ਉਰਦੂ ਦੇ ਮਸ਼ਹੂਰ ਸ਼ਾਇਰ ਜੌਨ ਏਲੀਆ ਬਾਰੇ ਅਣਸੁਣੀ ਜਾਣਕਾਰੀ 

“ ਇਕ ਸ਼ਖ਼ਸ ਕਰ ਰਹਾ ਹੈ ਅਭੀ ਤਕ ਵਫ਼ਾ ਕਾ ਜ਼ਿਕਰ 

 ਕਾਸ਼ ਉਸ ਜ਼ੁਬਾਂ-ਦਰਾਜ਼ ਕਾ ਮੂੰਹ ਨੋਚ ਲੇ ਕੋਈ “

ਇਹ ਸ਼ਿਅਰ ਲਿਖਣ ਵਾਲਾ ਸਾਹਿਬ-ਏ-ਜ਼ੁਬਾਨ ਸ਼ਾਇਰ ਜੌਨ ਏਲੀਆ 2002 ‘ਚ ਮਰ ਗਿਆ ਸੀ। ਅਸਲ ਚ ਉਸਦੀ ਮਾਨਸਿਕ ਮੌਤ ਇਸ ਤੋਂ ਬਹੁਤ ਦੇਰ ਪਹਿਲਾਂ ਹੋ ਗਈ ਸੀ ਪਰ ਉਹ ਆਪਣੇ ਸਮਿਆਂ ਦੇ ਢਿੱਡ ਵਿਚ ਵੱਜੀ ਮੁੱਕੀ ਦੀ ਪੀੜ ਵਾਂਗ ਸਲਾਮਤ ਰਿਹਾ। ਪੀੜ ਨਾਲ ਦੁਹਰਾ ਹੁੰਦਾ, ਆਪਣੀ ਇਸ ਪੀੜ ਨੂੰ ਆਪਣੀ ਸ਼ਾਇਰੀ ‘ਚ ਪ੍ਰਗਟਾਉਂਦਾ ਜੌਨ ਏਲੀਆ ਸਿਰੇ ਦੀ ਨਜ਼ਰ-ਅੰਦਾਜ਼ਗੀ ਹੰਢਾਉਂਦਾ ਰਿਹਾ। ਘਰ ਦੇ ਮੁਆਫ਼ਕ ਨਾ ਆ ਸਕਿਆ, ਘਰ ‘ਚੋਂ ਕੱਢ ਦਿੱਤਾ ਗਿਆ ਇੱਕ ਸ਼ਾਇਰ ਅਖ਼ਬਾਰ ਦੇ ਦਫ਼ਤਰ ‘ਚ ਸੌਂਦਾ ਰਿਹਾ। ਉਸਦੇ ਬੱਚਿਆਂ ਨੇ ਸਕੂਲ ਦੇ ਕਾਗਜ਼ਾਂ ‘ਚ ਉਸਦਾ ਨਾਮ ਨਹੀਂ ਲਿਖਾਇਆ। ਉਹ ਦੁਬਈ ਆਪਣੇ ਦੋਸਤਾਂ ਦੇ ਫਲੈਟਾਂ ਵਿਚ ਦਾਰੂ ਪੀ ਕੇ ਧੁੱਤ ਪਿਆ ਰਹਿੰਦਾ। ਮੁਸ਼ਾਇਰੇ ‘ਚ ਪੜ੍ਹਦਾ ਰੋਣ-ਪਿੱਟਣ ਲਗਦਾ, ਆਪਣੀ ਤਬਾਹੀ ਦਾ ਰੁਦਨ ਕਰਦਾ। ਕਹਿੰਦਾ ਮੇਰਾ ਘਰ ਤਬਾਹ ਹੋ ਗਿਆ, ਮੇਰਾ ਕੋਈ ਨਹੀਂ। ਲੋਕ ਹੱਸਦੇ, ਉਹ ਹੈਰਾਨ ਹੋ ਕੇ ਪੁੱਛਦਾ “ਅੱਛਾ! ਯਿਹ ਹੱਸਨੇ ਕੀ ਬਾਤ ਹੈ?” 