ਸਟਾਕਟਨ, ਸਾਨ ਫਰਾਂਸਿਸਕੋ ਤੋਂ ਸੈਕਰਾਮੈਂਟੋ ਨੂੰ ਜਾਣ ਵਾਲੇ ਮਾਰਗ ਤੇ ਇੱਕ ਉੱਘਾ ਸ਼ਹਿਰ ਹੈ। ਸੈਕਰਾਮੈਂਟੋ ਤੋਂ ਫ਼ਰੈਜ਼ਨੋ ਜਾਣ ਵਾਲੀ ਸੜਕ ਵੀ ਇਸ ਵਿਚੋਂ ਲੰਘਦੀ ਹੈ, ਜੋ ਅੱਗੇ ਜਾ ਕੇ ਲਾਸ ਏਂਜਲਸ ਨੂੰ ਚਲੇ ਜਾਂਦੀ ਹੈ । ਸਟਾਕਟਨ, ਸ਼ਿਕਾਗੋ ਤੋਂ ਲਾਸ ਏਂਜਲਸ ਜਾਣ ਵਾਲੇ ਰੇਲ ਮਾਰਗ ਦਾ ਸਟੇਸ਼ਨ ਹੈ।
ਮੇਰੇ ਲਈ ਸਟਾਕਟਨ ਦੀ ਮਹੱਤਤਾ ਇਹਨਾਂ ਮਾਰਗਾਂ ਕਰਕੇ ਨਹੀਂ, ਬਲਕਿ ਉਹਨਾਂ ਮਾਰਗਾਂ ਕਰਕੇ ਸੀ, ਜਿਹੜੇ 100 ਸਾਲ ਪਹਿਲਾਂ ਇਸ ਸ਼ਹਿਰ ਤੋਂ ਕੁਝ ਮੀਲ ਦੂਰ ਆਪਣੇ ਫ਼ਾਰਮ ਵਿੱਚ ਬੈਠ ਕੇ ਆਜ਼ਾਦੀ ਦੇ ਮਹਾਨ ਸੰਗਰਾਮੀਆਂ, ਬਾਬਾ ਜੁਆਲਾ ਸਿੰਘ ਠੱਠੀਆਂ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਵਾਲਿਆਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਲਈ ਉਲੀਕੇ ਸਨ।
ਪੰਜਾਬੀ ਸੂਰਬੀਰਾਂ ਵਲੋਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਭਾਗ ਲੈਣ ਦੇ ਇਤਿਹਾਸ ਵਿੱਚ ਗ਼ਦਰ ਪਾਰਟੀ ਨੇ ਜੋ ਹਿੱਸਾ ਪਾਇਆ, ਉਸ ਵਿੱਚ ਪੋਰਟਲੈਂਡ, ਅਸਟੋਰੀਆ, ਸਿਆਟਲ ਦੇ ਨਾਲ ਨਾਲ ਸਟਾਕਟਨ ਦਾ ਨਾਮ ਵੀ ਵਿਸ਼ੇਸ਼ ਤੌਰ ਤੇ ਆਉਂਦਾ ਹੈ। ਸਟਾਕਟਨ ਦਾ ਗੁਰਦੁਆਰਾ, ਨਾ ਕੇਵਲ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰੇ ਦੇ ਤੌਰ ਤੇ ਹੀ ਪ੍ਰਸਿੱਧ ਸੀ, ਸਗੋਂ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਦੇ ਕੇਂਦਰ ਦੇ ਤੌਰ ਤੇ ਵੀ।
ਕੈਨੇਡਾ ਵਿਚ ਸਿੱਖ ਪਰਵਾਸੀਆਂ ਦੀ ਆਮਦ 1903-04 ਤੋਂ ਸ਼ੁਰੂ ਹੁੰਦੀ ਹੈ। ਭਾਵੇਂ 1897 ਵਿੱਚ ਮਲਕਾ ਵਿਕਟੋਰੀਆ ਦੀ ਡਾਇਮੰਡ ਜੁਬਲੀ ਅਤੇ 1902 ਵਿੱਚ ਐਡਵਰਡ ਸਤਵੇਂ ਦੀ ਤਾਜਪੋਸ਼ੀ ਦੀ ਰਸਮ ਵਿੱਚ ਹਿੱਸਾ ਲੈਣ ਲਈ ਬਰਿਟਿਸ਼ ਕਾਲੌਨੀ ਹਾਂਗ ਕਾਂਗ ਤੋਂ ਲੰਡਨ ਨੂੰ ਜਾਣ ਵਾਲੀਆਂ ਕੁਝ ਫੌਜੀ ਕੰਪਨੀਆਂ ਵਿਚ ਸਿੱਖ ਫ਼ੌਜੀ ਵੀ ਸ਼ਾਮਿਲ ਸਨ, ਜੋ ਕੈਨੇਡਾ ਵਿੱਚ ਦੀ ਲੰਘੇ। ਵਾਪਸੀ ਤੇ ਹਾਂਗ ਕਾਂਗ ਵਿੱਚ ਫ਼ੌਜ ਦੀ ਨੌਕਰੀ ਖ਼ਤਮ ਹੋ ਜਾਣ ਤੇ ਉਹਨਾਂ ਸਿੱਖ ਫ਼ੌਜੀਆਂ ਵਿਚੋਂ ਹੀ ਕੁਝ 1903-04 ਵਿੱਚ ਪੱਕੇ ਤੌਰ ਤੇ ਵੱਸਣ ਲਈ ਕੈਨੇਡਾ ਆ ਗਏ। ਇਹਨਾ ਨਾਲ ਹੀ ਕੈਨੇਡਾ ਵਿਚ ਸਿੱਖ ਪਰਵਾਸੀਆਂ ਦੇ ਆਉਣ ਦਾ ਮੁੱਢ ਬੱਝਾ।
ਅਮਰੀਕਾ ਵਿੱਚ ਸਿੱਖਾਂ ਦੀ ਆਮਦ 1906 ਤੋਂ ਆਰੰਭ ਹੋਈ ਦੱਸੀ ਜਾਂਦੀ ਹੈ। ਅਮਰੀਕਾ ਆਉਣ ਵਾਲੇ ਸਿੱਖ ਪਰਵਾਸੀਆਂ ਵਿਚੋਂ ਵੀ 40 ਪ੍ਰਤੀਸ਼ਤ ਗਿਣਤੀ ਹਾਂਗ ਕਾਂਗ, ਮਲਾਇਆ ਅਤੇ ਚੀਨ ਤੋਂ ਆਉਣ ਵਾਲੇ ਪੁਰਾਣੇ ਫ਼ੌਜੀਆਂ ਅਤੇ ਪੋਲੀਸਮੈਨਾਂ ਦੀ ਸੀ । ਬਾਬਾ ਜਵਾਲਾ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਜੀ, 1908 ਵਿੱਚ ਅਮਰੀਕਾ ਆਏ। ਉਹਨਾਂ ਦਾ ਫ਼ਾਰਮ ਜੋ ਹੋਲਟਵਿਲੇ ਦੇ ਆਸ ਪਾਸ ਸੀ, ਰਾਜਸੀ ਅਤੇ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ। ਆਲੇ ਦੁਆਲੇ ਤੋਂ ਸਿੱਖ ਸੰਗਤ ਇਥੇ ਜੁੜਦੀ, ਸ਼ਬਦ ਕੀਰਤਨ ਹੁੰਦਾ, ਬਾਣੀ ਦਾ ਪਰਵਾਹ ਚਲਦਾ, ਆਪਣੇ ਅਤੇ ਸਮੇਂ ਦੇ ਹਾਲਾਤ ਤੇ ਵੀ ਵਿਚਾਰ ਵਟਾਂਦਰਾ ਹੁੰਦਾ।
ਇਹਨਾਂ ਦਿਨਾਂ ਵਿੱਚ ਆਮ ਸਿੱਖ ਪਰਵਾਸੀ, ਫਾਰਮਾਂ ਤੇ, ਜੰਗਲ ਪੁੱਟਣ ਦਾ, ਆਰਾ। ਮਿੱਲਾਂ ਤੇ, ਰੇਲ ਦੀਆਂ ਪਟੜੀਆਂ ਬਣਾਉਣ ਆਦਿ ਦੇ ਕੰਮ ਧੰਦੇ ਕਰਦੇ ਸਨ, ਉਹਨੀ ਦਿਨੀਂ ਤਨਖ਼ਾਹ ਵੀ ਲਗਭਗ ਇੱਕ ਡਾਲਰ ਆਮ ਅਤੇ ਦੋ ਢਾਈ ਡਾਲਰ ਭਾਰੇ ਤੇ ਸਖ਼ਤ ਕੰਮਾਂ ਦੀ ਪ੍ਰਤੀ ਦਿਨ ਹੁੰਦੀ ਸੀ। ਪਰ ਹੌਲੀ-ਹੌਲੀ ਇਹ ਹਿੰਮਤੀ ਲੋਕ ਆਪਣੇ ਫਾਰਮ ਖਰੀਦਣ ਵੱਲ ਅੱਗੇ ਵਧ ਰਹੇ ਸਨ।
ਇਹਨਾਂ ਸਿੱਖ ਪਰਵਾਸੀਆਂ ਦੀ ਰਿਹਾਇਸ਼ ਇੱਕ ਦੂਜੇ ਦੇ ਨੇੜੇ ਅਤੇ ਸਸਤੇ ਇਲਾਕਿਆਂ ਵਿੱਚ ਹੁੰਦੀ ਸੀ। ਰਲ ਮਿਲ ਕੇ ਰਹਿਣ ਦਾ ਰਿਵਾਜ਼ ਸੀ, ਜੋ ਸਸਤਾ ਵੀ ਪੈਂਦਾ ਸੀ ਅਤੇ ਨਸਲੀ ਹਮਲਿਆਂ ਤੋਂ ਬਚਾ ਲਈ ਜ਼ਰੂਰੀ ਵੀ ਸੀ। ਸਟਾਕਟਨ ਦੇ ਅਜਿਹੇ ਹੀ ਇੱਕ ਇਲਾਕੇ ਵਿੱਚ, ਜਿਥੇ ਸਿੱਖ ਘਰ ਬਹੁ ਗਿਣਤੀ ਵਿੱਚ ਸਨ, 1912 ਵਿੱਚ ਗੁਰਦੁਆਰਾ ਉਸਾਰਨ ਦੀ ਲੋੜ ਅਨੁਭਵ ਕੀਤੀ ਜਾਣ ਲੱਗੀ, ਇਸ ਮੰਤਵ ਲਈ ਪੈਸਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ ਵਜੂਦ ਵਿੱਚ ਲਿਆਂਦੀ ਗਈ। ਜੋ 27 ਮਈ 1912 ਨੂੰ ਬਾਕਾਇਦਾ ਕਾਰਪੋਰੇਸ਼ਨ ਦੇ ਰੂਪ ਵਿੱਚ ਕੈਲੇਫੋਰਨੀਆਂ ਦੇ ਸਟੇਟ ਵਿਭਾਗ ਕੋਲ ਇਨਕਾਰਪੋਰੇਟ ਕਰਵਾਈ ਗਈ। ਇਸਦੇ ਪਰਧਾਨ ਤੇਜਾ ਸਿੰਘ ਅਤੇ ਸੈਕਰੇਟਰੀ ਤਾਰਾ ਸਿੰਘ ਸਨ । (ਤੇਜਾ ਸਿੰਘ ਜੀ ਡਬਲ ਐਮ.