ਅਵਾਜ਼ ਮਰਦੀ ਨਹੀਂ ਸਵਰਗੀ ਅਮਰ ਸਿੰਘ ਚਮਕੀਲਾ | Amar Singh Chamkila

ਮੈਂ ਚਮਕੀਲੇ ਦੀ ਗੀਤਕਾਰੀ ਤੇ ਗਾਇਕੀ ਦਾ ਪ੍ਰਭਾਵ ਕਬੂਲਿਆ ਹੈ-ਸ਼ੌਂਕੀ

Contents hide

ਮੈਂ ਅਮਰ ਸਿੰਘ ਚਮਕੀਲਾ ਬਾਰੇ ਕਾਫ਼ੀ ਸਮੇਂ ਤੋਂ ਲਿਖਣ ਬਾਰੇ ਸੋਚ ਰਿਹਾ ਸੀ। ਪਰ ਕੋਈ ਸਬੱਬ ਨਹੀਂ ਸੀ ਬਣਦਾ। ਵਿੱਚੋਂ-ਵਿੱਚ ਮੈਂ ਚਮਕੀਲੇ ਦੇ ਕਾਫੀ ਸ਼ਰਧਾਲੂਆਂ ਸਰੋਤਿਆਂ ਤੋਂ ਇਲਾਵਾ ਕਈ ਗਾਇਕਾਂ ਕਲਾਕਾਰਾਂ ਨਾਲ ਵੀ ਗੱਲ ਕੀਤੀ। ਉਹਨਾਂ ਵੱਲੋਂ ਮੈਨੂੰ ਹਾਂ ਪੱਖੀ ਹੁੰਗਾਰਾ ਹੀ ਮਿਲਿਆ। ਮੈਂ ਇਸ ਪ੍ਰੋਜੈਕਟ ਬਾਰੇ ਸ੍ਰ: ਭਗਵੰਤ ਸਿੰਘ ਕੰਗ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਉਸ ਕੋਲ ਜਾ ਕੇ ਹੋਰ ਹੀ ਗੱਲਾਂ ਤੇ ਕੰਮਾਂ ਵਿੱਚ ਰੁਝ ਜਾਂਦਾ ਸੀ। ਇੱਕ ਦਿਨ ਮੈਂ ਲੁਧਿਆਣਿਓਂ ਹਾਕਮ ਬਖਤੜੀ ਕੋਲੋਂ ਆਇਆ। ਉਸਨੇ ਮੈਨੂੰ ਕਿਹਾ ਕਿ ਬਾਈ ਚਮਕੀਲੇ ਬਾਰੇ ਕੀ ਗੱਲ ਕੀਤੀ? ਮੈਂ ਕਿਹਾ ਕਿ ਮੈਂ ਅੱਜ ਹੀ ਗੱਲ ਕਰਕੇ ਤੈਨੂੰ ਸ਼ਾਮ ਨੂੰ ਦੱਸਾਂਗਾ। ਜਦੋਂ ਮੈਂ ਆ ਕੇ ਕੰਗ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਇਸ ਕੋਲ ਕੁਲਵੰਤ ਬੁੰਗਾ ਬੈਠਾ ਸੀ। ਇਹ ਵੀ ਇਸ ਪ੍ਰਜੈਕਟ ਬਾਰੇ ਗੱਲ ਕਰ ਰਹੇ ਸੀ। ਜਦੋਂ ਇਹਨਾਂ ਮੈਨੂੰ ਇਹ ਕੰਮ ਕਰਨ ਨੂੰ ਕਿਹਾ ਤਾਂ ਮੈਂ ਹੱਸਕੇ ਹਾਮੀ ਭਰ ਲਈ ਕਿਉਂਕਿ ਕੁਝ ਤਾਂ ਮੈਂ ਇਹ ਕੰਮ ਵਿੱਚੋ ਵਿੱਚ ਕਰ ਲਿਆ ਸੀ। ਇਹਨਾਂ ਦੇ ਕਹਿਣ ਤੋਂ ਬਾਅਦ ਤਾਂ ਮੈਂ ਪੂਰੀ ਤਰ੍ਹਾਂ ਲੱਕ ਬੰਨ੍ਹ ਕੇ ਤੁਰ ਪਿਆ।

ਇਸ ਕੰਮ ਲਈ ਮੈਂ ਸਭ ਤੋਂ ਪਹਿਲਾਂ ਚਮਕੀਲੇ ਦੇ ਪਿੰਡੋਂ ਇਸਦੇ ਕਈ ਸਮਕਾਲੀਆਂ ਤੋਂ ਪਤਾ ਕੀਤਾ। ਇਸਦੇ ਕਈ ਸੰਗੀ ਸਾਥੀਆਂ ਤੋਂ ਸਮੱਗਰੀ ਇਕੱਠੀ ਕੀਤੀ। ਇਸਦੇ ਸਮਕਾਲੀ ਗਾਇਕਾਂ ਤੇ ਗੀਤਕਾਰਾਂ ਤੋਂ ਇਲਾਵਾ ਇਸਦੇ ਸ਼ਗਿਰਦਾਂ ਨਾਲ ਵੀ ਸੰਪਰਕ ਕੀਤਾ। ਇਥੋਂ ਤੱਕ ਕਿ ਸੰਗੀਤ ਸਮਰਾਟ ਉਸਤਾਦ ਜਨਾਬ ਚਰਨਜੀਤ ਆਹੂਜਾ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਵਿਚਾਰ ਲਏ। ਆਪਣੀ ਸਮਰੱਥਾ ਅਨੁਸਾਰ ਜੋ ਵੀ ਚਮਕੀਲੇ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਿਆ ਹਾਂ ਉਸਨੂੰ ਸਿਆਣੇ ਤੇ ਸੂਝਵਾਨ ਪਾਠਕਾਂ ਦੇ ਸਨਮੁੱਖ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਕਈ ਹੋਰ ਮਹਾਨ ਲੇਖਕਾਂ, ਵਿਦਵਾਨਾਂ ਤੇ ਸਰੋਤਿਆਂ ਦੇ ਵਿਚਾਰ ਵੀ ਇਸ ਪੁਸਤਕ ਵਿੱਚ ਦਰਜ ਕਰ ਰਿਹਾ ਹਾਂ। ਆਸ ਹੈ ਪਾਠਕ ਇਸਨੂੰ ਪੜ੍ਹਕੇ ਭਰਪੂਰ ਜਾਣਕਾਰੀ ਹਾਸਲ ਕਰਨਗੇ।

ਸਭ ਤੋਂ ਪਹਿਲਾਂ ਮੈਂ ਅਮਰ ਸਿੰਘ ਚਮਕੀਲਾ ਦੀ ਜਨਮ ਭੂਮੀ ਪਿੰਡ ਦੁੱਗਰੀ ਜੋ ਲੁਧਿਆਣੇ ਦੀਆਂ ਜੜਾਂ ਵਿੱਚ ਵਸਿਆ ਹੈ, ਬਾਰੇ ਜਾਣਕਾਰੀ ਲੈਣੀ ਜ਼ਰੂਰੀ ਸਮਝੀ। ਇਸ ਕੰਮ ਲਈ ਮੈਂ ਆਪਣੇ ਗੁਰਭਾਈ ਦਲਜੀਤ ਧੂਰਕੋਟੀ ਨੂੰ ਮਿਲਿਆ ਕਿਉਂਕਿ ਇਸ ਪਿੰਡ ਇਸਦੇ ਨਾਨਕੇ ਹਨ ਜਿਸ ਕਰਕੇ ਇਸਦਾ ਇੱਥੋਂ ਦੇ ਵਸ਼ਿੰਦਿਆਂ ਨਾਲ ਚੰਗਾ ਰਾਬਤਾ ਹੈ। ਇਸਨੇ ਇਥੋਂ ਦੇ ਸਿਆਣੇ ਬੰਦਿਆਂ ਨਾਲ ਮੇਰੀ ਮੁਲਾਕਾਤ ਕਰਵਾਈ ਤੇ ਮੇਰੀ ਪੂਰੀ ਮਦਦ ਕੀਤੀ। ਇਸਦੇ ਦੱਸਣ ਅਨੁਸਾਰ ਪਹਿਲਾਂ ਏਥੇ ਦੋ ਘਰ ਵਸੇ, ਇੱਕ ਪਿੰਡ ਸਰੀਂਹ ਤੋਂ ਅਤੇ ਦੂਜਾ ਪਿੰਡ ਗਿੱਲ ਤੋਂ ਆ ਕੇ ਵਸਿਆ। ਦੋ ਘਰਾਂ ਕਰਕੇ ਹੀ ਇਸਨੂੰ ਦੋ-ਘਰੀ ਕਹਿਣ ਲੱਗ ਪਏ ਜੋ ਹੌਲੀ-ਹੌਲੀ ਦੁੱਗਰੀ ਬਣ ਗਈ। ਹੁਣ ਵੀ ਇਸ ਪਿੰਡ ਵਿੱਚ ਸਰੀਂਹ ਪੱਤੀ ਅਤੇ ਗਿੱਲ ਪੱਤੀ ਨਾਂ ਦੀਆਂ ਦੋ ਪੱਤੀਆਂ ਮੌਜੂਦ ਹਨ।

ਗਾਇਕਾਂ ਅਤੇ ਗੀਤਕਾਰਾਂ ਦੀ ਰਾਜਧਾਨੀ ਹੈ ਲੁਧਿਆਣਾ, ਇਸ ਦੀ ਬੁੱਕਲ ਵਿੱਚ ਵਸਿਆ ਪਿੰਡ ਹੈ ਦੁਗਰੀ । ਜੋ ਧੂਰੀ ਲੁਧਿਆਣਾ ਰੇਲਵੇ ਲਾਈਨ ਅਤੇ ਗਿੱਲਾਂ ਵਾਲੀ ਨਹਿਰ ਦੇ ਵਿਚਕਾਰ ਸਥਿਤ ਹੈ। ਇਸ ਪਿੰਡ ਦੀ ਦਿੱਖ ਤੋਂ ਲੱਗਦਾ ਹੈ ਕਿ ਇਹ ਪਿੰਡ ਕਿਸੇ ਰੌਸ਼ਨ ਦਿਮਾਗ ਦੀ ਕਾਢ ਹੈ। ਸਿਆਣੇ ਬੰਦੇ ਉਸ ਥਹੇ ਤੇ ਆਕੇ ਬਹਿੰਦੇ ਸਨ, ਜਿਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਾਣੀ ਦੀ ਸਹੂਲਤ, ਆਉਣ ਜਾਣ ਦੀ ਸਹੂਲਤ, ਸਾਰੇ ਪਾਸਿਆਂ ਤੋਂ ਸੁੱਰਖਿਆ ਹੋਵੇ। ਉਪਰੋਕਤ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਕਰਕੇ ਹੀ ਇਹ ਪਿੰਡ ਅਬਾਦ ਹੋ ਕੇ ਤਰੱਕੀ ਦੀਆਂ ਸਿਖਰਾਂ ਛੋਹ ਗਿਆ।

ਹੁਣ ਇਸ ਪਿੰਡ ਦੀਆਂ ਸਹੂਲਤਾਂ ਦਾ ਅਨੰਦ ਮਾਨਣ ਲਈ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਵੀ ਲੋਕ ਆ ਕੇ ਇਥੇ ਵਸਣ ਲੱਗ ਪਏ ਹਨ। ਇਹ ਪਿੰਡ ਲੁਧਿਆਣੇ ਦਾ ਅਤੁੱਟ ਅੰਗ ਬਣ ਗਿਆ ਹੈ। ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਤੇ ਇੱਕ ਵਧੀਆ ਬਜ਼ਾਰ ਦਾ ਰੂਪ ਧਾਰਨ ਕਰ ਗਿਆ ਹੈ। ਇਥੇ ਹਰ ਜਾਤ, ਹਰ ਧਰਮ ਤੇ ਹਰ ਵਰਗ ਦੇ ਬੰਦੇ ਬਹੁਤ ਹੀ ਪਿਆਰ ਨਾਲ ਰਹਿ ਰਹੇ ਹਨ। ਪਹਿਲਾਂ ਇਸ ਪਿੰਡ ਦੀ ਪੰਚਾਇਤ ਹੁੰਦੀ ਸੀ ਅਤੇ ਹੁਣ ਇਹ ਲੁਧਿਆਣਾ ਦੇ ਨਗਰ ਨਿਗਮ ਵਿੱਚ ਆ ਗਿਆ ਹੈ।

ਦਲਜੀਤ ਧੂਰ ਕੋਟੀ ਦੇ ਦੱਸਣ ਅਨੁਸਾਰ ਕਿ ਮੈਂ ਪਿੰਡੋਂ ਆ ਕੇ ਇਥੇ ਰਾਮਦਾਸੀਆ ਅਤੇ ਮਜ਼ਬੀਆਂ ਦੇ ਵਿਹੜੇ ਲਾਗੇ ਪ੍ਰਚੂਨ ਦੀ ਦੁਕਾਨ ਕੀਤੀ। ਇਸ ਸਮੇਂ ਦੌਰਾਨ ਮੈਂ ਹਮ ਉਮਰ ਦੇ ਮੁੰਡਿਆਂ ਨੂੰ ਨਾਲ ਰਲਾਕੇ ‘ਨਗਰ ਸੁਧਾਰ ਸਮਾਜ ਸੇਵਾ ਸਭਾ’ ਬਣਾਈ। ਜਿਸਦੇ ਸਹਿਯੋਗ ਨਾਲ ਪਿੰਡ ਦੀ ਧਰਮਸ਼ਾਲਾ ਤੇ ਰਵਿਦਾਸ ਮੰਦਿਰ ਭਾਵ ਗੁਰਦੁਆਰਾ ਬਣਿਆ। ਅਸੀਂ ਉਪਰੋਕਤ ਸੰਸਥਾ ਵੱਲੋਂ ਪਿੰਡ ਵਿੱਚ ਧਾਰਮਿਕ ਡਰਾਮੇਂ ਕਰਨੇ ਸ਼ੁਰੂ ਕੀਤੇ ਜਿਵੇਂ ਭਗਤ ਰਵਿਦਾਸ ਜਾਂ ਪੂਰਨ ਭਗਤ ਆਦਿ। ਇਹਨਾਂ ਡਰਾਮਿਆਂ ਵਿੱਚ ਧਨੀਰਾਮ ਜੋ ਬਾਅਦ ਵਿੱਚ ਅਮਰ ਸਿੰਘ ਚਮਕੀਲਾ ਬਣਿਆ ਰੋਲ ਕਰਦਾ ਹੁੰਦਾ ਸੀ। ਇਹ ਵੇਹਲੇ ਸਮੇਂ ਮੇਰੇ ਕੋਲੋਂ ਪੇਟੀ ਸਿੱਖਿਆ ਕਰਦਾ ਸੀ। ਇਸਦੇ ਪਿਤਾ ਸ੍ਰ: ਹਰੀ ਸਿੰਘ ਸ਼ਰੀਕੇ ਵਿਚੋਂ ਮੇਰੇ ਮਾਮਾ ਜੀ ਲਗਦੇ ਸਨ ਉਹਨਾਂ ਮੇਰਾ ਤੇ ਧਨੀਰਾਮ ਦਾ ਬੇ-ਹੱਦ ਵਿਰੋਧ ਕੀਤਾ। ਪਰ ਉਹ ਸਿਰੜੀ ਬੰਦਾ ਮੇਰੇ ਕੋਲੋਂ ਪੇਟੀ ਸਿਖਣੋਂ ਨਾ ਹਟਿਆ। ਉਸਨੇ ਆਪਣੀ ਲਗਨ, ਮਿਹਨਤ, ਹਿੰਮਤ ਅਤੇ ਸਿਰੜ ਸਦਕੇ ਹੀ ਆਪਣਾ ਨਾਂ ਸਾਰੇ ਵਿਸ਼ਵ ਵਿੱਚ ਰੋਸ਼ਨ ਕੀਤਾ।ਜਿਥੇ ਉਸਨੇ ਆਪਣਾ ਨਾਂ ਰੋਸ਼ਨ ਕੀਤਾ ਉਥੇ ਨਾਲ ਆਪਣੇ ਪਿੰਡ ਦੁੱਗਰੀ ਦਾ ਵੀ ਨਾਂ ਰੋਸ਼ਨ ਕੀਤਾ। ਪੰਜਾਬੀ ਲੋਕ ਗਾਇਕੀ ਵਿੱਚ ਪਿੰਡ ਦੁੱਗਰੀ ਦਾ ਨਾਂ ਦੋ ਵਾਰੀ ਮਸ਼ਹੂਰ ਹੋਇਆ। ਪਹਿਲਾਂ ਇਥੋਂ ਦੇ ਸ਼ੇਰੂ ਅਤੇ ਮੇਹਰੂ ਦੋ ਭਰਾ ਸਨ ਜਿਨ੍ਹਾਂ ਆਪਣੀ ਗਾਇਕੀ ਦੇ ਸਿਰ ਤੇ ਆਪਣੇ ਅਤੇ ਆਪਣੇ ਪਿੰਡ ਦੇ ਨਾਂ ਨੂੰ ਚਾਰ ਚੰਨ ਲਾਏ। ਇਹ ਤੂੰਬੇ ਅਤੇ ਅਲਗੋਜਿਆਂ ਨਾਲ ਗਾਉਂਦੇ ਸਨ। ਉਸ ਸਮੇਂ ਸਮਕਾਲੀ ਗਾਇਕਾਂ ਵਿੱਚ ਇਹਨਾਂ ਦਾ ਪੂਰਾ ਬੋਲਬਾਲਾ ਸੀ। ਸਾਰੇ ਗਾਇਕ ਅਤੇ ਸਰੋਤੇ ਇਹਨਾਂ ਦੀ ਗਾਇਕੀ ਦਾ ਲੋਹਾ ਮੰਨਦੇ ਸਨ। ਆਪਣੀ ਗਾਇਕੀ ਵਿੱਚ ਇਹਨਾਂ ਅਜਿਹੇ ਝੰਡੇ ਗੱਡੇ ਜੋ ਹਮੇਸ਼ਾਂ ਹੀ ਬਰਕਰਾਰ ਰਹਿਣਗੇ।

ਇਸੇ ਪਿੰਡ ਵਿੱਚੋਂ ਫਿਰ ਇੱਕ ਦਲਿਤ ਪ੍ਰੀਵਾਰ ਰਾਮਦਾਸੀਆ ਬਰਾਦਰੀ ਵਿੱਚ ਸ੍ਰ: ਹਰੀ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਕਰਤਾਰ ਕੌਰ ਜੀ ਦੀ ਕੁੱਖੋਂ ਇੱਕ ਜੁਲਾਈ 1960 ਈ: ਨੂੰ ਇੱਕ ਬਾਲਕ ਨੇ ਜਨਮ ਲਿਆ, ਜਿਸਦਾ ਨਾਂ ਇਹਨਾਂ ਧਨੀਰਾਮ ਰੱਖਿਆ। ਮਾਂ ਬਾਪ ਨੂੰ ਵੀ ਇਸ ਗੱਲ ਦਾ ਕੋਈ ਵੀ ਇਲਮ ਗਿਆਨ ਨਹੀਂ ਸੀ ਕਿ ਇਹਨਾਂ ਦਾ ਪੁੱਤਰ ਧਨੀ ਰਾਮ ਵੱਡਾ ਹੋ ਕੇ ਕਿਸਮਤ ਦਾ ਏਨਾ ਧਨੀ ਹੋਵੇਗਾ। ਇਸ ਪ੍ਰੀਵਾਰ ਵਿੱਚ ਅਤਿ ਦਰਜੇ ਦੀ ਗਰੀਬੀ ਸੀ। ਇਹ ਧਨੀ ਰਾਮ ਮਾਪਿਆਂ ਦਾ ਲਾਡਲਾ ਪਲੇਠਾ ਤੇ ਜੇਠਾ ਪੁੱਤ ਸੀ। ਭੈਣ ਸਵਰਨ ਕੌਰ, ਚਰਨ ਕੌਰ, ਭਰਾ ਅਵਤਾਰ ਸਿੰਘ ਤੇ ਲਸ਼ਕਰ ਸਿੰਘ ਜੋ ਤਾਰੀ ਤੇ ਲਸ਼ਕਰੀ ਨਾਂ ਨਾਲ ਮਸ਼ਹੂਰ ਸਨ ਦਾ ਲਾਡਲਾ ਵੀਰ ਸੀ ਧਨੀ ਰਾਮ। ਛੋਟੀ ਉਮਰ ਵਿੱਚ ਹੀ ਇਸਦੇ ਸਿਰ ਤੋਂ ਰੱਬ ਨੇ ਮਾਂ ਦਾ ਲਾਡ ਤੇ ਪਿਆਰ ਖੋਹ ਲਿਆ। ਇਸਨੇ ਬੇ-ਹੱਦ ਗਰੀਬੀ ਆਪਣੇ ਹੱਡੀਂ ਹੰਢਾਈ। ਮਿਹਨਤ, ਮਜ਼ਦੂਰੀ ਕਰਕੇ ਗੁਜ਼ਾਰਾ ਕੀਤਾ ਕਿਉਂਕਿ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਇਸ ਉੱਤੇ ਬਚਪਨ ਵਿੱਚ ਹੀ ਪੈ ਗਿਆ ਸੀ।

ਧਨੀ ਰਾਮ ਦਾ ਛੋਟੀ ਉਮਰ ਵਿੱਚ ਹੀ ਪਿੰਡ ਨੰਗਲ ਖੁਰਦ (ਨੇੜੇ ਪੱਖੋਵਾਲ) ਲੁਧਿਆਣਾ ਦੀ ਬੀਬੀ ਗੁਰਮੇਲ ਕੌਰ ਨਾਲ ਵਿਆਹ ਹੋ ਗਿਆ। ਜਿਸਦੀ ਕੁੱਖੋਂ ਬੀਬੀ ਅਮਨਦੀਪ ਕੌਰ ਅਤੇ ਬੀਬੀ ਕਮਲਦੀਪ ਕੌਰ ਨੇ ਜਨਮ ਲਿਆ। ਆਰਥਿਕ ਤੰਗੀਆਂ ਮਜਬੂਰੀਆਂ ਕਰਕੇ ਹੀ ਧਨੀ ਰਾਮ ਪੂਰੀ ਪੜ੍ਹਾਈ ਨਹੀਂ ਕਰ ਸਕਿਆ। ਪ੍ਰੀਵਾਰ ਦਾ ਢਿੱਡ ਭਰਨ ਲਈ ਦਿਹਾੜੀ, ਮਜ਼ਦੂਰੀ, ਚੁੰਨੀਆਂ ਰੰਗਣਾ, ਫੈਕਟਰੀਆਂ ਵਿੱਚ ਕੰਮ ਕਰਨਾ, ਫਲੈਟ ਆਦਿ ਦਾ ਕੰਮ ਹੱਡ ਭੰਨਵੀਂ ਮਿਹਨਤ ਨਾਲ ਕਰਦਾ ਰਿਹਾ ਹੈ। ਇਸੇ ਕਰਕੇ ਧਨੀ ਰਾਮ ਸਿਰਫ਼ ਪੰਜ ਜਮਾਤਾਂ ਹੀ ਪਾਸ ਕਰ ਸਕਿਆ ਸੀ ਕਿਉਂਕਿ ਪ੍ਰੀਵਾਰ ਪਾਲਣ ਅਤੇ ਹੋਰ ਸਾਰੀਆਂ ਜ਼ੁਮੇਵਾਰੀਆਂ ਦਾ ਭਾਰ ਵੀ ਧਨੀ ਰਾਮ ਦੇ ਹੀ ਸਿਰ ਤੇ ਸੀ।

ਏਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਇਸਨੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਜੀ ਦੇ ਢੋਲਕ ਮਾਸਟਰ ਉਸਤਾਦ ਜਨਾਬ ਕੇਸਰ ਸਿੰਘ ਟਿੱਕੀ ਨਾਲ ਸੰਪਰਕ ਕੀਤਾ। ਜਿਸਨੇ ਇਸਨੂੰ ਉਸਤਾਦ ਜਨਾਬ ਜਸਵੰਤ ਸਿੰਘ ਭੰਵਰਾ ਜੀ ਦੇ ਹੋਣਹਾਰ ਸ਼ਗਿਰਦ ਸੁਰਿੰਦਰ ਛਿੰਦਾ ਜੀ ਦੇ ਚਰਨੀ ਲਾ ਦਿੱਤਾ। ਏਥੇ ਧਨੀ ਰਾਮ ਨੇ ਆਪਣੇ ਉਸਤਾਦ ਸੁਰਿੰਦਰ ਛਿੰਦਾ ਜੀ ਤੋਂ ਇਲਾਵਾ ਇਹਨਾ ਦੇ ਸਤਿਕਾਰ ਯੋਗ ਪਿਤਾ ਸ੍ਰੀ ਬਚਨਾ ਰਾਮ ਜੀ ਅਤੇ ਇਹਨਾਂ ਦੇ ਸਤਿਕਾਰ ਯੋਗ ਉਸਤਾਦ ਜਨਾਬ ਜਸਵੰਤ ਸਿੰਘ ਭੰਵਰਾ ਜੀ ਤੋਂ ਵੀ ਸੰਗੀਤ ਦੀਆਂ ਬਰੀਕੀਆਂ, ਸਟੇਜ ਦੇ ਗੁਰ ਆਦਿ ਵੀ ਸਿੱਖੇ। ਦਿਨਾਂ ਵਿੱਚ ਹੀ ਧਨੀ ਰਾਮ ਸੰਗੀਤ, ਗਾਇਕੀ ਅਤੇ ਗੀਤਕਾਰੀ ਦਾ ਧਨੀ ਹੋ ਨਿੱਬੜਿਆ। ਜੋ ਮੀਲ ਪੱਥਰ ਧਨੀ ਰਾਮ ਨੇ ਅਮਰ ਸਿੰਘ ਚਮਕੀਲਾ ਬਣਕੇ ਪੰਜਾਬੀ ਲੋਕ-ਗਾਇਕੀ ਅਤੇ ਗੀਤਕਾਰੀ ਵਿੱਚ ਗੱਡਿਆ ਉਸਨੂੰ ਹੁਣ ਤੱਕ ਕੋਈ ਵੀ ਗਾਇਕ ਜਾਂ ਗੀਤਕਾਰ ਪਾਰ ਨਹੀਂ ਕਰ ਸਕਿਆ ਅਤੇ ਨਾ ਸ਼ਾਇਦ ਕੋਈ ਕਰ ਸਕੇਗਾ।

ਅਮਰ ਸਿੰਘ ਚਮਕੀਲੇ ਦੇ ਸਮਕਾਲੀਆਂ ਤੋਂ ਪਤਾ ਲੱਗਿਆ ਹੈ ਕਿ ਇਸਨੇ ਗਰੀਬੀ ਦੇ ਦਿਨਾਂ ਤੋਂ ਬਾਅਦ ਬਹੁਤ ਹੀ ਨਾਮਾਂ, ਨਾਂ ਅਤੇ ਸ਼ੋਹਰਤ ਖੱਟੀ ਪਰ ਉਸਦੇ ਸੁਭਾਅ ਅਤੇ ਵਰਤਾਰੇ ‘ਚ ਕੋਈ ਫਰਕ ਨਹੀਂ ਆਇਆ। ਉਹ ਕਹਿੰਦੇ ਅਸੀਂ ਕਈ ਵਾਰ ਦਿਹਾੜੀ ਕਰਨ ਪੈਦਲ ਜਾਂ ਸਾਇਕਲ ਤੇ ਜਾਂਦੇ ਹੋਣਾ ਤਾਂ ਉਸਨੇ ਆਪਣੀ ਗੱਡੀ ਰੋਕ ਕੇ ਸਾਨੂੰ ਗੱਲਵਕੜੀ ਪਾ ਕੇ ਮਿਲਕੇ ਜਾਣਾ। ਜੇਕਰ ਸ਼ਾਮ ਨੂੰ ਮਿਲਦਾ ਤਾਂ ਸਾਨੂੰ ਪਿਆਰ ਨਾਲ ਸ਼ਰਾਬ ਵੀ ਪਿਲਾ ਜਾਂਦਾ। ਉਹ ਇੱਕ ਦਿਲ ਦਰਿਆ ਇਨਸਾਨ ਸਭ ਨੂੰ ਪਿਆਰ ਤੇ ਸਤਿਕਾਰ ਨਾਲ ਹੀ ਮਿਲਦਾ ਸੀ। ਉਸ ਵਿੱਚ ਕਦੇ ਉੱਕਾ ਹੀ ਹੰਕਾਰ ਨਹੀਂ ਆਇਆ ਸੀ। ਏਨੀ ਮਸ਼ਹੂਰੀ ਹਾਸਲ ਕਰਕੇ ਵੀ ਪਿਆਰ ਨਾਲ ਭਰਿਆ ਹੋਇਆ ਸੀ। ਨਫ਼ਰਤ ਗੁੱਸਾ ਤਾਂ ਉਸ ਤੋਂ ਕੋਹਾਂ ਦੂਰ ਰਹਿੰਦਾ ਸੀ।

ਅੱਜ ਉਸਦੀ ਗਾਇਕੀ ਨੂੰ ਸੁਣਕੇ ਹਰ ਕੋਈ ਯਾਦ ਕਰਦਾ ਹੈ। ਉਸਦੀ ਗਾਇਕੀ ਹਰ ਇੱਕ ਦੇ ਦਿਲ ਨੂੰ ਟੁੰਬਦੀ ਹੈ, ਤੇ ਸੁਣਕੇ ਹਰ ਇੱਕ ਨੂੰ ਸਕੂਨ ਮਿਲਦਾ ਹੈ। ਮੈਂ ਵੀ ਉਸਦੀ ਗੀਤਕਾਰੀ ਤੇ ਗਾਇਕੀ ਦਾ ਪ੍ਰਭਾਵ ਕਬੂਲਦਾ ਹਾਂ। ਇਸੇ ਕਰਕੇ ਇਸ ਬਾਰੇ ਲਿਖਕੇ ਤੇ ਹੋਰਾਂ ਦੇ ਵਿਚਾਰ ਇਕੱਠੇ ਕਰਕੇ ਇਸਨੂੰ ਪੁਸਤਕ ਦਾ ਰੂਪ ਦੇ ਕੇ ਇਸਦੇ ਪਾਠਕਾਂ ਤੇ ਸਰੋਤਿਆਂ ਨੂੰ ਸਮਰਪਿਤ ਕਰਨ ਦੀ ਖੁਸ਼ੀ ਲੈ ਰਿਹਾ ਹਾਂ।

ਗੁਲਜ਼ਾਰ ਸਿੰਘ ਸ਼ੋਂਕੀ

 

ਅਵਾਜ਼ ਮਰਦੀ ਨਹੀਂ ਸਵਰਗੀ ਅਮਰ ਸਿੰਘ ਚਮਕੀਲਾ | Amar Singh Chamkila

ਚਮਕੀਲਾ ਸਟੇਜ ਤੇ ਛਾ ਜਾਂਦਾ ਸੀ- ਸੁਖਵਿੰਦਰ ਲਿੱਦੜਾਂ

ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਵਰਗੀ ਗਾਇਕ ਜੋੜੀ ਨਾ ਹੀ ਅੱਜ ਤੱਕ ਕੋਈ ਹੋਈ ਹੈ ਅਤੇ ਨਾ ਹੀ ਹੋ ਸਕਦੀ ਹੈ। ਉਹ ਸੁਡੌਲ ਨੌਜਵਾਨ ਅਤੇ ਅਮਰਜੋਤ ਬੇਹੱਦ ਸਨੁੱਖੀ ਮੁਟਿਆਰ ਜਦੋਂ ਦੋਵੇਂ ਜਾਣੇ ਸਟੇਜ ਤੇ ਆਉਂਦੇ ਤਾਂ ਵੇਖਣ ਵਾਲਿਆਂ ਦੇ ਮੂੰਹੋਂ ਅਚਨਚੇਤ ਹੀ ਉਹਨਾਂ ਦੀ ਸਿਫ਼ਤ ਹੋਣੀ ਸ਼ੁਰੂ ਹੋ ਜਾਂਦੀ ਸੀ। ਉਸਦੇ ਅਖਾੜੇ ਨੂੰ ਕੋਈ ਸਰੋਤਾ ਵਿਚਾਲੇ ਛੱਡਕੇ ਨਹੀਂ ਸੀ ਜਾਂਦਾ। ਅਤਿ ਦੀ ਗਰਮੀ ਆਉਂਦੀ, ਸਰਦੀ ਆਉਂਦੀ, ਹਨੇਰੀ ਆਉਂਦੀ ਬਾਰਸ਼ ਵਿਚ ਵੀ ਉਸਨੂੰ ਉਸਦੇ ਸਰੋਤਿਆਂ ਨੇ ਜੰਮ ਕੇ ਸੁਣਿਆ ਸੀ। ਉਹਨਾ ਵਿੱਚੋਂ ਇੱਕ ਸਰੋਤਾ ਮੈਂ ਵੀ ਹੁੰਦਾ ਸੀ। ਉਸਦੀ ਗਾਇਕੀ ਮੇਰੇ ਉਤੇ ਹੁਣ ਵੀ ਬਹੁਤ ਭਾਰੂ ਹੈ। ਹੁਣ ਵੀ ਮੈਂ ਉਹਦੀਆਂ ਕੈਸਟਾਂ ਸੁਣਕੇ ਅਨੰਦ ਮਾਣਦਾ ਹਾਂ। ਉਸ ਗਾਇਕ ਜੋੜੀ ਵਰਗੇ ਦੋ ਗਾਣੇ, ਗੀਤ, ਲੋਕ-ਤੱਥ, ਲੋਕ-ਗਥਾਵਾਂ ਅਤੇ ਧਾਰਮਿਕ ਗੀਤ ਕਿਸੇ ਹੋਰ ਨੇ ਅੱਜ ਤੱਕ ਨਹੀਂ ਗਾਏ। ਇਹ ਜੋੜੀ ਹਰ ਪ੍ਰਕਾਰ ਦੀ ਗਾਇਕੀ ਗਾਉਣ ਦੀ ਸਮਰੱਥਾ ਰੱਖਦੀ ਸੀ। ਜੋ ਵੀ ਇਸ ਜੋੜੀ ਨੇ ਗਾਇਆ ਉਹ ਇਸਦੇ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ।

ਚਮਕੀਲਾ ਆਪਣੀ ਗੀਤਕਾਰੀ ਤੇ ਗਾਇਕੀ ਵਿੱਚ ਹਮੇਸ਼ਾਂ ਲੋਕਾਂ ਦੀ ਹੀ ਗੱਲ ਕਰਦਾ ਸੀ। ਇਸੇ ਕਰਕੇ ਸਟੇਜ ਤੋਂ ਸਰੋਤੇ ਉਸਦੇ ਗਾਏ ਗੀਤ ਮੁੜ ਸ਼ਿਫਾਰਸ਼ਾਂ ਕਰਕੇ ਸੁਣਦੇ ਸੀ। ਚਮਕੀਲਾ ਸੁਭਾਅ ਪੱਖੋਂ ਬਹੁਤ ਹੀ ਵਧੀਆ ਤੇ ਮਿਲਣਸਾਰ ਸੀ। ਉਹ ਪਹਿਲੀ ਮਿਲਣੀ ਨਾਲ ਹੀ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਸੀ। ਹਰ ਇੱਕ ਨੂੰ ਆਪਣਾ ਬਨਾਉਣਾ ਵੀ ਉਸ ਦੀ ਇੱਕ ਮਹਾਨ ਕਲਾ ਸੀ। ਇਸੇ ਕਰਕੇ ਸਰੋਤੇ ਉਸਦੀ ਗਾਇਕੀ ਦੇ ਬੇ-ਹੱਦ ਸ਼ਰਧਾਲੂ ਬਣੇ ਹੋਏ ਸੀ। ਕਈ ਕਹਿੰਦੇ ਹਨ ਕਿ ਚਮਕੀਲੇ ਨੇ ਲਚਰ ਗਾਇਆ ਹੈ । ਨਹੀਂ, ਮੈਂ ਬਿਲਕੁਲ ਨਹੀਂ ਮੰਨਦਾ ਕਿ ਉਸਨੇ ਲਚਰ ਗਾਇਆ ਹੈ। ਉਸਨੇ ਤਾਂ ਸਿਰਫ ਲੋਕਾਂ ਦੀ ਗੱਲ ਬਿਲਕੁਲ ਠੇਠ ਪੰਜਾਬੀ ਵਿੱਚ ਕਰਕੇ ਉਸਨੂੰ ਲੋਕ-ਧੁਨਾਂ ਵਿੱਚ ਪ੍ਰੋ ਕੇ ਗਾਇਆ ਹੈ। ਜੋ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀਆਂ ਹੋਈਆਂ ਹਨ। ਉਸਦੇ ਵਿਰੋਧੀ ਉਸਦੀ ਚੜ੍ਹਤ ਨੂੰ ਵੇਖ ਕੇ ਉਸਦੀ ਗਾਇਕੀ ਨੂੰ ਲਚਰ ਹੋਣ ਦਾ ਪ੍ਰਚਾਰ ਕਰਦੇ ਰਹੇ। ਜਦ ਕਿ ਉਹ ਹੁਣ ਤੱਕ ਲਚਰਤਾ ਦੀ ਕੋਈ ਸੀਮਾ ਆਪ ਵੀ ਨਹੀਂ ਮਿਥ ਸਕੇ। ਚਮਕੀਲੇ ਦੀ ਗਾਇਕੀ ਤੋਂ ਪਹਿਲਾਂ ਤੇ ਪਿਛੋਂ ਵੀ ਲੋਕਾਂ ਨੇ ਲਚਰ ਗਾਇਆ ਹੈ ਤੇ ਹੁਣ ਵੀ ਗਾ ਰਹੇ ਹਨ। ਉਹਨਾ ਦੀ ਕੋਈ ਵੀ ਅਲੋਚਕ ਵਿਰੋਧਤਾ ਨਹੀਂ ਕਰਦਾ, ਪਤਾ ਨਹੀਂ ਕਿਉਂ। ਇਸ ਵਿਚ ਫਰਕ ਸਿਰਫ਼ ਏਨਾ ਹੀ ਹੈ ਕਿ ਹੋਰ ਗਾਇਕਾਂ ਨੇ ਖੰਡ ‘ਚ ਕੁਨੀਨ ਲਿਪੇਟਣ ਵਾਂਗ ਸ਼ਬਦਾਂ ਦੀ ਹੇਰ ਫੇਰ ਨਾਲ ਗਾਇਆ ਹੈ ਤੇ ਚਮਕੀਲੇ ਨੇ ਸਿੱਧੇ ਤੇ ਸਪੱਸ਼ਟ ਸ਼ਬਦਾਂ ਵਿੱਚ ਗਾਇਆ ਹੈ ਜਿਸ ਨੂੰ ਅਲੋਚਕ ਲਚਰ ਕਹਿੰਦੇ ਹਨ। ਸਟੇਜ ਤੇ ਇਸਦਾ ਕੋਈ ਵੀ ਸਾਨੀ ਨਹੀਂ ਸੀ। ਇਸਦੀ ਪੇਸ਼ਕਾਰੀ ਤੇ ਅੰਦਾਜ਼ ਬਹੁਤ ਹੀ ਮਨ ਭਾਉਂਦੇ ਸਨ, ਇਸੇ ਤਰ੍ਹਾਂ ਉਸਦੀ ਸਹਿਗਾਇਕਾ ਤੇ ਪਤਨੀ ਅਮਰਜੋਤ ਵੀ ਚਮਕੀਲੇ ਵਾਂਗ ਮਿਹਨਤ ਕਰਕੇ ਉਸਦੇ ਬਰਾਬਰ ਭਿੜਦੀ ਸੀ। ਦੋਵਾਂ ਦੀ ਗਾਇਕੀ ਅਤੇ ਐਕਸ਼ਨ ਸਰੋਤਿਆਂ ਤੇ ਪੂਰਾ ਪ੍ਰਭਾਵ ਪਾਉਂਦੇ ਸਨ। ਇਸੇ ਲਈ ਸਰੋਤੇ ਬਹੁ ਗਿਣਤੀ ਵਿੱਚ ਉਹਨਾਂ ਦੇ ਪ੍ਰਸ਼ੰਸ਼ਕ ਸਨ ਤੇ ਹੁਣ ਵੀ ਹਨ। ਚਮਕੀਲਾ ਸਟੇਜ ਤੇ ਛਾ ਜਾਂਦਾ ਸੀ।

ਚਮਕੀਲਾ ਆਮ ਕਲਾਕਾਰਾਂ ਵਾਂਗ ਅਮੀਰੀ ਵਿੱਚ ਰਹਿਕੇ ਨਹੀਂ ਸੀ ਗਾਉਂਦਾ। ਸਗੋਂ ਨਿਮਰਤਾ ਵਿੱਚ ਰਹਿਕੇ ਹਰ ਇੱਕ ਸਰੋਤੇ ਦੀ ਸਿਫਾਰਸ਼ ਬਿਨਾਂ ਪੈਸਿਓਂ ਗਾਕੇ ਪੂਰੀ ਕਰਦਾ ਸੀ। ਜਿਹੜੀ ਅੱਜ ਕੱਲ੍ਹ ਕਿਸੇ ਕਲਾਕਾਰ ਤੋਂ ਪੈਸੇ ਦੇ ਕੇ ਵੀ ਨਹੀਂ ਸੁਣੀ ਜਾ ਸਕਦੀ। ਇਹ ਕੁਦਰਤੀ ਗੱਲ ਹੈ ਕਿ ਜਿਸ ਬੰਦੇ ਵਿੱਚ ਹੀ ਨਿਮਰਤਾ ਹੁੰਦੀ ਹੈ ਉਹ ਹਮੇਸ਼ਾਂ ਹੀ ਹੋਰਾਂ ਨਾਲੋਂ ਅੱਗੇ ਰਹਿੰਦਾ ਹੈ। ਚਮਕੀਲਾ ਉਸ ਸਮੇਂ ਹੋਰਾਂ ਕਲਾਕਾਰਾਂ ਤੋਂ ਸਹਿਣ ਨਹੀਂ ਹੋ ਸਕਿਆ। ਇਹੋ ਗੱਲ ਹੁਣ ਵੀ ਹੈ। ਲੋਕਾਂ ਵਿੱਚ ਬੇ-ਹੱਦ ਜਾਲਸੀ ਹੈ। ਕਿਸੇ ਨੂੰ ਵੀ ਤਰੱਕੀ ਕਰਦਾ ਵੇਖ ਕੇ ਨਹੀਂ ਜਰਦੇ।

ਮੈਂ ਇੱਕ ਗੱਲ ਆਪਣੇ ਘਰ ਦੀ ਹੀ ਕਰਨ ਲੱਗਿਆ ਹਾਂ। ਮੇਰੀ ਇੱਕ ਭੈਣ ਦਾ ਵਿਆਹ 17-12-1987 ਨੂੰ ਸੀ ਜਿਸਦੀ ਬਰਾਤ ਈਲਵਾਲ ਤੋਂ ਆਈ ਸੀ। ਦੂਜੀ ਭੈਣ ਦਾ ਵਿਆਹ ਦੂਜੇ ਦਿਨ 18-12-1987 ਨੂੰ ਸੀ ਜਿਸਦੀ ਬਰਾਤ ਭਵਾਨੀਗੜ੍ਹ ਤੋਂ ਆਈ ਸੀ। ਇਹਨਾਂ ਦੋਵਾਂ ਵਿਆਹਾਂ ਵਿੱਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੇ ਅਖਾੜੇ ਲੱਗੇ। ਦੋਵੇਂ ਦਿਨ ਹੀ ਉਸ ਜੋੜੀ ਨੇ ਮੇਰੇ ਪਿੰਡ ਲਿੱਦੜਾਂ ਦੀ ਧਰਮਸ਼ਾਲਾ ਵਿੱਚ ਗਾਇਆ। ਦੋਵੇਂ ਦਿਨ ਅਖਾੜੇ ਵਿੱਚ ਬੇ-ਹੱਦ ਭਰਵਾਂ ਇਕੱਠ ਸੀ। ਮੈਨੂੰ ਯਾਦ ਹੈ ਕਿ ਸਾਡੀ ਧਰਮਸ਼ਾਲਾ ਦੇ ਨਾਲ ਵਾਲੇ ਕੋਠੇ ਉੱਤੇ ਬਹੁਤ ਹੀ ਭਾਰੀ ਗਿਣਤੀ ਵਿੱਚ ਇੱਕਠ ਬੈਠਾ ਸੀ। ਇਸ ਕੋਠੇ ਵਿੱਚ ਤੂੜੀ ਪਾਈ ਹੋਈ ਸੀ। ਚਮਕੀਲੇ ਦੇ ਸਰੋਤਿਆਂ ਦਾ ਭਾਰ ਨਾ ਸਹਾਰਦੀ ਹੋਈ ਇਸ ਕੋਠੇ ਦੀ ਲਟੈਣ ਟੁੱਟ ਗਈ। ਇਸ ਸਮੇਂ ਚਮਕੀਲਾ ਤੇ ਅਮਰਜੋਤ ਆਪਣਾ ਪ੍ਰਸਿੱਧ ਗੀਤ ਗਾ ਰਹੇ ਸਨ।

ਕੁੜੀ :-

ਅਮਲੀ ਤਿੰਨ ਦਿਨਾ ਦਾ ਭੁੱਖਾ,

ਰਾਤੀ ਤੋੜ ਲਿਆਇਆ ਸੁੱਖਾ

ਨੀ ਮਰ ਜਾਣਾ ਖਾ ਗਿਆ ਰੁੱਖਾ,

ਵਗਦੀ ਦਿਸੇ ਹਨੇਰੀ ਨੀ,

ਨੱਚਦਾ ਫਿਰੇ ਨਚਾਰਾਂ ਵਾਂਗੂੰ,

ਘੱਗਰੀ ਪਾ ਕੇ ਮੇਰੀ ਨੀ

ਮੁੰਡਾ:

ਜਦ ਕੋਈ ਚੱਲ ਨਾ ਸਕਿਆ ਚਾਰਾ

ਸੁੱਖਾ ਖਾ ਕੇ ਲਿਆ ਨਜ਼ਾਰਾ।

ਸਿਰ ਲਗਦਾ ਸੀ ਭਾਰਾ ਭਾਰਾ,

ਮਿਲਦੀ ਅਫੀਮ ਨਾ ਡੋਡੇ ਨੀ

ਜੇ ਤੈਂ ਲੈਣਾ ਸਵਰਗ ਦਾ ਝੂਟਾ,

ਚੜ੍ਹ ਅਮਲੀ ਦੇ ਮੋਢੇ ਨੀ।

ਲਟੈਣ ਟੁੱਟ ਜਾਣ ਕਾਰਨ ਸਰੋਤਿਆਂ ‘ਚ ਰੌਲਾ ਪੈ ਗਿਆ। ਚਮਕੀਲੇ ਨੇ ਅਖਾੜਾ ਬੰਦ ਕਰਤਾ। ਥੋੜੇ ਸਮੇਂ ਪਿਛੋਂ ਪਤਾ ਲੱਗਿਆ ਕਿ ਕੋਈ ਨੁਕਸਾਨ ਨਹੀਂ ਹੋਇਆ। ਚਮਕੀਲੇ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ। ਸਾਰੇ ਸਰੋਤਿਆਂ ਨੇ ਦੋ ਦਿਨ ਪੂਰੀ ਤਰ੍ਹਾਂ ਇਸ ਜੋੜੀ ਦੀ ਗਾਇਕੀ ਦਾ ਆਨੰਦ ਮਾਣਿਆ। ਅੰਤ ਵਿੱਚ ਸਰੋਤਿਆਂ ਦੀ ਸਿਫਾਰਸ਼ ਤੇ ਚਮਕੀਲੇ ਨੇ ਧਾਰਮਿਕ ਗੀਤ ਗਾਇਆ ‘ਆਰਾ ਲੱਗਦਾ ਜਲਾਦਾ ਤੇਰਾ ਪਿਆਰਾ,ਹੌਲੀ ਹੌਲੀ ਚੀਰ ਸੀਸ ਨੂੰ’। ਇਸ ਗੀਤ ਤੋਂ ਬਾਅਦ ਚਮਕੀਲੇ ਨੇ ਕਿਹਾ ਕਿ ਮੈਂ ਕਿੱਡੇ ਭਾਗਾਂ ਵਾਲਾ ਹਾਂ ਕਿ ਸਟੇਜ ਦੀ ਸ਼ੁਰੂਆਤ ਵੀ ਧਾਰਮਿਕ ਗੀਤ ਨਾਲ ਕੀਤੀ ਸੀ ਅਤੇ ਸਮਾਪਤੀ ਵੀ ਧਾਰਮਿਕ ਗੀਤ ਨਾਲ ਕਰਦਾ ਹਾਂ।

ਕਾਫ਼ੀ ਸਮਾਂ ਇਸ ਜੋੜੀ ਦੀ ਚਰਚਾ ਸਾਡੇ ਪਿੰਡ ਵਿੱਚ ਅਤੇ ਹੋਰ ਇਲਾਕੇ ਵਿੱਚ ਹੁੰਦੀ ਰਹੀ। ਅੰਤ 8 ਮਾਰਚ 1988 ਨੂੰ ਇਹ ਗਾਇਕ ਜੋੜੀ ਅਤਿਵਾਦ ਦੀ ਭਿਆਨਕ ਹਨੇਰੀ ਦੀ ਭੇਂਟ ਚੜ੍ਹ ਗਈ। ਜੋ ਸਰੀਰਕ ਤੌਰ ਤੇ ਸਾਡੇ ਤੋਂ ਕਿਤੇ ਦੂਰ ਚਲੀ ਗਈ, ਜਿੱਥੋਂ ਉਹ ਹੁਣ ਕਦੇ ਵੀ ਵਾਪਸ ਨਹੀਂ ਆਵੇਗੀ। ਪਰ ਇਸ ਜੋੜੀ ਦੀ ਗਾਇਕੀ ਹਮੇਸ਼ਾਂ ਸਾਡੇ ਅੰਗ-ਸੰਗ ਹੈ ਅਤੇ ਅੰਗ ਸੰਗ ਹੀ ਰਹੇਗੀ। ਸਰੋਤੇ ਇਸ ਜੋੜੀ ਦੀ ਗਾਇਕੀ ਦਾ ਆਨੰਦ ਮਾਣਦੇ ਰਹਿਣਗੇ।

ਸੁਖਵਿੰਦਰ ਸਿੰਘ ਸੰਦਲੀ

ਪੰਜਾਬੀ ਗੀਤਕਾਰੀ ਤੇ ਗਾਇਕੀ ਦਾ ਕੋਹਿਨੂਰ ਹੀਰਾ ਸੀ ਚਮਕੀਲਾ-ਸੱਤਪਾਲ ਸਿੰਘ

ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਨੇ ਸਾਡੇ ਸਭਿਆਚਾਰ ਨੂੰ ਹੋਰ ਅਮੀਰ ਕਰਨ ਲਈ ਆਪਣੀ ਸੱਭਿਆਚਾਰਕ ਗਾਇਕੀ ਰਾਹੀਂ ਵੱਡਮੁੱਲਾ ਯੋਗਦਾਨ ਪਾਇਆ ਹੈ, ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਵੇਂ ਕੁਝ ਲੋਕਾਂ ਨੇ ਇਹਨਾਂ ਦੀ ਚੜ੍ਹਤ ਨੂੰ ਵੇਖਕੇ ਇਹਨਾਂ ਦੀ ਗਾਇਕੀ ਨੂੰ ਅਸ਼ਲੀਲ ਜਾਂ ਲਚਰ ਕਹਿਕੇ ਨਿੰਦਿਆ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੈਂ ਇਹਨਾਂ ਦੀ ਗਾਇਕੀ ਨੂੰ ਅਸ਼ਲੀਲ ਕਹਿਣ ਵਾਲਿਆਂ ਦੇ ਵਿਚਾਰਾਂ ਨੂੰ ਰੱਦ ਕਰਦਾ ਹੋਇਆ ਇਹਨਾਂ ਦੀ ਗਾਇਕੀ ਨੂੰ ਪ੍ਰਵਾਨ ਕਰਕੇ ਮਾਨਤਾ ਦਿੰਦਾ ਹਾਂ। ਇਸ ਗਾਇਕ ਜੋੜੀ ਨੇ ਸਾਡੇ ਸਭਿਆਚਾਰ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਹੂ ਬ ਹੂ ਆਪਣੇ ਗੀਤਾਂ ਰਾਹੀਂ ਪੇਸ਼ ਕਰਕੇ ਉਹਨਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗੀਆਂ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ ਜਿਵੇਂ: ‘ਗਲ ਲੱਗ ਜਾ ਸਾਲੀਏ, ਸਾਢੂ ਤੋਂ ਅੱਖ ਬਚਾ ਕੇ ਨੀਂ।

ਇਸ ਗੀਤ ਵਿੱਚ ਚਮਕੀਲੇ ਨੇ ਉਹ ਸਾਰਾ ਕੁੱਝ ਨਿਧੜਕ ਹੋ ਕੇ ਪੇਸ਼ ਕੀਤਾ ਹੈ ਜੋ ਉਸਨੇ ਆਪਣੀਆਂ ਅੱਖਾਂ ਨਾਲ ਸਾਡੇ ਸਮਾਜ ਵਿੱਚ ਵਾਪਰਦਾ ਵੇਖਿਆ ਹੈ। ਸਾਡੇ ਸਮਾਜ ਦੇ ਲੋਕ ਅਜਿਹੀਆਂ ਗਲਤ ਹਰਕਤਾਂ ਨੂੰ ਸਮਾਜ ਵਿਚੋਂ ਕੱਢਣ ਜਾਂ ਖਤਮ ਕਰਨ ਦੀ ਥਾਂ ਤੇ ਆਪਣੇ ਆਪ ਨੂੰ ਸ਼ੁਧ ਸਮਝਦੇ ਹੋਏ ਚਮਕੀਲੇ ਦੀ ਗਾਇਕੀ ਤੇ ਲਚਰਤਾ ਦਾ ਦੋਸ਼ ਲਾ ਕੇ ਆਪ ਬਰੀ ਹੋਣਾ ਚਾਹੁੰਦੇ ਹਨ। ਇਹ ਇੱਕ ਉਹਨਾਂ ਦੀ ਗਲਤ ਸੋਚ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਵਿੱਚ ਸੁਧਾਰ ਕਰਨ। ਇਸ ਤੋਂ ਇਲਾਵਾ ਦਿਓਰ-ਭਰਜਾਈ, ਜੇਠ-ਭਰਜਾਈ, ਯਾਰੀ ਦੋਸਤੀ ਆਦਿ ਸਮਾਜਿਕ ਰਿਸ਼ਤਿਆਂ ਨੂੰ ਵੀ ਉਹਨੇ ਆਪਣੇ ਦੋਗਣਿਆਂ ਰਾਹੀਂ ਸਾਡੇ ਸਮਾਜ ਵਿੱਚ ਪੇਸ਼ ਕਰਨ ਦੀ ਹਿੰਮਤ ਕੀਤੀ ਹੈ। ਜੋ ਕੁਝ ਇਹਨਾ ਰਿਸ਼ਤਿਆਂ ਵਿੱਚ ਵਾਪਰਦਾ ਹੈ, ਉਸਨੂੰ ਬਿਲਕੁਲ ਨੰਗਿਆਂ ਕਰਕੇ ਧਰ ਦਿੱਤਾ ਹੈ ਪਿਉ ਦੇ ਪੁੱਤ ਨੇ। ਇਹ ਰਿਸ਼ਤੇ ਸਾਡੇ ਸਮਾਜ ਦਾ ਅਤੁੱਟ ਅੰਗ ਹਨ। ਜਿਵੇਂ ਇਹ ਸਾਡੇ ਸਮਾਜਿਕ ਰਿਸ਼ਤੇ ਹਮੇਸ਼ਾਂ ਅਮਰ ਰਹਿਣਗੇ, ਇਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਦੀ ਗਾਇਕੀ ਵੀ ਹਮੇਸ਼ਾਂ ਅਮਰ ਰਹੇਗੀ।

ਅਮਰ ਸਿੰਘ ਚਮਕੀਲਾ ਨੇ ਜੋ ਆਪਣੇ ਗੀਤਾਂ ਰਾਹੀਂ ਕਿਹਾ ਹੈ,ਕੀ ਇਹ ਹਕੀਕਤ ਨਹੀਂ? ਕੀ ਇਹ ਗੱਲ ਭੁੱਲੀ ਹੋਈ ਹੈ? ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਕੀ ਨਹੀਂ ਹੁੰਦਾ? ਜੇਕਰ ਇਸ ਸਚਾਈ ਨੂੰ ਲਚਰ ਕਹਿ ਲਈਏ ਕੀ ਇਹ ਠੀਕ ਹੋਏਗਾ? ਨਹੀਂ ਇਹ ਬਿਲਕੁਲ ਗਲਤ ਹੈ, ਸਾਡੇ ਸਮਾਜ ਵਿੱਚ ਇਹੋ ਕੁਝ ਹੁੰਦਾ ਹੈ, ਜੋ ਚਮਕੀਲਾ ਤੇ ਅਮਰਜੋਤ ਨੇ ਪੇਸ਼ ਕੀਤਾ ਹੈ। ਸੱਚ ਨੂੰ ਬਰਦਾਸ਼ਤ ਕਰਨਾ ਸਾਡੀ ਆਦਤ ਨਹੀਂ ਸਗੋਂ ਸੱਚ ਦਾ ਵਿਰੋਧ ਕਰਨਾ ਹੀ ਆਪਣਾ ਹੱਕ ਸਮਝਦੇ ਹਾਂ। ਜਿਵੇਂ ਚਮਕੀਲਾ ਅਤੇ ਅਮਰਜੋਤ ਦੀ ਚੜ੍ਹਤ ਵੇਖਕੇ ਸਮਕਾਲੀ ਗੀਤਕਾਰਾਂ ਤੇ ਗਾਇਕਾਂ ਨੇ ਵਿਰੋਧਤਾ ਕੀਤੀ ਹੈ। ਇਹ ਇੱਕ ਉਹ ਜੁੰਡਲੀ ਹੈ ਜੋ ਵਿਰੋਧਤਾ ਕਰਨ ਤੋਂ ਬਗੈਰ ਹੋਰ ਕੁਝ ਨਹੀਂ ਕਰ ਸਕਦੀ।

ਆਪਣੇ ਸਮੇਂ ਵਿੱਚ ਚਮਕੀਲਾ ਅਤੇ ਅਮਰਜੋਤ ਨੇ ਸਾਰੇ ਹੀ ਗਾਇਕ ਫੇਲ੍ਹ ਕਰ ਦਿੱਤੇ ਸਨ। ਜੋ ਕੁਝ ਵੀ ਇਸ ਗਾਇਕ ਜੋੜੀ ਨਾਲ ਹੋਇਆ ਉਹ ਕਿਸੇ ਸਾਜਿਸ਼ ਅਧੀਨ ਹੋਇਆ। ਬੇ-ਸ਼ੱਕ ਇਹ ਗਾਇਕ ਜੋੜੀ ਸਾਥੋਂ ਸਰੀਰਕ ਤੌਰ ਤੇ ਵਿਛੜ ਗਈ ਹੈ ਪਰ ਇਸ ਦੀ ਅਵਾਜ਼ ਸਾਡੇ ਦਿਲਾਂ ਤੇ ਹੁਣ ਵੀ ਰਾਜ ਕਰ ਰਹੀ ਹੈ ਕਿਉਂਕਿ ਇਸ ਜੋੜੀ ਨੇ ਰੱਜਕੇ ਮਿਹਨਤ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਮਾਰ ਕੇ ਇਸ ਵਿਰੋਧੀ ਜੁੰਡਲੀ ਨੇ ਸਾਡੇ ਸਮਾਜ ਵਿੱਚੋਂ ਲਚਰਤਾ ਖਤਮ ਕਰ ਦਿੱਤੀ ਹੈ? ਨਹੀਂ, ਸਗੋਂ ਲਚਰਤਾ ਘਟਣ ਦੀ ਥਾਂ ਤੇ ਵੱਧ ਹੋਈ चै।

ਮੇਰੇ ਵੇਖਦਿਆਂ ਅਮਰ ਸਿੰਘ ਚਮਕੀਲਾ ਨੇ ਦੁੱਗਰੀ ਦੀਆਂ ਜੂਹਾਂ ਵਿੱਚ ਖੁਰਪਾ ਲੈ ਕੇ ਕਣਕਾਂ ਗੁੱਡੀਆਂ, ਦਿਹਾੜੀ ਜੋਤਾ ਕੀਤਾ। ਸਭ ਤੋਂ ਵੱਧ ਇਸਨੇ ਸਾਬਕਾ ਪੰਚਾਇਤ ਮੈਂਬਰ ਸ੍ਰ: ਬੂਟਾ ਸਿੰਘ ਦੁੱਗਰੀ ਦੇ ਖੇਤਾਂ ਵਿੱਚ ਕੰਮ ਕੀਤਾ। ਗੱਲ ਕੀ ਮਿਹਨਤ ਕਰਕੇ ਹੀ ਇਹ ਪੰਜਾਬੀ ਲੋਕ-ਗਾਇਕੀ ਦੇ ਸਿਖਰਲੇ ਟੰਬੇ ਉੱਤੇ ਜਾ ਪਹੁੰਚਿਆ ਸੀ ਤਾਂ ਵੀ ਇਸਨੇ ਭੋਰਾ ਹੰਕਾਰ ਨਹੀਂ ਕੀਤਾ, ਸਗੋਂ ਜਿਉਂ-ਜਿਉਂ ਤਰੱਕੀ ਕੀਤੀ ਤਿਉਂ-ਤਿਉਂ ਇਸ ਵਿੱਚ ਨਿਮਰਤਾ ਆਉਂਦੀ ਗਈ। ਫਿਰ ਵੀ ਇਸਦੀ ਚੜ੍ਹਤ ਨੂੰ ਵੇ ਖ ਕੇ ਲੋਕ ਏਨੇ ਮੱਚੇ ਤੇ ਆਪਣੇ ਮਨ ਵਿੱਚ ਸੰਕਲਪ ਹੀ ਲੈ ਲਿਆ ਕਿ ਇਸਨੂੰ ਖਤਮ ਹੀ ਕਰ ਦਿੱਤਾ ਜਾਵੇ ਕਿਉਂਕਿ ਇਹ ਇੱਕ ਮਜ਼ਦੂਰ ਦਾ ਮੁੰਡਾ ਮਜ਼ਦੂਰੀ ਕਰਦਾ ਕਰਦਾ ਇਸ ਮੰਜ਼ਲ ਤੇ ਪਹੁੰਚ ਗਿਆ ਸੀ। ਉਹ ਆਪਣੀ ਕਲਾ ਤੇ ਮਿਹਨਤ ਕਰਕੇ ਏਥੋਂ ਤੱਕ ਪਹੁੰਚਿਆ ਤੇ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਚਮਕੀਲੇ ਨੇ ਲੋਕਾਂ ਦੀ ਗੱਲ ਕਰਕੇ ਲੋਕਾਂ ਵਿੱਚ ਬੇ-ਹੱਦ ਹਰਮਨ ਪਿਆਰਤਾ ਹਾਸਿਲ ਕਰ ਲਈ ਸੀ ਜੋ ਹੁਣ ਵੀ ਹੈ ਤੇ ਇਹ ਹਰਮਨ ਪਿਆਰਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਨੇ ਜਿੱਥੇ ਲੋਕ-ਪੱਖੀ ਦੋਗਾਣੇ ਗਾਏ, ਲੋਕ-ਤੱਥ ਗਾਏ, ਲੋਕ-ਗੀਤ ਗਾਏ, ਉੱਥੇ ਉਹਨਾਂ ਤਲਵਾਰ ਮੈਂ ਕਲਗੀ ਧਰ ਦੀ ਹਾਂ ਤੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਮੀਲ-ਪੱਥਰ ਵਰਗੇ ਅਹਿਲ ਗੀਤ ਵੀ ਗਾਏ, ਇਹਨਾਂ ਬਾਰੇ ਕਿਸੇ ਨੇ ਇੱਕ ਵੀ ਸ਼ਬਦ ਉਹਨਾਂ ਦੇ ਹੱਕ ਵਿੱਚ ਨਹੀਂ ਕਿਹਾ। ਪਤਾ ਨਹੀਂ ਕਿਉਂ-ਉਹਨਾਂ ਦੀ ਸੋਚ ਤੇ ਜੀਭ ਬੰਦ ਹੋ ਗਈ ਸੀ। ਪੰਜਾਬੀ ਸਰੋਤਿਆਂ ਨੂੰ ਚਮਕੀਲੇ ਵਰਗਾ ਕੋਈ ਵੀ ਗੀਤਕਾਰ ਤੇ ਗਾਇਕ ਨਹੀਂ ਮਿਲਿਆ ਕਿਉਂਕਿ ਇਹੋ ਹੀ ‘ਪੰਜਾਬੀ ਗੀਤਕਾਰੀ ਤੇ ਗਾਇਕੀ ਦਾ ਕੋਹਿਨੂਰ ਹੀਰਾ ਸੀ ਚਮਕੀਲਾ’ ਬੱਸ ! ਹੋਰ ਮੈਂ ਕੁਝ ਨਹੀਂ ਕਹਿੰਦਾ। ਇਹੋ ਮੇਰੀ ਸ਼ਰਧਾਂਜਲੀ ਹੈ ਇਸ ਗਾਇਕ ਜੋੜੀ ਨੂੰ ।

ਵੱਲੋਂ

ਸੱਤਪਾਲ ਸਿੰਘ

ਸਾਬਕਾ ਸਰਪੰਚ

ਪਿੰਡ ਤੇ ਡਾਕ: ਹਿਮਾਯੂੰਪੁਰਾ (ਲੁਧਿਆਣਾ)

 

ਅਵਾਜ਼ ਮਰਦੀ ਨਹੀਂ ਸਵਰਗੀ ਅਮਰ ਸਿੰਘ ਚਮਕੀਲਾ | Amar Singh Chamkila

ਧਨੀ ਰਾਮ ਨੂੰ ਅਮਰ ਸਿੰਘ ਚਮਕੀਲਾ ਮੈਂ ਹੀ ਬਣਾਇਆ ਸੀ- ਸਨਮੁੱਖ ਅਜ਼ਾਦ

ਸੁਰਿੰਦਰ ਛਿੰਦੇ ਨੇ ਬੁੜੈਲ (ਚੰਡੀਗੜ੍ਹ) ਦੀ ਰਾਮ ਲੀਲਾ ਬੁੱਕ ਕਰ ਲਈ। ਉਸ ਸਮੇਂ ਮੈਂ ਵੀ ਸੁਰਿੰਦਰ ਛਿੰਦੇ ਦੀ ਪਾਰਟੀ ਵਿੱਚ ਕੰਮ ਕਰਦਾ ਸੀ। ਜਦੋਂ ਰਾਮ ਲੀਲਾ ਦਾ ਸੀਨ ਖਤਮ ਹੁੰਦਾ ਸੀ ਫਿਰ ਉਸ ਤੋਂ ਬਾਦ ਸੁਰਿੰਦਰ ਛਿੰਦੇ ਦੀ ਪਾਰਟੀ ਗੀਤ ਗਾਇਆ ਕਰਦੀ ਸੀ। ਉਸ ਵੇਲੇ ਧਨੀ ਰਾਮ ਵੀ ਸਾਡੇ ਨਾਲ ਸੀ। ਇਹ ਹਰਮੋਨੀਅਮ ਵਜਾਇਆ ਕਰਦਾ ਸੀ। ਵੈਸੇ ਗੀਤ ਗਾ ਲੈਂਦਾ ਸੀ ਪਰ ਸਟੇਜ ਤੇ ਨਹੀਂ ਸੀ ਗਾਉਂਦਾ। ਧਨੀ ਰਾਮ ਸਾਡੀ ਸਾਰੀ ਪਾਰਟੀ ਦੀ ਪੂਰੀ ਸੇਵਾ ਕਰਦਾ ਸੀ ਤੇ ਇਹ ਸੁਰਿੰਦਰ ਛਿੰਦੇ ਦਾ ਸ਼ਗਿਰਦ ਸੀ। ਕੇਸਰ ਸਿੰਘ ਟਿੱਕੀ ਢੋਲਕ ਮਾਸਟਰ ਦੀ ਬਦੌਲਤ ਇਹ ਸਾਨੂੰ ਮਿਲਿਆ ਸੀ। ਇਸਦਾ ਸੁਭਾਅ ਬਹੁਤ ਹੀ ਵਧੀਆ ਮਿੱਠ ਬੋਲੜਾ ਤੇ ਮਿਲਣਸਾਰ ਸੀ। ਪਾਰਟੀ ਦੇ ਸਾਰੇ ਮੈਂਬਰ ਇਸ ਨੂੰ ਪਿਆਰ ਕਰਦੇ ਸਨ। ਅਸੀਂ ਇਹਦੀ ਤਿਆਰੀ ਹੀ ਕਰਾਈ ਜਾਂਦੇ ਸੀ ਤੇ ਇਸ ਨੂੰ ਸਟੇਜ ਉੱਤੇ ਚੜਾਉਣ ਬਾਰੇ ਵੀ ਸੋਚ ਰਹੇ ਸੀ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਅਸੀਂ ਧਨੀ ਰਾਮ ਨੂੰ ਹੋਰ ਰੰਦੀ ਗਏ।

ਇੱਕ ਦਿਨ ਸਾਰਿਆਂ ਕਿਹਾ ਕਿ ਅੱਜ ਆਪਾਂ ਧਨੀ ਰਾਮ ਨੂੰ ਸਟੇਜ ਉੱਤੇ ਗਵਾ ਹੀ ਦੇਣਾ ਹੈ। ਮੈਨੂੰ ਕਹਿੰਦੇ ਕਿ ਭਾਪਾ ਜੀ ਇਹਦਾ ਨਾਂ ਧਨੀ ਰਾਮ ਵਧੀਆ ਨਹੀਂ, ਇਸਦਾ ਆਪਾਂ ਸਟੇਜੀ ਨਾਂ ਹੋਰ ਰੱਖੀਏ। ਜੋ ਹਮੇਸ਼ਾਂ ਅਮਰ ਹੋ ਕੇ ਚਮਕਦਾ ਰਹੇ। ਮੇਰੇ ਦਿਮਾਗ ਵਿੱਚ ਝੱਟ ਆ ਗਿਆ ਪਰ ਕਿਸੇ ਨੂੰ ਨਾ ਦੱਸਿਆ ਕਿ ਇਹਦਾ ਨਾਂ ਕੀ ਰੱਖਣਾ ਹੈ।

ਮੈਂ ਧਨੀ ਰਾਮ ਨੂੰ ਕਿਹਾ ਕਿ ਬੇਟੇ ਇਸ ਸੀਨ ਤੋਂ ਬਾਅਦ ਤੇਰਾ ਗੀਤ ਹੋਵੇਗਾ। ਇਹ ਝੱਟ ਬੋਲਿਆ ਕਿ ਭਾਪਾ ਜੀ ਮੇਰਾ ਨਾਂ ਕੀ ਹੈ? ਮੈਂ ਕਿਹਾ ਬੇਟੇ ਮੈਂ ਪਹਿਲਾਂ ਤੈਨੂੰ ਨਾਂ ਨਹੀਂ ਦੱਸਣਾ, ਤੂੰ ਮੇਰੇ ਸਾਹਮਣੇ ਬੈਠ ਮੈਂ ਤੇਰਾ ਨਾਂ ਬੋਲਕੇ ਤੇਰੇ ਵੱਲ ਇਸ਼ਾਰਾ ਕਰਾਂਗਾ। ਫਿਰ ਤੂੰ ਝੱਟ ਸਟੇਜ ਉੱਤੇ ਆ ਕੇ ਆਪਣਾ ਗੀਤ ਗਾ ਦੇਵੀਂ।

ਜਿਸ ਵੇਲੇ ਸੀਨ ਖਤਮ ਹੋਇਆ ਮੈਂ ਸਟੇਜ ਤੇ ਜਾ ਕੇ ਸਰੋਤਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੇਰੇ ਪਿਆਰੇ ਸਰੋਤਿਓ ਅੱਜ ਮੈਂ ਤੁਹਾਡੇ ਅੱਗੇ ਇੱਕ ਨਵਾਂ ਨਕੋਰ ਗਾਇਕ ਪੇਸ਼ ਕਰਨ ਜਾ ਰਿਹਾ ਹਾਂ। ਆਸ ਹੈ ਤੁਸੀਂ ਉਸਨੂੰ ਬੜੇ ਪਿਆਰ ਨਾਲ ਸੁਣੋਗੇ । ਇਸ ਨਵੇਂ ਕਲਾਕਾਰ ਦਾ ਨਾਂ ਹੈ ਅਮਰ ਸਿੰਘ ਚਮਕੀਲਾ ਏਨਾ ਕਹਿਕੇ ਮੈਂ ਧਨੀ ਰਾਮ ਵੱਲ ਇਸ਼ਾਰਾ ਕੀਤਾ। ਮੇਰੇ ਦੂਜੀ ਵਾਰੀ ਨਾਂ ਬੋਲਦੇ ਤੱਕ, ਧਨੀ ਰਾਮ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਹੋਕੇ ਸਟੇਜ ਉੱਤੇ ਆ ਗਿਆ। ਇਸ ਦਾ ਗੀਤ ਬਹੁਤ ਹੀ ਵਧੀਆ ਰਿਹਾ ਤੇ ਸਰੋਤਿਆਂ ਨੇ ਫਿਰ ਸਿਫਾਰਸ਼ ਕਰਕੇ ਸੁਣਿਆ। ਅੱਜ ਤੋਂ ਬਾਅਦ ਧਨੀਰਾਮ ਨੂੰ ਲੋਕ ਭੁੱਲ ਗਏ ਤੇ ਅਮਰ ਸਿੰਘ ਚਮਕੀਲਾ ਲੋਕਾਂ ਦੇ ਦਿਲਾਂ ਉਤੇ ਰਾਜ ਕਰਦਾ ਰਿਹਾ। ਅਮਰ ਸਿੰਘ ਚਮਕੀਲਾ, ਉਸਦੀ ਗਾਇਕੀ ਤੇ ਗੀਤਕਾਰੀ ਹਮੇਸ਼ਾਂ ਅਮਰ ਤੇ ਚਮਕਦੀ ਰਹੇਗੀ।

ਚਮਕੀਲਾ ਮੇਰਾ ਬਹੁਤ ਹੀ ਹੋਣਹਾਰ ਸ਼ਗਿਰਦ ਸੀ-ਸੁਰਿੰਦਰ ਛਿੰਦਾ ਉਸਤਾਦ ਸਾਹਿਬ ਜੀ ਜਨਾਬ ਜਸਵੰਤ ਸਿੰਘ ਜੀ ਭੰਵਰਾ ਦੇ ਪ੍ਰੀਵਾਰ ਵਿੱਚ ਜਿੰਨੇ ਵੀ ਨਾਮੀ ਸ਼ਗਿਰਦ ਹੋਏ ਹਨ ਜੇਕਰ ਉਹਨਾਂ ਦਾ ਮੈਂ ਨਾਮ ਲਵਾਂ ਬੜੀ ਲੰਮੀ ਚੌੜੀ ਗਿਣਤੀ ਹੈ। ਸਾਰੇ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਸਾਰੇ ਵਿਸ਼ਵ ਵਿੱਚ ਜਨਾਬ ਜਸਵੰਤ ਸਿੰਘ ਭੰਵਰਾ ਜੀ ਦੇ ਸ਼ਗਿਰਦ ਹਨ। ਉਹਨਾਂ ਦੇ ਦਿੱਤੇ ਸਬਕ ਤੇ ਚੱਲ ਰਹੇ ਹਨ ਜ਼ਿੰਦਗੀ ਦੀਆਂ ਰੋਟੀਆਂ ਰੋਜ਼ੀਆਂ ਕਮਾ ਰਹੇ ਹਨ ਤੇ ਉਸਤਾਦ ਜੀ ਦਾ ਨਾਮ ਉੱਚਾ ਕਰ ਰਹੇ ਹਨ। ਜਿੰਨੇ ਵੀ ਉਹਨਾਂ ਦੇ ਸ਼ਗਿਰਦ ਹੋਏ ਹਨ ਅੱਗਿਉਂ ਉਹਨਾਂ ਦੇ ਸ਼ਗਿਰਦਾਂ ਦੇ ਸ਼ਗਿਰਦ ਵੀ ਬੜੇ ਨਾਮੀ ਹੋਏ ਹਨ। ਜਿਵੇਂ ਕਿ ਮੇਰਾ ਸ਼ਗਿਰਦ। ਮੈਂ ਨਾਚੀਜ਼ ਸੁਰਿੰਦਰ ਛਿੰਦਾ ਮੇਰਾ ਸ਼ਗਿਰਦ ਉਸਤਾਦ ਜਨਾਬ ਜਸਵੰਤ ਸਿੰਘ ਭੰਵਰਾ ਜੀ ਦਾ ਪੋਤਾ ਸ਼ਗਿਰਦ,ਅਮਰ ਸਿੰਘ ਚਮਕੀਲਾ। ਚਮਕੀਲਾ ਦੋਬਾਰਾ ਨਹੀਂ ਪੈਦਾ ਹੋਣਾ। ਚਮਕੀਲਾ ਇੱਕ ਚੰਗਾ ਗਾਇਕ ਹੋ ਕੇ ਉਭਰਿਆ, ਚਮਕੀਲਾ ਇੱਕ ਚੰਗਾ ਗੀਤਕਾਰ ਹੋ ਕੇ ਉਭਰਿਆ, ਚਮਕੀਲਾ ਇੱਕ ਚੰਗਾ ਯਾਰ ਬਣਕੇ ਸਾਹਮਣੇ ਆਇਆ, ਮਿੱਤਰਤਾ ਦਾ ਪ੍ਰਤੀਕ ਬਣਕੇ ਉਭਰਿਆ, ਚਮਕੀਲਾ ਗਰੀਬਾਂ ਦਾ ਹਮਦਰਦ ਬਣਕੇ ਆਇਆ, ਚਮਕੀਲਾ ਦੁਖੀਆਂ ਦੇ ਦੁਖ ਸੁਣਨ ਵਾਲਾ ਬਣਕੇ ਸਾਹਮਣੇ ਆਇਆ। ਚਮਕੀਲਾ ਚੰਗੇ ਹਰ ਸਰੋਤੇ ਦਾ ਇੱਕ ਮੇਨ ਸਿੰਗਰ ਬਣਕੇ ਉਭਰਿਆ। ਸੋ ਉਹਦੀ ਜ਼ਿੰਦਗੀ ਦੀਆਂ ਜੋ ਗੱਲਾਂ ਮੇਰੇ ਨਾਲ ਜੁੜੀਆਂ ਹਨ, ਉਹਦੇ ਨਾਲ ਜੋ ਪਲ ਸਾਂਝੇ ਹੋਏ, ਕਹਿ ਰਿਹਾ ਹਾਂ। ਉਸ ਵੇਲੇ ਦੀ ਗੱਲ ਹੈ ਕਿ ਤਕਰੀਬਨ ਜਦੋਂ ਮੇਰੀ ਜ਼ਿੰਦਗੀ ਦੀ ਪਹਿਲੀ ਰਿਕਾਰਡਿੰਗ ਹੋਈ ‘ਮੈਂ ਕੀ ਕਰਾਂ ਕਰਤਾਰੋ, ਗੱਡੀ ਛੇ ਸਿਲੰਡਰ ਦੀ’ ਮੇਰਾ ਪਹਿਲਾਂ ਹੀ ਰਿਕਾਰਡ ਐੱਚ. ਐਮ. ਵੀ ਵਿੱਚ ਹਿੱਟ ਹੋਇਆ, ਉਸ ਤੋਂ ਬਾਅਦ ਦੂਜਾ ਕਲੀਆਂ ਦਾ ਰਿਕਾਰਡ ਹਿੱਟ ਹੋਇਆ ‘ਉੱਚਾ ਬੁਰਜ ਲਹੌਰ ਦਾ’ ਜਿਸਨੂੰ ਦੇਵ ਥਰੀਕਿਆਂ ਵਾਲੇ ਨੇ ਲਿਖਿਆ ਤੇ ਸੰਗੀਤ ਪੰਡਤ ਸ਼ਿਵ ਰਾਮ ਜੀ ਨੇ ਦਿੱਤਾ। ਇਹਨਾਂ ਦਿਨਾਂ ਵਿੱਚ ਜਿਵੇਂ ਮੈਨੂੰ ਆਪਣੇ ਉਸਤਾਦ ਸਾਹਿਬ ਦੀ ਭਾਲ ਸੀ, ਇੱਕ ਚੰਗੇ ਉਸਤਾਦ ਦੀ ਭਾਲ ਸੀ। ਇਸੇ ਤਰ੍ਹਾਂ ਚਮਕੀਲਾ ਪਿੰਡ ਦੁੱਗਰੀ ਦੇ ਵਿੱਚ ਆਪਣੇ ਮਾਂ ਬਾਪ ਦੇ ਘਰ ਜੰਮਿਆ ਤੇ ਪਲਿਆ। ਚਮਕੀਲਾ ਵੀ ਇੱਕ ਗਰੀਬ ਪ੍ਰੀਵਾਰ ‘ਚੋਂ ਉੱਠਿਆ। ਜਿੰਨ੍ਹਾਂ ਦਿਨਾਂ ‘ਚ ਚਮਕੀਲਾ ਮੇਰੇ ਕੋਲ ਲੁਧਿਆਣੇ ਆਇਆ ਇਹ ਉਸ ਵੇਲੇ ਹੌਜਰੀ ‘ਚ ਕੰਮ ਕਰਨ ਵਾਲਾ ਨੌਜਵਾਨ ਸੀ । ਮੈਨੂੰ ਅੱਜ ਵੀ ਯਾਦ ਹੈ ਕਿ ਉਹਦੇ ਕੋਲ ਇੱਕ ਸਾਇਕਲ ਸੀ, ਸਾਇਕਲ ਦੇ ਹੈਂਡਲ ਦੇ ਨਾਲ ਪੁਰਾਣਾ ਦਰੀ ਵਰਗਾ ਝੋਲਾ ਸੀ। ਉਸ ਵਿੱਚ ਉਹਨੇ ਇੱਕ ਪੰਪ (ਫੂਕ ਭਰਨ ਵਾਲਾ) ਰੱਖਿਆ ਹੁੰਦਾ ਸੀ। ਪੌਣੇ ਵਿੱਚ ਰੋਟੀਆਂ। ਅਣਦਾੜ੍ਹੀਏ ਉਸ ਚਮਕੀਲੇ ਨੇ ਪੱਗ ਬੰਨ੍ਹੀ ਹੋਈ ਸੀ। ਬਿਲਕੁਲ ਸਿੰਪਲ ਇੱਕ ਪੇਂਡੂ-ਮੁੰਡਾ, ਪੇਂਡੂ ਦਿੱਖ ਵਾਲਾ ਮੁੰਡਾ ਨਜ਼ਰ ਆਉਂਦਾ ਸੀ। ਉਹ ਨੌਜਵਾਨ ਮੇਰੇ ਕੋਲ ਟਿੱਕੀ ਢੋਲਕ ਮਾਸਟਰ ਦੀ ਮਦਦ ਨਾਲ ਆਇਆ ਸੀ। ਉਸ ਵੇਲੇ ਮੈਂ ਵੈਦ ਗੁਰਬਚਨ ਸਿੰਘ ਮੋਗੇ ਵਾਲਿਆਂ ਦੀ ਬਿਲਡਿੰਗ ਵਿੱਚ ਥੱਲੇ ਬੈਠਾ ਸੀ। ਪਹਿਲੀ ਵਾਰੀ ਮੈਨੂੰ ਮਿਲਿਆ, ਮੈਨੂੰ ਕਹਿੰਦਾ ਕਿ ਉਸਤਾਦ ਸਾਹਿਬ ਜੀ ਮੈਂ ਗਾਣਾ ਸਿੱਖਣਾ ਚਾਹੁਨੈ। ਮੈਂ ਕਿਹਾ ਬਈ ਕੀ ਕੰਮ ਕਰਦੈਂ? ਕਹਿੰਦਾ ਜੀ ਮੈਂ ਹੌਜ਼ਰੀ ਦੇ ਵਿੱਚ ਜੁਰਾਬਾਂ ਬੁਣਨ ਦਾ ਕੰਮ ਕਰਦੈਂ। ਮੈਂ ਬਹੁਤ ਗਰੀਬ ਪ੍ਰੀਵਾਰ ਵਿੱਚੋਂ ਹਾਂ। ਮੈਂ ਤੁਹਾਡੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹਾਂ, ਤੁਹਾਡੇ ਸੁਰ ਕਲਾਮ ਤੋਂ ਵੀ ਬੜਾ ਪ੍ਰਭਾਵਿਤ ਹਾਂ। ਮੈਂ ਸੁਣ ਕੇ ਬਹੁਤ ਹੱਸਿਆ। ਮੈਂ ਕਿਹਾ ਕਿ ਕੋਈ ਮੇਰੇ ‘ਚ ਉਸਤਾਦਾਂ ਵਾਲੀ ਗੱਲ ਤਾਂ ਨਹੀਂ ਲਗਦੀ।

ਮੈਂ ਉਸਨੂੰ ਇਸ ਤਰ੍ਹਾਂ ਕਹਿ ਕੇ ਆਪਣੇ ਗਲੋਂ ਭਾਵ ਮਗਰੋਂ ਲਾਹੁਣਾ ਚਾਹੁੰਦਾ ਸੀ ਕਿਉਂਕਿ ਮੈਂ ਉਦੋਂ ਅਜੇ ਆਪ ਹੀ ਸਿੱਖਦਾ ਸੀ। ਉਹ ਕਹਿੰਦਾ ਕਿ ਉਸਤਾਦ ਜੀ ਮੈਂ ਤੁਹਾਡੇ ਤੋਂ ਸਿੱਖਣਾ ਹੀ ਹੈ। ਉਹ ਬਹੁਤ ਅਤੇ ਵਾਰੀ ਵਾਰੀ ਕਹਿਣ ਤੇ ਵੀ ਨਾ ਹੱਟਿਆ। ਫਿਰ ਉਸਨੇ ਇੱਕ ਸਾਦੀ ਰਸਮ ਦੇ ਨਾਲ ਮੈਨੂੰ ਪੱਗ ਦਿੱਤੀ ਤੇ ਲੱਡੂ ਦਿੱਤੇ ਤੇ ਉਸਤਾਦ ਸਾਹਿਬ ਜਨਾਬ ਜਸਵੰਤ ਸਿੰਘ ਭੰਵਰਾ ਜੀ ਦੀ ਵੀ ਨਜ਼ਰ ਕੀਤੀ। ਉਸ ਵੇਲੇ ਉਹਨੇ ਮੈਨੂੰ ਗਿਆਰਾਂ ਰੁਪੈ ਨਜ਼ਰ ਕੀਤੇ। ਮੈਂ ਜਿਹਦੇ ‘ਚੋਂ ਇੱਕ ਰੁਪਈਆ ਆਪਣੀ ਜੇਬ ਵਿੱਚ ਪਾ ਲਿਆ ਜਿਸਨੂੰ ਮੈਂ ਇੱਕ ਲੱਖ ਦੇ ਬਰਾਬਰ ਸਮਝਿਆ ਤੇ ਬਾਕੀ ਦਸ ਰੁਪੈ ਉਹਨੂੰ ਵਾਪਸ ਕਰ ਦਿੱਤੇ। ਚਮਕੀਲਾ ਹੱਸਿਆ ਤੇ ਕਹਿੰਦਾ ਹੁਣ ਮੈਂ ਤੁਹਾਡੇ ਕੋਲ ਹੀ ਰਿਹਾ ਕਰੂੰਗਾ। ਮੈਂ ਕਿਹਾ ਕਿ ਮੈਨੂੰ ਤੇਰੀ ਸੇਵਾ ਚਾਹੀਦੀ ਹੈ। ਤੇਰੀ ਮੁਹੱਬਤ ਚਾਹੀਦੀ ਹੈ, ਤੇਰੀ ਇੱਜ਼ਤ ਚਾਹੀਦੀ ਹੈ, ਉਸਨੇ ਕਿਹਾ ਕਿ ਉਸਤਾਦ ਸਾਹਿਬ ਮੈਂ ਤੁਹਾਡੀ ਸੇਵਾ ਇੱਜ਼ਤ ਮਾਣ ਸਭ ਕੁਝ ਕਰਾਂਗਾ ਇਸ ਤਰ੍ਹਾਂ ਜ਼ਿੰਦਗੀ ਦੀਆਂ ਰਾਹਾਂ ਵਿੱਚ, ਪ੍ਰੋਗਰਾਮਾਂ ਦੀ ਜ਼ਿੰਦਗੀ ਵਿੱਚ, ਚਮਕੀਲਾ ਮੇਰਾ ਹਮ-ਸਫਰ ਬਣ ਗਿਆ। ਉਹਦੀ ਸ਼ਗਿਰਦੀ ਦਾ ਦੌਰ ਸ਼ੁਰੂ ਹੋਇਆ। ਚਮਕੀਲਾ ਤਕਰੀਬਨ ਸਾਡੇ ਪੁਰਾਣੇ ਘਰ ਨਿੰਮ ਵਾਲੇ ਚੌਕ ਮੇਰੇ ਕੋਲ ਸਿੱਖਣ ਆਉਂਦਾ ਸੀ। ਮੇਰੇ ਤੋਂ ਸਿੱਖਿਆ, ਮੇਰੇ ਪਿਤਾ ਜੀ ਤੋਂ ਸਿੱਖਿਆ, ਉਸਤਾਦ ਜਨਾਬ ਜਸਵੰਤ ਸਿੰਘ ਭੰਵਰਾ ਜੀ ਤੋਂ ਸਿੱਖਿਆ ਉਸਨੇ ਸਖਤ ਸਿਖਲਾਈ ਦੇ ਵਿੱਚ ਸਖਤ ਮਿਹਨਤ ਕੀਤੀ। ਉਸਨੂੰ ਜੋ ਵੀ ਸਬਕ ਦਿੱਤਾ ਜਾਂਦਾ, ਘਰ ਜਾ ਕੇ ਉਸਦੀ ਖੂਬ ਤਿਆਰੀ ਕਰਦਾ ਮਿਹਨਤ ਕਰਕੇ ਅਗਲੇ ਦਿਨ ਸੁਣਾ ਦਿੰਦਾ। ਇਹ ਉਹਦੇ ਵਿੱਚ ਇੱਕ ਖਾਸ ਕਲਾ ਸੀ, ਮੈਨੂੰ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਚਮਕੀਲਾ ਲਿਖਦਾ ਵੀ ਹੈ। ਇੱਕ ਵਾਰੀ ਅਸੀਂ ਇੱਕ ਪ੍ਰੋਗਰਾਮ ਤੇ ਜਾ ਰਹੇ ਸੀ ਉਸਨੇ ਟਿੱਕੀ ਨੂੰ ਕਿਹਾ ਕਿ ਉਸਤਾਦ ਸਾਹਿਬ ਜੀ ਨੂੰ ਕਹੋ ਕਿ ਮੇਰਾ ਇੱਕ ਗੀਤ ਰਿਕਾਰਡ ਕਰਵਾ ਦੇਣ। ਮੈਂ ਜਦੋਂ ਗੀਤ ਸੁਣਿਆ ਤਾਂ ਇਕੋ ਗੱਲ ਕਹੀ ਕਿ ਚਮਕੀਲੇ ਤੂੰ ਇਹ ਗੀਤ ਆਪ ਲਿਖਿਆ ਹੈ। ਜਿੱਦਾਂ ਦਾ ਉਹ ਗੀਤ ਲਿਖਦਾ ਸੀ ਮੈਨੂੰ ਲੱਗਿਆ ਕਿ ਗੀਤ ਬੜੇ ਤਿੱਖੇ ਲਿਖਦੈ। ਇਹ ਉਸਦਾ ਆਪਣਾ ਹੀ ਸਟਾਈਲ ਸੀ, ਢੰਗ ਸੀ। ਜਿਸਨੂੰ ਬਾਅਦ ਵਿੱਚ ਥੋੜ੍ਹਾ ਜਿਹਾ ਲਚਰ ਵੀ ਕਿਹਾ ਗਿਆ। ਪਰ ਉਸਨੇ ਆਪਣੇ ਇਸ ਢੰਗ ਨੂੰ ਬਾਖੂਬੀ ਨਾਲ ਨਿਭਾਇਆ। ਉਸਦੇ ਲਿਖਣ ਨੂੰ ਗੰਦਾ ਅਸੀਂ ਕਿਉਂ ਕਹੀਏ। ਜਦ ਕਿ ਉਹ ਗੰਦਾ ਲਿਖਦਾ ਹੀ ਨਹੀਂ ਸੀ। ਜੇਕਰ ਉਸਨੇ ਗੰਦਾ ਲਿਖਿਆ ਹੁੰਦਾ ਤਾਂ ਉਸਨੂੰ ਲੋਕ ਪਸੰਦ ਕਿਉਂ ਕਰਦੇ? ਇਸੇ ਲਈ ਜੋ ਵੀ ਉਹਨੇ ਲਿਖਿਆ ਸਰੋਤਿਆਂ ਨੇ ਹੱਸ ਕੇ ਪ੍ਰਵਾਨ ਕੀਤਾ, ਉਸਨੂੰ ਮਾਣ ਬਖ਼ਸ਼ਿਆ ਤੇ ਮਾਨਤਾ ਦਿੱਤੀ।

ਉਸਦਾ ਲਿਖਿਆ ਪਹਿਲਾ ਗੀਤ ਅਸੀਂ ਰਿਕਾਰਡ ਕੀਤਾ ‘ਮੈਂ ਡਿੱਗੀ ਤਿਲਕ ਕੇ’ ਬੜਾ ਮਕਬੂਲ ਹੋਇਆ, ਉਸ ਤੋਂ ਬਾਅਦ ਦੋ ਤਿੰਨ ਗੀਤ ਉਸਦੇ ਮੈਂ ਹੋਰ ਰਿਕਾਰਡ ਕਰਵਾਏ, ਸਾਰੇ ਹੀ ਹਿੱਟ ਹੋਏ। ਚਮਕੀਲਾ ਦਿਨੋ ਦਿਨ ਵਧੀਆ ਲਿਖਦਾ ਗਿਆ। 1 ਉਹਦੀਆਂ ਰਚਨਾਵਾਂ ਗਾਉਂਦਾ ਗਿਆ। ਉਹ ਕਈ ਵਾਰੀ ਮੌਕੇ ਤੇ ਹੀ ਬਹੁਤ ਅੱਛਾ ਲਿਖਦਾ ਸੀ। ਹੁਣ ਚਮਕੀਲੇ ਨੇ ਹੌਲੀ ਹੌਲੀ ‘ਵਾਜਾ’ ਸਿੱਖ ਲਿਆ। ਵਾਜਾ ਵਜਾਉਣਾ ਸ਼ੁਰੂ ਕਰ ਦਿੱਤਾ। ਸਟੇਜਾਂ ਦੇ ਉੱਤੇ ਮੇਰੇ ਨਾਲ ਹਰਮੋਨੀਅਮ ਵਜਾਉਂਦਾ ਸੀ ਤੇ ਕਈ ਵਾਰੀ ਸਟੇਜ ਤੇ ਉਹਨੇ ਪਹਿਲਾਂ ਧਾਰਮਿਕ ਗੀਤ ਗਾਉਣਾ, ਮੇਰੇ ਨਾਲ ਹੈਲਪਰ ਸਿੰਗਰ ਵੀ ਉਹ ਜਾਂਦਾ ਰਿਹਾ ਸੀ। ਇਸ ਤਰ੍ਹਾਂ ਕਰਦੇ ਕਰਦੇ ਦੋ ਤਿੰਨ ਸਾਲ ਲੰਘ ਗਏ। ਚਮਕੀਲੇ ਦੀ ਸੇਵਾ ਤੇ ਮਿਹਨਤ ਰੰਗ ਲਿਆਉਣ ਲੱਗੀ। ਜਿਸ ਤਰ੍ਹਾਂ ਮੈਨੂੰ ਉਸਤਾਦ ਸਹਿਬ ਜਨਾਬ ਜਸਵੰਤ ਸਿੰਘ ਭੰਵਰਾ ਜੀ ਨੇ ਐਚ. ਐਮ. ਵੀ. ਵਿੱਚ ਸੁਣਾਇਆ ਸੀ। ਮੈਂ ਆਪਣੀ ਰਿਕਾਰਡਿੰਗ ਵੇਲੇ ਚਮਕੀਲੇ ਨੂੰ ਵੀ ਜ਼ਹੀਰ ਸਾਹਿਬ ਨੂੰ ਸੁਣਾਇਆ।

ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਇੱਕ ਵਾਰੀ ਅਸੀਂ ਦਿੱਲੀ ਰਿਕਾਰਡਿੰਗ ਤੇ ਜਾ ਰਹੇ ਸੀ। ਉਸ ਵੇਲੇ ਸਾਡਾ ‘ਤੀਆਂ ਲੌਂਗੋਵਾਲ ਦੀਆਂ’ ਰਿਕਾਰਡ ਹੋਣਾ ਸੀ। ਜਦੋਂ ਅਸੀਂ ਅੰਬਾਲੇ ਪਹੁੰਚੇ ਤੇ ਮੈਂ ਚਮਕੀਲੇ ਨੂੰ ਕਿਹਾ ਕਿ ਮੈਟਰ ਕਿੱਥੇ ਹੈ। ਉਸ ਕਿਹਾ ਕਿ ਮੈਟਰ ਉਸਤਾਦ ਜੀ ਘਰ ਰਹਿ ਗਿਆ। ਮੈਂ ਕਿਹਾ ਬੜਾ ਤੂੰ ਕਮਲਾ ਬੰਦਾ ਏਂ, ਤੈਨੂੰ ਮੈਟਰ ਨਾਲ ਰੱਖਣਾ ਚਾਹੀਦਾ ਸੀ। ਕਹਿੰਦਾ ਉਸਤਾਦ ਜੀ ਬਹੁਤ ਵੱਡੀ ਗਲਤੀ ਹੋ ਗਈ। ਖੈਰ ਉਹਨੇ ਇੱਕ ਗੱਲ ਕਹੀ ਕਿ ਉਸਤਾਦ ਜੀ ਰਿਕਾਰਡਿੰਗ ਤਾਂ ਕੱਲ੍ਹ ਨੂੰ ਹੈ। ਤੁਸੀਂ ਦਿੱਲੀ ਚਲੋਂ ਮੈਂ ਘਰੋਂ ਜਾ ਕੇ ਚੱਕ ਲਿਆਉਂਦਾ ਹਾਂ। ਚਮਕੀਲਾ ਅੰਬਾਲੇ ਉਤਰ ਗਿਆ, ਮੈਂ ਦਿੱਲੀ ਚਲਾ ਗਿਆ। ਅਗਲੇ ਦਿਨ,ਦਿਨ ਚੜ੍ਹਦੇ ਨੂੰ ਰਿਕਾਰਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਚਮਕੀਲਾ ਸਾਡੇ ਕੋਲ ਸਟੂਡਿਓ ਪਹੁੰਚ ਗਿਆ। ਖੈਰ ਰਿਕਾਰਡਿੰਗ ਹੋਈ। ਬਹੁਤ ਅੱਛਾ ਹੋਇਆ।

ਇਸੇ ਤਰ੍ਹਾਂ ‘ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ’ ਫਿਲਮ ‘ਪੁੱਤ ਜੱਟਾਂ ਦੇ’ ਵਿੱਚ ਜਿਹੜਾ ਉਹ ਕੋਰਸ ਆਉਂਦਾ ਹੈ ‘ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ,ਮੋਢਿਆਂ ਤੇ ਡਾਗਾਂ ਧਰੀਆਂ”, ਇਸ ਗੀਤ ਦੇ ਵਿੱਚ ਜਿਹੜਾ ਕੋਰਸ ਹੈ ਉਹ ਚਮਕੀਲੇ ਤੇ ਪਾਰਸ ਗਾ ਰਹੇ ਨੇ ਕਿਉਂਕਿ ਬਾਅਦ ਦੇ ਵਿੱਚ ਪਾਰਸ ਨੇ ਵੀ ਸਿਖਣਾ ਸ਼ੁਰੂ ਕਰਤਾ ਸੀ। ਉਹਦੇ ਨਾਲ ਨਾਲ ਇਸ ਤਰ੍ਹਾਂ ਇੱਕ ਰਿਕਾਰਡ ‘ਨੈਣਾਂ ਦੇ ਵਣਜਾਰੇ” ਵਿੱਚ ਲੋਕ ਗਾਥਾਵਾਂ ਰਿਕਾਰਡ ਹੋਈਆਂ। ਉਹਦੇ ਵਿੱਚ ਜੋ ਮਿਰਜ਼ਾ ਗਾਇਆ ਹੈ ਉਸ ਵਿੱਚ ਵੀ ਚਮਕੀਲੇ ਨੇ ਗਰੁੱਪ ਵਿੱਚ ਗਾਇਆ ਸੀ। ਮੇਰੇ ਨਾਲ ਉਹ ਹਮ-ਸਫ਼ਰ ਬਣਿਆ ਰਿਹਾ ਹੌਲੀ- ਹੌਲੀ ਹਮ ਖਿਆਲ ਵੀ ਬਣ ਗਿਆ। ਉਹਨੂੰ ਮੈਂ ਜ਼ਿੰਦਗੀ ਦੇ ਸਾਰੇ ਦਾਅ ਪੇਚ ਦੱਸੇ। ਤਰਜਾਂ ਬਣਾਉਣ ਦਾ ਦਾਅ ਪੇਚ ਦੱਸਿਆ, ਸਟੇਜ ਦੇ ਉੱਤੇ ਖੜ੍ਹਨ ਤੱਕ ਕਿਸ ਤਰ੍ਹਾਂ ‘ਮਾਈਕ’ ਤੇ ਖੜ੍ਹਕੇ ਕੀ ਗੱਲ ਕਰਨੀ ਹੈ, ਕਿਵੇਂ ਕਰਨੀ ਹੈ? ਉਹਨੂੰ ਹਰ ਇੱਕ ਗੱਲ ਲਿਖਾਈ। ਜ਼ਿੰਦਗੀ ਦੇ ਵਿੱਚ ਉਹਨੇ ਇੱਕ ਇਹ ਵੀ ਗੱਲ ਕੀਤੀ ਕਿ ਹੁਣ ਪਿੰਡੋਂ ਆਉਂਦਾ ਸੀ। ਇੱਕ ਦਿਨ ਮੈਨੂੰ ਬੜਾ ਦੁੱਖ ਹੋਇਆ। ਜਦੋਂ ਉਹ ਸਿਰ ਦੇ ਵਾਲ ਕਟਾਕੇ ਮੇਰੇ ਕੋਲ ਆਇਆ। ਮੈਂ ਉਹਨੂੰ ਕਿਹਾ ਕਿ ਤੂੰ ਵਾਲ ਕਿਉਂ ਕਟਾਏ, ਇਹ ਸਿਰ ਦੇ ਕੇਸ ਤਾਂ ਸ਼ਕਲੋਂ ਵੱਡਾ ਅਦਬ ਹੁੰਦਾ ਹੈ। ਕਮਲਿਆ ਤੂੰ ਪਤੈ ਕਿੱਡੀ ਵੱਡੀ ਭੁੱਲੀ ਕੀਤੀ ਹੈ? ਉਹ ਕਹਿੰਦਾ ਕਿ ਉਸਤਾਦ ਜੀ ਹੁਣ ਤਾਂ ਭੁੱਲ ਹੋ ਗਈ। ਮੈਂ ਕਿਹਾ ਕਿਉਂ? ਕਹਿੰਦਾ ਬੱਸ ਮਜਬੂਰਨ ਮੈਥੋਂ ਜੋ ਵੀ ਗਲਤੀ ਹੋ ਗਈ ਹੈ ਮੁਆਫ਼ ਕਰ ਦਿਓ। ਇਸ ਤਰ੍ਹਾਂ ਚਮਕੀਲੇ ਨੇ ਵਾਲ ਕਟਾ ਕੇ ਅਦਬ ਦੇ ਨਾਲ, ਸ਼ੋਸ਼ਲ ਲਾਈਫ਼ ਵਿੱਚ ਪੱਗ ਬੰਨ੍ਹਦਾ ਸੀ, ਉਹਨੂੰ ਥੋੜਾ ਪਿਛੇ ਕਰਕੇ ਅਖਾੜਿਆਂ ਵਾਲੀ ਪੱਗ ਸ਼ੁਰੂ ਕਰਤੀ। ਜਦੋਂ ਸਟੇਜ ਤੇ ਗਾਉਂਦਾ ਹੁੰਦਾ ਫਰਲੇ (ਸ਼ਮਲੇ) ਵਾਲੀ ਪੱਗ ਬੰਨ੍ਹ ਲੈਂਦਾ। ਆਮ ਜ਼ਿੰਦਗੀ ਵਿੱਚ ਪਟੇ ਰੱਖਕੇ ਮੁੰਡਾ-ਖੁੰਡਾ ਬਣਕੇ, ਇਸ ਤਰ੍ਹਾਂ ਉਹਦਾ ਜ਼ਿੰਦਗੀ ਦਾ ਇੱਕ ਹੋਰ ਦੌਰ ਸ਼ੁਰੂ ਹੋ ਗਿਆ। ਖ਼ੈਰ ਵਾਲ ਵੀ ਉਹਦੇ ਸੋਹਣੇ ਲੱਗੇ। ਇਹਨਾਂ ਦਿਨਾਂ ਵਿੱਚ ਅਮਿਤਾਬ ਬਚਨ ਦਾ ਕਾਫ਼ੀ ਦੌਰ ਸੀ, ਮੈਨੂੰ ਯਾਦ ਹੈ ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਂ ਉਸਤਾਦ ਜੀ ਜੋ ਹੇਅਰ ਸਟਾਇਲ ਹੈ ਅਮਿਤਾਬ ਬਚਨ ਟਾਇਪ ਰੱਖਣਾ ਹੈ। ਤੁਸੀਂ ਚਮਕੀਲੇ ਦੀਆਂ ਪੁਰਾਣੀਆਂ ਫੋਟੋਆਂ ਵੇਖੋ ਉਹਨਾਂ ‘ਚੋਂ ਤੁਹਾਨੂੰ ਇਹੋ ਸਟਾਇਲ ਹੀ ਮਿਲੇਗਾ। ਗਾਇਕੀ ਦੇ ਵਿੱਚ ਉਹਨੇ ਸਦਾ ਹੀ ਮੇਰੀ ਗਾਇਕੀ ਤੇ ਮੇਰੀ ਸ਼ੈਲੀ ਨੂੰ ਕਬੂਲਿਆ ਤੇ ਅਪਣਾਇਆ। ਉਹਨੇ ਉਸਤਾਦ ਸਾਹਿਬ ਜੀ ਦੀ ਸ਼ੈਲੀ ਨੂੰ ਅਪਣਾਇਆ, ਇਸ ਤਰ੍ਹਾਂ ਉਹ ਇੱਕ ਚੰਗਾ ਗਾਇਕ ਬਣ ਗਿਆ।

ਚੰਗੀ ਗਾਇਕੀ ਦੇ ਨਾਲ-ਨਾਲ ਜਦੋਂ ਕੋਈ ਵੀ ਹਿੱਟ ਹੁੰਦਾ ਹੈ ਉਸਦੀ ਵਿਰੋਧਤਾ ਵੀ ਜ਼ਰੂਰੀ ਹੁੰਦੀ ਹੈ। ਜੋ ਉਹਨੇ ਦੋਗਾਣੇ ਗਾਏ ਉਸ ਵੇਲੇ ਉਹਨੇ ਦੋਗਾਣਾ ਗਾਉਣ ਵਾਲੇ ਮਹਾਰਥੀ ਪਿਛਾੜ ਦਿੱਤੇ ਸਨ ਜੋ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਸੀ। ਇੱਕ ਵਾਰ ਉਹਨਾਂ ਨੇ ਵੀ ਸਿਰ ਖੁਰਚਿਆ ਕਿ ਹੁਣ ਅਸੀਂ ਕੀ ਕਰੀਏ? ਮੈਂ ਇਹ ਵੀ ਦੇ ਖਿਆ ਬਈ ਇੱਕ ਐਸਾ ਵਕਤ ਵੀ ਆਇਆ ਉਸਤਾਦ, ਸ਼ਗਿਰਦ ਸਾਡੀ ਦੋਵਾਂ ਦੀ ਮਾਰਕੀਟ ਟੌਪ ਤੇ ਸੀ। ਹਰ ਪਿੰਡ ਵਿੱਚ ਜਾਂ ਮੇਰੇ ਰਿਕਾਰਡ ਵੱਜਦੇ ਜਾਂ ਚਮਕੀਲੇ ਦੇ ਕਿਤੇ ਕਿਤੇ ਜਿਉਣਾ ਮੌੜ ਚੱਲ ਰਿਹਾ ਕਿਤੇ ਚਮਕੀਲਾ ਚੱਲ ਰਿਹਾ। ਗੱਲ ਇਹ ਸੀ ਪੰਜਾਬ ਦੀ ਹਰ ਹਵਾ ਹਰ ਫ਼ਿਜ਼ਾ ਵਿੱਚ ਜਾਂ ਸੁਰਿੰਦਰ ਛਿੰਦਾ ਦੀ ਅਵਾਜ਼ ਜਾਂ ਚਮਕੀਲੇ ਦੀ। ਬੜੀ ਖੁਸ਼ੀ ਹੋਈ, ਮੈਂ ਕਿਹਾ ਬਈ ਚਮਕੀਲੇ ਹੁਣ ਤਾਂ ਤੇਰੀ ਬੜੀ ਬੱਲੇ ਬੱਲੇ ਹੈ, ਬੜੇ ਹੀ ਸ਼ੁਗਲ ਹੋਣ ਲੱਗ ਪਏ। ਉਹਦੇ ‘ਚ ਇੱਕ ਸਿਫਤ ਰਹੀ ਹੈ, ਜੋ ਉਹ ਥੋੜਾ ਨਸ਼ਾ ਕਰਦਾ ਸੀ, ਮੇਰੇ ਤੋਂ ਪਰੇ ਹੋ ਕੇ ਕਰਦਾ ਸੀ। ਉਹ ਮੇਰਾ ਅਦਬ ਕਰਦਾ ਸੀ। ਮੈਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਇਹਦਾ ਮੂਡ ਹੋਰ ਤਰ੍ਹਾਂ ਦਾ ਹੈ। ਜੇ ਮੈਂ ਝਿੜਕ ਦਿੰਦਾ ਸੀ, ਹੱਸਕੇ ਚੱਲਿਆ ਜਾਂਦਾ ਸੀ।

ਉਸਦੀ ਜਦੋਂ ਵਿਰੋਧਤਾ ਹੋਣ ਲੱਗ ਪਈ ਉਹ ਮੇਰੇ ਕੋਲ ਆਇਆ ਮੈਂ ਕਿਹਾ ਕੋਈ ਗੱਲ ਨਹੀ ਵਿਰੋਧਤਾ ਉਹਦੀ ਹੁੰਦੀ ਹੈ, ਮਾੜਾ ਉਸਨੂੰ ਕਿਹਾ ਜਾਂਦੇ ਹੈ ਜੋ ਕਿਸੇ ਦੀ ਅੱਖ ਵਿੱਚ ਰੜਕਦਾ ਹੁੰਦਾ, ਘਬਰਾਈਦਾ ਨਹੀਂ ਹੁੰਦਾ। ਤੂੰ ਆਪਣੀ ਮਸਤ ਚਾਲ, ਹਾਥੀ ਦੀ ਚਾਲ ਤੁਰੀ ਚੱਲ। ਚਮਕੀਲਾ ਨੌਜਵਾਨਾਂ ਦਾ ਸਭ ਤੋਂ ਵੱਡਾ ਫਨਕਾਰ ਬਣ ਗਿਆ, ਚਮਕੀਲੇ ਦੀਆਂ ਧੁੰਮਾਂ ਸਾਰੀ ਦੁਨੀਆਂ ‘ਚ ਪੈਣ ਲੱਗ ਪਈਆਂ। ਮੇਰੇ ਯਾਦ ਹੈ ਕਿ ਅਸੀਂ ਕਨੇਡਾ ਦੇ ਟੂਰ ਤੇ ਵੀ ਇਕੱਠੇ ਹੋਏ ਉਦੋਂ ਮੈਂ ਵੀ ਕਾਨੇਡਾ ਗਿਆ ਸੀ, ਚਮਕੀਲਾ ਪਹਿਲੀ ਵਾਰ ਕਨੇਡਾ ਗਿਆ ਸੀ।ਉਥੇ ਜਦੋਂ ਚਮਕੀਲੇ ਤੇ ਇਹ ਦੋਸ਼ ਲੱਗਿਆ ਕਿ ਇਹ ਗੰਦੇ ਗੀਤ ਗਾਉਂਦਾ ਹੈ। ਉਥੇ ਚਮਕੀਲੇ ਨੇ ਬਕਾਇਦਾ ਦੁਨੀਆਂ ਭਰ ਦੀ ਜੋ ਸਭ ਤੋਂ ਵੱਡੀ ਜਥੇਬੰਦੀ ‘ਵਰਡਲ ਸਿੱਖ ਆਰਗੇਨਾਈਜ਼ੇਸ਼ਨ’ ਹੈ ਟਰਾਂਟੋ ਗੁਰਦੁਆਰਾ ਵਿਖੇ ਜਦੋਂ ਉਹਨੇ ਆਪਣੇ ਮੰਦਾ ਗਾਉਣ ਦੀ ਖਿਮਾ ਮੰਗੀ, ਉਹਨੂੰ ਮੁਆਫ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਚਮਕੀਲੇ ਨੇ ਜੋ ਵਾਅਦਾ ਕੀਤਾ ਸੀ, ਦੋ ਧਾਰਮਿਕ ਕੈਸਟਾਂ ਦਿੱਤੀਆਂ, ਉਹ ਦੋਨੋਂ ਕੈਸਟਾਂ ਹਿੱਟ ਹੋਈਆਂ। ਇਸ ਤਰ੍ਹਾਂ ਚਮਕੀਲਾ ਅਦਬੀ ਸਰੋਤਿਆਂ ਦੇ ਵਿੱਚ ਗੁਰੂ, ਰੱਬ ਨੂੰ ਮੰਨਣ ਵਾਲਿਆਂ ਵਿੱਚ ਵੀ ਹਰਮਨ ਪਿਆਰਾ ਹੋ ਗਿਆ। ਮੈਨੂੰ ਚਮਕੀਲੇ ਦਾ ਹਰ ਰੰਗ ਚੰਗਾ ਲੱਗਿਆ, ਚਮਕੀਲਾ ਹਰ ਰੰਗ ਵਿੱਚ ਚਮਕਿਆ, ਹਰ ਰੰਗ ਦੇ ਵਿੱਚ ਉਹਨੇ ਚਮਕ ਵਿਖਾਈ, ਤਾਈਓਂ ਮੈਂ ਉਹਦਾ ਨਾਂ ਚਮਕੀਲਾ ਰੱਖਿਆ ਸੀ। ਚਮਕੀਲੇ ਦਾ ਨਾਂ ਵੀ ਕਿੱਥੇ ਰੱਖਿਆ ਗਿਆ, ਇਹ ਵੀ ਇੱਕ ਜ਼ਰੂਰੀ ਗੱਲ ਹੈ। ਪਿੰਡ ਬੁੜੈਲ ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰੀ ਰਾਮ ਲੀਲਾ ਦੇ ਪ੍ਰੋਗਰਾਮ ਤੇ ਗਏ। ਅਸੀਂ ਖੂਹ ਤੇ ਨਾਹੁਣਾ, ਉਸ ਤੋਂ ਪਹਿਲਾਂ ਟੋਕੇ ਵਾਲੀ ਮਸ਼ੀਨ ਤੇ ਪੱਠੇ, ਟਾਂਡੇ-ਟੁੰਡੇ ਕੁਤਰਦੇ ਹੁੰਦੇ ਸੀ। ਜ਼ੋਰ ਅਜ਼ਮਾਈ ਕਰਦੇ ਸੀ ਅਸੀਂ ਘੁਲਦੇ ਵੀ ਹੁੰਦੇ ਸੀ। ਇਕੱਠੇ ਹੋ ਕੇ ਕਿਉਂਕਿ ਥੋੜੇ ਜਿਹੇ ਹਮ-ਉਮਰ ਵੀ ਸੀਗੇ। ਉਥੇ ਪਹਿਲੇ ਦਿਨ ਸਟੇਜ ਤੇ ਜਦੋਂ ਅਸੀਂ ਪੇਸ਼ ਕੀਤਾ, ਇਹਦਾ ਨਾਂ ਚਮਕੀਲਾ ਅਨਾਉਂਸ ਕੀਤਾ ਕਿਉਂਕਿ ਇੱਕ ਆਰਟਿਸਟ ਰੰਗੀਲਾ ਬੜਾ ਮਸ਼ਹੂਰ ਹੋਇਆ ਸੀ। ਮੈਂ ਕਿਹਾ ਕਿ ਰੰਗੀਲੇ ਦੇ ਉਪਰ ਦੀ ਤਾਂ ਹੁਣ ਚਮਕੀਲਾ ਹੀ ਹੋ ਸਕਦਾ ਹੈ। ਵਾਕਈ ਫਿਰ ਉਹ ਚਮਕੀਲਾ ਚਮਕੀਲਾ ਬਣ ਗਿਆ। ਚਮਕੀਲੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਅੱਛਾ ਗਾਇਆ, ਬੜਾ ਅਦਬ ਸਰੋਤਿਆਂ ਤੋਂ ਖੱਟਿਆ। ਚੰਗੇ ਗਾਉਣ ਵਾਲੇ, ਚੰਗੇ ਇਨਸਾਨ, ਰੱਬ ਲੋਕ ਇਨਸਾਨ ਬਹੁਤ ਘੱਟ ਦੁਨੀਆਂ ਤੇ ਰਹਿੰਦੇ ਹਨ। ਜਿਸ ਤਰ੍ਹਾਂ ਇਸ ਦੁਨੀਆਂ ਨੂੰ ਲੋੜ ਹੈ ਪ੍ਰਮਾਤਮਾ ਨੂੰ ਵੀ ਉਹਨਾਂ ਦੀ ਲੋੜ ਹੁੰਦੀ ਹੈ। ਉਸ ਨਾਲ ਜੋ ਵੀ ਵਾਕਿਆ ਹੋਇਆ ਜਿੱਦਾਂ ਵੀ ਹੋਇਆ, ਉਹ ਬਹੁਤ ਹੀ ਮਾੜਾ ਹੋਇਆ। ਆਵਾਜ਼ਾਂ ਕਦੇ ਮਰਦੀਆਂ ਨਹੀਂ, ਆਵਾਜ਼ਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ। ਚਮਕੀਲਾ ਅੱਜ ਵੀ ਜਿਉਂਦਾ ਹੈ, ਬਲਕੇ ਮੈਂ ਗਰੰਟੀ ਨਾਲ ਕਹੂੰਗਾ ਕਿ ਚਮਕੀਲੇ ਦੀ ਕੈਸਟ ਐੱਚ. ਐਮ. ਵੀ. ਵਾਲਿਆਂ ਦੇ ਰਿਕਾਰਡ ਅਨੁਸਾਰ ਉਸ ਵੇਲੇ ਚਾਲੀ, ਪੰਜਾਹ ਹਜ਼ਾਰ ਵਿਕਦੀ ਸੀ। ਜਦੋਂ ਉਸਦੀ ਮੌਤ ਹੋਈ ਫਿਰ ਬਾਅਦ ਵਿੱਖ ਡੇਢ ਲੱਖ ਵਿਕੀ, ਮਰਕੇ ਚਮਕੀਲਾ ਹੋਰ ਵੀ ਹਰਮਨ ਪਿਆਰਾ ਹੋਇਆ। ਚਮਕੀਲੇ ਨੂੰ ਹੰਝੂਆਂ ਦੇ ਨਾਲ ਵੀ ਸਰੋਤਿਆਂ ਨੇ ਸੁਣਿਆ। ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਕਰਕੇ ਚਮਕੀਲਾ ਜਦੋਂ ਵੀ ਯਾਦ ਆਇਆ ਅੱਖਾਂ ਭਰ ਆਈਆਂ ਹਨ।

ਮੈਂ ਉਹਦੇ ਵਾਸਤੇ ਜ਼ਿੰਦਗੀ ਦੀ ਇੱਕ ਬਹੁਤ ਵਧੀਆ ਕੈਸਟ ‘ਏ ਟਰਿਊਟ ਟੂ ਚਮਕੀਲਾ’ ਸੱਚੀ ਸ਼ਰਧਾਂਜ਼ਲੀ ਚਮਕੀਲਾ ਨੂੰ ਕੀਤੀ ਹੈ । ਜੋ ਜਲਦੀ ਹੀ ਸਰੋਤਿਆਂ ਦੀ ਭੇਂਟ ਕਰ ਰਿਹਾ ਹਾਂ ਕਿਉਂਕਿ ਉਹਦੇ ਵਿੱਚ ਕਈ ਚਮਕੀਲੇ ਦੇ ਅਜਿਹੇ ਗੀਤ ਰਹਿ ਗਏ ਸਨ ਜਿਵੇਂ ਕਿ ਉਹਦੀ ਪਹਿਲੀ ਕਿਤਾਬ ਅਸੀਂ ਛਪਵਾਈ ਸੀ ‘ਮੈਂ ਡਿਗੀ ਤਿਲਕ ’ਕੇ ਇਹ ਕਿਤਾਬ ਪੰਜਾਬੀ ਵਿੱਚ ਤਾਂ ਛਪੀ ਹੀ ਸੀ, ਉਹ ਹਿੰਦੀ ਵਿੱਚ ਵੀ ਛਪੀ ਹੈ। ਉਹਦੇ ਵਿੱਚ ਚਮਕੀਲੇ ਦਾ ਜੋ ਮੈਟਰ ਰਹਿ ਗਿਆ ਸੀ, ਉਹ ਅਸੀਂ ਸਾਰਾ ਹੀ ਗਾ ਦਿੱਤਾ ਹੈ। ਜਲਦੀ ਹੀ ਇਹ ਕੈਸਟ ਆ ਜਾਣੀ ਹੈ ਕਿਉਂਕਿ ਮੈਂ ਚਾਹੁਨੈ ਕਿ ਚਮਕੀਲੇ ਨੂੰ ਸੱਚੀ ਸ਼ਰਧਾਂਜਲੀ ਜਾਂ ਚਮਕੀਲੇ ਨੂੰ ਸੱਚਾ ਪਿਆਰ ਇਹੋ ਹੋ ਸਕਦਾ ਹੈ। ਆਪਣੀ ਆਵਾਜ਼ ਦੇ ਨਾਲ-ਨਾਲ ਚਮਕੀਲੇ ਨੂੰ ਯਾਦ ਕਰਾਂ ਤੇ ਦੁਨੀਆਂ ਦੂਰ ਬੈਠ ਕੇ ਚਮਕੀਲੇ ਦੇ ਗੀਤ ਸੁਣਦੀ ਰਹੇ। ਮੇਰੀ ਇਹੋ ਤਮੰਨਾ ਹੈ ਕਿ ਚਮਕੀਲਾ ਸਦਾ ਫ਼ਿਜ਼ਾਵਾਂ ਵਿੱਚ ਗੂੰਜਦਾ ਰਹੇ। ਆਪਣੇ ਸਰੋਤਿਆਂ ਦਾ ਹਰਮਨ ਪਿਆਰਾ ਬਣਕੇ ਰਹੇ। ਮੈਨੂੰ ਅੱਜ ਵੀ ਯਾਦ ਹੈ ਇੱਕ ਗੀਤ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਉਹ ਮੈਨੂੰ ਮਿਲਣ ਆਇਆ, ਇਹ ਕਿਤੋਂ ਪ੍ਰੋਗਰਾਮ ਤੋਂ ਆਇਆ ਹੋਣਾ, ਸ਼ਾਇਦ ਥੋੜਾ ਜਿਹਾ ਮੂਡ ‘ਚ ਵੀ ਸੀ। ਮੈਂ ਕਿਹਾ ਕਿ ਓਏ ਬੇਵਕੂਫਾ’ ਆਪ ਗੱਲ ਕਰਕੇ ਨਹੀਂ ਆਪ ਹੱਸੀਦਾ’ ਉਹਨੇ ਝੱਟ ਪੈੱਨ ਫੜਿਆ, ਜਦੇ ਹੀ ਇੱਕ ਗੱਲ ਲਿਖਤੀ, ਕਹਿੰਦਾ ਉਸਤਾਦ ਜੀ ਫਿਰ ਬੋਲਿਓ, ਮੈਂ ਕਿਹਾ ਉਏ, ‘ਆਪ ਗੱਲ ਕਰਕੇ ਨਹੀਂ ਆਪ ਹਸੀਦਾ’ ਉਦੋਂ ਹੀ ਪਤਾ ਲੱਗਿਆ ਪੰਜ ਮਿੰਟ ਬਾਅਦ ਗੀਤ ਲਿਖਕੇ ਲੈ ਆਇਆ। ਕਹਿੰਦਾ ਜੀ ‘ਆਪ ਗੱਲ ਕਰਕੇ ਨਹੀਂ ਆਪ ਹਸੀਦਾ’ ਇਹ ਵੀ ਗੀਤ ਉਹਨੇ ਉਸੇ ਵੇਲੇ ਲਿਖਿਆ। ਇਸ ਤਰ੍ਹਾਂ ਹੀ ਉਹਨੇ ਮੇਰੇ ਨਾਲ ਉਹਦੀ ਤਰਜ਼ ਬਾਰੇ ਸਲਾਹ ਕੀਤੀ ਸੀ, ‘ਜਦ ਪਹਿਲੀ ਲਾਂਵ ਪੜ੍ਹੀ, ਸੁਣਕੇ ਭੁੱਬ ਨਿਕਲ ਗਈ ਮੇਰੀ।” ਇਹ ਸ਼ਿਵਰੰਜਨੀ ਰਾਗ ਦੇ ਵਿੱਚ ਬੜਾ ਦਰਦ ਭਰਿਆ ਗੀਤ ਹੈ। ਇਹ ਬਹੁਤ ਵਧੀਆ ਰਾਗ ਹੈ, ਇਹਦੇ ਵਿਚ ਇਹ ‘ਬੰਦਸ਼’ ਕੀਤੀ। ਖੈਰ ਉਹਨੇ ਜੋ ਵੀ ਗਾਇਆ ਆਪਣੇ ਰੰਗ ਨਾਲ ਗਾਇਆ, ਬਹੁਤ ਅੱਛਾ ਗਾਇਆ। ਇਸ ਤਰ੍ਹਾਂ ਚਮਕੀਲਾ ਹੋਰ ਵੀ ਹਰਮਨ ਪਿਆਰਾ ਹੁੰਦਾ ਗਿਆ, ਚਮਕੀਲੇ ਦੀ ਜਿੰਦਗੀ ਦੀਆਂ ਬਹੁਤ ਗੱਲਾਂ ਹਨ, ਲੇਕਿਨ ਦੁੱਖ ਏਸ ਗੱਲ ਦਾ ਹੈ ਕਿ ਜੋ ਚਮਕੀਲਾ ਹਰਮਨ ਪਿਆਰਾ ਸੀ, ਉਸਦੇ ਨਾਉਂ ਦੀ ਕਾਫ਼ੀ ਦੁਰਵਰਤੋਂ ਹੋਈ। ਉਹਦੇ ਕਈ ਅਸਲੀ ਤੇ ਸੱਚੇ ਸ਼ਗਿਰਦ ਹਨ ਉਹਦੀ ਮੌਤ ਤੋਂ ਬਾਅਦ ਵੀ ਉਹਨਾਂ ਬੜੀ ਇਜ਼ਤ ਤੇ ਮਾਣ ਕੀਤੈ।

ਬੇ-ਸ਼ੱਕ ਇਸ ਸਮੇਂ ਬਹੁਤ ਬੰਦਿਆਂ ਨੇ ਉਹਦੇ ਨਾਂ ਤੇ ਨਾਂ ਰੱਖਕੇ ਰੋਟੀ ਰੋਜ਼ੀ ਕਮਾਈ ਪਰ ਉਹਦੇ ਪ੍ਰੀਵਾਰ ਦੀ ਕਿਸੇ ਨੇ ਵੀ ਸਾਰ ਨਾ ਲਈ। ਇਹੋ ਉਹਨਾਂ ਤੇ ਸਦਾ ਗਿਲਾ ਰਿਹਾ ਹੈ ਉਹਦੇ ਨਾਮ ਦਾ ਉਹਦੇ ਪਿੰਡ ਵੀ ਮੇਲਾ ਲੱਗਦਾ ਹੈ ਤੇ ਹੋਰ ਵੀ ਮੇਲੇ ਲਗਦੇ ਹਨ, ਸੋ ਏਥੋਂ ਪਤਾ ਲੱਗਦਾ ਹੈ ਕਿ ਅੱਜ ਵੀ ਪੰਜਾਬ ਦੀਆਂ ਸੰਸਥਾਵਾਂ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਦਾ ਸਰੋਤਿਆਂ ਨੂੰ ਮੇਲੇ ਦੇ ਰੂਪ ਵਿੱਚ ਚਮਕੀਲਾ ਯਾਦ ਕਰਾਉਂਦੀਆਂ ਹਨ। ਚਮਕੀਲੇ ਬਾਰੇ ਛਿੰਦੇ ਪੰਡੋਰੀ ਵਾਲੇ ਨੇ ਲਿਖਿਆ ਹੈ ਕਿ :

ਆਪ ਤਾਂ ਤੂੰ ਤੁਰ ਗਿਐਂ, ਦੂਰ ਮਿੱਤਰਾ

ਗੀਤ ਤੇਰੇ ਸੁਣੀਦੇ ਜ਼ਰੂਰ ਮਿੱਤਰਾ

ਤੇਰੇ ਨਾਉਂ ਤੇ ਖਾਣ ਦੇ ਵਸੀਲੇ ਬਣ ਗਏ

ਧੱਕੇ ਨਾਲ ਕਈ ਚਮਕੀਲੇ ਬਣ ਗਏ

ਉਹਦੇ ਵਿਚ ਇੱਕ ਲਾਇਨ ਇਹ ਵੀ ਹੈ

ਤੂੰਬੀ ਤਾਂ ਜਿਨ੍ਹਾਂ ਨੂੰ ਨਹੀਂ ਆਉਂਦੀ ਫੜਨੀ

ਉਹਨਾਂ ਚਮਕੀਲੇ ਦੀ ਕੀ ਰੀਸ ਕਰਨੀ

ਕਈ ਮਫੀਲੇ ਕਈ ਭੜਕੀਲੇ ਬਣ ਗਏ-

ਧੱਕੇ ਨਾਲ ਕਈ ਚਮਕੀਲੇ ਬਣ ਗਏ

ਇਸ ਤਰ੍ਹਾਂ ਚਮਕੀਲੇ ਨੂੰ ਹੋਰ ਵੀ ਅਦਬ ਹੋਰ ਵੀ ਅਦਬ ਦਿੱਤਾ ਦਰਦੀ ਸਾਹਿਬ ਵਰਗੇ ਉਸਤਾਦ ਸ਼ਾਇਰਾਂ ਨੇ

ਉਹ ਆਇਆ ਦੁਨੀਆਂ ਤੇ ਪੈੜਾਂ ਕਰਕੇ ਤੁਰ ਗਿਆ

ਇੱਕ ਚਮਕ ਵਿਖਾ ਕੇ ਗਾਣੇ ਦੀ ਚਮਕੀਲਾ ਤੁਰ ਗਿਆ।

ਵਾਕਈ ਉਹਨੇ ਚਮਕ ਵਿਖਾਈ ਤੇ ਚਲਾ ਗਿਆ ਫੇਰ ਨਹੀਂ ਕਦੇ ਮੁੜਿਆ। ਬਹੁਤ ਗੱਲਾਂ ਨੇ ਉਹਦੀ ਜ਼ਿੰਦਗੀ ਦੀਆਂ। ਹੁਣ ਮੇਰੀ ਜ਼ਿੰਦਗੀ ਦੀ ਇੱਕ ਇਹੋ ਇੱਛਾ ਹੈ ਜੇ ਉਹ ਮਾਲਕ ਪੂਰੀ ਕਰ ਦੇਵੇ। ਮੈਂ ਚਾਹੁੰਨੇ ਜਿਵੇਂ ਚਮਕੀਲੇ ਨੂੰ ਸਿਖਾਇਆ ਜੇਕਰ ਉਹਦਾ ਕੋਈ ਬੱਚਾ ਗਾਉਣ ਵੱਲ ਸ਼ੌਕ ਰੱਖਦਾ ਹੋਵੇ ਮੈਂ ਉਹਨੂੰ ਜ਼ਰੂਰ ਸਿਖਾਉਂਗਾ।ਮੇ ਰੀ ਕੋਸ਼ਿਸ਼ ਹੈ ਕਿ ਮੁੜ ਇੱਕ ਵਾਰੀ ਫਿਰ ਚਮਕੀਲੇ ਦੇ ਪੁੱਤ ਦੇ ਵਿੱਚੋਂ ਚਮਕੀਲੇ ਦੇ ਖੂਨ ਦੇ ਵਿਚੋਂ, ਚਮਕੀਲੇ ਦੀ ਖੁਸ਼ਬੋ ਆਏਗੀ। ਚਮਕੀਲੇ ਦੀ ਉਸ ‘ਚੋਂ ਅਵਾਜ਼ ਨਜ਼ਰ ਆਏਗੀ। ਏਨੀ ਕੁ ਮੇਰੀ ਕੋਸ਼ਿਸ਼ ਹੈ, ਜੇ ਮਾਲਕ ਨੇ ਪੂਰੀ ਕਰ ਦਿੱਤੀ, ਸਭੇ ਕੋਸ਼ਿਸ਼ਾਂ ਵੀ ਪੂਰੀਆਂ ਨਹੀਂ ਹੁੰਦੀਆਂ, ਸਭ ਸੋਚਾਂ ਵੀ ਸਿਰੇ ਨਹੀਂ ਚੜ੍ਹਦੀਆਂ। ਇਹ ਬਤੌਰ ਉਸਤਾਦ ਮੇਰੀ ਸੱਚੀ ਸ਼ਰਧਾਂਜਲੀ ਹੈ ਉਸ ਪਿਆਰੇ ਸ਼ਗਿਰਦ ਨੂੰ । ਸ਼ਾਲਾ ਉਹਦੀ ਆਵਾਜ਼ ਸਦਾ ਜਿਉਂਦੀ ਰਹੇ, ਜਿਉਂਦੀ ਰਹੇਗੀ ਕਿਉਂਕਿ ਉਹਦੇ ਵਾਸਤੇ ਤਾਂ ਮੈਂ ਅਕਸਰ ਮੇਲਿਆਂ ਵਿੱਚ ਇਹ ਕਹਿੰਦਾ ਹੁੰਨੇ ਕਿ

‘ਸੁਣੇ ਹੈਂ ਤੇਰੇ ਨਗਮੇ, ਅਮੀਰੋਂ ਕੇ ਮਹਿਲ ਮੇਂ, ਗਰੀਬੋਂ ਕੀ ਕੁੱਲੀ ਮੇਂ ਵੀ, ਤੇਰੀ ਅਵਾਜ਼ ਸੁਣੀ ਹੈ।”

ਸੁਰਿੰਦਰ ਛਿੰਦਾ,

ਚੇਅਰਮੈਨ

ਲੋਕ ਗਾਇਕ ਕਲਾ ਮੰਚ, ਪੰਜਾਬ।

 

ਚਮਕੀਲੇ ਦੀ ਗਾਇਕੀ ਨੂੰ ਸਾਂਭਣਾ ਹੀ ਇੱਕ ਸੱਚੀ ਸ਼ਰਧਾਂਜਲੀ ਹੈ-ਹਾਕਮ ਬਖਤੜੀ ਵਾਲਾ

ਤਕਰੀਬਨ ਅੱਜ ਤੋਂ ਬਾਈ ਤੇਈ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਵੀ ਗਾਇਕੀ ਖੇਤਰ ਵਿੱਚ ਆਉਣ ਲਈ ਸੰਘਰਸ਼ ਮਈ ਜ਼ਿੰਦਗੀ ਲੁਧਿਆਣਾ ਵਿਖੇ ਗੁਜ਼ਾਰ ਰਿਹਾ ਸੀ। ਠੀਕ ਉਸੇ ਸਮੇਂ ਵਿੱਚ ਹੀ ਮਰਹੂਮ ਗਾਇਕ, ਗੀਤਕਾਰ, ਸੰਗੀਤਕਾਰ ਅਤੇ ਗਾਇਕ ਅਮਰ ਸਿੰਘ ਚਮਕੀਲਾ ਵੀ ਇਸ ਖੇਤਰ ਵਿੱਚ ਪ੍ਰਵੇਸ਼ ਹੋਣ ਲਈ ਲੱਕ ਬੰਨ੍ਹਕੇ ਤੁਰਿਆ ਹੋਇਆ ਸੀ। ਅਸੀਂ ਦੋਹਾਂ ਜਾਣਿਆਂ ਨੇ ਇਕੱਠਿਆਂ ਹੀ ਗਾਇਕੀ ਖੇ ਤਰ ਵਿੱਚ ਸੰਘਰਸ਼ ਸ਼ੁਰੂ ਕੀਤਾ ਸੀ। ਉਹਨੇ ਵੀ ਮੇਰੇ ਵਾਂਗ ਸੰਘਰਸ਼ ਮਈ ਜੀਵਨ ਗੀਤਕਾਰੀ ਤੋਂ ਹੀ ਸ਼ੁਰੂ ਕੀਤਾ ਸੀ। ਉਸ ਵੇਲੇ ਉਸਦਾ ਨਾਂ ਅਮਰ ਸਿੰਘ ਚਮਕੀਲਾ ਨਹੀਂ ਸੀ। ਉਹ ਨਰਮ ਸੁਭਾਅ ਦਾ ਇੱਕ ਸੰਗਾਊ ਜਿਹਾ ਮੁੰਡਾ ਧਨੀ ਰਾਮ ਦੁੱਗਰੀ ਤੋਂ ਕਦੇ ਪੈਦਲ ਅਤੇ ਕਦੇ ਸਾਇਕਲ ਤੇ ਕਲਾਕਾਰਾਂ ਦੇ ਦਫਤਰ ਆਇਆ ਕਰਦਾ ਸੀ। ਬੱਸ ਅੱਡੇ ਦੇ ਬਿਲਕੁਲ ਸਾਹਮਣੇ ਦੇਸੀ ਸ਼ਰਾਬ ਦੇ ਠੇਕੇ ਦੇ ਮੂਹਰੇ, ਪਿੱਪਲ ਥੱਲੇ ਅਸੀਂ ਅਕਸਰ ਮਿਲਦੇ ਹੀ ਰਹਿੰਦੇ ਸੀ। ਉਹਨਾਂ ਦਿਨਾਂ ਵਿੱਚ ਹੋਰ ਕਈ ਕਲਾਕਾਰ ਵੀ ਗਾਇਕੀ ਖੇਤਰ ਵਿੱਚ ਪ੍ਰਵੇਸ਼ ਹੋਣ ਲਈ ਉਡਾਣ ਭਰਨ ਵਾਸਤੇ ਪਰ ਤੋਲ ਰਹੇ ਸਨ। ਮੈਂ ਅਤੇ ਧਨੀ ਰਾਮ ਭਾਵੇਂ ਇਕੱਠੇ ਗਾਇਕੀ ਖੇਤਰ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਸੀ ਪਰ ਉਸ ਸਮੇਂ ਕੈਸਟ ਕਲਚਰ ਨਹੀਂ ਸੀ, ਨਾ ਹੀ ਉਸ ਸਮੇਂ ਬਾਲ ਗਾਇਕੀ ਦਾ ਯੁੱਗ ਸੀ, ਨਾ ਹੀ ਉਸ ਸਮੇਂ ਪ੍ਰੈਸ ਮੀਡੀਆ ਕਲਾਕਾਰਾਂ ਬਾਰੇ ਲਿਖਦਾ ਸੀ । ਰਿਕਾਰਡਿੰਗ ਕੰਪਨੀਆਂ ਵੀ ਇੱਕ ਦੋ ਹੀ ਸਨ। ਉਹਨਾ ਵਿੱਚ ਪੁਰਾਣੇ ਗਾਇਕਾਂ ਦਾ ਪੂਰਾ ਕਬਜ਼ਾ ਸੀ। ਇਸੇ ਕਰਕੇ ਸਾਨੂੰ ਗਾਇਕੀ ਦੀ ਸ਼ੁਰੂਆਤ ਕਰਨ ਲਈ ਬਤੌਰ ਗੀਤਕਾਰ ਇਸ ਖੇਤਰ ਵਿੱਚ ਆਉਣਾ ਪਿਆ। ਉਸ ਸਮੇਂ ਉਸੇ ਪਿੱਪਲ ਦੀਆਂ ਠੰਡੀਆਂ ਛਾਵਾਂ ਵਿੱਚ ਸਾਡੇ ਤੋਂ ਬਿਨਾਂ ਹੋਰ ਵੀ ਕਈ ਗਾਇਕ ਤੇ ਗੀਤਕਾਰ ਪੈਦਾ ਹੋਏ ਜਿੰਨ੍ਹਾਂ ਵਿੱਚ ਸੁਰਿੰਦਰ ਛਿੰਦਾ, ਲਾਭ ਜੰਜੂਆ, ਬੱਬੂ ਪ੍ਰਵਾਨਾ, ਮਾਮਾ ਅਮਰਜੀਤ, ਪਾਲੀ ਦੇਤਵਾਲੀਆ, ਬਲਵਿੰਦਰ ਭਗਤਾ, ਸਰਦੂਲ ਸਿੰਕੰਦਰ ਆਦਿ ਸਥਾਪਿਤ ਹੋਣ ਲਈ ਇਸ ਪਿਪਲ ਦੀ ਠੰਡੀ ਛਾਂ ਦਾ ਆਨੰਦ ਮਾਨਣ ਅਤੇ ਜ਼ਿੰਦਗੀ ਨਾਲ ਜੂਝਣ ਤੋਂ ਡਰਦੇ ਮਾਰੇ ਭੱਜ ਗਏ। ਉਸ ਸਮੇਂ ‘ਧਨੀ ਰਾਮ’ ਨੂੰ ਅਸੀਂ ਸਾਰੇ ‘ਧਨੀਆ’ ਕਹਿਕੇ ਬਲਾਉਂਦੇ ਸੀ। ਉਹ ਇਸ ਸੰਘਰਸ਼ ਵਿੱਚ ਡਟਿਆ ਰਿਹਾ ਤੇ ਭਰਪੂਰ ਸਫ਼ਲਤਾ ਪ੍ਰਾਪਤ ਕੀਤੀ। ਇਹ ਸਿਰਫ ਉਸਦੇ ਘਰੇਲੂ ਆਰਥਿਕ ਹਾਲਤ, ਸਿਰੜ ਅਤੇ ਸਿਦਕ ਦਾ ਹੀ ਕ੍ਰਿਸ਼ਮਾ ਸੀ ।

