ਕਿੱਸਾ ਰਾਜਾ ਰਸਾਲੂ
ਲੂਣਾਂ ਦੇ ਮੰਦਰਾਂ ਵਿਚ ਇਕ ਦਿਨ ਕਿਸੇ ਰਮਤਾ ਜੋਗੀ ਨੇ ਅਲਖ ਜਗਾਈ ਤਾਂ ਲੂਣਾਂ ਦੇ ਕੰਨ ਫੜਕ ਪਏ। ਲੂਣਾਂ, ਜਿਹੜੀ ਪਹਿਲਾ ਇਕ (ਪੂਰਨ) ਨਾਥ ਦੇ ਬਚਨਾਂ ਦੀ ਬਖਸਿਸ਼ ਨਾਲ ਬਾਂਝ ਤੋਂ ਮਾਂ ਬਣਨ ਦੀ ਕਰਾਮਾਤ ਦਾ ਚਮਤਕਾਰ ਦੇਖ ਦੇਖ ਕੇ ਖੀਵੀ ਹੋ ਰਹੀ ਸੀ, ਆਪਣੀ ਗੋਦੀ ਪੁੱਤਰ ਖੇਡਣ ਦੀ ਕਾਹਲੀ ਪਈ ਅਭਿਲਾਸ਼ਾ ਨੂੰ ਸੰਭਾਲ ਨਾ ਸਕੀ !
‘ਮਹਾਰਾਜ ! ਤੁਸੀਂ ਜੋਗੀ ਲੋਕ ਰਿੱਧੀਆਂ ਸਿੱਧੀਆਂ ਦੇ ਮਾਲਕ, ਭਵਿੱਖ ਦੀਆਂ ਬੁੱਝਣ ਤੋਂ ਦਿਲ ਦੀਆਂ ਜਾਣਨ ਵਾਲੇ ਹੁੰਦੇ ਹੋ, ਕਿਰਪਾ ਕਰਕੇ ਦੱਸੋ ਮੇਰੀ ਕੁੱਖੋਂ ਕੀ ਜੰਮੇਗਾ ?”
‘ਮਾਤਾ ਜੀ ! ਤੁਹਾਡੇ ਘਰ ਪੁੱਤਰ ਜੰਮੇਗਾ ? ਇਕ ਬਲੀ ਤੇ ਤੇਜੱਸਵੀ ਪੁੱਤਰ । ਪਰ ਉਸ ਦੀ ਜਾਨ ਅਤੇ ਬਹਾਦਰੀ ਦਾ ਤੇਜ ਤਦ ਹੀ ਕਾਇਮ ਰਹੇਗਾ ਜੇ ਮਾਤਾ ਪਿਤਾ ਬਾਰਾਂ ਵਰ੍ਹੇ ਉਸ ਦੇ ਮੱਥੇ ਨਾ ਲੱਗਣ, ਨਾ ਮੂੰਹ ਦੇਖਣ ਤੇ ਨਾ ਮੂੰਹ ਦਿਖਾਉਣ ।’
‘ਜੋਗੀ’ ਦੇ ਬਚਨ ਝੱਟ ਰਾਜਾ ਸਲਵਾਹਨ ਦੇ ਕੰਨਾਂ ਤਕ ਪਹੁੰਚਾਏ ਗਏ। ਕਈ ਵਾਰ ਵਧੇਰੇ ਚੰਗੀ ਗੱਲ ਦੀ ਮਨ ਨੂੰ ਤਸੱਲੀ ਦੇਣੀ ਵਧੇਰੇ ਔਖੀ ਹੋ ਜਾਂਦੀ ਹੈ। ਰਾਜਾ ਸਲਵਾਹਨ ਦੀ ਪੁੱਤਰ-ਭੁੱਖ ਦੀ ਅਭਿਲਾਖਿਆ ਦੀ ਚਿੰਗਾੜੀ ਤੇਜ਼ੀ ਨਾਲ ਭੜਕ ਉੱਠੀ । ਨਾਲ ਹੀ ਬਾਰਾਂ ਵਰ੍ਹੇ ਮੂੰਹ ਮੱਥੇ ਨਾ ਲੱਗਣ ਦੀ ਸ਼ਰਤ ਦਿਲ ਫੜ ਬੈਠੀ। ਰਾਜਾ ਸੋਚਾਂ ਦੇ ਸਮੁੰਦਰਾਂ ਵਿਚ ਲਹਿ ਗਿਆ ।
‘ਨਸੀਬਾਂ ਨੂੰ ਝੂਰ ਝੂਰ ਕੇ ਬੁੱਢੇ ਵਾਰੇ ਪੁੱਤਰ ਜੰਮੇਗਾ ! ਕੀ ਮੈਂ ਬਾਰਾਂ ਵਰ੍ਹੇ ਉਸ ਦਾ ਮੂੰਹ ਵੀ ਨਹੀਂ ਦੇਖ ਸਕਾਂਗਾ ?”ਕੀ ਮਾਤਾ ਪਿਤਾ ਦੇ ਮੂੰਹ ਲਗਣ ਨਾਲ ਉਹ ਸੱਚੀਮੁੱਚੀ ਸਾਡੇ ਪਾਸੋਂ ਛਿਨ ਜਾਵੇਗਾ ?’
ਆਖਰ ਨਵ-ਜੰਮਿਆ ਪੁੱਤਰ ਵਹਿਮਾਂ ਤੇ ਭਰਮਾਂ ਦੀ ਬਾਰਾਂ ਵਰ੍ਹਿਆਂ ਦੀ ਕੈਦ ਭੁਗਤਣ ਲਈ ਭੋਰੇ ਪਾ ਦਿੱਤਾ ਗਿਆ। ਉਸ ਦੇ ਖੇਲ੍ਹਣ ਮੱਲ੍ਹਣ ਲਈ ਇਕ ਉੱਚੇ ਲੰਮੇ ਕਿਲ੍ਹੇ ਦੀ ਚਾਰ-ਦੀਵਾਰੀ, ਮਿਲਣ-ਜੁਲਣ ਲਈ ਖਾਸ ਕਿਸਮ ਦੇ ਸਾਥੀ ਤੇ ਵਿਦਿਆ-ਦਾਤੇ ਚੁਣੇ ਗਏ । ਭੁੱਟ ਭੁੱਟ ਗੱਲਾਂ ਕਰਨ ਵਾਲਾ ਇਕ ਨਟਖਟ ਤੋਤਾ, ਇਕ ਸੁਨਿਆਰਾਂ ਦਾ ਤੇ ਇਕ ਤਰਖਾਣਾਂ ਦਾ ਮੁੰਡਾ, ਦੋ ਸਾਥੀ, ਉਸੇ ਦਿਨ ਜੰਮਿਆ ਇਕ ਵਛੇਰਾ ਵੀ ਉਸ ਨਾਲ ਕਿਲ੍ਹੇ ਵਿਚ ਪਹੁੰਚਾ ਦਿੱਤਾ ਤਾਂ ਜੁ ਜਦੋਂ ਰਸਾਲੂ ਵੱਡਾ ਹੋਵੇ, ਉਦੋਂ ਤਕ ਇਹ ਘੋੜਾ ਵੀ ਉਸ ਦੀ ਸਵਾਰੀ ਲਈ ਤਿਆਰ ਹੋ ਜਾਵੇ ।
ਰਸਾਲੂ ਰਸੀਆ ਸੀ ! ਹੁਸਨ ਦਾ ਰਸੀਆ, ਉਸ ਦੀ ਹੁਸਨ ਭੁੱਖ ਇਕ ਥਾਂ ਡੰਝਾਂ ਲਾਹ ਕੇ ਡੀਕਾਂ ਲਾ ਲਾ ਰੱਜਣ ਵਾਲੀ ਨਹੀਂ ਸਗੋਂ ਭੌਰੇ ਵਾਂਗ ਨਵੀਆਂ ਨਵੀਆਂ ਫੁੱਲ-ਖੰਭੜੀਆਂ ਦਾ ਰਸ ਰੰਗ ਮਾਣ ਕੇ ਨਵੀਆਂ ਨਵੀਆਂ ਉਡਾਰੀਆਂ ਦੀ ਮਸਤੀ ਵਾਲੀ ਸੀ । ਜਿਸ ਨੇ ਕੁਝ ਪਲਾਂ ਤੋਂ ਵਧ ਨਾ ਕਿਸੇ ਫੁੱਲ ਤੇ ਟਿਕ ਰਸ ਮਾਣਿਆ ਤੇ ਨਾ ਹੀ ਜਿਸ ਨੂੰ ਕਦੇ ਕਿਸੇ ਜੁਆਨੀ ਦੇ ਫੁੱਲ ਨੇ ਆਪਣੀ ਲਗਰ ਉੱਤੇ ਬਿਠਾ ਕੇ ਛਿਨਾਂ ਪਲਾਂ ਤੋਂ ਵੱਧ ਹੁਲਾਰੇ ਮਾਣੇ !
ਅਜੇਹੇ ਥਰਥਰਾਂਦੇ ਖੰਭਾਂ ਵਾਲਾ ਪੰਛੀ ਕਿਤਨਾ ਕੁ ਚਿਰ ਭੋਰੇ ਦੇ ਪਿੰਜਰੇ ਵਿਚ ਪੈ ਕੇ ਜਿੰਦ ਲੁੜਛਾਉਂਦਾ ਰਹਿੰਦਾ । ਬਾਰਾਂ ਵਰ੍ਹੇ ਦੀ ਸ਼ਰਤ ਪੂਰੀ ਹੋਣ ਵਿਚ ਹਾਲਾਂ ਵਰ੍ਹਾ ਰਹਿੰਦਾ ਸੀ ਪਰ ਉਸ ਦੀ ਅੱਥਰੀ ਜੁਆਨੀ ਦੇ ਮਚਲਦੇ ਅਰਮਾਨ ਬੇਕਾਬੂ ਹੋ ਗਏ।
ਰਸਾਲੂ ਦੇ ਕੰਨਾਂ ਤਕ ਇਹ ਅਵਾਜ਼ ਪੁਜ ਚੁੱਕੀ ਸੀ ਕਿ ਇਸ ਕਿਲ੍ਹੇ ਵਿਚੋਂ ਨਿਕਲਦਿਆਂ ਹੀ ਜਿਸ ਦਰਿਆ ਵਿਚ ਉਸ ਨੂੰ ਪਹਿਲੇ ਦਿਨ ਜੋਤਸ਼ੀਆਂ ਨੇ ਨਹਾਉਣਾ ਦੱਸਿਆ ਹੈ, ਉਸ ਦਰਿਆ ਦੇ ਕੰਢੇ ਜਿਸ ਦਿਨ ਤੋਂ ਮੈਂ ਜੰਮਿਆ ਹਾਂ, ਮੇਰੇ ਪਿਆਰ ਵਿਚ ਮੁਗਧ ਇਕ ਰਾਜਕੁਮਾਰੀ ਮੇਰੀਆਂ ਉਡੀਕਾਂ ਕਰ ਰਹੀ ਹੈ। ਉਸ ਦਾ ਪ੍ਰਣ ਹੈ ਕਿ ਮੈਂ ਵਿਆਹ ਕੀਤਾ ਤਾਂ ਰਸਾਲੂ ਨਾਲ ਹੀ ਕਰਾਂਗੀ।
ਚੁਲਬੁਲਾ ਰਸਾਲੂ ਇਸ ਦਰਿਆ ਨਹਾਉਣ ਵਾਲੀ ਸ਼ਰਤ ਪੂਰੀ ਕਰਨੀ ਮੰਨ ਕੇ ਬਾਕੀ ਸਾਰੀਆਂ ਸ਼ਰਤਾਂ ਭੰਨ ਕੇ ਆਪਣੇ ਹਾਣੀ ਘੋੜੇ ਤੇ ਸਾਥੀ ਤੋਤੇ ਸਮੇਤ ਕਿਲ੍ਹੇ ਦੀਆਂ ਤੇ ਕਿਲ੍ਹੇ ਤੋਂ ਵੀ ਵੱਧ ਵਹਿਮਾਂ ਤੇ ਭਰਮਾਂ ਦੀਆਂ ਕੰਧਾਂ ਚੀਰ ਕੇ ਨਿਕਲ ਟੁਰਿਆ। ਰਸਾਲੂ ਨੂੰ ਪੱਕੀ ਕੀਤੀ ਗਈ ਸੀ ਕਿ ਜਿਤਨਾ ਚਿਰ ਤੂੰ ਦਰਿਆ ਵਿਚ ਨਹੀਂ ਨਹਾਵੇਂਗਾ, ਉਤਨਾ ਚਿਰ ਕਿਸੇ ਦਾ ਮੂੰਹ ਨਹੀਂ ਦੇਖਣਾ ਤੇ ਜਨਾਨੀ ਦਾ ਤਾਂ ਉੱਕਾ ਦੇਖਣਾ ਹੀ ਨਹੀਂ । ਰਸਾਲੂ ਦਾ ਹਵਾ ਦੇ ਵੇਗ ਜਾਂਦਾ ਘੋੜਾ ਸਾਹਮਣੇ ਇਕ ਧੌਲਰ ਦੇਖ ਕੇ ਕੁਝ ਚਿਰ ਲਈ ਆਪਣੀ ਮਟਕ ਕਾਰਣ ਧੀਰਜ-ਭਰੀ ਰੁਹਾਲ ਪੈ ਗਿਆ।
ਘੋੜੇ ਦੀਆਂ ਟਾਪਾਂ… ਤੇ ਇਕਾਂਤ ਵਿਚ ਕਿਸੇ ਇਕ ਦਿਲ ਦੀਆਂ ਧਾਪਾਂ ਨਾਲ ਜਾ ਸੁਰ ਹੋਈਆਂ। ਉਡੀਕਾਂ ਵਿਚ ਲੁਛਦੀ ਰਾਜਕੁਮਾਰੀ ਨੇ ਬਾਰੀ ਵਿੱਚੋਂ ਦੇਖਿਆ, ਘੋੜ-ਸਵਾਰ ਉਹੋ ਹੈ ਜਿਸ ਲਈ ਗਿਆਰਾਂ ਵਰ੍ਹਿਆਂ ਤੋਂ ਰਾਹਾਂ ਵਿਚ ਨੈਣਾਂ ਦੀਆਂ ਪਲਕਾਂ ਵਿਛਾਈਆਂ ਹੋਈਆਂ ਹਨ। ਦਿਲ ਦੇ ਸਾਰੇ ਚਿੰਨ੍ਹਾਂ ਨੂੰ ਸੱਚੇ ਹੋਣ ਦੀ ਤਸੱਲੀ ਦਿੱਤੀ ਪਰ ਘੋੜ-ਸਵਾਰ ਨਿਗਾਹ ਉਤਾਹਾਂ ਫੇਰੇ ਬਿਨਾਂ ਸਿੱਧੀ ਸ਼ਿਸਤ ਬੰਨ੍ਹੀ ਜਾ ਰਿਹਾ ਸੀ, ਉਸ ਦੀ ਸ਼ਰਮਾਂ ਨਾਲ ਥਥਲਾਂਦੀ ਜ਼ਬਾਨ ਘਰ ਕੋਲੋਂ ਲੰਘਦੀ ਬਰਕਤ ਨੂੰ ਅਰਜ਼ ਗੁਜ਼ਾਰੇ ਬਿਨਾਂ ਕਿਵੇਂ ਲੰਘਣ ਦੇ ਸਕਦੀ ਸੀ :-