ਏ. ਸਨ, ਜੋ ਪਿਛੋਂ ਜਾ ਕੇ ਸੰਤ ਤੇਜਾ ਸਿੰਘ ਮਸਤੂਆਣੇ ਵਾਲੇ ਦੇ ਤੌਰ ਤੇ ਪ੍ਰਸਿੱਧ ਹੋਏ ।) ਗੁਰਦੁਆਰਾ ਸਾਹਿਬ ਸਥਾਪਤ ਕਰਨ ਲਈ ਸਸਤੀ ਜ਼ਮੀਨ ਦਾ ਲਾਟ ਖਰੀਦਿਆ ਗਿਆ, ਜਿੱਥੇ ਰੇਲ ਦੀ ਪਟੜੀ ਦੇ ਖਤਾਨ ਸਨ । ਛੋਟੀਆਂ-ਛੋਟੀਆਂ ਛਪੜੀਆਂ ਸਨ । ਪਰ ਸੰਗਤ ਨੇ ਬੜੀ ਹਿੰਮਤ ਨਾਲ ਬਾਹਰੋਂ ਟੱਰਕਾਂ ਤੇ ਮਿੱਟੀ ਲਿਆ ਲਿਆ ਕੇ ਸਭ ਛੱਪੜ ਟੋਏ ਪੂਰ ਕੇ ਥਾਂ ਪੱਧਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਘਰ ਉਸਾਰ ਕੇ ਉਸਦੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ। ਵੱਡੀ ਇਮਾਰਤ ਬਣਾਉਣ ਲਈ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ । ਥੋੜ੍ਹੀਆਂ ਤਨਖ਼ਾਹਾਂ ਦੇ ਬਾਵਜੂਦ ਵੀ ਕਾਫੀ ਰਕਮ ਇੱਕਠੀ ਕਰ ਲਈ ਗਈ।
1916 ਵਿਚ ਨਵੀਂ ਇਮਾਰਤ ਮੁਕੰਮਲ ਹੋਈ ਅਤੇ ਵੱਡੇ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਪਹਿਲਾਂ ਬਣਿਆ ਅਸਥਾਨ ਰਿਹਾਇਸ਼ ਲਈ ਵਰਤਿਆ ਜਾਣ ਲੱਗ ਪਿਆ। ਜਿੱਥੇ ਗ਼ਦਰੀ ਵਰਕਰ, ਵਿਦਿਆਰਥੀ, ਸੀਜ਼ਨਲ ਕੈਨਰੀ ਕਾਮੇ, ਦੇਸ਼ ਤੋਂ ਆਏ ਨਵੇਂ ਸੱਜਣ ਅਤੇ ਯਾਤਰੀ ਰਿਹਾ ਕਰਦੇ ਸਨ।
1912 ਵਿੱਚ ਜਦੋਂ ਪਹਿਲੀ ਵਾਰੀ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ । ਆਲੇ ਦੁਆਲੇ ਦੇ ਅਮਰੀਕਨ ਲੋਕਾਂ ਅਤੇ ਪੁਲਿਸ ਨੇ ਇਸ ਤੇ ਇਤਰਾਜ਼ ਕੀਤਾ। ਅਮਰੀਕਨ ਝੰਡੇ ਤੋਂ ਬਿਨਾਂ ਇਹ ਨਵਾਂ ਅਣਦੇਖਿਆ ਝੰਡਾ ਆਪਣੀ ਧਰਤੀ ਤੇ ਝੁਲਦਾ ਦੇਖ ਕੇ ਉਹ ਬੜੇ ਪਰੇਸ਼ਾਨ ਅਤੇ ਬੇਚੈਨ ਹੋਏ, ਉਹਨਾਂ ਸਖ਼ਤ ਗੁੱਸੇ ਦਾ ਪ੍ਰਗਟਾ ਕੀਤਾ, ਪਰ ਤੇਜਾ ਸਿੰਘ ਜੀ ਨੇ ਬੜੀ ਸਿਆਣਪ ਅਤੇ ਸੂਝ ਨਾਲ ਉਹਨਾਂ ਨੂੰ ਇਸਦੀ ਧਾਰਮਕ ਮਹਾਨਤਾ ਬਾਰੇ ਸਮਝਾਇਆ, ਜਿਸ ਨਾਲ ਉਹਨਾਂ ਨੂੰ ਤਸੱਲੀ ਹੋ ਗਈ।
ਧਾਰਮਕ ਅਤੇ ਰਾਜਸੀ ਸਰਗਰਮੀਆਂ ਦਾ ਕੇਂਦਰ ਹੋਣ ਕਾਰਨ ਇਸ ਗੁਰਦੁਆਰੇ ਦੀ ਕਾਫੀ ਮਹੱਤਤਾ ਵਧੀ। ਇੱਥੇ ਗੁਰਪੁਰਬ ਵੀ ਮਨਾਏ ਜਾਂਦੇ ਰਹੇ ਅਤੇ ਗ਼ਦਰ ਪਾਰਟੀ ਦੇ ਇੱਕਠ ਵੀ ਹੁੰਦੇ ਰਹੇ। ਇਹ ਗੁਰਦੁਆਰਾ ਲਗਾਤਾਰ ਕੈਲੇਫੋਰਨੀਆਂ ਦੇ ਸਿੱਖਾਂ ਅਤੇ ਸਮੁੱਚੇ ਹਿੰਦੋਸਤਾਨੀਆਂ ਲਈ ਖਿੱਚ ਦਾ ਕਾਰਨ ਬਣਿਆ ਰਿਹਾ। ਯੂਬਾ ਸਿਟੀ, ਫਰੈਜ਼ਨੋ ਅਤੇ ਹੋਰਨਾਂ ਥਾਵਾਂ ਦੇ ਬਹੁਤ ਸਾਰੇ ਸਿੱਖ ਫਾਰਮਰ ਪਹਿਲਾਂ ਸਟਾਕਟਨ ਅਤੇ ਇਸਦੇ ਆਲੇ ਦੁਆਲੇ ਹੀ ਰਿਹਾ ਕਰਦੇ ਸਨ।
1929 ਵਿੱਚ ਫਿਰ ਇਹ ਮਹਿਸੂਸ ਕੀਤਾ ਗਿਆ ਕਿ 1916 ਵਾਲੀ ਇਮਾਰਤ ਵੀ ਛੋਟੀ ਹੈ, ਸੰਗਤ ਅੱਗੇ ਤੋਂ ਵਧ ਗਈ ਸੀ, ਹੋਰ ਵਿਸ਼ਾਲ ਜਗ੍ਹਾ ਹੋਣਾ ਜ਼ਰੂਰੀ ਸੀ। ਸੰਗਤ ਨੇ ਉਤਸ਼ਾਹ ਕਰਕੇ ਪੁਰਾਣੀ ਇਮਾਰਤ ਉਥੋਂ ਮੂਵ ਕਰਕੇ ਪਹਿਲੀ ਛੋਟੀ ਇਮਾਰਤ ਦੇ ਨਜ਼ਦੀਕ ਕਰ ਦਿੱਤੀ ਅਤੇ ਉਸ ਥਾਂ ਤੇ ਇੱਕ ਹੋਰ ਸ਼ਾਨਦਾਰ ਇਮਾਰਤ ਖੜੀ ਕਰ ਦਿੱਤੀ। ਜਿਹੜੀ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਹੈ।
ਇਸ ਇਮਾਰਤ ਵਿੱਚ 7 ਜਨਵਰੀ 1930 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਦਿਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦਾ ਗੁਰਪੁਰਬ ਸੀ । ਸੰਗਤਾਂ ਦੂਰੋਂ ਦੂਰੋਂ ਗੁਰਦੁਆਰੇ ਪੁੱਜੀਆਂ ਹੋਈਆਂ ਸਨ। ਕੈਨੇਡਾ ਤੋਂ ਵੀ ਉਘੇ ਕੌਮੀ ਸੇਵਕ ਪਹੁੰਚੇ ਹੋਏ ਸਨ। ਸਵੇਰ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਚਾਹ ਪਾਣੀ ਛਕ ਕੇ ਨਵੇਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਸਥਾਪਨ ਕਰਨ ਦਾ ਪ੍ਰੋਗਰਾਮ ਆਰੰਭ ਕੀਤਾ ਗਿਆ । ਪੰਜਾਹ ਸਿੰਘ ਨੰਗੀਆਂ ਕਿਰਪਾਨਾਂ ਹੱਥਾਂ ਵਿੱਚ ਲੈ ਕੇ ਅਰਦਲ ਵਿੱਚ ਚੱਲੇ। ਕਮੇਟੀ ਦੇ ਪ੍ਰੋਗਰਾਮ ਅਨੁਸਾਰ ਪੂਰੇ 11 ਵਜੇ ਭਾਈ ਈਸ਼ਰ ਸਿੰਘ ਜੀ ਕੰਧੋਲਾ, ਹਵਾਈ ਜਹਾਜ਼ ਲੈ ਕੇ ਆਏ। ਜਿਸ ਵਕਤ ਗੁਰੂ ਸਾਹਿਬ ਦੀ ਅਸਵਾਰੀ ਨਵੇਂ ਗੁਰਦੁਆਰੇ ਸਾਹਮਣੇ ਆਈ, ਭਾਈ ਸਾਹਿਬ ਨੇ ਹਵਾਈ ਜਹਾਜ਼ ਨਾਲ ਉਪਰੋਂ ਫੁੱਲਾਂ ਦੀ ਬਰਖ਼ਾ ਕੀਤੀ। ਜਿਸਦਾ ਸਾਰਾ ਕਿਰਾਇਆ ਤੇ ਫੁੱਲਾਂ ਦੀ ਕੀਮਤ (ਜੋ 38.00 ਡਾਲਰ ਸੀ) ਭਾਈ ਸ਼ਾਮ ਸਿੰਘ ਜੀ ਪਿੰਡ ਜੰਡਾਲੀ ਜ਼ਿਲਾ ਜਲੰਧਰ ਨੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਨਵੇਂ ਗੁਰਦੁਆਰੇ ਵਿੱਚ ਸਥਾਪਤ ਕਰਕੇ ਫਿਰ ਸ਼ਬਦ ਕੀਰਤਨ ਕੀਤਾ ਗਿਆ। ਇਸ ਗੁਰਪੁਰਬ ਦੀ ਯਾਦ ਵਿੱਚ ਰੱਖੇ ਹੋਏ ਪਾਠ ਦਾ ਭੋਗ ਪਾਇਆ ਗਿਆ। ਕਮੇਟੀ ਵਿੱਚ ਪਾਸ ਹੋਏ ਗੁਰਮਤੇ ਅਤੇ ਡਾਕਟਰ ਰਣਧੀਰ ਸਿੰਘ ਤੇ (ਡਾਕਟਰ) ਅਨੂਪ ਸਿੰਘ ਝੁਬਾਲ । (ਜੋ ਪਿਛੋਂ ਭਾਰਤ ਦੀ ਰਾਜ ਸਭਾ ਦੇ ਮੈਂਬਰ ਵੀ ਬਣੇ) ਦੀਆਂ ਇਸ ਗੁਰਪੁਰਬ ਤੇ ਵਧਾਈ ਦੀਆਂ ਤਾਰਾਂ ਪੜ੍ਹ ਕੇ ਸੁਣਾਈਆਂ । ਇੱਕ ਤਾਰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਵੀ ਸੀ । ਜੋ ਉਸਨੇ ਪੈਸਫਿਕ ਕੋਸਟ ਖਾਲਸਾ ਦੀਵਾਨ ਦੀ 16 ਨਵੰਬਰ 1929 ਦੀ ਉਸ ਤਾਰ ਦੇ ਉੱਤਰ ਵਿੱਚ ਦਿੱਤੀ ਸੀ। ਜਿਸ ਵਿੱਚ ਦੀਵਾਨ ਨੇ ਜਨਰਲ ਨਾਦਰ ਖਾਂ ਨੂੰ ਉਸਦੀ ਫਤਹਿ ਤੇ ਵਧਾਈ ਦੀ ਭੇਜੀ ਸੀ ਅਤੇ ਮੰਗ ਕੀਤੀ ਸੀ ਕਿ ਆਪਣੀ ਪਰਜਾ ਅਤੇ ਖਾਸ ਕਰਕੇ ਸਿੱਖਾਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇ । ਉੱਤਰ ਵਿੱਚ ਵਿਦੇਸ਼ ਮੰਤਰੀ ਨੇ ਲਿਖਿਆ ਸੀ ਕਿ ਸਾਡੀ ਗਵਰਮਿੰਟ ਆਮ ਪਬਲਿਕ ਤੇ ਖਾਸ ਕਰਕੇ ਸਿੱਖਾਂ ਨਾਲ ਇੱਕੋ ਜਿਹਾ ਸਲੂਕ (ਬਰਤਾਓ) ਕਰੇਗੀ । ਬਾਅਦ ਵਿੱਚ ਕਮੇਟੀ ਦੀ ਚੋਣ ਹੋਈ:-
ਨਾਮ – ਪਿੰਡ – ਜ਼ਿਲਾ
ਭਾਈ ਤਾਰਾ ਸਿੰਘ – ਡੀਗਰੀਆਂ – ਜਲੰਧਰ
ਭਾਈ ਆਲਾ ਸਿੰਘ – ਫ਼ਰਮਾਹੀਂ – ਪਟਿਆਲਾ – ਪਰੈਜ਼ੀਡੈਂਟ
ਭਾਈ ਭੋਲਾ ਸਿੰਘ – ਨਸੀਰ ਪੁਰ – ਕਪੂਰਥਲਾ – ਸਕੱਤਰ
ਭਾਈ ਅਮਰ ਸਿੰਘ – ਰਸੂਲ ਪੁਰ – ਜਲੰਧਰ
ਭਾਈ ਚੰਦਾ ਸਿੰਘ – ਬਸਰਾਮ ਪੁਰ – ਜਲੰਧਰ – ਖ਼ਜ਼ਾਨਚੀ
ਕਮੇਟੀ ਵਿੱਚ ਪਾਸ ਹੋਏ ਰੈਜ਼ੂਲੇਸ਼ਨ ਦੀਵਾਨ ਵਿੱਚ ਸੁਣਾਏ ਗਏ। ਜੋ ਸਰਬ ਸੰਮਤੀ ਨਾਲ ਪਰਵਾਨ ਹੋਏ।
- ਪੈਸਫਿਕ ਕੋਸਟ ਖਾਲਸਾ ਦੀਵਾਨ ਸਟਾਕਟਨ, ਖਾਲਸਾ ਦੀਵਾਨ ਵੈਨਕੂਵਰ ਦਾ ਅਤਿਅੰਤ ਧੰਨਵਾਦੀ ਹੈ, ਜਿਸਨੇ ਸਾਡੀ ਇਸ ਵਕਤ ਦੀ ਮਾਇਕ ਹਾਲਤ ਨੂੰ ਦੇਖ ਕੇ ਗੁਰਦੁਆਰੇ ਦੀ ਨਵੀਂ ਬਿਲਡਿੰਗ ਵਾਸਤੇ ਬਿਨ੍ਹਾਂ ਮੰਗੇ ਪੰਜ ਸੌ 500 ਡਾਲਰ ਭੇਜਿਆ ਹੈ। ਅਸੀਂ ਖਾਲਸਾ ਦੀਵਾਨ ਵੈਨਕੂਵਰ ਨੂੰ ਭਰੋਸਾ ਦਿਵਾਉਂਦੇ ਹਾਂ, ਕਿ ਅਸੀਂ ਹਰ ਤਰ੍ਹਾਂ ਆਪਦੇ ਨਾਲ ਹਾਂ।
- ਲਾਹੌਰ ਕਾਂਗਰਸ ਦੇ ਪੂਰਨ ਆਜ਼ਾਦੀ ਦੇ ਮਤੇ ਨਾਲ ਪੈ: ਕੋ:ਖਾ: ਦੀਵਾਨ ਦੀ ਪੂਰਨ ਸੰਮਤੀ ਹੈ ਅਤੇ ਨਹਿਰੂ ਰਿਪੋਰਟ ਨੂੰ ਰੱਦ ਕਰਕੇ ਜਿਹੜਾ ਤਰੀਕਾ ਕਾਂਗਰਸ ਨੇ ਫਿਰਕੇ ਬੰਦੀ ਦੇ ਮਤੱਲਕ ਐਲਾਨ ਕੀਤਾ ਹੈ, ਭਾਵੇਂ ਕਿਸੇ ਸੂਰਤ ਵਿੱਚ ਕੀਤਾ ਹੈ। ਬਹੁਤ ਹੀ ਸ਼ਲਾਘਾਯੋਗ ਹੈ। ਅਸੀਂ ਕਾਂਗਰਸ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਹਰ ਤਰ੍ਹਾਂ ਨਾਲ ਕਾਂਗਰਸ ਦੇ ਪੂਰਨ ਆਜ਼ਾਦੀ ਦੇ ਮਤੇ ਦੀ ਮਦਦ ਕਰਨ ਨੂੰ ਤਿਆਰ ਹਾਂ ।
ਬਾਅਦ ਵਿੱਚ ਅਰਦਾਸ ਸੋਧ ਕੇ ਦੀਵਾਨ ਦੀ ਸਮਾਪਤੀ ਕੀਤੀ ਗਈ।
ਕਮੇਟੀ ਦੇ ਪ੍ਰੋਗਰਾਮ ਅਨੁਸਾਰ ਸਟਾਕਟਨ ਤੇ ਬਾਹਰੋਂ ਬਹੁਤ ਸਾਰੇ ਅਮਰੀਕਨ, ਜਿਹਨਾਂ ਵਿੱਚ ਕਾਲਜ ਆਫ਼ ਪੈਸਫ਼ਿਕ ਦੇ ਸਾਰੇ ਪ੍ਰੋਫੈਸਰ ਤੇ ਕਮੇਟੀ ਦੇ ਮੈਂਬਰ, ਹਾਈ ਤੇ ਗਰੈਮਰ ਸਕੂਲਾਂ ਦੇ ਟੀਚਰ ਤੇ ਪ੍ਰਬੰਧਕ, ਹੋਰ ਪਤਵੰਤੇ ਇਸਤਰੀਆਂ, ਮਰਦ, ਕਲੱਬਾਂ ਦੇ ਜ਼ਿੰਮੇਵਾਰ, ਕੌਂਟੀ ਤੇ ਸਿਟੀ ਦੇ ਅਫਸਰ, ਬੈਂਕਰ ਤੇ ਬਿਜ਼ਨੈਸਮੈਨ, ਗਲ ਕੀ ਸਾਰੇ ਸ਼ਹਿਰ ਦੀ ਸਮਝਦਾਰ ਸ਼੍ਰੇਣੀ ਨੂੰ ਸੱਦੇ ਪੱਤਰ ਭੇਜੇ ਹੋਏ ਸਨ ਤੇ ਆਮ ਪਬਲਿਕ ਨੂੰ ਵੀ ਅਖ਼ਬਾਰਾਂ ਰਾਹੀਂ ਪਤਾ ਦਿੱਤਾ ਗਿਆ ਹੋਇਆ ਸੀ। 7.30 ਸਾਢੇ ਸੱਤ ਵਜੇ ਰਾਤ ਨੂੰ ਕਮੇਟੀ ਦੀ ਆਸ ਤੋਂ ਵੱਧ ਪਤਵੰਤੇ ਅਮਰੀਕਨਾ ਦੇ ਦਰਸ਼ਨ ਦਿੱਤੇ। ਗੁਰਦੁਆਰੇ ਦਾ ਹਾਲ ਅਮਰੀਕਨਾਂ ਨਾਲ ਖਚਾਖੱਚ ਭਰਿਆ ਹੋਇਆ ਸੀ। ਸਟੇਜ ਸਕੱਤਰ ਦੀ ਸੇਵਾ ਭਾਈ ਬਤਨ ਸਿੰਘ ਸਟੂਡੈਂਟ ਨੇ ਨਿਭਾਈ। ਰਾਤ ਦੇ ਇਸ ਜੋੜ ਮੇਲੇ ਵਿੱਚ ਡਾਕਟਰ ਦਲੀਪ ਸਿੰਘ ਸੂੰਢ (ਜੋ ਪਿਛੋਂ ਜਾ ਕੇ ਅਮਰੀਕਨ ਸੈਨੇਟਰ ਬਣੇ, ਸ਼ਹੀਦ ਗਹਿਲ ਸਿੰਘ ਛਜੱਲਵਢੀ, ਇਹਨਾਂ ਦੇ ਭਰਾ ਸਨ) ਹੁਰਾਂ ਗੁਰਦੁਆਰੇ ਦੇ ਇਤਿਹਾਸ ਤੇ ਰੋਸ਼ਨੀ ਪਾਈ ਅਤੇ ਦਸਿਆ ਕਿ ਕਿਵੇਂ ਪੈ:ਕੋ:ਖਾ:ਦੀਵਾਨ ਸੋਸਾਇਟੀ ਅਮਰੀਕਾ ਤੇ ਇੰਡੀਆ ਵਿੱਚ ਐਜੂਕੇਸ਼ਨ ਤੇ ਹੋਰ ਸੁਧਾਰਾਂ ਲਈ ਕਾਫੀ ਮਾਇਕ ਸਹਾਇਤਾ ਕਰ ਰਹੀ ਹੈ। ਸੁਆਮੀ ਜੋਗਾਨੰਦ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਅਜ ਕਲ ਦੇ ਹਿੰਦੁਸਤਾਨ ਦੀ ਹਾਲਤ ਵੀ ਦੱਸੀ । ਫਿਰ ਡਾਕਟਰ ਭਗਤ ਸਿੰਘ ਜੀ ਥਿੰਦ ਨੇ. ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੇ ਇੱਕ ਘੰਟਾ ਲੈਕਚਰ ਦਿੱਤਾ। 9.30 ਸਾਢੇ ਨੌ ਵਜੇ ਦੀਵਾਨ ਦੀ ਸਮਾਪਤੀ ਹੋਈ। ਹੇਠਲੇ ਹਾਲ ਵਿੱਚ ਅਮਰੀਕਨਾ ਲਈ ਟੀ ਪਾਰਟੀ ਦਾ ਪ੍ਰਬੰਧ मी।
