ਆਧੁਨਿਕ ਪੰਜਾਬੀ ਨਿੱਕੀ ਕਹਾਣੀ ਤੇ ਕਹਾਣੀਕਾਰ 

ਆਧੁਨਿਕ ਪੰਜਾਬੀ ਨਿੱਕੀ ਕਹਾਣੀ ਤੇ ਕਹਾਣੀਕਾਰ 

Contents hide
1 ਆਧੁਨਿਕ ਪੰਜਾਬੀ ਨਿੱਕੀ ਕਹਾਣੀ ਤੇ ਕਹਾਣੀਕਾਰ
1.1 ਪੰਜਾਬੀ ਨਿੱਕੀ ਕਹਾਣੀ ਦਾ ਵਿਕਾਸ

ਪੰਜਾਬੀ ਸਾਹਿਤ ਦੇ ਆਧੁਨਿਕ ਯੁੱਗ ਵਿਚ “ਨਿੱਕੀ ਕਹਾਣੀ” ਦਾ ਜਨਮ ਇਕ ਕ੍ਰਾਂਤੀਕਾਰੀ ਘਟਨਾ ਹੈ । ਕਹਾਣੀ, ਕਥਾ, ਬਿਰਤਾਂਤ, ਬਾਤ ਆਦਿ ਕਥਾਤਮਕ ਰੂਪ ਭਾਵੇਂ ਆਦਿ ਕਾਲ ਅਤੇ ਮੱਧ ਕਾਲ ਵਿਚ ਪ੍ਰਚਲਿਤ ਸਨ ਪਰੰਤੂ ਅਜੋਕੀ ਹੁਨਰੀ ਨਿੱਕੀ ਕਹਾਣੀ ਆਧੁਨਿਕ ਯੁੱਗ ਦੀ ਹੀ ਦੇਣ ਹੈ । ਗਲਪ-ਸਾਹਿਤ ਦੇ ਇਕ ਰੂਪ ਵਜੋਂ ਨਿੱਕੀ ਕਹਾਣੀ ਦਾ ਜੋ ਵਿਕਾਸ ਇਸ ਸਦੀ ਦੇ ਇਨ੍ਹਾਂ ਦਹਾਕਿਆਂ ਵਿਚ ਹੋਇਆ ਹੈ ਉਹ ਨਿੱਕੀ ਕਹਾਣੀ ਦੀ ਲੋਕਪ੍ਰਿਅਤਾ ਦਾ ਪ੍ਰਮਾਣ ਹੈ । ਕਵਿਤਾ ਨੂੰ ਛੱਡਕੇ ਇਹ ਨਿੱਕੀ-ਕਹਾਣੀ ਹੀ ਹੈ ਜਿਸ ਦੀ ਪ੍ਰਗਤੀ ਬੜੀ ਤੇਜ਼ੀ ਨਾਲ ਹੋ ਰਹੀ ਹੈ। ਇਹੋ ਕਾਰਨ ਹੈ ਕਿ ਲਗਭਗ ਹਰ ਸਾਹਿਤਕਾਰ ਨੇ ਨਿੱਕੀ ਕਹਾਣੀ ਦੀ ਰਚਨਾ ਉਤੇ ਹੱਥ ਅਜ਼ਮਾਇਆ ਹੈ। ਜੇ ਗਹੁ ਨਾਲ ਵੇਖੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਨਿੱਕੀ ਕਹਾਣੀ ਦੇ ਸ਼ਿਲਪ-ਵਿਧਾਨ ਵਿਚ ਕਵਿਤਾ, ਨਾਵਲ, ਇਕਾਂਗੀ, ਨਾਟਕ ਤੇ ਵਾਰਤਕ ਆਦਿ ਕਲਾਰੂਪਾਂ ਦੇ ਪ੍ਰਮੁੱਖ ਅੰਸ਼ ਸਮੋਏ ਜਾ ਰਹੇ ਹਨ। ਇਸ ਲਈ ਨਿੱਕੀ ਕਹਾਣੀ ਵਿਚ ਲਘੂ ਵਿਸ਼ੇ ਅਤੇ ਵਿਰਾਟ ਵਿਸ਼ੇ ਸਾਰੇ ਹੀ ਬੜੀ-ਖੂਬੀ ਨਾਲ ਚਿਤਰਿਤ ਕੀਤੇ ਜਾਂਦੇ ਹਨ।

ਪੰਜਾਬੀ ਨਿੱਕੀ ਕਹਾਣੀ ਨੇ ਕਈ ਵਿਕਾਸ-ਪੜਾਅ ਪਾਰ ਕੀਤੇ ਹਨ। ਆਦਰਸ਼ਵਾਦ, ਸੁਧਾਰਵਾਦ, ਰੋਮਾਂਸ, ਪ੍ਰਗਤੀਸ਼ੀਲਤਾ, ਯਥਾਰਥਵਾਦ, ਮਨੋਵਿਸ਼ਲੇਸ਼ਣ, ਪ੍ਰਯੋਗਸ਼ੀਲਤਾ, ਵਿਅਕਤੀਵਾਦ, ਅਸਵਿਤਤ੍ਰਵਾਦ, ਚੇਤਨਾ-ਪ੍ਰਵਾਹ, ਨਕਸਲੀ ਲਹਿਰ ਆਦਿ ਦੇ ਸਿਧਾਂਤ-ਬਿੰਦੂਆਂ ਨੂੰ ਆਪਣੇ ਕਲੇਵਰ ਵਿਚ ਜਜ਼ਬ ਕਰਦੀ ਹੋਈ ਨਿੱਕੀ ਕਹਾਣੀ ਹੁਣ ਮਸ਼ੀਨੀ ਯੁੱਗ ਦੇ ਖੰਡਿਤ ਮਨੁੱਖ ਦੀ ਨਿੱਜੀ ਤਲਾਸ਼ ਲਈ ਯਤਨਸ਼ੀਲ ਹੋ ਰਹੀ ਹੈ। “ਹੁਣ ਕਹਾਣੀ ਮਨੁੱਖ ਦੇ ਆਂਤਰਿਕ ਯਥਾਰਥਾਂ, ਮੁਢਲੇ ਵਿਰੋਧਭਾਸ਼ਾਂ ਅਤੇ ਵਿਅਕਤੀ ਦੀ ਦੁਖਾਂਤਕ ਹੋਂਦ ਦੁਆਲੇ ਘੁੰਮਦੀ ਹੈ । ਕਹਾਣੀ ਅੱਜ ਦੇ ਗੁਆਚੇ ਹੋਏ ਮਨੁੱਖ ਨੂੰ ਤਲਾਸ਼ ਕਰਨ ਦਾ ਮਾਧਿਅਮ ਬਣ ਗਈ ਹੈ । ਮਨੁੱਖ ਜੋ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਆਲੇ-ਦੁਆਲੇ ਤੋਂ ਸਮਾਜ ਤੋਂ ਟੁੱਟ ਕੇ ਅਜਨਬੀ ਬਣ ਗਿਆ ਹੈ। ਉਹ ਹਰ ਪਾਸੇ ਅੱਖਾਂ ਟੱਡ ਕੇ ਕੁਝ ਪਹਿਚਾਨਣ ਦਾ, ਕੁੱਝ ਸਿੰਵਾਨਣ ਦਾ ਤਰਲਾ ਕਰ ਰਿਹਾ ਹੈ (ਗੁਰਮੁਖ ਸਿੰਘ ਜੀਤ)”। ਅਜਿਹੇ ਅਜਨਬੀ, ਖੰਡਿਤ, ਇਕਲਾਪਾ-ਗ੍ਰਸਤ, ਵਿਸੰਗਤਾ, ਤ੍ਰਾਸਦਿਕ, ਸੰਤ੍ਰਸਤ ਤੇ ਪੀੜਿਤ ਮਨੁੱਖ ਦੀਆਂ ਤ੍ਰਾਸਦਿਕ ਸਥਿਤੀਆਂ ਤੇ ਮਨੋ-ਅਕਾਂਖਿਆਵਾਂ ਦਾ ਕਥਾਤਮਕ ਰੂਪਾਂਤਰਣ ਹੀ ਹੁਣ ਦੀ ਕਹਾਣੀ ਦਾ ਨਿਸ਼ਾਨਾ ਹੈ। ਇਸ ਤਰ੍ਹਾਂ ਪੰਜਾਬੀ ਕਹਾਣੀ ਸਥੂਲ ਵਰਣਨ ਤੋਂ ਅੱਗੇ ਵਿਚਾਰ ਚਿੰਤਨ ਵੱਲ ਸਫਰ ਕਰ ਰਹੀ ਹੈ।

ਜਿਵੇਂ ਜਿਵੇਂ ਕਹਾਣੀ ਵਿਚ ਵਸਤੂ, ਵਿਸ਼ੇ, ਥੀਮ, ਤੇ ਕੱਥ ਵਿਚ ਅਦਲਾ-ਬਦਲੀ ਵਾਪਰਦੀ ਹੈ ਉਸੇ ਤਰ੍ਹਾਂ ਉਸ ਦੇ ਰੂਪ-ਸ਼ਿਲਪ ਵਿਚ ਵੀ ਤਬਦੀਲੀ ਉਭਰਦੀ ਗਈ ਹੈ । ਇਸ ਕਾਰਨ ਨਿੱਕੀ ਕਹਾਣੀ ਨੇ ਕਈ ਰੂਪ ਵਟਾਏ ਹਨ ਤੇ ਕਈ ਤੇਵਰ ਬਦਲੇ ਹਨ। ਨਿੱਕੀ ਕਹਾਣੀ, ਨਵੀਂ ਕਹਾਣੀ, ਸੰਚੇਤਨ ਕਹਾਣੀ, ਅਕਹਾਣੀ, ਐਂਟੀ ਕਹਾਣੀ, ਮਿੰਨੀ ਕਹਾਣੀ ਆਦਿ ਕਈ ਸ਼ੀਰਸ਼ਕ ਤੇ ਨਾਮਕਰਣ ਪੈਦਾ ਹੋਏ ਹਨ। ਨਵੀਨਤਮ ਕਹਾਣੀ ਰੂਪ ਮਿੰਨੀ-ਕਹਾਣੀ ਹੈ ਜੋ ਵਾਸਤਵ ਵਿਚ “ਲਘੂ ਕਥਾ” ਹੈ। ਇਸ ਵਿਭਿੰਨਤਾ ਦੇ ਬਾਵਜੂਦ ਕਹਾਣੀ ਦੀ ਪ੍ਰਕ੍ਰਿਤੀ ਤੇ ਪ੍ਰਵਿਰਤੀ ਬਦਸਤੂਰ ਕਾਇਮ ਹੈ। ਜਿਸ ਕਾਰਨ ਇਹ ਸਭ ਕੁਝ ਨਿੱਕੀ ਕਹਾਣੀ ਦਾ ਵਿਸਤਾਰ ਤੇ ਪਾਸਾਰ ਹੀ ਹੈ।

ਪੰਜਾਬੀ ਨਿੱਕੀ ਕਹਾਣੀ ਦਾ ਵਿਕਾਸ

ਦੰਨਰੋਲ ਕਹਾਣੀ ਲਿਖਣ ਵਿਚ ਪਹਿਲਾਂ ਚਰਨ ਸਿੰਘ ਸ਼ਹੀਦ (1881-1935) ਨੇ ਕੀਤੀ ਹੈ। ਨਹੀਦ ਹਾਸ ਰਸ ਦਾ ਲੇਖਕ ਹੈ ਇਸਦੇ ਸਪਤਾਹਿਕ ਅਖਬਾਰ ਸ਼ਹੀਦ (1956) ਤੇ ਰਸਾਲੇ ਹੰਸ (1928) ਨੇ ਬੜਾ ਨਾਮਣਾ ਖਟਿਆ ਸੀ । ਸ਼ਹੀਦ ਦਾ ਹਾਲ ਅਖਬਾਰ ਮੌਜੀ (1926) ਤੇ ਵਿਅੰਗ ਕਠੋਰ ਵੀ ਹੋ ਜਾਂਦਾ ਹੈ । ਉਸਦਾ ਕਹਾਣੀ ਸੰਗ੍ਰਹਿ “ਹਸਦੇ ਹੰਝੂ” ਨਾਂ ਹੇਠ ਛਪਿਆ। ਇਸਤਰੀ ਸਭਾ, ਦਿਬ ਦ੍ਰਿਸ਼ਟੀ, ਠਾਣੇਦਾਰੀ, ਨੀਂਦਰ ਹਰਾਮ, ਚਾਹ ਬਾਲਟੀ, ਛੇੜ ਆਦਿ ਪ੍ਰਸਿੱਧ ਕਹਾਣੀਆਂ ਹਨ।