‘ਜਿਸ ਦਿਨ ਦਾ ਤੂੰ ਜੰਮਿਆ, ਮੈਂ ਬੈਠੀ ਧਉਲਰ ਪਾ ਜੇ ਤੂੰ ਰਾਜਪੂਤ ਹੈਂ, ਤਾਂ ਮੈਨੂੰ ਮੂੰਹ ਵਿਖਾ।”
ਰਸਾਲੂ ਨੇ ਮਿੱਠੇ ਬੋਲ ਸੁਣੇ, ਅਣਸੁਣੇ ਕਰ ਦਿੱਤੇ । ਬਚਨ ਤੇ ਪ੍ਰਣ ਦਾ ਪੱਕਾ ਰਸਾਲੂ ਚੁੱਪ ਵੱਟ ਕੇ ਲੰਘੀ ਗਿਆ, ਧੌਲਰ ਪਾਰ ਕਰਦਿਆਂ ਘੋੜਸਵਾਰ ਦੀਆਂ ਟਾਪਾ ਜਿਉਂ ਜਿਉਂ ਤੇਜ਼ ਤੇ ਮੱਧਮ ਹੁੰਦੀਆਂ ਗਈਆਂ ਰਾਜ-ਕੁਮਾਰੀ ਦੇ ਦਿਲ ਦੀਆਂ ਤਰਾਟਾਂ ਕੁਰਲਾਹਟਾਂ ਬਣ ਬਣ ਕੇ ਉਚੀਆਂ ਹੁੰਦੀਆਂ ਗਈਆਂ। ਉਹ ਰਸਾਲੂ ਬਿਨਾਂ ਕਿਵੇਂ ਜੀਊਂਦੀ ਰਹਿ ਸਕਦੀ ਸੀ । ਜਦੋਂ ਉਸ ਨੇ ਵੇਖਿਆ ਕੋਮਲ ਰਾਜ-ਕੁਮਾਰ ਦਾ ਧੁੱਪ ਨਾਲ ਰੰਗ ਕੁਮਲਾ ਰਿਹਾ ਹੈ ਤਾਂ ਆਪਣੇ ਖੰਭ ਲਾ ਕੇ ਇੱਲ੍ਹ ਦੀ ਸ਼ਕਲ ਬਣਾ ਕੇ ਰਸਾਲੂ ਦੇ ਸਿਰ ਉੱਤੇ ਲੱਗੀ ਛੱਤਰੀ ਵਾਂਗ ਨਾਲ ਨਾਲ ਉੱਡਣ । ਰਸਾਲੂ ਨੇ ਰਾਜਕੁਮਾਰੀ ਦੇ ਆਪਾ-ਵਾਰੂ ਪਿਆਰ ਨੂੰ ਮੋਮੋਠਗਣੀਆਂ ਵਾਲਾ ਪਿਆਰ ਸਮਝ ਕੇ ਠੁਕਰਾ ਦਿੱਤਾ ।
ਰਾਜਕੁਮਾਰ ਦੇ ਬੰਧਨ-ਮੁਕਤ ਹੋ ਜਾਣ ਦੀ ਖ਼ਬਰ ਨੇ ਸਿਆਲਕੋਟ ਸ਼ਹਿਰ ਦੇ ਸਾਰੇ ਲੋਕਾਂ ਵਿਚ ਇਕ-ਦਮ ਖਲਬਲੀ ਪਾ ਦਿੱਤੀ । ਹੁਣ ਕੀ ਹੋਵੇਗਾ ? ਰਾਜਾ ਤੇ ਰਾਣੀ ਨੇ ਜੋਤਸ਼ੀਆਂ ਅਤੇ ਸਿਆਣਿਆਂ ਤੋਂ ਫਿਰ ਪੁੱਛਾਂ ਪੁਛਣੀਆਂ ਅਰੰਭੀਆਂ।
‘ਰਾਜਾ ਰਾਣੀ ਇਕ ਵਰ੍ਹਾ ਹੋਰ ਰਾਜਕੁਮਾਰ ਨੂੰ ਮੂੰਹ ਨਾ ਲਗਾਣ’। ਹਰ ਪਾਸੇ ਤੋਂ ਆ ਰਹੀ ਇਹ ਅਵਾਜ ਕਿਵੇਂ ਅਸਰ-ਅੰਦਾਜ਼ ਨਾ ਹੁੰਦੀ ?ਅਲਬੇਲੇ ਰਸਾਲੂ ਨੂੰ ਇਨ੍ਹਾਂ ਸੰਸਾਰਕ ਗੱਲਾਂ ਦਾ ਕੀ ਪਤਾ। ਜਿਉਂ ਹੀ ਉਹ ਸਿਆਲਕੋਟ ਸ਼ਹਿਰ ਦੇ ਨੇੜੇ ਢੁੱਕਿਆ, ਪਾਣੀ ਭਰੀ ਜਾਂਦੀਆਂ ਕੁੜੀਆਂ ਦੀ ਡਾਰ ਦੇ ਸਿਰਾਂ ਉਤੇ ਮਟਕੇ ਦੇਖ ਕੇ ਉਸ ਦਾ ਹੱਥ ਤੀਰ ਕਮਾਨ ਦੇ ਕੰਢੇ ਉੱਤੇ ਜਾ ਵਿਕਿਆ। ਨਿਸ਼ਾਨਾਬਾਜ਼ੀ ਦਾ ਹੁਨਰ ਅਜ਼ਮਾਉਣ ਲਈ ਪਲਾਂ, ਤਿੰਨਾਂ ਵਿਚ ਸਾਰੇ ਘੜੇ ਭੰਨ ਛੱਡੇ। ਰਾਜੇ ਰਾਣੀ ਪਾਸ ਫਰਿਆਦੀ ਹੋਈਆਂ ਕੁੜੀਆਂ ਲਈ ਤਾ ਦੀਆਂ ਗਾਗਰਾ ਲੈ ਆਈਆਂ ਪਰ ਰਸਾਲੂ ਨੇ ਤੀਰਾਂ ਦੀ ਬੁਛਾੜ ਨਾਲ ਉਹ ਵੀ ਵਿੰਨ੍ਹ ਘੱਤੀਆਂ। ਇਸ ਤਰ੍ਹਾਂ ਦੇ ਚਾਵਾਂ ਮਲ੍ਹਾਰਾਂ ਵਿਚ ਮੱਤਾ ਪੀੜੇ ਘੋੜੇ ਸਮੇਤ ਕਸਿਆ ਕਸਾਇਆ ਰਾਜਕੁਮਾਰ ਰਾਜ ਦੇ ਮਹਿਲੀਂ ਜਾ ਪੁੱਜਾ।
ਗਿਆਰਾਂ ਵਰ੍ਹੇ ਦੀ ਉਡੀਕ ਪਿੱਛੋਂ ਰਾਜੇ ਦੇ ਪੁੱਤਰ-ਮਿਲਣੀ ਲਈ ਤਾਂਘਦੇ ਜਜ਼ਬਿਆਂ ਦਾ ਉਦੋਂ ਕੀ ਹਾਲ ਹੋਇਆ ਹੋਵੇਗਾ ? ਜਦੋਂ ਉਹ ਪੁੱਤਰ ਨੂੰ ਕਲਾਵੇ ਵਿਚ ਲੈਣ ਦੀ ਥਾਂ ਜੋਤਸ਼ੀਆਂ ਦੇ ਆਖੇ ਪਿੱਠ ਮਰੋੜ ਕੇ ਬੈਠਾ ਹੋਣਾ ਹੈ ? ਰਸਾਲੂ ਲਈ ਇਹ ਵਰਤਾਉ ਅਝੱਲ ਸੀ ਉਹ ਆਪਣੇ ਅਣਭੋਲ ਜਜ਼ਬੇ ਕਾਬੂ ਨਾ ਰੱਖ ਸਕਿਆ :-
ਮੈਂ ਆਇਆ ਸਾਂ ਸਲਾਮ ਨੂੰ, ਤੂੰ ਬੈਠੈ ਪਿਠ ਮਰੋੜ
‘ ਮੈਂ ਨਹੀਂ ਤੇਰਾ ਰਾਜ ਵੰਡਾਉਣਾ, ਮੈਨੂੰ ਨਹੀਂ ਰਾਜ ਦੀ ਲੋੜ।”
ਰਾਜੇ ਦੀ ਸਭ ਸੁਆਲਾਂ ਦੇ ਜਵਾਬ ਵਿਚ ਵੱਟੀ ਹੋਈ ਇੱਕੋ ਚੁੱਪ ਦੇਖ ਦੇ ਰਸਾਲੂ ਮਹਿਲਾਂ ਵਿੱਚੋਂ ਨਿਕਲ ਟੁਰਿਆ। ਇਹ ਪਤਾ ਕਰ ਕੇ ਕਿ ਮੇਰੀ ਮਾਂ ਕਿੱਥੇ ਹੈ, ਉਸ ਧਉਲਰ ਦੀ ਬਾਰੀ ਹੇਠ ਆ ਖੜਾ ਹੋਇਆ। ਰਾਣੀ ਲੂਣਾਂ ਪਹਿਲਾਂ ਹੀ ਇਸ ਵਰਤ ਰਹੀ ਭਾਵੀ ਨੂੰ ਦੇਖ ਕੇ ਭੈ ਭੀਤ ਹੋਈ ਧਾਹਾਂ ਮਾਰ ਮਾਰ ਰੋ ਰਹੀ ਸੀ । ਰਸਾਲੂ ਸੁਣ ਕੇ ਠਠੰਬਰਿਆ ਪਰ ਆਪਣੇ ਫੈਸਲੇ ਤੇ ਦ੍ਰਿੜ੍ਹ ਸੀ ਕਿ ਹੁਣ ਭੋਰੇ ਨਹੀਂ ਪੈਣਾ ।
ਰਸਾਲੂ ਨੇ ਬਾਹਰ ਜਾਣ ਵੇਲੇ ਅੰਕ-ਸਨੇਹੀ ਨਾਲ ਲਏ ਸਨ ਉਨ੍ਹਾਂ ਵਿਚ ਇਕ ਸੀ ਉਸ ਦਾ ਘੋੜਾ ਤੇ ਦੂਜਾ ਤੋਤਾ, ਤੀਜਾ ਤਰਖੇਟਾ, ਚੌਥਾ ਸੁਨਿਆਰ (ਜਿਹੜੇ ਉਸ ਦੇ ਬਾਲ ਕਾਲ ਦੇ ਸਾਥੀ ਸਨ) ਤੇ ਪੰਜਵਾਂ ਆਪ । ਜਾਂਦੇ ਜਾਂਦੇ ਦੂਰ ਜੰਗਲ ਵਿਚ ਚਲੇ ਗਏ। ਦਿਨ ਛਿਪ ਗਿਆ, ਰਾਤ ਚੜ੍ਹ ਆਈ, ਥੱਕਿਆਂ ਟੁੱਟਿਆਂ ਨੇ ਇਕ ਦਰਖ਼ਤ ਹੇਠਾਂ ਡੇਰਾ ਜਾ ਲਾਇਆ।’ ਪਹਿਰ ਰਾਤ ਬੀਤ ਚੁੱਕੀ ਸੀ। ਰਹਿੰਦੇ ਤਿੰਨ ਪਹਿਰ ਤਿੰਨਾਂ ਜਣਿਆਂ ਨੇ ਵੰਡ ਲਏ । ਤਾਂ ਜੁ ਇਕ ਇਕ ਜਣਾ ਪਹਿਰਾ ਦਿੰਦਾ ਰਹੇ ਤੇ ਦੋ ਦੋ ਜਣੇ ਆਰਾਮ ਕਰਦੇ ਰਹਿਣ ਪਰ ਤੋਤੇ ਤੋਂ ਸਿਵਾ ਬਾਕੀ ਸਾਥੀ ਹੌਲੀ ਹੌਲੀ ਸਾਥ ਛਡਦੇ ਗਏ।
ਅਟਕੋਂ ਦੱਖਣ ਦੇ ਪਾਸੇ ਬਾਘ ਨੀਲਾਬ ਪੱਤਣ ਦੇ ਕੋਲ ਇਕ ਸੀਲਾਂ ਨਾਂ ਦਾ ਨਗਰ ਵਸਦਾ ਸੀ ਜਿਸ ਨੂੰ ਕਈ ਥਾਂ ਨੀਲ ਵੀ ਕਿਹਾ ਗਿਆ ਹੈ। ਫਿਰਦੇ ਫਿਰਾਂਦੇ ਰਸਾਲੂ ਇਥੇ ਆ ਪੁੱਜਿਆ। ਏਥੇ ਉਸ ਨੂੰ ਗੰਢ ਗੜ੍ਹ ਦੇ ਦੇਵਾਂ ਦਾ ਪਤਾ ਲਗਾ ਤੇ ਇਨ੍ਹਾਂ ਇਲਾਕਿਆਂ ਵਿਚ ਹੀ ਪਹਾੜਾਂ ਨੂੰ ਚੀਰ ਕੇ ਰਾਹ ਬਣਾਉਣ ਵਾਲੀ ਥਾਂ ਚੀਰ-ਪੜਾਉ ਰਸਾਲੂ ਦੇ ਘੋੜਿਆਂ ਦੇ ਸੁੰਮ ਲੱਗਣ ਵਾਲੇ ਪੱਥਰਾਂ ਦੀਆਂ ਕਰਾਮਾਤਾਂ ਵਰਤੀਆਂ ਦੱਸੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਰਸਾਲੂ ਦਾ ਚਰਿੱਤਰ ਰਾਜਕੁਮਾਰ ਤੋਂ ਇਕ ਬਲਵਾਨ ਰਾਜੇ ਦੇ ਰੂਪ ਵਿਚ ਉਘਾੜਿਆ ।