ਸਟਾਕਟਨ ਦਾ ਇਹ ਗੁਰਦੁਆਰਾ ਨਾ ਕੇਵਲ ਧਾਰਮਕ ਅਤੇ ਰਾਜਸੀ ਸਰਗਰਮੀਆਂ ਦਾ ਹੀ ਕੇਂਦਰ ਰਿਹਾ, ਸਗੋਂ ਹਿੰਦੁਸਤਾਨੀ ਲੋਕਾਂ ਦੇ ਆਪਸੀ ਝਗੜਿਆਂ ਅਤੇ ਵਾਦ ਵਿਵਾਦ ਸੁਲਝਾਉਣ ਵਿੱਚ ਵੀ ਕਾਫ਼ੀ ਸਹਾਇਤਾ ਕਰਦਾ ਰਿਹਾ। ਮਿਸਾਲ ਦੇ ਤੌਰ ਤੇ 10 ਫਰਵਰੀ 1930 ਨੂੰ ਗੁਰਦੁਆਰਾ ਕਮੇਟੀ ਕੋਲ ਤਿੰਨਾ ਸਾਂਝੀਆਂ ਨੇ ਆਪਣੇ ਰੰਚ ਦਾ ਇਕ ਕੇਸ ਲਿਆਂਦਾ। ਦੋਹਾਂ ਪਾਰਟੀਆਂ ਨੇ ਕਮੇਟੀ ਨੂੰ ਲਿੱਖ ਕੇ ਦਿੱਤਾ ਕਿ ਜਿਹੜਾ ਫੈਸਲਾ ਉਹ ਕਰੇਗੀ, ਉਹ ਉਹਨਾਂ ਨੂੰ ਮੰਨਜ਼ੂਰ ਹੋਵੇਗਾ।
ਕਮੇਟੀ ਨੇ ਫੈਸਲਾ ਕੀਤਾ, ਕਿ ਭਾਈ… ਜੀ ਭਾਈ ਜੀ ਨੂੰ ਇੱਕ ਸੌ ਡਾਲਰ ਦੇ ਦੇਵੇ, ਤਾਂ ਰੰਚ ਦਾ ਸਾਰਾ ਹਿਸਾਬ ਠੀਕ ਹੋ ਜਾਵੇਗਾ। ਭਾਈ…. ਜੀ ਨੇ ਇੱਕ ਸੌ ਡਾਲਰ ਦੇ ਦਿੱਤਾ ਤੇ ਦੋਨਾਂ ਪਾਰਟੀਆਂ ਦਾ ਪਿਛਲਾ ਸਾਰਾ ਫ਼ੈਸਲਾ ਹੋ ਗਿਆ।
ਇਸੇ ਤਰ੍ਹਾਂ ਝੂਠੇ ਚੈਕਾਂ ਦਾ ਇੱਕ ਹੋਰ ਕੇਸ ਵੀ ਕਮੇਟੀ ਅਗੇ ਸਾਲਸੀ ਲਈ ਆਇਆ। ਬਿਆਨਾਂ ਤੋਂ ਬਾਅਦ, ਭਾਈ…… ਨੇ ਸਾਫ ਲਫ਼ਜਾਂ ਵਿੱਚ ਆਪਣੇ ਆਪ ਨੂੰ ਕਸੂਰੀ ਮੰਨਿਆਂ। ਕਮੇਟੀ ਨੇ ਫੈਸਲਾ ਕੀਤਾ ਕਿ ਭਾਈ….. ਨੇ ਝੂਠੇ ਚੈਕਾਂ ਦਾ ਮੁਕੱਦਮਾ ਕੀਤਾ ਹੈ, ਸੋ ਇਹ ਭਾਈ . ਨੂੰ ਚਾਰ ਸੌ ਡਾਲਰ ਵਕੀਲ ਦਾ ਖ਼ਰਚ ਦੇਵੇ। ਅਤੇ ਦੋਵੇਂ ਚੈਕ ਜਿਹੜੇ 1900 ਅਤੇ 3800 ਡਾਲਰ ਦੇ ਹਨ, ਭਾਈ . ਜੀ ਨੂੰ ਵਾਪਸ ਦੇਵੇ । ਦੋਨੋਂ ਭਾਈਆਂ ਨੇ ਫੈਸਲਾ ਮਨਜ਼ੂਰ ਕੀਤਾ। ਸੋ ਅੱਜ ਤੋਂ ਪਿਛਲਾ ਫੈਸਲਾ ਹੋ ਗਿਆ ਹੈ।
ਅਜਿਹੇ ਕੇਸ ਕਮੇਟੀ ਕੋਲ ਆਉਣੇ ਗੁਰਦੁਆਰੇ ਦੀ ਸਮਾਜਿਕ ਮਹੱਤਤਾ ਦਰਸਾਉਂਦੇ ਹਨ । ਵੈਨਕੂਵਰ ਦੀ ਖਾਲਸਾ ਦੀਵਾਨ ਅਤੇ ਪੈ:ਕੋ:ਖਾ:ਦੀਵਾਨ ਸੋਸਾਇਟੀ ਕੈਨੇਡਾ ਅਤੇ ਅਮਰੀਕਾ ਦੇ ਸਿੱਖ ਭਾਈਚਾਰੇ ਦੇ ਹਰ ਪ੍ਰਕਾਰ ਦੇ ਹਿੱਤਾਂ ਦਾ ਧਿਆਨ ਰੱਖਣ ਵਾਲੀਆਂ ਸੰਸਥਾਵਾਂ ਸਨ। ਜਿਹਨਾਂ ਨੇ ਸਿੱਖਾਂ ਨੂੰ ਗੁਰਮਤ ਨਾਲ ਵੀ ਜੋੜੀ ਰਖਿਆ, ਦੇਸ਼ ਭਗਤਾਂ ਦੀ ਪੂਰੀ ਸਹਾਇਤਾ ਵੀ ਕੀਤੀ ਅਤੇ ਵਿਦਿਅਕ ਅਦਾਰਿਆਂ ਦੀ ਵੀ। ਇਹ ਗੁਰਦੁਆਰੇ ਬੇ ਸਹਾਰੇ ਲੋਕਾਂ ਦਾ ਆਸਰਾ ਵੀ ਬਣੇ, ਅਤੇ ਵਿਦਿਆਰਥੀਆਂ ਨੂੰ ਵੀ ਪਨਾਹ ਦਿੰਦੇ ਰਹੇ। ਉਹਨਾਂ ਨੂੰ ਛੁੱਟੀਆਂ ਵਿੱਚ ਫਾਰਮਾਂ ਤੇ ਕੰਮ ਲੱਭ ਕੇ ਦੇਣ ਵਿਚ ਵੀ ਸਹਾਇਤਾ ਕਰਦੇ ਰਹੇ। ਇਹਨਾਂ ਦਾ ਪੁਰਾਣਾ ਇਤਿਹਾਸ ਇੱਕ ਮਾਣ ਕਰਨ ਵਾਲਾ ਇਤਿਹਾਸ ਹੈ।
1912 ਵਿੱਚ ਬਣਾਏ ਗਏ ਛੋਟੇ ਘਰ ਵਿੱਚ ਅੱਜਕੱਲ ਦੇ ਭਾਈ ਜੀ ਗਿਆਨੀ ਜੀ ਦੀ ਰਿਹਾਇਸ਼ ਹੈ। ਗਿਆਨੀ ਹਰਨਾਮ ਸਿੰਘ ਜੀ ਇਹ ਸੇਵਾ ਨਿਭਾ ਰਹੇ ਹਨ। ਬੜੇ ਮਿਲਣਸਾਰ, ਵਿਦਵਾਨ ਅਤੇ ਗੁਰਮੁਖ ਸੱਜਣ ਹਨ।
1916 ਵਿੱਚ ਉਸਾਰੀ ਗਈ ਇਮਾਰਤ ਨੂੰ ਨਵਾਂ ਰੂਪ ਦਿੱਤਾ ਗਿਆ ਹੋਇਆ ਹੈ, ਹਾਲ ਵਿੱਚ ਲਾਇਬਰੇਰੀ ਹੈ, ਤਿੰਨ ਰਿਹਾਇਸ਼ ਦੇ ਕਮਰੇ ਅਤੇ ਤਿੰਨ ਬਾਥਰੂਮ ਹਨ। ਇਸ ਇਮਾਰਤ ਦੇ ਨਾਲ ਲਗਦਾ ਹੀ ਬਾਹਰ ਇਸਤਰੀਆਂ ਅਤੇ ਮਰਦਾਂ ਲਈ ਇਕ ਹੋਰ ਕਾਫੀ ਵੱਡਾ ਵਾਸ਼ਰੂਮ ਹੈ। ਕਾਰ ਪਾਰਕਿੰਗ ਦੇ ਦੂਸਰੇ ਪਾਸੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਵਾਲਾ ਦਫ਼ਤਰ ਹੈ। ਕੁਝ ਰਿਹਾਇਸ਼ੀ ਕਮਰੇ ਵੀ ਹਨ। ਵੱਡੀ ਇਮਾਰਤ ਦੇ ਉਤਲੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਪਾਠ ਹੁੰਦੇ ਹਨ ਅਤੇ ਦੀਵਾਨ ਸਜਦੇ ਹਨ। ਹੇਠਲੇ ਹਾਲ ਵਿੱਚ ਕਿਚਨ, ਸਟੋਰ ਅਤੇ ਲੰਗਰ ਛੱਕਣ ਦੀ ਜਗ੍ਹਾ ਹੈ।
ਲਾਇਬਰੇਰੀ ਵਿੱਚ ਜਿਥੇ ਵਰਤਮਾਨ ਸਿੱਖ ਰਾਜਨੀਤੀ ਨਾਲ ਸੰਬੰਧਤ ਤਸਵੀਰਾਂ ਹਨ, ਇੱਕ ਕਾਰਨਰ ਦੀ ਕੰਧ ਤੇ ਪੁਰਾਣੇ ਗ਼ਦਰੀ ਬਾਬਿਆਂ ਅਤੇ ਮੁਲਕ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਫਰੇਮ ਕੀਤੀਆਂ ਵੱਡੀਆਂ ਤਸਵੀਰਾਂ ਹਨ । ਕੁਝ ਹੋਰ ਡਾਕੂਮੈਂਟਸ ਵੀ ਹਨ। ਗ਼ਦਰ ਪਾਰਟੀ ਨਾਲ ਸੰਬੰਧਤ 102 ਸਾਲ ਦੀ ਉਮਰ ਤੋਂ ਉਤੇ ਦੇ ਜੀਵਿਤ ਬਜ਼ੁਰਗ ਬਾਬਾ ਮੱਖਣ ਸਿੰਘ ਸੰਧੂ ਜੀ ਦੀ ਤਸਵੀਰ, ਲਾਲਾ ਹਰਦਿਆਲ, ਰਾਮ ਚੰਦ, ਬਾਰੇ ਉਹਨਾਂ ਦੀ ਰਾਏ, ਗ਼ਦਰ ਲਹਿਰ ਨਾਲ ਸੰਬੰਧਤ ਕੁਝ ਕਾਗਜ਼ਾਤ, 27 ਮਈ 1912 ਵਿਚ ਪੈ:ਕੋ:ਖਾ:ਦੀਵਾਨ ਸੋਸਾਇਟੀ ਸਟਾਕਟਨ ਦੇ ਇਨਕਾਰਪੋਰੇਟ ਕਰਵਾਉਣ ਦੇ ਸਰਟੀਫਿਕੇਟ ਦੀ ਕਾਪੀ ਆਦਿ ਵੀ ਫਰੇਮ ਕਰਕੇ ਲਾਏ ਹੋਏ ਹਨ। ਲਾਇਬਰੇਰੀ ਵਿਚ ਗ਼ਦਰ ਅਖ਼ਬਾਰ ਅਤੇ ਗ਼ਦਰ ਗੂੰਜਾ ਦੇ ਕੁਝ ਪੁਰਾਣੇ ਪਰਚੇ ਬੜੀ ਸੰਭਾਲ ਨਾਲ ਰੱਖੇ ਹੋਏ ਹਨ। ਬਾਹਰਲੀ ਕੰਧ ਦੇ ਨੇੜੇ 1912 ਦੇ ਸਮੇਂ ਦਾ ਇੱਕ ਰੁੱਖ ਉਵੇਂ ਆਪਣੀ ਸੰਘਣੀ ਛਾਂ ਦਿੰਦਾ ਹੈ । ਜਿਸ ਹੇਠ ਦੁਪਹਿਰਾ ਕੱਟਣ ਲਈ ਬੈਂਚਾਂ ਰੱਖੀਆਂ ਹੋਈਆਂ ਹਨ।
