ਕਿੱਸਾ ਪੂਰਨ ਭਗਤ
‘ਮੱਥਾ ਟੇਕਦਾ ਹਾਂ ! ਮਾਤਾ ਜੀ’ ਸ਼ਰਮਾਕਲ ਤੇ ਸਾਊ ਪੁੱਤਰਾਂ ਵਾਂਗ ਸ਼ਹਿਜ਼ਾਦੇ ਪੂਰਨ ਨੇ ਆਪਣੀ ਮਤ੍ਰੇਈ ਮਾਂ ਰਾਣੀ ਲੂਣਾਂ ਸਾਹਮਣੇ ਅਦਬ ਨਾਲ ਸੀਸ ਝੁਕਾ ਕੇ ਕਿਹਾ। ਸਰੂ ਕੱਦ, ਹੱਡ ਪੈਰ ਮੋਕਲੇ, ਤਿੱਖੇ ਨਕਸ਼, ਚੌੜਾ ਮੱਥਾ, ਹਿਰਨਾਂ ਵਰਗੀਆਂ ਅੱਖੀਆਂ ਵਿਚ ਕੋਈ ਜਾਦੂ-ਭਰੀ ਖਿੱਚ, ਚਿਹਰੇ ਉਤੇ ਡਲ੍ਹਕਾਂ ਮਾਰਦਾ ਨੂਰ, ਨਿਰਛਲ ਤੇ ਨਿਸਕਪਟ, ਸੱਜਰੇ ਹੁਸਨ ਦੀ ਪੂਰਨ ਤਸਵੀਰ ਸੀ । ਸਿਆਲਕੋਟ ਦੇ ਰਾਜੇ ਸਲਵਾਨ ਦਾ ਪੁੱਤਰ ਸ਼ਹਿਜ਼ਾਦਾ ਪੂਰਨ ਜੋ ਭੋਰੇ ਵਿੱਚੋਂ ਨਿਕਲ ਆਪਣੀ ਮਤ੍ਰੇਈ ਮਾਂ ਨੂੰ ਮੱਥਾ ਟੇਕਣ ਆਇਆ ਸੀ । ਰਾਣੀ ਲੂਣਾਂ ਨੂੰ ਇਉਂ ਲੱਗਿਆ ਜਿਵੇਂ ਉਸ ਦੇ ਹਨੇਰੇ ਮਹਿਲ ਵਿਚ ਕਿਸੇ ਨੇ ਚਾਨਣ ਦੀ ਪੰਡ ਖੋਲ੍ਹ ਦਿਤੀ ਹੋਵੇ। ਉਹਦਾ ਆਪਣੇ ਰੂਪ ਦਾ ਹੰਕਾਰ ਨਿਸਲ ਹੋ ਕੇ ਰਹਿ ਗਿਆ। ਉਹ ਆਪਣੇ ਹੁਸਨ ਦੇ ਜਾਦੂ ਨਾਲ ਹਰ ਨਜ਼ਰ ਨੂੰ ਕੀਲਦੀ ਆਈ ਸੀ। ਉਹ ਹੁਣ ਤਕ ਈਨਾਂ ਮਨਾਉਂਦੀ ਰਹੀ ਸੀ, ਉਸ ਆਪ ਕਿਸੇ ਦੀ ਈਨ ਨਹੀਂ ਸੀ ਮੰਨੀ । ਅੱਜ ਪਹਿਲੀ ਵਾਰ ਉਸ ਦੇ ਦਮ ਥਿੜਕੇ ਤੇ ਰੂਪ ਉਤੇ ਉਸਾਰੇ ਹੋਏ ਹੰਕਾਰ ਦਾ ਮਹੱਲ ਧੜੰਮ ਕਰਦਾ ਡਿੱਗ ਪਿਆ । ਕਾਲਜਾ ਲਾਟ ਵਾਂਗ ਮੱਚ ਪਿਆ । ਉਹਦਾ ਰੋਮ ਰੋਮ ਪੂਰਨ ਦੇ ਹੁਸਨ ਨੂੰ ਚੈਟ ਚੈਟ ਸਮੇਟ ਜਾਣ ਲਈ ਕਾਮੀ ਜੀਭਾਂ ਦਾ ਰੂਪ ਧਾਰਨ ਕਰ ਗਿਆ। ਅੰਗ ਅੰਗ ਵਿਚ ਝਰਨਾਟਾਂ ਛਿੜ ਗਈਆਂ। ਉਹਦੀ ਸਾਬਤੀ ਉਤੇ ਬਿਜਲੀਆਂ ਕੜਕ ਡਿੱਗੀਆਂ ਤੇ ਉਸ ਦੀ ਮਲੀਨ ਆਤਮਾ ਦੀ ਕਾਮਤ੍ਰਿਸ਼ਨਾ ਉਹਦੀਆਂ ਤੱਕਣੀਆਂ ਵਿਚ ਸਿਮਟ ਆਈ। ਮਮਤਾ ਦੀ ਥਾਂ ਕਾਮ-ਭੁੱਖ ਨੇ ਆਣ ਮੱਲੀ । ਰਾਜੇ ਸਲਵਾਨ ਦੀਆਂ ਪਿਆਰ-ਮੰਗਦੀਆਂ ਭੁੱਖੀਆਂ ਤੱਕਣੀਆਂ ਉਹਦੀਆਂ ਮਨ-ਅੱਖੀਆਂ ਸਾਹਮਣਿਓਂ ਅਲੋਪ ਹੋ ਗਈਆਂ ਤੇ
ਪੂਰਨ ਦੇ ਸੱਜਰੇ ਹੁਸਨ ਨੂੰ ਮਾਨਣ ਦੀਆਂ ਤਾਂਘਾਂ ਨਾਲ ਉਹ ਬਿਹਬਲ ਹੋ ਉਠੀ।
ਸਵਾਦ ਸਿਫਤ ਨਾ ਹੁਸਨ ਦੀ ਜਾਏ ਝੱਲੀ, ਲੂਣਾਂ ਵੇਖ ਕੇ ਪੁੱਤ ਨੂੰ ਤੁਰਤ ਮੁਠੀ।
ਪੂਰਨ ਨਜ਼ਰ ਆਇਆ, ਰਾਜਾ ਭੁਲ ਗਿਆ, ਸਿਰਾਂ ਪੈਰਾਂ ਤੋੜੀ ਅੱਗ ਭੜਕ ਉਠੀ।
ਦਿਲੋਂ ਪੁੱਤਰ ਨੂੰ ਯਾਰ ਬਣਾ ਬੈਠੀ, ਉਹਦੀ ਸਾਬਤੀ ਦੀ ਵਿੱਚੋਂ ਲੱਜ ਟੁੱਟੀ।
ਕਾਦਰਯਾਰ ਤਰੀਮਤ ਹੈਂਸਿਆਰੀ, ਲੱਗੀ ਨਦੀ ਵਗਾਉਣ ਆਪ ਪੁੱਠੀ। ਆਪਣੇ ਜਹਾਨ-ਸਾੜ ਹੁਸਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕਾਗਰ ਕਰਕੇ ਉਸ ਨੇ ਆਪਣੇ ਛਰੋਰੇ, ਲਚਕਦਾਰ ਅਤੇ ਕੋਮਲ ਸਰੀਰ ਨੂੰ ਪਿਆਰ-ਲੋਰ ਵਿਚ ਆਈ ਕਬੂਤਰੀ ਵਾਂਗ ਛੱਡਿਆ। ਮੱਥਾ ਟੇਕ ਰਹੇ ਮਾਸੂਮ ਪੂਰਨ ਦੇ ਸਿਰ ਉੱਤੇ ਮਮਤਾ-ਭਰੇ ਪਿਆਰ ਦਾ ਹੱਥ ਫੇਰਨ ਦੀ ਥਾਂ ਅੱਧਮੀਟੀਆਂ, ਮਸਤ ਅੱਖੀਆਂ ਦੀਆਂ ਨਜ਼ਰਾਂ ਉਹਦੇ ਚਿਹਰੇ ਉਤੇ ਸੁੱਟ ਕੇ ਉਸ ਨੇ ਅੰਗੜਾਈ ਲਈ। ਉਹਨੂੰ ਯਕੀਨ ਸੀ ਕਿ ਇਸ ਅਨੋਖੇ ਵਾਰ ਤੋਂ ਪੂਰਨ ਵਰਗਾ ਹੁਣੇ ਹੀ ਪਿੰਜਰੇ ਤੋਂ ਬਾਹਰ ਆਇਆ ਭੋਲਾ ਪੰਛੀ ਬਚ ਕੇ ਨਹੀਂ ਜਾ ਸਕਦਾ। ਇਕ ਹੱਥ ਨਾਲ ਪੂਰਨ ਦੀ ਬਾਂਹ ਫੜੀ ਦੂਜੇ ਹੱਥ ਦੀਆਂ ਮਲੂਕ ਪਤਲੀਆਂ ਉਂਗਲੀਆਂ ਨਾਲ ਪੂਰਨ ਦੀ ਠੋਡੀ ਨੂੰ ਉਤਾਂਹ ਚੁੱਕ, ਉਹਦੀਆਂ ਪੈਰਾਂ ਵੱਲ ਨੂੰ ਝੁਕੀਆਂ ਹੋਈਆਂ ਅੱਖੀਆਂ ਆਪਣੀਆਂ ਮਾਰੂ ਤੱਕਣੀਆਂ ਦੇ ਹਮਲੇ ਹੇਠ ਲਿਆਂਦੀਆਂ । ਬੁੱਲ੍ਹਾਂ ਉਤੇ ਹਜ਼ਾਰ ਅਰਥ-ਭਰਪੂਰ ਸ਼ੈਤਾਨੀ ਮੁਸਕਾਨਾਂ ਨਚਾਈਆਂ ਤੇ ਬੋਲੀ :-
ਕੁੱਖੇ ਰੱਖ ਨਾ ਜੰਮਿਓਂ ਜਾਇਓਂ ਵੇ, ਮਾਈ ਆਖਦਾ ਏਂ ਕਿਹੜੇ ਸਾਕ ਮੈਨੂੰ
ਹਮ–ਉਮਰ ਤੇਰੀ ਮੇਰੀ ਇਕ ਰਾਜਾ, ਕੇਹਾ ਲਾਇਆ ਈ ਦਰਦ ਫਰਾਕ ਮੈਨੂੰ
ਕਾਦਰ ਯਾਰ ਨਾ ਸੰਗਦੀ ਕਹੇ ਲੂਣਾ, ਕਰ ਚੱਲਿਓਂ ਮਾਰ ਹਲਾਕ ਮੈਨੂੰ ।
‘ਕਿਸ ਨੂੰ ਮੱਥੇ ਟੇਕਨਾ ਏਂ ਪੂਰਨਾ ? ਤੇਰੀ ਮਾਂ ਮੈਂ ਕਿਹੜੇ ਸਾਕੋ ਲੱਗਦੀ ਹਾਂ ? ਨਾ ਮੈਂ ਤੈਨੂੰ ਕੁੱਖੇ ਰੱਖਿਆ, ਨਾ ਤੂੰ ਮੇਰਾ ਦੁੱਧ ਚੁੰਘਿਆ ! ਜ਼ਰਾ ਉਤਾਂਹ ਮੇਰੀਆਂ ਅੱਖੀਆਂ ਵਿਚ ਵੇਖ ! ਵੇਖ ਮੇਰੀਆਂ ਉੱਬਲ ਉੱਬਲ ਪੈਂਦੀਆਂ ਜਵਾਨ ਸਧਰਾਂ ਨੂੰ ਮੇਰੇ ਹਾਣ ਦਿਆ ਪੂਰਨਾ ! ਇਹ ਜਵਾਨੀਆਂ ਸਦਾ ਨਹੀਂ ਰਹਿਣੀਆਂ ਮੇਰੇ ਸ਼ੋਕ ਮਚਲਦੇ ਵੇਖ ! ਮੇਰੇ ਅਰਮਾਨ ਤੜਫਦੇ ਵੇਖ ! ਆ ! ਮੇਰੀਆਂ ਭਖਦੀਆਂ ਹੋਈਆਂ ਛਾਤੀਆਂ ਤੇ ਹੱਥ ਰੱਖ ! ਆ ! ਮੈਨੂੰ ਕਲਾਵੇ ਵਿਚ ਘੁੱਟ ਲੈ, ਨਪੀੜ ਲੈ, ਝੰਜੋੜ ਸੁੱਟ, ਮੈਂ ਬਣੀ ਹਾਂ ਤੇਰੇ ਲਈ ਤੂੰ ਬਣਿਆ ਹੈ ਮੇਰੇ ਲਈ ਆ ਵੇਖ ! ਇਹ ਵੇਲਾ ਮੁੜ ਹੱਥ ਨਹੀਂ ਆਉਣਾ !”
ਪੂਰਨ ਨੌ-ਜਵਾਨ ਬਾਰਾਂ ਸਾਲ ਭੋਰੇ ਵਿਚ ਦੁਨੀਆ ਤੋਂ ਅਲੱਗ-ਥਲੱਗ ਕੱਟ ਕੇ ਰਾਜੇ ਦਾ ਹੁਕਮ ਪਾ ਕੇ ਸਿੱਧਾ ਇਥੇ ਪੁਜਿਆ ਸੀ। ਉਹਦੇ ਸੱਜਰੇ ਅਤੇ ਮਾਸੂਮ ਹੁਸਨ ਨੇ ਮੈਲੀਆਂ ਨਜ਼ਰਾਂ ਦੀ ਮਾਰ ਕਦੇ ਨਹੀਂ ਸਹੀ ਤੇ ਲੂਣਾਂ ਦਾ ਇਹ ਜ਼ਹਿਰੀਲਾ ਵਾਰ ਹੋਇਆ ਵੀ ਅਚਾਨਕ ਸੀ। ਫੇਰ ਵੀ ਉਹ ਸੰਭਲ ਗਿਆ ! ਜ਼ਰਾ ਨਾ ਥਿੜਕਿਆ, ਜਗ ਨਾ ਡੋਲਿਆ ! ਆਪਣੀ ਮਤ੍ਰੇਈ ਮਾਂ ਲੂਣਾ ਨੂੰ ਕੰਮ ਭਲ ਗੁਰਦਿਆਂ ਵੇਖ ਕੇ ਉਹਨੂੰ ਬੜੀ ਲੱਜਿਆ ਆਈ, ਉਸ ਨੇ ਆਪਣਾ ਹੱਥ ਛੁਡਾ ਕੇ ਪਿੱਛੇ ਹਟਦਿਆਂ ਅਰਜ਼ ਕੀਤੀ ।
‘ਮਾਤਾ ਜੀ, ਇਹ ਅਣਹੋਈਆਂ ਕਦੋਂ ਹੋਈਆਂ ? ਉਚਾਣਾਂ ਨੂੰ ਕਦੀ ਪਾਣੀ ਵਗਦੇ ਨੇ ? ਜਿਸ ਦਿਨ ਵਗਣ ਲਗ ਪਏ ਪਰਲੋ ਆ ਜਾਏਗੀ। ਜ਼ਮੀਨ ਅਸਮਾਨ ਡੋਲ ਜਾਣਗੇ ! ਨਾ ਕਦੇ ਮਾਵਾਂ ਨੇ ਪੁੱਤਰਾਂ ਨਾਲ ਯਾਰੀਆਂ ਲਾਈਆਂ, ਨਾ ਉਨ੍ਹਾਂ ਨੇ ਹੱਥੀਂ ਆਪਣੇ ਪੁੱਤਰਾਂ ਨੂੰ ਜ਼ਹਿਰ-ਪਿਆਲੇ ਦਿੱਤੇ ! ਮੈਨੂੰ ਲਗਾਓ ਹਿੱਕ ਨਾਲ ਪੁੱਤਰ ਸਮਝ ਕੇ, ਮੈਨੂੰ ਦਿਓ ਪਿਆਰ ਪੁੱਤਰ ਜਾਣ ਕੇ।” ਪੂਰਨ ਦੇ ਇਸ ਇਨਕਾਰ ਨੇ ਲੂਣਾਂ ਦੇ ਦਿਲ ਵਿਚ ਭੜਕੀ ਹੋਈ ਕਾਮ-ਭੁੱਖ ਦੀ ਅੱਗ ਉਤੇ ਤੇਲ ਛਿੜਕ ਦਿੱਤਾ। ਉਸ ਨੇ ਨਖਰਿਆਂ, ਮੁਸਕਰਾਹਟਾਂ ਅਤੇ ਤਰਲਿਆਂ ਨਾਲ ਨਿਹੋਰਿਆਂ ਤੇ ਮਿਹਣਿਆਂ ਨੂੰ ਮਿਲਾ ਕੇ ਪੂਰਨ ਦੇ ਈਮਾਨ ਉਤੇ ਭਰਪੂਰ ਵਾਰ ਕੀਤਾ।
‘ਰੇਸ਼ਮ ਦੇ ਲੱਛਿਆਂ ਵਰਗੇ ਸਰੀਰ ਦੇ ਖੁਸ਼ਬੋਈਆਂ-ਭਿੰਨੇ ਅੰਗਾਂ ਦੀ ਛੋਹ ਦਾ ਸੁਆਦ ਕਿਸੇ ਨਸੀਬਾਂ ਵਾਲੇ ਦੇ ਹਿੱਸੇ ਆਉਂਦਾ ਹੈ। ਮੈਨੂੰ ਤਾਂ ਤੇਰੀਆਂ ਗੱਲਾਂ ਤੋਂ ਇਉਂ ਜਾਪਦਾ ਹੈ ਤੂੰ ਮਰਦ ਹੀ ਨਹੀਂ ਏਂ, ਮਰਦ ਕੀ ਤੇ ਇਸ ਤਰ੍ਹਾਂ ਦੀ ਸੇਜ ਨੂੰ ਠੁਕਰਾਉਣਾ ਕੀ ?’
ਲੂਣਾਂ ਦੀਆਂ ਅਜਿਹੀਆਂ ਬੇਥਵੀਆਂ ਗੱਲਾਂ ਸੁਣ ਕੇ ਪੂਰਨ ਦੇ ਮੱਥੇ ਉਤੇ ਗੁੱਸੇ ਦੀਆਂ ਤਿਉੜੀਆਂ ਉੱਭਰ ਆਈਆਂ। ਉਸ ਨੇ ਗੰਭੀਰ ਲਹਿਜੇ ਵਿਚ ਕਿਹਾ।
‘ਕੁਝ ਹਯਾ ਕਰ ! ਤੂੰ ਮੇਰੀ ਮਾਤਾ ਕਿਵੇਂ ਨਹੀਂ? ਜਿਸ ਦੀ ਤੂੰ ਇਸਤਰੀ ਹੈਂ ਉਹ ਮੇਰਾ ਬਾਪ ਹੈ । ਮਾਵਾਂ ਡੈਣਾਂ ਹੋ ਜਾਣ ਤਾਂ ਵੀ ਪੁੱਤਰਾਂ ਨੂੰ ਨਹੀਂ ਖਾਂਦੀਆਂ ! ਕੋਈ ਅਕਲ ਕਰ, ਹੋਸ਼ ਕਰ।’ ਲੂਣਾਂ ਦੇ ਖੂਬਸੂਰਤ ਬੁੱਲ੍ਹਾਂ ਉਤੇ ਇਕ ਵਿਸ਼ੈਲਾ ਹਾਸਾ ਉਭਰਿਆ।
‘ਉਹ ਬੁੱਢਾ ਖੋਸਟ ਸਲਵਾਨ ਰਾਜਾ ! ਤੇਰਾ ਪਿਤਾ ਹੈ ਪਰ ਮੇਰੀ ਕੁੰਦਨ ਵਰਗੀ ਦੇਹੀ ਨੂੰ ਇਕ ਰੋਗ, ਹੱਡੀਆਂ ਦਾ ਖੌ ! ਅਸਲੀ ਜੋੜੀ ਤਾਂ ਤੇਰੀ ਮੇਰੀ ਹੈ। ਪੈਰਾਂ ਵਿਚ ਡਿੱਗੀਆਂ ਹੋਈਆਂ ਬਰਕਤਾਂ ਨੂੰ ਠੋਕਰ ਨਾ ਮਾਰ । ਮੈਂ ਤੇਰੇ ਅੱਗੇ ਝੋਲੀ ਅੱਡ ਕੇ ਖੜੀ ਹਾਂ। ਇਸ ਵਿਚ ਵਸਲ ਦਾ ਖੈਰ ਪਾ। ਮਾਂ ! ਮਾਂ ਕਰਨਾ ਹੈਂ ਤਾਂ ਇੱਛਰਾਂ ਕੋਲ ਜਾ ਕੇ ਕਰੀਂ । ਮੈਂ ਨਾ ਤੈਨੂੰ ਲੋਰੀਆਂ ਦਿੱਤੀਆਂ, ਨਾ ਕੁੱਛੜ ਚੁੱਕਿਆ’ ਪੂਰਨ ਫੇਰ ਵੀ ਨਾ ਡੋਲਿਆ। ਕਹਿਣ ਲੱਗਾ ‘ਇਹ ਘੋਰ ਪਾਪ ਆਪਣੇ ਸਿਰ ਨਾ ਚਾੜ੍ਹ ! ਜੇ ਮੇਰਾ ਮੱਥਾ ਟੇਕਣਾ ਪਰਵਾਨ ਨਹੀਂ ਤਾਂ ਮੈਂ ਵਾਪਸ ਮੁੜਦਾ ਹਾਂ’ ਇਹ ਕਹਿ ਕੇ ਪੂਰਨ ਬਾਹਰ ਨੂੰ ਤੁਰਿਆ ਤਾਂ ਲੂਣਾਂ ਹਾਰੇ ਹੋਏ ਜੁਆਰੀਏ ਵਾਂਗ ਆਖਰੀ ਦਾਉ ਤੇ ਆ ਗਈ ! ਠੁਕਰਾਏ ਹੋਏ ਕਾਮ ਨੇ ਚੰਡਾਲ ਦਾ ਰੂਪ ਧਾਰ ਲਿਆ ਅਤੇ ਉਹ ਗੁੱਸੇ ਨਾਲ ਕੜਕੀ !
‘ਠਹਿਰ ਜਾ ਪੂਰਨਾ ! ਠਹਿਰ ! ਤੂੰ ਮੇਰੇ ਤਰਲੇ ਸੁਣੇ ਨੇ, ਗੁੱਸਾ ਨਹੀਂ ਵੇਖਿਆ ! ਮੇਰੇ ਪਿਆਰ ਦਾ ਇਕ ਹੋਰ ਰੂਪ ਵੀ ਹੈ। ਜੇ ਭਲਾ ਚਾਹਨਾਂ ਏਂ ਤਾਂ ਇਹ ਸੇਜ ਹਾਜ਼ਰ ਹੈ ਨਹੀਂ ਤਾਂ ਕਤਲ ਕਰਵਾ ਦਿਆਂਗੀ। ਸੱਚ ਲੈ, ਸਮਝ ਲੈ, ਅਜੇ ਵੇਲਾ ਈ ! ਛੱਡ ਇਹ ਪਾਰਸਾਈਆਂ, ਨਹੀਂ ਤਾਂ ਕੁੱਤੇ ਦੀ ਮੌਤੇ ਮਾਰਿਆ ਜਾਏਂਗਾ। ਫੇਰ ਤਾਂ ਮੈਨੂੰ ਤੇਰੇ ਲਹੂ ਦੇ ਘੁੱਟ ਪੀ ਕੇ ਸਬਰ ਆਏਗਾ।’
“ਸਭ ਕੁਝ ਪਰਵਾਨ ਪਰ ਇਹ ਪਾਪ ਨਹੀਂ ਕਰ ਸਕਦਾ’ ਆਖਦਿਆਂ ਪੂਰਨ ਨੇ ਕੰਨੀ ਛੁਡਾਈ ਤੇ ਲੂਣਾਂ ਦੇ ਮਹੱਲ ਤੋਂ ਬਾਹਰ ਨੱਸ ਗਿਆ।
ਰਾਜੇ ਸਲਵਾਨ ਦੇ ਮਹਿਲਾਂ ਵਿਚ ਆਉਣ ਤੋਂ ਪਹਿਲਾਂ ਹੀ ਲੂਣਾਂ ਨੇ ਆਪਣੇ ਮਹਿਲਾਂ ਦੇ ਸ਼ਮ੍ਹਾਦਾਨ ਬੁਝਾ ਦਿੱਤੇ ! ਸੇਜ ਉਥਲ-ਪੁਥਲ ਦਿੱਤੀ, ਆਪਣੇ ਰੇਸ਼ਮੀ ਕੱਪੜਿਆਂ ਦੇ ਲੰਗਾਰ ਲਾਹ ਕੇ ਚਿੱਟੇ ਗੋਰੇ ਸੰਗਮਰਮਰੀ ਸਰੀਰ ਦੀਆਂ ਛਾਤੀਆਂ ਨੰਗੀਆਂ ਕਰ ਲਈਆਂ, ਚੂੜੀਆਂ ਚਕਨਾਚੂਰ ਕਰ ਲਈਆਂ। ਆਪਣੇ ਨਹੁੰਆਂ ਨਾਲ ਆਪਣੀਆਂ ਗੱਲ੍ਹਾਂ ਝਰੀਟ ਲਈਆਂ। ਬਣਾਏ ਹੋਏ ਸਿਰ ਦੇ ਵਾਲ ਖੋਲ੍ਹ ਖਿਲਾਰ ਲਏ। ਰਾਜੇ ਦੀ ਅਕਲ ਉਤੇ ਪਰਦਾ ਪਾਉਣ ਲਈ ਪੂਰਾ ਛਲ ਨਾਟਕ ਰਚਾ ਲਿਆ। ਤੇ ਘੇਸਲ ਮਾਰ ਕੇ ਬੈਠ ਗਈ । ਰਾਜਾ ਮਹਿਲੀਂ ਆਇਆ ਤਾਂ ਇਹ ਮਾਤਮੀ ਰੰਗ ਵੇਖ ਕੇ ਹੱਕਾ- ਬੱਕਾ ਰਹਿ ਗਿਆ।
‘ਇਹ ਸੋਗਵਾਰੀ ਅੱਜ ਕਿਸ ਗੱਲ ਦੀ’ ਰਾਜੇ ਪੁੱਛਿਆ । ਲੂਣਾਂ ਗੁੰਮਸੁੰਮ ਬੈਠੀ ਰਹੀ। ਰਾਜੇ ਨੇ ਫੇਰ ਪੁੱਛਿਆ ਪਰ ਕੋਈ ਜਵਾਬ ਨਾ ਮਿਲਿਆ। ਉਸ ਨੇ ਪਿਆਰ ਨਾਲ ਮੋਢਾ ਫੜ ਕੇ ਹਿਲਾਇਆ, ਲੂਣਾਂ ਅੱਖੀਆਂ ਛਿੱਲੀ ਜਾਏ, ਪਰ ਮੂੰਹੋਂ ਕੁਝ ਨਾ ਬੋਲੇ। ਜਦੋਂ ਰਾਜੇ ਨੇ ਵਧੇਰੇ ਬੇਕਰਾਰ ਹੋ ਕੇ ਕਾਰਨ ਪੁਛਿਆ ਤਾਂ ਉਹ ਦੁਹੱਥੜੀ ਪਿੱਟਣ ਲੱਗ ਪਈ।
‘ਆਖਰ ਕੁਝ ਦੱਸ ਤਾਂ ਸਹੀ। ਗੱਲ ਕੀ ਹੋਈ ?’ ਰਾਜਾ ਬੇਚੈਨ ਹੋ ਗਿਆ ਸੀ। ਲੂਣਾਂ ਨੇ ਤਾੜ ਲਿਆ ਤੀਰ ਨਿਸ਼ਾਨੇ ਉਤੇ ਬੈਠਾ ਹੈ। ਇਸ ਕਰ ਕੇ ਹਾਉਕੇ ਭਰਦੀ ਹੋਈ ਬੋਲੀ :
“ਮੈਂ ਅੱਜ ਲੁੱਟੀ ਗਈ। ਮੇਰੀਆਂ ਆਂਦਰਾਂ ਉਤੇ ਛੁਰੀਆਂ ਫਿਰਦੀਆਂ ਹਨ।’ ਇਹ ਕਹਿ ਕੇ ਉਹ ਫੇਰ ਰੋਣ ਲੱਗ ਪਈ : ‘ਓੜਕ ਕੋਈ ਗੱਲ ਤਾਂ ਦੱਸ । ਮੈਨੂੰ ਇਸ ਤਰ੍ਹਾਂ ਕੀ ਪਤਾ ਲੱਗੇ ਕਿ ਤੈਨੂੰ ਕੀ ਦੁੱਖ ਹੈ।” ਰਾਜੇ ਨੇ ਫੇਰ ਪੁੱਛਿਆ।”
‘ਮੈਥੋਂ ਕੀ ਪੁੱਛਨਾਂ ਏਂ, ਉਸ ਪੁੱਤਰ ਲਾਡਲੇ ਪੂਰਨ ਨੂੰ ਪੁੱਛ ! ਜਿਸ ਨੂੰ ਭੋਰੇ ਵਿਚ ਵਹਿੜਕੇ
ਵਾਂਗ ਪਾਲਿਆ ਜੇ ! ਉਹ ਹੁਣ ਮਾਵਾਂ ਉਦਾਲੇ ਬੜ੍ਹਕਾਂ ਮਾਰਦਾ ਫਿਰਦੈ ! ਉਹਨੂੰ ਰੱਖ ਤੇ ਸਾਨੂੰ
ਜਵਾਬ ਦੇਹ ।’
‘ਪਰੀ ਜਮਾਲ ਲੂਣਾਂ ਦੇ ਅੱਥਰੂਆਂ ਨੇ ਬੁੱਢੇ ਰਾਜੇ ਸਲਵਾਨ ਦੀ ਅਕਲ ਅਤੇ ਹੋਸ਼ ਰੋੜ੍ਹ ਖੜੀ ਸੀ। ਇਸ ਕਰਕੇ ਉਹ ਕਾਹਲੀ ਨਾਲ ਬੋਲਿਆ :-
‘ਜੇ ਉਸ ਨੇ ਤੈਨੂੰ ਮੰਦਾ ਬੋਲਿਆ ਤਾਂ ਉਹ ਮੇਰਾ ਪੁੱਤ ਕਾਹਦਾ ? ਪਰ ਮੈਨੂੰ ਗੱਲ ਖੋਲ੍ਹ ਕੇ ਦੱਸ, ਉਸ ਨੇ ਕੀਤਾ ਕੀ ਹੈ ?”
ਲੂਣਾਂ ਨੇ ਚਿਹਰੇ ਉਤੇ ਵਾਹੀਆਂ ਹੋਈਆਂ ਝਰੀਟਾਂ, ਚੋਲੀ ਦੀਆਂ ਲੱਥੀਆਂ ਹੋਈਆਂ ਲੀਰਾਂ ਤੇ ਭੱਜੀਆਂ ਹੋਈਆਂ ਚੂੜੀਆਂ ਉਸ ਨੂੰ ਵਿਖਾਲ ਕੇ ਕਿਹਾ, ‘ਆਹ ਵੇਖ ! ਤੇਰੇ ਪੂਰਨ ਲਾਲ ਦੀ ਕਰਤੂਤ। ਮਹਿਲੀ ਆਇਆ ! ਮੈਂ ਪੁੱਤਰ ਪੁੱਤਰ ਕਰਦੀ ਅਗਾਂ ਹੋ ਕੇ ਸਿਰ ਤੇ ਪਿਆਰ ਦੇਣ ਲੱਗੀ ਤਾਂ ਉਸ ਨੇ ਮੇਰੀ ਵੀਣੀ ਫੜ ਲਈ ਤੇ ਲੱਗਾ ਮੇਰਾ ਕਲਾਵਾ ਭਰ ਕੇ ਸੇਜ ਤੇ ਸੁੱਟਣ ! ਮੈਂ ਘੁਲ ਕੇ ਵੀਣੀ ਛੁੜਾਈ। ਉਹ ਤਾਂ ਉਸ ਵੇਲੇ ਨੱਸਿਆ ਜਦੋਂ ਮੈਂ ਵਾਹਰ ਵਾਹਰ ਕੀਤੀ।”
ਇਹ ਝੂਠ ਤੂਫਾਨ ਤੋਲ ਕੇ ਲੂਣਾਂ ਭੁੱਬੀ ਰੋਂਦੀ ਗਈ ਅਤੇ ਰਾਜੇ ਸਲਵਾਨ ਨੂੰ ਜ਼ਹਿਰ ਵਾਂਗ ਕਹਿਰ ਚੜ੍ਹਦਾ ਗਿਆ ਤੇ ਉਸ ਦੇ ਮੱਥੇ ਉਤੇ ਤਿਉੜੀਆਂ ਉੱਭਰ ਆਈਆਂ ਅਤੇ ਗੁੱਸੇ ਨਾਲ ਅੱਖੀਆ ਵਿਚੋਂ ਚੰਗਿਆੜੇ ਨਿਕਲਣ ਲੱਗ ਪਏ।
ਇਸ ਤਰ੍ਹਾਂ ਉਹ ਸਾਰੀ ਰਾਤ ਕੰਡਿਆਂ ਉਤੇ ਲੇਟਦਾ ਰਿਹਾ, ਮੱਛੀ ਵਾਂਗ ਤੜਫਦਾ ਰਿਹਾ ! ਲੂਣਾਂ ਦੀਆਂ ਲੂਤੀਆਂ ਦੀ ਲਾਈ ਹੋਈ ਅੱਗ ਮੱਚਦੀ ਰਹੀ ਜਿਸ ਵਿਚ ਪਿਉ ਪੁੱਤਰ-ਪਿਆਰ ਦੇ ਰਿਸ਼ਤੇ ਸੜ ਕੇ ਸੁਆਹ ਹੋ ਗਏ ।
ਦਿਨ ਚੜ੍ਹਿਆ ਤਾਂ ਚੋਬਦਾਰਾਂ ਨੂੰ ਸੱਦ ਕੇ ਹੁਕਮ ਚੜ੍ਹਾਇਆ, ‘ਜਾਓ ! ਪੂਰਨ ਨੂੰ ਸੱਦ ਲਿਆਓ।’ ਚੋਬਦਾਰਾਂ ਪੂਰਨ ਕੋਲ ਅਰਜ਼ੋਈ ਜਾ ਕੀਤੀ ਕਿ ਰਾਜੇ ਨੇ ਤੁਹਾਨੂੰ ਯਾਦ ਕੀਤਾ ਹੈ। ਪੂਰਨ ਨੂੰ ਖੁੜਕ ਗਈ ਕਿ ਲੂਣਾਂ ਦਾ ਗੁੱਸਾ ਰਾਜੇ ਦਾ ਹੁਕਮ ਬਣ ਕੇ ਆਇਆ ਹੈ ਪਰ ਸੱਚ ਨੂੰ ਕੀ ਡਰ ? ਉਹ ਹੁਕਮ ਸੁਣ ਕੇ ਰਵਾਂ ਰਵੀਂ ਰਾਜੇ ਦੀ ਹਜੂਰੀ ਵਿਚ ਪੁੱਜ ਗਿਆ। ਰਾਜਾ ਗੁੱਸੇ ਨਾਲ ਭਰਿਆ- ਪੀਤਾ ਬੈਠਾ ਸੀ । ਪੂਰਨ ਨੂੰ ਵੇਖਦਿਆਂ ਹੀ ਕੜਕਿਆ :-
“ਚੰਡਾਲਾ ! ਇਹ ਕਿਹੜੀ ਕਰਤੂਤ ਘੋਲੀ ਸੁ ? ਤੈਨੂੰ ਪਰਸੋਂ ਪੁਛਿਆ ਤੇਰਾ ਵਿਆਹ ਕਰ ਦੇਈਏ ਤਾਂ ਤਿਆਗੀ ਤੇ ਬ੍ਰਹਮਚਾਰੀ ਬਣਨ ਦੀਆਂ ਸ਼ੇਖੀਆਂ ਮਾਰਦਾ ਸੈਂ ਪਰ ਕੱਲ੍ਹ ਮਾਂ ਨੂੰ ਜਾ ਪਸੰਦ ਕੀਤਾ ਈ ? ਕਲਮੂੰਹਿਆਂ ! ਦਿਲ ਕਰਦਾ ਏ ਤੇਰੀਆਂ ਹੱਡੀਆਂ ਚੂਰ ਚੂਰ ਕਰ ਸੁੱਟਾਂ ! ਬੋਲ !