ਇਕ ਵਾਰਤਾ ਹੈ ਕਿ ਰਸਾਲੂ ਨੇ ਇਸ ਨਗਰ ਵਿਚ ਰੋਟੀਆਂ ਲਈ ਜਾਂਦੀ ਇਕ ਬੁੱਢੀ ਦੇਖੀ। ਉਹ ਕਦੀ ਰੋਂਦੀ ਤੇ ਕਦੀ ਹੱਸਦੀ ਸੀ । ਰਸਾਲੂ ਨੇ ਉਸ ਨੂੰ ਪੁੱਛਿਆ, ‘ਮਾਈ ਕੀ ਗੱਲ ਹੈ ? ਕਦੇ ਰੋਂਦੀ ਤੇ ਕਦੇ ਹਸਦੀ ਹੈਂ !’ ਉਸ ਨੇ ਦੱਸਿਆ ਕਿ ਇਥੇ ਦੇਉ ਰਹਿੰਦੇ ਹਨ, ਜਿਨ੍ਹਾਂ ਦੀ ਹਰ ਰੋਜ਼ ਇਕ ਆਦਮੀ ਖੁਰਾਕ ਹੈ। ਲੋਕਾਂ ਨੇ ਵਾਰੋ ਵਾਰੀ ਇਕ ਜੀਅ ਉਨ੍ਹਾਂ ਨੂੰ ਦੇਣਾ ਕਾਰਮਿਆ ਹੋਇਆ ਹੈ, ਮੇਰੇ ਸੱਤ ਪੁੱਤਰਾਂ ਵਿਚੋਂ ਛੇ ਤਾਂ ਉਹ ਪਹਿਲਾਂ ਮੁੱਕ ਚੁੱਕੇ ਹਨ ਅੱਜ ਸੱਤਵੇਂ ਦੀ ਵਾਰੀ ਹੈ। ਤੈਨੂੰ ਦੇਖ ਕੇ ਹਸਦੀ ਹਾਂ ਕਿ ਜੇ ਦੇਉ ਨੂੰ ਤੇਰੇ ਜੇਹੇ ਸੋਹਲ ਮਲੂਕ ਕੁਮਾਰ ਦਾ ਪਤਾ ਲਗ ਗਿਆ ਤਾਂ ਸ਼ਾਇਦ ਮੇਰੇ ਪੁਤ ਦੀ ਇਸ ਵਾਰੀ ਜਾਨ ਹੀ ਬਚ ਜਾਵੇ ਪਰ ਮੈਂ ਤੈਨੂੰ ਏਹੋ ਆਖਦੀ ਹਾਂ ਕਿ ਤੂੰ ਏਥੋਂ ਨੱਸ ਜਾਹ ਤੇ ਸਾਨੂੰ ਆਪਣੀ ਬਣੀ ਕੱਟਣ ਦੇ । ਰਸਾਲੂ ਇਹ ਦੇਖ ਕੇ ਖੜ੍ਹੋ ਗਿਆ ਤੇ ਬੋਲਿਆ :
ਨਾ ਰੋ ਮਾਤਾ ਭੋਲੀਏ, ਨਾ ਆਂਸੂ ਡਲ੍ਹਕਾਇ
ਤੇਰੇ ਪੁਤ ਦੀ ਥਾਉਂ ਮੈਂ, ਸਿਰ ਦੇਵਸਾਂ ਜਾਇ ।
ਨੀਲੇ ਘੋੜੇ ਵਾਲਿਆ ਰਾਜਾ ! ਮੂੰਹ ਦਾੜ੍ਹੀ ਸਿਰਪੱਗ
ਉਹ ਜੁ ਵੇਖੇ ਆਉਂਦੇ, ਇਨ੍ਹਾਂ ਖਾਧਾ ਸਾਰਾ ਜੱਗ। ਰਸਾਲੂ ਨੇ ਕਿਹਾ : ਫਿਕਰ ਨਾ ਕਰ। ਮੈਨੂੰ ਉਨ੍ਹਾਂ ਤੋਂ ਕੋਈ ਡਰ ਨਹੀਂ । ਦੂਤ ਮਾਈ ਦੇ ਪੁੱਤ ਨੂੰ ਲਗੇ ਮੁਸ਼ਕਾਂ ਕਸਣ । ਰਸਾਲੂ ਨੇ ਕਿਹਾ ਇਸ ਨੂੰ ਰਹਿਣ ਦਿਓ, ਇਸ ਦੀ ਜਗ੍ਹਾਂ ਮੈਂ ਜਾਵਾਂਗਾ। ਪਹਿਲਾਂ ਤਾਂ ਦੇਉ ਦੇ ਦੂਤ ਨਾ ਮੰਨੇ ਜਦੋਂ ਰਸਾਲੂ ਨੇ ਜ਼ੋਰ ਨਾਲ ਹਟਕੇ ਤਾਂ ਉਹ ਮੰਨ ਗਏ। ਦੇਉ ਦੀ ਨਿੱਤ ਦੀ ਖੁਰਾਕ ਇਕ ਸੰਢਾ ਤੇ ਇਕ ਆਦਮੀ ਹੁੰਦਾ ਸੀ। ਰਸਾਲੂ ਨੇ ਕਿਹਾ
ਤੁਸੀਂ ਸੰਢਾ ਲੈ ਆਓ ਮੈਂ ਆਪੇ ਉਥੇ ਆ ਜਾਂਦਾ ਹਾਂ । ਰਸਾਲੂ ਪਤਾ ਕਰਕੇ ਦੇਉ ਦੇ ਘਰਾਂ ਵਿਚ ਜਾ ਵੜਿਆ। ਅਗੇ ਇਕ ਦੇਉ ਪਾਣੀ ਭਰਨ ਚਲਿਆ ਸੀ। ਘੋੜੇ ਤੇ ਚੜ੍ਹੇ ਆਉਂਦੇ ਰਾਜਕੁਮਾਰ ਨੂੰ ਦੇਖ ਕੇ ਉਹ ਬੜਾ ਖੁਸ਼ ਹੋਇਆ ਕਿ ਅੱਜ ਖੁਰਾਕ ਦੇ ਦੂਹਰੇ ਗੱਫੇ ਮਿਲਣਗੇ । ਦੇਉ ਨੇ ਅੱਗੇ ਹੋ ਕੇ ਘੋੜੇ ਦੀ ਵਾਗ ਫੜਨੀ ਚਾਹੀ। ਉਦੋਂ ਹੀ ਪਤਾ ਲਗਿਆ ਜਦੋਂ ਰਸਾਲੂ ਨੇ ਘੁਕਦੀ ਤਲਵਾਰ ਨਾਲ ਦੇਉ ਦਾ ਹੱਥ ਕੱਟ ਕੇ ਔਹ ਜਾ ਡੇਗਿਆ। ਟੁੰਡਾ ਦੇਉ ਲਗਾ ਚੀਖ਼ ਪੁਕਾਰ ਕਰਨ । ਕਹਿੰਦੇ ਦੇਊ ਨੂੰ ਜੋਤਸ਼ੀਆਂ ਨੇ ਦੱਸਿਆ ਹੋਇਆ ਸੀ ਕਿ ਤੁਹਾਡਾ ਰਾਜ, ਰਸਾਲੂ ਖੋਹੇਗਾ। ਘੋੜੇ ਉਤੇ ਪੂਰੇ ਜਬੇ ਨਾਲ ਦੇਉਆਂ ਦੇ ਘਰਾਂ ਨੂੰ ਚੜ੍ਹੇ ਆਉਂਦੇ ਰਾਜੇ ਨੂੰ ਦੇਖ ਕੇ ਦੇਉਆਂ ਦੇ ਦਿਲ ਕੰਬ ਗਏ ਕਿ ਕਿਧਰੇ ਏਹੋ ਹੀ ਰਸਾਲੂ ਨਾ ਹੋਵੇ। ਇਤਨੇ ਨੂੰ ਜੋਤਸ਼ੀ ਕੋਲੋਂ ਪੁੱਛਾਂ ਪੁੱਛ ਕੇ ਦੂਜੇ ਦੇਉ ਵੀ ਪਹੁੰਚ ਗਏ। ਉਨ੍ਹਾਂ ਕਿਹਾ ਜੇ ਤੂੰ ਰਸਾਲੂ ਹੈਂ ਤਾਂ ਪਹਿਲਾਂ ਪਰਤਿਆਵਾ ਦੇਹ ! ਰਸਾਲੂ ਨੇ ਕਿਹਾ ਜ਼ਰੂਰ ! ਹੁਣੇ ਲਵੋ :-
ਉਸ ਨੇ ਆਪਣੇ ਘੋੜੇ ਦੀ ਪਛਾੜੀ ਦੀ ਰੱਸੀ ਜਿਉਂ ਵਗਾਹ ਕੇ ਸੁੱਟੀ ਉਸ ਸਾਰੇ ਦੇਉਆਂ ਨੂੰ ਆਪਣੀ ਵਲਗਣ ਵਿਚ ਵਗਲ ਲਿਆ। ਤਲਵਾਰ ਘੁੰਮਾ ਕੇ ਛੱਡੀ ਤਾਂ ਲਗੀ ਦੇਉਆਂ ਤੇ ਫੁੱਟ ਮਾਰਨ। ਦੇਊਆਂ ਨੇ ਕਿਹਾ ‘ਰਸਾਲੂ ਬਾਰੇ ਤਾਂ ਦੱਸਿਆ ਗਿਆ ਹੈ ਕਿ ਉਸ ਦੇ ਤੀਰ ਸੱਤ ਕੜਾਹਿਆਂ ਦੇ ਥੱਲੇ ਚੀਰ ਕੇ ਲੰਘਣਗੇ ।”
ਰਸਾਲੂ ਨੇ ਇਕੇ ਤੀਰ ਨਾਲ ਸੱਤੇ ਕੜਾਹਿਆਂ ਦੇ ਥੱਲੇ ਵਿੰਨ੍ਹ ਛੱਡੇ ਤੇ ਲਗਦੇ ਹੱਥ ਹੀ ਮੌਤੇ ਦੇਉਆਂ ਦੇ ਸਿਰ ਵੀ ਵੱਢ ਦਿੱਤੇ ਪਰ ਉਨ੍ਹਾਂ ਦੀ ਭੈਣ (ਦਿਉਣੀ) ਬਚ ਗਈ। ਉਹ ਭੱਜ ਕੇ ਗੰਢ ਗੜ੍ਹ ਦੀ ਗੁਫਾ ਵਿਚ ਜਾ ਲੁਕੀ । ਰਸਾਲੂ ਨੇ ਉਧਰੋਂ ਵਿਹਲਾ ਹੋ ਕੇ ਉਸ ਦਾ ਪਿੱਛਾ ਕੀਤਾ ਪਰ ਉਹ ਗੁਫਾ ਵਿਚ ਉਤਰ ਚੁਕੀ ਸੀ । ਆਖਦੇ ਹਨ ਉਸ ਗੁਫਾ ਦੇ ਸਾਹਮਣੇ ਰਸਾਲੂ ਨੇ ਆਪਣਾ ਬੁੱਤ ਖੜ੍ਹਾ ਕਰ ਦਿੱਤਾ ਜਿਸ ਤੋਂ ਡਰਦੀ ਮਾਰੀ ਦੇਉਣੀ ਹੁਣ ਤਕ ਬਾਹਰ ਨਹੀਂ ਨਿਕਲੀ । ਰਸਾਲੂ ਦੀ ਦੇਊਆ ਨੂੰ ਮਾਰਨ ਵਾਲੀ ਬਹਾਦਰੀ ਨੇ ਉਸ ਦੇ ਨਾਂ ਦੀ ਸਾਰੇ ਪਾਸੀਂ ਧੂਮ ਮਚਾ ਦਿੱਤੀ।
ਰਸਾਲੂ ਨੂੰ ਘਰੋਂ ਗਿਆ ਵਰ੍ਹੇ ਲੰਘ ਚੁੱਕੇ ਸਨ । ਉਸ ਦੀ ਹਰ ਪਾਸੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਾਂਗ ਫੈਲਦੀ ਕੀਰਤੀ ਉਸ ਦੇ ਪਿਉ ਸਲਵਾਹਨ ਤੇ ਮਾਂ ਲੂਣਾਂ ਦੇ ਦਿਲ ਵਿਚ ਜਿਥੇ ਨਿੱਤ ਨਵੀਆਂ ਖੁਸ਼ੀਆਂ ਦੇ ਤਰਾਨੇ ਛੇੜਦੀ ਸੀ ਉਥੇ ਵਿਛੜੇ ਪੁੱਤਰ ਦੇ ਮੂੰਹ ਦੇਖਣ ਦੀ ਭੁੱਖ ਦਾ ਤਰਸੇਵਾਂ ਸਾਰੇ ਵਾਯੂ- ਮੰਡਲ ਨੂੰ ਭਾਰਾ ਭਾਰਾ ਵੀ ਕਰੀ ਰੱਖਦਾ ਸੀ।
ਪਿਉ ਸਨੇਹੇ ਘੱਲ ਘੱਲ ਕੇ ਥੱਕ ਟੁੱਟਾ ਤਾਂ ਮਾਂ ਲੂਣਾਂ ਦੀ ਵਾਰੀ ਆਈ। ਉਸ ਨੇ ਬੜੇ ਵਾਸਤੇ ਪਾਏ ਰਸਾਲੂ ਫੇਰ ਵੀ ਨਾ ਆਇਆ। ਕਹਿੰਦੇ ਜਦੋਂ ਰਸਾਲੂ ਨੂੰ ਪਾਲਣ ਵਾਲੀ ਦਾਈ ਨੇ ਸੁਨੇਹਾ ਘਲਿਆ ਕਿ ਜਦੋਂ ਤੇਰੀ ਮਾਂ ਅਤੇ ਪਿਉ ਪਾਸ ਨਹੀਂ ਸਨ ਉਦੋਂ ਇਕੱਲੀ ਮੈਂ ਹੀ ਸਾਂ, ਜਿਸ ਨੇ ਕਿਲ੍ਹੇ ਦੇ ਭੋਰੇ ਵਿਚ ਤੈਨੂੰ ਆਪਣੀਆਂ ਛਾਤੀਆਂ ਦਾ ਮਿੱਠਾ ਦੁੱਧ ਪਿਲਾਇਆ ਸੀ । ਕੀ ਤੂੰ ਮੈਨੂੰ ਵੀ ਭੁੱਲ ਗਿਆ ਹੈਂ ? ਰਸਾਲੂ ਦਾ ਮਨ ਇਹ ‘ਸੁਨੇਹਾ ਸੁਣਦਿਆਂ ਦ੍ਰਵ ਗਿਆ। ਰਾਜ-ਜੋਗ ਦੇ ਧਾਰਨੀ ਰਸਾਲੂ ਨੇ ਆ ਦਾਈ ਦੇ ਚਰਨਾਂ ਉਤੇ ਸੀਸ ਨਿਵਾਇਆ। ਦਾਈ ਨੇ ਆਉ-ਭਗਤ ਕੀਤੀ ਤੇ ਪੁਛਿਆ, ਕਿ ‘ਬੇਟਾ ਕਿੱਡੀ ਕੁ ਦੂਰੋਂ ਆਇਆ ਹੈਂ, ਕਿਸੇ ਲੜਾਈ ਵਿਚ ਫੱਟ ਤਾਂ ਨਹੀਂ ਖਾਧਾ, ਸੂਰਮਿਆਂ ਦੀਆਂ ਖੇਡਾਂ ਖੇਡਦਿਆਂ ਪੁੱਤਰ ਕਿੰਨੀਆਂ ਕੁ ਖੱਟੀਆਂ ਖੱਟ ਆਇਆ ਏਂ ?”