ਇਸ ਸਮੇਂ ਦੇ ਹੋਰ ਕਹਾਣੀਕਾਰ ਗਿਆਨੀ ਗੁਰਦਿਤ ਸਿੰਘ, ਅਰਜਨ ਸਿੰਘ ਗੜਗਜ, ਕੇਸਰ ਸਿੰਘ ਬੀ.ਏ, ਬਲਵੰਤ ਸਿੰਘ, ਬਲਵੰਤ ਸਿੰਘ ਚਤਰਥ, ਸੋਹਨ ਸਿੰਘ ਜੋਸ਼, ਪ੍ਰੀਤਮ ਸਿੰਘ, ਫਤੇ ਸਿੰਘ, ਡਾਕਟਰ ਸੁੰਦਰ ਸਿੰਘ, ਗੁਰਾਂਦਿਤਾ ਖੰਨਾ ਤੇ ਅਭੈ ਸਿੰਘ ਆਦਿ ਸਨ ਜੋ ਜਾਸੂਸੀ, ਸੁਧਾਰਕ ਤੇ ਇਨਕਲਾਬੀ ਭਾਵਾਂ ਵਾਲੀਆਂ ਕਹਾਣੀਆਂ ਇਧਰੋਂ ਉਧਰੋਂ ਸਮੱਗਰੀ ਲੈ ਕੇ ਤੇ ਪੰਜਾਬੀ ਰੂਪ ਵਿਚ ਢਾਲਕੇ ਪੰਜਾਬੀ ਰਸਾਲਿਆਂ “ਫੁਲਵਾੜੀ” “ਕਿਰਤੀ” “ਪ੍ਰੀਤਮ”, “ਹੰਸ” ਆਦਿ ਰਾਹੀਂ ਪੇਸ਼ ਕਰਦੇ ਰਹੇ। ਇਨ੍ਹਾਂ ਦੇ ਸਿਰਲੇਖ ਵੀ ਇਸੇ ਪ੍ਰਕਾਰ ਦੇ ਹੁੰਦੇ ਸਨ ਜਿਵੇਂ “ਰੂਸੀ ਰਾਜ ਪਲਟਾਊ (ਗਿ. ਗੁਰਦਿਤ ਸਿੰਘ)” “ਪੱਛਮੀ ਠੱਗੀ ਦੀ ਇਕ ਸੱਚੀ ਕਹਾਣੀ” (ਡਾ. ਬਲਵੰਤ ਸਿੰਘ) ਕੇਸਰ ਸਿੰਘ ਨੇ ਸਮਾਜ ਸੁਧਾਰਕ ਕਹਾਣੀਆਂ ਲਿਖੀਆਂ ਜਿਵੇਂ “ਸੁਖੀ ਸੁਹਾਗਣ ਤੇ ਸੁਖੀ ਵਿਧਵਾ” “ਕਸਾਈ ਪਤੀ ਤੇ ਕਸਾਇਣ ਪਤਨੀ” ਆਦਿ ।

ਲਾਲ ਸਿੰਘ ਕਮਲਾ ਅਕਾਲੀ (1889-1979)

ਕਮਲਾ ਅਕਾਲੀ ਨੇ ਵੀ ਇਸੇ ਦੌਰ ਵਿਚ ਨਿੱਕੀ ਕਹਾਣੀ ਵਰਗੀ ਗਲਪ ਰਚਨਾ ਸ਼ੁਰੂ ਕੀਤੀ ਇਸਦੀ ਪਹਿਲੀ ਕਹਾਣੀ “ਵਿਛੜੀ ਕੂੰਜ” ਫੁਲਵਾੜੀ ਦੇ ਪਹਿਲੇ ਅੰਕ ਵਿਚ ਛਪੀ । ਕਰਮ-ਗਤਿ ਇਸ ਦੀ ਇਕ ਰਚਨਾ ਨਾਵਲ ਤੇ ਕਹਾਣੀ ਦੇ ਵਿਚਾਲੇ ਦੀ ਰਚਨਾ ਹੈ । ਫਤੇ ਸਿੰਘ ਨੇ ਆਨੰਦ ਪ੍ਰਵਾਹ (1932) ਸੰਗ੍ਰਹਿ ਵਿਚ 25 “ਸੰਖੇਪ ਵਾਰਤਾਵਾਂ” ਪ੍ਰਕਾਸ਼ਿਤ ਕੀਤੀਆਂ। ਇਹ ਪੰਜਾਬੀ-ਕਹਾਣੀ ਦਾ ਪਹਿਲਾ ਮੌਲਿਕ ਸੰਗ੍ਰਹਿ ਕਿਹਾ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਵਿਚ ਭਾਂਤ ਸੁਭਾਂਤ, ਰਸ-ਰੰਗ ਤੇ ਸੁਆਦ ਸ਼ਾਮਲ ਹਨ। ਕਹਾਣੀ ਕਹਿਣ ਦਾ ਢੰਗ ਨਾਟਕੀ-ਬਿਰਤਾਂਤੀ ਨਹੀਂ ਵਰਣਨਾਤਮਿਕ ਹੈ। ਘੜੰਮ ਦੀ ਅਵਾਜ਼, ਚਾਲਾਕ ਭੇਤੀਆਂ ਤੇ ਠੱਗਾਂ ਦੀ ਟੋਲੀ, ਵਰਗੀਆਂ ਜਾਸੂਸੀ ਕਹਾਣੀਆਂ ਵੀ ਹਨ। ਇਹ ਸੰਗ੍ਰਹਿ ਬੜੀ ਇਤਿਹਾਸਿਕ ਮਹੱਤਤਾ ਰੱਖਦਾ ਹੈ ਤੇ ਉਸ ਕਾਲ ਦੀ ਪੰਜਾਬੀ ਕਹਾਣੀ ਤੇ ਸਤਨਾਜੇ ਦਾ ਚੰਗਾ ਪ੍ਰਤਿਨਿਧ ਹੈ।

ਗਿਆਨੀ ਹੀਰਾ ਸਿੰਘ ਦਰਦ (1889-1965)

ਦਰਦ ਨੇ ਵੀ ਇਸੇ ਕਾਲ ਵਿਚ 30 ਦੇ ਕਰੀਬ ਸਿਆਸੀ ਤੇ ਭਾਈਚਾਰਕ ਮਨੋਰਥ ਵਾਲੀਆਂ ਕਹਾਣੀਆਂ ਲਿਖੀਆਂ। “ਪੰਜਾਬੀ ਸਧਰਾਂ” ਸੰਗ੍ਰਹਿ ਦੇ ਮੁੱਖ ਬੰਦ ਵਿਚ ਗਿਆਨੀ ਜੀ ਨੇ ਆਪਣੀਆਂ ਕਹਾਣੀਆਂ ਬਾਰੇ ਨਿਰਮਾਣਤਾ ਭਰੇ ਭਾਵ ਪ੍ਰਗਟ ਕੀਤੇ ਹਨ ਪਰ ਸੱਚ ਇਹ ਹੈ ਕਿ ਆਪਦੀਆਂ ਕਹਾਣੀਆਂ ਇਸ ਕਾਲ ਦੀਆਂ ਬਹੁਤੀਆਂ ਕਹਾਣੀਆਂ ਨਾਲੋਂ ਆਪਣੇ ਪ੍ਰਭਾਵ ਵਿਚ ਵਧੇਰੇ ਅਗਾਂਹਵਧੂ, ਸੋਧ ਵਿਚ ਵਧੇਰੇ ਸਪਸ਼ਟ ਤੇ ਘਟਨਾ ਵਰਨਣ ਜਾਂ ਪਾਤਰ ਚਿਤਰਣ ਵਿਚ ਵਧੇਰੇ ਵਾਸਤਵਿਕ ਹਨ।

ਜੋਸੂਆ ਫਜ਼ਲਦੀਨ (1903-1976 )

ਜੋਸੂਆਂ ਫਜ਼ਲਦੀਨ ਨੇ ਅਦਬੀ ਅਫਸਾਨੇ, ਇਖਲਾਕੀ ਕਹਾਣੀਆਂ ਤੇ ਨਿੱਕੀਆਂ ਕਹਾਣੀਆਂ, ਤਿੰਨ ਸੰਗ੍ਰਹਿ ਛਾਪੇ। ਆਪ ਨੇ ਨਿੱਕੀ ਕਹਾਣੀ ਵਿਚ ਪਹਿਲੀ ਵਾਰ ਸਾਧਾਰਣ ਜੀਵਨ ਰਹੱਸ ਨੂੰ ਉਘਾੜਿਆ ਕਿ ਅਲੋਕਿਕ ਸ਼ਕਤੀ ਮਿੱਥਣ ਦੀ ਕੋਈ ਥਾਂ ਨਹੀਂ।

ਸੁਰਿੰਦਰ ਸਿੰਘ ਨਰੂਲਾ (1917- )

ਨਰੂਲਾ ਦਾ “ਅਗਨਿ ਚਿੰਗਾੜੇ” ਉਸ ਕਾਲ ਦਾ ਹੋਰ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ। ਰਸਾਲਿਆਂ ਵਿਚ ਇਸ ਸਮੇਂ ਲਿਖਣ ਵਾਲੇ ਹੋਰ ਲੇਖਕ ਕਪੂਰ ਸਿੰਘ, ਹਰਕ੍ਰਿਸ਼ਨ ਲਾਲ ਪਰਾਸਰ, ਅਜ਼ਹਰ ਹੈਦਰ ਆਦਿ ਹਨ ਪਰ ਇਨ੍ਹਾਂ ਲਈ ਕਹਾਣੀ ਰਚਨਾ ਇਕ ਸ਼ੁਗਲ ਮਾਤਰ ਹੀ ਸੀ।

ਨਾਨਕ ਸਿੰਘ (1897-1971)

ਨਾਨਕ ਸਿੰਘ ਨੇ ਕਹਾਣੀ ਵਿਚ ਨਾਵਲ ਦਾ ਅੰਸ਼ ਲੈ ਆਂਦਾ। 1927 ਵਿਚ ਪਹਿਲੀ ਕਹਾਣੀ “ਰੱਖੜੀ” ਛਪੀ, 1934 ਵਿਚ ਪਹਿਲਾ ਕਹਾਣੀ ਸੰਗ੍ਰਹਿ “ਹੰਝੂਆਂ ਦਾ ਹਾਰ” । ਇਸ ਪਿਛੋਂ 1936 ਵਿਚ “ਸਧਰਾਂ ਦੇ ਹਾਰ” ਤੇ 1937 ਵਿਚ ਮਿੱਧੇ ਹੋਏ ਫੁਲ ਅਤੇ 1940 ਵਿਚ “ਠੰਡੀਆਂ ਛਾਵਾਂ” ਪ੍ਰਕਾਸ਼ਿਤ ਹੋਏ ।

ਗੁਰਬਖ਼ਸ਼ ਸਿੰਘ (1895-1977)

