ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana

ਏਹੁ ਹਮਾਰਾ ਜੀਵਣਾ

ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ। 

ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬੀਹੀ। 

ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਜਿਹੇ ਵਿਹੜੇ ਵਾਲਾ ਨਰੈਣੇ ਅਮਲੀ ਦਾ ਘਰ। 

ਭਾਨੋ ਘਰ ਸੰਭਰ ਰਹੀ ਹੈ। 

“ਨੀ ਬੇਬੇ ਸੰਤੀ ਤੂੰ ਕੁਸ਼ ਸੁਣਿਐ? ਕਹਿੰਦੇ ਨੇ ਗੰਗਾ ਦੇ ਨ੍ਹਾਉਣ ਗਿਆ ਨਰੈਣ ਅਮਲੀ ਤੀਮੀ ਲੈ ਆਇਐ ?” ਦਿਆਲੇ ਨੇ ਸਿਰ ਉੱਤੇ ਗਹੇ ਕੂੜੇ ਤੇ ਭਾਰੇ ਟੋਕਰੇ ਸਮੇਤ ਸੰਤੀ ਦੇ ਦਰਾਂ ਮੂਹਰੇ ਖੜੋਂਦਿਆਂ ਕਿਹਾ। 

“ਆਹੋ ਕੁੜੇ, ਗੰਗਾ ਮਾਈ, ਸਭ ਦੀਆਂ ਭੌਣੀਆਂ ਪੂਰੀਆਂ ਕਰਦੀ ਐ।” ਸੰਤੀ ਨੇ ਕੰਮੀਆਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ। 

“ਨੀ, ਜਾ ਵੱਢੇ ਦੀ ਚੰਗੀ ਭਲੀ ਸਾਬਤੀ ਤੀਮੀ ਐ, ਖ਼ਬਰਨੀ ਕੀਹਦਾ ਘਰ ਪੱਟ ਕੇ ਆਈ ਹੋਊ।” ਆਪਣੇ ਮੁੰਡੇ ਨੂੰ ਸਕੂਲ ਭੇਜਣ ਲਈ, ਵਾਲ ਵਾਹੁੰਦੀ ਬਚਨੀ ਬੋਲੀ। 

“ਮੈਂ ਤਾਂ ਮਾੜੀ ਜੀ ਕੰਧ ਉੱਤੋਂ ਦੀ ਝਾਕੀ ਸੀ ਭੱਜੜੇ ਪਿੱਟੇ ਦੀ ਮਟੁੱਕ- ਮਟੁੱਕ ਕੰਮ ਕਰਦੀ ਤੁਰੀ ਫਿਰਦੀ ਐ, ਜਿਮੇਂ ਪਿਉ ਦੀ ਸਹੇੜ ਦਾ ਘਰ ਹੋਵੇ।” ਦਿਆਲੋ ਨੇ ਆਪਣੀ ਭੈਂਗੀ ਅੱਖ ਨੂੰ ਜ਼ਰਾ ਕੁ ਮੀਚ ਕੇ ਕਿਹਾ। 

“ਨੀ ਹੋਰ ਇਹੋ ਜੀਆਂ ਨੂੰ ਸੰਗ ਸ਼ਰਮ ਕਾਹਦੀ, ਜਿਨ੍ਹਾਂ ਨਿੱਤ ਖਸਮ ਬਦਲਨੇ ਹੋਏ।” ਬਚਨੀ ਮੁੰਡੇ ਦਾ ਕੱਸ ਕੇ ਜੂੜਾ ਕਰਦਿਆਂ ਬੋਲੀ। 

“ਬੇਬੇ ਦੁਖ ਨਾ ਲਾ।” ਮੁੰਡੇ ਨੇ ਰੋਣਹਾਕਾ ਹੋ ਕੇ ਕਿਹਾ। 

“ਕਿਧਰੇ ਨੀ ਵੇ ਗੁੜ ਦੇ ਕੇ ਜਾਨ ਲਈ ਹੋਈ, ਬਿੰਦ ਨੂੰ ਫੇਰ ਬੂਦਰੀਆਂ ਖਿੰਡ ਈਂ ਫਿਰੇਂਗਾ।” “ਕੁੜੇ ਬਚਨੀ, ਆਪਾਂ ਨੂੰ ਕੀ ਪਤੈ ਅਗਲੀ ਨੇ ਕਾਹਤੋਂ ਅੱਕ ਚੱਬਿਐ। ਊਂ ਕੀਹਦਾ ਦਿਲ ਕਰਦੈ ਆਪਣਾ ਟਕਾਣਾ ਛੱਡਣ ਨੂੰ ।” ਸੰਤੀ ਮੱਕੀ ਦੀ ਰੋਟੀ ਦੇ ਖੰਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਭੋਰਾ ਚੂਰਾ ਕਰਦੀ ਕਹਿਣ ਲੱਗੀ। 

“ਜਾਣ ਦੇ ਬੇਬੇ ਅੱਜ ਕੱਲ੍ਹ ਬੁੱਧ ਭਰਿਸ਼ਟ ਹੁੰਦੀ ਨੂੰ ਨੀਂ ਚਿਰ ਲੱਗਦਾ। ਹੁਣ ਉੱਤਮ ਬੋਣੇ ਦੀ ਧੀ ਦੀ ਈ ਗੱਲ ਲੈ ਲੈ। ਛੱਡੇ ਨੇ ਮਾਪੇ ਕਿਤੇ ਖੜ੍ਹਨ ਜੋਗੇ।” ਦਿਆਲੇ ਨੇ ਠੰਡ ਦੀ ਮਾਰੀ ਭੁੰਜੇ ਡਿੱਗੀ ਇਕ ਭਰਿੰਡ ਨੂੰ ਜੁੱਤੀ ਨਾਲ ਮਸਲਦਿਆਂ ਕਿਹਾ। 

ਭਾਨੋ ਨੂੰ ਕੜਛਾ ਚੁੱਕੀ ਆਉਂਦੀ ਦੇਖ ਸਭ ਮੁਤਰ ਮੁਤਰ ਉਸ ਕੰਨੀ ਝਾਕਣ ਲੱਗੀਆਂ। 

“ਬੇਬੇ ਅੱਗ ਹੈ ?” ਭਾਨੋ ਨੇ ਸੰਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਪੁੱਛਿਆ। 

“ਆਹੋ ਬਥੇਰੀ।” ਆਖ ਸੰਤੀ ਨੇ ਉਸ ਦੇ ਸਾਧਾਰਣ ਜਿਹੇ ਮੂੰਹ ਵੱਲ ਤੱਕਦਿਆਂ ਕੜਛਾ ਫੜ ਲਿਆ। 

ਦਿਆਲੋ ਕਨੱਖੀ ਕਨੱਖੀ ਝਾਕਦੀ ਟੋਕਰਾ ਸੁੱਟਣ ਤੁਰ ਪਈ। 

ਬਚਨੀ ਮੁੰਡੇ ਦਾ ਜੂੜਾ ਕਰਕੇ ਕੰਘੀ ਉਤੋਂ ਕੋਈ ਜੂੰ-ਲੀਖ ਲੱਭਣ ਲੱਗੀ । 

ਭਾਨੋ ਅੱਗ ਲੈ ਕੇ ਮੁੜ ਗਈ। 

“ਕਿਉਂ ਬੇਬੇ ਸੰਤੀ, ਨਰੈਣ ਦੀ ਬਹੂ ਨੇ ਲੀੜੇ ਤਾਂ ਪੁਰਾਣੇ ਈ ਪਾਏ ਹੋਏ ਨੇ।” ਬਚਨੀ ਨੇ ਕੰਘੀ ਵਿਚ ਫੂਕ ਮਾਰਦਿਆਂ ਕਿਹਾ। 

“ਕੁੜੇ ਬਚਨੀ ਰੱਬ ਨੂੰ ਜਾਨ ਦੇਣੀ ਐ, ਊਂ ਵੇਖਣ ਨੂੰ ਤਾਂ ਗਊ ਵਰਗੀ ਲਗਦੀ ਐ।” 

“ਬੇਬੇ ਤੂੰ ਨੀ ਜਾਣਦੀ ਇਹੋ ਜੀਆਂ ਨੂੰ, ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ। ਗਊ ਵਰਗੀ ਹੁੰਦੀ ਤਾਂ ਅਮਲੀ ਨਾਲ ਈ ਤੁਰ ਆਉਂਦੀ। ਕੋਹੜੇ ਹੋਏ ਤੋਂ ਕੱਚਾ ਬੇਰ ਲੈ ਕੇ ਖਾਣ ਨੂੰ ਚਿੱਤ ਨੀਂ ਕਰਦਾ। ਨਿਰਾ ਘੋਰੀ ਐ।” 

“ਊਂ ਤਾਂ ਬਚਨੀ ਰੱਬ ਈ ਜਾਣਦੈ, ਪਰ ਏਸ ਉਮਰ ਵਿਚ ਤੀਮੀਆਂ ਊਈਂ ਨੀ ਤੁਰ ਪੈਂਦੀਆਂ ਹੁੰਦੀਆਂ। ਔਸਰ ਮੱਤ ਦੀ ਗੱਲ ਹੋਰ ਹੁੰਦੀ ਐ। ਨਿਆਣੀ ਸਿਆਣੀ ਉਮਰ ‘ਚ ਤਾਂ ਪੈਰ ਤਿਲ੍ਹਕ ਜਾਂਦੈ। ਪਰ ਇਹ ਤਾਂ ਖ਼ਾਸੀ 

ਪੱਕੀ ਉਮਰ ਦੀ ਲਗਦੀਐ। ਮੇਰੇ ਖ਼ਿਆਲ ‘ਚ ਹੋਊ ਏਹੀ ਠਾਈਆਂ ਤੀਹਾਂ ਦੇ ਗੇੜ ‘ਚ ।” 

“ਚਲੋ ਬੇਬੇ ਕੁਸ਼ ਬੀ ਐ ਨਰੈਣ ਅਮਲੀ ਦੇ ਤਾਂ ਭਾਗ ਖੁੱਲ੍ਹ ਗੇ। ਦੋ ਵੇਲੇ ਹੱਥ ਫੂਕਦਾ ਸੀ। ਹੁਣ ਪੱਕੀਆਂ ਪਕਾਈਆਂ ਤਾਂ ਮਿਲਿਆ ਕਰਨਗੀਆਂ। ਕਹਿੰਦੇ ਨੇ ਜਵਾਨੀ ਪਹਿਰੇ ਅੱਗੇ ਵੀ ਏਸੇ ਨੇ ਪੰਜ ਸੌ ਦੇ ਕੇ ਵਿਆਹ ਕਰਵਾਇਆ ਸੀ।” 

“ਆਹੋ ਪਰ ਉਹ ਤਾਂ ਚੰਦਰੇ ਨਾਲ ਠੱਗੀ ਈ ਹੋਗੀ ਸੀ । ਉਹ ਤੀਮੀਂ ਤਾਂ ਦੋ ਮਹੀਨੇ ਵੀ ਨੀ ਸੀ ਟਿਕੀ। ਉਹ ਤਾਂ ਕਹਿੰਦੇ ਨੇ ਬਸ ਚਲਾਊ ਸੀ। ਪੈਸੇ ਦੇ ਕੇ ਮਾਪੇ ਕਿਸੇ ਨਾਲ ਤੋਰ ਦਿੰਦੇ ਸੀ ਤੇ ਮਹੀਨੇ ਦੋ ਮਹੀਨੇ ਮਗਰੋਂ ਉਹ ਭੱਜ ਜਾਂਦੀ। ਫੇਰ ਪੈਸੇ ਲੈ ਕੇ ਕਿਤੇ ਹੋਰ ਤੋਰ ‘ ਦਿੰਦੇ। ਉਨ੍ਹਾਂ ਦਾ ਤਾਂ ਧੰਦਾ ਈ ਏਹ मी।” 

“ਕਈ ਨਪੁੱਤੇ ਦੇ ਮਾਪੇ ਈ ਵੈਰੀ ਹੁੰਦੇ ਨੇ । ਤੈਨੂੰ ਬੇਬੇ ਸੰਤੀ ਦੀ ਕੀ ਦੱਸਾਂ ਮੈਂ, ਕੇਰਾਂ ਕਪਾਹ ਚੁਗਦੀ ਸੀ, ਆਪਣੇ ਪੇਕੀਂ। ਨਮੇ ਪਿੰਡ ਦਾ ਰਾਜਾ ਕਿਤੇ ਉੱਧਰੋਂ ਲੰਘਿਆ। ਖੂਹ ਚਲਦਾ ਦੇਖ ਪਾਣੀ ਪੀਣ ਆ ਗਿਆ। ਕਿਸੇ ਦਾ ਨਾਤਾ ਕਰਵਾਉਂਦਾ ਫਿਰਦਾ ਸੀ, ਮੇਰੇ ਕੰਨੀ ਦੇਖ ਕੇ ਨਾਲ ਦੇ ਨੂੰ ਕਹਿਣ ਲੱਗਿਆ, ‘ਬਖ਼ਤੌਰਿਆ, ਇਹੋ ਜੀ ਕੁੜੀ ਦਾ ਤਾਂ ਅਗਲੇ ਦੋ ਹਜ਼ਾਰ ਵੀ ਦੇਣਾ ਮੰਨ ਜਾਂਦੇ ਨੇ, ਪਰ ਉਸ ਦਾ ਪੰਜ ਸੌ ਤੋਂ ਇਕ ਪੈਸਾ ਵੀ ਵਧ ਅਗਲਿਆਂ ਨਹੀਂ ਦੇਣਾ।’ ਮੇਰੀ ਬੇਬੇ ਕਿਤੇ ਸੁਣਦੀ ਸੀ। ਓਦੋਂ ਈ ਬਘਿਆੜੀ ਆਂਗੂ ਪਈ-ਅਖੇ ‘ਰਾਜਾ ਜੀ ਸਾਡੀ ਕੁੜੀ ਕੰਨੀ ਨਾ ਉਂਗਲੀ ਕਰੋ। ਅਸੀਂ ਤਾਂ ਥੋਨੂੰ ਪਤਾ ਈ ਐ ਔਖੇ ਦਿਨਾਂ ਵਿਚ ਵੀ ਕੁੜੀਆਂ ਪੁੰਨ ਦੀਆਂ ਵਿਆਹੀਆਂ ਨੇ, ਹੁਣ ਤਾਂ ਰੱਬ ਨੇ ਘਾਟਾ ਈ ਕਾਸੇ ਦਾ ਨਹੀਂ ਰੱਖਿਆ ਹੋਇਆ।” 

“ਨਹੀਂ ਜਜਮਾਨਣੀ, ਥੋਡਾ ਕੀ ਲੇਖੈ, ਮੈਂ ਤਾਂ ਸਰਸਰੀ ਗੱਲ ਕੀਤੀ ਸੀ।” ਉਹ ਬੋਲਿਆ। 

“ਕੁੜੇ ਬਚਨੀ ਏਥੋਂ ਈ ਤਾਂ ਘਰਾਣੇ-ਬੇਘਰਾਣੇ ਪਰਖੇ ਜਾਂਦੇ ਨੇ।” 

ਸੰਤੀ ਦੇ ਬਖੇਰੇ ਭੋਰੇ-ਚੂਰੇ ਨੂੰ ਚੁਗਣ ਕਿੰਨੀਆਂ ਹੀ ਚਿੜੀਆ ਆ ਉਤਰੀਆਂ ਸਨ। 

ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜ਼ਨਾਨੀ ਵਾਂਗ ਜਦੋਂ ਸਿਰ ਉਪਰਲਾ ਝੋਨਾ ਠੀਕ ਕਰਦੀ ਲੰਘੀ ਤਾਂ ਚਿੜੀਆਂ ਤਹਿ ਕੇ ਉੱਡ ਕੇ ਕੰਧਾਂ ਕਉਲਿਆਂ ਉੱਤੇ ਜਾ ਬੈਠੀਆਂ। 

ਉਸ ਦੇ ਲੰਘ ਜਾਣ ਮਗਰੋਂ ਉਹ ਮੁੜ ਭੋਰਾ-ਚੂਰਾ ਚੁਗਣ ਆ ਉਤਰੀਆਂ। 

ਕੰਮ ਧੰਦੇ ਤੋਂ ਵਿਹਲੀ ਹੋ ਸੰਤੀ ਨੇ ਕੱਚੀ ਕੰਧ ਦੇ ਉੱਤੋਂ ਦੀ ਝਾਕ ਕੇ ਭਾਨੋ ਦੇ ਘਰ ਵੱਲ ਨਜ਼ਰ ਮਾਰੀ। ਫਿਰ ਖ਼ਬਰ ਨਹੀਂ ਕੀ ਚਿੱਤ ਵਿਚ ਆਈ ਉਹ ਜੱਕੋ-ਤੱਕ ਕਰਦੀ ਉਸ ਦੇ ਘਰ ਚਲੀ ਗਈ। 

ਭਾਨੋ ਭਾਂਡੇ ਮਾਂਜ ਰਹੀ ਸੀ। 

“ਕੁੜੇ ਬਹੂ, ਘਰ ਤਾਂ ਤੀਮੀਆਂ ਨਾਲ ਈ ਹੁੰਦੇ ਨੇ ਨਰੈਣ ਬਚਾਰੇ ਦੇ ਕੌਣ ਸੀ ਘਰ ਦੀ ਖ਼ਬਰ ਸਾਰ ਰੱਖਣ ਵਾਲਾ । ਚੰਦਰੇ ਦੀ ਮਾਂ ਤਾਂ ਨਿੱਕੇ ਜੇ ਹੁੰਦੇ ਦੀਓ ਮਰਗੀ ਸੀ। ਇਕ ਭੈਣ ਐ ਕਰਤਾਰੀ ਉਹ ਕਿਧਰੇ ਕਹਿੰਦੇ ਯੂਪੀ ਯਾਪੀ ਕੰਨੀ ਰਹਿੰਦੀ ਐ! ਜਿੱਧਰਲੇ ਭਈਏ ਹੁੰਦੇ ਨੇ। ਜਿੱਦਣ ਦਾ ਏਸ ਦਾ ਪਿਓ ਮਰਿਐ, ਰੋਕਣ ਟੋਕਣ ਵਾਲਾ ਕੋਈ ਰਿਹਾ ਨਾ, ਬਸ ਮਾੜੀ ਸੰਗਤ ‘ਚ ਪੈ ਕੇ ਵੈਲਾਂ ‘ਚ ਪੈ ਗਿਆ। ਭੋਂ ਧਰ ਧਰ ਫੂਕੀ ਗਿਆ। ਏਹ ਤਾਂ ਭਾਅ ਚੰਗੇ ਹੋਗੈ ਜਿਣਸਾਂ ਦੇ, ਤਾਂ ਕਿਤੇ ਜਾ ਕੇ ਸਾਰੇ ਪੈਸੇ ਥੋੜੇ ਜੇ ਵਿੱਘਿਆਂ ਉਤੇ ਕਰ ਕੇ ਚਾਰ ਕਿਆਰੇ ਛੁਡਾ ਲਏ, ਨਹੀਂ ਤਾਂ ਬੁਰੇ ਹਾਲ ਹੋ ਚੱਲੇ ਸੀ । ਅੱਜ ਕੱਲ੍ਹ ਤੂੰ ਸਿਆਣੀ ਐਂ, ਸਾਕ ਵੀ ਤਾਂ ਅਗਲਾ ਚਾਰ ਡਲਿਆਂ ਨੂੰ ਈ ਕਰਦੈ। ਨਾਲੇ ਅਮਲੀਆਂ, ਠਮਲੀਆਂ ਦੇ ਤਾਂ ਊਈਂ ਨੀ ਕੋਈ ਨੇੜੇ ਖੜ੍ਹਦਾ।” 

“ਬਹਿ ਜਾ ਬੇਬੇ।” ਭਾਨੋ ਨੇ ਪੀਹੜੀ ਦਿੰਦੀ ਨੇ ਕਿਹਾ। 

“ਚਲਦੀ ਆਂ ਕੰਮ ਪਿਐ ਸਾਰਾ ਈ। ਅਜੇ ਬਾਹਰ ਰੋਟੀ ਦੇਣ ਜਾਣੈ। ਮੈਂ ਕਿਹਾ ਦੇਖ ਆਮਾਂ, ਨਰੈਣ ਦੀ ਬਹੂ ਕੀ ਕਰਦੀ ਐ! ਸੁੱਖ ਨਾਲ ਪੇਕੇ ਕਿਹੜੇ ਥਉਂ ਨੇ ਤੇਰੇ ?” 

“ਪੇਕੇ.. ਪੇਕੇ ਭੜੀ ਦੇ ਕੋਟਲੇ ਨੇ”, ਭਾਨੋ ਨੇ ਸੁਆਹ ਵਾਲੇ ਹੱਥ ਧੋਦਿਆਂ ਕਿਹਾ। 

“ਫੇਰ ਤਾਂ ਚੰਗੇ ਤਕੜੇ ਨਗਰ ਦੀ ਐਂ ਕੁੜੇ। ਮੈਂ ਤਾਂ ਸਵੇਰੇ ਅੱਗ ਲੈਣ ਆਈ ਦੀ ਤੋਰ ਤੋਂ ਈ ਪਛਾਣ ਲਿਆ ਸੀ। ਬਈ ਮਾੜੇ ਧੀੜੇ ਪਿੰਡ ਦੀ ਨੀਂ ਲੱਗਦੀ।” 

“ਨਗਰ ਵਿਚ ਆਪਣਾ ਕੀ ਐ ਬੇਬੇ ਇਕ ਭਰਾ ਸੀ ਲੈ ਦੇ ਕੇ, ਰੱਬ ਨੂੰ ਪਿਆਰਾ ਹੋ ਗਿਆ।” ਭਾਨੋ ਨੇ ਅੱਖਾਂ ਭਰ ਕੇ ਕਿਹਾ। 

“ਅੱਛਾ! ਏਹ ਤਾਂ ਬੜਾ ਲੋੜ੍ਹਾ ਹੋਇਆ ਫੇਰ । ਹੋ ਕੀ ਗਿਆ ਸੀ ਉਸ ਨੂੰ ?” 

“ਹੋਣਾ ਕੀ ਸੀ ਮਾੜੀ ਕਿਸਮਤ ਜਰਗ ਦੇ ਮੇਲੇ ਆਲੇ ਦਿਨ ਮੁੰਡਿਆਂ ਖੁੰਡਿਆਂ ਨਾਲ ਰਲ ਕੇ ਸ਼ਰਾਬ ਪੀ ਲੀ, ਕਿਤੇ ਹੈ ਸੀ ਤੱਤੀ, ਘਰ ਦੀ ਕੱਢੀ ਹੋਈ। ਬਸ ਅੰਦਰ ਈ ਫੂਕਤਾ ਓਸ ਨੇ | ਜਿਉਂ ਲੱਗਿਆ ਬਰੀਕੀ ਤਾਪ ਚੜ੍ਹਨ। ਤਿੰਨ ਸਾਲ ਮੁੰਡਾ ਅੱਡੀਆਂ ਰਗੜਦਾ ਰਿਹਾ ।” 

“ਤੁਸੀਂ ਲੁਦੇਹਾਣੇ ਨੀ ਸੀ ਦਖਾਇਆ, ਆਖਦੇ ਨੇ ਓਥੇ ਇਕ ਵਲੈਤੀ ਡਾਕਦਾਰ ਐ। ਫ਼ੀਸ ਤਾਂ ਖ਼ਾਸੇ ਰੁਪਈਏ ਲੈਂਦੈ, ਪਰ ਬੰਦੇ ਨੂੰ ਨੌਂ-ਬਰ-ਨੌਂ ਕਰ ਦਿੰਦੈ।” 

“ਦਖਾਇਆ ਸੀ ਬੇਬੇ, ਪਰ ਟੁੱਟੀ ਨੂੰ ਕੌਣ ਗੰਢੇ। ਖੇਤੀ ਛੱਡਣੀ ਪੈ ਗਈ। ਬਟਾਈ ਵਾਲੇ, ਤੂੰ ਸਿਆਣੀ ਐਂ वी रिरे हे। । ਸਾਰਾ ਘਰ ਕੁਲੰਜ ਕੇ ਬਮਾਰੀ ‘ਤੇ ਲਾ ‘ਤਾ। ਓਹੋ ਜੇ ਦਿਨ ਤਾਂ ਰੱਬ ਕਿਸੇ ਵੈਰੀ ਉੱਤੇ ਵੀ ਨਾ ਲਿਆਵੇ।” 

“ਆਹੋ ਸਭ ਚਲਦੇ ਦੇ ਲਾਗੂ ਨੇ, ਔਖੇ ਵੇਲੇ ਕੌਣ ਕਿਸੇ ਨੂੰ ਪੁੱਛਦੈ।” 

“ਕਹਿੰਦੇ ਨੇ ਬੇਬੇ ਮੁਕੱਦਮਾ ਤੇ ਜਹਿਮਤ ਤਾਂ ਪਵੇ ਨਾ ਕਿਸੇ ‘ਤੇ। ਏਸ ਮੁੰਡੇ ਦੀ ਬਮਾਰੀ ਨੇ ਸਾਨੂੰ ਕੌਡੀਓਂ ਹੌਲੇ ਕਰ ਤਾ। ਪਹਿਲਾਂ ਮੱਝ ਵੇਚੀ। ਫੇਰ ਬਲਦ । ਜਿੱਦਣ ਨਿਆਈਂ ਵਾਲੇ ਖੇਤ ਦਾ ਗੂਠਾ ਲਾ ਕੇ ਆਇਆ, ਬਾਪੂ ਮਸੋਸਿਆ ਜਾ ਬਿਨਾਂ ਕੁਸ ਖਾਧੇ ਪੀਤੇ ਈ ਅੰਦਰ ਪੈ ਗਿਆ ਜਾ ਕੇ।” 

“ਹਾਂ ਭਾਨੋ, ਠੀਕ ਆ ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਐ।” 

“ਫੇਰ ਬੇਬੇ ਕਿਸੇ ਨੇ ਕਿਹਾ ਮੁੰਡੇ ਨੂੰ ਦਿੱਲੀ ਲੈ ਕੇ ਜਾਓ। ਪੈਸਾ ਘਰ ਇਕ 

ਨਾ । ਮੂੰਹ ਲਗਦੇ, ਥਾਮਾਂ ਤੋਂ ਅੱਗੇ ਈ ਲੈ ਬੈਠੇ ਸੀ । ਹਾਰ ਕੇ ਬਾਪੂ ਨੇ ਮੇਰਾ ਵਿਆਹ ਧਰਤਾ, ਬਈ ਮੁੰਡਾ ਕਿਮੇਂ ਬਚ ਰਹੇ। ਪਰ ਬਚਣਾ ਉਸ ਕੀ ਸੀ, ਉਹ ਤਾਂ ਹੁਣ ਰਲ੍ਹੇ ਸਾਹ ਲੈ ਰਿਹਾ ਸੀ।” ਭਾਨੋ ਨੇ ਪੋਣੇ ਉਤੇ ਦਾਤੀ ਧਰ ਕੇ ਸਾਗ ਚੀਰਦਿਆਂ ਦੱਸਿਆ। 

“ਕਿੰਨੇ ਕੁ ਦੇਤੇ ਪੈਸੇ ਫੇਰ ਨਰੈਣ ਨੇ?” ਸੰਤੀ ਨੇ ਗੰਦਲਾ ਚੁਗ ਕੇ ਚੀਰਨੀ ਬਣਾ ਕੇ ਭਾਨੋ ਨੂੰ ਫੜਾਂਦਿਆਂ ਪੁੱਛਿਆ। 

“ਕਾਹਨੂੰ ਇਹ ਤਾਂ ਮੈਂ ਮੋਰਾਂਆਲੀ ਆਲਿਆਂ ਦੀ ਗੱਲ ਕਰਦੀ ਆਂ। 

ਮੋਰਾਂਆਲੀ ਵਿਆਹੀ ਸੀ ਮੈਂ।” 

“ਅੱਛਾ ?” 

“ਸਰਵਣ ਸੀ ਉਸ ਦਾ ਨਾਉਂ। ਤੈਨੂੰ ਕੀ ਦੱਸਾਂ ਬੇਬੇ ਨਹੀਂ ਜੰਮਣਾ ਉਸ ਵਰਗਾ ਦੂਜਾ ਕੋਈ।” ਭਾਨੋ ਨੇ ਲੰਮਾ ਸਾਰਾ ਸਾਹ ਭਰ ਕੇ ਕਿਹਾ। 

“ਕੁੜੇ ਫੇਰ ਕੀ ਭਾਣਾ ਵਰਤਿਆ? ਮੈਂ ਤਾਂ ਪਹਿਲਾਂ ਈ ਕਹਿੰਦੀ ਸੀ ਇਹ ਕੋਈ ਐਰ ਗੈਰ ਜਨਾਨੀ ਨੀਂ ਲੱਗਦੀ। ਉਹੋ ਜੀਆਂ ਦੀ ਤਾਂ ਅੱਖ ਈ ਨੀ ਰਲਦੀ ਹੁੰਦੀ।” 

“ਪੰਜ ਭਰਾ ਸੀ ਬੇਬੇ ਉਹ, ਤੇ ਵਿਆਹਿਆ ਹੋਇਆ ਉਹ ’ਕੱਲ੍ਹਾ ਈ ਸੀ। ਬੁਰਛਿਆਂ ਵਰਗੇ ਸਾਰੇ ਈ ਵੇਲਾ ਕੁਵੇਲਾ ਤਕਾਉਂਦੇ ਰਿਹਾ ਕਰਨ।” 

“ਹੈ ਹੈ ਲੋੜ੍ਹਾ। ਸੱਚ ਐ ਭਾਈ ਕਹਿੰਦੇ ਨੇ ਜਨਾਨੀ ਦੀ ਤਾਂ ਜੂਨ ਈ ਬੁਰੀ ਐ। ਖ਼ਬਰੇ ਨੀ ਕੀ ਸਾਧ-ਸਰਾਪ ਲੈ ਕੇ ਜੰਮਦੀ ਐ ਬਈ ਜਿਹੜੀ ਥਾਂ ਨਹੀਂ ਪੁੱਛੀ ਉਹੋ ਭਲੀ ਐ।” ਸੰਤੀ ਨੇ ਇਕ ਸੱਜਰ ਸੂਈ ਕੁੱਤੀ, ਜਿਸ ਨੂੰ ਕਿੰਨੇ ਹੀ ਕਤੂਰੇ ਚੂੰਡੀ ਜਾ ਰਹੇ ਸਨ, ਨੂੰ ਸ਼ਿਸ਼ਕੇਰਦਿਆਂ ਕਿਹਾ। 

“ਮੈਂ ਸਰਵਣ ਨੂੰ ਦੱਸਿਆ। ਸਤਿਆਮਾਨ ਉਦੋਂ ਈ ਮੈਨੂੰ ਲੈ ਕੇ ਅੱਡ ਹੋ ਗਿਆ। ਵਰ੍ਹਾ ਪੂਰਾ ਅਸੀਂ ਆਪ ਦੇ ਘਰ ਰੰਗੀਂ ਵਸਦੇ ਰਹੇ। ਉਹ ਬਥੇਰੀਆਂ ਦੰਦੀਆਂ ਕਰੀਚਣ, ਪਰ ਮੇਰੀ ਜਾਣੇ ਜੁੱਤੀ।” ਭਾਨੋ ਨੇ ਸਾਗ ਵਿਚੋਂ ਇੱਕ ਸੁੰਡੀ ਕੱਢ ਕੇ ਪਰ੍ਹਾਂ ਸੁਟਦਿਆਂ ਦੱਸਿਆ। 

“ਫੇਰ ਇਕ ਦਿਨ ਪਾਣੀ ਦੀ ਵਾਰੀ ਪਿੱਛੇ ਬਾਹਰ ਖਹਿਬੜ ਪਏ। ਨਰਕੀਂ ਜਾਣਿਆਂ ਦੇ ਖ਼ਬਰ ਨੀ ਕੀ ਚਿੱਤ ਵਿਚ ਬੁਰਿਆਈ ਸੀ, ਕਿਤੇ ਕਸੂਤੇ ਥਉਂ ਸੱਟ ਮਾਰਤੀ। ਰੱਬ ਜਾਣੇ ਖ਼ਬਰਨੀ ਊਈਂ ਲੱਗ ਗੀ। ਫੇਰ ਤਾਂ ਵਾਹ ਜਹਾਨ ਦੀ ਲਾ ਹਟੇ, ਉਹ ਆਪ ਵੀ ਬਥੇਰੇ ਹਕੀਮਾਂ ਸਿਆਣਿਆਂ ਦੇ ਭੱਜੇ ਫਿਰੇ, ਕਿਤੇ ਹੱਥ ਨਾ ਪਿਆ। ਅਖੀਰ ਨੂੰ ਦਸਮੇਂ ਦਿਨ ਆਥਣੇ ਜੇ ਗੋਤਾ ਪੈ ਗਿਆ। ਬਸ ਓਸੇ ਰਾਤ ਤੁਰਦਾ ਬਣਿਆ।” ਕਹਿੰਦਿਆਂ ਤ੍ਰਿਪ ਤ੍ਰਿਪ ਭਾਨੋ ਦੇ ਹੰਝੂ ਕਿਰ ਪਏ। 

“ਰੋ ਨਾ, ਡਾਢੇ ਮੂਹਰੇ ਕੀਹਦਾ ਜ਼ੋਰ ਐ। ਤੈਨੂੰ ਕੀ ਦੱਸਾਂ ਕੁੜੀ ਵਰਗਾ ਜੁਆਨ ਪੁੱਤ ਮੈਂ ਵੀ ਢਿੱਡ ਵਿਚ ਪਾਈ ਬੈਠੀ ਆਂ। ਉਨ੍ਹੀਮੇਂ ਵਰ੍ਹੇ ‘ਚ ਸੀ ਬੱਗਾ। ਹੱਥ ਰੁਪਈਆ ਧਰਿਆ ਹੋਇਆ। ਬਸ ਚਾਰ ਦਿਨ ਤਾਪ ਚੜ੍ਹਿਆ ਤੇ ਤੁਰਦਾ ਬਣਿਆ। ਬਥੇਰਾ ਹਊ-ਕਲਾਪ ਕੀਤਾ। ਬੂਹਿਓਂ ਆ ਕੇ ਡੋਲੇ ਦਾ ਮੁੜ ਜਾਣਾ ਥੋੜ੍ਹੀ ਘਣੀ ਗੱਲ ਨੀ ਹੁੰਦੀ। ਪਰ ਫੇਰ ਓਮੇ ਈ ਧੰਦੇ ਪਿਟਦੇ ਫਿਰੀਦੈ। ਕੀ ਕੁਸ਼ ਨੀ ਛੁਟਦਾ। ਓਹੀਓ ਛੱਡ ਜਾਂਦੇ ਨੇ ਜਿਹੜੇ ਮਰ ਜਾਂਦੇ ਨੇ।” ਸੰਤੀ 

ਨੇ ਸਿਰ ਦੇ ਝੋਨੇ ਨਾਲ ਅੱਖਾਂ ਪੂੰਝਦਿਆਂ ਕਿਹਾ। 

“ਹਮ੍ਹਾਂ ਤੁਮ੍ਹਾਂ ਨੇ ਬਥੇਰਾ ਕਿਹਾ ਬੇਬੇ ਬਈ ਓਸੇ ਦੇ ਭਰਾ ਨੇ, ਕਿਸੇ ਇਕ ਨੂੰ ਸਿਰ ਧਰ ਲੈ। ਮੈਂ ਸੋਚਿਆ, ਮਨਾ ਏਥੇ ਰਹਿ ਕੇ ਤਾਂ ਅੱਖਾਂ ਮੂਹਰੇ ਨਿੱਤ ਸਿਵਾ ਮੱਚਿਆ ਕਰੂ । ਤੈਨੂੰ ਕੀ ਦੱਸਾਂ ਬੇਬੇ ਸਰਵਣ ਤਾਂ ਭੁੱਲਣ ਵਾਲਾ ਬੰਦਾ ਈ ਨੀਂ ਸੀ। ਉਸ ਨੂੰ ਤਾਂ ਜਾਣੀ ਪੰਖੇਰੂ ਵੀ ਰੋਂਦੇ ਨੇ। ਕਈ ਵਾਰੀ ਜੀ ‘ਚ ਆਵੇ, ਮਾੜੇ ਕਰਮਾਂ ਵਾਲੀਏ ਖ਼ਬਰ ਨੀ ਤੇਰੇ ਖ਼ਾਤਰ ਈ ਜਾਨ ਚਲੀ ਗਈ। ਨਾ ਤੂੰ ਹੁੰਦੀ ਨਾ ਭਾਈਆਂ ਭਾਈਆਂ ਦੇ ਬਟਿੱਟ ਪੈਂਦੇ। ਨਾ ਉਸ ਦੀ ਜਾਨ ਤੇ ਬਣਦੀਆਂ।” ਭਾਨੋ ਨੇ ਸਾਗ ਚੀਰਦਿਆਂ ਵੱਢ ਗਈ ਉਂਗਲ ਨੂੰ ਦੂਜੇ ਹੱਥ ਨਾਲ ਘੁਟਦਿਆਂ ਕਿਹਾ। 

“ਲੱਗੀ ਦਾਤੀ ? ਤਿੱਖੀ ਹੋਣੀ ਐ।” 

“ਤਿੱਖੀ ਤਾਂ ਏਡੀ ਨੀਂ, ਖ਼ਬਰ ਨੀ ਕਿਮੇਂ ਲੱਗ ਗਈ।” ” ਤੂੰ ਜੀ ਬੁਰਾ ਨਾ ਕਰਿਆ ਕਰ ਭਾਨੋ, ਜਿਹੜੀ ਗੱਲ ਨੇ ਜਿਮੇਂ ਹੋਣੈ ਓਮੇ ਈ ਹੋਣੈ। ਲਿਖੀਆਂ ਨੂੰ ਕੌਣ ਮੇਟੇ। ਬੱਸ ਰੱਬ ਨੇ ਆਪਣੇ ਸਿਰ ਨੀ ਕੁਸ਼ ਬੀ ਲੈਣਾ ਹੁੰਦਾ। ਅਸੀਂ ਬੰਦੇ ਭੁਲੇਖਿਆਂ ਵਿਚ ਤੁਰੇ ਫਿਰਦੇ ਆਂ।” 

“ਪਰ ਬੇਬੇ, ਮੈਂ ਕਿਹਾ ਮਨਾ ਆਪਣਾ ਹੁਣ ਏਸ ਨਗਰ ਵਿਚ ਕੀ ਐ, ਜਦ ਓਹੀ ਨੀਂ ਰਿਹਾ। ਭਰਾ ਓਸ ਦੇ ਕਹਿਣ, ਤੀਹੋਕਾਲ ਘਰ ਦੀ ਗੱਲ ਅਸੀਂ ਬਾਹਰ ਨੀ ਜਾਣ ਦੇਣੀ।” 

“ਮੇਰਾ ਖ਼ਿਆਲ ਐ ਖ਼ਬਰ ਨੀ ਨਰੈਣ ਆਉਂਦੈ। ਚੰਗਾ ਫੇਰ ਮੈਂ ਚੱਲੀ ਆਂ। ਹਾਂ ਵੇਲੇ ਕੁਵੇਲੇ ਕਿਸੇ ਚੀਜ਼ ਦੀ ਲੋੜ ਹੋਵੇ, ਲਵੇ ਈ ਆਂ ਤੇਰੇ, ਭਾਮੇਂ ਕੰਧ ਉਤੋਂ ਦੀ ਹਾਕ ਮਾਰ ਲਈਂ।” ਕਹਿੰਦੀ ਸੰਤੀ ਬੂਹਾ ਲੰਘ ਚੱਲੀ ਸੀ ਜਦੋਂ ਉਸ ਨੂੰ ਨਰੈਣ ਮਿਲਿਆ। 

“ਮੱਥਾ ਟੇਕਦਾਂ ਸੰਤੀ, ਮੁੜ ਚੱਲੀ ?” 

“ਵੇ ਜੀਊਂਦਾ ਰਹੁ। ਰੱਬ ਤੈਨੂੰ ਭਾਗ ਲਾਵੇ, ਮੈਂ ਕਿਹਾ ਵੇਖ ਆਮਾਂ ਨਰੈਣ ਦੀ ਬਹੂ।” 

“ਆ ਗਈ ਫੇਰ ਪਸਿੰਦ ?” 

“ਚੰਗੀ ਐ ਬਿਚਾਰੀ।” “ਚੰਗੀ ਮਾੜੀ, ਹੁਣ ਤਾਂ ਗੰਗਾ ਮਾਈ ਨੇ ਦਿੱਤੀ ਐ।” “ਸਹੁੰ ਖਾ ਗਾਂ ਦੀ ਕੋਈ ਪੈਸਾ ਨਹੀਂ ਦਿੱਤਾ ?” “ਗਊ ਦੀ ਸਹੁੰ ਸੰਤੀ, ਸੱਚੀਓਂ ਗੰਗਾ ਮਾਈ ਨੇ ਦਿੱਤੀ ਐ।” 

“ਵੇ ਫੇਰ ਤਾਂ ਚੰਗਾ ਰਿਹਾ, ਪਰ ਹੁਣ ਖ਼ਿਆਲ ਰੱਖੀਂ। ਪਹਿਲੀ ਆਂਗੂ ਨਾ ਹੋਵੇ। ਮਸਾਂ ਕਿਤੇ ਘਰ ਵਸਦਾ ਹੋਇਐ।” 

“ਓਹ ਤਾਂ ਸੰਤੀ ਮੈਨੂੰ ਆਪ ਨੂੰ ਵੀ ਬਹੁਤੀ ਪਸਿੰਦ ਨੀਂ ਸੀ।” 

“ਤਾਹੀਓਂ ਨੀਂ ਸੀ ਪੈਰਵਹੀ ਕੀਤੀ, ਨਹੀਂ ਪਤਾ ਤਾਂ ਲੱਗ ਈ ਗਿਆ ਸੀ ਬਈ ਕਿੱਥੇ ਗਈ ਐ।” 

“ਤੂੰ ਜਾਣਦੀ ਓ ਐਂ ਸੰਤੀ ਰਾਮ ਗਊਆਂ ਵੀ ਕਦੇ ਕਿੱਲੇ ਬੱਝੀਆਂ ਨੇ ?” 

“ਕਹਿਣ ਨੂੰ ਤਾਂ ਕੀ ਕਹਿਣੇ ਤੇਰੀ ਇਹ ਬਹੂ ਤਾਂ ਚੰਗੀਓ ਦਿਸਦੀ ਐ  ਤਾਹੀਓਂ ਤਾਂ ਲੈ ਆਇਆਂ, ਨਹੀਂ ਆਪਣਾ ਤਾਂ ਵੇਲਾ ਜਾ ਲੰਘ ਗਿਆ ਸੀ।” 

“ਰੱਬ ਕਰੇ ਤੇਰੀ ਜੜ ਲੱਗ ਜੇ, ਵੇਲੇ ਕੁਵੇਲੇ ਦਾ ਕੀ ਐ।” 

“ਅੱਜ ਖੂਹ ਚਲਦੈ?” ਨਰੈਣ ਨੇ ਗੱਲ ਬਦਲੀ। 

“ਨਹੀਂ ਗੁੱਡਣ ਗਏ ਨੇ।” 

ਨਿੰਮ੍ਹਾ ਹੁੰਦਾ ਹੁੰਦਾ ਦੀਵਾ ਬੁਝ ਗਿਆ। 

ਲੰਮੀ, ਕਾਲੀ, ਠਰੀ ਸਿਆਲ ਦੀ ਰਾਤ। 

ਤਬੇਲੇ ਵਰਗਾ ਤਾਂ ਤਾਂ ਕਰਦਾ ਘਰ। 

ਹਨੇਰੇ ਵਿੱਚ ਭੱਜੇ ਫਿਰਦੇ ਚੂਹਿਆਂ ਕਾਰਨ ਕਦੇ ਕਦੇ ਕੋਈ ਭਾਂਡਾ ਖੜਕ ਜਾਂਦਾ। 

ਇਕ ਪਾਸੇ ਬੰਨ੍ਹੀ ਮੱਝ ਦੀਆਂ ਅੱਖਾਂ ਹੀ ਅੱਖਾਂ ਲਿਸ਼ਕਦੀਆਂ ਦਿਸਦੀਆਂ मठ। 

ਭਾਨੋ ਨੂੰ ਘਰ ਦੀ ਛੱਤ ਆਪਣੇ ਉੱਪਰ ਡਿੱਗਦੀ ਪਰਤੀਤ ਹੋਈ। 

ਉਸ ਨੇ ਕੋਲ ਦੇ ਮੰਜੇ ਉਤੇ ਨਰੈਣ ਦੀ ਬਾਂਹ ਟੋਹ ਕੇ ਕਿਹਾ, “ਮਖਾਂ ਜੀ ਸੌਂ ਗਿਆ ਤੂੰ ?” 

“ਨਹੀਂ, ਕੀ ਗੱਲ ਐ ?” 

“ਗੱਲ ਤਾਂ ਕੋਈ ਨੀਂ, ਨ੍ਹੇਰੇ ਵਿਚ ਊਈਂ ਓਈਂ ਜਾਣੀ ਮੈਨੂੰ ਭੈਅ ਲੱਗਣ ਲੱਗ ਜਾਂਦੈ।” 

“ਭੈਅ ਨੂੰ ਵਸਦੇ ਘਰਾਂ ‘ਚ ਕੀ ਹੁੰਦੇ ਸੌਂ ਜਾ।” 

“ਪਹਿਲਾਂ ਤਾਂ ਮੈਨੂੰ ਵੀ ਨਹੀਂ ਸੀ ਡਰ ਲੱਗਦਾ ਹੁੰਦਾ, ਪਰ ਜਿੱਦਣ ਦਾ…. ।” ਭਾਨੋ ਗੱਲ ਕਹਿੰਦੀ ਕਹਿੰਦੀ ਰੁਕ ਗਈ। 

“ਭਾਨੋ ਇਕ ਗੱਲ ਪੁੱਛਾਂ?” ਨਰੈਣ ਨੇ ਆਪਣਾ ਸਾਰਾ ਮੂੰਹ ਨੰਗਾ ਕਰ ਕੇ ਕਿਹਾ। 

“ਤੂੰ ਜੀ ਮੈਨੂੰ ਭਾਨੋ ਨਾ ਕਿਹਾ ਕਰ।” 

“ਕਿਉਂ ?” 

“ਊਈਂ ਬੱਸ ਊਈਂ।” ਭਾਨੋ ਨੇ ਰਜਾਈ ਨੂੰ ਆਲੇ ਦੁਆਲਿਓਂ ਦਬਦਿਆਂ ਕਿਹਾ। 

“ਸਰਵਣ ਤੈਨੂੰ ਭਾਨੋ ਆਖਦਾ ਹੁੰਦਾ ਸੀ ?” 

“J।” 

“ਮੈਂ ਨਾ ਕਿਹਾ ਕਰਾਂ ?” 

“ਮਰ ਗਿਆਂ ਦੀਆਂ ਗੱਲਾਂ ਮਰ ਗਿਆਂ ਦੇ ਨਾਲ ਈ ਚਲੀਆਂ ਜਾਣੀਆਂ 

ਚਾਹੀਦੀਆਂ ਨੇ ।” 

“ਕਈ ਵਾਰੀ ਤਾਂ ਮੈਨੂੰ ਤੂੰ ਵੀ ਭਾਨੋ ਕੋਈ ਭੂਤ ਚੁੜੇਲ ਈ ਲੱਗਦੀ ਐਂ। 

ਵਸ ਕੀਤੀ ਭੂਤ ਚੁੜੇਲ ਆਂਗ ਮੇਰੇ ਸਾਰੇ ਕੰਮ ਤਾਂ ਕਰ ਦਿੰਦੀ ਐਂ, ਪਰ ਜਦੋਂ ਬੁੱਕਲ ‘ਚ ਲੈਨਾਂ ਜਾਣੀ ਖ਼ਾਲੀ ਜੀ ਰਹਿ ਜਾਂਦੀ ਐਂ: ਤੂੰ ਜਾਣੋ ਕਿਧਰੇ ਹੋਰ ਈ ਚਲੀ ਜਾਨੀ ਐਂ।” 

ਭਾਨੋ ਨੇ ਕੋਈ ਉੱਤਰ ਨਾ ਦਿੱਤਾ। 

“ਭਾਨੋ ਜਿਹੜੇ ਨਮੇਂ ਲੀੜੇ ਲਿਆਂਦੇ ਨੇ ਉਹ ਪਾ ਲਿਆ ਕਰ । ਸੰਦੂਕ ਵਿੱਚ ਕਾਹਦੇ ਲਈ ਰੱਖ ਛੱਡੇ ਨੇ ?” 

“ਜਿਹੜੇ ਮੈਂ ਪਾਏ ਹੋਏ ਨੇ ਇਹ ਵੀ ਪਾਟੇ ਤਾਂ ਨਹੀਂ ਹਾਲੇ ਕਿਤੋਂ।” 

“ਭਾਨੋ ?” 

” ਹਾਂ ਜੀ ।” 

“ਤੂੰ ਖੁਸ਼ ਤਾਂ ਹੈਂ ਇੱਥੇ ?” 

“ਜੇ ਦੇਖਿਆ ਜਾਵੇ ਤਾਂ ਮੈਨੂੰ ਇਥੇ ਦੁੱਖ ਈ ਭਲਾ ਕਾਹਦੈ।” 

“ਮੈਂ ਕਈ ਵਾਰੀ ਦੇਖਿਐ, ਬੜੀ ਬੜੀ ਰਾਤ ਥਾਈਂ ਤੂੰ ਜਾਗਦੀਓ ਪਈ ਹੁੰਨੀ ਐਂ। ਮੈਂ ਕਿਹਾ, ਖ਼ਬਰੇ ਕੋਈ ਸੋਚ ਹੋਵੇ।” 

“ਨੀਂਦ ਮੈਨੂੰ ਊਈਂ ਥੋੜ੍ਹੀ ਹੋਗੀ। ਪਹਿਲੀ ਉਮਰੇ ਬਥੇਰੀ ਸੀ, ਉਹ ਜਗਾਉਂਦਾ ਈ ਹਾਰ ਜਾਂਦਾ ।” 

“ਕੌਣ ਸਰਵਣ ?” 

“ਹਾਂ, ਉਹ ਉਠਾਉਂਦਾ ‘ਉੱਠਦੀ ਆਂ’ ਕਹਿ ਕੇ ਮੈਂ ਫੇਰ ਸੌਂ ਜਾਂਦੀ, ਹਾਰ ਕੇ ਉਹ ਆਪ ਈ ਚਾਹ ਧਰ ਦਿੰਦਾ।” 

“ਭਾਨੋ ?” 

” ਹਾਂ “ 

“ਜੇ ਭਲਾ ਹੁਣ ਕਿਧਰੋਂ ਸਰਵਣ ਆ ਜਾਵੇ ਤੂੰ ਮੈਨੂੰ ਛੱਡ ਕੇ ਚਲੀ नानें?” 

“ਲੈ ਮਰੇ ਹੋਏ ਵੀ ਕਦੇ ਆਏ ਨੇਂ । ਹੁਣ ਤਾਂ ਅੱਗੇ ਜਾ ਕੇ ਈ ਪੁੱਛੇਗੀ, ਬਈ ਏਸੇ ਖ਼ਾਤਰ ਵਿਆਹ ਕੇ ਲਿਆਇਆ ਸੀ।” 

“ਅੱਗੇ ਕੀ ਬੈਠਾ ਉਹ ਤੈਨੂੰ ਉਡੀਕਦਾ ਹੋਊ। ਓਦੋਂ ਨੂੰ ਖ਼ਬਰੈ ਕਿਹੜੀ ਜੂਨ ਤੱਕ ਲੈ ਚੁੱਕਿਆ ਹੋਊ।” 

ਭਾਨੋ ਨੂੰ ਇਹ ਗੱਲ ਸੁਣ ਕੇ ਲੱਗਿਆ ਜਿਵੇਂ ਰਾਤ ਦਾ ਸਾਰੇ ਦਾ ਸਾਰਾ ਹਨੇਰਾ ਉਸ ਦੇ ਉਤੇ ਆ ਡਿੱਗਿਆ ਹੋਵੇ। 

ਕੁੱਝ ਪਲ ਚੁੱਪ ਰਹਿਣ ਤੋਂ ਪਿਛੋਂ ਉਸ ਨੇ ਨਰੈਣ ਨੂੰ ਪੁੱਛਿਆ, “ਮਖਾਂ ਜੀ, ਮੈਂ ਤੇਰੇ ਮੰਜੇ ‘ਤੇ ਆ ਜਾਂ ?” 

“ਇਕ ਸ਼ਰਤ ਉੱਤੇ, ਬਈ ਓਦੋਂ ਈ ਨੀਂ ਸੌਂਜੇਗੀ। ਮੇਰੇ ਮੰਜੇ ਦਾ ਤਾਂ ਤੈਨੂੰ ਜਿਵੇਂ ਟੂਣਾਂ ਈ ਐ। ਆਈ ਨੀਂ ਤੇ ਸੁੱਤੀ ਨੀਂ ।” 

“ਤੇਰੇ ਕੋਲ ਆ ਕੇ ਅਸਲ ਵਿਚ ਮੈਨੂੰ ਡਰ ਲੱਗਣੋਂ ਹਟ ਜਾਂਦੈ।” 

“ਡਰ ਨੂੰ ਕੀ ਤੂੰ ਨਿਆਣੀ ਐਂ।” 

“ਇਹ ਤਾਂ ਮੈਂ ਵੀ ਸੋਚਦੀ ਆਂ ਬਈ ਡਰ ਨੂੰ ਕੀ ਹੁਣ ਮੈਂ ਨਿਆਣੀ भां।” 

“ਭਾਨੋ ਤੂੰ ਆਥਣੇ ਏਨਾ ਚਿਰ ਕਿੱਥੇ ਗਈ ਸੀ? ਮੈਨੂੰ ਚਾਹ ਚਾਹੀਦੀ ਸੀ ਜੋਤਾ ਭਰ ਬੈਠਾ ਉਡੀਕਦਾ ਰਿਹਾ।” 

“ਮੈਂ ਬਾਹਰ ਕੰਨੀ ਗਈ ਸੀ।” 

“ਏਨਾ ਚਿਰ ?” 

“ਓਥੇ ਸ਼ਿਆਮੋ ਮਿਲਪੀ ਸੀ ਘੋਨੇਕਿਆਂ ਦੀ। ਉਹ ਵੀ ਮੋਰਾਂਆਲੀ ਦੀਐ 엉।” 

“ਐਨਾ ਹੇਜ ਐ ਮੋਰਾਂਅਲੀ ਦਾ ਓਥੇ ਈ ਜਾ ਰਹੀ।” ਨਰੈਣ ਨੇ ਪਾਸਾ ਲੈ ਕੇ ਮੂੰਹ ਦੂਜੇ ਪਾਸੇ ਕਰਦਿਆਂ ਕਿਹਾ। 

ਨਰੈਣ ਜਿਸ ਨੂੰ ਹੁਣੇ ਭਾਨੋ ਪੁੱਛ ਰਹੀ ਸੀ ‘ਤੇਰੇ ਮੰਜੇ ਉੱਤੇ ਆ ਜਾਂ’ ਇਕ ਦਮ ਕੋਈ ਓਪਰਾ ਬੰਦਾ ਜਾਪਿਆ। ਉਸ ਨੂੰ ਇਹ ਵੀ ਲੱਗਿਆ ਜਿਵੇਂ ਇਸ ਨਿਰਜਨ ਹਨੇਰੇ ਵਿਚ ਉਹ ਕਿਸੇ ਬੇਗਾਨੇ ਆਦਮੀ ਕੋਲ ਪਈ ਹੈ। 

ਭਾਨੋ ਨੇ ਉੱਠ ਕੇ, ਤੇਲ ਪਾ ਕੇ ਦੀਵਾ ਡੰਗ ਲਿਆ। 

ਦੀਵੇ ਦੇ ਚਾਨਣੇ ਉਸ ਨੂੰ ਪੀੜ੍ਹੇ ਵਿਚ ਪਏ ਭਾਂਡੇ ਦਿਸੇ ਜਿਹੜੇ ਆਥਣੇ ਉਸ ਨੇ ਮਾਂਜ ਕੇ, ਲਿਸ਼ਕਾ ਕੇ ਟਿਕਾਏ ਸਨ। ਸਾਹਮਣੇ ਸੰਦੂਖਾਂ ਕੋਲ ਚਰਖਾ ਪਿਆ ਸੀ ਜਿਸ ਉੱਤੇ ਬੜੀ ਰਾਤ ਗਈ ਤੱਕ ਉਹ ਕੱਤਦੀ ਰਹੀ ਸੀ। ਖੁਰਲੀ ’ਤੇ ਮੱਝ ਖੜ੍ਹੀ ਸੀ। ਕੌਲ੍ਹੇ ਕੋਲ ਉਸ ਦੀ ਜੁੱਤੀ ਪਈ ਸੀ। 

ਦੀਵੇ ਦੇ ਚਾਨਣ ਵਿਚ ਇਹ ਘਰ ਉਸ ਨੂੰ ਏਡਾ ਓਪਰਾ ਨਾ ਲੱਗਿਆ। 

ਉਸ ਨੇ ਮਹਿੰ ਦੀ ਖ਼ਾਲੀ ਹੋ ਚੁੱਕੀ ਖੁਰਲੀ ਵਿਚ ਕੱਖ ਪਾਏ। ਮਹਿੰ ਦੇ ਪਿੰਡੇ ਉੱਤੇ ਹੱਥ ਫੇਰਿਆ। ਕੱਟੀ ਉੱਤੇ ਡਿੱਗਿਆ ਪਿਆ ਝੁੱਲ ਦਿੱਤਾ। 

“ਫੇਰ ਡੰਗ ਲਿਆ ਦੀਵਾ?” ਨਰੈਣ ਨੇ ਖਿਝ ਨੂੰ ਦਬਾਂਦਿਆਂ ਕਿਹਾ। 

“ਮਖਾਂ ਮੈਨੂੰ ਨਾ ਕਦੇ ਕਦੇ ਜਾਣੀ ਟੇਕ ਜੀ ਨੀ ਆਉਂਦੀ।” ਭਾਨੋ ਨੇ ਚੁੱਲ੍ਹੇ ਵਿਚ ਸਵੇਰ ਦੀ ਖ਼ਾਤਰ ਗੋਹਾ ਦਬਦਿਆਂ ਕਿਹਾ। 

“ਨਾਲੇ ਦਾਣਾ ਭਿਓਣਾ ਵੀ ਭੁੱਲ ਗੀ ਸੀ।” ਭਾਨੋ ਨੇ ਜੂਠ-ਮੂਠ ਵਾਲੇ ਤੌਲੇ ਵਿਚ ਦਾਣਾ ਪਾਉਂਦਿਆਂ ਦੱਸਿਆ। 

“ਤੇਰੇ ਕੁਸ਼ ਰਹਿੰਦਾ ਵੀ ਐ ਚੇਤੇ ਕਿ ਸਭ ਕੁਸ਼ ਈ ਭੁੱਲ ਜਾਂਦੈ।” ਨਰੈਣ ਨੇ ਪਏ ਨੇ ਹੀ ਆਪਣੇ ਜੂੜੇ ਵਿਚੋਂ ਟੁੱਟੇ ਦੰਦਿਆਂ ਵਾਲਾ ਕੰਘਾ ਵਾਲਾਂ ਵਿਚ ਫੇਰਦਿਆਂ ਜ਼ਰਾ ਚਿੜ ਕੇ ਕਿਹਾ। 

“ਚੇਤੇ ਨੂੰ ਅੱਗ ਲੱਗਣੇ ਨੂੰ ਖ਼ਬਰਨੀ ਕੀ ਹੋ ਗਿਆ।” 

“ਚੇਤਾ ਏਥੇ ਹੋਵੇ ਤਾਂ ਏ ਨਾ।” 

“ਏਥੇ ਨੂੰ ਹੋਰ ਕੀ ਖੂਹ ‘ਚ ਜਾਣੈ।” 

“ਦੋ ਮਹੀਨੇ ਹੋਗੇ ਨੇ ਤੈਨੂੰ ਦੇਖਦੇ ਨੂੰ। ਮੈਨੂੰ ਤਾਂ ਤੇਰਾ ਕੋਈ ਥਹੁ ਪਤਾ ਜਾ ਨੀ ਲੱਗਦਾ।” 

“ਮੱਖਾਂ ਬਾਪੂ ਦਾ ਪਤਾ ਮੰਗਾਇਆ ਕਿਸੇ ਤੋਂ ?” 

“ਆਹੋ ਚੰਗਾ ਭਲੈ। ਤੈਨੂੰ ਅਜੇ ਵੀ ਬਾਪੂ ਦਾ ਹੇਜ ਮਾਰਦੈ?” 