10 ਸਾਲ ਉਸ ਲੇਖਕ ਨੇ ਇਕ ਸਤਰ ਨਹੀਂ ਲਿਖੀ। ਜਿਨ੍ਹਾਂ ਉੱਚ-ਆਦਰਸ਼ਾਂ ਨੇ ਉਸਦਾ ਸਾਹ ਘੁੱਟਿਆ, ਉਸ ਨੇ ਉਹ ਸਾਰੇ ਆਦਰਸ਼ ਆਪਣੇ ਅਦਬ ਤੇ ਜ਼ਿੰਦਗੀ ‘ਚ ਨੇਸਤੋ-ਨਾਬੂਦ ਕਰ ਦਿੱਤੇ। ਇਹੀ ਜੌਨ ਏਲੀਆ ਹੋਣ ਦਾ ਦਰਦ ਸੀ । ਜਿਸ ਬਾਰੇ ਮਸ਼ਹੂਰ ਸੀ ਕਿ ਉਹ ਮੰਟੋ ਦੇ ਨੇੜੇ ਤੇੜੇ ਦਾ ਸਿਰਜਨਸ਼ੀਲ ਹੈ। ਮੰਟੋ ਵਾਂਗ ਵਿਸ਼ਾ ਦੇ ਕੇ ਉਸ ਕੋਲੋ ਰੇਡੀਓ ਡਰਾਮਾ ਲਿਖਾਇਆ ਜਾ ਸਕਦੈ। ਉਸਦੇ ਪਰਿਵਾਰਕ ਤੇ ਸਰੀਰਕ ਹਾਲਾਤ ਨੇ ਉਸ ਨਾਲ ਰੰਜ ਰੱਖਣ ਵਾਲੇ ਉਰਦੂ ਸ਼ਾਇਰਾਂ ਨੂੰ ਤਸੱਲੀ ਦਿੱਤੀ ਸੀ। ਜਿਸ ਮੁਸ਼ਾਇਰੇ ‘ਚ ਜੌਨ ਪੜ੍ਹਦਾ,ਉੱਥੇ ਹੋਰ ਕਿਸੇ ਨੂੰ ਕੌਣ ਸੁਣਦਾ ਸੀ। ਮਜਰੂਹ ਸੁਲਤਾਨਪੁਰੀ ਨੇ ਉਸਨੂੰ ਸ਼ਾਇਰਾਂ ਦਾ ਸ਼ਾਇਰ ਕਿਹਾ। ਓਹੀ ਜੌਨ ਏਲੀਆ ਸਮਾਜਕ ਤੌਰ ‘ਤੇ ਮੌਤ ਵਰਗੀ ਤ੍ਰਾਸਦਿਕ ਹਾਲਤ ਹੰਢਾ ਰਿਹਾ ਸੀ।

47 ਦੀ ਵੰਡ ਤੋਂ ਬਾਅਦ ਵੀ ਉਹ ਅਮਰੋਹਾ ਵਿਚ ਹੀ ਰਿਹਾ। ਅਦਬੀ ਪਰਿਵਾਰ ‘ਚ ਜੰਮਿਆ ਸੀ। ਨਾਨਾ ਨਾਮਚੀਨ ਉਰਦੂ ਸ਼ਾਇਰ, ਬਾਪ ਕਈ ਕਿਤਾਬਾਂ ਲਿਖਣ ਵਾਲਾ ਅਦੀਬ ਤੇ ਵੱਡਾ ਭਰਾ ਪ੍ਰਸਿੱਧ ਪੱਤਰਕਾਰ। ਚਚੇਰਾ ਭਰਾ ਕਮਾਲ ਅਮਰੋਹੀ ਹਿੰਦੁਸਤਾਨ ਦਾ ਪ੍ਰਸਿੱਧ ਫ਼ਿਲਮਸਾਜ਼। ਪਰ 1957 ‘ਚ ਜੌਨ ਪਾਕਿਸਤਾਨ ਆ ਗਿਆ, ਕਰਾਚੀ ਵਿਚ। ਉਹ ਕੁਰਾਨ ਦਾ ਫਲਸਫ਼ੀ ਸੀ ਉਸਨੂੰ ਲਗਦਾ ਸੀ ਪਾਕਿਸਤਾਨ ਦੀ ਬੁਨਿਆਦ ਇਸਲਾਮੀ ਅਸੂਲਾਂ ਤੇ ਰੱਖੀ ਗਈ ਹੈ, ਓਥੇ ਸ਼ਖਸੀ ਤੇ ਸਮਾਜਕ ਆਜ਼ਾਦੀ ਹੋਵੇਗੀ। ਜੀਣ ਦੀ, ਖਾਣ-ਪੀਣ ਦੀ ਤੇ ਇਸ਼ਕ ਕਰਨ ਦੀ। ਉਸ ਨੇ ਲਾਹੌਰ ਦੀ ਥਾਂ ਕਰਾਚੀ ਵਿਚ ਕਿਆਮ ਕੀਤਾ। ਉਸਨੂੰ ਲਗਦਾ ਸੀ ਕਿ ਪਾਕਿਸਤਾਨ ਦੇ ਅਦਬੀ ਤੇ ਸਿਆਸੀ ਹਲਕਿਆਂ ਚ ਪੰਜਾਬੀਆਂ ਦੀ ਚੌਧਰ ਹੈ ਤੇ ਯੂਪੀ ਵਾਲਿਆਂ ਨੂੰ ਸ਼ਾਇਦ ਆਸਾਨੀ ਨਾਲ ਪ੍ਰਵਾਨ ਨਾ ਕੀਤਾ ਜਾਵੇ, ਇਹੀ ਹੋਇਆ। ਮੁਨੀਰ ਨਿਆਜ਼ੀ, ਅਮਜਦ ਇਸਲਾਮ, ਜ਼ਫ਼ਰ ਇਕਬਾਲ ਤੇ ਅਹਿਮਦ ਫ਼ਰਾਜ਼ ਵਰਗੇ ਉਰਦੂ ਸ਼ਾਇਰਾਂ ਦੇ ਮੁਕਾਬਲੇ ਨੱਕਾਦਾਂ ਨੇ ਉਸਨੂੰ ਗੌਲਿਆ ਹੀ ਨਹੀਂ। ਤਰੱਕੀਪਸੰਦ ਆਲੋਚਕਾਂ ਨੇ ਉਸਨੂੰ ਸ਼ਰਾਬੀ ਤੇ ਆਸ਼ਿਕ ਮਿਜ਼ਾਜ ਕਿਹਾ ਗਿਆ ਤੇ ਇਹਨਾਂ ਕਾਰਨਾਂ ਕਰਕੇ ਜੌਨ ਦੇ ਸਾਰੇ ਅਦਬੀ ਗੁਣ ਖੂਹ-ਖਾਤੇ ਪਾ ਦਿੱਤੇ।

ਜੌਨ ਦਾ ਵਿਆਹ ਇਕ ਪ੍ਰਸਿੱਧ ਅਫ਼ਸਾਨਾਨਿਗਾਰ ਤੇ ਪੱਤਰਕਾਰ ਜ਼ਾਹਿਦਾ ਹਿਨਾ ਨਾਲ ਹੋਇਆ, ਬੱਚੇ ਹੋਏ ਪਰ ਉਸ ਦਾ ਬੇਤਰਤੀਬ ਜੀਣ-ਥੀਣ ਵਿਆਹ ਦੀਆਂ ਜ਼ਿੰਮੇਵਾਰੀਆਂ ਦੇ ਰਾਹ ਚ ਰੁਕਾਵਟ ਬਣ ਗਿਆ। ਘਰ ਚੋਂ ਨਿੱਕਲਿਆ ਜੌਨ ਦਰ-ਦਰ ਦਾ ਘੱਟਾ ਛਾਣਦਾ ਰਿਹਾ ਤੇ ਅਖੀਰ ਇਕ ਦਿਨ ਉਹ ਸੱਚੀਂ ਮਰ ਗਿਆ।

