ਅਕਾਲੀ ਲਹਿਰ ਉੱਤੇ ਗ਼ਦਰ ਲਹਿਰ ਦਾ ਪ੍ਰਭਾਵ
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੇ ਅੰਤ ਤੱਕ ਦੇਸ਼ ਦੇ ਰਾਜਨੀਤਿਕ ਹਾਲਤ ਅਜਿਹੇ ਬਣੇ ਕਿ ਬਰਤਾਨਵੀ ਹਿੰਦੁਸਤਾਨ ਦੀ ਸਾਮਰਾਜੀ ਅੰਗਰੇਜ਼ ਸਰਕਾਰ ਵੱਲੋਂ ਸਿੱਖ ਸਮੱਸਿਆਵਾਂ ਦੇ ਸਮਾਧਾਨ ਲਈ ਧਾਰਨ ਕੀਤੀ ਨੀਤੀ ਤੋਂ ਸਿੱਖ ਵਸੋਂ ਦੇ ਮਨ ਵਿਚ ਅਸੰਤੁਸ਼ਟਤਾ ਉਪਜਨੀ ਸ਼ੁਰੂ ਹੋ ਗਈ ਅਤੇ ਇਕ ਦਹਾਕੇ ਤੋਂ ਵੀ ਘੱਟ ਸਮੇਂ ਅੰਦਰ ਅੰਗਰੇਜ਼ ਹਾਕਮਾਂ ਦੀ ‘ਸੱਜੀ ਬਾਂਹ’ ਵਜੋਂ ਜਾਣੇ ਜਾਂਦੇ ਸਿੱਖ ਅੰਗਰੇਜ਼ੀ ਸਾਮਰਾਜ ਤੋਂ ਦੇਸ਼ ਦੀ ਮੁਕਤੀ ਲਈ ਚੱਲ ਰਹੇ ਸੰਘਰਸ਼ ਦੇ ਮੁਹਰੈਲੀ ਦਸਤਾ ਬਣ ਗਏ। ਸਿੱਖ ਕੌਮ ਦੇ ਇਸ ਮਨ-ਪਰਵਰਤਨ ਦਾ ਮੁਢਲਾ ਕਾਰਨ ਸਰਕਾਰ ਵੱਲੋਂ ਗੁਰਦੁਆਰਿਆਂ ਦੀ ਜਾਇਦਾਦ ਉੱਪਰ ਸੱਪ-ਕੁੰਡਲੀ ਮਾਰੀ ਬੈਠੇ ਭ੍ਰਿਸ਼ਟ ਮਹੰਤਾਂ ਦੀ ਸਰਪ੍ਰਸਤੀ ਕਰਨਾ ਸੀ । ਫਿਰ ਦਿੱਲੀ ਵਿਚ ਅੰਗਰੇਜ਼ ਵਾਇਸਰਾਇ ਦੀ ਰਹਾਇਸ਼ ਲਈ ਗੁਰਦੁਆਰਾ ਰਕਾਬਗੰਜ ਦੀ ਕੰਧ ਨੂੰ ਢਾ ਦੇਣ ਦੀ ਕਾਰਵਾਈ ਨੇ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਪਿੱਛੋਂ ਅੱਗੜ ਪਿੱਛੜ ਵਾਪਰੀਆਂ ਕਈ ਘਟਨਾਵਾਂ ਜਿਵੇਂ ਕਾਮਾਗਾਟਾ ਮਾਰੂ ਜਹਾਜ਼ ਵਿਚ ਸਵਾਰ ਹੋ ਕੇ ਕੈਨੇਡਾ ਪਰਵਾਸ ਲਈ ਉੱਥੇ ਗਏ ਪਰ ਕੈਨੇਡਾ ਦੀ ਸਰਕਾਰ ਵੱਲੋਂ ਵਾਪਸ ਕੀਤੇ ਮੁਸਾਫਿਰਾਂ ਨੂੰ ਹਿੰਦੁਸਤਾਨੀ ਸਰਕਾਰ ਦੁਆਰਾ ਬਜਬਜ ਦੇ ਘਾਟ ਉੱਤੇ ਉਤਾਰ ਕੇ ਉਹਨਾਂ ਨਾਲ ਕੀਤਾ ਵਹਿਸ਼ੀਆਨਾ ਵਰਤਾਉ, ਜਿਸ ਕਾਰਨ ਡੇਢ ਦਰਜਨ ਮੁਸਾਫਿਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਅਮਰੀਕਾ ਤੋਂ ਆਏ ਗਦਰੀਆਂ ਨੂੰ ਬੋਕ ਵਿਚ ਸੁਣਾਈਆਂ ਸਖਤ ਸਜ਼ਾਵਾਂ, 1919 ਦੇ ਮਾਰਸ਼ਲ ਲਾਅ ਦੀਆਂ ਸਖਤੀਆਂ, | ਕੌਂਸਲ ਵਿਚ ਸਿੱਖਾਂ ਨੂੰ ਘੱਟ ਪ੍ਰਤੀਨਿੱਧਤਾ, ਆਦਿ ਸਿੱਖ ਕੌਮ ਦੇ ਮਨਾਂ ਵਿਚਲੇ ਰੋਸ ਅਤੇ ਰੋਹ ਨੂੰ ਵਧਾਉਣ ਦਾ ਕਾਰਣ ਬਣੀਆਂ। ਇਸ ਸਥਿਤੀ ਵਿਚ ਸਿੱਖ ਸਮੂਹ ਦੀ ਅਗਵਾਈ ਕਰਨ ਲਈ ਜੋ ਵਿਅਕਤੀ ਅੱਗੇ ਆਏ, ਉਹਨਾਂ ਦੇ ਪਿਛੋਕੜ ਨੂੰ ਦੇਖਦਿਆਂ ਉਹਨਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਵਰਗ ਵਿਚ ਸ਼ਾਮਲ ਸਨ ਉਹ ਸੈਨਿਕ, ਜਿਨ੍ਹਾਂ ਨੇ ਅੰਗਰੇਜ਼ੀ ਸੈਨਾ ਵਿਚ ਭਰਤੀ ਹੋ ਕੇ ਸਾਮਰਾਜ ਦੀ ਖਾਤਰ ਦੇਸ਼ ਵਿਦੇਸ਼ ਵਿਚ ਜਾ ਕੇ ਖੂਨ ਪਸੀਨਾ ਇਕ ਕੀਤਾ ਸੀ ਅਤੇ ਦੂਜੇ ਸਨ 1914-15 ਦੇ ਗਦਰ ਅੰਦੋਲਨ ਵਿਚ ਸ਼ਾਮਲ ਹੋਏ ਉਹ ਗਦਰੀ ਜੋ ਕਿਸੇ ਕਾਰਨ ਕਾਨੂੰਨ ਦੇ ਸ਼ਿਕੰਜੇ ਵਿਚ ਆਉਣੋਂ ਬਚ ਗਏ ਸਨ ਜਾਂ ਦੋ ਚਾਰ ਸਾਲ ਲਈ ਕੈਦ ਦੀ ਸਜ਼ਾ ਭੁਗਤ ਕੇ ਜੇਲ੍ਹਾਂ ਤੋਂ ਬਾਹਰ ਆ ਗਏ ਸਨ ਜਾਂ 1919 ਦੀ ‘ਸ਼ਾਹੀ ਮਾਫੀ’ ਅਧੀਨ ਜੇਲ੍ਹਾਂ ਵਿਚੋਂ ਮੁਕਤ ਹੋਏ ਸਨ । ਇਹਨਾਂ ਗਦਰੀਆਂ ਦੀ ਮਾਨਸਿਕਤਾ ਬਾਰੇ ਬਰਤਾਨਵੀ ਹਿੰਦੁਸਤਾਨ ਦੀ ਖੁਫੀਆ ਪੁਲਸ ਦੇ ਉੱਚ ਅਧਿਕਾਰੀ ਡੀ. ਪੈਟਰੀ ਦਾ ਕੱਢਿਆ ਇਹ ਨਤੀਜਾ ਬਿਲਕੁੱਲ ਸਹੀ ਹੈ ਕਿ “ਪੰਜਾਬ ਵਿਚ ਪਰਦੇਸ ਤੋਂ ਪਰਤੇ ਅਨੇਕ ਸਿੱਖ ਹਨ ਜਿਨ੍ਹਾਂ ਦੀ ਸਾਡੇ ਰਾਜ ਪ੍ਰਤੀ ਕੁਸੈਲੀ ਨਫਰਤ ਉਹਨਾਂ ਨੂੰ ਸਾਡੀ ਪ੍ਰਭੂਸੱਤਾ ਨੂੰ ਢਾਅ ਲਾਉਣ ਵਾਲੀ ਕਿਸੇ ਵੀ ਸਾਜ਼ਿਸ਼ ਵਿਚ ਉਤਸ਼ਾਹ ਨਾਲ ਸ਼ਾਮਲ ਹੋਣ ਦਾ ਪੂਰਬਲਾ ਝੁਕਾਅ ਬਣ ਜਾਂਦੀ ਹੈ।”” ਇਸ ਰੁਚੀ ਕਾਰਨ ਹੀ ਬੰਧਨ ਮੁਕਤ ਹੋਣ ਸਾਰ ਇਹਨਾਂ ਵਿਚੋਂ ਬਹੁਤੇ ਗਦਰੀ ਸਿੱਖ ਲੀਗ ਵਿਚ ਸਰਗਰਮ ਹੋ ਗਏ। ਅਕਤੂਬਰ 1920 ਵਿਚ ਲਾਹੌਰ ਵਿਚ ਹੋਈ ਸਿੱਖ ਲੀਗ ਕਾਨਫ੍ਰੀਸ ਦੀ ਪੰਜਾਬ ਸਰਕਾਰ ਵੱਲੋਂ ਹਿੰਦ ਸਰਕਾਰ ਨੂੰ ਭੇਜੀ ਰੀਪੋਰਟ ਦੱਸਦੀ ਹੈ, “ਕਾਨਵੰਸ ਦੀ ਕਾਰਵਾਈ ਦਾ ਇਕ ਦੁੱਖਦਾਈ ਪੱਖ ਗਦਰ ਮੁਜਰਮਾਂ ਦੀ ਮੰਚ ਉੱਤੇ ਹਾਜ਼ਰੀ ਅਤੇ ਉਹਨਾਂ ਦੁਆਰਾ ਮੀਟਿੰਗ ਨੂੰ ਸੰਬੋਧਿਤ ਕੀਤਾ ਜਾਣਾ ਹੈ।”” ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਵੀ ਇਹੋ ਦੱਸਦਾ ਹੈ ਕਿ “1919 ਦੀ ਸ਼ਾਹੀ ਮਾਫੀ ਵਿਚ ਬਾਗੀਆਂ ਨੂੰ ਰਿਹਾਅ ਕੀਤਾ ਗਿਆ ਤਾਂ ਗਦਰੀਆਂ ਵਿਚੋਂ ਕਈਆਂ ਨੇ ਫੇਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ।ਇਹ ਆਮ ਮੰਨਿਆ ਜਾਂਦਾ ਹੈ ਕਿ ਇਹ ਲੋਕ ਅਕਾਲੀ ਸਿੱਖਾਂ ਦੀ ਨਵੀਂ ਇਨਕਲਾਬੀ ਲਹਿਰ ਦੇ ਜਨਮਦਾਤੇ ਹਨ ਅਤੇ ਬੱਬਰ ਅਕਾਲੀਆਂ ਦੇ ਉੱਘੇ ਮੈਂਬਰ।”
ਇਸ ਤੋਂ ਪਹਿਲਾਂ ਕਿ ਸਿੱਖ ਆਗੂ ਭਵਿੱਖੀ ਕਾਰਵਾਈ ਦੀ ਰੂਪ ਰੇਖਾ ਉਲੀਕਣ ਲਈ ਸਿਰ ਜੋੜ ਕੇ ਬੈਠਦੇ, 12 ਅਕਤੂਬਰ 1920 ਨੂੰ ਅਚਾਨਕ ਵਾਪਰੀ ਇਕ ਘਟਨਾ ਨੇ ਅਗਲੀ ਕਾਰਵਾਈ ਲਈ ਰਾਹ ਪੱਧਰਾ ਕਰ ਦਿੱਤਾ । ਇਸ ਦਿਨ ” ਖਾਲਸਾ ਬਰਾਦਰੀ ਕਾਰਜ ਸਾਧਕ ਦਲ” ਵੱਲੋਂ ਅਖੌਤੀ ਅਛੂਤ ਜਾਤੀ ਦੇ ਵਿਅਕਤੀਆਂ ਨੂੰ ਜਲਿਆਂ ਵਾਲੇ ਬਾਗ ਵਿਚ ਅੰਮ੍ਰਿਤ ਛਕਾ ਕੇ ਦਰਬਾਰ ਸਾਹਿਬ ਕੜ੍ਹਾਹ ਪਰਸ਼ਾਦ ਭੇਟ ਕਰਨ ਲਈ ਲਿਆਉਣ ਮੌਕੇ ਪੁਜਾਰੀਆਂ ਵੱਲੋਂ ਵਿਖਾਈ ਅਸਹਿਯੋਗ ਦੀ ਭਾਵਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਕਾਰਨ ਬਣੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਗਠਿਤ ਇਸ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਇਕ ਮਹੀਨਾ ਪਿੱਛੋਂ ਨਵੰਬਰ 1920 ਵਿਚ ਸਿੱਖ ਸੰਗਤ ਨੂੰ ਰਾਜਨੀਤਿਕ ਖੇਤਰ ਵਿਚ ਅਗਵਾਈ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਅਸਲ ਵਿਚ ਪੰਜਾਬ ਭਰ ਵਿਚ ਸਥਾਨਕ ਪੱਧਰ ਉੱਤੇ ਅਕਾਲੀ ਜਥੇ ਪਹਿਲਾਂ ਹੀ ਕਾਰਜਸ਼ੀਲ ਸਨ । ਪੰਜਾਬ ਸਰਕਾਰ ਦੇ ਖੁਫੀਆ ਮਹਿਕਮੇ ਵੱਲੋਂ ਤਿਆਰ ਕੀਤੀ ਇਕ ਰੀਪੋਰਟ ਵਿਚ ਦੱਸਿਆ ਗਿਆ ਹੈ, “ 1920 ਦੀਆਂ ਗਰਮੀਆਂ ਵਿਚ ਲੰਮੀਆਂ ਕਿਰਪਾਨਾਂ ਪਹਿਨੀ ਅਤੇ ਗੂੜੀਆਂ ਨੀਲੀਆਂ ਜਾਂ ਕਾਲੀਆਂ ਪੱਗਾਂ ਵਾਲੇ ਅਕਾਲੀ ਦਿਖਾਈ ਦੇਣੇ ਸ਼ੁਰੂ ਹੋਏ ਹੌਲੀ ਹੌਲੀ ਉਹਨਾਂ ਦੀ ਗਿਣਤੀ ਵਧਣ ਲੱਗੀ ਅਤੇ ਨਾਲ ਹੀ ਉਹਨਾਂ ਦੀ ਕਿਰਪਾਨ ਦਾ ਆਕਾਰ ਵੀ।”4 ਸੈਂਟ੍ਰਲ ਅਕਾਲੀ ਦਲ, ਜੋ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਵਜੋਂ ਜਾਣਿਆ ਗਿਆ, ਦਾ ਗਠਨ ਇਹਨਾਂ ਅਕਾਲੀ ਜਥਿਆਂ ਨੂੰ ਇਕ ਲੜੀ ਵਿਚ ਪਰੋਣ ਦਾ ਕਾਰਜਮਾਤਰ ਸੀ ।ਜਿਉਂ ਹੀ ਸਿੱਖ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਸੰਗਠਿਤ ਹੋਇਆ, ਇਹ ਗਦਰੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਹਨਾਂ ਨਵੀਆਂ ਜਥੇਬੰਦੀਆਂ ਨੂੰ ਵਧੇਰੇ ਢੁੱਕਵੀਆਂ ਮੰਨਦਿਆਂ ਇਹਨਾਂ ਵਿਚ ਸ਼ਾਮਲ ਹੋ ਕੇ ਅਕਾਲੀ ਲਹਿਰ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕਰਨ ਦੇ ਨਿਸ਼ਾਨੇ ਵੱਲ ਸੇਧਿਤ ਕਰਨ ਲਈ ਯਤਨਸ਼ੀਲ ਹੋ ਗਏ ਜਿਸ ਵਿਚ ਉਹਨਾਂ ਚੋਖੀ ਸਫਲਤਾ ਵੀ ਪ੍ਰਾਪਤ ਕੀਤੀ। ਪੰਜਾਬ मठबाव रे भ्रढीभा भग्विभे बॅले डिभाव बोडी गैपेवट “Sikh Agitation (1911- 21) ਦੇ ਪੂਰਕ ਨੋਟ ਵਿਚ ਸੁਪਰਡੈਂਟ ਪੁਲਸ, ਅੰਮ੍ਰਿਤਸਰ, ਵੱਲੋਂ 5 ਫਰਵਰੀ 1921 ਨੂੰ ਲਿਖੀ ਡਾਇਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹਨਾਂ ਅਕਾਲੀ ਜਥਿਆਂ ਵਿਚ ਸਿੱਖ ਸਮਾਜ ਦੇ ਹੋਰ ਵਰਗਾਂ ਸਮੇਤ ਵਿਦੇਸ਼ਾਂ ਤੋਂ ਪਰਤੇ ਸਿੱਖ ਵੀ ਸ਼ਾਮਲ ਹਨ P ਜਥੇਬੰਦੀ ਦੀ ਸਥਾਪਨਾ ਹੋਣ ਪਿੱਛੋਂ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਖੁੱਲ੍ਹ ਗਿਆ ਤਾਂ ਹੇਠਲੇ ਪੱਧਰ ਉੱਤੇ ਸਰਗਰਮ ਆਗੂ ਅੰਮ੍ਰਿਤਸਰ ਆ ਗਏ ਅਤੇ ਇਉਂ ਗਦਰ ਪਾਰਟੀ ਦੇ ਝੰਡੇ ਹੇਠ ਵਿਦੇਸ਼ਾਂ ਤੋਂ ਪਰਤੇ ਦੇਸ਼ ਭਗਤਾਂ ਨੂੰ ਇਕੱਠੇ ਹੋਣ ਦਾ ਅਵਸਰ ਮਿਲ ਗਿਆ। “Sikh Conspiracy Case 1921 ਬਾਰੇ ਪੰਜਾਬ ਸਰਕਾਰ ਦੁਆਰਾ ਤਿਆਰ ਕੀਤੇ ਨੋਟ ਵਿਚ ਸਪਸ਼ਟ ਲਿਖਿਆ ਹੈ ਕਿ “ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਕੇ ਹੋਈ ਅਕਾਲੀ ਦਲ ਦੀ ਸਥਾਪਨਾ ਨੇ ਵਿਦੇਸ਼ਾਂ ਤੋਂ ਪਰਤੇ ਕਿੰਨੇ ਹੀ ਵਿਅਕਤੀਆਂ ਨੂੰ ਇਕੱਠੇ ਕਰ ਦਿੱਤਾ। ਬਰਤਾਨਵੀ ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਵੱਲੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 1921-22 ਦੀਆਂ ਗਤੀਵਿਧੀਆਂ ਬਾਰੇ ਤਿਆਰ ਕੀਤੇ ਮੈਮੋਰੰਡਮ (Akali Dal and Shrimoni Gurdwara Parbandhak Committee (1921-22) A Confidential Memorandum) हिच ही टिवे गॅलां ਦੁਹਰਾਈਆਂ ਗਈਆਂ ਹਨ ਮੈਮੋਰੰਡਮ ਵਿਚ ਲਿਖਿਆ ਹੈ, “ਕੱਟੜ ਅਕਾਲੀਆਂ ਦੁਆਰਾ ਘੜੀ ਅਤੇ ਅਮਲ ਵਿਚ ਲਿਆਂਦੀ ਸਾਜ਼ਿਸ਼ ਤੋਂ ਸੰਕੇਤ ਮਿਲਦਾ ਹੈ ਕਿ ਇਨਕਲਾਬੀ ਸੋਚ ਅਤੇ ਜੋਸ਼ੀਲੇ ਸਿੱਖ ਪਰਚਾਰ ਵਿਚ ਵੰਡ ਦੀ ਲਕੀਰ ਕਿੰਨੀ ਪੇਤਲੀ ਹੈ। ਅਕਾਲੀ ਲਹਿਰ ਦਾ ਸਭ ਤੋਂ ਵੱਡਾ ਖਤਰਾ ਇਸ ਦੀ ਉਹਨਾਂ ਵਿਦੇਸ਼ੋਂ ਪਰਤੇ ਪਰਵਾਸੀਆਂ ਪ੍ਰਤੀ ਅਪੀਲ ਹੈ ਜਿਹੜੇ ਪਿਛਲੇਰੇ ਸਾਲਾਂ ਵਿਚ ਭਾਵੇਂ ਦਿਖਾਵੇ ਵਜੋਂ ਗਦਰ ਲਹਿਰ ਪ੍ਰਤੀ ਖਾਮੋਸ਼ ਰਹੇ ਪਰ ਜੋ ਸਥਾਨਕ ਸਰਕਾਰ ਦੇ ਸ਼ਾਂਤਮਈ ਵਿਕਾਸ ਲਈ ਸਭ ਤੋਂ ਵੱਡਾ ਖਤਰਾ ਹਨ। ਇਹ ਵਿਸ਼ਵਾਸ ਕਰਨ ਦਾ ਕੁੱਝ ਕਾਰਨ ਹੈ ਕਿ ਸਰਹੱਦ ਪਾਰੋਂ ਹਥਿਆਰ ਲਿਆਉਣ ਬਾਰੇ ਸੌਦੇਬਾਜੀ ਜਾਰੀ ਹੈ ਅਤੇ ਅਕਾਲੀ ਦਲ ਦੇ ਕੁੱਝ ਮੈਂਬਰਾਂ ਵਿਚਕਾਰ ਤਕਸੀਮ ਕੀਤੇ ਜਾਣ ਲਈ ਕੁੱਝ ਹਥਿਆਰ ਲਿਆਂਦੇ ਵੀ ਗਏ ਪਰ ਹਥਿਆਰਾਂ ਦੀ ਇਸ ਖੇਪ ਦੇ ਵੱਡੀ ਹੋਣ ਜਾਂ ਇਸ ਦੇ ਬਹੁਤੇ ਕੇਂਦਰਾਂ ਤੋਂ ਆਉਣ ਬਾਰੇ ਸ਼ੱਕ ਹੈ।”7 ਅਕਾਲੀ ਦਲ ਦੇ ਧਾਰਮਿਕ ਖਾਸੇ ਬਾਰੇ ਵਿਦੇਸ਼ੋਂ ਪਰਤੇ ਪਰਵਾਸੀਆਂ ਦਾ ਇਸ ਵਿਚ ਤੁਰਤ ਫੁਰਤ ਸ਼ਾਮਲ ਹੋਣਾ ਮਹੱਤਵਪੂਰਨ ਟਿੱਪਣੀ ਹੈ। “ ਇਹਨਾਂ ਵਿਚੋਂ ਬਹੁਤ ਘੱਟ ਧਾਰਮਿਕ ਖੇਤਰ ਵਿਚ ਆਪਣੀ ਮੁਹਾਰਤ ਬਾਰੇ ਦਾਅਵਾ ਕਰ ਸਕਦੇ ਹਨ ਅਤੇ ਉਹਨਾਂ ਲਈ ਖਿੱਚ ਦਾ ਵੱਡਾ ਕਾਰਨ, ਬਿਨਾਂ ਸ਼ੱਕ, 1915 ਜਿਹੀਆਂ ਘਟਨਾਵਾਂ ਨੂੰ ਦੁਹਰਾ ਸਕਣ ਦਾ ਅਵਸਰ ਹੈ। ਜਲੰਧਰ ਜ਼ਿਲ੍ਹਾ, ਜਿੱਥੇ ਵਿਦੇਸ਼ੋਂ ਪਰਤੇ ਪਰਵਾਸੀਆਂ ਦੀ ਵੱਡੀ ਗਿਣਤੀ ਹੈ, ਵਿਚ ਉਹਨਾਂ ਨੂੰ ਅਕਾਲੀ ਲਹਿਰ ਦੀ ਜਿੰਦ ਜਾਨ ਆਖਿਆ ਜਾਂਦਾ ਹੈ। ਅਸਲ ਵਿਚ ਦੁਆਬਾ ਜਥੇ ਦੀ ਵਾਗ ਡੋਰ ਇਕ ਬਦਨਾਮ ਗਦਰੀ ਦੇ ਹੱਥ ਹੈ।”8 ਸਰਕਾਰ ਦੀ ਨਜ਼ਰ ਵਿਚ ਇਹ ‘ਬਦਨਾਮ ਗਦਰੀ” ਹੋਰ ਕੋਈ ਨਹੀਂ, ਭਾਈ ਭਾਗ ਸਿੰਘ ਪਿੰਡ ਉਪਲ ਭੂਪਾ ਜ਼ਿਲ੍ਹਾ ਜਲੰਧਰ ਸੀ ਜੋ ਛੇ ਸੱਤ ਸਾਲ ਕਨੇਡਾ ਅਤੇ ਅਮਰੀਕਾ ਵਿਚ ਬਿਤਾਉਣ ਪਿੱਛੋਂ ਗਦਰ ਪਾਰਟੀ ਦੇ ਹੋਕੇ ਉੱਤੇ ਦੇਸ਼ ਪਰਤਣ ਸਾਰ ਅੰਗਰੇਜ਼ ਹਕੂਮਤ ਦੁਆਰਾ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। 1919 ਦੇ ਸ਼ਾਹੀ ਮਾਫੀਨਾਮੇ ਅਧੀਨ ਰਿਹਾਈ ਮਿਲਣ ਉਪਰੰਤ ਉਹ ਅਕਾਲੀ ਲਹਿਰ ਵਿਚ ਸ਼ਾਮਲ ਹੋ ਗਿਆ ਸੀ। ਕਿਸ਼ਨ ਸਿੰਘ ਗੜਗੱਜ ਦੇ ਸੰਪਰਕ ਵਿਚ ਆ ਕੇ ਭਾਈ ਭਾਗ ਸਿੰਘ ਅਫਗਾਨਸਤਾਨ ਗਿਆ ਅਤੇ ਉੱਥੋਂ ਗੋਲੀ ਸਿੱਕਾ ਲਿਆਉਣ ਦੇ ਨਾਲ ਨਾਲ ਬਾਦਸ਼ਾਹ ਅਮਾਨੁੱਲਾ ਤੋਂ ਅੰਗਰੇਜ਼ ਵਿਰੁੱਧ ਸੰਗਰਾਮ ਕਰਨ ਵਾਲੇ ਦੇਸ਼ ਭਗਤਾਂ ਨੂੰ ਪਨਾਹ ਦੇਣ ਦਾ ਵਿਸ਼ਵਾਸ ਵੀ ਲੈ ਕੇ ਆਇਆ ਸੀ ।