ਬੋਲ !!”
ਪੂਰਨ ਤੇ ਜਿਵੇਂ ਬਿਜਲੀ ਡਿੱਗ ਪਈ ਹੋਵੇ ! ਉਹ ਜ਼ਬਾਨ ਤੋਂ ਕੁਝ ਨਾ ਬੋਲ ਸਕਿਆ, ਉਹਦੀਆਂ ਡਾਡਾਂ ਨਿੱਕਲ ਗਈਆਂ। ਉਸ ਨੂੰ ਇਸ ਤੁਹਮਤ ਦੀ ਆਸ ਨਹੀਂ ਸੀ । ਜਦੋਂ ਕੁਝ ਸੰਭਲਿਆ ਤਾਂ ਉਸ ਨੇ ਕਿਹਾ, ‘ਇਹ ਝੂਠ ਹੈ ਪਿਤਾ ਜੀ ! ਇਹ ਤੁਹਮਤ ਹੈ। ਮੇਰਾ ਕੋਈ ਦੋਸ਼ ਨਹੀਂ ! ਮੈਂ ਕੋਈ ਗੁਨਾਹ ਕੀਤਾ ਹੋਵੇ ਤਾਂ ਦੱਸਾਂ ! ਮੇਰੀ ਸਚਾਈ ਪਰਖਣੀ ਹੈ ਤਾਂ ਤੇਲ ਦਾ ਕੜਾਹਾ ਤਪਾਓ, ਮੇਰੀਆਂ ਉਂਗਲੀਆਂ ਉਸ ਵਿਚ ਡੋਬ ਦਿਓ। ਜੇ ਦਾਗ ਲੱਗ ਜਾਏ ਤਾਂ ਮੇਰੀ ਪੁਠੀ ਖੱਲ ਲਹਾ ਦਿਓ।’
ਇਹ ਗੱਲ ਸੁਣ ਕੇ ਰਾਜੇ ਨੂੰ ਸਗੋਂ ਹੋਰ ਕ੍ਰੋਧ ਚੜ੍ਹ ਗਿਆ ਤੇ ਉਸ ਨੇ ਅਗਾ ਵਧ ਕੇ ਕਾੜ ਕਰਦੀ ਇਕ ਚਪੇੜ ਪੂਰਨ ਦੇ ਮੂੰਹ ਉਤੇ ਕੱਢ ਮਾਰੀ ।
“ਨਾਲੇ ਚੋਰ ਨਾਲੇ ਚਤਰ ! ਲੱਗਾ ਏਥੇ ਧਰਮਾਤਮਾ ਬਣ ਕੇ ਦੱਸਣ । ਨਾਲੇ ਇਹ ਕਾਰੇ ਕਰੇਂ ਤੇ ਨਾਲੇ ਚਪੜ ਚਪੜ ਕਰੇਂ ਜਿਵੇਂ ਮੈਨੂੰ ਕੁਝ ਪਤਾ ਨਹੀਂ ਹੁੰਦਾ। ਮੈਂ ਤੇਰੀਆਂ ਕਰਤੂਤਾਂ ਦੀਆਂ ਸਾਰੀਆਂ ਨਿਸ਼ਾਨੀਆਂ ਵੇਖ ਲਈਆਂ ਨੇ । ਤੇਰੇ ਵਰਗੇ ਕਲੰਕੀ ਪੁੱਤ ਨਾਲੋਂ ਤਾਂ ਮੈਂ ਨਿਪੁੱਤਾ ਹੀ ਚੰਗਾ ਸਾਂ । ਅੱਜ ਮੈਂ ਇਹ ਜ਼ਹਿਰ ਵਾਲੀ ਉਂਗਲੀ ਕੱਟ ਕੇ ਰੱਖ ਦਿਆਂਗਾ।”
ਗੁੱਸੇ ਨਾਲ ਕੜਕ ਕੇ ਰਾਜੇ ਨੇ ਪੁਕਾਰਿਆ, ‘ਹੈ ਕੋਈ? ਜਾਓ ਜੱਲਾਦਾਂ ਨੂੰ ਬੁਲਾਓ ! ਇਸ ਹਰਾਮੀ ਦੇ ਡੱਕਰੇ ਕੀਤੇ ਜਾਣਗੇ ।’
ਰਾਜੇ ਦਾ ਹੁਕਮ ! ਰੱਬ ਦਾ ਕਹਿਰ ! ਚੋਬਦਾਰਾਂ ਨੇ ਜੱਲਾਦ ਸੱਦ ਲਿਆਂਦੇ।
ਇਹ ਖ਼ਬਰ ਸਾਰੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਪੂਰਨ ਦੇ ਤੇਰੇ ਵਿੱਚੋਂ ਬਾਹਰ ਆਉਣ ਦੀ ਖੁਸ਼ੀ ਵਿਚ ਮਨਾਏ ਜਾ ਰਹੇ ਜਸ਼ਨਾਂ ਵਿਚ ਵੱਜਦੀਆਂ ਨਵੀਰੀਆ ਖਾਮੋਸ ਬਾਈਆਂ ਵਾਜੇ-ਗਾਜੇ ਅਤੇ ਨਾਚ ਰੰਗ ਬੰਦ ਹੋ ਗਏ। ਖੁਸ਼ੀ ਦੀਆਂ ਮਹਿਫਲਾਂ ਉੱਜੜ ਗਈਆਂ। ਗਏ ਸ਼ਹਿਰ ਦੇ ਗਲੀਆਂ ਮਹੱਲਿਆਂ ਨੂੰ ਸੋਗ ਦੇ ਪਰਛਾਵਿਆਂ ਨੇ ਢੱਕ ਲਿਆ। ਕਿਉਂਕਿ ਲੋਕ ਪੂਰਨ ਨੂੰ ਬੇਗੁਨਾਹ ਤੇ ਬੇਦੋਸ਼ ਸਮਝਦੇ ਸਨ ।
ਰਾਣੀ ਇੱਛਰਾਂ ਪੂਰਨ ਦੀ ਮਾਂ ਚੂੜੀਆਂ ਭੰਨ, ਹਮੇਲ ਪੱਟੀਆਂ ਤੋੜ, ਸਿਰ ਵਿਚ ਮਿੱਟੀ ਸੁੱਟਦੀ, ਪਿੱਟਦੀ, ਧਾਈਂ ਮਾਰਦੀ ਰਾਜੇ ਕੋਲ ਅੱਪੜੀ। ਬਹੁੜੀਆਂ ਪਾਈਆਂ, ‘ਇਹ ਕੀ ਪਾਪ ਕਮਾਉਂਣ ਲੱਗੇ ਓ ! ਮੇਰਾ ਗਊਆਂ ਵਰਗਾ ਨਿਰਦੋਸ਼ ਪੁੱਤਰ ਜੱਲਾਦਾਂ ਹੱਥ ਦੇਣ ਲਗੇ ਜੇ ! ਤੁਹਾਡੀ ਮੱਤ ਉੱਤੇ ਕਿਸ ਪਾਪੀ ਨੇ ਪਰਦੇ ਪਾ ਦਿੱਤੇ ! ਮਤਰੇਈਆਂ ਨੇ ਕਈ ਵਾਰ ਖੂਹਣੀਆਂ ਗਰਕ ਕੀਤੀਆਂ ਇਹ ਬੱਜਰ ਪਾਪ ਸਾਡੀਆਂ ਕੁਲਾਂ ਗਰਕ ਕਰ ਦੇਵੇਗਾ। ਬਹੁੜੀ ਓ ਲੋਕਾ, ਮੇਰੇ ਪੁੱਤ ਨੂੰ ਬਚਾਓ !” ਰਾਣੀ ਇੱਛਰਾਂ ਦੀਆਂ ਚੀਕਾਂ ਅਤੇ ਫਰਿਆਦਾਂ ਜਿਸ ਸੁਣੀਆਂ ਉਹੀ ਰੋ ਪਿਆ। ਪਰ ਰਾਜੇ ਸਲਵਾਨ ਦਾ ਦਿਲ ਨਾ ਪੰਘਰਿਆ। ਉਹ ਸਗੋਂ ਵਧੇਰੇ ਰੋਹ ਵਿਚ ਗੱਜਿਆ, ‘ਜਾਹ ! ਤੂੰ ਵੀ ਮੇਰੀਆਂ ਅੱਖੀਆਂ ਤੋਂ ਦੂਰ ਹੋ ਜਾ ! ਨਹੀਂ ਤਾਂ ਇਸ ਨਾਲ ਤੈਨੂੰ ਵੀ ਮਾਰ ਦਿਆਂਗਾ । ਕੁਲਹਿਣੀਏ ! ਅਜਿਹੇ ਪੁੱਤਰ ਨੂੰ ਜਨਮ ਦੇ ਕੇ ਮੇਰੇ ਖ਼ਾਨਦਾਨ ਨੂੰ ਕਲੰਕੀ ਕੀਤਾ ਈ ! ਹੁਣ ਮੈਨੂੰ ਰੋ ਕੇ ਦਸਦੀ ਏਂ ?”
‘ਮੇਰੇ ਪੁੱਤਰ ਨੂੰ ਤੁਹਮਤਾਂ ਨਾ ਲਾਓ ! ਮੇਰਾ ਪੁੱਤਰ ਬੇਦਾਗ਼ ਹੈ। ਇਹਦੀ ਮਤਰੇਈ ਮਾਂ ਦੇ ਆਖੇ ਲਗ ਕੇ ਆਪਣੀਆਂ ਅੱਖੀਆਂ ਦਾ ਨੂਰ ਨਾ ਸਾੜੋ ! ਮੈਂ ਪੁੱਤਰ ਤੋਂ ਪਹਿਲਾਂ ਮਰਾਂਗੀ। ਪਹਿਲਾਂ ਮੈਨੂੰ ਕਤਲ ਕਰੋ !’ ਇਸ ਤਰ੍ਹਾਂ ਆਖਦੀ ਹੋਈ ਰਾਣੀ ਇੱਛਰਾਂ ਪੂਰਨ ਨਾਲ ਜਾ ਚੰਬੜੀ ! ਪਰ ਰਾਜੇ ਦਾ ਦਿਲ ਫੇਰ ਵੀ ਨਰਮ ਨਾ ਹੋਇਆ। ਅਗਾਂ ਵੱਧ ਕੇ ਗੁੱਸੇ ਨਾਲ ਉਸ ਨੂੰ ਪੂਰਨ ਨਾਲੋਂ ਉਚੇੜਿਆ ਅਤੇ ਚੋਬਦਾਰਾਂ ਨੂੰ ਹੁਕਮ ਦਿੱਤਾ, ਲੈ ਜਾਓ ! ਇਸ ਨੂੰ ਇਸ ਦੇ ਮਹਿਲਾਂ ਵਿਚ ਡਕ ਦਿਓ। ਸਖ਼ਤ ਪਹਿਰਾ ਲਗਾ ਦਿਓ ! ਇਹ ਬਾਹਰ ਨਾ ਨਿਕਲੇ !’ ਰੋਂਦੀ ਤੇ ਕੁਰਲਾਉਂਦੀ ਰਾਣੀ ਇੱਛਰਾਂ ਨੂੰ ਰਾਜੇ ਦੇ ਨਫ਼ਰ ਖਿੱਚ ਕੇ ਲੈ ਗਏ ਅਤੇ ਮਹੱਲਾਂ ਅੰਦਰ ਜਾ ਡੱਕਿਆ ਤੇ ਇਧਰ ਰਾਜੇ ਨੇ ਜੱਲਾਦਾਂ ਨੂੰ ਸਖ਼ਤ ਹੁਕਮ ਚਾੜ੍ਹਿਆ ।
‘ਬਾਹਰ ਲਾਏ ਕੇ ਤੁਸੀਂ ਹਲਾਲ-ਖੋਰੋ, ਵਿਚ ਥਾਲ ਪਾਓ ਜਿੰਨੀ ਰੱਤ ਜੁੱਸੇ ਇਹਦੇ ਬੰਨ੍ਹ ਕੇ ਹੱਥ ਤੇ ਪੈਰ ਵੱਲੋਂ, ਵਾਂਗ ਬੱਕਰੇ ਏਸ ਦੀ ਜਾਨ ਕੁੱਸੇ।”
ਰਾਜੇ ਦਾ ਹੁਕਮ ਮਿਲਦਿਆਂ ਹੀ ਜੱਲਾਦਾਂ ਨੇ ਪੂਰਨ ਨੂੰ ਜਕੜ ਲਿਆ ਅਤੇ ਸ਼ਹਿਰ ਤੋਂ ਬਾਹਰ ਕਤਲਗਾਹ ਵੱਲ ਲੈ ਤੁਰੇ । ਇਹ ਅਨਰਥ ਤੇ ਘੋਰ ਅੱਤਿਆਚਾਰ ਵੇਖ ਕੇ ਸ਼ਹਿਰ ਦੇ ਲੋਕਾਂ ਨੇ ਧਾਹੀਂ। ਮਾਰੀਆਂ, ਜ਼ਮੀਨ, ਅਸਮਾਨ ਕੰਬ ਗਏ। ਸੂਰਜ ਦਾ ਤੇਜ਼ ਫਿੱਕਾ ਪੈ ਗਿਆ ਪਰ ਨਾ ਰਾਜੇ ਦੇ ਮਨ ਵਿਚ ਮਿਹਰ ਪਈ ਅਤੇ ਨਾ ਹੀ ਜੱਲਾਦਾਂ ਦੇ, ਕਤਲਗਾਹ ਵੱਲ ਵਧਦੇ ਹੋਏ ਕਦਮ ਰੁਕੇ ।
ਸ਼ਹਿਰ ਤੋਂ ਉੱਤਰ ਵੱਲ ਕੁਝ ਕੋਹਾਂ ਦੀ ਵਿੱਥ ਉਤੇ ਉਜਾੜ ਰੱਕੜ ਦੇ ਐਨ ਵਿਚਕਾਰ ਕਿੱਕਰਾਂ, ਕਰੀਰਾਂ ਅਤੇ ਹੋਰ ਕਈ ਕਿਸਮ ਦੇ ਦਰੱਖਤਾਂ ਦੀ ਝੰਗੀ ਦੇ ਨੇੜੇ ਇੱਕ ਸੁੰਨਸਾਨ ਖੂਹ ਉਤੇ ਜੱਲਾਦ, ਪੂਰਨ ਨੂੰ ਲੈ ਕੇ ਅੱਪੜ ਗਏ। ਇਸ ਤੋਂ ਪਹਿਲਾਂ ਕਿ ਜੱਲਾਦ ਰਾਜੇ ਦਾ ਹੁਕਮ ਪਾਲਦੇ ਇਕ ਕਾਸਦ ਨੂੰ ਲੂਣਾਂ ਦੀ ਚਿੱਠੀ ਲਿਆ ਕੇ ਪੂਰਨ ਦੇ ਹੱਥ ਵਿਚ ਦਿੱਤੀ ਜਿਸ ਵਿਚ ਲਿਖਿਆ ਸੀ ਕ
‘ਵੇਖ ਲਿਆ ਮਾਂ ! ਮਾਂ ! ਕਰਦਾ ਸੈਂ ਮਿਲ ਗਈ ਨਾ।’ ਮਾਂ ਤੋਂ ਲੋਰੀ ! ਜੇ ਅਜੇ ਵੀ ਮੰਨ ਜਾਏ ਤਾਂ ਹੱਥ ਉਤੇ ਸਰ੍ਹੋਂ ਜਮਾ ਕੇ ਦੱਸ ਦਿਆਂਗੀ। ਇਨ੍ਹਾਂ ਤੁਹਮਤਾਂ ਦਾ ਮੂੰਹ ਕਿਸੇ ਹੋਰ ਪਾਸੇ ਵੱਲ ਮੋੜ ਕੇ ਤੈਨੂੰ ਸਾਫ ਬਚਾ ਲਿਆਵਾਂਗੀ, ਨਹੀਂ ਤਾਂ ਵੇਖ ਲੈ। ਏਧਰ ਤੈਨੂੰ ਜੱਲਾਦ ਕਤਲ ਕਰਨਗੇ, ਓਧਰ ਤੇਰੀ ਮਾਂ ਇੱਛਰਾਂ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਜਾਏਗੀ। ਅਜੇ ਵੀ ਵੇਲਾ ਈ ! ਸੰਭਲ ਜਾ । ਮੁੜ ਆ!’
