ਹੁੰਦਾ ਗਿਆ। ਸਭਨਾਂ ਨੂੰ ਸ਼ਹੀਦੀ ਪ੍ਰਾਪਤ ਕਰਨ ਦਾ ਚਾਉ ਸੀ। ਮੌਤ ਦਾ ਕਿਸੇ ਨੂੰ ਰੰਚਕ ਮਾਤਰ ਵੀ ਕੋਈ ਡਰ ਭੈਅ ਨਹੀਂ ਆ ਰਿਹਾ ਸੀ…।”

ਭਾਈ ਚਮਿੰਡਾ ਨੂੰ ਪੁਲਸ ਨੇ 15 ਅਕਤੂਬਰ, 1915 ਨੂੰ ਰਾਮਪੁਰਾਫੂਲ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਆਪ ਨੂੰ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਪਰ ਕਿਉਂਕਿ ਗ੍ਰਿਫ਼ਤਾਰ ਹੋਣ ਸਮੇਂ ਆਪ ਨਾਬਾਲਗ਼ ਸਨ, ਇਸ ਲਈ ਇਹ ਸਜ਼ਾ ਘਟਾ ਕੇ ਤਿੰਨ ਸਾਲ ਕਰ ਦਿੱਤੀ ਗਈ। ਰਿਹਾਈ ਤੋਂ ਬਾਅਦ ਆਪ ਅਕਾਲੀ ਲਹਿਰ ਵਿਚ ਬੜੇ ਜੋਸ਼ੋ-ਖ਼ਰੋਸ਼ ਨਾਲ ਕੰਮ ਕਰਦੇ ਰਹੇ। ਆਪ ਆਪਣੇ ਸਮੇਂ ਦੇ ਪੰਜਾਬੀ ਦੇ ਪ੍ਰਸਿੱਧ ਕਵੀ ਸਨ। ਗ਼ਦਰ ਲਹਿਰ ਸੰਬੰਧੀ ਆਪ ਦੀਆਂ ਕਵਿਤਾਵਾਂ ਖ਼ਾਸ ਅਹਿਮੀਅਤ ਰੱਖਦੀਆਂ ਹਨ।

  1. ਭਾਈ ਨਾਹਰ ਸਿੰਘ ਗਿਆਨੀ, ਗੁੱਜਰਵਾਲ (ਲੁਧਿਆਣਾ)

ਭਾਈ ਨਾਹਰ ਸਿੰਘ ਮਾਲਵਾ ਖ਼ਾਲਸਾ ਹਾਈ ਸਕੂਲ ਦੇ ਵਿਦਿਆਰਥੀ ਸਨ। ਗ਼ਦਰ ਲਹਿਰ ਵਿਚ ਸਭ ਤੋਂ ਵੱਧ ਵਿਦਿਆਰਥੀ ਇਸੇ ਸਕੂਲ ਵਿੱਚੋਂ ਸ਼ਾਮਲ ਹੋਏ। ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਸਿੱਖੀ ਉਪਦੇਸ਼ ਤੇ ਸਿੱਖੀ ਰਹਿਤ ਮਰਯਾਦਾ ਨਾਲ ਭਰਪੂਰ ਸੀ। ਸਕੂਲ ਦੇ ਵਿਦਿਆਰਥੀਆਂ ਨੂੰ ਹਰ ਰੋਜ਼ ਸਿੱਖ-ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ । ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ । ਗੁਰਮਤਿ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ । ਸਕੂਲ ਦੀ ਭੁਝੰਗੀ ਸਭਾ ਵੱਲੋਂ ਹਰ ਹਫ਼ਤੇ ਬੁੱਧਵਾਰ ਨੂੰ ਦੀਵਾਨ ਸਜਾਏ ਜਾਂਦੇ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਭੁਝੰਗੀ ਸਭਾ ਦੇ ਦੀਵਾਨਾਂ ਵਿਚ ਆ ਕੇ ਕੀਰਤਨ ਕਰਿਆ ਕਰਦੇ ਸਨ। ਇਥੇ ਹੀ ਭਾਈ ਨਾਹਰ ਸਿੰਘ ਨੂੰ ਭਾਈ ਸਾਹਿਬ ਦੀ ਸੰਗਤ ਮਾਨਣ ਦਾ ਮੌਕਾ ਨਸੀਬ ਹੋ ਗਿਆ। ਭਾਈ ਨਾਹਰ ਸਿੰਘ ਭੁਝੰਗੀ ਸਭਾ ਦੇ ਸਕੱਤਰ ਸਨ।

ਗ਼ਦਰ ਲਹਿਰ ਵਿਚ ਹਿੱਸਾ ਲੈਣ ਕਰਕੇ ਆਪ ਨੂੰ 25 ਜੂਨ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਸ਼ਾਮਲ ਕਰ ਕੇ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਘਟਾ ਕੇ 5 ਸਾਲ ਦੀ ਸਖ਼ਤ ਕੈਦ ਵਿਚ ਬਦਲ ਦਿੱਤੀ ਗਈ। ਆਪ, ਫ਼ਿਰੋਜ਼ਪੁਰ ਛਾਉਣੀ ਦੇ ਅਸਲਾਖ਼ਾਨੇ ਨੂੰ ਲੁੱਟ ਕੇ ਗ਼ਦਰ ਮਚਾਉਣ ਗਏ ਜਥੇ ਵਿਚ ਸ਼ਾਮਲ ਸਨ।

ਅਕਾਲੀ ਲਹਿਰ ਚੱਲੀ ਤਾਂ ਆਪ ਉਸ ਵਿਚ ਸ਼ਾਮਲ ਹੋ ਗਏ। ਜਦੋਂ ਵਿਦੇਸ਼ਾਂ ਵਿਚ ਰਹਿਣ ਵਾਲੇ ਸਿੱਖਾਂ ਨੇ ਰੁਪਿਆ ਭੇਜ ਕੇ ਅਸਲੀ ਕੌਮੀ ਦਰਦ ਨਾਮ ਦਾ ਅਖ਼ਬਾਰ ਚਾਲੂ ਕੀਤਾ ਤਾਂ ਗਿ. ਨਾਹਰ ਸਿੰਘ ਜੀ ਨੂੰ ਇਸ ਦਾ ਸੰਪਾਦਕ ਬਣਾਇਆ ਗਿਆ। ਇਸ ਤੋਂ ਉਪਰੰਤ ਆਪ ਸਿੱਖ ਸੇਵਕ, ਦੁਸ਼ਟ ਦਮਨ, ਗੁਰਸੇਵਕ, ਪੰਜਾਬੀ ਰਤਨ ਆਦਿ ਮੈਗਜ਼ੀਨਾਂ ਦੇ ਵੀ ਕਾਮਯਾਬ ਐਡੀਟਰ ਰਹੇ। ਆਪ ਨੇ ਪੰਜਾ ਸਾਹਿਬ ਦਾ ਇਤਿਹਾਸ, ਗੁਰਮੁਖ ਬਾਬੇ, ਆਜ਼ਾਦੀ ਦੇ ਮੋਢੀ, ਚਹੁੰਆਂ ਜੁਗਾਂ ਦਾ ਨਿਬੇੜਾ, ਇਤਿਹਾਸ ਮੁਕਤਸਰ, ਆਜ਼ਾਦੀ ਦੀਆਂ ਲਹਿਰਾਂ ਆਦਿ ਕਈ ਪੁਸਤਕਾਂ ਲਿਖੀਆਂ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਦੋ ਦਰਜਨ ਦੇ ਕਰੀਬ ਕਿਰਤਾਂ ਪ੍ਰਕਾਸ਼ਤ ਕੀਤੀਆਂ। ਆਪ 1904 ‘ਚ ਭਾਈ ਸਾਹਿਬ ਜੀ ਦੇ ਸੰਪਰਕ ਵਿਚ ਆਏ। ਜੇਲ੍ਹ ਤੋਂ ਬਾਹਰ ਆ ਕੇ ਵੀ ਲਗਾਤਾਰ ਉਨ੍ਹਾਂ ਨਾਲ ਆਪਣਾ ਸੰਬੰਧ ਬਣਾਈ ਰੱਖਿਆ।

