ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ
ਇਹ ਇਤਿਹਾਸਕ ਗੁਰਦੁਆਰਾ ਉਸ ਅਦੁੱਤੀ ਸ਼ਹੀਦੀ ਦੀ ਯਾਦਗਾਰ ਹੈ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਦੀ ਉਮਰ ਉਸ ਵਕਤ ਸਿਰਫ ੮ ਸਾਲ ਅਤੇ ੧੦ ਮਹੀਨੇ ਦੀ ਸੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ, ਜੋ ਕੇਵਲ ੫ ਸਾਲ ੮ ਮਹੀਨੇ ਦੇ ਸਨ, ਮੁਗ਼ਲਾਂ ਦੇ ਹਾਕਮ ਨਵਾਬ ਵਜ਼ੀਰ ਖਾਨ ਦੇ ਹੁਕਮ ‘ਤੇ ਇਥੇ ਸ਼ਹੀਦ ਕੀਤੇ ਗਏ ਸਨ। ਇਸ ਅਸਥਾਨ ਦਾ ਨਾਮ ਛੋਟੇ ਸਾਹਿਬਜ਼ਾਦੇ ਫ਼ਤਿਹ ਸਿੰਘ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਨ ਲਈ ਯਾਤਰੀ ਦੂਰ- ਦੂਰ ਤੋਂ ਆ ਕੇ ਇਨ੍ਹਾਂ ਬਹਾਦਰ ਸਪੂਤਾਂ ਦੀ ਕੁਰਬਾਨੀ ਦੀ ਦਾਦ ਦੇਂਦੇ ਤੇ ਆਪਣੀ ਸ਼ਰਧਾ ਦੇ ਫੁੱਲ ਚੜਾਉਂਦੇ ਹਨ। ਇਸ ਅਨੋਖੇ ਸਾਕੇ ਦੀ ਸਾਖੀ ਇਸ ਤਰ੍ਹਾਂ ਹੈ:
ਗੁਰਦੁਆਰਾ ਕੇਸਗੜ੍ਹ ਸਾਹਿਬ
੩੦ ਮਾਰਚ ੧੬੯੯ ਈਸਵੀ ਨੂੰ ਵੈਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਵਿਚ ਸਿੱਖ-ਪੰਥ ਦੀ ਸਾਜਣਾ ਕੀਤੀ। ਜਾਤ, ਵਰਣ ਦਾ ਭੇਦ ਮਿਟਾ ਕੇ ਆਪਣੇ ਪੰਜਾਂ ਪਿਆਰਿਆਂ ਨੂੰ, ਜਿਨ੍ਹਾਂ ਨੇ ਗੁਰੂ ਜੀ ਦੀ ਮੰਗ ‘ਤੇ ਆਪਣੇ ਸੀਸ ਗੁਰੂ ਜੀ ਦੀ ਭੇਟ ਕਰ ਦਿੱਤੇ, ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸਿੰਘ ਸਜਾਇਆ। ਇਸ ਤਰ੍ਹਾਂ ਸੰਤ-ਸਿਪਾਹੀ ਦਸਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਕੀਤੀ। ਦੂਰ-ਦ੍ਰਿਸ਼ਟੀ ਵਾਲੇ ਗੁਰੂ ਜੀ ਨੇ ਆਉਣ ਵਾਲੇ ਬਿਖੜੇ ਸਮਿਆਂ ਲਈ ਸਿੰਘਾਂ ਨੂੰ ਤਿਆਰ-ਬਰ-ਤਿਆਰ ਕੀਤਾ। ਖੰਡੇ ਦਾ ਅੰਮ੍ਰਿਤ ਪਾਨ ਕਰਕੇ ਸਿੰਘਾਂ ਵਿਚ ਨਵਾਂ ਜੋਸ਼ ਆ ਗਿਆ।
ਖਾਲਸਾ ਐਸਾ ਹੈ, ਜਿਸ ਵਿਚ ਉਤਸ਼ਾਹ ਹੈ, ਪਰ ਗੁੱਸਾ ਲੇਸ ਮਾਤਰ ਵੀ ਨਹੀਂ। ਪਿਆਰ ਮੂਰਤ ਹੈ ਖਾਲਸਾ, ਪਰ ਮਨ ਖੱਚਿਤ ਨਹੀਂ ਹੈ। ਉਪਕਾਰੀ ਹੈ, ਉਪਰਾਮਤਾ ਨਾਲ ਹੈ। ਵਾਹ ! ਵਾਹ!! ਦਾ ਭੁੱਖਾ ਨਹੀਂ, ਤਿਆਗੀ ਹੈ ਖਾਲਸਾ, ਪਰ ਦਿਲਗੀਰ ਨਹੀਂ। ਤਲਵਾਰ ਉਸ ਦੇ ਹੱਥ ਗੁਰਾਂ ਨੇ ਪਕੜਾਈ ਹੈ, ਪਰ ਢਾਲ ਦੀ ਸੂਰਤ ਵਾਲੀ ਚੜ੍ਹਦੀ ਕਲਾ ਦੀ ਮੂਰਤ ਅਤੇ ਪਵਿੱਤਰ ਹਿਰਦੇ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਹਿਰਦੇ ਤੋਂ ਇਸ ਦਾ ਜਨਮ ਹੋਇਆ।
ਗੁਰੂ ਗੋਬਿੰਦ ਸਿੰਘ ਜੀ, ਸਣੇ ਆਪਣੇ ਪਰਿਵਾਰ ਦੇ ਅਨੰਦਪੁਰ ਵਿਚ ਨਿਵਾਸ ਰਖਦੇ ਸਨ। ਇਹ ਅਸਥਾਨ ਕਹਿਲੂਰ ਇਲਾਕਾ (ਬਿਲਾਸਪੁਰ) ਦੇ ਨਜ਼ਦੀਕ ਸੀ। ਇਸ ਦੇ ਪੱਛਮ ਵਿਚ ਸਤਲੁਜ ਦਰਿਆ, ਉੱਤਰ ਪੂਰਬ ਵੱਲ ਉੱਚੀਆਂ-ਨੀਵੀਆਂ ਪਹਾੜੀਆਂ ਸਨ ਤੇ ਦੱਖਣ-ਪੱਛਮ ਵੱਲ ਦਰਿਆ ਦੇ ਨਾਲ-ਨਾਲ ਰੋਪੜ ਤਕ ਕੁਝ ਪੱਧਰੇ ਮੈਦਾਨ ਸਨ। ਸੁਰੱਖਿਆ ਦੇ ਪੱਖ ਤੋਂ ਅਨੰਦਪੁਰ ਦਾ ਅਸਥਾਨ ਬੜਾ ਮਹਿਫੂਜ਼ ਸੀ, ਪਰ ਇਰਦ-ਗਿਰਦ ਮੁਗ਼ਲ ਰਾਜ ਦੇ ਪਿੱਠੂ ਪਹਾੜੀ ਰਾਜਿਆਂ ਦੀ ਹਕੂਮਤ ਸੀ, ਜੋ ਗੁਰੂ ਸਾਹਿਬ ਦੀ ਵਧਦੀ ਤਾਕਤ ਨੂੰ ਮਾੜੀ ਅੱਖ ਨਾਲ ਦੇਖਦੇ ਸਨ। ਮੁਗ਼ਲ ਰਾਜ ਅੱਗੇ ਗੁਰੂ ਸਾਹਿਬ ਬਾਰੇ ਸਦਾ ਹੀ ਸ਼ਿਕਾਇਤਾਂ ਪਹੁੰਚਾਉਂਦੇ ਸਨ।
ਅਨੰਦਪੁਰ ਸਾਹਿਬ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਇਸ ਦੇ ਇਰਦ ਗਿਰਦ ਸੱਤ ਕਿਲ੍ਹੇ ਬਣਵਾਏ ਸਨ:
੧. ਅਨੰਦ ਗੜ੍ਹ, ੨. ਕੇਸ ਗੜ੍ਹ, ੩. ਲੋਹ ਗੜ੍ਹ, ੪. ਅਗਮ ਗੜ੍ਹ, ੫. ਤਾਰਾ ਗੜ੍ਹ, ੬. ਹੋਲ ਗੜ੍ਹ, ੭. ਗੋਬਿੰਦ ਗੜ੍ਹ।
ਜੰਗੀ ਹੁਨਰ ਦੇ ਪੱਖ ਤੋਂ ਇਹ ਕਿਲ੍ਹੇ ਅਜਿਹੀ ਜੁਗਤ ਨਾਲ ਬਣਾਏ ਗਏ ਸਨ ਕਿ ਬਾਹਰੋਂ ਕੋਈ ਵੀ ਹਮਲਾਵਰ ਇਨ੍ਹਾਂ ਨੂੰ ਸਰ ਕੀਤੇ ਬਗ਼ੈਰ ਅੰਦਰ ਨਹੀਂ ਸੀ ਆ ਸਕਦਾ। ਹਰ ਕਿਲ੍ਹੇ ਵਿਚ ਸਿੰਘ ਸਿਪਾਹੀਆਂ ਦੀਆਂ ਗਾਰਦਾਂ, ਹਰ ਪ੍ਰਕਾਰ ਦਾ ਜੰਗੀ ਸਮਾਨ- ਤੋਪਾਂ, ਬੰਦੂਕਾਂ, ਗੋਲਾ-ਬਾਰਦੂ, ਤੀਰ-ਕਮਾਨ ਆਦਿ ਸਭ ਅਸਲ੍ਹਾ- ਮੌਜੂਦ ਸੀ। ਰਸਦ-ਰਾਸ਼ਨ ਦਾ ਵੀ ਪੂਰਾ ਪ੍ਰਬੰਧ ਸੀ।
ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਾਜਧਾਨੀ ਸੀ ਤੇ ਖਾਲਸੇ ਦੀ ਵਾਸੀ ਕਰਕੇ ਜਾਣੀ ਜਾਂਦੀ ਹੈ। ਉਨ੍ਹਾਂ ਦੀ ਫ਼ੌਜ ਵਿਚ ਨਾ ਸਿਰਫ ਮਾਝੇ, ਮਾਲਵੇ ਤੇ ਦੁਆਬੇ ਦੇ ਸਿੰਘ ਸਿਪਾਹੀ ਸਨ, ਸਗੋਂ ਸਮੁੱਚੇ ਭਾਰਤ ਦੇ ਸਿਪਾਹੀ ਭੀ ਭਰਤੀ ਹੋ ਚੁੱਕੇ ਸਨ। ਰਾਜਸਥਾਨ, ਸੂਬਾ ਸਰਹੱਦ, ਕਸ਼ਮੀਰ ਤੇ ਨਾਲ ਲਗਦੇ ਪਹਾੜੀ ਇਲਾਕਿਆਂ ਦੇ ਹਿੰਦੂ, ਸਿੱਖ ਤੇ ਮੁਸਲਮਾਨ ਯੋਧੇ ਵੀ ਗੁਰੂ ਸਾਹਿਬ ਜੀ ਦੀ ਸੈਨਾ ਵਿਚ ਮੌਜੂਦ ਸਨ। ਇਨ੍ਹਾਂ ਵਿਚੋਂ ਕਈ ਤਾਂ ਮੁਗਲ ਰਾਜ ਤੇ ਪਹਾੜੀ ਰਾਜਿਆਂ ਦੇ ਸਤਾਏ ਹੋਏ ਗੁਰੂ ਜੀ ਕੋਲ ਪਨਾਹ ਲੈਣ ਆ ਜਾਂਦੇ ਕਈ ਤਾਂ ਗੁਰੂ ਜੀ ਵਿਚ ਬੜੀ ਸ਼ਰਧਾ ਰਖਦੇ ਸਨ ਅਤੇ ਉਨ੍ਹਾਂ ‘ਤੇ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਵਕਤ ਤਿਆਰ ਸਨ।
ਪਹਾੜੀ ਰਾਜਿਆਂ ਦਾ ਵਿਰੋਧ
ਸ੍ਰੀ ਦਸਮੇਸ਼ ਜੀ ਦੇ ਦਰਬਾਰ ਵਿਚ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਘੋੜੇ, ਹਾਥੀ, ਸ਼ਸਤਰ-ਅਸਤਰ, ਗਹਿਣੇ, ਕੀਮਤੀ ਤੋਹਫੇ ਆਦਿ ਬਤੌਰ ਭੇਟਾ ਸਦਾ ਆਉਂਦੇ ਰਹਿੰਦੇ ਸਨ।
ਪ੍ਰਸਿੱਧ ਇਤਿਹਾਸਕਾਰ ਭਾਈ ਕੇਸਰ ਸਿੰਘ ਛਿੱਬਰ ਨੇ ਆਪਣੀ ਪੁਸਤਕ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਲਿਖਿਆ ਹੈ ਕਿ ਪਹਾੜੀ ਰਾਜੇ ਸਿੱਖ ਸਿਪਾਹੀਆਂ ਵਾਂਗ ਗੁਰੂ ਜੀ ਦੀ ਸੈਨਾ ਵਿਚ ਨੌਕਰੀ ਕਰਨ ਲੱਗ ਗਏ।
ਬਿਲਾਸਪੁਰ ਦਾ ਰਾਜਾ ਭੀਮ ਚੰਦ, ਰਾਜਾ ਹਰੀ ਚੰਦ ਹੰਡੂਰੀਆ ਆਦਿ ਗੁਰੂ-ਘਰ ਦੀ ਚੜ੍ਹਤ ਦੇਖ ਕੇ ਹਮੇਸ਼ਾ ਈਰਖਾ ਕਰਦੇ ਤੇ ਲਲਚਾਉਂਦੇ ਰਹਿੰਦੇ। ਆਸਾਮ ਵਾਲੇ ਰਾਜਾ ਰਤਨ ਚੰਦ ਨੇ ਗੁਰੂ ਜੀ ਨੂੰ ‘ਪ੍ਰਸਾਦੀ’ ਨਾਂ ਦਾ ਇਕ ਹਾਥੀ ਭੇਟ ਕੀਤਾ ਸੀ ਤੇ ਨਾਲ ਹੀ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਹਾਥੀ ਕਿਸੇ ਨੂੰ ਮੰਗਵਾਂ ਨਹੀਂ ਦੇਣਾ। ਐਸੀਆਂ ਬੇਨਤੀਆਂ ਸਿੱਖ ਕਰਦੇ ਹੀ ਰਹਿੰਦੇ ਸਨ। ਆਪਣੇ ਪੁੱਤਰ ਅਜਮੇਰ ਚੰਦ ਦੇ ਵਿਆਹ ਦੇ ਬਹਾਨੇ ਰਾਜਾ ਭੀਮ ਚੰਦ ਨੇ ਗੁਰੂ ਜੀ ਤੋਂ ‘ਪ੍ਰਸਾਦੀ’ ਹਾਥੀ ਮੰਗਿਆ, ਪਰ ਗੁਰੂ ਜੀ ਨੇ ਰਾਜਾ ਰਤਨ ਚੰਦ ਦੀ ਬੇਨਤੀ ਨੂੰ ਧਿਆਨ ਵਿਚ ਰੱਖ ਕੇ ਹਾਥੀ ਦੇਣੋਂ ਨਾਂਹ ਕਰ ਦਿੱਤੀ। ਰਾਜਾ ਭੀਮ ਚੰਦ ਬੜਾ ਤਿਲਮਿਲਾਇਆ ਤੇ ਜੰਗ ਦੀ ਧਮਕੀ ਦਿੱਤੀ। ਗੁਰੂ ਸਾਹਿਬ ਇਨ੍ਹਾਂ ਧਮਕੀਆਂ ਦੀ ਕੀ ਪ੍ਰਵਾਹ ਕਰਦੇ ਸਨ, ਉਹ ਆਪਣੇ ਇਰਾਦੇ ‘ਤੇ ਅਟੱਲ ਰਹੇ।
ਖਾਲਸੇ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਦਿੱਲੀ ਦੀ ਹਕੂਮਤ ਵੀ ਘਬਰਾ ਰਹੀ ਸੀ। ਪਹਾੜੀ ਰਾਜਿਆਂ ਦੇ ਚੁੱਕੇ-ਚਕਾਏ ਔਰੰਗਜ਼ੇਬ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉਹ ਆਪ ਦੱਖਣ ਦੀਆਂ ਲੜਾਈਆਂ ਵਿਚ ਰੁੱਝਾ ਹੋਇਆ ਸੀ। ਉਸ ਨੇ ਪਹਾੜੀ ਰਾਜਿਆਂ ਨੂੰ ਸ਼ਹਿ ਦਿੱਤੀ। ਰਾਜਾ ਬਿਲਾਸਪੁਰ ਤੇ ਰਾਜਾ ਹਿੰਡੂਰ ਨੇ ਮਿਲ ਕੇ, ਅਨੰਦਪੁਰ ‘ਤੇ ਹਮਲਾ ਕਰ ਦਿੱਤਾ। ੧੪ ਦੇ ਕਰੀਬ ਯੁੱਧ ਹੋਏ। ਭੰਗਾਣੀ, ਨਦੌਣ, ਅਨੰਦਪੁਰ, ਨਿਰਮੋਹ ਗੜ੍ਹ, ਲੋਹ ਗੜ੍ਹ ਆਦਿ ਹਰ ਵਾਰ ਪਹਾੜੀ ਰਾਜੇ ਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਹਾਰ ਖਾ ਕੇ ਪਿੱਛੇ ਨੱਸਣਾ ਪੈਂਦਾ।