ਸ਼੍ਰੋਮਣੀ ਅਕਾਲੀ ਦਲ ਦਾ ਅੰਗਰੇਜ਼ ਸਰਕਾਰ ਵਿਰੁੱਧ ਪੈਂਤੜਾ ਕਿਸ ਤਰ੍ਹਾਂ ਦਾ ਹੋਵੇ ? ਅਜੇ ਇਸ ਬਾਰੇ ਕੋਈ ਸਮੂਹਿਕ ਨਿਰਣਾ ਨਹੀਂ ਸੀ ਹੋਇਆ ਪਰ ਗਦਰੀ ਸੋਚ ਵਾਲੇ ਵਿਅਕਤੀਆਂ ਦੀ ਸ਼ਮੂਲੀਅਤ ਕਾਰਨ ਅਕਾਲੀ ਦਲ ਦਾ ਝੁਕਾਅ ਹਥਿਆਰਬੰਦ ਅੰਦੋਲਨ ਵੱਲ ਹੋਇਆ। ਇਸ ਸਮੇਂ ਤੱਕ ਅਫਗਾਨਸਤਾਨ ਵਿਚ ਜਨਰਲ ਨਾਦਰ ਸ਼ਾਹ ਦਾ ਦਬਦਬਾ ਸਥਾਪਤ ਹੋ ਚੁੱਕਾ ਸੀ ਅਤੇ ਗੁਪਤਵਾਸ ਵਿਚ ਰਹਿ ਰਿਹਾ ਗਰਮ ਖਿਆਲੀ ਅਕਾਲੀ ਆਗੂ ਮਾਸਟਰ ਮੋਤਾ ਸਿੰਘ ਉਸ ਨਾਲ ਰਾਬਤਾ ਬਣਾਉਣ ਵਿਚ ਸਫਲ ਹੋ ਚੁੱਕਾ ਸੀ । ਫਲਸਰੂਪ ਹਿੰਦੁਸਤਾਨ ਵਿਚ ਅੰਗਰੇਜ਼ ਵਿਰੋਧੀ ਅੰਦੋਲਨ ਖੜ੍ਹਾ ਕਰਨ ਵਾਲੇ ਆਗੂਆਂ ਪ੍ਰਤੀ ਨਾਦਰ ਸ਼ਾਹ ਦਾ ਪ੍ਰਤੀਕ੍ਰਮ ਜਾਨਣ ਲਈ ਅਕਾਲੀ ਦਲ ਦੇ ਸਕੱਤਰ ਤੋਤਾ ਸਿੰਘ, ਜੋ ਪਿਸ਼ਾਵਰ ਦਾ ਰਹਿਣ ਵਾਲਾ ਸੀ, ਦੀ ਮਾਰਫਤ ਜੂਨ 1921 ਦੇ ਮਹੀਨੇ ਦੋ ਅਕਾਲੀ ਪ੍ਰਤੀਨਿਧ – ਭਾਈ ਜਗਤ ਸਿੰਘ ਅਤੇ ਭਾਈ ਸੁਰਜਨ ਸਿੰਘ – ਜਲਾਲਾਬਾਦ ਗਏ ਅਤੇ ਜਨਰਲ ਨਾਦਰ ਸ਼ਾਹ ਤੋਂ ਪੁੱਛਿਆ ਕਿ ਜੇ ਕਰ ਮਾਸਟਰ ਮੋਤਾ ਸਿੰਘ ਅਤੇ ਉਹਨਾਂ ਦੇ ਸਾਥੀ ਸਰਹੱਦ ਪਾਰ ਕਰ ਕੇ ਜਲਾਲਾਬਾਦ ਆਉਣ ਤਾਂ ਕੀ ਉਹਨਾਂ ਨੂੰ ਅੰਗਰੇਜ਼ ਸਰਕਾਰ ਦੇ ਹਵਾਲੇ ਤਾਂ ਨਹੀਂ ਕਰ ਦਿੱਤਾ ਜਾਵੇਗਾ ? ਨਾਦਰ ਸ਼ਾਹ ਵੱਲੋਂ ‘ਨਾਂਹਵਾਚਕ’ ਹੁੰਗਾਰਾ ਭਰੇ ਜਾਣ ਉੱਤੇ ਅਕਾਲੀ ਆਗੂਆਂ ਨੇ ਆਪਣੀ ਨੀਤੀ ਨੂੰ ਅਮਲ ਵਿਚ ਲਿਆਉਣ ਲਈ ਯੋਜਨਾ ਬਣਾਉਣੀ ਸ਼ੁਰੂ ਕੀਤੀ ਇਸ ਮਨੋਰਥ ਲਈ ਉਹਨਾਂ ਮਾਰਚ 1921 ਦੌਰਾਨ ਹੁਸ਼ਿਆਰਪੁਰ ਵਿਖੇ ਹੋਈ ਵਿਦਿਅਕ ਕਾਨਸ ਨੂੰ ਢੁੱਕਵਾਂ ਅਵਸਰ ਮੰਨਦਿਆਂ ਉੱਥੇ ਗੁਪਤ ਮੀਟਿੰਗ ਕਰ ਕੇ ਹੇਠ ਲਿਖੇ ਅਨੁਸਾਰ ਭਵਿੱਖੀ ਕਾਰਵਾਈ ਉਲੀਕੀ:
(ੳ) ਰਿਆਸਤ ਪਟਿਆਲਾ ਵਿਚ ਬਗਾਵਤ ਕਰਵਾਈ ਜਾਵੇ।
(ਅ) ਸਰਹੱਦ ਪਾਰ ਬਾਲਸ਼ਵਿਕਾਂ ਨਾਲ ਤਾਲ ਮੇਲ ਬਿਠਾਉਣ ਦਾ ਉਪਰਾਲਾ ਕੀਤਾ। ਜਾਵੇ ਅਤੇ ਉਕਤ ੳ ਦੇ ਨਾਲ ਹੀ ਸਰਹੱਦੀ ਇਲਾਕੇ ਵਿਚ ਬਗਾਵਤ ਕਰਵਾਈ ਜਾਵੇ।
(ੲ) ਕੇਂਦਰੀ ਪੰਜਾਬ ਵਿਚ ਗੜਬੜ ਪੈਦਾ ਕੀਤੀ ਜਾਵੇ ।
(ਸ) ਆਦਮੀ, ਹਥਿਆਰ ਅਤੇ ਗੋਲੀ-ਸਿੱਕਾ ਇਕੱਠਾ ਕੀਤਾ ਜਾਵੇ ।
(ਹ) ਕੁੱਝ ਸਰਕਾਰੀ ਅਤੇ ਗੈਰ-ਸਰਕਾਰੀ ਵਿਅਕਤੀਆਂ ਦਾ ਕਤਲ ਕੀਤਾ ਜਾਵੇ। ਪਹਿਲੇ ਚਾਰ ਫੈਸਲੇ ਅਮਲ ਵਿਚ ਲਿਆਉਣ ਲਈ ਲੰਮੇ ਸਮੇਂ ਦੀ ਤਿਆਰੀ ਦੀ ਲੋੜ ਸੀ ਪਰ ਪੰਜਵੇਂ ਫੈਸਲੇ ਬਾਰੇ ਕਾਰਵਾਈ ਤੁਰਤ ਕੀਤੀ ਜਾ ਸਕਦੀ ਸੀ । ਉਹਨੀਂ ਦਿਨੀਂ ਗੁਰਦੁਆਰਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿਚੋਂ ਕੱਢ ਕੇ ਸਿੱਖ ਪ੍ਰਤੀਨਿਧੀਆਂ ਦੇ ਹੱਥ ਦੇਣ ਦਾ ਮਾਮਲਾ ਭਖਿਆ ਹੋਇਆ ਸੀ ਇਸ ਲਈ ਕਾਰਵਾਈ ਵੀ ਇੱਥੋਂ ਹੀ ਸ਼ੁਰੂ ਕਰਨ ਨੂੰ ਤਰਜੀਹ ਦਿੱਤੀ ਗਈ। ਗੁਰਦੁਆਰਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿਚੋਂ ਕੱਢ ਕੇ ਸਿੱਖ ਪ੍ਰਤੀਨਿਧੀਆਂ ਦੇ ਹੱਥ ਦੇਣ ਦੇ ਰਾਹ ਵਿਚ ਅੜਿੱਕਾ ਬਣੀਆਂ ਤਿੰਨ ਧਿਰਾਂ ਦੀ ਸ਼ਨਾਖਤ ਕੀਤੀ ਗਈ। ਇਹ ਸਨ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤ, ਮਹੰਤਾਂ ਨੂੰ ਆਪਹੁਦਰੀਆਂ ਕਰਨ ਦੀ ਸ਼ਹਿ ਦੇਣ ਵਾਲੇ ਸਰਕਾਰੀ ਅਫਸਰ ਅਤੇ ਇਹਨਾਂ ਅਫਸਰਾਂ ਦੀ ਕਾਰਵਾਈ ਨੂੰ ਸਹੀ ਠਹਿਰਾਉਣ ਵਾਲੇ ਸਿੱਖ ਪਤਵੰਤੇ। ਵਾਰ ਕਰਨ ਲਈ ਹਰ ਧਿਰ ਵਿਚੋਂ ਦੋ ਦੋ ਨਿਸ਼ਾਨੇ ਚੁਣੇ ਗਏ: ਮਹੰਤਾਂ ਵਿਚੋਂ ਮਹੰਤ ਬਸੰਤ ਦਾਸ ਮਾਣਕ ਅਤੇ ਮਹੰਤ ਦੇਵਾ ਦਾਸ ਨਨਕਾਣਾ, ਅਫਸਰਾਂ ਵਿਚੋਂ ਸੀ. ਐੱਮ. ਬੌਰਿੰਗ ਸੁਪਰਡੈਂਟ ਪੁਲਸ ਲਾਹੌਰ ਅਤੇ ਕਮਿਸ਼ਨਰ ਸੀ. ਐੱਮ. ਕਿੰਗ ਜੋ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਨਨਕਾਣਾ ਸਾਹਿਬ ਦੇ ਸਾਕੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਸੀ; ਅਤੇ ਸਿੱਖ ਪਤਵੰਤਿਆਂ ਵਿਚੋਂ ਸਰ ਸੁੰਦਰ ਸਿੰਘ ਮਜੀਠੀਆ ਅਤੇ ਬੇਦੀ ਕਰਤਾਰ ਸਿੰਘ । ਸ੍ਰੀ ਗਣੇਸ਼ ਮਿਸਟਰ ਸੀ. ਐੱਮ. ਬੌਰਿੰਗ ਤੋਂ ਕੀਤਾ ਜਾਣਾ ਮਿਥਿਆ ਗਿਆ ਪਰ ਮੁਖਬਰੀ ਹੋ ਜਾਣ ਕਾਰਨ ਸਾਰੀ ਸਕੀਮ ਧਰੀ ਧਰਾਈ ਰਹਿ ਗਈ। ਪੁਲਸ ਨੇ ਇਸ ਸਿਲਸਿਲੇ ਵਿਚ ਜੋ ਮੁਕੱਦਮਾ ਦਾਇਰ ਕੀਤਾ ਉਹ ਇਰਾਦਾ ਕਤਲ ਦਾ ਨਹੀਂ ਸੀ, ਬਗਾਵਤ ਭੜਕਾਉਣ ਦਾ ਸੀ। ਇਸ ਦੇਸ਼ ਵਿਚ 25 ਮੁਲਜ਼ਮ ਨਾਮਜ਼ਦ ਕੀਤੇ ਗਏ। ਸਰਕਾਰੀ ਰੀਕਾਰਡ ਅਨੁਸਾਰ ਇਹਨਾਂ ਵਿਚੋਂ ਛੇ- ਦ.. ਸਿੰਘ ਜਲੰਧਰ, ਸੁਰਜਨ ਸਿੰਘ ਅੰਬਾਲਾ, ਚੰਚਲ ਸਿੰਘ ਜਲੰਧਰ, ਤਾਰਾ ਸਿੰਘ ਲਾਹੌਰ, ਚਤਰ ਸਿੰਘ ਅੰਮ੍ਰਿਤਸਰ ਅਤੇ ਪ੍ਰੇਮ ਸਿੰਘ ਲਾਹੌਰ – ਵਿਦੇਸ਼ਾਂ ਤੋਂ ਪਰਤੇ ਵਿਅਕਤੀ ਸਨ Akali Dal and Shrimoni Gurdwara Parbandhak Committee (1921-22) A Confidential Memorandum ਅਨੁਸਾਰ ” ਅਕਾਲੀ ਲਹਿਰ ਦੇ ਹਥਲੇ ਵੇਰਵੇ ਵਿਚ ਸਿੱਖ ਪਰਚਾਰ ਦੇ ਜਿਸ ਪੜਾਅ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਬਣਦਾ, ਉਹ ਹੈ ਇਸ ਦਾ ਸਰਹੱਦ ਪਾਰਲੇ ਇਨਕਲਾਬੀਆਂ ਨਾਲ ਸੰਪਰਕ। ਉਸ (ਮਾਸਟਰ ਮੋਤਾ ਸਿੰਘ) ਨੇ ਪੰਜਾਬ ਵਿਚ ਇਨਕਲਾਬ ਕਰਨ ਦੇ ਅੰਤਮ ਉਦੇਸ਼ ਲਈ ਆਪਣੇ ਆਸੇ ਪਾਸੇ ਖਤਰਨਾਕ ਅਕਾਲੀਆਂ ਅਤੇ ਵਿਦੇਸ਼ੋਂ ਪਰਤੇ ਪਰਵਾਸੀਆਂ ਦਾ ਇਕ ਗਰੋਹ ਇਕੱਠਾ ਕਰ ਲਿਆ ਸੀ। ਉਸ ਨੂੰ ਸਰਹੱਦ ਪਾਰੋਂ ਹਿੰਦੁਸਤਾਨੀ ਇਨਕਲਾਬੀਆਂ ਰਾਹੀਂ ਅਤੇ ਅਫਗਾਨਸਤਾਨ ਵਿਚਲੇ ਬਾਲਸ਼ਵਿਕਾਂ ਪਾਸੋਂ ਹਥਿਆਰਾਂ ਦੀ ਖੇਪ ਮਿਲਣ ਦੀ ਆਸ ਸੀ। ਉਹ ਸਰਹੱਦ ਪਾਰੋਂ ਮਿਲ ਸਕਦੀ ਸੰਭਵ ਮਦਦ ਬਾਰੇ ਪੱਕ ਕਰਨ ਲਈ ਖੁਦ ਵੀ ਸਰਹੱਦੋਂ ਪਾਰ ਗਿਆ ਸੀ।