ਆਧੁਨਿਕ ਪੰਜਾਬੀ ਨਾਟਕ
ਪ੍ਰਾਚੀਨ ਪੰਜਾਬੀ ਸਾਹਿਤ ਪਰੰਪਰਾ ਵਿਚ ਸ੍ਰਵ ਕਾਵਿ ਹੀ ਪ੍ਰਧਾਨ ਰਿਹਾ ਹੈ । ਦ੍ਰਿਸ਼ ਕਾਵਿ (ਨਾਟਕ) ਨਾਟ, ਰਾਸਧਾਰੀਏ, ਭੰਡ, ਨਕਲੀਏ, ਮਰਾਸੀ ਤੇ ਡੂੰਮ ਆਦਿ ਦੁਆਰਾ ਹੀ ਰਾਜਾ ਸ੍ਰੇਣੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਉਸਤਤਿ ਜਾਂ ਹਾਸੇ ਭਰੀਆਂ ਨਕਲਾਂ ਰਾਹੀਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਪਰ ਨਿਯਮਬੱਧ (ਵਿਸ਼ੇ ਤੇ ਕਲਾ ਪੱਖੋਂ) ਕੋਈ ਵੀ ਨਾਟਕ ਸਾਹਮਣੇ ਨਹੀਂ ਆਉਂਦਾ । ਆਧੁਨਿਕ ਪੰਜਾਬੀ ਸਾਹਿਤ ਵਿਚ ਨਾਟਕ ਦੀ ਉਮਰ ਬਹੁਤ ਛੋਟੀ ਹੈ। ਅਸਲ ਵਿਚ ਪੰਜਾਬੀ ਨਾਟਕ ਵੀਹਵੀਂ ਸਦੀ ਦੀ ਹੀ ਦੇਣ ਹੈ, ਇਸ ਤੋਂ ਪਹਿਲਾਂ ਨਾਟਕ ਨੂੰ ਦਰਸ਼ਨੀ ਕਲਾ ਖਿਆਲ ਕੀਤਾ ਜਾਂਦਾ ਸੀ ਜਿਸ ਵਿਚ, ਵਾਰਤਾਲਾਪ, ਕਵਿਤਾ, ਸੁੰਦਰ ਸਿੰਗਾਰ, ਸਾਂਗ,ਭੂਸ਼ਣਾਂ, ਨਾਚਾਂ ਤੇ ਸੰਗੀਤ ਦਾ ਪ੍ਰਯੋਗ ਕੀਤਾ ਜਾਂਦਾ ਸੀ ਪਰ ਆਧੁਨਿਕ ਪੰਜਾਬੀ ਨਾਟਕ ਨੇ ਪਰੰਪਰਾ ਦੀਆਂ ਹੱਦਾਂ ਬੰਨੇ ਟੱਪਕੇ ਨਾਟਕ ਨੂੰ ਜ਼ਿੰਦਗੀ ਦੀ ਹਕੀਕਤ ਨਾਲ ਜੋੜਿਆ ਹੈ।
ਮੌਲਿਕ ਨਾਟਕ ਲਿਖਣ ਤੋਂ ਪਹਿਲਾਂ ਬਹੁਤ ਸਾਰੇ ਨਾਟਕ ਹੋਰ ਭਾਸ਼ਾਵਾਂ ਚੋਂ ਪੰਜਾਬੀ ਵਿਚ ਅਨੁਵਾਦ ਕੀਤੇ ਗਏ । ਡਾ ਚਰਨ ਸਿੰਘ ਸ਼ਹੀਦ ਨੇ ਕਾਲੀਦਾਸ ਦੇ ਸੰਸਕ੍ਰਿਤ ਨਾਟਕ ਸਕੁੰਤਲਾ ਅਤੇ ਮਾਨ ਸਿੰਘ ਨੇ ਕਾਲੀਦਾਸ ਦੇ ਨਾਟਕ ਵਿਕ੍ਰਮੋਰਵਸ਼ੀ ਦਾ ਪੰਜਾਬੀ ਅਨੁਵਾਦ ਕੀਤਾ । ਬਲੰਵਤ ਸਿੰਘ ਤੇ ਨਰੈਣ ਸਿੰਘ ਨੇ ਸੈਕਸਪੀਅਰ ਦੇ ਨਾਟਕ ਕਿੰਗ ਲੀਅਰ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ । ਮੋਹਨ ਸਿੰਘ ਵੈਦ ਨੇ ਕਾਮੇਡੀ ਆਫ ਅਫੈਰਜ਼, ਅਮਰ ਸਿੰਘ ਨੇ ਉਥੈਲੋ, ਨੰਦੇ ਨੇ ਮਰਚੇਂਟ ਆਫ਼ ਵੀਨਸ ਦਾ ਸਾਮੂ ਸ਼ਾਹ ਅਨੁਵਾਦ, ਅਮੋਲ ਨੇ ਮਾਈਲ ਸਟੋਨ ਦੇ ਆਧਾਰ ਤੇ ਸਮੇਂ ਦੇ ਤਿੰਨ ਰੰਗ, ਸੁਜਾਨ ਸਿੰਘ ਨੇ “ਰਣਬੀਰ” ਆਦਿ ਨਾਟਕ ਪੰਜਾਬੀ ਵਿਚ ਅਨੁਵਾਦ ਕਰਕੇ ਨਾਟਕ ਨੂੰ ਮੋਲਿਕਤਾ ਦੀ ਪਰੰਪਰਾ ਵਿਚ ਲਿਆਉਣ ਦੀ ਪ੍ਰੇਰਣਾ ਦਿੱਤੀ।
ਪੰਜਾਬੀ ਨਾਟਕ ਨੂੰ ਇਹ ਮੁੱਖ ਘਾਟ ਰਹੀ ਹੈ ਕਿ ਸਟੇਜ ਕੁਝ ਹੱਦ ਤੱਕ ਸਕੂਲਾਂ ਤੇ ਕਾਲਜਾਂ ਦੇ ਸਿਖਿਆਰਥੀਆ ਜਾਂ ਇੱਕਾ ਦੁੱਕਾ ਪ੍ਰੋਫੈਸ਼ਨਲ ਲੋਕਾਂ ਤੱਕ ਹੀ ਸੀਮਿਤ ਰਹੀ ਹੈ ਭਾਵੇਂ ਪੰਜਾਬੀ ਨਾਟਕ ਦਾ ਮੁੱਢ ਧਾਰਮਿਕ ਪ੍ਰਵਿਰਤੀਆਂ ਰਾਹੀਂ ਬੱਝਦਾ ਹੈ ਪਰ ਜੋ ਸਮਾਜਿਕ ਰੰਗਤ ਈਸ਼ਵਰ ਚੰਦਰ ਨੰਦਾ ਨੇ ਆਪਣੇ ਨਾਟਕਾਂ ਵਿਚ ਦਿੱਤੀ ਹੈ, ਉਸ ਤੋਂ ਉਸਨੂੰ ਪੰਜਾਬੀ ਨਾਟਕ ਦਾ ਮੋਢੀ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ। ਉਸਨੇ ਰੋਗ, ਵਹਿਮ, ਭਰਮ, ਪਖੰਡ ਤੇ ਜਿੰਦਗ਼ੀ ਦੀ ਅਸੰਤੁਸ਼ਟਤਾ ਨੂੰ ਚੇਤੰਨ ਹੋ ਚਿਤਿਵਿਆ ਹੈ ।
ਨੰਦੇ ਤੋਂ ਪਹਿਲਾਂ ਬਾਵਾ ਬੁੱਧ ਸਿੰਘ (1878-1931) ਨੇ “ਨਾਰਨਵੇਲੀ”, ਰਾਜਾ ਹਰੀ ਚੰਦ, ਮੁੰਦਰੀ ਛਲ ਇਤਿਹਾਸਿਕ ਨਾਟਕ ਲਿਖੇ । ਬ੍ਰਿਜ ਲਾਲ ਸ਼ਾਸਤਰੀ ਨੇ ਪੌਰਾਣਿਕ ਕਥਾਵਾਂ ਨੂੰ ਨਾਟਕੀ ਰੂਪ ਸਵਿਤਰੀ, ਸੁਕੰਨਿਆ, ਉਦੈਨ ਤੇ ਪੂਰਨ ਆਦਿ ਰਾਹੀਂ ਦਿੱਤਾ ਹੈ । ਗਿਆਨੀ ਗੁਰਬਖਸ਼ ਸਿੰਘ ਨੇ ਬ੍ਰਿਜ ਮੋਹਨ ਛੋਟਾ ਨਾਟਕ, ਲਾਲਾ ਕ੍ਰਿਪਾ ਸਾਗਰ (1878-1939) ਨੇ ਮਹਾਰਾਜਾ ਰਣਜੀਤ ਸਿੰਘ (ਦੋ ਭਾਗ), ਤੇ “ਡੀਡੋ ਜਮਵਾਲ” ਗਿਆਨੀ ਕਾਕਾ ਸਿੰਘ ਨੇ ਰਜਨੀ, ਭਾਈ ਵੀਰ ਸਿੰਘ (1872-1957) ਨੇ ਰਾਜਾ ਲਖਦਾਤਾ ਸਿੰਘ ਆਦਿ ਨਾਟਕ ਲਿਖ ਕੇ ਨਾਟਕ ਦਾ ਮੁੱਢ ਬੰਨ੍ਹਿਆ ਪਰ ਜੋ ਨਾਟਕ ਨੂੰ ਰੰਗ ਭੂਮੀ ਦੀ ਸਫਲਤਾ ਤੇ ਵਿਸ਼ੇ ਦੇ ਪੱਖ ਤੋਂ ਸਮਾਜਿਕ, ਆਰਥਿਕ, ਧਾਰਮਿਕ ਕੁਰੀਤੀਆਂ ਦਾ ਵਿਸ਼ਲੇਸ਼ਣ ਕਰਕੇ ਜੀਵਨ ਜਾਚ ਵਿਚ ਢਾਲ ਸਕਿਆ ਹੈ, ਉਹ ਨੰਦਾ ਹੀ ਹੈ । ਉਸਦਾ ਯਥਾਰਥਵਾਦ ਨਗਨਵਾਦ ਦੀ ਪ੍ਰਕਿਰਿਆ ਨਹੀਂ ਕਰਦਾ ਸਗੋਂ ਜੀਵਨ ਦ੍ਰਿਸ਼, ਗੁੰਝਲਾਂ, ਮੁਸੀਬਤਾਂ, ਪੁਰਾਣੀ ਤੇ ਨਵੀਂ ਪੀੜ੍ਹੀ ਦੀ ਟੱਕਰ ਪੇਸ਼ ਕਰਦਾ ਹੈ।
