ਆਧੁਨਿਕ ਚਿੱਤਰਕਾਰੀ ਦੇ ਕਲਾਕਾਰ
ਅੰਮ੍ਰਿਤਾ ਸ਼ੇਰਗਿੱਲ
ਅੰਮ੍ਰਿਤਾ ਸ਼ੇਰਗਿੱਲ ਭਾਵੇਂ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਈ ਪਰ ਆਪਣੇ ਪਿੱਛੇ ਆਪਣਾ. ਸਦਾ ਚਮਕਦਾ ਨਾਂ ਛੱਡ ਗਈ ਹੈ। ਉਸ ਤੋਂ ਪਿੱਛੋਂ ਹੋਣ ਵਾਲੇ ਕਈ ਚਿੱਤਰਕਾਰਾਂ ਨੂੰ ਉਸਦੀ ਕਲਾ ਤੋਂ ਪ੍ਰੇਰਣਾ ਮਿਲੀ । ਯੂਰਪ ਵਿਚ ਸਿਖਿਆ ਲੈਣ ਕਰਕੇ ਉਸ ਨੂੰ ਰੰਗਾਂ ਦੀ ਵਰਤੋਂ ਦੀ ਚੰਗੀ ਸੂਝ ਸੀ। ਉਸ ਦੀ ਸ਼ੈਲੀ ਯੂਰਪ ਦੇ ਕੁਝ ਅਜਿਹੇ ਸਮਕਾਲੀ ਚਿੱਤਰਕਾਰਾਂ ਨਾਲ ਮਿਲਦੀ ਸੀ ਜਿਨ੍ਹਾਂ ਉਤੇ ਭਾਵ-ਚਿਤੇਰਿਆਂ, ਵਿਸ਼ੇਸ਼ ਕਰਕੇ ਗਾਊਗੁਇਨ ਦੇ ਚਿੱਤਰਾਂ ਦਾ ਪ੍ਰਭਾਵ ਸੀ । ਇਹ ਸ਼ੈਲੀ ਸ਼ੇਰਗਿੱਲ ਦੇ ਪੂਰਬੀ ਵਾਤਾਵਰਣ ਦੇ ਠੀਕ ਅਨੁਕੂਲ ਸੀ ਤੇ ਭਾਰਤ ਵਾਪਸ ਪਹੁੰਚਣ ਉਤੇ ਉਹ ਇਕ ਉੱਘੇ ਚਿੱਤਰਕਾਰ ਦੇ ਰੂਪ ਵਿਚ ਮੌਲੀ। ਉਸ ਵਿਚ ਘਾੜਤ ਦੀ ਸੂਝ, ਪ੍ਰਭਾਵਸ਼ਾਲੀ ਰੰਗ-ਗਿਆਨ ਤੇ ਦੇਸੀ ਚਿੱਤਰਕਾਰੀ ਦੀ ਭਾਵੁਕਤਾ ਮੌਜੂਦ ਸੀ।
ਸ਼ੇਰਗਿੱਲ ਦੀ ਸਭ ਤੋਂ ਵੱਡੀ ਦੇਣ ਉਸ ਦਾ ਰੰਗ ਭਰਨ ਦਾ ਹੁਨਰ ਹੈ। ਸਮਕਾਲੀ ਚਿੱਤਰਕਾਰਾਂ ਵਿੱਚੋਂ ਬਹੁਤ ਘੱਟ ਉਸ ਦੀ ਅਭੁੱਲ ਤੇ ਆਨੰਦਦਾਇਕ ਰੰਗ-ਸੋਝੀ ਦਾ ਮੁਕਾਬਲਾ ਕਰ ਸਕਦੇ ਹਨ। ਉਸ ਦੇ ਚਿੱਤਰ ਠਰੰਮੇ ਨਾਲ ਬਣਾਏ ਹੁੰਦੇ ਹਨ ਤੇ ਇਨ੍ਹਾਂ ਵਿਚ ਅਵੱਸ਼ ਹੀ ਇਕ ਅਜਿਹੀ ਵਿਉਂਤ ਹੁੰਦੀ ਹੈ ਜਿਸ ਨੂੰ ਵੇਖਦੇ ਸਾਰ ਸਮਝ ਲੈਣਾ ਸੰਭਵ ਨਹੀਂ ਹੁੰਦਾ। ਕਾਰਨ ਇਹ ਕਿ ਵੇਖਣ ਵਾਲੇ ਦੀ ਦ੍ਰਿਸ਼ਟੀ ਤੇ ਵਿਚਾਰਾਂ ਉੱਤੇ ਸਭ ਤੋਂ ਪਹਿਲਾਂ ਸ਼ੇਰਗਿੱਲ ਦੇ ਚਿੱਤਰਾਂ ਦੇ ਜਜ਼ਬਾਤੀ ਪੱਖ ਦਾ ਹੀ ਪ੍ਰਭਾਵ ਪੈਂਦਾ ਹੈ । ਉਸ ਦੇ ਚਿੱਤਰਾਂ ਦੇ ਵਿਸ਼ੇ ਪੇਂਡੂ ਜੀਵਨ ਨਾਲ ਸਬੰਧਤ ਤੇ ਕਾਵਿਮਈ ਹੁੰਦੇ ਹਨ। ਉਸ ਦੇ ਉਦਾਸੀਨ, ਟੱਡੀਆਂ ਨਜ਼ਰਾਂ ਵਾਲੇ, ਸੁਹਲ, ਦਰਦ-ਰੰਞਾਣੇ ਤੇ ਕੋਮਲ ਚਿੱਤਰਾਂ ਵਿਚ ਮੰਦਭਾਗੀ, ਸੰਤੁਸ਼ਟ, ਮਾਸੂਮ ਅਤੇ ਅਸਚਰਜ ਭਰਪੂਰ ਭਾਰਤੀ ਨਾਰੀ ਦੀ ਧੜਕਦੀ ਆਤਮਾ ਦਿਸਦੀ ਹੈ। ਕੋਈ ਵੀ ਹੋਰ ਇਸ ਤਰ੍ਹਾਂ ਦੇ ਸੋਜ਼ ਨੂੰ ਅਜਿਹੇ ਕਾਵਿਮਈ ਰੂਪ ਵਿਚ ਨਹੀਂ ਚਿੱਤਰ ਸਕਿਆ ਅਤੇ ਇਸੇ ਗੁਣ ਕਾਰਨ ਬਹੁਤ ਸਾਰੇ ਕਲਾ ਤੋਂ ਅੰਞਾਣ ਬੰਦੇ ਵੀ ਸ਼ੇਰਗਿੱਲ ਦੇ ਹੁਨਰ ਦੀ ਸ਼ਲਾਘਾ ਕਰਦੇ ਹਨ।
ਅੰਮ੍ਰਿਤਾ ਸ਼ੇਰਗਿੱਲ ਦੀ ਮਹੱਤਤਾ ਦਾ ਕਾਰਨ ਇਹ ਹੈ ਕਿ ਇਸ ਨਾਲ ਆਧੁਨਿਕ ਭਾਰਤੀ ਚਿੱਤਰਕਾਰੀ ਵਿਚ ਇਕ ਨਵਾਂ ਯੁੱਗ ਸ਼ੁਰੂ ਹੁੰਦਾ ਹੈ । ਸ਼ੇਰਗਿੱਲ ਦੇ ਚਿੱਤਰਾਂ ਨੂੰ ਵੇਖ ਕੇ ਚਿੱਤਰਕਾਰ ਘੋਲਵੇਂ ਤੇ ਪਾਣੀ ਵਾਲੇ ਰੰਗਾਂ ਦੀ ਥਾਂ ਤੇਲ ਵਾਲੇ ਰੰਗਾਂ ਦੀ ਵਰਤੋਂ ਕਰਨ ਲੱਗ ਪਏ। ਬਾਅਦ ਦੇ ਕਈ ਚਿੱਤਰਕਾਰਾਂ ਦੀ ਸ਼ੈਲੀ ਸ਼ੇਰਗਿੱਲ ਦੀ ਸ਼ੈਲੀ ਨਾਲ ਮਿਲਦੀ-ਜੁਲਦੀ ਹੈ। ਉਸ ਦੇ ਚਿੱਤਰਾਂ ਦੀ ਸ਼ੈਲੀ ਭਾਵੇਂ ਮਿਲੀ-ਜੁਲੀ ਸ਼ੈਲੀ ਸੀ ਪਰ ਇਨ੍ਹਾਂ ਨਾਲ ਭਾਰਤ ਦੀ ਆਧੁਨਿਕ ਕਲਾ ਵਿਚ ਤੋਖਾ ਵਾਧਾ ਹੋਇਆ ਤੇ ਵਧੇਰੇ ਤਜਰਬੇ ਕਰਨ ਲਈ ਪ੍ਰੇਰਣਾ ਮਿਲੀ।
ਕੇ.ਸੀ. ਆਰੀਅਨ
ਸ੍ਰੀ ਆਰੀਅਨ ਦੀ ਸ਼ੈਲੀ ਦਾ ਆਰੰਭ ਲੋਕ-ਕਲਾ ਤੋਂ ਹੁੰਦਾ ਹੈ ਅਤੇ ਦਿਹਾਤੀ ਜਨਤਾ ਦੇ ਬਲਵਾਨ ਤੇ ਪ੍ਰਾਚੀਨ ਪ੍ਰਗਟਾਉ ਨੂੰ ਸਜੀਵ ਬਣਾਉਣ ਵਾਲੀਆਂ ਸਭ ਖੂਬੀਆਂ ਉਸ ਦੀ ਕਿਰਤ ਵਿਚ ਮੌਜੂਦ ਹਨ। ਇਸ ਦੇ ਚਿੱਤਰਾਂ ਦੀ ਸਜਾਵਟ ਦਾ ਆਧਾਰ ਬਹੁਤ ਕਰਕੇ ਗੂੜ੍ਹੀਆਂ ਗੂੜ੍ਹੀਆਂ ਰੇਖਾਵਾਂ ਤੇ ਹੈ। ਇਹ ਕਲਾਕਾਰ ਧਾਤੀ ਮੂਰਤੀਆਂ ਦੇ ਨਮੂਨਿਆਂ ਤੇ ਢੰਗਾਂ ਤੋਂ ਜਾਣੂ ਹੈ ਤੇ ਜਾਪਦਾ ਹੈ ਇਸ ਨੇ ਇਸ ਕਲਾ ਤੋਂ ਵੀ ਕਾਫੀ ਕੁਝ ਅਪਣਾਇਆ ਹੈ। ਇਨ੍ਹਾਂ ਤੱਤਾਂ ਨੂੰ ਇਕ ਆਧੁਨਿਕ ਸ਼ੈਲੀ ਦਾ ਰੂਪ ਦੇ ਦਿੱਤਾ ਗਿਆ। ਹੈ। ਪੁਲਾੜ (ਸਪੇਸ) ਤੇ ਗੂੜ੍ਹੇ ਪਰ ਮਨ-ਭਾਉਂਦੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ ਦੀ ਸਜਾਵਟ ਦਾ ਸੇਮਾ ਇਨ੍ਹਾਂ ਵਿਚਲੀ ਤਰਤੀਬ ਹੈ। ਚਿੱਤਰ ਦੋ-ਪੱਖੀ ਮੰਨੇ ਗਏ ਹਨ ਅਤੇ ਇਨ੍ਹਾਂ ਦੇ ਚਿੱਤਰਣ ਦਾ ਇਕ ਵਿਸ਼ੇਸ਼ ਢੰਗ ਹੈ। ਸ੍ਰੀ ਆਰੀਅਨ ਦੀ ਸ਼ੈਲੀ ਨਿਖੜਵੀਂ ਤੇ ਵਿਅਕਤੀਗਤ ਹੈ। ਉਸ ਨੂੰ ਵਿਸ਼ੇ ਦੀ ਪ੍ਰੇਰਣਾ ਆਮ ਤੌਰ ਤੇ ਸਮਾਜਕ ਪੜਚੋਲ ਜਾਂ ਬੁੱਤਸਾਜ਼ੀ ਤੋਂ ਮਿਲਦੀ ਹੈ। ਇਹ ਕਲਾਕਾਰ ਦੇਸ਼ ਦੀ ਵੰਡ ਦੇ ਸਮੇਂ ਤੋਂ ਦਿੱਲੀ ਵਿਚ ਕੰਮ ਕਰ ਰਿਹਾ ਹੈ ਅਤੇ ਦਿੱਲੀ ਸ਼ਿਲਪੀ-ਚੱਕ੍ਰ ਦਾ ਇਕ ਮੈਂਬਰ ਹੈ। ਉਸ ਨੇ ਆਪਣਾ ਇਕ ਵਪਾਰਕ ਸਟੂਡੀਓ ਵੀ ਖੋਲ੍ਹਿਆ ਹੋਇਆ ਹੈ ਤੇ ਵਪਾਰਕ ਕਲਾ ਤੇ ਰੇਖਾ ਨਾਂ ਦੀ ਇਕ ਪੁਸਤਕ ਵੀ ਪ੍ਰਕਾਸ਼ਿਤ ਕੀਤੀ ਹੈ।
ਧਨਰਾਜ ਭਗਤ
ਧਨਰਾਜ ਭਗਤ ਅੱਜ ਦੇ ਭਾਰਤ ਦਾ ਬਹੁਤ ਮਸ਼ਹੂਰ ਬੁੱਤਕਾਰ ਹੈ। ਆਪਣੀ ਨਿਰੰਤਰ ਕਿਰਤ-ਵਿਕਾਸ ਅਤੇ ਆਪਣੇ ਮਨੋਰਥ ਦੀ ਲਗਨ ਅਤੇ ਸਿਦਕ ਸਦਕਾ ਉਸ ਵਿਚ ਇਕ ਗੰਭੀਰ, ਹਿੰਮਤੀ, ਅਮਲੀ ਅਤੇ ਆਦਰਸ਼ਕ ਕਲਾਕਾਰ ਦੇ ਸਭ ਗੁਣ ਮੌਜੂਦ ਹਨ।
ਸ੍ਰੀ ਭਗਤ ਕਈ ਸਾਲਾਂ ਤੋਂ ਲੱਕੜੀ, ਪਲਾਸਟਰ, ਧਾਤ ਜਾਂ ਪੱਥਰ ਵਰਗੀਆਂ ਭਿੰਨ ਸਮੱਗਰੀਆਂ ਤੋਂ ਬੁੱਤ ਬਣਾਉਂਦਾ ਆ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹੀ ਇਨ੍ਹਾਂ ਸਮੱਗਰੀਆਂ ਦੀਆਂ ਵਿਸ਼ੇਸ਼ਤਾਈਆਂ ਨੂੰ ਸਮਝ ਕੇ ਵਰਤੋਂ ਵਿਚ ਲਿਆਉਣ ਦੀ ਚੇਸ਼ਟਾ ਕੀਤੀ ਹੈ। ਉਹ ਆਪਣੀ ਸਮੱਗਰੀ ਦੇ ਗੁਣਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਸੇ ਲਈ ਉਹ ਆਪਣੀ ਇਕ ਨਿੱਜੀ ਸ਼ੈਲੀ ਦਾ ਜਨਮ-ਦਾਤਾ ਵੀ ਹੈ। ਸ੍ਰੀ ਭਗਤ ਦਾ ਅਸੂਲ ਇਹ ਹੈ ਕਿ ਸਰਲ ਰੂਪਾਂ ਨੂੰ ਜਿਉਂ ਦੇ ਤਿਉਂ ਵਧਣ ਅਤੇ ਆਪਣੇ ਗੁਣ ਪ੍ਰਗਟਾਉਣ ਦਾ ਮੌਕਾ ਦਿੱਤਾ ਜਾਵੇ। ਉਸ ਦੀ ਕਿਰਤ ਦਾ ਆਧਾਰ ਮਨੁੱਖੀ ਸਰੀਰ ਹੈ ਪਰ ਇਸ ਵਿੱਚੋਂ ਬਨਸਪਤੀ ਦਾ, ਚਾਲ ਦਾ ਤੇ ਮੌਲਣ ਵਾਧੇ ਦਾ ਝੋਲਾ ਪੈਂਦਾ ਹੈ। ਉਹ ਇੱਕੋਂ ਵਿਸ਼ੇ ਦੇ ਭਿੰਨ ਭਿੰਨ ਬੁੱਡ ਬਣਾਉਣ ਵਿਚ ਪ੍ਰਸੰਨਤਾ ਅਨੁਭਵ ਕਰਦਾ ਹੈ, ਹਰੇਕ ਭਾਵ ਨੂੰ ਕਈ ਢੰਗਾਂ ਨਾਲ ਪ੍ਰਗਟਾਉਂਦਾ ਹੈ ਤੇ ਇਨ੍ਹਾਂ ਸਭਨਾਂ ਵਿਚ ਨਿੱਜੀ ਗੁਣਾਂ ਦੀ ਤੇ ਕਲਾਕਾਰ ਦੀ ਕਲਾ ਦੀ ਝਲਕ ਹੁੰਦੀ ਹੈ।
ਇਸ ਬੁੱਤਕਾਰ ਦੀ ਪਿਛਲੇ ਕੁਝ ਸਾਲਾਂ ਦੀ ਕਿਰਤ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਉਹ ਦੋ ਕਿਸਮਾਂ ਵਿਚ ਵੰਡੀ ਜਾ ਸਕਦੀ ਹੈ-ਇਕ ਰੂਪਕ ਤੇ ਸੰਗੀਤਕ, ਦੂਜੀ ਸਾਹਿਤਕ ਤੇ ਪਰਾਸਰੀਰਕ । ਦਰਅਸਲ ਕਲਾਕਾਰ ਰੂਪ ਅਤੇ ਵਿਸ਼ੇ ਦੇ ਚੰਗੇਰੇ ਮੇਲਜੋਲ ਦੇ ਸਾਧਨਾਂ ਦੀ ਖੋਜ ਵਿਚ ਹੈ।
ਸ੍ਰੀ ਭਗਤ ਦੇ ਬੁੱਤਾਂ ਵਿਚ ਮਨ ਦੀ ਪਕੇਰੀ ਅਵਸਥਾ ਸਾਫ ਦਿੱਸਦੀ ਹੈ। ਉਹ ਸਮਕਾਲੀ ਕਲਾ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ ਅਤੇ ਭੂਤਕਾਲ ਦੀ ਬੁੱਤਕਾਰੀ ਨਾਲ ਵੀ ਆਪਣਾ ਸਬੰਧ ਜੋੜਨ ਦਾ ਚਾਹਵਾਨ ਹੈ।
ਸਤੀਸ਼ ਗੁਜਰਾਲ
ਸਤੀਸ਼ ਗੁਜਰਾਲ ਦੀ ਸ਼ੈਲੀ ਵਿਚ ਨਾਟਕੀ ਤੀਬਰਤਾ ਹੈ। ਉਸ ਨੂੰ ਬਹੁਤ ਗ਼ਮਾਂ ਅਤੇ ਮੁਸੀਬਤਾਂ ਦਾ ਤਜਰਬਾ ਹੈ ਅਤੇ ਇਸੇ ਕਾਰਨ ਉਹ ਬਦੀ ਦੇ ਭੈ ਤੇ ਸ਼ਕਤੀ ਨੂੰ ਚੰਗੀ ਤਰ੍ਹਾਂ ਦਰਸਾ ਸਕਦਾ ਹੈ। ਉਸ ਦਾ ਪੈਮਾਨਾ, ਵਿਸਾ ਤੇ ਵਿਚਾਰ ਦਲੇਰੀ-ਭਰੇ ਹਨ ਅਤੇ ਉਸ ਦੇ ਗੂੜ੍ਹ ਭਾਵੀ ਚਿੱਤਰਾਂ ਵਿਚ ਦੀਵਾਰੀ ਚਿੱਤਰਾਂ ਦੀ ਲੈਅ ਹੈ। ਭਾਰਤ ਦੀ ਵੰਡ ਤੋਂ ਉਪਜੀ ਗੁੱਸੇ ਦੀ ਲਹਿਰ ਨੇ ਸ੍ਰੀ ਗੁਜਰਾਲ ਨੂੰ ਆਪਣੇ ਰਾਹ ਤੋਂ ਹਟਾ ਦਿੱਤਾ। ਉਸ ਦੀ ਕਿਰਤ ਬ੍ਰਿਤਾਂਤਕ ਕਹਾਣੀਆਂ ਸੁਣਨ ਵਾਲਿਆਂ ਨੂੰ ਇਕ ਝਟਕਾ ਦੇਂਦੀ ਹੈ ਅਤੇ ‘ਮਾਯੂਸੀ’, ‘ਜੁਲਮ’ ਤੇ ‘ਨਿਰਾਸਤਾ’ ਵਰਗੇ ਭੈ ਤੋਂ ਉਤਪੰਨ ਵਿਸ਼ਿਆਂ ਦੇ ਵਿਚਾਰਣ ਲਈ ਮਜ਼ਬੂਰ ਕਰ ਦਿੰਦੀ ਹੈ ਸ੍ਰੀ ਗੁਜਰਾਲ ਨੇ ਆਧੁਨਿਕ ਮੈਕਸੀਕੋਈ ਹੁਨਰ ਦਾ ਅਧਿਐਨ ਕੀਤਾ ਹੈ ਤੇ ਇਸ ਨਾਲ ਉਸ ਦੀ ਸ਼ੈਲੀ ਹੋਰ ਵੀ ਤੀਬਰ ਹੋ ਗਈ ਹੈ। ਨਾਟਕੀ ਵਿੱਥ ਸੂਝ, ਗੰਭੀਰ ਤੇ ਸਾਦੇ ਰੰਗ, ਜ਼ੁਲਮਾਂ ਦੇ ਚਿੰਨ੍ਹ ਤੇ ਕਿਸਮਤ ਦੀਆਂ ਜ਼ੰਜੀਰਾਂ ਵਿਚ ਘਿਰੀਆਂ ਅਤੇ ਜਕੜੀਆਂ ਸੂਰਤਾਂ ਉਸ ਦੀ ਸ਼ੈਲੀ ਦੇ ਅੰਗ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਉਹ ਕਈ ਪ੍ਰਕਾਰ ਦੇ ਜਜ਼ਬੇ ਪੈਦਾ ਕਰਨ ਵਾਲੇ ਚਿੱਤਰ ਚਿੱਤਰਦਾ ਹੈ । ਸਭ ਤੋਂ ਉੱਤਮ ਚਿੱਤਰ ਚਿੱਤਰਨ ਵਿਚ ਉਸ ਨੂੰ ਦੁੱਖ-ਭਰਪੂਰ ਵਹਿਣ ਤੋਂ ਪ੍ਰੇਰਨਾ ਮਿਲੀ ਹੈ; ਉਨ੍ਹਾਂ ਵਿਚੋਂ ਤਬਾਹੀ ਦੀ ਮਾਯੂਸ ਝਲਕ ਪੈਂਦੀ ਹੈ ਅਤੇ ਉਹ ਦਰਸ਼ਕ ਦੇ ਮਨ ਵਿਚ ਰਹਿਮ ਤੇ ਡਰ ਦੋਵੇਂ ਪੈਦਾ ਕਰਦੇ ਹਨ । ਸ੍ਰੀ ਗੁਜਰਾਲ ਇਸ ਮਹਾਨ ਢੰਗ ਦੀ ਵਰਤੋਂ ਦਾ ਉਸਤਾਦ ਹੈ। ਉਹ ਇਸ ਨੂੰ ਆਪਣਾ ਪੇਸ਼ਾ ਸਮਝਦਾ ਹੈ ਅਤੇ ਮਨੁੱਖ ਤੇ ਉਸ ਦੀ ਜ਼ਿੰਦਗੀ ਸਬੰਧੀ ਬੜੇ ਭਰੋਸੇ ਨਾਲ ਬਣਾਏ ਚਿੱਤਰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਸ੍ਰੀ ਗੁਜਰਾਲ ਨੂੰ 1956 ਤੇ 1957 ਵਿਚ ਅਕਾਦਮੀ ਦਾ ਇਨਾਮ ਮਿਲ ਚੁੱਕਾ ਹੈ। ਉਸ ਨੇ ਕੁਝ ਕੁ ਬਹੁਤ ਵਧੀਆ ਚਿੱਤਰ ਖਿੱਚੇ ਹਨ।
ਹਰਕਿਸ਼ਨ ਲਾਲ
ਇਸ ਜ਼ਮਾਨੇ ਦੀਆਂ ਬਦਲਦੀਆ ਪਰਿਸਥਿਤੀਆਂ ਨੂੰ ਸਮਝਣ ਵਾਲਾ ਤੇ ਦਿਲ ਦਾ ਸੁੱਚਾ ਹਰਕਿਸ਼ਨ ਲਾਲ ਪੰਜਾਬ ਅਤੇ ਇਸ ਦੇ ਵਸਨੀਕਾਂ ਦੇ ਨਿੱਘੇ ਅਤੇ ਕੋਮਲ-ਭਾਵੀ ਪ੍ਰਤੀਨਿਧ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ ਹੈ। ਬੰਬਈ ਕਲਾ-ਕੇਂਦਰ ਤੋਂ ਉਸ ਨੇ ਰਵਾਇਤੀ ਤਕਨੀਕ ਸਿੱਖੀ ਅਤੇ ਦਿੱਲੀ ਵਿਚ ਤੇ ਉਸ ਤੋਂ ਬਾਅਦ ਬੰਬਈ ਵਿਚ ਚਿੱਤਰਕਾਰਾਂ ਦੇ ਸਰਗਰਮ ਧੜੇ ਦੇ ਸੰਪਰਕ ਵਿਚ ਆਉਣ ਨਾਲ ਉਸ ਵਿਚ ਨਵੀਆ ਲੀਹਾਂ ਪਾਉਣ ਦਾ ਜਜ਼ਬਾ ਪੈਦਾ ਹੋਇਆ। ਉਹ ਸਹੀ ਅਰਥਾਂ ਵਿਚ ਮਿਹਨਤੀ, ਵਿਸ਼ਲੇਸ਼ਨੀ ਅਤੇ ਭਰੋਸੇ-ਭਰਪੂਰ ਕਲਾਕਾਰ ਹੈ।
ਹਰਕਿਸ਼ਨ ਲਾਲ ਦੇ ਚਿੱਤਰਾਂ ਵਿੱਚੋਂ ਪੰਜਾਬ ਦੀ ਧਰਤੀ ਦਾ ਝਲਕਾਰਾ ਪੈਂਦਾ ਹੈ । ਉਸਦੇ ਚਿੱਤਰ ਮੋਟੇ ਠੁਲ੍ਹੇ, ਸਾਦ-ਮੁਰਾਦੇ ਤੇ ਹਾਸਰਸ-ਭਰਪੂਰ ਹੁੰਦੇ ਹਨ। ਉਸ ਦੀ ਦ੍ਰਿਸ਼ਕਾਰੀ ਵਿਚ ਰੁੱਖ ਤੇ ਸੜਕ ਕਿਨਾਰੇ ਮਕਾਨ ਦਿਖਾਉਣ ਨਾਲ ਅਜਿਹੀ ਨਿੱਗਰਤਾ ਤੇ ਪਕਿਆਈ ਆ ਜਾਂਦੀ ਹੈ ਜਿਹੜੀ ਪੇਂਡੂ ਜੀਵਨ ਦਾ ਖਾਸ ਗੁਣ ਹੈ। ਯੂਰਪ ਵਿਚ ਸਫਰ ਕਰਨ ਨਾਲ ਹਰਕਿਸ਼ਨ ਲਾਲ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ ਹੈ ਅਤੇ ਉਸ ਵਿਚ ਵਧਣ ਅਤੇ ਸਮੇਂ ਅਨੁਸਾਰ ਬਦਲਣ ਦੀ ਸ਼ਕਤੀ ਪੈਦਾ ਹੋ ਗਈ ਹੈ। ਉਸ ਦੇ ਨਵੀਨਤਮ ਚਿੱਤਰਾਂ ਵਿਚ ਉਸ ਦੀ ਪੁਰਾਣੀ ਸ਼ੈਲੀ ਦੇ ਸਰਵੋਤਮ ਅੰਸ਼ਾਂ ਦਾ ਵਿਕਾਸ ਹੈ ਅਤੇ ਰੰਗਾਂ ਵਿਚ ਹੋਰ ਆਧੁਨਿਕ ਛੋਹ । ਇਨ੍ਹਾਂ ਵਿਚ ਗੂੜ੍ਹੇ ਗੂੜ੍ਹੇ ਰੰਗਾਂ ਦੀ ਥਾਂ ਫਿੱਕੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਪ੍ਰਗਟਾਉ ਲਈ ਹੋਰ ਬਾਰੀਕੀ ਤੋਂ ਕੰਮ ਲਿਆ ਗਿਆ ਹੈ। ਇਹ ਕਲਾਕਾਰ ਭਾਵੇਂ ਉਮਰ ਦਾ ਛੋਟਾ ਹੀ ਹੈ ਪਰ ਕਈ ਇਨਾਮ ਜਿੱਤ ਚੁੱਕਾ ਹੈ ਅਤੇ ਸਰਕਾਰੀ ਸਭਿਆਚਾਰਕ ਵਜ਼ੀਫ਼ੇ ਲਈ ਵੀ ਚੁਣਿਆ ਗਿਆ ਹੈ।
ਕੰਵਲ ਕ੍ਰਿਸ਼ਨ
ਕੰਵਲ ਕ੍ਰਿਸ਼ਨ ਜਮਾਂਦਰੂ ਯਾਤਰੀ ਹੈ। ਉਸ ਨੂੰ ਪਹਾੜਾਂ ਦੀ ਸ਼ਾਨ ਸ਼ੌਕਤ ਤੋਂ ਤੇ ਪਹਾੜਾਂ ਦੇ ਵਸਨੀਕਾਂ ਤੋਂ ਪ੍ਰੇਰਨਾ ਮਿਲੀ ਹੈ । ਪਾਣੀ-ਰੰਗਾਂ ਦੀ ਵਰਤੋਂ ਕਰਨ ਵਾਲਾ ਚਿੱਤਰਕਾਰ ਹੋਣ ਸਦਕਾ ਉਸ ਦੇ ਮੌਕੇ ਉੱਤੇ ਬਣਾਏ ਚਿੱਤਰਾਂ ਵਿਚ ਕਮਾਲ ਦੀ ਤਾਜ਼ਗੀ, ਪਕਿਆਈ ਅਤੇ ਤਨਜ਼ ਹੈ ਅਤੇ ਇਨ੍ਹਾਂ ਗੁਣਾਂ ਕਰਕੇ ਹੀ ਉਸ ਦੇ ਇਨ੍ਹਾਂ ਚਿੱਤਰਾਂ ਦੀ ਮਹੱਤਤਾ ਹੈ। ਹੋਰ ਕੋਈ ਕਲਾਕਾਰ ਪੁਰਾਣੇ ਮੱਠਾਂ ਦੀ ਇਕੱਲ ਤੋਂ ਜਾਂ ਹਿਮਾਲੀਆ ਦੀਆਂ ਬਰਫ ਨਾਲ ਢੱਕੀਆ ਧਾਰਾਵਾਂ ਦੀ ਗੂੜ੍ਹੀ ਚੁੱਪ-ਚਾਂ ਤੋਂ ਕੰਵਲ ਕ੍ਰਿਸ਼ਨ ਜਿੰਨਾ ਪ੍ਰਭਾਵਿਤ ਨਹੀਂ ਹੋਇਆ। ਕੰਵਲ ਕ੍ਰਿਸ਼ਨ ਨੇ ਸਫ਼ਰ ਬਹੁਤ ਕੀਤਾ ਹੈ। ਉਹ ਤਿੱਬਤ ਤੇ ਉਸ ਤੋਂ ਬਾਅਦ ਸਕੈਂਡੇਨੇਵੀਆ ਤੇ ਮੰਗੋਲੀਆ ਵੀ ਗਿਆ । ਦੂਜੇ ਲੋਕਾਂ ਦੀ ਕਲਾ ਨਾਲ ਉਸ ਦਾ ਦਿਲੀ ਪਿਆਰ ਹੈ ਤੇ ਉਸ ਨੇ ਕਈ ਜਾਤੀਆਂ ਦੇ ਹੁਨਰ, ਵਿਸ਼ੇਸ਼ ਕਰਕੇ, ਲੋਕ-ਹੁਨਰ ਇਕੱਤਰ ਕੀਤੇ ਹਨ। ਉਸ ਦੇ ਤੇਲ-ਰੰਗਾਂ ਵਾਲੇ ਚਿੱਤਰਾਂ ਦੀ ਸ਼ੈਲੀ ਬੋਝਲ ਅਤੇ ਭਾਰੀ ਹੈ ਅਤੇ ਉਨ੍ਹਾਂ ਦੇ ਰੰਗਾਂ ਦੀ ਤਰਤੀਬ ਅਵੱਸ਼ ਹੀ ਉੱਤਰੀ ਕਿਸਮ ਦੀ ਹੈ। ਕੰਵਲ ਕ੍ਰਿਸ਼ਨ ਇਸ ਸਮੇਂ ਮਾਡਰਨ ਸਕੂਲ, ਨਵੀਂ ਦਿੱਲੀ ਦੇ ਕਲਾ-ਵਿਭਾਗ ਦਾ ਡਾਇਰੈਕਟਰ ਹੈ। ਉਸ ਤੇ ਉਸ ਦੀ ਪਤਨੀ ਨੇ, ਜੋ ਆਪ ਵੀ ਇਕ ਕਲਾਕਾਰ ਹੈ, ਕੁਝ ਸਾਲਾਂ ਵਿਚ ਹੀ ਇਸ ਵਿਭਾਗ ਨੂੰ ਐਸੇ ਪਾਏ ਤੇ ਲੈ ਆਂਦਾ ਹੈ ਕਿ ਇਸ ਵਿਚ ਕਈ ਤਜਰਬੇ ਕੀਤੇ ਜਾ ਰਹੇ ਹਨ ਅਤੇ ਇਕ ਨਵੀਂ ਰੂਹ ਫੂਕੀ ਗਈ ਹੈ। ਉਹ ਇਸ ਵੇਲੇ ਦਿੱਲੀ ਸ਼ਿਲਪ-ਚੱਕ੍ਰ ਦਾ ਪਰਧਾਨ ਹੈ। ਇਹ ਸ਼ਿਲਪ-ਚੱਕ੍ਰ, ਦਿੱਲੀ ਅਤੇ ਹੋਰ ਚਿੱਤਰਕਾਰਾਂ ਤੇ ਬੁੱਤ-ਸਾਜ਼ਾਂ ਦੇ ਭਾਈਚਾਰੇ ਦੀ ਇਕ ਸੰਸਥਾ ਹੈ।
ਕ੍ਰਿਸ਼ਨ ਖੰਨਾ
ਕ੍ਰਿਸ਼ਨ ਖੰਨਾ ਸਾਡੇ ਅਜਿਹੇ ਨੌਜਵਾਨ ਆਧੁਨਿਕ ਚਿੱਤਰਕਾਰਾਂ ਵਿਚੋਂ ਇਕ ਹੈ ਜਿਨ੍ਹਾਂ ਦੀ ਸ਼ਲਾਘਾ ਉਨ੍ਹਾਂ ਦੀ ਕਿਰਤ ਦੇ ਗੁਣਾਂ ਕਰਕੇ ਕੀਤੀ ਜਾਂਦੀ ਹੈ। ਇਹ ਕਲਾਕਾਰ ਆਪਣੇ ਚਿੱਤਰਾਂ ਵਿਚ ਦ੍ਰਿੜ ਵਿਸ਼ਵਾਸ਼ ਅਤੇ ਉਤਸ਼ਾਹ ਭਰਦਾ ਹੈ। ਉਸ ਦੇ ਚਿੱਤਰ ਕੇਵਲ ਵਿਸ਼ੇ ਨਾਲ ਸਬੰਧਤ ਵਿਚਾਰ ਹੀ ਨਹੀਂ ਪੈਦਾ ਕਰਦੇ ਸਗੋਂ ਕਲਾ ਦੀ ਝਲਕ ਅਤੇ ਉਸ ਦੀ ਸਾਧਨਾਂ ਵੀ ਦਰਸਾਉਂਦੇ ਹਨ। ਖੰਨਾ ਆਪਣੇ ਚਿੱਤਰਾਂ ਵਿਚ ਘੱਟ ਤੋਂ ਘੱਟ ਸਾਧਨਾਂ ਦੀ ਵਰਤੋਂ ਕਰਦਾ ਹੈ। ਇਨ੍ਹਾਂ ਵਿਚ ਲਕੀਰਾਂ ਦੀ ਭਰਮਾਰ ਹੁੰਦੀ ਹੈ ਅਤੇ ਫਿੱਕੇ ਤੇ ਪ੍ਰਭਾਵਸ਼ਾਲੀ ਰੰਗਾਂ ਦੀ ਵਰਤੋਂ ਦੇ ਨਾਲ ਕਾਲੇ ਰੰਗ ਦੀ ਉਚੇਚੀ ਵਰਤੋਂ ਹੁੰਦੀ ਹੈ। ਲਕੀਰ, ਵਿੱਥ ਤੇ ਰੂਪ ਨੂੰ ਇਸ ਤਰ੍ਹਾਂ ਵਿਉਂਤਿਆ ਜਾਂਦਾ ਹੈ ਕਿ ਇਨ੍ਹਾਂ ਨਾਲ ਕੁਝ ਪ੍ਰਤੱਖ ਤੇ ਕੁੱਝ ਸੁਝਾਉ ਚਿੱਤਰ ਤਿਆਰ ਹੋ ਜਾਂਦਾ ਹੈ ।
ਕ੍ਰਿਸ਼ਨ ਖੰਨਾ ਕਵਿਤਾ ਤੇ ਨਾਟਕ ਵਰਗੇ ਦੂਸਰੇ ਹੁਨਰਾਂ ਵਿਚ ਵੀ ਦਿਲਚਸਪੀ ਰੱਖਦਾ ਹੈ। ਉਹ ਯੂਰਪ ਦਾ ਸਫ਼ਰ ਕਰ ਚੁੱਕਾ ਹੈ। ਉਸ ਦਾ ਦ੍ਰਿਸ਼ਟੀਕੋਣ ਆਧੁਨਿਕ ਹੈ ਅਤੇ ਉਸ ਵਿਚ ਬਿਜਲੀ ਵਰਗੀ ਸੱਤਾ ਹੈ।
ਰਾਮ ਕੁਮਾਰ
ਰਾਮ ਕੁਮਾਰ ਚਿੱਤਰਕਾਰੀ ਦੀ ਸਮਕਾਲੀ ਸ਼ੈਲੀ ਅਤੇ ਚਿੱਤਰਕਾਰਾਂ ਦੀ ਨਵੀਂ ਪੀੜ੍ਹੀ ਵਿੱਚੋਂ ਹੈ । ਉਸ ਦੇ ਚਿੱਤਰਾਂ ਵਿੱਚੋਂ ਇਕਸਾਰਤਾ ਅਤੇ ਸਤਵਾਦਤਾ ਨਜ਼ਰ ਆਉਂਦੀ ਹੈ। ਉਸ ਨੇ ਆਪਣੇ ਚਿੱਤਰਾਂ ਵਿਚ ਇਕ ਸਪਸ਼ਟਤਾ ਲਿਆਂਦੀ ਹੈ ਜੋ ਵਿਉਂਤ, ਤਰਤੀਬ ਤੇ ਸਾਦਗੀ ਦੀ ਸਿਖਰ ਨੂੰ ਛੂੰਹਦੀ ਹੈ। ਉਸ ਦੇ ਵਿਸ਼ੇ ਕੁਝ ਕੁਝ ਸਾਹਿਤਕ ਹਨ ਪਰ ਇਉਂ ਹੋਣਾ ਅਵੱਸ਼ਕ ਸੀ ਕਿਉਂਕਿ ਉਹ ਆਪ ਹਿੰਦੀ ਵਿਚ ਨਾਵਲ ਤੇ ਛੋਟੀ ਕਹਾਣੀ ਲਿਖਦਾ ਹੈ ।
ਰਾਮ ਕੁਮਾਰ ਦਾ ਵਿਸ਼ਾ ਸ਼ਹਿਰੀ ਸੁਸਾਇਟੀ ਦੇ ਮਨੁੱਖ ਦੀ ਦੁਰਦਸ਼ਾ ਹੈ। ਉਸ ਦੇ 1954 ਦੇ ਉੱਘੇ ਚਿੱਤਰਾਂ ਦੇ ਸਿਰਲੇਖਾਂ ਨੂੰ ਪੜ੍ਹਨ ਤੋਂ ਹੀ ਉਨ੍ਹਾਂ ਦੀ ਵਸਤੂ ਦਾ ਪਤਾ ਲਗ ਜਾਂਦਾ ਹੈ ਜਿਵੇਂ ‘ਮੰਗਤੇ, ਹਨੇਰਾ’, ਭਵਿੱਖ’, ‘ਗਲੀਆਂ ਵਿਚ’, ‘ਵਾਕੇ ਕੱਟਣਾ’, ‘ਬੇਰੁਜ਼ਗਾਰ ਗ੍ਰੈਜੂਏਟ’ ਅਤੇ ‘ਨੀਵੀਆਂ ਡੂੰਘਾਣਾਂ’ । ਯੂਰਪ ਤੋਂ ਵਾਪਸ ਆਉਣ ਤੇ 1956 ਵਿਚ ਚਿੱਤਰੇ ਚਿੱਤਰਾਂ ਦੀ ਲੜੀ ਤੋਂ ਵੀ ਇਹੋ ਕੁਝ ਦਿੱਸਦਾ ਹੈ। ਸਿਰਫ ਸਥਾਨ ਹੀ ਬਦਲਿਆ ਗਿਆ ਹੈ; ਕਰੋਲ ਬਾਗ਼ ਜਾਂ ਭਾਰਤੀ ਸ਼ਹਿਰਾਂ ਦੀਆਂ ਬੇਰੌਣਕ ਗਲੀਆਂ ਦੀ ਥਾਂ ਸਾਈਨ ਦੇ ਕਿਨਟਾਰੇ ਜਾਂ ਬੁਡਾਪੈਸਟ ਦੇ ਨਜ਼ਾਰੇ ਜਾਂ ਹੰਗਰੀ ਦੀ ਕਿਸੇ ਗਲੀ ਨੇ ਲੈ ਲਈ ਹੈ। ਇਹ ਚਿੱਤਰ ਵੀ ਇਕੱਲੇ, ਆਪਣੇ ਆਪ ਤੋਂ ਜਾਂ ਇਕ ਦੂਜੇ ਤੋਂ ਤੰਗ ਆਏ ਲੋਕਾਂ ਦੇ ਹਨ। 1957 ਦੇ ‘ਉਦਾਸ ਸ਼ਹਿਰ’, (ਜਿਸ ਉੱਤੇ ਉਸ ਨੂੰ ਲਲਿਤ ਕਲਾ ਦਾ ਇਨਾਮ ਮਿਲਿਆ) ਪਰਛਾਵੇਂ’ ਤੇ ‘ਆਵਾਰਾ ਉਸੇ ਲੜੀ ਦੇ ਚਿੱਤਰ ਹਨ।
