ਬਰਤਾਨੀਆ ਹਕੂਮਤ ਨੇ ਸੰਸਾਰ ਦੇ ਕਿਸੇ ਵੀ ਹਿੱਸੇ ‘ਤੇ ਰਾਜ ਕੀਤਾ ਤਾਂ ਉਹਨਾਂ ਨੇ ਆਪਣੀ ਨੀਤੀ ‘ਫੁੱਟ ਪਾਓ ਤੇ ਰਾਜ ਕਰੋ’ ਨੂੰ ਉਸ ਦੇਸ਼ ਵਿਚ ਅਪਣਾਇਆ। ਭਰਾ ਭਰਾ ਨੂੰ = ਫੁੱਟ ਪਾ ਕੇ ਲੜਾ ਛੱਡਿਆ, ਧਰਮਾਂ ਦੇ ਆਪਸੀ ਫਿਰਕਿਆਂ ਨੂੰ ਲੜਾਇਆ, ਉਹ ਸਰਕਾਰ ਆਪਣੇ ਸਵਾਰਥ ਹਿਤ ਕੁਝ ਵੀ ਕਰ ਸਕਦੀ ਸੀ। 1757 ਈਸਵੀ ਵਿਚ ਪਲਾਸੀ ਦੀ ਲੜਾਈ ਤੋਂ ਬਾਅਦ ਇਹੋ ਕੁਝ ਉਹਨਾਂ ਨੇ ਹਿੰਦੋਸਤਾਨ ਵਿਚ ਅਪਣਾਇਆ। ਪੰਜਾਬ, ਹਿੰਦੋਸਤਾਨ ਦਾ ਆਖਰੀ ਸੂਬਾ ਸੀ ਜੋ ਹਿੰਦੋਸਤਾਨ ਵਿਚ ਆਖਰ ਵਿਚ ਅੰਗਰੇਜ਼ ਦੇ ਰਾਜ ਵਿਚ ਸ਼ਾਮਲ ਹੋਇਆ ਸੀ। ਇਥੇ ਵੀ ਅੰਗਰੇਜ਼ ਨੇ ਉਹੋ ਪਾਲਿਸੀ ਅਪਣਾਈ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਚਾਲੀ ਸਾਲ ਵਿਚ ਕਮਾਇਆ ਤੇ ਉਸਾਰਿਆ ਖਾਲਸਾ ਰਾਜ, ਕੁਝ ਸਾਲਾਂ ਵਿਚ ਹੀ ਅੰਗਰੇਜ਼ ਦੀ ਝੋਲੀ ਪੈ ਗਿਆ।
ਅੰਗਰੇਜ਼ ਨੇ ਪੰਜਾਬ ‘ਤੇ ਕਬਜ਼ਾ ਕਰਕੇ ਛੇਤੀ ਹੀ ਪੰਜਾਬੀਆਂ ਦੀ ਆਰਥਿਕਤਾ ‘ਤੇ ਸੱਟ ਮਾਰੀ । ਮਾਲੀਆ ਜੋ ਪਹਿਲਾਂ ਜਿਣਸ ਦੇ ਰੂਪ ਵਿਚ ਸਰਕਾਰ ਲੈਂਦੀ ਸੀ, ਹੁਣ ਅੰਗਰੇਜ਼ ਸਰਕਾਰ ਨੇ ਰੁਪਏ ਦੇ ਰੂਪ ਵਿਚ ਉਗਰਾਹੁਣਾ ਸ਼ੁਰੂ ਕਰ ਦਿੱਤਾ। ਸਿੱਕੇ ਦਾ ਫੈਲਾਅ ਬਹੁਤ ਘੱਟ ਸੀ, ਜੇ ਕਿਰਸਾਨ ਜਿਨਸ ਵੇਚ ਕੇ ਰੁਪਿਆ ਵਿਚ ਮਾਲੀਆ ਦੇਂਦਾ ਸੀ ਤਾਂ ਉਸਨੂੰ ਕੁਝ ਨਾ ਬਚਦਾ। ਕਿਰਸਾਨ ਨੂੰ ਮਜਬੂਰੀ ਵੱਸ ਸ਼ਾਹੂਕਾਰਾਂ ਵਲ ਦੇਖਣਾ ਪੈਂਦਾ ਸੀ, ਜੋ ਆਪਣੀਆਂ ਵਹੀਆਂ ਵਿਚ ਧੇਲੀ ਦੀ ਥਾਂ ਹਵੇਲੀ ਲਿਖ ਕੇ ਕਿਸਾਨਾਂ ਦਾ ਲੱਕ ਤੋੜ ਰਹੇ ਸਨ। ਕਿਸਾਨਾਂ ਨੂੰ ਹੋਰ ਕੋਈ ਚਾਰਾ ਨਾ ਲਭਦਾ ਦੇਖ ਆਪਣੀ ਜਿਣਸ ਦੇ ਨਾਲ ਆਪਣੀਆਂ ਜ਼ਮੀਨਾਂ ਵੀ ਸ਼ਾਹੂਕਾਰਾਂ ਕੋਲ ਗਿਰਵੀ ਰੱਖਣੀਆਂ ਪੈ ਰਹੀਆਂ ਸਨ । ਸ਼ਾਹੂਕਾਰ ਆਪਣੀ ਮਨਮਰਜ਼ੀ ਅਨੁਸਾਰ ਜ਼ਿਮੀਦਾਰਾਂ ਦੀ ਜਿਣਸ ਖਰੀਦ ਕੇ ਰੈਲੀ ਬ੍ਰਦਰਜ਼ ਨਾਂ ਦੀ ਅੰਗਰੇਜ਼ ਕੰਪਨੀ ਕੋਲ ਵੇਚ ਦਿੰਦੇ ਜੋ ਕਰਾਚੀ ਦੀ ਬੰਦਰਗਾਹ ਤੋਂ ਇੰਗਲੈਂਡ ਪਹੁੰਚਾ ਰਹੇ ਸਨ ਅਤੇ ਚੋਖਾ ਮੁਨਾਫਾ ਕਮਾ ਰਹੇ ਸਨ ।
ਹਿੰਦੋਸਤਾਨੀਆਂ ਦੇ ਘਰੇਲੂ ਦਸਤਕਾਰੀ ਨੂੰ ਵੀ ਅੰਗਰੇਜ਼ ਦੀ ਪਾਲਿਸੀ ਨਾਲ ਡੂੰਘੀ ਸੱਟ ਵੱਜੀ ਸੀ। ਜਦੋਂ ਕੱਚਾ ਮਾਲ ਹੀ ਹਿੰਦੋਸਤਾਨ ਨਹੀਂ ਸੀ ਰਹਿੰਦਾ ਤਾਂ ਦਸਤਕਾਰੀ ਕਿਥੋਂ ਚਲਣੀ ਸੀ। ਹਿੰਦੋਸਤਾਨੀ ਦਸਤਕਾਰ ਵਿਹਲੇ ਹੋ ਗਏ ਸਨ। 1840 ਵਿਚ ਬਰਤਾਨੀਆ ਦੀ ਲੋਕ ਸਭਾ ਦੀ ਸੀਲੈਕਟ ਕਮੇਟੀ ਨੂੰ ਸਰ ਚਾਰਲਸ ਟਰੈਵੈਲੀਅਨ ਨੇ ਰਿਪੋਰਟ ਕੀਤੀ ਸੀ । “ਅਸਾਂ (ਹਿੰਦੀ) ਸਨਅਤਕਾਰਾਂ ਨੂੰ ਹੂੰਝ ਸੁੱਟਿਆ ਹੈ। ਹੁਣ ਉਹ ਜ਼ਮੀਨੀ ਪੈਦਾਵਾਰ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਰੱਖਦੇ ।”
ਕਾਰਲ ਮਾਰਕਸ ਨੇ 22 ਜੁਲਾਈ 1853 ਦੇ ਨਿਊਯਾਰਕ ਦੇ ਰੋਜ਼ਾਨਾ “ਟਰਿਬਿਊਨ”ਵਿਚ ‘ਹਿੰਦੁਸਤਾਨ ਬਾਰੇ ਛਾਪੀਆਂ ਚਿੱਠੀਆਂ’ ਵਿਚ ਲਿਖਿਆ ਸੀ:
“(ਹਿੰਦੁਸਤਾਨ ਵਿਚ) ਅੰਗਰੇਜ਼ ਪਹਿਲੇ ਵਿਜਈ ਸਨ, ਜੋ ਹਿੰਦੀ ਸੱਭਿਅਤਾ ਤੋਂ ਕਿਤੇ ਉਚੇਤੇ ਸਨ, ਜਿਸ ਲਈ ਉਹ ਅਜਿਤ ਸਨ । ਉਹਨਾਂ ਨੇ ਪਿੰਡਾਂ ਦੇ ਭਾਈਚਾਰੇ ‘ਤੇ ਦੇਸੀ ਸਨਅਤ ਦਾ ਬੂਟਾ ਪੁੱਟ ਕੇ, ਜੋ ਉਚੇਰਾ ਤੇ ਵਡੇਰਾ ਸੀ, ਉਸਨੂੰ ਪੱਧਰਾ ਕਰਕੇ ਹਿੰਦੀ ਸਭਿਅਤਾ ਦਾ ਨਾਸ਼ ਕਰ ਦਿੱਤਾ। ਉਹਨਾਂ ਦਾ ਹਿੰਦ ਉਤੇ ਰਾਜ ਕਰਨ ਦਾ ਇਤਿਹਾਸ ਤਬਾਹੀ ਤੇ ਬਰਬਾਦੀ ਤੋਂ ਸਿਵਾ ਹੋਰ ਕੁਝ ਨਹੀਂ ਦਿਸਦਾ। ਤਬਾਹੀ ਦੇ ਢੇਰਾਂ ਹੇਠੋਂ ਨਵੀਂ ਉਸਾਰੀ ਦਾ ਕੰਮ ਮੁਸ਼ਕਲ ਹੀ ਕਿਤੇ ਨਜ਼ਰ ਆਉਂਦਾ ਹੈ।”