ਈਸ਼ਵਰ ਚੰਦਰ ਨੰਦਾ (1892-1965)
ਆਪ ਦਾ ਜਨਮ 30 ਸੰਤਬਰ, 1892 ਈ. ਨੂੰ ਲਾਲਾ ਭਾਗ ਮੱਲ ਦੇ ਘਰ ਗਾਂਧੀਆ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਬਚਪਨ ਵਿਚ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਪਿੱਛੋਂ ਮਾਤਾ ਆਤਮਾ ਦੇਵੀ ਨੇ ਬੜੇ ਮੁਸ਼ਕਿਲਾਂ ਨਾਲ ਪਾਲਣਾ ਕੀਤੀ। 1911 ਈ ਵਿਚ ਮੈਟ੍ਰਿਕ ਗੁਰਦਾਸਪੁਰ ਤੋਂ, 1917 ਈ . ਵਿਚ ਲਾਹੌਰ ਤੋਂ ਐਮ. ਏ. (ਅੰਗਰੇਜ਼ੀ) ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਲੱਗੇ । 1925 ਵਿਚ ਆਕਸਫੋਰਡ ਯੂਨੀਵਰਸਿਟੀ ਤੋਂ ਉਚ ਵਿਦਿਆ ਹਾਸਲ ਕੀਤੀ ਤੇ 1947 ਵਿਚ ਰਿਟਾਇਰ ਹੋ ਗਏ ।
ਆਪ ਨੇ ਨਾਟਕਾਂ ਵਿਚ ਸਮਾਜਕ ਵਹਿਮਾਂ ਭਰਮਾਂ, ਬਾਲ ਵਿਆਹ, ਔਰਤ ਦੀ ਦੁਰਦਸ਼ਾ ਆਦਿ ਵਿਸ਼ਿਆ ਨੂੰ ਪੇਸ਼ ਕੀਤਾ ਹੈ । ਨਾਟਕ ਨੂੰ ਪਰੰਪਰਾ ਦੀ ਜਕੜ ‘ਚੋਂ ਕੱਢ ਆਧੁਨਿਕਤਾ ਵਿਚ ਲਿਆਂਦਾ। ਸਹੀ ਅਰਥਾਂ ਵਿਚ ਨੰਦਾ ਦੇ ਨਾਟਕਾਂ ਨਾਲ ਆਧੁਨਿਕ ਪੰਜਾਬੀ ਨਾਟਕ ਦਾ ਆਰੰਭ ਹੁੰਦਾ ਹੈ। ਇਸ ਲਈ ਆਈ. ਸੀ. ਨੰਦਾ ਪੰਜਾਬੀ ਨਾਟਕ ਦਾ ਜਨਮਦਾਤਾ ਹੈ । ਨੰਦਾ ਦੇ ਲਿਖੇ ਹੋਏ ਨਾਟਕ ਤੇ ਇਕਾਂਗੀ ਇਹ ਹਨ :-
ਨਾਟਕ :-
ਸੁਭੱਦਰਾ, ਵਰ ਘਰ, (ਲਿੱਜੀ ਦਾ ਵਿਆਹ), ਦੁਲਹਨ (ਸੁਹਾਗ), ਬੇਬੇ ਰਾਮ ਭਜਨੀ
ਇਕਾਂਗੀ :-
ਲਿਸ਼ਕਾਰੇ, ਚਮਕਾਰੇ ।
ਜੋਸ਼ੂਆ ਫ਼ਜ਼ਲਦੀਨ (1903-1976)
ਆਪ ਦਾ ਜਨਮ 1903 ਈ: ਵਿਚ ਈਸਾਈ ਪਰਿਵਾਰ ਵਿਚ, ਜਿਹਲਮ ਵਿਖੇ ਹੋਇਆ। ਐਫ. ਸੀ. ਕਾਲਜ ਲਾਹੌਰ ਤੋਂ ਬੀ.ਏ. ਕਰਨ ਉਪਰੰਤ ਆਪ ਅਧਿਆਪਕ ਲੱਗੇ । ਫਾਰਸੀ ਅੱਖਰਾਂ ਵਿਚ “ਪੰਜਾਬੀ ਦਰਬਾਰ” ਨਾਂ ਦਾ ਪੱਤਰ ਜਾਰੀ ਕੀਤਾ। ਜੋਸ਼ੂਆ ਫਜ਼ਲਦੀਨ ਦੇ ਨਾਟਕਾਂ ਵਿਚ ਪੰਜਾਬ ਦੇ ਪੇਂਡੂ ਸਮਾਜ ਵਿਚ ਕਰਜ਼ਾ, ਸ਼ਰਾਬ, ਅਨਪੜ੍ਹਤਾ ਆਦਿ ਬੁਰਾਈਆਂ ਨੂੰ ਨਾਟਕੀ ਰੂਪ ਦਿੱਤਾ। ਗਿਆ ਹੈ। ਨਾਟਕਾਂ ਦਾ ਸੁਰ ਸੁਧਾਰਵਾਦੀ ਹੈ।
ਨਾਟਕ :-
ਪਿੰਡ ਦੇ ਵੈਰੀ, ਹੀਰ ਸਿਆਲ । ਇਕਾਂਗੀ :- ਮੁੰਡੇ ਦਾ ਮੁੱਲ, ਦੇਹਾਤੀ ਤਲਵਾਰ, ਜ਼ੈਲਦਾਰ ।
ਡਾ. ਸ਼ੇਰ ਸਿੰਘ (1903- )
ਆਪ ਦਾ ਜਨਮ 1903 ਈ: ਨੂੰ ਭਾਈ ਵਰਿਆਮ ਸਿੰਘ ਦੇ ਘਰ ਨਾਭਾ ਵਿਖੇ ਹੋਇਆ। ਆਪ ਫਾਰਸੀ ਤੇ ਫਿਲਾਸਫੀ ਦੀ ਐਮ.ਏ ਗਿਆਨੀ, ਮੁਨਸ਼ੀ ਫਾਜ਼ਲ ਤੋ ਐਮ.ਓ.ਐਲ. ਸਨ । 1936 ਵਿਚ ਗੁਰਮਤਿ ਫਿਲਾਸਫੀ ਤੇ ਪੀ.ਐਚ.ਡੀ. ਕੀਤੀ । ਜਿਥੇ ਆਪ ਨੇ ਗੁਰਮਤਿ ਸਾਹਿਤ ਦੀ ਵਿਆਖਿਆ ਤੋ ਅਲੋਚਨਾਤਮਕ ਨਿਰਣਾ ਦਿੱਤਾ ਹੈ ਉਥੋਂ ਨਾਟਕ ਖੇਤਰ ਵਿਚ ਵੀ ਕਲਮ ਚਲਾਈ ਹੈ ।
ਡਾ. ਸ਼ੇਰ ਸਿੰਘ ਦੇ ਨਾਟਕ :-
ਕੰਜੂਸ ਠੇਕੇਦਾਰ, ਘੁਮੰਡਾ ਵੈਲੀ
ਗੁਰਬਖ਼ਸ਼ ਸਿੰਘ ਪ੍ਰੀਤ ਲੜੀ :- (1895-1977)
ਆਪ ਦਾ ਜਨਮ 26 ਅਪ੍ਰੈਲ, 1895 ਈ: ਨੂੰ ਸ੍ਰ ਪਿਸ਼ੌਰਾ ਸਿੰਘ ਦੇ ਘਰ ਸਿਆਲਕੋਟ ਵਿਖੇ ਹੋਇਆ । ਇੰਜੀਨਿਅਰਿੰਗ ਕਾਲਜ ਰੁੜਕੀ ਤੋਂ ਡਿਗਰੀ ਲੈ ਕੇ 1919 ਈ: ਵਿਚ ਉਹ ਇੰਜੀਨਿਅਰਿੰਗ ਦੀ ਡਿਗਰੀ ਲਈ ਅਮਰੀਕਾ ਗਏ ਤੇ 1921 ਵਿਚ ਉੱਚ ਡਿਗਰੀ ਪ੍ਰਾਪਤ ਕੀਤੀ । ਰੇਲਵੇ ਦੀ ਨੌਕਰੀ ਕੀਤੀ । 1933ਈ: ਵਿਚ “ਪ੍ਰੀਤ ਲੜੀ” ਰਸਾਲਾ ਚਾਲੂ ਕੀਤਾ ਤੇ 1938 ਈ: ਪ੍ਰੀਤ ਨਗਰ ਦੀ ਸਥਾਪਨਾ ਕੀਤੀ । ਨਾਟਕਕਾਰ ਦੇ ਤੌਰ ਤੇ ਗੁਰਬਖਸ਼ ਸਿੰਘ ਨੇ ਮੱਧ ਵਰਗ ਦੀਆਂ ਦੁਖਾਂਤਕ ਮਨੋਸਥਿਤੀਆਂ ਨੂੰ ਪ੍ਰਗਟਾਇਆ ਹੈ। ਰਾਜਕੁਮਾਰੀ ਲਤਿਕਾ ਨੂੰ ਕਾਫ਼ੀ ਸੁਹਰਤ ਮਿਲੀ ਹੈ।
ਨਾਟਕ :-
ਰਾਜ ਕੁਮਾਰੀ ਲਤਿਕਾ, ਪ੍ਰੀਤ ਮੁਕਟ, ਪੂਰਬ ਪੱਛਮ, ਪ੍ਰੀਤਮਣੀ ।
ਡਾਕਟਰ ਹਰਚਰਨ ਸਿੰਘ (10 ਦਸੰਬਰ, 1915- )
ਆਪ ਦਾ ਜਨਮ 10 ਦਸੰਬਰ, 1915 ਨੂੰ ਕਿਰਪਾ ਸਿੰਘ ਠੇਕੇਦਾਰ ਦੇ ਘਰ ਚੱਕ ਨੰ: 576, ਜ਼ਿਲ੍ਹਾ ਸ਼ੇਖੁਪੂਰਾ (ਹੁਣ ਪਾਕਿਸਤਾਨ) ਵਿਖੇ ਹੋਇਆ। ਪੰਜਾਬੀ ਅਤੇ ਇਤਿਹਾਸ ਦੀ ਐਮ.ਏ. ਕੀਤੀ ਤੇ ਪੰਜਾਬ ਦੀ ਨਾਟਕ ਪਰੰਪਰਾ ਤੇ ਪੀ ਐਚ ਡੀ ਕੀਤੀ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁੱਖੀ ਰਹੇ । ਰੀਟਾਇਰ ਹੋਣ ਕਰਕੇ ਹੁਣ ਆਪ “ਦੇਸ ਪੰਜਾਬ” ਰਸਾਲਾ ਸੰਪਾਦਿਤ ਕਰ ਰਹੇ ਹਨ। ਹਰਚਰਨ ਸਿੰਘ ਦੇ ਨਾਟਕ-ਸਾਹਿਤ ਦਾ ਵੇਰਵਾ :-
ਨਾਟਕ :
ਕਮਲਾ ਕੁਮਾਰੀ, ਰਾਜਾ ਪੋਰਸ, ਦੂਰ ਦੁਰਾਡੇ, ਅਨਜੋੜ, ਦੋਸ਼, ਤੇਰਾ ਘਰ ਸੁ ਮੇਰਾ ਘਰ, ਪੁੰਨਿਆ ਦਾ ਚੰਨ, ਰੱਤਾ ਸਾਲੂ, ਸ਼ੋਭਾ ਸ਼ਕਤੀ, ਕੰਚਨ ਮਾਟੀ, ਮਿੱਟੀ ਧੁੰਦ ਜਗਿ ਚਾਨਣ ਹੋਇਆ, ਅੱਜ ਕੱਲ ਤੇ ਭਲਕ, ਹਾਜੀ ਸੁਲਤਾਨ, ਲਹਿੰਦੇ ਦਾ ਨੂਰ, ਰਾਮ ਲੀਲ੍ਹਾ, ਖੇਡਣ ਦੇ ਦਿਨ ਚਾਰ, ਇਤਿਹਾਸ ਜਵਾਬ ਮੰਗਦਾ ਹੈ, ਚਮਕੌਰ ਦੀ ਗੜ੍ਹੀ, ਹਿੰਦ ਦੀ ਚਾਦਰ। ਹਰਚਰਨ ਸਿੰਘ ਦੇ ਨਾਟਕਾਂ ਵਿਚ ਵਿਵਿਧ ਵਿਸ਼ੇ ਉਜਾਗਰ ਹੋਏ ਹਨ। ਰੋਮਾਂਸ, ਰਾਜਨੀਤਿਕ, ਭ੍ਰਿਸ਼ਟਾਚਾਰ, ਸਮਾਜਕ ਬੁਰਾਈਆਂ, ਝੂਠ, ਪਾਖੰਡ, ਕ੍ਰਾਂਤੀਕਾਰੀ ਭਾਵਨਾ, ਔਰਤ ਦੀ ਸੁੰਤਤਰਤਾ, ਪੰਜਾਬ ਪ੍ਰੇਮ, ਸਿੱਖ ਇਤਿਹਾਸ, ਆਦਿ ਵਿਸ਼ੇ ਉਸ ਦੀ ਨਾਟਕੀ ਵਸਤੂ ਹਨ। ਹਰਚਰਨ ਸਿੰਘ ਰੰਗ ਮੰਚ ਅਤੇ ਵਿਸ਼ਿਆਂ ਦੀ ਦੀਰਘਤਾ ਤੋਂ ਚੁਕੰਨਾ ਹੈ । ਇਸ ਲਈ ਉਸਦੇ ਨਾਟਕ ਮੰਚ-ਯੋਗਤਾ ਵਾਲੇ ਹੁੰਦੇ ਹਨ । ਮੰਚ ਯੋਗ ਹੋਣ ਕਰਕੇ ਹਰਚਰਨ ਸਿੰਘ ਦੇ ਨਾਟਕ ਹਰਮਨ ਪਿਆਰੇ ਹਨ। ਹਰਚਰਨ ਸਿੰਘ ਦੀ ਨਾਟਕੀ ਪ੍ਰਤਿਭਾ ਸੰਭਾਵਨਾ-ਭਰਪੂਰ ਹੈ।
ਸੰਤ ਸਿੰਘ ਸੇਖੋਂ (1908-1997)
ਇਨ੍ਹਾਂ ਦਾ ਜਨਮ ਚੱਕ ਨੰ: 70, ਬੰਗ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਸ੍ਰ : ਹੁਕਮ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁਖੋਂ 30 ਮਈ, 1908 ਈ: ਨੂੰ ਹੋਇਆ। ਅਰਥ ਸ਼ਾਸਤਰ ਤੇ ਅੰਗਰੇਜ਼ੀ ਦੀ ਐਮ, ਏ. ਕੀਤੀ। ਅੰਮ੍ਰਿਤਸਰ ਦੇ ਹੋਰ ਸਥਾਨਾਂ ਤੇ ਪ੍ਰੋਫੈਸਰ ਤੇ ਪ੍ਰਿੰਸੀਪਲ ਲੱਗੇ ਰਹੇ ਹਨ।
ਸੇਖੋਂ ਪੱਛਮੀ ਤੇ ਭਾਰਤੀ ਸਾਹਿਤ ਪਰੰਪਰਾਵਾਂ ਦਾ ਬੌਧਿਕ ਪੱਧਰ ਤੇ ਵਿਸ਼ਲੇਸ਼ਣ ਕਰਦਾ ਹੋਇਆ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਸਮਾਜਵਾਦੀ ਪਹੁੰਚ ਰੱਖਦਾ ਹੈ। ਉਸਨੂੰ ਸ਼ਹਿਰੀ ਤੇ ਪੇਂਡੂ ਜੀਵਨ ਦਾ ਪੂਰਨ ਤਜਰਬਾ ਹੈ ਤੇ ਰਚਨਾਵਾਂ ਵਿਚੋਂ ਸਾਡੇ ਜੀਵਨ ਦੀਆਂ ਆਰਥਿਕ, ਸਮਾਜਕ ਤੇ ਰਾਜਨੀਤਿਕ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ। ਬੰਧਿਕ ਤੇ ਮਨੋਵਿਗਿਆਨਿਕ ਸੂਖ਼ਮ ਛੋਹਾਂ ਕਾਰਨ ਉਸਦੇ ਨਾਟਕ ਗੰਭੀਰ ਰਚਨਾਵਾਂ ਬਣ ਜਾਂਦੀਆਂ ਹਨ । ਨਾਟਕ “ਕਲਾਕਾਰ” ਉਸ ਦਾ ਸ਼ਾਹਕਾਰ ਹੈ।
ਸੈਥੋਂ ਦੀ ਕਾਵਿ-ਨਾਟਕ ਰਚਨਾ “ਬਾਬਾ ਬੋਹੜ” ਵੀ ਬਹੁ-ਚਰਚਿਤ ਕਿਰਤ ਮੰਨੀ ਜਾਂਦੀ ਹੈ।
ਨਾਟਕ :-
ਵਾਰਸ, ਭੁਦਾਨ, ਨਾਰਕੀ, ਮੋਇਆਂ ਸਾਰ ਨਾ ਕਾਈ, ਕਲਾਕਾਰ, ਦਮਯੰਤੀ, ਬੇੜਾ ਬੰਧ ਦਾ ਸਕਿਓ, ਮਿਤਰ ਪਿਆਰਾ, ਸਿਆਲਾ ਦੀ ਨੱਢੀ।
ਇਕਾਂਗੀ :-
ਇਕ ਐਤਵਾਰ, ਚੋਰ ਬਜ਼ਾਰੀਏ, ਦੂਜਾ ਵਿਆਹ, ਲੇਡੀ ਡਾਕਟਰ (ਤਪਿਆ ਕਿਉਂ ਖਪਿਆ, ਛੇ ਘਰ, ਨਾਟ ਸੁਨੇਹੇ, ਇਕਾਂਗੀ ਸੰਗ੍ਰਹਿ ਹਨ)
ਬਲਵੰਤ ਗਾਰਗੀ :- (1916-2003)
ਗਾਰਗੀ ਦਾ ਜਨਮ 5 ਦਸੰਬਰ, 1916 ਈ: ਨੂੰ ਲਾਲਾ ਸ਼ਿਵ ਚੰਦ ਦੇ ਘਰ ਮਾਤਾ ਪੁੰਨੀ ਦੀ ਕੁਖੋਂ ਪਿੰਡ ਸਹਿਣਾ ਜਿਲਾ ਬਠਿੰਡਾ ਵਿਖੇ ਹੋਇਆ। ਮੁਢਲੀ ਵਿਦਿਆ ਪਿੰਡ ਵਿਚ ਹੀ ਹਾਸਲ ਕੀਤੀ। ਦਸਵੀਂ ਬਠਿੰਡੇ ਤੋਂ 1936, ‘ਚ ਬੀ.ਏ, ਲਾਹੌਰ ਤੇ, 1938 ‘ਚ ਪੋਲੀਟੀਕਲ ਸਾਇੰਸ ਦੀ ਐਮ.ਏ. ਐਫ, ਸੀ ਕਾਲਜ ਲਾਹੌਰ ਤੋਂ ਤੇ 1941 ਵਿਚ ਐਮ.ਏ,ਅੰਗਰੇਜ਼ੀ ਕੀਤੀ।