ਰਸਾਲੂ ਨਾਲ ਗੱਲਾਂ ਕਰਦਿਆਂ ਕਰਦਿਆਂ ਦਾਈ ਨੇ ਰਾਜੇ ਤੇ ਰਾਣੀ ਨੂੰ ਖ਼ਬਰ ਭੇਜ ਦਿੱਤੀ । ਜਿਸ ਮਾਤਾ ਪਿਤਾ ਨੇ ਸੁੱਖਾਂ ਸੁੱਖ ਸੁੱਖ ਕੇ ਪੁੱਤਰ ਲੱਭਿਆ ਹੋਵੇ ਤੇ ਉਹ ਪੁੱਤ ਦੇ ਜੁਆਨ ਹੋਣ ਤਕ ਮੂੰਹ ਵੀ ਨਾ ਦੇਖ ਸਕੇ ਹੋਣ ਉਨ੍ਹਾਂ ਦਾ ਕੀ ਹਾਲ ਹੁੰਦਾ ਹੋਵੇਗਾ ? ਇਸ ਗੱਲ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਤੇ ਇਉਂ ਨਿਰਾਸਾ ਵਿਚ ਦੀ ਘੁੱਪ ਹਨ੍ਹੇਰੀ ਰਾਤ ਵਿਚ ਜਦੋਂ ਪੁੱਤਰ ਮਿਲਾਪ ਦਾ ਚੰਨ ਚਮਕਿਆ ਹੋਵੇਗਾ, ਕੀ ਮਾਤਾ ਪਿਤਾ ਦੀ ਖੁਸ਼ੀ ਉਸ ਵੇਲੇ ਸਮੁੰਦਰ ਦੇ ਜਵਾਰ-ਭਾਟੇ ਵਾਂਗ ਬੇਮੁਹਾਰੇ ਉਛਾਲਾ ਨਹੀਂ ਖਾ ਉਠੀ ਹੋਵੇਗੀ? ਖੁਸ਼ੀ ਵੀ ਉਸ ਪੁੱਤਰ ਦੀ ਜਿਸ ਨੇ ਜ਼ਮਾਨੇ ਵਿਚ ਆਪਣੀ ਬਹਾਦਰੀ ਦੀ ਧਾਂਕ ਮਨਾਈ ਹੋਈ ਹੋਵੇ ।
ਹੁਣ ਰਸਾਲੂ ਜੰਗਲੀਂ ਫਿਰਦਾ ਰਮਤਾ ਜੋਗੀ ਨਹੀਂ, ਤਖ਼ਤ ਤਾਜ ਦਾ ਵਾਲੀ ਤੇ ਮਹਿਲਾਂ ਦਾ ਮਾਲਕ ਸੀ ਭਾਵੇਂ ਉਸ ਦਾ ਮਨ ਅੰਦਰੋਂ ਇਸ ਦੁਨੀਆ ਵਿਚ ਜੰਮ ਕੇ ਟਿਕਦਾ ਨਹੀਂ ਸੀ ਪਰ ਫਿਰ ਵੀ ਮੋਹ ਦੇ ਜੰਜਾਲ ਦੀਆਂ ਤੰਦਾਂ ਉਸ ਦੁਆਲੇ ਲਿਪਟ ਰਹੀਆਂ ਸਨ । ਕੀ ਰਾਜਕੁਮਾਰ ਕੰਵਾਰਾ ਹੀ ਰਹੇਗਾ ? ਮਾਤਾ ਪਿਤਾ ਛੇਤੀ ਹੀ ਇਸ ਗੁੱਝੀ ਭਾਹ ਵਿਚ ਦਗਧ ਹੁੰਦੇ ਬਚ ਗਏ ਜਦੋਂ ਰਸਾਲੂ ਨੇ ਉਨ੍ਹਾਂ ਦੇ ਆਖੇ ਲਗ ਕੇ ਵਜ਼ੀਰ ਮੋਤੀ ਰਾਮ ਦੀ ਧੀ ਨਾਲ ਵਿਆਹ ਕਰਾਉਣਾ ਮੰਨ ਲਿਆ। ਰਸਾਲੂ ਦੀ ਸਗਾਈ ਹੋ ਗਈ ।
ਸਾਹੇ ਬੰਨ੍ਹਿਆ ਰਾਜਕੁਮਾਰ ਇਕ ਦਿਨ ਦਰਿਆ ਦੀ ਸੈਰ ਕਰਨ ਜਾ ਰਿਹਾ ਸੀ, ਉਸ ਦਾ ਸ਼ਹਿਰ ਦੇ ਨੇੜੇ ਅੱਲ੍ਹੜ ਤੇ ਜੁਆਨ ਕੁੜੀਆਂ ਦੇ ਇਕ ਝੁੰਡ ਨਾਲ ਭੇੜ ਹੋ ਗਿਆ। ਵਿਆਹ ਦਾ ਦਿਨ ਆ ਗਿਆ। ਪੂਰੇ ਸ਼ਾਹੀ ਠਾਠ ਨਾਲ ਦੋਹਾਂ ਧਿਰਾਂ ਨੇ ਵਿਆਹ ਨੂੰ ਸਿਰੇ ਚੜਾਉਣ ਲਈ ਵੱਧ ਤੋਂ ਵੱਧ ਚਾਵਾਂ ਮਲ੍ਹਾਰਾਂ ਨਾਲ ਸਾਜ ਸਮਿਆਨ ਰਚੇ। ਮੋਤੀ ਰਾਮ ਵਜ਼ੀਰ ਦੇ ਘਰ ਰਸਾਲੂ ਲਾੜ੍ਹਾ ਬਣ ਕੇ ਢੁਕਿਆ, ਲੱਖਾਂ ਸ਼ਗਨ ਮਨਾਏ ਗਏ । ਫੇਰਿਆਂ ਵੇਲੇ ਜਦੋਂ ਲਾੜਾ ਤੇ ਲਾੜੀ ਦਾ ਗੰਢ ਚਿਤ੍ਰਾਵਾ ਕਰ ਕੇ ਵੈਦੀ ਦੀਆਂ ਪ੍ਰਕਰਮਾ ਸ਼ੁਰੂ ਹੋਈਆਂ ਤਾਂ ਰਸਾਲੂ ਅੜ ਖੜੋਤਾ। ਪਾਂਧੇ ਨੂੰ ਕਿਹਾ ਮੇਰਾ ਵਿਆਹ ਨਾ ਕਰਾਈਂ। ਪਾਂਧੇ ਤੇ ਜਾਂਞੀਆਂ ਅਤੇ ਸਲਵਾਹਨ ਨੇ ਬਥੇਰਾ ਸਮਝਾਇਆ । ਧੀ ਵਾਲਿਆਂ ਨੇ ਹੱਥ ਪੱਲਾ ਤੇ ਮੂੰਹ ਘਾਹ ਲੈ ਕੇ ਬੜੀਆਂ ਮਿੰਨਤਾਂ ਤੇ ਤਰਲੇ ਕੀਤੇ ਪਰ ਰਸਾਲੂ ਨੇ ਕਿਸੇ ਦੀ ਇਕ ਨਾ ਮੰਨੀ। ਤੇ ਆਪਣੀ ਤਲਵਾਰ ਨਾਲ ਲਾੜੀ ਦੇ ਪੱਲੇ ਨਾਲ ਬੱਧਿਆ ਪੱਲਾ ਕੱਟ ਦਿੱਤਾ ਤੇ ਘੋੜੇ ਤੇ ਪਲਾਕੀ ਮਾਰ ਕੇ ‘ਔਹ ਗਿਆ, ਔਹ ਗਿਆ’, ਦੀਆਂ ਆਵਾਜ਼ਾਂ ਵਿਚ ਗੁੰਮ ਹੋ ਗਿਆ।
ਖਾਰੇ ਬੈਠੀ ਰਸਾਲੂ ਦੀ ਲਾੜੀ ਦਾ ਕੀ ਹਾਲ ਹੋਇਆ ਹੋਵੇਗਾ। ਇਕ ਪਾਸੇ ਰਾਜ ਮਹਿਲਾਂ ਵਿਚ ਜ਼ਿੰਦਗੀ ਦੇ ਸੁੱਖ ਮਾਣਨ ਦੇ ਸੁਪਨੇ ਦੂਜੇ ਪਾਸੇ ਭਾਵੀ ਦੀ ਚੜ੍ਹਦੀ ਜੁਆਨੀ ਦੇ ਸਿਰ ਪਾਈ ਖੇਹ। ਉਹ ਹਾਅ ਦਾ ਨਾਅਰਾ ਮਾਰ ਕੇ, ਰਸਾਲੂ ਨੂੰ ਸੰਤਾਪ ਦਿੰਦੀ ਉਠ ਖੜੀ :-
ਬੁਰਾ ਕੀਤੋ ਈ ਰਾਜਿਆ, ਮਾਰੀ ਧੋਖੇ ਨਾਰ
ਦੇਸੀਂ ਰੱਬ ਨੂੰ ਜੁਆਬ ਕੀ, ਹੋਸੀ ਜਿੰਦ ਖੁਆਰ ।
ਇਸ ਤੋਂ ਵੱਧ ਉਹ ਕਰ ਵੀ ਕੀ ਸਕਦੀ ਸੀ । ਕੱਚੀ ਲਗਰ ਵਾਂਗ ਜੁਆਨੀ ਦੇ ਭਰ ਰਹੇ ਰਸ-ਰੰਗ ਨਾਲ ਮਸਤ ਝੂਲਦਾ ਰਸਾਲੂ, ਆਪਣੇ ਸਜੇ ਸਜਾਏ ਵੇਸ ਵਿਚ ਰਾਜੇ ਹਰੀਚੰਦ ਦੀ ਨਗਰੀ ਪਹੁੰਚ ਗਿਆ । ਹਰੀਚੰਦ ਦੇ ਬਾਗ਼ ਵਿਚ ਘੋੜਾ ਬੰਨ੍ਹ ਕੇ ਆਸਣ ਲਾ ਕੇ ਸੁੱਤਾ ਹੀ ਸੀ ਕਿ ਸੋਹਣੇ ਰੂਪ ਨੂੰ ਦੇਖ ਕੇ ਇਕ ਦੂਜੇ ਤੋਂ ਸੁਣ ਸੁਣਾ ਕੇ ਸ਼ਹਿਰ ਦੇ ਲੋਕਾਂ ਨੇ ਦਰਸ਼ਨਾਂ ਲਈ ਵਹੀਰਾਂ ਪਾ ਦਿੱਤੀਆਂ। ਰਸਾਲੂ ਦਾ ਜੱਸ ਰਾਜੇ ਦੀ ਲੜਕੀ ਸੌਂਕਣੀ ਤਕ ਵੀ ਜਾ ਪੁੱਜਿਆ। ਉਹ ਵੀ ਆਪਣੀਆਂ ਛਾਂਟਵੀਆਂ ਸੱਤ ਸਹੇਲੀਆਂ ਨੂੰ ਨਾਲ ਲੈ ਕੇ ਰਸਾਲੂ ਦੇ ਦਰਸ਼ਨਾਂ ਨੂੰ ਆਈ । ਦਰਸ਼ਨਾਂ ਨੂੰ ਕੀ ਆਈ, ਰਸਾਲੂ ਦੀ ਸੋਹਣੀ ਸ਼ਕਲ ਵੇਖਦਿਆਂ ਹੀ ਦਿਲ ਹੱਥੋਂ ਖੁਹਾ ਬੈਠੀ । ਤਲਾਅ ਦੇ ਕੰਢੇ, ਮਹਿਕਾਂ-ਲੁਟਾਉਂਦੇ ਬਾਗ਼ ਵਿਚ ਰਾਜਕੁਮਾਰੀ ਦੀ ਆਮਦ ਨੇ ਰਸਾਲੂ ਲਈ ਰੰਗ ਬੰਨ੍ਹ ਦਿੱਤਾ। ਰਾਤ ਦੇ ਸੁਹਾਵਣੇ ਸਮੇਂ ਰਾਜਕੁਮਾਰੀ ਦੇ ਗਲ ਦਾ ਹਾਰ ਤੇ ਹੱਥਾਂ ਦੇ ਹੀਰਿਆਂ ਮੋਤੀਆਂ ਵਾਲੇ ਕੰਙਣਾਂ ਵਿਚ ਜਿਹੜੇ ਜੜਾਊ ਚਮਕਾਂ ਮਾਰ ਰਹੇ ਸਨ, ਉਹ ਅੰਬ ਹੇਠ ਬੁੱਤ ਬਣੀ ਖੜੀ ਰਸਾਲੂ ਵੱਲ ਦੇਖੀ ਜਾ ਰਹੀ ਸੀ । ਰਸਾਲੂ ਨੇ ਇਹ ਸਮਝ ਕੇ ਕਿ ਕਿਵੇਂ ਰਾਜਕੁਮਾਰੀ ਦੇ ਦਿਲ ਦਾ ਭੇਤ ਖੁਲ੍ਹੇ, ਮਿੱਠੀ ਜਿਹੀ ਛੇੜਖਾਨੀ ਕੀਤੀ ਪਰ ਜਦ ਰਾਜਕੁਮਾਰੀ ਨੇ ਧਿਆਨ ਦਿੱਤਾ ਤਾਂ ਰਸਾਲੂ ਕਿਧਰੇ ਤਿੱਤਰ ਬਿੱਤਰ ਹੋ ਗਿਆ। ਰਾਣੀ ਦੀਆਂ ਸਹੇ ਲੀਆਂ ਨੇ ਬਥੇਰੀ ਖੋਜ ਕੀਤੀ ਕਿ ਕਿਵੇਂ ਇਸ ਛਲੀਏ ਨੂੰ ਫੜ ਕੇ ਪੁੱਛੀਏ ਕਿ ਕੀ ਇਹ ਭਲੇਮਾਣਸਾਂ
ਦਾ ਕੰਮ ਹੈ ਪਰ ਰਸਾਲੂ ਉਨ੍ਹਾਂ ਦੀਆਂ ਸਾਰੀਆਂ ਪਹੁੰਚਾਂ ਤੋਂ ਦੂਰ ਜਾ ਚੁੱਕਿਆ ਸੀ । ਇਕ ਸੀ ਰਾਜਾ ਸਿਰ ਕੱਪ ।ਉਸ ਉਤੇ ਜਿਹੜਾ ਵੀ ਚੜ੍ਹ ਕੇ ਆਉਂਦਾ ਪਹਿਲਾਂ ਤਾਂ ਉਹ ਆਪਣੇ ਜਾਦੂ ਟੂਣੇ ਨਾਲ ਉਸ ਦੀ ਹੋਸ਼ ਭੁਲਾ ਦਿੰਦਾ, ਜੇ ਕੋਈ ਏਥੋਂ ਵੀ ਬਚ ਰਹਿੰਦਾ ਤਾਂ ਉਸ ਨਾਲ ਪਾਸਾ ਖੋਲ ਕੇ ਪਾਸਾ ਪਲਟ ਦਿੰਦਾ। ਪਹਿਲਾਂ ਤਾਂ ਉਸ ਨੇ ਅਜਿਹੇ ਬਾਨ੍ਹਣ ਬੰਨ੍ਹੇ ਹੋਏ ਸਨ ਕਿ ਉਹ ਹਾਰਦਾ ਹੀ ਨਹੀਂ ਸੀ, ਜੇ ਹਾਰ ਜਾਂਦਾ ਤਾਂ ਅਗਲੇ ਨੂੰ ਹਾਸੇ ਮਖ਼ੌਲ ਵਿਚ ਟਾਲ ਛਡਦਾ ਤੇ ਜੇ ਦੂਜਾ ਗਾਰ ਜਾਂਦਾ ਤਾਂ ਉਸ ਦਾ ਸਿਰ ਵੱਢ ਲੈਣ ਦੀ ਸ਼ਰਤ ਸੀ । ਝਟਪਟ ਪੂਰੀ ਕਰਕੇ ਅਗਲੇ ਦਾ ਸਿਰ ਕਲਾਲ ਕੀਤਾ ਹੀ ਦਿਸਦਾ। ਇਸ ਤਰ੍ਹਾਂ ਅਨੇਕ ਰਾਜਿਆਂ ਤੇ ਰਈਸਾਂ ਦੇ ਸਿਰ ਵੱਢਣ ਕਰਕੇ ਹੀ ਸਾਇਦ ਉਸ ਦਾ ਨਾਂ ‘ਸਿਰ ਕੱਪ’ ਪਿਆ ਹੋਇਆ ਸੀ । ਜਿਸ ਨਗਰ (ਸਿਰਕੇਟ) ਦਾ ਇਹ ਰਾਜਾ ਸੀ ਇਹ ਅਟਕ ਦਰਿਆ ਦੇ ਕੰਢੇ ਤੇ ਪਹਾੜੀ ਉਤੇ ਉਹੋ ਥਾਂ ਹੈ ਜਿੱਥੇ ਹੁਣ ਕੋਟ ਬਠੋਰ ਹੈ। ਸਿਰਾਂ ਦੇ ਕਿਲ੍ਹੇ ਉਸਾਰਨ ਵਾਲੇ ਸਿਰਕੋਟ ਦੇ ਸਿਰ-ਕੱਪ ਰਾਜੇ ਦੀ ਦਹਿਸ਼ਤ ਜ਼ਮਾਨੇ ਉਤੇ ਬੈਠੀ ਹੋਈ ਸੀ । ਜਦੋਂ ਰਸਾਲੂ ਨੂੰ ਪਤਾ ਲੱਗਿਆ ਤਾਂ ਉਸ ਦੇ ਮਨ ਆਈ ਕਿ ਇਸ ਰਾਜੇ ਨਾਲ ਵੀ ਦੋ ਹੱਥ ਕਰ ਵੇਖੀਏ।
