ਜਿਸ ਦੌਰ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ ਹੈ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਵਿਚ ਵੰਡਾਂਗੇ, ਪਹਿਲਾ ਪੂਰਬ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ ।
ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ । ਛੇਵੀਂ ਸਦੀ ਪੂਰਬ ਈਸਾ ਵਿਚ ਇਥੇ ਈਰਾਨ ਦੀ ਹਕੂਮਤ ਸੀ ਜਿਸਦੀ ਸਰਹੱਦ ਬਿਆਸ ਦਰਿਆ ਸੀ । ਸਿਕੰਦਰ ਦੇ ਹੱਲੇ ਦੋ ਸਦੀਆਂ ਬਾਦ ਹੋਏ। ਮਕਦੂਨੀਆਂ ਪਿਛੋਂ ਪੰਜਾਬ ਵਿਚ ਚੰਦਰਗੁਪਤ ਮੌਰੀਆ ਤੇ ਉਸਦੇ ਮੁਰਸ਼ਦ ਕੌਟਲਯਾ ਨੇ ਰਾਜ ਕੀਤਾ, ਫਿਰ ਅਸ਼ੋਕ ਵਕਤ ਪੰਜਾਬ ਵਿਚ ਬੋਧਮੱਤ ਦਾ ਪ੍ਰਕਾਸ਼ ਹੋਇਆ। ਜਿਹਲਮ ਅਤੇ ਸਿੰਧ ਵਿਚਕਾਰ ਟੈਕਸਲਾ ਨਗਰ ਵਸਿਆ ਜਿਹੜਾ ਵਿੱਦਿਆ ਅਤੇ ਵਪਾਰ ਦਾ ਕੇਂਦਰ ਬਣਿਆ। ਈਸਵੀ ਸਦੀ ਸ਼ੁਰੂ ਹੋਣ ਵੇਲੇ ਮੀਨਾਂਦਰ (ਮਿਲਿੰਦ) ਨੇ ਪੱਛਮੀ ਦੁਆਬਿਆਂ ਤੇ ਰਾਜ ਕੀਤਾ। ਸੰਸਕ੍ਰਿਤ ਦੇ ਪਹਿਲੇ ਵਿਆਕਰਣ ਆਚਾਰੀਆ ਪਾਣਿਨੀ ਨੇ ਚੌਥੀ ਸਦੀ ਪੂਰਬ ਈਸਾ ਵਿਚ ਸਿੰਧ ਦੇ ਪੂਰਬ ਵੱਲ ਅਟਕ ਵਿਖੇ ਜਨਮ ਲਿਆ।
ਪਹਿਲੀਆਂ ਤਿੰਨ ਈਸਵੀ ਸਦੀਆਂ ਦੌਰਾਨ ਕਨਿਸ਼ਕ ਅਤੇ ਉਸਦੇ ਕੁਸ਼ਾਣ ਜਾਨਸ਼ੀਨਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਉੱਪਰ ਕਬਜ਼ੇ ਕੀਤੇ। ਇਹ ਬੋਧ ਪੰਜਾਬ ਦਾ ਦੌਰ ਸੀ। ਫਿਰ ਗੁਪਤ ਸਲਤਨਤ ਆ ਗਈ। ਬੋਧ ਦੇਸ ਦੇਖਣ ਵਾਸਤੇ ਚੀਨੀ ਯਾਤਰੂ ਪੰਜਾਬ ਵਿਚ ਆ ਉਤਰੇ। ਸੱਤਵੀਂ ਸਦੀ ਵਿਚ ਹਰਸ਼ ਆਇਆ। ਅੱਠਵੀਂ ਸਦੀ ਦੇ ਆਰੰਭ ਵਿਚ ਸਮੁੰਦਰ ਲੰਘ ਕੇ ਅਰਬਾਂ ਨੇ ਹਮਲੇ ਕੀਤੇ ਤੇ ਜਿੱਤਾਂ ਹਾਸਲ ਕੀਤੀਆਂ। ਉਹ ਮੁਲਤਾਨ ਤੱਕ ਪੁੱਜ ਗਏ ਪਰ ਅਜੇ ਥਿਰ ਰਾਜ ਕਾਇਮ ਨਹੀਂ ਹੋਇਆ।
ਜਿਹਲਮ ਨਗਰ ਦੇ ਪੱਛਮ ਵੱਲ 25 ਮੀਲ ਦੂਰ 3200 ਫੁੱਟ ਉੱਚਾ ਗੋਰਖ ਨਾਥ ਦਾ ਟਿੱਲਾ ਸੀ, ਜੋ ਪੁਰਾਤਨ ਜੋਗ ਮੱਤ ਦਾ ਆਸ਼ਰਮ ਸੀ । ਗੋਰਖ ਨਾਥ ਦਸਵੀਂ ਸਦੀ ਵਿਚ ਹੋਇਆ।
ਗਿਆਹਰਵੀਂ ਸਦੀ ਦੇ ਸ਼ੁਰੂ ਵਿਚ ਤੁਰਕੀ ਮੂਲ ਦੇ ਮਹਿਮੂਦ ਗਜ਼ਨਵੀ ਨੇ ਪਹਿਲੋਂ ਪੂਰਵੀ-ਕੇਂਦਰੀ ਅਫਗਾਨਿਸਤਾਨ ਫਤਿਹ ਕੀਤਾ, ਫਿਰ ਹਿੰਦੁਸਤਾਨ ਵੱਲ ਰੁਖ ਕੀਤਾ ਤਾਂ ਪੰਜਾਬ ਅਤੇ ਭਾਰਤ ਵਿਚ ਵੱਡੀਆਂ ਤਬਦੀਲੀਆਂ ਹੋਈਆਂ। ਪਾਲ ਕਬੀਲੇ ਦੇ ਹਿੰਦੂਸ਼ਾਹੀ ਰਾਜਿਆਂ ਨੇ ਮੁਕਾਬਲਾ ਕੀਤਾ ਪਰ ਉਖੜ ਗਏ। ਕੁਝ ਵਿਦਵਾਨ ਉਨ੍ਹਾਂ ਨੂੰ ਜੰਜੂਏ ਦਸਦੇ ਹਨ ਜੋ ਸਿੰਧ ਅਤੇ ਜਿਹਲਮ ਵਿਚਕਾਰ ਮਜ਼ਬੂਤ ਧੜਾ ਸਨ।
ਗੱਖੜ, ਖੋਖਰ, ਸਿਆਲ ਅਤੇ ਭੱਟੀ ਵੀ ਬਹਾਦਰਾਂ ਵਾਂਗ ਲੜੇ ਪਰ ਮਹਿਮੂਦ ਅੱਗੇ ਪੇਸ਼ ਨਾ ਗਈ।- ਸਾਲ 1008-9 ਵਿਚ ਬਹੁਤ ਸਾਰੇ ਉੱਤਰੀ ਪੰਜਾਬੀ ਰਾਜਪੂਤ ਰਾਜਿਆਂ ਨੇ ਇਕ ਅਣਕਿਆਸਿਆ ਗੱਠਜੋੜ ਵੀ ਕਰ ਲਿਆ ਤਾਂ ਵੀ ਖੈਬਰ ਪਖਤੂਨਵਾ ਅਤੇ ਪੰਜਾਬ ਨਾ ਬਚ ਸਕੇ । ਪਾਲ ਕਬੀਲੇ ਨੇ ਨੰਦਨ ਕਿਲ੍ਹੇ ਵਿਚੋਂ ਜਿਹਲਮ ਕਿਨਾਰੇ ਸਖ਼ਤ ਮੁਕਾਬਲਾ ਕੀਤਾ ਪਰ ਆਖਰ 1015 ਈ. ਵਿਚ ਹਾਰ ਗਏ, ਲਾਹੌਰ 1021 ਵਿਚ ਹਾਰੇ । ਲਾਹੌਰ ਬੇਸ਼ਕ ਵੱਡਾ ਸ਼ਹਿਰ ਸੀ ਪਰ ਵਪਾਰ ਵਿਚ ਮੁਲਤਾਨ ਇਸ ਤੋਂ ਅੱਗੇ ਸੀ । ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲੋਂ ਸ਼ਿਕਾਰ ਹੋਇਆ ਕਿਉਂਕਿ ਖੈਬਰ ਤੋਂ 200 ਮੀਲ ਦੱਖਣ ਵੱਲ ਗੋਮਲ ਦੱਰੇ ਰਾਹੀਂ ਗਜ਼ਨੀ ਤੋਂ ਆਉਂਦਾ ਮਹਿਮੂਦ, ਮੁਲਤਾਨ ਨੂੰ ਆਰਾਮਗਾਹ ਵਜੋਂ ਵਰਤਿਆ ਕਰਦਾ ਸੀ।
ਮੁਲਤਾਨ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਸੀ । ਮੁਲਤਾਨ ਪੁੱਜਣ ਤੋਂ ਪਹਿਲਾਂ ਹੀ ਤਿੰਨ ਦਰਿਆ ਆਪਸ ਵਿਚ ਮਿਲ ਕੇ ਸਿੰਧ ਵਿਚ ਸ਼ਾਮਲ ਹੋਣ ਲੱਗ ਪੈਂਦੇ ਹਨ। ਮੁਲਤਾਨ ਤੋਂ ਸਿੰਧ ਵੱਲ, ਫਿਰ ਅਰਬ ਸਾਗਰ ਤੱਕ ਪਾਣੀ ਰਾਹੀਂ ਵਪਾਰ ਹੁੰਦਾ ਸੀ। ਬਿਨਾਂ ਖਰਚ ਕਿਸ਼ਤੀਆਂ ਉਧਰ ਨੂੰ ਤੈਰੀ ਜਾਂਦੀਆਂ। ਸਤਲੁਜ ਵੀ ਮੁਲਤਾਨ ਤੋਂ ਬਹੁਤੀ ਦੂਰ ਨਹੀਂ ਸੀ ਤੇ ਗਿਆਰਵੀਂ ਸਦੀ ਵਿਚ ਘੱਗਰ ਵੀ ਨੇੜਿਓਂ ਦੀ ਲੰਘਦਾ ਸੀ ਜੋ ਹੁਣ ਲੋਪ ਹੋ ਗਿਆ ਹੈ।
ਪਰਸ਼ੀਆ, ਕੇਂਦਰੀ ਏਸ਼ੀਆ ਅਤੇ ਅਰਬਾਂ ਨਾਲ ਜ਼ਮੀਨੀ ਰਸਤਿਆਂ ਥਾਣੀਂ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਵੀ ਮੁਲਤਾਨ ਸੀ । ਰਾਵੀ ਕਿਨਾਰੇ ਵਸੇ ਲਾਹੌਰ ਨੂੰ ਮਹਿਮੂਦ ਨੇ ਆਪਣੀ ਦੂਜੀ ਰਾਜਧਾਨੀ ਬਣਾ ਕੇ ਸੁਖਪਾਲ (ਨਵਾਜ਼ ਸ਼ਾਹ) ਨੂੰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲਣ ਲਈ ਕਿਹਾ।
ਕੇਂਦਰੀ ਏਸ਼ੀਆ ਵਿਚੋਂ ਆਏ ਥੋੜ੍ਹੇ ਕੁ ਬੰਦਿਆਂ ਦੇ ਭਾਗ ਜਾਗੇ। ਇਕ ਸੱਯਦ ਅਲੀ ਹੁਜਵੀਰੀ ਸੀ ਜਿਸ ਨੂੰ ਦਾਤਾ ਗੰਜ ਬਖ਼ਸ਼ ਕਿਹਾ ਜਾਂਦਾ ਹੈ, ਕਸ਼ਫੁਲ ਮਹਿਜੂਬ (ਪਰਦਾਨਸ਼ੀਂ ਨੂੰ ਬੇਪਰਦ ਕਰਨਾ) ਗ੍ਰੰਥ ਰਚ ਕੇ 1070 ਈ. ਵਿਚ ਜਹਾਨੋ ਕੂਚ ਕਰ ਗਿਆ । ਫਾਰਸੀ ਵਿਚ ਲਿਖੀ ਇਹ ਸੂਫੀ ਮੱਤ ਦੇ ਸਿਧਾਂਤਾਂ ਦੀ ਕਿਤਾਬ ਹੈ। ਉਸਨੂੰ ਇਥੋਂ ਦਾ ਮਾਹੌਲ ਭਾਇਆ ਨਹੀਂ, ਲਿਖਦਾ ਹੈ— ਮੁਲਤਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਵਿਚ ਮੈਂ ਜਾਹਲ ਲੋਕਾਂ ਵਿਚ ਕੈਦੀ ਵਾਂਗ ਰਿਹਾ।
ਉਸ ਤੋਂ ਦੋ ਸਦੀਆਂ ਬਾਦ ਹੋਏ ਸੂਫੀ ਫਕੀਰ ਮੁਈਉਦੀਨ ਚਿਸ਼ਤੀ, ਕੁਤਬੁੱਦੀਨ ਕਾਕੀ, ਬਾਬਾ ਫਰੀਦ, ਨਿਜ਼ਾਮੁੱਦੀਨ ਔਲੀਆ ਨਾਲੋਂ ਹੁਜਵੀਰੀ ਕੱਟੜ ਮੂਲਵਾਦੀ ਮੁਸਲਮ ਸੀ । ਬਾਬਾ ਫਰੀਦ ਮੁਲਤਾਨ ਵਿਚ ਅਤੇ ਨਿਜ਼ਾਮੁੱਦੀਨ ਨੇ ਬਦਾਯੂੰ ਵਿਚ ਜਨਮ ਲਿਆ । ਬਦਾਯੂੰ ਹੁਣ ਯੂਪੀ ਵਿਚ ਗੰਗਾ ਨਜ਼ਦੀਕ ਵਸਿਆ ਹੋਇਆ ਹੈ। ਇਨ੍ਹਾਂ ਚਾਰਾਂ ਵਕਤ ਦਿੱਲੀ ਉੱਪਰ ਸੁਲਤਾਨਾਂ ਦਾ ਰਾਜ ਰਿਹਾ। ਮਹਿਮੂਦ ਦੇ ਜਾਨਸ਼ੀਨ ਮੁਹੰਮਦ ਗੌਰੀ ਨੇ ਇਸ ਹਕੂਮਤ ਦੀ ਨੀਂਹ ਦਿੱਲੀ ਵਿਚ ਰੱਖੀ। ਗੌਰੀ ਨੂੰ ਮੁਹੰਮਦ, ਮੁਈਨੁੱਦੀਨ ਅਤੇ ਸ਼ਹਾਬੁੱਦੀਨ ਵੀ ਲਿਖਿਆ ਮਿਲਦਾ ਹੈ। ਮਹਿਮੂਦ ਵਾਂਗ ਉਹ ਵੀ ਪਿਛੋਂ ਤੁਰਕੀ ਦਾ ਸੀ।
1191 ਵਿਚ ਅਜਮੇਰ ਦਾ ਰਾਇ ਪਿਥੌਰਾ ਜਿਸ ਦਾ ਨਾਮ ਪ੍ਰਿਥਵੀ ਰਾਜ ਚੌਹਾਨ ਵੀ ਸੀ, ਨੇ ਪੂਰਬੀ ਪੰਜਾਬ ਦੇ ਤਰਾਈ ਇਲਾਕੇ ਵਿਚ ਗੌਰੀ ਨੂੰ ਹਰਾ ਦਿੱਤਾ। ਅਗਲੇ ਸਾਲ ਉਸੇ ਥਾਂ ਤੇ ਹਮਲਾ ਕਰਕੇ ਗੌਰੀ ਨੇ ਚੌਹਾਨ ਨੂੰ ਹਰਾ ਦਿੱਤਾ । ਇਹ ਬਹੁਤ ਵੱਡੀ ਜਿੱਤ ਸੀ ਕਿਉਂਕਿ ਪ੍ਰਿਥਵੀ ਰਾਜ ਪਾਸ ਬਾਕੀ ਇਲਾਕਿਆਂ ਤੋਂ ਇਲਾਵਾ ਦਿੱਲੀ ਵੀ ਸੀ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੀ ਰਾਜਧਾਨੀ ਰਹੀ। ਪ੍ਰਿਥਵੀ ਰਾਜ ਨਾਲ ਉਸਦਾ ਦਰਬਾਰੀ ਕਵੀ ਚਾਂਦ ਬਰਦਾਈ ਵੀ ਗ੍ਰਿਫਤਾਰ ਕੀਤਾ ਗਿਆ। ਚਾਂਦ ਲਾਹੌਰ ਵਿਚ ਪਲਿਆ ਸੀ, ਉਸਨੇ ਪ੍ਰਿਥਵੀ ਰਾਜ ਰਾਸੋ ਗ੍ਰੰਥ ਰਚਿਆ ਜਿਸ ਵਿਚੋਂ ਪੰਜਾਬੀ ਜ਼ਬਾਨ ਦੀ ਮਹਿਕ ਆਉਂਦੀ ਹੈ।
ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਘੋੜੇ ਬੜੇ ਫੁਰਤੀਲੇ ਸਨ, ਜਵਾਨ ਹੋਸ਼ਿਆਰ ਸਨ ਤੇ ਕਮਾਨ ਕਿਵੇਂ ਸੰਭਾਲਣੀ ਹੈ, ਜਰਨੈਲ ਕੁਸ਼ਲ ਸਨ । ਤੁਰਕਾਂ ਦੇ ਮੁਕਾਬਲੇ ਰਾਜਪੂਤਾਂ ਦੀ ਗਿਣਤੀ ਵਧੀਕ ਸੀ, ਉਹ ਬਹਾਦਰੀ ਵਿਚ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਸਨ, ਲੀਡਰਸ਼ਿਪ ਅਤੇ ਯੋਗ ਪ੍ਰਬੰਧ ਦੀ ਘਾਟ ਕਾਰਨ ਹਾਰ ਗਏ। ਹਰੇਕ ਰਾਜਪੂਤ ਕਮਾਂਡਰ ਆਪਣੀ ਆਪਣੀ ਨੀਤੀ ਘੜਦਾ ਜਦੋਂ ਕਿ ਸਾਰੇ ਤੁਰਕ ਕਮਾਂਡਰ ਅਨੁਸ਼ਾਸਨ ਅਤੇ ਵਫਾਦਾਰੀ ਨਾਲ ਸੁਲਤਾਨ ਦਾ ਹੁਕਮ ਮੰਨਦੇ।”
ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਅਤੇ ਮੁਲਤਾਨ ਦੇ ਉਹ ਸਾਰੇ ਪ੍ਰਬੰਧਕ ਹਟਾ ਦਿੱਤੇ ਜਿਹੜੇ ਮਹਿਮੂਦ ਨਿਯੁਕਤ ਕਰ ਗਿਆ ਸੀ। ਉਸਨੇ ਫੈਸਲਾ ਕੀਤਾ ਕਿ ਉਹ ਹਿੰਦੁਸਤਾਨ ਵਿਚ ਨਹੀਂ ਰਹੇਗਾ, ਦੂਰੋਂ ਆਪਣੇ ਵਤਨੋਂ ਹਕੂਮਤ ਚਲਾਏਗਾ। ਆਪਣੇ ਗੁਲਾਮ ਐਬਕ ਨੂੰ ਉਸਨੇ ਜਿੱਤੇ ਇਲਾਕਿਆਂ ਦਾ ਪ੍ਰਬੰਧਕ ਥਾਪ ਦਿੱਤਾ ਤੇ ਆਪ ਵਾਪਸ ਆ ਗਿਆ। ਥੋੜ੍ਹੇ ਸਮੇਂ ਬਾਦ ਐਬਕ ਨੇ ਦਿੱਲੀ ਵਿਚ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ । ਉਸਦਾ ਵਾਰਸ ਅਲਤਮਸ਼, ਰਾਇ ਪਿਥੌਰਾ ਦੇ ਕਿਲ੍ਹੇ ਵਿਚ ਰਹਿਣ ਲੱਗਾ। ਇਹ ਹਨ ਪਹਿਲੇ ਦੋ ਬਾਦਸ਼ਾਹ ਜਿਨ੍ਹਾਂ ਨੇ ਸੁਲਤਾਨ ਹਕੂਮਤ ਕਾਇਮ ਕਰਕੇ ਤਿੰਨ ਸਦੀਆਂ ਰਾਜ ਕੀਤਾ। ਇਨ੍ਹਾਂ ਦੇ ਉੱਤਰਾਧਿਕਾਰੀਆਂ ਵਿਚ ਗੁਲਾਮ, ਖਿਲਜੀ, ਤੁਗਲਕ ਅਤੇ ਲੋਧੀ ਹਨ। ਪਹਿਲੇ ਸਾਰੇ ਤੁਰਕ ਹਨ ਤੇ ਲੋਧੀ ਅਫਗਾਨ ਹਨ। ਕੁਝ ਇਤਿਹਾਸਕਾਰਾਂ ਨੇ ਖਿਲਜੀਆਂ ਨੂੰ ਵੀ ਅਫਗਾਨ ਲਿਖਿਆ ਹੈ। ਪਿਛੋਕੜ ਕਿਉਂਕਿ ਪਰਸ਼ੀਅਨ ਕਲਚਰ ਦਾ ਸੀ ਇਸ ਕਰਕੇ ਸਰਕਾਰੀ ਜ਼ਬਾਨ ਫਾਰਸੀ ਬਣੀ।
ਸੁਲਤਾਨਾਂ ਦਾ ਪੰਜਾਬ ਉੱਪਰ ਕੰਟਰੋਲ ਦੁਰਗਮ ਕਾਰਜ ਸੀ ਕਿਉਂਕਿ ਤੇਰਵੀਂ ਚੌਧਵੀਂ ਸਦੀ ਵਿਚ ਕੇਂਦਰੀ ਏਸ਼ੀਆ ਦੇ ਮੰਗੋਲ, ਪੰਜਾਬ ਉੱਪਰ ਹੱਲੇ ਬੋਲਦੇ ਰਹੇ। ਉਨ੍ਹਾਂ ਦੀ ਸੈਨਿਕ ਕੁਸ਼ਲਤਾ ਏਨੀ ਗਜ਼ਬ ਦੀ ਸੀ ਕਿ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਯੋਰਪ, ਈਰਾਨ, ਅਰਬ ਅਤੇ ਹਿੰਦੁਸਤਾਨ ਫੁੰਡ ਦਿੱਤੇ ਖ਼ਾਸ ਕਰਕੇ ਪੰਜਾਬ। ਮੰਗੋਲ ਦਿੱਲੀ ਤੱਕ ਤਾਂ ਨਹੀਂ ਗਏ, ਪੰਜਾਬ ਦੀ ਪੂਰੀ ਤਬਾਹੀ ਕੀਤੀ।
ਖੈਬਰ ਵਾਲੇ ਪਾਸਿਓਂ ਗੱਖੜ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ ਜਿਸ ਕਾਰਨ ਮੰਗੋਲ ਮੁਲਤਾਨ ਵਾਲੇ ਪਾਸਿਓਂ ਆਉਂਦੇ। ਤਿੰਨ ਸਦੀਆਂ ਤੱਕ ਮੁਲਤਾਨ ਲਗਾਤਾਰ ਲਤਾੜਿਆ ਜਾਂਦਾ ਰਿਹਾ ।? ਪੰਜਾਬ ਦੇ ਬਾਕੀ ਹਿੱਸੇ ਕਿਹੜਾ ਬਚੇ ਰਹੇ। ਲੰਮਾ ਸਮਾਂ ਮੰਗੋਲਾਂ ਅਤੇ ਸੁਲਤਾਨਾਂ ਦੀ ਹੱਦ ਬਿਆਸ ਬਣਿਆ ਰਿਹਾ, ਸੋ ਦਰਿਆ ਦੇ ਪੱਛਮ ਵਿਚ ਮੰਗੋਲਾਂ ਹੇਠ ਵੱਡਾ ਪੰਜਾਬ ਸੀ।
ਹਿੰਦੂ ਪੰਜਾਬੀ ਲੇਖਕ ਸੁਜਾਨ ਰਾਇ ਭੰਡਾਰੀ 1696 ਵਿਚ ਲਿਖਦਾ ਹੈ-ਹਰ ਸਾਲ ਬਲਖ ਅਤੇ ਬੁਖਾਰੇ ਤੋਂ ਚੱਲ ਕੇ ਮੰਗੋਲਾਂ ਨੇ ਪੰਜਾਬ ਉੱਤੇ ਹਮਲੇ ਕੀਤੇ। ਚਾਰੇ ਪਾਸੇ ਬਰਬਾਦੀ ਹੀ ਬਰਬਾਦੀ ਦਿਸਦੀ । ਦਿੱਲੀ ਦੀ ਫੌਜ ਮਦਦ ਵਾਸਤੇ ਆ ਗਈ ਤਾਂ ਠੀਕ, ਪੰਜਾਬ ਦੀ ਆਪਣੀ ਕੋਈ ਫੌਜ, ਆਪਣਾ ਕੋਈ ਲੀਡਰ ਨਹੀਂ ਸੀ। ਜਾਨ ਬਚਾਉਣ ਲਈ ਗਵਾਂਢੀ ਇਲਾਕਿਆਂ ਵਿਚ ਭੱਜ ਜਾਂਦੇ । ਆਬਾਦੀ ਬਹੁਤ ਘੱਟ ਰਹਿ ਗਈ ਸੀ। ਜਾਨ ਬਚਾਉਣ ਵਾਸਤੇ ਪੰਜਾਬੀ, ਸੁਲਤਾਨਾਂ ਨੂੰ ਭਾਰੀ ਟੈਕਸ ਦਿੰਦੇ ਜਿਹੜਾ ਉਨ੍ਹਾਂ ਦੀ ਅੱਯਾਸ਼ੀ ਵਾਸਤੇ ਜਮਾ ਹੁੰਦਾ। ਚੌਧਵੀਂ ਸਦੀ ਵਿਚ ਮੋਰਾਕੋ ਤੋਂ ਆਇਆ ਯਾਤਰੂ ਇਬਨਿ ਬਤੂਤਾ ਇਸ ਸਮੇਂ ਦੀ ਤਸਵੀਰ ਦਿਖਾਉਂਦਾ ਹੈ। ਉਸਦੇ ਜੱਥੇ ਵਿਚ ਖੁਰਾਸਾਨ, ਬੋਖਾਰਾ ਅਤੇ ਸਮਰਕੰਦ ਤੋਂ ਬੁੱਧੀਵਾਨ ਸ਼ਖਸ ਸਨ ਜਿਨ੍ਹਾਂ ਨੂੰ ਸੁਲਤਾਨ ਨੇ ਉੱਚ ਪਦਵੀਆਂ ਉੱਪਰ ਨਿਯੁਕਤ ਕਰਨਾ ਸੀ । ਸਾਲ 1333 ਵਿਚ ਮੁਲਤਾਨ ਤੋਂ ਚੱਲ ਕੇ ਅਜੋਧਨ (ਬਾਬਾ ਫਰੀਦ ਦੇ ਮਕਬਰੇ ਵਾਲਾ ਨਗਰ) ਰਾਹੀਂ ਦਿੱਲੀ ਵੱਲ ਗਏ। ਸੁਲਤਾਨ ਦੀ ਸੈਨਿਕ ਟੁਕੜੀ ਹਿਫਾਜ਼ਤ ਵਾਸਤੇ ਨਾਲ ਨਾਲ ਸੀ।
ਬਤੂਤਾ ਲਿਖਦਾ ਹੈ ਕਿ ਸੁਲਤਾਨ ਦਾ ਡਾਕ ਵਿਭਾਗ ਕੁਸ਼ਲ ਸੀ। ਘੋੜੇ ਅਤੇ ਪੈਦਲ ਦੌੜਾਕ ਰਿਲੇ ਰੇਸ ਰਾਹੀਂ ਖ਼ਤ, ਸੁਨੇਹੇ ਪੁਚਾਉਂਦੇ । ਬਤੂਤਾ ਨੇ ਮੁਲਤਾਨ ਤੋਂ ਸੁਲਤਾਨ ਨੂੰ ਜੋ ਸੁਨੇਹਾ ਭੇਜਿਆ, ਉਸਦਾ ਜਵਾਬ ਜਲਦੀ ਮਿਲ ਗਿਆ। ਜਦੋਂ ਇਹ ਕਾਰਵਾਂ ਕਿਤੇ ਖਾਣਾ ਖਾਣ ਲਈ ਰੁਕਦਾ, ਚੀਫ, ਬਾਦਸ਼ਾਹ ਦੇ ਮਹਿਲ ਵੱਲ ਮੂੰਹ ਕਰਕੇ ਸਿਰ ਨਿਵਾ ਕੇ ਸਲਾਮ ਅਰਜ਼ ਕਰਦਾ, ਉਸ ਪਿਛੋਂ ਬਾਕੀ ਦੇ ਸਾਰੇ ਇਵੇਂ ਕਰਦੇ, ਫਿਰ ਖਾਣਾ ਖਾਣ ਲਈ ਬੈਠਦੇ । ਪੀਣ ਵਾਲੇ ਜੂਸ ਸੋਨੇ, ਚਾਂਦੀ, ਸ਼ੀਸ਼ੇ ਦੇ ਗਲਾਸਾਂ ਵਿਚ ਵਰਤਾਏ ਜਾਂਦੇ। ਫਿਰ ਬੱਕਰਿਆਂ ਦੇ ਰੋਸਟਡ ਮੀਟ ਦੇ ਵੱਡੇ ਵੱਡੇ ਟੁਕੜੇ ਰੱਖ ਦਿੱਤੇ ਜਾਂਦੇ। ਇਕ ਬੱਕਰੇ ਦੇ ਚਾਰ ਜਾਂ ਹੱਦ ਦੋ ਟੋਟੇ ਕਰਕੇ ਇਕ ਇਕ ਵੰਡ ਦਿੱਤਾ ਜਾਂਦਾ। ਪੇਸਟ੍ਰੀ, ਹਲਵਾ, ਗੰਢਿਆਂ, ਅਦਰਕ ਤੇ ਮੱਖਣ ਵਿਚ ਤਲਿਆ ਮੀਟ, ਰਾਈਸ ਚਿਕਨ, ਸਮੋਸੇ, ਮਿਠਾਈਆਂ, ਰੋਟੀਆਂ, ਅਨਾਰ ਦਾ ਜੂਸ, ਪਾਨ ਦੇ ਪੱਤੇ ਅਤੇ ਖੁਸ਼ਕ ਮੇਵੇ, ਜੋ ਮਰਜ਼ੀ ਖਾਉ।
ਜਿਵੇਂ ਖਾਣਾ ਸ਼ੁਰੂ ਕਰਨ ਤੋਂ ਪਹਿਲੋਂ ਬਾਦਸ਼ਾਹ ਦਾ ਸ਼ੁਕਰਾਨਾ ਕੀਤਾ ਜਾਂਦਾ ਖਾਤਮੇ ਤੇ ਵੀ ਉਵੇਂ ਰਸਮ ਕੀਤੀ ਜਾਂਦੀ । ਇਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੀ ਸਿਫਤ ਸਲਾਹ ਦੀ ਨਜ਼ਮ (ਕਸੀਦਾ) ਲਿਖੀ। ਇਸ ਕਸੀਦੇ ਸਦਕਾ ਉਸਨੂੰ 55,000, ਦੀਨਾਰ ਇਨਾਮ ਮਿਲਿਆ।
ਸੁਲਤਾਨ ਦੀ ਜ਼ਿੰਦਗੀ ਦੀ ਨਕਲ ਉਸਦੇ ਸੂਬੇਦਾਰ ਕਰਦੇ ਤੇ ਇਸ ਦਾ ਬੋਝ ਪਰਜਾ ਝਲਦੀ। ਕਦੀ ਕਦਾਈਂ ਦਿਆਲੂ ਹੋ ਕੇ ਬਾਦਸ਼ਾਹ ਨਰਮ ਹੋ ਜਾਏ ਅਲੱਗ ਗੱਲ ਹੈ ਨਹੀਂ ਤਾਂ ਕਿਸਾਨਾਂ ਉੱਪਰ ਭਾਰੀ ਕਰ ਠੋਸਿਆ ਜਾਂਦਾ। ਹਾਂ ਹਰਟ (ਟਿੰਡਾਂ ਵਾਲਾ ਖੂਹ) ਦੀ ਈਜਾਦ ਹੋਣ ਨਾਲ ਸੁਲਤਾਨਾ ਵੇਲੇ ਖੇਤੀ ਦੀ ਉਪਜ ਵਧੀ, ਵਪਾਰ ਵਿਚ ਵਾਧਾ ਹੋਇਆ, ਕੁਝ ਨਵੇਂ ਨਗਰ ਵਸੇ।
ਇਸ ਦੌਰ ਵਿਚ ਵੱਡੀ ਗਿਣਤੀ ਪੰਜਾਬੀਆਂ ਨੇ ਹਿੰਦੂ, ਬੁੱਧ ਜਾਂ ਲੋਕਲ ਧਰਮ ਛੱਡ ਕੇ ਇਸਲਾਮ ਅਪਣਾ ਲਿਆ । ਡਰ ਕਰਕੇ ਜਾਂ ਲਾਲਚ ਕਰਕੇ ਅਜਿਹਾ ਹੋਇਆ ਕਿ ਖ਼ੁਦ ਇਸਲਾਮ ਤੋਂ ਪਰਜਾ ਪ੍ਰਭਾਵਿਤ ਹੋ ਗਈ, ਇਸ ਗੱਲ ਦਾ ਥਹੁ ਪਤਾ ਨਹੀਂ ਲੱਗਦਾ। ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੂਫੀਆਂ ਨੇ ਪਰਜਾ ਨੂੰ ਪਿਆਰ ਕੀਤਾ, ਉਨ੍ਹਾਂ ਕਰਕੇ ਧਰਮ ਬਦਲੀ ਹੋਈ। ਜਿਨ੍ਹਾਂ ਫਕੀਰਾਂ ਦਾ ਪਿੱਛੇ ਜ਼ਿਕਰ ਆਇਆ ਹੈ ਪਰਜਾ ਵਿਚ ਉਨ੍ਹਾਂ ਦਾ ਬੜਾ ਆਦਰ ਸੀ । ਪਾਣੀਪਤ ਦੇ ਬੂ ਅਲੀ ਕਲੰਦਰ (1209-1324) ਦਾ ਬਹੁਤ ਰਸੂਖ ਸੀ । ਬਾਬਾ ਫਰੀਦ ਦੇ ਦੋਸਤ ਮੁਲਤਾਨ ਦੇ ਬਹਾਉਦੀਨ ਜ਼ਕਰੀਆ, ਮੁਲਤਾਨ ਦੇ ਦੱਖਣ ਵੱਲ ਸੌ ਮੀਲ ਪਰੇ ਉੱਚ ਬਹਾਵਲਪੁਰ ਦੇ ਜਲਾਲੁੱਦੀਨ ਬੁਖਾਰੀ, ਸਿੰਧ ਦੇ ਲਾਲ ਸ਼ਾਹਬਾਜ਼ ਕਲੰਦਰ ਨੇ ਇਸਲਾਮ ਦਾ ਖੂਬ ਪ੍ਰਚਾਰ ਕੀਤਾ। ਇਕ ਪਾਕਿਸਤਾਨੀ ਲਿਖਾਰੀ ਦਾ ਦਾਅਵਾ ਹੈ :