ਇਹ ਸੁਝਾਉ ਸਿਰਲੇਖ ਕੁਝ ਹੱਦ ਤੱਕ ਰਾਮ ਕੁਮਾਰ ਦੀ ਜੀਵਨ-ਆਲੋਚਨਾ ਦਰਸਾਉਂਦੇ ਹਨ। ਇਨ੍ਹਾਂ ਤੋਂ ਉਸ ਦੇ ਬੁਨਿਆਦੀ ਵਿਚਾਰਾਂ ਦਾ ਵੀ ਪਤਾ ਲਗਦਾ ਹੈ-ਪਹਿਲੇ ਮਨੁੱਖਤਾ ਤੇ ਫੇਰ ਮਨੁੱਖ। ਸਿਰਲੇਖ ਤਾਂ ਭਿਆਨਕ ਹਨ ਪਰ ਚਿੱਤਰ ਨਹੀਂ । ਸ਼ਹਿਰਾਂ ਦੇ ਮਹੱਤਤਾਹੀਨ ਵਾਤਾਵਰਣ ਵਿਚ ਚਲਦੇ
ਫਿਰਦੇ ਇਨ੍ਹਾਂ ਪੀੜਤ ਪਾਤਰਾਂ ਦੇ ਨਾਜ਼ੁਕ ਤੇ ਮਹੱਤਤਾ-ਭਰੇ ਗੁਣਾਂ ਨੂੰ ਕਮਾਲ ਨਾਲ ਚਿੱਤਰਿਆ ਹੈ। ਰੁੱਖੇ ਰੁੱਖ, ਬਿਜਲੀ ਦੇ ਆਕੜੇ ਖੰਭੇ ਅਤੇ ਨੀਲੇ ਆਕਾਸ਼ ਹੇਠ ਇਕਲਵਾਂਝਾ ਮਕਾਨ ਤੇ ਵਲ-ਖਾਂਦੀਆਂ ਗਲੀਆਂ-ਸ਼ਹਿਰ ਦੀਆਂ ਆਂਦਰਾਂ-ਸਭ ਵਾਤਾਵਰਣ ਬਣਾਉਣ ਵਿਚ ਸਹਾਈ ਹਨ। ਹੈਰਾਨੀ ਇਹ ਹੈ ਕਿ ਇਨ੍ਹਾਂ ਪਾਤਰਾਂ ਦੇ ਕਪੜੇ ਬਹੁਤ ਚੰਗੇ ਹੁੰਦੇ ਹਨ ਅਤੇ ਕਈ ਕੋਟ ਟਾਈ ਵਾਲੇ ਹੁੰਦੇ ਹਨ। ਚਿੱਤਰਾਂ ਦੀਆਂ ਕੁਝ ਇਸਤਰੀਆਂ ਨੰਗੀਆਂ ਹਨ ਪਰ ਇਸ ਨੰਗੇਜ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਗਿਆ ਹੈ। ਇਹ ਨੰਗੇਜ ਅਜਿਹਾ ਨਹੀਂ ਕਿ ਉਸ ਵਿਚ ਇਨ੍ਹਾਂ ਦੀ ਕੋਮਲ ਆਤਮਾ
ਅਲੋਪ ਹੋ ਜਾਏ । ਰਾਮ ਕੁਮਾਰ ਲਈ ਯੂਰਪੀ ਬਸਤਰ ਅੱਜ ਕਲ੍ਹ ਦੇ ਸਭਿਆਚਾਰ ਦਾ ਅੰਗ ਹਨ ਅਤੇ ਮੱਧ ਸ਼੍ਰੇਣੀ ਦੀ ਇੱਜ਼ਤ ਲਈ ਜ਼ਰੂਰੀ ਹਨ ਪਰ ਨਾਟਕੀ ਵਿਅਕਤੀ ਕੇਵਲ ਬਾਹਰੋਂ ਬਾਹਰੋਂ ਹੀ ਇਸ ਪਰਪਾਟੀ ਦੀ ਪਾਲਣਾ ਕਰਦੇ ਹਨ ਅਤੇ ਆਪਣੇ ਉਬਾਲਾਂ ਕਾਰਨ ਅੰਦਰੋਂ ਵੀਤਾ ਵੀਤਾ ਹੋਏ ਪਏ ਹਨ। ਉਨ੍ਹਾਂ ਦੇ ਸਾਧਵਰਤੀ ਚਿਹਰਿਆਂ ਤੋਂ ਉਨ੍ਹਾਂ ਦੇ ਅੰਦਰੂਨੀ ਘੋਲ ਦਾ ਪਤਾ ਲਗਦਾ ਹੈ ਤੇ ਉਨ੍ਹਾਂ ਦੀਆਂ ਇਸ਼ਾਰਾ ਕਰਦੀਆਂ, ਤਣੀਆਂ ਹੋਈਆਂ ਜਾਂ ਸਰੀਰ ਨਾਲ ਘੁੱਟੀਆਂ ਹੋਈਆਂ ਬਾਹਾਂ ਅਪੀਲ ਜਾਂ ਡਰ ਦਾ ਭਾਵ ਪ੍ਰਗਟਾਉਂਦੀਆਂ ਹਨ।
ਤਕਨੀਕ ਵਜੋਂ ਰਾਮ ਕੁਮਾਰ ਦੇ ਚਿੱਤਰਾਂ ਵਿਚ ਨਿੱਗਰਤਾ ਹੈ। ਉਸ ਦਾ ਚਿੱਤਰਨ ਦ੍ਰਿੜ੍ਹ ਤੇ ਬਹੁਤ ਘੱਟ ਖੁਰਚ ਵਾਲਾ ਹੈ। ਉਹ ਬਹੁਤੇ ਰੰਗਾਂ ਦੀ ਵਰਤੋਂ ਨਹੀਂ ਕਰਦਾ ਤੇ ਉਸ ਦੀਆਂ ਹਲਕੇ ਹਲਕੇ ਰੰਗਾਂ ਦੀਆਂ ਛੋਹਾਂ ਪ੍ਰਭਾਵ ਪੈਦਾ ਕਰਦੀਆਂ ਹਨ।
ਕੁਝ ਅਜਿਹੀਆਂ ਨਿਸ਼ਾਨੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਕਿਹਾ ਜਾ ਸਕਦਾ ਹੈ ਕਿ ਉਹ ਇਕ ਨਵੇਂ ਦੌਰ ਵਿਚ ਦਾਖ਼ਲ ਹੋ ਰਿਹਾ ਹੈ।
ਪ੍ਰਾਣ ਨਾਥ ਮਾਗੋ
ਜੇ ਕਿਸੇ ਚਿੱਤਰਕਾਰੀ ਦੀ ਸ਼ਖ਼ਸੀਅਤ ਦਾ ਉਸ ਦੀ ਕਿਰਤ ਤੋਂ ਪਤਾ ਲੱਗ ਸਕਦਾ ਹੈ ਤਾਂ ਮਾਗੋ ਦੇ ਚਿੱਤਰਾਂ ਤੋਂ ਚੌਕਸ ਛੋਹਾਂ ਤੇ ਲਕੀਰਾਂ ਦੀ ਇਕਸਾਰਤਾ ਨਾਲ ਪ੍ਰਭਾਵ ਉਤਪੰਨ ਕਰਨ, ਚਾਹੁਣ ਅਤੇ ਸਮਝਣ ਵਾਲੇ ਮਨ ਦਾ ਪਤਾ ਲਗਦਾ ਹੈ । ਸ਼ੁਰੂ ਸ਼ੁਰੂ ਵਿਚ ਉਹ ਪਹਾੜੀ ਰੰਗਦਾਨੀ ਅਤੇ ਭਾਵ-ਚਿਤੇਰਿਆਂ ਤੋਂ ਬਾਅਦ ਦੀ ਚਿੱਤਰਕਾਰੀ ਚਿੱਤਰਨ ਵਿਚ ਲੱਗਾ ਰਿਹਾ। ਉਹ ਰੰਗ ਇੰਨਾ ਮੋਟਾ ਕਰਦਾ ਹੈ ਕਿ ਕਈ ਵਾਰੀ ਇਸ ਦਾ ਪਰਛਾਵਾਂ ਹੀ ਲਕੀਰ ਦਾ ਕੰਮ ਵੀ ਕਰ ਜਾਂਦਾ ਹੈ । ਉਸ ਦੀਆਂ ਵੰਨਗੀਆਂ ਵਧੀਆ ਤੇ ਸਜੀਲੀਆਂ ਹੁੰਦੀਆਂ ਹਨ ਪਰ ਇੰਨੀਆਂ ਨਹੀਂ ਕਿ ਉਨ੍ਹਾਂ ਨਾਲ ਰੂਪ ਹੀ ਬਦਲ ਜਾਵੇ । ਉਸ ਦੀ ਦ੍ਰਿਸ਼ਕਾਰੀ ਅਤੇ ਵਿਸ਼ੇਸ਼ ਕਰਕੇ ਦ੍ਰਿਸ਼ਕਾਰੀ ਵਿਚ ਬਣਾਏ ਚਿੱਤਰ ਉਸ ਦੀ ਉਚੱਤਮ ਕਿਰਤ ਹਨ । ਗੂੜ੍ਹੇ ਰੰਗ, ਜੋ ਯੂਰਪੀ ਭਾਵ-ਚਿਤੇਰਿਆਂ ਲਈ ਅਵੱਸ਼ਕਤਾ ਤੇ ਕਾਹਲ ਦਰਸਾਉਂਦੇ ਹਨ, ਇਸ ਚਿੱਤਰਕਾਰ ਦੀ ਗਹੁ ਨਾਲ ਗ੍ਰਹਿਣ ਕੀਤੀ ਸ਼ੈਲੀ ਹੈ। ਉਸ ਦੇ ਰੰਗ ਨਿੱਘੇ ਅਤੇ ਸੋਹਣੇ ਹਨ ਅਤੇ ਇਨ੍ਹਾਂ ਵਿਚ ਪੀਲੇ, ਬਦਾਮੀ, ਸੰਤਰੀ ਤੇ ਹਰੇ ਰੰਗ ਜ਼ਿਆਦਾ ਪ੍ਰਭਾਵਸ਼ਾਲੀ ਹਨ। ਉਸ ਦਾ ਢੰਗ ਜਜ਼ਬਾਤੀ ਦੀ ਥਾਂ ਰੂਪਕ ਜ਼ਿਆਦਾ ਹੈ ਤੇ ਉਹ ਸੁਤੇ-ਸਿੱਧ ਨਹੀਂ ਸਗੋਂ ਬੜੀ ਘਾਲ ਨਾਲ ਚਿਤਰਦਾ ਹੈ।