ਪੂਰਨ ਨੇ ਇਹ ਚਿੱਠੀ ਪੜ੍ਹੀ ਤਾਂ ਮਹੱਲ ਵਿਚ ਡੱਕੀ ਹੋਈ, ਕੰਧਾਂ ਨਾਲ ਸਿਰ ਮਾਰਦੀ ਤੇ ਕੀਰਨੇ ਪਾਉਂਦੀ ਮਾਤਾ ਇੱਛਰਾਂ ਦੀ ਤਸਵੀਰ ਉਸ ਦੀਆਂ ਅੱਖੀਆਂ ਸਾਹਮਣੇ ਫਿਰ ਗਈ, ਉਹ ਇਕ ਵਾਰ ਤਾਂ ਕੰਬ ਗਿਆ ਪਰ ਫੇਰ ਸੰਭਲ ਗਿਆ। ‘ਹਜ਼ਾਰ ਵਰ੍ਹੇ ਜੀਉਣਾ ਤੇ ਫੇਰ ਵੀ ਮਰਨਾ। ਫੇਰ ਮੂੰਹ ਕਾਲਖ ਕਿਉਂ ਲਵਾਈ ਜਾਵੇ ? ਧਰਮ ਹਾਰ ਕੇ ਜੀਉਣ ਦਾ ਕੀ ਅਰਥ ? ਉਸ ਨੇ ਦਿਲ ਵਿਚ ਸੋਚਿਆ। ਇਹ ਖ਼ਿਆਲ ਬਿਜਲੀ ਦੀ ਲਿਸ਼ਕ ਦੀ ਤੇਜ਼ੀ ਨਾਲ ਗੁਜ਼ਰੇ ਤੇ ਉਸ ਦਾ ਦਿਲ ਤਕੜਾ ਕਰ ਗਏ। ਉਸ ਨੇ ਇਸ ਪਾਪ ਦੇ ਸੱਦੇ, ਲੂਣਾਂ ਦੀ ਚਿੱਠੀ ਨੂੰ ਹੱਥ ਨਾਲ ਮਰੋੜ ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਖਿਲਾਰ ਪੈਰਾਂ ਨਾਲ ਮਧੋਲ ਸੁਟੇ ।
ਪੂਰਨ ਦੇ ਮਾਸੂਮ ਚੇਹਰੇ ਅਤੇ ਲੂਣਾਂ ਦੀ ਇਸ ਚਿੱਠੀ ਨਾਲ ਜੱਲਾਦਾਂ ਨੂੰ ਮੁਕੰਮਲ ਯਕੀਨ ਹੋ ਗਿਆ ਕਿ ਪੂਰਨ ਬੇਗੁਨਾਹ ਮਾਰਿਆ ਜਾ ਰਿਹਾ ਹੈ, ਉਨ੍ਹਾਂ ਦੇ ਦਿਲ ਵੀ ਭਰ ਆਏ ਪਰ ਉਹ ਰਾਜੇ ਦੇ ਕਹਿਰ ਤੋਂ ਡਰਦੇ ਵੀ ਸਨ । ਉਨ੍ਹਾਂ ਨੂੰ ਪਤਾ ਸੀ ਕਿ ਰਾਜੇ ਨੂੰ ਹੁਕਮ ਅਦੂਲੀ ਦੀ ਭਿਣਕ ਪੈ ਗਈ ਤਾਂ ਜ਼ਮੀਨ ਵਿਚ ਪੁੱਠਾ ਗੱਡ ਕੇ ਕੁੱਤਿਆਂ ਤੋਂ ਪੜਵਾ ਦੇਵੇਗਾ। ਇਸ ਕਰਕੇ ਉਨ੍ਹਾਂ ਨੇ ਤਲਵਾਰ ਨਾਲ ਪੂਰਨ ਦੇ ਹੱਥਾਂ ਪੈਰਾਂ ਨੂੰ ਪੱਛ ਲਾ ਕੇ ਲਹੂ ਦਾ ਛੰਨਾ ਭਰ ਲਿਆ ਤੇ ਉਹਦੇ ਕਪੜੇ ਰੰਗ ਲਏ ਤੇ ਉਸ ਦੇ ਇਸ ਤਰ੍ਹਾਂ ਪੱਛੇ ਹੋਏ ਅਧਮੋਏ ਸਰੀਰ ਨੂੰ ਖੂਹ ਵਿਚ ਸੁੱਟ ਕੇ ਵਾਪਸ ਚਲੇ ਗਏ । ਰਾਣੀ ਲੂਣਾਂ ਨੇ ਪੂਰਨ ਦੇ ਲਹੂ ਦੀਆਂ ਘੁੱਟਾਂ ਭਰ ਕੇ ਬਦਲੇ ਦੀ ਭੜਕੀ ਹੋਈ ਪਿਆਸ ਬੁਝਾਈ ।
ਓਧਰ ਕੁਦਰਤ ਨੇ ਹੋਰ ਢੋ ਮੇਲਿਆ। ਉਸੇ ਸੁੰਨਸਾਨ ਖੂਹ ਦੇ ਨੇੜੇ ਗੋਰਖਨਾਥ ਨੇ ਆਪਣੇ ਚੇਲਿਆਂ ਨਾਲ ਡੇਰੇ ਆਣ ਲਾਏ। ਮ੍ਰਿਗਸ਼ਾਲਾਵਾਂ ਵਿਛ ਗਈਆਂ, ਧੂਣੀਆਂ ਧੁਖਣ ਲੱਗ ਪਈਆਂ, ਤ੍ਰਿਸੂਲਾਂ ਉਤੇ ਟੰਗੀਆਂ ਹੋਈਆਂ ਭਗਵੀਆਂ ਟਾਕੀਆਂ ਉਜਾੜ ਦੀ ਖੁੱਲ੍ਹੀ ਹਵਾ ਵਿਚ ਫੜਫੜਾਉਣ ਲਗ ਪਈਆਂ। ‘ਅਲੱਖ ਨਿਰੰਜਨ’ ਦੇ ਜੈਕਾਰਿਆਂ ਤੇ ਨਰਸਿੰਘਿਆਂ ਦੀਆਂ ਅਵਾਜ਼ਾਂ ਨਾਲ ਫਜ਼ਾ ਗੂੰਜ ਉਠੀ । ਕੁਝ ਜੋਗੀ ਧੂਣੀਆਂ ਲਈ ਲੱਕੜੀਆਂ ਕੱਟਣ ਚਲੇ ਗਏ। ਇਕ ਸਾਧੂ ਖੂਹ ਵੱਲ ਪਾਣੀ ਲੈਣ ਤੁਰ ਪਿਆ। ਜਦੋਂ ਉਸ ਨੇ ਡੋਲ ਨੂੰ ਥੱਲੇ ਪਾਣੀ ਵਿਚ ਡੁਬਕੋ ਕੇ ਉਤਾਂਹ ਕੱਢਣਾ ਚਾਹਿਆ ਤਾਂ ਉਸ ਤੋਂ ਖਿੱਚਿਆ ਨਾ ਜਾਏ। ਉਸ ਨੇ ਕਾਰਨ ਜਾਣਨ ਲਈ ਹੇਠਾਂ ਖੂਹ ਵਿਚ ਝਾਤੀ ਪਾਈ। ਉਸ ਨੂੰ ਇਸ ਵਿਚ ਆਦਮੀ ਦਾ ਬੁੱਤ ਨਜ਼ਰ ਆਇਆ। ਉਜਾੜ ਖੂਹ ਵਿਚ ਆਦਮੀ ? ਨਹੀਂ ਕੋਈ ਭੂਤ ਪਰੇਤ ਹੋਵੇਗਾ। ਇਹ ਖਿਆਲ ਆਉਂਦਿਆਂ ਹੀ ਉਹ ਡਾਡਾਂ ਮਾਰਦਾ ਡੇਰੇ ਵੱਲ ਨੱਠ ਗਿਆ। ਸਾਰੇ ਪੁੱਛਣ ਤੈਨੂੰ ਕੀ ਹੋਇਆ ? ਉਸ ਵਿਚਾਰੇ ਦਾ ਦਮ ਨਾਲ ਦਮ ਨਾ ਰਲੇ। ਜਦੋਂ ਖੱਲੜੀ ਵਿਚ ਕੁਝ ਸਾਹ ਆਇਆ ਤਾਂ ਉਸ ਨੇ ਗੋਰਖਨਾਥ ਦੇ ਪੁੱਛਣ ਤੇ ਖੂਹ ਵੱਲ ਉਂਗਲੀ ਨਾਲ ਇਸਾਰਾ ਕਰਦਿਆਂ ਕਿਹਾ ‘ਮਹਾਰਾਜ, ਉਸ ਵਿਚ ਕੋਈ ਜਿੰਨ ਜਾਂ ਭੂਤ ਹੈ। ਮੈਂ ਡੋਲ ਸੁੱਟਿਆ ਪਾਣੀ ਭਰਨ ਲਈ, ਉਹ ਉਸ ਨੂੰ ਪਕੜ ਕੇ ਬੈਠ ਗਿਆ ਹੈ।’
“ਕੋਈ ਗੱਲ ਨਹੀਂ, ਜੋਗੀ ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਕੇ ਭੂਤਾਂ ਕੋਲੋਂ ਨਹੀਂ ਡਰੀਦਾ, ਦਿਲ ਤਕੜਾ ਕਰ। ਚੱਲ ਕੇ ਵੇਖਦੇ ਹਾਂ।” ਗੋਰਖਨਾਥ ਨੇ ਉਸ ਨੂੰ ਧਰਵਾਸ ਦਿੱਤਾ ਤੇ ਕੁਝ ਚੇਲਿਆਂ ਨਾਲ ਖੂਹ ਵੱਲ ਆਇਆ। ਖੂਹ ਦੀ ਮਣ ਉਤੇ ਖਲੋ ਕੇ ਉਸ ਨੇ ਹੇਠਾਂ ਝਾਤੀ ਪਾਈ ! ਠੀਕ ਹੀ ਵਿਚ ਆਦਮੀ ਦਾ ਬੁੱਤ ਨਜ਼ਰ ਆਇਆ।
‘ਕੌਣ ਹੈਂ ਤੂੰ ?” ਗੋਰਖਨਾਥ ਨੇ ਪੁੱਛਿਆ ‘ਮੈਂ ਕਰਮਾਂ ਮਾਰਿਆ ਰੱਬ ਦਾ ਬੰਦਾ ਹਾਂ। ਮੈਨੂੰ ਪਹਿਲਾਂ ਬਾਹਰ ਕੱਢੋ ਤਾਂ ਮੈਂ ਆਪਣੀ ਵਿਥਿਆ ਸੁਣਾਵਾਂ’ ਪੂਰਨ ਨੇ ਖੂਹ ਵਿਚੋਂ ਵਾਸਤਾ ਪਾਇਆ। ਗੋਰਖਨਾਥ ਦੇ ਮਨ ਵਿਚ ਮਿਹਰ ਆਈ। ਲੱਕੜੀਆਂ ਦੀ ਇਕ ਵਹਿੰਗੀ ਬਣਵਾ ਕੇ ਲੱਜ ਨਾਲ ਖੂਹ ਵਿਚ ਲਮਕਾਈ ਅਤੇ ਫੱਟੜ ਪੂਰਨ ਨੂੰ ਬਾਹਰ ਕੱਢਿਆ। ਪੂਰਨ ਨੇ ਗੋਰਖਨਾਥ ਦੇ ਪੈਰ ਪਕੜ ਕੇ ਜੋਤਸ਼ੀਆਂ ਦੇ ਕਹੇ ਤੇ ਭੋਰੇ ਵਿਚ ਪਏ ਜਾਣ ਤੇ ਲੈ ਕੇ ਹੱਥ ਪੈਰ ਪੱਛ ਕੇ ਖੂਹ ਵਿਚ ਸੁੱਟੇ ਜਾਣ ਦੀ ਦਰਦ-ਭਰੀ ਕਹਾਣੀ ਸੁਣਾਈ । ਨਾਥ ਦੀਆਂ ਮਿਹਰ-ਭਰੀਆਂ ਨਜ਼ਰਾਂ ਨੇ ਉਸ ਦੀਆਂ ਪੀੜਾਂ ਦੂਰ ਕਰ ਦਿੱਤੀਆਂ। ਉਸ ਦੇ ਪਿੱਛੇ ਹੋਏ ਸਰੀਰ ਉਤੇ ਸਰਬ-ਸਮਰਥ ਜੋਗੀ ਦਾ ਕਿਰਪਾਲੂ ਹੱਥ ਫਿਰਿਆ ਤਾਂ ਉਸ ਦੀ ਮਨਮੋਹਣੀ ਸੂਰਤ ਦੀਆਂ ਲਿਸ਼ਕਾਂ ਫੇਰ ਪਰਤ ਆਈਆਂ। ਪੂਰਨ ਦੇ ਜਾਨ ਤੇ ਖੇਡ ਕੇ ਵੀ ਧਰਮ ਨਾ ਹਾਰਨ ਦੀ ਵਾਰਤਾ ਨੇ ਨਾਥ ਉਤੇ ਡੂੰਘਾ ਅਸਰ ਪਾਇਆ ਅਤੇ ਮਾਸੂਮ ਤੇ ਭੋਲੀ ਸੂਰਤ ਨੇ ਦਿਲ ਵਿਚ ਦਯਾ ਉਪਜਾਈ । ਉਸ ਨੇ ਸੋਚਿਆ, ਜੋ ਬੀਤੀ ਸੋ ਵਾਹ ਵਾਹ ਬੀਤੀ । ਇਹ ਮਹੱਲਾਂ ਦਾ ਸ਼ਿੰਗਾਰ ਹੈ, ਮਹੱਲਾਂ ਵਿਚ ਹੀ ਸ਼ੋਭਦਾ ਹੈ। ਇਸ ਨੂੰ ਵਾਪਸ ਭੇਜਣਾ ਹੀ ਠੀਕ ਹੈ। ਬੜੀ ਮੁਹੱਬਤ ਨਾਲ ਉਸ ਦੀ ਪਿੱਠ ਉਤੇ ਥਾਪੀ ਦਿੱਤੀ ਤੇ ਕਿਹਾ :-
‘ਜਾਓ ਬੇਟਾ, ਆਪਣੇ ਸ਼ਹਿਰ ਵਾਪਸ ਜਾਓ। ਆਪਣੀ ਮਾਤਾ ਦੇ ਕਲੇਜੇ ਠੰਢ ਪਾਉ ! ਦੁੱਖ ਗੁਜ਼ਰ ਗਏ ਹੁਣ ਸੁਖ ਭੋਗੇ ! ਜਾਓ ਪਰਮਾਤਮਾ ਭਲੀ ਕਰੇਗਾ।’
ਪੂਰਨ, ਰਾਜ-ਮਹੱਲਾਂ ਦੀਆਂ ‘ਬਰਕਤਾਂ’ ਪਹਿਲਾਂ ਹੀ ਬਥੇਰੀਆਂ ਦੇਖ ਚੁਕਿਆ ਸੀ, ਇਸ ਲਈ
ਉਹ ਵਾਪਸ ਜਾਣ ਲਈ ਤਿਆਰ ਨਹੀਂ ਸੀ । ਗੋਰਖਨਾਥ ਨੇ ਉਸ ਨੂੰ ਮੁੜ ਕੇ ਜ਼ਿੰਦਗੀ ਤੇ ਅਰੋਗਤਾ ਬਖ਼ਸੀ ਸੀ, ਇਸ ਲਈ ਉਹ ਬਾਕੀ ਦੀ ਉਮਰ ਉਨ੍ਹਾਂ ਦੇ ਚਰਨਾਂ ਵਿਚ ਧੂਣੀਆਂ ਉਤੇ ਗੁਜ਼ਾਰਨ ਦਾ ਮਨ ਬਣਾ ਬੈਠਾ ਸੀ। ਉਸ ਨੇ ਤਰਲਾ ਪਾਇਆ। ਮੈਨੂੰ ਵੀ ਜੋਗ ਦੀ ਦਾਤ ਬਖਸੇ, ਮੈਂ ਮਹੱਲੀ ਨਹੀਂ ਮੁੜਨਾ। ਨਰਕ ਵਿੱਚੋਂ ਇਕ ਵਾਰ ਨਿਕਲ ਕੇ ਮੈਂ ਮੁੜ ਕੇ ਉਸ ਵਿਚ ਛਾਲ ਨਹੀਂ ਮਾਰਨੀ ਚਾਹੁੰਦਾ। ਗੋਰਖਨਾਥ ਨੇ ਪੂਰਨ ਦੇ ਇਹ ਤਰਲੇ ਸੁਣੇ ਤਾਂ ਸਮਝਾਇਆ ਕਿ ਜੋਗ ਕਮਾਉਣਾ ਕੋਈ ਸੌਖੀ ਗੱਲ ਨਹੀਂ। ਕਦੇ ਫਾਕੇ ਕਰਨੇ, ਕਦੇ ਰੁੱਖਾ ਮਿੱਸਾ ਖਾ ਕੇ ਢਿੱਡ ਭਰਨਾ, ਮਬਰ ਸਬੂਰੀਆਂ ਕਰਨੀਆਂ, ਕਾਮ, ਕਰੋਧ, ਹਿਰਸ ਨੂੰ ਮਾਰ ਕੇ ਮਾਨ, ਅਭਿਮਾਨ ਅਤੇ ਮੋਹ ਦਾ ਤਿਆਗ ਕਰਨਾ ਤੇ ਹੋਰ ਸੈਂਕੜੇ ਕਿਸਮ ਦੇ ਜੱਫਰ ਜਾਲਣੇ ਹਨ। ਤੇਰੇ ਲਈ ਰਾਜ, ਭਾਗ ਤੇ ਭੋਗ ਬਿਲਾਸ ਹਾਜ਼ਰ ਨੇ, ਤੂੰ ਇਨ੍ਹਾਂ
ਜੰਗ ਦੇ ਪਿੱਟਣਿਆਂ ਵਿਚੋਂ ਕੀ ਲੈਣਾ, ਇਹ ਘੇਰ ਤਪੱਸਿਆ ਦੇ ਕਸ਼ਟ ਦੁਨੀਆਦਾਰਾ ਅਤੇ
ਸਹਿਜ਼ਾਦਿਆਂ ਲਈ ਨਹੀਂ। ਇਸ ਤਰ੍ਹਾਂ ਖਹਿੜੇ ਪੈਣਾ ਠੀਕ ਨਹੀਂ। ਨਾਥ ਦੀਆਂ ਇਨ੍ਹਾਂ ਸਮਝਾਉਣੀਆਂ ਨੇ ਪੂਰਨ ਦੇ ਜੋਗ ਹਾਸਲ ਕਰਨ ਦੇ ਇਰਾਦੇ ਨੂੰ ਸਗੋਂ ਹੋਰ ਪੱਕਿਆਂ ਕੀਤਾ ਤੇ ਉਸ ਨੇ ਫੇਰ ਹੱਥ ਜੋੜ ਕੇ ਵਾਸਤਾ ਪਾਇਆ :-