ਜਦ ਮੁਗ਼ਲ ਹਕੂਮਤ ਨੇ ਦੇਖਿਆ ਕਿ ਪਹਾੜੀ ਰਾਜਿਆਂ ਨੂੰ ਹਰ ਵਾਰ ਗੁਰੂ ਗੋਬਿੰਦ ਸਿੰਘ ਦੀਆਂ ਫ਼ੌਜਾਂ ਤੋਂ ਹਾਰ ਖਾਣੀ ਪੈਂਦੀ ਹੈ, ਤਾਂ ਉਨ੍ਹਾਂ ਨੇ ਵੱਡੇ ਹਮਲੇ ਦੀ ਵਿਉਂਤ ਬਣਾਈ। ਸੰਮਤ ੧੭੬੧ ਬਿਕ੍ਰਮੀ (੧੭੦੪ ਈ.) ਨੂੰ ਸਰਹੰਦ, ਮਲੇਰਕੋਟਲਾ, ਸਹਾਰਨਪੁਰ, ਜਲੰਧਰ, ਲਾਹੌਰ ਦੇ ਨਵਾਬਾਂ ਦੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਗਈਆਂ ਤੇ ਨਾਲ ਹੀ ਬਾਈਧਾਰ ਦੇ ਪਹਾੜੀ ਰਾਜਿਆਂ ਦਾ ਟਿੱਡੀ ਦਲ ਸ਼ਾਮਲ ਹੋਇਆ। ਚਾਰੇ ਪਾਸਿਓਂ ਅਨੰਦਪੁਰ ‘ਤੇ ਬੜਾ ਜ਼ੋਰਦਾਰ ਹਮਲਾ ਕੀਤਾ ਗਿਆ। ਤਿੰਨ ਮਹੀਨੇ ਬੜੀ ਭਿਆਨਕ ਜੰਗ ਚੱਲੀ, ਪਰ ਅਨੰਦਪੁਰ ਦੇ ਕਿਲ੍ਹੇ ਦੀ ਲੋਹੇ ਵਰਗੀ ਮੋਰਚਾ-ਬੰਦੀ ਅੱਗੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੀ ਪੇਸ਼ ਨਾ ਚੱਲੀ। ਤੰਗ ਆ ਕੇ ਉਨ੍ਹਾਂ ਨੇ ਗੁਰੂ ਜੀ ਨੂੰ ਕੁਰਾਨ ਦੀ ਕਸਮ ਖਾ ਕੇ ਸੁਨੇਹਾ ਘੱਲਿਆ ਕਿ ਜੇ ਉਹ ਅਨੰਦਪੁਰ ਦਾ ਕਿਲ੍ਹਾ ਛੱਡ ਦੇਣ, ਤਾਂ ਉਨ੍ਹਾਂ ਨੂੰ ਸਹੀ ਸਲਾਮਤ ਜਾਣ ਦਿੱਤਾ ਜਾਵੇਗਾ, ਗੁਰੂ ਜੀ ਨੂੰ ਮੁਗ਼ਲਾਂ ਦੇ ਇਕਰਾਰਾਂ ‘ਤੇ ਭਰੋਸਾ ਨਹੀਂ ਸੀ, ਪਰ ਆਪਣੇ ਸਿੱਖਾਂ ਦੇ ਮਜ਼ਬੂਰ ਕਰਨ ‘ਤੇ ਉਹ ਕਿਲ੍ਹਾ ਛੱਡਣਾ ਮੰਨ ਗਏ। ੬ ਪੋਹ ਸੰਮਤ ੧੭੬੧ ਬਿ: (੨੦ ਦਸੰਬਰ ੧੭੦੪ ਈ.) ਨੂੰ ਅੱਧੀ ਰਾਤ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਣੇ ਆਪਣੇ ਦੋ ਢਾਈ ਸੌ ਯੋਧਿਆਂ ਦੇ ਕਿਲ੍ਹੇ ਤੋਂ ਬਾਹਰ ਆਏ। ਕੂਚ ਦਾ ਨਗਾਰਾ ਵਜਾਇਆ ਤੇ ਕੀਰਤਪੁਰ ਵੱਲ ਚਾਲੇ ਪਾ ਦਿੱਤੇ।
ਸਰਸੇ ਦੀ ਜੰਗ
ਮੁਗ਼ਲ ਫ਼ੌਜਾਂ ਨੂੰ ਜਦ ਸਵੇਰੇ ਗੁਰੂ ਜੀ ਦਾ ਪਰਿਵਾਰ ਸਮੇਤ ਕਿਲ੍ਹਾ ਛੱਡ ਜਾਣ ਦਾ ਪਤਾ ਲੱਗਾ ਤਾਂ ਵਜ਼ੀਰ ਖਾਨ ਨੇ ਆਪਣੀਆਂ ਫ਼ੌਜਾਂ ਦੇ ਦਸਤੇ ਚੜ੍ਹਾ ਦਿੱਤੇ। ਸਰਸਾ ਨਦੀ ਦੇ ਕਿਨਾਰੇ ਜੰਗ ਸ਼ੁਰੂ ਹੋ ਗਿਆ। ਸਰਸਾ ਭੀ ਖੂਬ ਚੜ੍ਹੀ ਹੋਈ ਸੀ। ਭਾਈ ਉਦੈ ਸਿੰਘ ਤੇ ਭਾਈ ਜੀਵਨ ਸਿੰਘ ਨੇ ਪਿੱਛੇ ਮੁੜ ਕੇ ਮੁਗ਼ਲ ਫ਼ੌਜਾਂ ਨੂੰ ਠੱਲ੍ਹਿਆ। ਤਲਵਾਰਾਂ ਨਾਲ ਮੁੱਠ-ਭੇੜ ਹੋਈ। ਭਾਈ ਉਦੈ ਸਿੰਘ ਸ਼ਹੀਦ ਹੋ ਗਏ। ਭਾਈ ਜੀਵਨ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਨੂੰ ਘੇਰੇ ਵਿਚੋਂ ਬਚਾਇਆ, ਉਹ ਸਰਸਾ ਨਦੀ ਪਾਰ ਕਰਕੇ ਆਪਣੇ ਗੁਰੂ-ਪਿਤਾ ਨਾਲ ਜਾ ਰਲੇ। ਭਾਈ ਜੀਵਨ ਸਿੰਘ ਨੇ ਮੁਗ਼ਲਾਂ ‘ਤੇ ਬੜੇ ਕਰੜੇ ਵਾਰ ਕੀਤੇ। ਉਨ੍ਹਾਂ ਦੇ ਕਈ ਸਿਪਾਹੀ ਚਿੱਤ ਕੀਤੇ ਪਰ ਮੁਗ਼ਲਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜੰਗ ਵਿਚ ਜੂਝਦੇ ਉਹ ਸ਼ਹੀਦੀ ਪਾ ਗਏ।
ਗੁਰਦੁਆਰਾ ਪਰਿਵਾਰ ਵਿਛੋੜਾ
ਸਰਸਾ ਦੇ ਪਾਰ ਪਹੁੰਚ ਕੇ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਤਿੰਨਾਂ ਹਿੱਸਿਆਂ ਵਿਚ ਵੰਡ ਦਿੱਤਾ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਘੱਲ ਦਿੱਤਾ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਆਪਣੇ ਰਸੋਈਏ ਗੰਗੂ ਬ੍ਰਾਹਮਣ ਨਾਲ ਖੇੜੀ ਵੱਲ ਤੁਰ ਪਏ। ਗੁਰੂ ਜੀ ਸਣੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਕੁਝ ਸਿੰਘਾਂ ਦੇ ਨਾਲ ਰੋਪੜ ਵੱਲ ਚੱਲ ਪਏ।
ਗੁਰਦੁਆਰਾ ਭੱਠਾ ਸਾਹਿਬ
ਰਸਤੇ ਵਿਚ ਇੱਟਾਂ ਦਾ ਇਕ ਭੱਠਾ ਸੀ। ਇਸ ‘ਤੇ ਗੁਰੂ ਸਾਹਿਬ ਦੇ ਘੋੜੇ ਦੇ ਪੈਰ ਪੈਂਦਿਆਂ ਹੀ ਭੱਠਾ ਠੰਡਾ ਹੋ ਗਿਆ। ੨੦ ਦਸੰਬਰ ਦੀ ਰਾਤ ਆਪ ਰੋਪੜ ਰਹੇ। ਕੋਟਲਾ ਨਿਹੰਗ ਦੇ ਇਕ ਪਠਾਣ ਨੇ ਜੋ ਗੁਰੂ ਜੀ ਦਾ ਸ਼ਰਧਾਲੂ ਸੀ, ਰਾਖੀ ਰੱਖੀ। ੨੧ ਦਸੰਬਰ ਦੀ ਰਾਤ ਨੂੰ ਆਪ ਚਮਕੌਰ ਵੱਲ ਚੱਲ ਪਏ। ਦੂਜੇ ਦਿਨ ਸਵੇਰੇ ਹੀ ਉਥੋਂ ਦਾ ਜ਼ਿਮੀਂਦਾਰ ਚੌਧਰੀ ਬੁੱਧੀ ਚੰਦ ਗੁਰੂ ਜੀ ਕੋਲ ਹਾਜ਼ਰ ਹੋਇਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਖੁੱਲ੍ਹੇ ਮੈਦਾਨ ਨਾਲੋਂ ਗੁਰੂ ਜੀ ਉਸ ਦੀ ਹਵੇਲੀ ਵਿਚ ਚਲੇ ਜਾਣ, ਜੋ ਵਧੇਰੇ ਬਚਾਉ ਵਾਲੀ ਥਾਂ ਹੈ, ਉਹ ਜਾਣਦਾ ਸੀ ਕਿ ਮੁਗ਼ਲ ਫ਼ੌਜਾਂ ਗੁਰੂ ਜੀ ਦੇ ਪਿੱਛੇ ਲੱਗੀਆਂ ਹੋਈਆਂ ਹਨ ਤੇ ਗੁਰੂ ਜੀ ਨੂੰ ਟਿਕਾਣਾ ਦੇਣਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੀ ਗੱਲ ਹੈ, ਪਰ ਉਸ ਨੇ ਮੁਖ ਨਾ ਮੋੜਿਆ।
ਗੁਰੂ ਜੀ ਅੱਗੇ ਉਸ ਗੜ੍ਹੀ ਵਿਚ ਚਰਨ ਪਾ ਚੁੱਕੇ ਸਨ। ਉਨ੍ਹਾਂ ਨੂੰ ਬੁੱਧੀ ਚੰਦ ਦੀ ਤਜਵੀਜ਼ ਪਸੰਦ ਆਈ। ਸਣੇ ਆਪਣੇ ਯੋਧਿਆਂ ਦੇ ਗੁਰੂ ਜੀ ਨੇ ਆਪਣਾ ਟਿਕਾਣਾ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਜਾ ਕੀਤਾ ਤੇ ਮੁਗ਼ਲ ਫ਼ੌਜਾਂ ਦੇ ਹਮਲੇ ਲਈ ਅੰਦਰ ਜਾ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਕੇ ਆਪਣੇ ਬਹਾਦਰ ਸਿੰਘਾਂ ਤੇ ਦੋਹਾਂ ਸਾਹਿਬਜ਼ਾਦਿਆਂ ਦੀਆਂ ਡਿਊਟੀਆਂ ਨਿਯਤ ਕਰ ਦਿੱਤੀਆਂ।
ਚਮਕੌਰ ਦੀ ਗੜ੍ਹੀ
ਮੁਗ਼ਲ ਫ਼ੌਜਾਂ ਤਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ, ਅਗਲੇ ਦਿਨ ੨੨ ਦਸੰਬਰ ੧੭੦੪ ਨੂੰ ਸੰਸਾਰ ਦਾ ਬੜਾ ਅਨੋਖਾ ਯੁੱਧ ਸ਼ੁਰੂ ਹੋਇਆ। ਇਕ ਪਾਸੇ ੪੦ ਭੁੱਖੇ-ਭਾਣੇ, ਥੱਕੇ-ਤਿਹਾਏ ਗੁਰੂ ਜੀ ਦੇ ਸਿੰਘ ਤੇ ਦੂਜੇ ਪਾਸੇ ਮੁਗ਼ਲਾਂ ਦੀ ਦੱਸ ਲੱਖ ਦੀ ਫ਼ੌਜ। ਨਵਾਬ ਵਜ਼ੀਰ ਖਾਨ ਨੇ ਸਵੇਰੇ ਹੀ ਢੰਡੋਰਾ ਪਿਟਵਾਇਆ ਕਿ:
“ਜੇ ਗੁਰੂ ਜੀ ਆਪਣੇ ਆਪ ਨੂੰ ਸਾਥੀਆਂ ਸਮੇਤ ਉਨ੍ਹਾਂ ਦੇ ਹਵਾਲੇ ਕਰ ਦੇਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ।”
ਇਸ ਐਲਾਨ ਦਾ ਜਵਾਬ ਗੁਰੂ ਜੀ ਨੇ ਤੀਰਾਂ ਦੀ ਬੁਛਾੜ ਨਾਲ ਦਿੱਤਾ। ਮੁਗ਼ਲਾਂ ਨੇ ਭੀ ਤੀਰਾਂ ਦੀ ਬਾਰਸ਼ ਸ਼ੁਰੂ ਕਰ ਦਿੱਤੀ, ਪਰ ਕਿਲ੍ਹੇ ਦੀ ਦੀਵਾਰ ਦੇ ਨੇੜੇ ਆਉਣ ਦੀ ਹਿੰਮਤ ਕਿਸੇ ਦੀ ਨਾ ਪੈਂਦੀ। ਜਰਨੈਲ ਨਾਹਰ ਖਾਨ ਨੇ ਅਛੋਪਲੇ ਜਿਹੇ ਪੌੜੀ ਲਗਾ ਕੇ ਹਵਾਲੀ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਜਦ ਉਸ ਨੇ ਜ਼ਰਾ ਕੁ ਸਿਰ ਉੱਚਾ ਕੀਤਾ ਤਾਂ ਦਸਮੇਸ਼ ਗੁਰੂ ਜੀ ਨੇ ਤੀਰ ਨਾਲ ਉਸ ਨੂੰ ਉਥੇ ਹੀ ਚਿੱਤ ਕਰ ਦਿੱਤਾ।
ਉਸ ਤੋਂ ਮਗਰੋਂ ਗਨੀ ਖਾਨ ਨੇ ਸਿਰ ਕੱਢਿਆ, ਤਾਂ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨ ਦਿੱਤਾ ਤੇ ਉਹ ਤੜਪਦਾ ਥੱਲੇ ਡਿੱਗ ਕੇ ਮਰ ਗਿਆ। ਖੁਆਜਾ ਮਹਿਮੂਦ ਅਲੀ ਇਹ ਘਟਨਾ ਦੇਖ ਕੇ ਕੰਧ ਦੇ ਉਹਲੇ ਲੁਕਦਾ- ਲੁਕਾਂਦਾ ਦੌੜ ਗਿਆ, ਇਸ ਕਰਕੇ ਹੀ ਇਸ ਡਰਪੋਕ ਤੇ ਬੁਜ਼ਦਿਲ ਜਰਨੈਲ ਦਾ ਨਾਮ ਮਰਦੂਦ ਅਲੀ ਪੈ ਗਿਆ।