“ਬਾਪੂ ਦਾ ਦਿਲ ਨੀਂ ਮਾੜਾ। ਜਿੱਦਣ ਦਾ ਡੋਗਰ ਮਰਿਐ ਓਹਦੀ ਤਾਂ ਜਾਣੀ ਸੁਰਤ ਜੀ ਨੀ ਟਕਾਣੇ,ਜਿਮੇਂ ਕੋਈ ਆਖਦਾ ਓਮੀਂ ਮਗਰ ਲੱਗ ਜਾਂਦੈ।” 

“ਤੈਨੂੰ ਤਾਂ ਦੂਜੀ ਵਾਰੀ ਵੀ ਵੇਚਣ ਨੂੰ ਫਿਰਦਾ ਸੀ, ਅਜੇ ਤੂੰ ਆਖਦੀ ਮੈਂ ਦਿਲ ਦਾ ਨੀ ਮਾੜਾ। 

“ਉਸ ਨੂੰ ਦੀਂਹਦਾ ਸੀ ਬਈ ਭਲਕੇ ਜਦੋਂ ਮੈਂ ਅੱਖਾਂ ਮੀਚ ਗਿਆ ਏਸ ਦਾ ਕੀ ਬਣੂੰ। ਸ਼ਰੀਕ ਕੀਹਦੇ ਭਲੇ ਹੁੰਦੇ ਨੇ। ਮੋਰਾਂਆਲੀ ਆਲੇ ਅੱਡ ਸੁਨੇਹੇ ਘਲਦੇ ਸੀ ਬਈ ਭਾਨੋ ਨੂੰ ਨਹੀਂ ਤਾਂ ਭਲੀਪਤ ਨਾਲ ਤੋਰ ਦੇ ਨਹੀਂ ਤਾਂ ਅਸੀਂ ਚੱਕ ਕੇ ਲੈ ਜਾਂਗੇ।” 

“ਤਾਹੀਂ ਤੇਰੇ ਬਾਪੂ ਨੇ ਸੋਚਿਆ ਬਈ ਓਦੂੰ ਪਹਿਲਾਂ ਪਹਿਲਾਂ ਪੈਸੇ ਵੱਟ ਲਾਂ।” 

“ਨਹੀਂ, ਤੈਨੂੰ ਕੀ ਪਤੈ। ਅਸੀਂ ਬੜੇ ਦਸੌਂਟੇ ਕੱਟੇ ਨੇ। ਮੈਂ ਤਾਂ ਡਰਦੀ ਨ੍ਹੇਰੇ ਸਵੇਰੇ ਬਾਹਰ ਨੀ ਸੀ ਨਿਕਲਦੀ, ਬਈ ਬਾਪੂ ਬੁੜ੍ਹੇ ਨੇ ਕੀ ਕਰ ਲੈਣੇਂ, ਕੋਈ ਦੋ ਮਾਰੂ ਏਹਦੇ ਗਲ੍ਹਥ। ਭਰਾਮਾਂ ਬਾਹਰੀਆਂ ਦੀ ਕਾਹਦੀ ਜੂਨ ਐ ਪਿੰਡਾਂ ‘ਚ।” 

“ਤੂੰ ਤਾਂ ਕਮਲੀ ਐਂ, ਜਦ ਤਾਈਂ ਤੀਮੀ ਦੀ ਆਪਣੀ ਮਰਜ਼ੀ ਨਾ ਹੋਵੇ ਕੋਈ ਓਸ ਦੀ ਹਵਾ ਕੰਨੀ ਨੀ ਝਾਕ ਸਕਦਾ। 

“ਨਹੀਂ…..ਨਹੀਂ ਤੈਨੂੰ ਬੁਰੇ ਬੰਦਿਆਂ ਦਾ ਨੀ ਪਤਾ। ਜਿਹੜੇ ਆਪਣੇ ਸਕੇ ਭਰਾ ਨੂੰ ।” 

“ਛੱਡ ਪਰ੍ਹੇ ਤੂੰ ਸਾਰਾ ਦਿਨ ਉਨ੍ਹਾਂ ਦੇ ਈ ਨਾ ਝੇੜੇ ਲਈ ਬੈਠੀ ਰਿਹਾ ਕਰ।” 

“ਕੀ ਕਰਾਂ, ਇਹ ਗੱਲਾਂ ਤਾਂ ਜਾਣੀ ਮੇਰੇ ਹੱਡਾਂ ‘ਚ ਬਹਿਗੀਆਂ ਨੇ। ਮੈਂ ਬਥੇਰਾ ਸਮਝਾਉਨੀ ਆਂ ਬਈ ਮਨਾ ਓਹ ਵੇਲਾ ਤਾਂ ਹੁਣ ਹੱਥ ਨੀ ਆਉਣਾ। ਰੱਬ ਦਾ ਸ਼ੁਕਰ ਕਰ ਬਈ ਤੂੰ ਕਿਸੇ ਕੰਢੇ ਵੱਟੇ ਲੱਗੀ ਐਂ ? ਭਲਾ ਹੋਵੇ ਏਸ ਦਾ ਜੀਹਨੇ ਕੁਸ਼ ਨੀ ਪੁੱਛਿਆ ਤੇ ਬਾਰ ਖੋਲ੍ਹਤਾ ।” 

“ਚੰਗਾ ਹੁਣ ਸੌਂ ਜਾ।” 

“ਮਖਾਂ ਜਿਹੜੀ ਗੱਲ ਤੈਨੂੰ ਚੰਗੀ ਨਾ ਲੱਗੇ ਤੂੰ ਆਖ ਦਿਆ ਕਰ ਜੀ । 

ਮੇਰੀ ਤਾਂ ਸੁਰਤ ਜੀ ਨੀ ਟਕਾਣੇ।” 

“ਭਾਨੋ ?” 

” ਹਾਂ ” 

“ਹਾਅ ਜਿਹੜੀ ਕਦੇ ਕਦੇ ਦਾਰੂ ਦੀ ਘੁੱਟ ਜੀ ਪੀ ਲੈਨਾਂ ਓਸ ਕਰ ਕੇ ਚਿੱਟੇ ਵਾਲ ਆਗੇ ਊਂ ਉਮਰ ਤਾਂ ਮੇਰੀ ਏਡੀ ਬਹੁਤੀ ਨੀ। ਤੂੰ ਸੋਚਦੀ ਹੋਵੇਂਗੀ भ्रघग्ठी…..।” 

“ਨਹੀਂ, ਭਾਈ ਦੀ ਸਹੁੰ ਮੇਰੇ ਤਾਂ ਚਿੱਤ ‘ਚ ਨੀਂ ਇਹ ਗੱਲ ਕਦੇ ਆਈ। ਨਾਲੇ ਧੌਲੇ ਤਾਂ ਅੱਜ ਕੱਲ੍ਹ ਊਈਂ ਠਰਕੇ ਫਿਰਦੇ ਐ। ਨਿੱਕੀਆਂ ਨਿੱਕੀਆਂ ਕੁੜੀਆਂ ਦੇ ਵੀ ਆ ਜਾਂਦੇ ਐ।” 

“ਭਾਨੋ?” 

“ਹਾਂ ” 

“ਆਥਣੇ ਇਕ ਬਾਜੀਗਰਨੀ ਬਾਜੀਆਂ ਜਿਹੀਆਂ ਵੇਚਦੀ ਫਿਰਦੀ ਸੀ ਮਿੱਟੀ ਦੀਆਂ।” 

” ਆਹੋ ।” 

“ਤੂੰ ਲੈ ਲੈਣੀਆਂ ਸੀ ।” 

“ਆਪਣੇ ਕੌਣ ਐ ਬਾਜੀਆਂ ਨਾਲ ਖੇਡਣ ਵਾਲਾ ?” 

“ਨਹੀਂ ਤਾਂ ਹੋਜੂ।” 

ਭਾਨੋ ਨੇ ਕੋਈ ਜਵਾਬ ਨਾ ਦਿੱਤਾ। 

“ਭਾਨੋ ?” 

” ਹਾਂ ” 

“ਤੇਰਾ ਦਿਲ ਨੀ ਕਰਦਾ ਬਈ ਤੇਰਾ ਵੀ ਕੋਈ ਜੁਆਕ ਹੋਵੇ ?” 

“ਜਦੋਂ ਜਦੋਂ ਉਹ ਮਰਿਆ ਸੀ ਤਾਂ ਮੇਰਾ ਬੜਾ ਚਿੱਤ ਕੀਤਾ ਸੀ ਬਈ ਨਿੱਕੀ ਮੋਟੀ ਓਸ ਦੀ ਕੋਈ ਨਿਸ਼ਾਨੀਓ ਈ ਹੁੰਦੀ, ਜੀਹਦੇ ਸਹਾਰੇ ਮੈਂ ਆਪਣੇ ਦਿਨ ਕੱਟ ਲੈਂਦੀ। ਓਦੂੰ ਪਿੱਛੋਂ ਓਦੂੰ ਪਿੱਛੇ…… ।” 

“ਭਾਨੋ ਓਦੋਂ ਦੀ ਨੀ ਮੈਂ ਹੁਣ ਦੀ ਗੱਲ ਕਰਦਾਂ।” 

“ਤੇਰਾ ਜੀ ਕਰਦੈ ਤਾਂ ਰੱਬ ਕਰੇ ਜ਼ਰੂਰ ਹੋ ਜੇ। ਊਂ ਮੈਨੂੰ ਲੱਗਦੈ ਜਿੱਦਣ ਦਾ ਓਹੋ ਮਰਿਐ ਮੇਰਾ ਤਾਂ ਜਾਣੀ ਅੰਦਰ ਈ ਸੁੱਕ ਗਿਐ। ਹੁਣ ਓਥੇ ਕੀ ਫੁੱਟਣਾ ਐ।” 

“ਰੱਬ ਸਭ ਲੋਟ ਕਰਦੂ, ਬਸ ਤੂੰ ਦਗ਼ਾ ਨਾ ਦੇਈਂ।” 

“ਦਗਾ ਦੇ ਕੇ ਮੈਂ ਕਿਹੜੇ ਖੂਹ ‘ਚ ਜਾਣੇਂ, ਨਾ ਅੱਗਾ ਨਾ ਪਿੱਛਾ।” 

“ਤੀਮੀ ਦਾ ਕੀ ਹੁੰਦੈ, ਅੱਗਾ ਪਿੱਛਾ ਬਣੌਣ ਤੇ ਆਈ ਘੜੀ ‘ਚ ਬਣਾ ਲੈਂਦੀ ਐ। ਦੋ ਮਹੀਨਿਆਂ ਤੋਂ ਪਹਿਲਾਂ ਮੈਨੂੰ ਕਿਹੜਾ ਤੂੰ ਜਾਣਦੀ ਸੀ।” 

ਇਕ ਪਲ ਭਾਨੋ ਦਾ ਜੀ ਕੀਤਾ ਕਹਿ ਦੇਵੇ ‘ਉਹ ਤੀਮੀਆਂ ਹੋਰ ਹੁੰਦੀਆਂ ਨੇ।’ ਪਰ ਫਿਰ ਉਸ ਨੂੰ ਲੱਗਿਆ ਖ਼ਬਰੈ ਉਹ ਮੇਰੇ ਵਰਗੀਆਂ ਹੀ ਹੁੰਦੀਆਂ ਹੋਣ। ਤੇ ਉਹ ਚੁੱਪ ਕਰ ਰਹੀ। 

“ਭਾਨੋ ?” 

“ਗੁੱਸੇ ਹੋਗੀ?” 

“ਨਹੀਂ ਗ਼ੁੱਸੇ ਕਾਹਦੇ ਨਾਲ ਹੋਣਾ ਐ।” 

“ਮੇਰੇ ਨਾਲ।” 

“ਨਹੀਂ! ਮੱਖਾਂ ਜੀ ਰਲੀ ਕੰਮ ਕਰਨ ਆਲੀ ਪਾਈਆ ਕੁ ਬੰਧਾ ਮੰਗਦੀ ਸੀ। ਆਖਦੀ ਸੀ ਮੁੰਡਾ ਬਮਾਰ ਐ ਦਵਾਈ ਵਿਚ ਪੌਣੈ। 

“ਤੂੰ ਦੇ ਦਿੰਦੀ ਫੇਰ।” 

“ਮੈਂ ਕਿਹਾ ਪੁੱਛ ਕੇ ਦੇਊਂਗੀ।” 

“ਭਾਨੋ ਇਹ ਘਰ ਹੁਣ ਤੇਰਾ ਈ ਐ, ਜਿਮੇਂ ਮਰਜ਼ੀ ਕਰ ਲਿਆ ਕਰ।” 

“ਸਰਵਣ ਨੇ ਤਾਂ ਆਪ ਮੈਨੂੰ ਕਦੇ ਕਿਸੇ ਗੱਲੋਂ ਨੀ ਸੀ ਰੋਕਿਆ। ਪਰ ਤੇਰਾ ਜੀ ਮੈਨੂੰ ਕੁਸ਼ ਪਤਾ ਜਾ ਨੀ ਮੈਂ ਕਿਹਾ ਖ਼ਬਰੈ..।” 

“ਭਾਨੋ ?” ਨਰੈਣ ਨੇ ਆਕੜ ਕੇ ਕਿਹਾ। 

“ਹਾਂ ਜੀ।” ਭਾਨੋ ਨੇ ਸਹਿਮ ਕੇ ਮਸਕੀਨ ਜਿਹੀ ਆਵਾਜ਼ ਵਿੱਚ ਕਿਹਾ। 

“ਚੰਗਾ।” ਆਖਦਿਆਂ ਭਾਨੋ ਨੇ ਦੀਵੇ ਉੱਤੇ ਫੂਕ ਮਾਰ ਦਿੱਤੀ ਤੇ ਟੋਂਹਦੀ ਟੋਂਹਦੀ ਹਨੇਰੇ ਵਿੱਚ ਹੀ ਆਪਣੇ ਮੰਜੇ ਉਤੇ ਆ ਟੇਢੀ ਹੋਈ। 

ਫੇਰ ਉਹਨੂੰ ਚੇਤਾ ਆਇਆ, ਛੋਟੀ ਹੁੰਦੀ ਨੂੰ ਮਾਂ ਆਖਦੀ ਹੁੰਦੀ ਸੀ “ਦੀਵੇ ਨੂੰ ਫੂਕ ਮਾਰ ਕੇ ਨੀ ਬੁਝਾਈਦਾ ਮਾੜਾ ਹੁੰਦੈ।” 

ਹੱਟੀ ਵਰਗਾ ਲਿਪਿਆ ਪੋਚਿਆ ਘਰ। 

ਤਲੀ ਦਿੱਤਾ, ਸੰਭਰਿਆ ਸੂਹਰਿਆ ਅੰਦਰ, ਭਾਵੇਂ ਭੁੰਜੇ ਪਾ ਕੇ ਖਾ लए। 

ਕਿਸੇ ਰਕਾਨ ਦੇ ਹੱਥਾਂ ਦਾ ਬਣਾਇਆ ਮੋਰਨੀਆਂ ਵਾਲਾ ਪੀੜ੍ਹਾ। 

ਪੀੜ੍ਹੇ ਵਿਚ ਚਿਣ ਕੇ ਰੱਖੇ ਲਿਸ਼ਕਦੇ ਭਾਂਡੇ, ਚੱਕਮਾ ਚੁੱਲ੍ਹਾ। 

ਚੁੱਲ੍ਹੇ ਉਤੇ ਰਿਝਦੇ ਸਾਗ ਵਿਚੋਂ ਉਠਦੀ ਚਿੱਟੀ ਭਾਫ਼। 

ਭਾਨੋ ਕੋਲ ਬੈਠੀ ਲਸਣ ਛਿੱਲ ਰਹੀ ਸੀ, ਸਾਗ ਵਿਚ ਪਾਉਣ ਲਈ। 

“ਵੇ ਨਰੈਣ,ਤੇਰੀ ਬਹੂ ਤਾਂ ਬੜੀਓ ਸਹੁਨਰੀ ਐ।” ਕੰਡਾ ਕਢਾਉਣ ਲਈ ਆਈ ਸੰਤੀ ਨੇ, ਧੋਤੇ ਹੋਏ ਕੱਪੜੇ ਪਾਈ ਬੈਠੇ ਚਿਲਮ ਪੀ ਰਹੇ ਨਰੈਣ ਨੂੰ ਕਿਹਾ। 

“ਬਾਹਲੀ ਤਾਰੀਫ ਕਰ ਕੇ ਤੂੰ ਏਹਨੂੰ ਬਗਾੜ ਨਾ ਦੇਈਂ ਸੰਤੀ।” 

“ਜ੍ਹਾ ਵੇ, ਵਿਗੜਿਆ ਹੋਇਆ ਤਾਂ ਸਗੋਂ ਤੂੰ ਐਂ, ਹਰ ਵੇਲੇ ਕੋਈ ਨਾ ਕੋਈ ਅਮਲ। ਦੇਖ ਤਾਂ ਏਹਦਾ ਕੀ ਹਾਲ ਕਰ ਛੱਡਿਐ। ਕਾਨਿਆਂ ਵਰਗੀਆਂ ਟੰਗਾਂ, ਬਾਹਾਂ, ਸੁੱਕਿਆ ਮੂੰਹ । ਬਈ ਬੰਦਾ ਦੁੱਧ ਘਿਓ ਖਾਵੇ ਜਿਹਾ ਰਾਹ ਐ।” 

“ਲੈ ਇਹ ਤਾਂ ਝਿੜਕਦੀਓਈ ਐ, ਤੂੰ ਵੀ ਲੱਗ ਗੀ। ਮੈਂ ਕੀਹਦੇ ਕੋਲ ਦਾਦ ਫ਼ਰਿਆਦ ਲਾਮ੍ਹਾਂ, ਜੀਹਦਾ ਨਾ ਅੰਮਾ ਨਾ ਬਾਬਾ।” 

“ਚੰਗਾ ਕਰਦੀ ਐ, ਜੇ ਝਿੜਕਦੀ ਐ। ਹੈਗਾ ਈ ਤੂੰ ਏਸ ਲੈਕ। ਬਈ ਕੀ ਪਿਐ ਏਨ੍ਹਾਂ ਚੀਜ਼ਾਂ ‘ਚ। ਲਹੂ ਈ ਫੂਕਦੀਆਂ ਨੇ। ਕਦੇ ਸੁੱਖਾ, ਕਦੇ ਸ਼ਰਾਬ, ਕਦੇ ਸੁਲਫ਼ਾ, ਕੁਸ ਨਾ ਕੁਸ ਝੁਲਸਦਾ ਈ ਰਹਿਨੈ।” 

“ਤੈਨੂੰ ਕੀ ਦੱਸਾਂ ਬੇਬੇ ਕਾਦਸੀ ਆਲੇ ਦਿਨ ਮੇਰੇ ਨਾਲ ਜਾ ਕੇ ਗੁਰਦਵਾਰੇ ਨੇਮ ਕਰ ਕੇ ਆਇਆ ਬਈ ਅੱਜ ਤੋਂ ਨੀ ਪੀਂਦਾ ਸ਼ਰਾਬ। ਪਰ ਦੋ ਦਿਨ ਨਾ ਕੱਟੇ ਗਏ। ਸਗੋਂ ਰੱਬ ਤੋਂ ਵੀ ਝੂਠਾ ਪਿਆ।” ਭਾਨੋ ਨੇ ਜਿਵੇਂ ਸ਼ਿਕਾਇਤ ਲਗਾਈ। 

“ਰੱਬ ਆਪ ਸਹੁਰਾ ਕੇਹੜਾ ਪੀਂਦਾ ਨੀ ਹੋਣਾ। ਮੈਨੂੰ ਤਾਂ ਲੱਗਦੈ ਸੰਤੀ ਉਹ ਦਿਨ ਨੂੰ ਵੀ ਪੀਈ ਰੱਖਦਾ ਹੋਣੋਂ, ਤਾਹੀਂ, ਸੰਸਾਰ ਤੇ ਨ੍ਹੇਰ ਵਰਤਿਆ ਪਿਐ।” ਨਰੈਣ ਨੇ ਚਿਲਮ ਝਾੜ ਕੇ ਲੰਮਾ ਸੂਟਾ ਲਗਾਉਂਦਿਆਂ ਕਿਹਾ। 

“ਚੁੱਪ ਕਰ ਵੇ ਬਾਹਲਾ ਨਾ ਭੌਂਕ। ਰੱਬ ਤੋਂ ਸੱਤ ਵੇਲੇ ਡਰੀਏ, ਉਸ ਦੇ ਰੰਗਾਂ ਦਾ ਕੀ ਪਤਾ ਹੁੰਦੈ ।” 

“ਲੇ ਬੇਬੇ ਨਿਕਲ ਗਿਆ ਕੰਡਾ।” ਭਾਨੋ ਨੇ ਉਸ ਨੂੰ ਸੂਈ ਫੜਾਂਦਿਆਂ ਕਿਹਾ। 

“ਜੀਉਂਦੀ ਵਸਦੀ ਰਹੁ। ਰੱਬ ਤੈਨੂੰ ਇੱਕ ਜੀਅ ਦੇ ਦੇਵੇ। ਏਸ ਘਰ ਤੇਰੀ ਜੜ ਮੁਨਿਆਦ ਲੱਗ ਜਾਵੇ। ਫੇਰ ਏਹ ਜਿਧਰ ਮਰਜ਼ੀ ਧੱਕੇ ਖਾਂਦਾ ਫਿਰੇ।” 

“ਤੈਨੂੰ ਨੀਂ ਪਤਾ ਸੰਤੀ ਏਹ ਤਾਂ ਮੈਨੂੰ ਈ ਜੁਆਕ ਸਮਝਦੀ ਐ । ਤੈਂ ਦੇਖੀ ਨੀ ਆਕੜ ਇਹਦੀ। ਕਦੇ ਕਹੂ ਧੋਤੇ ਹੋਏ ਕੱਪੜੇ ਪਾ ਲੈ। ਕਦੇ ਕਹੂ ਜੁੱਤੀ ਏਥੇ ਨਾ ਲਾਹ। ਕਦੇ ਹੱਟੀਓਂ ਸੌਦਾ ਲਿਆ ਦੇ। ਹੁਣ ਹਾਅ ਤਿਲ ਰੱਖੇ ਪਏ ਨੇ ਕੁੱਟਣ ਨੂੰ, ਆਖਦੀ ਐ ਭੁੱਗਾ ਬਣਾਉਣੈ।” ਨਰੈਣ ਨੇ ਚਿਲਮ ਰੱਖ ਕੇ ਤਿਲ ਕੁੱਟਣੇ ਸ਼ੁਰੂ ਕਰਦਿਆਂ ਕਿਹਾ। 

“ਜ੍ਹਾ ਵੇ ਬੰਦਾ ਬਣਾ ਦਿੱਤਾ ਤੈਨੂੰ ਜਿੱਦਣ ਦੀ ਆਈ ਐ।” 

“ਹੋਰ ਸੁਣ ਲਓ ਅੱਗੇ ਮੈਂ ਬੰਦਾ ਈ ਨੀ ਸੀ।” 

“ਵੱਡੀ ਭਾਬੀ ਐ, ਮਖ਼ੌਲ ਕਰ ਲੂ ਤਾਂ ਕੀ ਐ।” ਭਾਨੋ ਨੇ ਚੁੱਲ੍ਹੇ ਵਿੱਚੋਂ ਅੱਗ ਖੁਰਚ ਕੇ ਸੰਤੀ ਵੱਲ ਨੂੰ ਕਰਦਿਆਂ ਕਿਹਾ। 

“ਪਰ ਮੈਂ ਤੈਨੂੰ ਇਕ ਗੱਲ ਆਖਾਂ ਨਰੈਣ: ਭਾਮੇਂ ਤੈਨੂੰ ਲੱਗੇ ਚੰਗੀ ਭਾਮੇਂ ਮਾੜੀ, ਬਈ ਏਹ ਜਿਹੜੇ ਅਮਲੀ ਠਮਲੀ ਤੂੰ ਘਰ ਲੈ ਆਉਨੇਂ ਹੋਅ ਗੱਲ ਚੰਗੀ ਨੀ। ਹੁਣ ਸੁੱਖ ਨਾਲ ਤੇਰਾ ਵਸਦਾ ਘਰ ਐ, ਕੋਈ ਛੜੇ ਛੜਾਂਗ ਦੀ ਝੌਂਪੜੀ ਤਾਂ ਹੈ ਨੀ । ਹੁਣ ਤਾਂ ਤੈਨੂੰ ਕਬੀਲਦਾਰਾਂ ਆਂਗੂ ਰਹਿਣਾ ਚਾਹੀਦੈ।” 

“ਮੈਂ ਕਿਹੜਾ ਕਿਸੇ ਕੰਜਰ ਨੂੰ ਸੱਦਣ ਜਾਨਾਂ ਸੰਤੀ, ਆਪੇ ਆ ਜਾਂਦੇ ਨੇ  ਨਾ ਤੂੰ ਕਿਹਾ ਕਰ ਬਈ ਘੁੱਟ ਪੀਣੀ ਐ ਤਾਂ ਗੁਰਦਵਾਰੇ ਹਲਟੀ ਉਤੇ ਬੈਠ ਕੇ ਪੀ ਲਓ ਜਾਂ ਬਾਵੇ ਦੇ ਡੇਰੇ ਵਗ ਜੋ। ਧੀਆਂ ਭੈਣਾਂ ਵਾਲੇ ਘਰ ਨੀ ਇਹ ਗੱਲਾਂ ਚੰਗੀਆਂ ਲੱਗਦੀਆਂ।” 

“ਮੈਂ ਬੀਹ ਵਾਰੀ ਕਿਹੈ ਸੁਣਦਾ ਕਿਹੜਾ ਐ ਬੇਬੇ। ਆਪ ਤਾਂ ਇਹ ਦੋ ਘੁੱਟ ਪੀ ਕੇ ਗੁੱਟ ਹੋ ਕੇ ਪੈ ਜਾਂਦੈ, ਅਗਲੇ ਅੱਖਾਂ ਪਾੜ ਪਾੜ ਕੇ ਝਾਕਦੇ ਨੇ 

ਸਾਰੇ ਘਰ ਕੰਨੀਂ ।” ਭਾਨੋ ਨੇ ਨਰੈਣ ਤੋਂ ਫੜ ਕੇ ਆਪ ਕਾਹਲੀ ਕਾਹਲੀ ਤਿਲ ਕੁੱਟਦਿਆਂ ਕਿਹਾ। 

“ਲੈ ਝਾਕਦੇ ਨੇ ਏਸ ਹੂਰਾਂ ਪਰੀ ਕੰਨੀ, ਐਮੀ ਭੌਂਕੀ ਜਾਂਦੀ ਐ।” 

“ਵੇ ਪੀ ਕੇ ਕਿਤੇ ਬੰਦੇ ਨੂੰ ਪਤਾ ਰਹਿੰਦਾ ਹੁੰਦੇ ਨਰੈਣ।” 

“ਲੈ ਸੰਤੀ ਪੀ ਕੇ ਕੀ ਹੋਇਆ ਹੁੰਦੇ।” 

“ਪਰ ਸਾਊ ਤੂੰ ਜ਼ਰੂਰ ਆਪਣੇ ਘਰ ਦੀ ਮਿੱਟੀ ਪੁੱਟਣੀ ਐਂ ?” 

“ਚਲ ਕਹਿਦੂੰਗਾ ਗਾਹਾਂ ਤੋਂ। ਪਰ ਸੰਤੀ ਏਸ ਨੂੰ ਤਾਂ ਕਹਿ, ਤੂੰ ਦੇਖ ਲੈ ਮਾੜਾ ਜਾ ਕਿਸੇ ਦੇ ਘਰ ਮਹਾਰਾਜ ਖੁਲ੍ਹਿਆ ਹੋਵੇ ਸਾਰਾ ਸਾਰਾ ਦਿਨ ਓਥੇ ਈ ਬੈਠੀ ਰਹੂ। ਐਮੀ ਲੋਕਾਂ ਦੇ ਜੂਠੇ ਭਾਂਡੇ ਮਾਂਜਦੀ ਜਾਊ, ਜੁੱਤੀਆਂ ਭਾੜੂ, ਅਖੇ ਇਹ ਸੇਬੇ। ਘਰ ਭਾਵੇਂ ਮੈਂ ਰੋਟੀ ਨੂੰ ਭੁੱਖਾ ਬੈਠਾ ਰਹਾਂ।” 

“ਵੇ ਨਰੈਣ ਇਹ ਪਾਸਾ ਤਾਂ ਮਾੜਾ ਨੀ, ਕੁਸ਼ ਗਾਹਾਂ ਵਾਸਤੇ ਵੀ ਬੀਜਣਾ ਚਾਹੀਦੈ। ਪਿਛਲੇ ਜਨਮ ਕੋਈ ਚੰਗੇ ਕੰਮ ਕੀਤੇ ਹੁੰਦੇ ਤਾਂ ਵਰਗੀਆਂ ਸਹੁਨਰੀਆਂ, ਅੱਖ ਦੀ ਸ਼ਰਮ ਵਾਲੀਆਂ, ਨੂਹਾਂ ਧੀਆਂ ਦੇ ਤਾਂ ਲੋਕ ਪੈਰ ਧੋ ਧੋ ਪੀਂਦੇ ਨੇ।” 

“ਆਹੋ ਮੈਨੂੰ ਪਤੈ, ਬਈ ਤੂੰ ਤਾਂ ਏਸ ਦੇ ਵੱਲ ਦੀਓ ਗੱਲ ਕਰੇਂਗੀ।” 

“ਨਹੀਂ ਮੈਂ ਤਾਂ ਰੱਬ ਲੱਗਦੀ ਕਰਦੀ ਆਂ। ਮੈਂ ਤਾਂ ਬਚਾਰੀ ਏਸ ਤੋਂ ਨੀ ਕੁਸ਼ ਲੈ ਕੇ ਖਾਣਾ, ਤੈਥੋਂ ਨੀ।” 

“ਲੇ ਬੇਬੇ ਦੇਖ ਹੋ ਗਿਆ ਠੀਕ ?” ਭੁੱਗੇ ਦੀ ਇਕ ਪਿੰਨੀ ਸੰਤੀ ਨੂੰ ਫੜਾਂਦੀ ਭਾਨੋ ਬੋਲੀ। 

“ਕੁੜੇ ਮੈਂ ਕਿਤੇ ਨਿਆਣੀ ਆਂ।” ਪਿੰਨੀ ਫੜ ਕੇ ਭੋਰਾ ਤੋੜ ਕੇ ਮੂੰਹ ਵਿੱਚ ਪਾਂਦਿਆਂ ਸੱਤੀ ਨੇ ਕਿਹਾ। 

“ਬੇਬੇ ਸੰਤੀ ….ਕੁੜੇ ਬੇਬੇ ਸੰਤੀ ?” 

“ਹੇਅ ਤਾਂ ਖਬਰਨੀ ਦਿਆਲੇ ਹਾਕਾਂ ਮਾਰਦੀ ਐ… ਕੁੜੇ ਆਈ….” 

ਸੰਤੀ ਨੇ ਬਚਦੀ ਪਿੰਨੀ ਮੂੰਹ ਵਿਚ ਪਾਈ, ਮੂੰਹ ਉਤੋਂ ਦੀ ਹੱਥ ਫੇਰਿਆ ਤੇ ਤੁਰ ਪਈ। 

“ਮੱਥਾ ਟੇਕਦੀ ਆਂ ਬੇਬੇ ਕਿੱਥੇ ਗਈ ਸੀ ? ਮੈਂ ਜੋਤੇ ਦੀ ਭਾਲਦੀ ਫਿਰਦੀ ਆਂ  

“ਜੀਉਂਦੀ ਵਸਦੀ ਰਹਿ। ਰੱਬ ਤੈਨੂੰ ਭਾਗ ਲਾਵੇ। ਮੈਂ ਭਾਨੋ ਤੋਂ ਕੰਡਾ ਕਢਾਉਣ ਗਈ ਸੀ। ਫੇਰ ਮੈਂ ਕਿਹਾ ਨਰੈਣ ਨੂੰ ਵੀ ਆਖ ਜਾਮਾਂ ਬਈ ਇਹ ਕਬੀਲਦਾਰਾਂ ਦਾ ਵੇਹੜਾ, ਐਮੀਂ ਨਾ ਲੁੱਚੇ ਲੰਡਿਆਂ ਨੂੰ ਕੱਠੇ ਕਰ ਕੇ ਲੈ ਆਇਆ ਕਰੇ। ਸਾਰੇ ਈ ਧੀਆਂ ਭੈਣਾਂ ਆਲੇ ਆਂ।” 

“ਨੀ ਬੇਬੇ ਤੂੰ ਤਾਂ ਭੋਲੀ ਐਂ ਨਰੈਣ ਕਰ ਕੇ ਕਿਹੜਾ ਆਉਂਦੈ, ਤੂੰ ਆਪ ਈ ਸਿਆਣੀ ਐਂ ਜੀਹਦੇ ਕਰ ਕੇ ਆਉਂਦੇ ਨੇ ਉਸ ਕਰਕੇ ਈ ਆਉਂਦੇ ਨੇ।” 

“ਕੁੜੇ ਦਿਆਲੋ ਰੱਬ ਨੂੰ ਜਾਨ ਦੇਣੀ ਐਂ ਭਾਨੋ ਤਾਂ ਇਹੋ ਜੀ ਲਗਦੀ ठो।” 

“ਲੱਗਣ ਨੂੰ ਕੀ ਹੋਰ ਓਸ ਦੇ ਫੰਘ ਲੱਗੇ ਹੋਣ। ਜਿਹੜੀ ਪੇਕੇ ਸਹੁਰੇ ਛੱਡੀ, ਰਾਮ ਗਊ ਬਣੀ ਫਿਰਦੀ ਐ, ਉਹ ਤੇਰੇ ਭਾ ਦੀ ਭਲੀ ਹੋਊ?” 

“ਕੁੜੇ ਕੀ ਪਤਾ ਹੁੰਦੈ, ਅਗਲਾ ਕਿਹੜੀ ਗੱਲੋਂ ਅੰਗਿਆਰਾਂ ਤੋਂ ਦੀ ਤੁਰਦੈ।” 

“ਨਹੀਂ ਬੇਬੇ ਤੂੰ ਤਾਂ ਸਾਰੇ ਜੱਗ ਨੂੰ ਆਪਣੇ ਵਰਗਾ ਸਮਝਦੀ ਐਂ। ਮੈਨੂੰ ਤਾਂ ਏਹਦੇ ਲੱਛਣ ਚੰਗੇ ਨੀ ਲਗਦੇ। ਜੀਦੇ ਕਿਸੇ ਦੇ ਪਾਠ ਖੁਲ੍ਹਿਆ ਹੋਊ ਮੂਹਰੇ ਭੱਜੀ ਫਿਰੂ। ਵੱਡੀ ਭਗਤਣੀ। ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।” 

“ਕੁੜੇ ਦਿਆਲੇ ਰੱਬ ਦੀਆਂ ਰੱਬ ਈ ਜਾਣੇ ਆਪਾਂ ਕਾਹਨੂੰ ਇਉਂ ਸੋਚ ਕੇ ਪਾਪਾਂ ਦੇ ਭਾਗੀ ਬਣੀਏ। ਕੁੜੇ ਹਾਅ ਛਿੰਗ ਤਬੀਤ ਤਾਂ ਬਲਾ ਸੁਹਣਾ ਪਾਈ ਫਿਰਦੀ ਐ ਨਮਾ ਕਰਵਾਇਐ?” 

“ਨਹੀਂ ਬੇਬੇ ਇਹ ਤਾਂ ਮੁੰਡੇ ਹੋਏ ਤੋਂ ਮੇਰੇ ਪੇਕਿਆਂ ਨੇ ਪਾਇਆ ਸੀ । ਏਸ ਘਰ ਤਾਂ ਜਿੱਦਣ ਦੀ ਆਈ ਆਂ ਨੱਕ ਨੂੰ ਮੇਖ ਕਿਹੜਾ ਜੁੜੀਐ।” . 

“ਕੁੜੇ ਅੱਜ ਕੱਲ੍ਹ ਕਬੀਲਦਾਰੀਆਂ ਇਹੋ ਜੀਆਂ ਈ ਨੇ।” 

“ਮੇਰੀ ਵਾਰ ਨੂੰ ਕਬੀਲਦਾਰੀਆਂ ਆ ਜਾਂਦੀਆਂ ਨੇ, ਆਵਦੀ ਭੈਣ ਆ ਜੇ ਮਟਕ ਦੇਣੇ ਹੱਟੀਓਂ ਲੀੜੇ ਪੜਵਾ ਦੂਗਾ।” 

“ਓਅਵੀ ਤਾਂ ਦਿੱਤੇ ਸਰਦੇ ਨੇ। ਨਹੀਂ ਤਾਂ ਅਗਲੇ ਮੇਹਣੇ ਮਾਰਦੇ ਨੇ ਬਈ ਪੇਕਿਆਂ ਤੋਂ ਝੱਗਾ ਚੁੰਨੀ ਵੀ ਨਾ ਸਰਿਆ।” 

“ਹੋਰ ਕੀ ਹਾਲ ਐ ਤੇਰੀ ਭਾਨੋ ਦਾ ?” ਦਿਆਲੋ ਨੇ ਧੁੱਪੇ ਧਰੇ ਕੁੜ ਨਾਲੋਂ ਬੰਧਾ ਆਪਣੇ ਹੱਥਾਂ ਉਤੇ ਮਲ ਕੇ ਮੈਲ ਦੀਆਂ ਬੱਤੀਆਂ ਲਾਹੁੰਦਿਆਂ ਪੁੱਛਿਆ। 

“ਚੰਗੀ ਐ ਬਚਾਰੀ।” 

“ਲੈ ਬਚਾਰੀ ਬਚੂਰੀ ਕੋਈ ਨੀ ਬੇਬੇ। ਸਾਡੇ ਪਿੰਡ ਵੀ ਸੀਗੀ ਇਕ ਇਹੋ ਜੀ ਚਲਾਂ । ਅਖੇ ਰੋਜ਼ ਗੁਰਦਵਾਰੇ ਪਾਠ ਸੁਣਨ ਜਾਂਦੀ ਐ। ਓਦਣ ਈ ਪਤਾ ਲੱਗਿਆ ਜਦੋਂ ਜਣਦਿਆਂ ਸਹੇੜਦਿਆਂ ਦੇ ਸਿਰ ਸੁਆਹ ਪਾ ਕੇ ਭਾਈ ਜੀ ਨਾਲ ਈ ਉਧਲਗੀ। ਪਰ ਓਸ ਦੇ ਤਾਂ ਘਰਦਿਆਂ ਨੇ ਪਿੱਛਾ ਕੀਤਾ। ਟੇਸਣ ਤੇ ਈ ਜਾ ਫੜੇ। ਭਾਈ ਜੀ ਦਾ ਮੂੰਹ ਕਾਲਾ ਕਰ ਕੇ, ਗਲ ਛਿੱਤਰਾਂ ਦੀ ਮਾਲਾ ਪਾ ਕੇ, ਗਧੇ ਤੇ ਬਠਾ ਕੇ ਸਾਰੇ ਪਿੰਡ ਦੇ ਦੁਆਲੇ ਗੇੜਾ ਦਿੱਤਾ। ਤੇ ਓਸ ਭੱਜੜੇ ਪਿੱਟੀ ਦੇ ਪਿਓ ਨੂੰ ਸੱਦ ਕੇ ਨਾਲ ਹੱਕਤੀ। ਬਈ ਆਪਦੀ ਨੂੰ ਖੂਹ ਵਿੱਚ ਸੁੱਟ, ਖਾਤੇ ਵਿੱਚ ਸੁੱਟ ਸਾਡੇ ਤਾਂ ਕੰਮ ਦੀ ਨੀ ਹੁਣ।” 

“ਤੂੰ ਬੈਠ ਦੱਸ ਚਾਹ ਧਰਾਂ ?” 

“ਨਹੀਂ ਬੇਬੇ ਮੈਂ ਤਾਂ ਇਕ ਕੰਮ ਆਈ ਸੀ ਤੇਰੇ ਕੋਲ।” 

“ਦੱਸ ਘਰ ਹੁੰਦੇ ਦਾ ਜਵਾਬ ਨੀਂ।” 

“ਭੋਰਾ ਕੁ ਸ਼ਰਾਬ ਚਾਹੀਦੀ ਐ, ਮੁੰਡੇ ਦੇ ਸੱਟ ਲੱਗੀਆ, ਪੱਟੀ ਬੰਨ੍ਹਣੀ भै।” 

“ਸ਼ਰਾਬ ਆਪਣੇ ਕਿੱਥੇ। ਆਪਣੇ ਕੋਈ ਮੂੰਹ ਨਾ ਲਾਵੇ। ਹਾਂ ਨਰੈਣ ਕੇ ਹੋਊ।” 

“ਮੈਂ ਕਿਹਾ ਪਿਛੇ ਜੇ ਆਪਣੀ ਸੀਤੋ ਦਾ ਪਰਾਹੁਣਾ ਆਇਆ ਹੋਇਆ ਸੀ ਖ਼ਬਰੇ ਭੋਰਾ ਪਈ ਹੋਵੇ ਕਿਸੇ ਬੋਤਲ ਵਿਚ।” 

“ਲਿਆਂਦੀ ਤਾਂ ਸੀ ਪਰਾਹੁਣੇ ਆਏ ਤੋਂ, ਪਰ ਬਾਹਰਲੇ ਘਰ ਈ ਪੀਂਦੇ ਪੂੰਦੇ ਰਹੇ ਤੇ ਖ਼ਾਲੀ ਬੋਤਲ ਮੋਧੂ ਆਪਣੇ ਕਾਮੇ ਦੀ ਧੀ ਲੈਗੀ ਮੰਗ ਕੇ ਤੇਰੇ ਬਾਬੇ ਤੋਂ। ਤੈਨੂੰ ਪਤੈ ਜਵਾਬ ਤਾਂ ਦੇਈ ਨੀ ਹੁੰਦਾ ਉਸ ਤੋਂ ਕਿਸੇ ਨੂੰ, ਅਖੇ ਬਾਬਾ ਜੀ ਹੱਟੀਓਂ ਮਿੱਟੀ ਦਾ ਤੇਲ ਲਿਆਉਣੈ। ਮੈਂ ਕਿਹਾ ਬੀ ਬਈ ਘਰ ਕੰਮ ਆ ਜਾਂਦੀ। ਨਹੀਂ ਤਾਂ ਹੁਣ, ਚਿੱਟੀ ਬੋਤਲ ਤਾਂ ਵਿਕ ਵੀ ਛਿਹੁੰ ਆਨਿਆਂ ਨੂੰ ਜਾਂਦੀ ਐ। ਤੂੰ ਭਾਨੋ ਤੋਂ ਪੁੱਛ ਲੈ!” 

“ਮੇਰਾ ਨੀ ਓਸ ਦੇ ਮੱਥੇ ਲੱਗਣ ਨੂੰ ਜੀ ਕਰਦਾ। ਮੈਂ ਤਾਂ ਕੱਲ੍ਹ ਸਾਡੇ ਜਾਗਰ ਨਾਲ ਵੀ ਲੜਪੀ ਬਈ ਕੀ ਕੰਮ ਐ ਤੇਰਾ ਓਨਾ ਦੇ ਘਰ ਗੇੜੇ ਮਾਰਨ ਦਾ।” 

“ਕੁੜੇ ਦਿਆਲੋ ਜਾਗਰ ਨੂੰ ਵਿਆਹ ਲੈ ਹੁਣ, ਕਦੋਂ ਤਾਈਂ ਤੇਰੇ ਹੱਥਾਂ ਕੰਨੀਂ ਝਾਕਦਾ ਰਹੂ।” “ਬੇਬੇ ਕੋਈ ਕੰਮ ਦਾ ਸਾਕ ਆਵੇ ਤਾਂ ਗੱਲ ਐ। ਮਾੜੇ ਘਰ ਦੀ ਮੈਂ ਕੋਈ ਲੈਣੀ ਨੀ ਚਾਹੁੰਦੀ, ਜਿਹੜੀ ਆਉਂਦੀਓ ਲੈ ਕੇ ਅੱਡ ਹੋਜੇ। ਲੋਕ ਤਾਂ ਕਹਿੰਦੇ ਹੋਣਗੇ ਬਈ ਲਾਲਚ ਦੀ ਮਾਰੀ ਨੀ ਵਿਆਹੁੰਦੀ ਦਿਓਰ ਨੂੰ, ਪਰ ਰੱਬ ਨੂੰ ਜਾਨ ਦੇਣੀ ਐ, ਮੈਂ ਤਾਂ ਤੇਰੇ ਪੁੱਤ ਨੂੰ ਕਈ ਵਾਰੀ ਆਖ ਹਟੀ ਆਂ, ਬਈ ਲੋਕਾਂ ਨੇ ਕਾਲਸ ਦਾ ਠੀਕਰਾ ਮੇਰੇ ਸਿਰ ਈ ਭੰਨਣਾ ਐ, ਤੂੰ ਲੈ ਲੈ ਕੋਈ ਸਾਕ।” 

“ਕੋਈ ਆਵੇ ਤਾਂ ਤੇਰੇ ਨਾਲ ਵੀ ਹੱਥ ਵਟਾਵੇ। ਕਲਾਪੀ ਨੂੰ ਤਾਂ ਖਰਾ ਈ ਔਖਾ ਹੁਂਦੇ ਬਹੂ।” 

“ਮੇਰੇ ਨਾਲ ਤਾਂ ਕੀ ਹੱਥ ਵਟਾਊ ਚਲ ਘਰ ਤਾਂ ਵਸਦਾ ਹੋਊ।” 

“ਜਾਗਰ ਆਉਂਦੈ ਖ਼ਬਰਨੀ ?” ਸੰਤੀ ਨੇ ਮੱਥੇ ਉੱਤੇ ਹੱਥ ਧਰ ਕੇ ਦੂਰੋਂ ਆਉਂਦੇ ਜਾਗਰ ਨੂੰ ਪਹਿਚਾਣਦਿਆਂ ਕਿਹਾ। 

“ਆਹੋ ਉਹੀਐ ਅੱਗ ਲੱਗੀ ਆਲਾ । ਜਾਂਦਾ ਹੋਊ ਭਾਨੜੋ ਦੇ ਘਰ ਨੂੰ। ਟੁੱਟ ਪੈਣਾ ਕਲ੍ਹ ਅਜੇ ਮੇਰੇ ਕੋਲ ਨੇਮ ਚੱਕ ਕੇ ਹਟਿਆ ਐ।” 

ਏਨੇ ਨੂੰ ਜਾਗਰ ਨੇੜੇ ਆ ਗਿਆ। 

“ਵੇ ਕਿਧਰ ਨੂੰ ਮੂੰਹ ਚੱਕੀ ਆਉਨੈਂ ਜਾਗਰਾ।” ਦਿਆਲੋ ਨੇ ਖਿੱਝ ਕੇ ਪੁੱਛਿਆ। 

“ਮੈਂ ਤੈਨੂੰ ਈ ਸੱਦਣ ਆਇਆ ਭਾਬੀ। ਮੁੰਡਾ ਕਦੋਂ ਦਾ ਵਿਲਕੀ ਜਾਂਦੈ, ਤੂੰ ਮੁੜ ਕੇ ਈ ਨੀ ਆਈ।” 

“ਦਾਰੂ ਦਾ ਭੋਰਾ ਕਿਤੋਂ ਮਿਲਦਾ ਤਾਂ ਆਉਂਦੀ।” 

“ਮੈਂ ਲੈ ਔਨਾਂ ਨਰੈਣ ਤੋਂ।” 

“ਆਹੋ ਨਰੈਣ ਕੇ ਘਰ ਤੋਂ ਬਿਨਾਂ ਤੈਨੂੰ ਦਾਰੂ ਥਿਆਉਂਦੀਐ ਭਲਾ ਕਿਤੋਂ।” 

“ਤੂੰ ਚੱਲ ਮੈਂ ਆਇਆ।” ਆਖ ਜਾਗਰ ਕਾਹਲੀ ਕਾਹਲੀ ਭਾਨੋ ਕੇ ਘਰ ਵੱਲ ਨੂੰ ਤੁਰ ਗਿਆ। 

“ਦੇਖ ਲੈ ਬੇਬੇ ਏਸੇ ਤੀਮੀਂ ਦੇ ਵੱਸਬ। ਜਾਗਰ ਸਾਹ ਕਿਹੜਾ ਲੈਂਦੈ। ਚੱਲ ਲੈਣ ਦੇ ਅੱਜ ਘਰ ਕਰਦੀਆਂ ਏਸ ਨਾਲ ਤਾਂ ਕੁਪੱਤ।” 

“ਮਖਾਂ ਦਿਆਲੇ ਐਮੀਂ ਨੀ ਵਾ ਨੂੰ ਗੰਢਾਂ ਦੇਈ ਦੀਆਂ। ਨਰੈਣ ਨਾਲ ਜਾਗਰ ਦਾ ਬਹਿਣ ਉਠਣ ਤਾਂ ਕਈ ਸਾਲਾਂ ਦਾ ਐ।” 

“ਨਹੀਂ ਬੇਬੇ ਤੈਨੂੰ ਨੀ ਪਤਾ ਏਸ ਤੀਮੀਂ ਦਾ। ਨਰੈਣ ਤਾਂ ਊਈਂ ਡੰਗਰ 

ਐ । ਉਹ ਤਾਂ ਤੁਰੀ ਜਾਂਦੀ ਅੱਖਾਂ ਨਾਲ ਈ ਗੱਲਾਂ ਕਰ ਜਾਂਦੀ ਐ। ਮੈਨੂੰ ਕਿਸੇ ਨੇ ਦੱਸਿਆ ਸੀ ਉਹ ਬਾਹਰ ਕੰਨੀ ਵੀ ਸਾਡੇ ਖੂਹ ਕੰਨੀ ਈ ਜਾਂਦੀ ਹੁੰਦੀ ਐ। ਮੈਂ ਤਾਂ ਗੁਤਨੀ ਪੱਟਦੂੰ ਫੜ ਕੇ ਭੱਜੜੇ ਪਿੱਟੀ ਦੀ।” 

“ਕੁੜੇ ਦਿਆਲੋ ਬਿਨਾਂ ਅੱਖੀਂ ਦੇਖਿਆਂ ਕਿਸੇ ਨੂੰ ਕੁਸ਼ ਨੀ ਕਹੀਦਾ। ਅੱਜ ਕੱਲ੍ਹ ਲਾਈਆਂ ਬੁਝਾਈਆਂ ਲਾਉਣ ਵਾਲੇ ਵੀ ਬਥੇਰੇ ਨੇ।” 

“ਤੂੰ ਗਈ ਨੀ ਭਾਬੀ ਘਰ ਮੁੰਡਾ ਰੋਂਦਾ ਹੋਊ। ਚੱਲ ਲੈ ਆਇਆ ਮੈਂ ਸ਼ਰਾਬ ।” ਤੁਰੇ ਜਾਂਦੇ ਜਾਗਰ ਨੇ ਹੱਥ ਦੇ ਕੇ ਢਕੀ ਸ਼ਰਾਬ ਦੀ ਕੌਲੀ ਦਿਆਲੇ ਨੂੰ ਵਿਖਾਂਦਿਆਂ ਕਿਹਾ। 

ਦਿਆਲ ਵੀ ਉਸ ਦੇ ਨਾਲ ਤੁਰ ਪਈ। 

“ਜਾਗਰਾ ਤੇਰੇ ਇਹ ਚਾਲੇ ਮੈਨੂੰ ਨੀ ਪਸਿੰਦ ।” ਬੀਹੀ ਵਿਚ ਤੁਰੇ ਜਾਂਦਿਆਂ ਦਿਆਲੋ ਨੇ ਜਾਗਰ ਨੂੰ ਕਿਹਾ ਤੇ ਆਪਣੀ ਭੈਂਗੀ ਅੱਖ ਨਾਲ ਜਾਗਰ ਹਰ ਨੂੰ ਨੂੰ ਤਾੜਿਆ। 

“ਤੂੰ ਤਾਂ ਊਈਂ ਔਖੀ ਹੁੰਨੀਐ ਭਾਬੀ, ਉਹ ਕੀ ਤੇਰੇ ਨਾਲੋਂ ਸੁਹਣੀਐ ?” ਜਾਗਰ ਨੇ ਹੌਲੀ ਦੇ ਕੇ ਮਸ਼ਕਰੀ ਕੀਤੀ। 

“ਆਹੋ ਮੈਂ ਜਾਣਦੀ ਆਂ ਕਹਿੰਦਾ ਹੋਏਂਗਾ ਬਈ ਭਾਬੀ ਤਾਂ ਹੁਣ ਪੁਰਾਣੀ ਹੋਗੀ ਏਸ ਦਾ ਕੀ ਐ।” ਦਿਆਲੋ ਨੇ ਕੁੜਤੀ ਦਾ ਖੁੱਲ੍ਹ ਗਿਆ ਬਟਨ ਅੜਾਉਂਦਿਆਂ ਕਿਹਾ। 

“ਨਹੀਂ ਮੈਨੂੰ ਤਾਂ ਤੂੰ ਪੁਰਾਣੀ ਹੋਈ ਨੀਂ ਲਗਦੀ, ਬੱਸ ਇਕੋ ਨੁਕਸ ਐ ਬਈ ਲੜਦੀ ਰਹਿੰਨੀ ਐਂ।” 

“ਲੜਾਂ ਨਾ ਹੋਰ ਤੈਨੂੰ ਰਿਆ ਫਿਰਨ ਦਿਆਂ? ਦੇਖ ਤਾਂ ਤੀਮੀਂ ਨੀਂ ਤੀਮੀਂ ਦਾ ਵਰਗ ਨੀ। ਖ਼ਬਰਨੀ ਕੀਹਦੀ ਕੀਹਦੀ ਜੂਠ ਐ। ਤੇਰੀ ਅੱਡੀ ਕਿਹੜਾ ਲੱਗਦੀ ਐ, ਫੱਟ ਓਥੇ।” 

“ਨਹੀਂ ਭਾਬੀ ਭਾਨੋ ਇਹੋ ਜੀ ਨੀ।” 

“ਆਹੋ ਵੇ ਮੈਂ ਜਾਣਦੀਆਂ। ਆ ਗਿਆ ਭਾਨੋ ਦਾ ਵੱਡਾ ਹਮੈਤੀ। ਇਹੋ ਜੀਆਂ ਨੂੰ ਧਤੜੇ ਤਾਂ ਬਥੇਰੇ ਲਾਉਣੇ ਆਉਂਦੇ ਹੁੰਦੇ ਨੇ। ਹੋਰ ਤਾਂ ਉਹ ਦੁੱਧ ਧੋਤੀਐ। ਹੁਣ ਤਾਈਂ ਖ਼ਬਰਨੀ ਕੈ ਛੱਡੇ ਨੇ ਤੇ ਕੈ ਕੀਤੇ ਨੇ। ਦੱਸੂ ਅੱਜ ਤੇਰੇ ਬਾਈ ਨੂੰ ਘਰ ਚੱਲ ਲੈ ।” 

“ਕੀ ਦੱਸੇਂਗੀ?” ਜਾਗਰ ਨੇ ਚਾਮ੍ਹਲ ਕੇ ਪੁੱਛਿਆ।  “ਬਈ ਨਰੈਣ ਮਾਰੇ ਦੇ ਘਰ ਈ ਵੜਿਆ ਰਹਿੰਦੈ।।’ 

“ਮੈਂ ਦੱਸੂਗਾ ਬਈ ਭਾਬੀ ਕਾਹਤੋਂ ਖਿਝਦੀਐ।” 

“ਖਿਝਦੀਐ ਜਣਦਿਆਂ ਨੂੰ ਰੋਣ ਨੂੰ। ਤੈਨੂੰ ਤਾਂ ਨਹੀਂ ਮੈਨੂੰ ਤਾਂ ਘਰ ਦੀ ਇੱਜ਼ਤ ਦਾ ਖਿਆਲ ਐ। ਨਿਆਣਾ ਹੋਮੇਂ ਚਪੇੜ ਮਾਰ ਕੇ ਬਠਾਲਾਂ । ਹੈ ਹੀ ਬੁੱਢਵਲ੍ਹੇਟ।” 

ਦੀਵੇ ਮਿਲਦਿਆਂ ਨਾਲ ਪੋਲੇ ਪੋਲੇ ਪੈਰ ਧਰਦਾ, ਡੱਬ ਵਿਚ ਬੋਤਲ ਦੇਈ ਨਰੈਣ ਦੇ ਘਰ ਵੱਲ ਚੋਰਾਂ ਵਾਂਗ ਤੁਰਿਆ ਜਾਂਦਾ ਜਾਗਰ ਸੋਚ ਰਿਹਾ ਸੀ, ‘ਕਿਤੇ ਠੀਕ ਈ ਤਾਂ ਨਹੀਂ ਸੀ ਆਖਦੀ ਭਾਬੀ ਨਹੀਂ ਨਹੀਂ ਨਰੈਣ ਤਾਂ ਆਪਣਾ ਯਾਰ ਐ ਭਾਨੋ ਹਾਂ ਭਾਨੋ ਨਹੀਂ ਉਹ ਤਾਂ ਆਪਣੀ ਭਾਬੀ मैं।’ 

ਜਾਗਰ ਨੇ ਹੌਲੀ ਦੇ ਕੇ ਭੇੜਿਆ ਹੋਇਆ ਦਰ ਖੜਕਾਇਆ। 

ਰੋਟੀ ਪਕਾਉਂਦੀ ਭਾਨੋ ਨੇ ਉਠ ਕੇ ਦਰ ਖੋਲ੍ਹਿਆ। ਜਾਗਰ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਬੋਲੀ, “ਤੇਰਾ ਬਾਈ ਤਾਂ ਘਰ ਨੀ ਜਾਗਰਾ।” 

“ਚੰਗਾ ਮੈਂ ਚੁਬਾਰੇ ‘ਚ ਬੈਠਦਾਂ, ਜਦੋਂ ਆ ਗਿਆ ਭੇਜਦੀਂ ।” ਕਹਿੰਦਾ ਜਾਗਰ ਪੌੜੀ ਚੜ੍ਹ ਗਿਆ। 

ਬਿੰਦ ਕੁ ਮਗਰੋਂ ਫੇਰ ਹੇਠਾਂ ਆ ਉਤਰਿਆ। 

“ਭਾਬੀ ਪਾਣੀ ਦੀ ਗੜਵੀ ਤਾਂ ਦਈਂ, ਨਾਲੇ ਗਲਾਸ ਵੀ।” 

“ਤੂੰ ਆਪਣੇ ਬਾਈ ਆਏ ਤੋਂ ਈ ਆਜੀ ਜਾਗਰਾ, ਆਖ ਭਾਨੋ ਨੇ ਬੂਹਾ ਭੇੜ ਲਿਆ। ਜੱਕੇ ਤੱਕੇ ਕਰਦਾ ਉਹ ਬਾਰ ਖੋਲ੍ਹ ਕੇ ਮਗਰ ਹੀ ਚਲਿਆ ਗਿਆ। 

“ਤੂੰ ਸ਼ੈਦ ਮੈਨੂੰ ਓਪਰਾ ਬੰਦਾ ਸਮਝਦੀਐਂ ਭਾਬੀ, ਪਰ ਨਰੈਣ ਅਸਲ ਵਿਚ ਮੇਰਾ ਚਾਚਾ ਲਗਦੈ, ਪਰ ਮੁੱਢ ਤੋਂ ਹੀ ਆੜੀ ਰਹਿਐ, ਏਸ ਖ਼ਾਤਰ ਮੈਂ ਉਹਨੂੰ ਬਾਈ ਆਖਦਾਂ। ਉਸ ਨੇ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਗੋਦੀ ਚੁੱਕ ਕੇ ਖਿਡਾਇਐ।” 

“ਨਹੀਂ ਮੇਰਾ ਮਤਲਬ ਸੀ, ਤੇਰਾ ਬਾਈ ਘਰ ਨੀ ਤੇ…” ਆਖਦੀ ਭਾਨੋ ਨੇ ਉਸ ਨੂੰ ਉਥੋਂ ਤੋਰਨ ਦੀ ਖ਼ਾਤਿਰ ਪਾਣੀ ਦੀ ਗੜਵੀ ਤੇ ਖ਼ਾਲੀ ਗਲਾਸ ਕੋਲ ਲਿਆ ਧਰਿਆ। 

ਜਾਗਰ ਬਿੰਦ ਕੁ ਚੁੱਪ ਕਰਿਆ ਬੈਠਾ ਭਾਨੋ ਵੱਲ ਝਾਕਦਾ ਰਿਹਾ ਜਿਵੇਂ ਉਸ ਨੇ ਕੁਝ ਆਖਣਾ ਹੋਵੇ । ਭਾਨੋ ਨੀਵੀਂ ਪਾਈ ਰੋਟੀਆਂ ਲਾਹੁੰਦੀ ਰਹੀ। 

ਫੇਰ ਪਾਣੀ ਦੀ ਗੜਵੀ ਤੇ ਖ਼ਾਲੀ ਗਲਾਸ ਲੈ ਕੇ ਉਹ ਕੋਠੇ ਜਾ ਚੜ੍ਹਿਆ । ਇਕੱਲਾ ਹੀ ਬੈਠਾ ਪੀਂਦਾ ਰਿਹਾ। 

ਭਾਨੋ ਰੋਟੀਆਂ ਪਕਾ ਕੇ ਹਟੀ ਹੀ ਸੀ ਜਦੋਂ ਜਾਗਰ ਫੇਰ ਹੇਠਾਂ ਉਤਰ ਆਇਆ। ਭਾਨੋ ਨੇ ਚੋਪੜਨ ਲਈ ਰੋਟੀਆਂ ਛਾਬੇ ਵਿਚ ਖਲਾਰ ਲਈਆਂ ਤਾਂ ਜੋ ਭਾਫ ਨਿਕਲ ਜਾਵੇ। 

ਜਾਗਰ ਨੇ ਜਾਣ ਕੇ ਖੰਘੂਰਾ ਮਾਰਿਆ ਜੋ ਭਾਨੋ ਉਸ ਵਲ ਵੇਖੋ। ਭਾਨੋ ਆਪਣੇ ਧਿਆਨ ਕੁੱਜੇ ਵਿਚੋਂ ਬੰਦੇ ਦਾ ਹੱਥ ਲਾ ਲਾ ਰੋਟੀਆਂ ਚੋਪੜਦੀ ਰਹੀ। 

“ਮੈਂ ਕਿਹਾ ਭਾਬੀ ਤੂੰ ਸਾਡੇ ਨਾਲ ਗੁੱਸੇ ਐਂ?” ਜਾਗਰ ਨੇ ਚੌਂਕੇ ਵਿਚ ਪੀੜ੍ਹੀ ਉੱਤੇ ਬੈਠਦਿਆਂ ਕਿਹਾ। 

ਸ਼ਰਾਬ ਦੀ ਹਵਾੜ ਭਾਨੋ ਦੇ ਸਿਰ ਨੂੰ ਚੜ੍ਹੀ। । ਉਸ ਨੇ ਇਕ ਵਾਰ ਜਾਗਰ ਵੱਲ ਦੇਖਿਆ ਤੇ ਨੀਵੀਂ ਪਾਈ ਆਪਣੇ ਕੰਮ ਲੱਗੀ ਰਹੀ। 

“ਮੈਂ ਕਿਹਾ ਭਾਬੀ ਛੋਟੇ ਦਿਓਰ ਨਾਲ ਕਦੇ ਹੱਸ ਕੇ ਵੀ ਗੱਲ ਕਰ ਲਿਆ ਕਰ। ਲੋਕਾਂ ਦੀਆਂ ਭਾਬੀਆਂ ਤਾਂ ਸੌ ਸੌ ਖ਼ਾਤਰਾਂ ਕਰਦੀਆਂ ਨੇ ਆਪਣੇ ਦਿਉਰਾਂ ਦੀਆਂ।” 

ਭਾਨੋ ਜ਼ਰਾ ਕੁ ਘੂਰੀ ਪਾ ਕੇ ਉਸ ਵੱਲ ਝਾਕੀ ਤੇ ਬੋਲੀ, “ਜਾਗਰਾ ਉਪਰ ਈ ਜਾ ਕੇ ਬਹਿ ਜਾ।” 

“ਜਦੋਂ ਤਾਈਂ ਤੂੰ ਨਹੀਂ ਮੰਨਦੀ ਮੈਂ ਨਹੀਂ ਜਾਂਦਾ।” ਜਾਗਰ ਲੱਤਾਂ ਪਸਾਰ ਕੇ ਬੈਠਦਾ ਹੋਇਆ ਬੋਲਿਆ। 

“ਜਾਗਰਾ ਇਹ ਗੱਲ ਚੰਗੀ ਨਹੀਂ।” ਭਾਨੋ ਨੇ ਸੜ ਬਲ ਕੇ ਕਿਹਾ। 

“ਭਾਬੀ ਭਾਮੇਂ ਚੰਮ ਦੀਆਂ ਜੁੱਤੀਆਂ ਸਮਾ ਲੈ, ਪਰ ਘੂਰ ਕੇ ਨਾ ਦੇਖ।” ਭਾਨੋ ਚੁੱਪ ਕਰ ਰਹੀ। 

“ਸਾਰਾ ਦਿਨ ਸੋਚਦੇ ਨੂੰ ਮਸਾਂ ਕਿਤੇ ਦਿਨ ਛਿਪਦੈ। ਤਰਸ ਜਾਈਦੈ ਤੇਰਾ ਮੂੰਹ ਦੇਖਣ ਨੂੰ ਵੀ।” 

“ਮੂੰਹ ਨੂੰ ਕੀ ਮੇਰੇ ਨੂੰ ਫੁੱਲ ਲੱਗੇ ਹੋਏ ਨੇ!” ਭਾਨੋ ਨੇ ਰੋਟੀਆਂ ਪੋਣੇ ਵਿਚ ਵਲ੍ਹੇਟ ਕੇ, ਡੱਬੇ ਵਿਚ ਪਾ ਕੇ, ਪੀੜ੍ਹੇ ਵਿਚ ਧਰਦਿਆਂ ਕਿਹਾ। 

“ਏਹੀ ਤਾਂ ਮੈਨੂੰ ਵੀ ਸਮਝ ਨੀ ਆਉਂਦੀ। ਘਰੋਂ ਵੀ ਕੁੱਤੇ ਖਾਣੀ ਕਰਾਈਦੀ ਐ, ਤੂੰ ਵੀ ਸ਼ਿਸ਼ਕੇਰ ਛੱਡਦੀ ਐਂ, ਫੇਰ ਵੀ ਮਨ ਸਹੁਰਾ ਏਧਰ ਤੋਰ ਲੈਂਦੈ।” 

ਭਾਨੋ ਆਟੇ ਵਾਲੀ ਪਰਾਤ ਵਿਚ ਪਾਣੀ ਪਾ ਕੇ ਖੁਰਚਣੇ ਨਾਲ ਆਟਾ ਖੁਰਚਣ ਲੱਗ ਪਈ। 

“ਭਾਬੀ ਸਰਵਣ ਵੀ ਮੇਰਾ ਆੜੀ ਸੀ। ਇਕ ਵਾਰੀ ਜਰਗ ਦੇ ਮੇਲੇ ਤੇ ਉਹ ਮੇਰੇ ਨਾਲ ਘੁਲਿਆ ਵੀ ਸੀ।” 

ਭਾਨੋ ਗੁੱਸਾ ਭੁੱਲ ਗਈ। 

ਹਉਕਾ ਭਰਿਆ। 

ਰੋਣਹਾਕੀ ਹੋ ਕੇ ਜਾਗਰ ਵੱਲ ਦੇਖਿਆ। ਉਦੋਂ ਹੀ ਪਤਾ ਲੱਗਿਆ ਜਦੋਂ ਜਾਗਰ ਨੇ ਉਸ ਦੀ ਬਾਂਹ ਫੜ ਲਈ। 

“ਨਹੀਂ ਜਾਗਰਾ ਨਹੀਂ।” ਭਾਨੋ ਨੇ ਝੁੰਝਲਾ ਕੇ ਕਿਹਾ। 

“ਤੂੰ ਤਾਂ ਲਹੂ ਪੀ ਲਿਆ ਮੇਰਾ, ਨਾ ਦਿਨੇ ਚੈਨ ਐ ਨਾ ਰਾਤ ਨੂੰ। ਦੋ ਮਹੀਨੇ ਹੋਗੇ ਗੇੜੇ ਕੱਢਦੇ ਨੂੰ, ਨਰੈਣ ਵੀ ਕੋਈ ਬੰਦੈ ਜੀਹਦੀ ਖਾਤਰ ਮੇਰੇ ਨਾਲ ਇਉਂ ਕਰਦੀ ਐਂ ?” ਜਾਗਰ ਨੇ ਉਸ ਨੂੰ ਛਟਪਟਾਂਦੀ ਨੂੰ ਬਾਹਵਾਂ ਵਿਚ ਨਪੀੜ ਕੇ ਕਿਹਾ। 

“ਨਹੀਂ….ਨਹੀਂ… ਮੈਂ ਰੌਲਾ ਪਾ ਦੇਣੈ ਜਾਗਰਾ। ਰੱਬ ਦੇ ਵਾਸਤੇ ਜਾਹ ਜਾਂਦਾ ਰਹਿ।” 

“ਕਿੱਥੇ ਜਾਮਾਂ ?” 