ਉਹਨਾਂ ਦਿਨਾ ਵਿੱਚ ਸਾਡਾ ਆਪਸੀ ਪਿਆਰ ਬੇ-ਹੱਦ ਸੀ, ਇਕ ਸੁਰਿੰਦਰ ਛਿੰਦਾ ਜੀ ਸ਼ਹਿਰ ਵਿੱਚ ਹੋਣ ਕਰਕੇ ਭੰਵਰਾ ਸਾਹਿਬ ਜੀ ਤੋਂ ਬਕਾਇਦਗੀ ਨਾਲ ਸਿੱਖਿਆ ਲੈਣ ਕਰਕੇ ਸਾਡੇ ਨਾਲੋਂ ਸੀਨੀਅਰ ਸੀ ਤੇ ਉਮਰ ਵਿੱਚ ਵੀ ਸਾਡੇ ਨਾਲੋਂ ਵੱਡੇ ਸਨ। ਇਹਨਾਂ ਦਿਨਾਂ ਵਿੱਚ ਹੀ ਧਨੀ ਰਾਮ ਨੇ ਗਾਇਕੀ ਖੇਤਰ ਲਈ ਆਪਣਾ ਉਸਤਾਦ ਜਨਾਬ ਸੁਰਿੰਦਰ ਛਿੰਦਾ ਜੀ ਨੂੰ ਧਾਰ ਲਿਆ। ਇਸ ਤੋਂ ਬਾਅਦ ਬੱਬੂ ਪ੍ਰਵਾਨਾ ਬਤੌਰ ਪੇਟੀ ਮਾਸਟਰ, ਅਮਰਜੀਤ ਮਾਮਾ ਸਟੇਜ ਸਕੱਤਰ ਅਤੇ ਧਨੀ ਰਾਮ ਸਹਿਯੋਗੀ ਗਾਇਕ ਦੇ ਤੌਰ ਤੇ ਸੁਰਿੰਦਰ ਛਿੰਦਾ ਜੀ ਦੇ ਸਥਾਪਿਤ ਹੋ ਗਏ ਗਰੁੱਪ ਵਿੱਚ ਸ਼ਾਮਿਲ ਹੋ ਕੇ ਕੰਮ ਕਰਨ ਲੱਗ ਪਿਆ।

ਇਹਨਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਕੋਲ ਬੜੈਲ ਪਿੰਡ ਵਿੱਚ ਰਾਮ ਲੀਲਾ ਦੀ ਸਟੇਜ ਤੇ ਧਨੀ ਰਾਮ ਸੁਰਿੰਦਰ ਛਿੰਦਾ ਜੀ ਦੇ ਗਰੁੱਪ ਨਾਲ ਗਿਆ ਹੋਇਆ ਸੀ। ਇਥੇ ਹੀ ਪ੍ਰਸਿੱਧ ਗੀਤਕਾਰ ਸਨਮੁੱਖ ਸਿੰਘ ਅਜ਼ਾਦ ਨੇ ਇਸਨੂੰ ਧਨੀ ਰਾਮ ਦੀ ਥਾਂ ਤੇ ਅਮਰ ਸਿੰਘ ਚਮਕੀਲਾ ਦਾ ਨਾਂ ਦਿੱਤਾ। ਇਹ ਸਟੇਜ ਅਮਰ ਸਿੰਘ ਚਮਕੀਲੇ ਲਈ ਇੱਕ ਬਰ ਅਤੇ ਜ਼ਿੰਦਗੀ ਵਿੱਚ ਰੋਸ਼ਨੀ ਕਰਨ ਵਾਲੀ ਸਾਬਤ ਹੋਈ। ਚਮਕੀਲੇ ਨੇ ਉਸਤਾਦ ਸੁਰਿੰਦਰ ਛਿੰਦਾ ਤੋਂ ਸੰਗੀਤ ਦੀਆਂ ਬਰੀਕੀਆਂ, ਗਾਇਕੀ ਅਤੇ ਸਟੇਜੀ ਦਾਅ ਪੇਚ ਵੀ ਸਿੱਖੇ। ਬੜੈਲ ਦੀ ਸਟੇਜ ਤੋਂ ਹੀ ਸਰੋਤਿਆਂ ਨੇ ਇਸਨੂੰ ਅਸ਼ੀਰਵਾਦ ਦਿੱਤਾ ਕਿ ਇਹ ਮੁੰਡਾ ਇੱਕ ਦਿਨ ਮਹਾਨ ਕਲਾਕਾਰ ਬਣੇਗਾ ਤੇ ਗਾਇਕੀ ਖੇਤਰ ਵਿੱਚ ਅਮਰ ਹੋਵੇਗਾ। ਇਸ ਸਟੇਜ ਤੋਂ ਮਿਲਿਆ ਅਸ਼ੀਰਵਾਦ ਧਨੀਰਾਮ ਚਮਕੀਲਾ ਉਰਫ ਅਮਰ ਸਿੰਘ ਚਮਕੀਲਾ ਨੂੰ ਸੱਚ ਮੁੱਚ ਹੀ ਅਮਰ ਕਰ ਗਿਆ ਹੈ ਤੇ ਇਹ ਹਮੇਸ਼ਾਂ ਹੀ ਅਮਰ ਰਹੇ ਗਾ। ਮੇਰਾ ਅਤੇ ਚਮਕੀਲੇ ਦਾ ਆਪਸੀ ਪਿਆਰ ਬਹੁਤ ਹੀ ਜਿਆਦਾ ਸੀ ਅਸੀਂ ਇੱਕ ਦੂਜੇ ਨਾਲ ਦੁੱਖ ਸੁਖ ਦੀਆਂ ਗੱਲਾਂ ਵੀ ਕਰ ਲੈਂਦੇ ਸੀ। ਕਈ ਗੱਲਾਂ ਸਾਡੇ ਦੋਹਾਂ ਤੱਕ ਹੀ ਸੀਮਤ ਹੁੰਦੀਆਂ ਰਹੀਆਂ ਹਨ। ਇਹੋ ਸਾਡੀ ਨੇੜਤਾ ਦਾ ਸਬੂਤ ਹੈ।

ਜਿਸ ਦਿਨ ਇਸਦਾ ਅਖਾੜਾ ਪਿੰਡ ਮਹਿਸਮਪੁਰ ਨੇੜੇ ਫਿਲੌਰ ਸੀ। ਇਸ ਤੋਂ ਪਹਿਲੀ ਰਾਤ ਇਹ ਮੇਰੇ ਕੋਲ ਆਇਆ ਅਤੇ ਇਹਨੇ ਮੇਰੇ ਕੋਲ ਤਕਰੀਬਨ ਅੱਧਾ ਪੌਣਾ ਘੰਟਾ ਗੱਲਾਂ ਕੀਤੀਆਂ ਤੇ ਫਿਰ ਚਲਾ ਗਿਆ। ਇਹਨਾਂ ਗੱਲਾਂ ਵਿੱਚ ਜ਼ਿਆਦਾ ਪੁਰਾਣੀਆਂ ਯਾਦਾਂ ਸਨ। ਮੇਰੇ ਕੋਲੋਂ ਇਹ ਤਕਰੀਬਨ ਸਾਢੇ ਬਾਰਾਂ ਵਜੇ ਰਾਤ ਨੂੰ ਗਿਆ। ਦੂਸਰੇ ਦਿਨ ਹੀ ਇਸਨੂੰ ਪੰਜਾਬ ਵਿੱਚ ਝੁੱਲੀ ਅੱਤਵਾਦ ਦੀ ਹਨੇਰੀ ਨੇ ਆਪਣੇ ਵਿੱਚ ਹੀ ਸਮੇਟ ਲਿਆ। ਇਸਦੀ ਮੌਤ ਦੀ ਖਬਰ ਸੁਣਕੇ ਕਲਾਕਾਰ ਵਰਗ ਵਿੱਚ ਸੋਗ ਪੈ ਗਿਆ। ਹਰ ਇੱਕ ਨੂੰ ਆਪੋ ਆਪਣੀ ਜਾਨ ਦੀ ਬਣ ਗਈ। ਚੰਦਰੇ ਅੱਤਵਾਦ ਨੇ ਇਸਨੂੰ ਮਾਰਕੇ ਚੰਗੀ ਗੱਲ ਨਹੀਂ ਕੀਤੀ ਕਿਉਂਕਿ ਇਹੋ ਜਿਹੇ ਸਰਬ ਪੱਖੀ ਇਨਸਾਨ ਮੁੜ ਮੁੜ ਨਹੀਂ ਜੰਮਦੇ। ਹੁਣ ਬੇਸ਼ਕ ਚਮਕੀਲਾ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਰਿਹਾ ਪਰ ਉਸਦੀ ਗਾਇਕੀ ਹੁਣ ਵੀ ਹਰ ਪੰਜਾਬੀ ਸਰੋਤੇ ਦੇ ਦਿਲ ਤੇ ਰਾਜ ਕਰ ਰਹੀ ਹੈ। ਇਸਨੂੰ ਯਾਦ ਰੱਖਣਾ ਹੀ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਹੈ। ਮੈਂ ਗੁਲਜ਼ਾਰ ਸਿੰਘ ਸ਼ੌਕੀ ਨੂੰ ਇਹ ਪੁਸਤਕ ਲਿਖਣ ਤੇ ਵਧਾਈ ਦਿੰਦਾ ਹੋਇਆ ਸੁਆਗਤ ਕਰਦਾ ਹਾਂ ।

ਚਮਕੀਲਾ, ਚਮਕੀਲਾ ਹੀ ਸੀ-ਹਰਬੰਸ ਭੱਟੀ

ਅਮਰ ਸਿੰਘ ਚਮਕੀਲਾ ਜਿਸ ਨੂੰ ਲੋਕ ਆਮ ਤੌਰ ਤੇ ਚਮਕੀਲਾ ਨਾਮ ਨਾਲ ਹੀ ਜਾਣਦੇ ਸਨ ਤੇ ਹੁਣ ਯਾਦ ਕਰਦੇ ਹਨ ਉਹਨਾਂ ਚੰਦ ਕੁ ਗਿਣੀਆਂ ਚੁਣੀਆਂ ਸਖਸ਼ੀਅਤਾਂ ਵਿਚੋਂ ਇੱਕ ਹੈ ਜੋ ਆਪਣੇ ਆਪ ਵਿੱਚ ਗੁਣਾਂ ਦੇ ਬੇ-ਪ੍ਰਵਾਹ ਸਮੁੰਦਰ ਹੋਇਆ ਕਰਦੇ ਹਨ। ਚਮਕੀਲਾ ਉਹਨਾਂ ਸਮਿਆਂ ਵਿੱਚ ਲੋਕਾਂ ਦੀ ਜ਼ੁਬਾਨ ਤੇ ਚੜ੍ਹਿਆ ਜਦੋਂ ਹਰ ਕੋਈ ਐਰਾ ਗੈਰਾ, ਨੱਥੂ ਖੈਰਾ ਲੇਖਕ ਜਾਂ ਗਾਇਕ ਨਹੀਂ ਸੀ ਬਣ ਸਕਦਾ, ਕਿਉਂਕਿ ਉਸ ਸਮੇਂ ਮੰਨੇ ਪ੍ਰਮੰਨੇ ਗੀਤਕਾਰਾਂ ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਹਰਦੇਵ ਦਿਲਗੀਰ, ਬਾਬੂ ਸਿੰਘ ਮਾਨ ਦੀ ਇਜਾਰੇਦਾਰੀ ਸੀ।

ਇਸੇ ਤਰ੍ਹਾਂ ਗਾਇਕੀ ਵਿੱਚ ਪੰਜਾਬੀ ਗਾਇਕੀ ਦੇ ਥੰਮ ਅਤੇ ਸਿਰਮੌਰ ਗਾਇਕ ਸਰਬ ਸ੍ਰੀ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਦੀਦਾਰ ਸੰਧੂ, ਕੇ.ਦੀਪ, ਕਰਮਜੀਤ ਧੂਰੀ, ਕਰਨੈਲ ਗਿੱਲ, ਕਰਤਾਰ ਰਮਲਾ ਵਰਗੇ ਹੰਢੇ ਵਰਤੇ ਗਾਇਕਾਂ ਵਿੱਚ ਮੁਕਾਬਲੇ ਦੀ ਭਰਮਾਰ ਸੀ । ਇੱਕੋ ਹੀ ਸਿਰ ਕੱਢ ਰਿਕਾਰਡ ਕੰਪਨੀ ਸੀ ਐਚ. ਐਮ.ਵੀ. ਜਿਸਨੂੰ ਆਮ ਤੌਰ ਤੇ ਕੁੱਤੇ ਵਾਲੀ ਕੰਪਨੀ ਹੀ ਕਿਹਾ ਜਾਂਦਾ ਸੀ। ਜਿਸ ਵਿੱਚ ਬੇ-ਹੱਦ ਕਰੜੀ ਤੇ ਸਖ਼ਤ ਮਿਹਨਤ ਕਰਕੇ ਹੀ ਪ੍ਰਵੇਸ਼ ਹੋਇਆ ਜਾਂਦਾ ਸੀ। ਚਮਕੀਲਾ ਆਪਣੀ ਧੁੰਨ ਦਾ ਪੱਕਾ ਸੀ । ਹਰ ਗੀਤ ਆਪ ਹੀ ਲਿਖਦਾ, ਆਪ

ਹੀ ਤਰਜ਼ ਤਿਆਰ ਕਰਦਾ ਤੇ ਫਿਰ ਉਸਨੂੰ ਬੇ-ਹੱਦ ਰਵਾਨਗੀ ਨਾਲ ਗਾਉਂਦਾ। ਇਹ ਉਸਦੀ ਲਗਨ ਤੇ ਸਖਤ ਮਿਹਨਤ ਦਾ ਸਬੂਤ ਹਨ। ਪਹਿਲਾਂ-ਪਹਿਲਾਂ ਗੀਤਕਾਰੀ ਕੀਤੀ ਉਸ ਵਿੱਚ ਨਾਂ ਬਣਾਇਆ, ਪਰ ਸੰਤੁਸ਼ਟੀ ਨਾ ਹੋਈ। ਅਖੀਰ ਸੁਰਿੰਦਰ ਛਿੰਦੇ ਨੂੰ ਉਸਤਾਦ ਧਾਰ ਲਿਆ। ਉਸ ਤੋਂ ਗਾਇਕੀ ਦੇ ਦਾਅ ਪੇਚ ਸਿੱਖਕੇ ਗਾਇਕੀ ਦੇ ਖੇਤਰ ਵਿੱਚ ਹੰਢੇ ਵਰਤੇ ਮੱਲ ਦੀ ਤਰ੍ਹਾਂ ਕੁੱਦ ਪਿਆ। ਪਹਿਲੇ ਹੀ ਈ.ਪੀ. ਰਿਕਾਰਡ ‘ਟਕੂਏ ਤੇ ਟਕੂਆ ਖੜਕੇ’ ਰਾਹੀਂ ਪ੍ਰਵੇਸ਼ ਹੋ ਕੇ ਗਾਇਕੀ ਦੇ ਵੱਡੇ ਵੱਡੇ ਧਨੰਤਰਾਂ ਨੂੰ ਮੂੰਹ ਵਿੱਚ ਉਂਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿੱਤਾ। ਅਜਿਹਾ ਧੋਬੀ ਪਟਕਾ ਮਾਰਿਆ ਕਿ ਸਭ ਮੂਧੇ ਮੂੰਹ ਡਿੱਗੇ। ਅਮਰਜੋਤ ਚਮਕੀਲੇ ਨੂੰ ਰੱਬ ਦੀ ਰਹਿਮਤ ਨਾਲ ਹੀ ਪ੍ਰਾਪਤ ਹੋਈ। ਜਿਸ ਨੇ ਚਮਕੀਲੇ ਦੇ ਮੋਢੇ ਨਾਲ ਮੋਢਾ ਡਾਹ ਕੇ ਉਸਦਾ ਸਾਥ ਦਿੱਤਾ। ਚਮਕੀਲੇ ਦੇ ਬੋਲਾਂ ਨੂੰ ਆਪਣੇ ਗਲੇ ਰਾਹੀਂ ਸ਼ਿੰਗਾਰ ਕੇ ਸਰੋਤਿਆਂ ਦੇ ਰੂਬਰੂ ਕੀਤਾ। ਸਰੋਤਿਆਂ ਨੇ ਇਹਨਾਂ ਦੀ ਗਾਇਕੀ ਦਾ ਭਰਵਾਂ ਸੁਆਗਤ ਕੀਤਾ। ਇਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਗਾਇਕੀ ਨੇ ਚਮਕੀਲੇ ਦੀ ਗੀਤਕਾਰੀ ਉਤੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ।

ਚਮਕੀਲੇ ਦੇ ਰਿਕਾਰਡ ਗੀਤਾਂ ‘ਜੀਜਾ ਲੱਕ ਮਿਣ ਲੈ’ ‘ਭੁੱਲ ਗਈ ਮੈਂ ਕੱਢਣਾ’, ‘ਸਾਰਾ ਪਿੰਡ ਆ ਗਈ ਵਲ੍ਹ ਕੇ ‘ਕੁੜੀਓ ਰਾਹ ਛੱਡ ਦਿਓ’ ਆਦਿ ਗੀਤਾਂ ਨੇ ਪੰਜਾਬੀ ਲੋਕ-ਗਾਇਕੀ ਵਿੱਚ ਅਜਿਹਾ ਤਹਿਲਕਾ ਮਚਾਇਆ ਕਿ ਪੰਜਾਬ ਦੇ ਸਾਰੇ ਨਾਮਵਰ ਗਾਇਕ ਇੱਕ ਵਾਰੀ ਤਾਂ ਖੁੱਡੇ ਲਾਇਨ ਲਾ ਦਿੱਤੇ। ਜਿਧਰ ਵੀ ਸੁਣੋ ਚਮਕੀਲਾ ਹੀ ਸੁਣਾਈ ਦਿੰਦਾ ਸੀ। ਵਿਆਹ-ਸ਼ਾਦੀਆਂ, ਮੰਗਣਿਆਂ, ਮੁਕਲਾਵਿਆਂ, ਕਾਰਾਂ, ਟਰੱਕਾਂ, ਜੀਪਾਂ, ਟਰੈਕਟਰਾਂ, ਬੱਸਾਂ, ਸੱਥਾਂ, ਤ੍ਰਿੰਝਣਾਂ, ਫੈਕਟਰੀਆਂ ਕਾਰਖਾਨਿਆਂ, ਘਰਾਂ ਤੇ ਦੁਕਾਨਾਂ ਆਦਿ ਵਿੱਚ ਚਮਕੀਲੇ ਦੀ ਗੀਤਕਾਰੀ ਚਮਕੀਲੇ ਤੇ ਅਮਰਜੋਤ ਦੀ ਗਾਇਕੀ ਹੀ ਕੰਨੀਂ ਪੈਂਦੀ ਸੀ। ਹੋਰ ਕੁਝ ਨਹੀਂ ਸੀ ਸੁਣਦਾ।

ਕੁਝ ਚਮਕੀਲੇ ਦੇ ਵਿਰੋਧੀਆਂ ਨੇ ਇਸਦੀ ਗਾਇਕੀ ਨੂੰ ਲਚਰ ਗਾਇਕੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਪੰਜਾਬ ਵਿੱਚ ਅੱਤਵਾਦ ਵੀ ਜ਼ੋਰਾਂ ਤੇ ਸੀ। ਪਰ ਚਮਕੀਲੇ ਨੇ ਲੋਕਾਂ ਨੂੰ ਉਦੋਂ ਵੀ ਹੈਰਾਨ ਕਰ ਦਿੱਤਾ ਤੇ ਇੱਕ ਵਧੀਆ ਕਲਾਕਾਰ ਹੋਣ ਦਾ ਸਬੂਤ ਦਿੱਤਾ। ਜਦੋਂ ਉਸਦੇ ਧਾਰਮਿਕ ਗੀਤ, ‘ਤਲਵਾਰ ਮੈਂ ਕਲਗੀ ਧਰ ਦੀ ਹਾਂ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਐਵੇਂ ਨਾ ਜਿੰਦੇ ਮਾਣ ਕਰੀਂ, ਤੁਰ ਚੱਲੀ ਜਿੰਦੜੀਏ ਅਤੇ ਕੀਤੀ ਮਾਤਾ ਗੁਜਰੀ ਕਮਾਲ ਆਦਿ ਕਮਾਲ ਦੇ ਗੀਤ ਮਾਰਕੀਟ ਵਿੱਚ ਆਏ। ਚਮਕੀਲਾ ਸਮੇ ਦੀ ਨਬਜ਼ ਨੂੰ ਪਛਾਨਣ ਵਾਲਾ ਵਿਅਕਤੀ ਸੀ। ਉਸ ਨੂੰ ਹਰ ਉਮਰ ਤੇ ਹਰ ਰਿਸ਼ਤੇ ਦੇ ਗੀਤ ਲਿਖਣ ਅਤੇ ਗਾਉਣ ਦੀ ਮੁਹਾਰਤ ਹਾਸਲ ਸੀ। ਮਾਂ ਪੁੱਤ ਨੂੰ:- ਵੇ ਤੂੰ ਦਾਦੇ ਮਗਾਉਣਿਆਂ, ਇਹ ਕੀ ਕਰਤੂਤ ਖਿੰਡਾ ਦਿੱਤੀ। ਪੁੱਤ ਮਾਂ ਨੂੰ- ਚੁੱਪ ਕਰ ਬੁੜ੍ਹੀਏ ਨੀ, ਨਾ ਮੁੰਡੇ ਦਾ ਕੰਮ ਗਾਲ੍ਹ ਦੇਈਂ। ਜਵਾਨ ਕੁੜੀ ਦੇ ਜਜ਼ਬਾਤ : ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦੈ

ਭਰਜਾਈ ਜੇਠ ਨੂੰ :- ਵਧਾਈਆਂ ਜੇਠਾ ਤੈਨੂੰ ਵੇ, ਤੂੰ ਮਸਾਂ ਡੂੰਮਣਾ ਚੋਇਆ। ਭਈਆ ਰਾਣੀ ਡ੍ਰਾਇਵਰ ਨੂੰ:- ਉਹ ਡ੍ਰਾਇਵਰ ਰੋਕ ਗਾੜੀ

ਡ੍ਰਾਇਵਰ :- ਚੱਲ ਹੱਟ ਸਹੁਰੇ ਦੀਏ ਫੇਰ ਸਹੀ।

ਮੈਨੂੰ ਇੱਕ ਦੋ ਵਾਰ ਚਮਕੀਲੇ ਨੂੰ ਮਿਲਣ ਦਾ ਮੌਕਾ ਮਿਲਿਆ। ਪਿਓ ਦਾ ਪੁੱਤ ਦੋ ਗਾਣਿਆਂ ਤੇ ਲੋਕ-ਤੱਥਾਂ ਨੂੰ ਇਸ ਤਰਤੀਬ ਅਤੇ ਰਵਾਨਗੀ ਨਾਲ ਗਾਉਂਦਾ ਸੀ ਕਿ ਸੁਣਨ ਵਾਲੇ ਅਸ਼ ਅਸ਼ ਕਰ ਉੱਠਦੇ ਸਨ। ਹਰ ਗੱਲ ਹੱਸਕੇ ਕਰਨੀ ਤੇ ਮੂੰਹੋਂ ਬਾਈ ਜੀ ਬਾਈ ਜੀ ਕਹਿਣਾ ਉਸਦੇ ਮੂੰਹੋਂ ਬਹੁਤ ਹੀ ਫੱਬਦਾ ਸੀ। ਪਤੰਦਰ ਦੀ ਦਿੱਖ ਹੀ ਐਸੀ ਸੀ। ਤੁਰਲੇ ਵਾਲੀ ਪੱਗ ਤੇ ਕੁੜਤੇ ਚਾਦਰੇ ਵਿੱਚ ਸੋਹਣਾ ਜਚਦਾ ਸੀ। ਚਮਕੀਲਾ ਇੱਕ ਚੱਲਦਾ ਫਿਰਦਾ ਪੰਜਾਬੀ ਸਭਿਆਚਾਰ ਸੀ। ‘ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈਦਾ’ ਜਿਸ ਵੇਲੇ ਉਹ ਗਾਉਂਦਾ ਸੀ ਤਾਂ ਮਿੱਤਰਾਂ ਦੋਸਤਾਂ ਨੂੰ ਇੱਕ ਬਹੁ ਮੁੱਲੀ ਸਿੱਖਿਆ ਦਿੰਦਾ ਪ੍ਰਤੀਤ ਹੁੰਦਾ ਸੀ। ਇਹ ਇਸਦੀ ਦਿੱਤੀ ਸਿੱਖਿਆ ਹਰ ਬੰਦੇ ਦੇ ਹਮੇਸ਼ਾਂ ਹੀ ਕੰਮ ਆਉਂਦੀ ਰਹੇਗੀ।

ਅਫਸੋਸ ! ਪੰਜਾਬ ਦੀ ਗਾਇਕੀ ਦਾ ਇਹ ਧਰੂੰ ਤਾਰਾ ਕੁੱਝ ਈਰਖਾਵਾਦੀ ਲੋਕਾਂ ਦੀ ਗੰਦੀ ਸਿਆਸਤ ਦਾ ਸ਼ਿਕਾਰ ਹੋਇਆ। ਚਮਕੀਲਾ ਜਿੰਨੀ ਜ਼ਿਆਦਾ ਸ਼ੋਹਰਤ ਲੈ ਕੇ ਪੈਦਾ ਹੋਇਆ ਸੀ ਉੱਨੀ ਹੀ ਛੋਟੀ ਉਮਰ ਉਸਦੇ ਹਿੱਸੇ ਆਈ। ਇਹ ਪੰਜਾਬ ਲੋਕ- ਗਾਇਕੀ ਦਾ ਨਾਮਵਰ ਹੀਰਾ ਕੁੱਝ ਦਰਿੰਦਿਆਂ ਵੱਲੋਂ ਸਾਥੋਂ ਸਦਾ ਲਈ ਖੋਹ ਲਿਆ ਗਿਆ।

ਚਮਕੀਲੇ ਨੂੰ ਗੁਜ਼ਰਿਆਂ ਬਹੁਤ ਸਮਾਂ ਬੀਤ ਗਿਆ, ਪਰ ਅੱਜ ਵੀ ਉਹ ਹਰ ਪੰਜਾਬੀ ਸਰੋਤੇ ਦੇ ਦਿਲ ਤੇ ਰਾਜ ਕਰ ਰਿਹਾ ਹੈ। ਹਰ ਕੋਈ ਚਮਕੀਲੇ ਨੂੰ ਬੜੇ ਚਾਅ ਨਾਲ ਸੁਣਦਾ ਹੈ ਕਿਉਂਕਿ ਉਸਦੇ ਗਾਏ ਗੀਤ ਪੰਜਾਬੀ ਸਭਿਆਚਾਰ ਵਿੱਚ ਹਮੇਸ਼ਾਂ ਸਦਾਬਹਾਰ ਰਹਿਣਗੇ। ਚਮਕੀਲਾ ਜਿੰਨਾ ਪਹਿਲਾਂ ਹਰਮਨ ਪਿਆਰਾ ਸੀ, ਉਸਤੋਂ ਹਜ਼ਾਰਾਂ ਗੁਣਾ ਜ਼ਿਆਦਾ ਮਰਨ ਤੋਂ ਬਾਅਦ ਹਰਮਨ ਪਿਆਰਾ ਹੈ। ਜਿਸਦੀ ਮਿਸਾਲ ਹੈ ਕਿ ਕੋਈ ਵੀ ਪੰਜਾਬੀ ਅਖਾੜੇ ਦੀ ਸਟੇਜ ਚਮਕੀਲੇ ਦੇ ਸੁਪਰ ਹਿੱਟ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਬਿਨਾਂ ਅਧੂਰੀ ਜਿਹੀ ਰਹਿੰਦੀ ਹੇ।

ਚਮਕੀਲੇ ਨੇ ਗਾਇਕੀ ਦੀ ਇੱਕ ਵੱਖਰੀ ਪ੍ਰਿਤ ਪਾਈ ਜਿਸ ਨੂੰ ਚਮਕੀਲਾ ਟਾਈਪ ਗਾਇਕੀ ਕਿਹਾ ਜਾਂਦਾ ਹੈ। ਬਹੁਤ ਸਾਰੇ ਗਾਇਕਾਂ ਨੇ ਚਮਕੀਲਾ ਟਾਇਪ ਗਾਇਕੀ ਨੂੰ ਅਪਣਾਇਆ ਕਈਆਂ ਨੇ ਚਮਕੀਲੇ ਦੇ ਸ਼ਗਿਰਦ ਹੋਣ ਦਾ ਝੂਠਾ ਪ੍ਰਪੰਚ ਰਚਿਆ ਤੇ ਉਸਦੀ ਗਾਇਕੀ ਨੂੰ ਢਾਲ ਬਣਾ ਕੇ ਰੋਟੀਆਂ ਸੇਕੀਆਂ ਅਤੇ ਸੇਕ ਰਹੇ ਹਨ। ਚਮਕੀਲੇ ਦੇ ਸਰੋਤਿਆਂ ਦੀ ਗਿਣਤੀ ਅੱਜ ਵੀ ਲੱਖਾਂ ਨਹੀਂ ਕਰੋੜਾਂ ਵਿੱਚ ਹੈ। ਤੱਥ ਮੂੰਹੋਂ ਬੋਲਦੇ ਹਨ ਕਿ ਅੱਜ ਵੀ ਚਮਕੀਲੇ ਦੀਆਂ ਕੈਸਟਾਂ ਦੀ ਵਿਕਣ ਤਦਾਦ ਕਰੋੜਾਂ ਵਿੱਚ ਹੈ। ਹਰ ਹਫ਼ਤੇ ਤਕਰੀਬਨ ਪੱਚੀ ਹਜ਼ਾਰ ਕੈਸਿਟ ਵਿੱਕ ਜਾਂਦੀ ਹੈ।

ਚਮਕੀਲੇ ਜਿਹਾ ਨਾਂ ਕੋਈ ਪੈਦਾ ਹੋਇਆ ਤੇ ਨਾ ਹੀ ਕੋਈ ਪੈਦਾ ਹੋਵੇਗਾ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਆਪਣੇ ਰਿਕਾਰਡ ਹੋਏ ਸੁਪਰਹਿੱਟ ਗੀਤਾਂ ਰਾਹੀਂ ਉਹ ਹਮੇਸ਼ਾਂ ਸਾਡੇ ਦਰਮਿਆਨ ਹਾਜ਼ਰ ਰਹੇਗਾ। ਕਾਸ਼! ਉਹ ਅੱਜ ਵੀ ਜਿਉਂਦਾ ਹੁੰਦਾ। ਬੱਸ ਚਮਕੀਲਾ, ਚਮਕੀਲਾ ਹੀ ਸੀ। ਉਹਦੇ ਹੁੰਦਿਆਂ ਪੰਜਾਬੀ ਲੋਕ- ਗਾਇਕੀ,ਬੀਟ ਅਤੇ ਪੌਪ ਦਾ ਰੰਗ ਰੂਪ ਹੀ ਹੋਰ ਹੋਣਾ ਸੀ, ਜਿਸਦਾ ਸਬੂਤ ਉਸਦੀਆਂ ਮਿਕਸ ਹੋਈਆਂ ਕੈਸਟਾਂ ਤੋਂ ਮਿਲਦਾ ਹੈ। ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਨੇ ਜੋ ਵੀ ਗਾਇਆ ਉਹ ਉਸ ਸਮੇਂ ਵੀ ਅਮਰ ਸੀ, ਹੁਣ ਵੀ ਹੈ ਅਤੇ ਅੱਗੋਂ ਲਈ ਵੀ ਅਮਰ ਰਹੇਗਾ। ਅਮਰ ਸਿੰਘ ਚਮਕੀਲੇ ਬਾਰੇ ਪੁਸਤਕ ਲਿਖਣੀ ਕੰਡਿਆਂ ਉਤੇ ਤੁਰਨ ਬਰਾਬਰ ਹੈ। ਇਸੇ ਲਈ ਇਸ ਸੰਘਰਸ਼ਮਈ ਕੰਮ ਕਰਨ ਵਾਸਤੇ ਗੁਲਜ਼ਾਰ ਸਿੰਘ ਸ਼ੌਕੀ ਦਾ ਭਰਵਾਂ ਸੁਆਗਤ ਕਰਦਾ ਹਾਂ।

ਹਰਬੰਸ ਸਿੰਘ ਭੱਟੀ

ਪਿੰਡ ਤੇ ਡਾਕ: ਧੂਰਾ

ਵਾਇਆ : ਧੂਰੀ (ਸੰਗਰੂਰ)

ਮੇਰਾ ਜਿਗਰੀ ਯਾਰ ਸੀ ਚਮਕੀਲਾ-ਹਰਬੰਸ ਦੁਗਰੀ

ਅਮਰ ਸਿੰਘ ਚਮਕੀਲਾ (ਧਨੀ ਰਾਮ) ਨਾਲ ਮੈਂ ਪੜ੍ਹਦਾ ਰਿਹਾ ਹਾਂ। ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ । ਹਮੇਸ਼ਾ ਹਸੂੰ-ਹਸੂੰ ਕਰਦਾ ਰਹਿੰਦਾ ਸੀ। ਉਹ ਹਰ ਇੱਕ ਨਾਲ ਨਿਮਰਤਾ ਨਾਲ ਮਿਲਦਾ ਸੀ। ਇਸੇ ਕਰਕੇ ਇਹ ਸਾਰੇ ਪਿੰਡ ਵਿੱਚ ਹਰਮਨ ਪਿਆਰਾ ਸੀ। ਇਹ ਪਹਿਲੀ ਕਲਾਸ ਵਿੱਚੋਂ ਹੀ ਮਾਸਟਰ ਜੀ ਦੇ ਕਹਿਣ ਤੇ ਗੀਤ ਸੁਣਾਉਨ ਲੱਗ ਜਾਂਦਾ ਸੀ। ਫਿਰ ਆਪਣੇ ਮਿੱਤਰਾਂ ਦੋਸਤਾਂ ਦੇ ਕਹਿਣ ਤੇ ਵੀ ਗਾਉਂਦਾ ਰਿਹਾ ਸੀ। ਗਾਇਕੀ ਦਾ ਸ਼ੌਕ ਉਸਨੂੰ ਪਹਿਲੇ ਦਿਨੋਂ ਹੀ ਸੀ। ਸਭ ਤੋਂ ਪਹਿਲਾਂ ਉਹ ਡਰਾਮੇ ਵਗੈਰਾ ਕਰਦਾ ਸੀ ਤੇ ਫਿਰ ਸੁਰਿੰਦਰ ਛਿੰਦੇ ਤੋਂ ਗਾਉਣ ਸਿੱਖਣ ਲੱਗ ਗਿਆ ਸੀ। ਥੋੜ੍ਹੇ ਦਿਨਾਂ ਵਿੱਚ ਹੀ ਉਹ ਮਸ਼ਹੂਰ ਗਾਇਕ ਬਣ ਗਿਆ।

ਇਸਨੂੰ ਗੀਤ ਲਿਖਣ ਦਾ ਵੀ ਪੂਰਾ ਸ਼ੌਕ ਸੀ। ਪਹਿਲਾ ਗੀਤ ਇਸਦਾ ਲਿਖਿਆ ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆਂ ਨੇ ਗਾਇਆ ‘ ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੱਕੀ’ ਜੋ ਬਹੁਤ ਵਧੀਆ ਮਸ਼ਹੂਰ ਹੋਇਆ। ਉਸਨੇ ਪਹਿਲਾਂ ਚਾਰ ਗੀਤਾਂ ਵਾਲਾ ਤਵਾ ਸੁਰਿੰਦਰ ਸੋਨੀਆਂ ਨਾਲ ਗਾਇਆ ‘ਟਕੂਏ ਤੇ ਟਕੂਆ ਖੜਕੇ’ ਇਸ ਤੋਂ ਬਾਅਦ ਤਾਂ ਉਹ ਸਾਰੇ ਗਾਉਣ ਵਾਲਿਆਂ ਤੋਂ ਅੱਗੇ ਲੰਘ ਗਿਆ ਸੀ। ਅਮਰਜੋਤ ਜਦੋਂ ਇਸ ਨਾਲ ਆ ਗਈ ਤਾਂ ਪਿਓ ਦੇ ਪੁੱਤ ਨੇ ਨ੍ਹੇਰੀ ਲਿਆ ਦਿੱਤੀ।

ਮੈਂ ਜਦੋਂ ਵੀ ਕਿਤੇ ਸ਼ਹਿਰ ਦਿਹਾੜੀ ਕਰਨ ਜਾਂਦਾ ਜਾਂ ਦਿਹਾੜੀ ਕਰਕੇ ਆਉਂਦਾ ਜਦੋਂ ਉਹ ਮੈਨੂੰ ਵੇਖ ਲੈਂਦਾ, ਮੈਂ ਸਾਇਕਲ ਤੇ ਜਾਂ ਪੈਦਲ ਹੁੰਦਾ, ਉਹ ਝੱਟ ਕਾਰ ਰੋਕ ਕੇ ਮੈਨੂੰ ਜੱਫ਼ੀ ਪਾ ਕੇ ਮਿਲਦਾ। ਉਸਦੇ ਦਿਮਾਗ ਵਿੱਚ ਇਹ ਗੱਲ ਉੱਕਾ ਹੀ ਨਹੀਂ ਸੀ ਕਿ ਮੈਂ ਕਿੱਡਾ ਵੱਡਾ ਕਲਾਕਾਰ ਹਾਂ ਇਹ ਇੱਕ ਦਿਹਾੜੀਦਾਰ ਹੈ। ਮੈਂ ਉਸਨੂੰ ਇੱਕ ਦਿਨ ਇਹ ਗੱਲ ਕਹਿ ਹੀ ਦਿੱਤੀ ਕਿ ਚਮਕੀਲੇ ਤੂੰ ਇੱਕ ਮਹਾਨ ਗਾਇਕ ਹੈਂ, ਤੇ ਮੈਂ ਇੱਕ ਦਿਹਾੜੀਦਾਰ ਹਾਂ, ਤੂੰ ਫਿਰ ਵੀ ਮੇਰੇ ਨਾਲ ਕਿੰਨਾ ਪਿਆਰ ਕਰਦਾ ਏਂ। ਉਸਨੇ ਝੱਟ ਕਹਿ ਦਿੱਤਾ ਕਿ ਬਾਈ ਹਰਬੰਸ ਆਪਾਂ ਇਕੱਠੇ ਪੜ੍ਹੇ, ਇਕੱਠੇ ਮਿਹਨਤ ਮਜ਼ਦੂਰੀ ਕਰਦੇ ਰਹੇ, ਘਰ ਆਪਣਾ ਕੋਲ ਕੋਲ ਹੈ, ਪਿੰਡ ਆਪਣਾ ਇੱਕ ਹੈ, ਮੈਂ ਤੈਨੂੰ ਕਿਵੇਂ ਭੁੱਲ ਜਾਵਾਂ ਤੂੰ ਮੇਰਾ ਆਪਣਾ ਏਂ, ਜਦੋਂ ਬੰਦਾ ਆਪਣੇ ਭਾਈਚਾਰੇ ਨੂੰ ਛੱਡ ਜਾਵੇ ਤਾਂ ਸਮਝੋ ਕਿ ਉਹ ਕੁਝ ਵੀ ਨਹੀਂ ਰਿਹਾ। ਮੈਂ ਆਪਣੇ ਪਿੰਡ ਦੇ ਬੰਦਿਆਂ ਨੂੰ, ਆਪਣੇ ਪਿੰਡ ਦੀ ਮਿੱਟੀ ਨੂੰ ਕਦੇ ਵੀ ਨਹੀਂ ਛੱਡਦਾ। ਜਿੰਨਾਂ ਚਿਰ ਅਸੀਂ ਇਕੱਠੇ ਕੁਝ ਖਾ ਪੀ ਨਾ ਲੈਂਦੇ ਉਹ ਮੇਰੇ ਕੋਲੋਂ ਭੋਰਾ ਵੀ ਨਹੀਂ ਸੀ ਹਿੱਲਦਾ। ਛੋਟੇ ਹੁੰਦੇ ਅਸੀਂ ਚਾਹ ਪਾਣੀ, ਰੋਟੀ ਇਕੱਠੇ ਹੀ ਖਾਂਦੇ ਪੀਂਦੇ ਹੁੰਦੇ ਸੀ। ਸਾਡਾ ਆਪਸੀ ਪਿਆਰ ਹੀ ਬਹੁਤ ਸੀ। ਮੇਰਾ ਜਿਗਰੀ ਯਾਰ ਸੀ ਚਮਕੀਲਾ।

ਮੈਨੂੰ ਹੁਣ ਵੀ ਚਮਕੀਲਾ ਜਦੋਂ ਯਾਦ ਆਉਂਦਾ ਹੈ, ਮੈਂ ਉਸਦੀਆਂ ਕੈਸਟਾਂ ਸੁਣਕੇ ਆਪਣਾ ਰਾਂਝਾ ਰਾਜ਼ੀ ਕਰ ਲੈਂਦਾ ਹਾਂ। ਚਮਕੀਲੇ ਦੀ ਮਾਂ ਨਿੱਕੇ ਹੁੰਦੇ ਦੀ ਹੀ ਮਰ ਗਈ ਸੀ। ਇਸਨੇ ਜ਼ਿੰਦਗੀ ਵਿੱਚ ਰੱਜ ਕੇ ਸੰਘਰਸ਼ ਕੀਤਾ ਸੀ, ਗਰੀਬੀ ਵੀ ਬਹੁਤ ਕੱਟੀ ਸੀ ਤੇ ਐਸ਼ ਵੀ ਬਥੇਰੀ ਕੀਤੀ ਸੀ। ਇਹ ਇਸ ਨੂੰ ਸਾਰਾ ਕੁਝ ਸਖਤ ਮਿਹਨਤ ਕਰਕੇ ਹੀ ਪ੍ਰਾਪਤ ਹੋਇਆ ਸੀ।

ਹਰਬੰਸ ਸਿੰਘ ਦੁੱਗਰੀ

ਮਾਡਲ ਟਾਊਨ ਲੁਧਿਆਣਾ

ਯਾਰਾਂ ਦਾ ਯਾਰ ਸੀ ਅਮਰ ਸਿੰਘ ਚਮਕੀਲਾ- ਕੇਸਰ ਸਿੰਘ ਟਿੱਕੀ

ਅਸੀਂ ਮਦਨ ਲਾਲ ਹੋਟਲ ਵਾਲੇ ਦੇ ਉਪਰ ਚੁਬਾਰੇ ਵਿੱਚ ਨੇਕੀ ਕਾਤਿਲ ਦੇ ਦਫ਼ਤਰ ਵਿੱਚ ਰਿਹਰਸਲ ਕਰਦੇ ਸੀ। ਅਮਰ ਸਿੰਘ ਚਮਕੀਲੇ ਦੀ ਅਵਾਜ਼ ਸੁਣਕੇ, ਥੱਲੇ ਸ਼ਰਾਬ ਦੇ ਠੇਕੇ ਤੇ ਬੈਠਾ ਇੱਕ ਸਰਦਾਰ ਜਿਸਦਾ ਨਾਂ ਸੀ ਸ੍ਰ: ਹਰਨੇਕ ਸਿੰਘ, ਅਕਾਲ ਟ੍ਰਾਂਸਪੋਰਟ ਦਾ ਮੈਨੇਜਰ ਸੀ, ਜਿਸਨੂੰ ਅਮਰ ਸਿੰਘ ਚਮਕੀਲੇ ਦੀ ਆਵਾਜ਼ ਨੇ ਸੱਪ ਵਾਂਗੂ ਕੀਲ੍ਹ ਲਿਆ ਸੀ। ਹਰਨੇਕ ਸਿੰਘ ਨੇ ਕਿਹਾ ਕਿ ਟਿੱਕੀ ਤੂੰ ਇਸ ਮੁੰਡੇ ਨੂੰ ਰੋਜ ਸ਼ਾਮ ਨੂੰ ਮੇਰੇ ਕੋਲ ਲੈ ਕੇ ਆਇਆ ਕਰ। ਜਦੋਂ ਮੈਂ ਸ਼ਾਮ ਨੂੰ ਹਰਨੇਕ ਸਿੰਘ ਕੋਲ ਚਮਕੀਲੇ ਨੂੰ ਲੈ ਕੇ ਗਿਆ ਤਾਂ ਉਸਨੇ ਕਿਹਾ ਕਿ ਗੀਤ ਸੁਣਾ ਤੇ ਮੈਨੂੰ ਕਹਿੰਦਾ ਟਿੱਕੀ ਤੂੰ ਢੋਲਕੀਂ ਕੁੱਟ। ਸ: ਹਰਨੇਕ ਸਿੰਘ ਸਾਡੇ ਨਾਲ ਬਹੁਤ ਹੀ ਪਿਆਰ ਕਰਨ ਲੱਗ ਪਿਆ ਕਦੇ ਦੋ ਸੌ ਰੁਪੈ ਚਮਕੀਲੇ ਦੀ ਜੇਬ ਵਿੱਚ ਪਾਇਆ ਕਰੇ ਤੇ ਕਦੇ ਮੇਰੀ ਜੇਬ ਵਿੱਚ ਪਾਇਆ ਕਰੇ । ਦਿਨੋ ਦਿਨ ਇਹ ਪਿਆਰ ਵਧਦਾ ਹੀ ਗਿਆ ਏਨਾ ਵੱਧ ਗਿਆ ਕਿ ਅਸੀਂ ਉਸਦੀ ਵਰਕਸ਼ਾਪ ਵਿੱਚ ਹੀ ਸੌਣ ਲੱਗ ਪਏ।

ਉਹਨਾਂ ਦੇ ਦੋ ਮਿਸਤਰੀ ਸਨ ਇੱਕ ਦਾ ਨਾਂ ਅਮਰ ਸਿੰਘ ਅਤੇ ਦੂਜੇ ਨੂੰ ਜੈਲਾ ਵੈਲੀ ਕਹਿੰਦੇ ਸਨ। ਸਾਡਾ ਦੋਹਾਂ ਦਾ ਉਹਨਾਂ ਦੋਹਾਂ ਮੁੰਡਿਆਂ ਨਾਲ ਬੇਹੱਦ ਪਿਆਰ ਸੀ। ਜਿੱਥੇ ਇਹਨਾਂ ਦੋ ਬੰਦਿਆਂ ਦੀ ਰੋਟੀ ਆਉਂਦੀ ਸੀ ਉਥੇ ਸਾਡੀ ਚਾਰ ਬੰਦਿਆਂ ਦੀ ਰੋਟੀ ਸ੍ਰ: ਹਰਨੇਕ ਸਿੰਘ ਸਮੇਤ ਪਿੰਡ ਵਾਲੇ ਪਿੰਡੋਂ ਲਿਆਉਣ ਲੱਗ ਪਏ। ਰਾਤ ਨੂੰ ਵਰਕਸ਼ਾਪ ਵਿੱਚ ਹੀ ਰਿਹਰਸਲ ਚੱਲਦੀ। ਨੇੜੇ ਤੇੜੇ ਜੋ ਡਰਾਇਵਰ ਤੇ ਕੰਡਕਟਰ ਬੱਸਾਂ ਕੋਲੇ ਸੁੱਤੇ ਪਏ ਹੁੰਦੇ ਉਹ ਵੀ ਸਾਡੇ ਕੋਲ ਆ ਕੇ ਬਹੁਤ ਪਿਆਰ ਨਾਲ ਚਮਕੀਲੇ ਨੂੰ ਸੁਣਦੇ। ਸ੍ਰ: ਹਰਨੇਕ ਸਿੰਘ ਨੇ ਮੈਨੂੰ ਕਿਹਾ ਕਿ ਟਿੱਕੀ ਤੂੰ ਚਮਕੀਲੇ ਨੂੰ ਕਹਿਦੇ ਕਿ ਜਿੰਨੇ ਵੀ ਪੈਸਿਆਂ ਦੀ ਲੋੜ ਚਮਕੀਲੇ ਨੂੰ ਹੁੰਦੀ ਐ ਮੈਥੋਂ ਮੰਗ ਲਿਆ ਕਰੇ । ਸ੍: ਹਰਨੇਕ ਸਿੰਘ ਨੇ ਮੇਰੇ ਅਤੇ ਚਮਕੀਲੇ ਉੱਤੇ ਹਮੇਸ਼ਾਂ ਹੀ ਮਿਹਰ ਭਰਿਆ ਹੱਥ ਰੱਖਿਆ।

ਇੱਕ ਵਾਰੀ ਸ੍ਰ: ਹਰਨੇਕ ਸਿੰਘ ਜੀ ਪਿੰਡ ਨੂੰ ਜਾਣ ਲੱਗੇ ਤੇ ਅਸੀਂ ਕਿਹਾ ਸਰਦਾਰ ਜੀ, ‘ਸਤਿ ਸ੍ਰੀ ਅਕਾਲ’ ਉਹਨਾਂ ਆਪਣੀ ਆਦਤ ਅਨੁਸਾਰ ਝੱਟ ਖੰਘੂਰਾ ਮਾਰਕੇ ਕਿਹਾ ਕਿ ਨਾ ਬੋਲ ਕਿੰਨੇ ਪੈਸੇ ਚਾਹੀਦੇ ਹਨ। ਬਿਨਾਂ ਮੰਗੇ ਸਰਦਾਰ ਜੀ ਸਾਨੂੰ ਦੋ ਸੌ-ਸੌ ਦੇ ਨੋਟ ਦੇ ਕੇ ਆਪਣੇ ਗੋਪਾਲ ਡਰਾਇਵਰ ਨੂੰ ਕਹਿੰਦੇ ਕਿ ਚੱਲ ਚੱਲੀਏ। ਜੋ ਦੋ ਸੋ ਰੁਪੈ ਸਰਦਾਰ ਜੀ ਨੇ ਚਮਕੀਲੇ ਨੂੰ ਦਿੱਤੇ ਉਹ ਜੈਲੇ ਵੈਲੀ ਨੇ ਵੇਖ ਲਏ, ਉਹ ਝੱਟ , ਕਹਿਣ ਲੱਗਾ ਕਿ ਪਿਲਾਓ ਹੁਣ, ਬੋਤਲ ਮੰਗਵਾ ਲਓ। ਚਮਕੀਲੇ ਨੇ ਝੱਟ ਬੋਤਲ ਮੰਗਵਾ ਲਈ ਤੇ ਇੱਕ ਹੋਰ ਬੋਤਲ ਆ ਗਈ। ਪੀਂਦੇ, ਖਾਂਦਿਆਂ ਜੈਲਾ ਵੇਲੀ ਬੋਲਿਆ ਕਿ ਮੈਂ ਵੀ ਇੱਕ ਗੀਤ ਸੁਣਾਉਣਾ ਤੇ ਇਹ ਵੀ ਲਿਖਦੈ। ਜੈਲੇ ਵੈਲੀ ਨੂੰ ਸ਼ਰਾਬੀ ਵੇਖ ਕੇ ਮੈਂ ਤੇ ਚਮਕੀਲੇ ਨੇ ਕਿਹਾ ਕਿ ਭਰਾਵਾ ਤੂੰ ਹੀ ਸੁਣਾਲੈ। ਜਦੋਂ ਉਸ ਗੀਤ ਸੁਣਾਇਆ ਤਾਂ ਨਾ ਹੀ ਉਹ ‘ਸੁਰ” ਵਿਚ ਸੀ ਤੇ ਨਾ ਹੀ ‘ਰਿਦਮ’ ਵਿੱਚ ਸੀ। ਉਹ ਗੀਤ ਸੀ ‘ਜਿਹਨੇ ਲਾਲ ਪਰੀ ਨਾਂ ਪੀਤੀ, ਤੀਵੀਂ ਕੁੱਟਕੇ ਸਿੱਧੀ ਨਾ ਕੀਤੀ, ਕੱਢਿਆ ਨਾ ਕੰਡਾ ਭੈਣ ਦੀ ਨਿਨਾਣ ਦਾ, ਉਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ”। ਜੈਲੇ ਵੈਲੀ ਨੇ ਝੱਟ ਚਮਕੀਲੇ ਨੂੰ ਹੁਕਮ ਚਾਹੜ ਦਿੱਤਾ ਕਿ ਚਮਕੀਲੇ ਇਹ ਗੀਤ ਲਿਖਕੇ ਸਵੇਰੇ ਮੈਨੂੰ ਸੁਣਾਈਂ। ਇਹ ਸਥਾਈ ਲਿਖਕੇ ਚਮਕੀਲਾ ਰਾਤ ਨੂੰ ਗਿਆਰਾਂ ਵਜੇ ਮੈਨੂੰ ਕਹਿੰਦਾ ਟਿੱਕੀ ਚੱਲ ਬਾਈ ਪਿੰਡ ਨੂੰ ਚੱਲੀਏ। ਅਸੀਂ ਉਥੋਂ ਉਠਕੇ ਪਿੰਡ ਨੂੰ ਸਾੲਕੀਲਾਂ ਤੇ ਚਾਲੇ ਪਾ ਦਿੱਤੇ। ਪਿੰਡ ਜਾ ਕੇ ਉਹਨੇ ਰੇਡੀਓ ਲਾ ਦਿੱਤਾ ਤੇ ਮੈਨੂੰ ਬਾਹਰ ਬੈਠਕ ‘ਚ ਬਿਠਾ ਦਿੱਤਾ। ਆਪ ਅੰਦਰ ਜਾ ਕੇ ਲੜਨ ਲੱਗ ਪਿਆ। ਜਦੋਂ ਮੇਰੇ ਕੋਲ ਆਇਆ ਤੇ ਮੈਂ ਪੁੱਛਿਆ ਕਿ ਅੰਦਰੋਂ ਜਨਾਨੀ ਦੀ ਅਵਾਜ਼ ਆਉਂਦੀ ਸੀ, ਉਹ ਕੌਣ ਸੀ ? ਉਸਨੇ ਮੈਨੂੰ ਉੱਕਾ ਵੀ ਨਹੀਂ ਦੱਸਿਆ। ਇਹਦੇ ਪਿੰਡ ਦੁੱਗਰੀ ਤੋਂ ਅਸੀਂ ਰਾਤ ਨੂੰ ਇੱਕ ਵਜੇ ਵਾਪਸ ਸ਼ਹਿਰ ਨੂੰ ਆ ਗਏ। ਮੈਂ ਕਿਹਾ ਕਿ ਤੂੰ ਆਪਣੇ ਘਰ ਲੜਾਈ ਕਰਦਾ ਹੈਂ। ਮੈਂ ਨਹੀਂ ਰਹਿਣਾ। ਮੇਰੇ ਨਾਲ ਚਮਕੀਲਾ ਫੇਰ ਸ਼ਹਿਰ ਆ ਗਿਆ। ਸ਼ਹਿਰ ਆ ਕੇ ਅਸੀਂ ਇੱਕ ਅਧੀਆ ਲਿਆ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੈਠ ਗਏ। ਮੈਂ ਉਸਦੇ ਘਰ ਦੀ ਹਾਲਤ ਵੇਖ ਕੇ ਪੁੱਛਿਆ ਕਿ ਤੁਹਾਡੀ ਜਾਤ ਕੀ ਹੈ? ਨਸ਼ੇ ਦੀ ਲੋਰ ‘ਚ ਕਹਿੰਦਾ ਸਾਡੀ ਜਾਤ ਹੈ ‘ਨਾਈ’। ਫਿਰ ਮੈਂ ਕਿਹਾ ਕਿ ਤੇਰੇ ਘਰ ਦੀ ਹਾਲਤ ਤੇ ਵਾਤਾਵਰਨ ਨਾਈਆਂ ਵਾਲਾ ਨਹੀਂ। ਰਾਤ ਨੂੰ ਅਸੀਂ ਦਾਰੂ ਪੀ ਕੇ ਪੈ ਗਏ, ਸਵੇਰੇ ਮੈਂ ਪੰਮੀ ਤੇ ਪੋਹਲੀ ਨਾਲ ਪ੍ਰੋਗਰਾਮ ਤੇ ਜਾਣਾ ਸੀ। ਜਦੋਂ ਮੈਂ ਪੋਹਲੀ ਦੀ ਕੋਠੀ ਨਾ ਪਹੁੰਚਿਆ ਤਾਂ ਉਹ ਗੱਡੀ ਲੈ ਕੇ ਮੇਰੇ ਕੋਲ ਮੇਰੇ ਕਮਰੇ ‘ਚ ਆ ਗਿਆ। ਮੈਨੂੰ ਉਠਾ ਲਿਆ ਤੇ ਪੁੱਛਿਆ ਕਿ ਇਹ ਕੌਣ ਪਿਆ ਹੈ? ਮੈਂ ਕਿਹਾ ਕਿ ਇਹ ਚਮਕੀਲਾ ਹੈ। ਮੈਨੂੰ ਪੋਹਲੀ ਨੇ ਕਿਹਾ ਕਿ ਇਸਨੂੰ ਜਗਾ ਕੇ ਪੁੱਛ ਲੈ, ਕੀ ਇਹ ਅੱਜ ਵਿਹਲਾ ਹੈ? ਇਸਨੇ ਕਿਤੇ ਜਾਣਾ ਤਾਂ ਨਹੀਂ। ਮੈਂ ਕਿਹਾ ਕਿ ਇਹ ਅੱਜ ਵੇਹਲਾ ਹੀ ਹੈ। ਇਸਨੇ ਕਿਤੇ ਵੀ ਨਹੀਂ ਜਾਣਾ। ਪੋਹਲੀ ਕਹਿੰਦਾ ਕਿ ਆਪਣੇ ਨਾਲ ਅੱਜ ਮਦਨ ਲਾਲ ਰਾਹੀ ਕੋਟ ਕਪੂਰੇ ਵਾਲੇ ਨੇ ਨਹੀਂ ਜਾਣਾ। ਕਿਉਂ ਨਾ ਅੱਜ ਆਪਾਂ ਇਸਨੂੰ ਨਾਲ ਲੈ ਚੱਲੀਏ, ਨਾਲੇ ਸੁਣਕੇ ਪਤਾ 2 ਲੱਗ ਜਾਊ ਕਿ ਕਿਹੋ ਜਿਹਾ ਗਾਉਂਦਾ ਹੈ। ਮੈਂ ਚਮਕੀਲੇ ਨੂੰ ਝੱਟ ਜਗਾ ਦਿੱਤਾ ਤੇ ਇਸ਼ਨਾਨ ਕਰਕੇ ਤਿਆਰ ਹੋਣ ਲਈ ਕਿਹਾ ਕਿ ਆਪਾਂ ਪ੍ਰੋਗਰਾਮ ਤੇ ਜਾਣਾ ਹੈ। ਉਸੇ ਵੇਲੇ ਫੁਰਤੀ ਨਾਲ ਚਮਕੀਲੇ ਨੇ ਝੱਟ ਕਿਹਾ ਕਿ ਕੀਹਦੇ ਨਾਲ ਜਾਣਾ ਹੈ? ਜਦੋਂ ਅਸੀਂ ਅਬੋਹਰ ਕੋਲ ਪਿੰਡ ਗਿੱਡੂ ਖੇੜੇ ਪਹੁੰਚੇ ਤਾਂ ਚਮਕੀਲਾ ਮੈਨੂੰ ਕਹਿੰਦਾ ਕਿ ਟਿੱਕੀ ਵੀਰੇ ਆਪਾਂ ਤਾਂ ਬਹੁਤ ਦੂਰ ਆ ਗਏ ਹਾਂ। ਮੈਂ ਉਹਨੂੰ ਕਿਹਾ ਕਿ ਪੁੱਤਰਾ’ ਅਜੇ ਤਾਂ ਇਸ ਤੋਂ ਚਾਰ ਗੁਣਾਂ ਲੰਮੇ ਪੈਂਡੇ ਤਹਿ ਕਰਨੇ ਹਨ। ਘਬਰਾਉਂਦਾ ਕਿਉਂ ਏ? ਕਾਮਯਾਬੀ ਦਾ ਰਾਹ ਫੜ। ਉਸ ਤੋਂ ਬਾਅਦ ਜਦੋਂ ਗੁਰਚਰਨ ਪੋਹਲੀ ਤੇ ਪ੍ਰੋਮਿਲਾ ਪੰਮੀ ਸਟੇਜ ਤੇ ਪਹੁੰਚੇ ਤਾਂ ਉਹਨਾਂ ਚਾਰ ਪੰਜ ਗੀਤ ਗਾ ਕੇ ਕਿਹਾ ਕਿ ਚਮਕੀਲੇ ਨੂੰ ਕਹੋ ਕਿ ਗੀਤ ਸੁਣਾਵੇ। ਜਦੋਂ ਚਮਕੀਲੇ ਨੂੰ ਸਟੇਜ ਤੇ ਪੇਸ਼ ਕੀਤਾ ਤਾਂ ਉਸਨੇ ਆਪਣਾ ਲਿਖਿਆ ਗੀਤ ਸੁਣਾਇਆ ਕੱਢ ਲੈ ਸੰਦੂਕ ਵਿਚੋਂ ਰੇਸ਼ਮੀ ਗਰਾਰਾ, ਅੱਗ ਦੇ ਭੰਬੂਕੇ ਵਾਂਗੂੰ ਮੱਚ ਭਾਬੀਏ, ਨੀ ਤੂੰ ਗਿੱਧੇ ਵਿੱਚ, ਗਿੱਧੇ ਵਿੱਚ ਦਿਓਰ ਨਾਲ ਨੱਚ ਭਾਬੀਏ।”

ਜਦੋਂ ਚਮਕੀਲੇ ਨੇ ਇਹ ਗੀਤ ਗਾਇਆ ਤਾਂ ਸਾਰੇ ਸਰੋਤੇ ਨੱਚਣ ਲੱਗ ਪਏ। ਇਸ ਗੀਤ ਉੱਤੇ ਚਮਕੀਲੇ ਨੂੰ ਇਸਦੀ ਪੇਮੈਂਟ ਨਾਲੋਂ ਵੱਧ ਇਨਾਮ ਹੋ ਗਏ। ਪਰੋਮਿਲਾ ਪੰਮੀ ਜਦੋਂ ਪ੍ਰੋਗਰਾਮ ਕਰਕੇ ਵਾਪਸ ਆ ਰਹੀ ਸੀ ਤਾਂ ਉਸਨੇ ਮੈਨੂੰ ਪੁੱਛਿਆ ਕਿਵੇਂ ‘ਟਿੱਕੀ” ਇਹ ਗੀਤ ਆਪ ਲਿਖਦੈ ਚਮਕੀਲਾ। ਮੈਂ ਕਿਹਾ ਕਿ ਹਾਂ ਭੈਣ ਜੀ ਇਹ ਆਪ ਹੀ ਲਿਖਦਾ ਹੈ। ਤਾਂ ਪੰਮੀ ਬੋਲੀ ਕਿ ਟਿੱਕੀ ਵੀਰੇ ਇਹਨੂੰ ਸਵੇਰੇ 9 ਵਜੇ ਮੇਰੇ ਕੋਲ ਲੈ

