ਪੰਜਾਬੀ ਸਾਹਿਤ ਦੇ ਸੰਦਰਭ ਵਿਚ 1901 ਈ: ਤੋਂ ਲੈ ਕੇ ਅੱਜ ਤੱਕ ਦਾ ਕਾਲ-ਖੰਡ “ਆਧੁਨਿਕ “ਕਾਲ” ਕਿਹਾ ਜਾਂਦਾ ਹੈ। ਆਧੁਨਿਕ ਕਾਲ ਵਿਚ ਪੰਜਾਬੀ ਸਾਹਿਤ ਦੀ ਪ੍ਰਕ੍ਰਿਤੀ ਤੇ ਪ੍ਰਵਿਰਤੀ, ਰੂਪ ਤੇ ਵਸਤੂ ਅਤੇ ਦਿੱਖ ਤੇ ਨੁਹਾਰ ਆਦਿ ਹਰ ਅੰਗ ਵਿਚ ਆਧੁਨਿਕਤਾ ਦਾ ਪ੍ਰਵੇਸ਼ ਹੋਣ ਲੱਗ ਪੈਂਦਾ ਹੈ ਜਿਸਦੇ ਫਲ ਸਰੂਪ ਪੰਜਾਬੀ ਸਾਹਿਤ ਬਿਲਕੁਲ ਨਵੀਆਂ ਲੀਹਾਂ ਤੇ ਪੈ ਕੇ ਅਗ੍ਰਸਰ ਹੁੰਦਾ ਹੈ। ਆਧੁਨਿਕਤਾ ਦੀ ਇਹ ਪ੍ਰਵਿਰਤੀ ਪੰਜਾਬ ਦੀਆਂ ਤਤਕਾਲੀ ਪਰਿਸਥਿਤੀਆਂ ਦਾ ਹੀ ਪ੍ਰਤੀਫਲ ਸੀ। 1849 ਈ: ਵਿਚ ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਉਪਰੰਤ ਭਾਵੇਂ ਪੰਜਾਬੀ ਜੀਵਨ ਤੇ ਪੰਜਾਬੀ ਸਾਹਿਤ ਵਿਚ ਆਧੁਨਿਕੀਕਰਨ ਦੀ ਪ੍ਰਕ੍ਰਿਆ ਜਾਰੀ ਹੋ ਗਈ ਸੀ ਪਰ ਪੰਜਾਬ ਵਿਚ ਮਹਿਕਮਾ ਤਾਲੀਮ, ਓਰੀਐਂਟਲ ਕਾਲਜ ਤੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਨਾਲ ਇਸ ਪ੍ਰਕ੍ਰਿਆ ਦੀ ਗਤੀ ਵਿਚ ਹੋਰ ਵੀ ਤੇਜ਼ੀ ਪੈਦਾ ਹੋ ਗਈ। ਇਨ੍ਹਾਂ ਅਕਾਦਮਿਕ ਤੇ ਵਿਦਿਅਕ ਅਦਾਰਿਆਂ ਦੀ ਹੋਂਦ ਨਾਲ ਪੰਜਾਬੀਆਂ ਦਾ ਸਪੰਰਕ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਅਧਿਐਨ ਦੁਆਰਾ ਪੱਛਮੀ ਵਿਚਾਰਧਾਰਾ ਨਾਲ ਜਾ ਜੁੜਿਆ। ਫਲਸਰੂਪ ਇਕ ਨਵੀਂ ਸਾਮੂਹਿਕ ਜਾਗ੍ਰਿਤੀ ਦਾ ਦੌਰ ਸ਼ੁਰੂ ਹੋਇਆ। ਸਮਾਜਿਕ, ਧਾਰਮਿਕ, ਸਭਿਆਚਾਰਿਕ ਦਾਰਸ਼ਨਿਕ ਤੇ ਰਾਜਸੀ ਖੇਤਰਾਂ ਵਿਚ ਆਧੁਨਿਕ ਢੰਗ ਦੇ ਚਿੰਤਨ ਨੇ ਪੰਜਾਬੀ ਸਾਹਿਤ ਉਤੇ ਚਮਤਕਾਰੀ ਪ੍ਰਭਾਵ ਪਾਇਆ। ਇਸ ਨਾਲ ਸਾਹਿਤ ਦੇ ਸੰਕਲਪ, ਸਿਰਜਨਾ, ਮਾਨਦੰਡ, ਦ੍ਰਿਸ਼ਟੀ ਤੇ ਉਦੇਸ਼ਾਂ ਵਿਚ ਯੁਗਾਂਤਰਕਾਰੀ ਪਰਿਵਰਤਨ ਉਭਰਨ ਲਗੇ। ਪੰਜਾਬੀ ਸਾਹਿਤ, ਪਿਛਲੇ ਮੱਧਕਾਲ ਦੀਆਂ ਆਦਰਸ਼ਵਾਦੀ ਤੇ ਕਾਲਪਨਿਕ ਅਨੁਭਵ-ਪ੍ਰਣਾਲੀਆਂ ਨੂੰ ਤਜ ਕੇ ਲੋਕ-ਨਿਕਟੀ ਧਰਤੀਵਾਦੀ ਰਵਾਇਤਾਂ ਵੱਲ ਰੁਚਿਤ ਹੋਣ ਲੱਗਾ। ਸਾਹਿਤ ਵਿਚ ਪ੍ਰਤੱਖ ਜੀਵਨ ਤੇ ਠੋਸ ਯਥਾਰਥ ਦੀ ਤਸਵੀਰ ਰੇਖਾਂਕਿਤ ਹੋ ਉਠੀ ਅਤੇ ਉਹ ਚੇਤਨਾ ਦੇ ਨਵੇਂ ਦਿਸਹਦਿਆਂ ਵੱਲ ਗਤੀਸ਼ੀਲ ਹੋਣ ਲੱਗਾ।
ਉਸ ਸਮੇਂ ਦੇ ਪੰਜਾਬ ਦੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਲਹਿਰਾਂ ਨੇ ਵੀ ਸਾਹਿਤ ਦੀ ਵ੍ਰਿਧੀ ਅਤੇ ਉਸ ਪ੍ਰਤੀ ਚੇਤੰਨਤਾ ਪੈਦਾ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਇਨਾਂ ਲਹਿਰਾਂ ਵਿਚ ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ, ਖਾਲਸਾ ਟਰੈਕਟ ਸੁਸਾਇਟੀ, ਈਸਾਈ ਮਿਸ਼ਨਰੀ ਲਹਿਰ, ਅਕਾਲੀ ਲਹਿਰ, ਬੱਬਰ ਲਹਿਰ, ਇੰਡੀਅਨ ਕਾਂਗਰਸ ਗਦਰ ਪਾਰਟੀ, ਕਿਰਤੀ ਲਹਿਰ, ਉਲੇਖ-ਯੋਗ ਹਨ। ਇਨ੍ਹਾਂ ਤੋਂ ਇਲਾਵਾ ਤਤਕਾਲੀ ਪੰਜਾਬ ਵਿਚ ਕਈ ਹੋਰ ਅਜਿਹੀਆਂ ਸਰਗਰਮੀਆਂ ਜਾਰੀ ਹੋਈਆਂ ਜਿਨਾਂ ਨਾਲ ਪੰਜਾਬ ਸਾਹਿਤ ਦੇ ਵਿਕਾਸ ਵਿਚ ਹੋਰ ਤੀਬਰਤਾ ਆਈ ਅਤੇ ਨਾਲ ਹੀ ਪੰਜਾਬੀ ਸਾਹਿਤਦਾ ਆਧੁਨਿਕੀਕਰਨ ਦਾ ਅਸਰ ਵੀ ਹੋਰ ਤੇਜ਼ ਹੋਇਆ। ਅੰਗਰੇਜ਼ੀ ਸਾਮਰਾਜ ਨੇ ਆਪਣੀ ਉੱਚਤਾ ਤੋ ਸ੍ਰੇਸ਼ਟਤਾ ਸਥਾਪਿਤ ਕਰਨ ਲਈ ਪੰਜਾਬ ਦੀ ਪਦਾਰਥਕ ਤੇ ਆਰਥਕ ਤਰੱਕੀ ਵੱਲ ਧਿਆਨ ਦਿੱਤਾ। ਪੱਛਮੀ ਢੰਗ ਦੀ ਵਿਦਿਅਕ ਪ੍ਰਣਾਲੀ ਚਾਲੂ ਕੀਤੀ ਅਤੇ ਨਵੇਂ ਨਵੇਂ ਵਿਦਿਅਕ ਕੇਂਦਰ ਸਥਾਪਿਤ ਕੀਤੇ। ਮਿਸ਼ਨਰੀ ਪ੍ਰਚਾਰਕਾਂ ਨੇ ਪੰਜਾਬੀ ਸਾਹਿਤ, ਭਾਸ਼ਾ, ਸੰਸਕ੍ਰਿਤੀ ਤੇ ਇਤਿਹਾਸ ਨੂੰ ਜਾਨਣ ਲਈ ਉਤਸ਼ਾਹ ਵਿਖਾਇਆ। ਛਾਪਣ ਤੇ ਪ੍ਰਕਾਸ਼ਨ ਲਈ ਮਸ਼ੀਨੀ ਛਾਪੇਖਾਨੇ ਕਾਇਮ ਕੀਤੇ । ਪੰਜਾਬੀ ਪਤੱਰਕਾਰੀ ਦਾ ਵਿਕਾਸ ਹੋਣ ਲਗਾ ਅਤੇ ਮਾਸਿਕ, ਅਰਧ-ਮਾਸਿਕ, ਸਪਤਾਹਿਕ ਪਤਰਕਾਵਾਂ ਛੱਪਣ ਲਗੀਆਂ। ਕਵੀ ਦਰਬਾਰਾਂ ਤੇ ਸਟੇਜੀ ਕਵਿਤਾ ਦੀਆਂ ਰਵਾਇਤਾਂ ਚਾਲੂ ਹੋਈਆਂ। ਇਸ ਤਰ੍ਹਾਂ ਇਹ ਸਰਗਰਮੀਆਂ ਜੋ ਅੰਗਰੇਜ਼ੀ ਸਰਕਾਰ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਚਾਲੂ ਕੀਤੀਆਂ ਸਨ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਵੀ ਪ੍ਰੇਰਨਾ-ਦਾਇਕ ਸਾਬਤ ਹੋਈਆਂ। ਇਨ੍ਹਾਂ ਨਾਲ ਪੰਜਾਬੀ ਲੋਕ ਆਪਣੇ ਵਿਰਸੇ, ਇਤਿਹਾਸ ਸਾਹਿਤ ਤੇ ਮਾਤਭਾਸ਼ਾ ਪ੍ਰਤੀ ਚੇਤੰਨ ਹੋਣ ਲਗੇ। ਉਪਰੋਕਤ ਰਾਜਨੀਤਕ, ਆਰਥਕ, ਧਾਰਮਿਕ, ਵਿਦਿਅਕ, ਸਮਾਜਕ, ਸਭਿਆਚਾਰਿਕ, ਸਾਹਿਤਿਕ ਤੇ ਰਾਸ਼ਟਰੀ ਪਰਿਸਥਿਤੀਆਂ ਦੇ ਪਰਿਵੇਸ਼ ਵਿਚ ਪੰਜਾਬੀ ਸਾਹਿਤ ਦਾ ਆਧੁਨਿਕ ਸੁਰੂਪ ਉਭਰਿਆ ਹੈ । ਪੰਜਾਬੀ ਸਾਹਿਤ ਦੇ ਆਧੁਨਿਕ ਸਰੂਪ ਦਾ ਸੰਕਲਪ ਪੱਛਮ ਦੀ ਦੇਣ ਹੈ। ਆਧੁਨਿਕ ਸ਼ਬਦ
ਅੰਗਰੇਜ਼ੀ “ਮਾਡਰਨ” ਦਾ ਸਮਾਨਾਰਥਕ ਹੈ ਜਿਸ ਦੇ ਕਈ ਅਰਥ ਲਏ ਜਾਂਦੇ ਹਨ ਜਿਵੇਂ :- ਹੁਣ ਦਾ, ਅੱਜਕੱਲ ਦਾ, ਨਵੇਂ ਯੁੱਗ ਦਾ, ਨਵੀਂ ਪਰਿਪਾਟੀ ਦਾ, ਅਜੋਕਾ, ਸੱਜਰਾ, ਨਵੀਨ, ਨੂਤਨ ਆਦਿ । ਵਿਗਿਆਨ ਦੇ ਪਸਾਰੇ ਅਤੇ ਬੌਧਿਕ ਦ੍ਰਿਸ਼ਟੀ ਦੀ ਵਿਸ਼ਾਲਤਾ ਨੇ ਯਥਾਰਥ ਜਗਤ ਅਤੇ ਮਨੁੱਖੀ ਮਨੋਜਗਤ ਸਬੰਧੀ ਜਿਹੜੇ ਨਵੇਂ ਵਿਚਾਰਾ, ਦ੍ਰਿਸ਼ਟੀਆਂ, ਭਾਵਨਾਵਾਂ, ਸਿਧਾਤਾਂ ਅਤੇ ਸੰਕਲਪਾਂ ਨੂੰ ਉਜਾਗਰ ਕੀਤਾ ਹੈ। ਉਹੋ ਹੀ ਆਧੁਨਿਕਤਾ ਦੀ ਹੋਂਦ ਦੇ ਕਾਰਨ ਹਨ । ਪ੍ਰੋ. ਅਤਰ ਸਿੰਘ ਦੇ ਸ਼ਬਦਾਂ ਵਿਚ “ਚਿੰਤਨ ਤੇ ਸਾਹਿਤਕ ਕਲਾ ਦੇ ਖੇਤਰ ਵਿਚ ਆਧੁਨਿਕਤਾ ਦਾ ਸਬੰਧ ਉਸ ਵਿਸ਼ੇਸ਼ ਮਾਨਸਿਕ, ਬੌਧਿਕ ਤੇ ਭਾਵੁਕ ਅਵਸਥਾ ਨਾਲ ਹੈ ਜਿਹੜੇ ਪੱਛਮ ਵਿਚ ਸਤਾਰ੍ਹਵੀਂ ਤੇ ਅਠਾਰਵੀਂ ਸਦੀ ਵਿਚ ਵਿਗਿਆਨਿਕ ਸੂਝਬੂਝ ਨਾਲ ਪ੍ਰਕ੍ਰਿਤੀ ਉਤੇ ਮਨੁੱਖ ਦੇ ਵਧਦੇ ਅਧਿਕਾਰ ਨਾਲ ਪੈਦਾ ਹੋਣੀ ਸ਼ੁਰੂ ਹੋ ਗਈ ਸੀ।” ਡਾ ਨੀਹਾਰ ਰੰਜਨ ਰੇ ਦੇ ਅਨੁਸਾਰ ਆਧੁਨਿਕਤਾ ਇਕ ਬੋਧਵਾਦੀ ਸੰਕਲਪ ਹੈ ਜੋ ਬੀਤੇ ਦੀਆਂ ਕਦਰਾਂ-ਕੀਮਤਾਂ, ਵਿਸ਼ੇਸ਼ਤਾਵਾਂ ਤੇ ਪ੍ਰਵਿਰਤੀਆਂ ਦੇ ਮੁਕਾਬਲੇ ਤੇ ਵਰਤਮਾਨ ਯੁਗ ਦੀਆਂ ਕਦਰਾਂ ਕੀਮਤਾਂ, ਵਿਸ਼ੇਸ਼ਤਾਵਾਂ ਤੇ ਪ੍ਰਵਿਰਤੀਆਂ ਲਈ ਪ੍ਰਯੁਕਤ ਕੀਤਾ ਜਾਂਦਾ ਹੈ। ਇਸ ਚਰਚਾ ਤੋਂ ਜਾਹਰ ਹੈ ਕਿ ਆਧੁਨਿਕਤਾ ਸਾਡੇ ਸਮਕਾਲੀ ਯੁਗ ਅਤੇ ਵਿਸ਼ਵ ਦੀਆਂ ਚੇਤਨ ਪ੍ਰਵਿਰਤੀਆਂ, ਵਿਚਾਰਧਾਰਾਵਾਂ, ਤੇ ਅਨੁਭਵਾਂ ਨੂੰ ਨਵੀਆਂ ਕਲਾ ਯੁਗਤਾਂ ਵਿਚ ਪ੍ਰਗਟ ਕਰਨ ਵਾਲਾ ਸੰਕਲਪ ਹੈ । ਇਉਂ ਆਧੁਨਿਕਤਾ ਇਕ ਜੀਵਨ ਦ੍ਰਿਸ਼ਟੀ ਵੀ ਹੈ ਅਤੇ ਕਲਾ-ਦ੍ਰਿਸ਼ਟੀ ਵੀ ਹੈ। ਇਸ ਦ੍ਰਿਸ਼ਟੀ ਤੋਂ ਕੀਤੀ ਹੋਈ ਸਾਹਿਤ ਸਿਰਜਨਾ ਹੀ ਆਧੁਨਿਕ ਸਾਹਿਤ ਦਾ ਮਾਨ ਦੰਡ ਹੈ। ਵੀਹਵੀਂ ਸਦੀ ਦਾ ਪੰਜਾਬੀ ਸਾਹਿਤ ਵੀ ਆਧੁਨਿਕ ਜੀਵਨ- ਦ੍ਰਿਸ਼ਟੀ ਨਾਲ ਓਤਪ੍ਰੋਤ ਤੇ ਵਿਆਪਤ ਹੈ। ਇਸ ਲਈ ਇਸ ਨੂੰ ਆਧੁਨਿਕ ਸਾਹਿਤ ਕਹਿਣਾ ਹਰ ਤਰ੍ਹਾਂ ਤਰਕ-ਸੰਗਤ ਹੈ।ਇਸ ਨਵੇਂ ਮਾਹੌਲ ਵਿਚ ਆਧੁਨਿਕ ਪੰਜਾਬੀ ਸਾਹਿਤ ਦੇ ਵਿਸ਼ੇ ਵਸਤੂ, ਥੀਮ, ਅਨੁਭਵ, ਅਭਿਵਿਅੰਜਨ ਤੋ ਕਲਾ ਰੂਪ ਬਦਲ ਗਏ। ਨਵੀਆਂ ਕੀਮਤਾਂ ਤੇ ਮਾਨਤਾਵਾਂ ਦੇ ਆਉਣ ਨਾਲ ਸਾਡੇ ਸਾਹਿਤ ਵਿਚ ਵੀ ਜੀਵਨ ਦੇ ਨਾਲ ਨਵੇਂ ਵਿਸ਼ੇ ਪੈਦਾ ਹੋਏ। ਸ਼ਰਧਾ ਤੇ ਭਗਤੀ ਭਾਵਾਂ ਦੇ ਰੋਮਾਂਟਿਕ ਸੁਪਨਿਆਂ ਦੀ ਥਾਂ ਅੱਜ ਦੇ ਸਾਹਿਤ ਨੇ ਸਿੱਧੇ ਤੌਰ ਤੇ ਲੋਕਾਂ ਦੇ ਜੀਵਨ ਨਾਲ ਸਾਂਝ ਪਾਈ ਅਤੇ ਉਨ੍ਹਾਂ ਦੇ ਦੁਖਾਂ ਦੀ ਨਿਵਿਰਤੀ ਤੇ ਕਲਿਆਣ ਲਈ ਸਾਹਿਤ ਨੂੰ ਵਰਤਿਆ ਜਾਣ ਲਗਾ, ਨਵੀਆਂ ਸਮਸਿਆਵਾਂ ਤੇ ਨਵੇਂ ਦ੍ਰਿਸ਼ਟੀ ਕੋਣ ਰੂਪਮਾਨ ਹੋਏ ਅਤੇ ਵਿਵੇਕਵਾਦੀ ਤੇ ਵਿਗਿਆਨਿਕ ਉਦੇਸ਼ ਉਭਰ ਕੇ ਸਾਹਮਣੇ ਆਏ (ਕਸੇਲ) ਹੁਣ ਸਾਹਿਤਕਾਰ ਜਾਂ ਕਵੀ ਕੇਂਦਰੀ ਸੱਚ ਤੇ ਠੋਸ ਯਥਾਰਥ ਤੱਕ ਅਪੜਨ ਲਈ ਯਤਨਸ਼ੀਲ ਹੁੰਦੇ ਹਨ ਅਤੇ ਸਾਹਿਤਿਕ ਸਿਰਜਨਾ ਦੀ ਆਧਾਰ ਭੂਮੀ ਸਾਧਾਰਨ ਮਨੁੱਖ ਦੀ ਜਾਗਰੂਕਤਾ ਬਣ ਜਾਂਦੀ ਹੈ। ਵਸਤੂ ਦੇ ਅਨੁਸਾਰ ਰੂਪ ਵਿਚ ਵੀ ਪਰਿਵਰਤਨ ਆਉਂਦਾ ਹੈ। ਆਧੁਨਿਕ ਕਵੀ ਆਮ ਲੋਕਾਂ ਦੀ ਸਾਦ-ਮੁਰਾਦੀ ਸਿੱਧ-ਪਧਰੀ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਇਤਿਹਾਸ ਦੇ ਮਿਥਹਾਸ ਤੋਂ ਢੁਕਵੇਂ ਚਿੰਨ ਤੇ ਪ੍ਰਤੀਕ ਲੈ ਕੇ ਉਹਨਾਂ ਦੇ ਬਹੁ-ਅਰਥੀ ਚਮਤਕਾਰੀ ਪ੍ਰਯੋਗ ਕਰਦਾ ਹੈ । ਸਾਇੰਸ ਦੀਆਂ ਲਭਤਾਂ ਤੇ ਨਵੇਂ ਸੰਕਲਪ ਵੀ ਉਸਦੀ ਬਿੰਬਾਵਲੀ ਵਿਚ ਜਜ਼ਬ ਹੋਕੇ ਉਸਦੀ ਪ੍ਰਗਟਾਉ ਕਲਾ ਨੂੰ ਵਿਅੰਜਕ ਤੇ ਸਮਰੱਥ ਬਣਾਉਂਦੇ ਹਨ। ਪ੍ਰਕ੍ਰਿਤੀ ਨਾਲ ਸਿੱਧੀ ਸਾਂਝ ਆਧੁਨਿਕ ਸਾਹਿਤਕਾਰ ਦੀ ਵਿਸ਼ੇਸ਼ਤਾ ਹੈ। ਨਵੇਂ ਛੰਦ-ਪ੍ਰਯੋਗ, ਕਲਾ-ਜੁਗਤਾਂ, ਸਾਹਿਤਿਕ ਰੂਪ-ਵਿਧਾਨਾਂ ਤੇ ਅਭਿਵਿਅੰਜਨ- ਵਿਧੀਆਂ ਵੀ ਆਧੁਨਿਕ ਸਾਹਿਤ ਨੂੰ ਲੋਕਪ੍ਰਿਯਤਾ ਬਣਾਉਣ ਵਿਚ ਯੋਗਦਾਨ ਪਾਉਂਦੀਆਂ ਹਨ। ਬੌਧਿਕਤਾ ਦੇ ਵਾਤਾਵਰਣ ਵਿਚ ਕਵਿਤਾ ਦੇ ਨਾਲ ਨਾਲ ਵਾਰਤਕ ਦਾ ਵੀ ਵਿਕਾਸ ਹੁੰਦਾ ਹੈ। ਜਿਸ ਕਾਰਨ ਇਸ ਯੁੱਗ ਵਿਚ ਨਾਵਲ, ਨਾਟਕ ਨਿੱਕੀ ਕਹਾਣੀ, ਲੇਖ, ਜੀਵਨੀਆਂ, ਸਫਰਨਾਮੇ, ਲਲਿਤ ਨਿਬੰਧ ਆਦਿ ਨਵੀਆਂ ਨਵੀਆਂ ਵਾਰਤਕ ਰੂਪ ਵਿਧਾਵਾਂ ਵਿਕਸਿਤ ਹੋਈਆਂ ਹਨ।