ਗਾਰਗੀ ਜੀਵਨ ਦੀ ਵਿਆਖਿਆ, ਆਲੋਚਨਾ, ਦ੍ਰਿਸ਼ਟੀਕੋਣਾਂ ਦੇ ਵਰਕ ਤੇ ਸ੍ਰੇਣਿਕ ਕਦਰਾਂ ਕੀਮਤਾਂ ਨੂੰ ਨਾਟਕਾਂ ਰਾਹੀਂ ਬੜੀ ਭਾਵੁਕਤਾ ਨਾਲ ਚਿਤਰਦਾ ਹੈ । ਯਥਾਰਥ ਵਿਚ ਪਾਤਰ ਆਪਣੇ ਹਾਵ ਭਾਵ, ਗੁਸੇ ਮਨੋਵੇ ਜਾਂ ਖਾਹਸ਼ਾਂ ਦਾ ਦਮਨ ਕਰਦੇ ਹਨ ਤੇ ਸਮਾਜਕ ਕਦਰਾਂ ਕੀਮਤਾਂ ਦੇ ਚੌਖਟੇ ਵਿਚ ਆਪਣੀ ਉਮਰ ਕੋਹਲੂ ਦੇ ਬੈਲ ਵਾਗ ਹੰਢਾਉਂਦੇ ਹਨ ਪਰ ਗਾਰਰੀ ਇਨ੍ਹਾਂ ਪੁਰਾਤਨ ਕਦਰਾਂ ਕੀਮਤਾਂ ਨੂੰ ਆਪਣੇ ਪਾਤਰਾਂ ਰਾਹੀਂ ਬਾਗੀਆਨਾ ਢੰਗ ਰਾਹੀਂ ਤੁੜਵਾਉਂਦਾ ਹੈ ਜੋ ਭਾਵੁਕਤਾ ਹੈ ਸਹੀ ਹੱਲ ਨਹੀ? ਸਮਾਜੀ ਤੇ ਜਮਾਤੀ ਵਿਸ਼ਲੇਸ਼ਣ ਕਰਨ ਤੋਂ ਅਸਮਰੱਥ ਹੈ। ਗਾਗਰੀ ਪੂਰਬੀ ਤੋਂ ਪੱਛਮੀ ਨਾਟਕ-ਪਰੰਪਰਾਵਾਂ ਦਾ ਅਧਿਐਨਸ਼ੀਲ ਨਾਟਕਕਾਰ ਹੈ ਇਸ ਲਈ ਉਸਦੇ ਨਾਟਕਾਂ ਵਿਚ ਨਵੀਆਂ ਨਾਟ- ਤਕਨੀਕਾਂ ਮੌਜੂਦ ਹਨ। ਨਿਸਚੇ ਹੀ ਗਾਰਗੀ ਦੇ ਨਾਟਕਾਂ ਨਾਲ ਪੰਜਾਬੀ ਨਾਟਕ ਨੂੰ ਗਤੀ ਮਿਲੀ ਹੈ।
ਨਾਟਕ :-
ਲੋਹਾ ਕੁੱਟ, ਸੈਲ ਪੱਥਰ, ਨਵਾਂ ਮੁੱਢ, ਕੇਸਰੋ, ਕਣਕ ਦੀ ਬੱਲੀ, ਸੋਹਣੀ, ਧੂਣੀ ਦੀ ਅੱਗ, ਘੁੱਗੀ, ਗਿਰਝਾਂ, ਬਿਸਵੇਦਾਰ, ਸੁਲਤਾਨ ਰਜ਼ੀਆ, ਗਗਨ ਮੈ ਥਾਲ, ਸੌਂਕਣ। ਇਕਾਂਗੀ :- ਕੁਆਰੀ ਟੀਸੀ, ਪੱਤਣ ਦੀ ਬੇੜੀ, ਬੇਬੇ, ਪਿਛਲ ਪੈਰੀਂ, ਡਾਕਟਰ ਪਲਟਾ।
ਗੁਰਦਿਆਲ ਸਿੰਘ ਫੁੱਲ :- (1 ਮਾਰਚ, 1911-1989)
ਗੁਰਦਿਆਲ ਸਿੰਘ ਫੁਲ ਦਾ 1 ਮਾਰਚ, 1911 ਈ: ਨੂੰ ਨੰਗਲ ਸ਼ਾਮਾਂ ਜ਼ਿਲਾ ਜਲੰਧਰ ਵਿਚ ਸ੍ਰ :ਭਗਵਾਨ ਸਿੰਘ ਅਤੇ ਧੰਨ ਦੇਈ ਦੇ ਘਰੇ ਜਨਮ ਹੋਇਆ । ਆਪ 1951 ਈ: ‘ਚ ਅੰਮ੍ਰਿਤਸਰ ਤੋਂ ਐਮ.ਏ. ਕਰਨ ਉਪ੍ਰੰਤ ਅਧਿਆਪਕ ਲੱਗੇ ।
ਉਸਦੇ ਨਾਟਕਾਂ ਵਿਚਲੇ ਵਸਤੂ ਤੇ ਅਨੁਭਵ ਦੀ ਮੌਲਿਕਤਾ ਤੇ ਵਿਵਧਤਾ, ਰੰਗਮੰਚ ਦੀ ਦਿਸ੍ਰਟੀ ਤੇ ਕੀਤੇ ਗਏ ਅਨੇਕ ਯੋਗ ਉਸਨੂੰ ਸਥਾਪਿਤ ਨਾਟਕਕਾਰਾਂ ਦੀ ਕਤਾਰ ਵਿਚ ਲੈ ਆਉਂਦੇ ਹਨ। ਰੁਮਾਂਟਿਕ ਉਪਭਾਵੁਕਤਾ, ਸੁਧਾਰਵਾਦੀ ਤੇ ਆਦਰਸ਼ਵਾਦੀ ਸੁਰ ਜੀਵਨ ਦੇ ਯਥਾਰਥ ਨਾਲ ਮੇਲ ਖਾਂਦਾ ਪੇਸ਼ ਕੀਤਾ ਹੈ। ਪਿਛਲੇ ਸਾਲਾਂ ਵਿਚ ਮਨਾਈਆਂ ਗਈਆਂ ਜਨਮ ਸ਼ਤਾਬਦੀਆਂ ਤੇ ਵਾਤਾਵਰਣ ਵਿਚ ਫੁੱਲ ਨੇ ਕਈ ਧਾਰਮਿਕ ਨਾਟਕ ਲਿਖੇ ਹਨ। ਫੁੱਲ ਦੇ ਕਈ ਨਾਟਕ ਸਮਸਿਆ ਮੂਲਕ ਹਨ। ਇਨ੍ਹਾਂ ਨਾਟਕਾਂ ਵਿਚ ਆਪਣੇ ਆਲੇ ਦੁਆਲੇ ਪਸਰੇ ਸਮਾਜ ਵਿਚੋਂ ਸਮਸਿਆਵਾਂ ਚੁਣਕੇ ਉਨ੍ਹਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ ਹੈ।
ਨਾਟਕ :-
ਪਿਤਾ ਪਿਆਰ, ਕਾਲਜੀਏਟ, ਜੋੜੀ ਸਾਥੀ, ਨਾਰੀ ਦੀ ਜਾਗ, ਆਦਮੀ ਦੀ ਅਕਲ, ਅੱਜ ਕਲ੍ਹ, ਬੈਂਕ, ਕਲਾ ਤੇ ਜ਼ਿੰਦਗੀ, ਧਰਤੀ ਦੀ ਜਾਈ, ਧਰਤੀ ਦੀ ਅਵਾਜ਼, ਓੜਕ ਸੱਚ ਰਹੀ, ਕੰਬਦੇ ਧੌਲਰ, ਝੂਠਾ ਬਾਜ਼ਾਰ, ਕਲਜੁਗ ਰਥ ਅਗਨਿ ਕਾ, ਲੱਜਿਆ, ਸਿਖਰ ਦੁਪਹਿਰੇ ਰਾਤ, ਨਵਾਂ ਜਨਮ ਪੁਰਾਣੀ ਮੌਤ, ਸੁਨਹਿਰੀ ਚਿੱਟਾ ਕਾਲਾ, ਸਗਲ ਸੰਗ ਹਮ ਕਉ ਬਣ ਆਈ, ਜਿਨ ਸਚ ਪਲੈ ਹੋਇ (ਨਾਨਕ ਜੀ), ਤਾਤੀ ਵਾਓ ਨਾ ਲਾਗਈ (ਅਰਜਨ ਦੇਵ ਜੀ ਨਾਮੈ ਤੱਤ ਪਛਾਣਿਆ (ਨਾਮਦੇਵ ਜੀ), ਹਸ ਹਸ ਕੇ ਮਰਨਾ ਸਿਖ ਲਉ (ਬਾਬਾ ਰਾਮ ਸਿੰਘ ਜੀ), ਅਸੀਂ ਦੁਣ ਸਵਾਇ ਹੋਏ, ਚੜ੍ਹਦਾ ਰੂਪ ਸਵਾਇਆ, ਆਪਣਾ ਮੂਲ ਪਛਾਣ ।
ਕਰਤਾਰ ਸਿੰਘ ਦੁੱਗਲ (1917- )
ਦੁੱਗਲ ਦਾ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ ਵਿਖੇ ਸ੍ਰ : ਜੀਵਨ ਸਿੰਘ ਦੇ ਘਰ 1917 ਈ: ਵਿਚ ਜਨਮ ਹੋਇਆ । ਐਮ.ਏ ਅੰਗਰੇਜ਼ੀ ਕਰਨ ਉਪਰੰਤ ਅਕਾਸ਼ਵਾਣੀ ਦੀ ਥਾਂ ਥਾਂ ਨੌਕਰੀ ਕੀਤੀ। ਦੁਗਲ ਵਿਸ਼ੇਸ਼ ਤੌਰ ਤੇ ਕਹਾਣੀਕਾਰ ਹੈ ਪਰ ਉਸਦੀ ਸੂਝ ਤੇ ਰੁਚੀ ਨਾਟਕ ਲਿਖਣ ਵੱਲ ਵੀ ਪ੍ਰੇਰਤ ਹੋਈ ਹੈ। ਉਹ ਸਮਾਜਕ ਵਿਸ਼ਲੇਸ਼ਣ (ਜਮਾਤੀ) ਨਹੀਂ ਕਰਦਾ ਸਗੋਂ ਸਮਾਜਕ ਬੁਰਾਈਆਂ ਨੂੰ ਉਪਭਾਵੁਕਤਾ ਨਾਲ ਪੇਸ਼ ਕਰਦਾ ਹੈ। ਉਹ ਰੁਮਾਂਟਿਕਤਾ ਦਾ ਲੇਖਕ ਹੈ।
ਨਾਟਕ :-
ਪੁਰਾਣੀਆਂ ਬੋਤਲਾਂ, ਮਿੱਠਾ ਪਾਣੀ, ਕੋਹਕਨ, ਬੁਧੀ ਸ਼ਰਨਮ ਗੱਛਾਮਿ ਸ੍ਰੋਤ ਸੰਗੀਤ, ਸੱਤ ਨਾਟਕ, ਤਿੰਨ ਨਾਟਕ (ਔਹ ਗਏ ਸਾਜਨ ਔਹ ਗਏ, ਇਕ ਸਿਫਰ ਸਿਫਰ, ਛਣਕਾਰ, ਅਲ੍ਹਾ ਮੇਘ ਦੋ ਇਕਾਂਗੀ ਹਨ)