… ਪਰਮਾਣਿਤ ਅਕਾਲੀਆਂ ਦੁਆਰਾ ਘੜੀ ਅਤੇ ਅਮਲ ਵਿਚ ਲਿਆਂਦੀ ਇਹ ਸਾਜ਼ਿਸ਼ (ਅਕਾਲੀ ਸਾਜ਼ਿਸ਼) ਇਸ ਤੱਥ ਵੱਲ ਸੰਕੇਤ ਕਰਦੀ ਹੈ ਕਿ ਇਨਕਲਾਬੀ ਮਾਰਗ ਅਤੇ ਚਰਮਪੰਥੀ ਸਿੱਖ ਪਰਚਾਰ ਦੇ ਕੁੱਝ ਪਖਾਂ ਦਰਮਿਆਨ ਵੰਡਾਰੇ ਦੀ ਲਕੀਰ ਕਿੰਨੀ ਮਹੀਨ ਹੈ।” ਤਤਕਾਲ ਕੀਤੀ ਜਾਣ ਵਾਲੀ ਕਾਰਵਾਈ ਅਸਫਲ ਰਹੀ ਤਾਂ ਧਿਆਨ ਲੰਮੇ ਸਮੇਂ ਦੀ | ਕਾਰਵਾਈ ਵੱਲ ਸੇਧਿਤ ਹੋਇਆ । ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਅੰਗਰੇਜ਼ੀ ਸੈਨਾ ਦਾ ਸੇਵਾ ਮੁਕਤ ਹੌਲਦਾਰ ਕਿਸ਼ਨ ਸਿੰਘ, ਜੋ ਇਸ ਮੁਕੱਦਮੇ ਤੋਂ ਪਹਿਲਾਂ ਹੀ ਗੁਪਤਵਾਸ ਵਿਚ ਸੀ, ਨੇ ਮਿਥੇ ਨਿਸ਼ਾਨੇ ਦੀ ਪੂਰਤੀ ਲਈ ‘ਚਕਰਵਰਤੀ ਜਥਾ’ ਕਾਇਮ ਕੀਤਾ । ਪਿੱਛੋਂ ਕਨੇਡਾ ਤੋਂ ਪਰਤੇ ਗਦਰੀ ਕਰਮ ਸਿੰਘ ਝਿੰਗੜ ਨਾਲ ਮੁਲਾਕਾਤ ਹੋਣ ਉਪਰੰਤ ਦੋਵਾਂ ਆਗੂਆਂ ਨੇ ‘ਬੱਬਰ ਅਕਾਲੀ ਜਥੇ’ ਦੀ ਸਥਾਪਨਾ ਕੀਤੀ । ਕਰਮ ਸਿੰਘ ਗਦਰੀ ਪਿਛੋਕੜ ਵਾਲਾ ਹੋਣ ਕਾਰਨ ਵਿਦੇਸ਼ੋਂ ਪਰਤੇ ਹੋਰ ਕਈ ਦੇਸ਼ ਭਗਤ ਵੀ ਬੱਬਰ ਲਹਿਰ ਵਿਚ ਸਰਗਰਮ ਹੋ ਗਏ। ਵਾਇਸਰਾਇ ਹਿੰਦ ਨੇ ਬਰਤਾਨਵੀ ਸਰਕਾਰ ਨੂੰ ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦੇਣ ਲਈ ਭੇਜੀ ਤਾਰ ਨੰ: 467 ਮਿਤੀ 13 ਜੂਨ 1923 ਵਿਚ ਬੱਬਰ ਅਕਾਲੀ ਲਹਿਰ ਦੀ ਸਥਾਪਨਾ ਵਿਚ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੀ ਭਾਗੀਦਾਰੀ ਨੂੰ ਪ੍ਰਵਾਨ ਕੀਤਾ ਸੀ। ਇਸ ਤਾਰ ਵਿਚ ਲਿਖਿਆ ਗਿਆ ਸੀ ਕਿ “1921 ਦੇ ‘ਅਕਾਲੀ ਸਾਜ਼ਿਸ਼ ਮੁਕੱਦਮੇ’ ਵਿਚ ਮੁਲਜ਼ਮ ਐਲਾਨੇ ਮਾਸਟਰ ਮੋਤਾ ਸਿੰਘ ਅਤੇ 35 ਸਿੱਖ ਦਾ ਪੈਨਸ਼ਨੀਆ ਹਵਾਲਦਾਰ ਕਿਸ਼ਨ ਸਿੰਘ ਗਰਿਫਤਾਰੀ ਤੋਂ ਬਚ ਗਏ। ਉਹਨਾਂ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਘੋਰ ਨਿਰਾਸ਼ ਸਿੱਖ ਮੁਜਰਮਾਂ, ਸਾਬਕਾ ਫੌਜੀਆਂ ਅਤੇ ਵਿਦੇਸ਼ਾਂ ਤੋਂ ਪਰਤੇ ਪਰਵਾਸੀਆਂ ਨੂੰ ਇਕੱਠੇ ਕਰ ਕੇ ਇਕ ਇਨਕਲਾਬੀ ਗ੍ਰੋਹ ਖੜਾ ਕਰ ਲਿਆ ।” ਅੰਗਰੇਜ਼ ਅਧਿਕਾਰੀ ਅਕਾਲੀ ਲਹਿਰ ਵਿਚ ਪਰਵਾਸੀਆਂ ਦੀ ਸ਼ਮੂਲੀਅਤ ਅਤੇ ਲਹਿਰ ਦੀ ਕਾਰਜ ਸ਼ੈਲੀ ਨੂੰ ਆਧਾਰ ਬਣਾ ਕੇ ਇਸ ਨਤੀਜੇ ਉੱਤੇ ਪੁੱਜੇ ਸਨ ਕਿ “ਬੱਬਰ ਅਕਾਲੀ ਲਹਿਰ ਦਾ ਨਿਕਾਸ ਗਦਰ ਸਾਜ਼ਿਸ਼, 1915 ਵਿਚੋਂ ਹੋਇਆ ਪ੍ਰਤੀਤ ਹੁੰਦਾ ਹੈ।” ਇਸ ਬਾਰੇ ਤਾਰ ਦੇ ਸ਼ਬਦ ਸਨ, “ਗ੍ਰੋਹ ਦੇ ਕਈ ਮੈਂਬਰ ਵਿਦੇਸ਼ਾਂ ਤੋਂ ਪਰਤੇ ਪਰਵਾਸੀ ਹਨ ਅਤੇ .32 ਬੋਰ ਦੇ ਪਸਤੌਲ, ਮੌਜ਼ਰ ਪਸਤੌਲ ਅਤੇ ਸਾਈਕਲੋ ਸਟਾਈਲ ਕੀਤੇ ਪਰਚਿਆਂ ਦੀ ਵਰਤੋਂ ਅਜਿਹਾ ਤੱਥ ਹੈ ਜੋ 1915 ਦੇ ਤੌਰ ਤਰੀਕਿਆਂ ਨਾਲ ਮੇਲ ਖਾਂਦਾ ਹੈ।” ਵਿਦਵਾਨ ਮਹਿੰਦਰ ਸਿੰਘ ਦਾ ਵੀ ਇਹੋ ਮਤ ਹੈ ਕਿ ਗਦਰੀਆਂ ਦੀਆਂ ਕਾਰਵਾਈਆਂ ਨੇ ਚਰਮਪੰਥੀ ਪੰਜਾਬੀਆਂ ਵਿਚ ਹਾਕਮ ਦੀ ਹੁਕਮ ਅਦੂਲੀ ਦੀ ਭਾਵਨਾ ਪੈਦਾ ਕੀਤੀ ਜਿਸ ਨੇ ਪਿੱਛੋਂ ਅਕਾਲੀ ਸੰਘਰਸ਼ ਦੇ ਦੌਰਾਨ ਬੱਬਰ ਅਕਾਲੀ ਜਥੇ ਦਾ ਰੂਪ ਧਾਰਿਆ ।
ਅੰਗਰੇਜ਼ ਸਰਕਾਰ ਦੁਆਰਾ ਕੀਤੀਆਂ ਸਖਤ ਪੇਸ਼ਬੰਦੀਆਂ ਕਾਰਨ ਦਰਜਨ ਕੁ ਬੱਬਰ ਅਕਾਲੀ ਪੁਲਸ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਅਤੇ ਬਹੁਤੇ ਗ੍ਰਿਫਤਾਰ ਕਰ ਲਏ ਗਏ। ਸਾਲ 1924 ਵਿਚ ਜਿਨ੍ਹਾਂ 91 ਦੋਸ਼ੀਆਂ ਖਿਲਾਫ ਮੁਕੱਦਮਾ ਚਲਾਇਆ ਗਿਆ ਉਹਨਾਂ ਵਿਚ 8 ਵਿਦੇਸ਼ਾਂ ਤੋਂ ਪਰਤੇ ਪਰਵਾਸੀ ਸਨ । ਇਹਨਾਂ ਗ੍ਰਿਫਤਾਰੀਆਂ ਦੇ ਫਲਸਰੂਪ ਲਗਭਗ ਦੋ ਕੁ ਸਾਲ ਦੇ ਸਮੇਂ ਅੰਦਰ ਹੀ ਬੱਬਰ ਅਕਾਲੀ ਲਹਿਰ ਅੰਤਮ ਪੜਾਅ ਉੱਤੇ ਪੁੱਜ ਗਈ। ਪਰ ਇਉਂ ਹੋਣ ਦੇ ਬਾਵਜੂਦ ਅਕਾਲੀ ਲਹਿਰ ਵਿਚੋਂ ਗਦਰੀ ਸੋਚ ਖਾਰਜ ਨਹੀਂ ਹੋਈ। ਅਸਲ ਵਿਚ ਬੱਬਰ ਲਹਿਰ ਦੇ ਸਮਾਨੰਤਰ ਹੀ ਕੁੱਝ ਹੋਰ ਗਦਰੀ ਆਗੂ ਅੰਦਰਖਾਤੇ ਅਕਾਲੀ ਲਹਿਰ ਨਾਲ ਸੰਪਰਕ ਬਣਾਉਣ ਲੱਗੇ ਹੋਏ ਸਨ ਅਤੇ ਅਕਾਲੀ ਲਹਿਰ ਨੂੰ ਸਾਮਰਾਜ ਵਿਰੋਧੀ ਲੋਕ ਲਹਿਰ ਬਣਾਉਣ ਦੇ ਯਤਨਾਂ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਜਦ ਅਕਾਲੀ ਜਥਿਆਂ ਦਾ ਕੇਂਦਰੀ ਸੰਗਠਨ ਬਣਨ ਦੀ ਗੱਲ ਅਮਰੀਕਾ ਵਿਚ ਪਹੁੰਚੀ ਸੀ । ਅਕਾਲੀ ਲਹਿਰ ਦੇ ਇਨਕਲਾਬੀ ਲੱਛਣਾਂ ਨੂੰ ਪਹਿਚਾਣਦਿਆਂ ਇਸ ਨਾਲ ਰਾਬਤਾ ਬਣਾਉਣ ਵਿਚ ਸਫਲਤਾ ਪ੍ਰਾਪਤ ਕਰਨ ਵਾਲਾ ਪਹਿਲਾ ਗਦਰੀ ਸੀ ਭਾਈ ਸੰਤੋਖ ਸਿੰਘ । ਉਸ ਦੀ ਪ੍ਰੇਰਨਾ ਸਦਕਾ ਗਰਮ ਖਿਆਲੀ ਸਿੱਖ ਆਗੂਆਂ ਸ. ਹਰਚੰਦ ਸਿੰਘ ਲਾਇਲਪੁਰੀ, ਤਾਰਾ ਸਿੰਘ ਅਤੇ ਸੁੰਦਰ ਸਿੰਘ ਨੇ ਸਿੱਖ ਸਮੂਹ ਦੇ ਮਨ ਵਿਚ ਲੜਾਕੂ ਭਾਵਨਾ ਦਾ ਅੰਸ਼ ਭਰਿਆ ਅਤੇ ਅਪ੍ਰੈਲ 1921 ਵਿਚ ਇਕ ਸਾਂਝੇ ਪੱਤਰ ਦੁਆਰਾ ਭਾਈ ਸੰਤੋਖ ਸਿੰਘ ਨੂੰ ਸੂਚਿਤ ਕੀਤਾ ਕਿ ਪੰਜਾਬ ਦੇ ਲੋਕਾਂ ਵਿਚ ਜਾਗ੍ਰਿਤੀ ਆ ਰਹੀ ਹੈ ਅਤੇ “ਕਿਸੇ ਵੀ ਸਮੇਂ ਕੋਈ ਵੀ ਕਾਰਵਾਈ ਕਰਨ ਲਈ ਤਿਆਰ” ਵਿਅਕਤੀ ਕਾਫੀ ਗਿਣਤੀ ਵਿਚ ਉਪਲਭਦ ਹਨ। ਜਾਪਦਾ ਹੈ, ਬੱਬਰ ਅਕਾਲੀ ਲਹਿਰ ਦੇ ਹੋਂਦ ਵਿਚ ਆ ਜਾਣ ਸਦਕਾ ਭਾਈ ਸੰਤੋਖ ਸਿੰਘ ਵਾਲੀ ਯੋਜਨਾ ਉਸ ਵੇਲੇ ਤਾਂ ਅੱਗੇ ਨਾ ਵਧ ਸਕੀ ਪਰ ਜਦ ਮਈ 1923 ਵਿਚ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲੇ ਤਾਂ ਅਕਾਲੀ ਲਹਿਰ ਅਤੇ ਗਦਰ ਲਹਿਰ ਦੇ ਸਹਿਯੋਗ ਦਾ ਨਵਾਂ ਅਧਿਆਇ ਸ਼ੁਰੂ ਹੋਇਆ। ਦੋਵਾਂ ਧਿਰਾਂ ਦਰਮਿਆਨ ਸਾਂਝੀ ਕਾਰਵਾਈ ਲਈ ਜ਼ਮੀਨ ਤਿਆਰ ਹੋ ਗਈ ਤਾਂ ਅਫਗਾਨਸਤਾਨ ਵਿਚ ਰਹਿ ਕੇ ਅੰਦੋਲਨ ਦੀ ਤਿਆਰੀ ਵਿਚ ਜੁਟੇ ਗੁਰਮੁਖ ਸਿੰਘ ਅਤੇ ਊਧਮ ਸਿੰਘ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲੇ । ਇਹਨੀਂ ਦਿਨੀਂ ਇਸ ਸਮੇਂ ਦਾ ਪ੍ਰਸਿੱਧ ਇਨਕਲਾਬੀ ਆਗੂ ਸ਼ਚਿੰਦਰ ਨਾਥ ਸਨਿਆਲ ਵੀ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲਦਾ ਰਿਹਾ ।