ਦਿਨ ਦਿਹਾੜੇ ਅੰਗਰੇਜ਼ ਵਲੋਂ ਹਿੰਦੀਆਂ ਦੀ ਲੁੱਟ ਖਸੁੱਟ ਜਾਰੀ ਸੀ, ਉਹਨਾਂ ਦੀ ਹੱਕ ਹਲਾਲ ਦੀ ਕਮਾਈ ਇੰਗਲੈਂਡ ਜਾ ਰਹੀ ਸੀ ਅਤੇ ਉਸਦਾ ਫਲ ਨਾ ਦੇ ਬਰਾਬਰ ਹਿੰਦੋਸਤਾਨੀਆਂ ਨੂੰ ਮਿਲ ਰਿਹਾ ਸੀ, ਮਿਸਾਲ ਵਜੋਂ ਜਿਥੇ 1813 ਵਿਚ 90 ਲੱਖ ਪੌਂਡ ਕਪਾਹ ਬਰਤਾਨੀਆ ਲਿਜਾਈ ਗਈ, ਉਥੇ 1844 ਵਿਚ 880 ਲੱਖ ਪੌਂਡ ਤੇ 1914 ਵਿਚ ਮੰਗ ਅਨੁਸਾਰ 9630 ਲੱਖ ਪੌਂਡ ਭੇਜੀ ਗਈ, ਇਸੇ ਤਰ੍ਹਾਂ ਹੋਰ ਜਿਨਸ ਅੰਗਰੇਜ਼ ਵਲੋਂ ਇੰਗਲੈਂਡ ਭੇਜੀ ਜਾਂਦੀ ਰਹੀ ਅਤੇ ਉਥੋਂ ਫਿਰ ਮਾਲ ਤਿਆਰ ਕਰਕੇ ਹਿੰਦੋਤਸਾਨ ਵੇਚਿਆ ਜਾਂਦਾ ਸੀ। ਇਸ ਪ੍ਰਕਾਰ ਹਿੰਦੋਸਤਾਨ ਵਪਾਰ ਦੀ ਮੰਡੀ ਬਣ ਗਿਆ ਸੀ।
ਇਹੋ ਹਾਲ ਪੰਜਾਬੀਆਂ ਦਾ ਵੀ ਹੋਇਆ, ਪੰਜਾਬੀ ਵੀ ਹੁਣ ਅੰਗਰੇਜ਼ ਦੀ ਦਇਆ ‘ਤੇ ਜੀਅ ਰਹੇ ਸਨ। ਅੰਗਰੇਜ਼ ਦੇ ਚਾਪਲੂਸਾਂ ਤੇ ਜੀ ਹਜ਼ੂਰੀਆਂ ਦੀ ਚਾਂਦੀ ਸੀ। ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਦੇ ਅਖਾਣ ਅਨੁਸਾਰ ਜਿੰਨਾ ਚਿਰ ਉਪਜੀਵਕਾ ਦਾ ਕੋਈ ਸਾਧਨ ਨਾ ਹੋਵੇ, ਇਨਸਾਨ ਨੂੰ ਕੋਈ ਗੱਲ ਚੰਗੀ ਨਹੀਂ ਲਗਦੀ। ਉਨੀਵੀਂ ਸਦੀ ਦੇ ਅਖੀਰ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਵਿਹਲੇ ਹੋਏ ਹਿੰਦੋਸਤਾਨੀਆ ਖਾਸ ਕਰਕੇ ਪੰਜਾਬੀਆਂ ਰੋਟੀ ਰੋਜ਼ੀ ਦੀ ਖਾਤਰ ਜਾਣਾ ਸ਼ੁਰੂ ਕਰ ਦਿੱਤਾ। 1903 ਤੋਂ 1907 ਈਸਵੀ ਤਕ ਅਨੇਕ ਹਿੰਦੋਸਤਾਨੀ ਉਧਰ ਪਹੁੰਚ ਗਏ ਜੋ ਪਹਿਲੋਂ ਪਹਿਲ ਵਿਦਿਆਰਥੀਆਂ ਤੇ ਮਜ਼ਦੂਰਾਂ ਦੀ ਸ਼ਕਲ ਵਿਚ ਗਏ ਸਨ । ਕੈਨੇਡਾ ਦੀ ਬੇਆਬਾਦ ਧਰਤੀ ਨੂੰ ਆਬਾਦ ਕੀਤਾ ਜਾਣ ਲੱਗਾ, ਆਵਾਜਾਈ ਲਈ ਸੜਕਾਂ ਦੀ ਤਿਆਰੀ ਕੀਤੀ ਜਾਣ ਲੱਗੀ । ਸੜਕਾਂ ਰਾਹੀਂ ਪੂਰਬ ਨੂੰ ਪੱਛਮ ਨਾਲ ਜੋੜਿਆ ਜਾ ਰਿਹਾ ਸੀ । ਸੰਘਣੇ ਜੰਗਲਾਂ ਦੀ ਕਟਾਈ ਅਤੇ ਚੀਰਾਈ ਦਾ ਕੰਮ ਭਾਰਤੀ ਮਜ਼ਦੂਰ ਕਰਿਆ ਕਰਦੇ ਸਨ, ਜਿਸ ਕਾਰਨ ਉਹਨਾਂ ਮਿਹਨਤਾਨਾ ਚੰਗਾ ਮਿਲ ਜਾਇਆ ਕਰਦਾ ਸੀ।
ਹੁਣ ਹਿੰਦੋਸਤਾਨੀਆਂ ਨੇ ਹੋਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ, ਉਹਨਾਂ ਨੇ ਰੁਪਏ ਇਕੱਠੇ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ, ਨਿੱਤ ਦੀਆਂ ਵਰਤੋਂ ਵਾਲੀਆਂ ਵਸਤਾਂ ਦੇ ਸਟੋਰ ਖੋਲ ਲਏ, ਪ੍ਰਾਪਰਟੀ ਡੀਲਰ ਦੇ ਕੰਮ ਅਪਣਾ ਲਏ । ਭਾਈਚਾਰਕ ਸਾਂਝ ਵਧਾਉਣ ਲਈ ਵੈਨਕੂਵਰ ਵਿਚ ਬਿਲਡਿੰਗ ਖਰੀਦ ਕੇ ਗੁਰਦੁਆਰਾ ਬਣਾ ਲਿਆ ਅਤੇ “ਖਾਲਸਾ ਦੀਵਾਨ ਸੁਸਾਇਟੀ” ਹੋਂਦ ਵਿਚ ਆ ਗਈ। ਹੁਣ ਪੰਜਾਬੀ ਉਥੇ ਗੁਰਪੁਰਬ ਮਨਾਉਣ ਲੱਗੇ ਅਤੇ ਦੀਵਾਨ ਲਗਾ ਕੇ ਭਾਈਚਾਰਕ ਮਸਲੇ ਵਿਚਾਰਨ ਲੱਗੇ । ਉਥੇ ਆਬਾਦ ਹੋ ਚੁੱਕੇ ਹਿੰਦੋਸਤਾਨੀਆਂ ਨੇ ਹਿੰਦੋਸਤਾਨ ਵਿਚੋਂ ਆਪਣੇ ਪਰਿਵਾਰ ਵੀ ਕੈਨੇਡਾ ਮੰਗਵਾਉਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਹੁਣ ਤਕ ਅਨੇਕਾਂ ਹਿੰਦੋਸਤਾਨੀ, ਕੈਨੇਡਾ, ਅਮਰੀਕਾ ਪਹੁੰਚ ਚੁੱਕੇ ਸਨ, ਜਿਨ੍ਹਾਂ ਨੂੰ ਉਥੋਂ ਦੇ ਗੋਰੇ ਲੋਕ ਘਿਰਣਾ ਕਰਦੇ ਸਨ, ਉਹਨਾਂ ਨੂੰ ਕਾਲੇ ਪੀਲੇ ਲੋਕ ਕਹਿੰਦੇ ਸਨ। ਗੋਰੇ ਲੋਕਾਂ ਅੰਗਰੇਜ਼ਾਂ ਤੋਂ ਘੱਟ ਉਜ਼ਰਤ ਉਤੇ ਹਿੰਦੋਸਤਾਨੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਸਨ, ਇਸ ਲਈ ਅੰਗਰੇਜ਼, ਹਿੰਦੋਸਤਾਨੀਆਂ ਨਾਲ ਘਿਰਣਾ ਕਰਦੇ ਸਨ ਅਤੇ ਹੌਲੀ ਹੌਲੀ ਉਹਨਾਂ ਹਿੰਦੋਸਤਾਨੀਆਂ ਉਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਵਾਪਸ ਹਿੰਦੋਸਤਾਨ ਚਲੇ ਜਾਣ । ਉਥੋਂ ਦੇ ਸਰਕਾਰ ਅਤੇ ਕਾਨੂੰਨ ਐਸੇ ਬਣਾ ਦਿੱਤੇ ਜੋ ਹਿੰਦੋਸਤਾਨੀਆਂ ਦੇ ਸਫ਼ਰ ਵਿਚ ਅੜਚਣ ਬਣ ਗਏ।
ਕਾਮਾਗਾਟਾਮਾਰੂ ਜਹਾਜ਼ ਦਾ ਕੈਨੇਡਾ ਵੱਲ ਜਾਣਾ:-
ਬੇਰੁਜ਼ਗਾਰ ਪੰਜਾਬੀ ਅਤੇ ਹਿੰਦੋਸਤਾਨੀ ਲੋਕ ਆਪਣੀਆਂ ਜ਼ਮੀਨਾਂ, ਜਾਇਦਾਦ ਵੇਚ ਕੇ ਹਾਂਗਕਾਂਗ, ਸ਼ੰਘਾਈ, ਪੀਨਾਂਗ, ਚੀਨ ਅਤੇ ਮਲਾਇਆ ਵਿਚ ਬੈਠੇ ਉਡੀਕ ਰਹੇ ਸਨ ਕਿ ਕਦੋਂ ਉਹਨਾਂ ਨੂੰ ਕੈਨੇਡਾ ਦੀ ਟਿਕਟ ਮਿਲੇ ਅਤੇ ਉਹ ਕੈਨੇਡਾ ਪਹੁੰਚ ਕੇ ਹੱਡ ਭੰਨਵੀਂ ਮਿਹਨਤ ਕਰਕੇ ਰੱਜਵੀਂ ਰੋਟੀ ਖਾਣ ਅਤੇ ਆਪਣੇ ਸਕੇ ਸਬੰਧੀਆਂ ਨੂੰ ਵੀ ਕੈਨੇਡਾ ਬੁਲਾ ਸਕਣ । ਹੁਣ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਹਿੰਦੋਸਤਾਨੀਆਂ ਦੇ ਖਿਲਾਫ ਹੋ ਚੁੱਕੀ ਸੀ ਅਤੇ ਸਰਕਾਰ ਨੇ 920 ਨੰਬਰ ਦੇ ਹੁਕਮ ਹੇਠ ਉਹਨਾਂ ਦਾ ਕੈਨੇਡਾ ਆਉਣਾ ਅਸੰਭਵ ਬਣਾ ਦਿੱਤਾ । ਉਸ ਹੁਕਮ ਅਨੁਸਾਰ ਹਿੰਦੋਸਤਾਨ ਤੋਂ ਸਿੱਧਾ ਸਫ਼ਰ ਕਰਕੇ ਲੋਕ ਕੈਨੇਡਾ ਆ ਸਕਦੇ ਹਨ, ਹੋਰ ਕਿਸੇ ਦੇਸ਼ ਵਿਚੋਂ ਨਹੀਂ ਆ ਸਕਦੇ। ਹਿੰਦੋਸਤਾਨ ਤੋਂ ਆਉਣ ਦੀ ਜਹਾਜ਼ ਦੀ ਵਿਵਸਥਾ ਨਹੀਂ ਸੀ ਅਤੇ ਕਲਕੱਤੇ ਵਿਚ ਟਿਕਟਾਂ ਵੇਚਣ ਵਾਲੀਆਂ ਕੰਪਨੀਆਂ ਨੂੰ ਕੈਨੇਡਾ ਸਰਕਾਰ ਅਤੇ ਹਿੰਦੋਸਤਾਨ ਦੀ ਅੰਗਰੇਜ਼ੀ ਸਰਕਾਰ ਟਿਕਟਾਂ ਵੇਚਣ ਤੋਂ ਮਨਾਂ ਕਰ ਰਹੀ ਸੀ ਅਤੇ ਏਜੰਟਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ।
ਉਸ ਮੁਸ਼ਕਲ ਦੀ ਘੜੀ ਵਿਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜੋ ਮਲਾਇਆ ਵਿਚ ਠੇਕੇਦਾਰੀ ਕਰਦੇ ਸਨ, ਅੱਗੇ ਆਏ। ਉਹਨਾਂ ਨੇ ਕਾਮਾਗਾਟਾਮਾਰੂ ਨਾਮਕ ਜਹਾਜ਼ ਛੇ ਮਹੀਨੇ ਦੇ ਪਟੇ ‘ਤੇ ਲਿਆ, ਜਿਸ ਦੀ ਖਬਰ ‘ਯੂਨਾਈਟਿਡ ਇੰਡੀਆ ਲੀਗ’ ਦੇ ਸਕੱਤਰ ਮਿਸਟਰ ਹਸਨ ਰਹੀਮ ਵਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਮਹੀਨਾਵਾਰ ਅਖਬਾਰ ‘ਹਿੰਦੋਸਤਾਨ’ ਦੇ ਪਹਿਲੀ ਮਈ 1914 ਦੇ ਅੰਕ ਵਿਚ ਛਪੀ ਸੀ:-
” ਕਿਹਾ ਜਾਂਦਾ ਹੈ ਕਿ ਇਹ ਜਹਾਜ਼ ਕੈਨੇਡਾ ਦੇ ਉਹਨਾਂ ਵਸਨੀਕ ਹਿੰਦੀਆਂ ਵਲੋਂ ਰਲ ਕੇ ਭਾਈ ਗੁਰਦਿੱਤ ਸਿੰਘ ਦੇ ਪ੍ਰਬੰਧ ਹੇਠ ਪਟੇ ‘ਤੇ ਲਿਆ ਗਿਆ ਹੈ, ਜਿਹਨਾਂ ਨੂੰ ਕੈਨੇਡਾ ਦੇ ਘਾਟਾਂ ਦੇ ਮਹਿਕਮੇ ਦੇ ਕਹੇ ਜਹਾਜ਼ੀ ਕੰਪਨੀਆਂ ਨੇ ਕੈਨੇਡਾ ਆਉਣ ਦੀਆਂ ਟਿਕਟਾਂ ਵੇਚਣ ਤੋਂ ਨਾਂਹ ਕੀਤੀ ਸੀ”
28 ਮਾਰਚ 1914 ਨੂੰ ਜਾਪਾਨ ਦੀ ਇਕ ਛੋਟੀ ਜਿਹੀ ਕੰਪਨੀ ‘ਸ਼ੀਨੇਈਕਿਸ਼ੇਨ ਗੋਸ਼ੀ ਕਾਈਸ਼ਾ’ ਪਾਸੋਂ ਇਕ ਭਾਰ ਢੋਣ ਵਾਲਾ ਜਹਾਜ਼ ਕਾਮਾਗਾਟਾਮਾਰੂ ਛੇ ਮਹੀਨੇ ਲਈ ਹਾਂਗਕਾਂਗ ਦੇ 11000 ਡਾਲਰ ਮਹੀਨਾ ਦੇਣ ਕਰਕੇ ਭਾੜੇ ‘ਤੇ ਲੈ ਲਿਆ । ਹਾਂਗਕਾਂਗ ਵਿਚ ਲਗਭਗ 250 ਮੁਸਾਫ਼ਰ ਕੈਨੇਡਾ ਅਤੇ ਅਮਰੀਕਾ ਜਾਣ ਲਈ ਬੈਠੇ ਹੋਏ ਸਨ ਪ੍ਰੰਤੂ ਉਥੋਂ ਦੀ ਸਰਕਾਰ ਨੂੰ ਜਹਾਜ਼ ਬਾਰੇ ਪਤਾ ਲੱਗਾ ਤਾਂ ਸਰਕਾਰ ਨੇ ਅਫਵਾਹ ਫੈਲਾ ਦਿੱਤੀ ਕਿ ਕੈਨੇਡਾ ਸਰਕਾਰ ਮੁਸਾਫਰ ਸਮੁੰਦਰੀ ਤੱਟ ਉਤੇ ਉਤਰਨ ਨਹੀਂ ਦੇਵੇਗੀ। ਇਹ ਸੁਣ ਕੇ ਮੁਸਾਫਰ ਡਰ ਗਏ ਅਤੇ ਸਿਰਫ 165 ਮੁਸਾਫਰ ਹੀ ਜਾਣ ਲਈ ਤਿਆਰ ਹੋਏ। 