ਧਰਮ ਦੀ ਪਰਿਭਾਸ਼ਾ
ਕਾਰਲ ਮਾਰਕਸ ਨੇ ਧਰਮ ਨੂੰ ਲੋਕਾਂ ਦੀ ਅਫੀਮ ਪਤਾ ਨਹੀਂ ਕਿਸ ਸੰਦਰਭ ਵਿਚ ਤੇ ਕਿਉਂ ਲਿਖਿਆ ਹੋਵੇ ਜਦ ਕਿ ਧਰਮ ਤੇ ਧਰਮ ਸਥਾਨ ਰੂਸ ਵਿਚ ਵੀ ਸਨ ਤੇ ਸੋਵੀਅਤ ਯੂਨੀਅਨ ਵਿਚ ਵੀ ਤੇ ਵਰਤਮਾਨ ਕਾਲ ਵਿਚ ਵੀ ਹਨ । ਸਾਡੀ ਜਾਚੇ ਧਰਮ, ਉਸ ਅਫੀਮ ਵਾਲਾ ਨਸ਼ਾ ਨਹੀਂ ਦਿੰਦਾ ਜਿਹੜੀ ਵਿਅਕਤੀ ਦੇ ਅੰਦਰ ਜਾਣ ਸਾਰ ਤਾਂ ਉਸ ਨੂੰ ਸ਼ੇਰ ਬਣਾ ਦਿੰਦੀ ਹੈ। ਪਰ ਨਸ਼ੇ ਦੀ ਮਿਆਦ ਪੂਰੀ ਹੋ ਜਾਣ ਤੇ ਉਹ ਖੋਤਾ ਵੀ ਨਹੀਂ ਰਹਿ ਜਾਂਦਾ। ਧਾਰਮਕ ਅਨੁਆਈ ਨੂੰ, ਆਪਣੇ ਧਾਰਮਕ ਨੇਮਾਂ ਤੇ ਅਮਲ ਕਰਦਿਆਂ ਅਧਿਆਤਮਕ ਕਿਰਿਆਵਾਂ ਰਾਹੀਂ ਨਾਮ ਸਿਮਰਨ ਕਰਨ ਨਾਲ ਪ੍ਰਾਪਤ ਹੋਣ ਵਾਲਾ ਮਾਨਸਕ ਤੇ ਆਤਮਕ ਆਨੰਦ ਅਕਹਿ ਤੇ ਸਥਾਈ ਹੁੰਦਾ ਹੈ ਜਿਸ ਨੂੰ ਵਿਅਕਤੀ ਪ੍ਰਗਟ ਕਰਨ ਤੋਂ ਉਵੇਂ ਹੀ ਅਸਮਰਥ ਹੁੰਦਾ ਹੈ ਜਿਵੇਂ ਗੂੰਗਾ ਵਿਅਕਤੀ ਗੁੜ ਦਾ ਸੁਆਦ ਦਸਣ ਤੋਂ:
ਕਹੁ ਕਬੀਰ ਗੁੰਗੈ ਗੁੜੁ ਖਾਇਆ ਪੁਛੇ ਤੇ ਕਿਆ ਕਹੀਐ ?
ਇਸ ਆਤਮਕ ਰਸ ਦੇ ਆਉਣ ਨਾਲ ਬਾਕੀ ਰਸ ਵਿਸਰ ਜਾਂਦੇ ਹਨ :
ਜਿਹ ਰਸ ਬਿਸਰਿ ਗਏ ਰਸ ਅਉਰ ।
ਧਰਮ ਦੀਆਂ ਪਰਿਭਾਸ਼ਾਵਾਂ ਵੱਖ ਵੱਖ ਧਰਮਾਚਾਰੀਆਂ ਨੇ ਆਪੋ ਆਪਣੇ ਗਿਆਨ, ਵਿਦਵਤਾ, ਅਨੁਭਵ ਤੇ ਆਤਮਕ ਪ੍ਰਾਪਤੀਆਂ ਦੇ ਆਧਾਰ ਤੇ ਭਿੰਨ-ਭਿੰਨ ਕੀਤੀਆਂ ਹਨ। ਇਨ੍ਹਾਂ ਪਰਿਭਾਸ਼ਾਵਾਂ ਵਿਚ ਕਈ ਅੰਗ ਅਜਿਹੇ ਵੀ ਹਨ ਜਿਹੜੇ ਵਿਸ਼ਵ ਵਿਆਪੀ ਧਰਮ ਦਾ ਹਿੱਸਾ ਹਨ ਤੇ ਜਿਨ੍ਹਾਂ ਨੂੰ ਵਿਸ਼ਵ ਭਰ ਦਾ ਕੋਈ ਵੀ ਧਾਰਮਕ ਆਗੂ ਜਾਂ ਸੰਚਾਲਕ ਨਾ ਛੁਟਿਆ ਸਕਦਾ ਹੈ, ਨਾ ਨਿੰਦ ਸਕਦਾ ਹੈ ਨਾ ਹੀ ਇਨ੍ਹਾਂ ਨੂੰ ਮੰਨਣ ਤੋਂ ਇਨਕਾਰੀ ਹੋ ਸਕਦਾ। ਹੈ ਜਿਵੇਂ ਸੱਚ ਬੋਲਣਾ, ਚੋਰੀ ਨਾ ਕਰਨਾ, ਝੂਠ ਨਾ ਬੋਲਣਾ ਆਦਿ:
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।
ਗ਼ਦਰ ਪਾਰਟੀ ਦੇ ਸੰਸਥਾਪਕ ਸਮੂਹਿਕ ਤੌਰ ਤੇ ਕਿਸੇ ਇਕ ਰਾਜਸੀ ਜਾਂ ਧਾਰਮਿਕ ਵਿਚਾਰਧਾਰਾ ਨਾਲ ਬਝੇ ਹੋਏ ਵੀ ਨਹੀਂ ਸਨ ਸਗੋਂ ਆਪੋ ਆਪਣੇ ਧਾਰਮਕ ਵਿਸ਼ਵਾਸਾਂ ਨੂੰ ਕਾਇਮ ਰਖਦਿਆਂ ਹੋਇਆਂ ਇਨ੍ਹਾਂ ਨੇ ਪਾਰਟੀ ਕਾਰਜਕ੍ਰਮ ਵਿਚ ਸਰਗਰਮ ਹਿੱਸਾ ਪਾਇਆ। ਇਨ੍ਹਾਂ ਦੀ ਖੂਬੀ ਜਾਂ ਵਿਸ਼ੇਸ਼ਤਾ ਇਹੋ ਸੀ ਕਿ ਹਰ ਕਿਸੇ ਨੇ ਆਪਣੇ ਨਿੱਜੀ ਧਾਰਮਿਕ ਵਿਸ਼ਵਾਸਾਂ ਨੂੰ ਤਿਆਗਿਆ ਵੀ ਨਹੀਂ ਸੀ ਤੇ ਕੌਮੀ ਲਹਿਰ ਦੇ ਰਸਤੇ ਦਾ ਰੋੜਾ ਵੀ ਨਹੀਂ ਸੀ ਬਣਨ ਦਿੱਤਾ।
ਧਰਮ ਜਾਂ ਅਧਿਆਤਮਵਾਦ ਦਾ ਦੇਸ਼ ਭਗਤੀ ਨਾਲ ਕੋਈ ਵਿਰੋਧ ਨਹੀਂ ਜਿਵੇਂ ਪਿਛੋਂ ਜਾ ਕੇ ਇਹ ਪ੍ਰਭਾਵ ਪੈਦਾ ਕੀਤਾ ਗਿਆ ਸੀ । ਗੁਰੂ ਨਾਨਕ ਦੇਵ ਨੇ ਤਾਂ ਦੇਸ਼ ਭਗਤੀ ਭਾਵਨਾ ਅਧੀਨ, ਹਿੰਦ ਤੇ ਹਮਲਾ ਕਰਨ ਵਾਲਿਆਂ ਲਈ ਘਿਰਣਾਦ ਸ਼ਬਦ ‘ਕੁੱਤੇ’ ਦਾ ਪ੍ਰਯੋਗ ਕੀਤਾ ਸੀ । ਹਾਂ, ਧਰਮ ਦੇ ਆਧਾਰ ਤੇ ਚਲਣ ਵਾਲਾ ਦੇਸ਼ ਭਗਤ, ਧਾਰਮਿਕ ਭਾਵਨਾ ਅਧੀਨ ਤਸੀਹੇ ਸਹਿ ਕੇ ਦੇਸ਼ ਭਗਤੀ ਵਿਚ ਵੀ ਅਕਸਰ ਅਡੋਲ ਰਹਿੰਦਾ ਹੈ।
ਇਹ ਪਰਵਾਸੀ ਭਾਰਤੀ ਵਿਦੇਸ਼ਾਂ ਵਿਚਲੇ ਸੁਤੰਤਰ ਵਾਤਾਵਰਣ ਵਿਚ ਪ੍ਰਾਪਤ ਸੁੱਖ ਸਹੂਲਤਾਂ ਦੇ ਪ੍ਰਭਾਵ ਅਧੀਨ ਆਪਣੇ ਵਤਨ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਸਿਰ ਚੁੱਕਣ ਲਈ ਉਤਸ਼ਾਹਿਤ ਹੋ ਗਏ। ਇਨ੍ਹਾਂ ਨੂੰ ਉਥੋਂ ਦੇ ਆਜ਼ਾਦ ਵਾਤਾਵਰਣ ਨੇ ਹਲੂਣਿਆਂ, ਉਨ੍ਹਾਂ ਵਿਚ ਨਵੇਂ ਖੂਨ ਦਾ ਸੰਚਾਰ ਕੀਤਾ ਤੇ ਸੰਘਰਸ਼ ਲਈ ਸੰਗਠਤ ਹੋਣ ਦਾ ਬੱਲ ਤੇ ਉਦਮ ਪ੍ਰਦਾਨ ਕੀਤਾ। ਹਾਕਮ ਸ਼੍ਰੇਣੀ ਵਲੋਂ ਉਨ੍ਹਾਂ ਦੀ ਜ਼ਬਾਨ ਨੂੰ ਲਾਏ ਗਏ ਤਾਲੇ ਖੁਲ੍ਹਣੇ ਸ਼ੁਰੂ ਹੋ ਗਏ ਜਿਸ ਦੇ ਫ਼ਲਸਰੂਪ ਉਹ ਕੌਮੀ ਹਿੱਤਾਂ ਲਈ ਸਿਰਾਂ ਤੇ ਕਫਨ ਬੰਨ੍ਹ ਕੇ ਮੈਦਾਨ ਵਿਚ ਨਿਤਰੇ। ਗ਼ਦਰੀਆਂ ਨੇ ਇਸ ਗੱਲ ਦਾ ਸ਼੍ਰੇਅ ਗ਼ਦਰ ਅਖ਼ਬਾਰ ਨੂੰ ਦਿੱਤਾ ਹੈ।
ਹੋਈ ਨਾਲ ਗੁਲਾਮੀ ਦੇ ਬੰਦ ਜਿਹੜੀ, ਦਿੱਤੀ ਗ਼ਦਰ ਨੇ ਖੋਲ੍ਹ ਜ਼ਬਾਨ ਸਾਡੀ।
ਸਾਨੂੰ ਗ਼ਦਰ ਨੇ ਆਣ ਕੇ ਖ਼ਬਰ ਦਿੱਤੀ, ਖੇਤੀ ਖਾਂਵਦੀ ਜਾਂਵਦੀ ਬਾੜ ਸਾਡੀ।
ਏਸ ਗ਼ਦਰ ਦਾ ਕੋਈ ਨਾ ਮੁਲ ਯਾਰੋ, ਦਿੱਤੀ ਗ਼ਦਰ ਨੇ ਅਖ ਉਘਾੜ ਸਾਡੀ।
ਗ਼ਦਰ ਪਾਰਟੀ ਵਿਚ ਸ਼ਾਮਲ ਲਗਭਗ ਸਾਰੇ ਜਾਂ ਉਨ੍ਹਾਂ ਦੀ ਬਹੁਸੰਮਤੀ ਕਿਸੇ ਨਾ ਕਿਸੇ ਧਰਮ ਦੀ ਅਨੁਆਈ ਸੀ । ਪਾਰਟੀ ਦੇ ਗਠਨ ਤੋਂ ਪਹਿਲਾਂ ਹਿੰਦੂ, ਮੁਸਲਿਮ ਤੇ ਸਿੱਖ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਗ਼ਲਤ ਹੈ ਕਿ ਇਹ ਧਰਮ ਨਿਰਲੇਪ ਸਨ । ਅਸਲ ਵਿਚ ਧਰਮ ਨਿਰਲੇਪਤਾ ਵੀ ਉਹ ਨਹੀਂ ਜੋ ਭਾਰਤ ਸਰਕਾਰ ਨੇ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਘੜ ਲਈ ਹੈ ਜਿਵੇਂ ਇਹ ਵਿਸ਼ਵਾਸ ਵਿਆਪੀ ਨਾ ਹੋ ਕੇ ਖੇਤਰੀ ਪਰਿਭਾਸ਼ਾ ਹੋਵੇ । ਧਰਮ ਨਿਰਲੇਪਤਾ ਦਾ ਸ਼ਬਦਕੋਸ਼ੀ ਅਰਥ ਹੈ ‘ਜਿਸ ਦਾ ਧਰਮ ਨਾਲ ਕੋਈ ਸੰਬੰਧ ਨਾ ਹੋਵੇ। ਪਰ ਇਸ ਨੂੰ ਸਾਡੀ ਸਰਕਾਰ ਨੇ ਸਰਬ ਧਰਮ ਸਨਮਾਨ ਵਿਚ ਤਬਦੀਲ ਕਰ ਦਿੱਤਾ। ਵਿਸ਼ਵ ਵਿਆਪੀ ਪੈਮਾਨੇ ਬਦਲੇ ਨਹੀਂ ਜਾ ਸਕਦੇ ਹੁੰਦੇ। ਫੁਟ ਹਰ ਥਾਂ ਬਾਰਾਂ ਇੰਚ ਦਾ ਹੀ ਹੁੰਦਾ ਹੈ।