ਇਨ੍ਹਾਂ ਜਰਨੈਲਾਂ ਦੀ ਕਾਇਰਤਾ ਕਾਰਨ ਮੁਗ਼ਲ ਫ਼ੌਜਾਂ ਵਿਚ ਘਬਰਾਹਟ ਫੈਲ ਗਈ। ਨਵਾਬ ਸਰਹਿੰਦ ਅੱਗੇ ਆਇਆ ਤੇ ਫ਼ੌਜਾਂ ਨੂੰ ਇਕੋ ਵਾਰ ਜ਼ਬਰਦਸਤ ਹਮਲਾ ਕਰਨ ਦਾ ਹੁਕਮ ਦਿੱਤਾ। ਇਸ ਹੱਲੇ ਦਾ ਟਾਕਰਾ ਕਰਨ ਲਈ ਗੁਰੂ ਜੀ ਨੇ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਕਿਲ੍ਹੇ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਕਿਲ੍ਹੇ ਦੀਆਂ ੪ ਬਾਹੀਆਂ ‘ਤੇ ਵੀ ਕੁਝ ਸਿੰਘ ਖੜ੍ਹੇ ਕਰ ਦਿੱਤੇ। ਗੁਰੂ ਜੀ ਆਪ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ਦੀ ਮਮਟੀ ‘ਤੇ ਚੜ੍ਹ ਗਏ।
ਕਿਲ੍ਹੇ ਤੋਂ ਬਾਹਰ ਨਿਕਲਦਿਆਂ ਸਿੰਘ ਸੂਰਮਿਆਂ ਨੇ ਵਧਦੀ ਆ ਰਹੀ ਮੁਗ਼ਲ ਫ਼ੌਜ ਨੂੰ ਅੱਗੇ ਜਾ ਲਿਆ। ਉਪਰੋਂ ਗੁਰੂ ਜੀ ਤੇ ਸਿੰਘਾਂ ਨੇ ਬੰਦੂਕਾਂ ਦੀਆਂ ਗੋਲੀਆਂ ਦੀ ਅਤੇ ਤੀਰਾਂ ਦੀ ਬਾਰਸ਼ ਸ਼ੁਰੂ ਕਰ ਦਿੱਤੀ। ਕਈ ਘੰਟੇ ਲੋਹੇ ‘ਤੇ ਲੋਹਾ ਵਜਦਾ ਰਿਹਾ। ਲੋਥਾਂ ਦੀਆਂ ਲੋਥਾਂ ਮੈਦਾਨ ਵਿਚ ਡਿੱਗੀਆਂ, ਲਹੂ ਦੇ ਘਾਣ ਮਚ ਗਏ, ਪੰਜੇ ਸਿੰਘ ਸ਼ਹੀਦ ਹੋ ਗਏ। ਬਹਾਦਰ ਸਿੰਘਾਂ ਦੇ ਹੋਰ ਜਥੇ ਕਿਲ੍ਹੇ ਤੋਂ ਜੈਕਾਰੇ ਬੁਲਾਂਦੇ ਆਏ। ਉਹ ਵੀ ਆਪਣੇ ਕਰਤਬ ਦਿਖਾਂਦੇ ਕਈ ਮੁਗ਼ਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪਾ ਗਏ।
ਨਵਾਬ ਸਰਹਿੰਦ ਦੀਆਂ ਫ਼ੌਜਾਂ ਅੱਗੇ ਵਧਦੀਆਂ ਆ ਰਹੀਆਂ ਸਨ। ਉਹ ਗੜ੍ਹੀ ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਸਨ। ਸਾਫ ਦਿਸ ਰਿਹਾ ਸੀ ਕਿ ਇਤਨਾ ਵੱਡਾ ਹਮਲਾ ਰੋਕਣਾ ਮੁਸ਼ਕਲ ਹੈ। ਸਿੰਘਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ “ਉਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ‘ਚੋਂ ਚਲੇ ਜਾਣ।” ਗੁਰੂ ਜੀ ਨੇ ਭਖਦੀ ਜੰਗ ਵੱਲ ਇਸ਼ਾਰਾ ਕੀਤਾ।
ਸਿੰਘਾਂ ਨੇ ਫੇਰ ਬੇਨਤੀ ਕੀਤੀ, ‘ਮਹਾਰਾਜ ਜੀ! ਆਪ ਦਾ ਸਾਹਿਬਜ਼ਾਦਿਆਂ ਦੇ ਨਾਲ ਗੜ੍ਹੀ ਨੂੰ ਛੱਡ ਜਾਣਾ ਠੀਕ ਨੀਤੀ ਹੈ।’
ਇਹ ਗੱਲ ਸੁਣ ਕੇ ਦਸਮੇਸ਼ ਪਿਤਾ ਨੇ ਪੁੱਛਿਆ, ‘ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।’
ਇਹ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਗੁਰੂ ਜੀ ਦੇ ਸਨਮੁੱਖ ਆ ਕੇ ਜੰਗ ਵਿਚ ਜਾਣ ਦੀ ਆਗਿਆ ਮੰਗੀ।
ਗੁਰੂ ਜੀ ਨੇ ਉਸ ਨੂੰ ਥਾਪੀ ਦੇ ਕੇ ਜੰਗ ਦੇ ਮੈਦਾਨ ਵਿਚ ਜਾਣ ਦੀ ਆਗਿਆ ਦੇ ਦਿੱਤੀ, ਨਾਲ ਅੱਠ ਸਿੰਘਾਂ ਦਾ ਜੱਥਾ ਘੱਲਿਆ।
ਕਿਲ੍ਹੇ ਦੇ ਦਰਵਾਜ਼ੇ ਵਿਚੋਂ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿਚ ਜੈਕਾਰਾ ਛਡਦਿਆਂ ਆਉਂਦਾ ਦੇਖ ਕੇ ਮੁਗ਼ਲ ਵੈਰੀ ਠਠੰਬਰ ਗਏ ਕਿ ਗੁਰੂ ਗੋਬਿੰਦ ਸਿੰਘ ਅਜੀਬ ਬਾਪ ਹੈ ਜੋ ਆਪਣੇ ਬੇਟੇ ਨੂੰ ਮੌਤ ਦੇ ਮੂੰਹ ਵਿਚ ਆਪ ਘੱਲ ਰਿਹਾ ਹੈ। ਮੁਗ਼ਲ ਫ਼ੌਜਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ, ਪਰ ਤਿੱਖੇ ਤੀਰਾਂ ਨਾਲ ਉਨ੍ਹਾਂ ਨੇ ਕਈ ਵੈਰੀਆਂ ਦੀਆਂ ਛਾਤੀਆਂ ਵਿੰਨ੍ਹ ਸੁੱਟੀਆਂ। ਟਾਕਰਾ ਕਿਤਨੀ ਦੇਰ ਚਲਦਾ ਰਿਹਾ, ਤੀਰ ਮੁੱਕ ਗਏ, ਬਾਬਾ ਅਜੀਤ ਸਿੰਘ ਜੀ ਨੇ ਨੇਜਾ ਸੰਭਾਲ ਲਿਆ। ਸੰਜੋਅ ਨਾਲ ਢਕੇ ਇਕ ਮੁਗਲ ਸਿਪਾਹੀ ਦੇ ਸੀਨੇ ਵਿਚ ਜਦ ਸਾਹਿਬਜ਼ਾਦੇ ਨੇ ਨੇਜੇ ਨਾਲ ਵਾਰ ਕੀਤਾ, ਤਾਂ ਨੇਜੇ ਦੀ ਇਕ ਨੋਕ ਮੁੜ ਗਈ ਤੇ ਉਹ ਸੰਜੋਅ ਦੇ ਅੰਦਰ ਹੀ ਖੁਭਿਆ ਰਹਿ ਗਿਆ। ਆਪ ਨੇ ਤਲਵਾਰ ਧੂਹ ਲਈ ਅਤੇ ਘੋੜੇ ‘ਤੇ ਸਵਾਰ ਹੀ ਦੁਸ਼ਮਣ ਦੀਆਂ ਫ਼ੌਜਾਂ ਵਿਚ ਘੁਸ ਗਏ। ਲੜਦੇ-ਲੜਦੇ ਨਾਲ ਦੇ ਸਿੰਘ ਸ਼ਹੀਦ ਹੋ ਗਏ। ਬਾਬਾ ਜੀ ਨੂੰ ਇਕ ਮੁਗ਼ਲ ਸਰਦਾਰ ਨੇ ਕੱਸ ਕੇ ਨੇਜਾ ਮਾਰਿਆ। ਆਪ ਵਾਲ-ਵਾਲ ਬਚ ਗਏ ਪਰ ਘੋੜਾ ਜ਼ਖ਼ਮੀ ਹੋ ਗਿਆ। ਆਪ ਪੈਦਲ ਹੀ ਤਲਵਾਰ ਦੇ ਜ਼ੌਹਰ ਵਿਖਾਉਣ ਲੱਗੇ। ਇਕੱਲਿਆਂ ਦੇਖ ਕੇ ਮੁਗ਼ਲ ਸਿਪਾਹੀਆਂ ਨੇ ਇਕੇ ਵਾਰ ਸਾਹਿਬਜ਼ਾਦਾ ਅਜੀਤ ਸਿੰਘ ‘ਤੇ ਧਾਵਾ ਬੋਲ ਦਿੱਤਾ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਮਟੀ ‘ਤੇ ਖੜ੍ਹੇ ਹੋ ਕੇ ਆਪਣੇ ਬਹਾਦਰ ਸਪੂਤ ਦੇ ਜ਼ੌਹਰ ਦੇਖ ਰਹੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖ ਕੇ ਆਪ ਨੇ ਜੈਕਾਰਾ ਛੱਡਿਆ।
ਆਪਣੇ ਵੱਡੇ ਭਰਾ ਦੇ ਕਦਮਾਂ ‘ਤੇ ਚਲਦੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਚਾਅ ਚੜ੍ਹਿਆ ਤੇ ਜੰਗ ਵਿਚ ਜਾਣ ਲਈ ਗੁਰੂ ਜੀ ਤੋਂ ਆਗਿਆ ਮੰਗੀ। ਗੁਰੂ ਜੀ ਨੇ ਖੁਸ਼ੀ ਨਾਲ ਆਪਣੇ ਲਾਡਲੇ ਸਪੂਤ ਨੂੰ ਜੰਗ ਦੇ ਮੈਦਾਨ ਵਿਚ ਅਸੀਸ ਦੇ ਕੇ ਘੱਲਿਆ ਤੇ ਨਾਲ ਪੰਜ ਸਿੰਘਾਂ ਦਾ ਜਥਾ ਵੀ ਭੇਜਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਉਸ ਵੇਲੇ ਸਿਰਫ ੧੪ ਸਾਲ ੮ ਮਹੀਨੇ ਦੀ ਉਮਰ ਦੇ ਸਨ। ਜੰਗ ਦੇ ਮੈਦਾਨ ਵਿਚ ਪਹੁੰਚਦਿਆਂ ਹੀ ਆਪ ਦੇ ਜ਼ੋਰਦਾਰ ਜੈਕਾਰੇ ਨਾਲ ਜੰਗ ਫਿਰ ਮੱਚ ਪਈ। ਸਾਹਿਬਜ਼ਾਦੇ ਦੇ ਨੇਜੇ ਦੇ ਵਾਰਾਂ ਨਾਲ ਕਈ ਮੁਗ਼ਲ ਸਿਪਾਹੀ ਡਿੱਗ ਪਏ। ਉਨ੍ਹਾਂ ਦੇ ਸਾਥੀ ਸਿੰਘਾਂ ਨੇ ਵੀ ਕਈ ਵੈਰੀਆਂ ਨੂੰ ਮਾਰ ਮੁਕਾਇਆ। ਮੁਗ਼ਲਾਂ ਨੇ ਹੁਣ ਘੇਰਾ ਸੌੜਾ ਕਰ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਗੁਰੂ ਗੋਬਿੰਦ ਸਿੰਘ ਜੀ ਮਮਟੀ ਤੋਂ ਇਹ ਨਜ਼ਾਰਾ ਦੇਖ ਰਹੇ ਸਨ, ਉਨ੍ਹਾਂ ਨੇ ਉਤੋਂ ਹੀ ਤੀਰਾਂ ਦਾ ਮੀਂਹ ਵਰਸਾਣਾ ਸ਼ੁਰੂ ਕਰ ਦਿੱਤਾ ਘੇਰਾ ਟੁੱਟ ਗਿਆ, ਸਿੰਘ ਤੇ ਸਾਹਿਬਜ਼ਾਦਾ ਅੱਗੇ ਵਧਣ ਲੱਗੇ। ਤੀਰ ਤਲਵਾਰ ਚਲਾ ਕੇ ਕਈਆਂ ਦੇ ਆਹੂ ਲਾਹੇ, ਪੰਜ ਛੇ ਕਿੰਨੀ-ਕੁ ਦੇਰ ਸੈਂਕੜੇ ਹਜ਼ਾਰਾਂ ਦਾ ਮੁਕਾਬਲਾ ਕਰ ਸਕਦੇ ਸਨ? ਬਹਾਦਰ ਸਿੰਘ ਸੂਰਮਿਆਂ ਨੇ ਇਹ ਪ੍ਰਗਟ ਕਰ ਦਿੱਤਾ ਕਿ ਵੈਰੀ ਤੇ ਸਵਾ ਲੱਖ ਨਾਲ ਸਚਮੁੱਚ ਇਕ ਸਿੰਘ ਲੜ ਸਕਦਾ ਹੈ। ਮੁਗ਼ਲਾਂ ਦੇ ਇਕ ਹੋਰ ਦਸਤੇ ਨੇ ਬਾਬਾ ਜੁਝਾਰ ਸਿੰਘ ਜੀ ਦੁਆਲੇ ਐਸਾ ਘੇਰਾ ਪਾਇਆ ਕਿ ਉਸ ਨੂੰ ਉਹ ਤੋੜ ਨਾ ਸਕੇ। ਉਧਰ ਸੂਰਜ ਨੇ ਮੂੰਹ ਛੁਪਾਇਆ ਏਧਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੂਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹਾਦਤ ਪਾ ਗਏ। ਗੁਰੂ ਜੀ ਨੇ ਉਸ ਵਾਹਿਗੁਰੂ ਦੀ ਅਮਾਨਤ ਵਾਹਿਗੁਰੂ ਦੇ ਹਵਾਲੇ ਕਰ ਕੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਬੁਲਾਇਆ।
ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਸਣੇ ਆਪਣੇ ਬਾਕੀ ਰਹਿ ਗਏ ਸਿੰਘਾਂ ਦੇ ਸੋਦਰੁ ਰਹਰਾਸਿ ਸਾਹਿਬ ਦੀ ਚੌਂਕੀ ਲਗਾਈ। ਫੇਰ ਚਾਰ ਤੀਰ ਮੁਗ਼ਲ ਫ਼ੌਜਾਂ ਦੇ ਜਰਨੈਲਾਂ ਨੂੰ ਮਾਰੇ ਤੇ ਹਰ ਤੀਰ ਨਾਲ ਇਕ ਚਿੱਠੀ ਵੀ ਘੱਲੀ।
ਤੀਰਾਂ ਨਾਲ ਚਿੱਠੀਆਂ
ਇਕ ਤੀਰ ਖੁਆਜ਼ਾ ਮਹਿਮੂਦ ਅਲੀ (ਮਰਦੂਦ) ਨੂੰ ਮਾਰਿਆ, ਜੋ ਉਸ ਦੀ ਪੇਟੀ ਵਿਚ ਲੱਗਾ, ਉਸ ਦੀ ਚਿੱਠੀ ਵਿਚ ਲਿਖਿਆ:
‘ਕਸਮ ਖਾ ਕੇ ਫਿਰ ਜਾਣ ਨਾਲ ਆਪ ਨੇ ਦੀਨ ਦੁਨੀਆਂ ਦੋਵੇਂ ਗਵਾ ਲਏ।’
ਦੂਜਾ ਤੀਰ ਨਾਜ਼ਰ ਖ਼ਾਨ ਦੇ ਘੋੜੇ ਨੂੰ ਵੱਜਿਆ ਜਿਸ ਵਿਚ ਲਿਖਿਆ ਸੀ:
‘ਕਸਮ ਖਾ ਕੇ ਜੋ ਬੇਈਮਾਨ ਹੁੰਦਾ ਹੈ, ਉਹ ਦੋਜ਼ਖ ਦੀ ਅੱਗ ਵਿਚ ਸੜਦਾ ਹੈ। ਜੋ ਯਕੀਨ ਰਖਦਾ ਹੈ, ਉਹ ਉੱਚਾ ਹੁੰਦਾ ਹੈ।’
ਤੀਜਾ ਤੀਰ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਦੀ ਪੱਗ ਨੂੰ ਲੱਗਾ ਅਤੇ ਚਿੱਠੀ ਵਿਚ ਲਿਖਿਆ:
‘ਕੁਰਾਨ ਦੀ ਕਸਮ ਤੋੜਨ ਵਾਲਾ ਦੋਜ਼ਖ ਵਿਚ ਹੀ ਪਵੇਗਾ। ਸਮਾਂ ਆ ਰਿਹਾ ਹੈ, ਜਦ ਸਿੰਘ ਸਾਰੇ ਸੂਬੇ ਵਿਚ ਹਲਚਲ ਮਚਾ ਦੇਣਗੇ।’
ਚੌਥਾ ਤੀਰ ਅਜਮੇਰ ਚੰਦ ਦੀ ਲੱਤ ਵਿਚ ਵੱਜਾ ਤੇ ਉਸ ਨੂੰ ਲਿਖਿਆ:
‘ਤੈਨੂੰ ਆਰਾਮ ਕਦੇ ਨਹੀਂ ਮਿਲੇਗਾ, ਪਰ ਸਾਡਾ ਰਾਖਾ ਅਕਾਲ ਪੁਰਖ वै।’
ਸਿੰਘਾਂ ਨੂੰ ਸੰਬੋਧਨ
ਚਮਕੌਰ ਦੀ ਗੜ੍ਹੀ ਵਿਚ ਰਹਿ ਗਏ ਬਾਕੀ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਨੇ ਫ਼ੁਰਮਾਇਆ, “ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨ ਵਾਰ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਸਾਡੇ ਲਹੂ ਦੀ ਇਕ ਬੂੰਦ ਵੀ ਵਿਅਰਥ ਨਹੀਂ ਜਾਵੇਗੀ।” ਨਾਲ ਹੀ ਇਹ ਵੀ ਫ਼ੁਰਮਾਇਆ, ਸਿੱਖਾਂ ਨੂੰ ਸਦਾ ਚਾਰ ਓਟਾਂ ਹਨ:
ਪਹਿਲੀ ਓਟ ਅਕਾਲ ਪੁਰਖ ਦੀ,
ਦੂਜੀ ਸਤਿਗੁਰ ਜੀ ਦੀ,
ਤੀਜੀ ਸਾਧ ਸੰਗਤ ਦੀ ਤੇ
ਚੌਥੀ ਆਪਣੀ।
ਸੋ, ਸਿੰਘਾਂ ਨੂੰ ਇਨ੍ਹਾਂ ਓਟਾਂ ਦੇ ਸਹਾਰੇ ਸਦਾ ਡਟੇ ਰਹਿਣਾ ਚਾਹੀਦਾ ਹੈ।
ਗੜ੍ਹੀ ਵਿਚ ਹੁਣ ੧੦ ਸਿੰਘ ਹੀ ਬਾਕੀ ਰਹਿ ਗਏ ਸਨ। ਉਨ੍ਹਾਂ ਨੇ ਨਾਜ਼ੁਕ ਹਾਲਤ ਦੇਖ ਕੇ ਬਿਖੜੇ ਸਮੇਂ ਪੰਥ ਲਈ ਗੁਰੂ ਜੀ ਦੀ ਪਾਵਨ ਹੋਂਦ ਦੀ ਮਹੱਤਤਾ ਨੂੰ ਅਨੁਭਵ ਕਰਦਿਆਂ ਆਪਣੇ ਵਿਚੋਂ ਪੰਜ ਪਿਆਰੇ ਚੁਣੇ ਤੇ ਮਤਾ ਪਕਾ ਕੇ ਭਾਈ ਦਇਆ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਜੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਗੜ੍ਹੀ ਛੱਡ ਜਾਣ। ‘ਆਪੇ ਗੁਰੂ ਚੇਲਾ’ ਬਣਨ ਵਾਲੇ ਗੁਰੂ ਨੇ ਪੰਜਾਂ ਪਿਆਰਿਆਂ ਦੇ ਹੁਕਮ ਅੱਗੇ ਸਿਰ ਝੁਕਾਇਆ ਪਰ ਇਕ ਸ਼ਰਤ ਲਗਾਈ ਕਿ ਗੜ੍ਹੀ ਛਡਦਿਆਂ ਹੀ ਉਹ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ।
ਦਸਮੇਸ਼ ਜੀ ਨੇ ਤਿੰਨ ਸਿੰਘ ਆਪਣੇ ਨਾਲ ਲਏ ਤੇ ਬਾਕੀ ਸੱਤਾਂ ਸਿੰਘਾਂ ਵਿਚੋਂ ਆਪਣੇ ਮੁਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਆਪਣਾ ਪੋਸ਼ਾਕਾ ਪਹਿਨਾ ਕੇ ਮਮਟੀ ‘ਤੇ ਬਿਠਾ ਦਿੱਤਾ, ਤਾਂ ਜੋ ਮੁਗ਼ਲਾਂ ਲਈ ਕੁਝ ਚਿਰ ਭੁਲੇਖਾ ਬਣਿਆ ਰਹੇ।
ਅੱਧੀ ਰਾਤ ਤੋਂ ਮਗਰੋਂ ਗੁਰੂ ਜੀ ਨੇ ਬੁਰਜ ‘ਤੇ ਖੜ੍ਹੇ ਹੋ ਕੇ ਆਪ ਨਰਸਿੰਘਾ ਵਜਾਇਆ, ਤਾਂ ਜੁ ਇਹ ਪਤਾ ਲੱਗ ਜਾਏ ਕਿ ਗੜ੍ਹੀ ਤੋਂ ਹਮਲਾ ਹੋਣ ਵਾਲਾ ਹੈ। ਇਸ ਤੋਂ ਮਗਰੋਂ ਗੁਰੂ ਜੀ ਗੜ੍ਹੀ ਤੋਂ ਬਾਹਰ ਨਿਕਲੇ। ਹਨ੍ਹੇਰੇ ਵਿਚ ਟੁਰਦੇ- ਟੁਰਦੇ ਇਕ ਟਿੱਬੀ ‘ਤੇ ਜਾ ਚੜ੍ਹੇ ਤੇ ਤਿੰਨ ਵਾਰ ਉੱਚੀ-ਉੱਚੀ ਲਲਕਾਰ ਕੇ ਕਿਹਾ- ‘ਪੀਰੇ ਹਿੰਦ ਮੇ ਰਵੱਦ’ ਅਰਥਾਤ ‘ਹਿੰਦ ਦਾ ਪੀਰ’ ਚਲਾ ਗਿਆ।
ਮੁਗ਼ਲ ਫ਼ੌਜਾਂ ਵਿਚ ਖਲਬਲੀ ਮੱਚ ਗਈ। ਉਭੜਵਾਹੇ ਉੱਠੇ ਟਿੱਬੀ ਵੱਲ ਵਧੇ। ਇਕ ਮਿਸ਼ਾਲਚੀ ਰਾਹ ਦਿਖਾਂਦਾ ਜਾ ਰਿਹਾ ਸੀ। ਗੁਰੂ ਜੀ ਨੇ ਮਿਸ਼ਾਲਚੀ ਦੇ ਹੱਥ ਦਾ ਅਜਿਹਾ ਨਿਸ਼ਾਨਾ ਬਣਾਇਆ ਕਿ ਉਸ ਦੀ ਮਿਸ਼ਾਲ ਬੁੱਝ ਗਈ। ਗੁਰੂ ਜੀ ਦੇ ਤਿੰਨੇ ਸਾਥੀ ਨਿੱਖੜ ਗਏ। ਦਿਨ ਚੜ੍ਹਦੇ ਤੱਕ ਗੁਰੂ ਜੀ ਬਹੁਤ ਦੂਰ ਪਹੁੰਚ ਗਏ। ਸਵੇਰੇ ਦਿਨ ਚੜ੍ਹਦੇ ਹੀ ਮੁਗ਼ਲਾਂ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ। ਸੱਤ ਦੇ ਸੱਤ ਸਿੰਘ ਬਾਹਰ ਨਿਕਲ ਆਏ ਤੇ ਜੈਕਾਰੇ ਛਡਦੇ ਤਲਵਾਰਾਂ ਸੂਤ ਕੇ ਵੈਰੀਆਂ ‘ਤੇ ਟੁੱਟ ਕੇ ਪੈ ਗਏ। ਗੁਰੂ ਜੀ ਦੀ ਪੋਸ਼ਾਕ ਵਾਲਾ ਤੇ ਕਲਗੀ ਸਣੇ, ਇਕ ਸਿੰਘ ਨੂੰ ਦੇਖ ਕੇ ਮੁਗ਼ਲਾਂ ਨੂੰ ਭੁਲੇਖਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਭੀ ਸ਼ਹੀਦ ਹੋ ਗਏ ਹਨ। ਕਈ ਦਿਨ ਇਹ ਭੁਲੇਖਾ ਬਣਿਆ ਰਿਹਾ, ਪਰ ਗੁਰੂ ਜੀ ਬਹੁਤ ਦੂਰ ਜਾ ਚੁੱਕੇ ਸਨ।
ਗੁਰਦੁਆਰਾ ਜੋਤੀ ਸਰੂਪ
ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਸਣੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਦੇ- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ- ਗੰਗੂ ਬ੍ਰਾਹਮਣ ਦੇ ਨਾਲ ਉਸ ਦੇ ਪਿੰਡ ਖੇੜੀ ਜਾ ਪਹੁੰਚੇ। ਖੱਚਰ ‘ਤੇ ਇਕ ਥੈਲੇ ਵਿਚ ਸੋਨੇਂ ਦੀਆਂ ਮੋਹਰਾਂ ਭੀ ਸਨ। ਗੰਗੂ ਨੂੰ ਇਸ ਭੇਦ ਦਾ ਪਤਾ ਸੀ। ਪਿੰਡ ਪਹੁੰਚ ਕੇ ਉਸ ਦੀ ਨੀਅਤ ਬਦਲ ਗਈ। ਰਾਤ ਨੂੰ ਦਾਅ ਲਗਾ ਕੇ ਉਸ ਨੇ ਮੋਹਰਾਂ ਦੀ ਥੈਲੀ ਚੁਰਾ ਲਈ। ਮਾਤਾ ਜੀ ਨੂੰ ਸਵੇਰੇ ਜਦ ਇਸ ਚੋਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੰਗੂ ਤੋਂ ਪੁੱਛ-ਗਿੱਛ ਕੀਤੀ। ਆਪਣਾ ਕਸੂਰ ਮੰਨਣ ਦੀ ਬਜਾਏ ਉਸ ਨੇ ਪਿੰਡ ਮੁਰਿੰਡਾ ਦੇ ਥਾਣੇ ਜਾ ਕੇ ਮਾਤਾ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਬਾਰੇ ਖ਼ਬਰ ਕਰ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ। ਉਥੋਂ ਉਨ੍ਹਾਂ ਨੂੰ ਸਰਹਿੰਦ ਪਹੁੰਚਾ ਦਿੱਤਾ ਗਿਆ ਤੇ ਰਾਤ ਨੂੰ ਸ਼ਾਹੀ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਸਾਖੀਆਂ ਤੇ ਪਾਠ ਹੀ ਸੁਣਾਉਂਦੇ ਰਹੇ।
ਦੂਜੇ ਦਿਨ ਸਵੇਰੇ ੨੫ ਦਸੰਬਰ ੧੭੦੪ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਨਵਾਬ ਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ। ਵਜ਼ੀਰ ਸੁਚਾ ਨੰਦ ਨੇ ਵੀ ਉਨ੍ਹਾਂ ਨੂੰ ਭੈ-ਭੀਤ ਕਰਨ ਦੇ ਬਥੇਰੇ ਜਤਨ ਕੀਤੇ, ਪਰ ਪੌਣੇ ਅੱਠ ਤੇ ਪੌਣੇ ਛੇ ਸਾਲਾਂ ਦੇ ਦੋਵੇਂ ਸਾਹਿਬਜ਼ਾਦੇ ਆਪਣੇ ਬਚਨ ‘ਤੇ ਅਟੱਲ ਰਹੇ। ਤਿੰਨ ਦਿਨ ਦੋਹਾਂ ਦੀਆਂ ਲਗਾਤਾਰ ਕਚਹਿਰੀ ਵਿਚ ਪੇਸ਼ੀਆਂ ਹੁੰਦੀਆਂ ਰਹੀਆਂ। ਜਦ ਨਵਾਬ ਵਜ਼ੀਰ ਖਾਨ ਦੇ ਸਾਰੇ ਜਤਨ ਵਿਅਰਥ ਗਏ ਤੇ ਮਾਸੂਮ ਬੱਚਿਆਂ ਨੇ ਆਪਣਾ ਸਿੱਖੀ ਆਦਰਸ਼ ਨਾ ਛੱਡਿਆ ਤਾਂ ਦੀਵਾਨ ਸੁੱਚਾ ਨੰਦ ਨੇ ਕਿਹਾ, ‘ਇਨ੍ਹਾਂ ਨੂੰ ਨਿੱਕੇ ਬਾਲਕ ਨਾ ਜਾਣੋ, ਇਹ ਜਮਾਂਦਰੂ ਹੀ ਲੜਾਕੇ ਹਨ।’ ਸੁੱਚਾ ਨੰਦ ਨੇ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ ਤੇ ਦੇਖਿਆ ਜਾਏ ਕਿ ਬੱਚੇ ਕੀ ਕਰਦੇ ਹਨ। ਤਿੰਨ ਦੁਕਾਨਾਂ ਬਜ਼ਾਰ ਵਿਚ ਲਾ ਦਿੱਤੀਆਂ ਜਾਣ। ਇਕ ਵਿਚ ਨਿਰੇ ਖਿਡੌਣੇ ਹੋਣ, ਦੂਜੀ ਵਿਚ ਮਠਿਆਈਆਂ ਤੇ ਤੀਜੀ ਵਿਚ ਸ਼ਸਤਰ, ਅਸਤਰ, ਗੋਲੇ। ਜੇ ਨਵਾਬ ਤੇ ਕਾਜ਼ੀ ਦੇ ਕਹਿਣ ਮੁਤਾਬਕ ਇਹ ਬੱਚੇ ਹਨ, ਤਾਂ ਖਿਡੌਣਿਆਂ ਨਾਲ ਖੇਡਣਗੇ ਜਾਂ ਮਠਿਆਈ ਖਾਣਗੇ।
ਸਾਹਿਬਜ਼ਾਦੇ ਜਦ ਛੱਡ ਦਿੱਤੇ ਗਏ ਤਾਂ ਉਨ੍ਹਾਂ ਨੇ ਬਾਹਰ ਜਾ ਕੇ ਤਿੰਨ ਦੁਕਾਨਾਂ ਲੱਗੀਆਂ ਦੇਖੀਆਂ, ਤਾਂ ਉਨ੍ਹਾਂ ਨਾ ਮਠਿਆਈ ਵੱਲ ਤੱਕਿਆ, ਨਾ ਖਿਡੌਣਿਆਂ ਵੱਲ ਦੇਖਿਆ, ਧਾ ਕੇ ਸ਼ਸਤਰਾਂ ਨੂੰ ਪਏ। ਧੰਨ ਕਲਗੀ ਵਾਲੇ ਦੇ ਬਾਲਕੇ!