ਇਨ੍ਹਾਂ ਫਕੀਰਾਂ, ਇਨ੍ਹਾਂ ਦੇ ਸਹਾਇਕਾਂ ਅਤੇ ਮੁਰੀਦਾਂ ਨੇ ਪੰਜਾਬ ਦੇ ਜੱਟ, ਰਾਜਪੂਤ ਕਬੀਲਿਆਂ ਨੂੰ ਇਸਲਾਮ ਅੰਦਰ ਲੈ ਆਂਦਾ। ਤੇਰ੍ਹਵੀਂ ਸਦੀ ਦੇ ਆਰੰਭ ਵਿਚ ਇਹ ਸਿਲਸਿਲਾ ਸ਼ੁਰੂ ਹੋਇਆ ਤੇ ਉਨ੍ਹੀਵੀਂ ਸਦੀ ਦੇ ਆਖਰ ਤੱਕ ਫੈਲਿਆ।
ਸੂਫੀ ਫਕੀਰ ਧਨ ਮਾਲ ਤੋਂ ਤਿਆਗੀ, ਲੋਕਾਂ ਨਾਲ, ਧਰਤੀ ਨਾਲ ਜੁੜੇ ਹੋਏ, ਰੱਬ ਦੇ ਖੌਫ ਦਾ ਨਹੀਂ, ਮਿਹਰਬਾਨੀਆਂ ਦਾ ਜ਼ਿਕਰ ਕਰਦੇ, ਪੰਜਾਬੀ ਵਿਚ ਨਜ਼ਮਾਂ ਲਿਖਦੇ, ਇਕਤਾਰੇ ਨਾਲ ਗਾਉਂਦੇ ਲੋਕਾਂ ਦੇ ਦਿਲਾਂ ਅੰਦਰ ਵਸ ਜਾਂਦੇ। ਬਾਬਾ ਫਰੀਦ ਕਿਹਾ ਕਰਦੇ ਮੈਨੂੰ ਕੱਟਣ ਵਾਲੀ ਕੈਂਚੀ ਨਹੀਂ, ਜੋੜਨ ਵਾਲੀ ਸੂਈ ਚਾਹੀਦੀ ਹੈ।
ਬਾਬਾ ਫਰੀਦ ਦੀ ਸ਼ਾਇਰੀ ਵਿਚ ਪੰਜਾਬ ਦੇ ਫਲਾਂ, ਫੁੱਲਾਂ, ਕੰਡਿਆਂ, ਉਡਦੇ ਪੰਛੀਆਂ, ਛੱਪੜਾਂ, ਚੀਤੇ, ਹੰਸ, ਬਾਜ਼, ਕਾਂ, ਕੁੱਤੇ ਆਦਿਕ ਦਾ ਜ਼ਿਕਰ ਆਉਂਦਾ ਹੈ। ਇਸ ਗੱਲ ਦੇ ਸਬੂਤ ਮਿਲਦੇ ਹਨ ਕਿ 13ਵੀਂ 14ਵੀਂ ਸਦੀ ਵਿਚ ਸੂਫੀਆਂ ਦਾ ਭਰਪੂਰ ਅਸਰ ਪੰਜਾਬ ਉੱਪਰ ਰਿਹਾ। ਹੁਣ ਤੱਕ ਕੁਝ ਪਰਿਵਾਰ ਆਪਣੇ ਜੀਆਂ ਦੇ ਨਾਮ ਨਾਲ ਫਕੀਰ ਦਾ ਨਾਮ ਲਿਖਦੇ ਹਨ ਜਿਨ੍ਹਾਂ ਦੇ ਵਡੇਰੇ ਉਸ ਫਕੀਰ ਦੇ ਮੁਰੀਦ ਬਣੇ । ਪਰ ਧਰਮ ਤਬਦੀਲੀ ਦਾ ਇਹ ਇਕੋ ਇਕ ਕਾਰਨ ਨਹੀਂ ਹੋ ਸਕਦਾ। ਹਾਰੀਆਂ ਫੌਜਾਂ ਦੇ ਬੰਦੀ, ਜਾਨ ਬਖਸ਼ੀ ਵਾਸਤੇ ਇਸਲਾਮ ਧਾਰਨ ਕਰਦੇ ਹੋਣਗੇ, ਕੁਝ ਜਜ਼ੀਏ ਤੋਂ ਬਚਣ ਲਈ ਵੀ ਉਧਰ ਚਲੇ ਜਾਂਦੇ ਹੋਣਗੇ । ਤਾਂ ਵੀ ਡਰ ਜਾਂ ਲਾਲਚ ਸਦਕਾ ਧਰਮ ਤਬਦੀਲੀ ਘੱਟ ਹੋਈ। ਆਪਾਂ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹ ਬੇਹੱਦ ਸਤਿਕਾਰ ਯੋਗ ਸਨ ਤਾਂ ਹੀ ਬਾਣੀ ਸ਼ਾਮਲ ਹੋਈ । ਜਦੋਂ ਗਜ਼ਨੀ ਦੇ ਵਾਰਸ ਲਾਹੌਰ ਤੇ ਰਾਜ ਕਰ ਰਹੇ ਸਨ ਉਦੋਂ ਰਾਜਪੂਤਾਂ ਨੇ ਵੱਡੀ ਗਿਣਤੀ ਵਿਚ ਇਸਲਾਮ ਧਾਰਨ .ਕੀਤਾ। ਇਨ੍ਹਾਂ ਸੂਫੀ ਫਕੀਰਾਂ ਦਾ ਆਦਰ ਮੁਸਲਮਾਨ, ਸਿੱਖ, ਹਿੰਦੂ ਸਾਰੇ ਕਰਦੇ ਸਨ।
ਧਰਮ ਪਰਿਵਰਤਨ ਦੇ ਦੋ ਹੋਰ ਕਾਰਨ ਦੱਸੇ ਗਏ। ਖਾਨਾਬਦੋਸ਼ ਕਬੀਲੇ, ਕੁੱਝ ਜੱਟ, ਗੁੱਜਰ ਇਸਲਾਮ ਵਿਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਜਾਤ ਪਾਤ, ਊਚ ਨੀਚ ਸਹੀ ਨਹੀਂ ਲੱਗੀ।16 ਅਛੂਤ ਤਾਂ ਇਸਲਾਮਿਕ ਸਾਂਝੀਵਾਲਤਾ, ਬਰਾਬਰੀ ਤੋਂ ਦਿਲੋਂ ਕਾਇਲ ਹੋਏ। ਪਰ ਸਾਡੇ ਪਾਸ ਧਰਮ ਪਰਿਵਰਤਨ ਦੇ ਪੂਰੇ ਅੰਕੜੇ ਨਹੀਂ ਹਨ ਕਿ ਕਦੋਂ, ਕਿਥੇ, ਕਿਸ ਕਿਸ ਸਮਾਜਕ ਗਰੁੱਪ ਦਾ ਕਿੰਨੀ ਗਿਣਤੀ ਵਿਚ ਪਰਿਵਰਤਨ ਹੋਇਆ।
ਸੁਲਤਾਨਾ ਵੇਲੇ ਪੰਜਾਬ ਦੇ ਵਸਨੀਕ ਕਿਹੜੇ ਲੋਕ ਸਨ? ਮੱਧ ਏਸ਼ੀਆ ਤੋਂ ਆਏ ਚੰਦ ਇਕ ਲੋਕਾਂ ਨੂੰ ਛੱਡ ਕੇ ਸਾਰਾ ਪੁਰਾਣਾ ਪੰਜਾਬੀ, ਪੰਜਾਬੀ ਬੋਲਦਾ ਸੀ ਭਾਵੇਂ ਕਿ ਇਥੇ ਵਸਦੇ ਪਖਤੂਨ, ਬਲੋਚ ਤੇ ਕਸ਼ਮੀਰੀ ਲੋਕ ਆਪਣੀ ਵੱਖ ਬੋਲੀ ਬੋਲਦੇ ਹੋਣਗੇ। ਕਤਾਈ, ਬੁਣਾਈ, ਚਮੜੇ ਦਾ ਕੰਮ, ਲੱਕੜ ਦਾ, ਕੋਹਲੂ, ਲੁਹਾਰ, ਸੁਨਿਆਰੇ, ਨਾਈ, ਸਫਾਈ ਸੇਵਕ, ਸੁਦਾਗਰ, ਪੁਜਾਰੀ ਆਦਿਕ ਆਪਣੇ ਆਪਣੇ . ਕੰਮ ਕਰਦੇ ਸਨ। ਪੰਜਾਬ ਦੇ ਸੁਲਤਾਨੀ ਦੌਰ ਵਿਚ ਪਰਜਾ ਵਿਚ ਇਹ ਗਰੁੱਪ ਸਨ:
- ਕਾਸ਼ਤਕਾਰ ਜਾਤਾਂ ਅਰਾਈਂ, ਅਵਾਣ, ਜੱਟ, ਕੰਬੋਜ, ਰਾਜਪੂਤ ਤੇ ਸੈਣੀ।
- ਗੁੱਜਰ ਅਤੇ ਰੰਘੜ ਪਸ਼ੂ ਪਾਲਣ ਦਾ ਕਿੱਤਾ ।
- ਵਪਾਰੀ, ਦੁਕਾਨਦਾਰ ਅਰੋੜੇ, ਬਾਣੀਏ ਅਤੇ ਖੱਤਰੀ।
- ਅਛੂਤਾਂ ਵਿਚ ਚਮਾਰ, ਚੂਹੜੇ ਅਤੇ ਜੁਲਾਹੇ, ਹੇਠਲੇ ਕੰਮ ਕਰਦੇ।
- ਬ੍ਰਾਹਮਣ।
- ਇਸਲਾਮ ਪ੍ਰਚਾਰਦੇ ਪੜ੍ਹਾਉਂਦੇ ਸ਼ੇਖ।
- ਪੈਗੰਬਰ ਦੇ ਖਾਨਦਾਨ ‘ਚੋਂ ਸੱਯਦ।
- ਅਫਗਾਨ, ਅਰਬ, ਈਰਾਨੀ, ਤੁਰਕ ਆਦਿਕ ਪਰਵਾਸੀ।
- ਬਲੋਚ, ਪਖਤੂਨ ਅਤੇ ਕਸ਼ਮੀਰੀ ਵੱਖ-ਵੱਖ ਕੰਮ ਧੰਦੇ।
ਇਸ ਸਮੇਂ ਪੰਜਾਬ ਵਿਚ ਉੱਪਰਲੀਆਂ ਚਾਰ ਸ਼੍ਰੇਣੀਆਂ ਮਿਲ ਕੇ ਸਭ ਤੋਂ ਵੱਡੀ ਗਿਣਤੀ ਵਿਚ ਵਸਦੀਆਂ ਸਨ । ਅਛੂਤਾਂ ਜਾਂ ਹੋਰ ਚੋਟੇ ਕੰਮ ਕਰਨ ਵਾਲਿਆਂ ਨੂੰ ਇਕ ਸ਼੍ਰੇਣੀ ਵਿਚ ਰੱਖ ਲਈਏ ਤਾਂ ਇਨ੍ਹਾਂ ਦਾ ਜੋੜ ਹੋਰ ਹਰੇਕ ਇਕੱਲੀ ਇਕੱਲੀ ਸ਼੍ਰੇਣੀ ਤੋਂ ਵਧੀਕ ਹੈ।
ਉੱਪਰਲੀ ਵਰਗ ਵੰਡ ਪੱਕੀ ਨਹੀਂ। ਪੰਜਾਬ ਵਿਚ ਜਾਤਾਂ ਗੋਤਾਂ ਦੀ ਗਿਣਤੀ ਉਦੋਂ ਵੀ ਬਹੁਤ ਸੀ ਤੇ ਅੱਜ ਵੀ ਸੈਂਕੜਿਆਂ ਦੀ ਗਿਣਤੀ ਵਿਚ ਹੈ। ਜਨਸੰਖਿਆ ਦੀ ਵਰਗ ਵੰਡ ਕਰ ਲਈਏ ਤਾਂ ਪੰਜਾਬ ਦੀ ਕਹਾਣੀ ਸੌਖੀ ਸਮਝ ਵਿਚ ਆਉਂਦੀ ਹੈ। ਬੇਸ਼ਕ ਇਸ ਗੱਲ ਦਾ ਪਤਾ ਨਹੀਂ ਕਿ ਜ਼ਿਕਰ ਅਧੀਨ ਜਾਤ ਕਦੋਂ ਸ਼ੁਰੂ ਹੋਈ, ਜਿਹੜਾ ਕਿੱਤਾ ਕੋਈ ਕਰ ਰਿਹਾ ਹੈ ਉਹ ਕਦੋਂ ਦਾ ਕਰ ਰਿਹੈ।
ਸ਼ੁਰੂ ਵਿਚ ਅੰਗਰੇਜ਼ ਅਫਸਰ ਹੀ ਵਿਦਵਾਨਾਂ ਦਾ ਕੰਮ ਕਰਿਆ ਕਰਦੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਪੰਜਾਬ ਦੇ ਮੁਸਲਮਾਨ ਅਰਾਈਂ ਅਤੇ ਅਵਾਣ ਪੰਜਾਬੀ ਨਹੀਂ ਹਨ, ਇਨ੍ਹਾਂ ਦੇ ਵਡੇਰੇ ਅਰਬ ਜਾਂ ਪੱਛਮ ਏਸ਼ੀਆ ਵਿਚੋਂ ਆਏ ਸਨ। ਇਕੋ ਜਾਤ ਨੂੰ ਕਿਧਰੇ ਜੱਟ ਕਿਹਾ ਜਾਂਦਾ ਹੈ ਕਿਧਰੇ ਰਾਜਪੂਤ। ਰਾਜਪੂਤਾਂ ਵਿਚ ਭੱਟੀ, ਡੋਗਰੇ, ਗੱਖੜ, ਜੰਜੂਏ, ਟਿਵਾਣੇ ਤੇ ਵੱਟੂ ਹਨ। ਜੱਟਾਂ ਦੇ ਸੈਂਕੜੇ ਗੋਤਾਂ ਵਿਚੋਂ ਕੁਝ ਭਿੰਡਰ, ਚਾਹਲ, ਚੀਮੇ, ਢਿਲੋਂ, ਗਿੱਲ, ਮਾਨ, ਸੰਧੂ, ਸਿੱਧੂ, ਸਿਆਲ ਅਤੇ ਵੜੈਚ ਹਨ। ਖੇਤੀ ਤੋਂ ਇਲਾਵਾ ਜੱਟਾਂ ਦਾ ਕਿੱਤਾ ਫੌਜ ਵਿਚ ਭਰਤੀ ਹੋਣਾ ਵੀ ਸੀ । ਵਪਾਰੀ ਖੱਤਰੀ ਅਤੇ ਅਰੋੜੇ ਕਲਰਕਾਂ, ਲੇਖਾਕਾਰਾਂ ਵਜੋਂ ਨੌਕਰੀਆਂ ਕਰਦੇ ਸਨ।
ਕਈ ਥਾਵਾਂ ਤੇ ਪੰਜਾਬੀਆਂ ਵਾਸਤੇ ਹਿੰਦੂ, ਸਿਖ ਜਾਂ ਮੁਸਲਮਾਨ ਸ਼ਬਦ ਆਉਣਗੇ। ਇਸ ਤਰ੍ਹਾਂ ਦੀ ਵਰਗ ਵੰਡ ਅੰਗਰੇਜ਼ਾਂ ਵੇਲੇ ਸਥਾਪਤ ਹੋਈ। ਅੰਗਰੇਜ਼ਾਂ ਤੋਂ ਪਹਿਲਾਂ ਜੇ ਕਿਸੇ ਪੰਜਾਬੀ ਨੂੰ ਪੁੱਛੋ—ਤੂੰ ਕੌਣ ਹੈਂ, ਧਰਮ ਦੱਸਣ ਦੀ ਥਾਂ ਉਹ ਆਪਣੀ ਜਾਤ ਦੱਸਿਆ ਕਰਦਾ ਸੀ, ਪਿੰਡ ਦਾ ਨਾਮ ਲਿਆ ਕਰਦਾ ਸੀ।
ਹਕੂਮਤਾਂ ਅਤੇ ਅਦਾਲਤਾਂ ਧਰਮ ਵੱਲ ਕੇਂਦਰਿਤ ਹੁੰਦੀਆਂ, ਕਦੀ ਕਦੀ ਫੌਜਾਂ ਧਰਮ ਦੇ ਝੰਡੇ ਅਧੀਨ ਯੁੱਧ ਲੜਦੀਆਂ । ਧਰਮ ਬਦਲੀ ਤੋਂ ਬਾਦ ਵੀ ਜਾਤ ਨਾ ਬਦਲਦੀ ਯਾਨੀ ਕਿ ਇਥੇ ਇਹ ਮੁਹਾਵਰਾ ਢੁੱਕਦਾ ਹੈ ਕਿ ਧਰਮ ਨਾਲੋਂ ਧੜਾ ਪਿਆਰਾ ਹੈ। ਸੋ ਮੁਕਦੀ ਗੱਲ, ਧਰਮ ਬਦਲੀ ਦੇ ਕਾਰਨਾ ਵਿਚ ਮੁਸਲਮਾਨਾਂ ਵਲੋਂ ਯੁੱਧ ਜਿੱਤਣੇ, ਲੰਮੀ ਅਉਧ ਦੀ ਹਕੂਮਤ, ਸੂਫੀ ਪ੍ਰਚਾਰ, ਛੂਆਛੂਤ ਤੇ ਜਜ਼ੀਆ ਆਦਿਕ ਪਾਲਸੀਆਂ ਸਾਰੇ ਕਾਰਨ ਸ਼ਾਮਲ ਹੋ ਸਕਦੇ ਹਨ। ਇਸਲਾਮ ਵਿਰੋਧੀ ਮੰਗੋਲ ਹੱਲਿਆਂ ਦੀ ਬਰਬਾਦੀ ਕਾਰਨ ਵੀ ਲੋਕ ਇਸਲਾਮ ਵੱਲ ਤੁਰ ਸਕਦੇ ਸਨ।
ਜਦੋਂ ਕੋਈ ਹਿੰਦੂ ਕਬੀਲਾ ਮਹਿਸੂਸ ਕਰਦਾ ਕਿ ਉਨ੍ਹਾਂ ਦਾ ਹਿੰਦੂ ਰਾਜਾ ਮੰਗੋਲਾਂ *ਤੋਂ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਸਕਦਾ, ਉਹ ਇਸਲਾਮ ਅਪਣਾ ਲੈਂਦੇ। ਦਿੱਲੀ ਦਾ ਸੁਲਤਾਨ ਅਤੇ ਮੁਲਤਾਨ, ਦੀਪਾਲਪੁਰ ਤੇ ਲਾਹੌਰ ਵਿਚ ਉਸਦੇ ਸੂਬੇਦਾਰ ਰਾਖੀ ਕਰਦੇ। ਇਤਿਹਾਸਕਾਰ ਮੁਹੰਮਦ ਮੁਜੀਬ ਲਿਖਦਾ ਹੈ :
ਲਾਹੌਰ, ਮੁਲਤਾਨ ਤੇ ਦੀਪਾਲਪੁਰ ਫੌਜੀ ਅੱਡੇ ਹਨ ਜਿੱਥੋਂ ਕੁਸ਼ਲਤਾ ਨਾਲ ਦੁਸ਼ਮਣ ਨੂੰ ਰੋਕਿਆ ਜਾਂਦਾ । ਉੱਚ ਕੋਟੀ ਦੇ ਜਰਨੈਲ ਸਨ ਜਿਨ੍ਹਾਂ ਵਿਚੋਂ ਦੋ ਜਲਾਲੁੱਦੀਨ ਖਿਲਜੀ ਅਤੇ ਗਿਆਸੁੱਦੀਨ ਤੁਗਲਕ ਤਾਂ ਦਿੱਲੀ ਦੇ ਸੁਲਤਾਨ ਦੀ ਪਦਵੀ ਤੱਕ ਪੁੱਜੇ ।
ਮੰਗੋਲਾਂ ਦੀ ਤਬਾਹੀ ਪਿਛੋਂ ਸੂਫੀ ਫਕੀਰ ਲੋਕਾਂ ਵਿਚ ਵਿਚਰਦੇ, ਧਰਵਾਸ ਦਿੰਦੇ, ਸ਼ਾਂਤੀ ਵਰਤਾਉਂਦੇ । ਲੋਕਾਂ ਨੂੰ ਇਹਨਾਂ ਨਾਲ ਅਪਣੱਤ ਹੋ ਜਾਂਦੀ, ਹਿੰਦੂ ਮੁਸਲਮਾਨਾਂ ਨੂੰ ਪ੍ਰੇਮ ਨਾਲ ਸਦਭਾਵਨਾ ਨਾਲ ਇਕੱਠੇ ਰਹਿਣ ਲਈ ਪ੍ਰੇਰਦੇ। ਖਾਨਗਾਹਾਂ ਉੱਪਰ ਹਿੰਦੂ ਮੁਸਲਮਾਨ ਸਾਰੇ ਜਾਂਦੇ, ਉੱਥੇ ਵਿਦੇਸ਼ੋਂ ਆਏ ਮੁਸਲਮਾਨਾਂ ਅਤੇ ਸਥਾਨਕ ਧਰਮ ਬਦਲੀ ਕਰਕੇ ਹੋਏ ਮੁਸਲਮਾਨਾਂ ਵਿਚਕਾਰਲਾ ਪਾੜਾ ਘੱਟਦਾ।
ਘਾਹ ਵਾਂਗ ਧਰਤੀ ਨਾਲ ਜੁੜੀ ਮਨੁੱਖੀ ਹੋਂਦ ਨੂੰ ਸੂਫੀ ਆਪਣੀ ਫਿਲਾਸਫੀ ਵਹਦਤ-ਉਲ-ਵਜੂਦ ਨਾਲ ਮਜ਼ਬੂਤ ਕਰਦੇ | ਸੂਫੀਆਂ ਦਾ ਇਹ ਫਲਸਫਾ ਵੈਦਿਕ ਅਦਵੈਤਵਾਦ ਨਾਲ ਬਹੁਤ ਮਿਲਦਾ ਜੁਲਦਾ ਸੀ । ਅਦਵੈਤਵਾਦ ਇਕ ਈਸ਼ਵਰਵਾਦ ਵੱਲ ਵੀ ਲਿਜਾਂਦਾ ਸੀ। ਪਰ ਇਸਲਾਮ ਵਿਚ ਵੀ ਕਿਹੜੀ ਇਕੋ ਧਾਰਾ ਹੈ। ਸ਼ਰਈ ਵਿਦਵਾਨ ਇਸ ਫਲਸਫੇ ਤੋਂ ਪ੍ਰੇਸ਼ਾਨ ਹੋਏ। ਉਨ੍ਹਾਂ ਵਾਸਤੇ, “ਰੱਬ ਹਰ ਥਾਂ ਹੈ ਤੇ ਹਰੇਕ ਵਿਚ ਹੈ”, ਦੀ ਥਾਂ, “ਕਿਤੇ ਕੋਈ ਦੇਵਤਾ ਨਹੀਂ, ਕੇਵਲ ਅੱਲਾਹ ਹੈ”, ਸਹੀ ਵਾਕ ਹੈ।
ਜਦੋਂ ਮੁਸਲਮਾਨ ਬਹੁਦੇਵਵਾਦ ਅਤੇ ਮੂਰਤੀ ਪੂਜਾ ਖਿਲਾਫ ਬੋਲਦੇ, ਹਿੰਦੂਆਂ ਨੂੰ ਬੁਰੇ ਲੱਗਦੇ। ਹਿੰਦੂ, ਮੁਸਲਮਾਨ ਨਾਲ ਛੂਹਣਾ ਭਿੱਟ ਸਮਝਦਾ ਸੀ। ਇਸ ਗੱਲ ਤੋਂ ਮੁਸਲਮਾਨ ਕ੍ਰੋਧਵਾਨ ਹੁੰਦੇ। ਪੰਜਾਬ ਦੀ ਕਿਸਾਨੀ ਵੱਡੀ ਗਿਣਤੀ ਵਿਚ ਇਸਲਾਮ ਅੰਦਰ ਆ ਚੁੱਕੀ ਸੀ। ਸਾਲ 1520 ਵਿਚ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਉਦੋਂ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਰਾਵੀ ਦੇ ਪੱਛਮ ਵੱਲ ਤਾਂ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ ਜੋ ਮੁੱਢੋਂ ਪੰਜਾਬੀ ਸਨ । ਇਥੇ ਬਾਹਰੋਂ ਆ ਕੇ ਵਸੇ ਮੁਸਲਮਾਨ ਕਿੰਨੇ ਕੁ ਸਨ, ਇਸ ਗਿਣਤੀ ਮਿਣਤੀ ਬਾਰੇ ਇਕ ਰਾਇ ਨਹੀਂ ।
ਪੰਜਾਬੀ ਮੁਸਲਮਾਨਾਂ ਦੀ ਵੱਡੀ ਗਿਣਤੀ ਸੁੰਨੀ ਸੀ। ਸ਼ੀਆ ਧੜੇ ਵਿਚ ਇਸਮਾਈਲ ਵੀ ਸਨ। ਸੱਤਵੀਂ ਸਦੀ ਵਿਚ ਜਦੋਂ ਅਰਬਾਂ ਨੇ ਸਿੰਧ ਵਲੋਂ ਹਮਲੇ ਕੀਤੇ, ਇਹ ਉਦੋਂ ਆਏ ਸਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹੀ। ਭਾਵੇਂ ਇਸਲਾਮ ਦਾ ਅਸਰ ਵੱਧ ਰਿਹਾ ਸੀ ਤਾਂ ਵੀ ਹਿੰਦੂ, ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡੇ ਹੋਏ ਸਨ । ਪੰਜਾਬ ਦੇ ਉੱਤਰ ਪੂਰਬ ਦੀਆਂ ਪਹਾੜੀਆਂ ਵਿਚ ਦਰਜਣ ਕੁ ਹਿੰਦੂ ਰਾਜਿਆਂ ਨੇ ਸੁਲਤਾਨਾਂ ਦੀ ਪ੍ਰਭੂਸੱਤਾ ਮੰਨ ਕੇ ਆਪਣੀਆਂ ਆਪਣੀਆਂ ਰਿਆਸਤਾਂ ਬਚਾਈ ਰੱਖੀਆਂ। ਕੁਝ ਹਿੰਦੂਆਂ ਨੇ ਫਾਰਸੀ ਸਿੱਖ ਲਈ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਫਾਰਸੀ ਸਿਖਾਉਣ ਲੱਗ ਪਏ। ਮੁਸਲਿਮ ਬਹੁ ਗਿਣਤੀ ਵਾਲੇ ਪਿੰਡ ਦਾ ਮੁਨੀਮ ਅਕਸਰ ਹਿੰਦੂ ਹੋਇਆ ਕਰਦਾ। ਲੋਧੀ ਸਲਤਨਤ ਦੀ ਅਖੀਰਲੀ ਸਦੀ ਦਾ ਪਿਛਲਾ ਅੱਧ ਪੰਜਾਬ ਵਾਸਤੇ ਅਮਨ ਦਾ ਸਮਾਂ ਸੀ। ਇਸ ਸਮੇਂ ਕੁੱਝ ਹਿੰਦੂ, ਦੀਵਾਨ (ਮੰਤਰੀ) ਅਤੇ ਸੂਬੇਦਾਰ ਦੇ ਰੁਤਬੇ ਤੱਕ ਵੀ ਪੁੱਜੇ।
XXX
ਸੁਲਤਾਨਾ ਦੀ ਕਹਾਣੀ ਬੰਦ ਕਰਕੇ ਮੁਗਲਾਂ ਦਾ ਕਿੱਸਾ ਛੇੜਨ ਤੋਂ ਪਹਿਲਾਂ ਇਸ ਦੌਰ ਦੇ ਦੋ ਸ਼ਖਸਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬ ਇਤਿਹਾਸ ਉੱਪਰ ਆਪਣੀ ਨਿਸ਼ਾਨੀ ਛੱਡੀ, ਇਕ ਅਮੀਰ ਖੁਸਰੋ (1253-1325) ਦੂਜਾ ਅਮੀਰ ਤਿਰ (1336-1405)। ਸ਼ਾਇਰ, ਸੰਗੀਤਕਾਰ, ਬੇਅੰਤ ਗੁਣਵਾਨ ਤੁਰਕ ਖੁਸਰੋ ਸੂਫੀ ਸ਼ੇਖ ਨਿਜ਼ਾਮੁੱਦੀਨ ਔਲੀਆ ਦਾ ਸ਼ਾਗਿਰਦ ਸੀ । ਖੁਸਰੋ ਹਿੰਦ ਨੂੰ ਆਪਣਾ ਵਤਨ ਮੰਨਦਾ ਸੀ ਤੇ ਕਹਿੰਦਾ ਸੀ ਹਿੰਦੂ ਬਹੁਗਿਣਤੀ ਵਾਲਾ ਇਹ ਦੇਸ ਸੁਰਗ ਹੈ। ਉਸਦਾ ਆਖਣਾ ਸੀ ਕਿ ਹਿੰਦੂਆਂ ਨੂੰ ਬੁੱਤਪੂਜ ਆਖ ਕੇ ਦੂਰ ਨਾ ਕਰੋ, ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉ
ਭਾਵੇਂ ਖੁਸਰੋ ਲਾਹੌਰ ਅਤੇ ਮੁਲਤਾਨ ਵਿਚ ਕਈ ਵਰ੍ਹੇ ਰਿਹਾ, ਲਾਹੌਰ ਬਾਰੇ ਲਿਖਿਆ ਪਰ ਉਸਨੇ ਪੰਜਾਬੀ ਵਿਚ ਗੀਤ ਨਹੀਂ ਰਚੇ। ਉਸਦੀ ਜ਼ਬਾਨ ਫਾਰਸੀ ਅਤੇ ਹਿੰਦਕੀ ਸੀ। ਉਰਦੂ ਨੂੰ ਉਦੋਂ ਹਿੰਦਕੀ ਕਿਹਾ ਜਾਂਦਾ ਸੀ । ਫਾਰਸੀ ਅਤੇ ਹਿੰਦੀ ਪੰਜਾਬੀ ਦੇ ਮੇਲ ਤੋਂ ਉਰਦੂ ਦਾ ਜਨਮ ਹੋਇਆ।
ਤਿਮੁਰ ਦੀ ਵਰਾਸਤ ਵੱਖਰੀ ਕਿਸਮ ਦੀ ਹੈ। ਤੁਰਕ ਅਤੇ ਮੰਗੋਲ ਖੂਨ ਦਾ ਮਿਸ਼ਰਣ ਤਿਮੁਰ ਮੁਸਲਮਾਨ ਹੋ ਗਿਆ ਤੇ ਉਸਨੇ ਕੇਂਦਰੀ ਏਸ਼ੀਆ ਵਿਚ ਤਕੜੀ ਸਲਤਨਤ ਕਾਇਮ ਕਰ ਲਈ। ਉਸਦਾ ਆਪਣਾ ਵਤਨ ਉਜ਼ਬੇਕਿਸਤਾਨ ਹੈ ਜਿਥੇ ਅੱਜ ਵੀ ਲੋਕਯਾਨ ਵਿਚ ਉਹ ਹੀਰੋ ਹੈ। ਉਸਨੇ 1398-99 ਵਿਚ ਭਾਰਤ ਉੱਪਰ ਹਮਲਾ ਕਰਕੇ ਤਬਾਹੀ ਅਤੇ ਮੌਤ ਦਾ ਤਾਂਡਵ ਨਾਚ ਕਰਵਾਇਆ। ਦਿੱਲੀ ਵਿਚਲੀ ਸਲਤਨਤ ਅਤੇ ਹਿੰਦੂ ਪਰਜਾ ਵਿਚ ਉਸਨੇ ਕੁਹਰਾਮ ਮਚਾ ਦਿੱਤਾ। ਪੰਜਾਬ ਵਿਚ ਜੋ ਮੰਗੋਲਾਂ ਤੋਂ ਬਚਿਆ ਉਹ ਤਿਮੁਰ ਨੇ ਖਤਮ ਕੀਤਾ।
ਲੰਮਾ, ਤਕੜਾ ਪਰ ਲੰਗੜਾ ਤਿਸੁਰ ਦੱਖਣ ਵਾਲੇ ਪਾਸਿਓਂ ਕੂਚ ਕਰਦਾ ਹੋਇਆ ਦਿੱਲੀ ਪੁੱਜਾ, ਖ਼ੂਨ ਦੀਆਂ ਨਦੀਆਂ ਵਹਾ ਕੇ ਉੱਤਰੀ ਪਹਾੜੀਆਂ ਤੋਂ ਲਾਹੌਰ ਵੱਲ ਵੱਧਦਾ ਹੋਇਆ ਲੁੱਟ ਦਾ ਮਾਲ ਲੈ ਗਿਆ।22 ਜਿਧਰ ਦੀ ਲੰਘਿਆ, ਉਸਨੇ ਰਸਤੇ ਵਿਚ ਕੁਝ ਨਹੀਂ ਛੱਡਿਆ। ਉਸ ਦੇ ਹਮਲੇ ਪਿਛੋਂ ਵੀ ਦਿੱਲੀ ਸਲਤਨਤ ਸਵਾ ਸੌ ਸਾਲ ਚਲਦੀ ਰਹੀ ਪਰ ਇਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ।