ਰਾਜਸੀ ਲਹਿਰਾਂ ਵਿੱਚ ਅਮਲੀ ਹਿੱਸਾ ਲੈਣ ਅਤੇ ਉਹਨਾਂ ਦੇ ਇਤਿਹਾਸ ਦਾ ਗਿਆਨ ਹੋਣ ਕਾਰਨ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਕਿ ਮੈਂ ਕਿਸੇ ਤੀਰਥ ਦੀ ਯਾਤਰਾ ਕਰ ਰਿਹਾ ਹਾਂ। 1912 ਵਿੱਚ ਉਸਾਰੇ ਗਏ ਘਰ ਅਤੇ ਵੱਡੇ ਹਾਲ ਵਿਚ ਘੁੰਮਦਿਆਂ ਮੈਂ ਆਪਣੀ ਕਲਪਣਾ ਵਿੱਚ ਉਹਨਾਂ ਦਿਨਾਂ ਦੇ ਦ੍ਰਿਸ਼ ਅਨੁਭਵ ਕਰਦਾ ਰਿਹਾ, ਜਦੋਂ ਇੱਥੇ ਗ਼ਦਰੀ ਬਾਬੇ ਆਪਣੀਆਂ ਜੁਆਨ ਉਮਰਾਂ ਵਿੱਚ ਵਿਚਰਦੇ ਹੋਣਗੇ। ਕਰਤਾਰ ਸਿੰਘ ਸਰਾਭਾ ਇੱਥੇ ਗ਼ਦਰ ਦੇ ਪਰਚੇ ਵੰਡਦਾ ਹੋਏਗਾ। ਮੀਟਿੰਗਾਂ ਵਿੱਚ ਦੇਸ਼ ਆਜ਼ਾਦ ਕਰਾਉਣ ਦੀਆਂ ਯੋਜਨਾਵਾਂ ਬਣਦੀਆਂ ਹੋਣਗੀਆਂ। ਸੂਰਮੇ ਅਮਰੀਕਾ ਦੇ ਸੁਖ ਤੇ ਆਰਾਮ ਨੂੰ ਤਿਆਗ ਕੇ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲੈਣ ਵਾਪਿਸ ਭਾਰਤ ਪਰਤਣ ਲਈ ਕਮਰ ਕੱਸੇ ਕਰ ਰਹੇ ਹੋਣਗੇ। ਕਿੰਨਾ ਵੱਖਰਾ ਸੀ। ਇਹ ਦਰਿਸ਼, ਅੱਜ ਨਾਲੋਂ, ਜਦੋਂ ਘੋਲ ਲੜਨ ਵਾਲੇ ਦੇਸ਼ੋਂ ਦੌੜ ਦੌੜ ਕੇ ਇਹਨਾਂ ਮੁਲਕਾਂ ਵਿਚ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਲਈ ਫਿਰਦੇ ਹਨ। ਮੈਂ ਸਟਾਕਟਨ ਦੇ ਗੁਰਦੁਆਰੇ ਦੀ ਧਰਤੀ ਧੂੜ ਆਪਣੇ ਮੱਥੇ ਤੇ ਲਾਈ ਤੇ ਪੁਰਾਣੇ ਸੂਰਮਿਆਂ ਨੂੰ ਮਨ ਹੀ ਮਨ ਵਿੱਚ ਸ਼ਰਧਾਂਜਲੀ ਅਰਪਤ ਕੀਤੀ।
“ਯੁਗਾਂਤਰ ਆਸ਼ਰਮ” ਸਾਨ ਫਰਾਂਸਿਸਕੋ
1912 ਦੇ ਆਰੰਭ ਵਿੱਚ ਹੀ ਇਹਨਾਂ ਹਿੰਦੁਸਤਾਨੀ ਪਰਵਾਸੀਆਂ ਵਿੱਚ ਜਾਗ੍ਰਿਤੀ ਦੇ ਚਿੰਨ ਉਭਰਨੇ ਸ਼ੁਰੂ ਹੋ ਗਏ ਸਨ । ਸਿਆਟਲ (ਵਾਸ਼ਿੰਗਟਨ ਸਟੇਟ) ਵਿੱਚ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ, ਜੀ ਡੀ ਕੁਮਾਰ, ਪੋਰਟਲੈਂਡ (ਉਰੇਗਨ ਸਟੇਟ) ਵਿੱਚ ਸੋਹਣ ਸਿੰਘ ਭਕਨਾ, ਊਧਮ ਸਿੰਘ ਕਸੇਲ, ਰਾਮ ਰੱਖਾ, ਹਰਨਾਮ ਸਿੰਘ ਟੁੰਡੀ ਲਾਟ ਅਤੇ ਪੰਡਿਤ ਕਾਸ਼ੀ ਰਾਮ ਦੇ ਯਤਨਾਂ ਨਾਲ ‘ਹਿੰਦੋਸਤਾਨੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਨਾਮ ਦੀ ਇੱਕ ਇਨਕਲਾਬੀ ਸੰਸਥਾ ਕਾਇਮ ਕੀਤੀ ਗਈ ਸੀ, ਜਿਸਦਾ ਹੈਡ ਆਫਿਸ ਪੋਰਟਲੈਂਡ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਇੱਕ ਅਖ਼ਬਾਰ ਕੱਢਣ ਦਾ ਫੈਸਲਾ ਵੀ ਲਿਆ ਗਿਆ ਸੀ । ਜੀ ਡੀ ਕੁਮਾਰ ਦੇ ਬੀਮਾਰ ਹੋ ਜਾਣ ਅਤੇ ਕੁਝ ਹੋਰ ਅੜਚਣਾਂ ਕਾਰਨ ਇਸ ਫੈਸਲੇ ਤੇ ਅਮਲ ਨਾ ਹੋ ਸਕਿਆ। ਪੰਡਿਤ ਕਾਸ਼ੀ ਰਾਮ ਦੀ ਤਜਵੀਜ਼ ਤੇ ਸੰਸਥਾ ਨੂੰ ਸਰਗਰਮ ਕਰਨ ਲਈ, ਲਾਲਾ ਹਰਦਿਆਲ ਨਾਲ ਸੰਪਰਕ ਸਥਾਪਤ ਕੀਤਾ ਗਿਆ, ਜੋ ਉਹਨੀਂ ਦਿਨੀਂ ਬਰਕਲੇ ਯੂਨੀਵਰਸਿਟੀ ਵਿੱਚ ਲੈਕਚਰ ਦਿੰਦੇ ਸਨ । ਲਾਲਾ ਹਰਦਿਆਲ ਇਨਕਲਾਬੀ ਵਿਚਾਰਾਂ ਦੇ ਸਕਾਲਰ ਸਨ।
ਮਾਰਚ 1913 ਵਿੱਚ ਸੇਂਟ ਜਾਨ ਵਿਖੇ ਇੱਕ ਮੁਢਲੀ ਮੀਟਿੰਗ ਹੋਈ, ਜਿਸ ਵਿੱਚ
ਲਾਲਾ ਹਰਦਿਆਲ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ ਕਿ :- 1. ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਦੇ ਨਾਮ ਵਿੱਚ ਥੋੜੀ ਜਿਹੀ ਤਬਦੀਲੀ ਕਰਕੇ ਨਵਾਂ ਨਾਂ “ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ” ਰੱਖਿਆ ਜਾਵੇ।
- ਪਾਰਟੀ ਦਾ ਇੱਕ ਹਫ਼ਤਾਵਾਰੀ ਅਖਬਾਰ ਕਈ ਹਿੰਦੀ ਜ਼ਬਾਨਾਂ ਵਿੱਚ ਕੱਢਿਆ ਜਾਵੇ । ਜਿਸਦਾ ਨਾਂ 1857 ਦੇ ਗ਼ਦਰ ਦੀ ਯਾਦ ਵਿੱਚ “ਗ਼ਦਰ” ਹੋਵੇ।
- ਪਾਰਟੀ ਦਾ ਦਫ਼ਤਰ ਪੋਰਟਲੈਂਡ ਦੀ ਬਜਾਏ ਸਾਨ ਫਰਾਂਸਿਸਕੋ (ਕੈਲੇਫੋਰਨੀਆ) ਵਿਖੇ ਹੋਵੇ।
ਇਸ ਮੀਟਿੰਗ ਵਿੱਚ ਬਾਬਾ ਸੋਹਣ ਸਿੰਘ ਭਕਨਾ ਪ੍ਰਧਾਨ ਅਤੇ ਲਾਲਾ ਹਰਦਿਆਲ ਸਕੱਤਰ ਚੁਣੇ ਗਏ । ਸੇਂਟ ਜਾਨ ਦੀ ਇਸ ਮੀਟਿੰਗ ਤੋਂ ਬਾਅਦ 21-23 ਅਪ੍ਰੈਲ, 1913 ਨੂੰ ਅਸਟੋਰੀਆ ਮਿਲ ਵਿੱਚ ਇੱਕ ਹੋਰ ਵਿਸ਼ਾਲ ਅਤੇ ਭਰਪੂਰ ਕਾਨਫਰੰਸ ਹੋਈ, ਜਿਸ ਵਿੱਚ ਸੇਂਟ ਜਾਨ ਵਿੱਚ ਲਏ ਫੈਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਅਖ਼ਬਾਰ ਤੇ ਦਫ਼ਤਰ ਚਲਾਉਣ ਲਈ ਫੰਡ ਇੱਕਠਾ ਕੀਤਾ ਗਿਆ। ਇਕੱਲੇ ਪੰਡਿਤ ਕਾਂਸ਼ੀ ਰਾਮ ਨੇ ਦਸ ਹਜ਼ਾਰ ਡਾਲਰ ਅਤੇ ਜ਼ਮੀਨ ਦਾ ਇੱਕ ਲਾਟ ਦਿੱਤਾ।