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ 165 ਮੁਸਾਫਰ ਲੈ ਕੇ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਵਲ ਚਲਿਆ ਅਤੇ 8 ਅਪ੍ਰੈਲ ਨੂੰ ਸ਼ੰਘਾਈ ਪਹੁੰਚ ਕੇ 111 ਮੁਸਾਫਰ ਲਏ। 14 ਅਪ੍ਰੈਲ ਨੂੰ ਚਲ ਕੇ 19 ਅਪ੍ਰੈਲ ਨੂੰ ਜਾਪਾਨ ਦੇ ਫ਼ੌਜੀ ਘਾਟ ਉਤੇ ਜਹਾਜ਼ ਜਾ ਲੱਗਿਆ, ਉਥੋਂ 86 ਮੁਸਾਫਰ ਹੋਰ ਜਹਾਜ਼ ਵਿਚ ਚੜੇ ਜੋ ਮਨੀਲਾ ਤੋਂ ਆਏ ਸਨ । ਅੱਗੇ ਫਿਰ ਸਮੁੰਦਰੀ ਮੁਸੀਬਤਾਂ ਦਾ ਸਾਹਮਣਾ ਕਰਦਾ ਹੋਇਆ। ਜਹਾਜ਼ 28 ਅਪ੍ਰੈਲ ਨੂੰ ਯੋਕੋਹਾਮਾ ਪਹੁੰਚਿਆ, ਉਥੋਂ 14 ਮੁਸਾਫਰ ਹੋਰ ਜਹਾਜ਼ ਵਿਚ ਸਵਾਰ ਹੋ ਗਏ। ਹੁਣ ਜਹਾਜ਼ ਵਿਚ ਕੁੱਲ 376 ਮੁਸਾਫਰ ਹੋ ਗਏ ਸਨ। ਉਥੋਂ ਜਹਾਜ਼ 2 ਮਈ ਨੂੰ ਯੋਕੋਹਾਮਾ ਤੋਂ ਚਲ ਕੇ 21 ਮਈ ਨੂੰ ਕੈਨੇਡਾ ਵਿਕਟੋਰੀਆ ਦੀ ਕੁਰਾਟੀਨ ਵਿਚ ਆ ਕੇ 23 ਮਈ ਨੂੰ ਵੈਨਕੂਵਰ ਪਹੁੰਚ ਗਿਆ।
ਭਾਵੇਂ ਜਹਾਜ਼ ਵੈਨਕੂਵਰ ਪਹੁੰਚ ਗਿਆ ਸੀ ਪਰ ਕੈਨੇਡਾ ਸਰਕਾਰ ਨੇ ਉਸਨੂੰ ਕੰਢੇ ‘ਤੇ ਨਾ ਲੱਗਣ ਦਿੱਤਾ, ਸਗੋਂ ਦੂਰ ਪਾਣੀਆਂ ਵਿਚ ਸਰਕਾਰ ਦੀਆਂ ਛੋਟੀਆਂ ਬੇੜੀਆਂ ਨੇ ਕਾਮਾਗਾਟਾਮਾਰੂ ਜਹਾਜ਼ ਨੂੰ ਘੇਰ ਲਿਆ। ਮੁਸਾਫਰਾਂ ਦੀ ਬਦਕਿਸਮਤ, ਬਾਬਾ ਗੁਰਦਿੱਤ ਸਿੰਘ ਤੋਂ ਮੁਸਾਫਰਾਂ ਦੀ ਤੰਦਰੁਸਤੀ ਦੇ ਸਰਟੀਫਿਕੇਟ ਕਿਧਰੇ ਗੁੰਮ ਹੋ ਗਏ, ਜਿਸ ‘ਤੇ ਕੈਨੇਡਾ ਸਰਕਾਰ ਨੂੰ ਮੁਸਾਫਰਾਂ ਨੂੰ ਰੋਕਣ ਦਾ ਹੋਰ ਬਹਾਨਾ ਮਿਲ ਗਿਆ। ਸਰਕਾਰ ਆਪਣੀ ਜ਼ਿਦ ਉਤੇ ਅੜੀ ਹੋਈ ਸੀ, ਮੁਸਾਫਰਾਂ ਨੂੰ ਕਿਸੇ ਵੀ ਹਾਲਤ ਵਿਚ ਉਤਰਨ ਦੀ ਆਗਿਆ ਨਹੀਂ ਸੀ ਦੇ ਰਹੀ।
ਜਹਾਜ਼ ਵਿਚ ਸਵਾਰ ਮੁਸਾਫਰਾਂ ਦੀ ਪ੍ਰੇਸ਼ਾਨੀ ਵਧ ਰਹੀ ਸੀ, ਰਾਸ਼ਨ ਖਤਮ ਹੋ ਰਿਹਾ ਸੀ। ਕੈਨੇਡਾ ਸਰਕਾਰ ਨਾਲ ਗੱਲਬਾਤ ਤੋਂ ਤੰਗ ਆ ਕੇ 7 ਜੂਨ ਨੂੰ ਬਾਬਾ ਗੁਰਦਿੱਤ ਸਿਘ ਨੇ ਸ਼ਹਿਨਸ਼ਾਹ ਬਰਤਾਨੀਆ ਨੂੰ ਤਾਰ ਦਿੱਤੀ-
“ਮੁਸਾਫਰਾਂ ਦਾ ਰਾਸ਼ਨ ਪਾਣੀ ਖਤਮ ਹੈ। ਕੈਨੇਡਾ ਸਰਕਾਰ ਰਾਸ਼ਨ ਪਾਣੀ ਲੈਣ ਨਹੀਂ ਦਿੰਦੀ, ਵਕੀਲ ਨਹੀਂ ਕਰਨ ਦਿੰਦੀ ਤੇ ਮਾਲ ਅਸਬਾਬ ਲਾਹੁਣ ਤੇ ਚੜ੍ਹਾਉਣ ਦੀ ਆਗਿਆ ਨਹੀਂ ਦਿੰਦੀ।”
ਕੈਨੇਡਾ ਸਰਕਾਰ ਦਾ ਰਵੱਈਆ ਬਹੁਤ ਸਖ਼ਤ ਹੋ ਗਿਆ ਸੀ, ਹੁਣ ਜਹਾਜ਼ ਦੀ ਤੀਜੀ ਕਿਸ਼ਤ 22000 ਡਾਲਰ ਦੇਣ ਦਾ ਸਮਾ ਵੀ ਆ ਗਿਆ ਸੀ । ਪ੍ਰੰਤੂ ਬਾਬਾ ਗੁਰਦਿੱਤ ਸਿੰਘ ਕੋਲ ਕਿਸ਼ਤ ਦੀ ਰਕਮ ਨਹੀਂ ਸੀ, ਕਿਉਂਕਿ ਕੋਈ ਮਾਲ ਅਸਬਾਬ ਵਿਚ ਜਹਾਜ਼ ਵਿਚੋਂ ਲਾਹਿਆ ਜਾਂ ਚਾੜਿ ਆ ਨਹੀਂ ਜਾ ਰਿਹਾ ਸੀ ਜਿਸ ਤੋਂ ਕੋਈ ਆਮਦਨ ਹੁੰਦੀ। ਅਖੀਰ ਕੈਨੇਡਾ ਦੇ ਹਿੰਦੀਆਂ ਨੇ ਸਲਾਹ ਕਰਕੇ ਜਹਾਜ਼ ਦਾ ਪਟਾ ਆਪਣੇ ਨਾਮ ਕਰਨ ਦਾ ਉਪਰਾਲਾ। ਕੀਤਾ। ਐਤਵਾਰ 31 ਮਈ 1914 ਨੂੰ ਗੁਰਦੁਆਰੇ ਵਿਚ ਖਾਲਸਾ ਦੀਵਾਨ ਸੋਸਾਇਟੀ ਤੇ ਯੂਨਾਇਟਿਡ ਇੰਡੀਆ ਲੀਗ ਦੀ ਸਾਂਝੀ ਬੈਠਕ ਹੋਈ ਜਿਸ ਵਿਚ 700 ਹਿੰਦੀਆਂ ਦੀ ਮੀਟਿੰਗ ਹੋਈ ਅਤੇ ਭਾਈ ਬਲਵੰਤ ਸਿੰਘ ਤੇ ਸ੍ਰੀ ਹਸਨ ਰਹੀਮ ਨੂੰ ਉਸ ਇਕੱਤਰਤਾ ਨੇ ਹੱਕ ਦਿੱਤੇ ਕਿ ਉਹ ਕਾਮਾਗਾਟਾਮਾਰੂ ਜਹਾਜ਼ ਦਾ ਪਟਾ ਆਪਣੇ ਨਾਮ ਕਰਵਾ ਲੈਣ। ਇਸ ਪ੍ਰਕਾਰ ਜਹਾਜ਼ ਦੀ 22000 ਦੀ ਕਿਸ਼ਤ ਦੀ ਰਕਮ ਜੋ ਉਸ ਇਕੱਤਰਤਾ ਨਾਲ ਮਾਇਆ ਉਗਰਾਹੀਂ। ਗਈ ਸੀ, ਤਾਰ ਦਿੱਤੀ ਗਈ।