ਮੱਝ ਨੇ ਸਿਰ ਹਿਲਾਇਆ। ਸੰਗਲ ਖੜਕਿਆ। ਜਾਗਰ ਨੇ ਸਮਝਿਆ ਨਰੈਣ ਆ ਗਿਆ। ਉਹ ਭਾਨੋ ਨੂੰ ਛੱਡ ਕੇ ਪਰ੍ਹਾਂ ਹੋ ਗਿਆ। 

ਭਾਨੋ ਨੱਠ ਕੇ ਅੱਗ ਦੇ ਭਬੂਕੇ ਵਾਂਗੂੰ ਬਾਹਰ ਨਿਕਲ ਗਈ। ਉਸੇ ਤਰ੍ਹਾਂ ਬਾਰ ਖੁੱਲ੍ਹਾ ਛੱਡ ਉਹ ਡਰੀ ਘਬਰਾਈ ਸੰਤੀ ਦੇ ਘਰ ਜਾ ਵੜੀ। 

“ਕੁੜੇ ਭਾਨੋ ਤੂੰ ਐਂ? ਕਿਮੇਂ ਕੰਧੀਂ ਕਉਲੀਂ ਲਗਦੀ ਫਿਰਦੀ ਐਂ ?” ਸੰਤੀ ਨੇ ਦਰਾਂ ਮੂਹਰੇ ਬੈਠੇ ਇਕ ਕਤੂਰੇ ਨੂੰ ਬੁਰਕੀ ਸੁੱਟਦਿਆਂ ਪੁੱਛਿਆ। 

“ਮੈਂਈ ਆਂ ਬੇਬੇ।” ਆਖ ਕੇ ਭਾਨੋ ਉਸ ਦੇ ਕੋਲ ਜਾ ਕੇ ਰੋ ਪਈ। 

“ਹੋ ਕੀ ਗਿਆ ? ਦੱਸ ਤਾਂ ਸਹੀ ? ਨਰੈਣ ਨੇ ਕੁਸ਼ ਕਿਹੈ ?” ਸੰਤੀ ਨੇ ਉਸ ਦੇ ਸਿਰ ਉਤੇ ਹੱਥ ਰੱਖ ਕੇ ਵਰਤਾਉਂਦਿਆਂ ਕਿਹਾ। 

“ਨਹੀਂ ਬੇਬੇ ਉਹ ਤਾਂ ਘਰ ਨੀ ਤੇ ਜਾਗਰ ਜਾਗਰ…. ।” ਅੱਗੋਂ ਗੱਲ ਹਟਕੋਰਿਆਂ ਵਿਚ ਖੋ ਗਈ। 

“ਅੱਛਾ ਉਸ ਦੀ ਏਹ ਮਜਾਲ । ਮੈਂ ਹੁਣੇ ਪੁੱਟਦੀ ਆਂ ਦਾਹੜੀ ਹਰਾਮੀਂ 

ਦੀ।” ਆਖਦੀ ਸੰਤੀ ਦਰਾਂ ਕੋਲ ਪਏ ਗੰਨੇ ਦੇ ਟੋਟੇ ਨੂੰ ਚੁੱਕ ਕੇ ਤੁਰ ਪਈ। 

“ਬੇਬੇ ਡੰਡ ਨਾ ਪਾਈਂ ਲੋਕ ਕੀ ਕਹਿਣਗੇ ।” ਭਾਨੋ ਨੇ ਵਾਸਤਾ ਪਾਇਆ। 

“ਜਾਣਦੇ ਨੀ ਲੋਕਾਂ ਨੇ ਕੀ ਕਹਿਣਾ ਸੀ। ਇਹ ਗਿੱਝਿਆ ਗਿੱਝਿਆ ਭਲਕੇ ਕਿਸੇ ਹੋਰ ਦੀ ਇੱਜ਼ਤ ਨੂੰ ਹੱਥ ਪਾਊਗਾ। ਮਖਾਂ ਏਸ ਦਾ ਕੰਮ ਕੀ ਐ ਏਸ ਵੇਲੇ ਸਾਡੀ ਬੀਹੀ ਵੜਨ ਦਾ ।” ਸੰਤੀ ਬੋਲਦੀ ਜਾ ਰਹੀ ਸੀ। 

ਸੰਤੀ ਦੇ ਜਾਣ ਤੋਂ ਪਹਿਲਾਂ ਹੀ ਜਾਗਰ ਜਾ ਚੁੱਕਿਆ ਸੀ । ਪਰ ਜਿਹੜਾ ਵੀ ਕੋਈ ਮਿਲੇ ਸੰਤੀ ਏਹੀ ਆਖੇ, “ਹੈਂ ਨੀਂ ਹਨੇਰ ਸਾਈਂ ਦਾ ਦਿਆਲੋ ਦਾ ਰੁੜ੍ਹ ਜਾਣਾ ਜਾਗਰ ਸ਼ਰਾਬ ਪੀ ਕੇ ਨਰੈਣ ਦੇ ਘਰ ਜਾ ਵੜਿਆ।” 

“ਨੀ ਬੇਬੇ ਤੈਨੂੰ ਕੀ ਪਤਾ ਕਈ ਵਾਰੀ ਇਹੋ ਜੀਆਂ ਆਪ ਈ ਪਹਿਲਾਂ ਮਗਰ ਲਾ ਲੈਂਦੀਆਂ ਨੇ ਤੇ ਜੇ ਕੋਈ ਉਪਰੋਂ भाने ਤਾਂ ਡੰਡ ਪਾ ਦਿੰਦੀਆਂ ਨੇ। ਸੱਚੀਆਂ ਬਣਨ ਦੀਆਂ ਮਾਰੀਆਂ।” ਬਚਨੀ ਨੇ ਸੰਤੀ ਨੂੰ ਦੱਸਿਆ। 

“ਕੁੜੇ ਨਹੀਂ ਏਨੇ ਮਹੀਨੇ ਹੋਗੇ ਨੇ ਭਾਨੋ ਨੂੰ ਆਈ ਨੂੰ, ਕਦੇ ਅੱਖ ‘ਚ ਪਾਈ ਨੀ ਰੜਕੀ। ਉਹ ਨੀ ਇਹੋ ਜੀ।” 

“ਬੇਬੇ ਕਹਿੰਦੇ ਨੇ ਜਾਗਰ ਸ਼ਹਿਰੋਂ ਸੂਟ ਸਮਾ ਕੇ ਲਿਆਇਐ। ਹੋਰ ਐਮੀਂ ਤਾਂ ਨੀਂ ਆਉਂਦੇ ਸੂਟ।” 

“ਨਹੀਂ ਕੁੜੇ ਇਹ ਤਾਂ ਮੇਰੇ ਸਾਹਮਣੇ ਦੀ ਗੱਲ ਐ, ਉਹ ਤਾਂ ਨਰੈਣ ਨੇ ਆਪ ਫੜਾਤਾ ਸੀ ਬਈ ਘਰ ਦੇ ਆਈਂ। ਆਪ ਉਹ ਕਿਸੇ ਕੰਮ ਭਰਥਲੇ ਨੂੰ ਚਲਿਆ ਗਿਆ ਸੀ।” 

“ਆਹੋ ਬੇਬੇ ਹੋਰ ਤੇਰੇ ਬੈਠੀ ਤੋਂ ਉਹ ਕੀ ਆਖਦਾ ਏਹੀ ਆਖਣਾ ਸੀ ਬਈ ਨਰੈਣ ਨੇ ਫੜਾਇਐ।” 

“ਫੇਰ ਭਾਈ ਰੱਬ ਦੀਆਂ ਰੱਬ ਜਾਣੈ।” ਆਖਦੀ ਸੰਤੀ ਨੇ ਦਰਾਂ ਮੂਹਰੇ ਖੜੋਤੀ ਡੱਬੀ ਕੁੱਤੀ ਦੇ ਟਿਕਾ ਕੇ ਗੰਨਾ ਮਾਰਿਆ। ਉਹ ਚਊਂ ਚਊਂ ਕਰਦੀ ਤਿੰਨਾਂ ਲੱਤਾਂ ਨਾਲ ਹੀ ਉੱਥੋਂ ਭੱਜ ਤੁਰੀ। 

4 “ਅੱਜ ਖੂਹ ਉਤੇ ਕੋਠੇ ‘ਚ ਈ ਚਲਦੇ ਆਂ।” ਨਰੈਣ ਨੇ ਬੋਤਲ ਖੇਸ ਦੀ ਬੁੱਕਲ ਵਿਚ ਲਕੋਂਦਿਆਂ ਦੋਨੋਂ ਜੋੜੀਦਾਰਾਂ ਨੂੰ ਕਿਹਾ। 

“ਕਿਉਂ ਅੱਜ ਘਰ ਨੀਂ ਚੱਲਣਾ ?” ਬੰਤੇ ਨੇ ਪੁੱਛਿਆ। 

“ਘਰ ਭਾਨੋ ਲੜਦੀ ਐ, ਬਈ ਪੀਨਾ ਕਿਉਂ ਐਂ?” 

“ਇਹ ਤੂੰ ਬਾਮ੍ਹਣੀ ਕਿੱਥੋਂ ਲੈ ਆਇਆਂ ਜਿਹੜੀ ਖਾਣ ਪੀਣ ਤੋਂ ਵੀ ਲੜਦੀ ਐ।” ਬੰਤੇ ਨੇ ਅਮਲ ਬਿਨਾਂ ਖਿੰਡਦੇ ਹੱਡਾਂ ਨੂੰ ਘਸੀਟਦਿਆਂ ਕਿਹਾ। 

“ਊਂ ਤਾਂ ਭਾਨੋ ਸਿਆਣੀ ਲਗਦੀ ਐ ਬੰਤਿਆ।” ਲਾਭੇ ਕੇ ਇੰਦਰ ਨੇ ਨਰੈਣ ਵੱਲ ਝਾਕ ਕੇ ਕਿਹਾ। 

“ਲੈ ਖਾਣੋਂ ਪੀਣੋਂ ਰੋਕੂ, ਯਾਰਾਂ ਦਾ ਯਾਰ ਨੀਂ ਰਹਿ ਜੂ। ਯਾਰਾਂ ਬਿਨਾਂ ਕਾਹਦੀ ਜੀਬਤ ਹੁੰਦੀ ਐ। ਨਾਲੇ ਚਾਰ ਦਿਨ ਜੱਗ ਤੇ ਆਏ ਆਂ ਕੀ ਲੈ ਜਾਣੈ ਖਾਣ ਪੀਣ ਤੋਂ ਬਿਨਾਂ।” ਬੰਤੇ ਨੇ ਦਲੀਲ ਦਿੱਤੀ। 

“ਚੱਲ ਥੋਡੇ ਚਬਾਰੇ ‘ਚ ਬੈਠ ਜਿਆ ਕਰਾਂਗੇ ਦੋ ਘੜੀ ਬੈਠਣਾ ਈ ਹੁੰਦੈ।” ਨਰੈਣ ਬੋਲਿਆ। 

“ਆਹੋ ਮੈਨੂੰ ਕਢਾਓ ਤੁਸੀਂ ਘਰੋਂ। ਦੇਖਿਆ ਨੀ ਸਾਡੇ ਬੁੜ੍ਹੇ ਦਾ ਖੂੰਡਾ।” 

“ਏਹ ਖਰੀ ਕਹੀ, ਨਰੈਣ ਹੁਣੇ ਈ ਯਾਰਾਂ ਦਾ ਯਾਰ ਪਰਖਿਆ ਗਿਆ।” ਲਾਭੇ ਕੇ ਇੰਦਰ ਨੇ ਕਿਹਾ। 

“ਮੇਰੇ ਆਰ ਤੂੰ ਹੁਣੇ ਈ ਭਾਨੋ ਤੋਂ ਏਨਾ ਡਰਨ ਲੱਗ ਪਿਐਂ।” ਬੰਤੇ ਨੇ ਆਪਣੇ ਵੱਲੋਂ ਫਿਰ ਗੱਲ ਨਰੈਣ ਵੱਲ ਮੋੜੀ। 

“ਊਂ ਤਾਂ ਠੀਕ ਈ ਆਖਦੀ ਐ ਓਹ, ਨਾਲੇ ਪੈਸਿਆਂ ਦੀ ਬਰਬਾਦੀ ਨਾਲੇ ਦੇਹ ਦਾ ਗਾਲ੍ਹਾ।” ਨਰੈਣ ਨੇ ਸੋਚਾਂ ਵਿਚ ਪੈ ਕੇ ਕਿਹਾ। 

“ਛੱਡ ਯਾਰ ਕਮਲੀਆਂ ਗੱਲਾਂ, ਆਪਣੇ ਕੀ ਮਗਰ ਜੁਆਕ ਰੋਂਦੇ ਐ, ਜਿਨ੍ਹਾਂ ਖ਼ਾਤਰ ਜੋੜਨੇ ਐ ਪੈਸੇ। ਬਾਕੀ ਦੇਹ ਦਾ ਹੁਣ ਕੀ ਗਲਨੈ, ਗਲਲੀ ਜਿਹੜੀ ਗਲਣੀ ਸੀ । ਹੁਣ ਤਾਂ ਕੋਈ ਦਿਨ ਦਾ ਮੌਜ ਮੇਲਾ ਈ ਐ।” ਲਾਭੇ ਕੇ ਇੰਦਰ ਨੇ ਨਰੈਣ ਨੂੰ ਜਿਵੇਂ ਸਮਝਾਇਆ। 

“ਪਰ ਭਾਨੋ ਭਾਨੋ ਤਾਂ ਅਜੇ ਬੁੜ੍ਹੀ ਨੀ।” ਨਰੈਣ ਨੇ ਇਹ ਗੱਲ ਖ਼ਬਰ 

ਨਹੀਂ ਕਿਸ ਨੂੰ ਆਖੀ। 

ਇੰਨੇ ਨੂੰ ਉਹ ਖੂਹ ਉਤੇ ਪਹੁੰਚ ਗਏ। 

ਤਿੰਨਾਂ ਨੇ ਮਸਾਂ ਖੂਹ ਗੇੜ ਕੇ ਪਾਣੀ ਕੱਢਿਆ। 

ਉਥੇ ਹੀ ਬੈਠ ਕੇ ਪੀਣ ਲੱਗ ਗਏ। 

ਪੀਂਦੇ ਰਹੇ ਤੇ ਅਮਲੀਆਂ ਵਾਲੇ ਜੜਾਂਗੇ ਛੱਡਦੇ ਰਹੇ। 

“ਇਕ ਸੀਗੇ ਅਮਲੀ”, ਨਰੈਣ ਨੂੰ ਕੋਈ ਗੱਲ ਚੇਤੇ ਆਈ ਤੇ ਉਹ ਸੁਣਾਉਣ ਲੱਗ ਪਿਆ। 

“ਉਹ ਅਮਲੀ ਆਪਣੇ ਵਾਂਗੂੰ ਹੀ ਖੂਹ ਉਤੇ ਬੈਠੇ ਸੀ। ਬੈਠਿਆਂ ਨੂੰ ਆਗੀ ਧੁੱਪ। ਆਖਣ ਲੱਗੇ ‘ਬਈ ਧੁੱਪ ਆ ਗੀ।” 

“ਖੂਹ ਨੂੰ ਛਾਮੇਂ ਲੈ ਚੱਲੀਏ” ਇਕ ਅਮਲੀ ਨੇ ਸਲਾਹ ਦਿੱਤੀ। 

“ਆਹੋ ਗੱਲ ਤਾਂ ਠੀਕ ਐ।” ਬਾਕੀਆਂ ਨੇ ਕਿਹਾ। 

ਪਾ ਕੇ ਰੱਸੇ ਲੱਗ ਪੇ ਖੂਹ ਨੂੰ ਖਿੱਚਣ। 

ਖਿੱਚਦੇ ਰਹੇ विचरे ‘ਰਹੇ। ਇਉਂ ‘ ਈ ਖਿਚਦਿਆਂ ਨੂੰ ਅ ਸੂਰਜ ਢਲ ਗਿਆ। ਛਉਂ ਆ ਗਈ।” ਆਥਣ ਹੋ ਗਈ। 

“ਬੱਸ ਕਰੋ, ਬੱਸ ਕਰੋ ਆ ਗਿਆ ਖੂਹ ਛਉਂ ‘ਚ” ਇਕ ਅਮਲੀ ਬੋਲਿਆ। 

“ਖੂਹ ਨੂੰ ਛਉਂ ‘ਚ ਦੇਖ ਸਾਰੇ ਅਮਲੀ ਖ਼ੁਸ਼ ਹੋ ਗੇ।” ਨਰੈਣ ਨੇ ਗੱਲ ਮੁਕਾਈ ਤੇ ਫਿਰ ਤਿੰਨੇ ਬੋਤਲ ਵਿਚ ਬਚਦੀ ਘੁੱਟ ਮੁਕਾ ਕੇ ਬੈਠੇ ਹੱਸਦੇ ਰਹੇ। 

ਪਹੀਓ ਪਹੀ ਕੋਈ ਖੂਹ ਵੱਲ ਨੂੰ ਵਗਿਆ ਆ ਰਿਹਾ ਸੀ। 

ਤਿੰਨੇ ਉਸ ਪਾਸੇ ਦੇਖਣ ਲੱਗੇ। 

“ਕੇਹੜੈ ਬਈ ਓਏ ?” ਬੰਦੇ ਦੇ ਨੇੜੇ ਆਏ ਤੋਂ ਨਰੈਣ ਨੇ ਪੁੱਛਿਆ। 

“ਮੈਂ ਆਂ ਬਾਈ ਜਾਗਰ । ਤੁਸੀਂ ਏਥੇ ਆ ਗੇ, ਮੈਂ ਘਰ ਭਾਲ ਕੇ ਆਇਆਂ।” 

“ਤੂੰ ਪਛੜ ਕੇ ਆਇਐਂ ਅਸੀਂ ਤਾਂ ਮੁਕਾ ਵੀ ਬੈਠੇ ।” ਨਰੈਣ ਬੋਲਿਆ। 

“ਮੁਕਾਉਣ ਦੇ ਮਾਰ ਗੋਲੀ, ਮੈਂ ਤਾਂ ਤੇਰੇ ਨਾਲ ਇਕ ਗੱਲ ਕਰਨ ਆਇਆਂ ।” 

“ਦੱਸ ਫੇਰ ?” 

“ਕੱਲੇ ਨੂੰ ਦੱਸਣ ਵਾਲੀ ਐ।” 

“ਕੋਈ ਭਾਨੋ ਨੂੰ ਤਾਂ ਨੀ ਲੈ ਗਿਆ ਕੱਢ ਕੇ ਹੋਰ ਕੀ ਕੱਲ੍ਹੇ ਨੂੰ ਦੱਸਣ ਵਾਲੀ ਐ।” ਬੰਤੇ ਨੇ ਮਖ਼ੌਲ ਕੀਤਾ। 

“ਅਸੀਂ ਆਏ ਬਈਓ।” ਆਖ ਨਰੈਣ ਜਾਗਰ ਨਾਲ ਪਿੰਡ ਵੱਲ ਨੂੰ ਤੁਰ ਪਿਆ। 

ਕੁਝ ਚਿਰ ਉਹ ਦੋਵੇਂ ਚੁੱਪ ਚਾਪ ਤੁਰਦੇ ਰਹੇ। 

“ਕੀ ਗੱਲ ਐ ਜਾਗਰਾ ?” ਨਰੈਣ ਨੇ ਪੁੱਛਿਆ। 

“ਨਰੈਣ ਬਾਈ ਤੈਨੂੰ ਕੀ ਦੱਸਾਂ ਤੇਰੀ ਇਹ ਬਹੂ ਨੀ ਕੰਮ ਦੀ।” 

ਨਰੈਣ ਦੇ ਜਾਣੀ ਪੈਰਾਂ ਹੇਠੋਂ ਮਿੱਟੀ ਨਿਕਲ ਗਈ। 

“ਕੀ ਗੱਲ ਹੋਗੀ?” ਉਸ ਨੇ ਥਥਲਾ ਕੇ ਪੁੱਛਿਆ। 

“ਗੱਲ ਕੀ ਹੋਣੀ ਸੀ ਮੈਂ ਸੋਚਿਆ ਤੂੰ ਘਰ ਹੋਏਂਗਾ, ਬੈਠ ਕੇ ਪੀਆਂਗੇ ਦੋ ਘੁੱਟ । ਅੱਜ ਈ ਲਿਆਂਦੀ ਸੀ ਪਹਿਲੇ ਤੋੜ ਦੀ।” 

“ਜਾਗਰਾ ਭਾਨੋ ਲੜਦੀ ਸੀ ਬਈ ਲੋਕਾਂ ਨੂੰ ਘਰ ਲੈ ਔਣੇਂ, ਮੈਂ ਕਿਹਾ ਅੱਜ ਖੂਹ ਤੇ ਈ ਚਲਦੇ ਆਂ।” 

“ਤੈਨੂੰ ਕੀ ਦੱਸਾਂ ਬਾਈ ਸਿਆਂ, ਤੂੰ ਤਾਂ ਘਰ ਹੈ ਨੀ ਸੀ, ਆਖੇ ਜਾਗਰਾ ਰੋਟੀ ਖਾ ਕੇ ਜਾਈਂ। ਮੈਂ ਕਿਹਾ ਭਾਬੀ ਬਾਈ ਆਏ ਤੋਂ ਖਾਊਂਗਾ।” 

“ਊਂ ਜਾਗਰਾ ਭਾਨੋ ਸੁਭਾ ਦੀ ਚੰਗੀ ਐ।” 

“ਕਾਹਦੀ ਚੰਗੀ ਐ ਤੂੰ ਤਾਂ ਭੋਲਾ ਐਂ। ਮੈਂ ਦੱਸਣਾ ਤਾਂ ਨਹੀਂ ਸੀ ਚਾਹੁੰਦਾ ਬਾਈ, ਪਰ ਫੇਰ ਸੋਚਿਆ ਉਹ ਫੱਫੇਕੁਟਣੀ ਤੈਨੂੰ ਖ਼ਬਰੇ ਕੀ ਕਹੇ। ਕਿਤੇ ਸਾਡੇ ਭਾਈਆਂ ਭਾਈਆਂ ‘ਚ ਨਾ ਫ਼ਰਕ ਪਾ ਦੇ। ਏਨ੍ਹਾਂ ਤੀਮੀਆਂ ਦਾ ਕੁਸ਼ ਨੀ ਪਤਾ ਹੁੰਦਾ।” ਜਾਗਰ ਕਾਹਲੇ ਕਾਹਲੇ ਪਿੰਡ ਨੂੰ ਤੁਰੇ ਆ ਰਹੇ ਨਰੈਣ ਨੂੰ ਕਹਿੰਦਾ ਗਿਆ। 

ਪਰ ਨਰੈਣ ਨੂੰ ਜਿਵੇਂ ਕੁਝ ਨਹੀਂ ਸੀ ਸੁਣ ਰਿਹਾ। 

“ਤੇਰੇ ਕੋਲ ਘੁੱਟ ਹੈ ?” ਉਸ ਨੇ ਜਾਗਰ ਨੂੰ ਪੁੱਛਿਆ। 

ਜਾਗਰ ਨੇ ਪਊਆ ਡੱਬ ਵਿੱਚੋਂ ਕੱਢ ਕੇ ਨਰੈਣ ਨੂੰ ਫੜਾ ਦਿੱਤਾ। 

“ਆਥਣ ਦੀ ਭਾਬੀ ਦੀ ਗੱਲ ਨੇ ਜਾਣੀ ਸਾਰਾ ਈ ਨਸ਼ਾ ਜਾ ਲਾਹ ‘ਤਾ ਹੋਰ ਲਿਆਇਆ ਕਿਸੇ ਤੋਂ।” 

ਨਰੈਣ ਇਕੋ ਸਾਹ ਸਾਰਾ ਪਊਆ ਪੀ ਗਿਆ ਤੇ ਖ਼ਾਲੀ ਪਊਆ ਵਗਾਹ ਮਾਰਿਆ। 

“ਕਿਸੇ ਕੋਲ ਗੱਲ ਨਾ ਕਰੀਂ ਬਾਈ, ਤੇਰੀਓ ਬਦਨਾਮੀ ਹੋਊ।” ਜਾਗਰ 

ਨੇ ਸੱਥ ਕੋਲੋਂ ਆਪਣੇ ਘਰ ਵੱਲ ਮੁੜਦਿਆਂ ਨਰੈਣ ਨੂੰ ਜਿਵੇਂ ਸਮਝਾਇਆ। 

ਭਰਿਆ ਪੀਤਾ ਨਰੈਣ ਘਰ ਜਾ ਵੜਿਆ। ਵੜਦੇ ਹੀ ਅੰਦਰੋਂ ਕੁੰਡਾ ਅੜਾ ਲਿਆ। 

ਭਾਨੋ ਦੁੱਧ ਤੱਤਾ ਕਰ ਰਹੀ ਸੀ। 

ਨਰੈਣ ਨੇ ਭੜੋਲੀ ਕੋਲੋਂ ਆਰ ਵਾਲੀ ਪਰਾਣੀ ਚੁੱਕ ਲਈ। ਹੀਲ ਨਾ ਕੀਤੀ ਹੁੱਜਤ, ਧੈ ਧੈ ਭਾਨੋ ਨੂੰ ਕੁੱਟਣ ਲੱਗ ਪਿਆ। 

ਭਾਨੋ ਡਿੱਡਰੀ ਹੋਈ ਹੱਥਾਂ ਉਤੇ, ਬਾਹਾਂ ਉਤੇ, ਸੱਟ ਬੋਚਦੀ ਰਹੀ। ਸੁੱਕੇ ਸੜੇ ਨਰੈਣ ਅਮਲੀ ਵਿਚ ਅੱਜ ਏਨਾ ਜ਼ੋਰ ਖ਼ਬਰੇ ਕਿੱਥੋਂ ਆ ਗਿਆ ਸੀ। ਪਰਾਣੀ ਦੀਆਂ ਸੱਟਾਂ ਨੇ ਭਾਨੋ ਦੇ ਲਾਸਾਂ ਪਾ ਦਿੱਤੀਆਂ। 

ਨਰੈਣ ਕੁੱਟੀ ਵੀ ਜਾ ਰਿਹਾ ਸੀ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢੀ ਜਾ ਰਿਹਾ ਸੀ। 

ਰੋ ਜਦੋਂ ਨਾ ਹੀ ਹਟਿਆ ਭਾਨੋ ਨੇ ਪਰਾਣੀ ਫੜ ਲਈ ਤੇ ਇੱਕੋ ਝਟਕੇ ਨਾਲ ਖੋਹ ਲਈ। ਨਰੈਣ ਡਿੱਗਦਾ ਡਿੱਗਦਾ ਮਸਾਂ ਬਚਿਆ। ਉਹ ਆਲੇ- ਦੁਆਲੇ ਕੋਈ ਡੰਡਾ ਸੋਟੀ ਲੱਭਣ ਲੱਗਿਆ। 

ਭਾਨੋ ਨੇ ਭੱਜ ਕੇ ਅੰਦਰਲਾ ਕੁੰਡਾ ਖੋਲ੍ਹ ਦਿੱਤਾ । 

ਬਾਹਰਲਾ ਹਨੇਰਾ ਉਸ ਨੂੰ ਹੋਰ ਵੀ ਡਰਾਉਣਾ ਲੱਗਿਆ। 

ਉਹ ਜਾਂਦੀ ਜਾਂਦੀ ਖੜੋ ਗਈ। 

“ਮਖਾਂ ਬਗ ਜਾ ਉਸੇ ਕੋਲ।” ਨਰੈਣ ਨੇ ਪੁਰਾਣੀ ਖੋਹ ਕੇ ਦੋ ਤਿੰਨ ਹੋਰ ਮਾਰ ਕੇ ਕਿਹਾ। 

“ਵੇ ਨਰੈਣ ਤੂੰ ਐਂ ?” ਬਚਨੀ ਨੇ ਭੱਜ ਕੇ ਮੂਹਰੇ ਹੋ ਕੇ ਹੋਰ ਮਾਰਨੋਂ ਰੋਕ ਦਿੱਤਾ। 

“ਤਾਂ ਤੂੰ ਓਦੋਂ ਦਾ ਭਾਨੋ ਨੂੰ ਈ ਕੁੱਟਣ ਲੱਗਿਆ ਪਿਐਂ। ਮੈਂ ਵੀ ਕਹਾਂ ਵਾਜ ਜੀ ਕਿਹੋ ਜੀ ਆਉਂਦੀ ਐ। ਮਖਾਂ ਕਿਤੇ ਮਹਿੰ ਨੂੰ ਮਾਰਦਾ ਹੋਣੈ, ਨਹੀਂ ਮਿਲੀ ਹੋਣੀ।” 

“ਛੱਡ ਦੇ ਬਚਨੀ ਤੂੰ ਨੀ ਜਾਣਦੀ ਏਸ ਬਦਕਾਰ ਨੂੰ।” ਨਰੈਣ ਝਈਆਂ ਲੈ ਲੈ ਪੈ ਰਿਹਾ ਸੀ। 

“ਛੋਟੇ ਦੇ ਬਾਪੂ ਆਈਂ….” ਬਚਨੀ ਨੇ ਆਪਣੇ ਘਰ ਵਾਲੇ ਨੂੰ ਆਵਾਜ਼ ਦਿੱਤੀ ।  “ਏਸ ਦੀ ਤਾਂ ਮੱਤ ਨੂੰ ਅੱਜ ਖ਼ਬਰ ਨੀ ਕੀ ਹੋ ਗਿਐ। ਦੇਖ ਕੀ ਚੰਡੀ ਚੜ੍ਹੀ ਹੋਈ ਐ। ਬਚਾਰੀ ਛੋਹ ਆਂਗੂ ਕੁੱਟ ‘ਤੀ।” 

“ਕੁੜ੍ਹੇ ਕੀ ਹੋ ਗਿਆ ?” ਸੰਤੀ ਵੀ ਰੌਲਾ ਸੁਣ ਕੇ ਨੱਠੀ ਆਈ। 

“ਦੇਖ ਤਾਂ ਕੋਹੜਿਆ ਹੋਇਆ ਨਰੈਣ ਕੀ ਕਰਨ ਲੱਗਿਆ। ਬਈ ਤੂੰ ਕੋਈ ਨਿਆਣੇਂ। ਮੂੰਹ ਤੇ ਤੇਰੇ ਧੌਲੀ ਦਾੜ੍ਹੀ ਐ।” ਬਚਨੀ ਨੇ ਦੇਹਲੀ ਉਤੇ ਗੁੱਛਾ ਮੁੱਛਾ ਹੋਈ ਭਾਨੋ ਵੱਲ ਇਸ਼ਾਰਾ ਕਰ ਕੇ ਕਿਹਾ। 

“ਮੇਰਾ ਤਾਂ ਅੱਗੇ ਈ ਮੱਥਾ ਠਣਕਿਆ ਸੀ ਬਈ ਅੱਜ ਜਿਹੜਾ ਕਾਹਲੀ ਕਾਹਲੀ ਪੈਰ ਚੱਕੀ ਵਗਿਆ ਜਾਂਦੈ, ਸੁੱਖ ਨੀ।” ਸੰਤੀ ਨੇ ਭਾਨੋ ਨੂੰ ਵਰਾਉਂਦਿਆਂ ਕਿਹਾ। 

“ਤੂੰ ਸ਼ੁਦਾਈ ਹੋ ਗਿਆ ਨਰੈਣ।” ਭਗਤੂ ਉਸ ਤੋਂ ਬੋਲਿਆ। ਪਰਾਣੀ ਖੋਹ ਕੇ 

“ਤੈਨੂੰ ਕੀ ਪਤੈ ਬਾਈ ਏਹਦਾ। ਮੈਂ ਤਾਂ ਓਸ ਘੜੀ ਨੂੰ ਪਛਤਾਉਨਾਂ ਜਦੋਂ ਏਸ ਕਮਜ਼ਾਤ ਨੂੰ ਆਪਣੇ ਘਰ ਵਾੜ ਲਿਆ।” ਨਰੈਣ ਨੇ ਜੁੱਤੀ ਲਾਹ ਕੇ ਪਰ੍ਹਾਂ ਸੁਟਦਿਆਂ ਕਿਹਾ। 

“ਵੇ ਨਰੈਣ ਤੀਮੀਂ ਦਾ ਤੇ ਧਰਤੀ ਦਾ ਕੀ ਮਾਰਨਾ ਹੋਇਆ ਜੀਹਨੇ ਅੱਗੋਂ ਹੱਥ ਈ ਨਾ ਚੱਕਣਾ ਹੋਇਆ।” ਸੰਤੀ ਨੇ ਭਾਨੋ ਦੇ ਕੋਲ ਨੂੰ ਹੁੰਦਿਆਂ ਕਿਹਾ। 

ਭਗਤੂ ਨੇ ਸਮਝਾ ਬੁਝਾ ਕੇ ਨਰੈਣ ਨੂੰ ਠੰਡਾ ਕੀਤਾ। ਸੰਤੀ ਨੇ ਭਾਨੋ ਵਰਾਈ। 

ਲੋਕਾਂ ਦੇ ਚਲੇ ਜਾਣ ਮਗਰੋਂ ਨਰੈਣ ਨੇ ਆਪ ਹੀ ਰੋਟੀ ਪਾਈ ਤੇ ਵੱਡੀਆਂ ਵੱਡੀਆਂ ਬੁਰਕੀਆਂ ਤੋੜ ਕੇ ਖਾਣ ਲੱਗਿਆ। 

ਭਾਨੋ ਚੁੱਲ੍ਹੇ ਮੂਹਰੇ ਬੈਠੀ ਲੋਗੜ ਤੱਤਾ ਕਰ ਕਰ ਕੇ ਆਪਣੀਆਂ ਸਟਾਂ ਨੂੰ ਸੇਕ ਦਿੰਦੀ ਰਹੀ ਨਾਲ਼ੇ ਰੋਂਦੀ ਰਹੀ। 

ਰੋਟੀ ਦਾ ਫਾਹਾ ਜਿਹਾ ਵੱਢ ਕੇ ਨਰੈਣ ਆਪਣੇ ਮੰਜੇ ਉਤੇ ਜਾ ਪਿਆ। ਕਿੰਨਾ ਹੀ ਚਿਰ ਉਹ ਛੱਤ ਦੀਆ ਕੁੜੀਆਂ ਵੱਲ ਝਾਕਦਾ ਰਿਹਾ। 

ਫੇਰ ਪਤਾ ਨਹੀਂ ਉਸ ਦੇ ਜੀ ਵਿਚ ਕੀ ਆਈ ਉਹ ਉਠ ਕੇ ਬੈਠ ਗਿਆ। ਭਾਨੋ ਵੱਲ ਝਾਕਦਾ ਰਿਹਾ। ਫੇਰ ਉਠ ਕੇ ਉਸ ਦੇ ਕੋਲ ਚੁੱਲ੍ਹੇ ਮੂਹਰੇ ਜਾ ਬੈਠਾ। 

ਭਾਨੋ ਨੇ ਉਸ ਵੱਲ ਨਾ ਤੱਕਿਆ। 

ਫੇਰ ਆਪ ਹੀ ਭਾਨੋ ਦੇ ਹੱਥੋਂ ਫੜ ਆਪ ਲੋਗੜ ਤੱਤਾ ਕਰ ਕਰ ਦੇਣ ਲੱਗਿਆ। 

“ਭਾਨੋ ਮੈਨੂੰ ਸਹੁਰਾ ਹਰਖ ਜਾ ਚੜ੍ਹ ਗਿਆ ਸੀ”, ਉਹ ਮੂੰਹੋਂ ਫੁੱਟਿਆ। 

ਭਾਨੋ ਦੇ ਤ੍ਰਿਪ ਤ੍ਰਿਪ ਹੰਝੂ ਕਿਰ ਪਏ, ਪਰ ਮੂੰਹੋਂ ਉਸ ਨੇ ਕੁਝ ਨਾ ਕਿਹਾ। 

“ਤੂੰ ਮੰਜੇ ਤੇ ਪੈ ਜਾ ਮੈਂ ਦੇਈਂ ਜਾਨਾ ਲੋਗੜ ਤੱਤਾ ਕਰ ਕੇ ।” 

ਭਾਨੋ ਕਸੀਸ ਜਿਹੀ ਵੱਟ ਕੇ ਉੱਠੀ ਤੇ ਖਿੰਡਦੇ ਹੱਡਾਂ ਪੈਰਾਂ ਨੂੰ ਸੰਭਾਲਦੀ ਹੋਈ ਮੰਜੇ ਉਤੇ ਜਾ ਪਈ। 

ਨਰੈਣ ਲੋਗੜ ਤੱਤਾ ਕਰ ਕਰ ਦਿੰਦਾ ਰਿਹਾ। ਇਕ ਦੋ ਵਾਰੀ ਉਸ ਨੇ ਭਾਨੋ ਦੇ ਸਿਰ ਉਤੇ ਹੱਥ ਵੀ ਫੇਰਿਆ। 

ਭਾਨੋ ਨੇ ਅੱਖ ਪੁੱਟ ਕੇ ਵੀ ਉਸ ਵੱਲ ਨਾ ਦੇਖਿਆ। 

“ਭਾਨੋ ਗੁੱਸਾ ਨੀ ਕਰੀਦਾ ਘਰਾਂ ਵਿਚ ਇਹੋ ਜੀਆਂ ਗੱਲਾਂ ਹੋ ਈ ਜਾਂਦੀਆਂ ਤੇ ਖ਼ਬਰੇ ਸਹੁਰਾ ਕੰਜਰ ਉਈਂ ਕਹਿੰਦਾ ਹੋਵੇ।” ਨਰੈਣ ਨੇ ਅੱਧੀ ਗੱਲ ਭਾਨੋ ਨੂੰ ਤੇ ਬਾਕੀ ਦੀ ਅੱਧੀ ਆਪਣੇ ਆਪ ਨੂੰ ਕਹੀ। 

“ਬਸ ਤੂੰ ਪੈ ਜਾ ।” ਭਾਨੋ ਨੇ ਉਸ ਦਾ ਹੱਥ ਪਰ੍ਹਾਂ ਕਰਦਿਆਂ ਕਿਹਾ। 

ਨਰੈਣ ਉਠ ਕੇ ਆਪਣੇ ਮੰਜੇ ਉਤੇ ਪੈ ਤਾਂ ਗਿਆ ਪਰ ਬੜੀ ਰਾਤ ਗਈ ਤੱਕ ਉਸ ਦੀ ਅੱਖ ਨਾ ਲੱਗੀ। 

ਭਾਨੋ ਜਦੋਂ ਵੀ ਪਾਸਾ ਲੈਂਦੀ, ਹੈ ਹੈ ਕਰਦੀ। 

ਹਾਰ ਕੇ ਨਰੈਣ ਉੱਠ ਬੈਠਾ। ਉਸ ਨੇ ਛਟੀਆਂ ਦੀ ਅੱਗ ਬਾਲ ਕੇ ਦੁੱਧ ਤੱਤਾ ਕੀਤਾ। ਵਿਚ ਘਿਓ ਦਾ ਭੋਰਾ ਪਾ ਕੇ ਭਾਨੋ ਨੂੰ ਪੀ ਲੈਣ ਲਈ ਕਿਹਾ। 

“ਨਹੀਂ ਮੇਰਾ ਜੀ ਨੀ ਕਰਦਾ।” ਭਾਨੋ ਨੇ ਬਿਨਾਂ ਉਸ ਵੱਲ ਤੱਕਿਆਂ ਕਿਹਾ। 

“ਨਹੀਂ ਵੀ ਜੀ ਕਰਦਾ ਮੇਰੇ ਕਹੇ ਤੋਂ ਪੀ ਲੈ।” ਨਰੈਣ ਨੇ ਗਲਾਸ ਅੱਗੇ ਕਰਦਿਆਂ ਕਿਹਾ। 

ਭਾਨੋ ਨੇ ਨਾ ਹੀ ਗਲਾਸ ਫੜਿਆ ਤੇ ਨਾ ਹੀ ਕੋਈ ਉੱਤਰ ਦਿੱਤਾ। “ਭਾਨੋ ਚੱਲ ਮੈਂ ਤੇਰੇ ਪੈਰੀਂ ਹੱਥ ਲਾਉਨਾ, ਦੁੱਧ ਪੀ ਲੈ।” ਨਰੈਣ ਨੇ ਹੱਥ ਉਸ ਦੇ ਪੈਰਾਂ ਵੱਲ ਲਿਜਾਂਦਿਆਂ ਕਿਹਾ। 

ਭਾਨੋ ਨੇ ਉੱਠ ਕੇ ਗਲਾਸ ਫੜ ਲਿਆ। ਦੋ ਘੁੱਟਾਂ ਪੀਤੀਆਂ। ਦੁੱਧ ਅੱਜ ਉਸ ਦੇ ਅੰਦਰ ਲੰਘਦਾ ਕਿਹੜਾ ਸੀ । 

ਉਹ ਫਿਰ ਰੋ ਪਈ। 

ਨਰੈਣ ਨੇ ਉਸ ਦੇ ਮੋਢਿਆਂ ਉਤੋਂ ਦੀ ਬਾਂਹ ਵਲਾ ਕੇ ਕਿਹਾ, “ਨਾ ਨਾ ਮੇਰੀ ਡੱਡ ।” 

ਕਈ ਦਿਨ ਭਾਨੋ ਘਰੋਂ ਬਾਹਰ ਨਾ ਨਿਕਲੀ। ਕਿਸੇ ਦੇ ਮੂੰਹ ਲੱਗਦਿਆਂ ਜਾਣੀ ਉਸ ਨੂੰ ਸੰਗ ਆਉਂਦੀ ਸੀ। 

ਬਚਨੀ ਇਕ ਦੋ ਵਾਰੀ ਆਈ। 

“ਮੇਰੇ ਨਾਲ ਵੀ ਕੇਰਾਂ ਲੱਗਿਆ ਸੀ ਛੋਟੇ ਦਾ ਬਾਪੂ ਇਉਂ ਈ ਕਰਨ। ਬੁੜ੍ਹੀ ਜੀਉਂਦੀ ਸੀ ਓਦੋਂ ਸਾਡੀ ਭਿੱਤੀਆਂ ਦਿੰਦੀ ਰਿਹਾ ਕਰੇ ਤੇ ਤੀਏ ਦਿਨ ਡੰਡਾ ਲੈ ਕੇ ਇਹ ਮੇਰੇ ਦੁਆਲੇ ਹੋ ਜਿਆ ਕਰੇ । ਮੈਂ ਤਾਂ ਹਾਰ ਕੇ ਆਪਣੇ ਭਾਈਆਂ ਨੂੰ ਦੱਸਿਆ। ਓਦਣੇ ਆ ਗੇ ਤਿੰਨੋਂ, ਆਖਣ ਲੱਗੇ ਸਾਡੀ ਭੈਣ ਦਾ ਕਸੂਰ ਦੱਸ। ਫੇਰ ਤਾਂ ਯਈਂ ਯਈਂ ਕਰੇ ਮੂਹਰੇ। ਮੁੜ ਕੇ ਅੱਜ ਹੱਥ ਚੱਕਦੈ।” ਬਚਨੇ ਨੇ ਦੱਸਿਆ। 

ਭਾਨੋ ਸੁਣ ਕੇ ਚੁੱਪ ਕਰ ਰਹੀ। 

ਸੰਤੀ ਤਾਂ ਕੰਮ ਧੰਦੇ ਤੋਂ ਵਿਹਲੀ ਹੋ ਕੇ ਨਿੱਤ ਹੀ ਉਸ ਕੋਲ ਆ ਬੈਠਦੀ। 

“ਮੈਂ ਤੈਨੂੰ ਦੱਸਾਂ ਭਾਨੋ ਆਪਣੀ ਬੀਬੀ ਸੀਤੋ ਦਾ ਘਰ ਵਾਲਾ ਵੀ ਪਹਿਲਾਂ ਪਹਿਲਾਂ ਇਉਂ ਈ ਦੁਲੱਤੇ ਮਾਰਦਾ ਰਹਿੰਦਾ ਸੀ। ਮੈਂ ਤਾਂ ਫੇਰ ਕੋਟਲੇਆਲੇ ਸਿਆਣੇ ਤੋਂ ਤਵੀਤ ਕਰਾ ਕੇ ਦਿੱਤਾ। ਹੁਣ ਮਾੜਾ ਜਾ ਲੋਟ ਐ । ਤੂੰ ਪਾਧੇ ਤੋਂ ਪੁੱਛ ਈ ਪਵਾ ਲੈਣੀ ਸੀ। ਕੋਈ ਗਰਹੁ ਗਰੂਹ ਈ ਨਾ ਹੋਵੇ।” ਸੰਤੀ ਭਾਨੋ ਨੂੰ ਆਖਦੀ। 

ਭਾਨੋ ਕਦੇ ਹਾਂ ਹੂੰ ਕਰ ਛੱਡਦੀ ਕਦੇ ਚੁੱਪ ਕਰ ਰਹਿੰਦੀ। 

ਇਕ ਦਿਨ ਰੋਟੀ ਦੇਈ ਮੁੜੀ ਆਉਂਦੀ ਬਚਨੀ ਨੂੰ ਦਿਆਲੋ ਟੱਕਰ ਗਈ। 

“ਨੀ ਭੈਣੇ ਤੈਨੂੰ ਕੀ ਦੱਸਾਂ ਓਦਣ ਤਾਂ ਨਰੈਣ ਵਿਚ ਖਬਰ ਨੀ ਕੀ ਭੂਤ ਆਇਆ ਹੋਇਆ ਸੀ ਛੱਲੀਆਂ ਵਾਂਗੂੰ ਕੁੱਟੀ ਭਾਨੋ।” ਬਚਨੀ ਨੇ ਘੱਗਰੇ ਦੀ ਲੌਂਣ ਨਾਲੋਂ ਅਲੇਹਾ ਲਾਹੁੰਦਿਆਂ ਦੱਸਿਆ। 

“ਨੀ ਚੰਗਾ ਏਹੋ ਜੀ ਨਾਲ ਏਹੋਜੀਓ ਹੋਣੀ ਚਾਹੀਦੀਐ।” 

“ਪਰ ਉਹ ਵੀ ਕੁਸਕੀ ਨੀ ਸ਼ੇਰ ਦੀ ਬੱਚੀ।” 

“ਆਪਣਾ ਕਸੂਰ ਹੋਵੇ ਤਾਂ ਕੁਸਕਿਆ ਜਾਂਦਾ ਈ ਨੀ ਹੁੰਦਾ।” 

“ਇਹ ਤਾਂ ਰੱਬ ਨੂੰ ਈ ਪਤੈ ਆਪਾਂ ਕਾਹਨੂੰ ਭਾਰ ਤੋਲੀਏ।” 

“ਰੱਬ ਨੂੰ ਤਾਂ ਹੁਣ ਇਹੋ ਜੀਆਂ ਨੇ ਖੀਸੇ ਵਿਚ ਪਾਇਆ ਹੁੰਦੈ। ਮੈਂ ਆਖਦੀ ਨੀ ਸੀ ਤੈਨੂੰ ਬਈ ਏਸ ਤੀਮੀਂ ਦੇ ਲੱਛਣ ਚੰਗੇ ਨੀ । ਐਮੀ ਤਾਂ ਨੀ ਕਿਸੇ ਦਾ ਆਦਮੀ ਕੁੱਟਣ ਲੱਗ ਜਾਂਦਾ ।” 

“ਪਰ ਬੇਬੇ ਸੰਤੀ ਤਾਂ ਆਖਦੀ ਸੀ ਥੋਡਾ ਜਾਗਰ ਜਾ ਵੜਿਆ ਸੀ।” 

“ਹਾਂ ਸੁਣਲੀਆਂ ਤੂੰ ਬੇਬੇ ਸੰਤੀ ਦੀਆਂ ਯਭਲੀਆਂ। ਨਾਲੇ ਜੇ ਜਾ ਵੀ ਵੜਿਆ ਸੀ ਤਾਂ ਬਿਨਾਂ ਬੁਲਾਏ ਤਾਂ ਨੀ ਵੱਗ ਗਿਆ ਹੋਣਾ। ਹੋਰ ਕਿਸੇ ਦੇ ਨੀ ਜਾ ਵੜਿਆ। ਇਹੋ ਜੀਆਂ ਨੂੰ ਬਥੇਰੇ ਧੱਤੜੇ ਲਾਉਣੇ ਆਉਂਦੇ ਹੁੰਦੇ ਨੇ। ਪਰ ਇਉਂ ਆ ਕੇ ਕੀ ਹੁਣ ਚੰਗੀ ਬਣਜੂਗੀ, ਉੱਧਲ ਕਿਸੇ ਥਉਂ ਦੀ।” 

“ਆਪਾਂ ਨੂੰ ਹੁਣ ਵਿਚਲੀ ਗੱਲ ਦਾ ਕੀ ਪਤੈ ਭੈਣੇ।” 

“ਮੈਨੂੰ ਤਾਂ ਦੋਹਾਂ ਭਾਈਆਂ ਦੀ ਸਹੁੰ ਬਚਨੀ, ਸਾਡਾ ਜਾਗਰ ਨੀ ਇਹੋ 괵।” 

“ਜਾਣ ਦੇ ਦਿਆਲੋ ਅੱਜ ਕੱਲ੍ਹ ਕਿਸੇ ਦੇ ਜੀ ਦਾ ਕੁਸ਼ ਨੀ ਪਤਾ ਹੁੰਦਾ। ਸਹੁੰ ਖਾਈਏ ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ ਆਪਣੇ ਜੀ ਦੀ।” 

“ਲੈ ਬਚਨੀ ਮੈਂ ਜਾਗਰ ਨੂੰ ਹੁਣ ਕਿਤੇ ਭੁੱਲੀ ਹੋਈ ਆਂ। ਪੰਜਵਾਂ ਵਰ੍ਹਾ ਜਾਂਦੈ ਮੇਰੇ ਮੁਕਲਾਵੇ ਨੂੰ, ਬਚਾਰਾ ਸਤਿਆਮਾਨ ਕਦੇ ਅੱਖ ਉੱਚੀ ਕਰ ਕੇ ਨੀ ਝਾਕਿਆ।” 

“ਨੀ ਜੇ ਝਾਕ ਵੀ ਲਉ ਤਾਂ ਕੇਹੜਾ ਲੂਲ੍ਹਾਂ ਲਾਹਲੂ।” ਬਚਨੀ ਨੇ ਹੱਸ ਕੇ ਦਿਆਲੋ ਦੇ ਧੱਫਾ ਮਾਰਦਿਆਂ ਕਿਹਾ। 

ਬਿਨਾਂ ਗੱਲ ਨੂੰ ਸਮਝਿਆਂ ਦਿਆਲੋ ਵੀ ਹੱਸਣ ਲੱਗ ਪਈ। 

ਦਰਵਾਜ਼ੇ ਵਿਚ ਬੰਦੇ ਬੈਠੇ ਦੇਖ ਦੋਨਾਂ ਨੇ ਘੁੰਢ ਕੱਢ ਲਏ ਤੇ ਚੁੱਪ ਕਰਕੇ ਤੁਰਨ ਲੱਗੀਆਂ। 

“ਮਖਾਂ ਸੌਣ ਸਿਆਂ, ਐਤਕੀਂ ਸਿਆਲ ਸੁੱਕਾ ਈ ਲੰਘ ਚੱਲਿਆ ਮੀਂਹ ਈ ਨੀ ਪਿਆ ।” ਦਰਵਾਜ਼ੇ ਬੈਠੇ ਰੱਸਾ ਵੱਟ ਰਹੇ ਇੱਕ ਬੁੱਢੇ ਨੇ ਸੁੱਕੇ ਅੰਬਰ ਵੱਲ ਝਾਕਦੇ ਚਿਲਮ ਪੀਂਦੇ ਸੌਣ ਸਿਉਂ ਨੂੰ ਕਿਹਾ। 

“ਰੱਬ ਮੀਂਹ ਕੀ ਪਾਵੇ ਬਿਸ਼ਨਿਆ ਦੁਨੀਆਂ ਤੇ ਪਾਪ ਈ ਬਾਹਲੇ ਵਧਗੇ।” 

“ਕਲਜੁਗ ਐ ਸੌਣ ਸਿਆਂ ਕਲਜੁਗ ਸਿਆਣਿਆਂ ਦੀਆਂ ਕਥੀਆਂ ਗੱਲਾਂ ਆਹਲੀਆਂ ਤਾਂ ਨੀ ਜਾਣੀਆਂ। ਦੇਖ ਲੈ ਰੁਪਈਏ ਸੇਰ ਹੋ ਗਿਆ ਅੰਨ।” 

“ਰੁਪਈਏ ਵੀ ਤਾਂ ਅੱਜ ਕੱਲ੍ਹ ਸਹੁਰੇ ਕਾਗਤਾਂ ਦੇ ਈ ਨੇ।” 

“ਕਾਗਤ ਵੀ ਕਹਿੰਦੇ ਨੇ ਪਹਿਲਾਂ ਅੰਗਰੇਜ਼ ਵਲੈਤੋਂ ਲਿਆਉਂਦਾ ਸੀ ਏਥੇ ਨੀ ਸੀ ਬਣਾਉਂਦਾ ਬਈ ਕਿਤੇ ਇਹ ਨਾ ਬਨੌਣਾ ਸਿੱਖ ਜਾਣ।” 

“ਬਾਰੇ ਬਾਰੇ ਜਾਈਏ ਅੰਗਰੇਜ਼ ਦੀਆਂ ਅਕਲਾਂ ਦੇ ਬਿਜਲੀ ਵੀ ਕਹਿੰਦੇ ਨੇ ਉਸ ਨੇ ਬਣਾਈ ਸੀ।” 

“ਕਹਿੰਦੇ ਨੇ ਮਹਾਂਭਾਰਤ ਦੇ ਵੇਲੇ ਅਰਜਨ ਹੋਰਾਂ ਨੇ ਵੀ ਅਗਨ ਬਾਣ ਬਣਾਉਣ ਖ਼ਾਤਰ ਬਿਜਲੀ ਬੱਦਲਾਂ ‘ਚੋਂ ਹੇਠਾਂ ਲਾਹੀ ਸੀ। ਪਿੱਛੋਂ ਏਡਾ ਤਾਕਤ ਵਾਲਾ ਕੋਈ ਰਿਹਾ ਨਾ ਤੇ ਇਹ ਮੁੜ ਗੀ। ਇਹ ਮਾਮੇ ਭਾਣਜੇ ਤੇ ਜ਼ਰੂਰ ਡਿਗਦੀਐ ਜੇ ‘ਕੱਠੇ ਥਿਆ ਜਾਣ। ਕ੍ਰਿਸ਼ਨ ਦੇ ਮਾਮੇ ਨੇ ਪੱਥਰ ਉਤੇ ਪਟਕਿਆ ਸੀ ਨਾ ਏਸ ਨੂੰ ।” 

“ਰੱਬ ਦੀਆਂ ਰੱਬ ਜਾਣੇ ਖ਼ਬਰੇ ਸਭ ਬਣਾਈਆਂ ਹੋਈਆਂ ਈ ਗੱਲਾਂ ਨੇ।” ਆਖ ਬਿਸ਼ਨੇ ਨੇ ਚਿਲਮ ਦਾ ਵੱਡਾ ਸਾਰਾ ਸੂਟਾ ਲਿਆ ਤੇ ਮੋੜ ਕੇ ਸੌਣ ਸਿਉਂ ਵੱਲ ਕਰ ਦਿੱਤੀ। 

ਦਿਨ ਦਾ ਤੀਜਾ ਪਹਿਰ। 

ਕਾਹਲੀ ਕਾਹਲੀ ਮੁੜੀ ਜਾਂਦੀ ਧੁੱਪ। 

ਧੁੱਪੇ ਬੈਠੀ ਭਾਨੋ ਕੁੜੀਆਂ ਨਾਲ ਗੀਟੇ ਖੇਡ ਰਹੀ ਸੀ ਜਦੋਂ ਸੰਤੀ ਉਧਰ ਆ ਨਿੱਕਲੀ। 

“ਕੁੜੇ ਭਾਨੋ ਤੇਰੀ ਤਾਂ ਮੱਤ ਈ ਮਾਰੀ ਗਈ। ਦੇਖ ਤਾਂ ਕੀ ਭੋਰਾ ਭੋਰਾ ਜੁਆਕੜੀਆਂ ਨਾਲ ਗੀਟੇ ਖੇਡਣ ਲੱਗ ਪਈ ਐਂ।” ਸੰਤੀ ਨੇ ਗਲੋਟਿਆਂ ਵਾਲਾ ਬੋਹੀਆ ਤੇ ਅਟੇਰਨ ਚੁੱਕੀ ਆਉਂਦਿਆਂ ਕਿਹਾ। 

“ਲੈ ਬਹਿ ਜਾ ਬੇਬੇ ਧੁੱਪੇ, ਨਾਲੇ ਮੱਥਾ ਟੇਕਦੀ ਆਂ।” ਭਾਨੋ ਨੇ ਧੁੱਪੇ ਮੰਜਾ ਡਾਹੁੰਦਿਆਂ ਕਿਹਾ। 

“ਤੂੰ ਕੀਹਦੀ ਐਂ ਕੁੜੇ ?” ਸੰਤੀ ਨੇ ਗੀਟੇ ਖੇਡਣ ਵਾਲੀਆਂ ਵਿਚੋਂ ਨਿੱਕੀ ਜਿਹੀ ਕੁੜੀ ਨੂੰ ਪੁੱਛਿਆ। 

“ਮੈਂ ਅੰਮਾ ਜੀਤੋ ਆ ਇੰਦੋ ਦੀ ਪੋਤੀ। ਚਾਚੀ ਤੋਂ ਸੁਆਟਰ ਬੁਣਣਾ ਸਿੱਖਣ ਆਈ ਸੀ।” ਕੁੜੀ ਨੇ ਲੋਹੇ ਦੀਆਂ ਸਲਾਈਆਂ ਤੇ ਲੋਗੜੀ ਦਾ ਪਿੰਨਾ। ਹੱਥ ਵਿਚ ਘੁਮਾਉਂਦਿਆਂ ਕਿਹਾ। 

ਸੰਤੀ ਮੰਜੇ ਉਤੇ ਬੈਠ ਕੇ ਗਲੋਟੇ ਟੇਰਨ ਲੱਗ ਪਈ। ਭਾਨੋ ਨੇ ਜੀਤੋ ਨੂੰ ਕੁੰਡੇ ਪਾ ਦਿੱਤੇ ਤੇ ਫੇਰ ਕਿੰਨਾ ਈ ਚਿਰ ਉਸ ਨੂੰ ਸੁਆਟਰ ਬੁਣਨ ਦੀ ਜਾਚ ਦੱਸਦੀ ਰਹੀ। ਦੂਜੀਆਂ ਦੋਵੇਂ ਕੁੜੀਆਂ ਸੰਤੀ ਵੱਲ ਝਾਕਦੀਆਂ ਆਪਣੇ ਆਪਣੇ ਘਰ ਨੂੰ ਤੁਰ ਪਈਆਂ। 

“ਕੁੜੇ ਭਾਨੋ ਤੂੰ ਕਿਸੇ ਹੱਥ ਆਪਣੇ ਬਾਪੂ ਨੂੰ ਸੁਖ ਸੁਨੇਹਾ ਭੇਜ ਦਿੰਦੀ, ਤੜਫ਼ਦਾ ਹੋਊ।” 

“ਲੈ ਤੜਫਣਾ ਕੀ ਐ ਸਮਝ ਲਿਆ ਹੋਊ ਮਰ ਮੁੱਕ ਗੀ ਕਿਧਰੇ ।” ਭਾਨੋ ਨੇ ਨਵੀਂ ਜੁੱਤੀ ਨਾਲ ਪੈਰ ਉੱਤੇ ਹੋਏ ਛਾਲੇ ਨੂੰ ਸੂਈ ਨਾਲ ਫੇਂਹਦਿਆਂ ਕਿਹਾ॥ 

“ਤੂੰ ਇਸ ਨੂੰ ਜਮਾਂ ਈ ਨੀ ਦੱਸਿਆ ਕੁਸ਼ ਭਾਨੋ ?” 