  1. ਭਾਈ ਅਤਰ ਸਿੰਘ, ਧੀਕਮਪੁਰ (ਜੇਹਲਮ)

ਭਾਈ ਅਤਰ ਸਿੰਘ 35 ਸਿੱਖ ਪਲਟਣ ਵਿਚ ਨੌਕਰੀ ਕਰਦੇ ਸਨ । 1912 ਵਿਚ ਨੌਕਰੀ ਛੱਡ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਆ ਮਿਲੇ ਅਤੇ ਉਹਨਾਂ ਨਾਲ ਹੀ ਰਹਿੰਦੇ ਰਹੇ। ਉਹਨਾਂ ਨਾਲ ਹੀ ਗ਼ਦਰ ਲਹਿਰ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਅਤੇ ਨਾਰੰਗਵਾਲ ਤੋਂ, ਫ਼ਿਰੋਜ਼ਪੁਰ ਛਾਉਣੀ ’ਤੇ ਹਮਲਾ ਕਰ ਕੇ ਗ਼ਦਰ ਸ਼ੁਰੂ ਕਰਨ ਤੁਰੇ ਜਥੇ ਵਿਚ ਸ਼ਾਮਲ ਸਨ। ਇਹਨਾਂ ਨੂੰ 29 ਜੁਲਾਈ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਸ਼ਾਮਲ ਕਰ ਕੇ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਤੋੜ ਕੇ 10 ਸਾਲ ਕਰ ਦਿੱਤੀ ਗਈ।

35 ਸਿੱਖ ਪਲਟਣ ਵਿਚ ਨੌਕਰੀ ਸਮੇਂ ਇਹਨਾਂ ਦਾ ਭਾਈ ਕਿਸ਼ਨ ਸਿੰਘ ਗੜਗੱਜ (ਜਿਹਨਾਂ ਨੇ ਬਾਅਦ ਵਿਚ ਬੱਬਰ ਅਕਾਲੀ ਲਹਿਰ ਦੀ ਨੀਂਹ ਰੱਖੀ ਸੀ) ਨਾਲ ਕਾਫ਼ੀ ਸਹਿਚਾਰ ਪੈਦਾ ਹੋ ਗਿਆ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਭਾਈ ਅਤਰ ਸਿੰਘ ਨੇ ਭਾਈ ਗੜਗੱਜ ਰਾਹੀਂ 19 ਫਰਵਰੀ ਨੂੰ ਇਸ ਪਲਟਣ (ਰਾਵਲਪਿੰਡੀ) ਵਿਚ ਵੀ ਗ਼ਦਰ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰ ਨੂੰ ਪਹਿਲਾਂ ਹੀ ਕਿਰਪਾਲ ਸਿੰਘ (ਮਾਦੋਕੇ ਬਰਾੜ) ਰਾਹੀਂ ਜਾਣਕਾਰੀ ਮਿਲ ਜਾਣ ਕਰਕੇ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ।

ਭਾਈ ਅਤਰ ਸਿੰਘ ਨਾਮ ਬਾਣੀ ਦੇ ਬਹੁਤ ਅਭਿਆਸੀ ਸਨ । ਇਨ੍ਹਾਂ ਨੂੰ 24 ਬਾਣੀਆਂ ਜ਼ਬਾਨੀ ਯਾਦ ਸਨ ਅਤੇ ਜੇਲ੍ਹ ਵਿਚ ਉੱਚੀ-ਉੱਚੀ ਪਾਠ ਕਰ ਕੇ ਨਾਲ ਦੇ ਸਾਥੀਆਂ ਨੂੰ ਨਿਹਾਲ ਕਰਦੇ ਰਹਿੰਦੇ ਸਨ।

ਰਿਹਾਈ ਤੋਂ ਬਾਅਦ ਭਾਈ ਅਤਰ ਸਿੰਘ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਏ। 1929 ਵਿਚ ਵਾਪਸ ਆਪਣੇ ਇਲਾਕੇ ਚਕਵਾਲ (ਜ਼ਿਲਾ ਜੇਹਲਮ) ਪਹੁੰਚ ਗਏ ਅਤੇ ਗੁਰਦੁਆਰਾ ਭਾਈ ਸ਼ਾਤਾਹਾ ਸਿੰਘ ਵਿਚ ਗ੍ਰੰਥੀ ਸਿੰਘ ਦੀ ਸੇਵਾ ਸੰਭਾਲ ਲਈ।

  1. ਭਾਈ ਸੱਜਣ ਸਿੰਘ ਨਾਰੰਗਵਾਲ (ਲੁਧਿਆਣਾ)

ਭਾਈ ਸੱਜਣ ਸਿੰਘ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਦੇ ਵਿਦਿਆਰਥੀ ਸਨ ਅਤੇ ਗ਼ਦਰ ਪਾਰਟੀ ਦੇ ਹੈੱਡ-ਕੁਆਟਰ ‘ਤੇ ਕੰਮ ਕਰਦੇ ਰਹੇ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਅਜੇ ਨਾਬਾਲਗ ਹੀ ਸਨ। ਇਹਨਾਂ ਨੂੰ ਸਜ਼ਾ ਸੁਣਾਉਣ ਵਾਲੇ ਜੱਜਾਂ ਨੇ ਲਿਖਿਆ ਹੈ ਕਿ ਅਸੀਂ ਇਸ ਮੁਕੱਦਮੇ ਵਿਚ ਅਤੇ ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੀ ਉਮਰ ਦਾ ਲਿਹਾਜ਼ ਕੀਤਾ ਹੈ, ਪਰ ਇਸ ਦੋਸ਼ੀ ਦੇ ਸੰਬੰਧ ਵਿਚ ਇਸ ਦੀ ਉਮਰ ਕਰਕੇ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ। ਸਾਡੀ ਰਾਏ ਵਿਚ ਇਹ ਸਰਾਸਰ ਖ਼ਤਰਨਾਕ ਸ਼ਖ਼ਸ ਹੈ ਅਤੇ ਮੌਕਾ ਆਉਣ ‘ਤੇ ਇਕ ਹੋਰ ਕਰਤਾਰ ਸਿੰਘ ਸਰਾਭਾ ਬਣ ਸਕਦਾ ਹੈ। ਇਸ ਨੇ ਜੋ ਕੁਝ ਕੀਤਾ ਹੈ, ਉਹ ਤਾਂ ਕਿਤੇ ਰਿਹਾ, ਅਜੇ ਹੋਰ ਬਹੁਤ ਕੁਝ ਕਰ ਸਕਦਾ ਹੈ। ਇਸ ਦੋਸ਼ੀ ਨੇ ਭੋਰਾ ਜਿੰਨਾ ਵੀ ਪਛਤਾਵਾ ਜ਼ਾਹਰ ਨਹੀਂ ਕੀਤਾ…ਇਸ ਨੂੰ ਰਾਸ ਬਿਹਾਰੀ ਬੋਸ ਨੇ ਫ਼ੌਜਾਂ ਨੂੰ ਵਰਗਲਾਉਣ ਲਈ ਵਰਤਿਆ, ਖ਼ਾਸ ਤੌਰ ‘ਤੇ 23 ਨੰਬਰ ਰਸਾਲੇ ਵਿਚ, ਜਿਥੇ ਇਹ ਗ਼ਦਰੀ ਸਾਹਿਤ ਵੰਡਦਾ। ਰਿਹਾ ਅਤੇ 19 ਫ਼ਰਵਰੀ ਵਾਲੇ ਵਿਦਰੋਹ ਲਈ ਮੇਲ- ਮਿਲਾਪ ਕਰਦਾ ਰਿਹਾ। ਇਹ ਸਭ ਕੁਝ ਇਸ ਨੂੰ ਪੂਰੇ ਤੌਰ ‘ਤੇ ਮੌਤ ਦੀ ਸਜ਼ਾ ਦਾ ਭਾਗੀ ਬਣਾਉਂਦਾ ਹੈ, ਪਰ ਫੇਰ ਵੀ ਇਸ ਦੀ ਛੋਟੀ ਉਮਰ ਦਾ ਖ਼ਿਆਲ ਕਰਦੇ ਹੋਏ, ਇਸ ਨੂੰ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਦੇਂਦੇ ਹਾਂ ।…