ਗੁਰਦਿਆਲ ਸਿੰਘ ਖੋਸਲਾ (1912-1995)
ਖੋਸਲਾ ਮੱਧ ਸ਼੍ਰੇਣੀ ਦਾ ਲੇਖਕ ਹੈ। ਖੋਸਲਾ ਮੱਧ ਸ਼੍ਰੇਣੀ ਦੀਆਂ ਰੁਚੀਆਂ, ਵਿਚਾਰਾਂ ਤੇ ਵਿਵਹਾਰਾਂ ਦੀ ਆਲੋਚਨਾ ਕਟਾਖਸ ਰੂਪ ਵਿਚ ਕਰਦਾ ਹੈ। ਪਹਿਲਾਂ ਲਾਹੋਰ ਫਿਰ ਸ਼ਿਮਲਾ ਤੇ ਦਿੱਲੀ ਵਿਚ ਰੰਗਮੰਚਤਾ ਦੇ ਨਿਰਮਾਣ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ ਹੈ।
ਨਾਟਕ :-
ਬੂਹੇ ਬੈਠੀ ਧੀ, ਮਰ ਮਿਟਣ ਵਾਲੇ, ਪਰਲੋ ਤੋਂ ਪਹਿਲਾਂ, ਸ਼ਹਿਰ ਦੀ ਨੀਲਾਮੀ ।
ਇੰਦਰ ਸਿੰਘ ਚਕਰਵਰਤੀ (1903-1917)
ਚਕਰਵਰਤੀ ਇਕ ਸਰਬਾਂਗੀ ਲੇਖਕ ਹੈ। ਉਨ੍ਹਾਂ ਨੇ ਜਿੱਥੇ ਕਵਿਤਾ ਤੇ ਵਾਰਤਕ ਵਿਚ ਨਾਮਣਾ ਖੱਟਿਆ ਹੈ ਉਥੇ ਨਾਟਕ “ਪ੍ਰੀਤ ਪੈਗੰਬਰ” ਮਹਾਤਮਾ ਬੁੱਧ ਦੇ ਜੀਵਨ ਤੇ ਲਿਖਕੇ ਨਾਟਕਕਾਰ ਹੋਣ ਦਾ ਸਬੂਤ ਦਿੱਤਾ ਹੈ । ਉਸ ਦੇ ਨਾਟਕ ਹਨ :- ਪ੍ਰੀਤ ਪੈਗੰਬਰ, ਪੂਰਬ ਪੱਛਮ, ਸੂਦਰ ਦਾ ਬਲੀਦਾਨ, ਪਟਨਾ ਸ਼ਹਿਰ ਵਿਖੇ ।
ਆਪ ਦਾ ਜਨਮ 9 ਨਵੰਬਰ, 1904 ਈ: ਨੂੰ ਤੁਲਾ ਰਾਮ ਦੇ ਘਰ ਪਿੰਡ ਟਿੱਬੀ ਕਸਰਾਨ ਜ਼ਿਲ੍ਹਾ ਡੇਰਾ ਗਾਜ਼ੀ ਖਾਂ (ਹੁਣ ਪਾਕਿਸਤਾਨ) ਵਿਖੇ ਹੋਇਆ। ਮੁਜੱਫਰਗੜ੍ਹ ਤੋਂ ਮੈਟ੍ਰਿਕ, ਬੀ.ਏ, ਐਮ.ਏ, ਬੀ. ਟੀ. ਲਾਹੌਰ ਤੋਂ ਕਰਕੇ ਸਕੂਲਾਂ ਕਾਲਜਾਂ ਵਿਚ ਪ੍ਰੋਫੈਸਰ (ਅੰਗਰੇਜ਼ੀ) ਲੱਗੇ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਮਹਾਰਾਜਾ ਰਣਜੀਤ ਕਾਲ ਦੀ ਸਿਖਿਆ ਪ੍ਰਣਾਲੀ” ਤੇ ਖੋਜ ਪ੍ਰਬੰਧ ਲਿਖ ਕੇ ਪੀ.ਐਚ ਡੀ ਦੀ ਡਿਗਰੀ ਹਾਸਲ ਕੀਤੀ। ਆਹੂਜਾ ਭਾਰਤੀ ਤੇ ਪੱਛਮੀ ਸਾਹਿਤਕ ਸਿਧਾਤਾਂ ਦ ਪ੍ਰੋੜ ਵਿਦਵਾਨ ਹੈ । ਉਸਦੀ ਕਰਤਾਰੀ ਪ੍ਰਤਿਭਾ ਨਾਟਕਾਂ ਵਿਚ ਪ੍ਰਬੁੱਧ ਹੋਈ ਹੈ। ਆਹੂਜਾ ਨਾਟਕਾਂ ਵਿਚ ਸ਼ਾਸਤਰੀ ਸ਼ੁਧਤਾ ਲਿਆਉਣ ਦਾ ਵਧੇਰੇ ਇੱਛੁਕ ਹੈ। ਉਸ ਦੇ ਕਈ ਕਥਾਨਕ ਕਲਾਸਕੀ ਇਤਿਹਾਸ ਉੱਤੇ ਉਸਾਰੇ ਗਏ ਹਨ। ਕੁੱਝ ਸਮਕਾਲੀ ਵਿਸ਼ਿਆਂ ਨੂੰ ਵੀ ਨਾਟਕੀ ਰੂਪ ਦਿੱਤਾ ਹੈ।
ਨਾਟਕ :-
ਤਲਾਕ, ਸਹਿਯੋਗ, ਭੂਮੀਦਾਨ, ਕਲਿੰਗਾ ਦਾ ਦੁਖਾਂਤ, ਹੜ੍ਹਤਾਲ, ਭੂਮੀ ਅੰਦੋਲਨ, ਦਾਰਾ ਸਿਕੋਹ ਦਾ ਦੁਖਾਂਤ, ਤੇ ਕਲੀਓ ਪੈਤਰਾ ਦਾ ਦੁਖਾਂਤ।
ਡਾ. ਅਮਰੀਕ ਸਿੰਘ (1920- )
ਅੰਗਰੇਜ਼ੀ ਦੇ ਪ੍ਰੋਫੈਸਰ ਹੋਣ ਕਾਰਨ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਚੋਖਾ ਹੈ। ਉਸ ਦੇ ਨਾਟਕਾਂ ਦਾ ਰੂਪ ਸਵੱਛ ਤੇ ਪਰਪੱਕ ਹੈ। ਵਿਸ਼ਿਆ ਤੇ ਪਾਤਰਾਂ ਸਬੰਧੀ ਮਨੋਵਿਗਿਆਨਿਕ ਬੌਧ ਦੀ ਪਹਿਚਾਣ ਹੈ। ਉਹ ਆਧੁਨਿਕਤਾ ਦਾ ਲਖਾਇਕ ਹੈ।
ਨਾਟਕ :-
ਪਰਛਾਵਿਆਂ ਦੀ ਪਕੜ, ਰਾਹਾਂ ਦੇ ਨਿਖੇੜ ਤੇ ਕੰਮ ਕਿ ਘੜੰਮ ।
ਬਲਬੀਰ ਸਿੰਘ (20 ਅਕਤੂਬਰ – 1918)
ਆਪ ਦਾ ਜਨਮ 20 ਅਕਤੂਬਰ, 1918 ਈ: ਨੂੰ ਪਿੰਡ ਢਿਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਸ੍ਰ: ਹੁਕਮ ਸਿੰਘ ਦੇ ਘਰ ਮਾਤਾ ਕੇਸਰਾਂ ਦੇਵੀ ਦੀ ਕੁਖੋਂ ਹੋਇਆ। ਆਪ ਨੇ ਅੰਗਰੇਜ਼ੀ, ਪੰਜਾਬੀ ਹਿੰਦੀ ਤੇ ਉਰਦੂ ਵਿਚ ਐਮ.ਏ. ਕੀਤੀ । ਅਧਿਆਪਕ ਦਾ ਕਿੱਤਾ ਅਪਣਾਇਆ। ਬਲਬੀਰ ਸਿੰਘ ਦੇ ਨਾਟਕ ਸਾਧਾਰਨ ਪੱਧਰ ਦੇ ਹੀ ਕਹੇ ਜਾ ਸਕਦੇ ਹਨ ਕਿਉਂਕਿ ਜੀਵਨ ਯਥਾਰਥ ਦੇ ਪ੍ਰਗਟਾਅ ਨਾਲੋਂ ਮਨੋਰੰਜਨ ਤੇ ਦਰਸ਼ਕਾਂ ਦੀਆਂ ਰੁਚੀਆਂ ਨੂੰ ਹੀ ਉਲਾਰ ਹੋ ਕੇ ਦ੍ਰਿਸ਼ਟਾਇਆ ਹੈ।
ਨਾਟਕ :-
ਸੁਪਨਾ ਟੁਟ ਗਿਆ, ਯੁਵਰਾਜ, ਅਰਵਿੰਦ, ਮਹਾਰਾਜਾ ਰਣਜੀਤ ਸਿੰਘ, ਵਣਜਾਰੇ, ਅੱਜ ਤੇ ਕੱਲ੍ਹ, ਮ੍ਰਿਗ ਨੈਣੀ, ਫੁਲ ਫਰ ਪੀਲੇ ਨੇ, ਸਭ ਚੋਰ, ਬਾਰ੍ਹਵਾਂ ਘਰ, ਸਤਿਯੁਗ ਤੇ ਕਲਯੁਗ, ਮੋਹ ਮਾਇਆ।
ਕਪੂਰ ਸਿੰਘ ਘੁੰਮਣ :- (1927-1985)