ਇਕ ਬਹਾਦਰ ਪੰਜਾਬੀ ਜਿਸਨੇ ਤਿਮੁਰ ਖਿਲਾਫ ਮੋਰਚਾ ਲਾਇਆ ਜਸਰਤ ਗੱਖੜ ਸੀ, ਉਸਨੂੰ ਜਸਰਤ ਖਾਨ ਗੱਖੜ (ਖੋਖਰ) ਵੀ ਲਿਖਿਆ ਮਿਲਦਾ ਹੈ। ਚਾਰ ਸਦੀਆਂ ਪਹਿਲਾਂ ਗੱਖੜਾਂ ਨੇ ਇਸੇ ਤਰ੍ਹਾਂ ਮੁਹੰਮਦ ਗੌਰੀ ਵਿਰੁੱਧ ਵੀ ਜੰਗ ਲੜੀ ਸੀ। ਉਹ ਹਿੰਦੂ ਸੀ ਕਿ ਮੁਸਲਮਾਨ ਪੱਕਾ ਪਤਾ ਨਹੀਂ। ਇਹ ਵੀ ਪਤਾ ਨਹੀਂ ਕਿ ਪੰਜਾਬ ਦੇ ਗੱਖੜ ਅਤੇ ਖੋਖਰ ਇਕੋ ਹਨ ਕਿ ਵੱਖ ਵੱਖ। ਇਕ ਗੱਲ ਪੱਕੀ ਹੈ, ਜਦੋਂ ਧਾੜਵੀ ਆਉਂਦੇ, ਗੱਖੜ ਰਸਤਿਓਂ ਹੱਟ ਕੇ ਲਾਂਭੇ ਹੋ ਜਾਂਦੇ। ਤਿਮੁਰ ਨੇ ਜਸਰਤ ਦੇ ਪਿਤਾ ਸ਼ੇਖਾ ਨੂੰ ਗ੍ਰਿਫਤਾਰ ਕੀਤਾ। ਗੱਦਾਰ ਕਹਿ ਕੇ ਕਤਲ ਕਰਵਾ ਦਿੱਤਾ। ਜਸਰਤ ਤਿਮੂਰ ਵਿਰੁੱਧ ਲੜਿਆ ਪਰ ਹਾਰ ਗਿਆ, ਗ੍ਰਿਫਤਾਰ ਕੀਤਾ ਗਿਆ, ਕਿਸੇ ਤਰ੍ਹਾਂ ਗਿ੍ਫ਼ਤ ਵਿਚੋਂ ਭੱਜ ਗਿਆ। ਤਿਮੁਰ ਦੇ ਜਾਣ ਪਿਛੋਂ ਉਸਨੇ ਮੁੜ ਪੰਜਾਬ ਦੇ ਕਈ ਹਿੱਸਿਆਂ ਅਤੇ ਕਸ਼ਮੀਰ ਤੇ ਕਬਜ਼ਾ ਕਰ ਲਿਆ। ਸਾਲ 1442 ਵਿਚ ਉਸਦੀ ਮੌਤ ਹੋਈ।
ਸਿੰਧ ਸਾਗਰ ਦੁਆਬ ਜੋ ਪਿਛੋਂ ਜਾ ਕੇ ਰਾਵਲਪਿੰਡੀ ਡਿਵੀਜ਼ਨ ਵਿਚ ਸ਼ਾਮਲ ਹੋਏ ਉੱਤਰੀ ਪਹਾੜੀਆਂ ਦੇ ਇਲਾਕੇ ਸਨ ਜਿਨ੍ਹਾਂ ਉੱਪਰ ਗੱਖੜਾਂ ਅਤੇ ਜੰਜੂਆਂ ਦਾ ਕਬਜ਼ਾ ਸੀ। ਇਹ ਆਪੋ ਵਿਚ ਜੱਦੀ ਦੁਸ਼ਮਣ ਰਹੇ, ਕਦੀ ਰਾਜ਼ੀਨਾਵਾਂ ਨਾ ਹੋਇਆ।
XXX
ਸ਼ੁਕਰ ਰੱਬ ਦਾ, ਤਿਮੁਰ ਪਿਛੋਂ ਪੰਜਾਬ ਉੱਪਰ ਹੱਲੇ ਬੰਦ ਹੋ ਗਏ ਤੇ ਜ਼ਿੰਦਗੀ ਪਰਤਣ ਲੱਗੀ। ਜਿਹੜੇ ਉਜੜ ਕੇ ਚਲੇ ਗਏ ਸਨ, ਉਹ ਜਾਂ ਉਨ੍ਹਾਂ ਦੇ ਵਾਰਸ ਆਪਣੀਆਂ ਜ਼ਮੀਨਾਂ ਉੱਪਰ ਆ ਗਏ। ਵਪਾਰ ਵਿਚ ਵਾਧਾ ਹੋਣ ਲੱਗਾ। ਤਿਮੂਰ ਤੋਂ ਸਵਾ ਸੌ ਸਾਲ ਬਾਦ 1520 ਵਿਚ ਤਿਮੁਰ ਦਾ ਜਾਨਸ਼ੀਨ, ਤੁਰਕੀ ਫਾਰਸੀ ਦਾ ਸ਼ਾਇਰ ਬਾਬਰ ਖੈਬਰ ਦੇ ਰਸਤੇ ਭਾਰਤ ਵੱਲ ਤੁਰ ਪਿਆ। ਉਸਦਾ ਇਰਾਦਾ ਲੁੱਟਮਾਰ ਕਰਕੇ ਵਾਪਸ ਪਰਤਣ ਦਾ ਨਹੀਂ, ਇਥੇ ਰਹਿ ਕੇ ਰਾਜ ਕਰਨ ਦਾ ਸੀ।
ਰਸਤੇ ਵਿਚ ਗੱਖੜਾਂ ਅਤੇ ਭੱਟੀਆਂ ਨੂੰ ਲਤਾੜਦਾ ਹੋਇਆ ਉਹ ਦਿੱਲੀ ਵੱਲ ਵਧਿਆ ਤੇ ਲੋਧੀ ਸੁਲਤਾਨ ਕੋਲ ਸੁਨੇਹਾ ਭੇਜਿਆ ਕਿ ਮੈਂ ਤਿਮਰ ਦਾ ਵਾਰਸ ਹਾਂ, ਦਿੱਲੀ ਹਕੂਮਤ ਉੱਪਰ ਮੇਰਾ ਹੱਕ ਹੈ, ਮੇਰੇ ਹਵਾਲੇ ਕਰ । ਲੋਧੀ ਪਾਣੀਪਤ ਕੋਲ ਆਪਣੀਆਂ ਫੌਜਾਂ ਲੈ ਆਇਆ। ਯੁੱਧ ਹੋਇਆ, ਹਿੰਦੁਸਤਾਨ ਵਿਚ ਪਹਿਲੀ ਵਾਰ ਤੋਪਖਾਨਾ ਆਇਆ ਸੀ ਜਿਸ ਸਦਕਾ ਲੋਧੀ ਹਾਰ ਗਿਆ ਤੇ ਮਾਰਿਆ ਗਿਆ। ਭਾਰਤ ਵਿਚ ਮੁਗਲ ਹਕੂਮਤ ਦੀ ਸ਼ੁਰੂਆਤ ਹੋਈ।
ਬਾਬਰ ਨੇ ਪਹਿਲਾਂ ਕਾਬਲ ਤੇ ਕਬਜ਼ਾ ਕੀਤਾ ਸੀ, ਖ਼ੁਦ ਲਿਖਦਾ ਹੈ, “ਕਾਬਲ ਵਿਚ ਵੱਡੀ ਮੰਡੀ ਹੈ ਜਿਥੇ ਦਸ ਤੋਂ ਵੀਹ ਹਜ਼ਾਰ ਭਾਰਤੀ ਉਥੋਂ ਗੁਲਾਮ, ਕੱਪੜਾ, ਖੰਡ, ਖੁਸ਼ਬੂਦਾਰ ਜੜ੍ਹੀਆਂ ਬੂਟੀਆਂ ਆਦਿਕ ਲਿਆ ਕੇ ਸਾਲਾਨਾ ਵੇਚਦੇ ਹਨ ਤੇ ਇਧਰੋਂ ਉਹ ਸੱਤ ਤੋਂ ਦਸ ਹਜ਼ਾਰ ਘੋੜੇ ਖਰੀਦ ਕੇ ਲੈ ਜਾਂਦੇ ਹਨ।”26 ਖੈਬਰ ਦੱਰੇ ਵਿਚੋਂ ਬਰਾਸਤਾ ਰਾਵਲ ਪਿੰਡੀ, ਲਾਹੌਰ, ਕਾਬਲ ਨਾਲ ਵਪਾਰ ਕਰਦਾ ਸੀ । ਮੁਲਤਾਨ ਦਾ ਵਪਾਰ ਕੰਧਾਰ ਨਾਲ ਸੀ, 1526 ਤੱਕ ਕਾਰੋਬਾਰ ਸਿਖਰ ਤੇ ਸੀ।
ਹੁਣ ਲਾਹੌਰ ਅਤੇ ਮੁਲਤਾਨ ਦਿੱਲੀ ਦਰਬਾਰ ਦੀ ਤਾਬਿਆਦਾਰੀ ਵਿਚ ਰਹਿਣਗੇ। ਪੰਦਰਾਂ ਕੁ ਸਾਲ (1540-1555) ਅਫਗਾਨ ਸ਼ੇਰਸ਼ਾਹ ਸੂਰੀ ਨੇ ਵਿਘਨ ਪਾ ਦਿੱਤਾ ਨਹੀਂ ਤਾਂ ਤਿੰਨ ਸਦੀਆਂ ਮੁਗਲ ਰਾਜ ਹੀ ਰਿਹਾ।
ਤਿਮੁਰ ਅਤੇ ਮੰਗੋਲਾਂ ਨਾਲ ਮੁਗਲਾਂ ਦੇ ਰਿਸ਼ਤੇ ਨੇ ਪੰਜਾਬੀਆਂ ਵਾਸਤੇ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਅਕਬਰ ਅਤੇ ਹੁੰਮਾਯੂ ਪੰਜਾਬੀਆਂ ਦੇ ਦਿਲਾਂ ਉੱਪਰੋਂ ਚੰਗੇਜ਼ ਅਤੇ ਤਿਮੁਰ ਦੇ ਹੱਲਿਆਂ ਵਾਲੇ ਜ਼ਖ਼ਮ ਨਹੀਂ ਮਿਟਾ ਸਕੇ। ਮੁਗਲ ਹਕੂਮਤ ਵਾਸਤੇ ਪੰਜਾਬੀਆਂ ਦੇ ਦਿਲਾਂ ਵਿਚ ਨਾ ਪਿਆਰ ਸੀ ਨਾ ਹਮਦਰਦੀ, ਪਰਜਾ ਮੁਗਲਾਂ ਦੀ ਦੁਸ਼ਮਣ ਨਾ ਸਹੀ ਓਪਰੀ ਜ਼ਰੂਰ ਸੀ ।27 ਬਾਬਰ ਨੇ ਪੰਜਾਬ ਨੂੰ ਲਹੂ ਲੁਹਾਣ ਕੀਤਾ ਸੀ, ਅਕਬਰ ਵੀ ਬਗਾਵਤਾਂ ਦਬਾਉਣ ਵਾਸਤੇ ਪੰਜਾਬ ਵਿਚ ਫੌਜਾਂ ਭੇਜਦਾ ਰਹਿੰਦਾ।
ਆਖਰ ਅਕਬਰ ਨੇ ਸਥਿਰਤਾ ਲਿਆਂਦੀ ਜਿਸਦਾ ਅਸਰ ਪੰਜਾਬ ਉੱਪਰ ਹੋਣਾ ਹੀ ਸੀ। ਮਿਹਨਤੀ ਪੰਜਾਬੀਆਂ ਨੇ ਜਦੋਂ ਦੇਖ ਲਿਆ ਹੁਣ ਧਾੜਵੀ ਨਹੀਂ ਆਉਣਗੇ ਖੂਹਾਂ ਨਾਲ ਸਿੰਜ ਕੇ ਅੰਨ ਪੈਦਾ ਕੀਤਾ। ਬਾਸਮਤੀ, ਕਪਾਹ, ਕਣਕ, ਗੰਨਾ, ਜਵਾਰ ਤੇ ਪੋਸਤ ਦੀ ਖੂਬ ਖੇਤੀ ਕੀਤੀ। ਘੋੜੇ, ਖੱਚਰ, ਊਠ, ਮੱਝਾਂ, ਸਭ ਪਸ਼ੂ ਪਾਲੇ, ਅੰਗੂਰ, ਖਰਬੂਜ਼ੇ, ਅੰਬ, ਆੜੂ, ਅੰਜੀਰ ਅਤੇ ਸ਼ਹਿਤੂਤ ਉਪਜਾਏ।
ਉੱਤਰੀ ਸਿੰਧ ਸਾਗਰ ਦੁਆਬ ਵਿਚ ਲੂਣ ਦੇ ਪਹਾੜ ਸਨ । ਕੁਝ ਜੰਗਲ ਰਾਖਵੇਂ ਕਰ ਦਿੱਤੇ ਜਿਨ੍ਹਾਂ ਵਿਚ ਸ਼ੇਰ, ਚੀਤੇ, ਲੂੰਬੜ, ਰੋਝ, ਹਿਰਨ ਸਨ। ਇਥੇ ਬਾਦਸ਼ਾਹ, ਰਾਜਕੁਮਾਰ ਸ਼ਿਕਾਰ ਖੇਡਿਆ ਕਰਨਗੇ। ਸਤਲੁਜ ਦੇ ਦੋਵੇਂ ਪਾਸੇ ਦੱਖਣੀ ਪੰਜਾਬ ਵਿਚ ਸੰਘਣਾ ਲੱਖੀ ਜੰਗਲ ਸੀ । ਵੱਡੇ ਘਰ ਪੱਥਰਾਂ ਦੇ, ਆਮ ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਦੇ। ਫਰਸ਼ ਗਾਰੇ ਨਾਲ ਲਿਪਦੇ, ਹਿੰਦੂ ਗਊ ਦਾ ਗੋਹਾ ਮਿਲਾ ਕੇ ਲਿਪਦੇ। ਤਿੱਥ ਤਿਉਹਾਰ ਤੇ ਅਮੀਰ ਰੇਸ਼ਮ ਅਤੇ ਸੋਨਾ ਪਹਿਨਦੇ, ਆਮ ਬੰਦੇ ਲੱਕ ਦੁਆਲੇ ਪਰਨਾ ਲਪੇਟ ਲੈਂਦੇ, ਬਸ ਕਾਫੀ ਸੀ ।
ਕਾਲ ਦੇ ਦਿਨਾਂ ਨੂੰ ਛੱਡ ਕੇ ਪੰਜਾਬੀਆਂ ਕੋਲ ਖਾਣ ਪੀਣ ਲਈ ਬਥੇਰਾ ਸੀ, ਹਾੜ੍ਹੀ ਅਤੇ ਸੌਣੀ ਦੋ ਫਸਲਾਂ ਹੁੰਦੀਆਂ। ਅਨਪੜ੍ਹ ਅਕਬਰ ਚੜ੍ਹਦੀ ਉਮਰੇ ਸ਼ੇਰਸ਼ਾਹ ਸੂਰੀ ਵਿਰੁੱਧ ਜੰਗ ਵਿਚ ਲੜਿਆ ਸੀ, ਉਸ ਦੇ ਦਿਲ ਵਿਚ ਵੀ ਪੰਜਾਬੀਆਂ ਲਈ ਖ਼ਾਸ ਥਾਂ ਬਣ ਗਈ। ਅਕਬਰ ਦੀ ਤਾਜਪੋਸ਼ੀ ਬੈਰਮ ਖਾਂ ਨੇ ਪੰਜਾਬ ਦੇ ਪਿੰਡ ਕਲਾਨੌਰ ਵਿਚ 1595 ਵਿਚ ਕਰ ਦਿੱਤੀ ਸੀ। ਸਿਕੰਦਰ ਸੂਰੀ ਦੀ ਬਗਾਵਤ ਦਬਾ ਦਿੱਤੀ ਗਈ। ਪੰਜਾਬ ਦੇ ਸ਼ਹਿਰ ਲਾਹੌਰ, ਗੁਜਰਾਤ ਅਤੇ ਸਿਆਲਕੋਟ ਉੱਤਰ ਵਿਚ, ਦੱਖਣ ਪੱਛਮ ਦੇ ਫਿਰੋਜ਼ਪੁਰ, ਪਾਣੀਪਤ, ਥਾਨੇਸਰ, ਸਰਹਿੰਦ, ਸੁਲਤਾਨਪੁਰ ਸੂਤੀ, ਰੇਸ਼ਮੀ, ਸਟਣ, ਉੱਨੀ ਕੱਪੜੇ ਤਿਆਰ ਕਰਕੇ ਕਢਾਈ, ਬੁਣਾਈ ਦਾ ਕੰਮ ਕਰਦੇ, ਤੀਰ, ਤਲਵਾਰਾਂ, ਨੇਜ਼ੇ, ਛੁਰੇ, ਕੌਲੀਆਂ, ਥਾਲ, ਕਾਗਜ਼, ਚਮੜਾ, ਦਰੀਆਂ ਬਣਾਉਂਦੇ, ਗੁੜ, ਤੇਲ, ਇਤਰ ਪੈਦਾ ਕਰਦੇ। ਝਨਾ ਵਿਚ ਵਗਦੀਆਂ ਕਿਸ਼ਤੀਆਂ ਵਜ਼ੀਰਾਬਾਦ ਵਿਚ ਬਣਦੀਆਂ, ਮੁਲਤਾਨ ਵਿਚ ਅਰਬੀ ਘੋੜਿਆਂ ਦੀ ਮੰਡੀ ਲੱਗਦੀ। ਪੂਰਬੀ ਪੰਜਾਬ, ਪਹਾੜੀਆਂ ਦੀਆਂ ਜੜ੍ਹਾਂ ਵਿਚ ਖਿਜ਼ਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ।
ਸੈਨਿਕ ਬੰਦੋਬਸਤ ਪੱਖੋਂ ਖ਼ਾਸ ਪੰਜਾਬੀ ਸ਼ਹਿਰ ਰੋਹਤਾਸ ਸੀ ਜੋ ਕਾਬਲ ਤੋਂ ਖੈਬਰ ਰਾਹੀਂ ਲਾਹੌਰ ਦੇ ਰਸਤੇ ਵਿਚ ਪੈਂਦਾ ਸੀ। ਇਥੇ ਸ਼ੇਰਸ਼ਾਹ ਸੂਰੀ ਨੇ ਕਿਲ੍ਹਾ ਉਸਾਰਿਆ ਸੀ। ਦਿੱਲੀ ਵੱਲ ਜਾਂਦਿਆਂ ਬਿਸਤ ਦੁਆਬ ਵਿਚ (ਇਸਨੂੰ ਜਲੰਧਰ ਦੁਆਬ ਜਾਂ ਕੇਵਲ ਦੁਆਬਾ ਵੀ ਕਿਹਾ ਜਾਂਦਾ ਹੈ) ਜਲੰਧਰ ਅਤੇ ਸਤਲੁਜ ਦੇ ਦੱਖਣ ਵੱਲ ਲੁਧਿਆਣਾ ਹੈ, ਮੁਲਤਾਨ ਅਤੇ ਲਾਹੌਰ ਵਿਚਕਾਰ ਦੀਪਾਲਪੁਰ ਸਿੰਧ ਸਾਗਰ ਦੁਆਬ ਵਿਚ ਤੇ ਅਜੋਕੇ ਪੂਰਬੀ ਪੰਜਾਬ ਵੱਲ ਸਿਰਹੰਦ ਹੈ।
ਪਹਿਲੋਂ ਸੁਲਤਾਨਾ ਨੇ ਫਿਰ ਮੁਗਲਾਂ ਨੇ ਉਦਯੋਗ ਅਤੇ ਸ਼ਹਿਰੀਕਰਣ ਨੂੰ ਉਤਸ਼ਾਹਿਤ ਕੀਤਾ। ਅਕਬਰ ਦਾ ਪੰਜਾਬ ਇਸ ਤਰ੍ਹਾਂ ਦਾ ਸੀ :
- ਪੰਜਾਬ ਦੇ ਕੇਂਦਰ ਵਿਚ ਰਾਵੀ ਕਿਨਾਰੇ ਲਾਹੌਰ ਸ਼ਹਿਰ।
- ਇੰਨਾ ਹੀ ਵਿਸ਼ਾਲ ਸੂਬਾ ਮੁਲਤਾਨ, ਲਾਹੌਰ ਤੋਂ 230 ਮੀਲ ਦੱਖਣ-ਪੱਛਮ ਵੱਲ, ਅਜੋਕਾ ਸਿੰਧ, ਮੁਲਤਾਨ ਦੇ ਉੱਤਰ ਵਿਚ ਜਿਹਲਮ-ਝਨਾ-ਰਾਵੀ ਦਾ ਸੰਗਮ।
- ਵੱਡਾ ਪੂਰਬੀ ਹਿੱਸਾ ਜਿਸ ਉੱਤੇ ਕਦੀ ਦਿੱਲੀ ਤੋਂ ਕਦੀ ਸਰਹਿੰਦ ਤੋਂ ਹਕੂਮਤ ਚਲਦੀ।
ਪਹਿਲੋਂ ਦਿਲੀਓਂ ਫਿਰ ਆਗਰੇ ਤੋਂ ਰਾਜ ਕਰਦਿਆਂ ਅਕਬਰ ਵਾਸਤੇ ਲਾਹੌਰ ਤੀਜੀ ਰਾਜਧਾਨੀ ਸੀ ਜਿਥੇ ਉਸਨੇ ਮਜ਼ਬੂਤ ਕਿਲ੍ਹਾ ਉਸਾਰਿਆ। ਕਾਬਲ ਜਾਂ ਕਸ਼ਮੀਰ ਉੱਤੇ ਚੜ੍ਹਾਈ ਕਰਨ ਵਕਤ ਲਾਹੌਰ ਉਤਾਰਾ ਹੁੰਦਾ। ਮਏ ਭਰਾ ਹਾਕਿਮ ਦੀ ਅੱਖ ਤਖ਼ਤ ਉੱਪਰ ਸੀ, ਅਫਗਾਨਿਸਤਾਨ ਵਿਚ ਰੂਪੋਸ਼ ਰਹਿੰਦਾ, ਗਾਹੇ ਬਗਾਹੇ ਹੱਲੇ ਬੋਲਦਾ, ਉਸਦੀ ਬਗਾਵਤ ਦਬਾਉਣ ਲਈ ਔਣਾ ਪੈਂਦਾ ਜਾਂ ਫਿਰ ਆਰਾਮ ਕਰਨ ਲਈ ਕਸ਼ਮੀਰ ਵਧੀਆ ਸੀ। ਮਾਮਾ ਬੈਰਮ ਖਾਨ ਬਾਗੀ ਹੋ ਗਿਆ, ਉਸਦੀ ਬਗਾਵਤ ਦਬਾਈ। ਸ਼ੇਰਸ਼ਾਹ ਸੂਰੀ ਨੇ ਜਿਹੜਾ ਸ਼ਾਹਰਾਹ ਬਿਹਾਰ ਤੋਂ ਬਰਾਸਤਾ ਆਗਰਾ ਪੰਜਾਬ ਤੱਕ ਬਣਾਇਆ ਸੀ, ਅਕਬਰ ਨੇ ਉਸਦਾ ਵਿਸਤਾਰ ਕਰਕੇ ਪੱਛਮ ਵਿਚ ਪੇਸ਼ਾਵਰ ਅਤੇ ਪੂਰਬ ਵਿਚ ਬੰਗਾਲ ਤੱਕ ਕਰ ਦਿੱਤਾ।
1585 ਤੋਂ 1598 ਤੱਕ ਤਾਂ ਉਸਨੇ ਲਾਹੌਰੋਂ ਹੀ ਹਿੰਦੁਸਤਾਨੀ ਹਕੂਮਤ ਚਲਾਈ। ਤੇਰਾਂ ਸਾਲ ਪੁਲਸ ਨੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖਿਆ। ਦਰਮਿਆਨੇ ਕੱਦ ਦੇ ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹਾਥੀ ਤੇ ਸਵਾਰ ਕਾਰਵਾਂ ਲਈ ਜਾਂਦਾ ਦੇਖਦੇ, ਕਦੀ ਦਰਿਆ ਪਾਰ ਕਰਦਾ, ਕਦੀ ਸ਼ਿਕਾਰ ਖੇਡਦਾ ਦੇਖਦੇ। ਬੇਸ਼ਕ ਉਸਦਾ ਦਰਬਾਰ ਪੂਰੀ ਸ਼ਾਨ ਸ਼ੌਕਤ ਵਾਲਾ ਸੀ ਪਰ ਆਪ ਉਹ ਅਯਾਸ਼ ਨਹੀਂ ਸੀ। ਕਿਸਾਨਾਂ ਤੋਂ ਕਰ ਲੈਂਦੇ, ਸਿੱਕੇ ਅਤੇ ਵੱਟੇ ਪਰਖੇ ਜਾਂਦੇ, ਗਜ਼ ਦੀ ਮਿਣਤੀ ਹੁੰਦੀ, ਸੋਨੇ ਚਾਂਦੀ ਦੀਆਂ ਕੀਮਤਾਂ ਨਿਸ਼ਚਿਤ ਕਰਦੇ, ਕਿਸ ਗੁਨਾਹ ਦੀ ਕਿੰਨੀ ਸਜ਼ਾ ਹੋਵੇ, ਨਿਰਦੇਸ਼ ਮਿਲਦੇ। ਉਸਦੀ ਹਕੂਮਤ ਦੀਆਂ ਨੀਹਾਂ ਵਿਚ ਸ਼ੇਰਸ਼ਾਹ ਸੂਰੀ, ਹੁਮਾਯੂੰ, ਬਾਬਰ, ਅਫਗਾਨ ਅਤੇ ਤੁਰਕ ਰਾਜੇ, ਪੁਰਾਣੇ ਹਿੰਦੂ ਸ਼ਾਸਕ ਸਨ।
ਮਨਸਬਦਾਰਾਂ ਦੀ ਇਕ ਇਲੀਟ ਸ਼੍ਰੇਣੀ ਪੈਦਾ ਹੋਈ । ਅਕਬਰ ਖ਼ੁਦ ਇਨ੍ਹਾਂ ਨੌਕਰਾਂ/ ਅਫਸਰਾਂ ਦੀ ਨਿਯੁਕਤੀ ਕਰਦਾ। ਮਨਸਬਦਾਰ ਪ੍ਰਬੰਧ ਚਲਾਉਂਦਾ ਤੇ ਹਰ ਵਕਤ ਫੌਜ ਤਿਆਰ ਬਰ ਤਿਆਰ ਰੱਖਦਾ। ਕੁਝ ਮਨਸਬਦਾਰ ਰਾਜਧਾਨੀ ਵਿਚ ਹੁੰਦੇ, ਬਾਕੀ ਆਪੋ ਆਪਣਿਆਂ ਸੂਬਿਆਂ ਵਿਚ। ਉਗਰਾਹੇ ਟੈਕਸ ਵਿਚੋਂ ਮਨਸਬਦਾਰ ਦਾ ਹਿੱਸਾ ਹੁੰਦਾ ਜਿਸ ਨਾਲ ਇਹ ਧਨੀ ਵੀ ਹੋਏ ਤੇ ਇੱਜ਼ਤ ਵੀ ਬਣੀ। ਮਨਸਬਦਾਰ ਦੀ ਮੌਤ ਪਿਛੋਂ ਜਾਇਦਾਦ ਉੱਪਰ ਵਾਰਸਾਂ ਦਾ ਕੋਈ ਹੱਕ ਨਹੀਂ, ਸਭ ਬਾਦਸ਼ਾਹ ਦੀ ਹੋ ਜਾਂਦੀ। ਇਸ ਨਾਲ ਵੱਡੀ ਪੱਧਰ ਤੇ ਹੋਣ ਵਾਲਾ ਗਬਨ ਰੁਕਦਾ। ਮਨਸਬਦਾਰ ਨੂੰ ਖਜ਼ਾਨਚੀ ਵੀ ਰੱਖਿਆ ਜਾ ਸਕਦਾ, ਕਾਬਲ ਫੌਜ ਲੈ ਕੇ ਚੜ੍ਹਾਈ ਕਰਨ ਦਾ ਹੁਕਮ ਵੀ ਮਿਲ ਸਕਦੈ। ਵਪਾਰੀ ਜਾਂ ਸੂਦਖੋਰ ਬੇਸ਼ਕ ਹਿੰਦੂ ਹੋਵੇ, ਮਨਸਬਦਾਰ ਨਾਲ ਲੈਣ ਦੇਣ ਕਰ ਸਕਦਾ, ਧਨ ਜਮ੍ਹਾ ਕਰ ਸਕਦਾ ਜਿਸ ਉੱਪਰ ਵਾਰਿਸਾਂ ਦਾ ਹੱਕ ਹੁੰਦਾ ਜਾਂ ਉਸਦਾ ਹੱਕ ਹੁੰਦਾ ਜਿਸ ਵਾਸਤੇ ਵਸੀਅਤ ਲਿਖੀ ਹੋਵੇ।
ਜਦੋਂ ਪੂਰੇ ਸੂਬੇ ਦਾ ਫੌਜੀ ਕੰਟਰੋਲ ਮਨਸਬਦਾਰ ਕੋਲ ਹੋਵੇ ਉਦੋਂ ਉਸਨੂੰ ਨਾਜ਼ਿਮ ਕਿਹਾ ਜਾਂਦਾ, ਜੇ ਵਿੱਤੀ ਅਧਿਕਾਰ ਵੀ ਦੇ ਦਿੱਤੇ ਤਾਂ ਸੂਬੇਦਾਰ ਹੁੰਦਾ। ਹਰੇਕ ਸੂਬੇ ਵਿਚ ਕਰੀਬ ਦਰਜਣ ਸਰਕਾਰ ਹੁੰਦੇ, ਹਰੇਕ ਦਾ ਚੀਫ ਫੌਜਦਾਰ ਹੁੰਦਾ ਜੋ ਫੌਜੀ ਅਫਸਰ ਹੁੰਦਾ। ਹਰੇਕ ਸਰਕਾਰ ਵਿਚ ਕਈ ਪਰਗਣੇ ਜਾਂ ਮਹਿਲ ਹੁੰਦੇ, ਹਰੇਕ ਪਰਗਣੇ ਵਿਚ ਕਈ ਕਈ ਪਿੰਡ । ਬਹੁਤਿਆਂ ਸਰਕਾਰਾਂ ਵਿਚ ਇਕ ਇਕ ਨਗਰ ਹੁੰਦਾ ਜਿਸ ਵਿਚ ਕੋਤਵਾਲ ਨਿਯੁਕਤ ਹੁੰਦਾ। ਇਸ ਦੀ ਜ਼ਿੰਮੇਵਾਰੀ ਸੁਰੱਖਿਆ ਦੇਣੀ ਹੁੰਦੀ।
ਮਨਸਬਦਾਰ ਦੂਰ ਦੁਰਾਡੇ ਗਸ਼ਤਾਂ ਉੱਪਰ ਰਹਿੰਦੇ ਜਿਸ ਨਾਲ ਸਲਤਨਤ ਦਾ ਪਸਾਰ ਹੁੰਦਾ ਤੇ ਮਜ਼ਬੂਤ ਰਹਿੰਦੀ । ਪੰਜਾਬ ਵਿਚੋਂ ਪਖਤੂਨ ਅਤੇ ਅਫਗਾਨ ਬਾਗੀਆਂ ਨੂੰ ਦਬਾਉਣ ਲਈ ਫੌਜਾਂ ਨਿਰੰਤਰ ਤੁਰੀਆਂ ਰਹਿੰਦੀਆਂ। ਕੇਂਦਰੀ ਏਸ਼ੀਆ ਦੇ ਉਜਬੇਕ ਮੁਗਲ ਹਕੂਮਤ ਲਈ ਲਗਾਤਾਰ ਖਤਰਾ ਬਣੇ ਰਹਿੰਦੇ। ਉਨ੍ਹਾਂ ਨੂੰ ਖਦੇੜਨਾ ਪੈਂਦਾ। ਮਨਸਬਦਾਰ ਮਾਨ ਸਿੰਘ ਤੇ ਮਨਸਬਦਾਰ ਟੋਡਰ ਮੱਲ ਅਕਬਰ ਦੇ ਵਿੱਤ ਮੰਤਰੀ ਸਨ। ਉਨ੍ਹਾਂ ਨੂੰ ਕਈ ਜੰਗੀ ਮੁਹਿੰਮਾਂ ਤੇ ਭੇਜਿਆ। ਅਕਬਰ ਦਾ ਜਿਗਰੀ ਦੋਸਤ ਰਾਜਾ ਬੀਰਬਲ 1586 ਨੂੰ ਪਖਤੂਨ ਫਰੰਟ ਉੱਪਰ ਹੀ ਲੜਦਿਆਂ ਮਾਰਿਆ ਗਿਆ ਸੀ । ਇਹ ਖ਼ਬਰ ਸੁਣ ਕੇ ਕਹਿੰਦੇ ਨੇ ਅਕਬਰ ਨੇ ਦੋ ਦਿਨ ਕੁਝ ਨਹੀਂ ਖਾਧਾ ।
ਅਕਬਰ ਦੇ ਬਹੁਤੇ ਮਨਸਬਦਾਰ ਸ਼ਾਹੀ ਘਰਾਣੇ ਵਿਚੋਂ ਜਾਂ ਕੇਂਦਰੀ ਏਸ਼ੀਆ ਵਿਚੋਂ ਭਾਰਤ ਪਰਵਾਸ ਕਰਕੇ ਆਏ ਲੋਕ ਹੁੰਦੇ। ਥੋੜ੍ਹੇ ਕੁ ਦੇਸੀ ਹਿੰਦੂ ਵੀ ਸਨ। ਪੰਜਾਬੀ ਮੁਸਲਮਾਨ ਜਿਸਨੇ ਦੀਨ ਵਿਚ ਪ੍ਰਵੇਸ਼ ਕੀਤਾ ਹੋਵੇ ਜਾਂ ਉਸਦੀ ਔਲਾਦ ਨੂੰ ਮਨਸਬਦਾਰੀ ਨਹੀਂ ਮਿਲੀ। ਅਕਬਰ ਦੀ ਫੌਜ ਵਿਚ ਵੀ ਬਹੁਤੇ ਪੰਜਾਬੀ ਨਹੀਂ ਸਨ। ਧਰਮ ਪਰਿਵਰਤਨ ਕਰਕੇ ਆਏ ਹੋਏ ਮੁਸਲਮਾਨਾਂ ਨੂੰ ਫੌਜ ਵਿਚ ਭਰਤੀ ਕਰਨ ਦੀ ਮਨਾਹੀ ਸੀ ।
ਉਸਨੇ ਉੱਤਰ ਪੱਛਮ ਵਿਚ ਏਨਾ ਪਸਾਰ ਕਰ ਲਿਆ ਕਿ ਕਾਬਲ ਅਤੇ ਕੰਧਾਰ ਸ਼ਹਿਰ ਹਿੰਦੁਸਤਾਨ ਦੇ ਦੋ ਦਰਵਾਜ਼ੇ ਬਣ ਗਏ।32 ਸਦੀਆਂ ਤੋਂ ਅਸਥਿਰ ਪੰਜਾਬ ਸ਼ਾਂਤ ਹੋ ਗਿਆ। ਕੁਝ ਵਿਅਕਤੀਗਤ ਬਗ਼ਾਵਤਾਂ ਹੋਈਆਂ ਜਿਵੇਂ ਲੋਕ ਨਾਇਕ ਬਣਿਆਂ ਦੁੱਲਾ ਭੱਟੀ, ਪਿੰਡੀ ਭੱਟੀਆਂ ਦਾ ਮੁਸਲਮਾਨ ਰਾਜਪੂਤ, ਲਾਹੌਰੋਂ ਉੱਤਰ ਪੱਛਮ 70 ਮੀਲ ਦੂਰ। ਬਗਾਵਤ ਕਰਨ ਕਾਰਨ ਲਾਹੌਰ ਵਿਚ ਫਾਹੇ ਲਾਇਆ। ਗਿਆ। ਅਕਬਰ ਵੇਲੇ ਪੰਜਾਬ ਦੀ ਵਸੋਂ ਅਤੇ ਧਨ ਵਿਚ ਵਾਧਾ ਹੋਇਆ।
ਪੁਰਤਗਾਲੀ ਪਾਦਰੀ ਐਨਟੋਨੀਓਂ ਲਾਹੌਰ ਆਇਆ ਲਿਖਦਾ ਹੈ ਕਿ ਆਕਾਰ, ਆਬਾਦੀ ਜਾਂ ਦੌਲਤ ਪੱਖੋਂ ਏਸ਼ੀਆ ਜਾਂ ਯੋਰਪ ਦੇ ਕਿਸੇ ਸ਼ਹਿਰ ਤੋਂ ਘੱਟ ਸੁਹਣਾ ਨਹੀਂ ਇਹ। ਵਪਾਰੀਆਂ ਦੀ ਭੀੜ ਹੈ ਜੋ ਸਾਰੇ ਏਸ਼ੀਆਂ ਵਿਚੋਂ ਹਨ, ਹੈਰਾਨ ਹੋਇਆ ਕਿ ਲਾਹੌਰ ਕਿਲ੍ਹੇ ਦੀ ਦੀਵਾਰ ਤਿੰਨ ਮੀਲ ਘੇਰੇ ਤੱਕ ਵਿਸ਼ਾਲ ਹੈ। ਅਕਬਰ ਦੇ ਦੇਹਾਂਤ ਉਪਰੰਤ ਜਾਨ ਮਿਲਟਨ ਆਪਣੇ ਗ੍ਰੰਥ ਪੈਰਾਡਾਈਜ਼ ਲੌਸਟ ਵਿਚ ਜਿਥੇ ਪੂਰਬੀ ਲੋਕ ਕਥਾਵਾਂ ਵਿਚਲੇ ਸ਼ਹਿਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਵਿਚ ਲਾਹੌਰ ਵੀ ਹੈ।