ਭਾਈ ਸੱਜਣ ਸਿੰਘ ਜੀ ਦਾ ਅਟੁੱਟ ਨਿਸਚਾ ਸੀ ਕਿ ਗ਼ਦਰ ਲਹਿਰ ਲਈ ਉਹਨਾਂ ਆਪ ਕੁਝ ਨਹੀਂ ਕੀਤਾ, ਜੋ ਹੋਇਆ ਹੈ ਉਹ ਪਰਮਾਤਮਾ ਨੇ ਉਹਨਾਂ ਕੋਲੋਂ ਆਪ ਕਰਵਾਇਆ ਹੈ।

  1. ਭਾਈ ਅਰਜਨ ਸਿੰਘ ਸਹਿਜ ਭਾਈ, ਜਗਰਾਉਂ (ਲੁਧਿਆਣਾ)

ਭਾਈ ਅਰਜਨ ਸਿੰਘ ਨੇ ਸਰਬਲੋਹ ਜਥੇ ਪਾਸੋਂ ਦਮਦਮਾ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ ਸੀ। ਆਪ ਬਹੁਤ ਮਿੱਠ ਬੋਲੜੇ ਸੱਜਣ ਸਨ। ਇਹਨਾਂ ਦਾ ਇਹ ਗੁਣ ਸਜ਼ਾ ਸੁਣਾਉਣ ਸਮੇਂ ਜੱਜਾਂ ਨੇ ਵੀ ਨੋਟ ਕੀਤਾ ਸੀ। ਇਹਨਾਂ ਨੇ ਗ਼ਦਰ ਲਹਿਰ ਵਿਚ ਬਹੁਤ ਜ਼ੋਰ-ਸ਼ੋਰ ਨਾਲ ਭਾਗ ਲਿਆ। ਪਰ 6 ਜੂਨ 1915 ਨੂੰ ਪਿੰਡ ਚਿੱਟੀ (ਕਪੂਰਥਲਾ) ਦੇ ਗੁਰਦੁਆਰਾ ਸਾਹਿਬ ਵਿੱਚੋਂ ਗ੍ਰਿਫ਼ਤਾਰ ਕਰ ਲਏ ਗਏ। ਇਹਨਾਂ ਨੂੰ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ।

  1. ਮਾਤਾ ਦਇਆ ਕੌਰ, ਜਗਰਾਉਂ (ਲੁਧਿਆਣਾ)

ਆਪ ਭਾਈ ਅਰਜਨ ਸਿੰਘ ਸਹਿਜ ਭਾਈ ਦੇ ਮਾਤਾ ਜੀ ਸਨ। ਆਪ ਨੇ ਆਪਣੇ ਹੱਥੀਂ ਪੁੱਤ ਨੂੰ ਲਹਿਰ ਵਿਚ ਤੋਰਿਆ ਸੀ । ਭਾਈ ਹਰਭਜਨ ਸਿੰਘ ਚਮਿੰਡਾ ਲਿਖਦੇ ਹਨ, “(ਮਾਤਾ ਦਇਆ ਕੌਰ) ਬੜੀ ਲਗਨ ਵਾਲੀ ਸੀ । ਅਨਪੜ੍ਹ ਹੁੰਦਿਆਂ ਵੀ ਜਾਪ ਸਾਹਿਬ ਕੰਠ ਕਰ ਰੱਖਿਆ ਸੀ। ਦਲੇਰ ਦੋਵੇਂ ਹੀ ਸੀ । ਭਾਈ ਅਰਜਨ ਸਿੰਘ, ਜੋ ਪੁਲਿਸ ਦੀ ਮਾਰ-ਕੁੱਟ ਨਾਲ ਢਿੱਲਾ ਪੈ ਗਿਆ ਸੀ, ਨੂੰ ਡਾਂਟ ਕੇ ਤਕੜਾ ਕਰ ਦਿੱਤਾ ਕਿ ਖ਼ਬਰਦਾਰ ਜੇ ਸਿੰਘਾਂ ‘ਤੇ ਬਿਆਨ ਦੇ ਕੇ ਘਰ ਆਇਆ ਤਾਂ ਲੱਤਾਂ ਵੱਢ ਦਿਆਂਗੀ। ਕੀ ਭਾਈ ਤਾਰੂ ਸਿੰਘ ਤੇ ਮਹਾਂ ਸਿੰਘ ਦੀਆਂ ਸ਼ਹੀਦੀਆਂ ਪੜ੍ਹਨ ਨੂੰ ਹੀ ਸੀ । ਹੁਣ ਅਮਲ ਵੇਲੇ ਭੱਜਦਾ ਹੈਂ । ਮਾਈ ਦੇ ਉਪਦੇਸ਼ ਨੇ ਭਾਈ ਅਰਜਨ ਸਿੰਘ ਨੂੰ ਏਨਾ ਤਕੜਾ ਕੀਤਾ ਕਿ ਉਹ ਪੁਲਿਸ ਤੋਂ ਉੱਕਾ ਹੀ ਨਾਬਰ ਹੋ ਗਿਆ।” ਮਾਤਾ ਦਇਆ ਕੌਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਲਈ ਅਦਾਲਤ ਵਿਚ ਸਫ਼ਾਈ ਦੇ ਗਵਾਹ ਵਜੋਂ ਪੇਸ਼ ਹੋਏ ਪਰ ਆਪਣੇ ਪੁੱਤ ਲਈ ਨਹੀਂ। ਇਹ ਤੱਥ ਮੁਕੱਦਮਾ ਸੁਣਨ ਵਾਲੇ ਜੱਜਾਂ ਨੇ ਵੀ ਨੋਟ ਕੀਤਾ ਹੈ।