ਆਪ ਦਾ ਜਨਮ 2 ਫਰਵਰੀ, 1927 ਈ: ਨੂੰ ਗਿਆਨੀ ਬੁੱਢਾ ਸਿੰਘ ਜੀ ਦੇ ਘਰ ਤੇ ਮਾਤਾ ਹਰਨਾਮ ਕੌਰ ਦੀ ਕੁਖੋਂ ਪਿੰਡ ਦੁਲਚੀਕੋ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। 1946 ਵਿਚ ਸਿਆਲਕੋਟ ਤੋਂ ਬੀ.ਏ. ਕਰਕੇ ਸੈਨਿਕ ਸਮਾਚਾਰ ਵਿਚ ਸੰਪਾਦਕ ਲਗੇ । ਐਮ.ਏ ਪੰਜਾਬੀ ਕਰਕੇ ਭਾਸ਼ਾ ਵਿਭਾਗ, ਪੰਜਾਬ ਵਿਚ ਆ ਗਏ ਜਿੱਥੇ ਉਹ ਹੁਣ ਡਾਇਰੈਕਟਰ ਦੀ ਪਦਵੀ ਤੇ ਬਿਰਾਜਮਾਨ ਰਹੇ । ਘੁੰਮਣ ਦੀ ਨਾਟਕ ਰਚਨਾ ‘ਕੁਦਰਤੀ ਨਾਟਕੀ ਸੂਝ ਤੇ ਦ੍ਰਿਸ਼ਟੀ ਨੂੰ ਨਵੀਆਂ ਸੰਭਾਵਨਾਵਾਂ ਰਾਹੀਂ . ਉਜਾਗਰ ਕਰਦੀ ਹੈ। ਵਿਸ਼ੇ, ਕਲਾ, ਰੂਪ ਤੇ ਰੰਗਮੰਚ ਵਿਚ ਯਥਾਰਥਵਾਦ ਦੇ ਸਥੂਲ ਤੇ ਬਾਹਰੀ ਸੰਕਲਪ ਨੂੰ ਤਿਆਗ ਕੇ ਅੰਦਰਲੇ ਮਨੋਵਿਗਿਆਨਿਕ ਕਾਲਪਨਿਕ ਤਸਵਰ ਨੂੰ ਪੇਸ਼ ਕੀਤਾ ਹੈ। ਪੂੰਜੀਪਤੀ ਸਮਾਜ ਦੀ ਕੁੱਖ ਵਿਚ ਪਲ ਰਹੀ ਰਚਨਾ ਤੇ ਕਲਾ ਨੂੰ ਦਮਨ ਕਰਨ ਵਾਲੀਆਂ ਪ੍ਰਵਿਰਤੀਆਂ ਨੂੰ ਸੁੰਦਰ ਭਾਂਤ ਉਘਾੜ ਸਕਿਆ ਹੈ। ਸਮਸਿਆ ਨਾਟਕਾਂ ਦੀ ਸਿਰਜਨਾ ਘੁੰਮਣ ਦੀ ਵਿਸ਼ੇਸ਼ ਪ੍ਰਾਪਤੀ ਹੈ । ਘੁੰਮਣ ਭਾਰਤੀ ਇਤਿਹਾਸ ਨੂੰ ਨਾਟਕਾਂ ਰਾਹੀਂ ਚਿਤਰਿਤ ਕਰਨ ਵੱਲ ਵੀ ਰੁਚਿਤ ਹੈ ਜਿਵੇਂ ਨੂਰਜਹਾਂ ਤੇ ਰਾਣੀ ਕੋਕਿਲਾਂ ਵਿਚ।
ਨਾਟਕ :-
ਜਿਉਂਦੀ ਲਾਸ਼, ਜ਼ਿੰਦਗੀ ਤੋਂ ਦੂਰ, ਅਣਹੋਣੀ, ਜ਼ੈਲਦਾਰ, ਕਲਾਕਾਰ, ਸੈਲਪੱਥਰ ਹੈ, ਅਤੀਤ ਦੇ ਪਰਛਾਵੇਂ, ਪੁਤਲੀਘਰ, ਬੰਦ ਗਲੀ, ਬੁਝਾਰਤ, ਮੂਕ ਸੰਸਾਰ, ਰਾਣੀ ਕੋਕਿਲਾਂ, ਨੂਰਜਹਾਂ, ਪਾਗਲ ਲੋਕ, ਆਜ਼ਾਦੀ ਦਾ ਸੁਪਨਾ, ਪ੍ਰਸਥਾਨ, ਪਾਣੀ ਉਤੇ ਟੁਰਨਾ, ਸੰਤਾਪ।
ਸੁਰਜੀਤ ਸਿੰਘ ਸੇਠੀ (ਅਕਤੂਬਰ, 1928-1995)
ਆਪ ਦਾ ਜਨਮ ਗੁਜਰਖਾਨ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਖੇ ਅਕਤੂਬਰ, 1928 ਈ: ਵਿਚ ਸ੍ਰੀ ਜੋਧ ਸਿੰਘ ਸੇਠੀ ਦੇ ਘਰ ਮਾਤਾ ਮਾਇਆ ਦੇਵੀ ਦੀ ਕੁਖੋਂ ਹੋਇਆ। 1955 ਈ: ਵਿਚ ਐਮ.ਏ. ਕੀਤੀ । ਇਬਸਨ ਦਾ ਪੰਜਾਬੀ ਨਾਟਕ ਤੇ ਥੀਏਟਰ ਤੇ ਪ੍ਰਭਾਵ ਵਿਸ਼ੇ ਤੇ ਪੀ ਐਚ.ਡੀ. ਕੀਤੀ। ਸੇਠੀ ਨਾਟਕੀ ਪਰੰਪਰਾਵਾਂ ਨੂੰ ਤਜ ਕੇ ਨਵੇਂ ਨਵੇਂ ਪ੍ਰਯੋਗਾਂ ਦਾ ਇੱਛੁਕ ਨਾਟਕਕਾਰ ਹੈ। ਸੈਠੀ ਮੱਧ ਸ੍ਰੇਣਿਕ ਸਮੱਸਿਆਵਾਂ ਨੂੰ ਚਿਤਰਣ ਦਾ ਉਸਤਾਦ ਹੈ। ਅਬਸਰਡ ਨਾਟਕ ਦੀ ਪਿਰਤ ਪੰਜਾਬੀ ਵਿਚ ਇਨ੍ਹਾਂ ਦੀ ਹੀ ਦੇਣ ਹੈਮਨੋਵਿਗਿਆਨਕ ਵਿਸ਼ਿਆਂ ਦਾ ਨਿਭਾਅ ਨਾਟਕੀ ਕਲਾ ਆਧੁਨਿਕਤਾ ਦੀ ਅਨੁਆਈ ਹੈ। ਉਸਨੇ ਪ੍ਰੀਤ ਦੇ ਵਿਸ਼ੇ ਨੂੰ ਆਧੁਨਿਕ ਚਿੰਤਨ ਤੇ ਭਾਵੁਕਤਾ ਦੇ ਸੁਮੇਲ ਤੇ ਆਧਾਰਿਤ ਨਾਟਕੀ ਜੁਗਤਾਂ ਰਾਹੀਂ ਪੇਸ਼ ਕੀਤਾ ਹੈ।
ਨਾਟਕ :-
ਕਾਫੀ ਹਾਊਸ, ਕੱਚਾ ਘੜਾ, ਕਾਦਰ ਯਾਰ, ਭਰਿਆ ਭਰਿਆ ਸਖਣਾ ਸਖਣਾ, ਕਿੰਗ ਮਿਰਜ਼ਾ ਤੇ ਸਪੇਰਾ, ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ, ਗੁਰ ਬਿਨ ਘੋਰ ਅੰਧਾਰ, ਨੰਗੀ ਸੜਕ ਰਾਤ ਦਾ ਓਹਲਾ, ਮੇਰਾ ਮੁਰਸ਼ਦ ਮੋੜ ਲਿਆਓ, ਇਹ ਜ਼ਿੰਦਗੀ ਹੈ ਦੋਸਤੋ, ਮਿਰਜ਼ਾ ਮੇਰਾ ਯਾਰ, ਮੈਂ ਵੀ ਹਾਂ ਨਾਟਕ ਦੀ ਪਾਤਰ, ਦੇਵਤਿਆਂ ਦਾ ਥੀਏਟਰ ।
ਗੁਰਚਰਨ ਸਿੰਘ ਜਸੂਜਾ (1 ਮਈ, 1925- )
ਆਪ ਦਾ ਜਨਮ 1 ਮਈ, 1925 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ। ਐਮ.ਏ. ਪੰਜਾਬੀ ਕੀਤੀ ਹੈ। ਜਸੂਸਾ ਆਧੁਨਿਕ ਸਮਾਜ ਵਿਚ ਚਲ ਰਹੀ ਸਰਮਾਏਦਾਰੀ ਪ੍ਰਵਿਰਤੀ ਸਦਕਾ ਪੀੜਤ ਮੱਧ ਵਰਗੀ ਸਮੱਸਿਆਵਾਂ ਨੂੰ ਚਿਤਰਨ ਵਿਚ ਕਾਮਯਾਬ ਹੈ। ਉਸਨੇ ਦਲਾਲ ਲੋਕਾਂ ਦੀ ਪੈਸਾ ਕਮਾਉ ਰੁਚੀਆਂ ਦੇ ਵਿਰੁੱਧ “ਗਊਮੁਖਾ ਸ਼ੇਰਮੁਖ” ਨਾਟਕ ਵਿਚ ਕਟਾਖਸ਼ ਪੇਸ਼ ਕੀਤਾ ਹੈ। ਆਰਥਿਕ ਸਮੱਸਿਆਵਾਂ ਨੂੰ ਚਿਤਵਦਾ, ਨਾਟਕੀ ਵਿਸ਼ਿਆ ਤੇ ਕਲਾ ਤੇ ਛਾ ਜਾਂਦਾ ਹੈ।
ਨਾਟਕ :-
ਮੱਕੜੀ ਦਾ ਜਾਲ, ਕੰਧਾਂ ਰੇਤ ਦੀਆਂ, ਅੰਧਕਾਰ, ਚੜ੍ਹਿਆ ਸੋਧਣ ਧਰਤਿ ਲੁਕਾਈ, ਰਚਨਾ ਰਾਮ ਬਣਾਈ, ਆਪ ਬੀਤੀ ਜਗੁ ਬੀਤੀ, ਹੀਰੋ ਦੀ ਤਲਾਸ਼, ਉਮਰਾਂ ਲੰਮੀ ਦੋੜ, ਸਿਖ਼ਰ ਦੁਪਹਿਰ ਅਤੇ ਹਨੇਰਾ।