“ਦੱਸਦੀ ਕੀ ਜਣਦਿਆਂ ਦਾ ਸਿਰ । ਮੈਨੂੰ ਤਾਂ ਜਦੋਂ ਪਤਾ ਲੱਗਿਆ ਬਈ ਐਰ ਗ਼ੈਰ ਬੰਦੇ ਬਾਪੂ ਨਾਲ ਗੰਢ ਤੁਪ ਕਰਨ ਲੱਗੇ ਪਏ ਨੇ ਮੇਰੇ ਤਾਂ ਜਾਣੀ ਸੱਤੀਂ ਕੱਪੜੀਂ ਅੱਗ ਲੱਗ ਗੀ। ਮੈਂ ਸੋਚਾਂ ਬਈ ਬਾਪੂ ਤੂੰ ਖ਼ਬਰ ਨੀ ਚਾਰ ਦਿਨ ਹੈ ਖ਼ਬਰ ਨੀ ਨਹੀਂ, ਕਾਹਨੂੰ ਅੰਤ ਨੂੰ ਰੱਸੇ ਵੱਟਦੈਂ। ਓਦੋਂ ਤਾਂ ਭਲਾ ਵੀਰ ਬੀਮਾਰ ਸੀ, ਔਖ ਸੌਖ ਝੱਲਣੀ ਹੀ ਸੀ । ਹੁਣ ਕੀ ਗੱਡਾ ਖੜ੍ਹਾ ਸੀ।” 

“ਖਬਰੇ ਤੇਰੇ ਭਲੇ ਦੀ ਖ਼ਾਤਰ ਈ ਸੋਚਦਾ ਹੋਵੇ ?” 

“ਇਹ ਤਾਂ ਹੁਣ ਰੱਬ ਨੂੰ ਈ ਪਤੈ ਬੇਬੇ। ਪਰ ਮੈਨੂੰ ਤਾਂ ਜਦੋਂ ਪਤਾ ਲੱਗਿਆ ਬਈ ਏਸ ਨੇ ਮੇਰੇ ਤੋਰਨ ਦੀ ਕਿਸੇ ਨਾਲ ਗੱਲ ਪੱਕੀ ਕਰ ਲੀ, ਮੈਨੂੰ ਤਾਂ ਜਾਣੀ ਨਾ ਦਿਨੇ ਟੇਕ ਆਵੇ ਨਾ ਰਾਤ ਨੂੰ। ਸੋਚਾਂ ਮਨਾ ਤੂੰ ਏਸੇ ਜੋਗੀ ਰਹਿਗੀ। ਓਨ੍ਹੀਂ ਦਿਨੀਂ ਗੰਗਾ ਦਾ ਨਾਉਣ ਆ ਗਿਆ। ਸੰਗ ਜਾਂਦਾ ਸੀ । ਮੈਂ ਕਿਹਾ ਬਾਪੂ ਮੈਂ ਵੀ ਜਾ ਆਮਾਂ ?” 

“ਪਹਿਲਾਂ ਤਾਂ ਕਹਿੰਦਾ ਮੈਂ ਵੀ ਚਲਦਾਂ। ਫੇਰ ਖ਼ਬਰਨੀ ਭਾੜੇ ਕੰਨੀਓਂ ਚੁੱਪ ਕਰ ਗਿਆ। ਤੇ ਫੇਰ ਆਂਹਦਾ ਜੀਊਣੀ ਹੋਰਾਂ ਨਾਲ ਚਲੀ ਜਾ । ਏਨ੍ਹਾਂ ਦੇ ਨਾਲ ਈ ਰਹੀਂ ਮੇਲੇ ਵਿਚ ਭੁਲ ਨਾ ਜਾਈਂ ਕਿਧਰੇ।” 

ਉਪਰੋਂ ਤਾਂ ਭਾਮੇ ਮੈਂ ਕੁਸ਼ ਨਾ ਕਿਹਾ, ਪਰ ਤੁਰਨ ਲੱਗੀ ਦੇ ਜਾਣੀ ਹੌਲ ਜਿਹਾ ਪਿਆ, ਬਾਈ ਮਨਾ ਮੁੜ ਕੇ ਖ਼ਬਰ ਨੀ ਏਸ ਪਿੰਡ ਨੂੰ ਦੇਖਣੇ ਖ਼ਬਰ ਨੀ ਨਹੀਂ।” 

“ਮੈਂ ਬੇਬੇ ਸੋਚ ਲਿਆ ਸੀ ਜਾ ਕੇ ਗੰਗਾ ਵਿਚ ਡੁੱਬ ਜਾਣੈ। ਆਖਦੇ ਨੇ ਜਿਹੜਾ ਗੰਗਾ ਜਾ ਕੇ ਮਰੇ, ਅਖ਼ੀਰ ਵੇਲੇ ਉਹ ਜੋ ਵੀ ਮੰਗੇ ਅਗਲੇ ਜਨਮ ਮਿਲ ਜਾਂਦੇ ।” 

“ਤੈਂ ਕੀ ਮੰਗਣਾ ਸੀ ਗੰਗਾ ਮਾਈ ਤੋਂ ਅਖ਼ੀਰ ਵੇਲੇ ?” ਸੰਤੀ ਨੇ ਅਟੇਰਨ ਉਤੇ ਨਵੇਂ ਗਲੋਟੇ ਦਾ ਧਾਗਾ ਜੋੜਦਿਆਂ ਪੁੱਛਿਆ। 

“ਮੈਂ ਆਖਣਾ ਸੀ ਬਈ ਇਕ ਵਾਰੀ ਸਰਵਣ ਟੱਕਰ ਜੇ।” 

“ਓਨੂੰ ਨਾ ਤੂੰ ਹੁਣ ਏਨਾ ਯਾਦ ਕਰਿਆ ਕਰ। ਮਰੇ ਨੀ ਕਿਸੇ ਦੇ ਮਿੱਤ ਹੁੰਦੇ। ਮੇਰੇ ਪੇਕੀਂ ਕਰਮੋ ਹੁੰਦੀ ਸੀ। ਪਹਿਲੀ ਉਮਰੇ ਰੰਡੀ ਹੋ ਗਈ। ਨ੍ਹੇਰੇ ਸਵੇਰੇ ਆਪਣੇ ਆਦਮੀ ਦੀ ਮੜ੍ਹੀ ਤੇ ਜਾਇਆ ਕਰੇ। ਫੇਰ ਕਿਤੇ ਆਖਦੇ ਨੇ ਓਸ ਦੀ ਸੁਆਹ ਚੁੱਕ ਲਿਆਈ। ਬਸ ਫੇਰ ਆ ਵੜਿਆ ਉਹ ਘਰ ਭੂਤ ਬਣ ਕੇ। ਪਹਿਲਾਂ ਮਹਿੰ ਕੀਲੇ ਉਤੇ ਬੰਨ੍ਹੀਓ ਈ ਰਹਿ ਗਈ। ਫਿਰ ਬੁੜ੍ਹੀ ਨੂੰ ਅੱਖਾਂ ਤੋਂ ਜਮ੍ਹਾ ਈ ਦਿੱਸਣੋ ਹਟ ਗਿਆ। ਅਖ਼ੀਰ ਓਸ ਨੂੰ ਆਪ ਨੂੰ ਵੀ ਖੱਲ੍ਹਾਂ ਖੂੰਜਿਆਂ ‘ਚ ਖੜ੍ਹਾ ਦਿੱਸਣ ਲੱਗ ਪਿਆ। ਹਾਰ ਕੇ ਸਿਆਣਾ ਸੱਦਿਆ। ਘਰ ਕੀਲਾਇਆ। ਪਹੋਏ ਜਾ ਕੇ ਗਤ ਕਰਾ ਕੇ ਆਈ। ਤਾਂ ਕਿਤੇ ਜਾ ਕੇ ਓਸ ਨੇ ਪਿੱਛਾ ਛੱਡਿਆ। ਤਾਹੀਓਂ ਮੈਂ ਤੈਨੂੰ ਆਖਦੀਆਂ ਭਾਨੋ ਮਰਿਆਂ ਦਾ ਤਾਂ ਮੋਹ ਵੀ ਮਾੜਾ। ਓਹਨਾਂ ਬਚਾਰਿਆਂ ਦੇ ਵੀ ਕਿਹੜਾ ਕੁਸ਼ ਵਸ ਰਹਿ ਜਾਂਦੈ। ਹਵਾ ਹੁੰਦੀਐ ਭਟਕਦੀ ਫਿਰੀ ਜਾਂਦੀ ਐ।” 

“ਸਰਵਣ ਤਾਂ ਭਾਮੇਂ ਭੂਤ ਬਣ ਕੇ ਈ ਦਿਸਜੇ, ਦਿਸਜੇ ਸਹੀ ਕੇਰਾਂ वेखे।” 

“ਫੇਰ ਤੂੰ ਗਈ ਗੰਗਾ ?” ਸੰਤੀ ਨੇ ਗੱਲ ਫੇਰ ਪਿਛਾਂਹ ਨੂੰ ਮੋੜੀ। 

“ਆਹੋ! ਗੰਗਾ ਤੇ ਜਾ ਕੇ ਮੈਂ ਜਾਣ ਬੁੱਝ ਕੇ ਜੀਊਣੀ ਹੋਰਾਂ ਨਾਲੋਂ ਅੱਡ ਹੋ ਗਈ। ਅੱਡ ਹੋ ਕੇ ਪਹਿਲਾਂ ਤਾਂ ਮੈਂ ਰੱਜ ਕੇ ਕੜਾਹ ਪੂਰੀਆਂ ਖਾਧੀਆਂ। ਕਹਿੰਦੇ ਨੇ ਮਰਨ ਲੱਗਿਆਂ ਕਿਸੇ ਚੀਜ਼ ‘ਚ ਨੀਤ ਰਹਿ ਜੇ ਤਾਂ ਅਗਲਾ ਓਹੋ ਜੀ ਜੂਨ ‘ਚ ਈ ਜਾਂਦੈ। ਮਹਾਰਾਜ ਵਿਚ ਕਹਿੰਦੇ ਨੇ ਲਿਖਿਐ ਅੰਤ ਵੇਲੇ ਜੋ ਲੱਛਮੀ ਸਿਮਰੇ, ਸੱਪ ਦੀ ਜੂਨ ਪੈਂਦੈ। ਕੜਾਹ ਪੂਰੀਆਂ ਮੇਰੀ ਮਾਂ ਬਣਾਉਂਦੀ 

ਹੁੰਦੀ ਸੀ। ਜਦੋਂ ਦੀ ਮਰੀ ਸੀ ਮੁੜ ਕੇ ਕੜਾਹ ਪੂਰੀਆਂ ਈ ਨੀ ਸੀ ਖਾਧੀਆਂ। ਫੇਰ ਮੈਂ ਬੱਤਾ ਪੀਤਾ। ਬੱਤਾ ਇਕ ਵਾਰੀ ਸਰਵਣ ਨਾਲ ਮੇਲੇ ਉਤੇ ਵੀ ਮੈਂ ਪੀਤਾ ਸੀ।” 

“ਓਦਣ ਬੇਬੇ ਮੈਂ ਨਮੇਂ ਕੱਪੜੇ ਪਾਏ। ਜਿੱਦਣ ਦਾ ਸਰਵਣ ਮਰਿਆ ਸੀ ਮੈਂ ਨੀ ਸੀ ਨਮਾ ਕੱਪੜਾ ਅੰਗ ਨੂੰ ਲਾ ਕੇ ਦੇਖਿਆ।” 

“ਫੇਰ ਦੂਰ ਥਾਈਂ ਗੰਗਾ ਦੇ ਕੰਢੇ ਕੰਢੇ ਤੁਰਦੀ ਗਈ। ਦੂਰ ਸਾਰੇ ਵਿਰਲਾ ਜਿਹਾ ਥਉਂ ਦੇਖ ਕੇ ਮੈਂ ਛਾਲ ਮਾਰ ਤੀ। ਖ਼ਬਰ ਨੀ ਕਿਮੇਂ, ਇਹ ਤੇਰਾ ਦਿਓਰ ਕਿਤੇ ਦੇਖਦਾ ਸੀ।” 

“ਕੌਣ ਨਰੈਣ ?” ਸੰਤੀ ਨੇ ਪੁੱਛਿਆ। 

“ਆਹੋ! ਏਸ ਨੇ ਰੌਲਾ ਪਾ ਦਿੱਤਾ। ਦੋ ਮੁੰਡਿਆਂ ਨੇ ਡੁਬਕੀਆਂ ਮਾਰ ਕੇ ਮੈਨੂੰ ਕੱਢ ਲਿਆ। 

“ਓਸੇ ਵੇਲੇ ਛਪਾਹੀ ਖ਼ਬਰ ਨੀ ਕਿਧਰੋਂ ਆ ਗਿਆ। ਮੈਂ ਤਾਂ ਬੜਾ ਈ ਡਰ ਗੀ। ਆਖੇ ਤੂੰ ਕੌਣ ਹੈਂ ? ਕਿਉਂ ਮਰਨ ਲੱਗੀ ਸੀ ਚੱਲ ਠਾਣੇ ।” 

“ਮਾਰੇ ਡਰ ਦੇ ਮੇਰਾ ਤਾਂ ਬੋਲ ਨਾ ਨਿਕਲੇ । ਬਸ ਕੰਬੀ ਜਾਮਾਂ।” 

“ਫੇਰ ਏਸ ਨੂੰ ਖ਼ਬਰ ਨੀ ਕਿਮੇਂ ਅਹੁੜ ਗੀ, ਛਪਾਹੀ ਨੂੰ ਮਲਕ ਦੇ ਕੇ ਦੋ ਦਿੱਤੇ ਏਹਨੇ ਰੁਪਈਏ ਤੇ ਕਹਿਣ ਲੱਗਿਆ ਜੀ ਹੌਲਦਾਰ ਜੀ ਇਹ ਤਾਂ ਮੇਰੇ ਘਰੋਂ ਐ। ਬੱਸ ਪੈਰ ਤਿਲਕ ਗਿਆ ਸੀ।” 

“ਛਪਾਹੀ ਤਾਂ ਬੇਬੇ ਦੋ ਰੁਪਈਏ ਲੈ ਕੇ ਚਲਿਆ ਗਿਆ, ਫੇਰ ਇਹ ਮੈਥੋਂ ਪੁੱਛਣ ਲੱਗਿਆ, “ਅਖੇ ਭਲੀਏ ਮਾਣਸੇ ਇਹ ਤੂੰ ਕੀ ਕਰਨ ਲੱਗੀ ਸੀ ਜੇ ਡੁੱਬ ਜਾਂਦੀ ?” 

“ਹੁਣ ਮੈਨੂੰ ਆਪ ਨੂੰ ਵੀ ਇਹ ਸੋਚ ਕੇ ਭੈਅ ਜਾ ਲੱਗਿਆ ਬਈ ਜੇ ਭਲਾ ਸੱਚੀਓਂ ਡੁੱਬ ਜਾਂਦੀ।” 

“ਗੱਲ ਤਾਂ ਮੈਨੂੰ ਕੋਈ ਅਹੁੜੇ ਨਾ ਬਸ ਰੋਈ ਜਾਮਾਂ।” 

“ਔਖੇ ਵੇਲੇ ਬੰਦੇ ਨੂੰ ਰੋਣਾ ਈ ਔਂਦੈ ਹੋਰ ਕੀ।” ਸੰਤੀ ਨੇ ਅੱਟੀ ਲਾਹੁੰਦਿਆਂ ਕਿਹਾ। 

“ਪਤਾ ਲੱਗੇ ਤਾਂ ਤੇਰੇ ਘਰ ਦੇ ਕੀ ਆਖਣ” ਇਹ ਕਹਿਣ ਲੱਗਿਆ। 

“ਘਰ ਦਾ ਮੇਰਾ ਕਿਹੜੈ, ਜੇ ਹੁੰਦਾ ਤਾਂ ਇਹ ਨੌਬਤ ਈ ਕਿਉਂ ਆਉਂਦੀ।” 

“ਉਹ! ਸਹੁਰੀਏ ਤੂੰ ਵੀ ਮੇਰੇ ਵਰਗੀਓ ਈ ਐਂ। ਚੰਗਾ ਮੇਰੇ ਨਾਲ ਚੱਲ। 

ਜਿੱਥੋਂ ਮੈਂ ਦੋ ਰੋਟੀਆਂ ਖਾਉਂਗਾ ਤੂੰ ਖਾ ਛੱਡਿਆ ਕਰੀਂ।” 

“ਮੈਂ ਸੋਚਿਆ ਬੇਬੇ ਗੰਗਾ ਮਾਈ ਨੇ ਦਿੱਤੈ ਹੁਣ ਕੀ ਸੋਚਣੈ। ਬਸ ਏਨਾ ਹੀ ਪੁੱਛਿਆ, ਮੱਖਾਂ ਜੀ ਆਪਾਂ ਜੱਟ ਹੁੰਨੇ ਆਂ ?” 

“ਆਹੋ ਹੋਰ ਕੀ ਤੈਨੂੰ ਦਲਿਤ ਦਿੱਸਦਾਂ ?” ਇਹ ਬੋਲਿਆ। 

“ਤੇ ਬੇਬੇ ਸੰਤੀ, ਇਉਂ ਮੈਂ ਤੇਰੇ ਨਗਰ ਆ ਗੀ। ਪਰ ਹੁਣ ਕਦੇ ਕਦੇ ਚਿੱਤ ‘ਚ ਆਉਂਦੀ ਐ ਬਈ ਏਦੂੰ ਤਾਂ ਓਥੇ ਈ ਡੁੱਬ ਜਾਂਦੀ ਤਾਂ ਚੰਗੀ ਸੀ।” ਭਾਨੋ ਨਵੇਂ ਖੋਸ ਦੇ ਦੋਨਾਂ ਪੱਲੜਾ ਨੂੰ ਵੱਟੇ ਹੋਏ ਮੋਟੇ ਧਾਗੇ ਨਾਲ ਸੀਉਂਦੀ घेली। 

“ਨਾ ਕੁੜ੍ਹੇ ਡੁੱਬ ਕਾਹਨੂੰ ਜਾਂਦੀ। ਖ਼ਬਰੇ ਰੱਬ ਕਿਹੜੀ ਗੱਲੋਂ ਰਾਜੀ ਐ। ਨਾਲੇ ਜਿੰਨੇ ਸਾਹ ਕਿਸੇ ਨੇ ਲੈਣੇ ਨੇ ਓਨੇ ਤਾਂ ਹਰ ਹੀਲੇ ਲੈਣੇ ਨੇ।” ਸੰਤੀ ਨੇ ਸਲਾਰੀ ਨੂੰ ਸੰਵਾਰ ਕੇ ਸਿਰ ਉਤੇ ਲੈਂਦਿਆਂ ਕਿਹਾ। 

“ਕੀ ਲੈਣੋਂ ਬੇਬੇ ਇਹੋ ਜੇ ਸਾਹਾਂ ਤੋਂ ਆਪਣਾ ਧਰਮ ਵੀ ਛੱਡਿਆ ਤੇ ਖੱਟਿਆ ਵੀ ਕੀ?” 

“ਭਾਨੋ ਬੰਦੇ ਦੇ ਕੀ ਅਖ਼ਤਿਆਰ ਐ, ਜਿੱਥੋਂ ਦਾ ਅੰਨ-ਜਲ ਲਿਖਿਆ ਹੁੰਦੈ ਹਰ ਹੀਲੇ ਚੁਗਣਾ ਪੈਂਦੈ। ਤੇ ਭਾਨੋ ਖ਼ਬਰੇ ਕਿਸੇ ਜੀਅ ਨੇ ਹੀ ਆਉਣਾ ਹੋਵੇ ਤੇ ਉਸ ਦੇ ਭਾਗੀਂ ਬਚੀ ਹੋਮੇਂ।” 

“ਲੈ, ਜੀ ਹੁਣ ਕਿੱਥੇ, ਬੇਬੇ ਬੈਠ ਕੇ ਤਾਂ ਉਠਿਆ ਨੀ ਜਾਂਦਾ ਤੇਰੇ ਅਮਲੀ ਤੋਂ।” 

“ਉਹ ਤਾਂ ਠੀਕ ਐ, ਪਰ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦੈ, ਖ਼ਬਰੇ ਤੇਰੀ ਜੜ੍ਹ ਲਾਉਣੀ ਹੀ ਹੋਵੇ ਏਸ ਪਿੰਡ, ਤੂੰ ਨਰੈਣ ਦਾ ਜ਼ਰਾ ਖ਼ਿਆਲ ਰੱਖਿਆ ਕਰ।” 

“ਤੂੰ ਤਾਂ ਕਮਲੀ ਐਂ ਬੇਬੇ ਕਦੇ ਸੁੱਕੇ ਦਰੱਖ਼ਤ ਵੀ ਹਰੇ ਹੋਏ ਨੇ। ਫੂਕਿਆ ਤਾਂ ਪਿਐ ਉਹ ਅਮਲਾਂ ਦਾ।” 

“ਕਿਸੇ ਸਾਧੂ ਸੰਤ ਦੀ ਮੰਨਤ ਈ ਮੰਨ ਲੈ। ਆਪਾਂ ਕਥਾ ਬਾਤਾਂ ‘ਚ ਸੁਣਦੇ ਆਂ, ਪਹਿਲੇ ਵੇਲਿਆਂ ‘ਚ ਜਿਨ੍ਹਾਂ ਦੇ ਉਲਾਦ ਨੀ ਸੀ ਹੁੰਦੀ, ਸਾਧਾਂ ਸੰਤਾਂ ਤੋਂ ਲੈ ਆਉਂਦੀਆਂ ਸੀ ਤੀਮੀਆਂ ।” 

“ਬੇਬੇ ਇਕ ਗੱਲ ਪੁੱਛਾਂ?” 

“ਆਹੋ ਪੁੱਛ ਲੈ।” 

“ਭਲਾ ਰੂਹਾਂ ਸੱਚੀਂ ਮੁੱਚੀਂ ਹੁੰਦੀਆਂ ਨੇ ?” 

“ਕਿਹੜਾ ਕਿਸੇ ਨੇ ਦੇਖੀਆਂ ਨੇ। ਪਰ ਸਿਆਣਿਆਂ ਦੀਆਂ ਕਥੀਆਂ ਹੋਈਆਂ ਗੱਲਾਂ ਨੇ, ਝੂਠ ਤਾਂ ਨੀ ਹੋਣੀਆਂ।” 

“ਕਈ ਵਾਰੀ ਨ੍ਹੇਰੇ ਸਵੇਰੇ ਮੈਨੂੰ ਜਾਣੀ ਪੈੜ ਚਾਲ ਜੀ ਸੁਣਦੀ ਐ। ਖ਼ਬਰੇ ਨਰੈਣ ਦੇ ਈ ਕਿਸੇ ਬੱਡੇ ਬਡੇਰੇ ਦੀ ਰੂਹ ਫਿਰਦੀ ਹੋਵੇ।” 

“ਤੂੰ ਇਉਂ ਕਰੀਂ ਏਸ ਚੰਦਰੇ ਨੇ ਤਾਂ ਕੀ ਕਰਨਾ ਸੀ, ਐਤਕੀਂ ਸਰਾਧ ਜ਼ਰੂਰ ਖੁਆਈਂ। ਫੇਰ ਵੀ ਬੱਡੇ ਬਡੇਰੇ ਆਸ ਤਾਂ ਕਰਦੇ ਈ ਨੇ ।” ਸੰਤੀ ਬੋਲੀ। ਭਾਨੋ ਨੇ ਕੋਈ ਉੱਤਰ ਨਾ ਦਿੱਤਾ। 

“ਜੈ ਸੀਤਾ ਰਾਮ…..ਜੈ ਸੀਤਾ ਰਾਮ।” ਭਗਮੀ ਗਿਣਤੀ, ਹੱਥ ਚਿੱਪੀ, ਖੁੱਲ੍ਹੀਆਂ ਜਟਾਂ, ਨੰਗੇ ਪੈਰ, ਇਕ ਸਾਧੂ ਨੇ ਭਾਨੋ ਦੇ ਦਰਾਂ ਮੂਹਰੇ ਆ ਅਲਖ ਜਗਾਈ। 

“ਪਾ ਦੇ ਕੁੜ੍ਹੇ ਖੈਰ। ਵਸਦੇ ਘਰੋਂ ਸਵਾਲੀ ਨੀ ਕਦੇ ਖ਼ਾਲੀ ਮੋੜੀਦਾ।” ਸੰਤੀ ਨੇ ਓਸੇ ਤਰ੍ਹਾਂ ਅਟੇਰਦਿਆਂ ਕਿਹਾ। 

ਆਟਾ ਪਾਉਂਦੀ ਭਾਨੋ ਜਾਣੀਂ ਧੰਧਕ ਜਿਹੀ ਗਈ। ਇਹ ਸਾਧ ਤਾ ਮੋਰਾਂਆਲੀ ਵੀ ਆਉਂਦਾ ਹੁੰਦਾ ਸੀ। 

ਪਰ ਬਾਵੇ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਆਟਾ ਬਗਲੀ ਵਿਚ ਪੁਆ ਉਹ ਜੈ ਸੀਤਾ ਰਾਮ ਜੈ ਸੀਤਾ ਰਾਮ, ਕਰਦਾ ਅਗਲੇ ਘਰ ਵੱਲ ਤੁਰ ਪਿਆ । 

“ਲਿਆ ਬੇਬੇ ਮੰਜਾ ਹੋਰ ਧੁੱਪੇ ਖਿੱਚ ਦਿਆਂ, ਛਾਉਂ ਆ ਗੀ।” ਆਟੇ ਵਾਲੇ ਹੱਥ ਝਾੜਦੀ ਮੁੜੀ ਆਉਂਦੀ ਭਾਨੋ ਨੇ ਕਿਹਾ। 

“ਬੱਸ ਚਲਦੀ ਆਂ, ਘਰ ਦੀ ਵੀ ਖ਼ਬਰ ਸਾਰ ਲਮਾਂ ਜਾ ਕੇ। ਰੋਟੀ ਦੇ ਕੇ ਆਈ ਸੀ। ਹਾਰੇ ‘ਚ ਦਾਲ ਧਰੀ ਹੋਈ ਐ, ਅਜੇ ਨੂਣ ਮਿਰਚ ਪੌਦੈਂ। ਸੋਚਿਆ ਰੁਲਦੇ ਨੇ ਪਏ ਚਾਰ ਗਲੋਟੇ ਈ ਟੇਰ ਲਾਂ। ਐਤਕੀਂ ਤਾਂ ਕੱਤਿਆ ਈ ਨੀ ਗਿਆ ਕੁਸ਼, ਖ਼ਬਰ ਨੀ ਇਕ ਤਾਣੀ ਵੀ ਨਾ ਬਣੇ। ਝੱਗੇ ਸਾਰੇ ਟੱਬਰ ਦੇ ਪਾਟੇ ਜਾਂਦੇ ਨੇ।” 

“ਸ਼ਹਿਰੋਂ ਲੈ ਆਇਓ ਝੱਗਿਆਂ ਦਾ ਕੱਪੜਾ।” 

“ਮੁੱਲ ਦਾ ਕੱਪੜਾ ਤਾਂ ਚਾਰ ਦਿਨ ਨੀ ਚਲਦਾ, ਊਈਂ ਹੁੰਦੈ ਸ਼ਕੀਨੀ ਜੋਗਰਾ ਈ। ਸੀਤੋ ਦੇ ਵਿਆਹ ਨੂੰ ਤੇਰੇ ਜੇਠ ਦਾ ਇਕ ਮੁੱਲ ਦਾ ਝੱਗਾ ਸਮਾਇਆ ਸੀ, ਓਹੀ ਰੱਖਿਆ ਪਿਐ, ਬਈ ਕਿਤੇ ਬਾਹਰ ਅੰਦਰ ਜਾਣਾ ਪੈ ਜਾਂਦੈ।” 

ਭਾਨੋ ਨੇ ਮੰਜਾ ਧੁੱਪੇ ਖਿੱਚ ਦਿੱਤਾ। 

“ਲੈ ਵੇਖ ਭੋਰਾ ਕੋਈ ਜੂੰ ਲੀਖ ਤਾਂ ਨੀ ? ਖ਼ੁਰਕ ਜੀ ਹੋਈ ਜਾਂਦੀ ਐ?” ਸੰਤੀ ਨੇ ਸਿਰ ਨੰਗਾ ਕਰ ਕੇ ਭਾਨੋ ਮੂਹਰੇ ਕਰਦਿਆਂ ਕਿਹਾ। 

ਭਾਨੋ ਉਸ ਦਾ ਸਿਰ ਫਰੋਲਣ ਲੱਗ ਪਈ ਤੇ ਨਾਲ ਈ ਮਲਕ ਮਲਕ ਇਹ ਗੀਤ ਛੋਹ ਦਿੱਤਾ: 

ਉਡਦਾ ਵੇ ਜਾਵੀਂ ਕਾਵਾਂ, ਬਹਿੰਦੜਾ ਜਾਵੀਂ ਵੇ, ਬਹਿੰਦੜਾ ਜਾਵੀਂ ਮੇਰੇ ਪੇਕੜੇ ਮੈਂ ਵਾਰੀ। ਇਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ, ਰੋਊਗੀ ਮੇਰੀਆਂ ਗੁੱਡੀਆਂ ਫੋਲ ਕੇ, ਮੈਂ ਵਾਰੀ। ਇਕ ਨਾ ਦੱਸੀਂ ਮੇਰੇ ਬਾਬਲ ਰਾਜੇ ਨੂੰ, ਰੋਊਗਾ ਭਰੀ ਕਚਹਿਰੀ ਛੋੜ ਕੇ, ਮੈਂ ਵਾਰੀ। ਇਕ ਨਾ ਦੱਸੀਂ ਅੜਿਆ ਭੈਣ ਮੇਰੀ ਨੂੰ, ਰੋਊਗੀ ਭਰਿਆ ਤ੍ਰਿੰਜਣ ਵੇਖ ਕੇ, ਮੈਂ ਵਾਰੀ। ਇਕ ਨਾ ਦੱਸੀਂ ਅੜਿਆ ਭਾਬੋ, ਮੇਰੀ ਨੂੰ ਖਿੜ ਖਿੜ ਹੱਸੂ ਪੇਕੇ ਜਾ ਕੇ, ਮੈਂ ਵਾਰੀ। ਦੱਸੀਂ ਵੇ ਦੱਸੀਂ ਕਾਵਾਂ ਦੱਸੀਂ ਵੀਰ ਮੇਰੇ ਨੂੰ, ਆਉਗਾ ਨੀਲਾ ਘੋੜਾ ਬੀੜ ਕੇ ਮੈਂ ਵਾਰੀ। 

“ਕੁੜੇ ਭਾਨੋ ਤੂੰ ਤਾਂ ਬਲਾ ਈ ਸੁਹਣਾ ਗਾਉਨੀ ਐਂ। ਤੈਨੂੰ ਕੀ ਦੱਸਾਂ ਭਾਨੋ ਜਿਹੜਾ ਥਾਉਂ ਨਹੀਂ ਫਰੋਲਿਆ ਉਹੀ ਚੰਗੈ। ਕਦੇ ਕਦੇ ਤਾਂ ਬੱਗਾ ਜਾਣੀ ਮੇਰੇ ਕਾਲਜੇ ‘ਤੇ ਆ ਬੈਠਦੈ। ਓਸ ਦੀ ਮੰਗ ਹੁਣ ਬੁੱਢਣ ਕੇ ਕੈਲੇ ਨੂੰ ਵਿਆਹੀ ਐ। ਓਸ ਬੀਹੀ ਕਿਹੜਾ ਲੰਘਿਆ ਜਾਂਦੈ। ਦੇਖ ਕੇ ਜਾਣੀ ਲਾਫ ਨਿਕਲਦੀ ਐ।” 

“ਰੱਬ ਦੀਆਂ ਮਰਜ਼ੀਆਂ ਨੇ ਬੇਬੇ ਬੰਦੇ ਦੇ ਕੀ ਅਖਤਿਆਰ ਐ। ਲੈ ਫੜ ਥਿਆਹੀ ਇਕ ਜੂੰ ।” ਭਾਨੋ ਨੇ ਜੂੰ ਉਸ ਦੇ ਹੱਥ ਉਤੇ ਧਰਦਿਆਂ ਕਿਹਾ। 

“ਕਿਸੇ ਦਿਓਂ ਚੜ੍ਹਗੀ ਹੋਊ ਤਾਹੀਏਂ ਖਾਜ ਹੋਈ ਹੋਈ ਜਾਂਦੀ ਸੀ। ਸੰਤੀ ਨੇ ਜੂੰ ਮਾਰਦਿਆਂ ਕਿਹਾ। 

“ਲੈ ਬਸ ਹੋਰ ਨੀ।” ਭਾਨੋ ਨੇ ਉੱਠ ਕੇ ਪੰਪ ਤੋਂ ਹੱਥ ਧੋਂਦਿਆਂ ਕਿਹਾ। ਸੰਤੀ ਨੇ ਗੁੱਤ ਕੀਤੀ ਤੇ ਸਿਰ ਢੱਕ ਲਿਆ। 

“ਕੁੜੇ ਭਾਨੋ ਤੇਰੇ ਪੀੜ੍ਹੇ ਦੇ ਕਿੰਗਰੇ ਡਿੱਗ ਪੈ ?” ਸੰਤੀ ਨੇ ਉਸ ਦੇ ਅੰਦਰ ਝਾਕਦਿਆਂ ਪੁੱਛਿਆ। 

“ਆਹੋ ਬੇਬੇ ਇਹ ਪਤਾ ਈ ਨੀ ਲੱਗਿਆ ਕੇਹੜੇ ਵੇਲੇ ਡਿੱਗ ਪੇ। ਇਸ ਤੋਂ ਆਪ ਤੋਂ ਵੱਜਿਆ ਹੋਊ ਕੁਸ਼ । ਲਾਊਂਗੀ ਮਿੱਟੀ ਟੋਭੇ ਤੋਂ ਲਿਆ ਕੇ ਕਿਸੇ ਦਿਨ।” 

“ਕੁੜੇ ਸੁਣਿਐ ਤੂੰ ਤਾਂ ਪਾਠ ਵੀ ਕਰਨ ਜਾਣਦੀ ਐਂ, ਕਦੇ ਸੁਣਾ ਦਿਆ ਕਰ ਭੋਰਾ, ਅਸੀਂ ਤਾਂ ਊਈਂ ਡੰਗਰਾਂ ਪਸ਼ੂਆਂ ਵਾਂਗ ਜੂਨ ਕੱਟ ਤੀ।” 

“ਮੇਰੀ ਮਾਂ ਨੂੰ ਗੁਰਦਵਾਰੇ ਦੀ ਖ਼ਾਸੀ ਚੌਂਪ ਸੀ । ਨਾਲ ਲੈ ਜਾਂਦੀ ਸੀ ਮੈਨੂੰ ਵੀ। ਫੇਰ ਓਸ ਨੇ ਸਾਡੇ ਪਿੰਡ ਵਾਲੇ ਭਾਈ ਜੀ • ਨੂੰ ਕਿਹਾ ਸਾਡੀ ਕੁੜੀ ਨੂੰ ‘ ਨੂੰ ਵੀ ਪਾਠ ਸਖਾ ਦੇ । ਭਾਈ ਜੀ ਰੋਜ਼ ਸੰਥਿਆ ਦੇ ਦਿੰਦਾ, ਮੂੰਹ ਜਵਾਨੀ ਮੈਂ जार ਕਰ ਕੇ ਸੁਣਾ ਦਿੰਦੀ। ਬਸ ਓਹੀ ਪਾਠ ਮੈਂ ਵੇਲੇ ਕੁਵੇਲੇ ਕਰ ਲੈਨੀ ਆਂ। ਪਰ ਬੇਬੇ ਹੁਣ ਤਾਂ ਖ਼ਬਰ ਨੀ ਕੀ ਰੱਬ ਦੀ ਮਾਰ ਵਗ ਗੀ ਪਾਠ ਵਿਚ ਜਾਣੀ ਚਿੱਤ ਈ ਨੀ ਲੱਗਦਾ। ਸੋਚੀਦੈ ਬਈ ਮਨਾ ਕੀ ਪਿਐ ਪਾਠ ਪੂਠ ਵਿਚ। ਹੁਣ ਕੀ ਰੱਬ ਝੋਲੀਆਂ ਭਰ ਦੂਗਾ। ਸਰਵਣ ਦੀ ਬਮਾਰੀ ਵੇਲੇ ਮੈਂ ਬੜੀਆਂ ਈ ਮੰਨਤਾਂ ਮੰਨੀਆਂ, ਪਰ ਇਕ ਨਾ ਵਰ ਆਈ। ਹੁਣ ਤਾਂ ਰੱਬ ਵੀ ਜਾਣੀ ਝੂਠਾ ਜਿਹਾ ਲੱਗਣ ਲੱਗ ਪਿਐ।” 

“ਇਉਂ ਨਾ ਕਹਿ ਕੁੜੇ ਕੀ ਪਤੈ ਓਸ ਦੇ ਰੰਗਾਂ ਦਾ, ਉਹ ਖ਼ਬਰੈ ਕਿਹੜੀ ਗੱਲੋਂ ਰਾਜ਼ੀ ਐ।” 

“ਲੈ ਬੇਬੇ ਉਹ ਹੋ ਲਵੇ ਰਾਜ਼ੀ ਸਾਡੇ ਨਾਲ ਤਾਂ ਜਿਹੜੀ ਹੋਊ ਦੇਖੀ ਜਾਊ।” 

“ਨਹੀਂ ਭਾਨੋ ਓਸ ਡਾਢੇ ਤੋਂ ਸੱਤ ਵੇਲੇ ਡਰੀਏ । ਹੁਣ ਸੋਧਾਂ ਦੀ ਸੱਸ ਨੂੰ ਸਾਲ ਹੋ ਗਿਐ ਪਈ ਨੂੰ । ਨਾ ਮਰਦਿਆਂ ਵਿਚ ਐ ਨਾ ਜੀਊਂਦਿਆਂ ਵਿਚ ਐ। ਇਕ ਪਾਸਾ ਈ ਮਾਰਿਆ ਗਿਐ। ਮੈਂ ਤਾਂ ਹਰ ਵੇਲੇ ਏਹੀ ਕਹਿਨੀ ਆਂ ਬਈ ਚੱਲਦੇ ਨੈਣ ਪਰਾਣੀ ਚੱਕ ਲੀਂ।” 

ਭਾਨੋ ਉਠ ਕੇ ਅੰਦਰੋਂ ਥਾਲੀ ਵਿਚ ਦਾਲ ਪਾ ਲਿਆਈ ਤੇ ਚੁਗਣ ਲੱਗ ਪਈ।  “ਨਰੈਣ ਖਾ ਲੈਂਦੇ ਮਹਾਂ ਦੀ ਦਾਲ ? ਇਕ ਦਿਨ ਖ਼ਬਰ ਨੀ ਆਖਦਾ ਸੀ। ਅਖੇ ਮਾਂਹ ਵੈਅ ਕਰਦੇ ਨੇ।” ਸੰਤੀ ਨੇ ਅਟੇਰਨ ਬੋਹੀਏ ਵਿਚ ਰੱਖ ਮੰਜੇ ਤੋਂ ਉਠਦਿਆਂ ਕਿਹਾ। 

“ਹਾਂ ਸੱਚ ਇਹ ਤਾਂ ਖਾਂਦਾ ਨੀ ਮਹਾਂ ਦੀ ਦਾਲ। ਚੇਤਾ ਈ ਨੀ ਸੀ ਰਿਹਾ ਹੋਰ ਆਥਣੇ ਕਜੀਆ ਕਰਨਾ ਸੀ। ਅਸਲ ਵਿਚ ਸਰਵਣ ਨੂੰ ਬੜੀ ਚੰਗੀ ਲਗਦੀ ਸੀ। ਤੀਏ ਦਿਨ ਆਖ ਦਿੰਦਾ ਸੀ ਮਾਂਹ ਧਰ ਲੈ।” 

“ਓਸ ਨੂੰ ਨਾ ਤੂੰ ਬਹੁਤਾ ਯਾਦ ਕਰਿਆ ਕਰ ਹੁਣ। ਓਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ।” ਆਖਦੀ ਸੰਤੀ ਤੁਰ ਗਈ। 

“ਓਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ।” ਭਾਨੋ ਨੇ ਮਹਾਂ ਦੀ ਦਾਲ ਮੋੜ ਕੇ ਤੌਲੇ ਵਿਚ ਪਾਉਂਦਿਆਂ ਸੋਚਿਆ। 

ਭੜੋਲੀ ਵਿਚੋਂ ਮੋਠ ਥਾਲੀ ਵਿਚ ਪਾਏ ਤੇ ਚੁਗਣ ਬੈਠ ਗਈ। 

6 

ਸਿਆਲ ਲੰਘ ਗਿਆ। 

ਲੋਕਾਂ ਨੇ ਰਜਾਈਆਂ ਬਛੌਣੇ ਟੰਗਣਿਆਂ ਉਤੇ ਸਾਂਭ ਦਿੱਤੇ । 

ਪਾਲੇ ਦੇ ਮਾਰੇ ਠੁਰ ਠੁਰ ਕਰਦੇ ਜੁਆਕ ਹੁਣ ਭੂੰਡਾਂ ਵਾਂਗੂੰ ਬੀਹੀ ਵਿਚ ਖੇਡਦੇ ਰਹਿੰਦੇ। 

ਬੀਹੀ ਵਿਚਲਾ ਚਿੱਕੜ ਵੀ ਸੁੱਕਣ ਲੱਗਿਆ। 

ਕਣਕਾਂ ਵਿਚ ਪੀਲੀ ਭਾਹ ਮਾਰਨ ਲੱਗੀ। 

ਦਿਨ ਅੱਗੇ ਨਾਲੋਂ ਵੱਡੇ ਹੋ ਗਏ ਸਨ। 

“ਆਪਾਂ ਐਤਕੀਂ ਇਕ ਸੀਰੀ ਰਲਾ ਕੇ ਥੋੜ੍ਹੀ ਜੀ ਖੇਤੀਓ ਕਰ ਲੀਏ?” ਭਾਨੋ ਨੇ ਚਾਹ ਦੀ ਗੜਵੀ ਤੇ ਕੌਲੀ ਨਰੈਣ ਕੋਲ ਧਰਦਿਆਂ ਕਿਹਾ। 

“ਬਾਪੂ ਦੇ ਵੇਲੇ ਤਾਂ ਚਾਰ ਹਲਾਂ ਦੀ ਖੇਤੀ ਹੁੰਦੀ ਸੀ। ਥਉਂ ਨੀ ਸੀ ਹੁੰਦਾ ਦਾਣੇ ਪਉਣ ਨੂੰ। ਪਰ ਹੁਣ ਤੂੰ ਸਿਆਣੀ ਐਂ ਆਪ ਨਾਲ ਲੱਗੇ ਬਿਨਾਂ ਸੀਰੀ ਕਿਹੜਾ ਡੱਕਾ ਦੂਹਰਾ ਕਰਕੇ ਦਿੰਦੇ ਨੇ, ਤੇ ਮੈਂ ਤੈਨੂੰ ਪਤਾ ਈ ਐ ਸਾਰੀ ਉਮਰ 

ਨੀ ਖੇਤੀ ਕੀਤੀ ਹੁਣ ਕੀ ਕਰਨੀ ਐ। ਨਾਲੇ ਆਪਣੇ ਕਿਹੜਾ ਜੁਆਕ ਰੋਂਦੇ ਨੇ ਮਗਰ । ਦੋ ਜੀਆਂ ਦੇ ਖਾਣ ਜੋਗੇ ਦਾਣੇ ਬਟਾਈ ਦੇ ਆ ਈ ਜਾਂਦੇ ਨੇ।” 

“ਬਟਾਈ ਆਲੇ ਵੀ ਅੱਜ ਕੱਲ੍ਹ ਕੀ ਦਿੰਦੇ ਨੇ। ਦੁਨੀਆਂ ‘ਚ ਬੇਈਮਾਨੀਆਂ ਵਧੀਆਂ ਹੋਈਆਂ ਨੇ । ਨ੍ਹੇਰੇ ਸਵੇਰੇ ਅਗਲਾ ਲਾਣ ਦੇ ਈ ਚਾਰ ਭਰੇ ਚੁੱਕ ਕੇ ਆਪਣੇ ਪਿੜ ‘ਚ ਸਿੱਟ ਲੈਂਦੇ।” 

“ਉਹ ਤਾਂ ਤੇਰੀ ਗੱਲ ਠੀਕ ਐ। ਪਰ ਪਹਿਲਾਂ ਹੁਣ ਬਲਦ ਖ਼ਰੀਦੋ। ਖੇਤੀ ਦਾ ਸਾਰਾ ਢਾਣਸ ਕਰੋ। ਫੇਰ ਸੀਰੀਆਂ ਦੇ ਮਗਰ ਸਾਰਾ ਦਿਨ ਫਿੜੀ ਫੜੀ ਕਰਦੇ ਫਿਰੋ । ਪਰ ਕਾਹਦੀ ਖ਼ਾਤਰ। ਆਪਣੀਆਂ ਕੀ ਕੁੜੀਆਂ ਬਾਰੋਂ ਉਠਾਉਣ ਖੁਣੋਂ ਬੈਠੀਆਂ ਨੇ ਬਈ ਏਡੇ ਔਖੇ ਹੋਈਏ ?” 

“ਕੁੜੀਆਂ ਨਾ ਸਹੀ, ਚਾਰ ਪੈਸੇ ਬੰਦੇ ਦੇ ਕੋਲ ਹੋਣ ਤਾਂ ਸਾਰੇ ਈ ਪੁੱਛਦੇ ਨੇ, ਨਹੀਂ ਕੋਈ ਨੀ ਸਿਆਣਦਾ। ਉਤੋਂ ਬੁਢਾਪਾ ਆਉਂਦੈ ਤੁਰਿਆ, ਮਾਰੋ ਮਾਰ ਕਰਦਾ ।” 

“ਆਪੇ ਫਿਕਰ ਕਰੂ ਜੀਹਨੇ ਬਣਾਏ ਆਂ। ਹੁਣ ਤੱਕ ਜਿਹੜਾ ਦਿੰਦਾ। ਰਿਹੈ ਗਹਾਂ ਨੀ ਦੇਊ ਤੇਰਾ ਖ਼ਿਆਲ ਐ? ਉਹ ਤਾਂ ਪੱਥਰ ‘ਚ ਕੀੜੇ ਨੂੰ ਵੀ ਦਿੰਦੈ।” 

“ਦਿੰਦਾ ਤਾਂ ਹੈ, ਪਰ ਮੂੰਹ ਵਿਚ ਬੁਰਕੀ ਤਾਂ ਆਪ ਈ ਚੱਕ ਕੇ ਪਾਉਣੀ ਪੈਂਦੀ ਐ।” 

“ਅਸੀਂ ਤਾਂ ਉਹ ਵੀ ਤੈਥੋਂ ਈ ਪੁਆ ਲਿਆ ਕਰਾਂਗੇ। ਮਖਾਂ ਤੂੰ ਇਹ ਖੁਰਲੀਆਂ ਕਾਸ ਤੋਂ ਢੌਣ ਲੱਗੀ ਪਈ ਐਂ ਅੱਜ ?” ਗੰਧਾਲੇ ਨਾਲ ਖਲੇਪੜ ਲਾਹੁੰਦੀ ਭਾਨੋ ਨੂੰ ਦੇਖ ਕੇ ਨਰੈਣ ਨੇ ਪੁੱਛਿਆ। 

“ਮੈਂ ਕਿਹਾ ਬੱਡਿਆਂ ਬਡੇਰਿਆਂ ਦਾ ਕੁਸ਼ ਦੱਬਿਆ ਦਬਾਇਆ ਈ ਥਿਆ ਜੂ।” ਭਾਨੋ ਨੇ ਮਸ਼ਕਰੀ ਕੀਤੀ। 

“ਬਾਪੂ ਦੇ ਵੇਲੇ ਮੇਰੀ ਦਾਦੀ ਨੇ ਪਿਛਲੀ ਕੋਠੜੀ ‘ਚੋਂ ਇਕ ਵਾਰੀ ਚਾਂਦੀ ਦੇ ਰੁਪਈਆਂ ਦੀ ਬਲ੍ਹਣੀ ਕੱਢੀ ਸੀ। ਕਹਿੰਦੀ ਸੀ ਇਹ ਮੇਰੀ ਸੱਸ ਮਰਨ ਲੱਗੀ ਦੱਸ ਕੇ ਗਈ ਸੀ। ਜਦੋਂ ਦੇ ਸਹੁਰੇ ਕਾਗਤਾਂ ਦੇ ਰੁਪਈਏ ਚੱਲੇ ਨੇ ਕੋਈ ਦੱਬ ਕੇ ਵੀ ਨੀ ਰੱਖ ਸਕਦਾ। ਪਰ ਮਖਾਂ ਤੂੰ ਸੱਚੀਓਂ ਈ ਕਿਉਂ ਢਾਈ ਜਾਨੀ ਐ ਖੁਰਲੀਆਂ ?” 

“ਵੇਹਲੀ ਸੀ ਮੈਂ ਕਿਹਾ ਖੁਰਲੀਆਂ ਈ ਢਾਹ ਕੇ ਬਣਾ ਲੈਨੀ ਆਂ। ਮੁੜ ਮੁੜ ਕੇ ਮਿੱਟੀ ਲਾਉਣ ਕਰ ਕੇ ਲਿਓੜ ਲਹਿਣ ਲੱਗ ਪੇ ਸੀ।” 

“ਚੰਗੀਆਂ ਭਲੀਆਂ ਤਾਂ ਸੀ। ਪਰ ਤੇਰੀ ਵੀ ਹੱਡੀ ‘ਚ ਚੈਨ ਨੀ। ਰਾਮ ਕਰ ਲਿਆ ਕਰ ਦੋ ਘੜੀ, ਕੀ ਲੈ ਜਾਣੈ ਏਸ ਜੱਗ ਤੋਂ।” 

“ਵੇਹਲੀ ਦਾ ਤਾਂ ਮੇਰਾ ਜੀ ਜਾ ਨੀ ਲੱਗਦਾ। ਕੰਮ ਕਰਦੀ ਸਗੋਂ ਚੰਗੀ ਰਹਿਨੀ ਆਂ।” 

“ਓਹ ਤਾਂ ਠੀਕ ਐ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ, ਪਰ ਦੋ ਘੜੀ ਰਾਮ ਵੀ ਚਾਹੀਦੈ।” 

“ਅੱਜ ਕੱਪੜੇ ਲਾਹ ਜੀ, ਬਾਹਰ ਨੂੰ ਜਾਂਦਾ ਹੋਇਆ; ਸੋਡਾ ਉਬਾਲਿਆ ফিল্ম।” 

“ਅਜੇ ਚੰਗੇ ਭਲੇ ਨੇ।” ਨਰੈਣ ਨੇ ਆਪਣੇ ਤੋੜ ਸਿਰ ਪਾਏ ਕਪੜਿਆਂ ਵੱਲ ਝਾਕਦਿਆਂ ਕਿਹਾ। 

“ਹੱਡ ਮੈਲ ਪਈ ਹੋਈ ਫੇਰ ਨਿਕਲਦੀ ਨੀ।” 

“ਕਿਧਰੇ ਨੀ ਹੱਡ ਮੈਲ ਪੈਂਦੀ।” 

“ਪਿਛਲੀ ਵਾਰੀ ਹੇਠਲੀ ਜਾਕਟ ਵਿਚ ਹੱਡ ਮੈਲ ਦੀ ਥਾਂ ਜੂਆਂ ਵੀ ਪੈਗੀਆਂ ਸੀ।” 

“ਉਹ ਤਾਂ ਤੇਰੇ ਕੋਲੋਂ ਚੜ੍ਹਗੀਆਂ ਸੀ”, ਅਮਲੀ ਨੇ ਹੱਸ ਕੇ ਕਿਹਾ। 

“ਮੈਂ ਤਾਂ ਹਰ ਰੋਜ਼ ਤੜਕੇ ਠੰਢੇ ਪਾਣੀ ਨਾਲ ਨਾਨੀਆਂ, ਮੇਰੇ ਜੂੰਆਂ विष ?” 

“ਊਂ ਇਕ ਗੱਲ ਤਾਂ ਮਾੜੀਓ ਐ ਭਾਨੋ।” 

“ਕੀ ?” 

“ਤੜਕੇ ਉਠ ਕੇ ਨਹਾ ਕੇ ਜਿਹੜਾ ਤੂੰ ਪਾਠ ਜਿਹਾ ਕਰਨ ਲੱਗ ਜਾਨੀ ਐਂ ਤੈਨੂੰ ਤਾਂ ਰੱਬ ਲੈ ਜੂ ਸੁਰਗ ‘ਚ ਤੇ ਮੈਂ ‘ਕੱਲਾ ਨਰਕ ‘ਚ ਕੀ ਕਰੂੰ?” 

“ਵਾਧੂ ਚਹੇਡਾਂ ਨਾ ਕਰ।” 

“ਲੈ ਲੋ ਕੱਕੜੀਆਂ ਖ਼ਰਬੂਜ਼ੇ”, ਬਾਹਰ ਬੀਹੀ ਵਿਚ ਅਰੈਣ ਨੇ ਹੋਕਾ ਦਿੱਤਾ। 

“ਖ਼ਰਬੂਜ਼ੇ ਤਾਂ ਲੈ ਦੇ ਭਾਨੋ ?” ਨਰੈਣ ਨੇ ਭਾਨੋ ਦਾ ਮਾਨੋ ਤਰਲਾ ਕੀਤਾ। 

“ਤੂੰ ਕੋਈ ਜੁਆਕ ਐਂ ?” 

“ਹਾੜੇ ਹਾੜੇ ਲੈ ਦੇ?” 

“ਭਾਨੋ ਸੇਰ ਕੁ ਦਾਣੇ ਪੱਲੇ ਵਿੱਚ ਪਾ ਮੁਸਕੜੀਏ ਹੱਸਦੀ ਖ਼ਰਬੂਜ਼ੇ ਲੈਣ ਚਲੀ ਗਈ। 

“ਕੁੜ੍ਹੇ ਭਾਨੋ ਐਂ ?” ਦਾਣੇ ਤੱਕੜੀ ਦੇ ਪਲੜੇ ਵਿਚ ਪੁਆਉਂਦੀ ਸੈਰਾਂ ਅਰੈਣ ਬੋਲੀ। 

“ਆਹੋ”, ਭਾਨੋ ਨੇ ਬਿਨਾ ਸੈਰਾਂ ਵੱਲ ਤੱਕਦਿਆਂ ਕਿਹਾ। 

“ਕੁੜ੍ਹੇ ਰਾਜ਼ੀ ਤਾਂ ਹੈਂ ? ਤੂੰ ਤਾਂ ਜਾਣੀ ਸੁਫ਼ਨਾ ਈ ਹੋਗੀ।” 

“ਹੁਣ ਵੀ ਜਾਨੀ ਹੁੰਨੀ ਐਂ ਤੂੰ ਮੋਰਾਂਆਲੀ ਖ਼ਰਬੂਜੇ ਬੇਚਣ ?” ਭਾਨੋ ਨੇ ਝਕਦੀ ਝਕਦੀ ਨੇ ਪੁੱਛਿਆ। 

” ਭਾਨੋ ।” 

“ਉਨ੍ਹਾਂ ਦੇ ਘਰ ਸੁੱਖ ਸਾਂਦ ਐ?” 