‘ਰੇ-ਰੋਇ ਕੇ ਪੂਰਨ ਨੇ ਹੱਥ ਜੋੜੇ ਲੜ ਛੱਡ ਤੇਰਾ ਕਿੱਥੇ ਜਾਵਸਾਂ ਮੈਂ ਵਾਕਾ, ਫਕਰ ਤੇ ਸਿਦਕ ਕਬੂਲ ਸਿਰ ਤੇ, ਤੇਰਾ ਹੁਕਮ ਬਜਾ ਲਿਆਵਸਾਂ ਮੈਂ ਕਰੋ ਕਰਮ ਤੇ ਸੀਸ ਤੇ ਹੱਥ ਰੱਖੋ, ਖ਼ਿਦਮਤਗਾਰ ਗੁਲਾਮ ਕਹਾਵਸਾਂ ਮੈਂ ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ ਨੀਅਤ ਸਾਬਤੀ ਨਾਲ ਕਮਾਵਸਾਂ ਮੈਂ ।”
ਗੋਰਖਨਾਥ ਨੂੰ ਪੂਰਨ ਦੇ ਤਰਲਿਆਂ ਦੀ ਫੌਲਾਦੀ ਦ੍ਰਿੜ੍ਹਤਾ ਦਾ ਯਕੀਨ ਹੋ ਗਿਆ । ਸਾਰਿਆਂ ਚੇਲਿਆਂ ਦੇ ਰੂਬਰੂ ਪੂਰਨ ਦੇ ਵਾਲਾਂ ਦੀਆਂ ਲਿਟਾਂ ਕੁਤਰੀਆਂ, ਕੰਨ ਪਾੜ ਕੇ ਆਪਣੇ ਹੱਥੀਂ ਮੁੰਦਰਾਂ ਪਾਈਆਂ। ਉਸ ਦੇ ਗੋਰੇ ਸਰੀਰ ਉਤੇ ਬਿਭੂਤ ਮਲੀ, ਆਪਣੇ ਆਸਣ ਥੱਲੇ ਰੱਖੇ ਹੋਏ ਕੁਝ ਭਗਵੇ ਵਸਤਰ ਉਸ ਨੇ ਅੰਗਾਂ ਨਾਲ ਛੁਹਾਏ, ਕੁਝ ਮੰਤਰਾਂ ਦਾ ਜਾਪ ਕਰਕੇ ਨਰਸਿੰਘਿਆਂ ਤੇ ਘੜਿਆਲਾਂ ਦੀ ਗੂੰਜ ਵਿਚ ਪੂਰਨ ਦੀ ਪਿੱਠ ਉਤੇ ਥਾਪੜਾ ਦਿੱਤਾ । ਉਹਦੀਆਂ ਮਨ ਅੱਖੀਆਂ ਰੌਸ਼ਨ ਹੋ ਗਈਆਂ, ਜਨਮ ਜਨਮ ਦੀਆਂ ਸੁੱਤੀਆਂ ਹੋਈਆਂ ਸੋਝੀਆਂ ਜਾਗ ਪਈਆਂ, ਸਡੋਲ, ਸੁੰਦਰ ਤੇ ਅਰੋਗ ਸਰੀਰ ਦੀ ਬਿਭੂਤ ਨੇ ਆਭਾ ਏਨੀ ਵਧਾਈ ਕਿ ਉਸ ਤੋਂ ਸੂਰਜ ਦੀਆਂ ਕਿਰਨਾਂ ਤੱਕ ਤਿਲਕ ਤਿਲਕ ਪੈਣ ! ਧੂਣੀ ਦੇ ਨੀਲੇ ਧੂੰਏਂ ਦੇ ਛੱਲਿਆਂ ਨਾਲ ਕੱਜਿਆ ਉਸ ਦਾ ਸਰੀਰ ਇਉਂ ਜਾਪਿਆ ਜਿਵੇਂ ਉਚੇ ਗਗਨਾਂ ਵਿਚ ਪਤਲੇ ਪਤਲੇ ਬੱਦਲਾਂ ਤੇ ਕੋਈ ਮਨਮੋਹਣਾ ਤਰਲ ਦੈਵੀ ਸਰੂਪ ਅਚਾਨਕ ਤਰਦਾ ਤਰਦਾ ਦਿਖਾਈ ਦੇ
ਜਾਏ । ਰਾਣੀ ਸੁੰਦਰਾਂ ਦੀਆਂ ਸਖਾਵਤਾਂ ਅਤੇ ਸੁੰਦਰਤਾ ਦੀਆਂ ਧੁੰਮਾਂ ਦੂਰ ਦੂਰ ਤਕ ਪਈਆਂ ਹੋਈਆਂ ਸਨ। ਵੱਡੇ ਵੱਡੇ ਰਾਜਿਆਂ ਵੱਲੋਂ ਸ਼ਾਦੀ ਲਈ ਤਰਲੇ ਆਉਂਦੇ ਪਰ ਉਹ ਸਾਰਿਆਂ ਨੂੰ ਠੁਕਰਾ ਛੱਡਦੀ । ਉਹਦੀ ਸੂਰਤ ਤੇ ਜੋਗੀਆਂ ਤੇ ਫਕੀਰਾਂ ਦੇ ਦਿਲ ਡੋਲ ਜਾਂਦੇ ਸਨ । ਅਨੇਕ ਉਸ ਦੀਆਂ ਤੱਕਣੀਆਂ ਨੇ ਤੜਫਾਏ ਸਨ ਪਰ ਅਜੇ ਤੱਕ ਉਸ ਦੇ ਸਾਹਮਣੇ ਕੋਈ ਅਜੇਹਾ ਰੂਪ ਨਹੀਂ ਸੀ ਆਇਆ ਜੋ ਉਸ ਦੇ ਦਿਲ ਵਿਚ ਕੋਈ ਹਲਚਲ ਮਚਾ ਜਾਵੇ । ਉਹਦੇ ਕੋਲ ਹਕੂਮਤਾਂ ਸਨ, ਨੌਕਰ ਚਾਕਰ, ਗੋਲੀਆਂ ਤੇ ਬਾਦੀਆਂ ਹਮੇਸ਼ਾਂ ਹੱਥ ਬੰਨ੍ਹੀ, ਉਹਦੇ ਹੁਕਮਾਂ ਦੀ ਉਡੀਕ ਕਰਦੇ । ਜੇ ਨਹੀਂ ਸੀ ਤਾਂ ਉਸ ਕੋਲ
ਅਜਿਹਾ ਸਾਥੀ ਨਹੀਂ ਸੀ ਜਿਸ ਨੂੰ ਉਹ ਪਿਆਰ ਦੇ ਸਕੇ। ਇਸੇ ਰਾਣੀ ਸੁੰਦਰਾਂ ਦੇ ਸ਼ਹਿਰ ਦੇ ਨੇੜੇ ਗੋਰਖਨਾਥ ਦੀ ਜੋਗੀਆਂ ਦੀ ਮੰਡਲੀ ਨੇ ਫਿਰਦਿਆਂ ਫਿਰਾਉਂਦਿਆਂ ਡੇਰੇ ਆਣ ਲਾਏ, ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਦੇ ਮਹੱਲਾਂ ਤੋਂ ਭਿੱਛਿਆ ਲੈਣ ਲਈ ਤੋਰਿਆ ਪਰ ਨਾਲ ਹੀ ਸਮਝਾਇਆ ਕਿ ਭਿੱਛਿਆ ਰਾਣੀ ਸੁੰਦਰਾਂ ਦੇ ਹੱਥਾਂ ਦੀ ਲਿਆਉਣੀ ਤੇ
‘ਕਾਦਰ ਯਾਰ ਸੰਭਲ ਕੇ ਮੁਲਕ ਫਿਰਨਾ, ਮਤਾ ਦਾਗ ਫਕੀਰੀ ਨੂੰ ਲਗ ਜਾਏ ।‘
ਪੂਰਨ ਜੋਗੀ ਚਿੱਪੀ, ਚਿਮਟਾ ਪਕੜ ਬਗਲੀ ਪਾ ਤੇ ਬਿਭੂਤ ਰਮਾ, ਅਲਖ ਜਗਾਉਂਦਾ, ਝੁਮਦਾ- ਝੂਮਦਾ ਰਾਣੀ ਸੁੰਦਰਾਂ ਦੇ ਮਹੱਲਾਂ ਹੇਠ ਜਾ ਅਪੜਿਆ। ਸਦਾ ਕੀਤੀ ਅਲੱਖ ਜਗਾ ਕੇ ‘ਦੁਆਰੇ ਵੱਸਦੇ ਰਹਿਣ, ਭਿੱਛਿਆ ਮਿਲ ਜਾਏ ਮਾਈ ! ਜੋਗੀਆਂ ਨੂੰ ।’
‘ਰਾਣੀ ਸੁੰਦਰਾਂ ਦੀ ਸਹੇਲੀਆਂ ਵਰਗੀ ਗੋਲੀ ਭਿੱਛਿਆ ਪਾਉਣ ਲਈ ਮਹੱਲ ਤੋਂ ਹੇਠਾਂ ਉਤਰੀ। ਜਦੋਂ ਉਸ ਨੇ ਬਿਭੂਤ ਵਿਚ ਲਪੇਟੀ ਹੋਈ ਸੁੰਦਰਤਾ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਈ। ਕਿੰਨਾ ਚਿਰ ਉਹ ਪਾਗਲਾਂ ਵਾਂਗ ਜੋਗੀ ਦੇ ਚਿਹਰੇ ਉਤੇ ਨਜ਼ਰਾਂ ਫੇਰਦੀ ਰਹੀ ਤੇ ਉਸ ਫੇਰ ਭਿੱਛਿਆ ਪਾਉਣ ਲਈ ਹੱਥ ਉਲਾਰਿਆ।
ਪੂਰਨ ਨੇ ਚਿੱਪੀ ਪਿਛਾਂਹ ਸਰਕਾ ਲਈ ਤੇ ਕਿਹਾ :
‘ਸਾਡੇ ਗੁਰੂ ਦਾ ਹੁਕਮ ਹੈ। ਭਿੱਛਿਆ ਰਾਣੀ ਦੇ ਹੱਥੋਂ ਲਵਾਂਗੇ ।’ ਗੋਲੀ ਜੋਗੀ ਦੀ ਇਹ
ਅਨੋਖੀ ਗੱਲ ਸੁਣ ਕੇ ਪਿਛਾਂਹ ਪਰਤ ਗਈ ਤੇ ਰਾਣੀ ਨੂੰ ਮਿੱਠੀ ਜਿਹੀ ਮਸ਼ਕਰੀ ਜਾ ਕੀਤੀ – ‘ਕੋਈ ਅਨੋਖਾ ਤੇ ਰੰਗੀਲੜਾ ਜੋਗੀ ਆਇਆ ਹੈ ਸਰਕਾਰ ! ਆਖਦਾ ਤੇਰੇ ਹੱਥੋਂ ਖ਼ੈਰ ਨਹੀਂ ਲੈਣਾ, ਰਾਣੀ ਨੂੰ ਘੱਲੇ ।’
‘ਏਡਾ ਆਕੜ ਖਾਂ ਮਸਤਿਆ ਹੋਇਆ ਜੋਗੀ ਕਿਹੜਾ ਆਇਆ ਹੈ।’ ਰਾਣੀ ਗੁੱਸੇ ਵਿਚ ਬੋਲੀ। ‘ਗੁੱਸਾ ਨਾ ਕਰੋ ਸਰਕਾਰ ! ਫੇਰ ਪਛਤਾਉਗੇ ।’ ਸਹੇਲੀਆਂ ਵਰਗੀ ਗੋਲੀ ਨੇ ਕਿਹਾ।
ਰਾਣੀ ਨੇ ਖਿੜਕੀ ਖੋਲ੍ਹ ਥੱਲੇ ਖੜੇ ਅਲਬੇਲੇ ਜੋਗੀ ਤੇ ਝਾਤੀ ਪਾਈ। ਫੇਰ ਪਿਛਾਂਹ ਹਟ ਗਈ ਤੇ ਗੋਲੀ ਨੂੰ ਕਿਹਾ :
‘ਇਸ ਜੋਗੀ ਨੂੰ ਅੰਦਰ ਸੱਦ ਲਿਆਓ। ਜੁਰਾ ਪੁਛੀਏ ਤਾਂ ਸਹੀ ਕਿ ਤੇਰੇ ਇਹ ਨਖਰੇ ਕੀ ਨੇ ! ਮੰਗਣਾ ਕੀ ਤੇ ਨਖ਼ਰਾ ਕੀ !”
ਗੋਲੀ ਨੇ ਜੋਗੀ ਨੂੰ ਜਾ ਆਖਿਆ, ਰਾਣੀ ਤੁਹਾਨੂੰ ਅੰਦਰ ਮਹੱਲਾਂ ਵਿਚ ਚਰਨ ਪਾਉਣ ਲਈ ਬੇਨਤੀ ਕਰਦੀ ਹੈ।
ਪਰ ਪੂਰਨ ਨੂੰ ਗੋਰਖਨਾਥ ਦਾ ਸੰਭਲ ਕੇ ਚਲਣ ਦਾ ਉਪਦੇਸ਼ ਨਾ ਭੁੱਲਿਆ। ਉਸ ਨੇ ਗੋਲੀ ਨੂੰ ਕਿਹਾ, ‘ਮਹੱਲਾਂ ਵਿਚ ਜਾਣਾ ਜੋਗੀਆਂ ਦਾ ਕਰਮ ਨਹੀਂ । ਜੇ ਰਾਣੀ ਆਪਣੇ ਹੱਥੀਂ ਭਿੱਛਿਆ ਬਾਹਰ ਆ ਕੇ ਪਾਉਂਦੀ ਹੈ ਤਾਂ ਖੈਰ ਸੱਲਾ, ਨਹੀਂ ਤਾਂ ਜੋਗੀ ਚਲਦੇ ਭਲੇ, ਉਨ੍ਹਾਂ ਨੂੰ ਮੰਗਣ ਲਈ ਹੋਰ ਦਰ घवेठे !’
ਜੋਗੀ ਦੀਆਂ ਇਹ ਗੱਲਾਂ ਰਾਣੀ ਸੁੰਦਰਾਂ ਨੂੰ ਗੋਲੀ ਨੇ ਜਾ ਦੱਸੀਆਂ ਤਾਂ ਉਹਨੇ ਹੀਰਿਆਂ ਤੇ ਮੋਤੀਆਂ ਦਾ ਇਕ ਥਾਲ ਭਰ ਲਿਆ ਤੇ ਜੋਗੀ ਨੂੰ ਆਪ ਭਿੱਛਿਆ ਪਾਉਣ ਉੱਤਰੀ । ਮੁੱਖ ਤੋਂ ਘੁੰਡ ਲਾਹ ਕੇ ਉਸ ਨੇ ਜੋਗੀ ਵੱਲ ਤੱਕਿਆ। ਬਿਭੂਤ-ਲਪੇਟੀ ਸੁੰਦਰਤਾ ਦੇ ਪਹਿਲੇ ਝਲਕਾਰੇ ਨਾਲ ਹੀ ਉਸ ਦੇ ਦਿਲ ਨੂੰ ਧੂਹ ਜਿਹੀ ਪਈ, ਅੰਗ ਅੰਗ ਵਿਚ ਮਿੱਠੀਆਂ ਝਰਨਾਟਾਂ ਛਿੜ ਗਈਆਂ। ਉਸ ਨੂੰ ਜੁਗਾਂ ਜੁਗਾਂਤਰਾਂ ਦੀਆਂ ਪੁਰਾਣੀਆਂ ਪਛਾਣਾਂ ਉਹਦੀ ਆਤਮਾ ਦੇ ਕਲਾਵੇ ਭਰਦੀਆਂ ਜਾਪੀਆਂ। ਉਹਨੂੰ ਮਹਿਸੂਸ ਹੋਇਆ ਕਿ ਜਿਸ ਨੂੰ ਉਡਕਦੀ ਸਾਂ ਉਹ ਆ ਗਿਆ, ਦਿਲ ਦੀਆਂ ਜਾਨਣ ਵਾਲੇ ਨੇ ਚਰਨ ਆਣ ਪਾਏ। ਮੋਤੀਆਂ ਦਾ ਥਾਲ ਜ਼ਮੀਨ ਤੇ ਰੱਖ, ਉਹਨੇ ਜੋਗੀ ਦੇ ਚਰਨ ਪਕੜ ਲਏ। “”ਇਕ ਵਾਰ ਮਹੱਲਾਂ ਵਿਚ ਚਰਨ ਪਾਓ! ਮੇਰੇ ਭਾਗ ਜਾਗ ਉੱਠਣ, ਮੈਂ ਤੁਹਾਡੇ ਚਰਨ ਧੋ
ਕੇ ਪੀ ਲਵਾਂ, ਮਿਹਰ ਕਰੋ ! ਮੇਰੀ ਉਜਾੜ ਤੇ ਸੁੰਨਸਾਨ ਦੁਨੀਆ ਵਿਚ ਖੇੜਾ ਬਖਸ਼ੇ। ”
ਅੱਗ ਦਾ ਦੱਧਾ, ਟਟਹਿਣਿਓਂ ਡਰਦਾ ! ਇਕ ਫਾਹੀ ਵਿੱਚੋਂ ਨਿਕਲ ਕੇ ਦੂਸਰੀ ਵਿਚ ਫਸਣ ਉਹ ਤਿਆਰ ਨਾ ਹੋਇਆ। ਨੂੰ
‘ਘੱਤ ਭਿਛਿਆ ਰਾਣੀਏ ! ਅਰ੍ਹਾਂ ਤੁਰੀਏ ਚੰਗਾ ਅਟਕਣਾ ਨਹੀਂ ਵਕੀਰ ਦਾ ਨੀ।“
ਆਖਦਾ ਹੋਇਆ ਪੂਰਨ ਟਿੱਲੇ ਨੂੰ ਵਾਪਸ ਮੁੜ ਆਇਆ ਤੇ ਛਣ ਛਣ ਕਰ ਕੇ ਹੀਰੇ ਤੇ ਲਾਲ ਗੁਰੂ ਗੋਰਖਨਾਥ ਅੱਗੇ ਢੇਰੀ ਕਰ ਦਿੱਤੇ ।
‘ਇਹ ਕੀ ਪੂਰਨਾ ! ਬਾਤ ਕਿਆ ?” ਗੋਰਖ ਨੇ ਪੁੱਛਿਆ ।
‘ਰਾਣੀ ਸੁੰਦਰਾਂ ਨੇ ਭਿੱਛਿਆ ਦਿੱਤੀ ਹੈ, ਗੁਰੂ ਦੇਵ’ ਪੂਰਨ ਨੇ ਦੱਸਿਆ। ‘ਇਹ ਭਿੱਛਿਆ ਫਕੀਰਾਂ ਦੇ ਕਿਸ ਕੰਮ? ਅਸੀਂ ਤਾਂ ਰੁੱਖਾ ਮਿੱਸਾ ਖਾ ਕੇ ਪੇਟ ਭਰਨਾ, ਅਸੀਂ
ਇਨ੍ਹਾਂ ਪੱਥਰਾਂ ਨੂੰ ਕੀ ਕਰਨਾ? ਜਾ ਬਾਲਕਿਆ! ਇਨ੍ਹਾਂ ਨੂੰ ਮੋੜ ਕੇ ਆ ਤੇ ਰਿੱਧਾ ਪੱਕਾ ਲੈ ਕੇ ਆ
ਕਮਲਿਆ !’