ਮੁਸਲਮਾਨਾਂ, ਹਿੰਦੂਆਂ, ਸੁੰਨੀਆਂ, ਸ਼ੀਆ, ਵਿਦੇਸ਼ੀ ਅਫਸਰਸ਼ਾਹੀ (ਤੁਰਕ, ਅਫਗਾਨ, ਈਰਾਨੀ, ਉਜ਼ਬੇਕ) ਜਿਸ ਨੇ ਵੱਡੇ ਦਫਤਰ ਮੱਲੇ ਹੋਏ ਸਨ, ਦੇਸੀਆਂ ਵਿਦੇਸ਼ੀਆਂ ਬਾਰੇ ਪੰਜਾਬੀਆਂ ਵਿਚ ਏਕਤਾ ਅਤੇ ਸਦਭਾਵਨਾ ਬਣੀ । ਲਾਹੌਰ ਉਸਨੇ ਖੈਰਪੁਰਾ ਇਮਾਰਤ ਉਸਾਰੀ ਜਿਸ ਵਿਚ ਮੁਸਲਮਾਨ, ਈਸਾਈ, ਯਹੂਦੀ ਵਿਦਵਾਨ ਵਿਚਾਰ ਵਟਾਂਦਰਾ ਕਰਦੇ, ਇਸੇ ਤਰਜ਼ ਤੇ ਦੂਜੀ ਇਮਾਰਤ ਧਰਮਪੁਰਾ ਉਸਾਰੀ ਜਿਸ ਵਿਚ ਪੰਡਿਤ ਹਿੰਦੂ ਧਰਮ ਬਾਰੇ ਵਿਚਾਰ ਵਟਾਂਦਰਾ ਕਰਦੇ। ਚੇਤੇ ਰਹੇ ਕਿ ਜਦੋਂ ਸੰਵਾਦ ਚਲ ਰਿਹਾ ਹੁੰਦਾ, ਹਥਿਆਰਬੰਦ ਸਿਪਾਹੀ ਸੁਰੱਖਿਆ ਲਈ ਤੈਨਾਤ ਰਹਿੰਦੇ।
ਅਕਬਰ ਦੀ ਸਹਿਨਸ਼ੀਲਤਾ ਦਾ ਅਰਥ ਇਹ ਨਹੀਂ ਕਿ ਸਾਰੇ ਅਫਸਰ ਨਰਮ ਦਿਲ ਸਨ ਜਾਂ ਕਮਜ਼ੋਰ ਪੰਜਾਬੀ ਸੁਰੱਖਿਅਤ ਸਨ । ਮਿਰਜ਼ਾ ਕੁਲੀ ਖਾਨ ਸੂਬੇਦਾਰ ਦੇ ਬੇਟੇ ਮਿਰਜ਼ਾ ਲਾਹੌਰੀ ਨੇ ਆਪਣੇ ਇਕ ਨਿਰਦੋਸ਼ ਨੌਕਰ ਨੂੰ ਇਸ ਕਰਕੇ ਜ਼ਮੀਨ ਵਿਚ ਦੱਬ ਕੇ ਮਾਰ ਦਿੱਤਾ ਸੀ ਤਾਂ ਕਿ ਦੇਖਿਆ ਜਾਏ ਦੱਬਿਆ ਮੁਰਦਾ ਕਿਹੋ ਜਿਹਾ ਰਹਿੰਦਾ। ਹੈ। ਦੂਜੀ ਵਾਰ ਮਿਰਜ਼ਾ ਲਾਹੌਰੀ ਵਿਆਹ ਦੇ ਮੰਡਪ ਵਿਚੋਂ ਇਕ ਹਿੰਦੂ ਦੁਲਹਨ ਨੂੰ ਚੁੱਕ ਕੇ ਲੈ ਗਿਆ । ਜਦੋਂ ਪਰਿਵਾਰ ਨੇ ਸੂਬੇਦਾਰ ਕੋਲ ਸ਼ਿਕਾਇਤ ਕੀਤੀ ਤਾਂ ਉੱਤਰ ਮਿਲਿਆ-ਤੁਹਾਨੂੰ ਖੁਸ਼ ਹੋਣਾ ਚਾਹੀਦੈ ਕਿ ਤੁਹਾਡੀ ਰਿਸ਼ਤੇਦਾਰੀ ਸੂਬੇਦਾਰ ਨਾਲ ਜੁੜ ਗਈ।
ਲਾਹੌਰ ਜਾਂ ਹੋਰ ਕਿਧਰੇ ਈਸਾਈਆਂ ਨਾਲ ਅਕਬਰ ਦੀ ਗੁਫਤਗੂ ਹੁੰਦੀ ਰਹਿੰਦੀ। ਫਾਦਰ ਜੇਰੋਮ ਅਤੇ ਇਕ ਮੁਸਲਮਾਨ ਵਿਦਵਾਨ ਵਲੋਂ ਇਕੱਠਿਆਂ ਲਿਖੀ ਕਿਤਾਬ ਦਾਸਤਾਨਿ ਮਸੀਹ ਛਪਵਾਣ ਦੀ ਆਗਿਆ ਮਿਲੀ, ਇਹ ਕਿਤਾਬ ਯਸੂ ਦੀ ਜੀਵਨੀ ਹੈ। ਪਰ ਪਾਦਰੀ ਉਸਨੂੰ ਈਸਾਈ ਧਰਮ ਧਾਰਨ ਕਰਨ ਵਾਸਤੇ ਨਹੀਂ ਮਨਾ ਸਕੇ। ਉਸਦਾ ਫਿਕਰ ਹਕੂਮਤ ਥਿਰ ਕਰਨਾ ਸੀ, ਈਸਾਈ ਹੋ ਜਾਂਦਾ ਤਾਂ ਬਗਾਵਤ ਹੋ ਸਕਦੀ ਸੀ।
ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਅਕਬਰ ਸੁੰਨੀ ਸ਼ੀਆ ਰੱਫੜ ਤੋਂ ਨਾਰਾਜ਼ ਸੀ। ਮਈ 1578 ਈ. ਨੂੰ ਉੱਤਰ ਪੱਛਮੀ ਪੰਜਾਬ ਵਿਚ ਇਕ ਘਟਨਾ ਘਟੀ। ਜਿਹਲਮ ਪਾਰ ਕਰਕੇ ਭੇਰਾ ਨਗਰ ਸ਼ਿਕਾਰ ਖੇਡਣ ਪੁੱਜਾ ਤਾਂ ਉਸਨੂੰ ਜ਼ਬਰਦਸਤ ਰਹੱਸਮਈ ਅਨੁਭਵ ਹੋਇਆ । ਸ਼ੰਕਾਵਾਦੀਆਂ ਲਈ ਇਹ ਬੇਹੋਸ਼ੀ ਦਾ ਦੌਰਾ ਪਿਆ ਸੀ ਪਰ ਉਸਦਾ ਰੋਜ਼ਨਾਮਚਾ ਲਿਖਣ ਵਾਲਿਆਂ ਦੱਸਿਆ ਕਿ ਫਲਦਾਰ ਦਰਖਤ ਹੇਠ ਖਲੋ ਕੇ ਉਸਨੇ ਆਪਣੇ ਕੇਸ ਕੱਟ ਦਿੱਤੇ, ਗਰੀਬਾਂ ਵਿਚ ਸੋਨਾ ਚਾਂਦੀ ਵੰਡਿਆ ਅਤੇ ਸ਼ਿਕਾਰ ਪ੍ਰੋਗਰਾਮ ਰੱਦ ਕਰ ਦਿੱਤਾ।
ਇਨ੍ਹਾਂ ਧਾਰਮਿਕ ਗੋਸ਼ਟੀਆਂ ਦੌਰਾਨ ਇਕ ਵਾਰ ਸ਼ੀਆ ਵਿਦਵਾਨ ਦਾ ਕਤਲ ਹੋ ਗਿਆ, ਕਾਤਲ ਨੂੰ ਅਕਬਰ ਨੇ ਹਾਥੀ ਦੇ ਪੈਰ ਹੇਠਾਂ ਲਤਾੜ ਕੇ ਮਰਵਾਇਆ ।38 ਆਗਰੇ ਵਿਚ ਅਕਬਰ ਦੀ ਮੌਤ ਪਿਛੋਂ ਇਕ ਪ੍ਰਭਾਵਸ਼ਾਲੀ ਇਸਲਾਮਿਕ ਵਿਦਵਾਨ ਸ਼ੇਖ ਅਹਿਮਦ ਸਰਹੰਦੀ (1563-1624) ਨੇ ਅਕਬਰ ਦੇ ਮੁਸਲਮਾਨ ਹੋਣ ਉੱਪਰ ਸਵਾਲ ਕੀਤਾ, ਬੇਸ਼ਕ ਦਫਨਾਇਆ ਇਸਲਾਮੀ ਤਰੀਕੇ ਨਾਲ ਗਿਆ। ਹਿੰਦੂਆਂ, ਈਸਾਈਆਂ, ਪਾਰਸੀਆਂ, ਸੂਫੀਆਂ, ਸ਼ੀਆ ਅਤੇ ਹੋਰ ਗੈਰ-ਇਸਲਾਮੀ ਫਿਰਕਿਆਂ ਨੂੰ ਦਿੱਤੀ ਆਜ਼ਾਦੀ ਤੋਂ ਚਿੜ੍ਹੇ ਸਰਹੰਦੀ ਨੇ ਸ਼ੁੱਧ ਇਸਲਾਮ ਲਾਗੂ ਕਰਨ ਦਾ ਹੋਕਾ ਦਿੱਤਾ। ਬਾਦਸ਼ਾਹ ਦੇ ਮੁਲਾਜ਼ਮ ਅਬਦੁਲ ਕਾਦਰ ਬਦਾਯੂੰਨੀ ਨੇ ਵੀ ਅਕਬਰ ਦੀ ਇਸੇ ਨੁਕਤੇ ਤੋਂ ਸਖ਼ਤ ਆਲੋਚਨਾ ਕੀਤੀ।
ਇਨ੍ਹਾਂ ਲੋਕਾਂ ਨੇ ਅਕਬਰ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹੁਣ, ਟੋਡਰ ਮੱਲ ਟੰਡਣ ਨੂੰ ਰਾਜਾ ਥਾਪਣ ਉੱਪਰ ਨਾਰਾਜ਼ਗੀ ਜ਼ਾਹਰ ਕੀਤੀ। ਜੈਪੁਰ ਦੇ ਰਾਜਾ ਮਾਨ ਸਿੰਘ ਨੂੰ ਫੌਜਾਂ ਦਾ ਜਰਨੈਲ ਅਤੇ ਅਫਗਾਨਿਸਤਾਨ ਦਾ ਸਫੀਰ ਕਿਉਂ ਲਾਇਆ। ਬਦਾਯੂੰਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਵਿਚ ਹੋਰ ਵੀ ਸਮਰਥਕ ਸਨ ਪਰ ਅਕਬਰ ਦੀ ਨੀਤੀ ਤੋਂ ਪੰਜਾਬ ਦੀ ਪਰਜਾ ਖੁਸ਼ ਸੀ। ਅਕਬਰ ਦੀ ਮੌਤ ਵੇਲੇ ਇਕ ਪਾਦਰੀ ਦਾ ਕਥਨ ਹੈ :
ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਨਾਲ ਸਖ਼ਤ, ਗਰੀਬਾਂ ਪ੍ਰਤੀ ਹਮਦਰਦ, ਉੱਚੇ ਨੀਵੇਂ ਜਾਣਕਾਰ ਜਾਂ ਅਨਜਾਣ ਹਰੇਕ ਨੂੰ ਇਨਸਾਫ਼, ਈਸਾਈਆਂ, ਮੁਸਲਮਾਨਾਂ, ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਵੱਲ ਹੈ।
ਅਕਬਰ ਦੀ ਮੌਤ ਤੋਂ ਪੰਜ ਸਾਲ ਬਾਦ ਦੂਰ ਪਰਦੇਸ ਵਿਚ ਇੰਗਲੈਂਡ ਦੀ ਮਹਾਰਾਣੀ ਅਲਿਜਾਬੈਥ ਪਹਿਲੀ ਨੇ ਆਪਣੇ ਦਰਬਾਰੀਆਂ ਅਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟਰ ਮਨਜ਼ੂਰ ਕਰਦਿਆਂ ਹਸਤਾਖ਼ਰ ਕਰ ਦਿੱਤੇ।
XXX
1574 ਈ. ਵਿਚ ਪੰਜਾਬ ਨੇ ਇਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਲਈ ਅਕਬਰ ਨੇ ਜ਼ਮੀਨ ਦਿੱਤੀ। ਅਕਬਰ ਦੇ ਜਨਮ ਤੋਂ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਸਨ, ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ । ਸਿੱਖ ਗੁਰੂ ਸਾਹਿਬਾਨ ਦਾ ਆਦਿ ਅੰਤ ਮੁਗਲਾਂ ਦੇ ਆਦਿ ਅੰਤ ਦੇ ਇਤਿਹਾਸਕ ਕ੍ਰਮ ਨਾਲ ਬਰਾਬਰ ਚਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਵਕਤ ਬਾਬਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਵਕਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। ਸਤਾਹਰਵੀਂ ਸਦੀ ਵਿਚ ਸਿੱਖਾਂ ਦਾ ਮੁਗਲਾਂ ਨਾਲ ਟਕਰਾਉ ਸ਼ੁਰੂ ਹੋ ਗਿਆ।
ਗੁਰੂ ਨਾਨਕ ਦੇਵ ਜੀ 1539 ਵਿਚ ਜੋਤੀ ਜੋਤ ਸਮਾ ਗਏ ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਨ੍ਹਾਂ ਦੀ ਹਮਦਰਦੀ, ਸਪਸ਼ਟਤਾ, ਕਰਮਕਾਂਡ ਨਾਲੋਂ ਦਿਲ ਵਿਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਨ੍ਹਾਂ ਦੱਸਿਆ-ਰੱਬ ਅਕਾਲ ਮੂਰਤਿ ਹੈ, ਸਤਿ ਹੈ, ਨਾਮ ਸਿਮਰਨ ਰਾਹੀਂ ਉਸਨੂੰ ਪਾਇਆ ਜਾ ਸਕਦਾ ਹੈ।
ਹਿੰਦੂ ਮੁਸਲਮਾਨ ਸਭ ਉਨ੍ਹਾਂ ਨੂੰ ਪਿਆਰ ਕਰਦੇ ਸਨ ਪਰ ਸਿੱਖਾਂ ਦਾ ਆਪਣਾ ਇਕ ਸਮਾਜ ਬਣ ਗਿਆ ਜੋ ਆਖਦਾ ਸੀ ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਵਿਚ ਹੋਣ ਵਾਲੇ ਗੁਰੂ ਰਾਮਦਾਸ ਜੀ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਵਿਚ ਸ਼ਗਨ ਵਜੋਂ ਜ਼ਮੀਨ ਦਿੱਤੀ ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਸੀ।
ਅਸੀਂ ਜ਼ਿਕਰ ਕਰ ਆਏ ਹਾਂ ਉਨ੍ਹਾਂ ਤੋਂ ਬਹੁਤ ਪਹਿਲਾਂ ਇਕ ਹੋਰ ਏਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਵਿਚ ਹੋਇਆ ਜਿਸਦਾ ਨਾਮ ਸ਼ੇਖ ਫਰੀਦ (1173- 1266) ਸੀ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ । ਉਹ ਪੈਗ਼ੰਬਰ ਦੇ ਖਲੀਫਾ ਉਮਰ ਦੇ ਬੰਸ ਵਿਚੋਂ ਸੀ ਅਤੇ ਰਈਸ ਪਰਿਵਾਰ, ਦਿੱਲੀ ਦੇ ਸੁਲਤਾਨ ਬਲਬਨ ਦਾ ਜਵਾਈ। ਉਸਦੇ ਵਡੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਸਨੇ ਕਿਹਾ ਬੰਦਗੀ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀਂ ਫਕੀਰ ਅਤੇ ਮਿੱਠਾ ਸ਼ਾਇਰ ਸੀ ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ੁਬਾਨ ਵਿਚ ਉਨ੍ਹਾਂ ਸ਼ਾਇਰੀ ਰਚੀ, ਬਾਦ ਵਿਚ ਗੁਰੂ ਨਾਨਕ ਦੇਵ ਨੇ ਅਜਿਹਾ ਹੀ ਕੀਤਾ । ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ ।40 ਉਨ੍ਹਾਂ ਪਿਛੋਂ ਗੁਰੂ ਨਾਨਕ ਦੇਵ ਨੇ ਕਿਹਾ-ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇਕੋ ਜਿਹਾ ਦਰਦ ਹੰਢਾਉਂਦੇ ਹਨ ਫਿਰ ਇਨ੍ਹਾਂ ਵਿਚ ਫਰਕ ਕੇਹਾ ?
ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਦ ਉਨ੍ਹਾਂ ਦੇ ਨੌਂ ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ, ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦੇ ਚਾਰ ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਜੋਧਨ ਵਿਚ ਹੋਇਆ ਜਿਸ ਦਾ ਨਾਮ ਹੁਣ ਪਾਕਿਪਟਨ ਹੈ, ਮੁਲਤਾਨ ਤੋਂ ਸੌ ਮੀਲ ਸਲਤੁਜ ਦੇ ਪੱਛਮੀ ਕਿਨਾਰੇ ਉੱਤੇ ਸਥਿਤ ਹੈ। ਉਨ੍ਹਾਂ ਦੇ ਪ੍ਰਸਿੱਧ ਮੁਰਸ਼ਦ ਸਾਈਂ ਬਖਤਿਆਰ ਕਾਕੀ ਦਾ ਦੇਹਾਂਤ 1236 ਦਿੱਲੀ ਵਿਚ ਹੋਇਆ, ਬਾਬਾ ਫਰੀਦ ਦੇ ਮੁਰੀਦ ਨਿਜ਼ਾਮੁੱਦੀਨ ਦਾ ਦੇਹਾਂਤ 1335, ਦਿੱਲੀ ਵਿਚ ਹੋਇਆ ਤੇ ਕੁਤੁਬਦੀਨ ਐਬਕ ਦੇ ਮੁਰਸ਼ਦ ਮੁਈਨੁੱਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਵਿਚ ਹੋਇਆ।
ਬਾਬਾ ਫਰੀਦ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ । ਸਭ ਨੂੰ ਪਤਾ ਸੀ ਗੁਰੂ ਨਾਨਕ ਦੇਵ ਜੀ ਨੇ ਅਜੋਧਨ ਦੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਜੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਨਾਲ ਗਾਉਂਦੇ, ਬਾਦ ਵਿਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ।
ਅਕਬਰ ਦੀ ਮੌਤ ਤੋਂ ਇਕ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਵਿਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਵਲੋਂ ਤਿਆਰ ਕੀਤੇ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ (1550-1635) ਆਏ।
ਸੂਬਾ ਲਾਹੌਰ ਵਿਚ ਅੰਮ੍ਰਿਤਸਰ ਸ਼ਹਿਰ ਖ਼ੁਦਮੁਖ਼ਤਾਰ ਹੋ ਕੇ ਦਿੱਸਣ ਲੱਗਾ ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ । ਅਕਬਰ ਦੇ ਦੇਹਾਂਤ ਦੇ ਕੇਵਲ ਇਕ ਸਾਲ ਬਾਦ ਅਕਬਰ ਦੇ ਤਾਮੀਰ ਕੀਤੇ ਕਿਲ੍ਹੇ ਵਿਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਅਕਬਰ ਦੇ ਬੇਟੇ ਅਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿਝ ਗਿਆ ਸੀ । ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ, ਇਸ ਗੱਲ ਨੇ ‘ਉਸਨੂੰ ਪੂਰਾ ਭੜਕਾ ਦਿੱਤਾ।
ਫਕੀਰ ਦੇ ਲਿਬਾਸ ਵਿਚ ਉਹ (ਗੁਰੂ ਅਰਜਨ ਦੇਵ) ਸਾਦ ਮੁਰਾਦੇ ਹਿੰਦੂਆਂ, ਜਾਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ ਹੈ। ਉਸਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ । ਆਖਰ ਜਦੋਂ ਖੁਸਰੋ ਇਧਰੋਂ ਲੰਘਿਆ, ਇਹ ਨਾਚੀਜ਼ ਉਸਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸਨੂੰ ਕਤਲ ਕਰ ਦਿਉ।
ਬਾਗੀ ਪੁੱਤਰ ਦੀ ਮੱਦਦ ਕਰਨਾ ਸੰਗੀਨ ਜੁਰਮ ਹੈ, ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ । ਖੁਸਰੋ ਦੇ ਸੱਤ ਸੌ ਮਦਦਗਾਰ ਫੜ ਕੇ ਲਾਹੌਰ ਵਿਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਨਾਲ ਕਤਲ ਹੋਏ।
XXX
ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ 1592 ਵਿਚ ਜਨਮ ਦਿੱਤਾ ਜਿਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਨ ਅਤੇ ਉਸਦੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ । ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਨ੍ਹਾਂ ਦੇ ਮਾਪੇ ਕੰਧਾਰ ਸ਼ਹਿਰ, ਈਰਾਨ ਦੇ ਸਨ, ਉੱਥੋਂ ਭੱਜ ਕੇ ਅਕਬਰ ਦੀ ਸ਼ਰਣ ਵਿਚ ਆ ਗਏ ਸਨ। ਸਾਲ 1612 ਵਿਚ ਸ਼ਾਹ ਜਹਾਨ ਨੇ ਆਪਣੇ ਮਾਮੇ ਆਸਿਫ ਦੀ ਸੁਹਣੀ ਧੀ ਮੁਮਤਾਜ ਨਾਲ ਨਿਕਾਹ ਕੀਤਾ।
1628 ਵਿਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਤਾਂ ਉਹ ਸ਼ਾਹਜਹਾਨ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ । ਵੱਡਾ ਭਰਾ ਖੁਸਰੋ ਬੇਸ਼ਕ ਬਗਾਵਤ ਕਾਰਨ ਕਤਲ ਹੋ ਗਿਆ ਸੀ, ਨੂਰ ਜਹਾਨ ਆਪਣੇ ਜਵਾਈ ਸ਼ਹਰਯਾਰ ਨੂੰ ਤਖਤ ਦੇਣਾ ਚਾਹੁੰਦੀ ਸੀ। ਜਹਾਂਗੀਰ ਵਿਚੋਂ ਉਸਦੇ ਕੋਈ ਸੰਤਾਨ ਨਾ ਹੋਈ, ਪਹਿਲੇ ਵਿਆਹ ਵਿਚੋਂ ਇਕ ਧੀ ਸੀ, ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਪਿਛੋਂ ਤਾਕਤ ਸੌਂਪਣ ਦੀ ਇੱਛੁਕ ਸੀ। ਪਰ ਨੂਰ ਜਹਾਨ ਦਾ ਭਰਾ ਆਪਣੇ ਜਵਾਈ ਸ਼ਾਹ ਜਹਾਨ ਦੇ ਹਿਤ ਵਿਚ ਸਕੀਮਾਂ ਘੜ ਰਿਹਾ ਸੀ ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਰਯਾਰ ਦੇ ਹੱਕ ਵਿਚ ਵਸੀਅਤ ਲਿਖ ਦਿੱਤੀ ਸੀ।
ਆਸਿਫ ਦੀ ਫੌਜ ਨੇ ਸ਼ਹਰਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖ਼ਸ਼ ਫੜ ਲਏ ਤੇ ਗਲ ਘੁੱਟ ਕੇ ਮਰਵਾ ਦਿੱਤੇ । ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਤੇ ਨੂਰ ਜਹਾਨ ਕੈਦ ਕਰ ਲਈ। ਸੁਲਤਾਨਾ ਅਤੇ ਮੁਗਲਾਂ ਦੇ ਰਾਜ ਵਿਚ ਗੱਦੀ ਹਥਿਆਉਣ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ।