ਇਸ ਲਈ ਅਮਰੀਕਾ ਕੈਨੇਡਾ ਵਿਚਲੇ ਪ੍ਰਵਾਸੀ ਭਾਰਤੀ ਧਰਮ ਨਿਰਲੇਪ ਜਾਂ ਨਾਸਤਕ ਵੀ ਨਹੀਂ ਸਨ ਤੇ ਕਟੜਪੰਥੀ ਵੀ ਨਹੀਂ। ਹੋ ਸਕਦਾ ਹੈ ਕਿ ਰਾਜਸੀ ਸੰਗਠਨ ਦੀ ਲੋੜ ਨੇ ਇਨ੍ਹਾਂ ਦਾ ਕਟੜਪਨ ਮੱਠਾ ਪਾ ਕੇ ਇਨ੍ਹਾਂ ਨੂੰ ਗੁਰੂ ਨਾਨਕ ਵੱਲੋਂ ਅਪਣਾਏ ਤੇ ਦਰਸਾਏ ਗਏ ਧਾਰਮਿਕ ਸਹਿਣਸ਼ੀਲਤਾ ਦੇ ਸਿਧਾਂਤ ਤੇ ਲੈ ਆਉਂਦਾ ਹੋਵੇ।
ਇਹ ਕਈਆਂ ਲਈ ਹੈਰਾਨੀ ਦੀ ਗੱਲ ਹੋ ਸਕਦੀ ਹੈ ਕਿ ਗ਼ਦਰ ਪਾਰਟੀ ਵਿੱਚ ਗੁਰਬਾਣੀ ਪਾਠ ਦੇ ਨਿਤਨੇਮੀ, ਨਾਮ ਅਭਿਆਸ ਦੇ ਰਸੀਏ ਤੇ ਸਿੱਖ ਮਰਿਆਦਾ ਨੂੰ ਨਿਭਾਉਣ ਵਾਲੇ ਵਿਅਕਤੀ ਵੀ ਸ਼ਾਮਲ ਸਨ । ਇਸ ਦਾ ਇਕ ਕਾਰਨ ਇਹ ਹੈ ਕਿ ਗ਼ਦਰੀ ਬਾਬੇ ਸਾਧਾਰਨ ਤੌਰ ਤੇ ਧਾਰਮਿਕ ਸੰਸਕਾਰਾਂ ਵਾਲੇ ਪਰਿਵਾਰਾਂ ਵਿਚੋਂ ਗਏ ਸਨ। ਗ਼ਦਰ ਪਾਰਟੀ ਵਿਚ ਇਨ੍ਹਾਂ ਦਾ ਅਸਲ ਉਦੇਸ਼ ਧਾਰਮਿਕ ਨਹੀਂ ਸਗੋਂ ਦੇਸ਼ ਵਿਚੋਂ ਬਦੇਸ਼ੀ ਰਾਜ ਦਾ ਖਾਤਮੇ ਦਾ ਰਾਜਸੀ ਸੀ ਜਿਸ ਲਈ ਵਿਉਂਤਾ ਉਨ੍ਹਾਂ ਦੇ ਦੇਸ਼ ਭਾਰਤ ਵਿਚ ਵਿਉਂਤੀਆਂ ਜਾਣੀਆਂ ਸਨ।
ਇਸ ਕਾਰਜ ਵਿਚ ਸਫਲਤਾ ਲਈ ਉਨ੍ਹਾਂ ਨੇ ਧਰਮ ਦਾ ਸਹਾਰਾ ਜ਼ਰੂਰ ਲਿਆ। ਅਸਲ ਵਿੱਚ ‘ਗ਼ਦਰ ਲਹਿਰ ਨੇ ਜਿੰਨ੍ਹਾਂ ਤਿੰਨ ਚੀਜ਼ਾਂ ਨੂੰ ਹਥਿਆਰ ਵਾਂਗ ਵਰਤਿਆ ਉਨ੍ਹਾਂ ਵਿਚ ਇੱਕ ਧਰਮ ਵੀ ਸੀ।
ਸਿੱਖ ਧਰਮ ਵਿਚ ਨਿਰਧਾਰਤ ਮਰਿਆਦਾ ਅਨੁਸਾਰ ਧਾਰਮਿਕ ਜੀਵਨ ਦੇ ਪੂਰੇ ਨੇਮ ਕਟੜਤਾ ਨਾਲ ਨਿਭਾਉਂਦਿਆਂ ਦੇਸ਼ ਦੇ ਭਲੇ ਹਿੱਤ ਗ਼ਦਰ ਪਾਰਟੀ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲੈ ਕੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਜਿਹੜਾ ਯੋਗਦਾਨ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦੇ ਜਥੇ ਨੇ ਪਾਇਆ ਉਸ ਦੇ ਬਰਾਬਰ ਦੀਆਂ ਉਦਾਹਰਣਾਂ ਗ਼ਦਰ ਪਾਰਟੀ ਦੇ ਇਤਿਹਾਸ ਵਿਚੋਂ ਬਹੁਤੀਆਂ ਨਹੀਂ ਲਭਦੀਆਂ ਪਰ ਇਨ੍ਹਾਂ ਥੋੜ੍ਹੀਆਂ ਉਦਾਹਰਣਾਂ ਨੇ ਵੀ ਇਹ ਸਿੱਧ ਕਰਨ ਵਿੱਚ ਬੜੀ ਸਹਾਇਤਾ ਪ੍ਰਦਾਨ ਕੀਤੀ ਹੈ ਕਿ ਧਾਰਮਿਕ ਅਸੂਲਾਂ ਤੇ ਚਲਣ ਦੀ ਪ੍ਰਪੱਕਤਾ ਕੌਮੀ ਕਾਰਜਾਂ ਵਿਚ ਵਿਘਨਕਾਰੀ ਨਹੀਂ ਹੋ ਸਕਦੀ ਤੇ ਨਾ ਹੀ ਅਫੀਮ ਵਾਲਾ ਕੰਮ ਕਰਦੀ ਹੈ। ਭਾਈ ਸਾਹਿਬ ਵੀ ਨਾਮ ਦੇ ਰਸੀਏ ਸਨ ਜਿਸ ਕਰ ਕੇ ਕਈ ਵਾਰ, ਇਥੋਂ ਤੱਕ ਕਿ ਜੇਲ੍ਹ ਵਿਚ ਵੀ, ਬੈਠਿਆਂ ਦੀ ਸਮਾਧੀ ਲਗ ਜਾਇਆ ਕਰਦੀ ਸੀ।
ਭਾਈ ਸਾਹਿਬ ਨੂੰ ਜਥੇ ਸਮੇਤ ਦੂਜੇ ਲਾਹੌਰ ਸਾਜਿਸ਼ ਮੁਕਦਮੇ ਵਿਚ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਭੁਗਤਦਿਆਂ ਆਪ ਨੇ ਭਾਰਤ ਦੀਆਂ ਲਗਭੱਗ ਸਾਰੀਆਂ ਪ੍ਰਸਿੱਧ ਤੇ ਪ੍ਰਮੁੱਖ ਜੇਲ੍ਹਾਂ ਦੀ ਯਾਤਰਾ ਕੀਤੀ । ਨਾਮਧਾਰੀ ਅੰਦੋਲਨ ਦੌਰਾਨ ਸ਼ਾਹੀ ਕੈਦੀਆਂ ਵਜੋਂ ਦੇਸ਼ ਨਿਰਵਾਸਤ ਹੋਣ ਵਾਲੇ ਸਿੰਘਾਂ ਤੋਂ ਪਿੱਛੋਂ ਭਾਈ ਸਾਹਿਬ ਇਕੋ ਇਕ ਗ਼ਦਰੀ ਸਿਖ ਰਾਜਸੀ ਕੈਦੀ ਸਨ ਜਿਨ੍ਹਾਂ ਨੇ ਜੇਲ੍ਹ ਦੀ ਨਿਯਮਾਵਲੀ ਵਿਚ ਲੋੜੀਂਦੀਆਂ ਸੋਧਾਂ ਕਰ ਕੇ ਕੈਦੀ ਨੂੰ ਕਛਹਿਰਾ, ਪਰਨਾ, ਦਸਤਾਰਾ ਆਦਿ ਉਪਲਬੱਧ ਕਰਵਾਉਣ, ਆਪਣਾ ਭੋਜਨ ਆਪਣੇ ਹੱਥੀਂ ਤਿਆਰ ਕਰਨ ਲਈ ਲੋੜੀਂਦੀ ਸਮਗੱਰੀ, ਆਪਣੇ ਇਸ਼ਨਾਨ ਲਈ ਆਪ ਪਾਣੀ ਭਰਨ ਆਦਿ ਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਤੇ ਸਰਕਾਰ ਨੂੰ ਇਹ ਸ਼ਰਤਾਂ ਪ੍ਰਵਾਨ ਕਰਨੀਆਂ ਪਈਆਂ।
ਭਾਈ ਸਾਹਿਬ ਜਿਸ ਜੇਲ੍ਹ ਵਿਚ ਮਰਜ਼ੀ ਰਹੇ, ਉਨ੍ਹਾਂ ਨੇ ਆਪਣੇ ਧਾਰਮਿਕ ਤੇ ਅਧਿਆਤਮਕ ਨੇਮਾਂ ਦੀ ਕੱਟੜਤਾ ਨਾਲ ਪਾਲਣਾ ਕੀਤੀ । ਉਹ ਤੜਕੇ ਉਠ ਕੇ ਕੇਸ ਇਸ਼ਨਾਨ ਕਰ ਕੇ ਗੁਰਬਾਣੀ ਪਾਠ ਤੇ ਨਾਮ ਅਭਿਆਸ ਕਰਦੇ, ਸ਼ਾਮ ਦਾ ਰਹਿਰਾਸ ਆਦਿ ਦੇ ਪਾਠ ਦਾ ਨਿਤਨੇਮ ਅਤੇ ਸਮੇਂ ਸਮੇਂ ਕੀਰਤਨ ਵੀ ਕਰਦੇ। ਇਨ੍ਹਾਂ ਦੇ ਇਸ ਅਭਿਆਸ ਦੇ ਫਲਸਰੂਪ ਇਨ੍ਹਾਂ ਵਿਚ ਕਰਾਮਾਤੀ ਸਮਰੱਥਾ ਪੈਦਾ ਹੋ ਗਈ ਸੀ । ਇਸ ਤਰ੍ਹਾਂ ਦੀਆਂ ਕਈ ਕਰਾਮਾਤਾਂ ਜੇਲ੍ਹ ਚਿੱਠੀਆਂ ਵਿਚ ਦਰਜ ਹਨ। ਕੇਵਲ ਇੰਨ੍ਹਾਂ ਵਿਚ ਹੀ ਨਹੀਂ, ਸਗੋਂ ਨਾਮ ਸਿਮਰਨ ਦੇ ਅਭਿਆਸ ਕਾਰਨ ਇਨ੍ਹਾਂ ਦੇ ਅਜਿਹੇ ਕਈ ਸਾਥੀਆਂ ਵਿਚ ਵੀ ਇਹ ਸ਼ਕਤੀ ਆ ਗਈ ਸੀ। ਜਿੰਨੀ ਨਿਸ਼ਠਾ ਇਨ੍ਹਾਂ ਦੀ ਗੁਰਬਾਣੀ ਜਾਂ ਅਧਿਆਤਮਵਾਦ ਪ੍ਰਤੀ ਸੀ ਉਨੀਂ ਹੀ ਦ੍ਰਿੜਤਾ ਨਾਲ ਇਹ ਸੁਤੰਤਰਤਾ ਸੰਗਰਾਮ ਦੀ ਜਦੋਜਹਿਦ ਨੂੰ ਵੀ ਸਮਰਪਿਤ ਸਨ । ਧਾਰਮਿਕਤਾ ਵਿਅਕਤੀ ਨੂੰ ਅਕਾਲਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਉਪਦੇਸ਼ ਦਿੰਦੀ ਹੈ। ਇਹੋ ਸਿਧਾਂਤ ਭਾਈ ਸਾਹਿਬ ਨੇ ਆਪਣੇ ਜੇਲ੍ਹ ਜੀਵਨ ਵਿਚ ਵੀ ਪੂਰੀ ਤਰ੍ਹਾਂ ਅਮਲ ਵਿਚ ਲਿਆਂਦਾ ਜਿਸ ਕਰਕੇ ਕਠਨ ਤੋਂ ਕਠਨ ਜੇਲ੍ਹ ਸਜ਼ਾ ਵੀ ਆਪ ਨੂੰ ਆਪਣੇ ਟੀਚੇ ਤੋਂ ਡੁਲਾ ਨਾ ਸਕੀ। ਤੀਸਰੀ ਉਦਾਹਰਣ ਕਰਮ ਸਿੰਘ ਦੌਲਤਪੁਰ ਵਾਲਿਆਂ ਦੀ ਮਿਲਦੀ ਹੈ ਪਰ ਉਨ੍ਹਾਂ ਦੀ ਭਾਈ ਰਣਧੀਰ ਸਿੰਘ ਵਾਂਗ ਮਰਿਆਦਾ-ਪੁਰਸ਼ੋਤਮੀ ਹੋਣ ਦੀ ਚਰਚਾ ਨਜ਼ਰ ਨਹੀਂ ਆਈ। ਇੰਨਾ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਗ਼ਦਰ ਪਾਰਟੀ ਦੇ ਮੋਢੀਆਂ ਵਿਚੋਂ ਹੋਣ ਦੇ ਨਾਲ ਨਾਲ ਇਹ ਵੀ ਨਾਮ ਦੇ ਰਸੀਏ ਸਨ । ਕੈਨੇਡਾ ਵਿਚ ਐਬਸਫੋਰਡ ਦੇ ਗੁਰਦੁਆਰੇ ਦੇ ਸਾਹਮਣੇ ਇਨ੍ਹਾਂ ਨੇ ਆਪਣੀ ਗੁਫ਼ਾ ਬਣਾਈ ਹੋਈ ਸੀ। ਜਿਸ ਵਿਚ ਸਵੇਰੇ ਅੰਮ੍ਰਿਤ ਵੇਲੇ ਤੇ ਫਿਰ ਜਦੋਂ ਮਿੱਲ ਦੇ ਕੰਮ ਤੋਂ ਵਿਹਲੇ ਹੁੰਦੇ ਤਦ ਆਪਣਾ ਨਾਮ ਅਭਿਆਸ ਕਰਿਆ ਕਰਦੇ ਸਨ।
