ਖਾਲਸਾ ਪੰਥ ਦੀ ਸਾਜਨਾ

ਖਾਲਸਾ ਪੰਥ ਦੀ ਸਾਜਨਾ ਸਿੱਖ ਇਤਿਹਾਸ ਵਿਚ ਇਕ ਯੁਗ-ਪਲਟਾਊ ਘਟਨਾ ਸੀ । ਇਸ ਨੇ ਨਾ ਹੀ ਸਿਰਫ ਸਿੱਖ ਧਰਮ ਦੀ ਜੱਥੇਬੰਦਕ ਪਰਣਾਲੀ ਵਿਚ ਹੀ ਕਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਸਨ ਸਗੋਂ ਸਿੱਖ ਮਾਨਸਿਕਤਾ ਵਿਚ ਵੀ ਇਕ ਵਿਸ਼ੇਸ਼ ਕਿਸਮ ਦਾ ਅਹਿਸਾਸ ਭਰ ਦਿੱਤਾ ਸੀ । ਇਸ ਨੇ ਤਕਰੀਬਨ ਦੋ ਸੌ ਸਾਲ ਤੋਂ ਚਲੀ ਆ ਰਹੀ ਸਿੱਖ ਧਰਮ ਦੀ ਲਹਿਰ ਨੂੰ ਸੰਪੂਰਨ ਵੀ ਕੀਤਾ ਅਤੇ ਇਸ ਨੂੰ ਇਕ ਕੌਮੀ-ਪਛਾਣ ਵੀ ਪਰਦਾਨ ਕੀਤੀ। ਇਸ ਮਹਾਨ ਘਟਨਾ ਤੋਂ ਪਿੱਛੋਂ ਸਿੱਖ ਇਤਿਹਾਸ ਨੇ ਇਕ ਐਸਾ ਮੋੜ ਕੱਟਿਆ ਸੀ ਕਿ ਉਹ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿਚ ਵਿਸ਼ੇਸ਼ ਖਿੱਚ ਦਾ ਕਾਰਣ ਬਣ ਗਿਆ ਸੀ। ਇਹ ਕਿਸੇ ਵਿਸ਼ੇਸ਼ ਸਮਾਜ ਦੀ ਕਾਇਆ ਕਲਪ ਕਰਨ ਵਾਲਾ ਇਕ ਅਦੁੱਤੀ ਕਾਰਨਾਮਾ ਸੀ ਜਿਸ ਨੇ ਸਿੱਖ ਸਿਧਾਂਤਾਂ ਅਤੇ ਸੰਕਲਪਾਂ ਨੂੰ ਨਾ ਹੀ ਸਿਰਫ ਇਕ ਸੰਸਥਾਤਮਕ ਰੂਪ ਹੀ ਪਰਦਾਨ ਕੀਤਾ ਸਗੋਂ ਇਨ੍ਹਾਂ ਸੰਸਥਾਵਾਂ ਰਾਹੀਂ ਦੁਨੀਆਂ ਸਾਹਮਣੇ ਐਸੀਆਂ ਪਰੰਪਰਾਵਾਂ ਵੀ ਕਾਇਮ ਕੀਤੀਆਂ ਸਨ ਜਿਹੜੀਆਂ ਆਪਣੇ ਆਪਣੇ ਖੇਤਰ ਵਿਚ ਸਭ ਤੋਂ ਪਹਿਲੀਆਂ ਸਾਬਤ ਹੋਈਆਂ ਸਨ। ਜਿਵੇਂ ਕਿ ਸਰਬੱਤ ਖਾਲਸੇ ਦੀ ਸੰਸਥਾ ਰਾਹੀਂ ਇਕ ਵਿਸ਼ੇਸ ਕਿਸਮ ਦੀ ਜਮਹੂਰੀਅਤ ਦਾ ਸੰਕਲਪ ਅਤੇ ਪੰਜ ਪਿਆਰਿਆਂ ਦੇ ਰੂਪ ਵਿਚ ਬਹੁ-ਮੁੱਖੀ ਅਗਵਾਈ ਦਾ ਸੰਕਲਪ । ਅਜੋਕੀ ਭਾਸ਼ਾ ਵਿਚ ਇਸ ਬਹੁ-ਮੁੱਖੀ ਅਗਵਾਈ ਨੂੰ ਪਰਧਾਨਗੀ ਮੰਡਲ ਕਿਹਾ ਜਾਂਦਾ ਹੈ। ਕਿਸੇ ਕੌਮ ਦੀ ਉਸਾਰੀ ਵਿਚ ਜੇਕਰ ਕੋਈ ਇਕ ਨੀਯਤ ਦਿਨ ਜਨਮ ਦਿਨ ਦੇ ਤੌਰ ‘ਤੇ ਸਮਝਿਆ ਜਾ ਸਕਦਾ ਹੈ ਤਾਂ ਉਹ ਸਿਰਫ ਸਿੱਖ ਕੌਮ ਹੈ ਜਿਸ ਨੂੰ ਇਕ ਵਿਸ਼ੇਸ ਦਿਵਸ ‘ਤੇ ਕੌਮੀ ਦਰਜਾ ਦਿੱਤਾ ਗਿਆ ਸੀ। ਇਹ ਸੀ ਖਾਲਸਾ ਪੰਥ ਦੀ ਸਾਜਨਾ, ਜਿਹੜੀ ਪਹਿਲੀ ਬਿਸਾਖ ਸੰਮਤ, 1756 ਬਿ. ਨੂੰ ਕੀਤੀ ਗਈ ਸੀ । ਜਿਸ ਦਾ 29 ਮਾਰਚ, 1699 ਈ. ਬਣਦਾ ਹੈ।

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਖਾਲਸਾ ਪੰਥ ਦੀ ਇਤਨੀ ਵਿਸ਼ੇਸ਼ਤਾ ਹੋਣ ਦੇ ਬਾਵਜੂਦ ਵੀ ਕੁਝ ਇਕ ਐਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਇਸ ਦੇ ਇਤਿਹਾਸ ਨੂੰ ਲਿਖਣ ਵਿਚ ਸਾਹਮਣੇ ਆਉਂਦੀਆਂ ਹਨ । ਇਸ ਦੀ ਜਾਣਕਾਰੀ ਲੈਣ ਲਈ ਸਾਡੇ ਪਾਸ ਜੋ ਵੀ ਮੌਲਿਕ ਜਾਂ ਸਮਕਾਲੀ ਸੋਮੇ ਉਪਲਭਦ ਹਨ ਉਹ ਬਹੁਤ ਹੀ ਥੋੜੇ ਅਤੇ ਅਧੂਰੇ ਹਨ। ਇਸੇ ਮੁਸ਼ਕਲ ਦੇ ਕਾਰਣ ਹੀ ਖਾਲਸੇ ਦੀ ਸਾਜਨਾ ਦੇ ਸਮੁੱਚੇ ਕਾਂਡ ਵਿਚ ਇਤਿਹਾਸਕਾਰਾਂ ਵਿਚ ਵੱਖ ਵੱਖ ਮੱਤ ਹਨ। ਵੈਸੇ ਤਾਂ ਮੌਲਿਕ ਅਤੇ ਸਮਕਾਲੀ ਕਿਸਮ ਦੇ ਸੋਮਿਆਂ ਵਿਚ ਇਸ ਦੀ ਸਾਜਨਾ ਨਾਲ ਸਬੰਧਤ ਸੰਨ-ਸੰਮਤ ਉਕਾ ਹੀ ਨਹੀਂ ਦਿੱਤਾ ਗਿਆ ਪਰ ਜਿਨ੍ਹਾਂ ਵਿਚ ਵੀ ਇਹ ਸੰਨ-ਸੰਮਤ ਦਿੱਤਾ ਗਿਆ ਹੈ ਉਹ ਠੀਕ ਨਹੀਂ ਹਨ। 1875 ਈ. ਤੋਂ ਪਹਿਲਾਂ ਦੀ ਕਿਸੇ ਵੀ ਕਿਸਮ ਦੀ ਲਿਖਤ ਵਿਚ ਜੋ ਵੀ ਸੰਨ-ਸੰਮਤ ਦਿੱਤਾ ਗਿਆ ਹੈ ਉਹ ਮੰਨਣ-ਯੋਗ ਨਹੀਂ ਹੈ। ਇਸ ਦੀ ਰਹਿਤ-ਮਰਯਾਦਾ ਨੂੰ ਸੰਪੂਰਨ ਰੂਪ ਵਿਚ ਦਰਸਾਉਣ ਵਾਲੀ ਕੋਈ ਸਮਕਾਲੀ ਜਾਂ ਨਿਕਟ-ਸਮਕਾਲੀ ਲਿਖਤ ਸਾਡੇ ਪਾਸ ਉਪਲਭਦ ਨਹੀਂ ਹੈ। ਇਸ ਕਰਕੇ ਇਸ ਦਾ ਕਾਫੀ ਤੋਂ ਜ਼ਿਆਦਾ ਵਰਨਣ ਸਿਰਫ ਰਵਾਇਤਾਂ ਉਪਰ ਹੀ ਆਧਾਰਤ ਹੈ । ਆਧੁਨਿਕ ਇਤਿਹਾਸਕਾਰੀ ਰਵਾਇਤ ਨੂੰ ਜਿਆਦਾ ਮਹੱਤਵ ਨਹੀਂ ਦਿੰਦੀ।

‘ਬਚਿੱਤ੍ਰ ਨਾਟਕ’, ਜੋ ਖਾਲਸਾ ਪੰਥ ਦੀ ਸਾਜਨਾ ਦੇ ਸਬੰਧ ਵਿਚ ਮੌਲਿਕ ਜਾਂ ਸਮਕਾਲੀ ਸਰੋਤ ਮੰਨਿਆ ਜਾ ਸਕਦਾ ਸੀ, ਇਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ, ਕਵੀ ਸੈਨਾਪਤਿ ਦੀ ਸ੍ਰੀ ਗੁਰ ਸੋਭਾ, ਭਾਈ ਗੁਰਦਾਸ ਦੂਜੇ ਦੀ ਵਾਰ (41ਵੀਂ) ਬਹੁਤ ਹੀ ਸੀਮਤ ਰੂਪ ਵਿਚ ਜਾਣਕਾਰੀ ਦਿੰਦੇ ਹਨ। ਸਰਬ-ਲੋਹ ਗ੍ਰੰਥ ਵਿਚ ਜਿਤਨੀ ਕੁ ਵੀ ਥੋੜੀ-ਬਹੁਤ ਜਾਣਕਾਰੀ ਹੈ ਉਹ ਆਪਾ-ਵਿਰੋਧੀ ਹੈ । ਗੁਰੂ-ਕਾਲ ਤੋਂ ਕਾਫੀ ਪਿੱਛੋਂ ਦੀਆਂ ਗੁਰਮੁਖੀ ਲਿਖਤਾਂ ਜਿਨ੍ਹਾਂ ਵਿਚ ਕੇਸਰ ਸਿੰਘ ਛਿੱਬਰ ਦਾ ‘ਬੰਸਾਵਲੀ ਨਾਮਾ’, ਸਰੂਪ ਦਾਸ ਭੱਲਾ ਦੀ ਮਹਿਮਾ ਪ੍ਰਕਾਸ਼ (ਕਵਿਤਾ) ਆਪਾ-ਵਿਰੋਧ ਨਾਲ ਭਰਪੂਰ ਲਿਖਤਾਂ ਹਨ। ਇਨ੍ਹਾਂ ਤੋਂ ਜਿਤਨੀ ਕੁ ਜਾਣਕਾਰੀ ਖਾਲਸੇ ਦੀ ਸਾਜਨਾ ਦੇ ਸਬੰਧ ਵਿਚ ਉਸਾਰੂ ਰੂਪ ਵਿਚ ਮਿਲਦੀ ਹੈ ਉਸ ਤੋਂ ਕਿਤੇ ਜਿਆਦਾ ਵੱਧ ਖਾਲਸਈ ਸਿਧਾਂਤਾਂ ਦੇ ਵਿਰੁੱਧ ਗੱਲਾਂ ਦਰਜ ਹਨ। ਰਹਿਤਨਾਮੇ ਕਿਸੇ ਵੀ ਸੂਰਤ ਵਿਚ ਇਤਿਹਾਸਕ ਮਹੱਤਵ ਦੀ ਜਾਣਕਾਰੀ ਨਹੀਂ ਮੁਹੱਈਆ ਕਰਦੇ । ਰਹਿਤਨਾਮਿਆਂ ਨੇ ਖਾਲਸਾ ਰਹਿਤ-ਮਰਯਾਦਾ ਨੂੰ ਇਤਨੀ ਸਾਧਾਰਨ ਜਿਹੇ ਪੱਧਰ ਦੀ ਬਣਾ ਦਿੱਤਾ ਹੈ ਜਿਸ ਵਿਚੋਂ ਗੰਭੀਰਤਾ ਨਜਰ ਹੀ ਨਹੀਂ ਆਉਂਦੀ । ਇਹੀ ਹਾਲ ਭਾਈ ਸੁੱਖਾ ਸਿੰਘ ਅਤੇ ਭਾਈ ਕੋਇਰ ਸਿੰਘ ਦੇ ਗੁਰਬਿਲਾਸਾਂ ਦਾ ਹੈ। ਇਨ੍ਹਾਂ ਵਿਚ ਸੰਨ-ਸੰਮਤ ਤਾਂ ਗਲਤ ਹੈਨ ਹੀ ਸਗੋਂ ਇਨ੍ਹਾਂ ਦੀ ਵਿਆਖਿਆ ਵੀ ਖਾਲਸਾ ਰਹਿਤ-ਮਰਯਾਦਾ ਦੇ ਅਨੁਕੂਲ ਨਹੀਂ ਹੈ । ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ ਭਾਵੇਂ ਸਿੰਘ ਸਭਾ ਲਹਿਰ ਨੇ ਖਾਲਸਾ ਰਹਿਤ-ਮਰਯਾਦਾ ਨੂੰ ਇਕ ਨਵੀਂ ਵਿਆਖਿਆ ਦੇਣੀ ਸ਼ੁਰੂ ਕੀਤੀ ਸੀ। ਇਸ ਦੇ ਵਿਆਖਿਆਕਾਰ ਭਾਈ ਵੀਰ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਸਨ । ਇਸ ਵਿਚਾਰ ਨੂੰ ਪਰਿੰਸੀਪਲ ਤੇਜਾ ਸਿੰਘ ਅਤੇ ਡਾ. ਗੁੰਡਾ ਸਿੰਘ ਨੇ ਸਿੱਖ ਇਤਿਹਾਸ ਨੂੰ ਮੁੜ ਤੋਂ ਲਿਖ ਕੇ ਪਾਠਕਾਂ ਸਾਹਮਣੇ ਰੱਖਿਆ ਸੀ। ਇਨ੍ਹਾਂ ਪਿੱਛੋਂ ਡਾ. ਫ਼ੌਜਾ ਸਿੰਘ, ਡਾ. ਕਿਰਪਾਲ ਸਿੰਘ ਅਤੇ ਡਾ. ਗੁਰਬਚਨ ਸਿੰਘ ਨਈਅਰ ਨੇ ਇਸੇ ਨਜਰੀਏ ਨੂੰ ਅਪਣਾ ਕੇ ਅੱਗੇ ਤੋਰਿਆ । ਪਰ ਇਨ੍ਹਾਂ ਵਿਚਾਰਾਂ ਦੇ ਧਾਰਨੀ ਲੇਖਕਾਂ ਅਤੇ ਇਤਿਹਾਸਕਾਰਾਂ ਨੇ ਸਾਰੀਆਂ ਹੀ ਮੁੱਢਲੀਆਂ ਗੁਰਮੁਖੀ ਲਿਖਤਾਂ ਨੂੰ ਇਕੋ ਲੜੀ ਵਿਚ ਰੱਖ ਕੇ ਸਭ ਨੂੰ ਹੀ ਸਿੱਖ ਲਿਖਤਾਂ ਮੰਨ ਕੇ ਬਿਨਾਂ ਕਿਸੇ ਛਾਣਬੀਣ ਅਤੇ ਪੜਚੋਲ ਤੋਂ ਸਿੱਖ ਇਤਿਹਾਸ ਦੇ ਸਰੋਤ ਗਰਦਾਨ ਦਿੱਤਾ ਹੈ। ਮਿਸਾਲ ਦੇ ਤੌਰ ‘ਤੇ ਜਨਮਸਾਖੀਆਂ, ਗੁਰਬਿਲਾਸਾਂ, ਪੰਥ ਪ੍ਰਕਾਸ਼ਾਂ ਅਤੇ ਰਹਿਤਨਾਮਿਆਂ ਦੀ ਇਤਿਹਾਸਕ ਵਿਸ਼ਲੇਸ਼ਣਤਾ ਕੀਤੇ ਬਗੈਰ ਹੀ ਇਨ੍ਹਾਂ ਨੂੰ ਅਹਿਮ ਇਤਿਹਾਸਕ ਸਰੋਤ ਬਣਾ ਦਿੱਤਾ ਹੈ। ਇਹ ਗੱਲ ਠੀਕ ਨਹੀਂ ਸੀ। ਇਨ੍ਹਾਂ ਵਿਚੋਂ ਕਈ ਲਿਖਤਾਂ ਸਿੱਖ ਵਿਚਾਰਾਂ ਦੇ ਵਿਰੁੱਧ ਹਨ ਅਤੇ ਕਈ ਸਿੱਖ ਧਰਮ ਦੀ ਲਹਿਰ ਦੇ ਵਿਰੋਧੀ ਲੇਖਕਾਂ ਨੇ ਸਿੱਖ ਵਿਚਾਰਧਾਰਾ ਦੇ ਵਿਰੁੱਧ ਲਿਖੀਆਂ ਸਨ। ਇਸ ਕਰਕੇ ਸਿੰਘ ਸਭਾ ਲਹਿਰ ਦੇ ਵਿਆਖਿਆਕਾਰਾਂ ਨੇ ਸਿੱਖ ਇਤਿਹਾਸ ਨੂੰ ਸਿੱਖ ਨਜ਼ਰੀਏ ਤੋਂ ਲਿਖਣ ਦੀ ਸ਼ੁਰੂਆਤ ਤਾਂ ਕਰ ਦਿੱਤੀ ਸੀ ਪਰ ਇਸ ਵਿਚ ਇਤਿਹਾਸਕ ਪੜਚੋਲ ਦੀ ਘਾਟ ਸੀ ।