ਜੌਨ ਦੀ ਬਹੁਤੀ ਸ਼ਾਇਰੀ ਉਸਦੇ ਮਰਨ ਤੋਂ ਬਾਅਦ ਛਪ ਕੇ ਸਾਹਮਣੇ ਆਈ। ਤਦ ਤਕ ਇਕ ਨਵੀ ਨਸਲ ਦੁਨੀਆਂ ਵਿਚ ਆ ਚੁੱਕੀ ਸੀ। ਉਸ ਨਸਲ ਦੀਆਂ ਸੁਹਜ ਲੋੜਾਂ ਹੋਰ ਸਨ। ਉਸ ਨਸਲ ਨੂੰ ਨੱਕਾਦਾਂ ਤੇ ਨਹੀਂ ਆਪਣੇ ਅਨੁਭਵ ਤੇ ਯਕੀਨ ਸੀ। ਉਹਨਾਂ ਨੇ ਜੌਨ ਏਲੀਆ ਨੂੰ ਪੜ੍ਹਿਆ। ਆਪਣੇ ਦੁੱਖਾਂ-ਸੁੱਖਾਂ ਚ ਜੌਨ ਨੂੰ ਸਾਂਝੀਵਾਲ ਮਹਿਸੂਸ ਕੀਤਾ ਤੇ ਉਸਨੂੰ ਪ੍ਰਵਾਨ ਵੀ ਕੀਤਾ। ਇਕ ਦਹਾਕੇ ਦੇ ਅੰਦਰ ਅੰਦਰ ਉਹ ਉਰਦੂ ਜਗਤ ਦੀ ਨਵੀਂ ਪੀੜੀ ਦਾ ਹੀਰੋ ਬਣ ਗਿਆ। ਇੱਕਰੌਕ ਸਟਾਰ ਵਾਂਗ ਉਸਦੀ ਸ਼ਾਇਰੀ ਨਵੀਂ ਨਸਲ ਦੇ ਸਿਰ ਚੜ੍ਹ ਕੇ ਬੋਲਣ ਲੱਗੀ । ਗਿਟਾਰ ਦੀਆਂ ਤਾਰਾਂ ਤੇ ਵੱਜਦੀਆਂ ਉਂਗਲਾਂ ਤੇ ਬੁੱਲਾਂ ਤੇ ਜੌਨ ਦੇ ਸ਼ਿਅਰ। ਉਹ ਪਾਕਿਸਤਾਨ ਦੀ ਹੀ ਨਹੀਂ ਹਿੰਦੁਸਤਾਨ ਦੀ ਵੀ ਨਵੀਂ ਨਸਲ ਦੇ ਬੈਡਰੂਮਾਂ ਚ ਪੋਸਟਰ ਬਣ ਕੇ ਚਿਪਕ ਗਿਆ, ਟੀਸ਼ਰਟਾਂ ਤੇ ਉਸਦਾ ਚਿਹਰਾ ਆਪਣੀਆਂ ਸਤਰਾਂ ਸਮੇਤ ਦਿਸਣ ਲੱਗਿਆ, ਨਵੀਂ ਤਕਨੀਕ ਨੇ ਉਸਦੇ ਪੁਰਾਣੇ ਵੀਡੀਓ ਲੱਖਾਂ ਲੋਕਾਂ ਤਕ ਪੁਚਾ ਦਿੱਤੇ। ਜੌਨ ਦੀ ਬੇਟੀ ਨੇ ਵੀ ਉਸਦੀ ਧੀ ਹੋਣ ਤੇ ਫ਼ਖਰ ਦਾ ਇਜ਼ਹਾਰ ਕੀਤਾ। ਪਾਕਿਸਤਾਨ ਸਰਕਾਰ ਨੇ ਜੌਨ ਏਲੀਆ ਦੇ ਨਾਂ ‘ਤੇ ਡਾਕ ਟਿਕਟ ਜਾਰੀ रीडी।