ਰਸਾਲੂ ਸਿਰਕੋਟ ਸ਼ਹਿਰ ਦੇ ਨੇੜੇ ਪੁੱਜਾ ਹੀ ਸੀ ਕਿ ਉਸ ਦਾ ਘੋੜਾ ਮਾਣਸ ਦੀ ਲਾਸ਼ ਪਈ ਦੇਖ ਕੇ ਠਠੰਬਰ ਗਿਆ । ਰਸਾਲੂ ਨੇ ਦੇਖਿਆ ਕਿਸੇ ਮੁਰਦੇ ਦੀ ਲਾਸ਼ ਹੈ ਪਰ ਉਸ ਦੇ ਤੋਤੇ ਨੇ ਭੇਤ ਖੋਲ੍ਹਦਿਆਂ ਦੱਸਿਆ ਕਿ ਇਹ ਮੋਏ ਮਨੁੱਖ ਦੀ ਲਾਸ਼ ਨਹੀਂ, ਜਾਦੂ ਨਾਲ ਸੁੰਨ ਕੀਤੀ ਹੋਈ ਦੇਹ ਹੈ। ਰਾਜਕੁਮਾਰ ! ਤੁਸੀਂ ਉਪਾਉ ਕਰੋ, ਇਸ ਵਿਚ ਜਿੰਦ ਆ ਜਾਵੇਗੀ। ਰਸਾਲੂ ਦੇ ਉਪਾਉ ਕਰਨ ਤੋਂ ਉਹ ਮੁਰਦਾ ਉਠ ਬੈਠਾ। ਉਸ ਨੇ ਰਸਾਲੂ ਦੀ ਗੱਲ ਸੁਣ ਕੇ ਕਿਹਾ ਕਿ ਤੂੰ ਅਗੇ ਨਾ ਜਾਹ । ਮੈਂ ਉਸ ਦਾ ਭਰਾ ‘ਸਿਰ-ਸੁੱਖ’ ਹਾਂ ਜਦੋਂ ਉਹ ਮੇਰੇ ਨਾਲ ਇਹ ਹਾਲ ਕਰ ਸਕਦਾ ਹੈ, ਤੇਰੇ ਨਾਲ ਭਲੀ ਨਹੀਂ ਗੁਜ਼ਾਰਣ ਲੱਗਾ।
ਰਸਾਲੂ ਜਦੋਂ ਆਪਣੇ ਹੱਠ ਤੋਂ ਮੁੜਦਾ ਨਾ ਦੇਖਿਆ ਤਾਂ ਉਸ ਨੇ ਸਿਰ-ਕੱਪ ਦੀਆਂ ਸਾਰੀਆਂ ਚਾਲਾਂ ਤੋਂ ਉਸ ਨੂੰ ਜਾਣੂ ਕਰਾ ਦਿੱਤਾ । ਰਸਾਲੂ ਨੇ ਉਸ ਦੀਆਂ ਸਾਰੀਆਂ ਗੱਲਾਂ ਪੱਲੇ ਬੰਨ੍ਹ ਲਈਆਂ । ਰਸਤੇ ਵਿਚੋਂ ਇਕ ਚੁਸਤ ਜਿਹਾ ਬਲੂੰਗੜਾ ਉਸ ਆਪਣੇ ਜਾਮੇ ਦੀ ਜੇਬ ਵਿਚ ਪਾ ਲਿਆ। ਰਸਾਲੂ ਨੇ ਸ਼ਹਿਰ ਦੀ ਹੱਦ ਅੰਦਰ ਕਦਮ ਧਰਿਆ ਹੀ ਸੀ ਕਿ ਜ਼ੋਰ ਦੀ ਹਨੇਰੀ ਤੇ ਝੱਖੜ ਝੁੱਲਿਆ। ਇਹ ਜਾਦੂ ਦਾ ਝੱਖੜ ਸੀ ਜਿਸ ਨਾਲ ਰਸਾਲੂ ਦਾ ਕੁਝ ਵੀ ਨਾ ਵਿਗੜਿਆ। ਫਿਰ ਰਾਤ ਨੂੰ ਬਰਫ ਵਰ੍ਹੀ। ਦਿਨ ਚੜ੍ਹਦੇ ਨੂੰ ਰਸਾਲੂ ਨੇ ਸ਼ਹਿਰ ਦੇ ਵੱਡੇ ਦਰਵਾਜ਼ੇ ਵਿਚ ਦੀ ਕੂਚ ਕਰ ਦਿੱਤਾ ਤੇ ਉਸ ਦਰਵਾਜ਼ੇ ਵਿਚ ਲਟਕਦੀ ਘੜਿਆਲ ਤੇ ਅਜਿਹਾ ਕੱਸ ਕੇ ਡੱਗਾ ਮਾਰਿਆ ਕਿ ਘੜਿਆਲ ਠੀਕਰੀ ਠੀਕਰੀ ਹੋ ਡਿਗੀ ।
ਰਾਜ-ਮਹਿਲਾਂ ਵਿਚ ਰਾਜਾ ਸਿਰ-ਕੱਪ ਦੀ ਧੀ ਰਾਣੀ ਚਾਂਦਨੀ ਝੂਲਾ ਝੂਲਦੀ ਪਈ ਸੀ । ਰਸਾਲੂ ਨੇ ਘੋੜੇ ਦੀ ਉਚੀ ਛਾਲ ਮਰਵਾ ਕੇ ਤਲਵਾਰ ਨਾਲ ਪੀਂਘ ਅਜਿਹੀ ਕੱਟੀ ਕਿ ਉਹ ਚੁਫਾਲ ਆ ਡਿੱਗੀ । ਕੁਝ ਰਸਾਲੂ ਦੀ ਸ਼ਕਲ ਨਾਲ ਅਤੇ ਕੁਝ ਪੀਂਘ ਤੋਂ ਡਿੱਗਣ ਕਰਕੇ ਫੱਟੜ ਹੋਈ ਰਾਜਕੁਮਾਰੀ ਭੱਜੀ ਭੱਜੀ ਆਪਣੇ ਬਾਪ ਕੋਲ ਲਗੀ ਚੀਖ਼ ਪੁਕਾਰ ਕਰਨ ਕਿ ਇਕ ਰਾਜੇ ਦਾ ਪੁੱਤਰ ਅਜਿਹਾ ਮਾਰੋ-ਮਾਰ ਕਰਦਾ ਆ ਵੜਿਆ ਹੈ ਜਿਸ ਨੇ ਆਉਂਦਿਆਂ ਹੀ ਘੜਿਆਲ ਦੀਆਂ ਕੀਚਰਾਂ ਕਰ ਦਿੱਤੀਆਂ ਹਨ। ਤੇ ਮੇਰੀ ਪੀਂਘ ਕੱਟ ਦਿੱਤੀ ਹੈ, ਤੁਸੀਂ ਮਹਾਰਾਜ ! ਉਸ ਤੋਂ ਬਚਾਉ ਕਰ ਲਵੋ। ਓਧਰ ਰਸਾਲੂ ਵਾਹੋ-ਦਾਹੀ ਮਹਿਲਾਂ ਦੇ ਅੰਦਰ ਧਸਦਾ ਜਾ ਰਿਹਾ ਸੀ । ਰਾਜੇ ਸਿਰ-ਕੱਪ ਨੇ ਕਿਹਾ ਕਿ ਕੋਈ ਗੱਲ ਨਹੀਂ, ਉਸ ਨੂੰ ਮੇਰੇ ਪਾਸ ਲੈ ਆਵੇ ਪਰ ਜਿੱਥੇ ਰਾਜਿਆਂ ਦੀਆਂ ਸਿਰੀਆਂ ਦੇ ਅੰਬਾਰ ਚਿਣੇ ਪਏ ਹਨ ਉਧਰ ਦੀ ਲੈ ਕੇ ਆਉਣਾ ਤਾਂ ਜੋ ਉਸ ਨੂੰ ਪਤਾ ਲਗ ਜਾਵੇ ਕਿ ਪਹਿਲਾਂ ਵੀ ਏਥੇ ਕਈ ਆ ਚੁੱਕੇ ਹਨ।
ਜਦੋਂ ਰਸਾਲੂ ਮਨੁੱਖਾਂ ਦੀਆਂ ਸਿਰਾਂ ਦੀਆਂ ਚਿਣੀਆਂ ਕੰਧਾਂ ਵਿਚਲੇ ਦਰਵਾਜ਼ੇ ਵਿਚ ਦੀ ਲੰਘਿਆ ਤਾਂ ਉਸ ਨੂੰ ਹੋਰ ਕਹਿਰ ਚੜ੍ਹ ਆਇਆ ਕਿ ਜੇ ਮੈਂ ਇਨ੍ਹਾਂ ਦਾ ਬਦਲਾ ਨਾ ਲਿਆ ਤਾਂ ਕਾਹਦਾ ਰਸਾਲੂ ਹੋਇਆ?
ਸਿਰ-ਕੱਪ ਨੇ ਰਸਾਲੂ ਦੀ ਨੀਤੀ ਅਨੁਸਾਰ ਆਉ-ਭਗਤ ਕੀਤੀ ਤੇ ਅਦਬ ਨਾਲ ਬਿਠਾਲ ਕੇ ਪੁੱਛਿਆ ਕਿ ਤੂੰ ਭਖਦੇ ਅੰਗਾਰਾਂ ਵਿਚ ਕਿਉਂ ਆਪਣੇ ਆਪ ਨੂੰ ਸੁੱਟਣ ਆਇਆ ਹੈਂ? ਹੋਰ ਗੱਲਾਂ ਵਿਚ ਤਾਂ ਫਿਰ ਟਾਕਰਾ ਕਰੀਂ ਪਹਿਲਾਂ ਇੰਨਾਂ ਕੁ ਸਮਝ ਕਿ ਦੁਨੀਆ ਵਿਚ ਅਜ਼ਮਤਾਂ ਕੀ ਹਨ ? ਰਸਾਲੂ ਨੇ ਕਿਹਾ, ‘ਘਰ ਦੀ ਅਜ਼ਮਤ ਇਸਤਰੀ ਤੇ ਤਨ ਦੀ ਪੁਸ਼ਾਕ। ਜ਼ਮੀਨ ਦੀ ਵੇਲੇ ਸਿਰ ਪਿਆ ਮੀਂਹ ਤੇ ਰਣ-ਭੂਮੀ ਦੀ ਬਹਾਦਰ ਸੂਰਮਾ’। ਇਉਂ ਸੁਆਲ ਜਵਾਬ ਕਰਨ ਪਿੱਛੋਂ ਰਸਾਲੂ ਦਾ ਨਾਂ ਪੁੱਛਿਆ ਤਾਂ ਰਾਜੇ ਦੀ ਰਾਣੀ ਡਰ ਗਈ। ਰਸਾਲੂ ਦੇ ਕਾਰਨਾਮਿਆਂ ਦੀਆਂ ਪਹਿਲਾਂ ਜੁ ਧੂੰਮਾਂ ਪੈ ਚੁੱਕੀਆਂ ਸੀ । ਸਿਰ-ਕੱਪ ਨੇ ਕਿਹਾ ‘ਕੋਈ ਗੱਲ ਨਹੀਂ ਮੈਂ ਇਸ ਨੂੰ ਹੁਣੇ ਹੀ ਮਜ਼ਾ ਚਖਾਉਂਦਾ ਹਾਂ।’
ਸਿਰ-ਕੱਪ ਤੇ ਰਸਾਲੂ ਵਿਚ ਸਰਤਾਂ ਤਹਿ ਹੋ ਗਈਆਂ ਕਿ ਜਿਹੜਾ ਹਾਰੇ ਉਹ ਆਪਣਾ ਸਾਰਾ ਰਾਜ, ਦੋਲਤ ਤੇ ਆਪਣਾ ਸਿਰ ਦੇਵੇਗਾ। ਰਸਾਲੂ ਤੇ ਸਿਰ-ਕੱਪ ਪਾਸੇ ਦੇ ਮੋਹਰੇ ਲੈ ਕੇ ਖੇਡਣ ਲਗ ਪਏ । ਸਿਰ-ਕੱਪ ਨੇ ਇਕ ਚੂਹਾ ਤੇ ਚੂਹੀ ਰਖੇ ਹੋਏ ਸੀ । ਚੂਹਾ ਤੇ ਚੂਹੀ ਲੰਘਣ ਤੇ ਪਾਸਾ ਪਲਟਾ ਜਾਣ, ਰਸਾਲੂ ਲੱਗਾ ਬਾਜ਼ੀਆਂ ਹਾਰਨ। ਇਕ ਬਾਜ਼ੀ ਵਿਚ ਜਦੋਂ ਉਸ ਨੇ ਘੋੜਾ ਹਾਰਿਆ ਤਾਂ ਕੋਲ ਖੜੇ ਘੋੜੇ ਤੋਂ ਚੁੱਪ ਨਾ ਰਿਹਾ ਗਿਆ, ਉਸ ਨੇ ਰਸਾਲੂ ਨੂੰ ਸਿਰਮੁਖ ਦੀਆਂ ਦੱਸੀਆਂ ਗੱਲਾਂ ਦੀ ਯਾਦ ਦਿਲਾਈ । ਹੁਣ ਰਸਾਲੂ ਨੂੰ ਹੌਂਸਲਾ ਹੋ ਗਿਆ। ਉਸ ਨੇ ਘੋੜਾ ਤੇ ਹਥਿਆਰ ਸਾਰੇ ਉਥੇ ਹੀ ਪਹਿਰ ਲਏ ਜਦੋਂ ਮੈਂ ਹਾਰਾਂਗਾ ਸਾਰੇ ਇਕੱਠੇ ਹੀ ਲੈ ਜਾਣੇ । ਰਾਜੇ ਸਿਰ-ਕੱਪ ਨੇ ਬਥੇਰੀ ਵਾਹ ਲਾਈ ਪਰ ਉਸ ਦਾ ਚੂਹਾ ਤੇ ਚੂਹੀ ਬਲੂੰਗੜੇ ਤੋ ਡਰਦੇ ਬਾਹਰ ਹੀ ਨਾ ਆਉਣ। ਰਸਾਲੂ ਜਿੱਤਾਂ ਉਤੇ ਜਿੱਤਾਂ ਜਿੱਤਦਾ ਜਾ ਰਿਹਾ ਸੀ।
ਰਾਜੇ ਨੇ ਆਪਣੀਆਂ ਰਾਣੀਆਂ ਤੇ ਧੀਆਂ ਸੱਦੀਆਂ, ਜਿਨ੍ਹਾਂ ਨੇ ਹਾਰ ਸ਼ਿੰਗਾਰ ਲਾ ਕੇ ਰਸਾਲੂ ਦਾ ਮਨ ਭਰਮਾਉਣ ਲਈ ਅਨੇਕ ਹਾਵ-ਭਾਵ ਕੀਤੇ। ਰਸਾਲੂ ਇਕ ਤੋਂ ਪਿਛੇ ਦੂਜੀ ਸ਼ਰਤ ਜਿੱਤਦਾ ਜਾ ਰਿਹਾ ਸੀ । ਪਹਿਲਾਂ ਰਾਜਾ ਫਿਰ ਧਨ ਤੇ ਫਿਰ ਸਿਰ-ਕੱਪ ਦਾ ਸਿਰ । ਜਦੋਂ ਸਿਰ ਦੀ ਬਾਜ਼ੀ ਹਾਰੀ ਤਾਂ ਉਸ ਦੇ ਇਕ ਦੂਤ ਨੇ ਆ ਕੇ ਦੱਸਿਆ ਕਿ ‘ਤੇਰੇ ਘਰ ਧੀ ਜੰਮੀ ਹੈ” । ਸਿਰ-ਕੱਪ ਨੂੰ ਬਹੁਤ ਬੁਰਾ ਲੱਗਿਆ। ਉਸ ਨੇ ਕਿਹਾ ਜਿਸ ਕੁੜੀ ਦੇ ਜੰਮਦਿਆਂ ਹੀ ਮੇਰਾ ਸਿਰ-ਕੱਟਿਆ ਜਾ ਰਿਹਾ ਹੈ, ਉਸ ਕੁਸ਼ਗਨੀ ਦਾ ਹੁਣ ਹੀ ਗਲ ਘੁੱਟ ਦੇਵੇ । ਰਸਾਲੂ ਨੇ ਸੋਚਿਆ ਕਿ ਇਹ ਅਜੀਬ ਗੱਲ ਹੋਈ। ਹਾਰੇ ਰਾਜਾ ਤੇ ਸਜਾ ਮਿਲੇ ਉਸ ਦੀ ਨਵ-ਜੰਮੀ ਬੇਦੋਸ਼ੀ ਕੁੜੀ ਨੂੰ । ਰਸਾਲੂ ਨੇ ਕਿਹਾ ਕਿ ਕੁੜੀ ਮੈਨੂੰ ਦਿਖਾਏ ਬਿਨਾਂ ਨਾ ਮਾਰੀ ਜਾਵੇ । ਓਧਰ ਸਿਰ-ਕੱਪ ਨੂੰ ਫੜ ਕੇ ਅੰਦਰ ਲੈ ਗਿਆ ਤੇ ਤਲਵਾਰ ਖਿੱਚ ਕੇ ਕਿਹਾ ਕਿ ਹੁਣ ਸ਼ਰਤ ਪੂਰੀ ਕਰੋ।