ਗੋਰਖਨਾਥ ਦਾ ਹੁਕਮ ਪਾ ਕੇ ਪੂਰਨ ਪਿਛਲੇ ਪੈਰੀਂ ਰਾਣੀ ਸੁੰਦਰਾਂ ਦੇ ਸ਼ਹਿਰ ਨੂੰ ਪਰਤ ਪਿਆ । ਫੇਰ ਮਹਲਾਂ ਹੇਠ ਖਲੋ ਕੇ ਅਲਖ ਜਗਾਈ ਤਾਂ ਰਾਣੀ ਸੁੰਦਰਾਂ ਜਿਵੇਂ ਉਸ ਦੀ ਉਡੀਕ ਵਿਚ ਬੈਠੀ ਹੋਵੇ, ਭੱਜੀ ਭੱਜੀ ਆਈ :
‘ਇਹ ਸਾਂਭ ਆਪਣਿਆਂ ਹੀਰਿਆਂ ਨੂੰ ਰਾਣੀਏ ! ਸਾਡੇ ਗੁਰੂ ਤੋਂ ਸਾਨੂੰ ਖਾਹਮਖਾਹ ਝਿੜਕਾਂ ਪਵਾਈਆਂ ਈਂ । ਇਨ੍ਹਾਂ ਨਾਲ ਦਰਵੇਸ਼ਾਂ ਨੂੰ ਕੀ! ਜੇ ਕੋਈ ਰਿੱਧਾ ਪੱਕਾ ਭੋਜਨ ਤਿਆਰ ਹੈ ਤਾਂ ਭਿੱਛਿਆ ਮਿਲ ਜਾਏ ਨਹੀਂ ਤਾਂ ਅਸੀਂ ਕੋਈ ਹੋਰ ਬੂਹਾ ਜਾ ਮੰਗਦੇ ਹਾਂ। ਟਿੱਲੇ ਤੇ ਜੋਗੀ ਭੁੱਖੇ ਬੈਠੇ ਹਨ, ਮੇਰੀ ਉਡੀਕ ਕਰਦੇ ਹੋਣਗੇ ।’ ਪੂਰਨ ਨੇ ਕਿਹਾ।
ਨੌਕਰ ਚਾਕਰ ਲਾ ਕੇ ਰਾਣੀ ਨੇ ਭੋਜਨ ਤਿਆਰ ਕਰਵਾਇਆ। ਥਾਲੀਆਂ ਗੋਲੀਆਂ ਦੇ ਸਿਰਾਂ ਉੱਤੇ ਚੁਕਵਾਈਆਂ । ਪਿਆਰ ਦੇ ਨਸ਼ੇ ਨਾਲ ਸਰਸ਼ਾਰ, ਹਜ਼ਾਰਾਂ ਉਮੰਗਾਂ ਵਿਚ ਸੰਭਾਲੀ, ਬਸੰਤ ਰੁੱਤ ਦੇ ਫੁੱਲਾਂ ਦੇ ਨਿਖ਼ਾਰ ਵਰਗੀ ਸੋਹਣੀ ਸੁੰਦਰਾਂ ਪੂਰਨ ਦੇ ਹੁਸਨ ਦੀ ਉਂਗਲੀ ਪਕੜ ਗੋਰਖਨਾਥ ਦੇ ਟਿੱਲੇ ਵੱਲ ਮਾਸੂਮ ਹਰਨੀਆਂ ਵਾਂਗ ਚੁੰਗੀਆਂ ਭਰਦੀ ਤੁਰ ਪਈ। ਸ਼ਹਿਰ ਵਾਸੀਆਂ ਨੇ ਵੇਖਿਆ ਕਿ
‘ਕਾਦਰਯਾਰ ਲੈ ਚੱਲਿਆ ਸੁੰਦਰਾਂ ਨੂੰ
ਪੂਰਨ ਹੁਸਨ ਦੀ ਉਂਗਲੀ ਲਾਇ ਕੇ ਜੀ।‘
ਟਿੱਲੇ ਦੇ ਜੋਗੀਆਂ ਨੇ ਇਹ ਹੁਸਨ ਦਾ ਕਟਕ ਚੜ੍ਹਿਆ ਆਉਂਦਾ ਵੇਖਿਆ ਤਾਂ ਹੈਰਾਨ ਰਹਿ ਗਏ। ਰਾਣੀ ਸੁੰਦਰਾਂ ਨੇ ਅਦਬ ਨਾਲ ਨਾਥ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਫੇਰ ਮੁੱਖ ਤੋਂ ਪਰਦਾ ਪਿਛਾਂਹ ਸਰਕਾ ਕੇ ਟਿੱਲੇ ਦੇ ਚੁਫੇਰੇ ਨਜ਼ਰਾਂ ਫੇਰੀਆਂ। ਸੁੰਦਰਾਂ ਦੀਆਂ ਨਜ਼ਰਾਂ ਕਾਹਦੀਆਂ ਸਨ, ਅਣੀਆਲੇ ਤੀਰਾਂ ਦੇ ਹਮਲੇ ਸਨ । ਜੋਗੀਆਂ ਦੇ ਈਮਾਨ ਡੋਲ ਗਏ ਅਤੇ ਵਰ੍ਹਿਆਂ-ਬੱਧੀ ਕਠਨ ਘਾਲਣਾਂ ਨਾਲ ਸਾਧੀਆਂ ਹੋਈਆਂ ਜੋਗ ਕਮਾਈਆਂ ਇਕ ਹੁਸਨ ਝਲਕਾਰੇ ਦੀ ਝਾਲ ਨਾ ਭੁੱਲ ਸਕੀਆਂ ਤੇ ਧੁਖਦੀ ਧੂਣੀ ਉੱਤੇ ਡਿੱਗ ਪਿਆ ਤੇ ਉਠਣ ਦੀ ਹੋਸ਼ ਨਾ ਰਹੀ। ਕਿਸੇ ਦੀ ਜ਼ਬਾਨ, ਖੁਸਕ ਬੁੱਲਾਂ ਉੱਤੇ ਬਖਲੇ ਲੱਗ ਪਈ, ਕਈਆਂ ਨੇ ਬਿਭੂਤ ਭਰੀਆਂ ਪਲਕਾਂ ਛੇਤੀ ਛੇਤੀ ਝਪਕਣੀਆਂ ਆਰੰਭ ਕਰੋ ਵਿੱਤੀਆਂ। ਕਿਸੇ ਨੇ ਘਬਰਾਹਟ ਵਿਚ ਗੱਡੇ ਹੋਏ ਤਰਸੂਲ ਨੂੰ ਪੁੱਟਿਆ, ਫੇਰ ਗੱਡਿਆ ਤਾਕਿ ਕਿੱਤੇ ਦੀ ਬੇਕਰਾਰੀ ਨੂੰ ਕਰਾਰ ਆਵੇ । ਕੋਈ ਮੂਰਖਾਂ ਵਾਂਝ ਮੁਸਕਰਾਉਂਦਾ ਰਹਿ ਗਿਆ । ਬਹੁਤਿਆਂ ਨੂੰ ਅਲ ਜਗਾਉਣੀ ਭੁੱਲ ਗਈ ਤੇ ਉਹ ‘ਸੁੰਦਰਾਂ ! ਸੁੰਦਰਾਂ ” ਦਾ ਪਾਠ ਕਰਨ ਲਗ ਪਏ। ਬਸ !
‘ਗੋਰਖਨਾਥ ਤੇ ਪੂਰਨ ਹੀ ਰਹੇ ਸਾਬਤ, ਹਰ ਡੋਲਿਆ ਸਾਧਾਂ ਦਾ ਸਭ ਡੇਰਾ
ਕਾਦਰਯਾਰ ਗੁਰੂ ਮਿਹਰਬਾਨ ਹੋਇਆ, ਕਹਿੰਦਾ ਮੰਗ ਜੋ ਰਾਣੀਏ ਜੀਉ ਤੇਰਾ।”
ਗੋਰਖਨਾਥ ਖੁਸ਼ ਸੀ ਕਿ ਚਲੋ ਏਨੀ ਭੀੜ ਵਿੱਚੋਂ ਇਕ ਚੇਲਾ ਤਾਂ ਸਾਬਤ ਨਿਕਲਿਆ ਹੈ। ਰਾਣੀ ਸੁੰਦਰਾਂ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ ਕਿ ਮੇਰੇ ਕੋਲ ਤੁਹਾਡਾ ਦਿੱਤਾ ਸਭ ਕੁਝ ਹੈ। ਨੌਕਰ, ਚਾਕਰ, ਮਾਲ, ਹਕੂਮਤਾਂ ਕੋਲ ਹਨ, ਕਿਸੇ ਗੱਲ ਦੀ ਕੋਈ ਪਰਵਾਹ ਨਹੀਂ । ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਆਈ ਹਾਂ।
‘ਇਸ ਵੇਲੇ ਫ਼ਕੀਰ ਮਿਹਰਬਾਨ ਨੇ ! ਮੰਗ ਲੈ ! ਜੋ ਕੁਝ ਦਿਲ ਨੂੰ ਚੰਗਾ ਲੱਗਦਾ ਹੈ। ਗੋਰਖਨਾਥ ਨੇ ਫੇਰ ਕਿਹਾ।
‘ਜੇ ਤੁੱਠੇ ਹੋ ਨਾਥ ਜੀ ! ਤਾਂ ਮੇਰੇ ਸੱਖਣੇ ਮਨ-ਮੰਦਰ ਲਈ ਇਕ ਦੇਵਤਾ ਬਖ਼ਸ਼ ਦਿਓ ! ਜਿਸਦੀ ਮੈਂ ਪੂਜਾ ਕਰ ਸਕਾਂ, ਜਿਸ ਅੱਗੇ ਮੈਂ ਆਪਾ ਫੋਲ ਸਕਾਂ, ਜੋ ਮੇਰੀ ਸੱਖਣੀ ਆਤਮਾ ਨੂੰ ਭਰਪੂਰ ਕਰ ਸਕੇ । ਜੋ ਮੈਨੂੰ ਪਿਆਰ ਦੇ ਸਕੇ, ਮੈਥੋਂ ਪਿਆਰ ਲੈ ਸਕੇ । ਮੈਨੂੰ ਬਖਸ਼ੋ ਆਪਣਾ ਚੇਲਾ ਪੂਰਨ। ਉਹ ਮੇਰਾ ਜਨਮ ਜਨਮ ਦਾ ਸਾਥੀ ਹੈ, ਫੜਾਓ ਮੇਰੀ ਬਾਂਹ ਪੂਰਨ ਨਾਥ ਨੂੰ, ਜੋ ਮੌਤ ਵੀ ਨਾ ਮੁੜ ਕੇ ਛੁਡਾ ਸਕੇ । ‘ਰਾਣੀ ਸੁੰਦਰਾਂ ਨੇ ਝੋਲੀ ਅੱਡ ਕੇ ਵਾਸਤਾ ਪਾਇਆ।’
ਗੋਰਖਨਾਥ ਬਚਨ ਦੇ ਚੁੱਕਾ ਸੀ, ਕਿਸ ਤਰ੍ਹਾਂ ਮੁੜਦਾ ! ਉਹਨੇ ਪੂਰਨ ਨੂੰ ਥਾਪੀ ਦਿੱਤੀ ਤੇ ਇਹ ਕਹਿੰਦਿਆਂ ਰਾਣੀ ਸੁੰਦਰਾਂ ਨਾਲ ਜਾਣ ਦਾ ਹੁਕਮ ਦਿੱਤਾ
ਜਾਓ ਬੇਟਾ, ਇਹ ਧੁਰ ਸੰਜੋਗ ਦੀਆਂ ਲਿਖੀਆਂ ਸਨ । ਰਾਣੀ ਸੁੰਦਰਾਂ ਦਾ ਪਿਆਰ ਸੱਚਾ ਹੈ। ਇਸ ਵਿਚ ਮੈਲ ਨਹੀਂ, ਇਹ ਵੀ ਇਕ ਜੋਗ ਮਾਰਗ ਹੈ। ਇਸ ਤੇ ਚਲਦਿਆਂ ਮੇਰੀ ਆਸ਼ੀਰਵਾਦ ਤੁਹਾਡੇ ਅੰਗ ਸੰਗ ਹੋਵੇਗੀ।
ਖੁਲ੍ਹਿਆ ਆਕਾਸ਼ਾਂ ਵਿਚ ਉੱਡਣ ਵਾਲੇ ਪੰਛੀ ਨੂੰ ਰਾਣੀ ਸੁੰਦਰਾਂ ਪ੍ਰੇਮ-ਪਿੰਜਰੇ ਵਿਚ ਘੱਤ ਤੁਰੀ। ਉਸ ਦੇ ਖੁਸ਼ੀ ਨਾਲ ਪੈਰ ਜ਼ਮੀਨ ਤੇ ਨਾ ਟਿਕਣ, ਅਕਾਸ਼ਾਂ ਵਿਚ ਉੱਡਦੀ ਫਿਰੇ, ਜਦੋਂ ਉਹ ਪੂਰਨ ਨੂੰ ਨਾਲ ਲੈ ਕੇ ਰੰਗ ਮਹੱਲ ਅਪੜੀ ਤਾਂ ਸਾਰੇ ਸ਼ਹਿਰ ਵਿਚ ਖੁਸ਼ੀਆਂ ਹੱਸ ਪਈਆਂ। ਢੋਲ ਢਮੱਕੇ ਤੇ ਵਾਜੇ ਵਜੇ ਹਰ ਪਾਸੇ ਤੋਂ ਮੁਬਾਰਕਾਂ ਮਿਲਣ ਲੱਗੀਆਂ ।
ਪਰ ਪੂਰਨ ਦਾ ਮਨ ਉਦਾਸ ਸੀ । ਉਹ ਦੁਨਿਆਵੀਂ ਪਿਆਰ ਦੇ ਬੰਧਨਾਂ ਤੋਂ ਦੂਰ ਨੱਸਣਾ ਲੋਚਦਾ ਸੀ। ਜਦੋਂ ਉਸ ਨੇ ਮਹਿਲਾਂ ਵਿਚ ਐਸ ਦੇ ਸਮਾਨ ਵੇਖੇ ਤਾਂ ਉਸ ਦਾ ਦਿਲ ਹੋਰ ਵੀ ਬੇਚੈਨ ਹੋ ਗਿਆ। ਜਦੋਂ ਕੋਈ ਪੇਸ਼ ਨਾ ਜਾਂਦੀ ਵੇਖੀ ਤਾਂ ਉਸ ਨੇ ਬਹਾਨਾ ਭਾਲ ਲਿਆ। ਮੁਸਕਰਾ ਕੇ ਰਾਣੀ ਨੂੰ ਕਿਹਾ, * ਜ਼ਰਾ ਬਾਹਰ ਤਲਾ ਉੱਤੇ ਇਸਨਾਨ ਕਰ ਆਵਾਂ, ਬਿਭੂਤ ਉਤਾਰ ਲਵਾਂ, ਇਸ ਦਾ ਰਾਜ ਮਹਲਾ ਕਵਾਰ ਕੀ ਕੰਮ !’ ਰਾਣੀ ਨੇ ਗੋਲੀਆਂ ਨਾਲ ਤੇਰੀਆਂ। ਉਹ ਮਹਿਲਾਂ ਤੋਂ ਉਤਰਿਆ। ਸ਼ਹਿਰ ਬਾਵਰ ਨਿਕਲਦਿਆਂ ਹੀ ਉਹ ਗੋਰਖਨਾਥ ਦੇ ਟਿੱਲੇ ਨੂੰ ਸਿੱਧਾ ਖਿਸਕ ਤੁਰਿਆ। ਗੋਲੀਆਂ ਨੇ ਵਾਸਤੇ ਪਾਏ, ਪੈਰੀਂ ਡਿੱਗੀਆਂ ਪਰ ਉਹ ਨਾ ਮੁੜਿਆ। ਸਗੋਂ ਉਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਭੱਜ ਨਿਕਲਿਆ।
ਉਨ੍ਹਾਂ ਰੋਂਦੀਆਂ ਅਤੇ ਕੁਰਲਾਉਂਦੀਆਂ ਨੇ ਰਾਣੀ ਸੁੰਦਰਾਂ ਨੂੰ ਜਾ ਕੇ ਦੱਸਿਆ ਕਿ ਪੂਰਨ ਫੇਰ ਦਗਾ ਕਮਾ ਗਿਆ ਹੈ ਤਾਂ ਉਸ ਦੇ ਕਲੇਜੇ ਵਿਚ ਮੁੱਕੀ ਵੱਜੀ। ਉਹ ਖੁਸ਼ੀਆਂ ਦੇ ਅਰਸ਼ ਉਤੋਂ ਇਕ ਦਮ ਹੇਠਾਂ ਖੱਡ ਵਿਚ ਆਣ ਡਿੱਗੀ । ਉਸਦੀ ਜਿੰਨੀ ਕਮਾਲ ਦੀ ਖੁਸ਼ੀ ਸੀ ਉੱਨੀ ਹੀ ਇਸ ਵਿਛੋੜੇ ਦੀ ਸੱਟ ਜ਼ੋਰ ਨਾਲ ਪਈ। ‘ਪੂਰਨਾ ! ਪੂਰਨਾ !’ ਕੂਕਦੀ ਉਹ ਮਹਲ ਦੀ ਛੱਤ ਤੋਂ ਡਿੱਗ ਮੇਈ । ਉਧਰ ਪੂਰਨ ਗੋਰਖਨਾਥ ਦੇ ਟਿੱਲੇ ਤੇ ਜਾ ਪੁੱਜਿਆ !