ਸਿੰਘ ਸਭਾ ਦੇ ਹੀ ਸਮਕਾਲੀ ਦੌਰ ਵਿਚ ਸਿੱਖ ਸਮਾਜ ਦੀ ਨਿਰਮਲ ਸੰਪਰਦਾ ਦੇ ਵਿਦਵਾਨ ਲੇਖਕਾਂ ਨੇ ਆਪਣੀ ਸੰਪਰਦਾਈ ਸੋਚ ਅਨੁਸਾਰ ਖਾਲਸੇ ਦੀ ਵਿਆਖਿਆ ਕਰਨੀ ਜਾਰੀ ਰੱਖੀ ਹੋਈ ਸੀ । ਇਸ ਸੰਪਰਦਾ ਦੇ ਦੋ ਮੁੱਖ ਵਿਦਵਾਨਾਂ ਪੰਡਿਤ ਤਾਰਾ ਸਿੰਘ ਨਰੋਤਮ ਅਤੇ ਗਯਾਨੀ ਗਯਾਨ ਸਿੰਘ ਨੇ ਸਿੰਘ ਸਭਾ ਦੇ ਮੁਕਾਬਲੇ ਤੇ ਆਪਣੀ ਸੋਚ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਿੱਖ ਇਤਿਹਾਸ ਦੀ ਪੁਨਰ-ਨਿਰਮਾਣਤਾ ਕੀਤੀ। ਇਸ ਦਾ ਸਿੱਟਾ ਇਹ ਹੋਇਆ ਸੀ ਕਿ ਸਿੱਖ ਇਤਿਹਾਸ ਦੀ ਅਤੇ ਸਿੱਖ ਧਰਮ ਦੀ ਵਿਆਖਿਆ ਦੀ ਪੁਨਰ-ਨਿਰਮਾਣਤਾ ਤਾਂ ਹੋਈ ਪਰ ਇਹ ਵੱਖ ਵੱਖ ਸੰਪਰਦਾਈ ਵਿਚਾਰਾਂ ਦਾ ਸ਼ਿਕਾਰ ਹੋ ਕੇ ਰਹਿ ਗਈ ਸੀ । ਸਿੱਖ ਇਤਿਹਾਸ ਦੇ ਹਿੰਦੂ ਇਤਿਹਾਸਕਾਰਾਂ ਨੇ ਖਾਲਸੇ ਦੀ ਸਾਜਨਾ ਨੂੰ ਬਿਲਕੁਲ ਇਕ ਨਵੇਂ ਦਰਿਸ਼ਟੀਕੋਣ ਤੋਂ ਲਿਆ ਹੈ । ਇਹ ਹਨ ਗੋਕਲ ਚੰਦ ਨਾਰੰਗ, ਇੰਦੂ ਭੂਸ਼ਣ ਬੈਨਰਜੀ ਅਤੇ ਡਾ. ਹਰੀ ਰਾਮ ਗੁਪਤਾ ਆਦਿ। ਇਨ੍ਹਾਂ ਨੇ ਖਾਲਸੇ ਦੀ ਸਾਜਨਾ ਅਤੇ ਖਾਲਸੇ ਦੇ ਸੰਘਰਸ਼ ਨੂੰ ਹਿੰਦੂ ਸੁਧਾਰਵਾਦੀ ਅਤੇ ਭਾਰਤੀ ਰਾਸ਼ਟਰਵਾਦੀ ਦਰਿਸ਼ਟੀਕੋਣ ਤੋਂ ਬਿਆਨਿਆ ਹੈ। ਇਨ੍ਹਾਂ ਦਾ ਮੱਤ ਹੈ ਕਿ ਖਾਲਸੇ ਦੀ ਸਾਜਨਾ ਅਤੇ ਇਸ ਦਾ ਸੰਘਰਸ਼ ਭਾਰਤੀ ਰਾਸ਼ਟਰਵਾਦੀ ਸੋਚ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ । ਇਹਨਾਂ ਦੋਹਾਂ ਵਿਚਾਰਾਂ ਤੋਂ ਬਿਲਕੁਲ ਵੱਖਰਾ, ਪਰ ਕੁਝ ਹੱਦ ਤੱਕ ਆਪਣੇ ਆਪ ਨੂੰ ਨਿਰੋਲ ਤੱਥ ਆਧਾਰਤ (objectivity) ਗੱਲ ਕਰਨ ਵਾਲਾ ਇਕ ਨਵੀਂ ਵਿਚਾਰਧਾਰਾ ਵਾਲਾ ਗਰੁੱਪ ਵੀ ਸਥਾਪਤ ਹੋਇਆ ਹੈ। ਇਸ ਨੂੰ ਅਪਣਾਉਣ ਵਾਲੇ ਹਨ : ਡਾ. ਜੇ. ਐਸ. ਗਰੇਵਾਲ, ਮੈਕਲਿਓਡ ਅਤੇ ਸੁਰਜੀਤ ਹਾਂਸ। ਇਨ੍ਹਾਂ ਦਾ ਮੱਤ ਹੈ ਕਿ ਇਤਿਹਾਸਕ ਵਿਆਖਿਆ ਸਿਰਫ ਤੱਥਾਂ ‘ਤੇ ਆਧਾਰਤ ਹੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਗੱਲ ਕਰਦੇ ਹੋਏ ਇਹ ਖਾਲਸਈ ਰਵਾਇਤਾਂ ਨੂੰ ਬਿਲਕੁਲ ਨਜਰਅੰਦਾਜ ਕਰ ਦਿੰਦੇ ਹਨ । ਖਾਲਸਈ ਰਵਾਇਤਾਂ ਨੂੰ ਨਜ਼ਰਅੰਦਾਜ ਕਰਕੇ ਨਾ ਹੀ ਖਾਲਸੇ ਦੇ ਮਿਸ਼ਨ ਦੀ ਵਿਆਖਿਆ ਹੋ ਸਕਦੀ ਹੈ ਅਤੇ ਨਾ ਹੀ ਖਾਲਸੇ ਦੇ ਇਤਿਹਾਸ ਦੀ । ਰਵਾਇਤਾਂ ਸਭਿਆਚਾਰ ਦੀ ਨੀਂਹ ਹੁੰਦੀਆਂ ਹਨ। ਇਸ ਕਰਕੇ ਰਵਾਇਤਾਂ ਨੂੰ ਰੱਦ ਕਰਨਾ ਉਸ ਸਭਿਆਚਾਰ ਨੂੰ ਰੱਦ ਕਰਨ ਦੇ ਬਰਾਬਰ ਸਮਝਿਆ ਜਾਣਾ ਚਾਹੀਂਦਾ ਹੈ ਜਿਸ ਸਭਿਆਚਾਰ ਦੇ ਵਿਚ ਉਹ ਕੌਮ ਵਿਚਰ ਰਹੀ ਹੁੰਦੀ ਹੈ ਜਿਸ ਦਾ ਅਸੀਂ ਇਤਿਹਾਸ ਲਿਖਦੇ ਹਾਂ। ਕਿਸੇ ਕੌਮ ਦੇ ਲੋਕ-ਗੀਤ, ਲੋਕ-ਬੋਲੀਆਂ, ਲੋਕ-ਕਥਾਵਾਂ, ਸਾਖੀਆਂ, ਬੋਲੀਆਂ, ਸ਼ਬਦਾਵਲੀ ਆਦਿ ਗੱਲਾਂ ਅਮੀਰ ਸਭਿਆਚਾਰ ਅਤੇ ਅਮੀਰ ਰਵਾਇਤਾਂ ਦੀਆਂ ਪਰਤੀਕ ਹੁੰਦੀਆਂ ਹਨ। ਜੇ ਇਨ੍ਹਾਂ ਨੂੰ ਰੱਦ ਕਰਕੇ ਚਲਿਆ ਜਾਂਦਾ ਹੈ ਤਾਂ ਇਸ ਦਾ ਭਾਵ ਕੇਵਲ ਤੇ ਕੇਵਲ ਇਹੀ ਹੋ ਸਕਦਾ ਹੈ ਕਿ ਇਸ ਸਭਿਆਚਾਰ ਦੇ ਵਿਚ ਕਿਸੇ ਹੋਰ ਸਭਿਆਚਾਰ ਅਤੇ ਸੋਚ ਦੀ ਘੁਸਪੈਠ ਕੀਤੀ ਜਾ ਰਹੀ ਹੈ। ਖਾਲਸੇ ਦੇ ਮਿਸ਼ਨ ਦੀ ਵਿਆਖਿਆ ਰਵਾਇਤਾਂ ਉਪਰ ਆਧਾਰਤ ਹੈ। ਇੱਥੇ ਰਵਾਇਤ ਆਪਣੇ ਆਪ ਵਿਚ ਇਤਿਹਾਸ ਹੋ ਨਿਬੜੀ ਹੈ। ਅਜਿਹੀਆਂ ਲਿਖਤੀ ਗਵਾਹੀਆਂ ਨੂੰ ਅਸੀਂ ਕਿਵੇਂ ਅਪਣਾ ਲਵਾਂਗੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਸਿਧਾਂਤ ਦੇ ਵਿਰੁੱਧ ਸਿੱਟਾ ਕੱਢਦੀਆਂ ਹਨ । ਖਾਲਸੇ ਦਾ ਸਾਰਾ ਢਾਂਚਾ ਹੀ ਪੰਜ ਪਿਆਰਿਆਂ ਦੀ ਸੰਸਥਾ ਉਪਰ ਆਧਾਰਤ ਹੈ ਪਰ ਜੇ ਪੰਜ ਪਿਆਰਿਆਂ ਦੀ ਗੱਲ ਕਿਸੇ ਲਿਖਤੀ ਗਵਾਹੀ ਤੋਂ ਸਾਬਤ ਨਹੀਂ ਹੁੰਦੀ ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਪੰਜ ਪਿਆਰੇ ਹੋਏ ਹੀ ਨਹੀਂ ਸਨ ?

ਖਾਲਸਾ ਸਾਜੇ ਜਾਣ ਦੀ ਮਿਤੀ ਅਤੇ ਸਾਲ ਬਾਰੇ ਇਕ ਗੱਲ ਧਿਆਨ ਰੱਖਣਯੋਗ ਹੈ ਕਿ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ, ਅਰਥਾਤ ਵਿਸਾਖੀ ਦੀ ਪੁਸ਼ਟੀ ਤਾਂ ਸਮਕਾਲੀ ਸਰੋਤ ਤੋਂ ਅਤੇ ਪਿੱਛੋਂ ਦੀਆਂ ਲਿਖਤਾਂ ਤੋਂ ਬਿਨਾਂ ਕਿਸੇ ਸ਼ੱਕ ਦੇ ਹੋ ਜਾਂਦੀ ਹੈ ਪਰ ਸਾਲ 1699 ਦੀ ਕਿਸੇ ਵੀ ਸੋਮੇ ਤੋਂ ਪੁਸ਼ਟੀ ਨਹੀਂ ਹੁੰਦੀ। ਇਹ ਸਾਲ ਇਕ ਪਰੰਪਰਾ ਅਨੁਸਾਰ ਅਤੇ ਕੁਝ ਅੰਦਾਜਿਆਂ ਦੇ ਆਧਾਰ ‘ਤੇ ਮੰਨਿਆ ਗਿਆ ਹੈ। ਅੰਦਾਜ਼ਾ ਇਸ ਤਰ੍ਹਾਂ ਹੈ ਕਿ ‘ਬਚਿੱਤ੍ਰ ਨਾਟਕ’ ਵਿਚ ਵਰਨਣ ਕੀਤੀਆਂ ਗਈਆਂ ਘਟਨਾਵਾਂ ਸ਼ਹਿਜ਼ਾਦਾ ਮੁਅੱਜ਼ਮ ਦੇ ਆਗਮਨ ਤੱਕ ਦੀਆਂ ਹਨ ਅਤੇ ਇਹ ਅਖੀਰਲੀ ਘਟਨਾ 1698 ਈ. ਤੱਕ ਦੀ ਮੰਨੀ ਜਾਂਦੀ ਹੈ। ਕਿਉਂਕਿ 1698 ਈ. ਤੱਕ ‘ਬਚਿੱਤ੍ਰ ਨਾਟਕ’ ਵਿਚ ਕਿਤੇ ਵੀ ਖਾਲਸਾ ਸ਼ਬਦ ਨਹੀਂ ਵਰਤਿਆ ਗਿਆ ਇਸ ਲਈ ਇਹ ਮੰਨ ਲਿਆ ਗਿਆ ਹੈ ਕਿ 1698 ਈ. ਤੋਂ ਪਹਿਲਾਂ ਖਾਲਸੇ ਦੀ ਸਾਜਨਾ ਨਹੀਂ ਕੀਤੀ ਗਈ ਸੀ । ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿਚ ਇਕ ਦੋ ਹੁਕਮਨਾਮੇ ਐਸੇ ਵੀ ਹਨ ਜੋ 1698 ਈ. ਦੇ ਜਾਂ ਇਸ ਤੋਂ ਪਹਿਲਾਂ ਦੇ ਹਨ ਜਿਨ੍ਹਾਂ ਵਿਚ ਖਾਲਸਾ ਸ਼ਬਦ ਵਰਤਿਆ ਗਿਆ ਹੈ। ਪਰ 1699 ਈ. ਦੇ ਅਤੇ ਇਸ ਤੋਂ ਪਿੱਛੋਂ ਦੇ ਹੁਕਮਨਾਮਿਆਂ ਵਿਚ ਲਗਾਤਾਰ ਖਾਲਸਾ ਸ਼ਬਦ ਦਾ ਅਤੇ ਮਸੰਦਾਂ ਨੂੰ ਨਾ-ਮੰਨਣ ਦਾ ਜ਼ਿਕਰ ਹੋਣ ਲੱਗ ਪਿਆ ਸੀ । ਇਸ ਤੋਂ ਇਹ ਮੰਨ ਲਿਆ ਗਿਆ ਹੈ ਕਿ 1699 ਈ. ਦੀ ਵਿਸਾਖੀ ‘ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ । ਗਯਾਨੀ ਗਯਾਨ ਸਿੰਘ, ਜੋ ਉਨ੍ਹੀਂਵੀ ਸਦੀ ਦੇ. ਅਖੀਰਲੇ ਦਹਾਕਿਆਂ ਦਾ ਸਿੱਖ ਇਤਿਹਾਸਕਾਰ ਹੋਇਆ ਹੈ, ਨੇ ਪਹਿਲੀ ਵਾਰ ਖਾਲਸਾ ਸਾਜੇ ਜਾਣ ਦੀ ਮਿਤੀ ਪਹਿਲੀ ਵਿਸਾਖ, ਸੰਮਤ 1756 ਬਿ. ਦਿੱਤੀ ਹੈ ਜਿਹੜੀ 29 ਮਾਰਚ, 1699 ਈ. ਬਣਦੀ ਹੈ। ਗਯਾਨੀ ਗਯਾਨ ਸਿੰਘ ਦੀ ਲਿਖਤ ਤੋਂ ਇਲਾਵਾ ਹੋਰ ਕਿਸੇ ਵੀ ਗੁਰਮੁਖੀ ਲਿਖਤ ਵਿਚ ਇਹ ਮਿਤੀ ਨਹੀਂ ਦਿੱਤੀ ਗਈ। ਉਨ੍ਹਾਂ ਵਿਚ ਦਿੱਤੀਆਂ ਗਈਆਂ ਮਿਤੀਆਂ ਆਧੁਨਿਕ ਇਤਿਹਾਸਕਾਰਾਂ ਵੱਲੋਂ ਠੀਕ ਨਹੀਂ ਮੰਨੀਆਂ ਗਈਆਂ ਹਨ। ਇਸ ਤਰ੍ਹਾਂ ਸਿੱਖ ਇਤਿਹਾਸ ਦੇ ਆਧੁਨਿਕ ਯੁੱਗ ਦੇ ਇਤਿਹਾਸਕਾਰਾਂ ਨੇ ਖਾਲਸਾ ਸਾਜੇ ਜਾਣ ਦੀ ਮਿਤੀ 29 ਮਾਰਚ, 1699 ਈ. ਮੁਤਾਬਕ ਪਹਿਲੀ ਬਿਸਾਖ, ਸੰਮਤ 1756 ਬਿ. ਹੀ ਸਹੀ ਮੰਨੀ ਹੈ।

ਇਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 ਬਿ. (1699 ਈ.) ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਮਹਾਨ ਇਕੱਠ ਕੀਤਾ । ਗੁਰੂ ਜੀ ਦੇ ਸਮਕਾਲੀ ਲੇਖਕ ਕਵੀ ਸੈਨਾਪਤਿ ਅਨੁਸਾਰ ਸਤਲੁਜ ਦਰਿਆ ਦੇ ਕੰਢੇ ‘ਤੇ ਵਸੇ ਹੋਏ ਆਨੰਦਪੁਰ ਸਾਹਿਬ ਨਗਰ ਵਿਖੇ ਸਿੱਖ ਸੰਗਤਾਂ ਦਾ ਵਿਸ਼ਾਲ ਮੇਲਾ ਲੱਗਿਆ । ਦੇਸ਼ ਦੇ ਹਰ ਨਗਰ ਵਿਚੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਗੁਰੂ ਜੀ ਨੇ ਸੰਗਤਾਂ ਨੂੰ ਆਪਣੇ ਇਸ ਵਿਚਾਰ ਤੋਂ ਜਾਣੂੰ ਕਰਵਾਇਆ ਕਿ ਉਨ੍ਹਾਂ ਨੇ ਖਾਲਸੇ ਦੀ ਸਾਜਨਾ ਕਰਨੀ ਹੈ। ਇਹ ਸੁਣ ਕੇ ਕੁਝ ਸੰਗਤਾਂ ਤਾਂ ਇਕ ਦਮ ਖਾਲਸਾ ਬਣਨ ਨੂੰ ਤਿਆਰ ਹੋ ਗਈਆਂ ਪਰ ਕੁਝ ਇਕ ਘਬਰਾ ਵੀ ਗਈਆਂ ਸਨ । ਗੁਰੂ ਸਾਹਿਬ ਖਾਲਸਾ ਸਾਜ ਕੇ ਸਿੱਖ ਸੰਗਤਾਂ ਦੇ ਮਨਾਂ ਵਿਚੋਂ ਸਭ ਕਿਸਮ ਦੇ ਸ਼ੱਕ-ਸ਼ੁਬਹੇ ਖ਼ਤਮ ਕਰ ਦੇਣਾ ਚਾਹੁੰਦੇ ਸਨ । “