  1. ਭਾਈ ਕਿਸ਼ਨ ਸਿੰਘ ਗੜਗੱਜ (ਬੜਿੰਗ, ਜਲੰਧਰ)

ਪਿੱਛੋਂ ਚੱਲੀ ਬੱਬਰ ਅਕਾਲੀ ਲਹਿਰ ਦੇ ਮੋਹਰੀ ਭਾਈ ਕਿਸ਼ਨ ਸਿੰਘ ਜੀ ਗੜਗੱਜ ਨੂੰ ਗ਼ਦਰ ਲਹਿਰ ਦੀ ਪਾਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸੰਪਰਕ ਕਾਰਨ ਹੀ ਚੜ੍ਹੀ ਸੀ। ਆਪ ਦੀ ਪਲਟਣ (35 ਸਿੱਖ) ਉਨ੍ਹੀਂ ਦਿਨੀਂ ਰਾਵਲਪਿੰਡੀ ਵਿਚ ਸੀ। ਇਸੇ ਪਲਟਣ ਦੇ ਬਿਗਲਰ ਭਾਈ ਅਤਰ ਸਿੰਘ ਇਲਾਕਾ ਚਕਵਾਲ ਜ਼ਿਲ੍ਹਾ ਜਿਹਲਮ ਨਾਮ ਬਾਣੀ ਦੇ ਵੱਸ ਹੋ ਕੇ ਫ਼ੌਜ ਵਿੱਚੋਂ ਨਾਮ ਕਟਾ ਕੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਪਾਸ ਠਹਿਰੇ ਹੋਏ ਸਨ। ਇਕ ਦਿਨ ਭਾਈ ਕਿਸ਼ਨ ਸਿੰਘ ਨੇ ਭਾਈ ਰਣਧੀਰ ਸਿੰਘ ਨੂੰ ਚਿੱਠੀ ਲਿਖੀ, ਜਿਸ ਵਿਚ ਲਿਖਿਆ ਸੀ ਕਿ ਭਾਈ ਅਤਰ ਸਿੰਘ ਨੂੰ ਸਾਡੇ ਪਾਸ ਭੇਜ ਦਿਓ, ਉਹ ਤੁਹਾਡੇ ਵੱਲ ਦੀ ਖ਼ਬਰ ਸਾਨੂੰ ਦੱਸ ਜਾਵੇ ਤੇ ਸਾਡੀ ਖ਼ਬਰ ਲੈ ਜਾਵੇ । ਇਸ ਦਾ ਭਾਵ ਇਹ ਸੀ ਕਿ ਗ਼ਦਰ ਦੀ ਤਿਆਰੀ ਦਾ ਹਾਲ ਸਾਨੂੰ ਦੱਸ ਜਾਵੇ ਤੇ ਸਾਡੀ ਹਾਲਤ ਦਾ ਪਤਾ ਕਰ ਜਾਵੇ।

  1. ਡਾ. ਕਰਤਾਰ ਸਿੰਘ, ਫੱਲੇਵਾਲ (ਲੁਧਿਆਣਾ)

ਆਪ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਦੇ ਵਿਦਿਆਰਥੀ ਸਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਆਪ ਨੂੰ 19 ਫਰਵਰੀ ਦੇ ਗ਼ਦਰ ਦਾ ਸੁਨੇਹਾ ਦੇ ਕੇ ਰਾਵਲਪਿੰਡੀ ਦੀ 35 ਨੰ: ਪਲਟਣ ਵਿਚ ਭੇਜਿਆ ਸੀ । ਗੋਰੇ ਫ਼ੌਜੀ ਅਫ਼ਸਰਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਆਇਆ ਹੈ, ਪਰ ਕੌਣ ਆਇਆ ਹੈ, ਇਹ ਜਾਣ ਨਾ ਸਕੇ। ਸਾਰੀ ਰਾਤ ਗੋਰੇ ਫ਼ੌਜੀਆਂ ਦੀ ਗਸ਼ਤ ਜਾਰੀ ਰਹੀ ਪਰ ਆਪ ਬਚ ਕੇ ਨਿਕਲ ਗਏ ਅਤੇ ਬਾਅਦ ਵਿਚ ਮੁਕੱਦਮੇ ਤੋਂ ਵੀ ਬਚ ਗਏ।

  1. ਭਾਈ ਖੜਕ ਸਿੰਘ, ਬੋਪਾਰਾਏ (ਲੁਧਿਆਣਾ)

ਭਾਈ ਖੜਕ ਸਿੰਘ ਮਾਲਵਾ ਖ਼ਾਲਸਾ ਹਾਈ ਸਕੂਲ ਦੇ ਵਿਦਿਆਰਥੀ ਸਨ। ਉਥੇ ਹੀ ਇਹਨਾਂ ਨੇ ਅੰਮ੍ਰਿਤਪਾਨ ਕੀਤਾ ਸੀ। ਇਹ ਗ਼ਦਰ ਪਾਰਟੀ ਦੇ ਮੋਚੀ ਗੇਟ ਲਾਹੌਰ ਵਾਲੇ ਖ਼ੁਫ਼ੀਆ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਗਏ। ਇਹਨਾਂ ਨੂੰ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ ਸੁਣਾਈ ਗਈ ਪਰ ਉਮਰ ਛੋਟੀ ਹੋਣ ਕਰਕੇ ਚਾਰ ਸਾਲ ਦੀ ਸਖ਼ਤ ਸਜ਼ਾ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।

  1. ਬਾਬਾ ਰਾਮ ਸਿੰਘ, ਫੱਲੇਵਾਲ (ਲੁਧਿਆਣਾ)