‘ਕੀਕਰ ਕੀਤਾ ਈ । ਪੂਰਨਾਂ, ਸੁੰਦਰਾਂ ਦੇ ਪ੍ਰੇਮ ਹੀਰੇ ਦੀ ਕਦਰ ਨਾ ਪਾਈ ਤੇ ਮੇਰਾ ਹੁਕਮ ਵੀ ਮੋੜਿਆ !’ ਨਾਥ ਨੇ ਝਿੜਕਿਆ ਪਰ ਪੂਰਨ ਦੀਆਂ ਅੱਥਰੂ-ਭਿੱਜੀਆਂ ਅੱਖੀਆਂ ਵੇਖ ਉਸ ਦੇ ਮਨ ਵਿਚ ਮਿਹਰ ਪਈ ਤਾਂ ਉਸ ਨੇ ਕਿਹਾ :
‘ਲਿਖੀਆਂ ਨੂੰ ਮੋੜਨਾਂ ਘੋਖਾ। ਰਾਣੀ ਸੁੰਦਰਾਂ ਨੇ ਮੁੜ ਨਹੀਂ ਆਉਣਾ, ਤੂੰ ਜਾ ਹੁਣ ਆਪਣੇ ਮਾਪਿਆਂ ਕੋਲ ! ਤੇਰੀ ਮਾਤਾ ਦੀ ਜ਼ਿੰਦਗੀ ਉਜਾੜ ਹੈ । ਤੂੰ ਜਾ ਕੇ ਖੇੜੇ ਲਿਆ। ਤੇਰੇ ਬੋਲਾਂ ਵਿਚ ਅਸੀਂ ਤਾਸੀਰ ਬਖਸ਼ੀ । ਜਿਧਰ ਤੇਰੀਆਂ ਨਜ਼ਰਾਂ ਪੈਣਗੀਆਂ, ਸੁੱਕੇ ਹਰੇ ਹੋ ਜਾਣਗੇ । ਚਰਨ ਛੋਹਣ ਵਾਲੇ ਮਨ ਦੀਆਂ ਮੁਰਾਦਾਂ ਪਾਉਣਗੇ ।’
ਪੂਰਨ ਸਿਆਲਕੋਟ ਸ਼ਹਿਰ ਵੱਲ ਤੁਰ ਪਿਆ। ਜਿਸ ਬਾਗ਼ ਵਿਚ ਉਸ ਨੂੰ ਬਾਰ੍ਹਾਂ ਵਰ੍ਹੇ ਭੋਰੇ ਵਿਚ ਪਾ ਕੇ ਰੱਖਿਆ ਗਿਆ ਸੀ, ਉਹ ਉਸ ਦੀ ਗ਼ੈਰਹਾਜ਼ਰੀ ਵਿਚ ਸੜ ਸੁੱਕ ਗਿਆ ਸੀ । ਜਦੋਂ ਕਰਾਮਾਤੀ ਜੋਗੀ ਪੂਰਨ ਨੇ ਮੁੜ ਕੇ ਇਸ ਵਿਚ ਚਰਨ ਪਾਏ ਤਾਂ ਇਹ ਹਰਿਆ ਹੋ ਗਿਆ, ਟੁੰਡ-ਮੁੰਡ ਰੁਖਾਂ ਉੱਤੇ ਸੱਜਰੀਆਂ ਲਗਰਾਂ ਫੁੱਟ ਪਈਆਂ। ਫੁੱਲ ਖਿੜ ਗਏ, ਉਦਾਲੇ-ਪੁਦਾਲੇ ਵਿਚ ਕਲੀਆਂ ਦੇ ਚਟਕਣ ਵਾਂਗ ਖੁਸ਼ੀਆਂ ਫੈਲ ਗਈਆਂ ਜਿਵੇਂ ਕਿਸੇ ਨੇ ਹਰ ਪਾਸੇ ਵਲ ਅਤਰ ਗੁਲਾਬ ਛਿੜਕ ਦਿੱਤਾ ਹੋਵੇ । ਮੰਦ, ਮੰਦ ਚਲਣ ਵਾਲੀਆਂ ਪੌਣਾਂ ਨੇ ਇਸ ਅਲਬੇਲੇ ਜੋਗੀ ਦੇ ਧੂਣੀ ਦੇ ਧੂੰਏਂ ਦੀਆਂ ਲਪਟਾਂ ਦੂਰ ਦੂਰ ਤਕ ਚੁਕ ਖੜੀਆਂ । ਸਾਰੇ ਪਾਸੇ ਕੀਰਤੀਆਂ ਫੈਲ ਗਈਆਂ ਤੇ ਲੋਕ ਦੁਖਾਂ ਵਾਲੇ, ਦਰਦਾਂ ਵਾਲੇ, ਥੋੜਾਂ ਵਾਲੇ ਜੋਗੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ । ਜੋ ਵੀ ਆਉਂਦਾ ਰਾਜ਼ੀ ਜਾਂਦਾ । ਰੋਗ ਦੂਰ ਹੁੰਦੇ, ਮਨ ਦੀਆਂ ਮੁਰਾਦਾਂ ਮਿਲਦੀਆਂ। ਉਹਦੀਆਂ ਥਾਪੜੀਆਂ ਨਾਲ ਕੁੱਖਾਂ ਹਰੀਆਂ ਹੁੰਦੀਆਂ।
ਰਾਣੀ ਲੂਣਾਂ ਦੀ ਜਵਾਨੀ ਢਲ ਚੁਕੀ ਸੀ, ਪਰ ਅਜੇ ਤਕ ਉਸ ਦੀ ਕੁੱਖ ਹਰੀ ਨਹੀਂ ਸੀ ਹੋਈ। ਜਦੋਂ ਉਸ ਨੇ ਜੋਗੀ ਦੀਆਂ ਕਰਾਮਾਤਾਂ ਸੁਣੀਆਂ ਤਾਂ ਆਪਣੇ ਰਾਜੇ ਪਤੀ ਨੂੰ ਕਹਿਣ ਲੱਗੀ, ‘ਮਹਾਰਾਜ ! ਚਲੋ, ਅਸੀਂ ਵੀ ਮੱਥਾ ਟੇਕੀਏ। ਕੀ ਪਤਾ ਰੇਖ ਵਿਚ ਮੇਖ ਵੱਜ ਜਾਏ, ਜੋਗੀਆਂ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ। ਅਗਲੇ ਦਿਨ ਰਾਜਾ ਸਲਵਾਨ ਅਤੇ ਰਾਣੀ ਲੂਣਾਂ ਮੰਗਤਿਆਂ ਤੇ ਨਿਮਾਣਿਆਂ ਵਾਂਗ ਨੰਗੇ ਪੈਰੀਂ ਜੋਗੀ ਦੇ ਦਰਸ਼ਨਾਂ ਨੂੰ ਤੁਰ ਪਏ।
ਪੂਰਨ ਨੇ ਦੋਹਾਂ ਨੂੰ ਆਉਂਦਿਆਂ ਦੂਰੋਂ ਹੀ ਵੇਖਿਆ ਤਾਂ ਉਸ ਦੇ ਦਿਲ ਵਿਚ ਖਿਆਲ ਆਇਆ. ਇਨ੍ਹਾਂ ਨੂੰ ਉਠ ਕੇ ਨਮਸਕਾਰ ਕਰਾਂ ਕਿ ਨਾ ? ਇਨ੍ਹਾਂ ਨੇ ਹੀ ਮੈਨੂੰ ਨਿਰਦੋਸ਼ ਨੂੰ ਖੂਹ ਵਿਚ ਸੁਟਵਾਇਆ ਇਨ੍ਹਾਂ ਪਰ ਮੈਂ ਉਸ ਵੇਲੇ ਵੀ ਲੂਣਾਂ ਨੂੰ ਮਾਤਾ ਕਿਹਾ ਸੀ । ਹੁਣ ਮਾਤ ਕਿਵੇਂ ਨਾ ਹੋਈ ! ਫੇਰ ਬਾਪ ਤਾਂ ਭੁਲੇਖੇ ਵਿਚ ਸੀ। ਨਹੀਂ ! ਨਹੀਂ ਦੋਵੇਂ ਮੇਰੇ ਵੱਲੋਂ ਆਦਰ ਦੇ ਅਧਿਕਾਰੀ ਹਨ। ਇਸ ਤਰ੍ਹਾਂ ਉਸ ਨੇ ਖ਼ਿਆਲਾਂ ਦੇ ਉਤਾਰ ਚੜ੍ਹਾ ਪਿੱਛੋਂ ਨਮਸਕਾਰ ਕਰਨ ਦਾ ਮਨ ਬਣਾਇਆ। ਜਿਸ ਵੇਲੇ ਉਹ ਲਾਗੇ ਪੁਜੇ ਤਾਂ ਜੋਗੀ ਨੇ ਉਠ ਕੇ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ।
‘ਮਹਾਰਾਜ ! ਸਾਡੇ ਸਿਰ ਉੱਤੇ ਇਹ ਭਾਰ ਕਿਉਂ ਚਾੜ੍ਹਿਆ ਜੇ। ਅਸੀਂ ਤਾਂ ਤੁਹਾਡੇ ਚਰਨਾਂ ਉਤੇ ਸੀਸ ਰੱਖਣ ਆਏ ਹਾਂ।’ ਰਾਜੇ ਨੇ ਪੇਸ਼ਮਾਨੀ ਨਾਲ ਕਿਹਾ।
“ਨਹੀਂ ਰਾਜਾ ! ਤੁਸੀਂ ਮੁਲਕ ਦੇ ਵਾਲੀ ! ਫੱਕਰਾਂ ਲਈ ਵੀ ਰੱਬ ਦਾ ਰੂਪ । ਮੈਨੂੰ ਦਸੋ ਤੁਸਾਂ ਕਿਹੜੇ ਦੁੱਖ ਕਾਰਨ ਫ਼ਕੀਰ ਦੇ ਅਸਥਾਨ ਤੇ ਚਰਨ ਪਾਏ ਹਨ।” ਪੂਰਨ ਨੇ ਅਧੀਨਗੀ ਨਾਲ ਪੁੱਛਿਆ।
ਜੋਗੀ ਨੂੰ ਮਿਹਰਬਾਨ ਹੋਇਆ ਵੇਖ ਕੇ ਰਾਜੇ ਨੇ ਅਰਜ਼ ਗੁਜ਼ਾਰੀ, ‘ਮਹਾਰਾਜ ! ਇਕ ਪੁੱਤਰ ਬਿਨਾਂ ਇਹ ਰਾਜ-ਭਾਗ ਅਤੇ ਮਹਿਲ-ਮਾੜੀਆਂ ਸੱਖਣੀਆਂ ਹਨ । ਤੁਸੀਂ ਪਰਮਾਤਮਾ ਦੇ ਰੂਪ ਹੈ। ਕਿਰਪਾ ਕਰੋ ਤੇ ਇਕ ਪੁੱਤਰ ਦੀ ਦਾਤ ਬਖ਼ਸ਼ੋ ।’
ਪੂਰਨ ਨੇ ਭਵਾਂ ਸਕੋੜੀਆਂ ਅਤੇ ਇਸ ਅੰਦਾਜ਼ ਵਿਚ ਕਿ ਜਿਵੇਂ ਉਸ ਨੇ ਅੰਤਰ ਧਿਆਨ ਹੋ ਕੇ ਗੁੜੀ ਗੱਲ ਲੱਭੀ ਹੋਵੇ, ਕਿਹਾ :
‘ਐਨ ਇਲਮ ਸਾਡੇ ਵਿਚ ਆਂਵਦਾ ਏ, ਇਕ ਅੱਗੇ ਸੀ ਤੁਸਾਂ ਘਰ ਪੁੱਤ ਹੋਇਆ ਕਿਸੇ ਵਿਚ ਉਜਾੜ ਦੇ ਜਾ ਕੇ ਤੇ, ਵਾਂਗ ਬੱਕਰੇ ਓਸ ਦਾ ਸੀਸ ਕੋਹਿਆ।”
ਜੋਗੀ ਦਾ ਇਉਂ ਕਹਿਣਾ ਹੀ ਸੀ । ਇਉਂ ਸਮਝੋ ਕਿ ਕਿਸੇ ਨੇ ਰਾਜੇ ਦੇ ਦੁਖਦੇ ਹੱਡਾਂ ਉੱਤੇ ਕਾੜ ਕਰਦਾ ਸੋਟਾ ਕੱਢ ਮਾਰਿਆ। ਉਹਦੀਆਂ ਅੱਖੀਆਂ ਗੁੱਸੇ ਨਾਲ ਲਾਲ ਹੋ ਗਈਆਂ ‘ਉਸ ਚੰਡਾਲ ਦਾ ਨਾਂ ਨਾ ਲਓ ਜੋਗੀ ਨਾਥ ਜੀ ! ਉਸ ਕੁਲ-ਕਲੰਕੀ ਨਾਲੋਂ ਤਾਂ ਮੇਰੇ ਘਰ ਸੱਪ ਜੰਮ ਪੈਂਦਾ ਤਾਂ ਵੀ ਮੈਨੂੰ ਕੋਈ ਦੁੱਖ ਨਾ ਹੁੰਦਾ।”
ਪੂਰਨ ਜਾਣਦਾ ਸੀ, ਰਾਜੇ ਨੂੰ ਅਸਲ ਗੱਲ ਦਾ ਪਤਾ ਨਹੀਂ, ਇਸ ਕਰਕੇ ਉਸ ਨੇ ਸਗੋਂ ਵਧੇਰੇ ਧੀਰਜ ਨਾਲ ਪੁੱਛਿਆ, ‘ਕਿਉਂ ਰਾਜਨ ! ਉਸ ਨੇ ਏਡਾ ਵੱਡਾ ਕਿਹੜਾ ਪਾਪ ਕੀਤਾ ਸੀ?’ ਰਾਜੇ ਨੇ ਗੁੱਸੇ ਨੂੰ ਸੰਭਾਲਦਿਆਂ ਕਿਹਾ :
“ਉਸ ਨੇ ਉਹ ਪਾਪ ਕੀਤਾ ਜੋ ਕੋਈ ਨਾ ਕਰੇ। ਇਹ ਮੇਰੀ ਰਾਣੀ ਤੇ ਉਸ ਦੀ ਮਤਰੇਈ ਮਾਂ ਤੇ ਬੇਈਮਾਨ ਹੋ ਗਿਆ ”
‘ਤੇ ਫੇਰ ਕੀ ਹੋਇਆ ?” ਪੂਰਨ ਨੇ ਗੱਲ ਮੁੱਕਣ ਨਾ ਦਿੱਤੀ; ਹੋਣਾ ਕੀ ਸੀ । ਜੱਲਾਦਾਂ ਤੋਂ ਕਤਲ ਕਰਵਾ ਦਿੱਤਾ ਗਿਆ’ ਰਾਜੇ ਨੇ ਖਿਝਾਹਟ ਨੂੰ ਛੁਪਾਉਂਦਿਆਂ ਕਿਹਾ, ‘ਇਹ ਗੱਲ ਠੀਕ ਨਹੀਂ ਜਾਪਦੀ ! ਰਾਜਨ ! ਕੋਈ ਪੁੱਤਰ ਅਜਿਹਾ ਪਾਪ ਨਹੀਂ ਕਰ ਸਕਦਾ’ ਪੂਰਨ ਨੇ ਸੰਕਾ ਜ਼ਾਹਰ ਕੀਤੀ। ਮੈਂ ਬਿਲਕੁਲ ਠੀਕ ਆਖ ਰਿਹਾ ਹਾਂ” ਰਾਜੇ ਨੇ ਦ੍ਰਿੜਤਾ ਨਾਲ ਉੱਤਰ ਦਿੱਤਾ। ਪੂਰਨ ਨੇ ਨਾਟਕੀ ਅੰਦਾਜ਼ ਵਿਚ ਆਪਣੀਆਂ ਨਜ਼ਰਾਂ ਲੂਣਾਂ ਦੇ ਚਿਹਰੇ ਉਤੇ ਸੁੱਟੀਆਂ ਤੇ ਕਿਹਾ, ‘ਕਿਉਂ ਮਾਤਾ ਜੀ। ਰਾਜਾ ਜੀ ਠੀਕ ਆਖਦੇ ਹਨ। ਫੱਕਰਾਂ ਕੋਲ ਆਣ ਕੇ ਝੂਠ ਨਹੀਂ ਚਲ ਸਕਦੇ ।”