ਇਕ ਕੰਮ ਕਰਨ ਵਿਚ ਨੂਰਜਹਾਨ ਸਫਲ ਹੋਈ। ਤਾਕਤਵਰ ਮਹਾਰਾਣੀ ਵਜੋਂ ਭਾਰਤ ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸਬੇਗ ਜਿਸਨੂੰ ਇਤਮਾਦਉਦ ਦੌਲਾ ਕਹਿੰਦੇ ਸਨ, ਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਨ ਅਤੇ ਆਸਫ ਖਾਨ ਦਫਨਾਏ ਗਏ। ਸ਼ਾਹ ਜਹਾਨ ਦੀ ਨਿਗਰਾਨੀ ਵਿਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ।
ਸ਼ਾਹ ਜਹਾਨ ਦੀ ਕਬਰ ਮੁਮਤਾਜ ਦੀ ਕਬਰ ਨਜ਼ਦੀਕ ਤਾਜ ਮਹਿਲ ਵਿਚ ਬਣਾਈ ਗਈ ਜਿਹੜੀ ਇਸ ਤੋਂ ਪੈਂਤੀ ਸਾਲ ਪਹਿਲਾਂ ਚੱਲ ਵਸੀ ਸੀ । ਲਾਹੌਰ ਨਾਲੋਂ ਉਸਨੂੰ ਦਿੱਲੀ ਵਧੇਰੇ ਪਸੰਦ ਸੀ ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸ ਦਾ ਨਾਮ ਸ਼ਾਹ ਜਹਾਨਾਬਾਦ ਰੱਖ ਦਿੱਤਾ। ਇਥੇ ਉਸਨੇ ਲਾਲ ਕਿਲ੍ਹਾ ਅਤੇ ਜਾਮਾ ਮਸਜਿਦ ਤਾਮੀਰ ਕਰਵਾਏ।
ਇਧਰ ਆਬਾਦੀ ਅਤੇ ਵਪਾਰ ਵਿਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਵਿਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁੱਕ ਗਈਆਂ। ਪਹਿਲਾਂ ਮੁਲਤਾਨ ਦਾ ਫਿਰ ਸਤਾਹਰਵੀਂ ਸਦੀ ਵਿਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ।
ਲਾਹੌਰ ਸ਼ਹਿਰ ਵਾਸਤੇ ਤੇ ਖ਼ਾਸ ਕਰ ਜਿਹੜੇ ਉੱਥੇ ਬਾਗ ਲੁਆਏ ਸਨ, ਸ਼ਾਹ ਜਹਾਨ ਨੇ ਅੱਪਰ ਬਾਰੀ ਦੁਆਬ ਵਿਚ ਨਹਿਰ ਖੁਦਵਾਈ ਜਿਸ ਵਿਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਅਤੇ ਸ਼ਾਹ ਜਹਾਨ ਦੀ ਅਮਨਪੂਰਵਕ ਹਕੂਮਤ ਦੌਰਾਨ ਸੂਬਾ ਲਾਹੌਰ ਦੇ ਅਠਾਈ ਹਜ਼ਾਰ ਪਿੰਡ ਸਨ ਤੇ ਮੁਲਤਾਨ ਦੇ ਦਸ ਹਜ਼ਾਰ।
ਲਾਹੌਰ ਸ਼ਾਹ ਜਹਾਨ ਦੀ ਜਨਮ ਭੂਮੀ ਹੈ, ਇਥੇ ਹੀ ਮੁਮਤਾਜ ਨਾਲ ਉਸ ਦੀ ਸ਼ਾਦੀ ਹੋਈ। ਇਸ ਸ਼ਹਿਰ ਨਾਲ ਉਸਦੀ ਗਹਿਰੀ ਸਾਂਝ ਰਹੀ। ਇਥੇ ਅਤੇ ਕਸ਼ਮੀਰ ਵਿਚ ਉਸਨੇ ਸ਼ਾਲੀਮਾਰ ਬਾਗ ਲੁਆਏ। ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲ੍ਹੇ ਅੰਦਰ ਮਹਿਲ ਬਣਾਏ । ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਨ ਦਾ ਚੀਫ ਇੰਜਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਨ ਸੀ। ਮਰਦਾਨ ਖਾਨ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇਥੇ ਸੂਬੇਦਾਰ ਹੋ ਗਿਆ ਪਰ ਸ਼ਾਹ ਜਹਾਨ ਨੇ ਸੱਤਾ ਸੰਭਾਲੀ ਤਾਂ ਉਸਨੇ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਵਿਚ ਮਿਲਾ ਦਿੱਤਾ।
ਚੀਫ ਇੰਜਨੀਅਰ ਬੇਸ਼ਕ ਵਿਦੇਸ਼ੀ ਸੀ, ਪਰ ਉਸਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਕਲਪ ਕਰ ਦਿੱਤੀ। ਕਲਾਸੀਕਲ ਇਮਾਰਤਾਂ ਅਤੇ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਲਾਹੌਰ ਦੀ ਇਸੇ ਟੀਮ ਨੇ ਰਾਜਮਹਿਲਾਂ ਦੇ ਨੈਣ ਨਕਸ਼ ਘੜੇ ਹੋਣ।
ਈਰਾਕੀਆਂ ਦੀ ਮਦਦ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਲਈ ਖ਼ਤਰਨਾਕ ਮੁਹਿੰਮਾਂ ਵਿਢੀਆਂ ਪਰ ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਿਰ ਸੀ । ਬਾਦਸ਼ਾਹ ਖ਼ੁਦ ਫੌਜਾਂ ਦੀ ਕਮਾਨ ਕਰਨ ਆਇਆ, ਉਸਦਾ ਬੇਟਾ ਔਰੰਗਜ਼ੇਬ ਆਇਆ, ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਵਲੋਂ ਵਾਇਸਰਾਇ ਸੀ।
ਸ਼ਾਹ ਜਹਾਨ ਲੋਕਾਂ ਤੋਂ ਜਿਹੜਾ ਕਰ ਵਸੂਲਦਾ ਬੇਦਰਦੀ ਨਾਲ ਅਯਾਸ਼ੀ ਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਂਕੁਇਸ ਲਿਖਦਾ ਹੈ—ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ ਵੀਹ ਹਜ਼ਾਰ ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਵਿਚ ਬਾਈ ਸਾਲ ਲੱਗੇ । ਤਿੱਬਤ, ਖੈਬਰ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ, ਸ਼ਾਹ ਜਹਾਨ ਨੇ ਹੋਰ ਬਥੇਰੇ ਉਸਾਰੀ ਦੇ ਪ੍ਰਾਜੈਕਟ ਆਰੰਭੇ ਹੋਏ ਸਨ । ਦੋ ਲੱਖ ਫੌਜ ਅਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ ਤੀਹ ਸਾਲ ਦੀ ਹਕੂਮਤ ਪਿਛੋਂ ਸ਼ਾਹ ਜਹਾਨ ਦੀ ਮੌਤ ਹੋਈ, ਖਜ਼ਾਨੇ ਵਿਚ ਬਥੇਰਾ ਸੋਨਾ, ਚਾਂਦੀ, ਮੋਤੀ ਅਤੇ ਧਨ ਬਚਿਆ ਪਿਆ ਸੀ ।
ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਦੀਆਂ ਹਕੂਮਤਾਂ ਵੇਲੇ, ਦਾਰਾ ਦੀ ਵਾਇਸਰਾਇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਵਿਚੋਂ ਜਾਂਦਾ ਸੀ ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ ।
ਸ਼ਾਹਜਹਾਨ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗਾ ਮੁਗਲ ਛਤਰੀ ਹੁਣ ਵਿਦੇਸ਼ੀ ਨਹੀਂ ਰਹੀ। ਬੇਸ਼ਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ, ਦਰਬਾਰ ਦੀ ਜ਼ਬਾਨ ਰੱਖੀ ਤਾਂ ਵੀ ਕੋਈ ਗੱਲ ਨਹੀਂ।
ਝਨਾ ਦੇ ਦੱਖਣੀ ਕੰਢੇ ਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਿਨਿਓਟ ਦੇ ਵਾਸੀ ਹਕੀਮ ਅਲੀਮੁੱਦੀਨ ਦੇ ਰੋਲ ਨਾਲ ਨਵਾਂ ਰਿਸ਼ਤਾ ਸਮਝ ਵਿਚ ਆਏਗਾ। ਸ਼ਾਹ ਜਹਾਨ ਜਦੋਂ ਸ਼ਹਿਜ਼ਾਦਾ ਸੀ, ਲਾਹੌਰ ਵਿਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੀ ਸੀ । ਜਦੋਂ ਸ਼ਾਹਜਹਾਨ ਹੱਥ ਹਕੂਮਤ ਆ ਗਈ, ਹਕੀਮ ਨੂੰ ਉਸਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ।
ਪਹਿਲੋਂ ਹਕੀਮ ਆਪਣਾ ਇਲਾਕਾ ਕੇਵਲ ਚਿਨਿਓਟ ਨੂੰ ਮੰਨਦਾ ਸੀ ਜਿੱਥੇ ਉਸਨੇ ਇਕ ਹਸਪਤਾਲ, ਸਰਾਂ, ਮਸਜਿਦ ਅਤੇ ਮਦਰੱਸਾ ਉਸਾਰੇ। ਉਸਦਾ ਰਹਿਣ ਸਹਿਣ ਬਿਲਕੁਲ ਸਾਦਾ ਸੀ।47 ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ ਬੇਸ਼ਕ ਉਸ ਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ।
ਉਸਦਾ ਨਾਮ ਹੁਣ ਵਜ਼ੀਰ ਖਾਨ ਰੱਖ ਦਿੱਤਾ, 1634 ਵਿਚ ਉਸਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਸਨੇ ਜਿਹੜੀ ਮਸਜਿਦ ਉਸਾਰੀ, ਇਮਾਰਤਸਾਜ਼ੀ ਦਾ ਅਜੂਬਾ ਸੀ। ਇਸਦਾ ਨਾਮ ਵਜ਼ੀਰਖਾਨ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਥੇ ਜਿਲਦਸਾਜ਼, ਚਿੱਤਰਕਾਰ ਅਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ।
XXX
ਮੌਤ ਤੋਂ ਅੱਠ ਸਾਲ ਪਹਿਲਾਂ ਨਾਮੁਰਾਦ ਬਿਮਾਰੀ ਕਾਰਨ 1657 ਵਿਚ ਸ਼ਾਹ ਜਹਾਨ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਤੇ ਕੰਮ ਚਲਾਣਾ ਸ਼ੁਰੂ ਕੀਤਾ ਕਿਉਂਕਿ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਪਰ ਮੁਰਾਦ (ਦੂਜੀ ਥਾਂ), ਸ਼ੁਜਾ (ਤੀਜੀ ਥਾਂ) ਤੇ ਔਰੰਗਜ਼ੇਬ (ਚੌਥੇ ਥਾਂ ਸਭ ਤੋਂ ਛੋਟਾ) ਹੱਥ ਤੇ ਹੱਥ ਧਰੀ ਨਹੀਂ ਬੈਠੇ ਸਨ। ਔਰੰਗਜ਼ੇਬ ਵਲੋਂ ਮੁਰਾਦ ਨੂੰ ਲਿਖੇ ਇਕ ਖ਼ਤ ਵਿਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਵਿਚ ਸ਼ਾਮਲ ਨਹੀਂ। ਲਿਖਿਆ—ਇਸ ਧੋਖਾਧੜੀ ਅਤੇ ਅਸਥਿਰ ਸੰਸਾਰ ਵਿਚ ਮੈਂ ਹਕੂਮਤ ਦਾ ਇੱਛੁਕ ਨਹੀਂ। ਚਾਰ ਭਰਾ ਅਤੇ ਦੋ ਭੈਣਾਂ ਰੌਸ਼ਨਆਰਾ ਤੇ ਜਹਾਂਆਰਾ ਮੁਮਤਾਜ ਦੀ ਸੰਤਾਨ ਸਨ । ਮੁਮਤਾਜ ਆਪਣੇ ਪੁੱਤਰਾਂ ਦੀ ਖਾਨਾਜੰਗੀ ਨਹੀਂ ਦੇਖ ਸਕੀ। ਸ਼ਾਹ ਜਹਾਨ ਕੈਦ ਅੰਦਰ ਖ਼ਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ, ਸ਼ੁਜਾ ਬੰਗਾਲ ਦੇ ਜੰਗਲਾਂ ਵਿਚ ਜਾ ਛੁਪਿਆ ਕਦੀ ਨਾ ਪਰਤਿਆ ਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਵਿਚ ਜਾਣ ਤੋਂ ਪਹਿਲਾਂ ਸ਼ਾਹ ਜਹਾਨ ਤਾੜ ਗਿਆ ਸੀ ਕਿ ਫੌਜ ਤਿੰਨ ਵੱਡੇ ਭਰਾਵਾਂ ਦੇ ਅਤੇ ਬਾਦਸ਼ਾਹ ਦੇ ਖਿਲਾਫ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਨਾਲ ਲੱਦੇ ਊਠ ਭੇਜਦਾ ਰਿਹਾ। ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ।
ਆਗਰਾ ਅਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਵਿਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਸੇ ਮਹਿਲ ਵਿਚ ਰਿਹਾ ਜਿਥੇ ਜਨਮ ਹੋਇਆ ਤੇ ਮਾਂ ਮੁਮਤਾਜ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ ਨੇ ਬਣਵਾਇਆ ਸੀ ਜੋ ਮਨਸਬਦਾਰ ਸੀ । ਆਸਫ ਦੀ ਮੌਤ ਬਾਦ ਮਹਿਲ ਸਰਕਾਰ ਦੇ ਕਬਜ਼ੇ ਵਿਚ ਚਲਾ ਗਿਆ।
ਲਾਹੌਰ ਵਿਖੇ ਵਾਇਸਰਾਇ ਵਜੋਂ ਦਾਰਾ ਪਰਜਾ ਵਿਚ ਬੜਾ ਹਰਮਨ ਪਿਆਰਾ ਸੀ। ਇਥੇ ਉਸਨੇ ਸਤਿਕਾਰਯੋਗ ਸੂਫੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ ਜਿਸ ਦਾ ਦੇਹਾਂਤ ਲਾਹੌਰ ਵਿਚ 1635 ਨੂੰ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸ ਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੁਹਣਾ ਉਸਾਰਨ ਦੀ ਯੋਜਨਾ ਸੀ ।
ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਵਿਚ ਆਪਣੀ ਚੰਗੀ ਸਾਖ ਬਣਾ ਰਿਹਾ ਸੀ। ਜਿਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਸਨੇ ਇਕ ਕਿਤਾਬ ਰਹੱਸਵਾਦ ਉੱਪਰ ਸਿਰਰਇ ਅਕਬਰ (ਮਹਾਨ ਰਹੱਸ) ਲਿਖੀ, ਦੂਜੀ ਮਜਮਾ ਅਲ ਬਹਰਾਇਨ (ਸਾਗਰਾਂ ਦਾ ਸੰਗਮ)। ਇਕ ਹਿੰਦੂ ਚਿੰਤਕ ਬਾਬਾ ਲਾਲ ਨਾਲ ਦਾਰੇ ਦੀ ਲੰਮੀ ਗੁਫਤਗੂ ਚੰਦਰਭਾਨ ਦੀ ਹਵੇਲੀ ਵਿਚ ਹੋਈ, ਵਿਸ਼ੇ ਸਨ ਜਾਤਾਂ ਵਿਚ, ਸਮਾਜਾਂ ਵਿਚ, ਧਰਮਾਂ ਵਿਚ, ਹਿੰਦੂ ਮੱਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫਤਗੂ ਚੰਦਰਭਾਨ ਨੇ ਰਿਕਾਰਡ ਕੀਤੀ।ਸ਼ਹਿਜ਼ਾਦਾ ਪਾਦਰੀ ਫਾਦਰ ਬੂਜ਼ੀ ਦਾ ਵੀ ਦੋਸਤ ਸੀ।53 ਇਸ ਵੱਡੇ ਸ਼ਹਿਰ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਵਿਚ ਦਰਜ ਹਨ।
ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ
ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ
ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਸ਼ ਹੋਵੇ
ਪਲੇਗ ਅਤੇ ਮੌਤ ਇਸ ਤੋਂ ਹਮੇਸ਼ ਪਰੇ ਰਹਿਣ।
ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ – ਅਨੇਕ ਲਾਹੌਰੀ ਦਿਲਾਂ ਵਿਚ ਦਾਰਾ ਵਸਿਆ ਹੋਇਆ ਹੈ।
ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ, ਫੌਜੀ ਮਦਦ ਵੀ ਦਏਗਾ ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ, ਸਿੰਧ ਵੱਲ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖ਼ਬਰ ਮਿਲੀ ਕਿ ਬੰਗਾਲ ਵੱਲੋਂ ਸ਼ੁਜਾ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ । ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਬੰਗਾਲ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁੰਨ ਇਲਾਕੇ ਵਿਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫਨ ਕਰ ਆਉ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ ਪਰ ਵੱਡੇ ਇਨਾਮ ਦੇ ਲਾਲਚ ਵਸ ਜੁੰਨ ਦੇ ਸ਼ਾਸਕ ਨੇ ਪਿਉ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਹਵਾਲੇ ਕਰ ਦਿੱਤਾ।
ਸੰਗਲਾਂ ਵਿਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇਜ਼ਤ ਕਰਨ ਲਈ ਮਸਖਰਿਆਂ ਦੇ ਲਿਬਾਸ ਵਿਚ ਹਾਥੀ ਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ ਕਿਉਂਕਿ ਉਸਨੇ ਲਿਖਿਆ ਸੀ ਕਿ ਹਿੰਦੂ ਵੀ ਇਕ ਈਸ਼ਵਰ ਨੂੰ ਮੰਨਦੇ ਹਨ ਤੇ ਹਿੰਦੂ ਮੱਤ ਅਤੇ ਇਸਲਾਮ ਵਿਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਸਨੂੰ ਕਤਲ ਕਰਨ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਥਾਏਂ ਕਤਲ ਕਰ ਦਿੱਤਾ।
ਉਸਦੀ ਦੇਹ ਪਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਕੋਲ ਸ਼ਨਾਖਤ ਕਰਨ ਵਾਸਤੇ ਭੇਜ ਦਿੱਤਾ । ਔਰੰਗਜ਼ੇਬ ਦੀ ਹਾਜ਼ਰੀ ਵਿਚ ਉਸਦਾ ਮੂੰਹ ਧੋ ਕੇ ਦਿਖਾਇਆ, ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਸਿਰ ਹੈ, ਹੰਝੂ ਵਹਾਏ।
ਲੋਕਾਂ ਦੇ ਦਿਲਾਂ ਵਿਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ। ਸ਼ਾਹ ਜਹਾਨ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ ਤੇ ਕੁੜੀ ਨੇ ਕਿਹਾ ਔਰੰਗਜ਼ੇਬ ਦੀ ਨੂੰਹ ਹੋਣ ਨਾਲੋਂ ਮੈਂ ਖੁਦਕਸ਼ੀ ਕਰ ਲਵਾਂਗੀ।
ਆਗਰੇ ਦੇ ਕਿਲੇ ਵਿਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ ਦਾ ਮਕਬਰਾ ਤਾਜਮਹੱਲ ਦੇਖਦੇ ਜਿਹੜੀ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ। ਉੱਥੇ ਹੀ 1666 ਵਿਚ 74 ਸਾਲ ਦੇ ਸ਼ਾਹਜਹਾਨ ਨੂੰ ਦਫਨਾਇਆ ਗਿਆ । ਬਹੁਤ ਵੱਡੇ ਕਾਰਵਾਂ ਵਿਚ ਉਦਾਸ, ਹੰਝੂਆਂ ਭਰੀਆਂ ਅੱਖਾਂ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ।
XXX