ਸੈਰਾਂ ਸਮਝ ਗਈ ਭਾਨੋ ਕਿਹੜੇ ਘਰ ਦੀ ਸੁੱਖ ਸਾਂਦ ਪੁੱਛਦੀ ਏ। 

“ਜਦ ਤੇਰਾ ਉਸ ਘਰ ਸੀਰ ਈ ਨਾ ਰਿਹਾ, ਤੈਨੂੰ ਕੀ ਚੁੱਲ੍ਹੇ ‘ਚ ਪਵੇ ਉਨ੍ਹਾਂ ਦੀ ਸੁੱਖ ਸਾਂਦ”, ਸੈਰਾਂ ਦਾਣਿਆਂ ਬਰਾਬਰ ਖ਼ਰਬੂਜ਼ੇ ਜੋਖਦੀ ਬੋਲੀ। 

“ਆਹੋ ਉਹ ਤਾਂ ਆਹੋ” ਭਾਨੋ ਜਿਵੇਂ ਆਪਣੇ ਆਪ ਨੂੰ ਹੀ ਕੁਝ ਆਖ ਰਹੀ ਸੀ। 

ਖ਼ਰਬੂਜ਼ੇ ਭਾਨੋ ਨੇ ਪੱਲੇ ਵਿਚ ਪੁਆ ਲਏ। ਪਿਛੋਂ ਇਕ ਚਿਬੜੀ ਹੋਰ ਟੋਕਰੇ ਵਿਚੋਂ ਚੁੱਕ ਕੇ ਸੈਰਾਂ ਨੇ ਭਾਨੋ ਦੇ ਪੱਲੇ ਵਿਚ ਪਾ ਦਿੱਤੀ। 

ਭਾਨੋ ਉਸ ਵੱਲ ਝਾਕੀ ਤੇ ਚੁੱਪ ਕਰ ਰਹੀ। 

“ਲਵਾਏਂਗੀ ਹੱਥ?” ਸੈਰਾਂ ਨੇ ਇਕ ਪਾਸਿਓਂ ਟੋਕਰੇ ਨੂੰ ਚੁੱਕਦਿਆਂ ਕਿਹਾ। 

“ਆਹੋ ਲੈ”, ਆਖ ਕੇ ਭਾਨੋ ਨੇ ਸੈਰਾਂ ਨੂੰ ਟੋਕਰਾ ਚੁਕਵਾ ਦਿੱਤਾ। 

ਪਲ ਦੋ ਪਲ ਲਈ ਉਹ ਸੈਰਾਂ ਨੂੰ ਜਾਂਦੀ ਨੂੰ ਦੇਖਦੀ ਰਹੀ। ਫੇਰ ਖ਼ਰਬੂਜ਼ੇ ਪੱਲੇ ਵਿਚ ਪਾਈ ਉਹ ਮੁੜ ਗਈ। 

ਥਾਲੀ ਵਿਚ ਖ਼ਰਬੂਜ਼ੇ ਤੇ ਸਾਗ ਚੀਰਨੀ ਦਾਤੀ ਉਹ ਨਰੈਣ ਕੋਲ ਧਰ ਕੇ ਆਪ ਮਿੱਟੀ ਮਿੱਧਣ ਜਾ ਲੱਗੀ। 

“ਤੈਂ ਨੀ ਖਾਣੇ ?” ਨਰੈਣ ਨੇ ਖ਼ਰਬੂਜ਼ਾ ਚੀਰਦਿਆਂ ਪੁੱਛਿਆ। 

“ਬਸ ਤੂੰ ਹੀ ਖਾ ਲੈ।” 

“ਕਿਉਂ ਤੂੰ ਵੀ ਆ ਜਾ।” 

ਮੇਰਾ ਤਾਂ ਚਿੱਤ ਜਿਹਾ ਨੀ ਮੰਨਦਾ।” 

“ਚੰਗੈ ਤੇਰਾ ਚਿੱਤ ਜਿਹੜਾ ਕੁਸ਼ ਖਾਣ ਨੂੰ ਵੀ ਨੀ ਮੰਨਦਾ ।” 

“ਐਤਕੀਂ ਆਪਾਂ ਗੰਗਾ ਦੇ ਨਹਾਉਣ ਤੇ ਚੱਲੀਏ ?” ਭਾਨੇ ਨੇ ਜਿਵੇਂ ਕਿਧਰੋਂ ਦੂਰੋਂ ਗੱਲ ਕੀਤੀ। 

**ਪਿਛਲੀ ਵਾਰੀ ਤਾਂ ਗੰਗਾ ਮਾਈ ਨੇ ਤੂੰ ਦਿੱਤੀ ਸੀ ਐਤਕੀਂ ਜੇ ਮੋੜ. ਲੀ ਮੈਂ ਕੀ ਕਰੂੰਗਾ ?” 

“ਜੇ ਰੱਖਣੀ ਹੁੰਦੀ ਤਾਂ ਗੰਗਾ ਮਾਈ ਓਦੋਂ ਹੀ ਨਾ ਰੱਖ ਲੈਂਦੀ ਵਰਗੇ ਪਾਪੀਆਂ ਨੂੰ ਰੱਖ ਕੇ ਉਸ ਨੇ ਕੀ ਕਰਨੈ ?” ਸਾਡੇ 

“ਤੂੰ ਕੀ ਪਾਪ ਕੀਤੇ ?” ਨਰੈਣ ਬੋਲਿਆ। 

“ਕੀਤਾ ਈ ਹੋਊ ਕੋਈ ਪਿਛਲੇ ਜਨਮ ‘ਚ । ਨਹੀਂ ਤਾਂ…” ਅੱਗੋਂ ਭਾਨੋ ਚੁੱਪ ਕਰ ਗਈ। 

“ਨਰੈਣ ਬਿੰਦ ਕੁ ਉਸ ਦੇ ਮੂੰਹ ਵੱਲ ਵੇਖਦਾ ਰਿਹਾ। ਫਿਰ ਖ਼ਰਬੂਜ਼ਾ ਖਾਂਦਾ ਬੋਲਿਆ, “ਭਾਨੋ ਜਿਸ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ। ਕਿਸੇ ਗੱਲੋਂ ਔਖੀ ਨਾ ਰਹੀਂ। ਹੋਰ ਆਪਾਂ ਕੀਹਨੂੰ ਦੇਣਾ ਐ।” 

“ਕਦੇ ਬੀਬੀ ਕਰਤਾਰੀ ਕੋਲ ਵੀ ਜਾ ਆਇਆ ਕਰ। ਕੀ ਕਹਿੰਦੀ ਹੋਊ ਬਈ ਮੇਰਾ ਵੀ ਭਰਾ ਐ।” 

“ਕਦੇ ਕਦੇ ਚਿੱਤ ਜਾ ਤਾਂ ਕਰਦੇ, ਪਰ ਏਡੀ ਦੂਰ ਜਾਵੇ ਕਿਹੜਾ, ਉਹ ਤਾਂ ਜਾ ਵਸੀ ਬਾਰਾਂ ਪੱਤਣਾਂ ਤੋਂ ਪਾਰ । ਪੱਚੀ ਰੁਪਈਏ ਤਾਂ ਭਾੜੇ ਦੇ ਜਾਣ ਜਾਣ ਦੇ ਲੱਗ ਜਾਂਦੇ ਨੇ । ਤੇਰੇ ਭਾਣੇ ਕਿਤੇ ਨੇੜੇ ਈ ਐ ਯੂ. ਪੀ.।” 

“ਭੈਣ ਭਰਾਮਾਂ ਨਾਲੋਂ ਕੋਈ ਪੱਚੀ ਰੁਪਈਏ ਚੰਗੇ ਹੁੰਦੇ ਨੇ, ਨਾਲੇ ਓਸ ਦੇ ਕਿਹੜੇ ਪੰਜ ਸੱਤ ਭਰਾ ਨੇ ਬਈ ਇਕ ਨੀ ਦੂਜਾ ਜਾ ਆਉ।” 

“ਤੂੰ ਤਾਂ ਕਮਲੀ ਐਂ…. ਦੇਖ ਜਿਮੇਂ ਅੰਮਾਂ ਵੀ, ਬੇਬੇ ਵੀ, ਭੈਣ ਵੀ, ਧੀ ਵੀ ਤੇ ਭਾਨੋ ਵੀ ਸਭ ਕੁਝ ਮੈਂ ਤੈਨੂੰ ਈ ਸਮਝ ਲਿਐ, ਤਿਮੇਂ ਉਹ ਵੀ ਆਪਣੇ ਘਰ ਰਾਜੀ ਬਾਜੀ ਹੋਣੀ ਐਂ। ਜੇ ਜਾਓ ਈ ਨਾ ਆਪੇ ਅਗਲੇ ਉਡੀਕਣੇ ਹਨ ਜਾਂਦੇ ਨੇ”, ਨਰੈਣ ਨੇ ਉੱਠ ਕੇ ਖ਼ਰਬੂਜ਼ੇ ਦੀ ਫਾੜੀ ਭਾਨੋ ਦੇ ਕੋਲ ਰੱਖਦਿਆਂ ਕਿਹਾ। 

“ਪਰ ਜਾਓ ਕਾਹਤੋਂ ਨਾ? ਜੀਉਂਦੇ ਜੀ ਕਾਹਦੇ ਲਈ ਟੁੱਟ ਕੇ ਬੈਠਣਾ ਹੋਇਆ ?” 

“ਚੱਲ ਤੂੰ ਕਹਿਨੀ ਐਂ ਤਾਂ ਤੀਆਂ ਨੂੰ ਸੰਧਾਰਾ ਦੇ ਆਉਂਗਾ।” 

“ਤੈਨੂੰ ਪਤੈ ਕਹਿੰਦੇ ਨੇ ਜਦੋਂ ਧੀ ਹਉਕਾ ਭਰਦੀ ਐ ਘਰ ਦੇ ਚਾਰੇ ਖੂੰਜੇ ग्लिरे हे।” 

“ਥੋਡੇ ਘਰ ਤਾਂ ਫੇਰ ਭੂਚਾਲ ਆਇਆ ਈ ਰਹਿੰਦਾ ਹੋਣੇ।” 

“ਕਿਉਂ ?” 

“ਤੈਨੂੰ ਤਾਂ ਮੈਂ ਦਿਨ ਵਿਚ ਕਈ ਵਾਰੀ ਹਉਕੇ ਲੈਂਦੀ ਨੂੰ ਦੇਖਦਾਂ।” 

“ਲੈ ਮੈਂ ਹਉਕੇ ਕਾਸਤੋਂ ਲੈਣੇ ਨੇ”, ਆਖਦੀ ਭਾਨੇ ਤੁੜੀ ਪਾ ਕੇ ਮਿੱਧੀ ਹੋਈ ਮਿੱਟੀ ਬਾਹਰਲੀ ਕੰਧ ਤੇ, ਜਿੱਥੇ ਲਿਓੜ ਲਹਿ ਗਿਆ ਸੀ, ਲਾਉਣ ਲੱਗ ਪਈ। 

ਇੰਨੇ ਨੂੰ ਇਕ ਵੱਛਾ, ਪੀਹਣ ਲਈ ਧੋ ਕੇ ਸੁੱਕਣੀ ਪਾਈ ਕਣਕ ਆ ਖਾਣ ਲੱਗਿਆ। 

“ਏਸ ਜੈ ਰੋਏ ਦੇ ਨੇ ਵੀ ਲਹੂ ਪੀ ਛੱਡਿਐ ਸਵੇਰ ਦਾ” ਆਖਦੀ ਭਾਨੋ ਮਿੱਟੀ ਵਾਲੇ ਹੱਥੀਂ ਉਸ ਨੂੰ ਸ਼ਿਸ਼ਕੇਰਨ ਗਈ। 

ਵੱਛਾ ਵੀਹੀ ਵਿਚ ਜਾ ਕੇ ਖੜ੍ਹੋ ਗਿਆ। ਮੁੜ ਕੇ ਝਾਕਣ ਲੱਗਿਆ, ਜਿਵੇਂ ਮੁੜ ਆਉਣ ਦੀ ਸਲਾਹ ਕਰਦਾ ਹੋਵੇ। 

ਭਾਨੇ ਫੇਰ ਉਸ ਨੂੰ ਭਜਾਉਣ ਗਈ। ਕਾਫ਼ੀ ਦੂਰ ਤੱਕ ਉਸ ਦੇ ਮਗਰ ਭੱਜੀ ਗਈ। ਵੀਹੀ ਲੰਘ, ਸੱਥ ਵਿਚਾਲੇ ਜਾ ਕੇ, ਉਹ ਝਿਜਕ ਕੇ ਖਲੋ ਗਈ। ਵਰਿਆਮੇ ਦੀ ਧਨ ਕਰ ਚਾਰਾ ਲਈ ਆਉਂਦੀ ਮਿਲੀ। 

“ਕੁੜੇ ਭਾਨੋ ਅੱਜ ਬਿਨਾਂ ਹੀ ਘੱਗਰੇ ਤੋਂ ਸੱਥ ਵਿਚ ਤੁਰੀ ਫਿਰਦੀ ਐਂ ? ਏਸ ਪਿੰਡ ਨੂੰ ਪੇਕਾ ਪਿੰਡ ਬਣਾਉਣ ਦੀ ਸਲਾਹ ਤਾਂ ਨੀ ਹੋ ਗੀ ਕਿਤੇ ?” 

ਉਸ ਪਲ ਭਾਨੋ ਦੇ ਗੱਲ ਸਮਝ ਵਿਚ ਨਾ ਆਈ। 

“ਮੱਥਾ ਟੇਕਦੀ ਆਂ ਅੰਮਾ।” 

“ਜੀਉਂਦੀ ਵਸਦੀ ਰਹੁ। ਮੈਂ ਕਿਹਾ ਕਿਤੇ ਸਿੰਘ ਸਭੈਣ ਤਾਂ ਨੀ ਬਣ गी?” 

“ਵੱਛੇ ਨੂੰ ਸ਼ਿਸ਼ਕੇਰਨ ਆਈ ਸੀ ਅੰਮਾ, ਪੀਹਣ ਜਾ ਖਾਣ ਲੱਗਿਆ ਸੀ। ਚੇਤਾ ਈ ਨੀ ਰਿਹਾ, ਉਸ ਦੇ ਮਗਰ ਈ ਸੱਥ ਥਾਈਂ ਆ ਗੀ।” 

“ਕੋਈ ਨਾ ਹੋਰ ਸਾਲ ਛੀ ਮਹੀਨਿਆਂ ਨੂੰ ਏਸ ਧਰਤੀ ਨੇ ਕਾਮਣ ਪਾ ਲੈਣੇ ਫੇਰ ਆਪੇ ਚੇਤਾ ਰਹੂ ਸਭ ਕਾਸੇ ਦਾ।” ਧਨ ਕੁਰ ਨੇ ਹੱਸ ਕੇ ਕਿਹਾ।  

ਭਾਨੋ ਨੂੰ ਇਸ ਗੱਲ ਦੀ ਵੀ ਸਮਝ ਨਾ ਲੱਗੀ। 

ਕੋਈ ਹੋਰ ਗੱਲ ਛੋਹਣ ਖ਼ਾਤਰ ਉਹ ਬੋਲੀ, “ਅੰਮਾਂ, ਬੀਬੀ ਫੇਰ ਤੋਰ ‘ਤੀ’ वैसु?” 

“ਆਹੋ ਮੈਂ ਤਾਂ ਕਿਹਾ ਸੀ ਦੋ ਐਸਾਂ ਸੂਈਆਂ ਹੋਈਆਂ ਨੇ, ਹੋਰ ਰਹਿ ਜੇ ਦੋ ਮਹੀਨੇ, ਮਾੜੀ ਜੀ ਹੱਡਾਂ ‘ਚ ਪੈ ਜੇ, ਜ਼ਹਿਮਤ ਤੋਂ ਉੱਠੀ ਐ, ਪਰ ਅਗਲਿਆਂ ਦੇ ਵੀ ਸੁੱਖ ਨਾਲ ਲਾਣੇ ਦਾ ਕੰਮ ਐ। ਚਾਰ ਦਿਨ ਹੋ ਗੇ ਸੀ ਬੈਠੇ ਨੂੰ, ਪਰਾਹੁਣੇ ਨੂੰ ।” 

“ਚੰਗਾ, ਧੀਆਂ ਆਪਣੇ ਘਰ ਹੀ ਸੌਂਹਦੀਆਂ ਨੇ”, ਭਾਨੋ ਨੇ ਕਿਹਾ। ਪਰ ਇਹ ਗੱਲ ਆਖ ਕੇ ਉਸ ਨੂੰ ਆਪ ਨੂੰ ਹੀ ਸੰਗ ਜਿਹੀ ਆ ਗਈ। 

ਉਹ ਕਾਹਲੇ ਪੈਰ ਪੁੱਟਦੀ ਧੰਨ ਕੁਰ ਤੋਂ ਅੱਗੇ ਲੰਘ ਗਈ। 

ਸਾਹਮਣਿਓਂ ਆਉਂਦੇ, ਚਾਰਾ ਵੱਢ ਕੇ ਲਿਆਉਣ ਲਈ ਦਾਤੀ ਤੇ ਰੱਸੀ ਲਈ ਖੇਤ ਨੂੰ ਜਾਂਦੇ ਲਾਭੇ ਕੇ ਇੰਦਰ ਨੇ ਭਾਨੋ ਨੂੰ ਅੱਖ ਮਾਰੀ। 

‘ਫਿੱਟਿਆ ਹੋਇਆ’, ਭਾਨੋ ਨੇ ਜੀ ਵਿਚ ਕਿਹਾ ਤੇ ਉਸ ਦੇ ਕੋਲ ਦੀ ਹੋਰ ਕਾਹਲੀ ਹੋ ਕੇ ਲੰਘ ਗਈ। 

ਕਾਹਲੀ ਤੁਰਦੀ ਦੇ ਉਸ ਦੇ ਪੈਰ ਨੂੰ ਠੋਹਕਰ ਵੱਜੀ। ਅੰਗੂਠੇ ਦਾ ਕੱਚਾ ਨਹੁੰ ਲਹਿ ਗਿਆ। ਲਹੂ ਸਿੰਮ ਆਇਆ। 

ਬਿਨਾਂ ਪਰਵਾਹ ਕੀਤਿਆਂ ਭਾਨੋ ਘਰ ਆ ਪਹੁੰਚੀ। ਇਕ ਉਸ ਦਾ ਦਿਲ ਕੀਤਾ ਨਰੈਣ ਨੂੰ ਦੱਸ ਦੇਵੇ ਕਿ ਲਾਭੇ ਕੇ ਇੰਦਰ ਨੇ ਅੱਜ ਮੈਨੂੰ ਅੱਖ ਮਾਰੀ ਸੀ। 

‘ਭਲਾ ਇਹ ਕੀ ਕਰ ਲੂ’ ਉਸ ਦੇ ਅੰਦਰੋਂ ਹੀ, ਜਿਵੇਂ ਕਿਸੇ ਨੇ ਜਵਾਬ ਦਿੱਤਾ। 

ਘਰ ਆ ਕੇ ਉਹ ਖੁਰਲੀਆਂ ਨੂੰ ਮਿੱਟੀ ਲਾਉਣ ਲੱਗ ਪਈ । ‘ਕੱਲ੍ਹ ਥਾਈਂ ਮਿੱਟੀ ਨੇ ਸੁੱਕ ਜਾਣੈ’, ਇਹ ਸੋਚ ਕੇ ਉਹ ਸੂਰਜ ਡੁੱਬਣ ਤੱਕ ਮਿੱਟੀ ਲਾਉਂਦੀ ਰਹੀ। 

ਮਿੱਟੀ ਲਾ ਕੇ ਹਟੀ, ਹੱਥ ਪੈਰ ਧੋਤੇ। 

ਹਾਰ ਵਿਚੋਂ ਕੱਢ ਕੇ ਦਾਲ ਘਟੀ। 

ਆਟਾ ਗੁੰਨ੍ਹਿਆ। 

ਧਾਰ ਕੱਢੀ। ਦੁੱਧ ਤੱਤਾ ਕੀਤਾ। 

ਰੋਟੀ ਲਾਹੁਣ ਲਈ ਤਵਾ ਧਰਿਆ ਹੀ ਸੀ ਜਦੋਂ ਉਸ ਨੂੰ ਚੇਤਾ ਆਇਆ, ‘ਦੁਪਹਿਰੇ ਖੂਹ ਉਤੇ ਕੱਪੜੇ ਧੋਣ ਗਈ ਨਰੈਣ ਦੀ ਪੱਗ ਤਾਂ ਉਥੇ ਹੀ ਭੁੱਲ ਆਈ ਹਾਂ। ਖ਼ਬਰੇ ਵਾੜੇ ਦੇ ਪਿਛਲੇ ਪਾਸੇ ਡਿੱਗ ਪਈ ਸੀ । ਸਾਹਮਣੇ ਹੁੰਦੀ ਤਾਂ ਜ਼ਰੂਰ ਦਿਸ ਪੈਂਦੀ’, ਭਾਨੋ ਨੇ ਸੋਚਿਆ। 

‘ਕਈ ਲੈ ਹੀ ਨਾ ਗਿਆ ਹੋਵੇ।’ 

‘ਨਾ ਵੀ ਲੈ ਗਿਆ ਹੋਇਆ ਤਾਂ ਸਵੇਰ ਥਾਈ ਤਾਂ ਜ਼ਰੂਰ ਲੈ ਜੂ ‘ਹੁਣੇ ਚੱਕ ਲਿਆਮਾ ਫੇਰ ਤਾਂ ਬਾਹਲਾ ਨ੍ਹੇਰਾ ਹੋ ਜੂ’, ਸੋਚਦੀ ਭਾਨੋ ਨੇ 

ਛਟੀਆਂ ਚੁੱਲ੍ਹੇ ਵਿਚੋਂ ਬਾਹਰ ਖਿੱਚ ਦਿੱਤੀਆਂ। ਆਟੇ ਉਤੇ ਪੈਣਾ ਦਿੱਤਾ। ਘੱਗਰਾ ਪਾਇਆ, ਬਾਰ ਭੇੜਿਆ ਤੇ ਖੂਹ ਨੂੰ ਤੁਰ ਪਈ । 

ਪਿੰਡ ਦਾ ਧਰਮਸ਼ਾਲਾ ਵਾਲਾ ਦਰਵਾਜ਼ਾ ਲੰਘ ਕੇ ਛਪੜੀ ਕੋਲ ਇਕ ਵਾਰੀ ਉਸ ਨੂੰ ਭੁਲੇਖਾ ਪਿਆ, ਜਿਵੇਂ ਕੋਈ ਉਸ ਦੇ ਮਗਰ ਮਗਰ ਆ ਰਿਹਾ 

ਉਸ ਨੇ ਮੁੜ ਕੇ ਦੇਖਿਆ। ਪਰ ਹਨੇਰੇ ਵਿਚ ਉਸ ਨੂੰ ਕੁਝ ਨਾ ਦਿਸਿਆ। ਛਪੜੀ ਲੰਘ, ਮੜ੍ਹੀਆਂ ਦੇ ਕੋਲ ਦੀ ਉਹ, ਖੂਹ ਨੂੰ ਜਾਂਦੀ ਪਹੀ ਪੈ ਗਈ। 

ਖੂਹ ਦੀ ਵਾੜ ਦੇ ਪਰਲੇ ਪਾਸਿਓਂ ਜਦੋਂ ਉਹ ਨਰੈਣ ਦੀ ਪੱਗ ਲੈ ਕੇ ਮੁੜੀ, ਕਿਸੇ ਨੇ ਖੰਘੂਰਾ ਮਾਰਿਆ। 

ਭਾਨੋ ਜ਼ਰਾ ਕੁ ਡਰ ਗਈ। 

“ਕੋਈ ਨੀ ਭਾਬੀ ਮੈਂ ਆਂ”, ਜਾਗਰ ਨੇ ਉਸ ਵੱਲ ਆਉਂਦਿਆਂ ਕਿਹਾ। 

ਭਾਨੋ ਨੇ ਆਲੇ-ਦੁਆਲੇ ਦੇਖਿਆ। 

“ਡਰ ਨਾ ਭਾਬੀ ਮੈਂ ਤੈਨੂੰ ਕੁਸ਼ ਨੀ ਆਖਦਾ। ਸਹੁੰ ਐ ਗਊ ਦੀ।” 

ਭਾਨੋ ਚੁੱਪ ਰਹੀ। 

“ਅਜੇ ਗੁੱਸਾ ਤੇਰਾ ਹਟਿਆ ਨੀ ?” 

ਭਾਨੋ ਨੇ ਫੇਰ ਵੀ ਕੁਝ ਨਾ ਆਖਿਆ। 

“ਤੇਰੀ ਸਹੁੰ ਭਾਬੀ ਜਦੋਂ ਮੈਨੂੰ ਪਤਾ ਲੱਗਿਆ ਬਈ ਨਰੈਣ ਬਾਈ ਨੇ ਤੈਨੂੰ ਕੁੱਟਿਐ, ਜੀ ਕਰੇ, ਜਾਣੀ ਹੱਡੀਆਂ ਚੱਬ ਜਾਂ ਓਸ ਦੀਆਂ।” 

“ਭਾਬੀ, ਭਾਮੇਂ ਜਾਨ ਵੀ ਲੈ ਲੈ, ਪਰ ਰੱਬ ਦੇ ਵਾਸਤੇ ਇਉਂ ਗੁੱਸੇ ਨਾ ਹੋ।” ਜਾਗਰ ਨੇ ਰੋਣਹਾਕਾ ਹੋ ਕੇ ਕਿਹਾ। 

“ਜਾਗਰਾ ਤੂੰ ਤਾਂ ਸਰਵਣ ਦਾ ਆੜੀ ਸੀ”, ਭਾਨੋ ਨੇ ਨਹੋਰਾ ਦਿੱਤਾ। 

“ਤਾਹੀਓਂ ਤਾਂ ਭਾਬੀ ਤੇਰਾ ਏਨਾ ਖ਼ਿਆਲ ਰਹਿੰਦੈ। ਧਰਮ ਨਾਲ ਮੈਂ ਸੱਚ ਕਹਿਨਾਂ ਤੇਰੀ ਖ਼ਾਤਰ ਮੈਂ ਜਾਨ ਵੀ ਦੇਣ ਨੂੰ ਤਿਆਰ ਆਂ ।” 

“ਹਾਂ ਬਥੇਰਾ ਰਹਿੰਦੈ, ਜਾਗਰਾ, ਰੱਬ ਕਿਸੇ ਨੂੰ ਔਖਾ ਵੇਲਾ ਦਿਖਾਵੇ 

“ਤੂੰ ਮੂੰਹੋਂ ਤਾਂ ਕੱਢ, ਮੈਂ ਤੇਰੀ ਖ਼ਾਤਰ ਸਭ ਕੁਸ਼ ਕਰਨ ਨੂੰ ਤਿਆਰ ਆਂ।” 

“ਹਾਂ, ਮੈਂ ਜਾਣਦੀ ਆਂ ਤੈਨੂੰ ।” 

“ਤੂੰ ਸੱਚ ਨੀ ਮੰਨਣਾ, ਪਹਿਲੇ ਦਿਨ ਈ ਜਿੱਦਣ ਮੈਂ ਤੈਨੂੰ ਦੇਖਿਆ, ਮੇਰਾ ਜਾਣੀ ਕਾਲਜਾ ਜਾ ਖੁੱਸਿਆ। ਬਈ ਮਨਾਂ ਕਿੱਥੇ ਨਰੈਣ ਅਮਲੀ ਤੇ ਕਿੱਥੇ ਇਹ।” 

“ਤੂੰ ਭਾਬੀ ਬੁਰਾ ਨਾ ਮਨਾਈਂ ਹੁਣ ਤੇਰੀ ਕੋਈ ਜੂਨ ਤਾਂ ਨੀ।” 

“ਤੂੰ ਸ਼ਰਾਬ ਪੀਤੀ ਹੋਈ ਐ ?” 

“ਹੁਣ ਤਾਂ ਲਹਿ ਗੀ ਤੈਨੂੰ ਦੇਖ ਕੇ। ਕਿੱਦਣ ਦਾ ਮੈਂ ਵੇਲਾ ਤਕਾਉਂਦਾ ਸੀ, ਬਈ ਕਿਤੇ ਕੱਲੀ ਟੱਕਰੇਂ ਤਾਂ ਕੋਈ ਗੱਲ ਕਰਾਂ।” 

“ਆਹੋ ਗੱਲ ਕਰੇਂ”, ਭਾਨੋ ਨੇ ਅਗਾਂਹ ਨੂੰ ਪੈਰ ਪੁੱਟਦਿਆਂ ਹਰਖ ਨਾਲ ਕਿਹਾ। 

“ਇਉਂ ਨੀ ਭਾਬੀ, ਗੱਲ ਕਰ ਕੇ ਜ੍ਹਾ”, ਜਾਗਰ ਨੇ ਭਾਨੋ ਦੇ ਅੱਗੇ ਹੋ ਕੇ ਉਸ ਨੂੰ ਜਾਣੋਂ ਰੋਕਦਿਆਂ ਕਿਹਾ। 

“ਕੀ ਗੱਲ, ਦੱਸ ?” ਭਾਨੋ ਨੇ ਖਿਝ ਕੇ ਕਿਹਾ। 

“ਚੱਲ ਕਿਧਰੇ ਭੱਜ ਚੱਲੀਏ।” 

“ਤੂੰ ਕਮਲਾ ਹੋ ਗਿਆ ਜਾਗਰਾ ?” 

“ਮਿਰਜ਼ੇ ਵਾਂਗੂੰ ਭਾਮੇਂ ਤੀਰਾਂ ਨਾਲ ਮਰਵਾ ਦੀਂ, ਪਰ ਮੈਂ ਦਗਾ ਨੀ ਦੇਣ ਲੱਗਿਆ ।” 

“ਐਮੀਂ ਨੀ ਚਹੇਡਾਂ ਕਰੀਦੀਆਂ”, ਭਾਨੋ ਨੇ ਗੱਲ ਟਾਲਣ ਦੀ ਸੋਚੀ। 

“ਚਹੇਡਾਂ ਕਿਹੜਾ ਕੰਜਰ ਕਰਦੈ। ਮੇਰੇ ਨਾਨਕਿਆਂ ਦਾ ਇਕ ਮੁੰਡਾ ਬੰਬਈ ਟਰੱਕ ਵਾਹੁੰਦੈ, ਓਥੇ ਚਲੇ ਚੱਲਾਂਗੇ ਕਿਸੇ ਨੂੰ ਕੀ ਪਤਾ ਲੱਗੂ।” 

“ਨਹੀਂ ਜਾਗਰਾ ਤੂੰ ਸੈਂਤ ਮੈਨੂੰ ਕੋਈ ਐਰ ਗ਼ੈਰ ਤੀਮੀ ਸਮਝ ਲਿਐ”, ਭਾਨੋ ਨੇ ਉਦਾਸ ਸੁਰ ਵਿਚ ਕਿਹਾ। 

“ਐਰ ਗੈਰ ਤੀਮੀ ਲਈ ਕੌਣ ਆਪਣਾ ਘਰ ਬਾਰ ਛੱਡਣ ਨੂੰ ਤਿਆਰ ਹੁੰਦੈ। ਮੈਨੂੰ ਤੇਰੇ ਨਾਲ ਸਚੀਓਂ ਮੋਹ ਜਾ ਹੋ ਗਿਐ।” 

“ਇਹ ਗੱਲ ਝੂਠ, ਹੁਣ ਤਾਂ ਏਸ ਪਿੰਡੋਂ ਅਰਥੀ ਹੀ ਨਿਕਲੂ”, ਭਾਨੋ ਨੇ ਦ੍ਰਿੜ੍ਹ ਹੋ ਕੇ ਕਿਹਾ। 

“ਚੰਗਾ ਜਿਮੇਂ ਤੇਰੀ ਰਜਾ, ਪਰ ਏਥੇ ਰਹਿ ਕੇ ਮੇਰੇ ਨਾਲ ਗੁੱਸੇ ਤਾਂ ਨਾ 

ਰਹੁ।” “ਮੇਰਾ ਕਾਹਦਾ ਗੁੱਸਾ ਐ ਜਾਗਰਾ ਕਿਸੇ ਨਾਲ।” 

“ਤੂੰ ਕਹੇਂ ਤਾਂ ਹੁਣੇ ਖੂਹ ਵਿਚ ਛਾਲ ਮਾਰ ਦਿੰਨਾਂ। ਜੇ ਨਾ ਮਾਰਾਂ ਤਾਂ ਜੱਟ ਦਾ ਪੁੱਤ ਨੀਂ ਕੁੱਤੇ ਦਾ ਪੁੱਤ ਆਖੀਂ।” 

“ਪਰ ਕਾਹਤੋਂ ?” 

“ਤੂੰ ਜੋ ਗ਼ੁੱਸੇ ਐਂ।” 

ਭਾਨੋ ਚੁੱਪ ਕਰ ਰਹੀ। 

“ਜੇ ਗ਼ੁੱਸੇ ਨਹੀਂ ਤਾਂ ਇਕ ਗੱਲ ਹੋਰ ਪੁਛ ਲਾਂ, ਫੇਰ ਤਾਂ ਪਤਾ ਨਹੀਂ ਕਦੋਂ ਕੱਲੀ ਟਕਰੇਂਗੀ?” 

“ਪੁੱਛ ਲੈ?” ਭਾਨੋ ਨੇ ਬੇਚੈਨੀ ਨਾਲ ਵਾਰੋ ਵਾਰੀ ਪੈਰ ਚੁੱਕਦਿਆਂ ਰਖਦਿਆਂ ਕਿਹਾ। 

“ਇਉਂ ਈ ਤੁਰ ਜਾਣੇਂ ਜੱਗ ਤੋਂ ?” 

ਭਾਨੋ ਨੇ ਕੋਈ ਉੱਤਰ ਨਾ ਦਿੱਤਾ। 

“ਧੀਆਂ ਪੁੱਤ ਨੀ ਚਾਹੀਦੇ।” ਜਾਗਰ ਨੇ ਭਾਨੋ ਦਾ ਪੋਲੇ ਜਿਹੇ ਹੱਥ ਫੜ ਕੇ ਕਿਹਾ। 

ਇੱਕਾ-ਇਕ ਭਾਨੋ ਦਾ ਜਾਗਰ ਗਲ ਲੱਗ ਕੇ ਰੋਣ ਨੂੰ ਜੀ ਕੀਤਾ। ਉਸ 

ਨੇ ਆਪਣਾ ਹੱਥ ਜਾਗਰ ਦੇ ਹੱਥਾਂ ਵਿੱਚੋਂ ਨਾ ਖਿੱਚਿਆ। 

“ਓਸ ਅਮਲੀ ਦੀ ਖ਼ਾਤਰ ਤੂੰ ਕਿਉਂ ਖ਼ਾਲੀ ਜਾਮੇਂ ਜੱਗ ਤੋਂ, ਭਲਕੇ ਉਹ ਮਰ ਗਿਆ ਤੇਰਾ ਕੌਣ ਆਪਣਾ ਹੋਊ?” ਜਾਗਰ ਨੇ ਉਸ ਨੂੰ ਆਪਣੇ ਵੱਲ ਖਿਚਦਿਆਂ ਕਿਹਾ। 

“ਨਹੀਂ ਜਾਗਰਾ ਨਹੀਂ।” ਭਾਨੋ ਨੇ ਆਪਣਾ ਹੱਥ ਪਿਛਾਂਹ ਖਿਚਦਿਆਂ ਕਿਹਾ। 

“ਚੰਗਾ ਤੇਰੀ ਮਰਜੀ ਐ ਭਾਬੀ, ਪਰ ਕਦੇ ਕਦੇ ਮਿਲ ਤਾਂ ਲਿਆ ਕਰ ਹੋਰ ਕੀ ਲੈ ਜਾਣੇ ਏਸ ਜਹਾਨ ਤੋਂ ।” ਜਾਗਰ ਨੇ ਹਉਕਾ ਭਰ ਕੇ ਕਿਹਾ।” 

“ਚੰਗਾ।” ਭਾਨੋ ਨੇ ਮਰੀ ਹੋਈ ਆਵਾਜ਼ ਵਿਚ ਕਿਹਾ। 

“ਚਾਚੀ ਸਹੁੰ ਸਰਵਣ ਦੀ ਬਈ ਕੱਲ੍ਹ ਨੂੰ ਏਸੇ ਵੇਲੇ ਏਥੇ ਈ ਆ à ਮਿਲੇਗੀ।” 

“ਸਰਵਣ ਦੀ ।” ਇਕ ਪਲ ਭਾਨੋ ਨੂੰ ਜਿਵੇਂ ਧੱਕਾ ਜਿਹਾ ਵਜਿਆ। “ਤੇਰਾ ਮੇਰਾ ਧਰਮ ਰਿਹਾ ਭਾਬੀ ਤੇਰੀ ਮਰਜ਼ੀ ਤੋਂ ਬਿਨਾਂ ਮੈਂ ਤੈਨੂੰ ਉਂਗਲ ਨੀ ਲਾਉਂਦਾ ਪਰ ਮਿਲ ਤਾਂ ਲਿਆ ਕਰ ।” 

“ਚੰਗਾ।” ਭਾਨੋ ਨੇ ਕਾਹਲੀ ਪੈ ਕੇ ਕਿਹਾ। 

“ਖਾਹ ਫੇਰ ਸਹੁੰ, ਸਹੁੰ ਖਾਧੇ ਬਿਨਾਂ ਨੀ ਮੈਂ ਜਾਣ ਦੇਣਾ।” 

“ਚੰਗਾ ਸਹੁੰ।” 

“ਸਰਵਣ ਦੀ ਨਾ ?” 

ਨ੍ਹੇਰੇ ਵਿਚ ਇਕੱਲੀ, ਪੈਰਾਂ ਹੇਠਲੇ ਰਾਹ ਵੱਲ ਤੱਕਦੀ, ਘਰ ਨੂੰ ਮੁੜੀ ਆਉਂਦੀ ਭਾਨੋ ਸੋਚ ਰਹੀ ਸੀ, ‘ਮੈਂ ਸਰਵਣ ਦੀ ਝੂਠੀ ਸਹੁੰ ਕਾਹਨੂੰ ਖਾਣੀ ਸੀ ।’

ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana

7 

ਦਿਨ ਦਾ ਛਿਪਾ। 

ਉਤੋਂ ਘਟਾ ਟੋਪ ਹੋਇਆ ਬੱਦਲ। 

ਕਿਤੇ ਕਿਤੇ ਡਿੱਗਦੀ ਕਣੀ ਨਾਲ ਉੱਡੀ ਧਰਤੀ ਦੀ ਖੁਸ਼ਬੋ। 

ਭਿੱਜੀ ਭਿੱਜੀ ਤੁਰੀ ਆਉਂਦੀ ਆਥਣ। 

ਭਾਨੋ ਚੁੱਲ੍ਹੇ ਮੂਹਰੇ ਬੈਠੀ ਰੋਟੀਆਂ ਲਾਹ ਰਹੀ ਸੀ। 

ਬਿੰਦੇ ਝੱਟੇ ਆਉਂਦੇ ਹਵਾ ਦੇ ਬੁੱਲੇ ਨਾਲ ਗਿੱਲੇ ਗੋਹਿਆਂ ਦੀ ਚੁੱਲ੍ਹੇ ਵਿਚ ਅੱਗ ਕਦੇ ਬਲ ਪੈਂਦੀ ਕਦੇ ਬੁਝ ਜਾਂਦੀ । 

ਆਟਾ ਤਿੜਕਿਆ। 

ਭਾਨੇ ਨੂੰ ਖ਼ਿਆਲ ਆਇਆ ‘ਕਈ ਪਰਾਹੁਣਾ ਆਉ। 

‘ਪਰ ਸਾਡੇ ਕੀਹਨੇ ਆਉਣੇ ਉਸ ਨੇ ਆਪ ਹੀ ਸੋਚ ਲਿਆ। 

ਗੱਲ ਅਜੇ ਉਸ ਦੇ ਮਨ ਵਿਚ ਹੀ ਸੀ ਜਦੋਂ ਕਰਤਾਰੀ ਹੱਥ ਵਿਚ ਤੋਲਾ ਫੜੀ ਬਾਰ ਆ ਵੜੀ। 

ਕਰਤਾਰੀ ਦਾ ਸਰੀਰ ਛਾਂਟਮਾਂ, ਕੱਦ ਨਰੈਣ ਵਾਂਗ ਹੀ ਮਧਰਾ ਸੀ, ਪਰ ਉਸ ਦੇ ਮੂੰਹ ਉਤੇ ਚੰਗੀ ਰੌਣਕ ਸੀ ਜਿਵੇਂ ਰਜਦੇ ਖਾਂਦੇ ਘਰ ਦੀ ਨੂੰਹ ਧੀ ਹੋਵੇ। ਛੀਂਟ ਦੀ ਸਲਵਾਰ, ਚਿੱਟੀ ਲਿਲਣ ਦੀ ਕਮੀਜ਼ ਤੇ ਉਤੇ ਬੂਟੀਆਂ ਵਾਲੀ ਵੈਲ ਦੀ ਚੁੰਨੀ ਲਈ ਹੋਈ ਸੀ। 

ਭਾਨੋ ਵੱਲ ਦੇਖ ਏ ਉਹ ਇਕ ਪਲ ਸ਼ਸ਼ੋਪੰਜ ਜਿਹੀ ਵਿਚ ਖੜ੍ਹੀ ਰਹੀ। 

ਜੁੱਤੀ ਕੋਲੇ ਕੋਲ ਲਾਹ, ਝੋਲਾ ਸੰਦੂਖ ਉਤੇ ਧਰ ਉਹ ਬੋਲੀ, “ਕੁੜ੍ਹੇ ਸਾਊ ਤੂੰ ਕਿੱਥੋਂ ਐਂ ਮੇਰੀ ਤਾਂ ਤੂੰ ਸਿਆਣ ਵਿਚ ਨੀ ਆਈ ?” 

“ਮੈਂ…. ਮੈਂ ਬੀਬੀ, ਭਾਨੋ ਆਂ”, ਭਾਨੋ ਨੇ ਕਰਤਾਰੀ ਮੜੰਗਾ ਮਿਲਦਾ ਦੇਖ ਕਿਹਾ, ਤੇ ਉਠ ਕੇ ਮੱਥਾ ਟੇਕਿਆ। ਦਾ ਨਰੈਣ ਨਾਲ 

“ਜੀਊਂਦੀ ਵਸਦੀ ਰਹਿ। ਰੱਬ ਤੈਨੂੰ ਭਾਗ ਲਾਵੇ । ਬੁੱਢ ਸੁਹਾਗਣ ਹੋਵੇਂ। ਰੱਬ ਤੈਨੂੰ ਬੱਚਾ ਦੇਵੇ। ਨਰੈਣ ਰਾਜੀ ਐ?” 

“ਹਾਂ, ਰਾਜੀ ਐ, ਕਈ ਵਾਰ ਤੇਰੀਆਂ ਬੀਬੀ ਗੱਲਾਂ ਕਰਦਾ ਹੁੰਦੈ”, ਭਾਨੋ ਨੇ ਤੌੜੀ ਵਿਚੋਂ ਦੁੱਧ ਕੱਢ ਕੇ ਵਿਚ ਪੱਕਾ ਮਿੱਠਾ ਪਾ ਕੇ, ਛੱਨਾ ਕਰਤਾਰੀ ਦੇ ਅੱਗੇ ਲਿਆ ਧਰਿਆ। 

“ਕੁੜ੍ਹੇ ਸਾਊ ਦੁੱਧ ਦੀ ਤਾਂ ਏਨੀ ਲੋੜ ਨੀ ਸੀ।” ਕਹਿੰਦਿਆਂ ਕਰਤਾਰੀ ਨੇ ਛੱਨਾ ਆਪਣੇ ਝੋਨੇ ਦੇ ਲੜ ਉਤੇ ਧਰ ਲਿਆ ਤੇ ਘੁੱਟ ਘੁੱਟ ਕਰ ਕੇ ਪੀਣ ਲੱਗੀ। 

“ਅਸੀਂ ਤਾਂ ਯੂਪੀ ਕਾਹਦੇ ਬਗ ਗੇ ਭੈਣ ਭਾਈਆਂ ਨੂੰ ਮਿਲਣੋਂ ਵੀ ਰਹਿਗੇ। ਨਰੈਣ ਕੋਹੜੀ ਏਡਾ ਘੌਲੀ ਐ, ਇਉਂ ਨੀ ਬਈ ਕਦੇ ਕਾਟ ਈ ਪਾ ਦੇ। ਹੁਣ ਵੀ ਕਦੋਂ ਦੀ ਤਕਾਉਂਦੀ ਸੀ, ਪਰ ਘਰਾਂ ਦੇ ਖਲਜਗਣ ਵਿਚੋਂ ਨਿਕਲ ਕਿਹੜਾ ਹੁੰਦੈ।” 

“ਇਹ ਤਾਂ ਤੂੰ ਬਾਹਲਾ ਈ ਚੰਗਾ ਕੀਤਾ ਬੀਬੀ।” ਭਾਨੋ ਨੇ ਸਬਜ਼ੀ ਲਈ ਆਲੂ ਛਿੱਲਦਿਆਂ ਕਿਹਾ। 

“ਕੁੜੇ ਸਾਊ, ਬੀਬੋ ਆਪਣੀ ਬੀਬੀ ਮੰਗੀ ਐ ਗੁਆਰੇ, ਵਿਆਹ ਕਰਨਾਸੀ। ਮੈਂ ਕਿਹਾ ਏਥੇ ਪਰਦੇਸਾਂ ਵਿਚ ਆਪਣਾ ਕੌਣ ਐ. ਮੈਂ ਤਾਂ ਹੋਰ ਨੀ ਆਪਣੇ ਪੇਕੀਂ ਜਾ ਕੇ ਦੇ ਦੇ ਚਾਰ ਕੁਆਟਣੀਆਂ। ਉਹ ਆਪ ਤਾਂ ਆਖਦਾ ਸੀ ਲਾਟਮਾਜਰੇ ਈ ਚਲਦੇ ਆਂ। ਮੈਂ ਕਿਹਾ ਕੀ ਸ਼ਰੀਕਾਂ ਦੇ ਭਾਂਡੀ ਪੈਂਦੇ ਫਿਰਾਂਗੇ । ਚੰਗਾ ਮਾੜਾ ਆਪਣੇ ਭਾਈ ਦਾ ਘਰ ਈ ਚੰਗੈ।” 

“ਜੀ ਸਦਕੇ ਬੀਬੀ। ਹੋਰ ਭੈਣ ਭਾਈ ਹੁੰਦੇ ਈ ਕਾਹਦੇ ਲਈ ਨੇ ।” ਭਾਨੇ ਨੇ ਆਲੂਆਂ ਦੀ ਸਬਜ਼ੀ ਨੂੰ ਤੜਕਾ ਲਾਉਂਦਿਆਂ ਕਿਹਾ। 

“ਕੁੜੇ ਬਹੂ ਹੱਥਾਂ ਦੀ ਤਾਂ ਤੂੰ ਸਹੁਨਰੀ ਲਗਦੀ ਐਂ।” ਕਰਤਾਰੀ ਨੇ ਘੜ ਦੀ ਕਾਇਆ ਪਲਟੀ ਦੇਖਦਿਆਂ ਕਿਹਾ। 

ਭਾਨੋ ਚੁੱਪ ਕਰ ਰਹੀ। 

“ਕਿਹੜੇ ਥਉਂ ਨੇ ਪੇਕੇ ਤੇਰੇ ?” 

“ਭੜੀ ਕੇ ਕੋਟਲੇ ਸੀ ?” ਭਾਨੋ ਨੇ ਨਿਮੋਝੂਣੀ ਆਵਾਜ਼ ਵਿਚ ਕਿਹਾ। 

“ਚਲ ਕੋਈ ਨੀ ਬੰਦੇ ਦੇ ਕੀ ਵੱਸ ਐ, ਜਿਮੇਂ ਲਿਖਿਐ ਤਿਮੇਂ ਭੋਗਣੈ।” ਕਰਤਾਰੀ ਨੇ ਜਿਵੇਂ ਉਸ ਦੇ ਅੰਦਰਲੀ ਗੱਲ ਸਮਝਦਿਆਂ ਆਖਿਆ। 

ਤੜਕਾ ਲਾ ਕੇ ਭਾਨੋ ਸ਼ੱਕਰ ਛਾਣਨ ਬੈਠ ਗਈ। 

“ਕੁੜੇ ਬਹੂ ਮਿੱਠੇ ਨੂੰ ਮੈਂ ਕੋਈ ਓਪਰੀ ਆਂ, ਤੂੰ ਰਹਿਣ ਦੇ।” 

“ਲੈ ਬੀਬੀ, ਤੇਰੇ ਬਹਾਨੇ ਅਸੀਂ ਵੀ ਖਾ ਲਾਂ ਗੇ।” 

“ਜੇ ਮੈਨੂੰ ਪਤਾ ਹੁੰਦਾ, ਕੋਈ ਝੱਗਾ ਚੁੰਨੀ ਈ ਲੈ ਆਉਂਦੀ।” 

“ਲੈ ਬੀਬੀ, ਕੁੜੀਆਂ ਨੂੰ ਦਈਦੈ ਕਿ ਲਈਦੈ।” 

“ਕੁੜੀਆਂ ਨੂੰ ਦਈਦਾ ਤਾਂ ਸਾਰੀ ਉਮਰ ਐ ਲੈਣ ਦਾ ਤਾਂ ਕੋਈ ਮੌਕਾ ਈ ਹੁੰਦੈ।” 

“ਕੋਈ ਨਾ ਜੀਊਂਦੇ ਜੀਆਂ ਨੂੰ ਮੌਕੇ ਬਥੇਰੇ ।” ਕਹਿੰਦੀ ਭਾਨੋ ਆਟਾ ਗੁੰਨ੍ਹਣ ਲੱਗ ਪਈ। 

‘ਚਲੋ ਜਿਮੇਂ ਵੀ ਐ ਮੇਰੇ ਭਾਈ ਦਾ ਘਰ ਤਾਂ ਵਸਿਆ।’ ਕਰਤਾਰੀ ਨੇ ਮਨ ਵਿਚ ਸੋਚਿਆ। 

ਭਾਨੋ ਤੋਂ ਕਰਤਾਰੀ ਦੇ ਆਉਣ ਦਾ ਚਾਅ ਕਿਹੜਾ ਚੁੱਕਿਆ ਜਾਂਦਾ मी। 

“ਲੈ ਅੱਜ ਤਾਂ ਕਰਤਾਰੀ ਆਈ ਬੈਠੀ ਐ, ਮੱਥਾ ਟੇਕਦਾਂ।” ਆਥਣੇ ਬਾਰ ਵੜਦਿਆਂ ਹੀ ਨਰੈਣ ਬੋਲਿਆ। 

“ਜੀਉਂਦਾ ਵਸਦਾ ਰਹਿ। ਤੂੰ ਤਾਂ ਕਦੇ ਵੱਤੀ ਨੀ ਵਾਹੁੰਦਾ, ਹਾਰ ਕੇ ਆਪ ਈ ਆਈਦੈ।” 

“ਤੇਰੇ ਕੋਲ ਤਾਂ ਜਾਂਦਾ ਜਾਂਦਾ ਈ ਅਗਲਾ ਬੁੜ੍ਹਾ ਹੋ ਜਾਂਦੈ, ਨੇੜੇ ਨਾ ਤੇੜੇ ਜਾ ਰਹੀ ਭਈਆਂ ਦੇ ਦੇਸ ‘ਚ।” 

“ਵੇ ਭਰਾ ਤਾਂ ਨਦੀਆਂ ਚੀਰ ਮਿਲਦੇ ਨੇ । ਹਾਅ ਖੜ੍ਹੀ ਐ ਯੂਪੀ।” 

“ਕੋਈ ਨਾ ਬੀਬੀ ਹੁਣ ਆਮਾਂਗੇ ਅਸੀਂ ।” ਨਰੈਣ ਨੂੰ ਗੱਲ ਅਹੁੜਦੀ ਨਾ ਦੇਖ ਭਾਨੋ ਨੇ ਜਵਾਬ ਦਿੱਤਾ। 

“ਜਮ ਜਮ ਆਓ ਮੈਂ ਵੀ ਅਗਲੇ ਦੇ ਜੁੱਤੀਆਂ ਮਾਰਨ ਜੋਗੀ ਹੋਮਾਂ ਬਈ ਹੈਗੇ ਮੇਰੇ ਵੀ ਕੋਈ।” 

“ਕਰਤਾਰੀ ਨੂੰ ਚਾਹ ਚੂਹ ਦਿੱਤੀ ਕਰ ਕੇ ?” ਨਰੈਣ ਨੇ ਭਾਨੋ ਵੱਲ ਮੂੰਹ ਕਰ ਕੇ ਪੁੱਛਿਆ। 

“ਨਹੀਂ ‘ ਮੈਂ ਕਿਹਾ ਤੇਰਾ ਭਾਈਓ ਦੇਊਗਾ ਆ ਕੇ ਕਰ ਕੇ।” ਭਾਨੋ ਨੇ ਮਸ਼ਕਰੀ ਕੀਤੀ। 

“ਘਰ ਦੀ ਮੁਖ਼ਤਿਆਰਨ ਤਾਂ ਤੂੰ ਐਂ। ਭਾਈ ਤਾਂ ਆਪ ਬਚਾਰਾ ਤੇਰੇ ਹੱਥਾਂ ਕੰਨੀ ਝਾਕਦਾ ਰਹਿੰਦੈ।” ਨਰੈਣ ਨੇ ਕਰਤਾਰੀ ਦੇ ਕੋਲ ਮੰਜੇ ਉਤੇ ਬੈਠਦਿਆਂ ਕਿਹਾ। 

“ਊਂ ਤਾਂ ਰਾਜੀ ਐਂ ਨਰੈਣ ?” 

“ਆਹੋ ਤੂੰ ਦੱਸ ? ਬਾਲ ਬੱਚੇ ਦਾ ਕੀ ਹਾਲ ਐ?” 