ਬਾਬਾ ਰਾਮ ਸਿੰਘ ਜੀ ਖ਼ਾਲਸਾ ਪੰਥ ਦੇ ਉਹਨਾਂ ਪ੍ਰੇਮੀ ਤੇ ਸਿਦਕੀ ਸਿੰਘਾਂ ਵਿੱਚੋਂ ਸਨ ਜੋ ਗੁਰੂ ਸਾਹਿਬ ਦੇ ਭਰੋਸੇ, ਨਾਮ ਜਪਣ ਤੇ ਜੇਲ੍ਹਾਂ ਦੇ ਕਸ਼ਟ ਸਹਾਰਨ ਆਦਿ ਦੇ ਪੂਰਨੇ ਪਾ ਕੇ ਆਪਣੀ ਜੀਵਨ ਯਾਤਰਾ ਸਫਲ ਕਰ ਗਏ। ਬਾਬਾ ਜੀ ਨੂੰ ਗ਼ਦਰ ਲਹਿਰ ਵਿਚ ਹਿੱਸਾ ਲੈਣ ਕਾਰਨ ਜੁਲਾਈ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦਫ਼ਾ 121(ੳ) ਅਨੁਸਾਰ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਜੇਲ੍ਹ ਅੰਦਰ ਆਪ ਨੂੰ ਸੰਗ੍ਰਹਿਣੀ ਅਤੇ ਨਮੂਨੀਏ ਆਦਿ ਬਿਮਾਰੀਆਂ ਨੇ ਘੇਰੀ ਰੱਖਿਆ। ਆਪ ਨੇ ਆਪਣੀ ਕੈਦ ਦੇ ਦਿਨ ਬੜੇ ਹੱਠ ਤੇ ਹਿੰਮਤ ਨਾਲ ਗੁਜ਼ਾਰੇ। ਅਕਸਰ ਕੋਠੀ-ਬੰਦ ਹੀ ਰਹੇ, ਪਰ ਸਦਾ ਆਪਣੇ ਸਾਥੀਆਂ ਨੂੰ ਦ੍ਰਿੜ੍ਹਤਾ ਤੇ ਅਡੋਲ ਰਹਿਣ ਦਾ ਉਪਦੇਸ਼ ਦਿੰਦੇ ਰਹੇ। ਬਿਰਧ ਉਮਰ ਕਾਰਨ ਆਪ ਦੀ ਉਮਰ ਕੈਦ ਦੀ ਸਜ਼ਾ ਘਟਾ ਕੇ ਦੋ ਸਾਲ ਵਿਚ ਬਦਲ ਦਿੱਤੀ ਗਈ। ਰਿਹਾਈ ਤੋਂ ਬਾਅਦ ਆਪ ਅਕਾਲੀ ਲਹਿਰ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ। ਜਦੋਂ ਜੈਤੋਂ ਵਿਖੇ ਪਹਿਲੇ ਸ਼ਹੀਦੀ ਜਥੇ ‘ਤੇ ਗੋਲੀ ਚੱਲੀ ਤਾਂ ਆਪ ਦੂਜੇ ਸ਼ਹੀਦੀ ਜਥੇ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ । ਪਰ ਸ਼੍ਰੋਮਣੀ ਕਮੇਟੀ ਨੇ ਆਪ ਦੇ ਬੁਢੇਪੇ ਦਾ ਖ਼ਿਆਲ ਕਰਦਿਆਂ ਆਪ ਨੂੰ ਜਥੇ ਵਿਚ ਭੇਜਣ ਤੋਂ ਨਾਂਹ ਕਰ ਦਿੱਤੀ।

  1. ਭਾਈ ਹਰਨਾਮ ਸਿੰਘ ਗੁਜਰਵਾਲ (ਲੁਧਿਆਣਾ)

ਭਾਈ ਹਰਨਾਮ ਸਿੰਘ ਗੁਰਦੁਆਰਾ ਕਮੇਟੀ ਹਾਂਗਕਾਂਗ ਦੇ ਮੁਖੀ ਬੰਦਿਆਂ ‘ਚੋਂ ਇਕ ਸਨ ਅਤੇ ਇਹਨਾਂ ਨੇ ਕਾਮਾਗਾਟਾ ਮਾਰੂ (ਗੁਰੂ ਨਾਨਕ ਜਹਾਜ਼) ਨੂੰ ਚਲਾਉਣ ਵਿਚ ਬਾਬਾ ਗੁਰਦਿੱਤ ਸਿੰਘ ਦਾ ਪੂਰਾ ਹੱਥ ਵਟਾਇਆ ਸੀ। ਜਹਾਜ਼ ਦੇ ਵਾਪਸ ਆਉਣ ‘ਤੇ ਬਜ ਬਜ ਘਾਟ ਤੋਂ ਇਕ ਵਾਰ ਤਾਂ ਇਹ ਹਰਨ ਹੋ ਗਏ ਸਨ, ਪਰ ਇਹਨਾਂ ਨੂੰ ਜਲਦੀ ਹੀ ਇਕ ਜੰਗਲ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ । ਰਿਹਾਅ ਹੋਣ ਤੋਂ ਬਾਅਦ ਆਪ ਪੂਰੇ ਜੋਸ਼ ਨਾਲ ਗਦਰ ਲਹਿਰ ਵਿਚ ਸ਼ਾਮਲ ਹੋ ਗਏ ਅਤੇ ਫ਼ਿਰੋਜ਼ਪੁਰ ਤੇ ਦੋਰਾਹੇ ਪੁੱਲ ਵਾਲੇ ਐਕਸ਼ਨ ਵਿਚ ਹਿੱਸਾ ਲਿਆ। ਆਪ ਨੂੰ 25 ਜੂਨ, 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਮਈ 1930 ਵਿਚ ਰਿਹਾਈ ਤੋਂ ਬਾਅਦ ਤਿੰਨ ਸਾਲ ਪਿੰਡ ਵਿਚ ਹੀ ਜੂਹਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਸੇ ਦੌਰਾਨ 1932 ਵਿਚ ਆਈ.ਪੀ.ਸੀ. ਦੀ ਧਾਰਾ 326 ਤਹਿਤ ਇਕ ਹੋਰ ਕੇਸ ਵਿਚ ਸਜ਼ਾ ਕਰ ਦਿੱਤੀ।

  1. ਭਾਈ ਪੂਰਨ ਸਿੰਘ, ਈਸੇਵਾਲ (ਲੁਧਿਆਣਾ)

ਭਾਈ ਪੂਰਨ ਸਿੰਘ ਈਸੇਵਾਲ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਦੇ ਵਿਦਿਆਰਥੀ ਸਨ। ਸਕੂਲ ਵਿਚ ਪੜ੍ਹਾਈ ਕਰਦੇ ਸਮੇਂ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਸੰਗਤ ‘ਚ ਆ ਗਏ। ਇਹਨਾਂ ਨੂੰ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਉਹਨਾਂ ਦੀ ਛੋਟੀ ਉਮਰ ਨੂੰ ਧਿਆਨ ਵਿਚ ਰੱਖਦਿਆਂ 4 ਸਾਲ ਸਖ਼ਤ ਕੈਦ ਵਿਚ ਬਦਲ ਦਿੱਤੀ ਗਈ।

  1. ਭਾਈ ਕਰਮ ਸਿੰਘ ਕੋਟਲਾ ਅਜਨੇਰ (ਲੁਧਿਆਣਾ)

ਭਾਈ ਕਰਮ ਸਿੰਘ ਦਾ ਨਾਮ ਤਾਂ ਲਾਹੌਰ ਸਾਜ਼ਸ਼ ਕੇਸ ਵਿਚ ਹੀ ਸ਼ਾਮਲ ਸੀ, ਪਰ ਪੁਲਸ ਦੇ ਹੱਥ ਨਾ ਆਉਣ ਕਰਕੇ ਇਸ ਕੇਸ ਤੋਂ ਬਚ ਗਏ। 28 ਅਗਸਤ, 1915 ਨੂੰ ਗ੍ਰਿਫ਼ਤਾਰ ਕਰ ਲੈਣ ਤੋਂ ਬਾਅਦ ਇਹਨਾਂ ਨੂੰ ਪਹਿਲੇ ਸਪਲੀਮੈਂਟਰੀ ਕੇਸ ਵਿਚ ਰੱਖ ਲਿਆ ਗਿਆ ਅਤੇ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾ ਦਿੱਤੀ ਗਈ। 17 ਸਾਲ ਦੀ ਸਖ਼ਤ ਕੈਦ ਕੱਟ ਲੈਣ ਤੋਂ ਬਾਅਦ 24 ਅਕਤੂਬਰ, 1932 ਨੂੰ ਰਿਹਾਅ ਕੀਤਾ ਗਿਆ। ਰਿਹਾਈ ਤੋਂ ਬਾਅਦ ਵੀ ਆਪ ਨੂੰ ਦੋ ਸਾਲ ਪਿੰਡ ਵਿਚ ਜੂਹਬੰਦ ਰੱਖਿਆ ਗਿਆ।