ਪੂਰਨ ਦੀਆਂ ਨਜ਼ਰਾਂ ਲੂਣਾਂ ਨੂੰ ਆਪਣੇ ਦੁਸਾਰਪਾਰ ਨਿਕਲਦੀਆਂ ਹੋਈਆਂ ਜਾਪੀਆਂ। ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਲਾਂ ਤੋਂ ਪਿਆ ਹੋਇਆ ਮਨ ਉੱਤੇ ਪਾਪ ਦਾ ਬੋਝ ਪਹਿਲਾਂ ਨਾਲੋਂ ਹਜ਼ਾਰਾਂ ਗੁਣਾਂ ਵਧ ਗਿਆ ਹੈ।
‘ਮਹਾਰਾਜ ਨੇ ਠੀਕ ਹੀ ਤਾਂ ਆਖਿਆ ਹੈ। ਜੋਗੀ ਨਾਥ ਜੀ !’ ਲੂਣਾਂ ਨੇ ਮਨ ਅੰਦਰਲੀ ਖਿੱਚੋਤਾਣ ਨੂੰ ਛੁਪਾਉਂਦਿਆਂ ਕਿਹਾ। ਪੂਰਨ ਨੇ ਸੁਣ ਕੇ ਅੱਖੀਆਂ ਮੀਟ ਲਈਆਂ, ਕਿੰਨਾ ਚਿਰ ਚੁੱਪ ਵੱਟ ਰੱਖੀ, ਫੇਰ ਅੱਖੀਆਂ ਉਘਾੜੀਆਂ ਤੇ ਜੋਗੀਆਂ ਵਾਲੇ ਗੌਰਵ-ਭਰੇ ਲਹਿਜੇ ਵਿਚ ਕਿਹਾ, ‘ਨਹੀਂ ਮਾਤਾ ! ਸਾਡੇ ਗੱਲ ਚਿੱਤ ਨਹੀਂ ਲੱਗੀ। ਅਸੀਂ ਨਾਥ ਦੀ ਕਿਰਪਾ ਨਾਲ ਘਟ ਘਟ ਦੀਆਂ ਜਾਣਦੇ ਹਾਂ। ਸੱਚ ਦੱਸੋ ਤਾਂ ਮਨ-ਭਾਉਂਦੇ ਭਾਗ ਲੱਗਣਗੇ । ਜੋਗੀਆਂ ਸਾਹਮਣੇ ਝੂਠ ਬੋਲਣਾ ਬੱਜਰ ਪਾਪ ਹੁੰਦਾ ਹੈ’ ਇਹ ਕਹਿ ਕੇ ਪੂਰਨ ਨੇ ਆਪਣੀਆਂ ਨਜ਼ਰਾਂ ਲੂਣਾਂ ਦੇ ਚਿਹਰੇ ਉੱਤੇ ਫੇਰ ਗੱਡ ਦਿੱਤੀਆਂ। ਉਹ ਕੰਬ ਗਈ। ‘ਝੂਠ ਬੋਲਿਆਂ, ਮਾਤਾ ਗੋਦਾਂ ਹਰੀਆਂ ਨਹੀਂ ਹੋ ਸਕਣਗੀਆਂ’ ਪੂਰਨ ਨੇ ਲੂਣਾਂ ਨੂੰ ਡੋਲਦੀ ਤਾੜ ਕੇ ਆਖ਼ਰੀ ਹਮਲੇ ਵਾਂਗ ਚੋਟ ਕੀਤੀ । ਲੂਣਾਂ ਇਸ ਅੱਗੇ ਠਹਿਰ ਨਾ ਸਕੀ । ਪਾਪ ਦੇ ਅਹਿਸਾਸ ਅਤੇ ਪੁੱਤਰ-ਮਿਲਣ ਦੀ ਆਸ ਨੇ ਉਸ ਦੀ ਮਲੀਨ ਆਤਮਾ ਵਿਚ ਲਕੋਇਆ ਹੋਇਆ ਸੱਚ ਕੱਢ ਲਿਆ। ਉਸ ਦੀਆਂ ਭੁੱਬਾਂ ਨਿਕਲ ਗਈਆਂ, ਹਟਕੋਰਿਆਂ ਤੇ ਹਿਚਕੀਆਂ ਨਾਲ ਫਾਵੀ ਹੁੰਦੀ ਉਹ ਜੋਗੀ ਦੇ ਚਰਨਾਂ ਉੱਤੇ ਡਿਗ ਕੇ ਗਿੜ-ਗਿੜਾਈ :
‘ਪੂਰਨ ਨਹੀਂ ਭੁੱਲਾ, ਭੁਲੀ ਮੈਂ ਤੱਤੀ, ਜਦੋਂ ਮਿਲਣ ਮਹਿਲਾਂ ਵਿਚ ਆਇਆ ਈ । ਗੱਲਾਂ ਕੀਤੀਆਂ ਬਹੁਤ ਬੇਹੁਦੀਆਂ ਮੈਂ, ਹੱਥੀਂ ਆਪਣੀ ਲਾਲ ਗਵਾਇਆ ਈ।”
ਰਾਜੇ ਨੇ ਇਹ ਸੁਣਦਿਆਂ ਸਾਰ ਤਲਵਾਰ ਮਿਆਨ ਚੋਂ ਖਿੱਚ ਲਈ ਤੇ ਉਸ ਦੇ ਟੁਕੜੇ ਕਰਨ ਲਈ ਦੌੜਿਆ । ਪੂਰਨ ਨੇ ਉੱਠ ਕੇ ਬਾਂਹ ਫੜ ਲਈ । ‘ਨਹੀਂ ! ਰਾਜਾ ਇਹ ਗੁੱਸਾ ਹੀ ਚੰਡਾਲ ਈ। ਪਹਿਲਾਂ ਇਸ ਨੇ ਤੇਰਾ ਪੁੱਤ ਮਰਵਾਇਆ ਹੁਣ ਰਾਣੀ ਮਾਰ ਲਏਂਗਾ। ਇਸ ਤੋਂ ਬਚ। ਜੋ ਤੁਹਾਡੇ ਪੁੱਤਰ ਦੇ ਕਰਮਾਂ ਵਿਚ ਲਿਖਿਆ ਸੀ, ਉਹੀ ਹੋਇਆ।’ ਰਾਜੇ ਨੇ ਹੱਥ ਰੋਕ ਲਿਆ। ਲੂਣਾਂ ਨੂੰ ਪਸ਼ੇਮਾਨੀ ਕਾਰਨ ਧਰਤੀ ਵੇਹਲ ਨਾ ਦੇਵੇ । ਉਹ ਜੋਗੀ ਦੇ ਚਰਨਾਂ ਤੋਂ ਨਾ ਉਠੇ। ਪੂਰਨ ਨੇ ਉਸ ਨੂੰ ਬੜੇ ਸਤਿਕਾਰ ਨਾਲ ਉਠਾਇਆ ਤੇ ਇਕ ਚਾਵਲ ਦਾ ਦਾਣਾ ਮੰਤਰ ਪੜ੍ਹ ਕੇ ਉਸ ਨੂੰ ਦਿੱਤਾ ਤੇ ਕਿਹਾ ਕਿ ਇਸ ਨੂੰ ਖਾ ਲੈਣਾ, ਗੁਰੂ ਗੋਰਖ ਨਾਥ ਦੀ ਕਿਰਪਾ ਨਾਲ ਤੁਹਾਡੇ ਇਕ ਬੜਾ ਬਲਵਾਨ ਤੇ ਪਰਤਾਪੀ ਪੁੱਤਰ ਪੈਦਾ ਹੋਵੇਗਾ ।
ਰਾਣੀ ਇੱਛਰਾਂ ਦੀਆਂ ਪੁੱਤਰ ਦੇ ਵਿਛੋੜੇ ਵਿਚ ਰੋ ਰੋ ਕੇ ਅੱਖੀਆਂ ਅੰਨ੍ਹੀਆਂ ਹੋ ਗਈਆਂ ਸਨ । ਉਹ ਵੀ ਜੋਗੀ ਕੋਲੋਂ ਇਨ੍ਹਾਂ ਦਾ ਦਾਰੂ ਲੈਣ ਆਈ । ਡਿਗਦੀ ਢਹਿੰਦੀ, ਥਿੜਕਦੀ, ਖਲੋਂਦੀ, ਕੱਪੜਿਆਂ ਦੇ ਲੰਗਾਰ ਲੱਥੇ ਹੋਏ, ਕੇਸਾਂ ਵਿਚ ਖ਼ਾਕ, ਚਿਹਰਾ ਵਿਜੋਗ-ਪੀੜਾਂ ਨਾਲ ਕਰੜਾਇਆ ਹੋਇਆ, ਉਹ
ਜੇ ਲੱਗਲ ਜਦੋਂ ਪੂਰਨ ਨੇ ਦੂਰੋਂ ਆਉਂਦੀ ਵੇਖੀ ਤਾਂ ਉਸ ਦਾ ਕਾਲਜਾ ਹਿੱਲ ਗਿਆ। ਉਸ ਨੇ
ਭਰੜਾਈ ਹੋਈ ਆਵਾਜ਼ ਨਾਲ ਆਸਣ ਤੋਂ ਉਠ ਕੇ ਪਹਿਲਾਂ ਨਮਸਕਾਰ ਕੀਤੀ ਤੇ ਫੇਰ ਪੁੱਛਿਆ, ‘ਮਾਗ
ਤੈਨੂੰ ਕੀ ਦੁੱਖ ਹੈ। ਤੇਰੀਆਂ ਅੱਖੀਆਂ ਦਾ ਨੂਰ ਮੁੱਕ ਗਿਆ ਜਾਪਦਾ ਏ।’ ਇੱਛਰਾਂ ਨੂੰ ਜੋਗੀ ਦੇ ਬਚਨਾ
ਤੋਂ ਕੋਈ ਅਕਹਿ ਜਿਹਾ ਧਰਵਾਸ ਮਿਲਦਾ ਮਹਿਸੂਸ
ਹੋਇਆ। ਇਉਂ ਜਾਪਿਆ ਜਿਵੇਂ ਉਸ ਦਾ
ਆਪਣਾ ਪੁੱਤਰ ਦੁੱਖ ਪੁੱਛ ਰਿਹਾ ਹੈ ‘ਤੇ ਪੁੱਤਰਾ ! ਇਕ ਵਾਰ ਫੇਰ ਬੋਲ ਖਾਂ। ਮੈਨੂੰ ਤਾਂ ਤੇਰਾ ਬੋਲ
ਪੂਰਨ ਵਰਗਾ ਲਗਦਾ ਹੈ। ਉੱਤੇ ਹੱਥ ਕਰ ਖਾਂ । ਪੁੱਤਰਾ! ਕਿਧਰੇ ਮੇਰਾ ਪੂਰਨ ਤੇ ਨਹੀਂ ਮੁੜ ਆਇਆ?
ਮਾਤਾ ਦੀਆਂ ਇਹ ਗੱਲਾਂ ਸੁਣ ਕੇ ਪੂਰਨ ਦਾ ਗਲਾ ਭਰ ਆਇਆ, ਉਹ ਆਪਣੇ ਆਪ ਨੂੰ ਰੋਕ ਨਾ
ਸਕਿਆ। ਭੱਜ ਕੇ ਮਾਂ ਦੇ ਗਲ ਨਾਲ ਚੰਬੜਕੇ ਰੋਣ ਲੱਗ ਪਿਆ। ਪੁੱਤਰ ਦੇ ਕਲੇਜੇ ਨਾਲ ਲਗਦਿਆਂ
ਹੀ ਇੱਛਰਾਂ ਦੀਆਂ ਅੱਖੀਆਂ ਵਿਚ ਨੂਰ ਪਰਤ ਆਇਆ। ਮਮਤਾ-ਭਰੇ ਪਿਆਰ ਦਾ ਸਦਕਾ ਉਹਦੀਆਂ
ਛਾਤੀਆਂ ਚੋਂ ਦੁੱਧ ਦੀਆਂ ਧਾਰਾਂ ਵਗ ਤੁਰੀਆਂ।
ਰਾਜ-ਮਹਲਾਂ ਵਿਚ ਵੀ ਪਤਾ ਲੱਗ ਗਿਆ ਕਿ ਕਰਾਮਾਤੀ ਜੋਗੀ ਪੂਰਨ ਆਪ ਸੀ । ਇਸ ਤੋਂ ਪਹਿਲਾਂ ਕਿ ਰਾਜਾ ਉਸ ਨੂੰ ਮੁੜ ਮਿਲਣ ਜਾਏ ਪੂਰਨ ਆਪਣੀ ਮਾਤਾ ਇੱਛਰਾਂ ਸਮੇਤ ਉੱਥੇ ਪੁੱਜ ਗਿਆ। ਰਾਣੀ ਲੂਣਾਂ ਪਛਤਾਵੇ ਅਤੇ ਸ਼ਰਮਿੰਦਗੀ ਦੀ ਮਾਰੀ ਛੁਪਦੀ ਜਾਏ, ਮਰਦੀ ਜਾਏ । ਪੂਰਨ ਨੇ ਅਗ੍ਹਾਂ ਵਧ ਕੇ ਉਸ ਨੂੰ ਮੱਥਾ ਟੇਕਿਆ ਤੇ ਧੀਰਜ ਦਿੱਤਾ । ਰਾਜੇ ਨੂੰ ਅਜੇ ਵੀ ਪੂਰਨ ਦੀ ਜੋਗ ਕਮਾਈ ਤੇ ਲਗਨ ਬਾਰੇ ਗਿਆਨ ਨਹੀਂ ਸੀ ਹੋਇਆ। ਉਸ ਨੇ ਤਰਲਾ ਕੀਤਾ :-
“ਕੁੰਜੀ ਸਾਂਭ ਲੈ ਸੱਤ ਖ਼ਜ਼ਾਨਿਆਂ ਦੀ, ਸਿਰ ਬੰਨ੍ਹ ਤੂੰ ਰਾਜ ਦੀ ਪੱਗ ਪੁੱਤਾ !
ਕਾਦਰਯਾਰ ਮੀਆਂ ਸਲਵਾਨ ਆਖੇ, ਮੈਨੂੰ ਸੋਤਰਾ ਸੱਦਸੀ ਜੱਗ ਪੁੱਤਾ !
ਪੂਰਨ ਨੇ ਅੱਗੋਂ ਕਿਹਾ, ‘ਮੈਨੂੰ ਜਹਾਨ ਦੀਆਂ ਖੁਸ਼ੀਆਂ ਨਾਲ ਕੋਈ ਵਾਸਤਾ ਨਹੀਂ । ਇਹ ਤਖ਼ਤ ਮੇਰੇ ਲਈ ਖਿੱਚ ਨਹੀਂ ਰੱਖਦਾ, ਇਸ ਉਤੇ ਮੇਰਾ ਹੋਣ ਵਾਲਾ ਭਰਾ ਬੈਠੇਗਾ । ਮੈਂ ਤਾਂ ਜੋਗ ਕਮਾਉਣਾ ਹੈ। ਮਾਤਾ ਲੂਣਾਂ ਖੁਸ਼ ਰਹੇ । ਮਾਤਾ ਇੱਛਰਾਂ ਨੂੰ ਸੁਖੀ ਰੱਖੋ । ਲੋਕਾਂ ਨਾਲ ਨਿਆਂ ਕਰੋ ! ਤੁਹਾਡਾ ਰਾਜ ਤੇ ਪਰਤਾਪ ਫੈਲੇਗਾ। ਪੂਰਨ ਹੁਣ ਸ਼ਹਿਜ਼ਾਦਾ ਪੂਰਨ ਨਹੀਂ, ਉਹ ਜੋਗੀ ਪੂਰਨ ਹੈ।’ ਇਹ ਆਖਦਾ ਹੋਇਆ ਆਜ਼ਾਦ, ਖੁਲ੍ਹੀਆਂ ਹਵਾਵਾਂ ਵਿਚ ਉਡਾਰੀਆਂ ਲਾਉਣ ਵਾਲਾ ਪੰਛੀ ਜੋਗੀ ਪੂਰਨ, ਰਾਜ, ਮਾਲ, ਹਕੂਮਤਾਂ ਤੇ ਐਸ਼ ਦੇ ਸੋਨੇ ਦੀਆਂ ਸੀਖਾਂ ਵਾਲੇ ਪਿੰਜਰੇ ਵਿਚ ਫਸਣ ਤੋਂ ਇਨਕਾਰ ਕਰਦਾ, ਅਲਖ ਜਗਾਉਂਦਾ ਮੁੜ ਗੋਰਖ ਦੇ ਟਿੱਲੇ ਵੱਲ ਉਡਾਰੀਆਂ ਲਾ ਗਿਆ।