ਜੌਨ ਨੂੰ ਪੜ੍ਹਨਾ ਉਰਦੂ ਗ਼ਜ਼ਲ ਦੇ ਵਿਕਾਸ ਰੁਖ਼ ਨੂੰ ਜਾਣਨਾ ਹੈ। ਜਿੰਨੇ ਤਜੁਰਬੇ ਗ਼ਜ਼ਲ ਚ ਉਸ ਨੇ ਕੀਤੇ ਉਹਨਾਂ ਲਈ ਬਹੁਤ ਜੁੱਰਤ ਦੀ ਲੋੜ ਸੀ। ਉਰਦੂ ਸ਼ਾਇਰ ਇਹ ਜ਼ੋਖਮ ਲੈਣੋਂ ਡਰਦੇ ਸਨ। ਜੌਨ ਨੂੰ ਕੋਈ ਡਰ ਨਹੀਂ ਸੀ। ਉਸ ਨੇ ਨਵੇਂ ਵਿਸ਼ੇ ਲਿਆਂਦੇ, ਨਵੇਂ ਕਾਫ਼ੀਏ, ਨਵੇਂ ਗ਼ਜ਼ਲ ਅਸੂਲ। ਬੰਦਿਸ਼ ਚ ਉਸਦਾ ਦਮ ਘੁੱਟਦਾ ਸੀ ਚਾਹੇ ਉਹ ਗ਼ਜ਼ਲ ਦੀ ਹੋਵੇ, ਘਰ ਦੀ ਜਾਂ ਸਮਾਜ ਦੀ। ਉਸਨੇ ਗ਼ਜ਼ਲ ਦੇ ਮੁਹਾਵਰੇ ਚੋਂ ਮਰਦਾਵੇਂ ਉਚਾਰਨ ਨੂੰ ਤੋੜ ਕੇ ਇਸਤਰੀ-ਲਿੰਗ ਸੰਬੋਧਨ ਲਿਆਂਦੇ। ਆਪਣੀਆਂ ਔਰਤ ਦੋਸਤਾਂ ਨੂੰ ਸੰਬੋਧਿਤ ਹੋ ਕੇ ਬਹੁਤ ਸਾਰੀ ਸ਼ਾਇਰੀ ਲਿਖੀ। ਬਹੁਤ ਸਾਰੀ ਨਿੱਜੀ ਪੀੜਾ ਵੀ ਉਸਦੇ ਸਮਕਾਲ ਦੀਆਂ ਬੰਦਿਸ਼ਾਂ ਚੋਂ ਆਉਂਦੀ ਹੈ ਤੇ ਉਸ ਦੀ ਛਟਪਟਾਹਟ ਨੂੰ ਸ਼ਿਅਰਾਂ ਵਿਚ ਢਾਲਦੀ ਹੈ। ਜੌਨ ਦੀ ਸ਼ਾਇਰੀ ਦੇ ਬਹਾਨੇ ਇਨਕਲਾਬ ਅਤੇ ਮੁਹੱਬਤ ਦੇ ਸੰਕਲਪ ਦੁਬਾਰਾ ਪ੍ਰਭਾਸ਼ਿਤ ਹੁੰਦੇ ਹਨ। ਜੋ ਲੋਕ ਬੇਵਸੀ ਦੀ ਰਚਨਾ ਨੂੰ ਇਸ਼ਕ ਦੇ ਰੋਣ-ਧੋਣ ਕਹਿ ਕੇ ਇਨਕਲਾਬੀ ਸ਼ਾਇਰੀ ਦੇ ਨਾਂ ‘ਤੇ ਮਾਅਰਕੇਬਾਜ਼ੀ ਨੂੰ ਵਡਿਆ ਕੇ ਪੇਸ਼ ਕਰਦੇ ਹਨ, ਜੌਨ ਏਲੀਆ ਦੀ ਰਚਨਾ ਉਨ੍ਹਾਂ ਨੂੰ ਜ਼ਹਿਰ ਵਰਗੀ ਲਗਦੀ ਹੈ। ਪਰ ਉਹ ਸਮਾਜਿਕ ਅਸਾਂਵੇਂਪਣ ਵਿਚੋਂ ਪੈਦਾ ਹੋਈ ਬੇਵਸੀ ਦਾ ਕਵੀ ਹੈ।