ਗੁਰਬਖ਼ਸ਼ ਸਿੰਘ ਸਬੰਧੀ ਜੇ ਇਹ ਆਖ ਦਿੱਤਾ ਜਾਏ ਕਿ ਵਾਰਤਕ ਲਿਖਾਰੀ ਗੁਰਬਖ਼ਸ਼ ਸਿੰਘ ਨਾਲੋਂ ਕਹਾਣੀਕਾਰ ਗੁਰਬਖ਼ਸ਼ ਸਿੰਘ ਵਧੇਰੇ ਮਹਾਨ ਹੈ ਤਾਂ ਅਤਿ ਕਥਨੀ ਨਹੀਂ ਹੋਵੇਗੀ। ਗੁਰਬਖ਼ਸ ਸਿੰਘ ਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਪਿਆਰ ਹੈ। ਆਪਣੀਆਂ ਕਹਾਣੀਆਂ ਬਾਰੇ ਲੇਖਕ ਦੀ ਸਵੈ- ਆਲੋਚਨਾ ਬਿਆਨ ਕਰਨੀ ਅਯੋਗ ਨਹੀਂ ਹੋਏਗੀ-“ਪ੍ਰਤਿਮਾ ਕਹਾਣੀ ਸਿਰਫ ਇਕ ਇਸਤਰੀ ਨੂੰ ਪੜ੍ਹ ਕੇ ਸੁਨਾਣ ਲਈ 1913 ਵਿਚ ਲਿਖੀ ਗਈ” ਅਜਿਹੇ ਵਿਸ਼ੇ ਤੇ ਉਸਦਾ ਪਹਿਲਾ ਕਹਾਣੀ ਸੰਗ੍ਰਹਿ “ਅਨੋਖੇ ਤੇ ਇੱਕਲੇ” ਸੀ । 1947 ਪਿਛੋਂ “ਭਾਬੀ ਮੈਨਾ” ਨਵੇਂ ਖੰਡਰ ਤੇ ਉਸਾਰੀ, “ਸ਼ਬਨਮ, ਆਖਰੀ ਸਬਕ, ਪ੍ਰੀਤਾਂ ਦੇ ਪਹਿਰੇਦਾਰ ਤੇ ਇਸ਼ਕ ਜਿਨ੍ਹਾਂ ਤੇ ਹੱਡੀ ਰਚਿਆ” ਆਦਿ ਪ੍ਰਕਾਸ਼ਿਤ ਕੀਤੇ।

ਗੁਰਮੁਖ ਸਿੰਘ ਮੁਸਾਫਿਰ (1899-1975)

ਗੁਰਮੁਖ ਸਿੰਘ ਮੁਸਾਫਿਰ ਦੇ 1947 ਤੋਂ ਪਹਿਲਾਂ ਦੇ “ਸਭ ਹਛਾ” ਤੇ “ਵੱਖਰੀ ਦੁਨੀਆਂ” ਦੋ ਕਹਾਣੀ ਸੰਗ੍ਰਹਿ ਛਪੇ-ਮੁਸਾਫਿਰ ਇਕ ਕਵੀ ਹੈ ਉਸਨੇ ਦੇਸ਼-ਪਿਆਰ, ਧਰਮ, ਸਦਾਚਾਰ ਤੇ ਰਾਜਨੀਤੀ ਦੀਆਂ ਕਵਿਤਾਵਾਂ ਲਿਖਣ ਤੇ ਬਾਵਜੂਦ ਕਹਾਣੀਆਂ ਦੇ ਵਿਸ਼ੇ ਵਖਰੇ ਚੁਣੇ ਹਨ – ਇਸ ਦੀਆਂ ਕਹਾਣੀਆ “ਅਲ੍ਹਾ ਵਾਲੇ” “ਆਲ੍ਹਣੇ ਦੇ ਬੇਟ” “ਗੁਟਾਰ” ਵਧੇਰੇ ਪ੍ਰਸਿੱਧ ਹਨ।

ਸੁਜਾਨ ਸਿੰਘ (1909-)

ਸੁਜਾਨ ਸਿੰਘ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਚੇਤੰਨ ਕਹਾਣੀਕਾਰ ਦੇ ਤੌਰ ਤੇ ਵਿਸ਼ੇਸ਼ ਥਾਂ ਰੱਖਦਾ ਹੈ । ਉਸਨੇ ਇਕ ਪਾਸੇ ਵਿਸ਼ੇ-ਪ੍ਰਦਾਨ ਕਹਾਣੀ ਦੀ ਲੀਹ ਤੋਰੀ ਹੈ ਅਤੇ ਦੂਜੇ ਪਾਸੇ ਕਹਾਣੀ ਨੂੰ ਮੰਤਵ ਦਾ ਸਾਧਨ ਬਣਾਇਆ ਹੈ। ਉਸਦੇ ਕਹਾਣੀ ਸੰਗ੍ਰਹਿ ਇਹ ਹਨ :- ਦੁੱਖ ਸੁੱਖ, ਦੁੱਖ ਸੁੱਖ ਤੋਂ ਪਿਛੋਂ, ਮਨੁਖ ਤੇ ਪਸੂ, ਸਭ ਰੰਗ, ਨਰਕਾਂ ਦੇ ਦੇਵਤੇ, ਨਵਾਂ ਰੰਗ, ਸਵਾਲ ਜਵਾਬ, ਸੱਤ ਸੁਰਾਂ।

ਸੁਜਾਨ ਸਿੰਘ ਇਕ ਮਨੋਰਥਵਾਦੀ ਕਥਾਕਾਰ ਹੈ। ਉਸਦੀ ਹਰ ਕਹਾਣੀ ਵਿਚ ਕੋਈ ਨਾ ਕੋਈ ਸਮਸਿਆ ਹੁੰਦੀ ਹੈ, ਸਮਾਜਕ, ਮਨੋਵਿਗਿਆਨਿਕ ਜਾਂ ਰਾਜਸੀ । ਗੁਰਮੁਖ ਸਿੰਘ ਜੀਤ (ਸੁਜਾਨ ਸਿੰਘ ਅਭਿਨੰਦਨ ਗ੍ਰੰਥ, ਪੰਨਾ 77) ਦੇ ਅਨੁਸਾਰ ਸੁਜਾਨ ਸਿੰਘ ਦੀ ਕਹਾਣੀ ਵਿਚ ਤਿੰਨ ਪੜਾਅ ਵਿਖਾਈ ਦੇਂਦੇ ਹਨ। ਪਹਿਲਾ ਪੜਾਅ “ਦੁਖ ਸੁਖ” ਨਾਲ ਆਉਂਦਾ ਹੈ ਜਿਥੇ ਉਹ ਸਮਾਜਕ ਚੇਤਨਤਾ ਨਾਲ ਪ੍ਰਤਿਬਧ ਹੋ ਕੇ ਸਮਾਜਕ ਮਸਲਿਆਂ ਨੂੰ ਕਥਾਰੂਪ ਦੇਂਦਾ ਹੈ । ਦੂਜਾ ਪੜਾਅ “ਦੁੱਖ ਸੁੱਖ ਤੋਂ ਪਿਛੋਂ” ਸੰਗ੍ਰਹਿ ਨਾਲ ਸ਼ੁਰੂ ਹੁੰਦਾ ਹੈ ਜਿਥੇ ਉਸਦੀ ਚੇਤੰਨਤਾ ਜਾਗ ਉਠਦੀ ਹੈ ਕਿ ਉਸਦੇ ਆਪਣੇ ਹਿਤ ਕਿਥੇ ਹਨ । ਤੀਜਾ ਪੜਾਅ ਉਸਦਾ “ਨਰਕਾਂ ਦੇ ਦੇਵਤੇ” ਸਭ ਰੰਗ, ਮਨੁਖ ਤੇ ਪਸੂ, ਨਵਾਂ ਰੰਗ ਉਪਰ ਖਿਲਰਿਆ ਹੋਇਆ ਹੈ। ਏਥੇ ਉਸਨੂੰ ਸ਼ੋਸ਼ਕ ਤੇ ਸ਼ੋਸ਼ਿਤ ਵਰਗ ਦਾ ਬੋਧ ਹੋ ਜਾਂਦਾ ਹੈ। ਇਸ ਲਈ ਉਹ ਆਰਥਿਕ ਘੋਲ ਨੂੰ ਨਿਸੰਗਤਾ ਨਾਲ ਵਰਣਨ ਕਰਦਾ ਹੈ। ਉਸਦੀ ਹਮਦਰਦੀ ਗ਼ਰੀਬਾਂ, ਕਿਰਸਾਨਾਂ, ਮਜ਼ਦੂਰਾਂ ਨਾਲ ਹੈ, ਮੱਧ ਸ਼੍ਰੇਣੀ ਨੂੰ ਹਮਦਰਦੀ ਦਾ ਪਾਤਰ ਨਹੀਂ ਸਮਝਦਾ। ਉਸ ਨੇ ਇਸਤਰੀ ਨਾਲ ਹੁੰਦੇ ਅਨਿਆਂ ਨਾਲ ਵੀ ਹਮਦਰਦੀ ਵਿਖਾਈ ਹੈ। ਔਰਤ ਵੀ ਮਰਦ-ਪ੍ਰਧਾਨ ਸਮਾਜ ਵਿਚ ਜ਼ੋਰ-ਜੁਲਮ ਦੀ ਸ਼ਿਕਾਰ ਹੈ। ਸੁਜਾਨ ਸਿੰਘ ਦਾ ਪਿਆਰ-ਸਿਧਾਂਤ ਆਤਮਾ ਦੀ ਪਹਿਚਾਣ ਉਤੇ ਨਿਰਭਰ ਹੈ, ਪਿਆਰ ਗਰਜ ਰਹਿਤ ਹੋਣਾ ਚਾਹੀਦਾ ਹੈ। ਸੁਜਾਨ ਸਿੰਘ ਰਾਸ਼ਟਰਵਾਦੀ ਲੇਖਕ ਵੀ ਹੈ ਇਸ ਲਈ ਉਸਦੀ ਕਥਾਤਮਕ ਪ੍ਰਤਿਭਾ ਵਿਚ ਦੇਸ਼-ਵੰਡ ਦੀ ਕਰੁਣਾਮਈ ਗੂੰਜ ਉਭਰਦੀ ਹੈ। ਉਸ ਦੀਆਂ ਕਈ ਕਹਾਣੀਆਂ ਮਨੋਵਿਗਿਆਨਿਕ ਵੀ ਹਨ। “ਪਠਾਨ ਦੀ ਧੀ” ਵਿਚ ਮਨੋਵਿਗਿਆਨਿਕ ਚਿੱਤਰ ਹਨ। ਕਹਾਣੀ ਕਲਾ ਦੇ ਪਖੋਂ ਸੁਜਾਨ ਸਿੰਘ ਵਸਤੂ-ਪ੍ਰਧਾਨ ਕਹਾਣੀਆਂ ਦਾ ਸਿਰਜਕ ਹੈ ਪਰ ਉਸ ਦਾ ਕਲਾ ਪੱਖ ਵੀ ਬੜਾ ਵਿਅੰਗਮਈ, ਕਲਾਤਮਕ ਤੇ ਰਸਦਾਇਕ ਹੁੰਦਾ ਹੈ। ਪਿਛਲੇ ਸਾਲਾਂ ਵਿਚ ਸੁਜਾਨ ਸਿੰਘ ਵਿਸ਼ੇ ਪਖੋਂ ਯਥਾਰਥਮਈ ਅਤੇ ਵਿਚਾਰਾਂ ਦੇ ਪਖੋਂ ਸਮਾਜਵਾਦੀ ਤੇ ਪ੍ਰਗਤੀਵਾਦੀ ਬਣ ਗਿਆ ਹੈ ਆਸ ਹੈ ਸੁਜਾਨ ਸਿੰਘ ਦਾ ਕਥਾ ਚਿੰਤਨ ਹੋਰ ਵੀ ਡੂੰਘੇਰਾ ਹੁੰਦਾ ਜਾਵੇਗਾ।

ਨੌਰੰਗ ਸਿੰਘ (1910-1968)

ਨੌਰੰਗ ਸਿੰਘ ਦੇ ਦੋ ਕਹਾਣੀ ਸੰਗ੍ਰਹਿ “ਬੋਝਲ ਪੰਡਾਂ” ਤੇ “ਭੁਖੀਆਂ ਰੂਹਾਂ” 1940 ਤੇ 1942 ਵਿਚ ਛਪੇ । ਇਹ ਕਹਾਣੀਕਾਰ ਗੁਰਬਖ਼ਸ ਸਿੰਘ ਦਾ ਅਸਰ ਕਬੂਲਦਾ ਹੈ, 1947 ਪਿੱਛੋਂ ਇਸਦੇ ਕਹਾਣੀ ਸੰਗ੍ਰਹਿ “ਮਿਰਜੇ ਦੀ ਜੂਹ” ਤੇ “ਬੂਹਾ ਖੁਲ੍ਹ ਗਿਆ” ਹਨ।

ਦੇਵਿੰਦਰ ਸਤਿਆਰਥੀ (1908-2003)