ਮਾਗੋ ਕਈ ਸਾਲ ਚਿੱਤਰਕਾਰੀ ਸਿਖਾਉਂਦਾ ਰਿਹਾ ਹੈ, ਪਹਿਲਾਂ ਦਿੱਲੀ ਪੌਲੀਟੈਕਨਿਕ ਦੇ ਹੁਨਰ ਵਿਭਾਗ ਅਤੇ ਫੇਰ ਸ਼ਿਮਲੇ ਦੇ ਆਰਟ-ਸਕੂਲ ਵਿਚ। ਹੁਣ ਉਹ ਸਰਬ-ਭਾਰਤੀ ਘਰੇਲੂ ਉਦਯੋਗ ਸੰਸਥਾ ਵਿਚ ਡੀਜ਼ਾਈਨ ਦੇ ਸਹਾਇਕ ਡਾਇਰੈਕਟਰ ਦੇ ਰੂਪ ਵਿਚ ਕੰਮ ਕਰ ਰਿਹਾ ਹੈ ਅਤੇ ਆਪਣੀ ਪ੍ਰਤਿਭਾ ਨੂੰ ਸਥਾਨਕ ਦਸਤਕਾਰੀ ਦੇ ਸੁਧਾਰਨ ਤੇ ਨਵੀਨੀਕਰਣ ਵਿਚ ਵਰਤ ਰਿਹਾ ਹੈ।
ਭਬੇਸ਼ ਸਾਨਿਆਲ
ਸ੍ਰੀ ਸਾਨਿਆਲ ਦੀ ਪਿਛਲੇ ਵੀਹਾਂ ਸਾਲਾਂ ਤੋਂ ਹੁਨਰ ਦੀ ਦੁਨੀਆ ਵਿਚ ਬੜੀ ਇੱਜ਼ਤ ਤੇ ਸਨੇਹ ਵਾਲੀ ਪਦਵੀ ਰਹੀ ਹੈ । ਜਨਤਾ ਦੁਆਰਾ ਚੰਗੇ ਹੁਨਰ ਦੀ ਕਦਰਦਾਨੀ, ਕਲਾਕਾਰਾਂ ਵਿਚ ਏਕਤਾ ਅਤੇ ਇਕ ਦੂਜੇ ਨੂੰ ਸਮਝਣ ਅਤੇ ਹੁਨਰ ਸਿੱਖਣ ਵਾਲਿਆਂ ਦੇ ਦ੍ਰਿਸ਼ਟੀਕੋਣ ਨੂੰ ਚੌੜੇਰਾ ਅਤੇ ਡੂੰਘੇਰਾ ਕਰਨ ਲਈ ਉਸ ਨੇ ਲਾਹੌਰ ਅਤੇ ਦਿੱਲੀ ਵਿਚ ਬਹੁਤ ਕੰਮ ਕੀਤਾ ਹੈ। ਉਸ ਨੇ ਪਾਣੀ-ਰੰਗਾਂ ਤੇ ਤੇਲ-ਰੰਗਾਂ ਨਾਲ ਉੱਚ ਕਾਵਿਮਈ ਸੁੰਦਰਤਾ ਦੇ ਚਿੱਤਰ ਵੀ ਖਿੱਚੇ ਹਨ ਅਤੇ ਪੱਥਰ-ਘਾੜੇ ਦੇ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਬਹੁਤ ਉੱਘੇ ਉੱਘੇ ਬੁੱਤ ਵੀ ਬਣਾਏ ਹਨ। ਉਸ ਦੀ ਕਿਰਤ ਵਿਚ ਸਾਲ-ਬ-ਸਾਲ ਨਵੇਂ ਗੁਣ ਗ੍ਰਹਿਣ ਕਰਨ ਤੇ ਨਵੇਂ ਨਵੇਂ ਤਜਰਬੇ ਕਰਨ ਦੀ ਸਿਫਤ ਹੈ। ਉਸ ਦੇ ਵਰਤਮਾਨ ਚਿੱਤਰ ਉਸ ਦੀ ਪਕਿਆਈ ਦਾ ਸਿੱਟਾ ਹਨ। ਇਨ੍ਹਾਂ ਵਿਚ ਸਾਦਗੀ ਹੈ ਜੋ ਉਸ ਦੇ ਤਜਰਬੇ ਅਤੇ ਕਵਿਤਾ ਦੀ ਆਤਮਾ ਹੈ।
ਸ੍ਰੀ ਸਾਨਿਆਲ ਦੇ ਸਭ ਤੋਂ ਉੱਚੇ ਵਿਸ਼ੇ ਜਾਂ ਤਾਂ ਗ੍ਰਾਮੀਣ ਜ਼ਿੰਦਗੀ ਉੱਤੇ ਆਧਾਰਤ ਹੁੰਦੇ ਹਨ ਜਾਂ ਸਿੱਧੇ ਇਸ ਵਿੱਚੋਂ ਲਏ ਹੁੰਦੇ ਹਨ। ਉਸ ਦੇ ਚਿੱਤਰਾਂ ਵਿਚ ਪੇਂਡੂ ਜੀਵਨ ਦੀ ਸ਼ਾਂਤੀ ਹੈ ਅਤੇ ਉਸ ਦੇ ਸਮਾਜਕ ਵਿਸ਼ੇ ਵਾਲੇ ਚਿੱਤਰਾਂ ਵਿਚੋਂ ਹੀ ਬਗ਼ਾਵਤ ਝਲਕਦੀ ਹੈ। ਚਿਤੇਰੇ ਦਾ ਚਿੱਤਰਨਾ ਭਾਵੇਂ ਗਮੀ ਦਾ ਹੈ ਭਾਵੇਂ ਖੁਸ਼ੀ ਦਾ, ਭਾਵੇਂ ਹਕਾਇਤੀ ਤੇ ਭਾਵੇਂ ਸਦਾਚਾਰੀ ਹੈ, ਪ੍ਰਮੁੱਖ ਰੂਪ ਵਿਚ ਕਾਵਿਮਈ ਹੀ। ਇੱਥੇ ਇਸਤਰੀ ਆਪਣੇ ਅਸਲ ਇਸਤਰੀ ਵਾਲੇ ਰੂਪ ਵਿਚ ਪੇਸ਼ ਕੀਤੀ ਗਈ ਹੈ ਅਤੇ ਇੱਥੇ ਜ਼ਿੰਦਗੀ ਇਕ ਹਲਕੇ ਰੰਗਾਂ ਵਾਲੀ, ਪੰਛੀਆਂ ਅਤੇ ਸੰਗੀਤਾਂ ਦੀ ਵਸਤੂ ਹੈ।
ਇਹ ਕਲਾਕਾਰ ਇਕ ਮਸ਼ਹੂਰ ਬੁੱਤਕਾਰ ਤੇ ਮੂਰਤੀ-ਚਿਤੇਰਾ ਵੀ ਹੈ। ਦਿੱਲੀ ਪੌਲੀਟੈਕਨਿਕ ਦੇ ਕੋਮਲ ਹੁਨਰਾਂ ਦੇ ਵਿਭਾਗ ਦਾ ਮੁਖੀਆ ਹੋਣ ਦੇ ਨਾਤੇ ਉਹ ਉਦਾਰ-ਚਿੱਤਰ ਵਿਚਾਰ, ਹੌਸਲੇ ਤੇ ਹਮਦਰਦੀ ਦੀ ਸਿੱਖਿਆ ਦਿੰਦਾ ਹੈ। ਉਹ ਕਿਸੇ ਮਾਂਗਵੀਂ ਸ਼ੈਲੀ ਦੇ ਚਿੱਤਰ ਨਹੀਂ ਚਿਤਰਦਾ ਤੇ ਨਾਲ ਹੀ ਉਸ ਦੀ ਕਲਾ ਪਦਾਰਥਕ ਵਿਉਂਤ ਦੇ ਜਾਬਤੇ ਦੇ ਵੀ ਅਨੁਕੂਲ ਹੈ।
ਪਰਾਸ਼ਰ
ਸ੍ਰੀ ਪਰਾਸ਼ਰ ਕੁਦਰਤ ਦਾ ਕਲਾਕਾਰ ਹੈ। ਉਸ ਨੇ ਪੰਜਾਬ ਵਿਚ ਬੰਗਾਲ-ਸਕੂਲ ਦੇ ਗੈਰ-ਵਾਸਤਵਿਕ ਪ੍ਰਭਾਵ ਅਤੇ ਆਧੁਨਿਕ ਯੂਰਪੀ ਤਕਨੀਕਾਂ ਵਿਚਲੀ ਖਾੜੀ ਨੂੰ ਪੂਰਿਆ ਹੈ। ਉਸ ਵਿਚ ਸੁਹਿਰਦਤਾ, ਬੁਨਿਆਦੀ ਸੂਝ ਅਤੇ ਤਜਰਬੇ ਕਰਨ ਦੀ ਹਿੰਮਤ ਹੈ, ਇਸ ਲਈ ਉਸ ਨੇ ਅਜੇਹੇ ਰੂਪਾਂ ਨੂੰ ਅਪਣਾਇਆ ਹੈ ਜੋ ਉਸ ਦੇ ਦੁੱਖ ਮਹਿਸੂਸਦੇ ਕੋਮਲ ਵਿਚਾਰਾਂ ਦੇ ਅਨੁਸਾਰ ਹਨ। ਈਸਾ ਦੀ ਮੂਰਤੀ ਅਤੇ ਟੈਰਾਕੋਟਾ ਸਿਰ ਦੋਵੇਂ ਹੀ ਇਕ ਵਾਸਤਵਿਕ ਸਬੰਧ ਦਰਸਾਉਂਦੇ ਹਨ ਅਤੇ ਨਾਲ ਹੀ ਇਸ ਜ਼ਮਾਨੇ ਦੀਆਂ ਪੀੜਾਂ ਦੇ ਰੂਪਕ ਵੀ ਹਨ। ਸ੍ਰੀ ਪਰਾਸ਼ਰ ਇਕ ਸਿਆਣਾ ਅਧਿਆਪਕ ਵੀ ਹੈ। ਉਸ ਨੂੰ ਚਿੱਤਰਕਾਰੀ ਅਤੇ ਬੁੱਤਕਾਰੀ ਦੀਆਂ ਭਿੰਨ ਭਿੰਨ ਤਕਨੀਕਾਂ ਦਾ ਅਮਲੀ ਗਿਆਨ ਬਹੁਤ ਹੈ।
ਅਮਰ ਨਾਥ ਸਹਿਗਲ