ਖਾਲਸਾ ਵਿਸ਼ਵਾਸ ਅਤੇ ਰਵਾਇਤ ਅਨੁਸਾਰ ਗੁਰੂ ਸਾਹਿਬ ਨੇ ਸਮੁੱਚੇ ਇਕੱਠ ਵਿਚੋਂ ਐਸੇ ਪੰਜ ਸਿੱਖਾਂ ਦੀ ਚੋਣ ਕੀਤੀ ਜੋ ਆਪਣਾ ਸਿਰ ਗੁਰੂ ਜੀ ਲਈ ਵਾਰ ਸਕਦੇ ਸਨ । ਇਨ੍ਹਾਂ ਪੰਜ ਸਿੰਘਾਂ ਵਿਚ ਭਾਈ ਦਯਾ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਸਨ । ਇਨ੍ਹਾਂ ਦੇ ਪਹਿਲੇ ਨਾਵਾਂ ਨਾਲ ਸਿੰਘ ਸ਼ਬਦ ਨਹੀਂ ਸੀ ਲੱਗਿਆ ਹੋਇਆ ਅਤੇ ਇਹ ਪੰਜੇ ਸਿੰਘ ਵੱਖ ਵੱਖ ਜਾਤਾਂ ਵਿਚੋਂ ਸਨ । ਭਾਈ ਦਯਾ ਸਿੰਘ ਜੀ ਲਾਹੌਰ ਦੇ ਖੱਤਰੀ ਸਨ, ਭਾਈ ਧਰਮ ਸਿੰਘ ਜੀ ਦਿੱਲੀ ਅਤੇ ਸਹਾਰਨਪੁਰ ਖੇਤਰ ਦੇ ਜੱਟ ਸਨ। ਬਾਕੀ ਦੇ ਤਿੰਨ ਸਿੱਖ ਪੰਜਾਬ ਤੋਂ ਬਾਹਰਲੇ, ਭਾਰਤ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਸ਼ੂਦਰ ਜਾਤੀ ਦੇ ਲੋਕਾਂ ਵਿਚੋਂ ਸਨ । ਜਿਵੇਂ ਕਿ ਝਿਊਰ, ਨਾਈ ਅਤੇ ਛੀਂਬੇ । ਗੁਰੂ ਜੀ ਨੇ ਇਨ੍ਹਾਂ ਪੰਜਾਂ ਸਿੰਘਾਂ ਦੀ ਚੋਣ ਕਰਕੇ ਅੰਮ੍ਰਿਤ ਤਿਆਰ ਕੀਤਾ । ਇਸ ਦੀ ਤਿਆਰੀ ਲਈ, ਸ਼ੁੱਧ ਜਲ ਨੂੰ ਸਰਬਲੋਹ ਦੇ ਬਾਟੇ ਵਿਚ ਪਾਇਆ ਗਿਆ ਅਤੇ ਇਸ ਵਿਚ ਮਿੱਠੇ ਪਤਾਸੇ ਮਿਲਾਏ ਗਏ। ਸ਼ੁੱਧ ਜਲ ਅਤੇ ਮਿੱਠੇ ਪਤਾਸਿਆਂ ਦੇ ਮਿਸ਼ਰਣ ਨੂੰ ਸਰਬਲੋਹ ਦੇ ਖੰਡੇ ਨਾਲ ਹਿਲਾਇਆ ਗਿਆ। ਜਲ ਵਿਚ ਖੰਡਾ ਹਿਲਾਉਂਦੇ ਸਮੇਂ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ । ਇਨ੍ਹਾਂ ਪੰਜ ਬਾਣੀਆਂ ਵਿਚ ਸ਼ਾਮਲ ਹਨ: ਗੁਰੂ ਨਾਨਕ ਦੇਵ ਜੀ ਦਾ ਜਪੁਜੀ ਸਾਹਿਬ, ਗੁਰੂ ਅਮਰ ਦਾਸ ਜੀ ਦਾ ਆਨੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਣੀਆਂ ਕਹੀਆਂ ਜਾਂਦੀਆਂ ਰਚਨਾਵਾਂ ਜਾਪ ਸਾਹਿਬ, ਪੰਜ ਸਵੱਯੇ ਅਤੇ ਚੌਪਈ। ਪੰਜਾਂ ਬਾਣੀਆਂ ਦੇ ਪੜ੍ਹੇ ਜਾਣ ਦੇ ਸਮੇਂ ਦੌਰਾਨ ਜਲ ਅਤੇ ਪਤਾਸਿਆਂ ਦਾ ਘੋਲ ਪੂਰੀ ਤਰ੍ਹਾਂ ਘੁਲ ਗਿਆ ਸੀ । ਇਸ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ ਗਿਆ। ਉਪਰੰਤ ਇਹ ਅੰਮ੍ਰਿਤ ਪੰਜਾਂ ਸਿੱਖਾਂ ਨੂੰ ਵਾਰੋ-ਵਾਰੀ ਇਕੋ ਬਾਟੇ ਵਿਚੋਂ ਪਿਲਾਇਆ ਗਿਆ। ਫਿਰ ਪੰਜਾਂ ਸਿੱਖਾਂ ਨੂੰ ਬੀਰ-ਰਸੀ ਪੁਜ਼ੀਸ਼ਨ ਵਿਚ ਬਿਠਾ ਕੇ ਉਨ੍ਹਾਂ ਦੇ ਚੇਹਰਿਆਂ ‘ਤੇ ਪੰਜ ਵਾਰ ਛਿੜਕਿਆ ਗਿਆ। ਪੰਜੇ ਵਾਰ ਹੀ ਉਨ੍ਹਾਂ ਦੇ ਸੀਸ ਦੇ ਕੇਸਾਂ ਵਿਚ ਛਿੜਕਿਆ ਗਿਆ । ਪੰਜ ਵਾਰ ਹੀ ਉਨ੍ਹਾਂ ਨੂੰ ਪੰਜ ਪੰਜ ਚੁਲੀਆਂ ਪੀਣ ਲਈ ਦਿੱਤੀਆਂ ਗਈਆਂ। ਹਰ ਵਾਰ ਚੁਲੀ ਪੀਣ ਸਮੇਂ ਪੰਜੇ ਸਿੱਖ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਬੋਲਦੇ ਸਨ । ਇਸ ਤਰ੍ਹਾਂ ਅੰਮ੍ਰਿਤ ਨੂੰ ਤਿਆਰ ਕਰਨ ਦੇ ਅਤੇ ਛਕਾਉਣ ਦੇ ਤਰੀਕੇ ਦਾ ਮਨੋਵਿਗਿਆਨਕ ਪਰਭਾਵ ਪੈਂਦਾ ਸੀ । ਸਰਬਲੋਹ ਦਾ ਦੋਧਾਰਾ ਖੰਡਾ ਸ਼ਕਤੀ ਦਾ ਪਰਤੀਕ ਸੀ ਜਿਸ ਦਾ ਭਾਵ ਸੀ ਕਿ ਮਨੁੱਖ ਦੀ ਹੋਂਦ ਜਾਂ ਇਸ ਸੰਸਾਰ ਦੀ ਹੋਂਦ ਸਿਰਫ ਸ਼ਕਤੀ ‘ਤੇ ਹੀ ਆਧਾਰਤ ਹੈ। ਬਿਨਾਂ ਸ਼ਕਤੀ ਤੋਂ ਕੋਈ ਹੋਂਦ ਵੀ ਸਥਿਰ ਨਹੀਂ ਹੈ। ਗੁਰੂ ਬਾਣੀਆਂ ਦਾ ਪਾਠ ਆਤਮਿਕ ਸ਼ਕਤੀਆਂ ਮੁਹੱਈਆ ਕਰਨ ਦਾ ਆਧਾਰ ਹਨ। ਇਸ ਤਰ੍ਹਾਂ ਆਤਮਿਕ ਅਤੇ ਦੁਨਿਆਵੀ ਸ਼ਕਤੀ ਦਾ ਸੁਮੇਲ ਅੰਮ੍ਰਿਤ ਦਾ ਮਨੋਵਿਗਿਆਨਕ ਆਧਾਰ ਬਣਾਇਆ ਗਿਆ ਸੀ । ਇਸੇ ਤਰ੍ਹਾਂ ਜਦੋਂ ਅਜਿਹੀ ਆਤਮਿਕ ਸ਼ਕਤੀ ਨਾਲ ਭਰਪੂਰ ਅੰਮ੍ਰਿਤ ਵਿਅਕਤੀ ਦੀਆਂ ਅੱਖਾਂ ਵਿਚ ਅਤੇ ਸਿਰ ਵਿਚ ਛਿੜਕਿਆ ਗਿਆ ਸੀ ਤਾਂ ਇਸ ਦਾ ਭਾਵ ਸੀ ਕਿ ਅੰਮ੍ਰਿਤ ਛਕਣ ਤੋਂ ਪਿੱਛੋਂ ਅੰਮ੍ਰਿਤਧਾਰੀ ਖਾਲਸਾ ਆਤਮਿਕ ਤੌਰ ‘ਤੇ ਅਤੇ ਸੰਸਾਰਕ ਤੌਰ ’ਤੇ ਸੁਤੰਤਰ ਹੋ ਗਿਆ ਹੈ। ਇਸ ਲਈ ਨਾ ਹੀ ਉਸ ਦੀ ਨਜ਼ਰ ਕਿਸੇ ਦੇ ਅੱਗੇ ਝੁਕਣੀ ਚਾਹੀਂਦੀ ਹੈ ਅਤੇ ਨਾ ਹੀ ਉਸ ਦਾ ਸਿਰ ਕਿਸੇ ਦੇ ਅੱਗੇ ਝੁਕਣਾ ਚਾਹੀਂਦਾ ਹੈ। ਅੰਮ੍ਰਿਤ ਸ਼ਬਦ ਆਪਣੇ ਆਪ ਵਿਚ ਹੀ ਇਕ ਪਰੰਪਰਿਕ ਤੌਰ ‘ਤੇ ਵਿਸ਼ੇਸ ਪਵਿੱਤਰਤਾ ਰੱਖਦਾ ਹੈ । ਪਰੰਪਰਕ ਤੌਰ ‘ਤੇ ਮੁੱਢ ਕਦੀਮੋਂ ਹੀ ਭਾਰਤੀ ਸੰਸਕਰਿਤੀ ਵਿਚ ਅੰਮ੍ਰਿਤ ਨੂੰ ਇਕ ਵਿਸ਼ੇਸ ਸ਼ਕਤੀ-ਵਰਧਕ ਔਸ਼ਧੀ ਮੰਨਿਆ ਗਿਆ ਹੈ। ਇਹੀ ਵਜ੍ਹਾ ਹੈ ਕਿ ਬੀਰ-ਰਸ ਭਰਪੂਰ ਅਤੇ ਅਧਿਆਤਮਕ ਵਾਤਾਵਰਣ ਵਿਚ ਤਿਆਰ ਕੀਤੇ ਗਏ ਮਿੱਠੇ ਜਲ ਨੂੰ ਅੰਮ੍ਰਿਤ ਜੈਸਾ ਪਵਿੱਤਰ ਨਾਂ ਦਿੱਤਾ ਗਿਆ ਸੀ। ਅੰਮ੍ਰਿਤ ਦੇ ਅਰਥ ਹਨ ‘ਸਦਾ ਲਈ ਅਮਰ ਰੱਖਣ ਵਾਲੀ ਔਸ਼ਧੀ’ ।

ਚੁਣੇ ਗਏ ਪੰਜੇ ਸਿੰਘ ਨੀਲੇ ਲਿਬਾਸ’ ਵਿਚ ਸਨ ਅਤੇ ਇਨ੍ਹਾਂ ਦੇ ਗਾਤਰੇ ਕਿਰਪਾਨਾਂ ਲਮਕ ਰਹੀਆਂ ਸਨ । ਇਨ੍ਹਾਂ ਪੰਜਾਂ ਸਿੰਘਾਂ ਦੇ ਨਾਵਾਂ ਨਾਲ ‘ਸਿੰਘ’ ਸ਼ਬਦ ਜੋੜੇ ਗਏ ਅਤੇ ਇਨ੍ਹਾਂ ਨੂੰ ਗੁਰੂ ਜੀ ਦੇ ਪੰਜ ਪਿਆਰਿਆਂ ਦਾ ਵਿਸ਼ੇਸ਼ਣ ਦਿੱਤਾ ਗਿਆ। ਇਹ ਪੰਜ ਪਿਆਰੇ ਖਾਲਸਾ ਪੰਥ ਦੇ ਪਹਿਲੇ ਪੰਜ ਮੈਂਬਰ ਸਨ । ਇਨ੍ਹਾਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਗੁਰੂ ਸਾਹਿਬ ਖੁਦ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜੋ ਗਏ ਅਤੇ ਬੇਨਤੀ ਕੀਤੀ ਕਿ ਹੁਣ ਇਨ੍ਹਾਂ ਪੰਜ ਪਿਆਰਿਆਂ ਰਾਹੀਂ ਉਨ੍ਹਾਂ (ਗੁਰੂ) ਨੂੰ ਵੀ ਉਸੇ ਤਰ੍ਹਾਂ ਅੰਮ੍ਰਿਤ ਛਕਾਇਆ ਜਾਵੇ । ਭਾਵੇਂ ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਸਭ ਨੂੰ ਹੈਰਾਨੀ ਹੋਈ ਪਰ ਇਹ ਗੁਰੂ ਜੀ ਦਾ ਹੀ ਹੁਕਮ ਸੀ ਇਸ ਕਰਕੇ ਪੰਜਾਂ ਪਿਆਰਿਆਂ ਰਾਹੀਂ ਉਨ੍ਹਾਂ (ਗੁਰੂ) ਨੂੰ ਵੀ ਉਸੇ ਤਰ੍ਹਾਂ ਅੰਮ੍ਰਿਤ ਛਕਾਇਆ ਗਿਆ ਅਤੇ ਉਹ ਵੀ ਗੁਰੂ-ਰੂਪ ਖਾਲਸੇ ਦਾ ਮੈਂਬਰ ਬਣ ਗਏ । ਉਨ੍ਹਾਂ ਦੇ ਨਾਂ ਨਾਲ ਵੀ ‘ਸਿੰਘ’ ਸ਼ਬਦ ਜੁੜ ਗਿਆ । ਇਸ ਨਾਲ ਦੁਨੀਆਂ ਦੇ ਇਤਿਹਾਸ ਵਿਚ ਬਿਲਕੁਲ ਹੀ ਇਕ ਨਿਵੇਕਲੀ ਘਟਨਾ ਵਾਪਰ ਗਈ ਸੀ । ਖਾਲਸੇ ਦੀ ਸਾਜਨਾ ਕਰਨ ਵਾਲਾ ਮਾਲਕ ਖੁਦ ਵੀ ਆਪਣੇ ਸਾਜੇ ਹੋਏ ਖਾਲਸੇ ਦਾ ਚੇਲਾ ਬਣ ਗਿਆ ਸੀ । ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਗੁਰੂ ਵੀ ਸਨ ਅਤੇ ਖਾਲਸੇ ਦੇ ਚੇਲੇ ਵੀ ਸਨ। ਗੁਰੂ ਜੀ ਦੇ ਹੀ ਇਕ ਹੋਰ ਸਮਕਾਲੀ ਕਵੀ ਭਾਈ ਗੁਰਦਾਸ ਦੂਜੇ ਨੇ ਆਪਣੀ ਇਕ ਰਚਨਾ ਵਿਚ ਇਹ ਗੱਲ ਕਹੀ ਹੈ : ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

ਇਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਖਾਲਸਾ ਬਣਾ ਕੇ ਉਨ੍ਹਾਂ ਨੂੰ ਅੱਗੇ ਹੋਰ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਉਸੇ ਦਿਨ ਬੀਹ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕਾਉਣ ਉਪਰੰਤ ਗੁਰੂ ਸਾਹਿਬ ਨੇ ਖਾਲਸੇ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਉਹ ਇਸ ਦਿਨ ਤੋਂ ਖਾਲਸਾ ਬਣ ਗਏ ਹਨ । ਹੁਣ ਉਹ ਸਿੱਧਾ ਆਪਣੇ ਗੁਰੂ ਨਾਲ ਜੁੜ ਗਏ ਹਨ। ਹੁਣ ਉਨ੍ਹਾਂ ਅਤੇ ਖਾਲਸੇ ਵਿਚਕਾਰ ਕੋਈ ਤੀਸਰੀ ਧਿਰ ਨਹੀਂ ਹੈ। ਖਾਲਸਾ ਬਣੇ ਸਿੱਖਾਂ ਦੇ ਜੀਵਨ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਜੀਵਨ ਖਤਮ ਸਮਝਿਆ ਗਿਆ ਸੀ। ਉਨ੍ਹਾਂ ਦੇ ਪਹਿਲੇ ਵਿਸ਼ਵਾਸ ਅਤੇ ਪਹਿਲੇ ਪਰਿਵਾਰਕ ਤੇ ਜਾਤੀ ਪਿਛੋਕੜ ਸਭ ਖਤਮ ਸਮਝੇ ਗਏ ਸਨ । ਖਾਲਸਾ ਬਣ ਕੇ ਉਨ੍ਹਾਂ ਦਾ ਨਵਾਂ ਜੀਵਨ ਸ਼ੁਰੂ ਹੋਇਆ ਹੈ। ਇਸ ਨਵੇਂ ਜੀਵਨ ਵਿਚ ਉਹ ਕੇਵਲ ਤੇ ਕੇਵਲ ਗੁਰੂ ਦਾ ਖਾਲਸਾ ਹਨ। ਉਨ੍ਹਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਕੁਝ ਸਮੇਂ ਬਾਅਦ ਮਾਤਾ ਸਾਹਿਬ ਕੌਰ ਨੂੰ ਵੀ ਖਾਲਸੇ ਦੀ ਮਾਤਾ ਮੰਨਿਆ ਜਾਣਾ ਸ਼ੁਰੂ ਹੋ ਗਿਆ ਸੀ । ਸਮੂਹ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ਅਤੇ ਵਸਨੀਕ ਆਨੰਦਪੁਰ ਸਾਹਿਬ ਦਾ ਮੰਨਿਆ ਗਿਆ ਹੈ। ਹੁਣ ਉਨ੍ਹਾਂ ਦਾ ਇਕੋ-ਇਕ ਨਿਸ਼ਚਾ ਗੁਰੂ ਸਾਹਿਬਾਨ ਦੀ ਗੁਰਬਾਣੀ ਸੀ ਅਤੇ ਉਹ ਇਕੋ ਅਕਾਲ-ਪੁਰਖ ਦੇ ਉਪਾਸ਼ਕ ਸਨ। ਸਮੁੱਚਾ ਖਾਲਸਾ ਇਕ ਭਾਈਚਾਰਾ ਹੋਣਾ ਸੀ ਜਿਸ ਵਿਚ ਕੋਈ ਊਚ-ਨੀਚ ਅਤੇ ਛੋਟੇ-ਵੱਡੇ ਦੀ ਸੋਚਣੀ ਨਹੀਂ ਹੋਣੀ ਸੀ। ਇਸ ਸਮੇਂ ਦੀ ਅਜਿਹੀ ਤਕਰੀਰ ਨੂੰ ਇਕ ਮੁਸਲਿਮ ਲੇਖਕ ਬੂਟੇ ਸ਼ਾਹ ਨੇ ਸਭ ਤੋਂ ਪਹਿਲੀ ਵਾਰ ਆਪਣੀ ਲਿਖਤ ਤਵਾਰੀਖ਼-ਏ-ਪੰਜਾਬ ਵਿਚ ਦਿੱਤਾ ਹੈ। ਭਾਵੇਂ ਬੂਟੇ ਸ਼ਾਹ ਉਨ੍ਹੀਵੀਂ ਸਦੀ ਦੇ ਪੰਜਵੇਂ ਦਹਾਕੇ ਦਾ ਲੇਖਕ ਹੈ ਪਰ ਉਸ ਨੇ ਪਹਿਲੀ ਵਾਰ ਇਹ ਬਿਆਨ ਆਪਣੀ ਲਿਖਤ ਵਿਚ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਉਸ ਦਾ ਇਹ ਕਥਨ ਉਸ ਸਮੇਂ ਵਿਚ ਉਨ੍ਹਾਂ ਗੁਪਤ ਤੌਰ ‘ਤੇ ਭੇਜੀਆਂ ਗਈਆਂ ਸਰਕਾਰੀ ਨਾਮਾਨਿਗਾਰਾਂ ਦੀਆਂ ਰਿਪੋਰਟਾਂ ਉਪਰ ਆਧਾਰਤ ਹੈ ਜਿਹੜੀਆਂ ਖਾਲਸਾ ਸਾਜੇ ਜਾਣ ਵੇਲੇ ਆਨੰਦਪੁਰ ਸਾਹਿਬ ਵਿਖੇ ਇਕੱਠ ਵਿਚ ਸ਼ਾਮਲ ਸਰਕਾਰੀ ਗੁਪਤਚਰਾਂ ਵੱਲੋਂ ਔਰੰਗਜ਼ੇਬ ਨੂੰ ਭੇਜੀਆਂ ਗਈਆਂ ਸਨ । ਬੂਟੇ ਸ਼ਾਹ ਅਨੁਸਾਰ ਗੁਰੂ ਸਾਹਿਬ ਨੇ ਖਾਲਸਾ ਸਜੇ ਸਿੰਘਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਕਹੇ ਸਨ: “ਮੇਰੀ ਇੱਛਾ ਹੈ ਕਿ ਤੁਸੀਂ ਸਭ ਇਕ ਮੱਤ ਦੇ ਅਨੁਯਾਈ ਅਤੇ ਇਕੋ ਰਸਤੇ ਦੇ ਪਾਂਧੀ ਬਣ ਜਾਓ ਅਤੇ ਧਰਮ ਦੇ ਸਾਰੇ ਵਿਤਕਰਿਆਂ ਨੂੰ ਆਪਣੇ ਦਿਮਾਗ ਵਿਚੋਂ ਕੱਢ ਦੇਵੋ । ਹਿੰਦੂਆਂ ਦੀਆਂ ਚਾਰੇ ਜਾਤਾਂ ਨੂੰ ਜਿਨ੍ਹਾਂ ਪਰੱਤੀ ਵੱਖ-ਵੱਖ ਨੀਯਮ ਸ਼ਾਸ਼ਤਰਾਂ ਵਿਚ ਦਿੱਤੇ ਗਏ ਹਨ ਪੂਰੀ ਤਰ੍ਹਾਂ ਤਿਆਗ ਦਿੱਤਾ ਜਾਏ ਅਤੇ ਮਿਲਵਰਤਨ ਦਾ ਰਾਹ ਧਾਰਨ ਕਰਕੇ ਇਕ ਦੂਸਰੇ ਨਾਲ ਖੁਲ੍ਹਮ-ਖੁਲ੍ਹਾ ਮਿਲਿਆ ਜਾਏ । ਕੋਈ ਵੀ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਚੰਗੇਰਾ ਨਾ ਸਮਝੇ । ਪੁਰਾਣੇ ਧਰਮ ਗਰੰਥਾਂ ਨੂੰ ਨਾ ਮੰਨੋ । ਤੁਹਾਡੇ ਵਿਚੋਂ ਕੋਈ ਵੀ ਦਰਿਆ ਗੰਗਾ ਦੀ ਅਤੇ ਹੋਰ ਯਾਤਰਾ ਅਸਥਾਨਾਂ ਦੀ ਜੋ ਹਿੰਦੂ ਧਰਮ ਵਿਚ ਪਵਿੱਤਰ ਗਿਣੇ ਜਾਂਦੇ ਹਨ, ਪੂਜਾ ਨਾ ਕਰੇ ਅਤੇ ਨਾ ਹੀ ਹਿੰਦੂ ਇਸ਼ਟਾਂ ਜਿਵੇਂ ਰਾਮ, ਕਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਦੀ ਪੂਜਾ ਕਰੇ ਪਰ ਤੁਹਾਡੇ ਵਿਚੋਂ ਹਰ ਕੋਈ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉਤਰਅਧਿਕਾਰੀਆਂ ਵਿਚ ਸ਼ਰਧਾ ਰੱਖੇ । ਚਾਰੇ ਵਰਣਾਂ ਦੇ ਲੋਕ ਮੇਰਾ ਅੰਮ੍ਰਿਤ ਛਕਣ, ਇਕੋ ਬਾਟੇ ਵਿਚੋਂ ਪਰਸ਼ਾਦ ਛਕਣ ਅਤੇ ਇਕ ਦੂਸਰੇ ਲਈ ਘਿਰਣਾ ਦੀ ਭਾਵਨਾ ਮਨ ਵਿਚ ਨਾ ਰੱਖੀ ਜਾਵੇ । ਭਾਵੇਂ ਬੂਟੇ ਸ਼ਾਹ ਦਾ ਇਹ ਬਿਆਨ ਪੂਰਾ ਨਹੀਂ ਹੈ ਸਗੋਂ ਇਸ ਤੋਂ ਅੱਗੇ ਹੋਰ ਵੀ ਕਾਫੀ ਕੁਝ ਇਸ ਵਿਚ ਜੋੜਿਆ ਗਿਆ ਹੈ। ਜਿਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਗੱਲ ਵੀ ਕਹੀ ਗਈ ਹੈ। ਇਹ ਵੀ ਕਿ ਭਾਵੇਂ ਇਸ ਬਿਆਨ ਨੂੰ ਗੁਰੂ ਸਾਹਿਬ ਦੇ ਆਪਣੇ ਸਿੱਧੇ ਭਾਸ਼ਣ ਦੇ ਤੌਰ ‘ਤੇ ਦਿੱਤਾ ਗਿਆ ਹੈ ਜਿਹੜਾ ਕੇ ਇਤਿਹਾਸਕ ਤੌਰ ‘ਤੇ ਦਰੁਸਤ ਨਹੀਂ ਹੈ ਪਰ ਇਸ  ਵਿਚੋਂ, ਖਾਲਸੇ ਦੇ ਇਕੱਠ ਬਾਰੇ ਅਤੇ ਉਸ ਵਿਚ ਗੁਰੂ ਜੀ ਵੱਲੋਂ ਕਹੀਆਂ ਗਈਆਂ ਗੱਲਾਂ ਬਾਰੇ ਜੋ ਪਰੰਪਰਿਕ ਤੌਰ ‘ਤੇ ਲੋਕ ਧਾਰਨਾ ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਸੀ, ਉਸ ਦੀ ਜਾਣਕਾਰੀ ਜ਼ਰੂਰ ਮਿਲਦੀ ਹੈ। ਸਿੱਖ ਇਤਿਹਾਸਕਾਰਾਂ” ਨੇ ਇਸ ਨੂੰ ਹੁਬਹੂ ਅਪਣਾਇਆ ਹੈ ਜਿਹੜੀ ਕਿ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਅਜੋਕੇ ਸਿੱਖ ਜਜ਼ਬਾਤ ਵੀ ਇਸ ਨੂੰ ਮਨਜ਼ੂਰ ਕਰਦੇ ਹਨ । ਭਾਵੇਂ ਕੁਝ ਕੁ ਆਧੁਨਿਕ ਸਿੱਖ ਇਤਿਹਾਸਕਾਰ, ਜਿਹੜੇ ਕਿ ਨਿਰੋਲ ਤੱਥ ਆਧਾਰਤ ਗੱਲ ਕਰਨਾ ਚਾਹੁੰਦੇ ਹਨ, ਨੇ ਇਸ ਨੂੰ ਇਕ ਰਵਾਇਤ ਮੰਨ ਕੇ ਇਸ ਦੀ ਅਹਿਮੀਅਤ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ।° ਪਰ ਇਸ ਦੀ ਇਕ ਵਿਸ਼ੇਸ ਇਤਿਹਾਸਕ ਅਹਿਮੀਅਤ ਹੈ ਜਿਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਖਾਲਸੇ ਦੀ ਸਾਜਨਾ ਸਮਾਜਕ ਅਤੇ ਧਾਰਮਿਕ ਤੌਰ ‘ਤੇ ਇਕ ਬੜਾ ਸਖ਼ਤ ਕਰਾਂਤੀਕਾਰੀ ਕਦਮ ਸੀ । ਇਸ ਕਰਕੇ, ਭਾਰਤੀ ਸਮਾਜ ਦੀਆਂ ਉਹ ਤਾਕਤਾਂ ਇਸ ਨੂੰ ਛੇਤੀ ਕੀਤਿਆਂ ਸਹਿਣ ਨਹੀਂ ਕਰ ਸਕੀਆਂ ਜਿਹੜੀਆਂ ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਸਮੁੱਚੇ ਭਾਈਚਾਰੇ ਨੂੰ ਜਾਤ-ਵੰਡ ਪਰਣਾਲੀ ਵਿਚ ਜਕੜ ਕੇ ਰੱਖਣਾ ਚਾਹੁੰਦੀਆਂ ਸਨ । ਸਾਨੂੰ ਇਹ ਜਾਣਕਾਰੀ ਭਰੋਸੇਯੋਗ ਸਰੋਤਾਂ ਤੋਂ ਮਿਲਦੀ ਹੈ ਕਿ ਖਾਲਸੇ ਦੀ ਸਾਜਨਾ ਸਮੇਂ ਬਰਾਹਮਣ ਅਤੇ ਕੁਝ ਖੱਤਰੀ ਵਰਗ ਦੇ ਲੋਕ ਖਾਲਸੇ ਦੇ ਮਿਸ਼ਨ ਤੋਂ ਇਨਕਾਰੀ ਹੋ ਕੇ, ਹਾਜ਼ਰ ਇਕੱਠ ਵਿਚੋਂ ਉਠ ਕੇ ਚਲੇ ਗਏ ਸਨ । ਉਨ੍ਹਾਂ ਨੂੰ ਆਪਣੇ ਸਰੇਸ਼ਠ-ਜਾਤੀ ਦਾ ਹੋਣ ਉੱਤੇ ਮਾਣ ਸੀ ਅਤੇ ਉਹ ਸਮਝਦੇ ਸਨ ਕਿ ਨੀਵੀਆਂ ਜਾਤਾਂ ਦੇ ਵਿਅਕਤੀਆਂ ਨਾਲ ਇਕੋ ਹੀ ਬਾਟੇ ਵਿਚੋਂ ਅੰਮ੍ਰਿਤ ਛਕ ਕੇ ਉਹ ਕਿਸ ਤਰ੍ਹਾਂ ਆਪਣੇ ਵਡੇਰਿਆਂ ਦੀ ਰਵਾਇਤ ਨੂੰ ਤੋੜ ਸਕਦੇ ਸਨ।” ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਗੱਜ ਬੱਜ ਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਅਸਲ ਤਾਕਤ ਇਹ ਗਰੀਬ ਲੋਕ ਹੀ ਹਨ। ਇਨ੍ਹਾਂ ਦੀ ਸ਼ਕਤੀ ਨਾਲ ਹੀ ਉਨ੍ਹਾਂ ਨੇ ਅਨਿਆਇ ਅਤੇ ਜ਼ੁਲਮ ਦੇ ਖਿਲਾਫ ਛੇੜੇ ਹੋਏ ਯੁੱਧਾਂ ਨੂੰ ਫਤਿਹ ਕਰਨਾ ਹੈ ਅਤੇ ਇਨ੍ਹਾਂ ਦੀ ਸ਼ਕਤੀ ਨਾਲ ਹੀ ਉਨ੍ਹਾਂ ਨੇ ਹਰ ਕਿਸਮ ਦੀ ਮੁਸ਼ਕਲ ‘ਤੇ ਕਾਬੂ ਪਾਉਣਾ ਹੈ।” ਇਸ ਤਰ੍ਹਾਂ ਖਾਲਸੇ ਦੀ ਸਾਜਨਾ, ਉੱਚ-ਜਾਤੀ ਦੇ ਲੋਕਾਂ ਦੀ ਸਰਗਰਮ ਵਿਰੋਧਤਾ ਦੀ ਮੌਜੂਦਗੀ ਵਿਚ ਕੀਤੀ ਗਈ ਸੀ । ਇਸ ਨੂੰ ਬਰਾਹਮਣਾਂ ਅਤੇ ਕੁਝ ਖੱਤਰੀਆਂ ਨੇ ਆਪਣੀ ਸ਼ਾਨ ਲਈ ਇਕ ਜਬਰਦਸਤ ਚੁਣੌਤੀ ਸਮਝਿਆ ਸੀ ।

ਅੰਮ੍ਰਿਤ ਦੀ ਰਸਮ ਦੇ ਨਾਲ ਹੀ ਖਾਲਸੇ ਲਈ ਪੰਜ ਕਕਾਰ ਜਰੂਰੀ ਬਣਾ ਦਿੱਤੇ ਗਏ ਸਨ । ਇਨ੍ਹਾਂ ਪੰਜ ਕਕਾਰਾਂ ਦਾ ਮਤਲਬ ਹੈ ਕਿ ਜਿਹੜੀਆਂ ਪੰਜ ਵਸਤਾਂ ਖਾਲਸੇ ਨੂੰ ਅਪਣਾਉਣ ਲਈ ਜ਼ਰੂਰੀ ਬਣਾ ਦਿੱਤੀਆਂ ਗਈਆਂ ਹਨ ਉਨ੍ਹਾਂ ਦੇ ਨਾਂ ਪੰਜਾਬੀ ਦੇ ‘ਕੱਕਾ’ ਅੱਖਰ ਨਾਲ ਸ਼ੁਰੂ ਹੁੰਦੇ ਹਨ। ‘ਕੱਕੇ ਨਾਲ ਸ਼ੁਰੂ ਹੋਣ ਕਰਕੇ ਇਨ੍ਹਾਂ ਨੂੰ ਪੰਜ ‘ਕੱਕਿਆਂ’ ਵਾਲੀਆਂ ਵਸਤਾਂ ਜਾਂ ਪੰਜ ਕਕਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ । ਇਹ ਸਨ: ਕੱਕਾ ਕੇਸ਼, ਕੱਕਾ ਕੰਘਾ, ਕੱਕਾ ਕੜਾ, ਕੱਕਾ ਕਿਰਪਾਨ ਅਤੇ ਕੱਕਾ ਕਛਹਿਰਾ। ਸਮੂਹ ਖਾਲਸਾ ਭਾਈਚਾਰੇ ਨੂੰ ਆਪਣੇ ਸਰੀਰ ਦੇ ਸਾਰੇ ਕੇਸ ਸਾਬਤ-ਸੂਰਤ ਰੱਖਣ ਲਈ ਕਿਹਾ ਗਿਆ ਸੀ ਅਰਥਾਤ ਕਿਸੇ ਵੀ ਅੰਮ੍ਰਿਤਧਾਰੀ ਸਿੰਘ ਨੇ ਆਪਣੇ ਸਰੀਰ ਦਾ ਕੋਈ ਵੀ ਰੋਮ ਕਟਵਾਉਣਾ ਨਹੀਂ ਸੀ । ਰੋਮ ਕਟਵਾਉਣਾ ਇਕ ਐਸੀ ਬੱਜਰ ਕੁਰਹਿਤ ਮੰਨੀ ਗਈ ਸੀ ਜਿਸ ਦੇ ਵਾਪਰਨ ਨਾਲ ਉਸ ਵਿਅਕਤੀ ਨੂੰ ਖਾਲਸਾ ਭਾਈਚਾਰੇ ਵਿਚੋਂ ਕੱਢਿਆ ਜਾ ਸਕਦਾ ਸੀ। ਇਸ ਕਰਕੇ ਸਭ ਤੋਂ ਪਹਿਲੀ ਵਸਤੂ ਕੱਕਾ ਕੇਸ਼ ਖਾਲਸੇ ਦੀ ਰਹਿਤ ਦਾ ਅੰਗ ਬਣਾਈ ਗਈ ਸੀ । ਕੇਸ਼ਾਂ ਦੀ ਸਫਾਈ ਲਈ ਕੰਘੇ ਦਾ ਰੱਖਣਾ ਜ਼ਰੂਰੀ ਸੀ । ਇਸ ਦੀ ਪਾਲਣਾ ਕਰਨ ਲਈ ਹਰ ਸਮੇਂ ਕੰਘੇ ਨੂੰ ਕੇਸਾਂ ਵਿਚ ਰੱਖਣ ਦੀ ਹਦਾਇਤ ਕੀਤੀ ਗਈ। ਇਸ ਤਰ੍ਹਾਂ ਕੱਕਾ ਕੰਘਾ, ਰਹਿਤ ਦਾ ਦੂਜਾ ਅੰਗ ਬਣਿਆ । ਖਾਲਸਾ ਇਕ ਵਿਸ਼ੇਸ ਜਾਬਤੇ ਵਾਲਾ ਜਾਂ ਸਵੈ-ਜ਼ਾਬਤੇ ਵਾਲਾ ਜੱਥੇਬੰਦਕ ਢਾਂਚਾ ਸੀ। ਇਸ ਵਿਸ਼ੇਸ ਜ਼ਾਬਤੇ ਦਾ ਪਰਤੀਕ ਲੋਹੇ ਦਾ ਕੜਾ ਬਣਾਇਆ ਗਿਆ। ਇਸ ਦਾ ਮਤਲਬ ਸੀ ਕਿ ਕੜਾ ਪਹਿਨਿਆ ਹੋਇਆ ਵਿਅਕਤੀ ਆਪਣੇ ਆਪ ਇਕ ਵਿਸ਼ੇਸ ਖਾਲਸਈ ਜਾਬਤੇ ਵਿਚ ਬੱਝਿਆ ਹੋਇਆ ਹੈ। ਇਉਂ ਕੜਾ ਖਾਲਸਾ ਰਹਿਤ ਦਾ ਤੀਜਾ ਅੰਗ ਬਣ ਗਿਆ । ਕਿਰਪਾਨ ਆਤਮ-ਰੱਖਿਆ ਲਈ ਜਾਂ ਆਤਮ-ਸਨਮਾਨ ਲਈ ਜਰੂਰੀ ਸੀ। ਇਸ ਨਾਲ ਹਰ ਖਾਲਸਾ ਮੈਂਬਰ ਦੀ ਸ਼ਖ਼ਸੀਅਤ ਇਕ ਵਿਸ਼ੇਸ ਖਿੱਚ ਦਾ ਪਰਤੀਕ ਬਣਦੀ ਸੀ । ਇਸ ਲਈ ਕਿਰਪਾਨ ਖਾਲਸਾ ਰਹਿਤ ਦਾ ਚੌਥਾ ਅਟੁੱਟ ਅੰਗ ਬਣ ਗਈ ਸੀ । ਕਛਹਿਰਾ, ਵਿਅਕਤੀ ਦੇ ਜਤ-ਸਤ ਦਾ ਪਰਤੀਕ ਹੈ। ਇਹ ਇਕ ਬਿਲਕੁਲ ਹੀ ਨਵਾਂ ਖਾਲਸਾ ਸਟਾਈਲ ਸੀ ਵਿਅਕਤੀ ਦੇ ਕੱਛੇ ਦਾ । ਇਸ ਤੋਂ ਪਹਿਲਾਂ ਭਾਰਤੀ ਸਮਾਜ ਵਿਚ ਲੰਗੋਟੀ ਜਾਂ ਜਾਂਗੀਆ ਜਾਂ ਨਿੱਕਰ ਹੀ ਪਰਚੱਲਤ ਸੀ ਪਰ ਗੁਰੂ ਜੀ ਨੇ ਇਕ ਵਿਸ਼ੇਸ ਕਿਸਮ ਦਾ ਕਛਹਿਰਾ ਤਿਆਰ ਕਰਵਾ ਕੇ ਖਾਲਸੇ ਨੂੰ ਪਹਿਨਣ ਲਈ ਕਿਹਾ। ਇਸ ਦੀ ਬਣਤਰ ਇਸ ਤਰ੍ਹਾਂ ਦੀ ਸੀ ਕਿ ਵਿਅਕਤੀ ਇਕੱਲੇ ਕਛਹਿਰੇ ਨਾਲ ਵੀ ਆਪਣੇ ਪਰਿਵਾਰ ਵਿਚ ਬੈਠ ਸਕਦਾ ਸੀ । ਇਹ ਗੱਲ ਲੰਗੋਟ ਜਾਂ ਨਿੱਕਰ ਨਾਲ ਨਹੀਂ ਸੀ ਹੁੰਦੀ। ਇਹ ਇਕ ਨਿਰੋਲ ਖਾਲਸਾ ਸਭਿਆਚਾਰ ਦਾ ਪਰਤੀਕ ਹੈ ਜੋ ਵਿਅਕਤੀ ਦੀ ਪਰੌੜ ਸੋਚ ਨੂੰ ਦਰਸਾਉਂਦਾ ਹੈ। ਇਸ ਲਈ ਕਛਹਿਰਾ ਖਾਲਸਾ ਰਹਿਤ ਦਾ ਪੰਜਵਾਂ ਅੰਗ ਬਣਾਇਆ ਗਿਆ ਸੀ ।

ਇਨ੍ਹਾਂ ਪੰਜ ਵਸਤਾਂ ਬਾਰੇ ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਇਹ ਸਾਰੀਆਂ ਵਸਤਾਂ ਕੋਈ ਨਵੀਆਂ ਨਹੀਂ ਸਨ ਸਗੋਂ ਇਨ੍ਹਾਂ ਵਿਚੋਂ ਕੁਝ ਸਿੱਖ ਧਰਮ ਵਿਚ ਪਹਿਲੋਂ ਹੀ ਪਰਚੱਲਤ ਸਨ । ਖਾਲਸਾ ਸਾਜੇ ਜਾਣ ਨਾਲ ਤਾਂ ਇਨ੍ਹਾਂ ਦੀ ਵਰਤੋਂ ਜ਼ਰੂਰੀ ਬਣਾ ਦਿੱਤੀ ਗਈ ਸੀ । ਕੇਸ਼ ਪਹਿਲੋਂ ਹੀ ਸਿੱਖ ਧਰਮ ਵਿਚ ਪਵਿੱਤਰ ਮੰਨੇ ਜਾਂਦੇ ਸਨ । ਕਿਰਪਾਨ ਵੀ ਪਹਿਲੋਂ ਹੀ ਰੱਖੀ ਜਾਂਦੀ ਸੀ । ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਦੀਆਂ ਪਹਿਨੀਆਂ ਦੋ ਕਿਰਪਾਨਾਂ ਇਸ ਦਾ ਸਬੂਤ ਹਨ।