ਕੇ ਆਵੀਂ। ਉਸ ਤੋਂ ਬਾਅਦ ਪ੍ਰੋਗਰਾਮ ਤੋਂ ਆ ਕੇ ਪੋਹਲੀ ਨੇ ਗੱਡੀ ਸਾਡੇ ਕਮਰੇ ਮੂਹਰੇ ਆ ਕੇ ਖੜੀ ਕਰ ਦਿੱਤੀ। ਮੈਂ ਡੱਗੀ ਖੋਲਕੇ ਆਪਣੀ ਢੋਲਕ ਅਤੇ ਇੱਕ ਬੋਤਲ ਕੱਢ ਲਈ। ਮੈਂ ਬੋਤਲ ਚਮਕੀਲੇ ਨੂੰ ਫੜਾ ਦਿੱਤੀ ਤੇ ਕਿਹਾ ਕਿ ਅੰਦਰ ਚਲ। ਉਹ ਅੰਦਰ ਚਲਿਆ ਗਿਆ ਤਾਂ ਜਿਸ ਵੇਲੇ ਚਮਕੀਲਾ ਅੰਦਰ ਚੱਲਿਆ ਗਿਆ ਤਾਂ ਦੋਵੇਂ ਜਾਣੇ ਪੋਹਲੀ ਤੇ ਪੰਮੀ ਮੈਨੂੰ ਪੁੱਛਦੇ ਹਨ ਕਿ ਇਹਨੂੰ ਕਿੰਨੀ ਪੇਮੈਂਟ ਦੇਈਏ? ਮੈਂ ਕਿਹਾ ਕਿ ਜਿੰਨੀ ਤੁਸੀਂ ਮਦਨ ਲਾਲ ਰਾਹੀ ਨੂੰ ਪੇਮੈਂਟ ਦਿੰਦੇ ਹੋ ਉੱਨੀ ਹੀ ਦੇ ਦਿਓ। ਉਹ ਕਹਿੰਦਾ ਕਿ ਉਹ ਤਾਂ ਸਾਡੇ ਘਰ ਦਾ ਬੰਦਾ ਹੈ ਅਸੀਂ ਪੇਮੈਂਟ ਦੇਈਏ ਜਾਂ ਨਾ ਦੇਈਏ। ਤੂੰ ਦੱਸ ਇਸਨੂੰ ਕਿੰਨੀ ਪੇਮੈਂਟ ਦੇਈਏ? ਮੇਰੇ ਵੀ ਉਸ ਵੇਲੇ ਪੈੱਗ ਲੱਗੇ ਹੋਏ ਸੀ ਮੈਂ ਕਿਹਾ ਇਸਨੂੰ ਤੁਸੀਂ ਢਾਈ ਸੌ ਰੁਪੈ ਦੇ ਦੇਵੋ। ਪੋਹਲੀ ਮੈਨੂੰ ਕਹਿੰਦਾ ਇਹਦਾ ਦੋ ਸੌ ਰੁਪੈ ਨਾਲ ਸਰੂਗਾ ਨਹੀਂ। ਮੈਂ ਕਿਹਾ ਕਿ ਭਾਅ ਜੀ ਪੰਜਾਹ ਰੁਪੈ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਇਸ ਬੰਦੇ ਨੇ ਫਿਰ ਵੀ ਤੁਹਾਡੇ ਕੰਮ ਆਉਣਾ ਹੈ। ਚਮਕੀਲੇ ਦਾ ਢਾਈ ਸੌ ਰੁਪਈਆ ਮੈਂ ਫੜ ਲਿਆ ਤੇ ਉਸਨੂੰ ਦੇ ਦਿੱਤਾ। ਪਰ ਮੈਂ ਆਪਣੀ ਪੇਮੈਂਟ ਨਹੀਂ ਲਈ। ਉਹਨਾਂ ਨੂੰ ਮੈਂ ਕਹਿ ਦਿੱਤਾ ਕਿ ਮੈਂ ਸਾਰੇ ਪੈਸੇ ਦੋ ਤਿੰਨ ਦਿਨਾਂ ਤੋਂ ਬਾਅਦ ਹੀ ਲਵਾਂਗਾ। ਪੰਮੀ ਖੁੱਲ੍ਹੇ ਦਿਲ ਦੀ ਮਾਲਕ ਸੀ ਤੇ ਪੋਹਲੀ ਕੰਜੂਸ ਸੀ। ਉਸ ਤੋਂ ਬਾਅਦ ਜੋ ਅਸੀਂ ਬੋਤਲ ਗੱਡੀ ‘ਚੋਂ ਲਈ ਉਹ ਮੈਂ ਅਤੇ ਚਮਕੀਲੇ ਨੇ ਪੀਣੀ ਸ਼ੁਰੂ ਕਰਨ ਤੋਂ ਪਹਿਲਾਂ ਚਾਚੇ ਤਿਲਕ ਰਾਜ ਨੂੰ ਕਿਹਾ ਕਿ ਸਾਡੀ ਦੋ ਬੰਦਿਆਂ ਦੀ ਰੋਟੀ ਤਿਆਰ ਕਰਦੇ। ਮੇਰਾ ਰਹਿਣਾ, ਬਹਿਣਾ, ਸਹਿਣਾ ਤੇ ਕਹਿਣਾ ਵੇਖਕੇ ਚਮਕੀਲੇ ਨੇ ਵੀ ਆਪਣਾ ਰੁਖ ਬਦਲ ਲਿਆ ਕਿ ਇਹ ਬੰਦਾ ਕਰੈਕਟਰ ਪੱਖੋਂ ਬਹੁਤ ਵਧੀਆ ਹੈ। ਚਾਚੇ ਤਿਲਕ ਰਾਜ ਦੀਆਂ ਕੁੜੀਆਂ ਸਿੰਮੀ ਤੇ ਬਬਲੀ ਭਰਾਵਾਂ ਵਾਂਗ ਸਾਡੇ ਰੱਖੜੀ ਬੰਨ੍ਹਦੀਆਂ ਸਨ। ਚਾਚਾ ਤਿਲਕ ਰਾਜ ਵੀ ਸਾਨੂੰ ਆਪਣੇ ਬੱਚਿਆਂ ਤੇ ਪ੍ਰੀਵਾਰ ਦੇ ਮੈਂਬਰਾਂ ਵਾਂਗ ਸਮਝਣ ਲੱਗ ਗਿਆ ਸੀ। ਜਦੋਂ ਅਸੀਂ ਪ੍ਰੋਗਰਾਮ ਤੋਂ ਆਉਣਾ ਤਾਂ ਉਸਨੇ ਝੱਟ ਪੁੱਛਣਾ ਕਿ ਪੁੱਤਰਾ ਰੋਟੀ ਖਾ ਲਈ ਹੈ ਕਿ ਤੇਰੀ ਚਾਚੀ ਨੂੰ ਕਹਿ ਕੇ ਤਿਆਰ ਕਰਾਵਾਂ। ਜੇਕਰ ਸਾਨੂੰ ਭੁੱਖ ਹੁੰਦੀ ਅਸੀਂ ਕਹਿਕੇ ਤਿਆਰ ਕਰਵਾ ਲੈਂਦੇ ਤੇ ਨਹੀਂ ਕਹਿ ਦਿੰਦੇ ਕਿ ਚਾਚਾ ਜੀ ਛਕ ਕੇ ਆਏ ਹਾਂ। ਹੁਣ ਸਾਡੀ ਇਹੋ ਜਿਹੀ ਤਾਸੀਰ ਬਣ ਗਈ ਹੈ ਕਿ ਅਸੀਂ ਜਿਸ ਪ੍ਰੀਵਾਰ ਵਿੱਚ ਬੈਠਦੇ ਹਾਂ ਉਹ ਸਾਡਾ ਅਤੇ ਅਸੀਂ ਉਸਦੇ ਹੀ ਹੋ ਜਾਂਦੇ ਹਾਂ। ਹੁਣ ਜਦੋਂ ਅਸੀਂ ਸਵੇਰੇ ਉੱਠੇ ਤਾਂ ਤਿਆਰ ਹੋ ਕੇ ਪੋਹਲੀ, ਪੰਮੀ, ਦੀ ਕੋਠੀ ਵੱਲ ਗੀਤਾਂ ਦੀਆਂ ਕਾਪੀਆਂ, ਲੈ ਕੇ ਚੱਲ ਪਏ। ਜਦੋਂ ਪੰਮੀ, ਪੋਹਲੀ ਦੀ ਕੋਠੀ ਵਿੱਚ ਪਹੁੰਚੇ ਤਾਂ ਪੋਹਲੀ ਸਾਹਿਬ ਕਹਿੰਦੇ ਕਿ ਆਉ ਜੀ ਆਉ। ਬੈਠਕ ਵਿੱਚ ਬੈਠ ਕੇ ਅਸੀਂ ਚਾਹ ਪੀਤੀ ਅਤੇ ਗੱਲਾਂ ਬਾਤਾਂ ਕਰਦੇ ਰਹੇ। ਪ੍ਰੋਮਿਲਾ ਪੰਮੀ ਨੇ ਕਿਹਾ ਕਿ ਟਿੱਕੀ ਪਹਿਲਾਂ ਲਾਗਲੇ ਕਮਰੇ ਵਿੱਚ ਢੋਲਕ ਅਤੇ ਵਾਜਾ ਪਿਆ ਹੈ ਉਹ ਚੁੱਕ ਲਿਆ। ਮੈਂ ਇਹ ਸੁਣਦੇ ਸਾਰ ਹੀ ਸਾਜ਼ ਚੁੱਕ ਲਿਆਇਆ ਅਤੇ ਬੈਠਕ ਵਿੱਚ ਵਿਛੀ ਦਰੀ ਉਤੇ ਬੈਠ ਗਿਆ। ਫਿਰ ਅਸੀਂ ਸਾਰੇ ਹੀ ਦਰੀ ਤੇ ਬੈਠ ਗਏ। ਪੰਮੀ ਕਹਿੰਦੀ ਚਮਕੀਲੇ ਕੋਈ ਗੀਤ ਸੁਣਾ। ਅੱਗੋਂ ਚਮਕੀਲੇ ਨੇ ਸਤਿਕਾਰ ਕਰਦਿਆਂ ਕਿਹਾ ਕਿ ਭੈਣ ਜੀ ਪਹਿਲਾਂ ਤੁਸੀਂ ਸੁਣਾਓ ਤੇ ਮੈਂ ਫਿਰ ਸੁਣਾ ਦਿਆਂਗਾ। ਪੰਮੀ ਬਹੁਤ ਹੀ ਖੁੱਲ੍ਹੇ ਸੁਭਾਅ ਦੀ ਮਾਲਕ ਸੀ ਉਸਦੇ ਮਨ ਵਿੱਚ ਰਤਾ ਵੀ ਮੈਲ ਨਹੀਂ ਸੀ। ਪੰਮੀ ਨੇ ਝੱਟ ਇੱਕ ਸ਼ੇਅਰ ਤੇ ਇੱਕ ਹੀਰ ਦੀ ਕਲੀ ਸੁਣਾਈ ਤੇ ਫਿਰ ਝੱਟ ਕਿਹਾ ਕਿ ਚਮਕੀਲੇ ਆਹ ਫੜ੍ਹ ਪੇਟੀ ਤੇ ਟਿੱਕੀ ਕੋਲ ਢੋਲਕ ਹੈ, ਹੁਣ ਆਪਣੇ ਗੀਤ ਸੁਣਾ। ਫਿਰ ਚਮਕੀਲਾ ਕਹਿੰਦਾ ਭੈਣ ਜੀ ਪਹਿਲਾਂ ਸੋਲੋ ਗੀਤ ਸੁਣਾਵਾਂ ਕਿ ਦੋਗਾਣਾ? ਜਦੋਂ ਚਮਕੀਲੇ ਨੇ ਪੇਟੀ ਤੇ ਹੱਥ ਰੱਖਿਆ ਤਾਂ ਪੰਮੀ ਸਹਿਜ ਸੁਭਾਅ ਹੀ ਬੋਲੀ ਕਿ ਮੋਇਆ ਤੇਰੀ ਏਨੀ ਤਿਆਰੀ ਏ ਫਿਰ ਤੂੰ ਸਾਡੇ ਨਾਲ ਕਿਉਂ ਨਹੀਂ ਜਾਂਦਾ। ਚਮਕੀਲਾ ਕਹਿੰਦਾ ਭੈਣ ਜੀ ਤੁਸੀਂ ਇਹ ਗੱਲ ਛੱਡੋ ਗੀਤ ਸੁਣੋਂ। ਪੰਮੀ ਕਹਿੰਦੀ ਅਸੀਂ ਦੋਗਾਣਾ ਗਾਉਂਦੇ ਹਾਂ ਸਾਡੀ ਦੋਗਾਣਿਆਂ ਵਿੱਚ ਹੀ ਚਾਂਦੀ ਹੈ। ਪਹਿਲਾਂ ਦੋਗਾਣਾ ਹੀ

ਸੁਣੋਂ। ਚਮਕੀਲੇ ਨੇ ਜਦੋਂ ਫਿਰ ਆਪ ਦੋਗਾਣਾ ਸੁਣਾਇਆ ‘ ਮੈਨੂੰ ਚੱਟ ਲੈ ਤਲੀ ਦੇ ਉੱਤੇ ਧਰਕੇ ਮਿੱਤਰਾ ਮੈਂ ਖੰਡ ਬਣ ਗਈ, ਤੇ ਦੂਜਾ ਦੋਗਾਣਾ ਸੁਣਾਇਆ ‘ਨਾਰ ਬੈਟਰੀ ਵਰਗੀ ਦਾ ਦੂਰੋਂ ਲਿਸ਼ਕਾਰਾ ਪੈ ਜਾਂਦਾ।”

ਇਹਨਾ ਦੋਗਾਣਿਆਂ ਤੇ ਪੰਮੀ ਪੂਰੀ ਤਰ੍ਹਾਂ ਮੇਹਲਣ ਲੱਗ ਪਈ, ਤਾਂ ਚਮਕੀਲੇ ਨੇ ਝੱਟ ਆਪਣੀ ਲਾਈਨ ਤਬਦੀਲ ਕਰ ਲਈ। ਕਹਿੰਦਾ ਭੈਣਜੀ ਅਸੀਂ ਇੱਕ ਮਿੰਟ ਬਾਥਰੂਮ ਜਾ ਆਈਏ। ਫਿਰ ਮੈਨੂੰ ਚਮਕੀਲਾ ਕਹਿੰਦਾ ਬਈ ਟਿੱਕੀ ਗੀਤ ਤਾਂ ਆਪਾਂ ਚੌੜ ਚੌੜ ‘ਚ ਕਾਫ਼ੀ ਸੁਣਾ ਦਿੱਤੇ। ਇਹ ਤਾਂ ਹਰ ਇੱਕ ਗੀਤ ਨੂੰ ਹੀ ਹੱਥ ਪਾਈ ਜਾਂਦੀ ਹੈ। ਬਾਹਰ ਜਾ ਕੇ ਉਸਨੇ ਮੇਰੇ ਨਾਲ ਸਲਾਹ ਕੀਤੀ ਕਿ ਇਸਨੂੰ ਗੀਤ ਲਿਖਵਾ ਦੇਈਏ ਕਿ ਨਾ? ਮੈਂ ਝੱਟ ਇਨਕਾਰ ਕਰ ਦਿੱਤੀ। ਕੋਈ ਵੀ ਗੀਤ ਨਹੀਂ ਦੇਣਾ। ਮੈਂ ਜਾਣ ਸਾਰ ਕਿਹਾ ਕਿ ਭੈਣ ਜੀ ਹੁਣ ਸੋਲੋ ਗੀਤ ਸੁਣੋ, ਉਹ ਝੱਟ ਬੋਲੀ ਕਿ ਸੁਣਾਓ। ਜੋ ਚਮਕੀਲੇ ਨੇ ਪੇਟੀ ਦੇ ਸੁਰਾਂ ਤੇ ਉਂਗਲਾਂ ਰੱਖਕੇ ਰਾਗ ਦਾ ਬਹਿਰ ਵਜਾਇਆ ਤਾਂ ਪੰਮੀ ਬੋਲੀ ਕਿ ਚਮਕੀਲੇ ਤੇਰਾ ਕੋਈ ਵੀ ਜਵਾਬ ਨਹੀਂ। ਕਹਿੰਦਾ ਭੈਣ ਜੀ ਜ਼ਰਾ ਗੌਰ ਨਾਲ ਸੁਣਿਓਂ। ‘ਹੱਥ ਅੱਡਦੀ ਫਿਰਦੀ ਹੈ, ਤਾਰਾ ਪੁੱਤ ਨੂੰ ਹਿੱਕ ਨਾਲ ਲਾ ਕੇ, ਦੇ ਦਿਓ ਇੱਕ ਦਮੜਾ ਨੀ, ਮੈਂ ਆਉਣਾ ਪੁੱਤ ਦੀ ਲਾਸ਼ ਜਲਾਕੇ”। ਸੁਣਦੇ ਸਾਰ ਹੀ ਪੰਮੀ ਦੀਆਂ ਅੱਖਾਂ ‘ਚੋਂ ਹੰਝੂ ਆ ਗਏ। ਪੰਮੀ ਕਹਿੰਦੀ ਵੇ ਚਮਕੀਲੇ ਮੈਂ ਦੋਗਾਣੇ ਤਾਂ ਫਿਰ ਲੈ ਲਵਾਂਗੀ। ਪਹਿਲਾਂ ਇਹੋ ਐਟਮ ਲਿਖਦੇ। ਚਮਕੀਲਾ ਕਹਿੰਦਾ ਭੈਣ ਜੀ ਰਿਕਾਰਡ ਕਰਾਵੋਗੇ ਜਾਂ ਏਦਾਂ ਹੀ ਗਾਵੇਂਗੇ। ਪੰਮੀ ਬੋਲੀ ਨਹੀਂ ਛੋਟਿਆ ਵੀਰਾ ਇਹ ਤਾਂ ਮੈਂ ਜ਼ਰੂਰ ਰਿਕਾਰਡਿੰਗ ਕਰਾਵਾਂਗੀ। ਕੀਤੇ ਵਾਅਦੇ ਅਨੁਸਾਰ ਉਸਨੇ ਚਮਕੀਲੇ ਦਾ ਗੀਤ ਗਾਇਆ ਵੀ ਤੇ ਰਿਕਾਰਡ ਵੀ ਕਰਵਾ ਦਿੱਤਾ। ਪਰ ਚਮਕੀਲਾ ਦਿਨੋ ਦਿਨ ਤਜਰਬਾ ਕਰਦਾ ਅਗਾਂਹ ਵਧਦਾ ਗਿਆ।

ਅਵਾਜ਼ ਮਰਦੀ ਨਹੀਂ ਸਵਰਗੀ ਅਮਰ ਸਿੰਘ ਚਮਕੀਲਾ | Amar Singh Chamkila

ਮੇਰੀ ਜ਼ਿੰਦਗੀ ਦਾ ਅਹਿਮ ਪਾਤਰ ਸੀ ਅਮਰ ਸਿੰਘ ਚਮਕੀਲਾ- ਕੇਸਰ ਸਿੰਘ ਟਿੱਕੀ

ਪੰਜਾਬੀ ਸਰੋਤਿਆਂ ਦੇ ਦਿਲਾਂ ਦੀ ਧੜਕਣ ਲੱਖਾਂ ਹੀ ਨਹੀਂ ਕਰੋੜਾਂ ਦਿਲਾਂ ਤੇ ਆਪਣੀ ਗਾਇਕੀ ਤੇ ਗੀਤਕਾਰੀ ਦੇ ਸਿਰ ਤੇ ਰਾਜ ਕਰਨ ਵਾਲਾ ਇਨਸਾਨ ਸਵਰਗੀ ਅਮਰ ਸਿੰਘ ਚਮਕੀਲਾ ਦੁੱਗਰੀ ਜਾਂ ਪੰਜਾਬ ਹੀ ਨਹੀਂ ਸਗੋਂ ਸਾਰੇ ਵਿਸ਼ਵ ਦਾ ਮਾਣ ਸੀ। ਜਿਸ ਨੂੰ ਹਰ ਵਰਗ ਸੁਣਦਾ ਹੈ। ਮੋਟਰਾਂ, ਕਾਰਾਂ, ਟਰੱਕਾਂ, ਟਰੈਕਟਰਾਂ, ਜੀਪਾਂ, ਟੈਂਪੂਆਂ ਇਥੋਂ ਤੱਕ ਕਿ ਮੋਟਰ ਸਾਇਕਲਾਂ, ਸਕੂਟਰਾਂ ਸਾਇਕਲਾਂ ਤੱਕ ਇਸਦੀ ਗਾਇਕੀ ਆਪਣਾ ਸਥਾਨ ਬਣਾ ਗਈ ਹੈ। ਸੱਥਾਂ, ਤ੍ਰਿਝਣਾ, ਬੰਬੀਆਂ, ਵਿਆਹਾਂ, ਸ਼ਾਦੀਆਂ, ਮੰਗਣਿਆਂ ਮੁਕਲਾਵਿਆਂ, ਜੰਮਣਿਆਂ, ਮਰਨਿਆਂ ਤੱਕ ਵੀ ਇਸਦੀ ਗਾਇਕੀ ਸੁਣਨ ਲਈ ਮਿਲਦੀ ਹੈ। ਇਸਦੇ ਗਾਏ ਗੀਤਾਂ ਨੂੰ ਵਾਜੇ ਵਾਲਿਆਂ, ਜਲਸੇ ਵਾਲਿਆਂ, ਖੁਸਰਿਆਂ, ਸਕੂਲਾਂ, ਕਾਲਜਾਂ ਵਾਲਿਆਂ ਨੇ ਵੀ ਆਪਣੀਆਂ ਮਹਿਫ਼ਲਾਂ ਵਿੱਚ ਗਾਇਆ ਹੈ। ਜੇਕਰ ਕਿਸੇ ਨੇ ਇਸਦੇ ਗੀਤ ਨਹੀਂ ਗਾਏ ਤਾਂ ਇਹਨਾਂ ਦੀਆਂ ਗਾਈਆਂ ਤੇ ਬੇਹੱਦ ਮਕਬੂਲ ਹੋਈਆਂ ਤਰਜ਼ਾਂ ਜੋ ਅੱਜ ਲੋਕ ਤਰਜਾਂ ਜਾਂ ਲੋਕ ਧੁਨਾਂ ਦਾ ਦਰਜਾ ਪ੍ਰਾਪਤ ਕਰ ਗਈਆਂ ਹਨ ਉਹਨਾਂ ਨੂੰ ਅਧਾਰ ਬਣਾ ਕੇ ਜ਼ਰੂਰ ਗਾਇਆ ਹੈ। ਕਵੀਸ਼ਰਾਂ ਅਤੇ ਢਾਡੀਆਂ ਨੇ ਵੀ ਇਸਦੀਆਂ ਗਾਈਆਂ ਤਰਜਾਂ ਤੇ ਗਾ ਕੇ ਮਾਨਤਾ ਦਿੱਤੀ ਹੈ। ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਅਲੋਚਕ, ਲੀਡਰ, ਧਾਰਮਿਕ ਆਗੂ ਵੀ ਇਸਦੀ ਗਾਇਕੀ ਦਾ ਸਿੱਕਾ ਮੰਨਦੇ ਹਨ ਕਿਉਂਕਿ ਉਹ ਵੀ ਲੁਕ ਛਿਪ ਕੇ ਇਸ ਵਿਚੋਂ ਕੁਝ ਲੱਭਣ ਲਈ ਸੁਣਦੇ ਹਨ। ਇਸਦੀ ਲੋਕ ਬੋਲੀ-ਲੋਕ ਧੁਨਾਂ ਲੋਕਾਂ ਦੇ ਦਿਮਾਗ ਵਿੱਚ ਘਰ ਕਰ ਗਈਆਂ ਹਨ। ਇਸੇ ਲਈ ਇਹ ਗਾਇਕ ਲੋਕਾਂ ਦਾ ਗਾਇਕ ਬਣਕੇ ਲੋਕ-ਗਾਇਕ ਹੋਣ ਦਾ ਮਾਣ ਹਾਸਿਲ ਕਰ ਗਿਆ ਹੈ ਤੇ ਇਹ ਮਾਣ ਰਹਿੰਦੀ ਦੁਨੀਆਂ ਤੱਕ ਇਸਨੂੰ ਹਾਸਲ ਰਹੇਗਾ।

ਇਸ ਹਰਮਨ ਪਿਆਰੇ ਗਾਇਕ ਉੱਤੇ ਪਿੰਡ ਦੁੱਗਰੀ ਨੂੰ ਮਣਾ ਮੂੰਹੀਂ ਮਾਣ ਹੈ। ਕਿਉਂਕਿ ਇਸਨੇ ਪਿੰਡ ਦਾ ਨਾਂ ਸਾਰੇ ਵਿਸ਼ਵ ਵਿੱਚ ਰੋਸ਼ਨ ਕੀਤਾ ਹੈ। ਚਮਕੀਲਾ ਆਪਣੇ ਤੋਂ ਵੱਡੇ ਦਾ ਸਤਿਕਾਰ ਅਤੇ ਛੋਟੇ ਨੂੰ ਰੱਜਵਾਂ ਪਿਆਰ ਦਿੰਦਾ ਸੀ। ਇਹ ਬਹੁਤ ਹੀ ਮਿੱਠ ਬੋਲੜਾ, ਮਿਲਣਸਾਰ ਅਤੇ ਨੇਕ ਇਨਸਾਨ ਸੀ। ਪਿੰਡ ਦੁੱਗਰੀ ਦਾ ਨਾਂ ਜਦੋਂ ਵੀ ਮਸ਼ਹੂਰ ਕੀਤਾ ਹੈ ਤਾਂ ਗਵੱਈਆਂ ਨੇ ਕੀਤਾ ਹੈ। ਇਥੋਂ ਦੇ ਗਵੱਈਏ ਸ਼ੇਰੁ ਅਤੇ ਮੇ ਹਰੂ ਦੋ ਭਰਾ ਬਹੁਤ ਹੀ ਪ੍ਰਸਿੱਧ ਹੋਏ ਹਨ। ਜਿੰਨ੍ਹਾਂ ਦੀ ਗਾਇਕੀ ਦਾ ਲੋਹਾ ਦੋਹਾਂ ਹੀ ਪੰਜਾਬਾਂ ਦੇ ਗਵੱਈਏ ਮੰਨਦੇ ਹਨ। ਇਹ ਦੋ ਤਾਰਾ ਅਤੇ ਅਲਗੋਜਿਆਂ ਨਾਲ ਗਾਉਂਦੇ ਸਨ। ਇਹਨਾਂ ਦੇ ਗਾਏ ਰਿਕਾਰਡ ‘ ਦੋ ਤਾਰਾ ਵੱਜਦਾ ਵੇ, ਰਾਂਝਣਾ ਨੂਰ ਮਹਿਲ ਦੀ ਮੋਰੀ, ਤੇ ਨਾਗਣ ਦੀ ਚੂੜੀ ਲਿਆਦੇ ਵੇ ਮੈਂ ਰੋਜ਼ ਬਾਲਮਾ ਕਹਿੰਦੀ” ਬੇ-ਹੱਦ ਮਕਬੂਲ ਹੋਏ। ਇਹ ਦੋਵੇਂ ਗੀਤ ਹੁਣ ਵੀ ਸਰੋਤਿਆਂ ਦੇ ਦਿਲਾਂ ਤੇ ਛਾਏ ਹੋਏ ਹਨ। ਦੁੱਗਰੀ ਦਾ ਜੋ ਵੀ ਕਲਾਕਾਰ ਉੱਠਿਆ ਉਸਨੇ ਸ਼ਿਖਰਾਂ ਦੀ ਪ੍ਰਸਿੱਧੀ ਹਾਸਲ ਕੀਤੀ। ਇਸ ਪਿੰਡ ਨੇ ਹਮੇਸ਼ਾਂ ਅਜਿਹੇ ਹੀਰੇ ਕਲਾਕਾਰ ਪੈਦਾ ਕੀਤੇ ਹਨ ਜੋ ਹਮੇਸ਼ਾਂ ਹੀ ਚਮਕਦੇ ਰਹਿਣਗੇ। ਜਿਵੇਂ ਅਮਰ ਸਿੰਘ ਚਮਕੀਲਾ ਦਿਨਾਂ ਵਿੱਚ ਹੀ ਸੰਸਾਰ ਪ੍ਰਸਿੱਧ ਗਵੱਈਆ ਹੋਣ ਦਾ ਮਾਣ ਪ੍ਰਾਪਤ ਕਰ ਗਿਆ ਹੈ । ਹੁਣ ਕਈ ਚਮਕੀਲੇ ਦੇ ਅਖੌਤੀ ਸ਼ਗਿਰਦ ਆਪਣੇ ਨਾਲ ਚਮਕੀਲਾ, ਭੜਕੀਲਾ, ਸ਼ਰਮੀਲਾ, ਅਣਖੀਲਾ ਲਾ ਕੇ ਆਪਣੀ ਰੋਟੀ ਰੋਜ਼ੀ ਦਾ ਮਸਲਾ ਹੱਲ ਕਰ ਰਹੇ ਹਨ। ਪਰ ਉਸਦੇ ਪ੍ਰੀਵਾਰ ਬਾਰੇ ਕਿਸੇ ਨੇ ਕੱਖ ਨਹੀਂ ਸੋਚਿਆ ਕਿ ਵਿਧਵਾ ਗੁਰਮੇਲ ਕੌਰ ਆਪਣੇ ਬੱਚੇ ਕਿਵੇਂ ਪਾਲਦੀ ਹੋਵੇਗੀ?

ਮੈਂ ਅਮਰ ਸਿੰਘ ਚਮਕੀਲੇ ਬਾਰੇ ਕਾਫੀ ਸਮੇਂ ਤੋਂ ਲਿਖਣ ਬਾਰੇ ਸੋਚ ਰਿਹਾ ਸੀ। ਪਰ ਕੋਈ ਸਬੱਬ ਨਹੀਂ ਸੀ ਬਣਦਾ। ਵਿਚੋ ਵਿੱਚ ਮੈਂ ਕਈ ਚਮਕੀਲੇ ਦੇ ਸ਼ਰਧਾਲੂ ਸਰੋਤਿਆਂ ਤੋਂ ਇਲਾਵਾ ਕਈ ਗਾਇਕ ਕਲਾਕਰਾਂ ਨਾਲ ਵੀ ਗੱਲ ਕੀਤੀ ਉਹਨਾਂ ਵੱਲੋਂ ਮੈਨੂੰ ਹਾਂ ਪੱਖੀ ਹੁੰਗਾਰਾ ਮਿਲਿਆ। ਮੈਂ ਅਜੇ ਇਸ ਪ੍ਰੋਜੈਕਟ ਬਾਰੇ ਸ੍ਰ: ਭਗਵੰਤ ਸਿੰਘ ਕੰਗ ਨਾਲ ਗੱਲ ਕਰਨੀ ਹੀ ਚਾਹੁੰਦਾ ਸੀ ਪਰ ਉਸ ਕੋਲ ਜਾ ਕੇ ਹੋਰ ਗੱਲਾਂ ਵਿੱਚ ਹੀ ਰੁੱਝ ਜਾਂਦਾ ਸੀ ਇੱਕ ਦਿਨ ਮੈਂ ਹਾਕਮ ਬਖਤੜੀ ਵਾਲੇ ਕੋਲ ਲੁਧਿਆਣੇ ਗਿਆ ਉਸ ਨੇ ਮੈਨੂੰ ਜਾਂਦੇ ਸਾਰ ਹੀ ਪੁੱਛਿਆ ਕਿ ਬਈ ਸ਼ੌਂਕੀ,ਚਮਕੀਲੇ ਬਾਰੇ ਕੀ ਕੀਤਾ? ਜੋ ਤੂੰ ਉਸ ਬਾਰੇ ਕਿਤਾਬ ਲਿਖਣ ਲਈ ਵਿਚਾਰ ਕਰਦਾ ਸੀ। ਮੈਂ ਉਸਨੂੰ ਕਿਹਾ ਕਿ ਮੈਂ ਅੱਜ ਹੀ ਕੰਗ ਸਾਹਿਬ ਨਾਲ ਗੱਲ ਕਰਕੇ ਜਾਵਾਂਗਾ, ਸ਼ਾਮ ਨੂੰ ਤੈਨੂੰ ਫੋਨ ਤੇ ਦੱਸ ਦੇਵਾਂਗਾ। ਜਦ ਮੈਂ ਆ ਕੇ ਕੰਗ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਸ ਕੋਲ ਕੁਲਵੰਤ ਬੂੰਗਾ ਬੈਠਾ ਸੀ। ਇਹ ਵੀ ਇਸੇ ਪ੍ਰੋਜੈਕਟ ਬਾਰੇ ਗੱਲ ਕਰ ਰਹੇ ਸੀ। ਜਦੋਂ ਮੈਨੂੰ ਇਹਨਾਂ ਇਹ ਕੰਮ ਕਰਨ ਲਈ ਕਿਹਾ ਤਾਂ ਮੈਂ ਹੱਸਕੇ ਹਾਮੀ ਭਰ ਲਈ ਕਿਉਂਕਿ ਕੁਝ ਕੰਮ ਤਾਂ ਮੈਂ ਵਿਚੋ ਵਿੱਚ ਕਰ ਹੀ ਲਿਆ ਸੀ। ਇਹਨਾਂ ਡਿਊਟੀ ਲਾ ਦਿੱਤੀ ਬੱਸ ਫਿਰ ਤਾਂ ਮੈਂ ਇਸ ਕੰਮ ਲਈ ਪੂਰੀ ਤਰ੍ਹਾਂ ਲੱਕ ਬੰਨ੍ਹਕੇ ਤੁਰ ਹੀ ਪਿਆ। ਮੈਂ ਸ਼ਾਮ ਨੂੰ ਜਦੋਂ ਹਾਕਮ ਬਖਤੜੀ ਨਾਲ ਫੋਨ ਤੇ ਗੱਲ ਕੀਤੀ ਤਾਂ ਇਹ ਬਾਗੋ ਬਾਗ ਹੋ ਗਿਆ। ਇਸ ਕੰਮ ਵਿੱਚ ਪੂਰੀ ਤਰ੍ਹਾਂ ਮੇਰਾ ਸਹਿਯੋਗੀ ਬਣ ਗਿਆ। ਅਸੀਂ ਲੁਧਿਆਣੇ ਕਈ ਕਲਾਕਾਰਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਚਮਕੀਲੇ ਬਾਰੇ ਲਿਖਵਾਇਆ।

ਇਸ ਕੰਮ ਲਈ ਮੈਂ ਚਮਕੀਲੇ ਦੇ ਪਿੰਡ ਗੁਪਤੋ ਗੁਪਤੀ ਪਤਾ ਕੀਤਾ। ਇਸਦੇ ਸਮਕਾਰਲੀਆਂ ਨੇ ਮੈਨੂੰ ਖੁੱਲ੍ਹ ਕੇ ਜਾਣਕਾਰੀ ਦਿੱਤੀ। ਕਈ ਇਸਦੇ ਸ਼ਗਿਰਦਾਂ ਨਾਲ ਵੀ ਗੱਲ ਬਾਤ ਹੋਈ। ਜੋ ਇਸ ਪੁਸਤਕ ਵਿੱਚ ਦਰਜ ਹੈ। ਆਪਣੀ ਸਮਰੱਥਾ ਅਨੁਸਾਰ ਮੈਂ ਵੱਧ ਤੋਂ ਵੱਧ ਇਸ ਕੰਮ ਲਈ ਮਿਹਨਤ ਕੀਤੀ ਹੈ। ਜਿੰਨ੍ਹਾਂ ਨੇ ਵੀ ਮੈਨੂੰ ਇਸ ਕੰਮ ਲਈ ਸਹਿਯੋਗ ਦਿੱਤਾ, ਮੈਂ ਸਮਝਦਾਂ ਕਿ ਉਹ ਚਮਕੀਲੇ ਦੇ ਹਮਦਰਦ ਜਾਂ ਸ਼ਰਧਾਲੂ ਹੀ ਹਨ।

ਸਭ ਤੋਂ ਪਹਿਲਾਂ ਮੈਂ ਅਮਰ ਸਿੰਘ ਚਮਕੀਲਾ ਦੀ ਜਨਮ ਭੂਮੀ ਪਿੰਡ ਦੁੱਗਰੀ ਜੋ ਲੁਧਿਆਣੇ ਦੀ ਗੋਦ ‘ਚ ਵਸਿਆ ਹੈ, ਬਾਰੇ ਜਾਣਕਾਰੀ ਲੈਣੀ ਜ਼ਰੂਰੀ ਸਮਝੀ। ਇਸ ਬਾਰੇ ਮੈਨੂੰ ਮੇਰੇ ਗੁਰਭਾਈ ਦਲਜੀਤ ਧੂਰਕੋਟੀ ਨੇ ਬੜੀ ਮਿਹਨਤ ਕਰਕੇ ਕਈ ਸਿਆਣੇ ਬੰਦਿਆਂ ਨਾਲ ਸੰਪਰਕ ਕੀਤਾ। ਪੁੱਛਗਿੱਛ ਕਰਕੇ ਮੈਨੂੰ ਲਿਖਵਾਈ। ਉਸਨੂੰ ਮੈਂ ਹੂ ਬ ਹੂ ਪੇਸ਼ ਕਰ ਰਿਹਾ ਹਾਂ। ਦਲਜੀਤ ਧੂਰ ਕੋਟੀ ਦੇ ਦੁੱਗਰੀ ਨਾਨਕੇ ਹਨ ਜਿਸ ਕਰਕੇ ਦਲਜੀਤ ਧੂਰਕੋਟੀ ਇਸ ਪਿੰਡ ਨਾਲ ਕਾਫ਼ੀ ਚਿਰ ਤੋਂ ਜੁੜਿਆ ਹੋਇਆ ਹੈ। ਪਿੰਡ ਬਾਰੇ ਤੇ ਚਮਕੀਲੇ ਬਾਰੇ ਉਸਨੂੰ ਕਾਫ਼ੀ ਖ਼ਬਰਸਾਰ ਤੇ ਜਾਣਕਾਰੀ ਹੈ।

ਦਲਜੀਤ ਧੂਰਕੋਟੀ ਦੀ ਖੋਜ ਅਨੁਸਾਰ ਪਹਿਲਾਂ ਇੱਥੇ ਦੋ ਘਰ ਵਸੇ। ਇੱਕ ਪਿੰਡ ਸਰੀਂਹ ਤੋਂ ਅਤੇ ਇੱਕ ਪਿੰਡ ਗਿੱਲ ਤੇ ਇਸੇ ਕਰਕੇ ਇਸ ਦਾ ਨਾਂ ਦੋ-ਘਰੀ ਪਿਆ ਜੋ ਹੌਲੀ ਹੌਲੀ ਦੁੱਗਰੀ ਬਣ ਗਿਆ। ਇਸੇ ਕਰਕੇ ਇਸ ਪਿੰਡ ਵਿੱਚ ਸਰੀਂਹ ਪੱਤੀ ਅਤੇ ਗਿੱਲ ਪੱਤੀ ਹੁਣ ਵੀ ਮੌਜੂਦ ਹਨ। ਇਹ ਪਿੰਡ ਲੁਧਿਆਣਾ ਧੁਰੀ ਰੇਲਵੇ ਲਾਈਨ ਅਤੇ ਗਿੱਲਾਂ ਵਾਲੀ ਨਹਿਰ ਦੀ ਖੂੰਜ ਵਿਚਕਾਰ ਸਥਿਤ ਹੈ। ਇਸ ਨੂੰ ਲੁਧਿਆਣਾ ਦੀ ਬੁੱਕਲ ਵਿੱਚ ਵਸਿਆ ਪਿੰਡ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਦਿੱਖ ਤੋਂ ਪਤਾ ਲੱਗਦਾ ਹੈ ਕਿ ਇਹ ਪਿੰਡ ਕਿਸੇ ਰੋਸ਼ਨ ਦਿਮਾਗ ਦੀ ਕਾਢ ਹੈ। ਸਿਆਣੇ ਬੰਦੇ ਉਸ ਥਾਂ ਤੇ ਆ ਕੇ ਬਹਿੰਦੇ ਹਨ ਜਾਂ ਵਸਦੇ ਹਨ ਜਿਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਾਣੀ ਦੀ ਸਹੂਲਤ, ਆਉਣ ਜਾਣ ਦੀ ਸਹੂਲਤ ਅਤੇ ਸੁਰੱਖਿਅਤ ਹੋਣ ਦੀ ਸਹੂਲਤ ਮਿਲਦੀ ਹੋਵੇ। ਇਹ ਸਾਰੀਆਂ ਸਹੂਲਤਾਂ ਇਸ ਪਿੰਡ ਨੂੰ ਮੁਹੱਈਆ ਹਨ। ਇਸੇ ਕਰਕੇ ਇਹ ਪਿੰਡ ਦਿਨਾਂ ਵਿੱਚ ਹੀ ਆਬਾਦ ਹੋ ਕੇ ਤਰੱਕੀ ਦੀਆਂ ਸਿੱਖਰਾਂ ਛੋਹ ਗਿਆ ਹੈ।

ਇਸ ਪਿੰਡ ਦੀਆਂ ਸਹੂਲਤਾਂ ਦਾ ਆਨੰਦ ਮਾਣਨ ਲਈ ਨੇੜੇ ਤੇੜੇ ਦੇ ਪਿੰਡਾਂ ‘ਚੋਂ ਲੋਕ ਆ ਕੇ ਇਥੇ ਰਹਿਣ ਲੱਗ ਪਏ। ਹੁਣ ਇਹ ਪਿੰਡ ਲੁਧਿਆਣਾ ਦਾ ਹੀ ਇੱਕ ਅੰਗ ਬਣ ਗਿਆ ਹੈ। ਉਸਨੂੰ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਇਹ ਥਾਂ ਹੁਣ ਵਧੀਆ ਬਜ਼ਾਰ ਦਾ ਰੂਪ ਧਾਰਨ ਕਰ ਗਿਆ ਹੈ। ਇਥੇ ਹਰ ਜਾਤ ਹਰ ਵਰਗ ਦੇ ਬੰਦੇ ਬੜੇ ਹੀ ਪਿਆਰ ਸਤਿਕਾਰ ਨਾਲ ਰਹਿ ਰਹੇ ਹਨ।

ਇਸੇ ਘੁੱਗ ਵਸਦੇ ਪਿੰਡ ਦੁਗਰੀ ਵਿੱਚ ਇੱਕ ਜੁਲਾਈ ਉਨੀ ਸੌ ਸੱਠ ਈ: ਨੂੰ ਇੱਕ ਦਲਿਤ ਪਰਿਵਾਰ ਵਿੱਚ ਪਿਤਾ ਸ੍ਰ: ਹਰੀ ਸਿੰਘ ਜੀ ਦੇ ਘਰ ਤੇ ਮਾਤਾ ਸਰਦਾਰਨੀ ਕਰਤਾਰ ਕੌਰ ਜੀ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ। ਜਿਸਦਾ ਨਾਂ ਧਨੀ ਰਾਮ ਰੱਖਿਆ। ਇਸ ਸਮੇਂ ਕਿਸੇ ਨੂੰ ਵੀ ਕੋਈ ਸਾਰ ਨਹੀਂ ਸੀ ਕਿ ਇਹ ਬਾਲਕ ਵੱਡਾ ਹੋ ਕੇ ਕਿਸਮਤ ਦਾ ਏਨਾ ਧਨੀ ਹੋਵੇਗਾ। ਇਸਦਾ ਬਚਪਨ ਦੁੱਗਰੀ ਦੀਆਂ ਗਲੀਆਂ ਵਿੱਚ ਦਲਿਤ ਪਰਿਵਾਰ ਦੇ ਗਰੀਬ ਬੱਚਿਆਂ ਵਾਂਗ ਹੀ ਗੁਜਰਿਆ। ਜਿਸ ਦਿਨ ਤੋਂ ਸੁਰਤ ਸੰਭਾਲੀ ਗਲ ਗਲ ਤੱਕ ਗਰੀਬੀ ਵਿੱਚ ਧਸਿਆ ਧਨੀ ਰਾਮ ਲੱਕ ਤੋੜਵੀਂ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ। ਮੇਰੇ ਗੁਰ ਭਾਈ ਦਲਜੀਤ ਧੁਰ ਕੋਟੀਆ ਦੇ ਦੱਸਣ ਅਨੁਸਾਰ ਇਸਨੂੰ ਗੀਤਕਾਰੀ, ਸੰਗੀਤਕਾਰੀ ਤੇ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਦਲਜੀਤ ਧੂਰ ਕੋਟੀਆ ਦੀ ਪ੍ਰਚੂਨ ਦੀ ਦੁਕਾਨ ਰਾਮਦਾਸੀਆਂ ਅਤੇ ਮਜ਼ਬੀਆਂ ਦੇ ਵਿਹੜੇ ਵਿਚ ਸੀ। ਇਸ ਸਮੇਂ ਦੌਰਾਨ ਇਹਨਾਂ ਹਮ ਉਮਰ ਦੇ ਮੁੰਡਿਆਂ ਨਾਲ ਰਲ ਕੇ ‘ਨਗਰ ਸੁਧਾਰ ਸਮਾਜ ਸੇਵਾ ਸਭਾ’ ਬਣਾਈ। ਜਿਸਦੇ ਸਹਿਯੋਗ ਨਾਲ ਪਿੰਡ ਦੀ ਧਰਮਸ਼ਾਲਾ ਤੇ ਰਵਿਦਾਸ ਮੰਦਰ ਭਾਵ ਗੁਰਦੁਆਰਾ ਸਾਹਿਬ ਬਣਿਆ। ਇਨ੍ਹਾਂ ਉਪਰੋਕਤ ਸਭਾ ਵੱਲੋਂ ਪਿੰਡ ਵਿੱਚ ਧਾਰਮਿਕ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਭਗਤ ਰਵਿਦਾਸ,ਪੂਰਨ ਭਗਤ ਆਦਿ। ਇਹਨਾਂ ਡਰਾਮਿਆਂ ਵਿੱਚ ਧਨੀ ਰਾਮ ਆਪਣੇ ਕਿਰਦਾਰ ਦੀ ਬਹੁਤ ਹੀ ਵਧੀਆ ਅਤੇ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਵੇਹਲੇ ਸਮੇਂ ਵਿੱਚ ਧਨੀ ਰਾਮ ਦਲਜੀਤ ਧੁਰ ਕੋਟੀਏ ਤੋਂ ਪੈਟੀ ਸਿੱਖਿਆ ਕਰਦਾ ਸੀ। ਇਸਦੇ ਪਿਤਾ ਸ੍ਰ: ਹਰੀ ਸਿੰਘ ਜੋ ਸ਼ਰੀਕੇ ਵਿਚੋਂ ਦਲਜੀਤ ਧੁਰ ਕੋਟੀਏ ਦੇ ਮਾਮਾ ਜੀ ਲੱਗਦੇ ਸਨ ਉਹਨਾਂ ਇਹਦਾ ਅਤੇ ਧਨੀ ਰਾਮ ਦਾ ਸਖਤ ਵਿਰੋਧ ਕੀਤਾ। ਪਰ ਉਹ ਸਿਰੜੀ ਬੰਦਾ ਪੇਟੀ ਸਿੱਖਣੋਂ ਨਾ ਹਟਿਆ। ਉਸਦੀ ਇਹ ਲਗਨ ਦਿਨੋ ਦਿਨ ਪ੍ਰਚੰਡ ਹੁੰਦੀ ਗਈ। ਇਸਨੇ ਪ੍ਰੀਵਾਰ ਪਾਲਣ ਲਈ ਮਿਹਨਤ ਮਜ਼ਦੂਰੀ ਭਾਵ ਫਲੈਟ ਦਾ ਕੰਮ ਕੀਤਾ। ਡਿਊਟੀ ਉਪਰੰਤ ਇਹ ਸਿਰੜ ਤੇ ਸਿਦਕ ਨਾਲ ਆਪਣਾ ਰਿਆਜ਼ ਕਰਦਾ ਰਿਹਾ। ਇਸੇ ਤਰ੍ਹਾਂ ਗੀਤ ਲਿਖਣੇ, ਸੰਗੀਤ ਸਿਖਣਾ ਤੇ ਗਾਇਕੀ ਦੀ ਮਿਹਨਤ ਕਰਨਾ ਸ਼ੌਕ ਤੋਂ ਕਿੱਤੇ ਵਿੱਚ ਤਬਦੀਲ ਹੋ ਗਿਆ। ਹੁਣ ਇਸ ਖੇਤਰ ਵਿੱਚ ਸਫ਼ਲ ਹੋਣ ਲਈ ਇਹਨੇ ਗੀਤਕਾਰਾਂ ਅਤੇ ਗਾਇਕਾਂ ਦੀ ਰਾਜਧਾਨੀ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆਪਣੀ ਮਿਹਨਤ ਵੀ ਜਾਰੀ ਰੱਖੀ ਤੇ ਨਿਰੰਤਰ ਕਿਸੇ ਗੀਤਕਾਰ ਗਾਇਕ ਜਾਂ ਸਾਜਿੰਦੇ ਨੂੰ ਮਿਲਦਾ ਹੀ ਰਹਿੰਦਾ।

ਦਲਜੀਤ ਧੂਰ ਕੋਟੀਏ ਦੇ ਦੱਸਣ ਮੁਤਾਬਿਕ ਧਨੀ ਰਾਮ ਦਾ ਮਿਲਾਪ ਇੱਕ ਦਿਨ ਪ੍ਰਸਿੱਧ ਢੋਲਕੀ ਵਾਦਿਕ ਸ੍ਰ: ਕੇਸਰ ਸਿੰਘ ਟਿੱਕੀ ਨਾਲ ਹੋ ਗਿਆ। ਉਸਨੇ ਇਸਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਬੇ-ਹੱਦ ਸਹਿਯੋਗ ਦਿੱਤਾ। ਇੱਕ ਦਿਨ ਮੈਂ ਅਤੇ ਦਲਜੀਤ ਧੂਰ ਕੋਟੀਆ ਤਕਰੀਬਨ ਅੱਠ ਵਜੇ ਸ੍: ਕੇਸਰ ਸਿੰਘ ਟਿੱਕੀ ਦੇ ਘਰ ਪਹੁੰਚ ਗਏ ਬੱਸ ਫੇਰ ਕੀ ਸੀ । ਜਦੋਂ ਮੈਂ ਉਸਨੂੰ ਆਪਣੇ ਪ੍ਰੋਜੈਕਟ ਬਾਰੇ ਦੱਸਿਆ ਉਹ ਬੇਹੱਦ ਖੁਸ਼ ਹੋਇਆ। ਉਸਨੇ ਸਾਰੀ ਰਾਤ ਮੇਰੇ ਨਾਲ ਗੱਲ ਬਾਤ ਜਾਰੀ ਰੱਖੀ ਤੇ ਕਿਤੇ ਕਿਤੇ ਭਾਵੁਕ ਹੋ ਕੇ ਰੋਣ ਵੀ ਲੱਗ ਜਾਂਦਾ ਤੇ ਫਿਰ ਆਪੇ ਵਿੱਚ ਆ ਕੇ ਵਾਰਤਾ ਸ਼ੁਰੂ ਕਰ ਦਿੰਦਾ। ਉਸ ਵੱਲੋਂ ਦਿੱਤੀ ਜਾਣਕਾਰੀ ਨੂੰ ਮੈਂ ਆਪਣੇ ਸ਼ਬਦਾਂ ਦਾ ਜਾਮਾ ਪਹਿਨਾ ਕੇ ਉਸਦੇ ਵਿਚਾਰਾਂ ਤੇ ਹਾਵ ਭਾਵ ਬਿਲਕੁਲ ਸਹੀ ਤੱਥਾਂ ਮੁਤਾਬਿਕ ਪੇਸ਼ ਕਰ ਰਿਹਾ गं।

ਸ੍ਰ: ਕੇਸਰ ਸਿੰਘ ਟਿੱਕੀ ਢੋਲਕ ਮਾਸਟਰ ਨੇ ਦੱਸਿਆ ਕਿ ਧਨੀ ਰਾਮ ਮੈਨੂੰ ਪਹਿਲੀ ਵਾਰ 1977 ਈ: ਨੂੰ ਗਿੱਲ ਚੌਂਕ ਅਤੇ ਵਿਸ਼ਵਕਰਮਾ ਚੌਂਕ ਦੇ ਵਿਚਕਾਰ ਛੱਬੀ ਜਨਵਰੀ ਵਾਲੀ ਸਟੇਜ ਤੋਂ ਬਾਅਦ ਮਿਲਿਆ। ਗਾਇਕ ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ ਦੀ ਜੋੜੀ ਗਾਇਕੀ ਖੇਤਰ ਵਿੱਚ ਉਸ ਸਮੇਂ ਸ਼ਿਖਰਾਂ ਤੇ ਸੀ। ਮੈਂ ਉਸ ਸਮੇਂ ਇਸ ਜੋੜੀ ਨਾਲ ਢੋਲਕ ਵਜਾਇਆ ਕਰਦਾ ਸੀ। ਮੈਨੂੰ ਧਨੀ ਰਾਮ ਨੇ ਕਿਹਾ ਕਿ ਮੈਂ ਗਾਇਕੀ ਸਿਖਣੀ ਚਾਹੁੰਦਾ ਹਾਂ ਮੈਨੂੰ ਸੁਰਿੰਦਰ ਛਿੰਦਾ ਜੀ ਦਾ ਸ਼ਗਿਰਦ ਪਾ ਦਿਓ। ਮੈਂ ਕਿਹਾ ਕਿ ਤੂੰ ਸਵੇਰੇ 10 ਵਜੇ ਬੱਸ ਅੱਡੇ ਦੇ ਸਾਹਮਣੇ ਆ ਜਾਵੀਂ । ਉਸ ਦਿਨ ਸੁਰਿੰਦਰ ਛਿੰਦਾ ਜੀ ਸਵੇਰੇ 10 ਵਜੇ ਆਪਣੇ ਨੀਲੇ ਰੰਗ ਦੇ ਸਾਇਕਲ ਤੇ ਆਏ। ਮੈਂ ਛਿੰਦਾ ਜੀ ਨੂੰ ਕਿਹਾ ਕਿ ਭਾਅ ਜੀ ਇਹ ਮੁੰਡਾ ਤੁਹਾਡਾ ਸ਼ਗਿਰਦ ਪਾਉਣਾ ਹੈ, ਤੇ ਮੈਂ ਸ਼ਗਿਰਦ ਪਾਉਣ ਆਇਆ ਹਾਂ। ਉਸ ਤੋਂ ਬਾਅਦ ਛਿੰਦਾ ਜੀ ਨੇ ਕਿਹਾ ਕਿ ਇਹ ਮੇਰਾ ਛੋਟਾ ਭਰਾ ਹੈ। ਮੈਂ ਇਸਨੂੰ ਸ਼ਗਿਰਦ ਨਹੀਂ ਸਮਝਦਾ। ਫਿਰ ਛਿੰਦਾ ਜੀ ਨੇ ਚਾਹ ਵਾਲੀ ਦੁਕਾਨ ਤੇ ਬਿਠਾ ਕੇ ਉਸ ਕੋਲੋਂ ਇੱਕ ਗੀਤ ਸੁਣਿਆ। ਗੀਤ ਦੇ ਬੋਲ ਸਨ।

ਇੱਕ ਮੁੱਠ ਹੋ ਜਾਓ ਛੜਿਓ, ਏਦਾਂ ਚੱਲਣਾ ਨਹੀਂ ਆਪਣਾ ਗੁਜ਼ਾਰਾ। ਤੀਵੀਆਂ ਨੇ ਹੋਕੇ ਕੱਠੀਆਂ, ਕੱਲ੍ਹ ਢਾਹ ਲਿਆ ਛੜਾ ਕਰਤਾਰਾ। ਜਿਸ ਵੇਲੇ ਧਨੀ ਰਾਮ ਨੇ ਉਪਰੋਕਤ ਲਿਖਿਆ ਹਰਦੇਵ ਦਿਲਗੀਰ ‘ਦੇਵ

ਥਰੀਕਿਆ ਵਾਲੇ’ ਦਾ ਗੀਤ ਗਾਇਆ ਤਾਂ ਸੁਰਿੰਦਰ ਛਿੰਦਾ ਨੇ ਕਿਹਾ ਕਿ ਤੂੰ ਮੇਰਾ ਸ਼ਗਿਰਦ ਨਹੀਂ ਛੋਟਾ ਭਰਾ ਹੈਂ। ਤੂੰ ਏਥੇ ਹੀ ਆ ਜਾਇਆ ਕਰ, ਮੇਰਾ ਦਫ਼ਤਰ ਨਹੀਂ ਹੈ। ਤੂੰ ਏਥੇ ਆ ਕੇ ਵੱਡਿਆਂ ਦਾ ਸਤਿਕਾਰ ਪੈਰੀਂ ਹੱਥ ਲਾ ਕੇ ਕਰਨਾ ਹੈ ਤੇ ਛੋਟਿਆਂ ਨਾਲ ਪਿਆਰ ਕਰਨਾ ਹੈ। ਆਏ ਗਏ ਨੂੰ ਚਾਹ ਪਾਣੀ ਪਿਉਣਾ ਹੈ। ਪ੍ਰਮਾਤਮਾ ਤੇਰੀ ਸੇਵਾ ਨੂੰ ਮੇਵਾ ਜ਼ਰੂਰ ਲਾਵੇਗਾ। ਧਨੀ ਰਾਮ 9 ਵਜੇ ਸਵੇਰੇ ਆ ਜਾਂਦਾ ਸੀ ਅਤੇ ਮੈਨੂੰ ਪੁੱਛਿਆ ਕਰਦਾ ਸੀ ਕਿ ਭਾਅ ਜੀ ਕੋਈ ਸੇਵਾ ਦੱਸੋ? ਮੈਂ ਉਸਨੂੰ ਪੁੱਛਿਆ ਕਿ ਤੇਰੇ ਮਾਂ ਪਿਉ ਕੀ ਕੰਮ ਕਰਦੇ ਹਨ। ਉਸਨੇ ਕਿਹਾ ਮੇਰਾ ਪਿੰਡ ਦੁੱਗਰੀ ਹੈ ਅਸੀਂ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ। ਮੈਂ ਉਸਨੂੰ ਕਿਹਾ ਕਿ ਮੈਂ ਤੇਰੇ ਤੋਂ ਕੋਈ ਸੇਵਾ ਨਹੀਂ ਕਰਾਉਣੀ, ਸਗੋਂ ਤੂੰ ਮੇਰੇ ਤੋਂ ਰੋਟੀ ਪਾਣੀ ਛਕ ਲਿਆ ਕਰ। ਮੈਂ ਆਪਣੇ ਲਈ ਫਗਵਾੜਾ ਤੋਂ ਲੁਧਿਆਣੇ ਤੱਕ ਦਾ ਰੇਲ ਗੱਡੀ ਦਾ ਪਾਸ ਬਣਾਇਆ ਹੋਇਆ ਸੀ। ਮੈਂ ਹਰ ਰੋਜ਼ ਆਇਆ ਜਾਇਆ ਕਰਦਾ ਸੀ। ਸਵੇਰੇ ਮੱਕੀ ਦੀਆਂ ਰੋਟੀਆਂ, ਸਰ੍ਹੋਂ ਦਾ ਸਾਗ ਤੇ ਲੱਸੀ ਦੀ ਕੇਨੀ (ਢੋਲੀ) ਭਰ ਲਿਉਂਦੇ ਸੀ। ਅਸੀਂ ਸਾਰੀ ਰੋਟੀ ਪ੍ਰਿਥੀ ਦੀ ਚਾਹ ਦੀ ਦੁਕਾਨ ਤੇ ਰੱਖ ਦਿੰਦੇ ਫਿਰ ਜਦੋਂ ਸਾਰੇ ਮੈਂ ਧਨੀ ਰਾਮ, ਸੁਰਿੰਦਰ ਛਿੰਦਾ, ਕਸ਼ਮੀਰੀ ਲਾਲ, ਪ੍ਰਿਥੀ ਤੇ ਹੋਰ ਇਕੱਠੇ ਹੋ ਜਾਂਦੇ ਤੇ ਪ੍ਰਿਥੀ ਦੀ ਦੁਕਾਨ ਤੇ ਹੀ ਇਕੱਠੇ ਹੋ ਕੇ ਰੋਟੀ ਖਾ ਲੈਂਦੇ। ਸਾਡਾ ਸਾਰਿਆਂ ਦਾ ਆਪਸੀ ਪਿਆਰ ਬਹੁਤ ਜ਼ਿਆਦਾ ਸੀ।

ਉਸ ਸਮੇਂ ਵਿੱਚ ਪੰਦਰਾਂ, ਸੋਲਾਂ ਸੌ ਰੁਪੈ ਵਿੱਚ ਪ੍ਰੋਗਰਾਮ ਕਰਦੇ ਸੀ। ਜਿਸਦਾ ਰੂਟ ਵੀ ਰਾਜਸਥਾਨ ਤੱਕ ਦਾ ਹੁੰਦਾ ਸੀ। ਕੁਝ ਦਿਨ ਪਾ ਕੇ ‘ਰਾਮ ਲੀਲਾ’ ਬੁੱਕ ਹੋਈ ਜੋ 45 ਸੈਕਟਰ ਬੜੈਲ ਵਿਖੇ ਹੋਣੀ ਸੀ। ਜਿਸਦੀ ਪੇਮੈਂਟ ਦਸ ਦਿਨ ਦੀ ਪੈਂਤੀ ਸੌ ਰੁਪੈ ਸੀ। ਧਨੀ ਰਾਮ ਨੂੰ ਕਸ਼ਮੀਰੀ ਲਾਲ ਨੇ ਜੁਆਬ ਦੇ ਦਿੱਤਾ। ਇਸਨੂੰ ਰਹਿਣ ਦਿਓ ਕਿਉਂਕਿ ਪੇਮੈਂਟ ਘੱਟ ਹੈ। ਮੈਂ ਕਿਹਾ ਕਿ ਅਸੀਂ ਜਾਵਾਂਗੇ। ਫਿਰ ਧਨੀ ਰਾਮ ਨੂੰ ਮੈਂ ਆਪਣੇ ਕੋਲੋਂ ਕਿਰਾਇਆ ਖਰਚ ਕੇ ਆਪਣੇ ਨਾਲ ਲੈ ਗਿਆ ਤੇ ਨਾਲੇ ਮੈਂ ਕਸ਼ਮੀਰੀ ਲਾਲ ਨੂੰ ਕਿਹਾ ਕਿ ਇਹ ਮੁੰਡਾ ਉਥੇ ਆਪਣੀ ਸੇਵਾ ਕਰੂਗਾ। ਕਸ਼ਮੀਰੀ ਲਾਲ ਨੇ ਕਿਹਾ ਜੇਕਰ ਲੈ ਕੇ ਜਾਣਾ ਹੈ ਤਾਂ ਤੇਰੀ ਮਰਜ਼ੀ ਹੈ ਇਸਦਾ ਕਿਰਾਇਆ ਟਿੱਕੀ ਤੈਨੂੰ ਲਾਉਣਾ ਪਊ। ਮੈਂ ਉਸਦਾ ਚੰਡੀਗੜ੍ਹ ਦਾ ਕਿਰਾਇਆ ਲਾ ਕੇ ਨਾਲ ਲੈ ਗਿਆ, ਇਸ ਟੀਮ ਵਿੱਚ ਮੈਂ ਸਨਮੁੱਖ ਸਿੰਘ ਆਜ਼ਾਦ (ਮੁੱਖਾ) ਸੁਰਿੰਦਰ ਛਿੰਦਾ, ਸੁਰਿੰਦਰ ਸੋਨੀਆਂ, ਕਸ਼ਮੀਰੀ ਲਾਲ, ਬੱਬੂ ਪ੍ਰਵਾਨਾ, ਧਨੀ ਰਾਮ ਆਦਿ ਸਮੇਤ ਸੱਤ ਮੈਂਬਰ ਗਏ।

ਪਹਿਲੇ ਦਿਨ ਜਦੋਂ ਰਾਮ ਲੀਲਾ ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆਂ ਨੂੰ ਸਰੋਤਿਆਂ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ। ਜਿਸਦੇ ਵਿੱਚ ਰਾਮ ਲੀਲਾ ਦੇ ਪ੍ਰਧਾਨ ਸ੍ਰੀ ਧੀਮਾਨ ਸਾਹਿਬ ਵੀ ਸਨ। ਉਹ ਰਾਤ ਨੂੰ ਰਾਮ ਲੀਲਾ ਖਤਮ ਹੋਣ ਤੋਂ ਬਾਅਦ ਜਿੱਥੇ ਕਲਾਕਾਰ ਠਹਿਰੇ ਹੋਏ ਸਨ ਉਥੇ ਆ ਕੇ ਕਲਾਕਾਰਾਂ ਨੂੰ ਵਧਾਈ ਦੇਣ ਆਇਆ। ਸਾਨੂੰ ਸਾਰਿਆਂ ਨੂੰ ਵਧੀਆ ਕੰਮ ਕਰਨ ਬਦਲੇ ਹੌਸਲਾ ਦਿੱਤਾ ਤੇ ਕੁਝ ਸਮੇਂ ਲਈ ਸਾਡੇ ਕੋਲ ਬੈਠ ਗਿਆ।

ਉਸਨੇ ਥੋੜਾ ਸਮਾਂ ਠਹਿਰਕੇ ਧਨੀ ਰਾਮ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਲੜਕਾ ਕੀ ਕਰਦਾ ਹੈ? ਸੁਰਿੰਦਰ ਛਿੰਦਾ ਜੀ ਨੇ ਕਿਹਾ ਕਿ ਇਹ ਮੇਰਾ ਸ਼ਗਿਰਦ ਹੈ ਤੇ ਛੋਟਾ ਭਰਾ ਵੀ ਹੈ। ਧੀਮਾਨ ਸਾਹਿਬ ਜੀ ਨੇ ਛਿੰਦਾ ਜੀ ਨੂੰ ਕਿਹਾ ਕਿ ਇਸ ਮੁੰਡੇ ਨੂੰ ਵੀ ਇੱਕ ਅੱਧੇ ਗੀਤ ਦਾ ਟਾਇਮ ਦੇ ਦਿਆ ਕਰੋ। ਅੱਗੋਂ ਛਿੰਦਾ ਜੀ ਨੇ ਕਿਹਾ ਕਿ ਪ੍ਰਧਾਨ ਜੀ, ਇਹ ਵੀ ਤੁਹਾਡਾ ਹੀ ਬੇਟਾ ਹੈ ਇਸਨੂੰ ਜ਼ਰੂਰ ਟਾਇਮ ਦਿਆ ਕਰਾਂਗੇ। ਤੀਜੇ ਚੌਥੇ ਦਿਨ ਛਿੰਦਾ ਜੀ ਨੇ ਇੱਕ ਗੀਤ ਦਾ ਟਾਇਮ ਦੇ ਹੀ ਦਿੱਤਾ। ਧਨੀ ਰਾਮ ਨੇ ਗੀਤ ਗਾਇਆ ‘ਇੱਕ ਯੋਗੀ ਟਿੱਲਿਓਂ ਆ ਗਿਆ, ਨੀ ਭਾਬੀ।” ਦੂਜੇ ਦਿਨ ਸਵੇਰੇ ਜਦੋਂ ਅਸੀਂ ਰਾਮ ਲੀਲਾ ਦੇ ਗਰਾਊਂਡ ਵਿੱਚੋਂ ਲੰਘੇ ਤਾਂ ਪਿੰਡ ਦੇ ਮੁੰਡਿਆਂ ਤੇ ਕੁੜੀਆਂ ਨੇ ਇਉਂ ਕਹਿਕੇ ਛੇੜਿਆ ਕਿ ਆਹ ਜਾਂਦਾ ਹੈ ‘ਨੀ ਭਾਬੀ’ ਵਾਲਾ ਮੁੰਡਾ। ਦੂਜੇ ਦਿਨ ਰਾਤ ਨੂੰ ਰਾਮ ਲੀਲਾ ਕਮੇਟੀ ਨੇ ਮੰਗ ਕੀਤੀ ਕਿ ਇਸਦਾ ਗੀਤ ਹਰ ਰੋਜ਼ ਲਵਾਇਆ ਕਰੋ। ਅਸੀਂ ਸਰਿਆਂ ਹਾਂ ਕਰ ਦਿੱਤੀ ਕਿ ਇੱਕ ਗੀਤ ਇਸਦਾ ਜ਼ਰੂਰ ਲਵਾਇਆ ਕਰਾਂਗੇ। ਅਸੀਂ ਸਾਰੇ ਹੀ ਪਾਰਟੀ ਸਮੇਤ ਹਰ ਰੋਜ਼ ਕਿਸੇ ਮੋਟਰ ਤੇ ਨਹਾਉਣ ਜਾਇਆ ਕਰਦੇ ਸੀ। ਸਾਰਿਆਂ ‘ਚ ਇਹੋ ਚਰਚਾ ਹੁੰਦੀ ਕਿ ਇਹ ਮੁੰਡਾ ਇੱਕ ਦਿਨ ਬਹੁਤ ਤੱਕੜਾ ਕਲਕਾਰ ਹੋਵੇਗਾ। ਉਸੇ ਦਿਨ ਹੀ ਸਨਮੁੱਖ ਸਿੰਘ ਆਜ਼ਾਦ ਨੇ ਬੜੇ ਫ਼ਖ਼ਰ ਨਾਲ ਕਿਹਾ ਕਿ ਅੱਜ ਤੋਂ ਤੂੰ ‘ਧਨੀ ਰਾਮ ’ ਨਹੀਂ ਤੇਰਾ ਨਾਂ ‘ ਅਮਰ ਸਿੰਘ ਚਮਕੀਲਾ’ ਹੈ।

ਇਸੇ ਰਾਤ ਨੂੰ ਸਨਮੁੱਖ ਸਿੰਘ ਅਜ਼ਾਦ ਨੇ ‘ਰਾਮ ਲੀਲਾ’ ਦੀ ਸਟੇਜ ਤੋਂ ਅਨਾਊਂਸ ਕਰ ਦਿੱਤਾ ਕਿ ਇਸਦਾ ਨਾਂ ‘ਧਨੀ ਰਾਮ’ ਤੋਂ ਅਮਰ ਸਿੰਘ ਚਮਕੀਲਾ ਰੱਖ ਦਿੱਤਾ ਹੈ। ਇਸ ਦਾ ਨਾਂ ਇੱਕ ਦਿਨ ਸਾਰੇ ਵਿਸ਼ਵ ਵਿੱਚ ਚਮਕੇਗਾ। ਇਸ ਤੋਂ ਉਪਰੰਤ ਜਦੋਂ ਰਾਮ ਲੀਲਾ ਖਤਮ ਹੋਈ ਤਾਂ ਸਾਰੀ ਹੀ ਪਾਰਟੀ ਲੁਧਿਆਣੇ ਵਾਪਸ ਆ ਗਈ ਤੇ ਮੈਂ ਸਾਰੇ ਕਲਾਕਾਰਾਂ ਦੇ ਸਾਹਮਣੇ ਕਿਹਾ ਕਿ ਇਸਦਾ ਨਾਂ ਧਨੀ ਰਾਮ ਨਹੀਂ, ਹੁਣ ਇਹ ਅਮਰ ਸਿੰਘ ਚਮਕੀਲਾ ਬਣ ਗਿਆ ਕਿਉਂਕਿ ਇਸਦਾ ਨਾਂ ਸਨਮੁੱਖ ਸਿੰਘ ‘ਅਜ਼ਾਦ’ ਨੇ ਹਜ਼ਾਰਾਂ ਸਰੋਤਿਆਂ ਦੀ ਹਾਜ਼ਰੀ ਵਿੱਚ ਰੱਖਿਆ ਹੈ।