ਲਤੀਫ਼ ਦਾ ਕਹਿਣਾ ਹੈ ਕਿ ਸਵਾਲ ਜਵਾਬ ਵੇਲੇ ਵੀ ਇਹ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ, ਤਾਂ ਉਹ ਸ਼ਸਤਰ ਹੀ ਇਕੱਠੇ ਕਰਨਗੇ, ਜੰਗਲੀਂ ਜਾ ਫ਼ੌਜ ਨੂੰ ਨਵੇਂ ਸਿਰਿਓਂ ਤਰਤੀਬ ਦੇਣਗੇ।
ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਹਨ, ਉਸ ਨੇ ਕਾਜ਼ੀ ਕੋਲੋਂ ਫਤਵਾ ਦਿਵਾ ਕੇ ਉਨ੍ਹਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਦਿੱਤਾ। ਜਦ ਮਾਤਾ ਗੁਜਰੀ ਜੀ ਨੂੰ ਆਪਣੇ ਪੋਤਰਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਠੰਡੇ ਬੁਰਜ ਵਿਚ ਪਹੁੰਚੀ, ਸ਼ਹੀਦ ਕੀਤੇ ਜਾਣ ਦੀ ਤੇ ਮਾਤਾ ਗੁਜਰੀ ਜੀ ਦੇ ਪ੍ਰਾਣ ਤਿਆਗ ਦੇਣ ਦੀ ਖ਼ਬਰ ਦਿੱਤੀ। ਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਉਖੇੜ ਕੇ ਫ਼ੁਰਮਾਇਆ: ‘ਇਹ ਰਾਜ ਹੁਣ ਜੜ੍ਹੋਂ ਪੁੱਟਿਆਂ ਗਿਆ ਹੈ।’
ਮਾਛੀਵਾੜੇ ਦੇ ਜੰਗਲਾਂ ਤੋਂ ਗੁਰੂ ਜੀ ਕਨੌਜ, ਜੱਟ ਪੂਰਾ, ਧੁਲਿਆਣੀ, ਚੱਕਰ ਤਖਤਪੁਰਾ, ਮਸੌਲ ਪਿੰਡ ਤੋਂ ਹੁੰਦੇ ਹੋਏ ਦੀਨਾ ਪਿੰਡ ਜਾ ਪਹੁੰਚੇ ਤੇ ਮੁੜ ਕਾਂਗੜ ਚਲੇ ਗਏ। ਉਥੋਂ ਹੀ ਗੁਰੂ ਜੀ ਨੇ ਆਪਣੀ ਸੰਸਾਰ ਪ੍ਰਸਿੱਧ ਚਿੱਠੀ ‘ਜ਼ਫ਼ਰਨਾਮਾ’ ਫ਼ਾਰਸੀ ਜ਼ਬਾਨ ਵਿਚ ਔਰੰਗਜ਼ੇਬ ਨੂੰ ਲਿਖੀ। ਉਸ ਵਿਚ ਬਾਦਸ਼ਾਹ ਨੂੰ ਕਿਹਾ-
ਚਿ ਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦ ਅਸਤੁ ਪੇਚੀਦਹ ਮਾਰ॥੭੮॥
(ਦਸਮ ਗ੍ਰੰਥ, ਪੰਨਾ ੧੩੯੨)
ਅਰਥਾਤ- ਹੇ ਔਰੰਗਜ਼ੇਬ! ਕੀ ਹੋਇਆ ਜੇ ਮੇਰੇ ਚਾਰ ਬੱਚੇ ਇਸ ਧਰਮ ਯੁੱਧ ਵਿਚ ਸ਼ਹੀਦ ਹੋ ਗਏ? ਪਰ ਉਨ੍ਹਾਂ ਦੇ ਕਤਲ ਦਾ ਬਦਲਾ ਲੈਣ ਲਈ ਕੁੰਡਲੀਦਾਰ ਸੱਪ, ਖਾਲਸਾ ਪੰਥ ਤਾਂ ਅਜੇ ਮੌਜੂਦ ਹੈ।
ਸਰਹਿੰਦ ਦਾ ਇਤਿਹਾਸ ਤੇ ਫਤਹਿਗੜ੍ਹ ਸਾਹਿਬ
ਸਰਹਿੰਦ ਦਾ ਪੁਰਾਤਨ ਸਮੇਂ ਦਾ ਨਾਮ ‘ਸੀਰੇਦ’ (ਸ਼ੇਰ ਦੀ ਗੁਫਾ) ਸੀ। ਇਹ ਸਥਾਨ ਘਣੇ ਜੰਗਲਾਂ ਵਿਚ ਘਿਰਿਆ ਹੋਇਆ ਸੀ, ਜਿਥੇ ਸ਼ੇਰ, ਬਘਿਆੜ ਜਿਹੇ ਜੰਗਲੀ ਜਾਨਵਰ ਰਹਿੰਦੇ ਸਨ। ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ੧੩੫੬ ਈ. ਵਿਚ ਇਸ ਨਗਰ ਦੀ ਨੀਂਹ ਰੱਖੀ ਗਈ। ਤੁਗਲਕਾਂ ਤੋਂ ਬਾਅਦ ਸੱਯਦਾਂ ਤੋਂ ਲੋਦੀ ਪਠਾਣਾਂ ਦੇ ਵੇਲੇ ਇਕ ਸਹਾਇਕ ਸੂਬੇ ਵਾਂਗ ਹੋ ਗਿਆ। ਬਾਦਸ਼ਾਹ ਔਰੰਗਜ਼ੇਬ ਤੇ ਬਹਾਦਰ ਸ਼ਾਹ ਦੇ ਵਕਤ ਨਵਾਬ ਵਜ਼ੀਰ ਖਾਨ ਇਸ ਇਲਾਕੇ ਦਾ ਪੂਰੀ ਤਰ੍ਹਾਂ ਹਾਕਮ ਬਣ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦਾ ਆਗਮਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ (ਨੰਦੇੜ) ਜਾਣ ‘ਤੇ ਮਾਧੋ ਦਾਸ ਬੈਰਾਗੀ ਗੁਰੂ ਜੀ ਦੀ ਸ਼ਰਨ ਆਇਆ ਤੇ ਉਨ੍ਹਾਂ ਦਾ ‘ਬੰਦਾ’ ਬਣਿਆ। ਦੁਸ਼ਟ ਦੋਖੀਆਂ ਨੂੰ ਸੋਧਣ ਵਾਸਤੇ ਪੰਜਾਬ ਆਇਆ। ਸੰਨ ੧੭੧੦ ਈਸਵੀ ਵਿਚ ਸਿੱਖ ਫ਼ੌਜਾਂ ਨੂੰ ਨਾਲ ਲੈ ਕੇ ਨਵਾਬ ਵੱਜ਼ੀਰ ਖਾਨ ਦੇ ਇਸ ਕਤਲਗੜ੍ਹ ਉੱਤੇ ਉਸ ਨੇ ਇਕ ਭਰਪੂਰ ਹਮਲਾ ਕੀਤਾ ਤੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਤਾਂ ਉਹ ਵੀ ਪ੍ਰਾਣ ਤਿਆਗ ਗਏ। ਇਹ ਘਟਨਾ ੧੩ ਪੋਹ ਸੰਮਤ ੧੭੬੧ ਬਿਕ੍ਰਮੀ (੧੭੦੪ ਈਸਵੀ) ਦੀ ਹੈ।
ਸਰਹਿੰਦ ਦੇ ਨਗਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਅੱਗ ਵਾਂਗ ਫੈਲ ਗਈ। ਉਨ੍ਹਾਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲਈ। ਦੁਨੀਆਂ ਦੀ ਸਭ ਤੋਂ ਕੀਮਤੀ ਥਾਂ ਇਹ ਹੀ ਹੈ, ਜੋ ਲੱਖਾਂ ਦੀਆਂ ਮੋਹਰਾਂ ਵਿਛਾ ਕੇ ਲਈ ਗਈ। ਪਰ, ਸਭ ਤੋਂ ਕੀਮਤੀ ਉਥੇ ਇਕ ਵਿਚਾਰ ਤੇ ਚਿਤਾਵਨੀ ਦਿੱਤੀ ਜਾ ਰਹੀ ਹੈ:
ਇਹ ਇਕ ਇਤਿਹਾਸਕ ਸਚਾਈ ਹੈ ਕਿ ਤਿੰਨਾਂ: ਦਾਦੀ ਮਾਤਾ ਗੁਜਰੀ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਦਾ, ਚੰਦਨ ਦੀ ਚਿਖਾ ਬਣਾ ਕੇ ਇਕੱਠਾ ਸਸਕਾਰ ਜੋਤੀ ਸਰੂਪ ਵਾਲੀ ਥਾਂ ਕੀਤਾ ਗਿਆ ਪਰ ਯਾਤਰੂ ਦਰਸ਼ਨ ਕਰਕੇ ਹੈਰਾਨ ਹੁੰਦਾ ਹੈ ਕਿ ਸਾਹਿਬਜ਼ਾਦਿਆਂ ਦੀ ਸਮਾਧੀ ਅੰਦਰ ਤੇ ਮਾਤਾ ਗੁਜਰੀ ਜੀ ਦੀ ਬਾਹਰ ਦਲੀਜ ‘ਤੇ ਹੈ। ਇਹ ਸਭ ਦਰਸਾਉਣ ਲਈ ਹੈ ਕਿ ਮਾਂ ਦਾਦੀ ਹੁਣ ਵੀ ਆਪਣਾ ਫਰਜ਼ ਪਾਲ ਰਹੀ ਹੈ। ਬਾਹਰ ਬੈਠ ਸਮਾਧੀ ਲਗਾ ਪੋਤਰਿਆਂ ਦੀ ਰਾਖੀ ਕਰ ਰਹੀ ਹੈ। ਮਾਂ ਦਾ ਫਰਜ਼ ਹੈ ਕਿ ਬੱਚਿਆਂ ਨੂੰ ਗੋਦ ਲੈ, ਜੇ ਦਹਿਲੀਜ਼ ‘ਤੇ ਵੀ ਬੈਠਣਾ ਪਵੇ, ਤਾਂ ਐਸੀ ਸਿਖਸ਼ਾ ਦੇਵੇ ਕਿ ਬੱਚੇ ਸਾਹਿਬਜ਼ਾਦਿਆਂ ਵਾਂਗ ਧਰਮ ਕਮਾ ਜਾਣ।
ਏਸੇ ਥਾਂ ‘ਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਜੋਤੀ ਸਰੂਪ ਹੈ, ਜਿਥੇ ਸਿੱਖ ਸੰਗਤਾਂ ਹਰ ਸਾਲ ਦਸੰਬਰ ਵਿਚ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਦੀ ਯਾਦ ਵਿਚ ਸ਼ਰਧਾਂਜਲੀ ਭੇਂਟ ਕਰਨ ਆਉਂਦੀਆਂ ਹਨ।
ਚਮਕੌਰ ਦੀ ਗੜ੍ਹੀ ਤੋਂ ਵਿਦਾ ਹੋ ਕੇ ਗੁਰੂ ਜੀ ਕਿੜੀ ਬਹਿਲੋਲ, ਮਾਜ਼ਰਾ ਆਦਿ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿਚ ਪਹੁੰਚ ਗਏ, ਜੁੱਤੀ ਆਪ ਨੇ ਉਤਾਰ ਦਿੱਤੀ ਸੀ, ਕਿਉਂਕਿ ਜੁੱਤੀ ਸਮੇਤ ਤੁਰਨਾ ਕਠਿਨ ਹੋ ਗਿਆ ਸੀ। ਪੈਰਾਂ ਵਿਚ ਛਾਲੇ ਪੈ ਗਏ। ਭਾਲਦਿਆਂ-ਭਾਲਦਿਆਂ ਭਾਈ ਦਯਾ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਉਥੇ. ਆਣ ਪਹੁੰਚੇ। ਗੁਰੂ ਜੀ ਦਾ ਕਮਰਕੱਸਾ ਖੋਲ੍ਹਿਆ, ਜੋ ਅੱਧੀ ਉਂਗਲ ਸਰੀਰ ਦੇ ਅੰਦਰ ਧੱਸ ਗਿਆ ਸੀ। ਚਰਨ ਪੱਛੇ ਹੋਏ ਸਨ ਪਰ ਚਿਹਰੇ ‘ਤੇ ਉਹ ਹੀ ਮੁਸਕਾਨ ਤੇ ਨੂਰ ਸੀ। ਏਥੇ ਹੀ ਉਨ੍ਹਾਂ ਨੇ ਆਪਣਾ ਸ਼ਬਦ- ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਉਚਾਰਨ ਕੀਤਾ।
ਏਥੇ ਹੀ ਨੂਰੇ ਮਾਹੀ ਨੇ ਆ ਕੇ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਕੀਤੇ ਜਾਣ ਦੀ ਤੇ ਮਾਤਾ ਗੁਜਰੀ ਜੀ ਦੇ ਪ੍ਰਾਣ ਤਿਆਗ ਦੇਣ ਦੀ ਖ਼ਬਰ ਦਿੱਤੀ। ਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਉਖੇੜ ਕੇ ਫ਼ੁਰਮਾਇਆ: ‘ਇਹ ਰਾਜ ਹੁਣ ਜੜ੍ਹੋਂ ਪੁੱਟਿਆ ਗਿਆ ਹੈ।’
ਮਾਛੀਵਾੜੇ ਦੇ ਜੰਗਲਾਂ ਤੋਂ ਗੁਰੂ ਜੀ ਕਨੌਜ, ਜੱਟ ਪੁਰਾ, ਧੁਲਿਆਣੀ, ਚੱਕਰ ਤਖਤਪੁਰਾ, ਮਸੌਲ ਪਿੰਡ ਤੋਂ ਹੁੰਦੇ ਹੋਏ ਦੀਨਾ ਪਿੰਡ ਜਾ ਪਹੁੰਚੇ ਤੇ ਮੁੜ ਕਾਂਗੜ ਚਲੇ ਗਏ। ਉਥੋਂ ਹੀ ਗੁਰੂ ਜੀ ਨੇ ਆਪਣੀ ਸੰਸਾਰ ਪ੍ਰਸਿੱਧ ਚਿੱਠੀ ‘ਜ਼ਫ਼ਰਨਾਮਾ’ ਫ਼ਾਰਸੀ ਜ਼ਬਾਨ ਵਿਚ ਔਰੰਗਜ਼ੇਬ ਨੂੰ ਲਿਖੀ। ਉਸ ਵਿਚ ਬਾਦਸ਼ਾਹ ਨੂੰ ਕਿਹਾ-
ਚਿ ਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦ ਅਸਤੁ ਪੇਚੀਦਹ ਮਾਰ॥੭੮॥
(ਦਸਮ ਗ੍ਰੰਥ, ਪੰਨਾ ੧੩੯੨)
ਅਰਥਾਤ- ਹੇ ਔਰੰਗਜ਼ੇਬ! ਕੀ ਹੋਇਆ ਜੇ ਮੇਰੇ ਚਾਰ ਬੱਚੇ ਇਸ ਧਰਮ ਯੁੱਧ ਵਿਚ ਸ਼ਹੀਦ ਹੋ ਗਏ? ਪਰ ਉਨ੍ਹਾਂ ਦੇ ਕਤਲ ਦਾ ਬਦਲਾ ਲੈਣ ਲਈ ਕੁੰਡਲੀਦਾਰ ਸੱਪ, ਖਾਲਸਾ ਪੰਥ ਤਾਂ ਅਜੇ ਮੌਜੂਦ ਹੈ।
ਸਰਹਿੰਦ ਦਾ ਇਤਿਹਾਸ ਤੇ ਫਤਹਿਗੜ੍ਹ ਸਾਹਿਬ
ਸਰਹਿੰਦ ਦਾ ਪੁਰਾਤਨ ਸਮੇਂ ਦਾ ਨਾਮ ‘ਸੀਰੇਦ’ (ਸ਼ੇਰ ਦੀ ਗੁਫਾ) ਸੀ।
ਇਹ ਸਥਾਨ ਘਣੇ ਜੰਗਲਾਂ ਵਿਚ ਘਿਰਿਆ ਹੋਇਆ ਸੀ, ਜਿਥੇ ਸ਼ੇਰ, ਬਘਿਆੜ ਜਿਹੇ ਜੰਗਲੀ ਜਾਨਵਰ ਰਹਿੰਦੇ ਸਨ। ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ੧੩੫੬ ਈ. ਵਿਚ ਇਸ ਨਗਰ ਦੀ ਨੀਂਹ ਰੱਖੀ ਗਈ। ਤੁਗਲਕਾਂ ਤੋਂ ਬਾਅਦ ਸੱਯਦਾਂ ਤੋਂ ਲੋਦੀ ਪਠਾਣਾਂ ਦੇ ਵੇਲੇ ਇਕ ਸਹਾਇਕ ਸੂਬੇ ਵਾਂਗ ਹੋ ਗਿਆ।