“ਰੱਬ ਦੀ ਮਿਹਰ ਐ। ਮੈਂ ਤਾਂ ਏਸ ਖ਼ਾਤਰ ਆਈ ਆਂ, ਵਿਆਹ ਐ ਬਈ ਬੀਬੋ ਦਾ। ਤੇਰੇ ਘਰ ਕਰਨੈ। ਅੱਜ ਸਵਾ ਮਹੀਨੈ। ਗੁਆਰੇ ਐ, ਫ਼ੌਜ ‘ਚ ਨੌਕਰ ਐ ਪਰਾਹੁਣਾ। ਊਂ ਘਰ ਵੀ ਚੰਗਾ। ਚਲਦਾ ਪੁਰਜਾ ਐ। ਹਰੀਏ ਨੇ ਕਰਾਇਐ ਸਾਕ।” ਕਰਤਾਰੀ ਨੇ ਇਕੋ ਸਾਹ ਸਭ ਕੁਝ ਦੱਸ ਦਿੱਤਾ। 

“ਚੰਗਾ ਚੰਗਾ, ਤਾਂ ਤਾਂ ਫੇਰ ਸਾਨੂੰ ਵੀ ਲੱਡੂ ਮਿਲਣਗੇ ਖਾਣ ਨੂੰ।” ਨਰੈਣ ਨੇ ਮੂੰਹ ਉੱਤੇ ਹੱਥ ਫੇਰਦਿਆਂ ਕਿਹਾ। 

“ਬੀਬੋ ਦਾ ਬਾਪੂ ਤਾਂ ਦਸ ਕੁ ਦਿਨ ਪਹਿਲਾਂ ਆਊਗਾ। ਮੈਂ ਕਿਹਾ ਮੈਂ ਅੱਗੇ ਜਾ ਕੇ ਤਿਆਰੀ ਕਰਵਾ ਲਾਂ। ਪਿੱਛੇ ਘਰ ਵੀ ਤਾਂ ਬਹੁਤਾ ਚਿਰ ‘ਕੱਲਾ ਨੀ ਛੱਡਿਆ ਜਾਂਦਾ।” 

ਇਹ ਸਵਾ ਮਹੀਨਾ ਭਾਨੋ ਲਈ ਜਿਵੇਂ ਅੱਖ ਦੇ ਫੋਰ ਵਿਚ ਲੰਘ ਗਿਆ।  ਕਦੇ ਪੀਹਣ ਛੱਡ। ਕਦੇ ਦਾਲਾਂ ਦਲ। ਕਦੇ ਪਾਂਡੂ ਫੇਰ। ਕਦੇ ਸ਼ਹਿਰ ਲਕੇ ਤੁਕੇ. ਨੂੰ ਜਾਹ। ਕਦੇ ਤਿਓਰ ਜੋੜ। ਕਦੇ ਚੁਰਾਂ ਪਟਵਾ। ਕਦੇ ਥਉਂ ਥਾਈਂ ਕੰਮ ਸੰਭਾਲ ਉਸ ਨੂੰ ਸਿਰ ਖੁਰਕਣ ਦੀ ਕਿਹੜਾ ਵਿਹਲ ਸੀ। 

ਕਰਤਾਰੀ ਹਰਤੇ ਕਰਤੇ ਆਖਦੀ “ਭਾਬੀ ਤੇਰੇ ਬਿਨਾਂ ਤਾਂ ਮੈਂ ਊਈਂ ਰੁਲ ਜਾਣਾ ਸੀ। ਮੇਰੇ ਕੋਲੋਂ ਹੋਣਾ ਸੀ ਕਿਤੇ ਏਨਾ ਕੰਮ।” 

ਭਾਨੋ ਤਾਂ ਕੰਮ ਕਰਦੀ ਜਿਵੇਂ ਥੱਕਦੀ ਹੀ ਨਹੀਂ ਸੀ। ਸਭ ਤੋਂ ਪਿੱਛੋਂ ਸੋਂਦੀ। ਸਭ ਤੋਂ ਪਹਿਲਾਂ ਉੱਠ ਖੜ੍ਹਦੀ। ਸਾਰਾ ਦਿਨ ਕਦੇ ਆਹ ਕਰ, ਕਦੇ ਔਹ ਕਰ। ਅੱਡੀ ਕਿਹੜਾ ਭੋਇ ਤੇ ਲੱਗਦੀ ਸੀ। ਫੇਰ ਸਤਿਆਮਾਨ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। 

ਮੇਲ ਆ ਗਿਆ। ਫੇਰ ਜੰਞ ਆਈ। ਫੇਰੇ ਹੋ ਗਏ। ਭਾਨੋ ਦੀ ਤਾਂ ਕੰਮ ਧੰਦੇ ਵਿਚ ਸੁਰਤ ਭੁੱਲੀ ਪਈ ਸੀ। ਨਵਾਂ ਸੂਟ ਪਾਈ ਉਹ ਭੱਜੀ ਨੱਠੀ ਸਾਰੇ ਕੰਮ ਕਰਦੀ ਫਿਰ ਰਹੀ ਸੀ। 

ਸੁੱਖ ਸਾਂਦ ਨਾਲ ਕੁੜੀ ਵਿਦਾ ਹੋ ਗਈ। ਕਰਤਾਰੀ ਨੇ ਭਾਨੋ ਨੂੰ ਵਧਾਈਆਂ ਦਿੱਤੀਆਂ। 

ਕੁੜੀ ਨੂੰ ਵਿਦਾ ਕਰ ਕੇ ਮੇਲਣਾਂ ਗਿੱਧਾ ਪਾਉਣ ਲੱਗ ਪਈਆਂ। ਇਕ ਜਣੀ ਨੇ ਮੱਲੋ ਮੱਲੀ ਭਾਨੋ ਨੂੰ ਫੜ ਕੇ ਨੱਚਣ ਲਾ ਦਿੱਤਾ। 

ਥੱਕੀ ਟੁੱਟੀ ਭਾਨੇ ਵਿਚ ਖ਼ਬਰ ਨੀ ਕਿੱਥੋਂ ਲੋਹੜੇ ਦਾ ਜ਼ੋਰ ਆ ਗਿਆ। 

ਉਸ ਨੇ ਨੱਚ ਨੱਚ ਧਰਤੀ ਪੱਟ ‘ਤੀ। ਬੋਲੀਆਂ ਦਾ ਤਾਂ ਜਾਣੀ ਉਸ ਦਾ ਅੰਦਰ ਭਰਿਆ ਪਿਆ ਸੀ । ਮੁੱਕਣ ਵਿਚ ਕਿਹੜਾ ਆਉਂਦੀਆਂ ਸਨ। 

ਨੱਕੇ ਛੱਡੂੰਗੀ ਕਣਕ ਦੇ ਤੇਰੇ 

ਰੱਖ ਲੈ ਕੁਆਰੀ ਬਾਬਲਾ 

ਤੇਰੀ ਵੇ ਸਹੇੜ ਬਾਬਲਾ 

ਸਾਥੋਂ ਹਾਏ ਨਿੰਦਿਆ ਨਾ ਜਾਵੇ 

ਸਹੁਰਾ ਸਾਡਾ ਵਣਜ ਕਰੇ 

ਟਿੱਡੀਆਂ ਦੀ ਹੇੜ੍ਹ ਲਿਆਇਆ, ਸ਼ਾਵਾ। 

ਇਕ ਟਿੱਡੀ ਮਰ ਵੀ ਗਈ 

ਨੌਂ ਸੌ ਘਾਟਾ ਪਾਇਆ, ਸ਼ਾਵਾ। 

ਇਕ ਟਿੱਡੀ ਸੂ ਵੀ ਪਈ 

ਜੀਹਨੇ ਮਰਦਾ ਟੱਬਰ ਬਚਾਇਆ, ਸ਼ਾਵਾ। 

ਟਿੱਡੀਆਂ ਦਾ ਮੈਂ ਦੁੱਧ ਰਿੜਕਾਂ, 

ਠਾਣੇਦਾਰ ਲੱਸੀ ਨੂੰ ਆਇਆ, ਸ਼ਾਵਾ। 

ਰੱਬ ਨੇ ਭਾਨੋ ਨੂੰ ਆਵਾਜ਼ ਕੀ ਦਿੱਤੀ ਸੀ ਬੱਸ ਲੋਹੜਾ ਮਾਰਦੀ ਸੀ । 

“ਮੇਰੀ ਭਾਬੀ ਤਾਂ ਡੱਬੀ ‘ਚ ਪਾ ਕੇ ਰੱਖਣ ਵਾਲੀ ਐ।” ਦੇਖ ਦੇਖ ਖ਼ੁਸ਼ ਹੁੰਦੀ ਕਰਤਾਰੀ ਕਹਿ ਰਹੀ ਸੀ। 

ਅਗਲੇ ਦਿਨ ਗੀਤ ਗਾਉਂਦਾ ਮੇਲ ਵੀ ਵਿਦਾ ਹੋ ਗਿਆ। ਚਾਰ ਕੁ ਦਿਨ ਮਗਰੋਂ ਕਰਤਾਰੀ ਤੇ ਉਸ ਦਾ ਟੱਬਰ ਵੀ ਜਾਣ ਲਈ ਤਿਆਰ ਹੋ ਗਿਆ। 

“ਭਾਬੀ ਤੁਸੀਂ ਜ਼ਰੂਰ ਆਇਓ ਸਾਡੇ ਕੋਲ ਮੇਰੀ ਸਹੁੰ ਲੱਗੇ”, ਤੁਰਨ ਲੱਗੀ ਕਰਤਾਰੀ ਨੇ ਭਾਨੋ ਦੇ ਗੱਲ ਮਿਲਦਿਆਂ ਫੇਰ ਤਾਕੀਦ ਕੀਤੀ। 

“ਆਹੋ ਬੀਬੀ ਹੋਰ ਸਾਡਾ ਜਾਣ ਆਉਣ ਨੂੰ ਥਉਂ ਈ ਕਿਹੜੇ।” ਭਾਨੋ ਨੇ ਉਸ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ। 

“ਨਰੈਣ ਲੜ ਤਾਂ ਨੀ ਪੈਂਦਾ ਹੁੰਦਾ ਤੇਰੇ ਨਾਲ ? ਜੀ ‘ਚੋਂ ਨੀ ਮਾੜਾ, ਸੁਭਾ ਦਾ ਈ ਤੱਤਾ ਐ।” ਕਰਤਾਰੀ ਨੇ ਜਾਂਦੀ ਨੇ ਪੁੱਛਿਆ। 

“ਏਸ ਨਾਲ ਲੜ ਕੇ ਮੈਂ ਮਰਨੈਂ ਕੁੜ੍ਹੇ?” ਨਰੈਣ ਨੇ ਹੱਸਦਿਆਂ ਕਿਹਾ। 

“ਚੰਗਾ ਬੀਬੀ ਜੀਊਂਦੇ ਰਹੇ ਤਾਂ ਐਤਕੀਂ ਸੰਧਾਰਾ ਲੈ ਕੇ ਅਸੀਂ ਦੋਮੇ ਆਮਾਂਗੇ।” 

“ਜਰੂਰ ਆਇਓ ਕਦੇ ਮੈਂ ਵੀ ਆਪਦਿਆਂ ਦੇ ਚਉ ਲਾਡ ਕਰਾਂ।” 

“ਨਹੀਂ ਸੁੱਖ ਰੱਖੇ ਜ਼ਰੂਰ ਆਮਾਂਗੇ ।” ਭਾਨੋ ਨੇ ਸੂਏ ਕੋਲੋਂ ਕਰਤਾਰੀ ਨੂੰ ਫੇਰ ਮੱਥਾ ਟੇਕ ਕੇ ਮੁੜਦਿਆਂ ਕਿਹਾ। 

ਭਾਨੋ ਕਿੰਨਾ ਚਿਰ ਕਰਤਾਰੀ ਨੂੰ ਜਾਂਦੀ ਨੂੰ ਦੇਖਦੀ ਰਹੀ। ਨਰੈਣ ਉਨ੍ਹਾਂ ਨੂੰ ਸਟੇਸ਼ਨ ਤੱਕ ਛੱਡਣ ਚਲਿਆ ਗਿਆ। 

ਭਾਨੋ ਘਰ ਨੂੰ ਮੁੜ ਪਈ। 

ਕਰਤਾਰੀ ਹੋਰਾਂ ਨੂੰ ਤੋਰ ਕੇ ਆ ਕੇ ਭਾਨੋ ਦਾ ਘਰ ਵੜਨ ਨੂੰ ਕਿਹੜਾ ਚਿੱਤ ਕਰੇ । ਭਾਂ ਭਾਂ ਕਰਦਾ ਘਰ ਜਾਣੀ ਖਾਣ ਨੂੰ ਆਉਂਦਾ ਸੀ। 

ਉਹ ਸੰਤੀ ਵੱਲ ਅਹੁਲੀ। 

“ਤੁਰ ਗੀ ਕਰਤਾਰੀ?” ਸੰਤੀ ਨੇ ਭਾਨੋ ਨੂੰ ਪੀਹੜੀ ਦਿੰਦਿਆਂ ਪੁੱਛਿਆ 

“ਆਹੋ ਆਖ਼ਰ ਜਾਣਾ ਈ ਸੀ ਆਪਣੇ ਘਰ ਨੂੰ।” 

“ਊਂ ਆਖਣ ਨੂੰ ਤਾਂ ਕੀ ਆਖਣੈ, ਪਰ ਸ਼ਾਬਾਸ਼ੇ ਭਾਨੋ ਤੇਰੀ ਜੰਮਣ ਵਾਲੀ ਦੇ। ਏਡੇ ਵੱਡੇ ਕਾਰਜ ਵਿਚ ਚੂੰ ਨੀ ਨਿਕਲਣ ਦਿੱਤੀ ਕਿਸੇ ਪਾਸਿਓਂ। ਨਹੀਂ ਤਾਂ ਏਨ੍ਹਾਂ ਅਮਲੀਆਂ ਦੇ ਟੱਬਰ ਤੋਂ ਕੀ ਸੁਆਹ ਲੁੱਟਣੀ ਸੀ।” 

“ਕਾਰਜ ਕਰਨ ਵਾਲਾ ਤਾਂ ਬੇਬੇ ਸਭ ਦਾ ਰੱਬ ਹੁੰਦੈ, ਆਪਾਂ ਕੀ ਕਰਨ ਜੋਗੇ ਆਂ।” 

“ਮਖਾਂ ਕੁੜੇ ਰੱਬ ਵੀ ਤਾਂ ਬੰਦਿਆਂ ਥਾਣੀ ਈ ਕਰਦੈ, ਹੋਰ ਓਸ ਦੇ ਕਿਹੜਾ ਹਲ ਚਲਦੇ ਨੇ।” 

“ਊਂ ਬੇਬੇ ਕੁੜੀਆਂ ਦਾ ਹੁੰਦਾ ਕੁਸ਼ ਨੀਂ, ਬਿੰਦ ‘ਚ ਪਰਾਈਆਂ ਹੋ ਕੇ ਤੁਰ ਜਾਂਦੀਆਂ ਨੇ ।” 

“ਸੰਸਾਰ ਦੀ ਇਹੋ ਰੀਤ ਐ, ਕਿਸੇ ਦੇ ਕੀ ਵੱਸ ਦੀ ਗੱਲ ਐ।” 

“ਵਿਆਹ ਨੂੰ ਤੁਰਨ ਵੇਲੇ ਜਦੋਂ ਮੈਂ ਰੋਣ ਲੱਗ ਪੀ, ਆਖਦੇ ਨੇ ਸਰਵਣ ਵੀ ਰੋ ਪਿਆ। ਉਸ ਦੇ ਘਰ ਦੇ ਹੁਣ ਥਾਈਂ ਛੇੜਦੇ ਹੁੰਦੇ ਸੀ।” 

“ਤੂੰ ਕਾਹਤੋਂ ਹਰਤੇ ਕਰਤੇ ਯਾਦ ਕਰਦੀ ਹੁੰਦੀ ਐਂ ਉਸ ਨੂੰ । ਮਰ ਗਿਆਂ ਨਾਲ ਪ੍ਰੀਤ ਕੋਹੀ ਜਿਨ੍ਹਾਂ ਆ ਕੇ ਸਾਰ ਈ ਨਾ ਲੈਣੀ ਹੋਈ ਕਦੇ।” 

“ਊਂ ਤਾਂ ਤੇਰੀ ਗੱਲ ਸਿਆਣੀ ਐ ਬੇਬੇ, ਪਰ ਜਾਣੀ ਚੰਦਰਾ ਭੁੱਲਦਾ ਜਾ ठी।” 

“ਐਤਕੀ ਪੰਚਮੀਂ ‘ਤੇ ਪਟਿਆਲੇ ਚੱਲਾਂਗੇ ਮੇਲੇ, ਓਥੇ ਆਖਦੇ ਨੇ ਪੰਜ ਪੰਚਮੀਆਂ ਕੋਈ ਨ੍ਹਾਵੇ, ਸੁੱਖ ਪੂਰੀ ਹੋ ਜਾਂਦੀ ਐ।” 

“ਆਪਾਂ ਨੇ ਕੀ ਸੁੱਖ ਸੁੱਖਣੀ ਐ ਬੇਬੇ।” ਭਾਨੋ ਨੇ ਦਾਣੇ ਭਨੌਣ ਲਈ 

ਛੱਲੀਆਂ ਭੋਰ ਰਹੀ ਸੰਤੀ ਦੇ ਗੋਲ੍ਹੇ ਵਿਚੋਂ ਇਕ ਛੱਲੀ ਚੁੱਕ ਕੇ ਦੋ ਟੁੱਕ ਕਰਦਿਆਂ ਕਿਹਾ। 

“ਕਿਉਂ ਕੂੜ੍ਹੇ, ਆਪਾਂ ਸੁਖ ਕੇ ਆਮਾਂਗੇ ਬਈ ਅਗਲੇ ਵਰ੍ਹੇ ਜਦੋਂ ਅਸੀਂ ਆਈਏ ਇਕ ਬੂਜਾ ਤੇਰੀ ਗੋਦੀ ਹੋਵੇ। ਗੱਲ ਸੁਣ ਕੁੜੇ ਕਿਸੇ ਦਾਈ ਦੂਈ ਨੂੰ ਤਾਂ ਦਖੋਣਾ ਸੀ ।” 

“ਕੀ ਲੈਣੈ ਬੇਬੇ ਏਨ੍ਹਾਂ ਕਜੀਆਂ ਤੋਂ।” 

“ਮਖਾਂ ਨਹੀਂ ਕੁੜੇ, ਭਾਨੋ ਜੜ ਮੁਨਿਆਦ ਬਿਨਾਂ ਤਾਂ ਤੀਮੀ ਜਿਹੋ ਜੀ ਜੱਗ ਤੇ ਆਈ ਜਿਹੇ ਜੀ ਨਾ ਆਈ। ਕੀ ਮੁੱਲ ਐ ਓਸ ਦਾ।” 

“ਆਪਣਾ ਜੱਗ ਤੇ ਆਉਣਾ ਤਾਂ ਸਸਤੇ ਭਾ ਈ ਗਿਆ ਬੇਬੇ।” 

“ਕਿਸਮਤ ਐ ਆਪੋ ਆਪਣੀ । ਜੋ ਬੀਜਿਆ ਸੋਈ ਵੱਢਣੈ। ਅਖ਼ੇ ਮਾਂ ਨੇ ਜਾਏ ਪੰਜ ਪੁੱਤ ਕਰਮ ਨੇ ਦਿੱਤੇ ਵੰਡ।” 

“ਜੇ ਜਾ ਵੱਢਾ ਰੱਬ ਕਿਤੇ ਟੱਕਰ ਜੇ ਊਂ ਓਸ ਨੂੰ ਪੁੱਛਾਂ ਤਾਂ ਸਹੀ ਬਈ ਏਡਾ ਕੀ ਮੈਂ ਭੁੰਨ ਕੇ ਬੀਜਿਐ।” 

“ਰੱਬ ਕਾਹਨੂੰ ਟਕਰਦੈ ਕਦੇ ਕਿਸੇ ਨੂੰ। ਆਪ ਦਾ ਭੇਤ ਤਾਂ ਉਸ ਨੇ ਕਿਸੇ ਨੂੰ ਦਿੱਤਾ ਈ ਨੀ । ਸਾਰੇ ਜੀ ਸੰਸੇ ਨੇ ਜਿਮੇਂ ਮਰਜ਼ੀ ਕਰੀ ਚੱਲੋ।” 

“ਭਾਨੋ ਵੇਹਲੀ ਐਂ? ਮੇਰਾ ਸਿਰ ਤਾਂ ਫੋਲੀਂ ਜਰਾ ਕੋਈ ਜੂੰ ਜਾਂ ਈ ਨਾ ਹੋਵੇ ਖਾਜ ਜੀ ਹੁੰਦੀ ਸੀ।” ਬਚਨੀ ਨੇ ਗਿੱਲੇ ਵਾਲੀਂ ਭਾਨੋ ਦੇ ਅੱਗੇ ਬੈਠਦਿਆਂ ਕਿਹਾ। 

ਭਾਨੋ ਨੇ ਅੱਧੀ ਭੋਰੀ ਹੋਈ ਛੱਲੀ ਗੋਲ੍ਹੇ ਵਿਚ ਰੱਖ ਦਿੱਤੀ ਤੇ ਹੱਥ ਝਾੜ ਕੇ ਬਚਨੀ ਦਾ ਸਿਰ ਫਰੋਲਣ ਲੱਗ ਪਈ। 

ਸੰਤੀ ਘੁਟੀ ਵੱਟੀ ਜਿਹੀ ਬੈਠੀ ਛੱਲੀਆਂ ਭਰਦੀ ਰਹੀ। 

“ਕੁਸ਼ ਨੀ ਤੇਰੇ ਸਿਰ ‘ਚ ਤਾਂ।” ਸਾਰਾ ਸਿਰ ਫਰੋਲ ਕੇ ਭਾਨੋ ਨੇ ਕਿਹਾ। 

“ਅੱਛਾ! ਚਲ ਜੀਊਂਦੀ ਰਹਿ ਭਰਮ ਜਿਹਾ ਨਿਕਲ ਗਿਆ।” ਕਹਿੰਦੀ ਬਚਨੀ ਸੰਤੀ ਵੱਲ ਝਾਕ ਕੇ ਆਪਣੇ ਘਰ ਨੂੰ ਤੁਰ ਗਈ। 

“ਕਾਹਨੂੰ ਫੋਲਣਾ ਸੀ ਤੂੰ ਸਿਰ।” ਬਚਨੀ ਦੇ ਚਲੇ ਜਾਣ ਮਗਰੋਂ ਸੰਤੀ ਨੇ 

ਤਿਉੜੀਆਂ ਪਾ ਕੇ ਭਾਨੋ ਨੂੰ ਕਿਹਾ। 

“ਲੈ ਤਾਂ ਕੀ ਹੋ ਗਿਆ ਬੇਬੇ ।” 

“ਤੈਨੂੰ ਨੀ ਪਤਾ ਇਹ ਤਾਂ ਸਿਆਣਿਆਂ ਤੋਂ ਤਾਗੇ ਤਵੀਤ ਕਰੌਂਦੀ ਫਿਰਦੀ ਐ। ਪਿੱਛੇ ਜੇ ਸਤਮਾਹਾਂ ਮੁੰਡਾ ਹੋ ਕੇ ਮਰ ਗਿਆ ਸੀ ਨਾ ।” 

“ਮੈਨੂੰ ਕੁਸ਼ ਨੀ ਹੋ ਚੱਲਿਆ।” ਭਾਨੋ ਨੇ ਬੰਧੇ ਹੱਥ ਧਰਤੀ ਉਤੇ ਘਸਾਉਂਦਿਆਂ ਕਿਹਾ। 

“ਕਾਹਨੂੰ ਕਿਸੇ ਨੂੰ ਕੁਸ਼ ਹੋਵੇ ਕੁੜ੍ਹੇ, ਤੈਂ ਤਾਂ ਜੱਗ ‘ਤੇ ਆ ਕੇ ਅਜੇ ਦੇਖਿਆ ਈ ਕੀ ਐ।” 

“ਬਥੇਰਾ ਕੁਸ਼ ਦੇਖ ਲਿਆ ਹੁਣ ਤਾਂ ਜਾਣੀ ਰੱਬ ਚੱਕ ਲੇ।” 

“ਲੈ ਸੁਣ ਲੈ ਅਖੇ ਕੋਹ ਨਾ ਚੱਲੀ ਬਾਬਾ ਤਿਹਾਈ ।” 

“ਧਰਮ ਨਾਲ ਬੇਬੇ ਹੁਣ ਤਾਂ ਇਉਂ ਲੱਗਦੈ ਜਿਮੇਂ ਸਾਰੇ ਈ ਕੋਹ ਲੰਘ ਆਈ ਹਾਂ ਬਸ ਇਕ ਅੱਧਾ ਈ ਕੋਹ ਰਹਿੰਦੈ।” 

“ਕਦੇ ਕਦੇ ਊਈਂ ਚਿੱਤ ਓਦਰ ਜਾਂਦਾ ਹੁੰਦੈ ਕੋਈ ਨੀ । ਤੂੰ ਵੀ ਸੱਚੀ ਐਂ ਇਕਵਾਸੀ ਤਾਂ ਰੋਟੀ ਵੀ ਜਲ ਜਾਂਦੀ ਐ।” 

“ਡੋਗਰ ਜੀਊਂਦਾ ਹੁੰਦਾ ਤਾਂ ਮੈਨੂੰ ਕੋਈ ਫ਼ਿਕਰ ਨਹੀਂ ਸੀ ਹੋਣਾ, ਹੁਣ ਤਾਂ ਕਦੇ ਕਦੇ ਬਾਪੂ ਜਾਣੀ ਸਾਮਰਤੱਖ ਅੱਖਾਂ ਮੂਹਰੇ ਆ ਖੜ੍ਹਦੈ, ਜਿਮੇਂ ਕਹਿੰਦਾ ਹੋਵੇ ਨਿੱਜੜੀਏ ਤੂੰ ਵੀ ਧੋਖਾ ਦੇ ਗੀ। ਖ਼ਬਰ ਨੀ ਕਿਮੇਂ ਠੇਡੇ ਖਾਂਦਾ ਫਿਰਦਾ ਹੋਊ।” 

“ਆਪਣੀਆਂ ਆਪਣੀਆਂ ਲਿਖੀਆਂ ਭੋਗਣੀਆਂ ਨੇ। ਓਸ ਦੀ ਕਿਸਮਤ ‘ਚ ਨਹੀਂ ਸੀ ਧੀਆਂ ਪੁੱਤਾਂ ਦਾ ਸੁਖ। ਕਿਸੇ ਦੇ ਕੀ ਅਖ਼ਤਿਆਰ ਐ।” 

“ਕੋਲ ਹੁੰਦੀ ਸੀ ਦੁਖ ਦੇ ਸੁਖ ਦੇ ਪਾਣੀ ਤਾਂ ਫੜਾਉਂਦੀ ਸੀ ਹੁਣ ਤਾਂ ਕਿਸੇ ਨੇ ਮਰੇ ਦੀ ਵੀ ਖ਼ਬਰ ਨੀ ਕਰਨੀ ।” ਭਾਨੋ ਨੇ ਅੱਖਾਂ ਭਰ ਕੇ ਕਿਹਾ। 

“ਨਾ ਮੇਰੀ ਸਾਊ ਏਨਾ ਨੀ ਓਦਰੀ ਦਾ ਮੈਂ ਆਖ ਦੂੰਗੀ ਜੇਠੂ ਰਾਜੇ ਨੂੰ ਬਈ ਕਿਤੇ ਜਾਂਦਾ ਆਉਂਦਾ ਪਤਾ ਸਤਾ ਲੈਂਦਾ ਆਵੇ।” 

“ਕਾਹਨੂੰ ਬੇਬੇ। ਮੁੜ ਕੇ ਘਾਉ ਕਾਹਦੇ ਲਈ ਉਚੇੜਨੇ ਨੇ। ਓਸ ਖਾਤਰ ਤਾਂ ਮੈਂ ਮਰ ਮੁੱਕ ਗੀ ਆਂ।” 

“ਭਾਨੋ ਤੂੰ ਵੀ ਮੇਰੇ ਵਾਂਗੂੰ ਕਿਸੇ ਤੱਤੇ ਥਉਂ ਦੀ ਮਿੱਟੀ ਲਈ ਹੋਈ ਐ।” “ਪ੍ਰਾਲੱਭਦ ਐ ਬੇਬੇ ਆਪੋ ਆਪਣੀ ।” 

“ਆਹੋ ਏਥੇ ਆ ਕੇ ਈ ਗੱਲ ਮੁਕਦੀ ਐਂ। ਊਂ ਜੇ ਦੇਖਿਆ ਜਾਵੇ ਬਨੌਣ ਵਾਲੇ ਨੇ ਬਨੌਣ ਵਿਚ ਤੈਨੂੰ ਕੋਈ ਕਸਰ ਨੀ ਰੱਖੀ। ਕਾਮੀ ਏਡੀ ਬਈ ਕੰਮਾਂ ਨੂੰ ਹੱਥਾਂ ਪੈਰਾਂ ਨੂੰ ਈ ਲਾ ਕੇ ਲੈ ਜਾਨੀ ਐਂ। ਅਕਲ ਸ਼ਊਰ ਦੇਣ ਲੱਗੇ ਨੇ ਕੋਈ 

ਹੱਥਾ ਨੀ ਰੱਖੀ। ਬਸ ਚੱਜ ਦੇ ਲੇਖ ਲਿਖਣੇ ਈ ਭੁੱਲ ਗਿਆ।” 

“ਅਨਪੜ੍ਹ ਸੀ ਨਾ ਜਿਹੋ ਜੇ ਮਰਜੀ ਲਿਖੀਂ ਗਿਆ। ਪੜ੍ਹੀ ਹੁੰਦੀ ਤਾਂ ਓਸ ਵੇਲੇ ਅੱਖਰ ਉਠਾਲ ਕੇ ਗੱਲ ਸਾਫਾ ਨਾ ਪਾ ਲੈਂਦੀ ਓਸ ਦੇ ਬਈ ਮੈਂ ਕੀ ਤੇਰੀ ਚਰੀ ਮਿੱਧੀ ਐ।” 

“ਭਾਨੋ ਜੇ ਬੁਰਾ ਨਾ ਮਨਾਏ ਤਾਂ ਇੱਕ ਗੱਲ ਆਖਾਂ ? ਮੈਂ ਤਾਂ ਜਦੋਂ ਦੀ ਸੁਣੀ ਐ ਜਾਣੀ ਢਿੱਡ ਰਿੱਝੀ ਜਾਂਦੈ। ਸੋਚਿਆ ਸੀ, ਤੇਰੇ ਕੋਲ ਗੱਲ ਨਹੀਂ ਕਰੂੰਗੀ, ਪਰ ਮੇਰੇ ਕੋਲੋਂ ਤਾਂ ਜਾਣੀ ਰਿਹਾ ਨੀ ਜਾਂਦਾ ।” ਸੰਤੀ ਨੇ ਗੁੱਲ ਇਕੱਠੇ ਕਰ ਕੇ ਚੁੱਲ੍ਹੇ ਮੂਹਰੇ ਸੁਟਦਿਆਂ ਕਿਹਾ। 

ਭਾਨੋ ਉਤਾਵਲੇ ਮੂੰਹ ਨਾਲ ਉਸ ਵੱਲ ਤੱਕਣ ਲੱਗੀ। 

“ਬੀਬੋ ਦੇ ਵਿਆਹ ਵਿਚ ਹਰੀਆ ਮਾਰਿਆ ਆਇਆ ਸੀ ਨਾ। ਕਰਤਾਰੀ ਦੇ ਪਰਾਹੁਣੇ ਦਾ ਭਾਈ। ਓਸ ਦੀ ਇਕ ਸਾਲੀ ਐ । ਪ੍ਰਾਹੁਣਾ ਲਜਾਂਦਾ ਨੀ ਕਈ ਸਾਲ ਹੋਏ। ਇਹ ਤਾਂ ਹੁਣ ਅਗਲਿਆਂ ‘ਚ ਈ ਨੁਕਸ ਕੱਢਦੇ ਨੇ, ਪਰ ਉਹ ਆਪ ਵੀ ਚੰਗੀ ਨੀ ਸੁਣੀਂਦੀ। ਵਿਆਹ ਤੋਂ ਸੱਤਮੇਂ ਮਹੀਨੇ ਮਗਰੋਂ ਸਾਬਤ ਸਬੂਤ ਮੁੰਡਾ ਜੰਮ ਪਿਆ ਸੀ । ਪਤਾ ਲਾਉਣ ਵਾਲੇ ਛੱਡਦੇ ਨੇ, ਸਾਰੀ ਗੱਲ ਦਾ ਪਤਾ ਲਾ ਲਿਆ। ਮੁੰਡਾ ਮਰ ਗਿਆ ਦੋ ਮਹੀਨਿਆਂ ਦਾ ਹੋ ਕੇ, ਪਰ ਅਗਲਿਆਂ ਨੇ ਮੁੜ ਵੱਤੀ ਨੀ ਵਾਹੀ। ਮੈਂ ਤੈਨੂੰ ਦੱਸਾਂ ਭਾਨੋ ਹਰੀਆ ਮਾਰਿਆ, ਬਹਿਜੇ ਓਸ ਦੀ ਬੇੜੀ, ਤੇਰਾ ਜੇਠ ਦੱਸਦਾ ਸੀ ਨਰੈਣ ਨਾਲ ਗੰਢ ਤੁੱਪ ਜੀ ਕਰਦਾ ਸੀ। ਅਖੇ ਭਾਨੋ ਦੇ ਕੁਸ਼ ਹੋਣਾ ਹੁੰਦਾ ਤਾਂ ਹੁਣ ਥਾਈਂ ਹੋ ਜਾਂਦਾ ਦੋ ਸਾਲ ਹੋ ਗੇ ਘਰ ਵਸਦੀ ਨੂੰ । ਛੀ ਸੌ ‘ਚ ਗੱਲ ਪੱਕੀ ਕਰ ਗਿਐ। ਮੈਨੂੰ ਤਾਂ ਲੱਗਦਾ ਤੇਰਾ ਭਰਿਆ ਭਕੁੰਨਿਆਂ ਘਰ ਦੇਖ ਕੇ ਓਸ ਚੰਦਰੇ ਦੀ ਨੀਤ ਫਿੱਟ ਗੀ। ਨਰੈਣ ਦੇ ਤਾਂ ਵਟਾਈ ਵਾਲੇ ਦਸ ਮਣ ਦਾਣੇ ਨੀ ਸੀ ਪੱਲੇ ਪਾਉਂਦੇ ਹੁੰਦੇ ਤੇ ਹੁਣ ਤੂੰ ਆਪ ਸੁਰਤ ਰਖਦੀ ਐਂ ਤਾਂ ਸੁਖ ਨਾਲ ਛੱਤ ਥਾਈਂ ਦਾਣਿਆਂ ਦੀਆਂ ਬੋਰੀਆਂ ਹੀ ਬੋਰੀਆਂ ਚਿਣੀਆਂ ਪਈਆਂ ਨੇ। ਨਾਲੇ ਊਂ ਵੀ ਤਾਂ ਨਰੈਣ ਬੰਦਾ ਬਣਾ ‘ਤਾ ਤੂੰ ਆ ਕੇ ਅੱਗੇ ਤਾਂ ਅੱਖ ਈ ਨੀ ਸੀ ਖੋਲ੍ਹਦਾ ਕਿਸੇ ਵੇਲੇ।” 

ਭਾਨੋ ਡੌਰ ਭੌਰ ਹੋਈ ਸੰਤੀ ਦੇ ਮੂੰਹ ਵੱਲ ਤੱਕਦੀ ਰਹੀ। 

ਫੇਰ ਜਿਵੇਂ ਕੁੱਝ ਚੇਤੇ ਆ ਗਿਆ ਹੋਵੇ ਉਹ ਇਕ ਦਮ ਹੀ ਉੱਠ ਕੇ ਖੜ੍ਹੀ ਹੋ ਗਈ। 

“ਭਾਨੋ ਮੇਰਾ ਨਉਂ ਨਾ ਲਈਂ ਹਾੜੇ ਮੇਰੀ ਧੀ ਐਮੀ ਹੋਰ ਨਰੈਣ ਮੇਰੇ ਝਾਟੇ ਨੂੰ ਚਿੰਬੜੂਗਾ ਨਾਲੇ ਤੇਰਾ ਜੇਠ ਕਜੀਆ ਕਰੂਗਾ ਬਈ ਗੱਲ ਗਹਾਂ ਕਰ ‘ਤੀ। ਮੇਰੇ ਕੋਲੋਂ ਤਾਂ ਜਾਣੀ ਰਿਹਾ ਨੀ ਗਿਆ।” 

ਭਾਨੋ ਆਪਣੇ ਘਰ ਵੱਲ ਨੂੰ ਤੁਰ ਪਈ। 

“ਭਾਨੋ ਤੈਨੂੰ ਸਹੁੰ ਲੱਗੇ ਜੇ ਗੱਲ ਕਰੇਂ।” ਸੰਤੀ ਨੇ ਪਿਛੋਂ ਫੇਰ ਤਾਕੀਦ बोडी। 

ਭਾਨੋ ਨੇ ਬਾਰ ਨਾਲੋਂ ਜਿੰਦਰਾ ਖੋਲ੍ਹਿਆ। ਅੰਦਰ ਜਾ ਕੇ ਘਗਰਾ ਲਾਹਿਆ। ਘੜੇ ਵਿਚੋਂ ਪਾਣੀ ਪੀਣ ਲੱਗੀ। ਘੜਾ ਤਾਂ ਖਾਲੀ ਪਿਆ ਸੀ  

ਹੋਰਨਾਂ ਦਿਨਾਂ ਵਰਗਾ ਹੀ ਦਿਨ। 

ਪਹੁ ਫੁੱਟੀ। 

ਦੁੱਧਾਂ ਪੁੱਤਾਂ ਵਾਲੀਆਂ ਜਾਗੀਆਂ। 

ਮੋਘਿਆਂ ਵਿਚ ਦੀ ਧੂਏਂ ਨਿਕਲਣ ਲੱਗੇ। 

ਮਧਾਣੀਆਂ ਖੜਕੀਆਂ। 

ਦੋ ਤਿੰਨ ਵਾਰੀ ਪ੍ਰੈਸ ਰਿੰਗੀ ਤਾਂ ਨਰੈਣ ਦੀ ਅੱਖ ਖੁੱਲ੍ਹ ਗਈ। 

ਉਸ ਨੇ ਦੇਖਿਆ ਤਾਂ ਨਾ ਦੀਵਾ ਡੰਗਿਆ ਹੋਇਆ ਸੀ, ਨਾ ਚਾਹ ਧਰੀ ਹੋਈ ਸੀ। ਮਹਿੰ ਦੀ ਧਾਰ ਵੀ ਨਹੀਂ ਸੀ ਕੱਢੀ ਜਿਸ ਕਰਕੇ ਉਹ ਰਿੰਗ ਰਹੀ ਸੀ। ਭਾਨੇ ਉਸੇ ਤਰ੍ਹਾਂ ਸੁੱਤੀ ਹੋਈ ਸੀ। 

ਅੱਗੇ ਤਾਂ ਕਦੇ ਇਉਂ ਨਹੀਂ ਸੀ ਹੋਇਆ। 

‘ਥੱਕ ਗੀ ਵਿਆਹ ‘ਚ ਕੰਮ ਕਰਦੀ ।’ ਨਰੈਣ ਨੂੰ ਖ਼ਿਆਲ ਆਇਆ। 

“ਭਾਨੋ ਉੱਠ, ਦਿਨ ਚੜ੍ਹ ਗਿਆ।” ਉਸ ਨੇ ਭਾਨੋ ਦੀ ਬਾਂਹ ਹਲੂਣ ਕੇ ਆਖਿਆ। 

ਭਾਨੋ ਹੜ ਬੜਾ ਕੇ ਉੱਠ ਬੈਠੀ। ਕਾਹਲੀ ਕਾਹਲੀ ਉਸ ਨੇ ਦੀਵਾ ਡੰਗਿਆ। ਅੱਗ ਬਾਲ ਕੇ ਚਾਹ ਧਰੀ। ਦੁੱਧ ਪਰੁੰਨ੍ਹਿਆਂ। 

ਚਾਰ ਕੁ ਗੇੜੇ ਦੇ ਕੇ ਉਸ ਨੇ ਨਰੈਣ ਨੂੰ ਕਿਹਾ, “ਅੱਜ ਜੀ ਤੂੰ ਨੀ ਰਿੜਕ ਲੇਂਗਾ ਦੁੱਧ, ਮੇਰੀਆਂ ਤਾਂ ਬਾਹਾਂ ਜਾਣੀ ਕੰਮ ਜਾ ਨੀ ਕਰਦੀਆਂ।”  “ਬਾਹਾਂ ਨੂੰ ਕੀ ਦੋਸ਼ ਐ, ਥੋੜਾ ਟੁੱਟ ਟੁੱਟ ਮਰੀ ਐਂ ਵਿਆਹ ‘ਚ। ਏਡਾ ਕੀ ਕਿਸੇ ਸਹੁਰੇ ਤੋਂ ਅਨਾਮ ਲੈਣਾ ਸੀ । ਤੂੰ ਪਹਿਲਾਂ ਚਾਹ ਕਰਦੇ। ਅਮਲ ਦਾ ਭੋਰਾ ਲੈ ਕੇ ਮੈਂ ਦੇ ਦਿੰਨਾ ਚਾਰ ਗੇੜੇ। ” 

ਭਾਨੋ ਉੱਠ ਕੇ ਧਾਰ ਕੱਢਣ ਜਾ ਲੱਗੀ । ਮੱਝ ਨੇ ਕਈ ਵਾਰੀ ਬੂਥੀ ਭਾਨੋ ਵੱਲ ਮੋੜੀ, ਉਸ ਨੂੰ ਅੱਗੇ ਵਾਂਗ ਮੱਝ ਦੇ ਮੂੰਹ ਉਤੇ ਇਕ ਦੋ ਧਾਰਾਂ ਮਾਰਨ ਦਾ ਅੱਜ ਖ਼ਬਰੇ ਚੇਤਾ ਹੀ ਨਹੀਂ ਸੀ ਰਿਹਾ, ਉਹ ਚੁੱਪ ਕੀਤੀ ਧਾਰ ਕੱਢਦੀ ਰਹੀ। ਹਾਰ ਕੇ ਮੱਝ ਨੇ ਲੱਤ ਜਿਹੀ ਮਾਰੀ । ਸਾਰੀ ਬਾਲਟੀ ਮੁਧ ਗਈ। ਭਾਨੋ ਭੰਵੱਤਰਿਆਂ ਵਾਂਗ ਉੱਠ ਖੜ੍ਹੀ ਹੋਈ। 

“ਫੁੱਟੇ ਹੋਏ ਨੇ ਤੇਰੇ ਦੀਦੇ ਸਾਰਾ ਦੁੱਧ ਡੁਲ੍ਹਾ ਤਾ।” ਨਰੈਣ ਨੇ ਮੰਜੇ ਤੋਂ ਉਠਦਿਆਂ ਕਿਹਾ। 

ਹੋਰਨਾਂ ਦਿਨਾਂ ਵਰਗਾ ਹੀ ਦਿਨ। 

ਪਹੁ ਫੁੱਟੀ। 

ਦੁੱਧਾਂ ਪੁੱਤਾਂ ਵਾਲੀਆਂ ਜਾਗੀਆਂ। 

ਮੋਘਿਆਂ ਵਿਚ ਦੀ ਧੂਏਂ ਨਿਕਲਣ ਲੱਗੇ। 

ਮਧਾਣੀਆਂ ਖੜਕੀਆਂ। 

ਦੋ ਤਿੰਨ ਵਾਰੀ ਪ੍ਰੈਸ ਰਿੰਗੀ ਤਾਂ ਨਰੈਣ ਦੀ ਅੱਖ ਖੁੱਲ੍ਹ ਗਈ। 

ਉਸ ਨੇ ਦੇਖਿਆ ਤਾਂ ਨਾ ਦੀਵਾ ਡੰਗਿਆ ਹੋਇਆ ਸੀ, ਨਾ ਚਾਹ ਧਰੀ ਹੋਈ ਸੀ। ਮਹਿੰ ਦੀ ਧਾਰ ਵੀ ਨਹੀਂ ਸੀ ਕੱਢੀ ਜਿਸ ਕਰਕੇ ਉਹ ਰਿੰਗ ਰਹੀ ਸੀ। ਭਾਨੇ ਉਸੇ ਤਰ੍ਹਾਂ ਸੁੱਤੀ ਹੋਈ ਸੀ। 

ਅੱਗੇ ਤਾਂ ਕਦੇ ਇਉਂ ਨਹੀਂ ਸੀ ਹੋਇਆ। 

‘ਥੱਕ ਗੀ ਵਿਆਹ ‘ਚ ਕੰਮ ਕਰਦੀ ।’ ਨਰੈਣ ਨੂੰ ਖ਼ਿਆਲ ਆਇਆ। 

“ਭਾਨੋ ਉੱਠ, ਦਿਨ ਚੜ੍ਹ ਗਿਆ।” ਉਸ ਨੇ ਭਾਨੋ ਦੀ ਬਾਂਹ ਹਲੂਣ ਕੇ ਆਖਿਆ। 

ਭਾਨੋ ਹੜ ਬੜਾ ਕੇ ਉੱਠ ਬੈਠੀ। ਕਾਹਲੀ ਕਾਹਲੀ ਉਸ ਨੇ ਦੀਵਾ ਡੰਗਿਆ। ਅੱਗ ਬਾਲ ਕੇ ਚਾਹ ਧਰੀ। ਦੁੱਧ ਪਰੁੰਨ੍ਹਿਆਂ। 

ਚਾਰ ਕੁ ਗੇੜੇ ਦੇ ਕੇ ਉਸ ਨੇ ਨਰੈਣ ਨੂੰ ਕਿਹਾ, “ਅੱਜ ਜੀ ਤੂੰ ਨੀ ਰਿੜਕ ਲੇਂਗਾ ਦੁੱਧ, ਮੇਰੀਆਂ ਤਾਂ ਬਾਹਾਂ ਜਾਣੀ ਕੰਮ ਜਾ ਨੀ ਕਰਦੀਆਂ।” 

ਭਾਨੋ ਗੁਨਾਹਗਾਰਾਂ ਵਾਂਗ ਚੁੱਲ੍ਹੇ ਮੂਹਰੇ ਆ ਬੈਠੀ ਤੇ ਪਤੀਲੀ ਵਿਚ ਚਾਹ ਤੇ ਗੁੜ ਪਾਇਆ ਨਰੈਣ ਨੇ ਮੋਗਰੀ ਚੁੱਕ ਕੇ ਪੰਜ ਸੱਤ ਖਾਸੀਆਂ ਕਰਾਰੀਆਂ, ਮੱਝ ਦੀਆਂ ਟੰਗਾਂ ਉਤੇ ਲਾਈਆਂ। 

ਭਾਨੋ ਵਿਚ, ਉੱਠ ਕੇ ਹਟਾਉਣ ਦੀ ਵੀ ਜਿਵੇਂ ਹਿੰਮਤ ਨਹੀਂ ਸੀ। 

ਉਸ ਦਿਨ ਉਨ੍ਹਾਂ ਨੇ ਚਾਹ ਵੀ ਮਾਰੂ ਹੀ ਪੀਤੀ। 

ਭਾਨੋ ਨੇ ਖਿੰਡਦੇ ਹੱਡਾਂ ਪੈਰਾਂ ਨਾਲ ਘਰ ਦਾ ਕੰਮ ਧੰਦਾ ਮੁਕਾਇਆ। 

ਫੇਰ ਉਹ ਨਰੈਣ ਦੀ ਮਾਂ ਦਾ ਸੰਦੂਕ ਖੋਲ੍ਹ ਕੇ ਬੈਠ ਗਈ। ਸੰਦੂਕ ਵਿਚ ਦੋ ਖੱਦਰ ਦੀਆਂ ਫੁਲਕਾਰੀਆਂ ਸਨ। ਇਕ ਨੀਲੇ-ਚਿੱਟੇ ਡੱਬਿਆਂ ਦੀ ਦਰੀ ਸੀ। 

ਦੋ ਕੁ ਕੁੜਤੀਆਂ, ਝੋਨੇ ਪਏ ਸਨ। ਇਕ ਸੂਫ ਦਾ ਅਧੋਰਾਣਾ ਜਿਹਾ ਘੱਗਰਾ ਸੀ। ਚਾਰ ਕੁ ਘਰ ਬੁਣੇ ਫਿੱਟ ਚੁੱਕੇ ਰੰਗਾਂ ਵਾਲੇ ਨਾਲੇ ਸਨ। ਇਕ ਬੋਹੀਆ ਸੀ। ਬੋਹੀਏ ਵਿਚ ਇਕ ਛੀਂਟ ਦੀ ਲੀਰ ਦੇ ਲੜ ਇਕ ਚਾਂਦੀ ਦਾ ਤਵੀਤ ਸੀ। ਇਕ ਸਿੱਪੀ ਸੀ। ਇਕ ਕਾਲਾ ਮਣਕਾ ਸੀ। ਇਕ ਸ਼ੇਰ ਦੀ ਨਹੁੰਦਰ ਸੀ। ਜਿਵੇਂ ਕਿਸੇ ਜੁਆਕ ਦੇ ਗਲ ਪਾਉਣ ਲਈ ਇਹ ਸਭ ਚੀਜ਼ਾਂ ਇਕੱਠੀਆਂ ਕਰ ਕੇ ਰੱਖੀਆਂ ਹੋਣ। 

ਭਾਨੋ ਕਿੰਨਾ ਚਿਰ ਸੰਦੂਕ ਵਿਚੋਂ ਨਿਕਲੀਆਂ ਚੀਜ਼ਾਂ ਨੂੰ ਸੰਵਾਰ ਸੰਵਾਰ ਕੇ ਦੇਖਦੀ ਰਹੀ। ਫੇਰ ਜਿਵੇਂ ਕੱਢੀਆਂ ਸਨ ਓਵੇਂ ਮੋੜ ਕੇ ਸੰਦੂਕ ਵਿਚ ਪਾ ਦਿੱਤੀਆਂ । ਸੰਦੂਕ ਨੂੰ ਮੁੜ ਓਸੇ ਤਰ੍ਹਾਂ ਜੰਦਰਾ ਮਾਰ ਦਿੱਤਾ । ਕੁੰਜੀ ਕੋਠੀ ਵਿਚ ਹੀ ਕੁੱਜੇ ਵਿਚ ਧਰ ਦਿੱਤੀ ਜਿੱਥੇ ਇਕ ਦੋ ਹੋਰ ਵੀ ਪੁਰਾਣੀਆਂ ਕੁੰਜੀਆਂ ਪਈਆਂ ਸਨ। 

“ਲਈ ਲੌ ਕੋਈ ਤੱਕਲਾ, ਸੂਆ, ਸੂਈ, ਝਰਨੀ, ਛਾਨਣਾ, ਚਿਮਟਾ, ਖੁਰਚਣਾ।” ਬਾਹਰ ਬੀਹੀ ਵਿਚ ਗੱਡੀਆਂ-ਵਾਲੀ ਨੇ ਆਵਾਜ਼ ਦਿੱਤੀ। 

“ਆ ਜਾ ਕੂੜ੍ਹੇ ਏਧਰ ਆ ਜਾ।” ਭਾਨੋ ਦੇ ਦਰ ਵੜਦੀ ਸੰਤੀ ਨੇ ਉਸ ਨੂੰ ਹਾਕ ਮਾਰੀ। 

“ਭਾਨੋ ਘਰ ਈ ਐਂ ?” ਕਹਿੰਦੀ ਸੰਤੀ ਉਸ ਦੇ ਵਿਹੜੇ ਵਿਚ ਜਾ ਖੜ੍ਹੀ। 

“ਆਹੋ ਬੇਬੇ ਆ ਜਾ”, ਭਾਨੋ ਨੇ ਬਾਹਰ ਨਿਕਲਕੇ ਸੰਤੀ ਲਈ ਮੰਜਾ ਡਾਹੁੰਦਿਆਂ ਕਿਹਾ। 

ਪਿੰਜਣੀਆਂ ਤੱਕ ਦੀ ਕਾਲੀ ਘੱਗਰੀ ਪਾਈ, ਪੈਰੋਂ ਨੰਗੀ, ਚਾਂਦੀ ਦੇ ਗਿਟਕੜਿਆਂ ਵਾਲੀ, ਉਤੇ ਠੇਕੀ ਹੋਈ ਚੁੰਨੀ ਲਈ ਗੱਡੀਆਂ ਵਾਲੀ ਸਿਰ ਉਤੇ ਗੰਢ ਚੁੱਕੀ ਹੱਥ ਵਿਚ ਇਕ ਚਿਮਟਾ, ਖੁਰਚਣਾ ਫੜੀ ਅੰਦਰ ਆ ਵੜੀ। 

“ਕਿਮੇ ਦਿੱਤੈ ਖੁਰਚਣਾ ?” ਸੰਤੀ ਨੇ ਪੁੱਛਿਆ। 

“ਦੋ ਸੇਰ ਦਾਣਿਆਂ ਕੀ ਹੋਰ ਤੇਰੇ ਕੋਲੋਂ ਮਣ ਧੌਣ ਲੈਣੈ ਲੰਬੜਦਾਰਨੀ।” 

ਗੱਡੀਆਂ-ਵਾਲੀ ਨੇ ਗੰਢ ਲਾਹ ਕੇ ਹੇਠਾਂ ਧਰਦਿਆਂ ਭੁੰਜੇ ਬੈਠ ਕੇ ਖੁਰਚਣਾ ਸੰਤੀ ਨੂੰ ਫੜਾਂਦਿਆਂ ਕਿਹਾ। 

“ਦੋ ਸੇਰ ਨਾ ਪੰਜ ਸੇਰ, ਤੇਰੇ ਭਾ ਦੀ ਲੁੱਟ ਪਈ ਐ, ਭਾਅ ਤਾਂ ਦੇਖ ਦਾਣਿਆਂ ਦਾ ।” 

“ਬੇਬੇ ਥਮ ਪਾਈਆ ਘਾਟ ਦੇ ਦੀ।” 

“ਮੈਂ ਤਾਂ ਸੇਰ ਇਕ ਦੇਊਂ। ਤੇਰੀ ਮਰਜ਼ੀ ਐ ਦੇਣੈ ਦੇਜਾ ਨਹੀਂ ਤਾਂ ਆਹ ਚੁੱਕ।” ਸੰਤੀ ਨੇ ਖੁਰਚਣਾ ਉਸ ਵੱਲ ਸੁੱਟਦਿਆਂ ਕਿਹਾ। 

“ਨਾ ਥਾਰੀ ਨਾ ਮ੍ਹਾਰੀ ਚੱਲ ਤਮ ਡੂਢ ਸੇਰ ਦਈ ਦੇ।” 

“ਨਾ ਪੂਰਾ ਇਕ ਸੇਰ ।” 

“ਚਲ ਲੈ ਤੂੰ ਸਵਾ ਸੇਰ ਦੇ।” ਗੱਡੀਆਂ ਵਾਲੀ ਨੇ ਖੁਰਚਣਾ ਉਸ ਦੇ ਹੱਥ ਫੜਾਂਦਿਆਂ ਕਿਹਾ। 

“ਮੈਂ ਤਾਂ ਇਕੋ ਗੱਲ ਆਖਤੀ ਬਈ ਸੇਰ ਇਕ ਦਾਣੇ ਦੇਊਂ ਮਰਜ਼ੀ ਐ ਲੈ ਲੈ ਨਹੀਂ ਤਾਂ ਹੋਰ ਬਥੇਰੀਆਂ ਆ ਜਾਣਗੀਆਂ ਤੇਰੀਆਂ ਭੈਣਾਂ ।” 

“ਚਲ ਤੂੰ ਲੈ, ਏਕ ਰੋਟੀ ਤੋਂ ਦਈਦੇਗੀ।” 

“ਆਹੋ ਇਹ ਮੰਨੀ। ਨਾਲ ਲੱਸੀ ਵੀ ਪਿਆ ਦੂੰ ।” ਆਖ ਸੰਤੀ ਖੁਰਚਣਾ ਫੜੀ ਆਪਣੇ ਘਰ ਵੱਲ ਨੂੰ ਤੁਰ ਪਈ। 

“ਥਮ ਵੀ ਲੇ ਲੇ ਕੋਈ ਚਿਮਟਾ, ਝਾਰਨਾ ।” ਗੱਡੀਆਂ ਵਾਲੀ ਨੇ ਗੰਢ ਚੁੱਕਦਿਆਂ ਭਾਨੋ ਨੂੰ ਪੁੱਛਿਆ। 

“ਅਗਲੀ ਵਾਰੀ ਜਦੋਂ ਤੂੰ ਆਈ ਫੇਰ ਲਊਂਗੀ।” ਭਾਨੋ ਨੇ ਹੱਸ ਕੇ ਆਖਿਆ। 

“ਅਗਲੀ ਵਾਰੀ ਕੀ ਰਾਮ ਜਾਨੈ ਕੌਨ ਹੋਗਾ ਕੌਨ ਨਾ ਹੋਗਾ ਤੂੰ ਇਬਈ ਲੇ ਲੇ।” 

“ਨਾ ਭੈਣੇ ਕੁਸ਼ ਨੀ ਚਾਹੀਦਾ।” ਭਾਨੋ ਨੇ ਧਰਤੀ ਨੂੰ ਹੱਥ ਲਾ ਕੇ ਉਠਦਿਆਂ ਕਿਹਾ। 

ਫਿਰ ਉਸ ਨੇ ਹੱਥ ਚੁੱਕ ਕੇ ਹਾਤ ਹਾਤ ਕਰ ਕੇ ਥਮਲੇ ਉਤੇ ਬੈਠੇ ਬੋਲਦੇ ਕਬੂਤਰਾਂ ਨੂੰ ਉਡਾਇਆ। ਉਸ ਨੇ ਸੁਣਿਆ ਹੋਇਆ ਸੀ ਘਰ ਵਿਚ ਕਬੂਤਰ ਬੋਲਦੇ ਮਾੜੇ ਹੁੰਦੇ ਨੇ। ਇਹ ਉਜਾੜ ਭਾਲਦੇ ਨੇ। 

ਆਥਣੇ ਉਹ ਗੁਰਦਵਾਰੇ ਚਲੀ ਗਈ। ਥੋੜ੍ਹਾ ਚਿਰ ਬੈਠੀ ਉਹ ਪਾਠ ਸੁਣਦੀ ਰਹੀ। ਫੇਰ ਉਸ ਨੇ ਗੁਰਦਵਾਰੇ ਦਾ ਵਗਲ੍ਹ ਸੰਭਰਿਆ। ਹਲਟੀ ਦੇ ਔਲੂ ਵਿਚੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਬੂਟਿਆਂ ਵਿਚ ਪਾਉਂਦੀ ਰਹੀ। 

“ਮੇਰੀ ਕੋਠੜੀ ਵੀ ਸੰਭਰ ਜਾਇਆ ਕਰ ਭਾਈ।” ਅੱਧ-ਖੜ੍ਹ ਜਿਹੇ ਭਾਈ ਨੇ ਗੁਰਦਵਾਰੇ ਤੋਂ ਵਗਲ੍ਹ ਵਿਚ ਆ ਕੇ ਉਸ ਨੂੰ ਪ੍ਰਸ਼ਾਦ ਦਿੰਦਿਆਂ ਕਿਹਾ। 

“ਚੰਗਾ ਬਾਬਾ ਜੀ।” ਭਾਨੋ ਨੇ ਬਿਨਾਂ ਉਸ ਵੱਲ ਤੱਕਿਆਂ ਪਰਸ਼ਾਦ ਲੈਂਦਿਆਂ ਆਖਿਆ। 

“ਮੇਰਾ ਖਿਆਲ ਐ ਵਿਆਹ ‘ਚ ਬਾਹਲਾ ਕੰਮ ਕਰਦੀ ਥੱਕ ਗੀ।” ਭਾਨ ਨੂੰ ਹੌਲੀ ਹੌਲੀ ਤੁਰੀ ਆਉਂਦੀ ਦੇਖ ਬਚਨੀ ਨੇ ਆਪਣੇ ਵਿਹੜੇ ਵਿਚੋਂ ਹੀ ਕਿਹਾ। 

“ਨੀ ਬਚਨੀ ਮੇਰਾ ਜਾਣੀ ਕੁਸ਼ ਚਿੱਤ ਜਾ ਨੀ ਰਾਜੀ। ਖ਼ਬਰ ਨੀ ਭਖਜੀ ਹੋ ਗੀ।” ਭਾਨੋ ਨੇ ਨਵੀਂ ਜੁੱਤੀ ਕਾਰਨ ਪਏ ਛਾਲਿਆਂ ਕਰ ਕੇ ਲੰਗੜਾਉਂਦਿਆਂ ਦੱਸਿਆ। 

“ਮੈਨੂੰ ਤਾਂ ਲੱਗਦੈ ਤੈਨੂੰ ਨਜ਼ਰ ਲੱਗ ਗੀ ਕਿਸੇ ਦੀ। ਕੰਮ ਵੀ ਤਾਂ ਤੂੰ ਚੌਂਹ ਤੀਮੀਆਂ ਜਿੰਨਾ ਕੀਤੈ। ਪਰ ਮੈਂ ਤੈਨੂੰ ਦੱਸਾਂ ਕੋਈ ਅਨਾਮ ਨੀ ਦੇ ਜਾਂਦਾ ਹੁੰਦਾ। ਸਭ ਤੁਰਦੇ ਨੈਣ ਪਰੈਣਾਂ ਦੇ ਈ ਲਾਗੂ ਨੇ। ਤੂੰ ਮਾੜੂ ਦਾਸ ਦੀ ਗੁਫਾ ‘ਚ ਜਾ ਕੇ ਹਥੌਲਾ ਕਰਾ ਆ ਫ਼ੋਰੇ ‘ਚ ਰਾਮ ਆ ਜੂ। ਮੇਰੀ ਵੀ ਕੁੜੀ ਦੀਆਂ ਇਕ ਵਾਰੀ ਜਿਉਂ ਆਈਆਂ ਅੱਖਾਂ ਦੁਖਣ ਹਟਣ ‘ਚ ਕਿਹੜਾ ਆਉਣ | ਫੇਰ ਕਿਸੇ ਨੇ ਦੱਸਿਆ ਬਈ ਕੁੜੀ ਕੰਨੀ ਤਾਂ ਕਿਸੇ ਦੀ ਝਾਕ ਹੋਗੀ ਐ । ਚਾਰ ਡੰਗ ਹਥੌਲਾ ਕਰਵਾਇਆ, ਅੱਖਾਂ ਚਰਾਗਾਂ ਅੰਗੂੰ ਖੁਲ੍ਹਗੀਆਂ ਕੁੜੀ ਦੀਆਂ। ਊਂ ਤਾਂ ਆਪ ਏਹ ਡਾਕਦਾਰ ਦਿਓਂ ਦਾਰੂ ਵੀ ਲਿਆਇਆ ਸੀ, ਪਰ ਮੈਨੂੰ ਪਤੈ ਰਾਮ ਬਾਵੇ ਦੇ ਹਥੌਲੇ ਨਾਲ ਹੀ ਆਇਆ ਸੀ।” 

“ਲੈ ਆਪੇ ਆ ਜੂ ਰਾਮ ਕੀ ਹੁੰਦੈ ਆਪਾਂ ਨੂੰ।” ਕਹਿੰਦੀ ਭਾਨੋ ਨੇ ਬਚਨੀ ਦਾ ਪੰਪ ਗੇੜ ਕੇ ਓਕ ਨਾਲ ਹੀ ਕਿੰਨਾ ਸਾਰਾ ਪਾਣੀ ਪੀਤਾ। 

“ਤੂੰ ਗਲਾਸ ਲੈ ਲੈ।” ਬਚਨੀ ਨੇ ਸੰਨ੍ਹੀ ਰਲਾਉਂਦੀ ਨੇ ਕਿਹਾ। 

“ਬਸ ਕੋਈ ਨੀਂ।” ਭਾਨੋ ਨੇ ਕਿਹਾ। ਕੁੜਤੀ ਦੀਆਂ ਕੁਹਣੀਆਂ ਤੱਕ ਚਲਿਆ ਗਿਆ ਪਾਣੀ ਨਚੋੜਦੀ ਉਹ ਆਪਣੇ ਘਰ ਨੂੰ ਤੁਰ ਪਈ। 

ਘਰ ਆ ਕੇ ਉਸ ਨੇ ਘੱਗਰਾ ਲਾਹ ਕੇ ਟੰਗਣੇ ਉਤੇ ਧਰਿਆ। ਸੰਦੂਕ ਹੇਠਾਂ ਜੁੱਤੀ ਖੋਲ੍ਹੀ। ਹਾਰੇ ਵਿਚੋਂ ਕੱਢ ਕੇ ਦਾਲ ਘੋਟੀ। ਰੋਟੀ ਲਾਹੀ। 

ਫਿਰ ਜਿਵੇਂ ਉਸ ਦੇ ਕਾਲਜੇ ਵਿਚ ਖੋਹ ਜਿਹੀ ਪਈ। ਉਸ ਨੇ ਕੌਲੀ ਵਿਚ ਦਾਲ ਪਾਈ ਤੇ ਹੱਥ ਉੱਤੇ ਈ ਦੋ ਰੋਟੀਆਂ ਧਰ ਕੇ ਖਾਣ ਲੱਗ ਪਈ। 

ਅੱਜ ਤਾਂ ਬੁਰਕੀ ਜਾਣੀ ਉਸ ਦੇ ਮੂੰਹ ਵਿਚ ਫੁਲਦੀ ਸੀ। ਅੱਧੀ ਕੁ ਰੋਟੀ ਖਾ ਕੇ ਬਾਕੀ ਦੀ ਡੂਢ ਰੋਟੀ ਉਸ ਨੇ ਕੁੱਤੇ ਨੂੰ ਪਾ ਦਿੱਤੀ ਤੇ ਉੱਠ ਕੇ ਹੱਥ ਧੋ ਲਏ। 

ਫਿਰ ਖ਼ਬਰੇ ਉਸ ਦੇ ਕੀ ਚਿੱਤ ਆਈ, ਚੱਕੀ ਉਤੇ ਮਹਿੰ ਦਾ ਦਾਣਾ ਦਲਣ ਬੈਠ ਗਈ। 

ਅੱਗੇ ਨਾ ਕਦੇ ਪਿੱਛੇ, ਪਰ ਅੱਜ ਭਾਨੋ ਦਾਣਾ ਦਲ ਰਹੀ ਸੀ। 

“ਛੱਡ ਪਰੇ ਭਾਨੋ ਮਸ਼ੀਨ ਤੇ ਦਲਾ ਲਿਆਮਾਂਗੇ।” ਨਰੈਣ ਨੇ ਉਸ ਨੂੰ ਦਾਣਾ ਦਲਦੀ ਨੂੰ ਦੇਖ ਕੇ ਕਿਹਾ। 

ਖ਼ਬਰੇ ਚੱਕੀ ਦੇ ਖੜਕੇ ਵਿਚ ਗੱਲ ਭਾਨੋ ਨੂੰ ਸੁਣੀ ਜਾਂ ਨਹੀਂ ਜਾਂ ਸੁਣ ਕੇ ਉਸ ਨੇ ਗੋਲੀ ਨਹੀਂ ਉਹ ਉਸੇ ਤਰ੍ਹਾਂ ਦਾਣਾ ਦਲਦੀ ਰਹੀ। 

“ਭਾਨੋ ਅੱਜ ਤੈਨੂੰ ਹੋ ਕੀ ਗਿਆ ?” ਨਰੈਣ ਨੇ ਚੱਕੀ ਦਾ ਹੱਥਾ ਫੜਦਿਆਂ ਕਿਹਾ। 

“ਭੁਖ ਜੀ ਹੋਗੀ ਸੀ ਮੈਂ ਕਿਹਾ ਪਸੀਨਾ ਆ ਕੇ ਰਾਮ ਆ ਜੂਗਾ।” 

“ਆਪਦੀਓ ਡਾਕਦਾਰੀ ਘੋਟਣ ਬੈਠ ਜਾਨੀਐਂ। ਭਖ ਜੀ ਹੋਗੀ ਤਾਂ ਚੱਕੀ ਪੀਹਣ ਬੈਠ ਜੋ । ਦੇਖ ਤਾਂ ਮੂੰਹ ਜਿਮੇਂ ਦੱਬ ਕੇ ਕੱਢੀ ਹੁੰਦੀ ਐ।” ਨਰੈਣ ਨੇ ਉਸ ਨੂੰ ਪੀੜ੍ਹੀ ਤੋਂ ਉਠਾਲਦਿਆਂ ਕਿਹਾ। 

“ਐਂ ਨੀ ਮੈਨੂੰ ਕੁਸ਼ ਹੁੰਦਾ। ਬੇਲੋੜਿਆਂ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ठी।” 

“ਲੋੜ ਨੀ ? ਮੈਂ ਤਾਂ ਤੇਰੇ ਬਿਨਾਂ ਯਤੀਮ ਆਂ ਯਤੀਮ, ਜੀਹਦਾ ਨਾ ਹੋਰ ਕੋਈ ਅੰਮਾ ਨਾ ਬਾਬਾ । ਤੂੰ ਪੈ ਜਾ ਲੀੜਾ ਲੈ ਕੇ ਮੈਂ ਜੇਠੂ ਨਾਈ ਤੋਂ ਪੁੜੀਆਂ ਲੈ ਕੇ ਔਨਾ। ਚਾਹ ਧਰ ਲੈ ਕੈੜੀ ਜੀ ਫੋਰੇ ‘ਚ ਰਾਮ ਆ ਜੂ।” ਆਖਦਾ ਨਰੈਣ ਬਾਹਰ ਨੂੰ ਤੁਰ ਪਿਆ। 

“ਚੂੜੀਆਂ ਚੜ੍ਹਾ ਲਓ ਚੂੜੀਆਂ।” ਬਾਹਰ ਬੀਹੀ ਵਿਚ ਮੁਨਿਆਰੇ ਨੇ ਹੋਕਾ ਦਿੱਤਾ। 

ਭਾਨੋ ਬਾਹਰ ਨਿਕਲੀ। ਚੂੜੀਆਂ ਵਾਲੇ ਨੂੰ ਸੱਦ ਲਿਆ। ਕਿੰਨਾ ਚਿਰ ਚੂੜੀਆਂ ਪਸੰਦ ਕਰਦੀ ਰਹੀ । ਭਾਅ ਬਣਾਉਂਦੀ ਰਹੀ। ਫੇਰ ਆਪ ਹੀ, ਖ਼ਬਰ ਨੀ ਕੀ ਚਿੱਤ ਵਿਚ ਆਇਆ, ਉੱਠ ਕੇ ਖੜ੍ਹੀ ਹੋ ਗਈ ਤੇ ਕਹਿਣ ਲੱਗੀ, “ਚੱਲ ਰਹਿਣ ਦੇ ਵੇ ਭਾਈ ਜੀਊਂਦੇ ਰਹੇ ਤਾਂ ਕਦੇ ਫੇਰ ਦੇਖੀ ਜਾਊ।” 

ਮੁਨਿਆਰਾ ਕੁਝ ਕਹਿਣ ਹੀ ਵਾਲਾ ਸੀ ਕਿ ਉਹ ਬੀਹੀ ਵਿਚੋਂ ਆਪਣੇ ਅੰਦਰ ਜਾ ਵੜੀ। ਬਾਰ ਭੇੜ ਲਿਆ। ਬੁੜ ਬੁੜ ਕਰਦੇ ਮੁਨਿਆਰੇ ਨੇ ਖੁਲ੍ਹੀਆਂ ਚੂੜੀਆਂ ਗੁੱਛਿਆਂ ਵਿਚ ਪਾਈਆਂ ਤੇ ਡੱਗੀ ਬੰਨ੍ਹ ਕੇ “ਚੂੜੀਆਂ ਚੜ੍ਹਾ ਲਓ” ਦਾ ਹੋਕਾ ਦਿੰਦਾ ਅਗਾਂਹ ਤੁਰ ਗਿਆ। 

10 

ਚੜ੍ਹਦੇ ਛਿਪਦੇ ਦਿਨ। 

ਦਿਨ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਰਾਤਾਂ।  ਇਹ ਸਭ ਭਾਨੋ ਦੇ ਕੋਲ ਕੋਲ ਦੀ ਲੰਘੇ ਜਾ ਰਹੇ ਸਨ। 

ਭਾਨੋ ਜਿੱਥੇ ਬੈਠਦੀ, ਸੁੰਨਿਆਂ ਵਾਂਗ ਬੈਠੀ ਰਹਿੰਦੀ। 

ਜਿੱਧਰ ਝਾਕਦੀ ਝਾਕੀ ਜਾਂਦੀ । 

ਗੁਰਦਵਾਰੇ ਹੁਣ ਉਹ ਦੋ ਵੇਲੇ ਜਾਣ ਲੱਗ ਪਈ। 

ਬੈਠੀ ਮਹਾਰਾਜ ਦਾ ਪਾਠ ਸੁਣਦੀ ਰਹਿੰਦੀ। 

ਕਦੇ ਕੁਝ ਸੁਣ ਜਾਂਦਾ ਕਦੇ ਕੁਝ ਨਾ ਵੀ ਸੁਣਦਾ। 

ਇਕ ਦਿਨ ਮਹਾਰਾਜ ਦੀ ਬੀੜ ਸੰਤੋਖਦਿਆਂ ਭਾਈ ਜੀ ਨੇ ਦੇਖਿਆ ਭਾਨੋ ਵਾਗਲ੍ਹਾ ਸੰਭਰ ਰਹੀ ਸੀ ਤੇ ਨਾਲ ਹੀ ਬੜੀ ਓਦਰੀ ਆਵਾਜ਼ ਵਿਚ ਹੌਲੀ ਹੌਲੀ ਗਾ ਰਹੀ ਸੀ; ਮਿੱਤਰ ‘ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ । 

ਬੀੜ ਸੰਤੋਖ ਕੇ ਭਾਈ ਜੀ ਆਪਣੀ ਕੋਠੜੀ ਵਿਚ ਆ ਗਿਆ। ਭਾਨੋ ਦਾ ਉਸ ਪਾਸੇ ਕੋਈ ਧਿਆਨ ਨਹੀਂ ਸੀ। 

ਵਾਗਲ਼ਾ ਸੰਭਰ ਉਹ ਕੋਠੜੀ ਸੰਭਰਨ ਗਈ। 

ਭਾਈ ਜੀ ਨੂੰ ਓਥੇ ਦੇਖ ਮੁੜ ਹੀ ਚੱਲੀ ਸੀ ਜਦੋਂ ਉਨ੍ਹਾਂ ਆਵਾਜ਼ ਦੇ ਕੇ ਕਿਹਾ, “ਸੰਭਰ ਜਾ ਭਾਈ”, ਤੇ ਆਪ ਗੁਟਕਾ ਲੈ ਕੇ ਮੰਜੇ ਉਤੇ ਬੈਠ ਗਏ। 

ਗਰਦ ਪੈਣ ਦੇ ਡਰੋਂ ਭਾਨੋ ਨੇ ਹੌਲੀ ਹੌਲੀ ਕੋਠੜੀ ਸੰਭਰੀ। ਸੰਭਰ ਕੇ ਸੂਹਣ ਬਾਹਰ ਲਿਆ ਧਰੀ। ਹਲਟੀ ਤੋਂ ਹੱਥ ਧੋਤੇ। 

“ਪਰਸਾਦ ਲੈ ਜਾ ਕੁੜੇ”, ਭਾਈ ਜੀ ਨੇ ਹਾਕ ਮਾਰ ਕੇ ਕਿਹਾ। 

ਭਾਨੋ ਮੁੜ ਆਈ। 

“ਤੇਰਾ ਗੁਰੂ ਘਰ ਨਾਲ ਖ਼ਾਸਾ ਈ ਪ੍ਰੇਮ ਲਗਦੈ।” 

ਭਾਨੇ ਚੁੱਪ ਰਹੀ। 

“ਹੋਰ ਕੀ ਲੈ ਜਾਣੈ ਜੱਗ ਤੋਂ”, ਗੁਟਕਾ ਰੁਮਾਲ ਵਿੱਚ ਵਲ੍ਹੇਟਦਿਆਂ ਆਪ ਹੀ ਭਾਈ ਜੀ ਨੇ ਕਿਹਾ। 

“ਤੂੰ ਭਾਈ ਨਰੈਣ ਅਮਲੀ ਦੇ ਘਰ ਐਂ ਨਾ ?” 