ਭਾਵੇਂ ਸ੍ਰੀ ਸਨਿਆਲ ਨੇ ਇਹਨਾਂ ਮੁਲਾਕਾਤਾਂ ਦੇ ਸਮੇਂ ਬਾਰੇ ਕੁੱਝ ਨਹੀਂ ਦੱਸਿਆ ਪਰ ਕਿਉਂ ਜੋ ਉਸ ਨੇ ਇਸ ਸਮੇਂ ਨਾਭਾ ਵਿਚ ਚੱਲ ਰਹੇ ਅਕਾਲੀ ਅੰਦੋਲਨ ਦਾ ਜ਼ਿਕਰ ਕੀਤਾ ਹੈ, ਇਸ ਲਈ ਇਹ 1923-24 ਦਾ ਬਿਆਨ ਮੰਨਿਆ ਜਾ ਸਕਦਾ ਹੈ । ਸ੍ਰੀ ਸਨਿਆਲ ਨੇ ਆਪਣੀ ਪੁਸਤਕ “ਬੰਦੀ ਜੀਵਨ” ਵਿਚ ਲਿਖਿਆ ਹੈ, “ ਇਸ ਮੌਕੇ ਇਕ ਪ੍ਰਸਿੱਧ ਸਿੱਖ ਨੇਤਾ ਨਾਲ ਮੇਰੀ ਕਾਫੀ ਗੱਲਬਾਤ ਹੋਈ ਸੀ । ਇੱਥੇ ਉਸਦਾ ਨਾਂ ਦੱਸਣਾ ਠੀਕ ਨਹੀਂ ਹੋਵੇਗਾ, ਜਿਸ ਦਿਨ ਭਾਰਤ ਆਜ਼ਾਦ ਹੋ ਜਾਏਗਾ ਉਸ ਦਿਨ ਉਹਨਾਂ ਦਾ ਨਾਂ ਦੱਸਿਆ ਜਾ ਸਕਦਾ ਹੈ। ਲਾਹੌਰ ਦੇ ਇਸ ਨੇਤਾ ਨਾਲ ਗੱਲਬਾਤ ਕਰਨ ਬਾਅਦ ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਮੁਖ ਸਿੰਘ ਵੀ ਏਸ ਸਮੇਂ ਅੰਮ੍ਰਿਤਸਰ ਵਿਚ ਹਨ ਅਤੇ ਮੈਂ ਉਹਨਾਂ ਨੂੰ ਮਿਲਣ ਗਿਆ।”4 ਅੰਗਰੇਜ਼ੀ ਰਾਜ ਦੌਰਾਨ ਹੀ ਸਾਲ ਵਿਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਵਿਚ ਇਸ ਤੋਂ ਵੱਧ ਲਿਖਣਾ ਕਈ ਦੇਸ਼ਭਗਤਾਂ ਲਈ ਔਕੜਾਂ ਪੈਦਾ ਕਰਨ ਦਾ ਕਾਰਨ ਬਣ ਸਕਦਾ ਸੀ, ਇਸ ਲਈ ਸ੍ਰੀ ਸਨਿਆਲ ਵੱਲੋਂ ਕੀਤਾ ਸੰਖੇਪ ਬਿਆਨ ਹੀ ਕਾਫੀ ਹੈ। ਪਰ ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਤਿਆਰ ਕੀਤੇ ਦਸਤਵੇਜ਼ ਉਪਲਭਦ ਹਨ ਜਿਨ੍ਹਾਂ ਵਿਚ ਇਸ ਘਟਨਾਵਲੀ ਨੂੰ ” ਸਿੱਖ ਸਾਜ਼ਿਬ- 1923- 26″ ਦਾ ਨਾਉਂ ਦਿੱਤਾ ਗਿਆ ਹੈ। ਇਥੇ ਪ੍ਰਸਤੁਤ ਅਗਲਾ ਬਹੁਤਾ ਬਿਆਨ ਬਰਤਾਨਵੀ ਹਿੰਦੁਸਤਾਨ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਦੁਆਰਾ “ਸਿੱਖ ਸਾਜ਼ਿਬ- 1923- 26” ਬਾਰੇ ਤਿਆਰ ਕੀਤੇ ਨੋਟ ਉੱਤੇ ਆਧਾਰਿਤ ਹੈ।
1923 ਈਸਵੀ ਵਿਚ ਜੈਤੋ ਦਾ ਮੋਰਚਾ ਸ਼ੁਰੂ ਹੋਣ ਵੇਲੇ ਤੱਕ ਦੇਸ ਵਿਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਮਰਾਜ ਵਿਰੋਧੀ ਜਥੇਬੰਦੀ ਵਜੋਂ ਧਾਂਕ ਬੈਠ ਚੁੱਕੀ ਸੀ ਜਿਸ ਕਾਰਨ ਸਾਮਰਾਜ ਵਿਰੋਧੀ ਗੈਰ-ਮੁਲਕੀ ਤਾਕਤਾਂ ਵੀ ਉਸ ਨਾਲ ਭਾਈਵਾਲੀ ਪਾਉਣ ਦੀ ਤਾਕ ਵਿਚ ਸਨ। ਅਜਿਹੀ ਸਥਿਤੀ ਵਿਚ ਗੁਰਮੁਖ ਸਿੰਘ ਅਤੇ ਊਧਮ ਸਿੰਘ, ਜੋ ਅੰਗਰੇਜ਼ੀ ਰਾਜ ਦੀਆਂ ਜੇਲ੍ਹਾਂ ਨੂੰ ਤੋੜ ਕੇ ਭਗੌੜੇ ਹੋਣ ਉਪਰੰਤ ਅਫਗਾਨਸਤਾਨ ਤੋਂ ਬਾਗੀਆਨਾ ਕਾਰਵਾਈ ਚਲਾ ਰਹੇ ਸਨ, ਗੁਪਤ ਤੌਰ ਉੱਤੇ ਅੰਮ੍ਰਿਤਸਰ ਆ ਕੇ ਅਕਾਲੀ ਆਗੂਆਂ ਨੂੰ ਮਿਲੇ ਉਹਨਾਂ ਨੇ ਜਿਹੜੇ ਆਗੂਆਂ ਨਾਲ ਸੰਪਰਕ ਕੀਤਾ ਉਹਨਾਂ ਵਿਚ ਮਾਸਟਰ ਤਾਰਾ ਸਿੰਘ, ਸੂਬੇਦਾਰ ਸੁਰੈਣ ਸਿੰਘ, ਤੇਜਾ ਸਿੰਘ ਸਮੁੰਦਰੀ, ‘ਅਕਾਲੀ ਤੇ ਪ੍ਰਦੇਸੀ’ ਦਾ ਐਡੀਟਰ ਮੰਗਲ ਸਿੰਘ ਬੀ.ਏ., ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਰਜਨ ਸਿੰਘ ਅਤੇ ਕਮੇਟੀ ਦੇ ਅਧੀਨ ਚੱਲ ਰਹੀ ‘ਸਿੱਖ ਮਿਸ਼ਨਰੀ ਸੁਸਾਇਟੀ’ ਦਾ ਸਕੱਤਰ ਉੱਤਮ ਸਿੰਘ ਸ਼ਾਮਲ ਸਨ ਦੋਵੇਂ ਗਦਰੀ ਇਕ ਮਹੀਨੇ ਤੋਂ ਵੱਧ ਸਮਾਂ ਅੰਮ੍ਰਿਤਸਰ ਵਿਚ ਸਿੱਖ ਮਿਸ਼ਨਰੀ ਸੁਸਾਇਟੀ ਦੇ ਹੋਸਟਲ ਵਿਚ ਠਹਿਰੇ ਅਤੇ ਇਸ ਅਰਸੇ ਦੌਰਾਨ ਆਪਸੀ ਵਿਚਾਰ ਵਟਾਂਦਰੇ ਦੇ ਨਤੀਜੇ ਵਜੋਂ ਭਵਿੱਖ ਵਿਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਇਉਂ ਸਹਿਮਤੀ ਬਣੀ:
- ਇਨਕਲਾਬੀ ਕੰਮ ਕਰਨ ਲਈ ਧਾਰਮਿਕ ਜਾਂ ਫਿਰਕੂ ਸੁਸਾਇਟੀਆਂ ਦੇ ਪਰਦੇ ਹੇਠ ਗੁਪਤ ਜਥੇਬੰਦੀਆਂ ਦੀ ਸਥਾਪਨਾ ਕੀਤੀ ਜਾਵੇ।
- ਅਫਗਾਨਸਤਾਨ ਵਿਚਲੇ ਸਾਰੇ ਗੁਰਦੁਆਰੇ ਉੱਥੇ ਵਸਦੇ ਸਿੱਖਾਂ ਉੱਤੇ ਆਧਾਰਿਤ ਕਮੇਟੀ ਦੇ ਅਧਿਕਾਰ ਵਿਚ ਲਿਆਂਦੇ ਜਾਣ ਅਤੇ ਇਸ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਕੀਤਾ ਜਾਵੇ।
- ਸਰਕਾਰ ਦਾ ਧਿਆਨ ਹੋਰ ਪਾਸੇ ਲਾਉਣ ਅਤੇ ਅਕਾਲੀਆਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਮਜ਼ਬੂਰ ਕਰਨ ਵਾਸਤੇ ਉੱਤਰ-ਪੱਛਮੀ ਸਰਹੱਦ ਉੱਤੇ ਵਸਦੇ ਕਬਾਇਲੀ ਲੋਕਾਂ ਵਿਚ ਗੜਬੜ ਪੈਦਾ ਕੀਤੀ ਜਾਵੇ ।
- ਬੰਗਾਲ ਅਤੇ ਸੰਯੁਕਤ ਪ੍ਰਾਂਤਾਂ ਦੀ ਇਨਕਲਾਬੀ ਪਾਰਟੀ, ਜਿਸ ਨਾਲ ਗੁਰਮੁਖ ਸਿੰਘ ਦਾ ਪਹਿਲੋਂ ਹੀ ਰਾਬਤਾ ਬਣਿਆ ਹੋਇਆ ਸੀ, ਦੀ ਸਹਾਇਤਾ ਨਾਲ ਚੋਟੀ ਦੇ ਅੰਗਰੇਜ਼ ਅਫਸਰਾਂ ਨੂੰ ਮਾਰਨ ਅਤੇ ਆਤੰਕ ਫੈਲਾਉਣ ਦੀ ਲਹਿਰ
ਸ਼ੁਰੂ ਕੀਤੀ ਜਾਵੇ। 5. ਪੜ੍ਹੇ ਲਿਖੇ ਨੌਜਵਾਨਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਵਿਚਲੇ ਮਿਲਟਰੀ ਸਕੂਲਾਂ ਵਿਚ ਭੇਜਿਆ ਜਾਵੇ।
ਦੋਵਾਂ ਧਿਰਾਂ ਵਿਚ ਹੋ ਰਹੀ ਉਕਤ ਸੋਚ ਵਿਚਾਰ ਨੂੰ ਬਾਬਾ ਵਿਸਾਖਾ ਸਿੰਘ ਅਤੇ ਭਾਈ ਸੰਤੋਖ ਸਿੰਘ ਨਾਲ ਵੀ ਸਾਂਝਾ ਕੀਤਾ ਜਾਂਦਾ ਰਿਹਾ।
ਨਿਰਧਾਰਿਤ ਮਦਾਂ ਬਾਰੇ ਕਾਰਵਾਈ ਅਜੇ ਮੁਢਲੇ ਪੜਾਅ ਉੱਤੇ ਹੀ ਸੀ ਕਿ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਖਤੀ ਦਾ ਹੜ੍ਹ ਲੈ ਆਂਦਾ। ਪੰਜਾਬ ਸਰਕਾਰ ਨੇ 12 ਅਕਤੂਬਰ 1923 ਦੇ ਇਕ ਹੁਕਮ ਦੁਆਰਾ ਦੋਵੇਂ ਜਥੇਬੰਦੀਆਂ ਗੈਰ-ਕਾਨੂੰਨੀ ਐਲਾਨ ਕੇ ਇਸ ਦੇ ਮੁਖੀ ਆਗੂ ਗਰਿਫਤਾਰ ਕਰ ਲਏ। ਇਹਨਾਂ ਵਿਚ ਗਦਰੀਆਂ ਨਾਲ ਰਾਬਤਾ ਕਰਨ ਵਾਲੇ ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਸਮੁੰਦਰੀ ਅਤੇ ਮੰਗਲ ਸਿੰਘ ਵੀ ਸ਼ਾਮਲ ਸਨ। ਪਰ ਇਹਨਾਂ ਮੁਖੀਆਂ ਦੀ ਗਰਿਫਤਾਰੀ ਤੋਂ ਪਿੱਛੋਂ ਵੀ ਅਗਲੀ ਕਤਾਰ ਦੇ ਆਗੂਆਂ ਨੇ ਲਏ ਗਏ ਫੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਯਤਨਾਂ ਵਿਚ ਢਿੱਲ ਨਾ ਆਉਣ ਦਿੱਤੀ।