ਵੀਹਵੀਂ ਸਦੀ ਦੇ ਆਧੁਨਿਕ ਪੰਜਾਬੀ ਸਾਹਿਤ ਵਿਚ ਕਈ ਵਿਕਾਸ-ਬਿੰਦੂ ਦ੍ਰਿਸ਼ਟੀਗੋਚਰ ਹੁੰਦੇ ਹਨ। ਆਧੁਨਿਕ ਸਾਹਿਤ ਵਿਚ ਖਾਸ ਕਰਕੇ ਕਵਿਤਾ ਵਿਚ ਰਹੱਸਵਾਦੀ, ਰੋਮਾਂਸਵਾਦੀ, ਰਾਸ਼ਟਰਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਨਵਚੇਤਨਾਵਾਦੀ, ਮੁਕਤ ਚਿੰਤਨਵਾਦੀ ਆਦਿ ਵਿਚਾਰਧਾਰਕ ਤੇ ਸਿਧਾਂਤਿਕ ਪ੍ਰਵਿਰਤੀਆਂ ਉਭਰੀਆਂ ਹਨ ਭਾਵੇਂ ਬਹੁਤ ਸਾਰੀਆਂ ਪ੍ਰਵਿਰਤੀਆਂ ਕਾਲ ਨਿਰਪੇਖ ਹੋ ਕੇ, ਸਮਾਨੰਤਰ ਵੀ ਚਲਦੀਆਂ ਹਨ। ਇਸ ਤਰ੍ਹਾਂ ਆਧੁਨਿਕ ਪੰਜਾਬੀ ਸਾਹਿਤ ਵਿਚ ਕਈ ਦੌਰ ਤੇ ਕਈ ਪੜਾਅ ਉਜਾਗਰ ਹੁੰਦੇ ਹਨ। ਹੁਣ ਇਨ੍ਹਾਂ ਦਾ ਵਰਣਨ ਕੀਤਾ ਜਾਂਦਾ ਹੈ।
ਆਧੁਨਿਕ ਪੰਜਾਬੀ ਕਵਿਤਾ : ਪਹਿਲਾ ਦੌਰ
ਭਾਈ ਵੀਰ ਸਿੰਘ (1872-1957)
ਭਾਈ ਵੀਰ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਵਿਚ ਇਕ ਨਵਾਂ ਯੁੱਗ ਸ਼ੁਰੂ ਹੋਇਆ ਜਿਸ ਨੂੰ “ਆਧੁਨਿਕ ਯੁੱਗ” ਕਿਹਾ ਜਾਂਦਾ ਹੈ । ਸਾਹਿਤ ਵਿਚ ਆਧੁਨਿਕ ਯੁੱਗ ਦੇ ਸੰਚਾਲਕ ਹੋਣ ਦੇ ਨਾਤੇ ਭਾਈ ਵੀਰ ਸਿੰਘ ਇਕ ਵਿਅਕਤੀ ਨਾ ਹੋ ਕੇ ਇਕ “ਸੰਸਥਾ” ਬਣ ਚੁੱਕੇ ਸਨ ।
ਭਾਈ ਵੀਰ ਸਿੰਘ ਨੇ ਭਾਵੇਂ ਨਾਵਲ, ਗੱਦ, ਜੀਵਨੀ ਸਾਹਿਤ, ਨਾਟਕ, ਮਹਾਕਾਵਿ, ਮੁਕਤਕ ਕਾਵਿ ਤੇ ਪੱਤਰਕਾਰੀ ਨੂੰ ਆਪਣੀ ਕਲਮ ਦੀ ਛੋਹ ਨਾਲ ਮਾਲਾਮਾਲ ਕੀਤਾ ਹੈ ਪਰ ਸਭ ਤੋਂ ਪਹਿਲਾਂ ਉਹ ਕਵੀ ਹੀ ਹਨ। ਵੀਰ ਸਿੰਘ ਬਤੋਰ ਪੰਜਾਬੀ ਕਵੀ ਸਦਾ ਹੀ ਅਮਰ ਹਨ। ਇਨ੍ਹਾਂ ਦਾ ਪੰਜਾਬੀ ਵਿਚ ਉਹੋ ਸਥਾਨ ਹੈ ਜੋ ਬੰਗਾਲੀ ਵਿਚ ਰਵਿੰਦਰ ਨਾਥ ਟੈਗੋਰ ਦਾ ਹੈ, ਉਰਦੂ ਵਿਚ ਇਕਬਾਲ ਦਾ ਹੈ, ਹਿੰਦੀ ਵਿਚ ਜਯ ਸ਼ੰਕਰ ਪ੍ਰਸਾਦ ਦਾ ਹੈ ਅਤੇ ਅੰਗਰੇਜ਼ੀ ਵਿਚ ਵਿਲੀਅਮ ਵਰਡਜ਼ਵਰਥ ਦਾ ਹੈ। ਵੀਰ ਸਿੰਘ ਨੇ ਆਪਣੀ ਕਾਵਿ-ਰਚਨਾ ਵਿਚ ਅਨੇਕ ਵਿਸ਼ਿਆਂ ਨੂੰ ਬਿਆਨਿਆ ਹੈ ਪਰ ਸਭ ਤੋਂ ਪ੍ਰਮੁੱਖ ਵਿਸ਼ਾ ਪਰਮ-ਤੱਤ (ਅਰੂਪ) ਦਾ ਰਸਾਤਮਕ ਪ੍ਰਗਟਾਉ ਹੈ ਜਿਸ ਨੂੰ “ਰਹੱਸਵਾਦ” ਕਿਹਾ ਜਾਂਦਾ ਹੈ। ਜਦੋਂ ਰਬ ਵਰਗੀ ਅਜ਼ਲੀ ਤੇ ਅਬਦੀ ਹਸਤੀ ਨੂੰ ਕਵਿਤਾ ਦੇ ਰਸਮਈ ਬੋਲਾਂ ਰਾਹੀਂ ਪਛਾਨਣ ਤੇ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਵਿਤਾ ਵੀ ਰੱਹਸਵਾਦੀ ਬਣ ਨਿਬੜਦੀ ਹੈ । ਇਸ . ਵਿਚ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਅਪੜਨ ਦੀ ਗਾਥਾ ਗਾਈ ਜਾਂਦੀ ਹੈ ਜੋ ਮਨੁੱਖ ਦੇ ਗਿਆਨ ਤੇ ਤਰਕ ਦੀਆਂ ਵਲਗਣਾਂ ਤੋਂ ਉਤਾਂਹ ਹੋ ਕੇ ਮਨੁੱਖ ਦੇ ਧੁਰ ਅੰਦਰਲੇ ਨੂੰ ਲਰਜ਼ਾ ਜਾਂਦੀ ਹੈ। ਭਾਈ ਵੀਰ ਸਿੰਘ ਦੀ ਕਵਿਤਾ ਦਾ ਸੁਰ ਵੀ ਐਸਾ ਹੈ। ਵੀਰ ਸਿੰਘ ਆਪਣੇ ਰੱਬੀ ਮਹਿਬੂਬ ਦੀਆਂ ਅਨੁਭੂਤੀਆਂ ਦਾ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਉਹ ਨਿਰਾ ਨੂਰ ਹੈ, ਨਿਰਾ ਪ੍ਰਕਾਸ਼ ਹੈ :-
“ਸੁਪਨੇ ਵਿਚ ਤੁਸੀਂ ਮਿਲੇ ਅਸਾਂਨੂੰ ਅਸਾਂ ਧਾ ਗਲਵਕੜੀ ਪਾਈ ।
ਨਿਰਾ ਨੂਰ ਤੁਸੀਂ ਹਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ”
ਭਾਈ ਵੀਰ ਸਿੰਘ ਦਾ ਇਹ ਨੂਰ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਦੇ “ਕਿ ਹੁਸਨਲ ਕਮਾਲ ਹੈ” ਦਾ ਕਾਵਿਮਈ ਰੂਪਾਂਤਰ ਹੈ। ਵੀਰ ਸਿੰਘ ਦੇ ਕਾਵਿ ਦੀ ਅਗਲੀ ਵਿਸ਼ੇਸ਼ਤਾ ਉਸਦਾ ਪ੍ਰਕਿਰਤੀ ਚਿਤਰਣ ਹੈ । ਕਵੀ ਨੇ ਧਰਤੀ ਤੇ ਵਿਗਸਦੀ ਤੇ ਮੋਲਦੀ ਕੁਦਰਤ ਦੀਆਂ ਰੰਗੀਨੀਆਂ ਤੇ ਹੁਸਨ-ਰੇਖਾਵਾਂ ਦਾ ਜਿਸ ਖੂਬੀ ਤੇ ਕਲਾ ਵਿਧੀ ਨਾਲ ਸਾਖਿਆਤਕਾਰ ਕੀਤਾ ਹੈ, ਪੰਜਾਬੀ ਕਾਵਿ ਵਿਚ ਉਹ ਬੇਜੋੜ ਹੈ। ਕਸ਼ਮੀਰ ਦੇ ਕੁਦਰਤੀ ਨਜ਼ਾਰਿਆ ਵਿਚੋਂ ਹੁਸਨਾਂ ਦੇ ਮਾਲਿਕ ਦੀ ਤਸਵੀਰ ਨੂੰ ਕਵੀ ਨੇ ਬੜੇ ਹੀ ਅਦਭੁਤ ਢੰਗ ਨਾਲ ਬਿਆਨਿਆ ਹੈ। ਕਵੀ ਕੁਦਰਤ ਨੂੰ ਆਵਾਜ਼ਾਂ ਮਾਰਦਾ ਹੈ, ਗੁਫ਼ਤਗੂ ਕਰਦਾ ਹੈ। ਅਤੇ ਸੰਬੋਧਨ ਕਰਦਾ ਹੈ
“ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵਜਦਾ।
ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇਕ ਸਿਜਦਾ।”
ਇਹ ਕਿਹਾ ਜਾਂਦਾ ਹੈ ਕਿ ਵੀਰ ਸਿੰਘ “ਮਸਤੀ ਦਾ ਕਵੀ” ਹੈ ਪਰ ਜੇਕਰ ਗਹੁ ਨਾਲ ਵੇਖੀਏ ਤਾਂ ਉਹ “ਮਨੁਖੀ ਹਸਤੀ ਦਾ ਵੀ ਕਵੀ” ਹੈ। ਇਹ ਠੀਕ ਹੈ ਕਿ ਕਵੀ ਮਨੁੱਖ ਨੂੰ “ਬੁਧੀ-ਮੰਡਲਾ ਦੀ ਕੈਦ” ‘ਚੋਂ ਮੁਕਤ ਹੋਣ ਲਈ ਅਤੇ “ਵਲਵਲਿਆਂ ਦੇ ਦੇਸ਼” ਨਾਲ ਯਰਾਨੇ ਲਾਉਣ ਲਈ ਪ੍ਰੇਰਦਾ ਹੈ ਪਰ ਉਹ ਮਨੁੱਖ ਨੂੰ ਆਪਣੇ ਅਸਲੇ ਤੋਂ ਜਾਣੂ ਕਰਵਾਉਂਦਾ ਹੈ :-
“ਕੁਦਰਤ ਦੀ ਸਭ ਰਚਨਾ ਵਿਚੋਂ ਇਹ ਮਾਨੁਖ ਉਚ ਉਚਾਏ।
ਹੋ ਸਰਦਾਰ ਏ ਕਾਇਨਾਤ ਦਾ ਐਪਰ ਅਸਲੇ ਏਨ ਭੁਲਾਏ ।”
ਕਵੀ ਮਨੁੱਖ ਨੂੰ ਨਿਰਾ ਹੋਣੀਆਂ ਦਾ ਦਾਸ ਹੀ ਨਹੀਂ ਬਣਾਉਂਦਾ ਸਗੋਂ ਜੀਵਨ ਦੀਆਂ ਤਲਖ ਹਕੀਕਤਾਂ ਵਿਚ ਦ੍ਰਿੜਤਾ ਨਾਲ ਚਲਣ ਲਈ ਉਸ ਨੂੰ ਜੁਝਾਰੂ ਵੀ ਚਿਤਰਦਾ ਹੈ ਪਰ ਇਹ ਜੂੜ ਤੇ ਕਸ਼ਮਕਸ਼ ਲੌਕਿਕ ਪ੍ਰਾਪਤੀਆਂ ਤਕ ਸੀਮਿਤ ਨਹੀਂ ਸਗੋਂ ਅਲੌਕਿਕ ਦਿਸਹਦਿਆਂ ਨੂੰ ਵੀ ਪਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਦਾ ਕਾਵਿ-ਸਾਹਿਤ ਵੀਹਵੀਂ ਸਦੀ ਦੇ ਮੁਢਲੇ ਪੰਜਾਬੀ ਸਾਹਿਤ ਦਾ ਮਾਰਗ-ਦਰਸ਼ਕ ਸੀ। ਇਨ੍ਹਾਂ ਅਰਥਾਂ ਵਿਚ ਹੀ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਜਨਮ-ਦਾਤਾ ਕਿਹਾ ਜਾਂਦਾ ਹੈ।
ਸਮੁੱਚੇ ਤੌਰ ਤੇ ਭਾਈ ਵੀਰ ਸਿੰਘ ਨੇ ਆਪਣੇ ਕਾਵਿ-ਸਾਹਿਤ ਦੇ ਵਿਆਪਕ ਸੀਮਾ-ਵਿਸਤਾਰ ਵਿਚ ਅਧਿਆਤਮਿਕ ਤੱਤਾਂ, ਰਹੱਸ ਅਨੁਭਵਾਂ ਹਿਜਰ-ਵਸਲ ਦੇ ਰੋਮਾਂਟਿਕ ਦ੍ਰਿਸ਼ਾਂ ਅਤੇ ਨੈਤਿਕ (ਅਖਲਾਕੀ) ਕੀਮਤਾਂ ਦਾ ਆਧੁਨਿਕੀਕਰਨ ਕਰਕੇ ਇਕ ਨਵੀਨ “ਰਹਸਮੁਖੀ ਰੋਮਾਂਟਿਕ” ਕਾਵਿਧਾਰਾ ਨੂੰ ਵਿਉਂਤਿਆ ਹੈ। ਵੀਰ ਸਿੰਘ ਦੀ ਕਵਿਤਾ ਦਾ ਖਾਸ ਬਲ ਉਸਦੀ ਨਵੀਨ ਭਾਵਨਾ, ਵਿਸਮਾਦਕ ਉਡਾਰੀ ਤੇ ਆਤਮ- ਲੀਨਤਾ ਹੈ ਜਿਥੇ ਉਹ ਪੰਜਾਬੀ ਸ਼ਬਦਾਂ ਦੇ ਕੋਸਗਤ ਅਰਥ ਪਿਛਾਂਹ ਛਡਕੇ ਨਿਰੀ ਬਿੰਬਾਤਮਕ ਸ਼ਬਦ- ਸ੍ਰਿਸ਼ਟੀ ਪੈਦਾ ਕਰਦਾ ਹੈ। ਵੀਰ ਸਿੰਘ ਦੇ ਸ਼ਬਦ ਚਿਨ੍ਹਾਂ ਤੋਂ ਅਗੇ ਚਿੰਨ੍ਹਕਾਂ ਤਕ ਦੀ ਯਾਤਰਾ ਕਰਦੇ ਹਨ। ਇਸ ਕਰਕੇ ਉਸਦੀ ਕਾਵਿ-ਸ਼ਬਦਾਵਲੀ ਵਿਚ ਡੂੰਘੀਆਂ ਰਮਜ਼ਾਂ ਹਨ ਅਤੇ ਅਰਥਾਵਲੀ ਵਿਚ ਤੀਰਾਂ ਵਰਗੀ ਤੇਜ਼ ਰਵਾਨੀ ਹੈ।
ਪੰਜਾਬੀ ਕਾਵਿ-ਸਾਹਿਤ ਨੂੰ ਭਾਈ ਵੀਰ ਸਿੰਘ ਦਾ ਯੋਗਦਾਨ ਬਹੁਪੱਖੀ ਹੈ । ਇਕ ਪਾਸੇ ਉਨ੍ਹਾਂ ਨੇ ਲੰਮੀਆਂ ਬਿਰਤਾਂਤਕ ਕਵਿਤਾਵਾਂ ਲਿਖ ਕੇ ਪੰਜਾਬੀ ਪ੍ਰਬੰਧ-ਕਾਵਿ ਤੇ ਮਹਾਕਾਵਿ ਦਾ ਆਰੰਭ ਕੀਤਾ ਅਤੇ ਦੂਜੇ ਪਾਸੇ ਨਿੱਕੀਆਂ ਕਵਿਤਾਵਾਂ ਸਿਰਜ ਕੇ ਮੁਕਤਕ-ਕਾਵਿ ਦੀ ਪਰੰਪਰਾ ਸਥਾਪਿਤ ਕੀਤੀ । ਇਸੇ ਤਰ੍ਹਾਂ ਭਾਈ ਵੀਰ ਸਿੰਘ ਨੇ ਇਕ ਪਾਸੇ ਅਧਿਆਤਮਿਕ ਛੋਹਾਂ ਵਾਲੀ ਪੰਜਾਬੀ ਰੋਮਾਂਟਿਕ ਕਵਿਤਾ ਦਾ ਆਦਰਸ਼ ਰੂਪ ਪੇਸ਼ ਕੀਤਾ ਅਤੇ ਦੂਜੇ ਪਾਸੇ ਸੰਗੀਤਕ ਸੁਰਾਂ ਵਿਚ ਜ਼ਜ਼ਬਿਆਂ ਨੂੰ ਕਾਵਿ ਰੂਪ ਦੇ ਕੇ ਪੰਜਾਬ ਪ੍ਰਗੀਤ-ਕਾਵਿ (ਸਰੋਦੀ ਕਾਵਿ) ਦਾ ਮੁੱਢ ਬੰਨ੍ਹਿਆ । ਭਾਈ ਵੀਰ ਸਿੰਘ ਦੀਆਂ ਪੰਜਾਬੀ ਕਾਵਿ ਰਚਨਾਵਾਂ ਇਹ ਹਨ: ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਮਟਕ, ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਮਹੇਲੀ, ਮੇਰੇ ਸਾਈਆਂ ਜੀਓ ।
ਕਿਰਪਾ ਸਾਗਰ (1875-1939 ਈ:)
ਲਾਲਾ ਕਿਰਪਾ ਸਾਗਰ ਮੁਢਲੇ ਦੌਰ ਦਾ ਅਗਲਾ ਕਵੀ ਹੈ ਜਿਸਨੇ ਪੰਜਾਬੀ ਸਾਹਿਤ ਨੂੰ ਕਈ ਪੱਖਾਂ ਤੋਂ ਸਮ੍ਰਿਧ ਕੀਤਾ ਹੈ। ਆਪ ਨੇ ਨਾਟਕ, ਕਵਿਤਾਵਾਂ, ਤੇ ਗੀਤ ਵੀ ਲਿਖੇ ਹਨ ਪਰ ਆਪਦਾ ਗੌਰਵ-ਗ੍ਰੰਥ “ਲਖਸ਼ਮੀ ਦੇਵੀ” ਹੈ। ਲਖਸ਼ਮੀ ਦੇਵੀ ਸਰ ਵਾਲਟਰ ਸਕਾਟ ਦੀ ਅੰਗਰੇਜ਼ੀ ਰਚਨਾ, “ਲੇਡੀ ਆਫ ਦੀ ਲੇਕ” ਨੂੰ ਆਧਾਰ ਬਣਾ ਕੇ ਸਿਰਜਿਆ ਪੰਜਾਬੀ ਮਹਾਕਾਵਿ ਹੈ ਜਿਸ ਵਿਚ ਕਿਰਪਾ ਸਾਗਰ ਦੀ ਮੌਲਿਕ ਕਾਵਿ-ਪ੍ਰਤਿਭਾ ਰੂਪਮਾਨ ਹੋਈ ਹੈ । ਡਾ ਗੋਪਾਲ ਸਿੰਘ ਦਰਦੀ ਦੇ ਕਥਨ ਅਨੁਸਾਰ “ਲਖਸ਼ਮੀ ਦੇਵੀ” ਵਿਚ ਮਨੁੱਖ ਦੇ ਮਾਨਸਿਕ ਜਜ਼ਬਿਆਂ, ਖੁਸ਼ੀਆਂ, ਅੰਦੇਸਿਆਂ, ਫਿਕਰਾਂ, ਰੋਸਿਆਂ ਤੇ ਬੀਰਤਾ ਆਦਿ ਭਾਵਾਂ ਨੂੰ ਨੰਗਾ ਕੀਤਾ ਗਿਆ ਹੈ। ਇਸ ਰਚਨਾ ਦਾ ਬਿਰਤਾਤਕ ਕਥਾਨਕ ਰਣਜੀਤ ਸਿੰਘ ਦੁਆਰਾ ਪਹਾੜੀ ਪ੍ਰਾਂਤ ਬਿੰਦਰਾਲ ਉਤੇ ਵਿਜੈ ਨੂੰ ਲੈ ਕੇ ਉਸਾਰਿਆ ਗਿਆ ਹੈ। ਜਿਸ ਵਿਚ ਕਵੀ ਦੀ ਕਾਵਿ ਕਲਪਨਾ ਦਾ ਮਿਸ਼ਰਨ ਇਸ ਦੀ ਸਾਹਿਤਿਕਤਾ ਵਿਚ ਵਾਧਾ ਕਰਦਾ ਹੈ। ਇਤਿਹਾਸ- ਆਧਾਰਿਤ ਕਥਾਨਕ ਦੇ ਮਾਧਿਅਮ ਰਾਹੀਂ ਕਵੀ ਨੇ ਪਹਾੜੀ ਜਨ-ਜੀਵਨ ਤੇ ਸੰਸਕ੍ਰਿਤੀ ਨੂੰ ਚਿਤਰਿਤ ਕੀਤਾ ਹੈ। ਕਥਾਨਕ ਦੀ ਗੋਂਦ, ਪਾਤਰ ਉਸਾਰੀ, ਰਸ-ਵਿਅੰਜਨਾ, ਬੋਲੀ ਦੀ ਠੇਠਤਾ ਅਤੇ ਕੁਦਰਤੀ ਦ੍ਰਿਸ਼ ਚਿਤਰਾਵਲੀ ਲਖਸ਼ਮੀ ਦੇਵੀ ਦੀ ਉਤਕ੍ਰਿਸ਼ਟਤਾ ਦੇ ਵਰਣਨ ਯੋਗ ਪਹਿਲੂ ਹਨ। ਦੂਜੇ “ਮਨ- ਤਰੰਗ” ਕਾਵਿ ਸੰਗ੍ਰਹਿ ਵਿਚ ਕਿਰਪਾ ਸਾਗਰ ਦੀ ਪ੍ਰਗੀਤਕ ਕਲਾ ਦੇ ਨਮੂਨੇ ਦ੍ਰਿਸ਼ਟੀਗੋਚਰ ਹੁੰਦੇ ਹਨ। ਕਿਰਪਾ ਸਾਗਰ ਦੇ ਦੋ ਨਾਟਕ “ਰਣਜੀਤ ਸਿੰਘ” ਤੇ “ਡੀਡੋ ਜੰਗਵਾਲ” ਵੀ ਚੰਗੀਆਂ ਸਾਹਿਤਕ ਕਿਰਤਾਂ ਹਨ ਜਿਨ੍ਹਾਂ ਵਿਚ ਸ਼ਾਮਲ ਗੀਤ ਕਵੀ ਦੀ ਕਰਤਾਰੀ ਕਾਵਿ-ਚੇਤਨਾ ਦੇ ਸੁੰਦਰ ਨਮੂਨੇ ਹਨ। पृठत मिथ (1881-1931)
ਆਧੁਨਿਕ ਪੰਜਾਬੀ ਕਵਿਤਾ ਵਿਚ ਅਸਲੋਂ ਨਵਾਂ ਰੰਗ-ਰੂਪ ਤੇ ਭਾਵ-ਪ੍ਰਭਾਵ ਉਤੇ ਜਿਤ ਕਰਨ ਵਾਲਾ ਕਵੀ ਪੂਰਨ ਸਿੰਘ ਹੈ । ਪੂਰਨ ਸਿੰਘ ਦੇ ਪ੍ਰਵੇਸ਼ ਨਾਲ ਪੰਜਾਬੀ ਕਾਵਿ-ਜਗਤ ਵਿਚ ਨਵੇਂ ਵਿਸ਼ੇ ਤੇ ਨਵੀਆਂ ਸ਼ੈਲੀ-ਰੇਖਾਵਾਂ ਉਭਰੀਆਂ ਹਨ। ਇਸ ਅਦਭੁਤ ਨਵੀਨਤਾ ਤੇ ਵਿਲੱਖਣ ਕਾਵਿ-ਕਲਾ ਦੀ ਸਿਰਜਕ ਉਸਦੀ ਵਿਚਿਤ੍ਰ ਸ਼ਖਸੀਅਤ ਸੀ । ਵਿਦਵਾਨਾਂ ਨੇ ਪੂਰਨ ਸਿੰਘ ਦੀ ਸ਼ਖਸੀਅਤ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਪੇਸ਼ ਕੀਤੀਆਂ ਹਨ ਪਰ ਪੂਰਨ ਸਿੰਘ ਦੀ ਸ਼ਖ਼ਸੀਅਤ ਦੇ ਸਾਰੇ ਪ੍ਰਭਾਵਸ਼ਾਲੀ ਪਹਿਲੂ ਜੇ ਕਰ ਸਾਹਮਣੇ ਰੱਖੇ ਜਾਣ ਤਾਂ ਕਿਹਾ ਜਾ ਸਕਦਾ ਹੈ ਕਿ ਪੂਰਨ ਸਿੰਘ ਤੇਰ-ਮੇਰ ਦੀਆਂ ਹੱਦ ਬੰਦੀਆਂ ਤੋਂ ਉਤਾਂਹ ਰਹਿਣ ਵਾਲਾ ਗ੍ਰਹਿਣਸ਼ੀਲ ਚਿੰਤਕ ਸੀ, ਜਜ਼ਬਿਆਂ ਤੇ ਵਲਵਲਿਆਂ ਦੇ ਹੜ੍ਹਾਂ ਵਿਚ ਵਹਿਣ ਵਾਲਾ ਸੰਵੇਦਨਸ਼ੀਲ ਕਵੀ ਸੀ ਅਤੇ ਨਵੀਆਂ ਤੋਂ ਨਵੀਆਂ ਕਲਪਨਾ ਉਡਾਰੀਆਂ ਲਾਉਣ ਵਾਲਾ ਸਿਰਜਨਸੀਲ ਸਾਹਿਤਕਾਰ ਸੀ।
ਪੂਰਨ ਸਿੰਘ ਪੂਰਬ ਦੇ ਪੱਛਮ ਦਾ ਸੰਗਮ ਸੀ। ਜਿਥੇ ਉਸ ਨੇ ਭਾਰਤ ਦੇ ਸਿੱਖ ਧਰਮ, ਵੇਦਾਂਤ, ਸੂਫ਼ੀ ਮਤ, ਬੁੱਧ ਧਰਮ ਤੇ ਕਰਮ ਯੋਗ ਤੋਂ ਅਧਿਆਤਮਿਕ ਤੇ ਨੈਤਿਕ ਕਦਰਾਂ ਕੀਮਤਾਂ ਪ੍ਰਦਾਨ ਕੀਤੀਆਂ ਉਥੇ ਪੱਛਮ ਦੀ ਬੌਧਿਕ ਚੇਤਨਾ ਈਸਾਈਅਤ ਅਤੇ ਵਾਲਟ ਵਿਟ ਮੈਨ ਵਰਗੇ ਕਵੀਆਂ ਦੀ ਰਚਨਾਤਮਕ ਪਰੰਪਰਾਵਾਂ ਸਵੀਕਾਰ ਕੀਤੀਆਂ। ਉਹ ਜਾਤ-ਪਾਤ ਦੇ ਨਸਲੀ ਫਿਰਕਿਆਂ ਦੀਆਂ ਵਲਗਣਾ ਤੋੜ ਕੇ ਖੁਲ੍ਹਾ ਮਾਨਣ ਵਾਲਾ ਸਾਹਿਤਕਾਰ ਸੀ ਭਾਈ ਵੀਰ ਸਿੰਘ ਦੀ (Mysto-Romantic) (ਰਹੱਸਮੁਖੀ ਰੋਮਾਂਟਿਕ) ਧਾਰਾ ਦੀ ਉਪਜ ਹੋਣ ਦੇ ਬਾਵਜੂਦ ਪੂਰਨ ਸਿੰਘ ਨਵੀਂ ਕਾਵਿ ਚੇਤਨਾ ਤੇ ਭਾਵੁਕ ਸੰਵੇਦਨਾ ਦਾ ਸੁਆਮੀ ਸੀ ।
ਪੂਰਨ ਸਿੰਘ ਬਹੁਭਾਸੀ ਵਿਦਵਾਨ ਸੀ । ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਇਕੋ ਜਿਹੇ ਅਧਿਕਾਰ ਨਾਲ ਲਿਖਦਾ ਸੀ ਪਰ ਪੰਜਾਬੀ ਵਿਚ ਉਸਦੀ ਪ੍ਰਤਿਭਾ ਵਧੇਰੇ ਡੂੰਘਾਈ ਨਾਲ ਰਮੀ ਹੈ। ਪੰਜਾਬੀ ਵਿਚ ਪੂਰਨ ਸਿੰਘ ਨੇ ਵਾਰਤਕ ਤੇ ਕਵਿਤਾ ਦੋਹਾਂ ਸਾਹਿਤ-ਰੂਪਾਂ ਵਿਚ ਰਚਨਾ ਕੀਤੀ ਹੈ ਪਰ ਕਵਿਤਾ ਉਸਦੀ ਸ਼ਖਸੀਅਤ ਦੇ ਵਧੇਰੇ ਅਨੁਕੂਲ ਸੀ ਕਿਉਂਕਿ ਉਸਦੀ ਵਾਰਤਕ ਵਿਚ ਵੀ ਕਵਿਤਾ ਹੀ ਭਾਰੂ ਰਹਿੰਦੀ ਹੈ। ਪੂਰਨ ਸਿੰਘ ਸੰਬੋਧ-ਮੁਕਤ ਤੇ ਸੰਬੋਧਨ ਮੁਕਤ ਕਵਿਤਾ ਦਾ ਰਚੈਤਾ ਹੈ ਕਿਉਂਕਿ ਉਸਦੀ ਕਾਵਿ-ਰਚਨਾ ਵਿਚ ਕੋਈ ਕੱਟੜ ਸਿਧਾਂਤ ਜਾਂ ਧਾਰਨਾ ਹਾਜ਼ਰ ਨਹੀਂ ਰਹਿੰਦੀ । ਉਹ ਕਿਸੇ ਖਾਸ ਲੋਕ-ਵਰਗ ਲਈ ਨਾ ਲਿਖ ਕੇ ਇਨਸਾਨੀਅਤ ਲਈ ਮੁਖਾਤਬ ਰਹਿੰਦਾ ਹੈ। ਉਹ ਤਾਂ ਨਿਰੀ ਖੁੱਲ੍ਹ ਹੈ, ਨਿਰੀ ਸੁੰਤਤਰਤਾ ਹੈ। ਉਸਦੀ ਕਵਿਤਾ ਭਾਵਾਂ ਤੇ ਜਜ਼ਬਿਆਂ ਨਾਲ ਛਲਕਦੀ ਦਿਸਦੀ ਹੈ ਜਿਨ੍ਹਾਂ ਨੂੰ ਕਾਵਿ-ਬੱਧ ਕਰਨ ਲਈ ਉਹ ਛੰਦਾਂ, ਬਹਿਰਾਂ ਤੇ ਤੋਲ-ਤੁਕਾਂਤਾਂ ਦੀਆਂ ਕੈਦਾਂ ਨੂੰ ਪਾੜ-ਪਾੜ ਪਰ੍ਹੇ ਸੁੱਟਦਾ ਹੈ। ਇਉਂ ਖੁੱਲ੍ਹ ਹੀ ਉਸਦਾ ਧਰਮ ਹੈ ਤੇ ਖੁੱਲ੍ਹ ਹੀ ਉਸ ਦਾ ਕਰਮ ਹੈ : ਪੂਰਨ ਸਿੰਘ ਦੀ ਕਵਿਤਾ ਹੈ :-
ਕਬੂਤਰਾਂ ਦੀ ਉਡਾਰੀ ਮੰਗਾਂ,
ਹਿਰਨਾਂ ਥੀਂ ਚੌਕੜੀਆਂ,
ਖੁਲ੍ਹ ਮੰਗਾਂ ਖੰਭ ਮੰਗਾਂ ਰਬ ਥੀਂ ਮੈਂ,
ਪੈਰਾਂ ਥੀਂ ਲਕੜੀਆਂ,