ਖਾਲਸੇ ਨੂੰ ਹਦਾਇਤ ਸੀ ਕਿ ਉਹ ਸਵੇਰੇ-ਸ਼ਾਮ ਪੰਜ ਬਾਣੀਆਂ; ਜਪੁਜੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਪੰਜ ਸਵੱਯੇ ਅਤੇ ਚੌਪਈ ਦਾ ਪਾਠ ਕਰੇ । ਇਹ ਵੀ ਹਦਾਇਤ ਸੀ ਕਿ ਖਾਲਸਾ ਪੰਜ ਕਿਸਮ ਦੇ ਵਿਅਕਤੀਆਂ ਨਾਲ ਕਿਸੇ ਵੀ ਕਿਸਮ ਦਾ ਸਮਾਜਿਕ ਮੇਲ-ਜੋਲ ਨਾ ਰੱਖੇ । ਇਹ ਪੰਜ ਕਿਸਮ ਦੇ ਵਿਅਕਤੀ ਸਨ : ਤਮਾਕੂ ਪੀਣ ਵਾਲੇ ਵਿਅਕਤੀ, ਭੱਦਣ ਦੀ ਕਿਰਿਆ ਅਰਥਾਤ ਸਿਰ ਮੁੰਨਣ ਵਾਲੇ ਵਿਅਕਤੀ, ਮਸੰਦ ਜਾਂ ਮਸੰਦਾਂ ਨੂੰ ਮੰਨਣ ਵਾਲੇ ਵਿਅਕਤੀ, ਉਹ ਵਿਅਕਤੀ ਜਿਹੜੇ ਸਿੱਖ ਸੰਗਤ ਵਿਚ ਨਹੀਂ ਬੈਠਦੇ ਅਤੇ ਖਾਲਸੇ ਦੀ ਨਿੰਦਿਆ ਅਰਥਾਤ ਵਿਰੋਧਤਾ ਕਰਦੇ ਹਨ । ‘ ਖਾਲਸਈ ਰਵਾਇਤ ਅਨੁਸਾਰ ਪਿਰਥੀ ਚੰਦੀਏ (ਮੀਣੇ), ਧੀਰ ਮੱਲੀਏ ਅਤੇ ਰਾਮ ਰਾਈਏ ਵੀ ਸਮਾਜਿਕ ਬਾਈਕਾਟ ਕੀਤੇ ਜਾਣੇ ਵਾਲੇ ਵਿਅਕਤੀਆਂ ਵਿਚ ਸ਼ਾਮਲ ਸਨ । ਖਾਲਸੇ ਨੂੰ ਇਹ ਵੀ ਹਦਾਇਤ ਸੀ ਕਿ ਉਹ ਸਿਵਾਏ ਅਕਾਲ ਪੁਰਖ ਤੋਂ ਹੋਰ ਕਿਸੇ ਵੀ ਦੇਵੀ-ਦੇਵਤੇ ਜਾਂ ਹਿੰਦੂ ਮਿਥਿਹਾਸ ਅਨੁਸਾਰ ਨੀਯਤ ਕੀਤੀਆਂ ਰਸਮਾਂ ਅਤੇ ਰਿਵਾਜਾਂ ਵਿਚ, ਮੜ੍ਹੀਆਂ ਅਤੇ ਮਸਾਣੀਆਂ ਵਿਚ ਕੋਈ ਵਿਸ਼ਵਾਸ ਨਾ ਰੱਖੇ। ਉਹ ਸਿਰਫ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੀ ਸਿੱਖਿਆ ਉਪਰ ਹੀ ਅਮਲ ਕਰੇ । ਹਰ ਅੰਮ੍ਰਿਤਧਾਰੀ ਖਾਲਸਾ ਮਰਦ ਆਪਣੇ ਨਾਂ ਨਾਲ ‘ਸਿੰਘ’ ਸ਼ਬਦ ਜੋੜੇ ਅਤੇ ਅੋਰਤ ‘ਕੌਰ’ ਦਾ ਸ਼ਬਦ ਜੋੜੇ। ਭਾਵੇਂ ਸਿੰਘ ਸ਼ਬਦ ਰਾਜਪੂਤਾਂ ਵਿਚ ਵੀ ਪਰਚੱਲਤ ਸੀ ਪਰ ਰਾਜਪੂਤਾਂ ਨੇ ਕਦੇ ਵੀ ਇਸ ਨੂੰ ਜਜ਼ਬਾਤੀ ਤੌਰ ‘ਤੇ ਨਹੀਂ ਅਪਣਾਇਆ। ਸਿੱਖ ਜਗਤ ਨੇ ਸਿੰਘ ਸ਼ਬਦ ਨੂੰ ਆਪਣੀ ਕੌਮੀ ਪਛਾਣ ਲਈ ਪੂਰੇ ਜਜ਼ਬਾਤੀ ਲਗਾਓ ਨਾਲ ਅਪਣਾਇਆ ਹੋਇਆ ਹੈ। ਖਾਲਸੇ ਨੂੰ ਹਦਾਇਤ ਸੀ ਕਿ ਹਰ ਅੰਮ੍ਰਿਤਧਾਰੀ ਸਿੰਘ ਇਕ ਦੂਜੇ ਨੂੰ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ਬੁਲਾਵੇ । ਇਉਂ ਅੰਮ੍ਰਿਤ ਛਕਾਉਣ ਦੀ ਰਸਮ ਵਿਚੋਂ ਸਿਰਜੇ ਗਏ ਖਾਲਸੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾ ਕੇਵਲ ਤੇ ਕੇਵਲ ਖੰਡੇ-ਬਾਟੇ ਦੇ ਅੰਮ੍ਰਿਤ ਵਿਚੋਂ ਹੀ ਪੈਦਾ ਹੁੰਦਾ ਹੈ । ਖਾਲਸਾ ਮਾਂ ਦੇ ਪੇਟ ਵਿਚੋਂ ਜਾਂ ਮਾਤਾ-ਪਿਤਾ ਦੇ ਸਰੀਰਕ ਸਬੰਧਾਂ ਵਿਚੋਂ ਪੈਦਾ ਹੋਣ ਵਾਲਾ ਜੀਵ ਨਹੀਂ ਹੈ। ਇਹ ਖੰਡੇ ਅਤੇ ਬਾਟੇ ਦੇ ਰੂਹਾਨੀ ਸੰਗਮ ਵਿਚੋਂ ਪੈਦਾ ਹੋਣ ਵਾਲਾ ਇਕ ਆਦਰਸ਼ ਮਨੁੱਖ ਹੈ। ਕਿਉਂਕਿ ਇਹ ਆਦਰਸ਼ ਮਨੁੱਖ ਮਾਂ ਦੇ ਪੇਟ ਵਿਚੋਂ ਜਨਮ ਨਹੀਂ ਲੈਂਦਾ ਇਸ ਕਰਕੇ ਇਸ ਦੀ ਮੌਤ ਵੀ ਨਹੀਂ ਹੁੰਦੀ। ਮੌਤ ਵੀ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਮਾਂ ਦੇ ਪੇਟ ਵਿਚੋਂ ਜਨਮ ਲੈਂਦਾ ਹੈ । ਖੰਡੇ ਬਾਟੇ ਦੇ ਅੰਮ੍ਰਿਤ ਵਿਚੋਂ ਪੈਦਾ ਹੋਇਆ ਖਾਲਸਾ ਸਦਾ ਅਮਰ ਹੈ। ਇਸ ਦੇ ਡੁੱਲ੍ਹੇ ਹੋਏ ਖੂਨ ਦੇ ਹਰ ਕਤਰੇ ਵਿਚੋਂ ਨਵਾਂ ਖਾਲਸਾ ਜਨਮ ਲੈਂਦਾ ਹੈ । ਇਸ ਤਰ੍ਹਾਂ ਖਾਲਸਾ ਅਕਾਲ ਪੁਰਖ ਦੀ ਲਾਡਲੀ ਫ਼ੌਜ ਬਣ ਕੇ ਵਿਅਕਤੀ ਦੀ ਸੁਤੰਤਰਤਾ ਲਈ ਸੰਘਰਸ਼ ਦੌਰਾਨ ਵਿਚਰਦਾ ਹੈ।

ਇੱਥੇ ਇਕ ਨੁਕਤਾ ਇਹ ਵੀ ਧਿਆਨ ਦੇਣ ਯੋਗ ਹੈ ਕਿ ਖਾਲਸੇ ਦੀ ਸਾਜਨਾ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪੰਜ ਪਿਆਰਿਆਂ ਸਾਹਮਣੇ ਸਮਰਪਤ ਕਰ ਦਿੱਤਾ ਸੀ ਅਤੇ ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ ਉਨ੍ਹਾਂ ਨੂੰ ਇਕ ਗੁਰੂ ਦਾ ਦਰਜਾ ਦੇ ਦਿੱਤਾ ਸੀ । ਪੰਜ ਪਿਆਰੇ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਸਨ ਇਸ ਲਈ ਇਹ ਮੰਨਿਆ ਜਾਣਾ ਸੁਭਾਵਿਕ ਹੈ ਕਿ ਸਿਧਾਂਤਕ ਤੌਰ ‘ਤੇ ਗੁਰੂ ਜੀ ਨੇ ਸ਼ਖ਼ਸੀ ਗੁਰਿਆਈ ਨੂੰ ਖਾਲਸਾ ਸਾਜਨ ਸਮੇਂ ਹੀ ਖਾਲਸੇ ਵਿਚ ਸਮਿਲਤ ਕਰ ਦਿੱਤਾ ਸੀ। ਭਾਵੇਂ ਅਮਲੀ ਤੌਰ ‘ਤੇ ਇਹ ਸਖ਼ਸ਼ੀ ਗੁਰਿਆਈ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਨਾਲ ਹੀ ਸਮਾਪਤ ਹੋਈ ਸੀ । ਸ਼ਬਦ ਗੁਰੂ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ ਧਰਮ ਵਿਚ ਪਰਚੱਲਤ ਸੀ ਇਸ ਕਰਕੇ ਸਿਧਾਂਤਕ ਤੋਰ ‘ਤੇ ਗ੍ਰੰਥ ਸਾਹਿਬ ਦੀ ਸਰਬਉੱਚਤਾ ਹਮੇਸ਼ਾਂ ਹੀ ਸਿੱਖ ਸਮਾਜ ਵਿਚ ਰਹੀ ਹੈ । ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਅਰਥਾਤ ਗ੍ਰੰਥ ਸਾਹਿਬ ਨੂੰ ਆਤਮਿਕ ਗੁਰੂ ਦਾ ਦਰਜਾ ਅਮਲੀ ਤੌਰ ‘ਤੇ, ਉਪਰ ਵਰਨਣ ਕੀਤੇ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਨਾਲ ਹੀ ਪਰਾਪਤ ਹੋਇਆ ਸੀ ਪਰ ਇਹ ਸਭ ਕੁਝ ਸਿਧਾਂਤਕ ਤੌਰ ‘ਤੇ ਖਾਲਸੇ ਦੀ ਸਾਜਨਾ ਕਰਨ ਸਮੇਂ ਹੀ ਸਥਾਪਤ ਕਰ ਦਿੱਤਾ ਗਿਆ ਸੀ।

ਖਾਲਸਾ ਸਾਜਨਾ ਦੇ ਪਰਭਾਵ :

ਖਾਲਸੇ ਦੀ ਸਾਜਨਾ ਸਿੱਖ ਇਤਿਹਾਸ ਵਿਚ ਇਕ ਯੁੱਗ ਪਲਟਾਊ ਘਟਨਾ ਸੀ। ਇਸ ਨੇ ਸਿੱਖ ਸਮਾਜ ਨੂੰ ਤਾਂ ਪਰਭਾਵਤ ਕਰਨਾ ਹੀ ਕਰਨਾ ਸੀ ਸਗੋਂ ਇਸ ਨੇ ਭਾਰਤੀ ਸਮਾਜ ਨੂੰ ਵੀ ਪੂਰੀ ਤਰ੍ਹਾਂ ਪਰਭਾਵਤ ਕੀਤਾ ਸੀ। ਇਸ ਤੋਂ ਪਿੱਛੋਂ ਦੇ ਸਮੇਂ ਵਿਚ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਵਾਪਰਨ ਵਾਲੀ ਕੋਈ ਵੀ ਘਟਨਾ ਖਾਲਸੇ ਦੇ ਪਰਭਾਵ ਤੋਂ ਰਹਿਤ ਨਹੀਂ ਸੀ । ਇਸ ਲਈ ਖਾਲਸੇ ਦੀ ਸਾਜਨਾ ਪੰਜਾਬ ਦੇ ਇਤਿਹਾਸ ਵਿਚ ਖਾਸ ਕਰਕੇ ਅਤੇ ਭਾਰਤ ਦੇ ਇਤਿਹਾਸ ਵਿਚ ਆਮ ਕਰਕੇ ਇਕ ਨਵਾਂ ਮੋੜ ਦੇਣ ਵਾਲੀ ਸਾਬਤ ਹੋਈ ਸੀ ।

ਤਤਕਾਲੀਨ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਕਹਿਲੂਰ ਰਿਆਸਤ ਦੇ ਸਬੰਧ ਖਰਾਬ ਹੋ ਗਏ :

ਖਾਲਸੇ ਦੀ ਸਾਜਨਾ ਨਾਲ ਸਿੱਖ ਸੰਗਤਾਂ ਮਸੰਦਾਂ ਦੇ ਕੰਟਰੋਲ ਤੋਂ ਆਜ਼ਾਦ ਹੋ ਗਈਆਂ ਸਨ । ਹੁਣ ਉਹ ਸਿੱਧੇ ਤੋਰ ’ਤੇ ਆਪਣੇ ਗੁਰੂ ਨਾਲ ਸਬੰਧਤ ਹੋ ਗਈਆਂ ਸਨ। ਉਨ੍ਹਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਸੀ ਕਿ ਉਨ੍ਹਾਂ ਅਤੇ ਗੁਰੂ ਵਿਚਕਾਰ ਹੁਣ ਕੋਈ ਹੋਰ ਤੀਜੀ ਧਿਰ ਨਹੀਂ ਹੈ। ਇਸ ਗੱਲ ਨੂੰ ਅੰਮ੍ਰਿਤਧਾਰੀ ਖਾਲਸੇ ਨੇ ਇਉਂ ਵੀ ਅਪਣਾ ਲਿਆ ਸੀ ਕਿ ਅੰਮ੍ਰਿਤ ਛਕਣ ਤੋਂ ਪਿੱਛੋਂ ਉਹ ਸਿਵਾਏ ਆਪਣੇ ਗੁਰੂ ਤੋਂ ਹੋਰ ਕਿਸੇ ਵੀ ਦੁਨਿਆਵੀ ਤਾਕਤ ਦੇ ਅਧੀਨ ਨਹੀਂ ਹਨ। ਇਸ ਅਹਿਸਾਸ ਨੇ ਖਾਲਸੇ ਦੀ ਹਸਤੀ ਨੂੰ ਸੁਤੰਤਰ ਬਣਾ ਦਿੱਤਾ ਸੀ । ਇਸ ਅਹਿਸਾਸ ਨਾਲ ਜਦੋਂ ਖਾਲਸਾ ਆਨੰਦਪੁਰ ਸਾਹਿਬ ਵਿਖੇ ਆਪਣੇ ਗੁਰੂ ਦੀ ਰਹਿਨੁਮਾਈ ਵਿਚ ਇਕੱਠਾ ਹੁੰਦਾ ਸੀ ਤਾਂ ਉਹ ਇਸ ਧਰਤੀ ‘ਤੇ ਆਪਣੇ ਆਪ ਨੂੰ ਇਕ ਸੁਤੰਤਰ ਤਾਕਤ ਸਮਝਦਾ ਸੀ। ਉਸ ਸਮੇਂ ਦਾ ਸਮਕਾਲੀ ਲੇਖਕ ਸੈਨਾਪਤਿ ਲਿਖਦਾ ਹੈ ਕਿ ਇਸ ਸੁਤੰਤਰਤਾ ਦੇ ਅਹਿਸਾਸ ਨਾਲ ਖਾਲਸਾ ਘੋੜ-ਸੁਆਰ ਹੋ ਕੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਨਿਕਲਦਾ ਸੀ। ਜਿਸ ਪਿੰਡ ਦੇ ਲੋਕ ਖਾਲਸੇ ਦਾ ਮਿਸ਼ਨ ਅਪਣਾਉਣ ਨੂੰ ਤਿਆਰ ਹੋ ਜਾਂਦੇ ਸਨ ਉਨ੍ਹਾਂ ਨੂੰ ਖਾਲਸਾ ਆਪਣੀ ਰੱਖਿਆ ਵਿਚ ਲੈ ਲੈਂਦਾ ਸੀ ਅਤੇ ਜਿਹੜਾ ਪਿੰਡ ਇਹ ਮਿਸ਼ਨ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਸੀ ਉਸ ਨੂੰ ਖਾਲਸਾ ਸੋਧ ਦਿੰਦਾ ਸੀ। ਇਸ ਤੋਂ ਇਲਾਵਾ, ਕਿਉਂਕਿ ਆਨੰਦਪੁਰ ਸਾਹਿਬ ਵਿਖੇ ਸੈਂਕੜੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਸਮੇਂ ਖਾਲਸਾ ਇਕੱਠਾ ਹੋਇਆ ਰਹਿੰਦਾ ਸੀ ਇਸ ਲਈ ਇਤਨੇ ਵੱਡੇ ਇਕੱਠ ਦੇ ਰੂਪ ਵਿਚ ਜੁੜੇ ਵਿਅਕਤੀਆਂ ਦੇ ਖਾਣੇ ਤਿਆਰ ਕਰਨ ਲਈ ਲੱਕੜਾਂ ਦਾ ਇਕੱਠਾ ਕਰਨਾ, ਘੋੜੇ ਅਤੇ ਹੋਰ ਜਾਨਵਰਾਂ ਦੇ ਲਈ ਘਾਹ-ਪੱਠੇ ਇਕੱਠੇ ਕਰਨਾ ਇਕ ਰੋਜ਼ਾਨਾਂ ਦੀ ਭਾਰੀ ਲੋੜ ਸੀ। ਇਹ ਸਾਰੀ ਜ਼ਰੂਰਤ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਹੀ ਪੂਰੀ ਕੀਤੀ ਜਾਂਦੀ ਸੀ । ਸੈਨਾਪਤਿ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਪਿੰਡ ਖਾਲਸੇ ਨੇ ਜਿੱਤ ਲਏ ਸਨ । ਇਸ ਨਾਲ ਕਹਿਲੂਰ ਰਿਆਸਤ ਦੇ ਮੁਖੀ ਨੂੰ ਆਪਣੀ ਤਾਕਤ ਲਈ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਸੀ । ਉਨ੍ਹਾਂ ਪਿੰਡਾਂ ਦੇ ਲੋਕ ਕਹਿਲੂਰ ਦੇ ਰਾਜੇ ਪਾਸ ਇਕੱਠੇ ਹੋ ਕੇ ਜਾਂਦੇ ਸਨ ਅਤੇ ਆਪਣੀ ਸੁਰੱਖਿਆ ਦੀ ਮੰਗ ਕਰਦੇ ਸਨ । ਇਸ ਤਰ੍ਹਾਂ ਆਨੰਦਪੁਰ ਸਾਹਿਬ ਵਿਖੇ ਅਤੇ ਕਹਿਲੂਰ ਰਿਆਸਤ ਦੀ ਰਾਜਧਾਨੀ ਬਿਲਾਸਪੁਰ ਵਿਖੇ ਦੋ ਵਿਰੋਧੀ ਤਾਕਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਆਨੰਦਪੁਰ ਸਾਹਿਬ ਵਿਖੇ ਖਾਲਸਾ ਮਿਸ਼ਨ ਨੂੰ ਅਪਣਾਉਣ ਵਾਲੇ ਲੋਕ ਇਕੱਠੇ ਹੁੰਦੇ ਸਨ ਅਤੇ ਬਿਲਾਸਪੁਰ ਵਿਖੇ ਖਾਲਸੇ ਦੇ ਵਿਰੋਧੀ ਲੋਕ ਇਕੱਠੇ ਹੁੰਦੇ ਸਨ । ਕਹਿਲੂਰ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਹਿਲੂਰ ਰਿਆਸਤ ਲਈ ਨਜ਼ਰਾਨੇ ਦੇ ਤੌਰ ‘ਤੇ ਮੁਆਮਲੇ ਦੀ ਰਕਮ ਦੀ ਮੰਗ ਕੀਤੀ ਪਰ ਗੁਰੂ ਜੀ ਨੇ ਇਹ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ।17 ਸਿੱਟੇ ਵਜੋਂ ਕਹਿਲੂਰ ਦੇ ਰਾਜਾ ਨੇ ਆਪਣੇ ਗੁਆਂਢੀ ਰਾਜਿਆਂ ਦੀ ਮਦਦ ਨਾਲ, ਆਨੰਦਪੁਰ ਸਾਹਿਬ ਉਪਰ ਹਮਲਾ ਕਰ ਦਿੱਤਾ । ਭਾਵੇਂ ਇਹ ਹਮਲਾ ਵੀ ਅਤੇ ਇਸ ਪਿੱਛੋਂ ਕੀਤੇ ਗਏ ਹੋਰ ਹਮਲੇ ਵੀ ਖਾਲਸੇ ਨੇ ਪਛਾੜ ਦਿੱਤੇ ਸਨ ਪਰ ਇਨ੍ਹਾਂ ਹਮਲਿਆਂ ਦੀ ਲੜੀ ਲਗਾਤਾਰ 1705 ਦੇ ਅਖੀਰ ਤੱਕ ਜਾਰੀ ਰਹੀ ਸੀ । ਅਖੀਰ ‘ਤੇ ਜਦੋਂ ਕਹਿਲੂਰ ਦੇ ਰਾਜੇ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਫ਼ੌਜੀ ਮਦਦ ਲੈ ਕੇ ਹਮਲਾ ਕੀਤਾ ਤਾਂ ਖਾਲਸਾ ਜਿਆਦਾ ਦੇਰ ਤੱਕ ਇਸ ਹਮਲੇ ਦੇ ਦਬਾਅ ਨੂੰ ਰੋਕ ਨਾ ਸਕਿਆ ਅਤੇ 1705 ਈ. ਦੇ ਅਖੀਰ ਵਿਚ ਖਾਲਸੇ ਨੂੰ ਆਨੰਦਪੁਰ ਸਾਹਿਬ ਖਾਲੀ ਕਰਨਾ ਪੈ ਗਿਆ ਸੀ । ਇਸ ਤਰ੍ਹਾਂ ਖਾਲਸੇ ਦੀ ਸਾਜਨਾ ਨਾਲ ਤਤਕਾਲੀਨ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਲੂਰ ਦੇ ਰਾਜੇ ਨਾਲ ਸਬੰਧ ਬਿਗੜ ਗਏ ਸਨ।