ਸਿਰ-ਕੱਪ ਜਿਹੜਾ ਅਨੇਕ ਸਿਰ ਵੱਢ ਵੱਢ ਕੇ ਕੰਧਾਂ ਚਿਣੀ ਬੈਠਾ ਸੀ ਜਦੋਂ ਹੁਣ ਉਸ ਉਤੇ ਬਣੀ ਤਾਂ ਲਗਾ ਥਰ ਥਰ ਕੰਬਣ । ਰਸਾਲੂ ਦੇ ਪੈਰਾਂ ਉਤੇ ਡਿੱਗ ਕੇ ਉਸ ਘਿਗਿਆ ਤੇ ਜਾਨ ਬਖਸਾਉਣ ਲਈ ਉਹ ਤਰਲੇ ਕੀਤੇ ਕਿ ਰਸਾਲੂ ਦੇ ਅਨੇਕ ਸਿਰਾਂ ਦੇ ਵੈਰ ਲੈਣ ਦੀ ਤਮੰਨਾ ਨਾਲ ਪੱਕੇ ਮਨ ਵਿਚੋਂ ਵੀ ਦਇਆ ਪੁੰਗਰ ਆਈ। ਸਿਰ-ਕੱਪ ਦੀਆਂ ਰਾਣੀਆਂ, ਉਸ ਦੀਆਂ ਧੀਆਂ ਆਪਣੇ ਨੰਗੇ ਸਿਰੀ ਝਾਟੇ ਖੋਂਹਦੀਆਂ ਰਸਾਲੂ ਅਗੇ ਵੱਖ ਵਾਸਤੇ ਪਾਉਣ ਲੱਗੀਆਂ। ਰਸਾਲੂ ਨੇ ਕਿਹਾ ਕਿ ਤਾਂ ਛੱਡਦਾ ਹਾਂ ਪਹਿਲਾਂ ਜਿੰਨੇ ਘਰ ਤਬਾਹ ਕੀਤੇ ਹਨ ਉਨ੍ਹਾਂ ਨੂੰ ਜੋ ਹੁਣ ਤੇਰੇ ਵੱਸ ਹੈ ਵਸਾਉਣ ਦਾ ਵਾਅਦਾ ਕਰੇਂ । ਦੂਜੇ, ਅੱਗੇ ਨੂੰ ਜੂਆ ਨਾ ਖੋਲੇਂ । ਤੀਜੇ, ਅਜਿਹੇ ਕੰਮ ਕਰਨ ਦੀ ਸਹੁੰ ਤੱਤੇ ਤੇਵੇ ਉਤੇ ਨੱਕ ਨਾਲ ਲਕੀਰਾਂ ਕੱਢ ਕੇ ਚੁਕੇ ਇਨ੍ਹਾਂ ਧੀਆਂ ਦਾ ਡੋਲਾ ਮੈਨੂੰ ਮਨਜੂਰ ਨਹੀਂ, ਜਿਸ ਨਵ-ਜੰਮੀ ਧੀ ਨੂੰ ਤੁਸੀਂ ਮਾਰ ਮੁਕਾਉਣ ਦਾ ਫੈਸਲਾ ਕੀਤਾ ਹੈ ਉਹ ਮੈਨੂੰ ਦੇ ਦੇਵੋ। ਸਿਰ-ਕੱਪ ਲਈ ਇਹ ਗੱਲਾਂ ਬਿੱਲੀ ਦੇ ਭਾਗੀਂ ਛਿੱਕਾ ਟੁੱਟਣ ਵਾਂਗ ਗੈਬੀ ਰਹਿਮਤਾਂ ਸਨ। ਉਨ੍ਹਾਂ ਨੇ ਉਸੇ ਵੇਲੇ ਨਵ-ਜੰਮੀ ਧੀ ਦਾ ਡੋਲਾ ਤਿਆਰ ਕਰਨ ਦਾ ਹੁਕਮ ਦੇ ਦਿੱਤਾ । ਇਕ ਥਾਲ ਵਿਚ ਅੰਬ ਦੀ ਟਾਹਣੀ ਸ਼ਗਨ ਵਜੋਂ ਭੇਟ ਕੀਤੀ। ਅੰਬ ਨਾਲ ਕੋਇਲਾਂ ਦੀ ਮੁਹੱਬਤ ਦੀ ਪਰੰਪਰਾ ਨੂੰ ਦੇਖ ਕੇ ਰਸਾਲੂ ਨੇ ਉਸ ਕੁੜੀ ਦਾ ਨਾਂ ਕੋਕਲਾਂ ਰੱਖ ਦਿੱਤਾ । ਵਾਜਿਆਂ ਗਾਜਿਆਂ ਨਾਲ ਰਾਜਾ ਵਿਦਾ ਹੋ ਰਿਹਾ ਦੇਖ ਕੇ ਸਿਰ-ਕੱਪ ਦੇ ਕੈਦੀ ਪੱਲਾ ਫੜ ਕੇ ਖੜ ਗਏ ਤੇ ਆਪਣੀ ਬੰਦ ਖਲਾਸੀ ਲਈ ਪੁਕਾਰ ਕਰਨ ਲੱਗੇ :-
‘ਹੋਰ ਰਾਜੇ ਮੁਰਗਾਬੀਆਂ, ਤੂੰ ਰਾਜਾ ਸ਼ਾਹਬਾਜ਼
ਬੰਦੀਵਾਨਾਂ ਦੇ ਬੰਦ ਖਲਾਸ ਕਰ, ਤੇਰੀ ਉਮਰ ਦਰਾਜ਼ ।”
ਰਸਾਲੂ ਦੇ ਇਕ ਇਸ਼ਾਰੇ ਨਾਲ ਸਿਰ-ਕੱਪ ਨੇ ਸਾਰੇ ਕੈਦੀ ਛੱਡ ਦਿੱਤੇ । ਕੋਕਲਾਂ ਦਾ ਡੋਲਾ ਲੈ ਕੇ ਓਸ ਨੇ ਇਕ ਪਹਾੜੀ ਉਤੇ (ਇਹ ਰਾਵਲਪਿੰਡੀ ਕੋਲ ਮੂਰਤੀ ਪਹਾੜੀ ਸੱਦੀ ਜਾਂਦੀ ਹੈ) ਸ਼ਾਨਦਾਰ ਮਹਿਲ ਬਣਵਾ ਦਿੱਤਾ । ਸ਼ਗਨ ਵਿਚ ਮਿਲੀ ਅੰਬ ਦੀ ਟਾਹਣੀ ਬੀਜ ਕੇ ਕਿ ਜਦੋਂ ਇਸ ਨੂੰ ਬੂਰ ਪਵੇਗਾ ਰਾਣੀ ਉਦੋਂ ਜੁਆਨ ਹੋ ਚੁੱਕੀ ਹੋਵੇਗੀ, ਕੋਕਲਾਂ ਦੇ ਪਾਲਣ-ਪੋਸਣ ਦੇ ਪ੍ਰਬੰਧ ਕਰਕੇ ਆਪ ਰਵਾਨਾ ਹੋ ਗਿਆ। ਰਾਣੀ ਦੀ ਦੇਖ-ਭਾਲ ਲਈ ਆਪਣੇ ਤੋਤੇ ਨੂੰ ਓਥੇ ਛੱਡਣ ਤੋਂ ਪਹਿਲਾਂ ਉਸ ਦਾ ਜੀਅ ਲਗਾਈ ਰੱਖਣ ਲਈ ਇਕ ਮੈਨਾ ਲੱਭ ਦਿੱਤੀ । ਜੇ ਰਸਾਲੂ ਨਿੱਤ ਨਵੇਂ ਵਿਆਹ ਤੇ ਰੋਮਾਂਸ ਰਚਾਉਂਦਾ ਸੀ ਇਹ ਕਿਵੇਂ ਹੋ ਸਕਦਾ ਸੀ ਕਿ ਉਸ ਦਾ ਤੋਤਾ ਛੜਾ ਹੀ ਰਹੇ ?
ਕੋਕਲਾਂ ਦੇ ਸ਼ਗਨ ਵਿਚ ਮਿਲੀ ਟਾਹਣੀ ਹੁਣ ਅੰਬ ਬਣ ਚੁੱਕੀ ਸੀ । ਉਸ ਦੀਆਂ ਬੂਰ-ਲੱਗੀਆਂ ਲਗਰਾ ਹਵਾ ਵਿਚ ਝੂੰਮ ਝੂਮ ਕੇ ਪਰਬੀਨ ਨ੍ਰਿਤਕਾ ਵਾਂਗ ਵਾਯੂ ਮੰਡਲ ਨੂੰ ਮਾਨੋ ਚੁਟਕੀਆਂ ਭਰ ਰਹੀਆਂ ਸਨ। ਹੁਣ ਟਾਹਣੀਆਂ ਨੂੰ ਅੰਬ ਵੀ ਲਗ ਆਏ ! ਕੋਕਲਾਂ ਦੇ ਜੋਬਨ ਵਾਂਗ ਪੱਕੇ ਅੰਬ ਟਸ ਟਸ ਕਰ ਰਹੇ ਸਨ ਪਰ ਉਨ੍ਹਾਂ ਨੂੰ ਚੂਪਣ ਵਾਲਾ ਰਸੀਆ ਰਸਾਲੂ ਪਤਾ ਨਹੀਂ ਹੁਣ ਕਿੱਥੇ ਸੀ ? ਆਖਰ ਰਸਾਲੂ ਆ ਗਿਆ । ਉਸ ਨੇ ਅੰਥ ਦੇ ਫਲ ਤਾਂ ਰੂਪੇ ਪਰ ਅਣਭੋਲ ਰਾਣੀ ਨੂੰ ਗੱਲੀਂ-ਬਾਤੀਂ ਪਰਚਾਈ ਰੱਖਿਆ।
ਰਾਜਾ ਸ਼ਿਕਾਰ ਜਾਂਦਾ, ਰਾਣੀ ਲਈ ਵਧੀਆ ਮਾਸ ਭੁੰਨ ਕੇ ਲਾਲਾਤ ਘਰ ਰਾਣੀ ਦੇ ਆਪਣੇ ਦਿਲ ਰਾਜਗੁੱਲੀ ਭਾਹ ਇਸ ਨਾਲ ਕਿਵੇਂ ਬੁੱਝਦੀ। ਉਸ ਨੇ ਰਾਜੇ ਨਾਲ ਨੇੜ ਪ੍ਰਾਪਤ ਕਰਨ ਲਈ ਸੋਚਿਆ। ਜੇ ਤੁਹਾਨੂੰ ਸ਼ਿਕਾਰ ਮਾਰਦੇ ਦੇਖਣਾ ਹੈ ਰਾਜਨ ! ਤੁਸੀਂ ਸ਼ਿਕਾਰ ਕਿਵੇਂ ਮਾਰਦੇ ਹੁੰਦੇ ਹੋ ?” ਰਾਣੀ ਦੇ ਬੋਲਾਂ ਵਿਚ ਭੋਲਾਪਣ ਘੁਲਿਆ ਹੋਇਆ ਸੀ । ‘ਮੈਂ ਜਦੋਂ ਸ਼ਿਕਾਰ ਦੇ ਤੀਰ ਮਾਰਦਾ ਹਾਂ। ਸ਼ਿਕਾਰ ਦੱਸ ਕਦਮ ਮੇਰੇ ਵੱਲ ਦੌੜ ਕੇ ਆ ਢਹਿੰਦਾ ਹੈ ਮੇਰੀ ਭੋਲੀ ਕੋਕਲਾਂ ! ਕਿਉਂ ਨਹੀਂ, ਮੈਂ ਆਪਣੀ ਪਿਆਰੀ ਨੂੰ ਜ਼ਰੂਰ ਨਾਲ ਲਿਜਾਵਾਂਗਾ ।’
‘ਮੈਂ ਵੀ ਸ਼ਿਕਾਰ ਕਰ ਕੇ ਦਿਖਾਵਾਂਗੀ’ ਰਾਣੀ ਨੇ ਲਾਚੜ ਕੇ ਕਿਹਾ, ‘ਜਰੂਰ !”
ਰਾਜਾ ਤੇ ਰਾਣੀ ਸ਼ਿਕਾਰ ਨੂੰ ਚੜ੍ਹ ਗਏ। ਘੋੜੇ ਦੇ ਅੱਗੇ ਰਾਜਾ ਤੇ ਪਿਛੇ ਉਸ ਨੂੰ ਘੁੱਟ ਘੁੱਟ ਕੇ ਨਾਲ ਚਿਮਟੀ ਰਾਣੀ। ਦੂਰ ਜੰਗਲ ਵਿਚ ਰਾਜੇ ਨੇ ਇਕ ਹਿਰਨ ਨੂੰ ਤੀਰ ਮਾਰਿਆ। ਹਿਰਨ ਦੇ ਨਿਸ਼ਾਨਾ ਲੱਗਾ ਪਰ ਉਹ ਰਾਜੇ ਵੱਲ ਸੱਤ ਕਦਮਾਂ ਆ ਕੇ ਵਧ ਕੇ ਢਹਿਣ ਦੀ ਥਾਂ ਅਗੇ ਨੂੰ ਜਾ ਕੇ ਡਿੱਗਿਆ । ਰਾਣੀ ਨੇ ਕਿਹਾ, ‘ਇਹ ਕੀ ਗੱਲ ਰਾਜਨ ! ਹਿਰਨ ਤੁਹਾਡੇ ਵੱਲ ਵਧ ਕੇ ਕਿਉਂ ਨਾ ਡਿੱਗਿਆ ?’ ‘ਮੇਰੀ ਰਾਣੀ ! ਮੇਰੇ ਨਾਲ ਤੂੰ ਜੋ ਘੁੱਟ ਘੁੱਟ ਕੇ ਚਿੰਬੜੀ ਹੋਈ ਸੀ ਇਸ ਨਾਲ ਮੇਰਾ ਸਤ ਘਟਦਾ ਨਾ ਤਾਂ ਹੋਰ ਕੀ ਹੁੰਦਾ ?’ ‘ਵਾਹ ! ਰਾਜਨ ! ਤੁਸੀਂ ਮੈਨੂੰ ਚੰਗੀ ਸਪੁਤੀ ਬਣਾਉਗੇ ਜਿਸ ਦੇ ਨਾਲ ਲਗਣ ਨਾਲ ਈ ਸਤ ਘੱਟ ਗਿਆ ਹੈ, ਲਓ ਜਿੰਨੇ ਚਾਹੁੰਦੇ ਹੋ ਮੈਂ ਤੁਹਾਨੂੰ ਹਿਰਨ ਫੜ ਦਿੰਦੀ ਹਾਂ।’ ਇਹ ਕਹਿ ਕੇ ਰਾਣੀ ਨੇ ਆਪਣੇ ਸਿਰ ਦੇ ਵਾਲ ਹਵਾ ਵਿਚ ਉਛਾਲ ਦਿੱਤੇ ਤੇ ਸਾਰੇ ਪਾਸੇ ਕਸਤੂਰੀ-ਭਿੰਨੀ ਮਹਿਕ ਫੈਲ ਗਈ।
ਹੀਰਾ ਤੇ ਨੀਲਾ ਦੋ ਹਿਰਨ ਆਪਣੀਆਂ ਹਿਰਨੀਆਂ ਸਮੇਤ ਇਸ ਸੁਗੰਧ ਤੇ ਲਟੂ ਹੋਏ ਸਿਰ ਤਲਵਾਏ ਰਾਣੀ ਦੇ ਆਸ ਪਾਸ ਘੁੰਮਰਾਂ ਪਾਉਣ ।ਰਸਾਲੂ ਨੇ ਉਨ੍ਹਾਂ ਨੂੰ ਡਰਾਉਣ ਲਈ ਕਮਦ ਚੁੱਕੀ, ਕਸ ਕੇ ਤੀਰ ਹਵਾ ਵਿਚ ਛਡਿਆ, ਨੀਲਾ ਹਿਰਨ ਤਾਂ ਹਿਰਨੀ ਸਮੇਤ ਦੌੜ ਗਿਆ ਪਰ ਹੀਰਾ ਹਿਰਨ ਮਸਤੀ ਵਿਚ ਖੜਾ ਉਸੇ ਤਰ੍ਹਾਂ ਝੂਮਦਾ ਰਿਹਾ। ਰਾਜੇ ਨੇ ਕਿਹਾ ਇਸ ਦਾ ਸ਼ਿਕਾਰ ਕਰ ਲਵਾਂ ? ਇਹ ਕਹਿ ਕੇ ਰਾਜਾ ਹੀਰੇ ਹਿਰਨ ਨੂੰ ਫੜਨ ਲਈ ਅਗੇ ਵਧਿਆ ਪਰ ਰਾਣੀ ਨੇ ਰੋਕ ਦਿੱਤਾ । ਰਸਾਲੂ ਨੇ ਅੱਧੀ ਗੱਲ ਰਾਣੀ ਦੀ ਮੰਨ ਲਈ ਤੇ ਅੱਧੀ ਆਪਣੀ ਲਾਗੂ ਕਰ ਦਿੱਤੀ, ਹਿਰਨ ਦੀ ਪੂਛ ਤੇ ਕੰਨ ਵੱਢ ਦਿੱਤੇ। ਕਹਿੰਦੇ ਹਨ ਗੁੱਸੇ ਦਾ ਮਾਰਿਆ ਹਿਰਨ ਹੋਡੀ ਰਾਜੇ ਦੇ ਬਾਗ ਵਿਚ ਜਾ ਫੁੱਲ ਬੂਟੇ ਖ਼ਰਾਬ ਕਰਨ ਲੱਗਾ। ਰਾਜਾ ਹੋਡੀ ਹਿਰਨ ਨੂੰ ਮਾਰਨ ਲਈ ਪਿੱਛੇ ਨੱਠਿਆ ਤਾਂ ਹਿਰਨ ਉਸ ਨੂੰ ਕੋਕਲਾਂ ਦੇ ਮਹਿਲ ਕੋਲ ਲੈ ਆਇਆ। ਰਾਜੇ ਨੇ ਮਹਿਲ ਵੱਲ ਦੇਖਿਆ ਤਾਂ ਬਾਰੀ ਵਿਚ ਬੈਠੀ ਚੰਦ ਦਾ ਟੁਕੜਾ ਕੋਕਲਾਂ ਦੇਖ ਕੇ ਉਹ ਪਹਿਲੇ ਸ਼ਿਕਾਰ ਦਾ ਪਿੱਛਾ ਛੱਡ ਕੇ ਇਸ ਨਵੇਂ ਸਿਕਾਰ ਨੂੰ ਫਾਹੁਣ ਲਈ ਖੜ੍ਹ ਗਿਆ।
ਕੋਕਲਾਂ ਜਿਹੜੀ ਮਨੁੱਖੀ ਰੂਹ ਦੀ ਪਿਆਸੀ ਸੀ, ਜਿਸ ਦੀ ਵੇਦਨਾ ਨੂੰ ਰਸਾਲੂ ਸਮਝਿਆ ਵੀ ਨਹੀਂ ਸੀ, ਵਿਚ ਵਿਚ ਘੁਲ ਰਹੀ ਚੜ੍ਹਦੀ ਜੁਆਨੀ ਦੇ ਹਉਕਿਆਂ ਨਾਲ ਪਹਿਲਾਂ ਹੀ ਅੰਗੜਾਈਆਂ ਭੰਨ ਰਹੀ ਸੀ। ਜਦੋਂ ਉਸ ਨੇ ਰਾਜੇ ਹੋਡੀ ਦੀ ਸ਼ਕਲ ਦੇਖੀ, ਪਹਿਲਾਂ ਤਾਂ ਡਰੀ ਤੇ ਫਿਰ ਉਸ ਨੂੰ ਵੰਗਾਰਿਆ। ਹੋਡੀ ਨੇ ਸਮਝ ਲਿਆ ਇਹ ਕਿਸੇ ਰਾਜੇ ਦੀ ਰਾਣੀ ਹੈ। ਕੀ ਇਥੇ ਇਹ ਇਕੱਲੀ ਹੀ ਹੈ ? ਇਹ ਸਾਰਾ ਪਤਾ ਕੱਢਣ ਲਈ ਹੋਡੀ ਨੇ ਰਾਣੀ ਦਾ ਜਵਾਬ ਵੀ ਦਿੱਤਾ ਤੇ ਉੱਤਰ ਲੈਣ ਲਈ ਸੁਆਲ ਵੀ ਕੀਤਾ। ਹੋਡੀ ਤੇ ਰਾਣੀ ਦੀਆਂ ਗੱਲਾਂ ਭਾਵੇਂ ਸਧਾਰਨ ਹੋ ਰਹੀਆਂ ਸਨ ਪਰ ਦੋਹਾਂ ਦੀਆਂ ਅੱਖਾਂ ਚਾਰ ਹੋਣ ਪਿੱਛੋਂ ਘੁਲਣ-ਮਿਲਣ ਲਈ ਇਸ ਤੋਂ ਚੰਗਾ ਸਾਧਨ ਕੀ ਹੋ ਸਕਦਾ ਸੀ ?