ਪੂਰਨ ਸਿੰਘ ਦੀ ਕਵਿਤਾ ਵਿਚ ਅਨੇਕ ਵਿਸ਼ੇ ਰੂਪਮਾਨ ਹੋਏ ਹਨ। ਰੱਬ ਦੀ ਅਨੁਭੂਤੀ, ਮਨੁੱਖੀ ਹਸਤੀ ਦੀ ਉਚੱਤਾ, ਮੈਂ ਤੇ ਅ-ਮੈਂ ਦਾ ਵਾਰਤਾਲਾਪ, ਬਿਰਹੋਂ ਤੇ ਤੜਪ, ਸੁਹਜ-ਸੁੰਦਰਤਾ ਛਾਯਾਵਾਦੀ ਰੋਮਾਂਟਿਕ ਅਤੇ ਪੰਜਾਬੀ ਪ੍ਰੇਮ ਤੇ ਪੰਜਾਬੀਅਤ ਉਸਦੀ ਕਵਿਤਾ ਵਿਚੋਂ ਫੁੱਟ ਫੁੱਟ ਨਿਕਲਦੇ ਹਨ। ਅਸਲ ਵਿਚ ਪ੍ਰੋ . ਪੂਰਨ ਸਿੰਘ ਦੀ ਕਵਿਤਾ ਪੰਜਾਬ ਤੇ ਪੰਜਾਬੀ ਸਭਿਆਚਾਰ ਦੇ ਡੂੰਘੇ ਪਿਆਰ ਦਾ ਉਛਾਲਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪੂਰਨ ਸਿੰਘ ਗਾਉਂਦੇ ਪੰਜਾਬ ਦੀ ਆਵਾਜ਼ ਹੈ। ਪੂਰਨ ਸਿੰਘ ਕਹਿੰਦਾ ਹੈ:
ਰਾਵੀ ਸੋਹਣੀ ਪਈ ਵਗਦੀ/ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ/ਮੈਨੂੰ ਝਨਾਂ ਵਾਜਾਂ ਮਾਰਦੀ ।
ਡਾ . ਮਹਿੰਦਰ ਸਿੰਘ ਰੰਧਾਵਾ ਦੇ ਸ਼ਬਦਾਂ ਵਿਚ “ਉਸ ਦੀਆਂ ਰਚਨਾਵਾਂ ਵਿਚ ਸਾਨੂੰ ਪੰਜਾਬ ਦੇ ਮੈਦਾਨਾਂ ਦੀ ਖੁੱਲ੍ਹ, ਸਰ੍ਹੋਂ ਦੇ ਖੇਤਾਂ ਦੀ ਸੁਗੰਧ ਅਤੇ ਪੰਜ ਦਰਿਆਵਾਂ ਦੇ ਬੇ-ਪਰਵਾਹ ਵਹਿਣਾ ਦੀ ਮਸਤੀ ਲੱਭਦੀ ਹੈ।”
ਪੂਰਨ ਸਿੰਘ ਦੀ ਸਭ ਤੋਂ ਵੱਧ ਮੌਲਿਕ ਦੇਣ ਉਸਦੀ ਬੋਲੀ ਤੇ ਸ਼ੈਲੀ ਦੇ ਖੇਤਰ ਵਿਚ ਮਿਲਦੀ ਹੈ। ਜਿਵੇਂ ਵਿਸ਼ੇ-ਵਸਤੂ ਦੀ ਰਵਾਇਤੀ ਵਿਚਾਰ ਪਰੰਪਰਾ ਨੂੰ ਪੂਰਨ ਸਿੰਘ ਤਿਆਗਦਾ ਹੈ ਉਸੇ ਤਰ੍ਹਾਂ ਉਹ ਨਵੀਂ ਵਸਤੂ ਨੂੰ ਨਵਾਂ ਰੂਪ ਦੇਣ ਲਈ ਰਵਾਇਤੀ ਛੰਦਾਂ, ਪ੍ਰਤੀਕਾਂ, ਚਿੰਨ੍ਹਾਂ, ਸ਼ਬਦ-ਚਿੱਤਰਾਂ, ਬਿੰਬਾਂ ਤੇ ਅਲੰਕਾਰਾਂ ਨੂੰ ਰੱਦ ਕਰਦਾ ਹੈ। ਉਹ ਤਾਂ ਪਰੰਪਰਾਗਤ ਛੰਦਾਬੰਦੀ ਨੂੰ ਨਵਾਬੀ ਜੁੱਤੀ ਦੀ ਕੈਦ ਆਖਦਾ ਹੈ। ਇਨ੍ਹਾਂ ਅਰਥਾਂ ਵਿਚ ਪੂਰਨ ਸਿੰਘ ਰੂਪ-ਕਲਾ ਦੇ ਪੱਖ ਤੋਂ ਇਕ ਵਿਦਰੋਹੀ ਕਵੀ ਸਿੱਧ ਹੁੰਦਾ ਹੈ। ਉਹ ਤਾਂ ਵਾਲਟ ਵਿਟਮੈਨ ਦੀ ਛੰਦ-ਮੁਕਤ ਸ਼ੈਲੀ ਦਾ ਸ਼ੈਦਾਈ ਹੈ ਜਿਹੜੀ ਅੰਗਰੇਜ਼ੀ ਸਾਹਿਤ ਵਿਚ “ਫ੍ਰੀ ਵਰਸ” ਦੇ ਨਾਮ ਹੇਠ ਪ੍ਰਚਲਿਤ ਹੋਈ ਸੀ । ਸੋ ਪੂਰਨ ਸਿੰਘ ਦੀ ਰੂਪ-ਕਲਾ ਦੇ ਖੇਤਰ ਵਿਚ ਸੈਲਾਨੀ ਛੰਦ ਹੈ। ਉਸਦੀ ਨਵੀਂ ਕਾਢ ਛੰਦ ਮੁਕਤ ਸੈਲਾਨੀ ਛੰਦ ਪੂਰਨ ਸਿੰਘ ਦੀ ਅਸਲੋਂ ਨਵੀਂ ਦੇਣ ਹੈ ਜਿਸਦਾ ਪ੍ਰਭਾਵ ਪੰਜਾਬੀ ਦੇ ਆਉਣ ਵਾਲੇ ਕਵੀਆਂ ਉਤੇ ਬਰਾਬਰ ਪੈਂਦਾ ਰਿਹਾ ਹੈ। ਪੰਜਾਬੀ ਕਾਵਿ-ਸਾਹਿਤ ਨੂੰ ਪੂਰਨ ਸਿੰਘ ਨੇ “ਖੁਲ੍ਹੇ ਮੈਦਾਨ, ਖੁਲ੍ਹੇ ਘੁੰਡ ਤੇ ਖੁਲ੍ਹੇ ਅਸਮਾਨੀ ਰੰਗ” ਤਿੰਨ ਕਾਵਿ ਸੰਗ੍ਰਹਿ ਪ੍ਰਦਾਨ ਕੀਤੇ ਹਨ।
ਧਨੀ ਰਾਮ ਚਾਤ੍ਰਿਕ (1876-1954)
ਭਾਈ ਵੀਰ ਸਿੰਘ ਦੀ ਕਾਵਿਮਈ ਛੋਹ ਨਾਲ ਵਰੋਸਾਇਆ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਮੁਢਲੇ ਦੌਰ ਦਾ ਧਰਤੀਵਾਦੀ ਕਵੀ ਹੈ। ਧਰਤੀ ਦੇ ਯਥਾਰਥ ਦਾ ਕਲਾਤਮਕ ਵਰਣਨ ਜਿਸ ਖੂਬਸੂਰਤੀ ਨਾਲ ਧਨੀ ਰਾਮ ਚਾਤ੍ਰਿਕ ਨੇ ਕੀਤਾ ਹੈ, ਉਹ ਹੋਰ ਕਿਸੇ ਪੰਜਾਬੀ ਕਵੀ ਦੇ ਹਿੱਸੇ ਨਹੀ ਆਇਆ। ਚਾਤ੍ਰਿਕ ਨੇ ਭਾਵੇਂ ਉੱਚੀ ਵਿਦਿਆ ਵਿਧੀ ਪੂਰਵਕ ਹਾਸਲ ਨਹੀਂ ਕੀਤੀ ਪਰੰਤੂ ਉਸਦੀ ਕਾਵਿ-ਕਲਪਨਾ ਤੇ ਉਸਦਾ ਵਿਸ਼ਾਲ ਅਨੁਭਵ ਉਸਦੀ ਕਵਿਤਾ ਵਿਚ ਥਾਂ ਥਾਂ ਝਲਕ ਰਹੇ ਹਨ। ਚਾਤ੍ਰਿਕ ਨੂੰ ਪੰਜਾਬੀ ਦੀਆਂ ਦੋ ਕਾਵਿਧਾਰਾਵਾਂ ਨਾਲ ਸੰਯੁਕਤ ਹੋਣ ਦਾ ਮੌਕਾ ਮਿਲਿਆ। ਇਕ ਪਾਸੇ ਭਾਈ ਵੀਰ ਸਿੰਘ ਦੀ ਅਰਸ਼ੀ ਭਾਹ ਵਾਲੀ ਅਲੋਕਿਕ ਕਾਵਿਧਾਰਾ ਸੀ ਅਤੇ ਦੂਜੇ ਪਾਸੇ ਧਰਤੀ ਦੀ ਛੋਹ ਵਾਲੇ ਕਵੀ-ਦਰਬਾਰਾਂ ਦੀ ਲੌਕਿਕ ਕਾਵਿ ਧਾਰਾ ਸੀ। ਚਾਤ੍ਰਿਕ ਨੇ ਇਨ੍ਹਾ ਦੋਹਾਂ ਤੋਂ ਪ੍ਰੇਰਕ ਤੱਤ ਗ੍ਰਹਿਣ ਕਰਕੇ ਇਕ ਅਜੇਹੀ ਨਵੇਕਲੀ ਕਾਵਿ-ਵਸਤੂ ਤੇ ਕਾਵਿ-ਸ਼ੈਲੀ ਪ੍ਰਵਿਰਤ ਕੀਤੀ ਜਿਸ ਵਿਚ ਸੂਫੀ ਰਹੱਸਵਾਦ, ਨੈਤਿਕ ਆਦਰਸ਼ਵਾਦ, ਇਨਸਾਨੀਅਤ, ਰਾਸ਼ਟਰੀ ਭਾਵਨਾ, ਪੰਜਾਬੀ ਲੋਕ ਜੀਵਨ, ਪੰਜਾਬੀ ਸੰਸਕ੍ਰਿਤੀ ਅਤੇ ਪੰਜਾਬੀ ਪ੍ਰਕ੍ਰਿਤੀ ਆਦਿ ਵਿਵਿਧ ਪੱਖ ਇਕਸੁਰਤਾ ਪ੍ਰਾਪਤ ਕਰਦੇ ਹਨ। ਪਿੰਡਾਂ ਦੀ ਸੁਹਜ-ਸੁੰਦਰਤਾ ਤੇ ਪੇਂਡੂ ਜੀਵਨ ਦਾ ਜਿੰਨਾ ਸੂਖਮ, ਰੋਚਕ ਤੇ ਰਸਮਈ ਵਰਣਨ ਚਾਤ੍ਰਿਕ ਨੇ ਕੀਤਾ ਹੈ ਉਸ ਤੋਂ ਕਵੀ ਦੀ ਗ੍ਰਾਮ-ਪ੍ਰਕ੍ਰਿਤੀ ਨਾਲ ਡੂੰਘੀ ਸਾਂਝ ਦਾ ਪਤਾ ਲਗਦਾ ਹੈ। ਚਾਤ੍ਰਿਕ ਪਿੰਡਾਂ ਦੇ ਜੱਟਾਂ ਦੀ ਭਾਵ-ਬੁਧੀ ਮਾਨਸਿਕਤਾ ਨੂੰ ਠੇਠ ਪੰਜਾਬੀ ਦੀ ਪ੍ਰਵਾਹਮਈ ਸ਼ੈਲੀ ਵਿਚ ਕਾਵਿਬੱਧ ਕਰਨ ਦੀ ਕਲਾ ਦਾ ਉਸਤਾਦ ਹੈ ਗ੍ਰਾਮ-ਸਮਾਜ ਦੀ ਆਰਥਿਕਤਾ ਤੇ ਕਿਰਸਾਣੀ-ਸ੍ਰੇਣੀ ਦਾ ਮਨੋਬਿੰਬ ਵੇਖਣ ਯੋਗ ਹੈ?