ਗ਼ਦਰ ਪਾਰਟੀ ਵਿਚ ਸ਼ਾਮਲ ਸਿੱਖ ਗੁਰਬਾਣੀ ਤੋਂ ਉਤਸ਼ਾਹ ਤੇ ਅਗਵਾਈ ਪ੍ਰਾਪਤ ਕਰਦੇ ਸਨ। ਗ਼ਦਰ ਅਖ਼ਬਾਰ ਦੇ ਪਹਿਲੇ ਪੰਨੇ ਤੇ ‘ਜੇ ਚਿਤ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ’ ਦਾ ਗੁਰਬਾਣੀ ਵਾਕ ਗ਼ਦਰ ਪਾਰਟੀ ਦਾ ਆਦਰਸ਼ ਵੀ ਸੀ, ਪਥਪਰਦਰਸ਼ਕ ਵੀ ਤੇ ਇੰਨ੍ਹਾਂ ਦੀਆਂ ਨੀਤੀਆਂ ਨਾਲ ਮੇਲ ਵੀ ਖਾਂਦਾ ਸੀ । ਪਹਿਲੀ ਪੰਕਤੀ ਅਸਲ ਨਾਲੋਂ ਇੱਕ ਦੋ ਸ਼ਬਦਾਂ ਦਾ ਫ਼ਰਕ ਹੈ ਜੋ ਹੋ ਸਕਦਾ ਹੈ, ਨੇੜੇ ਤੇੜੇ ਆਦਿ ਬੀੜ ਉਪਲਬੱਧ ਨਾ ਹੋਣ ਕਾਰਨ ਜ਼ੁਬਾਨੀ ਹੀ ਲਿਖੀ ਗਈ ਹੋਣ ਕਾਰਨ ਪਿਆ ਹੋਵੇ । ਇਸ ਅਤੇ ਅਜਿਹੇ ਹੋਰ ਵਾਕਾਂ ਤੋਂ ਗ਼ਦਰੀਆਂ ਨੂੰ ਉਦੇਸ਼ ਪੂਰਤੀ ਲਈ “ਇਤ ਮਾਰਗ ਪੈਰ ਧਰੀਜੈ। ਸਿਰ ਦੀਜੈ ਕਾਣ ਨ ਕੀਜੈ” ਦੀ ਸਿੱਖਿਆ ਮਿਲਦੀ ਸੀ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।
ਗ਼ਦਰ ਪਾਰਟੀ ਦੇ ਸੰਬੰਧ ਵਿਚ ਅਚੰਭੇ ਵਾਲੀ ਗੱਲ ਇਹ ਹੈ ਕਿ ਇਸ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਧਰਮਾਂ ਦੇ ਲੋਕ ਹੀ ਸ਼ਾਮਲ ਸਨ। ਭਾਰਤ ਵਿਚ ਈਸਾਈਆਂ ਵਿਚੋਂ ਕਿਸੇ ਦੇ ਇਸ ਦੇ ਕਾਰਜਕ੍ਰਮ ਵਿਚ ਸ਼ਾਮਲ ਹੋਣ ਦੀ ਗੱਲ ਅੱਜੇ ਤੱਕ ਸਾਹਮਣੇ ਨਹੀਂ ਆਈ ਜਦ ਕਿ ਅਮਰੀਕਾ, ਕੈਨੇਡਾ ਵਿਚ, ਉਂਗਲਾਂ ਦੇ ਪੋਟਿਆਂ ਉਪਰ ਗਿਣੇ ਜਾਣ ਜੋਗੇ ਹੀ ਸਹੀ, ਗ਼ਦਰੀ ਕਾਰਵਾਈਆਂ ਵਿਚ ਈਸਾਈ ਸਲਾਹਕਾਰ ਜਾਂ ਸਹਿਯੋਗੀ ਰਹੇ ਹੋਣ ਦੇ ਪ੍ਰਮਾਣ ਮਿਲਦੇ ਹਨ।
ਗ਼ਦਰ ਪਾਰਟੀ ਵਿਚ ਸ਼ਾਮਲ ਧਾਰਮਿਕ ਆਸਥਾ ਵਾਲੇ ਅਜਿਹੇ ਵਿਅਕਤੀਆਂ ਦੀ ਗਿਣਤੀ ਆਟੇ ਵਿਚ ਲੂਣ ਦੀ ਮਾਤਰਾ ਤੋਂ ਕਿਤੇ ਵਧ ਜਾਪਦੀ ਹੈ ਜਿਹੜੇ ਧਾਰਮਿਕ ਰੰਗਣ ਵਿਚ ਵੀ ਰੰਗੇ ਰਹੇ ਤੇ ਗ਼ਦਰ ਪਾਰਟੀ ਵਿਚ ਵੀ ਸਰਗਰਮ ਰਹੇ, ਜਿਨ੍ਹਾਂ ਨੇ ਧਰਮ ਤੋਂ ਪ੍ਰੇਰਨਾ। ਤੇ ਉਤਸ਼ਾਹ ਅਗਵਾਈ ਪ੍ਰਾਪਤ ਕਰ ਕੇ ਦੇਸ਼ ਦੇ ਭਲੇ ਹਿੱਤ ਸਿਰਾਂ ਤੇ ਕਫਨ ਬੰਨ੍ਹਣ ਵੇਲੇ ਕਿਸੇ ਹਿਚਕਚਾਹਟ ਤੋਂ ਕੰਮ ਨਹੀਂ ਲਿਆ ਨਾ ਹੀ ਜੇਲ੍ਹਾਂ ਦੇ ਮਾਰੂ ਕਸ਼ਟ ਤੇ ਨਾ ਮੌਤ ਦਾ ਭੈ ਉਨ੍ਹਾਂ ਦੀ ਆਸਥਾ ਨੂੰ ਕਮਜ਼ੋਰ ਕਰ ਸਕਿਆ।
ਕੈਨੇਡਾ ਜਾ ਕੇ ਬਣੇ ਗ਼ਦਰ ਪਾਰਟੀ ਦੇ ਸਰਗਰਮ ਕਾਰਕੁਨ ਸਰਦਾਰ ਮੁਨਸ਼ਾ ਸਿੰਘ ‘ਦੁਖੀ’ ਜੀ ਨੇ ਵੀ ਪਹਿਲੀ ਉਮਰੇ ਸੰਤ ਹਾਕਮ ਸਿੰਘ ਰਸੁਲਪੁਰ ਵਾਲਿਆਂ ਅਤੇ ਗੁਲਾਬਦਾਸੀਏ ਸੰਤਾਂ ਦੀ ਸੰਗਤ ਕੀਤੀ ਹੋਈ ਹੋਣ ਕਾਰਨ ਇਨ੍ਹਾਂ ਉਪਰ ਵੀ ਧਰਮ ਦੀ ਚੰਗੀ ਛਾਪ ਸੀ। ਕੈਨੇਡਾ ਵਿਚ ਵੀ ਆਪ ਦਾ ਨਿਤਕਰਮ ਹੁੰਦਾ ਸੀ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਪਿਛੋਂ ਗੁਰਬਾਣੀ ਦਾ ਪਾਠ ਕਰਨਾ । ਨਾਲ ਦੀ ਨਾਲ ਆਪਣੇ ਹੱਥੀਂ ਆਪਣਾ ਲੰਗਰ ਤਿਆਰ ਕਰਨਾ। ਸਿੱਖੀ ਦਾ ਚਿੰਨ੍ਹ ਕਛਹਿਰਾ ਆਪ ਦੇ ਅੰਗ ਸੰਗ ਸਦਾ ਹੀ ਰਿਹਾ। ਆਪ ਦਾ ਖ਼ਿਆਲ ਸੀ ਕਿ ਪਹਿਰਾਵੇ ਦੇ ਅੰਗ ਵਜੋਂ ਵੀ ਕਛਹਿਰਾ ਪਹਿਨਣਾ ਬਹੁਤ ਲਾਭਦਾਇਕ ਸੀ। ਆਪ ਪਿਛੋਂ ਜਾ ਕੇ ਅਫਰੀਕਾ ਫੇਰੀ ਸਮੇਂ ਗੁਰਦੁਆਰੇ ਦੀ ਸੇਵਾ ਵੀ ਕਰਦੇ ਰਹੇ।
ਇਨ੍ਹਾਂ ਤੋਂ ਬਿਨਾਂ ਹਾਰਵਰਡ ਯੂਨੀਵਰਸਿਟੀ ਵਿਚ ਦਾਖ਼ਲ ਤੇਜਾ ਸਿੰਘ ਹੋਰੀਂ ਵੀ ਸੰਤ ਮੰਨੇ ਜਾਂਦੇ ਸਨ ਜਿਹੜੇ ਇਹ ਪ੍ਰਚਾਰ ਵੀ ਕਰਦੇ ਸਨ ਕਿ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਕੇ 1857 ਦੇ ਗ਼ਦਰ ਵੇਲੇ ਸਿੱਖਾਂ ਵਲੋਂ ਅੰਗਰੇਜ਼ਾਂ ਦੀ ਮਦਦ ਕੀਤੇ ਜਾਣ ਵਾਲਾ ‘ਧੋਣਾ ਧੋ ਦਿੱਤਾ ਜਾਵੇ’। ਵਿਸਾਖਾ ਸਿੰਘ ਦਦੇਹਰ ਵਾਲੇ ਵੀ ਆਪਣੇ ਆਪ ਨੂੰ ਸੰਤ ਅਖਵਾਉਂਦੇ ਤੇ ਲਿਖਦੇ ਸਨ । ਫਿਰ, ਜਗਰਾਉਂ ਜ਼ਿਲਾ ਲੁਧਿਆਣਾ ਦਾ ਜੰਮਪਲ, ਅਬਦੁਲਾ ਜੋ ਫਿਲਪਾਈਨ ਵਿਚ ਗ਼ਦਰ ਦੀ ਲਹਿਰ ਦੀ ਪ੍ਰਧਾਨਗੀ ਤੇ ਅਗਵਾਈ ਕਰ ਰਿਹਾ ਸੀ, ਇਸੇ ਕਰ ਕੇ ਹਾਫ਼ਜ ਅਬਦੁਲਾ ਵਜੋਂ ਜਾਣਿਆ ਜਾਂਦਾ ਸੀ ਕਿ ਉਸ ਨੂੰ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਸੀ । ਗ਼ਦਰ ਪਾਰਟੀ ਦੀਆਂ ਹਦਾਇਤਾਂ ਤੇ ਅਮਲ ਕਰਦਾ ਹੋਇਆ ਦੇਸ਼ ਪਰਤਿਆ ਤੇ ਸਰਕਾਰ ਦੇ ਕਾਬੂ ਆ ਗਿਆ ਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਿਆ ਸੀ । ਬਾਬਾ ਭਗਤ ਸਿੰਘ ਬਿਲਗਾ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਫਾਂਸੀ ਲਾਏ ਜਾਣ ਦੇ ਦਿਨ ਵੀ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਦਾ ਪਾਠ ਕਰਨ ਵਿਚ ਮਸਤ ਸੀ।