ਜੌਨ ਏਲੀਆ ਦੇ ਪੰਜ ਗ਼ਜ਼ਲ ਸੰਗ੍ਰਹਿ ਛਪੇ। ਗੋਯਾ, ਸ਼ਾਇਦ, ਗੁਮਾਨ, ਯਾਨੀ ਤੇ ਮੌਜੂਦ। ਇਹ ਸਾਰੇ ਹਿੰਦੀ ਅੱਖਰਾਂ ‘ਚ ਵੀ ਛਪੇ। ਹਿੰਦੀ ਅੱਖਰਾਂ ‘ਚ ਉਸਦਾ ਇਕ ਚੋਣਵਾਂ ਸੰਗ੍ਰਹਿ ਵੀ ਛਪਿਆ। ਪੰਜਾਬੀ ਦੇ ਪਾਠਕਾਂ ਵੱਲੋਂ ਵੀ ਜੌਨ ਨੂੰ ਪੜ੍ਹਨ ਦੀ ਰੁਚੀ ਦਿਖਾਈ ਦਿੱਤੀ ਹੈ। ਮੈਂ ਪਿਛਲੇ ਕੁਛ ਸਮੇਂ ਤੋਂ ਜੌਨ ਏਲੀਆ ਨੂੰ ਪੜ੍ਹਦਾ ਤੇ ਦੋਸਤਾਂ ਨਾਲ ਸਾਂਝਾ ਕਰਦਾ ਰਿਹਾ ਹਾਂ। ਮੈਨੂੰ ਉਸਦੀ ਸ਼ਾਇਰੀ ਨਾਲ ਇਸ਼ਕ ਹੋ ਗਿਆ। ਜਦੋਂ ਮੈਂ ਇਹ ਗੱਲ ਪਿਆਰੇ ਦੋਸਤ ਸਤੀਸ਼ ਗੁਲਾਟੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਮੈਨੂੰ ਉਸਦਾ ਇਕ ਸੰਗ੍ਰਹਿ ਤਿਆਰ ਕਰਨ ਨੂੰ ਕਿਹਾ। ਉਸਦੀ ਸਾਰੀ ਸ਼ਾਇਰੀ ਵਿੱਚੋਂ ਮੇਰੀ ਪਸੰਦ ਦਾ ਇਕ ਚੋਣਵਾਂ ਸੰਗ੍ਰਹਿ ਹੁਣ ਤੁਹਾਡੇ ਹੱਥਾਂ ਚ ਹੈ। ਕੁਛ ਦਿਨ ਪਹਿਲਾਂ ਮੈਂ ਯੂਟਿਊਬ ਤੇ ਇਕ ਵੀਡੀਓ ਚ ਦੇਖ ਰਿਹਾ ਸੀ ਕਿ ਇਕ ਹਿੰਦੂ ਮੁੰਡਾ ਤੇ ਮੁਸਲਿਮ ਕੁੜੀ ਜੌਨ ਏਲੀਆ ਦੀ ਸ਼ਾਇਰੀ ਨੂੰ ਗਾ ਰਹੇ ਸਨ। ਜਦੋਂ ਮੁੰਡੇ ਕੋਲੋਂ ਪੁੱਛਿਆ ਕਿ ਤੂੰ ਇਸ ਪਾਕਿਸਤਾਨੀ ਸ਼ਾਇਰ ਨੂੰ ਕਿਉਂ ਗਾ ਰਿਹੈਂ ਤਾਂ ਉਸਨੇ ਕਿਹਾ ਉਹ ਮੁਸਲਿਮ ਜਾਂ ਪਾਕਿਸਤਾਨੀ ਨਹੀਂ ਉਹ ਮੇਰਾ ਜੌਨ ਏਲੀਆ ਹੈ। ਇਸ ਕਿਤਾਬ ਦੇ ਹਵਾਲੇ ਮੇਰੇ ਹਿੱਸੇ ਦਾ ਜੌਨ ਏਲੀਆ ਪੇਸ਼ ਹੈ ਜੋ ਤੁਹਾਡਾ ਜੌਨ ਏਲੀਆ ਵੀ ਬਣੇਗਾ, ਇਸਦੀ ਮੈਨੂੰ ਪੂਰੀ ਆਸ ਹੈ।

 

Leave a comment