ਉਹਨੀਂ ਦਿਨੀਂ ਇਨਕਲਾਬੀ ਸਫਾਂ ਵਿਚ ਨਵੀਆਂ ਜਥੇਬੰਦੀਆਂ ਦਾ ਗਠਨ ਕਰਨ। ਲਈ ਬੰਗਾਲੀ ਇਨਕਲਾਬੀ ਸ਼ਚਿੰਦਰ ਨਾਥ ਸਨਿਆਲ ਦੀ ਮੁਹਾਰਤ ਦਾ ਸਿੱਕਾ ਮੰਨਿਆ ਜਾਂਦਾ ਸੀ | ਆਤੰਕ ਫੈਲਾਉਣ ਵਿਚ ਵੀ ਬੰਗਾਲੀ ਇਨਕਲਾਬੀਆਂ ਦਾ ਸਹਿਯੋਗ ਲਏ ਜਾਣ ਦਾ ਫੈਸਲਾ ਹੋਇਆ ਸੀ । ਇਸ ਲਈ ਗੁਰਮੁਖ ਸਿੰਘ ਨੇ ਅਲਾਹਾਬਾਦ, ਕਾਨਪੁਰ ਅਤੇ ਬਨਾਰਸ ਘੁੰਮ ਘੁਮਾ ਕੇ ਸ੍ਰੀ ਸਨਿਆਲ ਨਾਲ ਸੰਪਰਕ ਬਣਾਇਆ ਅਤੇ ਉਸ ਨੂੰ ਅੰਮ੍ਰਿਤਸਰ ਲੈ ਆਂਦਾ । ਸ੍ਰੀ ਸਨਿਆਲ ਨੇ ਅੰਮ੍ਰਿਤਸਰ ਆ ਕੇ ਕੁੱਝ ਦਿਨ ਗੁਜ਼ਾਰੇ ਅਤੇ ਅਕਾਲੀ ਆਗੂਆਂ ਨੂੰ ਇਕ ਜਥੇਬੰਦੀ ਦਾ ਖਰੜਾ ਬਣਾ ਦਿੱਤਾ । “ ਸਾਂਝੀਵਾਲ” ਨਾਉਂ ਹੇਠ ਗਠਿਤ ਕੀਤੀ ਜਾਣ ਵਾਲੀ ਜਥੇਬੰਦੀ ਦੇ ਵਿਧਾਨ ਦੀਆਂ ਇਕ ਹਜ਼ਾਰ ਪ੍ਰਤੀਆਂ ਅੰਮ੍ਰਿਤਸਰ ਦੇ ਓਂਕਾਰ ਪ੍ਰੈੱਸ ਤੋਂ ਛਪਵਾ ਕੇ ਚੋਣਵੇਂ ਪੰਜਾਬੀਆਂ ਦੇ ਹੱਥਾਂ ਵਿਚ ਪਹੁੰਚਾਈਆਂ ਗਈਆਂ। ਆਤੰਕੀ ਮਾਹੌਲ ਪੈਦਾ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਯੋਜਨਾ ਬਣਾਉਣ ਲਈ ਸ੍ਰੀ ਸਨਿਆਲ, ਆਪਣੇ ਇਕ ਸਾਥੀ ਨੂੰ ਨਾਲ ਲੈ ਕੇ ਦੂਜੀ ਵਾਰ ਅੰਮ੍ਰਿਤਸਰ ਆਇਆ । ਸ੍ਰੀ ਸਨਿਆਲ ਨੇ ਮੰਗ ਕੀਤੀ ਕਿ ਅਜਿਹੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਤਕ ਤੌਰ ਉੱਤੇ ਐਲਾਨ ਕਰੇ ਕਿ ਸ਼ਾਂਤਮਈ ਅਸਹਿਯੋਗ ਦੀ ਨੀਤੀ ਨੇ ਕੌਮ ਦਾ ਕੁੱਝ ਨਹੀਂ ਸਵਾਰਿਆ ਅਤੇ ਹੁਣ ਹਿੰਸਕ ਤੌਰ ਤਰੀਕੇ ਅਪਣਾਉਣ ਬਾਰੇ ਵਿਚਾਰ ਹੋ ਰਹੀ ਹੈ। ਇਸ ਸਮੇਂ ਸਰਕਾਰ ਦੁਆਰਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਐਲਾਨੇ ਜਾਣ ਦੇ ਫਲਸਰੂਪ ਹੋਈਆਂ ਗਰਿਫਤਾਰੀਆਂ ਕਾਰਨ ਬਹੁਤੇ ਮੁਖੀ ਅਕਾਲੀ ਆਗੂ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਸਨ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਭਾਈ ਅਰਜਨ ਸਿੰਘ ਨਿਭਾ ਰਿਹਾ ਸੀ। ਭਾਈ ਅਰਜਨ ਸਿੰਘ ਨੇ ਸ੍ਰੀ ਸਨਿਆਲ ਦੀ ਇਹ ਗੱਲ ਮੰਨਣ ਤੋਂ ਅਸਮਰਥਾ ਪ੍ਰਗਟਾਈ ਪਰ ਏਨਾ ਭਰੋਸਾ ਜ਼ਰੂਰ ਦਿੱਤਾ ਕਿ ਜੇ ਕਰ ਸ੍ਰੀ ਸਨਿਆਲ ਜਾਂ ਉਹਨਾਂ ਦਾ ਸਾਥੀ ਇਹ ਬਿਆਨ ਜਾਰੀ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਂਬਰ ਸ਼ਾਂਤਮਈ ਨੀਤੀ ਤੋਂ ਤੰਗ ਆ ਚੁੱਕੇ ਹਨ ਤਾਂ ਉਹ ਇਸ ਬਿਆਨ ਦੀ ਤਰਦੀਦ ਨਹੀਂ ਕਰੇਗਾ। ਅਮਲੀ ਕਾਰਵਾਈ ਸ਼ੁਰੂ ਕਰਨ ਲਈ ਸਨਿਆਲ ਨੇ ਵਿਭਿੰਨ ਤਰੀਕਿਆਂ ਨਾਲ ਜੇਲ੍ਹ ਵਿਚ ਬੰਦ ਮਾਸਟਰ ਮੋਤਾ ਸਿੰਘ, ਹੋਰ ਬੱਬਰ ਅਕਾਲੀਆਂ ਅਤੇ ਗਦਰੀਆਂ ਦੀ ਸੋਚਣੀ ਦੀ ਟੋਹ ਲਾਈ ਅਤੇ ਫਿਰ ਗੁਰਮੁਖ ਸਿੰਘ ਨੂੰ ਚਾਰ ਪੰਜ ਸੋ ਪਸਤੌਲ ਮੁਹਈਆ ਕਰਵਾਉਣ ਲਈ ਕਿਹਾ। ਗੁਰਮੁਖ ਸਿੰਘ ਪਾਸ ਕਾਬਲ ਤੋਂ ਲਿਆਂਦੇ ਕੁੱਲ ਚਾਰ ਪੰਜ ਪਸਤੌਲ ਉਪਲਭਦ ਸਨ। ਇਸ ਤੋਂ ਪਹਿਲਾਂ ਕਿ ਹੋਰ ਹਥਿਆਰ ਇਕਠੇ ਕਰਨ ਦੀ ਵਿਧੀ ਬਣਾਈ ਜਾਂਦੀ, ਸ੍ਰੀ ਸਨਿਆਲ ਨੂੰ ਕਾਨਪੁਰ ਤੋਂ ਜ਼ਰੂਰੀ ਸੰਦੇਸ਼ ਮਿਲਣ ਕਾਰਨ ਉਸ ਨੂੰ ਅਚਾਨਕ ਹੀ ਵਾਪਸ ਜਾਣਾ ਪੈ ਗਿਆ ਅਤੇ ਅਗੋਂ ਹੋਰ ਕੋਈ ਕਾਰਵਾਈ ਨਾ ਹੋ ਸਕੀ।
ਅਫਗਾਨਸਤਾਨ ਸਥਿਤ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਪਾਉਣ ਲਈ ਕੀਤੀ ਜਾਣ ਵਾਲੀ ਕਰਵਾਈ ਛੇਤੀ ਹੀ ਜ਼ੋਰ ਫੜ ਗਈ। ਕਿਉਂ ਕਿ ਇਹ ਫੈਸਲਾ ਲਏ ਜਾਣ ਤੋਂ ਪਹਿਲਾਂ ਹੀ ਅਕਾਲੀ ਆਗੂਆਂ ਨੇ ਅਫਗਾਨਸਤਾਨ ਵੱਲ ਆਉਣਾ ਜਾਣਾ ਸ਼ੁਰੂ ਕੀਤਾ ਹੋਇਆ ਸੀ। ਇਸ ਸਦੀ ਦੇ ਤੀਜੇ ਦਹਾਕੇ ਦੇ ਪਹਿਲੇ ਸਾਲਾਂ ਦੌਰਾਨ ਹੀ ਮਾਸਟਰ ਮੋਤਾ ਸਿੰਘ ਅਤੇ ਹੋਰਨਾਂ ਨੇ ਅਫਗਾਨਸਤਾਨ ਦੇ ਬਾਦਸ਼ਾਹ ਨਾਲ ਸੰਪਰਕ ਬਣਾ ਲਿਆ ਸੀ ਅਤੇ ਸ਼੍ਰੋਮਣੀ ਕਮੇਟੀ ਗਠਿਤ ਹੋਣ ਤੋਂ ਪਿੱਛੋਂ ਸਿੱਖ ਪਰਚਾਰਕ ਅਤੇ ਰਾਗੀ ਅਫਗਾਨਸਤਾਨ ਜਾਣੇ ਸ਼ੁਰੂ ਹੋ ਗਏ ਸਨ । 1923 ਵਿਚ ਖਾੜਕੂ ਸਿੱਖ ਆਗੂ ਤੇਜਾ ਸਿੰਘ ਭੁੱਚਰ ਨੇ ਵਿਸਾਖੀ ਮੌਕੇ ਜਲਾਲਾਬਾਦ ਨੇੜੇ ਗੁਰਦੁਆਰਾ ਚਸ਼ਮਾ ਸਾਹਿਬ ਵਿਚ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਅਤੇ ਅਫਗਾਨੀ ਇਨਕਲਾਬੀ ਫਜ਼ਲ-ਇ-ਰਬੀ ਨਾਲ ਮੁਲਾਕਾਤ ਕੀਤੀ ਤੇਜਾ ਸਿੰਘ ਭੁੱਚਰ ਨੇ ਅਫਗਾਨਸਤਾਨ ਵਿਚ ਵਸਦੇ ਸਿੱਖਾਂ ਅਤੇ ਹਿੰਦੂਆਂ ਨੂੰ ਇਕ ਦੀਵਾਨ ਦੇ ਰੂਪ ਵਿਚ ਸੰਗਠਿਤ ਹੋਣ ਦੀ ਪ੍ਰੇਰਨਾ ਵੀ ਕੀਤੀ। ਅਗਲੇ ਸਾਲ ਦਾ ਬੁਲਾਰਾ ਰਣਜੀਤ ਸਿੰਘ ‘ਤਾਜਵਰ’ ਸੀ ।ਇਸ ਮੌਕੇ ਵੀ ਕਈ ਅਫਗਾਨੀ ਸਿਵਲ ਅਤੇ ਫੌਜੀ ਅਧਿਕਾਰੀ ਹਾਜ਼ਰ ਹੋਏ। ਇਹਨਾਂ ਯਤਨਾਂ ਦੇ ਫਲਸਰੂਪ ਆਪਸੀ ਸਹਿਯੋਗ ਦੀ ਭਾਵਨਾ ਐਨੀ ਪ੍ਰਬਲ ਹੋਈ ਕਿ ਸਾਲ 1925 ਦੇ ਦੀਵਾਨ ਮੌਕੇ ਜਲੂਸ ਕੱਢਣ ਵਾਸਤੇ ਗੁਰੂ ਗ੍ਰੰਥ ਸਹਿਬ ਦੀ ਸਵਾਰੀ ਲਈ ਮੋਟਰ, ਸੰਗਤ ਦੇ ਠਹਿਰਨ ਲਈ ਤੰਬੂ ਆਦਿ ਅਤੇ ਹੋਰ ਸਮਾਨ ਅਫਗਾਨਸਤਾਨ ਸਰਕਾਰ ਵੱਲੋਂ ਦਿੱਤਾ ਗਿਆ। ਦੀਵਾਨ ਵਿਚ ਹਾਜ਼ਰ ਹੋਏ ਪੂਰਬੀ ਪ੍ਰਾਂਤ ਦੇ ਗਵਰਨਰ ਸਰਦਾਰ ਅਲੀ ਅਹਿਮਦ ਖਾਂ ਅਤੇ ਹੋਰ ਪ੍ਰਤਿਸ਼ਿਠਤ ਵਿਅਕਤੀਆਂ ਨੇ ਅਕਾਲੀਆਂ ਦੁਆਰਾ ਅੰਗਰੇਜ਼ ਸਾਮਰਾਜ ਨਾਲ ਲਈ ਜਾ ਰਹੀ ਟੱਕਰ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਕਾਲੀਆਂ ਵੱਲੋਂ ਊਧਮ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ। ਅਫਗਾਨਸਤਾਨ ਵੱਲ ਆਉਣ ਜਾਣ ਦੀ ਸਹੂਲਤ ਨੂੰ ਧਿਆਨ ਗੋਚਰੇ ਰੱਖਦਿਆਂ ਪਿਸ਼ਾਵਰ ਵਿਚ ਇਕ ਹੋਟਲ ਵੀ ਖੋਲ੍ਹਿਆ ਗਿਆ, ਅੰਮ੍ਰਿਤਸਰ ਸਥਿਤ ਗੁਰਦੁਆਰਾ ਪਿੱਪਲੀ ਸਾਹਿਬ ਦੇ ਗ੍ਰੰਥੀ ਨੂੰ ਇਸ ਹੋਟਲ ਦਾ ਪ੍ਰਬੰਧਕ ਥਾਪਿਆ ਗਿਆ ।
ਤੀਜੀ ਮਦ ਉੱਤੇ ਕਾਰਵਾਈ ਕਰਨ ਲਈ ਅਰਜਨ ਸਿੰਘ, ਲਛਮਣ ਸਿੰਘ ਅਤੇ ਰਣਜੀਤ ਸਿੰਘ ‘ਤਾਜਵਰ’ ਨੂੰ ਗੁਰਮੁਖ ਸਿੰਘ ਦੇ ਸਹਿਯੋਗੀ ਬਣਾਇਆ ਗਿਆ । ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੀ ਉਹ ਕਾਪੀ, ਜਿਸ ਵਿਚ ਉਸ ਨੇ ਅਫਗਾਨਸਤਾਨ ਵਿਚਲੇ ਸਹਿਯੋਗੀ ਸਰੋਤਾਂ ਦੁਆਰਾ ਦੱਸੇ ਸਰਹੱਦੀ ਖੇਤਰ ਵਿਚ ਵਸਦੇ ਕੁੱਝ ਮੌਲਾਣਿਆਂ ਦੇ ਨਾਉਂ- ਪਤੇ ਲਿਖੇ ਹੋਏ ਸਨ, ਗੁੰਮ ਹੋ ਗਈ ਹੈ ਅਤੇ ਹੁਣ ਇਹ ਸੂਚਨਾ ਅਫਗਾਨਸਤਾਨ ਤੋਂ ਲਿਆਉਣ ਲਈ ਕਿਸੇ ਭਰੋਸੇਮੰਦ ਵਿਅਕਤੀ ਨੂੰ ਉੱਥੇ ਭੇਜੇ ਜਾਣ ਦੀ ਲੋੜ ਹੈ। ਸੋਚ ਵਿਚਾਰ ਉਪਰੰਤ ਇਸ ਮਨੋਰਥ ਲਈ ਰਣਜੀਤ ਸਿੰਘ ‘ਤਾਜਵਰ’ ਨੂੰ ਭੇਜਣ ਦਾ ਫੈਸਲਾ ਹੋਇਆ। ਫਲਸਰੂਪ ‘ਤਾਜਵਰ’ ਮਾਰਚ ਮਹੀਨੇ ਦੇ ਅੰਤ ਵਿਚ ਅਫਗਾਨਸਤਾਨ ਲਈ ਰਵਾਨਾ ਹੋਇਆ। ਅਤੇ ਲੋੜੀਂਦੀ ਸੂਚਨਾ ਲੈ ਕੇ ਪਰਤਿਆ। ਸ੍ਰੀ ਸ਼ਚਿੰਦਰਨਾਥ ਸਨਿਆਲ ਨੇ ਆਪਣੀ ਪੁਸਤਕ “ਬੰਦੀ ਜੀਵਨ” ਵਿਚ ਰਣਜੀਤ ਸਿੰਘ ‘ਤਾਜਵਰ’ ਦੀ ਇਸ ਮੁਹਿੰਮ ਦਾ ਜ਼ਿਕਰ ਕੀਤਾ ਹੈ। ਪੁਸਤਕ ਲਿਖੇ ਜਾਣ ਵੇਲੇ ਤੱਕ ਭਾਵੇਂ ਲੇਖਕ ਨੂੰ ਇਸ ਮੁਹਿੰਮਬਾਜ਼ ਦਾ ਨਾਉਂ ਯਾਦ ਨਹੀਂ ਸੀ। ਰਿਹਾ ਪਰ ਉਸ ਨੇ ਮੁਹਿੰਮ ਦੀ ਸਫਲਤਾ ਨੂੰ ਪ੍ਰਵਾਨ ਕੀਤਾ ਹੈ । ਸ੍ਰੀ ਸਨਿਆਲ ਨੇ ਲਿਖਿਆ। ਹੈ, “ਉਸ ਵਿਅਕਤੀ ਦਾ ਨਾਂ ਅੱਜ ਮੈਂ ਭੁੱਲ ਗਿਆ ਹਾਂ ਜੀਹਨੂੰ ਅਸੀਂ ਲੋਕਾਂ ਨੇ ਕਸ਼ਮੀਰ ਦੀ ਪ੍ਰਸਿੱਧ ਸਰਹੱਦ ਗਿਲਗਿਟ ਅਤੇ ਪੇਸ਼ਾਵਰ ਦੀ ਸਰਹੱਦ ਜਮਰੌਦ ਆਦਿ ਵੱਲ ਭੇਜਿਆ ਸੀ। ਸਾਡਾ ਉਦੇਸ਼ ਸੀ ਕਿ ਇਨ੍ਹਾਂ ਸਰਹੱਦਾਂ ਦੇ ਜ਼ਰੀਏ ਬਾਹਰੀ ਸੰਸਾਰ ਨਾਲ ਭਾਰਤ ਦੇ ਕਰਾਂਤੀਕਾਰੀ ਅੰਦੋਲਨ ਦਾ ਸੰਬੰਧ ਸਥਾਪਿਤ ਕੀਤਾ ਜਾਵੇ । ਏਸ ਵਿਅਕਤੀ ਨੇ ਕਈ ਮਹੀਨਿਆਂ ਤੱਕ ਭਾਰੀ ਕਸ਼ਟ ਸਹਿੰਦੇ ਹੋਏ ਗਿਲਗਿਟ ਦੇ ਆਸ ਪਾਸ ਬੜੀ ਮੁਸੀਬਤ ਦੇ ਦਿਨ ਬਿਤਾਏ ਸਨ। ਉਹਦੀ ਸਹਾਇਤਾ ਨਾਲ ਸਾਨੂੰ ਪਤਾ ਲੱਗਾ ਸੀ ਕਿ ਧਨ ਅਤੇ ਬੁਧੀ ਦੇ ਇਸਤੇਮਾਲ ਨਾਲ ਇਨ੍ਹਾਂ ਰਸਤਿਆਂ ਰਾਹੀਂ ਅਸਤਰ ਸ਼ਸਤਰ ਮੰਗਾਉਣਾ ਕੋਈ ਅਸੰਭਵ ਗੱਲ ਨਹੀਂ ਸੀ।”25
ਇਸ ਅਰਸੇ ਦੌਰਾਨ ਗੁਰਮੁਖ ਸਿੰਘ ਅਤੇ ਉੱਤਮ ਸਿੰਘ ਦਿੱਲੀ ਜਾ ਕੇ ਅਫਗਾਨ ਸਰਕਾਰ ਦੇ ਕਾਊਂਸਲ-ਜਨਰਲ ਨੂੰ ਮਿਲੇ ਅਤੇ ਉਸ ਨਾਲ ਸਾਰੀ ਗੱਲ ਬਾਤ ਸਾਂਝੀ ਕਰ ਕੇ ਅਫਗਾਨ ਸਰਕਾਰ ਦੀ ਸਹਾਇਤਾ ਦਾ ਭਰੋਸਾ ਲੈ ਆਏ । ਸਰਹੱਦੀ ਖੇਤਰ ਵਿਚ ਮੌਲਾਣਿਆਂ ਦੇ ਸਹਿਯੋਗ ਨਾਲ ਗੜਬੜ ਕਰਵਾਉਣ ਦੀ ਯੋਜਨਾ ਲੈ ਕੇ ਊਧਮ ਸਿੰਘ ਅਤੇ ਰਣਜੀਤ ਸਿੰਘ ‘ਤਾਜਵਰ’ ਰਵਾਨਾ ਹੋਏ ਪਰ ‘ਆਜ਼ਾਦ ਇਲਾਕੇ’ ਵਿਚ ਦਾਖਲ ਹੋਣ ਸਮੇਂ ‘ਤਾਜਵਰ’ ਦੀ ਗਰਿਫਤਾਰੀ ਹੋ ਜਾਣ ਕਾਰਨ ਗੱਲ ਅੱਗੇ ਨਾ ਵਧ ਸਕੀ।
ਪੜ੍ਹੇ ਲਿਖੇ ਨੌਜਵਾਨਾਂ ਨੂੰ ਸੈਨਿਕ ਸਿਖਲਾਈ ਲਈ ਵਿਦੇਸ਼ਾਂ ਵਿਚਲੇ ਮਿਲਟਰੀ ਸਕੂਲਾਂ ਵਿਚ ਭੇਜੇ ਜਾਣ ਦੀ ਕਾਰਵਾਈ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਨੂੰ ਸੌਂਪੀ ਗਈ। ਉਹਨਾਂ ਨੇ ਇਸ ਮਨੋਰਥ ਲਈ ਤਿੰਨ ਨੌਜਵਾਨਾਂ ਤੇਜਾ ਸਿੰਘ ‘ਸੁਤੰਤਰ’, ਸੋਹਣ ਸਿੰਘ ਅਤੇ ਮਾਨ ਸਿੰਘ ਦੀ ਚੋਣ ਕੀਤੀ। ਇਹਨਾਂ ਵਿਚੋਂ ਪਿਛਲੇ ਦੋਵਾਂ ਬਾਰੇ ਤਾਂ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਤੇਜਾ ਸਿੰਘ ‘ਸੁਤੰਤਰ’ ਦੇ ਵਿਦੇਸ਼ ਪਰਵਾਸ ਬਾਰੇ ਸੂਚਨਾ ਉਪਲਭਦ ਹੈ ਉਹ ਦੇਸ਼ ਵਿਚੋਂ ਬਾਹਰ ਭੇਜੇ ਜਾਣ ਵਾਲੇ ਇਹਨਾਂ ਤਿੰਨਾਂ ਵਿਦਿਆਰਥੀਆਂ ਵਿਚੋਂ ਸੱਭ ਤੋਂ ਪਹਿਲਾਂ ਜਾਣ ਵਾਲਾ ਸੀ ਜੋ 1923 ਦੇ ਮੱਧ ਵਿਚ ਹੀ ਸਿੱਖ ਮਿਸ਼ਨਰੀ ਸੁਸਾਇਟੀ ਦੇ ਇਕ ਪਰਚਾਰਕ ਵਜੋਂ ਅਫਗਾਨਸਤਾਨ ਪਹੁੰਚ ਗਿਆ । ਕੁੱਝ ਸਮਾਂ ਇੱਥੇ ਗੁਜ਼ਾਰਨ ਪਿੱਛੋਂ ‘ਸੁਤੰਤਰ’ ਅਗਲੇ ਸਾਲ ਕਾਬਲ ਵਿਚਲੇ ਤੁਰਕੀ ਦੇ ਪ੍ਰਤੀਨਿਧ ਦੀ ਸਹਾਇਤਾ ਨਾਲ ਤੁਰਕੀ ਦੇ ਸ਼ਹਿਰ ਕੰਸਤੁਨਤੁਨੀਆ ਵਿਚਲੇ ਇਕ ਮਿਲਟਰੀ ਸਕੂਲ ਵਿਚ ਜਾ ਦਾਖਲ ਹੋਇਆ ਜਿੱਥੋਂ ਉਸ ਨੇ ਜੁਲਾਈ 1925 ਵਿਚ ਸਿਖਲਾਈ ਦੇ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕੀਤੀ। ਮਿਲਟਰੀ ਸਕੂਲ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਤੇਜਾ ਸਿੰਘ ਇਕ ਪਾਸੇ ਹਿੰਦੁਸਤਾਨ ਅਤੇ ਅਫਗਾਨਸਤਾਨ ਵਿਚਲੇ ਬਾਗੀਆਂ ਅਤੇ ਦੂਜੇ ਪਾਸੇ ਅਮਰੀਕਾ ਪਹੁੰਚ ਚੁੱਕੇ ਰਤਨ ਸਿੰਘ ਦਰਮਿਆਨ ਸੰਪਰਕ ਸੂਤਰ ਵਜੋਂ ਕੰਮ ਕਰਦਾ ਰਿਹਾ। ‘ਸੁਤੰਤਰ’ ਨੇ ਇਕ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਕਾਲਜ ਪ੍ਰਬੰਧਕਾਂ ਨੇ ਤੁਰਕੀ ਸ਼ਹਿਰੀ ਨਾ ਹੋਣ ਕਾਰਨ ਉਸ ਦਾ ਨਾਉਂ ਕਾਲਜ ਵਿਚੋਂ ਖਾਰਜ ਕਰ ਦਿੱਤਾ। ਮੁੜ ਦਾਖਲੇ ਲਈ ਤੇਜਾ ਸਿੰਘ ਨੂੰ ਆਪਣੇ ਵਾਲ ਕਟਵਾਉਣੇ ਪਏ ਅਤੇ ਤੁਰਕੀ ਦੀ ਨਾਗਿਕਤਾ ਲੈਣੀ ਪਈ । ਉਸ ਨੂੰ ਪਹਿਲੀ ਵਾਰ ਦਾਖਲਾ ਦਵਾਉਣ ਵਾਲੇ ਤੁਰਕੀ ਪ੍ਰਤੀਨਿਧ ਵੱਲੋਂ ਵੀ ਉਸ ਦੇ ਮੁੜ ਦਾਖਲੇ ਲਈ ਜ਼ੋਰਦਾਰ ਸਿਫਾਰਸ਼ ਕੀਤੀ ਗਈ।
ਗਦਰੀ ਆਗੂਆਂ ਅਤੇ ਅਕਾਲੀ ਦਲ ਦੀਆਂ ਸਾਂਝੀਆਂ ਇਨਕਲਾਬੀ ਕਾਰਵਾਈਆਂ ਬਹੁਤੀ ਦੇਰ ਨਾ ਚੱਲ ਸਕੀਆਂ। ਗਦਰੀ ਅਤੇ ਅਕਾਲੀ ਦੋਵਾਂ ਧਿਰਾਂ ਵੱਲੋਂ ਉਲੀਕੀ ਸਾਂਝੀ ਨੀਤੀ ਨੂੰ ਅਮਲੀ ਰੂਪ ਦੇਣ ਲਈ ਸਰਗਰਮ ਰਣਜੀਤ ਸਿੰਘ ਤਾਜਵਰ 4 ਜੁਲਾਈ 1924 ਨੂੰ ਸਰਹੱਦ ਪਾਰ ਕਰਦਾ ਹੋਇਆ ਸ਼ਬਕਦਰ ਦੇ ਸਥਾਨ ਉੱਤੇ ਪੁਲਸ ਦੇ ਕਾਬੂ ਆ ਗਿਆ। ਅੰਮ੍ਰਿਤਸਰ ਲਿਆ ਕੇ ਉਸ ਉੱਤੇ ਮੁਕੱਦਮਾ ਚਲਾਉਣ ਪਿੱਛੋਂ ਸਤੰਬਰ 1924 ਵਿਚ ਉਸ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਗਈ। ਅਕਾਲੀ ਰਾਜਨੀਤੀ ਨੂੰ ਇਨਕਲਾਬੀ ਰੰਗ ਵਿਚ ਢਾਲਣ ਲਈ ਯਤਨਸ਼ੀਲ ਗੁਰਮੁਖ ਸਿੰਘ ਅਤੇ ਊਧਮ ਸਿੰਘ ਵੀ ਅਫਗਾਨਸਤਾਨ ਵਾਪਸ ਚਲੇ ਗਏ। ਰਣਜੀਤ ਸਿੰਘ ‘ਤਾਜਵਰ’ 5 ਜੂਨ 1926 ਨੂੰ ਜੇਲ ਤੋਂ ਰਿਹਾਅ ਹੋਇਆ ਤਾਂ ਉਸ ਨੇ ਪਿਛਲੇ ਫੈਸਲੇ ਅਨੁਸਾਰ “ਸਾਂਝੀਵਾਲ” ਸ਼ੁਰੂ ਕਰਨ ਦਾ ਯਤਨ ਕੀਤਾ ਪਰ ਸਫਲਤਾ ਨਾ ਮਿਲੀ। ਕਾਰਨ ਇਹ ਸੀ ਕਿ ਇਸ ਵੇਲੇ ਤੱਕ ਪੁੱਜਦਿਆਂ ਅਕਾਲੀ ਸਿਆਸਤ ਵਿਚ ਡੂੰਘੀ ਤਬਦੀਲੀ ਆ ਗਈ ਸੀ ਅਤੇ ਆਗੂਆਂ ਦਾ ਧਿਆਨ ਵਡੇਰੇ ਮਸਲਿਆਂ ਦੀ ਥਾਂ ਜਥੇਬੰਦੀ ਵਿਚ ਮੋਹਰੀ ਸਥਾਨ ਉੱਤੇ ਰਹਿਣ ਵੱਲ ਲੱਗ ਗਿਆ । ਫਲਸਰੂਪ ਜਦ ਰਤਨ ਸਿੰਘ ਨੇ ਇਕ ਵਾਰ ਫਿਰ ਸਤੰਬਰ 1926 ਵਿਚ ਅੰਮ੍ਰਿਤਸਰ ਆ ਕੇ ਅਕਾਲੀ ਆਗੂਆਂ ਨਾਲ ਤਾਲ ਮੇਲ ਬਿਠਾਉਣ ਦਾ ਯਤਨ ਕੀਤਾ ਤਾਂ ਵੀ ਅਕਾਲੀ ਆਗੂਆਂ ਨਾਲ ਰਲ ਕੇ ਲਏ ਗਏ ਪੂਰਬਲੇ ਨਿਰਣਿਆਂ ਦੇ ਅਮਲ ਨੂੰ ਅਗਾਂਹ ਤੋਰਨ ਵਿਚ ਉਸ ਦੇ ਯਤਨ ਕੋਈ ਨਤੀਜਾ ਨਾ ਦੇ ਸਕੇ। ਅਜਿਹੇ ਮਾਹੌਲ ਵਿਚ ਰਣਜੀਤ ਸਿੰਘ ਤਾਜਵਰ ਨੇ ਵੀ ਸਾਰਥਿਕ ਕੰਮ ਨਾ ਹੋ ਸਕਣ ਦੀ ਸੰਭਾਵਨਾ ਨੂੰ ਦੇਖ ਲਿਆ। ਉਧਰ ਅਮਰੀਕਾ ਅਤੇ ਕਨੇਡਾ ਦੇ ਗਦਰੀਆਂ ਦੇ ਸਹਿਯੋਗ ਨਾਲ ਕੱਢੇ ਜਾ ਰਹੇ ਮਾਸਿਕ ਪੱਤਰ ਦੇ ਸੰਪਾਦਕਾਂ ਸੋਹਨ ਸਿੰਘ ਜੋਸ਼ ਅਤੇ ਅਰਜਨ ਸਿੰਘ ਗੜਗੱਜ ਨੂੰ ਸਰਕਾਰ ਵੱਲੋਂ ਅਦਾਲਤੀ ਕਾਰਵਾਈਆਂ ਵਿਚ ਉਲਝਾ ਲੈਣ ਨੂੰ ਦੇਖਦਿਆਂ ਉਹ ‘ਕਿਰਤੀ’ ਵਿਚ ਚਲਾ ਗਿਆ। ਇਉਂ ਗਦਰ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਲੀ ਸਾਂਝ ਦਾ ਵੀ ਭੋਗ ਪੈ ਗਿਆ।
ਗਦਰ ਪਾਰਟੀ ਅਤੇ ਅਕਾਲੀ ਪਾਰਟੀ ਦੀ ਸੋਚ ਦਾ ਤੋੜ ਵਿਛੋੜਾ ਤਾਂ ਹੋ ਗਿਆ ਪਰ ਅੰਗਰੇਜ਼ ਸਰਕਾਰ ਨੂੰ ਇਸ ਦਾ ਭੂਤ ਪਿੱਛੋਂ ਵੀ ਡਰਾਉਂਦਾ ਰਿਹਾ। ਜਦ ਕਦੇ ਵੀ ਸਰਕਾਰ ਦੇ ਖੁਫੀਆ ਮਹਿਕਮੇ ਨੂੰ ਕਿਸੇ ਇਨਕਲਾਬੀ ਗਤੀਵਿਧੀ ਦੀ ਟੋਹ ਲੱਗਦੀ, ਇਸ ਪਿੱਛੇ ਅਕਾਲੀ ਹੱਥ ਹੋਣ ਦੀ ਗੱਲ ਆਖੀ ਜਾਂਦੀ । ਇਹ ਹੀ ਕਾਰਨ ਸੀ ਕਿ ਜਦ ਸ. ਭਗਤ ਸਿੰਘ ਦੁਆਰਾ ਸਥਾਪਤ “ਨੌਜਵਾਨ ਭਾਰਤ ਸਭਾ” ਦੀਆਂ ਸਰਗਰਮੀਆਂ ਸਰਕਾਰ ਦੇ ਧਿਆਨ ਵਿਚ ਆਈਆਂ, ਉਸ ਵੇਲੇ ਵੀ ਪੁਲਸ ਦੀ ਰੀਪੋਰਟ ਵਿਚ ਇਹੋ ਦੱਸਿਆ ਗਿਆ, “…ਇਹ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਦੇ ਕੁੱਝ ਅਤਿਵਾਦੀ ਮੈਂਬਰਾਂ, ਅਕਾਲੀ ਕਾਰਕੁਨਾਂ, ‘ਕਿਰਤੀ’ ਅੰਦੋਲਨਕਾਰੀਆਂ ਅਤੇ ਸਿੱਖ ਕਮਿਊਨਿਸਟ ਕਾਰਕੁਨਾਂ ਅਤੇ ਸਿੱਖ ਵਿਦਿਆਰਥੀਆਂ ਦੀ ਇਨਕਲਾਬੀ ਐਸੋਸੀਏਸ਼ਨ ਵਿਚ ਆਪਸੀ ਸੁਰ ਮਿਲਣ ਲੱਗ ਪਈ ਹੈ। ਪਰਤੀਤ ਹੁੰਦਾ ਹੈ। ਕਿ ਇਹਨਾਂ ਦਾ ਸਾਂਝਾ ਉਦੇਸ਼ ਮੁੜ 1919 ਵਾਲੇ ਹਾਲਾਤ ਪੈਦਾ ਕਰਨੇ ਅਤੇ ਜਨ ਸਮੂਹ ਨੂੰ ਹਿੰਸਾ ਲਈ ਭੜਕਾਉਣਾ ਹੈ।”16
ਸੱਚ ਹੈ, ਸੱਪ ਤੋਂ ਡਰਿਆ ਰੱਸੀ ਤੋਂ ਵੀ ਤਹਿਣ ਲੱਗਦਾ ਹੈ।
ਪੁਨਰ ਵਿਚਾਰ
ਪੰਜਾਬ ਇਤਿਹਾਸ ਦੇ ਇਕ ਖੋਜੀ ਵਿਦਵਾਨ, ਜਿਸ ਦੀ ਖੋਜ ਮੁੱਖ ਤੌਰ ਉੱਤੇ ਗ਼ਦਰ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਉਸ ਨੂੰ ਇਸ ਖੇਤਰ ਦਾ ਵਿਸ਼ੇਸ਼ੱਗ ਮੰਨਿਆ ਜਾ ਸਕਦਾ। ਹੈ, ਨੇ ਇਹ ਲੇਖ ਪੜ੍ਹ ਕੇ ਇਸ ਨੂੰ ‘ਬਾਤ ਦਾ ਬਤੰਗੜ’ ਬਣਾਉਣ ਨਾਲ ਤੁਲਨਾ ਦਿੱਤੀ। ਉਸ ਨੇ ਆਪਣੇ ਪੱਖ ਵਿਚ ਮੁੱਖ ਤੌਰ ਉੱਤੇ ਦੋ ਦਲੀਲਾਂ ਦਿੱਤੀਆਂ। ਪਹਿਲੀ – ਪੁਲਸ ਦੀਆਂ ਰੀਪੋਰਟਾਂ ਨੂੰ ਜ਼ਿਆਦਾ ਤੁਲ ਨਹੀਂ ਦੇਣੀ ਚਾਹੀਦੀ, ਉਹ ਇਧਰ ਉਧਰ ਤੋਂ ਸੁਣੀਆਂ ਗੱਲਾਂ ਨੂੰ ਜੋੜ ਕੇ ‘ਗੁਪਤ ਰੀਪੋਰਟ’ ਬਣਾ ਦਿੰਦੇ ਸਨ। ਦੂਜੀ- ਕਿ ਇਸ ਘਟਨਾਵਲੀ ਵਿਚ ਮਾਸਟਰ ਤਾਰਾ ਸਿੰਘ ਨੂੰ ਗਦਰੀਆਂ ਅਤੇ ਅਕਾਲੀਆਂ ਵਿਚ ਸਾਂਝ ਪੈਦਾ ਕਰਨ ਵਾਲਾ ਆਗੂ ਦੱਸਿਆ ਗਿਆ ਹੈ ਪਰ ਮਾਸਟਰ ਤਾਰਾ ਸਿੰਘ ਨੇ ਆਪਣੀ ਜੀਵਨੀ ਵਿਚ ਇਹਨਾਂ ਸੰਬੰਧਾਂ ਬਾਰੇ ਕੁੱਝ ਨਹੀਂ ਲਿਖਿਆ।
ਮੈਂ ਬੜੀ ਨਿਮਰਤਾ ਨਾਲ ਆਪਣੇ ਵਿਦਵਾਨ ਮਿੱਤਰ ਦੀਆਂ ਦੋਵਾਂ ਗੱਲਾਂ ਨਾਲ ਅਸੰਮਤੀ ਪ੍ਰਗਟਾਉਂਦਾ ਹਾਂ। ਪਹਿਲੀ ਗੱਲ- ਪੁਲਸ ਰੀਪੋਰਟ ਦੀ। ਜਿਸ ਰੀਪੋਰਟ ਵਿਚੋਂ ਇਹ ਜਾਣਕਾਰੀ ਲਈ ਗਈ ਹੈ, ਉਹ ਕਿਸੇ ਸਾਧਾਰਨ ਸਿਪਾਹੀ ਜਾਂ ਮੁਖਬਰ ਵੱਲੋਂ ਪੇਸ਼ ਕੀਤੀ ਰੀਪੋਰਟ ਨਹੀਂ। ਇਹ ਅੰਗਰੇਜ਼ ਸਰਕਾਰ ਦੇ ਇਕ ਉੱਚ ਅਧਿਕਾਰੀ ਦੁਆਰਾ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਅਗਲੇਰੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਪੇਸ਼ ਕੀਤੀ ਰੀਪੋਰਟ ਹੈ ਜਿਸ ਕਾਰਨ ਇਸ ਵਿਚਲੀ ਸਚਾਈ ਨੂੰ ਥੋੜੇ ਕੀਤਿਆਂ ਰੱਦ ਨਹੀਂ ਕੀਤਾ ਜਾ ਸਕਦਾ। ਰਹੀ ਗੱਲ ਮਾਸਟਰ ਤਾਰਾ ਸਿੰਘ ਵੱਲੋਂ ਗਦਰੀ-ਅਕਾਲੀ ਸੰਬੰਧਾਂ ਬਾਰੇ ਕੋਈ ਜ਼ਿਕਰ ਨਾ ਕਰਨ ਦੀ। ਮਾਸਟਰ ਤਾਰਾ ਸਿੰਘ ਵੱਲੋਂ ਗਦਰੀ-ਅਕਾਲੀ ਸੰਬੰਧਾਂ ਬਾਰੇ ਚੁੱਪ ਧਾਰਨ ਕਰਨ ਦਾ ਕਾਰਨ ਸਮਝ ਆਉਂਦਾ ਹੈ। ਅਗਲੇ ਵਰ੍ਹਿਆਂ ਦੌਰਾਨ ਸਿੱਖ ਰਾਜਨੀਤਕ ਮੰਚ ਉੱਤੇ ਵਾਪਰੀਆਂ ਘਟਨਾਵਾਂ ਦੇ ਨਤੀਜੇ ਵਜੋਂ ਅਕਾਲੀ ਰਾਜਨੀਤੀ ਨੇ ਅਜਿਹਾ ਰੁੱਖ ਧਾਰਨ ਕੀਤਾ। ਕਿ ਮਾਸਟਰ ਤਾਰਾ ਸਿੰਘ ਨੇ ਗਦਰੀਆਂ ਵਾਲੀ ਸੋਚ ਤੋਂ ਕਿਨਾਰਾ ਕਰ ਲਿਆ । ਕੁਦਰਤੀ ਸੀ। ਕਿ ਜਿਸ ਸੋਚ ਨੂੰ ਕੋਈ ਅਹਿਮੀਅਤ ਨਹੀਂ ਸੀ ਦੇਣੀ, ਉਸ ਦਾ ਜ਼ਿਕਰ ਕਰਨ ਦੀ ਵੀ ਲੋੜ ਨਹੀਂ ਸੀ। ਪਰ ਕੇਵਲ ਇੰਨੀ ਕੁ ਗੱਲ ਨੂੰ ਆਧਾਰ ਬਣਾ ਕੇ ਇਹ ਸਿੱਟਾ ਕੱਢ ਲੈਣਾ, ਕਿ ਗਦਰੀਆਂ ਅਤੇ ਅਕਾਲੀਆਂ ਦਰਮਿਆਨ ਕੋਈ ਸੰਪਰਕ ਹੋਇਆ ਹੀ ਨਹੀਂ, ਸਚਾਈ ਤੋਂ ਜਾਣ ਬੁੱਝ ਕੇ ਅੱਖਾਂ ਮੀਟਣ ਵਾਲੀ ਗੱਲ ਹੈ। ਸਭ ਤੋਂ ਮਹੱਤਵਪੂਰਨ ਤੱਥ ਇਹ ਕਿ ਇਹਨਾਂ ਸੰਬੰਧਾਂ ਦੀ ਪੁਸ਼ਟੀ ਪ੍ਰਸਿੱਧ ਇਨਕਲਾਬੀ ਦੇਸ਼ਭਗਤ ਸ਼ਚਿੰਦਰ ਨਾਥ ਸਨਿਆਲ ਨੇ ਕੀਤੀ ਹੈ। ਅਤੇ ਉਸ ਦੀ ਲਿਖਤ ਨੂੰ ਝੁਠਲਾਉਣਾ ਕਿਵੇਂ ਵੀ ਸੰਭਵ ਨਹੀਂ । ਗਦਰੀਆਂ ਦੀ ਦੂਜੀ ਪੀੜ੍ਹੀ ਦੇ ਸਿਰਕਰਦਾ ਆਗੂ ਬਾਬਾ ਭਗਤ ਸਿੰਘ ਬਿਲਗਾ ਵੀ ਇਹਨਾਂ ਸੰਬੰਧਾਂ ਦੀ ਪੁਸ਼ਟੀ ਕਰਦੇ ਹਨ।” ਕਹਿਣ ਦੀ ਲੋੜ ਨਹੀਂ ਕਿ ਇਤਿਹਾਸ ਦੇ ਇਸ ਮੰਜ਼ਰ ਨੂੰ ਰੰਗਦਾਰ ਐਨਕਾਂ ਉਤਾਰ ਕੇ ਵਾਚੇ ਜਾਣ ਦੀ ਲੋੜ ਹੈ।
Credit – ਡਾ. ਗੁਰਦੇਵ ਸਿੰਘ ਸਿੱਧੂ