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ।
ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ।
ਪੱਗ ਝੱਗਾ ਚਾਦਰਾਂ ਨਵੇਂ ਸੰਵਾਇ ਕੇ।
ਸੰਮਾ ਵਾਲੀ ਡਾਂਗ ਉਤੇ ਤੇਲ ਲਾਇ ਕੇ।
ਕਛੇ ਮਾਰ ਵੰਝਲੀ ਅਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀਖਾਨਾ, ਆਪਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ।
ਡਾ . ਦੀਵਾਨ ਸਿੰਘ ਕਾਲੇਪਾਣੀ (1894-1944)
ਪ੍ਰੋ ਪੂਰਨ ਸਿੰਘ ਦੀ ਮੁਕਤ ਛੰਦ ਵਾਲੀ ਖੁੱਲ੍ਹੀ ਕਵਿਤਾ ਦੀ ਕਾਵਿ ਸ਼ੈਲੀ ਨੂੰ ਅਗਾਂਹ ਤੋਰਨ ਵਾਲਾ ਕਵੀ ਡਾ ਦੀਵਾਨ ਸਿੰਘ ਕਾਲੇਪਾਣੀ ਹੈ। ਕਵੀ ਕਾਲੇਪਾਣੀ ਦੀਆ ਪੰਜਾਬੀ ਕਵਿਤਾਵਾ ਦਾ ਇਕੋ-ਇਕ ਕਾਵਿ-ਸੰਗ੍ਰਹਿ “ਵਗਦੇ ਪਾਣੀ” ਸਾਡੇ ਤੱਕ ਪੁੱਜਾ ਹੈ ਪਰ ਇਕੋ ਕਾਵਿ-ਪੁਸਤਕ ਨਾਲ ਪੰਜਾਬੀ ਸਾਹਿਤ ਵਿਚ ਉਸਨੇ ਮਾਨਯੋਗ ਥਾਂ ਪ੍ਰਾਪਤ ਕਰ ਲਈ ਹੈ। ਡਾ ਪਰਮਿੰਦਰ ਸਿੰਘ ਦੇ ਆਖਣ ਅਨੁਸਾਰ “ਰੋਮਾਂਸਵਾਦ ਤੇ ਨਿੱਜੀ ਪਿਆਰ ਦੀਆਂ ਕੁਝ ਕੁ ਕਵਿਤਾਵਾਂ ਨੂੰ ਛੱਡ ਕੇ ਉਸਦੀ ਕਵਿਤਾ ਦਾ ਪ੍ਰਧਾਨ ਰੰਗ ਮਨੁੱਖਤਾ ਨੂੰ ਵਹਿਮਾਂ ਭਰਮਾਂ ਤੋਂ ਉਤਾਂਹ ਚੁੱਕ ਕੇ ਹੋਣੀ ਦੇ ਟਾਕਰੇ ਤੇ ਬਲਵਾਨ ਬਣਾਉਣਾ ਹੈ” ਜੰਗਾਂ-ਜੁੱਧਾਂ ਦੇ ਮਨੁੱਖਤਾ-ਵਿਰੋਧੀ ਮਾਰੂ ਪ੍ਰਭਾਵਾਂ ਨਾਲ ਅਤੇ ਅਨਪੜ੍ਹ ਜਨਤਾ ਵਿਚ ਪਸਰੇ ਫੋਕਟ ਦੰਭ- ਪਖੰਡ ਨਾਲ ਡਾ ਕਾਲੇਪਾਣੀ ਦੇ ਦਿਲ-ਦਿਮਾਗ ਉਤੇ ਜ਼ਬਰ ਜੁਲਮ ਤੇ ਅਗਿਆਨਤਾ ਦੇ ਵਿਰੁਧ ਜੋ ਤੀਖਣ ਪ੍ਰਤਿਕਰਮ ਪ੍ਰਚੰਡ ਹੋਏ ਸਨ ਉਨ੍ਹਾਂ ਨੂੰ ਉਸਨੇ ਬੜੇ ਤਿੱਖੇ ਵਿਅੰਗ ਤੇ ਕਟਾਕਸ਼ ਨਾਲ ਪ੍ਰਗਟਾਇਆ ਹੈ । ਉਸ ਦੀ ਰੁਚੀ ਜੁਝਾਰੂ ਹੈ, ਉਸ ਦਾ ਮਨ ਵਿਦਰੋਹੀ ਹੈ, ਉਸਦੀ ਸੁਰ ਬਾਗੀਆਨਾ ਹੈ ਅਤੇ ਉਸਦੀ ਕਥਨ-ਸ਼ੈਲੀ ਬੇਝਿਜਕ ਹੈ । ਨਵੇਂ ਪ੍ਰਤੀਕਾਂ ਤੇ ਚਿੰਨ੍ਹਾਂ ਰਾਹੀਂ ਉਸਨੇ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ ਹਨ । ਬੜੇ ਇਨਕਲਾਬੀ ਸ੍ਵਰ ਵਿਚ ਮੌਜੂਦਾ ਸਮਾਜ ਵਿਚ ਆਉਣ ਵਾਲੇ ਪਰਿਵਰਤਨ ਦਾ ਚਿੱਤਰ ਕਿਵੇਂ ਪ੍ਰਸਤੁਤ ਕਰਦਾ ਹੈ, ਵੇਖੋ:
ਫਲਸਫੇ ਦੇ ਜਾਲ, ਧਿਆਨਾਂ ਦੇ ਗੋਰਖ ਧੰਦੇ,
ਮਜ਼ਹਬਾਂ ਦੇ ਪਿੰਜਰੇ, ਕਰਮਾਂ ਦੇ ਰੁਝੇਵੇਂ,
ਸੁਲਤਾਨਾਂ ਦੇ ਮਹਲ, ਸਲਤਨਤਾਂ ਦੇ ਹਦ ਬੰਨੇ,
ਨੀਤੀ ਦੇ ਬਸਤੇ, ਸਮਾਜਾਂ ਦੇ ਫਸਤੇ,
ਸਭ ਫਨਾਹ ਫਿਲਾ ਹੋ ਜਾਏਗਾ, ਮੁਸ਼ਕ ਬਾਕੀ ਨ ਰਹੇਗਾ ।
ਸੁਹਾਗਾ ਫਿਰ ਜਾਏਗਾ, ਵੱਟਾ, ਬੰਨੇ, ਸਿਆੜ, ਵਾੜਾਂ, ਪਧੱਰ ਹੋ ਜਾਣਗੇ ।
ਡਾ . ਮੋਹਨ ਸਿੰਘ (1899-1984)
ਡਾ . ਮੋਹਨ ਸਿੰਘ ਦੀਵਾਨਾ ਇਸ ਦੋਰ ਦਾ ਪਹਿਲਾ ਵਿਦਵਾਨ ਹੈ ਜਿਸਨੇ ਆਲੋਚਨਾ ਤੇ ਸਿਰਜਨਾ ਦੋਹਾਂ ਖੇਤਰਾਂ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਪੰਜਾਬੀ ਫ਼ਾਰਸੀ, ਉਰਦੂ, ਹਿੰਦੀ, ਅੰਗਰੇਜ਼ੀ ਦੇ ਵਿਦਵਾਨ ਅਤੇ ਵੇਦਾਂਤ, ਭਗਤੀਮਤ ਜੋਗਮਤ, ਸਿੱਖ ਦਰਸ਼ਨ, ਸੂਫੀਮਤ ਤੇ ਪੱਛਮੀ ਸਾਹਿਤ ਦੇ ਆਚਾਰੀਆ ਹੋਣ ਦੇ ਨਾਲ ਨਾਲ ਡਾ. ਦੀਵਾਨਾ ਦੀ ਕਰਤਾਰੀ ਪ੍ਰਤਿਭਾ ਪੰਜਾਬੀ ਕਾਵਿ ਦੀ ਅਭਿਵਿਅਕਤੀ ਵਿਚ ਭਲੀ ਪ੍ਰਕਾਰ ਪ੍ਰਬੁੱਧ ਹੋਈ ਹੈ। ਆਪਣੇ ਪਹਿਲ-ਪਲੇਠੇ ਕਾਵਿ-ਸੰਗ੍ਰਹਿ “ਧੁੱਪ-ਛਾਂ” ਦੀ ਭੂਮਿਕਾ ਵਿਚ ਆਪ ਨੇ ਪਰੰਪਰਾਗਤ ਕਾਵਿ ਰੂੜੀਆਂ ਦਾ ਤਿਆਂਗ ਕਰਕੇ ਨਵੀਆਂ ਲੀਹਾਂ ਪਾਉਣ ਦਾ ਐਲਾਨ ਕੀਤਾ ਹੈ। ਉਹ ਲਿਖਦੇ ਹਨ, ਨਵੇਂ ਪੈਂਤੜੇ ਬੰਨ੍ਹਣੇ, ਨਵੀਆਂ ਲੀਹਾਂ ਪਾਣੀਆਂ ਤੇ ਆਪਣੇ ਅਨੁਭਵ ਵਿਚੋਂ ਪੁਣਛਾਣ ਕੇ ਦਲੀਲਾਂ ਪੇਸ਼ ਕਰਨੀਆਂ, ਨਾ ਕੇ ਰਵਾਇਤ ਤੇ ਪਰੰਪਰਾ ਦੀ ਨਕਲ ਵਿਚ ਪਾਟੇ ਢੋਲ ਕੁਟਣੇ । ਉਨ੍ਹਾਂ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਇਨ੍ਹਾਂ ਐਲਾਨੇ ਹੋਏ ਕਾਵਿ- ਉਦੇਸ਼ਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਾਸਤਵ ਵਿਚ ਡਾ ਮੋਹਨ ਸਿੰਘ ਦਾ ਪੰਜਾਬੀ ਕਾਵਿ ਦੋ ਅਨੁਭਵ-ਪ੍ਰਣਾਲੀਆਂ ਵਿਚ ਪ੍ਰਵਾਹਿਤ ਹੋਇਆ ਹੈ, ਇਕ ਪਾਸੇ ਉਹ ਜੀਵਨ ਤੇ ਸਮਾਜ ਦੇ ਯਥਾਰਥ ਪ੍ਰਤੀ ਸੁਚੇਤ ਹੋ ਕੇ ਆਪਣੇ ਅਨੁਭਵਾਂ ਤੇ ਪ੍ਰਤਿਕਰਮਾਂ ਨੂੰ ਕਾਵਿ ਦੇ ਮਾਧਿਅਮ ਰਾਹੀਂ ਪ੍ਰਗਟ ਕਰਦੇ ਹਨ ਅਤੇ ਦੂਜੇ ਪਾਸੇ ਸਦਾਚਾਰਕ ਤੇ ਅਖਲਾਕੀ ਕਦਰਾਂ-ਕੀਮਤਾਂ ਨੂੰ ਇਕ ਉਪਦੇਸਵਾਦੀ ਸ਼ੈਲੀ ਦੁਆਰਾ ਨਿੱਜੀ ਫ਼ਕੀਰੀ ਛੋਹਾਂ ਨਾਲ ਪੇਸ਼ ਕਰਦੇ ਹਨ। ਆਪਣੇ ਆਲੇ-ਦੁਆਲੇ ਦੇ ਸਮਾਜਿਕ ਯਥਾਰਥ ਪ੍ਰਤੀ ਕਿਵੇਂ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਹਨ, ਵੇਖੋ:
ਗ਼ਰੀਬੋ/ਗ਼ਰੀਬੋ/ਉਠੋ, ਸਾਥੀਓ, ਸਾਂਝੀਵਾਲੋ, ਮਜ਼ਦੂਰੋ, ਬੇਕਾਰੋ, ਕਲਰਕੋ ।
ਅਫਤੋ ਜ਼ਨਾਨੀਓ, ਬਚਿਓ, ਬੁਢਿਓ/ ਕਲਾਕਾਰੋ, ਉਹ ਸਾਰਿਓ ਉਠੇ।
ਕਰਲੌ ਬਰਾਬਰ, ਪਾਲੋ ਇਕੋ ਜਿਹੀ ਵੰਡੀਆਂ। (ਜਗਤ ਤਮਾਸ਼ਾ)
ਪਰ “ਮਸਤੀ” ਵਾਲਾ ਰੰਗ ਉਨ੍ਹਾਂ ਦੀ ਅਨੁਭਵ-ਪ੍ਰਣਾਲੀ ਵਿਚ ਵਧੇਰੇ ਗੂੜ੍ਹਾ ਹੈ। ਸੂਫੀ ਚਿੰਤਨ ਪਰੰਪਰਾ ਵਿਚ ਸਿਰਜੀਆਂ ਉਨ੍ਹਾਂ ਦੀਆਂ ਰੁਬਾਈਆਂ ਬੜੀਆਂ ਹੀ ਪ੍ਰਭਾਵਸ਼ਾਲੀ ਹਨ ਜਿਨ੍ਹਾਂ ਵਿਚ ਨੈਤਿਕ ਸਿੱਖਿਆ ਦੀਆਂ ਰਮਜਾਂ ਉਜਾਗਰ ਹੁੰਦੀਆਂ ਹਨ। ਵੰਨਗੀ ਵੇਖੋ:
ਕੁਝ ਨਾ ਸਹੀ ਫਕੀਰੀ ਅੰਦਰ ਦਿਲ ਦਾ ਇਤਮੀਨਾਨ ਤੇ ਹੈ।
ਤਕੀਏ ਉਤੇ ਬੈਠਾ ਸਾਈਂ ਸਾਹਾਂ ਵਰਗੀ ਸ਼ਾਨ ਤੇ ਹੈ ।
ਪੈਸੇ ਬਦਲੇ ਨਹੀਂ ਅਸੀਸਾਂ ਪੈਸੇ ਖਾਤਰ ਨਹੀਂ ਸਰਾਪ,
ਬਾਹਾਂ ਵਿਚ ਕੁਵੱਤ-ਈਮਾਂ ਦਿਲ ਵਿਚ ਦੌਲਤ ਇਰਫਾਨ ਤੇ ਹੈ। (ਮਸਤੀ)
ਡਾ ਮੋਹਨ ਸਿੰਘ ਦੇ ਅਨੁਭਵ ਦੀ ਸ਼ਿੱਦਤ ਬਾਰੇ ਡਾ. ਅਤਰ ਸਿੰਘ ਦਾ ਇਹ ਕਥਨ ਬੜਾ ਸਾਰਥਕ ਹੈ ਕਿ “ਡਾ ਮੋਹਨ ਸਿੰਘ ਇਕ ਚੇਤੰਨ ਕਲਾਕਾਰ ਹੈ, ਉਸ ਨੂੰ ਕਲਾ ਦੇ ਲਾਜਵੰਤੀ ਸੁਭਾਅ ਦੀ ਡੂੰਘੀ ਪਛਾਣ ਹੈ। ਇਸ ਲਈ ਉਸਨੇ ਆਪਣੀ ਕਵਿਤਾ ਵਿਚ ਕਿਸੇ ਸੁਚੇਤ ਜਾਂ ਅਚੇਤ ਮਨੋਰਥਵਾਦ ਦੀ ਟੇਕ ਲੈਣ ਦੀ ਥਾਂ ਆਪਣੇ ਅਨੁਭਵ ਦੀ ਅਮੀਰੀ ਨੂੰ ਵਿਅਕਤ ਕਰਨਾ ਵਧੇਰੇ ਮਹੱਤਵ-ਪੂਰਣ ਸਮਝਿਆ ਹੈ” । ਡਾ. ਮੋਹਨ ਸਿੰਘ ਦੇ ਸੱਤ ਕਾਵਿ-ਸੰਗ੍ਰਹਿ ਹਨ: ਧੁੱਪ ਛਾਂ, ਨੀਲਧਾਰਾ, ਜਗਤ ਤਮਾਸ਼ਾ, ਨਿਰੰਕਾਰੀ ਸਾਖੀਆਂ, ਪਤਝੜ, ਮਸਤੀ, ਸੋਮਰਸ ।
ਇਸ ਦੌਰ ਦੇ ਹੋਰ ਕਵੀ
ਇਸ ਕਾਲਖੰਡ ਵਿਚ ਅੰਗਰੇਜ਼ੀ ਰਾਜ ਦੀ ਗ਼ੁਲਾਮੀ ਦੇ ਵਿਰੁੱਧ ਦੇਸ਼-ਭਗਤੀ ਨਾਲ ਭਰਪੂਰ ਕਵਿਤਾਵਾਂ ਦੀ ਸਿਰਜਨਾ ਵੀ ਹੋਈ ਹੈ। ਦੇਸ਼ ਪਿਆਰ ਤੇ ਆਜ਼ਾਦੀ ਦੇ ਗੀਤ ਗਾਇਕਾਂ ਵਿਚ ਹੀਰਾ ਸਿੰਘ ਦਰਦ (1889-1965) ਦਾ ਨਾਮ ਮਾਣ ਨਾਲ ਲਿਆ ਜਾਂਦਾ ਹੈ। ਦਰਦ ਜੀ ਨੇ ਆਪਣੇ ਭਾਵਾਂ ਤੇ ਵਿਚਾਰਾਂ ਦੀ ਤਰਜ ਮਾਨੀ ਕਰਨ ਲਈ ਸਿੱਖ ਇਤਿਹਾਸ ਤੇ ਮਿਥਿਹਾਸ ਵਿਚੋਂ ਕਥਾਨਕਾਂ ਤੇ ਪ੍ਰਸੰਗਾਂ ਦਾ ਸਹਾਰਾ ਲੈ ਕੇ ਸਮਕਾਲੀ ਸਮਾਜ ਦੀ ਦਰਦ ਭਰੀ ਅਵਸਥਾ ਦਾ ਚਿਤਰਣ ਕੀਤਾ ਹੈ। ਉਨ੍ਹਾਂ ਦਾ ਢੇਰ ਸਾਰਾ ਕਾਵਿ-ਸਾਹਿਤ ਹੈ ਪਰ ਉਨ੍ਹਾਂ ਦੀਆਂ ਪ੍ਰਤਿਨਿਧ ਕਾਵਿ-ਪੁਸਤਕਾਂ ਵਿਚ “ਦਰਦ ਸੁਨੇਹੇ” ਤੇ “ਚੌਣਵੇਂ ਦਰਦ ਸੁਨੇਹੇ” ਉਲੇਖਯੋਗ ਹਨ। ਡਾ. ਪਿਆਰ ਸਿੰਘ ਦੇ ਸ਼ਬਦਾਂ ਵਿਚ “ਇਨ੍ਹਾਂ ਕਵਿਤਾਵਾਂ ਦਾ ਪ੍ਰਧਾਨ ਸ੍ਵਰ ਦਰਦ ਹੈ ਦੇਸ਼ ਦਾ ਦਰਦ, ਭੁੱਖੇ ਨੰਗਿਆਂ ਦਾ ਦਰਦ, ਮਜ਼ਲੂਮਾਂ ਦਾ ਦਰਦ, ਕਿਰਤੀ ਕਾਮਿਆਂ ਦਾ ਦਰਦ ਤੇ ਬੱਚੇ-ਔਰਤਾਂ ਦਾ ਦਰਦ । ਇਸ ਦਰਦ ਭਰੀ ਹੂਕ ਦੇ ਕਾਰਨ ਹੀ ਦਰਦ ਜੀ ਦੀ ਕਵਿਤਾ ਪਿੰਗਲ ਦੀਆਂ ਤਰੁੱਟੀਆਂ ਦੇ ਬਾਵਜੂਦ ਧੂਹ ਪਾਣ ਵਾਲੀ ਹੈ”। ਇਸੇ ਕਾਲ-ਖੰਡ ਦਾ ਇਕ ਹੋਰ ਕਵੀ ਗੁਰਮੁਖ ਸਿੰਘ ਮੁਸਾਫਰ (1899-1976) ਆਜ਼ਾਦੀ ਅੰਦੋਲਨ ਦੀ ਉਪਜ ਹੈ। ਧਾਰਮਿਕ ਲਹਿਰਾਂ ਤੇ ਆਜ਼ਾਦੀ ਸੰਗਰਾਮ ਨਾਲ ਜੁੜਿਆ ਹੋਣ ਕਰਕੇ ਮੁਸਾਫਰ ਜੀ ਨੂੰ ਕਈ ਤਰ੍ਹਾਂ ਦੀਆਂ ਪੀੜਾਂ ਦਾ ਅਨੁਭਵ ਕਰਨਾ ਪਿਆ ਜੋ ਉਸ ਦੀ ਕਾਵਿ ਅਨੁਭੂਤੀ ਦਾ ਅੰਗ ਬਣਕੇ ਕਵਿਤਾਵਾਂ ਦੀ ਸ਼ਕਲ ਵਿਚ ਰੂਪਾਂਤਰਿਤ ਹੋਈਆਂ ਹਨ। ਆਪਦੇ ਕਈ ਸੰਗ੍ਰਹਿ ਮਿਲਦੇ ਹਨ ਜਿਵੇਂ ਸਬਰ ਦੇ ਬਾਣ, ਪ੍ਰੇਮ- ਬਾਣ, ਜੀਵਨ ਪੰਧ, ਮੁਸਾਫਰੀਆਂ, ਟੁਟੇ ਖੰਭ, ਕਾਵਿ-ਸੁਨੇਹੇ, ਸਦਾਚਾਰਕ । ਕਾਵਿ-ਵੰਨਗੀ ਹਾਜ਼ਰ ਹੈ:
ਕਿਥੋਂ ਤੁਰਿਆ, ਕਦ ਦਾ ਤੁਰਿਆ, ਪੁਜਣਾ ਕਦੋਂ ਟਿਕਾਣੇ ?
ਕਦ ਤਕ ਤੁਰਨਾ, ਕਿਥੇ ਜਾਣਾ, ਸੋਚੀ ਪਏ ਸਿਆਣੇ ।
ਜੀਵਨ ਦੀ ਚਿੰਤਾ ਵਿਚ ਕਰ ਰਹੇ ਜੀਵਨ-ਪੰਧ ਨੂੰ ਰੁੱਖਾਂ,
ਪਾਂਧੀ ਦਾ ਕੰਮ ਤੁਰਨਾ ਅੱਗੇ, ਅਗੋਂ ਤੋਰਨ ਵਾਲਾ ਜਾਣੇ ।
ਚਰਨ ਸਿੰਘ ਸ਼ਹੀਦ (1891-1935), ਵਿਧਾਤਾ ਸਿੰਘ ਤੀਰ (1900-1973), ਮੌਲਾ ਬਖ਼ਸ਼ ਕੁਸ਼ਤਾ (1876-1955), घाघु डीवेत्तरीत मृवड (1898-1954), ष्टीत मिथ ष्टीत (1892-1967), ਦਰਸ਼ਨ ਸਿੰਘ ਅਵਾਰਾ (1906-1982), ਕਰਤਾਰ ਸਿੰਘ ਬਲੱਗਣ (1906-1969) ਆਦਿ ਹੋਰ ਇਸ ਦੌਰ ਦੇ ਕਈ ਕਵੀ ਹਨ ਜਿਨ੍ਹਾ ਵਿਚੋਂ ਬਹੁਤਿਆਂ ਦਾ ਸਬੰਧ ਮੁਸ਼ਾਇਰਿਆਂ ਤੇ ਪੰਜਾਬ ਦੇ ਕਵੀ ਦਰਬਾਰਾਂ ਨਾਲ ਰਿਹਾ ਹੈ।