ਗੁਰੂ ਨਾਨਕ ਦੇਵ ਦਾ ਜਨਮ 1469 ਵਿਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। ਸੱਤਰ ਸਾਲ ਪਹਿਲਾਂ ਪੰਜਾਬ ਨੇ ਤਿਮਰ ਦੀ ਵੱਢ ਟੁੱਕ ਝੱਲੀ ਸੀ । ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀਂ ਦੇਖੀ ਸੀ ਤੇ ਉਨ੍ਹਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ । ਗੁਰੂ ਨਾਨਕ ਦੇਵ ਜੀ ਨੇ ਲਿਖਿਆ-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ। ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ । ਏਤੀ ਮਾਰ ਪਈ ਕੁਰਲਾਣੇਂ ਤੋਂ ਕੀ ਦਰਦ ਨ ਆਇਆ। ਕਰਤਾ ਤੂ ਸਭਨਾ ਕਾ ਸੋਈ । ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ । ਰਹਾਉ । ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ। ਰਤਨ ਵਿਗਾੜ ਵਿਗੋਏ ਕੁਤੀ ਮੁਇਆ ਸਾਰ ਨਾ ਕਾਈ।
( ਆਸਾ ਮ. 1, ਗੁ. ਗ੍ਰੰ. ਪੰਨਾ 360 )
ਗੁਰੂ ਜੀ ਲਈ ਰੱਬ ਮੁਸਲਮਾਨਾਂ ਅਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ, ਵੱਡਾ ਪਾਪੀ ਸੀ ਜਿਸਨੇ ਏਨਾ ਕੁਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਬਾਬਰ ਨੇ ਉਨ੍ਹਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਅਤੇ ਰਿਹਾਈ ਹੋਈ।
ਵਿਸਮਾਦ ਵਿਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ— ਨਾ ਕੋ ਹਿੰਦੂ ਨ ਮੁਸਲਮਾਨ ।° ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਵਿਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ, ਹੁਣ ਗੁਰੂ ਸਾਹਿਬਾਨ ਇਹ ਕਾਰਜ ਕਰਨਗੇ।
ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ ਤੇਹਣ ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ।
ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਵਿਚੋਂ ਹੋਏ ਪਰ ਉਨ੍ਹਾਂ ਦੇ ਸਿੱਖਾਂ ਵਿਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਅਤੇ ਹੋਰ ਅਖੌਤੀ ਨੀਵੀਆਂ ਜਾਤਾਂ ਦੇ ਲੋਕ ਸਨ । ਭਾਵੇਂ ਥੋੜ੍ਹੇ ਕੁ ਮੁਸਲਮਾਨ ਵੀ ਸਿੱਖ ਸਨ ਪਰ ਵੱਡੀ ਗਿਣਤੀ ਹਿੰਦੂਆਂ ਵਿਚੋਂ ਸੀ।
ਧਰਮਸਾਲ ਵਿਚ ਲੰਗਰ ਚੱਲਦਾ ਜਿਥੇ ਸਾਰੇ ਇਕ ਕਤਾਰ ਵਿਚ ਬੈਠ ਕੇ ਭੋਜਨ ਛਕਦੇ। ਜਾਤ ਕਾਰਨ ਭਿੱਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇਕ ਵੱਖਰਾ ਭਾਈਚਾਰਾ ਹੋ ਗਿਆ ਜਿਸ ਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ ਜੋ ਗੁਰੂ ਅੰਗਦ ਦੇਵ ਨੇ ਪ੍ਰਚੱਲਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਵਿਚ ਦੋ ਵਾਰ ਸਿੱਖ ਅੰਮ੍ਰਿਤਸਰ ਵਿਚ ਇਕੱਠੇ ਹੋਇਆ ਕਰਨਗੇ । ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ।
ਗੁਰਮਤਿ ਦਾ ਹਿੰਦੂ ਮੱਤ ਅਤੇ ਇਸਲਾਮ ਨਾਲ ਕੀ ਸੰਬੰਧ ਹੈ, ਇਸ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਸਿੱਖੀ ਵੈਦਿਕ ਮੱਤ ਦੇ ਨੇੜੇ ਹੈ। ਕਿਸੇ ਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਂਤ ਲਿਖਦਾ ਹੈ :
ਇਕ ਰੱਬ, ਇਕ ਕਿਤਾਬ, ਇਕ ਭਾਈਚਾਰਾ ਪੰਜਾਬ ਵਿਚ ਇਸ ਲਈ ਕਾਇਮ ਹੋਇਆ ਕਿਉਂਕਿ ਇਹ ਅੱਠ ਸਦੀਆਂ ਇਸਲਾਮੀ ਰਾਜ ਦਾ ਅਸਰ ਹੈ ਜਿਸਨੇ ਪੰਜਾਬ ਦਾ ਕਲਚਰ ਅਤੇ ਮਾਨਸਿਕਤਾ ਬਦਲੀ ।
ਗੁਰਿਆਈ ਵਿਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ, ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਦੇ ਵੱਡੇ ਬੇਟੇ ਸ੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਸਵੀਕਾਰ ਨਹੀਂ ਕੀਤਾ ਜਿਸ ਦੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ ਜੋ ਲਾਹੌਰ ਡਿਵੀਜ਼ਨ ਵਿਚ ਪੈਂਦਾ ਸੀ।
ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਨਾਲ ਵਾਹ ਪੈਂਦਾ ਸੀ । ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ (ਗੁਰੂ) ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ। ਪ੍ਰਿਥੀਚੰਦ ਨੂੰ ਜੱਦੀ ਜਾਇਦਾਦ ਵਿਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗੇ। ਹਰਿਮੰਦਰ ਦੀ ਸਥਾਪਨਾ ਅਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ।
1598 ਵਿਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਹਿਤ ਗੋਇੰਦਵਾਲ ਆਇਆ। ਵੱਡੀ ਗਿਣਤੀ ਵਿਚ ਕਿਸਾਨੀ ਸਿੱਖ ਹੋ ਚੁੱਕੀ ਸੀ । ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਮੰਗ ਕੀਤੀ ਜੋ ਮੰਨ ਲਈ ਗਈ ।
ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ਼ ਕਰਨ ਵਾਸਤੇ ਪੰਜਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਿਆਂ ਦੌਰਾਨ ਉਨ੍ਹਾਂ ਦੀ ਸ਼ਹਾਦਤ ਹੋ ਗਈ। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਰਾਵੀ ਵਿਚ ਲੋਪ ਹੋ ਗਏ। ਬੇਸ਼ਕ ਇਹ ਵੀ ਲਿਖਿਆ ਮਿਲਦਾ ਹੈ ਕਿ ਲਾਹੌਰ ਦਾ ਇਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫਰਤ ਇਸ ਦਾ ਕਾਰਨ ਬਣੀ ।64 ਇਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ ਉਹ ਸੀ ਸ਼ੇਖ਼ ਅਹਿਮਦ ਸਿਰਹੰਦੀ।
ਗੁਰੂ ਅਰਜਨ ਦੇਵ ਦੇ ਇਕਲੌਤੇ ਬੇਟੇ (ਗੁਰੂ) ਹਰਗੋਬਿੰਦ ਨੇ ਗਿਆਰਾਂ ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਨ ਕੇ ਗੁਰਿਆਈ ਧਾਰਨ ਕੀਤੀ। ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਲਈ ਕਿਹਾ। 65 ਅੰਮ੍ਰਿਤਸਰ ਵਿਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ । ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ । ਫੌਜ ਕਾਇਮ ਕਰਕੇ ਖ਼ੁਦ ਕਲਗੀ ਸਜਾਈ । ਬਹੁਤੇ ਘੋੜੇ ਕਾਬਲ ਤੋਂ ਖਰੀਦੇ।
ਸ਼ਸਤਰਾਂ ਵਿਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ‘ਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਪਿਛੋਂ ਉਸ ਦਾ ਪੁੱਤਰ ਮਿਹਰਬਾਨ ਦਾਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ।
ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ । ਬਾਦ ਵਿਚ ਉਨ੍ਹਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ। ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਏ ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ। ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ।
ਜਹਾਂਗੀਰ ਦੀ ਮੌਤ ਪਿਛੋਂ ਜਦੋਂ ਸ਼ਾਹ ਜਹਾਨ ਨੇ ਹਕੂਮਤ ਸੰਭਾਲੀ, ਉਸਨੇ ਲੋਹਗੜ੍ਹ ਦੇ ਕਿਲ੍ਹੇ ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇਥੇ ਰਹਿਣਾ ਠੀਕ ਨਹੀਂ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ, ਕਰਤਾਰਪੁਰ ਚਲੇ ਗਏ। ਇਥੇ ਵੀ ਹਮਲਾ ਕੀਤਾ ਗਿਆ ਜਿਸ ਵਿਚੋਂ ਦੋ ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ।
ਬੇਸ਼ਕ ਵਾਇਸਰਾਇ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ ਪਰ ਲੱਗਾ ਕਿ ਲਾਹੌਰ ਡਿਵੀਜ਼ਨ ਵਿਚ ਰਹਿਣਾ ਠੀਕ ਨਹੀਂ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿਚ ਕੀਰਤਪੁਰ ਵਿਖੇ ਡੇਰਾ ਲਾਇਆ ਜਿਥੇ ਉਨ੍ਹਾਂ ਦੇ ਤਬੇਲੇ, ਘੋੜੇ ਅਤੇ ਬੰਦੂਕਧਾਰੀ ਯੋਧੇ ਅੱਠ ਨੌਂ ਸਾਲ ਰਹੇ ਤੇ ਗੁਰੂ ਜੀ 1644 ਵਿਚ ਜੋਤੀ ਜੋਤ ਸਮਾਏ। ਇਸ ਤੋਂ ਚੌਦਾਂ ਸਾਲ ਬਾਦ ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਗੱਦੀਓਂ ਲਾਹ ਦਿੱਤਾ।
ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਅਤੇ ਪੂਰਬੀ ਭਾਰਤ ਵਿਚ ਅਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਸਿੱਖ ਵਸੋਂ ਸੀ। ਕੀਰਤਪੁਰ ਕੱਯਾਮ ਦੌਰਾਨ ਖੱਤਰੀਆਂ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਵਿਚ ਘੁੰਮਦੇ ਫਿਰਦੇ ਰਹਿੰਦੇ ਸਨ।
: ਮੈਦਾਨਾਂ ਵਿਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ। ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਪਿਛੋਂ ਉਸਦਾ ਪੁੱਤਰ ਹਰਜੀ ਗੱਦੀ ਤੇ ਬੈਠ ਗਿਆ। ਸਾਲ 1640 ਦੇ ਸ਼ੁਰੂ ਵਿਚ ਗੁਰੂ ਜੀ ਦੇ ਜੀਂਦੇ ਜੀ ਉਨ੍ਹਾਂ ਦਾ ਪੋਤਾ ਧੀਰਮੱਲ ਉਹ ਬੀੜ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਿਆ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ । ਇਹ ਭਾਈ ਗੁਰਦਿਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚਲ ਕੇ ਕਰਤਾਰਪੁਰ ਜਾ ਵਸਿਆ।
ਖ਼ੁਦ ਨੂੰ ਤਕੜਾ ਕਰਨ ਲਈ ਉਸਨੇ ਸ਼ਾਹ ਜਹਾਨ ਦੀ ਸ਼ਰਣ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਵਿਚ ਹਰਜੀ ਅਤੇ ਕਰਤਾਰਪੁਰ ਵਿਚ ਧੀਰਮੱਲ, ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਨ੍ਹਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ ਚੌਦਾਂ ਸਾਲ ਦੀ ਉਮਰ ਦੇ ਹਰਿ ਰਾਇ ਜੀ ਨੂੰ ਗੁਰਿਆਈ ਸੌਂਪ ਦਿੱਤੀ।
ਨਾਲਾਗੜ੍ਹ ਦੇ ਹਿੰਦੂ ਰਾਜੇ ਅਤੇ ਮੁਗਲ ਕਮਾਂਡਰਾਂ ਵਿਚ ਤਕਰਾਰ ਹੋ ਗਿਆ ਜਿਸ ਕਾਰਨ ਗੁਰੂ ਹਰਿ ਰਾਇ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਤੇ ਕਾਬਜ਼ ਹੋ ਗਿਆ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ।
ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ। ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮਰਾਇ ਨੂੰ ਭੇਜ ਦਿੱਤਾ। ਰਾਮਰਾਇ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸਨੂੰ ਬਾਦ ਵਿਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰਿ ਰਾਇ ਜੀ ਦਾ ਦੇਂਹਾਤ ਹੋ ਗਿਆ ਪਰ ਉਹ ਆਪਣੇ ਪੰਜ ਸਾਲ ਦੇ ਸਭ ਤੋਂ ਛੋਟੇ ਬੇਟੇ (ਗੁਰੂ) ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਸੱਦਿਆ। ਅੱਠ ਸਾਲ ਦੀ ਉਮਰ ਵਿਚ ਚੇਚਕ ਕਾਰਨ ਗੁਰੂ ਜੀ ਦਾ ਦਿੱਲੀ ਵਿਚ ਦੇਹਾਂਤ ਹੋ ਗਿਆ।
ਮੁਗਲਾਂ ਨੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਵਿਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇਕ ਤਾਂ ਰਾਮਰਾਇ ਉਨ੍ਹਾਂ ਦੀ ਨਜ਼ਰਬੰਦੀ ਵਿਚ ਹੈ, ਦੂਜਾ ਧੀਰਮੱਲ ਕਰਤਾਰਪੁਰ ਵਿਚ ਹੈ, ਤੀਜਾ ਹਰਿ ਜੀ ਅੰਮ੍ਰਿਤਸਰ ਵਿਚ ਹੈ। ਪਰ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ‘ਬਾਬਾ ਵਿਚ ਬਕਾਲੇ’ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਹਨ।
ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਨਾਲ ਮਿਲੇ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇਥੋਂ ਕੀਰਤਪੁਰ ਆ ਗਏ।
ਧੀਰਮੱਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰ ਮੱਲ ਦਾ ਸਾਰਾ ਸਾਮਾਨ ਵਾਪਸ ਕਰ ਦਿੱਤਾ ਤੇ ਕਿਹਾ ਖਿਮਾ ਤੋਂ ਵੱਡਾ ਗੁਣ ਕੋਈ ਨਹੀਂ।
ਗੁਰਿਆਈ ਤੋਂ ਇਕ ਸਾਲ ਬਾਦ 1665 ਵਿਚ ਉਨ੍ਹਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇਕ ਮਾਲਾ ਵਿਚ ਪਰੋਇਆ ਜਾਏ। ਇਹ ਯਾਤਰਾ ਛੇ ਸਾਲ ਚੱਲੀ । ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਅਤੇ ਪਟਨਾ ਪੁੱਜੇ ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜਬਾਨੀ ਵਿਚ ਛੱਡ ਕੇ ਅੱਗੇ ਚਲੇ ਗਏ। ਇਥੇ 1666 ਵਿਚ ਬੇਟਾ ਗੋਬਿੰਦ ਰਾਇ ਪੈਦਾ ਹੋਇਆ। ਗੁਰੂ ਜੀ ਢਾਕੇ ਤੱਕ ਗਏ ਤੇ ਉਥੋਂ ਆਸਾਮ ਦਾ ਰੁਖ਼ ਕੀਤਾ। ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ।
ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ ।70
ਹਕੂਮਤ ਇਸ ਗੱਲੋਂ ਬੇਚੈਨ ਸੀ ਕਿ ਥਾਂ ਥਾਂ ਥਰਮਸ਼ਾਲਾਵਾਂ ਉਸਰ ਰਹੀਆਂ ਹਨ। ਤੇ ਇਨ੍ਹਾਂ ਧਰਮਸ਼ਾਲਾਵਾਂ ਵਿਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਕੋਲ ਪੁੱਜ ਰਿਹਾ ਹੈ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾਂ ਢਾਹੀਆਂ ਜਾਣ। ਮੰਦਰ ਢਾਹੇ ਜਾਣ ਦਾ ਹੁਕਮ 1669 ਵਿਚ ਆਇਆ।
1671 ਵਿਚ ਜਦੋਂ ਗੁਰੂ ਜੀ ਮਾਖੇਵਾਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਲਈ ਕਿਹਾ-ਭੈ ਕਾਹੂ ਕੋ ਦੇਤ ਨਹਿ, ਨਾ ਭੈ ਮਾਨਤ ਆਨ।
ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਵਾਲੀ ਕਿਰਪਾਨ ਪਹਿਨ ਲਈ। ਸਿੱਖ ਉਨ੍ਹਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ । ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ ।
ਦੋ ਸਾਲ ਬਾਦ ਗੁਰੂ ਜੀ ਨੇ ਪਹਾੜੀਆਂ ਵਿਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਵਿਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਨ੍ਹਾਂ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ।
ਮਈ 1675 ਵਿਚ ਉਹ ਫਿਰ ਮਾਖੇਵਾਲ ਆ ਗਏ। ਇਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇਕ ਜੱਥਾ ਗੁਰੂ ਜੀ ਕੋਲ ਆਇਆ ਤੇ ਦੱਸਿਆ ਮੰਦਰ ਢਾਹ ਦਿੱਤੇ ਹਨ, ਇਸਲਾਮ ਧਾਰਨ ਕਰਨ ਲਈ ਜ਼ਬਰਦਸਤੀ ਕਰ ਰਹੇ ਹਨ। ਇਹ ਖ਼ਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲੈ ਲਿਆ। ਆਪਣੇ ਧਰਮ ਵਿਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ।
ਬੇਟੇ ਗੋਬਿੰਦ ਰਾਇ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫਤਾਰ ਕਰਨ ਉਪਰੰਤ ਉਨ੍ਹਾਂ ਨੂੰ ਕਿਹਾ—ਸਾਬਤ ਕਰਨ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਉ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਲਈ ਇਸਲਾਮ ਧਾਰਨ ਕਰੋ । ਦਿਖਾਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ ਗੁਰੂ ਜੀ ਦੇ ਸਾਹਮਣੇ ਪਹਿਲੋਂ ਉਨ੍ਹਾਂ ਦੇ ਤਿੰਨ ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ । ਲਾਲ ਕਿਲ੍ਹੇ ਦੇ ਸਾਹਮਣੇ ਚਾਂਦਨੀ ਚੌਂਕ ਵਿਚ 11 ਨਵੰਬਰ, 1675 ਨੂੰ ਇਹ ਭਾਣਾ ਵਰਤ ਗਿਆ| ਵਫਾਦਾਰ ਬਾਲਮੀਕੀ ਸਿੱਖ ਭਾਈ ਜੈਤਾ ਜੀ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਇ ਪਾਸ ਪੁਚਾਇਆ।
ਸਤਾਹਰਵੀਂ ਸਦੀ ਦੇ ਮੁਗਲ ਰਾਜ ਵਿਚ ਇਸ ਤਰ੍ਹਾਂ ਦੇ ਰੁਝਾਣ ਪੈਦਾ ਹੋਏ।
ਔਰੰਗਜ਼ੇਬ ਜਿਸਨੇ 1658-1707 ਤੱਕ ਰਾਜ ਕੀਤਾ, ਸਖ਼ਤੀ ਨਾਲ ਸ਼ਰਾਅ ਲਾਗੂ ਕਰਨ ਲੱਗਾ। ਨੱਚਣ, ਗਾਉਣ, ਸੰਗੀਤ ਤੇ ਪਾਬੰਦੀ ਲਾ ਦਿੱਤੀ। ਦੱਸਣ ਲਈ ਕਿ ਸੰਜਮ ਵਿਚ ਰਹੋ, ਖ਼ੁਦ ਟੋਪੀਆਂ ਸਿਉਂ ਕੇ ਵੇਚਣ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਵਿਚ ਬਾਦਸ਼ਾਹ ਹੱਥ ਨਾਲ ਕੁਰਾਨ ਲਿਖ ਰਿਹਾ ਹੈ। ਉਸ ਦੀ ਦੱਸੀ ਜਾਂਦੀ ਇਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਵਜੋਂ ਭੇਜੀ ਗਈ।
ਮੁਸਲਮਾਨਾਂ ਲਈ ਸ਼ਰਾਬ ਪੀਣ ਦੀ ਮਨਾਹੀ ਸੀ । ਗੈਰ ਮੁਸਲਮਾਨਾਂ ਨੂੰ ਕਿਹਾ ਹੈ ਕਿ ਜਜ਼ੀਆ ਦਿਉ| ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖ਼ਤਮ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ, ਜਿਨ੍ਹਾਂ ਥਾਵਾਂ ਤੇ ਉਹ ਪੂਜਾ ਪਾਠ ਕਰਦੇ ਸਨ, ਉਨ੍ਹਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ।
ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ਼ ਵੀ ਸੀ। ਉਸਦੇ ਰਾਜ ਕਾਲ ਵਿਚ ਸਰਹੱਦਾਂ ਦਾ ਵਿਸਥਾਰ ਹੋਇਆ। ਕਸ਼ਮੀਰ ਦੇ ਉੱਤਰ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ, ਪੂਰਬ ਵੱਲ ਢਾਕੇ ਤੋਂ ਪਾਰ ਚਿਟਾਗਾਂਗ ਜਿੱਤ ਲਿਆ, ਦੱਖਣ ਵਿਚ ਮੁਸਲਮਾਨ ਰਿਆਸਤਾਂ ਗੋਲਕੰਡਾ ਅਤੇ ਬੀਜਾਪੁਰ ਜਿੱਤ ਲਈਆਂ। ਸਟੇਟ ਵਿਚ ਬਗਾਵਤ ਸਿਰ ਚੁੱਕਣ ਲੱਗੀ।
ਦਿੱਲੀ ਦੇ ਦੱਖਣ ਵਿਚ ਹਜ਼ਾਰਾਂ ਕਿਸਾਨ ਬਗਾਵਤ ਤੇ ਉੱਤਰ ਆਏ, ਦਿੱਲੀ ਦੋਆਬ ਦੇ ਨਾਰਨੌਲ ਪਰਗਣੇ ਵਿਚ ਸਤਨਾਮੀਆਂ ਨੇ ਹਥਿਆਰ ਚੁੱਕ ਲਏ। ਉੱਤਰ ਪੱਛਮ ਵਿਚ ਖੁਸ਼ਹਾਲ ਖਾਨ ਖਟਕ ਨੇ ਪਖਤੂਨ ਵਾਦੀ ਵਿਚ ਹਨੇਰੀ ਲੈ ਆਂਦੀ ਜਿੱਥੇ ਔਰੰਗਜ਼ੇਬ ਨੂੰ ਖ਼ੁਦ ਫੌਜ ਲੈ ਕੇ ਜਾਣਾ ਪਿਆ। ਰਾਜਸਥਾਨ ਦੇ ਇਕ ਸਦੀ ਤੋਂ ਵਫਾਦਾਰ ਚਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਵਿਚ ਸ਼ਿਵਾ ਜੀ ਨੇ ਮਰਾਠਾ ਹਕੂਮਤ ਕਾਇਮ ਕਰ ਦਿੱਤੀ ਤੇ 1680 ਵਿਚ ਉਸ ਦੀ ਮੌਤ ਤੱਕ ਕਾਇਮ ਰਹੀ। ਬੇਸ਼ਕ ਸ਼ਿਵਾਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫਤਾਰ ਕਰਕੇ 1689 ਵਿਚ ਕਤਲ ਕਰ ਦਿੱਤਾ ਪਰ ਮਰਾਠੇ ਝੁਕੇ ਨਹੀਂ।
ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗਦਾ ਹੈ। ਸਾਲ 1673 ਵਿਚ ਉਹ ਕਾਬਲ ਨੂੰ ਕੂਚ ਕਰਦਾ ਹੈ। 1674 ਵਿਚ ਸ਼ਿਵਾਜੀ ਦੀ ਤਾਜਪੋਸ਼ੀ ਹੁੰਦੀ ਹੈ, 1675 ਵਿਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ। ਗ਼ੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸਖ਼ਤੀ ਹੋਈ। ਬੇਸ਼ਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜਭਾਗ ਵਿਚ ਹਿੰਦੂਆਂ ਦੀ ਗਿਣਤੀ ਕੁਝ ਵਧੀ ਪਰ ਦੋ ਵੱਡੇ ਮੰਦਰ ਇਕ ਮਥਰਾ ਵਿਚ ਦੂਜਾ ਬਨਾਰਸ ਵਿਚ ਢਾਹ ਦਿੱਤੇ । ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਬਗ਼ਾਵਤ ਦਾ ਕਾਰਨ ਇਹੀ ਸੀ।
1671 ਤੋਂ 1673 ਤੱਕ ਦੇ ਸਮੇਂ ਵਿਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌਅ ਹੈ। ਇਹ ਫਿਦਈ ਖਾਨ ਕੋਕਾ ਔਰੰਗਜ਼ੇਬ ਦੇ ਮਤੇਏ ਭਰਾ ਦੀ ਨਿਗਰਾਨੀ ਵਿਚ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। ਤਿੰਨ ਸੌ ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਵਾਸਤੇ ਮੰਗਵਾਇਆ ਸੀ।
ਲੰਮੇ ਸਮੇਂ ਤੱਕ ਪੰਜਾਬ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਨਾਲ ਸੰਧੀ ਕੀਤੀ ਫਿਰ ਸ਼ਿਵਾ ਜੀ ਦੇ ਬੇਟੇ ਸ਼ੰਭਾ ਜੀ ਨਾਲ। ਇਸ ਨਾਲ ਔਰੰਗਜ਼ੇਬ ਨੂੰ ਦੱਖਣ ਵਿਚ ਬਾਗੀਆਂ ਵਿਰੁੱਧ ਸਿੱਝਣ ਲਈ ਮਜਬੂਰ ਹੋਣਾ ਪਿਆ।
ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਾ ਸੀ। ਉਸਨੇ ਸ਼ੀਆ ਮੁਸਲਮਾਨਾਂ ਨਾਲ ਵੀ ਗੰਢਤੁਪ ਕਰ ਲਈ। ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪਹੁਦਰੇ ਵਰਤਾਰੇ ਨੂੰ ਰੋਕਣ ਲਈ ਔਰੰਗਜ਼ੇਬ ਦੱਖਣ ਵਿਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ।
ਗੁਰੂ ਗੋਬਿੰਦ ਸਿੰਘ, ਦਸਵੇਂ ਗੁਰੂ ਨੇ ਔਰੰਗਜ਼ੇਬ ਦੇ ਰਾਜ ਵਿਚ ਸਿੱਖਾਂ ਦੀ ਕਮਾਨ ਸੰਭਾਲੀ। ਬਿਲਾਸਪੁਰ ਦੀ ਰਿਆਸਤ ਦੇ ਮਾਖੋਵਾਲ ਨਗਰ ਵਿਚ ਉਨ੍ਹਾਂ ਸਾਰੀਆਂ ਵਿਦਿਆਵਾਂ ਸਿੱਖੀਆਂ। ਇਸ ਥਾਂ ਨੂੰ ਹੁਣ ਅਨੰਦਪੁਰ ਸਾਹਿਬ ਕਿਹਾ ਜਾਂਦਾ ਹੈ। ਉਨ੍ਹਾਂ ਸੰਸਕ੍ਰਿਤ ਤੇ ਫਾਰਸੀ ਸਿੱਖੀ, ਘੋੜ ਸਵਾਰੀ, ਨੇਜ਼ੇਬਾਜ਼ੀ, ਤੀਰਅੰਦਾਜ਼ੀ ਵਿਚ ਨਿਪੁੰਨਤਾ ਹਾਸਲ ਕੀਤੀ। ਰਿਆਸਤੀ ਇਲਾਕਾ ਹੋਣ ਕਾਰਨ ਮੁਗਲਾਂ ਦੀ ਦਖ਼ਲਅੰਦਾਜ਼ੀ ਨਹੀਂ ਸੀ। ਇਸ ਪਹਾੜੀ ਇਲਾਕੇ ਦੇ ਹਿੰਦੂ, ਦੁਰਗਾ ਜਾਂ ਚੰਡੀ ਦੇ ਉਪਾਸ਼ਕ ਸਨ।
ਪਹਾੜੀ ਰਾਜਿਆਂ ਦੀਆਂ ਆਪਸ ਵਿਚ ਲੜਾਈਆਂ ਝਗੜੇ ਚੱਲਦੇ ਰਹਿੰਦੇ। ਸਨ ਪਰ ਉਨ੍ਹਾਂ ਨੇ ਮੁਗਲਾਂ ਦੀ ਮਿਹਰਬਾਨੀ ਹਾਸਲ ਕਰ ਰੱਖੀ ਸੀ। ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੱਖਾਂ ਦੀ ਚੜ੍ਹਤ ਉਨ੍ਹਾਂ ਨੂੰ ਖ਼ਤਰਨਾਕ ਲੱਗੀ । ਗੁਰੂ ਜੀ ਕਾਰਨ ਔਰੰਗਜ਼ੇਬ ਗੁੱਸੇ ਵਿਚ ਆ ਸਕਦਾ ਸੀ। ਸਿਰਮੌਰ (ਨਾਹਨ) ਰਿਆਸਤ ਦੇ ਨਾਲ ਪਾਉਂਟਾ ਸਾਹਿਬ ਵਿਚ ਗੁਰੂ ਜੀ ਨੇ ਜਮਨਾ ਕਿਨਾਰੇ ਮਜ਼ਬੂਤ ਕਿਲ੍ਹਾ ਉਸਾਰ ਲਿਆ ਤੇ ਜੰਗੀ ਮਸ਼ਕਾਂ ਸ਼ੁਰੂ ਹੋ ਗਈਆਂ। ਇਨ੍ਹਾਂ ਕਾਰਨਾਂ ਕਰਕੇ ਭੰਗਾਣੀ ਦਾ ਯੁੱਧ ਹੋਇਆ। ਗੁਰੂ ਜੀ ਦੀਆਂ ਫੌਜਾਂ ਵਿਜਈ ਰਹੀਆਂ।
ਉਪਰੰਤ ਘੁਰੂ ਜੀ ਅਨੰਦਪੁਰ ਸਾਹਿਬ ਚਲੇ ਗਏ। ਇਥੇ ਸਤਲੁਜ ਦੇ ਕਿਨਾਰੇ ਕਿਲ੍ਹੇ ਦੀ ਉਸਾਰੀ ਕੀਤੀ। ਸਾਲ 1688 ਤੱਕ ਔਰੰਗਜ਼ੇਬ ਸਿਆਸੀ ਤਣਾਉ ਵਿਚੋਂ ਲੰਘ ਰਿਹਾ ਸੀ । ਬਗਾਵਤਾਂ ਦੀ ਲੜੀ ਕਾਰਨ ਅਫਸਰਾਂ ਉੱਪਰੋਂ ਯਕੀਨ ਉੱਠ ਰਿਹਾ ਸੀ। ਜੰਗਾਂ ਦੇ ਖਰਚੇ ਕਾਰਨ ਆਰਥਿਕਤਾ ਡਗਮਗਾਉਣ ਲੱਗੀ। ਅਫਸਰ, ਪੰਜਾਬ ਦੇ ਕਿਸਾਨਾਂ ਤੋਂ ਕਰ ਨਚੋੜ ਰਹੇ ਸਨ, ਕਿਸਾਨੀ ਵਿਚ ਰੋਸ ਫੈਲ ਰਿਹਾ ਸੀ। ਲੱਖਾਂ ਦੀ ਫੌਜ ਨਾਲ ਜਦੋਂ ਬਾਦਸ਼ਾਹ ਕੂਚ ਕਰਦਾ, ਟੈਂਟ, ਖਾਧ ਪਦਾਰਥ, ਬਾਜ਼ਾਰ ਨਾਲ ਨਾਲ ਤੁਰਦੇ, ਘੋੜਿਆਂ, ਹਾਥੀਆਂ, ਊਠਾਂ ਦਾ ਮੀਲਾਂ ਲੰਮਾ ਕਾਰਵਾਂ ਚਲਦਾ ਰਹਿੰਦਾ।
ਦੱਖਣ ਵਿਚ ਬਾਦਸ਼ਾਹ ਪੰਜਾਬ ਦੀ ਖ਼ਬਰ ਰੱਖਦਾ। ਉਸਨੂੰ ਪਤਾ ਲੱਗਾ ਕਿ ਬਾਗੀ ਸਿੱਖ ਆਨੰਦਪੁਰ ਇਕੱਠੇ ਹੋ ਰਹੇ ਹਨ, 1693 ਵਿਚ ਉਸਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਉਥੋਂ ਸਿੱਖਾਂ ਨੂੰ ਖਿੰਡਾਉ। ਕੁਝ ਰਾਜੇ ਵਫਾਦਾਰ ਰਹੇ ਪਰ ਕੁਝ ਬਾਗੀ ਹੋ ਗਏ। ਬਾਗੀ ਰਾਜੇ ਗੁਰੂ ਗੋਬਿੰਦ ਸਿੰਘ ਦੀ ਹਮਾਇਤ ਵਿਚ ਆ ਗਏ। ਇਨ੍ਹਾਂ ਨੂੰ ਦਬਾਉਣ ਵਾਸਤੇ ਤਿੰਨ ਵਾਰ ਫੌਜ ਪਹਾੜੀਆਂ ਵਿਚ ਗਈ ਪਰ ਨਿਰਾਸਤਾ ਪੱਲੇ ਪਈ।
ਗੁਰੂ ਗੋਬਿੰਦ ਸਿੰਘ ਦੀ ਤਾਕਤ ਆਨੰਦਪੁਰ ਸਾਹਿਬ ਵਿਚ ਕੇਂਦਰਿਤ ਹੋ ਰਹੀ ਸੀ। ਪਰ ਪ੍ਰਿਥੀ ਚੰਦ ਦਾ ਦੁਆਬ ਵਿਚ ਦਬਦਬਾ ਸੀ ।73 ਪੱਛਮੀ ਪੰਜਾਬ ਦੀ ਥਾਂ ਗੁਰੂ ਜੀ ਨੂੰ ਫੌਜਾਂ ਸਤਲੁਜ ਦੇ ਪੂਰਬ ਵੱਲ ਹਿੰਦੁਸਤਾਨ ਵਿਚੋਂ ਮਿਲ ਰਹੀਆਂ ਸਨ ।74 ਇਕ ਪਾਸੇ ਸਟੇਟ ਦੂਜੇ ਪਾਸੇ ਗੁਰੂ ਘਰ ਵਿਚਲੇ ਬਾਗੀਆਂ ਦਾ ਰਵੱਈਆ ਮਿਲ ਕੇ ਖ਼ਤਰਾ ਖੜ੍ਹਾ ਕਰ ਸਕਦਾ ਸੀ ਜਿਸ ਵਾਸਤੇ ਖਾਲਸਾ ਸਾਜਣ ਦਾ ਅਹਿਮ ਫੈਸਲਾ ਲਿਆ।
ਦੂਰ ਦੁਰਾਡੇ ਹੁਕਮਨਾਮੇ ਭੇਜ ਕੇ ਵਿਸਾਖੀ 1699 ਨੂੰ ਸੰਗਤਾਂ ਅਨੰਦਪੁਰ ਸੱਦੀਆਂ। ਭਾਰੀ ਇਕੱਠ ਹੋਇਆ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜ ਸਿੱਖਾਂ ਨੂੰ ਛਕਾਇਆ ਫਿਰ ਉਨ੍ਹਾਂ ਪੰਜਾਂ ਨੂੰ ਅਧਿਕਾਰ ਦਿੱਤਾ ਕਿ ਉਹ ਹੁਣ ਖ਼ੁਦ ਅੰਮ੍ਰਿਤ ਛਕਾ ਸਕਦੇ ਹਨ। ਗੁਰੂ ਜੀ ਨੇ ਆਪ ਇਨ੍ਹਾਂ ਤੋਂ ਅੰਮ੍ਰਿਤ ਛਕਿਆ। ਅੰਮ੍ਰਿਤਧਾਰੀ ਸਿੱਖ ਆਪਣੇ ਨਾਮ ਨਾਲ ਸਿੰਘ ਅਤੇ ਔਰਤਾਂ ਕੌਰ ਲਾਉਣਗੀਆਂ। ਔਰੰਗਜ਼ੇਬ ਦੇ ਰਾਜ ਵਿਚ ਰਾਜਪੂਤ ਮਨਸਬਦਾਰ ਆਪਣੇ ਨਾਮ ਨਾਲ ਸਿੰਘ ਲਿਖਦੇ ਸਨ ਪਰ ਹੁਣ ਧੰਨ ਭਾਗ, ਜਿੰਨੀ ਮਰਜ਼ੀ ਨੀਵੀਂ ਜਾਤ ਹੋਵੇ, ਅੰਮ੍ਰਿਤ ਛਕ ਕੇ ਹਰੇਕ, ਮਿੰਟਾਂ ਵਿਚ ਸਿੰਘ ਹੋ ਸਕਦਾ ਸੀ। ਕਿਤੇ ਵੀ ਪੰਜ ਸਿੰਘ ਅੰਮ੍ਰਿਤ ਸੰਚਾਰ ਕਰ ਸਕਦੇ ਸਨ। ਇਹ ਅਧਿਕਾਰ ਰਾਮ ਰਾਇ, ਧੀਰ ਮੱਲ ਜਾਂ ਪ੍ਰਿਥੀ ਚੰਦ ਕੋਲ ਨਹੀਂ ਸੀ । ਇਸ ਇਕ ਘਟਨਾ ਤੋਂ ਬਾਅਦ ਆਮ ਆਦਮੀ ਨੂੰ ਸ੍ਵੈਮਾਨ, ਸ਼ਕਤੀ, ਬਰਾਬਰੀ, ਨਵਾਂ ਜਨਮ, ਉੱਚੀ ਹਸਤੀ ਸਭ ਕੁੱਝ ਮਿਲ ਗਿਆ। ਤੇਤੀ ਸਾਲ ਦੀ ਉਮਰ ਵਿਚ ਏਨੇ ਵੱਡੇ ਹੱਕ ਦੇ ਕੇ ਗੁਰੂ ਜੀ ਨੇ ਲਤਾੜੀ ਮਨੁੱਖਤਾ ਨਾਲ ਪੀਡਾ ਰਿਸ਼ਤਾ ਗੰਢਿਆ।
ਆਨੰਦਪੁਰ ਦੀ ਇਸ ਸੈਨਾ ਤੋਂ ਪਹਾੜੀ ਰਾਜਿਆਂ ਨੂੰ ਖ਼ਤਰਾ ਮਹਿਸੂਸ ਹੋਣਾ ਹੀ ਸੀ। ਉਨ੍ਹਾਂ ਮੁਗਲ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ। ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਆਖ਼ਰ ਫੈਸਲਾ ਹੋਇਆ ਕਿ ਗੁਰੂ ਜੀ ਇਹ ਥਾਂ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਫੌਜਾਂ ਪਿਛੇ ਹਟ ਗਈਆਂ। ਭੀਮ ਚੰਦ ਨੇ ਜਾਂਦੀ ਸਿੱਖ ਸੈਨਾ ਤੇ ਹਮਲਾ ਕਰ ਦਿੱਤਾ ਤਾਂ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਗੁਰੂ ਜੀ ਫਿਰ ਆਨੰਦਪੁਰ ਪਰਤ ਆਏ। ਸਿੱਖ ਸੈਨਾ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਪਹਾੜੀ ਰਾਜੇ ਫਿਰ ਸਰਕਾਰ ਤੋਂ ਮਦਦ ਮੰਗਣ ਲੱਗੇ।
ਸੈਨਾਵਾਂ ਨੇ ਫਿਰ ਆਨੰਦਪੁਰ ਦੀ ਘੇਰਾਬੰਦੀ ਕਰ ਲਈ। ਆਖ਼ਰ ਦਸੰਬਰ 1704 ਨੂੰ ਜਦੋਂ ਫੌਜਦਾਰਾਂ ਨੇ ਕੁਰਾਨ ਉੱਪਰ ਸਹੁੰ ਲਿਖ ਕੇ ਭੇਜੀ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਆਨੰਦਪੁਰ ਛੱਡ ਦਿਉ, ਗੁਰੂ ਜੀ ਸੈਨਾ ਸਹਿਤ ਕਿਲ੍ਹੇ ਵਿਚੋਂ ਬਾਹਰ ਆ ਗਏ ਪਰ ਕਸਮਾਂ ਝੂਠੀਆਂ ਸਾਬਤ ਹੋਈਆਂ ਜਦੋਂ ਰੋਪੜ ਲਾਗੇ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਮੁੜ ਹਮਲਾ ਕਰ ਦਿੱਤਾ।
ਵੱਡੇ ਦੋ ਸਾਹਿਬਜ਼ਾਦੇ ਅਤੇ ਗੁਰੂ ਜੀ ਸੁਰੱਖਿਅਤ ਰਹੇ ਪਰ ਉਹਨਾਂ ਦੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਸੁੰਦਰੀ ਜੀ ਵਿਛੜ ਗਏ। ਚਮਕੌਰ ਸਾਹਿਬ ਦੀ ਲੜਾਈ ਵਿਚ ਵੱਡੇ ਸਾਹਿਬਜ਼ਾਦੇ ਅਤੇ ਸਮਰਥਕ ਸਿੰਘ ਸਭ ਸ਼ਹੀਦ ਹੋ ਗਏ। ਗੁਰੂ ਜੀ ਨੇ ਕਿਹਾ-ਮੇਰੇ ਬੇਟੇ ਸ਼ਹਾਦਤ ਤੋਂ ਭੱਜਣਗੇ ਨਹੀਂ।
ਗੁਰੂ ਜੀ ਦੀ ਤਲਾਸ਼ ਵਿਚ ਮੁਗਲ ਫੌਜ ਜਦੋਂ ਪਿੱਛਾ ਕਰ ਰਹੀ ਸੀ, ਨਬੀ ਖਾਨ ਤੇ ਗਨੀ ਖਾਨ ਦੋ ਪਠਾਣਾਂ ਨੇ ਗੁਰੂ ਜੀ ਨੂੰ ਉਚ ਦਾ ਪੀਰ ਕਹਿ ਕੇ ਬਚਾਇਆ। ਇਹ ਤਾਂ ਇਕ ਘਟਨਾ ਹੈ। ਇਹੋ ਜਿਹੀਆਂ ਅਨੇਕ ਘਟਨਾਵਾਂ ਅਣਲਿਖਤ ਹਨ ਜਿੱਥੇ ਮੁਸਲਮਾਨਾਂ ਨੇ ਗੁਰੂਆਂ ਅਤੇ ਸਿੱਖਾਂ ਦੀ ਮਦਦ ਕੀਤੀ। ਉਨ੍ਹਾਂ ਦੀ ਸ਼ਖਸੀਅਤ ਹੀ ਅਜਿਹੀ ਸੀ । ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੰਗੂ ਦੀ ਗੱਦਾਰੀ ਸਦਕਾ ਗ੍ਰਿਫਤਾਰ ਹੋ ਗਏ। ਕੁਝ ਥਾਵਾਂ ਤੇ ਲਿਖਿਆ ਮਿਲਦਾ ਹੈ ਕਿ ਉਹ ਜਿਉਂਦੇ ਨੀਂਹਾਂ ਵਿਚ ਚਿਣੇ ਗਏ। ਕੁਝ ਥਾਵਾਂ ਤੇ ਕਤਲ ਕਰ ਦੇਣ ਬਾਰੇ ਲਿਖਿਆ ਹੈ । ਦਾਦੀ ਮਾਂ ਗੁਜਰੀ ਸਦਮਾ ਬਰਦਾਸ਼ਤ ਨਾ ਕਰਦਿਆਂ ਪ੍ਰਾਣ ਛੱਡ ਗਈ।