ਹਰਸ਼ਰਨ ਸਿੰਘ (1929- )
ਹਰਸ਼ਰਨ ਸਿੰਘ ਨੇ ਨਾਟਕਾਂ ਨੂੰ ਆਧੁਨਿਕ ਨੁਹਾਰ ਦੇਣ ਦਾ ਯਤਨ ਕੀਤਾ ਹੈ। ਉਸਨੇ ਹੇਠਲੀ ਮੱਧ ਸ਼੍ਰੇਣੀ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। ਰਾਜ ਸੱਤਾ (ਸਰਮਾਏਦਾਰੀ) ਹੱਥੋਂ ਪਿਸ ਰਹੇ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ (ਆਰਥਿਕ) ਨੂੰ ਪੇਸ਼ ਕੀਤਾ ਹੈ।
ਨਾਟਕ :-
ਲੰਮੇ ਸਮੇਂ ਦਾ ਨਰਕ, ਨਿਜ਼ਾਮ ਸੱਕਾ, ਜਿਗਰਾ, ਫੁਲ ਕੁਮਲਾ ਗਿਆ, ਉਦਾਸ ਲੋਕ, ਕੁਲੱਛਣੇ, ਦੋਜਕੀ, ਇਕਾਈ ਦਹਾਈ ਸੈਂਕੜਾ, ਰਾਜਾ।
ਗੁਰਸ਼ਰਨ ਸਿੰਘ :
ਪੰਜਾਬੀ ਨਾਟਕ ਨੂੰ ਪਰੰਪਰਾ ਦੀ ਕੈਦ ਚੋਂ ਛੁਡਾ “ਕਲਾ ਕਲਾ ਲਈ” ਨਾ ਹੋ ਕੇ ਸਗੋਂ “ਜੀਵਨ ਲਈ” ਦੀ ਪਿਰਤ ਪਾਉਣ ਵਾਲਾ ਗੁਰਸ਼ਰਨ ਸਿੰਘ ਹੀ ਹੈ। ਉਨ੍ਹਾਂ ਦੇ ਨਾਟਕਾਂ ਵਿਚ ਜਮਾਤੀ ਵਿਦਰੋਹ ਹੈ, ਸੰਘਰਸ਼ ਕਰਦੇ ਪਾਤਰ ਸਮੇਂ ਦੀਆਂ ਪਰਿਸਥਿਤੀਆਂ ਨੂੰ ਸਮਝਦੇ ਰਾਜ ਸੱਤਾ ਦੀਆਂ ਕੁਟਨੀਤੀਆਂ ਵਿਰੁੱਧ ਝੰਡਾਬਰਦਾਰ ਹੁੰਦੇ ਹਨ। ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਵਿਸ਼ਿਆਂ ਵਿਚ ਬੋਧਿਕਤਾ ਤੇ ਸਮੇਂ ਦਾ ਨਿਰਣਾ ਕਰਨ ਦੀ ਸ਼ਕਤੀ ਭਰਨ ਦੀ ਕੋਸ਼ਿਸ਼ ਕੀਤੀ ਹੈ।
ਨਾਟਕ –
ਧਮਕ ਨਗਾਰੇ ਦੀ, ਜੰਗੀ ਰਾਮ ਦੀ ਹਵੇਲੀ, ਟੋਆ, ਨਿਓਟਿਆਂ ਦੀ ਓਟ ।
ਆਪ ਦਾ ਜਨਮ ਅਪ੍ਰੈਲ, 1930 ਈ: ਨੂੰ ਪਿੰਡ ਗਹਿਲਾ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ। ਆਪ ਨੇ ਬਹੁਤੇ ਨਾਟਕ ਸਿੱਖ ਇਤਿਹਾਸ ਨੂੰ ਚਿਤਰਣ ਵਿਚ ਲਿਖੇ ਹਨ। ਇਨ੍ਹਾਂ ਦੇ ਨਾਟਕਾਂ ਦਾ ਮੁੱਖ ਵਿਸ਼ਾ ਇਤਿਹਾਸਕ ਹੋਣ ਕਾਰਨ ਸਮੇਂ ਦੇ ਜਬਰ, ਜੁਲਮ ਤੇ ਆਤੰਕ ਹੈ।
ਨਾਟਕ :-
ਫਲਦਾਰ ਬੂਟੇ, ਅਨੰਦਪੁਰ ਦੀ ਅਵਾਜ਼, ਬਿੰਗ ਕਸਾਈਆਂ ਦਾ ਸਹਿਣਾ, ਆਤਮਘਾਤ, ਦੀਵਾਲੀ ਦੀ ਰਾਤ, ਇਕ ਰਾਤ ਦੀ ਗੱਲ, ਮਛੇਰੇ, ਹੱਕ ਪਰਾਇਆ ਨਾਨਕਾ, ਰਾਤ ਗ਼ਮਾਂ ਦੀ, ਤੀਜੀ ਅੱਖ, ਨਦੀਓ ਪਾਰ ਜਾਣਾ, ਮੱਛ ਤੇ ਮੱਛੀ, ਟੁਟੇ ਚੱਪੂ, ਪਹਿਰੇਦਾਰ, ਸਾਰਿੰਗ ਪਾਣੀ, ਮਨੁੱਖ ਵਿਚਾਰਾ, ਮੀਂਹ ਝੱਖੜ, ਮਸਾਲਾਂ ।
ਪਿਆਰਾ ਸਿੰਘ ਭੋਗਲ :- (14 ਅਗਸਤ, 1931- )
ਆਪ ਦਾ ਜਨਮ 14 ਅਗਸਤ, 1931 ਈ: ਨੂੰ ਸ੍ਰ: ਆਤਮਾ ਸਿੰਘ ਦੇ ਘਰ ਮਾਤਾ ਸੰਤ ਕੋਰ ਦੀ ਕੁਖੋਂ ਪਿੰਡ ਪਲਾਹੀ, ਜ਼ਿਲਾ ਕਪੂਰਥਲਾ, ਵਿਖੇ ਹੋਇਆ। ਐਮ.ਏ. ਪੰਜਾਬੀ ਕਰਨ ਉਪਰੰਤ ਸਾਹਿਤ ਵਿਚ ਪ੍ਰਵੇਸ਼ ਕੀਤਾ। ਦਰਸ਼ਨ ਤੇ ਇਤਿਹਾਸ ਰਾਹੀਂ ਮਨੁੱਖ ਦੀ ਪ੍ਰਕ੍ਰਿਤੀ ਤੇ ਹੋਣੀ ਦਾ ਅਧਿਐਨ ਕਰਨਾ ਆਪ ਦੀ ਵਿਸ਼ੇਸ਼ ਰੁਚੀ ਹੈ।
ਨਾਟਕ :-
ਸਿਆੜ, ਆਪੇ ਕਾਜ ਸਵਾਰੀਐ, ਧਨਪਿਰ, ਨਵਾਂ ਪਿੰਡ ।
ਪਰਿਤੋਸ਼ ਗਾਰਗੀ :- (1923- )
ਆਪ ਨੇ ਯਥਾਰਥ ਦੀ ਸੀਮਾ ਅੰਦਰ ਰਹਿ ਕੇ ਬਕਸੇ ਸੈਟ ਵਾਲੇ ਮੰਚ ਉਤੇ ਸਾਦਾ ਜਿਹੀ ਜੜ੍ਹਤ ਵਾਲੇ ਨਾਟਕ ਲਿਖੇ ਹਨ।
ਨਾਟਕ :-
ਪਰਛਾਵੇਂ, ਛਲੇਡਾ, ਪਲੇਟ ਫਾਰਮ, ਕੋਂਪਲ ਛੁਟੀ ਲਾਵੇ ਚੋਂ।
ਦੇਵਿੰਦਰ ਦਮਨ (15 ਜੁਲਾਈ, 1943 )
ਆਪ ਦਾ ਜਨਮ 15 ਜੁਲਾਈ, 1943 ਈ: ਨੂੰ ਪਿੰਡ ਭੱਟੀਵਾਲ ਕਲਾਂ ਜ਼ਿਲ੍ਹਾ ਸੰਗਰੂਰ ਵਿਚ ਹੋਇਆ। ਮੈਟ੍ਰਿਕ, ਗਿਆਨੀ ਤੇ ਬੀ. ਏ. ਮਿਊਜ਼ਕ ਯੋਗਤਾ ਹੈ। ਆਪ ਦੇ ਨਾਟਕਾਂ ਵਿਚ ਪਰੰਪਰਾਵਾਂ ਤੋਂ ਹਟ ਕੇ ਨਵੀਨਤਾ ਦੀ ਵਿਸ਼ਾਲਤਾ ਹੈ।
ਨਾਟਕ-
ਧਰਤੀ ਮਾਂ ਹੈ, ਸੂਰਜ ਦਾ ਕਤਲ, ਰਸੋਈ ਘਰ ।
ਆਤਮਜੀਤ (1950 – )