ਦੇਵਿੰਦਰ ਸਤਿਆਰਥੀ ਦਾ 1941 ਵਿਚ ਪਹਿਲਾਂ ਕਹਾਣੀ ਸੰਗ੍ਰਹਿ “ਕੁੰਗ ਪੋਸ” ਛਪਿਆ। ਇਸ ਦੀਆਂ ਕਹਾਣੀਆਂ ਤੇ ਲੋਕ ਕਹਾਣੀਆਂ ਤੇ ਲੋਕ ਵਿਚਾਰਾਂ ਦਾ ਪ੍ਰਭਾਵ ਹੈ। ਇਸਦੀਆਂ ਸਫਲ ਕਹਾਣੀਆਂ “ਸੱਪ ਤੇ ਆਦਮੀ” ਤੇ “ਅੰਨ ਦੇਵਤਾ” ਆਖੀਆਂ ਜਾ ਸਕਦੀਆਂ ਹਨ।

ਪ੍ਰੋ ਪੂਰਨ ਸਿੰਘ (1905-1978)

ਪ੍ਰੋ. ਮੋਹਨ ਸਿੰਘ ਨੇ 1942 ਵਿਚ “ਨਿੱਕੀ ਨਿੱਕੀ ਵਾਸ਼ਨਾ” ਕਹਾਣੀ ਸੰਗ੍ਰਹਿ ਦਿੱਤਾ।

ਪ੍ਰੋ. ਹਰਚਰਨ ਸਿੰਘ (1914- )

ਪ੍ਰੋ. ਹਰਚਰਨ ਸਿੰਘ (ਜੋ ਨਾਟਕਕਾਰ ਦੇ ਤੌਰ ਤੇ ਜਾਣੇ ਜਾਂਦੇ ਹਨ) ਦਾ 1943 ਵਿਚ ਕਹਾਣੀ ਸੰਗ੍ਰਹਿ “ਸਿੱਪੀਆਂ ਛਪਿਆ।”

ਡਾ. ਮੋਹਨ ਸਿੰਘ (1899-1984)

ਡਾ. ਮੋਹਨ ਸਿੰਘ ਨੇ ਆਪਣੇ ਕਹਾਣੀ ਸੰਗ੍ਰਹਿਆਂ (ਦੇਵਿੰਦਰ ਬੀਤੀਸੀ, ਪਰਾਂਦੀ, ਰੰਗ ਤਮਾਸ਼ੇ) ਵਿਚ ਬੌਧਿਕ ਵਿਅੰਗ ਤੇ ਕਟਾਕਸ਼ ਦਾ ਪ੍ਰਗਟਾਊ ਕੀਤਾ ਹੈ।

ਸੰਤ ਸਿੰਘ ਸੇਖੋਂ (1908-1997)

ਸੇਖੋਂ ਪਹਿਲਾ ਕਹਾਣੀਕਾਰ ਹੈ ਜਿਸਨੇ ਹੁਨਰੀ ਕਹਾਣੀ ਦਾ ਮੁੱਢ ਬੰਨ੍ਹਿਆ । ਉਸ ਦੇ ਕਹਾਣੀ ਸੰਗ੍ਰਹਿ ਹਨ – ਸਮਾਚਾਰ, ਕਾਮੇ ਤੇ ਯੋਧੇ, ਤੀਜਾ ਪਹਿਰ, ਅੱਧੀ ਵਾਟ । ਸੇਖੋਂ ਸਮਾਜਵਾਦੀ ਅਧਾਰਾਂ ਤੇ ਜਨ ਸਾਧਾਰਨ ਦੀਆਂ ਸਮੱਸਿਆਵਾਂ ਨੂੰ ਯਥਾਰਥਵਾਦੀ ਢੰਗ ਨਾਲ ਪੇਸ਼ ਕਰਨ ਵਿਚ ਸਮਰਥ ਹੈ।

ਕੁਲਵੰਤ ਸਿੰਘ ਵਿਰਕ (1921-1987)

ਵਿਰਕ ਪੰਜਾਬੀ ਦਾ ਪ੍ਰਮੁੱਖ ਕਹਾਣੀਕਾਰ ਹੈ ਜਿਸਦਾ ਸੁਰ ਯਥਾਰਥਵਾਦੀ ਹੈ। ਉਸ ਦੀਆਂ ਤਿੰਨ ਰੰਗ, ਸ਼ੇਰਨੀਆਂ, ਦੋ ਝਾਕੀਆਂ, ਚਾਰ ਚਿੱਠੀਆਂ ਪ੍ਰਸਿੱਧ ਕਹਾਣੀਆਂ ਹਨ। ਉਸ ਦੇ ਕਹਾਣੀ ਸੰਗ੍ਰਹਿ ਇਹ ਹਨ : ਛਾਹ ਵੇਲਾ, ਧਰਤੀ ਤੇ ਅਕਾਸ਼, ਤੂੜੀ ਦੀ ਪੰਡ, ਏਕਸ ਕੇ ਹਮ ਬਾਰਕ, ਦੁੱਧ ਦਾ ਛੱਪੜ, ਗੋਲ੍ਹਾਂ, ਨਵੇਂ ਲੋਕ।

ਅੰਮ੍ਰਿਤਾ ਪ੍ਰੀਤਮ (1919)

ਪੰਜਾਬੀ ਦੀ ਨਾਮਵਰ ਕਵਿਤਰੀ ਅੰਮ੍ਰਿਤਾ ਨੇ ਸਿਰਫ ਕਵਿਤਾ ਹੀ ਨਹੀ ਰਚੀ ਬਲਕਿ ਪੰਜਾਬੀ ਗਲਪਕਾਰ ਦੇ ਤੌਰ ਤੇ ਵੀ ਆਪਣਾ ਵਿਸ਼ੇਸ਼ ਰਚਨਾਮਕ ਅਸਤਿਤ੍ਰ ਕਾਇਮ ਕੀਤਾ। ਉਸਨੇ ਨਾਵਲਾਂ ਦੇ ਨਾਲ ਨਾਲ ਕਹਾਣੀਆਂ ਦੀ ਵੀ ਰਚਨਾ ਕੀਤੀ ਜਿਸ ਵਿਚ ਉਸਦੇ ਕਹਾਣੀ ਸੰਗ੍ਰਹਿ “ਛੱਬੀ ਵਰ੍ਹੇ ਬਾਅਦ”, “ਆਖਰੀ ਖ਼ਤ”, “ਗੋਜਰ ਦੀਆਂ ਪਰੀਆ”, “ਚਾਨਣ ਦਾ ਹਉਕਾ” ਜੰਗਲੀ ਬੂਟੀ ਆਦਿ ਦੇ ਨਾਮ ਲਏ ਜਾ ਸਕਦੇ ਹਨ।

ਉਸਦੇ ਕਾਵਿ ਸੰਸਾਰ ਵਿਚ ਵਿਚਰਨ ਵਾਲੇ ਕੇਂਦਰੀ ਥੀਮ ਜਿਵੇਂ ਇਸ਼ਕ ਦਾ ਬੇਬਾਕ ਪ੍ਰਗਟਾਅ, ਬੰਧੇਜ਼ ਤੋਂ ਆਜ਼ਾਦੀ, ਔਰਤ ਦੀ ਨਮੋਸ਼ੀ ਦਾ ਸਿਰਜਣ ਆਦਿ ਉਸਦੀਆਂ ਕਹਾਣੀਆਂ ਦੇ ਰਚਨਾਤਮਕ ਸੰਸਾਰ ਲਈ ਵਿਸ਼ੇਸ਼ ਅਧਾਰ-ਭੂਮੀ ਬਣਦੇ ਹਨ। ਲੋਕ-ਮਾਨਸ ਦੀ ਭਾਵ-ਅਨੁਭੂਤੀ ਦੀ ਵਿਅੰਜਨਾਤਮਕ ਸ਼ੈਲੀ ਉਸਦੀ ਰਚਨਾ ਨੂੰ ਵਿਸ਼ੇਸ਼ ਕਲਾਤਮਕ ਛੋਹਾਂ ਪ੍ਰਦਾਨ ਕਰਦੀ ਹੈ । ਕਰੂਰ ਜ਼ਿੰਦਗੀ ਦੇ ਨਮੋਸ਼ੀਫਰੋਜ਼ ਹਾਦਸਿਆਂ ਦਾ ਚਿਤਰਣ ਖ਼ਾਸ ਭਾਵ ਪੂਰਨ ਪ੍ਰਗਟਾਅ ਪੇਸ਼ ਕਰਨਾ ਉਸਦੀ ਕਹਾਣੀ ਕਲਾ ਦਾ ਅਜਿਹਾ ਮੂਲ ਨੁਕਤਾ ਬਣਦਾ ਹੈ ਜੋ ਉਸਦੀ ਰਚਨਾਤਮਕ ਸਾਧਨਾ ਦੇ ਨਿਖਾਰ ਦਾ ਸਪਸ਼ਟ ਪ੍ਰਮਾਣ ਮੰਨਿਆ। ਜਾ ਸਕਦਾ ਹੈ।

ਕੁਲ ਮਿਲਾ ਕੇ ਔਰਤ ਦੀ ਜਿੰਦਗੀ ਦੀ ਸੀਮਿਤ ਪ੍ਰਾਪਤੀ ਤੇ ਵਡੇਰੀਆਂ ਇਛਾਵਾਂ ਨੂੰ ਮਾਨਣ ਦੀ ਤਾਂਘ ਉਪਰੰਤ ਪੈਦਾ ਹੋਣ ਵਾਲਾ ਤਨਾਉ, ਜੋਬਨਵੰਤ ਔਰਤ ਦੇ ਸਹਿਜ ਅਭਿਵਿਅੰਜਨਾ ਅੰਮ੍ਰਿਤਾ ਦੇ ਕਹਾਣੀ ਸੰਸਾਰ ਦੇ ਵਿਸ਼ੇਸ਼ ਗੁਣ ਹੋ ਨਿਬੜੇ ਹਨ। ਨਿਸਚੈ ਹੀ ਅੰਮ੍ਰਿਤਾ ਸਿਰਫ ਕਾਵਿ ਖੇਤਰ ਵਿਚ ਹੀ ਨਹੀ ਬਲਕਿ ਗਲਪਕਾਰੀ ਦੇ ਖੇਤਰ ਵਿਚ ਵੀ ਵਿਸ਼ੇਸ਼ ਸਥਾਨ ਰੱਖਦੀ ਹੈ।

ਕਰਤਾਰ ਸਿੰਘ ਦੁੱਗਲ (1917- )

ਕਰਤਾਰ ਸਿੰਘ ਦੁੱਗਲ ਨੇ ਪੰਜਾਬੀ ਕਹਾਣੀ ਵਿਚ ਕਲਾਤਮਕ ਪੱਖ ਤੋਂ ਹੀ ਸਭ ਤੋਂ ਜ਼ਿਆਦਾ ਰਚਨਾ ਨਹੀਂ ਕੀਤੀ ਬਲਕਿ ਉਸਦੀ ਰਚਨਾ ਗੁਣਾਤਮਕ ਪੱਖ ਤੋਂ ਵੀ ਵਿਸ਼ੇਸ਼ ਕਲਾਤਮਕ ਉਤਮਤਾ ਰੱਖਦੀ ਹੈ। ਮਨੋਵਿਸ਼ਲੇਸਣੀ ਵਿਧੀ ਰਾਹੀਂ ਆਧੁਨਿਕ ਸੰਵੇਦਨਸ਼ੀਲ ਮਨੁੱਖ ਦੇ ਕਰਨ-ਵਿਵਹਾਰ ਨੂੰ ਨਿਰਧਾਰਿਤ ਕਰਨ ਦੀ ਕੋਸ਼ਿਸ਼ ਉਸਦੀਆਂ ਕਹਾਣੀਆਂ ਦਾ ਉਘੜਵਾਂ ਲੱਛਣ ਹੈ। ਉਸਨੇ ਪੰਜਾਬੀ ਗਲਪ ਜਗਤ ਨੂੰ ਹੇਠ ਲਿਖੇ ਕਹਾਣੀ ਸੰਗ੍ਰਹਿ ਦਿੱਤੇ :- “ਸਵੇਰ ਸਾਰ” “ਪਿੱਪਲ ਪੱਤੀਆਂ”, “ਕੁੜੀ ਕਹਾਣੀ ਕਰਦੀ ਗਈ”, “ਅੱਗ ਖਾਣ ਵਾਲੇ”, “ਡੰਗਰ”, “ਕੱਚਾ ਦੁੱਧ”, “ਨਵਾਂ ਘਰ”, “ਨਵਾਂ ਆਦਮੀ” “ਲੜਾਈ ਨਹੀਂ”, “ਫੁੱਲ ਤੋੜਨਾ ਸਖਤ ਮਨ੍ਹਾ ਹੈ”, “ਕਰਾਮਾਤ”, “ਗੌਰਜ”, “ਪਾਰੇ ਮੈਰੇ”, “ਇੱਕ ਛਿੱਟ ਚਾਨਣ ਦੀ”, “ਸਭੇ ਸਾਂਝੀਵਾਲ ਸਦਾਦਿਨ” ਤੇ “ਮਾਜ਼ਾ ਨਹੀਂ ਮੋਇਆ”, ਸੋਨਾਰ ਬੰਗਲਾ, “ਢੋਇਆ ਹੋਇਆ ਬੂਹਾ” ਅਤੇ “ਅੰਮੀ ਨੂੰ ਕੀ ਹੋ ਗਿਆ”।