ਸਰਹਿੰਦ ਨਜ਼ਦੀਕ ਮਲੇਰਕੋਟਲਾ ਸ਼ਹਿਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਬੱਚਿਆਂ ਨੂੰ ਕਤਲ ਕਰਨ ਵਿਰੁੱਧ ਇਤਰਾਜ਼ ਕੀਤਾ। ਇਕ ਸਿੱਖ ਨੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਪੁਚਾਇਆ। ਜਦੋਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ, ਗੋਡਿਆਂ ਭਾਰ ਹੋ ਕੇ ਹੱਥ ਫੈਲਾ ਕੇ ਉਹਨਾਂ ਰੱਬ ਨੂੰ ਕਿਹਾ— ਤੁਹਾਡੇ ਖਜ਼ਾਨੇ ਤੁਹਾਨੂੰ ਵਾਪਸ ਕੀਤੇ। ਫਿਰ ਕਿਰਪਾਨ ਦੀ ਨੋਕ ਨਾਲ ਘਾਹ ਦੀ ਜੜ੍ਹ ਕੱਢਦਿਆਂ ਕਿਹਾ—ਜ਼ਾਲਮ ਹਕੂਮਤ ਦੀ ਹੁਣ ਇਉਂ ਜੜ੍ਹ ਉੱਖੜੇਗੀ।
ਖਾਲਸਾ ਫਿਰ ਗੁਰੂ ਜੀ ਦੇ ਨਜ਼ਦੀਕ ਜੁੜਨਾ ਸ਼ੁਰੂ ਹੋ ਗਿਆ। ਸਤਲੁਜ ਦੇ ਕਿਨਾਰੇ ਕਿਨਾਰੇ ਲੱਖੀ ਜੰਗਲ ਵਿਚੋਂ ਦੀ ਉਹ ਬਠਿੰਡੇ ਵੱਲ ਵਧੇ। ਇਕ ਰੱਬ, ਇਕ ਗੁਰੂ, ਇਕ ਜ਼ਬਾਨ, ਇਕ ਮਨੋਰਥ, ਊਚ ਨਾ ਨੀਚ, ਜਾਤ ਨਾ ਪਾਤ, ਇਹ ਗਿਣਤੀ ਵਧਦੀ ਰਹੀ ਤੇ ਜੱਟ ਅੰਮ੍ਰਿਤ ਛਕ ਕੇ ਖਾਲਸੇ ਵਿਚ ਸ਼ਾਮਲ ਹੁੰਦੇ ਰਹੇ।
ਕੁਝ ਜੱਟਾਂ ਕੋਲ ਧਨ ਅਤੇ ਜ਼ਮੀਨ ਪਹਿਲੋਂ ਹੀ ਕਾਫੀ ਸੀ । ਮਾਝੇ ਅਤੇ ਮਾਲਵੇ ਵਿਚ ਕਈ ਵੱਡੇ ਜ਼ਿਮੀਂਦਾਰ ਸਨ। ਇਹ ਗੁਰੂ ਜੀ ਲਈ ਸਹਾਇਕ ਹੋਏ। ਪੰਜਾਬ ਦੀ ਬਹੁਗਿਣਤੀ ਮੁਸਲਮਾਨ ਵਸੋਂ ਨੇ ਅਜਿਹੀ ਕੋਈ ਜਥੇਬੰਦੀ ਤਿਆਰ ਨਹੀਂ ਕੀਤੀ ਜੋ ਪੰਜਾਬ ਉੱਪਰ ਰਾਜ ਕਰਨ ਲਈ ਹੰਭਲਾ ਮਾਰੇ । ਮੁਸਲਮਾਨ ਰਈਸ ਵੱਡੇ ਜ਼ਿਮੀਂਦਾਰ ਸਨ, ਸੂਫੀਆਂ ਦੇ ਅਣਗਿਣਤ ਮੁਰੀਦ ਸਨ, ਤਕੜੇ ਮੁਸਲਮਾਨ ਕਬੀਲੇ ਸਨ, ਜੱਟ ਤੇ ਰਾਜਪੂਤ ਵੀ ਸਨ, ਪਰ ਕਿਸੇ ਨੇ ਸਵਰਾਜ ਵਾਸਤੇ ਯਤਨ ਨਹੀਂ ਕੀਤਾ।
ਮੁਸਲਮਾਨ ਜਾਂ ਗ਼ੈਰ-ਮੁਸਲਮਾਨ, ਪੰਜਾਬੀਆਂ ਨੂੰ ਤਾਂ ਜਾਨ ਬਚਾਉਣ ਦਾ ਫਿਕਰ ਖਾਈ ਜਾਂਦਾ । ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਵਾਢ ਪਈ ਰਹਿੰਦੀ, ਸੋ ਦਿਨ ਕਟੀ ਕਰੀ ਚਲੋ। ਕਦੀ ਕਦਾਈਂ ਗੱਖੜ, ਜੰਜੂਏ ਤੇ ਭੱਟੀ ਧਾੜਵੀਆਂ ਵਿਰੁੱਧ ਜੂਝਦੇ ਪਰ ਕਿੰਨਾ ਕੁ ਚਿਰ ? ਤੁਰਾਨੀ, ਈਰਾਨੀ, ਰਾਜਪੂਤ, ਅਫਗਾਨ ਲੜਨ ਮਰਨ ਜਾਂ ਰਾਜ ਕਰਨ, ਸਾਡੀ ਜਾਨ ਬਚੇ, ਲੱਗਦਾ ਹੈ ਪੰਜਾਬ ਇਸ ਨੀਤੀ ਵਿਚੋਂ ਲੰਘ ਰਿਹਾ ਸੀ ।
ਵੱਡਾ ਜ਼ਿਮੀਂਦਾਰ ਛੋਟੀ ਕਿਸਾਨੀ ਤੋਂ ਕਰ ਉਗਰਾਹ ਕੇ ਹਕੂਮਤ ਹਵਾਲੇ ਕਰ ਦਿੰਦਾ। ਪਰਜਾ ਅਤੇ ਸਰਕਾਰ ਵਿਚਕਾਰ ਇਹੋ ਪੁਲ ਹੁੰਦਾ। ਜ਼ਿਮੀਂਦਾਰ ਅਕਸਰ ਮੁਸਲਮਾਨ ਹੁੰਦਾ, ਅਮੀਰ ਹੋਣ ਕਰਕੇ ਰਸੂਖ ਵਾਲਾ ਹੁੰਦਾ। ਉਸ ਕੋਲ ਆਪਣੇ ਸਥਾਨਕ ਲੱਠਮਾਰ ਹੁੰਦੇ ਜ਼ਰੂਰ ਪਰ ਕੁਰਸੀ ਜੰਗ ਵਿਚ ਉਹ ਕਿਸੇ ਧਿਰ ਦਾ ਸਾਥ ਨਾ ਦਿੰਦਾ ਕਿਉਂਕਿ ਅਜਿਹਾ ਕਰਨਾ ਅੱਗ ਨਾਲ ਖੇਡਣਾ ਸੀ।
ਮੁਗਲ ਪ੍ਰਸ਼ਾਸਨ ਵਿਚ ਉੱਚਾ ਰੁਤਬਾ ਜਾਂ ਫੌਜਾਂ ਦੀ ਕਮਾਨ ਹਾਸਲ ਕਰਨ ਵਿਚ ਖ਼ਤਰੇ ਹੀ ਖ਼ਤਰੇ ਸਨ। ਲੰਮਾ ਸਮਾਂ ਪ੍ਰਦੇਸੀ ਫੌਜਾਂ ਪੰਜਾਬ ਉੱਪਰ ਛਾਈਆਂ ਰਹੀਆਂ ਤਾਂ ਪੰਜਾਬੀ ਮੁਸਲਮਾਨਾਂ ਨੂੰ ਅਹਿਸਾਸ ਹੋ ਗਿਆ ਕਿ ਰਾਜ ਭਾਗ ਉਨ੍ਹਾਂ ਦੀ ਕਿਸਮਤ ਵਿਚ ਨਹੀਂ। ਮੁਗਲਾਂ ਨੇ ਪੰਜਾਬੀਆਂ ਨੂੰ ਰਾਜ ਵਿਚ ਭਾਗੀਦਾਰ ਬਣਾਉਣ ਲਈ ਕੋਈ ਰੁਚੀ ਨਹੀਂ ਦਿਖਾਈ । ਮੁਗਲ ਸਰਕਾਰ ਨੂੰ ਇਹ ਫੁਰਨਾ ਫੁਰਿਆ ਹੀ ਨਾ।
ਇਕ ਆਧੁਨਿਕ ਲੇਖਕ ਦਾ ਕਥਨ ਹੈ— ਜਿਹੜਾ ਸਮਰੱਥ ਧੜਾ ਪੰਜਾਬ ਦੀ ਵਾਗਡੋਰ ਫੜੀ ਬੈਠਾ ਹੈ ਉਸ ਵਿਚ ਪੰਜਾਬੀ ਮੁਸਲਮਾਨ ਨਾਂ ਮਾਤਰ ਹੈ। ਸਾਲ 1526 ਤੋਂ 1748 ਤੱਕ ਦਿੱਲੀ ਹਕੂਮਤ ਤੁਰਕ, ਈਰਾਨੀ ਜਾਂ ਪਠਾਣ ਨੂੰ ਪੰਜਾਬ ਦਾ ਸੂਬੇਦਾਰ ਥਾਪਦੀ ਜਾਂ ਇਨ੍ਹਾਂ ਦੇਸਾਂ ਦੇ ਭਾਰਤ ਵਸਦੇ ਪੁੱਤਰਾਂ ਨੂੰ । ਕਿਸੇ ਪੰਜਾਬੀ ਨੂੰ ਇਸ ਕਰਕੇ ਹਕੂਮਤ ਵਿਚ ਇੱਜ਼ਤ, ਹਿੱਸੇਦਾਰੀ ਨਹੀਂ ਮਿਲ ਸਕਦੀ ਕਿ ਉਹ ਮੁਸਲਮਾਨ ਹੈ
ਜਿਹੜਾ ਕਾਫਲਾ ਆਨੰਦਪੁਰ ਤੋਂ ਬਠਿੰਡੇ ਵੱਲ ਵਧ ਰਿਹਾ ਸੀ, ਉਸ ਵਿਚ ਚੋਖੀ ਗਿਣਤੀ ਮੁਸਲਮਾਨਾਂ ਦੀ ਵੀ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਮੁਸਲਮਾਨ ਸਿੱਖ ਦੀ ਨਸਲਕੁਸ਼ੀ ਵਕਤ ਮੁਗਲਾਂ ਦਾ ਸਮਰਥਕ ਨਹੀਂ ਰਿਹਾ। ਮੁਗਲ ਹਕੂਮਤ ਧਾੜਵੀਆਂ ਤੋਂ ਬਚਾਉ ਕਰ ਰਹੀ ਹੈ ਸੋ ਠੀਕ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਪੰਜਾਬੀ ਮੁਸਲਮਾਨ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਜਾਣ।
ਸਤਾਹਰਵੀਂ ਸਦੀ ਖ਼ਤਮ ਹੋਈ, ਅਠਾਹਰਵੀਂ ਚੜ੍ਹੀ । ਗੁਰੂ ਜੀ ਦੀ ਖਾਲਸਾ ਫੌਜ ਤੋਂ ਇਲਾਵਾ ਪੰਜਾਬ ਵਿਚ ਪੰਜਾਬੀਆਂ ਦਾ ਹੋਰ ਕੋਈ ਜੁਝਾਰੂ ਸੰਗਠਨ ਨਹੀਂ ਸੀ। ਹੁਣ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਇਕੋ ਇਕ ਨਿਸ਼ਾਨਾ ਬਚਦਾ ਸੀ ਜਿਸ ਨਾਲ ਟੱਕਰ ਯਕੀਨੀ ਹੈ। ਸਿੱਖ ਸਰੋਤ ਦਸਦੇ ਹਨ ਕਿ ਮਲੇਰਕੋਟਲੇ ਦਾ ਨਵਾਬ ਅਤੇ ਵਜ਼ੀਰ ਖਾਨ ਰਿਸ਼ਤੇਦਾਰ ਸਨ ਤਾਂ ਅਸੀਂ ਇਸ ਨਤੀਜੇ ਤੇ ਅੱਪੜ ਜਾਂਦੇ ਹਾਂ ਕਿ ਇਨ੍ਹਾਂ ਦਾ ਪਿਛੋਕੜ ਅਫਗਾਨ ਹੈ। 80 ਵਜ਼ੀਰ ਖਾਨ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ ਪਰ ਸਫਲ ਨਹੀਂ ਹੋ ਸਕਿਆ।
ਔਰੰਗਜ਼ੇਬ ਪੰਜਾਬ ਵਿਚਲੀਆਂ ਘਟਨਾਵਾਂ ਦੇਖ ਰਿਹਾ ਸੀ। ਦੱਖਣ ਵਿਚ ਉਲਝਿਆ ਹੋਣ ਕਰਕੇ ਉਹ ਨਹੀਂ ਸੀ ਚਾਹੁੰਦਾ ਪੰਜਾਬ ਵਿਚ ਬਗਾਵਤ ਉੱਠੇ। ਉਸਨੇ ਆਪਣਾ ਦੂਤ ਖ਼ਤ ਦੇ ਕੇ ਭੇਜਿਆ ਕਿ ਗੁਰੂ ਜੀ ਚਾਹੁਣ ਤਾਂ ਕੋਈ ਇਲਾਕਾ ਲੈ ਲੈਣ। ਗੁਰੂ ਜੀ ਨੇ ਜ਼ਫਰਨਾਮਾ (ਵਿਜੇ ਖ਼ਤ) ਲਿਖ ਕੇ ਜਵਾਬ ਭੇਜਿਆ ਜਿਸ ਵਿਚ ਬਾਦਸ਼ਾਹ ਦੀ ਬੇਵਫਾਈ ਦਾ ਜ਼ਿਕਰ ਹੈ। ਤਾਂ ਵੀ ਇਕ ਦੂਜੇ ਨੂੰ ਮਿਲਣ ਵਿਚ ਕੋਈ ਹਰਜ਼ ਨਹੀਂ।
1705 ਵਿਚ ਲਿਖੇ ਇਸ ਖ਼ਤ ਵਿਚ ਦਰਜ ਹੈ ਕਿ ਕੁਰਾਨ ਉੱਪਰ ਸਹੁੰ ਲਿਖ ਕੇ ਸੈਨਾਪਤੀਆਂ ਨੇ ਵਾਦਾ ਖਿਲਾਫੀ ਕੀਤੀ, ‘ਮੇਰਾ ਰੱਬ ਜੋ ਦੁਸ਼ਮਣਾਂ ਦਾ ਨਾਸ ਕਰਦਾ ਹੈ ਮੇਰੇ ਤੇ ਮਿਹਰਬਾਨ ਹੈ, ਉਸਨੇ ਮੇਰੀ ਰੱਖਿਆ ਕੀਤੀ।’ ਇਸ ਖ਼ਤ ਨੇ ਔਰੰਗਜ਼ੇਬ ਨੂੰ ਯਾਦ ਕਰਾਇਆ ਕਿ ਸੰਸਾਰ ਫਾਨੀ ਹੈ, ਰੱਬ ਸਖ਼ਤ ਜੱਜ ਹੈ। ਜਿਨ੍ਹਾਂ ਨੇ ਪੰਜਾਬ ਉੱਪਰ ਜ਼ੁਲਮ ਢਾਹੇ ਉਨ੍ਹਾਂ ਨੂੰ ਸਜ਼ਾ ਮਿਲੇਗੀ । ਗੁਰੂ ਜੀ ਨੂੰ ਸ਼ਾਂਤ ਕਰਨ ਲਈ ਔਰੰਗਜ਼ੇਬ ਨੇ ਪੰਜਾਬ ਦੇ ਸੂਬੇਦਾਰ ਮੁਨੀਮ ਖ਼ਾਨ ਨੂੰ ਕਿਹਾ ਕਿ ਉਹ ਗੁਰੂ ਜੀ ਨੂੰ ਮਿਲੇ ਤੇ ਮਨਾਵੇ ਕਿ ਸਾਡਾ ਦੱਖਣ ਵਿਚ ਮੇਲ ਹੋ ਸਕੇ । ਗੁਰੂ ਜੀ ਜੋ ਚਾਹੁਣ ਦਿੱਤਾ ਜਾਵੇ। ਗੁਰੂ ਜੀ ਨੇ ਕੀ ਲੈਣਾ ਸੀ, ਪਰ ਉਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਏ। ਜਦੋਂ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਜਾ ਰਹੇ ਸਨ, ਰਾਜਸਥਾਨ ਵਿਚ ਮਾਰਚ 1707 ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ।
ਅਠਾਸੀ ਸਾਲਾਂ ਦਾ ਔਰੰਗਜ਼ੇਬ ਫਰਵਰੀ 1707 ਵਿਚ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਵਿਚ ਪੰਜਾਬ ਅਤੇ ਦਿੱਲੀ ਤੋਂ ਦੂਰ ਫੌਜੀ ਕੈਂਪ ਵਿਚ ਬੈਠਾ ਸੀ । ਉਸਦਾ ਕੱਦ ਛੋਟਾ, ਨੱਕ ਲੰਮਾ, ਗੋਲ ਦਾਹੜੀ, ਜ਼ੈਤੂਨੀ ਚਮੜੀ, ਮਖਮਲ ਦਾ ਲਿਬਾਸ ਪਹਿਨਦਾ ਤੇ ਹਰ ਵਕਤ ਰੁਝਿਆ ਦਿਖਾਈ ਦਿੰਦਾ। ਕਦੀ ਕਦਾਈਂ ਉਸਦੇ ਚਿਹਰੇ ਤੇ ਮੁਸਕਾਨ ਹੁੰਦੀ। ਉਸ ਦੇ ਰਾਜ ਕਾਲ ਦੌਰਾਨ ਮੁਗਲ ਹਕੂਮਤ ਦੂਰ ਦੁਰਾਡੀਆਂ ਹੱਦਾਂ ਤੱਕ ਪੁੱਜੀ।
ਏਨੇ ਵੱਡੇ ਖਲਾਰੇ ਨੇ ਆਖਰ ਟੁੱਟਣਾ ਸੀ। ਸਿੱਖ, ਜੱਟ, ਮਰਾਠੇ, ਪਖਤੂਨ ਬਗਾਵਤ ਦੇ ਮੂਡ ਵਿਚ ਸਨ । ਬਾਦਸ਼ਾਹ ਦਾ ਸੰਜਮੀ ਸੁਭਾਅ ਕੀ ਕਰੇ ਜਦੋਂ ਫੌਜਾਂ ਦੇ ਗਤੀਸ਼ੀਲ ਕੈਂਪ ਧਨ ਦਾ ਸਫਾਇਆ ਕਰੀ ਜਾ ਰਹੇ ਹੋਣ। ਔਰੰਗਜ਼ੇਬ ਦਾ ਸੁੰਨੀ ਇਸਲਾਮ ਕੀ ਕਰੇਗਾ ਜੇ ਗੈਰ ਮੁਸਲਿਮ ਆਬਾਦੀ ਬਾਗੀ ਹੋ ਗਈ । ਮੁਸਲਮਾਨ ਵੀ ਉਸਦੇ ਕੱਟੜ ਸੁਭਾਅ ਕਾਰਨ ਬੇਚੈਨ ਸਨ।
ਬੁੱਢੇ ਬਾਦਸ਼ਾਹ ਉੱਪਰ ਉਦਾਸੀ, ਗਿਲਾਨੀ ਅਤੇ ਡਰ ਦੇ ਬੱਦਲ ਛਾਏ ਹੋਏ ਸਨ। ਪਹਿਲੋਂ ਦੱਸਿਆ ਜਾ ਚੁੱਕੇ ਕਿ ਛੋਟਾ ਲਾਡਲਾ ਸ਼ਹਿਜ਼ਾਦਾ ਅਕਬਰ ਮਰਾਠਿਆਂ ਨਾਲ ਰਲ ਗਿਆ ਸੀ, ਜਦੋਂ ਬਗਾਵਤ ਦਬਾਉਣ ਲਈ ਸੈਨਾ ਨੇ ਦੱਖਣ ਕੂਚ ਕੀਤਾ ਤਾਂ ਉਹ ਈਰਾਨ ਵਿਚ ਜਾ ਲੁਕਿਆ। ਦੂਜੇ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਕੈਦ ਵਿਚ ਸੁੱਟ ਦਿੱਤਾ ਸੀ ਜਿਥੇ ਉਹ ਮਰ ਗਿਆ। ਮੌਤ ਵੇਲੇ ਜਿਹੜੇ ਨੇੜੇ ਤੇੜੇ ਸਨ, ਮੁਅੱਜ਼ਮ ਸਭ ਤੋਂ ਵੱਡਾ ਵੀ ਪਿਤਾ ਦੇ ਹੁਕਮ ਮੂਜਬ ਕੈਦ ਭੁਗਤ ਚੁੱਕਾ ਸੀ, ਹੁਣ ਕਾਬਲ ਵਿਖੇ ਵਾਇਸਰਾਇ ਸੀ। ਆਜ਼ਮ ਕੈਂਪ ਵਿਚ ਨਾਲ ਹੀ ਸੀ । ਛੋਟਾ ਕਾਮਬਖਸ਼ ਦੱਖਣ ਵਿਚ ਬੀਜਾਪੁਰ ਰਿਆਸਤ ਵਿਚ ਸੀ।
ਕਾਮਬਖਸ਼ ਬੇਗਮ ਉਦੇਪੁਰੀ ਵਿਚੋਂ ਸੀ । ਬੇਹੱਦ ਖੂਬਸੂਰਤ ਇਹ ਬੇਗਮ ਕਾਕੇਸ਼ੀਆ ਦੀ ਸੀ, ਈਸਾਈ ਸੀ, ਨਿੱਕੀ ਉਮਰੇ ਕਿਸੇ ਨੇ ਦਾਰਾ ਸ਼ਿਕੋਹ ਕੋਲ ਵੇਚ ਦਿੱਤੀ ਸੀ। ਦਾਰਾ ਦੀ ਮੌਤ ਪਿਛੋਂ ਔਰੰਗਜ਼ੇਬ, ਉਸ ਨੂੰ ਆਪਣੇ ਹਰਮ ਵਿਚ ਲੈ ਆਇਆ ਸੀ।82 ਇਸ ਬੰਦੇ ਨੂੰ ਇਕ ਖ਼ਤ ਵਿਚ ਲਿਖਦਾ ਹੈ—
ਜਾਨ ਤੋਂ ਪਿਆਰੇ, ਹੁਣ ਮੈਂ ਇਕੱਲਤਾ ਦਾ ਸ਼ਿਕਾਰ ਹਾਂ । ਮੈਨੂੰ ਤੇਰੀ ਲਾਚਾਰੀ ਦਾ ਦੁੱਖ ਹੈ ਪਰ ਕੀ ਫਾਇਦਾ ? ਵੱਡੇ ਗੁਨਾਹ ਕੀਤੇ ਹਨ, ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਬੀਤੇਗੀ। ਮੇਰੇ ਬੇਕਾਰ ਦਿਮਾਗ਼ ਕਾਰਨ ਕਿਤੇ ਮੁਸਲਮਾਨਾਂ ਦਾ ਵਢਾਂਗਾ ਸ਼ੁਰੂ ਨਾ ਹੋ ਜਾਏ। ਰੱਬ ਤੇਰਾ ਤੇ ਤੇਰੇ ਬੱਚਿਆਂ ਦਾ ਭਲਾ ਕਰੇ । ਮੈਂ ਬਹੁਤ ਦੁਖ ਵਿਚ ਹਾਂ ।
ਬਾਦਸ਼ਾਹ ਦੀ ਇਸ ਗਿਲਾਨੀ ਵਿਚ ਜ਼ਫਰਨਾਮੇ ਦਾ ਕਿੰਨਾ ਕੁ ਹੱਥ ਹੈ ਪਤਾ ਨਹੀਂ। ਏਨਾ ਜ਼ਰੂਰ ਪਤਾ ਹੈ ਕਿ ਪੰਜਾਬ ਵੱਲ ਬਾਦਸ਼ਾਹ ਧਿਆਨ ਨਹੀਂ ਦੇ ਸਕਿਆ, ਇਥੇ ਖੇਤੀ ਅਤੇ ਵਪਾਰ ਵਿਚ ਮੰਦਾ ਆਇਆ। ਤਾਂਬੇ ਦਾ ਪੈਸਾ ਤੇ ਚਾਂਦੀ ਦਾ ਰੁਪਈਆ ਡਿਗ ਪਏ।
XXX
ਤਾਂ ਵੀ, ਪੰਜਾਬ ਨੇ ਦੇਰ ਤੱਕ ਸ਼ਾਂਤੀ ਦੇਖੀ। ਜੇ.ਐਸ. ਗਰੇਵਾਲ ਅਨੁਸਾਰ-
ਪੰਦਰਵੀਂ ਸਦੀ ਦੇ ਪਿਛਲੇ ਅੱਧ ਤੱਕ ਲੋਧੀਆਂ ਵਕਤ ਪੰਜਾਬ ਨੇ ਅਮਨ ਦੇਖਿਆ। ਢਾਈ ਸਦੀਆਂ ਬਾਦ ਇਹ ਸ਼ਾਂਤੀ 1520 ਵਿਚ ਬਾਬਰ ਨੇ ਭੰਗ ਕੀਤੀ, ਫਿਰ 1540 ਤੋਂ 1555 ਤੱਕ ਸੂਰ ਬੰਸ ਵਕਤ ਹਲਚਲ ਹੋਈ। ਅਕਬਰ ਤੋਂ ਔਰੰਗਜ਼ੇਬ ਤੱਕ ਅਮਨ ਅਮਾਨ ਰਿਹਾ।
ਉਪਰੋਕਤ ਕਥਨ ਸਹੀ ਹੈ ਪਰ ਇਸ ਦੌਰ ਵਿਚ ਵੱਡੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਨਾਲ ਉਥਲ ਪੁਥਲ ਹੋ ਸਕਦੀ ਸੀ, ਮਸਲਨ 1606 ਵਿਚ ਗੁਰੂ ਅਰਜਨ ਦੇਵ ਅਤੇ 1675 ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ । ਪੰਜਾਬ ਦੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਲੱਗਾ ਖੌਫਜ਼ਦਾ ਹੁਕਮਰਾਨਾਂ ਨੇ ਇਹ ਦੁਖਦਾਈ ਵਾਰਦਾਤਾਂ ਨਾਜਾਇਜ਼ ਕੀਤੀਆਂ। ਸਟੇਟ ਦੇ ਕਹਿਰ ਨੂੰ ਇਸਲਾਮੀ ਕਹਿਰ ਨਹੀਂ ਸਮਝਿਆ ਗਿਆ।
ਬਾਰੀ ਦੋਆਬ ਦਾ ਬਟਾਲਾ ਅੰਗਰੇਜ਼ਾਂ ਵੇਲੇ ਲਾਹੌਰ ਡਿਵੀਜ਼ਨ ਵਿਚ ਆ ਗਿਆ, ਉਥੋਂ ਦਾ ਹਿੰਦੂ ਸੁਜਾਨ ਰਾਇ ਭੰਡਾਰੀ ਆਪਣੀ ਫਾਰਸੀ ਦੀ ਕਿਤਾਬ ਖੁਲਾਸਤੁਤ ਤਵਾਰੀਖ ਔਰੰਗਜ਼ੇਬ ਦੀ ਮੌਤ ਤੋਂ ਬਾਰਾਂ ਸਾਲ ਪਹਿਲਾਂ 1695 ਵਿਚ ਲਿਖ ਰਿਹਾ ਹੈ। ਇਸ ਕਿਤਾਬ ਵਿਚਲੀ ਸਮੱਗਰੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਪੰਜਾਬੀ ਮੁਸਲਮਾਨਾਂ ਨਾਲ ਹਿੰਦੂ ਸਿੱਖਾਂ ਦੀ ਦੁਸ਼ਮਣੀ ਨਹੀਂ ਸੀ। ਇਸ ਕਿਤਾਬ ਵਿਚ ਉਹ ਪੰਜਾਬ ਦੇ ਹੁਕਮਰਾਨਾਂ, ਦਰਿਆਵਾਂ, ਮੈਦਾਨਾਂ ਅਤੇ ਨਾਇਕਾਂ ਬਾਰੇ ਲਿਖਦਿਆਂ ਦੱਸਦਾ ਹੈ ਕਿ ਗੁਰੂ ਸਾਹਿਬਾਨ ਦਾ ਸਤਿਕਾਰ ਸਾਰੀ ਵਸੋਂ ਕਰਦੀ ਹੈ, ਕਿਸੇ ਨੇ ਇਕ ਦੂਜੇ ਦੇ ਧਾਰਮਿਕ ਕੇਂਦਰ ਨਹੀਂ ਢਾਹੇ।
ਭੰਡਾਰੀ ਦੀ ਕਿਤਾਬ ਵਿਚ ਨਫ਼ਰਤ ਗੈਰ ਹਾਜ਼ਰ ਹੈ ਤਾਂ ਇਹ ਇਸ ਗੱਲ ਦਾ ਪੱਕਾ ਸਬੂਤ ਨਹੀਂ ਕਿ ਵਾਕਈ ਅਮਨ ਅਮਾਨ ਸੀ। ਦਰਅਸਲ ਪੰਜਾਬੀਆਂ ਨੂੰ ਪਤਾ ਲੱਗ ਗਿਆ ਸੀ ਕਿ ਸਹਿਹੋਂਦ ਸਦਕਾ ਦਿਨ ਕਟੀ ਕਿਵੇਂ ਕਰਨੀ ਹੈ। ਲਾਹੌਰ, ਅੰਮ੍ਰਿਤਸਰ ਅਤੇ ਬਟਾਲੇ ਇਨ੍ਹਾਂ ਭਾਈਚਾਰਿਆਂ ਵਿਚਕਾਰ ਕੋਈ ਤਣਾਉ ਨਹੀਂ ਸੀ। ਗੁਰੂ ਅਰਜਨ ਦੇਵ ਦੇ ਸੱਦੇ ਤੇ ਲਾਹੌਰੋਂ ਚੱਲ ਕੇ ਹਜ਼ਰਤ ਮੀਆਂ ਮੀਰ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਅੰਮ੍ਰਿਤਸਰ ਆਉਣ, ਇਹ ਕਿਸ ਗੱਲ ਦਾ ਸਬੂਤ ਹੈ? ਪੰਜਾਬ ਦਾ ਵਾਇਸਰਾਇ ਦਾਰਾ ਸ਼ਿਕੋਹ ਅਕਬਰ ਦਾ ਪੋਤਾ, ਇਸੇ ਮੀਆਂ ਮੀਰ ਦੇ ਸਿਲਸਿਲੇ ਦਾ ਮੁਰੀਦ ਸੀ, ਪੰਜਾਬੀਆਂ ਨੂੰ ਲੱਗਦਾ ਸੀ ਕਿ ਵੱਡਾ ਹੋਣ ਕਰਕੇ ਇਹੋ ਤਖ਼ਤ ਤੇ ਬੈਠੇਗਾ, ਇਸ ਦੇ ਬਾਬੇ ਨੇ ਜਜ਼ੀਆ ਖ਼ਤਮ ਕੀਤਾ ਸੀ।
ਜਦੋਂ ਸਤਾਹਰਵੀਂ ਸਦੀ ਮੁੱਕੀ ਤੇ ਥੋੜ੍ਹੇ ਸਾਲਾਂ ਬਾਦ ਔਰੰਗਜ਼ੇਬ ਦੀ ਮੌਤ ਹੋਈ ਉਦੋਂ ਪੰਜਾਬੀਆਂ ਨੂੰ ਗੁਰੂਆਂ ਅਤੇ ਸੂਫੀਆਂ ਦੇ ਪ੍ਰੇਮ ਦਾ ਪਤਾ ਸੀ। ਅਮਨ ਅਤੇ ਸਦਭਾਵਨਾ ਦਾ ਮੁੱਲ ਪੰਜਾਬੀ ਜਾਣਦੇ ਸਨ ਇਸ ਕਰਕੇ ਇਕੱਠੇ ਰਹਿ ਰਹੇ ਸਨ ਪਰ ਮੁਸਲਮਾਨ ਵਸੋਂ ਸੋਚਦੀ ਤਾਂ ਹੋਵੇਗੀ ਕਿ ਦੋ ਗੁਰੂਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਯਾਦਾਂ ਕਿਤੇ ਕੁਹਰਾਮ ਤਾਂ ਨਹੀਂ ਮਚਾ ਦੇਣਗੀਆਂ? ਇਸ ਸ਼ਾਂਤੀ ਵਿਚੋਂ ਤੂਫ਼ਾਨ ਦਾ ਜਨਮ ਤਾਂ ਨਹੀਂ ਹੋਵੇਗਾ?