ਬਾਦਸ਼ਾਹ ਔਰੰਗਜ਼ੇਬ ਤੇ ਬਹਾਦਰ ਸ਼ਾਹ ਦੇ ਵਕਤ ਨਵਾਬ ਵਜ਼ੀਰ ਖਾਨ ਇਸ ਇਲਾਕੇ ਦਾ ਪੂਰੀ ਤਰ੍ਹਾਂ ਹਾਕਮ ਬਣ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦਾ ਆਗਮਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ (ਨੰਦੇੜ) ਜਾਣ ‘ਤੇ ਮਾਧੋ ਦਾਸ ਬੈਰਾਗੀ ਗੁਰੂ ਜੀ ਦੀ ਸ਼ਰਨ ਆਇਆ ਤੇ ਉਨ੍ਹਾਂ ਦਾ ‘ਬੰਦਾ’ ਬਣਿਆ। ਦੁਸ਼ਟ ਦੋਖੀਆਂ ਨੂੰ ਸੋਧਣ ਵਾਸਤੇ ਪੰਜਾਬ ਆਇਆ। ਸੰਨ ੧੭੧੦ ਈਸਵੀ ਵਿਚ ਸਿੱਖ ਫ਼ੌਜਾਂ ਨੂੰ ਨਾਲ ਲੈ ਕੇ ਨਵਾਬ ਵਜ਼ੀਰ ਖਾਨ ਦੇ ਇਸ ਕਤਲਗੜ੍ਹ ਉੱਤੇ ਉਸ ਨੇ ਇਕ ਭਰਪੂਰ ਹਮਲਾ ਕੀਤਾ ਤੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਇਸ ਲੜਾਈ ਵਿਚ ਨਵਾਬ ਵਜ਼ੀਰ ਖਾਨ ਸਮੇਤ ਉਸ ਦੇ ਸਾਰੇ ਸਾਥੀ ਮਾਰੇ ਗਏ। ਉਸ ਦੀਆਂ ਫ਼ੌਜਾਂ ਦੇ ਨੱਸ ਜਾਣ ‘ਤੇ ਸਰਹਿੰਦ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ੧੭੧੫ ਈਸਵੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਗ੍ਰਿਫ਼ਤਾਰ ਹੋਣ ‘ਤੇ ਅਚਾਨਕ ਇਹ ਇਲਾਕਾ ਸਿੱਖਾਂ ਦੇ ਹੱਥੋਂ ਖੁਸ ਗਿਆ।
ਸਿੱਖ ਮਿਸਲਾਂ
ਬਹਾਦਰ ਸ਼ਾਹ ਤੇ ਬਾਦਸ਼ਾਹ ਆਲਮਗੀਰ ਸਾਨੀ ਦੇ ਸਮੇਂ ਤੱਕ ਸਰਹਿੰਦ ਦੇ ਕਈ ਹਾਕਮ ਬਦਲੇ। ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਵੇਲੇ ਸਰਹਿੰਦ ਦੀ ਸੂਬੇਦਾਰੀ ਜੈਨ ਖਾਨ ਨੂੰ ਸੌਂਪੀ ਗਈ, ਪਰ ੧੭੬੨ ਦੇ ਵੱਡੇ ਘੱਲੂਘਾਰੇ ਵੇਲੇ ਸਿੰਘਾਂ ਨੇ ਸਰਹਿੰਦ ਉੱਤੇ ਚੜ੍ਹਾਈ ਕਰ ਕੇ ਨਵਾਬ ਜੈਨ ਖਾਨ ਨੂੰ ਕਤਲ ਕਰ ਕੇ ਉਸ ਦੇ ਟੋਟੇ-ਟੋਟੇ ਕਰ ਦਿੱਤੇ।
ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ
ਇਸ ਲੜਾਈ ਵਿਚ ਸਾਰੀਆਂ ੧੨ ਮਿਸਲਾਂ ਦੇ ਸਿੱਖ ਸਰਦਾਰ ਸ਼ਾਮਲ ਸਨ। ਸਰਹਿੰਦ ਨੂੰ ਫਤਹਿ ਕਰਕੇ ਸਰਹਿੰਦ ਦਾ ਸਾਰਾ ਹੀ ਇਲਾਕਾ ੨੫੦੦) ਰੁਪਏ ਨਜ਼ਰਾਨਾ ਲੈ ਕੇ ਮਿਸਲ ਫੂਲਕੀਆ ਦੇ ਮੋਢੀ ਬਾਬਾ ਆਲਾ ਸਿੰਘ ਜੀ ਨੂੰ ਦੇ ਦਿੱਤਾ, ਜਿਸ ਕਾਰਨ ਇਲਾਕਾ ਸਰਹਿੰਦ ਉਸ ਸਮੇਂ ਤੋਂ ਹੀ ਰਿਆਸਤ ਪਟਿਆਲਾ ਦਾ ਅੰਗ ਬਣ ਗਿਆ।
ਸਰਹਿੰਦ ਦੇ ਆਪਣੇ ਅਧਿਕਾਰ ਹੇਠ ਆਉਣ ‘ਤੇ ਹੀ ਬਾਬਾ ਆਲਾ ਸਿੰਘ ਨੇ ੧੨ ਮਿਸਲਾਂ ਤੇ ਸਿੰਘਾਂ ਦੀ ਮਿਲਵਰਤਨ ਨਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦਗਾਰ ਵਜੋਂ ਕਿਲ੍ਹਾ ਸਰਹਿੰਦ ਦੇ ਅਸਥਾਨ ‘ਤੇ ੧੭੬੩ ਈਸਵੀ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨੀਂਹ ਰਖਵਾਈ, ਜਿਥੇ ੫੯ ਸਾਲ ਪਹਿਲਾਂ ਦੋਵੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ। ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਵਾਸਤੇ ਪੰਜ ਹਜ਼ਾਰ ਵਿੱਘੇ ਜ਼ਮੀਨ ਦਾ ਚੱਕ ਕਾਇਮ ਕੀਤਾ।
ਇਸ ਕਿਲ੍ਹੇ ਦਾ ਠੰਡਾ ਬੁਰਜ ਜਿਥੇ ਮਾਤਾ ਗੁਜਰੀ ਜੀ ਨੇ ਪ੍ਰਾਣ ਤਿਆਗੇ ਸਨ, ਉਸੇ ਤਰ੍ਹਾਂ ਕਾਇਮ ਰਹਿਣ ਦਿੱਤਾ ਗਿਆ। ਸਰਹਿੰਦ ਦਾ ਸ਼ਾਹੀ ਕਿਲ੍ਹਾ ਢਹਿ ਗਿਆ ਸੀ, ਜਿਸ ਥਾਂ ਨੂੰ ਪਟਿਆਲਾ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਥਾਂ ਦਾ ਨਾਮ ਹਮੇਸ਼ਾ ਲਈ ‘ਫਤਹਿਗੜ੍ਹ ਸਾਹਿਬ’ ਮਸ਼ਹੂਰ ਹੋ ਗਿਆ।
੧੮੧੩ ਈਸਵੀ ਵਿਚ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣਵਾ ਕੇ ਇਥੇ ਬਕਾਇਦਾ ਲੰਗਰ ਚਲਾਇਆ। ਲੰਗਰ ਦੇ ਖ਼ਰਚ ਲਈ ਕਾਫੀ ਜ਼ਮੀਨ ਤੇ ਹੋਰ ਅਚੱਲ ਜਾਇਦਾਦ ਅਰਦਾਸ ਕਰਾਈ। ਮਗਰੋਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਭੀ ਕਾਫੀ ਜ਼ਮੀਨ ਇਸ ਗੁਰਦੁਆਰੇ ਦੇ ਨਾਮ ਲਗਵਾਈ।
ਪਹਿਲੋਂ ਪਹਿਲ ਇਸ ਗੁਰਦੁਆਰੇ ਦਾ ਏਥੋਂ ਦੇ ਹੋਰ ਸਬੰਧਤ ਗੁਰੂ ਅਸਥਾਨਾਂ ਦਾ ਪ੍ਰਬੰਧ ਵੱਖ-ਵੱਖ ਪੁਜਾਰੀਆਂ ਦੇ ਹੱਥ ਸੀ। ਇੰਤਜ਼ਾਮ ਤਸੱਲੀ- ਬਖ਼ਸ਼ ਨਾ ਹੋਣ ਕਰਕੇ ਸਰਕਾਰ ਪਟਿਆਲਾ ਨੇ ਪੁਜਾਰੀਆਂ ਵਿਚੋਂ ਹੀ ੧੯੦੬ ਈਸਵੀ ਵਿਚ ਇਕ ਸਾਂਝੀ ਪ੍ਰਬੰਧਕ ਕਮੇਟੀ ਬਣਾ ਦਿੱਤੀ।
੪੨ ਸਾਲ ਇਹ ਕਮੇਟੀ ਕੰਮ ਕਰਦੀ ਰਹੀ, ਪਰ ਕੋਈ ਚੰਗਾ ਇੰਤਜ਼ਾਮ ਨਾ ਹੋਣ ਕਾਰਨ ੧੯੪੪ ਈਸਵੀ ਵਿਚ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਮਾਲਕ ਹਰਦਿੱਤ ਸਿੰਘ ਵਜ਼ੀਰ-ਏ-ਆਜ਼ਮ ਤੇ ਜਨਰਲ ਸ. ਗੁਰਦਿਆਲ ਸਿੰਘ ਹਰੀਕਾ ਦੀ ਸਲਾਹ ਨਾਲ ੧੩ ਸੱਜਣਾਂ ਦੀ ਇਕ ਕਮੇਟੀ ਨਿਯਤ ਕੀਤੀ, ਜਿਸ ਦਾ ਨਾਮ ‘ਇੰਪਰੂਵਮੈਂਟ ਕਮੇਟੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ’ ਰੱਖਿਆ।
ਇਸ ਕਮੇਟੀ ਦੇ ਨਾਲ ਹੀ ਦਰਬਾਰ ਪਟਿਆਲਾ ਦੇ ਕੁਝ ਚੋਣਵੇਂ ਅਹਿਲਕਾਰਾਂ, ਸ. ਵਿਸਾਖਾ ਸਿੰਘ ਜੀ, ਭਾਈ ਅਰਜਨ ਸਿੰਘ ਜੀ ‘ਬਾਗੜੀਆ’ ਆਦਿ ਕਈ ਉੱਘੇ ਸੱਜਣ ਸ਼ਾਮਲ ਕੀਤੇ ਗਏ।
ਇਸ ਇੰਪਰੂਵਮੈਂਟ ਕਮੇਟੀ ਨੇ ੮ ਲੱਖ ੧੦ ਹਜ਼ਾਰ ਰੁਪਏ ਇਕੱਠੇ ਕੀਤੇ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਤਾਰਾ ਸਿੰਘ ਦੀ ਤਜਵੀਜ਼ ਨਾਲ ਗੁਰਦੁਆਰੇ ਲਈ ਨਵਾਂ ਨਕਸ਼ਾ ਬਣਵਾਇਆ ਤੇ ਉਸ ਨਕਸ਼ੇ ਅਨੁਸਾਰ ੨੩ ਫੁੱਟ ਡੂੰਘੀਆਂ ਨੀਹਾਂ ਭਰ ਕੇ ਗੁਰਦੁਆਰਾ ਉਸਾਰਿਆ ਗਿਆ। ਇਸ ਤਿੰਨ ਮੰਜ਼ਲੇ ਗੁਰਦੁਆਰੇ ਦੇ ਹੁਣ ਦੂਰੋਂ ਹੀ ਦਰਸ਼ਨ ਹੁੰਦੇ ਹਨ।
ਉੱਪਰ ਸ਼ਾਨਦਾਰ ਗੁੰਬਦ ੧,੬੮੦੦੦) ਰੁਪਏ ਦੀ ਲਾਗਤ ਨਾਲ ਬਣਿਆ ਹੈ। ਇਸ ਸਮੇਂ ਜੋ ਬਹੁਤ ਹੀ ਸੁੰਦਰ ਇਮਾਰਤ ਹੈ ਇਸ ਦੀ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਵਲੋਂ ਕਰਵਾਈ ਗਈ ਸੀ।
ਗੁਰਦੁਆਰਾ ਭੋਰਾ ਸਾਹਿਬ
ਸ੍ਰੀ ਦਰਬਾਰ ਸਾਹਿਬ ਫਤਹਿਗੜ੍ਹ ਸਾਹਿਬ ਦੇ ਹੇਠਲੇ ਹਿੱਸੇ ਵਿਚ ਤਹਿਖਾਨੇ ਦੀ ਸ਼ਕਲ ਵਿਚ ਇਹ ਭੋਰਾ ਬਣਿਆ ਹੋਇਆ ਹੈ। ਸ੍ਰੀ ਦਸਮੇਸ਼ ਜੀ ਦੇ ਦੋਵੇਂ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਇਸ ਥਾਂ ‘ਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਮਹਾਰਾਜਾ ਕਰਮ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੜਪੋਤਰੇ ਮਹਾਰਾਜਾ ਰਾਜਿੰਦਰ ਸਿੰਘ ਜੀ ਦੇ ਸਮੇਂ ਇਹ ਅਸਥਾਨ ਪ੍ਰਗਟ ਹੋਇਆ। ਰਾਜਾ ਗੁਰਦਿੱਤ ਸਿੰਘ ਜੀ ਚੇਤਗੜ੍ਹ ਦੇ ਜਤਨਾਂ ਨਾਲ ਇਸ ਦੀ ਬਕਾਇਦਾ ਮੁਰੰਮਤ ਕਰਵਾਈ ਗਈ। ੧੯੪੪ ਈ. ਵਿਚ ਇਸ ਦੀ ਨਵੀਂ ਇਮਾਰਤ ਦੀ ਉਸਾਰੀ ਬੜੀ ਸੁਹਜ ਨਾਲ ਕਰਾਈ ਗਈ ਸੀ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲੱਗ ਗਏ। ਮੌਜੂਦਾ ਇਮਾਰਤ ਦੀ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਕਰਵਾਈ ਗਈ ਸੀ।
ਬੁਰਜ ਮਾਤਾ ਗੁਜਰੀ ਜੀ
ਇਹ ਬੁਰਜ ਜੋ ਗੁਰਦੁਆਰੇ ਦੀ ਸ਼ਕਲ ਵਿਚ ਹੈ, ਫਤਹਿਗੜ੍ਹ ਤੋਂ ਉੱਤਰ ਪੱਛਮ ਬੱਸੀ ਪਠਾਣਾਂ ਵੱਲ ਲਗਭਗ ਪੰਜਾਹ ਕੁ ਗਜ਼ ਦੀ ਵਿੱਥ ‘ਤੇ ਹੈ। ਪਹਿਲੇ ਪਹਿਲ ਇਹ ਅਸਥਾਨ ਠੰਡੇ ਬੁਰਜ ਦੇ ਨਾਂ ਨਾਲ ਮਸ਼ਹੂਰ ਸੀ, ਕਿਉਂਕਿ ਨਵਾਬ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਵਿਚ ਪੋਹ ਦੇ ਮਹੀਨੇ ਕੜਾਕੇ ਦੀ ਠੰਡ ਵਿਚ ਤਸੀਹੇ ਦੇਣ ਲਈ ਰੱਖਿਆ ਸੀ। ਮਾਤਾ ਗੁਜਰੀ ਜੀ ਇਥੋਂ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ੩ ਦਿਨ ਸ਼ੁਭ ਸਿੱਖਿਆ ਦੇ ਕੇ ਨਵਾਬ ਦੀ ਕਚਹਿਰੀ ਵਿਚ ਭੇਜਦੇ ਰਹੇ ਸਨ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲਣ ‘ਤੇ ਮਾਤਾ ਜੀ ਨੇ ਇਥੇ ਪ੍ਰਾਣ ਚੜ੍ਹਾ ਲਏ ਸਨ।