ਦਸੰਬਰ, 1913 ਵਿੱਚ ਫਿਰ ਸੈਕਰਾਮੈਂਟੋ ਵਿੱਚ ਕੈਲੇਫੋਰਨੀਆਂ ਦੇ ਦੇਸ਼ ਭਗਤਾਂ ਦੀ ਇੱਕ ਕਾਨਫਰੰਸ ਹੋਈ, ਜਿਸ ਵਿੱਚ ਉਰੇਗਨ ਅਤੇ ਵਾਸ਼ਿੰਗਟਨ ਸਟੇਟਾਂ ਤੋਂ ਵੀ ਸੋਹਣ ਸਿੰਘ ਭਕਨਾ, ਕੇਸਰ ਸਿੰਘ ਠੱਠਗੜ, ਪੰਡਿਤ ਕਾਂਸ਼ੀ ਰਾਮ, ਸਾਨ ਫ਼ਰਾਂਸਿਸਕੋ ਦੇ ਦਫਤਰ ਤੋਂ ਹਰਨਾਮ ਸਿੰਘ, ਲਾਲਾ ਹਰਦਿਆਲ ਅਤੇ ਕਰਤਾਰ ਸਿੰਘ ਸਰਾਭਾ ਸ਼ਾਮਿਲ ਹੋਏ। ਇਸੇ ਕਾਨਫਰੰਸ ਵਿੱਚ ਬਾਬਾ ਜਵਾਲਾ ਸਿੰਘ ਨੂੰ ਦੁਸਰਾ ਮੀਤ ਪ੍ਰਧਾਨ ਚੁਣਿਆ ਗਿਆ। ਕੈਲੇਫੋਰਨੀਆ ਦੇ ਹੋਰ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ, ਨਿਧਾਨ ਸਿੰਘ, ਅਰੂੜ ਸਿੰਘ, ਚੰਨਣ ਸਿੰਘ ਚੂਹੜ ਚੱਕ, ਕਰਮ ਸਿੰਘ ਚੀਮਾ ਅਤੇ ਪੰਡਿਤ ਜਗਤ ਰਾਮ ਬੰਧਕ ਕਮੇਟੀ ਵਿੱਚ ਲਏ ਗਏ । ਸੈਕਰਾਮੈਂਟੋ ਦੀ ਇਸ ਕਾਨਫਰੰਸ ਨਾਲ ਹਿੰਦੀ ਐਸੋਸੀਏਸ਼ਨ ਬੜੀ ਮਜ਼ਬੂਤ ਹੋ ਗਈ।
ਨਵੰਬਰ, 1913 ਵਿੱਚ ਕੈਲੇਫੋਰਨੀਆ ਦੇ ਪ੍ਰਸਿੱਧ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਦਫ਼ਤਰ ਸਥਾਪਤ ਕੀਤਾ ਗਿਆ। ਪਹਿਲਾਂ ਇੱਕ ਮਕਾਨ 436 ਹਿਲ ਸਟਰੀਟ ਕਿਰਾਏ ਤੇ ਲਿਆ ਗਿਆ। ਫਿਰ 5 ਵੁਡ ਸਟਰੀਟ ਦੀ ਤਿਮੰਜਲੀ ਬਿਲਡਿੰਗ ਖ਼ਰੀਦ ਲਈ ਗਈ। ਜਿਸਦਾ ਨਾਮ ਯੁਗਾਂਤਰ ਆਸ਼ਰਮ ਰੱਖਿਆ ਗਿਆ। ਸਾਨ ਫਰਾਂਸਿਸਕੋ ਸ਼ਾਂਤ ਮਹਾਸਾਗਰ ਦੇ ਕੰਡੇ ਤੇ ਬੇ ਏਰੀਏ ਵਿੱਚ ਹੈ। ਇਹ ਪੱਧਰੇ ਥਾਂ ਨਹੀਂ, ਸਗੋਂ ਉਚੀ ਨੀਵੀਂ ਪਠਾਰ ਤੇ ਵਸਿਆ ਹੋਇਆ ਹੈ।
ਵੁੱਡ ਸਟਰੀਟ ਦਾ ਇਹ ਮਕਾਨ ਵੀ ਉਚੀ ਥਾਂ ਤੇ ਹੈ। ਯੁਗਾਂਤਰ ਆਸ਼ਰਮ ਦੀ ਹੇਠਲੀ ਮੰਜ਼ਿਲ ਤੇ ਛਾਪਾ ਖਾਨਾ ਹੁੰਦਾ ਸੀ, ਦੂਸਰੀ ਮੰਜ਼ਿਲ ਤੇ ਦਫਤਰ ਅਤੇ ਕੁਝ ਰਿਹਾਇਸ਼ੀ ਕਮਰੇ, ਤੀਸਰੀ ਮੰਜ਼ਿਲ ਵੀ ਰਿਹਾਇਸ਼ ਲਈ ਵਰਤੀ ਜਾਂਦੀ ਸੀ । ਯੁਗਾਂਤਰ ਆਸ਼ਰਮ ਤੋਂ ਉਰਦੂ, ਪੰਜਾਬੀ, ਹਿੰਦੀ ਅਤੇ ਗੁਜ਼ਰਾਤੀ ਵਿੱਚ “ਗ਼ਦਰ” ਅਖਬਾਰ ਕੱਢ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਸਾਰ ਦੀ ਹਰ ਨੁੱਕਰ ਵਿੱਚ ਰਹਿੰਦੇ ਹਿੰਦੋਸਤਾਨੀਆਂ ਨੂੰ ਭੇਜਿਆ ਜਾਂਦਾ ਸੀ, ਇਸ ਵਿੱਚ ਹਿੰਦੋਸਤਾਨੀਆਂ ਨੂੰ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਥਿਆਰ ਬੰਦ ਸੰਗਰਾਮ ਕਰਨ ਦੀ ਪ੍ਰੇਰਨਾ ਹੁੰਦੀ ਸੀ । ਬਰਤਾਨਵੀ ਸਰਕਾਰ ਨੂੰ ਹਿੰਦੋਸਤਾਨ ਵਿੱਚੋਂ ਕੱਢ ਦੇਣ ਦਾ ਸੁਨੇਹਾ ਹੁੰਦਾ ਸੀ। ਸਰਕਾਰੀ ਰਿਪੋਰਟ ਦੇ ਮੁਤਾਬਿਕ:
“ਇਹ ਤਸ਼ੱਦਦ ਅਤੇ ਬਰਤਾਨੀਆ ਵਿਰੋਧੀ ਖਾਸੇ ਦਾ ਸੀ ਅਤੇ ਅਜਿਹੇ ਜਜ਼ਬਾਤ ਨਾਲ ਭਰਪੂਰ ਹੁੰਦਾ ਸੀ, ਜੋ ਇਹ ਹਰ ਮੁਮਕਿਨ ਭੜਕਾ ਸਕੇ । ਹਰ ਵਾਕ ਵਿੱਚ ਗ਼ਦਰ ਅਤੇ ਕਤਲਾਂ ਦਾ ਪ੍ਰਚਾਰ ਕਰਦਾ ਸੀ। ਇਹ ਸਾਰੇ ਹਿੰਦੋਸਤਾਨੀਆਂ ਨੂੰ ਹਿੰਦੋਸਤਾਨ ਜਾਣ ਤੇ ਜ਼ੋਰ ਦਿੰਦਾ ਸੀ, ਇਸ ਪ੍ਰਗਟ ਕੀਤੇ ਮੰਤਵ ਲਈ ਕਿ ਉਹ ਬਰਤਾਨਵੀ ਸਰਕਾਰ ਨੂੰ ਕਿਸੇ ਤੇ ਹਰ ਢੰਗ ਨਾਲ ਉਥੋਂ ਕੱਢਣ ਅਤੇ ਇਨਕਲਾਬ ਦਾ ਕਾਰਨ ਬਣਨ ।”
ਗ਼ਦਰ ਅਖ਼ਬਾਰ ਦਾ ਹੈਡ ਕੁਆਰਟਰ ਹੋਣ ਕਾਰਨ ਯੁਗਾਂਤਰ ਆਸ਼ਰਮ ਵੀ ਗ਼ਦਰ ਹੈਡ ਕੁਆਰਟਰ ਅਤੇ ਗ਼ਦਰ ਆਸ਼ਰਮ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ, ਇਥੋਂ ਤੀਕਰ ਕਿ ਹਿੰਦੀ ਐਸੋਸੀਏਸ਼ਨ ਵੀ ਗ਼ਦਰ ਪਾਰਟੀ ਦੇ ਨਾਮ ਨਾਲ ਹੀ ਪੁਕਾਰੀ ਜਾਣ ਲੱਗ ਪਈ। ਯੁਗਾਂਤਰ ਆਸ਼ਰਮ ਦੇ ਬਾਹਰ ਵੀ ਹਿੰਦੋਸਤਾਨ ਗ਼ਦਰ ਪਾਰਟੀ ਹੈਡ ਕੁਆਰਟਰ ਦਾ ਬੋਰਡ ਲਾ ਦਿੱਤਾ ਗਿਆ।
ਉਹਨਾਂ ਦਿਨਾਂ ਵਿੱਚ ਹਿੰਦੋਸਤਾਨੀਆਂ ਨੂੰ ਅਮਰੀਕਾ ਵਿੱਚ ਜਾਇਦਾਦ ਖਰੀਦਣ ਦਾ ਕੋਈ ਅਧਿਕਾਰ ਨਹੀਂ ਸੀ । ਸੋ ਇਹ ਬਿਲਡਿੰਗ ਪਹਿਲਾਂ, ਗ਼ਦਰ ਪਾਰਟੀ ਦੇ ਕਾਜ਼ ਨਾਲ ਹਮਦਰਦੀ ਰੱਖਣ ਵਾਲੀ ਇਕ ਇਸਤਰੀ ਮਿਸਿਜ ਐਬੀ ਕਰਿੰਗਟਨ ਲੀਊਸ ਦੇ ਨਾਮ ਤੇ ਖ਼ਰੀਦੀ ਗਈ। 31 ਮਾਰਚ, 1917 ਨੂੰ ਇਹ ਗ਼ਦਰ ਪਾਰਟੀ ਦੇ ਨਾਮ ਮੁੰਤਕਿਲ ਹੋਈ।
ਆਰੰਭ ਵਿੱਚ ਬਾਬਾ ਜਵਾਲਾ ਸਿੰਘ ਆਪਣੇ ਹੋਲਟਵਿਲੇ (ਸਟਾਕਟਨ ਅਤੇ ਸੈਕਰਾਮੈਂਟੋ ਦੇ ਨੇੜੇ) ਫਾਰਮ ਤੋਂ ਲਗਾਤਾਰ ਸਾਨ ਫਰਾਂਸਿਸਕੋ ਵਾਲੇ ਯੁਗਾਂਤਰ ਆਸ਼ਰਮ ਦੀ ਰਸਦ ਪਾਣੀ, ਸਬਜ਼ੀਆਂ ਅਤੇ ਦੁੱਧ ਆਦਿ ਨਾਲ ਸਹਾਇਤਾ ਕਰਦੇ ਰਹੇ, ਤਾਕਿ ਦਫ਼ਤਰ ਦੇ ਖ਼ਰਚ ਨੂੰ ਘਟਾਇਆ ਜਾ ਸਕੇ, ਅਤੇ ਉਥੇ ਕੰਮ ਕਰਨ ਵਾਲਿਆਂ ਨੂੰ ਖਾਣ ਪੀਣ ਦੀ ਕੋਈ ਤੋਟ ਨਾ ਆਵੇ।