  1. ਭਾਈ ਮਸਤਾਨ ਸਿੰਘ ਨਾਰੰਗਵਾਲ (ਲੁਧਿਆਣਾ)

ਭਾਈ ਮਸਤਾਨ ਸਿੰਘ ਅਮਰੀਕਾ ਤੋਂ ਵਾਪਸ ਆਏ ਗ਼ਦਰੀ ਸਨ ਅਤੇ 19 ਫ਼ਰਵਰੀ, 1915 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਘਰੋਂ ਫ਼ਿਰੋਜ਼ਪੁਰ ਛਾਉਣੀ ‘ਤੇ ਧਾਵਾ ਕਰਨ ਤੁਰੇ ਜਥੇ ਵਿਚ ਸ਼ਾਮਲ ਸਨ। ਆਪ ਨੂੰ 28 ਜੂਨ, 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਅਤੇ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ, ਜੋ ਬਾਅਦ ਵਿਚ 14 ਸਾਲ ਦੀ ਸਖ਼ਤ ਕੈਦ ਵਿਚ ਬਦਲ ਦਿੱਤੀ ਗਈ।

  1. ਭਾਈ ਸੰਤਾ ਸਿੰਘ, ਨੰਦਪੁਰ ਕਲੌੜ (ਰਿਆਸਤ ਪਟਿਆਲਾ)

ਭਾਈ ਸੰਤਾ ਸਿੰਘ ਬਾਰ ਦੇ ਇਲਾਕੇ ਵਿਚ ਗ਼ਦਰ ਦੇ ਪ੍ਰਚਾਰਕਾਂ ਵਿੱਚੋਂ ਇਕ ਸਨ। ਆਪ ਢੰਡਾਰੀ ਪਿੰਡ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੋਈ ਗੁਪਤ ਮੀਟਿੰਗ ਆ ਇਲਾਵਾ ਫ਼ਿਰੋਜ਼ਪੁਰ ਛਾਉਣੀ ‘ਤੇ ਹਮਲਾ ਕਰਨ ਜਾਣ ਵਾਲੇ ਜਥੇ ਵਿਚ ਵੀ ਸ਼ਾਮਲ ਹੋਏ। ਆਪ ਨੂੰ 1915 ਦੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ, ਜਲ ਸ਼ਾਮਲ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ, ਜੋ ਬਾਅਦ ਵਿਚ ਘਟਾ ਕੇ ਪੰਜ ਸਾਲ ਦੀ ਸਖ਼ਤ ਸਜ਼ਾ ਵਿਚ ਬਦਲ ਦਿੱਤੀ ਗਈ। ਰਿਹਾਈ ਮਗਰੋਂ ਆਪ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਏ ਅਤੇ ਮਾਝੇ ਵਿਚ ਖ਼ੂਬ ਪ੍ਰਚਾਰ ਕੀਤਾ। ਗੁਰੂ ਕੇ ਬਾਗ਼ ਵਾਲੇ ਮੋਰਚੇ ਵਿਚ ਸੱਤ ਮਹੀਨੇ ਦੀ ਸਖ਼ਤ ਸਜ਼ਾ ਹੋਈ। 1924 ਵਿਚ ਮੁੜ, ਸਿਆਸੀ ਲਹਿਰ ਵਿਚ ਹਿੱਸਾ ਲੈਣ ਕਾਰਨ, ਸੱਤ ਸਾਲ ਦੀ ਸਖ਼ਤ ਕੈਦ ਸੁਣਾਈ ਗਈ। ਰਿਹਾਈ ਉਪਰੰਤ ਲਾਇਲਪੁਰ ਦੇ ਚੱਕ ਨੰ: 67 ਵਿਚ ਰਿਹਾਇਸ਼ ਕਰ ਲਈ ਅਤੇ ਗਿਆਨੀ ਲਖਮੀਰ ਸਿੰਘ ਦੇ ਨਾਂਅ ਹੇਠ ਗੁਰਦੁਆਰਾ ਸੁਧਾਰਕੇ ਦੇ ਗ੍ਰੰਥੀ ਸਿੰਘ ਵਜੋਂ ਸੇਵਾ ਕਰਨ ਲੱਗ ਪਏ।

  1. ਗਿਆਨੀ ਦਲੀਪ ਸਿੰਘ ਫੁੱਲਾਂਵਾਲ (ਲੁਧਿਆਣਾ)

ਭਾਈ ਦਲੀਪ ਸਿੰਘ ਨੇ ਲਲਤੋਂ ਕਲਾਂ ਤੋਂ ਪ੍ਰਾਇਮਰੀ ਦਾ ਇਮਤਿਹਾਨ ਪਾਸ ਕੀਤਾ ਤੇ ਫੇਰ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਦਾਖ਼ਲ ਹੋ ਗਏ। ਇਥੇ ਪੜ੍ਹਦਿਆਂ ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਸੰਗਤ ਹੋ ਗਈ ਤੇ ਨਾਮ ਸਿਮਰਨ ਦਾ ਸ਼ੌਕ ਪੈਦਾ ਹੋ ਗਿਆ। ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਖ਼ਿਲਾਫ਼ ਹੋਈ ਐਜੀਟੇਸ਼ਨ ਵਿਚ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਫ਼ਿਰੋਜ਼ਪੁਰ ਛਾਉਣੀ ਉਪਰ ਧਾਵਾ ਬੋਲ ਕੇ ਗ਼ਦਰ ਸ਼ੁਰੂ ਕਰਨ ਗਏ ਜਥੇ ਵਿਚ ਵੀ ਸ਼ਾਮਲ ਸਨ। ਆਪ ਨੂੰ ਰਾਮਪੁਰਾਫੂਲ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਕੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਪਰ ਬਾਲ ਉਮਰ ਹੋਣ ਕਰਕੇ ਤਿੰਨ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਸਵਾ ਸਾਲ ਸਿੱਖ ਟੈਕਟ ਸੁਸਾਇਟੀ ਦੇ ਸਕੱਤਰ ਰਹੇ। 1924 ਤੋਂ ਲੈ ਕੇ ਆਪਣੀ ਨੌਕਰੀ ਦੇ ਅਖ਼ੀਰ ਤਕ ਡੀ.ਬੀ. ਸਕੂਲ ਨਥਾਣਾ ਵਿਚ ਪੰਜਾਬੀ ਟੀਚਰ ਰਹੇ ਤੇ ਇਲਾਕੇ ਵਿਚ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ।

  1. ਭਾਈ ਲਾਲ ਸਿੰਘ ਨਾਰੰਗਵਾਲ (ਲੁਧਿਆਣਾ)