ਉਸਦੀ ਕਹਾਣੀ ਰਚਨਾ ਦੇ ਵਿਕਾਸ ਪਥ ਨੂੰ ਸਾਡੇ ਵਿਦਵਾਨ ਦੋ ਪ੍ਰਮੁੱਖ ਪੜਾਵਾਂ ਵਿਚ ਵੰਡਦੇ ਹਨ । ਪਹਿਲੇ ਪੜਾਅ ਦੀ ਕਹਾਣੀ ਵਿਚ ਉਹ ਕਲਾ ਕਲਾ ਲਈ ਵਰਗੀ ਸ਼ਿਲਪ-ਮੂਲਕ ਸੰਕਲਪਾਤਮਕ ਰਚਨਾਤਮਕ ਸੰਵੇਦਨਾ ਦਾ ਅਨੁਆਈ ਪ੍ਰਤੀਤ ਹੁੰਦਾ ਹੈ ਅਤੇ ਦੂਜੇ ਪੜਾਅ ਉਪਰ ਉਹ “ਕਲਾ ਸਮਾਜ ਲਈ” ਵਰਗੀ ਵਿਸ਼ੈ-ਮੂਲਕ ਅਰਥਵਾਨ ਰਚਨਾਤਮਕ ਸੰਵੇਦਨਾ ਦੀ ਸਿਰਜਣਾ ਕਰਦਾ ਹੈ। ਦੂਜੇ ਸ਼ਬਦਾਂ ਵਿਚ ਦੁੱਗਲ ਦੀ ਰਚਨਾਤਮਕ ਸਾਧਨਾ “ਕਲਾ ਕਲਾ ਲਈ” ਤੋਂ ਵਿਗਸ ਕੇ ਕਲਾ ਸਮਾਜ ਲਈ ਵਰਗੀਆਂ ਰਚਨਾਤਮਕ ਸੰਭਾਵਨਾਵਾਂ ਵੱਲ ਵੱਧਦੀ ਹੈ ਜਿਸ ਕਰਕੇ ਜਿਥੇ ਉਹ ਕਹਾਣੀ ਕਲਾ ਦੇ ਰੂਪਾਕਾਰਕ ਜਗਤ ਵਿਚ ਵਿਸ਼ੇਸ਼ ਸਫਲਤਾ ਪ੍ਰਾਪਤ ਕਰਦਾ ਹੈ, ਸੁਹਜਾਤਮਕ ਆਦਰਸ਼ਾ ਦੀ ਸਿਰਜਣਾ ਵਿਚ ਵੀ ਪਿੱਛੇ ਨਹੀਂ ਰਹਿੰਦਾ । ਇਹੀ ਉਸਦੀ ਕਹਾਣੀ ਸਾਧਨਾ ਦਾ ਵਿਸ਼ੇਸ਼ ਨੁਕਤਾ ਹੈ ਜਿਸ ਰਾਹੀਂ ਉਹ ਪੰਜਾਬੀ ਕਹਾਣੀ ਤੋਂ ਵਿਗਸ ਕੇ ਭਾਰਤੀ ਗਲਪ ਸਾਹਿਤ ਵਿਚ ਵਿਸ਼ੇਸ਼ ਸਥਾਨ ਹਾਸਲ ਕਰਦਾ ਹੈ।

ਉਹ ਦੁੱਗਲ ਦੀ ਕਹਾਣੀਕਲਾ ਦੀ ਮਨੋਵਿਸ਼ਲੇਸ਼ਣੀ ਵਿਧੀ ਜਿੱਥੇ ਅਧੁਨਿਕ ਮਨੁੱਖ ਦੇ ਮਨ ਦੀਆਂ ਤਹਿਆਂ ਵਿਚ ਲੁਕੇ ਸੰਤਾਪ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ ਉਥੇ ਮਨੋਵਿਗਿਆਨਕ ਸੂਝ ਮਨੋਵਿਗਿਅਨਕ ਬਾਰੀਕੀਆਂ ਵਿਚ ਜਾ ਕੇ ਪਸ਼ੂ ਮਾਨਸਿਕਤਾ ਦੇ ਸਿਸਟਮ ਨਿਸ਼ਚਤ ਕਰਨ ਲਈ ਵੀ ਕਾਰਗਰ ਰਹਿੰਦੀ ਹੈ। ਸਪਸ਼ਟ ਤੌਰ ਤੇ ਮਨੋਵਿਸ਼ਲੇਸ਼ਣੀ ਵਿਧੀ, ਵਿਸ਼ੇ ਦੀ ਸਾਰਥਕਤਾ ਤੇ ਤਕਨੀਕੀ ਤੌਰ ਤੇ ਪ੍ਰੋੜ ਕਹਾਣੀਆਂ ਦੀ ਸਿਰਜਣਾ ਵਰਗੇ ਕੇਂਦਰੀ ਨਤੁਕਤਿਆਂ ਤੋਂ ਹੀ ਉਸਦਾ ਰਚਨਾਤਮਕ ਸੰਸਾਰ ਵਿਸ਼ੇਸ਼ ਸਾਰਥਕਤਾ ਗ੍ਰਹਿਣ ਕਰਦਾ ਹੈ ਅਤੇ ਇਸ ਰਾਹੀਂ ਹੀ ਉਹ ਵਿਲੱਖਣਤਾ ਤੇ ਵਿਸ਼ੇਸ਼ਤਾ ਹਾਸਲ ਕਰਦਾ ਹੈ।

ਦਲੀਪ ਕੌਰ (1932- )

ਦਲੀਪ ਕੌਰ ਸੁਕੋਮਲ ਭਾਵਾਂ ਵਾਲੀ ਜ਼ਰਖੇਜ਼ ਕਹਾਣੀਕਾਰ ਹੈ। ਇਸ ਨੇ ਹੁਣ ਤੱਕ ਤ੍ਰਾਟਾਂ, ਸਾਧਨਾ, ਵੇਦਨਾ, ਵੈਰਾਗੇ ਨੈਣ, ਤੂੰ ਭਰੀ ਹੁੰਗਾਰਾ, ਕਿਸੇ ਦੀ ਧੀ, ਯਾਤਰੀ ਪ੍ਰਸਿੱਧ ਕਹਾਣੀ-ਸੰਗ੍ਰਹਿ ਪ੍ਰਦਾਨ ਕੀਤੇ ਹਨ। ਟਿਵਾਣਾ ਦੇ ਕਥਾ-ਜਗਤ ਦਾ ਪਾਸਾਰ ਪੇਂਡੂ ਅਰਥਚਾਰੇ ਦੀ ਧੁੰਧਲੀ ਸੰਸਕ੍ਰਿਤੀ ਤੋਂ ਲੈ ਕੇ ਸ਼ਹਿਰੀ ਮੱਧ ਸ਼੍ਰੇਣੀ ਦੀ ਮਾਨਸਿਕ ਵਿਸੰਗਤੀ ਤੱਕ ਫੈਲਿਆ ਹੋਇਆ ਹੈ । ਉਸ ਦੀਆਂ ਕਹਾਣੀਆਂ ਦੇ ਪਾਤਰ ਪੰਜਾਬ ਦੇ ਹਰ ਦਾਇਰੇ ਦੇ ਪ੍ਰਤਿਨਿਧ ਬਣਕੇ ਪੰਜਾਬੀ ਜਨਜੀਵਨ ਦੀਆਂ ਅੰਤਰ-ਕ੍ਰਿਆਵਾਂ ਨੂੰ ਚਿਤਰਦੇ ਦਿਖਾਈ ਦਿੰਦੇ ਹਨ ਪਰੰਤੂ ਬਹੁਤੇ ਪਾਤਰ ਕੁੰਠਾ-ਗ੍ਰਸਤ, ਸੈਕਸ-ਪੀੜਿਤ, ਕਪਟ- ਵਿਸੰਗਤੀਆਂ ਵਿਚ ਪਾਟੇ ਹੋਏ ਸਾਕਾਰ ਹੁੰਦੇ ਹਨ ਜਿਨ੍ਹਾਂ ਦੇ ਕਿਰਦਾਰ ਵਿਚ ਯਥਾਰਥ ਦਾ ਪ੍ਰਭਾਵ ਉਜਾਗਰ ਹੁੰਦਾ ਹੈ।

ਟਿਵਾਣਾ ਦੀਆਂ ਕਹਾਣੀਆਂ ਦਾ ਉਭਰਵਾਂ ਸ੍ਵਰ ਔਰਤ ਦਾ ਦਰਦ ਹੈ। ਔਰਤ ਟਿਵਾਣਾ ਦੇ ਕਥਾ- ਜਗਤ ਵਿਚ ਸੰਤਾਪ ਭੋਗਦੀ, ਟੁੱਟੇ ਰਿਸ਼ਤਿਆਂ ਵਿਚ ਹਾਰੀ-ਹੰਭੀ ਹੋਈ, ਪੱਥਰ ਦੀ ਮੂਰਤਿ ਬਣੀ ਉਸ ਦੇ ਹਰ ਮੋੜ ਤੇ ਖੜੀ ਦਿਸਦੀ ਹੈ। ਭਾਰਤੀ ਨਾਰੀ ਦਾ ਸਰਾਪਿਆ ਜਨਮ, ਵਿਆਹ, ਬੱਚੇ, ਤਲਾਕ ਤੇ ਸਮਾਜਕ ਕੁੜਤਣ ਆਦਿ ਸਾਰੀਆਂ ਸਮਸਿਆਵਾਂ ਉਸ ਦੀ ਕਥਾਤਮਕ ਸੰਰਚਨਾ ਵਿਚ ਰੂਪਾਂਤਰਿਤ ਹੋਈਆਂ ਹਨ। ਕਹਾਣੀਕਾਰ ਦੀ ਪ੍ਰਤਿਭਾ ਮਹਾਨਗਰੀ ਚੇਤਨਾ ਨਾਲੋਂ ਪੇਂਡੂ ਸੰਚੇਤਨਾ ਵਿਚ ਵਧੇਰੇ ਕ੍ਰਿਆਸ਼ੀਲ ਹੋਈ ਹੈ। ਇਹੋ ਕਾਰਨ ਹੈ ਕਿ ਉਸ ਦਾ ਕਥਾ-ਸੰਸਾਰ ਗ੍ਰਾਮ-ਮੁੱਖ ਹੋਕੇ ਪੇਂਡੂ ਔਰਤਾਂ ਦੇ ਵਿਹੜੇ, ਪਾਥਣਾਂ, ਗਹੀਰੇ, ਖੂਹ-ਟੋਭੇ, ਤ੍ਰਿੰਜਣਾ, ਵਿਆਹ ਸ਼ਾਦੀਆਂ, ਸੈਕਸ, ਪਿਆਰ ਤੇ ਹੋਰ ਅਨੇਕ ਤਰਸਮਈ ਸਥਿਤੀਆਂ ਦੇ ਕੌੜੇ-ਕਸੈਲੇ ਅਨੁਭਵਾਂ ਨੂੰ ਸਮੇਟ ਕੇ ਪਸਰਦਾ ਹੈ। ਕਹਾਣੀਕਾਰ ਦਾ ਹੰਢਾਇਆ ਅਨੁਭਵ, ਸੰਵੇਦਨਸ਼ੀਲਤਾ ਤੇ ਸਚੇਤਨ ਪ੍ਰਤਿਕ੍ਰਿਆ ਏਨੀ ਪਾਰਦਰਸ਼ੀ ਤੇ ਤਰਲ ਹੋ ਕੇ ਉਭਰਦੀ ਹੈ ਕਿ ਸਾਰੀਆਂ ਕਥਾਤਮਕ ਘਟਨਾਵਾਂ ਸਜੀਵ ਤੇ ਸਚਿਤ ਹੋ ਕੇ ਪਾਠਕਾਂ ਦੀਆਂ ਅੱਖਾਂ ਸਾਹਵੇਂ ਲਟਕ ਜਾਂਦੀਆਂ ਹਨ। ਇਸ ਤਰ੍ਹਾਂ ਦਲੀਪ ਕੌਰ ਟਿਵਾਣਾ ਦੇ ਕਥਾ ਸਾਹਿਤ ਦਾ ਕੱਥ ਤੇ ਤੱਥ, ਵਸਤੂ ਤੇ ਥੀਮ, ਰੂਪ ਤੇ ਸ਼ਿਲਪ ਅਤੇ ਅਨੁਭੂਤੀ ਤੇ ਅਭਿਵਿਅਕਤੀ ਸਾਰੇ ਰਚਨਾਤਮਕ ਤੱਤ ਬੜੀ ਕੁਸ਼ਲਤਾ ਨਾਲ ਅਗਰਭੂਮਤ ਹੋਏ ਹਨ। ਸਚਮੁਚ ਟਿਵਾਣਾ ਮਨੋਸਥਿਤੀਆਂ ਦੀ ਚਿਤਰਣ ਵਿਚ ਇਕ ਪ੍ਰਵੀਨ ਕਹਾਣੀਕਾਰ ਹੈ।