ਆਤਮਜੀਤ ਨਵੀਂ ਪੀੜ੍ਹੀ ਦਾ ਉਭਰ ਰਿਹਾ ਨਾਟਕਕਾਰ ਹੈ। ਉਸਦਾ ਨਾਮ ਪੰਜਾਬੀ ਨਾਟਕ ਦਾਇਰਿਆਂ ਵਿਚ ਕਾਫੀ ਚਰਚਿਤ ਹੈ। ਆਤਮਜੀਤ ਨੇ ਹੁਣ ਤੱਕ ਇਕ ਪੂਰਾ ਨਾਟਕ “ਕਬਰਸਤਾਨ” ਅਤੇ ਤਿੰਨ ਲਘੂ ਨਾਟਕ ਸੰਗ੍ਰਹਿ (ਚਾਬੀਆਂ ਤੇ ਹੋਰ ਨਾਟਕ, ਹਵਾ ਮਹਿਲ ਤੇ ਹੋਰ ਨਾਟਕ ਲਿਖੇ ਹਨ। ਅੰਮ੍ਰਿਤਸਰ ਸਿਫਤੀ ਦਾ ਘਰ ਇਕ ਧੁਨੀ ਨਾਟਕ ਹੈ । ਦੁੱਕੀ, ਤਿੱਕੀ, ਚੌਂਕੀ ਤੇ ਅੱਖੀਆਂ ਟੀ.ਵੀ ਨਾਟਕ ਹਨ। ਉਸ ਨੇ ਲਿਖਿਆ ਹੈ ਕਿ ਅਜੇ ਤੱਕ ਮੇਰਾ ਕੰਮ ਜੀਵਨ ਦੇ ਸੱਚ ਨੂੰ ਵੇਖ ਕੇ ਵੱਧ ਤੋਂ ਵੱਧ ਡਰਾਮੈਟਿਕ ਅੰਦਾਜ਼ ਵਿਚ ਤੁਹਾਡੇ ਸਾਹਮਣੇ ਲਿਆਉਣਾ ਅਤੇ ਤੁਹਾਨੂੰ ਕਿਸੇ ਦਿਸ਼ਾ ਵੱਲ ਪ੍ਰੇਰਿਤ ਕਰਨਾ ਹੈ ਲੇਖਕ ਦਾ ਇਹ ਦ੍ਰਿਸ਼ਟੀਕੋਣ ਉਸ ਦੇ “ਹਵਾ ਮਹਿਲ ਤੇ ਹੋਰ ਨਾਟਕ” ਸੰਗ੍ਰਹਿ ਵਿਚ ਸੰਗ੍ਰਹਿਤ ਪੰਜ ਨਾਟਕਾਂ (ਹਵਾ ਮਹਿਲ, ਦਾਇਰਾ ਤੇ ਸਲੀਬ, ਮੁਰਗੀਖਾਨਾ, ਸਾਢੇ ਤਿੰਨ ਲਤਾਂ ਵਾਲ ਮੇਜ਼) ਤੋਂ ਸਿੱਧ ਹੋ ਜਾਂਦਾ ਹੈ। ਡਾ ਧਰਮਪਾਲ ਸਿੰਗਲ ਨੇ ਕਿਹਾ ਹੈ ਕਿ ਆਤਮਜੀਤ ਨੇ ਪੰਜਾਬੀ ਨਾਟਕ ਨੂੰ ਭਾਵਨਾ-ਦੇਸ਼ ਵਿਚੋਂ ਕਢ ਕੇ ਚਿੰਤਨ ਵਲ, ਸੋਚ ਵਲ, ਵਿਚਾਰ ਵਲ ਮੋੜਿਆ ਹੈ। ਉਸ ਵਿਚ ਵਿਅੰਗ ਹੈ, ਤਕੜੀ ਸਮਾਜੀ ਸੂਝ ਹੈ (ਪੰਜਾਬੀ ਸਾਹਿਤ ਸਰਵੇਖਣ) ਆਤਮਜੀਤ ਦਾ ਇਕ ਨਵਾਂ ਨਾਟਕ “ਰਿਸ਼ਤਿਆਂ ਦਾ ਕੀ ਰਖੀਏ ਨਾਂ” ਹੈ ਜੋ ਸਆਦਤ ਹਸਨ ਮੰਟੇ ਦੀ ਕਹਾਣੀ “ਟੋਭਾ ਟੇਕ ਸਿੰਘ” ਦਾ ਨਾਟਕੀ ਰੂਪਾਂਤਰ ਹੈ।
ਅਜਮੇਰ ਸਿੰਘ ਔਲਖ
ਔਲਖ ਆਧੁਨਿਕ ਪੰਜਾਬੀ ਸਾਹਿਤ ਵਿਚ ਇਕ ਹੋਰ ਉਭਰਦਾ ਨਾਟਕਕਾਰ ਹੈ। ਉਸ ਦੀਆਂ ਨਾਟਕੀ ਕ੍ਰਿਤਾਂ ਹਨ : “ਅਰਬਦ ਨਰਬਦ ਧੰਧੂਕਾਰਾਂ ਜਿਸ ਵਿਚ ਪੰਜ ਨਾਟਕ ਸ਼ਾਮਿਲ ਹਨ :- ਅਰਬਦ ਨਰਬਦ ਧੰਧੂਕਾਰਾਂ, ਬਗਾਨੇ ਰੁੱਖ ਦੀ ਛਾਂ, ਬਾਲ ਨਾਥ ਦੇ ਟਿਲੇ ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ । “ਬਗਾਨੇ ਬੋਹੜ ਦੀ ਛਾਂ” ਸੰਗ੍ਰਹਿ ਵਿਚ ਸੁੱਕੀ ਕੁੱਖ, ਇਕ ਰਾਮਾਇਣ ਹੋਰ, ਭਠ ਖੇੜਿਆਂ ਦਾ ਰਹਿਣਾ, ਬਗਾਨੇ ਬੋਹੜ ਦੀ ਛਾਂ ਚਾਰ ਨਾਟਕ ਸ਼ਾਮਲ ਹਨ। “ਅੰਨ੍ਹੇ ਸ਼ਿਕਾਰੀ” ਉਸਦਾ ਇਕ ਹੋਰ ਨਵਾਂ ਨਾਟਕ ਹੈ। ਅਜਮੇਰ ਸਿੰਘ ਔਲਖ ਪਿੰਡਾਂ ਦੇ ਜੀਵਨ ਤੇ ਤਰਜ਼ੇ-ਜਿੰਦਗੀ ਨੂੰ ਬੜੇ ਯਥਾਰਥ ਤੇ ਸਿਦੱਤ ਨਾਲ ਆਪਣੇ ਨਾਟਕਾਂ ਵਿਚ ਰੂਪਮਾਨ ਕਰਦਾ ਹੈ। ਪੰਜਾਬ ਦੇ ਮਾਲਵਾ ਅੰਚਲ ਦਾ ਜਨ- ਜੀਵਨ ਉਸ ਦੇ ਨਾਟਕਾਂ ਵਿਚ ਬਖੂਬੀ ਅੰਕਿਤ ਹੋਇਆ ਹੈ। ਡਾ ਧਰਮ ਪਾਲ ਸਿੰਗਲ ਦਾ ਇਹ ਕਥਨ ਬੜਾ ਸਾਰਥਕ ਹੈ ਕਿ ਅਜਮੇਰ ਦੇ ਨਾਟਕਾਂ ਦਾ ਮਲਵਈ ਬੋਲੀ, ਪਾਤਰਾਂ ਦੀ ਅਣਘੜ ਵਾਰਤਾਲਾਪ ਅਤੇ ਉਸਾਰੇ ਗਏ ਮੰਚ ਪਿਛੋਕੜ ਵਿੱਚੋਂ ਸਪਸ਼ਟ ਦਿਖਾਈ ਦਿੰਦਾ ਹੈ । ਥਾਂ ਥਾਂ ਮੰਚ ਕੀਤੇ ਗਏ ਉਸਦੇ ਨਾਟਕਾਂ ਨੇ ਪੰਜਾਬੀ ਜਗਤ ਵਿਚ ਧੂਮ ਮਚਾ ਦਿੱਤੀ ਹੈ। ਔਲਖ ਦੀ ਨਾਟਕੀ ਪ੍ਰਤਿਭਾ ਤੋਂ ਵੱਡੀਆਂ ਸੰਭਾਵਨਾਵਾਂ ਹਨ।
ਉਪਰੋਕਤ ਲੇਖਕਾਂ ਤੋਂ ਬਿਨਾਂ ਕਈ ਹੋਰ ਨਾਟਕਕਾਰ ਵੀ ਵੇਲੇ ਕੁਵੇਲੇ ਆਪਣਾ ਇਕ ਅੱਧਾ ਨਾਟਕ ਲਿਖਦੇ ਹੀ ਰਹਿੰਦੇ ਹਨ। ਨਿਰੰਜਨ ਸਿੰਘ (ਜਗੀਰਦਾਰ), ਸੰਤੋਖ ਸਿੰਘ ਗਾਮੀ (ਓਪਰੀ ਸੇਜ ਦੇ ਹਾਣੀ), ਜਗਦੀਸ ਸਿੰਘ ਵਹਰਾ (ਜੀਵਨ ਦੇ ਮੋੜ ਤੇ ਨਵੀਂ ਦੁਨੀਆ ਨਵੇਂ ਰਾਹ), ਡਾ. ਗੁਰਚਰਨ ਸਿੰਘ (ਸਮੇਂ ਦੀ ਹਵਾ), ਹਰਪਾਲ ਟਿਵਾਣਾ (ਲੌਂਗ ਦਾ ਲਿਸ਼ਕਾਰਾ), ਰਾਣਾ ਜੰਗ ਬਹਾਦਰ (ਬੇਦੀ ਵਾਲਾ ਤਾਰਾ), ਦਰਸ਼ਨ ਮਿਤਵਾ (ਏਧਰ ਓਧਰ ਕਿਥੋਂ ਤੱਕ), ਜਸਵੰਤ ਖਟਕੜ, ਸਤਨਾਮ ਪਾਂਧੀ, ਮੋਹਨ ਬੱਗੜ, ਆਦਿ ਨਾਟਕਕਾਰ ਨਾਟਕ ਵਿਚ ਨਵੀਆਂ ਪਿਰਤਾਂ ਪਾ ਰਹੇ ਹਨ।
ਪੰਜਾਬੀ ਇਕਾਂਗੀ :
ਪੂਰੇ ਨਾਟਕਾਂ ਦੇ ਨਾਲ ਨਾਲ ਪੰਜਾਬੀ ਇਕਾਂਗੀ ਲਿਖਣ ਦੀ ਪਰੰਪਰਾ ਵੀ ਪੰਜਾਬੀ ਸਾਹਿਤ ਵਿਚ ਪ੍ਰਾਪਤ ਹੈ । ਇਕਾਂਗੀ ਦਾ ਉਦਭਵ ਭਾਵੇਂ ਪੱਛਮ ਦੇ ਪ੍ਰਭਾਵ ਦਾ ਸਿੱਟਾ ਹੈ ਪਰ ਇਸ ਦੀ ਵਸਤੂ ਤੇ ਮੰਚਨ- ਕਲਾ ਪੰਜਾਬ ਦੀ ਪੈਦਾਵਾਰ ਹਨ। ਇਕਾਂਗੀ ਲਿਖਣ ਵਾਲੇ ਲਗਭਗ ਉਹ ਸਾਹਿਤਕਾਰ ਹਨ ਜਿਨ੍ਹਾਂ ਨੇ ਪੂਰੇ ਨਾਟਕ ਲਿਖੇ ਹਨ । ਈਸ਼ਵਰ ਚੰਦਰ ਨੰਦਾ ਤੋਂ ਲੈ ਕੇ ਪੰਜਾਬੀ ਦੇ ਸਾਰੇ ਸੁਪਰਿਚਿਤ ਨਾਟਕਕਾਰ ਇਕਾਂਗੀ ਲਿਖਣ ਵਿਚ ਵੀ ਕੁਸਲ ਹਨ। ਪੰਜਾਬੀ ਦਾ ਇਕਾਂਗੀ ਸਾਹਿਤ ਵੀ ਸਮ੍ਰਿਧ ਸੰਪੰਨ ਹੈ।