ਇਸ ਤੋਂ ਬਾਅਦ ਮੈਂ ਸੁਰਿੰਦਰ ਛਿੰਦਾ ਜੀ ਨਾਲੋਂ ਹਟਕੇ ਗੁਰਚਰਨ ਪੋਹਲੀ ਅਤੇ ਪ੍ਰੋਮਿਲਾ ਪੰਮੀ ਨਾਲ ਜਾਣ ਲੱਗ ਪਿਆ ਸੀ। ਮੇਰੇ ਕੋਲ ਇੱਕ ਛੋਟਾ ਜਿਹਾ ਕਮਰਾ ਸੀ ਉਸ ਇੱਕਲੀ ਮੰਜੀ ਤੇ ਅਸੀਂ ਤਿੰਨ ਤਿੰਨ ਜਾਣੇ ਵੀ ਸੌ ਜਾਂਦੇ ਸੀ । ਜਦੋਂ ਅਸੀਂ ਪਹਿਲੀ ਵਾਰੀ ਇਸ ਕਮਰੇ ਵਿੱਚ ਇਕੱਠੇ ਹੋਏ ਤਾਂ ਅਮਰ ਸਿੰਘ ਚਮਕੀਲੇ ਨੇ ਆਪਣਾ ਸਭ ਤੋਂ ਪਹਿਲਾ ਲਿਖਿਆ ਗੀਤ ਸੁਣਾਇਆ ਜਿਸ ਦੇ ਬੋਲ ਹਨ ‘ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੱਕੀ” ਮੈਂ ਸੁਣਕੇ ਝੱਟ ਕਿਹਾ ਕਿ ਚਮਕੀਲੇ ਇਹ ਗੀਤ ਤੈਂ ਲਿਖਿਆ ਹੈ। ਉਸਨੇ ਝੱਟ ਕਿਹਾ ਕਿ ਹਾਂ ਟਿੱਕੀ ਵੀਰੇ ਇਹ ਗੀਤ ਮੈਂ ਹੀ ਲਿਖਿਆ ਹੈ। ਮੈਂ ਉਸਨੂੰ ਕਿਹਾ ਕਿ ਇਹ ਗੀਤ ਕਿਸੇ ਹੋਰ ਨੂੰ ਨਹੀਂ ਦੇਣਾ। ਇਹ ਆਪਣੇ ਸੁਰਿੰਦਰ ਛਿੰਦਾ ਜੀ ਤੋਂ ਰਿਕਾਰਡ ਕਰਵਾਉਣਾ ਹੈ। ਮੈਨੂੰ ਝੱਟ ਚਮਕੀਲੇ ਨੇ ਜੁਆਬ ਦਿੱਤਾ ਕਿ ਇਹ ਗੀਤ ਕਰਤਾਰ ਰਮਲਾ ਅਤੇ ਸੁਖਵੰਤ ਸੁੱਖੀ ਨੂੰ ਤਿਆਰ ਕਰਵਾ ਦਿੱਤਾ ਹੈ। ਮੈਂ ਉਸਨੂੰ ਕਿਹਾ ਕਿ ਸ਼ਗਿਰਦ ਤੂੰ ਸੁਰਿੰਦਰ ਛਿੰਦੇ ਦਾ ਹੈਂ ਕਿ ਕਰਤਾਰ ਰਮਲੇ ਦਾ। ਉਸਨੇ ਕਿਹਾ ਕਿ ਸ਼ਗਿਰਦ ਤਾਂ ਮੈਂ ਉਸਤਾਦ ਸੁਰਿੰਦਰ ਛਿੰਦਾ ਜੀ ਦਾ ਹੀ ਹਾਂ। ਮੈਂ ਉਸਨੂੰ ਕਿਹਾ ਕਿ ਜੇ ਕਰ ਤੇਰਾ ਉਸਤਾਦ ਸੁਰਿੰਦਰ ਛਿੰਦਾ ਜੀ ਹੈ ਤਾਂ ਗੀਤ ਰਿਕਾਰਡ ਵੀ ਉਹ ਹੀ ਕਰਵਾਏ ਗਾ। ਇਹ ਗੀਤ ਸੁਰਿੰਦਰ ਛਿੰਦਾ ਜੀ ਅਤੇ ਸੁਰਿੰਦਰ ਸੋਨੀਆਂ ਨੇ ਰਿਕਾਰਡ ਕਰਵਾਇਆ। ਜਦੋਂ ਐਚ. ਐਮ.ਵੀ. ਨੇ ਇਹ ਗੀਤ ਰੀਲੀਜ਼ ਕੀਤਾ ਤਾਂ ਪੰਜਾਬ ਵਿੱਚ ਹੀ ਨਹੀਂ ਇਹ ਗੀਤ ਸਾਰੇ ਭਾਰਤ ਦੇ ਸਪੀਕਰਾਂ ਤੇ ਚੱਲਿਆ। ਕੰਪਨੀ ਅਤੇ ਸਪੀਕਰਾਂ ਵਾਲਿਆਂ ਨੇ ਬੇਹੱਦ ਪੈਸਾ ਕਮਾਇਆ। ਜਿਸ ਨਾਲ ਅਮਰ ਸਿੰਘ ਚਮਕੀਲਾ ਗੀਤਕਾਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ। ਫਿਰ ਸਪੀਕਰਾਂ ਵਾਲੇ ਹੀ ਨਹੀਂ ਸਗੋਂ ਸਾਰੇ ਪੰਜਾਬੀ ਸਰੋਤੇ ਉਡੀਕਣ ਲੱਗ ਪਏ ਕਿ ਚਮਕੀਲੇ ਦਾ ਲਿਖਿਆ ਗੀਤ ਕਦੋਂ ਰਿਕਾਰਡ ਹੋ ਕੇ ਆਵੇ ਗਾ। ਚਮਕੀਲਾ ਜੋ ਵੀ ਗੀਤ ਲਿਖਦਾ ਉਸਦੀ ਤਰਜ਼ ਮੇਰੇ ਕਮਰੇ ਵਿੱਚ ਤਿਆਰ ਹੁੰਦੀ ਸੀ। ਸਾਡੇ ਕੋਲ ਇੱਕ ਲਾਲ ਰੰਗ ਦਾ ਹਰਮੋਨੀਅਮ ‘ਵਾਜਾ’ ਸੀ। ਜਿਸ ਨਾਲ ਗੀਤਾਂ ਦੀਆਂ ਤਰਜਾਂ ਤਿਆਰ ਹੁੰਦੀਆਂ ਸਨ ਤੇ ਨਾਲ ਮੇਰੀ ਢੋਲਕੀ ਵੀ ਵੱਜਦੀ ਸੀ। ਇਸ

ਤਰ੍ਹਾਂ ਅਸੀਂ ਤਰਜਾਂ ਮੁਕੰਮਲ ਕਰ ਲੈਂਦੇ ਸੀ। ਇਸ ਤੋਂ ਬਆਦ ਚਮਕੀਲੇ ਦਾ ਲਿਖਿਆ ਗੀਤ ‘ਦੁੱਧ ਵਾਂਗੂੰ ਤੂੰ ਫਟ ਗਈ, ਬਿਨਾਂ ਜਾਗ ਤੋਂ ਪਤਲੀਏ ਨਾਰੇ” ਸੁਰਿੰਦਰ ਛਿੰਦਾ ਜੀ ਨੇ ਮੇਰੇ ਕਹਿਣ ਤੇ ਰਿਕਾਰਡ ਕਰਵਾਇਆ। ਇਸ ਤੋਂ ਬਾਅਦ ਇੱਕ ਗੀਤ ਹੋਰ ਕਰਵਾਇਆ’ ਦੇ ਗਿਆ ਨੀ ਡੁੱਬ ਜਾਣੀ ਦਾ, ਜੇਠ ਗੁੱਗਲ ਦੀ ਧੂਣੀ” ਤੇ ਫਿਰ ਗਾਇਆ ‘ਚੋਰੀ ਛਿਪੇ ਮਿਲ ਜਾਇਆ ਕਰ ਮਿੱਤਰਾ ਵੇ ਮੇਰੀ ਮਾਂ ਭਰਮਾਂ ਦੀ ਮਾਰੀ” ਕਿਉਂਕਿ ਮੈਂ ਪੋਹਲੀ ਤੇ ਪੰਮੀ ਨਾਲ ਕੰਮ ਕਰਦਾ ਸੀ ਤੇ ਚਮਕੀਲਾ ਹਰ ਰੋਜ਼ ਮੇਰੇ ਕਮਰੇ ਵਿੱਚ ਆਉਂਦਾ ਹੁੰਦਾ ਸੀ । ਉਹ ਜੋ ਵੀ ਗੀਤ ਲਿਖਦਾ ਪਹਿਲਾਂ ਮੈਨੂੰ ਸੁਣਾਉਂਦਾ ਸੀ ਤੇ ਫਿਰ ਪੁੱਛਦਾ ਕਿ ਇਹ ਗੀਤ ਕਿਸਨੂੰ ਦੇਣਾ ਹੈ।

ਇਹਨਾਂ ਦਿਨਾਂ ਵਿੱਚ ਹੀ ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆਂ ਦੀ ਗੱਲ ‘ਕਨੇਡਾ’ ਦੇ ਕਿਸੇ ਪ੍ਰਮੋਟਰ ਨਾਲ ਹੋ ਗਈ। ਤੇ ਉਹਨਾਂ ਦੀ ਗੱਲ ਪਰਮਜੀਤ ਕੂਨਰ ਤੇ ਮਨਜੀਤ ਕੁਨਰ ਨਾਲ ਹੋ ਗਈ। ਇਹ ਛਿੰਦਾ ਜੀ ਦਾ ਸਭ ਤੋਂ ਪਹਿਲਾ ਵਿਦੇਸ਼ੀ ਟੂਰ ਸੀ। ਪਰ ਇੱਥੇ ਸੁਰਿੰਦਰ ਛਿੰਦਾ, ਸੁਰਿੰਦਰ ਸੋਨੀਆ ਨੂੰ ਛੱਡਕੇ ਗੁਲਸ਼ਨ ਕੋਮਲ ਨੂੰ

ਕਨੇਡਾ ਲੈ ਗਿਆ। ਇਸਦਾ ਕਾਰਨ ਇਹ ਸੀ ਕਿ ਸੁਰਿੰਦਰ ਸੋਨੀਆਂ ਤਿੰਨ ਮਹੀਨੇ ਪਹਿਲਾਂ ਕਨੇਡਾ ਤੋਂ ਆਈ ਸੀ। ਇਸੇ ਕਰਕੇ ਸੁਰਿੰਦਰ ਛਿੰਦਾ ਗੁਲਸ਼ਨ ਕੋਮਲ ਨੂੰ ਲੈ ਗਿਆ।

ਇਹਨੀਂ ਦਿਨੀ ਹੀ ਸੁਰਿੰਦਰ ਸੋਨੀਆਂ ਦਾ ਪਤੀ ਕਸ਼ਮੀਰੀ ਲਾਲ ਮੇਰੇ ਕੋਲ ਮੇ ਰੇ ਕਮਰੇ ਵਿੱਚ ਆਇਆ ਜਿਥੇ ਮੈਂ ਅਤੇ ਚਮਕੀਲਾ ਰਹਿੰਦੇ ਸੀ। ਉਸਨੇ ਸਾਨੂੰ ਦਾਰੂ ਪਿਲਾ ਕੇ ਕਿਹਾ ਕਿ ਸੁਰਿੰਦਰ ਛਿੰਦਾ ਤਾਂ ਕਨੇਡਾ ਚਲਾ ਗਿਆ ਹੈ, ਹੁਣ ਅਸੀਂ ਕੀ ਕਰੀਏ? ਮੈਂ ਉਸਨੂੰ ਕਿਹਾ ਕਿ ਆਪਣੇ ਕੋਲ ਅਮਰ ਸਿੰਘ ਚਮਕੀਲਾ ਤਾਂ ਹੈ ਜੋ ਦੁਗਾਣੇ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਹੈ। ਇਸ ਨਾਲ ਤੁਸੀਂ ਸੈੱਟ ਬਣਾ ਲਓ। ਏਨੀ ਗੱਲ ਸੁਣਕੇ ਕਸ਼ਮੀਰੀ ਲਾਲ ਤੁਰ ਗਿਆ। ਪਰ ਸੁਰਿੰਦਰ ਸੋਨੀਆਂ ਨਾਲ ਸਲਾਹ ਕਰਕੇ ਫਿਰ ਕਈ ਦਿਨਾਂ ਬਾਅਦ ਮੇਰੇ ਕੋਲ ਆਇਆ ਤੇ ਫਿਰ ਮੈਥੋਂ ਪੁੱਛਿਆ ਕਿ ਇਹ ਮੁੰਡਾ ਮਾਰਕਿਟ ਵਿੱਚ ਚੱਲ ਜਾਊਗਾ? ਮੈਂ ਉਸਨੂੰ ਕਿਹਾ ਕਿ ਜਦੋਂ ਸੁਰਿੰਦਰ ਛਿੰਦੇ ਨਾਲ ਸੁਰਿੰਦਰ ਸੋਨੀਆਂ ਦੇ ਗਾਏ ਤੇ ਇਸਦੇ ਲਿਖੇ ਸਾਰੇ ਗੀਤ ਮਾਰਕਿਟ ਵਿੱਚ ਚੱਲੇਹਨ ਤੇ ਚੱਲੇ ਵੀ ਜ਼ੋਰਾਂ ਸ਼ੋਰਾਂ ਤੇ ਹਨ ਤੇ ਫਿਰ ਹੁਣ ਕਿਉਂ ਨਹੀਂ ਚੱਲੇਗਾ?

ਹੁਣ ਅਮਰ ਸਿੰਘ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਸੈੱਟ ਬਣ ਗਿਆ। ਇਸ ਸਮੇਂ ਕਸ਼ਮੀਰੀ ਅਤੇ ਸੋਨੀਆਂ ਕਿਰਾਏ ਤੇ ਰਹਿੰਦੇ ਸਨ। ਅਸੀਂ ਮੈਂ ਤੇ ਚਮਕੀਲਾ ਦੋਵੇਂ ਜਣੇ ਸੁਰਿੰਦਰ ਸੋਨੀਆਂ ਦੇ ਘਰ ਚਲੇ ਗਏ। ਉਹਦੇ ਨਾਲ ਦੋ ਗਾਣਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਚਮਕੀਲੇ ਨੂੰ ਕਿਹਾ ਕਿ ਇੱਕ ਗੱਲ ਮੇਰੀ ਤੂੰ ਮੰਨੇਗਾ ਉਸਨੇ ਝੱਟ ਹੱਸਕੇ ਕਿਹਾ ਕਿ ਟਿੱਕੀ ਵੀਰੇ ਹੁਣ ਤੱਕ ਸਾਰੀਆਂ ਤੇਰੀਆਂ ਹੀ ਮੰਨੀਆਂ ਹਨ ਹੁਣ ਕਿਉਂ ਨਹੀਂ ਮੰਨਾਗਾ? ਜ਼ਰੂਰ ਮੰਨਾਂਗਾ। ਮੈਂ ਉਸਨੂੰ ਇੱਕ ਗੀਤ ਦੀ ਤਰਜ਼ ਦੱਸੀ ਜੋ ਅਸੀਂ ਕਾਮਰੇਡਾਂ ਦੀਆਂ ਸਟੇਜਾਂ ਤੇ ਗਾਉਂਦੇ ਹੁੰਦੇ ਸੀ। ਉਹ ਗੀਤ ਸੀ ਪਖੰਡੀ ਸਾਧਾਂ ਸੰਤਾਂ ਦਾ ‘ਕਰਾਮਾਤ ਵਿੱਚ ਪੂਰੇ ਗੁਰੂ ਜੀ ਸਾਡੇ ਕਰਾਮਾਤ ਵਿੱਚ ਪੂਰੇ’ ਤੇ ਸੰਗਤ ਕਹਿੰਦੀ ਸੀ ‘ਘੜਾ ਮੂਤਦੇ ਪੂਰੇ ਗੁਰੂ ਜੀ ਸਾਡੇ ਘੜਾ ਮੂਤਦੇ ਪੂਰੇ”।

ਫਿਰ ਇਸੇ ਤਰਜ਼ ਤੇ ਚਮਕੀਲੇ ਨੇ ਗੀਤ ਲਿਖਿਆ ‘ਸੰਤਾਂ ਨੇ ਪਾਈ ਫੇਰੀ, ਰਹੇ ਵਸਦੀ ਨਗਰੀ ਤੇਰੀ” ਤੇ ਫਿਰ ਲਿਖਿਆ ‘ਭਾਬੀਏ ਭੈਣ ਤੇਰੀ ਨਾਲ, ਦਿਓਰ ਤੇਰਾ ਕਦੋਂ ਖੇਡੂ ਕੰਗਣਾ ਨੀ” ਤੀਜਾ ਗੀਤ ਸੀ ‘ਟਕੂਏ ਤੇ ਟਕੂਆ ਖੜਕੇ” ਤੇ ਚੌਥਾ ਗੀਤ ਬੁਢੜਾ ਨਾ ਜਾਣੀਂ ਪੱਟ ਦਊਂ ਚੌਗਾਠ ਨੀ” ਇਹਨਾ ਤੋਂ ਇਲਾਵਾ ਚਾਰ ਗੀਤ ਹੋਰ ਤਿਆਰ ਕਰਕੇ ਲੈ ਗਏ। ਉਸ ਸਮੇਂ ਸਾਡੀ ਅੱਠ ਗੀਤਾਂ ਦੀ ਪੂਰੀ ਤਿਆਰੀ ਸੀ। ਚਮਕੀਲਾ ਤੇ ਸੋਨੀਆਂ ਦੀ ਜੋੜੀ ਉਦੋਂ ਪ੍ਰੋਗਰਾਮ ਕਰਦੀ ਸੀ। ਉਹਨਾਂ ਦਿਨਾਂ ਵਿੱਚ ਕਸ਼ਮੀਰੀ ਚਮਕੀਲੇ ਨੂੰ ਸਿਰਫ਼ ਡੇਢ ਸੌ ਰੁਪਈਆ ਇੱਕ ਪ੍ਰੋਗਰਾਮ ਦਾ ਦਿੰਦਾ ਸੀ। ਇਹਨਾਂ ਪ੍ਰੋਗਰਾਮ ਲਾ ਕੇ ਪੈਸੇ ਇਕੱਠੇ ਕਰ ਲਏ । ਮੈਂ ਕਸ਼ਮੀਰੀ ਲਾਲ ਨੂੰ ਕਿਹਾ ਕਿ ਆਪਾਂ ਇੱਕ ਵਾਰੀ ਦਿੱਲੀ ਐਚ. ਐਮ.ਵੀ. ਕੰਪਨੀ ਹੋ ਆਈਏ। ਅਸੀਂ ਝੱਟ ਰਾਤੋ ਰਾਤ 50/- ਰੁਪੈ ਪ੍ਰਤੀ ਸਵਾਰੀ ਦੇ ਹਿਸਾਬ ਨਾਲ ਟੈਕਸੀ ਕਰਕੇ ਦਿੱਲੀ ਦਰਿਆ ਗੰਜ ਪਹੁੰਚ ਗਏ। ਅਸੀਂ ਸਵੇਰੇ ਹੀ 10 ਵਜੇ ਐਚ. ਐਮ.ਵੀ ਦੇ ਦਫਤਰ ਪਹੁੰਚੇ। ਉਥੇ ਸਾਨੂੰ ਪੌੜੀਆਂ ‘ਚ ਬੈਠੇ ਸੰਤਰੀ ਨੇ ਪੁੱਛਿਆ ਕਿ ਤੁਸੀਂ ਕਿਸ ਨੂੰ ਮਿਲਣਾ ਹੈ। ਅਸੀਂ ਉਸਨੂੰ ਕਿਹਾ ਕਿ ਅਸੀਂ ਜ਼ਹੀਰ ਅਹਿਮਦ ਅਤੇ ਚਰਨਜੀਤ ਆਹੂਜਾ ਨੂੰ ਮਿਲਣਾ ਹੈ। ਉਸਨੇ ਕਿਹਾ ਕਿ ਆਹੂਜਾ ਸਾਹਿਬ ਆ ਗਏ ਹਨ ਅਤੇ ਜ਼ਹੀਰ ਅਹਿਮਦ ਜੀ ਅਜੇ ਨਹੀਂ ਆਏ। ਹੁਣ ਜੇਕਰ ਤੁਸੀਂ ਆਹੂਜਾ ਸਾਹਿਬ ਨੂੰ ਮਿਲਣਾ ਹੈ ਤਾਂ ਉਪਰ ਚਲੇ ਜਾਓ। ਜਦੋਂ ਅਸੀਂ ਉੱਪਰ ਗਏ ਤਾਂ ਆਹੂਜਾ ਸਾਹਿਬ ਜੀ ਨੇ ਚਾਹ ਮੰਗਵਾ ਲਈ ਤੇ ਅਸੀਂ ਚਾਹ ਪੀਣ ਲੱਗ ਪਏ, ਸਾਡੇ ਚਾਹ ਪੀਂਦਿਆਂ ਹੀ ਜ਼ਹੀਰ ਸਾਹਿਬ ਜੀ ਸਟੂਡਿਓ ਪਹੁੰਚ ਗਏ। ਚਰਨਜੀਤ ਆਹੂਜਾ ਸਾਹਿਬ ਜੀ ਨੇ ਜ਼ਹੀਰ ਸਾਹਿਬ ਜੀ ਨੂੰ ਕਿਹਾ ਕਿ ਜ਼ਹੀਰ ਸਾਹਿਬ ਆਹ ਦੋ ਕਲਾਕਾਰ ਪੰਜਾਬ ਤੋਂ ਆਏ ਹਨ। ਆਪਾਂ ਇਹਨਾਂ ਨੂੰ ਸੁਣ ਲਈਏ। ਅਗੋਂ ਜ਼ਹੀਰ ਸਾਹਿਬ ਬੋਲੇ ਕਿ ਆਹੂਜਾ ਸਾਹਿਬ ਜੀ ਅਜੇ ਨਵੇਂ ਕਲਾਕਾਰ ਦੀ ਕਿਸੇ ਦੀ ਵੀ ਇੰਟਰਵਿਊਂ ਨਹੀਂ ਹੋਈ। ਫਿਰ ਝੱਟ ਆਹੂਜਾ ਸਾਹਿਬ ਜੀ ਬੋਲੇ ਕਿ ਇਸ ਲੜਕੇ ਦੇ ਲਿਖੇ ਗੀਤ ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ ਦੀ ਆਵਾਜ਼ ਵਿੱਚ ਸੁਪਰ ਹਿੱਟ ਹੋਏ ਹਨ। ਗੀਤਾਂ ਦੀ ਲਿਸਟ ਵੇਖ ਕੇ ਜ਼ਹੀਰ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਨੂੰ ਸੁਣਨਾ ਹੈ ਕਿ ਵਾਪਸ ਭੇਜ ਦੇਈਏ। ਜ਼ਹੀਰ ਸਾਹਿਬ ਜੀ ਨੇ ਕਿਹਾ ਕਿ ਕੋਈ ਸਾਜ਼ੀ ਤਾਂ ਪਹੁੰਚਿਆ ਨਹੀਂ ਇਹਨਾਂ ਨੂੰ ਕਿਵੇਂ ਸੁਣੀਏ? ਏਨੇ ਨੂੰ ਗੱਲਾਂ ਕਰਦੇ ਕਰਦੇ ਹੀ ‘ਯੂਸਫ਼ ਖਾਨ’ ਤਬਲਾ ਮਾਸਟਰ ਬਸੰਤੀ ਢੋਲਕ ਮਾਸਟਰ ਇਹ ਕਿਸੇ ਕਲਾਕਾਰ ਦੀ ਰਿਕਾਰਡਿੰਗ ਉਤੇ ਪਹੁੰਚ ਗਏ। ਜ਼ਹੀਰ ਸਾਹਿਬ ਜੀ ਨੇ ਕਿਹਾ ਚਰਨਜੀਤ ਜੀ ਫਟਾ ਫਟ ਕਰੋ ਕਿਸੇ ਕਲਾਕਾਰ ਦੀ ਰਿਕਾਰਡਿੰਗ ਹੈ ਇਸ ਲਈ ਪਹਿਲਾਂ ਇਹਨਾਂ ਨੂੰ ਹੀ ਸੁਣ ਲਈਏ। ਫਿਰ ਚਰਨਜੀਤ ਨੇ ਪੇਟੀ, ਯੂਸਫ਼ ਖਾਨ ਨੇ ਤਬਲਾ ਸੰਭਾਲੇ ਤੇ ਫਿਰ ਚਾਰੇ ਗੀਤ ਜਿਹਨਾਂ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਸੁਣਾ ਦਿੱਤੇ। ਗੀਤ ਸੁਣਕੇ ਜ਼ਹੀਰ ਸਾਹਿਬ ਜੀ ਦੇ ਮਨ ਮਿਹਰ ਪੈ ਗਈ ਤੇ ਆਹੂਜਾ ਸਾਹਿਬ ਜੀ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਲਿਆ ਤੇ ਯੂਸਫ਼ ਖਾਨ ਜੀ ਵੀ ਨਾਲ ਚਲੇ ਗਏ। ਫਿਰ ਜ਼ਹੀਰ ਸਾਹਿਬ ਜੀ ਨੇ ਪੁੱਛਿਆ ਕਿ ਇਹਨਾਂ ਨੂੰ ਤਾਰੀਖ ਦੇ ਦੇਈਏ। ਤਾਂ ਯੂਸਫ਼ ਖਾਂ ਜੀ ਨੇ ਕਿਹਾ ਕਿ ਗੀਤ ਵੀ ਬਹੁਤ ਖੂਬਸੂਰਤ ਹਨ। ਗੀਤਾਂ ਦੀਆਂ ਤਰਜ਼ਾਂ ਗੀਤਾਂ ਤੋਂ ਵੀ ਕਈ ਗੁਣਾਂ ਵੱਧ ਖੂਬਸੂਰਤ ਹਨ। ਯੂਸਫ਼ ਖਾਨ ਸਾਹਿਬ ਜੀ ਦੇ ਕਹਿਣ ਤੇ ਜ਼ਹੀਰ ਸਾਹਿਬ ਜੀ ਨੇ ਸਾਨੂੰ 25 ਦਿਨਾਂ ਦਾ ਵਕਫ਼ਾ ਪਾ ਕੇ ਤਾਰੀਖ ਦੇ ਦਿੱਤੀ। ਜਦੋਂ ਅਸੀਂ 25 ਦਿਨਾਂ ਬਾਅਦ ਦਿੱਲੀ ਪਹੁੰਚੇ ਤਾਂ ਚਮਕੀਲੇ ਦਾ ਗਲਾ ਖਰਾਬ ਹੋ ਗਿਆ। ਅਸੀਂ ਆਹੂਜਾ ਸਾਹਿਬ ਜੀ ਨੂੰ ਸੱਦਕੇ ਕਿਹਾ ਕਿ ਇਸਦਾ ਤਾਂ ਹੁਣ ਗਲਾ ਹੀ ਖਰਾਬ ਹੋ ਗਿਆ ਹੈ। ਅਸੀਂ ਕਿਹਾ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ। ਚਰਨਜੀਤ ਆਹੂਜਾ ਅਤੇ ਕਸ਼ਮੀਰੀ ਲਾਲ ਚਮਕੀਲੇ ਨੂੰ ਇੱਕ ਡਾਕਟਰ ਕੋਲ ਲੈ ਗਏ। ਪੈਸੇ ਘੱਟ ਹੋਣ ਦੇ ਕਾਰਨ ਸਾਰੀ ਹਾਲਤ ਚਰਨਜੀਤ ਅਹੂਜਾ ਨੂੰ ਦੱਸ ਦਿੱਤੀ। ਚਰਨਜੀਤ ਨੇ ਕਿਹਾ ਕਿ ਤੁਸੀਂ ਹੌਸਲਾ ਰੱਖੋ ਇਹ ਬਿਲਕੁਲ ਠੀਕ ਹੋ ਜਾਵੇਗਾ। ਉਸ ਸਮੇਂ ਡਾਕਟਰ ਨੇ 25/- ਰੁਪਏ ਫੀਸ ਗਲਾ ਚੈਕ ਕਰਨ ਦੀ ਲਈ ਤੇ 50/- ਰੁਪੈ ਦੀ ਦਵਾਈ ਲਿਖ ਦਿੱਤੀ। ਨਾਲ ਹੀ ਬਨਕਸ਼ਾਂ ਦੀ ਭਾਫ਼ ਦੇਣ ਉਪਰੰਤ ਪਿਲਾਉਣ ਲਈ ਵੀ ਕਿਹਾ। ਮੈਂ ਅਤੇ ਦੀਪੇ ਤੂੰਬੀ ਵਾਲੇ ਨੇ ਉਸ ਲਈ ਬਨਕਸ਼ਾਂ ਲਿਆਂਦੀਆਂ। ਉਬਾਲ ਕੇ ਭਾਫ਼ ਦਿੱਤੀ ਅਤੇ ਪਿਲਾ ਦਿੱਤੀਆਂ ਜਿਸ ਨਾਲ ਉਹ 75% ਠੀਕ ਹੋ ਗਿਆ। ਬਿਲਕੁਲ ਠੀਕ ਹੋਣ ਤੋਂ ਪਹਿਲਾਂ ਸਾਡੇ ਤਿੰਨ ਗੀਤ ਰਿਕਾਰਡ ਹੋਏ ‘ਟਕੂਏ ਤੇ ਟਕੂਆ ਖੜਕੇ, ਭਾਬੀਏ ਭੈਣ ਤੇਰੀ ਨਾਲ, ਦਿਓਰ ਤੇਰਾ ਕਦ ਖੇਡ ਕੰਗਣਾ ਨੀ, ਸੰਤਾਂ ਨੇ ਪਾਈ ਫੇਰੀ” ਤੇ ਫਿਰ ਇੱਕ ਗੀਤ ਰਹਿ ਗਿਆ। ‘ਬੁੱਢੜਾ ਨਾ ਜਾਣੀ ਪੱਟ ਦੇਊਂ ਚੌਗਾਠ ਨੀ”ਇਸ ਗੀਤ ਨੂੰ ਸੂਝਵਾਨ ਕਲਾਕਾਰ ਜਾਂ ਸਰੋਤੇ ਸੁਣਕੇ ਵੇਖ ਲੈਣ ਕਿ ਇਸ ਗੀਤ ਵਿੱਚ ਨਜ਼ਲੇ ਦੀ ਸ਼ਿਕਾਇਤ ਨਜ਼ਰ ਆਉਂਦੀ ਹੈ ਕਿ ਨਹੀਂ? ਫਿਰ ਇਹ ਉਪਰੋਕਤ ਚਾਰੇ ਗੀਤ ਐੱਚ.ਐਮ.ਵੀ. ਨੇ ਰੀਲੀਜ਼ ਕੀਤੇ ਤਾਂ ਉਸ ਰਿਕਾਰਡ ਨੇ ਸਾਰੇ ਪੰਜਾਬ ਵਿੱਚ ਤਹਿਲਕਾ ਮਚਾ ਦਿੱਤਾ। ਦਿੱਲੀਓਂ ਚਿੱਠੀਆਂ ਤੇ ਚਿੱਠੀਆਂ ਆਉਣ ਲੱਗ ਪਈਆਂ ਜਿੰਨ੍ਹਾਂ ਵਿੱਚ ਕੰਪਨੀ ਵਾਲਿਆਂ ਨੇ ਕਿਹਾ ਕਿ ਘੱਟੋ ਘੱਟ 20 ਗੀਤਾਂ ਦੀ ਤਿਆਰੀ ਕਰੋ । ਏਧਰ ਚਮਕੀਲੇ ਤੇ ਸੋਨੀਆਂ ਕੋਲ ਪ੍ਰੋਗਰਾਮਾਂ ਦੀ ਬਹੁਤ ਵੱਡੀ ਲਾਈਨ ਲੱਗ ਗਈ ਸੀ।

ਜਦੋਂ ਅਸੀਂ ਪ੍ਰੋਗਰਾਮਾਂ ਤੋਂ ਵਿਹਲੇ ਹੋਏ ਤੇ ਕੁਝ ਦਿਨ ਠਹਿਰ ਕੇ ਰਿਕਾਰਡਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ। ਤਿਆਰੀ ਕਰਕੇ ਚਾਰ ਗੀਤ ਫਿਰ ਰਿਕਾਰਡ ਕਰਵਾ ਦਿੱਤੇ। ਉਹ ਗੀਤ ਸਨ ‘ਆਟੇ ਵਾਂਗੂੰ ਗੁੜ੍ਹਤੀ ਬਿਗਾਨੇ ਪੁੱਤੇ ਨੇ, ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਏਂ, ਬਾਪੂ ਸਾਡਾ ਗੁੰਮ ਹੋ ਗਿਆ, ਕੁੜਤੀ ਸੱਤ ਰੰਗ ਦੀ”, ਉਪਰੋਕਤ ਚਾਰਾਂ ਗੀਤਾਂ ਨੇ ਮਾਰਕੀਟ ਵਿੱਚ ਆਉਂਦਿਆਂ ਹੀ ਚਮਕੀਲਾ ਅਤੇ ਸੋਨੀਆਂ ਦੀਆਂ ਧੁੰਮਾਂ ਪਾ ਦਿੱਤੀਆਂ। ਚਮਕੀਲੇ ਨੇ ਕਸ਼ਮੀਰੀ ਲਾਲ ਨੂੰ ਕਿਹਾ ਕਿ ਮੈਂ ਹੁਣ 300/-ਰੁਪੈ ਪ੍ਰਤੀ ਪ੍ਰੋਗਰਾਮ ਆਪਣੀ ਪੇਮੈਂਟ ਲੈਣੀ ਹੈ।

ਜੈਪੁਰ ਜੋਧਪੁਰ ਵੱਲ ਕਸ਼ਮੀਰੀ ਲਾਲ ਨੇ ਦੋ ਪ੍ਰੋਗਰਾਮ ਬਾਬਾ ਵਿਸ਼ਵਕਰਮਾ ਜੀ ਦੇ ਬੁੱਕ ਕਰ ਲਏ ਜੋ ਦੀਵਾਲੀ ਤੋਂ ਦੂਜੇ ਦਿਨ ਦੇ ਸਨ। ਦੀਵਾਲੀ ਦੀ ਰਾਤ ਨੂੰ ਹੀ ਜਾਣਾ ਸੀ। ਕਸ਼ਮੀਰੀ ਲਾਲ ਕਹਿੰਦਾ ਚਲੋ ਬਈ ਚੱਲੀਏ। ਪਰ ਚਮਕੀਲਾ ਤੇ ਮੈਂ ਅਸੀਂ ਦੋਵੇਂ ਜਾਣੇ ਅੜ ਗਏ ਅਸੀਂ ਨਹੀਂ ਜਾਣਾ ਤੂੰ ਜਿਹਨੂੰ ਮਰਜ਼ੀ ਲੈਜਾ। ਕਸ਼ਮੀਰੀ ਲਾਲ ਦੇ ਪੈਰਾਂ ਹੇਠੋਂ ਮਿੱਟੀ ਨਿੱਕਲ ਗਈ ਕਹਿੰਦਾ ਜਿੰਨਾਂ ਮਰਜ਼ੀ ਖਰਾਬ ਕਰ ਲਓ ਪ੍ਰੋਗਰਾਮ ਤਾਂ ਅਸੀਂ ਲਾ ਹੀ ਆਵਾਂਗੇ । ਨਾਲ ਹੀ ਉਹ ਚਮਕੀਲੇ ਨੂੰ ਪੁੱਛੀ ਜਾਵੇ ਕਿਉਂ ਨਹੀਂ ਜਾਣਾ? ਚਮਕੀਲਾ ਕਹਿੰਦਾ ਟਿੱਕੀ ਨੂੰ ਪੁੱਛ ਲਓ, ਕਿਉਂ ਨਹੀਂ ਜਾਣਾ? ਜਦੋਂ ਉਸਨੇ ਮੈਨੂੰ ਪੁੱਛਿਆ ਕਿ ਕੀ ਗੱਲ? ਕਿਉਂ ਨਹੀਂ ਜਾਣਾ? ਤਾਂ ਮੈਂ ਕਿਹਾ ਕਿ ਚਮਕੀਲਾ ਤੁਹਾਡੇ ਤੋਂ ਹੁਣ ਤਿੰਨ ਸੌ ਰੁਪੈ ਪ੍ਰਤੀ ਪ੍ਰੋਗਰਾਮ ਦੇ ਹਿਸਾਬ ਨਾਲ ਪੈਸੇ ਲਵੇਗਾ। ਦੋ ਪ੍ਰੋਗਰਾਮਾਂ ਦੇ ਛੇ ਸੋ ਰੁਪੈ ਬਣਦੇ ਹਨ, ਪਹਿਲਾਂ ਦੇਵੋ, ਕਸ਼ਮੀਰੀ ਲਾਲ ਕਹਿੰਦਾ ਪ੍ਰੋਗਰਾਮ ਤਾਂ ਅਸੀਂ ਲਾ ਹੀ ਲਵਾਂਗੇ, ਤੁਸੀਂ ਛੇ ਸੌ ਰੁਪੈ ਭਾਲੀ ਜਾਇਓ ਏਥੇ ਬੈਠੇ। ਅਸੀਂ ਆਪਣੇ ਦਫ਼ਤਰੋਂ ਦਾਰੂ ਪੀ ਕੇ ਆਪਣੇ ਕਮਰੇ ‘ਚ ਆ ਗਏ ਤੇ ਕਸ਼ਮੀਰੀ ਆਪਣੇ ਘਰ ਚਲਾ ਗਿਆ। ਜਦੋਂ ਸੋਨੀਆਂ ਨੂੰ ਸਾਰੀ ਗੱਲ ਕਸ਼ਮੀਰੀ ਨੇ ਜਾ ਦੱਸੀ ਤਾਂ ਉਸਨੇ ਕਿਹਾ ਕਿ ਤੁਸੀਂ ਕਿਤੇ ਚਮਕੀਲੇ ਨੂੰ ਕੋਈ ਗਲਤ ਗੱਲ ਤਾਂ ਨਹੀਂ ਕਹਿ ਆਏ ਜਿਹੜਾ ਉਹ ਜਵਾਬ ਦੇ ਗਿਆ ਹੈ। ਕਸ਼ਮੀਰੀ ਕਹਿੰਦਾ ਕਿ ਪੈਮੇਂਟ ਦਾ ਰੌਲਾ ਸੀ ਉਹਨਾਂ ਨੂੰ ਪੇਮੈਂਟ ਦੇ ਕੇ ਆਪਣੇ ਪੱਲੇ ਕੱਖ ਨਹੀਂ ਸੀ ਪੈਣਾ। ਹੁਣ ਚਲਦੇ ਹਾਂ ਅਜਾਇਬ ਰਾਏ ਅਤੇ ਮਨਜੀਤ ਕੌਰ ਭੁੱਲਰ ਨੂੰ ਲੈ ਚਲਦੇ ਹਾਂ। ਕਸ਼ਮੀਰੀ ਲਾਲ ਅਜਾਇਬ ਰਾਏ ਤੇ ਮਨਜੀਤ ਕੌਰ ਭੁੱਲਰ ਨੂੰ ਲੈ ਕੇ ਰਾਜਸਥਾਨ ਨੂੰ ਰਵਾਨਾ ਹੋ ਗਏ। ਉਥੇ ਜਾ ਕੇ ਅਜਾਇਬ ਰਾਏ ਨੂੰ ਅਮਰ ਸਿੰਘ ਚਮਕੀਲਾ ਬਣਾ ਦਿੱਤਾ ਤੇ ਸੁਰਿੰਦਰ ਸੋਨੀਆਂ ਤਾਂ ਹੈ ਹੀ ਸੀ। ਮਨਜੀਤ ਕੌਰ ਭੁੱਲਰ ਬਾਰੇ ਕਿਹਾ ਕਿ ਇਹ ਕੁੜੀ ਨਰਿੰਦਰ ਬੀਬਾ ਦੀ ਸ਼ਗਿਰਦ ਹੈ। ਇਸਨੂੰ ਤੁਹਾਡੇ ਸੁਣਨ ਲਈ ਐਕਸਟਰਾ ਲੈ ਕੇ ਆਏ ਹਾਂ। ਜਦੋਂ ਇਹ ਜੋਧਪੁਰ ਪਹੁੰਚ ਗਏ ਮੈਂ ਅਤੇ ਚਮਕੀਲੇ ਨੇ ਸਲਾਹ ਕੀਤੀ ਕਿ ਇਹ ਦਫ਼ਤਰ ਆਪਾਂ ਰੱਖਣਾਂ ਹੈ ਤੇ ਕਿਵੇਂ ਰੱਖਿਆ ਜਾਊ? ਮੈਂ ਚਮਕੀਲੇ ਨੂੰ ਸਲਾਹ ਦਿੱਤੀ ਕਿ ਆਪਾਂ ਚੱਲਦੇ ਹਾਂ ਤਰਸੇਮ ਕੋਲ

ਮੋਗੇ ਤੇ ਉਸ ਨਾਲ ਜਾ ਕੇ ਗੱਲ ਕਰਾਂਗੇ। ਜਦੋਂ ਅਸੀਂ ਮੋਗੇ ਪਹੁੰਚੇ ਤਾਂ ਸਾਨੂੰ ਡਾਕਟਰ ਬਚਿੱਤਰ ਸਿੰਘ ਜੀ ਮਿਲੇ ਜੋ ਤਰਸੇਮ ਦਾ ਚਾਚਾ ਜੀ ਸਨ । ਉਹਨਾਂ ਮਿਲਦੇ ਸਾਰ ਹੀ ਕਿਹਾ ਕਿ ਆ ਬਾਈ ਚਮਕੀਲਿਆ ਕਿਵੇਂ ਆਇਆ ਏਂ? ਕੋਈ ਕੰਮ ਹੈ? ਚਮਕੀਲਾ ਕਹਿੰਦਾ ਚਾਚਾ ਜੀ ਅਸੀਂ ਤਰਸੇਮ ਨੂੰ ਮਿਲਣ ਆਏ ਹਾਂ। ਤਾਂ ਉਹ ਬੋਲੇ ਕਿ ਤਰਸੇਮ ਤਾਂ ਉਪਰ ਚੁਬਾਰੇ ਵਿੱਚ ਪਿਆ ਹੈ। ਉਸਨੂੰ ਉੱਤੇ ਜਾ ਕੇ ਮਿਲ ਲਵੋ। ਜਦੋਂ ਅਸੀਂ ਉਪਰ ਤਰਸੇਮ ਕੋਲ ਚੁਬਾਰੇ ਵਿੱਚ ਗਏ

ਤਾਂ ਉਹਨੂੰ ਸਾਰੀ ਗੱਲਬਾਤ ਸਮਝਾਈ ਤਾਂ ਉਸਨੇ ਕਿਹਾ ਕਿ ਤੁਸੀਂ ਕਸ਼ਮੀਰੀ ਤੋਂ ਕੀ ਲੈਣਾ ਹੈ ਉਹ ਦਫ਼ਤਰ ਹੀ ਤੁਹਾਡਾ ਹੈ ਜਿੰਨਾਂ ਚਿਰ ਮੈਂ ਬੈਠਾ ਹਾਂ। ਤਰਸੇਮ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ ਕਿ ਥੱਲਿਓਂ ਬੋਤਲ ਕੱਢ ਕੇ ਲਿਆ। ਸਾਨੂੰ ਸ਼ਰਾਬ ਪੀਂਦਿਆਂ ਤੜਕੇ ਦੇ ਤਿੰਨ ਵੱਜ ਗਏ। ਚਮਕੀਲਾ ਜਜ਼ਬਾਤੀ ਹੋ ਕੇ ਸ਼ਰਾਬ ਦੇ ਨਸ਼ੇ ‘ਚ ਰੋਣ ਲੱਗ ਪਿਆ ਤੇ ਕਿਹਾ ਜੇਕਰ ਤਰਸੇਮ ਤੂੰ ਮੇਰਾ ਵੱਡਾ ਭਰਾ ਹੈ ਤਾਂ ਇਹ ਕਹਿ ਕਿ ਚਮਕੀਲਿਆ ਇਹ ਦਫ਼ਤਰ ਤੇਰਾ ਹੀ ਹੈ। ਦਾਰੂ ਪੀਂਦੇ ਪੀਂਦੇ ਤਰਸੇਮ ਵੀ ਜ਼ਜ਼ਬਾਤੀ ਹੋ ਗਿਆ ਤੇ ਕਿਹਾ ਹੁਣੇ ਜੀਪ ਕੱਢ ਆਪਾਂ ਦਫ਼ਤਰ ਖੋਹਲਣਾ ਹੀ ਖੋਹਲਣਾ ਹੈ। ਜੀਪ ਸਟਾਰਟ ਕਰਕੇ ਚਾਰੇ, ਪੰਜੇ ਜਾਣੇ ਬੈਠੇ ਤੇ ਮੋਗੇ ਤੋਂ ਲੁਧਿਆਣੇ ਆ ਗਏ। ਇਥੇ ਆ ਕੇ ਤਰਸੇਮ ਨੇ ਪਹਿਲਾਂ ਦਫ਼ਤਰ ਦਾ ਜਿੰਦਾ ਵੱਢਿਆ ਤੇ ਫਿਰ ਲਾਹਿਆ ਬੋਰਡ। ਜਿਹੜੀਆਂ ਕੁਰਸੀਆਂ ਪਈਆਂ ਸਨ, ਉਹ ਚੁਬਾਰੇ ਚਾਹੜ ਦਿੱਤੀਆਂ। ਜੋ ਬੋਰਡ ਸੀ ਦੁੱਗਰੀ ਵਾਲੀ ਨਹਿਰ ‘ਚ ਰੋੜ੍ਹ ਦਿੱਤਾ। ਸਵੇਰੇ ਉੱਠੇ ਤੇ ਛੋਟੇ ਕਮਰੇ ‘ਚ ਬੈਠਕੇ ਸਲਾਹ ਕੀਤੀ ਕਿ ਸਵੇਰੇ ਦਫ਼ਤਰ ਵਿੱਚ ਸ੍ਰੀ ਗੁਰੂ ਗਰੰਥ ਸਹਿਬ ਜੀ ਦਾ ਪ੍ਰਕਾਸ਼ ਕਰ ਦੇਈਏ। ਆਪਣੇ ਦਫ਼ਤਰਾਂ ਦੇ ਸਾਹਮਣੇ ਜੋ ਗੁਰਦੁਆਰਾ ਹੈ, ਉਥੋਂ ਲਿਆ ਕੇ ਬੀੜ ਪ੍ਰਕਾਸ਼ ਕਰਵਾ ਦਿੱਤੀ ਤੇ ਸ਼ਟਰ ਖੁੱਲਾ ਰੱਖਕੇ ਸੱਤ ਦਿਨਾ ਦਾ ਸਹਿਜ ਪਾਠ ਰਖਵਾ ਦਿੱਤਾ। ਜਿਹੜਾ ਵੀ ਕੋਈ ਕਲਾਕਾਰ ਆਉਂਦਾ ਮੱਥਾ ਟੇਕ ਕੇ ਪੁੱਛਦਾ ਕਿ ਕਸ਼ਮੀਰੀ ਲਾਲ ਦਾ ਬੋਰਡ ਕਿੱਥੇ ਹੈ? ਤਰਸੇਮ ਜਵਾਬ ਦਿੰਦਾ ਕਿ ਉਹ ਤਾਂ ਕੀਰਤਪੁਰ ਪਹੁੰਚ ਗਿਆ ਹੈ। ਇਹ ਦਫ਼ਤਰ ਮੈਂ ਚਮਕੀਲੇ ਨੂੰ ਦੇ ਦਿੱਤਾ ਹੈ। ਅੱਜ ਤੋਂ ਕਬਜ਼ਾ ਤੇ ਦਫਤਰ ਚਮਕੀਲੇ ਦਾ ਹੈ। ਉਸ ਸਮੇਂ ਸਾਡੇ ਕੋਲ ਪੈਸਾ ਵੀ ਨਹੀਂ ਸੀ। ਅਸੀਂ ਡਾ: ਤਰਸੇਮ ਨੂੰ ਕਿਹਾ ਕਿ ਤੁਸੀਂ ਦਫ਼ਤਰ ਤਾਂ ਦੇ ਹੀ ਦਿੱਤਾ ਹੈ। ਹੁਣ ਸਾਨੂੰ ਇਸ ਵਿੱਚ ਰੱਖਣ ਲਈ ਫਰਨੀਚਰ ਵੀ ਲੈ ਦਿਓ। ਅਸੀਂ ਪ੍ਰੋਗਰਾਮ ਲਾ ਕੇ ਤੁਹਾਡੇ ਪੈਸੇ ਦੇ ਦੇਵਾਂਗੇ। ਅੱਜ ਪਹਿਲੇ ਦਿਨ ਡਾ: ਤਰਸੇਮ ਨੇ ਸਾਨੂੰ ਸੱਤ ਕੁਰਸੀਆਂ ਇੱਕ ਮੇਜ਼ ਲੈ ਦਿੱਤਾ। ਨਾਲ ਹੀ ਸਾਨੂੰ ਦਾਣਾ ਮੰਡੀ ਮਖੂ ਦਾ ਪ੍ਰੋਗਰਾਮ ਬੁੱਕ ਹੋ ਗਿਆ ਤੇ 500/- ਰੁਪਏ ਅਡਵਾਂਸ ਦੇ ਗਏ। ਤਿੰਨ ਹਜ਼ਾਰ ਰੁਪਏ ਬਕਾਇਆ ਲਿਖ ਦਿੱਤਾ। ਇਸਦੇ ਨਾਲ ਹੀ ਸਾਡੇ ਦੋ ਪ੍ਰੋਗਰਾਮ ਹੋਰ ਬੁੱਕ ਹੋ ਗਏ। ਇੱਕ ਜਲੰਧਰ ਦੇ ਨੇੜੇ ਪਿੰਡ ਉੱਘੀ ਚਿੱਟੀ ਦਾ ਤੇ ਦੂਜਾ ਨਕੋਦਰ ਤਹਿਸੀਲ ਵਿੱਚ ਪਿੰਡ ਬਿੱਲੀ ਵੜੈਚ ਦਾ ਹੋਇਆ। ਅਸੀਂ ਦੋਵੇਂ ਜਾਣੇ ਪੁੱਠੀਆਂ ਛਾਲਾਂ ਮਾਰਨ ਲੱਗ ਪਏ ਕਿ ਸਾਡੇ ਤੇ ਪ੍ਰਮਾਤਮਾ ਦੀ ਬਹੁਤ ਮੇਹਰ ਹੋ ਗਈ ਹੈ। ਜਦੋਂ ਸਾਡੇ ਕੋਲ ਤਿੰਨ ਪ੍ਰੋਗਰਾਮ ਬੁੱਕ ਹੋ ਗਏ ਫਿਰ ਚਮਕੀਲਾ ਮੈਨੂੰ ਕਹਿੰਦਾ ਟਿੱਕੀ ਭਾਅ ਜੀ ਹੁਣ ਆਪਾਂ ਉਸਤਾਦ ਦੇ ਦਫਤਰ ਚੱਲੀਏ। ਜਦੋਂ ਅਸੀਂ ਦਫ਼ਤਰ ਵਿੱਚ ਗਏ ਤਾਂ ਉਥੇ ਅਗਾਂਹ ਪ੍ਰਿਥੀਪਾਲ ਸਿੰਘ ਦਫ਼ਤਰ ਵਿੱਚ ਬੈਠੇ ਸਨ। ਉਹਦੇ ਨਾਲ ਗੱਲ ਕੀਤੀ ਕਿ ਸਾਡੇ ਕੋਲ ਤਿੰਨ ਪ੍ਰੋਗਰਾਮ ਬੁੱਕ ਹੋ ਗਏ ਹਨ ਤੇ ਕੁੜੀ ਕਿਹੜੀ ਲੈ ਕੇ ਜਾਈਏ। ਪ੍ਰਿਥੀਪਾਲ ਸਿੰਘ ਕਹਿੰਦਾ ਕਿ ਪਹਿਲਾਂ ਇੱਕ ਬੋਤਲ ਤੇ ਅੱਧਾ ਕਿਲੋ ਸੁਰ ਦਾ ਅਚਾਰ ਲੈ ਕੇ ਆਓ। ਇੱਕ ਬੋਤਲ ਅਤੇ ਅੱਧਾ ਕਿਲੋ ਸੂਰ ਦਾ ਅਚਾਰ ਆ ਗਿਆ ਤੇ ਅਸੀਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਦੋ ਦੋ ਤਿੰਨ ਤਿੰਨ ਪੈੱਗ ਅੰਦਰ ਗਏ ਤਾਂ ਪ੍ਰਿਥੀ ਪਾਲ ਸਿੰਘ ਕਹਿੰਦਾ ਕਿ ਸਕੀਮ ਤੁਹਾਨੂੰ ਮੈਂ ਦੱਸਦਾ ਹਾਂ ਤੇ ਕੋਸ਼ਿਸ਼ ਤੁਸੀਂ ਕਰਿਓ। ਅਸੀਂ ਕਿਹਾ ਦੱਸ। ਪਹਿਲਾਂ ਪੈੱਗ ਪਾਓ ਫੇਰ ਦੱਸਾਂਗਾ। ਪੈੱਗ ਪੀ ਕੇ ਉਹਨਾਂ ਕਿਹਾ ਕਿ ਮਾਣਕ ਨਾਲੋਂ ਅਮਰਜੋਤ ਹੱਟ ਗਈ ਹੈ। ਮੈਂ ਕਿਹਾ ਪ੍ਰਿਥੀ ਜੇਕਰ ਅਸੀਂ ਤੈਨੂੰ ਖਰਚੇ ਲਈ ਵੀਹ, ਪੰਜਾਹ ਰੁਪੈ ਦੇ ਦਿੰਦੇ ਹਾਂ ਤੇ ਤੂੰ ਸਾਡੇ ਨਾਲ ਫ਼ਰੀਦਕੋਟ ਚੱਲਿਆ ਚੱਲੇਂਗਾ? ਉਹ ਝੱਟ ਮੁੱਕਰ ਗਿਆ ਕਿ ਮੈਂ ਨਹੀਂ ਜਾ ਸਕਦਾ। ਪਰ ਜਦੋਂ ਦੂਜੀ ਬੋਤਲ ਆ ਗਈ ਤੇ ਪੈੱਗ ਪੈੱਗ ਲਾਇਆ ਮੈਂ ਕਿਹਾ ਕਿ ਜੇਕਰ ਤੂੰ ਨਹੀਂ ਜਾ ਸਕਦਾ ਤਾਂ ਮੈਂ ਜਾ ਆਉਂਗਾ। ਝੱਟ ਚਮਕੀਲੇ ਨੇ ਕਿਹਾ ਕਿ ਟਿੱਕੀ ਆਹ ਚੱਕ ਡੇਢ ਸੌ ਰੁਪੈ ਤੇ ਤੂੰ ਫਰੀਦਕੋਟ ਤੋਂ ਸਾਰੀ ਗੱਲ ਬਾਤ ਕਰਕੇ ਅਮਰਜੋਤ ਨੂੰ ਨਾਲ ਹੀ ਲੈ ਆਵੀਂ ਕਿਉਂਕਿ ਦਿਨੇ ਬਾਰਾਂ ਵਜੇ ਹੀ ਦਾਰੂ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਤਿੰਨ ਵੱਜ ਗਏ ਸੀ। ਟਾਇਮ ਪੁੱਛਕੇ ਮੈਂ ਜਦੋਂ ਥੱਲੇ ਉੱਤਰਿਆ ਥੱਲੇ ਰੰਗੀਲੇ ਜੱਟ ਦੇ ਦਫ਼ਤਰ ਵਿੱਚ ਅਮਰਜੋਤ ਦਾ ਡੈਡੀ ਬੈਠਾ ਗੱਲਬਾਤ ਕਰਦਾ ਸੀ ਰੰਗੀਲੇ ਜੱਟ ਨਾਲ ਸੈਟ ਬਨਾਂਉਣ ਲਈ। ਮੈਂ ਅੰਦਰ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ ਕਿ ਭਾਪਾ ਜੀ ਤੁਸੀਂ ਕਿਵੇਂ ਆਏ ਹੋ। ਉਹਨਾਂ ਕਿਹਾ ਕਿ ਮੈਂ ਰੰਗੀਲੇ ਜੱਟ ਨਾਲ ਥੋੜੀ ਜਿਹੀ ਗੱਲਬਾਤ ਕਰ ਲਵਾਂ। ਇਹ ਇੱਕ ਖਾਸ ਗੁਪਤ ਗੱਲ ਹੈ। ਮੈਂ ਕਿਹਾ ਕਿ ਤੁਸੀਂ ਗੁਪਤਗੂ ਕਰਕੇ ਕਦੋਂ ਕੁ ਵਿਹਲੇ ਹੋਵੋਗੇ। ਉਸਨੇ ਮੈਨੂੰ ਅੱਧੇ ਪੌਣੇ ਘੰਟੇ ਦਾ ਸਮਾਂ ਦੇ ਦਿੱਤਾ। ਮੈਂ ਦਫ਼ਤਰੋਂ ਉੱਤਰ ਕੇ ਪੌੜੀਆਂ ਦੇ ਥੱਲੇ ਖੜ੍ਹ ਗਿਆ ਤੇ ਚਮਕੀਲੇ ਨੂੰ ਕਿਸੇ ਹੱਥ ਸੁਨੇਹਾ ਭੇਜ ਦਿੱਤਾ ਕਿ ਤੈਨੂੰ ਟਿੱਕੀ ਨੇ ਬੁਲਾਇਆ ਹੈ। ਚਮਕੀਲਾ ਥੱਲੇ ਮੇਰੇ ਕੋਲ ਆ ਗਿਆ। ਮੈਂ ਉਸਨੂੰ ਟਿੱਚਰ ਨਾਲ ਕਿਹਾ ਕਿ ਮੈਂ ਫਰੀਦ ਕੋਟ ਜਾ ਆਇਆ ਹਾਂ । ਏਨੇ ਚਿਰ ਨੂੰ ਅਮਰਜੋਤ ਦਾ ਡੈਡੀ ਥੱਲੇ ਉੱਤਰ ਆਇਆ। ਚਮਕੀਲੇ ਨੇ ਕਿਹਾ ਇਹਨਾਂ ਨੂੰ ਉਪਰ ਲੈ ਆਵੋ। ਪਰ ਮੈਂ ਕਿਹਾ ਕਿ ਆਪਾਂ ਦਫਤਰ ‘ਚ ਨਹੀਂ ਆਪਣੇ ਕਮਰੇ ‘ਚ ਗੱਲਬਾਤ ਕਰਦੇ ਹਾਂ। ਕਮਰੇ ‘ਚ ਅਸੀਂ ਜਾ ਕੇ ਬੈਠ ਗਏ ਤੇ ਉਥੇ ਹੀ ਅਮਰਜੋਤ ਦੇ ਡੈਡੀ ਨਾਲ ਸਾਡੀ ਸਾਰੀ ਗੱਲਬਾਤ ਤਹਿ ਹੋ ਗਈ ਕਿ ਛੇ ਸੌ ਰੁਪੈ ਪ੍ਰਤੀ ਪ੍ਰੋਗਰਾਮ ਦੀ ਪੈਮੇਂਟ ਅਤੇ ਦੋ ਬੰਦਿਆਂ ਦਾ ਫਰੀਦਕੋਟ ਆਉਣ ਜਾਣ ਦਾ ਕਿਰਾਇਆ। ਇਸ ਤੋਂ ਬਾਅਦ ਅਸੀਂ ਅਮਰਜੋਤ ਦੇ ਡੈਡੀ ਦੀ ਬਹੁਤ ਹੀ ਸੇ ਵਾ ਕੀਤੀ ਤੇ ਉਹਨੂੰ ਦੱਸਿਆ ਕਿ ਸੁਰਿੰਦਰ ਸੋਨੀਆ ਨਾਲ ਚਮਕੀਲੇ ਦੇ ਆਹ ਆਹ ਗੀਤ ਸੁਪਰਹਿੱਟ ਹੋਏ ਹਨ। ਉਹ ਰਾਤ ਨੂੰ ਸਾਡੇ ਕੋਲ ਹੀ ਰਹੇ ਤੇ ਦੂਜੇ ਦਿਨ ਤੜਕੇ ਉੱਠਕੇ ਫਰੀਦਕੋਟ ਨੂੰ ਚਲੇ ਗਏ ਤੇ ਅਮਰਜੋਤ ਨਾਲ ਗੱਲਬਾਤ ਕੀਤੀ ਕਿ ਪੁੱਤ ਰੰਗੀਲੇ ਜੱਟ ਨਾਲ ਤਾਂ ਗੱਲ ਬਾਤ ਹੋ ਨਹੀਂ ਸਕੀ ਪਰ ਚਮਕੀਲੇ ਨਾਲ ਹੋ ਗਈ ਹੈ। ਉਹ ਕਹਿੰਦੀ ਭਾਪਾ ਮੈਨੂੰ ਉਸ ਬੰਦੇ ਦੇ ਸੁਭਾਅ ਬਾਰੇ ਕੋਈ ਪਤਾ ਨਹੀਂ ਕਿਵੇਂ ਹੈ? ਅਮਰਜੋਤ ਦੇ ਡੈਡੀ ਨੇ ਕਿਹਾ ਕਿ ਜੇਕਰ ਉਸਦਾ ਸੁਭਾਅ ਵਧੀਆ ਨਹੀਂ ਹੋਵੇਗਾ ਆਪਾਂ ਪੰਜ ਸੱਤ ਪ੍ਰੋਗਰਾਮ ਲਾ ਕੇ ਉਸਨੂੰ ਜਵਾਬ ਦੇ ਦੇਵਾਂਗੇ। ਉਸ ਤੋਂ ਬਾਅਦ ਅਮਰਜੋਤ ਅਤੇ ਉਸਦਾ ਭਰਾ ਪੱਪੂ ਦੋਵੇਂ ਹੀ ਸਾਡੇ ਕੋਲ ਦਫ਼ਤਰ ਵਿੱਚ ਆ ਗਏ। ਉਸ ਵਕਤ ਚਮਕੀਲਾ ਪਿੰਡੋਂ ਨਹੀਂ ਸੀ ਆਇਆ। ਮੈਂ ਅਮਰਜੋਤ ਤੇ ਉਸਦੇ ਭਰਾ ਨੂੰ ਆਪਣੇ ਕਮਰੇ ‘ਚ ਲੈ ਗਿਆ। ਉਹਨਾਂ ਨੂੰ ਕਮਰੇ ‘ਚ ਬਿਠਾ ਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਹ ਪਾਣੀ ਪੀਓ, ਮੈਂ ਚਮਕੀਲੇ ਨੂੰ ਬੁਲਾ ਲੈਂਦਾ ਹਾਂ। ਉਹ ਕਮਰੇ ‘ਚ ਬੈਠ ਗਏ। ਦੋਵਾਂ ਭੈਣ ਭਰਾਵਾਂ ਨੇ ਚਾਹ ਪੀਤੀ ਤੇ ਮੈਂ ਦਫ਼ਤਰ ਆ ਗਿਆ। ਮੈਂ ਅਜੇ ਦੁਗਰੀ ਜਾਣ ਦੀ ਤਿਆਰੀ ਹੀ ਕਰਦਾ ਸੀ ਏਨੇ ਚਿਰ ਨੂੰ ਸਾਇਕਲ ਤੇ ਚਮਕੀਲਾ ਦਫਤਰ ਆ ਗਿਆ। ਮੈਂ ਉਸਨੂੰ ਕਮਰੇ ‘ਚ ਲੈ ਗਿਆ ਦੱਸਿਆ ਕਿ ਅਮਰਜੋਤ ਤੇ ਉਸਦਾ ਭਰਾ ਪੱਪੂ ਆ ਗਏ ਹਨ। ਦੱਸੋ ਰਿਹੈਸਲ ਕਿੱਥੇ ਕਰੀਏ? ਝੱਟ ਅਮਰਜੋਤ ਮੈਨੂੰ ਕਹਿੰਦੀ ਕਿ ਇਹ ਹੈ ਚਮਕੀਲਾ? ਉਹ ਵੇਖਣ ਸਾਰ ਹੈਰਾਨ ਹੋ ਗਈ। ਪਰ ਉਸਨੂੰ ਕਿਹਾ ਕਿ ਪਹਿਲਾਂ ਸੁਣ ਲਵੋ ਤੁਸੀਂ ਇਸਨੂੰ ਇੰਝ ਨਾ ਕਹੋ। ਅਸੀਂ ਮੰਜੇ ਥੱਲਿਓਂ ਹਰਮੋਨੀਅਮ ਤੇ ਢੋਲਕ ਕੱਢੀ ਤੇ ਚਾਰੇ ਜਾਣੇ ਇੱਕ ਮੰਜੇ ਤੇ ਬੈਠ ਗਏ। ਚਮਕੀਲੇ ਨੇ ਪੁੱਛਿਆ ਕਿ ਟਿੱਕੀ ਭਾਅ ਜੀ ਪਹਿਲਾਂ ਕਿਹੜਾ ਗੀਤ ਸ਼ੁਰੂ ਕਰੀਏ। ਮੈਂ ਕਿਹਾ ਸੁਣ ‘ਜਦੋਂ ਤੈਨੂੰ ਮਤਲਬ ਸੀ, ਕਰਦਾ ਸੀ ਭਾਬੀ ਭਾਬੀ” ਪੇਟੀ ਦੀਆਂ ਸੁਰਾਂ ਤੇ ਚਮਕੀਲੇ ਦੀਆਂ ਉਂਗਲੀਆਂ ਫਿਰਦੀਆਂ ਵੇਖ ਕੇ ਅਮਰਜੋਤ ਹੈਰਾਨ ਹੋ ਗਈ। ਉਧਰੋਂ ਉਹ ਗੀਤ ਸੁਣਾਉਂਦੇ ਰਹੇ ਤੇ ਏਧਰੋਂ ਸ਼ਾਮ ਪੈਂਦੀ ਰਹੀ। ਅਸੀਂ ਪੁੱਛਿਆ ਕਿ ਤੁਹਾਡਾ ਕੋਈ ਰਹਿਣ ਦਾ ਇੰਤਜ਼ਾਮ ਅਸੀਂ ਕਰੀਏ ਕਿ ਤੁਹਾਡਾ ਕੋਈ ਇੰਤਜ਼ਾਮ ਹੈ। ਅਮਰਜੋਤ ਬੋਲੀ ਕਿ ਏਥੇ ਮੇਰੇ ਭਰਾ ਦੇ ਸੌਹਰੇ, ਅਬਦੁੱਲਪੁਰ ਬਸਤੀ ‘ਚ ਜਮਾਲਪੁਰ ‘ਚ ਹਨ ਜਮਾਲਪੁਰ ਅਸੀਂ ਉਥੇ ਚਲੇ ਜਾਵਾਂਗੇ। ਨਾਲੇ ਉਥੇ ਮੇਰਾ ਭਰਾ ਹੈ ਅਸੀਂ ਉਸਨੂੰ ਮਿਲ ਆਵਾਂਗੇ। ਉਹ ਰਿਕਸ਼ਾ ਲੈ ਕੇ ਬੱਸ ਅੱਡੇ ਨੂੰ ਚਲੇ ਗਏ ਅਸੀਂ ਆਪਣੇ ਕਮਰੇ ‘ਚ ਬੈਠੇ ਰਹੇ ਵਿਚਾਰ ਕਰ ਰਹੇ ਸੀ ਕਿ ਰਿਹਰਸਲ ਦਾ ਟਾਇਮ ਤਾਂ 10 ਵਜੇ ਦਾ ਦੇ ਦਿੱਤਾ ਹੈ ਤੇ ਰਿਹਰਸਲ ਕਰਾਂਗੇ ਕਿੱਥੇ? ਅਸੀਂ ਸਲਾਹ ਕੀਤੀ ਕਿ ਭਾਰਤ ਨਗਰ ਚੌਂਕ ਦੇ ਲਾਗੇ ਖੱਬੇ ਹੱਥ ਗਲੀ ਵਿੱਚ ਚੁਬਾਰਾ ਹੈ ਆਪਾਂ ਉਥੇ ਰਿਹਰਸਲ ਸ਼ੁਰੂ ਕਰ ਦੇਈਏ। ਅਸੀਂ ਉਥੇ ਅੱਠ ਗੀਤ ਤਿਆਰ ਕੀਤੇ ਤੇ ਚੌਥੇ ਦਿਨ ਸਾਡਾ ਪ੍ਰੋਗਰਾਮ ਸੀ ਮੱਖੂ ਮੰਡੀ। ਜਦੋਂ ਅਸੀਂ ਸਾਢੇ ਦਸ ਵਜੇ ਮੱਖੂ ਮੰਡੀ ਪਹੁੰਚੇ ਤੇ ਪ੍ਰਬੰਧਕਾਂ ਨੂੰ ਮਿਲੇ ਉਹਨਾਂ ਕਿਹਾ ਕਿ ਪ੍ਰੋਗਰਾਮ ਤਾਂ ਕੈਂਸਲ ਹੋ ਗਿਆ ਹੈ ਉਹਨਾਂ ਦਾ ਪੰਜ ਸੌ ਸਾਡੇ ਵੱਲ ਆਇਆ ਹੋਇਆ ਸੀ ਤੇ ਤਿੰਨ ਹਜ਼ਾਰ ਰੁਪਈਆ ਰਹਿੰਦਾ ਬਕਾਇਆ ਲੈਣਾ ਸੀ । ਜਦੋਂ ਸਾਨੂੰ ਪ੍ਰੋਗਰਾਮ ਕੈਂਸਲ ਹੋਣ ਦੀ ਆਵਾਜ਼ ਸੁਣੀ ਤਾਂ ਆਪਣੇ ਸਟੇਜ ਸਕੱਤਰ ਪ੍ਰਿਥੀਪਾਲ ਸਿੰਘ ਢੱਕਣ ਨੂੰ ਪ੍ਰਬੰਧਕਾਂ ਕੋਲ ਭੇਜਿਆ ਕਿ ਸਾਨੂੰ ਖਰਚਾ ਖਰਚਾ ਦੇਣ ਤਾਂ ਕਿ ਅਸੀਂ ਜਾਈਏ। ਜਦੋਂ ਪ੍ਰਿਥੀਪਾਲ ਸਿੰਘ ਢੱਕਣ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਸਾਡੀ ਪੇਮੈਂਟ ਦੇਓ ਤਾਂ ਪ੍ਰਬੰਧਕਾਂ ਕਿਹਾ ਕਿ ਤੁਹਾਡੇ ਕੋਲ ਸਾਡਾ ਪੰਜ ਸੌ ਰੁਪਈਆ ਆਇਆ ਹੋਇਆ ਹੈ। ਬਾਕੀ ਕੁਝ ਨਹੀਂ ਦੇਣਾ। ਏਨਾ ਸੁਣਦਿਆਂ ਸਾਰ ਪ੍ਰਿਥੀਪਾਲ ਸਿੰਘ ਢੱਕਣ ਨੇ ਆਪਣੀ ਜੇਬ ਵਿੱਚੋਂ ਐਗਰੀਮੈਂਟ ਫਾਰਮ ਕੱਢਿਆ ਤੇ ਮਾਲਕਾਂ ਨੂੰ ਵਿਖਾਇਆ ਤੇ ਕਿਹਾ ਕਿ ਆਹ ਵੇਖੋ ਐਗਰੀਮੈਂਟ ਫਾਰਮ ਤੇ ਲਿਖਿਆ ਹੈ ਕਿ ਪ੍ਰੋਗਰਾਮ ਲੱਗੇ ਜਾਂ ਨਾ ਲੱਗੇ ਕਲਾਕਾਰ ਪੇਮੈਂਟ ਦਾ ਹੱਕਦਾਰ ਹੈ। ਮਾਲਕਾਂ ਨੇ ਕਿਸੇ ਵੀ ਗੱਲ ਉੱਤੇ ਅਸਰ ਨਹੀਂ ਕੀਤਾ। ਸੋ ਪ੍ਰਿਥੀਪਾਲ ਸਿੰਘ ਢੱਕਣ ਨੇ ਕਿਹਾ ਕਿ ਅਸੀਂ ਹੁਣ ਜਾਂਦੇ ਹਾਂ ਥਾਣੇ। ਰਾਤ ਰਹਾਂਗੇ ਉਥੇ ਹੀ ਤੜਕੇ ਤੁਹਾਨੂੰ ਬੁਲਾ ਕੇ ਗੱਲਬਾਤ ਕਰਾਂਗੇ। ਏਨੀ ਸੁਣਕੇ ਕੁਝ ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਦੋ ਹਜ਼ਾਰ ਰੁਪਈਆ ਸਾਨੂੰ ਹੋਰ ਦਿਵਾ ਦਿੱਤਾ।