ਹੋਡੀ ਦਾ ਪਤਾ ਕਰਦਿਆਂ ਕਰਦਿਆਂ ਕੋਕਲਾਂ ਆਪਣੀ ਸ਼ੁੱਧ ਗੁਆ ਬੈਠੀ । ਉਹ ਆਪਣੀ ਅਣਮਾਣੀ ਜੁਆਨੀ ਦੇ ਅਰਮਾਨ ਕਿਤਨਾ ਕੁ ਚਿਰ ਘੁੱਟ ਕੇ ਰੱਖ ਸਕਦੀ ਸੀ, ਆਖਰ ਲਾਵਾ ਫੁੱਟ ਪਿਆ। ਹੋਡੀ ਨੇ ਕਿਹਾ ਕਿਵੇਂ ਆਵਾਂ। ਇਸ ਦਾ ਜਵਾਬ ਤੇ ਰਾਜੇ ਦੀ ਆਮਦ ਵੇਲੇ ਦੇ ਹਾਵਾਂ ਭਾਵਾਂ ਨੂੰ ਇਕ ਲੋਕ-ਗੀਤ ਦੀਆਂ ਤੁਕਾਂ ਨਾਲੋਂ ਕੋਈ ਵਧੀਆ ਢੰਗ ਨਾਲ ਨਹੀਂ ਦਸ ਸਕਦਾ :-
ਰਾਣੀ–ਅੰਦਰ ਅੰਦਰ ਪੌੜੀਆਂ ਵੇ ਰਾਜਿਆ,
ਪੈਰ ਧਰ ਧਰ ਆ ਰਾਜਾ ਜੀ !
ਰਾਜਾ–ਧੌਲਰ ਤੇਰਾ ਕੱਚ ਦਾ ਨੀ ਰਾਣੀਏ ! ਠੱਕ ਕਰ ਕੇ ਟੁੱਟ ਜਾ ਰਾਣੀ ਜੀ !
ਰਾਣੀ–ਧੌਲਰ ਮੇਰਾ ਕੱਚ ਦਾ ਵੇ ਰਾਜਿਆ ! ਤੂੰ ਘੋੜੇ ਸਣੀ ਚੜ੍ਹ ਆ ਰਾਜਾ ਜੀ !
ਰਾਜਾ–ਪਹਿਲੀ ਪੌੜੀ ਚੜ੍ਹਦਾ ਨੀ ਰਾਣੀਏ ਮੇਰਾ ਘੋੜਾ ਗਿਆ ਸਰਕਾ ਰਾਣੀ ਜੀ !
ਰਾਣੀ–ਕੰਨਾਂ ਦੀਆਂ ਵੇਚਾਂ ਵਾਲੀਆਂ ਵੇ ਰਾਜਾ ! ਤੇਰਾ ਘੋੜਾ ਲਾਂ ਗੀ ਛੁਡਾ ਰਾਜਾ ਜੀ !
ਰਾਜਾ-ਵਾਲੀਆਂ ਓੜਕ ਚਾਲੀਆਂ ਦੀਆਂ ਨੀ ਰਾਣੀਏ, ਮੇਰਾ ਘੋੜਾ ਤਾਂ ਡੇਢ ਹਜ਼ਾਰ ਰਾਣੀ ਜੀ ।
ਆਖ਼ਰ ਰਾਜੇ ਨੇ ਕਿਹਾ ਕਿ ਜੇ ਮੈਨੂੰ ਸੱਦਣਾ ਹੀ ਹੈ ਤਾਂ ਕਿਸੇ ਹੋਰ ਤਰੀਕੇ ਨਾਲ ਖਿੱਚ ਲੈ, ਮੇਰੇ ਪਾਸੋਂ ਤੇਰੇ ਮਹਿਲਾਂ ਦੇ ਬੂਹੇ ਦਾ ਪੱਥਰ ਨਹੀਂ ਹਟਾ ਹੁੰਦਾ। ਕੋਕਲਾਂ ਦੇ ਬਿਰਹਾ ਦੇ ਭਾਂਬੜ ਜ਼ੋਰੀਂ ਭੜਕ ਰਹੇ ਸਨ । ਇਸ ਤਰ੍ਹਾਂ ਦੀ ਅਣਮੋਲ ਜੁਆਨੀ ਦੇ ਅਜਿਹੇ ਵੇਲੇ ਕੀ ਭਾਵ ਹੁੰਦੇ ਹਨ ਉਹ ਅਜਿਹੀਆਂ ਜੁਆਨੀਆਂ ਬਿਨਾ ਹੋਰ ਕੌਣ ਜਾਣ ਸਕਦਾ ਹੈ। ਨੈਣਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੋਡੀ ਉਸ ਕਮੰਦ ਨਾਲ ਉਤਾਂਹ ਖਿੱਚ ਲਿਆ। ਰਾਣੀ ਨੇ ਹੋਡੀ ਨੂੰ ਸੇਜਾ ਚੜ੍ਹਾਉਣ ਤੋਂ ਪਹਿਲਾਂ ਹਾਸੇ ਠੱਠੇ ਦਾ ਮਹੌਲ ਰਚਣ ਲਈ ਹੋਡੀ ਨੂੰ ਚੋਹਲ ਕਰਨੇ ਸ਼ੁਰੂ ਕਰ ਦਿੱਤੇ। ਹੋਡੀ ਤੇ ਕੋਕਲਾਂ ਦੀਆਂ ਰੰਗ-ਰਲੀਆਂ ਰਸਾਲੂ ਦਾ ਤੋਤਾ ਤੇ ਉਸ ਦੀ ਮੈਨਾ ਦੇਖ ਰਹੇ ਸਨ। ਮੈਨਾਂ ਨੇ ਤੋਤੇ ਵਿਚ ਦੀ ਹੋਡੀ ਤੇ ਕੋਕਲਾਂ ਨੂੰ ਬੋਲੀ ਮਾਰੀ ।
ਤੋਤੇ ਨੇ ਮੈਨਾ ਨੂੰ ਕਿਹਾ ਚੁਪ ਕਰ ਰਹੁ। ਸਾਰਾ ਕੁਝ ਦੇਖ ਕੇ ਰਾਜੇ ਨੂੰ ਦੱਸਾਂਗੇ ਪਰ ਮਨਚਲੀ ਮੈਨਾ ਕਿਵੇਂ ਚੁਪ ਰਹਿ ਸਕਦੀ ਸੀ। ਤੋਤੇ ਨੇ ਕਿਹਾ ਚੁੱਪ ਕਰ ਕੇ ਸਾਰਾ ਕੁਝ ਦੇਖੀ ਜਾਹ, ਜਦੋਂ ਰਾਜਾ ਆਇਆ ਉਦੋਂ ਦਸਾਂਗੇ। ਰਾਤ ਕੱਟ ਕੇ ਦਿਨ ਚੜ੍ਹੇ ਹੋਡੀ ਜਦ ਜਾਣ ਲੱਗਾ ਤਾਂ ਕੋਕਲਾਂ ਸਾਹਮਣੇ ਫਿਰ ਵਿਛੋੜੇ ਦੇ ਡਰਾਉਣੇ ਸੁਪਨੇ ਆਉਣ ਲਗੇ । ਮਰਦ ਦੀ ਛੋਹ ਤੋਂ ਮਿਲੇ ਪ੍ਰੇਮ-ਰਸ ਬਿਨਾਂ ਹੁਣ ਉਹ ਰਹਿ ਨਹੀਂ ਸਕਦੀ ਸੀ। ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੇ ਹੜ੍ਹ ਵਗ ਰਹੇ ਸਨ ਤੇ ਸਿਰ ਖੋਲ੍ਹ ਖੋਲ੍ਹ ਕੇ ਮੋਢੀਆਂ ਖੋਹੀ ਜਾ ਰਹੀ ਸੀ। ‘ਰਾਜਨ ! ਹੁਣ ਮੇਰੇ ਕੋਲੋਂ ਨਾ ਜਾਵੇ ਜਾਂ ਮੈਨੂੰ ਨਾਲ ਲੈ ਚਲੇ ।’
ਹੋਡੀ ਨੇ ਕੋਕਲਾਂ ਨੂੰ ਗਲਵੱਕੜੀ ਵਿਚ ਲੈ ਕੇ ਅੱਖਾਂ ਪੂੰਝੀਆਂ ਤਾਂ ਅੱਖਾਂ ਦਾ ਕੱਜਲਾ ਉਸ ਦੇ ਹੱਥਾਂ ਨੂੰ ਲਗ ਗਿਆ। ਹੇਡੀ ਇਹ ਸਹੁੰ ਪਾ ਕੇ ਕਿ ਮੈਂ ਇਹ ਕੱਜਲਾ ਜਿੰਨਾ ਚਿਰ ਤੈਨੂੰ ਫਿਰ ਆ ਕੇ ਨਾ ਮਿਲ ਲਵਾਂ, ਹੱਥ ਤੋਂ ਲਹਿਣ ਨਹੀਂ ਦੇਵਾਂਗਾ। ਤੇਰੀ ਯਾਦ ਦੀ ਨਿਸ਼ਾਨੀ ਦੇ ਰੂਪ ਵਿਚ ਸੰਭਾਲੀ ਰੱਖਾਂਗਾ। ਇਉਂ ਇਹ ਰੋਂਦੀ ਤੇ ਹਟਕੋਰੇ ਭਰਦੀ ਕੋਕਲਾਂ ਕੋਲੋਂ ਚਲਾ ਗਿਆ। ਸ਼ਿਕਾਰਾਂ ਦਾ ਸ਼ੌਕੀਨ, ਸ਼ਸਤਰਾਂ ਬਸਤਰਾਂ ਨਾਲ ਸਜਿਆ-ਸਜਾਇਆ ਰਸਾਲੂ ਕੋਕਲਾਂ ਦੇ ਮਹਿਲੀਂ ਪੁੱਜਾ ਤਾਂ ਉਸ ਨੇ ਦੇਖਿਆ ਕਿ ਮਹਿਲਾਂ ਦਾ ਰੰਗ ਹੁਣ ਪਹਿਲਾਂ ਵਾਲਾ ਨਹੀਂ ਸੀ । ਖੂਹ ਦੇ ਚਬੱਚਿਆਂ ਵਿਚ ਕਿਸੇ ਨਵੇਂ ਨ੍ਹਾਤੇ ਮਰਦ ਦਾ ਪਾਣੀ ਸੀ, ਅੰਬਾਂ ਦੀਆਂ ਗਿਟਕਾਂ ਨੂੰ ਚੂਸ ਕੇ ਢੇਰਾਂ ਦੇ ਢੇਰ ਲਾਏ ਪਏ ਸਨ।
ਕੋਕਲਾਂ ਦਾ ਹੁਸਨ ਰਸ-ਕੱਢੇ ਨਿੰਬੂ ਵਾਂਗ ਖਾਲੀ ਖਾਲੀ ਪਰ ਮਰਦਾਵੀਂ ਛੋਹ ਲਗਣ ਤੋਂ ਚਿਹਰਾ ਭਖਿਆ ਭਖਿਆ ਤੇ ਅੱਖਾਂ ਵਿਚੋਂ ਮਸਤੀ ਡੁਲ੍ਹ ਡੁਲ੍ਹ ਪੈ ਰਹੀ ਸੀ । ਇਸ ਸਭ ਕਾਸੇ ਨੂੰ ਉਸ ਦੀਆਂ ਖਿੰਡੀਆਂ ਲਿਟਾਂ ਤੇ ਉਘੜ-ਦੁਘੜਾ ਪਹਿਰਾਵਾ, ਚੰਦ ਵਿਚ ਲਗੇ ਦਾਗ ਵਾਂਗ ਨਿਹਕਲੰਕ ਨਹੀਂ ਦਰਸਾ ਰਿਹਾ ਸੀ । ਹੁਣ ਉਹ ਮਰਦ ਦਾ ਪਿਆਰ ਮਾਣ ਚੁੱਕੀ ਸੀ । ਉਸ ਨੇ ਰਸਾਲੂ ਨੂੰ ਦੇਖ ਕੇ ਸੋਚਿਆ ਕਿ ਇਹ ਚੰਗਾ ਮਰਦ ਹੈ ਜਿਸ ਮੈਨੂੰ ਪਿਆਰ-ਭੁੱਖੀ ਕੂੰਜ ਨੂੰ ਹੁਣ ਤਕ ਇਉਂ ਤੜਵਾਇਆ। ਹੁਣ ਉਹ ਰਸਾਲੂ ਦੇ ਵਰਤਾਉ ਤੋਂ ਤੰਗ ਪਈ ਏਥੋਂ ਤਕ ਕਹਿਣ ਤੇ ਮਜ਼ਬੂਰ ਹੋ ਗਈ ਕਿ ਕਿਉਂ ਨਾ ਰਾਜੇ ਨੂੰ ਪੁੱਛ ਲਿਆ ਜਾਵੇ ਕਿ ਤੂੰ ਮੈਨੂੰ ਇਉਂ ਕੰਧਾਂ ਕੌਲਿਆਂ ਨਾਲ ਜੱਫ਼ੀਆਂ ਪਾਉਣ ਜੋਗੀ ਬਣਾਈ ਰੱਖਣਾ ਹੈ ? ਮੈਂ ਤੇਰੀ ਨਾਰ ਹਾਂ ਕਿ ਭੈਣ ? .