ਹੁਣ ਜਹਾਜ਼ ਦੀ ਦੇਖ ਰੇਖ ਅਤੇ ਹੋਰ ਸਾਰਾ ਕਾਰਜ ਕਰਨ ਲਈ ਭਾਈ ਬਲਵੰਤ ਸਿੰਘ ਅਤੇ ਸ੍ਰੀ ਹਸਨ ਰਹੀਮ ਦੇ ਨਾਲ ਇਕ ਸਹਾਇਕ ਕਮੇਟੀ ਬਣਾਈ ਗਈ। ਨਵੇਂ ਪਟੇਦਾਰਾਂ ਨੇ 6 ਜੁਲਾਈ 1914 ਨੂੰ ਜਹਾਜ਼ ਉਤੇ ਮਾਲ ਚੜਾਉਣ ਅਤੇ ਲਾਹੁਣ ਦੀ ਸਰਕਾਰ ਤੋਂ ਆਗਿਆ ਮੰਗੀ, ਪ੍ਰੰਤੂ ਸਰਕਾਰ ਟੱਸ ਤੋਂ ਮੱਸ ਨਾ ਹੋਈ। ਕੁਝ ਦਿਨ ਇਹ ਕਸ਼ਮਕਸ਼ ਚਲਦੀ ਰਹੀ, ਮੁਸਾਫਰ ਜਹਾਜ਼ ਵਿਚੋਂ ਉਤਰ ਕੇ ਬਾਹਰ ਜਾਣਾ ਚਾਹੁੰਦੇ ਸਨ ਪਰ ਕੈਨੇਡਾ ਸਰਕਾਰ ਐਸਾ ਕਰਨ ਦੀ ਆਗਿਆ ਨਹੀਂ ਸੀ ਦੇ ਰਹੀ। ਅਖੀਰ ਸਰਕਾਰ ਨੇ 16 ਜੁਲਾਈ 1914 ਨੂੰ ਕਿਹਾ ਕਿ ਉਹ ਜਹਾਜ਼ ਦਾ ਵਾਪਸੀ ਲਈ ਰਾਸ਼ਨ ਅਤੇ ਕੋਲਾ ਆਦਿ ਦੇ ਦੇਵੇਗੀ। ਜਹਾਜ਼ ਵਾਪਸ ਹਾਂਗਕਾਂਗ ਚਲਿਆ ਜਾਵੇ।
ਪੁਲਸ ਨਾਲ ਲੜਾਈ :
ਜਹਾਜ਼ ਵਿਚ ਸਵਾਰ ਮੁਸਾਫਰ ਜੋ ਆਪਣੀਆਂ ਜਾਇਦਾਦਾਂ ਅਤੇ ਜ਼ਮੀਨ ਗਹਿਣੇ ਰੱਖ ਕੇ ਰੋਟੀ ਰੋਜ਼ੀ ਦੀ ਖਾਤਰ ਕੈਨੇਡਾ, ਅਮਰੀਕਾ ਵਲ ਆਏ ਸਨ ਉਹ ਖਾਲੀ ਹੱਥ ਵਾਪਸ ਨਹੀਂ ਸੀ ਜਾਣਾ ਚਾਹੁੰਦੇ। 16 ਜੁਲਾਈ 1914 ਈਸਵੀ ਨੂੰ ਸਰਕਾਰ ਨੇ ਹੁਕਮ ਦਿੱਤਾ ਕਿ ਸਰਕਾਰ ਜਹਾਜ਼ ਵਿਚ ਲੋੜੀਂਦਾ ਰਾਸ਼ਨ ਤੇ ਕੋਲਾ ਆਦਿਕ ਦੇ ਦੇਵੇਗੀ ਅਤੇ ਜਹਾਜ਼ ਦੇ ਕਪਤਾਨ ਨੂੰ ਆਖ ਦਿੱਤਾ ਕਿ ਜਹਾਜ਼ ਨੂੰ ਕੋਲਾ ਪਾ ਕੇ ਗਰਮ ਰੱਖੇ ਅਤੇ ਸਵੇਰ ਤਕ ਕੈਨੇਡਾ ਦੇ ਪਾਣੀਆਂ ਤੋਂ ਜਹਾਜ਼ ਨੂੰ ਤਿੰਨ ਮੀਲ ਦੂਰ ਲੈ ਜਾਵੇ । ਮੁਸਾਫਰਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਉਹਨਾਂ ਨੇ ਜਹਾਜ਼ ਦੇ ਇੰਜਣ ਵਿਚ ਕੋਇਲਾ ਨਾ ਪਾਉਣ ਦਿੱਤਾ ਅਤੇ ਜਹਾਜ਼ ਉਪਰ ਪਹਿਰੇ ਲਗਾ ਦਿੱਤੇ ਅਤੇ ਆਖ ਦਿੱਤਾ ਕਿ ਜਿੰਨਾ ਚਿਰ ਨਵੇਂ ਪਟੇਦਾਰ ਹੁਕਮ ਨਾ ਕਰਨ ਜਹਾਜ਼ ਬਾਹਰ ਨਹੀਂ ਜਾਵੇਗਾ।
ਮੁਸਾਫਰਾਂ ਦੀ ਦਲੇਰੀ ਦੇਖ ਕੇ ਕੈਨੇਡਾ ਸਰਕਾਰ ਗੁੱਸੇ ਵਿਚ, ਹਰਕਤ ਵਿਚ ਆ ਗਈ। ਵੈਨਕੂਵਰ, ਉਟਾਵਾ, ਲੰਡਨ ਅਤੇ ਦਿੱਲੀ ਵਿਚ ਤਾਰਾਂ ਖੜਕ ਗਈਆਂ। ਉਧਰ ਜਹਾਜ਼ ਵਿਚ ਮੁਸਾਫਰਾਂ ਨੇ ਜਹਾਜ਼ ਦਾ ਮੋਟਾ ਕੋਲਾ, ਟੁੱਟੀਆਂ ਬੋਤਲਾਂ ਅਤੇ ਲੋਹੇ ਦੀਆਂ ਸੀਖਾਂ ਆਦਿਕ ਲੋੜ ਪੈਣ ‘ਤੇ ਕੰਮ ਆਉਣ ਲਈ ਜਹਾਜ਼ ਦੀ ਛੱਤ ‘ਤੇ ਇਕੱਤਰ ਕਰ ਲਈਆਂ। ਜਹਾਜ਼ ਵਿਚ ਮੁਸਾਫ਼ਰ ਮਰਨ ਮਾਰਨ ‘ਤੇ ਆ ਗਏ ਅਤੇ ਗੁੱਸੇ ਵਿਚ ਫੁੰਕਾਰੇ ਮਾਰੇ ਰਹੇ ਸਨ। ਉਧਰ ਸਮੁੰਦਰੀ ਤੱਟ ‘ਤੇ ਹਿੰਦੋਸਤਾਨੀ ਜਹਾਜ਼ ਦੀ ਹਮਾਇਤ ਵਿਚ ਆਉਂਦੇ ਸਨ ਅਤੇ ਗੁਰਦੁਆਰਿਆਂ ਆਦਿਕ ਜਗ੍ਹਾ ‘ਤੇ ਮੀਟਿੰਗਾਂ ਕਰਦੇ ਸਨ ਤਾਂ ਕਿ ਕੋਈ ਯੋਗ ਹੱਲ ਨਿਕਲ ਆਏ।
17 ਜੁਲਾਈ ਨੂੰ ਸਰਕਾਰ ਦੇ ਹੁਕਮ ਅਨੁਸਾਰ ਜਹਾਜ਼ ਤੁਰਨਾ ਸੀ ਪ੍ਰੰਤੂ ਨਹੀਂ ਤੁਰਿਆ, ਫਿਰ 18 ਜੁਲਾਈ ਵੀ ਨਾ ਤੁਰਿਆ। 19 ਜੁਲਾਈ ਨੂੰ ਤੜਕ ਸਾਰ ਸਰਕਾਰ ਨੇ 250 ਪੁਲਸ ਦੇ ਬੰਦੇ ਅਤੇ ਮਲੀਸ਼ੀਆਂ ਨੂੰ ਰਾਇਫਲਾਂ ਨਾਲ ਲੈੱਸ ਕਰਕੇ ਇਕ ਵੱਡਾ ਸਾਰਾ ਜਹਾਜ਼ ‘ਸੀ- ਲਾਈਨ’ ਕਾਮਾਗਾਟਾਮਾਰੂ ਵਲ ਭੇਜਿਆ ਤਾਂ ਕਿ ਉਹ ਰੱਸੇ ਪਾ ਕੇ ਕਾਮਾਗਾਟਾਮਾਰੂ ਨੂੰ ਖਿੱਚ ਕੇ ਕੈਨੇਡਾ ਦੇ ਪਾਣੀਆਂ ਤੋਂ ਦੂਰ ਲੈ ਜਾਵੇ । ਜਦੋਂ ‘ਸੀ-ਲਾਈਨ’ ਜਹਾਜ਼ ਤੋਂ ਪੁਲਸੀਆਂ ਨੇ ਰੱਸਿਆਂ ਦੀ ਕਰਿੰਗੜੀ ਪਾਈ ਤਾਂ ਮੁਸਾਫਰ ਇਕ ਦਮ ਹੱਲਾ ਕਰਕੇ ਪੁਲਸੀਆਂ ਨੂੰ ਪੈ ਗਏ । ਕਾਮਾਗਾਟਾਮਾਰੂ ਜਹਾਜ਼ ਉੱਚਾ ਸੀ ਜਦੋਂ ਕਿ ‘ਸੀ-ਲਾਈਨ’ ਜਹਾਜ਼ ਬਹੁਤ ਨੀਵਾਂ ਸੀ। ਮੁਸਾਫਰਾਂ ਨੇ ਹੱਥਾਂ ਵਿਚ ਕੁਹਾੜੀਆਂ, ਸਲਾਖਾਂ ਅਤੇ ਕੋਇਲੇ ਦੇ ਢੇਲੇ ਲੈ ਕੇ ਹਮਲਾ ਕਰ ਦਿੱਤਾ ਅਤੇ ‘ਸੀ-ਲਾਈਨ’ ਜਹਾਜ਼ ਦਾ ਰੱਸਾ ਵੱਢ ਸੁੱਟਿਆ। ਪੁਲਿਸ ਨੇ ਕੋਈ ਪੇਸ਼ ਨਾ ਜਾਂਦੀ ਵੇਖ ਕੇ ਜਹਾਜ਼ ਵਿਚੋਂ ਗਰਮ ਪਾਣੀ ਅਤੇ ਗਰਮ ਭਾਫ ਦੀ ਧਾਰ ਸੁੱਟਣੀ ਸ਼ੁਰੂ ਕਰ ਦਿੱਤੀ। ਮੁਸਾਫਰਾਂ ਨੇ ਰਣ ਮੰਡਿਆ ਹੋਇਆ ਸੀ, ਉਹ ਸਿਰ ਧੜ ਦੀ ਬਾਜ਼ੀ ਲਗਾ ਕੇ ਸਰਕਾਰ ਦਾ ਮੁਕਾਬਲਾ ਕਰ ਰਹੇ ਸਨ। ਉਸ’ਸੀ-ਲਾਈਨ’ ਜਹਾਜ਼ ਦਾ ਬਹੁਤ ਨੁਕਸਾਨ ਹੋਇਆ। ਉਸਦੇ ਬੂਹੇ ਬਾਰੀਆਂ ਭੱਜ ਗਏ ਅਤੇ ਲਗਭਗ 20 ਪੁਲਸੀਏ ਵੀ ਜ਼ਖਮੀ ਹੋ ਗਏ। ਇਸ ਤਰ੍ਹਾਂ ਮੁਸਾਫਰਾਂ ਦੀ ਜਿੱਤ ਹੋਈ। ਇਸ ਬਾਰੇ ਬਾਬਾ ਗੁਰਦਿੱਤ ਸਿੰਘ ਜੀ ‘ਕਾਮਾਗਾਟਾਮਾਰੂ ਦੀ ਯਾਤਰਾ’ ਨਾਮੀਂ ਆਪਣੀ ਕਿਤਾਬ ਦੇ ਸਫ਼ਾ 105 ‘ਤੇ ਲਿਖਦੇ ਹਨ:-
“ਪੁਲਿਸ ਨੇ ਪਿਸਤੌਲ ਚਲਾਏ। ਸਾਡੇ ਉੱਚੇ ਹੋਣ ਕਰਕੇ ਸਾਨੂੰ ਗੋਲੀਆਂ ਨਹੀਂ ਲੱਗੀਆਂ, ਸਾਡੇ ਇਕ ਆਦਮੀ ਦੇ ਮੱਥੇ ਨਾਲ ਖਹਿ ਕੇ ਇਕ ਗੋਲੀ ਉਸਦੇ ਪਰਾ ਵਿਚੋਂ ਦੀ ਲੰਘ ਗਈ ਅਤੇ ਮੱਥੇ ਉਤੇ ਝਰੀਟ ਮਾਰ ਗਈ।”
ਬਾਬਾ ਜੀ ਇਸ ਲੜਾਈ ਦੇ ਹੱਕ ਵਿਚ ਨਹੀਂ ਸਨ ਪ੍ਰੰਤੂ ਸਰਕਾਰ ਦੇ ਵਤੀਰੇ ਤੋਂ ਮੁਸਾਫਰ ਇੰਨੇ ਔਖੇ ਹੋ ਗਏ ਸਨ ਕਿ ਉਹ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪੁਲਸ ਦੀ ਸ਼ਿਕਸਤ ਨਾਲ ਸਰਕਾਰ ਨੂੰ ਪਿੱਸੂ ਪੈ ਗਏ, ਫੇਰ ਤਾਰਾਂ ਖੜਕਣ ਲੱਗ ਪਈਆਂ। ਸਰਕਾਰ ਨੇ ‘ਰੇਨ-ਬੋ’ ਨਾਮਕ ਜੰਗੀ ਜਹਾਜ਼ ਨੂੰ ਬਦਲਾ ਲੈਣ ਲਈ ਕਾਮਾਗਾਟਾਮਾਰੂ ਦੇ ਬਰਾਬਰ ਲਿਆ ਖੜ੍ਹਾ ਕੀਤਾ ਤਾਂ ਕਿ ਕਾਮਾਗਾਟਾਮਾਰੂ ਜਹਾਜ਼ ਨੂੰ ਤਬਾਹ ਕੀਤਾ ਜਾ ਸਕੇ। ਉਧਰ ਜਹਾਜ਼ ਵਿਚ ਮੁਸਾਫਰ ਲੜ ਮਰਨ ਨੂੰ ਤਿਆਰ ਸਨ, ਦੂਜੇ ਪਾਸੇ ਸਮੁੰਦਰ ਦੇ ਕੰਢੇ ਹਿੰਦੁਸਤਾਨੀ ਵੀ ਤਰਲੋ-ਮੱਛੀ ਹੋ ਰਹੇ ਸਨ ਅਤੇ ਆਪਣੇ ਮੁਸਾਫਰ ਭਰਾਵਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕਰਨੀ ਚਾਹੁੰਦੇ ਸਨ। ਉਹਨਾਂ ਫੈਸਲਾ ਕਰ ਲਿਆ ਕਿ ਜੇਕਰ ਮੁਸਾਫਰਾਂ ਨੂੰ ਤੰਗ ਕੀਤਾ ਗਿਆ ਜਾਂ ਫਿਰ ਕਾਮਾਗਾਟਾਮਾਰੂ ਜਹਾਜ਼ ਨੂੰ ਸਰਕਾਰ ਨੇ ਨੁਕਸਾਨ ਪਹੁੰਚਾਇਆ ਤਾਂ ਸਾਰੇ ਸ਼ਹਿਰ ਨੂੰ ਅੱਗ ਲਾ ਕੇ ਤਬਾਹ ਕੀਤਾ ਜਾਵੇਗਾ । ਹੁਣ ਸਰਕਾਰ ਨੂੰ ਹੋਸ਼ ਆਈ ਅਤੇ ਸਰਕਾਰ ਨਰਮ ਪੈ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਰੈਲ ਨੂੰ 21 ਜੁਲਾਈ ਨੂੰ ਤਾਰ ਦੇ ਕੇ ਬਾਬਾ ਜੀ ਨਾਲ ਕੁਝ ਸ਼ਰਤਾਂ ਤਹਿਤ ਮਾਮਲਾ ਖਤਮ ਕਰਨ ਲਈ ਕਿਹਾ। ਸ਼ਰਤਾਂ ਮੁਤਾਬਕ 22 ਜੁਲਾਈ ਨੂੰ ਜਹਾਜ਼ ਵਿਚ ਸਰਕਾਰ ਵਲੋਂ ਹੇਠ ਲਿਖਿਆ ਰਾਸ਼ਨ ਮੁਸਾਫਰਾਂ ਲਈ ਲਇਆ ਗਿਆ:-
800 ਬੋਰੀ ਆਟਾ – 75 ਮਣ ਮੱਖਣ – 1000 ਸ਼ੀਸ਼ੀਆਂ ਸਿਰ ਦਾ ਤੇਲ
3 ਬੋਰੀ ਵੇਸਣ – 25 ਮਣ ਚੌਲ – 200 ਬੋਤਲ ਸਿਰਕਾ
70 ਮਣ ਦਾਲਾਂ – ਸਵਾ ਮਣ ਲੂਣ – 10 ਟਨ ਲੱਕੜ
75 ਮਣ ਆਲੂ – 10 ਬਕਸੇ ਸਨ – ਲਾਈਟ ਸਾਬਣ
20 ਬੋਰੀ ਗੰਢੇ – 250 ਪੇਟੀਆਂ ਦੁੱਧ ਦੇ ਡੱਬੇ – 200 ਪੌਂਡ ਰਾਬ
10 ਬੋਰੀ ਗਾਜਰਾਂ – 3 ਬੋਰੀ ਅਦਰਕ – 3 ਪੇਟੀਆਂ ਆਂਡੇ
ਸਾਢੇ 5 ਮਣ ਮਿਰਚਾਂ – ਸਾਢੇ 6 ਮਣ ਆਚਾਰ ਨਹਾਉਣ ਦਾ ਸਾਬਣ, ਮਿੱਟੀ ਦਾ ਤੇਲ