ਧਰਮ ਅਤੇ ਧਾਰਮਿਕਤਾ ਦੇ ਸਹਾਰੇ ਹੋਏ ਗ਼ਦਰ ਪਾਰਟੀ ਦੇ ਵਿਕਾਸ ਨੂੰ ਅਸੀਂ ਹੇਠ ਲਿਖੇ ਉਪ ਸਿਰਲੇਖਾਂ ਅਧੀਨ ਵਿਚਾਰ ਸਕਦੇ ਹਾਂ:
ਬਰਤਾਨਵੀ ਸ਼ਾਸਕਾਂ ਨੇ ਭਾਰਤੀਆਂ ਦੇ ਧਰਮ ਤੇ ਧਰਮ ਸਥਾਨਾਂ ਨੂੰ ਨੁਕਸਾਨ ਪਹੁੰਚਾ ਕੇ ਵੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਯੋਗ ਲਾਭ ਉਠਾਉਂਦਿਆਂ ਉਨ੍ਹਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਿਆ। ਗ਼ਦਰ ਪਾਰਟੀ ਨੇ ਉਸ ਦੇ ਇਸ ਪਾਜ ਨੂੰ ਉਘੇੜ ਕੇ ਭੋਲੇ ਭਾਰਤੀਆਂ ਨੂੰ ਸਮਝਾਉਣ ਲਈ ਧਰਮ ਦੀ ਹੀ ਵਰਤੋਂ ਕੀਤੀ। ਪਾਰਟੀ ‘ਅੰਗਰੇਜ਼ੀ ਸਾਮਰਾਜ ਵਲੋਂ ਮਜ਼ਹਬੀ ਵਿਚਾਰਾਂ ਵਿਚ ਦਿੱਤੇ ਜਾ ਰਹੇ ਦਖ਼ਲ ਨੂੰ ਉਸ ਮਜ਼ਹਬ ਦੇ ਲੋਕਾਂ ਵਿਚ ਚਿਤਾਰਦੀ ਤੇ ਮਜ਼ਹਬ ਦੇ ਹੀ ਨਾਂ ਉਤੇ ਉਹਨਾਂ ਨੂੰ ਅਪੀਲ ਕਰਦੀ। ਜਿੱਦਾਂ ਸਿੱਖਾਂ ਨੂੰ “ਉਹਨਾਂ’ ਦਾ ਖੁਸਿਆ ਹੋਇਆ ਰਾਜ ਚਿਤਾਰਦੀ ਤੇ ਨਵੀਂ ਦਿੱਲੀ ਵਿਚ ਰਕਾਬਗੰਜ ਗੁਰਦੁਆਰੇ ਦੀ ਕੰਧ ਢਾਉਣ ਦੇ ਵਿਰੁੱਧ ਉਭਾਰਦੀ, ਮੁਸਲਮਾਨਾਂ ਨੂੰ ਉਹਨਾਂ ਦੇ ਖੁਸੇ ਹੋਏ ਰਾਜ ਭਾਗ ਦੇ ਜ਼ਖ਼ਮ ਫੋਲ ਕੇ ਦਸਦੀ, ਕਾਹਨਪੁਰ ਦੀ ਢਾਈ ਹੋਈ ਮਸਜਦ ਚੇਤੇ ਕਰਵਾਉਂਦੀ ਅਤੇ ਤੁਰਕੀ ਦੀ ਖਿਲਾਫ਼ਤ ਵਿਰੁੱਧ ਅੰਗਰੇਜ਼ੀ ਹਮਲੇ ਨੂੰ ਬੁਰਿਆਰਦੀ।
ਇਨ੍ਹਾਂ ਹੀ ਨੁਕਤਿਆਂ ਨੂੰ ਗ਼ਦਰ ਗੂੰਜਾਂ ਦੇ ਕਵੀਆਂ ਨੇ ਵੀ ਕਾਫੀ ਉਭਾਰਿਆ ਤੇ ਮੁਸਲਮਾਨ ਭਰਾਵਾਂ ਦੇ ਜਾਗ ਪੈਣ ਦੀ ਗੱਲ ਕਰ ਕੇ ਇਨ੍ਹਾਂ ਦੀ ਉਦਾਸੀਨਤਾ ਉਪਰ ਇਕ ਤਰ੍ਹਾਂ ਨਾਲ ਲਾਹਣਤ ਪਾਈ ਗਈ ਤਾਂ ਕਿ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਅੰਗਰੇਜ਼ਾਂ ਵਲੋਂ ਪਹੁੰਚਾਈ ਗਈ ਠੇਸ ਕਾਰਨ ਹੀ ਲੋਕੀ ਉਨ੍ਹਾਂ ਵਿਰੁੱਧ ਸਿਰ ਚੁਕ ਲੈਣ:
ਹਰਮੰਦਰ ਜੋ ਗੁਰਾਂ ਨੇ ਸਾਜਿਆ ਸੀ, ਸਾਡੇ ਲੀਡਰ ਹੈ ਓਸਦੇ ਦਲਾਲ ਸਿੰਘੋ।
ਗੁਰਦੁਆਰਿਆਂ ਦਾ ਤੁਸੀਂ ਮਾਣ ਕਰਦੇ, ਢਾਹੀ ਦਿਲੀ ਦੇ ਵਿਚ ਦਵਾਲ ਸਿੰਘੋ।
ਅਸੀ ਉਨ੍ਹਾਂ ਦੇ ਪੂਤ ਤੇ ਪੋਤਰੇ ਹਾਂ, ਸਾਨੂੰ ਆਵੇ ਨਾ ਸ਼ਰਮ ਰਵਾਲ ਸਿੰਘੋ।
ਕਾਨਪੁਰ ਦੀ ਜਦੋਂ ਮਸੀਤ ਢਾਹੀ, ਦਿਤੇ ਗਾਜ਼ੀਆਂ ਹਥ ਦਖਾਲ ਸਿੰਘੋ ।
ਅਤੇ
ਢਾਂਮਦੇ ਮਸੀਤਾਂ ਕਿਤੇ ਮੰਦਰ ਗਿਰਾਂਮਦੇ ਨੇ,
ਕਰਦੇ ਸ਼ੈਤਾਨੀਆਂ ਹਟਾਓ ਬਦਕਾਰ ਨੂੰ ।
ਹੁਣ ਤਾਂ ਖਿਆਲ ਕਰੋ ਕਾਲਜ ਨੂੰ ਡੇਰ ਹੋਈ,
ਬਾਗ ਜੋ ਅਕਾਲੀਆਂ ਦਾ ਸਜਰਾ ਨਿਸ਼ਾਨ ਹੈ।
ਕਾਲਜ ਖਾਲਸਾ ਜਿਹੜਾ ਤਿਆਰ ਕੀਤਾ,
ਗੋਰੇ ਬਾਂਦਰਾਂ ਲਿਆ ਸੰਭਾਲ ਸਿੰਘੋ।
ਸੁੰਦਰ ਸਿੰਘ ਮਜੀਠੀਏ ਨਾਸ ਕੀਤਾ,
ਭੈੜੀ ਚਲਿਆ ਚਾਲ ਚੰਡਾਲ ਸਿੰਘੋ।
ਅ. ਧਰਮ ਸਥਾਨਾਂ ਦਾ ਪ੍ਰਯੋਗ
ਦੇਸ਼ ਦੇ ਸੁਤੰਤ੍ਤਾ ਸੰਗਰਾਮ ਤੇ ਗ਼ਦਰ ਪਾਰਟੀ ਦੇ ਵਿਕਾਸ ਵਿਚ ਧਰਮ ਤੇ ਧਰਮ- ਸਥਾਨਾਂ ਦੀ ਅਜਿਹੀ ਭੂਮਿਕਾ ਰਹੀ ਹੈ ਕਿ ਇਹ ਕਹਿ ਲੈਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜੇ ਇਹ ਦੋਵੇਂ ਚੀਜ਼ਾਂ ਨਾ ਹੁੰਦੀਆਂ ਤਦ ਗ਼ਦਰ ਪਾਰਟੀ ਸ਼ਾਇਦ ਉਨੀ ਵਧੇਰੇ ਤੇ ਛੇਤੀ ਹਰਮਨ ਪਿਆਰੀ ਹੋ ਕੇ ਲੋਕ ਲਹਿਰ ਦਾ ਰੂਪ ਨਾ ਧਾਰ ਸਕਦੀ।
ਧਰਮ ਸਥਾਨ ਕਿਸੇ ਵੀ ਧਰਮ ਤੋਂ ਪਿਛੋਂ ਉਸ ਧਰਮ ਦੇ ਅਨੁਆਈਆਂ ਦੀ ਲੋੜ ਨੂੰ ਮੁੱਖ ਰੱਖ ਕੇ ਹੋਂਦ ਵਿਚ ਆਉਂਦੇ ਜਾਂ ਲਿਆਂਦੇ ਜਾਂਦੇ ਹਨ । ਪੰਜਾਬੋਂ ਪਰਦੇਸ ਜਾਣ ਵਾਲੇ ਕਿਰਤੀਆਂ ਵਿਚ ਬਹੁ ਗਿਣਤੀ ਸਿੱਖਾਂ ਦੀ ਸੀ। ਸਿੱਖ ਧਾਰਮਿਕ ਮਰਿਆਦਾ ਵਿਚ ਪੂਰੇ ਸਨ ਜਾਂ ਨਹੀਂ, ਪਰ ਸਿੱਖੀ ਨਾਲ ਉਨ੍ਹਾ ਦਾ ਲਗਾਉ ਤੇ ਵਿਸ਼ਵਾਸ਼ ਕਾਇਮ ਸੀ ਜਿਸ ਦਾ ਪਤਾ ਸਾਨੂੰ ਉਨ੍ਹਾਂ ਵਲੋਂ ਅਪਣਾਏ ਗਏ ਤੌਰ ਤਰੀਕਿਆਂ ਤੋਂ ਸਹਿਜੇ ਹੀ ਲਗ ਜਾਂਦਾਹੈ। ਹਿੰਦੂ ਮੰਦਰਾਂ ਜਾਂ ਮੁਸਲਮ ਮਸੀਤਾਂ ਮਸਜਿਦਾਂ ਵਲੋਂ ਇਸ ਕਾਰਜਕ੍ਰਮ ਵਿਚ ਪਾਏ ਗਏ ਕਿਸੇ ਹਿਸੇ ਦੀ ਗਲ ਅਜੇ ਸਾਹਮਣੇ ਨਹੀਂ ਆਈ।
ਗ਼ਦਰ ਪਾਰਟੀ ਵਿਚ ਸਿੱਖਾਂ ਦੀ ਬਹੁਗਿਣਤੀ ਹੋਣ ਕਾਰਨ ਸਿਖ ਧਰਮ ਸਥਾਨਾਂ ਦਾ ਹੀ ਵਧੇਰੇ ਪ੍ਰਯੋਗ ਹੋਇਆ ਦ੍ਰਿਸ਼ਟੀਗੋਚਰ ਹੁੰਦਾ ਹੈ।
ਕਿਉਂਕਿ ਆਪਣੀ ਮਾਨਸਿਕ ਤੇ ਧਾਰਮਕ ਲੋੜ ਨੂੰ ਮੁਖ ਰਖਦਿਆਂ ਸਰਬਪ੍ਰਥਮ ਸਿਖਾਂ ਨੇ ਹੀ ਆਪਣੇ ਧਰਮ ਸਥਾਨਾਂ ਦੀ ਉਸਾਰੀ ਵਲ ਧਿਆਨ ਦਿੱਤਾ । ਸੰਨ 1906 ਵਿਚ ਮਲਕਪੁਰ, ਤਹਿਸੀਲ ਜਗਰਾਉਂ, ਜ਼ਿਲਾ ਲੁਧਿਆਣਾ ਵਾਲੇ ਅਰਜਨ ਸਿੰਘ ਹੋਰੀਂ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਕੈਨੇਡਾ ਲੈ ਗਏ ਸਨ । ਉਸ ਧਰਤੀ ਤੇ ਗੁਰਦੁਆਰੇ ਉਸਾਰਨ ਦੀ ਪਹਿਲ ਵੀ ਉਨ੍ਹਾਂ ਨੇ ਕੀਤੀ ਜਿਸ ਦੇ ਪਹਿਲੇ ਗ੍ਰੰਥੀ ਦੀ ਸੇਵਾ ਵੀ ਉਨ੍ਹਾਂ ਨੇ ਹੀ ਨਿਭਾਈ।
“ਸਭ ਤੋਂ ਪਹਿਲਾਂ ਪਰਦੇਸੀ ਹਿੰਦੀਆਂ ਨੇ ਆਪਣੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਗੁਰਦੁਆਰੇ ਤੇ ਛੋਟੇ ਛੋਟੇ ਇਕੱਠ ਕਾਇਮ ਕੀਤੇ। ਸਿੱਖਾਂ ਦੀ ਬਹੁਗਿਣਤੀ ਕਾਰਨ ਵੈਨਕੋਵਰ ਦੇ ਗੁਰਦੁਆਰੇ ਦੀ ਉਸਾਰੀ ਹੋਈ ਤੇ ਖਾਲਸਾ ਦੀਵਾਨ ਸੁਸਾਇਟੀ ਨਾਂ ਦੀ ਸਭਾ ਹੋਂਦ ਵਿਚ ਆਈ।