ਯੁਗਾਂਤਰ ਆਸ਼ਰਮ ਇਨਕਲਾਬੀ ਸਪਿਰਿਟ ਵਾਲੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ ਸੀ। ਇਥੇ ਮੀਟਿੰਗਾਂ ਹੁੰਦੀਆਂ ਸਨ, ਜਿਸ ਵਿੱਚ ਲਾਲਾ ਹਰਦਿਆਲ ਲੈਕਚਰ ਦਿੰਦੇ। ਗ਼ਦਰ ਪਾਰਟੀ ਦੇ ਲੀਡਰ ਪਾਰਟੀ ਦੀ ਨੀਤੀ ਘੜਦੇ । ‘ਗ਼ਦਰ” ਅਖ਼ਬਾਰ ਪ੍ਰਕਾਸ਼ਤ ਹੁੰਦਾ । ਲਾਲਾ ਹਰਦਿਆਲ ਉਰਦੂ ਦੇ ਸੰਪਾਦਕ ਸਨ, ਹਰਨਾਮ ਸਿੰਘ ਟੁੰਡੀ ਲਾਟ ਪੰਜਾਬੀ ਦੇ। ਕਰਤਾਰ ਸਿੰਘ ਸਰਾਭਾ, ਹਰਦਿਆਲ ਦੇ ਲੇਖ ਪੰਜਾਬੀ ਵਿੱਚ ਅਨੁਵਾਦ ਕਰਦਾ, ਸਹਾਇਕ ਸੰਪਾਦਿਕ ਦੇ ਤੌਰ ਤੇ ਕੰਮ ਕਰਦਾ, ਪ੍ਰੈਸ ਦੇ ਕੰਮ ਨੂੰ ਸੰਭਾਲਦਾ।
ਪਹਿਲਾਂ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਹੁੰਦੀ ਸੀ, ਕੰਮ ਦੇ ਵਧ ਜਾਣ ਤੇ ਬਿਜਲੀ ਵਾਲੀ ਲਈ ਗਈ। ਗ਼ਦਰ ਅਖ਼ਬਾਰ ਤੋਂ ਬਿਨਾਂ 80 ਹੋਰ ਕਿਤਾਬਚੇ ਵੀ ਇੱਥੋਂ ਪ੍ਰਕਾਸ਼ਤ ਕੀਤੇ ਗਏ। ‘ਗ਼ਦਰ ਦੀ ਗੂੰਜ’ ਨਾਮੀ ਇਨਕਲਾਬੀ ਕਵਿਤਾਵਾਂ ਦੀ ਪੁਸਤਕ ਵੀ ਇਥੋਂ ਪ੍ਰਕਾਸ਼ਤ ਹੁੰਦੀ ਰਹੀ।
ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ੁਰੂ ਸ਼ੁਰੂ ਵਿੱਚ ਦਫ਼ਤਰ ਦੇ ਕੰਮ ਨੂੰ ਵੀ ਸੰਭਾਲਦਾ ਸੀ। ਫਿਰ ਹੋਰ ਸਾਥੀ ਵੀ ਨਾਲ ਰਲਦੇ ਗਏ। ਯੁਗਾਂਤਰ ਆਸ਼ਰਮ ਵਿੱਚ ਕੰਮ ਕਰਨ ਵਾਲੇ ਕੋਈ ਤਨਖ਼ਾਹ ਨਹੀਂ ਲੈਂਦੇ ਸਨ। ਉਹਨਾਂ ਨੂੰ ਸਿਰਫ਼ ਰੋਟੀ ਕਪੜਾ ਹੀ ਮਿਲਦਾ ਸੀ, ਅਤੇ ਨਿੱਜੀ ਲੋੜਾਂ ਲਈ ਦੋ ਡਾਲਰ ਮਹੀਨੇ ਦੇ । ਆਸ਼ਰਮ ਦੀ ਬਹੁਤੀ ਰਸਦ ਫਾਰਮਾਂ ਤੋਂ ਆ ਜਾਂਦੀ ਸੀ, ਸਿਰਫ਼ ਡਬਲ ਰੋਟੀ ਹੀ ਖਰੀਦੀ ਜਾਂਦੀ ਸੀ । ਵਰਕਰਾਂ ਵਿੱਚ ਤਿਆਗ, ਕੁਰਬਾਨੀ ਅਤੇ ਸੇਵਾ ਦੀ ਭਾਵਨਾ ਸੀ, ਉਹ ਸਾਰੇ ਇੱਕ ਮਿਸ਼ਨ ਦੀ ਪੂਰਤੀ ਲਈ ਇਹ ਸੇਵਾ ਕਰ ਰਹੇ ਸਨ।
ਲਾਲਾ ਹਰਦਿਆਲ ਅਮਰੀਕਾ ਵਿੱਚ 1911 ਤੋਂ ਆਏ ਹੋਏ ਸਨ । ਸਰਕਾਰੀ ਰਿਪੋਰਟ ਅਨੁਸਾਰ :-
“ਉਸਨੇ ਅਮਰੀਕਾ ਵਿੱਚ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਵਿੱਚ ਤਕਰੀਰਾਂ ਕੀਤੀਆਂ ਅਤੇ ਉਹ ਸਭਾਵਾਂ ਸੰਗਠਤ ਕੀਤੀਆਂ, ਜਿਹਨਾਂ ਨੇ ਹਿੰਦੋਸਤਾਨ ਵਿਚੋਂ ਬਰਤਾਨਵੀ ਰਾਜ ਨੂੰ ਤਬਾਹ ਕਰਨ ਦੀਆਂ ਕਸਮਾਂ ਖਾਧੀਆਂ।”
ਯੁਗਾਂਤਰ ਆਸ਼ਰਮ ਵਿਚ ਲਾਲਾ ਹਰਦਿਆਲ ਕੋਈ ਸਾਢੇ ਪੰਜ ਮਹੀਨੇ ਰਹੇ। ਅਮਰੀਕਨ ਸਰਕਾਰ ਨੇ ਉਹਨਾਂ ਉੱਤੇ ਇਕ ਇਤਰਾਜ਼ ਯੋਗ ਤਕਰੀਰ ਕਰਨ ਦਾ ਮੁਕੱਦਮਾ ਬਣਾ ਦਿੱਤਾ। ਸਰਕਾਰੀ ਰਿਪੋਰਟ ਅਨੁਸਾਰ :-
“ਤਕਰੀਰਾਂ, ਜਿਹੜੀਆਂ ਕਿ ਹਰਦਿਆਲ ਕਰਦਾ ਸੀ, ਉਹਨਾਂ ਨੇ ਅਮਰੀਕਨ ਸਰਕਾਰ ਦਾ ਧਿਆਨ ਵੀ ਖਿਚਿਆ। ਅੰਤ 16 ਮਾਰਚ 1914 ਨੂੰ ਉਸਨੂੰ ਗਿ੍ਫ਼ਤਾਰ ਕਰ ਲਿਆ। ਗਿਆ। ਹਿਸ ਖ਼ਿਆਲ ਨਾਲ ਕਿ ਉਹ ਇਕ ਅਣਚਾਹਤ ਪ੍ਰਦੇਸੀ ਹੈ, ਉਸਨੂੰ ਜਲਾਵਤਨ ਕਰ ਦਿੱਤਾ ਜਾਵੇ ।”
ਪਾਰਟੀ ਨੇ ਉਹਨਾਂ ਦੀ ਜ਼ਮਾਨਤ ਕਰਵਾ ਲਈ, ਇਸ ਖਦਸ਼ੇ ਤੋਂ ਕਿ ਅਮਰੀਕਨ ਸਰਕਾਰ ਉਹਨਾਂ ਨੂੰ ਡੀਪੋਰਟ ਕਰਕੇ ਬਰਤਾਨਵੀਂ ਸਰਕਾਰ ਦੇ ਹਵਾਲੇ ਨਾ ਕਰ ਦੇਵੇ, ਉਹਨਾਂ ਨੂੰ ਸਵਿਟਜ਼ਰਲੈਂਡ ਭਿਜਵਾ ਦਿੱਤਾ । ਲਾਲਾ ਹਰਦਿਆਲ ਦੀ ਜਗ੍ਹਾ ਭਾਈ ਸੰਤੋਖ ਸਿੰਘ ਸਕੱਤਰ ਬਣੇ, ਉਰਦੂ ਗ਼ਦਰ ਦੀ ਸੰਪਾਦਨਾ ਰਾਮ ਚੰਦ ਅਤੇ ਸੋਹਣ ਲਾਲ ਪਾਠਕ ਕਰਦੇ ਰਹੇ। ਪ੍ਰੈਸ ਦੇ ਇਨਚਾਰਜ ਬਸੰਤ ਸਿੰਘ ਜਲੰਧਰ ਵੀ ਰਹੇ। ਜਿਹਨਾਂ ਦੀ ਸਹਾਇਤਾ ਕਰਤਾਰ ਸਿੰਘ ਦੁੱਕੀ ਅਤੇ ਪਰਿਥਵੀ ਸਿੰਘ ਕਰਦੇ ਰਹੇ।
ਗ਼ਦਰ ਲਹਿਰ 1913-14 ਵਿੱਚ ਅਮਰੀਕਾ ਵਿਚਲੇ ਹਿੰਦੋਸਤਾਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਕਰਾਂਤੀਕਾਰੀ ਲਹਿਰ ਸੀ। ਜਿਸਦੀ ਪ੍ਰੇਰਨਾ ਨਾਲ ਲਗਭਗ ਸਾਢੇ ਅੱਠ ਹਜ਼ਾਰ ਹਿੰਦੋਸਤਾਨੀ (ਮੁੱਖ ਤੌਰ ਤੇ ਪੰਜਾਬੀ) ਅਮਰੀਕਾ ਛੱਡ ਕੇ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਨੂੰ ਪਰਤੇ। 16 ਮਾਰਚ 1915 ਤੀਕਰ ਇਹਨਾਂ ਵਿਚੋਂ 189 ਨੂੰ ਜੇਲਾਂ ਵਿੱਚ ਡੱਕ ਦਿੱਤਾ ਗਿਆ, 704 ਪਿੰਡ ਬੰਦ ਕਰ ਦਿਤੇ ਗਏ।