ਅਜੀਤ ਕੌਰ (1934-)

ਅਜੀਤ ਕੌਰ ਪੰਜਾਬੀ ਸਾਹਿਤ ਦੀਆਂ ਇਸਤਰੀ ਕਹਾਣੀਕਾਰਾਂ ਦੇ ਨਵੇਂ ਪੋਚ ਵਿਚ ਇਕ ਸਥਾਪਿਤ ਕਹਾਣੀਕਾਰ ਹੈ। ਉਸਨੇ ਹੁਣ ਤੱਕ ਪੰਜਾਬੀ ਕਥਾ-ਸਾਹਿਤ ਨੂੰ ਹੇਠ ਲਿਖੇ ਕਟੀ ਮੋਗਹਿ ਭੇਟ ਕੀਤੇ ਹਨ .. ਰਗ ਸਣੇ, ਬੁੱਤਸਿਕਨ, ਮਹਿਕ ਦੀ ਮੌਤ, ਵਾਲਡ ਨੇ ਹੇਠ ਲਿਖੇ ਕਹਾਣੀ ਸੰਗਹਿਰਭਰਾ, ਧੁੱਪ ਵਾਲਾ ਕਹਿਣੀ ਆਸਟ ਮਾਰਟਮ ਪ੍ਰੇਮਕਾ, ਖਾਨਾਬਦੋਸ਼, ਲਾ ਔਰਤ, ਇਕ ਔਰਤ ਦਾ ਚ ਕਈ ਲਮੀਆਂ ਹੀ ਅਜੀਤ ਕੌਰ ਨੇ ਆਪਣੀ ਕਥਾ-ਪ੍ਰਤਿਭਾ ਰਾਹੀਂ ਇਸਤਰੀ ਦੀ ਦਸ਼ਾ ਤੇ ਦਿਸ਼ਾ ਨੂੰ ਬੜੀ ਆਕ੍ਰਮ- ਮਈ ਧੁਨੀ ਦੁਆਰਾ ਰੂਪਮਾਨ ਕੀਤਾ ਹੈ। ਇਸਦੀਆਂ ਕਹਾਣੀਆਂ ਦੇ ਵਿਸ਼ੇ, ਥੀਮ, ਅਨੁਭਵ, ਵਿਚਾਰ ਤੇ ਸੰਕਲਪ ਆਮ ਕਰਕੇ ਇਸਤਰੀ ਜਾਤੀ ਦੀ ਕਿਸੇ ਨਾ ਕਿਸੇ ਸਮੱਸਿਆ ਦਾ ਸਪਰਸ਼ ਕਰਦੇ ਹਨ। ਇਸ ਦੀਆਂ ਕਹਾਣੀਆਂ ਦਾ ਕੱਥ ਤੇ ਵਸਤੂ ਭਾਰਤੀ ਔਰਤਾਂ ਦਾ ਦੁਖਾਂਤ, ਅਜੋੜ ਰਿਸ਼ਤੇ, ਅਜੋਕੀ ਮੱਧ ਸ਼੍ਰੇਣੀ ਦੀ ਔਰਤ ਦੀ ਅਵਸਥਾ, ਬਾਲ-ਵਿਧਵਾ, ਦੂਜੇ ਵਿਆਹ ਦੀ ਸਮੱਸਿਆ ਆਦਿ ਵਿਸ਼ਿਆ ਉਦਾਲੇ ਘੁੰਮਦੀ ਹੈ। ਔਰਤਾਂ ਦੀ ਮਾਨਸਿਕਤਾ ਨੂੰ ਲੈ ਕੇ ਅਜੀਤ ਕੌਰ ਨੇ ਉੱਚ ਸ਼੍ਰੇਣੀ ਔਰਤ ਦਾ ਮਨੋਵਿਗਿਆਨਿਕ ਚਿਤਰਣ, ਮੱਧ ਸ਼੍ਰੇਣੀ ਦੀ ਔਰਤ ਦਾ ਮਾਨਸਿਕ ਵਿਸ਼ਲੇਸ਼ਣ ਅਤੇ ਨਿਚਲੀ ਸ੍ਰੇਣੀ ਦੀ ਔਰਤ ਦਾ ਆਰਥਿਕ ਸ਼ੋਸ਼ਣ ਪੇਸ਼ ਕੀਤਾ ਹੈ। ਅਜੀਤ ਕੌਰ ਦੀਆਂ ਬਹੁਤੀਆਂ ਕਹਾਣੀਆਂ ਮਨੋਵਿਗਿਆਨਕ ਹਨ। ਉਹ ਮਨੁੱਖ ਦੇ ਮਨ ਦੀਆਂ ਅੰਤਰੀਵ ਭਾਵਨਾਵਾਂ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਉਲੀਕਦੀ ਹੈ। ਉਸ ਨੂੰ ਕਹਾਣੀ ਕਹਿਣ ਦੀ ਜਾਂਚ ਹੈ। ਅਜੀਤ ਕੌਰ ਅਲੰਕ੍ਰਿਤ ਬੋਲੀ ਵਰਤਦੀ ਹੈ। ਗੁਲਬਾਨੋ ਦੀ ਖੂਬਸੂਰਤੀ ਨੂੰ ਰੂਪਕਾਂ ਤੇ ਉਪਮਾਵਾਂ ਦੀਆਂ ਕਲਾਜੁਗਤਾਂ ਨਾਲ ਬੜਾ ਮਾਰਮਿਕ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਜਿਵੇਂ “ਲੰਮੀ ਉੱਚੀ ਪਠਾਣੀ ਮੂੰਹ ਜਿਵੇਂ ਕੱਚੇ ਦੁੱਧ ਦਾ ਕਟੋਰਾ ਹੋਵੇ, ਅੰਗ ਜਿਵੇਂ ਕੱਚੀਆਂ ਕੂਲੀਆਂ ਮਲੂਕ ਗੰਦਲਾਂ ਹੋਣ, ਹੁਸਨ ਜਿਵੇਂ ਪਰੀਆਂ ਦੀ ਬਾਤ ਹੋਵੇ” ਪਰ ਜਿਥੇ ਕਿਤੇ ਅਜੀਤ ਕੌਰ ਅਮਰਯਾਦਿਤ ਹੋ ਕੇ ਅਸ਼ਲੀਲ ਤੇ ਵਿਵਰਜਿਤ ਵਿਸ਼ਿਆਂ ਦੇ ਵਰਣਨ ਵਿਚ ਵਹਿ ਤੁਰਦੀ ਹੈ ਉਥੇ ਅਰੋਚਕ ਵਾਯੂਮੰਡਲ ਪਸਰ ਜਾਂਦਾ ਹੈ । ਫਿਰ ਵੀ ਅਜੀਤ ਕੌਰ ਇਸਤਰੀ ਜਾਤੀ ਦੀਆਂ ਗੂੰਗੀਆਂ ਭਾਵਨਾਵਾਂ ਨੂੰ ਬੋਲ ਬਖਸਣ ਵਾਲੀ ਦਲੇਰ ਕਥਾਕਾਰ ਹੈ।

ਸੰਤੋਖ ਸਿੰਘ ਧੀਰ (1920- )

ਧੀਰ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਤਿਬੱਧ ਕਹਾਣੀਕਾਰ ਹੈ। ਉਦਯੋਗਿਕ ਕ੍ਰਾਂਤੀ ਤੇ ਆਧੁਨਿਕਤਾ ਨਾਲ ਵਿਅਕਤੀ ਤੇ ਸਮਾਜ ਵਿਚ ਜੋ ਪਰਿਵਰਤਨ ਆਇਆ ਹੈ ਧੀਰ ਉਸ ਨੂੰ ਬੜੇ ਕਲਾਤਮਕ ਅੰਦਾਜ਼ ਵਿਚ ਪੇਸ ਕਰਦਾ ਹੈ। ਉਸਦੇ ਕਹਾਣੀ ਸੰਗ੍ਰਹਿ ਇਹ ਹਨ : ਸਿੱਟਿਆਂ ਦੀ ਛਾਂ, ਸਾਂਝੀ ਕੰਧ, ਸਵੇਰ ਹੋਣ ਤਕ, ਸ਼ਰਾਬ ਦਾ ਗਲਾਸ ।

ਮਹਿੰਦਰ ਸਿੰਘ ਸਰਨਾ (1925- )

ਸਰਨਾ ਸਮਕਾਲੀ ਯਥਾਰਥ ਨੂੰ ਕਹਾਣੀਆਂ ਵਿਚ ਅੰਕਿਤ ਕਰਨ ਵਾਲਾ ਕਹਾਣੀਕਾਰ ਹੈ। ਸ਼ਗਨਾਂ ਭਰੀ ਸਵੇਰ, ਪੱਥਰ ਦੇ ਆਦਮੀ, ਵੰਝਲੀ ਤੇ ਵਿਲਕਣੀ, ਸੁਪਨਿਆਂ ਦੀ ਸੀਮਾ ਆਦਿ ਉਸ ਦੇ ਕਹਾਣੀ ਸੰਗ੍ਰਹਿ ਹਨ।

ਭੁਪਿੰਦਰ ਸਿੰਘ

ਭੁਪਿੰਦਰ ਸਿੰਘ ਆਪਣੇ ਕਹਾਣੀ ਸੰਗ੍ਰਹਿਆਂ “ਉੱਚਾ ਟਿੱਲਾ ਤੇ ਸਾਇਰਨ ਦੀ ਆਵਾਜ਼” ਨਾਲ ਪੰਜਾਬੀ ਕਥਾ ਸਾਹਿਤ ਵਿਚ ਪ੍ਰਵੇਸ਼ ਕਰਦਾ ਹੈ। ਉਸ ਵਿਚ ਬੜੀਆਂ ਸੰਭਾਵਨਾਵਾਂ ਹਨ। ਉਸ ਦੇ ਹੋਰ ਸੰਗ੍ਰਹਿ ਹਨ – ਮੀਨਾ ਬਾਜ਼ਾਰ, ਇਕ ਕਿਨਾਰੇ ਵਾਲਾ ਦਰਿਆ, ਸੋ ਪਤ ਮੰਡਲੀ ਦੇ।

ਸੁਰਜੀਤ ਸਿੰਘ ਕੰਵਲ (1939)

ਕੰਵਲ ਨੇ ਆਪਣੇ ਪ੍ਰਥਮ ਕਹਾਣੀ ਸੰਗ੍ਰਹਿ “ਕੰਬਦੀਆਂ ਕੰਧਾਂ” ਨਾਲ ਸਾਹਿਤ ਵਿਚ ਮਾਨਯੋਗ ਥਾਂ ਬਣਾ ਲਈ ਹੈ।

ਸ਼ਰਨ ਮੱਕੜ

ਸ਼ਰਨ ਮੱਕੜ ਨੇ ਤਿੰਨ ਸੰਗ੍ਰਹਿਆਂ ਦੀਆਂ ਕਹਾਣੀਆਂ ਦੁਆਰਾ ਸਮਾਜਕ ਬੇਇਨਸਾਫ਼ੀਆਂ ਨੂੰ ਸੰਵੇਦਨਸ਼ੀਲ ਬਿਰਤੀ ਰਾਹੀਂ ਚਿਤਰਿਆ ਹੈ। ਸੰਗ੍ਰਹਿ ਹਨ : ਨਾ ਦਿਨ ਨਾ ਰਾਤ, ਦੂਸਰਾ ਹਾਦਸਾ, ਟਹਿਣੀਉਂ ਟੁਟਿਆ ਮਨੁੱਖ ।

ਜਸਵੰਤ ਸਿੰਘ ਵਿਰਦੀ

ਵਿਰਦੀ ਦੇ ਕਹਾਣੀ ਸੰਗ੍ਰਹਿ ਇਹ ਹਨ : ਗ਼ਮ ਦਾ ਸਾਕ, ਪਾਵਰ ਹਾਊਸ, ਨੁਕਰ ਵਾਲੀ ਗਲੀ, ਜਿੰਦਗੀ, ਸੀਸ ਭੇਟ, ਨਦੀ ਦਾ ਪਾਣੀ। ਵਿਰਦੀ ਆਪਣੇ ਆਲੇ-ਦੁਆਲੇ ਪਸਰੀਆਂ ਵਿਸੰਗਤੀਆਂ ਨੂੰ ਇਕ ਕਲਾਤਮਕ ਅੰਦਾਜ਼ ਵਿਚ ਪੇਸ਼ ਕਰਨ ਵਿਚ ਕੁਸ਼ਲ ਹੈ।

ਰਾਮ ਸਰੂਪ ਅਣਖੀ (1935)

ਅਣਖੀ ਦੇ ਕਹਾਣੀ ਸੰਗ੍ਰਹਿ ਹਨ : ਮਨੁੱਖ ਦੀ ਮੌਤ, ਕੱਚਾ ਧਾਗਾ, ਸਵਾਲ ਦਰ ਸਵਾਲ, ਸੁੱਤਾ ਨਾਗ, ਟੀਸੀ ਦਾ ਬੇਰ, ਖਾਰਾ ਦੁੱਧ ਆਦਿ। ਅਣਖੀ ਪੇਂਡੂ ਅਰਥਚਾਰੇ ਦੀ ਬਿਖਮਤਾ, ਸਮਾਜਕ ਰਿਸ਼ਤਿਆਂ ਦੀ ਤ੍ਰੇੜ ਆਦਿ ਵਿਸ਼ਿਆਂ ਨੂੰ ਪ੍ਰਚੰਡਤਾ ਨਾਲ ਅੰਕਿਤ ਕਰਦਾ ਹੈ।

ਗੁਲਜ਼ਾਰ ਸਿੰਘ ਸੰਧੂ (1935)

ਨਵੀਨ ਕਹਾਣੀਕਾਰਾਂ ਵਿਚੋਂ ਗੁਲਜ਼ਾਰ ਸਿੰਘ ਸੰਧੂ ਦਾ ਨਾਮ ਸਿਰਫ ਚਰਚਿਤ ਹੀ ਨਹੀ ਬਲਕਿ ਉਸਦੇ ਕਹਾਣੀਆਂ ਦੇ ਗੰਭੀਰ ਅਧਿਐਨ ਰਾਹੀਂ ਉਸਦੀ ਉੱਤਮ ਕਲਾ ਸਾਧਨਾ ਦਾ ਪ੍ਰਮਾਣ ਵੀ ਸਹਿਜੇ ਹੀ ਮਿਲ ਜਾਂਦਾ ਹੈ । ਉਸਨੇ ਪੰਜਾਬੀ ਜਗਤ ਤੇ ਪੰਜ ਪ੍ਰਮੁੱਖ ਕਹਾਣੀ ਸੰਗ੍ਰਹਿ ਭੇਂਟ ਕੀਤੇ ਹਨ ਜਿਵੇਂ “ਹੁਸਨ ਦੇ ਹਾਣੀ”, “ਇਕ ਸਾਂਝ ਪੁਰਾਣੀ”, “ਸੋਨੇ ਦੀ ਇੱਟ”, “ਅਮਰਕਥਾ” ਅਤੇ “ਗਮਲੇ ਦੀ ਵੇਲ” ਆਦਿ । ਉਸਦੇ ਕਾਵਿ ਸੰਗ੍ਰਹਿ “ਅਮਰ ਕਥਾ” ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਨਾਮ ਪ੍ਰਾਪਤ ਹੋ ਚੁੱਕਾ ਹੈ

ਸੰਧੂ ਦੇ ਕਹਾਣੀ ਸੰਸਾਰ ਦਾ ਜੇਕਰ ਗੰਭੀਰਤਾ ਨਾਲ ਅਧਿਐਨ ਕਰੀਏ ਤਾਂ ਉਸਦੀ ਕਹਾਣੀ ਰਚਨਾ ਜਾਂ ਰਚਨਾਤਮਕ ਸੰਵੇਦਨਾ ਨੂੰ ਨਿਰਧਾਰਤ ਕਰਨ ਵਾਲੇ ਚਾਰ ਪ੍ਰਮੁੱਖ ਕੇਂਦਰੀ ਥੀਮ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਥੀਮ ਨਿਸਚੇ ਹੀ ਆਪਣੀਆਂ ਭਿੰਨ ਭਿੰਨ ਸੰਭਾਵਨਾਵਾਂ ਸਾਹਿਤ ਉਸਦੇ ਕਹਾਣੀ ਸੰਸਾਰ ਵਿਚ ਵਾਰ ਵਾਰ ਦੁਹਰਾਏ ਜਾਂਦੇ ਹਨ ਜਿਵੇਂ 1. ਸਹਿਰੀ ਜੀਵਨ ਵਿਚ ਭਾਈਚਾਰਕ ਸਾਂਝ ਦੀ ਥਾਂ ਵਿਅਕਤੀਗਤ ਇਕਲਾਪੇ ਦਾ ਵਿਗਸਣਾ ਤੇ ਮਨੁੱਖ ਦਾ ਪਦਾਰਥਾਂ ਨਾਲ ਮਕਾਨਕੀ ਰਿਸ਼ਤਾ ਕਾਇਮ ਹੋਣਾ, 2. ਵਿਦੇਸ਼ੀ ਸਭਿਆਚਾਰਕ/ਜੀਵਨ ਵਿਧੀ ਦਾ ਪੰਜਾਬੀ ਜੀਵਨ ਵਿਧੀ/ਸਭਿਆਚਾਰ ਲਈ ਸਰਾਪ ਜਾਂ ਵਰਦਾਨ ਸਿੱਧ ਹੋਣਾ, 3. ਸ਼ਹਿਰੀਕਰਣ ਅਤੇ ਖੇਤੀ ਦੇ ਮਸ਼ੀਨੀਕਰਣ ਰਾਹੀਂ ਪਰੰਪਰਾਗਤ ਪ੍ਰਵਾਣਿਤ ਕੀਮਤਾਂ ਦਾ ਟੁੱਟਣਾਂ। 4. ਆਧੁਨਿਕ ਮਨੁੱਖ ਦਾ ਸਮਾਜਕ ਸੰਕਟ ਤੋਂ ਵੱਧ ਮਾਨਸਿਕ ਸੰਕਟ ਗ੍ਰਸਤ ਹੋਣਾ ।

ਇਸ ਪ੍ਰਕਾਰ ਗੁਲਜ਼ਾਰ ਸਿੰਘ ਸੰਧੂ ਦੇ ਰਚਨਾਤਮਕ ਸੰਸਾਰ ਦੇ ਉਪਰੋਕਤ ਚਾਰੇ ਕੇਂਦਰੀ ਤੱਤ ਹਨ ਜਿਨ੍ਹਾਂ ਰਾਹੀਂ ਉਸਦਾ ਰਚਨਾਤਮਕ ਸੰਸਾਰ ਅਤੇ ਰਚਨਾਤਮਕ ਸੰਵੇਦਨਾ ਵਿਸ਼ੇਸ਼ ਦਿਸ਼ਾ ਤੇ ਸਰੂਪ ਗ੍ਰਹਿਣ ਕਰਦੇ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਉਪਰੋਕਤ ਚਾਰੇ ਥੀਮ “ਆਧੁਨਿਕਤਾ” ਦੇ ਰਚਨਾਤਮਕ ਸੰਕਲਪ ਤੋਂ ਆਪਣਾ ਆਹਾਰ ਪ੍ਰਾਪਤ ਕਰਦੇ ਹਨ ਜਿਸ ਕਰਕੇ ਉਸ ਦੀ ਰਚਨਾਤਮਕ ਸੰਵੇਦਨਾ ਨਿਰਸੰਦੇਹ ਆਧੁਨਿਕ ਜੀਵਨ ਬੋਧ ਅਤੇ ਆਧੁਨਿਕ ਰਚਨਾਤਮਕ ਬੋਧ ਉਪਰ ਆਧਾਰਿਤ ਮੰਨੀ ਜਾ ਸਕਦੀ ਹੈ । ਸਪਸ਼ਟ ਤੌਰ ਤੇ ਗੁਲਜ਼ਾਰ ਸਿੰਘ ਸੰਧੂ ਪੰਜਾਬੀ ਦਾ ਅਜਿਹਾ ਕਹਾਣੀਕਾਰ ਹੈ ਜਿਸਦੇ ਆਪਣੇ ਕਥਾ- ਸੰਸਾਰ ਦੀ ਸਿਰਜਣਾ ਆਧੁਨਿਕ ਜੀਵਨ, ਗਲਪ ਬੋਧ ਅਤੇ ਆਧੁਨਿਕ ਸ਼ਿਲਪ-ਬੋਧ ਰਾਹੀਂ ਕੀਤੀ ਹੈ, ਆਧੁਨਿਕਤਾ ਦੇ ਸੰਕਲਪ ਨੂੰ ਸਮਝੇ ਗੁਲਜ਼ਾਰ ਸੰਧੂ ਦੇ ਰਚਨਾਤਮਕ ਸੰਸਾਰ ਨੂੰ ਸਮਝਣਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੈ।

ਹੋਰ ਸਥਾਪਿਤ ਕਹਾਣੀਕਾਰ :-

ਸੁਰਜੀਤ ਸਿੰਘ ਸੇਠੀ, ਰਵਿੰਦਰ ਰਵੀ, ਤੇਜਵੰਤ ਮਾਨ, ਕਰਤਾਰ ਸਿੰਘ ਸੂਰੀ, ਸੁਖਬੀਰ, ਦੇਵਿੰਦਰ, ਹਮਦਰਦ ਨੋਸ਼ਹਿਰਵੀ, ਗੁਰਬਖਸ਼ ਬਾਹਲਵੀ, ਨਵਤੇਜ ਸਿੰਘ, ਗੁਰਵੇਲ ਸਿੰਘ ਪਨੂੰ, ਗੁਰਬਚਨ ਸਿੰਘ ਭੁੱਲਰ, ਗੁਰਦੇਵ ਸਿੰਘ ਰੁਪਾਣਾ, ਮਹੀਪ ਸਿੰਘ, ਸਵਿੰਦਰ ਸਿੰਘ ਉੱਪਲ, ਪਾਂਧੀ ਨਨਕਾਣਵੀ, ਮੋਹਨ ਭੰਡਾਰੀ, ਰਘਬੀਰ ਢੰਡ, ਜਸਬੀਰ ਭੁੱਲਰ ਵੀ ਸੁਪਰਿਚਿਤ, ਸਥਾਪਿਤ ਤੇ ਮਾਨਤਾ ਪ੍ਰਾਪਤ ਕਹਾਣੀਕਾਰ ਹਨ।

ਮਹਿੰਦਰ ਸਿੰਘ ਜੋਸ਼ੀ (1919- )