ਵੈਨਕੋਵਰ ਵਿਚ ਪਹਿਲਾਂ ਇਕ ਮਕਾਨ ਕਿਰਾਏ ਤੇ ਲੈ ਕੇ 22 ਜੁਲਾਈ 1906 ਨੂੰ ਗੁਰਦੁਆਰਾ ਉਸਾਰਿਆ ਗਿਆ। ਪਿਛੋਂ ਜਗ੍ਹਾ ਮੁਲ ਖ਼ਰੀਦ ਕੇ ਦੋ ਮੰਜ਼ਿਲਾ ਸ਼ਾਨਦਾਰ ਗੁਰਦੁਆਰਾ ਬਣਾਇਆ ਗਿਆ ਜਿਸ ਦਾ ਮਹੂਰਤ 19 ਜਨਵਰੀ, 1908 ਨੂੰ ਕੀਤਾ ਗਿਆ। ਇਸ ਗੁਰਦੁਆਰੇ ਨੂੰ ਅਸਲ ਕੈਨੇਡਾ ਵਿਚ ਹਿੰਦੀ ਲਹਿਰ ਦਾ ਮੁਖ ਕੇਂਦਰ ਹੋਣ ਦਾ ਮਾਣ ਪ੍ਰਾਪਤ ਹੋਇਆ। ਇਹ ਗੁਰਦੁਆਰਾ ਹਿੰਦੀਆਂ ਦੇ ਏਕੇ ਦੀ ਬਿੰਦ ਸੀ ਜਿਸ ਤੋਂ ਹਿੰਦੀਆਂ ਦੇ ਮਿਲ ਬਹਿਣ ਤੇ ਰਲ ਕੇ ਘੋਲ ਕਰਨ ਦਾ ਬੂਟਾ ਪੁੰਗਰਿਆ, ਵਧਿਆ, ਫੁਲਿਆ ਤੇ ਪਰਵਾਨ ਚੜ੍ਹਿਆ। ਇਥੇ ਐਤਵਾਰ ਦੇ ਇਕੱਠਾਂ ਤੇ ਦਿਨ ਤਿਉਹਾਰਾਂ ਦੇ ਜੋੜ ਮੇਲਿਆਂ ਨੇ ਹਿੰਦੀਆਂ ਨੂੰ ਆਪਣੀ ਹਾਲਤ ਉਤੇ ਵਿਚਾਰਾਂ ਕਰਨ, ਸੋਚਾਂ ਸਾਂਝੀਆਂ ਬਣਾਉਣ ਤੇ ਇਹਨਾਂ ਉਤੇ ਫ਼ੈਸਲੇ ਲੈਣ ਦੇ ਰਾਹ ਪਾਇਆ।
“ਹਿੰਦੂ, ਸਿੱਖ, ਮੁਸਲਮਾਨ ਹਿੰਦੀਆਂ ਦੇ ਰਾਜਸੀ ਇਕੱਠਾਂ ਦਾ ਸਾਂਝਾ ਕੇਂਦਰ ਗੁਰਦੁਆਰਾ ਹੁੰਦਾ ਸੀ। ਯੂਨਾਈਟਿਡ ਇੰਡੀਆ ਲੀਗ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਦਫ਼ਤਰ ਗੁਰਦੁਆਰੇ ਵਿਚ ਹੀ ਸੀ। 1911 ਤੱਕ ਜਿਹੜੇ ਤਿੰਨ ਅੱਡੇ ਹੋਰ ਸਥਾਪਿਤ ਹੋ ਚੁਕੇ ਸਨ ਉਨ੍ਹਾਂ ਵਿਚ ਇਕ ਸਟਾਕਟਨ ਦਾ ਗੁਰਦੁਆਰਾ ਵੀ ਸੀ। ਐਬਟਰਸ ਫੋਰਡ ਦਾ ਗੁਰਦੁਆਰਾ 1911 ਵਿਚ ਭਾਈ ਬਲਵੰਤ ਸਿੰਘ ਖੁਰਦਪੁਰੀ ਨੇ ਬਣਾਇਆ ਸੀ। ਵਿਕਟੋਰੀਆ ਵਿਚ ਗੁਰਦੁਆਰਾ 6 ਅਕਤੂਬਰ, 1912 ਨੂੰ ਹੋਂਦ ਵਿਚ ਆ ਗਿਆ ਸੀ । ਸ਼ਿਘਾਈ ਦੇ ਗੁਰਦੁਆਰੇ ਨੂੰ ਵੀ ਗ਼ਦਰ ਲਹਿਰ ਦੌਰਾਨ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ । ਹਾਂਗਕਾਂਗ ਦਾ ਗੁਰਦੁਆਰਾ ਵੀ ਗ਼ਦਰੀਆਂ ਦਾ ਇਕ ਤਰ੍ਹਾਂ ਨਾਲ ਮਿਲਣ ਸਥਾਨ ਬਣ ਗਿਆ ਸੀ ਕਿਉਂਕਿ ਸਾਰਿਆਂ ਪਾਸਿਆਂ ਤੋਂ ਆਉਣ ਵਾਲੇ ਜਹਾਜ਼ ਇਥੇ ਆ ਕੇ ਖੜ੍ਹੇ ਹੋ ਜਾਂਦੇ ਸਨ ਤੇ ਅਗਾਂਹ ਲਈ ਹੋਰ ਜਹਾਜ਼ ਲੈਣੇ ਪੈਂਦੇ ਸਨ। ਕਈ ਵਾਰ ਤਾਂ ਗੁਰਦੁਆਰਾ ਇਨਾਂ ਮੁਸਾਫਰਾਂ ਨਾਲ ਹੀ ਭਰਿਆ ਪਿਆ ਹੁੰਦਾ ਸੀ । ਕਾਮਾਗਾਟਾ ਮਾਰੂ ਜਹਾਜ਼ ਦਾ ਅਡੰਬਰ ਵੀ ਇਥੋਂ ਹੀ ਸ਼ੁਰੂ ਹੋਇਆ ਸੀ। ਅਸਲ ਵਿਚ ਹਾਂਗਕਾਂਗ ਵਿਚ ਗ਼ਦਰ ਲਹਿਰ ਦੀ ਆਗੂ ਸੀ ਹੀ ਉਥੋਂ ਦੀ ਗੁਰਦੁਆਰਾ ਕਮੇਟੀ ।
ਗੁਰਦੁਆਰਿਆਂ ਨੇ ਗ਼ਦਰ ਪਾਰਟੀ ਨੂੰ, ਵਿਸ਼ੇਸ਼ ਕਰ ਕੇ ਵਿਦੇਸ਼ਾਂ ਵਿਚ, ਮਿਲ ਬੈਠ ਵਿਚਾਰਾਂ ਕਰਨ ਲਈ ਕੇਵਲ ਸਥਾਨ ਹੀ ਨਹੀਂ ਸਗੋਂ ਆਪਦੀ ਸ਼ਰਧਾ ਭਾਵਨਾ ਅਧੀਨ ਜੁੜ ਮਿਲ ਬੈਠਣ ਵਾਲੇ ਸਿਖ ਸ੍ਰੋਤੇ ਵੀ ਉਪਲਬੱਧ ਕਰਵਾਏ ਜਿਹੜੇ ਗ਼ਦਰੀਆਂ ਵਲੋਂ ਕੀਤੇ ਜਾਂਦੇ ਪਰਚਾਰ ਤੋਂ ਪ੍ਰਭਾਵਤ ਹੋ ਕੇ ਪਾਰਟੀ ਵਿਚ ਸ਼ਾਮਲ ਹੁੰਦੇ। ਗੁਰਦੁਆਰਿਆਂ ਨੇ ਹੀ ਗ਼ਦਰੀ ਕਵੀਆਂ ਤੇ ਬੁਲਾਰਿਆਂ ਨੂੰ ਅੱਗ ਉਗਲਦੀਆਂ ਕਵਿਤਾਵਾਂ ਤੇ ਤਕਰੀਰਾਂ ਕਰਨ ਲਈ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਿਨ੍ਹਾਂ ਤੋਂ ਬਿਨਾਂ ਸ਼ਾਇਦ ਨਾ ਤਾਂ ਜਨਸਾਧਾਰਣ ਵਿਚ ਇਨਾਂ ਜੋਸ਼ ਤੇ ਉਬਾਲ ਆ ਸਕਦਾ ਤੇ ਨਾ ਹੀ ਪਾਰਟੀ ਦਾ ਇਸ ਤਰ੍ਹਾਂ ਵਿਕਾਸ ਹੋ ਸਕਦਾ। ਗਿਆਨੀ ਭਗਵਾਨ ਸਿੰਘ ਤੇ ‘ਦੁਖੀ’ ਜੀ ਦੀਆਂ ਉਦਾਹਰਣਾ ਸਾਡੇ ਸਾਹਮਣੇ ਹਨ।
‘ਦੁਖੀ’ ਜੀ ਹਰ ਹਫ਼ਤੇ ਦੋ ਕਵਿਤਾਵਾਂ ਲਿਖਣ ਦੇ ਲੱਗਭਗ ਆਦੀ ਹੋ ਗਏ ਸਨ ਜਿਨ੍ਹਾਂ ਵਿਚੋਂ ਇੱਕ ਗ਼ਦਰ ਅਖ਼ਬਾਰ ਵਿਚ ਛਪਣ ਲਈ ਹੁੰਦੀ ਤੇ ਦੂਜੀ ਗੁਰਦੁਆਰੇ ਹੋਣ ਵਾਲੇ ਸਪਤਾਹਿਕ ਇਕੱਠ ਵਿਚ ਸ੍ਰੋਤਿਆਂ ਅਗੇ ਪੇਸ਼ ਕਰਨ ਲਈ। ‘ਦੁਖੀ’ ਜੀ ਜਿੰਨਾ ਚਿਰ ਵੈਨਕੋਵਰ ਰਹੇ, ਆਮ ਕਰਕੇ ਉਨ੍ਹਾਂ ਦਾ ਪਾਠਕ੍ਰਮ ਇਸੇ ਤਰ੍ਹਾਂ ਚਲਦਾ ਰਿਹਾ ਕਿ ਸ਼ਨਿਚਰਵਾਰ ਦੇ ਦਿਨ ਗੁਰਦੁਆਰੇ ਦੇ ਤਹਿਖਾਨੇ ਵਿਚ ਆਪ ਵਲੋਂ ਬਾਗੀਆਨਾਂ ਤਕਰੀਰ ਕੀਤੀ ਜਾਂਦੀ ਸੀ ਤੇ ਐਤਵਾਰ ਸਵੇਰੇ ਗੁਰਦੁਆਰੇ ਦੇ ਉਪਰਲੇ ਹਾਲ ਕਮਰੇ ਵਿਚ ਧਾਰਮਕ ਵਿਸ਼ੇ ਤੇ ਭਾਸ਼ਣ ਦਿੱਤਾ। ਜਾਂਦਾ ਪਰ ਇਹ ਧਾਰਮਿਕ ਵਿਸ਼ਾ ਵੀ ਰਾਜਨੀਤਕ ਵਿਸੇ ਦੇ ਨੇੜੇ ਤੇੜੇ ਹੀ ਜਾ ਢੁਕਾਉਣਾ ਆਪ ਜਹੇ ਬੁਲਾਰੇ ਵਾਸਤੇ ਕੋਈ ਕਠਨ ਕੰਮ ਨਹੀਂ ਸੀ ਹੁੰਦਾ ਜਾਂ ਇਉਂ ਕਹਿ ਲਈਏ ਕਿ ਧਾਰਮਿਕਤਾ ਦੀ ਪੁਠ ਚਾੜ੍ਹ ਕੇ ਗੱਲ ਰਾਜਨੀਤੀ ਦੀ ਕੀਤੀ ਜਾਂਦੀ ਸੀ ।