ਸ੍ਰੀ ਸਹਿਗਲ ਉਨ੍ਹਾਂ ਕੁਝ ਕੁ ਕਲਾਕਾਰਾਂ ਵਿੱਚੋਂ ਹੈ ਜਿਨ੍ਹਾਂ ਨੇ ਹੁਨਰ ਵਿਚ ਕਲਪਨਾ ਦੇ ਖ਼ਤਰੇ ਨੂੰ ਮਹਿਸੂਸ ਕੀਤਾ ਹੈ। ਉਸ ਦੀ ਕਲਾ ਦੀ ਪਹਿਲੀ ਨੁਮਾਇਸ਼ ਦਿੱਲੀ ਵਿਚ ਖੁੱਲ੍ਹੀ ਥਾਂ ਉਤੇ ਲੱਗੀ ਸੀ ਅਤੇ ਉਸ ਵਿਚ ਤਰਾਸ਼ੇ ਬੁੱਤ ਅਤੇ ਕੁਝ ਕੁ ਪੁਰਾਣੇ ਧਾਤ ਦੇ ਟੁਕੜੇ ਇਸ ਤਰ੍ਹਾ ਜੋੜੇ ਹੋਏ ਦਿਖਾਏ ਗਏ ਸਨ ਕਿ ਉਨ੍ਹਾਂ ਤੋਂ ਨਵੇ ਰੂਪ ਹੋਂਦ ਵਿਚ ਆ ਗਏ ਸਨ। ਇਨ੍ਹਾਂ ਵਿੱਚੋਂ ਕੁਝ ਪੰਛੀਆਂ ਦੇ ਨਮੂਨੇ ਸਨ, ਕੁਝ ਜਾਨਵਰਾਂ ਦੀਆਂ ਸ਼ਕਲਾਂ ਨਾਲ ਮਿਲਦੇ-ਜੁਲਦੇ ਸਨ ਤੇ ਕੁਝ ਅਜਿਹੇ ਵੀ ਸਨ ਜਿਨ੍ਹਾਂ ਤੋਂ ਕੋਈ ਚੀਜ਼ ਨਵੀਂ ਨਹੀਂ ਸੀ ਬਣਦੀ ਤੇ ਉਹ ਬੱਸ ਤਿੰਨ-ਪੱਖੀ ਢਾਂਚੇ ਹੀ ਸਨ । ਆਪਣੀ ਨਵੀ ਕਿਰਤ ਵਿਚ ਸ੍ਰੀ ਸਹਿਗਲ ਪੁਰਾਣੇ, ਅਜ਼ਮਾਏ ਹੋਏ ਰੂਪਾਂ ਵੱਲ ਹੀ ਆ ਜਾਂਦਾ ਹੈ ਤੇ ਵਿੱਥ ਦੀ ਵਰਤੋਂ ਵੱਲ ਵੀ ਧਿਆਨ ਦਿੰਦਾ ਹੈ । ਪਰ ਇੱਥੇ ਵੀ ਰੂਪਾਂ ਦਾ ਸਾਧਾਰਣੀਕਰਣ ਕਰ ਦਿੱਤਾ ਹੈ। ਉਨ੍ਹਾਂ ਦਾ ਮੁੱਲ ਪ੍ਰਤੀਨਿਧ ਨਹੀਂ, ਸੰਕੇਤਕ ਹੈ ਅਤੇ ਉਹ ਇਧਰ ਉਧਰ ਪੁਲਾੜ ਵਿਚ ਹਰਕਤ ਕਰਦੇ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਕਿਸੇ ਇਕ ਸੰਪੂਰਨ ਇਕਾਈ ਦਾ ਅੰਗ ਦਰਸਾਉਂਦੇ ਹਨ।
ਸ੍ਰੀ ਸਹਿਗਲ ਦੀਆਂ ਕਿਰਤਾਂ ਦਾ ਆਧਾਰ ਪ੍ਰਤੱਖ ਅਤੇ ਸਾਦੇ ਵਿਚਾਰ ਹਨ। ਉਹ ਵੇਰਵੇ ਜਾਂ ਸਜਾਵਟ ਲਈ ਕੋਈ ਮਸਾਲਾ ਨਹੀਂ ਵਰਤਦਾ ਅਤੇ ਨਾ ਹੀ ਉਹ ਭਾਵ-ਚਿੱਤੇਰਿਆਂ ਦੀ ਜੋਸ਼ੀਲੀ ਸ਼ੈਲੀ ਦੀ ਵਰਤੋਂ ਕਰਦਾ ਹੈ।
ਰੂਪਕ ਬੁੱਤ ਤਰਾਸ਼ੀ ਨੇ ਭਾਰਤ ਵਿਚ ਅਜੇ ਉੱਨਤੀ ਕਰਨੀ ਹੈ । ਪੱਛਮ ਵਿਚ, ਜਿੱਥੇ ਇਸ ਤਰ੍ਹਾਂ ਦੀ ਬੁੱਤ-ਤਰਾਸ਼ੀ ਲਈ, ਜੋ ਕੇਵਲ ਮੰਨੀ ਹੀ ਨਹੀਂ ਜਾਂਦੀ ਸਗੋਂ ਉਹ ਹਰਮਨ-ਪਿਆਰੀ ਵੀ ਹੈ, ਵਰਤੀ ਜਾਣ ਵਾਲੀ ਸੰਕੇਤਾਵਲੀ ਆਮ ਸਮਝੀ ਜਾਂਦੀ ਹੈ। ਇਸ ਤਰ੍ਹਾਂ ਦੀ ਬੁੱਤ-ਤਰਾਸ਼ੀ ਢਾਂਚਈ ਸੰਤੁਲਨ ਅਤੇ ਚਾਲਾਂ ਉੱਤੇ ਅਧਾਰਤ ਹੁੰਦੀ ਹੈ । ਭੌਂਦੇ ਸਮਾਇਰਲ ਅਤੇ ਗੋਲ ਵੋਲੀਯੂਟ ਤੱਤਵੀ ਤੇ ਰੂਪਕ ਜਜ਼ਬੇ ਪੈਦਾ ਕਰਦੇ ਹਨ । ਸ੍ਰੀ ਸਹਿਗਲ ਦੀ ਕਿਰਤ ਭਾਵੇਂ ਪਰਤਾਵੀਂ ਤੇ ਆਰੰਭਕ ਹੈ, ਪਰ ਉਹ ਰੂਪ ਉਪਜਾਊ ਵੀ ਹੈ। ਇਹ ਨਵੀਂ ਬੁੱਤ-ਤਰਾਸ਼ੀ ਭਾਵੇਂ ਸੂਖਮ ਹੋਵੇ ਅਤੇ ਭਾਵੇਂ ਪ੍ਰਤੀਨਿਧ, ਇਹ ਅਜੇ ਆਪਣੇ ਰੂਪ ਦੀ ਭਾਲ ਵਿਚ ਹੈ – ਅਜੇਹੇ ਰੂਪ ਦੀ ਭਾਲ ਵਿਚ ਜੋ ਕਲਾਕਾਰ ਦੀ ਉਪਜਾਊ ਕਲਪਨਾ ਅਤੇ ਵਿਅਕਤੀਗਤ ਪ੍ਰਤਿਭਾ ਉੱਤੇ ਆਧਾਰਤ ਹੋਵੇ।
ਠਾਕਰ ਸਿੰਘ
ਉੱਨ੍ਹੀਵੀਂ ਸਦੀ ਦੇ ਅਖ਼ੀਰ ਵਿਚ ਪੰਜਾਬ ਦੇ ਹੁਨਰ-ਸੰਸਾਰ ਦੀ ਸਭ ਤੋਂ ਪ੍ਰਭਾਵਸ਼ਾਲੀ ਸਖ਼ਸੀਅਤ, ਮੇਓ ਸਕੂਲ ਔਫ ਆਰਟ, ਲਾਹੌਰ ਦਾ ਪ੍ਰਿੰਸੀਪਲ ਅਤੇ ਅਜਾਇਬ-ਘਰ ਦਾ ਕਿਊਰੇਟਰ ਜੇ. ਲੌਕਵੁੱਡ ਕਿਪਲਿੰਗ ਸੀ । ਇਹ ਇਕ ਸਿਆਣਾ ਅੰਗਰੇਜ਼ ਸੀ ਜਿਸ ਉੱਤੇ ਪੂਰਬ ਰਫ਼ੇਲ ਸਕੂਲ ਦੇ ਰੋਜ਼ੈਟੀ, ਹਰੋਮਨ ਹੰਟ ਅਤੇ ਬਰਨ ਜੋਨਜ਼ ਦਾ ਪ੍ਰਭਾਵ ਸੀ ਪਰ ਉਸ ਨੇ ਆਪਣੇ ਭਾਰਤੀ ਵਿਦਿਆਰਥੀਆਂ ਨੂੰ ਯੂਨਾਨੀ ਤੇ ਰੋਮਨ ਮਾਡਲਾਂ ਦੀ ਨਕਲ ਕਰਨੀ ਸਿਖਾਈ। ਇਸ ਤਰ੍ਹਾਂ ਜਦੋਂ ਹਾਵੈਲ ਤੇ ਅਬਨਿੰਦਰ ਨਾਥ ਟੈਗੋਰ ਦਾ ਰਫ਼ੇਲ ਤੋਂ ਪਹਿਲਾਂ ਦਾ ਸਥਾਨਕ ਹੁਨਰ ਉੱਤਰ ਵੱਲ ਆਇਆ ਤਾਂ ਉਸ ਸਮੇਂ ਦਾ ਚਾਲੂ ਹੁਨਰ ਅਜੰਤਾ ਦੇ ਹੁਨਰ ਨੂੰ ਪੁਨਰ-ਜੀਵਤ ਕਰਨ ਵਾਲਾ ਨਹੀਂ ਸਗੋਂ ਉੱਨੀਵੀਂ ਸਦੀ ਦਾ ਪ੍ਰਕਿਰਤੀਵਾਦੀ ਯੂਰਪੀ ਹੁਨਰ ਸੀ ।
ਜਾਪਦਾ ਹੈ ਠਾਕੁਰ ਸਿੰਘ ਨੇ ਆਪਣੇ ਇਸ ਯੂਰਪੀ ਮਿੱਤਰ ਦੀ ਸ਼ੁੱਧਤਾਈ ਸਿੱਖ ਲਈ ਹੈ ਅਤੇ ਤਿਪੱਖੀ ਚਿੱਤਰਾਂ ਅਤੇ ਮਾਡਲ ਵਿਚਲੀ ਦਿਸਦੀ ਤਰਤੀਬ ਲਈ ਇਨ੍ਹਾਂ ਦੇ ਦਿਲ ਵਿਚ ਸ਼ਲਾਘਾ ਹੈ। ਕਲਾਕਾਰ ਨੇ ਕੁਝ ਹੁਨਰਮੰਦੀ ਵੀ ਇਸ ਵਿਚ ਸ਼ਾਮਲ ਕੀਤੀ ਹੈ। ਇਸ ਹੁਨਰਮੰਦੀ ਦਾ ਆਧਾਰ ਸਿੱਖ ਸਮੇਂ ਦੀ ਗਿੱਲੇ ਪਲੱਸਤਰ ਦੀ ਚਿੱਤਰਕਾਰੀ ਦੇ ਅਲੋਪ ਹੋਣ ਉਪਰੰਤ ਪੁਰਾਣੇ ਦੀਵਾਰੀ ਚਿੱਤਰਾਂ ਦੀ ਸਹੀ ਸਹੀ ਨਕਲ ਉਤਾਰਨ ਵਿਚ ਹੈ।