ਖਾਲਸੇ ਦੀ ਸਾਜਨਾ ਨਾਲ ਪਹਿਲੀ ਵਾਰ ਇਕ ਜ਼ਮਹੂਰੀ ਸੰਕਲਪ ਸਾਹਮਣੇ ਆਇਆ :

ਖਾਲਸੇ ਦੀ ਸਾਜਨਾ ਨਾਲ ਮਸੰਦ ਪਰਣਾਲੀ ਦੀ ਥਾਂ ‘ਤੇ ਕਿਉਂਕਿ ਇਕ ਐਸਾ ਪਰਬੰਧ ਸਥਾਪਤ ਕੀਤਾ ਗਿਆ ਸੀ ਜਿਸ ਅਧੀਨ ਖਾਲਸਾ ਆਪਣਾ ਪਰਬੰਧ ਖੁਦ ਕਰ ਸਕਦਾ ਸੀ । ਖਾਲਸੇ ਦੀ ਲੀਡਰਸ਼ਿਪ ਇਕ-ਪੁਰਖੀ ਦੀ ਥਾਂ ‘ਤੇ ਪੰਜ ਪਿਆਰਿਆਂ ਦੇ ਰੂਪ ਵਿਚ ਪੰਜ-ਪੁਰਖੀ ਸਥਾਪਤ ਕਰ ਦਿੱਤੀ ਗਈ ਸੀ । ਇਨ੍ਹਾਂ ਪੰਜ ਪਿਆਰਿਆਂ ਦੀ ਚੋਣ ਵੀ ਖਾਲਸੇ ਨੇ ਆਪਣੇ ਇਕੱਠ ਵਿਚੋਂ ਆਪ ਹੀ ਕਰਨੀ ਸੀ। ਫਿਰ ਇਨ੍ਹਾਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਖਾਲਸੇ ਨੇ ਸਰਬਸੰਮਤੀ ਨਾਲ ਸਾਰੇ ਫੈਸਲੇ ਕਰਨੇ ਸਨ । ਖਾਲਸੇ ਨੂੰ ਇਹ ਵਿਸ਼ਵਾਸ ਦਰਿੜ੍ਹ ਕਰਵਾ ਦਿੱਤਾ ਗਿਆ ਸੀ ਕਿ ਗੁਰੂ ਖਾਲਸੇ ਦੇ ਵਿਚ ਹੀ ਵੱਸਦਾ ਹੈ ਅਤੇ ਖਾਲਸਾ ਗੁਰੂ ਦਾ ਹੀ ਆਪਣਾ ਦੂਸਰਾ ਰੂਪ ਹੈ । (ਖਾਲਸਾ ਮੇਰੋ ਰੂਪ ਹੈ ਖਾਸ । ਖਾਲਸਾ ਮੇਂ ਹਉਂ ਕਰੋਂ ਨਿਵਾਸ।) ਇਸ ਲਈ ਖਾਲਸਾ ਜੋ ਵੀ ਫੈਸਲਾ ਸਰਬਸੰਮਤੀ ਨਾਲ ਕਰੇਗਾ ਉਹ ਗੁਰੂ ਦਾ ਫੈਸਲਾ ਹੀ ਮੰਨਿਆ ਜਾਵੇਗਾ। ਇਸ ਭਾਵਨਾ ਵਿਚੋਂ ਸਰਬੱਤ ਖਾਲਸੇ ਦਾ ਸੰਕਲਪ ਉਭਰ ਕੇ ਸਾਹਮਣੇ ਆਇਆ। ਆਖਰਕਾਰ ਸਰਬੱਤ ਖਾਲਸਾ, ਸਮੁੱਚੇ ਸਿੱਖ ਜਗਤ ਦੀ ਇਕ ਪਾਰਲੀਮੈਂਟਰੀ ਸੰਸਥਾ ਬਣ ਕੇ ਸਥਾਪਤ ਹੋਇਆ । ਬਰਿਟਿਸ਼ ਲਿਖਾਰੀ ਮੈਲਕਾਮ ਅਤੇ ਗਾਰਡਨ ਵੀ ਇਸ ਮੱਤ ਦੇ ਧਾਰਨੀ ਹਨ ਕਿ ਖਾਲਸੇ ਦੀ ਸਾਜਨਾ ਨਾਲ ਹੀ ਸਰਬੱਤ ਖਾਲਸੇ ਦੀ ਸੰਸਥਾ ਸਥਾਪਤ ਹੋ ਗਈ ਸੀ। 1699 ਈ. ਤੋਂ ਪਹਿਲਾਂ ਕਿਸੇ ਵੀ ਦੇਸ਼ ਵਿਚ ਅਤੇ ਕਿਸੇ ਵੀ ਸਮਾਜ ਵਿਚ ਐਸਾ ਜਮਹੂਰੀ ਸਿਧਾਂਤ ਪਰਚੱਲਤ ਨਹੀਂ ਸੀ । ਇਸ ਲਈ ਇਹ ਕਹਿਣ ਵਿਚ ਕੋਈ ਵੀ ਅੱਤ ਕਥਨੀ ਨਹੀਂ ਹੈ ਕਿ ਖਾਲਸੇ ਦੀ ਸਾਜਨਾ ਨਾਲ ਸੰਸਾਰ ਸਾਹਮਣੇ ਇਕ ਐਸਾ ਜ਼ਮਹੂਰੀ ਸੰਕਲਪ ਪਹਿਲੀ ਵਾਰ ਹੋਂਦ ਵਿਚ ਆਇਆ ਜਿਸ ਨੇ ਆਉਣ ਵਾਲੇ ਸਮੇਂ ਵਿਚ ਜ਼ਮਹੂਰੀਅਤ ਦੇ ਵਿਕਾਸ ਲਈ ਰਸਤਾ ਸਾਫ ਕਰ ਦਿੱਤਾ ਸੀ।

ਖਾਲਸੇ ਦੀ ਸਾਜਨਾ ਨਾਲ ਦਬੇ-ਕੁਚਲੇ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਸੀ :

ਕਨਿੰਘਮ ਲਿਖਦਾ ਹੈ ਕਿ ਸਿੱਖਾਂ ਦੇ ਆਖਰੀ ਗੁਰੂ ਨੇ ਦਬੇ-ਕੁਚਲੇ ਲੋਕਾਂ ਦੀਆਂ ਦਬਾਈਆਂ ਤਾਕਤਾਂ ਨੂੰ ਬੜੇ ਹੀ ਪਰਭਾਵਸ਼ਾਲੀ ਢੰਗ ਨਾਲ ਜਗਾ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ, ਸਮਾਜਿਕ ਸੁਤੰਤਰਤਾ ਅਤੇ ਰਾਸ਼ਟਰੀ ਪਰਭੂਸਤਾ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਭਰ ਦਿੱਤਾ ਸੀ । ਇਹ ਕਥਨ ਆਪਣੇ ਆਪ ਵਿਚ ਖਾਲਸੇ ਦੇ ਪਰਭਾਵ ਨੂੰ ਭਲੀ ਭਾਂਤ ਪਰਗਟ ਕਰਦਾ ਹੈ। ਖਾਲਸੇ ਦੀ ਸਾਜਨਾ ਬਾਅਦ, ਖਾਲਸਈ ਭਾਈਚਾਰਾ ਜਾਤ-ਪਾਤ ਦੀ ਸੋਚਣੀ ਤੋਂ ਇਕ ਦਮ ਮੁਕਤ ਸੀ । ਅੰਮ੍ਰਿਤ ਛਕਣ ਨਾਲ ਖਾਲਸਾ ਬਣੇ ਵਿਅਕਤੀ ਦਾ ਪਿਛਲਾ ਪਿਛੋਕੜ ਖ਼ਤਮ ਸਮਝਿਆ ਜਾਣਾ ਸੀ। ਉਸ ਦਾ ਪਹਿਲਾ ਜਨਮ, ਉਸ ਦੇ ਪਹਿਲੇ ਕਰਮ, ਉਸ ਦੀ ਪਹਿਲੀ ਜਾਤ, ਉਸ ਦੇ ਪਹਿਲੇ ਵਿਸ਼ਵਾਸ ਸਭ ਖ਼ਤਮ ਹੋ ਜਾਣੇ ਸਨ । ਖਾਲਸਾ ਬਣਨ ਉਪਰੰਤ ਉਸ ਦਾ ਨਵਾਂ ਜੀਵਨ ਸ਼ੁਰੂ ਹੋਣਾ ਸੀ । ਇਸ ਵਿਚ ਉਹ ਸਿਰਫ ਤੇ ਸਿਰਫ ਖਾਲਸਾ ਹੋਣਾ ਸੀ । ਉਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਉਸ ਦੀ ਨਾਗਰਿਕਤਾ ਆਨੰਦਪੁਰ ਸਾਹਿਬ ਦੀ ਮੰਨੀ ਜਾਣੀ ਸੀ । ਇਉਂ ਜਿੱਥੇ ਖਾਲਸਾ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਦੇ ਤੌਰ ‘ਤੇ ਸਮਝਿਆ ਜਾਣਾ ਸੀ ਉੱਥੇ ਉਸ ਲਈ ਆਨੰਦਪੁਰ ਸਾਹਿਬ ਇਕ ਨਗਰ-ਰਾਜ (city state) ਦੇ ਤੌਰ ‘ਤੇ ਮੰਨਿਆ ਜਾਣਾ ਸੀ। ਜਾਤ-ਪਾਤ ਤੋਂ ਰਹਿਤ ਸਮਾਜਿਕ ਸੁਤੰਤਰਤਾ ਦੇ ਇਸ ਅਹਿਸਾਸ ਨੇ ਭਾਰਤੀ ਸਮਾਜ ਦੇ ਦਬੇ-ਕੁਚਲੇ ਲੋਕਾਂ ਵਿਚ ਇਤਨਾ ਹੁਲਾਸ ਪੈਦਾ ਕਰ ਦਿੱਤਾ ਸੀ ਕਿ ਉਹ ਧੜਾ ਧੜ ਅੰਮ੍ਰਿਤ ਛਕ ਕੇ ਖਾਲਸਾ ਸਜਣੇ ਸ਼ੁਰੂ ਹੋ ਗਏ ਸਨ। ਇਸ ਨਾਲ ਖਾਲਸੇ ਦੀ ਗਿਣਤੀ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਬਰਾਹਮਣਵਾਦ ਨੂੰ ਕਰਾਰੀ ਸੱਟ ਵੱਜੀ ਸੀ । ਇਸ ਨਾਲ ਉਨ੍ਹਾਂ ਉੱਚ ਸ਼ਰੇਣੀਆਂ ਦੀ ਸਰਦਾਰੀ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਸੀ ਜਿਨ੍ਹਾਂ ਨੇ ਹੁਣ ਤੱਕ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਦਬਾ ਕੇ ਰੱਖਿਆ ਸੀ । ਇਸ ਗੱਲ ਦੀ ਜਾਣਕਾਰੀ ਭਰੋਸੇਯੋਗ ਸਰੋਤਾਂ ਤੋਂ ਮਿਲਦੀ ਹੈ ਕਿ ਖਾਲਸੇ ਦੀ ਸਾਜਨਾ ਸਮੇਂ ਉੱਥੇ ਹਾਜਰ ਬਰਾਹਮਣ ਅਤੇ ਕੁਝ ਖੱਤਰੀ ਲੋਕ ਉਠ ਕੇ ਚਲੇ ਗਏ ਸਨ । ਉਨ੍ਹਾਂ ਨੇ ਨੀਵੀਆਂ ਜਾਤਾਂ ਦੇ ਸ਼ੂਦਰ ਲੋਕਾਂ ਨੂੰ ਆਪਣੇ ਬਰਾਬਰ ਬਿਠਾਉਣ ਤੋਂ ਅਤੇ ਉਨ੍ਹਾਂ ਨਾਲ ਰਲ ਕੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਣ ਤੋਂ ਇਨਕਾਰ ਕਰ ਦਿੱਤਾ ਸੀ । ° ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ਸੀ । ਸਗੋਂ ਜਾਤ-ਪਾਤ ਦੀ ਇਸ ਬੁਰਿਆਈ ਨੂੰ ਜੜ੍ਹਾਂ ਤੋਂ ਉਖੇੜਨ ਲਈ ਇਹ ਐਲਾਨ ਕੀਤਾ ਕਿ ਉਨ੍ਹਾਂ ਦਾ ਸਿੱਖ ਉਦੋਂ ਤੱਕ ਸੱਚਾ ਸਿੱਖ ਨਹੀਂ ਅਖਵਾ ਸਕੇਗਾ ਜਦੋਂ ਤੱਕ ਉਹ ਇਸ ਜਾਤ-ਵੰਡ ਦੀ ਭੈੜੀ ਸੋਚ ਨੂੰ ਛੱਡੇਗਾ ਨਹੀਂ ਅਤੇ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਭਰਾ ਨਹੀਂ ਸਮਝੇਗਾ ।” ਨੀਵੀਂ ਜਾਤ ਦਾ ਸ਼ੂਦਰ ਵਿਅਕਤੀ ਜਦੋਂ ਅੰਮ੍ਰਿਤ ਛਕ ਕੇ ਸਿਰ ‘ਤੇ ਪੱਗ ਪਹਿਨਦਾ ਸੀ, ਗਾਤਰੇ ਕਿਰਪਾਨ ਧਾਰਨ ਕਰਦਾ ਸੀ, ਸੰਗਤ ਵਿਚ ਬਰਾਬਰ ਬੈਠ ਕੇ ਪਰਸ਼ਾਦਾ ਛਕਦਾ ਸੀ ਅਤੇ ਘੋੜ-ਸੁਆਰ ਹੋ ਕੇ ਵਿਚਰਦਾ ਸੀ, ਤਾਂ ਇਸ ਸਭ ਕੁਝ ਨੇ ਉਸ ਨੂੰ ਇਕ ਅਪਾਰ ਖੁਸ਼ੀ ਮੁਹੱਈਆ ਕੀਤੀ ਸੀ । ਇਸ ਨਾਲ ਨਾ ਹੀ ਸਿਰਫ ਉਸ ਦਾ ਸਮਾਜਿਕ ਰੁਤਬਾ ਹੀ ਉੱਚਾ ਹੁੰਦਾ ਸੀ ਸਗੋਂ ਉਸ ਦੇ ਸਰੀਰ ਦਾ ਬਾਹਰੀ ਲਿਬਾਸ ਵੀ ਉਸ ਨੂੰ ਇਕ ਸਰਦਾਰੀ ਰੋਅਬ ਬਖ਼ਸ਼ਦਾ ਸੀ । ਇਸ ਤਰ੍ਹਾਂ ਗੁਰੂ ਜੀ ਦੇ ਅੰਮ੍ਰਿਤ ਨੇ ਉਨ੍ਹਾਂ ਦੀ ਮਾਨਸਿਕਤਾ ਉਪਰ ਇਕ ਜਾਦੂਈ ਅਸਰ ਕੀਤਾ ਸੀ ਅਤੇ ਇਸ ਨਵੀਂ ਸੋਚ ਨੇ ਉਨ੍ਹਾਂ ਨੂੰ ਕਮਾਲ ਦੇ ਨਿਪੁੰਨ ਸਿਪਾਹੀ ਵੀ ਬਣਾ ਦਿੱਤਾ ਸੀ । ਇਸ ਤਰ੍ਹਾਂ ਖਾਲਸਾ ਇਨ੍ਹਾਂ ਲੋਕਾਂ ਨੂੰ ਸਮਾਜਕ ਬਰਾਬਰਤਾ ਪਰਦਾਨ ਕਰਨ ਵਾਲਾ ਅਤੇ ਮਾਨਸਿਕ ਸੰਤੁਸ਼ਟੀ ਦੇਣ ਵਾਲਾ ਇਕ ਨਵਾਂ ਇਨਕਲਾਬ ਬਣ ਗਿਆ ਸੀ ।” ਇਹ ਲੋਕ ਐਸੇ ਸੰਤ-ਸਿਪਾਹੀ ਸਾਬਤ ਹੋਏ ਜਿਨ੍ਹਾਂ ਦੇ ਮੁੱਖ ਵਿਚ ਵਾਹਿਗੁਰੂ ਦਾ ਨਾਮ ਹੁੰਦਾ ਸੀ ਪਰ ਮਨ ਵਿਚ ਧਰਮ-ਯੁੱਧ ਦੀ ਭਾਵਨਾ ਹੁੰਦੀ ਸੀ (ਮੁਖ ਮੇਂ ਹਰਿ ਚਿਤ ਮੇਂ ਜੁਧ ਬਿਚਾਰੇ) । ਦੁਨੀਆਂ ਦੇ ਇਤਿਹਾਸ ਵਿਚ ਐਸੀ ਕੋਈ ਵੀ ਇਤਿਹਾਸਕ ਘਟਨਾ ਨਹੀਂ ਵੇਖੀ ਗਈ ਜਦੋਂ ਕਿ ਵਿਅਕਤੀ ਦੇ ਜੀਵਨ-ਢੰਗ ਵਿਚ ਹੀ ਪੂਰੀ ਤਬਦੀਲੀ ਆਈ ਹੋਵੇ । ਇਸ ਤਰ੍ਹਾਂ ਕਨਿੰਘਮ ਦੇ ਉਕਤ ਕਥਨ ਨੂੰ ਇਹ ਦਰਸਾਉਣ ਲਈ ਵੀ ਵਰਤਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਦਬੇ-ਕੁਚਲੇ ਲੋਕਾਂ ਦੀਆਂ ਸੁੱਤੀਆਂ ਪਈਆਂ ਸ਼ਕਤੀਆਂ ਨੂੰ ਨਾ ਹੀ ਸਿਰਫ ਜਗਾ ਦਿੱਤਾ ਸੀ ਅਤੇ ਉਨ੍ਹਾਂ ਵਿਚ ਨਾ ਹੀ ਸਿਰਫ ਸਮਾਜਿਕ ਬਰਾਬਰਤਾ ਅਤੇ ਰਾਸ਼ਟਰੀ ਭਾਵਨਾ ਦਾ ਅਹਿਸਾਸ ਹੀ ਭਰ ਦਿੱਤਾ ਸੀ ਸਗੋਂ ਗੁਰੂ ਜੀ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਦਿਲੀ ਜਜ਼ਬਿਆਂ ਦਾ ਮਾਲਕ ਵੀ ਬਣਾ ਲਿਆ ਸੀ । ਖਾਲਸਾ ਬਣੇ ਵਿਅਕਤੀਆਂ ਨੂੰ ਇਹ ਵਿਸ਼ਵਾਸ ਵੀ ਕਰਵਾ ਦਿੱਤਾ ਸੀ ਕਿ ਉਹ ਅਕਾਲ ਪੁਰਖ ਦੀ ਲਾਡਲੀ ਫ਼ੌਜ ਹਨ।