ਯੁਗਾਂਤਰ ਆਸ਼ਰਮ ਵਿੱਚ ਕੁਝ ਸਮਾਂ ਕੈਨੇਡਾ ਤੋਂ ਡੀਪੋਰਟ ਕੀਤੇ ਭਾਈ ਭਗਵਾਨ ਸਿੰਘ ਅਤੇ ਜਾਪਾਨ ਤੋਂ ਆਏ ਮੌਲਵੀ ਬਰਕਤ ਉੱਲਾ ਵੀ ਰਹੇ। ਹਜ਼ਾਰਾਂ ਹਿੰਦੋਸਤਾਨੀਆਂ ਦੇ ਦੇਸ਼ ਪਰਤ ਜਾਣ ਨਾਲ, ਗ਼ਦਰ ਪਾਰਟੀ ਅਮਰੀਕਾ ਵਿੱਚ ਆਪਣੀਆਂ ਪਹਿਲਾਂ ਵਾਲੀਆਂ ਸਰਗਰਮੀਆਂ ਜਾਰੀ ਨਾ ਰੱਖ ਸਕੀ। ਹਿੰਦੂ-ਜਰਮਨ ਸਾਜ਼ਿਸ ਕੇਸ 1917 ਕਾਰਨ ‘ਗ਼ਦਰ’ ਵੀ ਲਗਾਤਾਰ ਜਾਰੀ ਨਾ ਰਹਿ ਸਕਿਆ। ਸਰਕਾਰ ਨੇ ਆਪਣੇ ਬੰਦੇ ਗ਼ਦਰ ਪਾਰਟੀ ਅੰਦਰ ਦਾਖ਼ਿਲ ਕਰ ਦਿੱਤੇ। ਆਪਸੀ ਖਿੱਚੋਤਾਣ ਵਧੀ। ਇੱਕ ਦੂਜੇ ਤੇ ਸ਼ੱਕ ਵਧੇ, ਕਤਲ ਵੀ ਹੋਏ ਜਿਸ ਨਾਲ ਪਾਰਟੀ ਕਮਜ਼ੋਰ ਹੋਈ । 1925 ਵਿੱਚ ‘ਗ਼ਦਰ’ ਦਾ ਇੱਕ ਵਿਸ਼ੇਸ਼ ਅੰਕ ਨਿਕਲਿਆ। 1929 ਵਿੱਚ ਪੰਜਾਬੀ ਵਿੱਚ ਮਾਸਿਕ ਨਿਕਲਦਾ ਰਿਹਾ।
1929 ਵਿੱਚ ਬਾਬਾ ਨਿਧਾਨ ਸਿੰਘ ਮਹੇਸਰੀ ਗ਼ਦਰ ਪਾਰਟੀ ਦੇ ਪ੍ਰਧਾਨ ਸਨ । ਬਾਬਾ ਗੁਰਮੁਖ ਸਿੰਘ ਵੀ ਉਥੇ ਸਨ, ਉਹ ਗ਼ਦਰ ਪਾਰਟੀ ਨੂੰ ਸੰਘਠਨ ਕਰਨ ਦੇ ਨਾਲ ਫੰਡ ਵੀ ਇਕੱਠਾ ਕਰਦੇ ਸਨ । ਉਹਨਾਂ ਦਾ ਕੇਂਦਰ ਵੀ ਯੁਗਾਂਤਰ ਆਸ਼ਰਮ ਸੀ । ਭਾਈ ਪੂਰਨ ਸਿੰਘ ਤੇ ਨਰਿੰਜਣ ਸਿੰਘ ਪੰਡੋਰੀ ਵੀ ਉਸ ਸਮੇਂ ਆਸ਼ਰਮ ਵਿਚ ਰਹਿੰਦੇ ਹੁੰਦੇ ਸਨ। ਗਦਰ ਅਖ਼ਬਾਰ ਪ੍ਰਕਾਸ਼ਤ ਵੀ ਕਰਦਾ ਸੀ ਅਤੇ ਮੇਲ ਵੀ ਆਪ ਹੀ ਕਰਦਾ ਸੀ । ਜਨੇਤ ਪੁਰੇ ਜ਼ਿਲਾ ਲੁਧਿਆਣੇ ਦਾ ਹਜ਼ਾਰਾ ਸਿੰਘ ਹਮਦਮ ਵੀ ਇਸੇ ਯੁਨੀਵਰਸਿਟੀ ਦਾ ਸਟੂਡੈਂਟ ਸੀ, ਉਹ ਵੀ ਯੁਗਾਂਤਰ ਆਸ਼ਰਮ ਵਿੱਚ ਰਹਿੰਦਾ ਅਤੇ ਆਸ਼ਰਮ ਦਾ ਕੰਮ ਸੰਭਾਲਦਾ ਰਿਹਾ। “ਗ਼ਦਰ” ਦਾ ਅੰਤਲਾ ਅੰਕ 1935 ਦਾ ਮਿਲਦਾ ਹੈ।
“ਯੁਗਾਂਤਰ ਆਸ਼ਰਮ” ਲਗਾਤਾਰ ਗ਼ਦਰ ਪਾਰਟੀ ਦੀ ਮਲਕੀਅਤ ਰਿਹਾ। ਜੋ ਹਿੰਦੋਸਤਾਨ ਦੀ ਆਜ਼ਾਦੀ ਦੀਆਂ ਸਰਗਰਮੀਆਂ ਦੀ ਸਹਾਇਤਾ ਕਰਦੀ ਰਹੀ। 1947 ਵਿੱਚ ਹਿੰਦੋਸਤਾਨ ਦੇ ਆਜ਼ਾਦ ਹੋ ਜਾਣ ਤੋਂ ਬਾਅਦ ਇਹ ਵਿਚਾਰ ਕਰਕੇ,
ਕਿ ਹਿੰਦੋਸਤਾਨ ਦੀ ਆਜ਼ਾਦੀ ਦਾ ਮਿਸ਼ਨ ਪੂਰਾ ਹੋ ਚੁੱਕਾ ਹੈ। ਯੁਗਾਂਤਰ ਆਸ਼ਰਮ ਦੀ ਇਮਾਰਤ ਨੂੰ ਸਮਾਰਕ ਦਾ ਰੂਪ ਦਿੱਤਾ ਜਾਏ। ਪਰ ਕਈ ਸਾਲ ਇਹ ਇਮਾਰਤ ਅਣਗੌਲੀ ਪਈ ਰਹੀ, ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਸ਼ਰਧਾਲੂ ਜਦ ਇਸ ਆਸ਼ਰਮ ਦੀ ਯਾਤਰਾ ਲਈ ਜਾਂਦੇ, ਉਹਨਾਂ ਨੂੰ ਮੰਦੀ ਦਸ਼ਾ ਅਤੇ ਭਾਰਤ ਸਰਕਾਰ ਦੀ ਲਾਪਰਵਾਹੀ ਦੇਖ ਕੇ ਅਫਸੋਸ ਹੁੰਦਾ। ਇਸ ਵਤੀਰੇ ਦੇ ਵਿਰੁੱਧ ਰੋਸ ਆਵਾਜ਼ ਪੈਦਾ ਹੁੰਦੀ ਗਈ। ਆਖਿਰ 1974 ਵਿੱਚ ਉਦੋਂ ਦੇ ਵਿਦੇਸ਼ ਮੰਤਰੀ ਸਵਰਨ ਸਿੰਘ ਹੁਰਾਂ ਇਸ ਵੱਲ ਧਿਆਨ ਦਿੱਤਾ। 28 ਸਤੰਬਰ, 1974 ਨੂੰ ਬੁਲਾਈ ਇੱਕ ਮੀਟਿੰਗ ਵਿੱਚ ਅਮਰੀਕਾ ਦੇ ਅਨੇਕਾਂ ਹਿੰਦੋਸਤਾਨੀ ਸ਼ਾਮਿਲ ਹੋਏ ਅਤੇ ਇਸ ਇਮਾਰਤ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਹੋਇਆ, ਇਸ ਕਾਰਜ ਲਈ ਫੰਡ ਵੀ ਇਕੱਠਾ ਹੋਇਆ। ਦਾਨੀਆਂ ਦੀ ਸੂਚੀ ਇੱਕ ਪਲੈਕ ਤੇ ਉਕਰੀ ਹੋਈ ਲਗੀ ਹੋਈ ਹੈ। 23 ਮਾਰਚ 1975 ਨੂੰ ਅਮਰੀਕਾ ਵਿੱਚ ਭਾਰਤ ਦੇ ਸਫੀਰ ਟੀ ਐਨ. ਕੌਲ ਜੀ ਨੇ ਨਵੀਂ ਤਰਤੀਬ ਦਿੱਤੀ ਇਮਾਰਤ ਦਾ ਉਦਘਾਟਨ ਕੀਤਾ। ਅਕਤੂਬਰ 1976 ਵਿੱਚ ਇਕ ਬੜੀ ਵੱਡੀ ਲਾਇਬਰੇਰੀ ਸਥਾਪਤ ਕੀਤੀ ਗਈ। ਜਿਸਦਾ ਉਦਘਾਟਨ ਵਾਈ, ਬੀ ਚਾਵਾਨ ਵਿਦੇਸ਼ ਮੰਤਰੀ ਨੇ ਕੀਤਾ। 1990 ਵਿੱਚ ਗ਼ਦਰ ਪਾਰਟੀ ਦੇ ਸ਼ਹੀਦਾਂ ਦੀ 75ਵੀਂ ਵਰ੍ਹੇ ਗੰਢ ਦੇ ਅਵਸਰ ਤੇ, ਗ਼ਦਰੀਆਂ ਦੀਆਂ ਵੱਡੀਆਂ ਤਸਵੀਰਾਂ ਲਾਈਆਂ ਗਈਆਂ। ਜੋ ਕੈਲਾਸ਼- ਪ੍ਰਕਾਸ਼ ਮੈਮੋਰੀਅਲ ਫਾਉਂਡੇਸ਼ਨ ਨੇ ਸੂਰਜ ਪ੍ਰਕਾਸ਼ ਆਨੰਦ ਰਾਹੀ ਪ੍ਰਦਾਨ ਕੀਤੀਆਂ। 1990 ਤੋਂ ਯੁਗਾਂਤਰ ਆਸ਼ਰਮ, ਗ਼ਦਰ ਮੈਮੋਰੀਅਲ ਸੈਂਟਰ ਦੇ ਰੂਪ ਵਿੱਚ ਲੋਕਾਂ ਲਈ ਖੋਲ ਦਿੱਤਾ। ਗਿਆ ਹੈ। ਇਕ ਗ਼ਦਰ ਮੈਮੋਰੀਅਲ ਕਮੇਟੀ ਸਥਾਪਤ ਹੈ, ਜੋ ਭਾਰਤੀ ਕੌਸਿਲੇਟ ਦੇ ਮਿਲਵਰਤਣ ਨਾਲ ਧਰਮ ਨਿਰਪੇਖਤਾ, ਏਕਤਾ ਅਤੇ ਸਮਾਜਿਕ ਨਿਆਂ ਲਈ ਜਾਗਰਤਾ ਪੈਦਾ ਕਰਨ ਦੇ ਪ੍ਰੋਗਰਾਮ ਉਲੀਕਦੀ ਰਹਿੰਦੀ ਹੈ। ਇੱਕ ਨਿਊਜ਼ ਲੈਟਰ ਵੀ ਪ੍ਰਕਾਸ਼ਿਤ ਕਰਦੀ ਹੈ। ਇਸਦੇ ਹਾਲ ਵਿੱਚ ਪ੍ਰੋਗਰਾਮ ਹੁੰਦੇ ਰਹਿੰਦੇ ਹਨ । ਨਾਟਕ, ਕਵੀ ਦਰਬਾਰ, ਲੈਕਚਰ ਅਤੇ ਹੋਰ ਸਭਿਆਚਾਰਕ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਹਨ। ਭਾਰਤੀ ਸੰਗੀਤ, ਪੰਜਾਬੀ ਅਤੇ ਹਿੰਦੀ ਭਾਸ਼ਾ ਦੀਆਂ ਕਲਾਸਾਂ ਵੀ ਲਈਆਂ ਜਾਂਦੀਆਂ ਹਨ। ਸ਼ਹੀਦਾਂ ਦੇ ਦਿਨ ਮਨਾਏ
ਜਾਂਦੇ ਹਨ। ਪ੍ਰਦਰਸ਼ਨੀਆਂ ਵੀ ਲਾਈਆਂ ਜਾਂਦੀਆਂ ਹਨ। ਰਿਹਾਇਸ਼ੀ ਕਮਰਿਆਂ ਵਿੱਚ ਇੰਡੀਅਨ ਕੌਂਸਿਲੇਟ ਸਟਾਫ਼ ਦੇ ਕੁਝ ਕਰਮਚਾਰੀ ਰਹਿੰਦੇ ਹਨ। ਜੋ ਇਸ ਇਮਾਰਤ ਦੀ ਦੇਖ ਭਾਲ ਵੀ ਕਰਦੇ ਹਨ।
Credit – ਜੋਗਿੰਦਰ ਸ਼ਮਸ਼ੇਰ , ਕੁਕਿਟਲਮ ਬੀ. ਸੀ. ਕੈਨੇਡਾ