ਉਸ ਦਿਨ ਹੀ ਜਹਾਜ਼ ਦੇ ਮੁਸਾਫਰਾਂ ਨੂੰ ਦਸ-ਦਸ, ਪੰਦਰਾਂ-ਪੰਦਰਾਂ ਦੇ ਗਰੁੱਪ ਵਿਚ ਜਹਾਜ਼ ਵਿਚੋਂ ਨਿਕਲ ਕੇ ਕੰਢੇ ‘ਤੇ ਆਪਣੇ ਸੰਬੰਧੀਆਂ ਨੂੰ ਮਿਲਣ ਦੀ ਆਗਿਆ ਮਿਲ ਗਈ। ਅਗਲੇ ਦਿਨ 23 ਜੁਲਾਈ 1914 ਨੂੰ ਵੈਨਕੂਵਰ ਤੋਂ ਸਵੇਰੇ ਸਵਾ ਪੰਜ ਵਜੇ ਕਾਮਾਗਾਟਾਮਾਰੂ ਜਹਾਜ਼ ਵਾਪਸ ਹਾਂਗਕਾਂਗ ਵਲ ਰਵਾਨਾ ਹੋ ਗਿਆ ਅਤੇ 16 ਅਗਸਤ ਨੂੰ ਯੋਕੋਹਾਮਾ ਪਹੁੰਚ ਗਿਆ, ਉਥੇ ਹਾਂਗਕਾਂਗ ਸਰਕਾਰ ਦਾ ਹੁਕਮ ਮਿਲਿਆ ਕਿ ਹਾਂਗਕਾਂਗ ਜਹਾਜ਼ ਕੰਢੇ ‘ਤੇ ਨਾ ਲਾਇਆ ਜਾਵੇ ਨਹੀਂ ਤਾਂ ਆਵਾਰਾਗਰਦੀ ਦੇ ਕਾਨੂੰਨ ਹੇਠ ਸਾਰੇ ਮੁਸਾਫਰ ਗ੍ਰਿਫਤਾਰ ਕਰ ਲਏ ਜਾਣਗੇ। ਹੁਣ ਨਵੀਂ ਮੁਸੀਬਤ ਜਹਾਜ਼ ਸਿਰ ਖੜ੍ਹੀ ਹੋ ਗਈ। ਉਥੇ ਭਾਈ ਹਰਨਾਮ ਸਿੰਘ ਕਹੂਟਾ ਅਤੇ ਬਾਬਾ ਹਰਨਾਮ ਸਿੰਘ ਗੁੱਜਰਵਾਲ ਜੋ ਗਦਰ ਪਾਰਟੀ ਨਾਲ ਪਿਆਰ ਰਖਣ ਵਾਲੇ ਸਨ, ਉਹਨਾਂ ਨੇ ਗ਼ਦਰ ਅਖਬਾਰ ਦੇ ਪਰਚੇ ਮੁਸਾਫਰਾਂ ਤਕ ਪਹੁੰਚਾਏ ਭਾਵੇਂ ਵੈਨਕੂਵਰ ਤੋਂ ਚਲਦੇ ਸਮੇਂ ਵੀ ਕੁਝ ਅਖਬਾਰ ਦੇ ਪਰਚੇ ਆਟੇ ਦੀਆਂ ਬੋਰੀਆਂ ਵਿਚ ਲੁਕਾ ਕੇ ਜਹਾਜ਼ ਅੰਦਰ ਭੇਜੇ ਸਨ। ਯੋਕੋਹਾਮਾ ਵਿਚ ਬਾਬਾ ਸੋਹਣ ਸਿੰਘ ਭਕਨਾ ਜੀ ਵੀ ਮੁਸਾਫਰਾਂ ਨੂੰ ਮਿਲਣ ਆਏ ਅਤੇ ਹਿੰਦੋਸਤਾਨ ਵਿਚ ਗ਼ਦਰ ਮਚਾਉਣ ਲਈ ਦੋ ਸੌ ਪਿਸਤੌਲ ਅਤੇ ਦੋ ਹਜ਼ਾਰ ਗੋਲੀਆਂ ਖਰੀਦ ਦੇ ਜਹਾਜ਼ ਵਿਚ ਦਿੱਤੀਆਂ ਗਈਆਂ ਸਨ।
18 ਅਗਸਤ ਨੂੰ ਯੋਕੋਹਾਮਾ ਤੋਂ ਜਹਾਜ਼ ਚਲ ਕੇ 21 ਅਗਸਤ ਨੂੰ ਕੋਬੀ ਪਹੁੰਚਿਆ, ਉਥੇ ਗ਼ਦਰ ਪਾਰਟੀ ਦੇ ਕਾਰਕੁੰਨ ਜਵਾਹਰ ਮੱਲ ਤੋਤੀ ਰਾਮ ਮਨਸੁਖਾਨੀ ਦੀ ਨਿਗਰਾਨੀ ਹੇਠ ਅੰਗਰੇਜ਼ੀ ਕੌਂਸਲ (ਦੂਤ) ਦੇ ਦਫ਼ਤਰ ਜਾ ਕੇ ਗ਼ਦਰ ਪਾਰਟੀ ਨੇ ਮੁਸਾਫਰਾਂ ਦੀ ਵਿੱਥਿਆ ਦੱਸੀ। ਉਸਨੇ ਹਿੰਦ ਸਰਕਾਰ ਨੂੰ ਤਾਰਾਂ ਖੜਕਾ ਕੇ ਮਨਾ ਲਿਆ ਕਿ ਜੇ ਸਰਕਾਰ 19000 ਜੈਨ (ਜਾਪਾਨੀ ਸਿੱਕਾ) ਮੁਸਾਫਰਾਂ ‘ਤੇ ਖਰਚ ਦੇਵੇ ਤਾਂ ਮੁਸਾਫਰ ਕਲਕੱਤੇ ਪਹੁੰਚ ਸਕਦੇ ਹਨ। ਹਿੰਦ ਸਰਕਾਰ ਨੇ ਉਸਦਾ ਸੁਝਾਅ ਮੰਨ ਲਿਆ।
ਜਹਾਜ਼ 2 ਸਤੰਬਰ ਨੂੰ ਕੋਬੀ ਤੋਂ ਚੱਲ ਕੇ 16 ਸਤੰਬਰ ਨੂੰ ਸਿੰਗਾਪੁਰ ਆ ਗਿਆ। ਉਥੇ ਜਹਾਜ਼ ਨੂੰ ਘਾਟ ‘ਤੇ ਨਹੀਂ ਲੱਗਣ ਦਿੱਤਾ ਗਿਆ ਅਤੇ ਨਾ ਹੀ ਕੋਈ ਬਾਹਰ ਤੋਂ ਵਸਤੂ ਜਹਾਜ਼ ਦੇ ਅੰਦਰ ਜਾਣ ਦਿੱਤੀ । 19 ਸਤੰਬਰ ਨੂੰ ਸਿੰਗਾਪੁਰ ਤੋਂ ਜਹਾਜ਼ ਚੱਲ ਕੇ ਹੁਗਲੀ ਦਰਿਆ ਵਿਚ 26 ਸਤੰਬਰ ਨੂੰ ਆ ਗਿਆ ਅਤੇ ਕਾਲਪੀ ਦੇ ਸਥਾਨ ‘ਤੇ ਪਾਇਲਟ ਨੇ ਉਸਨੂੰ ਰੋਕ ਲਿਆ। ਜੋ ਗ਼ਦਰ ਅਖਬਾਰ ਦੇ ਪਰਚੇ ਅਤੇ ਹਥਿਆਰ ਅਤੇ ਕਾਰਤੂਸ ਆਦਿਕ ਗ਼ਦਰ ਪਾਰਟੀ ਨੇ ਭੇਜੇ ਸਨ, ਉਹ ਬਾਬਾ ਗੁਰਦਿੱਤ ਸਿੰਘ ਨੇ ਪੁਲਸ ਦੀ ਤਲਾਸ਼ੀ ਦੇ ਡਰ ਤੋਂ ਦਰਿਆ ਵਿਚ ਸੁੱਟ ਦਿੱਤੇ। ਜਦੋਂ ਜਹਾਜ਼ ਕਾਲਪੀ ਪਹੁੰਚਿਆ ਤਾਂ ਇਕਦਮ ਪੁਲਸ ਨੇ ਜਹਾਜ਼ ਘੇਰ ਲਿਆ ਅਤੇ ਤਲਾਸ਼ੀ ਕੀਤੀ ਗਈ। ਦੋ ਦਿਨ ਪੁਲਸ ਤਲਾਸ਼ੀ ਕਰਦੀ ਰਹੀ, ਪ੍ਰੰਤੂ ਕੋਈ ਵੀ ਇਤਰਾਜ਼ਯੋਗ ਸਮਗਰੀ ਜਹਾਜ਼ ਵਿਚੋਂ ਨਾ ਮਿਲੀ। ਫਿਰ 29 ਸਤੰਬਰ ਨੂੰ ਕਾਲਪੀ ਤੋਂ 17 ਮੀਲ ਥੱਲੇ ਵਲ ਜਹਾਜ਼ ਤੋਰ ਕੇ ਬਜ ਬਜ ਘਾਟ ‘ਤੇ ਲਿਜਾਇਆ ਗਿਆ ਜਿਥੇ ਅੰਗਰੇਜ਼ ਸਾਮਰਾਜ ਦੇ ਤਾਨਾਸ਼ਾਹੀ ਰਵੱਈਏ ਕਾਰਨ ਐਸੀ ਘਿਨਾਉਣੀ ਘਟਨਾ ਵਾਪਰੀ ਜਿਸਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਹਿੰਦੋਸਤਾਨੀਆਂ ਨੇ ਸ਼ਹੀਦੀਆਂ ਦਾ ਇਕ ਨਵਾਂ ਅਧਿਆਇ ਇਤਿਹਾਸ ਵਿਚ ਲਿਖ ਦਿੱਤਾ । ਉਹ ਬਜ ਬਜ ਘਾਟ ਦਾ ਸਾਕਾ ਨਾਮ ਨਾਲ ਇਤਿਹਾਸ ਵਿਚ ਯਾਦ ਕੀਤਾ ਜਾਂਦਾ ਹੈ ਜੋ ਕਿ ਇਕ ਵੱਖਰੇ ਲੇਖ ਦੇ ਰੂਪ ਵਿਚ ਤਿਆਰ ਕੀਤਾ ਜਾ ਸਕਦਾ ਹੈ ।