ਖਾਲਸੇ ਦੀ ਸਾਜਨਾ ਨਾਲ ਸਿੱਖ ਸਮਾਜ ਵਿਚ ਕੋਮੀ ਇਕਰੂਪਤਾ ਆ ਗਈ :

ਖਾਲਸੇ ਦੀ ਸਾਜਨਾ ਨਾਲ ਸਮੁੱਚੇ ਸਿੱਖ ਜਗਤ ਵਿਚ ਸਿੱਖਾਂ ਦੇ ਬਾਹਰੀ ਸਰੂਪ ਲਈ ਅਤੇ ਗੁਰਬਾਣੀ ਦੇ ਨਿਤਨੇਮ ਲਈ ਇਕ ਵਿਸ਼ੇਸ ਕਿਸਮ ਦੀ ਰਹਿਤ-ਮਰਯਾਦਾ ਨਿਰਧਾਰਤ ਕਰ ਦਿੱਤੀ ਗਈ ਸੀ । ਸਮਾਜਕ ਤੌਰ ‘ਤੇ ਵਿਚਰਨ ਲਈ ਵੀ ਵਿਸ਼ੇਸ ਦਿਸ਼ਾ-ਨਿਰਦੇਸ਼ ਨੀਯਤ ਕਰ ਦਿੱਤੇ ਗਏ ਸਨ । ਜਿਵੇਂ ਕਿ : ਪੰਜ ਕਕਾਰਾਂ ਦਾ ਧਾਰਨ ਕਰਨਾ, ਸਾਬਤ ਸੂਰਤ ਕੇਸ ਰੱਖਣੇ, ਇਕ ਵਿਸ਼ੇਸ ਕਿਸਮ ਦਾ ਲਿਬਾਸ ਪਹਿਨ ਕੇ ਰੱਖਣਾ ਜਿਸ ਦੀ ਇਤਿਹਾਸਕ ਤੌਰ ‘ਤੇ ਗਵਾਹੀ ਨੀਲੇ ਰੰਗ ਦੇ ਲਿਬਾਸ ਦੀ ਮਿਲਦੀ ਹੈ, ਰੋਜ਼ਾਨਾ ਦੀ ਬੋਲਚਾਲ ਵਿਚ ਇਕ ਵਿਸ਼ੇਸ ਕਿਸਮ ਦੀ ਸ਼ਬਦਾਵਲੀ ਨੂੰ ਅਪਣਾਉਣਾ, ਹਰ ਮਰਦ ਅਤੇ ਔਰਤ ਦੇ ਨਾਵਾਂ ਨਾਲ ਕਰਮਵਾਰ ‘ਸਿੰਘ’ ਅਤੇ ‘ਕੌਰ’ ਸ਼ਬਦ ਦਾ ਜੋੜਨਾ, ਸਿਰਫ ਗੁਰਬਾਣੀ ਵਿਚ ਹੀ ਵਿਸ਼ਵਾਸ ਰੱਖਣਾ, ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਸਮਝ ਕੇ ਅਤੇ ਆਨੰਦਪੁਰ ਸਾਹਿਬ ਦੇ ਨਗਰ-ਰਾਜ ਦੇ ਨਾਗਰਿਕ ਸਮਝ ਕੇ ਸਮਾਜਕ ਸੁਤੰਤਰਤਾ ਦੇ ਸੰਕਲਪ ਨੂੰ ਅਪਣਾਉਣਾ, ਹਰ ਕਿਸਮ ਦੀ ਸੰਸਾਰਕ ਗੁਲਾਮੀ ਨੂੰ ਦਿਲੋਂ ਖ਼ਤਮ ਕਰਕੇ ਸਿਰਫ ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਹੇਠ ਆਪਣੇ ਆਪ ਨੂੰ ਇਕ ਸੁਤੰਤਰ ਸਮਾਜ ਦੇ ਤੌਰ ‘ਤੇ ਸਮਝਣ ਨਾਲ ਸਮੁੱਚੇ ਸਿੱਖ ਜਗਤ ਵਿਚ ਇਕ ਕੌਮੀ-ਇਕਰੂਪਤਾ ਦਾ ਅਹਿਸਾਸ ਪੈਦਾ ਹੋ ਗਿਆ ਸੀ । ਇਸ ਨਾਲ ਖਾਲਸਾ, ਸਿੱਖ ਜਗਤ ਦੀ ਕੌਮੀ-ਇਕਰੂਪਤਾ ਦਾ ਪਰਤੀਕ ਬਣ ਗਿਆ । ਜੋ ਗੁਣ ਇਕ ਸੁਤੰਤਰ ਕੌਮ ਦੀ ਪਰਿਭਾਸ਼ਾ ਨੂੰ ਨਿਰਧਾਰਤ ਕਰਨ ਲਈ, ਰਾਜਨੀਤਕ ਸਿਧਾਂਤਾਂ ਦੇ ਤੌਰ ‘ਤੇ ਜ਼ਰੂਰੀ ਹੁੰਦੇ ਹਨ, ਖਾਲਸੇ ਦੀ ਸਾਜਨਾ ਨਾਲ ਸਿੱਖ ਜਗਤ ਵਿਚ ਉਹ ਸਾਰੇ ਗੁਣ ਸ਼ਾਮਲ ਹੋ ਗਏ ਸਨ। ਅਰਥਾਤ ਇਕੋ ਸੋਚ (ਜ਼ੁਲਮ ਦੇ ਖਿਲਾਫ਼ ਜੂਝਣਾ), ਇਕੋ ਬੋਲੀ (ਪੰਜਾਬੀ), ਇਕੋ ਫਲਸਫਾ (ਗੁਰੂ ਗ੍ਰੰਥ ਸਾਹਿਬ), ਇਕੋ ਝੰਡਾ (ਕੇਸਰੀ ਨਿਸ਼ਾਨ ਸਾਹਿਬ), ਸੁਤੰਤਰ ਹੋਣ ਦੀ ਇੱਛਾ-ਸ਼ਕਤੀ, ਕੁਰਬਾਨੀ ਦੀ ਭਾਵਨਾ, ਇਕ ਵਿਸ਼ੇਸ ਧਰਤੀ (ਪੰਜਾਬ) ਆਦਿ ਗੱਲਾਂ ਖਾਲਸੇ ਦੀ ਸਾਜਨਾ ਨਾਲ ਪਰਾਪਤ ਹੋ ਗਈਆਂ ਸਨ।

ਇਕ ਨਵੀਂ ਭਾਸ਼ਾ ਅਤੇ ਸ਼ਬਦਾਵਲੀ ਦਾ ਸੰਚਾਰ ਹੋਇਆ :

ਖਾਲਸੇ ਦੀ ਸਾਜਨਾ ਨਾਲ ਸਿੱਖਾਂ ਵਿਚ ਇਕ ਨਵੀਂ ਭਾਸ਼ਾ ਅਤੇ ਨਵੀਂ ਸ਼ਬਦਾਵਲੀ ਦਾ ਸੰਚਾਰ ਹੋ ਗਿਆ ਸੀ। ਜਿਵੇਂ ਕਿ ਬੋਲੇ ਸੋ ਨਿਹਾਲ। ਸਤਿ ਸਿਰੀ ਅਕਾਲ; ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਿੰਘ, ਕੌਰ, ਪੰਜ ਪਿਆਰੇ, ਇੱਥੋਂ ਤੱਕ ਕਿ ਖਾਲਸਾ, ਸਰਬੱਤ ਖਾਲਸਾ, ਪੰਥ, ਗੁਰਮੱਤਾ, ਫਤਿਹ, ਇਕ ਨੂੰ ਸਵਾ ਲੱਖ, ਚੜ੍ਹਦੀਆਂ ਕਲਾਂ ਆਦਿ ਸ਼ਬਦ ਪੰਜਾਬੀ ਬੋਲੀ ਵਿਚ ਨਵੇਂ ਸ਼ਾਮਲ ਹੋ ਗਏ ਅਤੇ ਇਹ ਸ਼ਬਦਾਵਲੀ ਕੇਵਲ ਤੇ ਕੇਵਲ ਖਾਲਸੇ ਦੀ ਹੀ ਦੇਣ ਹੈ। ਇਸ ਨਾਲ ਪੰਜਾਬੀ ਦੇ ਸ਼ਬਦ ਕੋਸ਼ ਵਿਚ ਤਾਂ ਵਾਧਾ ਹੋਇਆ ਹੀ ਹੋਇਆ ਸੀ ਸਗੋਂ ਇਹ ਸ਼ਬਦ ਚੜ੍ਹਦੀਆਂ ਕਲਾਂ ਦੇ ਵੀ ਪਰਤੀਕ ਸਨ । ਕਿਸੇ ਕੌਮ ਵੱਲੋਂ ਰੋਜ਼ਾਨਾ ਦੇ ਜੀਵਨ ਦੌਰਾਨ ਵਰਤੋਂ ਵਿਚ ਆਉਣ ਵਾਲੇ ਸ਼ਬਦ ਉਸ ਦੀ ਸੋਚ ਅਤੇ ਭਾਵਨਾ ਦੇ ਹੀ ਪਰਤੀਕ ਹੁੰਦੇ ਹਨ। ਇਸ ਤੋਂ ਇਲਾਵਾ ਭਾਰਤੀ ਪਰੰਪਰਾਵਾਂ ਦੇ ਬਿਲਕੁਲ ਉਲਟ ਪੰਜਾਬੀ ਬੋਲਚਾਲ ਵਿਚ ਆਮ ਕਰਕੇ ਅਤੇ ਖਾਲਸੇ ਦੀ ਬੋਲਚਾਲ ਵਿਚ ਖਾਸ ਕਰਕੇ ਇਸਤਰੀ ਲਿੰਗ ਦੀ ਭਾਵਨਾ ਵਿਚ ਬੋਲੇ ਜਾਣ ਵਾਲੇ ਸ਼ਬਦਾਂ ਦੀ ਥਾਂ ‘ਤੇ ਪੁਲਿੰਗ ਭਾਵਨਾ ਵਿਚ ਬੋਲੇ ਜਾਣ ਵਾਲੇ ਸ਼ਬਦ ਪਰਚੱਲਤ ਹੋ ਗਏ। ਜਿਵੇਂ ਕਿਰਪਾਨ ਜਾਂ ਤਲਵਾਰ ਨੂੰ ਸਿਰੀ ਸਾਹਿਬ, ਪੱਗ ਨੂੰ ਦਸਤਾਰਾ, ਮੁੱਛਾਂ ਨੂੰ ਮੁਛਹਿਰੇ, ਦਾੜ੍ਹੀ ਨੂੰ ਦਾੜ੍ਹਾ, ਕੱਛ ਨੂੰ ਕਛਹਿਰਾ, ਦਾਲ ਨੂੰ ਦਾਲਾ, ਚਾਹ ਨੂੰ ਚਾਹਟਾ ਆਦਿ । ਇਨ੍ਹਾਂ ਸ਼ਬਦਾਂ ਰਾਹੀਂ ਇਕ ਵਿਸ਼ੇਸ਼ ਭਾਈਚਾਰੇ ਦੀ ਚੜ੍ਹਦੀ ਕਲਾ ਦਾ ਪਰਗਟਾਵਾ ਹੁੰਦਾ ਸੀ ਜਿਸ ਨਾਲ ਪੰਜਾਬੀ ਬੋਲੀ ਦੀ ਸ਼ਬਦਾਵਲੀ ਵਿਚ ਜੰਗਜੂ ਭਾਵਨਾ ਭਰੀ ਗਈ ਸੀ ।

ਖਾਲਸੇ ਦੀ ਸਾਜਨਾ ਨਾਲ ਸਿੱਖ ਧਰਮ ਦਾ ਵਿਕਾਸ ਸੰਪੂਰਨ ਹੋ ਗਿਆ :

ਜੇਕਰ ਸਿੱਖ ਧਰਮ ਦੀ ਸ਼ੁਰੂਆਤ 1499 ਈ. ਤੋਂ ਮੰਨ ਲਈ ਜਾਵੇ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਅੰਦਾਜ਼ਨ 30 ਸਾਲ ਦੀ ਉਮਰ ਵਿਚ ਧਰਮ ਪਰਚਾਰ ਸ਼ੁਰੂ ਕੀਤਾ ਸੀ ਤਾਂ ਖਾਲਸੇ ਦੀ ਸਾਜਨਾ ਨਾਲ ਸਿੱਖ ਧਰਮ ਦੇ ਪਰਚਾਰ ਦੀਆਂ ਦੋ ਸਦੀਆਂ ਦਾ ਵਿਕਾਸ ਸੰਪੂਰਨ ਹੋ ਗਿਆ ਸੀ। ਸਿੱਖ ਲਹਿਰ ਨੇ ਨੌ ਪੀੜੀਆਂ ਦੌਰਾਨ ਜਿਸ ਆਦਰਸ਼ ਵਿਅਕਤੀ ‘ਗੁਰਮੁਖ’ ਦੀ ਸਿਰਜਣਾ ਅਤੇ ਇਨ੍ਹਾਂ ਗੁਰਮੁਖਾਂ ਦੀਆਂ ਸੰਗਤਾਂ ਦੀ ਸਿਰਜਣਾ ਕੀਤੀ ਸੀ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਅਤੇ ਸਰਬੱਤ ਖਾਲਸਾ ਦੇ ਰੂਪ ਵਿਚ ਸਾਜ ਕੇ ਸੰਪੂਰਣ ਅਤੇ ਆਖਰੀ ਤੌਰ ‘ਤੇ ਇਕ ਸਵੈ-ਸ਼ਾਸਤ ਅਤੇ ਸਵੈ-ਨਿਰਣਾਇਕ ਪਰਬੰਧ ਵਿਚ ਪਰੋ ਦਿੱਤਾ ਸੀ । ਇਸੇ ਤਰ੍ਹਾਂ ਜਿਸ ਆਦਿ ਗ੍ਰੰਥ ਦੀ ਸਿਰਜਣਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਖਾਲਸੇ ਦੀ ਸਾਜਨਾ ਨਾਲ ਉਹੀ ਮਹਾਨ ਗ੍ਰੰਥ ਸ਼ਬਦ-ਗੁਰੂ ਦੇ ਰੂਪ ਵਿਚ ਸਰਬਉੱਚ ਦਰਜਾ ਪਰਾਪਤ ਕਰ ਗਿਆ ਸੀ । ਜਿਸ ਕਿਰਪਾਨ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀ ਪਰਤੀਕ ਮੰਨ ਕੇ ਪਹਿਨਿਆ ਸੀ ਉਹੀ ਕਿਰਪਾਨ ਖਾਲਸੇ ਦੀ ਸਾਜਨਾ ਨਾਲ ਖਾਲਸੇ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਸੀ । ਜਿਸ ਅਕਾਲ ਤਖਤ ਸਾਹਿਬ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਦੇ ਸੰਸਾਰਕ ਮਾਮਲਿਆਂ ਨੂੰ ਨਜਿੱਠਣ ਵਾਲੀ ਸਰਬਉੱਚ ਸੰਸਥਾ ਬਣਾਇਆ ਸੀ, ਖਾਲਸੇ ਦੀ ਸਾਜਨਾ ਪਿੱਛੋਂ ਅਠਾਰਵੀਂ ਸਦੀ ਦੌਰਾਨ ਓਹੀ ਅਕਾਲ ਤਖਤ ਖਾਲਸੇ ਦੀ ਪਾਰਲੀਮੈਂਟਰੀ ਸੰਸਥਾ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਸੀ । ਇਸ ਤਰ੍ਹਾਂ ਖਾਲਸੇ ਦੀ ਸਾਜਨਾ ਨਾਲ ਸਿੱਖ ਧਰਮ ਦਾ ਉਹ ਵਿਕਾਸ ਸਿਖਰ ‘ਤੇ ਪਹੁੰਚ ਗਿਆ ਸੀ ਜਿਸ ਨੂੰ ਦੋ ਸੌ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ । ਗੋਕਲ ਚੰਦ ਨਾਰੰਗ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਇਸ ਤੱਥ ਨੂੰ ਬਿਆਨ ਕੀਤਾ ਹੈ। ਉਸ ਅਨੁਸਾਰ “ਉਹ ਬੀਜ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਫਲਦਾਰ ਬਣ ਗਿਆ ਸੀ ਉਸ ਨੂੰ ਬੀਜਿਆ ਗੁਰੂ ਨਾਨਕ ਦੇਵ ਜੀ ਨੇ ਸੀ ਅਤੇ ਉਨ੍ਹਾਂ ਦੇ ਬਾਕੀ ਦੇ ਉਤਰਅਧਿਕਾਰੀਆਂ ਨੇ ਇਸ ਨੂੰ ਪਾਣੀ ਨਾਲ ਸਿੰਜਿਆ ਸੀ । ਜਿਸ ਤਲਵਾਰ ਨੇ ਖਾਲਸੇ ਦੀ ਸ਼ਾਨ ਦਾ ਮਾਰਗ ਤਿਆਰ ਕੀਤਾ ਸੀ, ਬਿਨਾਂ ਸ਼ੱਕ ਉਹ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਤਿਆਰ ਕੀਤੀ ਗਈ ਸੀ ਪਰ ਇਸ ਦਾ ਲੋਹਾ ਗੁਰੂ ਨਾਨਕ ਦੇਵ ਜੀ ਨੇ ਮੁਹੱਈਆ ਕੀਤਾ ਸੀ ।”

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਖਾਲਸਾ ਸ਼ਬਦ ਦੇ ਅਰਥ :