ਇਥੋਂ ਪੇਮੈਂਟ ਲੈ ਕੇ ਅਸੀਂ ਵਾਪਸ ਆ ਗਏ ਰਸਤੇ ਵਿੱਚ ਆ ਕੇ ਚਾਹ ਪੀਣ ਲੱਗੇ ਤੇ ਅਮਰਜੋਤ ਬੋਲੀ ਕਿ ਮੈਂ ਤੁਹਾਡੇ ਨਾਲ ਤੁਹਾਡੇ ਲਈ ਨਹਿਸ਼ ਤਾਂ ਨਹੀਂ ਜਿਹੜਾ ਪਹਿਲਾ ਹੀ ਪ੍ਰੋਗਰਾਮ ਕੈਂਸਲ ਹੋ ਗਿਆ ਹੈ। ਚਮਕੀਲੇ ਨੇ ਕਿਹਾ ਕਿ ਬੀਬੀ ਏਦਾਂ ਦੀ ਕੋਈ ਗੱਲ ਨਹੀਂ, ਇਨਸਾਨ ਦੀ ਜ਼ਿੰਦਗੀ ਵਿੱਚ ਕਈ ਔਕੜਾਂ ਆਉਂਦੀਆਂ ਤੇ ਜਾਂਦੀਆਂ ਹਨ ਇਹਨਾਂ ਦੀ ਪ੍ਰਵਾਹ ਨਹੀਂ ਕਰੀਂਦੀ। ਜਦੋਂ ਅਸੀਂ ਦਫ਼ਤਰ ਵਾਪਸ ਆਏ ਤਾਂ ਬੁਕਿੰਗ ਕਲਰਕ ਕੁਲਵਿੰਦਰ ਸਿੰਘ ਕੁੱਕੀ ਨੇ ਪੁੱਛਿਆ ਕਿ ਪ੍ਰੋਗਰਾਮ ਠੀਕ ਰਿਹਾ। ਅਸੀਂ ਸਾਰਿਆਂ ਨੇ ਝੂਠ ਹੀ ਬੋਲ ਦਿੱਤਾ ਕਿ ਬਹੁਤ ਵਧੀਆ ਰਿਹਾ। ਦੁਸਰੇ ਦਿਨ ਅਮਰਜੋਤ ਨੇ ਕਿਹਾ ਕਿ ਮੈਂ ਫ਼ਰੀਦਕੋਟ ਚਲੀ ਜਾਵਾਂ । ਚਮਕੀਲੇ ਨੇ ਮੈਨੂੰ ਪੁੱਛਿਆ ਕਿ ਕਿਵੇਂ ਕਰੀਏ? ਮੈਂ ਉਸਨੂੰ ਕਿਹਾ ਕਿ ਇਸਨੂੰ ਕਹਿ ਦੇ ਕਿ ਹੁਣ ਆਪਾਂ ਰਿਕਾਰਡਿੰਗ ਵਾਲੇ ਗੀਤਾਂ ਦੀ ਤਿਆਰੀ ਕਰਨੀ ਹੈ। ਫਿਰ ਅਮਰਜੋਤ ਨੇ ਕਿਹਾ ਕਿ ਤੁਸੀਂ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਕੋਈ ਕਮਰਾ ਕਿਰਾਏ ਤੇ ਲੈ ਦੇਵੋ ਤੇ ਮੈਂ ਕੋਸ਼ਿਸ਼ ਕਰਕੇ ਅਸ਼ੋਕੀ ਸਕੂਟਰਾਂ ਵਾਲੇ ਨੂੰ ਪੁੱਛਿਆ ਕਿ ਕੋਈ ਕਮਰਾ ਕਿਰਾਏ ਤੇ ਮਿਲ ਜਾਵੇਗਾ। ਉਥੇ ਇੱਕ ਸਰਦਾਰ ਜੀ ਬੈਠੇ ਸਨ ਜੋ ਇੱਕ ਵਧੀਆ ਗੀਤਕਾਰ ਵੀ ਸਨ। ਉਹਨਾਂ ਦਾ ਨਾਂ ਸਬਰ ਸਾਹਿਬ ਸੀ। ਉਸਨੇ ਪੁੱਛਿਆ ਕਿ ਕਿੰਨੇ ਪ੍ਰੀਵਾਰ ਦੇ ਮੈਂਬਰ ਹਨ। ਮੈਂ ਉਸਨੂੰ ਦੱਸਿਆ ਕਿ ਸਾਡੇ ਕੋਲ ਇੱਕ ਲੇਡੀ ਆਰਟਿਸਟ ਅਤੇ ਇੱਕ ਉਸਦਾ ਭਰਾ ਹੈ ਇਹ ਦੋਵੇਂ ਹੀ

ਰਹਿਣਗੇ। ਉਹ ਕਹਿੰਦਾ ਤੂੰ ਬੈਠ ਮੇਰੇ ਸਾਇਕਲ ਉਤੇ ਮੈਂ ਤੈਨੂੰ ਕਮਰਾ ਵਿਖਾ ਕੇ ਲਿਆਵਾਂ। ਉਹ ਮੈਨੂੰ ਨਿਊ ਲਾਜਪਤ ਨਗਰ ਲੈ ਗਿਆ ਉਸਨੇ ਸਾਨੂੰ ਚੁਬਾਰਾ ਵਿਖਾਇਆ ਤੇ ਸਾਨੂੰ ਪਸੰਦ ਆ ਗਿਆ। ਫਿਰ ਮੈਂ ਅਮਰਜੋਤ ਨੂੰ ਲੈਗਿਆ ਕਿ ਦੇਖ ਲੈ ਭਾਈ ਮਕਾਨ ਮਿਲ ਗਿਆ ਹੈ, ਤੁਹਾਡੇ ਪਸੰਦ ਹੈ। ਉਹ ਕਹਿੰਦੀ ਕਮਰਾ ਬਿਲਕੁਲ ਪਸੰਦ ਹੈ ਪਹਿਲਾਂ ਕਿਰਾਇਆ ਖੋਹਲ ਲਵੋ। ਜਦੋਂ ਅਸੀਂ ਮਕਾਨ ਮਾਲਕ ਨਾਲ ਕਿਰਾਏ ਦੀ ਗੱਲ ਕੀਤੀ, ਤਾਂ ਉਹਨਾਂ ਸਾਨੂੰ 550/- ਰੁਪੈ ਪ੍ਰਤੀ ਮਹੀਨਾ ਕਿਰਾਇਆ ਕਿਹਾ ਅਮਰਜੋਤ ਕਹਿੰਦੀ ਕਿ ਅਸੀਂ ਤਾਂ 500/- ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਵਾਂਗੇ। ਬੱਸ ਫਿਰ ਕੀ ਸੀ ਮਕਾਨ ਪੱਕਾ ਹੋ ਗਿਆ ਚਮਕੀਲੇ ਨੇ ਕਿਰਾਇਆ ਦੇ ਦਿੱਤਾ। ਅਸੀਂ ਆਪਣੇ ਕਮਰੇ ‘ਚੋਂ ਢੋਲਕ ਵਾਜਾ ਕੱਢਿਆ ਤੇ ਉਸ ਨਵੇਂ ਲਏ ਕਿਰਾਏ ਤੇ ਚੁਬਾਰੇ ਵਿੱਚ ਲੈ ਗਏ, ਦਰੀ ਵਿਛਾਈ ਤੇ ਜਾ ਬੈਠੇ। ਚਮਕੀਲਾ ਕਹਿੰਦਾ ਬੀਬੀ ਲਿਆ ਕਾਪੀ ਕੱਢ ਮੈਂ ਤੈਨੂੰ ਗੀਤ ਲਿਖ ਦੇਵਾਂ। ਉਸਨੇ ਐਚ. ਐਮ.ਵੀ. ਦੀ ਰਿਕਾਰਡਿੰਗ ਵਾਲੇ ਸਾਰੇ ਹੀ ਗੀਤ ਲਿਖ ਦਿੱਤੇ। ਅਸੀਂ ਰਿਹਰਸਲ ਵੀ ਉਸੇ ਚੁਬਾਰੇ ਵਿੱਚ ਸ਼ੁਰੂ ਕਰ ਦਿੱਤੀ। ਅਜੇ ਸਿਰਫ਼ ਪੰਦਰਾਂ ਕੁ ਦਿਨ ਹੀ ਹੋਏ ਸੀ ਰਿਹਰਸਲ ਕਰਦਿਆਂ ਨੂੰ ਤੇ ਐਚ. ਐਮ.ਵੀ. ਕੰਪਨੀ ਦੀ ਦਫ਼ਤਰ ਵਿੱਚ ਚਿੱਠੀ ਆ ਗਈ ਤੇ ਕੁਲਵਿੰਦਰ ਸਿੰਘ ਕੁੱਕੀ ਚਿੱਠੀ ਲੈ ਕੇ ਸਾਡੇ ਕੋਲ ਚੁਬਾਰੇ ਵਿੱਚ ਪਹੁੰਚ ਗਿਆ ਜਦੋਂ ਚਿੱਠੀ ਖੋਹਲ ਕੇ ਵੇਖੀ ਤੇ ਉਸ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਡੀ ਇਸ ਤਾਰੀਖ ਨੂੰ ਰਿਕਾਰਡਿੰਗ ਹੈ। ਅਸੀਂ ਹਸਦਿਆਂ ਹੱਸਦਿਆਂ ਸਾਰੀ ਚਿੱਠੀ ਪੜ੍ਹੀ ਤੇ ਚਮਕੀਲਾ ਅਮਰਜੋਤ ਨੂੰ ਕਹਿੰਦਾ ਕਿ ਬੀਬਾ ਤੇਰੇ ਵੱਲ ਪਾਰਟੀ ਹੋ ਗਈ ਕਿਉਂਕਿ ਰਿਕਾਰਡਿੰਗ ਦੀ ਚਿੱਠੀ ਆਈ ਹੈ । ਅੱਗੋਂ ਉਹ ਬੋਲੀ ਕਿ ਕੀ ਖਾਣਾ ਪੀਣਾ? ਚਮਕੀਲਾ ਤਾਂ ਪਹਿਲਾਂ ਹੀ ਪੀਣ ਦਾ ਸ਼ੌਕੀਨ ਸੀ। ਚਮਕੀਲੇ ਨੇ ਆਪਣੇ ਕੋਲੋ ਪੈਸੇ ਦੇ ਕੇ ਪੱਪੂ ਨੂੰ ਕਿਹਾ ਕਿ ਆਹ ਫੜ ਪੈਸੇ ਇੱਕ ਬੋਤਲ ਤੇ ਇੱਕ ਕਿਲੋ ਮੀਟ ਲੈ ਕੇ ਆ। ਮੈਂ ਅਪਣੇ ਕਮਰੇ ‘ਚੋਂ ਪਤੀਲਾ, ਸਟੋਵ, ਲੱਸਣ, ਹੱਲਦੀ, ਲੂਣ, ਮਿਰਚ, ਮੀਟ ਮਸਾਲਾ, ਪਿਆਜ ਅਦਿ ਮੀਟ ਤਿਆਰ ਕਰਨ ਲਈ ਲੈ ਆਇਆ। ਅਸੀਂ ਬੈਠ ਕੇ ਲਸਣ ਛਿਲਿਆ ਤੇ ਅਮਰਜੋਤ ਨੇ ਪਿਆਜ ਚੀਰਨੇ ਸ਼ੁਰੂ ਕਰ ਦਿੱਤੇ। ਏਨੇ ਚਿਰ ਨੂੰ ਅਮਰਜੋਤ ਦਾ ਭਰਾ, ਪੱਪੂ ਇੱਕ ਬੋਤਲ ਤੇ ਕਿਲੋ ਮੀਟ ਲੈ ਕੇ ਆ ਗਿਆ। ਅਸੀਂ ਬੈਠ ਕੇ ਦਾਰੂ ਪੀਣੀ ਸ਼ੁਰੂ ਕਰ ਦਿੱਤੀ ਤੇ ਅਮਰਜੋਤ ਨੇ ਮੀਟ ਰਿੰਨਣਾ ਸ਼ੁਰੂ ਕਰ ਦਿੱਤਾ। ਅਸੀਂ ਸ਼ਾਮ ਨੂੰ ਚੁਬਾਰੇ ‘ਚੋਂ ਉਤਰ ਕੇ ਆਪਣੇ ਦਫ਼ਤਰ ਆ ਗਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੀ ਰੋਟੀ ਹੋਟਲ ਤੋਂ ਮੰਗਵਾ ਕੇ ਖਾ ਲਿਓ। ਦੂਸਰੇ ਦਿਨ ਸਾਢੇ ਗਿਆਰਾਂ ਵਜੇ ਚਮਕੀਲਾ ਆਪਣੇ ਪਿੰਡ ਦੁੱਗਰੀ ਤੋਂ ਸਾਇਕਲ ਤੇ ਦਫ਼ਤਰ ਪਹੁੰਚ ਗਿਆ। ਦਫ਼ਤਰ ਆ ਕੇ ਉਸਨੇ ਮੈਨੂੰ ਕਿਹਾ ਕਿ ਟਿੱਕੀ ਭਾਅ ਜੀ ਆਪਾਂ ਕਰੀਏ ਰਿਹੈਸਲ, ਮੈਂ ਕਿਹਾ ਕਿ ਅੱਜ ਰਿਹੈਸਲ ਥੋੜਾ ਚਿਰ ਹੀ ਕਰਨਾ ਹੈ ਕਿਉਂਕਿ ਕੱਲ੍ਹ ਨੂੰ ਆਪਣਾ ਪ੍ਰੋਗਰਾਮ ਹੈ। ਕਿਤੇ ਅਮਰਜੋਤ ਦਾ ਗਲਾ ਹੀ ਨਾ ਥੱਕ ਜਾਵੇ। ਅਸੀਂ ਤਕਰੀਬਨ ਦੋ ਘੰਟੇ ਰਿਹੈਸਲ ਕੀਤੀ ਤੇ ਦੂਜੇ ਦਿਨ ਸਵੇਰੇ ਹੀ ਪ੍ਰੋਗਰਾਮ ਤੇ ਚਲੇ ਗਏ। ਪਹਿਲਾ ਪ੍ਰੋਗਰਾਮ ਅਮਰਜੋਤ ਨਾਲ ਪਿੰਡ ਬਿੱਲੀ ਵੜੈਚ ਨਕੋਦਰ ਕੋਲ ਸੀ। ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਸਰੋਤਿਆਂ ਦੇ ਬੇ-ਹੱਦ ਇਕੱਠ ਨੇ ਚਮਕੀਲੇ ਅਤੇ ਅਮਰਜੋਤ ਦੀ ਪੂਰੀ ਪ੍ਰਸ਼ੰਸ਼ਾ ਕੀਤੀ। ਉਥੇ ਚਲਦੇ ਪ੍ਰੋਗਰਾਮ ਵਿੱਚ ਕਿਸੇ ਸਰੋਤੇ ਦੀ ਆਵਾਜ਼ ਆਈ ‘ਬੱਲੇ ਉਏ ਚਮਕੀਲਿਆ ਪੁਰਜਾ ਬਹੁਤ ਵਧੀਆ ਪੱਟ ਕੇ ਲਿਆਂਦਾ ਹੈ।’ ਇਹ ਪ੍ਰੋਗਰਾਮ ਦਾ ਆਗਾਜ਼ ਸੀ। ਇਸ ਤੋਂ ਬਾਅਦ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਇਸ ਤੋਂ ਬਾਅਦ ਇੱਕ ਪ੍ਰੋਗਰਾਮ ਪਿੰਡ ਉੱਘੀ ਚਿੱਟੀ ਜਲੰਧਰ ਲਾਗੇ ਸੀ, ਇਹ ਲਾ ਕੇ ਅਸੀਂ ਦਿੱਲੀ ਰਿਕਾਰਡਿੰਗ ਤੇ ਜਾਣਾ ਸੀ। ਪ੍ਰੋਗਰਾਮ ਲਾ ਕੇ ਦੂਸਰੇ ਦਿਨ ਦਿੱਲੀ ਦੀ ਤਿਆਰੀ ਕਰ ਲਈ। ਜਦੋਂ ਅਸੀਂ ਦਿੱਲੀ ਪਹੁੰਚੇ ਤੇ ਸਟੂਡਿਓ ਵਿੱਚ ਜਾ ਰਹੇ। ਚਰਨਜੀਤ ਆਹੂਜਾ ਤੇ ਹੋਰ ਸਾਰੇ ਸਾਜਿੰਦੇ ਪਹੁੰਚ ਗਏ ਉਸ ਸਮੇਂ ਦਾ ਰਿਕਾਰਡਿੰਗ ਅਫ਼ਸਰ ਜਨਾਬ ਜ਼ਹੀਰ ਅਹਿਮਦ ਅਮਰਜੋਤ ਵੱਲ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਲੜਕੀ ਕੁਲਦੀਪ ਮਾਣਕ ਨਾਲ ਸਾਡੀ ਕੰਪਨੀ ਵਿੱਚ ਰਿਕਾਰਡਿੰਗ ਕਰਵਾਕੇ ਗਈ ਹੈ। ਚਰਨਜੀਤ ਆਹੂਜਾ ਅਤੇ ਜ਼ਹੀਰ ਅਹਿਮਦ ਨੇ ਚਮਕੀਲੇ ਨੂੰ ਅੰਦਰ ਬੁਲਾਕੇ ਪੁੱਛਿਆ ਕਿ ਇਹ ਸੈਟ ਤੁਹਾਡਾ ਕਿੰਨਾ ਕੁ ਚਿਰ ਰਹੂਗਾ? ਤਾਂ ਅਸੀਂ ਰਿਕਾਰਡਿੰਗ ਕਰੀਏ। ਚਮਕੀਲੇ ਨੇ ਜੁਆਬ ਦਿੱਤਾ ਕਿ ਪੰਦਰਾਂ, ਵੀਹ ਦਿਨ ਤੱਕ ਇਹ ਸੈੱਟ ਇੱਟ ਵਰਗਾ ਪੱਕਾ ਹੋ ਜਾਵੇਗਾ। ਏਨੀਆਂ ਗੱਲਾਂ ਪੁੱਛਕੇ ਜ਼ਹੀਰ ਅਹਿਮਦ ਸਾਹਿਬ ਨੇ ਕਿਹਾ ਕਿ ਹੁਣ ਬੱਸ ਅੱਜ ਤੁਸੀਂ ਹੋਟਲ ਵਿੱਚ ਚੱਲਕੇ ਆਰਾਮ ਕਰੋ ਤੇ ਸਵੇਰੇ ਤੁਹਾਡੀ ਰਿਕਾਰਡਿੰਗ ਹੈ।

ਜਦੋਂ ਅਸੀਂ ਸਾਰੇ ਹੋਟਲ ਦੇ ਵਿੱਚ ਆਏ ਤਾਂ ਅਮਰਜੋਤ ਦੀਆਂ ਪਿਆਰ ਭਰੀਆਂ ਅੱਖਾਂ ਵੱਲ ਵੇਖਕੇ ਚਮਕੀਲਾ ਬੁੱਲ੍ਹਾਂ ਤੇ ਜੀਭ ਫੇਰਨ ਲੱਗ ਪਿਆ। ਅਮਰਜੋਤ ਨੇ ਚਮਕੀਲੇ ਨੂੰ ਹਸ ਕੇ ਕਿਹਾ ਕਿ ‘ਅਮਰ’ ਹੁਣ ਤੁਸੀਂ ਆਰਾਮ ਕਰ ਲਵੋ। ਜਦੋਂ ਅਮਰਜੋਤ ਦੇ ਮੂੰਹੋਂ ਅਮਰ ਸਿੰਘ ਚਮਕੀਲੇ ਨੇ ‘ਤੁਸੀਂ’ ਸ਼ਬਦ ਸੁਣਿਆਂ ਤਾਂ ਚਮਕੀਲੇ ਨੇ ਦਿਲ ਵਿੱਚ ਸੋਚਿਆ ਕਿ ਦਾਲ ਵਿੱਚ ਕੁਝ ਕਾਲਾ ਹੈ, ਫਿਰ ਉਸਨੇ ਇਹੋ ਗੱਲ ਮੇਰੇ ਨਾਲ ਸਾਂਝੀ ਕੀਤੀ। ਮੈਂ ਉਸਨੂੰ ਜੁਆਬ ਦਿੱਤਾ ਕਿ ਰਿਕਾਰਡਿੰਗ ਹੋਣ ਤੋਂ ਬਾਅਦ ਦਾਲ ਸਾਰੀ ਹੀ ਕਾਲੀ ਹੋ ਜਾਣੀ ਹੈ। ਜਦੋਂ ਰਿਕਾਰਡਿੰਗ ਹੋਈ ਸਾਡੇ ਅੱਠ ਗੀਤ ਰਿਕਾਰਡ ਹੋਏ ਭਾਵ ਦੋ ਈ.ਪੀ. ਰਿਕਾਰਡ। ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦੈ ਬੇਬੇ ਨਹੀਂ ਮੰਨਦੀ ਮੇਰੀ, ਮੈਨੂੰ ਰੱਖ ਕੇ ਤਲੀ ਦੇ ਉੱਤੇ ਚੱਟਲੈ, ਮਿੱਤਰਾ ਮੈਂ ਖੰਡ ਬਣ ਗਈ, ਜਦੋਂ ਇਹ ਗੀਤ ਮਾਰਕੀਟ ਵਿੱਚ ਆਏ ਤਾਂ ਘਰ ਘਰ ਧੁੰਮਾਂ ਪਾ ਦਿੱਤੀਆਂ। ਪ੍ਰੋਗਰਾਮਾਂ ਦੀ ਲੜੀ ਫਿਰ ਤੋਂ ਸ਼ੁਰੂ ਹੋ ਗਈ। ਇਸ ਤੋਂ ਬਾਅਦ ਚਮਕੀਲੇ ਨੇ ਜੋ ਲਿਖਿਆ ਜੋ ਗਾਇਆ ਸੁਪਰ-ਡੁਪਰ ਹਿੱਟ ਹੋਇਆ। ਚਲਦੇ ਪ੍ਰੋਗਰਾਮਾਂ ਵਿੱਚ ਕਈ ਔਕੜਾਂ ਆਈਆਂ ਅਮਰਜੋਤ ਦਾ ਪਿਓ ਅਮਰਜੋਤ ਨੂੰ ਕਹਿਣਾ ਲੱਗਾ ਕਿ ਮੈਂ ਤੇਰਾ ਸੈੱਟ ਰਮਲੇ’ ਨਾਲ ਬਣਾ ਦਿੰਦਾ ਹਾਂ ਕਿਉਂਕਿ ਉਹ ਵੀ ਆਪਣੇ ਫ਼ਰਦੀਕੋਟ ਸ਼ਹਿਰ ਦਾ ਮੁੰਡਾ ਹੈ। ਇਹ ਸਾਰੀ ਗੱਲ ਅਮਰਜੋਤ ਨੇ ਮੈਨੂੰ ਸਮਝਾਈ ਤੇ ਮੈਂ ਗੱਲ ਸੁਣਦੇ ਸਾਰ ਹੀ ਚਮਕੀਲੇ ਨੂੰ ਦੱਸ ਦਿੱਤੀ। ਅਮਰਜੋਤ ਨੇ ਮੈਨੂੰ ਕਿਹਾ ਕਿ ਚਮਕੀਲੇ ਨੂੰ ਕਹਿ ਦੇ ਕਿ ਜੇ ਇਹਨੇ ਸੈੱਟ ਮੇਰੇ ਨਾਲ ਪੱਕਾ ਕਰਨਾ ਹੈ ਤਾਂ ਫਿਰ ਮੇਰੇ ਨਾਲ ਵਿਆਹ ਕਰਵਾ ਲਵੇ। ਮੈਂ ਹੱਸਦਿਆਂ ਚਮਕੀਲੇ ਨੂੰ ਕਿਹਾ ਕਿ ਹੁਣ ਤਾਂ ਸਾਰੀ ਦਾਲ ਹੀ ਕਾਲੀ ਹੋਣ ਨੂੰ ਫਿਰਦੀ ਹੈ ਤੇ ਨਾਲੇ ਪੁੱਛਿਆ ਕਿ ਤੇਰੇ ਭੈਣ ਭਰਾ ਤੇ ਸਾਰੇ ਰਿਸ਼ਤੇਦਾਰ ਇਸ ਕੰਮ ਲਈ ਸਹਿਮਤ ਹੋ ਜਾਣਗੇ। ਚਮਕੀਲੇ ਨੇ ਕਿਹਾ ਕਿ ਸਹਿਮਤ ਹੋਣ ਚਾਹੇ ਨਾ ਹੋਣ ਇਹ ਤਾਂ ਮੇਰੀ ਮਰਜ਼ੀ ਹੈ। ਮਹੀਨੇ ਡੇਢ ਮਹੀਨੇ ਤੋਂ ਬਾਅਦ ਇਹਨਾਂ ਦੀ ਆਪ ਹੀ ਗੁਫ਼ਤਗੂ ਚੱਲਣ ਲੱਗ ਪਈ। ਜਦੋਂ ਚਮਕੀਲੇ ਨੇ ਮੈਨੂੰ ਕਿਹਾ ਕਿ ਮੈਂ ਇਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹਾਂ। ਮੈਂ ਚਮਕੀਲੇ ਨੂੰ ਕਿਹਾ ਕਿ ਜੇਕਰ ਤੇਰੇ ਘਰਦੇ ਕੋਈ ਇਤਰਾਜ਼ ਕਰਨ ਤਾਂ ਉਸਦਾ ਜ਼ੁਮੇਵਾਰ ਤੂੰ ਹੋਵੇਂਗਾ। ਚਮਕੀਲਾ ਕਹਿੰਦਾ ਕਿ ਅਜਿਹੀ ਕੋਈ ਗੱਲ ਨਹੀਂ ਇਹ ਜਿੰਮੇਵਾਰੀ ਦੀ ਗੱਲ ਮੇਰੇ ਤੇ ਸਿੱਟ ਦਿਓ,ਮੈਂ ਜਿਵੇਂ ਮਰਜ਼ੀ ਨਜਿੱਠਾਂ। ਮੈਨੂੰ ਚਮਕੀਲੇ ਨੇ ਰਾਤ ਨੂੰ ਪੈਸੇ ਦੇ ਕੇ ਫਗਵਾੜੇ ਭੇਜ ਦਿੱਤਾ ਕਿ ਜਾਹ ਆਪਦੇ ਮਾਂ ਪਿਓ ਨਾਲ ਗੱਲ ਕਰਕੇ ਆ। ਮੈਂ ਬੱਸ ਫੜਕੇ ਫਗਵਾੜੇ ਪਹੁੰਚ ਗਿਆ। ਫਗਵਾੜੇ ਦੀ ਪੁਰਾਣੀ ਸਬਜ਼ੀ ਮੰਡੀ ਦੇ ਮੂਹਰੇ ਅਵਤਾਰ ਫੌਜੀ ਦੀ ਸਪੀਕਰਾਂ ਦੀ ਦੁਕਾਨ ਹੁੰਦੀ ਸੀ, ਮੈਂ ਪਹਿਲਾਂ ਰਿਕਸ਼ਾ ਰੋਕ ਕੇ ਉਸ ਨਾਲ ਗੱਲ ਕੀਤੀ, ਉਹ ਕਹਿੰਦਾ ਕਿ ਤੂੰ ਰਿਕਸ਼ੇ ਦਾ ਕਿਰਾਇਆ ਦੇਦੇ ਤੇ ਦੁਕਾਨ ਤੇ ਆਜਾ। ਉਹ ਮੇਰੀਆਂ ਸਾਰੀਆਂ ਗੱਲਾਂ ਸੁਣਕੇ ਬਹੁਤ ਖੁਸ਼ ਹੋਇਆ ਤੇ ਨਾਲ ਹੀ ਸ਼ਰਾਬ ਦਾ ਅਧੀਆ ਮੰਗਵਾ ਲਿਆ। ਅਸੀਂ ਸ਼ਰਾਬ ਪੀ ਕੇ ਮੋਟਰ ਸਾਇਕਲ ਸਟਾਰਟ ਕਰਕੇ ਆਪਣੇ ਘਰ ਸੁਖਚੈਨ ਨਗਰ ਵੱਲ ਨੂੰ ਤੁਰ ਪਏ ਮੈ ਰਾਤ ਨੂੰ ਨੌ ਵਜੇ ਜਾ ਕੇ ਆਪਣੀ ਬੀਬੀ ਜੀ ਤੇ ਭਾਪਾ ਜੀ ਨਾਲ ਗੱਲ ਕੀਤੀ। ਮੇਰੇ ਭਾਪਾ ਜੀ ਕਹਿੰਦੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੋਵੇਗੀ? ਅਵਤਾਰ ਫੌਜੀ ਸਪੀਕਰਾਂ ਵਾਲੇ ਨੇ ਜੁਆਬ ਦਿੱਤਾ ਕਿ ਆਨੰਦ ਕਾਰਜ ਕਰਨੇ ਹਨ ਤਾਂ ਪੰਦਰਾਂ, ਵੀਹ ਮਿੰਟ ਦਾ ਕੰਮ ਹੈ। ਮੇਰੇ ਮਾਤਾ ਜੀ ਬੋਲੇ ਫੋਜੀਆ ਇਹ ਕੰਮ ਤੈਂ ਹੀ ਕਰਨਾ ਹੈ। ਅਗੋਂ ਫੌਜੀ ਨੇ ਕਿਹਾ ਕਿ ਬੀਬੀ ਕਾਰ ਦੇ ਵਿੱਚ ਮਹਾਰਾਜ ਦੀ ਬੀੜ ਲਿਉਣੀ ਹੈ ਤੇ ਅਨੰਦ ਕਾਰਜ ਕਰਕੇ ਕਾਰ ਵਿੱਚ ਹੀ ਛੱਡ ਆਉਣੀ ਹੈ ਇਹ ਸਾਰੀਆਂ ਗੱਲਾਂ ਕਰਦੇ ਹੋਏ ਅਸੀਂ ਦੋਵੇਂ ਮੈਂ ਤੇ ਫੌਜੀ ਸੁਖਚੈਨ ਨਗਰ ਤੋਂ ਫਗਵਾੜੇ ਨੂੰ ਆਉਂਦੇ ਹੋਏ ਫੌਜੀ ਨੂੰ ਮੈਂ ਮੋਟਰ ਸਾਇਕਲ ਤੇ ਬੈਠਿਆਂ ਕਿਹਾ ਕਿ ਮੇਰੀ ਭੂਆ ਦੀ ਫੋਟੋ ਗ੍ਰਾਫਰੀ ਦੀ ਦੁਕਾਨ ਹੈ ਤੇ ਉਥੇ ਹੀ ਜੋਗਿੰਦਰ ਸਿੰਘ ਬਿਜਲੀ ਹੋਵੇਗਾ। ਉਹਨਾਂ ਨੂੰ ਸਹੀ ਨੌ ਵਜੇ ਦਾ ਟਾਇਮ ਆਪਣੇ ਘਰ ਆਉਣ ਦਾ ਦੇ ਦੇਵੀਂ, ਉਹ ਆ ਜਾਣਗੇ। ਫੌਜੀ ਮੈਨੂੰ ਰੇਲਵੇ ਸਟੇਸ਼ਨ ਤੇ ਬਾਰਾਂ ਵਜੇ ਰਾਤ ਨੂੰ ਛੱਡ ਆਇਆ ਤੇ ਮੈਂ ਰੇਲ ਚੜ੍ਹਕੇ ਲੁਧਿਆਣੇ ਪਹੁੰਚ ਗਿਆ। ਸਾਰੀ ਗੱਲਬਾਤ ਚਮਕੀਲੇ ਨੂੰ ਦੱਸ ਦਿੱਤੀ ਕਿ ਮੈਂ ਸਾਰਾ ਪ੍ਰਬੰਧ ਕਰ ਲਿਆ ਹੈ। ਚਮਕੀਲਾ ਮੇਰੇ ਨਾਲ ਦੋ ਵਜੇ ਹੀ ਸਲਾਹਾਂ ਕਰਨ ਲੱਗ ਪਿਆ ਕਿ ਗੱਡੀ ਕਿਹੜੀ ਕਰਨੀ ਹੈ ਮੈਂ ਉਸਨੂੰ ਕਿਹਾ ਕਿ ਲੁਧਿਆਣੇ ਲੋਕਲ ਅੱਡਿਓਂ ਉਸਤਾਦ ਪ੍ਰੇਮ ਦੀ ਗੱਡੀ ਕਰ ਆਵਾਂਗੇ। ਉਸਨੇ ਝੱਟ ਕਿਹਾ ਕਿ ਹਾਂ ਕਰ ਆ, ਉਹ ਬੰਦਾ ਹੀ ਬਹਤੁ ਵਧੀਆ ਅਤੇ ਸਿਆਣਾ ਹੈ। ਮੈਂ ਜਾ ਕੇ ਪ੍ਰੇਮ ਉਸਤਾਦ ਨਾਲ ਗੱਲ ਕੀਤੀ, ਤਾਂ ਪ੍ਰੇਮ ਬੋਲਿਆਂ ਚਮਕੀਲੇ ਦੀ ਤਾਂ ਮੈਂ ਧੌੜੀ ਲਾਹ ਦੇਉਂ। ਉਹ ਬੰਦਾ ਹੀ ਆਪਣਾ ਹੈ। ਜਦੋਂ ਗੱਡੀ ਅਮਰਜੋਤ ਦੇ ਦਰਵਾਜ਼ੇ ਤੇ ਆ ਗਈ ਤੇ ਲੋਕਾਂ ਸੋਚਿਆ ਕਿ ਇਹ ਪ੍ਰੋਗਰਾਮ ਤੇ ਚੱਲੀ ਹੈ। ਉਸਦਾ ਭਰਾ ਪੱਪੂ ਫਰੀਦਕੋਟ ਗਿਆ ਹੋਇਆ ਸੀ ਤੇ ਉਸਨੂੰ ਦੋ ਦਿਨ ਲੱਗ ਜਾਣੇ ਸੀ। ਅਮਰਜੋਤ ਕਹਿੰਦੀ ਹੁਣ, ਜੋ ਵੀ ਕਰਨਾ ਹੈ ਫਟਾ ਫਟ ਕਰ ਲਵੋ। ਕਿਤੇ ਆਪਣਾ ਸਾਰਾ ਕੰਮ ਵਿੱਚੇ ਹੀ ਨਾ ਰਹਿ ਜਾਵੇ। ਗੱਡੀ ਵਿੱਚ ਬੈਠੇ ਅਸੀਂ ਫਗਵਾੜੇ ਨੂੰ ਤੁਰ ਪਏ, ਜਦੋਂ ਫਗਵਾੜੇ ਨੌ ਸਾਢੇ ਨੌ ਦੇ ਕਰੀਬ ਪਹੁੰਚੇ ਤੇ ਬਾਂਸਾਂ ਵਾਲੇ ਬਜ਼ਾਰ ‘ਚੋਂ ਦੋ ਸੂਟ ਰੇਡੀਮੇਡ ਖਰੀਦੇ ਤੇ ਅਸੀਂ ਸੁਖਚੈਨ ਨਗਰ ਪਹੁੰਚ ਗਏ। ਉਸੇ ਗੱਡੀ ‘ਚ ਅਵਤਾਰ ਫੌਜੀ ਅਤੇ ਮੇਰੇ ਭਾਪਾ ਜੀ ਗੁਰਦੁਆਰਾ ਸਾਹਿਬ ਜੀ ਤੋਂ ਮਹਾਰਾਜ ਦੀ ਬੀੜ ਲੈ ਆਏ ਤੇ ਨਾਲ ਹੀ ਸੁੱਖਾ ਸਿੰਘ ਗ੍ਰੰਥੀ ਆ ਗਿਆ। ਉਸਨੂੰ ਕਿਹਾ ਕਿ ਇਹ ਸਾਰਾ ਪੰਦਰਾਂ ਵੀਹ ਮਿੰਟ ਵਿੱਚ ਹੀ ਨਿਬੇੜਨਾ ਹੈ। ਅਨੰਦ ਕਾਰਜ ਫਟਾ ਫੱਟ ਕੀਤੇ ਗਏ। ਅਨੰਦ ਕਾਰਜ ਸਮੇਂ ਅਮਰਜੋਤ ਦੇ ਪਿਤਾ ਵਾਲੇ ਸਾਰੇ ਫਰਜ਼ ਮੇਰੇ ਡੈਡੀ ਸ੍ਰ: ਰਤਨ ਸਿੰਘ ਜੀ ਨੇ ਨਿਭਾਏ। ਉਸ ਦਿਨ ਚੌਵੀ ਮਈ ਉੱਨ੍ਹੀ ਸੌ ਤਿਰਾਸੀ ਸੀ, ਫੋਟੋ ਗ੍ਰਾਫਰ ਜੋਗਿੰਦਰ ਸਿੰਘ ਬਿਜਲੀ ਨੇ ਕੈਮਰਾ ਗਲ ਵਿੱਚ ਰੱਖਕੇ ਹੀ ਢੋਲਕ ਵਜਾਈ ਤੇ ਅਮਰਜੋਤ ਨੇ ਘੁੰਢ ਕੱਢਿਆ ਹੋਇਆ ਸੀ ।ਅਨੰਦ ਕਾਰਜਾਂ ਦੀ ਸਮਾਪਤੀ ਉਪਰੰਤ ਗ੍ਰੰਥੀ ਸਿੰਘ ਨੇ ਅਰਦਾਸ ਕਰਕੇ ਫਤਿਹ ਬੁਲਾਈ ਤੇ ਮਾਈਕ ਫੜਕੇ ਅਵਤਾਰ ਫੌਜੀ ਕਹਿਣ ਲੱਗਾ ਕਿ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੇ ਅਨੰਦ ਕਾਰਜਾਂ ਦੀ ਰਸਮ ਖਤਮ ਹੋ ਗਈ ਹੈ। ਹੁਣ ਦੋਹਾਂ ਤੋਂ ਇੱਕ ਇੱਕ ਧਾਰਮਿਕ ਗੀਤ ਸੁਣਿਆ ਜਾਵੇ। ਅਮਰਜੋਤ ਨੇ ਸੁਣਾਇਆ ‘ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਿਲਾ ਗਿਆ” ਅਤੇ ਚਮਕੀਲੇ ਨੇ ਗਾਇਆ ‘ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ”। ਇਸ ਤੋਂ ਬਾਅਦ ਮਹਾਰਾਜ ਦੀ ਬੀੜ ਗੁਅਦੁਆਰੇ ਭੇਜੀ ਗਈ ਤੇ ਪਿੱਛੋਂ ਖਾਣ ਪੀਣ ਤੇ ਲੰਗਰ ਦਾ ਕੰਮ ਸ਼ੁਰੂ ਹੋ ਗਿਆ।

ਅਸੀਂ ਦੂਸਰੇ ਦਿਨ ਏਦਾਂ ਹੀ ਘਰ ਬੈਠੇ ਹੱਸਦੇ ਖੇਡਦੇ ਰਹੇ, ਟਾਂਗੇ ਵਿੱਚ ਇੱਕ ਖੁਸਰਿਆਂ ਦੀ ਟੋਲੀ ਆ ਗਈ। ਉਹਨਾਂ ਨੇ ਚਮਕੀਲੇ ਦਾ ਹੀ ਲਿਖਿਆ ਤੇ ਗਾਇਆ ਹੋਇਆ ਗੀਤ ਗਾਇਆ। ‘ਟੱਕੂਏ ਤੇ ਟਕੂਆ ਖੜਕੇ” ਤੇ ਮੁੰਡੇ ਦੇ ਜਿਹੜੇ ਬੋਲ ਸਨ ਉਹ ਚਮਕੀਲਾ ਖੁਸਰਿਆਂ ਨਾਲ ਖੁਦ ਹੀ ਖੜਕੇ ਗਾਉਣ ਲੱਗ ਪਿਆ। ਨਾਲੇ ਅਮਰਜੋਤ ਤੋਂ ਪੈਸੇ ਵਾਰਕੇ ਕਹਿੰਦਾ ਕਿ ਤੁਸੀਂ ਗੀਤ ਗਾਈ ਚੱਲੋ, ਮੈਂ ਆਪ ਹੀ ਜਵਾਬ ਦੇਈ ਜਾਵਾਂਗਾ। ਮੇਰੀ ਮਾਤਾ ਨਸੀਬ ਕੌਰ ਨੇ ਅੰਦਰੋਂ ਕਣਕ ਦੀ ਭਰੀ ਪ੍ਰਾਂਤ ਤੇ ਉੱਤੇ ਗੁੜ ਦੀ ਭੇਲੀ ਤੇ ਭੇਲੀ ਉੱਤੇ ਸੂਟ, ਸੂਟ ਉਤੇ ਪੱਚੀ ਰੁਪੈ, ਅਮਰ ਸਿੰਘ ਚਮਕੀਲੇ ਅਤੇ ਅਮਰਜੋਤ ਉਤੋਂ ਵਾਰਕੇ ਖੁਸਰਿਆਂ ਦੀ ਝੋਲੀ ਵਿੱਚ ਪਾ ਦਿੱਤੇ। ਕੋਲ ਬੈਠਾ ਚਮਕੀਲਾ ਖੁਸਰਿਆਂ ਨੂੰ ਟਿੱਚਰਾਂ ਕਰ ਰਿਹਾ ਸੀ। ਮੇਰੀ ਮਾਂ ਨੇ ਕਿਹਾ ਕਿ ‘ਫੋਟ ਦਾਦੇ ਮਗਾਉਣਾ” ਚਮਕੀਲੇ ਨੇ ਕਿਹਾ ਕਿ ਬੀਬੀ ਜੀ ਇਹਦੇ ਤੇ ਵੀ ਗੀਤ ਲਿਖ ਦੇਵਾਂਗਾ। ਫਿਰ ਗੀਤ ਲਿਖਿਆ ‘ਫੋਟ ਦਾਦੇ ਮਗੌਣਿਆ ਕੀ ਕਰਤੂਤ ਖਿੰਡਾ ਦਿੱਤੀ” ਜੋ ਬਹੁਤ ਹੀ ਪ੍ਰਸਿੱਧ ਹੋਇਆ।

ਫਿਰ ਖੁਸਰਿਆਂ ਕੰਨ ਚੁੱਕ ਲਏ ਤੇ ਕਿਹਾ ਕਿ ਬੀਬੀ ਇਹ ਕਿਤੇ ਚਮਕੀਲਾ ਹੀ ਤਾਂ ਨਹੀਂ? ਸੁਣਦਿਆਂ ਝੱਟ ਮੇਰੀ ਬੀਬੀ ਨਸੀਬ ਕੌਰ ਨੇ ਕਿਹਾ ਭਾਈ ਹੋਰ ਥੋਨੂੰ ਕੌਣ ਦਿਸਦੈ? ਇਹੋ ਹੈ ਚਮਕੀਲਾ। ਖੁਸਰੇ ਅੜਕੇ ਬੈਠ ਗਏ ਕਿ ਭਾਈ ਤੈਥੋਂ ਤਾਂ ਅਸੀਂ ਵਧਾਈ ਵੱਖਰੀ ਲਵਾਂਗੇ ਚਮਕੀਲੇ ਨੇ ਖੁਸਰਿਆਂ ਨੂੰ ਕਿਹਾ ਕਿ ਹੁਣ ਤੁਸੀਂ ਜਾਓ, ਨਹੀਂ ਤਾਂ ਤੁਹਾਡੇ ਤੇ ਵੀ ਕੁਝ ਲਿਖਣਾ ਪਵੇਗਾ। ਨਾਲੇ ਮੈਂ ਕਈ ਜ਼ਰੂਰੀ ਕੰਮ ਕਰਨੇ ਹਨ। ਏਨੀ ਸੁਣਕੇ ਖੁਸਰੇ ਤਾਂ ਰੋਟੀ ਪਾਣੀ ਛਕ ਕੇ ਵਾਪਸ ਚਲੇ ਗਏ। ਹੁਣ ਲੁਧਿਆਣੇ ਤੋਂ ਬਲਜਿੰਦਰ ਸੰਗੀਲਾ ਜੋ ਕਿ ਚਮਕੀਲੇ ਦਾ ਸ਼ਗਿਰਦ ਹੈ, ਫਗਵਾੜੇ ਸਾਡੇ ਕੋਲ ਸਾਡੇ ਘਰ ਹੀ ਆਈਡੀਆ ਲਾ ਪਹੁੰਚ ਗਿਆ। ਦੱਸਿਆ ਕਿ ਉਸਤਾਦ ਜੀ ਅਜੇ ਕੋਈ ਗੱਲ ਬਾਤ ਨਹੀਂ।ਚਮਕੀਲਾ ਕਹਿੰਦਾ ‘ਬੱਬੀ’ ਜੋ ਅਮਰਜੋਤ ਦਾ ਘਰੇਲੂ ਨਾਂ ਸੀ ਕਹਿ ਕੇ ਹਾਕ ਮਾਰੀ ਕਿ ਮੇਰੀ ਗੱਲ ਸੁਣ, ਇੱਕ ਬਲਜਿੰਦਰ ਸੰਗੀਲੇ ਨੂੰ ਚਿੱਠੀ ਲਿਖ ਕੇ ਦੇਦੇ ਕਿ ਮੈਂ ਚਮਕੀਲੇ ਨਾਲ ਵਿਆਹ ਕਰਵਾ ਲਿਆ ਹੈ ਤੇ ਅਸੀਂ ਵੈਸ਼ਨੋ ਦੇਵੀ ਬੈਠੇ ਹਾਂ। ਇਹ ਚਿੱਠੀ ਸੰਗੀਲੇ ਨੂੰ ਦੇ ਕੇ ਕਿਹਾ ਕਿ ਜਿਹੜਾ ਸਾਡਾ ਚੁਬਾਰਾ ਹੈ, ਇਸ ਚਿੱਠੀ ਨੂੰ ਗੂੰਦ ਲਾ ਕੇ ਸਾਡੇ ਚੁਬਾਰੇ ਦੇ ਦਰਵਾਜ਼ੇ ਨੂੰ ਲਾ ਦੇਵੀਂ। ਕਿਉਂਕਿ ਪੱਪੂ ਤੇ ਭਾਪਾ ਜੀ ਨੇ ਫ਼ਰੀਦ ਕੋਟ ਤੋਂ ਆਉਣਾ ਹੈ, ਉਹ ਪੜ੍ਹ ਲੈਣਗੇ। ਜਦੋਂ ਉਹ ਫਰੀਦਕੋਟੋਂ ਤੀਜੇ ਦਿਨ ਚੁਬਾਰੇ ਵਿੱਚ ਪਹੁੰਚੇ ਤਾਂ ਦਰਵਾਜਾ ਖੋਹਲਣ ਲੱਗਿਆਂ ਨੇ ਚਿੱਠੀ ਤੋਂ ਸਾਰੀ ਗੱਲਬਾਤ ਪੜ੍ਹੀ ਤੇ ਪੱਪੂ ਕਹਿੰਦਾ ਭਾਪਾ ਜੀ ਜਿਹੜੀ ਗੱਲ ਨਹੀਂ ਹੋਣੀ ਸੀ ਉਹ ਹੋ ਗਈ ਹੈ। ਹੁਣ ਅਸੀਂ ਵੈਸ਼ਨੂੰ ਦੇਵੀ ਜਾ ਕੇ ਉਹਨਾਂ ਨੂੰ ਕਿੱਥੋਂ ਲੱਭਾਂਗੇ। ਏਧਰ 29 ਮਈ ਉੱਨੀ ਸੌ ਤਰਾਸੀ ਨੂੰ ਖੰਨੇ ਦੇ ਕੋਲ ਪਿੰਡ ਕਾਲੇਵਾਲ ਵਿੱਚ ਸਾਡਾ ਪ੍ਰੋਗਰਾਮ ਸੀ। ਜਦੋਂ ਅਸੀਂ ਫਗਵਾੜੇ ਤੋਂ ਇਸ ਪ੍ਰੋਗਰਾਮ ਲਈ ਲੁਧਿਆਣੇ ਦਫ਼ਤਰ ਪਹੁੰਚੇ, ਮੈਂ, ਚਮਕੀਲਾ ਤੇ ਅਮਰਜੋਤ। ਜਦੋਂ ਅਮਰਜੋਤ ਦੇ ਲਾਲ ਚੂੜਾ ਪਾਇਆ ਹੋਇਆ ਵੇਖਿਆ ਤੇ ਪੱਪੂ ਲਾਲ ਪੀਲਾ ਹੋ ਗਿਆ ਤੇ ਕਹਿਣ ਲੱਗਾ ਜੋ ਤੂੰ ਬੱਬੀ” ਕੀਤਾ ਹੈ ਇਹ ਚੰਗਾ ਨਹੀਂ ਕੀਤਾ। ‘ਬੱਬੀ” ਨੇ ਅਗੋਂ ਜੁਵਾਬ ਦਿੱਤਾ ਕਿ ਪੱਪੂ ਤੂੰ ਚੁਪ ਕਰਕੇ ਬਹਿਜਾ ਜੋ ਮੈਂ ਕਰਨਾ ਸੀ ਕਰ ਲਿਆ। ਪੱਪੂ ਚਮਕੀਲੇ ਨਾਲ ਹੀ ਗਰਮ ਹੋਣ ਲੱਗ ਪਿਆ ਤਾਂ ਚਮਕੀਲੇ ਨੇ ਕਿਹਾ ਕਿ “ਜਦੋਂ ਮੀਆਂ ਬੀਬੀ ਰਾਜ਼ੀ, ਤੇ ਫਿਰ ਕੀ ਕਰੂਗਾ ਕਾਜ਼ੀ” ਕਹਿ ਕੇ ਟਾਲ ਦਿੱਤਾ। ਇਸ ਗੱਲ ਦੀ ਲੁਧਿਆਣੇ ਦੇ ਕਲਾਕਾਰਾਂ ‘ਚ ਚਰਚਾ ਹੋਣ ਲੱਗ ਪਈ ਕਿ ਚਮਕੀਲੇ ਨੇ ਅਮਰਜੋਤ ਨਾਲ ਵਿਆਹ ਕਰਵਾ ਲਿਆ ਹੈ। ਕੁਝ ਕਲਾਕਾਰ ਇਸ ਕੰਮ ਨੂੰ ਮਾੜਾ ਕਹਿੰਦੇ ਸਨ ਤੇ ਕੁਝ ਚੰਗਾ ਕਹਿੰਦੇ ਸਨ। ਪਰ ਬਹੁ ਗਿਣਤੀ ਚੰਗਾ ਕਹਿਣ ਵਾਲੇ ਚਮਕੀਲੇ ਤੇ ਅਮਰਜੋਤ ਦੇ ਪ੍ਰਸ਼ੰਸ਼ਕ ਸਨ।

ਇਹਨਾਂ ਦੋਹਾਂ ਦਾ ਵਿਆਹ ਕੀ ਹੋ ਗਿਆ ਕਲਾਕਾਰਾਂ ਤੇ ਤਾਂ ਆਫ਼ਤ ਹੀ ਆ ਗਈ। ਤੀਹਾਂ ਦਿਨਾਂ ਦੇ ਪੈਂਤੀ ਪ੍ਰੋਗਰਾਮ ਹੁੰਦੇ ਸੀ । ਫਿਰ ਤਾਂ ਵਿਆਹ ਵਾਲੇ ਮੁੰਡੇ ਵੀ ਇਹ ਕਹਿਣ ਲੱਗ ਪਏ ਕਿ ਅਸੀਂ ਵਿਆਹ ਹੀ ਤਾਂ ਕਰਵਾਵਾਂਗੇ, ਜੇਕਰ ਚਮਕੀਲੇ ਤੇ ਅਮਰਜੋਤ ਦਾ ਅਖਾੜਾ ਬੁੱਕ ਕਰੋਗੇ। ਲੋਕ ਪੰਡਤਾਂ ਕੋਲੋਂ ਵਿਆਹ ਦੀ ਤਾਰੀਖ ਕਢਵਾਉਣ ਦੀ ਥਾਂ ਚਮਕੀਲੇ ਦੀ ਵਿਹਲੀ ਤਾਰੀਖ ਪੁੱਛਕੇ ਵਿਆਹ ਕਰਵਾਉਣ ਲੱਗ ਪਏ। ਹੁਣ ਤਾਂ ਇਹ ਜੋੜੀ ਕੌੜੀ ਵੇਲ ਵਾਂਗ ਦਿਨ ਦੁੱਗਣੀ ਤੇ ਰਾਤ ਚੌਗੁਣੀ ਵਧਦੀ ਗਈ। ਭਾਵ ਤਰੱਕੀ ਕਰਦੀ ਰਹੀ। ਇਸ ਜੋੜੀ ਦੀ ਆਖਰੀ ਸਮੇਂ ਤੱਕ ਸੰਗੀਤ ‘ਚ ਚੜ੍ਹਤ ਰਹੀ। ਕੋਈ ਵੀ ਗਾਇਕ ਜੋੜੀ ਇਸ ਜੋੜੀ ਦਾ ਮੁਕਾਬਲਾ ਨਾ ਕਰ ਸਕੀ। ਸਾਰੇ ਲੁਧਿਆਣੇ ਦੇ ਗਾਇਕ ਇਸ ਜੋੜੀ ਤੋਂ ਖਾਰ ਖਾਂਦੇ ਸਨ।

ਇਥੋਂ ਤੱਕ ਵੇਖਣ ਵਿੱਚ ਆਇਆ ਹੈ ਕਿ ਸਮਕਾਲੀ ਗਾਇਕਾਂ ਨੇ ਬੇ-ਸ਼ੱਕ ਚਮਕੀਲੇ ਨਾਲੋਂ ਕਿੰਨਾ ਵੱਧ ਅਸ਼ਲੀਲ ਗਾਇਆ ਹੈ। ਪਰ ਉਹ ਅਸ਼ਲੀਲਤਾ ਦਾ ਦੋਸ਼ ਚਮਕੀਲੇ ਅਤੇ ਅਮਰਜੋਤ ਤੇ ਲਾਉਂਦੇ ਰਹੇ ਹਨ। ਕਲਾਕਾਰਾਂ ਵਲੋਂ ਇਸ ਜੋੜੀ ਤੇ ਰੱਖੇ ਦੰਦੇ ਨੇ ਇਹਨਾਂ ਦਾ ਅੰਤ ਕਰ ਦਿੱਤਾ। ਟਿੱਕੀ ਏਨੀ ਗੱਲ ਕਹਿਕੇ ਭਾਵੁਕ ਹੋ ਕੇ ਰੋਣ ਲੱਗ ਪਿਆ। ਥੋੜਾ ਚਿਰ ਠਹਿਰ ਕੇ ਫਿਰ ਬੋਲਿਆ।

8 ਮਾਰਚ 1988 ਈ: ਨੂੰ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦਾ ਪ੍ਰੋਗਰਾਮ ਪਿੰਡ ਮਹਿਸਮਪੁਰ ਵਿਖੇ ਸੀ, ਜੋ ਫਿਲੌਰ ਦੇ ਕੋਲ ਹੈ ਜਿਸ ਵਿੱਚ ਖਾੜਕੂਆਂ ਨੇ ਅਮਰ ਸਿੰਘ ਚਮਕੀਲਾ,ਅਮਰਜੋਤ, ਹਰਜੀਤ ਗਿੱਲ ਤੇ ਢੋਲਕ ਮਾਸਟਰ ਬਲਦੇਵ ਦੇਬੀ ਮਾਰ ਦਿੱਤੇ ਸਨ। ਇਹਨਾਂ ਨਾਲ ਮਰਨਾ ਤਾਂ ਮੈਂ ਸੀ, ਪਰ ਮੇਰੀ ਜਗ੍ਹਾ ਉਸ ਦਿਨ ਬਲਦੇਵ ਦੇਬੂ ਸੀ ਢੋਲਕੀ ਤੇ ਜੋ ਮੇਰੀ ਜਗ੍ਹਾ ਮਾਰਿਆ ਗਿਆ। ਮੈਂ ਉਸ ਦਿਨ ਆਪਣੇ ਸੌਹਰੀਂ ਆਪਣੀ ਲੜਕੀ ਮਨਪ੍ਰੀਤ ਕੌਰ ਅਤੇ ਆਪਣੇ ਘਰ ਵਾਲੀ ਸੁਰਿੰਦਰ ਕੌਰ ਛਿੰਦੀ ਨੂੰ ਲੈਣ ਗਿਆ ਹੋਇਆ ਸੀ। ਇਸੇ ਕਰਕੇ ਇਹਨਾਂ ਨਾਲ ਬਲਦੇਵ ਦੇਬੂ ਗਿਆ ਤੇ ਇਹ ਗਰੀਬ ਪ੍ਰੀਵਾਰ ਦਾ ਲੜਕਾ ਮਾਰਿਆ ਗਿਆ।

ਇਹਨਾਂ ਦੇ ਮਰਨ ਦੀ ਘਟਨਾ ਨੇ ਸਾਰੇ ਕਲਾਕਾਰਾਂ, ਸਰੋਤਿਆਂ ਗੱਲ ਕੀ ਜਿੱਥੇ ਵੀ ਜਿਸ ਕੰਟਰੀ ਵਿੱਚ ਦੋ ਪੰਜਾਬੀ ਬੈਠੇ ਹਨ, ਹਿਲਾ ਕੇ ਰੱਖ ਦਿੱਤੇ। ਪਰ ਮੈਨੂੰ ਇਸ ਖਬਰ ਦਾ ਪਤਾ ਦੂਜੇ ਦਿਨ ਅਖਬਾਰ ਤੋਂ ਲੱਗਿਆ। ਮੈਂ ਪੂਰੇ ਅੱਠ ਦਿਨ ਸ਼ਰਾਬ ਪੀ ਕੇ ਇਹੋ ਹੀ ਕਹਿੰਦਾ ਰਿਹਾ ਕਿ ਹੇ ਰੱਬਾ ਮੈਨੂੰ ਵੀ ਚੁੱਕ ਲੈਂਦਾ।

ਮੇਰੀ ਇਹ ਹਾਲਤ ਵੇਖਕੇ ਮੇਰੀ ਸੱਸ ਨੇ ਆਪਣੀ ਲੜਕੀ ਮੇਰੇ ਘਰ ਵਾਲੀ ਨੂੰ ਕਿਹਾ ਕਿ ਜਾਹ ਪੁੱਤ ਤੂੰ ਹੁਣ ਟਿੱਕੀ ਨੂੰ ਲੁਧਿਆਣੇ ਲੈ ਜਾ, ਨਹੀਂ ਤਾਂ ਇਹ ਪਾਗਲ ਹੋ ਜਾਵੇਗਾ। ਜਦੋਂ ਮੈਂ ਲੁਧਿਆਣਾ ਆਇਆ ਤਾਂ ਵੇਖਿਆ ਕਿ ਕਲਾਕਾਰਾਂ ਦੀ ਮਾਰਕੀਟ ਵਿੱਚ ਪੂਰੀ ਤਰ੍ਹਾਂ ਸੋਗ ਪਿਆ ਹੋਇਆ ਸੀ। ਕਈ ਕਲਾਕਾਰਾਂ ਨੇ ਮੈਨੂੰ ਕਿਹਾ ਕਿ ਸ਼ੁਕਰੈ ਭਰਾਵਾ ਤੂੰ ਬਚ ਗਿਆ ਏਂ। ਉਸ ਸਮੇਂ ਖਾੜਕੂਵਾਦ ਦਾ ਏਨਾ ਡਰ ਸੀ ਕਿ ਕੋਈ ਕਲਾਕਾਰ ਜਾਂ ਕੋਈ ਹੋਰ ਚਮਕੀਲਾ ਜਾਂ ਅਮਰਜੋਤ ਦੇ ਘਰ ਬੈਠਣ ਵੀ ਨਹੀਂ ਸੀ ਜਾਂਦਾ। ਏਥੋਂ ਤੱਕ ਕਿ ਕੋਈ ਗ੍ਰੰਥੀ ਵੀ ਪਾਠ ਕਰਨ ਨੂੰ ਤਿਆਰ ਨਹੀਂ ਸੀ। ਮਸਾਂ ਮਿੰਨਤਾਂ ਕਰਕੇ ਪਾਠੀ ਮਨਾਇਆ, ਪਾਠ ਕੀਤਾ, ਭੋਗ ਪਾਇਆ ਤੇ ਅਰਦਾਸ ਕੀਤੀ। ਫਿਰ ਕੋਈ ਸ਼ਰਧਾਂਜਲੀ ਭੇਂਟ ਕਰਨ ਨਾ ਉੱਠੇ। ਅਖੀਰ ਗਵੱਈਆਂ ਦੇ ਹਮਦਰਦ ਸ੍ਰ: ਜਗਦੇਵ ਸਿੰਘ ਜੱਸੋਵਾਲ ਨੇ ਨਿਧੜਕ ਹੋ ਕੇ ਕਿਹਾ ਕਿ ਚਮਕੀਲੇ ਨੂੰ ਮਾਰਨ ਨਾਲ ਅਸ਼ਲੀਲਤਾ ਖਤਮ ਨਹੀਂ ਹੁੰਦੀ। ਇਹ ਤਾਂ ਸਿਰ ਫਿਰੇ ਟੋਲੇ ਦੀ ਇੱਕ ਬਹੁਤ ਵੱਡੀ ਗਲਤੀ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਹੁਣ ਚਮਕੀਲੇ ਦੀਆਂ ਕੈਸਟਾਂ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਵਿਕਣਗੀਆਂ। ਮਾਰਨ ਵਾਲਿਓ ਤੁਸੀਂ ਚਮਕੀਲੇ ਦੀਆਂ ਧਾਰਮਿਕ ਕੈਸਟਾਂ ਨਹੀਂ ਸੁਣੀਆਂ ? ਜੇਕਰ ਤੁਸੀਂ ਸੁਣੀਆਂ ਹੁੰਦੀਆਂ ਤਾਂ ਇਹ ਕਾਰਾ ਨਾ ਕਰਦੇ। ਸ੍ਰ: ਜਗਦੇਵ ਸਿੰਘ ਜੱਸੋਵਾਲ ਦੇ ਇਹਨਾਂ ਸ਼ਬਦਾਂ ਨੇ ਪੰਡਾਲ ਨੂੰ ਹਿਲਾ ਕੇ ਰੱਖ ਦਿੱਤਾ।

ਅੱਜ ਚਮਕੀਲੇ ਨੂੰ ਮਰੇ ਨੂੰ ਵੀ ਤਕਰੀਬਨ ਡੇਢ ਦਹਾਕਾ ਹੋਣ ਵਾਲਾ ਹੈ ਫਿਰ ਵੀ ਉਸਦੀਆਂ ਕੈਸਟਾਂ ਧੜਾ ਧੜ ਵਿਕ ਰਹੀਆਂ ਹਨ। ਸ: ਜੱਸੋਵਾਲ ਦੇ ਕਹੇ ਸ਼ਬਦ ਹਮੇਸ਼ਾਂ ਜਿਉਂਦੇ ਰਹਿਣਗੇ ਕਿਉਂਕਿ ਚਮਕੀਲਾ ਤੇ ਅਮਰਜੋਤ ਹਮੇਸ਼ਾਂ ਅਮਰ ਤੇ ਵਿਕਦੇ ਰਹਿਣਗੇ। ਸਰੋਤੇ ਵੀ ਉਹਨਾਂ ਨੂੰ ਪੂਰਾ ਆਦਰ ਮਾਣ ਦਿੰਦੇ ਰਹਿਣਗੇ। ਮੇਰੀ ਜ਼ਿੰਦਗੀ ਦਾ ਅਹਿਮ ਪਾਤਰ ਸੀ ਅਮਰ ਸਿੰਘ ਚਮਕੀਲਾ ਜਿਸ ਬਾਰੇ ਮੇਰਾ ਵੱਡਾ ਵੀਰ ਗੁਲਜ਼ਾਰ ਸਿੰਘ ਸ਼ੌਕੀ ਪੁਸਤਕ ਤਿਆਰ ਕਰ ਰਿਹਾ ਹੈ। ਮੈਂ ਇਹ ਪੁਸਤਕ ਤਿਆਰ ਕਰਨ ਲਈ ਇਹਨਾਂ ਦਾ ਰਿਣੀ ਰਹਾਂਗਾ ਕਿਉਂਕਿ ਇਹ ਅਮਰ ਸਿੰਘ ਚਮਕੀਲਾ ਦੇ ਨਾਲ ਮੇਰਾ ਨਾਂ ਵੀ ਅਮਰ ਕਰ ਦੇਵੇਗਾ।

ਕੇਸਰ ਸਿੰਘ ਟਿੱਕੀ

ਢੋਲਕ ਮਾਸਟਰ

ਚਮਕੀਲੇ ਦੀ ਗਾਇਕੀ ਅੱਜ ਦੀ ਗਾਇਕੀ ਨਾਲੋਂ ਕਿਤੇ ਸਾਫ ਸੁਥਰੀ ਸੀ -ਕਰਨੈਲ ਗਿੱਲ

ਅਮਰ ਸਿੰਘ ਚਮਕੀਲੇ ਉੱਤੇ ਜੋ ਦੋਸ਼ ਲੱਗ ਰਿਹਾ ਹੈ ਕਿ ਉਸਨੇ ਲਚਰ, ਅਸ਼ਲੀਲ ਅਤੇ ਅਸੱਭਿਅਕ ਗੀਤ ਗਾਏ ਹਨ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਉਸ ਕੋਲ ਹਰ ਵਿਸ਼ਾ ਨਿਭਾਉਣ ਦੀ ਸਮਰੱਥਾ ਸੀ। ਬੇਸ਼ੱਕ ਵਿਸ਼ਾ ਕਿਸੇ ਪ੍ਰਕਾਰ ਦਾ ਕਾ ਹੋਵੇ। ਉਸਨੇ ਜੋ ਵੀ ਲਿਖਿਆ ਹੈ, ਉਹ ਪਾਏਦਾਰ ਲਿਖਿਆ ਹੈ। ਉਹ ਸਮਰੱਥ ਗੀਤਕਾਰ, ਸਮਰੱਥ ਸੰਗੀਤਕਾਰ ਸਮਰੱਥ ਗਾਇਕ ਅਤੇ ਸਮਰੱਥ ਕੰਪੋਜ਼ਰ ਸੀ। ਉਸਨੇ ਲੋਕ-ਬੋਲੀ ਵਿੱਚ ਲੋਕਾਂ ਦੀ ਗੱਲ ਕੀਤੀ ਸੀ, ਜਿਸਨੂੰ ਕੋਈ ਅਖੌਤੀ ਅਲੋਚਕ ਅਸ਼ਲੀਲ ਕਹਿੰਦੇ ਹਨ। ਉਸ ਦੀ ਲਿਖਣ ਭਾਸ਼ਾ ਬੜੀ ਸਰਲ ਤੇ ਸਪੱਸ਼ਟ ਸੀ, ਜਿਸ ਕਰਕੇ ਲੋਕਾਂ ਨੂੰ ਅਸ਼ਲੀਲ ਲਗਦੀ ਸੀ।

ਜਿਹੜੇ ਲੋਕ ਅਮਰ ਸਿੰਘ ਚਮਕੀਲਾ ਨੂੰ ਅਸ਼ਲੀਲ ਗਾਇਕੀ ਲਈ ਜ਼ੁੰਮੇਵਾਰ ਠਹਿਰਾਉਂਦੇ ਹਨ। ਮੈਂ ਸਮਝਦਾ ਹਾਂ ਕਿ ਇਸ ਤੋਂ ਵੱਧ ਉਹ ਖੁਦ ਅਸ਼ਲੀਲ ਹਨ। ਉਹਨਾਂ ਦੀ ਆਪਣੀ ਸੋਚ ਅਸ਼ਲੀਲ ਹੈ, ਸ਼ਬਦ ਕਦੇ ਵੀ ਲੱਚਰ ਜਾਂ ਅਸ਼ਲੀਲ ਨਹੀਂ ਹੁੰਦੇ, ਜੇਕਰ ਚਮਕੀਲੇ ਦੀ ਰਚਨਾ ਤੇ ਗਾਇਕੀ ਅਸ਼ਲੀਲ ਹੁੰਦੀ ਤਾਂ ਸਰੋਤੇ ਉਸਨੂੰ ਪ੍ਰਵਾਨ ਕਿਉਂ ਕਰਦੇ? ਉਸਨੂੰ ਮਾਨਤਾ ਕਿਉਂ ਦਿੰਦੇ? ਜੇਕਰ ਆਪਾਂ ਮੰਨ ਵੀ ਲਈਏ ਕਿ ਚਮਕੀਲੇ ਦੀ ਗਾਇਕੀ ਲਚਰ ਹੈ, ਤਾਂ ਮੈਂ ਸਮਝਾਂਗਾ ਕਿ ਇਸ ਲਈ ਜ਼ੁੰਮੇਵਾਰ ਚਮਕੀਲਾ ਨਹੀਂ ਸਗੋਂ ਉਸਦੇ ਸਰੋਤੇ ਹਨ।