ਗਿਆਨੀ ਭਗਵਾਨ ਸਿੰਘ ਦੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਨਾਲ ਸ਼ਿੰਗਾਰੀਆਂ ਤਕਰੀਰਾਂ ਵੀ ਸ੍ਰੋਤਿਆਂ ਦਾ ਖੂਨ ਗਰਮਾਉਂਦੀਆਂ ਸਨ । ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਵੀ ਅਕਸਰ ਗੁਰਦੁਆਰਿਆਂ ਵਿਚ ਹੋਏ ਇਕੱਠਾਂ ਵਿਚ ਹੀ ਬੋਲਿਆ ਕਰਦੇ ਸਨ। ਕੈਨੇਡਾ ਤੋਂ ਲੰਡਨ ਭੇਜੇ ਜਾਣ ਵਾਲੇ ਪ੍ਰਤੀਨਿਧਾਂ, ਜਿੰਨ੍ਹਾਂ ਵਿਚ ਪਹਿਲਾਂ ਭਾਈ ਬਲਵੰਤ ਸਿੰਘ ਖੁਰਦਪੁਰੀ ਗ੍ਰੰਥੀ ਤੇ ਗੁਰਦੁਆਰੇ ਦੇ ਚੋਬਦਾਰ ਨਾਰਾਇਣ ਸਿੰਘ ਨੂੰ ਚੁਣਿਆ ਗਿਆ ਸੀ, ਦਾ ਫੈਸਲਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਵਰੀ, 1913 ਵਿਚ ਅਵਤਾਰ ਦਿਵਸ ਦੇ ਦਿਨ ਗੁਰਦੁਆਰੇ ਵਿਚ ਹੀ ਲਿਆ ਗਿਆ ਸੀ । ਕਾਮਾਗਾਟਾ ਮਾਰੂ ਜਹਾਜ਼ ਹਥਿਆਉਣ ਸੰਬੰਧੀ ਲਗਭਗ 700 ਹਿੰਦੀਆਂ ਦਾ ਜਿਹੜਾ ਇੱਕਠ 31 ਮਈ, 1914 ਨੂੰ ਹੋਇਆ ਸੀ ਤੇ ਜਿਸ ਵਿਚ ਮੌਕੇ ਤੇ ਹੀ ਸੱਠ ਹਜ਼ਾਰ ਡਾਲਰ ਦੀ ਰਕਮ ਇੱਕਠੀ ਹੋ ਗਈ ਸੀ ਉਹ ਵੀ ਗੁਰਦੁਆਰੇ ਵਿਚ ਹੀ ਹੋਈ ਸੀ। ਗ਼ਦਰ ਅਖ਼ਬਾਰ ਰਾਹੀਂ ਸਭ ਪੰਜਾਬੀਆਂ ਨੂੰ ਗ਼ਦਰ ਪੜ੍ਹਨ ਲਈ ਪ੍ਰਚਾਰ ਵੀ ਗੁਰਦੁਆਰਿਆਂ ਵਿਚ ਹੀ ਕੀਤਾ ਗਿਆ । ਇਸ ਹਿਸਾਬ ਗੁਰਦੁਆਰੇ ਇਕ ਤਰ੍ਹਾਂ ਨਾਲ ਆਮ ਜਨਤਾ ਨੂੰ ਜਗਾਉਣ ਤੇ ਉਸ ਨੂੰ ਦੇਸ਼ ਭਗਤੀ ਦੀ ਜਾਗ ਲਾਉਣ ਵਿਚ ਬਹੁਤ ਸਾਰਥਕ ਹਿੱਸਾ ਪਾਉਂਦੇ। ਫਿਰ ਗ਼ਦਰ ਅਖ਼ਬਾਰ ਜਨਸਮੂਹ ਤੱਕ ਪਹੁੰਚਾਉਣ ਲਈ ਵੀ ਗੁਰਦੁਆਰਿਆਂ ਦਾ ਆਸਰਾ ਤਕਿਆ ਗਿਆ ਜਿਥੇ ਇਸ ਦਾ ਇਸ਼ਤਿਹਾਰ ਸੰਗਤਾਂ ਵਿਚ ਵੰਡਿਆ ਜਾਂਦਾ ਸੀ ।
ਭਾਰਤ ਜਾਂ ਪੰਜਾਬ ਵਿਚ ਤਾਂ ਕੁਝ ਗੁਰਦੁਆਰੇ ਹੀ ਅਜਿਹੇ ਸਨ ਜਿਨ੍ਹਾਂ ਉਪਰ ਗ਼ਦਰੀਆਂ ਦਾ ਪ੍ਰਭਾਵ ਸੀ ਜਾਂ ਜਿਨ੍ਹਾਂ ਦੇ ਪ੍ਰਬੰਧਕ ਇਨ੍ਹਾਂ ਨਾਲ ਹਮਦਰਦੀ ਰਖਦੇ ਸਨ ਜਿਸ ਕਰਕੇ ਇਨ੍ਹਾਂ ਨੂੰ ਉਨ੍ਹਾਂ ਸਥਾਨਾਂ ਦੇ ਵਰਤਣ ਦੀ ਸਹੂਲਤ ਪ੍ਰਾਪਤ ਹੋ ਸਕੀ । ਝਾੜ ਸਾਹਿਬ ਦਾ ਗੁਰਦੁਆਰਾ ਇਸ ਪਖੋਂ ਕਾਫ਼ੀ ਪ੍ਰਸਿੱਧ ਸੀ। 23 ਨਵੰਬਰ 1914 ਨੂੰ ਝਾੜ ਸਾਹਿਬ ਵਿਚ ਇੱਕ ਬੈਠਕ ਬੁਲਾਈ ਗਈ ਜਿਸ ਵਿਚ ਬਹੁਤ ਸਾਰੇ ਗਦਰੀ ਮਿਲ ਬੈਠੇ ਪਰ ਕਾਫੀ ਸਾਰੇ ਸ਼ਾਮਿਲ ਹੋਣੋਂ ਰਹਿ ਵੀ ਗਏ ਸਨ । 26 ਨਵੰਬਰ ਨੂੰ ਹਮਲੇ ਕਰਨ ਦੀ ਤਾਰੀਖ਼ ਇਸੇ ਥਾਂ ਤਹਿ ਕੀਤੀ ਗਈ ਸੀ ।
ਸਿੱਖ ਧਰਮ ਸਥਾਨਾਂ ਅਰਥਾਤ ਗੁਰਦੁਆਰਿਆਂ ਦੇ ਨਾਲ ਇਕ ਪ੍ਰਬੰਧਕੀ ਸੰਸਥਾ ਹੁੰਦੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰੇ ਦੀ ਕਿਸੇ ਖਿਤੇ ਵਿਚ ਭੂਮਿਕਾ ਲਈ ਜਿੰਮੇਵਾਰ ਹੁੰਦੀ ਹੈ। ਗ਼ਦਰ ਪਾਰਟੀ ਦੇ ਸੰਬੰਧ ਵਿਚ ਇਨ੍ਹਾ ਕਮੇਟੀਆਂ ਨੇ ਗਦਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ ਜਿਸ ਦੀ ਅਣਹੋਂਦ ਨਾਲ ਪਾਰਟੀ ਕਾਰਜਕ੍ਰਮ ਸ਼ਾਇਦ ਇੰਨੇ ਸੁਚਾਰੂ ਢੰਗ ਨਾਲ ਨੇਪਰੇ ਨਾ ਚੜ੍ਹ ਸਕਦੇ। ਉਦਾਹਰਣ ਵਜੋਂ ਗਦਰ ਲਹਿਰ ਨੂੰ ਗਰਮਾਉਣ ਦਾ ਇਕ ਕਾਰਨ ਹਿੰਦੀਆਂ ਦੇ ਪਰਿਵਾਰਾਂ ਦੇ ਅਮਰੀਕਾ ਕੈਨੇਡਾ ਜਾਣ ਦੀ ਲੋੜ ਤੇ ਸਰਕਾਰ ਵਲੋਂ ਉਸ ਵਿਚ ਪਾਏ ਜਾਂਦੇ ਅੜਿਕੇ ਇਕ ਸਮੇਂ ਭਖਵਾਂ ਮਸਲਾ ਸੀ ਜਿਸ ਸੰਬੰਧੀ ਮੁਕਦਮਾ ਗੁਰਦੁਆਰਾ ਕਮੇਟੀ ਨੇ ਹੀ ਲੜਿਆ ਸੀ।
ਗੁਰਦੁਆਰਿਆਂ ਦੇ ਗ੍ਰੰਥੀਆਂ ਦੀ ਭੂਮਿਕਾ
ਅਮਰੀਕਾ ਕੈਨੇਡਾ ਵਿਚ ਗ਼ਦਰ ਪਾਰਟੀ ਤੇ ਲਹਿਰ ਦੇ ਵਿਕਾਸ ਵਿਚ ਤੇ ਇਸ ਤੇ ਸਮੇਂ ਸਮੇਂ ਪਏ ਸੰਕਟਾਂ ਦੀ ਨਵਿਰਤੀ ਵਿਚ ਗੁਰਦੁਆਰਿਆਂ ਦੇ ਗ੍ਰੰਥੀਆਂ ਨੇ ਕੋਈ ਘਟ ਹਿੰਮਤ ਨਹੀਂ ਮਾਰੀ। ਗ੍ਰੰਥੀਆਂ ਵਿਚ ਭਾਈ ਭਗਵਾਨ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਅਰਜਨ ਸਿੰਘ ਦੇ ਨਾਂ ਉੱਘੇ ਰਹੇ ਹਨ। ਭਾਈ ਬਲਵੰਤ ਸਿੰਘ ਹੋਰੀਂ ਤਾਂ ਜਦੋਂ ਕੈਨੇਡਾ ਅਮਰੀਕਾ ਵਿਚੋਂ ਪ੍ਰਤੀਨਿਧ ਮੰਡਲ ਸਰਕਾਰ ਨਾਲ ਗਲਬਾਤ ਕਰਨ ਇੰਗਲੈਂਡ ਗਿਆ ਸੀ ਤਦ ਇਹ ਪੰਜਾਬ ਵਿਚ ਵੀ ਆਏ ਸਨ ਤੇ ਜਿਹੜੀ ਰਾਜਸੀ ਗਰਮੀ ਇਨ੍ਹਾਂ ਨੇ ਇਥੇ ਪੈਦਾ ਕੀਤੀ ਉਹਨੇ ਲੋਕਾਂ ਵਿਚ ਜਾਗ੍ਰਿਤੀ ਲਿਆਉਣ ਵਿਚ ਬਹੁਤ ਵੱਡਾ ਹਿੱਸਾ ਪਾਇਆ ਸੀ।
ਭਾਈ ਭਗਵਾਨ ਸਿੰਘ ਹੋਰੀਂ, ਜਿਨ੍ਹਾਂ ਦੇ ਪਿਛੇ ਕੈਨੇਡਾ ਵਿਚ ਬੇਲਾ ਸਿੰਘ ਗ਼ਦਾਰ ਤੇ ਉਸ ਦਾ ਸਾਥੀ ਪੁਲਸ ਇੰਸਪੈਕਟਰ ਹਾਪਕਿਨਸਨ ਹਥ ਧੋ ਕੇ ਪਏ ਹੋਏ ਸਨ, ਪਹਿਲਾਂ ਮਲਾਇਆ ਵਿਚ ਪੀਰਕ ਦੇ ਗੁਰਦੁਆਰੇ ਦੇ ਗ੍ਰੰਥੀ ਸਨ ਜਿਸ ਕਰ ਕੇ ਜਨਤਾ ਵਿਚ ਉਨ੍ਹਾਂ ਦੇ ਬੋਲਣ ਦਾ ਅਭਿਆਸ ਤੇ ਤਕਰੀਰ ਦਾ ਸ੍ਰੋਤਿਆਂ ਉਪਰ ਪੈਂਦਾ ਜਾਦੂਮਈ ਪ੍ਰਭਾਵ ਸ੍ਰੋਤਿਆਂ ਨੂੰ ਨਾਲ ਜੋੜਨ ਵਿਚ ਸਫਲ ਰਹਿੰਦੇ ਸਨ। ਸਰਕਾਰ ਨੂੰ ਇਹੋ ਜਿਹੀ ਹਰਕਤ ਰੜਕਦੀ ਸੀ। 1913 ਦੇ ਪਹਿਲੇ ਮਹੀਨਿਆਂ ਵਿਚ ਉਨ੍ਹਾਂ ਦੇ ਕੈਨੇਡਾ ਆਉਣ ਤੇ ਗ਼ਦਰ ਲਹਿਰ ਨੂੰ ਇੱਕ ਹੁਲਾਰਾ ਮਿਲਿਆ। ਉਹ ਪਰਵਾਸੀ ਭਾਰਤੀਆਂ ਦੇ ਸਮਾਜੀ ਧਾਰਮਿਕ ਇਕੱਠਾਂ ਵਿਚ ਵੀ ਸਰਕਾਰ ਵਿਰੁੱਧ ਜ਼ਬਰਦਸਤ ਭੰਡੀ ਪ੍ਰਚਾਰ ਕਰਦੇ। ਆਪਣੇ ਸੰਬੋਧਨਾਂ ਵਿਚ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੀਰ ਰਸੀ ਰਚਨਾਵਾਂ ਦੇ ਹਵਾਲੇ ਦੇ ਕੇ ਸ੍ਰੋਤਿਆਂ ਵਿਚ ਜੋਸ਼ ਭਰਨ ਦਾ ਕੰਮ ਕਰਦੇ। ਆਪਸ ਵਿਚ ਮਿਲਣ ਸਮੇਂ ਕ੍ਰਾਂਤੀਕਾਰੀ ਸੰਬੋਧਨ ਸ਼ਬਦ ‘ਬੰਦੇ ਮਾਤਰਮ’ ਦੇ ਪ੍ਰਯੋਗ ਤੇ ਵੀ ਉਹ ਬਹੁਤ ਜ਼ੋਰ ਦਿੰਦੇ ਸਨ । ਇਸ ਕਰ ਕੇ ਕੈਨੇਡਾ ਆਉਣ ਦੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਹੀ ਹਾਪਕਿਨਸਨ ਵਲੋਂ ਉਨ੍ਹਾਂ ਦਾ ਬਿਸਤਰਾ ਗੋਲ ਕਰ ਦਿੱਤਾ ਗਿਆ ਸੀ । ਗੋਲ ਵੀ ਇਸ ਤਰ੍ਹਾਂ ਕੀਤਾ ਸੀ ਕਿ ਮੁਸ਼ਕਾਂ ਬੰਨ੍ਹ ਕੇ ਅਦਾਲਤੀ ਹੁਕਮ ਦੇ ਵਿਰੁੱਧ ਗੱਡੀ ਵਿੱਚ ਸੁੱਟ ਕੇ ਸਰਹੱਦੋਂ ਪਾਰ ਭੇਜ ਦਿੱਤਾ ਸੀ।