ਪਹਿਲਾਂ ਇਹ ਬੁਰਜ ਇਕ ਪੁਰਾਣੇ ਢੰਗ ਦਾ ਸੀ। ਸਿੰਘਾਂ ਦੇ ਹਮਲਿਆਂ ਸਮੇਂ ਇਸ ਦਾ ਨਾਮੋ-ਨਿਸ਼ਾਨ ਬਾਕੀ ਨਾ ਰਿਹਾ। ੧੯੪੪ ਈਸਵੀ ਵਿਚ ਜਦ ਮਹਾਰਾਜਾ ਪਟਿਆਲਾ ਦੇ ਯਤਨਾਂ ਨਾਲ ਦਰਬਾਰ ਸਾਹਿਬ ਫਤਹਿਗੜ੍ਹ ਦੀ ਨਵੀਂ ਉਸਾਰੀ ਸ਼ੁਰੂ ਹੋਈ ਤਾਂ ਇਸ ਦੀ ਭੀ ਸੁੰਦਰ ਇਮਾਰਤ ਬਣਾਈ ਗਈ। ਹੁਣ ਇਸ ਉੱਚੇ ਬੁਰਜ ਦੇ ਨਾਲ ਹੀ ਮਾਤਾ ਗੁਜਰੀ ਜੀ ਦਾ ਪਵਿੱਤਰ ਸ਼ਹੀਦੀ ਗੁਰਦੁਆਰਾ ਹੈ। ਉਸ ਦੇ ਸਾਹਮਣੇ ਹੇਠਲੇ ਪਾਸੇ ਅਤਿ ਸੁੰਦਰ ਡਿਉਢੀ ਹੈ, ਜਿਸ ਵਿਚ ਉਪਰ ਨੂੰ ਪੌੜੀਆਂ ਚੜ੍ਹਦੀਆਂ ਹਨ। ਅੱਗੇ ਮਾਤਾ ਜੀ ਦਾ ਸ਼ਹੀਦ ਗੰਜ ਹੈ, ਜਿਸ ਵਿਚ ਰੋਜ਼ ਬਕਾਇਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ। ਮੌਜੂਦਾ ਸੁੰਦਰ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ ਹੈ।
ਗੁਰਦੁਆਰਾ ਬਿਮਾਨਗੜ੍ਹ ਸਾਹਿਬ
ਇਹ ਗੁਰਦੁਆਰਾ ਦਰਬਾਰ ਸਾਹਿਬ ਫਤਹਿਗੜ੍ਹ ਦੇ ਪੂਰਬ ਵੱਲ ਸਰੋਵਰ ਦੇ ਕੋਲ ਕਿਲ੍ਹੇ ਦੀਆਂ ਹੱਦਾਂ ਲੰਘ ਕੇ ਲਗਭਗ ਅੱਧੇ ਕੁ ਫਰਲਾਂਗ ਦੀ ਵਿੱਥ ‘ਤੇ ਹੈ। ਇਹ ਗੁਰਦੁਆਰਾ ‘ਬਿਮਾਨਗੜ੍ਹ’ ਦੇ ਨਾਮ ਨਾਲ ਇਸ ਲਈ ਪ੍ਰਸਿੱਧ ਹੈ ਕਿ ਸ਼ਹੀਦੀ ਪ੍ਰਾਪਤ ਕਰਨ ਉਪਰੰਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਬਿਮਾਨ ਇਥੇ ਠਹਿਰਾਏ ਗਏ ਸਨ। ਉਨ੍ਹਾਂ ਦੀ ਯਾਦਗਾਰ ਵਜੋਂ ਇਹ ਅਸਥਾਨ ਹੈ। ਜਿਥੇ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।
ਇਮਾਰਤ ਦੀ ਸੇਵਾ ਚੱਲ ਰਹੀ ਹੈ।
ਗੁਰਦੁਆਰਾ ਜੋਤੀ ਸਰੂਪ
ਇਹ ਗੁਰਦੁਆਰਾ ਉਸ ਅਸਥਾਨ ‘ਤੇ ਹੈ ਜਿਥੇ ਸ਼ਹੀਦੀ ਮਗਰੋਂ ਦੋਹਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਸਰਹੰਦ ਜਾਣ ਵਾਲੀ ਸੜਕ ਦੇ ਨੇੜੇ ਲਗਭਗ ਇਕ ਮੀਲ ਦੇ ਫਾਸਲੇ ‘ਤੇ ਹੈ।
ਕਿਹਾ ਜਾਂਦਾ ਹੈ ਕਿ ਮਹਾਰਾਜਾ ਕਰਮ ਸਿੰਘ ਪਟਿਆਲਾ ਨੂੰ ਸੁਪਨੇ ਵਿਚ ਇਸ ਥਾਂ ਬਾਰੇ ਸੰਕੇਤ ਮਿਲਿਆ ਸੀ। ਉਸ ਥਾਂ ਦੀ ਖੁਦਾਈ ਕਰਨ ‘ਤੇ ਹੇਠੋਂ ਤਿੰਨ ਵੱਖ-ਵੱਖ ਘੜਿਆਂ ਵਿਚ ਮਾਤਾ ਗੁਜਰੀ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮਿਲ ਗਈਆਂ। ਮਹਾਰਾਜਾ ਕਰਮ ਸਿੰਘ ਨੇ ਉਸ ਅਸਥਾਨ ‘ਤੇ ‘ਜੋਤੀ ਸਰੂਪ’ ਗੁਰਦੁਆਰਾਂ ਦੇ ਨਾਮ ‘ਤੇ ਦੋਹਾਂ ਸਾਹਿਬਜ਼ਾਦਿਆਂ ਦੀ ਯਾਦ ਵਿਚ ੧੯੦੨ ਬਿਕ੍ਰਮੀ (੧੮੪੫ ਈਸਵੀ) ਵਿਚ ਇਕ ਮੰਜ਼ਲੀ ਪੱਕੀ ਸਮਾਧ ਬਣਾ ਦਿੱਤੀ। ਨਾਲ ਲੰਗਰ ਵੀ ਜਾਰੀ ਕਰ ਦਿੱਤਾ ਤੇ ਕਾਫੀ ਜ਼ਮੀਨ ਇਸ ਦੇ ਨਾਮ ‘ਤੇ ਅਰਦਾਸ ਕਰਵਾਈ। ਸਾਹਿਬਜ਼ਾਦਿਆਂ ਦੇ ਸਮਾਧੀ ਅਸਥਾਨ ਤੋਂ ਬਾਹਰਵਾਰ ਪੂਰਬ ਵੱਲ ਮਾਤਾ ਗੁਜਰੀ ਜੀ ਦਾ ਸਮਾਧੀ ਅਸਥਾਨ ਹੈ। ਇਥੇ ਹਰ ਸਮੇਂ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਹੈ ਅਤੇ ਹਰ ਐਤਵਾਰ ਯਾਦਗਾਰੀ ਵਿਸ਼ੇਸ਼ ਦੀਵਾਨ ਸਜਦੇ ਹਨ।
ਇਸ ਤੋਂ ੯੯ ਸਾਲ ਮਗਰੋਂ ਸੰਨ ੧੯੪੪ ਈਸਵੀ ਵਿਚ ਜਦ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨਵ-ਉਸਾਰੀ ਕਰਵਾਈ ਤਾਂ ਗੁਰਦੁਆਰਾ ਜੋਤੀ ਸਰੂਪ ਦੀਆਂ ਉਪਰਲੀਆਂ ਦੋ ਮੰਜ਼ਲਾਂ ਜਨਰਲ ਸ. ਗੁਰਦਿਆਲ ਸਿੰਘ ‘ਹਰੀਕਾ’ ਨੇ ਬਣਵਾਈਆਂ ਸਨ। ਗੁਰਦੁਆਰਾ ਜੋਤੀ ਸਰੂਪ ਦੇ ਨਾਲ ਹੀ ਲਹਿੰਦੇ ਵੱਲ ਯਾਤਰੀਆਂ ਦੇ ਇਸ਼ਨਾਨ ਲਈ ਇਕ ਪੱਕਾ ਸਰੋਵਰ ਬਣਿਆ ਹੋਇਆ ਹੈ। ਜੋ ਪੱਕੀ ਸੜਕ ਗੁਰਦੁਆਰਾ ਜੋਤੀ ਸਰੂਪ ਅੱਗੋਂ ਦੀ ਲੰਘਦੀ ਹੈ, ਉਹ ਸਰਹਿੰਦ ਚੰਡੀਗੜ੍ਹ ਮਾਰਗ ਦੇ ਨਾਮ ਨਾਲ ਮਸ਼ਹੂਰ ਹੈ। ਹੁਣ ਗੁਰਦੁਆਰਾ ਸਾਹਿਬ ਅਤੇ ਸਰੋਵਰ ਦੀ ਆਲੀਸ਼ਾਨ ਉਸਾਰੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲਿਆਂ ਵਲੋਂ ਕਰਵਾਈ ਗਈ ਹੈ। ਲੰਗਰ ਹਰ ਸਮੇਂ ਵਰਤਦਾ ਰਹਿੰਦਾ ਹੈ।
ਗੁਰਦੁਆਰਾ ਸ਼ਹੀਦ-ਗੰਜ
੧. ਇਹ ਅਸਥਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਅੰਦਰ ਪ੍ਰਕਰਮਾਂ ਵਿਚ ਹੀ ਹੈ। ਸੰਨ ੧੭੧੦ ਈਸਵੀ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਸਰਹਿੰਦ ਵਿਚ ਦੁਸ਼ਮਣ ਨਾਲ ਟਾਕਰਾ ਕਰਦੇ ੬੦੦੦ ਸਿੰਘ ਸ਼ਹੀਦ ਹੋਏ ਸਨ। ਜਿਨ੍ਹਾਂ ਦਾ ਸਸਕਾਰ ਇਸ ਥਾਂ ‘ਤੇ ਕੀਤਾ ਗਿਆ ਸੀ। ਇਸ ਲਈ ਇਹ ਪਹਿਲੇ ‘ਸ਼ਹੀਦ ਗੰਜ’ ਦੇ ਨਾਮ ਨਾਲ ਮਸ਼ਹੂਰ ਹੈ।
੨. ਇਹ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ ਸਰਹੰਦ ਜਾਣ ਵਾਲੀ ਸੜਕ ‘ਤੇ ਲਗਭਗ ਦੋ ਫਰਲਾਂਗ ਦੀ ਵਿੱਥ ‘ਤੇ ਪੁਲਾਂ ਦੇ ਪਾਸ ਹੈ। ਜਦ ਮੁਗ਼ਲ ਹਕੂਮਤ ਵੱਲੋਂ ਦੇਸ਼ ‘ਤੇ ਜ਼ੁਲਮ ਦੇ ਝੱਖੜ ਝੁੱਲ ਰਹੇ ਸਨ ਤਾਂ ਲਾਹੌਰ ਦੇ ਸੂਬਾ ਨਵਾਬ ਖ਼ਾਨ ਨੇ ਸ਼ਹੀਦ ਸਿੰਘਾਂ ਦੇ ਸਿਰਾਂ ਦੇ ਗੱਡੇ ਭਰ ਕੇ ਸਰਹਿੰਦ ਦੇ ਕੋਲ ਰੋਕ ਲਏ ਸਨ ਤੇ ਸ਼ਹੀਦ ਸਿੰਘਾਂ ਦੇ ਸਿਰਾਂ ਦਾ ਬੜੇ ਸਤਿਕਾਰ ਨਾਲ ਇਸ ਥਾਵੇਂ ਸਸਕਾਰ ਕੀਤਾ। ਪਹਿਲੇ ਇਸ ਅਸਥਾਨ ‘ਤੇ ਸਾਧਾਰਨ ਮੰਜੀ ਸਾਹਿਬ ਹੀ ਬਣਿਆ ਹੋਇਆ ਸੀ। ਸੰਨ ੧੯੪੪ ਈਸਵੀ ਵਿਚ ਜਦ ਫਤਹਿਗੜ੍ਹ ਸਾਹਿਬ ਗੁਰਦੁਆਰੇ ਦੀ ਨਵੀਂ ਉਸਾਰੀ ਹੋਈ ਤਾਂ ਨਾਲ ਹੀ ਇਸ ਅਸਥਾਨ ‘ਤੇ ਇਕ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ।
੩. ਇਹ ਅਸਥਾਨ ਸਰਹਿੰਦ-ਬੱਸੀ ਪਠਾਣਾਂ ਵਾਲੀ ਸੜਕ ਤੋਂ ਪਾਰ ਬਹਾਦਰ ਗੜ੍ਹ ਦੀ ਜ਼ਮੀਨ ਵਿਚ ਦਰਗਾਹ ਹਜ਼ਰਤ ਮੁਸ਼ੱਦਦ ਆਲਿਫਸਾਨੀ ਦੇ ਲਾਗੇ ਹੈ। ਸਰਹਿੰਦ ਨੂੰ ਫਤਹਿ ਕਰਨ ਸਮੇਂ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਜਥੇਦਾਰ ਸੁੱਖਾ ਸਿੰਘ ਜੀ ਏਥੇ ਸ਼ਹੀਦ ਹੋਏ ਸਨ। ਕਿਹਾ ਜਾਂਦਾ ਹੈ ਕਿ ਇਸ ਥਾਂ ‘ਤੇ ਪਹਿਲੇ ਸਰਹਿੰਦ ਨਗਰ ਦੇ ਕੋਤਵਾਲ ਦਾ ਮਕਾਨ ਸੀ, ਜੋ ਪਿੱਛੋਂ ਢਹਿ ਢੇਰੀ ਹੋ ਗਿਆ। ਇਸ ਸ਼ਹੀਦ ਗੰਜ ਗੁਰਦੁਆਰੇ ਦੇ ਨਾਂ ਪਿੰਡ ਰਾਜਗੜ੍ਹ ਛੰਨਾ (ਫਤਹਿਗੜ੍ਹ ਸਾਹਿਬ) ਵਿਚ ੧੦੦ ਵਿੱਘੇ ਜ਼ਮੀਨ ਲੱਗੀ ਹੋਈ ਹੈ।
ਗੁਰਦੁਆਰਾ ਰੱਥ ਸਾਹਿਬ
ਇਹ ਅਸਥਾਨ ਸਰਹਿੰਦ ਬੱਸੀ ਪਠਾਣਾਂ ਸੜਕ ਦੇ ਖੱਬੇ ਹੱਥ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਥੋੜ੍ਹੀ ਕੁ ਵਿਥ ‘ਤੇ ਥੜ੍ਹੇ ਦੀ ਸ਼ਕਲ ਦਾ ਬਣਿਆ ਹੋਇਆ ਹੈ। ਏਥੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਰੱਥ ਮੁਰਿੰਡੇ ਤੋਂ ਆਉਣ ਸਮੇਂ ਰੁਕਿਆ ਸੀ, ਤਾਂ ਜੁ ਨਵਾਬ ਵਜ਼ੀਰ ਖਾਨ (ਸੂਬਾ ਸਰਹਿੰਦ) ਨੂੰ ਇਤਲਾਹ ਘੱਲੀ ਜਾਏ, ਤਾਂ ਉਨ੍ਹਾਂ ਨੂੰ ਅੰਦਰ ਲਿਜਾ ਕੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਏ।
ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ
ਮਾਲਵੇ ਦਾ ਦੌਰਾ ਕਰਨ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਥਾਵੇਂ ਥੋੜ੍ਹਾ ਸਮਾਂ ਠਹਿਰੇ ਸਨ। ਇਹ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਨੰਬਰ ੨ ਦੇ ਸਾਹਮਣੇ ਸਰਹਿੰਦ-ਫਤਹਿਗੜ੍ਹ ਰੋਡ ਦੇ ਖੱਬੇ ਪੁਲ ਦੇ ਕੋਲ ਹੈ। ਇਸ ਸਮੇਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਮਾਤਾ ਗੁਜਰੀ ਕਾਲਜ : ਗੌਰਵਸ਼ਾਲੀ ਇਤਿਹਾਸ