ਸਾਡੇ ਸਮਾਜ ਵਿੱਚ ਕਈ ਅਜਿਹੇ ਬੰਦੇ ਹਨ ਜੋ ਛੋਟੀ ਸਾਲੀ ਅਤੇ ਛੋਟੀ ਭਰਜਾਈ ਨੂੰ ਭੈਣਾਂ ਵਾਂਗ, ਵੱਡੀ ਸਾਲੀ ਅਤੇ ਵੱਡੀ ਭਰਜਾਈ ਨੂੰ ਮਾਵਾਂ ਵਾਂਗ ਸਮਝਦੇ ਹਨ। ਕੁਝ ਅਜਿਹੇ ਇਨਸਾਨ ਹਨ ਜੋ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਵਿਗਾੜ ਦਿੰਦੇ ਹਨ। ਚਮਕੀਲੇ ਨੇ ਉਹਨਾਂ ਦੀ ਨਬਜ਼ ਨੂੰ ਪਛਾਣ ਕੇ ਹੀ ਲਿਖਿਆ ਤੇ ਗਾਇਆ ਹੈ। ਪਰ ਜੋ ਸਾਡੇ ਵਧੀਆ ਸਰੋਤੇ ਅਖਵਾਉਂਦੇ ਹਨ, ਆਪਣੇ ਆਪ ਨੂੰ ਅਗਾਂਹਵਧੂ ਹੋਣ ਦਾ ਭਰਮ ਭਾਲਦੇ ਹਨ। ਚਮਕੀਲੇ ਦੀਆਂ ਕੈਸਟਾਂ ਉਹਨਾਂ ਨੇ ਵੀ ਸੁਣੀਆਂ ਹਨ, ਪਰ ਉਹਨਾ ਨੂੰ ਹਜ਼ਮ ਨਹੀਂ ਹੋਈਆਂ ਕਿਉਂਕਿ ਉਹਨਾਂ ਦਾ ਹਾਜ਼ਮਾਂ ਸੱਚ ਨੂੰ ਹਜ਼ਮ ਕਰਨ ਦੀ ਸਮਰੱਥਾ ਨਹੀਂ ਰੱਖਦਾ। ਚਮਕੀਲੇ ਨੇ ਛਪਾਰ ਮੇਲੇ ਦੀਆਂ ਬੋਲੀਆਂ ਨਾਲੋਂ ਤਾਂ ਖੁੱਲ੍ਹਾ ਨਹੀਂ ਗਾਇਆ।

ਚਮਕੀਲੇ ਦਾ ਸਾਥੋਂ ਵਿਛੜਨਾ ਸਾਡੇ ਸੱਭਿਆਚਾਰ ਲਈ ਬਹੁਤ ਹੀ ਹਾਨੀਕਾਰਕ ਹੋਇਆ ਹੈ। ਕਿਉਂਕਿ ਉਸਨੇ ਸਾਡੇ ਸਮਾਜ ਨੂੰ ਸੁਧਾਰਨ ਲਈ ਅਜਿਹੇ ਬੰਦਿਆਂ ਦੇ ਮੂੰਹ ਤੇ ਛਿੱਤਰ ਮਾਰਿਆ ਸੀ, ਜਿਹੜੇ ਸਾਡੇ ਸਮਾਜ ਨੂੰ ਗੰਧਲਾ ਕਰ ਰਹੇ ਹਨ। ਪਖੰਡੀ ਸਾਧਾਂ ਦੀ ਵੀ ਉਸਨੇ ਆਪਣੀ ਗਾਇਕੀ ਰਾਹੀਂ ਕਾਲੀ ਕਰਤੂਤ ਲੋਕਾਂ ਸਾਹਮਣੇ ਪੇਸ਼ ਕੀਤੀ ਹੈ। ਜਿਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਅਜਿਹੇ ਵਿਸ਼ੇ ਹੋਰ ਵੀ ਛੋਹੇ ਹਨ, ਜੋ ਹੁਣ ਤੱਕ ਕਿਸੇ ਵੀ ਗੀਤਕਾਰ ਤੇ ਗਾਇਕ ਨੇ ਬਿਲਕੁਲ ਨਹੀਂ ਛੋਹੇ। ਇਸ ਲਈ ਚਮਕੀਲਾ ਵਧਾਈ ਦਾ ਪਾਤਰ ਸੀ । ਉਸਦੀਆਂ ਲੋਕ ਪੱਖੀ ਤਿਆਰ ਕੀਤੀਆਂ ਤਰਜ਼ਾਂ ਵੀ ਉਸਦੀ ਇੱਕ ਵੱਖਰੀ ਪਛਾਣ ਸੀ।

ਜਿਥੇ ਅਮਰ ਸਿੰਘ ਚਮਕੀਲੇ ਨੇ ਲੋਕ ਗਾਇਕੀ ਵਿੱਚ ਦੋਗਾਣੇ, ਸੋਲੋ, ਲੋਕ- ਤੱਥ, ਲੋਕ ਗਥਾਵਾਂ ਖੁੱਭ ਕੇ ਗਾਈਆਂ ਹਨ ਉਸਦੇ ਸਰੋਤਿਆਂ ਨੇ ਖੁੱਭਕੇ ਹੀ ਸੁਣਿਆ ਹੈ। ਅਮਰ ਸਿੰਘ ਚਮਕੀਲੇ ਨੇ ਧਾਰਮਿਕ ਗੀਤ ਵੀ ਗਾਏ ਹਨ। ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖ ਇਤਿਹਾਸ ਨਾਲ ਹੈ। ਉਸਨੇ ਧਾਰਮਿਕ ਇਤਿਹਾਸ ਨੂੰ ਲੋਕ ਤਰਜ਼ਾਂ ਵਿੱਚ ਹੀ ਗਾਇਆ ਹੈ ਇਸੇ ਕਰਕੇ ਉਸਦੀਆਂ ਧਾਰਮਿਕ ਕੈਸਟਾਂ ਵੀ ਬੇ-ਹੱਦ ਲੋਕਪ੍ਰਿਯ ਹੋਈਆਂ ਹਨ। ਮੈਂ ਇੱਕ ਗੱਲ ਇਹ ਵੀ ਕਹਿੰਦਾ ਹਾਂ ਕਿ ਜਿੰਨ੍ਹਾਂ ਆਲੋਚਕਾਂ ਨੇ ਉਸਦੀ ਲੋਕ- ਗਾਇਕੀ ਦੀ ਨੀਵੇਂ ਪੱਧਰ ਦੀ ਅਲੋਚਨਾ ਕੀਤੀ ਹੈ, ਉਹਨਾਂ ਨੇ ਉਸਦੀ ਧਾਰਮਿਕ ਖੇ ਤਰ ਵਿੱਚ ਪਾਏ ਯੋਗਦਾਨ ਲਈ ਪ੍ਰਸ਼ੰਸ਼ਾ ਕਿਉਂ ਨਹੀਂ ਕੀਤੀ? ਇਥੋਂ ਸਾਬਤ ਹੁੰਦਾ ਹੈ ਕਿ ਅਜਿਹੇ ਅਲੋਚਕ ਵਿਰੋਧਤਾ ਹੀ ਕਰ ਸਕਦੇ ਹਨ, ਪ੍ਰਸ਼ੰਸ਼ਾ ਨਹੀਂ ਕਰ ਸਕਦੇ। ਜਦਕਿ ਪ੍ਰਸ਼ੰਸ਼ਾ ਕਰਨਾ ਵੀ ਉਹਨਾਂ ਦਾ ਫਰਜ਼ ਬਣਦਾ ਹੈ ਬੇ-ਸ਼ੱਕ ਕੀਤੇ ਕੰਮ ਨਾਲੋਂ ਘੱਟ ਹੀ ਕਰਨ।

ਕਈ ਗਾਇਕ ਬਠਿੰਡਾ, ਸੰਗਰੂਰ, ਪਟਿਆਲਾ, ਲੁਧਿਆਣਾ ਵਿੱਚ ਵੀ ਚਮਕੀਲੇ ਦੇ ਨਾਂ ਦਾ ਸਹਾਰਾ ਲੈ ਕੇ ਬੇ-ਹੱਦ ਗੰਦ ਪਾ ਰਹੇ ਹਨ। ਜਿਹੜੇ ਅਲੋਚਕਾਂ ਨੇ ਚਮਕੀਲੇ ਦਾ ਰੱਜ ਕੇ ਵਿਰੋਧ ਕੀਤਾ ਹੈ ਉਹ ਹੁਣ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ? ਮੇਰਾ ਇਹ ਇੱਕ ਸਵਾਲ ਹੈ ਉਹਨਾਂ ਅਲੋਚਕਾਂ ਨੂੰ ਜੋ ਹੁਣ ਬਿਲਕੁਲ ਚੁੱਪ ਬੈਠੇ ਹਨ।

ਜਦੋ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੂੰ ਇੱਕ ਪ੍ਰੋਗਰਾਮ ਸਮੇਂ ਗੋਲੀਆਂ ਨਾਲ ਉੱਡਾ ਦਿੱਤਾ ਸੀ। ਉਹਨਾਂ ਨਾਲ ਹਰਜੀਤ ਗਿੱਲ ਜੋ ਕਈ ਭੈਣਾਂ ਦਾ ਇਕੱਲਾ ਵੀਰ ਸੀ। ਜਿੰਨ੍ਹਾਂ ਦੇ ਵਿਆਹ ਵਿੱਚ ਅਜੇ ਤੇਰਾਂ ਦਿਨ ਰਹਿੰਦੇ ਸੀ। ਉਸ ਨਾਲ ਬਲਦੇਵ ਸਿੰਘ ਦੇਬੂ ਢੋਲਕ ਮਾਸਟਰ ਸੀ। ਇਹਨਾਂ ਦੋਹਾਂ ਦਾ ਮੂੰਹ ਖੁਲ੍ਹਵਾ ਕੇ ਉਹਨਾਂ ਅਤਿਵਾਦੀਆਂ ਨੇ ਮੂੰਹ ਵਿੱਚ ਦੋ ਗੋਲੀਆਂ ਮਾਰਕੇ ਉਹਨਾਂ ਨੂੰ ਖਤਮ ਕਰ ਦਿੱਤਾ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਉਹਨਾਂ ਅੱਤਵਾਦੀਆਂ ਨੇ ਇਹਨਾਂ ਨਿਰਦੋਸ਼ਾਂ ਨੂੰ ਮਾਰਕੇ ਸਿੱਖੀ ਸਿਧਾਂਤਾਂ ਦੇ ਉਲਟ ਕੀਤਾ ਹੈ। ਅਜਿਹਾ ਕਰਕੇ ਉਹਨਾਂ ਲੋਕ- ਗਾਇਕੀ ਵਿੱਚ ਸੁਧਾਰ ਨਹੀਂ ਕੀਤਾ ਸਗੋਂ ਇਹ ਤਾਂ ਦਿਨੋਂ ਦਿਨ ਹੇਠਲੇ ਪੱਧਰ ਤੱਕ ਪਹੁੰਚ ਗਈ ਹੈ। ਚਮਕੀਲੇ ਨੇ ਅੱਜ ਦੀ ਗਾਇਕੀ ਵਾਂਗ ਡਾਂਸ ਕਰਨ ਲਈ ਕੁੜੀਆਂ ਨੂੰ ਨਿਰਬਸਤਰ ਤਾਂ ਨਹੀਂ ਸੀ ਕੀਤਾ। ਚਮਕੀਲੇ ਦੀ ਗਾਇਕੀ ਅੱਜ ਦੀ ਗਾਇਕੀ ਨਾਲੋਂ ਕਿਤੇ ਸਾਫ ਸੁਥਰੀ ਸੀ। ਅੰਤ ਵਿੱਚ ਮੈਂ ਗੁਲਜ਼ਾਰ ਸਿੰਘ ਸ਼ੌਕੀ ਨੂੰ ਇਸ ਨੇਕ ਕੰਮ ਲਈ ਵਧਾਈ ਦਿੰਦਾ ਹਾਂ।

ਪਿੰਡ ਜਮਾਲਪੁਰ ਲੁਧਿਆਣਾ

 

ਅਮਰ ਸਿੰਘ ਚਮਕੀਲਾ ਹੰਕਾਰ ਤੇ ਹਊਮੈਂ ਦਾ ਸ਼ਿਕਾਰ ਨਹੀਂ ਸੀ-ਕਿੱਕਰ ਡਾਲੇਵਾਲੀਆ

ਸ੍ਰ: ਅਮਰ ਸਿੰਘ ਚਮਕੀਲਾ ਪ੍ਰੀਵਾਰਕ ਤੌਰ ਤੇ ਗਰੀਬ ਹੀ ਸੀ। ਫਿਰ ਵੀ ਉਹ ਮਿੱਤਰਾਂ ਦੋਸਤਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲਦਾ ਸੀ। ਉਹਨਾਂ ਦਾ ਸੁਭਾਅ ਬਹੁਤ ਹੀ ਹਸ-ਮੁੱਖ ਤੇ ਮਿਲਣਸਾਰ ਸੀ। ਉਹਨਾਂ ਵਿੱਚ ਹੰਕਾਰ ਜਾਂ ਹਾਊਮੈ ਬਿਲਕੁਲ ਨਹੀਂ ਸੀ। ਕਈ ਵਾਰੀ ਉਹਨਾਂ ਨਾਲ ਹੋਰ ਕਈ ਕਲਾਕਾਰਾਂ ਦਾ ਸਟੇਜ ਪ੍ਰੋਗਰਾਮ ਹੁੰਦਾ ਸੀ ਜਦੋਂ ਉਹਨਾਂ ਨੂੰ ਪੁੱਛਣਾ ਕਿ ਤੁਹਾਡੇ ਨਾਲ ਫਲਾਣੇ ਕਲਾਕਾਰ ਦਾ ਪ੍ਰੋਗਰਾਮ ਸੀ ਕਿਵੇਂ ਰਿਹਾ? ਉਹ ਕੁਝ ਵੀ ਨਹੀਂ ਸੀ ਕਹਿੰਦਾ ਸਿਰਫ਼ ਏਨਾ ਹੀ ਕਹਿੰਦਾ ਕਿ ਬਹੁਤ ਵਧੀਆ ਰਿਹਾ। ਕਦੇ ਵੀ ਕਿਸੇ ਦੇ ਵਿਰੋਧ ‘ਚ ਨਹੀਂ ਸਨ ਬੋਲਦੇ ਜਿਸਦੀ ਵੀ ਕਰਦੇ ਤਾਰੀਫ਼ ਹੀ ਕਰਦੇ।

ਉਹਨਾਂ ਦਾ ਸਟੇਜ ਤੇ ਕੰਮ ਕਰਨ ਦਾ ਢੰਗ ਬਹੁਤ ਹੀ ਵਧੀਆ ਸੀ। ਉਹ ਲਿਖਣ ਤੇ ਗਾਉਣ ਦੀ ਬਹੁਤ ਮਿਹਨਤ ਕਰਦੇ ਸਨ। ਜਿੱਥੇ ਵੀ ਸਮਾਂ ਮਿਲਦਾ ਰਿਆਜ਼ ਕਰਦੇ ਸਨ। ਹਮੇਸ਼ਾਂ ਨਵੀਆਂ ਤਰਜ਼ਾਂ ਤਿਆਰ ਕਰਦੇ ਰਹਿੰਦੇ। ਜਿੰਨਾਂ ਚਿਰ ਰਿਕਾਰਡਿੰਗ ਨਾ ਹੁੰਦੀ ਆਪਣੀਆਂ ਤਰਜ਼ਾਂ ਵਿੱਚ ਸੁਧਾਰ ਕਰਦੇ ਰਹਿੰਦੇ।

ਉਹਨਾਂ ਦਾ ਖਾਣ ਪੀਣ ਵੀ ਬਹੁਤ ਸਾਦਾ ਸੀ । ਬਿਲਕੁਲ ਸਾਦਾ ਭੋਜਨ ਛਕਦੇ ਸਨ ਤੇ ਉਹਨਾਂ ਦੀ ਸਾਰੀ ਖੁਰਾਕ ਵੀ ਸਾਦੀ ਸੀ। ਸਾਦਾ ਪਹਿਰਾਵਾ, ਸਾਦਾ ਹੀ ਰਹਿਣਾ, ਸਹਿਣਾ ਸੀ। ਏਨੀ ਸਾਦਗੀ ਹੋਣ ਕਰਕੇ ਹੀ ਉਹ ਸਦਾ ਖੁਸ਼ ਰਹਿੰਦੇ ਸਨ ਤੇ ਸਭ ਲਈ ਹਰਮਨ ਪਿਆਰੇ ਸਨ। ਇਸੇ ਲਈ ਹੀ ਉਹ ਲੋਕਾਂ ਦਾ ਚਹੇਤਾ ਗਾਇਕ ਸੀ। ਉਸਦੀ ਸਾਦੀ ਗੀਤਕਾਰੀ ਤੇ ਸਾਦੀ ਹੀ ਗਾਇਕੀ ਸੀ ਜੋ ਹਰ ਇੱਕ ਦੇ ਮਨ ਨੂੰ ਭਾਉਂਦੀ ਸੀ।

ਜਿਸ ਵੇਲੇ ਕਰਤਾਰ ਰਮਲੇ ਦੀ ਰਿਕਾਰਡਿੰਗ ਹੋਈ ਸੀ ‘ਭੱਖੜੇ ਦੇ ਕੰਡੇ ਵਾਂਗੂੰ ਖੁੱਭਿਆ ਫਿਰੇਂ ਵੇ ਮੇਰੇ ਦਿਲ ਵਿੱਚ ਤੂੰ” ਇਹਨਾਂ ਇਹ ਸਾਰੇ ਐੱਲ.ਪੀ. ਰਿਕਾਰਡ ਦੇ ਗੀਤ ਉਸਤਾਦ ਜਨਾਬ ਚਰਨਜੀਤ ਆਹੂਜਾ ਜੀ ਤੋਂ ਸਪੈਸ਼ਲ ਸੁਣੇ। ਫਿਰ ਉਹਨਾਂ ਤੋਂ ਪੰਦਰਾਂ ਦਿਨਾ ਦਾ ਸਮਾਂ ਲੈ ਕੇ ਤਿਆਰੀ ਕਰਕੇ ਰਿਕਾਰਡਿੰਗ ਕਰਵਾਈ ਸੀ। ਜੋ ਬਹੁਤ ਹੀ ਮਕਬੂਲ ਹੋਈ ਸੀ। ਅਮਰਜੋਤ ਜੋ ਇਹਨਾਂ ਨਾਲ ਬਹੁਤ ਪ੍ਰਸਿੱਧ ਹੋਏ ਸਨ। ਉਹ ਆਪਣੇ ਗੀਤਾਂ ਤੋਂ ਬਿਨਾਂ ਹੋਰ ਗਾਇਕਾਂ ਦੇ ਗੀਤ ਵੀ ਸੁਣਦੇ ਸਨ।

ਸ੍ਰ: ਅਮਰ ਸਿੰਘ ਚਮਕੀਲਾ ਜੀ ਮੇਰੇ ਸਤਿਕਾਰ ਯੋਗ ਉਸਤਾਦ ਜੀ ਸਨ। ਉਹਨਾਂ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਨਾਮਵਰ ਗਾਇਕਾਂ ਨੇ ਗਾਇਆ ਸੀ, ਪਰ ਇਹਨਾਂ ਨੇ ਵੀ ਨਾਮਵਰ ਗੀਤਕਾਰਾਂ ਨੂੰ ਰੱਜ ਕੇ ਗਾਇਆ ਸੀ। ਇਹਨਾਂ ਦੀ ਗੀਤਕਾਰੀ ਤੇ ਗਾਇਕੀ ਹਮੇਸ਼ਾਂ ਹੀ ਅਮਰ ਰਹੇਗੀ। ਮੈਂ ਅੰਤ ਵਿੱਚ ਸਾਹਿਤਕਾਰ ਗੁਲਜ਼ਾਰ ਸਿੰਘ ਸ਼ੌਕੀ ਨੂੰ ਉਸਤਾਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਾਰੇ ਪੁਸਤਕ ਤਿਆਰ ਕਰਨ ਤੇ ਵਧਾਈ ਦਿੰਦਾ ਹਾਂ। ਇਹਨਾਂ ਦਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ।

ਕਿੱਕਰ ਸਿੰਘ ਡਾਲੇਵਾਲੀਆ

ਸ਼ਹੀਦ ਭਗਤ ਸਿੰਘ ਨਗਰ

ਧਾਂਦਰਾ ਰੋਡ-ਦੁੱਗਰੀ ਲੁਧਿਆਣਾ।

 

ਚਮਕੀਲੇ ਦੀ ਗਾਇਕੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ-ਡਾ: ਗੁਰਚਰਨ ਕਾਂਝਲਾ

ਅਮਰ ਸਿੰਘ ਚਮਕੀਲਾ ਗੀਤਕਾਰ, ਸੰਗੀਤਕਾਰ, ਗਾਇਕ ਅਤੇ ਬਤੌਰ ਇਨਸਾਨ ਬਹੁਤ ਹੀ ਵਧੀਆ ਸੀ। ਉਸਦਾ ਗਰਾਮ ਵੀ ਬੇ-ਹੱਦ ਭਰਵਾਂ ਸੀ। ਉਸਨੇ ਮਾਰਕੀਟ ਵਿੱਚ ਆਉਣ ਲਈ ਤੇ ਫਿਰ ਸਥਾਪਤ ਹੋਣ ਲਈ ਹਮ ਉਮਰ ਸਾਥੀਆਂ ਨਾਲੋਂ ਬਹੁਤ ਹੀ ਜ਼ਿਆਦਾ ਮਿਹਨਤ ਤੇ ਸੰਘਰਸ਼ ਕੀਤਾ ਸੀ। ਉਸਨੇ ਆਪਣੇ ਸਮਕਾਲੀ ਗੀਤਕਾਰਾਂ ਤੇ ਗਾਇਕਾਂ ਤੋਂ ਵੱਖਰੀ ਹੀ ਗੀਤਕਾਰੀ ਤੇ ਵੱਖਰੀ ਹੀ ਗਾਇਕੀ ਕੀਤੀ ਸੀ। ਜਿਸਦੀ ਸਰੋਤਿਆਂ ਨੇ ਬਹੁਤ ਹੀ ਸ਼ਲਾਘਾ ਅਤੇ ਸਤਿਕਾਰ ਕੀਤਾ ਅਤੇ ਹੁਣ ਵੀ ਕਰ ਰਹੇ ਹਨ।

ਜਿਹੜੇ ਲੋਕ ਅਮਰ ਸਿੰਘ ਚਮਕੀਲੇ ਦੀ ਗਾਇਕੀ ਨੂੰ ਲਚਰ ਜਾਂ ਅਸ਼ਲੀਲ ਕਹਿੰਦੇ ਹਨ, ਉਹਨਾਂ ਦੀ ਆਪਣੀ ਹੀ ਸੋਚ ਲਚਰ, ਅਸ਼ਲੀਲ ਜਾਂ ਉਹਨਾਂ ਦੀ ਮਾਨਸਿਕਤਾ ਹੀ ਬੀਮਾਰ ਹੈ ਜੋ ਹੇਠਲੇ ਪੱਧਰ ਤੇ ਹੀ ਸੀਮਤ ਰਹਿ ਗਈ ਹੈ। ਚਮਕੀਲੇ ਤੋਂ ਪਹਿਲਾਂ ਵੀ ਗਾਇਕਾਂ ਨੇ ਲਚਰ ਗਾਇਆ ਤੇ ਗੀਤਕਾਰਾਂ ਨੇ ਲਿਖਿਆ ਹੈ। ਇਸ ਤੋਂ ਬਾਅਦ ਵੀ ਗਾਇਕ, ਗੀਤਕਾਰ ਲਚਰਤਾ ਦਾ ਸਹਾਰਾ ਲੈ ਕੇ ਰਾਤੋ ਰਾਤ ਸਥਾਪਿਤ ਹੋਣ ਲਈ ਤਰਲੋ ਮੱਛੀ ਹੋ ਰਹੇ ਹਨ। ਸਿਰਫ਼ ਤੇ ਸਿਰਫ਼ ਚਮਕੀਲੇ ਨੂੰ ਹੀ ਕਿਉਂ ਲਚਰਤਾ ਦਾ ਸਰਟੀਫਿਕੇਟ ਦਿੱਤਾ ਗਿਆ। ਇਸਦੇ ਮਗਰ ਵੀ ਕੋਈ ਗੀਤਕਾਰਾਂ ਤੇ ਗਾਇਕਾਂ ਦੀ ਸਿਆਸਤ ਕੰਮ ਕਰਦੀ ਸੀ ਕਿਉਂਕਿ ਉਹ ਮਿਹਨਤ ਕਰਕੇ ਇਸਦੇ ਬਰਾਬਰ ਤਾਂ ਨਹੀਂ ਪਹੁੰਚ ਸਕੇ, ਪਰ ਇਸ ਦੀ ਵਿਰੋਧਤਾ ਕਰਨੀ ਹੀ ਉਹਨਾਂ ਦੇ ਪੱਲੇ ਰਹੀ ਤੇ ਹੋਰ ਕੱਖ ਨਾ ਰਿਹਾ।

ਅਮਰ ਸਿੰਘ ਚਮਕੀਲੇ ਨੇ ਅਪਣੇ ਸਮੇਂ ਦੋਗਾਣਾ, ਸੋਲੋ ਅਤੇ ਧਾਰਮਿਕ ਗਾਇਕੀ ਗਾਈ ਸਾਰੀ ਹੀ ਗਾਇਕੀ ਨੂੰ ਲੋਕਾਂ ਪਸੰਦ ਕੀਤਾ ਤੇ ਹੁਣ ਵੀ ਸਰੋਤੇ ਉਸਦੀ ਗਾਇਕੀ ਨੂੰ ਪ੍ਰਣਾਮ ਕਰਦੇ ਹਨ। ਚਮਕੀਲੇ ਦੀ ਕਲਮ ਅਤੇ ਅਵਾਜ਼ ਬਹੁਤ ਹੀ ਬੁਲੰਦ ਸੀ। ਇਸੇ ਲਈ ਇਸਨੇ ਨਵੇਂ ਪੱਧਰ ਦੀ ਗਾਇਕੀ ਸ਼ੁਰੂ ਕੀਤੀ, ਜਿੰਨ੍ਹਾਂ ਵਿੱਚ ਧਾਰਮਿਕ, ਦੋਗਾਣੇ, ਸੋਲੇ ਗੀਤ, ਲੋਕ-ਤੱਥ, ਲੋਕ-ਗਾਥਾ ਆਦਿ ਸ਼ਾਮਲ ਹਨ।

ਅਮਰ ਸਿੰਘ ਚਮਕੀਲੇ ਦਾ ਮੈਂ ਹੀ ਨਹੀਂ ਮੇਰੇ ਵਰਗੇ ਹੋਰ ਵੀ ਲੱਖਾਂ ਹੀ ਸਰੋਤੇ ਇਸਦੇ ਸ਼ਰਧਾਲੂ ਹਨ। ਮੈਂ ਸਮਝਦਾ ਹੀ ਨਹੀਂ, ਸਗੋਂ ਬੜੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਚਮਕੀਲੇ ਦੀ ਗਾਇਕੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਤੇ ਸਰੋਤੇ ਇਸ ਦੀ ਗਾਇਕੀ ਦਾ ਸਤਿਕਾਰ ਕਰਦੇ ਰਹਿਣਗੇ।

ਡਾ: ਗੁਰਚਰਨ ਕਾਂਝਲਾ

ਪਿੰਡ ਤੇ ਡਾਕ: ਕਾਂਝਲਾ

(ਸੰਗਰੂਰ)

 

ਅਵਾਜ਼ ਮਰਦੀ ਨਹੀਂ ਸਵਰਗੀ ਅਮਰ ਸਿੰਘ ਚਮਕੀਲਾ | Amar Singh Chamkila

ਚਮਕੀਲੇ ਨੇ ਸਾਨੂੰ ਕਿਸੇ ਅੱਗੇ ਹੱਥ ਅੱਡਣ ਜੋਗਾ ਨਹੀਂ ਛੱਡਿਆ-ਸ੍ਰੀਮਤੀ ਗੁਰਮੇਲ ਕੌਰ

ਜਿਸ ਦਿਨ ਤੋਂ ਸ੍ਰ: ਭਗਵੰਤ ਸਿੰਘ ਕੰਗ ਨੇ ਮੇਰੀ ਡਿਊਟੀ ਅਮਰ ਸਿੰਘ ਚਮਕੀਲਾ ਬਾਰੇ ਪੁਸਤਕ ਲਿਖਣ ਤੇ ਲਾਈ ਮੈਂ ਉਸੇ ਦਿਨ ਤੋਂ ਸ੍ਰੀਮਤੀ ਗੁਰਮੇਲ ਕੌਰ ਨਾਲ ਮੁਲਾਕਾਤ ਕਰਨ ਬਾਰੇ ਵਿਚਾਰ ਬਣਾ ਲਿਆ ਸੀ। ਪਰ ਕੋਈ ਸਬੱਬ ਹੀ ਨਾ ਬਣਿਆ, ਮੈਂ ਆਪਣੇ ਗੁਰਭਾਈ ਦਲਜੀਤ ਧੂਰਕੋਟੀ ਨਾਲ ਗੱਲ ਕੀਤੀ ਉਸਨੇ ਕਿਹਾ ਕਿ ਉਹ ਅਜੇ ਨਵੇਂ ਮਕਾਨ ਦੀ ਤਲਾਸ਼ ਵਿੱਚ ਹਨ ਜਦ ਉਧਰੋਂ ਵਿਹਲੇ ਹੋ ਗਏ ਮਿਲ ਆਵਾਂਗੇ। ਜਦ ਮੈਂ ਫਿਰ ਸੰਪਰਕ ਕੀਤਾ ਉਹਨਾ ਕਿਹਾ ਕਿ ਉਹ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਬਾਹਰ ਗਏ ਹਨ। ਫਿਰ ਕਈ ਵਾਰੀ ਪੁੱਛਿਆ ਦਲਜੀਤ ਧੂਰਕੋਟੀ ਰਿਕਾਰਡਿੰਗ ਜਾਂ ਘਰੇਲੂ ਮਸਲਿਆਂ ‘ਚ ਉਲਝਿਆ ਰਿਹਾ। ਫਿਰ ਇੱਕ ਦਿਨ ਅਸੀਂ ਉਹਨਾਂ ਦੇ ਘਰ ਜਾ ਹੀ ਮਿਲੇ। ਗੁਰਮੇਲ ਕੌਰ ਅਤੇ ਦੋਵਾਂ ਬੱਚਿਆਂ ਨੂੰ ਮਿਲਕੇ ਬੇ-ਹੱਦ ਖੁਸ਼ੀ ਹੋਈ। ਉਹਨਾਂ ਨਾਲ ਸਾਂਝੇ ਕੀਤੇ ਮੁਲਾਕਾਤ ਦੇ ਕੁਝ ਅੰਸ਼ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹਾਂ।

ਤੁਸੀਂ ਆਪਣੇ ਪ੍ਰੀਵਾਰਕ ਪਿਛੋਕੜ ਬਾਰੇ ਦੱਸੋ ?

?

ਅਸੀਂ ਜੀ ਤਿੰਨ ਭੈਣਾਂ ਤੇ ਤਿੰਨ ਭਰਾ ਹਾਂ।

ਉਹਨਾਂ ਦੇ ਨਾਂ ਦੱਸੋ?

?

ਭਰਾ ਗੁਰਮੇਲ ਸਿੰਘ, ਬਲਵੀਰ ਸਿੰਘ,ਸੁਖਵਿੰਦਰ ਸਿੰਘ ਭੈਣਾਂ ਗੁਰਚਰਨ ਕੌਰ, ਗਬਰ ਤੇ ਗੁਰਮੇਲ ਕੌਰ।

ਮਾਤਾ ਪਿਤਾ ਦੇ ਨਾਂ ਕੀ ਹਨ?

?

ਮਾਤਾ ਦਾ ਨਾਂ ਸੁਰਜੀਤ ਕੌਰ ਤੇ ਪਿਤਾ ਦਾ ਨਾਂ ਤਾਰਾ ਸਿੰਘ ਹੈ।

ਪੇਕੇ ਪਿੰਡ ਕਿਹੜਾ ਹੈ?

?

ਪੱਖੋਵਾਲ ਕੋਲ ਨੰਗਲਾਂ ਹੈ।

ਬਚਪਨ ਕਿਵੇਂ ਬੀਤਿਆ?

?

ਬਚਪਨ ਬਹੁਤ ਵਧੀਆ ਬੀਤਿਆ ਹੈ।

ਘਰੇਲੂ ਮਾਹੌਲ ਕਿਹੋ ਜਿਹਾ ਸੀ?

?

ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀ, ਕੋਈ ਇਹ ਨਹੀਂ ਸੀ ਕਹਿੰਦਾ ਕਿ ਗਰੀਬੀ ਤੌਰ ਤੇ ਘਰ ਬੰਨ੍ਹਿਆ ਹੈ।

ਸ਼ਾਦੀ ਕਦੋਂ ਹੋਈ?

?

ਹੁਣ ਤਾਂ ਜੀ ਅਸੀਂ ਭੁੱਲ ਗਏ ਅੰਦਾਜ਼ਾ ਵੀਹ-ਪੱਚੀ ਸਾਲ ਹੋ ਗਏ ਹਨ।

ਬੱਚੇ ਕਿੰਨੇ ਹਨ?

?

ਦੋ ਆਹ ਗੁੱਡੀਆਂ ਹਨ, ਦੋ ਬੱਚੇ ਗੁਜ਼ਰ ਗਏ ਹਨ?

ਇਹਨਾਂ ਦੇ ਨਾਂ ਕੀ ਹਨ?

?

ਅਮਨਦੀਪ ਕੌਰ ਤੇ ਕਮਲਜੀਤ ਕੌਰ ਹਨ।

ਜਿਹੜੇ ਗੁਜਰ ਗਏ ਹਨ ਉਹਨਾਂ ਦੇ ਨਾਂ ਦੱਸੋ ?

?

ਉਹਨਾਂ ਦੇ ਨਾਂ ਤਾਂ ਅਜੇ ਧਰੇ ਵੀ ਨਹੀਂ ਸਨ, ਉਹ ਤਾਂ ਪਹਿਲਾਂ ਹੀ ਗੁਜ਼ਰ ਗਏ ਸਨ

ਸੌਹਰਾ ਪ੍ਰੀਵਾਰ ਕਿਵੇਂ ਹੈ?

?

ਚਮਕੀਲੇ ਦੀ ਦਾਦੀ ਦਾ ਨਾਂ ਕਾਕੋ ਸੀ ਅਤੇ ਦਾਦਾ ਕਿਸ਼ਨ ਸਿੰਘ मी।

ਸ਼ਾਦੀ ਤੋਂ ਪਹਿਲਾਂ ਚਮਕੀਲਾ ਗੀਤ ਲਿਖਦਾ ਸੀ ਕਿ ਗਾਉਂਦਾ ਵੀ मी ?

?

ਗੀਤ ਲਿਖਦਾ ਹੀ ਸੀ।

ਗਾਉਣ ਦਾ ਸ਼ੌਕ ਕਿਵੇਂ ਪਿਆ?

?

ਇਹ ਕਾਰਖਾਨੇ ਵਿੱਚ ਕੰਮ ਕਰਦੇ ਸੀ, ਕਾਰਖਾਨੇ ਜਾਂਦੇ ਜਾਂਦੇ ਕਿਤੇ ਡਰਾਮਿਆਂ ਤੇ ਚਲੇ ਜਾਂਦੇ ਸੀ । ਉਹ ਸਾਨੂੰ ਘਰ ਤਾਂ ਦੱਸਦਾ ਸੀ ਕਿ ਮੈਂ ਕਾਰਖਾਨੇ ਕੰਮ ਕਰਨ ਜਾਨੈ,ਪਰ ਚਲਿਆ ਜਾਂਦਾ ਸੀ ਉਹ ਛਿੰਦੇ ਕੋਲ।

ਚਮਕੀਲੇ ਦਾ ਲਿਖਣ ਦਾ ਉਸਤਾਦ ਕੌਣ ਸੀ?

?

ਗਾਇਕੀ ‘ਚ ਇਹਨਾਂ ਦਾ ਉਸਤਾਦ ਛਿੰਦਾ ਹੈ, ਲਿਖਣ ‘ਚ ਕੋਈ ਉਸਤਾਦ ਨਹੀਂ, ਆਪੇ ਹੀ ਲਿਖਦੇ ਸੀ।

ਲਿਖਣ ਬਾਰੇ ਕੋਈ ਉਸਤਾਦ ਨਹੀਂ ਸੀ?

?

ਹਾਂ ਜੀ ਕੋਈ ਉਸਤਾਦ ਨਹੀਂ ਸੀ।

ਧਨੀ ਰਾਮ ਬਾਰੇ ਤੁਹਾਡਾ ਆਪਣਾ ਰਵੱਈਆ ਕਿਵੇਂ ਰਿਹਾ?

?

ਸਾਡਾ ਰਵੱਈਆ ਠੀਕ ਰਿਹਾ, ਸਾਡੇ ਨਾਲ ਐਸੀ ਕੋਈ ਗੱਲ ਨਹੀਂ मी।

ਜਦੋਂ ਉਸਨੇ ਦੂਜੀ ਸ਼ਾਦੀ ਕਰਵਾਈ ਕੀ ਤੁਹਾਡੀ ਇਜਾਜ਼ਤ ਨਾਲ ਕਰਵਾਈ ਸੀ।

?

ਸ਼ਾਦੀ ਤਾਂ ਉਹਨਾਂ ਦੀ ਵੈਸੇ ਹੋਈ ਨਹੀਂ ਸੀ, ਉਹਨਾਂ ਦੀ ਮਜ਼੍ਹਬੀ ਜਾਤ ਸੀ, ਉਈਂ ਲਈ ਫਿਰਦੇ ਸੀ ਗਾਇਕੀ ਵਿੱਚ।

ਚਮਕੀਲੇ ਦੀ ਗੀਤਕਾਰੀ ਤੇ ਗਾਇਕੀ ਨੂੰ ਤੁਸੀਂ ਕਿਵੇਂ ਸਮਝਦੇ ਹੋ ? ਉਹਨਾਂ ਦੀ ਗੀਤਕਾਰੀ ਤੇ ਗਾਇਕੀ ਬਹੁਤ ਵਧੀਆ ਸੀ। ਲੋਕਾਂ ਨੇ ਬਹੁਤ ਪਸੰਦ ਕੀਤੀ।

?

ਉਸਦੀ ਮੌਤ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ?

?

ਠੀਕ ਹੈ ਬਹੁਤ ਵਧੀਆ ਹੈ, ਬੇ-ਸ਼ੱਕ ਉਹਨਾਂ ਨੇ ਇਹ ਰਾਜ ਨਹੀਂ ਭੋਗਿਆ ਪਰ ਸਾਨੂੰ ਕਿਸੇ ਅੱਗੇ ਹੱਥ ਅੱਡਣ ਜੋਗਾ ਨਹੀਂ ਛੱਡਿਆ। ਮੌਤ ਦਾ ਦੁੱਖ ਤਾਂ ਬਹੁਤ ਹੈ ਜੇ ਸਾਰਾ ਦਿਨ ਰੋਈ ਜਾਈਏ ਕਿਸੇ ਨੇ ਵਿਰਾਉਣਾ ਨਹੀਂ।

ਚਮਕੀਲਾ ਪੜ੍ਹਿਆ ਕਿੰਨਾ ਕੁ ਸੀ?

?

ਉਹ ਛੇ ਫੇਲ੍ਹ, ਪੰਜ ਪਾਸ ਸਨ।

ਤੁਸੀਂ ਹੁਣ ਆਪਣੇ ਭਾਵ ਬੱਚਿਆਂ ਦੀ ਦੇਖ ਭਾਲ ਕਿਵੇਂ ਕਰਦੇ ਹੋ? ਜਿੰਨਾ ਹੁੰਦਾ ਜਿਹੋ ਜਿਹਾ ਹੁੰਦਾ ਖਾਈ ਜਾਨੇ ਹਾਂ ਗੁਜ਼ਾਰਾ ਵਧੀਆ ਹੁੰਦਾ ਰੱਬ ਦੀ ਕ੍ਰਿਪਾ ਨਾਲ।

? ਤੁਹਾਡਾ ਬੱਚਾ ਕੋਈ ਗਾਇਕੀ ਖੇਤਰ ‘ਚ ਲੱਗਿਆ ਹੈ। ਹਾਂ ਜੀ ਛੋਟੀ ਬੱਚੀ ਹੈ।

?

ਗਾਇਕੀ ਕਿਸ ਤੋਂ ਸਿੱਖਦੀ ਹੈ?

?

ਦਲਜੀਤ ਧੂਰ ਕੋਟੀ ਵੱਲ ਹੱਥ ਕਰਕੇ ) ਹਾਂ ਜੀ ਇਹ ਆਪਣੇ ਡੈਡੀ ਕੋਲ ਸਿੱਖਣ ਜਾਂਦੀ ਹੈ। ਇਹ ਪੜ੍ਹਾਈ ਵਿੱਚ ਥੋੜੀ ਜਿਹੀ ਕਮਜ਼ੋਰ ਹੈ। ਇਸ ਕਰਕੇ ਪੇਪਰਾਂ ਤੱਕ ਪੜ੍ਹਾਈ ਕਰੇਗੀ। ਫਿਰ ਸਿੱਖਣ ਜਾਇਆ ਕਰੂਗੀ।

ਇਹ ਛੋਟੀ ਬੇਟੀ ਕਿਹੜੀ ਕਲਾਸ ‘ਚ ਪੜ੍ਹਦੀ ਹੈ? ਇਹ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ।

?

ਚਮਕੀਲੇ ਦੇ ਸ਼ਗਿਰਦਾਂ ਨੇ ਤੁਹਾਡੀ ਕੋਈ ਮਦਦ ਕੀਤੀ ਹੈ ਕਦੇ? ਸਾਡੀ ਜੀ ਕਿਸੇ ਨੇ ਵੀ ਮਦਦ ਨਹੀਂ ਕੀਤੀ।

?

ਜਿਹੜੇ ਚਮਕੀਲੇ ਦੇ ਸ਼ਗਿਰਦ ਬਣੇ ਫਿਰਦੇ ਹਨ ਇਹਨਾਂ ‘ਚੋਂ ਅਸਲੀ ਕਿਹੜੇ ਕਿਹੜੇ ਹਨ?

?

ਚਮਕੀਲੇ ਦਾ ਸ਼ਗਿਰਦ ਕੋਈ ਵੀ ਨਹੀਂ, ਉਸਨੇ ਕਿਸੇ ਨੂੰ ਵੀ ਸ਼ਗਿਰਦ ਨਹੀਂ ਬਣਾਇਆ ਇਹ ਤਾਂ ਸਾਰੇ ਝੂਠੇ ਨੇ ਐਵੇਂ ਹੀ ਅਖੌਤੀ ਸ਼ਗਿਰਦ ਬਣੀ ਜਾਂਦੇ ਨੇ। ਉਹਨਾਂ ਕੋਲ ਕੋਈ ਉਸਤਾਦੀ ਸ਼ਗਿਰਦੀ ਦਾ ਸਬੂਤ ਤਾਂ ਹੈ ਨਹੀਂ।

ਗਾਇਕਾਂ ਦੀਆਂ ਦੋ ਜਥੇਬੰਦੀਆਂ ਹਨ ਕਿਸੇ ਨੇ ਤੁਹਾਡੀ ਕੋਈ ਮਦਦ रोडी?

?

ਨਹੀਂ ਜੀ ਕਿਸੇ ਨੇ ਨਹੀਂ ਕੀਤੀ।

ਥਾਂ-ਥਾਂ ਤੇ ਮੇਲੇ ਲਗਦੇ ਹਨ। ਕਦੇ ਕਿਸੇ ਨੇ ਤੁਹਾਡਾ ਕੋਈ ਸਨਮਾਨ

?

बीडा?

ਨਹੀਂ ਜੀ ਕਿਸੇ ਨੇ ਨਹੀਂ ਕੀਤਾ। ਇਹ ਪਹਿਲਾਂ ਚਮਕੀਲੇ ਦਾ ਮੇਲਾ ਪੰਜਾਬੀ ਭਵਨ ਵਿੱਚ ਲਾਉਂਦੇ ਸਨ। ਉਹ ਮੈਨੂੰ ਕਦੇ ਇੱਕੀ ਸੌ ਰੁਪੈ ਦਿੰਦੇ ਸਨ ਤੇ ਕਦੇ ਗਿਆਰਾਂ ਸੌ ਦਿੰਦੇ ਸਨ। ਉਥੋਂ ਜੀ ਮੈਂ ਮੇਲਾ ਆਪਣੇ ਨਗਰ ਵਿੱਚ ਲੈ ਆਈ। ਹੁਣ ਅਸੀਂ ਇਹ ਮੇਲਾ ਅੱਠ ਮਾਰਚ ਨੂੰ ਪੱਕਾ ਦੁੱਗਰੀ ਲਾਉਂਦੇ ਹਾਂ।

ਇਹਨਾਂ ਬੱਚਿਆਂ ਦੇ ਭਵਿੱਖ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਕੀ ਕਰਨਗੇ?

?

ਅਜੇ ਦੋਵੇਂ ਗੁੱਡੀਆਂ ਪੜ੍ਹਾਈਆਂ ਕਰਦੀਆਂ ਹਨ, ਪੜ੍ਹਾਈ ਕਰਨ ਤੋਂ ਬਾਅਦ ਜੋ ਇਹਨਾਂ ਦਾ ਵਿਚਾਰ ਹੋਵੇਗਾ ਇਹਨਾਂ ਨੂੰ ਕਰਵਾ ਦੇਵਾਂਗੇ । ਬਾਕੀ ਜੋ ਰੱਬ ਨੂੰ ਚੰਗਾ ਲਗਦੈ ਉਹੋ ਹੀ ਹੁੰਦਾ ਹੈ, ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ। ਛੋਟੀ ਗੁੱਡੀ ਦਾ ਤਾਂ ਵਿਚਾਰ ਹੈ ਕਿ ਮੈਂ ਆਪਣੇ ਡੈਡੀ ਦਾ ਨਾਂ ਰੋਸ਼ਨ ਕਰਨਾ ਹੈ (ਦਲਜੀਤ ਧੂਰ ਕੋਟੀ) ਵੱਲ ਇਸ਼ਾਰਾ ਕਰਕੇ ਇਹ ਸਿਖਾ ਰਹੇ ਹਨ ਇਸ ਨੂੰ ਸੰਗੀਤ ਤੇ ਗਾਇਕੀ, ਵੇਖਦਿਆਂ ਰੱਬ ਨੂੰ ਕੀ ਮਨਜੂਰ ਹੈ?

ਜਿਹੜੇ ਲੋਕ ਚਮਕੀਲੇ ਦੀ ਗਾਇਕੀ ਉੱਤੇ ਦੋਸ਼ ਲਾਉਂਦੇ ਹਨ ਕਿ ਇਹਨਾਂ ਅਸ਼ਲੀਲ ਗਾਇਆ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ?

ਜਿਹੋ ਜਿਹਾ ਮਾਹੌਲ ਸੀ, ਉਹੋ ਜਿਹਾ ਹੀ ਉਸਨੇ ਗਾਇਆ ਹੈ। ਲੋਕਾਂ ਨੇ ਉਸਦੀ ਗਾਇਕੀ ਦੀ ਪ੍ਰਸ਼ੰਸ਼ਾ ਕੀਤੀ ਹੈ। ਉਹ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪਾ ਗਿਆ ਸੀ, ਸਰੋਤੇ ਉਸਨੂੰ ਪਿਆਰ ਦਿੰਦੇ ਸਨ। ਉਹਨੂੰ ਲੋਕਾਂ ਦਾ ਦਿੱਤਾ ਪਿਆਰ, ਵਿਰੋਧੀਆਂ ਤੋਂ ਜਰਿਆ ਨਾ ਗਿਆ। ਇਸੇ ਵਿਰੋਧ ਨੇ ਉਸਨੂੰ ਸਾਡੇ ਕੋਲੋਂ ਦੂਰ ਕਰ ਦਿੱਤਾ (ਭਾਵੁਕ ਹੋ ਕੇ) ਹੁਣ ਉਹ ਕਦੇ ਵੀ ਨਹੀਂ ਆਵੇਗਾ।

ਮੈਂ ਚਮਕੀਲੇ ਬਾਰੇ ਪੁਸਤਕ ਲਿਖ ਰਿਹਾ ਹਾਂ, ਕਿਤਾਬ ਤਿਆਰ ਕਰ ਰਿਹਾ ਹਾਂ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਵਧੀਆ ਗੱਲ ਹੈ ਕਿ ਨਹੀਂ?

?

ਤੁਸੀਂ ਕਿਤਾਬ ਲਿਖਦੇ ਹੋ, ਉਸਦਾ ਨਾਂ ਉੱਚਾ ਕਰਦੇ ਹੋ, ਇਸ ਵਿੱਚ ਸਾਡਾ ਵੀ ਕੁਝ ਨਾਂ ਆਵੇਗਾ, ਮਾੜਾ ਕਿਉਂ ਸਗੋਂ ਵਧੀਆ ਹੈ।

ਪੁਸਤਕ ਲਿਖਣ ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?

?

ਨਹੀਂ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਤਾਂ ਸਗੋਂ ਬਹੁਤ ਹੀ ਜਿਆਦਾ ਖੁਸ਼ੀ ਹੈ।

ਜੇਹੜੀ ਚਮਕੀਲੇ ਦੀ ਮੜ੍ਹੀ ਹੈ, ਇਹ ਉਸਦੀ ਮੌਤ ਤੋਂ ਕਿੰਨਾ ਕੁ ਚਿਰ ਪਿਛੋਂ ਬਣਾ ਦਿੱਤੀ ਸੀ?

?

ਇਹ ਪੰਜਾਂ ਛੇਆਂ ਸਾਲ ਬਾਅਦ ਮੈਂ ਆਪ ਹੀ ਬਣਾਈ ਸੀ। ਤੁਸੀਂ ਇਹ ਮੜ੍ਹੀ ਏਨੀ ਲੇਟ ਕਿਉਂ ਬਣਾਈ ਸੀ?

?

ਨਹੀਂ, ਵੈਸੇ ਤਾਂ ਅਸੀਂ, ਇਹ ਮੜ੍ਹੀ ਉਦੋਂ ਹੀ ਬਣਾਈ ਹੈ, ਪਰ ਇਹਨੂੰ ਕੋਈ ਪੂਜਦਾ ਨਹੀਂ ਸੀ ਕਿਉਂਕਿ ਮੇਲਾ ਤਾਂ ਉਹ ਬੱਸ ਅੱਡੇ ਕੋਲ ਮਨਾਉਂਦੇ ਸੀ। ਫਿਰ ਅਸੀਂ ਸੋਚਿਆ ਕਿ ਇਸਦੀ ਮੜ੍ਹੀ ਉੱਤੇ ਤਾਂ ਕੋਈ ਦੀਵਾ ਵੀ ਨਹੀਂ ਧਰਦਾ, ਪੈਸੇ ਇਕੱਠੇ ਕਰੀ ਜਾਂਦੇ ਨੇ ਤੇ ਮੇਲਾ ਮਨਾਈ ਜਾਂਦੇ ਨੇ ਸਾਨੂੰ ਕੋਈ ਪੁੱਛਦਾ ਵੀ ਨਹੀਂ।

ਜਿਵੇਂ ਆਪਾਂ ਸਾਰੇ ਸਿੱਖ ਧਰਮ ਨੂੰ ਮੰਨਦੇ ਹਾਂ। ਆਪਣੇ ਧਰਮ ਵਿੱਚ ਮੜ੍ਹੀ ਮਸਾਣਾ ਨੂੰ ਮੰਨਣਾ ਜਾਇਜ਼ ਨਹੀਂ, ਕੀ ਉਥੇ ਮੇਲਾ ਲਾਉਣਾ ਜਾਇਜ਼ ਹੈ? ਜਾਂ ਕਿਤੇ ਹੋਰ ਜਗਾ ਤੇ ਜਿਵੇਂ ਕੋਈ ਪਿੰਡ ਦੀ ਸਾਂਝੀ ਥਾਂ ਹੁੰਦੀ ਹੈ ਇਹ ਮੇਲਾ ਉਥੇ ਵੀ ਲਾਇਆ ਜਾ ਸਕਦਾ ਹੈ?

?

ਨਹੀਂ ਜੀ ਅਸੀਂ ਆਪਣੀ ਜਗਾ ਤੋਂ ਮੇਲਾ ਨਹੀਂ ਹਟਾਉਣਾ, ਜੇਕਰ ਅਸੀਂ ਆਪਣੀ ਜਗਾ ਤੋਂ ਮੇਲਾ ਲਾਹ ਲਿਆ ਤਾਂ ਮੇਲਾ ਖੁਰ ਜਾਵੇਗਾ, ਅਸੀਂ ਆਪਣੀ ਧੂਪ ਬੱਤੀ ਉਥੇ ਹੀ ਲਾਉਣੀ ਹੈ।

ਜਿਹੜੀ ਇਹ ਮੜ੍ਹੀ ਬਣਾਈ ਸੀ ਤੁਸੀਂ ਇਹ ਆਪ ਹੀ ਬਣਾਈ ਸੀ ? ਮੇਰੇ ਸੌਹਰਾ ਸਾਹਿਬ ਚਮਕੀਲੇ ਦੇ ਡੈਡੀ ਨੇ ਬਣਾਈ ਸੀ।

?

ਤੁਹਾਨੂੰ ਕਿਸੇ ਨੇ ਸਹਿਯੋਗ ਨਹੀਂ ਦਿੱਤਾ?

?

ਨਹੀਂ ਜੀ, ਅਸੀਂ ਹੁਣ ਆਪਣੀ ਛੱਤ ਆਪ ਹੀ ਪਾਈ ਹੈ। ਪਿੰਡ ਵਾਲਿਆਂ ਨੇ ਕੋਈ ਇਤਰਾਜ਼ ਨਹੀਂ ਕੀਤਾ?

ਨਹੀਂ ਜੀ, ਕਿਸੇ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ।

ਹੁਣ ਆਪਾਂ ਮੜ੍ਹੀਆਂ ‘ਚ ਮੇਲਾ ਲਾਉਂਦੇ ਹਾਂ, ਤੁਸੀਂ ਇਹਦੇ ਬਾਰੇ ਹੋਰ ਕੋਈ ਗੱਲ ਨਹੀਂ ਸੋਚੀ, ਕੋਈ ਵਧੀਆ ਜਗਾ ਬਣਾਕੇ ਉਥੇ ਮੇਲਾ ਲਾਇਆ ਜਾਵੇ?

?

ਸੋਚਦੇ ਤਾਂ ਜੀ ਹੈਗੇਆਂ, ਉਥੇ ਹੀ ਬੱਚੇ ਦੱਬਦੇ ਹਨ, ਦਾਗ ਵੀ ਲਾਉਂਦੇ ਹਨ, ਸਾਨੂੰ ਇਸ ਗੱਲ ਦੀ ਬਹੁਤ ਵਿਚਾਰ ਜਿਹੀ ਆਉਂਦੀ ਹੈ।

ਇਸ ਬਾਰੇ ਸਰਕਾਰ ਨੇ ਕੁਝ ਕੀਤਾ?

?

ਨਹੀਂ ਜੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ।

ਤੁਸੀਂ ਸਰਕਾਰ ਤੋਂ ਕੁਝ ਮੰਗਿਆ ਨਹੀਂ ਕਿ ਸਰਕਾਰ ਕੁਝ ਕਰੇ, ਉਹਦੇ ਬਾਰੇ, ਉਹ ਏਡਾ ਵੱਡਾ ਕਲਾਕਾਰ ਸੀ। ਉਹਦੀ ਕੋਈ ਯਾਦ ਬਣਾਵੇ, ਕਿੱਲੇ ਦੋ ਕਿੱਲੇ ਜਗ੍ਹਾ ਦੇ ਕੇ, ਉਥੇ ਆਪਾਂ ਮੇਲਾ ਲਾ ਸਕੀਏ, ਸਾਰੇ ਪੰਜਾਬ ਵਿੱਚ ਉਸਦੇ ਸਰੋਤੇ ਜਾਂ ਸ਼ਰਧਾਲੂ ਆ ਕੇ ਉਸਦੇ ਮੇਲੇ ਦਾ ਆਨੰਦ ਮਾਣ ਸਕਣ?

?

ਇਹੋ ਜਿਹਾ ਤਾਂ ਕੋਈ ਵੀ ਨਹੀਂ ਸੋਚਦਾ। ਗੀਤ ਸੁਣਕੇ ਆਪ ਰਾਹ ਪੈਂਦੇ ਹਨ।

ਤੁਸੀਂ ਚਾਹੁਨਿਓਂ ਕਿ ਉਸਦੀ ਕੋਈ ਯਾਦ ਬਣਾਈ ਜਾਵੇ?

?

ਹਾਂ ਜੀ ਅਸੀਂ ਚਾਹੁਨਿਆਂ ਕਿ ਚਮਕੀਲੇ ਦਾ ਮੇਲਾ ਕਿਸੇ ਖੁੱਲ੍ਹੀ ਥਾਂ ਤੇ

ਲੱਗਣਾ ਚਾਹੀਦਾ ਹੈ?

ਹੋਰ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋਵੋਂ?

?

ਬੱਸ ਜੀ, ਗੱਲਾਂ ਤਾਂ ਬਹੁਤ ਹੋ ਗਈਆਂ ਹਨ, ਤੁਸੀਂ ਚਮਕੀਲੇ ਦੀ ਕਿਤਾਬ ਛੇਤੀ ਤੋਂ ਛੇਤੀ ਛਾਪਕੇ ਦਿਓ, ਸਾਨੂੰ ਪਤਾ ਲੱਗ ਜਾਏ ਉਸ ਵਿੱਚ ਕੀ-ਕੀ ਆਉਂਦਾ ਹੈ।

ਮੁਲਾਕਾਤੀ

ਗੁਲਜ਼ਾਰ ਸਿੰਘ ਸ਼ੌਂਕੀ

ਅਮਰ ਸਿੰਘ ਚਮਕੀਲਾ ਲੋਕਾਂ ਦਾ ਚਹੇਤਾ ਗੀਤਕਾਰ ਸੀ- ਸ਼ੌਂਕੀ

ਅਮਰ ਸਿੰਘ ਚਮਕੀਲਾ ਗਾਇਕ ਸਥਾਪਿਤ ਹੋਣ ਤੋਂ ਪਹਿਲਾਂ ਬਤੌਰ ਗੀਤਕਾਰ ਸਥਾਪਿਤ ਹੋਇਆ ਸੀ। ਉਸਦੇ ਗੀਤਾਂ ਨੂੰ ਪੰਜਾਬ ਦੇ ਨਾਮਵਰ ਗਾਇਕਾਂ ਨੇ ਰੱਜ ਕੇ ਗਾਇਆ ਤੇ ਪੂਰਾ ਨਾਮ ਤੇ ਨਾਮਾ ਖੱਟਿਆ। ਘਰ ਦੀ ਗਰੀਬੀ ਕਾਰਨ ਬੇ-ਸ਼ੱਕ ਚਮਕੀਲਾ ਪੜ੍ਹਾਈ ਵਿੱਚ ਸਫ਼ਲ ਨਾ ਹੋ ਸਕਿਆ ਇਸਦੀ ਧਰਮ ਪਤਨੀ ਸ੍ਰੀਮਤੀ ਗੁਰਮੇਲ ਕੌਰ ਦੇ ਦੱਸਣ ਮੁਤਾਬਿਕ ਇਹ ਪੰਜਵੀਂ ਜਮਾਤ ਹੀ ਪਾਸ ਸੀ। ਪਰ ਇਸਦੀ ਅੰਦਰਲੀ ਗੀਤਕਾਰੀ ਨੇ ਇਸਨੂੰ ਟਿਕਣ ਨਾ ਦਿੱਤਾ। ਗੀਤਕਾਰੀ ਦਾ ਲਾਵਾ ਇੱਕ ਦਿਨ ਐਸਾ ਵਿਸਫੋਟ ਬਣਕੇ ਨਿਕਲਿਆ ਕਿ ਸਾਰੇ ਹੀ ਵਿਸ਼ਵ ਵਿੱਚ ਪੰਜਾਬੀ ਸਰੋਤਿਆਂ ਨੇ ਇਸਦੀ ਗੀਤਕਾਰੀ ਦਾ ਆਨੰਦ ਮਾਣਿਆ ਤੇ ਲੋਹਾ ਵੀ ਮੰਨਿਆ।

ਸ਼ਾਇਦ ਹੋ ਸਕਦਾ ਹੈ ਇਸਨੇ ਕੋਈ ਹੋਰ ਗੀਤ ਪਹਿਲਾਂ ਲਿਖਿਆ ਹੋਵੇ, ਪਰ ਇਸਦੇ ਸਤਿਕਾਰ ਯੋਗ ਉਸਤਾਦ ਜਨਾਬ ਸੁਰਿੰਦਰ ਛਿੰਦਾ ਜੀ ਦੇ ਦੱਸਣ ਅਨੁਸਾਰ ਇਸਦਾ ਪਹਿਲਾ ਗੀਤ ‘ਵੇ ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੱਕੀ” ਲਿਖਿਆ ਹੈ, ਜਿਸਨੂੰ ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਸਰੋਤਿਆਂ ਦੇ ਰੂ ਬਰੂ ਕੀਤਾ। ਇਹ ਗੀਤ ਜਦੋਂ ਐਚ.ਐਮ.ਵੀ. ਕੰਪਨੀ ਵਿੱਚ ਰਿਕਾਰਡ ਹੋ ਕੇ ਆਇਆ ਤਾਂ ਦਿਨਾ ਵਿੱਚ ਹੀ ਬੇ-ਹੱਦ ਪ੍ਰਸਿੱਧੀ ਹਾਸਲ ਕਰ ਗਿਆ। ਇਸ ਗੀਤ ਨਾਲ ਚਮਕੀਲਾ ਗੀਤਕਾਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ।

ਇਸ ਗੀਤ ਵਿੱਚ ਇਸਨੇ ਸਮਾਜ ਦੇ ਬਹੁਤ ਹੀ ਤਰਸ ਯੋਗ ਪਾਤਰ ‘ਜੇਠ’ ਅਤੇ ਭਰਜਾਈ ਦੀ ਨੋਕ ਝੋਕ ਨੂੰ ਉਜਾਗਰ ਕੀਤਾ ਹੈ। ਸਿਆਣੇ ਕਹਿੰਦੇ ਹਨ ਕਿ ‘ਜੇਠ’ ਸਾਡੇ ਸਮਾਜ ਦਾ ਇੱਕ ਅਹਿਮ ਅੰਸ਼ ਹੈ, ਪਰ ਬਣਦਾ ਬੰਦੇ ਦੀ ਨਸਲ ਵਿਚੋਂ ਹੀ ਹੈ। ਜਿਵੇਂ ਵੱਡਾ ਭਰਾ ਵਿਆਹਿਆ ਗਿਆ ਤੇ ਛੋਟਾ ਭਰਾ ‘ਦਿਉਰ’ ਬਣ ਜਾਂਦਾ ਹੈ, ਜੇ ਕਰ ਕਿਸੇ ਕਾਰਨਾਂ ਕਰਕੇ ਛੋਟਾ ਭਰਾ ਵਿਆਹਿਆ ਜਾਵੇ ਤਾਂ ਵੱਡਾ ਭਰਾ ‘ਜੇਠ’ ਬਣ ਜਾਂਦਾ ਹੈ। ਜਿਸਨੂੰ ਸਮਾਜ ਵਿੱਚ ‘ਛੜਾ ਜੇਠ’ ਕਿਹਾ ਜਾਂਦਾ ਹੈ। ਸਮਾਜ ਵਿਚਲੇ ਅਜਿਹੇ ਅਹਿਮ ਮਸਲੇ ਅਮਰ ਸਿੰਘ ਚਮਕੀਲੇ ਨੇ ਸਰੋਤਿਆਂ ਸਾਹਮਣੇ ਬਹੁਤ ਹੀ ਬਾ- ਖੂਬੀ ਨਾਲ ਪੇਸ਼ ਕੀਤੇ। ਜਿਹਨਾਂ ਕਰਕੇ ਇਹ ਦਿਨਾਂ ਵਿੱਚ ਹੀ ਸਿਖਰਾਂ ਦੀ ਪ੍ਰਸਿੱਧੀ ਹਾਸਲ ਕਰ ਗਿਆ ਸੀ। ਇਸੇ ਗੀਤ ਦੀ ਅਹਿਮੀਅਤ ਪ੍ਰਾਪਤ ਹੋਣ ਕਰਕੇ ਅਮਰ ਸਿੰਘ ਚਮਕੀਲਾ ਨੇ ਆਪਣੇ ਸਤਿਕਾਰ ਯੋਗ ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਸਮਰਪਿਤ ਆਪਣੀ ਪਲੇਠੀ ਪੁਸਤਕ ‘ ਮੈਂ ਡਿੱਗੀ ਤਿਲਕ ਕੇ’ ਸਰੋਤਿਆਂ ਅਤੇ ਪਾਠਕਾਂ ਦੀ ਨਬਜ਼ ਨੂੰ ਪਛਾਣਦਿਆਂ ਪੰਜਾਬੀ ਸਾਹਿਤ ਦੀ ਝੋਲੀ ਪਾਈ। ਇਸ ਪੁਸਤਕ ਦੀ ਪ੍ਰਸਿੱਧੀ ਦਾ ਸਹਿਜੇ ਦੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪੰਜਾਬੀ ਅੱਖਰਾਂ ਵਿੱਚ ਤਾਂ ਛਪੀ ਹੀ ਸੀ, ਸਰੋਤਿਆਂ ਦੀ ਜ਼ੋਰਦਾਰ ਮੰਗ ਨੂੰ ਮੁੱਖ ਰਖਦਿਆਂ ਜੋ ਹਿੰਦੀ ਅੱਖਰਾਂ ਵਿੱਚ ਪੜ੍ਹ ਸਕਦੇ ਸਨ ਉਹਨਾ ਨੂੰ ਹਿੰਦੀ ਅਖਰਾਂ ਵਿੱਚ ਛਾਪਕੇ ਦਿੱਤੀ। ਦੋਵੇਂ ਲਿਪੀਆਂ ਵਿੱਚ ਇਹ ਪੁਸਤਕ ਹਜ਼ਾਰਾਂ ਦੀ ਗਿਣਤੀ ਵਿੱਚ ਛਪੀ, ਵਿਕੀ ਤੇ ਬੇ-ਹੱਦ ਮਕਬੂਲ ਹੋਈ। ਹੁਣ ਵੀ ਇਹ ਪੁਸਤਕ ਕਿਤੋਂ ਪ੍ਰਾਪਤ ਨਹੀਂ ਹੋ ਰਹੀ। ਮੈਂ ਵੀ ਚਮਕੀਲੇ ਦੀਆਂ ਸਾਰੀਆਂ ਪੁਸਤਕਾਂ ਬਹੁਤ ਮਿਹਨਤ ਨਾਲ ਪੁਸਤਕਾਂ ਵਾਲਿਆਂ ਤੋਂ ਜਾਂ ਪਿੰਡਾਂ ਵਿੱਚੋਂ ਫਿਰਕੇ ਇਸਦੇ ਪਾਠਕਾਂ, ਸਰੋਤਿਆਂ ਤੋਂ ਪ੍ਰਾਪਤ ਕੀਤੀਆਂ ਹਨ। ਹੁਣ ਮੈਂ ਅਮਰ ਸਿੰਘ ਚਮਕੀਲਾ ਦੀ ਪਲੇਠੀ ਪੁਸਤਕ ‘ਨੀ ਮੈਂ ਡਿੱਗੀ ਤਿਲਕ ਕੇ” ਦੇ ਵਿੱਚ ਛਪੇ ਗੀਤਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦੇਣੀ ਅਤਿ ਜ਼ਰੂਰੀ ਸਮਝਦਾ ਹਾਂ ਕਿ ਇਸ ਵਿਚਲੇ ਕਿਹੜੇ ਗੀਤ ਨੂੰ ਕਿਸ ਗਾਇਕ ਅਤੇ ਗਾਇਕਾ ਨੇ ਗਾਇਆ ਹੈ।

ਇਸ ਪੁਸਤਕ ਵਿੱਚ ਪਹਿਲਾ ਗੀਤ ਟਾਇਟਲ ਗੀਤ ਹੀ ਹੈ, “ਮੈਂ ਡਿਗੀ ਤਿਲਕ ਕੇ” ਜਿਸ ਨੂੰ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਅਤੇ ਗਾਇਕਾ ਸੁਰਿੰਦਰ ਸੋਨੀਆ ਨੇ ਗਾਇਆ ਹੈ। ਇਹਨਾ ਦੇ ਗਾਏ ਗੀਤ ਇਸ ਤਰ੍ਹਾਂ ਹਨ।

* ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੁੱਕੀ।

* ਦੁੱਧ ਵਾਂਗ ਤੂੰ ਫਟ ਗਈ ਬਿਨਾ ਜਾਗ ਤੋਂ ਪਤਲੀਏ ਨਾਰੇ।

* ਪਤਲੀ ਪਤੰਗ ਕੁੜੀ ਫੁੱਲ ਵਰਗੀ, ਕੱਢਦੀ ਦਰਾਂ ‘ਚ ਫੁਲਕਾਰੀ। * ਦੇ ਗਿਆ ਨੀ ਡੁੱਬ ਜਾਣੀ ਦਾ, ਜੇਠ ਗੁੱਗਲ ਦੀ ਧੂਣੀ।