ਰਸਾਲੂ ਨੇ ਜਵਾਬ ਦਿਤਾ ਕਿ ਤੈਨੂੰ ਮੈਂ ਪਾਸੇ ਵਿਚ ਜਿੱਤ ਕੇ ਲਿਆਂਦਾ ਤੇ ਫਲ ਖੁਆ ਖੁਆ ਕੇ ਜੁਆਨ ਕੀਤਾ ਹੈ । ਤੂੰ ਮੇਰੀ ਨਾਰ ਤੇ ਮੈਂ ਤੇਰਾ ਖਾਵੰਦ ਹਾਂ ਪਰ ਨਾਲ ਹੀ ਉਸ ਨੇ ਪੁੱਛਿਆ ਕਿ ਮਹਿਲਾਂ ਵਿਚ ਕੌਣ ਆਇਆ ਸੀ । ਸੱਚੇ ਸੱਚ ਦੱਸ ? ਇਹ ਲੱਛਣ ਓਪਰੇ ਮਰਦ ਦੀ ਆਮਦ ਦਸਦੇ ਹਨ।
ਕੋਕਲਾਂ, ਜਿਹੜੀ ਹੇਡੀ ਦੇ ਵਿਛੋੜੇ ਵਿਚ ਬਉਰਾਨੀ ਹੋ ਰਹੀ ਸੀ ਰਾਜੇ ਦੀ ਬੁੱਕਲ ਵਿਚ ਜਾ ਬੈਠੀ । ‘ਰਾਜਨ ! ਤੂੰ ਕੀ ਜਾਣੇਂ ਚੜ੍ਹਦੀ ਜੁਆਨੀ ਉੱਤੇ ਆਏ ਕਹਿਰਾਂ ਨੂੰ । ਮੇਰਾ ਤੇਰੇ ਵਿਛੋੜੇ ਵਿਚ ਕੀ ਕੀ ਮੰਦਾ ਹਾਲ ਹੁੰਦਾ ਹੈ ਤੇ ਕਿਸ ਤਰ੍ਹਾਂ ਹਉਕੇ ਲੈ ਕੇ ਅੱਜੀ ਪੱਜੀ ਦਿਨ ਤੇ ਰਾਤਾਂ ਲੰਘਾਉਂਦੀ’ ਹਾਂ ? ਕੀ ਮੈਂ ਕਦੀ ਤੁਹਾਡਾ ਪਿਆਰ ਮਾਣ ਹੀ ਨਹੀਂ ਸਕਾਂਗੀ ? ਇਹ ਸਾਰਾ ਕੁਝ ਤੁਹਾਡੀ ਪ੍ਰੇਮ ਦੀਵਾਨੀ ਕੇਕਲਾਂ ਨੇ ਤੁਹਾਡੇ ਵਿਛੋੜੇ ਵਿਚ ਹੀ ਕੀਤਾ ਹੈ । ਰਸਾਲੂ ਕੋਕਲਾਂ ਦੀਆਂ ਲੁਭਾਉਣੀਆਂ ਗੱਲਾਂ ਸੁਣ ਕੇ ਭਰਮ ਗਿਆ। ਉਸ ਨੇ ਤੋਤੇ ਤੇ ਮੈਨਾਂ ਦੀ ਵੀ ਖੂਬ ਝਿੜਕ-ਝੰਬ ਕੀਤੀ।
ਰਸਾਲੂ ਜਦੋਂ ਜਾਣ ਲੱਗਿਆ ਤੋਤੇ ਨੇ ਉਸ ਤੋਂ ਸਾਰਾ ਪਤਾ ਟਿਕਾਣਾ ਪੁਛ ਲਿਆ ਕਿ ਉਹ ਕਿੱਧਰ ਜਾਵੇਗਾ ਤੇ ਕਿੱਥੇ ਕਿੱਥੇ ਠਹਿਰੇਗਾ ਤਾਂ ਜੁ ਲੋੜ ਪੈਣ ਤੇ ਢੂੰਡ ਤਾਂ ਕੀਤੀ ਜਾ ਸਕੇ । ਥੋੜ੍ਹੇ ਦਿਨਾਂ ਪਿਛੋਂ ਰਾਜਾ ਹੋਡੀ ਫਿਰ ਕੋਕਲਾਂ ਦੇ ਮਹਿਲੀਂ ਆ ਪੁੱਜਾ। ਪ੍ਰੇਮ-ਪਿਆਰ ਦੀ ਚੌਪਟ ਦੀਆਂ ਲਗਦੀਆਂ ਬਾਜ਼ੀਆ ਦੇਖ ਕੇ, ਮੈਨਾ ਨੇ ਕਿਹਾ ਕਿ ਰਾਣੀ ਇਹ ਚੰਗੀ ਗੱਲ ਨਹੀਂ ।ਪਰਾਏ ਮਰਦ ਨਾਲ ਚੰਗੀਆਂ ਤ੍ਰੀਮਤਾਂ ਇਸ ਤਰ੍ਹਾਂ ਮੁਹੱਬਤਾਂ ਨਹੀਂ ਕਰਦੀਆਂ ਹੁੰਦੀਆਂ।
ਰਾਣੀ ਨੇ ਗੁੱਸੇ ਵਿਚ ਆ ਕੇ ਮੈਨਾ ਦਾ ਗੱਲ ਘੁੱਟ ਦਿੱਤਾ। ਇਹ ਦੇਖ ਕੇ ਤੋਤੇ ਨੇ ਚਲਾਕੀ ਵਰਤੀ । ‘ਬੜਾ ਚੰਗਾ ਕੀਤਾ, ਰਾਣੀ ਜੀ ! ਤੁਸੀਂ ਇਸ ਲੁਤਰ ਲੁਤਰ ਕਰਦੀ ਜ਼ਬਾਨ ਵਾਲੀ ਦੀ ਅਲਖ ਮੁਕਾਈ, ਇਹ ਸੀ ਹੀ ਇਸ ਲਾਇਕ। ਪਰ ਮੈਂ ਤਾਂ ਤੁਹਾਡਾ ਕੁਝ ਨਹੀਂ ਵਿਗਾੜਿਆ ਮੈਨੂੰ ਤਾਂ ਪਿੰਜਰੇ ਵਿਚੋਂ ਕੱਢ ਛੱਡੋ।’ ਕੋਕਲਾਂ ਨੇ ਤੋਤੇ ਨੂੰ ਪਿੰਜਰੇ ਵਿਚੋਂ ਕੱਢ ਕੇ ਖੁਲ੍ਹਾ ਛੱਡ ਦਿੱਤਾ । ਤੋਤੇ ਨੇ ਪਹਿਲਾਂ ਤਾਂ ਮੋਈ ਪਈ ਮੈਨਾ ਦੀ ਲੋਥ ਉੱਤੇ ਰਾਣੀ ਨੂੰ ਖੁਸ਼ ਕਰਨ ਲਈ ਜਾ ਪੰਜੇ ਝਾੜੇ। ਫਿਰ ਰਾਣੀ ਤੋਂ ਚੂਰੀ ਕੁਟਵਾ ਕੇ ਖੂਬ ਰੱਜ ਪੁੱਜ ਕੇ ਬਨੇਰੇ ਉਤੇ ਜਾ ਕੇ ਰਾਣੀ ਨੂੰ ਗਾਲ੍ਹਾਂ ਕੱਢਣ ਲਗ ਪਿਆ, ‘ਤੈਂ ਮੇਰੀ ਮੈਨਾ ਮਰਵਾਈ ਹੈ, ਮੈਂ ਵੀ ਤੈਥੋਂ ਬਦਲਾ ਲੈ ਕੇ ਛੱਡਾਂਗਾ।’
ਕੋਕਲਾਂ ਨੇ ਬੜੇ ਤਰਲੇ ਕੀਤੇ ਕਿ ਤੈਨੂੰ ਇਕ ਦੀ ਥਾਂ ਚਾਰ ਮੈਨਾ ਲਿਆਉਂਦੀ ਹਾਂ ਪਰ ਤੋਤਾ ਉਡਾਰੀਆਂ ਮਾਰ ਕੇ ਉਡ ਗਿਆ। ਜਿਸ ਥਾਂ ਰਸਾਲੂ ਸੁੱਤਾ ਪਿਆ ਸੀ, ਉਸ ਨੇ ਆਪਣੇ ਖੰਭ ਗਿੱਲੇ ਕਰਕੇ ਰਾਜੇ ਦੇ ਮੂੰਹ ਤੇ ਛਿੱਟਾਂ ਮਾਰ ਕੇ ਜਗਾਇਆ ਤੇ ਰਸਾਲੂ ਨੂੰ ਉਸ ਦੇ ਘਰ ਲਗੇ ਚੋਰ ਦੇ ਸੰਨ੍ਹ ਦੀ ਸਾਰੀ ਗੱਲ ਦੱਸ ਦਿੱਤੀ ।
ਰਾਜਾ ਹੈਰਾਨ ਸੀ ਕਿ ਮੇਰੇ ਇਤਨੇ ਤਕੜੇ ਪ੍ਰਬੰਧਾਂ ਦੇ ਹੁੰਦਿਆਂ ਵੀ ਇਹ ਕੁਝ ਹੋ ਰਿਹਾ ਹੈ ਪਰ ਤੋਤੇ ਉੱਤੇ ਉਸ ਨੂੰ ਆਪਣੀ ਰਾਣੀ ਨਾਲੋਂ ਵੱਧ ਯਕੀਨ ਸੀ। ਉਥੋਂ ਵਾਹੋ-ਦਾਹ ਘੋੜਾ ਦੁੜਾਉਂਦਾ ਰਸਾਲੂ ਕੋਕਲਾਂ ਦੇ ਮਹਿਲਾਂ ਵਿਚ ਆ ਵੜਿਆ। ਕੋਕਲਾਂ ਨੇ ਹੋਡੀ ਨੂੰ ਸਫ਼ ਹੇਠ ਲੁਕੋ ਦਿੱਤਾ ਪਰ ਤੋਤੇ ਨੇ ਉਥੇ ਜਾ ਕੇ ਉਸ ਦੇ ਸਿਰ ਵਿਚ ਨੂੰਗਾ ਮਾਰ ਮਾਰ ਕੇ ਉਸ ਦੇ ਤਣੇ ਸਾਰੇ ਤਾਣੇ ਬਾਣੇ ਦਾ ਭੇਦ ਖੋਲ੍ਹ ਦਿੱਤਾ । ਹੋਡੀ ਇਹ ਦੇਖ ਕੇ ਨੱਸ ਟੁਰਿਆ। ਰਸਾਲੂ ਨੇ ਪਿਛਾ ਕਰ ਕੇ ਉਸ ਨੂੰ ਮਾਰ ਦਿੱਤਾ ਪਰ ਰਾਣੀ ਨੂੰ ਉਸ ਦੀ ਮੌਤ ਬਾਰੇ ਕੁਝ ਨਾ ਦੱਸਿਆ। ਰਸਾਲੂ ਨੇ ਹੋਡੀ ਨੂੰ ਮਾਰ ਕੇ ਉਸ ਦਾ ਕਲੇਜਾ ਕੱਢ ਲਿਆਂਦਾ ਸੀ । ਕੋਕਲਾਂ ਨੇ ਦੂਜਾ ਸ਼ਿਕਾਰ ਭੁੰਨਿਆ, ਰਸਾਲੂ ਨੇ ਹੋਡੀ ਦਾ ਕਲੇਜਾ । ‘ਇਹ ਮਾਸ ਅੱਜ ਬਹੁਤ ਵਧੀਆ ਕਿਸਮ ਦੇ ਸ਼ਿਕਾਰ ਦਾ ਹੈ।’ ਇਹ ਕਹਿ ਕੇ ਰਸਾਲੂ ਨੇ ਕੋਕਲਾਂ ਦੇ ਥਾਲ ਵਿਚ ਹੋਡੀ ਦਾ ਭੁੰਨਿਆ ਕਲੇਜਾ ਪਰੋਸ ਦਿੱਤਾ । ਕੋਕਲਾਂ ਨੇ ਅਜਿਹੇ ਨਵੇਂ ਸੁਆਦ ਵਾਲਾ ਮਾਸ ਪਹਿਲਾਂ ਕਦੋਂ ਖਾਧਾ ਸੀ । ਉਸ ਨੇ ਨਵੇਂ ਸੁਆਦ ਵਾਲੇ ਮਾਸ ਦੀ ਰੱਜਵੀਂ ਤਾਰੀਫ ਕੀਤੀ। ਪਰ ਜਦੋਂ ਪਤਾ ਲੱਗਾ ਕਿ ਇਹ ਹੋਡੀ ਦਾ ਮਾਸ ਹੈ, ਰਾਣੀ ਨੇ ਮਾਸ ਵਗਾਹ ਸੁੱਟਿਆ ਤੇ ਮਹਿਲਾਂ ਤੇ ਚੜ੍ਹ ਕੇ, ਆਪਣੇ ਆਖਰੀ ਬੋਲ ਹਵਾ ਵਿਚ ਸੁੱਟ ਕੇ ਤੇ ਛਾਲ ਮਾਰ ਕੇ ਜਾਨ ਦੇ ਦਿੱਤੀ। ਕੋਕਲਾਂ ਅਤੇ ਹੋਡੀ ਦੋਹਾਂ ਦੀਆਂ ਲੋਥਾਂ ਰਸਾਲੂ ਨੇ ਇਕ ਘੋੜੇ ਦੇ ਦੋਵੇਂ ਪਾਸੀਂ ਬੰਨ੍ਹ ਕੇ ਘੋੜੇ ਨੂੰ ਅਗਿਆਤ ਥਾਂ ਵੱਲ ਨੂੰ ਹੱਕ ਛੱਡਿਆ ।ਕੋਕਲਾਂ ਦੇ ਮਹਿਲਾਂ ਵਿਚ ਆਖਰੀ ਚੱਕਰ ਕੱਟਦਾ ਜਦੋਂ ਉਹ ਕੋਕਲਾਂ ਦੇ ਸ਼ਗਨ ਵਿਚ ਮਿਲੇ ਅੰਬ ਦੀ ਟਾਹਣੀ ਤੋਂ ਬਣੇ ਅੰਬ ਕੋਲ ਆਇਆ ਤਾਂ ਉਸ ਦੇ ਮਨ ਵਿਚੋਂ ਪੁਰਾਣੀ ਯਾਦ ਨਵੀਂ ਘਟਨਾ ਨਾਲ ਸੁਰ ਹੋ ਕੇ ਇਕ ਵਾਰ ਫਿਰ ਟੁਣਕੀ :-
ਅੰਬਾ ਵੇ ਫਲ ਲਗਿਆ, ਫਲੀਂ ਨਾ ਮੂਲੋਂ ਫੇਰ।
ਰਾਣੀ ਕੋਕਲਾਂ ਮਰ ਗਈ ਉਸ ਥਾਂ ਖੋਲੇ ਢੇਰ।
ਰਸਾਲੂ ਸਿਆਲਕੋਟ ਜਾ ਪੁੱਜਿਆ। ਉਧਰ ਹੋਡੀ ਦੇ ਭਰਾਵਾਂ ਨੇ ਸਾਰੀ ਖ਼ਬਰ ਦਾ ਪਤਾ ਕੱਢ ਕੇ ਰਸਾਲੂ ਤੋਂ ਬਦਲਾ ਲੈਣ ਲਈ ਚੜ੍ਹਾਈ ਕਰ ਦਿੱਤੀ । ਇਸ ਸਮੇਂ ਰਸਾਲੂ ਦੀ ਸੱਤਿਆ ਘੱਟ ਰਹੀ ਸੀ। ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਕਿਲ੍ਹੇ ਵਿਚ ਕਈ ਦਿਨ ਘੇਰੀ ਰੱਖਿਆ। ਜੰਗ-ਮੈਦਾਨ ਵਿਚ ਹੋਡੀ ਦੇ ਭਰਾਵਾਂ ਦੀ ਫ਼ੌਜ ਦੇ ਅਨੇਕ ਜੁਆਨਾਂ ਦੇ ਸੱਥਰ ਲਾਹੁੰਦਾ ਰਸਾਲੂ ਆਪ ਵੀ ਜ਼ਖ਼ਮੀ ਹੋ ਚੁੱਕਾ ਸੀ । ਆਖਰ ਉਸ ਦੀ ਜਾਨ ਦਾ ਭੌਰ ਦੁਸ਼ਮਨ ਦੇ ਤੀਰ ਨੇ ਬਲਕਾਰ ਸਰੀਰ ਵਿੱਚੋਂ ਉਡਾ ਹੀ ਛੱਡਿਆ।