ਮਾਤਾ ਗੁਜਰੀ ਜੀ ਨੂੰ ਸਰਬੰਸਦਾਨੀ ਮਹਾਨ ਸ਼ਖ਼ਸੀਅਤ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਹੀਰਿਆਂ ਵਰਗੇ ਪੋਤਰਿਆਂ ਦੀ ਨਿਆਰੀ ਦਾਦੀ-ਮਾਂ ਹੋਣ ਦਾ ਗੌਰਵ ਹਾਸਲ ਹੈ। ਮਾਂ ਗੁਜਰੀ ਸਮੁੰਦਰ ਵਾਂਗ ਮਹਾਨ ਹੈ। ਹੋਰ ਕੋਈ ਵਿਸ਼ੇਸ਼ਣ ਜਾਂ ਪ੍ਰਤੀਕ ਉਨ੍ਹਾਂ ਦੇ ਭਰੇ ਭੁਕੰਨੇ ਚਮਕਾਰੇ ਵਾਲੇ ਵਿਅਕਤੀਤਵ ਦਾ ਹਾਣੀ ਨਹੀਂ। ਸਬਰ, ਸੰਤੋਖ ਅਤੇ ਸਿਦਕ ਦੇ ਤੇਜੱਸਵੀ ਨੂਰ ਨਾਲ ਜਗਮਗਾਉਂਦਾ ਉਨ੍ਹਾਂ ਦਾ ਵਿਅਕਤੀਤਵ ਅਤੇ ਜੀਵਨ- ਚਰਿੱਤਰ ਸਿੱਖ ਕੌਮ ਲਈ ਇਕ ਚਾਨਣ-ਮੁਨਾਰਾ ਤੇ ਪ੍ਰੇਰਨਾ-ਸੋਮਾ ਹੈ। ਸਿਦਕ- ਜਲਾਲ ਨਾਲ ਸਰਸ਼ਾਰ ਮਾਤਾ ਗੁਜਰੀ ਜੀ ਦੇ ਨੂਰਾਨੀ ਵਿਅਕਤੀਤਵ ਤੋਂ ਅਪਾਰ ਸ਼ਕਤੀ, ਆਸਰਾ ਅਤੇ ਪ੍ਰੇਰਨਾ ਲੈ ਕੇ ਹੀ ਸਵਰਗਵਾਸੀ ਬੀਬੀ ਗੁਰਬਚਨ ਕੌਰ ਮਾਨ ਦੇ ਉਚੇਚੇ ਸਾਧਨਾਮਈ ਜਤਨਾਂ ਸਦਕਾ ਇਹ ਕਾਲਜ ੧੯੫੯ ਈ.ਵਿਚ ਹੋਂਦ ‘ਚ ਆਇਆ
੧੯੬੫ ਈ. ਵਿਚ ਇਹ ਕਾਲਜ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥਾਂ ਵਿਚ ਲੈ ਲਿਆ। ਸਿੱਖ ਕੌਮ ਦੀ ਮਹਾਨ ਹਸਤੀ ਦਰਵੇਸ਼ ਸਿਆਸਤਦਾਨ ਸ. ਗੁਰਚਰਨ ਸਿੰਘ ਜੀ ਟੌਹੜਾ, ਜੋ ਕਿ ਲਗਾਤਾਰ ੨੫ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਦੇ ਉਚੇਚੇ ਲਗਾਓ, ਧਿਆਨ ਅਤੇ ਉਸਾਰੂ ਯਤਨਾਂ ਸਦਕਾ ਇਸ ਕਾਲਜ ਨੇ ਤਰੱਕੀ ਦੀਆਂ ਉਹ ਉਲੇਖਯੋਗ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਜੋ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਪ੍ਰਾਈਵੇਟ ਕਾਲਜ ਦੇ ਹਿੱਸੇ ਆਈਆਂ ਹੋਣ। ਮਾਤਾ ਗੁਜਰੀ ਜੀ ਦੇ ਪਵਿੱਤਰ ਨਾਂ ‘ਤੇ ਸਥਾਪਤ ਹੋਇਆ ਇਹ ਕਾਲਜ ੧੯੫੯ ਤੋਂ ਇਲਾਕੇ ਅੰਦਰ ਨਾ ਕੇਵਲ ਵਿੱਦਿਆ ਦਾ ਚਾਨਣ ਫੈਲਾ ਰਿਹਾ ਹੈ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਸਮੁੱਚੇ ਪ੍ਰਬੰਧ ਅਧੀਨ ਸਿੱਖੀ ਦੇ ਪਾਸਾਰ ਵਿਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਇਸ ਸਮੇਂ ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਰਾਹਨੁਮਾਈ ਹੇਠ ਉਚੇਰੀ ਸਿੱਖਿਆ ਦੇ ਖੇਤਰ ਵਿਚ ਤਰੱਕੀ ਦੀਆਂ ਨਵੀਆਂ ਸਿਖਰਾਂ ਛੋਹ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕਾਲਜਾਂ ਵਿਚ ਇਸ ਕਾਲਜ ਦੀ ਆਪਣੀ ਨਿਆਰੀ ਦਿੱਖ ਅਤੇ ਮਿਆਰੀ ਥਾਂ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਹੋਰ ਕਾਲਜਾਂ ਦੇ ਮੁਕਾਬਲੇ ਇਸ ਕਾਲਜ ਨੇ ਅਕਾਦਮਿਕ ਖੇਤਰ, ਸਭਿਆਚਾਰਕ ਗਤੀਵਿਧੀਆਂ, ਖੇਡਾਂ, ਯੁਵਕ ਮੇਲਿਆਂ ਸਹਿ-ਵਿੱਦਿਅਕ ਅਤੇ ਧਾਰਮਿਕ ਖੇਤਰਾਂ ਵਿਚ ਸ਼ਾਨਾ-ਮੱਤੀਆਂ ਪ੍ਰਾਪਤੀਆਂ ਕਰਨ ਦੇ ਨਾਲ- ਨਾਲ ਪ੍ਰਿੰਸੀਪਲ ਡਾ. ਗੁਰਮੋਹਨ ਸਿੰਘ ਵਾਲੀਆ ਦੀ ਮਿਹਨਤ ਅਤੇ ਲਗਨ ਸਦਕਾ ਕਾਲਜ ਦੇ ਬਹੁ-ਪੱਖੀ ਵਿਕਾਸ ਦੁਆਰਾ ਨਵੇਂ ਮੀਲ-ਪੱਥਰ ਵੀ ਸਥਾਪਤ ਕੀਤੇ ਹਨ।
ਆਰਟਸ, ਸਾਇੰਸ ਅਤੇ ਕਮਰਸ ਦੀ ਗਰੈਜੂਏਟ ਪੱਧਰ ਦੀ ਵਿਦਿਆ ਦੇ ਨਾਲ-ਨਾਲ ਐਮ. ਏ. ਇਕਨਾਮਿਕਸ, ਐਮ. ਬੀ. ਏ., ਐਮ. ਸੀ. ਏ., ਬੀ. ਸੀ. ਏ. ਅਤੇ ਪੀ. ਜੀ. ਡੀ. ਸੀ. ਏ. ਆਦਿ ਕੋਰਸ ਵੀ ਇਸ ਕਾਲਜ ਵਿਚ ਕਰਵਾਏ ਜਾਂਦੇ ਹਨ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਾਂਝੀ ਵਿੱਦਿਆ ਦਾ ਇਹ ਇਕੋ ਇਕ ਕਾਲਜ ਹੈ ਜਿਥੇ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਵਿੱਦਿਅਕ ਸਭਿਆਚਾਰਕ ਸਰਗਰਮੀਆਂ ਖੇਡਾਂ, ਯਾਤਰਾਵਾਂ, ਕਾਲਜ ਮੈਗਜ਼ੀਨ ਅਤੇ ਗਿਆਨ-ਵਰਧਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਆ ਜਾਂਦਾ ਹੈ। ਕਾਲਜ ਦੇ ਅਧਿਆਪਨ ਵਰਗ ਵਿਚ ਯੋਗਤਾ ਵਾਲੇ ਤਜ਼ਰਬੇਕਾਰ ਸਿੱਖਿਆ ਸ਼ਾਸਤਰੀ ਹਨ, ਜਿਨ੍ਹਾਂ ਦੀ ਲਗਨ ਅਤੇ ਅਣਥੱਕ ਮਿਹਨਤ ਸਦਕਾ ਇਹ ਕਾਲਜ ਵਿੱਦਿਆ ਦੇ ਖੇਤਰ ਵਿਚ ਪੰਜਾਬ ਦੇ ਸਿਰਕੱਢ ਕਾਲਜਾਂ ਵਿਚੋਂ ਇਕ ਗਿਣਿਆ ਜਾਂਦਾ ਹੈ।
ਕਾਰ ਸੇਵਾ
ਗੁਰਦੁਆਰਾ ਸਾਹਿਬਾਨ ਦੀਆਂ ਨਵੀਨ ਅਤੇ ਸੁੰਦਰ ਇਮਾਰਤਾਂ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਦਿੱਲੀ ਵਾਲਿਆਂ ਵੱਲੋਂ ਕਰਵਾਈ ਗਈ ਹੈ ਅਤੇ ਸੇਵਾ ਦਾ ਕੰਮ ਚੱਲ ਰਿਹਾ ਹੈ।
ਭਾਈ ਟੋਡਰ ਮੱਲ ਦੀਵਾਨ ਹਾਲ
ਇਸ ਦੀਵਾਨ ਹਾਲ ਦੀ ਸੇਵਾ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਕਰਵਾਈ ਗਈ ਹੈ। ਜਿਥੇ ਕਿ ਹਰ ਸੰਗਰਾਂਦ, ਸਾਲਾਨਾ ਸ਼ਹੀਦੀ ਜੋੜ ਮੇਲੇ ਸਮੇਂ ਅਤੇ ਹੋਰ ਵਿਸ਼ੇਸ਼ ਦਿਨ ਦਿਹਾੜਿਆਂ ਸਮੇਂ ਭਾਰੀ ਦੀਵਾਨ ਸਜਦੇ ਹਨ। ਇਸ ਹਾਲ ਦੀ ਵਿਲੱਖਣਤਾ ਅਲੱਗ ਹੀ ਹੈ।
ਗੁਰਦੁਆਰਾ ਸਾਹਿਬ ਭਾਈ ਮੋਤੀ ਜੀ ਮਹਿਰਾ
ਭਾਈ ਮੋਤੀ ਰਾਮ ਜੀ ਮਹਿਰਾ, ਜਿਨ੍ਹਾਂ ਠੰਡੇ ਬੁਰਜ ਵਿਖੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਲਈ ਦੁੱਧ ਪਿਆਉਣ ਦੀ ਸੇਵਾ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕੀਤੀ, ਦੀ ਯਾਦ ਵਿਚ ਇਹ ਗੁਰਦੁਆਰਾ ਸਾਹਿਬ ਰੋਜ਼ਾ ਸ਼ਰੀਫ ਦੇ ਬਿਲਕੁਲ ਸਾਹਮਣੇ ਹੈ। ਇਲਾਕੇ ਦੀਆਂ ਸੰਗਤਾਂ ਦਾ ਟਰੱਸਟ ਹੈ, ਜੋ ਇਸ ਦੀ ਸੇਵਾ ਸੰਭਾਲ ਕਰਦੇ ਹਨ। ਪ੍ਰਬੰਧ ਬਹੁਤ ਵਧੀਆ ਹੈ।
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ
ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਕੌਮ ਲਈ ਇਕ ਵੱਖਰੀ ਅਤੇ ਵਿਸ਼ੇਸ਼ ਦੇਣ ਹੈ। ਬੇਅੰਤ ਲੜਾਈਆਂ ਲੜੀਆਂ ਅਤੇ ਜਿੱਤੀਆਂ। ਇਸ ਮਹਾਨ ਸਿੱਖ ਜਰਨੈਲ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੧੦੦ ਏਕੜ ਜ਼ਮੀਨ ਦੇ ਕੇ ਇਸ ਦੀ ਯਾਦ ਵਿਚ ਇਹ ਕਾਲਜ ਟੈਕਨੀਕਲ ਵਿਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਖੋਲ੍ਹਿਆ ਗਿਆ ਹੈ। ਇਸ ਦਾ ਪ੍ਰਬੰਧ ਇਕ ਟਰੱਸਟ ਹੀ ਚਲਾ ਰਿਹਾ ਹੈ। ਇਮਾਰਤ ਅਤੇ ਹੋਸਟਲ ਆਦਿ ਸੁੰਦਰ ਹਨ।
ਬਾਬਾ ਜ਼ੋਰਾਵਰ ਸਿੰਘ, ਫਤਹਿ ਸਿੰਘ ਪਬਲਿਕ ਸਕੂਲ
ਸਾਹਿਬਜ਼ਾਦਿਆਂ ਦੀ ਯਾਦ ਤੇ ਕੁਰਬਾਨੀ ਨੂੰ ਬੱਚਿਆਂ ਵਿਚ ਵਿਸ਼ੇਸ਼ ਕਰ ਕੇ ਉਜਾਗਰ ਕਰਨ ਲਈ ਇਹ ਪਬਲਿਕ ਸੀਨੀ: ਸੈ: ਸਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਟਰੱਸਟ ਬਣਾ ਕੇ ਚਲਾਇਆ ਜਾ ਰਿਹਾ ਹੈ। ੧੨ ਏਕੜ ਜ਼ਮੀਨ ਗੁਰਦੁਆਰਾ ਸਾਹਿਬ ਵਲੋਂ ਦਿੱਤੀ ਗਈ ਹੈ। ਇਮਾਰਤਾਂ ਅਤੇ ਪੜ੍ਹਾਈ ਦਾ ਵਧੀਆ ਪ੍ਰਬੰਧ ਹੈ। ਇਲਾਕੇ ਵਿਚ ਸਕੂਲ ਨੇ ਚੰਗਾ ਨਾਂ ਖੱਟਿਆ ਹੋਇਆ ਹੈ।
ਗਿਆਨੀ ਦਿੱਤ ਸਿੰਘ ਯਾਦਗਾਰੀ ਲਾਇਬ੍ਰੇਰੀ
ਗਿਆਨੀ ਜੀ ਦੀ ਵਿਦਵਤਾ ਨੂੰ ਯਾਦ ਕਰਦਿਆਂ ਇਸ ਲਾਇਬ੍ਰੇਰੀ ਲਈ ਥਾਂ ਗੁਰਦੁਆਰਾ ਸਾਹਿਬ ਵਲੋਂ ਦਿੱਤਾ ਗਿਆ, ਜੋ ਰੇਲਵੇ ਫਾਟਕ ਦੇ ਨਜ਼ਦੀਕ ਹੈ। ਇਸ ਦੇ ਪ੍ਰਬੰਧ ਲਈ ਇਕ ਟਰੱਸਟ ਬਣਾਇਆ ਹੈ। ਜਿਸ ਦੀ ਹਰ ਪ੍ਰਕਾਰ ਦੀ ਮੱਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਹੈ। ਹਾਲਾਂ ਪੂਰੀ ਤਿਆਰੀ ਨਹੀਂ ਹੋਈ।
ਲੰਗਰ ਮਾਤਾ ਗੁਜਰੀ ਜੀ
ਮਾਤਾ ਜੀ ਦੀ ਸਦੀਵੀ ਯਾਦ ਅਤੇ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੇ ਨਾਮ ‘ਤੇ ਹਰ ਵਕਤ ਲੰਗਰ ਚਲਦਾ ਰਹਿੰਦਾ ਹੈ। ਹਰ ਰੋਜ਼ ਬੇਅੰਤ ਸੰਗਤਾਂ ਲੰਗਰ ਛਕ ਕੇ ਹਰਿ-ਜਸ ਸਰਵਣ ਕਰਦੀਆਂ ਰਹਿੰਦੀਆਂ ਹਨ। ਇਮਾਰਤ ਦੀ ਸੇਵਾ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲਿਆਂ ਨੇ ਕਰਵਾਈ ਹੈ।
ਮਾਤਾ ਗੁਜਰੀ ਨਿਵਾਸ
ਮਾਤਾ ਗੁਜਰੀ ਜੀ ਦੀ ਯਾਦ ਵਿਚ ਇਹ ਨਿਵਾਸ ਪਹਿਲਾਂ ਲੋੜ ਮੁਤਾਬਕ ਘੱਟ ਸੀ, ਪਰ ਹੁਣ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲਿਆਂ ਵੱਲੋਂ ਸੰਗਤਾਂ ਦੀ ਰਿਹਾਇਸ਼ ਦੇ ਪ੍ਰਬੰਧ ਨੂੰ ਮੁੱਖ ਰੱਖ ਕੇ ੧੦੦ ਨਵੇਂ ਅਤੇ ਵਧੀਆ ਕਮਰੇ ਸੰਗਤਾਂ ਦੀ ਰਿਹਾਇਸ਼ ਲਈ ਤਿਆਰ ਕਰਵਾਏ ਗਏ ਹਨ।