ਇਹਨਾਂ ਗੀਤਾਂ ਸਮੇਤ ਇਸ ਪੁਸਤਕ ਵਿੱਚ ਕੁੱਲ ਤੀਹ ਗੀਤ ਹਨ। ਜਿਹਨਾਂ ਨੂੰ ਸੁਰਿੰਦਰ ਛਿੰਦਾ ਸੁਰਿੰਦਰ ਸੋਨੀਆਂ ਅਤੇ ਗੁਲਸ਼ਨ ਕੋਮਲ ਤੋਂ ਇਲਾਵਾ ਨਰਿੰਦਰ ਬੀਬਾ, ਸੁਰਿੰਦਰ ਕੁਮਾਰ, ਸਤਵਿੰਦਰ ਬੀਬਾ, ਰਣਬੀਰ ਰਾਣਾ, ਪਿਆਰਾ ਸਿੰਘ ਪੰਛੀ, ਬਲਜੀਤ ਬੱਲੀ, ਬਲਬੀਰ ਆਤਿਸ਼, ਪਰਮ, ਅਜਾਇਬ ਸਿੰਘ ਰਾਏ, ਮਨਜੀਤ ਕੌਰ, ਧੰਨਾ ਸਿੰਘ ਰੰਗੀਲਾ, ਪ੍ਰਮਿੰਦਰ ਕੌਰ, ਫਕੀਰ ਸਿੰਫ ਫ਼ਕੀਰ, ਅਮਰ ਸਿੰਘ ਰਾਣਾ, ਸੁਖਦੇਵ ਸਿੰਘ ਸਫ਼ਰੀ, ਪ੍ਰਕਾਸ਼ ਸੋਢੀ, ਕਰਨੈਲ ਗਿੱਲ, ਪ੍ਰੀਤੀ ਬਾਲਾ, ਅਮਰ ਸਿੰਘ ਚਮਕੀਲਾ, ਕਰਤਾਰ ਰਮਲਾ, ਗੁਰਮੇਲ ਪ੍ਰਮਾਰ ਆਦਿ ਨੇ ਗਾ ਕੇ ਪ੍ਰਸਿੱਧੀ ਹਾਸਲ ਕੀਤੀ। ਇਸ ਦੇ ਗੀਤਾਂ ਨੂੰ ਗਾਉਣ ਕਰਕੇ ਹੀ ਉਪਰੋਕਤ ਗਾਇਕ ਮਹਾਨ ਗਾਇਕਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ। ਇਸ ਪੁਸਤਕ ਵਿਚੋਂ ਉਸ ਸਮੇਂ ਕਾਫ਼ੀ ਗੀਤ ਰਿਕਾਰਡ ਹੋਣੇ ਰਹਿ ਗਏ ਸਨ। ਜਿੰਨ੍ਹਾਂ ਨੂੰ ਚਮਕੀਲਾ ਦੀ ਮੌਤ ਤੋਂ ਪਿੱਛੋਂ ਸੁਰਿੰਦਰ ਛਿੰਦਾ, ਊਸ਼ਾ ਕਿਰਨ, ਚਮਕ ਚਮਕੀਲਾ ਤੇ ਪ੍ਰਮਪ੍ਰੀਤ ਆਦਿ ਨੇ ਗਾਇਆ ਹੈ। ਹੋਰ ਗਾਇਕ ਵੀ ਗਾ ਰਹੇ ਹਨ। ਹੁਣ ਹਰ ਇੱਕ ਗਾਇਕ ਚਮਕੀਲੇ ਦੇ ਗੀਤ ਗਾ ਕੇ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਹੈ।

‘ਮੈ ਡਿੱਗੀ ਤਿਲਕ ਕੇ’ ਅਮਰ ਸਿੰਘ ਚਮਕੀਲੇ ਦੀ ਪਲੇਠੀ ਪੁਸਤਕ ਵਿੱਚ 21 ਦੋਗਾਣੇ 7 ਲੋਕ ਗਥਾਵਾਂ ਅਤੇ 2 ਸੋਲੋ ਗੀਤ ਹਨ। ਇਸ ਪੁਸਤਕ ਨੂੰ ਇਸਨੇ ਆਪਣੀਆਂ 30 ਰਚਨਾਵਾਂ ਨਾਲ ਸ਼ਿੰਗਾਰ ਕੇ ਪਾਠਕਾਂ ਤੇ ਸਰੋਤਿਆਂ ਦੀ ਝੋਲੀ ਪਾਇਆ ਤੇ ਬੇ-ਹੱਦ ਸ਼ੌਹਰਤ ਹਾਸਲ ਕੀਤੀ ਹੈ।

ਇਸ ਤੋਂ ਇਲਾਵਾ ਜੋ ਅਮਰ ਸਿੰਘ ਚਮਕੀਲੇ ਦੀਆਂ ਪੁਸਤਕਾਂ ਮੇਰੇ ਕੋਲ ਹਨ ਉਹਨਾਂ ਨੂੰ ਤਰਤੀਬ ਦੇਣੀ ਮੁਸ਼ਕਲ ਹੈ ਕਿਉਂਕਿ ਇਹ ਸਾਰੀਆਂ ਹੀ 1993 ਤੇ 1994 ਵਿੱਚ ਛਪੀਆਂ ਹਨ ਏਥੇ ਸਿਰਫ਼ ਮੈਂ ਉਹਨਾ ਦੇ ਗੀਤਾਂ ਦੀ ਗਿਣਤੀ ਹੀ ਦੇਵਾਂਗਾ ਅਤੇ ਜੋ ਉਸਨੇ ਮੁਹਾਵਰੇ ਅਖਾਣ ਵਗੈਰਾ ਵਰਤੇ ਹਨ ਉਹਨਾਂ ਦਾ ਵੀ ਜ਼ਿਕਰ ਕਰਾਂਗਾ।

1993 ਵਿੱਚ ਛਪੀ ਪੁਸਤਕ ‘ਯਾਦ ਆਵੇਂ ਬਾਰ ਬਾਰ’ ਵਿੱਚ 14 ਦਗਾਣੇ 6 ਸੋਲੋ ਗੀਤ ਹਨ ਤੇ ਕੁੱਲ 20 ਰਚਨਾਵਾਂ ਹਨ। ਇਸੇ ਸਾਲ ‘ਬੁੱਢੀ ਘੋੜੀ ਲਾਲ ਲਗਾਮਾਂ’ ਵਿੱਚ 17 ਦੋਗਾਣੇ 3 ਸੋਲੇ ਗੀਤ ਹਨ ਕੁੱਲ 20 ਰਚਨਾਵਾਂ ਹਨ। ਇਸੇ ਸਾਲ ਹੋਰ ਪੁਸਤਕ ਭੁੱਲ ਗਈ ਘੁੰਡ ਕੱਢਣਾ” ਛਪੀ ਜਿਸ ਵਿੱਚ 19 ਦੋਗਾਣੇ 2 ਸੋਲੋ ਗੀਤ ਹਨ ਕੁੱਲ 21 ਰਚਨਾਵਾਂ ਹਨ। ਇਸ ਤਰ੍ਹਾਂ 1994 ਵਿੱਚ ‘ਬਾਪੂ ਸਾਡਾ ਗੁੰਮ ਹੋ ਗਿਆ”, ‘ ਹਿੱਕ ਉਤੇ ਸੌ ਜਾ ਵੇ’, ‘ਸੌਹਰੇ ਦੀ ਲਾਲ ਮਰੂਤੀ” ਤੇ ਡਾਂਗਾਂ ਖੜਕ ਪਈਆਂ ਛਪੀਆਂ ਹਨ। ਜਿਨ੍ਹਾਂ ਦੀਆਂ ਰਚਨਾਵਾਂ ਦਾ ਵੇਰਵਾ ਕਰਮਵਾਰ ਇਸ ਤਰ੍ਹਾਂ ਹੈ। 22 ਦੋ ਗਾਣੇ 4 ਸੋਲੇ 26 ਰਚਨਾਵਾਂ, 23 ਦੋ ਗਾਣੇ 1 ਸੋਲੇ 24 ਰਚਨਾਵਾਂ, 16 ਦੋ ਗਾਣੇ, 5 ਸੋਲੇ 21 ਰਚਨਾਵਾਂ, 21 ਦੋਗਾਣੇ ਅੱਠ ਸੋਲੇ, 29 ਰਚਨਾਵਾਂ ਹਨ।

ਇਨ੍ਹਾਂ ਪੁਸਤਕਾਂ ਤੋਂ ਇਲਾਵਾ ਚਮਕੀਲੇ ਦੀਆਂ ਲਿਖੀਆਂ ਦੋ ਕਿਤਾਬਾਂ ‘ਪੱਟਤਾ ਪਟੋਲੇ ਦੀ ਬਲੌਰੀ ਅੱਖ ਨੇ’ ਅਤੇ ‘ਜੀਜਾ ਲੱਕ ਮਿਣ ਲੈ’ ਲੋਕ ਗੀਤ ਪ੍ਰਕਾਸ਼ਨ, ਸਰਹਿੰਦ ਨਾਂ ਦੀ ਪ੍ਰਕਾਸ਼ਨ ਸੰਸਥਾ ਦੁਆਰਾ ਛਾਪੀਆਂ ਗਈਆਂ ਸਨ। ‘ਪੱਟਤਾ ਪਟੋਲੇ ਦੀ ਬਲੌਰੀ ਅੱਖ ਨੇ’ ਗੀਤ ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਦੀਆਂ ਅਵਾਜ਼ਾਂ ਵਿੱਚ ਸੁਪਰਹਿੱਟ ਹੋਇਆ ਸੋ ਇਹ ਕਿਤਾਬ ਉਸ ਵੇਲੇ ਛਪੀ ਜਦੋਂ ਚਮਕੀਲਾ ਗੀਤਕਾਰ ਵਜੋਂ ਸੰਘਰਸ਼ਸ਼ੀਲ ਸੀ। ਉਸ ਤੋਂ ਬਾਅਦ ‘ਜੀਜਾ ਲੱਕ ਮਿਣ ਲੈ’ ਇਸਦਾ ਪਹਿਲਾਂ ਵੱਡਾ ਐਲ.ਪੀ. ਰਿਕਾਰਡ ਆਇਆ। ਇਸ ਐਲ.ਪੀ. ਦੇ ਆਉਣ ਤੱਕ ਚਮਕੀਲਾ ਗਾਇਕੀ ਦੇ ਸਿਖਰਲੇ ਟੰਬੇ ਤੇ ਪਹੁੰਚ ਚੁੱਕਾ ਸੀ। ਕਿਉਂਕਿ ਇਸ ਤੋਂ ਪਹਿਲਾਂ ਚਮਕੀਲੇ ਦੇ ਦੋ ਛੋਟੇ ਰਿਕਾਰਡ ਐਚ. ਐਮ.ਵੀ. ਕੰਪਨੀ ਵੱਲੋਂ ਦਿੱਤੇ ਜਾ ਚੁੱਕੇ ਸਨ ਜਿਨ੍ਹਾਂ ਨੇ ਚਮਕੀਲੇ ਦੇ ਸਰੋਤਿਆਂ ਦਾ ਬਹੁਤ ਵਿਸ਼ਾਲ ਦਾਇਰਾ ਖੜ੍ਹਾ ਕਰ ਲਿਆ ਸੀ।

‘ਜੀਜਾ ਲੱਕ ਮਿਣ ਲੈ’ ਕਿਤਾਬ ਲੋਕਗੀਤ ਪ੍ਰਕਾਸ਼ਨ ਵਾਲਿਆਂ ਦੇ ਦੱਸਣ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿੱਚ ਵਿਕੀ ਅਤੇ ਪਾਠਕਾਂ ਨੇ ਹੱਦੋਂ ਵੱਧ ਪਸੰਦ बीडी।

ਇਸ ਤਰ੍ਹਾਂ ਕੁੱਲ ਕਿਤਾਬਾਂ ਦੀਆਂ ਕੁੱਲ ਰਚਨਾਵਾਂ ਜੋੜ ਕੇ 200 (ਦੋ ਸੌ ਦੇ ਕਰੀਬ) ਬਣਦੀਆਂ ਹਨ। ਪਰ ਕਈ ਕਿਤਾਬਾਂ ਵਿੱਚ ਗੀਤਾਂ ਦਾ ਦੁਹਰਾ ਹੋਇਆ ਹੈ ਭਾਵ ਇੱਕ ਗੀਤ ਕਈ ਕਈ ਥਾਈਂ ਛਪਿਆ ਹੈ। ਇਸ ਕਰਕੇ ਦੁਹਰਾ ਵਾਲੇ ਗੀਤ ਛੱਡਕੇ ਤਕਰੀਬਨ 190 ਦੇ ਕਰੀਬ ਰਚਨਾਵਾਂ ਹਨ।

ਅਮਰ ਸਿੰਘ ਚਮਕੀਲਾ ਨੇ ਇਹਨਾਂ ਰਚਨਾਵਾਂ ਵਿੱਚ ਪੇਂਡੂ ਠੇਠ ਮਲਵਈ ਭਾਸ਼ਾ ਵਰਤੀ ਹੈ। ਇਸਨੇ ਜੋ ਅਖਾਣ ਵਰਤੇ ਹਨ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ। ਜਿਵੇਂ:- ਉਮਰਾਂ ਲਈ ਕਾਣੀ ਹੋਣਾ, ਡਾਂਗ ਵਰਗੀ ਹੋਣਾ, ਮੋਠ ਵਾਂਗ ਢਲਣਾ, ਸਲੂਣੀ ਦਾਲ ਪੀਣਾ, ਪੂਣੀ ਵਾਂਗ ਬੱਗੀ ਹੋਣਾ, ਤਬੀਤ ਘੋਲਕੇ ਪਿਲਾਉਣੇ, ਮੂੰਹ ਵੱਟਣਾ, ਮਗਰੋਂ ਨਾ ਲਹਿਣਾ, ਤਲੀ ਤੇ ਨਚਾਉਣਾ, ਅੱਖ ਨਾ ਮਿਲਾਉਣੀ, ਨੱਕ ਵੱਟਣਾ, ਚੁੱਪ ਵੱਟਣੀ, ਗੋਡੇ ਭਿੜਣੇ, ਜਤ-ਸਤ ਕਾਇਮ ਹੋਣਾ, ਪਾਣੀ ਭਰਨਾ, ਨਾਢੂ ਖਾਂ ਕਹਾਉਣਾ, ਬਾਰਾਂ ਤਾਲੀ ਹੋਣਾ, ਸਰਕਾਰੀ ਸਾਨ੍ਹ ਹੋਣਾ, ਪੰਗੇ ਲੈਣੇ, ਘਾਲਾ- ਮਾਲਾ ਹੋਣਾ, ਸੋਲਾਂ ਆਨੇਂ ਗੱਲ ਕਰਨੀ, ਤੱਗ ਟੁੱਟਣਾ, ਆਨੇ ਵਾਲੀ ਥਾਂ ਤੇ ਆਉਣਾ, ਚੂਲ ਵਾਂਗੂੰ ਠੋਕਣਾ, ਨੌ ਸੌ ਚੂਹਾ ਖਾ ਕੇ ਹੱਜ ਕਰਨਾ, ਠੰਡੇ ਦੁੱਧ ‘ਚ ਫੂਕਾਂ ਮਾਰਨੀਆਂ, ਟਿੰਡ ਪਾਨੇ ਹੋਣਾ, ਗਲੀਆਂ ‘ਚ ਗੇੜੇ ਮਾਰਨੇ, ਲਾਰੇ ਲੱਪੇ ਲਾਉਣਾ, ਕਾਨੇ ਵਾਂਗੂੰ ਸੁੱਕਣਾ, ਦਾਅ ਵੱਜਣਾ, ਕੰਮ ‘ਚ ਘੜੰਮ ਪਾਉਣਾ, ਨਵਾਂ ਚੰਦ ਚਾਹੜਨਾ, ਜਿਉਂਦੈ ਮਾਰਨਾ, ਕੁੰਡੀ ਅੜਨਾ, ਅੱਖ ਨਾਲ ਗੱਲ ਕਰਨਾ, ਠੋਡੀ ਨਾਲ ਪਤਾਸੇ ਭੋਰਨੇ, ਤੀਆਂ ਵਾਂਗ ਦਿਨ ਗੁਜ਼ਾਰਨੇ, ਡੱਕਾ ਦੂਹਰਾ ਨਾ ਕਰਨਾ, ਦਿਵਾਲਾ ਕੱਢਣਾ, ਆਟੇ ਵਾਂਗ ਗੁੰਨ੍ਹਣਾ, ਸੱਤੂ ਮੁਕਣੇ, ਚੁੱਪ ਵੱਟਣੀ, ਪੱਟਾਂ ‘ਚ ਘੁੱਗੀਆਂ ਪੈਣਾ, ਬੱਕਰੀ ਗੁੱਲਾਂ ਤੇ ਚਾਹੜਨਾ, ਕਾਟੋ ਫੁੱਲਾਂ ਤੇ ਖੇਡਣੀ, ਬੇਹੇ ਕੜਾਹ ਵਾਂਗ ਲੈਣਾ, ਕਚੂੰਬਰ ਕੱਢਣਾ, ਬੇੜੀਆਂ ‘ਚ ਵੱਟੇ ਪਾਉਣੇ, ਮੌਤ ਨੂੰ ਮਾਸੀ ਆਖਣਾ, ਤਿਲਾਂ ਚ ਤੇਲ ਨਾ ਹੋਣਾ, ਕੁੱਕੜ ਵਾਂਗ ਧੌਣ ਮਰੋੜਨੀ, ਅਕਲ ਤੇ ਪਰਦਾ ਪੈਣਾ, ਹੱਥਾਂ ਦੇ ਤੋਤੇ ਉਡਣੇ , ਸੌਣ ਹਰੇ ਨਾ ਹਾੜ੍ਹ ਸੁੱਕੇ ਹੋਣਾ, ਝਾੜ ਚ ਫਸੇ ਬਿੱਲੇ ਵਾਂਗ ਝਾਕਣਾ, ਦਿਲ ਪੱਥਰ ਵਰਗਾ ਕਰਨਾ, ਠੰਡਾ ਕਰਕੇ ਖਾਣਾ, ਹਿੰਗ ਫਟਕੜੀ ਨਾ ਲੱਗਣਾ, ਪਹਿਲੀ ਚੋਰੀ ਪਹਿਲਾ ਹੀ ਫਾਹਾ ਆਉਣਾ, ਭਰਿਆ ਭਾਂਡਾ ਨਾ ਡੋਲਣਾ, ਹਿੱਕ ਤੇ ਆਹਲਣਾ ਪਾਉਣਾ, ਕਾਂ ਦੇ ਸਿਰ ਜਿੰਨੀ ਖਾਣੀ, ਨਹੁੰ ਮਾਸ ਦਾ ਰਿਸ਼ਤਾ ਹੋਣਾ, ਊਠ ਦੇ ਗੱਲ ਟੱਲੀ, ਰੰਨਾਂ ਦਾ ਗਾਹੜੂ ਹੋਣਾ, ਚੌਟੇ ਚੁੱਕਣੇ, ਕੁੱਬੇ ਦੇ ਲੱਤ ਮਾਰੀ ਰਾਸ ਆਉਣੀ, ਦੁਲੱਤੇ ਮਾਰਨੇ, ਰੂੜੀ ਦਾ ਭੂੰਡ ਹੋਣਾ, ਅਧਖੜ ਉਮਰ ‘ਚ ਰੰਨਾ ਦਾ ਠਰਕੀ ਹੋਣਾ, ਤੋਕੜ ਤੀਵੀਂ, ਬਿੱਲੀ ਛਿੱਕਣੀ, ਢੇਰੀ ਢਾਹੁਣਾ, ਮੂੰਹ ਮਿੱਠਾ ਕਰਾਉਣਾ, ਬੁੱਲ੍ਹ ਲਮਕਾਉਣੇ, ਬੂਥਾ ਸਜਾਉਣਾ, ਮੋਰਚਾ ਮਾਰਨਾ, ਮੋਰਚਾ ਲਾਉਣਾ, ਘੜੇ ਤੋਂ ਕੌਲਾ ਚੁੱਕਣਾ, ਹੱਥ ਖੜ੍ਹੇ ਕਰਾਉਣਾ, ਉਲਾਂਭਾ ਲਾਹੁਣਾ, ਭੂਤਨੀ ਭੁਲਾਉਣੀ, ਰੜੇ ਬਿਠਾਉਣਾ, ਕਸੀਰ ਝਾੜਨੇ, ਜੱਗ ਦਾ ਸੜਨਾ, ਉੱਲੂ ਬੋਲਣੇ, ਕੁੱਤੇ ਭੌਂਕਣੇ, ਗੁੱਠੇ ਲਾਉਣਾ, ਹੱਥਾਂ ‘ਚ ਕਾਲਜਾ ਫੜਨਾ, ਜਿੰਦ ਤਲੀ ਤੇ ਧਰਨੀ, ਸੀਨਾ ਧੜਕਨਾ, ਅੱਖਾਂ ‘ਚ ਨੀਂਦਰ ਰੜਕਣੀ, ਹੱਡਾਂ ਨੂੰ ਪਾਰਾ ਚੜ੍ਹਨਾ, ਹਿੱਕ ਤੇ ਬਰੂਟਾ ਲਾਉਣਾ, ਪੁਆੜਾ ਪੈਣਾ, ਹਿੱਕ ਨਾਲ ਲਾਉਣਾ, ਸੁਰਗਾਂ ਦਾ ਝੂਟਾ ਲੈਣਾ, ਬਿਨਾ ਖੰਘ ਤੋਂ ਘੰਘਣਾ, ਢੋਲ ਨਗਾਰੇ ਵੱਜਣੇ, ਦਰ ਤੇ ਅਲਖ ਜਗਾਉਣੀ, ਖਹਿੜਾ ਛੱਡਣਾ, ਸੀਨੇ ਭਾਂਬੜ ਮੱਚਣੇ, ਇੱਕ ਮਿੱਕ ਹੋਣਾ, ਭਾਣਾ ਵਰਤਣਾ, ਨਾਂਹ ਨੁੱਕਰ ਕਰਨਾ, ਢੇਰੀ ਢਾਹੁਣਾ, ਮਰਿਆ ਸੱਪ ਗਲ ਪਾਉਣਾ, ਠੰਡੇ ਦੁੱਧ ਨੂੰ ਫੂਕਾਂ ਮਾਰਨੀਆਂ, ਮਾੜਾ ਢੱਗਾ ਛੱਤੀ ਰੋਗ ਹੋਣੇ, ਪੋਹ ਮਾਘ ਦੇ ਕੋਰੇ ਵਾਂਗ ਜੰਮਣਾ, ਪਾਣੀ ਨਾਲੋਂ ਪਤਲੇ ਹੋਣਾ, ਸਿਰੋਂ ਪਾਣੀ ਲੰਘਣਾ, ਭੂਸਰੇ ਝੋਟੇ ਵਾਂਗ ਝਾਕਣਾ, ਅੱਖੋਂ ਓਹਲੇ ਹੋਣਾ, ਢਿੱਲੀ ਚੂਲ ‘ਚ ਫਾਲ ਠੋਕਣਾ, ਖੂਹ ਦੀ ਇੱਟ ਮਹਿਲ ਨੂੰ ਲਾਉਣੀ, ਮੱਝ ਮੂਹਰੇ ਬੀਨ ਵਜਾਉਣੀ, ਘਰ ਦੀ ਮੁਰਗੀ ਦਾਲ ਬਰਾਬਰ ਹੋਣਾ, ਮੰਗਵੀਂ ਦਾਲ ਨਾ ਦੇਣੀ, ਘਰ ਦੀ ਬੂਰਾ ਖੰਡ ਹੋਣੀ, ਚੀਹੜਾ ਗੁੜ ਭਾਲਣਾ, ਜਾਣ ਜਾਣ ਪੰਗੇ ਲੈਣਾ, ਘੜੀ ਮੁੜੀ ਖਹਿਣਾ, ਜਾਨ ਮੁੱਠੀ ‘ਚੋਂ ਕਿਰਨਾ, ਹੱਥ ਨਾ ਪੁੱਜੇ ਥੂਹ ਕੌੜੀ, ਆਸਾਂ ਦੇ ਤੰਦ ਟੁੱਟਣੇ, ਤਾਣੀ ਉਲਝਣੀ, ਕੋਹ ਕੋਹ ਲੰਮੇ ਹਾਉਕੇ ਲੈਣੇ, ਚਿੱਤ ਭਰ ਭਰ ਆਉਣਾ, ਰੋਂਦੀ ਝੱਲ ਨਾ ਹੋਣਾ, ਸਬਰ ਸਬੂਰੀ ਕਰਨੀ, ਸੁੱਖੀ ਸਾਂਦੀ ਰੋਣਾ, ਮੁਕੱਦਰਾਂ ਨੂੰ ਗ੍ਰਹਿਣ ਲੱਗਣਾ, ਬਖਤਾਵਰਾਂ ਨੇ ਹੱਕ ਖੋਹਣੇ, ਗਰੀਬਾਂ ਨੇ ਖਾਲੀ ਹੱਥ ਰਹਿਣਾ, ਵੰਗ ਵਾਂਗੂ ਤਿੜਕਣਾ, ਸਾੜ੍ਹ ਸਤੀ- ਵਾਂਗ ਲੱਗਣਾ, ਤੋਤੇ ਉਡਣੇ, ਕੌ ਡੋਡਿਆ ਵਰਗੇ ਡੇਲੇ ਹੋਣੇ, ਅੱਖਾਂ ਪਾੜ ਪਾੜ ਝਾਕਣਾ, ਲੁੱਚੇ ਦੇ ਚਾਰ ਪਰੋਸੇ ਹੋਣੇ, ਰਾਂਝਾ ਰਾਜ਼ੀ ਕਰਨਾ, ਗਿਣਵੇਂ ਸਾਹ ਲੈਣੇ, ਦੰਦੀਆਂ ਚਿੜਾਉਣਾ, ਜੁਗਤ ਬਣਾਉਣੀ, ਖਾ ਪੀ ਕੇ ਤਿੱਤਰ ਹੋਣਾ, ਸੁੱਕਾ ਖੁੰਢ ਹਰਾ ਹੋਣਾ, ਬਾਰੀਂ ਬਰਸੀ ਰੂੜੀ ਦੀ ਸੁਣਨੀ, ਗੁੱਲੀ ਡੰਡਾ ਖੇਡਣਾ, ਬਨੇਰੇ ਕਾਂ ਬੋਲਣਾ, ਪਿੱਸੂ ਪੈਣੇ, ਚਿੱਟੇ ਦਿਨ ਨ੍ਹੇਰ ਪੈਣਾ, ਪੁੱਠੇ ਕਾਰੇ ਕਰਨੇ, ਸਿੱਕਾ ਚੱਲਣਾ, ਡੂੰਮਣਾ ਚੋਣਾ, ਮਾਲੋ ਮਾਲ ਹੋਣਾ, ਭਾਗ ਲੱਗਣੇ, ਖੜ੍ਹੇ ਚੁਬਾਰੇ ਢਹਿਣੇ, ਕੱਖੋਂ ਹੌਲੇ ਹੋਣਾ, ਕਲਯੁਗ ਦਾ ਮੂੰਹ ਅੱਡਣਾ, ਦੁੱਖਾਂ ਦੀ ਜੂਨ ਹੰਢਾਉਣੀ, ਕੁਲੱਛਣੀ ਪੇਸ਼ ਪੈਣੀ, ਓਧਲ ਤੀਵੀਂ ਹੋਣਾ, ਮੁਰਗੀ ਵਾਂਗੂੰ ਖੂੰਜੇ ਲੱਗਣਾ, ਨਾਰ ਪਟੋਲੇ ਵਰਗੀ, ਬਰਕਤ ਪਾਉਣੀ, ਅੱਖ ਮਟੱਕਾ ਲਾਉਣਾ, ਹਿੰਗ ਫਟਕੜੀ ਨਾ ਲੱਗਣੀ, ਨੱਕ ‘ਚ ਨੱਥ ਪਾਉਣੀ, ਬਲਦੀ ਤੇ ਤੇਲ ਪਾਉਣਾ, ਠੋਕ ਵਜਾ ਕੇ ਵੇਖਣਾ, ਗੇਲੀ ਵਰਗੀ ਨਾਰ, ਬੱਚੀਆਂ ਪਾਉਣਾ, ਬਿਨਾਂ ਪੀਤਿਉਂ ਨਸ਼ਾ ਚੜ੍ਹਨਾ, ਸੱਬਬੀਂ ਮੇਲਾ ਹੋਣਾ ਆਦਿ ਵਰਤੇ ਹਨ। ਚਮਕੀਲੇ ਦਾ ਇਹਨਾਂ ਨੂੰ ਵਰਤਣ ਦਾ ਢੰਗ ਵੀ ਆਪਣਾ ਵੱਖਰਾ ਹੀ ਹੈ। ਗੀਤਾਂ ‘ਚ ਇਹਨਾਂ ਨੂੰ ਫਿੱਟ ਕਰਨਾ, ਜੜਨਾ ਤੇ ਸਜਾਉਣ ਦਾ ਚਮਕੀਲੇ ਨੂੰ ਪੂਰਾ ਚੱਜ ਅਤੇ ਸਲੀਕਾ ਹੈ। ਲੋਕਾਂ ਦੀ ਬੋਲੀ ‘ਚ ਲੋਕਾਂ ਦੀ ਗੱਲ ਲੋਕ ਮੁਹਵਾਰੇ ਲੋਕ ਅਖਾਣ, ਲੋਕ ਬੋਲੀਆਂ ਵਰਤ ਕੇ ਕਰਨੀ ਇਹ ਸ਼ੋਹਰਤ ਚਮਕੀਲੇ ਦੇ ਹਿੱਸੇ ਹੀ ਆਈ ਹੈ। ਹੋਰ ਕਿਸੇ ਦੇ ਹਿੱਸੇ ਨਹੀਂ ਆਈ, ਜੇਕਰ ਆਈ ਵੀ ਹੈ ਤਾਂ ਬਹੁਤ ਘੱਟ ਆਈ ਹੈ। ਬੇ-ਸ਼ੱਕ ਚਮਕੀਲੇ ਦੀ ਵਿੱਦਿਅਕ ਯੋਗਤਾ ਪ੍ਰਾਇਮਰੀ ਤੱਕ ਹੀ ਸੀ, ਪਰ ਉਸਨੇ ਵੱਡੇ-ਵੱਡੇ ਪੜ੍ਹੇ ਲਿਖੇ ਗੀਤਕਾਰਾਂ ਤੇ ਗਾਇਕਾਂ ਨੂੰ ਵਖਤ ਪਾ ਕੇ ਰੱਖ ਦਿੱਤਾ ਸੀ। ਤਕਨੀਕ ਪੱਖੋਂ ਬੇ-ਸ਼ੱਕ ਗੀਤਾਂ ਵਿੱਚ ਘਾਟ ਰੜਕਦੀ ਹੈ ਪਰ ਫਿਰ ਵੀ ਬਹੁਤ ਮਕਬੂਲ ਹੋਏ ਕਿਉਂਕਿ ਉਸ ਕੋਲ ਆਪਣੀ ਸੁਰੀਲੀ ਗਾਇਕੀ ਰਾਹੀਂ ਇਹਨਾਂ ਗੀਤਾਂ ਦੀ ਤਰਜ਼ ਬਣਾਉਣ ਤੇ ਸੰਗੀਤ ਨਾਲ ਸ਼ਿੰਗਾਰਨ ਦੀ ਸਮਰੱਥਾ ਸੀ। ਉਸਨੇ ਜਿਸ ਗਾਇਕਾ ਨਾਲ ਵੀ ਗਾਇਆ ਹੈ ਉਸਨੂੰ ਪੰਜਾਬੀ ਸੱਭਿਆਚਾਰ ਦੀ ਚਹੇਤੀ ਗਾਇਕਾ ਬਣਾ ਕੇ ਪੇਸ਼ ਕੀਤਾ ਹੈ ਜਿਸ ਵਿੱਚ ਇਸਨੇ ਸਫਲਤਾ ਵੀ ਪ੍ਰਾਪਤ ਕੀਤੀ ਹੈ।

ਅਮਰ ਸਿੰਘ ਚਮਕੀਲਾ ਗੀਤਕਾਰੀ ਤੇ ਗਾਇਕੀ ਦਾ ਅਲੰਬਰਦਾਰ ਸੀ। ਜਿਸ ਦੀਆਂ ਦੋਵੇਂ ਕਲਾਵਾਂ ਹਮੇਸ਼ਾਂ ਅਮਰ ਰਹਿਣਗੀਆਂ। ਇਸਦੇ ਸਰੋਤੇ ਹੁਣ ਵੀ ਇਸਨੂੰ ਨਿੱਠ ਕੇ ਸੁਣਦੇ ਹਨ। ਇਸਦੀ ਗੀਤਕਾਰੀ ਤੇ ਗਾਇਕੀ ਵਿੱਚ ਪੰਜਾਬ ਦਾ ਅਮੀਰ ਸੱਭਿਆਚਾਰ ਝਲਕਦਾ ਹੈ। ਇਸੇ ਲਈ ਪੰਜਾਬੀ ਸਰੋਤੇ ਪੰਜਾਬ ਕੀ ਸਾਰੇ ਵਿਸ਼ਵ ਵਿਚ ਇਸਨੂੰ ਪਿਆਰ ਕਰਦੇ ਹਨ ਤੇ ਹਮੇਸ਼ਾਂ ਕਰਦੇ ਰਹਿਣਗੇ ਕਿਉਂਕਿ ਇਸਦੀ ਗੀਤਕਾਰੀ ਤੇ ਗਾਇਕੀ ਵਿੱਚ ਸਾਡੇ ਅੰਗ ਸੰਗ ਵਾਪਰਦੀਆਂ ਕਹਾਣੀਆਂ ਹੀ ਪੇਸ਼ ਕੀਤੀਆਂ ਹੋਈਆਂ ਹਨ। ਇਸ ਦੀ ਗਾਇਕੀ ਨੂੰ ਸੁਣਕੇ ਹਰ ਇੱਕ ਪੰਜਾਬੀ ਇਹੋ ਸਮਝਦਾ ਹੈ ਕਿ ਇਹ ਸਾਡੀ ਹੀ ਗੱਲ ਹੋ ਰਹੀ ਹੈ। ਇਹੋ ਕਾਰਨ ਹੈ ਇਸਦੀ ਪ੍ਰਸਿੱਧੀ ਦਾ। ਇਸਨੇ ਆਪਣੀ ਗੀਤਕਾਰੀ ਤੇ ਗਾਇਕੀ ਰਾਹੀਂ ਲੱਖਾਂ ਨਹੀਂ ਕਰੋੜਾਂ ਗੱਭਰੂਆਂ ਮੁਟਿਆਰਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਇਸਨੇ ਲਿਖੇ ਗੀਤਾਂ ਨੂੰ ਆਪ ਸੁਰਿੰਦਰ ਸੋਨੀਆਂ ਨਾਲ

ਗਾਇਆ ਹੈ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ।

  1. ਭੱਜ ਜਾ ਵੇ ਮਿੱਤਰਾ, ਟਕੂਏ ਤੇ ਟਕੂਆ ਖੜਕੇ।
  2. ਬੁੱਢੜਾ ਨਾ ਜਾਣੀ, ਪੱਟ ਦੇਊਂ ਚਗਾਠ ਨੀ
  3. ਭਾਬੀਏ ਭੈਣ ਤੇਰੀ ਨਾਲ, ਦਿਉਰ ਤੇਰਾ ਕਦ ਖੇਡ ਕੰਗਣਾ ਨੀ
  4. ਸੰਤਾਂ ਨੇ ਪਾਈ ਫੇਰੀ, ਰਹੇ ਵਸਦੀ ਨਗਰੀ ਤੇਰੀ।
  5. ਤੇਰੀ ਮਾਂ ਦੀ ਤਲਾਸ਼ੀ ਲੈਣੀ, ਬਾਪੂ ਸਾਡਾ ਗੁੰਮ ਹੋ ਗਿਆ।
  6. ਕੁੜਤੀ ਸੱਤ ਰੰਗ ਦੀ, ਵਿੱਚ ਘੁੱਗੀਆਂ ਗਟਾਰਾਂ ਪਾਈਆਂ।
  7. ਵੈਲੀ ਨਾ ਕਿਸੇ ਤੀਵੀਂ ਦੇ ਹੋਵੇ ਘਰ ਵਾਲਾ ਨੀ।
  8. ਆਟੇ ਵਾਂਗੂ ਗੁੰਨ੍ਹਤੀ, ਬਿਗਾਨੇ ਪੁੱਤ ਨੇ।

ਅਮਰ ਸਿੰਘ ਚਮਕੀਲੇ ਨੇ ਸੁਰਿੰਦਰ ਸੋਨੀਆਂ ਤੋਂ ਇਲਾਵਾ ਅਮਰਜੋਤ ਨਾਲ ਗਾਇਆ ਹੈ ਜਿਨ੍ਹਾਂ ਦੇ ਗਾਏ ਗੀਤਾਂ ਦੇ ਵੇਰਵਾ ਇੰਝ ਹੈ।

  1. ਬਚਕੇ ਰਿਹਾ ਕਰ ਤੂੰ ਨਖਰੋ ਕੋਈ ਹੱਥ ਫੇਰ ਜਾਊ ਤੇਰੇ ਤੇ।
  2. ਨਾਰ ਬੈਟਰੀ ਵਰਗੀ ਦਾ ਦੂਰੋਂ ਚਮਕਾਰਾ ਪੈ ਜਾਂਦਾ।
  3. ਤੇਰੇ ਗੋਰੇ ਲੱਕ ਨੂੰ ਕਿਸੇ ਨਾਗ ਨੇ ਗੋਲ ਗਲੂੰਡੀ ਪਾ ਲੈਣੀ।
  4. ਭਿੱਜ ਗਈ ਬਾਹਰ ਖੜ੍ਹੀ ਤਾਣ ਛਤਰੀ ਮਲਾਹਜੇਦਾਰਾ।
  5. ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਗਿਆ।
  6. ਮੈਨੂੰ ਡੱਬ ‘ਚ ਲੁਕੋ ਲੈ ਮੈਂ ਸ਼ਰਾਬ ਬਣ ਗਈ।
  7. ਪਿੰਡ ਦੇ ਮਲੰਗਾਂ ਨੇ ਧੀ ਬਖਤਾਵਰਾਂ ਦੀ ਗਾਲੀ।
  8. ਹਿੱਕ ਉਤੇ ਸੌਂ ਜਾ ਵੇ ਸ਼ਰਾਬੀ ਬਣਕੇ।
  9. ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ।
  10. ਕੰਤ ਨਿਆਣੇ ਨੇ ਰੀਠੇ ਖੇਡਣ ਲਾ ਲਈ।
  11. ਕੋਹ ਕੋਹ ਤੋਂ ਤੀਵੀਂ ਨੂੰ ਪਛਾਣ ਲਈਦੈ।
  12. ਮੇਰਾ ਚਿੱਤ ਨਾ ਲਗਦਾ ਨੀ ਕੁੜੀਓ ਘਰ ਸੌਹਰਿਆਂ ਦੇ।
  13. ਤੂੰ ਜ਼ੋਰ ਲਾਇਆ ਅੱਡੀਆਂ ਦਾ ਤੇਰੇ ਹੱਥ ਨਾ ਪਟੋਲਾ ਆਇਆ।
  14. ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ।
  15. ਵੇ ਇੱਕ ਵਾਰੀ ਜੀਜਾ ਮਾਰ ਲੈ ਹੋਰ ਟਰਾਈ।
  16. ਗਲ ਵਿੱਚ ਬਾਹਾਂ ਪਾਉਣ ਨੂੰ ਮੇਰਾ ਜੀਅ ਕਰਦੈ।
  17. ਨੱਢੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ।
  18. ਖੁੱਲ੍ਹੀ ਪਈਐ ਸ਼ਰਾਬ ਤੇਰੇ ਮੂਹਰੇ ਤੂੰ ਪੈਗ ਕਿਉਂ ਨਾ ਭਰੇਂ ਮਿੱਤਰਾ।
  19. ਤੇਰਾ ਸ਼ਰਬਤ ਵਾਂਗੂੰ ਘੁੱਟ ਭਰਲਾਂ ।
  20. ਹਾਏ ਨੀ ਬੇਬੇ ਮੇਰੀਏ ਜੋੜੀ ਤੋਂ ਲੱਡੂ ਵਾਰ।

21. ਹਾਏ ਸੋਹਣੀਏ ਨੀ ਦੁੱਖ ਟੁੱਟ ਜਾਣਗੇ, ਹਾੜ੍ਹਾ ਘੁੱਟ ਗਲਵਕੜੀ ਪਾ ਲੈ।

  1. ਤੇਰੇ ਗਲ ਨਾਲ ਲੱਗਕੇ, ਮੁਕਤੀ ਹੋਜੂ ਹਾਣਦੀਏ।
  2. ਪਤੀ ਦੇਵ ਤੂੰ ਚੰਗਾ ਭਲਾ ਸੀ, ਇਹ ਕੀ ਭਾਣਾ ਵਰਤ ਗਿਆ।
  3. ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਨੀ ਕੁੜੀਓ ਰਾਹ ਛੱਡ ਦਿਓ।
  4. ਕਰੀ ਸੋਹਣੀਏਂ ਮੁਆਫ ਪੀਤੀ ਵਿੱਚ ਗਲਤੀ ਹੋ ਗਈ।
  5. ਹਾਏ ਨੀ ਸਾਡੀ ਛਤਰੀ ਤੇ ਮੁੰਡਾ ਬਣਕੇ ਕਬੂਤਰ ਆਇਆ।
  6. ਡਾਂਗਾਂ ਖੜਕ ਪਈਆਂ ਲੁਕ ਗਈ ਅੰਦਰ ਵੜਕੇ।
  7. ਚੱਕ ਲੌ ਡਰੈਵਰੋ ਪੁਰਜੇ ਨੂੰ ਨਿੱਕਲ ਹੱਥੋਂ ਨਾ ਜਾਵੇ।
  8. ਮੇਰੇ ਬਾਪੂ ਨੇ ਖੁੰਡੇ ਨੂੰ ਤੇਲ ਲਾ ਕੇ ਰੱਖਿਆ।
  9. ਲੱਕ ਮੇਰਾ ਕੱਚ ਵਰਗਾ, ਮੁੰਡੇ ਆਖਦੇ ਮਜਾਜਣ ਭਾਰੀ।
  10. ਬਾਹਾਂ ਵਿੱਚ ਭਾਬੀ ਸੌਂਜਾ ਨੀ, ਝੱਲੂਗਾ ਦਿਓਰ ਪੱਖੀਆਂ।
  11. ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦੈ ਬੇਬੇ ਨਹੀਂ ਮੰਨਦੀ ਮੇਰੀ।
  12. ਲੱਡੂਆਂ ਦਾ ਭਾਅ ਪੁੱਛਲੈ ਤੇਰੀ ਮਾਂ ਦਾ ਜੱਟਾ ਮੁਕਲਾਵਾ।
  13. ਕੱਚ ਦੇ ਗਲਾਸ ਵਿੱਚ ਪਾਈਆਂ ਗੀਟੀਆਂ।
  14. ਤੂੰ ਰੱਬ ਵਰਗਾ ਦਿਲਦਾਰਾ ਵੇ, ਨਾ ਰਾਤ ਦਿਨੇ ਤੂੰ ਲੜ ਮਿੱਤਰਾ।
  15. ਉਹ ਜਣੇ ਖਣੇ ਨਾਲ ਅੱਖ ਮੱਟਕੇ ਲਾਉਂਦੀ ਫਿਰਦੀ ਐ। 37. ਵਿਆਹ ਤੇਰੇ ਦੇ ਦਿਨ ਧਰਤੇ, ਹੁਣ ਕਰਲੈ ਪਟੋਲਿਆ ਤਿਆਰੀਆਂ।
  16. ਮੈਂ ਤੇਰੇ ਮੇਚ ਦੀ ਹੋ ਗਈ ਵੇ,ਦੁੱਧ ਸਣੇ ਮਲਾਈਆਂ ਪੀਵਾਂ।
  17. ਹੁਣ ਨਹੀਂ ਨਿਭਣੀ ਹੁਣ ਮੋੜ ਮੜਾਈਆਂ ਕਰ ਮਿੱਤਰਾ।
  18. ਰਾਹੀਆ ਦੂਰ ਦਿਆ, ਪਲ ਸਾਡੇ ਕੋਲ ਖਲੋ।
  19. ਗੋਰੇ ਰੰਗ ਤੋਂ ਤਿਲ੍ਹਕ ਜਾਂਦੀ, ਅੱਖ ਬੱਲੀਏ।
  20. ਸੌਹਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾ ਤਾ।

43 ਬੀਨ ਵਜੇ ਬਿਸ਼ਨੀ ਦੀ, ਡੌਰੂ ਰੁਲਦੂ ਬਾਬੇ ਦਾ ਖੜਕੇ।

  1. ਸੋਹਣਿਆਂ ਵਿਆਹ ਕਰਵਾ ਕੇ ਸਾਨੂੰ ਮਿਲਦਾ ਗਿਲਦਾ ਰਹੀਂ।
  2. ਵਰ ਕੰਨਿਆਂ ਨੂੰ ਦਿੰਦਾ ਪੂਪਨਾ ਸਾਧ ਹਰਾਮੀ।
  3. ਜੀਜਾ ਵੇ ਤੈਨੂੰ ਚਸਕਾ ਪੈ ਗਿਆ ਸਾਲੀ ਦਾ।
  4. ਤੇਰਾ ਛੋਟਾ ਦਿਓਰ ਵਿਆਹ ਲਿਆਇਆ ਚੋ ਤੇਲ ਬਰੂਹਾਂ ਤੇ।
  5. ਮੈਂ ਸਾਹਿਬਾਂ ਲਿਆਊਂ ਵਿਆਹ ਕੇ, ਮਿਲਣਾ ਬੀਬੋ ਦੇ ਘਰ ਜਾ।
  6. ਜੇ ਲੈਣਾ ਸਵਰਗ ਦਾ ਝੂਟਾ, ਚੜ੍ਹ ਅਮਲੀ ਦੇ ਮੋਢੇ ਨੀ।
  7. ਕੰਨ ਕਰ ਗੱਲ ਸੁਣ ਮੱਖਣਾ
  8. ਤੇਰਾ ਦਿਓਰ ਸਿਰੇ ਦਾ ਵੈਲੀ
  9. ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ
  10. ਕੀ ਵਿਹੁ ਖਾ ਕੇ ਮਰ ਜਾਂ
  11. ਪਹਿਲੇ ਲਲਕਾਰੇ ਨਾਲ ਮੈਂ ਡਰ ਗਈ
  12. ਪੱਟੂਆ ਪੱਟਣ ਨੂੰ ਫਿਰਦੈਂ
  13. ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦੈ
  14. ਮਿਲਣੋਂ ਵੀ ਰਹਿ ਗਿਆ ਵੇ
  15. ਮੈਂ ਸ਼ਰਾਬ ਬਣ ਗਈ
  16. ਕੁੱਦ ਕੁੱਦ ਮਾਰੇ ਚੁੱਭੀਆ
  17. ਹੁਣ ਪਰਖੂੰ ਗੱਭਰੂਆ ਤੈਨੂੰ ਵੇ
  18. ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ
  19. ਭੁੱਲ ਗਈ ਮੈਂ ਘੁੰਢ ਕੱਢਣਾ, ਜੇਠਾ ਵੇ ਮੁਆਫ਼ ਕਰੀਂ।
  20. ਖੜ੍ਹ ਜੋ ਨੀ ਮੇਰੇ ਹਾਣਦੀਓ, ਮੇਰੀ ਗੱਭਰੂ ਨਾਲ ਅੱਖ ਲੜ ਗਈ।
  21. ਦਿਉਰਾ ਵੇ ਚੰਨ ਦੀ ਚਾਨਣੀ ਰਾਤ, ਕੰਤ ਮੇਰਾ ਦੂਰ ਗਿਆ।
  22. ਪਤਾ ਲੱਗੂ ਜਦੋਂ ਕੁੱਕੜ ਵਾਂਗੂ ਧੌਣ ਮਰੋੜੀ ਵੇ।
  23. ਪੁੱਤ ਬਣਾਕੇ ਛੱਡਣਗੇ, ਵੈਲੀਆਂ ਦੇ ਮੋਹਰੀ ਨੂੰ
  24. ਅਗਲੇ ਸਾਲ ਨੂੰ ਬੀਬੀ ਕਾਕੇ ਦੀ ਵੰਡ ਲਈਂ ਲੋਹੜੀ ਨੀ।
  25. ਰੋਂਦੀ ਕੁਰਲਾਉਂਦੀ ਨੂੰ ਕੋਈ ਲੈ ਚੱਲਿਆ ਮੁਕਲਾਵੇ।
  26. ਹਾਏ ਵੇ ਦਿਨੇ ਕਰੇਂ ਲੜਾਈਆਂ, ਰਾਤ ਨੂੰ ਸੁਲਾਹ ਸਫਾਈਆਂ।
  27. ਬੇਬੇ ਨੂੰ ਬਾਪੂ ਫਿਰੇ ਲੱਭਦਾ, ਤੇਰੀ ਮਾਂ ਮੈਂ ਭੜੋਲੇ ਵਿੱਚ ਪਾਤੀ।
  28. ਜੇ ਹੋਵੇ ਢੋਲ ਸ਼ਰਾਬੀ, ਕੁੰਡਾ ਲਾ ਲਈਏ।

ਨੀ ਭਾਗਵਾਨੇ ਬਚਕੇ ਰਹੀਂ, ਤੇਰਾ ਜੇਠ ਭੂਤਰਿਆ ਫਿਰਦਾ।

  1. 73. ਵੇ ਫਿੱਟ ਦਾਦੇ ਮੁਘਾਉਣਿਆਂ, ਇਹ ਕੀ ਕਰਤੂਤ ਖਿੰਡਾ ਦਿੱਤੀ।
  2. ਪਰੇ ਹਟ ਜਾ, ਸੌਹਰੇ ਦੀਏ ਫੇਰ ਸਹੀ।
  3. ਉਹ ਤੱਕਦਾ ਰਿਹਾ, ਮੈਂ ਸਿਖਰ ਦੁਪਹਿਰੇ ਨਾਹੁੰਦੀ ਰਹੀ।
  4. ਮੇਰੀ ਭੁੱਲ ਚੁੱਕ ਕਰ ਦੇਈਂ ਮੁਆਫ਼ ਜੇ ਹੋ ਗਈ ਗਲਤੀ ਨੀ।
  5. ਕੁੜੀਓ ਰਾਹ ਛੱਡ ਦਿਓ, ਮੇਰੇ ਯਾਰ ਨੇ ਗਲੀ ‘ਚੋਂ ਲੰਘਣਾ।
  6. ਵਧਾਈਆਂ ਜੇਠਾ ਤੈਨੂੰ ਵੇ, ਤੈਂ ਮਸਾਂ ਡੂਮਣਾ ਚੋਇਆ।
  7. ਊਈ ਬੇਬੇ ਮੇਰੀਏ ਆਹ ਚੁੱਕ ਪੂਣੀਆਂ ਮੈਥੋਂ ਤੰਦ ਕੱਤਿਆ ਨਾ ਜਾਵੇ
  8. ਸੋਹਣਿਆ ਕੱਲੀ ਨੂੰ ਲੈਜਾ ਕਿਤੇ ਦੂਰ।
  9. ਉਹਨੇ ਕੱਢੀ ਭਾਈਆਂ ਦੀ ਗਾਲ੍ਹ ਮੈ ਸੱਸ ਗੋਡਿਆਂ ਥੱਲੇ ਲੈ ਲਈ।
  10. ਸੱਚੀ ਮੁੱਚੀਂ ਭਾਬੀ ਤੂੰ ਨੰਬਰ ਲੈ ਗਈ।
  11. ਪਿਆਊਂ ਭਾਬੀਏ ਸ਼ਰਾਬ ਨੀ ਮੈਂ ਸਾਰੇ ਪਿੰਡ ਨੂੰ।
  12. ਹਾਸੇ ਭਾਣੇ ਹੋ ਗਈ ਗਲਤੀ ਮੈਂ ਸਾਰੀ ਰਾਤ ਪਛਤਾਇਆ।
  13. ਗੱਭਰੂ ਉਹ ਕਾਹਦਾ ਕੋੜੀ ਹੈ ਜਹਾਨ ਦਾ।
  14. ਰੇਸ਼ਮੀ ਰੁਮਾਲ ਵਰਗੀ, ਕੁੜੀ ਹੱਥ ‘ਚੋਂ ਤਿਲਕਦੀ ਜਾਵੇ।

ਮੇਰੀ ਖੋਜ ਮੁਤਾਬਿਕ ਕਿਤਾਬਾਂ ਵਿੱਚ ਉਪਰੋਕਤ ਲਿਖੇ ਦੋ ਗਾਣੇ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਨੇ ਗਾਏ ਹਨ। ਕਈ ਕੈਸਟਾਂ ਵਿੱਚ ਵੀ ਗੀਤ ਦੁਬਾਰਾ ਦੁਬਾਰਾ ਪਾਏ ਗਏ ਹਨ। ਇਹਨਾਂ ਪੁਸਤਕਾਂ ਵਿੱਚੋਂ ਇਹਨਾਂ ਦੇ ਗਾਏ ਸੋਲੋ ਗੀਤ, ਲੋਕ-ਗੀਤ, ਲੋਕ-ਗਥਾਵਾਂ ਹੇਠ ਲਿਖੇ ਅਨੁਸਾਰ ਗਾਏ ਹਨ। ਹੋਰ ਗੀਤ ਰਿਕਾਰਡ ਨਹੀਂ ਹੋਏ।

  1. ਕੁੱਟੀ ਮੈਂ ਤਾਂ ਘੁੱਕਰਾ ਵੇ ਸੁੱਚੇ ਨੰਗ ਨੇ।
  2. ਨੀ ਤੂੰ ਗਿੱਧੇ ਵਿੱਚ ਦਿਉਰ ਨਾਲ ਨੱਚ ਭਾਬੀਏ।
  3. ਇਹਨਾਂ ਅੱਖੀਆਂ ਨੂੰ ਘੁੰਡ ਵਿੱਚ ਡੱਕ ਲੈ, ਨੀ ਅੱਖੀਆਂ ਦੀ ਮਾਰ ਬੁਰੀ।
  1. ਨੱਕ ਵਿੱਚੋਂ ਨੱਥ ਲੱਥ ਗਈ ਸੁਹਾਗ ਦੀ ਗਈ ਜਿੰਦ ਭੌਰ ਦੀ।
  2. ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈਦਾ।
  3. ਮੈਨੂੰ ਸੁਪਨਾ ਆਇਆ ਚੋਬਰ ਦਾ, ਸੰਗ ਲਗਦੀ ਦੱਸਦੀ ਨੂੰ । ਜੱਟ ਬਾਝ ਭਰਾਵਾਂ ਮਰਿਆ।
  4. 8. ਨਾ ਦੋਸ਼ ਕੋਈ ਸਾਹਿਬਾਂ ਦਾ, ਤ੍ਰਿੰਝਣਾਂ ‘ਚ ਚਿੱਤ ਨਾ ਲੱਗੇ, ਮੈਨੂੰ ਤੋਰਦੇ ਮਾਏ ਮੁਕਲਾਵੇ।
  5. ਅਖਾੜਾ ਨਿੱਤ ਲਾਵੇ ਰਾਤ ਨੂੰ,ਕੁੱਟੇ ਢੋਲਕੀ ਛੜਾ ਕਰਤਾਰਾ।
  6. ਉਹ ਦੇਖ ਭਾਬੀਏ ਨੀ, ਜੋਗੀ ਵਿੱਚ ਤ੍ਰਿੰਝਣਾਂ ਦੇ ਆਇਆ।
  7. ਸਾਡੀ ਅੱਖੀਆਂ ਤੋਂ ਦੂਰ ਨਾ ਜਾਈਂ, ਚੰਨਾ ਵੇ ਤੈਨੂੰ ਸੌਂਹ ਮੇਰੀ।
  8. ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ, ਸੋਹਣਿਓਂ ਸੋਚ ਲਓ।
  9. ਧੀ ਮਰੇ ਬਦਕਾਰ ਲੋਕੋ, ਜੋ ਦਾਗ ਕੁਲ ਨੂੰ ਲਾਏ।
  10. ਜਾਹ ਨੀ ਡੋਲੀ ਚੜ੍ਹਜਾ ਹਾਣਦੀਏ।
  11. ਹਾਣ ਦੀ ਕੁੜੀ ਨਾ ‘ਮੇਰੀ ਅੱਖ ਲੜ ਗਈ, ਹਾਏ ਨੀ ਭਾਬੀ ਲੁੱਟਿਆ ਗਿਆ।
  12. ਮੁੰਡੇ ਪਿੰਡ ਦੇ ਮਗਰ ਲਾਏ ਸਾਰੇ।
  13. ਮੇਰਾ ਕੰਤ ਨਾਲੋਂ ਦਿਉਰ ਪਿਆਰਾ ਸਾਰੀ ਰਾਤ ਝੱਲੇ ਪੱਖੀਆਂ।
  14. ਇਹਨਾਂ ਲੱਗੀਆਂ ਨੂੰ ਤੋੜ ਨਿਭਾਈਂ, ਚੰਨਾ ਵੇ ਤੈਨੂੰ ਸੌਂਹ ਮੇਰੀ। ਸੰਗੀਤ ਸਟੇਜੀ ਚਮਕੀਲੇ ਦਾ ਹੈ।
  15. ਜੱਟ ਦੀ ਦੁਸ਼ਮਣ ਸਿਰ ਮੰਗਦੀ।

ਇਹ ਉੱਨੀ ਰਚਨਾਵਾਂ ਇਹਨਾਂ ਦੀਆਂ ਸਟੇਜਾਂ ਤੇ ਅਖਾੜੇ ਦੇ ਰੂਪ ਵਿੱਚ ਗਾਈਆਂ ਹੋਈਆਂ ਹਨ। ਜਿੰਨ੍ਹਾਂ ਨੂੰ ਕੰਪਨੀਆਂ ਨੇ ਦੋ ਕੈਸਿਟਾਂ ਦੇ ਰੂਪ ਵਿੱਚ ਕੱਢਿਆ ਹੈ ਪਰ ਉਹ ਮਾਰਕਿਟ ਵਿਚੋਂ ਹੁਣ ਮਿਲ ਨਹੀਂ ਰਹੀਆਂ।

ਹੁਣ ਅਮਰ ਸਿੰਘ ਚਮਕੀਲਾ ਦੀ ਧਾਰਮਿਕ ਗਾਇਕੀ ਤੇ ਗੀਤਕਾਰੀ ਦੀ ਗੱਲ ਕਰਨ ਜਾ ਰਿਹਾ ਹਾਂ। ਇਸ ਦੀਆਂ ਧਾਰਮਿਕ ਪੁਸਤਕਾਂ ਤਿੰਨ ਹਨ। ਜਿੰਨਾਂ ਵਿੱਚ ਇਹਨਾ ਦੇ ਗਾਏ ਗੀਤ ਨਿਮਨ ਲਿਖਤ ਹਨ ਤੇ ਨਾਲ ਹੀ ਉਹਨਾਂ ਗੀਤਕਾਰਾਂ ਦਾ ਜ਼ਿਕਰ ਹੈ ਜਿੰਨ੍ਹਾਂ ਦੇ ਉਹ ਗੀਤ ਹਨ। ਜਿਵੇਂ ਤਲਵਾਰ ਮੈਂ ਕਲਗੀ ਧਰ ਦੀ ਹਾਂ, ਬਾਬਾ ਤੇਰਾ ਨਨਕਾਣਾ, ਨਾਮ ਜਪ ਲੈ।

  1. ਤਲਵਾਰ ਮੈਂ ਕਲਗੀ ਧਰ ਦੀ ਹਾਂ

(ਗਾਇਕ: ਚਮਕੀਲਾ ਤੇ ਅਮਰਜੋਤ ਗੀਤ: ਸਨਮੁਖ ਸਿੰਘ ਅਜ਼ਾਦ)

  1. ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ (ਗਾਇਕ: ਚਮਕੀਲਾ ਗੀਤ: ਸਵਰਨ ਸਿੰਘ ਸਿਬੀਆ)
  2. ਖੜ੍ਹੇ ਫੱਕਰ ਪਿਆਸੇ ਨੀ ਪਿਲਾ ਦੇ ਬੀਬੀ ਪਾਣੀ (ਗਾਇਕ: ਚਮਕੀਲਾ ਤੇ ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  3. ਬਾਬੇ ਹਰਿਮੰਦਰ ਜਾ ਕੇ, ਸੀਸ ਚੜਾਉਣਾ ਹੈ (ਗਾਇਕ: ਚਮਕੀਲਾ ਤੇ ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  4. ਹੌਲੀ ਹੌਲੀ ਚੀਰ ਸੀਸ ਨੂੰ ‘ਆਰਾ ਲਗਦਾ ਜਲਾਦਾ ਤੇਰਾ ਪਿਆਰਾ (ਗਾਇਕ: ਚਮਕੀਲਾ ਗੀਤ: ਸਵਰਨ ਸਿੰਘ ਸਿਬੀਆ)
  5. ਆਉ ਭੈਣੋ ਵੀਰਾਂ ਦੀਆਂ ਗਾਈਏ ਘੋੜੀਆਂ (ਗਾਇਕ: ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  6. ਨਾਮ ਜਪਲੈ ਨਿਮਾਣੀ ਜਿੰਦੇ ਮੇਰੀਏ, ਔਖੇ ਵੇਲੇ ਕੰਮ ਆਊਗਾ (ਗਾਇਕ: ਚਮਕੀਲਾ ਗੀਤ: ਅਮਰ ਸਿੰਘ ਚਮਕੀਲਾ)
  7. ਨੀ ਤੂੰ ਨਰਕਾਂ ਨੂੰ ਜਾਵੇਂ, ਸਰਹੰਦ ਦੀ ਦੀਵਾਰੇ। (ਗਾਇਕ: ਚਮਕੀਲਾ ਤੇ ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  8. ਤਾਈਓਂ ਅੱਜ ਖਾਲਸੇ ਦੇ ਸਿਰ ਸੋਂਹਦੀਆਂ ਨੇ ਦਸਤਾਰਾਂ ਕੇਸਰੀ (ਗਾਇਕ: ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  9. ਕਾਲਜੇ ‘ਚ ਚੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ (ਗਾਇਕ: ਚਮਕੀਲਾ ਗੀਤ: ਦਲਜੀਤ ਸਿੰਘ ਦਰਦੀ)
  10. ਪਟਨੇ ਸ਼ਹਿਰ ਵਿੱਚ ਚੰਨ ਚੜ੍ਹਿਆ, ਜੱਗ ਹੋਈਆਂ ਰੁਸ਼ਨਾਈਆਂ (ਗਾਇਕ: ਅਮਰਜੋਤ ਗੀਤ: ਸਵਰਨ ਸਿੰਘ ਸਿਬੀਆ)
  11. ਤਵੀ ਦਾ ਰੰਗ ਲਾਲ ਹੋ ਗਿਆ, ਕੰਧਾਂ ਕਾਲੀਆਂ ਲਹੌਰ ਦੀਆਂ ਹੋਈਆਂ (ਗਾਇਕ: ਚਮਕੀਲਾ ਗੀਤ: ਕਰਮ ਸਿੰਘ ਮੱਹਾਵਲੀ)
  12. ਪਾਣੀ ਦਿਆ ਬੁਲਬੁਲਿਆ, ਕੀ ਮੁਨਿਆਦਾਂ ਤੇਰੀਆਂ (ਗਾਇਕ: ਚਮਕੀਲਾ ਗੀਤ: ਅਮਰ ਸਿੰਘ ਚਮਕੀਲਾ) 14. ਇੱਕ ਵਾਰੀ ਕਹਿ ਦੇ ਮੈਨੂੰ ਮਾਂ, ਵੇ ਪੁੱਤ ਜਾਂਦੀ ਵਾਰੀ

(ਗਾਇਕ: ਚਮਕੀਲਾ ਗੀਤ: ਅਮਰ ਸਿੰਘ ਚਮਕੀਲਾ) 15. ਤੁਰ ਚੱਲੀ ਜਿੰਦੜੀਏ, ਨੀ ਖਾਲੀ ਹੱਥ ਕਰਕੇ (ਗਾਇਕ: ਚਮਕੀਲਾ ਗੀਤ ਅਮਰ ਸਿੰਘ ਚਮਕੀਲਾ)

  1. ਪੀਰਾਂ ਦਾ ਪੀਰ ਕੁੜੇ, ਸੁੱਤਾ ਜੰਡ ਦੇ ਥੱਲੇ (ਗਾਇਕ: ਅਮਰਜੋਤ ਗੀਤ : ਸਵਰਨ ਸਿੰਘ ਸਿਬੀਆ)
  2. ਤੁਰ ਚੱਲੀ ਜਿੰਦੜੀਏ, ਨੀ ਖਾਲੀ ਹੱਥ ਕਰਕੇ (ਗੀਤ ਅਤੇ ਗਾਇਕ : ਅਮਰ ਸਿੰਘ ਚਮਕੀਲਾ
  3. ਧੰਨ ਧੰਨ ਬਾਬਾ ਬੁੱਢਾ ਜੀ ਤੇਰੀ ਮਹਿਮਾ ਅਪਰ ਅਪਾਰ (ਗਾਇਕ: ਅਮਰਜੋਤ ਚਮਕੀਲਾ ਗੀਤ: ਸੇਵਾ ਸਿੰਘ ਨੌਰਥ)
  4. ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ (ਗਾਇਕ: ਚਮਕੀਲਾ ਗੀਤ: ਕਰਮ ਸਿੰਘ ਮਹਾਵਲੀ)
  5. ਕੰਧੇ ਸਰਹੰਦ ਦੀਏ ਸੁਣ ਹਤਿਆਰੀਏ ਨੀ (ਗਾਇਕ: ਅਮਰਜੋਤ ਗੀਤ: ਦੇਬੀ ਮਖਸੂਸਪੁਰੀ)
  6. ਢਾਈ ਦਿਨ ਦੀ ਪ੍ਰਾਹੁਣੀ ਏਥੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀਂ (ਗਾਇਕ: ਚਮਕੀਲਾ ਗੀਤ: ਗਿੱਲ ਨੱਥੋਹੇੜੀ ਵਾਲਾ)
  7. ਲੈ ਲੋ ਚੁੰਨੀਆਂ ਸਿਰਾਂ ਤੇ ਅਸੀਂ ਕਰਨ ਲੜਾਈ ਆਪੇ ਚੱਲੀਆਂ (ਗਾਇਕ: ਅਮਰਜੋਤ ਗੀਤ: ਬੰਤ ਰਾਮਪੁਰੇਵਾਲਾ)
  8. ਪੰਡਤੋ ਪੱਟੇ ਗਏ ਤਰ ਗਈ ਰਵਿਦਾਸ ਦੀ ਪੱਤਰੀ
  9. ਨ੍ਹਾਤਿਆਂ ਧੋਤਿਆਂ ਜੇ ਰੱਬ ਮਿਲਦਾ

ਇਹਨਾਂ ਧਾਰਮਿਕ ਗੀਤਾਂ ਨੂੰ ਗਾਇਆ ਹੈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ। ਲੇਖਕਾਂ ਦੇ ਨਾਂ ਬਰਾਬਰ ਦਰਜ ਹਨ। ਇਹਨਾਂ ਤੋਂ ਇਲਾਵਾ ਅਗਰ ਹੋਰ ਕੋਈ ਗੀਤ ਹੋਵੇ ਉਹ ਸਮਝ ਲੈਣਾ ਕਿ ਮੇਰੇ ਦਿਮਾਗ ਵਿਚੋਂ ਜਾਂ ਮੇਰੀ ਪਹੁੰਚ ਤੋਂ ਬਾਹਰ ਹੈ। ਕਿਸੇ ਸੂਝਵਾਨ ਸਰੋਤੇ, ਪਾਠਕ ਨੂੰ ਅਗਰ ਇਸ ਸੂਚੀ ਵਿੱਚ ਕੋਈ ਫਰਕ ਲੱਗੇ ਤਾਂ ਉਹ ਪੱਤਰ ਲਿਖ ਸਕਦਾ ਹੈ। ਇਹਨਾਂ ਸਾਰੇ ਗੀਤਾਂ ਵਿੱਚ ਸੰਗੀਤ ਚਰਨਜੀਤ ਅਹੂਜਾ ਦਾ ਹੈ। ਸਾਰੇ ਹੀ ਦੋਗਾਣਿਆਂ ਵਿੱਚ ਹੇਠ ਲਿਖੇ ਗੀਤ ਛੱਡ ਕੇ ਬਾਕੀ ਵਿੱਚ ਸੰਗੀਤ ਚਰਨਜੀਤ ਆਹੂਜਾ ਦਾ ਹੈ। ਹੇਠ ਲਿਖੇ ਗੀਤਾਂ ਵਿੱਚ ਕੇਸਰ ਸਿੰਘ ਨਰੂਲਾ ਜੀ ਦਾ ਸੰਗੀਤ ਹੈ।

ਕੇਸਰ ਸਿੰਘ ਨਰੂਲਾ

  1. ਹਿੱਕ ਉਤੇ ਸੌਂਜਾ ਵੇ ਸ਼ਰਾਬੀ ਬਣਕੇ
  2. ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ
  3. ਗੱਭਰੂ ਹੋ ਲੈਣ ਦੇ
  4. ਖਤਰੇ ਦਾ ਘੁੱਗੂ ਬੋਲ ਪਿਆ
  5. ਦਿਨ ਆ ਗਏ ਵਿਆਹ ਦੇ ਨੇੜੇ
  6. ਲੱਲੂ ਕਰੇ ਕਵੱਲੀਆਂ
  7. ਮਾਰ ਲੈ ਹੋਰ ਟਰਾਈ

دو 8ਮੇਰਾ ਜੀਅ ਕਰਦੈ

  1. ਫੇਰ ਸਟੇਰਿੰਗ ਨੂੰ ਹੱਥ ਪਾਉਂਦਾ
  2. ਚੱਕ ਦੇਊਂ ਘੜੇ ਤੋਂ ਕੌਲਾ
  3. ਜੱਟੀ ਚੁੰਮ ਚੁੰਮ ਯਾਰਾਂ ਦਾ ਰੁਮਾਲ ਰੱਖਦੀ
  4. ਯਾਰੀ ਟੁੱਟ ਗਈ
  5. ਦਿਉਰਾ ਵੇ ਤਬੀਤਾਂ ਵਾਲਿਆ ਤੇਰੀ ਆਈ ਨੀ ਵਿਆਹ ਦੀ ਵਾਰੀ

ਉਪਰੋਕਤ ਦੱਸੇ ਵੇਰਵੇ ਤੋਂ ਇਲਾਵਾ ਜੇਕਰ ਕੁਝ ਰਹਿ ਗਿਆ ਇਹ ਮੇਰੀ ਨਿਗ੍ਹਾ ਤੋਂ ਬਾਹਰ ਹੋ ਸਕਦਾ ਹੈ।

 

Credit – ਗੁਲਜ਼ਾਰ ਸਿੰਘ ਸ਼ੌਂਕੀ

 

 

Leave a comment