ਗ਼ਦਰੀਆਂ ਦੀਆਂ ਯੋਜਨਾਵਾਂ ਨੂੰ ਅਸਫਲ ਕਰਨ ਲਈ ਮਹਾਰਾਜਾ ਪਟਿਆਲਾ ਨੇ ਜਿਹੜੀਆਂ ਤਜ਼ਵੀਜ਼ਾਂ ਸਰਕਾਰ ਨੂੰ ਦਿੱਤੀਆਂ ਸਨ ਉਨ੍ਹਾਂ ਵਿਚ ਅਮਰੀਕਾ ਨੂੰ ਸਰਕਾਰੀ ਸੂਹੀਏ ਗ੍ਰੰਥੀਆਂ ਜਾਂ ਵਿਦਿਆਰਥੀਆਂ ਦੇ ਭੇਸ ਵਿਚ ਭੇਜੇ ਜਾਣ ਦੀ ਗੱਲ ਹੀ ਸੀ।
ਨਹਿਰੂ ਪਰਿਵਾਰ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਅਮਰੀਕਾ ਵਿਚ ਗ਼ਦਰ ਪਾਰਟੀ ਵਿਰੁੱਧ ਤੇ ਕਾਂਗਰਸ ਦੇ ਪੱਖ ਵਿਚ ਪ੍ਰਚਾਰ ਕੀਤਾ ਜਿਸ ਨਾਲ ਗ਼ਦਰ ਲਹਿਰ ਨੂੰ ਨੁਕਸਾਨ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਸੀ । ਇਸ ਖਤਰੇ ਨੂੰ ਰੋਕਣ ਲਈ ਵੀ ਜਿਹੜਾ ਸਾਧਨ ਸੋਚਿਆ ਗਿਆ ਉਹ ਗ੍ਰੰਥੀ ਦੇ ਰੂਪ ਵਿਚ ਹੀ ਸੀ ਕਿਉਂਕਿ ਭਾਈ ਅਰਜਨ ਸਿੰਘ ਲਾਹੌਰ ਵਾਲੇ ਨੂੰ ਸਟਾਕਟਨ ਗੁਰਦੁਆਰੇ ਦਾ ਗ੍ਰੰਥੀ ਥਾਪ ਕੇ ਨਹਿਰੂ ਪਰਿਵਾਰ ਨਾਲ ਗੁਰਦੁਆਰੇ ਦੇ ਪਲੇਟ ਫਾਰਮ ਤੋਂ ਹੀ ਨਜਿੱਠਣ ਦਾ ਕਾਰਜ ਸੌਂਪਿਆ ਗਿਆ ਸੀ।
ੲ. ਧਾਰਮਕ ਰਸਮਾਂ ਦਾ ਪ੍ਰਯੋਗ
ਧਾਰਮਕ ਦੀਵਾਨ
ਦੀਵਾਨ ਆਮ ਕਰਕੇ ਉਸ ਇਕੱਠ ਨੂੰ ਕਿਹਾ ਜਾਂਦਾ ਹੈ ਜਿਥੇ ਅਕਸਰ ਧਰਮਪ੍ਰਾਯਣ ਜਾਂ ਧਰਮ ਦੇ ਅਨੁਆਈ ਧਾਰਮਿਕ, ਅਧਿਆਤਮਿਕ ਵਿਚਾਰਾਂ ਜਾਂ ਪ੍ਰਭੂ-ਸੰਕੀਰਤਨ ਲਈ ਜੁੜ ਬੈਠਦੇ ਹਨ। ਗ਼ਦਰ ਪਾਰਟੀ ਦੇ ਇਤਿਹਾਸ ਤੇ ਨਜ਼ਰ ਮਾਰਿਆਂ ਸਾਨੂੰ ਇੰਨ੍ਹਾਂ ਦੀਵਾਨਾਂ ਦਾ ਪ੍ਰਯੋਗ ਗ਼ਦਰ ਅਤੇ ਗ਼ਦਰ ਪਾਰਟੀ ਦੇ ਉਦੇਸ਼ਾਂ ਦੇ ਪ੍ਰਚਾਰ ਲਈ ਕੀਤਾ ਗਿਆ ਵੀ ਮਿਲਦਾ ਹੈ। ਭਾਈ ਰਣਧੀਰ ਸਿੰਘ ਦੇ ਜਥੇ ਦਾ ਤਾਂ ਇਹ ਖਾਸਾ ਰਿਹਾ ਕਿ ਉਨ੍ਹਾਂ ਦੇ ਦੀਵਾਨਾਂ ਵਿਚ ਅਜਿਹਾ ਅਕਸਰ ਕਰਿਆ ਕਰਦੇ।
ਦਿੱਲੀ ਵਿਚ ਵਾਇਸਰਾਇ ਦੇ ਦਫਤਰ ਦੀ ਇਮਾਰਤ ਦੀ ਉਸਾਰੀ ਕਾਰਨ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਾਹ ਕੇ ਸੜਕ ਸਿੱਧੀ ਕੀਤੇ ਜਾਣ ਦਾ ਮਾਮਲਾ ਵੀ ਸਰਕਾਰ ਦੇ ਵਿਰੁੱਧ ਉਨ੍ਹੀਂ ਦਿਨੀਂ ਕਾਫੀ ਗਰਮ ਸੀ । ਗ਼ਦਰ ਪਾਰਟੀ ਵਾਲੇ ਵੀ ਲੋਕਾਂ ਨੂੰ ਸਰਕਾਰ ਵਿਰੁੱਧ ਗਰਮਾਉਣ ਲਈ ਇਸ ਦਾ ਪ੍ਰਯੋਗ ਕਰਦੇ ਸਨ। ਗ਼ਦਰ ਗੂੰਜਾਂ ਦੇ ਕਵੀਆਂ ਵਲੋਂ ਵੀ ਇਸ ਮਾਮਲੇ ਵਿਚ ਚੁਪ ਧਾਰੀ ਰੱਖਣ ਦਾ ਮਿਹਣਾ ਮਾਰਿਆ ਗਿਆ ਮਿਲਦਾ ਹੈ। ਉਹ ਤਾਂ ਸਗੋਂ ਪੰਜਾਬ ਦੀ ਸੱਭ ਤੋਂ ਵੱਡੀ ਗਾਲ੍ਹ ਕੱਢਣ ਵਾਲੀ ਗੱਲ ‘ਆਪਣੇ ਪਿਉ ਦਾ ਪੁੱਤਰ ਨਾ ਹੋਣ। ਕਹਿਣ ਤਕ ਵੀ ਗਏ। ਗ਼ਦਰ ਪਾਰਟੀ ਵਲੋਂ ਲੋਕਾਂ ਨੂੰ ਸਰਕਾਰ ਵਿਰੁੱਧ ਲਾਮਬੰਦ ਕਰਨ ਦੇ ਖਿਆਲ ਨਾਲ ਜਿਹੜੇ ਕਿਤਾਬਚੇ ਛਾਪ ਕੇ ਵੰਡਣ ਦਾ ਕਾਰਜ ਆਰੰਭਿਆ ਗਿਆ ਸੀ ਉਨ੍ਹਾਂ ਵਿਚ ਹੀ ਇਕ ‘ਰਕਾਬਗੰਜ’ ਨਾਂ ਦਾ ਕਿਤਾਬਚਾ ਵੀ ਸੀ।
ਭਾਈ ਰਣਧੀਰ ਸਿੰਘ ਹੋਰੀਂ ਸਿੱਖਾਂ ਦੇ ਘਰੀਂ ਅਖੰਡਪਾਠ ਕਰਦੇ ਜਾਂ ਦੀਵਾਨ ਲਾਉਂਦੇ ਤਦ ਇਸ ਗੁਰਦੁਆਰੇ ਦੀ ਚਰਚਾ ਆਮ ਕਰਦੇ। ਉਨ੍ਹਾਂ ਦੇ ਸਾਥੀਆਂ ਵਲੋਂ ਵੀ ਪਿੰਡਾਂ ਵਿਚ ਇਸ ਸੰਬੰਧ ਵਿਚ ਤਕਰੀਰਾਂ ਕੀਤੇ ਜਾਣ ਦਾ ਜ਼ਿਕਰ ਸਰਕਾਰੀ ਮਿਸਲਾਂ ਵਿਚ ਵੀ ਮਿਲਦਾ ਹੈ। ਮਾਲਵੇ ਦੇ ਗ਼ਦਰੀ ਆਗੂ ਗੁਜਰਵਾਲ ਪਿੰਡ ਵਿਚ ਇਕ ਅਖੰਡਪਾਠ ਦੇ ਮੌਕੇ ਇਕੱਠ ਹੋਏ। ਜਿਨ੍ਹਾਂ ਨੇ ਗ਼ਦਰ ਲਹਿਰ ਦੀ ਸਹਾਇਤਾ ਕੀਤੇ ਜਾਣ ਲਈ ਲੋਕਾਂ ਨੂੰ ਪਰੇਰਿਆ।
ਗ਼ਦਰ ਪਾਰਟੀ ਨੇ ਧਾਰਮਿਕ ਤੇ ਸਮਾਜਕ ਮੇਲਿਆਂ ਉਪਰ ਇਕੱਠੀ ਹੋਈ ਜਨਤਾ ਨਾਲ ਸੰਪਰਕ ਕਰਨ ਲਈ ਮੇਲਿਆਂ ਦਾ ਪ੍ਰਯੋਗ ਵੀ ਕੀਤਾ। ਤਰਨਤਾਰਨ ਦੀ ਮੱਸਿਆ ਦਾ ਮੇਲਾ ਪੰਜਾਬ ਦੇ ਧਾਰਮਿਕ ਮੇਲਿਆਂ ਵਿਚ ਬਹੁਤ ਪ੍ਰਸਿੱਧ ਰਿਹਾ ਹੈ। 17 ਨਵੰਬਰ 1914 ਦੇ ਦਿਨ ਇਸ ਮੇਲੇ ਉਪਰ ਗ਼ਦਰੀਆਂ ਵਲੋਂ ਇਕ ਬੈਠਕ ਬੁਲਾਈ ਗਈ ਸੀ । ਨਨਕਾਣਾ ਸਾਹਿਬ ਦਾ ਕੱਤਕ ਪੂਰਨਮਾਸ਼ੀ ਦਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਸੰਬੰਧੀ ਲਗਦਾ ਮੇਲਾ ਤਾਂ ਇੰਨਾ ਪ੍ਰਸਿੱਧ ਸੀ ਕਿ ਸਭ ਵਰਗਾਂ, ਧਰਮਾਂ ਤੇ ਸ਼੍ਰੇਣੀਆਂ ਦੇ ਲੋਕ ਇਸ ਉਪਰ ਹੁਮ ਹੁਮਾ ਕੇ ਪੁੱਜਦੇ। 2 ਨਵੰਬਰ, 1914 ਨੂੰ ਹੋਏ ਮੇਲੇ ਤੇ ਗ਼ਦਰ ਦੀ ਤਿਆਰੀ ਵਿਚਾਰਨ ਲਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ ਸੁਰ ਸਿੰਘ, ਭਾਈ ਚੰਨਣ ਸਿੰਘ ਬੂੜ ਚੰਦ, ਭਾਈ ਕਾਲਾ ਸਿੰਘ ਜਗਤ ਪੁਰ ਤੇ ਭਾਈ ਪਿਆਰਾ ਸਿੰਘ ਲੰਗੇਰੀ ਆਦਿ ਗ਼ਦਰੀ ਇਕੱਠੇ ਹੋਏ ਸਨ।
ਜਦੋਂ ਅੰਮ੍ਰਿਤਸਰ, ਲਾਹੌਰ ਤੇ ਜਲੰਧਰ ਜ਼ਿਲਿਆਂ ਵਿਚ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਜਾਰੀ ਸਨ ਪਰ ਆਮ ਜਨਤਾ ਨਾਲ ਸੰਪਰਕ ਕਾਇਮ ਕਰਨ ਦੇ ਖਿਆਲ ਨਾਲ ਨਨਕਾਣਾ ਸਾਹਿਬ ਦੇ ਵਾਰਸ਼ਕ ਮੇਲੇ ਤੇ, ਗੁਜਰਾਂਵਾਲਾ, ਖਾਸਾ, ਤਰਨਤਾਰਨ ਅਤੇ ਇੱਕ ਛੋਟੇ ਜਿਹੇ ਗੁਰਦੁਆਰੇ ਝਾੜ ਸਾਹਿਬ ਵਿਚ ਵੀ ਬੈਠਕਾਂ ਹੋਈਆਂ।