ਸਿੱਖ ਇਤਿਹਾਸ ਦੇ ਲੇਖਕਾਂ ਵਿਚ ਖਾਲਸੇ ਦੇ ਅਰਥਾਂ ਬਾਰੇ ਹੁਣ ਤੱਕ ਮੁੱਖ ਤੌਰ ‘ਤੇ ਦੇ ਵਿਚਾਰ ਚਲਦੇ ਆ ਰਹੇ ਹਨ। ਇਕ ਵਿਚਾਰ ਅਨੁਸਾਰ ਖਾਲਸੇ ਨੂੰ ਸ਼ੁੱਧ ਹਿਰਦੇ ਵਾਲੇ ਵਿਅਕਤੀ ਦੇ ਤੌਰ ਤੇ ਅਰਥਾਤ ਸਭ ਕਿਸਮ ਦੇ ਲੋਭ-ਲਾਲਚਾਂ ਤੋਂ ਮੁਕਤ ਦੇ ਤੌਰ ‘ਤੇ ਬਿਆਨਿਆ ਜਾਂਦਾ ਹੈ । ਇਸ ਤਰ੍ਹਾਂ ਖਾਲਸਾ ਸ਼ਬਦ ਨੂੰ ਖਾਲਿਸ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਇਸ ਮੱਤ ਦੇ ਧਾਰਨੀ ਲੇਖਕ ਆਪਣੇ ਅਰਥਾਂ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਕਬੀਰ ਜੀ ਦੀ ਇਸ ਤੁਕ: “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਤਿਨ ਲਾਗੀ” ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੇ ਜਾਂਦੇ ਸਵੱਯਾਂ ਵਿਚਲੀ ਇਸ ਤੁਕ “ਪੂਰਨ ਜੋਤ ਜਗੇ ਘਟ ਮੈ ਤਬ ਖਾਲਸਾ ਤਾਹਿ ਨਖਾਲਸ ਜਾਨੈ।” ਨੂੰ ਬਣਾਉਂਦੇ ਹਨ। ਪਰ ਇਨ੍ਹਾਂ ਤੁਕਾਂ ਰਾਹੀਂ ਪਰਗਟ ਹੋ ਰਹੇ ਅਰਥਾਂ ਨੂੰ ਖਾਲਸੇ ਉਪਰ ਲਾਗੂ ਕਰਨ ਤੋਂ ਪਹਿਲਾਂ ਇਨ੍ਹਾਂ ਕੁਝ ਗੱਲਾਂ ‘ਤੇ ਵਿਚਾਰ ਕਰਨੀ ਜ਼ਰੂਰੀ ਹੈ। ਪਹਿਲਾ ਇਹ ਕਿ ਕਬੀਰ ਜੀ ਦੀ ਤੁਕ ਦਾ ਜਾਂ ਕਬੀਰ ਜੀ ਦੇ ਕਥਨਾਂ ਦਾ ਖਾਲਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਹ ਖਾਲਸੇ ਦੀ ਸਾਜਨਾ ਤੋਂ ਬਹੁਤ ਸਮਾਂ ਪਹਿਲਾਂ ਹੋ ਚੁੱਕਿਆ ਸੀ। ਇੱਥੋਂ ਤੱਕ ਕਿ ਉਸ ਨੂੰ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦਾ ਹੋਇਆ ਮੰਨਿਆ ਜਾਂਦਾ ਹੈ । ਇਸ ਕਰਕੇ ਉਸ ਦੇ ਕਥਨ ਕਿਸੇ ਹੋਰ ਸਥਿਤੀ ਨੂੰ ਸਾਹਮਣੇ ਰੱਖ ਕੇ ਉਚਾਰੇ ਗਏ ਸਨ ਜਿਨ੍ਹਾਂ ਦਾ ਖਾਲਸੇ ਨਾਲ ਕੋਈ ਸਬੰਧ ਨਹੀਂ ਬਣਦਾ। ਦੂਜਾ ਜੋ ਸਵੱਯਾਂ ਵਿਚਲੀ ਤੁਕ ਹੈ ਇਹ ਵਿਅਕਤੀ ਦੇ ਮਨ ਦੀ ਅਵਸਥਾ ਨੂੰ ਜਾਂ ਵਿਅਕਤੀ ਦੇ ਅੰਦਰੂਨੀ ਗੁਣਾਂ ਨੂੰ ਬਿਆਨ ਕਰਦੀ ਹੈ। ਇਸ ਦਾ ਖਾਲਸੇ ਦੇ ਸਰੂਪ ਨਾਲ ਅਤੇ ਖਾਲਸੇ ਦੇ ਸਮਾਜਕ ਰੁਤਬੇ ਨਾਲ ਕੋਈ ਸਬੰਧ ਨਹੀਂ ਹੈ। ਇਸ ਨੂੰ ਹੋਰ ਸਪਸ਼ਟ ਕਰਨ ਲਈ ਇਹ ਮਿਸਾਲ ਦੇਣੀ ਕੋਈ ਅਢੁਕਵੀਂ ਨਹੀਂ ਹੋਵੇਗੀ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ‘ਨਿਰਮਲ’ ਜਾਂ ‘ਉਦਾਸੀ’ ਸ਼ਬਦ ਆਉਂਦੇ ਹਨ ਅਤੇ ਇਨ੍ਹਾਂ ਸ਼ਬਦਾਂ ਦਾ ਨਿਰਮਲ ਸੰਪਰਦਾ ਜਾਂ ਉਦਾਸੀ ਸੰਪਰਦਾ ਨਾਲ ਕੋਈ ਸਬੰਧ ਨਹੀਂ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨੇ ਜਾਂਦੇ ਸਵੱਯੇ ਵਿਚ ਆਏ ‘ਖਾਲਸਾ’ ਅਤੇ ‘ਨਖਾਲਸ’ ਸ਼ਬਦਾਂ ਨੂੰ ਵੀ ਸੰਸਾਰਕ ਤੌਰ ‘ਤੇ ਵਿਚਰ ਰਹੇ ਖਾਲਸਾ ਭਾਈਚਾਰੇ ਦੇ ਸਮੂਹ ਉਪਰ ਲਾਗੂ ਨਹੀਂ ਕੀਤਾ ਜਾ ਸਕਦਾ।

ਖਾਲਸਾ ਸ਼ਬਦ ਦੇ ਦੂਜੇ ਅਰਥ ਇਕ ਸੁਤੰਤਰ ਵਿਅਕਤੀ ਤੋਂ ਜਾਂ ਅਜਿਹੇ ਵਿਅਕਤੀ ਤੋਂ ਲਏ ਗਏ ਹਨ ਜਿਹੜਾ ਸਿੱਧੇ ਤੋਰ ‘ਤੇ ਆਪਣੇ ਗੁਰੂ ਨਾਲ ਸਬੰਧਤ ਹੈ। ਇਹ ਅਰਥ, ਸੁਲਤਾਨਾਂ ਦੇ ਸਮੇਂ ਅਤੇ ਫਿਰ ਪਿੱਛੋਂ ਮੁਗ਼ਲ ਬਾਦਸ਼ਾਹਾਂ ਦੇ ਸਮੇਂ ਇਕ ਵਿਸ਼ੇਸ ਕਿਸਮ ਦੀ ਜਮੀਨ ਨੂੰ ਦਰਸਾਉਣ ਵਾਲੇ ਖਾਲਸਾ ਸ਼ਬਦ ‘ਤੇ ਆਧਾਰਤ ਹਨ । ਖਾਲਸਾ ਜ਼ਮੀਨ ਉਸ ਜ਼ਮੀਨ ਨੂੰ ਕਿਹਾ ਜਾਂਦਾ ਸੀ ਜਿਹੜੀ ਸਿੱਧੀ ਬਾਦਸ਼ਾਹ ਦੀ ਨਿਗਰਾਨੀ ਹੇਠ ਬੀਜੀ ਜਾਂ ਬਾਹੀ ਜਾਂਦੀ ਸੀ । ਇਸ ਜ਼ਮੀਨ ਉਪਰ ਨਾ ਹੀ ਕੋਈ ਜਾਗੀਰਦਾਰ ਹੁੰਦਾ ਸੀ ਅਤੇ ਨਾ ਹੀ ਕੋਈ ਹਿੱਸੇਦਾਰ । ਇਸ ਦੀ ਸਾਰੀ ਆਮਦਨ ਅਤੇ ਸਾਰਾ ਖਰਚ ਬਾਦਸ਼ਾਹ ਦਾ ਆਪਣਾ ਹੁੰਦਾ ਸੀ । ਪਰਸ਼ੀਅਨ ਡਿਕਸ਼ਨਰੀ ਦੇ ਅਨੁਸਾਰ ਵੀ ਖਾਲਸਾ ਸ਼ਬਦ ਦੇ ਇਹੀ ਅਰਥ ਲਏ ਗਏ ਹਨ। ਅਰਥਾਤ “ਵੋਹ ਜਮੀਨ-ਏ-ਬਾਦਸ਼ਾਹੀ ਜੋ ਕਿਸੀ ਕੀ ਜਾਗੀਰ ਨ ਹੋ” ।” ਬਿਲਕੁਲ ਇਸੇ ਰੌਸ਼ਨੀ ਵਿਚ ਜਦੋਂ ਖਾਲਸਾ ਸ਼ਬਦ ਨੂੰ ਅੰਮ੍ਰਿਤ ਧਾਰੀ ਸਿੰਘਾਂ ਦੇ ਸਮੂਹ ਉਪਰ ਲਾਗੂ ਕੀਤਾ ਗਿਆ ਤਾਂ ਇਸ ਦੇ ਅਰਥ ਸਨ ਕਿ ਉਹ ਸਿੱਖ ਜਿਹੜੇ ਕਿਸੇ ਮਸੰਦ ਦੇ ਅਧੀਨ ਨਹੀਂ ਹਨ ਸਗੋਂ ਸਿੱਧੇ ਤੌਰ ‘ਤੇ ਆਪਣੇ ਗੁਰੂ ਨਾਲ ਜੁੜ ਗਏ ਹਨ। ਇਨ੍ਹਾਂ ਅਰਥਾਂ ਨੂੰ ਜੇ ਹੋਰ ਵੀ ਸੰਖੇਪ ਰੂਪ ਵਿਚ ਵਰਨਣ ਕਰਨਾ ਹੋਵੇ ਤਾਂ ਇਹ ਸ਼ਬਦ ਵਰਤੇ ਜਾ ਸਕਦੇ ਹਨ : “ਗੁਰੂ ਦੇ ਉਹ ਸਿੱਖ ਜੋ ਕਿਸੇ ਦੇ ਅਧੀਨ ਨਹੀਂ ਹਨ ।”2 6ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਤੋਂ ਖਾਲਸੇ ਦੇ ਇਨ੍ਹਾਂ ਅਰਥਾਂ ਨੂੰ ਜਦੋਂ ਹੋਰ ਅਸੀਮਤ ਰੂਪ ਵਿਚ ਵਿਆਖਿਆ ਜਾਂਦਾ ਹੈ ਤਾਂ ਇਹ ਵਿਆਖਿਆ ਇਕ ਸੁਤੰਤਰ ਮਨੁੱਖ ਨੂੰ ਦਰਸਾਉਂਦੀ ਹੈ।

ਕਵੀ ਸੈਨਾਪਤਿ ਨੇ ਵੀ ਖਾਲਸੇ ਦੇ ਇਹੀ ਅਰਥ ਦਿੱਤੇ ਹਨ । ਉਹ ਦਿੱਲੀ ਵਿਖੇ ਖਾਲਸੇ ਅਤੇ ਬਰਾਹਮਣ ਸਮਾਜ ਵਿਚ ਪੈਦਾ ਹੋਏ ਝਗੜੇ ਦੀ ਗੱਲ ਕਰਦਾ ਹੋਇਆ ਦੱਸਦਾ ਹੈ ਕਿ ਜਦੋਂ ਬਰਾਹਮਣ ਸਮਾਜ ਨੇ ਦਿੱਲੀ ਦੇ ਹਾਕਮ ਕੋਲ ਜਾ ਕੇ ਇਹ ਸ਼ਿਕਾਇਤ ਕੀਤੀ ਕਿ ਇਹ ਸਿੱਖ ਆਪਣੇ ਆਪ ਨੂੰ ਖਾਲਸਾ ਕਿਉਂ ਅਖਵਾਉਂਦੇ ਹਨ ਜਦੋਂ ਕਿ ਖਾਲਸਾ ਅਖਵਾਉਣ ਦਾ ਅਧਿਕਾਰ ਤਾਂ ਸਿਰਫ ਬਾਦਸ਼ਾਹ ਨੂੰ ਹੀ ਹੈ।” ਇਸ ਦੇ ਜਵਾਬ ਵਿਚ ਜਦੋਂ ਸਿੱਖ ਉਸ ਹਾਕਮ ਨੂੰ ਸਪਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਗੁਰੂ ਦੇ ਜਿਹੜੇ ਨਾਇਬ ਹੁੰਦੇ ਸਨ ਉਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ । ਹੁਣ ਉਨ੍ਹਾਂ ਦੇ ਗੁਰੂ ਨੇ ਇਨ੍ਹਾਂ ਮਸੰਦਾਂ ਨੂੰ ਹਟਾ ਦਿੱਤਾ ਹੈ ਅਤੇ ਸਾਰੇ ਸਿੱਖਾਂ ਨੂੰ ਆਪਣੇ ਨਾਲ ਸਿੱਧੇ ਤੌਰ ‘ਤੇ ਜੋੜ ਕੇ ਖਾਲਸਾ ਬਣਾ ਲਿਆ ਹੈ 1

ਸਭ ਤੋਂ ਅਹਿਮ ਗੱਲ ਇਹ ਹੈ ਕਿ ਖਾਲਸਾ ਅਰਬੀ-ਫਾਰਸੀ ਦਾ ਸ਼ਬਦ ਹੈ । ਜਿਸ ਬੋਲੀ ਨਾਲ ਕੋਈ ਸ਼ਬਦ ਸਬੰਧਤ ਹੁੰਦਾ ਹੈ ਉਸ ਦੇ ਉਸੇ ਬੋਲੀ ਵਾਲੇ ਅਰਥ ਲੈਣੇ ਚਾਹੀਂਦੇ ਹਨ। ਖਾਲਿਸ ਸ਼ਬਦ ਖਾਲਸਾ ਸ਼ਬਦ ਦਾ ਬਿਗੜਿਆ ਹੋਇਆ ਰੂਪ ਹੈ। ਵੈਸੇ ਵੀ ਖਾਲਿਸ ਸ਼ਬਦ ਦੇ ਅਰਥ ਸ਼ੁੱਧ ਜਾਂ ਪਵਿੱਤਰ ਨਹੀਂ ਹੋ ਸਕਦੇ। ਇਹ ਧੱਕੇ ਨਾਲ ਕੋਈ ਅਰਥ ਕੱਢਣ ਵਾਲੀ ਗੱਲ ਹੈ। ਪਰਚੱਲਤ ਧਾਰਨਾ ਅਨੁਸਾਰ ਖਾਲਿਸ ਸ਼ਬਦ ਨੂੰ ‘ਨਿਰੋਲ’ ਦੇ ਅਰਥਾਂ ਵਿਚ ਹੀ ਲਿਖਿਆ ਜਾ ਸਕਦਾ ਹੈ। ਸ਼ੁੱਧ ਜਾਂ ਪਵਿੱਤਰ ਅਰਥ ਸਿਰਫ ਖਾਲਸਾ ਸ਼ਬਦ ਨੂੰ ਸੰਸਕ੍ਰਿਤ ਜਾਂ ਹਿੰਦੀ ਪਰਭਾਵ ਵਾਲਾ ਸ਼ਬਦ ਬਣਾ ਕੇ ਹੀ ਲਏ ਜਾ ਸਕਦੇ ਹਨ। ਅਰਬੀ-ਫਾਰਸੀ ਮੂਲ ਵਾਲੇ ਸ਼ਬਦ ਨੂੰ ਸੰਸਕਰਿਤ ਜਾਂ ਹਿੰਦੀ ਪਰਭਾਵ ਵਾਲੇ ਸ਼ਬਦਾਂ ਵਿਚ ਢਾਲਣਾ ਨਿਆਏ-ਯੁਕਤ ਗੱਲ ਨਹੀਂ ਹੈ । ਭਾਵੇਂ ਖਾਲਸਾ ਸ਼ਬਦ ਵਰਤਮਾਨ ਸਮੇਂ ਵਿਚ ਸਿੱਖਾਂ ਦੀ ਨਿੱਤ ਦੀ ਬੋਲਚਾਲ ਵਿਚ ਇਤਨਾ ਰਚ-ਮਿਚ ਗਿਆ ਹੈ ਕਿ ਇਹ ਸਿਰਫ ਪੰਜਾਬੀ ਬੋਲੀ ਦਾ ਹੀ ਸ਼ਬਦ ਮੰਨਿਆ ਜਾਣ ਲੱਗ ਪਿਆ ਹੈ। ਜਿਤਨੀ ਵਰਤੋਂ ਇਸ ਦੀ ਅੱਜ ਪੰਜਾਬੀ ਬੋਲੀ ਵਿਚ ਹੋ ਰਹੀ ਹੈ ਇਤਨੀ ਵਰਤੋਂ ਤਾਂ ਇਸ ਦੀ ਅਰਬੀ ਅਤੇ ਫਾਰਸੀ ਵਿਚ ਵੀ ਨਹੀਂ ਹੋ ਰਹੀ। ਸੰਸਕਰਿਤ ਅਤੇ ਹਿੰਦੀ ਵਿਚ ਤਾਂ ਉੱਕਾ ਹੀ ਨਹੀਂ । ਇਸ ਲਈ ਇਸ ਸ਼ਬਦ ਦੇ ਉਹ ਹੀ ਅਰਥ ਲਏ ਜਾਣੇ ਚਾਹੀਂਦੇ ਹਨ ਜਿਹੜੇ ਇਸ ਦੀ ਮੌਲਿਕ ਰੂਪ ਵਾਲੀ ਬੋਲੀ ਪਰਦਾਨ ਕਰਦੀ ਹੈ ਅਤੇ ਜਿਹੜੀ ਬੋਲੀ ਵਿਚ ਉਸ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ। ਪੰਜਾਬੀ ਬੋਲ-ਚਾਲ ਵਿਚ ਵੀ ਖਾਲਸਾ ਉਸ ਵਿਅਕਤੀ ਨੂੰ ਆਖਿਆ ਜਾਂਦਾ ਹੈ ਜਿਹੜਾ ਸਭ ਕਿਸਮ ਦੀ ਗੁਲਾਮੀ ਤੋਂ ਮੁਕਤ ਹੈ ਅਤੇ ਇਕ ਸੁਤੰਤਰ ਵਿਅਕਤੀਤਵ ਰੱਖਦਾ ਹੈ।

ਇਸੇ ਭਾਵ ਨੂੰ ਪਰਗਟਾਉਣ ਵਾਲੇ ਕਈ ਤੱਥ ਹੋਰ ਸਾਡੇ ਸਾਹਮਣੇ ਹਨ । ਸਰਬਲੋਹ ਗਰੰਥ ਵਿਚ ਖਾਲਸੇ ਦੀ ਸਾਜਨਾ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੋਈ ਦਰਸਾਈ ਗਈ ਹੈ ਅਤੇ ਖਾਲਸੇ ਨੂੰ ਅਕਾਲ ਪੁਰਖ ਦੀ ਫ਼ੌਜ ਦੱਸਿਆ ਗਿਆ ਹੈ । ਇਸੇ ਲਈ ਹੀ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਦੇ ਸ਼ਬਦ ਹਰ ਖਾਲਸੇ ਵੱਲੋਂ ਇਕ ਦੂਜੇ ਨੂੰ ਮਿਲਣ ਸਮੇਂ ਇਕ ਦੂਜੇ ਨੂੰ ਸੰਬੋਧਨ ਕਰਕੇ ਉਚਾਰੇ ਜਾਂਦੇ ਹਨ । ਇਨ੍ਹਾਂ ਸ਼ਬਦਾਂ ਦਾ ਭਾਵ ਹੈ ਕਿ ਖਾਲਸਾ ਵਾਹਿਗੁਰੂ ਨਾਲ ਸਬੰਧਤ ਹੈ ਅਤੇ ਇਸ ਦੀ ਫਤਿਹ ਵਾਹਿਗੁਰੂ ਦੀ ਹੀ ਆਪਣੀ ਫਤਿਹ ਹੈ । ਖਾਲਸੇ ਦਾ ਅਕਾਲ ਪੁਰਖ ਦੀ ਇੱਛਾ ਨਾਲ ਪੈਦਾ ਹੋਣਾ, ਖਾਲਸੇ ਦਾ ਅਕਾਲ ਪੁਰਖ ਦੀ ਫ਼ੌਜ ਦੇ ਰੂਪ ਵਿਚ ਵਿਚਰਨਾ ਅਤੇ ਖਾਲਸੇ ਦੀ ਫਤਿਹ ਵਾਹਿਗੁਰੂ ਦੀ ਹੀ ਫਤਿਹ ਸਮਝੀ ਜਾਣਾ ਆਦਿ ਸਭ ਗੱਲਾ ਖਾਲਸੇ ਨੂੰ ਇਕ ਸੁਤੰਤਰ ਅਤੇ ਨਿਰਭੈ ਵਿਅਕਤੀ ਦੇ ਤੌਰ ‘ਤੇ ਹੀ ਸਥਾਪਤ ਕਰਦੀਆਂ ਹਨ।

Leave a comment

error: Content is protected !!