ਕਾਮਾਗਾਟਾਮਾਰੂ ਜਹਾਜ਼ ਵਾਲੀ ਘਟਨਾ ਦਾ ਪ੍ਰਭਾਵ:
ਜਦੋਂ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਵਲ ਤੁਰਿਆ ਸੀ ਤਾਂ ਉਸ ਸਮੇਂ ਹਿੰਦੋਸਤਾਨ ਵਿਚ ਭੁੱਖ ਦੇ ਸਤਾਏ ਅਤੇ ਆਰਥਿਕ ਹਾਲਤ ਤੋਂ ਮਜਬੂਰ ਜ਼ਮੀਨਾਂ ਗਹਿਣੇ ਰੱਖ ਕੇ, ਰਿਸ਼ਤੇਦਾਰਾਂ ਤੋਂ ਮੰਗ ਤੰਗ ਕੇ, ਰਕਮਾਂ ਫੜ ਕੇ, ਢਿੱਡ ਦੀ ਭੁੱਖ ਮਿਟਾਉਣ ਲਈ ਹਿੰਦੋਸਤਾਨੀ ਹਾਂਗਕਾਂਗ, ਯੋਕੋਹਾਮਾ, ਸਿੰਗਾਪੁਰ, ਮਨੀਲਾ, ਸ਼ਿੰਘਾਈ ਆਦਿਕ ਥਾਵਾਂ ‘ਤੇ ਪਹੁੰਚੇ ਹੋਏ ਸਨ ਤਾਂ ਜੋ ਉਹ ਵੀ ਕੈਨੇਡਾ ਜਾ ਕੇ ਪੈਸੇ ਕਮਾ ਕੇ ਖੁਸ਼ਹਾਲ ਹੋ ਸਕਣ। ਉਸ ਸਮੇਂ ਉਹਨਾਂ ਅੱਗੇ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਸਮੱਸਿਆ ਹੀ ਸੀ ਪਰੰਤੂ ਜਿਉਂ ਜਿਉਂ ਉਹ ਵੈਨਕੂਵਰ ਦੇ ਨੇੜੇ ਪਹੁੰਚ ਰਹੇ ਸਨ, ਉਹਨਾਂ ਨੂੰ ਅੰਗਰੇਜ਼ ਸਰਕਾਰ ਦੀਆਂ ਲੂੰਬੜ ਚਾਲਾਂ ਦੀ ਜਾਣਕਾਰੀ ਮਿਲ ਰਹੀ ਸੀ।
ਇਸ ਦੇ ਨਾਲ ਹੀ ਮੁਸਾਫਰਾਂ ਦਾ ਝੁਕਾਅ ਦੇਸ਼ ਭਗਤੀ ਵਲ ਵੀ ਹੋ ਰਿਹਾ ਸੀ, ਗ਼ਦਰ ਅਖ਼ਬਾਰ ਦੇ ਪਰਚਿਆਂ ਨੇ ਉਹਨਾਂ ਨੂੰ ਗਿਆਨ ਕਰਵਾ ਦਿੱਤਾ ਕਿ ਉਹ ਉਸ ਸਮੇਂ ਅੰਗਰੇਜ਼ ਸਰਕਾਰ ਦੇ ਗੁਲਾਮ ਹਨ ਅਤੇ ਬਿਨਾਂ ਕੁਰਬਾਨੀ ਦੇ ਨਾ ਤਾਂ ਦੇਸ਼ ਆਜ਼ਾਦ ਹੋ ਸਕਦਾ ਹੈ ਅਤੇ ਨਾ ਹੀ ਆਰਥਿਕ ਹਾਲਤ ਸੁਧਰ ਸਕਦੀ ਹੈ। ਇਹੋ ਕਾਰਨ ਸੀ ਕਿ ਮੁਸਾਫਰਾਂ ਨੇ ਵੈਨਕੂਵਰ ਵਿਚ ਕੈਨੇਡਾ ਸਰਕਾਰ ਦਾ ਵਿਰੋਧ ਅਤੇ ਉਹਨਾਂ ਦੇ ਜਹਾਜ਼ ਦਾ ਵਿਰੋਧ ਕੀਤਾ ਸੀ । ਉਸ ਜਹਾਜ਼ ਰਾਹੀਂ ਗ਼ਦਰ ਪਾਰਟੀ ਨੇ ਅੰਗਰੇਜ਼ ਸਾਮਰਾਜ ਵਿਰੁੱਧ ਧੂੰਆਂ ਧਾਰ ਪ੍ਚਾਰ ਕੀਤਾ ਅਤੇ ਅੰਗਰੇਜ਼ ਦੇ ਖਿਲਾਫ ਹਿੰਦੋਸਤਾਨੀਆਂ ਨੂੰ ਲਾਮਬੰਦ ਕੀਤਾ । ਇਹ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਤੋਂ ਬਾਅਦ ਗ਼ਦਰੀ ਸੂਰਬੀਰ ਸਿਰਾਂ ‘ਤੇ ਖੱਫਣ ਬੰਨ ਕੇ ਹਾਂਗਕਾਂਗ, ਸਿੰਗਾਪੁਰ, ਮਲਾਇਆ ਅਤੇ ਸ਼ਿੰਘਾਈ ਆਦਿਕ ਦੇਸ਼ਾਂ ਤੋਂ ਵਹੀਰਾਂ ਘੱਤ ਕੇ ਹਿੰਦੋਸਤਾਨ ਵਲ ਤੁਰ ਪਏ ਸਨ ।
ਕਰਤਾਰ ਸਿੰਘ ਸਰਾਭਾ ਜੈਸੇ ਸ਼ਹੀਦ ਇਸ ਘਟਨਾ ਅਤੇ ਬਜ ਬਜ ਘਾਟ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਹਿੰਦੋਸਤਾਨ ਆਏ ਸਨ । ਉਸ ਸਮੇਂ ਪਹਿਲਾਂ ਸੰਸਾਰ ਯੁੱਧ ਸ਼ੁਰੂ ਹੋ ਗਿਆ ਸੀ ਅਤੇ ਗ਼ਦਰੀ ਸੂਰਬੀਰਾਂ ਨੇ ਇਹੋ ਸਮਾਂ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਠੀਕ ਜਾਣਿਆ ਸੀ ਅਤੇ ਆਪਣੀ ਸਾਰੀ ਤਾਕਤ ਦੇਸ਼ ਦੀ ਸੁਤੰਤਰਤਾ ਦੀ ਪ੍ਰਾਪਤੀ ਲਈ ਝੋਕ ਦਿੱਤੀ ਸੀ। ਇਸ ਪ੍ਰਕਾਰ ਹਿੰਦੋਸਤਾਨ ਦੇ ਇਤਿਹਾਸ ਵਿਚ ਸ਼ਹੀਦੀਆਂ ਅਤੇ ਕੁਰਬਾਨੀਆਂ ਦੇ ਨਵੇਂ ਅਧਿਆਇ ਲਿਖੇ ਗਏ ਜਿਨ੍ਹਾਂ ਤੇ ਬਾਅਦ ਵਿਚ ਅਮਲ ਕਰਕੇ ਦੇਸ਼ ਭਗਤਾਂ ਨੇ ਹੋਰ ਜੱਦੋ- ਜ਼ਹਿਦ ਕਰਕੇ 1947 ਈਸਵੀ ਵਿਚ ਦੇਸ਼ ਲਈ ਆਜ਼ਾਦੀ ਦੀ ਪ੍ਰਾਪਤੀ ਕੀਤੀ ਅਤੇ ਹਿੰਦੁਸਤਾਨੀਆਂ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਮਿਲਿਆ।
Credit – ਦੇਵਿੰਦਰ ਸਿੰਘ ਗਿੱਲ