ਜੋਸ਼ੀ ਦੇ ਕਈ ਕਹਾਣੀ ਸੰਗ੍ਰਹਿ ਛਪੇ ਹਨ : ਸੌਂਹ ਮੈਨੂੰ ਆਪਣੀ, ਪ੍ਰੀਤਾਂ ਦੇ ਪਰਛਾਵੇਂ, ਤੋਟਾਂ ਤੇ ਤ੍ਰਿਪਤੀਆਂ, ਦਿਲ ਤੋਂ ਦੂਰ, ਕਿਰਨਾਂ ਦੀ ਰਾਖ, ਬਰਫ ਦੇ ਦਾਗ਼, ਦਰੋਪਦੀ ਦਾ ਦੋਸ਼ ਤੇ ਸ਼ਾਮ ਬੀਤਦੀ ਗਈ, ਫੂਸ ਦੀ ਅੱਗ, ਮੇਰੀਆਂ ਸ਼੍ਰੇਸ਼ਟ ਕਹਾਣੀਆਂ । ਜੋਸ਼ੀ ਇਕ ਅਨੁਭਵੀ ਤੇ ਸੰਵੇਦਨਸ਼ੀਲ ਕਹਾਣੀਕਾਰ ਹੈ ਇਸ ਲਈ ਉਸਦੀਆਂ ਕਹਾਣੀਆਂ ਵਿਚ ਵਿਆਪਕ ਪਾਸਾਰ ਹੈ।

ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼ ਦੇ ਪ੍ਰਸਿੱਧ ਸੰਗ੍ਰਹਿ ਇਹ ਹਨ ਕਚਕੜੇ, ਨਿਮਾਜ਼ੀ, ਮੁਕਤੀ ਸਵੇਂਤਾਬਿਰ ਨੇ ਕਿਹਾ ਸੀ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚ ਵਿਸ਼ਿਆਂ ਦੀ ਵਿਵਿਧਤਾ ਹੈ ਜਿਨ੍ਹਾਂ ਤੋਂ ਉਸ ਦੀ ਕਥਾਤਮਕ ਚੇਤਨਾ ਦਾ ਪ੍ਰਮਾਣ ਮਿਲਦਾ ਹੈ। ਕਹਾਣੀਕਾਰ ਹੈ। ਉਸ ਦੇ ਦੋ ਕਹਾਣੀ

ਵਰਿਆਮ ਸੰਧੂ :-

ਵਰਿਆਮ ਸੰਧੂ ਇਕ ਹੋਰ ਬਹੁ-ਚਰਚਿਤ ਸੰਗ੍ਰਹਿ ਹੁਣ ਤੱਕ ਛਪੇ ਹਨ- ਲੋਹੇ ਦੇ ਹੱਥ, ਅੰਗ ਸੰਗ ਅੰਗ ਸੰਗ ਦੀਆਂ ਕਹਾਣੀਆਂ ਭਖਦੀਆਂ ਬਹਿਸਾਂ ਦਾ ਲਕਸ਼ ਬਣੀਆਂ ਹਨ। ਸੰਧੂ ਕੋਲ ਗ੍ਰਾਮ-ਜੀਵਨ ਦਾ ਬਹੁਤ ਡੂੰਘਾ ਅਨੁਭਵ ਹੈ। ਇਸ ਲਈ ਉਹ ਕਿਰਸਾਣੀ ਸੰਸਕ੍ਰਿਤੀ ਦੇ ਵਿਭਿੰਨ ਪੱਖਾਂ ਨੂੰ ਉਘਾੜਨ ਵਿਚ ਪ੍ਰਬੀਨ ਹੈ।

ਸੁਖਬੀਰ ਸਿੰਘ

ਸੁਖਬੀਰ ਸਿੰਘ ਨੇ “ਬਾਰੀ ਵਿਚਲਾ ਸੂਰਜ” ਤੇ “ਟੁੱਟੀ ਹੋਈ ਕੜੀ” ਕਹਾਣੀ ਸੰਗ੍ਰਹਿਆਂ ਰਾਹੀਂ ਮਹਾਨਗਰ ਦੀਆਂ ਸਮੱਸਿਆਵਾਂ ਦਾ ਕਥਾਤਮਕ ਰੂਪਾਂਤਰਣ ਪੇਸ਼ ਕੀਤਾ ਹੈ !

ਰਵਿੰਦਰ ਰਵੀ (1937- )

ਰਵੀ ਦੇ ਕਹਾਣੀ ਸੰਗ੍ਰਹਿ “ਮੈਲੀ ਪੁਸਤਕ” ਤੇ “ਜਿਥੇ ਦੀਵਾਰਾਂ ਨਹੀਂ” ਵਿਚ ਵਿਸ਼ਵ ਦਾ ਸੰਕਲਪ ਉਜਾਗਰ ਹੁੰਦਾ ਹੈ ਕਿਉਂਕਿ ਉਸਦਾ ਅਨੁਭਵ ਬ੍ਰਹਿਮੰਡੀ ਤੇ ਵਿਸ਼ਾਲ ਹੈ। ਹੁਣੇ ਹੁਣੇ ਉਸਦਾ ਕਹਾਣੀ ਸੰਕਲਨ “ਅਘਰਵਾਸੀ” ਪ੍ਰਕਾਸ਼ਿਤ ਹੋਇਆ ਹੈ ਜਿਸਦੀ ਗੈਂਟ-ਅਪ ਤੇ ਮੁਦ੍ਰਣ ਬਹੁਤ ਹੀ ਸੁੰਦਰ ਹੈ।

ਹੋਰ ਉਭਰਦੇ ਕਹਾਣੀਕਾਰ :-

ਪ੍ਰੇਮ ਗੋਰਖੀ (ਮਿੱਟੀ ਰੰਗੇ ਲੋਕ) ਅਜੀਤ ਸਿੰਘ (ਸੱਚ ਦੇ ਰੂਪ, ਰੰਗ ਆਪੋ ਆਪਣਾ, ਤੇਰੀ ਗੱਲ ਮੇਰੀ ਗੱਲ) ਮੁਖਤਾਰ ਗਿੱਲ (ਆਖਰੀ ਚੂੜੀਆਂ) ਗੁਰਦੇਵ ਸਿੰਘ ਰੁਪਾਣਾ (ਇਕ ਟੋਟਾ ਔਰਤ, ਆਪਣੀ ਅੱਖ ਦਾ ਜਾਦੂ) ਗੁਰਮੇਲ ਮਡਾਹੜ (ਅਣਗੋਲੇ ਆਦਮੀ, ਜਾਗਦੇ ਲੋਕ, ਕੱਚਿਆਂ ਕੋਠਿਆਂ ਦੇ ਵਾਸੀ) ਦੇਵ ਭਾਰਦਵਾਜ (ਚੌਵੀ ਘੰਟਿਆ ਦਾ ਜ਼ਹਿਰ) ਗੁਲ ਚੌਹਾਨ (ਸਾਈਡ ਪੋਜ਼, ਰੇਸ਼ਮਾਂ ਦਾ ਪੰਜਵਾਂ ਚਰਾਗ) ਅਜੀਤ ਸੈਣੀ (ਗ਼ਲਤ ਨੰਬਰ ਸਹੀ ਨੰਬਰ, ਹੱਡੀ ਤੇ ਕੁੱਤੇ, ਲਹੂ ਬੋਲ ਪਿਆ) ਸੁਖਜੀਤ ਭੱਠਲ (ਕਾਲੀ ਧੂਪ ਦਾ ਚਾਨਣ) ਸਵਿੰਦਰ ਸਿੰਘ ਉੱਪਲ (ਮਹਿਕਾਂ, ਭਰਾ ਭਰਾਵਾਂ ਦੇ, ਦੁੱਧ ਤੇ ਬੁੱਧ) ਕਰਮਵੀਰ ਸਿੰਘ (ਨਿਵਾਰੀ ਪਲੰਘ) ਕ੍ਰਿਸ਼ਨ ਕੁਮਾਰ ਰੱਤੂ (ਕੱਚ ਦੇ ਤਾਜ ਮਹੱਲ, ਚਿਹਰੇ ਤੇ ਪਰਛਾਂਵੇ) ਕੁਲਦੀਪ ਬੱਗਾ (ਟੁੱਟੇ ਹੋਏ ਲੋਕ) ਖਾਲਿਦ ਹੁਸੈਨ (ਤੇ ਜਿਹਲਮ ਵਗਦਾ ਰਿਹਾ) ਗੁਰਬਖਸ਼ ਬਾਹਲਵੀ (ਬਰਫ਼ ਦੀ ਸਿਲ, ਚਿੱਟਾ ਰੇਤਾ, ਅੱਗ ਦੇ ਪਰਛਾਵੇਂ ) ਗੁਰਮੁਖ ਸਿੰਘ ਜੀਤ (ਫੁਲਾਂ ਦੇ ਪਰਛਾਵੇਂ, ਸੁਪਨੇ ਦੀ ਤਾਜਪੋਸ਼ੀ) ਚੰਦਨ ਨੇਗੀ (ਮੇਰਾ ਆਪਾ ਮੋੜ ਦੇ, ਚਿਤ ਗੁਪਤ, ਕਰੜਾ ਸਾਰ ) ਜਸਬੀਰ ਭੁੱਲਰ (ਸੁਕੀ ਨਦੀ ਦੇ ਤਰਾਕ) ਜੋਗਿੰਦਰ ਕੈਰੋਂ (ਕੋਲਾਜ ਕਿਤਾਬ) ਤੇਜਵੰਤ ਸਿੰਘ ਮਾਨ (ਪਾਗਲ ਔਰਤ ਸਭਿਆ ਆਦਮੀ) ਐਸ ਤਰਸੇਮ (ਕਣਕ ਦੀ ਬੁਕ, ਅਜ ਦੇ ਮਸੀਹੇ) ਦਰਸ਼ਨ ਮਿਤਵਾ (ਸੰਵਿਧਾਨ ਰੋਂਦਾ ਹੈ) ਪਰਗਟ ਸਿੰਘ ਸਿਧੂ (ਹਵਾ ਵਿਚ ਲਟਕਦਾ ਆਦਮੀ) ਬੂਟਾ ਸਿੰਘ ਸ਼ਾਦ (ਸੈਦਾਂ ਜੋਗਣ) ਬਚਿੰਤ ਕੌਰ (ਮੰਜ਼ਿਲ, ਸੂਹਾ ਰੰਗ ਸਿਆਹ ਰੰਗ, ਭੁੱਬਲ ਦੀ ਅੱਗ) ਬਲਜੀਤ ਕੌਰ ਬੱਲੀ (ਤੇ ਨਕਸ਼ ਮਿਟਦੇ ਗਏ) ਬਲਬੀਰ ਮੋਮੀ (ਸਰ ਦਾ ਬੂਝਾ, ਸ਼ੀਸ਼ੇ ਦਾ ਸਮੁੰਦਰ) ਮਹਿੰਦਰ ਭੱਟੀ (ਮਾਰੂਥਲ ਦੇ ਰਾਹੀਂ) ਮੁਸ਼ਤਾਕ ਸਿੰਘ (ਅੰਜਤਾ ਦੇ ਬੁੱਤ) ਰਾਜਿੰਦਰ ਕੋਰ (ਸਤਰੰਗੀ ਪੀਂਘ, ਆਪਣਾ ਸ਼ਹਿਰ, ਸਤੇ ਹੀ ਕੁਆਰੀਆਂ) ਰਣਧੀਰ ਸਿੰਘ ਬੇਦੀ (ਲਹੂ ਦੇ ਫੁੱਲ, ਧਰਤੀ ਦਾ ਸੱਚ, ਰੰਗ ਰੰਗ ਦੇ ਲੋਕ) ਸ਼ਮਸ਼ੇਰ ਸਿੰਘ ਸੰਧੂ (ਕੋਈ ਦਿਓ ਜਵਾਬ) ਲੋਚਨ ਬਖਸ਼ੀ (ਮੇਰੀ ਖੁਸ਼ੀ ਮੋੜ ਦੇ, ਦਸ ਵਜ ਕੇ ਦਸ) ਗੁਲਜ਼ਾਰ ਸਿੰਘ ਸੰਧੂ (ਅਮਰ ਕਥਾ) ਜਰਨੈਲ ਪੁਰੀ (ਘੁੱਗੀਆਂ ਵਾਲੇ)

Leave a comment

error: Content is protected !!