“गं ती।” 

“ਬੱਚਾ ਹੈ ਕੋਈ ?” 

“ਨਹੀਂ ਜੀ ।” 

“ਅੱਛਾ ਮਨ ਲਾ ਕੇ ਕਰਿਆ ਕਰ ਸੇਵਾ ਰੱਬ ਦੇ ਘਰ ਕਾਹਦਾ ਘਾਟਾ ।” 

ਭਾਨੇ ਚੁੱਪ ਕਰ ਰਹੀ। 

“ਮੈਂ ਤੈਨੂੰ ਇਕ ਬਾਣੀ ਦਸਦਾਂ। ਕੋਤਰ ਸੌ ਵਾਰੀ ਨਿੱਤ ਪਾਠ ਕਰਿਆ ਕਰ, ਸਭ ਕੰਮ ਸਿੱਧ ਹੋ ਜਾਣਗੇ । ਲਿਖ ਦਿਆਂ।” 

“ਜੀ ਪੜ੍ਹਨਾ ਤਾਂ ਮੈਨੂੰ ਆਉਂਦਾ ਨੀ, ਤੁਸੀਂ ਮੂੰਹ ਜਵਾਨੀ ਈ ਦੱਸ ਦਿਓ।” 

“ਚੰਗਾ ਸੁਣ ਬਾਣੀ ਐ, ‘ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ थुठे।’ 

“ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਕਹਿ ਤਾਂ ਪੰਜ ਵਾਰੀ।” 

ਭਾਨੋ ਨੇ ਪੰਜ ਵਾਰੀ ਕਿਹਾ, “ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ।” 

“ਲੈ ਪਰਸ਼ਾਦ ਲੈ”, ਭਾਈ ਜੀ ਨੇ ਮੱਥਾ ਟੇਕ ਕੇ ਗੁਟਕਾ ਆਲੇ ਵਿਚ ਰੱਖ ਪੀਪੀ ਵਿਚੋਂ ਪਤਾਸਿਆਂ ਦੀ ਮੁੱਠੀ ਭਰ ਭਾਨੋ ਵੱਲ ਕਰ ਕੇ ਕਿਹਾ। 

ਭਾਨੋ ਬੁੱਕ ਅੱਡ ਦਿੱਤੀ। 

ਭਾਈ ਜੀ ਨੇ ਪਤਾਸੇ ਉਸ ਦੀ ਬੁੱਕ ਵਿਚ ਪਾ ਕੇ ਉਸ ਦੀ ਬਾਂਹ ਫੜ ਲਈ। 

“ਗੁਰੂ ਦੱਛਣਾ ਨੀ ਦੇਣੀ ?” ਭਾਈ ਜੀ ਨੇ ਦਾੜ੍ਹੀ ਮੁੱਛਾਂ ਦੇ ਵਿਚੀਂ ਮੁਸਕਾਂਦਿਆਂ ਕਿਹਾ। 

ਭਾਨੋ ਹੱਕੀ ਬੱਕੀ ਰਹਿ ਗਈ। 

ਹੱਥ ਖਿੱਚੇ ਤਾਂ ਪਰਸ਼ਾਦ ਡੁਲ੍ਹਦਾ ਸੀ। 

ਬਾਹਰ ਖੂਹੀ ਉਤੇ ਡੋਲ ਖੜਕਿਆ। 

ਭਾਈ ਜੀ ਨੇ ਭਾਨੋ ਦੀ ਬਾਂਹ ਛੱਡ ਦਿੱਤੀ। 

“ਮੈਂ ਤਾਂ ਤੈਨੂੰ ਪਰਖਦਾ ਸੀ । ਸੇਵਾ ਨਾ ਗੁਰੂ ਘਰ ਦੀ ਛੱਡ ਦੇਈਂ। ਹੋਰ ਏਸ ਜੱਗ ਤੋਂ ਕੀ ਲੈ ਜਾਣੈ”, ਕਾਹਲੀ ਕਾਹਲੀ ਬਾਹਰ ਨੂੰ ਜਾਂਦੀ ਭਾਨੋ ਨੂੰ ਮਗਰੋਂ ਭਾਈ ਜੀ ਨੇ ਕਿਹਾ। 

ਭਾਨੋ ਬਿਨਾਂ ਮੱਥਾ ਟੇਕਿਆਂ ਹੀ ਤੁਰ ਪਈ। 

“ਸਤਿਨਾਮ ਸ੍ਰੀ ਵਾਹਿਗੁਰੂ”, ਪਿੱਛਿਓਂ ਭਾਈ ਜੀ ਨੇ ਉੱਚੀ ਸਾਰੀ ਆਖਿਆ।  ਘਰ ਨੂੰ ਮੁੜੀ ਆਉਂਦੀ ਭਾਨੋ ਦੇ ਇਕ ਮੋਟੀ ਸਾਰੀ ਸੂਲ ਪੈਰ ਵਿਚ ਲੱਗੀ। ਸੂਲ ਜਦੋਂ ਉਸ ਨੇ ਖਿੱਚ ਕੇ ਕੱਢੀ ਨਾਲ ਦੀ ਨਾਲ ਮੈਲੇ ਦੀ ਤਤੀਰੀ ਵਗ ਪਈ। 

ਝੋਨੇ ਨਾਲੋਂ ਲੀਰ ਪਾੜ ਕੇ ਭਾਨੋ ਨੇ ਆਪਣੇ ਪੈਰ ਉੱਤੇ ਬੰਨ੍ਹੀ। ਲੰਗੜਾਉਂਦੀ ਲੰਗੜਾਉਂਦੀ ਉਹ ਘਰ ਨੂੰ ਤੁਰ ਪਈ। 

ਘਰ ਆ ਕੇ ਉਸ ਨੇ ਦਾਲ ਧਰੀ। ਰੋਟੀ ਲਾਹੀ। ਥਾਂ ਸੰਭਰਿਆ। 

ਪੀਹਣ ਕਰਨ ਲਈ ਜਦੋਂ ਭੜੋਲੀ ਵਿਚੋਂ ਉਸ ਨੇ ਕਣਕ ਕੱਢੀ ਤਾਂ ਉਸ ਨੂੰ ਸੁਸਰੀ ਹੀ ਸੁਸਰੀ ਲੱਗੀ ਪਈ ਸੀ। 

ਅੱਜ ਨਰੈਣ ਜਦੋਂ ਰੋਟੀ ਖਾਣ ਬੈਠਾ ਤਾਂ ਉਸ ਨੇ ਥਾਲੀ ਵਗਾਹ ਕੇ ਮਾਰੀ। “ਨੂਣ ਨਾਲ ਜ਼ਹਿਰ ਕੀਤੀ ਪਈ ਐ ਦਾਲ”, ਉਸ ਨੇ ਖਿਝ ਕੇ ਕਿਹਾ। 

ਭਾਨੋ ਨੇ ਆਪ ਭੋਰਾ ਮੂੰਹ ਨੂੰ ਲਾ ਕੇ ਵੇਖੀ, ਸੱਚੀਂ ਦਾਲ ਤਾਂ ਲੂਣ ਨਾਲ ਕੌੜੀ ਹੋਈ ਪਈ ਸੀ। 

“ਖ਼ਬਰ ਨੀ ਭੁੱਲ ਕੇ ਦੋ ਵਾਰੀ ਪੈ ਗਿਆ”, ਉਸ ਨੇ ਖ਼ਬਰੇ ਆਪਣੇ ਆਪ ਨੂੰ ਖ਼ਬਰੇ ਨਰੈਣ ਨੂੰ ਕਿਹਾ। 

“ਕਹੇਂ ਜੀ ਤਾਂ ਸ਼ੱਕਰ ਵਿਚ ਬੰਧਾ ਪਾ ਦਿਆਂ?” ਭਾਨੋ ਨੇ ਵਿਚਾਰੀ ਜਿਹੀ ਹੋ ਕੇ ਪੁੱਛਿਆ। 

“ਕੱਚੇ ਮਿੱਠੇ ਨਾਲ ਤੈਨੂੰ ਪਤੈ ਮੇਰੇ ਮਸੂੜੇ ਫੁੱਲ ਜਾਂਦੇ ਨੇ”, ਨਰੈਣ ਨੇ ਓਸੇ ਖਿਝ ਨਾਲ ਕਿਹਾ। 

“ਚੰਗਾ ਬੇਬੇ ਸੰਤੀ ਦਿਓਂ ਲਿਆ ਦਿੰਨੀ ਆਂ”, ਆਖ ਭਾਨੋ ਕੌਲੀ ਚੁੱਕ ਸੰਤੀ ਦਿਓਂ ਦਾਲ ਮੰਗਣ ਤੁਰ ਪਈ। 

“ਮੱਥਾ ਟੇਕਦੀ ਆਂ ਬੇਬੇ ਕੀ ਧਰਿਐ ਤੂੰ ਅੱਜ ?” ਭਾਨੋ ਨੇ ਘਿਓ ਤੱਤਾ ਕਰਦੀ ਸੰਤੀ ਨੂੰ ਪੁੱਛਿਆ। 

“ਮੈਂ ਤਾਂ ਕੁੜੇ ਅੱਜ ਮਿੱਸੀਆਂ ਪਾਣੀ ਹੱਥੀਆਂ ਈ ਲਾਹੀਆਂ ਨੇ। ਆਪ ਤਾਂ ਏਹ ਅੱਜ ਸ਼ਹਿਰ ਗਿਆ ਹੋਇਐ। ਤੇ ਬਾਕੀ ਮੁੰਡਿਆਂ ਨੂੰ ਜਿਸ ਕਾਸੇ ਨਾਲ ਮਰਜ਼ੀ ਦੇ ਦਿਓ, ਉਹ ਨੀ ਬਚਾਰੇ ਸਤਿਆਮਾਨ ਕੁਸ਼ ਆਖਦੇ। ਮੈਂ ਕਿਹਾ ਆਪੇ ਗੰਢੇ ਗੁੰਢਿਆਂ ਨਾਲ ਖਾ ਲੈਣਗੇ। ਧਰੇ ਵੀ ਨਿੱਤ ਕਾਹਦੀ ਜਾਂ ਛੋਲਿਆਂ ਦੀ ਦਾਲ ਐ ਜਾਂ ਕੱਦੂ ਨੇ ।” 

“ਮੇਰੇ ਕੋਲੋਂ ਤਾਂ ਅੱਜ ਦਾਲ ਵਿਚ ਨੂਣ ਈ ਬਹੁਤਾ ਪੈ ਗਿਆ ਹੁਣ। 

ਕਜੀਆ ਕਰਦੈ। ਮੈਂ ਕਿਹਾ ਬੇਬੇ ਨੇ ਕੁਸ਼ ਧਰਿਆ ਹੋਊ।” 

“ਬਹਿ ਜਾ।” 

“ਚੱਲਦੀ ਆਂ”, ਆਖ ਭਾਨੋ ਓਸੇ ਤਰ੍ਹਾਂ ਖ਼ਾਲੀ ਕੌਲੀ ਲੈ ਕੇ ਮੁੜ ਆਈ। 

ਏਨੇ ਚਿਰ ਨੂੰ ਨਰੈਣ ਅਮਲੀ ਨੇ ਚੁੱਲ੍ਹੇ ਉਤੇ ਚਾਹ ਧਰ ਦਿੱਤੀ ਸੀ। 

“ਮੈਂ ਕਿਹਾ ਚਾਹ ਨਾਲ ਈ ਖਾ ਲਾਂ ਗੇ ਜਰਾ ਕੈੜੀ ਰੱਖ ਦੀਂ”, ਉਸ ਨੇ ਚੁੱਲ੍ਹੇ ਮੂਹਰਿਓਂ ਉਠਦਿਆਂ ਕਿਹਾ। 

ਭਾਨੋ ਨੇ ਕਾੜ੍ਹ ਕਾੜ੍ਹ ਕੇ ਅੱਧੇ ਸੁੱਧੀ ਦਾ ਦੁੱਧ ਪਾ ਕੇ ਚਾਹ ਬਣਾਈ। 

ਪਰ ਕਿਸਮਤ ਦੀ ਮਾਰ ਲਾਹੁਣ ਲੱਗੀ। ਤੋਂ ਪਤੀਲੀ ਹੱਥੋਂ ਛੁੱਟ ਗਈ। ਤੱਤੀ ਚਾਹ ਉਸ ਦੇ ਪੈਰਾਂ ਉਤੇ ਵੀ ਪੈ ਗਈ। 

ਨਰੈਣ ਨੇ ਉਸੇ ਵੇਲੇ ਦੋ ਧੌਲਾਂ ਉਸ ਦੇ ਮੌਰਾਂ ‘ਚ ਧਰ ਦਿੱਤੀਆਂ ਤੇ ਨਾਸਾਂ ਫੰਕਾਰਦਾ ਬੋਲਿਆ, “ਸਾਲੀ ਕੰਜਰ ਦੀ ਸੁਰਤ ਖਨੀ ਕਿਥੇ ਗਈ ਰਹਿੰਦੀ ਐ। ਇਹ ਆਪ ਦੀ ਮਾਂ ਡੋਲ੍ਹਣ ਵਾਸਤੇ ਬਣਾਈ ਸੀ।” 

ਭਾਨੇ ਨੇ ਸੜਦੇ ਸੜਦੇ ਪੈਰਾਂ ਉਤੇ ਆਪਣੇ ਜਾਣੇ ਤਾਂ ਠੰਢਾ ਪਾਣੀ ਪਾਇਆ ਸੀ, ਪਰ ਉਹ ਸਗੋਂ ਹੋਰ ਮੱਚਣ ਲੱਗ ਪਏ। 

11 

ਪੱਤਝੜ ਦੀ ਰੁੱਤ। 

ਰੁੱਖੀਆਂ ਵਗਦੀਆਂ ਲੋਆਂ। 

ਵੇਲੇ ਕਵੇਲੇ ਉਠਦੇ, ਘੁੰਮਦੇ ਘੇਰੀਆਂ ਖਾਂਦੇ ਵਾ ਵਰੋਲੇ। 

ਕਉਂ ਅੱਖ ਨਿਕਲਦੀ ਧੁੱਪ। 

ਕੰਧ ਦੇ ਪਰਛਾਵੇਂ ਕੱਪੜਾ ਵਿਛਾਈ ਸਿਆਲਾਂ ਦੀ ਪਈ ਕਪਾਹ ਵੇਲਦੀ ਭਾਨੋ ਬਿੰਦੇ ਝੱਟੇ ਥੱਕ ਜਾਂਦੀ ਸੀ। 

“ਕੁੜੇ ਭਾਨੋ ਕਿਹੜੀ ਰੁੱਤੇ ਵੇਲਣਾ ਡਾਹ ਲਿਆ ?” ਬਚਨੀ ਨੇ ਕੰਧ ਉਤੋਂ ਦੀ ਹੀ ਪੁੱਛਿਆ। 

“ਮਹਿੰ ਲਈ ਵੜੇਮੇ ਚਾਹੀਦੇ ਸੀ ਬਚਨੀ”, ਵੇਲਣਾ ਥੰਮ੍ਹ ਕੇ ਪਾਣੀ ਪੀਣ ਉੱਠੀ ਭਾਨੋ ਨੇ ਜਵਾਬ ਦਿੱਤਾ। 

“ਪਿਛਲੀ ਨਾਲੋਂ ਇਹ ਮਹਿੰ ਥੋਡੀ ਚੰਗੀ ਐ। ਨਾਲੇ ਮਗਰ ਕੱਟੀ ਐ, ਚਾਹੁੰ ਸਾਲਾਂ ਨੂੰ ਬਰਾਬਰ ਦੀ ਮਹਿੰ ਬਣੀ ਲੈ”, ਬਚਨੀ ਨੇ ਕੰਧ ਉਤੇ ਲੀੜੇ ਸੁੱਕਣੇ ਪਾਉਂਦਿਆਂ ਕਿਹਾ। 

“ਚਹੁੰ ਸਾਲਾਂ ਨੂੰ ਖਬਰੇ ਕਿਹੜੇ ਰਾਜੇ ਦੀ ਪਰਜਾ ਹੋਣੀ ਐ ਬਚਨੀ।” 

“ਸਾਲਾਂ ਜਾਂਦਿਆਂ ਦਾ ਨੀ ਪਤਾ ਲੱਗਦਾ ਹੁੰਦਾ। ਅੱਖ ਦੇ ਫੇਰ ‘ਚ ਲੰਘ ਜਾਂਦੇ ਨੇ । ਸਾਡੀ ਬੁੜ੍ਹੀ ਮਰੀ ਨੂੰ ਚੌਥਾ ਸਾਲ ਲਗ ਗਿਆ । ਜਾਣੀ ਅੱਜ ਕੱਲ੍ਹ ਦੀ ਗੱਲ ਲਗਦੀ ਐ। ਫੈਂ-ਫੈਂ ਕਰਦੀ ਫਿਰਦੀ ਹੁੰਦੀ ਸੀ ਐਥੇ।” 

“ਬੰਦਾ ਤਾਂ ਪਾਣੀ ਦਾ ਬੁਲਬੁਲਾ ਐ। ਐਮੀਓਂ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦੈ”, ਭਾਨੋ ਨੇ ਮੁੜ ਕੇ ਵੇਲਣੇ ਉਤੇ ਬੈਠਦਿਆਂ ਕਿਹਾ। 

“ਆਹੋ ਭੈਣੇ ਮਰਨਾ ਸੱਚ ਬਾਕੀ ਸਭ ਕੂੜ”, ਕਹਿੰਦੀ ਬਚਨੀ ਕੱਪੜੇ ਸੁੱਕਣੇ ਪਾ ਕੇ ਵਿਹੜੇ ਵਿਚੋਂ ਮੁੜ ਗਈ। 

ਇੰਨੇ ਨੂੰ ਨਰੈਣ ਬਾਹਰੋਂ ਆ ਗਿਆ। 

ਚਿਲਮ ਭਰ ਕੇ ਭਾਨੋ ਦੇ ਕੋਲ ਹੀ ਬੈਠ ਗਿਆ। 

ਕੁਝ ਚਿਰ ਚਿਲਮ ਪੀਂਦਾ ਰਿਹਾ। 

ਫਿਰ ਜਿਵੇਂ ਉਸ ਨੂੰ ਹੱਥ ਜਿਹਾ ਆ ਗਿਆ। 

ਚਿਲਮ ਪਰ੍ਹਾਂ ਰੱਖ ਕੇ ਸਾਫ਼ੀ ਨਾਲ ਮੂੰਹ ਪੂੰਝਦਾ ਉਹ ਬੋਲਿਆ, “ਭਾਨੋ ਕੱਪੜੇ ਤਾਂ ਧੋ ਲਿਆ ਕਰ ਕਦੇ। ਅੱਗੇ ਮੈਨੂੰ ਚਹੇਡਾਂ ਕਰਦੀ ਹੁੰਦੀ ਸੀ ਹੁਣ ਆਪ ਮੇਰੇ ਨਾਲੋਂ ਵੀ ਘੇਰੀ ਹੋ ਗੀ।” 

“ਅੱਛਾ? ਮੇਰੇ ਕੱਪੜੇ ਬਹੁਤੇ ਮੈਲੇ ਹੋਗੇ?” ਉਸ ਨੇ ਆਪਣੇ ਕਪੜਿਆਂ ਵੱਲ ਨਜ਼ਰ ਮਾਰ ਕੇ ਆਖਿਆ। 

“ਮੱਖਾਂ ਅੱਜ ਕੱਲ੍ਹ ਤੂੰ ਓਪਰੀ ਓਪਰੀ ਜੀ ਕੀ ਤੁਰੀ ਫਿਰਦੀ ਰਹਿਨੀ ਐਂ ਜਿਮੇਂ ਪਰਾਹੁਣੀ ਆਈ ਹਮੇਂ ?” 

“ਨਹੀਂ ਤਾਂ…..ਨਹੀਂ ਤਾਂ…..” ਭਾਨੋ ਨੇ ਕਪਾਹ ਵੇਲਦਿਆਂ ਕਿਹਾ। 

“ਮੈਨੂੰ ਲੱਗਦੈ ਤੂੰ ਮੇਰੇ ਨਾਲ ਆ ਤਾਂ ਗਈ, ਪਰ ਜੀ ਤੇਰਾ ਅਜੇ ਵੀ ਪਿੱਛੇ ਈ ਪਿਐ।” 

“ਪਿੱਛੇ ਮੇਰਾ ਕੌਣ ਐ ਜੀ ?” ਭਾਨੋ ਨੇ ਬੇਦਿਲੀ ਨਾਲ ਕਿਹਾ। 

“ਫੇਰ ਓਦਰੀ ਕੇਹੜੀ ਗੱਲੋਂ ਰਹਿਨੀ ਐਂ, ਖਾਣ ਦਾ ਨੀ ਘਾਟਾ। ਪੀਣ ਦਾ ਨੀ ਘਾਟਾ ।” 

“ਨਹੀਂ ਤਾਂ ਨਹੀਂ ਤਾਂ ” ਭਾਨੋ ਨੇ ਵੇਲਣੇ ਨੂੰ ਮਸਾਂ ਗੇੜਾ ਦਿੰਦਿਆਂ ਕਿਹਾ। 

“ਭਾਨੋ ?” 

“ਹਾਂ ” 

“ਮਖਾਂ ਤੂੰ ਕਿਸੇ ਗੱਲੋਂ ਮੇਰੇ ਨਾਲ ਗੁੱਸੇ ਐਂ? ਚੱਜ ਨਾਲ ਗੱਲ ਜੀ ਨੀ 

ਕਰਦੀ।” 

“ਨਹੀਂ ਮੈਂ ਗੁੱਸੇ ਕੀਹਦੇ ਨਾਲ ਹੋਣੇਂ।” 

ਕੁਝ ਪਲ ਚੁੱਪ ਵਰਤੀ ਰਹੀ। 

ਨਰੈਣ ਉਠ ਕੇ ਖੜੋ ਗਿਆ। 

ਫਿਰ ਪਤਾ ਨਹੀਂ ਕੀ ਸੋਚ ਕੇ ਬੈਠ ਗਿਆ। 

ਅਸਮਾਨ ਉਤੇ ਕੋਈ ਕੋਈ ਬੱਦਲ ਦਿਸਿਆ। 

“ਖ਼ਬਰ ਨੀ ਵਰ੍ਹ ਈ ਪਵੇ ਰਾਤ ਥਾਈਂ”, ਨਰੈਣ ਨੇ ਖ਼ਬਰੇ ਆਪ ਨੂੰ ਕਿਹਾ ਕਿ ਭਾਨੋ ਨੂੰ। 

ਭਾਨੋ ਨੇ ਕੋਈ ਉੱਤਰ ਨਾ ਦਿੱਤਾ। 

“ਭਾਨੋ ?” 

“ਹਾਂ ” 

“ਚੱਲ ਕੁਸ਼ ਨੀ”, ਆਪ ਨਰੈਣ ਨੇ ਫੇਰ ਚਿਲਮ ਚੁੱਕ ਲਈ ਤੇ ਪੀਣ ਲੱਗ ਪਿਆ। ਭਾਨੋ ਨੇ ਵੇਲਣਾ ਥੰਮ੍ਹ ਦਿੱਤਾ। 

“ਭਾਨੋ?” ਨਰੈਣ ਨੇ ਚਿਲਮ ਵਿਚੋਂ ਠੰਢੀ ਹੁੰਦੀ ਜਾ ਰਹੀ ਅੱਗ ਇਕ ਪਾਸੇ ਡੋਲ੍ਹਦਿਆਂ ਕਿਹਾ। 

“ਹਾਂ ” 

“ਆਪਣੀ ਬੀਬੋ ਦੇ ਵਿਆਹ ‘ਚ ਹਰੀਆ ਆਇਆ ਸੀ ਨਾ । 

“ਆਹੋ”, ਭਾਨੋ ਨੇ ਕਪਾਹ ਵਿਚ ਹੱਥ ਫੇਰਦਿਆਂ ਕਿਹਾ। 

“ਓਸ ਦੀ ਇੱਕ ਸਾਲੀ ਐ। ਦੇਖੇਂ ਨਾ ਭਾਨੋ ਰੱਬ ਨੂੰ ਜਾਨ ਦੇਣੀ ਐ, 

ਭਾਮੇ ਤੂੰ ਮੇਰੇ ਕੋਲੋਂ ਗੰਗਾ ਜਲੀ ਚਕਾ ਲੈ ਮੈਂ ਤੈਨੂੰ ਨੀ ਸਾਰੀ ਉਮਰ ਪਿੱਠ ਦੇਣੀ। ਦੇਖੇਂ ਨਾ, ਘਰ ਦੀ ਮੁਖ਼ਤਿਆਰਨ ਤੂੰ ਹੀ ਰਹੇਂਗੀ ਭਾਮੇ ਗੂਠਾ ਲਵਾ ਲੈ। ਦੇਖੇਂ ਨਾ ਭਾਨੋ ਆਪਾਂ ਨੂੰ ਬੁੜ੍ਹੇ ਹੋਇਆਂ ਨੂੰ ਕੋਈ ਪਾਣੀ ਦੇਣ ਵਾਲਾ ਵੀ ਤਾਂ ਚਾਹੀਦੈ ਬੱਸ ਇਕ ਜੁਆਕ ਦੀ ਖ਼ਾਤਰ ਐ ਸਭ ਕੁਸ਼। ਮੈਂ ਓਸ ਨੂੰ ਸਾਫ਼ ਆਖ ‘ਤਾ ਸੀ ਬਈ ਜੇ ਭਾਨੋ ਮੰਨੂਗੀ ਤਾਂ ਐਂ।” 

ਭਾਨੋ ਨੇ ਕੋਈ ਜਵਾਬ ਨਾ ਦਿੱਤਾ। 

ਉਹ ਨਹੁੰ ਨਾਲ ਹੀ ਆਪਣੇ ਹੱਥ ਵਿਚ ਵੱਜੀ ਛਿਲਤ ਕੱਢਣ ਬੈਠ ਗਈ। 

“ਭਾਨੋ ਮੈਂ ਤਾਂ ਉਮਰ ਜੀ ਲੰਘਾ ਲੀ ਸੀ। ਤੈਂ ਆਪ ਈ ਆ ਕੇ ਏਹ ਸਹੁਰੇ ਮੋਹ ਜੇ ਜਗਾ ‘ਤੇ।” 

ਭਾਨੋ ਨੇ ਕੋਈ ਜਵਾਬ ਨਾ ਦਿੱਤਾ। 

“ਦੇਖ ਨਾ ਭਾਨੋ ਜੇ ਇਕ ਜੁਆਕ ਹੋ ਜਾਂਦਾ ਬਸ ਨਉਂ ਰਹਿ ਜਾਂਦਾ ਆਪਣਾ ਫੇਰ ਨੀ ਸੀ ਕਦੇ ਮੈਂ ਇਹ ਗੱਲ ਸੋਚਣੀ ਸੀ। ਪਰ ਹੁਣ ਵੀ ਮੈਂ ਗਊ ਦੀ ਸਹੁੰ ਖਾ ਕੇ ਕਹਿੰਦਾਂ ਬਈ ਚੱਲੂਗੀ ਤੇਰੀਓ ਘਰ ਵਿਚ।” 

ਭੱਜੇ ਜਾਂਦੇ ਬੱਦਲ ਜਿਵੇਂ ਬਿੰਦ ਹੀ ਬਿੰਦ ਖਲੋ ਗਏ। ਦੂਰ ਕਿਤੇ ਡੂੰਘਾ ਜਿਹਾ ਘੋਰਿਆ। 

ਮੋਟੀਆਂ ਮੋਟੀਆਂ ਦੋ ਚਾਰ ਕਣੀਆਂ ਡਿੱਗੀਆਂ। 

“ਉੱਠੀਏ ?” ਨਰੈਣ ਨੇ ਭਾਨੋ ਵੱਲ ਤੱਕ ਕੇ ਪੁੱਛਿਆ। 

“ਹੋਰ ਦੇਖ ਲੈਨੇ ਆਂ ਬਿੰਦ ਖ਼ਬਰੇ ਬੱਦਲ ਲੰਘ ਈ ਜਾਵੇ ।” 

12 

ਬਦਲਦੀ ਰੁੱਤ 

ਢਲਦੀ ਦੁਪਹਿਰ। 

ਰੁੱਖੀ ਜੇਹੀ ਹਵਾ। 

ਓਦਰਿਆ-ਓਦਰਿਆ ਜੀ । ਭਾਨੋ ਸੰਤੀ ਕੋਲ ਬੈਠੀ ਸੀ। 

“ਬੇਬੇ ਸੰਤੀ ਤੈਨੂੰ ਕੀ ਦੱਸਾਂ ਰਾਤ ਤਾਂ ਮੈਂ ਅਜੇ ਰੋਟੀ ਲਾਹ ਕੇ ਈ ਹਟੀ ਸੀ । ਖ਼ਾਸਾ ਨ੍ਹੇਰਾ ਹੋਇਆ ਪਿਆ ਸੀ ਊਂ ਤਾਂ । ਮੈਨੂੰ ਨਾ ਜਾਣੀ ਕਿਸੇ ਨੇ ਬੀਹੀ ਵਿਚੋਂ ਹਾਕ ਮਾਰੀ।” 

“ਮੈਂ ਨਾ ਬੇਬੇ ਸੰਤੀ ਝੱਟ ਦੇ ਕੇ ਬਾਹਰ ਆਈ। ਮੈਨੂੰ ਨਾ ਜਿਮੇਂ ਕੋਈ ਬੁਲਾਉਂਦੈ, ਪਰ ਬਾਹਰ ਆ ਕੇ ਦੇਖਿਆ ਤਾਂ ਕੋਈ ਨੀ ਸੀ।” 

“ਮੈਂ ਸੋਚਾਂ ਬਈ ਮਨਾ, ਮੈਨੂੰ ਇਹ ਭੌਜਲ ਜਾ ਕਿਉਂ ਦਿਖਾਈ ਦਿਤੈ ?” 

“ਊਈਂ ਭਾਨੋ ਤੈਨੂੰ ਭੁਲੇਖਾ ਲੱਗਿਆ ਹੋਣੈ, ਨਾਲੇ ਅਗਲੀ ਪਿਛਲੀ ਮੱਤ, ਇਉਂ ਹਾਕ ਪਈ ਤੇ ਜਾਈਦਾ ਨੀ ਹੁੰਦਾ।” 

“ਫੇਰ ਨਾਂ ਬੇਬੇ ਰਾਤ ਸੁਫਨੇ ‘ਚ ਮੈਨੂੰ ਮੇਰੀ ਮਾਂ ਦਿਖਾਈ ਦਿੱਤੀ। ਜਾਣੀ ਨ ਕਹਿੰਦੀ ਐ ਕੁੜ੍ਹੇ ਭਾਨੋ ਮਰ ਗੀ ਕੁੜੇ ਮੈਂ ਤੈਨੂੰ ਟੋਲਦੀ। ਮੈਨੂੰ ਤਾਂ ਪਾਣੀ ਪਿਆ। ਮੈਂ ਤਾਂ ਬਾਹਲੀਓ ਤਿਹਾਈ ਆਂ।” 

“ਫੇਰ ਪਿਆਤਾ ਤੈਂ ਪਾਣੀ ?” ਸੰਤੀ ਨੇ ਚਟਨੀ ਕੁੱਟਦੀ ਨੇ ਸੋਟਾ ਪਰ੍ਹਾਂ ਰੱਖਦਿਆਂ ਪੁੱਛਿਆ। 

“ਲੈ ਕਾਹਨੂੰ, ਓਦੋਂ ਈ ਮੁਰਗੇ ਨੇ ਬਾਂਗ ਦੇ ‘ਤੀ ਤੇ ਮੇਰੀ ਅੱਖ ਖੁਲ੍ਹ गी।” 

“ਚੰਗਾ ਹੋਇਆ। ਮੁਰਦੇ ਨੂੰ ਕੁਸ਼ ਖੁਆਉਣਾ ਪਿਆਉਣਾ ਤਾਂ ਬਾਹਲਾ ਈ ਮਾੜਾ ਹੁੰਦੈ।” 

“ਬੇਬੇ ਚੰਗਾ ਹੋਵੇ ਮਾੜਾ ਹੋਵੇ, ਆਪ ਦੀ ਮਾਂ ਨੂੰ ਸੁਫਨੇ ‘ਚ ਮਿਲ ਕੇ ਨਾ ਜੀ ਜਾਣੀ ਰਾਜ਼ੀ ਜਾ ਹੋ ਗਿਆ। ਚੰਦਰੀ ਜਿੱਦਣ ਦੀ ਮਰੀ ਸੀ ਕਦੇ ਕਿਹੜਾ ਵਖਾਈ ਦਿੱਤੀ ਸੀ।” 

“ਕਿਉਂ ਨੀ ਜਿੱਥੇ ਵੀ ਹੋਊ ਅੰਦਰ ਤਾਂ ਭੁਜਦਾ ਈ ਹੋਊ ਫੇਰ ਵੀ ਮਾਂ मी।” 

“ਲੈ ਸੱਚ ਮੈਂ ਤਾਂ ਤੇਰਾ ਰੁਪਈਆ ਮੋੜਨ ਆਈ ਸੀ ਜਿਹੜਾ ਓਦਨ ਪਾਂਧੇ ਨੂੰ ਦਿੱਤਾ ਸੀ ਤੈਥੋਂ ਲੈ ਕੇ।” ਭਾਨੋ ਨੇ ਗੀਝੇ ਵਿਚੋਂ ਇਕ ਲੀਰ ਦੇ ਲੜ ਬੰਨ੍ਹਿਆ ਇਕ ਦਾ ਨੋਟ ਖੋਲ੍ਹ ਕੇ ਦਿੰਦਿਆਂ ਕਿਹਾ। 

“ਲੈ ਆ ਜਾਂਦਾ ਰੁਪਈਆ ਕਿਹੜਾ ਕਿਧਰੇ ਭੱਜ ਚੱਲਿਆ ਸੀ।” ਰੁਪਈਆ ਫੜਦਿਆਂ ਸੰਤੀ ਬੋਲੀ। 

“ਬਹਿ ਜਾ ਭਾਨੋ।” 

“ਚਲਦੀ ਆਂ ਬੇਬੇ, ਦੇਖ ਤਾਂ ਉਪਰੋਂ ਕਿਹੋ ਜੀ ਕਾਲੀ ਬੋਲ੍ਹੀ ਨ੍ਹੇਰੀ ਚੜ੍ਹੀ ਆਉਂਦੀ ਐ। ਮੋਘਾ ਵੀ ਢਕਣੈ ਨਹੀਂ ਤਾਂ ਅੰਦਰ ਪੈ ਜੂ ਸਾਰਾ ਮਿੱਟੀ ਘੱਟਾ।” 

“ਏਸ ਰੱਬ ਨੇ ਖ਼ਬਰ ਨੀ ਕੀ ਕਰਨੈਂ। ਏਸ ਰੁੱਤ ਦੀ ਨ੍ਹੇਰੀ ਤਾਂ ਊਈਂ ਮਾਰ ਲੂ ਫ਼ਸਲਾਂ ਨੂੰ ।” “ਚਲ ਓਸ ਕਰਤੇ ਦੀ ਮਰਜ਼ੀ ਐ।” ਆਖ ਭਾਨੋ ਤੁਰ ਪਈ। 

ਸੱਚ ਮੁੱਚ ਹੀ ਕਾਲੀ ਬੋਲੀ ਨ੍ਹੇਰੀ ਚੜ੍ਹੀ ਆ ਰਹੀ ਸੀ। 

ਪਹਿਲੇ ਧਰਤੀ ਉਤਲਾ ਪੱਤ-ਪੱਤ ਉੱਡਿਆ। ਫਿਰ ਬਾਰ ਬਾਰੀਆਂ ਖੜਕਣ ਲੱਗੇ ਤੇ ਫਿਰ ਤਾਂ ਹੱਥ ਨੂੰ ਹੱਥ ਮਾਰਿਆਂ ਕਿਹੜਾ ਦਿਸਦਾ ਸੀ। ਜੜਾਕ ਜੜਾਕ ਦਰੱਖ਼ਤਾਂ ਦੇ ਟਾਹਣ ਟੁੱਟਣ ਲੱਗੇ। 

ਚਲਦੇ ਖੂਹ ਥੰਮ ਗਏ। ਰਾਹੀ ਦਰੱਖਤਾਂ ਦੀ ਓਟ ਲੱਭਣ ਲੱਗੇ । ਜਾਨਵਰਾਂ ਨੇ ਚੀਕ-ਚਿਹਾੜਾ ਪਾ ਛੱਡਿਆ ਸੀ। 

ਬੜੇ ਲੋਕ ਘਰਾਂ ਵਿਚ ਬੈਠੇ ਰੱਬ ਨੂੰ ਚਿਤਾਰ ਰਹੇ ਸਨ । ਜੁਆਕਾਂ ਨੂੰ ਇਹ ਇਕ ਤਮਾਸ਼ਾ ਜਿਹਾ ਲੱਗ ਰਿਹਾ ਸੀ। 

ਭਾਨੋ ਕੋਠੇ ਉਤੇ ਮੋਘਾ ਢਕਣ ਚੜ੍ਹੀ। ਮੋਘਾ ਢਕ ਕੇ ਬੋਚ ਬੋਚ ਕੇ ਪੈਰ ਧਰਦੀ ਉਹ ਬਨੇਰੇ ਕੋਲ ਆ ਕੇ ਗੇੜਾ ਜਿਹਾ ਖਾ ਕੇ ਧੜੰਮ ਦੇ ਕੇ ਵਿਹੜੇ ਵਿਚ ਆ ਡਿੱਗੀ। 

ਡਿੱਗ ਕੇ ਪਲ ਦੇ ਪਲ ਲਈ ਉਹ ਉੱਠ ਬੈਠੀ। ਫੇਰ ਗੁੰਮ ਸੁੰਮ ਜਿਹੀ ਹੋ ਕੇ ਓਥੇ ਹੀ ਲੁੜ੍ਹਕ ਗਈ। 

“ਨੀ ਬੇਬੇ ਖਨੀ ਭਾਨੋ ਡਿੱਗ ਪੀ।” ਬਚਨੀ ਨੇ ਉੱਚੀ ਦੇ ਕੇ ਸੰਤੀ ਨੂੰ ਹਾਕ ਮਾਰੀ ਤੇ ਆਪ ਆ ਕੇ ਭਾਨੋ ਨੂੰ ਸੰਭਾਲਿਆ। 

ਸੰਤੀ ਨੱਠੀ ਆਈ। ਦੋਵਾਂ ਨੇ ਭਾਨੋ ਨੂੰ ਮਸਾਂ ਚੁੱਕ ਕੇ ਮੰਜੇ ਉਤੇ ਪਾਇਆ। ਸਿਰ ਵਿਚੋਂ ਖੂਨ ਵਗ ਰਿਹਾ ਸੀ। 

ਸੰਤੀ ਨੇ ਆਪਣੀ ਸਿਰ ਦੀ ਚਾਦਰ ਪਾੜ ਕੇ ਛੇਤੀ ਨਾਲ ਲੋਗੜ ਰੱਖ ਕੇ ਪੱਟੀ ਬਨ੍ਹੀ। ਪਰ ਬਿੰਦ ਵਿਚ ਹੀ ਉਹ ਸਾਰੀ ਲਹੂ ਨਾਲ ਭਿੱਜ ਗਈ। 

ਦਰਵਾਜ਼ਿਓਂ ਨਰੈਣ ਨੂੰ ਸੱਦ ਕੇ ਲਿਆਂਦਾ ਗਿਆ। 

ਉਸੇ ਵੇਲੇ ਉਸ ਨੇ ਭਗਤੂ ਨੂੰ ਸ਼ਹਿਰੋਂ ਡਾਕਟਰ ਲੈ ਆਉਣ ਲਈ ਭਜਾ ਦਿੱਤਾ। 

ਭਾਨੋ ਨੂੰ ਘਿਓ ਪਾ ਕੇ ਦੁੱਧ ਪਿਲਾਇਆ ਗਿਆ। 

ਉਹ ਨਾ ਹੈ ਕਰਦੀ ਸੀ ਨਾ ਥੂ ਬੱਸ ਨਿਢਾਲ ਜਿਹੀ ਪਈ ਸੀ। 

ਡਾਕਟਰ ਦੇ ਆਉਣ ਤੱਕ ਭਾਨੋ ਦੇ ਸਿਰ ਉੱਤੇ ਬੰਨ੍ਹਿਆ ਸਾਰਾ ਲੋਗੜ ਮੈਲੇ ਨਾਲ ਭਿੱਜ ਚੁੱਕਿਆ ਸੀ। 

“ਕਿੱਥੇ ਮੋਘਾ ਢਕਣ ਚੜ੍ਹਗੀ ਬਦਲਿਆਂ ਵਾਲੀ ।” ਸੰਤੀ ਨੇ ਉਸ ਦੇ ਠਰੇ ਜਾਂਦੇ ਹੱਥ ਘੁਟਦਿਆਂ ਕਿਹਾ। 

“ਡਾਕਟਰ ਜੀ ਭਾਮੇਂ ਮੇਰਾ ਸਾਰਾ ਘਰ ਬਾਰ ਲੱਗ ਜੇ ‘ਕੇਰਾਂ ਭਾਨੋ ਨੂੰ ਬਚਾ ਲੋ।” ਨਰੈਣ ਨੇ ਹੱਥ ਬੰਨ੍ਹ ਕੇ ਤਰਲਾ ਪਾਇਆ। 

ਡਾਕਟਰ ਨੇ ਉਸ ਦੇ ਤਾਕਤ ਦਾ ਸੁਆ ਲਾ ਦਿੱਤਾ। 

ਬਿੰਦ ਕੁ ਮਗਰੋਂ ਭਾਨੋ ਨੂੰ ਜਾਣੀ ਸੁਰਤ ਜੇਹੀ ਆ ਗਈ। ਉਸ ਨੇ ਅੱਖਾਂ ਉਘੇੜ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖਿਆ। 

“ਬੇਬੇ ਪਾਣੀ।” ਉਸ ਨੇ ਸੰਤੀ ਦੇ ਹੱਥ ਘੁੱਟ ਕੇ ਫੜਦਿਆਂ ਕਿਹਾ। 

ਸੰਤੀ ਨੇ ਚਮਚਾ ਪਾਣੀ ਦਾ ਉਸ ਦੇ ਮੂੰਹ ਵਿਚ ਪਾਇਆ। 

ਫੇਰ ਉਸ ਦੀ ਨਿਗ੍ਹਾ ਨਰੈਣ ਉਤੇ ਆ ਟਿਕੀ। 

“ਬਾ ਖਰੂ ਬਾਖਰੂ.” ਭਾਨੋ ਨੇ ਹਟਕੋਰਾ ਜਿਹਾ ਲੈ ਕੇ ਕਿਹਾ। 

ਡਾਕਟਰ ਨੇ ਇਕ ਤਾਕਤ ਦਾ ਸੂਆ ਹੋਰ ਲਾਇਆ ਤੇ ਕਿਹਾ, “ਇਸ ਕੋ ਹਸਪਤਾਲ ਲੇ ਚਲੋ।” 

ਭਾਨੋ ਨੇ ਸੁਰਤ ਜਿਹੀ ਸੰਭਾਲ ਲਈ! 

ਉਸ ਨੂੰ ਗੱਡੇ ਵਿਚ ਪਾ ਕੇ ਹਸਪਤਾਲ ਲੈ ਗਏ। 

ਜ਼ਖ਼ਮ ਨੂੰ ਟਾਂਕੇ ਲਾਏ। ਪੱਟੀਆਂ ਬੰਨ੍ਹੀਆਂ। ਬਾਕੀ ਦੇ ਹੱਡ ਪੈਰ ਟੋਹ ਟੋਹ ਕੇ ਦੇਖੇ। ਦਵਾਈ ਪਿਲਾਈ। ਵਾਰਡ ਵਿਚ ਬੈੱਡ ਉੱਤੇ ਪਾ ਦਿੱਤੀ। 

ਡੇਢ ਮਹੀਨਾ ਉਹ ਹਸਪਤਾਲ ਪਈ ਰਹੀ। ਨਰੈਣ ਹਰ ਰੋਜ਼ ਪਿੰਡੋਂ ਪਤਲਾ-ਪੋਲਾ ਕੁਝ ਭਾਨੋ ਦੇ ਖਾਣ ਨੂੰ ਦੁੱਧ-ਚਾਹ ਲੈ ਕੇ ਅੱਪੜਦਾ। 

“ਤੂੰ ਜੀ ਰੋਜ ਨਾ ਖੇਚਲ ਕਰਿਆ ਕਰੋ। ਕਦੇ ਰਾਮ ਵੀ ਕਰ ਲਿਆ ਕਰ। 

ਮੈਂ ਕਿਸੇ ਹੱਥ ਦੁਕਾਨ ਤੋਂ ਈ ਚਾਹ-ਚੂਹ ਮੰਗਾ ਲੂੰ ।” ਭਾਨੋ ਆਖਦੀ। 

“ਨਹੀਂ ਭਾਨੋ ਖੇਚਲ ਕਾਹਦੀ ਐ।” 

“ਤੂੰ ਜੀ ਰੋਟੀ ਲਾਹੁੰਦਾ ਵੀ ਔਖਾ ਹੁੰਦਾ ਹੋਏਂਗਾ।” ਭਾਨੋ ਨੇ ਫ਼ਿਕਰਮੰਦ ਹੋ ਕੇ ਕਿਹਾ। 

“ਨਹੀਂ ਕੋਈ ਨੀਂ!” ਨਰੈਣ ਨੇ ਮਲਮੀ ਜੀ ਜੀਭ ਨਾਲ ਕਿਹਾ ਤੇ ਜਾਣ ਲਈ ਉਹ ਉੱਠ ਖੜ੍ਹਾ ਹੋਇਆ। 

ਇਕ ਦਿਨ ਉਸ ਨੂੰ ਸੰਤੀ ਵੀ ਮਿਲਣ ਆਈ । ਭਾਨੋ ਨੂੰ ਲੱਗਿਆ ਜਿਵੇਂ ਉਹ ਕੁਝ ਕਹਿੰਦੀ ਕਹਿੰਦੀ ਜਕ ਗਈ ਸੀ । 

ਡੇਢ ਮਹੀਨੇ ਮਗਰੋਂ ਜਦੋਂ ਭਾਨੋ ਰਾਹ ਵਿਚ ਕਈ ਵਾਰੀ ਬੈਠ ਬੈਠ ਕੇ ਪਿੰਡ ਅਪੜੀ ਤਾਂ ਉਸ ਨੇ ਦੇਖਿਆ ਹਰੀਏ ਦੀ ਸਾਲੀ ਭਾਗਵੰਤੀ ਚੁੱਲ੍ਹੇ ਮੂਹਰੇ ਬੈਠੀ ਰੋਟੀ ਲਾਹ ਰਹੀ ਸੀ। 

ਭਾਨੋ ਅਲਾਣੀ ਮੰਜੀ ਉਤੇ ਟੇਢੀ ਹੋ ਗਈ। 

“ਚਾਹ ਧਰਾਂ ?” ਭਾਗਵੰਤੀ ਨੇ ਭਾਨੋ ਦੀ ਥਾਂ ਨਰੈਣ ਨੂੰ ਪੁੱਛਿਆ। 

“ਪੀਣੀ ਐ ਭਾਨੋ?” ਨਰੈਣ ਨੇ ਅੱਗੋਂ ਭਾਨੋ ਨੂੰ ਪੁੱਛਿਆ। 

“ਨਹੀਂ”, ਭਾਨੋ ਬੋਲੀ! 