ਭਾਈ ਲਾਲ ਸਿੰਘ ਨੂੰ ਗ਼ਦਰ ਲਹਿਰ ਵਿਚ ਹਿੱਸਾ ਲੈਣ ਕਾਰਨ 1 ਜੁਲਾਈ 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਢੰਡਾਰੀ ਪਿੰਡ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਰਹਿਨੁਮਾਈ ਹੇਠ ਹੋਈ ਉਸ ਗੁਪਤ ਮੀਟਿੰਗ ਵਿਚ ਸ਼ਾਮਲ ਸਨ, ਜਿਸ ਵਿਚ ਗ਼ਦਰ ਲਹਿਰ ‘ਚ ਜ਼ੋਰ ਸ਼ੋਰ ਨਾਲ ਭਾਗ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ । ਬਾਅਦ ਵਿਚ ਫ਼ਿਰੋਜ਼ਪੁਰ ਛਾਉਣੀ ‘ਤੇ ਹਮਲਾ ਕਰਨ ਗਏ ਜਥੇ ਵਿਚ ਵੀ ਸ਼ਾਮਲ ਹੋਏ। ਆਪ ਨੂੰ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਜੋ ਬਾਅਦ ਵਿਚ ਘਟਾ ਕੇ 10 ਸਾਲ ਕਰ ਦਿੱਤੀ ਗਈ। ਆਪ ਨੂੰ ਹਜ਼ਾਰੀਬਾਗ਼ ਜੇਲ੍ਹ ਵਿਚ ਬੰਦ ਰੱਖਿਆ ਗਿਆ। ਇਸ ਜੇਲ੍ਹ ਨੂੰ ਤੋੜਨ ਵਾਲੇ 18 ਸਿੰਘਾਂ ਵਿੱਚੋਂ ਆਪ ਵੀ ਇਕ ਸਨ। ਪਰ ਜਲਦੀ ਹੀ ਮੁੜ ਗ੍ਰਿਫ਼ਤਾਰ ਹੋ ਜਾਣ ਕਾਰਨ ਆਪ ਦੀ ਸਜ਼ਾ ਦੋ ਸਾਲ ਹੋਰ ਵਧਾ ਦਿੱਤੀ ਗਈ।

  1. ਭਾਈ ਪੂਰਨ ਸਿੰਘ, ਜਨੇਤਪੁਰਾ (ਲੁਧਿਆਣਾ)

ਭਾਈ ਪੂਰਨ ਸਿੰਘ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਦੇ ਵਿਦਿਆਰਥੀ ਸਨ। ਉਥੇ ਹੀ ਆਪ ਨੇ ਅੰਮ੍ਰਿਤਪਾਨ ਕਰ ਲਿਆ ਸੀ । ਮੈਟ੍ਰਿਕ ਪਾਸ ਕਰਨ ਤੋਂ ਬਾਅਦ (ਬਾਬਾ) ਗੁਰਮੁਖ ਸਿੰਘ ਲਲਤੋਂ ਨਾਲ ਮਿਲ ਕੇ ਹਾਂਗਕਾਂਗ ਚਲੇ ਗਏ। ਉਥੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਵਿਚ ਸਵਾਰ ਹੋ ਕੇ ਕੈਨੇਡਾ ਜਾਣ ਦੀ ਸਲਾਹ ਕਰ ਲਈ ਅਤੇ ਮੁਸਾਫ਼ਰਾਂ ਵਿਚ ਸ਼ਾਮਲ ਹੋ ਗਏ। ਬਾਬਾ ਗੁਰਦਿੱਤ ਸਿੰਘ ਨੇ ਉਨ੍ਹਾਂ ਨੂੰ ਜਹਾਜ਼ ਦਾ ਸਟੋਰ ਕੀਪਰ ਨਿਯੁਕਤ ਕਰ ਦਿੱਤਾ। ਜਦ ਜਹਾਜ਼ ਵਾਪਸ ਕਲਕੱਤੇ ਆਇਆ ਤਾਂ 29 ਸਤੰਬਰ 1914 ਨੂੰ ਰਹਿਰਾਸ ਦੀ ਅਰਦਾਸ ਕਰ ਰਹੇ ਸਿੰਘਾਂ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ 20 ਮੁਸਾਫ਼ਰ ਸ਼ਹੀਦ ਅਤੇ 23 ਜ਼ਖ਼ਮੀ ਹੋ ਗਏ। ਕੁੱਝ ਬਚ ਕੇ ਨਿਕਲ ਗਏ ਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿਚ ਫੜੇ ਜਾਣ ‘ਤੇ ਭਾਈ ਪੂਰਨ ਸਿੰਘ ਨੂੰ ਦੋ ਸਾਲ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਗਿਆ । ਰਿਹਾਈ ਤੋਂ ਬਾਅਦ ਵੀ ਕੁੱਝ ਸਮਾਂ ਪਿੰਡ ਵਿਚ ਨਜ਼ਰਬੰਦੀ ਰਹੀ। ਇਹਨਾਂ ਦਿਨਾਂ ਵਿਚ ਹੀ ਅਕਾਲੀ ਲਹਿਰ ਤੇਜ਼ ਹੋ ਰਹੀ ਸੀ। ਆਪ ਇਸ ਲਹਿਰ ਵਿਚ ਕੁੱਦ ਪਏ। ਆਪ ਨੂੰ ਜ਼ਿਲ੍ਹਾ ਅਕਾਲੀ ਦਲ ਦੇ ਦਫ਼ਤਰ ਦਾ ਕੰਮ ਸੰਭਾਲਿਆ ਗਿਆ ਜੋ ਆਪ ਨੇ ਸੁਚੱਜੇ ਢੰਗ ਨਾਲ ਨਿਭਾਇਆ। ਆਪ ਛੇ ਸਾਲ ਤਕ ਗੁਰਦੁਆਰਾ ਹੇਰਾਂ ਦੇ ਮੈਨੇਜਰ ਰਹੇ।

  1. ਭਾਈ ਇੰਦਰ ਸਿੰਘ, ਬਾਲਦ ਕਲਾਂ (ਰਿਆਸਤ ਪਟਿਆਲਾ)

ਭਾਈ ਇੰਦਰ ਸਿੰਘ ਗੁੱਜਰਵਾਲ (ਲੁਧਿਆਣਾ), ਅਖੰਡ ਪਾਠ ਤੋਂ ਉਪਰੰਤ, ਗ਼ਦਰ ਦੀ ਤਿਆਰੀ ਦੇ ਸੰਬੰਧ ਵਿਚ ਹੋਈ ਮੀਟਿੰਗ ਵਿਚ ਸ਼ਾਮਲ ਸਨ। ਉਹਨਾਂ ਨੇ ਫ਼ਿਰੋਜ਼ਪੁਰ ਐਕਸ਼ਨ ਵਿਚ ਵੀ ਹਿੱਸਾ ਲਿਆ ਸੀ। ਉਹਨਾਂ ਨੂੰ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਸ਼ਾਮਲ ਕਰ ਲਿਆ ਗਿਆ, ਪਰ ਉਹ ਸਰਕਾਰ ਦੇ ਹੱਥ ਨਾ ਆਏ।

  1. ਡਾ. ਚਰਨ ਸਿੰਘ ਉਰਫ਼ ਭਾਈ ਆਸਾ ਸਿੰਘ, ਨਾਰੰਗਵਾਲ (ਲੁਧਿਆਣਾ)