ਧਾਰਮਕ ਰਸਮਾਂ ਦਾ ਪ੍ਰਯੋਗ
ਅਖੰਠ ਪਾਠ
ਗੁਰਬਾਣੀ ਸਾਧਾਰਨ ਜਾਂ ਅਖੰਡ ਪਾਠ ਸਿੱਖ ਪਰਿਵਾਰਾਂ ਵਿਚ, ਖੁਸ਼ੀ-ਗਮੀ ਦੇ ਮੌਕਿਆਂ ਤੇ, ਅਕਸਰ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੇ ਭੋਗ ਸਮਾਗਮਾਂ ਵਿਚ ਪਰਿਵਾਰ ਦੇ ਸਕੇ ਸਬੰਧੀ, ਸ਼ਰੀਕਾਂ ਭਾਈਚਾਰਾ ਤੇ ਸੱਜਣ ਸਨੇਹੀ ਸਭ ਨਿਮੰਤ੍ਰਤ ਹੁੰਦੇ ਹਨ ਜਿਸ ਦੇ ਫਲਸਰੂਪ ਇਕੱਠ ਕਈ ਵਾਰ ਚੰਗਾ ਵੱਡਾ ਵੀ ਹੋ ਜਾਂਦਾ ਹੈ। ਗ਼ਦਰ ਪਾਰਟੀ ਦੇ ਸਰਗਰਮ ਲੋਕਾਂ ਦਾ ਮੁੱਖ ਮਨੋਰਥ ਜਿਵੇਂ ਕਿਵੇਂ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਹਰਕਤ ਵਿਚ ਲਿਆਉਣਾ ਹੁੰਦਾ ਸੀ । ਇਸ ਲਈ ਆਪਣਾ ਸੰਦੇਸ਼ ਜਨਸਾਧਾਰਣ ਤਕ ਪਹੁੰਚਾਉਣ ਲਈ ਅਜਿਹੇ ਮੌਕਿਆਂ ਦਾ ਪੂਰਾ ਲਾਭ ਲੈਂਦੇ। ‘ਲੁਧਿਆਣੇ’ ਵਿਚ ਭਾਈ ਰਣਧੀਰ ਸਿੰਘ ਨਾਰੰਗਵਾਲ (ਲੁਧਿਆਣਾ) ਆਪਣੇ ਦੀਵਾਨਾਂ ਤੇ ਅਖੰਡ ਪਾਠਾਂ ਦੇ ਜੋੜ ਮੇਲਿਆਂ ਉਤੇ ਗੁਰਦੁਆਰਾ ਰਕਾਬਗੰਜ, ਦਿੱਲੀ ਦੀ ਦੀਵਾਰ ਸਰਕਾਰ ਵਲੋਂ ਢਾਏ ਜਾਣ ਵਿਰੁੱਧ ਰੋਸ ਪ੍ਰਗਟਾਉਂਦੇ ਤੇ ਨਾਲ ਹੀ ਗ਼ਦਰ ਦੀ ਗੱਲ ਵੀ ਕਰ ਲੈਂਦੇ ।
ਸਾਧੂ ਪਹਿਰਾਵੇ ਦਾ ਪ੍ਰਯੋਗ
ਆਪਣੇ ਉਦੇਸ਼ ਦੀ ਪੂਰਤੀ ਲਈ ਗ਼ਦਰ ਪਾਰਟੀ ਦੇ ਕਾਰਕੁਨਾਂ ਤੇ ਆਗੂਆਂ ਨੇ ਅਜੀਬ ਕਾਢਾਂ ਤੋਂ ਕੰਮ ਲਿਆ। ਸਾਧੂਆਂ ਦੇ ਭੇਸ ਦਾ ਪ੍ਰਯੋਗ ਕਰ ਕੇ ਉਨ੍ਹਾਂ ਨੇ ਸਰਕਾਰ ਦੀਆਂ ਅੱਖਾਂ ਵਿਚ ਘਟਾ ਤਾਂ ਪਾਇਆ ਹੀ ਨਾਲ ਹੀ ਆਪਣੇ ਉਦੇਸ਼ ਦੀ ਪੂਰਤੀ ਕਰਨ ਲਈ ਉਹ ਸਗੋਂ ਬੇਖੌਫ ਹੋ ਕੇ ਵਿਚਰਦੇ। ਭਾਰਤ ਭਰ ਵਿਚ ਇਨਕਲਾਬ ਵਾਸਤੇ ਲੋਕਾਂ ਨੂੰ ਜਾਤ ਵਿਚ ਲਿਆਉਣ ਲਈ ਵਿਸ਼ਣੁ ਗਣੇਸ਼ ਪਿੰਗਲੇ ਨੇ ਇਸੇ ਪਹਿਰਾਵੇ ਵਿਚ ਦੇਸ਼ ਭਰ ਦਾ ਰਟਨ ਕੀਤਾ ਸੀ। ਬਾਲ ਗੰਗਾਧਰ ਤਿਲਕ ਨੂੰ ਦੇਸ਼ ਨਿਰਵਾਸਤ ਕੀਤੇ ਜਾਣ ਤੇ ਰੋਸ ਵਜੋਂ ਸਰਦਾਰ ਅਜੀਤ ਸਿੰਘ ਨੇ ਵੀ ਸਾਧਾਂ ਵਾਲਾ ਪਹਿਰਾਵਾ ਧਾਰਨ ਕਰ ਲਿਆ ਸੀ ਜਿਸ ਨੂੰ ਤਿਲਕ ਜੀ ਦੀ ਵਾਪਸੀ ਤਕ ਪਹਿਨਣ ਦਾ ਉਨ੍ਹਾਂ ਨੇ ਪ੍ਰਣ ਲਿਆ ਸੀ । ਪਿਆਰਾ ਸਿੰਘ ਲੰਗੇਰੀ ਦਾ ਤਾਂ ਡੇਰਾ ਹੀ ਬਿੰਝੋ (ਜ਼ਿਲਾ ਨਵਾਂ ਸ਼ਹਿਰ) ਦੇ ਇਕ ਸਾਧੂ ਦੇ ਡੇਰੇ ਹੁੰਦਾ ਸੀ। ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਪ੍ਰਯੋਗ ਨਾਲ
ਇਹ ਬੜੀ ਅਸਚਰਜ ਜਨਕ ਗੱਲ ਹੈ ਕਿ ਗ਼ਦਰ ਨੂੰ ਸਫ਼ਲ ਕਰਨ ਹਿਤ ਗ਼ਦਰੀਆਂ ਨੇ ਮੌਕੇ ਤੇ ਜਿਹੜਾ ਹਥਿਆਰ ਕੰਮ ਆ ਸਕਿਆ ਉਸ ਦੀ ਵਰਤੋਂ ਕਰਨ ਦਾ ਪੂਰਾ ਲਾਹਾ ਲਿਆ । ਸੰਗੀਤ ਜਾਂ ਕੀਰਤਨੀ ਸਾਜ਼ਾਂ ਦੇ ਪ੍ਰਯੋਗ ਦੀ ਗੱਲ ਕਿਸੇ ਦੇ ਦਿਮਾਗ਼ ਵਿਚ ਛੇਤੀ ਸ਼ਾਇਦ ਨਾ ਆ ਸਕੇ ਪਰ ਇੱਕ ਉਦਾਹਰਣ ਸਾਨੂੰ ਗ਼ਦਰ ਪਾਰਟੀ ਦੇ ਇਤਿਹਾਸ ਵਿਚੋਂ ਅਜਿਹੀ ਵੀ ਮਿਲਦੀ ਹੈ । 19 ਫਰਵਰੀ ਰਾਤ ਦੇ ਨੌ ਵਜੇ ਭਾਈ ਕਰਤਾਰ ਸਿੰਘ ਸਰਾਭਾ ਦੀ ਕਮਾਨ ਹੇਠ ਭਾਈ ਗਾਂਧਾ ਸਿੰਘ ਕਚਰਭੰਨ, ਭਾਈ ਈਸ਼ਰ ਸਿੰਘ ਢੁਢੀਕੇ, ਭਾਈ ਉਤਮ ਸਿੰਘ ਹਾਂਸ, ਅਰਜਨ ਸਿੰਘ ਖੁਖਰਾਣਾ ਆਦਿ ਕੁਝ ਗ਼ਦਰੀ ਲੀਡਰ ਤੇ ਭਾਈ ਰਣਧੀਰ ਸਿੰਘ (ਨਾਰੰਗਵਾਲ) ਦੇ ਜੱਥੇ ਦੇ 50-60 ਆਦਮੀ ਫਿਰੋਜ਼ਪੁਰ ਗੱਡੀਓਂ ਉਤਰੇ ਤੇ ਚਾਂਦਮਾਰੀ ਵੱਲ ਚਲੇ ਗਏ। ਇਹਨਾਂ ਪਾਸ ਢੋਲਕੀ ਤੇ ਹਰਮੋਨੀਅਮ ਸੀ, ਰਾਹ ਵਿਚ ਉਹ ਇੱਕ ਪਹਿਰੇ ਦੀ ਗਸ਼ਤੀ ਗਾਰਦ ਨੂੰ ਮਿਲੇ, ਜੋ ਛਾਉਣੀਆਂ ਨੂੰ ਚੌਕਸ ਕਰ ਦੇਣ ਕਰ ਕੇ ਗ਼ਦਰੀਆਂ ਦੀ ਤਾੜ ਵਿਚ ਘੁੰਮ ਰਹੀ ਸੀ । ਗਾਰਦ ਨੇ ਪੁਛਿਆ ਤਾਂ ਜਵਾਬ ਦਿਤਾ ਗਿਆ ਕਿ ਇਹ ਤਾਂ ਰਾਗੀ ਜੱਥਾ ਹੈ ਤੇ ਕਿਸੇ ਵਿਆਹ ਉਤੇ ਕੀਰਤਨ ਕਰਨ ਜਾ ਰਿਹਾ ਹੈ। ਇਹ ਲੋਕ ਫੜੇ ਜਾਣੋ ਬਚ ਗਏ।
ਆਪਣਾ ਫਰਜ਼ ਹੈ ਫਿਰ ਸਫਲਤਾ ਅਕਾਲ ਪੁਰਖ ਦੇਵੇਗਾ। ਸਰਦਾਰ ਅਜੀਤ ਸਿੰਘ ਨੇ ਆਪਣੀ 21 ਅਪ੍ਰੈਲ, 1907 ਦੀ ਤਕਰੀਰ ਵਿੱਚ ਵੀ ਜਿਹੜੀ ਗੱਲ ਆਖੀ ਸੀ ਉਹ ਵੀ ਰੱਬ ਤੇ ਭਰੋਸੇ ਵਾਲੀ ਸੀ । ਉਨ੍ਹਾਂ ਕਿਹਾ ਸੀ ਕਿ ਚਾਹੇ ਅੰਗਰੇਜ਼ਾਂ ਕੋਲ ਬੰਦੂਕਾਂ, ਰਫਲਾਂ ਤੇ ਹਥਿਆਰ ਹਨ ਤਦ ਵੀ ਉਨ੍ਹਾਂ ਨੂੰ ਇੱਕ ਪਲ ਵਿਚ ਕਾਫੂਰ ਕਰ ਦਿੱਤਾ ਜਾਵੇਗਾ ਕਿਉਂਕਿ ਆਪਣੇ ਲਤਾੜੇ ਹੋਏ ਲੋਕਾਂ ਦੀ ਮਦਦ ਲਈ ਅਕਾਲ ਪੁਰਖ ਆਪ ਬਹੁੜੇਗਾ। ਗ਼ਦਰ ਗੂੰਜਾਂ ਦੇ ਕਵੀਆਂ ਰਾਹੀਂ ਸਾਨੂੰ ਇਸ ਧਾਰਨਾ ਦਾ ਗਿਆਨ ਹੁੰਦਾ ਹੈ :
ਛੇਤੀ ਗ਼ਦਰ ਮਚੌਣ ਦੀ ਕਰੋ ਤਿਆਰੀ,
ਫਤੇਹ ਦੇਵਸੀ ਤੁਸਾਂ ਅਕਾਲ ਸਿੰਘੋ।
ਅ-ਉਠੋ ਕਰੋ ਹਿੰਮਤ ਰਬ ਮੇਹਰ ਕਰਸੀ,
ਬਣੋ ਮਰਦ ਹੁਣ ਹੌਸਲਾ ਢਾਇਆ ਕਿਉਂ ?
ਭਾਈ ਸੱਜਣ ਸਿੰਘ ਨੇ ਵੀ ਲਿਖਿਆ ਹੈ :
ਨਿਡਰ ਇਹ ਮਸ਼ਹੂਰ ਬਹਾਦਰ ਗੁਰੂ ਗੋਬਿੰਦ ਦੇ ਚੇਲੇ।
ਧਰਮ ਦੀ ਖਾਤਰ ਪਿਉ ਪੁਤ ਜਿਸ ਨੇ, ਮੌਤ ਨਦੀ ਵਿਚ ਠੇਲ੍ਹੇ।
ਦਿਨ ਛਿਪਦੇ ਦੇ ਨਾਲ ਅਸੀਂ ਸਭ ਪੜ੍ਹਨ ਬਾਣੀਆਂ ਲਗੇ।
ਤੇਰੀ ਕੁਦਰਤ ਤੂੰ ਹੀ ਜਾਣੇ, ਪਤਾ ਨਹੀਂ ਕੁਛ ਲਗਦਾ।
ਹੁਕਮੀ ਦਰਿਆ ਲਹਿਰਾਂ ਮਾਰੇ, ਜਿਵੇਂ ਵਗਾਵੇਂ ਵਗਦਾ।
Credit – ਸਵਰਨ ਸਿੰਘ ਸਨੇਹੀ