ਇਸ ਦੇ ਫਲ-ਸਰੂਪ ਇਕ ਕੱਟੜ ਸ਼ੈਲੀ ਚਲ ਪਈ ਜਿਸ ਦਾ ਕਿਰਤੀ ਰਵੱਈਏ ਅਨੁਸਾਰ ਪਦਾਰਥਾਂ
ਵੱਲ ਬਹੁਤ ਭਾਵੁਕ ਰਵੱਈਆ ਸੀ। ਇਸੇ ਕਾਰਨ ਪਿੱਛੋਂ ਦੇ ਬਹੁਤ ਸਾਰੇ ਸਿਖਾਂਦਰੂਆਂ ਨੇ ਇਸ ਸ਼ੈਲੀ
ਨੂੰ ਨਾ ਅਪਣਾਇਆ।
ਠਾਕੁਰ ਸਿੰਘ ਦੀਆਂ ਚਿੱਤਰੀਆਂ ਮੂਰਤਾਂ ਸ਼ਖ਼ਸੀ ਮੁੱਲ ਦੀ ਪੜਚੋਲ ਹਨ, ਪਰ ਉਸ ਦੇ ਤਸੱਵਰ ਨੂੰ ਪ੍ਰਕ੍ਰਿਤੀਵਾਦ ਨਾਲ ਮਿਲਾਇਆ ਜਾਂਦਾ ਹੈ।
ਸੋਭਾ ਸਿੰਘ
ਸੋਭਾ ਸਿੰਘ ਸੁਭਾ ਅਨੁਸਾਰ ਹੀ ਕਦੀ ਤਾਂ ਰੋਮਾਂਚਕ ਚਿੱਤਰਕਾਰ ਹੈ ਅਤੇ ਕਦੀ ਵਾਸਤਵੀ। ਜਦੋਂ ਕੋਈ ਕੁਝ ਚਾਹ ਰਿਹਾ ਹੋਵੇ ਤਾਂ ਉਸ ਦਾ ਚਿੱਤਰ ਉਸ ਦੇ ਤਸੱਵਰ ਵਿਚ ਚੰਗੀ ਤਰ੍ਹਾਂ ਜਮ ਜਾਂਦਾ ਹੈ । ਉਹ ਅਬਨਿੰਦਰ ਨਾਥ ਟੈਗੋਰ ਦੇ ਸ਼ੁਰੂ ਸ਼ੁਰੂ ਦੇ ਮੁਗਲਈ ਝੁਕਾਉ ਵਾਂਗਰ ਪੰਜਾਬ ਦੀ ਇਸ਼ਕੀਆ ਕਵਿਤਾ ਉੱਤੇ ਆਧਾਰਤ ਚਿੱਤਰ ਚਿੱਤਰਦਾ ਹੈ। ਫੇਰ ਉਹ ਯੱਕ-ਦਮ ਧਰਤੀ ਉੱਤੇ ਉੱਤਰ ਆਉਂਦਾ ਹੈ ਤੇ ਪੱਥਰ ਲਿਜਾਂਦੇ ਕਾਮਿਆਂ, ਪੰਜਾਬ ਦੇ ਪਿੰਡਾਂ ਤੇ ਖੇਤਾਂ ਵਿਚ ਇਸਤਰੀਆਂ ਨੂੰ ਕੰਮ ਕਰਦੇ ਦੇਖਣ ਲੱਗ ਪੈਂਦਾ ਹੈ।
ਉਸ ਦੀ ਤਕਨੀਕ ਦੋਹਾਂ ਹਾਲਤਾਂ ਵਿਚ ਸਹੀ ਸਹੀ ਹੁੰਦੀ ਹੈ ਤੇ ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਕਾਰੀਗਰਾਂ ਦੀ ਕਾਰੀਗਰੀ ਦੀ ਝਲਕ ਹੁੰਦੀ ਹੈ। ਕਿਹਾ ਜਾ ਸਕਦਾ ਹੈ ਕਿ ਉਸ ਨੇ ਅਬਦੁਲ ਰਹਿਮਾਨ ਚੁਗਤਾਈ ਵਾਂਗਰ ਨਰੀਬ ਕਿਸ਼ੋਰੀ ਸਿੰਘ ਲਾਹੌਰੀ ਦੇ ਗੁਰਾਂ ਨੂੰ ਸਿਖਰ ਤੇ ਪਹੁੰਚਾਇਆ। ਫੇਰ ਵੀ ਮੂਰਤੀਕਾਰੀ ਦੇ ਖੇਤਰ ਵਿਚ ਉਹ ਆਧੁਨਿਕ ਯੁੱਗ ਨਾਲ ਆ ਰਲਦਾ ਹੈ।
ਗੁਰਚਰਨ ਸਿੰਘ
ਗੁਰਚਰਨ ਸਿੰਘ ਚਾਲ੍ਹੀ ਸਾਲ ਤੋਂ ਵੱਧ ਸਮੇਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਦੇ ਹੁਨਰ ਦੀ ਸਾਧਨਾ ਕਰ ਰਿਹਾ ਹੈ। ਇਸੇ ਲਈ ਉਹ 1919 ਵਿਚ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਦੇ ਅਧਿਐਨ ਲਈ ਜਾਪਾਨ, ਚੀਨ ਤੇ ਕੋਰੀਆ ਗਿਆ। ਉਸ ਨੇ ਜਾਪਾਨ ਵਿਚ ਆਪਣੀ ਕਿਰਤ ਦੀ ਇਕ ਨੁਮਾਇਸ਼ ਵੀ ਕੀਤੀ ਸੀ।
1922 ਵਿਚ ਭਾਰਤ ਵਾਪਸ ਆਉਣ ਤੋਂ ਬਾਅਦ ਉਹ 15 ਸਾਲ ਤੱਕ ਦਿੱਲੀ ਵਿਚ ਇਕ ਟਾਈਲ ਫੈਕਟਰੀ ਵਿਚ ਕੰਮ ਕਰਦਾ ਰਿਹਾ। ਇਸ ਤੋਂ ਪਿੱਛੋਂ ਲਾਹੌਰ ਦੇ ਗੌਰਮੈਂਟ ਪੋਟਰੀ ਇਨਸਟੀਚੀਊਟ ਦਾ ਮੁੱਖ ਅਫ਼ਸਰ ਬਣ ਗਿਆ। 1952 ਵਿਚ ਉਸ ਨੇ ਦਿੱਲੀ ਵਿਚ ਆਪਣਾ ਸਟੂਡੀਓ ਖੋਲ੍ਹ ਲਿਆ ਜਿਸ ਦਾ ਨਾਉਂ “ਦਿੱਲੀ ਬਲੂ ਆਰਟ ਪੋਟਰੀ” ਹੈ। ਇਸ ਸਟੂਡੀਓ ਵਿਚ ਉਹ ਦਿੱਲੀ ਦੀ ਪੁਰਾਣੀ ਬਲੂ ਪੋਟਰੀ ਨੂੰ ਪੁਨਰ-ਜੀਵਤ ਕਰਨ ਲਈ ਗਲੇਜ਼ ਨਾਲ ਤਜਰਬੇ ਕਰ ਰਿਹਾ ਹੈ। ਇਸ ਦਾ ਮੁਗ਼ਲਾਂ ਦੇ ਜ਼ਮਾਨੇ ਵਿਚ ਬਹੁਤ ਰਿਵਾਜ ਸੀ । ਉਹ ਇਸ ਸਟੂਡੀਓ ਵਿਚ ਇਕ ਘੁਮਿਆਰ ਤੇ ਕੁੱਝ ਅਣਸਿੱਖੇ ਵਿਅਕਤੀਆਂ ਦੀ ਸਹਾਇਤਾ ਨਾਲ, ਆਪਣੇ ਪੇਸ਼ੇ ਦੇ ਗੁਰਾਂ ਅਨੁਸਾਰ ਮਿੱਟੀ ਦੇ ਭਾਂਡੇ, ਪਾਲਸ਼ ਤੇ ਗਲੇਜ਼ ਬਣਾਉਂਦਾ ਹੈ ਤੇ ਭਿੰਨ ਭਿੰਨ ਰੰਗਾਂ ਨੂੰ ਆਪਸ ਵਿਚ ਮਿਲਾਉਂਦਾ ਹੈ। ਇਸ ਦੇ ਕੰਮ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਪਰੰਪਰਾਗਤ ਮੁੱਢਲੇ ਰੂਪਾਂ ਤੋਂ ਲੈ ਕੇ ਆਧੁਨਿਕ ਪਰਤਾਵੀ ਰੂਪਾਂ ਤਕ ਦੀਆਂ ਬਣਤਰਾਂ ਅਤੇ ਗਲੇਜ਼ ਸ਼ਾਮਲ ਹਨ। ਹੁਣੇ ਜਹੇ ਸਰਬ-ਭਾਰਤੀ ਦਸਤਕਾਰੀ ਬੋਰਡ ਨੇ ਉਸ ਦੀ ਅਗਵਾਈ ਹੇਠ ਭਾਰਤ ਦੇ ਸਭ ਭਾਗਾਂ ਦੇ ਕਾਰੀਗਰਾਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਦੇ ਹੁਨਰ ਦੀ ਸਿੱਖਿਆ ਦੇਣ ਲਈ ਇਕ ਸਕੀਮ ਚਾਲੂ ਕੀਤੀ ਹੈ।
1955 ਤੇ 1956 ਦੀ ਬਸੰਤ ਰੁੱਤ ਵਿਚ ਉਸ ਨੇ ਦਿੱਲੀ ਵਿਚ ਮਿੱਟੀ ਦੇ ਭਾਂਡਿਆਂ ਦੀਆਂ ਦੋ ਨੁਮਾਇਸ਼ਾਂ ਲਾਈਆਂ। ਅਕਤੂਬਰ 1955 ਵਿਚ ਉਸ ਨੇ ਇਕ ਨੁਮਾਇਸ਼ ਆਰਟ ਗੈਲਰੀ, ਬੰਬਈ ਵਿਚ ਲਾਈ ਸੀ।