ਡਾਕਟਰ ਚਰਨ ਸਿੰਘ ਨੇ ਛੋਟੀ ਉਮਰ ਵਿਚ ਹੀ ਭਾਈ ਸਾਹਿਬ ਰਣਧੀਰ ਸਿੰਘ ਨਾਲ ਇਕੇ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਛਕਣ ‘ਤੇ ਇਨ੍ਹਾਂ ਦਾ ਨਾਮ ਭਾਈ ਆਸਾ ਸਿੰਘ ਹੋ ਗਿਆ। ਗ਼ਦਰ ਲਹਿਰ ਵਿਚ ਸ਼ਮੂਲੀਅਤ ਕਾਰਨ ਇਹਨਾਂ ਨੇ ਵੀ ਪਕੜੇ ਜਾਣਾ ਸੀ, ਪਰ ਕਲਕੱਤੇ ਨੂੰ ਖਿਸਕ ਗਏ ਅਤੇ ਫਿਰ ਅਗਾਂਹ ਬਰਮਾ ਜਾ ਵੜੇ।

  1. ਭਾਈ ਧਰਮ ਸਿੰਘ, ਨੰਦਪੁਰ (ਰਿਆਸਤ ਪਟਿਆਲਾ)

ਭਾਈ ਧਰਮ ਸਿੰਘ ਫ਼ਿਰੋਜ਼ਪੁਰ ਗ਼ਦਰ ਕਰਨ ਜਾਣ ਵਾਲੇ ਜਥੇ ਵਿਚ ਸ਼ਾਮਲ ਸਨ। ਇਹਨਾਂ ‘ਤੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਚੱਲਿਆ ਪਰ ਕੋਈ ਪੁਖਤਾ ਸਬੂਤ ਨਾ ਮਿਲਣ ਕਰਕੇ ਰਿਹਾਅ ਕਰ ਦਿੱਤੇ ਗਏ।

  1. ਭਾਈ ਅਮਰ ਸਿੰਘ, ਗੁੱਜਰਵਾਲ (ਲੁਧਿਆਣਾ)

ਭਾਈ ਅਮਰ ਸਿੰਘ ਗ਼ਦਰ ਲਹਿਰ ਵਿਚ ਸ਼ਾਮਲ ਸਨ ਪਰ ਮੁਕੱਦਮੇ ਵਿੱਚੋਂ ਬਚ ਗਏ।

  1. ਭਾਈ ਹਰਿ ਕੇਹਰ ਸਿੰਘ, ਅਕਾਲਗੜ੍ਹ (ਲੁਧਿਆਣਾ)

ਭਾਈ ਹਰਿ ਕੇਹਰ ਸਿੰਘ ਗ਼ਦਰ ਲਹਿਰ ਵਿਚ ਸ਼ਾਮਲ ਸਨ ਪਰ ਮੁਕੱਦਮੇ ਤੋਂ ਬਚ ਗਏ।

  1. ਭਾਈ ਕਰਤਾਰ ਸਿੰਘ, ਲਲਤੋਂ (ਲੁਧਿਆਣਾ)

ਗਦਰ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਜਥੇ ਦੀ ਸ਼ਮੂਲੀਅਤ ਦਾ ਭੇਦ ਖੁਲ੍ਹ ਜਾਣ ਤੋਂ ਬਾਅਦ ਭਾਈ ਕਰਤਾਰ ਸਿੰਘ ਲਲਤੋਂ ਨੇ ਗੁਪਤਵਾਸ ਧਾਰਨ ਕਰ ਲਿਆ ਅਤੇ ਪੁਲਿਸ ਦੇ ਕਾਬੂ ਨਾ ਆਏ। ਆਪ ਨੂੰ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਮਫ਼ਰੂਰ (ਫ਼ਰਾਰ) ਕਰਾਰ ਦੇ ਦਿੱਤਾ ਗਿਆ।

  1. ਭਾਈ ਮਹਿੰਦਰ ਸਿੰਘ ਮਾਜਰੀ (ਲੁਧਿਆਣਾ)

ਭਾਈ ਮਹਿੰਦਰ ਸਿੰਘ ਛੋਟੀ ਉਮਰ ਵਿਚ ਹੀ ਜਥੇ ਵਿਚ ਸ਼ਾਮਲ ਹੋ ਗਏ ਅਤੇ ਗ਼ਦਰ ਲਹਿਰ ਲਈ ਕੰਮ ਕਰਨ ਲੱਗ ਪਏ। ਆਪ ਢੰਡਾਰੀ ਵਾਲੀ ਮੀਟਿੰਗ ਅਤੇ ਫ਼ਿਰੋਜ਼ਪੁਰ ਛਾਉਣੀ ਵਾਲੇ ਐਕਸ਼ਨ ਵਿਚ ਸ਼ਾਮਲ ਸਨ । ਆਪ ਨੂੰ 21 ਸਤੰਬਰ, 1915 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 30 ਮਾਰਚ, 1916 ਨੂੰ ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਸ਼ ਕੇਸ ਵਿਚ ਉਮਰ ਕੈਦ, ਜਲਾਵਤਨੀ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ। ਨਾਬਾਲਗ਼ ਹੋਣ ਕਾਰਨ ਬਾਅਦ ਵਿਚ ਇਹ ਸਜ਼ਾ ਘੱਟ ਕਰਕੇ ਪੰਜ ਸਾਲ ਸਖ਼ਤ ਕੈਦ ਕਰ ਦਿੱਤੀ ਗਈ।

  1. ਭਾਈ ਜਗਤ ਸਿੰਘ ਗੁਜਰਵਾਲ (ਲੁਧਿਆਣਾ)

ਭਾਈ ਜਗਤ ਸਿੰਘ ਅਮਰੀਕਾ ਤੋਂ ਗ਼ਦਰ ਕਰਨ ਲਈ ਪੰਜਾਬ ਆਏ ਸਨ। ਆਪ ਗੁਜਰਵਾਲ ਅਖੰਡ ਪਾਠ ਦੇ ਭੋਗ ਉਪਰੰਤ ਹੋਈ ਉਸ ਮੀਟਿੰਗ ਵਿਚ ਸ਼ਾਮਲ ਸਨ, ਜਿਸ ਅੰਦਰ ਗ਼ਦਰ ਦੀ ਤਿਆਰੀ ਸੰਬੰਧੀ ਅਹਿਮ ਵਿਚਾਰਾਂ ਹੋਈਆਂ ਸਨ । ਆਪ 19 ਫ਼ਰਵਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਨਾਲ ਹੀ ਫ਼ਿਰੋਜ਼ਪੁਰ ਛਾਉਣੀ ‘ਤੇ ਹਮਲਾ ਕਰਨ ਵੀ ਗਏ। ਆਪ ਨੂੰ ਪਹਿਲੇ ਸਪਲੀਮੈਂਟਰੀ ਸਾਜ਼ਸ਼ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਦੋ ਸਾਲ ਦੀ ਸਖ਼ਤ ਕੈਦ ਕੱਟਣ ਤੋਂ ਬਾਅਦ ਰਿਹਾਅ ਹੋਏ।

 

ਗ਼ਦਰੀ ਬਾਬੇ

ਗ਼ਦਰੀ ਬਾਬੇ ਗ਼ਦਰੀ ਬਾਬੇ

ਗ਼ਦਰੀ ਬਾਬੇ ਗ਼ਦਰੀ ਬਾਬੇ

ਗ਼ਦਰੀ ਬਾਬੇ ਗ਼ਦਰੀ ਬਾਬੇ

ਗ਼ਦਰੀ ਬਾਬੇ ਗ਼ਦਰੀ ਬਾਬੇ

ਗ਼ਦਰੀ ਬਾਬੇ

 

 

 

Credit – ਅਜਮੇਰ ਸਿੰਘ

Leave a comment

error: Content is protected !!