ਕੁਝ ਪਲ ਚੁੱਪ ਵਰਤੀ ਰਹੀ। 

ਫੇਰ ਭਾਨੋ ਨੇ ਪਾਣੀ ਪੀਣ ਲਈ, ਉੱਠ ਕੇ ਪੀੜ੍ਹੇ ਵਿਚੋਂ ਗਲਾਸ ਚੁੱਕਿਆ। 

“ਮੈਂ ਦੇ ਦਿੰਨੀ ਆਂ ਪਾਣੀ”, ਕਹਿੰਦੀ ਭਾਗਵੰਤੀ ਨੇ ਉਸ ਦੇ ਹੱਥੋਂ ਗਲਾਸ ਫੜ ਲਿਆ ਤੇ ਬਚਨੀ ਦੇ ਪੰਪ ਤੋਂ ਸੱਜਰਾ ਪਾਣੀ ਲੈਣ ਚਲੀ ਗਈ। 

ਭਾਨੋ ਨੇ ਨਰੈਣ ਵੱਲ ਤੱਕਿਆ। 

ਨਰੈਣ ਨੇ ਅੱਗੋਂ ਨੀਵੀਂ ਪਾ ਲਈ। 

ਪਾਣੀ ਲੈ ਕੇ ਭਾਗਵੰਤੀ ਝੱਟ ਦੇ ਕੇ ਮੁੜ ਆਈ। 

“ਮੈਂ ਕਿਹਾ ਜੀ ਤੂੰ ਏਥੇ ਬੈਠਾ ਕੀ ਕਰਦੈਂ ਤੂੰ ਜਾ ਕੇ ਹੱਟੀਓਂ ਸਾਬਣ ਦੀ ਗਾਦੀ ਈ ਲਿਆ ਦੇ”, ਭਾਗਵੰਤੀ ਨੇ ਭਾਨੋ ਨੂੰ ਪਾਣੀ ਦਾ ਗਲਾਸ ਫੜਾਂਦਿਆਂ ਨਰੈਣ ਨੂੰ ਕਿਹਾ। 

ਨਰੈਣ ਬਿਨਾਂ ਕੁਝ ਵੀ ਕਹੇ ਉਠ ਕੇ ਸਾਬਣ ਲੈਣ ਤੁਰ ਪਿਆ। 

“ਮੈਂ ਕਿਹਾ ਜੀ ਕੋਈ ਚੰਗੀ ਲਿਆਈਂ ਸਾਬਣ ਦੀ ਗਾਚੀ ਜਿਸ ‘ਚੋਂ ਨਾਲੇ ਮੁਸ਼ਕ ਵੀ ਸੁਹਣਾ ਆਉਂਦਾ ਹੋਵੇ, “ਪਿੱਛਿਓਂ ਭਾਗਵੰਤੀ ਨੇ ਉਸ ਨੂੰ ਸਮਝਾਇਆ। 

“ਕੋਠੀ ‘ਚ ਮੇਰੇ ਦੋ ਕੁ ਲੀੜੇ ਪਏ ਸੀ ?” ਭਾਨੋ ਨੇ ਆਪਣੇ ਗੱਲ ਦੇ ਮੈਲੇ ਲੀੜਿਆਂ ਵੱਲ ਤੱਕ ਕੇ ਕਿਹਾ। 

“ਉਹ…. ਉਹ ਤਾਂ ਪਾਟੇ ਜੇ ਸੀ। ਗ੍ਰਹਿਣ ਵਾਲੇ ਦਿਨ ਮੈਂ ਸਾਂਹਸੀਆਂ ਦੀ ਬੁੜ੍ਹੀ ਨੂੰ ਪੁੰਨ ਕਰ ‘ਤੇ ਸੀ। ਤੂੰ ਮੇਰੀ ਕੋਈ ਕੁੜਤੀ ਪਾ ਕੇ ਧੋ ਲੀਂ ਲੀੜੇ!” ਭਾਗਵੰਤੀ ਨੇ ਥਮਲੇ ਉਤੋਂ ਸੋਟੀ ਨਾਲ ਅਧਬਣੇ ਚਿੜੀ ਦੇ ਆਲ੍ਹਣੇ ਨੂੰ ਡੇਗਦਿਆਂ ਕਿਹਾ। 

“ਜਾ ਵੱਢੀ ਨਿੱਤ ਡੱਕੇ ਖਿਡਾਉਂਦੀ ਰਹਿੰਦੀ ਐ।” 

“ਵਿਚ ਆਂਡੇ ਨਾ ਹੋਣ ਕਿਤੇ”, ਭਾਨੋ ਬੋਲੀ। 

“ਜੇ ਹੋਣਗੇ ਤਾਂ ਚਿੜੀ ਦੇ ਈ ਹੋਣਗੇ ਤੇਰੇ ਤਾਂ ਨੀ”, ਭਾਗਵੰਤੀ ਨੇ ਮਸ਼ਕਰੀ ਕੀਤੀ। ਭਾਨੋ ਨੂੰ ਕੋਈ ਜਵਾਬ ਨਾ ਅਹੁੜਿਆ। 

“ਪੀੜ੍ਹੀ ਡਾਹ ਕੇ ਨਮਾਂ ਪਾ ਲਿਆ?” ਭਾਨੋ ਨੇ ਪੀੜ੍ਹੇ ਵੱਲ ਝਾਕਦਿਆਂ पॅडिभा। 

“ਆਹੋ ਘੁੱਗੀਆਂ ਵਾਲਾ ਅੱਜ ਕੱਲ੍ਹ ਕੌਣ ਬਣੋਦੈ।” 

ਨਰੈਣ ਸਾਬਣ ਦੀਆਂ ਦੋ ਟਿੱਕੀਆਂ ਲੈ ਆਇਆ। ਇਕ ਉਸ ਨੇ ਭਾਗਵੰਤੀ ਨੂੰ ਦੇ ਦਿੱਤੀ ਤੇ ਦੂਸਰੀ ਭਾਨੋ ਦੇ ਕੋਲ ਰੱਖ ਦਿੱਤੀ। 

“ਜਾਹ ਜਾਂਦੀ ਰਹਿ ਨਪੁੱਤੇ ਦੀਏ”, ਭਾਗਵੰਤੀ ਨੇ ਦਰਾਂ ਮੂਹਰੇ ਖੜ੍ਹੀ ਹੋਈ ਕੁੱਤੀ ਦੇ ਵਗਾਹਮਾਂ ਖੁਰਚਣਾ ਮਾਰਦਿਆਂ ਕਿਹਾ। 

ਖੁਰਚਣਾ ਲੱਗਣ ਉਤੇ ਡੱਬੀ ਕੁੱਤੀ ਜ਼ਰਾ ਕੁ ਤੁਰ ਪਈ। ਦੋ ਕੁ ਕਦਮ ਜਾ ਕੇ ‘ ਹੀ ਆ ਖੜ੍ਹੀ ਹੋਈ। ‘ ਤ੍ਰਿਭਕੀ । ਬਾਹਰ ਵੱਲ ਨੂੰ ਖੜ੍ਹੋ ਗਈ ਫਿਰ ਮੁੜ ਪਈ । ਫਿਰ ਦਰਾਂ ਮੂਹਰੇ 

ਕੁੱਤੀ ਨੂੰ ਉਥੇ ਹੀ ਖੜ੍ਹੀ ਦੇਖ ਕੇ ਭਾਗਵੰਤੀ ਕਚੀਚੀ ਲੈ ਕੇ ਉੱਠੀ ਤੇ ਦਾਲ ਘੋਟਣਾ ਹੀ ਚੁੱਕ ਕੁੱਤੀ ਦੇ ਲੱਕ ਵਿਚ ਦੇ ਮਾਰਿਆ। ਉਹ ਚਊਂ ਚਊਂ ਕਰਦੀ ਬਾਹਰ ਨੂੰ ਨੱਠ ਤੁਰੀ। 

“ਕਾਹਨੂੰ ਮਾਰਦੀ ਐਂ ਦਰਵੇਸ਼ਨੀ ਨੂੰ। ਕੁੱਤੇ ਦੀ ਕੂਕ ਤਾਂ ਕਹਿੰਦੇ ਨੇ ਦਰਗਾਹੇ ਸੁਣੀਂਦੀ ਐ”, ਭਾਨੋ ਨੇ ਆਪਣੇ ਬੇਮਲੂਮੇ ਜਿਹੇ ਕੰਬਦੇ ਹੱਥਾਂ ਨੂੰ ਚੁੰਨੀ ਹੇਠ ਕਜਦਿਆਂ ਕਿਹਾ। 

ਭਾਗਵੰਤੀ ਨੇ ਕੋਈ ਉੱਤਰ ਨਾ ਦਿੱਤਾ। 

“ਕੁੱਤੀ ਦਾ ਤਾਂ ਕੋਈ ਨੀਂ, ਭਾਗਵੰਤੀ ਤੂੰ ਕਿਸੇ ਦਿਨ ਮੈਨੂੰ ਨਾ ਇਉਂ ਕੁੱਟਣ ਡਹਿ ਜੀ। ਹੁਣ ਤਾਂ ਹੈਗੀਆਂ ਵੀ ਤੁਸੀਂ ਦੋ ਹੋ।” ਨਰੈਣ ਨੇ ਮਸ਼ਕਰੀ ਕੀਤੀ । 

“ਥੋਡੇ ਈ ਹੋਊ ਇਹ ਰਵਾਜ ਸਾਡੇ ਨੀ”, ਭਾਗਵੰਤੀ ਨੇ ਨਰੈਣ ਨੂੰ ਚਾਹ ਦਾ ਗਲਾਸ ਫੜਾਂਦਿਆਂ ਕਿਹਾ। 

“ਭਾਨੋ ਨੂੰ ਵੀ ਲਿਆ ਦੇ।” 

“ਜੇ ਉਸ ਨੂੰ ਨਹੀਂ ਲੋੜ ਤਾਂ ਮੱਲੋਮੱਲੀ ਦੇਣੀ ਐਂ।” 

“ਲੋੜ ਕਿਉਂ ਨਹੀਂ ਥੱਕ ਕੇ ਆਈ ਐ।” 

“ਤੈਨੂੰ ਜੀ ਉਸ ਦੀ ਲੋੜ ਦਾ ਬਹੁਤਾ ਪਤੈ। ਨਹੀਂ ਚਿੱਤ ਮੰਨਦਾ ਹੋਊ।” 

“ਲੈ ਭਾਨੋ ਚਾਹ”, ਨਰੈਣ ਨੇ ਆਪਣਾ ਗਲਾਸ ਉਸ ਨੂੰ ਫੜਾਂਦਿਆਂ। ਕਿਹਾ। 

ਭਾਨੋ ਨੇ ਗਲਾਸ ਫੜ ਲਿਆ। 

“ਅਸਲ ਗੱਲ ਤਾਂ ਏਹ ਸੀ ਬਈ ਭਾਨੋ ਨੇ ਤਾਂ ਤੈਥੋਂ ਲੈਣੀ ਸੀ ਚਾਹ” ਭਾਗਵੰਤੀ ਨੇ ਹੱਸ ਕੇ ਨਰੈਣ ਨੂੰ ਚਾਹ ਦਾ ਦੂਜਾ ਗਲਾਸ ਫੜਾਂਦਿਆਂ ਕਿਹਾ। 

“ਕਮਲੀਏ ਹੁਕਮ ਮੰਨੀਦੈ ਪਤੀ ਪਰਮੇਸਰ ਦਾ।” 

“ਹੇਖਾਂ ਪਰਮੇਸਰ”, ਭਾਗਵੰਤੀ ਨੇ ਠੁੱਠ ਵਿਖਾਇਆ। 

“ਪਰਮੇਸਰ ਦੇ ਕੀ ਹੋਰ ਸਿੰਗ ਲੱਗੇ ਹੋਣਗੇ ?” ਨਰੈਣ ਘੱਟੋ ਘੱਟ ਗੱਲਾਂ ਵਿਚ ਤਾਂ ਭਾਗਵੰਤੀ ਤੋਂ ਹਾਰਨਾ ਨਈਂ ਸੀ ਚਾਹੁੰਦਾ। 

“ਚੰਗਾ ਚੰਗਾ ਮਖਾਂ ਭਾਨੋ ਦੇ ਪਰਮੇਸਰਾ ਉਧਰ ਵੇਹੜਿਓਂ ਜਾ ਕੇ ਜੁੱਤੀ ਲਿਆ ਦੇ ਮੇਰੀ, ਮੋਧੂ ਦਿਓਂ। ਕੈ ਦਿਨ ਹੋ ਗੇ ਮੇਚ ਲੈ ਕੇ ਗਏ ਨੂੰ । ਇਹ ਤਾਂ ਜਮਾਂ ਈ ਟੁੱਟਗੀ.. ਅੱਜ ਤਾਂ ਬਾਹਰ ਵੀ ਮੈਂ ਨੰਗੇ ਪੈਰੀਂ ਗਈ ਆਂ।” 

“ਦੇ ਕੇ ਨੀ ਗਿਆ ਮੋਧੂ ?” 

“ਕਾਹਨੂੰ ਦੇ ਕੇ ਗਿਐ।” 

“ਚੰਗਾ ਮੈਂ ਪੁੱਛਦਾਂ”, ਆਖ ਕੇ ਨਰੈਣ ਜੁੱਤੀ ਲੈਣ ਜਾਂਦਾ ਜਾਂਦਾ ਰੁਕ ਕੇ ਭਾਨੋ ਵੱਲ ਮੂੰਹ ਕਰਕੇ ਬੋਲਿਆ, “ਤੂੰ ਵੀ ਧਾਗਾ ਮਿਣ ਕੇ ਦੇ ਦੇ ਭਾਨੋ ਹੁਣੇ ਕਹਿ ਆਉਂਗਾ ਨਹੀਂ ਤਾਂ ਕੱਲ੍ਹ ਨੂੰ ਤੂੰ ਭੇਜੇਂਗੀ।” 

“ਨਹੀਂ ਮੇਰੀ ਤਾਂ ਅਜੇ ਚੰਗੀ ਭਲੀ ਐ”, ਭਾਨੋ ਬੋਲੀ ਤੇ ਨਰੈਣ ਨੂੰ ਜਾਂਦੇ ਨੂੰ ਕਿੰਨਾ ਚਿਰ ਵੇਖਦੀ ਰਹੀ। 

ਭਾਗਵੰਤੀ ਇਕ ਦੋ ਵਾਰੀ ਉਸ ਵੱਲ ਝਾਕੀ। 

ਕੁਝ ਪਲ ਚੁੱਪ ਵਰਤੀ ਰਹੀ। 

“ਤੇਰਾ ਮੰਜਾ ਚੁਬਾਰੇ ‘ਚ ਡਾਹ ਦਿਆਂ, ਭਾਨੋ ਹਵਾ ਹਾਰੇ ਨਾਲੇ।” 

“ਡਾਹ ਦੇ”, ਭਾਨੋ ਨੇ ਬੇਦਿਲੀ ਜਿਹੀ ਨਾਲ ਕਿਹਾ। 

ਚੁਬਾਰੇ ਵਿਚ ਪਈ ਭਾਨੋ ਨੂੰ ਬੜੀ ਰਾਤ ਗਈ ਤੱਕ ਹੇਠਾਂ ਭਾਗਵੰਤੀ ਤੇ ਨਰੈਣ ਦੀਆਂ ਗੱਲਾਂ ਕਰਨ ਦੀ, ਫੇਰ ਹੱਸਣ ਦੀ ਆਵਾਜ਼ ਆਉਂਦੀ ਰਹੀ। 

ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana

13 

ਗਰਮੀ ਦੀ ਰੁੱਤ ਲੰਘ ਗਈ। 

ਸਰਦੀ ਦੀ ਰੁੱਤ ਆ ਗਈ। 

ਹੁਣ ਸਰਦੀ ਵੀ ਲੰਘ ਚਲੀ ਸੀ। 

ਨਰੈਣ ਬਾਰ ਵੜਿਆ ਹੀ ਸੀ, ਜਦ ਭਾਨੋ ਬਾਹਰ ਨੂੰ ਤੁਰ ਚੱਲੀ। 

“ਮਖਾਂ ਭਾਨੋ ਕਿਥੇ ਚੱਲੀਂ?” ਨਰੈਣ ਨੇ ਜ਼ਰਾ ਖਿਝ ਕੇ ਪੁੱਛਿਆ। 

“ਮੈਂ… ਮੈਂ ਪਰਤਾਪੀ ਕਾ ਬੁੜ੍ਹਾ ਮਰ ਗਿਆ ਨਾ, ਓਨ੍ਹਾਂ ਦੇ ਬੈਠਣ ਚੱਲੀ ਹਾਂ ।” 

“ਤੈਂ ਠੇਕਾ ਤਾਂ ਨੀ ਲਿਆ ਹੋਇਆ ਬਈ ਜੀਹਦੇ ਵੀ ਕੋਈ ਮਰ ਜਾਵੇ ਓਸ ਨੂੰ ਤੈਂ ਹੀ ਜਾ ਕੇ ਰੋਦੈਂ। ਅਗਲਾ ਭਾਵੇਂ ਰੋਮੇ ਭਾਮੇ ਨਾ, ਇਹ ਊਈਂ ਅੱਖਾਂ ਸੁਜਾਈ ਫਿਰੂ ।” 

“ਕਿਸੇ ਨੂੰ ਕੋਈ ਕੌਣ ਰੋਂਦੈ। ਸਭ ਆਪਣਿਆਂ ਆਪਣਿਆਂ ਨੂੰ ਰੋਂਦੇ ठे।” 

“ਮੈਨੂੰ ਲਗਦੈ, ਮੈਨੂੰ ਤਾਂ ਤੂੰ ਜੀਊਂਦੇ ਨੂੰ ਈ ਰੋਣ ਲੱਗ ਪੀ ਬਈ ਮਰੇ ਤੋਂ ਖ਼ਬਰੈ ਰੋਣ ਆਉ ਕਿ ਨਾ।” 

“ਮਖਾਂ ਜੀ ਸੁੱਖ ਦੇ ਬੋਲ ਬੋਲ। ਕੀ ਬੁਰੇ ਬਚਨ ਮੂੰਹੋਂ ਕੱਢੀ ਜਾਨੈ”, ਭਾਨੋ ਨੇ ਨਹੋਰੇ ਨਾਲ ਕਿਹਾ। 

“ਨ੍ਹਾ, ਮੈਂ ਪੁੱਛਦਾ ਬਈ ਜਦੋਂ ਮੈਂ ਘਰ ਵਾੜਦਾਂ ਤਾਂ ਤੂੰ ਬਾਹਰ ਕਿਉਂ ਤੁਰ ਪੈਨੀ ਐਂ ?” 

“ਮੇਰੇ ਨਾ ਜੀ ਜਾਣੀ ਹੌਲ ਜੇ ਉਠਦੇ ਰਹਿੰਦੇ ਨੇ। ਫੇਰ ਜੀ ਕਰਦੈ ਜਾਣੀ ਰੋਹੀਏ ਚੜ੍ਹ ਜਾਂ।” 

“ਮੈਂ ਕਿਹਾ ਜੀ ਘਰ ਰਹੂ ਤਾਂ ਕੋਈ ਡੱਕਾ ਦੁਹਰਾ ਕਰਨਾ ਪੈ ਜੂ। ਦੇਖ ਲੈ ਮੇਰਾ ਅੰਤ ਈ ਲੈਣੈ ਨਾ ਕੋਈ। ਉਤੋਂ ਕਿਹੜੇ ਹਾਲ ਆਂ ਫੇਰ ਵੀ ਸਾਰਾ ਪਿੱਟਣਾ ਆਪ ਈ ਫੂਕਣਾ ਪੈਂਦੈ।” ਭਾਗਵੰਤੀ ਨੇ ਅੰਦਰੋਂ ਸੰਭਰ ਕੇ ਕੂੜਾ ਬਾਹਰ ਸੁੱਟਦਿਆਂ ਕਿਹਾ। 

“ਭਾਨੇ ਤੂੰ ਹੁਣ ਪਰਾਹੁਣੀ ਤਾਂ ਨੀ ਆਈ ਹੋਈ। ਅੱਗੇ ਵੀ ਤਾਂ ਸਾਰਾ ਕੰਮ ਕਰਦੀ ਈ ਸੀ, ਹੁਣ ਕਰਦੀ ਨੂੰ ਕੀ ਵੱਢ ਪੈਂਦੀ ਐ।” ਨਰੈਣ ਨੇ ਜ਼ਰਾ ਖਿਝ ਕੇ ਕਿਹਾ। 

“ਜੇਹੜਾ ਕੁਸ਼ ਭਾਗਵੰਤੀ ਆਖਦੀ ਐ ਉਹ ਤਾਂ ਕਰ ਈ ਦਿੰਨੀ ਆਂ। ਗੋਹਾ ਕੂੜਾ ਕਰ ਦਿੰਨੀ ਆਂ। ਭਾਂਡੇ ਮਾਂਜ ਦਿੰਨੀ ਆਂ, ਲੀੜੇ ਧੋ ਦਿੰਨੀ ਆਂ। ਜਦੋਂ ਕਹਿੰਦੀ ਐ ਰੋਟੀ ਵੀ ਲਾਹ ਦਿੰਨੀ ਆਂ।” ਭਾਨੋ ਨੇ ਕਾਹਲੀ ਕਾਹਲੀ ਆਪਣੇ ਹੱਥਾਂ ਦੀਆਂ ਉਂਗਲਾਂ ਮਟਕਾਉਂਦਿਆਂ ਕਿਹਾ। 

ਭਾਗਵੰਤੀ ਕਨੱਖੀ ਕਨੱਖੀ ਭਾਨੋ ਵੱਲ ਝਾਕਦੀ ਬੋਲੀ, “ਮੈਂ ਤਾਂ ਜੀ ਰੱਬ ਜੱਗ ਤੋਂ ਡਰਦੀ ਕਦੇ ਤੈਨੂੰ ਦਸਦੀ ਨੀਂ । ਭਾਨੋ ਤਾਂ ਜਦੋਂ ਤੂੰ ਘਰ ਨੀ ਹੁੰਦਾ ਕਦੇ ਆਪੇ ਬੈਠ ਕੇ ਗੀਤ ਗਾਉਣ ਲੱਗ ਜਾਂਦੀ ਐ। ਕਦੇ ਕੀਰਨੇ ਪਾਉਣ ਬੈਠ ਜਾਂਦੀ ਐ। ਖ਼ਬਰ ਨੀ ਕੀਹਦੇ ਗੀਤ ਗਾਉਂਦੀ ਐ ਤੇ ਕੌਣ ਮਰ ਗਿਐ ਏਥੇ ਜੀਹਦੇ ਕੀਰਨੇ ਪਾਉਂਦੀ ਰਹਿੰਦੀ ਐ। ਦੇਖ ਨਾ ਜੀ ਲੋਕ ਆਪਣੇ ਘਰਾਂ ਦੀ ਸੌ ਸੌ ਸੁੱਖ ਮਨਾਉਂਦੇ ਨੇ ਤੇ ਏਹ ਐ…. ।” 

“ਕਿਉਂ ਭਾਨੋ ?” ਨਰੈਣ ਉਸ ਵੱਲ ਘੂਰ ਕੇ ਝਾਕਿਆ। 

ਭਾਨੋ ਨੂੰ ਡਰ ਜਿਹਾ ਲੱਗਿਆ| ਫੇਰ ਨਾ ਕਿਤੇ ਨਰੈਣ ਕੁੱਟਣ ਲੱਗ ਜੇ। ਉਹ ਸੰਤੀ ਦੇ ਘਰ ਵੱਲ ਝਾਕੀ। 

“ਜਾਂ ਫੇਰ ਸੰਤੀ ਥਿਆਈ ਹੋਈ ਐ ਏਸ ਨੂੰ ਸਾਰਾ ਦਿਨ ਘਰ ਦੀਆਂ ਚੁਗਲੀਆਂ ਕਰਨ ਨੂੰ ।” ਭਾਗਵੰਤੀ ਨੇ ਸੂਹਣ ਤਖਤੇ ਕੋਲ ਰੱਖਦਿਆਂ ਕਿਹਾ। 

ਭਾਨੋ ਅੰਦਰ ਜਾ ਕੇ ਮੱਝ ਹੇਠਲਾ ਥਾਂ ਸੰਵਾਰਨ ਲੱਗ ਪਈ। 

“ਦੇਖ ਜੀ ਮੈਂ ਤੈਨੂੰ ਖਰੀ ਗੱਲ ਦਸਦੀ ਆਂ, ਬਈ ਬਥੇਰਾ ਚਿਰ ਪਕਾ ਪਕਾ ਖਵਾ ‘ਤੀਆਂ। ਮੈਂ ਕੋਈ ਗੋਲੀ ਨੀ ਰੱਖੀ ਹੋਈ ਕਿਸੇ ਦੀ। ਇਹ ਸਾਰਾ ਦਿਨ ਐਸ਼ਾਂ ਲੁੱਟਦੀ ਰਹੇ ਤੇ ਮੈਂ ਚੁੱਲ੍ਹੇ ਵਿਚ ਝੋਕੀ ਰਹਾਂ। ਬਸ ਮੇਰੀਆਂ ਨਾ ਪਕਾਵੇ ਇਹ ਆਪਣੀਆਂ ਪਕਾਵੇ ਤੇ ਖਾਵੇ। ਮੇਰੇ ਕੋਲੋਂ ਨੀ ਕਿਸੇ ਦਾ ਗੋਲਾ ਧੰਦਾ ਹੁੰਦਾ ।” ਭਾਗਵੰਤੀ ਨਰੈਣ ਨੂੰ ਰੋਟੀ ਪਾ ਕੇ ਦਿੰਦੀ ਹੋਈ ਬੋਲੀ। 

“ਤੂੰ ਕਰਵਾ ਲਿਆ ਕਰ ਨਾਲ ਕੰਮ ਭਾਨੋ।” ਨਰੈਣ ਨੇ ਭਾਗਵੰਤੀ ਦੀ ਗੱਲ ਦਾ ਹੁੰਗਾਰਾ ਨਾ ਦੇ ਕੇ ਭਾਨੋ ਨੂੰ ਕਿਹਾ। 

“ਮੈਂ ਕਿਹਾ ਜੀ ਕਹਿਣ ਨੂੰ ਤਾਂ ਲੋਕ ਕਹਿੰਦੇ ਹੋਣਗੇ ਬਈ ਸੌਂਕਣ ਐ, ਪਰ ਰੱਬ ਈ ਜਾਣਦੈ ਜੋ ਕਦੇ ਕਿਸੇ ਗੱਲੋਂ ਏਸ ਨੂੰ ਰੋਕਿਆ ਟੋਕਿਆ ਹੋਵੇ। ਪੁੱਛ ਲੈ ਤੇਰੇ ਮੂੰਹ ਤੇ ਬੈਠੀ ਐ । ਅੱਬਲਾ ਤਾਂ ਮੈਂ ਕਿਸੇ ਕੰਮ ਨੂੰ ਕਹਿੰਦੀ ਨੀ ਜੇ ਭੁੱਲ ਚੁੱਕ ਕੇ ਕਹਿ ਬੈਠਾਂ ਊਨੀ ਭਦਰਕਾਰੀ। ਪਰਸੋਂ ਕਿਹਾ ਭਾਨੋ ਜਰਾ ਚੁੱਲ੍ਹੇ ਕੋਲ ਬੈਠ ਜਾ, ਮੈਂ ਪਿੰਡੇ ਪਾਣੀ ਪਾ ਆਮਾਂ। ਆ ਕੇ ਦੇਖਿਆ, ਕੁੱਤਾ ਦੁੱਧ ਲੱਕੀ ਜਾਵੇ। ਬਈ ਸੁੰਨੀਏ ਮੈਂ ਤੈਨੂੰ ਬਠਾ ਕੇ ਕਾਹਦੇ ਲਈ ਗਈ ਆਂ।” 

“ਕੋਈ ਨੀ ਭਾਗਵੰਤੀ ਜਿੱਦਣ ਦੀ ਏਸ ਦੇ ਸਿਰ ‘ਚ ਸੱਟ ਲੱਗੀ ਐ, ਏਸ ਦੀ ਜਾਣੀ ਸੁਰਤ ਜੀ ਨੀ ਟਕਾਣੇ। ਤੈਂ ਦੇਖਿਆ ਈ ਐ ਬਈ ਇਕ ਰੋਟੀ ਦੇ ਦਿਓ, ਇਕ ਖਾ ਕੇ ਉੱਠ ਖੜ੍ਹ ਦੋ ਦੇ ਦਿਓ, ਦੋ ਖਾ ਲੂ । ਨਾ ਦਿਓ ਤਾਂ ਮੰਗਣੀ ਨੀ । ਕਮਲਿਆਂ ਵਾਂਗ ਊਈਂ ਬੀਹੀਆਂ ਵਿਚ ਤੁਰੀ ਫਿਰੂ। ਬਿਨਾਂ ਗੱਲ ਤੋਂ ਈ ਰੋ ਪੂ । ਤੂੰ ਗੱਸਾ ਨਾ ਕਰਿਆ ਕਰ ਕਿਸੇ ਗੱਲ ਦਾ।” 

ਭਾਨੋ ਮੱਝ ਦਾ ਥਉਂ ਸੰਵਾਰ ਕੇ ਉੱਠ ਖੜ੍ਹੀ। ਪੀੜ੍ਹੇ ਵਿਚੋਂ ਗਲਾਸ ਚੁੱਕਿਆ। ਘੜੇ ਵਿਚੋਂ ਪਾਣੀ ਪਾਉਣ ਲੱਗੀ । 

“ਨੀ ਹੱਥ ਤਾਂ ਧੋ ਫੂਕ ਲੈ ਪਹਿਲਾਂ।” ਭਾਗਵੰਤੀ ਨੇ ਕੌੜ ਕੇ ਕਿਹਾ। ਭਾਨੋ ਠਠੰਬਰ ਗਈ। ਹਾਂ ਹੱਥ ਧੋਣੇ ਤਾਂ ਉਸ ਨੂੰ ਯਾਦ ਹੀ ਨਹੀਂ ਸੀ ਰਹੇ। 

ਬਚਨੇ ਦੇ ਪੰਪ ਤੋਂ ਉਹ ਤਸਲੇ ਵਿਚ ਪਾਣੀ ਲਿਆਈ। ਫਿਰ ਕਿੰਨਾ ਹੀ ਚਿਰ ਉਹ ਬੈਠੀ ਹੱਥ ਧੋਂਦੀ ਰਹੀ। 

ਨਰੈਣ ਨੇ ਰੋਟੀ ਖਾਧੀ। 

ਰੋਟੀ ਖਾ ਕੇ ਚਿਲਮ ਪੀਤੀ। 

ਫੇਰ ਧੁੱਪੇ ਬੈਠ ਕੇ ਆਪਣੇ ਵਾਲ ਵਾਹੁਣ ਲੱਗ ਪਿਆ। 

ਭਾਨੋ ਅਜੇ ਵੀ ਹੱਥ ਧੋ ਰਹੀ ਸੀ। 

“ਹੁਣ ਬੱਸ ਵੀ ਕਰ ਹੱਥ ਧੋਣੇ।” ਨਰੈਣ ਨੇ ਖਿਝ ਕੇ ਕਿਹਾ। 

ਭਾਨੋ ਚੌਂਕੀ। ਹਾਂ, ਏਨੇ ਚਿਰ ਤੋਂ ਉਹ ਹੱਥ ਈ ਕਿਉਂ ਧੋਈ ਜਾ ਰਹੀ ਸੀ। 

ਇਨ੍ਹਾਂ ਹੀ ਦਿਨਾਂ ਵਿਚ ਭਾਗਵੰਤੀ ਦੇ ਮੁੰਡਾ ਹੋ ਗਿਆ। 

“ਕੁੜੇ ਵਧਾਈਆਂ ਹੋਣ ਭਾਨੋ।” ਸੰਤੀ ਨੇ ਭਾਨੋ ਤੋਂ ਗੁੜ ਫੜਦਿਆਂ ਕਿਹਾ। 

“ਹਾਂ ਬੇਬੇ ਰੱਬ ਸਭ ਨੂੰ ਵਧਾਵੇ।” 

“ਰੱਬ ਤੇਰੇ ਕੰਨੀ ਵੀ ਕਿਤੇ ਭੁੱਲ ਜਾਂਦਾ। ਪਰ ਕਹਿੰਦੇ ਨੇ ਭਗਤਾਂ ਨੂੰ ਈਂ ਭੀੜਾਂ ਨੇ। ਭਾਗਵੰਤੀ ਵਰਗੀ ਹੁੰਦੀ ਤਾਂ ਕਦੋਂ ਦੀ…..।” 

“ਨਹੀਂ ਬੇਬੇ ਉਹ ਵੀ ਮੇਰਾ ਈ ਐ। ਸਾਡੇ ਘਰ ਦੀ ਜੜ੍ਹ ਲੱਗ ਗੀ। ਰੱਬ ਸਭ ਦੇ ਇਉਂ ਦਿਨ ਫੇਰੇ। ਮੈਂ ਤਾਂ ਬੁਲਾਈ ਸੁੱਖਣਾ ਸੁਖੀਆਂ ਸੀ ਬਈ ਰੱਬ ਮੁੰਡਾ रेदे।” 

“ਪਰ ਹੁਣ ਤਾਂ ਉਹ ਸਾਰੇ ਘਰ ਦੀ ਮਾਲਕਣ ਬਣ ਗੀ, ਤੈਨੂੰ ਓਸ ਨੇ ਕੀ ਬਿਦਣੇਂ। ਤੈਂ ਤਾਂ ਕਮਲੀ ਨੇ ਕਾਗਤ ਵੀ ਨੀ ਸੀ ਕਰਵਾਇਆ। ਓਸ ਨੇ ਤਾਂ ਦੇਖ ਲੈ ਪਹਿਲਾਂ ਪੰਚੇਤ ਵਿਚ ਗੂਠਾ ਲਵਾਇਆ ਤਾਂ ਆਈ । ਹੁਣ ਆਪੇ ਈ ਉਹ ਘਰ ਦੀ ਮਾਲਕਣ ਐ।” 

“ਆਪਾਂ ਤਾਂ ਬੇਬੇ ਬਸ ਦਿਨ ਈ ਪੂਰੇ ਕਰਨੇ ਐਂ, ਉਹ ਜੰਮ ਜੰਮ ਰਹੇ ਘਰ ਦੀ ਮਾਲਕਣ। 

“ਆਹੋ ਧੀਏ ਇਉਂ ਸਬਰ ਕਰ ਕੇ ਈ ਗੁਜ਼ਾਰੈ । ਤੈਂ ਆ ਕੇ ਤਾਂ ਏਸ ਘਰ ਦੀ ਦਸ਼ਾ ਈ ਪਲਟ ‘ਤੀ।” 

“ਊਂ ਬੇਬੇ ਭਾਗਵੰਤੀ, ਦਿਲ ਦੀ ਨੀ ਮਾੜੀ, ਬਸ ਬੋਲਣ ਦਾ ਈ ਬਹੁਤਾ ਥਹੁ ਨੀ, ਨਾਲੇ ਦੇਖ ਤੈਨੂੰ ਛਾਂਪ ਦਖਾਮਾਂ ।” ਭਾਨੋ ਇਕ ਹੱਥ ਨਾਲ ਗੁੜ ਵਾਲੀ ਪਰਾਤ ਸੰਭਾਲਦੀ ਦੂਜਾ ਹੱਥ ਸੰਤੀ ਦੇ ਅੱਗੇ ਕਰ ਕੇ ਬੋਲੀ, “ਮੁੰਡੇ ਹੋਏ ਦੀ ਤੇਰੇ ਦਿਓਰ ਨੇ ਕਰਾ ਕੇ ਦਿੱਤੀ ਐ। ਉਹ ਤਾਂ ਕਹਿੰਦਾ ਸੀ ਭਾਗਵੰਤੀ ਨਾਲ ਦੇ ਸਿੰਗ ਤਵੀਤ ਵੀ ਕਰਾ ਦਿੰਨਾ ਮੈਂ ਕਿਹਾ, ਨਹੀਂ ਮੈਂ ਕਿਹੜਾ ਨਿਆਣੀ ਆਂ ।” 

“ਛਾਪ ਤਾਂ ਸੁਹਣੀ ਐ ਕੁੜੇ। ਹੋਊ ਅੱਧੇ ਤੋਲੇ ਦੀ ਤਾਂ ।” ਸੰਤੀ ਨੇ ਛਾਪ ਨੂੰ ਹੱਥ ਲਾ ਕੇ ਦੇਖਦਿਆਂ ਕਿਹਾ। 

“ਏਨ੍ਹਾਂ ਤਿਹੁੰ ਸਾਲਾਂ ਵਿਚ ਸਾਡਾ ਬੰਕ ਵਿਚ ਵੀ ਦੋ ਵੀਹਾਂ ਉਤੇ ਪੰਦਰਾਂ ਸੌ ਰੁਪਈਆ ਹੋ ਗਿਐ। ਹੌਲੀ-ਹੌਲੀ ਗਹਿਣੇ ਆਲੀ ਭੋਇੰ ਵੀ ਸਾਰੀ ਛੁਡਾ ਲੈਣੀ ਐ। ਹੋਰ ਗਾਂਹ ਨਹੀਂ ਤਾਂ ਸਾਡੇ ਮੁੰਡੇ ਨੂੰ ਲੋਕ ਮੇਹਣੇ ਮਾਰਿਆ ਕਰਨਗੇ।” 

“ਹੈਂ ਅਜੇ ਚੰਦਰਾ ਭਰਾ ਕੁ, ਪਰ ਜਦੋਂ ਗੋਦੀ ‘ਚ ਲੈ ਲੈਨੀ ਆਂ ਜਾਣੀ ਅੰਦਰ ਜਾ ਠਰ ਜਾਂਦੇ ।” 

ਸੰਤੀ ਕਿੰਨਾ ਚਿਰ ਭਾਨੋ ਦੇ ਮੂੰਹ ਵੱਲ ਤੱਕਦੀ ਰਹੀ। 

ਸੰਤੀ ਦੀ ਗੱਲ ਠੀਕ ਹੀ ਨਿਕਲੀ, ਜਦੋਂ ਦਾ ਮੁੰਡਾ ਹੋਇਆ ਸੀ ਭਾਗਵੰਤੀ ਹੋਰ ਦੀ ਹੋਰ ਹੀ ਹੋ ਗਈ ਸੀ। ਹੁਣ ਤਾਂ ਉਹ ਗੱਲ ਗੱਲ ਉਤੇ ਨਰੈਣ ਨੂੰ ਵੀ ਆਕੜ ਆਕੜ ਪੈਂਦੀ ਸੀ। ਨਰੈਣ ਵੀ ਅੱਗੋਂ ਕੁਝ ਨਹੀਂ ਸੀ 

ਆਖਦਾ। ਇਕ ਦਿਨ ਨ੍ਹਾਉਣ ਵੇਲੇ ਕਾਲਾ ਭਾਨੋ ਦੇ ਹੱਥੋਂ ਛੁੱਟ ਜਾਣ ਉਤੇ ਭਾਗਵੰਤੀ ਨੇ ਭਾਨੋ ਦੇ ਧੌਲ ਵੀ ਮਾਰੀ ਸੀ। 

ਇਕ ਦਿਨ, ਰਾਤ ਨੂੰ ਕਾਲਾ ਰੋ ਰਿਹਾ ਸੀ। 

ਭਾਨੋ ਚੁਬਾਰੇ ਵਿਚੋਂ ਨੱਠੀ ਆਈ। 

ਹੇਠਾਂ ਬਾਰ, ਅੰਦਰੋਂ ਬੰਦ ਸੀ। 

ਜੱਕੋ ਤੱਕੋ ਕਰਦੀ ਭਾਨੋ ਨੇ ਕੁੰਡਾ ਖੜਕਾਇਆ ਤੇ ਕਿਹਾ, “ਭਾਗਵੰਤੀ ਕਾਲਾ ਕਾਹਤੋਂ ਰੋਂਦੈ। ਮੈਨੂੰ ਫੜਾ ਦੇ ਨਹੀਂ ਤਾਂ ।” 

“ਮੈਂ ਆਪੇ ਵਰਾਲੂੰਗੀ।” ਭਾਗਵੰਤੀ ਨੇ ਅੰਦਰੋਂ ਹੀ ਖਿੱਝ ਕੇ ਕਿਹਾ। 

ਕੁਝ ਚਿਰ ਭਾਨੋ ਉਥੇ ਹੀ ਖੜ੍ਹੀ ਰਹੀ। 

ਫੇਰ ਕੋਠੇ ਉਤੇ ਜਾ ਕੇ ਆਪਣੇ ਮੰਜੇ ਉਸ ਨੂੰ ਨੀਂਦ ਕੋਈ ਨਾ ਆਈ। ਉਤੇ ਪੈ ਗਈ। ਪਰ ਇਸ ਤੋਂ ਪਿੱਛੋਂ 

ਮੁੰਡਾ ਅਗਲੇ ਦਿਨ, ਦਿਨ ਵਿਚ ਵੀ ਰੋਂਦਾ ਰਿਹਾ। 

“ਮੈਨੂੰ ਲੱਗਦੈ ਏਸ ਨੂੰ ਕਿਸੇ ਦੀ ਨਜ਼ਰ ਲੱਗ ਗੀ।” ਵੇਹੜੇ ਵਿਚ ਭਾਗਵੰਤੀ ਕੋਲ ਬੈਠੀ ਚੂਹਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਆਟੇ ਵਿਚ ਲਪੇਟਦੀ ਬਚਨੀ ਬੋਲੀ। 

“ਆਹੋ ਭਾਮੇਂ ਭਾਨੋ ਦੀ ਈ ਲੱਗ ਗੀ ਹੋਵੇ। ਸਾਰਾ ਦਿਨ ਆਨੇ ਪਾੜ ਪਾੜ ਝਾਕਦੀ ਰਹਿੰਦੀ ਐ। ਮੈਂ ਜੇ ਪਰ੍ਹਾਂ ਵੀ ਲੈ ਕੇ ਬੈਨੂੰ ਤਾਂ ਵੀ ਸਿਰ ਤੇ ਆ ਚੜ੍ਹਦੀ ਐ।” 

“ਔਤ, ਪ੍ਰੇਤ ਦੀ ਨਜ਼ਰ ਹੁੰਦੀ ਵੀ ਬਾਹਲੀਓ ਮਾੜੀ ਐ। ਤੂੰ ਹਥੌਲਾ ਕਰਵਾ ਲਿਆ ਬਾਵੇ ਤੋਂ ਜਾ ਕੇ। 

“ਤੂੰ ਆਪ ਸਿਆਣੀ ਐਂ ਬਚਨੀ, ਹੁਣ ਦੱਸ ਮੈਂ ਕਿਹੜੇ ਖੂਹ ‘ਚ ਉਤਰ ਜਾਂ ਜੁਆਕ ਨੂੰ ਲੈ ਕੇ।” 

“ਤੂੰ ਔਖੀ ਸੌਖੀ ਜੁਆਕ ਦੇ ਨਾਲ ਹੀ ਕਰ ਲਿਆ ਕਰ ਕੰਮ, ਓਸ ਨੂੰ ਨਾ ਫੜਾਇਆ ਕਰ।” 

“ਕੀ ਕਰਾਂ ਨਾ ਫੜਾਮਾਂ ਤਾਂ ਉਂ ਮਗਰ ਮਗਰ ਤੁਰੀ ਫਿਰਦੀ ਐ। ਫੇਰ ਕਈ ਵਾਰੀ ਚਿੱਤ ‘ਚ ਆਉਂਦੀ ਬਈ ਮਨਾ ਕਿਤੇ ਵੇਲੇ ਕੁਵੇਲੇ ਦੀ ਏਸ ਦੀ ਹਾਅ ਈ ਨਾ ਲੱਗ ਜੇ।” 

“ਏਹ ਤਾਂ ਠੀਕ ਐ, ਪਰ ਬੁਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਐ। ਫੁੱਲ ਵਰਗਾ ਜੁਆਕ ਐ।” 

ਕਈ ਦਿਨ ਕਾਲਾ ਢਿੱਲਾ ਰਿਹਾ। 

ਭਾਗਵੰਤੀ ਭਾਨੋ ਨੂੰ ਭੱਜ ਭੱਜ ਪੈਂਦੀ ਰਹੀ। 

ਨਰੈਣ ਦੀ ਵੀ ਉਸ ਨੇ ਕਈ ਵਾਰੀ ਆਨੀਂ ਬਹਾਨੀਂ ਲਾਹ ਪਾਹ ਕੀਤੀ। 

ਭਾਨੋ ਨੂੰ ਪਤਾ ਨਹੀਂ ਸੀ ਗੱਲ ਕੀ ਹੈ, ਪਰ ਘਰ ਵਿਚ ਕੋਈ ਖ਼ਾਸਾ ਗੁੱਜਰ ਝਗੜਾ ਪਿਆ ਲੱਗਦਾ ਸੀ। ਇਕ ਦੋ ਵਾਰੀ ਤਾਂ ਭਾਗਵੰਤੀ ਨਰੈਣ ਨਾਲ ਲੜ ਕੇ ਰੋਈ ਵੀ ਸੀ। ਇਕ ਦਿਨ ਉਸ ਨੇ ਦੁਹੱਥੜਾਂ ਨਾਲ ਆਪਣਾ ਸਿਰ ਹੀ ਪਿੱਟ ਲਿਆ ਸੀ। ਨਰੈਣ ਆਪਣੇ ਆਪ ਨੂੰ ਗਾਲ੍ਹਾਂ ਕੱਢਦਾ ਬਾਹਰ ਨੂੰ ਤੁਰ ਪਿਆ ਸੀ। 

ਉਸ ਦਿਨ ਘਰ ਵਿਚ ਨਾ ਕਿਸੇ ਪਕਾਈਆਂ ਸਨ ਨਾ ਖਾਧੀਆਂ ਸਨ। 

ਭਾਨੋ ਨੇ ਇਕ ਵਾਰੀ ਭਾਗਵੰਤੀ ਨੂੰ ਪੁੱਛਿਆ ਸੀ, “ਭਾਗਵੰਤੀ ਰੋਟੀ ਲਾਹਾਂ ?” 

“ਏਸ ਨੂੰ ਸਾਰਾ ਦਿਨ ਰੋਟੀਆਂ ਦੀ ਅੱਗ ਲੱਗੀ ਰਹਿੰਦੀ ਐ।” ਭਾਗਵੰਤੀ ਝਿੜਕ ਕੇ ਪਈ। 

ਭਾਨੋ ਚੁੱਪ ਕਰ ਕੇ ਕੋਠੇ ਉਤੇ ਚਲੀ ਗਈ। 

ਦਿਨ ਡੁੱਬਦੇ ਨਾਲ ਨਰੈਣ ਉਤੇ ਆਇਆ, ਭਾਨੋ ਦੇਖ ਖ਼ੁਸ਼ ਜਿਹੀ ਹੋ ਗਈ। ਫਿਰ ਪਤਾ ਨਹੀਂ ਕੀ ਸੋਚ ਕੇ ਉਸ ਦਾ ਜੀ ਬੜਾ ਉਦਾਸ ਹੋ ਗਿਆ। 

ਨਰੈਣ ਆ ਕੇ ਉਸ ਦੇ ਕੋਲ ਮੰਜੇ ਉਤੇ ਬੈਠ ਗਿਆ। 

ਕੁਝ ਚਿਰ ਚੁੱਪ ਵਰਤੀ ਰਹੀ। 

“ਭਾਨੋ ?” ਨਰੈਣ ਨੇ ਆਪਣੇ ਹੱਥ ਦੀਆਂ ਲਕੀਰਾਂ ਵੱਲ ਤੱਕਦਿਆਂ ਕਿਹਾ। 

ਭਾਨੋ ਭਵਤਰਿਆਂ ਵਾਂਗ ਉਸ ਦੇ ਮੂੰਹ ਵੱਲ ਤੱਕਣ ਲੱਗੀ । 

“ਭਾਨੋ ਮੈਂ ਦੇਖਦਾਂ ਭਾਗਵੰਤੀ ਕਦੇ ਤੇਰੀ ਖ਼ਾਤਰ ਰੋਟੀ ਰੱਖਦੀ ਐ ਕਦੇ ਨਹੀਂ। ਮੈਨੂੰ ਇਹ ਵੀ ਪਤੈ ਬਈ ਕਈ ਵਾਰੀ ਤੂੰ ਪਾਣੀ ਦੀ ਘੁੱਟ ਪੀ ਕੇ ਈ ਪੈ ਰਹਿਨੀ ਐਂ।” 

“ਕਾਲੇ ਨੂੰ ‘ਰਾਮ ਐ?” ਭਾਨੋ ਨੇ ਉਸ ਦੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ। 

“ਤੈਂ, ਕੀ ਲੈਣੇਂ ਕਿਸੇ ਕਾਲਿਆਂ ਕੂਲਿਆਂ ਤੋਂ। ਉਹ ਤਾਂ ਤੇਰੇ ਨਾਲ ਇਉਂ ਕੁੱਤੇ ਖਾਣੀ ਕਰਦੀ ਐ।” 

“ਮੈਨੂੰ ਤਾਂ ਨਾ ਜਾਣੀ ਓਸ ਦਾ ਬਲਾਈਂ ਮੋਹ ਜਾ ਆਉਂਦੈ। ਭਾਗਵੰਤੀ ਤਾਂ ਮੈਨੂੰ ਚੱਕਣ ਨੀਂ ਦਿੰਦੀ ।” ਭਾਨੋ ਨੇ ਜਿਵੇਂ ਸ਼ਿਕਾਇਤ ਲਗਾਈ। 

“ਉਹ ਤਾਂ ਕਹਿੰਦੀ ਐ ਮੈਂ ਆਪਣੇ ਪੇਕੀਂ ਚਲੇ ਜਾਣੈ। ਮੁੜ ਕੇ ਨੀ ਆਉਣਾ। ਤੈਨੂੰ ਪਤਾ ਈ ਐ ਪੇਕਿਆਂ ਓਸ ਦਿਆਂ ਦਾ। ਕੰਜਰਾਂ ਨੇ ਪੈਸੇ ਲੈ ਕੇ ਕਿਸੇ ਹੋਰ ਥਾਂ ਤੋਰ ਦੇਣੀ ਐ।” 

“ਪਰ ਕਾਹਤੋਂ ?” ਭਾਨੋ ਨੇ ਹੈਰਾਨ ਹੋ ਕੇ ਪੁੱਛਿਆ। 

“ਤੇਰੇ ਓਸ ਨੇ ਇਕ ਦੋ ਵਾਰੀ ਧੌਲ ਧੱਫਾ ਵੀ ਕੀਤੈ ਨਾ? ਮੈਨੂੰ ਸੰਤੀ ਦਸਦੀ ਸੀ।” 

“ਚਲ ਓਹ ਜਾਣੇ ਉਸ ਦੀ ਮਰਜ਼ੀ ਐ।” 

“ਭਾਨੋ ਮੇਰੇ ਕੋਲੋਂ ਇਹ ਦੇਖਿਆ ਨੀ · ਜਾਂਦਾ ਬਈ ਮੇਰੇ ਜੀਊਂਦੇ ਜੀ ਤੂੰ 

ਇਉਂ ਰੁਲ ਜਾਂ।” 

“ਹੁਣ ਤਾਂ ਨਾ ਰੱਬ ਜਾਣੀ ਚੱਕ ਲੇ”, ਭਾਨੋ ਨੇ ਹਉਕਾ ਭਰ ਕੇ ਕਿਹਾ। 

“ਭਾਨੋ ਓਸ ਨੇ ਸੱਚੀਂ ਮੁੰਡਾ ਲੈ ਕੇ ਚਲੀ ਜਾਣੈ । ਕਹਿੰਦੀ ਐ ਜਾਂ ਭਾਨੋ ਰਹੂਗੀ ਏਸ ਘਰ ‘ਚ ਜਾਂ ਮੈਂ, ਜੀਹਨੂੰ ਮਰਜ਼ੀ ਰੱਖ ਲੈ।” 

ਭਾਨੋ ਨੂੰ ਜਾਣੀ ਗੱਲ ਦੀ ਸਮਝ ਜਿਹੀ ਨਾ ਲੱਗੀ । ਉਹ ਬੌਂਦਲਿਆਂ ਵਾਂਗ ਨਰੈਣ ਦੇ ਮੂੰਹ ਵੱਲ ਤੱਕਣ ਲੱਗੀ। 

“ਜੇ ਮੁੰਡਾ ਨਾ ਹੁੰਦਾ ਮੈਂ ਸਾਲੀ ਨੂੰ ਆਖਦਾ ਜਾਹ ਜਿੱਧਰ ਮਰਜ਼ੀ ਧੱਕੇ ਖਾਹ। ਪਰ ਹੁਣ ਦੇਖ ਨਾ ਭਾਨੋ….।” 

ਭਾਨੋ ਕੁਝ ਨਾ ਬੋਲੀ। 

“ਭਾਨੋ ਦੇਖ ਨਾ ਚੌਂਦੇ ਆਲਾ ਫੱਤਾ ਐ ਨਾ, ਜਿਸ ਤੋਂ ਐਤਕੀਂ ਆਪਾਂ 

ਮਹਿੰ ਖ਼ਰੀਦੀ ਸੀ। ਬੜਾ ਈ ਚੰਗਾ ਆਦਮੀ ਐ। ਬਚਾਰੇ ਦੇ ਕੋਈ ਨੀ। ਇਕੋ ਜੁਆਨ ਮੁੰਡਾ ਸੀ ਓਸ ਨੂੰ ਮਰੇ ਨੂੰ ਕਈ ਸਾਲ ਹੋ ਗੇ। ਭੋਏਂ ਵੀ ਚੰਗੀ ਐ। ਮੈਂ ਓਸ ਨਾਲ ਗੱਲ ਕੀਤੀ ਸੀ। ਕਹਿੰਦਾ ਸੀ ਜੇ ਭਾਨੋ ਮੰਨੇ ਤਾਂ ਉਹ ਇਕ ਅੱਧੀ ਵਾਰੀ ਆਪਣੇ ਘਰ ਵੀ ਆਇਐ। ਤੈਨੂੰ ਓਸ ਨੇ ਦੇਖਿਆ ਹੋਇਐ।” 

ਭਾਨੋ ਦੀ ਜਿਵੇਂ ਜੀਭ ਹੀ ਠਾਕੀ ਗਈ। 

“ਭਾਨੋ ਮੈਨੂੰ ਏਸ ਵਿਚ ਕੋਈ ਲੋਭ ਲਾਲਚ ਨੀ। ਤੇਰੇ ਰਾਮ ਦੀ ਖ਼ਾਤਰ ਈ ਐ। ਏਥੇ ਤਾਂ ਹੁਣ ਤੇਰੀ ਜੂਨ ਖ਼ਰਾਬ ਈ ਐ। ਭਾਗਵੰਤੀ ਨੇ ਤਾਂ ਮੇਰਾ ਜੀਊਣਾ ਦੁੱਭਰ ਕਰ ਛੱਡਿਐ, ਤੂੰ ਤਾਂ ਹੈਂ ਹੀ ਕੀਹਦੇ ਪਾਣੀਹਾਰ।” 

ਭਾਨੋ ਜਿਵੇਂ ਸੁੰਨ ਹੋ ਗਈ ਸੀ। ਉਹ ਨਾ ਹਾਂ ਕਹਿੰਦੀ ਸੀ ਨਾ ਨਾਂਹ ਕਹਿੰਦੀ ਸੀ। ਬਿਟਰ ਬਿਟਰ ਨਰੈਣ ਦੇ ਮੂੰਹ ਵੱਲ ਝਾਕੀ ਜਾ ਰਹੀ ਸੀ। 

“ਕੱਲ੍ਹ ਨੂੰ ਆਊਗਾ ਉਹ। ਮੈਂ ਕਿਹਾ ਸੀ ਭਾਨੋ ਤੋਂ ਪੁੱਛ ਕੇ ਦੱਸੂਗਾ।” ਭਾਨੋ ਦੇ ਤਾਂ ਜਿਵੇਂ ਅਉਸਾਣ ਹੀ ਮਾਰੇ ਗਏ ਸਨ। 

“ਦੇਖ ਨਾ ਭਾਨੋ, ਤੂੰ ਭਾਵੇਂ ਕਾਂ ਹੱਥ ਸੁਨੇਹਾ ਭੇਜੀ, ਮੈਂ ਤੈਥੋਂ ਕਿਸੇ ਗੱਲੋਂ ਨੀ ਭੱਜਿਆ ਹੋਇਆ। ਨਾਲੇ ਚੌਂਦਾ ਕਿਹੜਾ ਦੂਰ ਐ ਮੈਂ ਆਪ ਵੀ ਗੇੜਾ. ਮਾਰਦਾ ਰਹੂੰਗਾ। ਊਂ ਫੱਤਾ ਬੰਦਾ ਵੀ ਬਾਹਲਾ ਈ ਨੇਕ ਐ। ਨਾਲੇ ਹੁਣ ਪੰਜਾਹਾਂ ਨੂੰ ਢੁਕ ਕੇ ਉਹ ਮਾੜਾ ਹੋਊਗਾ ਵੀ ਕੀ।” 

ਭਾਨੋ ਨੇ ਕੋਈ ਉੱਤਰ ਨਾ ਦਿੱਤਾ। 

“ਭਾਨੋ ਜੀ ਬੁਰਾ ਨਾ ਕਰੀਂ । ਜੇ ਮੁੰਡਾ ਨਾ ਹੁੰਦਾ ਫੇਰ ਨੀ ਸੀ ਮੈਂ ਕਦੇ ਓਹਦੀ ਪਰਵਾਹ ਕਰਦਾ। ਨਾਲੇ ਚੌਂਦੇ ਤੂੰ ਏਥੇ ਨਾਲੋਂ ਤਾਂ ਸੁਖੀ ਹੀ ਰਹੇਂਗੀ। ਬਾਕੀ ਭਾਨੋ ਬੰਦੇ ਦੇ ਕੁਸ਼ ਅਖ਼ਤਿਆਰ ਨੀ ਹੁੰਦਾ, ਜਿਥੋਂ ਦਾ ਅੰਨ-ਜਲ ਚੁਗਣੈ ਹਰ ਹੀਲੈ ਚੁਗਣੈ।” ਕਹਿੰਦਿਆਂ ਨਰੈਣ ਨੇ ਗੁੰਮ-ਸੁੰਮ ਬੈਠੀ ਭਾਨੋ ਦਾ ਮੋਢਾ ਥਾਪੜਿਆ ਤੇ ਪੌੜੀ ਲਹਿ ਗਿਆ। 

14 

ਦਿਨ ਛਿਪ ਗਿਆ 

ਰਾਤ ਆ ਗਈ 

ਰਾਤ ਲੰਘ ਗਈ 

ਤੜਕਾ ਹੋ ਗਿਆ 

ਭਾਨੇ ਨੂੰ ਸਮਝ ਨਹੀਂ ਸੀ ਆ ਰਹੀ, ਉਹ ਸੁੱਤੀ ਹੋਈ ਹੈ ਕਿ ਜਾਗਦੀ। 

ਗੋਹਾ-ਕੂੜਾ ਕਰਨ ਲਈ ਵੀ ਅੱਜ ਉਹ ਹੇਠਾਂ ਨਾ ਉੱਤਰੀ। ਨਾ ਹੀ ਭਾਗਵੰਤੀ ਨੇ ਉਸ ਨੂੰ ਇਸ ਲਈ ਹਾਕ ਮਾਰੀ। 

ਇਕ ਵਾਰੀ ਤਾਂ ਉਸ ਨੂੰ ਸਾਰਾ ਘਰ ਹਿਲਦਾ ਜਿਹਾ ਪਰਤੀਤ ਹੋਇਆ ਜਿਵੇਂ ਭੁਚਾਲ ਆ ਗਿਆ ਹੋਵੇ। ਫਿਰ ਉਸ ਨੂੰ ਲੱਗਿਆ ਨਹੀਂ ਉਸ ਨੂੰ ਆਪ ਨੂੰ ਹੀ ਅੰਧਾਲੀ ਜਿਹੀ ਆ ਗਈ ਹੈ। 

ਉਸ ਦੇ ਦੇਖਦਿਆਂ ਦੇਖਦਿਆਂ ਬਿੱਲੀ ਨੇ ਅਲਮਾਰੀ ਉਤੇ ਛਾਲ ਮਾਰੀ ਤੇ ਚਿੜੀ ਨੂੰ ਮਰੋੜ ਕੇ ਮੂੰਹ ਵਿਚ ਲੈ ਕੇ ਬਾਹਰ ਨੂੰ ਨੱਸ ਗਈ। ਬਿੱਲੀ ਨੂੰ ਸ਼ਿਸ਼ਕੇਰਨ ਦੀ ਵੀ ਅੱਜ ਜਿਵੇਂ ਉਸ ਦੇ ਵਿਚ ਹਿੰਮਤ ਨਹੀਂ ਸੀ। 

“ਭਾਨੋ ਚਾਹ ਪੀ ਲੈ”, ਹੇਠਾਂ ਤੋਂ ਭਾਗਵੰਤੀ ਨੇ ਹਾਕ ਮਾਰੀ। 

ਭਾਨੇ ਹੌਲੀ ਹੌਲੀ ਪੌੜੀ ਉੱਤਰੀ। 

ਅੱਧੋ-ਸੁੱਧੀ ਦਾ ਦੁੱਧ ਪਾ ਕੇ ਚਾਹ, ਨਾਲ ਇਕ ਪਰੌਂਠਾ ਜਿਸ ਉਤੇ ਮਖਣੀ ਧਰੀ ਹੋਈ ਸੀ, ਭਾਗਵੰਤੀ ਉਸ ਦੇ ਅੱਗੇ ਰੱਖ ਗਈ। 

ਭਾਨੋ ਨੇ ਦੋ ਕੁ ਘੁੱਟਾਂ ਚਾਹ ਦੀਆਂ ਪੀਤੀਆਂ। ਰੋਟੀ ਦੀ ਤਾਂ ਬੁਰਕੀ ਕਿਹੜਾ ਅੱਜ ਉਸ ਦੇ ਲੰਘਦੀ ਸੀ। 

ਅੱਧਾ ਕੁ ਗਲਾਸ ਪੀ ਕੇ ਚਾਹ ਵੀ ਉਸ ਨੇ ਕੁੱਤੇ ਅੱਗੇ ਰੱਖ ਦਿੱਤੀ। 

ਕੁਝ ਪਲ ਉਹ ਚੁੱਪ ਕੀਤੀ ਕੰਮ ਕਰਦੀ ਫਿਰ ਰਹੀ ਭਾਗਵੰਤੀ ਵੱਲ ਦੇਖਦੀ ਰਹੀ। 

“ਹਾਅ ਲੈ ਭਾਗਵੰਤੀ ਛਾਪ ਮੇਰੇ ਤਾਂ ਮੋਕਲੀ ਹੋਗੀ”, ਭਾਨੋ ਨੇ ਉਸ ਨੂੰ ਛਾਪ ਫੜਾਂਦਿਆਂ ਕਿਹਾ। 

“ਤੂੰ ਪਾਈ ਰੱਖਦੀ। ਚੰਗਾ ਫੇਰ ਤੇਰੀ ਅਮਾਨਤ ਐ ਜਦੋਂ ਮਰਜ਼ੀ ਆ ਕੇ ਲੈ ਜੀ”, ਆਖਦਿਆਂ ਭਾਗਵੰਤੀ ਨੇ ਛਾਪ ਲੀਰ ਦੇ ਲੜ ਬੰਨ੍ਹ ਕੇ ਸੰਦੂਕ ਵਿਚ ਰੱਖ ਦਿੱਤੀ। 

ਦੁਪਹਿਰੇ ਜਿਹੇ ਫੱਤਾ ਆ ਗਿਆ। 

“ਅਸੀਂ ਖੂਹ ਤੇ ਨੂੰ ਚਲਦੇ ਆਂ ਤੂੰ ਭਾਨੋ ਆ ਜੀ”, ਆਖ ਨਰੈਣ ਅਮਲੀ ਫੱਤੇ ਨੂੰ ਨਾਲ ਲੈ ਕੇ ਤੁਰ ਗਿਆ। 

ਭਾਨੋ ਸਾਣ ਮਾਰਿਆਂ ਵਾਂਗ ਬੈਠੀ ਰਹੀ। 

ਭਾਗਵੰਤੀ ਨੇ ਇਕ ਦੋ ਵਾਰੀ ਕੰਮ ਛੱਡ ਕੇ ਉਸ ਵੱਲ ਦੇਖਿਆ। 

“ਨਾਲ ਨੂੰ ਰੋਟੀ ਲਾਹ ਦਿਆਂ?” ਉਸ ਨੇ ਭਾਨੋ ਨੂੰ ਪੁੱਛਿਆ। 

“ਨਹੀਂ”, ਆਖ ਭਾਨੋ ਉੱਠ ਕੇ ਬਾਹਰ ਚਲੀ ਗਈ। 

ਫੇਰ ਅੰਦਰ ਮੁੜ ਆਈ। 

ਬਿਨਾਂ ਹੀ ਕੰਮ ਤੋਂ ਉਹ ਦੋ ਤਿੰਨ ਵਾਰੀ ਅੰਦਰ ਗਈ। ਦੋ ਤਿੰਨ ਵਾਰੀ ਬਾਹਰ ਆਈ। “ਕੁਸ਼ ਚਾਹੀਦੈ ?” ਭਾਗਵੰਤੀ ਨੇ ਪੁੱਛਿਆ। 

” ਨਹੀਂ ।” 

“ਫੇਰ ਉਹ ਉਡੀਕਦੇ ਹੋਣਗੇ ਭਲੇਮਾਣਸ ਬੈਠੇ ।” 

ਭਾਨੋ ਅੰਦਰ ਗਈ। 

ਟੰਗਣੇ ਉਤੋਂ ਘੱਗਰਾ ਲਾਹਿਆ। ਫੇਰ ਪਤਾ ਨਹੀਂ ਕੀ ਸੋਚ ਕੇ ਓਥੇ ਹੀ ਧਰ ਦਿੱਤਾ। 

ਬਾਹਰ ਵਿਹੜੇ ਵਿਚ ਕਾਲਾ ਪਿਆ ਅੰਗੁਠਾ ਚੁੰਘ ਰਿਹਾ ਸੀ। 

ਭਾਨੋ ਨੇ ਉਸ ਦਾ ਸਿਰ ਪਲੋਸਿਆ ਤੇ ਕਿਹਾ, “ਕਾਲਿਆ ਮੈਂ ਜਾਨੀ ਆਂ ਪੁੱਤ।” 

ਬੀਹੀ ਵਿਚ ਪਹੁੰਚ ਕੇ ਉਸ ਨੇ ਇਕ ਵਾਰੀ ਫੇਰ ਮੁੜ ਕੇ ਘਰ ਵੱਲ ਦੇਖਿਆ। 

ਸੰਤੀ ਦੇ ਬਾਰ ਮੂਹਰੇ ਔੜ੍ਹਕੀ। ਪਰ ਤੁਰ ਪਈ। 

ਬਿਨਾਂ ਘੱਗਰੇ ਤੋਂ, ਬਿਨਾਂ ਘੁੰਡ ਕੱਢਿਆਂ ਅੱਜ ਭਾਨੋ ਸੱਥ ਵਿਚੋਂ ਦੀ ਪਰਦੇਸਣਾਂ ਵਾਂਗ ਲੰਘੀ ਜਾ ਰਹੀ ਸੀ। 

 

Credit – ਦਲੀਪ ਕੌਰ ਟਿਵਾਣਾ 

 

Leave a comment

error: Content is protected !!